[ਅਰਜਨ ਚੰਨਣ ਦੇ ਲਾਗੇ ਲੁਕ ਕੇ ਸੁਣਦਾ ਏ]
ਅਰਜਨ - (ਆਪਣੇ ਆਪ ਨਾਲ) ਕੀ ਆਖੀਏ ਏਹਨੂੰ, ਪਰ ਬੰਦੇ ਦਾ ਦਿਲ ਆ ਨਾ, ਜਿੱਧਰ ਲੱਗ ਜਾਏ, ਨਹੀਂ ਤੇ ਭਲਾ ਸੋਚੇ ਪਈ ਜਿਹੜੀ ਅੱਗੇ ਜੀਉਂਦੇ ਨੂੰ ਛਡ ਆਈ ਆ, ਓਨ ਮੈਨੂੰ ਕਿੰਨਾਂ ਕੁ ਚਿਰ ਉਡੀਕਣਾ ਹੋਇਆ।
ਚੰਨਣਾਂ ਉਏ ਚੰਨਣਾਂ ! (ਵਾਜਾਂ ਮਾਰਦਾ ਏ) ਏਦਾਂ ਈ ਅੱਗੇ ਸਾਡੇ ਪਿੰਡ ਦਾ ਝੀਰ ਕਰਦਾ ਹੁੰਦਾ ਸੀ । ਕਦੀ ਕਿਤੇ ਖਲੋ ਜਾਣਾ, ਤੇ ਕਦੀ ਕਿਤੇ ਬਹਿ ਜਾਣਾ, ਤੇ ਹੁਣ ਉਹਨੂੰ ਐਸੀ ਸਾਰੀ ਉਮਰ ਦੀ ਬੱਜ ਲੱਗੀ ਜੇ ਕਿ ਉਹਨੂੰ ਹੁਣ ਨਾਲਾ ਬੰਨ੍ਹਣ ਦੀ ਵੀ ਸੋਝੀ ਨਹੀਂ ਜੇ ਰਹਿੰਦੀ । ਖਣੀ ਤੇ ਉਹਦੇ ਸਹੁਰਿਆਂ ਨੇ ਈ ਕਾਲਾ ਇਲਮ ਪੜ੍ਹ ਕੇ ਮੁੱਠ ਚਲਾ ਦਿੱਤੀ ਆ।
[ਚੰਨਣ ਆਵਾਜ਼ ਨਹੀਂ ਸੁਣਦਾ ਤੇ ਸੇਂਜੀ ਦੀ ਪੈਲੀ ਛੱਡ ਕੇ ਪਹੇ ਪਹੇ ਤੁਰ ਪੈਂਦਾ ਏ]
ਚੰਨਣ - (ਗਾਉਂਦਾ ਏ)
ਕਦੀ ਪਾ ਵਤਨਾਂ ਵਲ ਫੇਰਾ
ਕੂੰਜੇ ਬਾਰ ਦੀਏ......
(ਫਿਰ ਖਲੋ ਕੇ ਫਲਾਹ ਦੀਆਂ ਟਾਹਣੀਆਂ ਨਾਲ ਅੱਡੀਆਂ ਚੁੱਕ ਕੇ ਸਿਰ ਲਾਉਂਦਾ ਏ, ਕਦੀ ਪਿੱਛੇ ਨੂੰ ਹੱਥ ਮਾਰ ਕੇ ਆਪਣੇ ਲੱਕ ਨੂੰ ਜੱਫੀ ਪਾ ਕੇ ਹੱਸਦਾ ਏ, ਤੇ ਫਿਰ ਆਪਣੀ ਪਿੱਠ ਤੇ ਮੁੱਕੀ ਮਾਰ ਬੋਲਦਾ ਏ) ਵੇ ਮਰ ਜਾਣਿਆਂ ! ਤੈਥੋਂ ਬੰਤੀ ਨਹੀਂ ਸੰਭਲੀ ਰਹਿੰਦੀ, ਵੇਖ ਖਾਂ, ਮੇਰਾ ਲੀੜਾ ਅੜਾ ਦਿੱਤਾ ਈ, ਤੈਨੂੰ ਕੀਹਦਾ ਡਰ ਆ ਮੇਰੇ ਹੁੰਦਿਆਂ ਸੁੰਦਿਆਂ,
[ਖੂਹ ਦੀਆਂ ਟਿੰਡਾਂ ਚੋਂ ਪਾਣੀ ਪੀਣ ਲਗ ਪੈਂਦਾ ਏ, ਇਸ ਵੇਲੇ ਅਰਜਨ ਵੀ ਦੱਬੇ ਪੈਰੀਂ ਉਸ ਦੇ ਪਿੱਛੇ ਆ ਖਲੋਂਦਾ ਏ]
ਚੰਨਣ - (ਘੁੱਟ ਭਰ ਕੇ, ਤੇ ਬਾਂਹ ਤੇ ਹੱਥ ਫੇਰਦਾ ਹੋਇਆ) ਸ਼ਉਂਕ ਤੇ ਬੜਾ ਚੜ੍ਹਿਆ ਹੋਇਆ ਸੀ, ਪਰ ਛੰਨਾਂ ਨਹੀਂ ਸੀ ਘਰੋਂ ਫੜੀ ਆਈਦਾ ਮੇਰੇ ਲਈ । ਵੇਖ ਖਾਂ, ਮੇਰੀਆਂ ਅਰਕਾਂ ਵੀ ਭਿੱਜ ਗਈਆਂ ਨੇ (ਹੌਲੀ ਜੇਹੀ) ਤੂੰ ਆਪ ਨਾ ਪੀ ਬੰਤੀਏ, ਮੈਂ ਪਿਆਉਂਦਾ ਆਂ (ਫਿਰ ਟਿੰਡ ਚੋਂ ਪਾਣੀ ਦਾ ਬੁੱਕ ਭਰ ਕੇ ਪਿੱਛੇ ਨੂੰ ਖੜਦਾ ਹੋਇਆ) ਬੰਤੀਏ ਮਾਫ ਕਰ, ਜੇ ਪਤਾ ਹੁੰਦਾ ਤੇ ਮੈਂ ਤੇਰੇ ਲਈ ਸੋਨੇ ਚਾਂਦੀ ਦੇ ਗਲਾਸ ਲਿਆਉਂਦਾ, ਘੜਵਾ ਕੇ ।
[ਪਿੱਛੇ ਹੱਥ ਖੜਦਾ ਹੋਇਆ, ਅਰਜਨ ਨੂੰ ਖੜੋਤਿਆਂ ਵੇਖ ਲੈਂਦਾ ਏ]
ਅਰਜਨ - (ਬਾਂਹ ਫੜਕੇ) ਉਏ ਚੰਨਿਆਂ ! ਤੂੰ ਏਦਾਂ ਨਹੀਂ ਬਚਣ ਲੱਗਾ, ਤੇਰੀ ਉਮਰ ਅਜੇ ਏਹਨਾਂ ਕੰਮਾਂ 'ਚ ਪੈਣ ਦੀ ਤੇ ਨਹੀਂ ਸੀ । ਵੇਖ ਤੈਨੂੰ ਦੱਸਾਂ, ਤੇਰੇ ਨਾਲ ਕਿਸੇ ਬੱਝੇ ਨਹੀਂ ਰਹਿਣਾ, ਕਿਸੇ ਖੂਹ ਖਾਤੇ ਵਿੱਚ ਪੈ ਕੇ ਮਰ ਜਾਏਂਗਾ, ਤੇਰਾ ਕੀ ਕੀਤਾ ਜਾਏ ?
ਚੰਨਣ - (ਹੱਸ ਕੇ) ਉਏ ਅਰਜਣਾਂ, ਤੂੰ ਮੈਨੂੰ ਕਮਲਾ ਨਾ ਸਮਝੀਂ, ਮੈਂ ਤੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ।
ਅਰਜਨ - (ਮੁਸਕਰਾ ਕੇ) ਹੱਛਾ, ਜੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ ਤੇ ਤੁਰ ਪਉ ਮੇਰੇ ਹੁੰਦਿਆਂ ਈ ਮੂਸਲ ਨੂੰ, ਬੱਸ ਤੁਰ ਪਉ ਫੇਰ । ਠੀਕ ਈ ਬੰਦਾ ਬੁਲਬਲਾ ਹੁੰਦਾ ਪਾਣੀ
ਦਾ, ਹਵਾ ਰਹੀ ਤੇ ਰਿਹਾ, ਜੇ ਗਈ ਤੇ ਬੱਸ ਗਿਆ।
ਜੇ ਹੋਰ ਘੜੀਕੜੇ ਤਾਈਂ ਮੈਂ ਨਾ ਆਉਂਦਾ ਤੇ ਲੋਕਾਂ ਇਹੋ ਹੀ ਆਖਣਾ ਸੀ ਪਈ ਅਜੇ ਹੁਣ ਸੀ ਚੰਨਣ, ਆਹ ਅਜੇ ਹੁਣ ਸੀ । ਉਏ, ਬੰਦੇ ਨੂੰ ਫੇਰ ਵੀ ਐਨਾਂ ਮੋਹ ਕੀ ਆਖ, (ਜਾਂਦਾ ਹੋਇਆ) ਹੱਛਾ ਚੰਨਣਾਂ, ਰੱਬ ਨਾ ਪਿੱਛਾ ਦੇ ਜਾਏ, ਤੇਰੀ ਰੂਹ ਇਕ ਵੇਰਾਂ ਫੇਰ ਤਰ ਕਰ ਕੇ ਹਟਾਂਗੇ।
ਚੰਣਨ - ਤੇਰਾ ਮੂੰਹ ਸੁਲੱਖਣਾਂ ਹੋਵੇ ।
ਪਰਦਾ
ਝਾਕੀ ਦੂਜੀ
ਵੇਲਾ- ਸੂਰਜ ਛਿਪ ਰਿਹਾ ਏ
ਉਹੀ ਪਿੰਡ । ਕੰਡਿਆਂ ਵਾਲੇ ਛਾਪੇ ਤੇ ਮਲ੍ਹਿਆਂ ਦੀਆਂ ਮੋੜ੍ਹੀਆਂ ਦੀਆਂ ਖਿੱਤੀਆਂ ਦਾ ਇਕ ਛੋਟਾ ਜਿਹਾ ਵਾੜਾ ਵਲਿਆ ਹੋਇਆ ਏ। ਵਿੱਚ ਕਿਤੇ ਕਿਤੇ ਸਰਕੜਾ ਤੇ ਅੱਕ ਵੀ ਉੱਗ ਪਏ ਨੇ । ਮਈਆ ਸਿੰਘ ਇਸੇ ਵਾੜੇ ਵਿਚ ਅੱਡੇ ਤੇ ਕਮਾਦ ਕੁਤਰਦਾ ਏ ।
ਗੇਂਦੂ - ਭਾਈਆ ਮਈਆ ਸਿੰਹਾਂ ! ਜਰਾ ਟੋਕਾ ਤੇ ਦੇਈਂ, ਮੈਂ ਪੱਠੇ ਕੁਤਰਨ ਖੁਣੋਂ ਬੈਠਾ ਹੋਇਆਂ ।
ਮਈਆ ਸਿੰਘ - ਗੇਂਦਿਆ, ਤੂੰ ਤੇ ਅਜੇ ਕਲ੍ਹ ਲੁਹਾਰਾਂ ਦੇ ਲਈ ਫਿਰਦਾ ਸਾਂ ਟੋਕੇ ਨੂੰ ।
ਗੇਂਦੂ - ਮੱਖਣ ਐਡਾ ਗਰਕ ਹੋਣਾਂ ਜੂ, ਓਨ ਗੰਨਾਂ ਵੱਢਣ ਲੱਗੇ ਨੇ ਪਤਾ ਨਹੀਂ ਕਿੱਥੇ ਮਾਰ ਦਿੱਤਾ, ਟੋਕੇ ਦਾ ਸਾਰਾ ਮੂੰਹ ਕੱਢ ਦਿੱਤਾ ਤੇ ਦੰਦੇ ਵੀ ਪਾ ਦਿੱਤੇ ਨੇ ।
ਮਈਆ ਸਿੰਘ - ਕਿਹੜੇ ਖੂਹ ਪਈਏ ਗੇਂਦੂ ਟੱਬਰਾਂ ਦੇ ਹੱਥੋਂ, ਮੈਂ ਤੇ ਪੁੱਜ ਕੇ ਦੁਖੀ ਆਂ। ਅੰਞਾਣਿਆਂ ਨੂੰ ਕੀ ਲੱਥੀ ਚੜ੍ਹੀ ਦੀ, ਇਹ ਤੇ ਹੋਏ ਪਾਤਸ਼ਾਹਾਂ ਦੇ ਪਾਤਸ਼ਾਹ, ਬੇੜੀ ਤੇ ਡੋਬੀ ਆ ਏਹਨਾਂ ਦੀਆਂ ਮਾਵਾਂ ਨੇ ।
ਗੇਂਦੂ - ਪਈ ਜੇ ਅੰਞਾਣੇ ਵੱਸ ਵਿਚ ਨਾ ਰਹਿਣ ਤੇ ਮਾਵਾਂ ਵੀ ਕੀ ਕਰਨ? ਅੱਜ ਕਲ ਤੇ ਸਿਆਣਿਆਂ ਨੂੰ
ਵੀ ਵਗ ਗਈ ਏ। ਜਿੰਨੇ ਦਿਨ ਇਨ੍ਹਾਂ ਬੰਤੀ ਚੁੜੇਲ ਜੇਹੀ ਨੂੰ ਰੱਖਿਆ ਆ, ਸਾਡਾ ਘਰ ਭਾਂ ਭਾਂ ਕਰਦਾ ਰਿਹਾ। ਦੁੱਧ ਆ ਤੇ ਲੈ ਜਾਹ, ਘਿਓ ਆ ਤੇ ਲੈ ਜਾਹ, ਕੋਈ ਚੰਗਾ ਕੱਪੜਾ ਏ ਤੇ ਉਹ ਵੀ ਹੈ ਨਹੀਂ, ਪੈਸਾ ਟਕਾ ਏ ਤੇ ਉਹ ਵੀ ਹੈ ਨਹੀਂ, ਅਰਜਣ ਨੇ ਤੇ ਸਾਡੇ ਘਰ ਦਿਨੇ ਦੀਵਾ ਜਗਾ ਛੱਡਿਆ ਸੀ।
ਮਈਆ ਸਿੰਘ - ਅੰਞਾਣੇ ਹੁੰਦੇ ਨੇ ਗੇਂਦਾ ਸਿਆਂ ਪਨੀਰੀ, ਜਿਦਾਂ ਉਹਨੂੰ ਕੋਈ ਮੁੱਢ ਤੋਂ ਸਾਂਭ ਕੇ ਰੱਖੇ ਓਦਾਂ ਦਾ ਈ ਫਲ ਦੇਂਦੇ ਆ।
ਗੇਂਦੂ - ਮੇਰਾ ਤੇ ਬੁਰਾ ਹਾਲ ਤੇ ਬਾਂਕੇ ਦਿਹਾੜੇ ਈ, ਕਦੀ ਕਦੀ ਸਤ ਕੇ ਏਦਾਂ ਜੀ ਕਰਦਾ ਪਈ ਸਭੋ ਕੁਝ ਵਿੱਚੇ ਈ ਛੱਡ ਕੇ ਕਿਸੇ ਪਾਸੇ ਮੂੰਹ ਸਿਰ ਕਾਲਾ ਕਰਕੇ ਨਿਕਲ ਜਾਵਾਂ।
[ਜੀਉ, ਮਈਆ ਸਿੰਘ ਦੀ ਧੀ, ਚੀਕਾਂ ਮਾਰਦੀ ਆਉਂਦੀ ਏ]
ਜੀਉ - ਚਾਚਾ ਏ ਚਾਚਾ, ਮੈਂ ਮਰੀ, ਊਈ ਉਈ, ਈ...ਈ... ਹਾਏ ਨੀ ਈਸੋ, ਭੱਜੀਂ ਨੀ (ਰੋਂਦੀ ਏ) ਲਿਆਈਂ ਨੀ ਪਾਣੀ ।
ਜੈਲਾ - (ਅੱਡੇ ਤੋਂ ਗੁੱਲੀਆਂ ਚੂਪਦਾ ਹੋਇਆ) ਚਾਚਾ ਉਏ ਚਾਚਾ ! ਔਹ ਵੇਖੀਂ, ਜੀਉ ਨੂੰ ਕੀ ਸੱਪ ਲੜਿਆ ਈ, ਉਹ ਦੇ ਤੇ ਆਨੇ ਵੀ ਬਾਹਰ ਨਿਕਲ ਆਏ ਨੇ। ਕਿਉਂ ਨੀ ਕੀ ਹੋ ਗਿਆ ਈ ?