ਦਾ, ਹਵਾ ਰਹੀ ਤੇ ਰਿਹਾ, ਜੇ ਗਈ ਤੇ ਬੱਸ ਗਿਆ।
ਜੇ ਹੋਰ ਘੜੀਕੜੇ ਤਾਈਂ ਮੈਂ ਨਾ ਆਉਂਦਾ ਤੇ ਲੋਕਾਂ ਇਹੋ ਹੀ ਆਖਣਾ ਸੀ ਪਈ ਅਜੇ ਹੁਣ ਸੀ ਚੰਨਣ, ਆਹ ਅਜੇ ਹੁਣ ਸੀ । ਉਏ, ਬੰਦੇ ਨੂੰ ਫੇਰ ਵੀ ਐਨਾਂ ਮੋਹ ਕੀ ਆਖ, (ਜਾਂਦਾ ਹੋਇਆ) ਹੱਛਾ ਚੰਨਣਾਂ, ਰੱਬ ਨਾ ਪਿੱਛਾ ਦੇ ਜਾਏ, ਤੇਰੀ ਰੂਹ ਇਕ ਵੇਰਾਂ ਫੇਰ ਤਰ ਕਰ ਕੇ ਹਟਾਂਗੇ।
ਚੰਣਨ - ਤੇਰਾ ਮੂੰਹ ਸੁਲੱਖਣਾਂ ਹੋਵੇ ।
ਪਰਦਾ
ਝਾਕੀ ਦੂਜੀ
ਵੇਲਾ- ਸੂਰਜ ਛਿਪ ਰਿਹਾ ਏ
ਉਹੀ ਪਿੰਡ । ਕੰਡਿਆਂ ਵਾਲੇ ਛਾਪੇ ਤੇ ਮਲ੍ਹਿਆਂ ਦੀਆਂ ਮੋੜ੍ਹੀਆਂ ਦੀਆਂ ਖਿੱਤੀਆਂ ਦਾ ਇਕ ਛੋਟਾ ਜਿਹਾ ਵਾੜਾ ਵਲਿਆ ਹੋਇਆ ਏ। ਵਿੱਚ ਕਿਤੇ ਕਿਤੇ ਸਰਕੜਾ ਤੇ ਅੱਕ ਵੀ ਉੱਗ ਪਏ ਨੇ । ਮਈਆ ਸਿੰਘ ਇਸੇ ਵਾੜੇ ਵਿਚ ਅੱਡੇ ਤੇ ਕਮਾਦ ਕੁਤਰਦਾ ਏ ।
ਗੇਂਦੂ - ਭਾਈਆ ਮਈਆ ਸਿੰਹਾਂ ! ਜਰਾ ਟੋਕਾ ਤੇ ਦੇਈਂ, ਮੈਂ ਪੱਠੇ ਕੁਤਰਨ ਖੁਣੋਂ ਬੈਠਾ ਹੋਇਆਂ ।
ਮਈਆ ਸਿੰਘ - ਗੇਂਦਿਆ, ਤੂੰ ਤੇ ਅਜੇ ਕਲ੍ਹ ਲੁਹਾਰਾਂ ਦੇ ਲਈ ਫਿਰਦਾ ਸਾਂ ਟੋਕੇ ਨੂੰ ।
ਗੇਂਦੂ - ਮੱਖਣ ਐਡਾ ਗਰਕ ਹੋਣਾਂ ਜੂ, ਓਨ ਗੰਨਾਂ ਵੱਢਣ ਲੱਗੇ ਨੇ ਪਤਾ ਨਹੀਂ ਕਿੱਥੇ ਮਾਰ ਦਿੱਤਾ, ਟੋਕੇ ਦਾ ਸਾਰਾ ਮੂੰਹ ਕੱਢ ਦਿੱਤਾ ਤੇ ਦੰਦੇ ਵੀ ਪਾ ਦਿੱਤੇ ਨੇ ।
ਮਈਆ ਸਿੰਘ - ਕਿਹੜੇ ਖੂਹ ਪਈਏ ਗੇਂਦੂ ਟੱਬਰਾਂ ਦੇ ਹੱਥੋਂ, ਮੈਂ ਤੇ ਪੁੱਜ ਕੇ ਦੁਖੀ ਆਂ। ਅੰਞਾਣਿਆਂ ਨੂੰ ਕੀ ਲੱਥੀ ਚੜ੍ਹੀ ਦੀ, ਇਹ ਤੇ ਹੋਏ ਪਾਤਸ਼ਾਹਾਂ ਦੇ ਪਾਤਸ਼ਾਹ, ਬੇੜੀ ਤੇ ਡੋਬੀ ਆ ਏਹਨਾਂ ਦੀਆਂ ਮਾਵਾਂ ਨੇ ।
ਗੇਂਦੂ - ਪਈ ਜੇ ਅੰਞਾਣੇ ਵੱਸ ਵਿਚ ਨਾ ਰਹਿਣ ਤੇ ਮਾਵਾਂ ਵੀ ਕੀ ਕਰਨ? ਅੱਜ ਕਲ ਤੇ ਸਿਆਣਿਆਂ ਨੂੰ
ਵੀ ਵਗ ਗਈ ਏ। ਜਿੰਨੇ ਦਿਨ ਇਨ੍ਹਾਂ ਬੰਤੀ ਚੁੜੇਲ ਜੇਹੀ ਨੂੰ ਰੱਖਿਆ ਆ, ਸਾਡਾ ਘਰ ਭਾਂ ਭਾਂ ਕਰਦਾ ਰਿਹਾ। ਦੁੱਧ ਆ ਤੇ ਲੈ ਜਾਹ, ਘਿਓ ਆ ਤੇ ਲੈ ਜਾਹ, ਕੋਈ ਚੰਗਾ ਕੱਪੜਾ ਏ ਤੇ ਉਹ ਵੀ ਹੈ ਨਹੀਂ, ਪੈਸਾ ਟਕਾ ਏ ਤੇ ਉਹ ਵੀ ਹੈ ਨਹੀਂ, ਅਰਜਣ ਨੇ ਤੇ ਸਾਡੇ ਘਰ ਦਿਨੇ ਦੀਵਾ ਜਗਾ ਛੱਡਿਆ ਸੀ।
ਮਈਆ ਸਿੰਘ - ਅੰਞਾਣੇ ਹੁੰਦੇ ਨੇ ਗੇਂਦਾ ਸਿਆਂ ਪਨੀਰੀ, ਜਿਦਾਂ ਉਹਨੂੰ ਕੋਈ ਮੁੱਢ ਤੋਂ ਸਾਂਭ ਕੇ ਰੱਖੇ ਓਦਾਂ ਦਾ ਈ ਫਲ ਦੇਂਦੇ ਆ।
ਗੇਂਦੂ - ਮੇਰਾ ਤੇ ਬੁਰਾ ਹਾਲ ਤੇ ਬਾਂਕੇ ਦਿਹਾੜੇ ਈ, ਕਦੀ ਕਦੀ ਸਤ ਕੇ ਏਦਾਂ ਜੀ ਕਰਦਾ ਪਈ ਸਭੋ ਕੁਝ ਵਿੱਚੇ ਈ ਛੱਡ ਕੇ ਕਿਸੇ ਪਾਸੇ ਮੂੰਹ ਸਿਰ ਕਾਲਾ ਕਰਕੇ ਨਿਕਲ ਜਾਵਾਂ।
[ਜੀਉ, ਮਈਆ ਸਿੰਘ ਦੀ ਧੀ, ਚੀਕਾਂ ਮਾਰਦੀ ਆਉਂਦੀ ਏ]
ਜੀਉ - ਚਾਚਾ ਏ ਚਾਚਾ, ਮੈਂ ਮਰੀ, ਊਈ ਉਈ, ਈ...ਈ... ਹਾਏ ਨੀ ਈਸੋ, ਭੱਜੀਂ ਨੀ (ਰੋਂਦੀ ਏ) ਲਿਆਈਂ ਨੀ ਪਾਣੀ ।
ਜੈਲਾ - (ਅੱਡੇ ਤੋਂ ਗੁੱਲੀਆਂ ਚੂਪਦਾ ਹੋਇਆ) ਚਾਚਾ ਉਏ ਚਾਚਾ ! ਔਹ ਵੇਖੀਂ, ਜੀਉ ਨੂੰ ਕੀ ਸੱਪ ਲੜਿਆ ਈ, ਉਹ ਦੇ ਤੇ ਆਨੇ ਵੀ ਬਾਹਰ ਨਿਕਲ ਆਏ ਨੇ। ਕਿਉਂ ਨੀ ਕੀ ਹੋ ਗਿਆ ਈ ?
ਜੀਉ - (ਹਉਂਕੇ ਲੈਂਦੀ ਹੋਈ) ਮੈਂ ਤਾਈ ਦੇ ਘਰ ਨੂੰ ਜਾਂਦੀ ਸਾਂ ਤੇ ਆਪਣੀ ਬੁੱਧਾਂ ਭੱਜ ਕੇ ਉਤੇ ਆ ਚੜ੍ਹੀ, (ਪੈਰ ਨੂੰ ਵੇਖ ਕੇ ਰੋਂਦੀ ਹੋਈ) ਓਥੇ ਵੀ ਲਹੂ ਦਾ ਛੱਪੜ ਲੱਗ ਗਿਆ ਸੀ।
ਮਈਆ ਸਿੰਘ - (ਗੁੱਸੇ ਨਾਲ) ਪਰ੍ਹਾਂ ਵੇਖੀਂ ਉਏ ਗੇਂਦੂ, ਏਸ ਕੁੜੀ ਨੂੰ ਕਿਤੇ ਮੌਤ ਨਹੀਂ ਜੇ ਆਉਂਦੀ। ਮੁੰਡਿਆਂ ਕੁੜੀਆਂ ਨੇ ਐਡਾ ਸੁੱਕਣੇ ਪਾਇਆ ਜੇ ਜਿਹੜਾ ਰਹੇ ਰੱਬ ਦਾ ਨਾਂ । (ਕੁੜੀ ਵਲ ਮੂੰਹ ਕਰ ਕੇ) ਜੇ ਮੁੰਡੇ ਦੀ ਮੱਤ ਮਾਰੀ ਗਈ ਏ ਤੇ ਕੁੜੀਏ ਤੂੰ ਈ ਆਪਣਾ ਆਪ ਸੰਭਾਲ ।(ਗੇਂਦੂ ਵਲ ਮੂੰਹ ਕਰ ਕੇ) ਤੂੜੀ ਲੈਣ ਚੱਲਿਆ ਤੇ ਮੈਂ ਚੰਨਣ ਨੂੰ ਆਖਿਆ ਵੀ, ਪਈ ਵੱਛੀ ਨੂੰ ਬੰਨ੍ਹ ਕੇ ਜਾਈਂ, ਪਰ ਪਤਾ ਨਹੀਂ ਮਹੀਨੇ ਕੁ ਤੋਂ ਮੁੰਡੇ ਦੇ ਡਮਾਕ 'ਚ ਕੀ ਕੀੜਾ ਭਉਣ ਲੱਗ ਪਿਆ। ਉਹਨੂੰ ਤੇ ਆਪਣੇ ਆਪ ਦੀ ਵੀ ਸੋਝੀ ਨਹੀਂ ਰਹੀ । ਗੇਂਦਿਆ ! ਸਗੋਂ ਜੇ ਸਲਾਹ ਦੇਵੇਂ ਤੇ ਪਰ੍ਹਾਂ ਮੁੰਡੇ ਨੂੰ ਖਡਾ ਈ ਨਾ ਲਈਏ, ਅਜੇ ਪੁੱਤਾਂ ਦੀ ਬੜੀ ਲੋੜ ਆ। ਲੈ ਫੜ ਟੋਕਾ।
[ਗੇਂਦੂ ਟੋਕਾ ਲੈ ਕੇ ਜਾਂਦਾ ਏ । ਚੰਨਣ ਤੂੜੀ ਦੀ ਪੰਡ ਚੁੱਕੀ ਵਾੜੇ ਵੜਨ ਲਗਦਾ ਏ ਤੇ ਪੰਡ ਠੇਡਾ ਲੱਗ ਕੇ ਡਿੱਗ ਪੈਂਦੀ ਏ]
ਚੰਨਣ - ਚਾਚਾ, ਉਏ ਚਾਚਾ, ਉਰਾਂ ਭੱਜੀਂ (ਵਾਜਾਂ ਮਾਰਦਾ ਏ)
ਡਿੱਗ ਪਈ ਆ। ਜਰਾ ਹੋਈਂ ਉਰਾਂ (ਆਪਣੇ ਆਪ ਵਿਚ) ਮੈਂ ਕਈ ਵੇਰ ਆਖਿਆ ਪਈ ਏਸ ਕਿੱਲੇ ਨੂੰ ਪੁੱਟ ਸੁੱਟੀਏ, ਆਇਆਂ ਗਿਆਂ ਦੇ ਏਵੇਂ ਦੰਦ ਭੰਨਦਾ, ਪਰ ਚਾਚੇ ਨੂੰ ਪਤਾ ਨਹੀਂ ਕੀ ਨਿੱਘ ਦਿੰਦਾ ਇਹ ।
ਮਈਆ ਸਿੰਘ - (ਤੂੜੀ ਕੱਠੀ ਕਰਵਾਉਂਦਾ ਹੋਇਆ) ਅੱਗੇ ਬਿਆਈਆਂ ਦਾ ਵੇਲਾ ਜੇ, ਬੰਦੇ ਦਾ ਕਿਤੇ ਬੀ ਮਾਰਿਆ ਨਹੀਂ ਜੇ ਲੱਭਦਾ, ਜੇ ਕਿਤੇ ਤੇਰਾ ਹੁਣੇਂ ਧੌਣ ਦਾ ਮਣਕਾ ਟੁੱਟ ਜਾਂਦਾ ਤੇ ? ਥੋੜੀ ਬੰਨ੍ਹਦੋਂ ਖਾਂ ਤੂੰ ਵੀ ਤੇ ਮੇਲੇ ਜਾਣ ਵਾਲਿਆਂ ਵਾਂਗੂੰ ਕੀਤੀ ਆ ਕਿ।
ਚੰਨਣ - ਨਹੀਂ ਓ ਚਾਚਾ, ਮੇਰਾ ਮਤਬਲ ਹੋਰ ਸੀ । ਅਸਾਂ ਸਾਰਿਆਂ ਮੁੰਡਿਆਂ ਨੇ ਸਲਾਹ ਕੀਤੀ ਆ ਕਿ ਚੌਥੇ ਨੂੰ ਆ ਮੱਸਿਆ ਤੇ ਜਾਣਾ ਵੀ ਹੋਇਆ ਜਰੂਰ ਕਰ ਕੇ। ਭਾਵੇਂ ਕੁਛ ਦਾ ਕੁਛ ਨਾ ਹੋ ਜਾਏ। ਮੱਸਿਆ ਵੀ ਚੇਤ ਦੀ ਤੇ ਨਾਲੇ ਹੈ ਵੀ ਸਵਾਰੀ। ਵਾਹੀ ਦੇ ਕੰਮ ਮੜ੍ਹੀਆਂ ਵਿਚ ਵੀ ਖਣੀਂ ਸਾਡੇ ਨਾਲ ਈ ਜਾਣਗੇ। ਕਿਸੇ ਨੇ ਕੁਝ ਸਿਰ ਤੇ ਤੇ ਨਹੀਂ ਧਰ ਖੜਨਾ । ਬਾਰਾਂ ਮੱਸਿਆ ਨੰਗੇ ਪੈਰੀਂ ਨਹਾਉਣੀਆਂ ਸੁੱਖੀਆਂ ਸੀ, ਉਹ ਵੀ ਲੜ ਭਿੜ ਕੇ ਦੋ ਢਾਈ ਹੀ ਨ੍ਹਾਤਾਂ। ਮੈਂ ਆਖਿਆ ਇਕ ਅੱਧੀ ਤੇ ਹੋਰ ਨਹਾ ਆਈਏ, ਜੀਉਂਦਿਆਂ ਦੇ ਮੇਲੇ ਨੇ, ਐਵੇਂ ਸੁੱਖਣਾਂ ਦਾ ਭਾਰ ਸਿਰ ਤੇ ਚੁੱਕੀ ਫਿਰਦੇ ਆਂ।
ਮਈਆ ਸਿੰਘ - (ਹੱਥ ਜੋੜ ਕੇ) ਨਾ ਉਏ ਚੰਨਣਾ ! ਆਹ ਤੇਰੇ ਅੱਗੇ