ਜੈਲਾ - ਤੂੰ ਨਿਆਣਾ ਤੇ ਪਾ, ਮੈਂ ਖੁਲਣੀ ਲੈ ਕੇ ਖਲੋਂਦਾਂ ਅੱਗੇ ਮਾਂ । ਜਦੋਂ ਇਹ ਹਿੱਲੂਗੀ ਵੇਖੀਂ ਖਾਂ ਮੈਂ ਕਿੱਦਾਂ ਇਹਦੀਆਂ ਬਾਚੀਆਂ ਸੇਕਦਾਂ ।
ਰਾਜੋ - (ਚੋਣ ਲਗਦੀ ਏ) ਲੈ ਖਾਂ ਇਹ ਤੇ ਮਰ ਜਾਣੀ ਹੇਠਾਂ ਬਹਿਣ ਈ ਨਹੀਂ ਦੇਂਦੀ, ਆਖਰ ਆਉਣੀ। ਵੇਖਾਂ ਕਿੱਦਾਂ ਛੜਾਂ ਮਾਰਦੀ ਆ, ਅਸੀਂ ਕਿਤੇ ਏਹਨੂੰ ਵੱਢਣ ਤੇ ਨਹੀਂ ਲੱਗੇ। ਲੈ ਖਾਂ ਏਨ ਤੇ ਸਾਰਾ ਦੁਧ ਚੜ੍ਹਾ ਈ ਲਿਆ । ਜੈਲੂ, ਵੇ ਜੈਲਦਾਰਾ! ਕਿਤੇ ਏਹ ਲਿਹਾ ਤੇ ਨਹੀਂ ਆਈ ?
ਜੈਲਾ - (ਗਾਂ ਦੇ ਮਾਰ ਕੇ) ਤੇਰੇ ਰੱਖਣ ਵਾਲੇ ਦੀ ਮੈਂ......
ਰਾਜੋ - [ਧੱਫਾ ਮਾਰ ਕੇ) ਵੇ ਹਰਾਮੀਆ! ਕਿਉਂ ਮਾਰਦਾਂ, ਆਪਣੀ ਮਾਂ ਨੂੰ, ਤੁਸੀਂ ਕਿਤੇ ਸਾਡੇ ਲੇਖਾਂ ਨੂੰ ਰੱਖੋ ਹੋਏ ਸੀ । ਵੇ, ਏਦਾਂ ਵੀ ਕਿਤੇ ਤੋਕੜਾਂ ਦੁਧ ਦੇਂਦੀਆਂ ਨੇ ? (ਹੋਰ ਮਾਰਦਾ ਏ) ਵੇ, ਆਹ ਲੈ ਜਿਹੜਾ ਲੱਪ ਚੋਇਆ ਸੀ, ਉਹ ਵੀ ਡੋਲ੍ਹ ਦਿੱਤਾ ਈ, ਵੇ, ਨਾ ਮਾਰ ਆਪਣੀ ਕੁਲਗਦੀ ਨੂੰ ।
[ਮਈਆ ਸਿੰਘ ਆਉਂਦਾ ਏ]
ਮਈਆ ਸਿੰਘ - ਕਿਉਂ ਏ ਜੈਲੇ ਦੀ ਮਾਂ, ਸੁਣਿਆ ਨੀਂਗਰ ਕੀ ਆਂਹਦਾ ? ਮੱਛੀ ਪੱਥਰ ਚੱਟ ਕੇ ਈ ਮੁੜਦੀ ਆ, ਤੇ ਏਨ ਓਹਨਾਂ ਤੋਂ ਫਾਟਾਂ ਭਨਾ ਕੇ ਈ ਰਹਿਣਾ ਈ। ਮੇਲੇ ਮਸਾਹਦੇ ਵਿਚ ਨਾ ਕਿਸੇ ਦੀ ਦਾਦ ਨਾ