ਨਾਲੇ ਮਹਾਰਾਜ ਜੀ ਮੱਥੇ ਵੀ ਟੇਕਦੇ ਆਂ।
ਮੰਗਲ ਦਾਸ - (ਹੱਥ ਜੋੜਦਾ ਹੋਇਆ) ਹਮਾਰੇ ਧੰਨ ਭਾਗ ਹੂਏ ਹੈਂ, ਚੰਨਣ ਸਿੰਘਾ, ਵੁਹ ਪੀਛਲੇ ਅੰਦਰ ਬਾਲਟੇ ਕੇ ਬੀਚ ਮੇਂ ਹੈ ਕਣਕ ਜੋ ਪੀਛਲੀ ਸੰਗਰਾਂਦ ਪਰ ਚੜ੍ਹੀ ਸੀ, ਲੈ ਜਾਹ ਅਰਥਾਤ ਦਾਣੇਦਾਰ ਖੰਡ ਵਟਾ ਕੇ ਲੈ ਆ। ਨਹੀਂ ਤੋ ਸਿੰਘ ਸੰਗਤੋ, ਗੋਕੀ ਲੱਸੀ ਬੀਬੀ ਦੇ ਗਈ ਸੀ ਵੁਹ ਹੀ ਨਿਮਕ ਖੋਰ ਕਰ ਕੇ ਵਰਤ ਲੋ।
ਨਾਜਰ - ਮਹਾਰਾਜ ਜੀ, ਤੁਹਾਡਾ ਕੰਮ ਏ ਸਗੋਂ ਤੁਸੀਂ ਛਕਿਆ ਛਕਾਇਆ ਕਰੋ, ਅਸੀਂ ਕਿਹੜੇ ਫਲ੍ਹੇ ਵਾਹੁੰਦੇ ਆਏ ਆਂ।
ਮਹਿੰਗਾ -(ਚੰਨਣ ਨੂੰ) ਪਈ ਸਾਡਾ ਜਲ ਜੁਲ ਸਾਰਾ ਵਿਚੇ ਈ ਆ ਗਿਆ ਜੇ ਤੇਰਾ ਕੰਮ ਹੋ ਜਾਏ ਤੇ। ਨਾਲੇ ਬਾਬਾ ਜੀ ਤੁਸਾਂ ਤੇ ਵਾਹੀ ਵਾਲਿਆਂ ਜਿੱਨਾ ਮਾਲ ਰੱਖਿਆ ਹੋਇਆ ਆ।
ਮੰਗਲ ਦਾਸ - ਨਹੀਂ ਗੁਰਮੁਖਾ ਹਮ ਨੇ ਯੇਹ ਡੰਗਰ ਕਿਆ ਕਰਨੇ ਹੈਂ, ਯੇਹ ਝੋਟੀ ਤੋ ਨੰਬਰਦਾਰ ਨੇ ਸੁੱਖੀ ਸੀ ਵੁਹ ਰਦਾਸਾ ਸਧਾ ਗਿਆ, ਤੇ ਔਹ ਵੱਛੀ ਨਿਮਾਣੀ ਕੀ ਮਾਤਾ ਚਲਾਣਾ ਕਰ ਗਈ ਤੇ ਬਾਲਕ ਲੋਕ ਐਥੇ ਬੰਨ੍ਹ ਗਏ, ਮੁੰਡੇ ਖੁੰਡੇ ਆਣ ਕਰਕੇ ਪੱਠੇ ਦੱਥੇ ਪਾ ਜਾਂਦੇ ਨੇ ।
ਹਰੀਆ - (ਮੂੰਹ ਹੱਥ ਧੋਂਦਾ ਹੋਇਆ) ਆਹ ਤੇ ਬਾਬੇ ਹੋਰਾਂ ਘਰ 'ਚ ਈ ਗੰਗਾ ਵਸਾਈ ਹੋਈ ਆ ਵੇਖਾਂ ਕਿੱਡੀ ਮਹਿਮਾਂ ਲੱਗੀ ਹੋਈ ਆ।