ਥਾਣਾ ਫੋਕੀਆਂ ਚਲਾਉਂਦਾ ਆਵੇ,
ਗਿੱਦੜਾਂ ਨੂੰ ਡਰ ਲੱਗਦਾ,
ਜਿਹੜੇ ਸੂਰਮੇਂ
ਜਿਹੜੇ ਸੂਰਮੇਂ ਕਦੇ ਨਹੀਂ ਡਰਦੇ,
ਹਥੇਲੀ ਉੱਤੇ ਜਿੰਦ ਧਰਦੇ,
ਗਾਂਧੀ,
ਗਾਂਧੀ ਕਰਾ ਦੇ ਬੰਦ ਮਾਮਲਾ,
ਜਿੰਦ ਜਾਂਦੀ ।
ਪ੍ਰੀਤੂ - (ਛੇਤੀ ਨਾਲ ਅੱਗੇ ਵਧ ਕੇ) ਆਵੇ ਫੇਰ ਬੋਲੀ ।
[ਬੋਲੀ ਪਾਉਂਦਾ ਏ]
ਮੱਥਾ ਤੇਰਾ ਬਾਲੂਸ਼ਾਹੀ,
ਨੈਣ ਟਹਿਕਦੇ ਤਾਰੇ ।
ਬੁੱਲ ਫੁੱਲੀਆਂ, ਦੰਦ ਕੌਡੀਆਂ,
ਗੱਲ੍ਹਾਂ ਸ਼ੱਕਰਪਾਰੇ ।
ਸੇਹਲੀ ਤੇਰੀ ਨਾਗ ਨਿਆਣਾ,
ਡੰਗ ਸੀਨੇ ਨੂੰ ਮਾਰੇ।
ਬਾਹਾਂ ਤੇਰੀਆਂ ਵੇਲਣੇ ਵੇਲੀਆਂ,
ਉਂਗਲੀਆਂ ਗਜ ਸਾਰੇ ।
ਤੁਰਦੀ ਦਾ ਲੱਕ ਖਾਵੇ ਝੋਲੇ,
ਜਿਉਂ ਖਾਵੇ ਪੀਂਘ ਹੁਲਾਰੇ ।
ਰਹਿੰਦੇ ਖੂੰਹਦੇ ਉਹ ਪੱਟ ਸੁਟਦੇ,
ਮੋਢਿਆਂ ਉਤਲੇ ਵਾਲੇ ।