

ਮਾਹੀ - ਬਹੁੜੀ ਉਏ, ਮਾਰ ਘੱਤਿਆ ਉਏ। ਉਏ ਲੋਕੋ ਮੈਨੂੰ ਕੱਲੇ ਨੂੰ ਵੇਖ ਕੇ ਮੇਰੀ ਰੰਨ ਖੋਹਣ ਆ ਪਏ ਜੇ । ਬਹੁੜਿਉ ਉਏ ਜੇ ਕੋਈ ਨੇੜੇ ਤੇੜੇ ਹੋ ਤੇ । (ਇਕ ਜਣਾ ਉਹਦੇ ਮੂੰਹ 'ਚ ਚਾਦਰ ਤੁੰਨਦਾ ਏ)
ਬੰਤੋ - (ਜ਼ੋਰ ਨਾਲ ਹਟਾਉਂਦੀ ਹੋਈ) ਵੇ ਹੁਣ ਜਾਣ ਵੀ ਦਿਉ, ਖੂਨ ਈ ਕਰ ਘੱਤਣਾਂ ਜੇ, ਫੇਰ ਸਾਰੇ ਵੇਲਣੇ 'ਚ ਪੀੜੇ ਜਾਉਗੇ ।
[ਸੁਰਜੂ ਤੇ ਕੇਸਰ ਵੀ ਅੰਦਰ ਆ ਜਾਂਦੇ ਨੇ]
ਸੁਰਜੂ - (ਖੂੰਡਾ ਸਿਰ ਤੋਂ ਦੀ ਲਿਆਉਂਦਾ ਹੋਇਆ) ਓ ਫੜੀ ਉਏ ਕੇਸਰਾ (ਮਾਰਦਾ ਹੋਇਆ) ਕੋਈ ਫਿਕਰ ਨਹੀਂ, ਐਲੀ, ਐਲੀ, ਅੱਜ ਅਸਾਂ ਮਰ ਜਾਣਾਂ ਆ
[ਕੇਸਰ ਵੀ ਡਾਂਗਾਂ ਮਾਰਨ ਲਗ ਜਾਂਦਾ ਏ ਤੇ ਉਹ ਬੰਤੋ ਦੇ ਸਿਰ 'ਚ ਵੀ ਲਗ ਜਾਂਦੀ ਏ ਤੇ ਉਹ ਪਰ੍ਹਾਂ ਹੋ ਕੇ ਡਿੱਗ ਪੈਂਦੀ ਏ]
ਨਾਜਰ - ਚੱਲ ਉਏ ਚੰਨਣਾਂ (ਬੰਤੋ ਵੱਲ ਹੱਥ ਕਰਕੇ) ਏਹ ਨੂੰ ਤੇ ਸੁੱਟ ਖਾਂ ਘੋੜੀ ਤੇ, ਤੇ ਅਸੀਂ ਪਿੱਛੋਂ ਨਜਿੱਠ ਲੈਂਦੇ ਆਂ ਤੂੰ ਤੇ ਪਉ ਖਾਂ ਰਾਹੇ।
ਪਰਦਾ ਡਿਗਦਾ ਏ