ਬਰਕਤ
ਕਰਨਜੀਤ ਕੋਮਲ
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥
(ਮਹਲਾ ੧, ਅੰਗ ੫੩)
ਵਾਰਿਸਸ਼ਾਹ ਜਾਂ ਰੱਬ ਹੈ ਕਰਮ ਕਰਦਾ
ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ
ਹੀਰ ਵਾਰਿਸ
ਓਸ ਪਿਆਰ ਦੇ ਨਾਂ
ਜਿਨ੍ਹੇਂ ਨਫ਼ਰਤਾਂ ਦੇ ਹਨ੍ਹੇਰਿਆਂ ਵਿਚ ਵੀ
ਜਗਮਗਾਉਣਾ ਹੈ
ਜੰਗਾਂ ਵਿਚ ਮੁਹੱਬਤ ਦੇ ਗੀਤ ਲਿਖਣੇ ਨੇ
ਖ਼ਤਾਂ 'ਚ ਪਰੋਏ ਸਬਰ ਨੂੰ
ਦਿਲ 'ਚ ਸਾਂਭ ਲੈਣਾ ਹੈ
ਕੱਚਿਆਂ 'ਤੇ ਤਰਨ ਲਈ
ਜਿਨ੍ਹੇਂ ਸਦਾ ਪੱਕਦੇ ਰਹਿਣਾ ਹੈ
ਤਤਕਰਾ
• ਵੱਡਿਆਂ ਕੀ ਆਸੀਸ
• ਵੱਡਿਆਂ ਕੀ ਆਸੀਸ ੨
• ਤਰੰਗਤ ਟੋਟਾ
• ਸੂਈ-ਧਾਗਾ
• ਪੰਜਾਬੀ
• ਚਾਨਣ ਦੀ ਛੋਹ
• ਪੂਰਨਤਾ
• ਰੂਹਾਣੀ
• ਉਦ੍ਹਾ ਕੀ !
• ਹਾਣੀਆਂ ਦਾ ਦੇਸ
• ਤਾਰਿਆਂ ਦਾ ਵਸਨੀਕ
• ਸੌ ਰੰਗ ਇਸ਼ਕੇ ਦੇ
• ਝਲਕ
• ਅਫ਼ਸਾਨੇ
• ਪੱਛੋਂ ਕੁੜੀ
• ਹਾਜ਼ਰੀ ਦੀ ਘਾਟ
• ਜਿਉਣ ਜੋਗਾ
• ਅਫ਼ਰੋਜ਼ੀਆ
• ਧਿਆਨ
• ਹਾਲ ਪੰਜਾਬ
• ਕਿਸਮਤ ਦੇ ਤਾਰੇ
• ਪੁੱਠੀਆਂ ਚੱਪਲਾਂ
• ਟਿੱਬਿਆਂ ਦਾ ਰੱਬ
• ਸਾਹੋਂ ਨੇੜੇ
• ਕਵਣੁ ਸੁਹਾਨਾ
• ਪ੍ਰੇਮ-ਉਲਾਮਾ
• ਚੇਤਰ ਰਾਣੀ
• ਬੁਝਾਰਤ
• ਤਸਵੀਰ ਦਾ ਗੀਤ
• ਸੁਹੱਪਣ
• ਸਾਥ ਦੀ ਅਚਵੀ
• ਕੈਸਾ ਪਿਆਰ
• ਪਟਿਆਲਾ
• ਸੂਟਾਂ ਦੇ ਰੰਗ
• ਪਾਲਿਕਾ-ਬਜ਼ਾਰ
• ਅਕਲ ਜਾੜ੍ਹ
• ਕਨਾਟ-ਪਲੇਸ
• ਸੁੱਚੇ-ਟੂਣੇ
• ਪਹਿਲ ਵਰੇਸੇ
• ਸਾਂਵਲੇ ਮੁੰਡੇ ਦੀ ਕਵਿਤਾ
• ਸਤਵੰਤੀ-ਸ਼ਾਮ
• ਬਦਾਮੀ ਤੂਫਾਨ
• ਤਲਿਸਮ
• ਧੰਨ ਮੁਬਾਰਕ
• ਸ਼ਾਮ ਦਾ ਰੰਗ
• ਲੱਭਤ
• ਹਵਾ ਦੀ ਲਿਪੀ
• ਚੰਡੀਗੜ੍ਹ
• ਫੁੱਲ ਵੇਚਦੀ ਛੋਟੀ ਕੁੜੀ ਦੇ ਨਾਂ
• ਧਰਤੀ ਦਾ ਗੀਤ
• ਹੁਨਰ
• ਧਰਤੀ ਦੇ ਪੁੱਤਰੋ
• ਦੋਸਤ
• ਦੋਸਤ ੨
• ਸਾਥ
• ਤੇਰਾ ਆਉਣਾ
• ਤਪੱਸਿਆ
• ਰੱਬੀਆ
• ਰੱਬੀਆ-੨
• ਅੱਧੀਆਂ ਗੱਲਾਂ
• ਖ਼ਾਲੀ ਥਾਂ
• ਵਸਲ
• ਸ਼ਾਂਤ ਨਦੀ
• ਚੇਤੇ ਦੀ ਪੈੜ
• ਮੁਹੱਬਤਾਂ ਦੇ ਦਾਅ
• ਬਾਬਾ ਬੇਲੀ
• ਆਦਮ ਪਰਿਕਰਮਾ
• ਚਾਅ
• ਰੀਝ ਦੇ ਝੱਗੇ
• ਜਜ਼ਬੇ ਦੀ ਮੀਨਾਕਾਰੀ
• ਬੇਖੌਫ਼ ਹਵਾ
• ਔਰਤ ਪਰਿਦੱਖਣਾ
• ਉਹਦੀਆਂ ਅੱਖਾਂ ਕਰਕੇ
• ਸਾਂਵਲਾ-ਚੰਨ
• ਨਿੱਤਰੀ-ਨਜ਼ਰ
• ਰੁੱਤ-ਸੁਹਾਵੀ
• ਰੰਗ-ਲਕੀਰਾਂ
• ਸ਼ੂਨਯ
• ਮਹਿਕ ਜਾਦੂ
• ਬਾਬਾ !
• ਚਾਨਣ ਦਾ ਸੁਰਮਾ
• ਮਿਲਣ ਵੇਲਾ
• ਜਗਤ-ਮਦਾਰੀ
• ਤੇਰਾ ਨਾਂ
• ਚੇਤੇ ਦੀ ਪੈੜ
• ਤਰਾਨਾ
• ਵੇਦਨ ਵੀਣਾ
• ਆਵਾਜ਼ ਦੇ ਝੁਮਕੇ
• ਬਰਕਤ
• ਸ਼ਬਦ-ਸਮਾਧੀ
ਵੱਡਿਆਂ ਕੀ ਆਸੀਸ
ਬਰਕਤ ਉਸ ਮਨੁੱਖ ਦੀ ਕਵਿਤਾ ਹੈ ਜੀਹਨੇ ਮਸ਼ੀਨ ਹੋਣ ਦੇ ਡਰੋਂ ਆਪਣੇ ਅੰਦਰ ਥੋੜ੍ਹਾ ਜਿਹਾ ਕੰਵਲ਼ ਸਾਂਭ ਰੱਖਿਆ ਹੈ। ਜਿਹੜਾ ਪੱਥਰ ਹੁੰਦਾ ਹੁੰਦਾ ਖਿਦਰਾਣੇ ਦੀ ਢਾਬ ਫੜੀ ਬੈਠਾ ਹੈ। ਕਈ ਵਾਰ ਲੱਗਦਾ ਹੈ ਸਾਡੀ ਅੱਜ ਦੀ ਬਹੁਤੀ ਕਵਿਤਾ ਨੂੰ ‘ਵਿਵੇਕ’ ਦਾ ਸੋਕਾ ਪੈ ਗਿਆ ਹੈ। ਇਹ ਲੈਅ, ਤਾਨ, ਸਰੋਦ, ਤੋਲ ਤੋਂ ਵਿਛੁੰਨੀ ਗਈ ਹੈ। ਕਰਨਜੀਤ ਦੀ ਕਵਿਤਾ ਵਿਚ ਦਰਿਆਵਾਂ 'ਚ ਫੇਰ ਪਾਣੀ ਆਉਣ ਦੀ ਧੁਨ ਸੁਣਦੀ ਹੈ। ਉਹ ਬੀਤ ਗਏ ਨੂੰ ਹਾਕ ਨਹੀਂ ਮਾਰਦਾ, ਉਸਨੂੰ ਸਿਮਰਦਾ ਹੈ ਜੋ ਅਸੀਂ ਅਣਗਹਿਲੀ ਨਾਲ ਗੁਆ ਲਿਆ ਹੈ। ਉਸ ਸੁਰਤ ਤੇ ਸੰਵੇਦਨਾ ਨੂੰ ਜਿਸਦੇ ਸੁੱਕਣ ਨਾਲ ਦਰਿਆ ਸੁੱਕ ਜਾਂਦੇ ਹਨ ਤੇ ਬਿਰਖ ਬੇਲੇ ਉੱਜੜ ਜਾਂਦੇ ਹਨ। ਜਿੰਨਾਂ ਚਿਰ ਲੋਕ ਕੱਚੇ ਘੜੇ ਤੇ ਤਰਦੇ ਰਹਿੰਦੇ ਹਨ ਝਨਾ ਵਗਦੀ ਰਹਿੰਦੀ ਹੈ। ਮੈਂ ਬਰਕਤ ਨੂੰ ਜੀ ਆਇਆ ਕਹਿੰਦਾ ਹਾਂ।
ਜੂਨ 25, 2019 ਨਵਤੇਜ ਭਾਰਤੀ
ਵੱਡਿਆਂ ਕੀ ਆਸੀਸ ੨
ਕੋਮਲ ਨੂੰ ਸ਼ਬਦ ਦੇ ਸੁਹਜ ਦੀ ਪਛਾਣ ਹੈ। ਸ਼ਬਦ ਉਸ ਦੀ ਕਵਿਤਾ ਵਿਚ ਆ ਕੇ ਸੁਰ, ਲੈਅ, ਤਾਲ ਵਿਚ ਬੱਝ ਜਾਂਦੇ ਨੇ । ਉਸ ਕੋਲ ਕੁਦਰਤ ਨੂੰ ਸੱਜਰੇ ਬਿੰਬਾਂ ਵਿਚ ਪਰੋਂਣ ਦਾ ਹੁਨਰ ਹੈ। ਉਸ ਦੀ ਕਵਿਤਾ ਰੁੱਖਾਂ ਬੂਟਿਆਂ, ਧੁੱਪਾਂ ਛਾਵਾਂ, ਚੰਨ ਸੂਰਜ, ਅੰਬਰ ਤੇ ਧਰਤੀ ਰਾਹੀਂ ਆਪਣੀ ਬਾਤ ਪਾਉਂਦੀ ਹੈ। ਕੁਦਰਤ ਤੋਂ ਬੇਮੁੱਖ ਹੋਏ ਬੰਦੇ ਨੂੰ ਇਹ ਕਵਿਤਾ ਮੁੜ ਕੁਦਰਤ ਨਾਲ ਜੋੜਦੀ ਹੈ। ਸ਼ੋਰ-ਸ਼ਰਾਬੇ ਦੀ ਭੇਂਟ ਚੜੇ ਗੀਤ ਵਰਗੇ ਸੁਹਜਭਾਵੀ ਕਾਵਿ-ਰੂਪ ਨੂੰ ਕੋਮਲ ਨੇ ਮੁੜ ਉਸ ਦੇ ਸਾਹਿਤਕ ਸੁਹਜ ਨਾਲ ਜੋੜਿਆ ਹੈ। ਉਸ ਦੀ ਗੀਤਕਾਰੀ ਵਿਚ ਲੋਕਧਾਰਾਈ ਰੰਗ ਵੀ ਹੈ ਤੇ ਬਿਆਨ ਦਾ ਸੱਜਰਾਪਨ ਵੀ । ਬੰਦੇ ਦੇ ਮਨ ਦੀਆਂ ਧੁੱਪਾਂ-ਛਾਵਾਂ ਦੀ ਉਹ ਕਾਇਨਾਤ ਦੇ ਰੰਗਾਂ ਨਾਲ ਤਸਵੀਰਕਸ਼ੀ ਕਰਦਾ ਹੈ। ਉਸ ਦੇ ਗੀਤਾਂ ਵਿਚਲਾ ਵਹਾਅ ਤੇ ਰਵਾਨਗੀ ਸਰੋਤੇ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਉਸ ਦੀ ਕਲਮ ਵਿਚ ਬਰਕਤ ਹੈ । ਰੂਹ ਦੀਆਂ ਤਰਬਾਂ ਛੇੜਨ ਵਾਲੇ ਉਸ ਦੇ ਇਸ ਪਲੇਠੇ ਕਾਵਿ ਨੂੰ ਖ਼ੁਸ਼ਆਮਦੀਦ ਕਹਿਣਾ ਬਣਦਾ ਹੈ।
ਡਾ. ਕੁਲਵੀਰ
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ
ਤਰੰਗਤ ਟੋਟਾ
ਆਲਾ-ਦੁਆਲਾ ਦੇਖਦਿਆਂ ਕਿੰਨਾ ਕੁਝ ਚੇਤਿਆਂ 'ਚ ਵੱਸ ਜਾਂਦਾ ਹੈ। ਇਹ ਕਿੰਨੀ ਅਲੋਕਾਰ ਗੱਲ ਹੈ। ਮਨ ਦੀ ਕੈਨਵਸ 'ਤੇ ਲਗਾਤਾਰ ਚਿੱਤਰਕਾਰੀ ਜਿਹੀ ਹੁੰਦੀ ਰਹਿੰਦੀ ਹੈ। ਕਿਸੇ ਦਿਨ ਖੁਸ਼ੀ ਦੀ ਕੋਈ ਥਾਹ ਨਹੀਂ ਪੈਂਦੀ ਤੇ ਕਦੇ ਮਨ ਦਾ ਹਰ ਖੂੰਜਾ ਉਦਾਸੀ ਨਾਲ ਭਰ ਜਾਂਦਾ ਹੈ। ਇਕੱਲਤਾ ਇਕੋ ਵੇਲੇ ਵਰ ਵੀ ਹੈ ਤੇ ਸਰਾਪ ਵੀ !
ਸਿਰਜਕ ਊਰਜਾ ਮਨ ਦੇ ਅੰਬਰੀਂ ਉਡਾਰੀ ਵੀ ਭਰਦੀ ਹੈ ਤੇ ਸਰੀਰਕ ਪੱਧਰ 'ਤੇ ਜ਼ਿੰਦਗੀ ਦੀਆਂ ਹਕੀਕਤਾਂ ਦਾ ਸਪਰਸ਼ ਵੀ ਕਰਵਾਉਂਦੀ ਰਹਿੰਦੀ ਹੈ। ਸੰਵੇਦਨਾ ਨਾਲ ਲਰਜ਼ਦੀ ਉਸੇ ਊਰਜਾ ਦੇ ਵੇਗ ਅੱਥਰੂ ਬਣ ਵਹਿ ਪੈਂਦੇ ਤੇ ਉਹੀ ਮੁਸਕਣੀ ਵੀ ਬਣਦੇ ਨੇ। ਇਕੋ ਅਵਾਜ਼ ਕਦੇ ਹੇਕ ਹੁੰਦੀ ਤੇ ਕਦੇ ਚੀਕ ਬਣਦੀ ਹੈ। ਇਹ ਸਭ ਕਾਸੇ ਦੇ ਚਲਦਿਆਂ ਇੱਕ ਠਹਿਰਾਓ ਦੀ ਅਵਸਥਾ ਆਣ ਮਿਲਦੀ ਹੈ। ਸਮਾਂ ਰੁੱਕ ਜਾਂਦਾ ਹੈ। ਕਦੇ ਲੈਅ ਪਹਿਲਾਂ ਆਉਂਦੀ ਹੈ ਕਦੇ ਸ਼ਬਦ । ਮੇਰੇ ਲਈ ਇਹ ਸਮਾਂ ਕਵਿਤਾ ਬਣ ਕੇ ਆਉਂਦਾ ਹੈ।
ਕਿਤੇ ਸਾਡੇ ਸਭ ਦੇ ਅੰਦਰ ਹੀ ਲਹਿਰਦੀ ਹੈ ਕਵਿਤਾ। ਝੂਮਦੀ, ਹੁਲਾਰੇ ਖਾਂਦੀ, ਖਹਿ-ਖਹਿ ਕੇ ਲੰਘਦੀ ਹੈ ਸਾਡੀ ਸੰਵੇਦਨਾ ਨਾਲ। ਸਾਡੇ ਮਨ-ਮਸਤਕ ਦੀਆਂ ਸੁੱਤੀਆਂ ਕਲਾ ਜਗਾਉਂਦੀ, ਤਰਬਾਂ ਸੁਰ ਕਰਦੀ ਹੈ ਕਵਿਤਾ। ਇੱਕ ਬਿੰਦੂ ਹੈ ਜਿੱਥੇ ਕਵਿਤਾ ਮਿਲ ਪੈਂਦੀ ਹੈ ਸਾਨੂੰ । ਕਵਿਤਾ ਲੱਭਦੀ ਨਹੀਂ, ਮਿਲਦੀ ਹੈ ਆਪੇ, ਸਹਿਜ-ਸੁਭਾਅ। ਕਵਿਤਾ ਚੁਣਦੀ ਹੈ ਆਪਣੇ ਰਚੇਤੇ ਨੂੰ। ਜਿਵੇਂ ਇਸ਼ਕ ਆਸ਼ਿਕ ਨੂੰ ਚੁਣਦਾ ਹੈ, ਜਿਵੇਂ ਰੱਬ ਫ਼ਕੀਰ ਨੂੰ ਚੁਣਦਾ ਹੈ। ਜਿਵੇਂ ਮਿਹਰ ਸਿਜਦੇ ’ਚ ਝੁਕੇ ਸਵਾਲੀ ਨੂੰ ਚੁਣਦੀ
ਹੈ। ਇਵੇਂ ਹੀ ਕਵਿਤਾ ਚੁਣਦੀ ਹੈ ਆਪਣੇ ਕਵੀ ਨੂੰ। ਇਸੇ ਕਰਕੇ ਤਾਂ ਭਾਸ਼ਾ ਦੀ ਸਾਂਝ ਹੋਣ ਦੇ ਬਾਵਜੂਦ ਵੀ ਅਸੀਂ ਸਾਰੇ ਇਕੋ ਜਿਹਾ ਨਹੀਂ ਲਿਖ ਸਕਦੇ, ਸਾਡੇ ਖ਼ਿਆਲਾਂ ਦੀ ਤੰਦ ਵੱਖਰੀ ਹੈ ਇਸੇ ਕਰਕੇ ਸਾਡਾ ਲਿਖਣ- ਢੰਗ ਵੱਖਰਾ ਹੋ ਜਾਂਦਾ ਹੈ। ਆਮ ਜਿਹੀਆਂ ਗੱਲਾਂ ਵੀ ਕਵਿਤਾ ਹੋਣ ਲਗਦੀਆਂ ਨੇ, ਗੱਲਾਂ ਜੋ ਕਹੀਆਂ ਨਹੀਂ ਕਦੇ ਵੀ ਉਸਨੂੰ ਜਿਸ ਨੂੰ ਕਹਿਣੀਆਂ ਸਨ, ਖ਼ਤ ਜਿਹੜੇ ਲਿਖਣੋ ਰਹਿ ਗਏ, ਸ਼ਬਦ ਜਿਹੜੇ ਸੁੱਤੇ ਰਹੇ ਸਦੀਆਂ ਤੀਕ ਚੇਤਨ-ਅਵਚੇਤਨ ਮਨ ਦੀਆਂ ਤਹਿਆਂ ਹੇਠ, ਕਵਿਤਾ 'ਚ ਜਾਗ ਪੈਂਦੇ ਨੇ, ਕਵਿਤਾ 'ਚ ਬੋਲਣ ਲੱਗਦੇ ਨੇ। ਕਵੀ-ਕਵਿਤਾ ਕਵਿਤਾ-ਕਵੀ ਤੇ ਅਖ਼ੀਰ ਕਵਿਤਾ ਹੀ ਰਹਿੰਦੀ ਹੈ। ਅਸਲ 'ਚ ਰਹਿਣਾ ਹੀ ਕਵਿਤਾ ਨੇ ਹੁੰਦਾ। ਸ਼ਬਦ-ਸਦੀਵੀ।
ਲੋਕ ਗੀਤਾਂ 'ਚ ਹੀ ਵੇਖ ਲਓ ਬਸ ਕਵਿਤਾ ਬਚੀ ਹੈ। ਰਚੇਤਾ ਗੁੰਮ-ਗਵਾਚ ਗਿਆ ਹੈ ਚੇਤਿਆਂ ਵਿਚ ਬਸ ਹੂਕ ਬਚੀ ਹੈ। ਕਵਿਤਾ ਦੀ ਹੂਕ। ਇਹੀ ਬਚੀ ਰਹੇਗੀ, ਜਵਾਨ ਰਹੇਗੀ, ਨਿਖਰਦੀ ਰਹੇਗੀ । ਮੈਨੂੰ ਲੱਗਦੈ ਹੁਣ ਤੱਕ ਜੋ ਚੇਤਿਆਂ ਨੇ ਸਾਂਭ ਲਿਆ ਉਹੀ ਬਚਿਆ ਹੈ ਤੇ ਅਗਾਂਹ ਵੀ ਜੋ ਕੁਝ ਚੇਤਿਆਂ ਵਿਚ ਗੂੰਜਦਾ ਰਹੇਗਾ, ਚਮਕਦਾ ਰਹੇਗਾ ਉਹੀ ਬਚੇਗਾ। ਬਾਕੀ ਹਰ ਪ੍ਰਕਾਰ ਸਾਧਨ, ਤੁਛ ਨੇ, ਦਾਅਵੇ ਹੀ ਨੇ।
ਕਿਸੇ ਵੀ ਸਾਹਿਤਕਾਰ ਦੁਆਰਾ ਕਿਸੇ ਵੀ ਰੂਪ, ਵਿਧਾ 'ਚ ਰਚੇ ਸਾਹਿਤ ਨੇ ਕਿਸੇ ਵੀ ਸਮੱਸਿਆ ਦਾ ਕੋਈ ਫੌਰੀ ਹੱਲ ਨਹੀਂ ਕੱਢਣਾ ਹੁੰਦਾ। ਹਾਂ, ਸਾਹਿਤਕਾਰ ਦੀ ਸ਼ਬਦ ਤਪੱਸਿਆ ਨੇ ਲੇਖਕ ਦੀ ਆਪਣੀ ਤੇ ਪਾਠਕ ਦੀ ਰੂਹ ਨੂੰ ਤਕੜਾ ਕਰਨਾ ਹੁੰਦਾ ਹੈ, ਸਹਿਜ ਪੱਧਰ ਤੇ ਕੁਝ ਬਦਲਾਵ ਲਿਆਉਣੇ ਹੁੰਦੇ ਨੇ। ਵਸਤਾਂ ਵਰਤਾਰਿਆਂ ਨੂੰ ਵੇਖਣ ਦਾ ਕੋਈ ਨਵਾਂ ਸੋਧਿਆ ਹੋਇਆ ਨਜ਼ਰੀਆ ਦੇਣਾ ਹੁੰਦਾ ਹੈ। ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਹੁੰਦੀਆਂ ਨੇ। ਸਾਹਿਤ ਦਾ ਕਰਮ, ਧਰਮ ਇਹੀਓ ਹੁੰਦਾ।
ਕਵਿਤਾ ਸ਼ਬਦਾਂ ਦੀ ਸਹੀ ਤਰਬੀਤ ਲਿਖਣਾ ਹੀ ਨਹੀਂ ਸਗੋਂ ਲਿਖੇ
ਗਏ ਹਰ ਸ਼ਬਦ ਦੀ ਤਕਦੀਰ ਲਿਖਣਾ ਵੀ ਹੈ। ਕਵਿਤਾ ਜੇਕਰ ਸਾਡੇ ਨਾਲ ਮਖ਼ਮਲੀ ਗੱਲਾਂ ਕਰ ਸਕਦੀ ਹੈ ਤਾਂ ਕਿਸੇ ਵੇਲੇ ਇਹੀ ਕਵਿਤਾ ਸਾਨੂੰ ਕੜਕਦੀਆਂ ਬਿਜਲੀਆਂ ਦਾ ਸਾਹਮਣਾ ਕਰਨਾ ਵੀ ਸਿੱਖਾ ਸਕਦੀ ਹੈ। ਕਵਿਤਾ ਸਾਡੇ ਅੰਦਰ ਉਹ ਫੁੱਲ ਖਿੜਾਉਂਦੀ ਹੈ, ਜੋ ਦਿਖਦੇ ਤਾਂ ਨਹੀਂ ਪਰ ਉਹਨਾਂ ਦੀ ਮਹਿਕ ਸਾਡੇ ਸੁਭਾਅ 'ਚੋਂ ਹਮੇਸ਼ਾਂ ਆਉਂਦੀ ਰਹਿੰਦੀ ਹੈ।
ਤਾਜ਼ਗੀ ਨਹੀਂ ਤਾਂ
ਕਾਹਦਾ ਰਾਗ ਹੈ ਕੀ ਭਾਵ ਹੈ
ਤਾਜ਼ਗੀ ਫੁੱਲਾਂ 'ਚੋਂ ਜਾਗੀ ਮਹਿਕ ਦਾ ਕੋਈ ਰਾਜ਼ ਹੈ
ਜਿਵੇਂ ਕੁਦਰਤ ਸਾਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਸਾਡੇ ਰਹਿਣ- ਸਹਿਣ ਉੱਤੇ ਹਰ ਮੌਸਮ ਦਾ ਵੱਖਰਾ ਅਸਰ ਪੈਂਦਾ ਹੈ। ਜਿਵੇਂ ਸਮਾਜ ਵਿਚ ਰਹਿੰਦਿਆਂ ਅਸੀਂ ਚੇਤਨ-ਅਚੇਤਨ ਅਨੇਕਾਂ ਪ੍ਰਭਾਵ ਕਬੂਲਦੇ ਹਾਂ। ਇਵੇਂ ਹੀ ਸਾਡੇ ਤੋਂ ਪਹਿਲਾਂ ਰਚੇ ਜਾ ਚੁਕੇ ਸਾਹਿਤ ਦਾ ਪ੍ਰਭਾਵ ਵੀ ਸਾਡੇ ਮਨਾਂ 'ਤੇ ਸਾਡੀ ਕਾਵਿ-ਸ਼ੈਲੀ 'ਤੇ ਪੈਣਾ ਹੀ ਹੁੰਦਾ ਹੈ। ਪ੍ਰਤੱਖ-ਅਪ੍ਰਤੱਖ ਰੂਪ ਵਿਚ ਪੈਂਦਾ ਵੀ ਹੈ। ਜਿਵੇਂ ਅਸੀਂ ਆਪਣੇ ਮਾਂ-ਪਿਓ ਦੇ ਪ੍ਰਭਾਵ ਦੇ ਜਾਏ ਹਾਂ, ਇਸੇ ਤਰ੍ਹਾਂ ਹੀ ਵੱਖੋ-ਵੱਖ ਸਮਿਆਂ ਦਾ ਸਾਹਿਤ, ਵੱਖੋ-ਵੱਖ ਭਾਸ਼ਾਵਾਂ ਦਾ ਸਾਹਿਤ, ਸਾਡੀ ਪਰੰਪਰਾ, ਸਾਡਾ ਲੋਕ-ਸਾਹਿਤ ਤੇ ਬਾਕੀ ਕਾਵਿ- ਧਾਰਾਵਾਂ ਜਿੰਨਾਂ ਤੋਂ ਅਸੀਂ ਆਪਣੇ ਆਪ ਨੂੰ ਬਿਲਕੁਲ ਵਖਰਿਆ ਕੇ ਨਹੀਂ ਦੇਖ ਸਕਦੇ। ਇਸ ਸਭ ਕਾਸੇ ਦੇ ਮੰਥਨ ਵਿਚੋਂ ਹੀ ਸਾਡੀ ਸੰਵੇਦਨਾ ਨੇ ਸਹਿਜ ਰੂਪ ਕੁਝ ਅਪਣਾ ਲਿਆ, ਕੁਝ ਛੱਡ ਦਿੱਤਾ। ਇਹ ਪ੍ਰਭਾਵ ਹੀ ਹੁੰਦਾ ਹੈ ਜੋ ਸਾਡੀਆਂ ਲਿਖਤਾਂ 'ਚੋਂ ਝਾਤੀਆਂ ਮਾਰਦਾ ਹੈ। ਜਿਸਦਾ ਸਪੱਸ਼ਟ ਰੂਪ ਵਿਚ ਸਾਨੂੰ ਵੀ ਕੁਝ ਪਤਾ ਨਹੀਂ ਹੁੰਦਾ।
ਮੈਂ ਆਪਣੀ ਕਵਿਤਾ ਵਿਚ ਪ੍ਰਭਾਵ-ਮੁਕਤ ਨਹੀਂ ਹਾਂ ਤੇ ਸ਼ਾਇਦ
ਕੋਈ ਵੀ ਨਹੀਂ ਹੁੰਦਾ । ਪਰ ਸਾਹਿਤਕ ਪ੍ਰਭਾਵ ਤੋਂ ਬਾਅਦ ਵੀ ਕੁਝ ਅਜਿਹਾ ਹੈ ਜੋ ਸਾਡੀ ਆਤਮਾ ਤੋਂ ਭੁਰ ਆਉਂਦਾ ਹੈ। ਜਿਸ ਵਿਚ ਖ਼ਾਲਸ ਸਾਡੀ ਮਿੱਟੀ ਮਹਿਕਦੀ ਹੈ, ਇਕ ਨਜ਼ਰ ਜੋ ਸਮੇਂ, ਵਸਤਾਂ, ਨਾਵਾਂ-ਥਾਵਾਂ ਦੇ ਆਰ- ਪਾਰ ਦੇਖਣ ਦਾ ਹੀਆ ਕਰਦੀ ਹੈ। ਸ਼ਾਇਦ ਇਹ ਨਜ਼ਰ ਹੀ ਮੌਲਿਕਤਾ ਹੈ।
ਮੇਰੇ ਖਿਆਲ 'ਚ ਤਾਂ ‘ਪ੍ਰਭਾਵਾਂ’ ਦੀ ਛਾਂ ਵਿਚ ਬੈਠ ਆਪਣੇ ਹਿੱਸੇ ਦੀ ਧੁੱਪ ਕੱਤਣੀ ਹੀ ਮੌਲਿਕਤਾ ਹੈ।
ਬਰਕਤ ਜ਼ਿੰਦਗੀ ਦੇ ਜੋੜਿਆਂ ਨਾਲ ਤੁਰਦੀ ਹੈ। ਦੁੱਖ-ਸੁੱਖ ਪੱਤਝੜ-ਬਹਾਰ, ਜੀਵਨ-ਮੌਤ ਬਰਕਤ ਦੇ 'ਚੱਕਰ' ਹਨ। ਇਹ ਨਿਰੰਤਰ ਪਰਿਕਰਮਾ 'ਚ ਹੈ। ਇਹ ਹਰਕਤ 'ਚੋਂ ਉਦੈ ਹੁੰਦੀ ਹੈ ਤਾਂ ਖੜੋਤ 'ਚ ਅਸਤ ਵੀ ਹੋ ਜਾਂਦੀ ਹੈ।
ਸਾਰੇ ਦਾ ਸਾਰੇ ਰਾਹ ਉੱਥੇ ਦੇ ਉੱਥੇ ਰਹਿ ਜਾਂਦੇ ਹਨ, ਸਿਰਫ਼ ਸਾਡੀ ਫਿਰਤ ਸਾਡੇ ਨਾਲ ਆ ਜਾਂਦੀ ਹੈ। ਫਿਰ ਏਸੇ ਫਿਰਤ ਦੀ ਕਮਾਈ ਸਾਡੇ ਕੰਮਾਂ-ਕਾਰਾਂ, ਸਾਡੇ ਸੁਭਾਅ, ਸਾਡੀਆਂ ਲਿਖਤਾਂ ਵਿਚ ਚਾਨਣ ਦੀਆਂ ਕਲਗੀਆਂ ਸਜਾਉਂਦੀ ਫਿਰਦੀ ਹੈ। ਬਰਕਤ ਬਣ-ਬਣ ਫੱਬਦੀ ਹੈ। ਸਾਨੂੰ ਪੈਰ-ਪੈਰ ਨਿਖ਼ਾਰਦੀ ਹੈ, ਮਾਸਾ-ਮਾਸਾ ਤਰਾਸ਼ਦੀ ਹੈ।
ਮੇਰੇ ਲਈ ਓਹ ਨਜ਼ਰ ਹੀ ਬਰਕਤ ਹੈ। ਜਿਹਦੇ 'ਚ ਸਭ ਕੁਝ ਨਵਾਂ- ਨਰੋਇਆ ਹੁੰਦਾ ਰਹਿੰਦਾ ਹੈ। ਬਰਕਤ ਸਾਡੀ ਕਾਵਿ-ਪਰੰਪਰਾ 'ਚੋਂ ਆਉਂਦੀ ਹੋਈ ਕੋਈ ਸੁਚੱਜੀ ਲਲਾਰਨ ਹੈ ਜਿਹੜੀ ਖ਼ਿਆਲ ਦੇ ਧਾਗਿਆਂ ਨੂੰ ਰੰਗਦੀ ਰਹਿੰਦੀ ਹੈ।
ਕੁਝ ਤਾਂ ਹੈ ਜੋ ਸਾਨੂੰ ਸ਼ਬਦਾਂ ਦੇ ਨਿੱਤਰੇ ਪਾਣੀਆਂ ਤੱਕ ਲੈ ਆਉਂਦਾ ਹੈ।
ਕਵਿਤਾ ਇਕੋ ਰੰਗ ਨੂੰ ਗਾੜ੍ਹਾ ਕਰਨਾ ਨਹੀਂ, ਸਗੋਂ ਇੱਕ ਰੰਗ ਦੀਆਂ ਅਨੇਕ ਭਾਹਾਂ ਨੂੰ ਜੀਵਤ ਕਰਨਾ ਹੈ। ਕਲਾ ਅਨੇਕ ਸ਼ੇਡਸ / ਭਾਹਾਂ ਵਿਚ ਸਾਹ ਲੈਂਦੀ ਹੈ ਨਹੀਂ ਤਾਂ ਮਰ ਜਾਂਦੀ ਹੈ।
ਮੈਂ ਹਮੇਸ਼ਾ ਇਸੇ ਗੱਲ ਦੀ ਹਾਮੀ ਭਰਾਂਗਾ ਕਿ ਕਵਿਤਾ ਪੜ੍ਹ ਕੇ ਕੋਈ ਜਿਉਣ ਦੀ ਗੱਲ ਕਰੇ, ਮਰ ਤਾਂ ਅਸੀਂ ਜਾਣਾ ਹੀ ਹੈ।
ਆਸਮਾਨ ਦੀ ਬੁਲੰਦੀ ਨੂੰ ਨਮਸਕਾਰਦਾ, ਧਰਤੀ ਦੀ ਪਰਿਕਰਮਾ ਨੂੰ ਚਿੱਤ ਧਰਦਾ, ਪੈਰਾਂ ਹੇਠਲੀ ਮਿੱਟੀ ਨੂੰ ਮੱਥੇ ਨਾਲ ਛੁਹਾਉਂਦਾ। ਆਪਣੀ ਹੁਣ ਤੱਕ ਦੀ ਤਾਨ ਨਾਲ ਹਾਜ਼ਰ ਹਾਂ ਮੈਂ, ਹਾਜ਼ਰ ਹਾਂ ਮੈਂ ਕਵਿਤਾ ਦੀ ਸ਼ਰਬਤੀ ਲੋਰ ਸੰਗ, ਤਰੰਗਤ ਟੋਟਿਆਂ ਸੰਗ।
ਧੰਨਵਾਦ ਉਹਨਾਂ ਸਾਰੇ ਦੋਸਤਾਂ ਦਾ ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਕਿਤਾਬ ਦਾ ਹਿੱਸਾ ਬਣੇ। ਜਿਨ੍ਹਾਂ ਦਾ ਮੇਰੇ ਅੰਗ-ਸੰਗ ਹੋਣਾ ਹੀ 'ਬਰਕਤ' ਹੈ।
ਮਈ, 2019 ਕਰਨਜੀਤ ਕੋਮਲ
ਸੂਈ-ਧਾਗਾ'
(ਮੰਗਲਾਚਰਨ)
ਮਾਂ ਨੇ
ਲੋਕਾਂ ਦੇ ਕੱਪੜੇ ਹੀ ਨਹੀਂ ਸੀਤੇ
ਮੇਰੀ ਕਿਸਮਤ ਵੀ ਸੀਤੀ
ਸੂਈ-ਧਾਗੇ ਨੂੰ ਭਾਗ ਲੱਗੇ
ਤਾਂ ਕਲਮਾਂ ਬੋਲੀਆਂ
ਕਵਿਤਾਵਾਂ ਲਿਖੀਆਂ ਗਈਆਂ
ਗੀਤ ਗਾਏ ਗਏ
ਇਹ ਮਾਂ ਦੇ ਹੱਥਾਂ ਦੀ ਬਰਕਤ ਹੈ
ਪੰਜਾਬੀ
ਤੂੰ ਅਲਫ਼ ਤੋਂ ਅੱਲਾ ਵਰਗੀ
ਤੂੰ ਓਅੰਕਾਰ ਦਾ ਘੇਰਾ
ਤੂੰ ਸ਼ਾਮਾਂ ਦੀ ਲਾਲੀ
ਤੂੰ ਹੀ ਸੱਜਰਾ ਸੁਰਖ਼ ਸਵੇਰਾ
ਤੂੰ ਰੁੱਤਾਂ ਦੇ ਰੰਗ 'ਚ ਮੌਲੇਂ
ਤੂੰ 'ਵਾਵਾਂ ਵਿਚ ਸ਼ਕੇਂ
ਤੂੰ ਬੀਨਾਂ ਦੇ ਨਾਦ ਜਿਹੀ
ਤੂੰ ਚਰਖੇ ਥੀਂ ਕੂਕੇਂ
ਤੇਰੇ ਮੱਥੇ ਜਗਦੇ ਤਾਰੇ
ਇਲਮ, ਮੁਹੱਬਤਾਂ ਵਾਲੇ
ਤੂੰ ਮੜਕਾਂ ਨਾ ਡੋਲ ਦੇਨੀਂ ਏਂ
ਆਬ ਸ਼ੌਹਰਤਾਂ ਵਾਲੇ
ਤੂੰ ਬੁੱਲ੍ਹੇ ਦੀ ਕਾਫ਼ੀ ਅੜੀਏ
ਤੂੰ ਨਾਨਕ ਦੀ ਬਾਣੀ
ਤੂੰ ਸਾਹਾਂ ਦੀ ਸੋਹਬਤ-ਰੰਗਤ
ਤੂੰ ਸਮਿਆਂ ਦੀ ਹਾਣੀ
ਆ ਬੀਬੀ ਨੀਂ ਵਿਹੜੇ ਸਾਡੇ
ਮੇਟ ਦਿਲਾਂ 'ਚੋਂ ਨਫ਼ਰਤ
ਕਰ ਹੱਥਾਂ ਨੂੰ ਹਰਕਤ ਜੋਗੇ
ਬਣ ਹਰਫ਼ਾਂ ਦੀ ਬਰਕਤ
ਚਾਨਣ ਦੀ ਛੋਹ
ਇਕ ਚੁੰਮਣ ਤੇਰੀ ਯਾਦ ਦਾ
ਮੇਰਾ ਧਰਤੀ ਤੇ ਅਸਮਾਨ
ਤੇ ਅੱਲ੍ਹੜ ਉਮਰ ਦੀ ਪੌਣ ਦਾ
ਸਿਰ ਸੱਤ ਜਨਮਾਂ ਅਹਿਸਾਨ
ਵੇ ਇਕ ਇਕ ਤੇਰੇ ਬੋਲ ਦਾ
ਆ ਰੂਹ 'ਤੇ ਵੇਖ ਨਿਸ਼ਾਨ
ਚੇਤੇ 'ਚੋਂ ਛੱਡਣ ਵਾਲਿਆ
ਸਾਡੀ ਨਾਲ ਤੇਰੇ ਪਹਿਚਾਣ
ਅਸਾਂ ਛੋਹਿਆ ਤੈਨੂੰ ਚਾਨਣਾ
ਸਾਨੂੰ ਏਸੇ ਗੱਲ ਦਾ ਮਾਣ
ਕੁੱਲ ਦੁਨੀਆਂ ਇਕਸਾਰ ਦੀ
ਤੇ ਤੂੰ ਦਿਸਿਆ ਸੀ ਵੱਖ
ਤੈਨੂੰ ਤੱਕਿਆ, ਤੱਕ ਕੇ ਭੁੱਲ ਗਏ
ਕਿਵੇਂ ਝਪਕੀ ਦੀ ਏ ਅੱਖ।
ਇਹ ਸਾਂਝ ਪਈ ਤੇਰੇ ਨਾਲ ਹੀ
ਉਂਝ ਫਿਰਨ ਮੂਰਤਾਂ ਲੱਖ
ਸੀ ਇਸ਼ਕ ਤੇਰੇ ਦੀਆਂ ਗੁੱਗਲਾਂ
ਗਈਆਂ ਹੌਲੀ ਹੌਲੀ ਭਖ਼
ਤੇਰੇ ਖਿਆਲ ਦੀ ਚੜ੍ਹ ਗਈ ਪੁੱਠ ਵੇ
ਤੇਰੀ ਖਿੱਚ ਦਾ ਵੱਜਿਆ ਬਾਣ
ਅਸਾਂ ਛੋਹਿਆ ਤੈਨੂੰ ਚਾਨਣਾ
ਸਾਨੂੰ ਏਸੇ ਗੱਲ ਦਾ ਮਾਣ
ਇੱਕ ਸੁਪਨ ਤੇਰੇ ਦਾ ਜਾਦੂੜਾ
ਵੇ ਦਿਲ ਖਿੜਿਆ ਰਹੇ ਉਮਾਹ
ਸਾਨੂੰ ਵਾਜਾਂ ਮਾਰਨ ਤਾਰੜੇ
ਸਾਨੂੰ ਫੜ੍ਹ ਫੜ੍ਹ ਬਾਹਵੇ ਘਾਹ
ਅਸੀਂ ਹਾਰੇ ਸਬਰ ਸਬੂਰੀਆਂ
ਸਾਡਾ ਚੱਲਦਾ ਨਹੀਂ ਕੋਈ ਦਾਅ
ਸਾਨੂੰ ਦੀਦ ਤੇਰੀ ਦਾ ਵਹਿਣ ਵੇ
ਲਵੇ ਕੱਚਿਆਂ ਸੰਗ ਵਹਾਅ
ਹੁਣ ਅੰਬਰ ਨੀਵੇਂ ਹੋ ਗਏ
ਹੁਣ ਉੱਚੀ ਹੋਈ ਉਡਾਣ
ਅਸਾਂ ਛੋਹਿਆ ਤੈਨੂੰ ਚਾਨਣਾ
ਸਾਨੂੰ ਏਸੇ ਗੱਲ ਦਾ ਮਾਣ
ਅਸੀਂ ਜਿਹੜਾ ਰੰਗ ਵੀ ਓੜੀਏ
ਤੇਰੇ ਰੰਗ ਦੀ ਮਾਰੇ ਭਾਹ
ਪਹਿਲਾਂ ਆਉਂਦਾ ਤੇਰਾ ਨਾਮ ਵੇ
ਹੁਣ ਬਾਅਦ 'ਚ ਆਵੇ ਸਾਹ
ਤੂੰ ਜਿਥੋਂ ਲੰਘਿਐਂ ਦਿਲਬਰਾ
ਮੈਨੂੰ ਆਪਣੇ ਜਾਪਣ ਰਾਹ
ਮੇਰੀ ਹਰ ਗੱਲ ਦੇ ਵਿਚ ਆ ਗਿਐ
ਹੁਣ ਤੇਰਾ ਜ਼ਿਕਰ ਜਿਹਾ
ਤੇਰੀ ਯਾਦ ਦੀ ਤੰਦ ਪਾ ਜੀਵਣਾ
ਤੇਰੇ ਨਾਮ ਦਾ ਗਾਉਂਦੇ ਗਾਣ
ਅਸਾਂ ਛੋਹਿਆ ਤੈਨੂੰ ਚਾਨਣਾ
ਸਾਨੂੰ ਏਸੇ ਗੱਲ ਦਾ ਮਾਣ
ਪੂਰਨਤਾ
ਪਤਾ ਏ ਤੈਨੂੰ !
ਜੋ
ਪਤਾ ਹੈ
ਕੱਕੀ ਰੇਤ
ਖੁਸ਼ਕ ਹਵਾ
ਖ਼ਾਲੀ ਆਸਮਾਨ
ਤੇ ਚੁੱਪ 'ਚ ਨੁੱਚੜੀ ਪੈੜ ਨੂੰ
ਕਿ ਦੋ ਪਿਆਸੇ ਮਿਲੇ
ਤੇ ਪਾਣੀ ਹੋ ਗਏ
ਰੂਹਾਣੀ
ਉਂਝ ਤਾਂ ਉਹ
ਅੱਥਰੇ ਜਿਹੇ ਮੌਸਮਾਂ ਦਾ ਜਾਣੂੰ
ਥੋੜ੍ਹਾ ਰੱਖਦਾ
ਗਰੂਰੀ ਇਖ਼ਲਾਕ
ਕਦੇ ਮੈਨੂੰ ਲੱਗੇ
ਨੀਂ ਉਹ ਦਿਲਾਂ ਦਾ ਨਵਾਬ
ਕਦੇ ਲੱਗਦਾ
ਰੰਝੇਟਾ ਬਸ ਚਾਕ
ਖਿੱਚੇ ਉਹਦੇ ਵੱਲੀਂ
ਮੈਨੂੰ ਸਾਂਝਾਂ ਵਾਲੀ ਖਿੱਚ
ਜਾਪੇ ਉਹਦੇ 'ਨਾ
ਪੁਰਾਣਾ ਕੋਈ ਸਾਕ
ਲੱਖਾਂ ਹੀ ਕਿਤਾਬਾਂ ਦੇ
ਬਰੋਬਰ ਮੈਂ ਰੱਖਾਂ
ਬੋਲੇ ਚੁੱਪ ਵਿਚੋਂ ਜੇ
ਉਹ ਇਕੋ ਵਾਕ
ਬਹੁਤੀਆਂ ਸਿਆਣਪਾਂ
ਜੋ ਲਿਖਤਾਂ 'ਚ ਗੁੰਨ੍ਹੇ
ਜਦੋਂ ਹੱਸੇ
ਜਮਾਂ ਲਗਦਾ ਜਵਾਕ
ਪੱਤਝੜਾਂ ਵਿਚ ਸਾਂਭਦਾ
ਜੋ ਪੱਤ ਰੁੱਖੇ ਸੁੱਕੇ
ਓਹੀਓ ਸੀਂਵਦਾ
ਬਹਾਰਾਂ ਦੀ ਪੋਸ਼ਾਕ
ਉਦ੍ਹਾ ਕੀ !
ਦਿਨ ਦੇ ਚਾਨਣੇ ਨੂੰ ਹਵਾ ਨਾਲ ਖੇਡਣ ਲਾ ਦਿੰਦੀ ਹੈ
ਤੇ ਕਈ ਵਾਰ ਚਾਨਣ ਇਕੱਠਾ ਕਰਨਾ ਭੁੱਲ ਜਾਂਦੀ ਏ
ਨ੍ਹੇਰੇ ਨੂੰ ਵੀ ਨਿਸੰਗ ਮਿਲਦੀ ਹੈ
ਚੁਟਕੀ ਮਾਰ ਤਾਰਿਆਂ ਦੀਆਂ ਡਾਰਾਂ ਬੁਲਾ ਲੈਂਦੀ ਹੈ
ਜ਼ਰਾ ਇਕ ਸ਼ਬਦ ਬੋਲਦੀ ਹੈ ਤਾਂ ਚੰਨ ਹੱਥਾਂ-ਪੈਰਾਂ 'ਚ ਆ ਜਾਂਦੈਂ
ਸੂਰਜ ਬਿੰਦੀ ਬਣਦਾ, ਸ਼ੁਕਰਾਨਾ ਕਰਦਾ, ਸਾਹ ਲੈਂਦਾ
ਰਾਤਾਂ ਵਾਲਾਂ 'ਚ ਉਤਰ ਆਉਂਦੀਆਂ ਨੇ
ਉਹੀ ਵਾਲ, ਜਿੰਨ੍ਹਾਂ 'ਚ ਉਹ
ਵੇਲੇ-ਕੁਵੇਲੇ ਵੇਲ ਬੂਟੇ ਗੁੰਦ ਲੈਂਦੀ ਹੈ
ਜੁੜਾ ਸਜਾ ਲੈਂਦੀ ਹੈ
ਪੱਬ ਪੁੱਟਦੀ ਹੈ ਤਾਂ
ਧਰਤੀ ਦੇ ਮਖ਼ਮਲੀ ਟੋਟੇ ਆਪਸ 'ਚ ਖਹਿਣ ਲਗਦੇ ਨੇ
ਉਦ੍ਹੇ ਪੈਰਾਂ ਹੇਠ ਟਿਕਣਾ ਲੋਚਦੇ, ਮਰ ਮਰ ਜਾਂਦੇ
ਹੈਰਾਨੀ ਵਾਲੀ ਗੱਲ ਕਿਹੜੀ ਭਲਾਂ !
ਆਹ ਪੰਛੀ ਸੁਬਾ-ਸ਼ਾਮ ਉਦ੍ਰੀਆਂ ਸੁਣਾਈਆਂ ਗੱਲਾਂ ਦੀ
ਖੁਮਾਰੀ 'ਚ ਚਹਿਕਦੇ
ਉਦ੍ਹਾ ਕੀ !
ਅੱਖਾਂ 'ਚ ਬਿਜਲੀਆਂ ਨੂੰ ਠਾਰ੍ਹਾ ਦੇਵੇ
ਪਹਾੜਾਂ ਦਾ ਸੁਰਮਾ ਬਣਾ ਲਵੇ
ਧਰਤੀ ਦੀ ਪਰਿਕਰਮਾ ਪਲਟ ਦੇਵੇ
ਅਨੰਤ ਖ਼ਲਾਅ ਨੂੰ ਆਪਣੀ ਪੈੜਚਾਲ ਬਖ਼ਸ਼ੇ
ਮਰਜ਼ੀ ਹੋਵੇ ਤਾਂ ਬਿਨ ਬੱਦਲੋਂ ਵਰਸੇ
ਚਿੱਤ ਨਾ ਹੋਵੇ ਤਾਂ
ਦਰਿਆਵਾਂ ਨੂੰ ਪਿਆਸਾ ਮਾਰ ਦਵੇ
ਮਹਾਂਮੌਨ 'ਚੋਂ ਉੱਠੇ
ਨਾਮ ਲਵੇ ਮੇਰਾ
ਨਜ਼ਰ ਭਰ ਵੇਖੇ ਜ਼ਰਾ
ਰਾਖ ਕਰ ਦੇਵੇ !
ਹੱਸੇ, ਤਰਸ ਖਾਵੇ
ਰਾਖ ਨੂੰ ਸਪਰਸ਼ ਕਰੇ
ਖਿੱਚ ਲਵੇ ਮੈਨੂੰ,
ਦੇਵ-ਦੈਂਤਾਂ ਦੇ ਹੱਥਾਂ 'ਚੋਂ
ਨਿਰੀ ਅੱਗ ਚਖਾਵੇ
ਮੁੜ ਸਿਰਜੇ
ਮੁੜ ਜਨਮੇ
ਰੱਬ ਕਰ ਦੇਵੇ
ਉਦ੍ਹਾ ਕੀ !
ਪਰ
ਉਹ ਇਹ ਮੰਤਰ ਜਾਣਦਿਆਂ ਬੁਝਦਿਆਂ
ਅਣਜਾਣ ਬਣਦੀ
ਨੀਂਵੀਂ ਪਾ
ਅੱਖ ਝੁਕਾ ਤੁਰਦੀ
ਅੱਖ ਝੁਕਾਉਂਦੀ ਤਾਂ ਸੁਪਨੇ ਡੋਲਦੇ
ਚੁੱਪ ਰਾਤਾਂ 'ਚ
'ਉਹਦੇ' ਖਿਆਲਾਂ ਦੇ ਸਵੈਟਰ ਬੁਣਦੀ
ਤੜਕੇ ਪੱਗ ਬੰਨ੍ਹਦੇ ਪਿਓ ਵੱਲ ਵੇਂਹਦੀ,
ਵੀਰ ਦਾ ਗੁੱਟ ਤੱਕਦੀ,
ਮਾਂ ਦੀ ਘੂਰੀ ਝੱਲਦੀ
ਓਧਰ ਤੁਰ ਪੈਂਦੀ ਜਿਧਰ ਤੋਰਿਆ ਜਾਂਦਾ
ਨਿਰਾ ਈ ਪੱਥਰ'
ਹੋਰ 'ਵਿਚਾਰੇ ਲੋਕ’
ਪਤਾ ਨਹੀਂ ਕੀ ਕੀ ਆਖਣ
ਕੀ-ਕੀ ਸੋਚਣ!
ਬੱਚੇ
ਜੰਮੇ ਪਾਲੇ
ਨਿੱਕ ਸੁਕ ਜੋੜੇ ਘਰ ਬਣਾਵੇ
ਕੰਮ 'ਤੇ ਜਾਵੇ
ਥੁੜ੍ਹਾਂ ਪੂਰੇ, ਹੋਰ ਕਿੰਨੇ ਹੀ
ਨਿੱਕੇ ਨਿੱਕੇ ਸੌ ਕੰਮ ਨਿਬੇੜੇ
ਸੌ ਹੱਥਾਂ ਵਾਲੀ
ਇਹੀਓ ਕੰਮ ਜੇ ਬੰਦਾ ਕਰੇ ਤਾਂ ਵੱਡੇ ਹੋਈ ਜਾਵਣ !
ਪਰ ਉਹ
ਇਹ ਸਭ ਕੁਝ ਕਰਦੀ ਜਰਦੀ
ਜੀਂਦੀ-ਮਰਦੀ
ਕਦੇ ਵੀ ਪਲਟਾ ਸਕਦੀ ਹੈ
ਇਹ ਸਭ ਵਿਥਿਆ
ਆਖਿਆ ਤਾਂ ਹੈ
ਉਦ੍ਹਾ ਕੀ !
ਹਾਣੀਆਂ ਦਾ ਦੇਸ
ਇਥੋਂ ਕਿਤੋਂ ਲੰਘਿਆ ਸੀ ਜੋਗੀਆਂ ਦੇ ਵੇਸ ਵਾਲਾ
ਇਥੇ ਕਿਤੇ ਬੋਲਿਆ ਸੀ ਕਾਂ
ਇਥੇ ਕਿਤੇ ਰੁੱਖੜੇ ਨੂੰ ਆਈਆਂ ਸੀ ਜਵਾਨੀਆਂ
ਇਥੇ ਕਿਤੇ ਖੇਡਦੀ ਸੀ ਛਾਂ
ਇਥੇ ਹੀ ਤਾਂ ਉੱਡੀਆਂ ਸੀ ਮੌਜ ਦੀਆਂ ਘੁੱਗੀਆਂ
ਸੀ ਇਥੇ ਹੀ ਤਾਂ ਰੁਕਿਆ ਸਮਾਂ
ਇਥੇ ਹੀ ਤਾਂ ਚਾਵਾਂ ਦੀ ਗੁਲੇਲ ਵਿਚੋਂ ਛੱਡੀਆਂ ਮੈਂ
ਰੋੜੀਆਂ ਦਾ ਸ੍ਵਾਬ ਕੀ ਦਵਾਂ
ਇਥੇ ਹੀ ਤਾਂ ਖ਼ਾਬ ਲਟਬੌਰੇ ਹੋ ਹੋ ਨੱਚਦੇ ਸੀ
ਮਹਿਕਾਂ ਦੀ ਸੀ ਬਲ਼ਦੀ ਸ਼ਮ੍ਹਾ
ਇਥੇ ਹੀ ਤਾਂ ਤੇਰਾ ਹੱਥ ਫੜ੍ਹ ਚਿੱਤ ਕਰਦਾ ਸੀ
ਮੈਂ ਤਾਂ ਬਸ ਉੱਡਦਾ ਰਵਾਂ
ਇਥੇ ਹੀ ਤਾਂ ਖੁਸ਼ਬੂ ਨੂੰ ਸਾਹੀਂ ਅਸੀਂ ਗੁੰਨ੍ਹਿਆ ਸੀ
ਖੂਨ ਵਿਚ ਕੀਤਾ ਸੀ ਰਵਾਂ
ਇਥੇ ਤੇਰੇ ਨੈਣਾਂ ਵਿਚ ਨਾਮ ਜਿਹੜਾ ਤਰਦਾ ਸੀ
ਚਿੱਤ ਕਰੇ ਮੁੜਕੇ ਪੜ੍ਹਾਂ
ਇਥੇ ਹੀ ਤਾਂ ਦਿਲ ਨੂੰ ਟਕੋਰਾਂ ਸੀ ਕੋਈ ਕਰਦਾ
ਪੀੜ ਅੱਧੀ ਲੈਂਦਾ ਸੀ ਵੰਡਾਅ
ਇਥੇ ਹੀ ਤਾਂ ਖਿਆਲ ਦੇ ਬਨੇਰਿਆਂ 'ਤੇ ਹਾਲੇ ਪਈਆਂ
ਉਵੇਂ ਦੀਆਂ ਉਵੇਂ ਮੂਰਤਾਂ
ਇਥੇ ਹੀ ਤਾਂ ਅੱਖਰਾਂ 'ਚ ਘੜ੍ਹ ਤਸਵੀਰਾਂ ਅਸੀਂ
ਲਿਖਿਆ ਲੁਕੋ ਕੇ ਤੇਰਾ ਨਾਂ
ਜਿਥੇ ਤੇਰੇ ਬੋਲਾਂ 'ਤੇ ਸੀ ਵੰਡੀਆਂ ਨਿਆਜ਼ਾਂ ਕਦੀਂ
ਇਹੀਓ ਤਾਂ ਸਵੱਲੀ ਉਹੋ ਥਾਂ
ਤਾਰਿਆਂ ਦਾ ਵਸਨੀਕ
(ਲਾਲੀ ਬਾਬੇ ਦੇ ਖਿਆਲ 'ਚ)
ਇਹ ਕੈਸੀ ਖਿੱਚ ਸੁਲੱਖਣੀ
ਹੈ ਇਹ ਕਿਸ ਦਾ ਪ੍ਰਤੀਕ
ਕੱਚੇ ਧਾਗੇ 'ਤੇ ਤੋਰ ਕੇ
ਲੈ ਆਈ ਤੇਰੇ ਤੀਕ
ਹੈ ਕੌਣ ਜੋ ਦੇਹ ਉਲੱਥਦਾ
ਟੱਪੇ ਹਰ ਵਰਜਿਤ ਲੀਕ
ਜਨਮਾਂ ਦੇ ਪੈਂਡੇ ਮਾਰਦਾ
ਕੋਈ ਆਣ ਬੈਠਾ ਨਜ਼ਦੀਕ
ਕਿਸ ਭਰੀਆਂ ਇਹ ਹਾਮੀਆਂ
ਹਰ ਸਾਹ ਕੀਤਾ ਤਸਦੀਕ
ਇਹ ਕੌਣ ਜੋ ਅੰਬਰ ਜੇਡ ਹੈ
ਇਹ ਕੌਣ ਜੋ ਬੜਾ ਬਰੀਕ
ਉਦ੍ਹੀ ਨਜ਼ਰ 'ਚੋਂ ਰਹਿਮਤ ਵਰਸਦੀ
ਉਦ੍ਹੀ ਫਿਰਤ 'ਚ ਅਸਲ ਤੌਫੀਕ
ਪੈਰਾਂ ਨਾਲ ਧਰਤੀ ਨਾਪਦਾ
ਕੋਈ ਲੰਘਿਆ ਚਿੱਤ-ਰਮਣੀਕ
ਹੈ ਕਿਸ ਦੀ ਅਤਿ ਆਵਾਰਗੀ
ਆਖੀ ਜਾਵੇ ਸਭ ਠੀਕ
ਮੇਰੇ ਮਨ ਮਸਤਕ ਵਿਚ ਲਹਿ ਗਿਆ
ਇਕ ਤਾਰਿਆਂ ਦਾ ਵਸਨੀਕ
ਸੌ ਰੰਗ ਇਸ਼ਕੇ ਦੇ
ਬੁੱਝ ਲੈ ਜੇ ਬੁੱਝ ਸਕਦੈਂ
ਅੱਜ ਰੰਗਾਂ ਦੀ ਬਾਤ ਮੈਂ ਪਾਵਾਂ
ਇਕ ਰੰਗ ਦੇ ਦੇ ਅੜਿਆ
ਇਕੋ ਰੰਗ ਤੋਂ ਮੈਂ ਥੁੜ੍ਹਦੀ ਜਾਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ ਕਿਹੜਾ ਖੋਲ੍ਹ ਕੇ ਦਿਖਾਵਾਂ
ਇਕ ਸਾਡੇ ਖ਼ਾਬਾਂ ਨਾਲ ਦਾ
ਇਕ ਤੇਰੇ-ਮੇਰੇ ਹਾਸੇ ਵਰਗਾ
ਇਕ ਜਿਹੜਾ ਚਾਵਾਂ ਨੂੰ ਚੜ੍ਹੇ
ਇਕ ਦਿਲਾਂ ਦੇ ਦਿਲਾਸੇ ਵਰਗਾ
ਜਾਂ ਇਕ ਰੰਗ ਉਹ ਅੜਿਆ
ਲਿਆ ਸਾਂਭ ਜੋ ਸਾਡਿਆਂ ਸਾਹਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ-ਕਿਹੜਾ ਖੋਲ੍ਹ ਕੇ ਦੇ ਵਿਖਾਵਾਂ
ਇਕ ਰੰਗ ਧਰਤੀ ਦਾ
ਜਿਥੇ ਘੁਲ਼ ਗਈਆਂ ਉਮਰਾਂ ਲੰਮੇਰੀਆਂ
ਇਕ ਰੰਗ ਅੰਬਰਾਂ ਦਾ
ਜਿਥੇ ਰੰਗਾਂ ਦੀਆਂ ਵਗਣ ਹਨ੍ਹੇਰੀਆਂ
ਧੁੱਪਾਂ 'ਚ ਰੰਗ ਰੁੱਖੜੇ ਦਾ
ਆਜਾ ਮਾਣ ਲੈ ਬੈਠ ਵਿਚ ਛਾਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ ਕਿਹੜਾ ਖੋਲ੍ਹ ਕੇ ਦਿਖਾਵਾਂ
ਇਕ ਰੰਗ ਮਾਪਿਆਂ ਦਾ
ਰੰਗੀ ਜਾਣ ਜੋ ਉਡੀਕਾਂ ਬਹਿ ਬਹਿ ਕੇ
ਇਕ ਰੰਗ ਭੈਣ ਜਿਹਾ
ਮੂੰਹ ਥੱਕਦਾ ਨਹੀਂ ਵੀਰਾ ਵੀਰਾ ਕਹਿ ਕੇ
ਇਕ ਰੰਗ ਦਾਦੀ ਵਰਗਾ
ਮੱਥਾ ਚੁੰਮਦਾ ਤੇ ਦਿੰਦਾ ਏ ਦੁਆਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ-ਕਿਹੜਾ ਖੋਲ੍ਹ ਕੇ ਦਿਖਾਵਾਂ
ਇਕ ਰੰਗ ਮਿੱਤਰਾਂ ਦਾ
ਸਾਡੇ ਸੀਨਿਆਂ 'ਚ ਸਦਾ ਰਵੇ ਮੌਲਦਾ
ਇਕ ਰੰਗ ਲਹੂ ਵਰਗਾ
ਜਿਹੜਾ ਰੁਤਬੇ ਉਚਾਈਆਂ ਨਹੀਓਂ ਗੌਲਦਾ
ਇਹੀ ਰੰਗ ਕਰੇ ਜੁਅਰਤਾਂ
ਆਖੇ ਦਿੱਲੀ ਦੇ ਮੈਂ ਕਿੰਗਰੇ ਢਾਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ-ਕਿਹੜਾ ਖੋਲ੍ਹ ਕੇ ਦਿਖਾਵਾਂ।
ਇਕ ਰੰਗ ਗੁਰੂਆਂ ਦਾ
ਜਿਹੜਾ ਬਾਣੀਆਂ 'ਚ ਘੁਲ਼ ਗਿਆ, ਲਾਲ ਵੇ
ਇਕ ਰੰਗ ਸਿਦਕਾਂ ਦਾ
ਖੜ੍ਹ ਨੀਹਾਂ ਵਿਚ ਕਰਦਾ ਕਮਾਲ ਵੇ
ਤੇ ਮੈਂ ਹਾਂ ਰੰਗ ਕੇਸਰੀ ਬਾਬਾ
ਕਿਉਂ ਨਾ ਚੜ੍ਹਦੀ ਕਲਾ ਅਖਵਾਵਾਂ ।
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ-ਕਿਹੜਾ ਖੋਲ੍ਹ ਕੇ ਦਿਖਾਵਾਂ।
ਇਕ ਰੰਗ ਨਾਨਕ ਦਾ
ਜਿਹੜਾ ਪੈਂਡਿਆਂ ਨੂੰ ਵੰਡਦਾ ਪਤਾਸੜੇ
ਰੰਗ ਕੋਈ ਰਬਾਬ ਵਰਗਾ
ਭਰੇ ਨੂਰ ਨਾਲ ਚਿਹਰੇ ਜੋ ਉਦਾਸੜੇ
ਰੰਗ ਬਾਬਾ ਕੋਲ਼ ਜੋ ਤੇਰੇ
ਇਸੇ ਰੰਗ ਦਾ ਨਹੀਂ ਆਉਂਦਾ ਮੈਨੂੰ ਨਾਵਾਂ
ਸੌ ਰੰਗ ਇਸ਼ਕੇ ਦੇ
ਤੈਨੂੰ ਕਿਹੜਾ-ਕਿਹੜਾ ਖੋਲ੍ਹ ਕੇ ਦਿਖਾਵਾਂ।
ਝਲਕ
ਤੇਰੀ ਝਲਕ ਮਗਰੋਂ
ਨਹੀਂ ਕੁਝ ਖ਼ਾਸ ਸਾਂਭੀਦਾ
ਬਸ ਆਪਣਾ ਆਪ ਸਾਂਭੀਦਾ
ਅਫ਼ਸਾਨੇ
ਮੈਂ ਵੀ ਨਾ ਖੋਲ੍ਹਿਆ ਕੁੰਡਾ ਜਿੰਦਾ ਉਤੋਂ ਲਾ ਕੇ ਰੱਖਿਆ
ਡੋਲਣ ਨੂੰ ਡੋਲਿਆ ਵੀ ਸੀ ਪਰ ਦਿਲ ਸਮਝਾ ਕੇ ਰੱਖਿਆ
ਮੌਸਮ ਸੀ ਬੜੇ ਸੁਹਾਣੇ, ਮਾਣ ਵੀ ਸਕਦੇ ਸਾਂ
ਕਿਸੇ ਦੀ ਛਤਰੀ ਸਿਰ 'ਤੇ ਤਾਣ ਵੀ ਸਕਦੇ ਸਾਂ
ਤੁਰ ਪਏ ਪਰ ਵੱਖਰੇ ਰਾਹੀਂ, ਵੱਖਰੀ ਤਕਦੀਰ ਚੁਣੀਂ
ਰੂਹਾਂ ਦੇ ਬੁੱਤ ਬਣਾਏ, ਹਾਸੇ ਦੀ ਪੀੜ ਚੁਣੀਂ
'ਕਿੱਲਿਆਂ ਸੰਗ 'ਕੱਲੇ ਰਹਿ ਕੇ 'ਕੱਲਤਾ ਦੀ ਚੁੱਪ ਸੁਣੀਂ
ਉਦੋਂ ਸੀ ਹਵਾ ਨੂੰ ਸੁਣਿਆਂ, ਉਦੋਂ ਹੀ ਧੁੱਪ ਸੁਣੀਂ
ਅੱਖੀਆਂ ਦੇ ਬੰਦ ਖਜ਼ਾਨੇ ਖੁੱਲ੍ਹਣ ਨੂੰ ਤਰਸ ਗਏ
ਜਿੰਨੇ ਸਾਂ ਭਰੇ ਭਰਾਏ ਅੰਦਰੇ ਹੀ ਬਰਸ ਗਏ
ਖਾਹਿਸ਼ਾਂ ਸੀ ਮੌਨ ਹੋ ਗਈਆਂ ਲੋੜਾਂ 'ਤੇ ਪਏ ਸੀ ਪਰਦੇ
ਉਦੋਂ ਅਸੀਂ ਆਪਣੇ ਹੱਥੋਂ ਬਚੇ ਸਾਂ ਮਰਦੇ-ਮਰਦੇ
ਫਿਰ ਇਕ ਦਿਨ ਅੱਥਰੀ ਚੁੱਪ 'ਚੋਂ ਬੋਲਣ ਨੂੰ ਜੀਅ ਕਰ ਆਇਆ
ਮੱਥੇ 'ਚੋਂ ਭੇਦ ਪੰਖੇਰੂ ਖੋਲ੍ਹਣ ਨੂੰ ਜੀਅ ਕਰ ਆਇਆ
ਪਰ ਉਵੇਂ ਤੂੰ ਨਾ ਮਿਲਿਆ ਜਿਵੇਂ ਸੀ ਵਾਅਦੇ ਤੇਰੇ
ਮੇਰੇ 'ਚੋਂ ਮੈਂ ਸਾਂ ਮਨਫੀ ਗ਼ੈਬ ਸੀ ਕਾਇਦੇ ਮੇਰੇ
ਵਕਤ ਦੀ ਜ਼ੁਲਫ ਦੀ ਗੁੰਝਲ ਖੋਲ੍ਹਣ ਨੂੰ ਚਿਰ ਲਾ ਤਾ ਸੀ
ਸ਼ਾਇਦ ਆਪਾਂ ਇਕ ਦੋ ਅੱਖਰ ਬੋਲਣ ਨੂੰ ਚਿਰ ਲਾ ਤਾ ਸੀ
ਤੈਥੋਂ ਕਦੀ ਸੱਦ ਨਾ ਹੋਇਆ, ਮੈਥੋਂ ਵੀ ਆ ਨਾ ਹੋਇਆ
ਗੀਤ ਤਾਂ ਸਾਝਾਂ ਸੀ ਪਰ, ’ਕੱਠਿਆਂ ਕਦੀ ਗਾ ਨਾ ਹੋਇਆ
ਮਿਲਦਾ ਜੇ ਸਾਥ ਵੇ ਤੇਰਾ ਦੂਰ ਤੱਕ ਜਾ ਸਕਦੇ ਸਾਂ
ਮੀਹਾਂ ਵਿਚ ਨੱਚ ਸਕਦੇ ਸਾਂ, ਵੇ ਪੈਲਾਂ ਪਾ ਸਕਦੇ ਸਾਂ
ਤੇ ਅੱਖ ਦੇ ਫੋਰ 'ਨਾ ਅੰਬਰ ਧਰਤੀ 'ਤੇ ਲਾਹ ਸਕਦੇ ਸਾਂ
ਚਾਨਣ ਨੂੰ ਬਿੰਦੀ ਥਾਂਵੇਂ ਮੱਥਿਆਂ ਵਿਚ ਲਾ ਸਕਦੇ ਸਾਂ
ਅਫ਼ਸਾਨੇ ਬਣ ਕੇ ਰਹਿ ਗਏ
ਪੱਛੋਂ ਕੁੜੀ
ਸੂਰਜ ਦਾ ਦੀਵਾ ਬਾਲ਼ ਕੇ
ਧਰਤੀ-ਕਿਤਾਬ ਖੋਲ੍ਹ ਕੇ
ਰੁੱਤਾਂ ਦੀ ਮਰਜ਼ੀ ਤੋਲ ਕੇ
ਚਾਨਣ ਦੇ ਬੋਝੇ ਫੋਲ ਕੇ
ਲਾਚੜੀ ਹਵਾ ਸਮੇਂ ਦਾ
ਇੱਕ ਵਰਕਾ 'ਥੁੱਲਗੀ
ਅੰਬਰ 'ਨਾ ਗੱਲਾਂ ਕਰਦਿਆਂ
ਹਉਕੇ ਹੁੰਗਾਰੇ ਭਰਦਿਆਂ
ਨ੍ਹੇਰੇ ਦੇ ਕੋਲੋਂ ਡਰਦਿਆਂ
ਪੱਬ ਬੋਚ ਬੋਚ ਧਰਦਿਆਂ
ਪੱਛੋਂ-ਕੁੜੀ ਦੇ ਹੱਥ 'ਚੋਂ
ਰੰਗਾਂ ਦੀ ਡੱਬੀ ਡੁੱਲਗੀ
ਹਾਜ਼ਰੀ ਦੀ ਘਾਟ
ਨਿੱਤਰਿਆਂ ਪਾਣੀਆਂ ਦੀ
ਵੱਖਰੀ ਹੀ ਤਾਜ਼ਗੀ
ਜਿਉਂ ਪੌਣਾਂ ਦਿਆਂ ਬੁੱਲਿਆਂ ਦੀ ਠਾਠ
ਲੱਖ ਚੀਜ਼ਾਂ ਜੋੜਾਂ
ਤਾਂ ਵੀ ਪੂਰੀ ਨਹੀਂਓਂ ਹੁੰਦੀ
ਚੰਨਾਂ ਇਕੋ ਤੇਰੀ ਹਾਜ਼ਰੀ ਦੀ ਘਾਟ
ਸੈਆਂ ਮਜ਼ਬੂਰੀਆਂ ਨੇ
ਮੀਲਾਂ ਦੀਆਂ ਦੂਰੀਆਂ
ਔਖੇ ਭਾਵੇਂ ਫਰਜ਼ਾਂ ਦੇ ਰਾਹ
ਦੇਖ ਤਾਂ ਸਹੀ ਤੂੰ
ਕੈਸਾ ਬਣਿਆਂ ਸਬੱਬ
ਬੰਦਾ ਸਾਹ ਤੋਂ ਬਿਨਾਂ ਭਰੀ ਜਾਵੇ ਸਾਹ
ਸਾਥ ਬੀਤੇ ਵੇਲਿਆਂ ਨੂੰ
ਵੇਖ ਵੇਖ ਬੀਤ ਚੱਲੇ
ਤੇਰੇ ਵੇ ਖਿਡੌਣੇ ਚੰਨਾਂ ਖੰਡ ਦੇ
ਮੁੜ ਮੁੜ ਚੇਤੇ ਆਉਣ
ਬੋਲ ਮਤਵਾਲੜੇ ਜਿਹੇ
ਬਿਸ਼ੀਅਰ ਨਾਗਾਂ ਵਾਂਗੂੰ ਡੰਗਦੇ
ਉਮਰਾਂ ਦੀ ਤੰਦ ਜੋੜੀ
ਸੱਚੀ ਸੁੱਚੀ ਸੰਗ ਜੋੜੀ
ਤੇਰੇ ਹੀ ਮੈਂ ਨਾਂ ਦੇ ਨਾਲ ਅੜਿਆ
ਜਿਹੜਿਆਂ ਰੰਗਾਂ ਦੀ
ਗੱਲ ਕਰਦੈਂ ਸੈਂ ਉਦੋਂ
ਰੰਗ ਕਾਹਤੋਂ ਨਾ ਮੁਹੱਬਤਾਂ ਨੂੰ ਚੜ੍ਹਿਆ ?
ਜਿਉਣ ਜੋਗਾ
ਉਹ ਤਾਂ ਸ਼ਬਦਾਂ 'ਚ ਵੱਸੇ, ਉਹ ਤਾਂ ਅਰਥਾਂ 'ਚ ਵੱਸੇ
ਉਹ ਤਾਂ ਜ਼ਿੰਦਗੀ ਜਿਊਣ ਦੀਆਂ ਸ਼ਰਤਾਂ 'ਚ ਵੱਸੇ
ਸਾਥੋਂ ਲੁਕੀਆਂ ਉਹ ਦਿਲ ਦੀਆਂ ਪਰਤਾਂ 'ਚ ਵੱਸੇ
ਓਹੀ ਮੇਰਿਆਂ ਗੀਤਾਂ ਦਾ ਹੈ ਸਰੂਰ ਹੋ ਗਿਆ
ਤੇ ਉਹਨੂੰ ਵਹਿਮ ਹੈ ਉਹ ਸਾਡੇ ਕੋਲੋਂ ਦੂਰ ਹੋ ਗਿਆ
ਉਹਨੂੰ ਰੰਗ ਜੋ ਪਿਆਰੇ ਅਸੀਂ ਨੈਣੀਂ ਸਾਂਭ ਰੱਖੇ
ਬੜੇ ਯਾਂਦਾ ਦੇ ਸੁਨਹਿਰੀ ਪਲ਼ ਸੀਨੇ ਵਿਚ ਡੱਕੇ
ਹੁਣ ਫਰਕ ਨਈਂ ਪੈਂਦਾ ਉਹੋ ਤੱਕੇ ਯਾਂ ਨਾ ਤੱਕੇ
ਜਿਹੜਾ ਹੋਵਣਾ ਸੀ, ਮੱਥਿਆਂ 'ਚ ਨੂਰ ਹੋ ਗਿਆ
ਤੇ ਉਹਨੂੰ ਵਹਿਮ ਹੈ ਉਹ ਸਾਡੇ ਕੋਲੋਂ ਦੂਰ ਹੋ ਗਿਆ
ਭਾਵੇਂ ਪੁੱਛਦਾ ਨਈਂ ਹਾਲ, ਹਰ ਹਾਲ ਵਿਚ ਰਵੇ
ਉਹ ਤਾਂ ਸਾਹਾਂ ਤੋਂ ਵੀ ਨੇੜੇ, ਸਾਡੇ ਨਾਲ ਨਾਲ ਰਵੇ
ਉਹਨੇਂ ਦਿੱਤੀ ਜਿਹੜੀ ਲੋਰ ਸਾਡੀ ਚਾਲ ਵਿਚ ਰਵੇ
ਸਾਨੂੰ ਐਵੇਂ ਤਾਂ ਨਈਂ ਖ਼ੁਦ 'ਤੇ ਗਰੂਰ ਹੋ ਗਿਆ
ਤੇ ਉਹਨੂੰ ਵਹਿਮ ਹੈ ਉਹ ਸਾਡੇ ਕੋਲੋਂ ਦੂਰ ਹੋ ਗਿਆ
ਅਫ਼ਰੋਜ਼ੀਆ
(ਅਫ਼ਰੋਜ਼ ਦੀ ਯਾਦ ਵਿਚ)
ਸੀ ਇੱਕੋ ਚੁਣਿਆ ਰੰਗ, ਰੰਗ ਅਫ਼ਰੋਜ਼ੀਆ
ਸੀ ਇੱਕੋ ਪਾਈ ਬਾਤ, ਬਾਤ ਤੇਰੇ ਨਾਮ ਦੀ
ਜਦ ਤੂੰ ਸੀ ਬੜਾ ਉਦਾਸ, ਵੇ ਮਾਂ ਦਿਆ ਚਾਨਣਾਂ
ਸਾਨੂੰ ਭੁੱਲਦੀ ਨਹੀਂ ਉਹ ਅੱਖ, ਉਦਾਸੀ ਸ਼ਾਮ ਦੀ
ਅਸਾਂ ਜਿਹੜੀ ਪਾਈ ਤੰਦ, ਤੰਦ ਤੇਰੇ ਪਿਆਰ ਦੀ
ਸੀ ਇੱਕ ਇੱਕ ਤੇਰੀ ਨਜ਼ਮ, ਵੇ ਅਕਲੋਂ ਪਾਰ ਦੀ
ਅਸੀਂ ਲੱਖ ਹੋਏ ਬੇਚੈਨ, ਨੀਂਦਾਂ ਉੱਡੀਆਂ
ਪਰ ਬੁੱਝ ਨਾ ਹੋਈ ਬਾਤ ਸਮੇਂ ਹੁਸ਼ਿਆਰ ਦੀ
ਗਿਓਂ ਖੇਡ, ਨਿਆਣੀ ਖੇਡ ਵੇ ਸੋਚਾਂ ਵਾਲਿਆ
ਸਾਨੂੰ ਦੇ ਯਾਦਾਂ ਦੇ ਜ਼ਹਿਰ ਵੇ ਹੋਸ਼ਾਂ ਵਾਲਿਆ
ਸਭ ਬੂਹੇ ਕਰ ਲਏ ਬੰਦ ਤੇ ਪਰਦੇ ਪਾ ਲਏ
ਤੂੰ ਚਾਬੀ ਲਈ ਗਵਾ ਲੇਖਾਂ ਦਿਆ ਤਾਲਿਆ
ਫਿਰ ਬਿਖਰ ਗਿਆ ਉਹ ਰੰਗ ਨਸੀਬਾਂ ਵਾਲੜਾ
ਹਾਏ ! ਇਸ ਦੁਨੀਆਂ ਦਾ ਡੰਗ ਸੌ ਜੀਭਾਂ ਵਾਲੜਾ
ਦਿਲ ਤੇਰੇ ਫੁਰਿਆ ਕੀ ਵੇ ਬਹੁਤੇ ਕਾਹਲਿਆ
ਵਿਚੇ ਛੱਡ ਤੁਰ ਗਿਓਂ ਪੂਰ ਅਦੀਬਾਂ ਵਾਲੜਾ
ਸੀ ਇੱਕੋ ਚੁਣਿਆ ਰੰਗ, ਰੰਗ ਅਫ਼ਰੋਜ਼ੀਆ!
ਧਿਆਨ
ਧਰਤੀ ਦੇ ਬੀਬੇ ਰਾਣਿਆਂ
ਧਰਤੀ ਨੂੰ ਜਿੰਨਾਂ ਜਾਣਿਆਂ
ਧਰਤੀ ਨੇ ਓਨਾਂ ਜਾਣਿਆਂ
ਹਾਲ ਪੰਜਾਬ
ਅੱਜ 'ਵਾਵਾਂ ਕਿਸ ਨੇ ਕੀਲੀਆਂ
ਤੇ ਕਿਸ ਨੇ ਕੀਲੇ ਆਬ
ਸੀ ਸਿਰ ਕੱਢਵਾਂ ਜੋ ਮੁਲਕ 'ਚੋਂ
ਅੱਜ ਫਿਕੜਾ ਰੰਗ ਪੰਜਾਬ
ਸਾਡੇ ਸਾਹ ਨੂੰ ਪਈਆਂ ਦੰਦਲਾਂ
ਸਾਡੇ ਪੈਰੀਂ ਪਈ ਜ਼ੰਜੀਰ
ਇੱਕ ਚਿੱਟਾ ਰੋਗ ਅਵੱਲੜਾ
ਕਿਹੜਾ ਹਾਥ ਪਾਉਗਾ ਪੀਰ
ਇਥੇ ਰੁਲ਼ਦੀ ਫਿਰੇ ਜਵਾਨੜੀ
ਅੱਜ ਕੋਈ ਨਾ ਪੁੱਛਦਾ ਖ਼ੈਰ
ਅਸੀਂ ਭੁੱਲੇ ਤੋਰ ਸ਼ਬੀਲੜੀ
ਅਸੀਂ ਗਹਿਣੇ ਧਰਤੇ ਪੈਰ
ਸਾਨੂੰ ਲੱਗਿਆ ਸ਼ੌਂਕ ਵਲੈਤ ਦਾ
ਸਾਨੂੰ ਆਉਂਦੇ ਡਾਲਰ ਖ਼ਾਬ
ਅੱਜ ਕਿਉਂ ਬੇਗਾਨਾ ਜਾਪਦੈ
ਸਾਨੂੰ ਆਪਣਾ ਦੇਸ਼ ਪੰਜਾਬ
ਸਾਨੂੰ ਕੱਚੀਆਂ ਗੜ੍ਹੀਆਂ ਯਾਦ ਨਾ
ਭੁੱਲੇ ਖਿਦਰਾਣੇ ਦੀ ਢਾਬ
ਸ਼ਬਦ ਗੁਰੂ ਤੋਂ ਖੁੰਝ ਕੇ
ਸਾਨੂੰ ਕਿੰਝ ਲੱਗਣਗੇ ਭਾਗ ?
ਕਿਸਮਤ ਦੇ ਤਾਰੇ
ਮਹਿਰਮ ਜਦ ਆਪ ਚਲਾਵਣ ਵਾਰਾਂ ਤੋਂ ਬਚਣਾ ਕੀ
ਨੱਚੀ ਨਾ ਰੂਹ ਜੇ ਮਿੱਤਰਾ ਦੇਹਾਂ ਦਾ ਨੱਚਣਾ ਕੀ
ਲੀਕਾਂ ਜੇ ਮੇਟ ਸਕੇ ਨਾ ਦਿਲ ਦੇ ਵਣਜਾਰੇ ਵੇ
ਲੇਖਾਂ ਵਿਚ ਕਿੰਝ ਚਮਕਣਗੇ ਕਿਸਮਤ ਦੇ ਤਾਰੇ ਵੇ
ਰੀਝਾਂ ਨੇ ਪਾਈ ਕਿੱਕਲੀ ਰੁੱਤਾਂ ਨੂੰ ਭਾਈ ਨਾ ਜੇ
ਜਿਹੜੀ ਗੱਲ ਮੇਚ ਅਸਾਡੇ ਰੀਤਾਂ ਦੇ ਆਈ ਨਾ ਜੇ
ਕਿਧਰੇ ਜੇ ਪੈ ਗਏ ਪੱਲੜੇ ਸੋਚਾਂ ਦੇ ਭਾਰੇ ਵੇ
ਲੇਖਾਂ ਵਿਚ ਕਿੰਝ ਚਮਕਣਗੇ ਕਿਸਮਤ ਦੇ ਤਾਰੇ ਵੇ
ਹਾਲੇ ਤਾਂ ਪੌਣਾਂ ਨੂੰ ਵੀ ਮਹਿਕਾਂ ਦਾ ਚਾਅ ਚੜ੍ਹਿਆ ਏ
ਹਾਲੇ ਤਾਂ ਇਸ਼ਕ ਰੰਝੇਟਾ ਸਾਡੇ ਕੋਲ ਆ ਖੜ੍ਹਿਆ ਏ
ਵਕਤਾਂ ਦੇ ਕੈਦੋਂ ਡਾਢੇ, ਕਰਗੇ ਜੇ ਕਾਰੇ ਵੇ
ਲੇਖਾਂ ਵਿਚ ਕਿੰਝ ਚਮਕਣਗੇ ਕਿਸਮਤ ਦੇ ਤਾਰੇ ਵੇ
ਜਜ਼ਬੇ ਜੇ ਠੰਢੇ ਪੈ ਗਏ ਹੋਵਣਗੇ ਖ਼ਾਬ ਕੀ ਪੂਰੇ
ਕਿਧਰੇ ਨਾ ਛੱਡ ਤੁਰ ਜਾਂਵੀਂ ਰਾਹਾਂ ਵਿਚ ਅੱਧ ਅਧੂਰੇ
ਪਾਣੀ ਜੋ ਲੱਗਣ ਸ਼ਰਬਤ, ਜਾਪਣਗੇ ਖਾਰੇ ਵੇ
ਲੇਖਾਂ ਵਿਚ ਕਿੰਝ ਚਮਕਣਗੇ ਕਿਸਮਤ ਦੇ ਤਾਰੇ ਵੇ
ਪੁੱਠੀਆਂ ਚੱਪਲਾਂ
ਖ਼ੂਨ ਨੂੰ ਆਖਾਂਗੇ
ਰੰਗ ਹੋਰ ਉਭਾਰ ਲਵੇ
ਤੂਫ਼ਾਨਾਂ ਦੇ ਸੱਦੇ
ਪਰਵਾਨ ਕਰਾਂਗੇ
ਸੁਪਨੇ
ਘੜੀ ਦੀ ਘੜੀ
ਟੰਗ ਦੇਵਾਂਗੇ
ਗਵਾਂਢੀਆਂ ਦੇ ਬੂਹੇ !
ਆਖਾਂਗੇ ਪੁਰਖਿਆਂ ਨੂੰ
ਝੂਠੀ ਮੂਠੀ ਹੀ ਸਹੀ
ਕੁਝ ਚਿਰ
ਮੌਨ ਧਾਰ ਲੈਣ
ਮਜ਼ਬੂਰੀਆਂ ਨੂੰ ਤੂੰ
ਖੁੱਡੇ ਤਾੜ ਦੇਵੀਂ
ਫਰਜ਼ਾਂ ਨੂੰ ਮੈਂ
ਜਿੰਦਰਾਂ ਮਾਰ ਆਊਂ
ਪੁੱਠੀਆਂ ਚੱਪਲਾਂ ਪਾ ਕੇ ਆਵੀਂ
ਆਪਾਂ ਸੈਰ 'ਤੇ ਚੱਲਾਂਗੇ !
ਟਿੱਬਿਆਂ ਦਾ ਰੱਬ
ਜੋ ਉਜਾੜਾਂ 'ਚ ਸੁਗੰਧੀਆਂ ਖਿਲਾਰਦਾ ਫਿਰੇ
ਜੋ ਅੱਕ ਦੀਆਂ ਅੰਬੀਆਂ ਪਿਆਰਦਾ ਫਿਰੇ
ਨਾਲੇ ਚੁੰਮ ਚੁੰਮ ਵੇਖਦਾ ਜੋ ਖ਼ਾਰ ਨੀਂ ਮਾਏਂ
ਮੈਂ ਤਾਂ ਇਹੋ ਜਿਹਾ ਬਣਾ ਲਿਆ ਏ ਯਾਰ ਨੀ ਮਾਏਂ
ਰੱਖੇ ਪੈਂਡਿਆਂ ਦੀ ਖਿੱਚ ਤੇ ਹਵਾਵਾਂ ਨਾਲ ਮੋਹ
ਜਿਹੜਾ ਤੋਤੇ ਅਤੇ ਤਿੱਤਰਾਂ ਦੀ ਲੈਂਦਾ ਕਨਸੋਅ
ਜਾਣੇ ਮਿੱਟੀਆਂ ਦੇ ਰੰਗਾਂ ਦੀ ਜੋ ਸਾਰ ਨੀ ਮਾਏਂ
ਮੈਂ ਤਾਂ ਇਹੋ ਜਿਹਾ ਬਣਾ ਲਿਆ ਏ ਯਾਰ ਨੀ ਮਾਏਂ
ਉਹ ਤਾਂ ਰੇਤ ਦਿਆਂ ਟਿੱਬਿਆਂ 'ਚੋਂ ਰੱਬ ਵੇਖਦਾ
ਮੈਨੂੰ ਦਿੱਸਦਾ ਨਾ ਜੋ ਵੀ, ਉਹੋ ਸਭ ਵੇਖਦਾ
ਪੱਤਝੜਾਂ ਨੂੰ ਜੋ ਆਖਦੈ, ਬਹਾਰ ਨੀ ਮਾਏਂ
ਮੈਂ ਤਾਂ ਇਹੋ ਜਿਹਾ ਬਣਾ ਲਿਆ ਏ ਯਾਰ ਨੀ ਮਾਏਂ
ਉਹ ਤਾਂ ਰੁੱਖਾਂ, ਵੇਲਾਂ, ਬੂਟਿਆਂ ਦੀ ਗੱਲ ਕਰਦਾ
ਮੇਰੇ ਉਲਝੇ ਸਵਾਲਾਂ ਨੂੰ ਜੋ ਹੱਲ ਕਰਦਾ
ਲ੍ਹਾਵੇ ਦਿਲੋਂ ਮੇਰੇ ਮਣਾਂ ਮੂੰਹੀ ਭਾਰ ਨੀਂ ਮਾਏਂ
ਮੈਂ ਤਾਂ ਇਹੋ ਜਿਹਾ ਬਣਾ ਲਿਆ ਏ ਯਾਰ ਨੀ ਮਾਏਂ
ਸਾਹੋਂ ਨੇੜੇ
ਸਾਹੋਂ ਨੇੜੇ ਹੋ ਕੇ ਬਹਿ ਜਾ
ਰੀਝ ਦਾ ਮੁੱਖੜਾ ਧੋ ਕੇ ਬਹਿ ਜਾ
ਅੱਜ ਤੂੰ ਵਕਤ ਨੂੰ ਭੁੱਲ ਕੇ ਬਹਿ ਜਾ
ਅੱਜ ਤੂੰ ਸੁਰਤ ਨੂੰ ਖੋ ਕੇ ਬਹਿ ਜਾ
ਸਾਹੋਂ ਨੇੜੇ ਹੋ ਕੇ ਬਹਿ ਜਾ
ਅੱਜ ਦਿਲੇ ਦੀਆਂ ਖੋਲ੍ਹ ਲੈ ਗੰਢਾਂ
ਅੱਜ ਤੂੰ ਚਾਨਣ ਚਾਨਣ ਕਰਦੇ
ਅੱਜ ਨ੍ਹੇਰੇ ਨੂੰ ਵੱਟ ਖਾਂ ਘੂਰੀ
ਅੱਜ ਸ਼ਰਮਾਂ ਦੇ ਚੁੱਕ ਖਾਂ ਪਰਦੇ
ਰਾਤ 'ਚ ਬਾਤ ਪਰੋ ਕੇ ਬਹਿ ਜਾ
ਸਾਹੋਂ ਨੇੜੇ ਹੋ ਕੇ ਬਹਿ ਜਾ
ਅੱਜ ਦੇਹਾਂ ਦੇ ਵਰਕੇ ਪੜ੍ਹੀਏ
ਅੱਜ ਰੂਹਾਂ ਦੀ ਪੌੜੀ ਚੜ੍ਹੀਏ
ਅੱਜ ਇੱਕ ਨਸ਼ਾ ਅਵੱਲਾ ਕਰੀਏ
ਇਕ ਦੂਜੇ ਦੇ ਨੈਣੀਂ ਤਰੀਏ
ਅਕਲਾਂ ਦੇ ਦਰ ਢੋਅ ਕੇ ਬਹਿ ਜਾ
ਸਾਹੋਂ ਨੇੜੇ ਹੋ ਕੇ ਬਹਿ ਜਾ
ਚੁੱਪ ਦੇ ਗੀਤਾਂ ਨੂੰ ਅੱਜ ਸੁਣੀਏਂ
ਖਿਆਲਾਂ ਦਾ ਤਾਣਾ ਅੱਜ ਬੁਣੀਏਂ
ਆ ਅੱਜ ਆਪਾਂ ਭੇਸ ਵਟਾਈਏ
ਯਾਦ ਹੈ ਜੋ ਕੁਝ ਸਭ ਭੁੱਲ ਜਾਈਏ
ਗੱਲ ਸੱਜਰੀ ਕੋਈ ਛੋਹ ਕੇ ਬਹਿ ਜਾ
ਸਾਹੋਂ ਨੇੜੇ ਹੋ ਕੇ ਬਹਿ ਜਾ
ਕਵਣੁ ਸੁਹਾਨਾ
ਕਵਣੁ ਸੁਹਾਨਾ ਰੰਗ ਪਹਿਨੀਏ
ਕੀਕਣ ਜ਼ੁਲਫ਼ਾਂ ਵਾਹੀਏ ਵੇ
ਕਿੰਝ ਨਜ਼ਰ ਤੇਰੀ ਵਿਚ ਆਈਏ ਵੇ
ਕਿਹੜੇ ਨਾਥ ਦਾ ਪੱਲਾ ਫੜ੍ਹੀਏ
ਮੰਤਰ ਗਾਈਏ, ਕਲਮਾ ਪੜ੍ਹੀਏ
ਰਾਖ਼ ਕਿਹੜੀ ਦੱਸ ਪਿੰਡੇ ਮਲੀਏ
ਕੇਸ ਅਗਨ ਸੜ ਜਾਈਏ ਵੇ
ਕਿੰਝ ਨਜ਼ਰ ਤੇਰੀ ਵਿਚ ਆਈਏ ਵੇ
ਕਿਹੜਾ ਬੇਲਾ, ਕਿਹੜੀ ਚੂਰੀ
ਕਿੰਝ ਰੰਝੇਟਾ ਮੇਟੇ ਦੂਰੀ
ਕਿਹੜੀ ਜੱਟੀ ਹੀਰ ਬਣਾਈਏ
ਕਿਸ ਦਰ ਅਲਖ ਜਗਾਈਏ ਵੇ
ਕਿੰਝ ਨਜ਼ਰ ਤੇਰੀ ਵਿਚ ਆਈਏ ਵੇ
ਅਕਲਾਂ 'ਤੇ ਕਿੰਝ ਪਰਦੇ ਪਾਈਏ
ਸ਼ਰਮਾਂ ਦੇ ਘੁੰਡ ਕਿਵੇਂ ਉਠਾਈਏ
ਕਿਹੜੀ ਰੱਖੀਏ ਯਾਦ ਇਬਾਰਤ
ਦੱਸ ਕਿਹੜੀ ਭੁੱਲ ਜਾਈਏ ਵੇ
ਕਿੰਝ ਨਜ਼ਰ ਤੇਰੀ ਵਿਚ ਆਈਏ ਵੇ
ਤਨ ਵਿਚ ਟਿਕੀਏ, ਮਨ ਵਿਚ ਟਿਕੀਏ
ਜਾਂ ਦੋਹਾਂ ਦੇ ਸੰਨ੍ਹ ਵਿਚ ਟਿਕੀਏ
ਜਾਂ ਫਿਰਤਾਂ ਦੇ ਖਰਚ ਖ਼ਜ਼ਾਨੇ
ਧਰਤੀ ਅੰਬਰ ਗਾਹੀਏ ਵੇ
ਕਿੰਝ ਨਜ਼ਰ ਤੇਰੀ ਵਿਚ ਆਈਏ ਵੇ।
ਪ੍ਰੇਮ-ਉਲਾਮਾ
ਤੇਰੀ ਉਡੀਕ 'ਚ ਮੈਂ
ਜਿਹੜੀ ਲੜਾਈ ਦਸੰਬਰ ਨਾਲ ਕੀਤੀ
ਉਹਦਾ ਗੁੱਸਾ ਹਾਲੇ ਤੱਕ
ਜਨਵਰੀ ਮਨਾ ਰਹੀ ਹੈ
ਹੁਣ ਮੈਂ
ਫਰਵਰੀ ਨਾਲ
ਲੜਨਾ ਨਹੀਂ ਚਾਹੁੰਦਾ
ਚੇਤਰ ਰਾਣੀ
ਨੀਂ ਰੁੱਤ ਰੰਗੀਏ
ਨਾ ਸੰਗੀਏ, ਮੰਗੀਏ
ਪੌਣਾਂ ਕੋਲੋਂ ਹੁਲਾਰੇ ਨੀਂ
ਮੈਂ ਤੇਰੇ ਵਿਚ ਜਗਣਾ, ਜਗਦੇ
ਜਿਉਂ ਅਰਸ਼ਾਂ ਵਿਚ ਤਾਰੇ ਨੀਂ
ਧੁੱਪ ਸ਼ਿੰਗਾਰੇ
ਛਾਂ ਪੁਕਾਰੇ
ਧਰਤੀ ਭਰੇ ਹੁੰਗਾਰੇ ਨੀਂ
ਅੱਜ ਮਨਮੌਜੀ ਬੱਦਲ ਪੈਣੇ
ਔੜ੍ਹਾਂ ਉੱਤੇ ਭਾਰੇ ਨੀਂ
ਚੇਤਰ ਦੇ ਵਿਚ ਉੱਡਣ ਮਹਿਕਾਂ
ਲੋਰ ਜਿਹੀ ਚੜ੍ਹ ਜਾਵੇ ਜਿਉਂ
ਜਾਂ ਤਿੱਤਲੀ ਕੋਈ ਰੂਪ ਕਵਾਰੀ
ਫੁੱਲਾਂ 'ਤੇ ਮੰਡਰਾਵੇ ਜਿਉਂ
ਤੇਰੀਆਂ ਗੱਲਾਂ ਜਿਵੇਂ ਪਤਾਸੇ
ਹਾਸੇ ਸ਼ੱਕਰਪਾਰੇ ਨੀਂ
ਤੇਰੀ ਇਕੋ ਝਲਕ ਬਣਾਤੇ
ਸ਼ਾਹਾਂ ਤੋਂ ਵਣਜਾਰੇ ਨੀਂ
ਕਿਵੇਂ ਲੁਕਾ ਕੇ ਰੱਖੀਏ
ਤੇਰੀ ਯਾਦ ਦੇ ਛਾਪਾਂ ਛੱਲੇ ਨੀਂ
ਨੀਂ ਝੱਲੀਏ, ਨੀਂ ਕੱਲੀਏ
ਖ਼ੈਰਾਂ, ਪਾ ਜੋਗੀ ਦੇ ਪੱਲੇ ਨੀਂ
ਰਿਸ਼ਮਾਂ ਦੇ ਆਏ ਕਾਸਦ ਭਾਵੇਂ
ਤੂੰ ਕਰਦੀ ਨਾ ਗੌਰਾਂ ਨੀਂ
ਚਾਨਣ ਖੜ੍ਹ ਕੇ 'ਡੀਕ ਰਹੇ ਤੂੰ
ਮਸਤ ਅਜੇ ਵਿਚ ਲੋਰਾਂ ਨੀਂ
ਪਰ
ਰੀਝ ਦਾ ਮੇਚਾ ਕੀਕਣ ਦੱਸੀਏ
ਕੀਕਣ ਦੱਸੀਏ ਭਾਅ ਕੁੜੇ
ਇਕ ਇਕ ਤੇਰੇ ਬੋਲ ਦਾ ਸਾਨੂੰ
ਅੰਬਰ ਜੇਡਾ ਚਾਅ ਕੁੜੇ
ਬੁਝਾਰਤ
ਸਾਨੂੰ ਕੀ ਪਤਾ ਸੀ ਤੇਰੇ ਝੁਮਕੇ ਵੀ ਬੋਲਦੇ
ਸਾਨੂੰ ਕੀ ਪਤਾ ਸੀ ਗੀਤ ਝਾਂਜਰਾਂ ਦੇ ਬੋਰ ਨੇ
ਸਾਨੂੰ ਕੀ ਪਤਾ ਸੀ ਬਿੰਦੀ ਧਰਤੀ ਦਾ ਨਾਪ ਐ
ਸਾਨੂੰ ਕੀ ਪਤਾ ਸੀ ਤੇਰਾ ਨਾਮ ਹੀ ਕੋਈ ਜਾਪ ਐ
ਸਾਨੂੰ ਕੀ ਪਤਾ ਸੀ ਤੇਰੀ ਮੌਜ ਦੀ ਬਹਾਰ ਨੀਂ
ਸਾਨੂੰ ਕੀ ਪਤਾ ਸੀ ਇਨ੍ਹਾਂ ਪੱਤਣਾਂ ਦੀ ਸਾਰ ਨੀਂ
ਸਾਨੂੰ ਕੀ ਪਤਾ ਸੀ ਜਾਦੂ ਛਣਕਦੀ ਵੰਗ ਦਾ
ਸਾਨੂੰ ਕੀ ਪਤਾ ਸੀ ਨਸ਼ਾ ਮਿੱਠੇ ਮਿੱਠੇ ਡੰਗ ਦਾ
ਸਾਨੂੰ ਕੀ ਪਤਾ ਸੀ ਕੁੰਜ ਇਸ਼ਕੇ ਉਤਾਰਨੀ
ਸਾਨੂੰ ਕੀ ਪਤਾ ਸੀ ਤੇਰੇ ਨੈਣਾਂ ਦੀ ਮੁਹਾਰਨੀ
ਸਾਨੂੰ ਕੀ ਪਤਾ ਸੀ ਰਾਤ ਰਾਣੀਆਂ ਦਾ ਭਾਅ ਨੀਂ
ਸਾਨੂੰ ਕੀ ਪਤਾ ਸੀ ਸਾਡਾ ਇਕੋ ਹੋਣੈ ਰਾਹ ਨੀਂ
ਸਾਨੂੰ ਕੀ ਪਤਾ ਸੀ ਚੁੰਨੀ ਬੱਦਲਾਂ ਦੀ ਭੈਣ ਐਂ
ਸਾਨੂੰ ਕੀ ਪਤਾ ਸੀ ਤੇਰੀ ਮਹਿਕ ਹੀ ਤਾਂ ਚੈਨ ਐਂ
ਸਾਨੂੰ ਕੀ ਪਤਾ ਸੀ ਨੀਂਦ ਖ਼ਾਬਾਂ ਨੇ ਆ ਟੁੱਕਣੀ
ਸਾਨੂੰ ਕੀ ਪਤਾ ਸੀ ਗੱਲ ਪਿਆਰਾਂ ਉੱਤੇ ਮੁੱਕਣੀ
ਤਸਵੀਰ ਦਾ ਗੀਤ
ਬਿੰਦੀ ਨੂੰ ਵੀ ਭਾਗ ਲਗ ਗਏ
ਤੇਰੇ ਝੁਮਕੇ ਦੇਣ ਦੁਆਵਾਂ
ਲਾਲੀ ਹੋਰ ਲਾਲ ਹੋ ਗਈ
ਹੋਠਾਂ ਤੇਰਿਆਂ ਤੋਂ ਲੈਕੇ ਸ਼ੁਆਵਾਂ
ਨੀਂ ਸੁਰਮੇ ਨੂੰ ਨਜ਼ਰ ਲੱਗੀ
ਜਦੋਂ ਅੱਖੀਆਂ 'ਚ ਪਾ ਮਟਕਾਇਆ
ਮੈਂ ਕਿੰਨਾ ਚਿਰ ਰਿਹਾ ਤੱਕਦਾ
ਮੈਨੂੰ ਕਿੰਨਾ ਚਿਰ ਸਾਹ ਨਈਂ ਆਇਆ
ਮਹਿਕ ਤੇਰੀ ਨਾਲ ਤੁਰਦੀ
ਮੈਂ ਜਿੱਧਰ ਨੂੰ ਕਦਮ ਵਧਾਵਾਂ
ਅੱਖੀਆਂ 'ਚ ਖ਼ਾਬ ਵੱਸਦੇ
ਗਾਨੀ ਤੇਰੀ 'ਚ ਵੱਸਣ ਸਾਹ ਮੇਰੇ
ਰਾਤ ਤੇਰੇ ਵਾਲਾਂ 'ਚ ਸੌਵੇਂ
ਤੇਰੇ ਮੱਥੇ ਵਿਚੋਂ ਚੜ੍ਹਨ ਸਵੇਰੇ
ਹੋਵੇ ਜੇ ਇਜਾਜ਼ਤ ਜ਼ਰਾ
ਰੰਗ ਮਹਿੰਦੀ ਦਾ ਧੁੱਪਾਂ ਨੂੰ ਮਲ਼ ਆਵਾਂ
ਚੁੰਨੀ ਤੇਰੀ ਪੌਣ ਦਾ ਬੁੱਲਾ
ਕਰੇ ਉਡੂੰ-ਉਡੂੰ ਜਾਵੇ ਨਾ ਸੰਭਾਲੀ
ਬਦਾਮੀ ਜਿਹੇ ਸੂਟ ਵਾਲੀ ਨੇ
ਸੋਹਣੇ ਫੁੱਲਾਂ ਵਾਲੀ ਕੁੜਤੀ ਸਵਾਂ ਲੀ
ਮੌਜ ਵਿਚ ਗੁੱਤ ਮੇਲ੍ਹਦੀ
ਤੇਰੇ ਲੱਕ ਨਾਲ ਕਰਦੀ ਸਲਾਹਾਂ
ਤੂੰ ਵਾਲ ਕੀ ਲਪੇਟੇ ਹਾਨਣੇਂ
ਗੰਢ ਮਾਰਲੀ ਹਵਾ ਨੂੰ ਮਰਜਾਣੀਏ
ਲੱਖਾਂ ਦੀ ਨੀਂ ਭੀੜ ਦੇ ਵਿਚੋਂ
ਤੇਰੀ ਝਾਂਜਰਾਂ ਦੀ ਵਾਜ ਪਛਾਣੀਏ
ਤੂੰ ਜਿੱਥੇ ਜਿੱਥੇ ਪੱਬ ਧਰਦੀ
ਹੋਈ ਜਾਣ ਮਖ਼ਮਲੀ ਰਾਹਵਾਂ
ਚੂੜੀਆਂ ਨੂੰ ਚਾਅ ਚੜ੍ਹਿਆ
ਤੇਰੀ ਵੀਣੀ 'ਚ ਫੱਬਣ ਸਤਰੰਗੀਆਂ
ਇਹ ਖ਼ੁਸ਼ਬੂ ਲਿਆਉਂਦੀਆਂ ਤੇਰੀ
ਮੈਨੂੰ ਲੱਗਣ ਹਵਾਵਾਂ ਤਾਹੀਂ ਚੰਗੀਆਂ
ਮੌਸਮਾਂ ਦੀ ਮਰਜ਼ੀ ਦੇ
ਮੈਂ ਕਿਵੇਂ ਨਾ ਤਰਾਨੇ ਦੱਸ ਗਾਵਾਂ
ਹੌਲ਼ੀ-ਹੌਲ਼ੀ ਗੱਲਾਂ ਕਰਦੀ
ਨਾਲੇ ਨਿੰਮਾ-ਨਿੰਮਾ ਜਾਵੇ ਸ਼ਰਮਾਈ
ਠੋਡੀ ਉੱਤੇ ਹੱਥ ਧਰ ਕੇ
ਉਨ੍ਹੇਂ ਮੇਰੇ ਵੱਲ ਝਾਤੀ ਜਦੋਂ ਪਾਈ
ਮੈਂ ਹੋਰ ਦਾ ਈ ਹੋਰ ਹੋ ਗਿਆ
ਇਕੋ ਗੀਤ 'ਚ ਕਿਵੇਂ ਸਮਝਾਵਾਂ
ਲਾਲੀ ਹੋਰ ਲਾਲ ਹੋ ਗਈ
ਹੋਠਾਂ ਤੇਰਿਆਂ ਤੋਂ ਲੈ ਕੇ ਸ਼ੁਆਵਾਂ
ਸੁਹੱਪਣ
ਤੈਨੂੰ ਪਤੈ
ਜੇ ਤੇਰੇ ਦੰਦਾਂ 'ਚ ਆਹ ਥੋੜ੍ਹੀ ਕੁ ਟੇਢ ਨਾ ਹੁੰਦੀ
ਤਾਂ, ਤੂੰ ਐਨੀ ਸੋਹਣੀ ਨਹੀਂ ਸੀ ਲੱਗਣਾ
ਤੇਰਾ ਰੰਗ ਜੇ ਕਿਤੇ
ਹੋਰ ਗੋਰਾ ਹੁੰਦਾ
ਤਾਂ ਵੀ ਫ਼ਰਕ ਪੈ ਜਾਣਾ ਸੀ
ਝੁਮਕੇ ਪਾਉਣ ਦਾ ਸੁਹਜ
ਜੇ ਤੇਰੀ ਦਾਦੀ ਦੀਆਂ ਪਿੱਪਲ-ਪੱਤੀਆਂ 'ਚੋਂ
ਢਲ਼ ਕੇ ਨਾ ਆਉਂਦਾ ਤੇਰੇ ਕੋਲ
ਤਾਂ ਤੇਰੇ ਕੰਨਾਂ ਨੇ ਬੜੇ ਉਦਾਸ ਹੋਣਾ ਸੀ
ਰੰਗਾਂ ਦਿਆਂ ਕਬੂਤਰਾਂ ਨੂੰ ਫੜ੍ਹ ਫੜ੍ਹ
ਜੇ ਤੂੰ ਸੂਟਾਂ 'ਤੇ ਬਿਠਾਉਣ ਦਾ ਹੁਨਰ ਨਾ ਜਾਣਦੀ
ਤਾਂ ਸਭ ਮੌਸਮਾਂ ਨੇ ਫਿੱਕੇ ਫਿੱਕੇ ਜਾਪਣਾ ਸੀ
ਫੁੱਲਾਂ ਤੈਨੂੰ ਉਲਾਂਭਾ ਦੇਣਾ ਸੀ
ਕੇਸ ਜੇ ਸਦਾ ਖੁੱਲ੍ਹੇ ਹੀ ਰਹਿੰਦੇ
ਕਦੇ ਜੂੜਾ ਨਾ ਬਣਦੇ
ਤਾਂ ਸਲੀਕੇ ਵਰਗੀ ਸ਼ੈਅ ਨੇ
ਗ਼ਾਇਬ ਹੀ ਰਹਿਣਾ ਸੀ
ਜੇ ਤੂੰ ਤਿਤਲੀਆਂ ਸੰਗ ਤਿਤਲੀ ਨਾ ਬਣਦੀ
ਭੌਰਿਆਂ ਨੂੰ ਇਸ਼ਕ ਨਾ ਪੜ੍ਹਾਉਂਦੀ
ਮਿੱਟੀ ਖਾਣ ਦੀ ਆਦਤ
ਜੇ ਕਿਤੇ ਛੋਟੇ ਹੁੰਦਿਆਂ ਹੀ ਛੱਡ ਦੇਂਦੀ
ਪਾਣੀ ਨੂੰ ਚੁੰਮ ਕੇ ਪਾਗਲ ਨਾ ਕਰਦੀ
ਪੈਰਾਂ ਦੇ ਹੁਸਨ ਨੂੰ ਥਾਪੀ ਨਾ ਦੇਂਦੀ
ਤਾਂ ਸ਼ਾਇਦ
ਇਹ ਖ਼ਿਆਲ ਅੱਖਰਾਂ ਦਾ ਚੋਲਾ ਨਾ ਪਾਉਂਦੇ
ਮੇਰੇ ਕੋਲ ਅੱਖਾਂ ਤਾਂ ਹੁੰਦੀਆਂ
ਪਰ ਨਜ਼ਰ ਨਾ ਹੁੰਦੀ
ਸਾਥ ਦੀ ਅਚਵੀ
ਹੁੰਗਾਰੇ ਭਰਦੇ, ਦੁਆਵਾਂ ਕਰਦੇ
ਨਿਕਲਗੀਆਂ ਉਮਰਾਂ, ਬੀਤ ਗਏ ਅਰਸੇ
ਬੱਦਲ ਅਸਮਾਨੀ
ਸਾਡੇ ਦਿਲਜਾਨੀ
ਬਥੇਰਾ ਗਰਜੇ, ਕਦੀਂ ਨਾ ਵਰਸੇ
ਪਿਆਰ ਦੀਆਂ ਲੋੜਾਂ, ਵਕਤ ਦੀਆਂ ਥੋੜਾਂ
ਜੀ ਕਿਹੜਾ ਸਮਝੇ, ਕੌਣ ਸਮਝਾਵੇ
ਛੋਟੀ ਜਿਹੀ ਗੱਲ ਵੇ
ਤੂੰ ਹੀ ਤਾਂ ਹੱਲ ਵੇ
ਪਿਆਰ ਦੇ ਬਦਲੇ ਪਿਆਰ ਲੈ ਜਾਅ ਵੇ
ਤੇਰੀ ਵੇ ਗਾਨੀ, ਹਾਂ ਪਿਆਰ ਨਿਸ਼ਾਨੀ
ਸੰਭਾਲੀ ਅੱਜ ਵੀ ਲਾਈ ਆ ਹਿੱਕ ਨੂੰ
ਮੂੰਹੋਂ ਨਾ ਬੋਲੇ
ਬੜਾ ਉਂਝ ਡੋਲੇ
ਹੌਂਸਲਾ ਦੇ ਜਾ ਵੇ ਮੇਰੇ ਚਿੱਤ ਨੂੰ
ਤੇਰੇ ਵੇ ਬਦਲੇ, ਕਿੰਨੇ ਹਾਂ ਬਦਲੇ
ਕਰੇਂ ਜੇ ਗੌਰਾਂ, ਆਉਣ ਮੁੜ ਹਾਸੇ
ਉਨਾਭੀ ਰੰਗ ਕੇ
ਵੇ ਚੀਰਾ ਬੰਨ੍ਹ ਕੇ
ਢੁੱਕੇਂ ਸਾਡੇ ਵਿਹੜੇ, ਮੈਂ ਵੰਡਾਂ ਪਤਾਸੇ
ਕੈਸਾ ਪਿਆਰ
ਇਹ ਕੈਸਾ ਪਿਆਰ ਸੀ।
ਇੱਕ ਤੇਰੀ ਭੁੱਖ
ਇੱਕ ਮੇਰੀ ਭੁੱਖ
ਇਹ ਕੈਸੀ ਚਾਹਤ ਸੀ।
ਤੂੰ ਚਾਹਵੇਂ ਸੁੱਖ
ਮੈਂ ਚਾਹਵਾਂ ਸੁੱਖ
ਇਹ ਕੈਸਾ ਦਰਦ ਸੀ।
ਨਾ ਤੈਨੂੰ ਦੁੱਖ
ਨਾ ਮੈਨੂੰ ਦੁੱਖ
ਇਹ ਕੈਸਾ ਸ਼ੋਰ ਹੈ।
ਤੂੰ ਵੀ ਚੁੱਪ
ਮੈਂ ਵੀ ਚੁੱਪ !
ਪਟਿਆਲਾ
ਮੇਰੇ ਹੀ ਉਹ ਹਿੱਸੇ ਤੇ ਕਹਾਣੀਆਂ ਦਾ ਦੇਸ ਹੈ
ਚੇਤਿਆਂ 'ਚ ਵੱਸੇ ਜਿਹੜਾ ਹਾਣੀਆਂ ਦਾ ਦੇਸ ਹੈ
ਹੋਈਆਂ ਗੱਲਾਂ ਬੀਤੀਆਂ ਪੁਰਾਣੀਆਂ ਦਾ ਦੇਸ ਹੈ
ਹਾਣੀਆਂ ਦਾ ਦੇਸ ਪਰ ਹਾਣੀਆਂ ਦਾ ਦੇਸ ਹੈ ।
ਜਿੱਥੇ ਰਹਿ ਕੇ ਧੁੱਪਾਂ ਨੂੰ ਸ਼ਿੰਗਾਰ ਅਸੀਂ ਕੀਤੇ ਸੀ
ਨੰਨੜੇ ਜਿਹੇ ਸੁਪਨੇ ਉਡਾਰ ਅਸੀਂ ਕੀਤੇ ਸੀ
ਅਕਲਾਂ ਦੇ ਵਹਿਣ ਜਿੱਥੇ ਪਾਰ ਅਸੀਂ ਕੀਤੇ
ਇਹੀ ਤਾਂ ਉਹ ਉਮਰਾਂ ਨਿਆਣੀਆਂ ਦਾ ਦੇਸ ਹੈ
ਜਿੱਥੇ ਅਸੀਂ ਸਿੱਖਿਆ ਸੀ ਆਪਾ ਕਿਵੇਂ ਵਾਰਨਾ
ਮਹਿਕ ਕਿਵੇਂ ਮਾਨਣੀ ਤੇ ਨਜ਼ਰਾਂ ਉਤਾਰਨਾ
ਗੀਤ ਗਾਉਣੇ ਤੇਰੇ ਨਾਲੇ ਜ਼ੁਲਫਾਂ ਸੰਵਾਰਨਾ
ਕੱਚੀ ਤੰਦ ਇਸ਼ਕੇ ਦੀ ਤਣੀਆਂ ਦਾ ਦੇਸ ਹੈ
ਜਿੱਥੇ ਸਾਡੀ ਦੋਸਤੀ ਹਵਾਵਾਂ ਨਾਲ ਪਈ ਸੀ
ਆਪਣੇ ਹਿੱਸੇ ਦੀ ਅਸਾਂ ਮਹਿਕ ਲੱਭ ਲਈ ਸੀ
ਜਿੱਥੇ 'ਉਹਨੇਂ' ਸਭ ਤੋਂ ਪਿਆਰੀ ਗੱਲ ਕਹੀ ਸੀ
ਉਹੀ ਰਾਹਾਂ ਜਾਣੀਆਂ ਪਛਾਣੀਆਂ ਦਾ ਦੇਸ ਹੈ
ਜਿੱਥੇ ਪਤਾ ਲੱਗਿਆ ਸੀ ਹੁੰਦੀ ਕੀ ਆ ਜਾਤ ਵੇ
ਨਾਲੇ ਪਤਾ ਲੱਗ ਗਈ ਸੀ ਬੰਦੇ ਦੀ ਔਕਾਤ ਵੇ
ਮਿਲਦੇ ਨਹੀਂ ਕਹਿੰਦੇ ਜਿੱਥੇ ਦਿਨ ਅਤੇ ਰਾਤ ਵੇ
ਮੇਚ ਨਾ ਜੋ ਆਇਆ, ਰਾਜੇ-ਰਾਣੀਆਂ ਦਾ ਦੇਸ ਹੈ
ਸੂਟਾਂ ਦੇ ਰੰਗ
ਹੁਣ
ਮੈਨੂੰ ਤੇਰੇ ਸੂਟਾਂ ਦੇ ਰੰਗ ਯਾਦ ਨਹੀਂ ਰਹਿੰਦੇ
ਅੱਜਕਲ, ਮੈਂ ਕਾਲੇ ਤੇ ਸਫੈਦ
ਵਿਚਲਾ ਸਫ਼ਰ ਕਰ ਰਿਹਾਂ !
ਉਹ ਵਕਤ ਗੁਜ਼ਰ ਗਿਆ
ਤੇ ਓਸੇ ਵਕਤ ਵਿਚ ਉਹ ਰੰਗ ਗਵਾਚ ਗਏ
ਜਿਹੜੇ
ਤੇਰੇ ਨੈਣਾਂ 'ਚੋਂ ਉੱਠ
ਮੇਰੇ ਖ਼ਾਬਾਂ ਨੂੰ ਰੰਗਣ ਆਉਂਦੇ ਸੀ
ਤੇ ਮੈਂ ਅਗਲੀ ਸਵੇਰ ਤੈਨੂੰ ਆਖਦਾ;
ਮੈਨੂੰ ਪਤਾ ਸੀ, ਤੂੰ ਅੱਜ ਇਸੇ ਰੰਗ ਦਾ ਸੂਟ ਪਾਉਣੈ
ਪਰ ਬਦਲ ਗਿਆ ਏ ਹੁਣ ‘ਬੜਾ ਕੁਝ'
ਬੜਾ ਕੁਝ ?
ਜੋ ਤੇਰੇ ਮੇਰੇ ਚਿੱਤ ਚੇਤੇ ਵੀ ਨਹੀਂ ਸੀ
ਵਕਤ ਅੱਜਕਲ੍ਹ
ਮੇਰੀ ਪਿੱਠ 'ਤੇ ਲੱਦੇ ‘ਬੈਗ਼’
ਤੇ ਮੇਰੀਆਂ 'ਜੇਬਾਂ' ਦੀ ਸ਼ਨਾਖਤ ਕਰਦੈ
ਜਾਪਦੈ,
ਪਟਿਆਲੇ ਤੋਂ 'ਰਾਜਧਾਨੀ' ਵੱਲ ਜਾਂਦੀ
ਟ੍ਰੇਨ ਮੁਹਰੇ ਕੁੱਦ ਕੇ
ਖੁਦਕੁਸ਼ੀ ਕਰ ਗਏ ਨੇ ਸਭ ਰੰਗ਼
ਕੋਈ ਮਜ਼ਾਕ ਨਹੀਂ ਇਹ
ਦਿੱਲੀ ਦੀ ਭੀੜ ਵਰਗਾ ਸੱਚ ਐ
ਹੁਣ ਮੈਨੂੰ
ਤੇਰੇ ਸੂਟਾਂ ਦੇ ਰੰਗ
ਉਕਾ ਯਾਦ ਨਹੀਂ ਰਹਿੰਦੇ
ਪਾਲਿਕਾ-ਬਜ਼ਾਰ
ਆਦਮੀ
ਬੈਗ, ਐਨਕਾਂ ਤੇ ਘੜੀਆਂ ਬਣ ਬਣ
ਘੁੰਮਦੇ ਨੇ
ਸੁਰਖੀ, ਪਾਊਡਰ ਬਿੰਦੀ
ਬਣਕੇ ਔਰਤਾਂ
ਦੱਸੀ ਗਈ ਕੀਮਤ ਦੇ
ਚੌਥੇ ਹਿੱਸੇ 'ਤੇ
ਮੁਕਦਾ ਹੈ ਭਾਅ
ਕੌਣ ਖਰੀਦੇਗਾ ?
ਇਥੇ ਜ਼ੁਬਾਨ ਵਿਕਦੀ ਹੈ
ਅਕਲ ਜਾੜ੍ਹ
ਮੈਂ ਆਖਦਾਂ;
ਦਿੱਲੀ ਰਹਿ ਕੇ
ਬੰਦੇ ਦੇ
ਅਕਲ-ਜਾੜ੍ਹ ਉੱਗ ਆਉਂਦੀ ਹੈ
ਮੇਰੀ ਇਸ ਗੱਲ 'ਤੇ
ਹਾਸਾ ਨਹੀਂ ਰੁੱਕਦਾ ਓਹਦਾ !
ਪਰ
ਓਹਦੀ ਕਿਸੇ ਗੱਲ 'ਤੇ
ਜਦ ਵੀ ਹੱਸਦਾ ਹਾਂ ਮੈਂ
ਤਾਂ ਮੇਰੀ
ਅਕਲ-ਜਾੜ੍ਹ ਦੁਖਦੀ ਹੈ !
ਕਨਾਟ-ਪਲੇਸ
ਸ਼ੋਅ-ਰੂਮ ਦੇ ਸ਼ੀਸ਼ਿਆਂ 'ਚੋਂ
ਦਿਸਦਾ
'ਆਪਣਾ-ਆਪ’!
………………………..
ਦੱਸ ਕੀ ਖਰੀਦਾਂ
ਤੇਰੇ ਵਾਸਤੇ।
ਸੁੱਚੇ-ਟੂਣੇ
ਤੇਰੇ
ਜਲੇਬੀ ਜੂੜੇ ਦਾ
ਇਕ ਵਲ਼ ਬਣਨਾ ਸੀ ਮੈਂ
ਤੇ ਸਿੱਧੇ ਹੋ ਜਾਣਾ ਸੀ
ਭਲਾ
ਕੌਣ ਮਲ਼ਦਾ ਫਿਰੇ
ਫਲਸਫ਼ਿਆਂ ਦੀ ਰਾਖ਼ ਮੱਥੇ 'ਤੇ
ਬਸ ਤੂੰ
ਪੋਲੇ ਜਿਹੇ ਹੱਥ ਰੱਖਣਾ ਸੀ ਸਿਰ 'ਤੇ
ਕਿ
ਉਮਰ-ਭਰ ਦੇ
ਸਾਰੇ ਤੇਈਏ ਉਤਰ ਜਾਣੇ ਸੀ
ਤੁਰਨਾ ਸੀ
ਕੁਝ ਕੁ ਕਦਮ ਨਾਲ ਮੇਰੇ
ਤੇ ਮੈਂ
ਪੂਰੀ ਇਕ
ਉਦਾਸੀ ਜੋਗਾ ਹੋ ਜਾਣਾ ਸੀ
ਪਰ
ਵਕਤ ਦਾ ਸੱਚ ਹੈ
ਕਿ ਇਹਨਾਂ
ਤਮਾਮ ਇਛਾਵਾਂ ਦੇ
ਸੁੱਚੇ ਟੂਣੇ ਨਿਫ਼ਲ ਰਹੇ!
ਤੇ ਆਪਾਂ
ਕਦੀਂ ਨਾ ਮਿਲੇ ਓਦੋਂ
ਜਦ-ਜਦ ਵੀ
ਇਕ-ਦੂਜੇ ਦੀ ਭਾਲ 'ਚ ਨਿਕਲੇ
ਪਹਿਲ ਵਰੇਸੇ
ਉਦੋਂ, ਜਦੋਂ ਅੱਖ ਤੇਰੀ ਸੁਰਮੇ ਦੇ ਮੇਚ ਸੀ
ਉਦੋਂ, ਜਦੋਂ ਹੱਥਾਂ ਵਿਚ ਕੋਸਾ ਕੋਸਾ ਸੇਕ ਸੀ
ਸੰਗਾਂ ਨੀਂ ਉਹ ਤੇਰੀਆਂ ਜਵਾਬ ਬਣ ਜਾਂਦੇ ਸੀ
ਨੀਂ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ
ਇੱਕ-ਦੂਜੇ ਗਲ ਲੱਗ ਅੱਖਾਂ ਮੁੰਦ ਲੈਂਦੇ ਸਾਂ
ਉਦੋਂ, ਜਦੋਂ ਜੁਲਫਾਂ ’ਚ ਛਾਵਾਂ ਗੁੰਦ ਲੈਂਦੇ ਸਾਂ
ਆਹੀ ਦਿਨ ਦੇ ਰੁਝੇਵੇਂ ਰਾਤੀਂ ਖ਼ਾਬ ਬਣ ਜਾਂਦੇ ਸੀ
ਨੀ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ।
ਸੂਟਾਂ ਤੇਰਿਆਂ ਦੇ ਮੈਨੂੰ ਸਾਰੇ ਰੰਗ ਯਾਦ ਸੀ
ਉਨਾਭੀ, ਗੂੜਾ ਨੀਲਾ, ਨੀ ਗੁਲਾਬੀ ਤਾਂ ਨਵਾਬ ਸੀ
ਹਰਾ ਪਾਉਂਦੀ, ਹਰ ਪਾਸੇ ਬਾਗ਼ ਬਣ ਜਾਂਦੇ ਸੀ
ਨੀਂ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ।
ਬਿਨ ਬੋਲੇ ਕਰਦੇ ਸੀ ਕਿੰਨੀਆਂ ਸ਼ਰਾਰਤਾਂ
ਅੱਖਾਂ ਵਿਚੋਂ ਬੁੱਝਦੇ ਸਾਂ ਗੁੱਝੀਆਂ ਬੁਝਾਰਤਾਂ
ਕਦੇ ਆਪਾਂ ਖੁੱਲ੍ਹੀ ਹੋਈ ਕਿਤਾਬ ਬਣ ਜਾਂਦੇ ਸੀ
ਨੀਂ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ।
ਬੈਠ ਗਏ ਆਂ ਰੂਹਾਂ 'ਤੇ ਝਰੀਟਾਂ ਜਿਹੀਆਂ ਮਾਰ ਕੇ
ਹੁਣ ਥੱਕ ਗਏ ਆਂ ਨੀਂ ਦੁੱਖੜੇ ਸਹਾਰ ਕੇ
ਕਦੇ ਸਾਨੂੰ ਹਾਨੀਆਂ ਦੇ ਲਾਭ ਬਣ ਜਾਂਦੇ ਸੀ
ਨੀਂ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ
ਸਾਂਵਲੇ ਮੁੰਡੇ ਦੀ ਕਵਿਤਾ
ਇਹ ਓਹੀ ਸ਼ਾਮਾਂ ਨੇ
ਜਿੰਨ੍ਹਾਂ 'ਚ ਤੂੰ ਮੈਨੂੰ
ਕਮਲੇ ਜਿਹੇ ਸੂਟ ਪਾ ਮਿਲਣਾ ਸੀ
ਮੇਰੀ ਨਿੱਕੀ ਜਿਹੀ ਕਿਸੇ ਗੱਲ 'ਤੇ
ਤੇਰਾ ਹਾਸਾ ਛਣਕਣਾ ਸੀ
ਜਾਂ ਮੇਰੀ ਕਿਸੇ ਸੱਜਰੀ ਕਵਿਤਾ ਨੂੰ ਤੂੰ
ਠੋਡੀ ਉੱਤੇ ਹੱਥ ਰੱਖ
ਗੌਰ ਨਾਲ ਸੁਣਨਾ ਸੀ
ਤੇ ਫਿਰ ਜਦੋਂ
ਸੂਰਜ ਨੇ ਜ਼ਰਾ-ਕੁ ਹੋਰ ਨਿਵਣਾਂ ਸੀ
ਮੈਂ ਤੇਰੇ ਜ਼ਰਾ ਕੁ ਹੋਰ ਨੇੜੇ ਹੋ ਬੈਠਣਾ ਸੀ
ਮੇਰੇ ਕੰਬਦੇ ਹੱਥ ਨੇ
ਤੇਰੇ ਮਹਿਕਦੇ ਹੱਥਾਂ ਨੂੰ ਛੁਹਣਾ ਸੀ
ਤੂੰ ਦੋ ਪਲ ਅੱਖਾਂ ਮੁੰਦ ਕੇ, ਕੁਝ ਸੋਚਣਾ,
ਫਿਰ ਹੱਸਣਾ ਸੀ
ਪਰ ਤੂੰ ਜੋ ਸੋਚਿਆ
ਮੇਰੇ ਸੌ ਵਾਰ ਪੁੱਛਣ ਤੇ ਵੀ ਨਾ ਦੱਸਣਾ ਸੀ
ਪਰ ਤੇਰੇ ਮੇਰੇ ਦਰਮਿਆਨ
ਇਕ 'ਵਾਵਰੋਲਾ' ਆਣ-ਖਲੋਤਾ
ਜੋ ਤੈਨੂੰ ਚਮਕਦੇ ਸ਼ਹਿਰ ਦੀਆਂ
ਰੌਸ਼ਨੀਆਂ ਵਿਚ ਲੈ ਗੁੰਮ-ਗਵਾਚ ਗਿਆ
ਫਿਰ ਅਸੀਂ
ਕੱਚੀ ਨੀਂਦ ਦੇ ਸੁਪਨੇ ਵਾਂਗ
ਇਨ੍ਹਾਂ ਸ਼ਾਮਾਂ ਨੂੰ ਵਿਸਾਰ ਦਿੱਤਾ
ਵਾਅਦਿਆਂ ਨੂੰ
ਉਮਰ ਦੀਆਂ ਨਿਆਣੀਆਂ ਗੱਲਾਂ ਆਖਿਆ
ਸ਼ਾਮਾਂ ਨੂੰ, ਰੰਗਾਂ ਨੂੰ, ਉਦਾਸ ਕੀਤਾ
ਤੇ ਪਤੈ !
ਸਾਡੇ ਵਾਅਦਿਆਂ ਦੀਆਂ ਗਵਾਹ, ਇਹ ਸ਼ਾਮਾਂ
ਬੜਾ ਹੀ ਚਿਰ
ਨਰਾਜ਼ ਰਹੀਆਂ ਮੇਰੇ ਨਾਲ
ਤੈਨੂੰ ਲੱਭਦੀਆਂ
ਮੈਨੂੰ ਪੁੱਛਦੀਆਂ ਤੇਰਾ ਪਤਾ
ਪਰ
ਨਾ ਤੂੰ ਸੀ ਕਿਤੇ, ਨਾ ਤੇਰੇ ਕਮਲੇ ਜਿਹੇ ਸੂਟ
ਮੈਂ ਸਾਂ, ਪਰ ਗਵਾਚਿਆ ਜਿਹਾ
ਲੱਭਦਾ ਆਪਣੇ ਆਪ ਨੂੰ
ਉਦਾਸ ਰੰਗਾਂ ਨਾਲ ਲਬਰੇਜ਼ ਇਨ੍ਹਾਂ ਸ਼ਾਮਾਂ
ਸਭ ਵੇਖਿਆ
ਸਭ ਸੁਣਿਆਂ
ਸਭ ਜਾਣਿਆਂ
ਤੇ ਫਿਰ ਇੱਕ ਦਿਨ
ਇਨ੍ਹਾਂ ਹੀ ਸ਼ਾਮਾਂ 'ਚ
ਤੇਰਾ ਰੰਗ ਘੁਲ਼ ਕੇ
ਉਸ ਸਾਂਵਲੇ ਮੁੰਡੇ ਦੀ ਉਡੀਕ ਨੂੰ ਮਿਲਿਆ
ਬੱਦਲਾਂ 'ਚੋਂ ਚਾਨਣ ਮੁਸਕੁਰਾਇਆ
ਸਮਿਆਂ ਕਰਵਟ ਬਦਲੀ
ਇਕ ਲੰਮੀ ਚੁੱਪ ਤੋਂ ਬਾਅਦ
ਇਹ ਸ਼ਾਮਾਂ, ਇਹ ਰੰਗ
ਗੀਤਾਂ 'ਚ ਉਤਰ ਆਏ
ਡੁੱਬਦੇ ਸੂਰਜ 'ਚੋਂ ਕਵਿਤਾਵਾਂ ਉਦੈ ਹੋਈਆਂ
ਕੁਝ ਨਾ ਹੋਣ ਨਾਲੋਂ
'ਹੋਣ ਦੀ ਵਿਥਿਆ' ਨੇ ਹੇਕਾਂ ਲਾਈਆਂ
ਇਨ੍ਹਾਂ ਸ਼ਾਮਾਂ ਨੇ, ਇਨ੍ਹਾਂ ਰੰਗਾਂ ਨੇ
ਵਾਰ ਵਾਰ ਆਉਣੈ
ਗੀਤਾਂ 'ਚ, ਕਵਿਤਾਵਾਂ 'ਚ
ਕਿਤੇ ਜਸ਼ਨ ਬਣਨੈਂ, ਕਿਤੇ ਉਦਾਸੀ
ਕਿਤੇ ਤੋਤਲੀ ਬੱਚੀ ਦੀ ਅਵਾਜ਼
ਤੇ ਹੁਣ ਬਸ ਇਨ੍ਹਾਂ ਸ਼ਾਮਾਂ ਕੋਲ
ਜਸ਼ਨ ਹੈ
ਮਿਲਣ ਦਾ, ਵਿਛੋੜੇ ਦਾ
ਤੇਰੇ ਹੋਣ ਦਾ, ਮੇਰੇ ਹੋਣ ਦਾ
ਰਾਜੀ ਖੁਸ਼ੀ ਸਾਡਾ ਕਿਤੇ ਵੀ ਹੋਣ ਦਾ
ਸਤਵੰਤੀ-ਸ਼ਾਮ
ਹੁਣੇ ਤਾਂ ਸ਼ਾਹ-ਕੇਸਾਂ ਦਾ ਜੂੜਾ
ਸਿਰ ਤੇਰੇ 'ਤੇ ਸੋਭ ਰਿਹਾ ਸੀ
ਹੁਣੇ, ਤੇਰੇ ਕੰਨਾਂ ਦੇ ਝੁਮਕੇ
ਸੁਹਜ ਭਰੀਤੇ ਹਿਲ ਰਹੇ ਸਨ
ਹੁਣੇ ਤੇਰੇ ਇਸ ਮੁਸ਼ਕੀ ਰੰਗ ਨੇ
ਮੌਸਮ ਦਾ ਰੰਗ ਮੁਸ਼ਕੀ ਕੀਤਾ
ਹੁਣੇ ਮੇਰੀਆਂ ਸੋਚਾਂ ਦੇ ਵਿਚ
ਫੁੱਲ ਕਈ ਨੀਲੇ ਖਿਲ ਰਹੇ ਸਨ
ਹੁਣੇ ਤੇਰੀਆਂ ਗੱਲਾਂ ਸੱਜਣੀ
ਹਵਾ 'ਚ ਮਿਸ਼ਰੀ ਘੋਲ ਰਹੀਆਂ ਸਨ
ਹੁਣੇ ਤਾਂ ਨੀਮ-ਬਲੌਰੀ ਅੱਖੀਆਂ
ਚਾਨਣ ਮੁੱਖੜਾ ਟੋਲ ਰਹੀਆਂ ਸਨ
ਹੁਣੇ ਕਿਸੇ ਦੇ ਵਿਚੋਂ ਤੇਰਾ
ਖ਼ਆਿਲ ਵਲੇਵਾਂ ਪਾ ਬੈਠਾ ਹੈ
ਹੁਣੇ ਕੋਈ ਦੂਰ ਉਡੇਂਦਾ ਪੰਛੀ
ਦਿਲ ਦੀ ਛਤਰੀ ਆ ਬੈਠਾ ਹੈ
ਹੁਣੇ ਉਹਦੇ ਨਕਸ਼ਾਂ ਦੇ ਵਿਚੋਂ
ਨਕਸ਼ ਤੇਰੇ ਲਹਿਰਾਏ ਵੀ ਨੇ
ਹੁਣੇ, ਬੋਲਾਂ ਦੇ ਬਾਜ਼ ਨਿਆਣੇ
ਮੈਂ ਰੋਕੇ, ਸਮਝਾਏ ਵੀ ਨੇ
ਹੁਣੇ ਕਿਸੇ ਅੱਖ ਦੀ ਘੂਰੀ ਨੇ
ਹੋਰ ਤੱਕਣ ਤੋਂ ਵਰਜਿਆ ਵੀ ਹੈ
ਹੁਣੇ, ਕੋਈ ਯਾਦ ਤ੍ਰੇਲੀ ਆਈ
ਹੁਣੇ, ਕੋਈ ਅਕਸ ਲਰਜ਼ਿਆ ਵੀ ਹੈ
ਹੁਣੇ ਇਹ ਸਾਰੀ ਮਿਹਰ ਵੱਸੀ ਏ
ਹੁਣੇ ਮੈਂ ਰੁਖ਼ਸਤ ਹੋਇਆ ਵੀ ਹਾਂ
ਹੁਣੇ ਮੈਂ ਖਿੜ-ਖਿੜ ਹੱਸ ਰਿਹਾ ਸਾਂ
ਹੁਣੇ ਮੈਂ ਡੁੱਬ ਕੇ ਰੋਇਆ ਵੀ ਹਾਂ
ਹੁਣ ਬੈਠਾ ਖ਼ੁਦ ਨੂੰ ਪੁੱਛ ਰਿਹਾਂ
ਮੈਂ ਤੈਨੂੰ ਭੁੱਲਿਆ ਹੋਇਆ ਵੀ ਹਾਂ ?
ਬਦਾਮੀ ਤੂਫ਼ਾਨ
ਆਈ ਹੈ ਉਹ
ਇਕੋ ਸਾਹ 'ਚ
ਅਣਗਿਣਤ ਸਵਾਲ ਲੈ ਕੇ !
ਤੇ ਮੇਰੀ
ਚੁੱਪ ਭਰੀ ਤੱਕਣੀ ਤਾੜ
ਬੈਠ ਗਈ ਹੈ ਕਿਸੇ
ਵਿਟਰ ਗਏ ਬੱਚੇ ਵਾਂਗ
ਪਰ ਹਾਲੇ ਵੀ
ਕਿੰਨਾ ਕੁਝ ਹੈ ਉਸ ਕੋਲ਼ ਅਣਕਿਹਾ
ਜੋ
ਅੱਖਾਂ 'ਚੋਂ ਕਿਰ ਰਿਹੈ
ਹੋਠਾਂ 'ਚ ਫੜਕ ਰਿਹੈ
ਵਾਲਾਂ 'ਚ ਉਲਝ ਗਿਐ
ਸਿਲਵਟਾਂ 'ਚ ਮੁੜ ਗਿਐ
ਬਸ
ਇੱਕ-ਟੱਕ
ਦੇਖ ਰਿਹਾਂ ਮੈ ਉਸਨੂੰ
ਤੇ
ਕੰਬਦੇ ਦਿਲ ਨਾਲ ਸੋਚ ਰਿਹਾਂ !
ਭਲਾ
ਕਵਿਤਾ 'ਚ ਘਿਰਿਆ ਬੰਦਾ
ਕੀ ਜਵਾਬ ਦੇਵੇ ?
ਤਲਿਸਮ
ਧਰਤੀ ਪਤਾ ਨਹੀਂ
ਕਿਹੜੇ ਚਾਅ 'ਚ ਘੁੰਮੀਂ ਹੀ ਜਾ ਰਹੀ
ਸੂਰਜ ਪਤਾ ਨਹੀਂ ਕਿਸ ਦੇ ਵਿਯੋਗ 'ਚ ਤਪਦਾ ਹੀ ਰਹਿੰਦਾ
ਆਸਮਾਨ ਦੇ ਵਿਹੜੇ
ਤਾਰਿਆਂ ਨੂੰ ਖੇਡਣੋਂ ਕੋਈ ਨਹੀਂ ਰੋਕਦਾ
ਚੰਨ, ਸਮੁੰਦਰੀ ਪਾਣੀਆਂ ਨਾਲ ਅਠਖੇਲੀਆਂ ਕਰਦਾ
ਅੱਧਾ, ਪੌਣਾ, ਚੱਪਾ
ਸਬੂਤਾ ਹੁੰਦਾ ਰਹਿੰਦਾ
ਪਹਾੜਾਂ ਕੋਲੋਂ ਭੇਦ
ਸੰਭਾਲੇ ਨਹੀਂ ਜਾਂਦੇਂ ਜਦੋਂ
ਤਾਂ ਜਵਾਲਾਮੁੱਖੀ ਬਣ ਕੇ ਫੁੱਟ ਪੈਂਦੇ ਨੇ
ਤੇ ਬੰਦਾ ਬਸ
ਜਿੱਤਾਂ ਦੇ ਮੱਥੇ ਚੁੰਮਣ ਲਈ ਹੀ ਪੈਦਾ ਨਹੀਂ ਹੋਇਆ
ਜੇ ਉਸ ਨੂੰ ਹਾਰ ਜਾਣ ਦੀ ਬਰਕਤ ਦਾ ਨਹੀਂ ਪਤਾ !
ਧੰਨ ਮੁਬਾਰਕ
ਏਸ ਜਨਮ ਦੀ ਛਾਂ ਮੁਬਾਰਕ
ਏਸ ਜਨਮ ਦੀ ਧੁੱਪ ਮੁਬਾਰਕ
ਏਸ ਜਨਮ ਦੇ ਸ਼ੋਰ ਮੁਬਾਰਕ
ਏਸ ਜਨਮ ਦੀ ਚੁੱਪ ਮੁਬਾਰਕ
ਸਦਾ ਮੁਬਾਰਕ ਪਿਆਰ ਦੀ ਤੱਕਣੀ
ਸਦਾ ਮੁਬਾਰਕ ਮੋਹ ਦਾ ਟੂਣਾ
ਸਦਾ ਮੁਬਾਰਕ ਪਹਿਲੀ ਮਿਲਣੀ
ਸਦਾ ਮੁਬਾਰਕ ਅੱਥਰੂ ਲੂਣਾ
ਇਸ਼ਕ ਮੁਬਾਰਕ ਪੋਟਾ ਪੋਟਾ
ਇਸ਼ਕ ਮੁਬਾਰਕ ਅੱਧਾ- ਊਣਾ
ਇਸ਼ਕ ਮੁਬਾਰਕ ਵਸਲ ਦੇ ਡੱਗੇ
ਇਸ਼ਕ ਮੁਬਾਰਕ ਸਾਥ ਵਿਹੂਣਾ
ਧੰਨ ਮੁਬਾਰਕ ਹੀਰਾਂ - ਰਾਂਝੇ
ਧੰਨ ਮੁਬਾਰਕ ਬੇਲੇ ਬੱਕੀਆਂ
ਧੰਨ ਮੁਬਾਰਕ ਖ਼ਾਲੀ ਕਾਸੇ
ਧੰਨ ਮੁਬਾਰਕ ਜੋਗਣ ਅੱਖੀਆਂ
ਅਤਿ ਮੁਬਾਰਕ ਖਿੱਚਾਂ, ਤਾਘਾਂ
ਅਤਿ ਮੁਬਾਰਕ ਮਿਲਣ, ਵਿਛੋੜਾ
ਅਤਿ ਮੁਬਾਰਕ ਜਨਮ ਦੇ ਪੈਂਡੇ
ਅਤਿ ਮੁਬਾਰਕ ਉਮਰ ਦਾ ਘੋੜਾ
ਸ਼ਾਮ ਦਾ ਰੰਗ
ਸ਼ਾਮ ਦਾ ਇਹ ਰੰਗ
ਮੈਨੂੰ ਰੰਗਣੇ ਨੂੰ ਫਿਰਦਾ ਏ
ਡੰਗਣੇ ਨੂੰ ਫਿਰੇ ਤੇਰੀ ਯਾਦ ਵੇ
ਖ਼ਿਆਲ ਦਿਆਂ ਧਾਗਿਆਂ 'ਚ
ਹੋਰ ਗੂੜ੍ਹੀ ਹੋ ਗਈ
ਤੇਰੇ ਹਾਸਿਆਂ ਲਈ ਕੀਤੀ ਫਰਿਆਦ ਵੇ
ਮੱਥੇ 'ਚੋਂ ਤਿਊੜੀਆਂ
ਗਟਾਰ ਬਣ ਉੱਡ ਗਈਆਂ
ਗੱਲਾਂ ਵਿਚ ਘੁਲ਼ਿਆ ਸਰੂਰ ਵੇ
ਐਵੇਂ ਤਾਂ ਨਹੀਂ ਲੋਰ ਵਿਚ
ਚੰਨ ਤਾਰੇ ਚੜ੍ਹੇ ਅੱਜ
ਤੂੰ ਵੀ ਯਾਦ ਕੀਤਾ ਹੋਊ ਜਰੂਰ ਵੇ
ਉਂਝ ਕਿਥੇ ਮੇਚ ਤੇਰੇ
ਆਉਣੇ ਸਾਡੇ ਲਾਡ ਚੰਨਾਂ
ਲਾਡਲਾ ਤੂੰ ਧਰਤੀ ਦੀ ਤੋਰ ਦਾ
ਬੜਾ ਹੀ ਅਜੀਬ
ਸਾਨੂੰ ਜਾਪਦੈ ਜਹਾਨ
ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ
ਇੰਝ ਤੇਰੇ ਬੋਲਾਂ ਵਿਚ
ਘੁਲ਼ੀ ਏ ਖੁਮਾਰੀ
ਜਿਵੇਂ ਮੀਹਾਂ ਵਿਚ ਮੋਰ ਦੀ ਅਵਾਜ਼ ਵੇ
ਧਰਤੀ ਨੇ ਅੰਬਰ ਨੂੰ
ਪੁੱਛਿਆ ਸਵਾਲ, ਦੱਸ
ਕਣੀਆਂ ਤੋਂ ਸੋਹਣਾ ਕਿਹੜਾ ਸਾਜ਼ ਵੇ ?
ਕੋਸੀ ਕੋਸੀ ਧੁੱਪ ਜਿਹੇ
ਹੱਥ ਤੇਰੇ ਚੁੰਮ ਲਵਾਂ
ਬੱਦਲਾਂ ਦੇ ਫੰਬਿਆਂ ਜਿਹੇ ਪੈਰ ਨੀਂ
ਵਾਲਾਂ ਵਿਚ ਗੁੰਦਾਂ
ਤੇਰੇ ਸ਼ਾਮ ਤੇ ਸਵੇਰ
ਕੱਟਾਂ ਕੋਲ ਬਹਿ ਕੇ ਸਿਖਰ ਦੁਪਹਿਰ ਨੀਂ
ਚੁੰਨੀਆਂ ਨੂੰ ਚਾਨਣੀ ਦੀ
ਲਾ ਦਿਆਂ ਕਿਨਾਰੀ
ਰੁੱਗ ਤਾਰਿਆਂ ਦੇ ਕੁੜਤੀ 'ਤੇ ਧਰਦਾਂ
ਤੁਪਕੇ ਤ੍ਰੇਲ ਦੇ
ਜੋ ਚੁਣ ਕੇ ਲਿਆਵਾਂ
ਤੇਰੇ ਹੋਠਾਂ ਨੂੰ ਛੁਹਾ ਕੇ ਮੋਤੀ ਕਰਦਾਂ
ਸੀਨੇ ਵਿਚ ਭਰਿਆ
ਮੁਹੱਬਤਾਂ ਦਾ ਰੰਗ ਜਿਹੜਾ
ਅੱਖੀਆਂ 'ਚੋਂ ਡੁੱਲਣੇ ਨੂੰ ਫਿਰਦਾ
ਪੂਰ ਦੇ ਪਿਆਸ
ਵੇ ਤੂੰ ਪੂਰੀ ਕਰ ਆਸ
ਵੇਖ ਮੁੱਠੀਆਂ 'ਚੋਂ ਰੇਤਾ ਜਾਵੇ ਕਿਰਦਾ
ਲੱਭਤ
ਜੀਹਨੂੰ ਲੱਭਿਆ
ਉਹ ਤਾਂ ਲੱਭਿਆ ਨਹੀਂ
ਜੋ ਲੱਭਿਆ
ਲੱਭਿਆਂ, ਲੱਭਦਾ ਨਹੀਂ
ਹਵਾ ਦੀ ਲਿਪੀ
(ਹਰਮਨ ਦੇ ਨਾਂ)
ਉਹ ਲਿਖਦਾ ਹੈ ਤਾਂ
ਪਹਾੜ ਸਮਾਧੀ ਖੋਲ੍ਹਦੇ ਹਨ
ਅਣਲਿਖਿਆਂ ਦੀ ਗਾਥਾ ਸ਼ੁਰੂ ਹੁੰਦੀ ਹੈ
ਰਾਹਾਂ ਦੀ ਧੂੜ ਵੀ ਸ਼ਾਨਾਮੱਤੀ ਹੋ ਹੋ ਉੱਡਦੀ ਹੈ
ਉਹ ਲਿਖਦਾ ਹੈ ਤਾਂ
ਪੱਤਣਾਂ ਦੀ ਕਾਈ ਮੁਸਕਰਾਉਣ ਲੱਗਦੀ ਹੈ
ਟਿੱਬਿਆਂ ਦੀ ਰੇਤਾ ਚਮਕ ਉੱਠਦੀ ਹੈ
ਖੜ੍ਹੇ ਪਾਣੀ ਰਸਤਾ ਫੜ੍ਹਦੇ ਹਨ
ਉਹ ਲਿਖਦਾ ਹੈ ਤਾਂ
ਝਰਨੇ ਦਾ ਗੀਤ ਸੁਣਨ ਲੱਗਦਾ ਹੈ
ਹਵਾ ਦੀ ਲਿਪੀ ਪੜ੍ਹ ਹੋ ਜਾਂਦੀ ਹੈ
ਫਿਰਤੂ ਪੈਰਾਂ ਦੀ ਕਮਾਈ ਦੇ ਖਜ਼ਾਨੇ ਖੁੱਲ੍ਹਦੇ ਹਨ
ਉਸ 'ਲਿਖਤੂ' ਨੂੰ ਲਿਖਣ ਦਾ ਵਰ ਹੈ
ਉਹ ਲਿਖਦਾ ਹੈ ਤਾਂ
ਲਿਖਣਾ ਅਮਰ ਹੋ ਜਾਂਦਾ ਹੈ
ਚੰਡੀਗੜ੍ਹ
ਦੂਰੋਂ ਚੱਲ ਆਏ ਰਾਹੀ
ਰਾਹਾਂ ਨੇ ਬੁਲਾਏ ਰਾਹੀ
ਲਫ਼ਜ਼ਾਂ ਦਾ ਪਹਿਨ ਆਏ ਤਾਜ
ਸ਼ਹਿਰ ਮਤਵਾਲਿਆ ਵੇ
ਤਲੀ ਦਿਆ ਛਾਲਿਆ ਵੇ
ਆਇਆਂ ਦਾ ਤੂੰ ਰੱਖਲੀਂ ਲਿਹਾਜ਼
ਲਿਸ਼ਕੇ ਰੰਗੀਨੀ ਤੇਰੀ
ਪਰ ਨਮਕੀਨੀ ਤੇਰੀ
ਚਾਵਾਂ ਤੋਂ ਵਸੂਲਦੀ ਵਿਆਜ਼
ਖ਼ਿਆਲਾਂ ਦੀ ਵੇ ਚਾਸ਼ਨੀ 'ਚ
ਡੋਬ ਡੋਬ ਆਖੀਏ ਜੋ
ਅੱਖਰਾਂ ਨੂੰ ਕਰੀਂ ਨਾ ਨਰਾਜ਼
ਮਹਿੰਗੇ ਬੜੇ ਖ਼ਾਬ ਤੇਰੇ
ਮਹਿੰਗੇ ਨੇ ਗੁਲਾਬ ਤੇਰੇ
ਬੜੇ ਮਹਿੰਗੇ ਸੁਣਿਆਂ ਇਲਾਜ
ਅਸੀਂ ਉਥੋਂ, ਜਿੱਥੇ ਸ਼ਹਿਰਾ
ਧੀਆਂ ਵੇ ਧਿਆਣੀਆਂ ਨੂੰ
ਮਰਜ਼ੀ ਦਾ ਜੁੜਦਾ ਨਹੀਂ ਦਾਜ
ਤੇਰੀ ਵੱਢੀ ਟੌਰ ਸ਼ਹਿਰਾ
ਜਿਵੇਂ ਹੈ ਲਾਹੌਰ ਸ਼ਹਿਰਾ
ਬਹੁੜੇਂ, ਜੀਹਨੂੰ ਮਾਰਦੈਂ ਅਵਾਜ਼
ਵਿਚ ਨਾ ਭੁਲੇਖੇ ਪਾਈਂ
ਏਨੀ ਗੱਲ ਲੇਖੇ ਲਾਈਂ
ਹਾਲੇ ਸਾਡਾ ਏਨਾ-ਕੁ ਰਿਆਜ਼
ਇਥੋਂ ਫੇਰ ਅੱਗੇ ਰਾਹਾਂ
ਜਿੰਨੀਆਂ ਕੁ ਹਿੱਸੇ ਸਾਹਾਂ
ਨਖ਼ਰੇ ਅਦਾਵਾਂ ਭਰੇ ਨਾਜ਼
ਜੀਅ ਲਵਾਂਗੇ ਲੱਪ ਭਰ
ਯਾਦ ਤੇਰੀ ਅੱਖ ਭਰ
ਲੰਘਿਆਂ ਦੇ ਸਾਂਭਲੀਂ ਤੂੰ ਰਾਜ਼
ਫੁੱਲ ਵੇਚਦੀ ਛੋਟੀ ਕੁੜੀ ਦੇ ਨਾਂ
ਜਿਹੜੀ ਉਮਰੇ ਰੰਗ ਸੀ ਚੁਣਨੇ
ਤਿਤਲੀਆਂ ਪਿੱਛੇ ਭੱਜਣਾ ਸੀ
ਪੰਛੀਆਂ ਵਾਂਗਰ ਉੱਡਣਾ ਸੀ ਤੇ
ਨਾਲ ਹਵਾਵਾਂ ਵਗਣਾ ਸੀ
ਕੋਰੇ ਮੱਥੇ ਵਿਚ ਸੁੱਚੀ ਜਦ
ਸ਼ਬਦ ਸੁਰਤ ਨੇ ਜਗਣਾ ਸੀ
ਨੈਣੀਂ ਸੁਪਨੇ ਉੱਗਣੇ ਸਨ
ਮਨ ਵਿਚ ਜਗਿਆਸਾ ਮਘਣਾ ਸੀ
ਸੋਚਿਆ ਨਹੀਂ ਸੀ ਉਹ ਵਰ੍ਹਾ ਵੀ
ਏਨਾਂ ਕੌੜਾ ਲੱਗਣਾ ਸੀ
ਸਾਨੂੰ ਖੁਸ਼ਬੂ, ਰੰਗਾਂ ਨੇ
ਏਦਾਂ ਵੀ ਮਿਲ ਕੇ ਠੱਗਣਾ ਸੀ
ਧਰਤੀ ਦਾ ਗੀਤ
ਗੀਤ ਕੋਈ ਐਸਾ ਗਾ ਦੇ
ਵੇ ਆ ਰੂਹਾਂ ਰੁਸ਼ਨਾ ਦੇ
ਗੀਤ ਕੋਈ ਐਸਾ ਗਾ ਦੇ
ਧਰਤੀ ਦੇ ਨਾਮ ਜਿਹਾ ਹੋਵੇ
ਸੂਬਾ ਜਾਂ ਸ਼ਾਮ ਜਿਹਾ ਹੋਵੇ
ਦਿਲ ਦਾ ਸਕੂਨ ਜਿਹਾ ਹੋਵੇ
ਹੋਵੇ ਭਾਵੇਂ ਆਮ ਜਿਹਾ ਹੋਵੇ
ਗੀਤ ਅੰਬਰ ਦੇ ਰੰਗ ਦਾ
ਮੁੱਖੜੇ ਦੀ ਪਹਿਲੀ ਸੰਗ ਦਾ
ਗੀਤ ਕੋਈ ਖੁਸ਼ੀ 'ਚ ਖੀਵਾ
ਗੀਤ ਕੋਈ ਬਲ਼ਦਾ ਦੀਵਾ
ਗੀਤ ਕੋਈ ਉੱਡਦਾ ਉੱਡਦਾ
ਗੀਤ ਖੇਤਾਂ ਨੂੰ ਗੁਡਦਾ
ਗੀਤ ਕੋਈ ਤੇਰਾ ਮੇਰਾ
ਗੀਤ ਜੋ ਕਰੇ ਸਵੇਰਾ
ਵੇ ਨਵੀਆਂ ਪੈੜਾਂ ਪਾ ਦੇ
ਭਾਂਬੜ ਨੂੰ ਸੀਤ ਜਿਹਾ ਕਰਦੇ
ਵੈਰੀ ਨੂੰ ਮੀਤ ਜਿਹਾ ਕਰਦੇ
ਗੀਤ ਉਦ੍ਹੇ ਨਾਂ ਦੇ ਵਰਗਾ
ਮਿਲਣੇ ਦੀ ਥਾਂ ਦੇ ਵਰਗਾ
ਕਿਸੇ ਪਿੰਡ ਗਰਾਂ ਦੇ ਵਰਗਾ
ਗੀਤ ਕੋਈ ਫਿਰਤਾਂ ਵਾਲਾ
ਗੀਤ ਕੋਈ ਕਿਰਤਾਂ ਵਾਲਾ
ਗੀਤ ਵੰਡ ਛਕੇ ਛਕਾਵੇ
ਗੀਤ ਜਿਹੜਾ ਬਾਣੀ ਗਾਵੇ
ਗੀਤ ਜਿਹੜਾ ਨਾਮ ਧਿਆਵੇ
ਗੀਤ ਉਦ੍ਹੀ ਅੱਖ ਦਾ ਸੁਰਮਾ.
ਗੀਤ ਉਦ੍ਹਾ ਤੁਰਨਾ ਤੁਰਨਾ
ਗੀਤ ਉਦ੍ਹੀ ਦੀਦ ਨਜ਼ਾਰੇ
ਰਾਤੀਂ ਜਿਉਂ ਚਮਕਣ ਤਾਰੇ
ਹਾਂ, ਹਾਂ, ਹਾਂ ਆਪ ਮੁਹਾਰੇ
ਪਿਆਰਾਂ ਦੇ ਚਾਨਣ ਵਰਗਾ
ਗੀਤ ਛਾਂ ਮਾਨਣ ਵਰਗਾ
ਹੱਥਾਂ ਦੇ ਨਿੱਘ ਜਿਹਾ ਕੋਸਾ
ਸੰਗਾਂ ਦਾ ਪਹਿਲਾ ਬੋਸਾ
ਗੀਤ ਬਸ ਰੇਸ਼ਮ ਰੇਸ਼ਮ
ਗੀਤ ਦੀ ਤੋਰ ਹਮੇਸ਼ਮ
ਗੀਤ ਨਾ ਖੜ੍ਹੇ ਖੜੋਵੇ
ਗੀਤ ਪਰਿਕਰਮਾ ਹੋਵੇ
ਗੀਤ ਸਾਨੂੰ ਬਖ਼ਸ਼ ਵੇ ਢੋਲਾ
ਜੋ ਅਨਹਦ ਨਾਦ ਸੁਣਾ ਦੇ
ਗੀਤ ਕੋਈ ਐਸਾ ਗਾ ਦੇ
ਗੀਤ ਕੋਈ ਐਸਾ ਗਾ ਦੇ
ਹੁਨਰ
ਕਵਿਤਾ ਲਿਖਣਾ
ਅੰਨ੍ਹੀ ਭੀੜ ਵਿਚੋਂ
ਆਪਣੇ ਆਪ ਨੂੰ
ਲੱਭ ਲੈਣ ਦਾ ਹੁਨਰ ਹੈ।
ਜੋ
ਕਵਿਤਾ ਆਪ
ਸਿਖਾਉਂਦੀ ਹੈ।
ਧਰਤੀ ਦੇ ਪੁੱਤਰੋ
ਸੀ ਧੁੱਪਾਂ ਦੇ ਗਿੱਧੇ ਤੇ ਮੇਲਣ ਹਵਾਵਾਂ
ਹੁਣ ਧੂੰਏਂ 'ਚ ਕਿਦਾਂ ਜੀ ਖੇਲਣ ਹਵਾਵਾਂ
ਕੀ ਖੇਲਣ ਨਿਆਣੇ ਕੀ ਵਿਚਰਨ ਸਿਆਣੇ
ਅਸੀਂ ਕੰਮ ਕੀਤੇ ਨੇ ਖੁਦ ਜਾਨ ਖਾਣੇ
ਚੱਲੇ ਸੀ ਕਿਥੋਂ, ਕਿੱਥੇ ਆ ਗਏ ਹਾਂ
ਅਸੀਂ ਸਾਡੇ ਹਿੱਸੇ ਦੀ ਲੋਅ ਖਾ ਗਏ ਹਾਂ
ਅਸੀਂ ਮੈਲਾ ਕੀਤਾ ਏ ਕੁਦਰਤ ਦਾ ਜਾਮਾ
ਸਿਰ ਸਾਡੇ ਬੋਲੇ, ਕਈ ਰੁੱਖਾਂ ਦਾ 'ਲਾਮਾਂ
ਕਿੱਥੇ ਲੈ ਕੇ ਜਾਣਾ ਏਂ ਸਾਨੂੰ ਇਹ 'ਦੌੜਾਂ’
ਅਸੀਂ ਲਾ ਲਾ ਡੀਕਾਂ ਪੀਵੀ ਜਾਈਏ ਔੜਾਂ
ਹੈ ਦਿਖਦਾ ਤਾਂ ਕਰਦੇ ਨਹੀਂ ਕਿਉਂ ਫੇਰ ਹੀਲੇ
ਰੰਗ ਸੂਹੇ ਗੁਲਾਬੀ ਪਈ ਜਾਣ ਨੀਲੇ
ਧਰਤੀ ਦੇ ਪੁੱਤਰੋ, ਕਿਤੇ ਧਰਤੀ ਨਾ ਰੁੱਸ ਜੇ
ਕਾਹਲਾਂ ਦੇ ਵਿਚ ਕਿਧਰੇ ਜੀਵਨ ਨਾ ਖੁੱਸ ਜੇ
ਆਪਣੇ ਆਸੇ ਪਾਸੇ ਨੂੰ ਸੰਭਰੋ ਸੰਵਾਰੋ
ਕਿਤੇ ਝੁੱਲਜੇ ਨਾ ਝੱਖੜ, ਕੁਝ ਸੋਚੋ ਵਿਚਾਰੋ
ਕੁਦਰਤ ਦਾ ਰੋਸਾ ਫਿਰ ਝੱਲਿਆ ਨਹੀਂ ਜਾਣਾ
ਗਿਆ 'ਪਲਟ' ਵਰਕਾ ਤਾਂ ਥੱਲਿਆ ਨਹੀਂ ਜਾਣਾ
ਦੋਸਤ
ਦੋਸਤਾਂ ਦਾ ਕੀ ਹੈ
ਨਾਲ ਹੀ ਹੁੰਦੇ ਨੇ
ਯਾਦ ਨਹੀਂ ਕਰਦੇ ਭਾਵੇਂ
ਯਾਦ ਆਉਂਦੇ ਰਹਿੰਦੇ
ਮਿਲ ਪੈਂਦੇ ਅਚਾਨਕ
ਹੈਰਾਨ ਕਰ ਦਿੰਦੇ ਨੇ
ਮੈਂ ਉਦਾਸੀ ਦੀ ਸਿਖ਼ਰ ਤੋਂ ਛਾਲ ਮਾਰਨ ਹੀ ਲੱਗਦਾਂ
ਹੱਥ ਵਧਾ
ਉਤਾਰ ਲੈਂਦੇ ਨੇ ਜ਼ਿੰਦਗੀ ਦੇ ਜਸ਼ਨ ਵਿਚ
ਦੋਸਤ ਜੋ
ਟੱਪ ਜਾਂਦੇ ਨੇ ਸਿਰਾਂ, ਮੋਢਿਆਂ ਤੋਂ
ਵਹਿ ਜਾਂਦੇ ਵਕਤਾਂ ਦੀ ਰਫ਼ਤਾਰ ਵਿਚ
ਅਜਨਬੀਆਂ ਵਾਂਗ ਮਿਲਦੇ ਨੇ ਜਦੋਂ
ਬੜਾ ਉਦਾਸ ਕਰ ਜਾਂਦੇ ਨੇ
ਕੁਝ ਉੱਡ ਜਾਂਦੇ ਕੱਚੇ ਰੰਗਾਂ ਵਾਂਗ
ਕੁਝ ਗਵਾਚ ਜਾਂਦੇ ਚਿੱਟੇ ਦਿਨਾਂ ਵਿਚ
ਕੁਝ ਚਮਕ ਪੈਂਦੇ, ਬਲ ਪੈਂਦੇ ਹਨ੍ਹੇਰਿਆਂ ਵਿਚ
ਜਦ ਜਦ ਵੀ ਖੌਫ ਦੀ ਰਾਤ ਗੂੜ੍ਹੀ ਹੁੰਦੀ
ਇਹ ਰਾਤ ਨੂੰ ਸੂਰਜ ਦੇ ਨਾਂ ਦੀਆਂ ਧਮਕੀਆਂ ਦਿੰਦੇ
ਕੁਝ ਕੁਦਰਤ ਦੀ ਕਵਿਤਾ ਕਹਿੰਦੇ
ਕੁਝ ਸੰਘਰਸ਼ਾਂ ਦਾ ਨਾਅਰਾ ਬਣਦੇ
ਤੇ ਕੁਝ ਖੁਦਕੁਸ਼ੀਆਂ ਦਾ ਹੌਕਾ
ਕੁਝ ਇਸ ਸਭ ਕਾਸੇ ਤੋਂ ਬੇਪਰਵਾਹ
ਮਿਲਦੇ ਏਵੇਂ, ਜਿਵੇਂ ਕਦੇ ਵਿਛੜੇ ਹੀ ਨਹੀਂ
ਜਿਵੇਂ ਕਦੇ ਵਿਛੜਨਾ ਹੀ ਨਹੀਂ
ਅੰਤਾਂ ਦੇ ਭੁਲੱਕੜ,
ਵਾਰ-ਵਾਰ ਗਲਤੀਆਂ ਕਰਦੇ, ਮੁੱਕਰਦੇ
ਫਿਰ ਵੀ ਚੰਗੇ ਲੱਗਦੇ
ਦੋਸਤ ਹੀ ਨੇ
ਪੜ੍ਹ ਲੈਂਦੇ ਜੋ ਉਦਾਸੀ ਅੱਖ ਦੀ
ਹੱਥ ਰੱਖ ਦਿੰਦੇ ਨੇ ਦੁਖਦੀ ਰਗ 'ਤੇ
ਜਖ਼ਮ ਦੇ ਕੇ
ਮਲ੍ਹਮਾਂ ਲੱਭਦੇ ਫਿਰਦੇ
ਕਦੇ ਭੁੱਲ ਜਾਂਦੇ ਇਕੱਠੇ ਸੌਹਾਂ ਖਾਧੀਆਂ
ਕਦੇ ਸੀਨੇ ਲਾ-ਲਾ ਯਾਦ ਕਰਦੇ ਸਭ
ਰਵਾਉਂਦੇ, ਹਸਾਉਂਦੇ, ਨਚਾਉਂਦੇ
ਜ਼ਿੰਦਗੀ ਦੇ ਦੁੱਖ-ਸੁੱਖ ਗਾਉਂਦੇ
ਦੋਸਤ ਤਾਂ ਏਦਾਂ ਹੀ ਕਰਦੇ ਨੇ
ਤੋੜਦੇ, ਸੰਵਾਰਦੇ, ਸਾਂਭਦੇ ਰਹਿੰਦੇ ਨੇ ਦੋਸਤੀ
ਖਿਲਾਰਦੇ, ਸਮੇਟਦੇ ਰਹਿੰਦੇ ਨੇ ਤੁਹਾਨੂੰ ਤੇ ਆਪਣੇ ਆਪ ਨੂੰ
ਦੋਸਤਾਂ ਦਾ ਕੀ ਹੈ
ਨਾਲ ਹੀ ਹੁੰਦੇ ਨੇ
ਦਿਲ ਵਾਲੇ ਪਾਸੇ ਲੱਗੀ ਜੇਬ ਵਿਚ
ਖੱਬੀ ਅੱਖ ਦੇ ਬਿਲਕੁਲ ਹੇਠਾਂ
ਧੜਕਣ ਦੇ ਐਨ ਵਿਚਕਾਰ
ਦੋਸਤ ੨
ਕੁਝ ਦੋਸਤ ਛਣਕਦੀ ਕਵਿਤਾ ਵਾਂਗ ਮਿਲਦੇ
ਕੁਝ ਟੁੱਟੇ ਦਿਲਾਂ ਵਾਂਗ ਚੁੱਪ
ਕੁਝ ਅਧੂਰੇ ਗੀਤਾਂ ਵਰਗੇ
ਨਾ ਗਾਏ ਜਾਂਦੇ ਨਾ ਵਿਸਾਰੇ ਜਾਂਦੇ
ਕੁਝ ਮਿਲਦੇ ਤਾਂ
ਜ਼ਿੰਦਗੀ ਦੀ ਗ਼ਜ਼ਲ ਨੂੰ ਗਵਾਚੀ ਹੋਈ ਅਵਾਜ਼ ਮਿਲ ਪੈਂਦੀ
ਕੁਝ ਲੰਬੇ ਨਾਵਲਾਂ ਵਰਗੇ
ਵਾਰ-ਵਾਰ ਪੜ੍ਹਣ 'ਤੇ ਵੀ
ਕਲਾਵੇ 'ਚ ਨਾ ਆਉਂਦੇ
ਨਜ਼ਰ 'ਚ ਨਾ ਸਮਾਉਂਦੇ
ਕੁਝ ਦੋਸਤ ਰੌਚਕ ਕਹਾਣੀ ਵਾਂਗ
ਛਪ ਜਾਂਦੇ ਦਿਲੋ-ਦਿਮਾਗ 'ਚ
ਕੁਝ ਕੁ ਲੋਕ-ਗੀਤਾਂ ਵਰਗੇ
ਜੋ ਜਨਮ ਜਮਾਂਤਰਾਂ ਤੀਕ
ਚੇਤੇ ਦੇ ਬਨੇਰਿਆਂ 'ਤੇ ਬੈਠੇ ਹੀ ਰਹਿੰਦੇ,
ਜਿੰਨੇ ਪੁਰਾਣੇ ਹੋਈ ਜਾਂਦੇ
ਓਨੇ ਹੀ ਆਪਣੇ ਲੱਗਦੇ
ਸਾਥ
ਛੋਹ ਤੇਰੀ ਚੰਨਾ ਝੋਲ਼ੀ ਚਾਨਣਾਂ 'ਨਾ ਭਰੂਗੀ
ਤੇਰੀ ਮੇਰੀ ਗੱਲ ਤਾਂ ਹਵਾਵਾਂ ਵਿਚ ਤਰੂਗੀ
ਖੁੱਲ੍ਹਾ ਆਸਮਾਨ ਸਾਡਾ ਦਰ ਬਣ ਜਾਊਗਾ
ਜਿੱਥੇ ਨਾਲ ਬੈਠੇਗਾ ਵੇ ਘਰ ਬਣ ਜਾਊਗਾ
ਸਾਥ ਤੇਰੇ ਵਿਚ ਜਿੰਦ ਹਰ ਦੁੱਖ ਜਰੂਗੀ
ਤੇਰੀ ਮੇਰੀ ਗੱਲ ਤਾਂ ਹਵਾਵਾਂ ਵਿਚ ਤਰੂਗੀ
ਹਿੱਸੇ ਸਾਡੇ ਆਇਆ ਭਾਵੇਂ ਧੁੱਪਾਂ ਵਾਲਾ ਦੇਸ ਵੇ
ਭਾਲ ਕਿਤੇ ਛਾਵਾਂ ਖੁੱਲ੍ਹੇ ਗੁੰਦਲਾਂਗੇ ਕੇਸ ਵੇ
ਸਾਡੀਆਂ ਤਾਂ ਕੋਸ਼ਸ਼ਾਂ ਤੋਂ ਔਂਕੜ ਵੀ ਡਰੂਗੀ
ਤੇਰੀ ਮੇਰੀ ਗੱਲ ਤਾਂ ਹਵਾਵਾਂ ਵਿਚ ਤਰੂਗੀ
ਖ਼ਾਲੀ ਜੇਬ ਆਪਾਂ ਹਾਸਿਆਂ 'ਨਾ ਭਰ ਲਵਾਂਗੇ
'ਛੋਟੀ' ਉੱਤੇ ਮਿਹਨਤਾਂ ਦੀ ਛਾਂ ਕਰ ਲਵਾਂਗੇ
ਸਾਡੇ ਲਈ ਦੁਆਵਾਂ ਕੁੱਲ ਕਾਇਨਾਤ ਕਰੂਗੀ
ਤੇਰੀ ਮੇਰੀ ਗੱਲ ਤਾਂ ਹਵਾਵਾਂ ਵਿਚ ਤਰੂਗੀ
ਰਲ਼-ਮਿਲ ਕੱਟਲਾਂਗੇ ਜ਼ਿੰਦਗੀ ਦੀ ਵਾਟ ਵੇ
ਤੇਰੇ ਸੰਗ ਪੂਰੀ, ਮੇਰੀ ਹਰ ਇੱਕ ਘਾਟ ਵੇ
ਤਪਦੀ ਦੁਪਹਿਰ ਤੇਰੇ ਸੀਨੇ ਲੱਗ ਠਰੂਗੀ
ਤੇਰੀ ਮੇਰੀ ਗੱਲ ਤਾਂ ਹਵਾਵਾਂ ਵਿਚ ਤਰੂਗੀ
ਤੇਰਾ ਆਉਣਾ
ਤੂੰ ਆਵੇਂ ਤਾਂ ਆ ਜਾਵਣਗੇ
ਆਪੇ ਖੁਸ਼ੀਆਂ ਖੇੜੇ ਵੇ
ਤੂੰ ਚਾਵੇਂ ਤਾਂ ਭਰ ਜਾਵਣਗੇ
ਰੌਸ਼ਨੀਆਂ ਨਾਲ ਵਿਹੜੇ ਵੇ
ਤੇਰੇ ਮੱਥੇ ਚਿਣਗ ਹੈ ਜਿਹੜੀ
ਮੇਰੇ ਸੀਨੇ ਬਾਲਦੇ ਵੇ
ਮੈਥੋਂ ਮੇਰਾ ਆਪ ਗਵਾਚਾ
ਆ ਮਹਿਰਮ ਜਰਾ ਭਾਲਦੇ ਵੇ
ਜਾਂ ਚੀਰੇ ਦਾ ਰੰਗ ਹੀ ਦੇ ਜਾ
ਚੁੰਨੀ ਮੇਰੀ ਰੰਗਣ ਨੂੰ
ਉਂਝ ਤਾਂ ਮੇਰਾ ਜੀਅ ਕਰਦੈ ਵੇ
ਤੈਂਨੂੰ ਤੈਥੋਂ ਮੰਗਣ ਨੂੰ
ਤੇਰੀਆਂ ਮੌਜਾਂ, ਮੌਜ ਆਪਣੀ ਨਾਲ
ਸਾਡੀਆਂ ਮੌਜਾਂ ਤੇਰੇ ਨਾਲ
ਝਿੜਕ ਤੇਰੀ ਤੋਂ ਡਰਦੀ ਆਂ
ਮੈਂ ਆਖਾਂ ਕਿਹੜੇ ਜੇਰੇ ਨਾਲ
ਸਫ਼ਰ ਲੰਮੇਰਾ ਤੇਰੇ ਪੈਰੀਂ
ਆ ਮੇਰੇ ਨਾਲ ਵੰਡ ਲੈ ਵੇ
ਕੱਚੀਆਂ ਆਖਰ ਕੱਚੀਆਂ ਨੇ
ਤੂੰ ਪੱਕੀਆਂ ਗੰਢਾਂ ਗੰਢ ਲੈ ਵੇ
ਦਿਨ ਜੋਬਨ ਦੇ ਬੀਤੀ ਜਾਂਦੇ
ਭਟਕਦੇ ਵਿਚ ਹਨ੍ਹੇਰੇ ਆਂ
ਤੂੰ ਵੀ ਸਾਨੂੰ ਆਖ ਲੈ ਆਪਣੇ
ਅਸੀਂ ਤਾਂ ਸੱਜਣਾ ਤੇਰੇ ਆਂ
ਤਪੱਸਿਆ
ਤੇਰੇ ਤੱਕ ਆਉਂਦਿਆਂ ਮੈਂ
ਆਪਣੇ ਆਪ ਨੂੰ ਪੀ ਲਿਆ
ਖ਼ਾਲੀ ਹੋ ਕੇ ਹੀ
ਤੇਰੇ ਕੋਲ ਆਇਆ ਜਾ ਸਕਦਾ ਹੈ
ਤੂੰ ਭਰੀ ਗੜਵੀ ਨੂੰ ਪਿਆਸ ਦਾ ਵਰ ਦਿੰਨੈਂ
ਤੇ ਖ਼ਾਲੀ ਨੂੰ ਭਰ ਜਾਣ ਦੇ ਸਲੀਕੇ ਵੰਡਦੈਂ
ਰੱਬੀਆ
ਤੂੰ ਆਇਐਂ ਤਾਂ ਬਦਲ ਗਏ ਨੇ ਮੇਰੇ ਰੂਪ-ਅਕਾਰ
ਤੂੰ ਆਇਐਂ ਤਾਂ ਹੋ ਗਿਆ ਮੇਰਾ ਤਿਤਲੀ ਜਿੰਨਾ ਭਾਰ
ਤੂੰ ਆਇਐਂ ਵੇ ਲੈ ਕੇ ਆਇਐਂ ਸੁਪਨੇ, ਰੰਗ, ਬਹਾਰ
ਤੂੰ ਆਇਐਂ ਤਾਂ ਹੱਸਣ ਲੱਗਪੀ ਬਿਖੜੇ ਮਨ ਦੀ ਸਾਰ
ਤੂੰ ਆਇਐਂ ਤਾਂ ਉਮਰ ਖ਼ਾਬਾਂ ਦੀ ਹੋਗੀ ਹੋਰ ਜਵਾਨ
ਤੂੰ ਆਇਐਂ ਤਾਂ ਉੱਚੀ ਹੋਈ ਇਸ਼ਕ ਦੀ ਸੁੱਚੀ ਤਾਨ
ਤੂੰ ਆਇਐਂ ਤਾਂ ਸਹਿਜ ਹੋਇਆ ਏ ਸੋਝੀ, ਸੁਰਤ, ਧਿਆਨ
ਤੂੰ ਆਇਐਂ ਤਾਂ ਝੂਠੇ ਪੈ ਗਏ ਸੱਚ ਦੇ ਸਭ ਵਖਿਆਨ
ਤੂੰ ਆਇਐਂ ਤਾਂ ਅੱਖਰ-ਅੱਖਰ ਨਿੱਤਰਿਆ ਪਾਣੀ ਲੱਗੇ
ਤੂੰ ਆਇਐਂ ਤਾਂ ਅਕਲ ਸੰਵਾਏ ਸਾਂਵੇ-ਖੁੱਲ੍ਹੇ ਝੱਗੇ
ਤੂੰ ਆਇਐਂ ਤਾਂ ਗੀਤ ਹੀ ਬਣਗੇ ਹਾਰ, ਹਮੇਲਾਂ, ਤੱਗੇ
ਤੂੰ ਆਇਐਂ ਤਾਂ ਰੱਤੜੇ ਹੋ ਗਏ ਰੰਗ ਚਾਵਾਂ ਦੇ ਬੱਗੇ
ਤੂੰ ਆਇਐਂ ਤਾਂ ਰੁੱਤ ਗੁਲਾਬੀ, ਸ਼ਹਿਦ ਮੁਹੱਬਤੀ ਚੋਇਆ
ਤੂੰ ਆਇਐਂ ਤਾਂ ਥੱਕੀਆਂ-ਥੱਕੀਆਂ ਰੀਝਾਂ ਨੇ ਮੁੱਖ ਧੋਇਆ
ਤੂੰ ਆਇਐਂ ਤਾਂ ਖੁਸ਼ੀ 'ਚ ਬੌਰਾ ਦਿਲ ਹੱਸਿਆ ਤੇ ਰੋਇਆ
ਤੂੰ ਆਇਐਂ ਤਾਂ ਆਪਾ ਲੱਭਾ, ਬਾਕੀ ਸਭ ਕੁਝ ਖੋਇਆ
ਰੱਬੀਆ-੨
ਤੇਰੇ ਆਉਣ 'ਤੇ ਟਹਿਕਣ ਲੱਗਪੇ ਉਮਰ ਦੇ ਰੰਗ ਉਦਾਸੇ
ਪਾਣੀ ਲੱਗਪੇ ਗਾਉਣ ਤੇ ਪੌਣਾਂ ਵੰਡਦੀਆਂ ਫਿਰਨ ਪਤਾਸੇ
ਤੇਰੇ ਆਉਣ 'ਤੇ ਆਈਆਂ ਕਣੀਆਂ ਟੁੱਟਗੇ ਕੁੱਲ ਚੁਮਾਸੇ
ਮੁਸਕਣੀ ਤੇਰੀ ਘੋਲ਼ ਦਿੱਤੇ ਨੇ ਸਭ ਗੱਲਾਂ ਵਿਚ ਹਾਸੇ
ਹੁਣ ਸਾਡੀ ਹਰ ਮਰਜ਼ ਦਾ ਦਾਰੂ ਕੋਲ ਤੇਰੇ ਹੀ ਮਿਲਦਾ
ਵੇ ਅਜਨਬੀਆ ਰੱਬੀਆ, ਮਹਿਰਮ ਬਣ ਬੈਠੈ ਤੂੰ ਦਿਲ ਦਾ
ਛੋਹ ਤੇਰੀ 'ਨਾ ਚੁੱਕੀ ਫਿਰੀਏ ਕਵਿਤਾ, ਕਿੱਸੇ, ਕਲਮਾਂ
ਨਜ਼ਰ ਤੇਰੀ ਨਾ ਹੋਵੇ ਸਾਥੋਂ ਅੱਖਰ ਵੀ ਨਈਂ ਹਿੱਲਦਾ
ਅੱਜ ਫੁੱਲਾਂ ਦੀ ਮਹਿਕ 'ਚ ਰਲ਼ਕੇ ਧਰਤੀ ਮਹਿਕ ਖਿੰਡਾਵੇ
ਵੇ ਚਾਨਣ ਦੇ ਵਰਗਿਆ ਤੇਰੀ ਤਾਬ ਝੱਲੀ ਨਾ ਜਾਵੇ
ਗਲ-ਗਲ ਆਈਆਂ ਖੁਸ਼ੀਆਂ ਨੂੰ ਮੈਂ ਕਿਦਾਂ ਰੱਖਾਂ ਡੱਕ ਕੇ
ਵਿਹੜੇ ਸਾਡੇ ਚੜ੍ਹਿਆ ਸੂਰਜ ਸੰਗੀ ਜਾਵਾਂ ਦੱਸ ਕੇ
ਰੌਸ਼ਨ-ਰੌਸ਼ਨ ਹੋ ਗਈ ਰੂਹ, ਦੇਹ ਲੈਂਦੀ ਕਨਸੋਅ ਵੇ
ਮੇਰੇ ਸੀਨੇ ਦੇ ਵਿਚ ਬਲ਼ ਪਈ ਨਾਮ ਤੇਰੇ ਦੀ ਲੋਅ ਵੇ
ਮੈਂ ਦੀਵਾ, ਮੈਂ ਬਾਤੀ, ਮੈਂ ਹੀ ਹੀਰ ਤੇ ਰਾਂਝਾ ਹੋਈ
ਆਉਂਦਾ ਰਹੀਂ ਤੂੰ ਚਾਨਣ ਰੰਗਿਆ ਸੁਣ ਸਾਡੀ ਅਰਜ਼ੋਈ
ਅੱਧੀਆਂ ਗੱਲਾਂ
ਧੂੜ ਕੇ ਜਾਦੂ
ਕਰਕੇ ਅੱਧੀਆਂ-ਕੁ ਗੱਲਾਂ
ਵਿਸ਼ਰਾਮ ਦੇ ਦਿੰਨੀਂ ਏਂ
ਉਮਰ ਭਰ ਦਾ
..............।
ਹੁਣ ਜਦੋਂ
ਉਮੀਦ ਦੇ ਬਿਲਕੁਲ ਉਲਟ
ਮਿਲ ਹੀ ਪਏ ਹਾਂ
ਇਸ ਜਨਮ 'ਚ
ਤਾਂ ਇਸ ਵਾਰ
ਹਰ ਜਾਦੂ ਦਾ ਤੋੜ
ਹਰ ਵਿਸ਼ਰਾਮ ਤੋਂ ਅਗਲਾ ਖਲਾਅ
ਲੈ ਕੇ ਹਾਜ਼ਰ ਹਾਂ !
ਇਸ ਵਾਰ ਮੈਂ
ਗਿਆਤ ਨੂੰ ਭੁੱਲ ਜਾਣ ਦੀ
ਪੂਰੀ ਕਥਾ ਸੁਣਾਂਗਾ ਤੈਥੋਂ !
ਖ਼ਾਲੀ ਥਾਂ
ਤੇਰੇ ਆਉਣ ਨਾਲ ਹੀ
ਭਰਦੀ ਹੈ ਖ਼ਾਲੀ ਥਾਂ
ਹੋਰ ਕੋਈ ਵੀ ਆਵੇ
ਬਸ ਜਗ੍ਹਾ ਘੇਰਦਾ ਹੈ
ਵਸਲ
ਖੌਰੇ ਕਿਹੜੇ ਜਨਮਾਂ ਦੇ
ਵਿਛੜੇ ਮਿਲੇ ਹਾਂ
ਕੀਤਾ ਲੇਖਾਂ ਦਾ ਸਵਾਲ ਰੱਬ ਹੱਲ ਵੇ
ਸਾਨੂੰ ਰਾਸ ਆਗੀ
ਤੇਰੇ ਪਿਆਰ ਦੀ ਤਾਮੀਲ
ਜਿੰਦ ਬਿਨਾਂ ਤੇਰੇ ਕੱਟਦੀ ਨਾ ਪਲ ਵੇ
ਅੱਖਾਂ ਨੂੰ ਏ ਯਾਦ
ਇਕੋ ਦੀਦ ਦੀ ਨਮਾਜ਼
ਸੀਨੇ ਵਸਲਾਂ ਦੇ ਗੂੰਜਦੇ ਨੇ ਟੱਲ ਵੇ
ਲੱਖਾਂ ਹੀ ਨਿਆਮਤਾਂ ਤੋਂ
ਚੰਗਾ ਲੱਗੇ ਸਾਨੂੰ
ਤੇਰਾ, ਝੂਠੀਆਂ ਗੱਲਾਂ ਦਾ, ਸੁੱਚਾ ਝੱਲ ਵੇ
ਆਕੜਾਂ 'ਚ ਭਿੱਜੇ ਅਸੀਂ
ਆਪਣੇ 'ਚ ਰੁੱਝੇ
ਕੁੱਲ ਦੁਨੀਆਂ ਨੂੰ ਜਾਣਦੇ ਸਾਂ ਡੱਲ ਵੇ
ਸਿਖ਼ਰ ਦੁਪਹਿਰੇ
ਸਾਡੇ ਮਾਣ ਦੇ ਚਉਬਾਰੇ
ਤੇਰੇ ਇਸ਼ਕੇ ਦਾ ਢਾਅ ਗਿਆ ਈ ਮੱਲ੍ਹ ਵੇ
ਨਿਰੀ ਬੇਕਰਾਰੀ ਪੱਲੇ
ਸਾਹਾਂ 'ਚ ਉਡਾਰੀ
ਜਦੋਂ ਸੱਜਣਾਂ ਦਾ ਰਾਹ ਬਹੀਏ ਮੱਲ ਵੇ
ਮੇਟਤੀਆਂ ਲੀਕਾਂ
ਵੇ ਮੈਂ ਭੰਨਤੀਆਂ ਰੋਕਾਂ
ਆਹ ਲੈ ਆ ਗਈ ਟੱਪ ਰੀਤਾਂ ਦੇ ਮਹੱਲ ਵੇ
ਸ਼ਾਂਤ ਨਦੀ
ਗੱਲਾਂ ਗੱਲਾਂ 'ਚ ਆਖਿਆ ਮੈਂ;
ਬਹੁਤ ਗਹਿਰੀ ਏਂ ਤੂੰ
ਉਹ ਮੁਸਕੁਰਾਈ,
ਤੇ ਆਖਿਆ;
ਫਿਰ ਡੁੱਬ ਕਿਉਂ ਨਹੀਂ ਜਾਂਦਾ
ਉਦੋਂ ਦਾ ਹੈਰਾਨ ਹੋਇਆ ਮੈਂ
ਕਿਤਾਬਾਂ ਫਰੋਲੀ ਜਾਨਾਂ
ਜਵਾਬ ਨਹੀਂ ਲੱਭਦਾ
ਉਦੋਂ ਦੀ ਸ਼ਾਂਤ ਬੈਠੀ ਉਹ
ਜਿਵੇਂ ਹੋਰ ਗਹਿਰੀ ਹੋ ਗਈ ਹੋਵੇ
ਤੇਰਾ ਨਾਂ
ਹਰ ਧੁੱਪ ਤੋਂ ਤਿੱਖਾ, ਹਰ ਸ਼ਾਮ ਤੋਂ ਸੋਹਣਾ
ਤੁਸਾਂ ਦਾ ਨਾਮ ਸੱਜਣ ਜੀ, ਹਰ ਨਾਮ ਤੋਂ ਸੋਹਣਾ
ਮੁਹੱਬਤਾਂ ਦੇ ਦਾਅ
ਆਜਾ ਖੇਡੀਏ ਮੁਹੱਬਤਾਂ ਦੇ ਦਾਅ ਹਾਣੀਆਂ
ਭਾਵੇਂ ਦੂਰ ਨੇ ਹਕੀਕਤਾਂ ਦੇ ਰਾਹ ਹਾਣੀਆਂ
ਮਾਂ ਦਿਆ ਚੰਨਿਆ ਵੇ ਦਿਲਾਂ ਦੇ ਨਵਾਬ ਮਾਹੀ
ਵੇਖ ਤੈਨੂੰ ਜਗਦੇ ਨੇ ਸਾਹਾਂ ਦੇ ਚਰਾਗ਼ ਮਾਹੀ
ਝੋਲੀ ਮੇਰੀ ਵਿਚ ਖ਼ੈਰਾਂ ਦੇ ਤੂੰ ਪਾ ਹਾਣੀਆਂ
ਆਜਾ ਖੇਡੀਏ ਮੁਹੱਬਤਾਂ ਦੇ ਦਾਅ ਹਾਣੀਆਂ
ਕਿੰਨਾਂ ਨਫ਼ਾ ਹੋਣਾ ਏ ਤੇ ਕਿੰਨਾਂ ਹਰਜਾਨਾ ਸਾਨੂੰ
ਹਾਲੇ ਤਾਂ ਵੇ ਸਹਿਣਾ ਪੈਣੇ, ਦੁਨੀਆਂ ਦਾ ਤਾਨਾ ਸਾਨੂੰ
ਭੈੜੇ ਲੋਕਾਂ ਦਾ ਖਾਵਾਂ ਕੀ ਵਸਾਅ ਹਾਣੀਆਂ
ਆਜਾ ਖੇਡੀਏ ਮੁਹੱਬਤਾਂ ਦੇ ਦਾਅ ਹਾਣੀਆਂ
ਉਮਰਾਂ ਦੇ ਪਾਣੀਆਂ 'ਚ ਘੁਲ਼ਆਿ ਸੰਧੂਰੀ ਰੰਗ
ਫਿਕੜੀ ਜਿਹੀ ਜਿੰਦਗੀ ਲਈ ਬੜਾ ਹੀ ਜ਼ਰੂਰੀ ਰੰਗ
ਸਾਨੂੰ ਰੰਗ ਦੇ ਤੂੰ ਆਪਣਾ ਚੜ੍ਹਾ ਹਾਣੀਆਂ
ਆਜਾ ਖੇਡੀਏ ਮੁਹੱਬਤਾਂ ਦੇ ਦਾਅ ਹਾਣੀਆਂ
ਤੇਰੇ ਬਿਨਾਂ ਜੱਚਦੀ ਨਈਂ ਜ਼ਿੰਦਗੀ ਦੀ ਰਾਸ ਢੋਲਾ
ਹੋਊ ਮਨਜ਼ੂਰ ਦਿਲੋਂ ਕੀਤੀ ਅਰਦਾਸ ਢੋਲਾ
ਜਿੰਨੀ ਲੱਗੀ ਵੇ ਲਾਵਾਂਗੇ ਆਪਾਂ ਵਾਹ ਹਾਣਿਆਂ
ਆਜਾ ਖੇਡੀਏ ਮੁਹੱਬਤਾਂ ਦੇ ਦਾਅ ਹਾਣੀਆਂ
ਬਾਬਾ ਬੇਲੀ
ਅੱਖਾਂ ਵਿਚ ਭਰ ਦਿੰਦਾ
ਮੌਸਮਾਂ ਦੇ ਰੰਗ ਜਿਹੜਾ
ਪੜ੍ਹ ਲੈਂਦਾ ਮੱਥਿਆਂ ਦੇ ਚਾਅ
ਪਾਏ ਜਿੰਨ੍ਹੇ ਪੱਥਰਾਂ ਤੇ
ਸ਼ੀਸ਼ਿਆਂ ਦੇ ਭੇਤ ਸਾਰੇ
ਮਿਲਿਆ ਕੋਈ ਅੱਥਰਾ ਜਿਹਾ
ਸੱਜਣ ਜੀ ਪਾਉਣ ਜਦੋਂ
ਬਾਤ ਰਸ ਭਿੰਨੜੀ ਜਿਹੀ
ਥੱਕੀਆਂ ਪੌਣਾਂ ਨੂੰ ਆਵੇ ਸਾਹ
ਨੀ ਮਾਏਂ
ਰੰਗਾਂ ਵਾਲੇ ਰੰਗ ਗਏ ਚੜ੍ਹਾ
ਉਮਰਾਂ ਦੇ ਵਹਿਣ ਟੱਪੇ
ਕੱਲੇ ਗੀਤ ਗਾਉਂਦਿਆਂ ਦੇ
ਬਣਿਆਂ ਨਾ ਸੰਗੀ ਕੋਈ ਮਲਾਹ
ਜਿਹੜਾ ਕੋਈ ਜਾਪਿਆ ਨੀਂ
ਬੇਲੀ ਸਾਡੇ ਮੇਚ ਦਾ ਉਹ
ਗਿਆ ਸਾਨੂੰ ਡੂੰਘੇ ਥਾਂ ਵਹਾ
ਹੇਕਾਂ ਵਿਚੋਂ ਸੇਕ ਲੱਭੇ
'ਕੱਲਤਾ 'ਚੋਂ ਭੇਤ ਲੱਭੇ
ਅੱਖਰਾਂ 'ਚੋਂ ਲੱਭਾ ਜੀਹਨੂੰ ਰਾਹ
ਨੀ ਮਾਏਂ ਰੰਗਾਂ ਵਾਲੇ ਰੰਗ ਗਏ ਚੜ੍ਹਾ
ਇਸ਼ਕਾਂ ਦੀ ਪੀੜ ਦਾ
ਬਰੋਟਾ ਲਾ ਕੇ ਹਿੱਕੜੀ 'ਚ
ਰਿਹਾ ਕੋਈ ਦੁੱਖ ਨਾ ਉਮਾਹ
ਹੰਝੂ ਸਾਡੇ ਬਹੁਤ ਮਹਿੰਗੇ
'ਕੱਲਿਆਂ ਦੇ ਹਾਣ ਦੇ ਨੀਂ
ਹਾਸੇ ਸਾਡੇ ਸਸਤੇ ਜਿਹੇ ਭਾਅ
ਸ਼ਾਇਰ ਫ਼ਕੀਰ ਫਿਰ
ਮੌਜ ਵਿਚ ਆ ਕੇ ਲਈ
ਦੁਨੀਆਂ ਦੇ ਵਿਹੜੇ ਮੰਜੀ ਡਾਹ
ਨੀ ਮਾਏਂ
ਰੰਗਾਂ ਵਾਲੇ ਰੰਗ ਗਏ ਚੜ੍ਹਾ
ਆਦਮ ਪਰਿਕਰਮਾ
ਉਹਦੇ ਤੁਰਨ ਨਾਲ
ਧਰਤੀ ਘੁੰਮਦੀ
ਹਵਾ ਸਾਹ ਲੈਂਦੀ
ਪਾਣੀ ਦੀ ਤੇਹ ਬੁਝਦੀ
ਇਹ ਸਭ ਵਰਤਾਰਾ
ਉਹਦੇ ਤੁਰਨ ਦੀ ਖੇਡ ਹੈ
ਤੇ ਉਹ ਇਸ ਸਭ ਕਾਸੇ ਤੋਂ
ਅਣਜਾਣ ਬਣਦਾ
ਮਿੱਟੀ ਨਾਲ ਖੇਡਦਾ ਰਹਿੰਦਾ
ਚਾਅ
ਦਿਲ ਵਿਚ ਦੱਬੀਆਂ ਜੋ
ਗੱਲਾਂ ਸਭ ਕਹਿਣ ਦਾ
ਸਾਨੂੰ ਕਿਹੜਾ ਚਾਅ ਨਹੀਂ ਵੇ
ਤੇਰੇ ਕੋਲ ਬਹਿਣ ਦਾ
ਹਾਲੇ ਤੇਰੀ ਵਾਜ ਬਸ ਕੰਨੀਂ ਰਸ ਘੋਲ਼ਦੀ ਏ
ਬੋਲਣੇ ਨੂੰ ਫੋਟੋ ਤੇਰੀ ਬੜਾ ਕੁਝ ਬੋਲਦੀ ਏ
ਫੁੱਲਾਂ ਵਾਂਗੂ ਮਹਿਕਦੇ ਦਾ ਹੱਥ ਫੜ੍ਹ ਲੈਣ ਦਾ
ਸਾਨੂੰ ਕਿਹੜਾ ਚਾਅ ਨਹੀਂ ਵੇ ਤੇਰੇ ਕੋਲ ਬਹਿਣ ਦਾ
ਢੋਅ ਲਈ ਬਥੇਰੀ ਚੰਨਾਂ ਦੁੱਖਾਂ ਵਾਲ਼ੀ ਪੰਡ ਵੇ
ਘੋਲ਼ ਦੇ ਉਦਾਸੀਆਂ 'ਚ ਹਾਸਿਆਂ ਦੀ ਖੰਡ ਵੇ
ਮੁੱਕ ਗਿਆ ਜੇਰਾ ਹੁਣ ਦੂਰੀਆਂ ਨੂੰ ਸਹਿਣ ਦਾ
ਸਾਨੂੰ ਕਿਹੜਾ ਚਾਅ ਨਹੀਂ ਵੇ ਤੇਰੇ ਕੋਲ ਬਹਿਣ ਦਾ
ਰੀਝਾਂ ਵਿਚ ਰੰਗੀ-ਰੰਗੀ ਡੁੱਬੀ-ਡੁੱਬੀ ਸ਼ਾਮ ਦਾ
ਸਾਡੇ ਕੋਲੇ ਰੰਗ ਮਾਹੀਆ ਇਕੋ ਤੇਰੇ ਨਾਮ ਦਾ
ਰੱਖਿਆ ਛੁਪਾ ਕੇ ਤੂੰ ਹੀ ਪਤਾ ਮੇਰੇ ਚੈਨ ਦਾ
ਸਾਨੂੰ ਕਿਹੜਾ ਚਾਅ ਨਹੀਂ ਵੇ ਤੇਰੇ ਕੋਲ ਬਹਿਣ ਦਾ
ਤੇਰੇ ਗਲ ਲਗਣੇ ਦੀ ਕੀਤੀ ਆ ਉਡੀਕ ਵੇ
ਮਸਾਂ ਕਿਤੇ ਰਾਸ ਆਈ ਮੱਥਿਆਂ ਦੀ ਲ੍ਹੀਕ ਵੇ
ਚਿਰਾਂ ਬਾਅਦ ਜਾ ਕੇ ਵੱਸ ਚੱਲਿਆ ਸ਼ੁਦੈਣ ਦਾ
ਸਾਨੂੰ ਕਿਹੜਾ ਚਾਅ ਨਹੀਂ ਵੇ ਤੇਰੇ ਕੋਲ ਬਹਿਣ ਦਾ
ਰੀਝ ਦੇ ਝੱਗੇ
ਝੁਮਕੇ ਪਾ ਕੇ ਆਈ ਤਿਤਲੀ
ਧੁੱਪ ਮਜਾਜਣ ਨਾ ਕੇ ਨਿਕਲੀ
ਰਲ਼ ਰੁੱਖਾਂ ਨੇ ਸਰਗਮ ਗਾਈ
ਆ ਲੈ ਪੌਣ ਠੁਮਕਦੀ ਆਈ
ਛਾਵਾਂ ਨੂੰ ਚੜ੍ਹੀਆਂ ਫਿਰਨ ਖ਼ੁਮਾਰੀਆਂ
ਨੀਂ ਸਾਨੂੰ ਇਹ ਰੁੱਤਾਂ ਬਹੁਤ ਪਿਆਰੀਆਂ
ਰੰਗਾਂ ਦੇ ਵਿਚ ਮੌਲੇ ਧਰਤੀ
ਮੌਲੇ, ਧੀਮਾ ਬੋਲੇ ਧਰਤੀ
ਨੀਝਾਂ ਲਾ ਲਾ ਤੱਕੇ ਅੰਬਰ
ਤੱਕੇ ਪਰ ਨਾ ਥੱਕੇ ਅੰਬਰ
ਖੋਲ੍ਹ ਕੇ ਬੈਠੇ ਚੱਤੋ-ਪਹਿਰ ਹੀ ਬਾਰੀਆਂ
ਨੀਂ ਸਾਨੂੰ ਇਹ ਰੁੱਤਾਂ ਬਹੁਤ ਪਿਆਰੀਆਂ
ਖੁਸ਼ਬੂਆਂ ਨੇ ਟਹਿਕਣ ਲਾਇਆ
ਆਲ ਦੁਆਲਾ ਮਹਿਕਣ ਲਾਇਆ
ਕਾਟੋ ਨੂੰ ਵੀ ਪਤਾ ਨਾ ਲੱਗੇ
ਕਿਹੜੀ ਖਾਵੇ ਕਿਹੜੀ ਛੱਡੇ
ਅੰਮੜੀ, ਚੀਜ਼ਾਂ ਖਾਣ ਨੂੰ ਕਈ ਖਿਲਾਰਈਆਂ
ਨੀਂ ਸਾਨੂੰ ਇਹ ਰੁੱਤਾਂ ਬਹੁਤ ਪਿਆਰੀਆਂ
ਇਸ਼ਕ ਨੇ ਸੁਰਮਾਂ ਸੱਜਰਾ ਪਾਇਆ
ਰੀਝ ਨੇ ਝੱਗੇ ਨਵੇਂ ਸੰਵਾਏ
ਦੇਖ ਤੂੰ ਹੀਰੇ ਦਰ ਤੇਰੇ 'ਤੇ
ਆਏ ਜੋਗੀ ਦੂਰ ਤੋਂ ਆਏ
ਕੰਨਾਂ ਦੇ ਵਿਚ ਮੁੰਦਰਾਂ ਟੂਣੇਹਾਰੀਆਂ
ਨੀਂ ਸਾਨੂੰ ਇਹ ਰੁੱਤਾਂ ਬਹੁਤ ਪਿਆਰੀਆਂ
ਜਜ਼ਬੇ ਦੀ ਮੀਨਾਕਾਰੀ
ਅਸੀਂ ਡੋਲਦੇ ਅਸਮਾਨ ਨੂੰ ਸੰਭਾਲਣਾ ਹਜੇ
ਇਸ ਜਜ਼ਬੇ ਨੂੰ ਸੀਨੇ ਵਿਚ ਪਾਲਣਾ ਹਜੇ
ਅਸੀਂ ਕਰਾਂਗੇ ਹਵਾਵਾਂ ਉੱਤੇ ਮੀਨਾਕਾਰੀਆਂ
ਬਾਕੀ ਬਚਦੇ ਰੁਝੇਵਿਆਂ ਨੂੰ ਟਾਲਣਾ ਹਜੇ
ਅਸੀਂ ਪਾਣੀਆਂ ਦੇ ਉੱਤੇ ਤੁਰ ਤੁਰ ਵੇਖਣਾ
ਫਿਰ ਪੱਥਰਾਂ ਦੇ ਵਾਂਗ ਭੁਰ-ਭੁਰ ਵੇਖਣਾ
ਅਸੀਂ ਮਿੱਟੀਆਂ ਨੂੰ ਚੁੰਮਣਾਂ ਤੇ ਮਿੱਟੀ ਹੋ ਜਾਣਾ
ਅਸੀਂ ਸਮਿਆਂ ਦੇ ਸੱਚ ਨੂੰ ਹੰਗਾਲਣਾ ਹਜੇ
ਅਸੀਂ ਤਾਰਿਆਂ ਦੀ ਗਿਣਤੀ ਵੀ ਕਰ ਜਾਵਣੀ
ਰਹਿੰਦੀ ਚੰਨ ਵਾਲੀ ਵਿੱਥ ਵੀ ਹੈ ਭਰ ਆਵਣੀ
ਅਸੀਂ ਸੂਰਜੇ ਦਾ ਮੱਥਾ ਚੁੰਮ ਕੇ ਵਿਖਾਵਣਾ
ਇਸ ਹੌਂਸਲੇ ਦਾ ਦੀਪ ਵੀ ਤਾਂ ਬਾਲਣਾ ਹਜੇ
ਅਸੀਂ ਰੁੱਖਾਂ ਨਾਲ ਪਾਉਣੀਆਂ ਬੁਝਾਰਤਾਂ ਵੀ ਨੇ
ਸਿਖ ਲੈਣੀਆਂ ਇਹ ਅਸਲ ਮੁਹਾਰਤਾਂ ਵੀ ਨੇ
ਅਸੀਂ ਫੁੱਲਾਂ ਨਾਲ ਇਸ਼ਕ ਲੜਾਉਣਾ ਵੀ ਤਾਂ ਹੈ
ਅਸੀਂ ਖ਼ਾਰਾਂ ਵਿਚੋਂ ਖ਼ੁਦ ਨੂੰ ਹੈ ਭਾਲਣਾ ਹਜੇ
ਅਸੀਂ ਕਰਾਂਗੇ ਹਵਾਵਾਂ ਉੱਤੇ ਮੀਨਾਕਾਰੀਆਂ
ਬਾਕੀ ਬਚਦੇ ਰੁਝੇਵਿਆਂ ਨੂੰ ਟਾਲਣਾ ਹਜੇ
ਬੇਖੌਫ਼ ਹਵਾ
ਹਾਲੇ ਤਾਂ ਸਾਡੇ ਅੰਦਰ ਬੈਠੇ
ਜੰਗਲ ਨੇ ਬਗਾਵਤ ਕਰਨੀ ਹੈ
ਸਭਿਅਤਾ ਦੇ ਲਿਬਾਸ ਨੂੰ ਲੀਰੋ ਲੀਰ ਕਰਨੈਂ
ਤਮਾਮ ਮਿਲੀਆਂ, ਦਿੱਤੀਆਂ, ਵੰਡੀਆਂ ਗਈਆਂ ਪਛਾਣਾਂ ਤੋਂ
ਰੂਪੋਸ਼ ਹੋ ਕੇ ਮਿਲਣਾ ਹੈ ਅਸੀਂ
ਮਿਲਣਾ ਹੈ ਕਿ ਜਿੱਥੇ
ਆਦੇਸ਼, ਵਰਜਣਾਵਾਂ ਜਿਹਾ ਕੁਝ ਵੀ ਨਹੀਂ ਸੀ
ਜਿੱਥੇ ਤੇਰੇ ਮੇਰੇ ਹਿੱਸੇ ਦੀ
ਆਜ਼ਾਦ, ਬੇਖੌਫ਼ ਹਵਾ ਵੱਗਦੀ ਸੀ
ਜਿੱਥੇ ਸਾਡੀ ਸਰੀਰਾਂ ਦੀ ਖਿੱਚ ਓਨੀ ਹੀ ਸੁੱਚੀ ਸੀ
ਜਿੰਨਾ ਸੁੱਚਾ ਰੱਬ ਦਾ ਨਾਂ
ਜਿੱਥੇ ਸਭ ਕੁਝ ਬਿਨਾਂ ਕਿਸੇ ਕਾਰਨ ਤੋਂ ਆਪਣਾ ਹੀ ਸੀ
ਆਪਾਂ ਉੱਥੇ
ਉਵੇਂ ਹੀ ਮਿਲਦੈਂ ਹੁਣ
ਬਿਨਾਂ ਕਿਸੇ ਕਾਰਨ ਤੋਂ !
ਔਰਤ ਪਰਿਦੱਖਣਾ
ਇੱਕ ਝੁਮਕੇ ਉਹਦੇ ਮਹਿਕਾਂ ਬੱਧੀਆਂ
ਇੱਕ ਝੁਮਕੇ ਕੁੱਲ ਜਹਾਨ
ਜੋ ਬਣਦੀ ਅਣਜਾਣ !
ਉਦ੍ਹਾ ਕੀ ਰਚ ਦੇਂਦੀ ਏ
ਗੀਤਾ, ਵੇਦ, ਕੁਰਾਨ
ਉਦ੍ਹਾ ਕੀ ਏ ਬਣ ਜਾਂਦੀ ਏ
ਸ਼ੀਹਣੀਂ ਸਤਿ-ਕਿਰਪਾਨ
ਆਪਣੀ ਗੋਦ ਹੀ ਜੰਮੇਂ ਪਾਲੇ
ਲੱਖ ਚੁੰਮਣ ਕਰਦੀ ਦਾਨ
ਫੇਰ ਮੇਰੇ ਗੀਤਾਂ ਦੀ ਬੁੱਕਲ
ਬੈਠ ਕੇ ਧਰੇ ਧਿਆਨ
ਰੂਪ ਉਹਦੇ ਦੀ ਵਿਥਿਆ ਸਾਰੀ
ਜੀਵਨ ਉਸਦਾ ਵਖਿਆਨ
ਛਾਂ ਉਹਦੀ ਵਿਚ ਖੇਡ ਖੇਡ ਕੇ
ਹੁੰਦੇ ਰੱਬ ਜਵਾਨ
ਉਹਦੀਆਂ ਅੱਖਾਂ ਕਰਕੇ
ਸ਼ਰਬਤੀ ਅੱਖਾਂ ਵਾਲੀ ਕੁੜੀ ਨੇ ਪੁੱਛਿਆ ਸੀ
ਤੈਨੂੰ ਕਿਹੜੇ ਰੰਗ ਪਸੰਦ ਨੇ
ਮੁਹੱਬਤ ਦੇ ਸਾਰੇ ਰੰਗ
ਮੈਂ ਆਖਿਆ;
ਉਹ ਹੱਸੀ
ਫਿਰ
ਡੂੰਘੀ ਚੁੱਪ ਧਾਰ ਲਈ
ਦਿਨ, ਮਹੀਨੇ, ਸਾਲ ਗੁਜ਼ਰੇ !
ਹੁਣ
ਸ਼ਰਬਤੀ ਅੱਖਾਂ ਵਾਲੀ ਕੁੜੀ
ਕੁਝ ਨਹੀਂ ਪੁੱਛਦੀ
ਤੇ ਮੈਨੂੰ ਹਾਲੇ ਵੀ
ਮੁਹੱਬਤ ਦੇ ਸਾਰੇ ਰੰਗ ਪਸੰਦ ਨੇ
ਸਾਂਵਲਾ-ਚੰਨ
ਇੱਕ ਸਾਂਵਲੇ ਚੰਨ ਦਾ ਖਾਬ ਕੈਸਾ
ਫਿਰੇ ਤੈਰਦਾ ਸੁਰਖ਼ ਸਵੇਰਿਆਂ 'ਤੇ
ਬਹਿ ਗਏ ਯਾਦ ਤੇਰੀ ਦੇ ਮੋਰ ਆ ਕੇ
ਮੇਰੇ ਗੀਤਾਂ ਦੇ ਸੁਬਕ ਬਨੇਰਿਆਂ 'ਤੇ
ਗੱਲ ਛਿੜੀ ਤੇਰੀ ਜਦ ਭਾਗਪਰੀਏ
ਧੁੱਪਾਂ ਨੱਚੀਆਂ ਛਾਵਾਂ ਦੇ ਡੇਰਿਆਂ 'ਤੇ
ਇੱਕ ਪਾਰਖੂ ਖ਼ਿਆਲ ਦੀ ਰੌਸ਼ਨੀ ਦਾ
ਹੋਇਆ ਹੱਲਾ ਨੀਂ ਘੁੱਪ ਹਨ੍ਹੇਰਿਆਂ 'ਤੇ
ਝਿੜੀਆਂ ਚਹਿਕੀਆਂ ਨਾਲ ਪੰਖੇਰੂਆਂ ਦੇ
ਨਿਗ੍ਹਾ ਚਹਿਕੀ ਨੀਂ ਨਕਸ਼ਾਂ ਤੇਰਿਆਂ 'ਤੇ
ਰੁੱਖ ਪੱਟੇ ਜਿਓਂ ਕੜਕਦੀਆਂ ਬਿਜਲੀਆਂ ਨੇ
ਅਸੀਂ ਮਿਟੇ ਨੀਂ ਹੁਸਨ ਬਟੇਰਿਆਂ 'ਤੇ
ਨਿੱਤਰੀ-ਨਜ਼ਰ
ਤੇਰਾ ਸਾਥ ਵੇ ਠੰਢਿਆਂ ਬੁੱਲਿਆਂ ਦਾ
ਤੇਰੀ ਛੋਹ ਵੇ ਫੁੱਲਾਂ ਦੀ ਚੁੱਪ ਵਰਗੀ
ਤੇਰੀਆਂ ਬਾਤਾਂ ਦੀ ਛਾਂ ਨੇ ਸੁਖ਼ਨਵਰਾ
ਜਿੰਦ ਕੀਲਤੀ ਹਾੜ ਦੀ ਧੁੱਪ ਵਰਗੀ
ਤੇਰੇ ਮੱਥੇ ਨੂੰ ਇਲਮ ਇਬਾਰਤਾਂ ਦਾ
ਅੱਖਾਂ ਮਸਤ ਵੇ ਮਸਤ ਫ਼ਕੀਰ ਜਿਹੀਆਂ
ਧਰੇਂ ਧਿਆਨ ਖੌਰੇ ਕਿਸ ਮੁੱਖੜੇ ਦਾ
ਜੋੜੇਂ ਤਰਜ਼ਾਂ, ਵਾਰਿਸ ਦੀ ਹੀਰ ਜਿਹੀਆਂ
ਤੇਰੀ ਵੰਝਲੀ 'ਚੋਂ ਉੱਠੀ ਹੂਕ ਜਿਹੜੀ
ਬਣੀਂ ਮੰਤਰ ਓਹੀ, ਓਹੀਓ ਨਾਦ ਹੋਈ
ਤੇਰੇ ਪੈਰਾਂ ਨੂੰ ਛੂਹ ਕੇ ਰਾਂਝਿਆ ਵੇ
ਖ਼ਾਕ, ਖੀਰਾਂ ਤੋਂ ਕਿਤੇ ਸਵਾਦ ਹੋਈ
ਬੰਨ੍ਹੀਂ ਖ਼ਿਆਲ ਦੀ ਕੰਨੀ 'ਨਾ ਝਲਕ ਤੇਰੀ
ਵੱਡੀ ਹੋ ਗਈ ਵੇ, ਪੂਰੀ ਯਾਦ ਬਣਗੀ
ਭੋਰਾ ਖ਼ਬਰ ਹੋਈ ਨਾ ਜਾਦੂਗਰਾ
ਆਕੜ ਸਾਡੀ ਕਦੋਂ, ਫਰਿਆਦ ਬਣਗੀ
ਸਭ ਝੂਠ ਤੇ ਸੱਚ ਹੁਣ ਇਕ ਹੋਏ
ਬੋਲੇ ਬੋਲ ਤੂੰ, ਸੁੱਚੜੇ ਦੀਨ ਹੋ ਗਏ
ਤੇਰੀ ਨਿੱਤਰੀ ਨਜ਼ਰ 'ਚੋਂ ਲੰਘ ਕੇ ਵੇ
ਅਸੀਂ ਨਿੱਖਰੇ ਹੋਰ ਹੁਸੀਨ ਹੋ ਗਏ
ਰੁੱਤ-ਸੁਹਾਵੀ
ਜਦ ਧਰਤੀ ਸੋਹਿਲੇ ਗਾਂਵਦੀ
ਜਦ ਪੌਣਾਂ ਰਚਨ ਵਿਆਹ
ਫਿਰ ਹਰੇ ਕਚੂਰ ਜਿਹੇ ਰੁੱਖੜੇ
ਸਾਨੂੰ ਗੋਦੀ ਲੈਣ ਬਿਠਾ
ਕੋਈ ਤਿੱਤਲੀ ਹੋਠਾਂ ਬੈਠ ਕੇ
ਸਾਡਾ ਅੰਗ ਅੰਗ ਦਏ ਨਸ਼ਿਆ
ਨਾਲੇ ਖੁਸ਼ ਹੋ ਬੱਦਲ ਵਰਸਦੇ
ਸਭ ਪੱਤੇ ਲੈਣ ਨਹਾ
ਜਦ ਧੁੱਪਾਂ ਗਿੱਧੇ ਪਾਉਂਦੀਆਂ
ਸਾਨੂੰ ਓਸ ਰੁੱਤ ਦਾ ਚਾਅ
ਜਿਥੇ ਕਣੀਆਂ ਦੇ ਕਾਂਟੜੇ
ਪਾ ਮੱਛਰੀ ਫਿਰਦੀ ਪੌਣ,
ਜਿਥੇ ਪਿੱਪਲ ਬੋਲੀ ਚੱਕਦੇ
ਜਿਥੇ ਡੇਕਾਂ ਤੀਆਂ ਲਾਉਣ
ਜਿਥੇ ਨਾਮ ਸੱਜਣ ਦਾ ਲੈਂਦਿਆਂ
ਆਏ ਸੁੱਚਾ ਹੋ ਹੋ ਸਾਹ
ਜਦ ਧੁੱਪਾਂ ਗਿੱਧੇ ਪਾਉਂਦੀਆਂ
ਸਾਨੂੰ ਓਸ ਰੁੱਤ ਦਾ ਚਾਅ
ਜਿਥੇ ਉਮਰਾਂ ਦੀਆਂ ਥਕਾਵਟਾਂ
ਇਕ ਚੁੰਮਣ ਕੋਲੋਂ ਡਰਦੀਆਂ
ਜਿਸ ਦੇਸੀਂ ਮੇਰੇ ਬਾਬਲਾ
ਧੀਆਂ ਜੰਮਦੀਆਂ, ਨਹੀਂਓ ਮਰਦੀਆਂ
ਜਿਥੇ ਰੀਝਾਂ ਰਾਂਝੇ ਚੁਣਦੀਆਂ
ਰੀਤਾਂ ਨਾਲ ਸ਼ਰਤਾਂ ਲਾ
ਜਦ ਧੁੱਪਾਂ ਗਿੱਧੇ ਪਾਉਂਦੀਆਂ
ਸਾਨੂੰ ਓਸ ਰੁੱਤ ਦਾ ਚਾਅ
ਜਿਥੇ ਖ਼ਾਬ ਖੀਵੇ ਨੱਚਦੇ
ਖੁਸ਼ੀਆਂ ਵੰਡਣ ਮੁਸਕਾਨ
ਜਿਥੇ ਮਿਟ ਜਾਣ ਸਭ ਰੁਕਾਵਟਾਂ
ਬਚੇ ਇਕੋ ਪਿਆਰ ਨਿਸ਼ਾਨ
ਜੋ ਵੰਡਿਆਂ ਨੂੰ ਜੋੜਦਾ
ਅਸੀਂ ਤੁਰਨਾ ਉਸੇ ਰਾਹ
ਜਦ ਧੁੱਪਾਂ ਗਿੱਧੇ ਪਾਉਂਦੀਆਂ
ਸਾਨੂੰ ਓਸ ਰੁੱਤ ਦਾ ਚਾਅ
ਰੰਗ-ਲਕੀਰਾਂ
ਰੰਗਾਂ ਵਿਚ ਮਿਲਾਂਗੇ ਲਕੀਰਾਂ ਵਿਚ ਮਿਲਾਂਗੇ
ਜੇ ਆਸ਼ਕਾਂ 'ਚ ਮਿਲੇ ਨਾ ਫ਼ਕੀਰਾਂ ਵਿਚ ਮਿਲਾਂਗੇ
ਮਿਲਾਂਗੇ ਵੇ ਤੈਨੂੰ ਸਾਡੇ ਖਾਬਾਂ ਦੇ ਪਰ੍ਹਾਉਣਿਆਂ
ਘੜ੍ਹਾਂਗੇ ਜੋ ਆਪ ਤਕਦੀਰਾਂ ਵਿਚ ਮਿਲਾਂਗੇ
ਬੇਲਿਆਂ ਦੀ ਵੰਝਲੀ ਤੇ ਚੂਰੀ ਮਾਈ ਹੀਰ ਦੀ
ਕਦੇ ਆਪਾਂ ਮਿਰਜ਼ੇ ਦੇ ਤੀਰਾਂ ਵਿਚ ਮਿਲਾਂਗੇ
ਆਤਮਾ ਦੇ ਭੇਤ ਤੋਂ ਵੀ ਪਰਦੇ ਉਠਾਵਾਂਗੇ
ਪਹਿਲਾਂ ਆਪਾਂ ਸੋਹਣਿਆਂ ਸਰੀਰਾਂ ਵਿਚ ਮਿਲਾਂਗੇ
ਸ਼ੂਨਯ
ਮੈਂ ਪੁੱਛਦਾਂ
ਗੱਲਵੱਕੜੀ 'ਚ
ਦੋ ਦਿਲ ਧੜਕਦੇ ਨੇ
ਜਾਂ ਇੱਕ
ਉਹ ਗੱਲਵੱਕੜੀ ਘੁਟਦਿਆਂ ਆਖਦੀ ਹੈ
ਇੱਕ
ਵੀ
ਨਹੀਂ
ਮਹਿਕ ਜਾਦੂ
ਅਸੀਂ ਪਏ ਆਂ ਵਿਚ ਦੋ-ਚਿੱਤੀਆਂ ਦੇ
ਹਾਸਾ ਮਹਿਕੇ ਜਾਂ ਤੇਰੀ ਸੰਗ ਮਹਿਕੇ ।
ਕੇਸ ਮਹਿਕਦੇ ਵਾਂਗ ਸੁੱਚੇ ਇੱਤਰਾਂ ਦੇ
ਮਿੱਟੀ ਖੇਤਾਂ ਦੀ ਵਾਂਗੂੰ ਤੇਰਾ ਰੰਗ ਮਹਿਕੇ
ਤੇਰੇ ਖ਼ਿਆਲਾਂ 'ਚ ਮਹਿਕਦੇ ਲਫ਼ਜ਼ ਸਾਰੇ
ਜੁੜਦੇ ਗੀਤ ਜਿਵੇਂ ਗੁਲਕੰਦ ਮਹਿਕੇ
ਤੇਰੇ ਕੋਲ ਹੋਈਏ ਮਹਿਕੇ ਚੁੱਪ ਹੋਠੀ
ਹੋਈਏ ਦੂਰ ਤੈਥੋਂ, ਸਾਡੀ ਮੰਗ ਮਹਿਕੇ
ਮਹਿਕੇ ਚੇਤੇ ਦੀ ਚੰਦਰੀ ਚਿਣਗ ਏਵੇਂ
ਜਿਵੇਂ ਜੋਗੀ ਦੀ ਅੱਖ ਵਿਚ ਡੰਗ ਮਹਿਕੇ
ਕਦੇ ਦੱਸੀਂ ਖਾਂ ਕਰਕੇ ਤਰਸ ਅੜੀਏ
ਮਹਿਕੇ ਤੂੰ ਜਾਂ ਵੇਖਣ ਦਾ ਢੰਗ ਮਹਿਕੇ।
ਬਾਬਾ !
(ਜਪੁ ਜੀ ਸਾਹਿਬ ਦਾ ਪਾਠ ਕਰਦਿਆਂ)
ਐ ! ਬਾਬਾ ਤੇਰੇ ਨਾਮ ਦਾ
ਇੱਕ ਅੱਖਰ ਕੀ ਪੀਤਾ
ਜਿਉਂ ਜਨਮਾਂ ਦਾ ਪਾਟਿਆ
ਮੈਂ ਆਪਣਾ ਮਨ ਸੀਤਾ
ਧੰਨ ਬਾਬਾ ਉਹ ਸੀਰਤਾਂ
ਜੋ ਧਰਦੀਆਂ ਤੇਰਾ ਧਿਆਨ
ਧੰਨ ਬਾਬਾ ਉਹ ਸੂਰਤਾਂ
ਤੂੰ ਜਿਸ ਚਿੱਤ ਟਿੱਕਿਆ ਆਣ
ਹਾਂ ਬਾਬਾ ਸਾਨੂੰ ਲੋੜੀਏ
ਸਦਾ ਲੋੜੀਏ ਤੇਰੀ ਓਟ
ਕੋਈ ਨਿਗ੍ਹਾ ਸਵੱਲੀ ਬਖ਼ਸ਼ਦੇ
ਸਾਡੀ ਜੜ੍ਹ ਤੋਂ ਪੱਟਦੇ ਖੋਟ
ਅੱਜ ਬਖ਼ਸ਼ ਫਿਰਤ ਦੀਆਂ ਸੋਝੀਆਂ
ਥਾਂ ਗਾਹੀਏ ਨੇਕ- ਅਨੇਕ
ਲੈ ਬਾਬਾ ਚਰਨੀਂ ਜੋੜ ਲੈ
ਸਾਨੂੰ ਦੇ ਸੁਰਤਾਂ ਦੀ ਟੇਕ
ਚਾਨਣ ਦਾ ਸੁਰਮਾ
ਤੇਰੇ ਵਾਂਗੂ ਕੱਲਮ-ਕੱਲਾ ਥੋੜ੍ਹੀ ਬੈਠਾ ਸੀ
ਉਹ ਤਾਂ ਕੁੱਲ ਲੋਕਾਂ ਦਾ ਹਿਸਾਬ ਜੋੜੀ ਬੈਠਾ ਸੀ
ਹਾਲੇ ਉਹਨੇਂ ਕਰਨੇ ਬਥੇਰੇ ਕੰਮ ਹੋਣਗੇ
ਤੇਰੇ ਨਾਲੋਂ ਕਈਆਂ ਦੇ ਵਡੇਰੇ ਕੰਮ ਹੋਣਗੇ
ਵਾਰੀਂ ਹੀ ਨਹੀਂ ਆਈ ਉਂਝ ਨਾਤਾ ਥੋੜ੍ਹੀ ਮੁੱਕਿਐ
ਦਿਲ ਤੇਰਾ ਕਿਹੜਾ ਉਹਦਾ ਨਾਮ ਲੈਣੋਂ ਰੁੱਕਿਐ
ਨਿੱਕੀ-ਨਿੱਕੀ ਗੱਲ ਉੱਤੇ ਹੌਂਸਲਾ ਨਹੀਂ ਢਾਈਦਾ
ਸੱਜਣਾਂ ਦੀ ਗਲੀ ਵਿਚ ਵਾਰ-ਵਾਰ ਜਾਈਦਾ
ਦਿਲ ਥੋੜ੍ਹਾ ਕਰੀਦਾ ਨਹੀਂ ਦਿਲ ਵਾਲੀ ਸੁਣਕੇ
ਪੀਂਦਾ ਫਿਰੇਂ ਐਂਵੈਂ ਹੁਣ ਪਾਣੀ ਪੁਣ-ਪੁਣ ਕੇ
ਗੱਲ ਸੁਣ ਝੱਲਿਆ ਵੇ ਦਿਲਾ ਮੇਰੇ ਹਾਣੀਆਂ
ਹਾਲੇ ਤੱਕ ਉਹਦੀਆਂ ਤੂੰ ਰਮਜ਼ਾਂ ਨਾ ਜਾਣੀਆਂ
ਹੋਇਆ ਕੀ ਅੱਜ ਵੀ ਨਾ ਰੱਬ ਤੇਰਾ ਮੰਨਿਆ
ਖ਼ੈਰ ਹੀ ਨਹੀਂ ਪਾਈ ਉਹਨੇ ਕਾਸਾ ਥੋੜ੍ਹੀ ਭੰਨਿਆ
ਜਿਸ ਸਮੇਂ ਸੁਣਨੀ ਏ ਓਸ ਸਮੇਂ ਸੁਣੇਂਗਾ
ਪਹਿਲਾਂ ਤਾਂ ਉਹ ਤੇਰੇ ਵਿਚੋਂ ਕੱਚ-ਕੱਚ ਚੁਣੇਗਾ
ਬਾਕੀ ਰਹਿੰਦੀ ‘ਕੱਚ' ਨੂੰ ਉਹ ਸੱਚ 'ਤੇ ਪਕਾਏਗਾ
ਤੇਰੇ ਵਿਚੋਂ ਬੋਲਦੀ ਉਹ ਮੈਂ-ਮੈਂ ਮੁਕਾਏਗਾ
ਚਾਨਣ ਦਾ ਸੁਰਮਾ ਉਹ ਨੈਣੀਂ ਤੇਰੇ ਪਾਏਗਾ
ਤੇਰੇ ਵਿਚ ਨੱਚੇਗਾ ਉਹ ਤੇਰੇ ਰਾਹੀਂ ਗਾਏਗਾ
ਉਹਦਾ ਹੋ ਜਾਏਂਗਾ ਉਹ ਤੇਰਾ ਹੋ ਜਾਏਗਾ
ਰਾਤ ਬੀਤ ਜਾਏਗੀ ਸਵੇਰਾ ਹੋ ਜਾਏਗਾ
ਮਿਲਣ ਵੇਲਾ
ਮਿਲਾਂਗੇ ਤਾਂ
ਯਾਦ ਕਰਾਂਗੇ
ਪਹਿਲਾਂ ਕਿੱਥੇ ਮਿਲੇ ਸੀ ਆਪਾਂ।
ਇਕੋ ਸਵਾਲ, ਇਕੋ ਵਾਰੀ
ਇੱਕ-ਦੂਜੇ ਤੋਂ ਪੁੱਛਾਂਗੇ
ਅਸਚਰਜਤਾ
ਹੈਰਤ, ਹੈਰਾਨੀ ਨਾਲ
ਭਰ ਦੇਵਾਂਗੇ ਇੱਕ-ਦੂਜੇ ਦੀ ਨਜ਼ਰ ਨੂੰ
ਜਦੋਂ ਮਿਲੇ ਆਪਾਂ
ਤਾਂ ਉਸ ਮਹਿਕ ਨੇ ਵੀ ਮਿਲਣਾ ਹੈ
ਜਿਸਨੂੰ ਲੱਭਦਾ ਮੈਂ
ਜਨਮਾਂ-ਜਨਮਾਂ ਦੇ ਛੜੱਪੇ ਲਾਉਂਦਾ ਰਿਹਾ
ਏਸ ਜਨਮ ਤੱਕ
ਜਗਤ-ਮਦਾਰੀ
ਮੈਂ ਜੋੜਾਂ ਤਾਂ ਟੁੱਟ-ਟੁੱਟ ਜਾਵੇ
ਤੂੰ ਜੋੜੇਂ ਤਾਂ ਜੁੜਦੀ
ਤੂੰ ਛੂਹੇਂ ਤਾਂ ਬਰਕਤ-ਬਰਕਤ
ਮੈਂ ਛੂਹਾਂ ਤਾਂ ਥੁੜ੍ਹਦੀ
ਨਜ਼ਰ ਕਰੇਂ ਤੂੰ ਅੰਬਰ ਟੱਪੇ
ਚਿੱਤ ਧਰਾਂ ਮੈਂ ਮੁੜਦੀ
ਲੱਗ ਗਈ ਚੇਟਕ ਸਾਨੂੰ ਅੜਿਆ
ਧਿਆਨ ਤੇਰੇ ਦੇ ਗੁੜ ਦੀ
ਖਿੱਚਾਂ ਮਾਰੇ ਦਿਖੇ ਨਾ ਐਪਰ
ਤੰਦ ਜਿਹੜੀ ਤੂੰ ਪਾਈ
ਸੁਣ ਸਾਜਨ ਓ ਮੀਤ ਮੁਰਾਰੀ
ਜਾਨ ਮੁੱਠੀ ਵਿਚ ਆਈ
ਹੁਣ ਤਾਂ ਦੀਦ ਨਜ਼ਾਰੇ ਲੋੜਾਂ
ਯਾਦਾਂ ਨਾਲ ਨਹੀਂ ਸਰਦਾ
ਖੋਲ੍ਹਦੇ ਬੰਧਨ ਜਗਤ-ਮਦਾਰੀ
ਚੁੱਕ ਖ਼ੁਦੀ ਤੋਂ ਪਰਦਾ
ਚੇਤੇ ਦੀ ਪੈੜ
ਰਾਤਾਂ ਦੀ ਚੁੱਪ ਵਿਚ ਮੌਲਦਾ
ਕੋਈ ਬੋਲਦਾ ਹੈ ਗੀਤ ਵੇ
ਸੋਚਾਂ ਦੀ ਪੀਡੀ ਗੰਢ ਨੂੰ
ਬਹਿ ਖੋਲ੍ਹਦਾ ਹੈ ਗੀਤ ਵੇ
ਜਾਣਾ ਤਾਂ ਕਿਧਰੇ ਹੋਰ ਹੈ
ਕਿਤੇ ਹੋਰ ਨੇ ਰੂਹਦਾਰੀਆਂ
ਦੇਹਾਂ ਦੀ ਸਰਦਲ ਬੈਠ ਫਿਰ
ਕੀ ਟੋਲਦਾ ਹੈ ਗੀਤ ਵੇ
ਸਿਜਦੇ 'ਚ ਝੁਕਦਾ ਸਿਰ ਮੇਰਾ
ਚੇਤੇ ਦੀ ਪੈੜ ਚੁੰਮ ਕੇ
ਦਸਤਕ ਦਵੇ ਤੇਰੀ ਯਾਦ ਜਦ
ਦਰ ਖੋਲ੍ਹਦਾ ਹੈ ਗੀਤ ਵੇ
ਮੋਢੇ ਚੜ੍ਹੇ ਕਈ ਫਰਜ਼ ਜੇ
ਸਿਰ ਤੇ ਚੜ੍ਹੀ ਆਵਾਰਗੀ
ਦੋਹਾਂ ਦੀ ਹੀ ਖਿੱਚਤਾਣ ਨੂੰ
ਇਕ ਤੋਲਦਾ ਹੈ ਗੀਤ ਵੇ
ਤਰਾਨਾ
ਛੇੜੀਏ ਤਰਾਨਾ ਫੇਰ ਅੱਜ ਉਹਦੇ ਨਾਮ ਦਾ
ਆਜਾ ਮੁੱਲ ਤਾਰੀਏ ਵੇ ਸੋਨੇ ਰੰਗੀ ਸ਼ਾਮ ਦਾ
ਅੰਬਰ, ਪਹਾੜਾਂ ਨੂੰ ਅਵਾਜ਼ਾਂ ਪਿਆ ਮਾਰਦਾ
ਮੀਂਹ ਜਿਵੇਂ ਧਰਤੀ ਦੀ ਆਰਤੀ ਉਤਾਰਦਾ
ਬਣੂੰ ਅਫ਼ਸਾਨਾ ਇੰਝ ਤੇਰੇ- ਮੇਰੇ ਨਾਮ ਦਾ
ਆਜਾ ਮੁੱਲ ਤਾਰੀਏ ਵੇ ਸੋਨੇ ਰੰਗੀ ਸ਼ਾਮ ਦਾ
ਜੀਹਦੀ ਗੱਲ ਸੁਣਦੀਆਂ 'ਵਾਵਾਂ ਰੁੱਕ-ਰੁੱਕ ਕੇ
ਧੁੱਪਾਂ ਜੀਹਨੂੰ ਤੱਕਦੀਆਂ ਛਾਵਾਂ ਉਹਲੇ ਲੁੱਕ ਕੇ
ਗੀਤਾਂ ਵੱਟੇ ਮਿਲਿਆ ਜੋ ਉਂਝ ਮਹਿੰਗੇ ਦਾਮ ਦਾ
ਆਜਾ ਮੁੱਲ ਤਾਰੀਏ ਵੇ ਸੋਨੇ ਰੰਗੀ ਸ਼ਾਮ ਦਾ
ਬੱਦਲ, ਸਮੁੰਦਰਾਂ 'ਚੋਂ ਨੀਰ ਲੈ ਕੇ ਚੱਲਪੇ
ਖ਼ਿਆਲਾਂ 'ਚ ਤਰਾਸ਼ੀ ਤਸਵੀਰ ਲੈਕੇ ਚੱਲਪੇ
ਪਿੰਡ ਉਹਦੇ ਜਾਣਾ ਭੋਰਾ ਵਿਹਲ ਨਹੀਂ ਅਰਾਮ ਦਾ
ਆਜਾ ਮੁੱਲ ਤਾਰੀਏ ਵੇ ਸੋਨੇ ਰੰਗੀ ਸ਼ਾਮ ਦਾ
ਏਦੂੰ ਪਹਿਲਾਂ ਜਾਗ ਪਵੇ ਤਾਰਿਆਂ ਦਾ ਦੇਸ ਵੇ
ਆਜਾ ਆਪਾਂ ਪਹਿਨ ਲਈਏ ਚਾਨਣੀ ਦੇ ਵੇਸ ਵੇ
ਚੁੱਲ੍ਹੇ ਡਾਹ ਫਿਕਰ ਹੋਣ ਵਾਲੇ ਅੰਜਾਮ ਦਾ
ਆਜਾ ਮੁੱਲ ਤਾਰੀਏ ਵੇ ਸੋਨੇ ਰੰਗੀ ਸ਼ਾਮ ਦਾ
ਵੇਦਨ ਵੀਣਾ
ਇਹ ਕਿਸ ਬਿੰਦੂ ਆਣ ਖਲੋਤੀ
ਮਨ ਦੀ ਵੇਦਨ ਭਾਰੀ
ਆਪੇ ਜੰਮਾਂ ਖਿਆਲ ਦੇ ਬੇਟੇ
ਆਪੇ ਫੇਰਾਂ ਆਰੀ
ਇਕ ਸੁਪਨਾ ਉਸ ਜਨਮ ਦਾ ਸੁਪਨਾ
ਕੰਨ ਪਾਟੇ ਹੱਥ ਕਾਸਾ
ਇੱਕ ਸੁਪਨਾ ਸਾਡਾ ਲੁੱਟਿਆ ਲੋਕਾਂ
ਰੇਤੜ ਰੁਲ਼ਿਆ ਹਾਸਾ
ਇੱਕ ਚਰਖਾ ਤੇਰੇ ਨਾਮ ਦਾ ਚਰਖਾ
ਤੇ ਜਿੰਦ ਚਾਰ ਗਲੋਟੇ
ਇੱਕ ਚੇਤਾ ਸਾਡਾ ਸਾਦ-ਮੁਰਾਦਾ
ਦੋ ਸੁਫਨੇ ਛੋਟੇ-ਛੋਟੇ
ਏਸ ਜਨਮ ਵਿਚ ਘੋਲ ਲਈਆਂ ਅਸੀਂ
ਇਸ਼ਕ ਤੇਰੇ ਦੀਆਂ ਬਿੜਕਾਂ
ਹਿਜ਼ਰ ਦੀ ਚਾਟੀ ਯਾਦ ਸਮੁੰਦਰ
ਬੈਠੀ ਜੋਬਨ ਰਿੜਕਾਂ
ਆਵਾਜ਼ ਦੇ ਝੁਮਕੇ
ਲੈ
ਪਰਤ ਆਇਆਂ ਹਾਂ
ਉਨ੍ਹਾਂ ਗਲੀਆਂ ਵਿਚ
ਜਿਥੇ
ਤੇਰੀ ਆਵਾਜ਼ ਦੇ ਝੁਮਕੇ ਪਾ
ਹਵਾ ਬੱਦਲਾਂ ਨੂੰ ਸੈਨਤ ਮਾਰਦੀ ਹੈ
ਜਿਥੇ ਸਾਰੇ ਜਗ ਤੋਂ ਓਹਲੇ
ਰੁੱਤਾਂ ਰੂਪ ਵਟਾਉਂਦੀਆਂ ਨੇ
ਜਿਥੇ ਫੁੱਲਾਂ ਦੀ ਕਿਸਮਤ ਵਿਚ
ਤੇਰਾ ਨਾਮ ਲਿਖਿਆ ਗਿਆ ਸੀ
ਜਿਥੇ ਕਵਿਤਾ ਮਹਿਜ਼
ਲਫ਼ਜ਼ਾਂ ਦਾ ਜਾਦੂ ਨਹੀਂ
ਤੁਰਦੀ-ਫਿਰਦੀ 'ਤੂੰ' ਹੁੰਨੀਂ ਏਂ
ਜਿਥੇ
ਤੇਰੇ ਪੈਰੋਂ ਧੂੜ ਉੱਡਦੀ ਹੈ ਤਾਂ
ਤਾਰਿਆਂ ਦਾ ਧਿਆਨ ਟੁੱਟਦਾ ਹੈ
ਬਰਕਤ
ਗੱਲਾਂ ਤੋਂ ਗੀਤ ਬਣ ਗਏ
ਅਦਾ ਤੋਂ ਨਜ਼ਮਾਂ ਨੀਂ
ਅੱਲੜ ਅਣਜਾਣ ਜੋ ਦਿਖਦੇ
ਜਾਨਣ ਕਈ ਰਮਜ਼ਾਂ ਨੀਂ
ਸਮਝਾਂ ਦੀ ਬਾਲ ਕੇ ਧੂਣੀ
ਮੇਲੇ ਨੂੰ ਦੇਖਣ ਵਾਲੇ
ਅੱਜ ਵੀ ਕਿਤੇ ਮਿਲ ਜਾਵਣਗੇ
ਆਪਣੀ ਅੱਗ ਸੇਕਣ ਵਾਲੇ
ਸੁੱਚੀ ਦਰਗਾਹ ਵਰਗੇ ਇਹ
ਰੀਝਾਂ ਦੇ ਰੰਗ ਵਰਗੇ ਨੀਂ
ਇਹ ਤਾਂ ਮੁੱਖੜੇ ਦੀ ਰੌਣਕ
ਅੱਖੀਆਂ ਦੀ ਸੰਗ ਵਰਗੇ ਨੀਂ
ਮਾਲਕ ਇਹ ਤਖਤ ਹਜ਼ਾਰੀਂ
ਚਾਕਰ ਇਹ ਝੰਗ ਦੇ ਨੇ
ਬਣ ਕੇ ਕਦੇ ਮਚਲੇ ਜੋਗੀ
ਇਹ ਦੀਦਾਂ ਮੰਗਦੇ ਨੇ
ਵੇਖਣ ਨੂੰ ਚੁੱਪ ਨੇ ਜਿਹੜੇ
ਹਰਕਤ ਨੂੰ ਵੰਡਦੇ ਨੇ
ਭਰ-ਭਰ ਕੇ ਡੁੱਲਣ ਵਾਲੇ
ਬਰਕਤ ਨੂੰ ਵੰਡਦੇ ਨੇ
ਸ਼ਬਦ-ਸਮਾਧੀ
ਮੇਰੇ ਮਸਤਕ ਹੱਠ ਤਪੱਸਵੀ
ਲੈ ਬਹਿਗੇ ਚੌਂਕੜ ਮਾਰ
ਹੁਣ ਧਿਆਨ ਦਾ ਸੂਰਜ ਬਾਲ਼ਤਾ
ਨਾ ਛਿੜਕ ਸਮੁੰਦਰ ਠਾਰ
ਅੱਜ ਵਾਵਾਂ ਚੀਚੀ ਬੰਨ੍ਹੀਆਂ
ਚੱਕ ਬੱਦਲ ਲਏ ਨਚੋੜ
ਮੈਨੂੰ ਤਾਰਾ-ਮੰਡਲ ਵੇਖਣੋਂ
ਨਾ ਹੋੜ ਤੂੰ ਅੱਜ ਨਾ ਮੋੜ
ਜੋ ਚੱਕਰ ਆਵਾਗਵਣ ਦੇ
ਕਿਸ ਧਰਤੀ ਤੇ ਕਿਸ ਦੇਸ
ਮੈਨੂੰ ਦੇ ਜਾਨਣ ਜਰਵਾਣਿਆਂ
ਮੈਂ ਕਵਣੁ ਵਟਾਏ ਭੇਸ
ਹੁਣ ਆਪੇ ਕਰੀਏ ਵੈਦਗੀ
ਤੇ ਆਪੇ ਲਾਈਏ ਫੱਟ
ਲੈ ਅੱਜ ਛਲਕਾਦੇ ਸਾਕੀਆ
ਨਾ ਊਣ ਰਵੇ ਨਾ ਘੱਟ
ਪਾ ਨਾਮ ਦਾ ਮੋਤੀ ਖ਼ੈਰ 'ਚ
ਸਿਰ ਕਰ ਵੱਡਾ ਅਹਿਸਾਨ
ਚਿੱਤ ਵਿਚਰੇ ਸੁਫਨੇ ਵਾਂਗਰਾਂ
ਸਾਡਾ ਬਦਲਦੇ ਆਵਣ ਜਾਣ
ਵੇ, ਕੋਟਿ ਜਨਮ ਦਿਆ ਜੋਗੀਆ
ਸਾਡੀ ਕਰ ਖਾਂ ਅੱਜ ਪਛਾਣ
***********