ਤਰੰਗਤ ਟੋਟਾ
ਆਲਾ-ਦੁਆਲਾ ਦੇਖਦਿਆਂ ਕਿੰਨਾ ਕੁਝ ਚੇਤਿਆਂ 'ਚ ਵੱਸ ਜਾਂਦਾ ਹੈ। ਇਹ ਕਿੰਨੀ ਅਲੋਕਾਰ ਗੱਲ ਹੈ। ਮਨ ਦੀ ਕੈਨਵਸ 'ਤੇ ਲਗਾਤਾਰ ਚਿੱਤਰਕਾਰੀ ਜਿਹੀ ਹੁੰਦੀ ਰਹਿੰਦੀ ਹੈ। ਕਿਸੇ ਦਿਨ ਖੁਸ਼ੀ ਦੀ ਕੋਈ ਥਾਹ ਨਹੀਂ ਪੈਂਦੀ ਤੇ ਕਦੇ ਮਨ ਦਾ ਹਰ ਖੂੰਜਾ ਉਦਾਸੀ ਨਾਲ ਭਰ ਜਾਂਦਾ ਹੈ। ਇਕੱਲਤਾ ਇਕੋ ਵੇਲੇ ਵਰ ਵੀ ਹੈ ਤੇ ਸਰਾਪ ਵੀ !
ਸਿਰਜਕ ਊਰਜਾ ਮਨ ਦੇ ਅੰਬਰੀਂ ਉਡਾਰੀ ਵੀ ਭਰਦੀ ਹੈ ਤੇ ਸਰੀਰਕ ਪੱਧਰ 'ਤੇ ਜ਼ਿੰਦਗੀ ਦੀਆਂ ਹਕੀਕਤਾਂ ਦਾ ਸਪਰਸ਼ ਵੀ ਕਰਵਾਉਂਦੀ ਰਹਿੰਦੀ ਹੈ। ਸੰਵੇਦਨਾ ਨਾਲ ਲਰਜ਼ਦੀ ਉਸੇ ਊਰਜਾ ਦੇ ਵੇਗ ਅੱਥਰੂ ਬਣ ਵਹਿ ਪੈਂਦੇ ਤੇ ਉਹੀ ਮੁਸਕਣੀ ਵੀ ਬਣਦੇ ਨੇ। ਇਕੋ ਅਵਾਜ਼ ਕਦੇ ਹੇਕ ਹੁੰਦੀ ਤੇ ਕਦੇ ਚੀਕ ਬਣਦੀ ਹੈ। ਇਹ ਸਭ ਕਾਸੇ ਦੇ ਚਲਦਿਆਂ ਇੱਕ ਠਹਿਰਾਓ ਦੀ ਅਵਸਥਾ ਆਣ ਮਿਲਦੀ ਹੈ। ਸਮਾਂ ਰੁੱਕ ਜਾਂਦਾ ਹੈ। ਕਦੇ ਲੈਅ ਪਹਿਲਾਂ ਆਉਂਦੀ ਹੈ ਕਦੇ ਸ਼ਬਦ । ਮੇਰੇ ਲਈ ਇਹ ਸਮਾਂ ਕਵਿਤਾ ਬਣ ਕੇ ਆਉਂਦਾ ਹੈ।
ਕਿਤੇ ਸਾਡੇ ਸਭ ਦੇ ਅੰਦਰ ਹੀ ਲਹਿਰਦੀ ਹੈ ਕਵਿਤਾ। ਝੂਮਦੀ, ਹੁਲਾਰੇ ਖਾਂਦੀ, ਖਹਿ-ਖਹਿ ਕੇ ਲੰਘਦੀ ਹੈ ਸਾਡੀ ਸੰਵੇਦਨਾ ਨਾਲ। ਸਾਡੇ ਮਨ-ਮਸਤਕ ਦੀਆਂ ਸੁੱਤੀਆਂ ਕਲਾ ਜਗਾਉਂਦੀ, ਤਰਬਾਂ ਸੁਰ ਕਰਦੀ ਹੈ ਕਵਿਤਾ। ਇੱਕ ਬਿੰਦੂ ਹੈ ਜਿੱਥੇ ਕਵਿਤਾ ਮਿਲ ਪੈਂਦੀ ਹੈ ਸਾਨੂੰ । ਕਵਿਤਾ ਲੱਭਦੀ ਨਹੀਂ, ਮਿਲਦੀ ਹੈ ਆਪੇ, ਸਹਿਜ-ਸੁਭਾਅ। ਕਵਿਤਾ ਚੁਣਦੀ ਹੈ ਆਪਣੇ ਰਚੇਤੇ ਨੂੰ। ਜਿਵੇਂ ਇਸ਼ਕ ਆਸ਼ਿਕ ਨੂੰ ਚੁਣਦਾ ਹੈ, ਜਿਵੇਂ ਰੱਬ ਫ਼ਕੀਰ ਨੂੰ ਚੁਣਦਾ ਹੈ। ਜਿਵੇਂ ਮਿਹਰ ਸਿਜਦੇ ’ਚ ਝੁਕੇ ਸਵਾਲੀ ਨੂੰ ਚੁਣਦੀ
ਹੈ। ਇਵੇਂ ਹੀ ਕਵਿਤਾ ਚੁਣਦੀ ਹੈ ਆਪਣੇ ਕਵੀ ਨੂੰ। ਇਸੇ ਕਰਕੇ ਤਾਂ ਭਾਸ਼ਾ ਦੀ ਸਾਂਝ ਹੋਣ ਦੇ ਬਾਵਜੂਦ ਵੀ ਅਸੀਂ ਸਾਰੇ ਇਕੋ ਜਿਹਾ ਨਹੀਂ ਲਿਖ ਸਕਦੇ, ਸਾਡੇ ਖ਼ਿਆਲਾਂ ਦੀ ਤੰਦ ਵੱਖਰੀ ਹੈ ਇਸੇ ਕਰਕੇ ਸਾਡਾ ਲਿਖਣ- ਢੰਗ ਵੱਖਰਾ ਹੋ ਜਾਂਦਾ ਹੈ। ਆਮ ਜਿਹੀਆਂ ਗੱਲਾਂ ਵੀ ਕਵਿਤਾ ਹੋਣ ਲਗਦੀਆਂ ਨੇ, ਗੱਲਾਂ ਜੋ ਕਹੀਆਂ ਨਹੀਂ ਕਦੇ ਵੀ ਉਸਨੂੰ ਜਿਸ ਨੂੰ ਕਹਿਣੀਆਂ ਸਨ, ਖ਼ਤ ਜਿਹੜੇ ਲਿਖਣੋ ਰਹਿ ਗਏ, ਸ਼ਬਦ ਜਿਹੜੇ ਸੁੱਤੇ ਰਹੇ ਸਦੀਆਂ ਤੀਕ ਚੇਤਨ-ਅਵਚੇਤਨ ਮਨ ਦੀਆਂ ਤਹਿਆਂ ਹੇਠ, ਕਵਿਤਾ 'ਚ ਜਾਗ ਪੈਂਦੇ ਨੇ, ਕਵਿਤਾ 'ਚ ਬੋਲਣ ਲੱਗਦੇ ਨੇ। ਕਵੀ-ਕਵਿਤਾ ਕਵਿਤਾ-ਕਵੀ ਤੇ ਅਖ਼ੀਰ ਕਵਿਤਾ ਹੀ ਰਹਿੰਦੀ ਹੈ। ਅਸਲ 'ਚ ਰਹਿਣਾ ਹੀ ਕਵਿਤਾ ਨੇ ਹੁੰਦਾ। ਸ਼ਬਦ-ਸਦੀਵੀ।
ਲੋਕ ਗੀਤਾਂ 'ਚ ਹੀ ਵੇਖ ਲਓ ਬਸ ਕਵਿਤਾ ਬਚੀ ਹੈ। ਰਚੇਤਾ ਗੁੰਮ-ਗਵਾਚ ਗਿਆ ਹੈ ਚੇਤਿਆਂ ਵਿਚ ਬਸ ਹੂਕ ਬਚੀ ਹੈ। ਕਵਿਤਾ ਦੀ ਹੂਕ। ਇਹੀ ਬਚੀ ਰਹੇਗੀ, ਜਵਾਨ ਰਹੇਗੀ, ਨਿਖਰਦੀ ਰਹੇਗੀ । ਮੈਨੂੰ ਲੱਗਦੈ ਹੁਣ ਤੱਕ ਜੋ ਚੇਤਿਆਂ ਨੇ ਸਾਂਭ ਲਿਆ ਉਹੀ ਬਚਿਆ ਹੈ ਤੇ ਅਗਾਂਹ ਵੀ ਜੋ ਕੁਝ ਚੇਤਿਆਂ ਵਿਚ ਗੂੰਜਦਾ ਰਹੇਗਾ, ਚਮਕਦਾ ਰਹੇਗਾ ਉਹੀ ਬਚੇਗਾ। ਬਾਕੀ ਹਰ ਪ੍ਰਕਾਰ ਸਾਧਨ, ਤੁਛ ਨੇ, ਦਾਅਵੇ ਹੀ ਨੇ।
ਕਿਸੇ ਵੀ ਸਾਹਿਤਕਾਰ ਦੁਆਰਾ ਕਿਸੇ ਵੀ ਰੂਪ, ਵਿਧਾ 'ਚ ਰਚੇ ਸਾਹਿਤ ਨੇ ਕਿਸੇ ਵੀ ਸਮੱਸਿਆ ਦਾ ਕੋਈ ਫੌਰੀ ਹੱਲ ਨਹੀਂ ਕੱਢਣਾ ਹੁੰਦਾ। ਹਾਂ, ਸਾਹਿਤਕਾਰ ਦੀ ਸ਼ਬਦ ਤਪੱਸਿਆ ਨੇ ਲੇਖਕ ਦੀ ਆਪਣੀ ਤੇ ਪਾਠਕ ਦੀ ਰੂਹ ਨੂੰ ਤਕੜਾ ਕਰਨਾ ਹੁੰਦਾ ਹੈ, ਸਹਿਜ ਪੱਧਰ ਤੇ ਕੁਝ ਬਦਲਾਵ ਲਿਆਉਣੇ ਹੁੰਦੇ ਨੇ। ਵਸਤਾਂ ਵਰਤਾਰਿਆਂ ਨੂੰ ਵੇਖਣ ਦਾ ਕੋਈ ਨਵਾਂ ਸੋਧਿਆ ਹੋਇਆ ਨਜ਼ਰੀਆ ਦੇਣਾ ਹੁੰਦਾ ਹੈ। ਨਵੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਹੁੰਦੀਆਂ ਨੇ। ਸਾਹਿਤ ਦਾ ਕਰਮ, ਧਰਮ ਇਹੀਓ ਹੁੰਦਾ।
ਕਵਿਤਾ ਸ਼ਬਦਾਂ ਦੀ ਸਹੀ ਤਰਬੀਤ ਲਿਖਣਾ ਹੀ ਨਹੀਂ ਸਗੋਂ ਲਿਖੇ
ਗਏ ਹਰ ਸ਼ਬਦ ਦੀ ਤਕਦੀਰ ਲਿਖਣਾ ਵੀ ਹੈ। ਕਵਿਤਾ ਜੇਕਰ ਸਾਡੇ ਨਾਲ ਮਖ਼ਮਲੀ ਗੱਲਾਂ ਕਰ ਸਕਦੀ ਹੈ ਤਾਂ ਕਿਸੇ ਵੇਲੇ ਇਹੀ ਕਵਿਤਾ ਸਾਨੂੰ ਕੜਕਦੀਆਂ ਬਿਜਲੀਆਂ ਦਾ ਸਾਹਮਣਾ ਕਰਨਾ ਵੀ ਸਿੱਖਾ ਸਕਦੀ ਹੈ। ਕਵਿਤਾ ਸਾਡੇ ਅੰਦਰ ਉਹ ਫੁੱਲ ਖਿੜਾਉਂਦੀ ਹੈ, ਜੋ ਦਿਖਦੇ ਤਾਂ ਨਹੀਂ ਪਰ ਉਹਨਾਂ ਦੀ ਮਹਿਕ ਸਾਡੇ ਸੁਭਾਅ 'ਚੋਂ ਹਮੇਸ਼ਾਂ ਆਉਂਦੀ ਰਹਿੰਦੀ ਹੈ।
ਤਾਜ਼ਗੀ ਨਹੀਂ ਤਾਂ
ਕਾਹਦਾ ਰਾਗ ਹੈ ਕੀ ਭਾਵ ਹੈ
ਤਾਜ਼ਗੀ ਫੁੱਲਾਂ 'ਚੋਂ ਜਾਗੀ ਮਹਿਕ ਦਾ ਕੋਈ ਰਾਜ਼ ਹੈ
ਜਿਵੇਂ ਕੁਦਰਤ ਸਾਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਸਾਡੇ ਰਹਿਣ- ਸਹਿਣ ਉੱਤੇ ਹਰ ਮੌਸਮ ਦਾ ਵੱਖਰਾ ਅਸਰ ਪੈਂਦਾ ਹੈ। ਜਿਵੇਂ ਸਮਾਜ ਵਿਚ ਰਹਿੰਦਿਆਂ ਅਸੀਂ ਚੇਤਨ-ਅਚੇਤਨ ਅਨੇਕਾਂ ਪ੍ਰਭਾਵ ਕਬੂਲਦੇ ਹਾਂ। ਇਵੇਂ ਹੀ ਸਾਡੇ ਤੋਂ ਪਹਿਲਾਂ ਰਚੇ ਜਾ ਚੁਕੇ ਸਾਹਿਤ ਦਾ ਪ੍ਰਭਾਵ ਵੀ ਸਾਡੇ ਮਨਾਂ 'ਤੇ ਸਾਡੀ ਕਾਵਿ-ਸ਼ੈਲੀ 'ਤੇ ਪੈਣਾ ਹੀ ਹੁੰਦਾ ਹੈ। ਪ੍ਰਤੱਖ-ਅਪ੍ਰਤੱਖ ਰੂਪ ਵਿਚ ਪੈਂਦਾ ਵੀ ਹੈ। ਜਿਵੇਂ ਅਸੀਂ ਆਪਣੇ ਮਾਂ-ਪਿਓ ਦੇ ਪ੍ਰਭਾਵ ਦੇ ਜਾਏ ਹਾਂ, ਇਸੇ ਤਰ੍ਹਾਂ ਹੀ ਵੱਖੋ-ਵੱਖ ਸਮਿਆਂ ਦਾ ਸਾਹਿਤ, ਵੱਖੋ-ਵੱਖ ਭਾਸ਼ਾਵਾਂ ਦਾ ਸਾਹਿਤ, ਸਾਡੀ ਪਰੰਪਰਾ, ਸਾਡਾ ਲੋਕ-ਸਾਹਿਤ ਤੇ ਬਾਕੀ ਕਾਵਿ- ਧਾਰਾਵਾਂ ਜਿੰਨਾਂ ਤੋਂ ਅਸੀਂ ਆਪਣੇ ਆਪ ਨੂੰ ਬਿਲਕੁਲ ਵਖਰਿਆ ਕੇ ਨਹੀਂ ਦੇਖ ਸਕਦੇ। ਇਸ ਸਭ ਕਾਸੇ ਦੇ ਮੰਥਨ ਵਿਚੋਂ ਹੀ ਸਾਡੀ ਸੰਵੇਦਨਾ ਨੇ ਸਹਿਜ ਰੂਪ ਕੁਝ ਅਪਣਾ ਲਿਆ, ਕੁਝ ਛੱਡ ਦਿੱਤਾ। ਇਹ ਪ੍ਰਭਾਵ ਹੀ ਹੁੰਦਾ ਹੈ ਜੋ ਸਾਡੀਆਂ ਲਿਖਤਾਂ 'ਚੋਂ ਝਾਤੀਆਂ ਮਾਰਦਾ ਹੈ। ਜਿਸਦਾ ਸਪੱਸ਼ਟ ਰੂਪ ਵਿਚ ਸਾਨੂੰ ਵੀ ਕੁਝ ਪਤਾ ਨਹੀਂ ਹੁੰਦਾ।
ਮੈਂ ਆਪਣੀ ਕਵਿਤਾ ਵਿਚ ਪ੍ਰਭਾਵ-ਮੁਕਤ ਨਹੀਂ ਹਾਂ ਤੇ ਸ਼ਾਇਦ
ਕੋਈ ਵੀ ਨਹੀਂ ਹੁੰਦਾ । ਪਰ ਸਾਹਿਤਕ ਪ੍ਰਭਾਵ ਤੋਂ ਬਾਅਦ ਵੀ ਕੁਝ ਅਜਿਹਾ ਹੈ ਜੋ ਸਾਡੀ ਆਤਮਾ ਤੋਂ ਭੁਰ ਆਉਂਦਾ ਹੈ। ਜਿਸ ਵਿਚ ਖ਼ਾਲਸ ਸਾਡੀ ਮਿੱਟੀ ਮਹਿਕਦੀ ਹੈ, ਇਕ ਨਜ਼ਰ ਜੋ ਸਮੇਂ, ਵਸਤਾਂ, ਨਾਵਾਂ-ਥਾਵਾਂ ਦੇ ਆਰ- ਪਾਰ ਦੇਖਣ ਦਾ ਹੀਆ ਕਰਦੀ ਹੈ। ਸ਼ਾਇਦ ਇਹ ਨਜ਼ਰ ਹੀ ਮੌਲਿਕਤਾ ਹੈ।
ਮੇਰੇ ਖਿਆਲ 'ਚ ਤਾਂ ‘ਪ੍ਰਭਾਵਾਂ’ ਦੀ ਛਾਂ ਵਿਚ ਬੈਠ ਆਪਣੇ ਹਿੱਸੇ ਦੀ ਧੁੱਪ ਕੱਤਣੀ ਹੀ ਮੌਲਿਕਤਾ ਹੈ।
ਬਰਕਤ ਜ਼ਿੰਦਗੀ ਦੇ ਜੋੜਿਆਂ ਨਾਲ ਤੁਰਦੀ ਹੈ। ਦੁੱਖ-ਸੁੱਖ ਪੱਤਝੜ-ਬਹਾਰ, ਜੀਵਨ-ਮੌਤ ਬਰਕਤ ਦੇ 'ਚੱਕਰ' ਹਨ। ਇਹ ਨਿਰੰਤਰ ਪਰਿਕਰਮਾ 'ਚ ਹੈ। ਇਹ ਹਰਕਤ 'ਚੋਂ ਉਦੈ ਹੁੰਦੀ ਹੈ ਤਾਂ ਖੜੋਤ 'ਚ ਅਸਤ ਵੀ ਹੋ ਜਾਂਦੀ ਹੈ।
ਸਾਰੇ ਦਾ ਸਾਰੇ ਰਾਹ ਉੱਥੇ ਦੇ ਉੱਥੇ ਰਹਿ ਜਾਂਦੇ ਹਨ, ਸਿਰਫ਼ ਸਾਡੀ ਫਿਰਤ ਸਾਡੇ ਨਾਲ ਆ ਜਾਂਦੀ ਹੈ। ਫਿਰ ਏਸੇ ਫਿਰਤ ਦੀ ਕਮਾਈ ਸਾਡੇ ਕੰਮਾਂ-ਕਾਰਾਂ, ਸਾਡੇ ਸੁਭਾਅ, ਸਾਡੀਆਂ ਲਿਖਤਾਂ ਵਿਚ ਚਾਨਣ ਦੀਆਂ ਕਲਗੀਆਂ ਸਜਾਉਂਦੀ ਫਿਰਦੀ ਹੈ। ਬਰਕਤ ਬਣ-ਬਣ ਫੱਬਦੀ ਹੈ। ਸਾਨੂੰ ਪੈਰ-ਪੈਰ ਨਿਖ਼ਾਰਦੀ ਹੈ, ਮਾਸਾ-ਮਾਸਾ ਤਰਾਸ਼ਦੀ ਹੈ।
ਮੇਰੇ ਲਈ ਓਹ ਨਜ਼ਰ ਹੀ ਬਰਕਤ ਹੈ। ਜਿਹਦੇ 'ਚ ਸਭ ਕੁਝ ਨਵਾਂ- ਨਰੋਇਆ ਹੁੰਦਾ ਰਹਿੰਦਾ ਹੈ। ਬਰਕਤ ਸਾਡੀ ਕਾਵਿ-ਪਰੰਪਰਾ 'ਚੋਂ ਆਉਂਦੀ ਹੋਈ ਕੋਈ ਸੁਚੱਜੀ ਲਲਾਰਨ ਹੈ ਜਿਹੜੀ ਖ਼ਿਆਲ ਦੇ ਧਾਗਿਆਂ ਨੂੰ ਰੰਗਦੀ ਰਹਿੰਦੀ ਹੈ।
ਕੁਝ ਤਾਂ ਹੈ ਜੋ ਸਾਨੂੰ ਸ਼ਬਦਾਂ ਦੇ ਨਿੱਤਰੇ ਪਾਣੀਆਂ ਤੱਕ ਲੈ ਆਉਂਦਾ ਹੈ।
ਕਵਿਤਾ ਇਕੋ ਰੰਗ ਨੂੰ ਗਾੜ੍ਹਾ ਕਰਨਾ ਨਹੀਂ, ਸਗੋਂ ਇੱਕ ਰੰਗ ਦੀਆਂ ਅਨੇਕ ਭਾਹਾਂ ਨੂੰ ਜੀਵਤ ਕਰਨਾ ਹੈ। ਕਲਾ ਅਨੇਕ ਸ਼ੇਡਸ / ਭਾਹਾਂ ਵਿਚ ਸਾਹ ਲੈਂਦੀ ਹੈ ਨਹੀਂ ਤਾਂ ਮਰ ਜਾਂਦੀ ਹੈ।
ਮੈਂ ਹਮੇਸ਼ਾ ਇਸੇ ਗੱਲ ਦੀ ਹਾਮੀ ਭਰਾਂਗਾ ਕਿ ਕਵਿਤਾ ਪੜ੍ਹ ਕੇ ਕੋਈ ਜਿਉਣ ਦੀ ਗੱਲ ਕਰੇ, ਮਰ ਤਾਂ ਅਸੀਂ ਜਾਣਾ ਹੀ ਹੈ।
ਆਸਮਾਨ ਦੀ ਬੁਲੰਦੀ ਨੂੰ ਨਮਸਕਾਰਦਾ, ਧਰਤੀ ਦੀ ਪਰਿਕਰਮਾ ਨੂੰ ਚਿੱਤ ਧਰਦਾ, ਪੈਰਾਂ ਹੇਠਲੀ ਮਿੱਟੀ ਨੂੰ ਮੱਥੇ ਨਾਲ ਛੁਹਾਉਂਦਾ। ਆਪਣੀ ਹੁਣ ਤੱਕ ਦੀ ਤਾਨ ਨਾਲ ਹਾਜ਼ਰ ਹਾਂ ਮੈਂ, ਹਾਜ਼ਰ ਹਾਂ ਮੈਂ ਕਵਿਤਾ ਦੀ ਸ਼ਰਬਤੀ ਲੋਰ ਸੰਗ, ਤਰੰਗਤ ਟੋਟਿਆਂ ਸੰਗ।
ਧੰਨਵਾਦ ਉਹਨਾਂ ਸਾਰੇ ਦੋਸਤਾਂ ਦਾ ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਕਿਤਾਬ ਦਾ ਹਿੱਸਾ ਬਣੇ। ਜਿਨ੍ਹਾਂ ਦਾ ਮੇਰੇ ਅੰਗ-ਸੰਗ ਹੋਣਾ ਹੀ 'ਬਰਕਤ' ਹੈ।
ਮਈ, 2019 ਕਰਨਜੀਤ ਕੋਮਲ