ਮੈਂ ਹਮੇਸ਼ਾ ਇਸੇ ਗੱਲ ਦੀ ਹਾਮੀ ਭਰਾਂਗਾ ਕਿ ਕਵਿਤਾ ਪੜ੍ਹ ਕੇ ਕੋਈ ਜਿਉਣ ਦੀ ਗੱਲ ਕਰੇ, ਮਰ ਤਾਂ ਅਸੀਂ ਜਾਣਾ ਹੀ ਹੈ।
ਆਸਮਾਨ ਦੀ ਬੁਲੰਦੀ ਨੂੰ ਨਮਸਕਾਰਦਾ, ਧਰਤੀ ਦੀ ਪਰਿਕਰਮਾ ਨੂੰ ਚਿੱਤ ਧਰਦਾ, ਪੈਰਾਂ ਹੇਠਲੀ ਮਿੱਟੀ ਨੂੰ ਮੱਥੇ ਨਾਲ ਛੁਹਾਉਂਦਾ। ਆਪਣੀ ਹੁਣ ਤੱਕ ਦੀ ਤਾਨ ਨਾਲ ਹਾਜ਼ਰ ਹਾਂ ਮੈਂ, ਹਾਜ਼ਰ ਹਾਂ ਮੈਂ ਕਵਿਤਾ ਦੀ ਸ਼ਰਬਤੀ ਲੋਰ ਸੰਗ, ਤਰੰਗਤ ਟੋਟਿਆਂ ਸੰਗ।
ਧੰਨਵਾਦ ਉਹਨਾਂ ਸਾਰੇ ਦੋਸਤਾਂ ਦਾ ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਕਿਤਾਬ ਦਾ ਹਿੱਸਾ ਬਣੇ। ਜਿਨ੍ਹਾਂ ਦਾ ਮੇਰੇ ਅੰਗ-ਸੰਗ ਹੋਣਾ ਹੀ 'ਬਰਕਤ' ਹੈ।
ਮਈ, 2019 ਕਰਨਜੀਤ ਕੋਮਲ
ਸੂਈ-ਧਾਗਾ'
(ਮੰਗਲਾਚਰਨ)
ਮਾਂ ਨੇ
ਲੋਕਾਂ ਦੇ ਕੱਪੜੇ ਹੀ ਨਹੀਂ ਸੀਤੇ
ਮੇਰੀ ਕਿਸਮਤ ਵੀ ਸੀਤੀ
ਸੂਈ-ਧਾਗੇ ਨੂੰ ਭਾਗ ਲੱਗੇ
ਤਾਂ ਕਲਮਾਂ ਬੋਲੀਆਂ
ਕਵਿਤਾਵਾਂ ਲਿਖੀਆਂ ਗਈਆਂ
ਗੀਤ ਗਾਏ ਗਏ
ਇਹ ਮਾਂ ਦੇ ਹੱਥਾਂ ਦੀ ਬਰਕਤ ਹੈ
ਪੰਜਾਬੀ
ਤੂੰ ਅਲਫ਼ ਤੋਂ ਅੱਲਾ ਵਰਗੀ
ਤੂੰ ਓਅੰਕਾਰ ਦਾ ਘੇਰਾ
ਤੂੰ ਸ਼ਾਮਾਂ ਦੀ ਲਾਲੀ
ਤੂੰ ਹੀ ਸੱਜਰਾ ਸੁਰਖ਼ ਸਵੇਰਾ
ਤੂੰ ਰੁੱਤਾਂ ਦੇ ਰੰਗ 'ਚ ਮੌਲੇਂ
ਤੂੰ 'ਵਾਵਾਂ ਵਿਚ ਸ਼ਕੇਂ
ਤੂੰ ਬੀਨਾਂ ਦੇ ਨਾਦ ਜਿਹੀ
ਤੂੰ ਚਰਖੇ ਥੀਂ ਕੂਕੇਂ
ਤੇਰੇ ਮੱਥੇ ਜਗਦੇ ਤਾਰੇ
ਇਲਮ, ਮੁਹੱਬਤਾਂ ਵਾਲੇ
ਤੂੰ ਮੜਕਾਂ ਨਾ ਡੋਲ ਦੇਨੀਂ ਏਂ
ਆਬ ਸ਼ੌਹਰਤਾਂ ਵਾਲੇ
ਤੂੰ ਬੁੱਲ੍ਹੇ ਦੀ ਕਾਫ਼ੀ ਅੜੀਏ
ਤੂੰ ਨਾਨਕ ਦੀ ਬਾਣੀ
ਤੂੰ ਸਾਹਾਂ ਦੀ ਸੋਹਬਤ-ਰੰਗਤ
ਤੂੰ ਸਮਿਆਂ ਦੀ ਹਾਣੀ
ਆ ਬੀਬੀ ਨੀਂ ਵਿਹੜੇ ਸਾਡੇ
ਮੇਟ ਦਿਲਾਂ 'ਚੋਂ ਨਫ਼ਰਤ
ਕਰ ਹੱਥਾਂ ਨੂੰ ਹਰਕਤ ਜੋਗੇ
ਬਣ ਹਰਫ਼ਾਂ ਦੀ ਬਰਕਤ
ਚਾਨਣ ਦੀ ਛੋਹ
ਇਕ ਚੁੰਮਣ ਤੇਰੀ ਯਾਦ ਦਾ
ਮੇਰਾ ਧਰਤੀ ਤੇ ਅਸਮਾਨ
ਤੇ ਅੱਲ੍ਹੜ ਉਮਰ ਦੀ ਪੌਣ ਦਾ
ਸਿਰ ਸੱਤ ਜਨਮਾਂ ਅਹਿਸਾਨ
ਵੇ ਇਕ ਇਕ ਤੇਰੇ ਬੋਲ ਦਾ
ਆ ਰੂਹ 'ਤੇ ਵੇਖ ਨਿਸ਼ਾਨ
ਚੇਤੇ 'ਚੋਂ ਛੱਡਣ ਵਾਲਿਆ
ਸਾਡੀ ਨਾਲ ਤੇਰੇ ਪਹਿਚਾਣ
ਅਸਾਂ ਛੋਹਿਆ ਤੈਨੂੰ ਚਾਨਣਾ
ਸਾਨੂੰ ਏਸੇ ਗੱਲ ਦਾ ਮਾਣ
ਕੁੱਲ ਦੁਨੀਆਂ ਇਕਸਾਰ ਦੀ
ਤੇ ਤੂੰ ਦਿਸਿਆ ਸੀ ਵੱਖ
ਤੈਨੂੰ ਤੱਕਿਆ, ਤੱਕ ਕੇ ਭੁੱਲ ਗਏ
ਕਿਵੇਂ ਝਪਕੀ ਦੀ ਏ ਅੱਖ।
ਇਹ ਸਾਂਝ ਪਈ ਤੇਰੇ ਨਾਲ ਹੀ
ਉਂਝ ਫਿਰਨ ਮੂਰਤਾਂ ਲੱਖ
ਸੀ ਇਸ਼ਕ ਤੇਰੇ ਦੀਆਂ ਗੁੱਗਲਾਂ
ਗਈਆਂ ਹੌਲੀ ਹੌਲੀ ਭਖ਼