ਮਾਤਾ ਨੂੰ ਹਰਿਮੰਦਰ ਸਾਹਿਬ ਨਜ਼ਰ ਆਇਆ। ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ।
"ਇਸ ਧੂੜ ਵਿਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾ ਦੀ ਛੋਹ ਹੈ ਮੇਰੇ ਬੱਚੇ... ਧੰਨ ਹੋ ਗਿਐਂ ਤੂੰ... ਪ੍ਰਵਾਨ ਹੋ ਗਿਐ ਤੂੰ..
ਇਕ ਸੂਕਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿਚ ਧਸ ਗਈ। 'ਧੰਨ ਗੁਰੂ ਰਾਮਦਾਸ ਸੱਚੇ ਪਤਾਸ਼ਾਹ` ਕਹਿੰਦਿਆਂ ਮਾਈ ਨੇ ਬਾਲ ਹੇਠਾਂ ਰੱਖਿਆ ਤੇ ਹੱਥ ਜੋੜ 'ਹਰਿਮੰਦਰ ਸਾਹਿਬ ਵੱਲ ਦੇਖਣ ਲੱਗੀ। ਇਕ ਹੋਰ ਗੋਲੀ ਆਈ। ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਮੰਗ ਰਹੀ ਸੀ।
ਤੇ ਮਾਤਾ ਦੀ ਹਾਜ਼ਰੀ ਵੀ ਗੁਰੂ ਦਰ `ਤੇ ਪ੍ਰਵਾਨ ਹੋ ਗਈ। ਲਹੂ ਦੀਆਂ ਦੋ ਧਾਰਾਵਾਂ ਵਹੀਆਂ ਤੇ ਅੱਗੇ ਜਾ ਕੇ ਇਕ ਹੋ ਗਈਆਂ।
ਦੋਹਾਂ ਦਾ ਸਾਂਝਾ ਲਹੂ ਦਰਬਾਰ ਸਾਹਿਬ ਪਰਕਰਮਾ ਤੱਕ ਪਹੁੰਚ ਗਿਆ ਸੀ।
ਦੂਜੀ ਕਥਾ ਹੈ ਜੈਤੋ ਦੇ ਮੋਰਚੇ ਦੀ, ਜਦ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿਚ ਚੱਲ ਰਹੇ ਅਖੰਡ ਪਾਠ ਸਾਹਿਬ ਸਿੱਧਾ ਸਿੱਧਾ ਅੰਗਰੇਜ਼ ਹਕੂਮਤ ਤੋਂ ਬਗਾਵਤ ਸੀ। ਗੋਰਿਆਂ ਨੇ ਆਖੰਡ ਪਾਠ ਸਾਹਿਬ ਖੰਡਤ ਕਰ ਦਿੱਤੇ ਤੇ ਸਿਖਾਂ ਨੇ ਮੋਰਚਾ ਲਾ ਦਿੱਤਾ। ਹੁਣ ਗੱਲ ਮਹਾਰਾਜੇ ਰਿਪੁਦਮਨ ਸਿੰਘ ਤੋਂ ਬਹੁਤ ਅੱਗੇ ਲੰਘ ਗਈ ਸੀ। ਹੁਣ ਸਿਖਾਂ ਨੂੰ ਆਖੰਡ ਪਾਠ ਸਾਹਿਬ ਖੰਡਤ ਹੋਣ ਦਾ ਰੋਸ ਵਧ ਸੀ।
ਆਖੰਡ ਪਾਠ ਸਾਹਿਬ ਮੁੜ ਸ਼ੁਰੂ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸਿਖ ਜੱਥਾ ਜੈਤੋ ਪਹੁੰਚਿਆ। ਅੰਗਰੇਜ਼ਾਂ ਨੇ ਜੱਥੇ ਉੱਤੇ ਗੋਲੀ ਚਲਾ ਦਿੱਤੀ।
ਇਕ ਬੀਬੀ ਆਪਣੇ ਬਾਲ ਨੂੰ ਗੋਦ ਚੁੱਕੀ ਤੇਜ਼ ਤੇਜ਼ ਟਿੱਬੀ ਸਾਹਿਬ ਵੱਲ ਜਾ ਰਹੀ ਸੀ। ਕਾਲੇ ਦਿਲਾਂ ਦੇ ਗੋਰਿਆਂ ਦੀ ਬੰਦੂਕ ਵਿਚੋਂ ਇਕ ਗੋਲੀ ਆਈ ਤੇ ਬਾਲ ਦਾ ਸੀਨਾ ਵਿੰਨ੍ਹ ਗਈ। ਬੀਬੀ ਨੇ ਬਾਲ ਉੱਥੇ ਹੀ ਧਰਤੀ 'ਤੇ ਰੱਖਿਆ, ਹੱਥ ਜੋੜੇ ਤੇ ਉੱਪਰ ਵੱਲ ਦੇਖਦਿਆਂ ਬੋਲੀ,
"ਹੇ ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਜੀਓ, ਬਾਲ ਦੀ ਏਨੀ ਸੇਵਾ ਪ੍ਰਵਾਨ ਕਰਿਓ"
ਤੇ ਏਨਾ ਕਹਿ ਕੇ ਬੀਬੀ ਜੱਥੇ ਨਾਲ ਅੱਗੇ ਵਧ ਗਈ।