ਨਾਲ ਬੰਨ੍ਹੀ ਜਮਦਾੜ੍ਹ ਭਾਈ ਹਾਠੂ ਸਿੰਘ ਦੇ ਸਿਰ ਵਿਚ ਮਾਰਨ ਲਈ ਸੁੰਡ ਉਤਾਂਹ ਚੱਕੀ। ਭਾਈ ਹਾਠੂ ਸਿੰਘ ਨੇ ਫੁਰਤੀ ਨਾਲ ਹਵਾ ਵਿਚ ਕਈ ਫੁੱਟ ਉੱਚੀ ਛਾਲ ਮਾਰੀ ਤੇ ਤਲਵਾਰ ਦਾ ਫੁਰਤੀਲਾ ਵਾਰ ਕੀਤਾ ਕਿ ਅਗਲੇ ਪਲ ਹਾਥੀ ਦੀ ਸੁੰਡ ਸਮੇਤ ਜਮਦਾੜ੍ਹ ਧਰਤੀ 'ਤੇ ਪਈ ਸੀ। ਹਾਥੀ ਪੀੜ ਨਾਲ ਕਰਾਹਿਆ। ਹਵਾ ਵਿਚੋਂ ਥੱਲੇ ਆਉਂਦਿਆਂ ਭਾਈ ਹਾਠੂ ਸਿੰਘ ਧਰਤੀ 'ਤੇ ਬਾਜ਼ੀ ਖਾ ਗਏ।
“ਹਾਥੀ ਜਦ ਜ਼ਖਮੀਂ ਹੋ ਜਾਏ ਤਾਂ ਸ਼ੇਰ ਤੋਂ ਭੈਅ ਨਹੀਂ ਖਾਂਦਾ..", ਇਕ ਵਜੀਰ ਬੋਲਿਆ। ਅਬਦਾਲੀ ਨੇ ਗੁੱਸੇ ਨਾਲ ਉਸ ਵੱਲ ਦੇਖਿਆ। ਵਹਾਅ ਵਿਚ ਹੀ ਉਹ ਭਾਈ ਹਾਠੂ ਸਿੰਘ ਨੂੰ ਸ਼ੇਰ ਕਹਿ ਗਿਆ ਸੀ।
ਭੁੰਜੇ ਪਏ ਸਿੰਘ ਦੇ ਸਿਰ ਵੱਲ ਹਾਥੀ ਨੇ ਆਪਣਾ ਮੂਹਰਲਾ ਸੱਜਾ ਪੈਰ ਵਧਾਇਆ। ਸਿੰਘ ਨੇ ਤਲਵਾਰ ਹਾਥੀ ਦੇ ਹੇਠੋਂ ਪੈਰ ਵਿਚ ਖੁਭੋ ਦਿੱਤੀ ਤੇ ਵਿਚੇ ਹੀ ਰਹਿਣ ਦਿੱਤੀ। ਹਾਥੀ ਹੁਣ ਤਿੰਨ ਲੱਤਾਂ 'ਤੇ ਹੋ ਗਿਆ ਸੀ। ਭਾਈ ਹਾਠੂ ਸਿੰਘ ਨੇ ਕਾਹਲੀ ਨਾਲ ਪਰ੍ਹੇ ਪਈ ਹਾਥੀ ਦੀ ਸੁੰਡ ਵਿਚੋਂ ਜਮਦਾੜ੍ਹ ਖੋਲ੍ਹ ਲਈ ਤੇ ਇਕ ਭਰਵਾਂ ਵਾਰ ਹਾਥੀ ਦੀ ਛਾਤੀ ਵਿਚ ਕੀਤਾ...
"ਆਖਰ ਇਹ ਹੈ ਕੌਣ.. ? ਕਿਸ ਮਿੱਟੀ ਦਾ ਬਣਿਆ ਹੋਇਆ ਹੈ...? ਯਾ ਖੁਦਾ ਕੈਸੇ ਜਾਂਬਾਜ਼ ਲੋਕ ਨੇ ਇਹ...?", ਸਿੰਘ ਦੀ ਐਸੀ ਜੰਗਜੂ ਦਲੇਰੀ ਤੇ ਫੁਰਤੀ ਦੇਖ ਕੇ ਗੱਲ ਅਬਦਾਲੀ ਦੇ ਵੱਸੋਂ ਬਾਹਰ ਹੋ ਰਹੀ ਸੀ। ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਕੋਲ ਬੈਠੇ ਦਰਬਾਰੀਆਂ ਵੱਲ ਦੇਖਦਾ ਬੋਲਿਆ, "ਹਜ਼ਾਰਾਂ ਬਹਾਦਰ ਯੋਧੇ ਦੇਖੇ ਨੇ ਮੈਂ ਆਪਣੀ ਜ਼ਿੰਦਗੀ ਵਿਚ। ਸੈਂਕੜਿਆਂ ਨਾਲ ਮੁਕਾਬਲਾ ਕੀਤਾ ਹੈ। ਨਾਦਰ ਜਹੇ ਲੜਾਕੂਆਂ ਨਾਲ ਸਾਂਝ ਰਹੀ ਹੈ। ਬੇਸ਼ੱਕ ਪਾਨੀਪਤ ਦੇ ਮੈਦਾਨ ਵਿਚ ਮਰਾਠਿਆਂ ਨੇ ਬੇਜੋੜ ਬੀਰਤਾ ਦਿਖਾਈ ਤੇ ਸਦਾਸ਼ਿਵ ਰਾਓ ਦੀ ਦ੍ਰਿੜਤਾ ਦਾ ਮੈਂ ਕਾਇਲ ਹੋ ਗਿਆ ਸੀ, ਪਰ ਇਹ ਕੌਣ ਹੈ..? ਜੋ ਹਾਥੀ ਨੂੰ ਕੋਈ ਮਾਮੂਲੀ ਕੱਟਾ ਵੱਛਾ ਜਾਣ ਕੇ ਲੜ ਰਿਹਾ ਹੈ.. ਐਸਾ ਯੋਧਾ ਤਾਂ ਮੈਂ ਕਦੇ ਨਾ ਦੇਖਿਆ ਨਾ ਸੁਣਿਆ, ਕੀ ਇਹ ਇਸੇ ਧਰਤੀ ਦਾ ਵਾਸੀ ਹੈ ?"
"ਜੀ ਹਜ਼ੂਰ.., ਇਹ ਉਹੀ ਕਾਇਰ ਹੈ, ਜੋ ਰਾਤ ਲੁਕ ਕੇ ਸਾਡੇ ਲਸ਼ਕਰ ਵਿਚ ਦਾਖਲ ਹੋਇਆ ਸੀ ਤੇ ਸਰਕਾਰ ਦੇ ਤੰਬੂ ਦੇ ਬਾਹਰੋਂ ਫੜ੍ਹਿਆ ਗਿਆ। ਸੀ।", ਹਯਾਤ ਖਾਨ ਬੋਲਿਆ।
"ਸ਼ਰਮ ਕਰ ਹਯਾਤ ਖਾਨ... ਰਤਾ ਕੁ ਤਾਂ ਸ਼ਰਮ ਕਰ ਇਸਨੂੰ ਕਾਇਰ ਕਹਿਣ ਤੋਂ ਪਹਿਲਾਂ ਮੰਨਿਆਂ ਕਿ ਸਾਡਾ ਦੁਸ਼ਮਨ ਹੈ, ਪਰ ਬਹਾਦਰ ਨੂੰ