

ਪਰ ਸਿੰਘਾਂ ਦੀ ਗਿਣਤੀ ਨਿਤ ਦਿਹਾੜੀ ਹੁਣ ਹੋਰ ਵਧਦੀ ਜਾ ਰਹੀ ਸੀ। ਨਵਾਬ ਸਾਹਬ ਨੇ ਮੁਖੀ ਸਿੰਘਾਂ ਨਾਲ ਗੁਰਮਤਾ ਕਰਕੇ ਖਾਲਸੇ ਦੇ ਅੱਗੋਂ ਤੀਹ ਹੋਰ ਜੱਥੇ ਬਣਾ ਦਿੱਤੇ।
ਇਹਨਾਂ ਜੱਥਿਆਂ ਦੇ ਮੁਖੀ ਸਰਦਾਰਾਂ ਵਿਚੋਂ ਨਵਾਬ ਸਾਹਬ ਖੁਦ, ਬਾਬਾ ਸ਼ਾਮ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ, ਡੱਲੇਵਾਲੀਏ ਸਰਦਾਰ ਗੁਰਦਿਆਲ ਸਿੰਘ, ਜੈ ਸਿੰਘ ਕਨ੍ਹਈਆ, ਨੌਧ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਹਰੀ ਸਿੰਘ ਭੰਗੀ ਪ੍ਰਮੁੱਖ ਸਨ।
ਇਹ ਸਾਰੇ ਜੱਥੇ ਮੁਗਲਾਂ ਨੂੰ ਲੁੱਟਣ, ਉਹਨਾਂ ਦੇ ਇਲਾਕੇ ਦੱਬਣ ਲਈ ਸੁਤੰਤਰ ਸਨ। ਜਦੋ ਵੀ ਕਿਸੇ ਇਕ ਜੱਥੇ ਨੂੰ ਭੀੜ ਪਵੇ ਤਾਂ ਦੂਜੇ ਉਸ ਦੀ ਸਹਾਇਤਾ ਲਈ ਤੁਰੰਤ ਪਹੁੰਚ ਜਾਂਦੇ ਸਨ । ਇਹ ਸਾਰੇ ਜੱਥੇ ਅਕਾਲ ਬੁੰਗੇ ਅਤੇ ਬੁੱਢੇ ਦਲ ਦੇ ਜਥੇਦਾਰ ਅੱਗੇ ਜਵਾਬ ਦੇਹ ਸਨ।
ਅਬਦਾਲੀ ਪਹਿਲੀ ਵਾਰ ਪੰਜਾਬ ਆਇਆ ਤਾਂ ਨਵਾਬ ਕਪੂਰ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਥ ਦਾ ਇਕੱਠ ਅੰਮ੍ਰਿਤਸਰ ਸਾਹਿਬ ਸੱਦਿਆ। ਹੁਣ ਤੱਕ ਪੰਥ ਦੇ ਨਿੱਕੇ ਵੱਡੇ ਮਿਲਾ ਕੇ ਸੱਠ ਪੈਹਠ ਜੱਥੇ ਬਣ ਚੁੱਕੇ ਸਨ।
ਨਵਾਬ ਸਾਹਿਬ ਨੇ ਪੰਜਾਂ ਸਿੰਘਾਂ ਨਾਲ ਬੈਠ ਕੇ ਗੁਰਮਤਾ ਕੀਤਾ। ਸਰਬੱਤ ਪੰਥ ਅਕਾਲ ਬੁੰਗੇ ਦੇ ਵਿਹੜੇ ਵਿਚ ਬੈਠਾ ਬਾਣੀ ਸ੍ਰਵਣ ਕਰ ਰਿਹਾ ਸੀ। ਰਾਗੀ ਸਿੰਘ ਪੜ੍ਹ ਰਹੇ ਸਨ,
“ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥"
ਸਮੂਹ ਖਾਲਸਾ ਪੰਥ ਸੇਵਾ ਹਿਤ ਸਿੰਘਾਂ ਵੱਲੋਂ ਕੀਤੇ ਜਾ ਰਹੇ ਗੁਰਮਤੇ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ। ਨਵਾਬ ਕਪੂਰ ਸਿੰਘ ਜੀ ਨੇ ਬਾਹਰ ਆ ਕੇ ਸਰਬੱਤ ਖਾਲਸੇ ਨੂੰ ਗੁਰਮਤੇ ਤੋਂ ਜਾਣੂ ਕਰਵਾਇਆ,
"ਗੁਰੂ ਸਵਾਰੇ ਖਾਲਸਾ ਜੀ, ਕਲਗੀਧਰ ਪਿਤਾ ਜੀ ਮਹਾਰਾਜ ਜੀਆਂ ਦੀ ਮਿਹਰ ਸਦਕਾ ਪੰਥ ਖਾਲਸਾ ਚੜ੍ਹਦੀ ਕਲਾ ਵਿਚ ਵਿਚਰ ਰਿਹਾ ਹੈ। ਪੰਜਾਬ ਦੀ ਧਰਤੀ 'ਤੇ ਖਾਲਸਾ ਜੀ ਦੇ ਬੋਲ ਬਾਲੇ ਹੋ ਰਹੇ ਹਨ। ਪੰਥ ਦੀ ਪ੍ਰਫੁੱਲਤਾ ਨੂੰ ਦੇਖਦਿਆਂ ਰੋਜ ਸੈਕੜੇ ਨੌਜਵਾਨ ਸਿੰਘਾਂ ਦੇ ਵੱਖ ਵੱਖ ਜੱਥਿਆਂ ਵਿਚ ਸ਼ਾਮਲ ਹੋ ਰਹੇ ਹਨ। ਸਿੰਘਾਂ ਦੀ ਗਿਣਤੀ ਵਿਚ ਨਿਤ ਦਿਨ ਅਸਚਰਜ ਵਾਧਾ ਹੋ ਰਿਹਾ