

"ਏਥੇ ਈ ਆਂ ਬਾਬਾ ਜੀ... ਬਾਬਾ ਦੀਪ ਸਿੰਘ ਜੀ ਦੇ ਚਰਨ ਪਰਸਨ ਲੈ ਗਿਆ ਸੀ ਬਾਬਾ ਕੰਦੀ...", ਮੈਂ ਵਾਪਸ ਪਰਤਦਿਆਂ ਬੋਲਿਆ।
"ਕੰਦੀ ਦਾ ਪੱਲਾ ਨਾ ਛੱਡਿਓ ਪੁੱਤਰੋ ਮੈਂ ਰਹਾਂ ਨਾ ਰਹਾਂ. ਕੰਦੀ ਸਦਾ ਤੁਹਾਡੇ ਸੰਗ ਰਹੇਗਾ... ਬਸ ਤੁਸੀਂ ਕਦੇ ਪਿੱਠ ਨਾ ਭਵਾਇਓ ਜਿਹੜੇ ਬਾਲ ਨੇ ਵੀ ਕੰਦੀ ਦੀ ਉਂਗਲ ਛੱਡ ਕੇ ਕਿਸੇ ਹੋਰ ਦੀ ਫੜੀ ਤੇ ਕਿਸੇ ਹੋਰ ਕਥਾ 'ਤੇ ਸਵਾਰ ਹੋ ਗਿਆ, ਉਸ ਪੱਲੇ ਖੁਆਰੀ ਪਵੇਗੀ। ਆਉਣ ਵਾਲੇ ਸਮਿਆਂ ਵਿਚ ਬਹੁਤ ਲੋਕ ਮਿਲਣਗੇ ਤੁਹਾਨੂੰ ਜਿਹੜੇ ਸਿਖ ਕਥਾ ਨੂੰ ਤਰਕਾਂ, ਵਿਦੇਸ਼ੀ ਕਹਾਣੀਆਂ ਦਾ ਮੁਲੰਮਾ ਚਾੜ੍ਹ ਕੇ ਬਜ਼ਾਰਾਂ ਵਿਚ ਵੇਚਦੇ ਫਿਰਦੇ ਹੋਣਗੇ। ਉਹਨਾਂ ਤੋਂ ਬਚਣਾ ਹੈ ਮੇਰੇ ਪੁੱਤਰੋ ਕੰਦੀ ਰੂਪੀ ਕਥਾ ਦਾ ਪੱਲਾ ਨਾ ਛੱਡਿਓ ਤੇ ਸਿਦਕ ਭਰੋਸਾ ਕਾਇਮ ਰੱਖਿਓ...", ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਕਰਦਿਆਂ ਕਿਹਾ।
“ਸਤਿਬਚਨ ਬਾਬਾ ਜੀ"
"ਚਲੋ ਫੇਰ ਹੁਣ ਕਥਾ ਅੱਗੇ ਸ਼ੁਰੂ ਕਰਦੇ ਹਾਂ"
ਭਾਈ ਭਗਤੇ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਇਕ ਬਾਲ ਨੇ ਜਨਮ ਲਿਆ, ਜਿਸ ਦਾ ਨਾਮ 'ਦੀਪਾ' ਰੱਖਿਆ ਗਿਆ। ਛੋਟੇ ਹੁੰਦਿਆਂ ਤੋਂ ਹੀ ਉਹ ਆਮ ਬਾਲਾਂ ਜਿਹਾ ਨਹੀਂ ਸੀ। ਦੀਪਾ ਬਹੁਤ ਸ਼ਾਂਤ ਤੇ ਸਬਰ ਵਿਚ ਰਹਿਣ ਵਾਲਾ ਭੁਜੰਗੀ ਸੀ। ਪੋਥੀਆਂ ਵਿਚ ਸਾਰਾ ਦਿਨ ਸੋਹਣੇ ਅੱਖਰ ਪਾਉਂਦੇ ਰਹਿਣਾ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ, ਉਸਦਾ ਵੱਡਾ ਸ਼ੌਕ ਸੀ।
"ਅੱਜ ਅੱਖਰ ਕੱਲ ਨਾਲੋਂ ਸੋਹਣੇ ਆਂ ਨਾ ਮਾਂ ?", ਹਰ ਰੋਜ ਸੁੰਦਰ ਅੱਖਰ ਪਾ ਕੇ ਉਹ ਮਾਂ ਨੂੰ ਦਿਖਾਉਂਦਾ।
"ਹਾਂ ਪੁੱਤ... ਕੱਲ ਨਾਲੋਂ ਤਾਂ ਕਿੰਨੇ ਸੋਹਣੇ ਆਂ", ਮਾਂ ਵੀ ਨਿਤ ਹੱਲਾਸ਼ੇਰੀ ਦਿੰਦੀ।
ਇਕ ਦਿਨ ਉਸ ਨੇ ਬਹੁਤ ਸੋਹਣਾ " ੴ" ਲਿਖਿਆ ਤੇ ਮਾਂ ਨੂੰ ਦਿਖਾਉਂਦਿਆਂ ਬੋਲਿਆ, "ਇਹ ਏਕਾ ਕਿਰਪਾਨ ਜਿਹਾ ਹੈ ਨਾ ਮਾਂ", ਤੇ ਮਾਂ ਬਸ ਮੁਸਕੁਰਾ ਪਈ।
"ਇਹ ਊੜਾ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਮਾਂ ' ੴ ?"
“ਮਹਾਰਾਜ ਦੀਆਂ ਰਮਜ਼ਾਂ ਨੇ ਪੁੱਤ ਮਹਾਰਾਜ ਹੀ ਜਾਨਣ... ਤੂੰ 'ਉਹਨਾਂ' ਤੋਂ ਹੀ ਪੁੱਛ ਲਵੀਂ ", ਗੱਲਾਂ ਗੱਲਾਂ ਵਿਚ ਮਾਂ ਨੇ ਆਨੰਦਪੁਰ ਸਾਹਿਬ