ਆਪਣੇ ਦੁਛੱਤੇ ਘਰ ਭੀ ਬਣਾਏ, ਭੰਡਾਰੇ ਭੀ ਚਲਣ ਲੱਗ ਪਏ । ਬ੍ਰਾਹਮਣਾਂ ਨੇ ਈਰਖਾ ਵਿਚ ਆ ਕੇ ਕਾਂਸ਼ੀ ਦੇ ਰਾਜੇ ਪਾਸ ਸ਼ਿਕਾਇਤ ਕੀਤੀ । ਪਰਖ ਹੋਣ ਤੇ ਰਵਿਦਾਸ ਦੇ ਠਾਕੁਰ ਜੀ ਨਦੀ ਉਤੇ ਤਰੇ। ਰਵਿਦਾਸ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਪੂਜਾ ਕੀਤੀ ।
(੬) ਰਵਿਦਾਸ ਵੇਦ-ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ।
(੭) ਰਵਿਦਾਸ ਨੇ ਜਨੇਊ ਭੀ ਪਾਇਆ ਹੋਇਆ ਸੀ, ਪਰ ਇਹ ਜਨੇਊ ਸੋਨੇ ਦਾ ਸੀ ਅਤੇ ਪਿੰਡੇ ਦੇ ਮਾਸ ਦੇ ਅੰਦਰਲੇ ਪਾਸੇ ਸੀ।
ਠਾਕੁਰ-ਪੂਜਾ-
ਜੇ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੁੰਦੀ ਤਾਂ ਅਸਾਨੂੰ ਇਹਨਾਂ ਉਪਰ ਲਿਖੀਆਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਾ ਪੈਂਦੀ । ਪੁਸਤਕ "ਗੁਰਮਤਿ ਪ੍ਰਕਾਸ਼' ਵਿਚ ਧੰਨੇ ਭਗਤ ਦੀ ਠਾਕੁਰ-ਪੂਜਾ ਬਾਰੇ ਵਿਚਾਰ ਭੀ ਇਸੇ ਕਰਕੇ ਕਰਨੀ ਪਈ ਸੀ ਕਿ ਉਹਨਾਂ ਦੀ ਬਾਣੀ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ । ਸਿੱਖ ਧਰਮ ਦੇ ਨਿਸ਼ਚੇ ਅਨੁਸਾਰ ਠਾਕੁਰ-ਪੂਜਾ ਜਾਂ ਮੂਰਤੀ-ਪੂਜਾ ਇਕ ਗਲਤ ਰਸਤਾ ਹੈ, ਗੁਰੂ ਅਰਜਨ ਸਾਹਿਬ ਨੇ ਸਾਫ਼ ਫ਼ੁਰਮਾਇਆ ਹੈ-
"ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਨੁ
ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ
ਬਿਰੋਲੈ ਖਪਿ ਖਪਿ ਮਰਤਾ ॥੧॥ਰਹਾਉ॥ ਜਿਸੁ ਪਾਹਨ ਕਉ
ਠਾਕੁਰੁ ਕਹਤਾ ॥ ਉਹੁ ਪਾਹਨੁ ਲੈ ਉਸ ਕਉ ਡੁਬਤਾ ॥੨॥
ਗੁਨਹਗਾਰੁ ਲੂਣਹਰਾਮੀ ॥ ਪਾਹਨ ਨਾਵ ਨ ਪਾਰਗਰਾਮੀ ॥੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲ ਥਲਿ ਮਹੀਅਲਿ
ਪੂਰਨ ਬਿਧਾਤਾ ॥੪॥