ਭਗਤ ਸਿੰਘ ਨੇ ਕਿਹਾ
(ਚੋਣਵੇਂ ਹਵਾਲੇ)
ਭੂਮਿਕਾ
ਭਾਰਤੀ ਇਨਕਲਾਬ ਦੇ ਸਭ ਤੋਂ ਵੱਡੇ ਪ੍ਰਤੀਕ ਭਗਤ ਸਿੰਘ ਦੀ ਫਾਂਸੀ ਦੇ ਬਾਅਦ 76 ਸਾਲ ਅਤੇ ਉਸ ਅਜ਼ਾਦੀ ਤੋਂ ਬਾਅਦ 59 ਸਾਲ ਦਾ ਸਮਾਂ ਬੀਤ ਚੁੱਕਾ ਹੈ, ਜੋ ਸਾਨੂੰ ਕਾਂਗਰਸ ਦੀ ਅਗਵਾਈ ਵਿੱਚ ਮਿਲੀ।
ਭਗਤ ਸਿੰਘ ਨੇ ਵਾਰ-ਵਾਰ ਇਹ ਚਿਤਾਵਨੀ ਦਿੱਤੀ ਸੀ ਕਿ ਕਾਂਗਰਸ ਦੇ ਰਾਹ ਉੱਪਰ ਚੱਲ ਕੇ ਮਿਲਣ ਵਾਲੀ ਅਜ਼ਾਦੀ ਉੱਪਰਲੇ ਦਸ ਫੀਸਦੀ ਅਮੀਰ ਲੋਟੂਆਂ ਦੀ ਅਜ਼ਾਦੀ ਹੋਵੇਗੀ, ਦੇਸ਼ ਦੇ 90 ਫੀਸਦੀ ਮਜ਼ਦੂਰਾਂ-ਕਿਸਾਨਾਂ ਦੀ ਜ਼ਿੰਦਗੀ ਲੁੱਟ ਅਤੇ ਜ਼ਬਰ ਤੋਂ ਮੁਕਤ ਨਹੀਂ ਹੋਵੇਗੀ। ਬੀਤੇ 59 ਸਾਲਾਂ ਦੇ ਇੱਕ-ਇੱਕ ਭਗਤ ਸਿੰਘ ਦੀ ਚੇਤਾਵਨੀ ਨੂੰ ਸੱਚ ਸਾਬਿਤ ਕੀਤਾ ਹੈ। ਲੁਟੇਰਿਆਂ ਦੀ ਚਮੜੀ ਦਾ ਰੰਗ ਬਦਲ ਗਿਆ ਹੈ, ਪਰ ਲੁੱਟ-ਜ਼ਬਰ ਬੰਦ ਹੋਣਾ ਤਾਂ ਦੂਰ ਸਗੋਂ ਹੋਰ ਤੇਜ਼ ਹੁੰਦੀ ਗਈ ਹੈ।
ਅੱਧੀ ਸਦੀ ਤੋਂ ਕੁੱਝ ਵਧੇਰੇ ਸਮੇਂ ਅੰਦਰ ਦੇਸੀ ਪੂੰਜੀਵਾਦੀ ਸੱਤਾ ਦੀਆਂ ਗੋਲੀਆਂ ਨੇ ਉਸ ਤੋਂ ਵਧੇਰੇ ਖੂਨ ਵਹਾਇਆ ਹੈ ਜਿੰਨਾਂ 200 ਸਾਲਾਂ ਦੇ ਦੌਰਾਨ ਅੰਗਰੇਜਾਂ ਨੇ ਵਹਾਇਆ ਸੀ । ਕਹਿਣ ਨੂੰ ਤਾਂ ਲੋਕਤੰਤਰ ਹੈ, ਪਰ ਇਸ ਜਾਬਰ ਸੱਤਾ ਦੇ ਵਿਰੁੱਧ ਉੱਠਣ ਵਾਲੀ ਹਰ ਅਵਾਜ਼ ਨੂੰ, ਹਰ ਲਹਿਰ ਨੂੰ ਕੁਚਲ ਦੇਣ ਲਈ ਨਾ ਤਾਂ ਨਵੇਂ-ਨਵੇਂ ਕਾਨੂੰਨਾਂ ਦੀ ਕਮੀ ਹੈ ਨਾ ਜੇਲ੍ਹਾਂ, ਪੁਲਸ ਅਤੇ ਫੌਜ ਦੀ। ਹਰ ਰੋਜ਼ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਵਿਦਿਆਰਥੀਆਂ-ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਉੱਪਰ ਗੋਲੀਆਂ ਵਰ੍ਹ ਰਹੀਆਂ ਹਨ।
ਦੇਸ਼ ਵਿਦੇਸ਼ੀ ਕਰਜ਼ੇ ਨਾਲ ਲੱਦਿਆ ਹੋਇਆ ਹੈ। ਇੱਕ ਬ੍ਰਿਟਿਸ਼ ਸਾਮਰਾਜਵਾਦ ਦੀ ਥਾਂ ਦਰਜਨਾਂ ਸਾਮਰਾਜਵਾਦੀ ਡਾਕੂ ਦੇਸੀ ਸੇਠਾਂ ਨਾਲ ਮਿਲ ਕੇ ਭਾਰਤ ਦੇ ਲੋਕਾਂ ਦੀ ਮਿਹਨਤ ਨੂੰ ਅਤੇ ਸਾਡੀ ਧਰਤੀ ਦੇ ਮਾਲ ਖਜ਼ਾਨਿਆਂ ਨੂੰ ਚੂੰਢੀ ਜਾ ਰਹੇ ਹਨ। ਉੱਪਰ ਦੇ ਕਰੀਬ ਸੌ ਵੱਡੇ ਸਰਮਾਏਦਾਰ ਘਰਾਨਿਆਂ ਦੀ ਪੂੰਜੀ ਵਿੱਚ ਦੁੱਗਣਾ ਚੌਗਣਾ ਨਹੀਂ ਸਗੋਂ ਦੋ ਸੌ ਗੁਣਾ ਤੋਂ ਲੈ ਕੇ ਚਾਰ ਸੌ ਗੁਣਾ ਤੱਕ ਦਾ ਵਾਧਾ ਹੋਇਆ ਹੈ, ਜਦ ਕਿ ਦੂਜੇ ਪਾਸੇ ਅੱਧੀ ਅਬਾਦੀ ਨੂੰ ਸਿੱਖਿਆ ਅਤੇ ਦਵਾ ਇਲਾਜ ਤਾਂ ਦੂਰ ਢਿੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ। 1947 ਵਿੱਚ ਦੇਸ਼ ਨੂੰ ਜੋ ਅਧੂਰੀ ਅਤੇ ਅਪੰਗ ਅਜ਼ਾਦੀ ਮਿਲੀ, ਉਸਦਾ ਪੂਰਾ ਫਾਇਦਾ ਉੱਪਰ ਦੇ ਸਿਰਫ ਮੁੱਠੀ ਭਰ ਧਨਾਡਾਂ ਨੂੰ ਹੀ ਮਿਲਿਆ ਹੈ।
ਦੇਸ਼ ਦੇ ਨੌਜਵਾਨਾਂ ਨੇ ਬਹੁਤ ਇੰਤਜ਼ਾਰ ਕਰ ਲਿਆ। ਬਹੁਤ ਦਿਨਾਂ ਤੱਕ ਘੁਟ-ਘੁਟ ਕੇ ਜੀ ਲਿਆ। ਕਦੇ ਏਸ ਕਦੇ ਓਸ ਵੋਟ ਪਾਰਟੀ ਤੋਂ ਤਬਦੀਲੀ ਦੀਆਂ ਉਮੀਦਾਂ ਪਾਲ ਕੇ ਬਹੁਤ ਧੋਖਾ ਖਾ ਲਿਆ। ਹੁਣ ਉਨ੍ਹਾਂ ਨੂੰ ਸੋਚਣਾ ਹੀ ਪਵੇਗਾ ਕਿ ਹੋਰ ਕਿੰਨਾ ਚਿਰ ਧੋਖਾ ਖਾਂਦੇ ਰਹਾਂਗੇ ? ਹੋਰ ਕਿੰਨਾ ਚਿਰ ਬਰਦਾਸ਼ਤ ਕਰਾਂਗੇ ? ਦੁਨੀਆਦਾਰੀ ਦੇ ਭੰਵਰਜਾਲ ਵਿੱਚ ਫਸੇ ਰਹਾਂਗੇ ? ਕਦ ਤੱਕ ਚੁਣੌਤੀਆਂ ਤੋਂ ਅੱਖਾਂ ਚੁਰਾਉਂਦੇ ਰਹਾਂਗੇ ?
ਉਨ੍ਹਾਂ ਨੂੰ ਭਗਤ ਸਿੰਘ ਦਾ ਸੁਨੇਹਾ ਸੁਣਨਾ ਹੀ ਹੋਵੇਗਾ। ਨਵੇਂ ਇਨਕਲਾਬ ਦੇ ਰਾਹ ਤੇ ਚੱਲਣ ਲਈ ਵਕਤ ਅਵਾਜ਼ ਦੇ ਰਿਹਾ ਹੈ। ਉਨ੍ਹਾਂ ਨੂੰ ਸੁਣਨਾ ਹੀ ਹੋਵੇਗਾ।
ਇੱਥੇ ਭਗਤ ਸਿੰਘ ਦੇ ਅਨੇਕਾਂ ਲੇਖਾਂ, ਖ਼ਤਾਂ ਅਤੇ ਬਿਆਨਾਂ 'ਚੋਂ ਚੁਣੇ ਹੋਏ ਹਵਾਲੇ ਦਿੱਤੇ ਜਾ ਰਹੇ ਹਨ। ਜੋ ਦੱਸਦੇ ਹਨ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਕਿਸਤਰ੍ਹਾਂ ਦਾ ਇਨਕਲਾਬ ਲਿਆਉਣਾ ਚਾਹੁੰਦੇ ਸਨ ਅਤੇ ਉਹਨਾਂ ਸਾਹਮਣੇ ਅਜ਼ਾਦ ਭਾਰਤ ਦੀ ਕਿਹੋ ਜਿਹੀ ਤਸਵੀਰ ਸੀ । ਇਹ ਹਵਾਲੇ ਉਹਨਾਂ ਅਤਰਕਪੂਰਨ ਅਤੇ ਪੱਛੜੇ ਹੋਏ ਖ਼ਿਆਲਾਂ 'ਤੇ ਤਿੱਖੀ ਚੋਟ ਕਰਦੇ ਹਨ ਜੋ ਅੱਜ ਵੀ ਸਾਡੇ ਦੇਸ਼ ਦੇ ਅਨੇਕਾਂ ਨੌਜਵਾਨਾਂ ਨੂੰ ਜਕੜੀ ਬੈਠੇ ਹਨ। ਅਸੀਂ ਉੱਠ ਖੜੇ ਹੋਣ ਅਤੇ ਇਨਕਲਾਬ ਉੱਪਰ ਆਪਣਾ ਸਭ ਕੁਝ ਵਾਰ ਦੇਣ ਦਾ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ।
-17 ਅਕਤੂਬਰ 2006