ਵਿੱਚ ਨਾ ਇਨਸਾਨੀ ਕਾਰੋਬਾਰ ਵਿੱਚ। ਇਨਕਲਾਬ ਯਕੀਨੀ ਅਣ ਸੋਚੀ ਸਮਝੀ, ਕਤਲਾਂ ਅਤੇ ਸਾੜ ਫੂਕ ਦੀ ਦਰਿੰਦਾ ਮੁਹਿੰਮ ਨਹੀਂ, ਤੇ ਨਾ ਹੀ ਚੰਦ ਬੰਬ ਇਥੇ ਉੱਥੇ ਸੁੱਟਣ ਅਤੇ ਗੋਲੀਆਂ ਚਲਾਉਣਾ ਹੈ ਅਤੇ ਨਾ ਹੀ ਇਹ ਸੱਭਿਆਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਅਤੇ ਸਮੇਂ ਤੋਂ ਮੰਨੇ ਪ੍ਰਮੰਨੇ ਇਨਸਾਫ ਅਤੇ ਬਰਾਬਰੀ ਦੇ ਅਸੂਲ ਤਬਾਹ ਕਰਨਾ ਹੈ। ਇਨਕਲਾਬ ਕੋਈ ਮਾਯੂਸੀ ਤੋਂ ਪੈਦਾ ਹੋਇਆ ਫ਼ਲਸਫਾ ਵੀ ਨਹੀਂ ਤੇ ਨਾ ਹੀ ਸਿਰਲੱਥਾਂ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਹ ਇੱਕ ਪੁਖਤਾ ਤੇ ਜ਼ਿੰਦਾ ਤਾਕਤ ਹੈ ਇਜ਼ਹਾਰ ਜੋ ਨਵੇਂ ਤੇ ਪੁਰਾਣੇ ਦੀ, ਜੀਵਨ ਤੇ ਮੌਤ, ਰੋਸ਼ਨੀ ਅਤੇ ਹਨ੍ਹੇਰੇ ਦੀ ਅੰਤਰੀਵੀ ਟੱਕਰ ਦਾ ਇਜ਼ਹਾਰ ਹੈ। ਕੋਈ ਇਤਫ਼ਾਕ ਨਹੀਂ ਹੈ, ਨਾ ਕੋਈ ਸੰਗੀਤਮਈ ਇਕਸਾਰਤਾ ਹੈ ਅਤੇ ਨਾ ਹੀ ਕੋਈ ਤਾਲ ਜੋ ਕਿ ਇਨਕਲਾਬ ਬਗ਼ੈਰ ਆਈ ਹੋਏ। 'ਗੋਲਿਆਂ ਦਾ ਰਾਗ' ਜਿਸ ਬਾਰੇ ਕਵੀ ਗਾਉਂਦੇ ਹਨ, ਅਸਲੀਅਤ ਰਹਿਤ ਹੋ ਜਾਵੇਗਾ ਅਗਰ ਇਨਕਲਾਬ ਨੂੰ ਖਲਾਅ ਵਿੱਚੋਂ ਖ਼ਤਮ ਕਰ ਦਿੱਤਾ ਜਾਵੇ। ਇਨਕਲਾਬ ਇਕ ਨਿਯਮ ਹੈ। ਇਨਕਲਾਬ ਇਕ ਆਦੇਸ਼ ਹੈ ਅਤੇ ਇਨਕਲਾਬ ਸੱਚ ਹੈ।
ਭਾਰਤ ਸਾਮਰਾਜਵਾਦ ਦੇ ਜੂਲੇ ਹੇਠ ਪਿਸ ਰਿਹਾ ਹੈ। ਇਸ ਦੇ ਕਰੋੜਾਂ ਲੋਕ ਅੱਜ ਅਗਿਆਨਤਾ ਅਤੇ ਗਰੀਬੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਬਹੁਤ ਵੱਡੀ ਗਿਣਤੀ ਜੋ ਕਿਰਤੀਆਂ ਕਿਸਾਨਾਂ ਦੀ ਹੈ ਉਹਨਾਂ ਨੂੰ ਵਿਦੇਸ਼ੀ ਦਾਬੇ ਅਤੇ ਆਰਥਿਕ ਲੁੱਟ ਨੇ ਹੱਥਲ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਅਤਿ ਗੰਭੀਰ ਹੈ। ਉਸ ਨੂੰ ਦੋਹਰੇ ਖ਼ਤਰੇ ਦਾ ਸਾਹਮਣਾ ਹੈ। ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖ਼ਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀ ਨਾਲ ਹਰ ਰੋਜ਼ ਵਧੇਰੇ ਗਠ-ਜੋੜ ਕਰ ਰਿਹਾ ਹੈ। ...
ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ, ਵਿਦੇਸ਼ੀ ਪੂੰਜੀਪਤੀਆਂ ਤੋਂ ਵਿਸ਼ਵਾਸਘਾਤ ਦੀ ਕੀਮਤ ਦੇ ਤੌਰ 'ਤੇ ਸਰਕਾਰ ਵਿੱਚ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਕਿਰਤੀ ਦੀ ਆਸ ਹੁਣ ਸਿਰਫ਼ ਸਮਾਜਵਾਦ ਤੇ ਲੱਗੀ ਹੈ ਤੇ ਸਿਰਫ਼ ਇਹੀ ਹੈ ਜੋ ਪੂਰਣ ਆਜ਼ਾਦੀ ਅਤੇ ਸਭ ਵਖਰੇਵੇਂ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਭਾਰਤੀ ਰੀਪਬਲਿਕ ਦੇ ਨੌਜਵਾਨੋ-ਨਹੀਂ ਸਿਪਾਹੀਓ-ਕਤਾਰ ਬੰਧ ਹੋ ਜਾਓ। ਆਰਾਮ ਨਾਲ ਨਾ ਖੜ੍ਹੇ ਹੋਵੋ। ਐਵੇਂ ਆਪਣੀਆਂ ਲੱਤਾਂ ਨਾ ਦਬਾਓ । ਲੰਬੀ ਦਲਿੱਦਰਤਾ ਜੋ ਤੁਹਾਨੂੰ ਨਕਾਰਾ ਕਰ ਰਹੀ ਹੈ, ਨੂੰ ਸਦਾ ਲਈ ਆਪਣੇ ਤੋਂ ਲਾਂਭੇ ਕਰ ਦਿਉ । ਤੁਹਾਡਾ ਬਹੁਤ ਹੀ ਨੇਕ ਮਿਸ਼ਨ ਹੈ। ਦੇਸ਼ ਦੇ ਹਰ ਕੋਨੇ ਤੇ ਦਿਸ਼ਾ ਵਿੱਚ ਖਿੱਲਰ ਜਾਓ ਅਤੇ ਭਵਿੱਖ ਦੇ ਇਨਕਲਾਬ ਲਈ ਜਿਸਦਾ ਆਉਣਾ ਨਿਸ਼ਚਿਤ ਹੈ, ਵਾਸਤੇ ਲੋਕਾਂ ਨੂੰ ਤਿਆਰ ਕਰੋ। ਫਰਜ਼ ਦੇ ਬਿਗਲ ਦੀ ਆਵਾਜ਼ ਸੁਣੋ। ਐਵੇਂ ਵਿਹਲਿਆਂ ਜ਼ਿੰਦਗੀ ਨਾ ਗੁਆਓ। ਵਧੋ! ਤੁਹਾਡੀ ਜ਼ਿੰਦਗੀ ਦਾ ਹਰ ਮਿੰਟ ਇਸ ਤਰ੍ਹਾਂ ਦੇ ਤਰੀਕੇ ਤੇ ਤਰਕੀਬਾਂ ਲੱਭਣ ਵਿੱਚ ਲੱਗਣਾ ਚਾਹੀਦਾ ਹੈ ਕਿ ਕਿਵੇਂ ਆਪਣੀ ਪੁਰਤਾਨ ਧਰਤੀ ਦੀਆਂ ਅੱਖਾਂ ਵਿੱਚ ਜਵਾਲਾ ਜਾਗੇ ਅਤੇ ਇੱਕ ਵੱਡੀ ਉਬਾਸੀ ਲੈ ਕੇ ਇਹ ਜਾਗੇ। ਅੰਗਰੇਜ਼ ਸਾਮਰਾਜ ਦੇ
ਖਿਲਾਫ਼ ਨੌਜਵਾਨਾਂ ਦੇ ਉਪਜਾਊ ਮਨਾਂ ਵਿੱਚ ਇੱਕ ਉਕਸਾਹਟ ਤੇ ਨਫ਼ਰਤ ਭਰ ਦਿਓ। ਐਸੇ ਬੀਜ ਪਾਓ, ਜਿਹੜੇ ਉੱਗਣ ਅਤੇ ਵੱਡੇ ਦਰਖ਼ਤ ਬਣ ਜਾਣ ਕਿਉਂਕਿ ਇਹਨਾਂ ਬੀਜਾਂ ਨੂੰ ਤੁਸੀਂ ਆਪਣੇ ਗਰਮ ਖੂਨ ਦਾ ਪਾਣੀ ਪਾਵੋਗੇ । ਤਦ ਇੱਕ ਭਿਆਨਕ ਭੂਚਾਲ ਆਵੇਗਾ ਜੋ ਵੱਡੇ ਧਮਾਕੇ ਨਾਲ ਗਲਤ ਚੀਜ਼ਾਂ ਬਰਬਾਦ ਕਰੇਗਾ ਅਤੇ ਸਾਮਰਾਜਵਾਦ ਦੇ ਮਹਿਲ ਨੂੰ ਕੁਚਲ ਕੇ ਘੱਟੇ ਵਿੱਚ ਮਿਲਾ ਦੇਵੇਗਾ ਅਤੇ ਇਹ ਤਬਾਹੀ ਮਹਾਨ ਹੋਵੇਗੀ। ਤਦੋਂ ਅਤੇ ਸਿਰਫ਼ ਤਦੋਂ ਇੱਕ ਨਵੀਂ ਭਾਰਤੀ ਕੌਮ ਜਾਗੇਗੀ, ਜੋ ਇਨਸਾਨੀਅਤ ਨੂੰ ਹੈਰਾਨ ਕਰ ਦੇਵੇਗੀ, ਆਪਣੇ ਗੁਣਾਂ ਅਤੇ ਸ਼ਾਨ ਨਾਲ । ਸਿਆਣਾ ਅਤੇ ਤਾਕਤਵਰ, ਸਾਦਾ ਤੇ ਕਮਜ਼ੋਰ ਲੋਕਾਂ ਤੋਂ ਹੈਰਾਨ ਰਹਿ ਜਾਵੇਗਾ।
ਵਿਅਕਤੀਗਤ ਮੁਕਤੀ ਵੀ ਤਾਂ ਹੀ ਸੁਰੱਖਿਅਤ ਹੋਵੇਗੀ। ਕਿਰਤੀ ਦੀ ਸਰਦਾਰੀ ਤੇ ਪ੍ਰਭੂਸੱਤਾ ਨੂੰ ਸਤਿਕਾਰਿਆ ਜਾਵੇਗਾ। ਅਸੀਂ ਅਜਿਹੇ ਇਨਕਲਾਬ ਦੇ ਆਉਣ ਦਾ ਸੁਨੇਹਾ ਦੇ ਰਹੇ ਹਾਂ। ਇਨਕਲਾਬ ਅਮਰ ਰਹੇ!!!
ਬੰਬ ਦਾ ਫਲਸਫਾ
ਜਦੋਂ ਇੱਕ ਇਨਕਲਾਬੀ ਆਪਣੇ ਕੁਝ ਹੱਕ ਸਮਝਦਾ ਹੈ, ਉਹ ਇਹਨਾਂ ਦੀ ਮੰਗ ਕਰਦਾ ਹੈ, ਦਲੀਲ ਦੇਂਦਾ ਹੈ, ਆਪਣੀ ਪੂਰੀ ਆਤਮਕ ਸ਼ਕਤੀ ਰਾਹੀਂ ਉਸਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤਸੀਹੇ ਝੱਲਦਾ ਹੈ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰਕ ਬਲ ਨੂੰ ਵੀ ਵਰਤਣਾ ਜ਼ੁਰਮ ਨਹੀਂ ਸਮਝਦਾ। ਸੋ ਸਵਾਲ ਹਿੰਸਾ ਜਾਂ ਅਹਿੰਸਾ ਦਾ ਨਹੀਂ ਬਲਕਿ ਇਹ ਹੈ ਕਿ ਕੀ ਅਸੀਂ ਨਿਰੋਲ ਆਤਮਕ ਗੱਲ ਦੇ ਸਿਰੇ ਤੇ ਹੀ ਚੱਲਣਾ ਹੈ ਜਾਂ ਇਸ ਦੇ ਨਾਲ ਸਰੀਰਕ ਸ਼ਕਤੀ ਦੀ ਵਰਤੋਂ ਵੀ ਕਰਨੀ ਹੈ। ਇਨਕਲਾਬੀ ਵਿਸ਼ਵਾਸ਼ ਰੱਖਦੇ ਹਨ ਕਿ ਉਹਨਾਂ ਦੇ ਦੇਸ਼ ਦੀ ਬੰਦ ਖਲਾਸੀ ਇਨਕਲਾਬੀ ਢੰਗ ਰਾਹੀਂ ਹੀ ਹੋਵੇਗੀ। ਇਨਕਲਾਬ ਜਿਸਦੀ ਉਹ ਕਾਮਨਾ ਕਰਦੇ ਹਨ ਅਤੇ ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ, ਸਿਰਫ਼ ਬਦੇਸ਼ੀ ਸਰਕਾਰ ਅਤੇ ਉਸ ਦੇ ਹਮਾਇਤੀਆਂ ਅਤੇ ਜਨਤਾ ਵਿਚਾਲੇ ਹਥਿਆਰਬੰਦ ਲੜਾਈ ਦੀ ਸ਼ਕਲ ਵਿੱਚ ਹੀ ਨਹੀਂ ਹੋਵੇਗੀ ਬਲਕਿ ਇੱਕ ਨਵੇਂ ਸਮਾਜੀ ਢਾਂਚੇ ਦਾ ਸੂਚਕ ਹੋਵੇਗਾ। ਇਹ ਯੁੱਗ ਪਲਟਾ ਸਰਮਾਏਦਾਰੀ ਅਤੇ ਹਰ ਤਰ੍ਹਾਂ ਦੇ ਜਮਾਤੀ ਵਖਰੇਵਿਆਂ ਅਤੇ ਵਿਤਕਰਿਆਂ ਦਾ ਖਾਤਮਾ ਕਰ ਦੇਵੇਗਾ। ਅੱਜ ਜੋ ਲੱਖਾਂ ਲੋਕ ਭੁੱਖ ਮਰੀ ਦੇ ਸ਼ਿਕਾਰ ਹੋ ਰਹੇ ਹਨ ਅਤੇ ਵਿਦੇਸ਼ੀ ਅਤੇ ਦੇਸੀ ਲੁਟੇਰਿਆਂ ਦੇ ਜੂਲੇ ਹੇਠ ਪਿਸ ਰਹੇ ਹਨ ਵਾਸਤੇ ਇਹ ਖੁਸ਼ੀ ਅਤੇ ਖੁਸ਼ਹਾਲੀ ਲਿਆਏਗਾ। ਇਹ ਕੌਮ ਨੂੰ ਨਵਾਂ ਜੀਵਨ ਦੇਵੇਗਾ, ਇਹ ਨਵੇਂ ਸਮਾਜ ਦਾ ਜਨਮ ਦਾਤਾ ਹੋਵੇਗਾ। ਇਸ ਤੋਂ ਵਧ ਕੇ ਇਹ ਕਿਰਤੀ ਦੀ ਸਰਦਾਰੀ ਸਥਾਪਤ ਕਰਕੇ ਸਮਾਜੀ ਲੋਕਾਂ ਨੂੰ ਸਦਾ ਲਈ ਰਾਜ ਗੱਦੀਉਂ ਹਟਾ ਦੇਵੇਗਾ।
ਇਨਕਲਾਬੀ ਅੱਗੇ ਹੀ ਨੌਜਵਾਨਾਂ ਦੀ ਬੇਚੈਨੀ ਵਿੱਚ ਇਨਕਲਾਬੀ ਸ਼ੁਰੂਆਤ ਦੇਖ
ਰਹੇ ਹਨ। ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ੍ਹਬੀ ਵਹਿਮਾਂ ਤੋਂ ਇਹ ਮੁਕਤੀ ਦੇ ਚਾਹਵਾਨ ਹਨ। ਜਿਵੇਂ-ਜਿਵੇਂ ਨੌਜਵਾਨਾਂ ਵਿੱਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉੱਠਾਣਗੇ। ਇਸ ਤਰ੍ਹਾਂ ਆਤੰਕਵਾਦ (Terrorism) ਦੇ ਦੌਰ ਨੇ ਇਸ ਦੇਸ਼ ਵਿੱਚ ਜਨਮ ਲਿਆ।
ਇਨਕਲਾਬੀ ਦਲੀਲ ਨੂੰ ਮਹਾਨ ਸਮਝਦਾ ਹੈ। ਇਹ ਦਲੀਲ ਅਤੇ ਸਿਰਫ਼ ਦਲੀਲ ਨੂੰ ਮੰਨਦਾ ਹੈ। ਗਾਲੀ ਗਲੋਚ ਭਾਵੇਂ ਕਿੰਨੇ ਉੱਚੇ ਤੋਂ ਉੱਚੇ ਥਾਂ ਤੋਂ ਵਰ੍ਹੇ ਉਹਨੂੰ ਥਿੜਕਾ ਨਹੀਂ ਸਕਦੀ । ਇਉਂ ਸੋਚਣਾ ਕਿ ਹਮਦਰਦੀ ਅਤੇ ਪ੍ਰਸ਼ੰਸਾਂ ਦੀ ਅਣਹੋਂਦ ਵਿੱਚ ਇਨਕਲਾਬੀ ਆਪਣਾ ਆਦਰਸ਼ ਛੱਡ ਜਾਏਗਾ, ਵੱਡੀ ਮੂਰਖਤਾ ਹੈ। ਕਈ ਇਨਕਲਾਬੀ ਹੁਣ ਤੀਕ ਇਹਨਾਂ ਸੰਵਿਧਾਨਕ ਐਜੀਟੇਟਰਾਂ ਦੇ ਮਿਹਣੇ ਦੇਣ ਦੀ ਪਰਵਾਹ ਨਾ ਕਰਦੇ ਹੋਏ ਫ਼ਾਂਸੀਆਂ ਤੇ ਝੂਲ ਗਏ ਹਨ। ਜੇ ਕੋਈ ਚਾਹੁੰਦਾ ਹੈ ਕਿ ਇਨਕਲਾਬੀ ਆਪਣਾ ਕੰਮ ਠੱਲ੍ਹ ਲੈਣ ਤਾਂ ਉਹਨਾਂ ਨਾਲ ਦਲੀਲ ਰਾਹੀਂ ਗੱਲ ਕਰੇ । ਇਹੀ ਇਕੋ ਇੱਕ ਰਸਤਾ ਹੈ। ਬਾਕੀ ਹੋਰ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ-ਇਨਕਲਾਬ ਕਿਸੇ ਤੁਹਮਤਬਾਜ਼ੀ ਜਾਂ ਹੈਂਕੜਬਾਜ਼ੀ ਤੋਂ ਘਬਰਾਉਣ ਵਾਲੀ ਚੀਜ਼ ਦਾ ਨਾਉਂ ਨਹੀਂ ਹੈ।
ਮੈਂ ਨਾਸਤਕ ਕਿਉਂ ਹਾਂ ?
ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁਝ ਵੀ ਨਹੀਂ ਹੋਏਗਾ । ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ
ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇਕੋ-ਇਕ ਸ਼ਾਨਦਾਰ ਮਾਰਗ ਉੱਤੇ ਚੱਲਣਗੇ।
ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ ਅਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫ਼ਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਹ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗਲਤ ਜਾਂ ਉੱਕਾ ਹੀ ਬੇਬੁਨਿਆਦ ਹੋ ਸਕਦੀ ਹੈ। ਪਰ ਉਹਨੂੰ ਦਰੁਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦੀ ਜ਼ਿੰਦਗੀ ਦਾ ਧਰੂ- ਤਾਰਾ ਹੁੰਦੀ ਹੈ। ਪਰ ਨਿਰਾ ਵਿਸ਼ਵਾਸ ਅਤੇ ਅੰਨ੍ਹਾਂ ਵਿਸ਼ਵਾਸ ਖ਼ਤਰਨਾਕ ਹੁੰਦਾ ਹੈ। ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹ-ਖਿੱਚੂ) ਬਣਾ ਦਿੰਦਾ ਹੈ।
ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫ਼ਲਸਫ਼ੇ ਲਈ ਜ਼ਮੀਨ ਤਿਆਰ ਕਰਨੀ ਹੋਵੇਗਾ।
ਇਨਕਲਾਬੀ ਪ੍ਰੋਗਰਾਮ ਦਾ ਖਰੜਾ
ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫ਼ਲਤਾ ਵਿੱਚ ਖ਼ਤਮ ਹੋਵੇਗਾ।
ਮੈਂ ਇਹ ਇਸ ਲਈ ਕਿਹਾ ਹੈ, ਕਿਉਂਕਿ ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਤੇ ਲੜਿਆ ਜਾ ਰਿਹਾ ਹੈ। ਇਹ ਦੋਨੋਂ ਜਮਾਤਾਂ, ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿੱਚ ਪਾਉਣ ਦੀ ਜੁਰਅਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਅਤੇ ਕਾਰਖ਼ਾਨਿਆਂ ਵਿੱਚ ਹਨ, ਕਿਸਾਨੀ ਅਤੇ ਮਜ਼ਦੂਰ । ਪਰ ਸਾਡੇ 'ਬੁਰਜੂਵਾ' ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਅਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰ ਗਹਿਰੀ ਨੀਂਦ ਵਿੱਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ, ਰੁਕਣ ਵਾਲੇ ਨਹੀਂ ਹਨ।
ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ ਤਾਕਤ ਹਾਸਲ ਕਰਨਾ
ਹੈ। ਅਸਲ ਵਿੱਚ 'ਰਿਆਸਤ' ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ, ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀਂ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ। ਸਾਡੇ ਆਦਰਸ਼ ਹਨ ਸਮਾਜਿਕ ਸਿਰਜਣਾ ਨਵੇਂ ਢੰਗ ਨਾਲ ਯਾਨੀ ਕਿ ਮਾਰਕਸੀ ਤੌਰ ਤਰੀਕੇ ਉੱਤੇ। ਇਸੇ ਮੰਤਵ ਨਾਲ ਅਸੀਂ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾਂ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾਂ ਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ । ਅਸੀਂ ਉਹਨਾਂ ਨੂੰ ਘੋਲਾਂ ਦੇ ਦੌਰਾਨ ਹੀ ਵਧੀਆ ਟਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾਂ।
ਇਨਕਲਾਬ ਕੌਮੀ ਹੋਵੇ ਤੇ ਭਾਵੇਂ ਸਮਾਜਵਾਦੀ ਜਿਨ੍ਹਾਂ ਸ਼ਕਤੀਆਂ ਤੇ ਅਸੀਂ ਨਿਰਭਰ ਕਰ ਸਕਦੇ ਹਾਂ ਉਹ ਹਨ ਕਿਸਾਨੀ ਅਤੇ ਮਜ਼ਦੂਰ । ਕਾਂਗਰਸੀ ਨੇਤਾ ਇਹਨਾਂ ਸ਼ਕਤੀਆਂ ਨੂੰ ਸੰਗਠਿਤ ਕਰਨ ਦੀ ਹਿੰਮਤ ਨਹੀਂ ਰੱਖਦੇ। ਇਸ ਅੰਦੋਲਨ ਵਿੱਚ ਇਹ ਤੁਸਾਂ ਸਾਫ਼ ਦੇਖ ਲਿਆ ਹੈ। ਉਹਨਾਂ ਨੂੰ ਹੋਰ ਕਿਸੇ ਨਾਲੋਂ ਵੱਧ ਅਹਿਸਾਸ ਹੈ ਕਿ ਇਹਨਾਂ ਸ਼ਕਤੀਆਂ ਦੇ ਬਗ਼ੈਰ ਉਹ ਬੇਬੱਸ ਹਨ। ਜਦ ਉਹਨਾਂ ਨੇ ਸੰਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਉਸਦਾ ਅਸਲ ਮਤਲਬ ਤਾਂ ਇਨਕਲਾਬ ਹੀ ਸੀ, ਪਰ ਇਹਨਾਂ ਦਾ ਮਤਲਬ ਇਹ ਨਹੀਂ ਸੀ। ਇਹ ਤਾਂ ਨੌਜਵਾਨ ਕਾਰਕੁੰਨਾਂ ਦੇ ਦਬਾਅ ਹੇਠ ਪਾਸ ਕੀਤਾ ਗਿਆ ਸੀ ਅਤੇ ਇੱਕ ਦਬਕੇ ਦੇ ਤੌਰ ਤੇ ਇਸਨੂੰ ਇਸਤੇਮਾਲ ਕਰਨਾ ਚਾਹੁੰਦੇ ਸਨ ਤਾਂ ਕਿ ਮਨ ਚਾਹਿਆ ਫਲ ਡੋਮੀਨਅਨ ਸਟੇਟਸ ਪ੍ਰਾਪਤ ਕਰ ਸਕਣ ।...
ਅਸੀਂ ਵਿਚਾਰ ਰਹੇ ਸਾਂ ਕਿ ਇੱਕ ਇਨਕਲਾਬ ਕਿਨ੍ਹਾਂ-ਕਿਨ੍ਹਾਂ ਤਾਕਤਾਂ ਤੇ ਨਿਰਭਰ ਕਰਦਾ ਹੈ। ਪਰ ਜੇ ਤੁਸੀਂ ਸੋਚਦੇ ਹੋ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਸਰਗਰਮ ਸ਼ਮੂਲੀਅਤ ਲਈ ਪਹੁੰਚ ਕਰੋਗੇ ਤਾਂ ਮੈਂ ਦੱਸਣਾ ਚਾਹਾਂਗਾ ਕਿ ਉਹ ਕਿਸੇ ਕਿਸਮ ਦੀ ਜਜ਼ਬਾਤੀ ਗੱਲ ਨਾਲ ਬੇਵਕੂਫ ਨਹੀਂ ਬਣਾਏ ਜਾ ਸਕਦੇ। ਉਹ ਸਾਫ਼-ਸਾਫ਼ ਪੁੱਛਣਗੇ ਕਿ ਉਹਨਾਂ ਨੂੰ ਤੁਹਾਡੇ ਇਨਕਲਾਬ ਤੋਂ ਕੀ ਲਾਭ ਪੁੱਜੇਗਾ, ਉਸ ਇਨਕਲਾਬ ਤੋਂ ਜਿਸ ਲਈ ਤੁਸੀਂ ਉਹਨਾਂ ਦੀ ਕੁਰਬਾਨੀ ਦੀ ਮੰਗ ਕਰ ਰਹੇ ਹੋ। ਅਗਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇੱਕ ਕਿਸਾਨ ਵਾਸਤੇ ਇਸ ਨਾਲ ਕੀ ਫ਼ਰਕ ਪਵੇਗਾ, ਜੇ ਲਾਰਡ ਇਰਵਨ ਦੇ ਥਾਂ ਸਰ ਤੇਜ਼ ਬਹਾਦਰ ਸਪਰੂ ਆ ਜਾਂਦਾ ਹੈ। ਕੌਮੀ ਜਜ਼ਬਾਤਾਂ ਨੂੰ ਅਪੀਲ ਬਿਲਕੁਲ ਫ਼ਜ਼ੂਲ ਗੱਲ ਹੈ। ਤੁਸੀਂ ਉਸਨੂੰ ਆਪਣੇ ਕੰਮ ਵਾਸਤੇ ਨਹੀਂ 'ਵਰਤ' ਸਕਦੇ । ਤੁਹਾਨੂੰ ਸੰਜੀਦਾ ਹੋਣਾ ਪਵੇਗਾ ਅਤੇ ਉਸ ਨੂੰ ਸਮਝਾਉਣਾ ਪਵੇਗਾ ਕਿ ਇਨਕਲਾਬ ਉਸ ਦੇ ਹਿੱਤ ਲਈ ਹੈ ਅਤੇ ਉਸਦਾ ਹੈ। ਮਜ਼ਦੂਰ ਪ੍ਰੋਲੇਤਾਰੀ ਦਾ ਇਨਕਲਾਬ, ਪ੍ਰੋਲੇਤਾਰੀ ਲਈ।
ਢੰਗ ਸਿਰ ਅੱਗੇ ਵਧਣ ਲਈ ਸਭ ਤੋਂ ਵੱਧ ਜਿਸ ਗੱਲ ਦੀ ਲੋੜ ਪਾਰਟੀ ਨੂੰ ਹੈ ਉਹ