ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੈਰ-ਤਰੱਕੀਪਸੰਦ ਤਾਕਤਾਂ ਉਹਨਾਂ ਨੂੰ ਗਲਤ ਰਾਹ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇੱਕ ਹਰਕਤ ਪੈਦਾ ਹੋ ਜਾਵੇ ਅਤੇ ਜੁਰਅੱਤ ਪਸੰਦ ਤਾਕਤਾਂ ਇਨਸਾਨੀ ਉੱਨਤੀ ਦੇ ਰਾਹ ਵਿੱਚ ਰੋੜਾ ਨਾ ਅਟਕਾ ਸਕਣ ਤੇ ਨਾ ਹੀ ਇਸ ਰਾਹ ਨੂੰ ਖ਼ਤਮ ਕਰਨ ਲਈ ਇਕੱਠਿਆਂ ਅਤੇ ਮਜ਼ਬੂਤ ਹੋ ਸਕਣ। ਇਨਸਾਨੀ ਉੱਨਤੀ ਦਾ ਲਾਜ਼ਮੀ ਅਸੂਲ ਇਹੀ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਥਾਂ ਖ਼ਾਲੀ ਕਰਦੀ ਚਲੀ ਜਾਵੇ।
ਇਹ ਜੰਗ ਪੂੰਜੀਵਾਦ ਦੇ ਖਿਲਾਫ ਹੈ
ਪਰ ਅਸੀਂ ਇਸ ਨੂੰ ਹੋਰ ਵਿਸਥਾਰ ਨਾਲ ਦੱਸਣਾ ਚਾਹਾਂਗੇ, ਤਾਂ ਕਿ ਸਾਨੂੰ ਠੀਕ ਤਰ੍ਹਾਂ ਨਾਲ ਸਮਝਿਆ ਜਾਵੇ। ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਤੇ ਇਹ ਤਦ ਤੱਕ ਚਲਦਾ ਰਹੇਗਾ, ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੋਂ ਰਲਵੇਂ ਚਾਹੇ ਉਹ ਜਨਤਾ ਦਾ ਖੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ। ਇਹ ਸਭ ਕੁਝ ਨਾਲ ਸਾਨੂੰ ਕੋਈ ਫ਼ਰਕ ਨਹੀਂ ਪਏਗਾ।
ਪਰ ਇਹ ਜੰਗ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਪਏ ਬਗ਼ੈਰ ਤੇ ਬੇ-ਮਤਲਬ ਨੈਤਿਕ ਸਿਧਾਂਤਾਂ ਵਿੱਚ ਉਲਝੇ ਬਿਨਾਂ ਲਗਾਤਾਰ ਚੱਲਦੀ ਰਹੇਗੀ। ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੇ ਥਾਂ ਸਮਾਜ ਖ਼ੁਸ਼ਹਾਲੀ ਤੇ ਆਧਾਰਤ ਨਵਾਂ ਸਮਾਜਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਰਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।
ਨਿਕਟ ਭਵਿੱਖ ਵਿੱਚ ਆਖ਼ਰੀ ਯੁੱਧ ਲੜਿਆ ਜਾਵੇਗਾ ਤੇ ਉਹ ਫ਼ੈਸਲਾਕੁੰਨ ਹੋਵੇਗਾ। ਸਾਮਰਾਜੀ ਤੇ ਸਰਮਾਏਦਾਰ ਲੁੱਟ ਕੁਝ ਦਿਨਾਂ ਦੀ ਖੇਡ ਹੈ। ਇਹ ਯੁੱਧ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ।
ਪਿਆਰ ਸਾਨੂੰ ਤਾਕਤ ਦਿੰਦਾ ਹੈ...
...ਜਿਥੋਂ ਤੱਕ ਪਿਆਰ ਦੇ ਨੈਤਿਕ ਪੱਧਰ ਦਾ ਸਬੰਧ ਹੈ, ਮੈਂ ਕਹਿ ਸਕਦਾ ਹਾਂ ਕਿ ਇਹ