ਭਗਤ ਸਿੰਘ ਨੇ ਕਿਹਾ
(ਚੋਣਵੇਂ ਹਵਾਲੇ)
ਭੂਮਿਕਾ
ਭਾਰਤੀ ਇਨਕਲਾਬ ਦੇ ਸਭ ਤੋਂ ਵੱਡੇ ਪ੍ਰਤੀਕ ਭਗਤ ਸਿੰਘ ਦੀ ਫਾਂਸੀ ਦੇ ਬਾਅਦ 76 ਸਾਲ ਅਤੇ ਉਸ ਅਜ਼ਾਦੀ ਤੋਂ ਬਾਅਦ 59 ਸਾਲ ਦਾ ਸਮਾਂ ਬੀਤ ਚੁੱਕਾ ਹੈ, ਜੋ ਸਾਨੂੰ ਕਾਂਗਰਸ ਦੀ ਅਗਵਾਈ ਵਿੱਚ ਮਿਲੀ।
ਭਗਤ ਸਿੰਘ ਨੇ ਵਾਰ-ਵਾਰ ਇਹ ਚਿਤਾਵਨੀ ਦਿੱਤੀ ਸੀ ਕਿ ਕਾਂਗਰਸ ਦੇ ਰਾਹ ਉੱਪਰ ਚੱਲ ਕੇ ਮਿਲਣ ਵਾਲੀ ਅਜ਼ਾਦੀ ਉੱਪਰਲੇ ਦਸ ਫੀਸਦੀ ਅਮੀਰ ਲੋਟੂਆਂ ਦੀ ਅਜ਼ਾਦੀ ਹੋਵੇਗੀ, ਦੇਸ਼ ਦੇ 90 ਫੀਸਦੀ ਮਜ਼ਦੂਰਾਂ-ਕਿਸਾਨਾਂ ਦੀ ਜ਼ਿੰਦਗੀ ਲੁੱਟ ਅਤੇ ਜ਼ਬਰ ਤੋਂ ਮੁਕਤ ਨਹੀਂ ਹੋਵੇਗੀ। ਬੀਤੇ 59 ਸਾਲਾਂ ਦੇ ਇੱਕ-ਇੱਕ ਭਗਤ ਸਿੰਘ ਦੀ ਚੇਤਾਵਨੀ ਨੂੰ ਸੱਚ ਸਾਬਿਤ ਕੀਤਾ ਹੈ। ਲੁਟੇਰਿਆਂ ਦੀ ਚਮੜੀ ਦਾ ਰੰਗ ਬਦਲ ਗਿਆ ਹੈ, ਪਰ ਲੁੱਟ-ਜ਼ਬਰ ਬੰਦ ਹੋਣਾ ਤਾਂ ਦੂਰ ਸਗੋਂ ਹੋਰ ਤੇਜ਼ ਹੁੰਦੀ ਗਈ ਹੈ।
ਅੱਧੀ ਸਦੀ ਤੋਂ ਕੁੱਝ ਵਧੇਰੇ ਸਮੇਂ ਅੰਦਰ ਦੇਸੀ ਪੂੰਜੀਵਾਦੀ ਸੱਤਾ ਦੀਆਂ ਗੋਲੀਆਂ ਨੇ ਉਸ ਤੋਂ ਵਧੇਰੇ ਖੂਨ ਵਹਾਇਆ ਹੈ ਜਿੰਨਾਂ 200 ਸਾਲਾਂ ਦੇ ਦੌਰਾਨ ਅੰਗਰੇਜਾਂ ਨੇ ਵਹਾਇਆ ਸੀ । ਕਹਿਣ ਨੂੰ ਤਾਂ ਲੋਕਤੰਤਰ ਹੈ, ਪਰ ਇਸ ਜਾਬਰ ਸੱਤਾ ਦੇ ਵਿਰੁੱਧ ਉੱਠਣ ਵਾਲੀ ਹਰ ਅਵਾਜ਼ ਨੂੰ, ਹਰ ਲਹਿਰ ਨੂੰ ਕੁਚਲ ਦੇਣ ਲਈ ਨਾ ਤਾਂ ਨਵੇਂ-ਨਵੇਂ ਕਾਨੂੰਨਾਂ ਦੀ ਕਮੀ ਹੈ ਨਾ ਜੇਲ੍ਹਾਂ, ਪੁਲਸ ਅਤੇ ਫੌਜ ਦੀ। ਹਰ ਰੋਜ਼ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਵਿਦਿਆਰਥੀਆਂ-ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਉੱਪਰ ਗੋਲੀਆਂ ਵਰ੍ਹ ਰਹੀਆਂ ਹਨ।
ਦੇਸ਼ ਵਿਦੇਸ਼ੀ ਕਰਜ਼ੇ ਨਾਲ ਲੱਦਿਆ ਹੋਇਆ ਹੈ। ਇੱਕ ਬ੍ਰਿਟਿਸ਼ ਸਾਮਰਾਜਵਾਦ ਦੀ ਥਾਂ ਦਰਜਨਾਂ ਸਾਮਰਾਜਵਾਦੀ ਡਾਕੂ ਦੇਸੀ ਸੇਠਾਂ ਨਾਲ ਮਿਲ ਕੇ ਭਾਰਤ ਦੇ ਲੋਕਾਂ ਦੀ ਮਿਹਨਤ ਨੂੰ ਅਤੇ ਸਾਡੀ ਧਰਤੀ ਦੇ ਮਾਲ ਖਜ਼ਾਨਿਆਂ ਨੂੰ ਚੂੰਢੀ ਜਾ ਰਹੇ ਹਨ। ਉੱਪਰ ਦੇ ਕਰੀਬ ਸੌ ਵੱਡੇ ਸਰਮਾਏਦਾਰ ਘਰਾਨਿਆਂ ਦੀ ਪੂੰਜੀ ਵਿੱਚ ਦੁੱਗਣਾ ਚੌਗਣਾ ਨਹੀਂ ਸਗੋਂ ਦੋ ਸੌ ਗੁਣਾ ਤੋਂ ਲੈ ਕੇ ਚਾਰ ਸੌ ਗੁਣਾ ਤੱਕ ਦਾ ਵਾਧਾ ਹੋਇਆ ਹੈ, ਜਦ ਕਿ ਦੂਜੇ ਪਾਸੇ ਅੱਧੀ ਅਬਾਦੀ ਨੂੰ ਸਿੱਖਿਆ ਅਤੇ ਦਵਾ ਇਲਾਜ ਤਾਂ ਦੂਰ ਢਿੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ। 1947 ਵਿੱਚ ਦੇਸ਼ ਨੂੰ ਜੋ ਅਧੂਰੀ ਅਤੇ ਅਪੰਗ ਅਜ਼ਾਦੀ ਮਿਲੀ, ਉਸਦਾ ਪੂਰਾ ਫਾਇਦਾ ਉੱਪਰ ਦੇ ਸਿਰਫ ਮੁੱਠੀ ਭਰ ਧਨਾਡਾਂ ਨੂੰ ਹੀ ਮਿਲਿਆ ਹੈ।
ਦੇਸ਼ ਦੇ ਨੌਜਵਾਨਾਂ ਨੇ ਬਹੁਤ ਇੰਤਜ਼ਾਰ ਕਰ ਲਿਆ। ਬਹੁਤ ਦਿਨਾਂ ਤੱਕ ਘੁਟ-ਘੁਟ ਕੇ ਜੀ ਲਿਆ। ਕਦੇ ਏਸ ਕਦੇ ਓਸ ਵੋਟ ਪਾਰਟੀ ਤੋਂ ਤਬਦੀਲੀ ਦੀਆਂ ਉਮੀਦਾਂ ਪਾਲ ਕੇ ਬਹੁਤ ਧੋਖਾ ਖਾ ਲਿਆ। ਹੁਣ ਉਨ੍ਹਾਂ ਨੂੰ ਸੋਚਣਾ ਹੀ ਪਵੇਗਾ ਕਿ ਹੋਰ ਕਿੰਨਾ ਚਿਰ ਧੋਖਾ ਖਾਂਦੇ ਰਹਾਂਗੇ ? ਹੋਰ ਕਿੰਨਾ ਚਿਰ ਬਰਦਾਸ਼ਤ ਕਰਾਂਗੇ ? ਦੁਨੀਆਦਾਰੀ ਦੇ ਭੰਵਰਜਾਲ ਵਿੱਚ ਫਸੇ ਰਹਾਂਗੇ ? ਕਦ ਤੱਕ ਚੁਣੌਤੀਆਂ ਤੋਂ ਅੱਖਾਂ ਚੁਰਾਉਂਦੇ ਰਹਾਂਗੇ ?
ਉਨ੍ਹਾਂ ਨੂੰ ਭਗਤ ਸਿੰਘ ਦਾ ਸੁਨੇਹਾ ਸੁਣਨਾ ਹੀ ਹੋਵੇਗਾ। ਨਵੇਂ ਇਨਕਲਾਬ ਦੇ ਰਾਹ ਤੇ ਚੱਲਣ ਲਈ ਵਕਤ ਅਵਾਜ਼ ਦੇ ਰਿਹਾ ਹੈ। ਉਨ੍ਹਾਂ ਨੂੰ ਸੁਣਨਾ ਹੀ ਹੋਵੇਗਾ।
ਇੱਥੇ ਭਗਤ ਸਿੰਘ ਦੇ ਅਨੇਕਾਂ ਲੇਖਾਂ, ਖ਼ਤਾਂ ਅਤੇ ਬਿਆਨਾਂ 'ਚੋਂ ਚੁਣੇ ਹੋਏ ਹਵਾਲੇ ਦਿੱਤੇ ਜਾ ਰਹੇ ਹਨ। ਜੋ ਦੱਸਦੇ ਹਨ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਕਿਸਤਰ੍ਹਾਂ ਦਾ ਇਨਕਲਾਬ ਲਿਆਉਣਾ ਚਾਹੁੰਦੇ ਸਨ ਅਤੇ ਉਹਨਾਂ ਸਾਹਮਣੇ ਅਜ਼ਾਦ ਭਾਰਤ ਦੀ ਕਿਹੋ ਜਿਹੀ ਤਸਵੀਰ ਸੀ । ਇਹ ਹਵਾਲੇ ਉਹਨਾਂ ਅਤਰਕਪੂਰਨ ਅਤੇ ਪੱਛੜੇ ਹੋਏ ਖ਼ਿਆਲਾਂ 'ਤੇ ਤਿੱਖੀ ਚੋਟ ਕਰਦੇ ਹਨ ਜੋ ਅੱਜ ਵੀ ਸਾਡੇ ਦੇਸ਼ ਦੇ ਅਨੇਕਾਂ ਨੌਜਵਾਨਾਂ ਨੂੰ ਜਕੜੀ ਬੈਠੇ ਹਨ। ਅਸੀਂ ਉੱਠ ਖੜੇ ਹੋਣ ਅਤੇ ਇਨਕਲਾਬ ਉੱਪਰ ਆਪਣਾ ਸਭ ਕੁਝ ਵਾਰ ਦੇਣ ਦਾ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ।
-17 ਅਕਤੂਬਰ 2006
ਭਾਰਤ-ਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇੱਕ ਧਰਮ ਦੇ ਪਿਛਲੱਗ-ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇੱਕ ਧਰਮ ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ।...
ਇਸ ਹਾਲਤ ਵਿੱਚ ਹਿੰਦੁਸਤਾਨ ਦਾ ਭਵਿੱਖ ਬੜਾ ਕਾਲਾ ਨਜ਼ਰ ਆਉਂਦਾ ਹੈ। ਇਨ੍ਹਾਂ 'ਧਰਮਾਂ' ਨੇ ਭਾਰਤ-ਵਰਸ਼ ਦਾ ਬੇੜਾ ਗਰਕ ਕਰ ਛੱਡਿਆ ਹੈ ਅਤੇ ਅਜੇ ਪਤਾ ਨਹੀਂ ਹੈ ਕਿ ਇਹ ਧਾਰਮਿਕ ਫ਼ਸਾਦ ਭਾਰਤ-ਵਰਸ਼ ਦਾ ਕਦੋਂ ਖਹਿੜਾ ਛੱਡਣਗੇ। ਇਨ੍ਹਾਂ ਫ਼ਸਾਦਾਂ ਨੇ ਸੰਸਾਰ ਦੀਆਂ ਅੱਖਾਂ ਵਿੱਚ ਹਿੰਦੁਸਤਾਨ ਨੂੰ ਬਦਨਾਮ ਕਰ ਛੱਡਿਆ ਹੈ ਅਤੇ ਅਸਾਂ ਵੇਖਿਆ ਹੈ ਕਿ ਇਸ ਅੰਧ-ਵਿਸ਼ਵਾਸੀ ਵਹਿਣ ਵਿੱਚ ਸਭ ਵਹਿ ਜਾਂਦੇ ਹਨ। ਕੋਈ ਵਿਰਲਾ ਹੀ ਹਿੰਦੂ, ਮੁਸਲਮਾਨ ਜਾਂ ਸਿੱਖ ਹੁੰਦਾ ਹੈ ਜਿਹੜਾ ਆਪਣਾ ਦਿਮਾਗ ਠੰਡਾ ਰੱਖਦਾ ਹੈ, ਬਾਕੀ ਸਭ ਦੇ ਸਭ ਇਹ ਨਾਮ ਧਰੀਕ ਧਰਮੀ ਆਪਣੇ ਨਾਮ ਧਰੀਕ ਧਰਮ ਦਾ ਰੋਅਬ ਕਾਇਮ ਰੱਖਣ ਲਈ ਡੰਡੇ-ਸੋਟੇ, ਤਲਵਾਰਾਂ, ਛੁਰੀਆਂ ਹੱਥ ਵਿੱਚ ਫੜ ਲੈਂਦੇ ਹਨ ਤੇ ਆਪਸ ਵਿਚੀਂ ਸਿਰ ਪਾੜ- ਪਾੜ ਕੇ ਮਰ ਜਾਂਦੇ ਹਨ। ਰਹਿੰਦੇ-ਖੂੰਹਦੇ ਕੁਛ ਤਾਂ ਫਾਹੇ ਲੱਗ ਜਾਂਦੇ ਹਨ ਅਤੇ ਕੁਛ ਜੇਲ੍ਹਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਏਦਾਂ ਖੂਨ-ਖ਼ਰਾਬਾ ਹੋ ਕੇ ਇਨ੍ਹਾਂ 'ਧਰਮੀਆਂ' ਉਪਰ ਅੰਗਰੇਜ਼ੀ ਡੰਡਾ ਵਰਦਾ ਹੈ ਤੇ ਫਿਰ ਇਨ੍ਹਾਂ ਦੇ ਦਿਮਾਗ਼ ਦਾ ਕੀੜਾ ਟਿਕਾਣੇ ਆ ਜਾਂਦਾ ਹੈ।
ਜਿੱਥੋਂ ਤੱਕ ਵੇਖਿਆ ਗਿਆ ਹੈ, ਇਨ੍ਹਾਂ ਫ਼ਸਾਦਾਂ ਦੇ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ। ਇਸ ਵੇਲੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋ-ਗਾਲ ਛੱਡੀ ਹੈ ਕਿ ਚੁੱਪ ਹੀ ਭਲੀ ਹੈ। ਉਹ ਲੀਡਰ ਜਿਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਭਾਰ: ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ 'ਸਾਂਝੀ ਕੌਮੀਅਤ' ਅਤੇ 'ਸਵਰਾਜ ਸਵਰਾਜ' ਦੇ ਦੱਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹੋ, ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ-ਚਾਪ ਬੈਠੇ ਹਨ ਜਾਂ ਏਸੇ ਧਰਮ ਵਾਰ ਵਹਿਣ ਵਿੱਚ ਹੀ ਵਹਿ ਗਏ ਹਨ । ਸਿਰੀਆਂ ਲੁਕਾ ਕੇ ਬੈਠਣ ਵਾਲੇ ਲੀਡਰਾਂ ਦੀ ਗਿਣਤੀ ਵੀ ਥੋੜ੍ਹੀ ਹੈ ਪਰ ਉਹ ਲੀਡਰ ਜਿਹੜੇ ਫ਼ਿਰਕੂ ਲਹਿਰ ਵਿੱਚ ਜਾ ਰਲੇ ਹਨ ਉਹੋ ਜਿਹੇ ਤਾਂ ਬਹੁਤ ਹਨ। ਉਹੋ ਜਿਹੇ ਤਾਂ ਇੱਕ ਇੱਟ ਪੁੱਟਿਆ ਸੌ ਨਿਕਲਦੇ ਹਨ। ਇਸ ਵੇਲੇ ਉਹ ਆਗੂ ਜਿਹੜੇ ਕਿ ਦਿਲੋਂ ਸਾਂਝਾ ਭਲਾ ਚਾਹੁੰਦੇ ਹਨ, ਅਜੇ ਬਹੁਤ ਬਹੁਤ ਹੀ ਥੋੜ੍ਹੇ ਹਨ ਅਤੇ ਧਰਮ-ਵਾਰ ਲਹਿਰ ਦਾ ਇਤਨਾ ਪਰਬਲ ਹੜ੍ਹ ਆਇਆ ਹੈ ਕਿ ਉਹ ਵੀ ਇਸ ਹੜ੍ਹ ਨੂੰ ਠੱਲ੍ਹ ਨਹੀਂ ਪਾ ਸਕੇ ਹਨ । ਇਉਂ ਜਾਪਦਾ ਹੈ ਕਿ ਹਿੰਦੁਸਤਾਨ ਵਿੱਚ
ਤਾਂ ਲੀਡਰੀ ਦਾ ਦੀਵਾਲਾ ਨਿਕਲ ਗਿਆ ਹੈ।
ਦੂਜੇ ਸੱਜਣ ਜਿਹੜੇ ਫਿਰਕੂ ਅੱਗ ਨੂੰ ਭੜਕਾਉਣ ਵਿੱਚ ਖ਼ਾਸ ਹਿੱਸਾ ਲੈਂਦੇ ਰਹੇ ਹਨ ਉਹ ਅਖ਼ਬਾਰਾਂ ਵਾਲੇ ਹਨ। ਅਖ਼ਬਾਰ-ਨਵੀਸੀ ਦਾ ਪੇਸ਼ਾ ਜਿਹੜਾ ਕਦੇ ਬੜਾ ਉੱਚਾ ਸਮਝਿਆ ਜਾਂਦਾ ਸੀ ਅੱਜ ਬਹੁਤ ਹੀ ਗੰਦਾ ਹੋਇਆ ਹੈ। ਇਹ ਲੋਕ ਇੱਕ ਦੂਜੇ ਦੇ ਬਰਖ਼ਲਾਫ਼ ਬੜੇ ਮੋਟੇ-ਮੋਟੇ ਸਿਰਲੇਖ ਦੇ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹਨ ਤੇ ਆਪਸ ਵਿਚੀਂ ਡਾਂਗੋ- ਸੋਟੀ ਕਰਾਉਂਦੇ ਹਨ। ਇੱਕ ਦੋ ਥਾਈਂ ਨਹੀਂ ਕਿੰਨੀ ਥਾਂਈ ਹੀ ਇਸ ਲਈ ਫ਼ਸਾਦ ਹੋਇਆ ਹੈ ਕਿ ਲੋਕਲ ਅਖ਼ਬਾਰਾਂ ਨੇ ਬੜੇ ਭੜਕੀਲੇ ਲੇਖ ਲਿਖੇ ਸਨ। ਉਹ ਲਿਖਾਰੀ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਦਿਲ ਤੇ ਦਿਮਾਗ਼ ਠੰਡੇ ਰੱਖੇ ਹਨ ਉਹ ਬਹੁਤ ਹੀ ਘੱਟ ਹਨ।
ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿੱਦਿਆ ਦੇਣੀ, ਤੰਗ-ਦਿਲੀ ਵਿੱਚੋਂ ਲੋਕਾਂ ਨੂੰ ਕੱਢਣਾ, ਤੁਅੱਸਬ ਦੂਰ ਕਰਨਾ, ਆਪਸ ਵਿੱਚ ਪ੍ਰੇਮ ਮਿਲਾਪ ਪੈਦਾ ਕਰਨਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਹਨਾਂ ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ। ਇਹਨਾਂ ਆਪਣਾ ਮੁੱਖ ਮੰਤਵ ਅਗਿਆਨ ਭਰਨਾ, ਤੰਗ ਦਿਲੀ ਦਾ ਪ੍ਰਚਾਰ ਕਰਨਾ, ਤੁਅੱਸਬ ਬਣਾਉਣਾ, ਲੜਾਈ ਝਗੜੇ ਕਰਾਉਣਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਨੂੰ ਤਬਾਹ ਕਰਨਾ ਬਣਾ ਲਿਆ ਹੋਇਆ ਹੈ।
ਜੇ ਇਹਨਾਂ ਫ਼ਿਰਕੂ ਫਸਾਦਾਂ ਦਾ ਜੜ੍ਹ ਕਾਰਨ ਲੱਭੀਏ ਤਾਂ ਸਾਨੂੰ ਤਾਂ ਇਹ ਕਾਰਨ ਆਰਥਕ ਹੀ ਜਾਪਦਾ ਹੈ। ਨਾ ਮਿਲਵਰਤਣ ਦੇ ਦਿਨਾਂ ਵਿੱਚ ਲੀਡਰਾਂ ਅਤੇ ਅਖ਼ਬਾਰ ਨਵੀਸਾਂ ਨੇ ਢੇਰ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਦੀ ਆਰਥਕ ਦਸ਼ਾ ਖ਼ਰਾਬ ਹੋ ਗਈ ਸੀ। ਨਾ- ਮਿਲਵਰਤਣ ਦੇ ਪਿੱਛੋਂ ਮੱਧਮ ਪੈ ਜਾਣ ਕਰਕੇ ਲੀਡਰਾਂ ਦੀ ਕੋਈ ਬੇ-ਇਤਬਾਰੀ ਜਿਹੀ ਹੋ ਗਈ । ਸੰਸਾਰ ਵਿੱਚ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਉਸ ਦੀ ਤਹਿ ਵਿੱਚ ਪੇਟ ਦਾ ਸੁਆਲ ਜ਼ਰੂਰ ਹੁੰਦਾ ਹੈ। ਕਾਰਲ ਮਾਰਕਸ ਦੇ ਵੱਡੇ-ਵੱਡੇ ਤਿੰਨ ਅਸੂਲਾਂ ਵਿੱਚੋਂ ਇਹ ਇਕ ਮੁੱਖ ਅਸੂਲ ਹੈ।
ਲੋਕਾਂ ਨੂੰ ਆਪਸ 'ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ ਗਰੀਬਾਂ ਕਿਰਤੀਆਂ ਤੇ ਕਿਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਲਈ ਤੁਹਾਨੂੰ ਇਹਨਾਂ ਦੇ ਹਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥ ਤੇ ਚੜ੍ਹ ਕੇ ਕੁਛ ਨਹੀਂ ਕਰਨਾ ਚਾਹੀਦਾ ਹੈ । ਸੰਸਾਰ ਦੇ ਸਾਰੇ ਗ਼ਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਗਵਰਨਮੈਂਟ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਆਜ਼ਾਦੀ ਮਿਲ ਜਾਵੇਗੀ।