ਭਾਰਤ-ਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇੱਕ ਧਰਮ ਦੇ ਪਿਛਲੱਗ-ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇੱਕ ਧਰਮ ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ।...
ਇਸ ਹਾਲਤ ਵਿੱਚ ਹਿੰਦੁਸਤਾਨ ਦਾ ਭਵਿੱਖ ਬੜਾ ਕਾਲਾ ਨਜ਼ਰ ਆਉਂਦਾ ਹੈ। ਇਨ੍ਹਾਂ 'ਧਰਮਾਂ' ਨੇ ਭਾਰਤ-ਵਰਸ਼ ਦਾ ਬੇੜਾ ਗਰਕ ਕਰ ਛੱਡਿਆ ਹੈ ਅਤੇ ਅਜੇ ਪਤਾ ਨਹੀਂ ਹੈ ਕਿ ਇਹ ਧਾਰਮਿਕ ਫ਼ਸਾਦ ਭਾਰਤ-ਵਰਸ਼ ਦਾ ਕਦੋਂ ਖਹਿੜਾ ਛੱਡਣਗੇ। ਇਨ੍ਹਾਂ ਫ਼ਸਾਦਾਂ ਨੇ ਸੰਸਾਰ ਦੀਆਂ ਅੱਖਾਂ ਵਿੱਚ ਹਿੰਦੁਸਤਾਨ ਨੂੰ ਬਦਨਾਮ ਕਰ ਛੱਡਿਆ ਹੈ ਅਤੇ ਅਸਾਂ ਵੇਖਿਆ ਹੈ ਕਿ ਇਸ ਅੰਧ-ਵਿਸ਼ਵਾਸੀ ਵਹਿਣ ਵਿੱਚ ਸਭ ਵਹਿ ਜਾਂਦੇ ਹਨ। ਕੋਈ ਵਿਰਲਾ ਹੀ ਹਿੰਦੂ, ਮੁਸਲਮਾਨ ਜਾਂ ਸਿੱਖ ਹੁੰਦਾ ਹੈ ਜਿਹੜਾ ਆਪਣਾ ਦਿਮਾਗ ਠੰਡਾ ਰੱਖਦਾ ਹੈ, ਬਾਕੀ ਸਭ ਦੇ ਸਭ ਇਹ ਨਾਮ ਧਰੀਕ ਧਰਮੀ ਆਪਣੇ ਨਾਮ ਧਰੀਕ ਧਰਮ ਦਾ ਰੋਅਬ ਕਾਇਮ ਰੱਖਣ ਲਈ ਡੰਡੇ-ਸੋਟੇ, ਤਲਵਾਰਾਂ, ਛੁਰੀਆਂ ਹੱਥ ਵਿੱਚ ਫੜ ਲੈਂਦੇ ਹਨ ਤੇ ਆਪਸ ਵਿਚੀਂ ਸਿਰ ਪਾੜ- ਪਾੜ ਕੇ ਮਰ ਜਾਂਦੇ ਹਨ। ਰਹਿੰਦੇ-ਖੂੰਹਦੇ ਕੁਛ ਤਾਂ ਫਾਹੇ ਲੱਗ ਜਾਂਦੇ ਹਨ ਅਤੇ ਕੁਛ ਜੇਲ੍ਹਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਏਦਾਂ ਖੂਨ-ਖ਼ਰਾਬਾ ਹੋ ਕੇ ਇਨ੍ਹਾਂ 'ਧਰਮੀਆਂ' ਉਪਰ ਅੰਗਰੇਜ਼ੀ ਡੰਡਾ ਵਰਦਾ ਹੈ ਤੇ ਫਿਰ ਇਨ੍ਹਾਂ ਦੇ ਦਿਮਾਗ਼ ਦਾ ਕੀੜਾ ਟਿਕਾਣੇ ਆ ਜਾਂਦਾ ਹੈ।
ਜਿੱਥੋਂ ਤੱਕ ਵੇਖਿਆ ਗਿਆ ਹੈ, ਇਨ੍ਹਾਂ ਫ਼ਸਾਦਾਂ ਦੇ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ। ਇਸ ਵੇਲੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋ-ਗਾਲ ਛੱਡੀ ਹੈ ਕਿ ਚੁੱਪ ਹੀ ਭਲੀ ਹੈ। ਉਹ ਲੀਡਰ ਜਿਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਭਾਰ: ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ 'ਸਾਂਝੀ ਕੌਮੀਅਤ' ਅਤੇ 'ਸਵਰਾਜ ਸਵਰਾਜ' ਦੇ ਦੱਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹੋ, ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ-ਚਾਪ ਬੈਠੇ ਹਨ ਜਾਂ ਏਸੇ ਧਰਮ ਵਾਰ ਵਹਿਣ ਵਿੱਚ ਹੀ ਵਹਿ ਗਏ ਹਨ । ਸਿਰੀਆਂ ਲੁਕਾ ਕੇ ਬੈਠਣ ਵਾਲੇ ਲੀਡਰਾਂ ਦੀ ਗਿਣਤੀ ਵੀ ਥੋੜ੍ਹੀ ਹੈ ਪਰ ਉਹ ਲੀਡਰ ਜਿਹੜੇ ਫ਼ਿਰਕੂ ਲਹਿਰ ਵਿੱਚ ਜਾ ਰਲੇ ਹਨ ਉਹੋ ਜਿਹੇ ਤਾਂ ਬਹੁਤ ਹਨ। ਉਹੋ ਜਿਹੇ ਤਾਂ ਇੱਕ ਇੱਟ ਪੁੱਟਿਆ ਸੌ ਨਿਕਲਦੇ ਹਨ। ਇਸ ਵੇਲੇ ਉਹ ਆਗੂ ਜਿਹੜੇ ਕਿ ਦਿਲੋਂ ਸਾਂਝਾ ਭਲਾ ਚਾਹੁੰਦੇ ਹਨ, ਅਜੇ ਬਹੁਤ ਬਹੁਤ ਹੀ ਥੋੜ੍ਹੇ ਹਨ ਅਤੇ ਧਰਮ-ਵਾਰ ਲਹਿਰ ਦਾ ਇਤਨਾ ਪਰਬਲ ਹੜ੍ਹ ਆਇਆ ਹੈ ਕਿ ਉਹ ਵੀ ਇਸ ਹੜ੍ਹ ਨੂੰ ਠੱਲ੍ਹ ਨਹੀਂ ਪਾ ਸਕੇ ਹਨ । ਇਉਂ ਜਾਪਦਾ ਹੈ ਕਿ ਹਿੰਦੁਸਤਾਨ ਵਿੱਚ
ਤਾਂ ਲੀਡਰੀ ਦਾ ਦੀਵਾਲਾ ਨਿਕਲ ਗਿਆ ਹੈ।
ਦੂਜੇ ਸੱਜਣ ਜਿਹੜੇ ਫਿਰਕੂ ਅੱਗ ਨੂੰ ਭੜਕਾਉਣ ਵਿੱਚ ਖ਼ਾਸ ਹਿੱਸਾ ਲੈਂਦੇ ਰਹੇ ਹਨ ਉਹ ਅਖ਼ਬਾਰਾਂ ਵਾਲੇ ਹਨ। ਅਖ਼ਬਾਰ-ਨਵੀਸੀ ਦਾ ਪੇਸ਼ਾ ਜਿਹੜਾ ਕਦੇ ਬੜਾ ਉੱਚਾ ਸਮਝਿਆ ਜਾਂਦਾ ਸੀ ਅੱਜ ਬਹੁਤ ਹੀ ਗੰਦਾ ਹੋਇਆ ਹੈ। ਇਹ ਲੋਕ ਇੱਕ ਦੂਜੇ ਦੇ ਬਰਖ਼ਲਾਫ਼ ਬੜੇ ਮੋਟੇ-ਮੋਟੇ ਸਿਰਲੇਖ ਦੇ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹਨ ਤੇ ਆਪਸ ਵਿਚੀਂ ਡਾਂਗੋ- ਸੋਟੀ ਕਰਾਉਂਦੇ ਹਨ। ਇੱਕ ਦੋ ਥਾਈਂ ਨਹੀਂ ਕਿੰਨੀ ਥਾਂਈ ਹੀ ਇਸ ਲਈ ਫ਼ਸਾਦ ਹੋਇਆ ਹੈ ਕਿ ਲੋਕਲ ਅਖ਼ਬਾਰਾਂ ਨੇ ਬੜੇ ਭੜਕੀਲੇ ਲੇਖ ਲਿਖੇ ਸਨ। ਉਹ ਲਿਖਾਰੀ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਦਿਲ ਤੇ ਦਿਮਾਗ਼ ਠੰਡੇ ਰੱਖੇ ਹਨ ਉਹ ਬਹੁਤ ਹੀ ਘੱਟ ਹਨ।
ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿੱਦਿਆ ਦੇਣੀ, ਤੰਗ-ਦਿਲੀ ਵਿੱਚੋਂ ਲੋਕਾਂ ਨੂੰ ਕੱਢਣਾ, ਤੁਅੱਸਬ ਦੂਰ ਕਰਨਾ, ਆਪਸ ਵਿੱਚ ਪ੍ਰੇਮ ਮਿਲਾਪ ਪੈਦਾ ਕਰਨਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਹਨਾਂ ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ। ਇਹਨਾਂ ਆਪਣਾ ਮੁੱਖ ਮੰਤਵ ਅਗਿਆਨ ਭਰਨਾ, ਤੰਗ ਦਿਲੀ ਦਾ ਪ੍ਰਚਾਰ ਕਰਨਾ, ਤੁਅੱਸਬ ਬਣਾਉਣਾ, ਲੜਾਈ ਝਗੜੇ ਕਰਾਉਣਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਨੂੰ ਤਬਾਹ ਕਰਨਾ ਬਣਾ ਲਿਆ ਹੋਇਆ ਹੈ।
ਜੇ ਇਹਨਾਂ ਫ਼ਿਰਕੂ ਫਸਾਦਾਂ ਦਾ ਜੜ੍ਹ ਕਾਰਨ ਲੱਭੀਏ ਤਾਂ ਸਾਨੂੰ ਤਾਂ ਇਹ ਕਾਰਨ ਆਰਥਕ ਹੀ ਜਾਪਦਾ ਹੈ। ਨਾ ਮਿਲਵਰਤਣ ਦੇ ਦਿਨਾਂ ਵਿੱਚ ਲੀਡਰਾਂ ਅਤੇ ਅਖ਼ਬਾਰ ਨਵੀਸਾਂ ਨੇ ਢੇਰ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਦੀ ਆਰਥਕ ਦਸ਼ਾ ਖ਼ਰਾਬ ਹੋ ਗਈ ਸੀ। ਨਾ- ਮਿਲਵਰਤਣ ਦੇ ਪਿੱਛੋਂ ਮੱਧਮ ਪੈ ਜਾਣ ਕਰਕੇ ਲੀਡਰਾਂ ਦੀ ਕੋਈ ਬੇ-ਇਤਬਾਰੀ ਜਿਹੀ ਹੋ ਗਈ । ਸੰਸਾਰ ਵਿੱਚ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਉਸ ਦੀ ਤਹਿ ਵਿੱਚ ਪੇਟ ਦਾ ਸੁਆਲ ਜ਼ਰੂਰ ਹੁੰਦਾ ਹੈ। ਕਾਰਲ ਮਾਰਕਸ ਦੇ ਵੱਡੇ-ਵੱਡੇ ਤਿੰਨ ਅਸੂਲਾਂ ਵਿੱਚੋਂ ਇਹ ਇਕ ਮੁੱਖ ਅਸੂਲ ਹੈ।
ਲੋਕਾਂ ਨੂੰ ਆਪਸ 'ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ ਗਰੀਬਾਂ ਕਿਰਤੀਆਂ ਤੇ ਕਿਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਲਈ ਤੁਹਾਨੂੰ ਇਹਨਾਂ ਦੇ ਹਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥ ਤੇ ਚੜ੍ਹ ਕੇ ਕੁਛ ਨਹੀਂ ਕਰਨਾ ਚਾਹੀਦਾ ਹੈ । ਸੰਸਾਰ ਦੇ ਸਾਰੇ ਗ਼ਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਗਵਰਨਮੈਂਟ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਆਜ਼ਾਦੀ ਮਿਲ ਜਾਵੇਗੀ।
ਅਛੂਤ ਦਾ ਸਵਾਲ
ਜਦੋਂ ਪਿੰਡਾਂ ਵਿੱਚ ਕਿਰਤੀ ਪ੍ਰਚਾਰ ਸ਼ੁਰੂ ਹੋਇਆ ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾਕੇ ਭੜਕਾਉਂਦੇ ਸਨ ਕਿ ਦੇਖੋ ਇਹ ਚੂੜਿਆਂ-ਚਪੜਿਆਂ ਨੂੰ ਸਿਰ ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਾਉਂਗੇ। ਬਸ ਜੱਟ ਇੰਨੇ ਵਿੱਚ ਹੀ ਭੂਤਰ ਪਏ । ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੀ ਹਾਲਤ ਉੱਨਾਂ ਚਿਰ ਨਹੀਂ ਸੁਧਰ ਸਕਦੀ ਜਿੰਨਾ ਚਿਰ ਕਿ ਉਹ ਇਹਨਾਂ ਗ਼ਰੀਬਾਂ ਨੂੰ ਕਮੀਨ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਹੇਠ ਦੱਬੀ ਰੱਖਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਸਾਫ਼ ਨਹੀਂ ਰਹਿੰਦੇ ? ਇਸ ਦਾ ਜਵਾਬ ਸਾਫ਼ ਹੈ, ਉਹ ਗ਼ਰੀਬ ਹਨ। ਗ਼ਰੀਬੀ ਦਾ ਇਲਾਜ ਕਰੋ। ਉੱਚੀਆਂ-ਉੱਚੀਆਂ ਕੁਲਾਂ ਦੇ ਗ਼ਰੀਬ ਲੋਕੀਂ ਕੋਈ ਘੱਟ ਗੰਦੇ ਨਹੀਂ ਹੁੰਦੇ। ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਲੱਗ ਸਕਦਾ। ਮਾਵਾਂ ਬੱਚਿਆਂ ਦਾ ਗੰਦ ਸਾਫ਼ ਕਰਨ ਨਾਲ ਚੂਹੜੀਆਂ ਤੇ ਅਛੂਤ ਨਹੀਂ ਹੋ ਜਾਂਦੀਆਂ।... ਪਰ ਇਹ ਕੰਮ ਉੱਨਾਂ ਚਿਰ ਨਹੀਂ ਹੋ ਸਕਦਾ, ਜਿੰਨਾ ਚਿਰ ਕਿ ਅਛੂਤ ਕੌਮਾਂ ਆਪਣੇ-ਆਪ ਨੂੰ ਸੰਗਠਤ ਨਾ ਕਰ ਲੈਣ। .. ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਉੱਠੋ! ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉੱਠੋ ! ਆਪਣਾ ਇਤਿਹਾਸ ਦੇਖੋ।
ਉੱਠੋ। ਆਪਣੀ ਤਾਕਤ ਪਛਾਣੋ । ਜਥੇਬੰਦ ਹੋ ਜਾਓ। ਅਸਲ ਵਿੱਚ ਤੇ ਤੁਹਾਡੇ ਆਪਣੇ ਯਤਨ ਕੀਤਿਆਂ ਬਿਨ੍ਹਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ।... ਆਜ਼ਾਦੀ ਦੀ ਖ਼ਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ-ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਨ੍ਹਾਂ ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਹਨਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆਂ ਕਰਦੇ। ਜਥੇਬੰਦ ਹੋ ਕੇ ਆਪਣੇ ਪੈਰਾਂ ਤੇ ਖਲ੍ਹੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਉ। ਦੇਖੋ ਤਾਂ ਫੇਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰਅਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖ਼ੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ । ਪਰ ਖ਼ਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਉ । ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗ਼ਾਵਤ ਖੜ੍ਹੀ ਕਰ ਦਿਉ। ਹੌਲੀ- ਹੌਲੀ ਸੁਧਾਰ ਤੇ ਰੀਫਾਰਮਾ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਉ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਵੋ । ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉੱਠੋ। ਸੁੱਤੇ ਹੋਏ ਸ਼ੇਰੋ, ਵਿਦਰੋਹੀਉ ਜਾਂ ਵਿਦਰੋਹ ਖੜ੍ਹਾ ਕਰ ਦਿਉ।
ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ
ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿੱਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਜਿਹੜੀ ਚੀਜ਼ ਆਜ਼ਾਦ ਵਿਚਾਰਾਂ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ ਅਵੱਸ਼ ਖ਼ਤਮ ਹੋ ਜਾਂਦੀ ਹੈ। ਹੋਰ ਕਈ ਅਜਿਹੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਉੱਤੇ ਹਾਲੇ ਅਸੀਂ ਕਾਬੂ ਪਾਉਣਾ ਹੈ। ਵਿਦੇਸ਼ੀ ਹਾਕਮ ਹਿੰਦੂਆਂ ਦੀ ਕੱਟੜਤਾ ਤੇ ਪਿਛਾਂਹ-ਖਿੱਚੂ ਨੀਤੀ, ਮੁਸਲਮਾਨਾਂ ਦੇ ਤੁਅੱਸਬ ਅਤੇ ਆਮ ਕਰਕੇ ਸਾਰੇ ਫਿਰਕਿਆਂ ਦੀ ਤੰਗਦਿਲੀ ਦਾ ਫਾਇਦਾ ਉਠਾਉਂਦੇ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲੱਗਣ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।
ਭਵਿੱਖ ਵਿੱਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ। "ਜਨਤਾ ਦਾ ਇਨਕਲਾਬ ਤੇ ਜਨਤਾ ਲਈ ਇਨਕਲਾਬ।" ਦੂਜੇ ਸ਼ਬਦਾਂ ਵਿਚ ਉਹ ਸਵਰਾਜ ਜੋ 98 ਫੀਸਦੀ ਲੋਕਾਂ ਲਈ ਹੋਵੇ । ਉਹ ਸਵਰਾਜ, ਜਿਸ ਨੂੰ ਲੋਕ ਪ੍ਰਾਪਤ ਹੀ ਨਹੀਂ ਕਰਨਗੇ, ਉਹ ਹੋਵੇਗਾ ਵੀ ਉਨ੍ਹਾਂ ਦਾ ਹੈ। ਇਹ ਬਹੁਤ ਮੁਸ਼ਕਿਲ ਕੰਮ ਹੈ। ਭਾਵੇਂ ਸਾਰੇ ਨੇਤਾਵਾਂ ਨੇ ਕਈ ਸੁਝਾਉ ਦਿੱਤੇ ਹਨ ਪਰ ਕਿਸੇ ਵਿੱਚ ਵੀ ਇੰਨਾ ਹੌਸਲਾ ਨਹੀਂ ਸੀ ਜਿਸ ਨੇ ਸਮੁੱਚੀ ਜਨਤਾ ਦੀ ਜਾਗ੍ਰਤੀ ਲਈ ਕੋਈ ਠੋਸ ਸਕੀਮ ਪੇਸ਼ ਕੀਤੀ ਹੋਵੇ ਜਾਂ ਉਸ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਨ ਦੀ ਦਲੇਰੀ ਕੀਤੀ ਹੋਵੇ। ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਆਪਣੇ ਅਸਲੀ ਨਿਸ਼ਾਨੇ ਦੀ ਪੂਰਤੀ ਲਈ ਰੂਸੀ ਨੌਜਵਾਨਾਂ ਵਾਂਗ ਸਾਡੇ ਵੀ ਹਜ਼ਾਰਾਂ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿਚ ਗੁਜ਼ਰਾਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ। ਲੋਕਾਂ ਵਿਚ ਇਹ ਚੀਜ਼ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ 'ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ ਇਸ ਦਾ ਅਰਥ ਹੋਵੇਗਾ, ਨਵੇਂ ਢਾਂਚੇ ਦਾ ਜਨਮ, ਇੱਕ ਨਵੀਂ ਰਾਜ ਸੱਤਾ, ਇਹ ਇੱਕ ਦਿਨ ਜਾਂ ਸਾਲ ਦਾ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ।
ਨੌਜਵਾਨਾਂ ਦਾ ਕੰਮ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਵਸੀਲੇ ਨਾ-ਮਾਤਰ ਹਨ! ਅਨੇਕਾਂ ਮੁਸੀਬਤਾਂ ਤੇ ਔਕੜਾਂ ਉਨ੍ਹਾਂ ਦੇ ਰਸਤੇ ਵਿੱਚ ਆਉਣਗੀਆਂ ਪ੍ਰੰਤੂ ਉਨ੍ਹਾਂ ਥੋੜ੍ਹੇ ਪਰ ਸਾਫ ਦਿਲ ਉੱਦਮੀ ਮਰਦਾਂ ਦੇ ਅਥਾਹ ਜੋਸ਼ ਅੱਗੇ ਉਹ ਵੀ ਨਹੀਂ ਅਟਕ ਸਕਦੀਆਂ। ਨੌਜਵਾਨਾਂ ਦਾ ਮੈਦਾਨ ਵਿਚ ਨਿੱਤਰਨਾ ਲਾਜ਼ਮੀ ਹੈ। ਉਨ੍ਹਾਂ ਨੂੰ ਆਪਣੇ ਸਾਹਮਣੇ ਕੰਡਿਆਲੇ ਤੇ ਬਿੱਖੜੇ ਰਸਤੇ ਅਤੇ ਨਾਲ ਹੀ ਮਹਾਨ ਆਦਰਸ਼ ਦੀ ਠੀਕ-ਠੀਕ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਕਿ ਕਾਮਯਾਬੀ ਤਾਂ ਇੱਕ ਸਬੱਬੀ ਗੱਲ ਹੈ ਪਰ ਕੁਰਬਾਨੀ ਅਟੱਲ ਨਿਯਮ ਹੈ ।ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਗਾਤਾਰ ਨਾਕਾਮੀਆਂ ਦਾ
ਸਾਹਮਣਾ ਕਰਨਾ ਪਵੇ ਅਤੇ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਬਹੁਤ ਕਸ਼ਟ ਝੱਲਣੇ ਪੈਣ, ਫਿਰ ਵੀ ਉਨ੍ਹਾਂ ਨੂੰ ਪਛਤਾ ਕੇ ਇਹ ਵੀ ਨਹੀਂ ਕਹਿਣਾ ਚਾਹੀਦਾ: “ਉਹੋ ਇਹ ਸਭ ਕੁਝ ਤਾਂ ਭੁਲੇਖਾ ਹੀ ਨਿਕਲਿਆ।"
ਨੌਜਵਾਨੋ, ਅਜਿਹੇ ਮਹਾਨ ਸੰਗਰਾਮ ਵਿਚ ਆਪਣੇ-ਆਪ ਨੂੰ ਇਕੱਲਾ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਪਣੇ ਬਾਹੂ-ਬਲ 'ਤੇ ਭਰੋਸਾ ਰੱਖੋ ਤੇ ਜਿੱਤ ਤੁਹਾਡੀ ਹੈ।
ਇਤਾਲਵੀ ਪੁਨਰਉਥਾਨ ਦੇ ਪ੍ਰਸਿੱਧ ਵਿਦਵਾਨ ਮੈਜਿਨੀ ਨੇ ਕਿਹਾ ਸੀ, "ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਹੀ ਦੇਣ ਹੁੰਦੀਆਂ ਹਨ, ਜਿਨ੍ਹਾਂ ਪਾਸ ਕੋਈ ਪ੍ਰਸਿੱਧੀ ਜਾਂ ਅਸਰ ਰਸੂਖ ਨਹੀਂ ਹੁੰਦਾ। ਪਰ ਉਹ ਅਜਿਹਾ ਦ੍ਰਿੜ੍ਹ ਨਿਸ਼ਚਾ ਤੇ ਸਿਦਕ ਰੱਖਦੇ ਹਨ ਜਿਸ ਦੇ ਸਾਹਮਣੇ ਸਮੇਂ ਦੀ ਲੰਬਾਈ ਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ ।" ਜ਼ਿੰਦਗੀ ਦਾ ਲੰਗਰ ਚੁੱਕ ਦਿਓ ਤੇ ਇਸ ਨੂੰ ਮੁਸ਼ਕਿਲਾਂ ਦੇ ਮਹਾਨ ਸਾਗਰ ਵਿਚ ਠਿਲ੍ਹ ਪੈਣ ਦਿਓ ਤੇ ਫਿਰ!
ਉਸ ਵਿਸ਼ਾਲ ਅਤੇ ਅਦਭੁਤ ਸਮੁੰਦਰ 'ਤੇ ਹੀ ਭਰੋਸਾ ਰੱਖੋ,
ਜਿੱਥੇ ਨਿੱਤ ਨਵੇਂ ਜਵਾਰ ਆਉਂਦੇ ਹਨ,
ਜਿੱਥੇ ਮਹਾਨ ਲਹਿਰਾਂ ਆਜ਼ਾਦ ਹਨ:
ਓ ਨੌਜਵਾਨ ਕੋਲੰਬਸ,
ਹੋ ਸਕਦਾ ਹੈ ਤੇਰੀ ਸੱਚ ਦੀ ਦੁਨੀਆ ਸ਼ਾਇਦ ਇਥੇ ਹੀ ਹੋਵੇ।
ਨੌਜਵਾਨਾਂ ਨੂੰ ਆਜ਼ਾਦ ਤੌਰ 'ਤੇ ਸੰਜੀਦਗੀ ਤੇ ਠਰੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦ ਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਬਣਾ ਲੈਣ। ਉਨ੍ਹਾਂ ਨੂੰ ਆਪਣੇ ਹੀ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾ ਸੰਕਟ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ, ਆਪਣੇ ਨਜ਼ਦੀਕੀਆਂ ਨਾਲੋਂ, ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।
ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕਨ
ਐਸੋਸੀਏਸ਼ਨ ਦਾ ਮੈਨੀਫੈਸਟੋ
ਇਨਸਾਨੀ ਸੁਭਾਅ, ਭਰਮਾਂ ਅਤੇ ਖੜੋਤ ਚਾਹੁਣ ਵਾਲਾ ਹੋਣ ਕਰਕੇ, ਇਨਕਲਾਬ ਤੋਂ ਇੱਕ ਤਰ੍ਹਾਂ ਦਾ ਡਰ ਇਜ਼ਹਾਰ ਕਰਦਾ ਹੈ। ਸਮਾਜਿਕ ਤਬਦੀਲੀ ਸਦਾ ਤਾਕਤ ਅਤੇ ਖ਼ਾਸ ਸਹੂਲਤਾਂ ਮਾਨਣ ਵਾਲਿਆਂ ਲਈ ਡਰ ਪੈਦਾ ਕਰਦੀ ਹੈ। ਇਨਕਲਾਬ ਇੱਕ ਅਜਿਹਾ ਕ੍ਰਿਸ਼ਮਾਂ ਹੈ ਜਿਸ ਨੂੰ ਕੁਦਰਤ ਪਿਆਰ ਕਰਦੀ ਹੈ ਅਤੇ ਜਿਸ ਦੇ ਬਗ਼ੈਰ ਕੋਈ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ