ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ
ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿੱਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਜਿਹੜੀ ਚੀਜ਼ ਆਜ਼ਾਦ ਵਿਚਾਰਾਂ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ ਅਵੱਸ਼ ਖ਼ਤਮ ਹੋ ਜਾਂਦੀ ਹੈ। ਹੋਰ ਕਈ ਅਜਿਹੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਉੱਤੇ ਹਾਲੇ ਅਸੀਂ ਕਾਬੂ ਪਾਉਣਾ ਹੈ। ਵਿਦੇਸ਼ੀ ਹਾਕਮ ਹਿੰਦੂਆਂ ਦੀ ਕੱਟੜਤਾ ਤੇ ਪਿਛਾਂਹ-ਖਿੱਚੂ ਨੀਤੀ, ਮੁਸਲਮਾਨਾਂ ਦੇ ਤੁਅੱਸਬ ਅਤੇ ਆਮ ਕਰਕੇ ਸਾਰੇ ਫਿਰਕਿਆਂ ਦੀ ਤੰਗਦਿਲੀ ਦਾ ਫਾਇਦਾ ਉਠਾਉਂਦੇ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲੱਗਣ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।
ਭਵਿੱਖ ਵਿੱਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ। "ਜਨਤਾ ਦਾ ਇਨਕਲਾਬ ਤੇ ਜਨਤਾ ਲਈ ਇਨਕਲਾਬ।" ਦੂਜੇ ਸ਼ਬਦਾਂ ਵਿਚ ਉਹ ਸਵਰਾਜ ਜੋ 98 ਫੀਸਦੀ ਲੋਕਾਂ ਲਈ ਹੋਵੇ । ਉਹ ਸਵਰਾਜ, ਜਿਸ ਨੂੰ ਲੋਕ ਪ੍ਰਾਪਤ ਹੀ ਨਹੀਂ ਕਰਨਗੇ, ਉਹ ਹੋਵੇਗਾ ਵੀ ਉਨ੍ਹਾਂ ਦਾ ਹੈ। ਇਹ ਬਹੁਤ ਮੁਸ਼ਕਿਲ ਕੰਮ ਹੈ। ਭਾਵੇਂ ਸਾਰੇ ਨੇਤਾਵਾਂ ਨੇ ਕਈ ਸੁਝਾਉ ਦਿੱਤੇ ਹਨ ਪਰ ਕਿਸੇ ਵਿੱਚ ਵੀ ਇੰਨਾ ਹੌਸਲਾ ਨਹੀਂ ਸੀ ਜਿਸ ਨੇ ਸਮੁੱਚੀ ਜਨਤਾ ਦੀ ਜਾਗ੍ਰਤੀ ਲਈ ਕੋਈ ਠੋਸ ਸਕੀਮ ਪੇਸ਼ ਕੀਤੀ ਹੋਵੇ ਜਾਂ ਉਸ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਨ ਦੀ ਦਲੇਰੀ ਕੀਤੀ ਹੋਵੇ। ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਆਪਣੇ ਅਸਲੀ ਨਿਸ਼ਾਨੇ ਦੀ ਪੂਰਤੀ ਲਈ ਰੂਸੀ ਨੌਜਵਾਨਾਂ ਵਾਂਗ ਸਾਡੇ ਵੀ ਹਜ਼ਾਰਾਂ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿਚ ਗੁਜ਼ਰਾਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ। ਲੋਕਾਂ ਵਿਚ ਇਹ ਚੀਜ਼ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ 'ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ ਇਸ ਦਾ ਅਰਥ ਹੋਵੇਗਾ, ਨਵੇਂ ਢਾਂਚੇ ਦਾ ਜਨਮ, ਇੱਕ ਨਵੀਂ ਰਾਜ ਸੱਤਾ, ਇਹ ਇੱਕ ਦਿਨ ਜਾਂ ਸਾਲ ਦਾ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ।
ਨੌਜਵਾਨਾਂ ਦਾ ਕੰਮ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਵਸੀਲੇ ਨਾ-ਮਾਤਰ ਹਨ! ਅਨੇਕਾਂ ਮੁਸੀਬਤਾਂ ਤੇ ਔਕੜਾਂ ਉਨ੍ਹਾਂ ਦੇ ਰਸਤੇ ਵਿੱਚ ਆਉਣਗੀਆਂ ਪ੍ਰੰਤੂ ਉਨ੍ਹਾਂ ਥੋੜ੍ਹੇ ਪਰ ਸਾਫ ਦਿਲ ਉੱਦਮੀ ਮਰਦਾਂ ਦੇ ਅਥਾਹ ਜੋਸ਼ ਅੱਗੇ ਉਹ ਵੀ ਨਹੀਂ ਅਟਕ ਸਕਦੀਆਂ। ਨੌਜਵਾਨਾਂ ਦਾ ਮੈਦਾਨ ਵਿਚ ਨਿੱਤਰਨਾ ਲਾਜ਼ਮੀ ਹੈ। ਉਨ੍ਹਾਂ ਨੂੰ ਆਪਣੇ ਸਾਹਮਣੇ ਕੰਡਿਆਲੇ ਤੇ ਬਿੱਖੜੇ ਰਸਤੇ ਅਤੇ ਨਾਲ ਹੀ ਮਹਾਨ ਆਦਰਸ਼ ਦੀ ਠੀਕ-ਠੀਕ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਕਿ ਕਾਮਯਾਬੀ ਤਾਂ ਇੱਕ ਸਬੱਬੀ ਗੱਲ ਹੈ ਪਰ ਕੁਰਬਾਨੀ ਅਟੱਲ ਨਿਯਮ ਹੈ ।ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਗਾਤਾਰ ਨਾਕਾਮੀਆਂ ਦਾ
ਸਾਹਮਣਾ ਕਰਨਾ ਪਵੇ ਅਤੇ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਬਹੁਤ ਕਸ਼ਟ ਝੱਲਣੇ ਪੈਣ, ਫਿਰ ਵੀ ਉਨ੍ਹਾਂ ਨੂੰ ਪਛਤਾ ਕੇ ਇਹ ਵੀ ਨਹੀਂ ਕਹਿਣਾ ਚਾਹੀਦਾ: “ਉਹੋ ਇਹ ਸਭ ਕੁਝ ਤਾਂ ਭੁਲੇਖਾ ਹੀ ਨਿਕਲਿਆ।"
ਨੌਜਵਾਨੋ, ਅਜਿਹੇ ਮਹਾਨ ਸੰਗਰਾਮ ਵਿਚ ਆਪਣੇ-ਆਪ ਨੂੰ ਇਕੱਲਾ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਅੰਦਰ ਸ਼ਕਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਪਣੇ ਬਾਹੂ-ਬਲ 'ਤੇ ਭਰੋਸਾ ਰੱਖੋ ਤੇ ਜਿੱਤ ਤੁਹਾਡੀ ਹੈ।
ਇਤਾਲਵੀ ਪੁਨਰਉਥਾਨ ਦੇ ਪ੍ਰਸਿੱਧ ਵਿਦਵਾਨ ਮੈਜਿਨੀ ਨੇ ਕਿਹਾ ਸੀ, "ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਹੀ ਦੇਣ ਹੁੰਦੀਆਂ ਹਨ, ਜਿਨ੍ਹਾਂ ਪਾਸ ਕੋਈ ਪ੍ਰਸਿੱਧੀ ਜਾਂ ਅਸਰ ਰਸੂਖ ਨਹੀਂ ਹੁੰਦਾ। ਪਰ ਉਹ ਅਜਿਹਾ ਦ੍ਰਿੜ੍ਹ ਨਿਸ਼ਚਾ ਤੇ ਸਿਦਕ ਰੱਖਦੇ ਹਨ ਜਿਸ ਦੇ ਸਾਹਮਣੇ ਸਮੇਂ ਦੀ ਲੰਬਾਈ ਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ ।" ਜ਼ਿੰਦਗੀ ਦਾ ਲੰਗਰ ਚੁੱਕ ਦਿਓ ਤੇ ਇਸ ਨੂੰ ਮੁਸ਼ਕਿਲਾਂ ਦੇ ਮਹਾਨ ਸਾਗਰ ਵਿਚ ਠਿਲ੍ਹ ਪੈਣ ਦਿਓ ਤੇ ਫਿਰ!
ਉਸ ਵਿਸ਼ਾਲ ਅਤੇ ਅਦਭੁਤ ਸਮੁੰਦਰ 'ਤੇ ਹੀ ਭਰੋਸਾ ਰੱਖੋ,
ਜਿੱਥੇ ਨਿੱਤ ਨਵੇਂ ਜਵਾਰ ਆਉਂਦੇ ਹਨ,
ਜਿੱਥੇ ਮਹਾਨ ਲਹਿਰਾਂ ਆਜ਼ਾਦ ਹਨ:
ਓ ਨੌਜਵਾਨ ਕੋਲੰਬਸ,
ਹੋ ਸਕਦਾ ਹੈ ਤੇਰੀ ਸੱਚ ਦੀ ਦੁਨੀਆ ਸ਼ਾਇਦ ਇਥੇ ਹੀ ਹੋਵੇ।
ਨੌਜਵਾਨਾਂ ਨੂੰ ਆਜ਼ਾਦ ਤੌਰ 'ਤੇ ਸੰਜੀਦਗੀ ਤੇ ਠਰੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦ ਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਬਣਾ ਲੈਣ। ਉਨ੍ਹਾਂ ਨੂੰ ਆਪਣੇ ਹੀ ਪੈਰਾਂ 'ਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾ ਸੰਕਟ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ, ਆਪਣੇ ਨਜ਼ਦੀਕੀਆਂ ਨਾਲੋਂ, ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।
ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕਨ
ਐਸੋਸੀਏਸ਼ਨ ਦਾ ਮੈਨੀਫੈਸਟੋ
ਇਨਸਾਨੀ ਸੁਭਾਅ, ਭਰਮਾਂ ਅਤੇ ਖੜੋਤ ਚਾਹੁਣ ਵਾਲਾ ਹੋਣ ਕਰਕੇ, ਇਨਕਲਾਬ ਤੋਂ ਇੱਕ ਤਰ੍ਹਾਂ ਦਾ ਡਰ ਇਜ਼ਹਾਰ ਕਰਦਾ ਹੈ। ਸਮਾਜਿਕ ਤਬਦੀਲੀ ਸਦਾ ਤਾਕਤ ਅਤੇ ਖ਼ਾਸ ਸਹੂਲਤਾਂ ਮਾਨਣ ਵਾਲਿਆਂ ਲਈ ਡਰ ਪੈਦਾ ਕਰਦੀ ਹੈ। ਇਨਕਲਾਬ ਇੱਕ ਅਜਿਹਾ ਕ੍ਰਿਸ਼ਮਾਂ ਹੈ ਜਿਸ ਨੂੰ ਕੁਦਰਤ ਪਿਆਰ ਕਰਦੀ ਹੈ ਅਤੇ ਜਿਸ ਦੇ ਬਗ਼ੈਰ ਕੋਈ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ
ਵਿੱਚ ਨਾ ਇਨਸਾਨੀ ਕਾਰੋਬਾਰ ਵਿੱਚ। ਇਨਕਲਾਬ ਯਕੀਨੀ ਅਣ ਸੋਚੀ ਸਮਝੀ, ਕਤਲਾਂ ਅਤੇ ਸਾੜ ਫੂਕ ਦੀ ਦਰਿੰਦਾ ਮੁਹਿੰਮ ਨਹੀਂ, ਤੇ ਨਾ ਹੀ ਚੰਦ ਬੰਬ ਇਥੇ ਉੱਥੇ ਸੁੱਟਣ ਅਤੇ ਗੋਲੀਆਂ ਚਲਾਉਣਾ ਹੈ ਅਤੇ ਨਾ ਹੀ ਇਹ ਸੱਭਿਆਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਅਤੇ ਸਮੇਂ ਤੋਂ ਮੰਨੇ ਪ੍ਰਮੰਨੇ ਇਨਸਾਫ ਅਤੇ ਬਰਾਬਰੀ ਦੇ ਅਸੂਲ ਤਬਾਹ ਕਰਨਾ ਹੈ। ਇਨਕਲਾਬ ਕੋਈ ਮਾਯੂਸੀ ਤੋਂ ਪੈਦਾ ਹੋਇਆ ਫ਼ਲਸਫਾ ਵੀ ਨਹੀਂ ਤੇ ਨਾ ਹੀ ਸਿਰਲੱਥਾਂ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਹ ਇੱਕ ਪੁਖਤਾ ਤੇ ਜ਼ਿੰਦਾ ਤਾਕਤ ਹੈ ਇਜ਼ਹਾਰ ਜੋ ਨਵੇਂ ਤੇ ਪੁਰਾਣੇ ਦੀ, ਜੀਵਨ ਤੇ ਮੌਤ, ਰੋਸ਼ਨੀ ਅਤੇ ਹਨ੍ਹੇਰੇ ਦੀ ਅੰਤਰੀਵੀ ਟੱਕਰ ਦਾ ਇਜ਼ਹਾਰ ਹੈ। ਕੋਈ ਇਤਫ਼ਾਕ ਨਹੀਂ ਹੈ, ਨਾ ਕੋਈ ਸੰਗੀਤਮਈ ਇਕਸਾਰਤਾ ਹੈ ਅਤੇ ਨਾ ਹੀ ਕੋਈ ਤਾਲ ਜੋ ਕਿ ਇਨਕਲਾਬ ਬਗ਼ੈਰ ਆਈ ਹੋਏ। 'ਗੋਲਿਆਂ ਦਾ ਰਾਗ' ਜਿਸ ਬਾਰੇ ਕਵੀ ਗਾਉਂਦੇ ਹਨ, ਅਸਲੀਅਤ ਰਹਿਤ ਹੋ ਜਾਵੇਗਾ ਅਗਰ ਇਨਕਲਾਬ ਨੂੰ ਖਲਾਅ ਵਿੱਚੋਂ ਖ਼ਤਮ ਕਰ ਦਿੱਤਾ ਜਾਵੇ। ਇਨਕਲਾਬ ਇਕ ਨਿਯਮ ਹੈ। ਇਨਕਲਾਬ ਇਕ ਆਦੇਸ਼ ਹੈ ਅਤੇ ਇਨਕਲਾਬ ਸੱਚ ਹੈ।
ਭਾਰਤ ਸਾਮਰਾਜਵਾਦ ਦੇ ਜੂਲੇ ਹੇਠ ਪਿਸ ਰਿਹਾ ਹੈ। ਇਸ ਦੇ ਕਰੋੜਾਂ ਲੋਕ ਅੱਜ ਅਗਿਆਨਤਾ ਅਤੇ ਗਰੀਬੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਬਹੁਤ ਵੱਡੀ ਗਿਣਤੀ ਜੋ ਕਿਰਤੀਆਂ ਕਿਸਾਨਾਂ ਦੀ ਹੈ ਉਹਨਾਂ ਨੂੰ ਵਿਦੇਸ਼ੀ ਦਾਬੇ ਅਤੇ ਆਰਥਿਕ ਲੁੱਟ ਨੇ ਹੱਥਲ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਅਤਿ ਗੰਭੀਰ ਹੈ। ਉਸ ਨੂੰ ਦੋਹਰੇ ਖ਼ਤਰੇ ਦਾ ਸਾਹਮਣਾ ਹੈ। ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖ਼ਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀ ਨਾਲ ਹਰ ਰੋਜ਼ ਵਧੇਰੇ ਗਠ-ਜੋੜ ਕਰ ਰਿਹਾ ਹੈ। ...
ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ, ਵਿਦੇਸ਼ੀ ਪੂੰਜੀਪਤੀਆਂ ਤੋਂ ਵਿਸ਼ਵਾਸਘਾਤ ਦੀ ਕੀਮਤ ਦੇ ਤੌਰ 'ਤੇ ਸਰਕਾਰ ਵਿੱਚ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਕਿਰਤੀ ਦੀ ਆਸ ਹੁਣ ਸਿਰਫ਼ ਸਮਾਜਵਾਦ ਤੇ ਲੱਗੀ ਹੈ ਤੇ ਸਿਰਫ਼ ਇਹੀ ਹੈ ਜੋ ਪੂਰਣ ਆਜ਼ਾਦੀ ਅਤੇ ਸਭ ਵਖਰੇਵੇਂ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਭਾਰਤੀ ਰੀਪਬਲਿਕ ਦੇ ਨੌਜਵਾਨੋ-ਨਹੀਂ ਸਿਪਾਹੀਓ-ਕਤਾਰ ਬੰਧ ਹੋ ਜਾਓ। ਆਰਾਮ ਨਾਲ ਨਾ ਖੜ੍ਹੇ ਹੋਵੋ। ਐਵੇਂ ਆਪਣੀਆਂ ਲੱਤਾਂ ਨਾ ਦਬਾਓ । ਲੰਬੀ ਦਲਿੱਦਰਤਾ ਜੋ ਤੁਹਾਨੂੰ ਨਕਾਰਾ ਕਰ ਰਹੀ ਹੈ, ਨੂੰ ਸਦਾ ਲਈ ਆਪਣੇ ਤੋਂ ਲਾਂਭੇ ਕਰ ਦਿਉ । ਤੁਹਾਡਾ ਬਹੁਤ ਹੀ ਨੇਕ ਮਿਸ਼ਨ ਹੈ। ਦੇਸ਼ ਦੇ ਹਰ ਕੋਨੇ ਤੇ ਦਿਸ਼ਾ ਵਿੱਚ ਖਿੱਲਰ ਜਾਓ ਅਤੇ ਭਵਿੱਖ ਦੇ ਇਨਕਲਾਬ ਲਈ ਜਿਸਦਾ ਆਉਣਾ ਨਿਸ਼ਚਿਤ ਹੈ, ਵਾਸਤੇ ਲੋਕਾਂ ਨੂੰ ਤਿਆਰ ਕਰੋ। ਫਰਜ਼ ਦੇ ਬਿਗਲ ਦੀ ਆਵਾਜ਼ ਸੁਣੋ। ਐਵੇਂ ਵਿਹਲਿਆਂ ਜ਼ਿੰਦਗੀ ਨਾ ਗੁਆਓ। ਵਧੋ! ਤੁਹਾਡੀ ਜ਼ਿੰਦਗੀ ਦਾ ਹਰ ਮਿੰਟ ਇਸ ਤਰ੍ਹਾਂ ਦੇ ਤਰੀਕੇ ਤੇ ਤਰਕੀਬਾਂ ਲੱਭਣ ਵਿੱਚ ਲੱਗਣਾ ਚਾਹੀਦਾ ਹੈ ਕਿ ਕਿਵੇਂ ਆਪਣੀ ਪੁਰਤਾਨ ਧਰਤੀ ਦੀਆਂ ਅੱਖਾਂ ਵਿੱਚ ਜਵਾਲਾ ਜਾਗੇ ਅਤੇ ਇੱਕ ਵੱਡੀ ਉਬਾਸੀ ਲੈ ਕੇ ਇਹ ਜਾਗੇ। ਅੰਗਰੇਜ਼ ਸਾਮਰਾਜ ਦੇ
ਖਿਲਾਫ਼ ਨੌਜਵਾਨਾਂ ਦੇ ਉਪਜਾਊ ਮਨਾਂ ਵਿੱਚ ਇੱਕ ਉਕਸਾਹਟ ਤੇ ਨਫ਼ਰਤ ਭਰ ਦਿਓ। ਐਸੇ ਬੀਜ ਪਾਓ, ਜਿਹੜੇ ਉੱਗਣ ਅਤੇ ਵੱਡੇ ਦਰਖ਼ਤ ਬਣ ਜਾਣ ਕਿਉਂਕਿ ਇਹਨਾਂ ਬੀਜਾਂ ਨੂੰ ਤੁਸੀਂ ਆਪਣੇ ਗਰਮ ਖੂਨ ਦਾ ਪਾਣੀ ਪਾਵੋਗੇ । ਤਦ ਇੱਕ ਭਿਆਨਕ ਭੂਚਾਲ ਆਵੇਗਾ ਜੋ ਵੱਡੇ ਧਮਾਕੇ ਨਾਲ ਗਲਤ ਚੀਜ਼ਾਂ ਬਰਬਾਦ ਕਰੇਗਾ ਅਤੇ ਸਾਮਰਾਜਵਾਦ ਦੇ ਮਹਿਲ ਨੂੰ ਕੁਚਲ ਕੇ ਘੱਟੇ ਵਿੱਚ ਮਿਲਾ ਦੇਵੇਗਾ ਅਤੇ ਇਹ ਤਬਾਹੀ ਮਹਾਨ ਹੋਵੇਗੀ। ਤਦੋਂ ਅਤੇ ਸਿਰਫ਼ ਤਦੋਂ ਇੱਕ ਨਵੀਂ ਭਾਰਤੀ ਕੌਮ ਜਾਗੇਗੀ, ਜੋ ਇਨਸਾਨੀਅਤ ਨੂੰ ਹੈਰਾਨ ਕਰ ਦੇਵੇਗੀ, ਆਪਣੇ ਗੁਣਾਂ ਅਤੇ ਸ਼ਾਨ ਨਾਲ । ਸਿਆਣਾ ਅਤੇ ਤਾਕਤਵਰ, ਸਾਦਾ ਤੇ ਕਮਜ਼ੋਰ ਲੋਕਾਂ ਤੋਂ ਹੈਰਾਨ ਰਹਿ ਜਾਵੇਗਾ।
ਵਿਅਕਤੀਗਤ ਮੁਕਤੀ ਵੀ ਤਾਂ ਹੀ ਸੁਰੱਖਿਅਤ ਹੋਵੇਗੀ। ਕਿਰਤੀ ਦੀ ਸਰਦਾਰੀ ਤੇ ਪ੍ਰਭੂਸੱਤਾ ਨੂੰ ਸਤਿਕਾਰਿਆ ਜਾਵੇਗਾ। ਅਸੀਂ ਅਜਿਹੇ ਇਨਕਲਾਬ ਦੇ ਆਉਣ ਦਾ ਸੁਨੇਹਾ ਦੇ ਰਹੇ ਹਾਂ। ਇਨਕਲਾਬ ਅਮਰ ਰਹੇ!!!
ਬੰਬ ਦਾ ਫਲਸਫਾ
ਜਦੋਂ ਇੱਕ ਇਨਕਲਾਬੀ ਆਪਣੇ ਕੁਝ ਹੱਕ ਸਮਝਦਾ ਹੈ, ਉਹ ਇਹਨਾਂ ਦੀ ਮੰਗ ਕਰਦਾ ਹੈ, ਦਲੀਲ ਦੇਂਦਾ ਹੈ, ਆਪਣੀ ਪੂਰੀ ਆਤਮਕ ਸ਼ਕਤੀ ਰਾਹੀਂ ਉਸਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤਸੀਹੇ ਝੱਲਦਾ ਹੈ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰਕ ਬਲ ਨੂੰ ਵੀ ਵਰਤਣਾ ਜ਼ੁਰਮ ਨਹੀਂ ਸਮਝਦਾ। ਸੋ ਸਵਾਲ ਹਿੰਸਾ ਜਾਂ ਅਹਿੰਸਾ ਦਾ ਨਹੀਂ ਬਲਕਿ ਇਹ ਹੈ ਕਿ ਕੀ ਅਸੀਂ ਨਿਰੋਲ ਆਤਮਕ ਗੱਲ ਦੇ ਸਿਰੇ ਤੇ ਹੀ ਚੱਲਣਾ ਹੈ ਜਾਂ ਇਸ ਦੇ ਨਾਲ ਸਰੀਰਕ ਸ਼ਕਤੀ ਦੀ ਵਰਤੋਂ ਵੀ ਕਰਨੀ ਹੈ। ਇਨਕਲਾਬੀ ਵਿਸ਼ਵਾਸ਼ ਰੱਖਦੇ ਹਨ ਕਿ ਉਹਨਾਂ ਦੇ ਦੇਸ਼ ਦੀ ਬੰਦ ਖਲਾਸੀ ਇਨਕਲਾਬੀ ਢੰਗ ਰਾਹੀਂ ਹੀ ਹੋਵੇਗੀ। ਇਨਕਲਾਬ ਜਿਸਦੀ ਉਹ ਕਾਮਨਾ ਕਰਦੇ ਹਨ ਅਤੇ ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ, ਸਿਰਫ਼ ਬਦੇਸ਼ੀ ਸਰਕਾਰ ਅਤੇ ਉਸ ਦੇ ਹਮਾਇਤੀਆਂ ਅਤੇ ਜਨਤਾ ਵਿਚਾਲੇ ਹਥਿਆਰਬੰਦ ਲੜਾਈ ਦੀ ਸ਼ਕਲ ਵਿੱਚ ਹੀ ਨਹੀਂ ਹੋਵੇਗੀ ਬਲਕਿ ਇੱਕ ਨਵੇਂ ਸਮਾਜੀ ਢਾਂਚੇ ਦਾ ਸੂਚਕ ਹੋਵੇਗਾ। ਇਹ ਯੁੱਗ ਪਲਟਾ ਸਰਮਾਏਦਾਰੀ ਅਤੇ ਹਰ ਤਰ੍ਹਾਂ ਦੇ ਜਮਾਤੀ ਵਖਰੇਵਿਆਂ ਅਤੇ ਵਿਤਕਰਿਆਂ ਦਾ ਖਾਤਮਾ ਕਰ ਦੇਵੇਗਾ। ਅੱਜ ਜੋ ਲੱਖਾਂ ਲੋਕ ਭੁੱਖ ਮਰੀ ਦੇ ਸ਼ਿਕਾਰ ਹੋ ਰਹੇ ਹਨ ਅਤੇ ਵਿਦੇਸ਼ੀ ਅਤੇ ਦੇਸੀ ਲੁਟੇਰਿਆਂ ਦੇ ਜੂਲੇ ਹੇਠ ਪਿਸ ਰਹੇ ਹਨ ਵਾਸਤੇ ਇਹ ਖੁਸ਼ੀ ਅਤੇ ਖੁਸ਼ਹਾਲੀ ਲਿਆਏਗਾ। ਇਹ ਕੌਮ ਨੂੰ ਨਵਾਂ ਜੀਵਨ ਦੇਵੇਗਾ, ਇਹ ਨਵੇਂ ਸਮਾਜ ਦਾ ਜਨਮ ਦਾਤਾ ਹੋਵੇਗਾ। ਇਸ ਤੋਂ ਵਧ ਕੇ ਇਹ ਕਿਰਤੀ ਦੀ ਸਰਦਾਰੀ ਸਥਾਪਤ ਕਰਕੇ ਸਮਾਜੀ ਲੋਕਾਂ ਨੂੰ ਸਦਾ ਲਈ ਰਾਜ ਗੱਦੀਉਂ ਹਟਾ ਦੇਵੇਗਾ।
ਇਨਕਲਾਬੀ ਅੱਗੇ ਹੀ ਨੌਜਵਾਨਾਂ ਦੀ ਬੇਚੈਨੀ ਵਿੱਚ ਇਨਕਲਾਬੀ ਸ਼ੁਰੂਆਤ ਦੇਖ
ਰਹੇ ਹਨ। ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ੍ਹਬੀ ਵਹਿਮਾਂ ਤੋਂ ਇਹ ਮੁਕਤੀ ਦੇ ਚਾਹਵਾਨ ਹਨ। ਜਿਵੇਂ-ਜਿਵੇਂ ਨੌਜਵਾਨਾਂ ਵਿੱਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉੱਠਾਣਗੇ। ਇਸ ਤਰ੍ਹਾਂ ਆਤੰਕਵਾਦ (Terrorism) ਦੇ ਦੌਰ ਨੇ ਇਸ ਦੇਸ਼ ਵਿੱਚ ਜਨਮ ਲਿਆ।
ਇਨਕਲਾਬੀ ਦਲੀਲ ਨੂੰ ਮਹਾਨ ਸਮਝਦਾ ਹੈ। ਇਹ ਦਲੀਲ ਅਤੇ ਸਿਰਫ਼ ਦਲੀਲ ਨੂੰ ਮੰਨਦਾ ਹੈ। ਗਾਲੀ ਗਲੋਚ ਭਾਵੇਂ ਕਿੰਨੇ ਉੱਚੇ ਤੋਂ ਉੱਚੇ ਥਾਂ ਤੋਂ ਵਰ੍ਹੇ ਉਹਨੂੰ ਥਿੜਕਾ ਨਹੀਂ ਸਕਦੀ । ਇਉਂ ਸੋਚਣਾ ਕਿ ਹਮਦਰਦੀ ਅਤੇ ਪ੍ਰਸ਼ੰਸਾਂ ਦੀ ਅਣਹੋਂਦ ਵਿੱਚ ਇਨਕਲਾਬੀ ਆਪਣਾ ਆਦਰਸ਼ ਛੱਡ ਜਾਏਗਾ, ਵੱਡੀ ਮੂਰਖਤਾ ਹੈ। ਕਈ ਇਨਕਲਾਬੀ ਹੁਣ ਤੀਕ ਇਹਨਾਂ ਸੰਵਿਧਾਨਕ ਐਜੀਟੇਟਰਾਂ ਦੇ ਮਿਹਣੇ ਦੇਣ ਦੀ ਪਰਵਾਹ ਨਾ ਕਰਦੇ ਹੋਏ ਫ਼ਾਂਸੀਆਂ ਤੇ ਝੂਲ ਗਏ ਹਨ। ਜੇ ਕੋਈ ਚਾਹੁੰਦਾ ਹੈ ਕਿ ਇਨਕਲਾਬੀ ਆਪਣਾ ਕੰਮ ਠੱਲ੍ਹ ਲੈਣ ਤਾਂ ਉਹਨਾਂ ਨਾਲ ਦਲੀਲ ਰਾਹੀਂ ਗੱਲ ਕਰੇ । ਇਹੀ ਇਕੋ ਇੱਕ ਰਸਤਾ ਹੈ। ਬਾਕੀ ਹੋਰ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ-ਇਨਕਲਾਬ ਕਿਸੇ ਤੁਹਮਤਬਾਜ਼ੀ ਜਾਂ ਹੈਂਕੜਬਾਜ਼ੀ ਤੋਂ ਘਬਰਾਉਣ ਵਾਲੀ ਚੀਜ਼ ਦਾ ਨਾਉਂ ਨਹੀਂ ਹੈ।
ਮੈਂ ਨਾਸਤਕ ਕਿਉਂ ਹਾਂ ?
ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁਝ ਵੀ ਨਹੀਂ ਹੋਏਗਾ । ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ