ਭਾਈ ਬੁੱਢਣ ਸ਼ਾਹ*
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ
{੧. ਵਿਸਮਾਦੁ}
ਅਸਚਰਜ ਹੈ! ਕਾਲੀ ਬੋਲੀ ਰਾਤ ਕਿੱਧਰ ਗਈ? ਇਹ ਚਿੱਟਾ ਚਾਨਣਾ ਕਿਧਰੋਂ ਆ ਗਿਆ? ਵਾਹਵਾ!
ਵਿਸਮਾਦ! ਹੈ,
ਹੈਂ, ਇਹ ਪੂਰੇ ਵਲੋਂ ਲਾਲੀ-ਭਖ ਕੇਹੀ? ਏਸ ਨੀਲੇ ਸਰਪੋਸ਼ ਨੂੰ ਕੌਣ ਸੁਨਹਿਰੀ ਕਰ ਗਿਆ? ਅਹਾ, ਹਾ, ਕਿਆ ਸੁਆਦਦਾਰ ਤੇ ਸ਼ਾਨਦਾਰ ਨਜ਼ਾਰਾ ਹੈ, ਵਾਹ ਵਾ!
ਅਦਭੁਤ! ਹੈ,
ਕੇਹੀ ਗੋਲ ਗੋਲ ਚਾਨਣੇ ਦੀ ਡਲ੍ਹਕਦੀ ਟਿਕੀ ਅਸਮਾਨ ਤੇ ਧਰਤੀ ਦੀ ਸੰਨ੍ਹ ਵਿਚੋਂ ਨਿਕਲ ਰਹੀ ਹੈ, ਕੈਸਾ ਅਦਭੁਤ ਦਰਸ਼ਨ ਹੈ, ਰੰਗ ਹੈ, ਰੂਪ ਹੈ, ਤੇਜ ਹੈ, ਮਸਤੀ ਦੀ ਫੁਹਾਰ ਹੈ, ਸੁਹੱਪਣ ਦਾ ਫੁਟਾਲਾ ਹੈ, ਵਾਹ ਵਾ!
ਪਰਮ ਅਦਭੁਤ! ਹੈ,
––––––––––––
* ਇਹ ਪ੍ਰਸੰਗ ਸੰ:ਗੁ:ਨਾ:ਸਾ: ੪੪੬ (੧੯੧੫ ਈ:) ਦੇ ਗੁਰਪੁਰਬ ਪੁੰਨਮ ਪਰ ਪ੍ਰਕਾਸ਼ਿਆ ਸੀ ਇਸ ਦੇ ਤ੍ਰੈ ਹਿੱਸੇ ਹਨ ਇਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਰਤਿਆ, ਜੋ ਇਥੇ ਆਇਆ ਹੈ, ਦੂਜਾ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੇ ਤੀਜਾ ਦਸਮ ਪਾਤਿਸ਼ਾਹ ਜੀ ਦੇ ਵੇਲੇ।
ਟਿੱਕੀ ਦਾ ਕਿਵੇਂ ਤੇਜ ਵਧ ਗਿਆ? ਪੰਘਰੇ ਹੋਏ ਸੋਨੇ ਦੀਆਂ ਡਲ੍ਹਕਾਂ ਵਾਲੀ ਟਿੱਕੀ ਹੈ ਕਿ ਪ੍ਰਕਾਸ਼ ਦਾ ਲਹਿਰਾਉ ਹੈ, ਅਚਰਜੋ ਅਚਰਜ ਵਧ ਗਏ, ਅਸਚਰਜ ਦਾ ਅਨੂਠਾ ਚੜ੍ਹਦਾ ਜੋਬਨ ਹੈ, ਡਲ੍ਹਕ ਦਰ ਡਲ੍ਹਕ, ਲਿਸ਼ਕਾਰ ਦਰ ਲਿਸ਼ਕਾਰ: ਵਾਹ ਵਾ!
ਪਰਮ ਪਰਮਾਦਭੁਤ! ਹੈ,
ਚਾਨਣੇ, ਤੇਜ, ਗਰਮੀ, ਸੁਹਾਉ ਡਲ੍ਹਕ ਦਰ ਡਲ੍ਹਕ ਵਿਚੋਂ ਲਾਸਾਂ ਛੁੱਟੀਆਂ, ਅਚਰਜ ਹੱਦੋਂ ਟੱਪ ਗਿਆ। ਕਿਰਨਾਂ ਖਿੱਲਰੀਆਂ, ਜਗ ਮਗ ਕਿਰਨਾਂ ਫੈਲੀਆਂ, ਅਕਾਸ਼, ਧਰਤ ਪੁਲਾੜ ਨੂਰ ਨਾਲ ਭਰ ਗਏ, ਕਿਸ ਗੰਭੀਰਤਾ ਨਾਲ ਕਿਸ ਗਜ ਗਮਨੀ ਚਾਲ ਨਾਲ, ਲਾਲ ਲਾਲ, ਡਲ੍ਹਕ ਦਾਰ, ਝਲਕਦਾਰ, ਆਬਦਾਰ, ਨਸ਼ੇਦਾਰ, ਨਖਰੇਦਾਰ ਢਾਲ ਨਾਲ ਟਿੱਕੀ ਉੱਚੀ ਚੜ੍ਹੀ ਆਉਂਦੀ ਹੈ। ਪਰਮ ਅਦਭੁਤ ਤੋਂ ਪਰਮਾਦਭੁਤ ਹੋ ਗਿਆ। ਵਾਹ ਵਾਹ, ਵਿਸਮਾਦ ਦਾ ਸੁਆਦ ਆ ਗਿਆ, ਦਰਸ਼ਨ ਹੈ ਕਿ ਨਿਰਾ ਬਿਸਮਾਦ ਹੈ।
ਹਾਂ, ਭਈ 'ਬਿਸਮਾਦ' ਜਦ ਝਲਕਾਰਾ ਮਾਰੇ ਤਾਂ ਏਹੋ ਕੁਛ ਕਰ ਦੇਂਦਾ ਹੈ। ਦੇਖੋ ਭਾਈ ਗੁਰਦਾਸ ਜੀ ਨੂੰ ਬਿਸਮਾਦ ਨੇ ਲਿਸ਼ਕਾਰਾ ਮਾਰਿਆ ਮਸਤ ਹੈ ਗਏ, ਅਮਸਤ ਹੋ ਗਏ, ਮਗਨ ਹੋ ਗਏ, ਅਮਗਨ ਹੋ ਗਏ। ਫੇਰ ਓਸ ਦਾ ਪਤਾ ਐਉਂ ਦਿਤਾ:-
"ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ, ਬੁਧ ਕੀ ਨ ਬੁਧ ਰਹੀ ਮਤਿ ਮੈ ਨ ਮਤਿ ਹੈ॥ ਸੁਰਤਿ ਮੈਂ ਨ ਸੁਰਤਿ ਔ ਧ੍ਯਾਨ ਮੈ ਨ ਧ੍ਯਾਨ ਰਯੋ ਗ੍ਯਾਨ ਮੈਂ ਨ ਗ੍ਯਾਨ ਰਯੋ ਗਤਿ ਮੈ ਨ ਗਤਿ ਹੈ। ਧੀਰਜ ਕੋ ਧੀਰਜ ਗਰਬ ਕੋ ਗਰਬ ਗਯੋ ਰਤਿ ਮੇਂ ਨ ਰਤਿ ਰਹੀ ਪਤਿ ਰਤਿ ਪਤਿ ਹੈ। ਅਦਭੁਤ ਪਰਮਦਭੁਤ ਬਿਸਮੈ ਬਿਸਮ, ਅਸਚਰਜੈ ਅਸਚਰਜ ਅਤਿ ਅਤਿ ਹੈ।” (ਕਥਿਤ ਭਾ:ਗੁ:-੨੫)
––––––––––––––––
* ਹਾਥੀ ਵਾਲੀ ਗੰਭੀਰਤਾ ਵਾਲੀ ਤੋਰ।
ਭਾਈ ਗੁਰਦਾਸ ਜੀ ਦਾ ਦਰਸ਼ਨ ਬੜਾ ਉੱਚਾ ਹੈ, ਬਿਸਮਾਦ ਦਾ ਰੂਪ ਜੋ ਆਪ ਨੇ ਕਥਨ ਕੀਤਾ ਹੈ, ਪੂਰਨ ਬਿਸਮਾਦ ਦਾ ਹੈ, ਜੋ ਇਲਾਹੀ ਸੁੰਦਰਤਾ ਦੇ ਜਲਵੇ ਤੋਂ ਉਨ੍ਹਾਂ ਉਤੇ ਪਿਆ। ਸੁੰਦਰਤਾ ਦੇ ਸੁਆਦਲੇ ਘਾਉ, ਰਸ ਭਰੇ ਅਸਰ ਤੇ ਮਗਨਤਾਈਆਂ ਦਾ ਵਰਣਨ ਏਹੋ ਹੈ।
ਜੇ ਕੋਈ ਪੁੱਛੇ ਕਿ ਸੂਰਜ ਤਾਂ ਰੋਜ਼ ਚੜ੍ਹਦਾ ਹੈ, ਸੂਰਜ ਚੜ੍ਹੇ ਤੇ ਕੀ ਬਿਸਮਾਦ ? ਠੀਕ ਹੈ, ਸੱਜਣਾਂ! ਜਮਾਂਦਰੂ ਹਨੇਰੀ ਕੋਠੜੀ ਵਿਚ ਪਲਦੇਂ, ਜੁਆਨ ਕਰਕੇ ਤੜਕਸਾਰ ਪੁਰੇ ਵਲ ਮੂੰਹ ਕਰਕੇ ਤੈਨੂੰ ਖੜਾ ਕਰ ਦਿਤਾ ਜਾਂਦਾ, ਫੇਰ ਜੇ ਸੂਰਜ ਦਾ ਹੀ ਦਰਸ਼ਨ ਬਿਸਮਾਦ ਵਿਚ ਬੇਸੁਧ ਨਾ ਕਰ ਦੇਂਦਾ ਤਾਂ ਪੁੱਛਦੇ। ਜਾਂ ਭਾਈ, ਪੁਛ ਸ੍ਰਿਸ਼ਟੀ ਦੇ ਸਭ ਤੋਂ ਪਹਿਲੇ ਮਨੁੱਖ ਨੂੰ, ਕੀ ਸੂਰਜ ਪ੍ਰਕਾਸ਼ ਦੇ ਪਹਿਲੇ ਦਰਸ਼ਨ ਨੇ ਉਸ ਨੂੰ ਕੀ ਲਹਿਰਾ ਦਿੱਤਾ ਸੀ।
ਹੁਣ ਮਨੁੱਖ ਸਿਆਣਾ ਹੋ ਗਿਆ, ਅਕਲੱਈਆ ਹੋ ਗਿਆ, ਗਿੱਝ ਗਿਆ। ਖਿੜੀ ਰਾਤ ਦੇ ਅੰਬਰ ਦਾ ਅਸਚਰਜ ਨੀਲ ਉਸ ਦੇ ਦਿਲ ਉਤੇ ਅਚਰਜਤਾ ਦੀ ਸੱਟ ਨਹੀਂ ਮਾਰਦਾ, ਛਟਕੀ ਤਾਰਿਆਂ ਜੜੀ ਰਾਤ ਹੈਰਾਨੀ ਵਿਚ ਨਹੀਂ ਲੈ ਉਡਦੀ, ਚਾਂਦਨੀ ਉਸ ਨੂੰ ਸਿਫਤ ਸਲਾਹ ਵਿਚ ਨਹੀਂ ਡੋਬਦੀ, ਸੂਰਜ ਦਾ ਉਦੈ ਹੋਣਾ ਉਸ ਨੂੰ ਬਿਸਮਾਦ ਵਿਚ ਨਹੀਂ ਪਾਉਂਦਾ, ਬਿਜਲੀ ਦੀ ਲਿਸ਼ਕ ਤੇ ਕੜਕ ਉਸ ਨੂੰ ਮਨ ਹਰਨੇ ਅਦਭੁਤ ਵਿਚ ਨਹੀਂ ਲੈ ਜਾਂਦੀ। ਅੱਗ ਰੋਜ਼ ਬਾਲਦਾ ਹੈ, ਪਰ ਕਦੇ ਹੈਰਤ ਵਿਚ ਨਹੀਂ ਆਇਆ ਕਿ ਇਹ ਕੀ ਹੈ? ਚੱਲਦੇ ਪਾਣੀ, ਡਿੱਗਦੇ ਪਾਣੀ, ਅਡੋਲ ਸ਼ਾਂਤ ਖੜੇ ਪਾਣੀ, ਉੱਬਲਦੇ ਪਾਣੀ ਉਸ ਨੂੰ ਭਚਿੱਤ੍ਰੀ (ਅਚਰਜ) ਵਿਚ ਨਹੀਂ ਪਾਉਂਦੇ। ਕਿਉਂ? ਮਨੁੱਖ ਦਾਨਾ ਹੋ ਗਿਆ ਹੈ, ਪੜ੍ਹਾਕੂ ਹੋ ਗਿਆ ਹੈ, ਖੋਜੀ ਹੋ ਗਿਆ ਹੈ, ਮਨੁੱਖ ਹਰ ਗਲ ਦਾ ਕਾਰਨ ਲੱਭਦਾ ਹੈ। ਬਿਸਮਾਦ ਉਦੈ ਕਰਨ ਵਾਲੀਆਂ ਅਕਹਿ ਸ਼ਕਤੀਆਂ ਦੇ ਨਾਉਂ ਧਰਦਾ ਹੈ ਤੇ ਥੋੜੀ-ਜੇਹੀ ਪੜਚੋਲ ਕਰਕੇ ਉਸ ਦਾ ਲਾਲ ਬੁੱਝਕੜ ਬਣਦਾ ਹੈ। ਇਉਂ ਕਰਕੇ ਉਸਦੇ ਵਿਸਮਾਦ ਰਸ ਤੋਂ ਟੁੱਟ ਕੇ ਉਸ ਦਾ ਗਯਾਤਾ ਬਣ
ਗੇਣਤੀ ਆਈ, ਰਸ ਸੁਆਦ ਗਏ।
ਬਿਸਮਾਦ ਆਯਾ ਰਸਾਂ ਦੇ ਕੜ ਪਾਟ ਪਏ।
ਭਲਾ, ਮਨੁੱਖ ਸੱਚ ਮੁੱਚ ਜਾਣ ਗਿਆ ਹੈ? ਬਈ ਵੱਡੇ ਤੋਂ ਵੱਡੇ ਸੰਸਾਰ ਦੇ ਦਾਨੇ ਨੂੰ ਪੁੱਛੇ ਕਿ ਅੱਗ ਕਿਉਂ ਚਮਕਦੀ ਹੈ, ਕਿਉਂ ਸਾੜਦੀ ਹੈ? ਬਿਜਲੀ ਕੀ ਹੈ? ਇਸ ਦੀਆਂ ਲਹਿਰਾਂ ਕਿਉਂ ਐਦਾਂ ਪੈਂਦੀਆਂ ਹਨ ? ਕੋਈ ਨਾ ਦੱਸ ਸਕੇਗਾ। ਅਜੇ ਤੱਕ ਮਨੁੱਖ ਅਨਜਾਣ ਹੈ, ਇਸ ਨੇ ਬਹੁਤ ਕੁਛ ਜਾਣਿਆ ਹੈ, ਪਰ ਜੋ ਇਸ ਨੇ ਜਾਣਿਆ ਹੈ ਉਸ ਨੇ ਅਜੇ ਇਸ ਨੂੰ ਅਜਾਣ ਹੀ ਰਖਿਆ ਹੈ। ਅਜੇ ਏਸ ਨੂੰ ਅਸਲ ਕਾਰਨਾਂ ਦੇ ਕਾਰਣ ਦਾ ਪਤਾ ਨਹੀਂ ਤੇ ਵਿਸਮਾਦ ਦੇ ਮਗਰ ਬੈਠੇ ਦਾ ਥਹੁ ਨਹੀਂ। ਏਸ ਤਾਂ ਗੇਣਤੀਆਂ ਵਿਚ ਪੈਕੇ ਕੁਛ ਕੁਦਰਤ ਦੇ ਭੇਤ ਕੱਢਕੇ ਕੁਛ ਜਾਣਿਆ ਹੈ, ਪਰ ਲਾਲ ਬੁਝੱਕੜ ਬਣਕੇ ਵਿਸਮਾਦ ਰੰਗ ਗੁਆਕੇ ਮਾਨੋ ਆਪਣੇ ਅਦਨ ਦੇ ਬਾਗ ਵਿਚੋਂ ਧੱਕਾ ਖਾਧਾ ਹੈ, ਬੇਕੁੰਠ ਤੋਂ ਗਿੜਾਉ ਪਾਇਆ ਹੈ।
ਹੁਣ ਬਿਸਮਾਦ ਇਨਸਾਨ ਨੂੰ ਕਿਵੇਂ ਬਿਸਮਾਦ ਕਰੇ? ਸੋਚ ਵਿਚ ਜੁ ਦਿਨ ਰਾਤ ਫਸ ਗਿਆ। ਕੁਦਰਤ ਦੇ ਚਮਤਕਾਰ ਰੋਜ਼ ਤੱਕੀਦੇ ਹਨ, ਬਿਸਮਾਦ ਕਦੇ ਨਹੀਂ ਹੁੰਦਾ, ਪਰ ਵੇਖੋ ਓਹ ਜੀਉਂਦਾ ਤੇ ਜਿੰਦ ਦਾਤਾ ਦਿਲ, ਜੋ ਕਦੇ ਗੇਣਤੀਆਂ ਨਾਲ ਨਹੀਂ ਢੱਠਾ, ਸਗੋਂ ਢੱਠਿਆਂ ਨੂੰ ਤੁਲ੍ਹਾ ਦੇਂਦਾ ਹੈ, ਜੋ ਦਿਲਾਂ ਦਾ ਸਰਦਾਰ ਦਿਲ ਹੈ ਇਸ ਬਿਸਮੈ ਭਾਵ ਨੂੰ ਕੀਕੂੰ ਕੁਦਰਤ ਦੇ ਹਰ ਚਮਤਕਾਰ ਵਿਚ ਵੇਖਦਾ ਤੇ ਸਾਨੂੰ ਦੱਸਦਾ ਹੈ:-
“ ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥
ਵਿਸਮਾਦੁ ਨਾਗੇ ਫਿਰਹਿ ਜੰਤ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ॥
ਵਿਸਮਾਦੁ ਸਾਦਿ ਲਗਹਿ ਪਰਾਣੀ॥
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥
ਵਿਸਮਾਦੁ ਭੁਖ ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥
ਵਿਸਮਾਦੁ ਉਝੜ ਵਿਸਮਾਦੁ ਰਾਹ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ॥
ਵਿਸਮਾਦੁ ਦੇਖੈ ਹਾਜਰਾ ਹਜੂਰਿ॥
ਵੇਖਿ ਵਿਡਾਣੁ ਰਹਿਆ ਵਿਸਮਾਦੁ ॥
ਨਾਨਕ ਬੁਝਣੁ ਪੂਰੈ ਭਾਗਿ ॥੧॥"
ਹਾਂ ਜੀ, ਇਹ ਸੁੱਚੇ, ਉੱਚੇ ਸੱਚੇ ਨੇਤ੍ਰਾਂ ਵਾਲਾ ਇਸ ਕੁਦਰਤ ਦੇ ਚਮਤਕਾਰ ਨੂੰ ਵਿਡਾਣ (ਅਚਰਜੋ ਅਚਰਜ) ਵੇਖਕੇ ਵਿਸਮਾਦ ਹੋ ਰਿਹਾ ਹੈ। ਹਾਂ ਜੀ: ਤੇ ਇਸ ਵਿਡਾਣ ਨੂੰ ਵਿਸਮਾਦ ਕਰਕੇ ਦੇਖਣਾ, ਇਸ ਵਿਸਮਾਦ ਦੇ ਉੱਚੇ ਰੰਗ ਨੂੰ ਸਮਝਣਾ ਭਾਗ ਭਰੀ ਨਿਸ਼ਾਨੀ ਸਾਨੂੰ ਦੱਸਦਾ ਹੈ।
ਉਹ ਦਿਲ ਸੋਚ, ਗਿਣਤੀ, ਫਿਕਰ ਦੇ ਭਾਵ ਤੋਂ ਸੁਤੰਤ੍ਰ ਹੈ, ਜਿਸ ਨੂੰ ਇਹ ਕੁਦਰਤ ਦੇ ਨਜ਼ਾਰੇ ਵੇਖਕੇ ਵਿਡਾਣ ਹੋ ਜਾਏ। ਓਹ ਸੁਭਾਗ ਹੈ ਜਿਸ ਨੇ ਦਰਸ਼ਨ ਪਾਏ, ਸੁੰਦਰਤਾ ਦੇ ਝਾਕੇ ਲਏ ਤੇ ਵਿਸਮਾਦ ਵਿਚ ਰਹਿ ਗਿਆ।
––––––––––––––––
ਆਸਾ ਦੀ ਵਾਰ ਵਿਚੋਂ। (ਆਸਾ ਮ:੧-੪੬੩)
ਸਰੀਰ ਦੇ ਅੰਦਰ ਲੁਕੇ ਬੈਠੇ 'ਦੇਖਣਹਾਰ' ਦਾ ਇਸ (ਦਿਸਣਹਾਰ) ਚਮਤਕਾਰਿਆਂ ਵਿਚ ਲੁਕੀ ਬੈਠੀ ਸੁੰਦਰਤਾ ਦਾ ਕੋਈ ਗੁੱਝਾ ਮੇਲ ਹੈ। ਸੁੰਦਰਤਾ ਨੇ ਝਲਕਾ ਮਾਰਿਆ, ਦੇਖਣਹਾਰ ਨੂੰ ਵਿਸਮਾਦ ਦਾ ਚੱਕਰ ਆ ਗਿਆ। ਵਿਸਮਾਦ ਦਾ ਚੱਕਰ ਆਇਆ ਕਿ ਆਪੇ ਵਿਚ ਮਗਨ। ਮਗਨਤਾ ਆਈ ਕਿ 'ਦ੍ਰਿਸ਼ਟਮਾਨ' ਨਾਲ ਨੇਹੁੰ ਟੁੱਟਾ। ਦ੍ਰਿਸ਼ਟਮਾਨ ਦਾ ਨੇਹੁੰ ਟੁੱਟਾ ਕਿ ਆਪਾ ਆਪੇ ਵਿਚ ਤੇ ਅਨੰਤ ਦੀ ਗੋਦ ਵਿਚ ਛਾਲ ਮਾਰਨ ਨੂੰ ਤਯਾਰ ਯਾ ਛਾਲ ਵੱਜ ਹੀ ਗਈ।
ਹਾਂ ਜੀ, ਏਹੋ ਸਮਾਧੀ ਜੇ, ਜਿਸ ਦੇ ਮਗਰ ਜੋਗੀਆਂ ਦੇ ਜੁੱਗ ਗਲ ਗਏ ਤੇ ਤਪੀਆਂ ਹੱਠੀਆਂ ਦੇ ਕਲਪ ਲੰਘ ਗਏ। 'ਸੋਚ' ਨੇ ਗਯਾਨੀ, ਤ੍ਯਾਗੀ, ਵੈਰਾਗੀ, ਜਪੀ, ਤਪੀ ਕਈ ਰੂਪ ਧਾਰੇ, ਕਈ ਹੱਥ ਪੈਰ ਮਾਰੇ, ਪਰ ਇਸਨੂੰ ਆਪਣੇ ਆਪ ਵਿਚ, 'ਆਪੇ' ਨੂੰ 'ਆਪਾ' ਕਰਨੇ ਵਾਲੀ ਰੰਗਣ ਨਾ ਚੜ੍ਹੀ ਪਰ ਨਾ ਚੜ੍ਹੀ, ਇਹ ਤਾਂ 'ਰਸ' ਦੀ ਸ਼ੈ ਸੀ 'ਸੋਚ' ਦੀ ਸ਼ੈ ਨਹੀਂ ਸੀ, 'ਸੋਚ' ਰਸ ਨੂੰ ਤੋੜਕੇ ਗੋਣਤੀ ਵਿਚ ਪਾਉਂਦੀ ਹੈ, ਫੇਰ ਲੋੜਾਂ ਤੇ ਸਰੀਰਕ ਭੁੱਖਾਂ ਲਾਲਚ ਵਿਚ ਲੈ ਤੁਰਦੀਆਂ ਹਨ। ਫੇਰ ਲਾਲਚ ਵਿਚ ਪੈ ਗਿਆਂ ਲੈ ਲੈਣ ਦੀ ਬ੍ਰਿਤੀ ਵਿਚ ਲੋਭ ਦਾ ਸੁਆਦ ਆਉਂਦਾ ਹੈ। ਹੁਣ ਇਸ ਹਾਲਤ ਵਿਚ ਜੇ ਕਦੇ ਮਨ ਉਤੇ ਸੁੰਦਰਤਾ ਨੇ ਝਲਕਾ ਮਾਰਿਆ ਬੀ ਤਾਂ ਜਿਉਂ ਹੀ ਕਿ ਬਿਸਮੈ ਭਾਵ ਉਦੈ ਹੋਣ ਲੱਗਾ, ਝੱਟ ਸੋਚ ਨੇ ਅੰਦਰੋਂ ਕਿਹਾ: "ਜਿਸ ਵਿਚੋਂ ਇਹ ਸੁੰਦਰਤਾ ਪ੍ਰਗਟੀ ਹੈ, ਇਹ ਸੁਹਣਾ ਹੈ, ਇਸ ਨੂੰ ਫੜ ਲਓ, ਲੈ ਲਓ, ਆਪਣੇ ਕਾਬੂ ਵਿਚ ਕਰੋ", ਇਹ 'ਲੈ ਲੈਣ' ਦੀ ਤ੍ਰਿਸ਼ਨਾ ਬਿਸਮੈ ਭਾਵ ਵਿਚ ਜਾਣ ਵਾਲੀ ਬ੍ਰਿਤੀ ਨੂੰ ਮੋਟਿਆਂ ਕਰਦੀ ਹੈ। ਲੋਭ ਲਹਿਰ ਆਈ, ਸੋਚ ਮੋਟੀ ਹੋ ਗਈ, ਵਿਸਮੈ ਭਾਵ ਪੰਘਰਕੇ ਤਿਲਕਿਆ ਤੇ ਤਿਲਕਦਿਆਂ ਤਿਲਕਦਿਆਂ ਮਾਨੋਂ ਭਾਫ ਬਣਕੇ ਉੱਡ ਗਿਆ। ਐਉਂ ਜਗਤ-ਦਾਨਾ ਜਗਤ, ਸੋਚ ਵਾਲਾ ਜਗਤ-ਵਿਸਮਾਦ ਨਹੀਂ ਹੁੰਦਾ; ਵਿਸਮਾਦ ਨਹੀਂ ਰਹਿ ਜਾਂਦਾ, ਵਿਡਾਣਾ ਵੇਖਦਾ ਹੈ ਪਰ ਵਿਸਮਾਦ ਵਿਚ ਨਹੀਂ ਜਾਂਦਾ। ਸੋਚ ਇਸ ਵਿਚ ਨਹੀਂ ਜਾਣ ਦਿੰਦੀ, ਤ੍ਰਿਸ਼ਨਾਂ ਇਸ ਵਿਚ ਜਾਂਦੇ ਨੂੰ ਬਾਹੋਂ ਫੜ ਲੈਂਦੀ ਹੈ।
{੨. ਸੇਲ੍ਹੀਆਂ ਵਾਲਾ ਗੁਰੂ ਨਾਨਕ}
ਕਿਹੀ ਸੁਹਣੀ ਨਿੱਕੀ ਜਿਹੀ ਪਹਾੜੀ ਹੈ, ਪਹਾੜੀ ਹੈ, ਪੱਬੀ ਹੈ ਕਿ ਟਿੱਬੀ ਹੈ। ਮੀਂਹ ਪੈ ਹਟੇ ਹਨ ਹਰਾ ਹਰਾ ਘਾਹ ਮਖ਼ਮਲ ਵਾਂਙੂ ਚਮਕ ਰਿਹਾ ਹੈ, ਵਿਚ ਨਾਨਾ ਤਰ੍ਹਾਂ ਦੇ ਬੂਟੇ ਬੂਟੀਆਂ ਹਨ। ਉੱਪਰ ਅਕਾਸ਼ ਨੇ ਸਰਪੋਸ਼ ਉਠਾ ਰਖਿਆ ਹੈ, ਰਾਤ ਨੇ ਘਸਮੈਲੜਾ ਰੰਗ ਵਰਤਾ ਦਿਤਾ ਹੈ, ਪਰ ਇਸ ਵਿਚ ਲੱਖਾਂ ਤੇ ਕ੍ਰੋੜਾਂ ਨਿੱਕੇ ਫਾਨੂਸ ਅਤੇ ਇਕ ਵੱਡਾ ਝਾੜ ਲਟਕ ਰਿਹਾ ਹੈ ਤੇ ਚੁੱਪ ਸ਼ਾਂਤ ਦਾ ਠੰਢਕਦਾਰ ਰੰਗ ਫੈਲ ਰਿਹਾ ਹੈ। ਮਲਕੜੇ ਜਿਹੇ ਵਿਡਾਣ ਨੇ ਹੋਰ ਰੂਪ ਧਾਰਿਆ। ਚੰਦ ਤਾਰੇ ਫਿੱਕੇ ਪੈ ਗਏ, ਪੂਰੇ ਤੋਂ ਮਿੱਠਾ ਪ੍ਰਕਾਸ਼ ਆ ਗਿਆ, ਪੱਛੋਂ ਵਲੋਂ ਠੰਢੀ ਠੰਢੀ ਪੌਣ ਰੁਮਕ ਪਈ, ਇਸ ਆਪਣੇ ਨੇੜੇ ਤੇੜਿਆਂ ਨਾਲੋਂ ਸਭ ਤੋਂ ਉੱਚੀ ਥਾਂ ਤੋਂ ਅਚਰਜ ਦਰਸ਼ਨ ਹੁੰਦੇ ਹਨ, ਦੂਰ ਦੂਰ ਦੇ ਪਹਾੜਾਂ ਦੇ ਉੱਪਰ ਸੁਨਹਿਰੀ ਕਿੰਗਰੀ ਫਿਰ ਗਈ ਹੈ। ਔਹ ਤੱਕ ਕਿ ਪੂਰੇ ਤੋਂ ਹੁਣ ਨਿੱਘੇ ਪ੍ਰਕਾਸ਼ ਦਾ ਪ੍ਰਤਾਪੀ ਪਾਤਸ਼ਾਹ ਕਿਸ ਸ਼ਾਨ ਨਾਲ, ਕਿਸ ਸੁਹਾਉ ਨਾਲ ਦਮਕਾਂ ਮਾਰਦਾ ਆ ਨਿਕਲਿਆ ਹੈ ? ਸਾਰੀ ਕੁਦਰਤ ਏਸੇ ਦੇ ਦਰਸ਼ਨਾਂ ਦੇ ਚਾਉ ਵਿਚ ਸੁਹਣੀ ਹੋ ਰਹੀ ਸੀ, ਪੰਛੀ ਏਸੇ ਦਾ 'ਜੀ ਆਇਆਂ' ਦਾ ਗੀਤ ਗਾ ਰਹੇ ਸੀ।
ਇਸ ਵੇਲੇ ਇਸ ਚੜ੍ਹਦੀ ਸੁਹਾਉਣੀ ਕਿਰਨਾਂ ਵਾਲੀ ਨੂੰ ਦੇਖਣ ਵਾਲੇ ਪਸ਼ੂ ਪੰਛੀ ਹੀ ਨਹੀਂ ਪਰ ਇਕ ਚੰਗੀ ਉਮਰ ਦੇ ਮਨੁੱਖ ਬੀ ਹਨ, ਜਿਨ੍ਹਾਂ ਦੀ ਉਮਰਾ ਬਾਲਪਨ, ਜੁਆਨੀ ਦੋਏ ਅਵਸਥਾਂ ਤੱਕ ਚੁਕੀ ਹੈ। ਹੁਣ ਇਨ੍ਹਾਂ ਦਾ ਚਿਹਰਾ ਰਤਾ ਢਿੱਲਾ ਹੋ ਰਿਹਾ ਹੈ। ਰੂਪ ਰੰਗ ਕੁਝ ਕੁਝ ਮੱਧਮ ਪੈ ਰਹੇ ਹਨ, ਦੇਹ ਕੁਛ ਨਿਰਬਲ ਵੀ ਹੈ। ਭਰ ਜੁਆਨੀ ਵਿਚ ਜੋ ਸੁੰਦਰਤਾ ਚਿਹਰਿਓਂ ਰੰਗ ਰੂਪ, ਜੋਬਨ ਦੇ ਆਸਰੇ ਲਿਸ਼ਕਾਰੇ ਮਾਰਿਆ ਕਰਦੀ ਹੈ, ਹੈ, ਪਰ ਹੁਣ ਜ਼ੋਰਾਂ ਵਿਚ ਨਹੀਂ। ਹਾਂ, ਤੱਕੋ ਸੁੰਦਰਤਾ ਨਿਰੀ ਸਰੀਰ ਦੀ ਸ਼ੈ ਨਹੀਂ ਹੈ। ਇਹ ਤਾਂ ਆਤਮਾਂ ਦਾ ਰੰਗ ਹੈ, ਅਰਸ਼ਾਂ ਦੀ ਦੇਵੀ ਹੈ। ਏਸੇ ਦੇ ਸਰੀਰ ਵੱਲ ਤੱਕੋ ਜੁਆਨੀ ਢੱਲ ਗਈ, ਪਰ ਫੇਰ ਬੀ ਸੁੰਦਰ ਹੈ, ਅਰ ਇਹ ਜਦ ਤੁਸਾਂ ਵਲ ਆਪਣੀਆਂ ਅੱਖਾਂ ਨਾਲ ਭਰਕੇ ਤੱਕਦਾ ਹੈ ਤਾਂ ਸੁੰਦਰਤਾ ਅੱਖਾਂ ਵਿਚੋਂ ਲਿਸ਼ਕਾਰਾ ਮਾਰਦੀ ਹੈ, ਤੇ
ਅੱਜ ਆਪ ਉਦਾਸ ਹਨ, ਸੂਰਜ ਦੇ ਚੜ੍ਹਦੇ ਲਿਸ਼ਕਾਰੇ ਨੇ ਉਦਾਸੀ ਘਟਾਈ ਹੈ ਪਰ ਤਕੋ ਅਜੇ ਬੀ ਕਿਸੇ ਕਿਸੇ ਵੇਲੇ ਨੈਣਾਂ ਵਿਚੋਂ ਛਮਾਛਮ ਪਾਣੀ ਵਗ ਪੈਂਦਾ ਹੈ ਤੇ ਲੰਮਾ ਜਿਹਾ ਸਾਹ ਲੈ ਕੇ ਆਖਦੇ ਹਨ, "ਮੌਲਾ ਤੇਰੀ ਰਜ਼ਾ! ਤੇਰੀ ਰਜ਼ਾ" ਫੇਰ ਸੂਰਜ ਵਲ ਪਿੱਠ ਕਰਕੇ ਬੈਠ ਗਏ, ਕਿਉਂ ਜੋ ਸੂਰਜ ਹੁਣ ਤਿੱਖਾ ਹੋ ਗਿਆ ਹੈ ਤੇ ਅਖਾਂ ਤੇਜ ਨੂੰ ਝੱਲ ਨਹੀਂ ਸਕਦੀਆਂ। ਪਿੱਠ ਨਿੱਘੀ ਹੋ ਗਈ ਤੇ ਅੱਖਾਂ ਨੂੰ ਨੀਂਦ ਆ ਗਈ, ਆਪ ਹੁਰੀਂ ਬੈਠੇ ਬੈਠੇ ਸੌਂ ਗਏ।
ਇਸ ਪਹਾੜੀ ਤੇ ਕਦੇ ਕਦੇ ਇਕ ਮੁਟਿਆਰ ਪਹਾੜਨ ਬਕਰੀਆਂ ਚਾਰਨ ਆਇਆ ਕਰਦੀ ਸੀ; ਅਰ ਬਾਬੇ ਨੂੰ ਕਦੇ ਨੇੜਿਓਂ ਕਦੇ ਦੂਰੋਂ ਮੱਥਾ ਟੇਕ ਜਾਇਆ ਕਰਦੀ ਸੀ। ਅੱਜ ਸਵੇਰੇ ਹੀ ਉਹ ਕੁੜੀ ਆ ਨਿਕਲੀ ਤੇ ਗਾਉਣ ਲੱਗ ਪਈ:-
ਨਹੀਂ ਬੋ ਭਰੋਸੋ ਏਸ ਜੀਣੇ ਦਾ,
ਨਹੀਂ ਬੋ ਭਰੋਸੇ ਏਸ ਜੀਣੇ ਦਾ,
ਦਮ ਆਵੇ ਨਾ ਆਵੇ।
ਸਾਂਈਂ ਲੋਕ ਦੀ ਅੱਖ ਖੁੱਲ੍ਹ ਗਈ, ਇਕ ਠੰਢਾ ਸਾਹ ਭਰਿਆ, ਠੀਕ ਆਖਦੀ ਹੈ, ਇਸ ਮੁਟਿਆਰ ਨੂੰ ਜੀਉਣੇ ਦਾ ਭਰੋਸਾ ਨਹੀਂ, ਤਾਂ ਮੇਰੇ "ਰੁਖੜੇ ਨਦੀ ਕਿਨਾਰੇ" ਦੇ ਜੀਉਣੇ ਦਾ ਕੀ ਭਰੋਸਾ ਹੋ ਸਕਦਾ ਹੈ ? ਪਰ ਮੈਂ ਹੋਰ ਕਰਾਂ ਬੀ ਕੀ ? ਸਾਰੀ ਉਮਰ ਗੁਨਾਹ ਤੋਂ ਪਾਕ ਰਿਹਾ ਹਾਂ, ਦਿਨ ਰਾਤ ਤਪ ਕਰਦਾ ਰਿਹਾ ਹਾਂ, ਸਰੀਰ ਨੂੰ ਸਾਧਨ ਨਾਲ ਘਾਲਿਆ, ਕਿਸੇ ਸੁਆਦ ਰਸ ਦੇ ਅਧੀਨ ਹੋਕੇ ਸਰੀਰ ਦੇ ਆਖੇ ਨਹੀਂ ਲੱਗਾ। ਕਿਸੇ ਨਾਲ ਵਾਹ ਹੀ ਨਹੀਂ ਰਖਿਆ, ਮੰਦਾ ਤਾਂ ਕਿਸੇ ਦਾ ਕੀਹ ਕਰਨਾ ਸੀ, ਪਰ ਮੈਂ ਹਾਂ ਕਿ ਅਜੇ ਅਪਣੇ ਆਪ ਵਿਚ ਤਸੱਲੀ ਨਹੀਂ ਰੱਖਦਾ ਕਿ ਸੁਖੀ ਹਾਂ, ਖੁਸ਼ੀ ਹਾਂ, ਸ਼ਾਂਤ ਹਾਂ। ਅਜੇ ਮੋਲਾ ਦੇ ਦੀਦਾਰ ਨਹੀਂ ਹੋਏ। ਮੁਰਸ਼ਿਦ ਕਹਿ ਗਿਆ ਸੀ "ਕਿ ਰਸਤਾ ਏਹੋ ਹੈ ਕਰੀ ਜਾਹ।” ਮੈਂ ਕਰੀ ਗਿਆ ਹਾਂ ਪਰ ਮੈਨੂੰ ਪਤਾ ਨਹੀਂ ਕਿ ਜੋ ਕੁਛ ਮੈਂ ਕੀਤਾ ਹੈ ਦਰੁਸਤ ਹੈ? ਇਹੋ ਕਰਨਾ ਸੀ ਤੇ ਇਸ ਦਾ ਫਲ ਇਹੋ ਸੀ ਕਿ ਕਰੀ ਹੀ ਜਾਵਾਂ, ਜਾਂ ਕੁਛ ਹੋਰ ਕਰਨਾ ਸੀ? ਚੇਟਕ ਲਾਉਣ ਵਾਲਾ ਤਪ ਤਾਪਣ ਵਿਚ ਪਾਕੇ ਮੁੜ ਨਾਂ ਆਇਆ ਤੇ ਮੇਰੀ ਉਮਰਾ ਲੰਘ ਚੱਲੀ, ਕਿਸ ਨੂੰ ਪੁੱਛਾਂ ਕਿ ਭਾਈ ਮੈਂ ਪਾਤਸ਼ਾਹ ਦੇ ਮਹਿਲਾਂ ਨੂੰ ਠੀਕ ਛੜਕੇ (ਸੜਕੇ-ਰਸਤੇ) ਜਾ ਰਿਹਾ ਹਾਂ ਕਿ ਨਹੀਂ।
ਇੰਨੇ ਨੂੰ ਉਹ ਲੜਕੀ ਕੁਝ ਵਿੱਥ ਤੇ ਜਾ ਕੇ ਇਕ ਪੱਥਰ ਤੇ ਬਹਿ ਗਈ ਤੇ ਗਾਂਵੀਂ-
"ਜਿਤੁ ਦਰਿ ਵਸਹਿ ਕਵਨੁ ਕਰੁ ਕਹੀਐ ਦਰਾ ਭੀਤਰਿ ਦਰੁ
ਕਵਨ ਲਹੈ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ
ਆਇ ਕਹੈ॥੧॥ ਕਿਨਬਿਧਿ ਸਾਗਰੁ ਤਰੀਐ॥ ਜੀਵਤਿਆ
ਨਹ ਮਰੀਐ॥੧॥ਰਹਾਉ॥” (ਰਾਮ:ਮ:੧-੩)
ਸਾਂਈਂ ਲੋਕ ਜੀ ਇਹ ਮਿੱਠੀ ਰਸਭਿੰਨੀ ਸੱਦ ਸੁਣਕੇ ਫੇਰ ਉਠੇ, ਸਹਿਜੇ ਸਹਿਜੇ ਉਸ ਕੁੜੀ ਕੋਲ ਗਏ, ਅਗੋਂ ਉਹ ਸ਼ਰਮੀਲੀ, ਪਰ ਨਿਰਭੈ ਕੁੜੀ ਉਠੀ, ਝੁਕੀ, ਸਿਰ ਨਿਵਾਇਆ ਤੇ ਬੋਲੀ- "ਬਾਵਾ ਜੀ! ਕੱਪੜੇ ਧੋ ਲਿਆਵਾਂ ?"
ਸਾਂਈਂ ਲੋਕ- ਬੱਚਾ! ਜੀਉਂਦੀ ਰਹੇਂ, ਕਦੇ ਥੁੜ ਕੇ ਨਾ ਬਹੇਂ, ਸਾਂਈਂ ਭਾਗ ਲਾਵੀ, ਕੱਪੜੇ ਤਾਂ ਚੰਗੇ ਭਲੇ ਹਨ, ਇਹ ਦਸ ਜੋ ਟੱਪਾ ਕਿਸਦਾ ਗਾਂਵਿਆਂ ਹਈ?
ਮੁਟਿਆਰ- ਸਾਈਂ ਜੀ! ਇਹ ਟੱਪਾ ਨਹੀਂ, ਇਹ ਗੁਰਾਂ ਦਾ ਸ਼ਬਦ ਹੈ।
ਸਾਂਈਂ ਲੋਕ— ਬੱਚਾ ਕਿਹੜੇ ਗੁਰਾਂ ਦਾ?
ਮੁਟਿਆਰ— ਮੇਰੇ ਆਪਣੇ ਆਪਣੇ ਗੁਰਾਂ ਦਾ।
ਸਾਂਈਂ ਲੋਕ- ਤੇਰੇ ਆਪਣੇ ਗੁਰਾਂ ਦਾ? ਤੇਰੇ ਆਪਣੇ ਜਿਹੜੇ ਹਨ ਉਹ ਕਿਹੜੇ ਹਨ ?
ਮੁਟਿਆਰ- ਸਤਿਗੁਰ, ਅਰਸ਼ਾਂ ਤੋਂ ਆਏ ਸਤਿਗੁਰੂ ਨਾਨਕ ਦੇਵ ।
ਨਾਉਂ ਸੁਣਦਿਆਂ ਹੀ ਝਰਨਾਟ ਛਿੜੀ, ਸਰੀਰ ਸੁੰਨ ਜਿਹਾ ਹੋਯਾ, ਨੀਰ ਵਹਿ ਟੁਰਿਆ, ਕਿੰਨਾ ਚਿਰ ਚੁਪ ਰਹਿਕੇ ਫੇਰ ਬੋਲਿਆ- "ਬੱਚੜਾ! ਤੂੰ ਗੁਰੂ ਨਾਨਕ ਡਿੱਠਾ ਹੈ ?”
ਮੁਟਿਆਰ— ਹਾਂ ਸਾਂਈਂ ਜੀ, ਚਿਰ ਹੋਇਆ ਅਸੀਂ ਸਾਰਾ ਟੱਬਰ ਗੰਗਾ ਗਏ ਸਾਂ ਤਾਂ ਦਰਸ਼ਨ ਪਾਏ ਸੇ ਤੇ ਓਦੋਂ ਤੋਂ ਹੀ ਨਿੱਕੇ ਵੱਡੇ ਸਾਰੇ ਖੁਸ਼ੀ, ਸੁਖੀ ਰਹਿੰਦੇ ਹਾਂ।
ਸਾਂਈਂ ਲੋਕ— ਕਾਕੀ, ਕਰਦੇ ਕੀ ਹੋ?
ਮੁਟਿਆਰ— ਪਤਾ ਨਹੀਂ, ਗੁਰੂ ਗੁਰੂ ਕਰਦੇ ਹਾਂ, ਐਉਂ ਲੱਗਦਾ ਹੈ ਜੀਕੂੰ ਗੁਰੂ ਕੋਲ ਵੱਸਦਾ ਹੈ ਤੇ ਸੁਆਦ ਛਿੜਿਆ ਰਹਿੰਦਾ ਹੈ ?
ਸਾਂਈਂ ਲੋਕ (ਹਾਹੁਕਾ ਲੈਕੇ ਆਪਣੇ ਆਪ ਨਾਲ)- ਸੁਆਦ! ਸੁਆਦ ਖ਼ਬਰੇ ਕੀ ਹੁੰਦਾ ਹੈ? ਉਮਰਾ ਲੰਘੀ, ਸੰਸਾਰ ਬਦਲਿਆ, ਕਈ ਪੂਰ ਆਏ, ਗਏ, ਪਰ ਸੁਆਦ ਅਸਾਂ ਨਾ ਤੱਕਿਆ? ਕੁੜੀਏ! ਕੋਈ ਸੁਆਦ ਦਾ ਭੋਰਾ ਅਸਾਂ ਨੂੰ ਵੀ ਪਾ?
ਮੁਟਿਆਰ- ਤੁਸੀਂ ਤਾਂ ਆਪ ਸਾਂਈਂ ਲੋਕ ਹੋਏ, ਸਾਰਾ ਦਿਨ ਸਾਂਈਂ ਸਾਂਈਂ ਕਰਦੇ ਹੋ, ਸੁਆਦ ਤੁਸੀਂ ਅਸਾਂ ਨੂੰ ਦੇਵੋ ਕਿ?
ਸਾਂਈਂ ਲੋਕ (ਝਿਜਕੇ)-ਭਲਾ ਕਾਕੀ ਕੋਈ ਬਾਬੇ ਨਾਨਕ ਦੀ ਗੱਲ ਹੀ ਸੁਣਾ।
ਮੁਟਿਆਰ— ਤੁਸਾਂ ਨਹੀਂ ਡਿੱਠੇ !
ਸਾਂਈਂ ਲੋਕ- ਤੈਥੋਂ ਹੀ ਕਦੇ ਕਦੇ ਨਾਉਂ ਸੁਣਿਆ ਹੈ, ਡਿੱਠੇ ਹੁੰਦੇ ਤਾਂ ਪੁੱਛਦਾ ਕਿਉਂ ?
ਮੁਟਿਆਰ- (ਭੋਲੇਪਨ ਵਿਚ) ਭਲਾ ਜੀਉ! ਜੇ ਤੂੰ ਗੁਰ ਨਾਨਕ ਨਹੀਂ ਡਿੱਠਾ ਤਾਂ ਸਾਂਈਂ ਕਿਵੇਂ ਵੇਖ ਲਿਆ ਈ ? ਮੈਂ ਜਾਤਾ, ਜੋ ਦਿਨ ਰਾਤ ਸਾਂਈਂ ਸਾਂਈਂ ਕਰਦਾ ਹੈ ਇਸਨੂੰ ਗੁਰੂ ਨੇ ਤਾਰਿਆ ਹੈ, ਬਨਾਂ ਵਿਚ ਕੱਲਾ ਬੈਠਾ ਰਹਿੰਦਾ ਹੈ: ਇਸਨੂੰ ਗੁਰੂ ਨਾਨਕ ਦੇ ਪ੍ਰੇਮ ਨੇ ਸੁਆਦ ਵਿਚ ਡੋਬ ਛੱਡਿਆ ਹੈ। ਮੈਂ ਤਾਂ ਇਸੇ ਪਿਆਰ ਕਰਕੇ, ਜੁ ਸਾਂਈਂ ਜੀਵੇਂ! ਤੂੰ ਗੁਰੂ ਨਾਨਕ ਦਾ ਹੈਂ, ਤੈਨੂੰ ਚੰਗਾ ਚੰਗਾ ਜਾਣਦੀ ਹਾਂ।
ਸਾਂਈਂ ਲੋਕ— (ਹੱਸਕੇ ਤੇ ਹਾਹੁਕਾ ਲੈਕੇ) ਖ਼ਬਰੇ ਕਾਕੀ ਗੁਰੂ ਨਾਨਕ' ਦਾ ਹੀ ਹੋਵਾਂ, ਤੁਸੀਂ ਹੋ ਚੁਕੇ ਹੋਵੋ ਤੇ ਮੈਂ ਅਜੇ ਹੋਣਾ ਹੋਵੇ। ਕਾਕੀ! ਕੋਈ ਗੁਰੂ ਦੀ ਗੱਲ ਤਾਂ ਸੁਣਾ?
ਕਾਕੀ ਓਹ ਬੜੇ ਬੀਬੇ ਰਾਣੇ ਹਨ, ਲੋਕਾਂ ਨੂੰ ਆਪ ਪਿਆਰ ਕਰਦੇ ਹਨ, ਆਪੇ ਕੋਈ ਸੁਆਦ ਪਾ ਦੇਂਦੇ ਹਨ, ਜੋ ਅੰਦਰੋਂ ਮਨੋਂ ਹੀ ਪਿਆ ਪਿਆਰ ਨਿਕਲਦਾ ਹੈ, ਦਰਸ਼ਨ ਕੀਤਿਆਂ ਹੀ ਕੁਛ ਐਉਂ ਹੋ ਜਾਂਦਾ ਹੈ ਜਿਕੂੰ ਸੁੱਤੇ ਜਾਗ ਪਏ ਹਾਂ।
ਸਾਂਈਂ ਲੋਕ— ਬੜੇ ਪਿਆਰੇ ਲੱਗਦੇ ਹਨ ?
ਕਾਕੀ— ਡਾਢੇ!
ਸਾਂਈਂ ਲੋਕ— ਬੜੇ ਸੁਹਣੇ ਹਨ?
ਕਾਕੀ- ਚੜ੍ਹਦੇ ਸੂਰਜ ਦੀ ਟਿੱਕੀ ਨਾਲੋਂ ਸੁਹਣੇ ਹਨ, ਨਾਲੇ ਡਾਢੇ ਹੀ ਠੰਢੇ।
ਸਾਂਈਂ ਲੋਕ- ਭਲਾ ਮਰਨ ਪਿਛੋਂ ਕੀ ਹੁੰਦਾ ਹੈ?
ਕਾਕੀ ਖ਼ਬਰੇ ਕੀ ਹੁੰਦਾ ਹੈ!
ਸਾਂਈਂ ਲੋਕ- ਤੁਹਾਨੂੰ ਮੌਤ ਦਾ ਡਰ ਹੈ?
ਕਾਕੀ- ਜਦ ਦੇ ਗੁਰੂ ਜੀ ਡਿੱਠੇ ਹਨ ਫੇਰ ਤਾਂ ਡਰ ਨਹੀਂ ਆਇਆ ਕਦੇ।
ਸਾਂਈਂ ਲੋਕ- ਕਿਉਂ?
ਕੁੜੀ— ਪਤਾ ਨਹੀਂ।
ਸਾਂਈਂ ਲੋਕ- ਤੁਸੀਂ ਸਾਧਨ ਕੀ ਕਰਦੇ ਹੋ?
ਕੁੜੀ— ਸਾਧਨ ਕੀ ਹੁੰਦਾ ਹੈ?
ਸਾਂਈਂ ਲੋਕ- ਕੋਈ ਤਪ, ਹਠ, ਜੋਗ।
ਕੁੜੀ- ਮੈਨੂੰ ਸਮਝ ਨਹੀਂ ਸਾਂਈਂ ਜੀ! ਮੈਂ ਤਾਂ ਜਿਸ ਦਿਨ ਦਾ ਸਤਿਗੁਰ ਡਿੱਠਾ ਹੈ ਇਕ ਚਾਉ ਵਿਚ ਰਹਿੰਦੀ ਹਾਂ, ਉਹ ਚਾਉ ਸਤਿਗੁਰ ਦੀ ਦਾਤ ਹੈ, ਹੋਰ ਖ਼ਬਰੇ ਕੀ ਹੁੰਦਾ ਹੈ। ਸਤਿਗੁਰ ਮਿੱਠਾ ਲੱਗਦਾ ਹੈ, ਕੋਲ ਵੱਸਦਾ ਦੀਹਦਾ ਹੈ, ਕਦੇ ਅੱਗੇ ਅੱਗੇ ਟੁਰਦਾ ਹੈ, ਕਦੇ ਪਿੱਛੇ ਪਿੱਛੇ ਆਉਂਦਾ ਹੈ, ਕਦੇ ਗਾਉਂਦਾ ਹੈ, ਕਦੇ ਸੁਣਦਾ ਹੈ। ਦੋ ਤਿੰਨ ਸ਼ਬਦ ਗੁਰੂ ਜੀ ਦੇ ਮੈਨੂੰ ਆਉਂਦੇ ਹਨ, ਉਹ ਆਖਦਾ ਹੈ: 'ਸੁਣਾ' ਮੈਂ ਸੁਣਾ ਛੱਡਦੀ ਹਾਂ। ਮੈਂ ਉਦਾਸ ਹੋਣ ਲੱਗਦੀ ਹਾਂ ਤਾਂ ਗੁਰੂ ਸ਼ਬਦ ਸੁਣਾਉਂਦਾ ਹੈ। ਫ਼ਕੀਰਾ! ਉਹ ਗੁਰੂ ਕੋਈ ਮੇਰੇ ਵਾਂਗੂੰ ਮਾਸ ਦਾ ਤਾਂ ਨਹੀਂ, ਲੈ ਉਹ ਤਾਂ ਕੰਧਾਂ ਵਿਚੋਂ ਲੰਘ ਆਉਂਦਾ ਹੈ, ਬੱਦਲਾਂ ਤੇ ਜਾ ਬੈਠਦਾ ਹੈ, ਸੂਰਜ ਦੀ ਟਿੱਕੀ ਤੇ ਜਾ ਲੇਟਦਾ ਹੈ, ਬਿਜਲੀ ਦੇ ਲਿਸ਼ਕਾਰੇ ਵਿਚ ਉਡਾਰੀ ਮਾਰਦਾ ਹੈ, ਨੀਂਦਰ ਵਿਚ ਆ ਦਿੱਸਦਾ ਹੈ, ਅੱਖਾਂ ਮੀਟੋ ਤਾਂ ਮਨ ਵਿਚ ਵੜਿਆ ਹੁੰਦਾ ਹੈ। ਖ਼ਬਰੇ ਉਹ ਕੀ ਹੈ ? ਸਾਂਈਂ ਜੀ! ਉਹ ਖ਼ਬਰੇ ਉਹ ਹੋਵੇ ਜਿਸ ਨੂੰ ਲੋਕੀ 'ਓਹ' ਆਖਦੇ ਹਨ, ਪਤਾ ਨਹੀਂ, ਪਰ ਮੇਰੇ ਤੇਰੇ ਵਾਂਙੂ ਤਾਂ ਨਹੀਂ। ਹੁਣ ਦੇਖ ਖਾਂ, ਸਤਲੁਜ ਦੇ ਪਾਣੀਆਂ ਉੱਤੇ ਤੁਰਿਆ ਆਉਂਦਾ ਹੈ।
ਸਾਂਈਂ ਲੋਕ- ਹਲਾ! ਤਰਿਆ ਆਉਂਦਾ ਹੈ?
ਕੁੜੀ— ਨਾਂ ਅੜਿਆ, ਤਰਿਆ ਨਹੀਂ ਤੁਰਿਆ ਆਉਂਦਾ ਹੈ, ਹੁਣ ਵੇਖ ਖਾਂ ਹਵਾ ਵਿਚ ਉੱਚਾ ਉੱਚਾ ਆ ਰਿਹਾ ਹੈ। ਪਰ ਖ਼ਬਰੇ ਕੀ ਹੈ ? ਉਂਞ ਤਾਂ ਜਦ ਦਾ ਡਿੱਠਾ ਹੈ ਅੱਖਾਂ ਅੱਗੇ ਹੀ ਰਹਿੰਦਾ ਹੈ, ਪਰ ਅਜ ਕੁਝ ਹੋਰਵੇਂ ਰੰਗ ਦਾ ਹੈ। ਤੱਕੇਂ ਨਾ ਹੁਣ ਤਾਂ ਹਵਾ ਵਿਚੋਂ ਕੇਡੀ ਕਸ਼ਬੋ ਆ ਰਹੀ ਹੈ; ਬੱਦਲਾਂ ਵਿਚੋਂ ਕੋਈ ਚੰਨਣ ਦੀ ਫੁਹਾਰ ਪੈ ਰਹੀ ਹੈ, ਤੁਹਾਡੇ ਲੂੰ ਮਹਿਕ ਗਏ ਹਨ ਕਿ ਨਾਂ? ਮੇਰੇ ਤਾਂ ਅੰਦਰੋਂ ਆਪ ਮੁਹਾਰੀ ਕਸਬੇ ਉੱਠ ਰਹੀ ਹੈ। ਵੇਖ ਖਾਂ, ਸਤਿਗੁਰ ਨਾਨਕ
ਕੁੜੀ ਤਾਂ ਇਹ ਕਹਿਕੇ ਸੁਨਹਿਰੀ ਬੱਦਲ ਤੇ ਟਕ ਲਾਕੇ ਜੁੜ ਗਈ, ਅੱਖਾਂ ਝਮਕਣਾ ਭੁੱਲ ਗਈਆਂ, ਚਿਹਰਾ ਦਮਕ ਵਾਲਾ ਹੋ ਗਿਆ, ਅਰ ਉਹ ਸੁਣਨ ਵਿਚ ਲੱਗ ਪਈ। ਕੁੜੀ ਤਾਂ ਦਿੱਵਯ ਗੀਤ ਦੇ ਸੁਣਨ ਵਿਚ ਮਸਤ ਹੈ ਅਰ ਸਾਂਈਂ ਲੋਕ ਉਸ ਦੇ ਨੂਰ ਭਰੇ ਟਿਕੇ, ਜੁੜੇ, ਮਗਨ ਹੋਏ ਚਿਹਰੇ ਵੱਲ ਤੱਕ ਤੱਕ ਕੇ ਹੈਰਾਨ ਹੋ ਰਿਹਾ ਤੇ ਕਹਿ ਰਿਹਾ ਹੈ-
"ਹੇ ਸਾਂਈਂ! ਧਿਕਾਰ ਮੇਰੀ ਅਕਲ ਦੇ, ਅਰ ਸਾਬਾਸ਼ ਇਸਦੇ ਭੋਲੇਪਨ ਦੇ, ਇਹ ਕਿਸ ਸਿਦਕ ਵਿਚ ਹੈ ਅਰ ਕਿਹੜੇ ਗੂੜ੍ਹੇ ਰੰਗ ਵਿਚ ਹੈ? ਇਕ ਦਿਨ ਦਰਸ਼ਨ ਕਰਕੇ ਦਰਸ਼ਨ ਆਪ ਹੀ ਹੋ ਰਹੀ ਹੈ, ਫੇਰ ਨਾਂ ਕੋਈ ਮਾਣ ਹੈ, ਨਾਂ ਪਤਾ ਹੈ ਕਿ ਫ਼ਕੀਰ ਹਾਂ ਕਿ ਤਪੀ ਹਾਂ, ਕਿ ਰਸੀਆ ਹਾਂ। ਹਾਏ! ਸਾਂਈਆਂ ਮੇਰੀ ਉਮਰ ਦਾ ਵਲ੍ਹੇਟਿਆ ਗਿਆ ਵੇਲਣਾ ਫੇਰ ਖੋਲ੍ਹ ਦੇਹ, ਮੈਂ ਨਵੇਂ ਸਿਰੇ ਜੀਵਨ ਸ਼ੁਰੂ ਕਰਾਂ, ਮੈਂ ਇਸ ਬਾਲੀ ਵਾਂਗੂ ਭੋਲਾ ਰਹਾਂ, ਮੈਂ ਅਕਲ ਨੂੰ, ਫਿਕਰ ਨੂੰ, ਅੰਦੇਸ਼ਿਆਂ ਨੂੰ, ਆਸਾਂ ਨੂੰ ਦੂਰ ਰੱਖਾਂ, ਸਿਦਕ ਵਿਚ ਵੱਸਾਂ, ....ਓਹ ਹੋ ਕੀਹ ਕਹਾਂ-
“ ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ ॥
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥”
(ਸਲੋਕ ਫਰੀਦ)
ਮੈਂ ਅਕਲ ਨਾਲ ਕਿਉਂ ਵਿਵਾਹ ਕੀਤਾ, ਕੀਤਾ ਤਾਂ ਮਾਮਲੇ ਪਏ। ਹਾਏ! ਹੁਣ ਕੁਆਰੀ ਕੀਕੂੰ ਹੋਵਾਂ? ਕੀਕੂ ਅਕਲ ਨੂੰ ਤਲਾਕ ਦਿਆਂ। ਕਾਸ਼! ਅਕਲ ਕਦੇ ਨਾ ਆਉਂਦੀ ਕਾਸ਼! ਮੇਰੇ ਭੋਲੇਪਨ ਵਿਚ, ਮੇਰੀ ਬਾਲੀ ਉਮਰਾ ਵਿਚ, ਮੇਰਾ ਪ੍ਰੀਤਮ ਨਾਲ ਨੇਹੁੰ ਲੱਗਦਾ। ਮੇਰਾ ਅਕਲ ਨਾਲ ਵਿਆਹ ਨਾ ਹੁੰਦਾ, ਮੇਰਾ ਪ੍ਰੀਤਮ ਨਾਲ ਵਿਆਹ ਹੁੰਦਾ। ਹੁਣ ਕੀ ਕਰਾਂ? ਪੱਛੋਤਾਵਾ ਹੀ ਪੱਛੋਤਾਵਾ ਹੈ, ਕੌਣ ਜਾਚ ਸਿਖਾਵੇ ਕਿ ਮੈਂ ਅਕਲ ਨਾਲ ਤਲਾਕ ਲਵਾਂ ? ਕੀਕੂੰ ਲਵਾਂ?
ਫ਼ਕੀਰ ਇਉਂ ਅਪਣੀ ਬੀਤ ਗਈ ਤੇ ਮੁੜ ਨਾ ਆਉਣ ਵਾਲੀ ਤੇ ਰੋਂਦਾ ਰੋਂਦਾ ਅੱਖਾਂ ਮੀਟਕੇ ਸੌਂ ਗਿਆ!
ਕੁਛ ਚਿਰ ਪਿਛੋਂ ਅੱਖਾਂ ਖੁਲ੍ਹੀਆਂ ਤਾਂ ਉਹ ਮੁਟਿਆਰ ਹੈ ਨਹੀਂ, ਪਰ ਇਕ ਅਜੀਬ ਮੋਹਨੀ ਸੂਰਤ ਉਸੇ ਸ਼ਿਲਾ ਤੇ ਬੈਠੀ ਹੈ, ਨੈਣ ਬੰਦ ਹਨ, ਪਰ ਚਿਹਰਾ ਇਸ ਤਰ੍ਹਾਂ ਦਮਕਦਾ ਹੈ ਕਿ ਹਜ਼ਾਰ ਚਮਕਦੇ ਪਰ ਠੰਢੇ ਸੂਰਜ ਤਾਬ ਨਾ ਲਿਆਸਕਣ। ਸੁੰਦਰਤਾ ਹੈ ਕਿ ਸੁੰਦਰ ਹੈ, ਛਬੀ ਹੈ ਕਿ ਸੁਹੱਣਪ ਸਾਰੀ ਆਪੇ ਆ ਫਬੀ ਹੈ। ਇਸ ਦਰਸ਼ਨ ਦਾ ਕੋਈ ਐਸਾ ਕਟਕ ਦਾ ਝਲਕਾ ਵੱਜਾ ਕਿ ਫ਼ਕੀਰ ਦੇ ਅੰਦਰ ਇਕ ਧੂਹ ਪਈ। ਆਹ! ਤਪਾਂ ਵਰ੍ਹੇ ਲੰਘਾ ਚੁਕੇ ਸਾਂਈਂ ਲੋਕ ਨੂੰ ਅੱਜ ਪਹਿਲਾ ਦਿਨ ਆਇਆ ਕਿ ਕਲੇਜੇ ਨੂੰ ਖਿੱਚ ਵੱਜੀ, ਦਰਸ਼ਨ, ਜੋ ਸਾਹਮਣੇ ਸੀ, ਇਸ ਤਰ੍ਹਾਂ ਅਚੰਭੇ ਵਾਲਾ ਸੀ ਕਿ ਪਹਿਲੀ ਲਿਸ਼ਕੇ ਤਾਂ ਸਾਂਈਂ ਲੋਕ ਹੁਰੀਂ ਵਿਸਮਾਦ ਵਿਚ ਜਾ ਵੱਸੇ ਤੇ ਦੂਜੇ ਲਿਸ਼ਕਾਰੇ ਉਹ ਅਗੰਮ ਦੀ ਛਿੱਕੀ ਪਈ ਕਿ ਸਾਂਈਂ ਲੋਕ ਦੀ ਜਾਣੋਂ ਉਹ ਉਮੰਗਾਂ ਤੇ ਚਾਵਾਂ ਭਰੀ ਜੁਆਨੀ ਮੁੜ ਆਈ ਹੈ, ਜਿਸ ਵਿਚ ਕਲੇਜਾ ਉਮਾਹ ਨਾਲ ਹੀ ਉਛਲਦਾ ਰਹਿੰਦਾ ਹੈ। ਖਿੱਚ ਪਈ, ਦਰਸ਼ਨ ਅਤਿ ਪਿਆਰਾ ਲੱਗਾ, ਤਪਾਂ, ਹਠਾਂ ਨਾਲ ਪੱਕ ਚੁੱਕੇ ਕਲੇਜੇ ਦਾ ਥਰ ਟੁੱਟਾ, ਪਿਆਰ ਦੀ ਲਹਿਰ ਨੇ ਵਦਾਣ ਮਾਰਿਆ, ਰਸਤਾ ਖੁੱਲਿਆ, ਰਸ ਹੁਲਾਰੇ ਲੈਕੇ ਅੰਦਰ ਜਾ ਵੜਿਆ। ਬੁੱਢਣਸ਼ਾਹ ਦੀਆਂ ਅੱਖਾਂ ਵਿਚ ਹੁਣ ਮਗਨਤਾ ਹੈ, ਸਿਰ ਵਿਚ ਸਰੂਰ ਹੈ! ਕਦੇ ਅੱਖਾਂ ਖੁਹਲਦਾ ਤੇ ਦਰਸ਼ਨ ਕਰਦਾ ਹੈ, ਕਦੇ ਸੁਆਦ ਦੇ ਡਾਢੇ ਭਾਰ ਨਾਲ ਛੱਪਰ ਝੁਕ ਪੈਂਦੇ ਹਨ ਤੇ ਅੱਖਾਂ ਬੰਦ ਹੋ ਜਾਂਦੀਆਂ ਹਨ, ਫੇਰ ਜ਼ੋਰ ਲਾਕੇ ਖੋਹਲਦਾ ਹੈ, ਦਰਸ਼ਨ ਕਰਦਾ ਹੈ, ਨੈਣ ਮੁੰਦ ਜਾਂਦੇ ਹਨ।
ਵਾਹ ਬੁੱਢਣ ਸ਼ਾਹ! ਤੇਰੇ ਧੰਨ ਭਾਗ, ਜਿਨ ਏਹ ਦਰਸ਼ਨ ਪਾਏ! ਤੈਨੂੰ ਵਧਾਈ ਹੋਵੇ ਕਿ ਅੰਤ ਤੋਂ ਪਹਿਲੇ ਤੈਨੂੰ ਪਿਰਮ ਰਸਾਂ ਦਾ ਛਾਂਦਾ ਮਿਲ ਗਿਆ।
––––––––––––
ਕਿਤਨਾ ਚਿਰ ਇਸ ਤਰ੍ਹਾਂ ਲੰਘ ਗਿਆ, ਤਦ ਬੁੱਢਣ ਸ਼ਾਹ ਨੇ ਫੇਰ ਅੱਖਾਂ ਖੂਹਲੀਆਂ, ਚੁਫੇਰੇ ਤੱਕਿਆ ਤਾਂ ਪਾਸ ਵਾਰ ਇਕ ਹੋਰ ਮੂਰਤ ਬੈਠੀ ਹੈ ਰਬਾਬ ਹੱਥ ਵਿਚ ਹੈ ਤੇ ਬੁੱਢਣ ਸ਼ਾਹ ਵਲ ਤੱਕ ਰਿਹਾ ਹੈ; ਬੇਵਸੇ ਬੁੱਢਣਸ਼ਾਹ ਨੇ ਮੱਥਾ ਟੇਕਿਆ ਤੇ ਸੈਨਤ ਨਾਲ ਪੱਥਰ ਪਰ ਬਿਰਾਜ ਰਹੀ ਸੂਰਤ ਦਾ ਨਾਮ ਪੁੱਛਿਆ, ਤਾਂ ਸਾਥੀ ਨੇ ਕਿਹਾ-
"ਆਪ ਸ੍ਰੀ ਗੁਰੂ ਨਾਨਕ ਜੀ ਹਨ।”
'ਨਾਨਕ' ਨਾਮ ਸੀ ਕਿ ਇਕ ਹੋਰ ਜਾਦੂ ਸੀ ਜੋ ਪਿਆਰ ਨਾਲ ਭਰ ਚੁਕੇ ਕਲੇਜੇ ਵਿਚ 'ਅਣੀਆਲੇ ਅਣੀਆ ਰਾਮ ਰਾਜੇ' ਦਾ ਕੰਮ ਕਰ ਗਿਆ:
ਸੁਨਤਿ ਨਾਮ ਪਾਇਨਿ ਪਰ ਪਰਿਓ।
ਕਹ੍ਯੋ ਕਿ 'ਮੋਹਿ ਨਿਹਾਲ ਅਬ ਕਰਿਓ।...
ਅਬ ਮਮ ਹੋਇ ਗਯੋ ਕੱਲ੍ਯਾਨ
ਦਰਸ਼ਨ ਦੀਨਸਿ ਦਯਾਨਿਧਾਨ' (ਗੁ:ਪ੍ਰ:ਸੁ:)
ਚੋਜੀ ਸਤਿਗੁਰ ਨਾਨਕ ਨੇ ਹੁਣ ਨੈਣ ਖੋਹਲੇ, ਬੁੱਢਣ ਸ਼ਾਹ ਵਲ ਪ੍ਰੇਮ ਦੀ ਨਿਗਾਹ ਨਾਲ ਤੱਕਿਆ। ਜਿਨ੍ਹਾਂ ਬੰਦ ਨੈਣਾਂ ਨੇ ਬੁੱਢਣ ਸ਼ਾਹ ਨੂੰ ਮਾਨੋਂ ਬੰਨ੍ਹ ਲਿਆ ਸੀ, ਉਹਨਾਂ ਖੁੱਲ੍ਹਦੇ ਸਾਰ ਘਾਇਲ ਹੀ ਕਰ ਦਿਤਾ। ਨੈਣਾਂ ਦੇ ਚਾਰ ਹੁੰਦਿਆਂ ਪਿਆਰ ਦੀ ਐਸੀ ਝਰਨਾਟ ਸਾਰੇ ਸਰੀਰ ਵਿਚ ਛਿੜੀ ਕਿ ਬਿਹਬਲ ਹੋਕੇ ਚਰਨੀਂ ਢਹਿ ਪਿਆ ਅਰ ਲਗਾ ਵੈਰਾਗ ਕਰਨ। ਗੁਰੂ ਨਾਨਕ ਨੇ ਜਗਤ ਦੇ ਚਾਨਣ ਨਾਨਕ ਨੇ, ਹਾਂ ਪਿਆਰ ਦੇ ਪੁੰਜ ਸਤਿਗੁਰ ਨੇ, ਦਇਆ ਦੇ ਸਮੁੰਦਰ ਪ੍ਰੀਤਮ ਨੇ ਪਿਆਰ ਭਰਿਆ ਸਿਰ ਚਾਕੇ ਗੋਦ ਵਿਚ ਲੀਤਾ ਤੇ ਇੰਞ ਪਿਆਰ ਦਿਤਾ ਜਿਵੇਂ ਨਿੱਕੇ ਬਾਲ ਨੂੰ ਦੇਈਦਾ ਹੈ। ਹਾਂ ਜੀ ਬੁੱਢਾ ਹੋ ਰਿਹਾ ਬੁੱਢਣਸ਼ਾਹ ਸਤਿਗੁਰ ਦੇ ਗ੍ਰਿਹ ਅੱਜ ਹੀ ਜੰਮਿਆ ਹੈ, ਪ੍ਰੇਮ ਦੇ ਪੰਘੂੜੇ ਵਿਚ ਬਾਲ ਹੋਕੇ ਅੱਜ ਹੀ ਚੜ੍ਹਿਆ ਹੈ, ਪਹਿਲਾ ਝੂਟਾ ਪਿਰਮ ਰਸ ਦਾ, ਪਹਿਲਾ ਹੁਲਾਰਾ ਪ੍ਰੀਤ ਤੰਗ ਦਾ ਅੱਜ ਹੀ ਆਯਾ ਹੈ, ਅੱਜ ਹੀ ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” ਵਾਲਾ ਬੁੱਢਣ ਸ਼ਾਹ ਨਵੇਂ ਜਨਮ ਵਿਚ ਆਯਾ ਹੈ। ਮਰਨ ਥੀਂ ਅਗਦੀ ਮੋਇਆ ਸੀ, ਹਾਂ ਉਸ ਭੋਲੀ ਮੁਟਿਆਰ ਦੇ ਵਾਕਾਂ ਨਾਲ ਹੰਕਾਰ ਦੀ ਮੌਤ ਅਜੋ ਹੀ
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥੨॥
(ਸੂ:ਮਹਲਾ ੫)
ਬੁੱਢਣ ਸ਼ਾਹ ਤਪ, ਹਠ ਕਰਦਾ ਅਜੇ ਤੱਕ ਮੁਰਦਾ ਸੀ, ਹਾਂ, ਉਸ ਉਹ ਜੀਵਨ ਨਹੀਂ ਜੀਵਿਆ ਸੀ ਜੋ ਕਿਹਾ ਹੈ:-
"ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥”
(ਵਾ:ਮਾਝ ਮ:੧)
ਹਾਂ ਜੀ-
ਉਸ ਹਠੀਏ, ਤਪੀਏ, ਜਪੀਏ, ਸਤੀਏ ਪਰ "ਜੀਅ ਦੇ ਜੀਵਨ" ਵਲੋਂ ਅਜੇ ਨਾ ਜਾਗੇ ਬੁੱਢਣ ਸ਼ਾਹ ਨੂੰ ਅੱਜ ਪ੍ਰੇਮ ਰਾਜ ਦੇ ਮਹਾਰਾਜ ਸਤਿਗੁਰ ਨਾਨਕ ਨੇ ਜੀਅਦਾਨ ਦੇਕੇ ਜਿਵਾ ਲਿਆ।
“ ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥”
(ਮਾਰੂ ਮ: ੧, थेः ੯੯०)
ਬੁੱਢਣਸ਼ਾਹ ਨੂੰ ਅੱਜ ਪਤਾ ਲੱਗਾ ਕਿ ਮੈਂ ਜੋ ਕੁਛ ਕਰਦਾ ਸਾਂ ਉਹ ਕੀ ਸੀ; ਜੋ ਕਰਦਾ ਸਾਂ ਉਹ ਰਿਆਜ਼ਤ ਸੀ ਤੇ ਇਸ ਕਰਕੇ ਮਾੜਾ ਨਹੀਂ ਸੀ, ਪਰ ਉਮਰਾ ਦੀ ਘਾਲ ਨਾਲ ਚਿੱਤ ਪੱਥਰ ਦਾ ਪੱਥਰ, ਮਨ ਹੰਕਾਰੀ ਦਾ ਹੰਕਾਰੀ, ਦਿਲ ਨਿਰਾਸ ਦਾ ਨਿਰਾਸ ਹੋ ਰਿਹਾ ਸੀ। ਅੱਜ ਜੋ 'ਨਾਨਕ ਪ੍ਰੇਮ' ਦੇ ਤੰਗ ਨੇ ਅੰਦਰ ਫੇਰਾ ਪਾਇਆ, ਜੀ ਉਠਿਆ, ਹੁੱਬ ਦੀ ਲਹਿਰ ਆਈ, ਹਿਤ ਦਾ ਵੇਗ ਛੁੱਟਿਆ, ਪ੍ਰੀਤ ਦੀ ਝਰਨਾਟ ਛਿੜੀ, ਸਾਂਈਂ ਦਾ ਨਾਮ ਸੁਆਦਲਾ ਸਜੀਵਾ ਲੂੰ ਲੂੰ ਵਿਚ ਪਸਰ ਗਿਆ, ਜਿਵੇਂ ਪੰਚਮ ਗੁਰੂ ਜੀ ਨੇ ਕਿਹਾ ਹੈ:-
"ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ
ਰਸਿਕ ਬੈਰਾਗੀ॥ ਮਿਟਿਓ ਅੰਧੇਰੁ ਮਿਲਤ ਹਰਿ ਨਾਨਕ
ਜਨਮ ਜਨਮ ਕੀ ਸੋਈਜਾਗੀ॥੨॥੨॥੧੧੯॥”
(ਗਉ: ਮ: ੫, ਪੰ: ੨੦੪)
ਜਿਸ ਵੇਲੇ ਮੁਟਿਆਰ ਨੇ ਕਿਹਾ ਸੀ ਕਿ ਮੈਨੂੰ ਐਉਂ ਲਗਦਾ ਹੈ ਜਿਵੇਂ ਸੁੱਤੇ ਜਾਗੇ ਹਾਂ, ਬੁੱਢਣ ਸ਼ਾਹ ਨੂੰ ਸਮਝ ਨਹੀਂ ਆਈ ਸੀ। ਹੁਣ ਜਦ ਆ ਵਾਪਰੀ, ਆਪਣੇ ਮਨ ਉੱਤੇ ਜੀਵਨ ਰੌ ਫਿਰੀ, ਜਦ ਸੱਚੇ ਸਤਿਗੁਰ ਨੇ 'ਮਾਣਸ ਤੇ ਦੇਵਤੇ ਕੀਏ' ਦਾ ਨਵਾਂ ਜਨਮ ਦੇ ਦਿੱਤਾ, ਮਨੁੱਖਪਨੇ ਤੋਂ ਮਾਰਕੇ ਦੈਵੀ ਜੀਵਨ ਦਾਨ ਕੀਤਾ ਤਦ ਐਉਂ ਜਾਪੇ ਜਿਕੂੰ ਜਨਮ ਦਾ ਸੁੱਤਾ ਜਾਗ ਪਿਆ ਹਾਂ। ਨਿਰਾਸਾ ਟੁਰ ਗਈ, ਮੌਤ ਦਾ ਭੈ ਬਿਲਾ ਗਿਆ, ਅੱਖਾਂ ਚਮਕ ਉੱਠੀਆਂ। ਸਰੀਰ ਹਲਕਾ ਫੁੱਲ ਹੈ, ਮਨ ਠੰਢਾ ਨਿਹਾਲ ਤੇ ਉਚੇਰਾ ਹੈ, ਨਜ਼ਰ ਜਿੱਧਰ ਜਾਂਦੀ ਹੈ ਸੁੰਦਰਤਾ ਤੇ ਰਸ ਦੀ ਛਹਿਬਰ ਲੱਗੀ ਤੱਕਦੀ ਹੈ। ਵਾਹ ਭਾਗਾਂ ਵਾਲੇ ਬੁੱਢਣ ਸ਼ਾਹ! ਤੇਰੀ ਸਦਗਤੀ ਹੋਈ।
ਸਤਿਗੁਰ ਨਾਨਕ ਨੇ ਪਿਆਰ ਦੇਕੇ ਉਠਾਲ ਕੇ ਬਹਾ ਲਿਆ ਤੇ ਆਖਿਆ:- ਸਤਿਨਾਮ ਦਾ ਸਿਮਰਨ ਕਰ, ਪਰ ਦੇਖ! ਹੁਣ ਤੇਰੇ ਲੂੰ ਲੂੰ ਵਿਚ ਸਿਮਰਨ ਹੈ, ਜਿਸ ਵਿਚ ਜੀਵਨ ਰੋ ਹੈ ਤੇ ਪ੍ਰੇਮ ਦਾ ਹੁਲਾਰਾ ਹੈ, ਹੁਣ ਤੂੰ ਫਕੀਰ ਹੈਂ, ਮਗਨ ਹੋ!”
ਇਉਂ ਕਹਿੰਦੇ ਬੁੱਢਣਸ਼ਾਹ ਜੀ ਐਸੇ ਰੰਗ ਵਿਚ ਡੁੱਬੇ ਕਿ ਦੋ ਪਹਿਰ ਮਗਨ ਰਹੇ। ਫਿਰ ਸਤਿਗੁਰ ਨੇ ਜਗਾਇਆ, ਪਰ ਹੁਣ ਰੰਗ ਕੁਛ ਹੋਰ ਹੈ, ਸਤਿਗੁਰ ਜੀ ਜਾਣੇ ਨੂੰ ਤਿਆਰ ਹਨ ਤੇ ਪ੍ਰੇਮੀ ਦੇ ਮਨ ਨੂੰ ਵਿਛੋੜਾ ਸੱਲਦਾ ਹੈ, ਸਤਿਗੁਰੂ ਜੀ ਦੇ ਚਰਨਾਂ ਨੂੰ ਲਿਪਟ ਲਿਪਟ ਕੇ ਰੋਂਦਾ ਤੇ ਹਾਵੇ ਕੱਢਦਾ ਹੈ ਜਿਨ੍ਹਾਂ ਦਾ ਭਾਵ ਐਉਂ ਕੁਝ ਸਮਝ ਪੈਂਦਾ ਹੈ:-
ਸੁੱਤੇ ਨੂੰ ਆ ਜਗਾਕੇ, ਹਿਰਦੇ ਪ੍ਰੀਤ
ਪਾਕੇ, ਮੋਏ ਨੂੰ ਜੀ ਜਿਵਾਕੇ, ਢੱਠੇ ਨੂੰ ਗਲ ਲਗਾਕੇ,
ਅਪਣਾ ਬਣਾਕੇ ਸਾਂਈਂ! ਸਾਨੂੰ ਨ ਛੱਡ ਜਾਂਈਂ।
ਮਿਲਕੇ ਅਸਾਂ ਗੁਸਾਂਈ, ਬਿਰਹੋਂ ਨ ਹੁਣ ਦਿਖਾਈਂ। ਚਰਨੀਂ ਜੇ ਆਪ ਲਾਯਾ, ਰਸ ਪ੍ਰੇਮ ਦਾ ਚਖਾਯਾ। ਦਾਸ ਆਪਣਾ ਬਨਾਯਾ, ਵਿਛੁੜ ਨ ਹੁਣ ਗੁਸਾਈਂ।
ਬੁੱਢਣ ਸ਼ਾਹ ਦਾ ਇਹ ਪ੍ਰੇਮ ਦੇਖਕੇ ਜਗਤ ਤਾਰਕ ਜੀ ਨੇ ਗਲ ਲਾਯਾ, ਬਹੁਤ ਪਿਆਰ ਦੇਕੇ ਇਹ ਵਰਦਾਨ ਬਖਸ਼ਿਆ-
ਅਬ ਤੁਵ ਕਾਜ ਗਏ ਸਭਿ ਹੋਇ॥
ਬੈਠਹੁ ਮਨ ਸਤਿਨਾਮੁ ਪੁਰੋਇ॥
(ਸੁ:ਪ੍ਰ:)
ਪਰ ਬੁੱਢਣਸ਼ਾਹ ਦੇ ਰਿਦੇ ਇਤਨਾ ਪ੍ਰੇਮ ਉਮਗ ਰਿਹਾ ਸੀ ਕਿ ਬਿਰਹੋਂ ਨੂੰ ਕੌਣ ਝੱਲੇ ? ਤੇ ਉਧਰ ਧੰਨ ਸਤਿਗੁਰ ਨਾਨਕ, ਜਿਸ ਨੇ ਜਗਤ ਤਾਰਨਾ ਹੈ, ਜਿਨ੍ਹਾਂ ਅਣਗਿਣਤ ਇਸ ਤਰ੍ਹਾਂ ਦੇ ਦੀਪਕ ਪ੍ਰਕਾਸ਼ ਕਰਨੇ ਹਨ, ਤੁਰਨ ਦੀ ਤਾਂਘ ਵਿਚ ਹਨ। ਬੁੱਢਣਸ਼ਾਹ ਨੇ ਹੁਣ ਜਾਤਾ ਕਿ ਸ਼ੁਕਰ ਕਰਨਾ ਤੇ ਰਜ਼ਾ ਨੂੰ ਸਿਰ ਧਰਨਾ ਬੀ ਪ੍ਰੇਮ ਹੈ। ਮਨ ਵਿਚ ਜ਼ੋਰ ਲਾਇਆ ਕਿ ਰਜ਼ਾ ਮੰਨਾਂ, ਪਰ ਹੁਣ ਮਨ ਮਰਦਾ ਨਹੀਂ ਜੋ 'ਰਜ਼ਾ ਮੰਨੀ' ਕਹਿਕੇ ਪੱਥਰ ਦਸ਼ਾ ਨੂੰ ਰਜਾ ਸਮਝਕੇ ਟਲ ਜਾਏ। ਬਥੇਰਾ ਜ਼ੋਰ ਲਾਇਆ, ਪਰ ਇਹ ਬਿਨੈ ਮੂੰਹੋਂ ਨਿਕਲ ਹੀ ਗਈ:- ਹੇ ਦੀਨਾ ਬੰਧੂ! "ਫੇਰ ਦਰਸ਼ਨਾਂ ਦੀ ਦਾਤ?”
'ਫੇਰ ਦਰਸ਼ਨਾਂ ਦੀ ਦਾਤ` ਖ਼ਬਰ ਨਹੀਂ ਕਿੱਡੇ ਤ੍ਰਿਖੇ ਪ੍ਰੇਮ ਦੇ ਵਾਕ ਸਨ ਕਿ ਜਗਤ ਤ੍ਰਾਣ ਕਰਤਾ ਦੇ ਨੈਣ ਪ੍ਰੇਮ ਨਾਲ ਭਰ ਆਏ ਤੇ ਆਪ ਬੋਲੇ- "ਬੁੱਢਣ ਸ਼ਾਹ! ਟਿਕ ਕੇ ਇਸ ਥਲ ਸਿਮਰਨ ਕਰੋ, ਦਰਸ਼ਨ ਹੋਣਗੇ, ਪਰ ਆਪਣੇ ਛੇਵੇਂ ਜਾਮੇਂ ਆਵਾਂਗੇ। ਹੇ ਬੁੱਢਣ ਸ਼ਾਹ! ਨਾ ਸੋਚ ਕਿ ਤੂੰ ਬੁੱਢਾ ਹੈਂ ਤੇ ਐਤਨਾਂ ਚਿਰ ਤਕ ਕਦ ਜੀਵੇਂਗਾ, ਤੂੰ ਜੀਵੇਂਗਾ, ਤੂੰ ਥੀਵੇਂਗਾ ਤੇ ਅਸੀਂ ਛੇਵੇਂ ਜਾਮੇਂ ਆਵਾਂਗੇ। ਤੇਰੀ ਆਰਬਲਾ ਬੜੀ ਹੀ ਲੰਮੀ ਹੋਵੇਗੀ।”
ਗੁਰੂ ਜੀ ਦੇ ਨਾਲ ਦਾ ਸੇਵਕ ਬੋਲਿਆ:- "ਹੇ ਕਰੁਣਾਮਯ ਚੋਜੀ ਤੇ ਕੌਤਕਹਾਰ ਜੀ! ਤਦੋਂ ਤੇਰੇ ਮੇਲ, ਤੇਰੇ ਰੰਗ ਹੋਰ ਹੋਣਗੇ, ਤੇਰੇ ਉਸ ਰੂਪ ਵਿਚ ਬੁੱਢਣਸ਼ਾਹ ਤੈਨੂੰ ਪਛਾਣ ਲਏਗਾ?”
ਸਤਿਗੁਰ— ਹਾਂ ਸੱਜਣਾ! ਪਛਾਣ ਲਏਗਾ। ਪਹਿਲੋਂ ਸਾਡਾ ਇਕ ਪ੍ਯਾਰਾ- ਸਾਹਿਬਜ਼ਾਦਾ-ਆਕੇ ਸ਼ਹਿਰ ਵਸਾਏਗਾ, ਫੇਰ ਅਸੀਂ ਆਵਾਂਗੇ ਤੇ ਬੁੱਢਣ ਸ਼ਾਹ ਤੋਂ ਦੁੱਧ ਮੰਗਕੇ ਪੀਆਂਗੇ। ਅੱਜ ਦੁੱਧ ਪੀਂਦੇ ਪਰ ਅੱਜ ਅਸਾਂ ਹੇਠਾਂ ਡੋਘਰੇਂ ਵਿਚ ਪੰਜੂ ਦੇ ਘਰ ਰੋਟੀ ਖਾਣੀ ਹੈ। ਬੁੱਢਣ ਸ਼ਾਹ ਨਾਲ ਸਾਡਾ ਉਧਾਰ ਰਹੇਗਾ, ਫੇਰ ਆਵਾਂਗੇ ਤੇ ਮੰਗਕੇ ਦੁੱਧ ਪੀਆਂਗੇ।
ਇਉਂ ਕਹਿ, ਮਾਤਾ ਤੋਂ ਵਿਛੁੜਕੇ ਵਿਲਪਦੇ ਬਾਲ ਵਾਂਙੂ ਬੁੱਢਣ ਸ਼ਾਹ ਨੂੰ ਛੱਡਕੇ, ਸ੍ਰੀ ਗੁਰੂ ਨਾਨਕ ਦੇਵ ਜੀ ਉਪਕਾਰੀ ਬੱਦਲ ਦੀ ਤਰ੍ਹਾਂ ਹੋਰ ਥਾਂ ਬਰਸਨੇ ਲਈ ਟੁਰ ਗਏ। ਬੁੱਢਣ ਸ਼ਾਹ, ਨਵੇਂ ਜਨਮ ਵਿਚ ਆਯਾ ਬੁੱਢਣ ਸ਼ਾਹ, ਸਤਿਗੁਰੂ ਦੇ ਜਨਮਿਆਂ ਬੁੱਢਣ ਸ਼ਾਹ ਪ੍ਰੇਮ ਦੇ ਰੰਗ ਵਿਚ ਨਵਬਾਲਾ ਬੁੱਢਣ ਸ਼ਾਹ, ਜੀਉਂਦੇ ਸਿਮਰਨ ਵਿਚ ਨਵਯੋਬਨ ਬੁੱਢਣ ਸ਼ਾਹ, ਪ੍ਰੀਤਮ ਦੇ ਪਿਆਰ ਵਿਚ ਲੱਗਾ ਖਿੱਚਾਂ, ਤਾਂਘਾਂ, ਹੁਲਾਰਿਆਂ, ਆਸਾਂ, ਸੁਆਦਾਂ ਰਸਾਂ ਦੇ ਜੀਵਨ ਬਿਤੀਤ ਕਰਨ।
ਅਗਲੇ ਦਿਨ ਬੁੱਢਣ ਸ਼ਾਹ ਜੀ ਦੁਪਹਿਰ ਵੇਲੇ ਬੱਕਰੀਆਂ ਦਾ ਦੁਧ ਪੀਕੇ ਉਸੇ ਪੱਥਰ ਦੇ ਪਾਸ ਜਾਕੇ ਬੈਠੇ ਪਿਆਰੇ ਦੇ ਧ੍ਯਾਨ ਮਗਨ ਹੋ ਰਹੇ ਸੇ ਕਿ ਉਹ ਕਾਕੀ ਆਪਣੀਆਂ ਬਕਰੀਆਂ ਚਾਰਦੀ ਆ ਨਿਕਲੀ ਬੁੱਢਣ ਸ਼ਾਹ ਨੂੰ ਦੇਖਕੇ ਬੋਲੀ: "ਸਾਂਈਂ ਜੀ! ਤੁਸੀਂ ਸਾਡੇ ਗੁਰ ਨਾਨਕ ਦੇ”।
ਸਾਂਈਂ ਲੋਕ— ਹਾਂ ਬੱਚੀ! ਮੈਂ ਤੁਹਾਡੇ ਗੁਰੂ ਨਾਨਕ ਦੇ ਦਾਸਾਂ ਦਾ ਦਾਸ, ਮੈਂ ਆਪਣੇ-ਮੈਂ ਮੇਰੇ-ਸਤਿਗੁਰ ਨਾਨਕ ਦੇ ਕੂਕਰਾਂ ਦਾ ਕੂਕਰ।
ਕਾਕੀ ਪਹਿਲੇ ਹੱਸੀ ਫੇਰ ਰੋ ਪਈ। ਜਿਸ ਕਦੇ ਰੋਣ ਨਹੀਂ ਜਾਤਾ ਸੀ, ਉਸ ਦੀ ਅੱਖੀਂ ਨੀਰ ਭਰ ਆਯਾ, ਹਾਹੁਕਾ ਲੈ ਕੇ ਬੋਲੀ ਹਾਂ ਸਾਂਈਂ: ਜੀ! ਅਸੀਂ ਸਤਿਗੁਰੂ ਦੇ ਕੂਕਰਾਂ ਦੇ ਕੂਕਰ, ਪਰ ਸਾਂਈਂ ਜੀ! ਸਤਿਗੁਰੂ ਕੇਡਾ ਸੁਹਣਾ ਹੈ ?
––––––––––––––
* ਡੋਘਰਾ=ਦੇ ਘਰਾ, ਪਹਾੜਾਂ ਵਿਚ ਤੇ ਲਾਗੋਂ ਅਤਿ ਨਿੱਕੇ ਪਿੰਡ ਨੂੰ, ਜਿਥੇ ਦੇ ਚਾਰ ਘਰ ਹੋਣ, ਡੋਘਰਾ ਕਹਿੰਦੇ ਹਨ।
ਸਾਂਈਂ ਲੋਕ— ਕੁਝ ਨਾ ਪੁੱਛ, ਕਾਕੀ! ਦਰਸ਼ਨ ਦੇਕੇ ਮੈਨੂੰ ਤਾਂ ਮੋਏ ਨੂੰ ਜਿਵਾ ਗਿਆ ਹੈ, ਮੈਂ ਮੁਸਲਮਾਨ ਸਾਂ, ਪਰ ਹੁਣ ਮੇਰਾ ਕਾਬਾ, ਮੇਰਾ ਰਸੂਲ, ਮੇਰਾ ਦੀਨ ਈਮਾਨ ਸੱਭੋ ਕੁਝ ਨਾਨਕ ਹੋ ਗਿਆ ਹੈ, ਕਲ ਦੀ ਨਮਾਜ਼ ਨਾ ਦਰੂਦ ਨਾ ਸਜਦਾ, ਨਾ ਕੋਈ ਪਾਠ। ਮੇਰੀਆਂ ਅੱਖਾਂ ਅਗੇ ਜੀਉਂਦਾ ਸਤਿਗੁਰ ਮੇਰੇ ਲੂੰਆਂ ਵਿਚ ਧੰਨ ਗੁਰ ਨਾਨਕ' ਵੱਸ ਪਿਆ ਹੈ। ਜਿੱਧਰ ਨੈਣ ਜਾਂਦੇ ਹਨ ਸਤਿਗੁਰ ਤੇ ਸਤਿਗੁਰ ਦੀ ਛਬੀ ਦਿੱਸਦੀ ਹੈ। ਰਸਨਾ ਉਸ ਦੇ ਰਸਾਏ ਨਾਮ ਵਿਚ ਰਸਮਈ ਹੋ ਰਹੀ ਹੈ।
ਇਉਂ ਕਹਿੰਦੇ ਦੇ ਨੈਣ ਭਰ ਭਰ ਆਉਣ।
ਕਾਕੀ- ਧੰਨ ਸਤਿਗੁਰੂ ਨਾਨਕ, ਕਹੁ ਧੰਨ ਸਤਿਗੁਰ ਨਾਨਕ, ਸੁਣਾ ਨਾ, ਆਪਣੇ ਉੱਚੇ ਪਿਆਰ ਵਾਲੇ ਮਨ ਤੋਂ, ਸੁਣਾ ਨਾ, ‘ਧੰਨ ਗੁਰ ਨਾਨਕ! ਕਾਕੀ ਨੇ ਇੰਨੇ ਪ੍ਰੇਮ ਵਿਚ ਧੰਨ ਗੁਰ ਨਾਨਕ' ਦੀ ਲੋ ਲਗਾਈ ਕਿ ਸਾਰਾ ਬਨ ਖੁਸ਼ਬੋ ਨਾਲ ਭਰ ਗਿਆ ਅਰ ਇਸੇ ਪਿਆਰੀ ਧੁਨਿ ਵਿਚ ਲੌਢਾ ਪਹਿਰ ਹੋ ਗਿਆ।
ਇਸ ਵੇਲੇ ਇਕ ਗ੍ਰੀਬ ਪਹਾੜੀਆ, ਉਸ ਦਾ ਭਰਾ ਤੇ ਵਹੁਟੀ ਆ ਨਿਕਲੇ। ਬੁੱਢਣ ਸ਼ਾਹ ਨੂੰ ਇਨ੍ਹਾਂ ਗਰੀਬਾਂ, ਮੈਲੇ ਕਪੜੇ ਵਾਲਿਆਂ ਵਿਚੋਂ ਗੁਰ ਨਾਨਕ ਦੀ ਲਪਟ ਆਈ। ਏਹ ਰਾਹਕ ਸਨ ਪਰ ਪਹਿਲੀ ਉਮਰੇ ਹਿੰਦੀ ਅੱਖਰ ਤੇ ਕੁਛ ਥੋੜਾ ਪੜ੍ਹੇ ਹੋਏ ਸਨ। ਬੁੱਢਣ ਸ਼ਾਹ ਉਠਕੇ ਮੱਥਾ ਟੇਕਣ ਲੱਗਾ, ਉਧਰੋਂ ਉਨ੍ਹਾਂ ਮੱਥਾ ਟੇਕਿਆ, ਪਰਸਪਰ ਇਉਂ ਮਿਲੇ ਕਿ ਜਿਵੇਂ ਜਨਮਾਂ ਦੇ ਮੇਲੀ ਹੁੰਦੇ ਹਨ। ਗੱਲ ਬਾਤ ਦੇ ਮਗਰੋਂ ਪਤਾ ਲੱਗਾ ਕਿ ਏਹ ਇਸੇ ਕੁੜੀ ਦੇ ਮਾਤਾ ਪਿਤਾ ਤੇ ਚਾਚਾ ਜੀ ਹਨ। ਏਹ ਗੁਰੂ ਕੇ ਚਰਨ ਪਰਸਕੇ ਨਾਮ ਧਰੀਕ' ਹੋਏ ਹੋਏ ਸਨ ਤੇ ਸਿਮਰਨ ਦੇ ਰੰਗ ਵਿਚ ਨਿਮਗਨ ਸਨ। ਕੱਲ ਜਦ ਸ੍ਰੀ ਗੁਰੂ ਨਾਨਕ ਜਗਤ ਗੁਰ ਸੁਆਮੀ ਬੁੱਢਣ ਸ਼ਾਹ ਨੂੰ ਤਾਰਕੇ ਗਏ ਤਾਂ ਪ੍ਰਸ਼ਾਦ ਇਨ੍ਹਾਂ ਦੇ ਘਰ ਛਕਿਆ। ਏਹ ਬੁੱਢਣ ਸ਼ਾਹ ਦੇ ਟਿਕਾਣੇ ਤੋਂ ਕੁਛ ਦੂਰੀ ਪਰ ਹੇਠਲੇ ਰੁਖ਼ ਨੂੰ ਦਰਯਾ ਪਾਸੇ ਇਕ ਡੋਘਰੇ ਵਿਚ ਰਹਿੰਦੇ ਸਨ ਕੇਵਲ ਦੋ ਹੀ ਘਰ ਸਨ, ਤੇ ਦੋਵੇਂ ਭਰਾ ਵੱਸਦੇ ਸਨ। ਜਦ ਸਤਿਗੁਰ ਜੀ ਇਨ੍ਹਾਂ ਤੋਂ ਵਿਦਾ ਹੋਣ ਲੱਗੇ ਤਾਂ ਕਹਿ ਗਏ ਕਿ "ਉਪਰ ਜੋ ਬੁੱਢਣ ਸ਼ਾਹ ਫਕੀਰ ਰਹਿੰਦਾ ਹੈ, ਉਹ ਸਾਡਾ
ਬੁੱਢਣਸ਼ਾਹ ਨੇ ਸਤਿਗੁਰ ਦਾ ਇਹ ਪ੍ਰੇਮ ਸੁਣਕੇ ਬਹੁਤ ਵੈਰਾਗ ਤੇ ਫੇਰ ਸ਼ੁਕਰ ਕੀਤਾ, ਫੇਰ ਪੀੰਜੂ ਨੂੰ ਕਹਿਣ ਲੱਗਾ: "ਬਈ ਸਤਿਸੰਗੀ ਮਿੱਤ੍ਰ! ਕੀਹ ਏਕਾਂਤ ਮਾੜੀ ਸ਼ੈ ਹੈ?”
ਪੰਜੂ- ਸਾਂਈਂ ਜੀ! ਗ੍ਰਿਹਸਤੀਆਂ ਨੂੰ ਕੀ ਪਤਾ, ਪਰ ਐਉਂ ਲੱਗਦਾ ਹੈ ਜਿਵੇਂ ਨਿਰੀ ਏਕਾਂਤ ਤਾਂ ਕੋਈ ਡੰਨ ਹੈ।
ਬੁੱਢਣ ਸ਼ਾਹ- ਫੇਰ ਫਕੀਰ ਤਾਂ ਏਕਾਂਤ ਵੱਸਦੇ ਹਨ ?
ਪੀੰਜੂ- ਜੀ ਰੋਗੀ..., ਪਾਪਾਂ ਦੇ ਭੈ ਵਾਲੇ... ਤਪੀ...ਹਾਂ, ਹਠ ਧਾਰਦੇ ਹਨ, ਹਠ ਨਾਲ ਰਹਿੰਦੇ ਹੋਣਗੇ। ਏਕਾਂਤ ਵਿਚ ਜੇ ਮਨ ਰਸ ਤੇ ਸਿਮਰਨ ਵਿਚ ਰਹੇ ਤਾਂ ਏਕਾਂਤ ਬੀ ਚੰਗੀ, ਪਰ ਰਸੀਏ ਮਨ ਦਾ ਸੁਚੇ ਸਤਿਸੰਗ ਵਿਚ ਕਿਉਂ ਵਿਗਾੜ ਹੋਸੀ। ਜੋ ਰਸੀਏ ਹਨ, ਨਾਮ ਦੇ ਪ੍ਰੇਮੀ ਹਨ, ਉੱਚੇ ਉੱਚੇ ਸਤਿਸੰਗ ਵਿਚ ਵੱਸਦੇ ਹੋਸਣ ਨਾ।
ਬੁੱਢਣ ਸ਼ਾਹ- ਪਰ ਸੰਸਾਰ ਦਗੇਬਾਜ਼ ਹੈ, ਮਤਲਬੀ ਹੈ, ਧੀਆਂ ਪੁਤ ਸਾਕ ਸੈਣ ਸਾਰੇ ਆਪਣੇ ਸੁਆਰਥ ਨਾਲ ਇਸ ਨੂੰ ਫਸਾਉਂਦੇ ਹਨ ਅਰ ਆਪਣੇ ਪਿਆਰ ਵਿਚ ਲਪੇਟਕੇ ਉੱਠਣ ਨਹੀਂ ਦੇਂਦੇ। ਫੇਰ ਜਿਸ ਨਾਲ ਨੇਕੀ ਕਰੋ ਉਹ ਬਦੀ ਕਰਦਾ ਹੈ; ਜਿਸ ਦਾ ਕੁਝ ਸੁਆਰੋ ਉਹੋ ਵੈਰੀ ਹੋ ਢੁਕਦਾ ਹੈ। ਸੰਸਾਰ ਨਾਲ ਵਰਤਕੇ ਸੰਸਾਰ ਦਾ ਇਹੋ ਪਤਾ ਲੱਗਦਾ ਹੈ ਕਿ ਸਭ ਮਤਲਬੀ ਹਨ, ਮਿੱਤ੍ਰ ਕੋਈ ਨਹੀਂ। ਇਸ ਕਰਕੇ ਜਿਸ ਆਦਮੀ ਦੇ ਅੰਦਰ ਕੋਈ ਅੰਸ਼ ਵੈਰਾਗ
––––––––––––––
ਕਬਹੁ ਸਾਧਸੰਗਤਿ ਇਹੁ ਪਾਵੈ॥ ਉਸੁ ਅਸਥਾਨ ਤੇ ਬਹੁਰਿ ਨ ਆਵੈ॥ ਅੰਤਰਿ ਹੋਇ ਗਿਆਨ ਪਰਗਾਸੁ॥ ਉਸੁ ਅਸਥਾਨ ਕਾ ਨਹੀ ਬਿਨਾਸੁ॥ (ਸੁਖਮਨੀ)
ਦੀ ਹੁੰਦੀ ਹੈ, ਉਹ ਦੁਨੀਆਂ ਤੋਂ ਠੁਹਕਰਾਂ ਖਾ ਖਾ ਕੇ, ਲੋਕਾਂ ਦੇ ਛਲ ਵੇਖ ਵੇਖ ਕੇ ਤੇ ਸੁਆਰਥ ਤੱਕ ਤੱਕ ਕੇ ਅੰਤ ਲਾਂਭੇ ਹੋਣ ਨੂੰ ਕਰਦਾ ਹੈ ਅਰ ਇਕੱਲੇ ਵੱਸਣ ਨੂੰ ਪਸਿੰਦ ਕਰਦਾ ਹੈ, ਜਿੱਥੇ “ਨਾ ਕਾਹੂ ਸਿਉਂ ਦੋਸਤੀ ਨਾ ਕਾਹੂ ਸਿਉਂ ਬੈਰ' ਤੇ ਏਕਾਂਤ ਬੈਠਕੇ ਕੋਈ ਜਪ ਤਪ ਬੀ ਸਾਂਈਂ ਪ੍ਰਾਪਤੀ ਲਈ ਕਰ ਸਕਦਾ ਹੈ।
ਪੀੰਜੂ- ਇਹ ਸਾਂਈ ਜੀ! ਠੀਕ ਹੈ, ਸੰਸਾਰ ਵਿਚ ਤ੍ਯਾਗ ਇਸੇ ਤਰ੍ਹਾਂ ਹੁੰਦਾ ਹੈ, ਸੰਸਾਰ ਦੇ ਖੋਟ ਵੇਖ ਵੇਖ ਕੇ ਜੀ ਖੱਟਾ ਹੋ ਜਾਂਦਾ ਹੈ, ਵੈਰਾਗ ਵਧ ਜਾਂਦਾ ਹੈ ਤੇ ਆਦਮੀ ਏਕਾਂਤ ਢੂੰਡਦਾ ਹੈ। ਪਰ ਸਾਨੂੰ ਸਤਿਗੁਰ ਨਾਨਕ ਨੇ ਇਹ ਦੱਸਿਆ ਹੈ ਕਿ ਖੋਟਿਆਂ ਦੇ ਖੋਟ ਵੇਖਕੇ ਖੋਟਿਆਂ ਤੋਂ ਤਾਂ ਲਾਂਭੇ ਹੋ ਜਾਣਾ ਚਾਹੀਦਾ ਹੈ, ਪਰ ਸੰਸਾਰ ਦਾ ਤ੍ਯਾਗ ਕਰਨਾ ਠੀਕ ਨਹੀਂ। ਸਮੁੱਚੇ ਸੰਸਾਰ ਦਾ ਤ੍ਯਾਗ ਕੀਤਿਆਂ ਤਾਂ ਖਰਿਆਂ ਨਾਲੋਂ ਬੀ ਟੁੱਟ ਜਾਵਾਂਗੇ ਜੋ ਬੜੇ ਘਾਟੇ ਦੀ ਗੱਲ ਹੈ। ਚਾਹੀਦਾ ਇਹ ਹੈ ਕਿ ਖੋਟਿਆਂ ਦਾ ਤਿਆਗ ਕਰੋ ਤੇ ਖਰਿਆਂ ਦਾ ਤਿਆਗ ਨਾ ਕਰੋ ? ਖੋਟੇ ਤਿਆਗੋ ਤੇ ਖਰੇ ਰੱਖੋ, ਜਾਂ ਇਉਂ ਕਹੀਏ ਕਿ ਕੁਸੰਗ ਦਾ ਤ੍ਯਾਗ ਕਰਨਾ ਚਾਹੀਦਾ ਹੈ, ਤੇ ਸਤਿਸੰਗ ਦਾ ਗ੍ਰਹਿਣ ਕਰਨਾ ਚਾਹੀਦਾ ਹੈ, ਕੱਚੜਿਆਂ ਨਾਲ ਤੋੜਕੇ ਪੱਕਿਆਂ ਨਾਲ ਰੱਖਣੀ ਚਾਹੀਏ।
ਬੁੱਢਣਸ਼ਾਹ- ਧੰਨ ਸਤਿਗੁਰ ਨਾਨਕ, ਧੰਨ ਸਤਿਗੁਰ ਨਾਨਕ! ਮੈਨੂੰ ਸਾਰੀ ਉਮਰ ਭੁੱਲ ਪਈ ਰਹੀ ਕਿ ਸੰਸਾਰ ਖੋਟਾ ਹੈ ਤੇ ਤ੍ਯਾਗ ਹੀ ਰਸਤਾ ਹੈ, ਇਹ ਅੱਜ ਸਮਝ ਪਈ ਕਿ ਸਾਰਾ ਸੰਸਾਰ ਖੋਟਾ ਨਹੀਂ, ਭਾਵੇਂ ਵਿਰਲੇ ਹਨ, ਪਰ ਖਰੇ ਬੀ ਹਨ, ਸੋ ਉਨ੍ਹਾਂ ਪਿਆਰਿਆਂ ਨੂੰ ਲੱਭਣਾ ਤੇ ਉਨ੍ਹਾਂ ਦਾ ਸੰਗ ਕਰਨਾ ਚਾਹੀਏ। ਠੀਕ ਹੈ, ਹਠ ਵਾਲੀ ਏਕਾਂਤ ਵਿਚ ਰਹਿ ਮੇਰਾ ਮਨ ਬੀ ਕਰੜਾ ਜੇਹਾ ਹੋ ਗਿਆ ਸੀ, ਸੁਆਦ ਵਾਲੀ ਏਕਾਂਤ ਹੁਣ ਮਿਲੀ ਹੈ।
ਪੀੰਜੂ- ਜੇ ਦਿਲ ਏਕਾਂਤੀ ਹੋ ਜਾਏ- ਸਾਈਂ ਚਰਨਾਂ ਵਿਚ ਜੁੜੇ ਤਾਂ ਅਸਲ ਏਕਾਂਤ ਹੋ ਗਈ। ਸਾਈਂ ਨਾਲ ਰੱਤੇ ਸੱਜਣਾਂ ਨਾਲ ਮਿਲਦਾ ਰਹੇ ਤਾਂ ਏਕਾਂਤ ਬਣ ਰਹੀ। ਏਕਾਂਤੀਆਂ ਦੇ ਮੇਲ ਵਿਚ ਤਾਂ ਇਕਾਂਤ ਬਣੀ ਹੀ ਰਹੇਗੀ, ਕਿਉਂਕਿ ਸਭ ਨੇ ਮਿਲਕੇ ਪਿਆਰੇ ਦੇ ਹੀ ਜਸ ਕਰਨੇ ਹਨ।
ਬੁੱਢਣ ਸ਼ਾਹੂ— ਪਰ ਕੀਹ ਗੁਰੂ ਨਾਨਕ ਦੇ ਘਰ ਦੇ ਫਕੀਰ ਏਕਾਂਤ ਨਹੀਂ ਰਹਿੰਦੇ ?
ਪੰਜੂ- ਜੀ ਹਾਂ, ਇਕ ਹੋਰ ਉੱਚੀ ਏਕਾਂਤ ਹੈ, ਜਿਨ੍ਹਾਂ ਸਾਂਈਂ ਪਿਆਰਿਆਂ ਨੂੰ ਉੱਚਾ ਸਤਿਸੰਗ ਪ੍ਰਾਪਤ ਹੋ ਜਾਵੇ, ਅਰੂਪ ਸਤਿਸੰਗ ਤਕ ਜਿਨ੍ਹਾਂ ਦੀ ਪਹੁੰਚ ਹੋ ਜਾਵੇ, ਓਹ ਦਿੱਸਦੇ ਏਕਾਂਤ ਵਾਸੀ ਹਨ, ਪਰ ਹੁੰਦੇ ਸਤਿਸੰਗ ਵਿਚ ਹਨ। ਮੇਰੀ ਜਾਚੇ ਜੋ ਭਲੀ ਰੂਹ ਹੈ, ਸਾਂਈਂ ਦੇ ਪ੍ਰੇਮ ਤੇ ਸਿਮਰਨ ਵਾਲੀ ਹੈ, ਸ਼ੁਭ ਸਤਿਸੰਗ ਵਾਲੀ ਹੈ। ਸਾਂਈਂ ਦੇ ਪਿਆਰੇ ਹੰਸ ਹੁੰਦੇ ਹਨ, ਹੰਸ ਹੰਸਾਂ ਵਿਚ ਵਿਚਰਦੇ ਹਨ, ਚਾਹੋ ਰੂਪਧਾਰੀ ਹੋਣ, ਚਾਹੇ ਅਰੂਪ।
ਬੁੱਢਣਸ਼ਾਹ— ਸੱਚ ਹੈ, ਕਲ ਸਵੇਰੇ ਮੈਂ ਬੜਾ ਦੁਖੀ ਸਾਂ, ਆਪ ਦੀ ਕਾਕੀ-ਜਿਸ ਨੂੰ 'ਪਵਿੱਤ੍ਰਤਾ' ਤੇ 'ਸਾਂਈਂ ਪ੍ਰੇਮ' ਦੀ ਦੇਵੀ ਕਹਿਣਾ ਚਾਹੀਏ-ਆਈ, ਇਸ ਨੇ ਐਸੇ ਸਿਦਕ ਤੇ ਭਰੋਸੇ ਦੀਆਂ ਦੋ ਚਾਰ ਗੱਲਾਂ ਕੀਤੀਆਂ ਕਿ ਮੈਨੂੰ ਆਪਣੀ ਸਾਰੀ ਉਮਰ ਦੀਆਂ ਭੁੱਲਾਂ ਦੀ ਸਮਝ ਪੈ ਗਈ। ਸੱਚ ਹੈ, ਸਤਿਸੰਗ ਦਾ ਬੜਾ ਪ੍ਰਤਾਪ ਹੈ, ਧੰਨ ਸਤਿਗੁਰ ਨਾਨਕ ਹੈ ਜਿਸ ਨੇ ਮੇਰੇ ਜਿਹੇ ਇਕੱਲ ਦੇ ਵਾਸੀ ਲਈ ਸਤਿਸੰਗ ਦਾ ਦਰ ਖੋਹਲ ਦਿੱਤਾ, ਮੈਂ ਹੁਣ ਤੁਹਾਡੇ ਕਦੇ ਕਦੇ ਡੋਘਰੇ ਆਇਆ ਕਰਾਂਗਾ।
ਪੰਜੂ- ਸਾਂਈਂ ਜੀ! ਤੁਹਾਡਾ ਘਰ ਹੈ ਸਿਰ ਮੱਥੇ ਤੇ ਆਓ, ਧੰਨ ਭਾਗ ਹਨ, ਪਰ ਹੁਣ ਤੁਸੀਂ ਗੁਰ ਨਾਨਕ ਦੇ ਨਿਵਾਜੇ ਹੋ ਤੇ ਉਸ ਦੇ ਪਿਆਰੇ ਹੋਏ ਹੋ, ਇਸ ਕਰਕੇ ਅਸੀਂ ਆਇਆ ਕਰਾਂਗੇ, ਤੁਸਾਂ ਸਾਰੀ ਉਮਰਾ ਤਪ ਕੀਤਾ ਹੈ, ਅਸੀਂ ਗ੍ਰਿਹਸਤੀ ਹਾਂ, 'ਨਾਨਕ ਨਿਰੰਕਾਰੀ ਦੀ ਨਦਰ' ਨਿਹਾਲ ਹੋਏ ਹਾਂ, ਪਰ ਫੇਰ ਗ੍ਰਿਹਸਤੀ ਹਾਂ।
ਬੁੱਢਣ ਸ਼ਾਹ— ਇੰਞ ਨਾ ਆਖੋ, ਤੁਸੀਂ ਸਤਿਗੁਰੂ ਦੇ ਜੇਠੇ ਪੁਤ੍ਰ ਹੋ, ਮੈਂ ਅਜੇ ਨਿਆਣਾਂ ਹਾਂ। ਮੇਰੇ ਸਿਰ ਤੇ ਹੱਥ ਰਖਣਾ, ਮੈਂ ਤੁਹਾਡੇ ਆਸਰੇ ਤੁਰਨਾ ਹੈ। ਅਜੇ ਮੇਰਾ ਵੇਲਾ ਬਹੁਤ ਹੈ। ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ ਪਰ ਸਤਿਗੁਰ ਨੇ ਮੇਰੀ ਉਮਰਾ ਦੀ ਤਾਰ ਲੰਮੀ ਕੀਤੀ ਹੈ। ਉਸ ਦੇ ਮਨ ਮਿਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ, ਇਹ ਨਾਮ ਦਾ ਰਸ ਤੇ ਸਤਿਸੰਗ ਦਾ ਹੁਲਾਸ ਕੁਛ
ਸਮਾਂ ਮਾਣਕੇ ਪ੍ਰੇਮ ਦਾ ਸਬਕ ਪਕਾਕੇ ਏਥੋਂ ਟੁਰਾਂ। ਸੋ ਤੁਸਾਂ ਬੀ ਮੇਰੀ ਸਾਰ ਰੱਖਣੀ।
ਇਸ ਤਰ੍ਹਾਂ ਨਿੰਮ੍ਰਤਾ ਤੇ ਪ੍ਰੇਮ ਦੀ ਆਪੋ ਵਿਚ ਗੱਲ ਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਇਆ। ਹੁਣ ਅਕਸਰ ਵੇਰ ਇਕੱਠੇ ਹੁੰਦੇ, ਕਦੇ ਸ਼ਿਖਰੇ ਬੁੱਢਣ ਸ਼ਾਹ ਦੇ ਟਿਕਾਣੇ ਅਰ ਕਦੇ ਪੰਜੂ ਦੇ ਡੋਘਰੇ ਵਿਚ ਤੇ ਕਦੇ ਸਤਲੁਜ ਦੇ ਕਿਨਾਰੇ। ਜੰਗਲ ਵਿਚ ਮੰਗਲ ਹੋ ਗਿਆ। ਗੁਰੂ ਨਾਨਕ ਦਾ ਸਤਿਸੰਗ ਉਜਾੜਾਂ ਵਿਚ ਜਾਗ ਉਠਿਆ, ਗ੍ਰਿਹਸਤੀ ਤੇ ਉਮਰਾ ਦੇ ਸੰਨ੍ਯਾਸੀ ਫਕੀਰ ਇਕ ਥਾਵੇਂ ਮਿਲ ਬੈਠੇ। ਮੁਸਲਮਾਨ ਦੇ ਘਰ ਦਾ ਜਨਮਿਆਂ ਬੁੱਢਣ ਸ਼ਾਹ ਤੇ ਬ੍ਰਾਹਮਣ ਕੁਲ ਵਿਚ ਪਲਿਆ ਤੇ ਪੜ੍ਹਿਆ ਪੰਜੂ ਸੱਕੇ ਭਰਾਵਾਂ ਤੋਂ ਵਧੀਕ ਪਿਆਰ ਵਿਚ ਪ੍ਰੋਤੇ ਗਏ। ਗੁਰ ਨਾਨਕ ਗੋਦ ਵਿਚ ਸਾਰੇ ਗੁਰੂ ਗ੍ਰਿਹ-ਬਾਲਕੇ ਖੇਡਣ ਲੱਗੇ। ਧੰਨ ਸਤਿਗੁਰ ਨਾਨਕ ਜਿਨ ਸਭ 'ਮਾਨਸ' ਤੇ 'ਦੇਵਤੇ' ਕਰ ਦਿਖਾਏ, ਧੰਨ ਸਤਿਗੁਰ ਨਾਨਕ, ਧੰਨ ਸਤਿਗੁਰ ਨਾਨਕ ਦਾ ਸਤਿਸੰਗ।
(ਗੁ:ਨਾ: ਚਮਤਕਾਰ, ਅਧਿ:੪੬)
ਭਾਈ ਬੁੱਢਣ ਸ਼ਾਹ'
ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਮਿਲਾਪ
ਅਜੇ ਵੇਲਾ ਬਹੁਤ ਹੈ, ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ, ਪਰ ਸਤਿਗੁਰ ਨੇ ਮੇਰੀ ਉਮਰਾ ਦੀ ਤਾਰ ਲੰਮੀ ਕਰ ਦਿਤੀ ਹੈ, ਉਸਦੇ ਮਨ ਮੇਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ, ਏਹ ਨਾਮ ਦਾ ਰਸ ਤੇ ਸਤਿਸੰਗ ਦਾ ਹੁਲਾਸ ਕੁਛ ਸਮਾਂ ਮਾਣ ਕੇ ਪ੍ਰੇਮ ਦਾ ਸਬਕ ਪਕਾ ਕੇ ਏਥੋਂ ਟੁਰਾਂ, ਇਸ ਲਈ ਮੇਰੀ ਸਾਰ ਰਖਣੀ।
ਇਸ ਤਰ੍ਹਾਂ ਤੇ ਨਿੰਮ੍ਰਤਾ ਦੇ ਪ੍ਰੇਮ ਦੀ ਆਪੋ ਵਿਚ ਗਲ-ਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਈਆਂ, ਹੁਣ ਅਕਸਰ ਵੇਰ ਇਕੱਠੇ ਹੁੰਦੇ, ਕਦੇ ਸਿਖਰ ਟਿੱਲੇ ਉੱਤੇ ਬੁੱਢਣ ਸ਼ਾਹ ਦੇ ਟਿਕਾਣੇ ਅਰ ਕਦੇ ਪੰਜੂ ਦੇ ਡੋਘਰੇ* ਵਿਚ, ਕਦੇ ਸਤਲੁਜ ਦੇ ਕਿਨਾਰੇ, ਜੰਗਲ ਵਿਚ ਮੰਗਲ ਹੋ ਗਿਆ। ਗੁਰੂ ਨਾਨਕ ਦਾ ਸਤਿਸੰਗ ਉਜਾੜਾਂ ਵਿਚ ਜਗ ਉਠਿਆ, ਗ੍ਰਹਿਸਤੀ ਤੇ ਉਮਰਾਂ ਦੇ ਸੰਨ੍ਯਾਸੀ ਫ਼ਕੀਰ ਇਕ ਥਾਵੇਂ ਮਿਲ ਬੈਠੇ, ਮੁਸਲਮਾਨ ਦੇ ਘਰ ਦਾ ਜਨਮਿਆ ਬੁੱਢਣ ਸ਼ਾਹ ਤੇ ਬ੍ਰਾਹਮਣ ਕੁਲ ਦਾ ਜੰਮਿਆ ਤੇ ਪੜ੍ਹਿਆ ਪੰਜੂ ਸਕੇ ਭਰਾਵਾਂ ਤੋਂ ਵਧੀਕ ਪਿਆਰ ਵਿਚ ਪ੍ਰੋਤੇ ਗਏ। ਗੁਰੂ ਨਾਨਕ ਗੋਦ ਵਿਚ ਸਾਰੇ ਗੁਰੂ ਗ੍ਰਹਿ ਜਨਮੇ
–––––––––––––
* ਇਹ ਪ੍ਰਸੰਗ ਸੰਮਤ ਗੁਰੂ ਨਾਨਕ ਸ਼ਾਹੀ ੪੪੬ (੧੯੧੪ ਈਸਵੀ) ਦੇ ਗੁਰਪੁਰਬ ਪੁੰਨਮ ਪਰ ਪ੍ਰਕਾਸ਼ਿਆ ਹੈ। ਹੁਣ ਇਹ ਅਸ਼ਟ ਗੁਰ ਚਮਤਕਾਰ ਭਾਗ-੩ ਦਾ ਹਿੱਸਾ ਹੈ।
੧. ਪਹਾੜੀ ਦੇ ਹੇਠਾਂ ਕੇਵਲ ਦੋ ਘਰਾਂ ਦਾ ਪਿੰਡ ਹੋਣ ਕਾਰਨ, ਇਸਦਾ ਨਾਉਂ ਦੁਘਰਾ, ਡੋਘਰਾ ਪੈ ਗਿਆ।
ਬਾਲਕੇ ਖੇਡਣ ਲੱਗੇ, ਧੰਨ ਸਤਿਗੁਰ ਨਾਨਕ, ਜਿਨ ਸਭ ਮਾਨਸ ਦੇਵਤੇ ਕਰ ਦਿਖਾਏ, ਧੰਨ ਸਤਿਗੁਰ ਨਾਨਕ, ਧੰਨ ਸਤਿਗੁਰ ਨਾਨਕ ਦਾ ਸਤਿਸੰਗ!
ਬੁੱਢਣ ਸ਼ਾਹ ਉਸੇ ਟਿਕਾਣੇ* ਆਪਣੇ ਰੰਗ ਲੱਗਾ ਰਿਹਾ, ਸਮਾਂ ਬੀਤਦਾ ਗਿਆ, ਗੁਰੂ ਬਾਬੇ ਨਾਨਕ ਜੀ ਦੇ ਵਰਦਾਨ, ਉਸਦੇ ਪਵਿਤ੍ਰ ਜੀਵਨ, ਉੱਚੇ ਟਿਕਾਣੇ ਨਿਵਾਸ, ਸੁਥਰੀ ਹਵਾ, ਸੁਥਰਾ ਵਾਸ, ਸੁਥਰਾ ਭੋਜਨ ਦੁੱਧ ਦਾ, ਸੁਥਰਾ ਜੀਵਨ ਤੇ ਸੁਥਰੀ ਆਤਮਾ, ਪ੍ਰੇਮ ਰੰਗ ਰੰਗੀ ਨਾਮ ਰੂਪੀ ਪੀਂਘ ਝੂਟਦੀ ਰਹੀ। ਉਮਰ ਦਾ ਧਾਗਾ ਕਿਸੇ ਵੇਲੇ ਟੁੱਟ ਸਕਦਾ ਹੈ, ਪਰ ਜੇ ਧਾਗਾ ਦੇਣ ਵਾਲਾ ਲੰਮਾ ਚਾ ਕਰੇ ਤਾਂ ਕੇਹੜੀ ਗੱਲ ਹੈ? ਸੋ ਲੰਮਾ ਹੁੰਦਾ ਗਿਆ, ਦਿਨ ਰੈਨ ਉਸਦਾ ਸਿਮਰਨ ਵਿਚ ਬੀਤਦਾ ਰਿਹਾ। ਹੁਣ ਰਸ ਪੈਂਦਾ ਹੈ, ਇਸ ਕਰਕੇ ਕਦੇ ਘਬਰਾ ਉਦਾਸੀ ਨਹੀਂ ਆਈ, ਧ੍ਯਾਨ ਟਿਕ ਗਿਆ ਹੈ, ਨਾਮ ਪੱਕ ਗਿਆ ਹੈ, ਰਸੀਆ ਹੋ ਗਿਆ ਹੈ। ਸਤਿਸੰਗੀ ਪੰਜੂ ਜੀ ਸੱਚਖੰਡ ਜਾ ਵੱਸੇ ਹਨ, ਓਹ ਮੁਟਿਆਰ" ਬੱਕਰੀਆਂ ਚਾਰਨ ਵਾਲੀ ਨਾਮ ਰੰਗ ਦੀ ਦੇਵੀ ਵੀ ੬੦ ਵਰ੍ਹੇ ਦੀ ਉਮਰਾ ਭੋਗ ਕੇ ਲਿਵ ਲੱਗੀ ਵਿਚ ਸਰੀਰਕ ਚੋਲਾ ਛੱਡ ਗਈ ਹੈ, ਫ਼ਕੀਰ ਦੇ ਬਾਲ ਸਖਾਈ ਛੱਡ ਕੇ ਵੱਡੀ ਉਮਰ ਦੇ ਸਤਿਸੰਗੀ ਵੀ ਚਲ ਬਸੇ। ਡੋਘਰੀ ਵਸਦੀ ਹੈ, ਪੀਜੂ ਦਾ ਇਕ ਪੁੱਤ ਤੇ ਭਤੀਜਾ ਉਸੇ ਨਾਮ ਰੰਗ ਰਸੀਏ ਬੁੱਢਣ ਸ਼ਾਹ ਦੇ ਸਤਿਸੰਗੀ ਹਨ। ਗੁਰੂ ਬਾਬੇ ਨੇ ਵੀ ਕਈ ਰੂਪ ਵਟਾਏ ਹਨ, ਨਾਨਕ ਅੰਗਦ ਤੇ ਅੰਗਦੋਂ ਅਮਰਦਾਸ ਕਹਾ ਚੁਕਾ ਹੈ
"ਹਰਿ ਜੀਉ ਨਾਮੁ ਪਰਿਓ ਰਾਮਦਸੁ॥”
(ਸੋਰਠਿ ਮਹਲਾ ੫, ਪੰਨਾ ੬੧੨)
–––––––––––––
੧. ਕੀਰਤਪੁਰ ਲਾਗੇ ਪਹਾੜੀ ਉਪਰ, ਉਸ ਰਮਣੀਕ ਟਿਕਾਣੇ, ਜਿੱਥੇ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ।
੨. ਬੁੱਢਣ ਸ਼ਾਹ ਦੀ ਪਹਾੜੀ ਦੇ ਹੇਠਾਂ ਡੋਘਰੀ ਦਾ ਵਸਨੀਕ ਪੀੰਜੂ, ਇਕ ਅਯਾਲੀ, ਜਿਸ ਦੇ ਸਾਰੇ ਪਰਵਾਰ ਨੂੰ ਸਤਿਗੁਰ ਨਾਨਕ ਦੇਵ ਜੀ ਨੇ ਤਾਰਿਆ।
੩. ਪੀੰਜੂ ਦੀ ਲੜਕੀ।
ਦੀ ਕਲਾ ਵਰਤ ਚੁਕੀ ਹੈ, ਪੰਜਵੇਂ ਜਾਮੇ ਖੇਲ ਚੁਕਾ ਹੈ, ਬਾਣੀ, ਅੱਖਰ, ਸਾਹਿੱਤ, ਸੰਗੀਤ, ਬਾਉਲੀਆਂ, ਮੰਦਰ, ਸ਼ਹਿਰ, ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਚੁਕਾ ਹੈ, ਅਣ-ਗਿਣਤ ਸ੍ਰਿਸ਼ਟੀ ਤਾਰ ਚੁਕਾ ਹੈ, ਘਰ-ਘਰ ਧਰਮਸਾਲ ਸਜ ਰਹੀ ਹੈ, ਕਾਬਲ, ਕੰਧਾਰ, ਖੁਰਾਸਾਨ, ਬੁਖ਼ਾਰਾ, ਬਗਦਾਦ, ਬਲੋਚਿਸਤਾਨ, ਲਸਵੇਲਾ, ਸਿੰਧ, ਪੂਰਬ, ਆਗਰਾ, ਪਟਨਾ, ਦੱਖਨ, ਪਹਾੜ, ਚਾਰ ਚੁਫੇਰੇ ਸਿੱਖੀ ਦੀ ਸੁਗੰਧ ਫੈਲ ਗਈ ਹੈ, ਲੱਖਾਂ ਸੰਸਾਰ ਸਾਗਰ ਨੂੰ ਤਰ ਰਹੇ ਹਨ, ਪੀੰਜੂ ਜਦ ਤਕ ਰਿਹਾ, ਤੇ ਫੇਰ ਉਸਦਾ ਪਰਵਾਰ, ਹਰ ਜਾਮੇ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਤੇ ਬੁੱਢਣ ਸ਼ਾਹ ਨੂੰ ਸਾਰੇ ਪ੍ਰਸੰਗ ਗੁਰੂ ਪ੍ਰਤਾਪ ਦੇ ਸੁਣਾਂਦੇ ਰਹੇ। ਉਸ ਨਿਰਜਨ ਉੱਚੀ ਵਖਰੀ ਇਕੱਲੀ ਕੁਟੀਆ ਵਿਚ ਇਹ ਸੱਚੇ ਰਿਖੀਆਂ ਦਾ ਸਤਿਸੰਗ ਆਪਣੇ ਅਨੰਦ ਲੈਂਦਾ ਰਿਹਾ। ਪਾਣੀ ਖੁਲ੍ਹੇ ਸਨ, ਤੇ ਬੱਕਰੀਆਂ ਦੇ ਅੱਜੜ ਦੁੱਧ ਪਿਲਾਂਦੇ ਸਨ, ਮੱਕੀ ਹੋ ਜਾਂਦੀ ਸੀ ਤੇ ਲੋੜਾਂ ਬਹੁਤੀਆਂ ਸਨ ਨਹੀਂ, ਸੁੱਖ ਨਾਲ ਤੇ ਰੰਗ ਨਾਲ ਸਮਾਂ ਟੁਰਦਾ ਗਿਆ ਤੇ ਸਤਿਸੰਗ ਦਾ ਰੌ ਬੱਝਾ ਰਿਹਾ।
ਹੁਣ ਛੇਵਾਂ ਜਾਮਾਂ ਧਾਰਕੇ ਗੁਰ ਨਾਨਕ ਨੇ ਹੋਰ ਰੂਪ ਵਟਾਇਆ, ਮੀਰੀ ਪੀਰੀ ਕੱਠੀ ਕੀਤੀ, ਜੋ ਵਾੜੀ ਲਾਈ ਸੀ, ਉਸਦੀ ਰਾਖੀ ਲਈ ਬੀਰ ਰਸ ਧਾਰਿਆ, ਦੁੱਖੀਆਂ ਦੀ ਰੱਖ੍ਯਾ ਦਾ ਝੰਡਾ ਖੜ੍ਹਾ ਕੀਤਾ, ਆਸਾ ਵਿਚ ਨਿਰਾਸ ਰਹਿਣਾ ਦਸਿਆ ਸੀ, ਹੁਣ ਰਾਜ ਵਿਚ ਜੋਗੀ ਰਹਿਣਾ ਸਿਖਾਇਆ, "ਸ਼ਾਂਤ" ਨਾਲ 'ਉਤਸ਼ਾਹ' ਭਰੇ ਕਈ ਕੌਤਕ ਕੀਤੇ, ਕਈ ਰੰਗ ਖੇਲੇ, ਸਤਿਨਾਮੁ ਦਾ ਅਜ਼ਲੀ ਝੰਡਾ ਝੁਲਦਾ ਝੁਲਦਾ ਖੜਗ ਦਾ ਝੰਡਾ ਵੀ ਝੁਲ ਪਿਆ, ਦੀਨ ਰਖ੍ਯਾ ਵੀ ਹੋ ਗਈ।
ਹਾਂ ਛੇਵੇਂ ਜਾਮੇਂ ਬਾਬੇ ਨਾਨਕ, ਸਤਿਗੁਰ ਨਾਨਕ, ਗੁਰਾਂ ਗੁਰ ਨਾਨਕ ਨੇ ਇਕ ਦਿਨ ਆਪਣੇ ਪੁੱਤਰ ਗੁਰਦਿੱਤੇ ਨੂੰ ਸੱਦ ਕੇ ਕਿਹਾ ਬੇਟਾ ਤੁਸੀਂ ਹੁਣ ਪਹਾੜਾਂ ਵਲ ਨੂੰ ਜਾਓ। ਸ੍ਰੀਚੰਦ ਜੀ ਤੋਂ ਵਰ ਦਾਨ ਲੈ ਆਏ ਹੋ, ਜਾਓ ਪਰਬਤ ਕੁੱਖ ਵਿਚ ਇਕ ਸ਼ਹਿਰ ਵਸਾਓ, ਅਰ ਓਥੇ ਇਕ ਸਾਡਾ ਪ੍ਰੇਮੀ ਰਹਿੰਦਾ ਹੈ, ਉਸ ਨੂੰ ਸਤਿਸੰਗ ਦਾ ਲਾਭ ਦਿਓ, ਤੇ ਅਸੀਂ ਫੇਰ ਓਥੇ ਆ ਕੇ ਤੁਸਾਂ ਨੂੰ ਵੀ ਮਿਲਾਂਗੇ ਤੇ ਬੁੱਢਣ ਸ਼ਾਹ ਦਾ ਕਾਰਜ ਵੀ ਸੁਆਰਾਂਗੇ।
ਬੁੱਢਣ ਸ਼ਾਹ- ਕੀਹ ਆਪ ਹੀ ਇਹ ਪਰਤਾਪੀ ਬਾਣਾ ਧਾਰ ਕੇ ਆਏ ਹੋ?
ਗੁਰਦਿੱਤਾ ਜੀ- ਆਪ ਤਾਂ ਮੇਰੇ ਮਗਰੋਂ ਆਉਣਗੇ, ਮੈਂ ਅੱਗੋਂ ਦਾਸ ਆਇਆ ਹਾਂ ਜੋ ਮਾਲਕ ਦੇ ਬੈਠਣ ਨੂੰ ਜਗਾ ਬਣਾਵਾਂ। ਮੈਂ ਓਹ ਨਹੀਂ, ਪਰ ਮੈਂ “ਉਹ” ਦਾ ਝਾੜੂ ਬਰਦਾਰ ਹਾਂ। ਦੁੱਧ ਤਯਾਰ ਮੈਂ ਕਰਾਵਾਂਗਾ, ਕਟੋਰਾ ਭਰ ਕੇ ਪੀਣਗੇ ਉਹੋ, ਜੋ ਤੇਰੇ ਮੇਰੇ ਮਾਲਕ ਹਨ।
ਬੁੱਢਣ ਸ਼ਾਹ ਨੂੰ ਸਾਰੀਆਂ ਨਿਸ਼ਾਨੀਆਂ ਮਿਲੀਆਂ, ਪਯਾਰੇ ਦੇ ਪੁਤ ਦਾ ਪ੍ਰੇਮ ਗਦ ਗਦ ਕਰ ਗਿਆ, ਸਰੀਰ ਹੁਣ ਬਹੁਤ ਬੁੱਢਾ ਸੀ, ਪਰ-
–––––––––––––––
* ਇਕ ਰਵਾਯਤ ਇਹ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਦੁੱਧ ਪੀਣਾ ਸੀ ਤੇ ਪੀਤਾ ਸੀ। ਪਰ ਗੁਰਦਿੱਤਾ ਜੀ ਗੱਦੀ ਤੇ ਨਹੀਂ ਸਨ ਬਿਰਾਜੇ, ਇਸ ਕਰਕੇ, ਉਹ 'ਗੁਰੂ ਨਾਨਕ' ਨਹੀ ਸੇ, ਤੇ ਦੁੱਧ 'ਗੁਰੂ ਨਾਨਕ' ਨੇ ਛੇਵੇਂ ਜਾਮੇ ਪੀਣਾ ਸੀ।
"ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ॥”
(ਸਲੋਕ ਵਾਰਾਂ ਤੇ ਵਧੀਕ, ਮਹਲਾ ੩-੪੪, ਪੰ. ੧੪੧੮)
ਸੁਰਤ ਜੁਆਨ ਸੀ, ਦਿਨੋਂ ਦਿਨ ਜੋਬਨਾਂ ਵਿਚ ਸੀ, ਸਾਈਂ ਨੇ ਆਪਣੇ ਬਨ ਦੇ ਟਿਕਾਣੇ ਤੋਂ ਜ਼ਰਾ ਅਗੇਰੇ ਖੁਲ੍ਹੇ ਥਾਂ ਡੇਰਾ ਕਰਾਯਾ। ਮਸੰਦ, ਦਾਸ, ਨਤੀ (ਇਸਤ੍ਰੀ) ਦਾ ਡੋਲਾ, ਬੱਚੇ, ਹੋਰ ਸਾਰਾ ਲਾਉ ਲਸ਼ਕਰ ਅਸਬਾਬ ਪੁਜ ਗਿਆ। ਤੰਬੂ ਲਗ ਗਏ, ਜੰਗਲ ਦਾ ਮਾਨੋ ਸੁਹਾਵਾ ਮੰਗਲ ਹੋ ਗਿਆ।
ਕੁਝਕੁ ਦਿਨ ਪ੍ਰਸਪਰ ਪ੍ਰੇਮ ਅਰ ਸਤਿਸੰਗ ਮਗਰੋਂ ਬਾਬੇ ਨੇ ਕਿਹਾ, "ਬੁੱਢਣ ਸ਼ਾਹ ਜੀ ! ਅਸਾਂ ਏਥੇ ਨਗਰ ਵਸਾਣਾ ਹੈ, ਤੁਸੀਂ ਟਿਕਾਣਾ ਦੱਸੋ!” ਇਹ ਸੁਣ ਕੇ ਬੁੱਢੇ ਨੇਤ੍ਰਾਂ ਵਿਚ ਨੀਰ ਭਰ ਆਯਾ, ਬੋਲੇ, "ਬਾਬਾ ਜੀ! ਨਗਰ ਉਥੇ ਵਸਾਓ, ਜਿੱਥੇ ਗੁਰੂ ਬਾਬਾ ਚਰਨ ਪਾ ਕੇ, ਨਿਮਾਣੀ ਢੱਕ ਵਸਾ ਗਿਆ, ਪ੍ਰਸ਼ਾਦੇ ਛਕ ਕੇ, ਗ੍ਰੀਬ, ਪਰ ਸੱਚੇ-ਸੁੱਚੇ ਸਿੱਖ ਤਾਰ ਗਿਆ ਹੈ।” ਇਹ ਕਹਿ ਕੇ ਗਦ ਗਦ ਕੰਠ ਬੁੱਢੇ ਨੇ ਡੋਘਰਾ ਦਸਿਆ। ਨਿਰ ਜਨ ਟਿਕਾਣੇ ਦੋ ਨਿਕੀਆਂ ਛੱਪੜੀਆਂ ਤਕ ਕੇ ਗੁਰਦਿੱਤਾ ਜੀ ਅਸਚਰਜ ਹੋਏ, ਕਿ ਉਨ੍ਹਾਂ ਟੁੱਟੀਆਂ ਝੌਂਪੜੀਆਂ ਵਿਚੋਂ ਦੋ ਮਨੁੱਖ ਤੇ ਦੋ ਮਾਈਆਂ ਨਾਮ ਰੰਗ ਵਿਚ ਰੰਗੀਆਂ ਬਾਹਰ ਆਈਆਂ, ਚਰਨ ਪਰਸੇ, ਮੱਥਾ ਟੇਕਿਆ, ਗੁਰ-ਸੁਤ "ਗੁਰਦਿੱਤੇ" ਦੇ ਦਰਸ਼ਨ ਕਰ ਕੇ ਸੁੱਖ ਪਾਯਾ। ਜਦ ਬੁੱਢਣ ਸ਼ਾਹ ਨੇ ਨਗਰ ਵਸਾਣ ਦੀ ਗੱਲ ਕਹੀ, ਤਾਂ ਦੋਹਾਂ ਪ੍ਰੇਮੀਆਂ ਨੇ ਉਹ ਥਾਂ ਦਸੀ ਜਿੱਥੇ ਗੁਰੂ ਬਾਬਾ ਮਕਈ ਦੀ ਰੋਟੀ ਤੇ ਬੱਕਰੀ ਦਾ ਦੁੱਧ ਛੱਕ ਗਿਆ ਸੀ, ਓਨੀਂ ਥਾਂ ਨੂੰ ਪੀੰਜੂ ਨੇ ਚੌਂਤੜਾ ਬਨਾ ਕੇ ਉੱਚਾ ਕਰ ਰਖਿਆ ਸੀ, ਅਰ ਗੁਰੂ ਬਾਬੇ ਦਾ ਆਸਣ ਜਾਣ ਕੇ ਸਨਮਾਨਤ ਕਰ ਰਖਿਆ ਸੀ। ਬਾਬੇ ਗੁਰਦਿਤੇ ਜੀ ਨੂੰ ਵੀ ਇਹ ਥਾਂ ਬੜੀ ਪ੍ਯਾਰੀ ਲਗੀ, ਉਥੋਂ ਦੀ ਧੂੜ ਮੱਥੇ ਤੇ ਲਾਈ ਤੇ ਗੁਰ ਨਾਨਕ ਪ੍ਰੇਮ ਵਿਚ ਗਦ ਗਦ ਹੋ ਗਏ, ਕਿਤਨਾ ਕਾਲ ਪ੍ਰੇਮ ਦੇ ਜਲ ਨਾਲ ਨੈਣ ਭਰਦੇ ਰਹੇ, ਫੇਰ "ਸਤਿਨਾਮੁ" ਕਹਿ ਕੇ ਗੁਰੂ ਬਾਬੇ ਦਾ ਧਿਆਨ ਧਰ ਕੇ ਆਪਣੇ ਹੱਥੀਂ ਟੱਕ ਲਾਇਆ, ਅਰ ਸ਼ਹਿਰ ਵਸਾਣ ਦੀ ਆਗ੍ਯਾ ਦਿਤੀ। ਗੁਰੂ ਬਾਬੇ ਦੇ ਪ੍ਰੇਮ ਵਿਚ ਪੀੰਜੂ ਤੇ ਉਸਦੇ ਪਰਵਾਰ ਦੇ ਗੁਰੂ-ਜਸ ਦੇ ਰੰਗਾਂ ਦੀ ਯਾਦ ਵਿਚ ਤੇ ਬੁੱਢਣ ਸ਼ਾਹ ਦੇ ਪ੍ਰੀਤੀ-ਤੰਗਾਂ ਦੇ ਚੇਤੇ
"ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥”
(ਵਾਰਾਂ ਭਾਈ ਗੁਰਦਾਸ ਵਾਰ ੧, ਪਉੜੀ ੨੭)
ਬਾਬਾ ਗੁਰਦਿਤਾ ਜੀ ਨੇ ਸ਼ਹਿਰ ਵਸਾਇਆ, ਸਤਿਸੰਗ ਬੀ ਵੱਡੇ ਰੰਗ ਵਿਚ ਹੋ ਵਰਤਿਆ, ਸਵੇਰੇ ਆਸਾ ਦੀ ਵਾਰ ਲਗੇ, ਸੰਝ ਨੂੰ ਸੋਦਰੁ ਦਾ ਦੀਵਾਨ ਸਜੇ। ਕਥਾ ਵਾਰਤਾ ਸਤਿਸੰਗ ਹੋਵੇ। ਦੁਪਿਹਰ ਨੂੰ ਬਾਬੇ ਹੁਰੀ ਕਦੇ ਸ਼ਿਕਾਰ ਜਾਣ, ਕਦੇ ਬਨ ਵਿਚ ਜਾ ਬੈਠਣ, ਕਦੇ ਬੁੱਢਣ ਸ਼ਾਹ ਨਾਲ ਸਤਿਸੰਗ ਹੋਵੇ।
ਬੁੱਢਣ ਸ਼ਾਹ ਹੁਣ ਅਤਯੰਤ ਬੁੱਢਾ ਸੀ, ਸਾਹਿਬਜ਼ਾਦੇ ਬੜਾ ਪ੍ਯਾਰ ਕਰਦੇ ਸੇ। ਇਕ ਦਿਨ ਵਾਰਤਾਲਾਪ ਹੁੰਦਿਆਂ ਬੁੱਢਣ ਸ਼ਾਹ ਨੇ ਪੁੱਛਿਆ, "ਹੇ ਗੁਰਮੁਖ, ਹੇ ਸਤਿਗੁਰ ਦੇ ਪਿਆਰੇ ਜੀ! ਏਹ ਵਿਸਮਾਦ ਦੀ ਪਉੜੀ ਜੋ ਸਤਿਗੁਰ ਨਾਨਕ ਨੇ ਆਖੀ ਹੈ, ਵਿਸਮਾਦ ਦਾ ਕੀ ਭੇਤ ਹੈ?" ਤਦ ਸ੍ਰੀ ਗੁਰਦਿੱਤਾ ਜੀ ਨੇ ਆਖ੍ਯਾ: ਵਿਸਮਾਦ ਇਕ ਐਸਾ ਉੱਚਾ ਰੰਗ ਹੈ, ਜੋ ਆਤਮਾ ਦਾ ਆਪਣਾ ਤ੍ਰੰਗ ਹੈ, ਇਹ ਮਨ ਜਾਂ ਸਰੀਰ ਦਾ ਖੇਲ ਨਹੀਂ। ਜਦੋਂ ਕੋਈ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ, ਤਾਂ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ, ਤੇ ਆਤਮਾ ਵਿਚ ਅਪਨੇ ਸਹਿਜ ਸੁੱਖ ਦੀ ਇਕ ਰੰਗਤ ਪੈਦਾ ਹੁੰਦੀ ਹੈ, ਮਨ ਜਦ
––––––––––––
* ਅਨੰਦਪੁਰ ਤੋਂ ਪੰਜ ਛੇ ਮੀਲ ਉਰੇ ਸਤਲੁਜ ਦੇ ਨੇੜੇ ਇਹ ਟਿਕਾਣਾ 'ਕੀਰਤਪੁਰ ਹੁਣ ਤਕ ਹੈ, ਸ਼ਹਿਰ ਦੀ ਵਸੋਂ ਵੀ ਅਜ ਹੈ, ਪਰ ਸਤਿਗੁਰਾਂ ਦੇ ਮੰਦਰ ਤੇ ਦੇਹੁਰੇ ਸਭ ਮਸਤਾਨੇ ਹੋ ਰਹੇ ਹਨ, ਸੇਵਾਦਾਰਾਂ ਤੇ ਸੰਗਤਾਂ ਵਲੋਂ ਸੇਵਾ ਦੀ ਘਾਉਲ ਹੈ।
ਉਸ ਰੰਗ ਦੇ ਬਾਦ ਉਠਦਾ ਹੈ ਤਾਂ ਉਸਦਾ ਸੰਸਕਾਰ ਮਨ ਪਰ ਪੈਂਦਾ ਹੈ, ਭਾਵੇਂ ਮਨ ਉਸ ਰਸ ਦਾ ਹਾਲ ਕੁਛ ਨਹੀਂ ਦੱਸ ਸਕਦਾ, ਕਿਉਂ ਕਿ ਮਨ ਦੀ ਉਸ ਵਿਚ ਰੀਮਤਾ ਨਹੀਂ ਹੈ, ਪਰ ਸੰਸਕਾਰ ਪੈਣ ਕਰਕੇ ਸੁਆਦ ਮਾਣਦਾ ਹੈ, ਉਸ ਸੁਆਦ ਵਿਚ "ਵਾਹ ਵਾਹ" ਕਰਦਾ ਹੈ, ਅਰ ਜੇ ਪੁਛੋ ਤਾਂ ਜਿਸ ਤਰ੍ਹਾਂ ਇਸ ਦਾ ਅਪਨਾ ਸੁਭਾ ਹੈ, ਕਿ ਹਰ ਸ਼ੈ ਦਾ ਨਾਮ ਰੱਖ ਲੈਂਦਾ ਹੈ, ਉਸਦਾ ਨਾਮ "ਵਿਸਮਾਦ" ਰਖਦਾ ਹੈ।
"ਵਿਸਮਾਦ ਦਾ ਰੰਗ ਉਸ ਵੇਲੇ ਪੈਂਦਾ ਹੈ, ਜਦੋਂ ਰੂਹ ਆਪਣੇ ਰੰਗ ਵਿਚ ਜਾਂਦੀ ਹੈ, ਜਦੋਂ ਰੂਹਾਨੀ ਜੀਵਨ ਪ੍ਰਾਪਤ ਹੁੰਦਾ ਹੈ, ਜਦੋਂ ‘ਮਾਨੁਖ’ 'ਦੇਵਤਾ’ ਬਣਦਾ ਹੈ, ਪਰ ਇਹ ਤਾਂ "ਆਤਮ" ਦਾ ਇਕ ਸਹਿਜ ਦਾ ਤ੍ਰਾਨਾ ਹੈ, ਜਦੋਂ ਆਤਮਾ ਮਨ ਤੋਂ ਅਸੰਗ ਹੋ ਖੜੋਂਦਾ ਹੈ।"
“ਉਂਞ ਕੁਦਰਤ ਦੇ ਪਦਾਰਥ, ਬਿਜਲੀ, ਪਾਣੀ, ਪੌਣ, ਅਗਨੀ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ, ਸਭ ਵਿਸਮਾਦ ਪੈਦਾ ਕਰਦੇ ਹਨ। ਜਦੋਂ ਕੁਦਰਤੀ ਸੁੰਦਰਤਾ ਝਲਕਾ ਮਾਰੇ ਤਦੋਂ ਤ੍ਰਿਖਾ ਜਾਂ ਮਲਕੜਾ ਵਿਸਮਾਦ ਦਾ ਅਸਰ ਪੈਂਦਾ ਹੈ, ਇਸ ਅਸਰ ਨੂੰ ਸਤਿਗੁਰ ਨੇ ਆਸਾ ਵਾਰ ਦੀ ਪਉੜੀ ਵਿਚ ਦਸਿਆ ਹੈ ਕਿ ਏਹ ਜੋ ਕੁਦਰਤ ਦਿਸਦੀ ਹੈ, ਇਸਦੇ ਸਾਰੇ ਚਮਤਕਾਰੇ ਵਿਸਮਾਦ ਕਰਨੇਹਾਰੇ ਹਨ।”
ਬੁੱਢਣ ਸ਼ਾਹ— ਪਰ ਹਰ ਕਿਸੇ ਪਰ ਏਹ ਅਸਰ ਨਹੀਂ ਪੈਂਦਾ, ਸਾਰਾ ਜਹਾਨ ਰੋਜ਼ ਸੂਰਜ, ਚੰਦ, ਤਾਰੇ ਤੱਕਦਾ ਹੈ, ਪਰ ਕੋਈ ਵਿਸਮਾਦ ਨਹੀਂ ਹੁੰਦਾ।
ਗੁਰਦਿੱਤਾ— ਇਸ ਕਰਕੇ ਕਿ ਮਨੁੱਖ ਦਾ ਮਨ ਸੋਚਾਂ ਫਿਕਰਾਂ ਲੋੜਾਂ ਦੇ ਪੂਰਨ ਕਰਨ ਦੇ ਆਹਰਾਂ ਵਿਚ ਲਗ ਕੇ "ਗੇਣਤੀ” ਵਾਲਾ ਹੋ ਗਿਆ ਹੈ, ਦਿਲ ਦੀਆਂ ਦਿਲਗੀਰੀਆਂ ਤੇ ਫਿਕਰਾਂ ਨੇ ਹਰ ਵੇਲੇ ਇਸ ਨੂੰ ਸੋਚਾਂ ਸੋਚਣ, ਫਿਕਰ ਕਰਨ, ਸੰਕਲਪ ਕਰਨ, ਗਿਣਨ, ਸਮਝਣ, ਜੋੜਨ ਤੋੜਨ ਵਿਚ ਲਾ ਰਖਿਆ ਹੈ, ਓਹ ਇਨ੍ਹਾਂ ਨਜ਼ਾਰਿਆਂ ਦੇ ਅਸਰ ਤੋਂ ਵਿਸਮਤ ਨਹੀਂ ਹੁੰਦਾ, ਮਨ ਹੋਰਥੇ ਰੁਝਾ ਹੋਣ ਕਰਕੇ ਆਖਦਾ ਹੈ, ਉਹੋ ਤਾਰੇ ਜੋ ਰੋਜ਼ ਚੜ੍ਹਦੇ ਹਨ, ਉਹੋ
ਦੂਸਰੀ ਗੱਲ ਇਹ ਹੈ ਕਿ ਮਨੁੱਖ "ਸੁੰਦਰ" ਨੂੰ ਦੇਖ ਕੇ ਉਸ ਤੋਂ ਅਪਨੇ ਅੰਦਰ ਉਤਪੰਨ ਹੋਏ ਭਾਵ ਵਿਚ ਲੀਨ ਹੋਣ ਦੀ ਥਾਂ ਉਸ “ਸੁੰਦਰ" ਨੂੰ ਲੈ ਲੈਣ ਵਿਚ ਲਗਦਾ ਹੈ, ਅਰਥਾਤ ਉਸ ਵਿਚ ਕਿਸੇ ਨਾ ਕਿਸੇ ਤਰ੍ਹਾਂ 'ਹਉ' ਵਾੜ ਦੇਂਦਾ ਹੈ। ਜਿਕੂੰ ਜੇ ਸੁੰਦਰ ਇਸਤ੍ਰੀ ਵੇਖਦਾ ਹੈ ਤਾਂ ਚਾਹੁੰਦਾ ਹੈ ਕਿ ਮੈਂ ਲਵਾਂ, ਇਹ ਤ੍ਰਿਸ਼ਨਾ ਉਸਦੇ ਮਨ ਨੂੰ ਮੈਲਾ ਕਰ ਦਿੰਦੀ ਹੈ, ਇਸ ਲਈ ਵਿਸਮਾਦ ਦਾ ਅਸਰ ਨਹੀਂ ਪ੍ਰਤੀਤ ਦੇਂਦਾ, ਜੇ ਬਿਜਲੀ ਕੜਕਦੀ ਵੇਖਦਾ ਹੈ ਤਾਂ ਡਰ ਕੇ ਨੱਸਦਾ ਹੈ ਕਿ ਮਤਾ ਮੈਨੂੰ ਮਾਰ ਨਾ ਦੇਵੇ, ਇਹ ਡਰ ਉਸਦੇ ਮਨ ਨੂੰ ਮੈਲਾ ਕਰ ਦੇਂਦਾ ਹੈ ਅਰ ਉਸਦੇ ਵਿਸਮਾਦ-ਰਸ ਨੂੰ ਪ੍ਰਤੀਤ ਨਹੀਂ ਕਰ ਸਕਦਾ।
ਸੁੰਦਰਤਾ ਸਾਈਂ ਦੇ ਅਪਨੇ ਨੂਰ ਦਾ ਇਕ ਝਲਕਾਰਾ ਹੈ, ਚਾਹੇ ਸੁੰਦਰਤਾ ਕਿਤੋਂ ਲਿਸ਼ਕਾਰਾ ਮਾਰੇ ਇਹ ਲਿਸ਼ਕਾਰਾ ਕਿਸੇ ਨ ਕਿਸੇ ਰੰਗ ਵਿਚ ਇਲਾਹੀ ਹੈ, ਜਿਵੇਂ ਫੁਲ ਤਾਂ ਮਿੱਟੀ ਵਿਚੋਂ ਉਗਿਆ ਹੈ, ਪਾਣੀ ਤੇ ਧਾਤੂਆਂ ਦਾ ਬਣਿਆ ਹੈ, ਪਰ ਉਸ ਵਿਚ ਸੁੰਦਰਤਾ ਇਲਾਹੀ ਜਲਵਾ ਹੈ। ਚੰਦਰਮਾਂ ਤਾਂ ਜੜ੍ਹ ਪਦਾਰਥ ਹੈ, ਪਰ ਉਸਦੀ ਸੁੰਦਰਤਾ ਇਲਾਹੀ ਨੂਰ ਹੈ, ਇਸ ਤਰ੍ਹਾਂ ਜਿਨ੍ਹਾਂ ਪਦਾਰਥਾਂ ਤੋਂ ਸੁੰਦਰਤਾ ਪ੍ਰਗਟ ਹੁੰਦੀ ਹੈ, ਉਹ ਤਾਂ ਪਦਾਰਥ ਹਨ, ਪਰ ਸੁੰਦਰਤਾ ਇਲਾਹੀ ਜਮਾਲ ਹੈ, ਰੱਬੀ ਝਲਕਾ ਹੈ, ਪਰਮੇਸ਼ਰੀ ਲਿਸ਼ਕਾਰਾ ਹੈ, ਜਦ ਇਹ ਲਿਸ਼ਕ ਮਾਰਦੀ ਹੈ, ਸਾਡਾ ਆਪਣਾ ਆਪ ਉਸਦੇ ਅਸਰ ਨਾਲ ਆਪਣੇ ਆਪ ਵਿਚ ਜੁੜ ਕੇ ਰਸ-ਲੀਨ ਹੋ ਜਾਂਦਾ ਹੈ, ਪਰ ਇਹ ਸਮਾਂ ਬੜਾ ਥੋੜਾ ਹੁੰਦਾ ਹੈ, ਜੇ ਸੁਭਾਉ ਇਉਂ ਦਾ ਪਕ ਜਾਵੇ ਕਿ ਸੁੰਦਰਤਾ ਦੀ ਲਿਸ਼ਕ ਵਜਦੇ ਸਾਰ ਅਸੀਂ ਆਪੇ ਵਿਚ ਰਸ ਲੀਨ ਹੋ ਜਾਈਏ ਤਾਂ ਅਸੀਂ ਸਾਧੂ, ਫਕੀਰ, ਜੋਗੀ, ਸਮਾਧਿ-ਸਥਿਤ ਸੰਤ ਹਾਂ, ਪਰ ਅਸੀਂ ਏਹ ਨਹੀਂ ਕਰਦੇ, ਜਿਸ ਚੀਜ਼ ਤੋਂ ਰਸ ਲੱਝਾ ਹੈ, ਉਸ ਵਲ ਰੁਖ਼ ਕਰਦੇ ਹਾਂ, ਜਾਂ ਉਸਨੂੰ ਲੈ ਕੇ ਆਪਣਾ
ਜਦੋਂ ਲਿਸ਼ਕਾਰਾ ਵੱਜੇ ਤੇ ਅਸਰ ਕਰੇ ਤਦੋਂ ਮਨ ਨਹੀਂ ਹੋਵੇਗਾ, ਪੰਜਵੇਂ ਜਾਮੇਂ ਗੁਰੂ ਬਾਬੇ ਨੇ ਆਖਿਆ ਹੈ:-
"ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ॥
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ॥
ਖੋਜਉ ਤਾਕੇ ਚਰਣ ਕਹਹੁ ਕਤ ਪਾਈਐ॥
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ॥੧੩॥”
(ਫੁਨਹੇ ਮਹਲਾ ੫. ਪੰਨਾ ੧੩੬੨)
ਕਹਿੰਦੇ ਹਨ, ਜਦੋਂ ਸੁੰਦਰ ਪ੍ਯਾਰੇ ਦੇ ਦਰਸ਼ਨ ਦਾ ਝਲਕਾ ਵੱਜਾ, ਓਦੋਂ ਅਸੀਂ ਸੁੱਤੇ ਹੋਏ ਸਾਂ ਅਰਥਾਤ ਮਨ ਉਸ ਵੇਲੇ ਗੁੰਮ ਸੀ, ਹਾਂ ਮਨ ਦੀ ਸੁਪਨ ਅਵਸਥਾ ਸੀ, ਜਦੋਂ ਕਿ ਅਸੀਂ ਉੱਚੇ ਹੋਏ ਅਰਥਾਤ ਦਰਸ਼ਨ ਪਾਯਾ। ਪ੍ਰਸ਼ਨ ਇਹ ਹੁੰਦਾ ਹੈ ਕਿ ਫੇਰ ਪ੍ਯਾਰੇ ਦਾ ਪੱਲਾ ਫੜ ਕਿਉਂ ਨਾ ਲੀਤਾ, ਕਹਿੰਦੇ ਹਨ, ਸੁੰਦਰਤਾ ਦਾ ਝਲਕਾ ਐਸਾ ਵੱਜਾ ਕਿ ਮਨ ਠੱਗਿਆ ਗਿਆ, ਉਹੋ ਗਲ ਫੇਰ ਦਸੀ ਕਿ ਸੁੰਦਰਤਾ ਦਾ ਅਸਰ (ਵਿਸਮਾਦ) ਐਸੀ ਸ਼ੈ ਹੈ ਕਿ ਮਨ ਠੱਗਿਆ ਜਾਂਦਾ ਹੈ, ਮਨ ਬੁੱਧੀ ਉਸ ਵੇਲੇ ਕੰਮ ਨਹੀਂ ਕਰ ਰਹੇ ਹੁੰਦੇ। ਹੁਣ ਆਖਦੇ ਹਨ ਕਿ ਪ੍ਰੀਤਮ ਦੀ ਖੋਜ ਕਰ ਰਹੀ ਹਾਂ ਤੇ ਪੁਛ ਰਹੀ ਹਾਂ ਕਿ ਕੋਈ ਜਤਨ ਦੱਸੋ, ਓਹ ਘੜੀ ਫੇਰ ਕਿਸ ਵੇਲੇ ਆਵੇ? ਹੁਣ ਜਤਨ ਇਹੀ ਹੈ ਕਿ ਮਨ ਗੇਣਤੀਆਂ ਵਿਚ ਨਾ ਲਗੇ, ਮਨ ਸੋਚ ਫਿਕਰ ਤੋਂ ਨਿਕਲੇ ਤੇ ਪ੍ਯਾਰੇ ਵਲ ਲਗੇ, ਫੇਰ ਐਸੇ ਸਮੇਂ ਆਉਣਗੇ ਕਿ ਝਲਕਾ ਪਵੇਗਾ ਤੇ ਵਿਸਮਾਦ ਆਵੇਗਾ। ਗੱਲ ਕੀ ਮਨ ਜਿਹੜਾ ਗ੍ਰਹਿਣ ਸ਼ਕਤੀ ਵਾਲਾ ਹੈ, ਜੋ ਚਾਹੁੰਦਾ ਹੈ, "ਲਵਾਂ”, ਉਸ ਪੁਰ ਵਿਸਮਾਦ ਦਾ ਅਸਰ ਪਿਆ, ਪ੍ਰਤੀਤ ਘਟ ਦੇਂਦਾ ਹੈ, ਜੋ ਮਨ ਤ੍ਯਾਗ ਸ਼ਕਤੀ ਵਾਲਾ ਹੈ, ਉਸ ਪਰ ਵਿਸ਼ੇਸ਼ ਅਸਰ ਪੈਂਦਾ ਤੇ ਪ੍ਰਤੀਤ ਦੇਂਦਾ ਹੈ।
ਗੁਰਦਿਤਾ ਜੀ ਸਾਈਂ ਜੀ! ਉਹੋ ਗੂੜ੍ਹੇ ਰੰਗ ਦਾ ਵਿਸਮਾਦ ਤੁਸਾਂ ਤਦੋਂ ਡਿੱਠਾ, ਜਦੋਂ ਗੁਰੂ ਬਾਬੇ ਦੇ ਦਰਸ਼ਨ ਪਾਏ। ਠੀਕ ਹੈ?
ਬੁੱਢਣ ਸ਼ਾਹ- ਠੀਕ ਹੈ, ਪਰ ਇਹ ਵੱਡਾ ਤੇ ਉੱਚਾ ਸੀ।
ਗੁਰਦਿਤਾ ਜੀ- ਬਾਬਾ ਜੀ! ਜੋ ਆਮ ਸੁੰਦਰਤਾ ਦੇ ਲਿਸ਼ਕਾਰੇ ਝਲਕੇ ਮਾਰਦੇ ਹਨ ਉਨ੍ਹਾਂ ਲਈ ਅਸੀਂ ਤਿਆਰ ਨਹੀਂ ਹੁੰਦੇ, ਅਸੀਂ ਉਨ੍ਹਾਂ ਨੂੰ ਗੇਣਤੀਆਂ ਵਿਚ ਤੇ ਨਾ ਗਉਲਣ ਵਿਚ ਸੱਟਦੇ ਹਾਂ। ਸਾਨੂੰ ਪਤਾ ਨਹੀਂ ਕਿ ਇਸ ਕੱਖ ਦੇ ਉਹਲੇ ਲੱਖ ਧਰਿਆ ਹੈ। ਜੇਹੜਾ ਗੁਰੂ ਨਾਨਕ ਦੇ ਦਰਸ਼ਨ ਦਾ ਵਿਸਮਾਦ ਸੀ, ਉਹ ਇਉਂ ਵੱਡਾ ਤੇ ਉੱਚਾ ਹੈ ਕਿ ਗੁਰ ਨਾਨਕ ਦੀ ਆਤਮ-ਸੁੰਦਰਤਾ ਦੇ ਖਜ਼ਾਨੇ ਨਾਲ ਅੱਠ ਪਹਿਰ ਅਭੇਦ ਰਹਿਣ ਕਰਕੇ, ਦਿਨ ਰਾਤ ਆਪਣੇ ਸੁੰਦਰ ਪ੍ਰੀਤਮ ਨਾਲ ਲਿਵਲੀਨ ਰਹਿਣ ਕਰਕੇ ਸੁੰਦਰਤਾ ਦੀ ਅਵਧੀ ਨੂੰ ਪਹੁੰਚੀ ਹੋਈ ਹੈ। ਜਦੋਂ ਇਹ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਤਾਂ ਇਸ ਤਰ੍ਹਾਂ ਦਾ ਡੂੰਘਾ ਅਸਰ ਕਰਦੀ ਹੈ ਕਿ ਦੇਖਣ ਵਾਲੇ ਦਾ ਮਨ ਆਪਣੇ ਜਿਹਾ ਕਰ ਲੈਂਦੀ ਹੈ ਬਿਸਮਾਦ ਨੂੰ ਐਉਂ ਦਸਦੇ ਹਨ:-
"ਮਾਈ ਰੀ ਪੇਖਿ ਰਹੀ ਬਿਸਮਾਦ॥
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥”
(ਸਾਰੰਗ ਮਹਲਾ ੫, ਪੰਨਾ ੧੨੨੬)
ਇਸ ਦਰਸ਼ਨ ਨਾਲ ਕਹਿੰਦੇ ਹਨ "ਕੈਵਲ ਪਦ” (ਮੁਕਤ ਪਦ) ਪ੍ਰਾਪਤ ਹੁੰਦਾ ਹੈ, ਇਨ੍ਹਾਂ ਆਤਮ ਦਰਸ਼ਨਾਂ ਦੀ ਮਹਿਮਾ ਇਉਂ ਦਸੀ ਹੈ:-
"ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ॥"
(ਰਾਗ ਸੂਹੀ ਮਹਲ ੧, ਪੰਨਾ ੭੬੪)
ਗੁਰੂ ਨਾਨਕ ਦੇਵ ਜੀ ਦੀ ਆਤਮਾ ਸੁੰਦਰਤਾ ਦਾ ਪੁੰਜ ਹੈ, ਜਦ ਉਹ ਪ੍ਯਾਰ ਨਾਲ ਕਿਸੇ ਵੱਲ ਤਕਦੇ ਹਨ ਤਾਂ ਉਨ੍ਹਾਂ ਦੀ ਆਤਮ-ਸੁੰਦਰਤਾ ਅਗਲੇ ਨੂੰ ਬਿਸਮਾਦ ਕਰਦੀ ਹੈ, ਉਸ ਬਿਸਮਾਦ ਵਿਚ ਭਾਈ ਗੁਰਦਾਸ ਜੀ ਦਸਦੇ ਹਨ ਕਿ ਇਹ ਹਾਲ ਹੁੰਦਾ ਹੈ:-
ਦਰਸਨ ਦੇਖਤ ਹੀ, ਸੁਧ ਕੀ ਨ ਸੁਧ ਰਹੀ,
ਬੁਧ ਕੀ ਨ ਬੁਧ ਰਹੀ, ਮਤ ਮੈ ਨ ਮੱਤ ਹੈ॥
ਸੁਰਤ ਮੈ ਨ ਸੁਰਤ, ਔ ਧ੍ਯਾਨ ਮੈਂ ਨ ਧ੍ਯਾਨ ਰਹ੍ਯੋ,
ਗ੍ਯਾਨ ਮੇ ਨ ਗ੍ਯਾਨ ਰਹ੍ਯੋ, , ਗਤ ਮੈ ਨ ਗਤ ਹੈ।
ਧੀਰਜ ਕੋ ਧੀਰਜ ਗਰਬ ਕੋ ਗਰਬ ਗਯੋ
ਰਤ ਮੈਂ ਨ ਰਤਿ ਰਹੀ, ਪਤਿ ਰਤਿ ਪਤਿ ਹੈ॥
ਅਦਭੁਤ ਪਰਮਦਭੁਤ ਬਿਸਮੈ ਬਿਸਮ,
ਅਸਚਰਜੈ ਅਸਚਰਜ ਅਤ ਅੱਤ ਹੈ॥
(ਕਥਿਤ ਭਾ:ਗੁ:-੨੫)
ਬੁੱਢਣ ਸ਼ਾਹ- ਠੀਕ ਹੈ, ਪਰ ਸਤਿਗੁਰ ਨਾਨਕ ਨੂੰ
"ਵਿਸਮਾਦੁ ਪਉਣੁ ਵਿਸਮਾਦੁ ਪਾਣੀ॥”
(ਵਾਰ ਆਸਾ ਮਹਲਾ ੧, ਪੰਨਾ ੪੬੪)
ਹਰ ਸ਼ੈ ਵਿਚ ਵਿਸਮਾਦ ਦੀਹਦਾ ਸੀ?
ਗੁਰਦਿਤਾ ਜੀ— ਕਿਉਂਕਿ ਉਨ੍ਹਾਂ ਦੇ ਮਨ ਵਿਚ ਵੈਰ, ਭਉ, ਤ੍ਰਿਸ਼ਨਾਂ ਨਹੀਂ ਸਨ, ਉਨ੍ਹਾਂ ਦਾ ਮਨ ਪਰਮੇਸ਼ੁਰ ਦੇ ਪ੍ਯਾਰ ਵਿਚ ਲਿਵਲੀਨ ਸੀ, ਉਹ ਵਾਹਿਗੁਰੂ ਦੀ ਸੁੰਦਰਤਾ ਵਿਚ ਸਦਾ ਰਸ ਲੀਨ ਸੇ, ਇਸ ਕਰਕੇ ਹਰ ਨਿੱਕੀ ਤੋਂ ਨਿੱਕੀ ਸੁੰਦਰਤਾ ਉਨ੍ਹਾਂ ਲਈ ਵਿਸਮਾਦ ਭਾਵ ਉਤਪੰਨ ਕਰ ਰਹੀ ਸੀ। ਤੁਸੀਂ ਦੇਖੋ, ਕੁਦਰਤ ਦੇ ਚਮਤਕਾਰ ਤਕ ਕੇ ਓਹ ਵਿਸਮਾਦ ਹੁੰਦੇ ਹਨ। ਫਿਰ ਇਹ ਵਿਸਮਾਦ ਉਨ੍ਹਾਂ ਨੂੰ ਅਚਰਜ ਰੂਪ ਹੋ ਦਿਸਦਾ ਹੈ, ਕਦੇ ਤਾਂ ਐਉਂ ਵਿਸਮਾਦ ਹੁੰਦੇ ਹਨ, ਮਾਨੋਂ ਅੱਖਾਂ ਨਾਲ ਸੁੰਦਰਤਾ ਤੱਕੀ ਹੈ। ਕਦੀ ਇਨ੍ਹਾਂ ਕੁਦਰਤੀ ਪਦਾਰਥਾਂ ਵਿਚੋਂ ਉਨ੍ਹਾਂ ਨੂੰ ਪਰਮੇਸ਼ਰ ਦੀ ਇਲਾਹੀ ਧੁਨ ਸੁਣਾਈ ਦੇਂਦੀ ਹੈ। 'ਸੋਦਰੁ' ਵਿਚ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦਾ ਕੀਰਤਨ ਕਰ ਰਹੇ ਸੁਣਦੇ ਹਨ। ਕੀਰਤਨ ਸੰਗੀਤ ਵੀ ਇਕ ਸੁੰਦਰਤਾ ਹੈ, ਜਿਸਦਾ ਅਨੁਭਵ ਕੰਨਾਂ ਦੁਆਰਾ ਹੁੰਦਾ ਹੈ। ਕਿਤੇ ਗੁਰੂ ਬਾਬੇ ਜੀ ਨੂੰ ਕੁਦਰਤ ਦੇ ਨਜ਼ਾਰੇ, ਨਾਲੇ ਅੱਖਾਂ ਨਾਲ, ਨਾਲੇ ਕੰਨਾਂ ਨਾਲ ਵਿਸਮਾਦ ਦੇ ਰਹੇ ਹਨ ਕਿ ਆਰਤੀ ਦਾ ਸਾਜ ਸਜਿਆ ਦਿਸਦਾ ਹੈ, ਨਾਲੇ ਆਰਤੀ ਦਾ ਗਾਇਨ ਤੇ ਕੀਰਤਨ ਸੁਣਾਈ ਦੇ ਰਿਹਾ ਹੈ। ਜੋ ਗਗਨ, ਰਵ, ਚੰਦ, ਤਾਰੇ, ਮਲ੍ਯਾਨ ਪੌਣ, ਬਨਸਪਤੀ ਸਾਨੂੰ ਵਸਤਾਂ ਦਿਸਦੇ ਹਨ, ਗੁਰੂ ਬਾਬੇ ਨੂੰ ਆਰਤੀ ਕਰ ਰਹੇ, ਆਰਤੀ ਗਾ ਰਹੇ, ਦਿਸਦੇ ਹਨ ਅਰ ਵਿਸਮਾਦ ਕਰ ਰਹੇ ਹਨ। ਗੱਲ ਕੀ ਉਨ੍ਹਾਂ ਦੀ ਲਿਵਲੀਨ ਆਤਮਾ ਨੂੰ ਹਰ ਪਾਸਿਓਂ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਕੁਦਰਤੀ ਚਮਤਕਾਰ ਤੋਂ ਵਿਸਮਾਦ ਦੀ ਬਰਖਾ ਹੋ ਰਹੀ ਦਿਸਦੀ ਹੈ। ਗੁਰੂ ਆਪਣੇ ਆਤਮਾ ਦੇ ਝਲਕਾਰੇ ਨਾਲ, ਆਪਣੇ ਦਰਸ਼ਨ ਕਰਨ-ਹਾਰਿਆਂ ਵਿਚ ਏਹ ਰਸ ਪਾਂਦਾ ਹੈ।
ਬੁੱਢਣ ਸ਼ਾਹ— ਫਿਰ ਇਹ ਇਕ ਦਾਤ ਹੈ, ਨਿਰੋਲ ਦਾਤ ਹੈ, ਕਿਸੇ ਸਾਧਨ ਜਤਨ ਦਾ ਫਲ ਤਾਂ ਨਹੀਂ ਨਾ। ਮੇਰੇ ਨਾਲ ਤਾਂ ਇੰਞੇ ਵਰਤਿਆ ਹੈ।
ਗੁਰਦਿੱਤਾ ਜੀ- ਠੀਕ ਹੈ, ਇਹ ਇਲਾਹੀ ਦਾਤ ਹੈ, ਇਹ ਨਦਰ ਹੈ, ਜਿਸ ਵਲ ਸਤਿਗੁਰੂ ਨਾਨਕ ਨੇ ਆਪਣੇ ਪ੍ਯਾਰ ਨਾਲ ਤੱਕਿਆ, ਉਸ ਨੂੰ ਗੁਰੂ
ਬੁੱਢਣ ਸ਼ਾਹ- ਘਾਲ ਕੀ ਹੈ ?
ਗੁਰਦਿੱਤਾ ਜੀ— ਘਾਲ, ਆਪਾ ਨਿਵਾਰਨਾ, ਮਨ ਵਿਚ ਤ੍ਯਾਗ ਦਾ ਵਸਾਣਾ, ਮਨ ਗਿਣਤੀਆਂ ਵਿਚ ਘਟ ਵਰਤੇ, ਅਰਥਾਤ ਵੈਰ, ਭੈ, ਖਾਹਿਸ਼ਾਂ, 'ਲਵਾਂ, ਲਵਾਂ, ਇਨ੍ਹਾਂ ਨਾਲ ਨਿਹੁੰ ਤੋੜੇ, ਕੰਮ ਕਰੇ, ਫਲ ਦੀ ਵਾਸ਼ਨਾ ਨਾ ਕਰੇ, ਕਿਸੇ ਆਪਣੀ ਇਛ੍ਯਾ ਦਾ ਗੁਲਾਮ ਨਾ ਬਣੇ, ਜੋ ਕਮ ਕਰੇ ਨਿਰਵਾਸ ਕਰੇ, ਭੈ ਨਾ ਖਾਵੇ, ਵੈਰ ਨਾ ਕਰੇ, ਮੋਹ ਵਿਚ ਨਾ ਫਸੇ, ਗਲ ਕੀ ਆਪਾ ਨਿਵਾਰੇ।
ਬੁੱਢਣ ਸ਼ਾਹ— ਏਹ ਬੀ ਬੜਾ ਕਠਨ ਹੈ, ਕੋਈ ਜੁਗਤ ?
ਗੁਰਦਿੱਤਾ ਜੀ— ਹਰ ਚੜ੍ਹਾਈ ਔਖੀ ਤਾਂ ਹੁੰਦੀ ਹੈ, ਪਰ ਉਚ੍ਯਾਂ ਲੈ ਜਾਂਦੀ ਹੈ, ਜੁਗਤ ਏਸਦੀ ਗੁਰੂ ਬਾਬੇ ਨੇ 'ਸੇਵਾ' ਰੱਖੀ ਹੈ, ਨਿਰਚਾਹ ਹੋ ਕੇ ਭਲੇ ਦੇ ਕੰਮ ਕਰਨੇ, ਕੋਈ ਆਪਣੀ ਖਾਹਿਸ਼, ਕੋਈ ਲਾਭ, ਗਉਂ, ਫਲ ਦੀ ਆਸ, ਨਾ ਰਖਣੀ ਤੇ ਸੇਵਾ ਕਰਨੀ, ਇਸ ਤ੍ਰੀਕੇ ਨਾਲ ਇਹ ਸੁਭਾ ਪੱਕਦਾ ਹੈ। ਤੁਸੀਂ ਆਖਿਆ ਹੈ ਕਿ ਕਾਕੀ ਆ ਕੇ ਤੁਹਾਡੇ ਚੋਲੇ ਧੋ ਦਿਆ ਕਰਦੀ ਸੀ, ਉਹ ਨਿਰਵਾਸ ਅਚਾਹ ਸੇਵਾ ਕਰਦੀ ਸੀ, ਉਹ ਆਪਣੇ ਮਨ ਨੂੰ 'ਆਪਾ ਨਿਵਾਰਨ ਸੁਭਾ ਵਿਚ ਪਕਾਂਦੀ ਸੀ, ਯਾ ਸੁਭਾ ਹੀ ਆਪਾ ਨਿਵਾਰਨ ਦਾ ਹੋ ਚੁਕਾ ਸੀ ਤੇ ਉਸਦੇ ਕੰਮ ਸੁਤੇ ਸਿੱਧ ਸੇਵਾ ਦੇ ਸਨ। ਗੁਰੂ ਬਾਬੇ ਦੇ ਘਰ ਵਿਚ ਨਿਸ਼ਕਾਮ ਸੇਵਾ ਇਸ ਰਸਤੇ ਦਾ ਪਹਿਲਾ ਡੰਡਾ ਰੱਖਿਆ ਹੈ।
ਬੁੱਢਣ ਸ਼ਾਹ— ਇਸ ਤਰ੍ਹਾਂ ਤਾਂ ਮਨ ਤਯਾਰ ਰਹੂ ਕਿ ਜੇ ਕੋਈ ਨਦਰ ਦਾ ਝਲਕਾ ਵਜੇ ਤਾਂ ਸਫਲ ਹੋਵੇ, ਪਰ ਕੋਈ ਹੋਰ ਉਪਰਾਲਾ ਬੀ ਹੈ ਕਿ ਜਿਸ ਨਾਲ ਆਪਣਾ ਸੁਭਾ ਸੁੰਦਰਤਾ ਦੀ ਕਦਰ ਪਾਣ ਵਾਲਾ ਹੋ ਜਾਵੇ? ਐਉਂ ਹੋ
ਗੁਰਦਿੱਤਾ ਜੀ- ਜੀ ਹਾਂ! ਇਸ ਲਈ ਗੁਰੂ ਬਾਬੇ ਨੇ ਕੀਰਤਨ ਦਸਿਆ ਹੈ। ਸੰਗੀਤ ਯਾ ਰਾਗ ਇਕ ਐਸੀ ਸੁੰਦਰਤਾ ਹੈ, ਜਿਸਦਾ ਅਸਰ ਸਭ ਉਪਰ ਪੈਂਦਾ ਹੈ। ਰਾਗ ਵਿਚੋਂ ਸੁੰਦਰਤਾ ਐਸਾ ਬੇ-ਮਲੂਮਾ ਅਸਰ ਕਰਦੀ ਹੈ ਕਿ ਮਨ ਮਗਨਤਾ ਵੱਲ ਰੁਖ਼ ਕਰਦਾ ਹੈ। ਰਾਗ ਗਾਉਣਾ ਮਾਨੋਂ ਸੁੰਦਰਤਾ ਨੂੰ ਆਪ ਹਿਲੋਰੇ ਵਿਚ ਲਿਆਉਣਾ ਹੈ।
ਦੂਸਰੇ ਜਸ ਕਰਨਾ', 'ਗੁਣ ਗਾਉਣੇ ਯਾ 'ਸਿਫਤ ਸਾਲਾਹ ਕਰਨੀ, ਇਸ ਨਾਲ ਅੰਦਰ ਕਦਰ ਕਰਨ ਦਾ ਸੁਭਾਓ ਵਧਦਾ ਹੈ, ਸਿਫਤ ਕਰਨ ਵਾਲਾ ਸੁਤੇ ਹੀ ਆਪਾ ਨਿਵਾਰ ਰਿਹਾ ਹੈ, ਤੇ ਵਾਹਿਗੁਰੂ ਦੀਆਂ ਸੁੰਦਰਤਾਈਆਂ ਅਤੇ ਗੁਣਾਂ ਦੀ ਕਦਰ ਪਾ ਰਿਹਾ ਹੈ। ਜਦ ਕਿਸੇ ਨੂੰ ਚੰਗਾ ਕਹੀਦਾ ਹੈ ਤਾਂ ਉਸ ਵਿਚ ਆਪਾ ਸੁਤੇ ਹੀ ਨਿਵਾਰੀਦਾ ਹੈ। ਇਸ ਲਈ ਬਾਣੀ ਪੜ੍ਹੀਦੀ ਹੈ, ਜਦ ਸਾਈਂ ਦੀ ਸਿਫਤ ਸਾਲਾਹ ਕਰੀਦੀ ਹੈ ਤਾਂ ਮਨ ਉਸਦੇ ਗੁਣਾਂ ਦੀ ਮਗਨਤਾਈ ਵਲ ਜਾਂਦਾ ਹੈ ਤੇ ਆਪੇ ਨੂੰ ਭੁਲਦਾ ਹੈ ਤੇ ਮਨ ਦੀ ਮੈਲ (ਹਉ) ਉਤਰਦੀ ਹੈ।
ਯਥਾ:-
"ਗੁਨ ਗਾਵਤ ਤੇਰੀ ਉਤਰਸਿ ਮੈਲੁ॥
ਬਿਨਸਿ ਜਾਇ ਹਉਮੈ ਬਿਖੁ ਫੈਲੁ॥”
(ਗਉ:ਸੁਖ:ਮ: ੫- ੧੯,ਪੰ: ੨੮੯)
ਹੁਣ ਜਦੋਂ ਰਾਗ ਤੇ ਸਿਫਤ ਸਾਲਾਹ ਕੱਠੇ ਕਰ ਲਈਏ ਤਾਂ ਦੋ ਅਸਰ ਜ਼ਬਰਦਸਤ ਹੋ ਕੇ ਮਨ ਪਰ ਪੈਂਦੇ ਹਨ। "ਰਾਗ ਤੇ ਸਿਫਤ ਸਾਲਾਹ" ਨੂੰ ਕੀਰਤਨ ਆਖਦੇ ਹਨ। ਕੀਰਤਨ ਦਾ ਅਸਰ ਮਨ ਤੋਂ ਹਉਂ ਦੀ ਮੈਲ ਕਢਦਾ ਹੈ। ਮਨ ਵਿਚ ਆਪਾ ਨਿਵਾਰਨ ਦਾ ਅਸਰ ਸੁਤੇ ਹੀ ਪਾ ਦੇਂਦਾ ਹੈ, ਮਨ ਨੂੰ ਵਾਹਿਗੁਰੂ ਦੇ ਗੁਣਾਂ ਸੁੰਦਰਤਾਈਆਂ ਦੀ ਕਦਰ ਤੇ ਉਸ ਵਿਚ ਮੋਹਤ ਹੋਣ ਦਾ ਭਾਵ ਉਤਪਤ ਕਰਦਾ ਹੈ, ਸੁੰਦਰਤਾਈ ਨੂੰ ਆਪ ਸੱਦਦਾ ਹੈ ਤੇ ਉਸਦੇ ਆਦਰ ਲਈ ਤ੍ਯਾਰ ਹੁੰਦਾ ਹੈ। ਇਸੇ ਕਰਕੇ ਗੁਰੂ ਬਾਬੇ ਕਿਹਾ ਹੈ:-
"ਜਿਸਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਸਾਹੀ ਪਾਤਸਾਹੁ ॥"
(ਜਪੁਜੀ ਸਾਹਿਬ-੨੫, ਪੰਨਾ ੫)
ਬੁੱਢਣ ਸ਼ਾਹ- ਗੁਰੂ ਬਾਬਾ, ਧੰਨ ਗੁਰੂ ਬਾਬਾ ਹੈ, ਆਪੇ ਇਹ ਰੰਗ ਬਖਸ਼ ਗਿਆ ਤੇ ਇਹ ਪ੍ਰੇਮ-ਰੰਗ ਆਪੇ ਪਏ ਅਸਰ ਕਰਦੇ ਰਹੇ। ਧੰਨ ਗੁਰੂ ਨਾਨਕ ਨਿਰੰਕਾਰੀ! ਸਾਹਿਬਜ਼ਾਦੇ ਜੀ! ਸੇਵਾ, ਨਿਸ਼ਕਾਮ ਸੇਵਾ ਨਾਲ ਕੀਰਤਨ ਨਾਲ ਮਨ ਤਯਾਰ ਹੋਇਆ, ਹਉਂ ਨਿਵਾਰੀ, ਕਦਰ ਆਈ, ਵਿਸਮਾਦ ਲਈ ਰਾਹ ਖੁਲ੍ਹਾ, ਵਿਸਮਾਦ ਦੇ ਅਸਰ ਪੈਣ ਲਗੇ, ਪਰ ਦੁੱਖ ਇਹ ਰਹਿ ਜਾਂਦਾ ਹੈ ਕਿ ਇਹ ਕਦੇ ਕਦੇ ਝਲਕੇ ਵੱਜਦੇ ਹਨ, ਪਏ ਬੇਨਤੀਆਂ ਕਰੀਦੀਆਂ ਹਨ-
"ਕਹਿ ਰਵਿਦਾਸ ਆਸ ਲਗਿ ਜੀਵਉ
ਚਿਰ ਭਇਓ ਦਰਸਨੁ ਦੇਖੈ ॥"
(ਧਨਾਸਰੀ ਭਗਤ ਰਵਿਦਾਸ ਜੀ-੧, ਪੰਨਾ ੬੯੪)
ਕੋਈ ਐਸੀ ਮੇਹਰ ਨਹੀਂ ਕਿ ਲਗਾਤਾਰ ਰੰਗ ਲਗੇ ?
ਸਾਹਿਬਜ਼ਾਦੇ ਜੀ- ਕਿਉਂ ਨਹੀਂ, ਗੁਰੂ ਬਾਬੇ ਨੇ ਜੋ ਆਪ ਨੂੰ ਕਿਹਾ ਸੀ:-
"ਬੈਠਹੁ ਮਨ ਸਤਿਨਾਮ ਪਰੋਇ॥”
(ਗੁ.ਪ੍ਰ.ਸੂ.ਰਾਸ ੭, ਅੰਸੂ ੯, ਪੰਨਾ ੩੦੯੧)
ਇਹ ਸਤਿਨਾਮੁ ਨਾਲ ਮਨ ਦਾ ਪ੍ਰੋਣਾ, ਨਾਮ ਜਪਣਾ, ਸਿਮਰਨ ਕਰਨਾ, ਯਾ ਪ੍ਰੀਤਮ ਦੀ ਯਾਦ ਵਿਚ ਵਸਣਾ, ਆਪਣੇ ਆਪ ਨੂੰ ਉਸਦੀ ਹਜ਼ੂਰੀ ਵਿਚ ਹਰਦਮ ਪ੍ਰਤੀਤ ਕਰਨਾ, ਇਹ ਹੈ ਸਿਮਰਨ ਕਰਨਾ। ਇਸਦਾ ਭਾਵ ਇਹ ਹੈ ਕਿ ਲਗਾਤਾਰ ਸੁੱਖ ਬੱਝੇ। ਸਿਮਰਨ ਨਾਲ ਉਹ ਭੁੱਲ ਜੋ ਸਾਡੇ ਤੇ ਸਾਡੇ ਸੁੰਦਰ (ਵਾਹਿਗੁਰੂ) ਦੇ ਵਿਚਕਾਰ ਹਾਇਲ ਹੈ, ਦੂਰ ਹੁੰਦੀ ਹੈ। ਜਦ ਲਗਾਤਾਰ ਯਾਦ ਰਹੀ, ਲਗਾਤਾਰ ਹਜ਼ੂਰੀ ਰਹੀ, ਲਗਾਤਾਰ ਅਸੀਂ ਸੁੰਦਰ ਪ੍ਰੀਤਮ ਦੇ ਨਾਲ ਰਹੇ, ਤਦ ਸਮਝੇ ਕਿ ਵਿੱਥ ਗਈ। ਜਦੋਂ ਆਪਾ ਨਿਵਰ ਜਾਵੇ, ਸਿਫਤ
ਬੁੱਢਣ ਸ਼ਾਹ- ਸਾਹਿਬਜ਼ਾਦੇ ਜੀ! ਆਪ ਧੰਨ ਹੋ, ਇਸੇ ਵਿਸਮਾਦ ਸੁੱਖ ਤੋਂ ਬਿਨਾਂ, ਇਸੇ ਨਜ਼ਰ ਨਾਲ ਮਿਲੇ ਇਲਾਹੀ ਲਹਿਰੇ ਤੋਂ ਬਿਨਾਂ, ਮੈਂ ਉਮਰਾ ਦਾ ਇਕ ਹਿੱਸਾ ਤਪਾਂ ਹਠਾਂ ਵਿਚ ਗੁਆ ਲਿਆ। ਗੁਰੂ ਬਾਬੇ ਨੇ ਮੇਰੇ ਤੇ ਮੇਹਰ ਕੀਤੀ, ਮੇਰੇ ਵਿਚ ਰਸ ਦੀ ਝਰਨਾਟ ਛੇੜੀ, ਮੈਨੂੰ ਜੀਅ ਦਾਨ ਦਿਤਾ, ਮੇਰੇ ਅੰਦਰ ਜੀਉਂਦਾ ਕਿਣਕਾ ਇਲਾਹੀ ਰਸ ਦਾ ਪਾਯਾ, ਤਦ ਤੋਂ ਹੁਣ ਤਕ ਦਾ ਸਮਾਂ ਬੜੇ ਹੀ ਰੰਗ ਵਿਚ ਲੰਘਿਆ ਹੈ। ਸ਼ੁਕਰ ਹੈ ਕਿ ਮੈਂ ਆਤਮ ਸੁੱਖ ਪਾਇਆ।
ਗੁਰਦਿੱਤਾ ਜੀ ਤਪ ਹੱਠ ਬਾਬਤ ਬੀ ਠੀਕ ਖਿਆਲ ਲੋਕ ਨਹੀਂ ਕਰਦੇ। ਹੱਠ ਪਹਿਲਾ ਦਰਜਾ ਹੈ, ਜਦੋਂ ਮਨ ਨੂੰ ਮਨ ਦੇ ਲੋਭ, ਲਹਿਰ, ਆਸਾ, ਤ੍ਰਿਸ਼ਨਾਂ ਦੇ ਸੁਭਾਵਾਂ ਤੋਂ ਹੋੜੀਦਾ ਹੈ, ਸਤਿਗੁਰੂ ਦੀ ਬਾਣੀ ਦੇ ਬਾਣ ਮਾਰੀਦੇ
"ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥੧੨੧॥”
(ਸਲੋਕ ਭਗਤ ਕਬੀਰ ਜੀਉ, ਪੰਨਾ ੧੩੭੦)
ਇਸ ਤਰ੍ਹਾਂ ਦੇ ਬਿਲਾਸ ਕਰਕੇ ਸਾਹਿਬਜ਼ਾਦੇ ਜੀ ਤਾਂ ਚਲੇ ਗਏ ਤੇ ਬੁੱਢਣ ਸ਼ਾਹ ਜੀ ਉੱਥੇ ਹੀ ਲਿਵਲੀਨ ਹੋ ਗਏ। ਦਿਨ ਹੁਣ ਚੋਖਾ ਹੋ ਆਯਾ ਸੀ, ਪਰ ਆਪ ਆਪਣੀ ਇਸ ਅਕੰਟਕ ਸਮਾਧੀ ਵਿਚ ਲੀਨ ਸੇ, ਕਿ ਇਕ ਨੀਲਾ ਘੋੜਾ ਉਡਦਾ ਆ ਗਿਆ, ਅਰ ਬਾਂਕਿਆਂ ਜੋੜਿਆਂ ਵਾਲੇ ਮਨ-ਹਰਨ ਮਨੋਹਰ ਸ੍ਰੀ ਗੁਰੂ ਜੀ ਸਾਹਮਣੇ ਆ ਖੜ੍ਹੋਤੇ। ਸੇਲੀਆਂ ਵਾਲਾ ਗੁਰੂ ਨਾਨਕ ਖੜਗਾਂ ਵਾਲਾ ਹਰਿਗੋਬਿੰਦ ਹੋ ਆਇਆ। ਬੁੱਢਣ ਸ਼ਾਹ ਸਮਾਧੀ ਵਿਚ ਦਰਸ਼ਨ ਵਾਸਤੇ ਪ੍ਰਾਰਥਨਾ ਕਰ ਰਿਹਾ ਹੈ, ਤੇ ਦਰਸ਼ਨ ਦਾਤੇ ਸਾਹਮਣੇ ਖੜ੍ਹੇ ਹਨ। ਸਤਿਗੁਰੂ
ਕਿਤਨਾ ਕਾਲ ਇਸ ਤਰ੍ਹਾਂ ਬਤੀਤਿਆ, ਸਤਿਗੁਰੂ ਜੀ ਨੇ ਅਸੀਸ ਦਿਤੀ ਤੇ ਆਖਿਆ:-
"ਮੇਰਾ ਦੁੱਧ”?
ਪ੍ਰੇਮ ਭਰੇ ਬਿਰਧ ਨੇ ਉੱਠ ਕੇ ਬੱਕਰੀਆਂ ਦਾ ਆਪ ਦੁੱਧ ਚੋਇਆ ਤੇ ਚੋਜੀ ਸਤਿਗੁਰ ਨੂੰ ਪਿਲਾਯਾ, ਅਰ ਐਸਾ ਝਲਕਾ ਡਿੱਠਾ ਕਿ ਸਤਿਗੁਰ ਸੇਲੀਆਂ ਵਾਲਾ ਤੇ ਖੜਗਾਂ ਵਾਲਾ ਇੱਕੋ ਕੌਤਕਹਾਰ ਦੇ ਦੇ ਬਾਣੇ ਹੋ ਦਿਸੇ। ਤਦ ਬੁੱਢਣ ਸ਼ਾਹ ਨੇ ਸਤੋਤ੍ਰ ਕਿਹਾ:-
ਨਮੋ ਨਮੋ ਤੁਮਕੋ ਜਗ ਸ੍ਵਾਮੀ!
ਨਮੋ ਨਮੋ ਪ੍ਰਭੁ ਅੰਤਰ ਜਾਮੀ!੩੨॥
ਨਮੋ ਨਮੋ ਗਨ ਤੁਰਕਨਿ ਹਰਤਾ!
ਨਮੋ ਨਮੋ ਉੱਜਲ ਜਸੁ ਕਰਤਾ॥
(ਗੁ: ਪ੍ਰ: ਸੂ: ਪ੍ਰ: ਰਾਸ ੮, ਅੰਸੂ ੩੩, ਪੰਨਾ ੩੪੩੯)
ਕੁਛ ਚਿਰ ਮਗਰੋਂ ਸਤਿਗੁਰ ਜੀ ਗੁਰਦਿੱਤਾ ਜੀ ਦੇ ਬਨਾਏ ਮੰਦਰ ਨੂੰ ਗਏ, ਕਮਰਕਸਾ ਖੋਲ੍ਹਿਆ ਤੇ ਇਸ਼ਨਾਨ ਆਦਿ ਵਿਚ ਲਗੇ, ਤੇ ਗੁਰਦਿੱਤਾ ਜੀ ਨੂੰ ਫਕੀਰ ਪਾਸ ਜਾਣੇ ਦਾ ਹੁਕਮ ਮਿਲਿਆ।
ਬਾਬਾ ਜੀ ਤੇ ਬੁੱਢਦ ਸ਼ਾਹ ਜੀ ਗੁਰੂ-ਜਸ ਕਰਦੇ ਰਹੇ। ਸੰਝ ਨੂੰ ਫਕੀਰ ਨੇ ਕਿਹਾ, "ਸਾਹਿਬਜ਼ਾਦੇ ਜੀ! ਜਦ ਤੁਸੀਂ ਸਰੀਰ ਤਿਆਗੋ ਤਾਂ ਏਸੇ ਥਾਂ ਦੇਹੁਰਾ
ਦੇਖਤਿ ਬੰਦੇ ਪਦ ਅਰਬਿੰਦਾ।
'ਧੰਨ ਧੰਨ ਤੁਮ ਕੋ ਸੁਖ ਕੰਦਾ।
ਅੰਤ ਸਮੇਂ ਮੁਝ ਦਰਸ਼ਨ ਦੀਨ।
ਕਰ੍ਯੋ ਕ੍ਰਿਤਾਰਥ ਸੰਕਟ ਹੀਨ ॥੨॥
(ਗੁ: ਪ੍ਰ: ਸੂ: ਪ੍ਰ: ਰਾਸ ੮, ਅੰਸੂ ੩੪, ਪੰਨਾ ੩੪੪੦)
ਸਤਿਗੁਰੂ ਨੇ ਫੁਰਮਾਯਾ, "ਹੇ ਬੁੱਢਣ ਸ਼ਾਹ! ਜੇ ਹੋਰ ਚਿਰ ਜੀਵਨ ਨੂੰ ਲੋੜੇ ਤਾਂ ਦੱਸ!" ਫਕੀਰ ਨੇ ਕਿਹਾ, "ਹੇ ਸੁੰਦਰਾਂ ਦੇ ਸੁੰਦਰ। ਕਲੇਜੇ ਸਮਾ ਕੇ ਫੇਰ ਨਾ ਨਿਕਲਣ ਵਾਲੇ ਮੋਹਿਨਾ ਦੇ ਮੋਹਿਨ! ਅਪਨੀ ਰੱਜ਼ਾ ਵਿਚ ਰੱਖ ਤੇ ਅਪਨੇ ਬਖਸ਼ੇ ਵਿਸਮਾਦ ਵਿਚ ਵਿਸਮਾਦ ਕਰ ਦੇਹ, ਆਪਣੀ ਦਿਤੀ ਲਿਵ ਵਿਚ ਲਿਵਲੀਨ ਰੱਖ, ਉਮਰਾ ਬਹੁਤ ਬੀਤੀ ਹੈ, ਹੁਣ ਚਰਨ ਸ਼ਰਨ ਵਿਚ ਵਾਸਾ ਦੇਹ, ਸੰਸਾਰ ਸਾਰਾ ਤੱਕ ਲੀਤਾ ਹੈ, ਰਜ ਚੁਕਾ ਹਾਂ, ਪਰ ਤੇਰਾ ਰੂਪ ਤਕ ਤਕ ਕੇ ਰਜ ਨਹੀਂ ਆਈ, ਹੋਰ ਤੋਂ ਹੋਰ ਤੱਕਣੇ ਨੂੰ ਜੀ ਕਰਦਾ ਹੈ, ਰਜਦਾ ਹਾਂ ਫੇਰ ਜੀ ਕਰਦਾ ਹੈ, ਐਸੀ ਮੇਹਰ ਕਰ ਕਿ ਇਸ ਸੌਂਦਰ੍ਯਤਾ ਵਿਚ ਸਮਾਵਾਂ! ਮੈਂ ਸੁਣਿਆ ਹੈ ਕਿ ਚੋਜੀ ਮੇਰੇ ਖੜਗਾਂ ਵਾਲੇ ਗੁਰੂ ਨਾਨਕ ਨੇ ਦਸਵਾਂ ਜਾਮਾ ਧਾਰਨਾ ਹੈ, ਤੇ ਬਲਬੀਰ ਅਰ ਨਾਮ ਧੀਰ ਪੰਥ ਰਚਨਾ ਹੈ, ਤਦੋਂ ਸੱਦ ਲਈ, ਭਾਵੇਂ ਹੁਣ ਰੱਖ ਲਈਂ ਤੇ ਇਸ ਆਪਣੇ ਚਿਤ ਮੋਹ ਲੈਣ ਵਾਲੇ ਦਸਵੇਂ ਸਰੂਪ ਦਾ ਇਕ ਦਰਸ਼ਨ ਵਿਖਾ ਦੇਈਂ, ਤੇ ਹੁਣ ਸਰੀਰ ਜਰਜਰਾ ਹੈ, ਜਿਵੇਂ ਰਜ਼ਾ ਹੈ
––––––––––––––––
* ਲਿਖਦੇ ਤੇ ਆਖਦੇ ਹਨ ਕਿ ਇਸ ਵੇਲੇ ਫਕੀਰ ਸਮਾ ਗਿਆ ਅਰ ਸਤਿਗੁਰ ਨੇ ਹਥੀਂ ਸਸਕਾਰ ਕੀਤਾ ਤੇ ਸਮਾਧ ਬਨਾਈ। ਇਹ ਬੀ ਕਹਿੰਦੇ ਹਨ ਕਿ ਕਬਰ ਬਨਾਈ। ਪਰ ਦੂਸਰੀ ਰਵਾਯਤ ਇਹ ਹੈ ਕਿ ਜਦ ਸਤਿਗੁਰ ਨੇ ਕਿਹਾ ਕਿ ਹੋਰ ਜੀਣਾ ਹਈ, ਅਸਾਂ ਦਸ ਜਾਮੇਂ ਧਾਰਨੇ ਹਨ, ਤਾਂ ਫਕੀਰ ਦਾ ਜੀ ਉਸ ਦਾਤੇ ਦੇਕਲਗੀਆਂ ਵਾਲੇ ਦੇ ਦਰਸ਼ਨਾਂ ਲਈ ਰੀਝ ਆਯਾ, ਇਸ ਰੀਝ ਵਿਚ "ਤੇਰੀ ਰਜਾ, ਤੇਰੀ ਰਜ਼ਾ" ਕਹਿੰਦਾ ਮਸਤ ਹੋ ਗਿਆ। ਸਤਿਗੁਰ ਨੇ ਅਸੀਸ ਦਿਤੀ ਅਰ ਓਹ ਦਸਵੇਂ ਜਾਮੇ ਤਕ ਉਥੇ ਪ੍ਰੇਮ-ਰੰਗਾਂ ਦੀਆਂ ਸਮਾਧੀਆਂ ਵਿਚ ਰਿਹਾ ਤੇ ਦਸਵੇਂ ਜਾਮੇ ਦੇ ਦਰਸ਼ਨ ਪਾ ਕੇ ਗੁਰ ਸ਼ਰਨ ਸਮਾਯਾ। ਅਸਾਂ ਇਸ ਪਿਛਲੀ ਤੇ ਘਟ ਪ੍ਰਸਿੱਧ ਰਵਾਯਤ ਦੀ ਪੈਰਵੀ ਕੀਤੀ ਹੈ।
ਬੁੱਢਣ ਸ਼ਾਹ ਦੀ ਉਮਰ ਹਿਸਾਬ ਕੀਤੇ ਪੌਣੇ ਦੋ ਸੌ ਸਾਲ ਦੇ ਲਗ-ਭਗ ਪੁਜਦੀ ਹੈ, ਪਰ ਰਵਾਯਤਾਂ ਤੇ ਸੂਰਜ ਪ੍ਰਕਾਸ਼ ਵਾਲੇ ਸਜਨ ਜੀ ਉਨ੍ਹਾਂ ਦੀ ਉਮਰ ੫੦੦ ਬਰਸ ਦੀ ਲਿਖਦੇ ਹਨ, ਇਹ ਬੀ ਰਵਾਯਤ ਹੈ ਕਿ ਫਕੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲੋਂ ਪ੍ਰਾਣਾਯਾਮੀ, ਦੁਧਾ ਧਾਰੀ, ਹਠ ਯੋਗ ਦਾ ਪੱਕਾ ਅਭ੍ਯਾਸੀ ਸੀ।
ਮੇਰਾ ਦੁੱਧ*
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਕਲਗੀਆਂ ਵਾਲਾ ਸ੍ਰੀ ਗੁਰੂ ਨਾਨਕ
ਸਮਾਂ ਟੁਰਿਆ ਹੀ ਰਹਿੰਦਾ ਹੈ, ਸੋ ਟੁਰਿਆ ਹੀ ਗਿਆ, ਅੱਧੀ ਸਦੀ ਲਗ ਪਗ ਹੋਰ ਬੀਤ ਗਈ। ਖੜਗਾਂ ਵਾਲੇ ਗੁਰ ਨਾਨਕ ਜੀ ਹੁਣ ਦਸਵੇਂ ਜਾਮੇਂ ਆ ਗਏ। ਕੀਰਤਪੁਰ ਕੋਲੋਂ ਲੰਘ ਗਏ, ਅਗੇਰੇ ਚਲੇ ਗਏ", ਜਾ ਪਹਾੜੀਆਂ ਦੂਨਾਂ ਵਿਚ ਆਨੰਦ ਖੇੜਿਆ, ਜਿਥੇ ਆਨੰਦਪੁਰ ਨਵੇਂ ਸਤਿਗੁਰ ਦਾ ਵਸਾਇਆ ਵੱਸ ਰਿਹਾ ਸੀ।
ਦਿਲ ਤਾਂ ਦਸੀਂ ਜਾਮੀਂ ਨਿਰੰਤਰ ਰੱਬੀ ਸੀ, ਤੇ ਵਿਸਮਾਦ, ਇਲਾਹੀ ਤੇਜ, ਸਦਾ ਰੂਹਾਨੀ ਰੰਗ ਦਾ ਅੰਦਰ ਖੇੜਾ ਸੀ, ਹੱਥ ਵਿਚ ਮਾਲਾ, ਲੱਕ ਨਾਲ ਖੜਗ ਸੀ ਤੇ ਹੁਣ ਸੀਸ ਉਤੇ ਕਲਗੀ ਆ ਲੱਗੀ। ਅਰਥਾਤ ਸ਼ਾਂਤਿ, ਉਤਸ਼ਾਹ, ਚੜ੍ਹਦੀਆਂ ਕਲਾਂ ਦਾ ਇਕੱਠਾ ਪ੍ਰਕਾਸ਼ ਹੋ ਗਿਆ। ਸ਼ਾਂਤਿ ਰੂਪ ਪੰਥ ਵਿਚ ਦੀਨ ਰੱਖ੍ਯਾ ਹਿਤ ਬੀਰ ਰਸ ਆਇਆ ਸੀ, ਪਰ ਬੀਰ ਰਸ ਵਿਚ ਰਹਿੰਦਿਆਂ ਕਾਂਪ ਨਾ ਖਾਣੇ ਲਈ ਸੁਰਤ ਨੇ ਚੜ੍ਹਦੀਆਂ ਕਲਾਂ (ਹਉਂ ਰਹਿਤ ਖੇੜੇ) ਦਾ ਰੰਗ ਪਕੜਿਆ ਸੀ।
––––––––––––
* ਇਹ ਪ੍ਰਸੰਗ ਸੰ: ਗੁ: ਨਾ: ਸਾ: ੪੪੬ (੧੯੧੪ ਈ.) ਦੇ ਗੁਰਪੁਰਬ ਪੁੰਨਮ ਪਰ ਪ੍ਰਕਾਸ਼ਿਆ ਸੀ।
੧. ਪਟਨੇ ਤੋਂ ਆਨੰਦਪੁਰ ਜਾਂਦਿਆਂ।
ਜਦੋਂ ਆਨੰਦਪੁਰ ਤੋਂ ਨਾਹਨ ਜਾਣ ਦੀ ਤਿਆਰੀ ਹੋ ਰਹੀ ਸੀ, ਉਹਨਾਂ ਦਿਨਾਂ ਵਿਚ ਇਕ ਦਿਨ ਸਵੇਰ ਸਾਰ ਦਸਵੇਂ ਸਤਿਗੁਰ ਨਾਨਕ ਜੀ ਸਤਲੁਜ ਦੇ ਕਿਨਾਰੇ ਅੰਮ੍ਰਿਤ ਵੇਲੇ ਤੋਂ ਬੈਠੇ ਸੇ, ਇਕਾਂਤ ਸੀ ਤੇ ਆਪ ਇਕੱਲੇ ਸੇ; ਨੈਣ, ਇਲਾਹੀ ਜਲਵੇ ਵਾਲੇ ਨੈਣ, ਬੰਦ ਹੋ ਗਏ, ਡੇਢ ਪੌਣੇ ਦੋ ਸੌ ਵਰ੍ਹੇ ਦਾ ਪਿਛਲਾ ਸਮਾਂ ਅੰਦਰੋਂ ਖੁੱਲ੍ਹੇ ਨੈਣਾਂ ਦੇ ਅੱਗੇ ਵਿਛ ਗਿਆ। ਬਿਰਦ ਬਾਣੇ ਦਾ ਹੁਲਾਸ ਆਇਆ, ਜੰਗਲ ਵਿਚ ਤਦੋਂ ਦਾ ਬੁੱਢਾ ਫਕੀਰ, ਹਠੀਆ ਤਪੀਆ, ਨਿਰਾਸ ਤੇ ਦੁਖੀ ਡਿੱਠਾ ਤੇ ਪਛਾਣਿਆਂ, 'ਹਾਂ' ਇਸ ਨੂੰ ਇਸ ਉਦਾਸ ਦਸ਼ਾ ਵਿਚ ਪਿਆਰ ਕੀਤਾ ਸੀ, ਗਿਣਤੀਆਂ ਵਿਚੋਂ ਕੱਢ, ਹਿਸਾਬਾਂ ਤੋਂ ਚੱਕ, ਸੋਚਾਂ ਤੋਂ ਉੱਚਾ ਕਰ ਵਾਹਿਗੁਰੂ ਦੀ ਸਦਾ ਹਜ਼ੂਰੀ ਦੇ ਚਬੂਤਰੇ ਤੇ ਚਾੜ੍ਹਿਆ ਸੀ, ਖੀਵਾ ਕੀਤਾ ਸੀ, ਬੇਖੁਦੀਆਂ ਦੀ ਪੀਂਘ ਝੁਟਾਈ ਸੀ ਤੇ ਆਖਿਆ ਸੀ-"ਦੁੱਧ ਛੇਵੇਂ ਜਾਮੇਂ ਪੀਆਂਗੇ" ਤੇ ਛੇਵੇਂ ਜਾਮੇਂ ਆਪਣਾ ਲਾਇਆ ਬੂਟਾ ਪਾਲਿਆ ਹੋਇਆ ਤੱਕਿਆ ਸੀ, ਦੁੱਧ ਪੀਤਾ ਸੀ, ਤੇ ਆਖਿਆ ਸੀ, "ਫੇਰ ਪੀਆਂਗੇ, ਬਈ ਫੇਰ ਪੀਆਂਗੇ"। ਉਹ ਪਿਆਰਾ ਹੁਣ ਪੱਕਾ ਫਲ ਹੈ, ਬ੍ਰਿਧ ਉਮਰਾ ਨਾਲ ਢੁੱਕ ਖੜੋਤਾ ਹੈ, ਪਰ ਫਲ ਤਰੋਤਾਜ਼ਾ ਰਸ ਭਰਿਆ ਪਾਤਸ਼ਾਹੀ ਮਹਿਲਾਂ ਲਈ ਤਿਆਰ ਹੈ'।
ਜਿਵੇਂ ਪਹਿਲੇ ਜਾਮੇਂ ਲਾਇਆ ਸੀ, ਤੇ ਛੇਵੇਂ ਜਾਮੇਂ ਪਾਲਿਆ ਸੀ, ਤਿਵੇਂ ਹੁਣ ਬਿਨ ਕਾਂਪ ਖਾਧੇ ਪੱਕ ਗਏ ਫਲ ਨੂੰ ਆਪਣੇ ਪਾਲਕ ਵਾਹਿਗੁਰੂ ਦੀ ਭੇਟ ਕਰੀਏ, ਬਿਰਦ ਦੀ ਲਾਜ ਪਾਲੀਏ।
ਕਦੇ ਨਾ ਭੁੱਲਣ ਵਾਲੇ ਤੇ ਯਾਦਾਂ ਦੇ ਸਾਂਈਂ ਸਤਿਗੁਰ ਜੀ ਆਪਣੇ ਪਿਆਰੇ ਨੂੰ ਚਿਤਾਰਕੇ ਉਥੋਂ ਹੀ ਤਿਆਰੇ ਕਰਕੇ ਫਕੀਰ ਸਾਂਈ ਵੱਲ ਟੁਰ ਪਏ।
ਬੁੱਢਣ ਸ਼ਾਹ ਨੇ ਅੱਜ ਲਿਵਲੀਨਤਾ ਤੋਂ ਅੱਖ ਖੋਹਲੀ ਤਾਂ ਉੱਪਰ ਦੇ ਦਾਉ ਨੂੰ ਤੱਕਿਆ, ਪਿਆਰ ਦੇ ਹੁਲਾਰੇ ਵਿਚ ਆ ਕੇ ਆਖਿਓਸੁ--“ਵਿਸਮਾਦ ਹੀ ਵਿਸਮਾਦ ਹੈ। ਆਪਣੇ ਆਪ ਵਿਚ ਕਿਹਾ ਹੀ ਸੁਖ ਹੈ, ਅਚਰਜ ਮੌਜ ਹੈ,
––––––––––––––
* ਕਬੀਰ ਫਲ ਲਾਗੇ ਫਲਨਿ ਪਾਕਨ ਲਾਗੇ ਆਂਥ॥
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥੧੩੪॥ (ਸਲੋਕ ਕਬੀਰ)
ਵਾਹ ਵਾਹ! ਵਾਹ ਵਾਹ! ਨਿਰੀ ਵਾਹ ਵਾਹ? ਹੇ ਵਾਹ ਵਾਹ! ਤੂੰ ਵਾਹ ਵਾਹ? ਤੈਨੂੰ ਵਾਹ ਵਾਹ ਇਹ ਵਾਹ ਵਾਹ 'ਗੁਰ' ਹੈ ਜਿਨ ਲੇਖਿਓਂ ਕੱਢ ਵਿਸਮਾਦ ਚਾੜ੍ਹਿਆ, ਜਿਨ ਸੋਚੋਂ ਕੱਢ ਰਸ ਵਿਚ ਪਾਯਾ, ਜਿਨ ਫਿਕਰੋਂ ਚੱਕ ਆਨੰਦ ਵਿਚ ਪੁਚਾਇਆ, ਜਿਨ ਅਕਲੋਂ ਉਛਾਲ ਸਿੱਧਿ' ਵਿਚ ਸੱਟਿਆ, ਇਹ ਵਾਹਿਗੁਰੂ ਹੈ। ਹੇ ਵਾਹ ਵਾਹ ਗੁਰੂ ! ਹੇ ਵਾਹਿਗੁਰੂ ! ਵਾਹਿਗੁਰੂ ਤੂੰ ਧੰਨ ਹੈਂ, ਧੰਨ ਹੈਂ! ਤੇਰੇ ਦਿਤੇ ਰਸ ਮਾਣਕੇ 'ਵਾਹ ਵਾਹ' ਤੇ ਹੇ ਗੁਰੂ ਦਾਤੇ ਤੂੰ 'ਵਾਹ ਵਾਹ ਤੂੰ ਵਾਹਿਗੁਰੂ ਇਹੋ ਤੇਰਾ ਨਾਮ ਹੈ। ਜਦੋਂ ਮਨ ਨੂੰ ਉਸ ਰਸ ਦਾ ਹਿੱਸਾ ਲੱਝਦਾ ਹੈ ਜੋ ਇਸ ਦੇ ਦੇਸੋਂ ਉਚੇਰਾ ਹੈ ਤਾਂ ਜੀਕੂੰ ਰਸ ਦਾ ਨਾਮ 'ਵਿਸਮਾਦ' ਰਖਦਾ ਹੈ ਤਿਕੂੰ ਤੇਰਾ ਨਾਮ 'ਵਾਹਿਗੁਰੂ' ਰੱਖਦਾ ਹੈ । ਹੇ ਵਾਹਵਾ ਦੇ ਰੰਗ 'ਵਿਸਮਾਦ' ਵਿਚ ਲੈ ਜਾਣ ਵਾਲੇ ਦਾਤੇ! ਤੇਰਾ ਦਿਤਾ ਪਾਕੇ ਤੈਨੂੰ ਮਿਲਣ ਨੂੰ ਜੀ ਕਰਦਾ ਹੈ। ਤੂੰ ਆ ਜਾਹ ਤੇ ਕਿਸੇ ਦੇ ਸਦਕੇ ਆ ਜਾਹ। ਤੇਰੇ ਬਖਸ਼ੇ ਸੁਤੰਤ੍ਰ ਰਸ ਨਾਲੋਂ, ਤੂੰ ਆਪ ਆ ਜਾਹ ਤੇ ਦਰਸ਼ਨ ਦਾ ਰਸ ਦੇ ਜਾਹ। ਮੁਕਤੀ.....ਮੈਂ ਮੁਕਤਿ ਨਾ ਹੋਵਾਂ, ਹਾਇ ! ਮੈਂ ਰਸ ਤੋਂ ਬੀ ਉਚਾਟ ਹੋ ਤੈਨੂੰ ਲੋਚਦਾ ਹਾਂ, ਹੇ ਰਸ ਦਾਤੇ ! ਤੂੰ ਆਪ ਆ, ਤੇ ਮੇਰੀ ਅੱਖੀਂ ਸਮਾਂ। ਮੈਂ ਹੋਵਾਂ, ਇਹ ਸਰੀਰ ਹੋਵੇ, ਤੇਰੇ ਸਰੀਰ ਵਾਲੇ ਚਰਨ ਹੋਣ, ਮੈਂ ਧੋਵਾਂ, ਨੈਣਾਂ ਦੇ ਨੀਰ ਨਾਲ, ਅੱਖੀਂ ਲਾਵਾਂ, ਕਲੇਜੇ ਲਾਵਾਂ....ਹੇ ਉੱਚੇ ਦਾਤੇ ! ਆ ਅਰ ਇਨ੍ਹਾਂ ਮਿਟਦੇ ਜਾਂਦੇ ਨੇਤ੍ਰਾਂ ਵਿਚ ਲੰਘ ਜਾਹ। ਆ ਜਾਹ ਪ੍ਰੀਤਮ! ਪ੍ਰਾਣ ਜੀਉ! ਆ ਜਾਹ। ਮੈਂ ਸੱਭੋ ਸੁਖ ਪਾਏ ਤੇ ਤੇਰੇ ਦਿਤੇ ਪਾਏ, ਪਰ ਹੇ ਸੁਖਦਾਤੇ! ਤੂੰ ਆਪ ਆ ਅਰ ਆਕੇ ਪ੍ਰਤੱਖ ਦਰਸ ਦਾ ਸੁਖ ਦਿਖਾ ਤੇ ਚਰਨੀਂ ਲਾ। ਸੁਰਤ ਨੂੰ ਆਪਣੀ ਸੁਰਤ ਵਿਚ ਸਮਾਇਆ ਹਈ, ਸਰੀਰ ਨੂੰ ਬੀ ਚਰਨਾਂ ਵਿਚ ਸਮਾ ਲੈ, ਸਰੀਰ ਨੂੰ ਵੀ ਦਰਸ਼ਨ ਦੀ ਖੈਰ ਪਾ। ਮੇਰਾ ਦਿਲ ਫੇਰ ਨਿਆਣਾ ਹੋ ਗਿਆ ਹਈ। ਮੈਨੂੰ ਮੁਕਤੀ ਦੀ ਲੋੜ ਨਹੀਓਂ, ਅੱਜ ਤਾਂ ਰਸ ਦੀ ਬੀ ਲੋੜ ਚੁਕਾ ਦਿਤੀ ਏ ਇਸ ਲੋਂਹਦੇ ਮਨ ਨੇ, ਆ ਦਰਸ ਦਿਖਾ। ਆ ਤੇ ਆਪਣੇ
–––––––––––––
* ਕਹਿ ਕਬੀਰ ਥੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥੧॥ (ਗਉ: ਕਬੀਰ)
ਪੁਨਾ:--ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਜਪੁਜੀ)
ਕੋਮਲ ਚਰਨ, ਦਿੱਸਦੇ ਚਰਨ, ਹੱਥਾਂ ਨਾਲ, ਮੇਰੇ ਬੁੱਢੇ ਮਾਸ ਦੇ ਹੱਥਾਂ ਨਾਲ ਫੜੇ ਜਾਣ ਵਾਲੇ ਚਰਨ, ਮੇਰੇ ਨੈਣਾਂ ਤੇ ਰੱਖ ਮੇਰੇ ਸੀਨੇ ਨਾਲ ਲਾ। ਇਹ ਤ੍ਰਬ੍ਹਕਦਾ ਦਿਲ ਸੁਹਣੇ ਸੁਹਣੇ ਚਰਨਾਂ ਦੀ ਠੰਢ ਨੂੰ ਮੰਗਦਾ ਹੈ, ਇਹ ਤ੍ਰਬ੍ਹਕਦਾ ਮਥਾ ਚਰਨਾ ਦੀ ਛੁਹ ਨੂੰ ਤਰਸਦਾ ਹੈ। ਮੈਨੂੰ ਸਰੀਰਧਾਰੀ ਨੂੰ ਸਰੀਰ ਦੇ ਦਰਸ਼ਨ ਦੇਹ ਹੇ ਅਰੂਪ ਤੇ ਅਰੀਮ! ਮੈਂ ਅਰੂਪ ਤੇ ਅਰੀਮ ਨਹੀਂ, ਮੈਂ ਮਨੁੱਖ ਹਾਂ ਤੇ ਮਨੁਖੀ ਵਲਵਲੇ ਵਾਲਾ ਹਾਂ, ਮਨੁਖੀ ਪਿਆਰ ਵਿਚ ਆਖਦਾ ਹਾਂ; ਮੇਰੀ ਖਾਤਰ ਮਨੁਖ ਹੋ ਕੇ ਆ। ਮੌਲਾ, ਮੇਰੇ ਮੌਲਾ! ਆਦਮੀ ਬਣ ਕੇ ਆ। ਸੇਲੀਆਂ ਵਾਲਿਆ। ਖੜਗਾਂ ਵਾਲਿਆ ! ਕਲਗੀਆਂ ਵਾਲਾ ਰੂਪ ਦਿਖਾ, ਆ ਚਰਨੀਂ ਲਾ ਤੇ ਅਪਣਾ ਅਪਨਾਅ। ਬੁੱਢੇ ਦੀ ਮਤ ਨਹੀਂ ਹੁੰਦੀ। ਮੈਂ ਅਰਸ਼ਾਂ ਦੇ ਸੁਖ ਮੁਕਤੀ ਦੇ ਰਸ, ਬੁਢੇ ਤੇ ਸੱਤ੍ਰੇ ਬਹੱਤ੍ਰੇ ਨੇ ਛੱਡੇ। ਮੈਨੂੰ ਚਰਨਾਂ ਦਾ ਸੁਖ ਦੇਹ, ਦਰਸ਼ਨਾਂ ਦੀ ਖੈਰ ਪਾ। ਆ ਦਾਤਿਆ ਦੇਹ ਧਾਰੀ ਹੋ ਕੇ ਆ। ਸਮੇਂ ਪਲਟ ਚੁਕੇ ਹਨ, ਰੰਗ ਕਈ ਆਏ, ਕਈ ਗਏ, ਨਦੀ ਵਿਚ ਸੈਂਕੜੇ ਵੇਰ ਨਵੇਂ ਪਾਣੀ ਆਏ ਚੜ੍ਹੇ ਤੇ ਵਹਿ ਗਏ, ਬਹਾਰਾਂ ਕਈ ਖਿੜੀਆਂ ਤੇ ਝੜੀਆਂ, ਮੈਂ ਪੁਰਾਣੇ ਬੋੜ੍ਹ ਵਾਂਙੂ ਬਾਹੀਂ ਅੱਡ ਅੱਡ ਮਿਲਣ ਦੀ ਤਾਂਘ ਵਿਚ ਖੜਾ ਹਾਂ, ਆ ਹੇ ਅਰੂਪ ਤੋਂ ਰੂਪਵਾਨ ਹੋਣ ਵਾਲੇ ! ਰੂਪ ਦਾ ਝਲਕਾ ਦੇਹ।....ਦਾਤੇ ! ਮੈਂ ਉੱਥੇ ਰਵਾਂ ਜਿੱਥੇ ਤੂੰ ਰਵੇਂ। ਤੂੰ ਦੇਹ ਧਾਰੇਂ ਮੈਂ ਸੇਵਾ ਕਰਾਂ, ਮੈਨੂੰ ਨਾਲੇ ਰੱਖ। ਮੈਂ ਦੇਹ ਵਾਲਾ ਅੱਖਾਂ ਮੀਟ ਕੇ ਅਰਸ਼ੀ ਸੁਖਾਂ ਨੂੰ ਕੀ ਕਰਾਂ? ਮੈਨੂੰ ਆ ਕੇ ਮਿਲ ਤੇ ਚਰਨੀਂ ਲਾ।”
ਇਸ ਤਰ੍ਹਾਂ ਭਗਤੀ ਪਿਆਰ ਦੇ ਅਕਹਿ ਤੇ ਅਤਿ ਉੱਚੇ ਭਾਵ ਵਿਚ ਬੁੱਢਣਸ਼ਾਹ ਦਾਤੇ ਦੇ ਚਰਨਾਂ ਨੂੰ ਤੜਫ ਰਿਹਾ ਸੀ ਕਿ ਅਚਾਨਕ ਚਾਨਣਾ ਹੋ ਗਿਆ। ਫਕੀਰ ਨੂੰ ਤੜਕੇ ਦੇ ਹਨੇਰੇ ਵਿਚ ਭਾਰੀ ਲਿਸ਼ਕਾਰ ਵੱਜਾ, ਐਸਾ ਤੇਜ ਕਿ ਝੱਲਿਆ ਨਾ ਜਾਵੇ, ਅੱਖਾਂ ਤੱਕ ਤੱਕ ਕੇ ਪੌਣ ਨੂੰ ਸੁੰਘ ਸੁੰਘ ਕੇ ਆਖਦਾ ਹੈ:-
–––––––––––
* ਜਹ ਅਬਿਗਤੁ ਭਗਤੁ ਤਹ ਆਪਿ॥ ਤਹ ਪਸਰੈ ਪਾਸਾਰੁ ਸੰਤ ਪਰਤਾਪਿ॥ (ਗਉ: ਸੁਖਮਨੀ-੨੧)
ਹਾਂ, ਪੌਣ ਪਿਆਰੇ ਨਾਨਕ ਨਿਰੰਕਾਰੀ ਦੀ ਖੁਸ਼ਬੋ ਵਾਲੀ ਹੋ ਗਈ ਹੈ, ਉਸਦੇ ਪਵਿਤ੍ਰ ਸਰੀਰ ਦੀ ਲਪਟ ਲਿਆ ਰਹੀ ਹੈ। ਆਕਾਸ਼ ਵਿਚ ਉਸਦੇ ਨੂਰੀ ਸਰੀਰ ਦਾ ਚਾਨਣਾ ਹੈ। ਨਦੀ ਵਲੋਂ ਮਲ੍ਯਾਗਰ ਦੀ ਠੰਢੀ ਸੁਗੰਧਿ ਆਉਂਦੀ ਹੈ....ਉੱਪਰੋਂ ਆ ਰਹੇ ਹਨ। ਜੀ ਆਏ, ਆਵੇ ਤੇ ਚਰਨੀਂ ਲਾਵੋ। ਇੰਨੇ ਨੂੰ ਮਰਦਾਨੇ ਦਾ ਝਾਉਲਾ ਵੱਜਾ, ਸਾਹਮਣੇ ਆ ਬੈਠਾ, ਰਬਾਬ ਛਿੜੀ, ਬਨ ਇਲਾਹੀ ਰਾਗ ਨਾਲ ਭਰ ਗਿਆ :-
“....ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ
ਨ ਧੀਜਏ॥ ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ
ਮਨੁ ਭੀਜਏ॥੨॥ ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ
ਰਾਮ॥ ਹਰਨਾਮੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ॥
ਮੋਲਿ ਅਮੋਲ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ॥
ਇਕਿ ਸੰਗਿ ਹਰਿਕੈ ਕਰਹਿ ਰਲੀਆ ਹਉ ਪੁਕਾਰੀ ਦਰਿ
ਖਲੀ॥ ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜ
ਸਾਰਏ॥ ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ
ਸਾਧਾਰਏ॥੩॥” (ਆਸਾ ਛੰਤ ਮ:੧, ਪੰ: ੪੩੬}
ਇਸ ਸ਼ਬਦ ਨੇ ਹੋਰ ਹੀ ਰੰਗ ਬੰਨ੍ਹਿਆ। ਬਿਰਧ ਪ੍ਰੇਮੀ ਦਾ ਕਲੇਜਾ ਪਾਟ ਪਿਆ ਕਿ ਕਦ ਦਰਸ਼ਨ ਹੋਣ, ਸਤਲੁਜ ਨਦੀ ਵਾਂਙ ਹਜ਼ਾਰ ਧਾਰ ਹੋ ਵਹਿ ਤੁਰਿਆ ਕਿ ਕਦ ਪ੍ਰੀਤਮ ਦਿਸ ਆਵੇ। ਇੰਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਚਮੁੱਚ ਦਿੱਸ ਪਏ। ਦੇਖ ਜਿਸ ਸਰੀਰ ਦੀਆਂ ਲੱਤਾਂ "ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥" ਵਾਂਙ-ਨਿਰਬਲ ਸਨ, ਕੀਕੂੰ ਸਿਰ ਚਰਨਾਂ ਤੇ ਜਾ ਢੱਠਾ ਹੈ, ਤੇ ਕੀਕੂੰ ਸਰੀਰ ਪਿਆਰੇ ਦੇ ਅੰਕ ਸਮਾ ਗਿਆ ਹੈ ? ਹਾਂ ਜੀ ਪ੍ਰੀਤਮ ਦੇ ਚਰਨਾਂ ਕਮਲਾਂ ਦੇ ਭਵਰੇ ਕੀਕੂੰ ਲਿਪਟ ਰਹੇ ਹਨ ਪ੍ਰੀਤਮ ਨੂੰ ? ਕੀਕੂੰ ਬ੍ਰਿਧ ਦਾ ਸੀਸ ਨਿਆਣੇ ਦੇ ਸੀਸ ਵਾਂਙੂ ਪਿਆਰੇ ਦੇ ਤਨ ਲੱਗਾ ਪਿਆਰਿਆ ਜਾ ਰਿਹਾ ਹੈ। ਕੀਕੂੰ ਪਿਆਰੇ ਦੇ ਮੇਲ ਵਿਚ ਮਿਲ ਰਿਹਾ ਹੈ। ਉੱਚੇ ਆਤਮ ਸੁਖਾਂ ਨੂੰ ਤਾਂ ਗਿਆਨੀਆਂ ਨੇ ਦੱਸਿਆ ਹੈ, ਪਰ
ਇਸ 'ਗੁਰ ਸਿੱਖ ਗੁਰ ਪ੍ਰੀਤ ਹੈ ਨੂੰ ਕੌਣ ਦਰਸਾਏ ? ਰਸੀਏ ਨੂੰ ਰਸ ਮਾਣਨ ਦਾ ਬੀ ਚੇਤਾ ਨਹੀਂ। ਖਿੱਚ ਤੇ ਧਾਈ, ਹਾਂ, ਖਿੱਚ, ਪਿਆਰ ਤੇ ਛਿੱਕਵੇਂ ਪਿਆਰ ਨੇ ਪ੍ਰੀਤਮ ਮਿਲਾਇਆ, ਪ੍ਰੀਤਮ ਦੇ ਚਰਨੀਂ ਲੱਗੇ, ਪ੍ਰੀਤਮ ਦੇ ਹੋ ਗਏ ਕਿ ਸਮਾ ਗਏ ਕਿ ਰਹਿ ਗਏ, ਕੁਝ ਪਤਾ ਨਹੀਂ, ਇਹ ਪ੍ਰੀਤ- -ਤਾਰ ਹੈ, ਇਹ ਪ੍ਰੀਤ ਹੈ। ਇਹ ਮੁਕਤ ਅਮੁਕਤ ਹੈ, ਮੁਕਤੋਂ ਪਰੇ ਦੀ ਪ੍ਰੀਤਿ ਹੈ। ਇਹ ਖਬਰੇ ਕੀ ਹੈ, ਅਕਹਿ ਹੈ। ਸਿਖ ਹੀ ਗੁਰੂ ਵਿਚ ਨਹੀਂ ਸਮਾ ਰਿਹਾ, ਗੁਰੂ ਨੂੰ ਬੀ ਪਿਆਰ ਨੇ ਬੰਨ੍ਹਕੇ ਆਪਣਾ ਕਰ ਲਿਆ ਹੈ, ਸਿਖ--ਪ੍ਯਾਰ ਵਿਚ ਮਗਨਾ ਲਿਆ ਹੈ। ਸਾਰੇ ਸੰਸਾਰ ਦੇ ਗਿਆਨ ਵਾਲੇ ਨੂੰ ਹੁਣ ਹੋਰ ਕੋਈ ਪਤਾ ਨਹੀਂ, ਸਿਖ ਦੀ ਗੁਰੂ ਪਿਆਰ ਵਿਚ ਨਿਮਗਨਤਾ ਹੈ। ਨਿਮਗਨਤਾ ਵਿਚ ਕਾਲ ਦੀ ਚਾਲ ਗੁੰਮ ਹੈ। ਹਾਂ ਬਾਹਰ ਜੋ ਕਾਲ ਦੀ ਚਾਲ ਜਾਰੀ ਹੈ, ਦਿੱਸਦੀ ਹੈ ਕਿ ਕਿਤਨਾ ਹੀ ਕਾਲ ਲੰਘ ਗਿਆ ਹੈ; ਹੁਣ ਚੋਜੀ ਪਿਆਰੇ ਨੇ ਕੰਨ ਵਿਚ ਆਵਾਜ਼ ਦਿੱਤੀ:-
"ਮੇਰਾ ਦੁੱਧ”
ਹਾਂ ਜੀ ! ਹੁਣ ਸਿਖ ਦੀ ਹੋਸ਼ ਪਰਤੀ, ਸਿਖ ਨੇ ਨੈਣ ਖੁਹਲੇ। ਸੇਲ੍ਹੀਆਂ ਵਾਲੇ ਦੀ ਗੋਦ ਵਿਚ ਸਿਰ ਸੱਟਿਆ ਸੀ ਚੁੱਕਿਆ ਤਾਂ ਕਲਗੀਆਂ ਵਾਲੇ ਦੀ ਗੋਦ ਵਿਚ। ਉਹ ਅਨੂਪਮ ਚਿਹਰਾ ਜੋ ਸੇਲ੍ਹੀਆਂ ਨਾਲ ਮੋਹਦਾ ਸੀ, ਹੁਣ ਕਲਗੀਆਂ ਨਾਲ ਮਨ ਭਰਦਾ ਹੈ। ਧੰਨ ਤੇਰੇ ਚੋਜ ਹਨ ਤੇਰੇ ਰੰਗ ਅਪਾਰ ਹਨ, ਰੂਪ ਸਾਰੇ ਤੇਰੇ ਹਨ, ਉਮਰਾਂ ਸਭ ਤੇਰੀਆਂ ਹਨ। ਹੇ
––––––––––––
* ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ ਗੁਰੁ ਅੰਗਦ ਗੁਰੂ ਅੰਗ ਤੇ ਜੋਤੀ ਜੋਤ ਸਮੋਈ॥ ਅਮਰਾਪਦ ਗੁਰੁ ਅੰਗਦਹੁ ਹੋਇ ਜਾਣ ਜਣੋਈ॥ ਗੁਰੂ ਅਮਰਹੁ ਗੁਰ ਰਾਮਦਾਸ ਅੰਮ੍ਰਿਤ ਰਸੁ ਭੋਈ॥ ਰਾਮਦਾਸਹੁ ਅਰਜੁਨ ਗੁਰੂ ਗੁਰ ਸਬਦ ਸਥੇਈ॥ ਹਰਿਗੋਵਿੰਦ ਗੁਰ ਅਰਜਨਹੁ ਗੁਰੁਗੋਵਿੰਦ ਹੋਈ॥ ਗੁਰਮੁਖ ਸੁਖ ਫਲ ਪਿਰਮ ਰਸੁ ਸਤਿਸੰਗ ਅਲੋਈ॥ ਗੁਰੁਗੋਬਿੰਦਹੁ ਬਾਹਿਰਾ ਦੂਜਾ ਨਾਹੀ ਕੋਈ॥੨੦॥ (ਵਾਰ ਭਾ: ਗੁ: ੩੮)
ਸ੍ਰੀ ਨਾਨਕ ਅੰਗਦ ਕਰਿ ਮਾਨਾ॥ ਅੰਗਦ ਅਮਰਦਾਸ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੁਝ ਨਹਿ ਪਾਯੋ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨਹੀ ਸਿਧਿ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥੧੦॥ (ਬਚਿਤ੍ਰ ਨਾਟਕ)
ਸੁਹਣਿਆਂ, ਹੇ ਸੁੰਦਰ ! ਤੂੰ ਧੰਨ ਹੈਂ ! ਨਵੇਂ ਰੂਪ, ਨਵੇਂ ਰੰਗ ਨੇ ਇਕ ਨਵੀਂ ਮਸਤੀ ਵਿਚ ਸਿਖ ਮਗਨ ਕੀਤਾ, ਅੱਖਾਂ ਦੇ ਛੱਪਰ ਭਰ ਭਰ ਕੇ, ਝੁਕ ਝੁਕ ਕੇ ਫੇਰ ਮੂੰਦ ਗਏ। ਔਹ ਸਿਰ ਫਿਰ ਗੋਦ ਵਿਚ ਜਾ ਪਿਆ ਹੈ ਤੇ ਪਿਆਰੇ ਦੇ ਮੇਲ ਵਿਚ ਫੇਰ ਹਾਂ, ਦੋਹਾਂ ਬਾਹਾਂ ਨਾਲ ਘੁਟਕੇ "ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ" ਫੇਰ ਗੁਰ-ਪ੍ਰੀਤ ਵਿਚ ਸਿਖ ਲੀਨ ਹੋ ਗਿਆ। ਪ੍ਰੀਤਮ ਨੇ ਜੋ ਕਿਹਾ ਸੀ ਸਿਖ ਤੋਂ ਸੁਣਿਆਂ ਹੀ ਨਹੀਂ ਗਿਆ, ਜਿਸਦੇ ਨਾਲ ਅਤੁੱਟ ਪਿਆਰ ਹੈ ਉਹ ਦੁੱਧ ਪਿਆ ਮੰਗਦਾ ਹੈ ਪਰ ਸਿਖ ਨੂੰ--ਮੇਲ ਵਿਚ, ਗੁਰ ਸੰਗਮ ਵਿਚ ਕੁਛ ਯਾਦ ਨਹੀਂ। ਚੁੰਬਕ ਉੱਡ ਉੱਡਕੇ ਪ੍ਰੀਤਮ ਨੂੰ ਚੰਬੜ ਰਿਹਾ ਹੈ। ਹੁਣ ਯਾਦ ਸ਼ਕਤੀ ਭੀ ਅਯਾਦ ਹੋ ਗਈ ਹੈ। ਚਿਤਹਿ ਚਿਤ ਸਮਾ ਰਿਹਾ ਹੈ। ਕੈਸਾ ਪਿਆਰਾਂ ਵਾਲਾ ਲੀਨ ਕਰ ਲੈਣ ਵਾਲਾ, 'ਗੁਰ-ਸਿਖ-ਸੰਧਿ' ਦਾ ਦਰਸ਼ਨ ਹੈ। ਗੁਰੂ ਸਿਖ ਰਸ' ਲੀਨ ਹੈ, ਸਿਖ 'ਗੁਰੂ-ਰਸ' ਲੀਨ ਹੈ। ਕੁਛ ਚਿਰ ਬਾਦ ਸਦਾ ਜਾਗਤੀ ਜੋਤਿ ਸਤਿਗੁਰ ਨੇ ਫਿਰ ਕਿਹਾ,—
"ਮੈਂ ਭੁੱਖਾ ਹਾਂ"
ਹੇ ਤ੍ਰਿਲੋਕੀ ਦੇ ਪਾਲਕ! ਹੇ ਗੋਪਾਲ! ਹੇ ਧਰਾਨਾਥ! ਹੇ 'ਵਿਚਿ ਉਪਾਏ ਸਾਇਰਾ ਤਿਨਾ ਭੀ ਸਾਰ ਕਰੇਇ ਵਾਲੇ ਦਾਤੇ, ਹੇ ਤੂੰ ਦਾਤਾ, ਹੇ ਵਿਸ੍ਵੰਭਰ! ਏਹ ਤੇਰੇ ਕੀ ਚੋਜ ਹਨ, ਤੂੰ ਭੁਖਾ ਹੈਂ ? ਹੇ ਤੂੰ ਸਦਾ ਰੱਜੇ! ਸਦਾ ਅਘਾਏ "ਪ੍ਰੀਤ-ਪਿੜ ਦੇ ਰਸੀਏ ਖਿਲਾਰੀ! ਹੇ ਠਾਕੁਰ, ਹੇ 'ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ! ਤੂੰ ਭੁਖਾ ਹੈਂ? ਹਾਂ ਸਤਿਗੁਰ ਆਖਦਾ ਹੈਂ ਮੈਂ ਭੁਖਾ ਹਾਂ ਫੇਰ ਆਖਦਾ ਹੈ:- "ਮੇਰਾ ਦੁਧ” ?"
'ਮੇਰਾ ਦੁਧ' ਸੁਣ ਕੇ ਸਿਖ ਕੰਬ ਕੇ ਉਠਦਾ ਹੈ, ਕੀ ਦੇਖਦਾ ਹੈ, ਸਿਰ ਕਲਗੀਆਂ ਵਾਲੇ ਦੀ ਗੋਦ ਵਿਚ ਧਰਿਆ ਸੀ, ਪਰ ਚੁਕਿਆ ਸੇਲ੍ਹੀਆਂ ਵਾਲੇ ਦੀ ਗੋਦ ਵਿਚੋਂ ਹੈ। ਪ੍ਰੀਤਮ ਤਾਂ ਉਹ ਹੈ, ਸਿਖ ਕਦ ਭੁਲਦਾ ਹੈ। ਹੁਣ ਤਾਂ ਸਿਖ ਨੇ ਸਹੀ ਸਿਞਾਤਾ ਹੈ, ਕਿੰਨੇ ਰੂਪ ਬਦਲ ਖੂਬ ਪਛਾਤਾ ਹੈ। ਮਨ ਭਵਰਾ ਹੈ, ਨੀਲੇ, ਲਾਲ, ਗੁਲਾਬੀ ਰੰਗਾਂ ਵਿਚ ਨਹੀਂ ਭੁਲਦਾ, ਹਰ ਰੰਗ ਵਿਚ ਕਵਲ ਨੂੰ ਪਛਾਣਦਾ ਹੈ। ਇਸੇ ਮਸਤੀ ਵਿਚ ਫੇਰ ਆਵਾਜ਼ ਆਈ:- "ਮੇਰਾ ਦੁਧ”
ਫ਼ਕੀਰ ਉਠਿਆ, ਪੈਰ ਨਹੀਂ ਟੁਰਦੇ, ਨੈਣ ਪਿਆਰੇ ਤੋਂ ਪਰੇ ਨਹੀਂ ਜਾਂਦੇ, ਮੁੜ ਮੁੜ ਕੇ ਤੱਕਦੇ ਹਨ, ਫੇਰ ਕਲਗੀਆਂ ਵਾਲਾ ਝਲਕਾ ਵੱਜਾ, ਫੇਰ ਧੂਹ ਪਈ, ਫੇਰ ਸਿਰ ਢੱਠਾ ਤੇ ਗੋਦ ਵਿਚ, ਫੇਰ ਗੁਰ-ਸੰਗਮ ਵਿਚ ਸਿਖ ਲੀਨ ਤੇ ਗੁਰੂ ਨੂੰ ਦੁਧ ਦੇਣ ਦੀ ਸੁਧ ਨਹੀਂ ਰਹੀ, ਐਸੀ ਲੀਨਤਾ ਛਾਈ ਕਿ ਬੱਸ ਪੁਛੋ ਨਾਂ। ਜੀ ਹਾਂ-
"ਗੁਰ ਸਿਖ ਸੰਗਤ ਮਿਲਾਪ ਕੋ ਪ੍ਰਤਾਪ ਅਤਿ ਪ੍ਰੇਮ
ਕੈ ਪਰਸਪਰ ਬਿਸਮ ਸਥਾਨ ਹੈ। ਦ੍ਰਿਸਟਿ ਦਰਸ
ਕੈ, ਦਰਸ ਕੈ ਦ੍ਰਿਸ਼ਟਿ ਹਰੀ, ਹੇਰਤ ਹਿਰਾਤ ਸ਼ੁਧਿ
ਰਹਤ ਨ ਧਿਆਨ ਹੈ॥ ਸਬਦ ਕੈ ਸੁਰਤਿ, ਸੁਰਤਿ
ਕੈ ਸਬਦ ਹਰੇ, ਕਹਤ ਸੁਨਤ ਗਤਿ ਰਹਿਤ ਨ
ਗਿਆਨ ਹੈ। ਅਸਨ ਬਸਨ ਤਨ ਮਨ ਬਿਸਿਮਰਨ
ਹੋਇ ਦੇਹ ਕੈ ਬਿਦੇਹ ਉਨਮਤ ਮਧੁ ਪਾਨ ਹੈ॥੨੬॥
....ਕੁਛ ਸਮੇਂ ਮਗਰੋਂ ਹੁਣ ਫੇਰ ਆਵਾਜ਼ ਆਈ,
"ਮੇਰਾ ਦੁੱਧ ?"
ਤ੍ਰਬ੍ਹਕਕੇ ਸਿਖ ਜੀ ਉਠੇ, ਸੰਭਲੇ, ਕਦਮ ਚਾਣ ਲਗੇ ਕਿ ਫੇਰ ਚਿਹਰਾ ਤੱਕਿਆ, ਕਲਗੀ ਦੀ ਲਿਸ਼ਕਾਰ ਵੱਜੀ, ਫੇਰ ਮਗਨ ਹੋ ਗੋਦ ਵਿਚ ਹੀ ਢਹਿ ਪਏ।
ਹੇ ਕਲਗੀਆਂ ਵਾਲੇ ਪ੍ਰੀਤਮ ! ਹੁਣ ਸਿਖ ਤੋਂ ਇਕ ਕਦਮ ਦਾ ਵਿਛੁੜਨ ਨਹੀਂ ਹੁੰਦਾ, ਹੁਣ ਅਪਣੀ ਸਦਾ ਹਰੀ ਗੋਦ ਵਿਚ ਇਹ ਬੂਟਾ ਸਮਾ ਲੈ, ਇਹ ਸਿਖ ਹੁਣ ਚਿਹਰੇ ਤੱਕਣ ਦੀ ਤਾਬ ਬੀ ਨਹੀਂ ਰੱਖਦਾ। ਬਿਰਦ ਬਾਣਿਆਂ ਵਾਲਿਆ ! ਰੱਖ ਲੈ, ਹੁਣ ਨਾ ਵਿਛੋੜ ਅਰ ਆਪਣੇ ਹੀ ਸਦਕੇ ਨਾ ਵਿਛੋੜ।
"ਅਚਰਜ ਨੇ ਆਚਰਜੁ ਹੈ ਅਚਰਜੁ ਹੋਵੰਦਾ॥
ਵਿਸਮਾਦੇ ਵਿਸਮਾਦੁ ਹੈ ਵਿਸਮਾਦੁ ਰਹੰਦਾ॥
ਹੈਰਾਣੈ ਹੈਰਾਣੁ ਹੈ ਹੈਰਾਣੁ ਕਰੰਦਾ॥
ਅਬਿਗਤਹੁਂ ਅਬਿਗਤੀ ਹੈ ਨਹਿ ਅਲਖੁ ਲਖੰਦਾ॥
ਅਥਹੁਂ ਅਕੱਥ ਅਲੇਖ ਹੈ, ਨਿਤ ਨੇਤਿ ਸੁਣੰਦਾ॥
ਗੁਰਮੁਖ ਸੁਖ ਫਲ ਪਿਰਮ ਰਸ ਵਾਹੁ ਵਾਹੁ ਚਵੰਦਾ॥੧੮॥”
(ਵਾ:ਭਾ:ਗੁਰਦਾਸ-੩੮}
ਸਤਿਗੁਰੂ ਨੇ ਫੇਰ ਕਿਹਾ:- "ਮੇਰਾ ਦੁੱਧ?”
ਹੁਣ ਹੋਰ ਖੇਲ ਵਰਤੀ। ਪ੍ਰਿਯ ਰਸ ਪ੍ਰੋਤੀ ਸੁਰਤ ਨੇ ਪਰਤਾ ਖਾਧਾ, ਹਾਂ, ਉਸੇ ਦਾਤੇ ਦੀ ਸੱਦ ਨਾਲ ਪਰਤਾ ਖਾਧਾ :-
੧. ਲੋਚਨ ਅਨੂਪ ਰੂਪ ਦੇਖਿ ਮੁਰਛਾਤ ਭਏ,
ਸੇਈ ਮੁਖਿ ਬਹਿਰਿਓ ਬਿਲੋਕਿ ਧ੍ਯਾਨ ਧਾਰਿ ਹੈ।
੨. ਅੰਮ੍ਰਿਤ ਬਚਨ ਸੁਨਿ ਸ੍ਰਵਨ ਬਿਮੋਹੇ ਆਲੀ !
ਤਾਹੀ ਮੁਖ ਬੈਨ ਸੁਨ ਸੁਰਤ ਸਮਾਰਿ ਹੈ।
੩. ਜਾ ਪੈ ਬੇਨਤੀ ਬਖਾਨਿ ਜਿਹਬਾ ਥਕਤ ਭਈ,
ਤਾਹੀ ਕੇ ਬੁਲਾਏ ਪੁਨ ਬੇਨਤੀ ਉਚਾਰਿ ਹੈ।
੪. ਜੈਸੇ ਮਦ ਪੀਏ ਗ੍ਯਾਨ ਧ੍ਯਾਨ ਬਿਸਰਨ ਹੋਇ
ਤਾਹੀ ਮਦ ਅਚਵਤ ਚੇਤਨ ਪ੍ਰਕਾਰ ਹੈ॥੬੬੬॥
ਬਾਬਾ ਬੁੱਢਣ ਜੀ ਹੁਣ ਉੱਠੇ ਤਾਂ ਬੱਕਰੀ ਪਾਸ ਆਈ ਖੜੀ ਹੈ, ਅਰ ਕੁਦਰਤ ਦੇ ਰੰਗ, ਪ੍ਰੇਮ ਦੇ ਤੰਗ ਤੱਕੋ, ਛੰਨਾਂ ਬੀ ਪਾਸ ਪਿਆ ਹੈ। ਮਸਤਾਨੇ ਰੰਗ ਸਿਖ ਨੇ ਉਠ ਕੇ ਦੁੱਧ ਚੋਇਆ। ਪਤਾ ਨਹੀਂ ਚੋਇਆ ਕਿ ਆਪੇ ਚੋ ਹੋ ਗਿਆ। ਸਿਖ ਨੇ ਇੰਨਾ ਡਿੱਠਾ ਹੈ ਕਿ ਕਟੋਰਾ ਉਛਲਣ ਲੱਗਾ ਹੈ, ਕਟੋਰਾ ਉੱਛਲ ਪਿਆ ਹੈ, ਲਬਾ ਲਬ ਹੋ ਡੁਲ੍ਹ
––––––––––––
* ਕਥਿਤ ਭਾਈ ਗੁਰਦਾਸ, ਦੂਜ਼ਸਰਾ ਸਕੰਧ।
ਡੁਲ੍ਹ ਪੈ ਰਿਹਾ ਹੈ। ਸਿਖ ਦੇ ਹੱਥ ਹਨ, ਵਿਚ ਛੰਨਾ ਹੈ, ਗੁਰੂ ਦੇ ਗੁਲਾਬ ਨਾਲੋਂ ਕੋਮਲ ਤੇ ਸੁਹਣੇ ਬੁਲ੍ਹ ਹਨ ਜੋ ਛੰਨੇ ਨੂੰ ਲੱਗ ਰਹੇ ਹਨ। ਏਸੇ ਧਿਆਨ ਯੋਗ ‘ਗੁਰ-ਸਿਖ-ਸੰਧਿ' ਮੂਰਤੀ ਦੇ ਦਰਸ਼ਨ ਹੋ ਰਹੇ ਹਨ, ਇਸੇ ਰੰਗ ਵਿਚ ਸਿਖ ਤੇ ਗੁਰੂ ਪਿਰਮ ਰਸਾਂ ਵਿਚ ਮਸਤ ਅਲਮਸਤ ਹਨ।
ਇਸੇ ਰੰਗ ਦੇ ਅਨੂਪਮ ਝਾਕੇ ਕੀਰਤਪੁਰ ਹਨ, ਕੀਰਤ ਪੁਰੇ ਵਿਚ 'ਗੁਰਸਿੱਖ-ਸੰਧਿ' ਦਾ ਇਹੋ ਦਰਸ਼ਨ ਹੈ। 'ਮੇਰਾ ਦੁੱਧ' 'ਮੇਰਾ ਦੁੱਖ' ਦਾ ਪਿਆਰਾਂ ਵਾਲਾ ਨਕਸ਼ਾ ਹੈ। ਕਲਮ ਨਾਲ ਕੌਣ ਨਕਸ਼ਾ ਖਿੱਚੇ? ਕੌਣ ਮੂਰਤ ਉਤਾਰੇ? ਹਾਂ, ਅਰਸ਼ਾਂ ਤੇ ਇਸ ਪ੍ਰੇਮ ਦਾ ਨਕਸ਼ਾ ਉਤਰ ਰਿਹਾ ਹੈ। ਉਥੇ ਅਕਸ ਪੈ ਰਿਹਾ ਤੇ ਮੂਰਤ ਬਣ ਰਹੀ ਹੈ।
ਲੇਖਕ:
ਸਦਾ ਜੀਓ! ਸਿੱਖ! ਗੁਰੂ-ਪ੍ਰੀਤ ਵਿਚ ਗੁਰੂ ਨਾਲ ਪੇਉਂਦ ਹੋ ਗਏ ਸਿਖ! ਗੁਰੂ ਨੌਨਿਹਾਲ ਦੀ ਡਾਲੀ ਬਣ ਗਏ ਸਿਖ! ਸਦਾ ਝੂਲੋ, ਸਦਾ ਝੂਮੋ, ਸਦਾ ਫੁਲੋ, ਸਦਾ ਪ੍ਰਫੁਲਤ ਰਹੋ, ਸਦਾ ਲਪਟਾਂ ਦਿਓ, ਸਦਾ ਖਿੜੋ; ਵਾਹ ਵਾਹ ਮੇਰਾ ਦੁਧ' ਦਾ ਨਕਸ਼ਾ! ਵਾਹ ਪੀਣ ਹਾਰੇ ਪ੍ਰੀਤਮ! ਵਾਹ ਪਿਲਾਉਣ ਹਾਰੇ ਸਦਕੇ ਹੋ ਚੁਕੇ ਪ੍ਰੇਮੀ! ਪੀਓ ਤੇ ਪਿਲਾਓ। ਕੋਈ ਘੁੱਟ, ਕਤਰਾ ਕੋਈ ਬੂੰਦ, ਕੋਈ ਤੁਪਕਾ, ਕੋਈ ਟੇਪਾ, ਕੋਈ ਛਿੱਟ, ਕੋਈ ਕਣੀ, ਕੋਈ ਕਣੀ ਦੀ ਕਣੀ।
ਅਸਾਂ ਗ੍ਰੀਬਾਂ ਵੱਲ ਬੀ।
ਹੇ ਸਿਖ! ਗੁਰੂ ਦੇ ਸਿਰ ਦੇ ਸਦਕੇ, ਹੇ ਸਿਖ ਗੁਰੂ ਦੇ ਚਰਨਾਂ ਦੇ ਸਦਕੇ! ਕੋਈ ਇਕ ਕਿਣਕੇ ਦੀ ਕਣੀ।
ਅਸਾਂ ਅਨਾਥਾਂ ਨੂੰ ਬੀ....।
––––––––––––
* ਲਬਾਬਲ ਕੁਨੇ ਦਮ ਬਦਮ ਨੋਸ਼ ਕੁਨ।
ਗ਼ਮੇ ਹਰ ਦੋ ਆਲਮ ਫਰਾਮੋਸ਼ ਕੁਨ॥ (ਪਾ.੧੦)
ਇਸ ਪ੍ਰੇਮ ਮੂਰਤਿ ਦੇ ਸਦਕੇ, ਇਸ ਪ੍ਰੀਤ ਦਰਸ਼ਨ ਦੇ ਸਦਕੇ! ਹਾਂ ਕੋਈ ਇਕ ਬੂੰਦ ਦੀ ਬੂੰਦ, ਕੋਈ ਨਿਕੜੀ ਜੇਹੀ ਅੰਮ੍ਰਿਤ ਬੂੰਦ ਸੁਹਾਵਣੀ ਅਸਾਂ ਅਝਾਣਿਆਂ ਨੂੰ ਬੀ ਦਾਨ ਹੋ ਜਾਏ, ਤੇਰੇ ਦਰ ਦੇ ਸੁਆਲੀ ਹਾਂ, ਦੇਹ ਇਕ ਬੂੰਦ ਇਸ ਪਿਆਰ ਭਰੇ ਛੰਨੇ ਵਿਚੋਂ ਪ੍ਰੇਮ ਪਿਆਲੇ ਵਿਚੋਂ ਇਕ ਬੂੰਦ ਦਾਤ ਮਿਲ ਜਾਏ, ਮੰਗਤੇ ਨੂੰ ਖੈਰ ਪੈ ਜਾਏ, ਗੁਸਤਾਖ ਮੰਗਤੇ ਹਾਂ, ਤੇਰੇ ਪ੍ਰੇਮ ਰੰਗ ਦੇ ਬੱਝੇ ਨਕਸ਼ੇ ਵਿਚ ਮੰਗ ਦੀ ਅਵਾਜ਼ ਕੰਨੀ ਪਾ ਰਹੇ ਹਾਂ, ਮੂਰਖ ਭਿਖਾਰੀ ਹਾਂ, ਪਰ ਦਾਤਾ ਸਾਲੀ ਕੀ ਤੇ ਅਕਲਾਂ ਕੀ? ਹਾਂ ਦਾਤਾ! ਪਾ ਦੇਹ ਖ਼ੈਰ, ਸਦਕੇ ਬਿਰਦ ਬਾਣੇ ਦੇ, ਦੇਹ ਦਾਤ, ਤੇਰਾ ਪ੍ਰੇਮ ਰਾਜ ਜੁਗ ਜੁਗ ਸਲਾਮਤ ਰਹੇ, ਦੇਹ ਇਕ ਤੁਪਕਾ ਅਸਾਂ ਨੂੰ ਬੀ ਦੇਹ, ਹਾਂ।
ਬੂੰਦ
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ
ਇੱਕੋ ਹੀ ਦੇਹ ਸਾਂਈਂ!
ਅੱਧੀ, ਅੱਧ-ਪਚੱਧੀ ਦੇ ਦੇ
ਨਿੱਕੀ ਹੋਰ ਗੁਸਾਈਂ!
ਇੱਕ ਵੇਰ ਇੱਕ ਕਣੀ ਦਿਵਾ ਦੇਹ,
ਸੂਫੀ ਅਸੀਂ ਨ ਰਹੀਏ!
ਇੱਕ ਵੇਰ ਦਰ ਖਲਿਆਂ ਤਾਂਈਂ,
ਸਾਂਈ! ਸ੍ਵਾਦ ਚਖਾਈਂ।
–––––––––––
* ਮਤਵਾਲੇ ਅਮਲੀ ਹੁਏ ਪੀ ਪੀ ਚੜ੍ਹੇ ਸਹਿਜ ਘਰ ਜਾਏ।
ਸੂਫੀ ਮਾਰਨ ਟੱਕਰਾਂ ਪੂਜ ਨਿਵਾਜੇ ਸੀਸ ਨਿਵਾਏ॥੮॥ ਵਾ:ਭਾ:ਗੁ:੩੯
ਸੂਚਨਾ
ਬੁੱਢਣ ਸ਼ਾਹ ਨੂੰ ਤਾਰਦੇ ਸ੍ਰੀ ਗੁਰੂ ਜੀ ਸਿਰਮੋਰ ਦੀ ਦੁਨ ਨੂੰ ਹੋ ਟੁਰੇ ਤੇ ਸਹਿਜੇ ਸਹਿਜੇ ਸਫਰ ਕਰਦੇ ਜਗਤ ਨੂੰ ਤਾਰਦੇ ਨਾਹਨ ਦੇ ਰਾਜ ਵਿਚ ਆ ਪਹੁੰਚੇ। ਇਧਰ ਨਾਹਨ ਸਿਰਮੌਰ ਦੀ ਦੁਨ ਹੈ, ਜਿਸ ਵਿਚ ਗੁਰੂ ਜੀ ਜਾ ਟਿਕੇ ਤੇ ਜਮਨਾ ਕਿਨਾਰੇ ਇਕ ਕੱਚਾ ਕਿਲ੍ਹਾ, ਮੰਦਰ ਤੇ ਰਹਿਣ ਦਾ ਥਾਂ ਬਣਵਾਯਾ। ਮੰਦਰ ਤਾਂ ਹੁਣ ਹੈ, ਕਿਲ੍ਹਾ ਨਹੀਂ ਹੈ, ਟਿਕਾਣਾ ਅਤਿ ਰਮਣੀਕ ਹੈ, ਪਰ ਸਿਖਾਂ ਨੇ ਇਸਨੂੰ ਰੌਣਕ ਨਹੀਂ ਦਿੱਤੀ। ਇਸ ਟਿਕਾਣੇ ਸ੍ਰੀ ਗੁਰੂ ਜੀ ਬੜੇ ਖ਼ੁਸ਼ ਰਹੇ ਹਨ, ਕਵਿਤਾ ਦਾ ਰੰਗ ਇਥੇ ਚੋਖਾ ਖੁਲ੍ਹਦਾ ਰਿਹਾ ਹੈ ਤੇ ਹੋਰ ਅਨੇਕ ਚੋਜ ਹੋਏ।
{ਕ:ਧ:ਚਮਤਕਾਰ-ਅਧਿਆਏ-੮}
–––––––––––––––––
* ਇਸ਼ਾਰਾ ਪਾਉਂਟਾ ਸਾਹਿਬ ਵਲ ਜਾਪਦਾ ਹੈ: ਗੁਰਦਵਾਰਾ ਤਾਂ ਆਲੀਸ਼ਾਨ ਬਣ ਗਿਆ ਹੈ ਪਰ ਸ਼ਹਿਰ ਦੀ ਰੌਣਕ ਜ਼ਿਆਦਾ ਨਹੀਂ ਹੈ।