ਬੁੱਢਣ ਸ਼ਾਹੂ— ਪਰ ਕੀਹ ਗੁਰੂ ਨਾਨਕ ਦੇ ਘਰ ਦੇ ਫਕੀਰ ਏਕਾਂਤ ਨਹੀਂ ਰਹਿੰਦੇ ?
ਪੰਜੂ- ਜੀ ਹਾਂ, ਇਕ ਹੋਰ ਉੱਚੀ ਏਕਾਂਤ ਹੈ, ਜਿਨ੍ਹਾਂ ਸਾਂਈਂ ਪਿਆਰਿਆਂ ਨੂੰ ਉੱਚਾ ਸਤਿਸੰਗ ਪ੍ਰਾਪਤ ਹੋ ਜਾਵੇ, ਅਰੂਪ ਸਤਿਸੰਗ ਤਕ ਜਿਨ੍ਹਾਂ ਦੀ ਪਹੁੰਚ ਹੋ ਜਾਵੇ, ਓਹ ਦਿੱਸਦੇ ਏਕਾਂਤ ਵਾਸੀ ਹਨ, ਪਰ ਹੁੰਦੇ ਸਤਿਸੰਗ ਵਿਚ ਹਨ। ਮੇਰੀ ਜਾਚੇ ਜੋ ਭਲੀ ਰੂਹ ਹੈ, ਸਾਂਈਂ ਦੇ ਪ੍ਰੇਮ ਤੇ ਸਿਮਰਨ ਵਾਲੀ ਹੈ, ਸ਼ੁਭ ਸਤਿਸੰਗ ਵਾਲੀ ਹੈ। ਸਾਂਈਂ ਦੇ ਪਿਆਰੇ ਹੰਸ ਹੁੰਦੇ ਹਨ, ਹੰਸ ਹੰਸਾਂ ਵਿਚ ਵਿਚਰਦੇ ਹਨ, ਚਾਹੋ ਰੂਪਧਾਰੀ ਹੋਣ, ਚਾਹੇ ਅਰੂਪ।
ਬੁੱਢਣਸ਼ਾਹ— ਸੱਚ ਹੈ, ਕਲ ਸਵੇਰੇ ਮੈਂ ਬੜਾ ਦੁਖੀ ਸਾਂ, ਆਪ ਦੀ ਕਾਕੀ-ਜਿਸ ਨੂੰ 'ਪਵਿੱਤ੍ਰਤਾ' ਤੇ 'ਸਾਂਈਂ ਪ੍ਰੇਮ' ਦੀ ਦੇਵੀ ਕਹਿਣਾ ਚਾਹੀਏ-ਆਈ, ਇਸ ਨੇ ਐਸੇ ਸਿਦਕ ਤੇ ਭਰੋਸੇ ਦੀਆਂ ਦੋ ਚਾਰ ਗੱਲਾਂ ਕੀਤੀਆਂ ਕਿ ਮੈਨੂੰ ਆਪਣੀ ਸਾਰੀ ਉਮਰ ਦੀਆਂ ਭੁੱਲਾਂ ਦੀ ਸਮਝ ਪੈ ਗਈ। ਸੱਚ ਹੈ, ਸਤਿਸੰਗ ਦਾ ਬੜਾ ਪ੍ਰਤਾਪ ਹੈ, ਧੰਨ ਸਤਿਗੁਰ ਨਾਨਕ ਹੈ ਜਿਸ ਨੇ ਮੇਰੇ ਜਿਹੇ ਇਕੱਲ ਦੇ ਵਾਸੀ ਲਈ ਸਤਿਸੰਗ ਦਾ ਦਰ ਖੋਹਲ ਦਿੱਤਾ, ਮੈਂ ਹੁਣ ਤੁਹਾਡੇ ਕਦੇ ਕਦੇ ਡੋਘਰੇ ਆਇਆ ਕਰਾਂਗਾ।
ਪੰਜੂ- ਸਾਂਈਂ ਜੀ! ਤੁਹਾਡਾ ਘਰ ਹੈ ਸਿਰ ਮੱਥੇ ਤੇ ਆਓ, ਧੰਨ ਭਾਗ ਹਨ, ਪਰ ਹੁਣ ਤੁਸੀਂ ਗੁਰ ਨਾਨਕ ਦੇ ਨਿਵਾਜੇ ਹੋ ਤੇ ਉਸ ਦੇ ਪਿਆਰੇ ਹੋਏ ਹੋ, ਇਸ ਕਰਕੇ ਅਸੀਂ ਆਇਆ ਕਰਾਂਗੇ, ਤੁਸਾਂ ਸਾਰੀ ਉਮਰਾ ਤਪ ਕੀਤਾ ਹੈ, ਅਸੀਂ ਗ੍ਰਿਹਸਤੀ ਹਾਂ, 'ਨਾਨਕ ਨਿਰੰਕਾਰੀ ਦੀ ਨਦਰ' ਨਿਹਾਲ ਹੋਏ ਹਾਂ, ਪਰ ਫੇਰ ਗ੍ਰਿਹਸਤੀ ਹਾਂ।
ਬੁੱਢਣ ਸ਼ਾਹ— ਇੰਞ ਨਾ ਆਖੋ, ਤੁਸੀਂ ਸਤਿਗੁਰੂ ਦੇ ਜੇਠੇ ਪੁਤ੍ਰ ਹੋ, ਮੈਂ ਅਜੇ ਨਿਆਣਾਂ ਹਾਂ। ਮੇਰੇ ਸਿਰ ਤੇ ਹੱਥ ਰਖਣਾ, ਮੈਂ ਤੁਹਾਡੇ ਆਸਰੇ ਤੁਰਨਾ ਹੈ। ਅਜੇ ਮੇਰਾ ਵੇਲਾ ਬਹੁਤ ਹੈ। ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ ਪਰ ਸਤਿਗੁਰ ਨੇ ਮੇਰੀ ਉਮਰਾ ਦੀ ਤਾਰ ਲੰਮੀ ਕੀਤੀ ਹੈ। ਉਸ ਦੇ ਮਨ ਮਿਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ, ਇਹ ਨਾਮ ਦਾ ਰਸ ਤੇ ਸਤਿਸੰਗ ਦਾ ਹੁਲਾਸ ਕੁਛ