ਗੇਣਤੀ ਆਈ, ਰਸ ਸੁਆਦ ਗਏ।
ਬਿਸਮਾਦ ਆਯਾ ਰਸਾਂ ਦੇ ਕੜ ਪਾਟ ਪਏ।
ਭਲਾ, ਮਨੁੱਖ ਸੱਚ ਮੁੱਚ ਜਾਣ ਗਿਆ ਹੈ? ਬਈ ਵੱਡੇ ਤੋਂ ਵੱਡੇ ਸੰਸਾਰ ਦੇ ਦਾਨੇ ਨੂੰ ਪੁੱਛੇ ਕਿ ਅੱਗ ਕਿਉਂ ਚਮਕਦੀ ਹੈ, ਕਿਉਂ ਸਾੜਦੀ ਹੈ? ਬਿਜਲੀ ਕੀ ਹੈ? ਇਸ ਦੀਆਂ ਲਹਿਰਾਂ ਕਿਉਂ ਐਦਾਂ ਪੈਂਦੀਆਂ ਹਨ ? ਕੋਈ ਨਾ ਦੱਸ ਸਕੇਗਾ। ਅਜੇ ਤੱਕ ਮਨੁੱਖ ਅਨਜਾਣ ਹੈ, ਇਸ ਨੇ ਬਹੁਤ ਕੁਛ ਜਾਣਿਆ ਹੈ, ਪਰ ਜੋ ਇਸ ਨੇ ਜਾਣਿਆ ਹੈ ਉਸ ਨੇ ਅਜੇ ਇਸ ਨੂੰ ਅਜਾਣ ਹੀ ਰਖਿਆ ਹੈ। ਅਜੇ ਏਸ ਨੂੰ ਅਸਲ ਕਾਰਨਾਂ ਦੇ ਕਾਰਣ ਦਾ ਪਤਾ ਨਹੀਂ ਤੇ ਵਿਸਮਾਦ ਦੇ ਮਗਰ ਬੈਠੇ ਦਾ ਥਹੁ ਨਹੀਂ। ਏਸ ਤਾਂ ਗੇਣਤੀਆਂ ਵਿਚ ਪੈਕੇ ਕੁਛ ਕੁਦਰਤ ਦੇ ਭੇਤ ਕੱਢਕੇ ਕੁਛ ਜਾਣਿਆ ਹੈ, ਪਰ ਲਾਲ ਬੁਝੱਕੜ ਬਣਕੇ ਵਿਸਮਾਦ ਰੰਗ ਗੁਆਕੇ ਮਾਨੋ ਆਪਣੇ ਅਦਨ ਦੇ ਬਾਗ ਵਿਚੋਂ ਧੱਕਾ ਖਾਧਾ ਹੈ, ਬੇਕੁੰਠ ਤੋਂ ਗਿੜਾਉ ਪਾਇਆ ਹੈ।
ਹੁਣ ਬਿਸਮਾਦ ਇਨਸਾਨ ਨੂੰ ਕਿਵੇਂ ਬਿਸਮਾਦ ਕਰੇ? ਸੋਚ ਵਿਚ ਜੁ ਦਿਨ ਰਾਤ ਫਸ ਗਿਆ। ਕੁਦਰਤ ਦੇ ਚਮਤਕਾਰ ਰੋਜ਼ ਤੱਕੀਦੇ ਹਨ, ਬਿਸਮਾਦ ਕਦੇ ਨਹੀਂ ਹੁੰਦਾ, ਪਰ ਵੇਖੋ ਓਹ ਜੀਉਂਦਾ ਤੇ ਜਿੰਦ ਦਾਤਾ ਦਿਲ, ਜੋ ਕਦੇ ਗੇਣਤੀਆਂ ਨਾਲ ਨਹੀਂ ਢੱਠਾ, ਸਗੋਂ ਢੱਠਿਆਂ ਨੂੰ ਤੁਲ੍ਹਾ ਦੇਂਦਾ ਹੈ, ਜੋ ਦਿਲਾਂ ਦਾ ਸਰਦਾਰ ਦਿਲ ਹੈ ਇਸ ਬਿਸਮੈ ਭਾਵ ਨੂੰ ਕੀਕੂੰ ਕੁਦਰਤ ਦੇ ਹਰ ਚਮਤਕਾਰ ਵਿਚ ਵੇਖਦਾ ਤੇ ਸਾਨੂੰ ਦੱਸਦਾ ਹੈ:-