Back ArrowLogo
Info
Profile

ਸਾਂਈਂ ਲੋਕ ਦੀ ਅੱਖ ਖੁੱਲ੍ਹ ਗਈ, ਇਕ ਠੰਢਾ ਸਾਹ ਭਰਿਆ, ਠੀਕ ਆਖਦੀ ਹੈ, ਇਸ ਮੁਟਿਆਰ ਨੂੰ ਜੀਉਣੇ ਦਾ ਭਰੋਸਾ ਨਹੀਂ, ਤਾਂ ਮੇਰੇ "ਰੁਖੜੇ ਨਦੀ ਕਿਨਾਰੇ" ਦੇ ਜੀਉਣੇ ਦਾ ਕੀ ਭਰੋਸਾ ਹੋ ਸਕਦਾ ਹੈ ? ਪਰ ਮੈਂ ਹੋਰ ਕਰਾਂ ਬੀ ਕੀ ? ਸਾਰੀ ਉਮਰ ਗੁਨਾਹ ਤੋਂ ਪਾਕ ਰਿਹਾ ਹਾਂ, ਦਿਨ ਰਾਤ ਤਪ ਕਰਦਾ ਰਿਹਾ ਹਾਂ, ਸਰੀਰ ਨੂੰ ਸਾਧਨ ਨਾਲ ਘਾਲਿਆ, ਕਿਸੇ ਸੁਆਦ ਰਸ ਦੇ ਅਧੀਨ ਹੋਕੇ ਸਰੀਰ ਦੇ ਆਖੇ ਨਹੀਂ ਲੱਗਾ। ਕਿਸੇ ਨਾਲ ਵਾਹ ਹੀ ਨਹੀਂ ਰਖਿਆ, ਮੰਦਾ ਤਾਂ ਕਿਸੇ ਦਾ ਕੀਹ ਕਰਨਾ ਸੀ, ਪਰ ਮੈਂ ਹਾਂ ਕਿ ਅਜੇ ਅਪਣੇ ਆਪ ਵਿਚ ਤਸੱਲੀ ਨਹੀਂ ਰੱਖਦਾ ਕਿ ਸੁਖੀ ਹਾਂ, ਖੁਸ਼ੀ ਹਾਂ, ਸ਼ਾਂਤ ਹਾਂ। ਅਜੇ ਮੋਲਾ ਦੇ ਦੀਦਾਰ ਨਹੀਂ ਹੋਏ। ਮੁਰਸ਼ਿਦ ਕਹਿ ਗਿਆ ਸੀ "ਕਿ ਰਸਤਾ ਏਹੋ ਹੈ ਕਰੀ ਜਾਹ।” ਮੈਂ ਕਰੀ ਗਿਆ ਹਾਂ ਪਰ ਮੈਨੂੰ ਪਤਾ ਨਹੀਂ ਕਿ ਜੋ ਕੁਛ ਮੈਂ ਕੀਤਾ ਹੈ ਦਰੁਸਤ ਹੈ? ਇਹੋ ਕਰਨਾ ਸੀ ਤੇ ਇਸ ਦਾ ਫਲ ਇਹੋ ਸੀ ਕਿ ਕਰੀ ਹੀ ਜਾਵਾਂ, ਜਾਂ ਕੁਛ ਹੋਰ ਕਰਨਾ ਸੀ? ਚੇਟਕ ਲਾਉਣ ਵਾਲਾ ਤਪ ਤਾਪਣ ਵਿਚ ਪਾਕੇ ਮੁੜ ਨਾਂ ਆਇਆ ਤੇ ਮੇਰੀ ਉਮਰਾ ਲੰਘ ਚੱਲੀ, ਕਿਸ ਨੂੰ ਪੁੱਛਾਂ ਕਿ ਭਾਈ ਮੈਂ ਪਾਤਸ਼ਾਹ ਦੇ ਮਹਿਲਾਂ ਨੂੰ ਠੀਕ ਛੜਕੇ (ਸੜਕੇ-ਰਸਤੇ) ਜਾ ਰਿਹਾ ਹਾਂ ਕਿ ਨਹੀਂ।

ਇੰਨੇ ਨੂੰ ਉਹ ਲੜਕੀ ਕੁਝ ਵਿੱਥ ਤੇ ਜਾ ਕੇ ਇਕ ਪੱਥਰ ਤੇ ਬਹਿ ਗਈ ਤੇ ਗਾਂਵੀਂ-

"ਜਿਤੁ ਦਰਿ ਵਸਹਿ ਕਵਨੁ ਕਰੁ ਕਹੀਐ ਦਰਾ ਭੀਤਰਿ ਦਰੁ

ਕਵਨ ਲਹੈ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ

ਆਇ ਕਹੈ॥੧॥ ਕਿਨਬਿਧਿ ਸਾਗਰੁ ਤਰੀਐ॥ ਜੀਵਤਿਆ

ਨਹ ਮਰੀਐ॥੧॥ਰਹਾਉ॥” (ਰਾਮ:ਮ:੧-੩)

ਸਾਂਈਂ ਲੋਕ ਜੀ ਇਹ ਮਿੱਠੀ ਰਸਭਿੰਨੀ ਸੱਦ ਸੁਣਕੇ ਫੇਰ ਉਠੇ, ਸਹਿਜੇ ਸਹਿਜੇ ਉਸ ਕੁੜੀ ਕੋਲ ਗਏ, ਅਗੋਂ ਉਹ ਸ਼ਰਮੀਲੀ, ਪਰ ਨਿਰਭੈ ਕੁੜੀ ਉਠੀ, ਝੁਕੀ, ਸਿਰ ਨਿਵਾਇਆ ਤੇ ਬੋਲੀ- "ਬਾਵਾ ਜੀ! ਕੱਪੜੇ ਧੋ ਲਿਆਵਾਂ ?"

9 / 55
Previous
Next