

ਦਾਨਵ (ਦਨ ਦੇ ਪੁੱਤਰ), ਦੈਂਤ ਆਦਿ ਲੱਖਾਂ ਹੋਰ ਕਿਸਮ ਦੇ ਪਾਖੰਡੀਆਂ ਨੂੰ ਦੇਖਿਆ ਕਿ ਉਹ ਪ੍ਰਭੂ ਪ੍ਰੇਮ ਦੀ ਬਜਾਏ ਹੋਰ ਕਈ ਕਿਸਮ ਦੇ ਦਵੈਤ ਭਾਵ ਅੰਦਰ ਦੁਖੀ ਹਨ। ਕਈ ਵਿਦਵਾਨ ਇਸ ਦਾ ਮਤਲਬ ਇਹ ਵੀ ਲੈਂਦੇ ਹਨ ਕਿ ਇਨ੍ਹਾਂ ਸਭ ਪ੍ਰਕਾਰ ਦੇ ਜੀਵਾਂ ਦੀ ਮਾਨਤਾ ਵਿਚ ਲੋਕੀਂ ਦੁਖੀ ਸਨ। ਇਹ ਸਾਰੇ ਲੋਕ ਹਊਮੈ ਦਾ ਸ਼ਿਕਾਰ ਹੋਏ ਬੈਠੇ ਸਨ ਤੇ ਚੇਲੇ ਆਪਣੇ ਗੁਰੂਆਂ ਸਮੇਤ ਸੰਸਾਰ ਸਾਗਰ ਵਿਚ ਡੁੱਬੇ ਪਏ ਸਨ। ਧੰਨ ਗੁਰੂ ਨਾਨਕ ਦੇਵ ਜੀ ਨੂੰ ਇਨ੍ਹਾਂ ਤੀਰਥਾਂ 'ਤੇ ਜਾ ਕੇ ਕੋਈ ਵੀ ਗੁਰਮੁਖ ਨਜ਼ਰੀਂ ਨਹੀਂ ਆਇਆ। ਇਸ ਤੋਂ ਉਨ੍ਹਾਂ ਨੇ ਹਿੰਦੂ, ਮੁਸਲਮਾਨ, ਸਭ ਪੀਰ ਪੈਗੰਬਰਾਂ ਤੇ ਅਣਗਿਣਤ ਕੌਮਾਂ ਨੂੰ ਦੇਖਿਆ ਪਰ ਸਭ ਕੁਝ ਅਗਿਆਨਤਾ ਦਾ ਗੁਬਾਰ ਹੀ ਸੀ। ਅੰਨੇ ਧਾਰਮਿਕ ਆਗੂ ਭਾਵ ਗਿਆਨ ਵਿਹੂਣੇ ਅਖੌਤੀ ਗੁਰੂ ਆਪਣੇ ਚੇਲਿਆਂ ਨੂੰ ਅੰਨੇ ਖੂਹ ਵਿਚ ਧੱਕ ਰਹੇ ਸਨ।
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥
ਸਿਧ ਆਸਣਿ ਸਭਿ ਜਗਤਿ ਦੇ, ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ ੨੭॥
ਪਦ-ਅਰਥ- ਪਲੋਆ-ਮਿਟ ਗਿਆ। ਸਿੰਘ-ਸ਼ੇਰ। ਮਿਰਗਾਵਲੀ-ਹਿਰਨਾਂ ਦੀ ਡਾਰ। ਬੁਕੇ-ਗੱਜਣਾ। ਵਿਸੋਆ-ਵਿਸਾਖੀ ਦਾ ਤਿਓਹਾਰ।
ਵਿਆਖਿਆ- ਧੰਨ ਗੁਰੂ ਨਾਨਕ ਦੇਵ ਜੀ ਜਦ ਪ੍ਰਗਟ ਹੋਏ ਤਾਂ ਸਭ ਪਾਸਿਓਂ ਅਵਿੱਦਿਆ ਦੀ ਧੁੰਦ ਅਤੇ ਅਗਿਆਨ ਦਾ ਹਨੇਰਾ ਮਿਟ ਗਿਆ ਤੇ ਫਲਸਰੂਪ ਚਾਨਣ- ਰੂਪੀ ਰੌਸ਼ਨੀ ਹੋ ਗਈ। ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ ਤਾਰੇ ਛੁਪ ਜਾਂਦੇ ਹਨ ਤੇ ਹਨੇਰਾ ਨਸ਼ਟ ਹੋ ਜਾਂਦਾ ਹੈ ਜਾਂ ਜਿਵੇਂ ਸ਼ੇਰ ਦੀ ਗਰਜ ਸੁਣਦਿਆਂ ਹਿਰਨਾਂ ਦੀਆਂ ਡਾਰਾਂ . ਅੱਗੇ ਲੱਗ ਕੇ ਭੱਜ ਨਿਕਲਦੀਆਂ ਹਨ ਤੇ ਉਨ੍ਹਾਂ ਵਿਚੋਂ ਧੀਰਜ ਜਾਂਦਾ ਰਹਿੰਦਾ ਹੈ, ਠੀਕ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਰੂਪੀ ਸ਼ੇਰ ਦੀ ਸਤਿਨਾਮ ਦੀ ਗਰਜ ਸੁਣ ਕੇ ਪਾਪਾਂ ਰੂਪੀ ਹਿਰਨਾਂ ਦੇ ਧੀਰਜ ਟੁਟਣੇ ਸ਼ੁਰੂ ਹੋ ਗਏ। ਜਿਥੇ ਵੀ ਬਾਬਾ ਜੀ ਨੇ ਆਪਣੇ ਚਰਨ ਪਾਏ, ਉਸੇ ਸਥਾਨ 'ਤੇ ਪੂਜਾ ਯੋਗ ਆਸਣ ਦੀ ਥਾਪਣਾ ਸੋਭਾ ਦੇਣ ਲੱਗੀ। ਜਿੰਨੇ ਵੀ ਦੁਨੀਆ 'ਤੇ ਸਿੱਧਾਂ ਦੇ ਆਸਣ ਸਨ, ਉਹ ਸਭ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਏ ਗਏ ਅਰਥਾਤ ਨਾਨਕ ਮਤੇ ਬਣ ਗਏ। ਘਰ-ਘਰ ਵਿਚ ਧਰਮਸ਼ਾਲਾਵਾਂ ਬਣ ਗਈਆਂ ਤੇ ਉਨ੍ਹਾਂ ਵਿਚ ਸ਼ਬਦ ਕੀਰਤਨ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਅੱਜ ਹੀ ਵਿਸਾਖੀ ਲੱਗੀ ਹੋਵੇ ਭਾਵ ਵਿਸਾਖੀ ਵਾਂਗ ਹੀ ਸਿੱਖਾਂ ਦੇ ਘਰ ਖੁਸ਼ੀਆਂ ਪ੍ਰਵੇਸ਼ ਕਰ ਗਈਆਂ। ਇਸ ਪ੍ਰਕਾਰ ਗੁਰੂ ਜੀ ਨੇ ਪ੍ਰਗਟ ਹੋ ਕੇ ਚਾਰੋਂ ਦਿਸ਼ਾਵਾਂ ਅਤੇ ਨੌਂ ਖੰਡ ਪ੍ਰਿਥਵੀ ਦੀ ਲੋਕਾਈ ਨੂੰ ਸੱਚੇ ਨਾਮ ਨਾਲ ਜੋੜ ਕੇ ਪਾਰ ਉਤਾਰਾ ਕਰ ਦਿੱਤਾ। ਇੰਜ ਕਲਿਯੁਗ ਵਿਚ ਗੁਰਮੁਖ ਅਥਵਾ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ।