ਵਿਖੇ ਬਿਸ਼ਨਦਾਸ ਹੋਰੀਂ ਪਰਿਵਾਰ ਸਣੇ 'ਗਿੱਲਵਾਲੀ' ਪਿੰਡ ਆ ਵੱਸੇ। ਇਸੇ ਸਾਲ ਇਸੇ ਬਸਤੀ ਵਿਚ, ਹਰਿ ਜੀ ਨੂੰ ਪਹਿਲੇ ਪੁੱਤਰ ਦੀ ਦਾਤ ਮਿਲੀ ਜਿਸ ਦਾ ਨਾਂ 'ਤੇਜ ਭਾਨ' ਰੱਖਿਆ ਗਿਆ। ਸਮਾਂ ਪਾ ਕੇ ਹਰਿ ਜੀ ਦੇ ਘਰ ਦੋ ਪੁੱਤਰ ਚੰਦਰਭਾਨ ਤੇ ਭਾਨ ਚੰਦ ਹੋਰ ਪੈਦਾ ਹੋਏ। ਹਰਿ ਜੀ ਦੇ ਅੱਗੇ ਵੇਲ ਵਧੀ ਤੇ ਸ੍ਰੀ ਤੇਜ ਭਾਨ ਜੀ ਸੰਮਤ 1557 (1500 ਈ.) ਵਿਚ 'ਦੁੱਗਲ' ਖੱਤਰੀਆਂ ਦੇ ਘਰ ਵਿਆਹੇ ਗਏ। ਇਸੇ ਸਾਲ ਇਹ
ਖ਼ਾਨਦਾਨ ਮੁੜ 'ਬਾਸਰਕੀ' ਜਾ ਵਸਿਆ। ਅਗਾੜੀ ਤੇਜਭਾਨ ਜੀ ਨੂੰ ਪੁੱਤਰ ਦੀ ਦਾਤ ਮਿਲੀ ਜਿਸ ਦਾ ਨਾਂ ਅਮਰਚੰਦ ਰੱਖਿਆ ਗਿਆ। ਇਹੋ ਬਾਲ-ਲਾਲ, ਸਿੱਖਾਂ ਦੇ ਤੀਜੇ ਸਤਿਗੁਰੂ 'ਅਮਰਦਾਸ' ਜੀ ਬਣੇ। ਗੁਰੂ ਜੀ ਦੇ ਚਾਚੇ 'ਚੰਦਰ ਭਾਨ' ਦੇ ਘਰ ਦੋ ਬਾਲਕ ਦਾਤਾਰ ਚੰਦ ਅਤੇ ਈਸ਼ਰ ਦਾਸ ਪੈਦਾ ਹੋਏ। ਇਸੇ ਈਸ਼ਰ ਦਾਸ ਦੇ ਇੱਕਲੌਤੇ ਸਪੂਤ ਭਾਈ ਗੁਰਦਾਸ ਹਨ। ਭਾਈ ਸਾਹਿਬ ਦਾ ਜਨਮ, ਇਸ ਪਰਿਵਾਰ ਦੇ ਸਿੱਖ ਸੱਜਣ ਤੇ ਗੋਇੰਦਵਾਲ ਆ ਵੱਸਣ ਤੋਂ ਬਾਅਦ ਸੰਮਤ 1608 ਬਿ. (1551 ਈ.) ਵਿਚ ਯਾਨੀ ਸ੍ਰੀ ਗੁਰੂ ਅਰਜਨ ਸਾਹਿਬ ਤੋਂ ਦੋ ਕੁ ਵਰ੍ਹੇ ਪਹਿਲਾਂ ਹੋਇਆ।" (ਭਾਈ ਗੁਰਦਾਸ: ਜੀਵਨ ਤੇ ਰਚਨਾ, ਪੰਨਾ 1-2)
ਜਿਥੇ ਈਸ਼ਰ ਦਾਸ ਦੀ ਉਨ੍ਹਾਂ ਦੇ ਪਿਤਾ ਵਜੋਂ ਪੁਸ਼ਟੀ ਹੁੰਦੀ ਹੈ, ਉਥੇ ਉਨ੍ਹਾਂ ਦੀ ਮਾਤਾ ਦਾ ਨਾਂ 'ਜੀਵਣੀ ਦੱਸਿਆ ਹੈ। ਉਨ੍ਹਾਂ ਦੀ ਮਾਤਾ 'ਜੀਵਣੀ' ਦੇ ਨਾਂ ਉੱਪਰ ਕਿਸੇ ਵੀ ਵਿਦਵਾਨ ਨੇ ਕਿੰਤੂ ਨਹੀਂ ਕੀਤਾ ਜਿਵੇਂ ਕਈ ਵਿਦਵਾਨ ਈਸ਼ਰ ਦਾਸ ਦੀ ਥਾਂ ਉਨ੍ਹਾਂ ਦੇ ਪਿਤਾ ਦਾ ਨਾਂ ਦਾਤਾਰ ਚੰਦ ਦੱਸਦੇ ਹਨ ਪਰ ਨਿਮਨਲਿਖਿਤ ਸਤਰਾਂ ਉਨ੍ਹਾਂ ਦੇ ਪਿਤਾ ਦੇ ਨਾਂ ਈਸ਼ਰ ਦਾਸ ਹੀ ਪ੍ਰਮਾਣਤ ਕਰਦੀਆਂ ਹਨ-
ਭਾਈ ਗੁਰਦਾਸ ਈਸ਼ਰ ਭਲੇ ਕਾ ਬੇਟਾ।
ਈਸ਼ਰ ਵਿਸਨੁ ਦਾਸ ਭਲੇ ਦੇ ਪਰਵਾਰ ਵਿਚੋਂ ਆਹਾ ਖਤੇਟਾ।
(ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਚਰਣ ਪੰਜਵਾਂ)
ਪਰਿਵਾਰਕ ਪਿਛੋਕੜ ਵਜੋਂ ਉਨ੍ਹਾਂ ਦੀ ਗੁਰੂ ਘਰ ਨਾਲ ਰਿਸ਼ਤੇਦਾਰੀ ਦੀ ਸਥਾਪਤੀ ਦੀ ਪ੍ਰਮਾਣਿਕਤਾ ਬੰਸਾਵਲੀਨਾਮੇ ਤੋਂ ਸਿੱਧ ਹੋ ਜਾਂਦੀ ਹੈ। ਰਿਸ਼ਤੇ ਵਜੋਂ ਭਾਈ ਸਾਹਿਬ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਬਣਦੇ ਹਨ, ਬੀਬੀ ਭਾਨੀ ਜੀ ਦੇ ਚਚੇਰੇ ਭਰਾ, ਗੁਰੂ ਅਰਜਨ ਦੇਵ ਜੀ ਦੇ ਮਾਮਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਨਾ ਸਾਬਿਤ ਹੁੰਦੇ ਹਨ। ਭਾਈ ਸਾਹਿਬ ਈਸ਼ਰ ਦਾਸ ਦੀ ਇੱਕਲੌਤੀ ਸੰਤਾਨ ਸਨ। ਬਚਪਨ ਵਿਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਸਾਇਆ ਉਨ੍ਹਾਂ ਉਪਰੋਂ ਉੱਠ ਗਿਆ ਅਤੇ ਫਿਰ ਉਨ੍ਹਾਂ ਨੇ ਗਿਆਨ ਪ੍ਰਾਪਤੀ ਲਈ ਗੁਰੂ ਘਰ ਨਾਲ ਆਪਣੇ ਆਪ ਨੂੰ ਜੋੜ ਲਿਆ। ਗੁਰਮਤਿ ਵਿਆਖਿਆ ਅਤੇ ਸਿੱਖੀ ਪ੍ਰਚਾਰ ਵਿਚ ਉਮਰ ਭਰ ਇੰਨੇ ਮਸਰੂਫ ਰਹੇ ਕਿ ਉਨ੍ਹਾਂ ਨੇ ਵਿਆਹ ਤਕ ਨਹੀਂ ਕਰਵਾਇਆ ਪਰ ਉਨ੍ਹਾਂ ਦੇ ਰਚਨਾ ਸੰਸਾਰ ਦੀ ਵਿਸ਼ੇਸ਼ਤਾ ਹੈ ਕਿ ਉਨ੍ਹਾਂ ਨੇ ਘਰ ਤਿਆਗ ਅਤੇ ਇਸਤਰੀ ਤਿਆਗ ਦੀ ਕਿਤੇ ਵੀ ਪ੍ਰੇਰਨਾ ਨਹੀਂ ਦਿੱਤੀ, ਉਹ ਤਾਂ ਸਗੋਂ ਉਸ ਧਰਮ ਨੂੰ ਹੀ ਪ੍ਰਾਥਮਿਕਤਾ ਦਿੰਦੇ ਹਨ ਜੋ ਗ੍ਰਹਿਸਥ ਦੀ ਪ੍ਰੇਰਨਾ ਦਿੰਦਾ। ਹੋਵੇ। ਡਾ. ਰਤਨ ਸਿੰਘ ਜੱਗੀ ਇਸ ਕਥਨ ਦੀ ਪ੍ਰੋੜ੍ਹਤਾ ਹਿੱਤ ਆਪਣੀ ਆਲੋਚਨਾ- ਪੁਸਤਕ 'ਭਾਈ ਗੁਰਦਾਸ : ਜੀਵਨ ਤੇ ਰਚਨਾ' ਵਿਚ ਭਾਈ ਸਾਹਿਬ ਦਾ ਇੱਕ ਕਬਿੱਤ ਦਿੰਦਾ ਹੈ—
ਜੈਸੇ ਸਰੁ ਸਰਿਤਾ ਸਕਲ ਮੈਂ ਸਮੁੰਦਰ ਬਣੋ,
ਮੇਰੁ ਮੈ ਸੁਮੇਰ ਬਡੋ ਜਗਤ ਬਖਾਨ ਹੈ।
ਤਰੁਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ,
ਧਾਤ ਮੈ ਕਨਿਕ ਅਤਿ ਉਤਮ ਕੈ ਮਾਨਿ ਹੈ।
ਪੰਛੀਅਨ ਮੈ ਹੰਸੁ ਮ੍ਰਿਗ ਰਾਜਨ ਮੈ ਸਾਰਦੁਲ,
ਗਗਨ ਮੈ ਸ੍ਰੀ ਰਾਗੁ ਪਾਰਸ ਪਖਾਨ ਹੈ।
ਗਿਆਨਨ ਮੈ ਗਿਆਨ ਅਰੁ ਧਿਆਨਨ ਮੈ ਧਿਆਨ ਗੁਰ,
ਸਕਲ ਧਰਮ ਮੈ ਗ੍ਰਿਹਸਤ ਪ੍ਰਧਾਨ ਹੈ।
ਭਾਈ ਸਾਹਿਬ ਦਾ ਸ਼ੁਰੂਆਤੀ ਜੀਵਨ ਗੋਇੰਦਵਾਲ ਸਾਹਬਿ ਵਿਖੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਹੀ ਬੀਤਣ ਦੇ ਸੰਕੇਤ ਮਿਲਦੇ ਹਨ। ਚੂੰਕਿ ਭਾਈ ਸਾਹਿਬ ਦੇ ਪਿਤਾ ਜੀ ਉਸ ਵਕਤ ਚਲਾਣਾ ਕਰ ਗਏ ਸਨ ਜਦੋਂ ਉਹ ਅਜੇ ਤਿੰਨ ਕੁ ਵਰ੍ਹਿਆਂ ਦੇ ਹੀ ਸਨ ਤੇ ਮਾਤਾ 'ਜੀਵਣੀ' ਦਾ ਅਕਾਲ ਚਲਾਣਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਆਪਣੇ ਜੀਵਨ ਦਾ ਪੈਰ ਅਜੇ ਬਾਰਵੇਂ ਵਰ੍ਹੇ ਵਿਚ ਹੀ ਧਰਿਆ ਸੀ। ਇਸ ਕਰਕੇ ਉਨ੍ਹਾਂ ਦਾ ਆਰੰਭਕ ਜੀਵਨ (ਬਚਪਨ) ਗੁਰੂ ਘਰ ਵਿਚ ਹੀ ਬੀਤਿਆ ਤੇ ਖ਼ਾਸ ਕਰਕੇ ਗੁਰੂ ਅਮਰਦਾਸ ਜੀ ਦੇ ਨਿਕਟਵਰਤੀ ਰਹਿਣ ਦਾ ਸੁਭਾਗ ਪ੍ਰਾਪਤ ਕੀਤਾ। 'ਗੁਰਦਾਸ' ਨਾਂ ਰੱਖਣ ਪਿੱਛੇ ਧਾਰਨਾ ਵੀ ਇਹੋ ਕੰਮ ਕਰਦੀ ਹੈ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦਾ ਦਾਸ ਬਣ ਕੇ ਆਪਣੀ ਸਾਰੀ ਜ਼ਿੰਦਗੀ ਅਤੇ ਸੇਵਾ ਗੁਰੂ ਨੂੰ ਸਮਰਪਿਤ ਕਰਨ ਦੀ ਠਾਣ ਚੁੱਕੇ ਸਨ।
ਪੜ੍ਹਾਈ :
ਭਾਈ ਸਾਹਿਬ ਦੀ ਸਮੁੱਚੀ ਰਚਨਾ ਦਾ ਨਿੱਠ ਕੇ ਅਧਿਅਨ ਕਰੀਏ ਤਾਂ ਪਤਾ ਚਲਦਾ ਹੈ ਕਿ ਉਹ ਹਿੰਦੀ, ਸੰਸਕ੍ਰਿਤ, ਉਰਦੂ, ਫ਼ਾਰਸੀ, ਬ੍ਰਜੀ ਤੋਂ ਇਲਾਵਾ ਪੰਜਾਬੀ ਦੇ ਵੀ ਪੰਡਿਤ ਸਨ। ਹੋਰਨਾਂ ਬਾਲਕ ਸਾਥੀਆਂ ਵਾਂਗ ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਦੀ ਪਾਠਸ਼ਾਲਾ ਤੋਂ ਹੀ ਮੁਢਲੀ ਵਿੱਦਿਆ ਪ੍ਰਾਪਤ ਕਰਨ ਦਾ ਸ਼ਰਫ ਹਾਸਿਲ ਰਿਹਾ ਹੈ। ਇਥੇ ਉਨ੍ਹਾਂ ਨੇ ਦੇਵਨਾਗਰੀ, ਗੁਰਮੁਖੀ ਅਤੇ ਟਾਕਰੀ ਲਿਪੀ ਦੇ ਅੱਖਰਾਂ ਦੀ ਜਾਣਕਾਰੀ ਲਈ। ਚੂੰਕਿ ਸੁਣਨ ਵਿਚ ਆਉਂਦਾ ਹੈ ਕਿ ਉਨ੍ਹਾਂ ਵਕਤਾਂ ਵਿਚ ਗੋਇੰਦਵਾਲ ਨੂੰ ਜਰਨੈਲੀ ਸੜਕ ਲੱਗਦੀ ਸੀ ਤੇ ਇਸ ਤਰ੍ਹਾਂ ਵੱਡੇ-ਵੱਡੇ ਸ਼ਹਿਰਾਂ ਨਾਲ ਸੰਪਰਕ ਆਸਾਨੀ ਨਾਲ ਜੁੜਿਆ ਰਹਿੰਦਾ ਸੀ। ਇਥੇ ਕੋਈ ਨਾ ਕੋਈ ਆਲਿਮ ਫ਼ਾਜ਼ਲ, ਵਿਦਵਾਨ ਜਾਂ ਪੰਡਿਤ ਆਇਆ ਰਹਿੰਦਾ ਸੀ। ਇੰਝ ਗੋਇਦਵਾਲ ਵਿਦਵਾਨਾਂ ਅਤੇ ਧਾਰਮਿਕ ਅਨੁਭਵੀ ਸੰਤਾਂ ਦਾ ਗੜ੍ਹ ਸੀ। ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਸਨ। ਭਾਈ ਸਾਹਿਬ ਨੇ ਬਚਪਨ ਵਿਚ ਹੀ ਮਹਾਨ ਸੰਤਾਂ, ਵਿਦਵਾਨਾਂ ਦੇ ਪ੍ਰਵਚਨਾਂ ਨੂੰ ਸੁਣ ਕੇ ਆਪਣੇ ਗਿਆਨ ਵਿਚ ਢੇਰ ਵਾਧਾ ਕਰ ਲਿਆ ਸੀ। ਆਪਣੇ ਧਾਰਮਿਕ ਅਨੁਭਵ ਵਿਚ ਹੋਰ ਵਾਧਾ ਕਰਾਉਣ ਲਈ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨੂੰ ਕਾਂਸ਼ੀ ਵੀ ਭੇਜਿਆ। ਗੁਣਾਂ ਦੀ ਗੁਥਲੀ ਅਤੇ ਆਦਰਸ਼ ਸਿੱਖ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਨੂੰ ਸਿੱਖੀ ਪ੍ਰਚਾਰ ਲਈ ਗੁਰੂ ਅਮਰਦਾਸ ਜੀ ਨੇ ਚੰਬਾ ਅਤੇ ਜੰਮੂ ਆਦਿ ਪਹਾੜੀ ਇਲਾਕਿਆਂ ਵੱਲ ਵੀ ਭੇਜਿਆ ਜੋ ਉਸ ਸਮੇਂ ਦੀਆਂ ਪ੍ਰਸਿੱਧ ਪਹਾੜੀ ਰਿਆਸਤਾਂ ਸਨ। ਸ. ਰਣਧੀਰ ਸਿੰਘ ਅਨੁਸਾਰ ਭਾਈ ਸਾਹਿਬ ਨੇ ਅਰਬੀ ਫ਼ਾਰਸੀ ਸੁਲਤਾਨਪੁਰ ਤੋਂ ਸਿੱਖੀ ਕਿਉਂਕਿ ਉਸ ਵਕਤ ਸੁਲਤਾਨਪੁਰ ਲੋਧੀ ਵਿਚ ਇੱਕ ਇਸਲਾਮੀ ਵਿਦਿਆਪੀਠ ਕਾਇਮ ਸੀ। ਸ. ਰਣਧੀਰ ਸਿੰਘ ਤਾਂ ਇਥੋਂ
ਤਕ ਲਿਖਦੇ ਹਨ ਕਿ ਇਸ ਵਿਦਿਆਪੀਠ ਵਿਚ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਪੋਤਰੇ ਵੀ ਸੁਸਿੱਖਿਅਤ ਹੋਏ ਸਨ। ਇਥੋਂ ਹੀ ਭਾਈ ਸਾਹਿਬ ਨੂੰ ਸਿੱਖੀ ਪ੍ਰਚਾਰ ਹਿੱਤ ਆਗਰੇ ਭੇਜਿਆ ਗਿਆ ਤੇ ਇਥੋਂ ਉਨ੍ਹਾਂ ਲਖਨਊ, ਰਾਜਸਥਾਨ ਦੇ ਵਿਭਿੰਨ ਸ਼ਹਿਰਾਂ ਅਤੇ ਬੁਰਹਾਨਪੁਰ ਆਦਿ ਖੇਤਰਾਂ ਦਾ ਰਟਨ ਵੀ ਕੀਤਾ। ਅਖੀਰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਦੇ ਜੋਤੀ ਜੋਤ ਸਮਾਉਣ (1581 ਈ.) ਦੇ ਮੌਕੇ 'ਤੇ ਵਾਪਸ ਪਰਤੇ। ਚੌਥੀ ਪਾਤਸ਼ਾਹੀ ਨੇ ਸ. ਰਣਧੀਰ ਸਿੰਘ ਅਨੁਸਾਰ 1634 ਬਿ. (1577 ਈ.) ਨੂੰ ਕਸ਼ਮੀਰ ਵਿੱਚ ਸੱਚ ਧਰਮ ਦੇ ਬੀਜ ਮੰਤਰਾਂ ਦੇ ਛੱਟੇ ਦੇਣ ਲਈ ਭੇਜਿਆ। ਫਿਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਆਪਣੀ ਸੇਵਾ ਭਾਵਨਾ ਨੂੰ ਸਮਰਪਿਤ ਕੀਤਾ। ਰਾਮਦਾਸਪੁਰ (ਅੰਮ੍ਰਿਤਸਰ) ਰਹਿ ਕੇ ਗੁਰੂ ਅਰਜਨ ਦੇਵ ਜੀ ਦੀ ਪ੍ਰੇਰਨਾ ਸਦਕਾ ਸਿੱਖੀ ਪ੍ਰਚਾਰ ਲਈ ਤਨੋ-ਮਨੋ ਜੁੱਟ ਗਏ। ਇੱਥੇ ਹੀ ਗੁਰੂ ਅਰਜਨ ਦੇਵ ਜੀ ਨੂੰ ਕਈ ਇੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਆਪਣੇ ਭਰਾ ਪ੍ਰਿਥੀ ਚੰਦ ਦੁਆਰਾ ਪੈਦਾ ਕੀਤੀਆਂ ਪ੍ਰੇਸ਼ਾਨੀਆਂ ਉਨ੍ਹਾਂ ਦੇ ਸਿੱਖੀ ਮਿਸ਼ਨ ਵਿਚ ਰੁਕਾਵਟਾਂ ਪਾ ਰਹੀਆਂ ਸਨ। ਆਪਣੇ ਆਪ ਨੂੰ ਵੱਡਾ ਹੋਣ ਦੇ ਨਾਤੇ ਗੁਰਗੱਦੀ ਦਾ ਹੱਕਦਾਰ ਸਮਝਦਿਆਂ ਉਨ੍ਹਾਂ ਨੇ (ਪ੍ਰਿਥੀ ਚੰਦ) ਗੁਰੂ ਅਰਜਨ ਦੇਵ ਜੀ ਵਿਰੁੱਧ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਸਨ। ਉਸ ਦੀਆਂ ਮੰਦ ਹਰਕਤਾਂ ਅਤੇ ਕੁਚਾਲਾਂ ਕਾਰਨ ਗੁਰੂ ਘਰ 'ਤੇ ਆਰਥਿਕ ਸੰਕਟ ਮੰਡਰਾਉਣੇ ਸ਼ੁਰੂ ਹੋ ਗਏ। ਚੂੰਕਿ ਪ੍ਰਿਥੀ ਚੰਦ ਦੁਆਰਾ ਸੰਗਤਾਂ ਨੂੰ ਵਰਗਲਾ ਕੇ ਉਨ੍ਹਾਂ ਵਲੋਂ ਗੁਰੂ ਘਰ ਲਈ ਲਿਆਂਦੀ ਮਾਇਆ ਰਸਤੇ ਵਿਚ ਹੀ ਝਪਟ ਲੈਂਦੇ ਸਨ। ਗੁਰੂ ਗੋਲਕ ਖਾਲੀ ਹੋ ਰਹੀ ਸੀ। ਲੰਗਰ ਵਿਚ ਮਿੱਸੇ ਪ੍ਰਸ਼ਾਦੇ ਵਰਤਣ ਲੱਗ ਪਏ। ਭਾਈ ਸਾਹਿਬ ਨੇ ਭਾਈ ਬੁੱਢਾ ਅਤੇ ਹੋਰ ਗੁਰਸਿੱਖਾਂ ਨੂੰ ਮਾਇਆ ਰਸਦ ਇੱਕੱਠੀ ਕਰਨ ਲਈ ਬਿਠਾਇਆ ਅਤੇ ਨਾਲ ਹੀ ਸੰਗਤਾਂ ਨੂੰ ਗੁਰਗੱਦੀ ਦੇ ਅਸਲ ਵਾਰਿਸ ਬਾਬਤ ਜਾਣਕਾਰੀ ਵੀ ਦਿੰਦੇ ਰਹੇ। ਇਸ ਤਰ੍ਹਾਂ ਸਮਾਂ ਪਾ ਕੇ ਭਾਈ ਗੁਰਦਾਸ ਜੀ ਦੀ ਹਿੰਮਤ ਸਦਕਾ ਗੁਰੂ ਦੀ ਗੋਲਕ ਭਰਪੂਰ ਹੁੰਦੀ ਗਈ ਤੇ ਫਿਰ ਹੌਲੀ-ਹੌਲੀ ਆਰਥਿਕਤਾ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਪਰ ਓਧਰ ਪ੍ਰਿਥੀ ਚੰਦ ਦੇ ਵੈਰ ਵਿਰੋਧ ਵਿਚ ਕੋਈ ਫ਼ਰਕ ਨਾ ਪਿਆ। ਭਾਈ ਸਾਹਿਬ ਨੇ ਪ੍ਰਿਥੀ ਚੰਦ ਨੂੰ ਸਮਾਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਾਉਣ ਦੇ ਇਵਜ਼ ਵਜੋਂ ਪ੍ਰਿਥੀ ਚੰਦ ਤੋਂ ਬੁਰਾ ਭਲਾ ਅਖਵਾਉਣਾ ਪਿਆ। ਭਾਈ ਸਾਹਿਬ ਨੇ ਦੁਖੀ ਹੋ ਕੇ ਇਨ੍ਹਾਂ ਮੀਣਿਆ 'ਤੇ ਇੱਕ ਵਾਰ ਲਿਖੀ ਜੋ 36ਵੀਂ ਵਾਰ ਕਰਕੇ ਜਾਣੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਕਈ ਪਉੜੀਆਂ ਵਿਚ 'ਮੀਣਿਆਂ' ਨੂੰ ਸੰਬੋਧਤ ਸਤਰਾਂ ਹਨ-
ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ।
ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ ॥ (੩੬/੭)
ਕਲਾ ਰੂਪ ਹੋਇ ਹਸਤਾਨੀ ਮੈਗਲੁ ਓਮਾਹੈ।
ਤਿਉ ਨਕਟ ਪੰਥ ਹੈ ਮੀਣਿਆ ਮਿਲਿ ਨਰਕਿ ਨਿਬਾਹੈ। (੩੬/੬)
ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੈ ਮੀਣਾ। (੩੬/੧)
ਦਸਵੰਧ ਦੀ ਪਿਰਤ :
ਅਤੀਤ ਤੋਂ ਸਬਕ ਸਿਖਦਿਆਂ ਕਿ ਕਿਤੇ ਅੱਗੋਂ ਵੀ ਗੁਰੂ ਘਰ ਦੇ ਦੋਖੀਆਂ ਕਾਰਨ ਗੁਰੂ ਘਰ ਆਰਥਿਕ ਸੰਕਟ ਦਾ ਸ਼ਿਕਾਰ ਨਾ ਹੋ ਜਾਵੇ, ਭਾਈ ਸਾਹਿਬ ਨੇ 'ਦਸਵੰਧ' ਨਾਂ ਦੇ ਪ੍ਰਸਤਾਵ ਨੂੰ ਗੁਰੂ ਅਰਜਨ ਦੇਵ ਜੀ ਤੋਂ ਪ੍ਰਵਾਨਗੀ ਦੁਆ ਲਈ। 'ਦਸਵੰਧ' ਦੇ ਸ਼ਾਬਦਿਕ ਅਰਥਾਂ ਬਾਰੇ ਵੀ ਵਿਦਵਾਨਾਂ ਵਿਚ ਮਤਭੇਦ ਜਾਰੀ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਦਸਵੰਧ ਤੋਂ ਭਾਵ 'ਦਸਮਾਂਸ਼' ਅਰਥਾਤ ਕੁਲ ਆਮਦਨ ਦਾ ਦਸਵਾਂ ਹਿੱਸਾ। ਹਰ ਸਿੱਖ ਲਈ ਇਹ ਲਾਜ਼ਮੀ ਹੋ ਗਿਆ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਦਸਵਾਂ ਹਿੱਸਾ ਗੁਰੂ ਦੀ ਗੋਲਕ ਵਿਚ ਪਾਏ। (ਮਹਾਨ ਕੋਸ਼, ਪੰਨਾ 462) ਪਰ ਭਾਈ ਰਣਧੀਰ ਸਿੰਘ (ਭਾਈ ਗੁਰਦਾਸ ਭੱਲੇ ਦਾ ਸੰਖੇਪ ਜੀਵਨ) ਅਤੇ ਡਾ. ਦਲੀਪ ਸਿੰਘ ਦੀਪ ਦਸਵੰਧ ਤੋਂ ਭਾਵ ਦੱਸਵੇਂ ਹਿੱਸੇ ਦਾ ਅੱਧ ਲੈਂਦੇ ਹਨ ਭਾਵ ਪੰਜ ਪ੍ਰਤੀਸ਼ਤ। ਇਹ ਧਨ ਇੱਕ ਧਾਰਮਿਕ ਜਗ੍ਹਾ (ਧਰਮਸ਼ਾਲਾ ਜਾਂ ਗੁਰਦੁਆਰਾ) ਦੇ ਮੁਖੀ ਮਸੰਦ ਰਾਹੀਂ ਗੋਲਕਾਂ ਵਿਚ ਇੱਕੱਠਾ ਕੀਤਾ ਜਾਂਦਾ ਤੇ ਇਸ ਤਰ੍ਹਾਂ ਗੁਰੂ ਘਰ 'ਤੇ ਛਾਏ ਆਰਥਿਕਤਾ ਦੇ ਬੱਦਲ ਜਾਂਦੇ ਬਣੇ। ਦਸਵੰਧ ਦੀ ਪਿਰਤ ਪਾਉਣ ਨਾਲ ਮਾਇਆ ਅਤੇ ਰਸਦ ਦੀ ਕੋਈ ਕਮੀ ਨਾ ਰਹੀ। ਇਸ ਵਿਉਂਤ ਨੂੰ ਘੜਣ ਦਾ ਸਿਹਰਾ ਵੀ ਸੂਝਵਾਨ ਪੁਰਸ਼ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ।
ਸਫਲ ਪ੍ਰਬੰਧਕ ਅਤੇ ਸੱਚੇ ਸੇਵਕ- ਭਾਈ ਗੁਰਦਾਸ ਜੀ ਨੇ ਹਰ ਗੁਰੂ ਜੋਤ ਨਾਲ ਰਲ ਕੇ ਸਿੱਖੀ ਦੀ ਪ੍ਰਫੁਲਤਾ ਲਈ ਯੋਗਦਾਨ ਪਾਇਆ। ਧੰਨ ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਰਾਮਦਾਸਪੁਰੇ (ਅੰਮ੍ਰਿਤਸਰ) ਪੁਰਾਣੀ ਢੰਢ ਨੂੰ ਸਰੋਵਰ ਦਾ ਰੂਪ ਦੇਣ ਲਈ ਪਹਿਲਕਦਮੀ ਕੀਤੀ ਤਾਂ ਉਨ੍ਹਾਂ ਵਲੋਂ ਬਣਾਈ 'ਪੰਜ ਦਾਨੇ-ਪਰਧਾਨ ਗੁਰਮੁਖਾਂ' ਦੀ 'ਕੰਮ ਕਰਨੀ' ਪੰਚਾਇਤ ਵਿਚ ਭਾਈ ਗੁਰਦਾਸ ਜੀ ਨੇ ਮੋਹਰੀ ਦਾ ਫ਼ਰਜ਼ ਅਦਾ ਕੀਤਾ। ਭਾਈ ਸਾਹਿਬ ਅਮ੍ਰਿਤ-ਸਰੋਵਰ ਦੀ ਖੁਦਾਈ ਵੇਲੇ ਹਾਜ਼ਰ ਸਨ ਜੋ ਆਪਣੀ ਪਹਿਲੀ ਵਾਰ ਵਿਚ ਸੰਕੇਤ ਕਰਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਪੂਰਨ ਤਾਲ ਖਟਾਇਆ ਤੇ ਉਸ ਦਾ ਨਾਂ ਅੰਮ੍ਰਿਤਸਰ ਰੱਖਿਆ।
ਬੈਠਾ ਸੋਢੀ ਪਾਤਸ਼ਾਹ, ਰਾਮਦਾਸੁ ਸਤਿਗੁਰੁ ਕਹਾਵੈ
ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿਚ ਜੋਤਿ ਜਗਾਵੈ।
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦੁ ਸਮਾਵੈ।
ਆਦਿ ਗ੍ਰੰਥ ਦੀ ਸੰਪਾਦਨਾ :
ਗੁਰੂ ਅਰਜਨ ਦੇਵ ਜੀ ਦੀ ਦਿਲੀ ਇੱਛਾ ਸੀ ਕਿ ਪੂਰਵਵਰਤੀ ਗੁਰੂਆਂ, ਸੰਤਾਂ, ਭਗਤਾਂ ਦੀ ਖਿਲਰੀ ਪਈ ਬਾਣੀ ਨੂੰ ਇੱਕ ਵੱਡੇ ਆਕਾਰ ਦੇ ਗ੍ਰੰਥ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਗੁਰੂ ਘਰ ਦੇ ਦੋਖੀਆਂ ਵਲੋਂ ਜੋ ਰਲੇਵੇਂ ਕੀਤੇ ਜਾ ਰਹੇ ਸਨ, ਉਨ੍ਹਾਂ ਤੋਂ ਬਚਿਆ ਜਾ ਸਕੇ। ਪ੍ਰਿਥੀ ਚੰਦ ਜੋ ਮੁਤਵਾਜ਼ੀ ਗੁਰਗੱਦੀ ਚਲਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਉਸ ਦਾ ਅੱਗੋਂ ਪੁੱਤਰ ਮਿਹਰਬਾਨ ਆਪਣੀ ਰਚਨਾ ਵਿਚ 'ਨਾਨਕ' ਪਦ ਦੀ ਵਰਤੋਂ ਕਰਕੇ ਗੁਰਬਾਣੀ ਦਾ ਭੁਲੇਖਾ ਪਾ ਰਿਹਾ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਦੇ ਅੱਗੇ ਚਨੌਤੀ ਸੀ ਕਿ ਬਾਣੀ ਦਾ ਇੱਕ ਪ੍ਰਮਾਣਿਕ ਸੰਕਲਨ ਸੰਗਤਾਂ ਨੂੰ ਦਿੱਤਾ ਜਾਵੇ
ਜਿਸ ਤੋਂ ਉਹ ਕੋਈ ਸੇਧ ਲੈ ਸਕਣ ਤੇ ਕੱਚੀ ਬਾਣੀ ਤੇ ਸੱਚੀ ਬਾਣੀ (ਗੁਰੂ ਸਾਹਿਬਾਨ ਦੀ) ਨੂੰ ਰਲਗੱਡ ਹੋਣ ਤੋਂ ਬਚਾਇਆ ਜਾਵੇ। ਕਿਹਾ ਜਾਂਦਾ ਹੈ ਕਿ ਸੰਮਤ 1646 ਬਿ. ਵਿਚ ਸਤਿਗੁਰ ਨਾਨਕ ਦੇਵ ਜੀ ਦੇ ਪੋਤਰੇ ਧਰਮ ਚੰਦ ਦਾ ਦੇਹਾਂਤ ਹੋਇਆ ਤਾਂ ਰਾਮਦਾਸਪੁਰੇ ਤੋਂ ਸਤਿਗੁਰੂ ਅਰਜਨ ਦੇਵ ਪ੍ਰਚਾਉਣੀ (ਮੁਕਾਣ) ਵਾਸਤੇ, ਡੇਹਰਾ ਬਾਬਾ ਨਾਨਕ ਪਧਾਰੇ ਤੇ ਹੋਰਮ (ਲਾਹੌਰ) ਤੋਂ ਮੀਣੇ ਵੀ ਪਹੁੰਚੇ। ਉਥੇ ਕਿਸੇ ਸਿੱਖ ਨੇ ਮੀਣਿਆਂ ਦਾ ਰਚਿਆ ਹੋਇਆ ਕੋਈ ਸ਼ਬਦ ਸ਼ਲੋਕ ਪੜ੍ਹਿਆ। ਉਸ ਵਿਚ 'ਨਾਨਕ' ਨਾਮ ਆਇਆ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੰਨ ਖੜ੍ਹੇ ਹੋ ਗਏ। ਮੁਕਾਣੇ ਮੁੜ ਕੇ, ਆਪ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਆਦਿ ਗੁਰਮੁਖਾਂ ਨਾਲ ਇਸ ਬਾਰੇ ਵਿਚਾਰ ਕਰਕੇ ਫੈਸਲਾ ਕਰ ਲਿਆ ਕਿ ਅਕਾਲੀ ਬਾਣੀ ਵਿਚ ਰਲਾ ਪੈਣ ਦੀ ਰੋਕਥਾਮ ਜ਼ਰੂਰੀ ਹੈ । (ਬੰਸਾਵਲੀ ਨਾਮਾ, ਚਰਣ 5) ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਸਾਹਿਬ ਦੀ ਲਾਈ। ਭਾਈ ਸਾਹਿਬ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸਾਰੀ ਬਾਣੀ ਨੂੰ ਇੱਕੱਤ ਕਰਕੇ, ਇੱਕ ਤਰਤੀਬ ਵਿਚ ਲਿਖਣ। ਇਹ ਕਾਰਜ 1603 ਈ. ਨੂੰ ਸ਼ੁਰੂ ਹੋਇਆ। ਗੁਰੂ ਅਰਜਨ ਦੇਵ ਜੀ ਸਾਰੀ ਬਾਣੀ ਸੋਧ ਕੇ, ਉਸ ਨੂੰ ਰਾਗਾਂ, ਛੰਦਾਂ ਅਤੇ ਗੁਰੂ ਵਿਅਕਤੀਆਂ ਦੀ ਤਰਤੀਬ ਦੇ ਕੇ ਭਾਈ ਸਾਹਿਬ ਨੂੰ ਦੇ ਦਿੰਦੇ ਤੇ ਭਾਈ ਸਾਹਿਬ ਗੁਰੂ ਦੀ ਦੱਸੀ ਤਰਤੀਬ ਅਨੁਸਾਰ ਲਿਖੀ ਜਾਂਦੇ ਸਨ। ਭਾਈ ਸਾਹਿਬ ਨੇ 1661 ਬਿ. (1604 ਈਸਵੀ) ਵਿਚ ਇਹ ਕਾਰਜ ਸੰਪੂਰਨ ਕੀਤਾ। ਇਸ ਤਰ੍ਹਾਂ ਇਸ ਕਟਿਆਲੇ ਕਾਰਜ ਨੂੰ ਸਰ ਕਰਨ ਵਿਚ 14 ਮਹੀਨੇ ਲੱਗੇ ਤੇ ਇਸ ਕਾਰਜ ਵਿਚ ਸਫਲਤਾ ਪ੍ਰਾਪਤ ਕੀਤੀ।
ਜਦੋਂ ਆਦਿ ਗ੍ਰੰਥ ਦੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਨਾ ਹੋ ਰਹੀ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਵੀ ਆਪਣੀ ਬਾਣੀ ਇਸ ਵਿਚ ਸ਼ਾਮਿਲ ਕਰਨ ਲਈ ਕਿਹਾ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਜੀ ਮੈਂ ਤਾਂ ਆਪ ਦਾ ਦਾਸ ਹਾਂ, ਮੇਰੀ ਕਵਿਤਾ ਗੁਰਬਾਣੀ ਦੇ ਤੁਲ ਖੜ੍ਹੀ ਨਹੀਂ ਹੋ ਸਕਦੀ। ਇਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਸਾਹਿਬ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਰੁਤਬਾ ਬਖਸ਼ਿਆ। ਚੂੰਕਿ 'ਗੁਰਬਾਣੀ ਰੂਪੀ ਜੰਦਰਾ ਇਸ (ਭਾਈ ਗੁਰਦਾਸ ਦੀ ਬਾਣੀ) ਕੁੰਜੀ ਨਾਲ ਹੀ ਖੁੱਲ੍ਹਦਾ ਹੈ। ਇਹ ਇੱਕ ਕਹਾਵਤ ਵਾਂਗ ਆਖਿਆ ਜਾਂਦਾ ਹੈ—ਗੁਰਬਾਣੀ ਦੀ ਕੁੰਜੀ ਬਾਣੀ। ਜੋ ਭਾਈ ਗੁਰਦਾਸ ਵਖਾਣੀ।" (ਡਾ. ਦਲੀਪ ਸਿੰਘ ਦੀਪ, ਭਾਈ ਗੁਰਦਾਸ) ਠੀਕ ਗੁਰਬਾਣੀ ਦੇ ਜਟਿਲ ਵਿਚਾਰਾਂ ਅਤੇ ਆਧਿਆਤਮਕ ਰਹੱਸਾਂ ਨੂੰ ਆਪਣੀਆਂ ਰਚਨਾਵਾਂ ਵਿਚ ਸੇਖੇ ਰੂਪ ਵਿਚ ਸੰਚਾਰਿਤ ਕੀਤਾ। ਇਸੇ ਕਰਕੇ ਇਨ੍ਹਾਂ ਦੀ ਬਾਣੀ ਨੂੰ ਕੋਈ ਵਿਦਵਾਨ ਸਿੱਖਾਂ ਦਾ ਪਹਿਲਾ ਰਹਿਤਨਾਮਾ ਆਖਦਾ ਹੈ ਤੇ ਕੋਈ ਨੀਤੀ ਸ਼ਾਸਤਰ। "ਆਦਿ ਗ੍ਰੰਥ ਦੇ ਪ੍ਰਥਮ ਪ੍ਰਕਾਸ਼ ਦੇ ਅਵਸਰ ਤੇ ਇੱਕ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਨ੍ਹਾਂ ਵਿਚ ਪੰਡਿਤ ਕੇਸ਼ੋ ਗੋਪਾਲ, ਬਨਾਰਸ, ਕਸ਼ਮੀਰ ਤੋਂ ਮਹਾਨ ਵਿਦਵਾਨ ਤੇ ਕਵੀਆਂ ਨੇ ਭਾਗ ਲਿਆ। ਇਸ ਸ਼ਾਨਦਾਰ ਕਵੀ ਦਰਬਾਰ ਦੀ ਪ੍ਰਧਾਨਗੀ ਦਾ ਸੁਭਾਗ ਭਾਈ ਗੁਰਦਾਸ ਨੂੰ ਪ੍ਰਾਪਤ ਹੋਇਆ।" (ਸਰਦੂਲ ਸਿੰਘ, ਭਾਈ ਗੁਰਦਾਸ, ਪੰਨਾ 22) ਚੇਤੇ ਰਹੇ ਕਿ ਆਦਿ ਗ੍ਰੰਥ ਦੇ ਪ੍ਰਕਾਸ਼ ਹੋਣ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਹੋਏ।
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪ੍ਰਾਪਤ (30 ਮਈ 1606 ਈਸਵੀ) ਕਰਨ ਤੇ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਗਾ ਦਿੱਤਾ। ਭਾਈ ਗੁਰਦਾਸ ਜੀ ਨੂੰ ਹੁਕਮ ਹੋਇਆ ਕਿ ਉਹ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲਣ ਅਤੇ ਗੁਰੂ ਹਰਿਗੋਬਿੰਦ ਜੀ ਦੀ ਹਜ਼ੂਰੀ ਵਿਚ ਰਹਿਣ। ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਭਾਈ ਬੁੱਢਾ ਜੀ ਤੋਂ ਕਰਵਾਇਆ ਗਿਆ ਅਤੇ ਅਰਦਾਸ ਭਾਈ ਗੁਰਦਾਸ ਜੀ ਨੇ ਕੀਤੀ। (ਭਾਈ ਗੁਰਦਾਸ, ਭਾ. ਵਿਭਾਗ, ਪੰਨਾ 4) ਇਹ ਠੀਕ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਬਤ ਭਾਈ ਗੁਰਦਾਸ ਵਲੋਂ ਆਪਣੀਆਂ ਵਾਰਾਂ ਵਿਚ ਕੋਈ ਉਕਤੀ ਜਾਂ ਹਵਾਲਾ ਦਰਜ਼ ਨਹੀਂ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਨ੍ਹਾਂ ਨੂੰ ਸਦਮਾ ਹੀ ਨਾ ਪਹੁੰਚਿਆ ਹੋਵੇ, ਸਦਮਾ ਹੀ ਨਹੀਂ ਸਗੋਂ ਬਹੁਤ ਗਹਿਰਾ ਸਦਮਾ ਪਹੁੰਚਿਆ। ਡਾ. ਰਤਨ ਸਿੰਘ ਜੱਗੀ ਭਾਈ ਵੀਰ ਸਿੰਘ ਤੇ ਹੋਰ ਕਈ ਵਿਦਵਾਨਾਂ ਦੇ ਹਵਾਲੇ ਨਾਲ ਲਿਖਦਾ ਹੈ ਕਿ ਇਸ ਘਟਨਾ ਦਾ ਭਾਈ ਸਾਹਿਬ ਉਪਰ ਬਹੁਤ ਪ੍ਰਭਾਵ ਪਿਆ ਤੇ ਉਨ੍ਹਾਂ ਦਾ ਕਵੀ ਹਿਰਦਾ ਪੰਘਰ ਕੇ ਹੇਠਾਂ ਲਿਖੀ ਪਉੜੀ ਰਾਹੀਂ ਵਗ ਤੁਰਿਆ-
- ਰਹਿੰਦੇ ਗੁਰੂ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।
ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ।
ਚਰਣ ਕਵਲ ਮਿਲਿ ਭਵਰ ਜਿਉ ਜਿਉ ਸੁਖ ਸੰਪਟ ਵਿਚ ਰੈਣਿ ਵਿਹਾਣੀ।
ਗੁਰ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਸ ਸਮਾਧਿ ਸਾਧ ਸੰਗਿ ਜਾਣੀ।
ਗੁਰ ਅਰਜਨ ਵਿਟਹੁ ਕੁਰਬਾਣੀ। (੨੪/੨੩)
ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਬਹੁਤ ਹੀ ਛੋਟੀ ਉਮਰ ਅਰਥਾਤ ਗਿਆਰਾਂ ਸਾਲ ਦੀ ਉਮਰ (1606 ਈਸਵੀ) ਵਿਚ ਗੁਰਗੱਦੀ 'ਤੇ ਬਿਰਾਜਮਾਨ ਹੋਏ। ਗੁਰੂ ਹਰਿਗੋਬਿੰਦ ਸਾਹਿਬ ਦੀ ਗੁਰਗੱਦੀ ਦੀ ਪ੍ਰਾਪਤੀ ਵੇਲੋ ਭਾਈ ਸਾਹਿਬ ਕਾਫ਼ੀ ਉਮਰ ਦੇ ਹੋ ਚੁੱਕੇ ਸਨ ਪਰ ਫਿਰ ਵੀ ਗੁਰੂ ਘਰ ਦੀ ਸੇਵਾ ਵਿਚ ਉਹ ਕਿਸੇ ਵੀ ਕਿਸਮ ਦੀ ਢਿੱਲਮੱਠ ਨਹੀਂ ਸਨ ਆਉਣ ਦਿੰਦੇ। 1609 ਈਸਵੀ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਕਰਨ ਲਈ ਅਕਾਲ ਤਖਤ ਦੀ ਸਥਾਪਨਾ ਕੀਤੀ ਤੇ ਭਾਈ ਗੁਰਦਾਸ ਜੀ ਨੂੰ ਇਸ ਦਾ ਪ੍ਰਮੁੱਖ ਸੇਵਾਦਾਰ (ਜਥੇਦਾਰ) ਥਾਪਿਆ ਗਿਆ। ਇਸ ਤਰ੍ਹਾਂ ਸਿੱਖ ਧਰਮ ਦੇ ਮੰਚ 'ਤੇ 'ਸੰਤ' ਦੇ ਨਾਲ 'ਸਿਪਾਹੀ' ਦਾ ਸਰੂਪ ਵੀ ਮੇਲ ਦਿੱਤਾ। ਇਹ ਸਭ ਕੁਝ ਸਿੱਖਾਂ ਨੂੰ ਆਪਣੀ ਤਾਕਤ ਨਾਲ ਜ਼ੁਲਮ ਦਾ ਟਾਕਰਾ ਕਰਨ ਲਈ ਕੀਤਾ ਗਿਆ। ਭਾਈ ਗੁਰਦਾਸ ਨੇ ਇਸ ਮੰਤਵ ਲਈ 'ਸਿੱਖਾਂ ਨੂੰ ਸ਼ਸਤ੍ਰ ਵਿਦਿਆ ਸਿਖਾਉਣ ਲਈ ਉਸਤਾਦਾਂ ਨੂੰ ਬੁਲਾਇਆ ਅਤੇ ਪੜਤਾਲਿਆ। ਸਿਖਾਉਣ ਲਈ ਹਵੇਲੀਆਂ, ਮੈਦਾਨਾਂ, ਥਾਵਾਂ 'ਤੇ ਯੋਧੇ ਨਿਯੁਕਤ ਕਰਕੇ ਮੁਕੱਰਰ ਕੀਤੇ। ਬਾਕਾਇਦਾ ਸਿਖਲਾਈ ਸ਼ੁਰੂ ਹੋ ਗਈ। ਦੂਰ ਦੂਰ ਤੋਂ ਸ਼ਸਤ੍ਰ ਮੰਗਵਾਏ ਗਏ। ਕਾਰਖਾਨੇ ਖੋਲ੍ਹੇ ਗਏ। ਚੰਗੇ
ਸ਼ਸਤ੍ਰ ਬਣਾਉਣ ਵਾਲਿਆਂ ਕਾਰੀਗਰਾਂ ਦੀ ਕਦਰ ਤੇ ਸ਼ਾਨ ਵਧਾਉਣ ਦੇ ਤਰੀਕੇ ਵਰਤੇ—ਭਾਈ ਸਾਹਿਬ ਨੇ ਤੋਪਖਾਨੇ ਤਿਆਰ ਕਰਵਾਏ। ਯੋਗ ਥਾਵਾਂ ਤੋਂ ਸ਼ਸਤ ਮੰਗਵਾਉਣ ਲਈ ਪੱਤਰ ਲਿਖੇ।" (ਸਰਦੂਲ ਸਿੰਘ, ਭਾਈ ਗੁਰਦਾਸ, ਪੰਨਾ 27) ਇਸ ਤਰ੍ਹਾਂ ਸੰਤ ਸਰੂਪ ਵਾਲੀ ਸਿੱਖੀ, ਨਾਲ-ਨਾਲ ਸ਼ਸਤ੍ਰਧਾਰੀ ਹੋ ਕੇ ਦੁਸ਼ਮਣਾਂ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਗਈ। ਭਾਈ ਸਾਹਿਬ ਨੂੰ ਯੋਗ ਪ੍ਰਬੰਧਕ ਸਮਝਦਿਆਂ ਹੋਇਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀਆਂ ਨਾਨਕ ਮੱਤ ਅਤੇ ਕਸ਼ਮੀਰ ਦੀਆਂ ਯਾਤਰਾਵਾਂ ਦੋਰਾਨ ਗੁਰਗੱਦੀ ਦੀ ਦੇਖ-ਰੇਖ ਉਨ੍ਹਾਂ ਨੂੰ ਸੌਂਪੀ। ਅਕਾਲ ਤਖ਼ਤ ਦੀ ਸਥਾਪਨਾ, ਚੰਗੇ ਸ਼ਸਤਰ ਬਣਾਉਣ ਲਈ ਕਾਰਖਾਨਿਆਂ ਦਾ ਖੋਲ੍ਹਣਾ ਤੇ ਪਾਸ ਕਰਕੇ ਕਸ਼ਮੀਰ ਵਾਪਸੀ ਤੇ ਗੁਰੂ ਸਾਹਿਬ ਦੇ ਸੁਭਾਅ ਵਿਚ ਆਈ ਬੀਰਤਾ ਭਰਪੂਰ ਤਬਦੀਲੀ ਨੇ ਲੋਕਾਂ ਵਿਚ ਕਈ ਤੌਖਲੇ ਪੈਦਾ ਕਰ ਦਿੱਤੇ। ਕਈ ਤਾਂ ਸ਼ੰਕਾ ਜ਼ਾਹਿਰ ਕਰਨ ਲੱਗ ਪਏ ਕਿ ਨਾਨਕਮਤ ਆਪਣੇ ਅਸਲੀ ਰਾਹ ਤੋਂ ਭਟਕਦਾ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਲੋਕਾਂ ਨੂੰ ਭਾਈ ਗੁਰਦਾਸ ਨੇ ਬੜੀ ਸੂਝਬੂਝ ਅਤੇ ਦੂਰਅੰਦੇਸ਼ੀ ਦਾ ਸਬੂਤ ਦਿੰਦਿਆਂ ਸਮਝਾਇਆ ਕਿ ਇਹ ਕੋਈ ਤਬਦੀਲੀ ਨਹੀਂ ਹੋਈ, ਕੋਈ ਵੱਖਰੀ ਗੱਲ ਨਹੀਂ ਹੋਈ। ਕਦਮ ਉਹੀ ਹੈ, ਰਾਹ ਉਹ ਹੀ ਹੈ, ਸਿਰਫ਼ ਚਾਲ ਬਦਲੀ ਹੈ ਤੇ ਤਿੱਖੀ ਹੋਈ ਹੈ। ਗੁਰੂ ਅਰਜਨ ਦੇਵ ਜੀ ਨੇ ਕਾਇਆ ਪਲਟੀ ਹੈ ਤੇ ਗੁਰੂ ਹਰਿਗੋਬਿੰਦ ਬਣਿਆ ਹੈ। (ਸਤਿਬੀਰ ਸਿੰਘ, ਗੁਰੂ ਹਰਿਗੋਬਿੰਦ, ਪੰਨਾ 26) "ਜਿਵੇਂ ਖੇਤ ਦੀ ਰੱਖਿਆ ਲਈ ਕਿੱਕਰਾਂ ਦੀ ਵਾੜ, ਚੰਦਨ ਦੀ ਰਾਖੀ ਲਈ ਉਸ ਦੁਆਲੇ ਸੱਪ, ਘਰ ਦੇ ਬਚਾਅ ਲਈ ਜੰਦਰੇ ਦੀ ਲੋੜ ਹੈ, ਇਸੇ ਤਰ੍ਹਾਂ ਭਗਤੀ ਦੀ ਰੱਖਿਆ ਲਈ ਸ਼ਕਤੀ ਦੀ ਲੋੜ ਹੈ।" (ਡਾ. ਦਲੀਪ ਸਿੰਘ ਦੀਪ, ਭਾਈ ਗੁਰਦਾਸ) ਡਾ. ਰਤਨ ਸਿੰਘ ਜੱਗੀ ਅਨੁਸਾਰ ਉਨ੍ਹਾਂ ਨੇ ਨਿਮਨ ਲਿਖਿਤ ਛੱਬੀਵੀਂ ਵਾਰ ਦੀ 24ਵੀਂ ਪਉੜੀ ਇਸ ਪ੍ਰਸੰਗ ਵਿਚ ਲਿਖੀ-
ਧਰਮ ਸਾਲ ਕਰਿ ਬਹੀਦਾ ਇੱਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨ ਪਾਵਈ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਅਜਰੁ ਜਰੈ ਨ ਆਪੁ ਜਣਾਇਆ॥ (੨੬/੨੪)
ਗੁਰੂ ਸਾਹਿਬ ਅਤੇ ਸਿੱਖ ਦਰਸ਼ਨ ਦੀ ਚੜਤ ਵੇਖ ਕੇ ਕਈਆਂ ਨੂੰ ਈਰਖਾ ਹੋਣ ਲੱਗੀ ਤੇ ਫਲਸਰੂਪ ਉਨ੍ਹਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਗਲਤ ਰੀਪੋਰਟਾਂ ਦੇ ਆਧਾਰ 'ਤੇ ਗੁਰੂ ਜੀ ਨੂੰ ਦਿੱਲੀ ਬੁਲਾ ਲਿਆ। ਜਾਣ ਲੱਗਿਆਂ ਗੁਰੂ ਜੀ ਨੇ ਗੁਰੂ ਘਰ ਦਾ ਸਾਰਾ ਕੰਮਕਾਜ ਭਾਈ ਗੁਰਦਾਸ ਤੇ ਭਾਈ ਬੁੱਢਾ ਜੀ ਨੂੰ ਸੌਂਪਿਆ। ਦਿੱਲੀ ਤੋਂ ਜਦ ਗੁਰੂ ਸਾਹਿਬ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਭੇਜਿਆ ਗਿਆ ਤਾਂ ਭਾਈ ਗੁਰਦਾਸ ਤੇ ਕੁਝ ਸਿੱਖਾਂ ਦੀ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਮਿਲਣ ਦੀ ਡਿਊਟੀ ਲਗਾਈ ਗਈ। ਕਿਲ੍ਹੇ ਦਾ ਕਿਲ੍ਹੇਦਾਰ ਹਰਿਦਾਸ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਆਪਣੀ ਸਿੱਖੀ ਸੇਵਕੀ ਦਿਖਾਉਂਦਿਆਂ ਭਾਈ ਗੁਰਦਾਸ ਹੋਰਾਂ ਨੂੰ ਗੁਰੂ ਸਾਹਿਬ ਨਾਲ ਮਿਲਵਾ ਦਿੱਤਾ। ਬਾਅਦ ਵਿਚ ਜਹਾਂਗੀਰ ਨੂੰ ਵੀ ਅਹਿਸਾਸ ਹੋ ਗਿਆ ਕਿ ਉਸ ਨੇ ਗ਼ਲਤ ਕਦਮ ਪੁੱਟਿਆ ਹੈ ਤੇ ਉਸ ਨੇ ਬਾਇੱਜ਼ਤ ਗੁਰੂ ਜੀ ਨੂੰ
ਰਿਹਾਅ ਕਰ ਦਿੱਤਾ।
ਆਮ ਤੌਰ 'ਤੇ ਜਦੋਂ ਵੀ ਗੁਰੂ ਹਰਿਗੋਬਿੰਦ ਸਾਹਿਬ ਕਿਤੇ ਬਾਹਰ ਯਾਤਰਾ 'ਤੇ ਨਿਕਲਦੇ ਸਨ ਤਾਂ ਪਿਛੋਂ ਗੁਰੂ ਘਰ ਦਾ ਪ੍ਰਬੰਧ ਕਰਨ ਦੀ ਡਿਊਟੀ ਭਾਈ ਗੁਰਦਾਸ ਦੀ ਹੀ ਲਗਵਾਈ ਜਾਂਦੀ ਸੀ। ਇਥੋਂ ਤਕ ਕਿ ਜਦੋਂ ਬਾਬਾ ਬੁੱਢਾ ਜੀ ਪਰਲੋਕ ਸਿਧਾਰ ਗਏ ਤਾਂ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਦੀ ਸੇਵਾ ਵੀ ਇਨ੍ਹਾਂ ਨੂੰ ਹੀ ਸੌਂਪੀ ਗਈ। ਇੱਕ ਵਾਰ ਦੀਵਾਲੀ ਦੇ ਮੌਕੇ 'ਤੇ ਸਿੱਖਾਂ ਵਿਚਕਾਰ ਸਿੱਖੀ ਸਿਦਕ ਦੀ ਗੱਲ ਚਲ ਪਈ ਕਿ ਸਿੱਖ ਕਿੰਨਾ ਵੀ ਨਿਸ਼ਠਾਵਾਨ ਜਾਂ ਸਿਦਕਵਾਨ ਕਿਉਂ ਨਾ ਹੋਵੇ, ਕਿਸੇ ਵਕਤ ਡੋਲ ਹੀ ਜਾਂਦਾ ਹੈ। ਭਾਈ ਸਾਹਿਬ ਨੇ ਇਸ ਧਾਰਨਾ ਨੂੰ ਬੜੇ ਧੀਰਜ ਨਾਲ ਤਰਕ ਆਧਾਰਿਤ ਰੱਖ ਕੇ ਨਾਕਾਰ ਦਿੱਤਾ। ਉਨ੍ਹਾਂ ਅਨੁਸਾਰ ਸੱਚਾ ਸਿਖ ਕਦੇ ਵੀ ਨਹੀਂ ਡੋਲਦਾ, ਸਿਰਫ਼ ਵਿਖਾਵੇ ਵਾਲਾ ਅਰਥਾਤ ਕੱਚਾ ਸਿੱਖ ਡੋਲ ਸਕਦਾ ਹੈ। ਇਸ ਪ੍ਰਥਾਇ ਉਨ੍ਹਾਂ ਨੇ 35ਵੀਂ ਵਾਰ ਦੀ 20ਵੀਂ ਪਉੜੀ ਲਿਖੀ-
ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ।
ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ।
ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੇ ਨਾਰੇ।
ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ।
ਜੇ ਮਦੁ ਪੀਤਾ ਬਾਮਣੀ ਲੋਇ ਲੁਝਣਿ ਸਾਰੇ।
ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ। (੩੫/੨੦)
“ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕੁ ਨ ਹਾਰੇ।“ ਤੁਕ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਹਿਸੂਸ ਹੋਣ ਲੱਗਾ ਕਿ ਭਾਈ ਸਾਹਿਬ ਦੇ ਮਨ ਅੰਦਰ ਕਿਤੇ ਨਾ ਕਿਤੇ ਵਿਦਵਤਾ ਦੀ ਹਉਮੈ ਘਰ ਕਰ ਚੁੱਕੀ ਹੈ। ਗੁਰੂ ਸਾਹਿਬ ਅਨੁਸਾਰ ਇਸ ਕਥਨ ਵਿਚ ਇੱਕ ਅਲੌਕਿਕ ਮਟਕ ਹੰਕਾਰ ਨੂੰ ਪੈਦਾ ਕਰਨ ਵਾਲੀ ਹੈ, ਜਿਸ ਕਰਕੇ ਲਾਜ਼ਮੀ ਸਿੱਖ ਦੇ ਮਨ ਵਿਚ ਹੰਕਾਰ ਪੈਦਾ ਹੋ ਜਾਂਦਾ ਹੈ। ਇਸ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਮੰਤਵ ਲਈ ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਨੂੰ ਘੋੜੇ ਖਰੀਦਣ ਲਈ ਕਾਬਲ ਭੇਜਿਆ। ਘੋੜਿਆਂ ਦਾ ਸੌਦਾ ਤੈਅ ਹੋ ਗਿਆ ਤੇ ਜਦੋਂ ਇੱਕ ਤੰਬੂ ਵਿਚ ਜਾ ਕੇ ਮਾਇਆ ਦੇਣ ਲਈ ਬੋਲੀਆਂ ਖੋਲ੍ਹਣ ਲੱਗੇ ਤਾਂ ਮੋਹਰਾਂ (ਅਸ਼ਰਫੀਆਂ) ਦੀ ਥਾਂ ਠੀਕਰੀਆਂ ਨਿਕਲੀਆਂ। ਭਾਈ ਸਾਹਿਬ ਤਾਂ ਡੌਰ ਭੌਰ ਹੋ ਗਏ। ਸਮਝ ਨਾ ਆਵੇ ਕੀ ਕੀਤਾ ਜਾਵੇ। ਬਦਨਾਮੀ ਤੋਂ ਡਰਦੇ ਮਾਰੇ ਤੰਬੂ 'ਚੋਂ ਨੱਠ ਨਿਕਲੇ ਤੇ ਕਾਸ਼ੀ ਜਾ ਪਹੁੰਚੇ। ਉਥੇ ਗੁਰਸਿੱਖੀ ਦੇ ਪ੍ਰਚਾਰ ਵਿਚ ਜੁੱਟ ਗਏ। ਇਥੇ ਭਾਈ ਸਾਹਿਬ ਦੀ ਵਿਦਵਾਨਾਂ, ਪੰਡਤਾਂ, ਸੰਨਿਆਸੀਆਂ ਨਾਲ ਗੋਸ਼ਟੀਆਂ ਹੁੰਦੀਆਂ ਰਹੀਆਂ। ਗੁਰੂ ਸਾਹਿਬ ਦੇ ਹੁਕਮਨਾਮੇ 'ਤੇ ਅਮਲ ਕਰਦਿਆਂ ਆਪ ਕਾਸ਼ੀ ਤੋਂ ਅਮ੍ਰਿਤਸਰ ਨੂੰ ਤੁਰ ਪਏ। ਭਾਈ ਸਾਹਿਬ ਨੇ ਅੰਮ੍ਰਿਤਸਰ ਪਹੁੰਚ ਕੇ ਇੱਕ ਗੁਨਾਹਗਾਰ ਦੇ ਤੌਰ 'ਤੇ ਗੁਰੂ ਜੀ ਤੋਂ ਖਿਮਾ ਮੰਗੀ। ਗੁਰੂ ਜੀ ਨੇ ਭਾਈ ਸਾਹਿਬ ਨੂੰ ਹਉਮੈ ਤਿਆਗ ਦਾ ਉਪਦੇਸ਼ ਦਿੱਤਾ ਤੇ ਉਧਰ ਭਾਈ ਸਾਹਿਬ ਨੇ ਪਸ਼ਚਾਤਾਪ ਵਜੋਂ 35ਵੀਂ ਵਾਰ ਦੀਆਂ ਹੀ ਹੋਰ ਤਿੰਨ ਪਉੜੀਆਂ ਦੀ ਸਿਰਜਣਾ ਕੀਤੀ ਜਿਨ੍ਹਾਂ ਦੀਆਂ ਅੰਤਲੀਆਂ ਸਤਰਾਂ ਵਿਚ ਗੁਰੂ ਅੱਗੇ ਸਿੱਖ ਨੂੰ ਨਿਮਾਣਾ ਜਿਹਾ ਦਸਿਆ ਗਿਆ ਹੈ-
-ਸਾਂਗੈ ਅੰਦਰਿ ਸਾਬਤੇ ਸੇ ਵਿਰਲੇ ਬੰਦੇ।
-ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ।
-ਸਾਂਗੇ ਅੰਦਰ ਸਾਬਤਾ ਜਿਸੁ ਗੁਰੂ ਸਹਾਏ।
ਉਪਰੋਕਤ ਸਭ ਘਟਨਾਵਾਂ ਮਨੋਕਲਪਿਤ ਹਨ ਜੋ ਕੁਝ ਇੱਕ ਸਾਖੀਆਂ ਨੂੰ ਆਧਾਰ ਬਣਾ ਕੇ ਸੱਚ ਮੰਨ ਲਈਆਂ ਗਈਆਂ ਹਨ। ਪਰ ਜੇਕਰ ਸਾਖੀਆਂ ਨੂੰ ਉਪਰੋਕਤ ਘਟਨਾ ਦੇ ਪ੍ਰਸੰਗ ਵਿਚ ਗਹੁ ਨਾਲ ਵਿਚਾਰੀਏ ਤਾਂ ਸਾਖੀਆਂ ਵਿਚ ਦਿੱਤੇ ਵੇਰਵਿਆਂ ਵਿਚ ਹੀ ਦਵੰਦ ਹੈ ਜੋ ਇਸ ਘਟਨਾ ਨੂੰ ਕਲਪਿਤ ਹੀ ਸਥਾਪਤ ਕਰਦਾ ਹੈ। ਬੇਸ਼ੱਕ ਅਜਿਹੀਆਂ ਘਟਨਾਵਾਂ ਸਾਖੀਕਾਰਾਂ ਨੇ ਸਿੱਖੀ ਸ਼ਰਧਾ ਵੱਸ ਹੋ ਕੇ ਹੀ ਲਿਖੀਆਂ ਹੋਣ ਪਰ ਅਜਿਹੀ ਵਿਵੇਕ ਰਹਿਤ ਸ਼ਰਧਾ ਭਾਈ ਗੁਰਦਾਸ ਦੀ ਸ਼ਖ਼ਸੀਅਤ ਨੂੰ ਛੁਟਿਆਣ ਲਈ ਹੀ ਸਹਾਈ ਹੋ ਰਹੀ ਹੈ। ਇਸ ਸੰਬੰਧੀ ਸਾਨੂੰ ਡਾ. ਦਲੀਪ ਸਿੰਘ ਦੀਪ ਦੀ ਕੀਤੀ ਟਿੱਪਣੀ ਸਾਰਥਕ ਵਿਖਾਈ ਦਿੰਦੀ ਹੈ ਜਦੋਂ ਉਹ ਲਿਖਦੇ ਹਨ-" ਸੰਭਵ ਹੈ ਕਿ ਵਿਰੋਧੀ ਮੀਣਿਆਂ ਨੇ ਜਿਨ੍ਹਾਂ ਦੇ ਪ੍ਰਚਾਰ ਨੂੰ ਭਾਈ ਸਾਹਿਬ ਨੇ ਬੇਅਸਰ ਕਰ ਦਿੱਤਾ ਸੀ ਅਤੇ ਜੋ ਭਾਈ ਸਾਹਿਬ ਤੋਂ ਔਖੇ ਸਨ, ਉਨ੍ਹਾਂ ਦੀ ਵਡਿਆਈ ਨੂੰ ਘਟਾਉਣ ਲਈ ਚਾਲ ਚੱਲੀ ਹੋਵੇ।" (ਭਾਈ ਗੁਰਦਾਸ ਦੀ ਪਹਿਲੀ ਵਾਰ, ਪੰਨਾ 21) ਖ਼ਾਸ ਕਰਕੇ ਅਜਿਹੇ ਵੇਰਵੇ ਗੁਰਪ੍ਰਤਾਪ ਸੂਰਜ ਅਤੇ ਤਵਾਰੀਖ ਗੁਰੂ ਖਾਲਸਾ ਵਿਚ ਦਰਜ ਹਨ।
ਅੰਤਿਮ ਸਮਾਂ :
ਭਾਈ ਗੁਰਦਾਸ ਜੀ ਨੇ ਅੰਤਲੇ ਦਿਨ ਗੋਇੰਦਵਾਲ ਵਿਚ ਬਤੀਤ ਕੀਤੇ। ਗੁਰੂ ਹਰਿਗੋਬਿੰਦ ਸਾਹਿਬ ਦੀ ਸਹਿਮਤੀ ਨਾਲ ਭਾਈ ਸਾਹਿਬ ਅੰਮ੍ਰਿਤਸਰ ਤੋਂ ਗੋਇੰਦਵਾਲ ਆ ਗਏ ਸਨ ਤੇ ਇਥੇ ਹੀ ਉਨ੍ਹਾਂ ਨੇ ਅੰਤਿਮ ਸਵਾਸ ਲਏ। ਸਿਆਣਿਆਂ ਦਾ ਮਤ ਹੈ ਕਿ ਮਹਾਂਪੁਰਖਾਂ ਨੂੰ ਆਪਣੇ ਅੰਤ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਉਹ ਦੂਰਅੰਦੇਸ਼ੀ ਹੋਣ ਤੋਂ ਇਲਾਵਾ ਆਤਮਗਿਆਨੀ ਵੀ ਹੋਇਆ ਕਰਦੇ ਹਨ। ਇੱਕ ਦਿਨ ਅੰਮ੍ਰਿਤ ਵੇਲੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦਾ ਅੰਤਿਮ ਵਕਤ ਆ ਚੁਕਿਆ ਹੈ। "ਆਪਣੇ ਪਿਆਰੇ ਅਤੇ ਸ਼੍ਰੋਮਣੀ ਸਿੱਖ ਬਜ਼ੁਰਗ ਤੋਂ ਇਹ ਸੁਣ ਕੇ ਗੁਰੂ ਸਾਹਿਬ ਦੇ ਹਿਰਦੇ ਵਿਚ ਵੈਰਾਗ ਆਇਆ। ਭਾਈ ਸਾਹਿਬ ਦੀ ਜੀਭ ਨੇ ਜਪੁਜੀ ਅਤੇ ਸੁਖਮਨੀ ਦਾ ਅੰਤਿਮ ਪਾਠ ਕੀਤਾ ਅਤੇ ਫਿਰ ਗੁਰੂ ਚਰਨਾਂ 'ਤੇ ਆਖਰੀ ਮੱਥਾ ਟੇਕਿਆ। ਆਪਣੇ ਪ੍ਰੇਮ ਭਿੱਜੇ ਨੈਣਾਂ ਨਾਲ ਗੁਰੂ ਜੀ ਨੇ ਭਾਈ ਗੁਰਦਾਸ ਨੂੰ ਆਖਰੀ ਸੁਆਸ ਲੈਂਦਿਆਂ ਦੇਖਿਆ ਅਤੇ ਕਿਹਾ-
ਧੰਨ ਜਨਮ ਤੁਮਰੋ ਜਗ ਆਯੋ।
ਮਹਿ ਮੰਡਲ ਮਹਿ ਜਸ ਵਿਸਤਾਰਾ।
ਪਾਇ ਪਰਮਗਤਿ ਪੰਥ ਪਧਾਰਾ।
ਚਿਰਕਾਲ ਤੇਰੋ ਰਹਿ ਨਾਮੁ।
ਜਾਨਹਿ ਗੁਰੂ ਪੰਥ ਅਭਿਰਾਮੂ ।
(ਡਾ. ਦਲੀਪ ਸਿੰਘ ਦੀਪ, ਭਾਈ ਗੁਰਦਾਸ ਪੰਨਾ 3-4)
ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ ਸ਼ਰਫ ਹਾਸਿਲ ਕਰਨ ਵਾਲੀ ਉੱਚ ਰੂਹਾਨੀਅਤ ਸ਼ਖ਼ਸੀਅਤ ਭਾਈ ਗੁਰਦਾਸ ਜੀ ਦਾ ਸਸਕਾਰ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ। 86 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ 1694 ਬਿ. (1637 ਈ.) ਵਿਚ ਭਾਈ ਸਾਹਿਬ ਸਰੀਰਕ ਬਾਣਾ ਤਿਆਗ ਗਏ। (ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਮੁਤਾਬਕ ਦੇਹਾਂਤ 1637 ਈਸਵੀ ਦਾ ਮੰਨਿਆ ਗਿਆ ਹੈ) ਇਸ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਆ ਕੇ ਅਕਾਲ ਤਖ਼ਤ ਵਿਖੇ ਭਾਈ ਗੁਰਦਾਸ ਨਮਿਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ। ਕਈਆਂ ਅਨੁਸਾਰ ਭਾਈ ਗੁਰਦਾਸ ਨਮਿਤ ਅਖੰਡ ਪਾਠ ਦਾ ਆਰੰਭ ਹਰਿਮੰਦਰ ਸਾਹਿਬ ਵਿਖੇ ਰੱਖਿਆ ਗਿਆ। ਦੂਰ-ਦੂਰ ਤੋਂ ਸੰਗਤਾਂ ਇੱਕੱਤਰ ਹੋਈਆਂ, ਅਖੰਡ ਪਾਠ ਦਾ ਭੋਗ ਪਿਆ, ਦੀਵਾਨ ਸੱਜ, ਕੀਰਤਨ ਕੀਤਾ ਗਿਆ ਅਤੇ ਅੰਤਿਮ ਅਰਦਾਸ ਗੁਰੂ ਹਰਿਗੋਬਿੰਦ ਜੀ ਨੇ ਆਪ ਕੀਤੀ। (ਡਾ. ਹਰਨੇਕ ਸਿੰਘ ਕੋਮਲ-ਭਾਈ ਗੁਰਦਾਸ, ਜੀਵਨ, ਚਿੰਤਨ ਤੇ ਕਲਾ, ਪੰਨਾ 30)
ਭਾਈ ਗੁਰਦਾਸ ਦਾ ਵਿਅਕਤਿਤਵ:
ਭਾਈ ਗੁਰਦਾਸ ਇੱਕ ਮਹਾਨ ਵਿਅਕਤਿਤਵ ਦੇ ਸੁਆਮੀ ਹੋਏ ਹਨ ਜੋ ਕਹਿਣੀ ਤੇ ਕਰਨੀ ਵਿਚ ਪੂਰਨ ਗੁਰਸਿੱਖ ਹੋ ਨਿਬੜੇ ਹਨ। ਡਾ. ਰਤਨ ਸਿੰਘ ਜੱਗੀ ਦਾ ਕਥਨ ਹੈ—“ਉਹ ਬ੍ਰਹਮ ਗਿਆਨੀ ਸਨ, ਬਿਬੇਕ ਬੁੱਧੀ ਦੇ ਮਾਲਕ ਸਨ। ਹੰਸ ਵਾਂਗ ਉਹ ਨੀਰ ਅਤੇ ਖੀਰ ਦਾ ਨਿਤਾਰਾ ਕਰ ਸਕਦੇ ਸਨ।" (ਭਾਈ ਗੁਰਦਾਸ : ਜੀਵਨੀ ਤੇ ਰਚਨਾ, ਪੰਨਾ 25) ਭਾਈ ਗੁਰਦਾਸ ਦੀ ਕਾਵਿ ਸ਼ਖ਼ਸੀਅਤ ਦੀ ਵਿਲੱਖਣ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਲੋਕ ਪੱਧਰ 'ਤੇ ਵਿਚਰਦੇ ਰਹੇ ਹਨ। ਬੇਸ਼ੱਕ ਉਨ੍ਹਾਂ ਦੇ ਵਿਚਾਰਾਂ ਦਾ ਆਧਾਰ ਗੁਰਬਾਣੀ ਹੈ ਪਰ ਉਨ੍ਹਾਂ ਵਿਚਾਰਾਂ ਦੀ ਅਭਿਵਿਅਕਤੀ ਲਈ ਭਾਸ਼ਾ ਇੰਨੀ ਸਰਲ ਸੁਭਾਵਕ ਵਰਤੀ ਹੈ ਕਿ ਵਿਚਾਰ ਲੋਕਾਂ ਦੀ ਸਮਝ ਗੋਚਰੇ ਆਸਾਨੀ ਨਾਲ ਪੈ ਜਾਂਦੇ ਹਨ। ਇਸੇ ਵਿਸ਼ੇਸ਼ਤਾ ਨੂੰ ਮੁਖ ਰੱਖ ਕੇ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੱਜੀ, ਟੀਕਾ ਜਾਂ ਵਿਆਖਿਆ ਕਹਿ ਕੇ ਵਡਿਆਇਆ ਹੈ। ਗੁਰੂ ਘਰ ਵਿਚ ਜੇਕਰ ਕਿਸੇ ਵਿਦਵਾਨ ਦੀਆਂ ਰਚਨਾਵਾਂ ਦਾ ਗਾਇਨ ਗੁਰਬਾਣੀ ਵਾਂਗ ਸ਼ਰਧਾ ਭਾਵਨਾ ਨਾਲ ਕੀਤਾ ਜਾਂਦਾ ਹੈ ਤਾਂ ਉਹ ਭਾਈ ਗੁਰਦਾਸ ਦੀਆਂ ਚਾਲੀ ਵਾਰਾਂ ਹਨ।
ਅਸੀਂ ਭਾਈ ਸਾਹਿਬ ਦੇ ਵਿਅਕਤਿਤਵ ਨੂੰ ਉਭਾਰਨ ਵਾਲੇ ਕਈ ਤੱਤਾਂ ਨੂੰ ਇਸੇ ਅਧਿਆਇ ਵਿਚ ਪ੍ਰਸਤੁਤ ਕਰ ਆਏ ਹਾਂ। ਇਥੇ ਦੁਹਰਾਉਣਾ ਵਾਜਿਬ ਨਹੀਂ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਉਹ ਆਦਰਸ਼ ਸਿੱਖ ਕਈ ਸੰਸਥਾਵਾਂ ਦਾ ਪ੍ਰਬੰਧਕ ਵੀ ਰਿਹਾ ਸਗੋਂ ਕਈ ਸੰਸਥਾਵਾਂ ਦੇ ਨਿਰਮਾਣ ਵਿਚ ਆਪਣਾ ਹਿੱਸਾ ਵੀ ਪਾਉਂਦਾ ਰਿਹਾ ਹੈ। ਗੁਰੂ ਚੱਕ ਨਗਰੀ ਵਸਾਉਣ ਲਈ ਜੋ ਪੰਜ ਸਿਆਣੇ ਸਿੱਖਾਂ ਨੂੰ ਜਿੰਮਾ ਸੌਂਪਿਆ ਸੀ, ਉਨ੍ਹਾਂ ਵਿਚ ਭਾਈ ਗੁਰਦਾਸ ਵੀ ਸਨ। ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਨ ਅਤੇ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਲਈ ਜਿਥੇ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਸੀ, ਉਥੇ ਭਾਈ ਗੁਰਦਾਸ ਜੀ ਨੂੰ ਬਰਾਬਰ ਜ਼ਿੰਮੇਵਾਰੀ ਸੌਂਪੀ ਗਈ ਸੀ। ਗੁਰੂ ਘਰ ਦੀ ਆਰਥਿਕ ਹਾਲਤ 'ਤੇ ਕਾਬੂ ਪਾਉਣ ਲਈ ਇੱਕ ਸੁਘੜ ਅਰਥ-ਸ਼ਾਸਤਰੀ ਦਾ ਸਬੂਤ ਦਿੰਦਿਆਂ ਗੁਰੂ
ਸਾਹਿਬ ਨੂੰ ਦਸਵੰਧ ਦੀ ਪਿਰਤ ਤੋਰਨ ਦਾ ਸੁਝਾਅ ਦਿੱਤਾ। ਇਸ ਸੁਝਾਅ ਦੇ ਅਮਲੀ ਰੂਪ ਵਿਚ ਆਉਣ ਦੀ ਦੇਰ ਸੀ ਕਿ ਗੁਰੂ ਦਰਬਾਰ ਦਾ ਆਰਥਿਕ ਪ੍ਰਬੰਧ ਇੰਨਾ ਬਲਵਾਨ ਹੋ ਗਿਆ ਕਿ ਸਿੱਖੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਇਸ ਪ੍ਰਬੰਧ ਦੀ ਬੜੀ ਅਹਿਮੀਅਤ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਤਾਂ ਔਖਾ ਹੈ ਹੀ, ਨਾਲ ਨਾਲ ਗੁਰੂਆਂ, ਸੰਤਾਂ, ਭਗਤਾਂ ਦੀ ਬਾਣੀ ਨੂੰ ਤਰਤੀਬ ਅਤੇ ਫਿਰ ਰਾਗਾਂ ਅਨੁਸਾਰ ਤਰਤੀਬ ਦੇਣ ਵਿਚ ਉਨ੍ਹਾਂ ਗੁਰੂ ਸਾਹਿਬ ਦੀ ਮਦਦ ਕੀਤੀ।
ਇਸ ਤੋਂ ਇਲਾਵਾ ਆਪ ਸਯੋਗ ਪ੍ਰਬੰਧਕ ਅਤੇ ਗੁਰੂ ਘਰ ਦੇ ਈਮਾਨਦਾਰ ਸਲਾਹਕਾਰ ਵੀ ਸਨ। ਗੁਰੂ ਹਰਿਗੋਬਿੰਦ ਸਾਹਿਬ ਜਦੋਂ ਵੀ ਕਿਸੇ ਸਫ਼ਰ 'ਤੇ ਬਾਹਰ ਨਿਕਲਦੇ ਤਾਂ ਪਿਛੋਂ ਗੁਰੂ ਘਰ ਦਾ ਪ੍ਰਬੰਧ ਮੁਖ ਤੌਰ 'ਤੇ ਆਪ ਹੀ ਕਰਿਆ ਕਰਦੇ ਸਨ। ਭਾਈ ਸਾਹਿਬ ਨੇ ਗੁਰਮਤਿ ਦੇ ਜਿੱਥੇ ਸਾਰੇ ਪੱਖਾਂ ਦੀ ਸਹਿਜ ਅਭਿਵਿਅਕਤੀ ਕੀਤੀ ਹੈ, ਉਥੇ ਜੀਵਨ ਜਾਚ ਦੇ ਕੁਝ ਸਿੱਧਾਂਤ ਵੀ ਦੱਸੇ ਹਨ ਜੋ ਉਨ੍ਹਾਂ ਦੀਆਂ ਵਾਰਾਂ ਵਿਚ ਥਾਂ-ਥਾਂ ਦਿਖਾਈ ਦਿੰਦੇ ਹਨ। ਭਾਈ ਗੁਰਦਾਸ ਜੀ ਜਿੱਥੇ ਇੱਕ ਕਵੀ ਸਨ, ਉਥੇ ਉਨ੍ਹਾਂ ਦੀਆਂ ਆਪਣੀਆਂ ਰਚਨਾਵਾਂ ਵਿਚੋਂ ਇੱਕ ਇਤਿਹਾਸਕਾਰ ਵਾਲਾ ਵਿਅਕਤਿਤਵ ਵੀ ਉਭਰਦਾ ਹੈ। ਪਹਿਲੀ ਵਾਰ ਤਾਂ ਗੁਰੂ ਨਾਨਕ ਦੇਵ ਜੀ ਦੀ ਕਾਵਿਮਈ ਬੋਲਾਂ ਵਿਚ ਲਿਖੀ ਇੱਕ ਕਿਸਮ ਦੀ ਜੀਵਨੀ ਹੀ ਹੈ ਜੋ ਇਤਿਹਾਸ ਪੱਖੋਂ ਮਹੱਤਵਸ਼ੀਲ ਹੈ। ਇਸੇ ਤਰ੍ਹਾਂ ਗਿਆਰਵੀਂ ਵਾਰ ਵਿਚ ਪਹਿਲੇ ਛੇ ਗੁਰੂ ਸਾਹਿਬਾਨ ਦੇ ਗੁਰੂ ਘਰ ਦੇ ਨਿਕਟਵਰਤੀ ਸਿੱਖਾਂ ਦੇ ਸੰਕੇਤ ਮਾਤਰ ਹਵਾਲੇ ਵੀ ਇਤਿਹਾਸ ਦੀ ਕੋਟੀ ਵਿਚ ਆਉਂਦੇ ਹਨ। ਬਹੁਪੱਖੀ ਪ੍ਰਤਿਭਾ ਦੇ ਮਾਲਕ ਭਾਈ ਗੁਰਦਾਸ ਪੰਜਾਬੀ ਤੋਂ ਇਲਾਵਾ ਹੋਰ ਕਈ ਜ਼ੁਬਾਨਾਂ ਦੇ ਗਿਆਤਾ ਵੀ ਸਨ। ਇਸ ਦੀ ਉਗਾਹੀ ਉਨ੍ਹਾਂ ਦੇ ਵਾਰ ਕਾਵਿ ਤੋਂ ਇਲਾਵਾ ਹੋਰ ਰਚੀਆਂ ਰਚਨਾਵਾਂ ਤੋਂ ਮਿਲਦੀ ਹੈ। ਸ਼ਬਦ ਭੰਡਾਰ ਇੰਨਾ ਸੀ ਕਿ ਉਹ ਇੱਕ ਨੁਕਤੇ ਨੂੰ ਸਪੱਸ਼ਟ ਕਰਨ ਲਈ ਕਈ ਕਈ ਦ੍ਰਿਸ਼ਟਾਂਤ ਦੇ ਜਾਂਦੇ। ਡਾ. ਰਤਨ ਸਿੰਘ ਜੱਗੀ ਅਨੁਸਾਰ "ਜੇ ਪਾਠਕ ਦੀ ਪਹਿਲੇ ਦ੍ਰਿਸ਼ਟਾਂਤ ਨਾਲ ਤਸੱਲੀ ਨਹੀਂ ਹੋਈ ਤੇ ਜੇ ਉਨ੍ਹਾਂ ਦੀਆਂ ਅੱਖਾਂ ਵਿਚ ਜਿਗਿਆਸਾ ਅਜੇ ਵਿਦਮਾਨ ਹੈ ਤਾਂ ਅਗਲਾ ਦ੍ਰਿਸ਼ਟਾਂਤ ਉਸ ਨੂੰ ਖਤਮ ਕਰ ਦਿੰਦਾ ਹੈ। ਜਦੋਂ ਪਾਠਕ ਦੀ ਤਸੱਲੀ ਹੱਦੋਂ ਟੱਪ ਨਹੀਂ ਜਾਂਦੀ ਤਦ ਤਕ ਭਾਈ ਗੁਰਦਾਸ ਰੁਕਦੇ ਨਹੀਂ ਅਤੇ ਅੰਤ ਵਿਚ ਪਾਠਕ ਨੂੰ ਹੀ ਬੱਸ ਕਰਕੇ ਹੱਥ ਖੜੇ ਕਰਨੇ ਪੈਂਦੇ ਹਨ।" (ਭਾਈ ਗੁਰਦਾਸ-ਜੀਵਨੀ ਤੇ ਰਚਨਾ, ਪੰਨਾ 28) ਸੇ ਨਿਮਰਤਾ ਦੇ ਪੁੰਜ ਭਾਈ ਗੁਰਦਾਸ ਜੀ ਇੱਕ ਬ੍ਰਹਮ ਗਿਆਨੀ, ਵਿਦਵਾਨ, ਸ਼੍ਰੋਮਣੀ ਕਵੀ, ਆਦਰਸ਼ ਗੁਰਸਿੱਖ ਦੇ ਪ੍ਰਤੀਕ ਅਤੇ ਮਹਾਨ ਭਾਸ਼ਾ ਵਿਗਿਆਨੀ ਸਨ।
ਡਾ. ਰਤਨ ਸਿੰਘ ਜੱਗੀ ਨੇ ਭਾਈ ਗੁਰਦਾਸ ਦੇ ਵਿਅਕਤਿਤਵ ਦੀ ਚਰਚਾ ਕਰਦਿਆਂ ਬਨਾਰਸ ਵਿਖੇ ਇੱਕ ਪੁਰਾਤਨ ਚਿੱਤਰ ਦੇ ਉਪਲਬਧ ਹੋਣ ਦੀ ਗੱਲ ਆਖੀ ਹੈ। ਡਾ. ਜੱਗੀ ਅਨੁਸਾਰ ਭਾਈ ਸਾਹਿਬ ਦਾ ਇਹ ਚਿੱਤਰ ਚੇਤਨਾ ਮੱਠ ਵਿਚ ਸੁਰੱਖਿਅਤ ਹੈ। "ਫਰੇਮ ਹੋਏ ਇਸ ਚਿੱਤਰ ਦੀ ਬਣਨ ਤਿਥੀ ਅਤੇ ਚਿੱਤਰਕਾਰ ਬਾਰੇ ਭਾਵੇਂ ਹੁਣ ਉਥੇ ਕਿਸੇ ਨੂੰ ਕੋਈ ਗਿਆਨ ਨਹੀਂ। ਪਰ ਉਂਝ ਇਹ ਚਿੱਤਰ 150 ਵਰ੍ਹੇ ਪੁਰਾਤਨ ਪ੍ਰਤੀਤ ਹੁੰਦਾ ਹੈ।
ਇਸ ਵਿਚ ਚੰਦੋਏ ਹੇਠਾਂ ਭਾਈ ਗੁਰਦਾਸ ਤਕੀਏ ਨਾਲ ਢਾਸਣਾ ਲਾਈ ਪਦਮ ਆਸਨ ਵਿਚ ਬੈਠੇ ਹਨ। ਉਨ੍ਹਾਂ ਦੀ ਉਮਰ ਬਿਰਧ, ਸਰੀਰ ਪਤਲਾ ਅਤੇ ਸਾਧਿਆ ਹੋਇਆ ਹੈ। ਭੇਖ ਯੋਗੀਆਂ ਵਾਲਾ ਹੈ, ਸੱਜੇ ਹੱਥ ਵਿਚ ਮਾਲਾ, ਖੱਬਾ ਹੱਥ ਗੋਡੇ 'ਤੇ, ਖੱਬੇ ਮੋਢੇ ਤੋਂ ਸੱਜੀ ਵੱਖੀ ਵਲੋਂ ਪਾਈ ਸੇਲੀ ਸਹਿਤ ਬਿਰਾਜਮਾਨ ਭਾਈ ਸਾਹਿਬ ਦੇ ਸ਼ੀਸ਼ ਦੁਆਲੇ ਪ੍ਰਭਾ ਮੰਡਲ ਵੀ ਹੈ ਜੋ ਇਹ ਜ਼ਾਹਿਰ ਕਰਦਾ ਹੈ ਕਿ ਕਿਸੇ ਸ਼ਰਧਾਲੂ ਨੇ ਇਹ ਚਿੱਤਰ ਬਣਾਇਆ ਹੈ। ਇਸ ਨੂੰ ਵਾਸਤਵਿਕ ਕਹਿਣੋਂ ਸੰਕੋਚ ਕਰਨਾ ਪੈਂਦਾ ਹੈ। ਯੋਗੀਆਂ ਵਾਲਾ ਭੇਖ ਹੀ ਇਸ ਨੂੰ ਫ਼ਰਜ਼ੀ ਸਿੱਧ ਕਰ ਦਿੰਦਾ ਹੈ। ਸਾਰੰਸ਼ ਇਹ ਹੈ ਕਿ ਭਾਈ ਗੁਰਦਾਸ ਉਪਰੋਕਤ ਪੁਰਾਤਨ ਪਰ ਅਨੁਮਾਨਿਕ ਚਿੱਤਰ ਦੇ ਆਧਾਰ 'ਤੇ ਪਤਲੇ, ਪਰ ਸਾਧੇ ਹੋਏ ਸਰੀਰ ਵਾਲੇ ਇੱਕ ਸਰਲ ਅਤੇ ਸਾਦੇ ਸਾਧਕ ਪ੍ਰਤੀਤ ਹੁੰਦੇ ਹਨ। (ਭਾਈ ਗੁਰਦਾਸ-ਜੀਵਨੀ ਤੇ ਰਚਨਾ, ਪੰਨਾ 31) ਆਧੁਨਿਕ ਸਮੇਂ ਦੇ ਇੱਕ ਵਿਦਵਾਨ ਅਤੇ ਪੰਜਾਵੀ ਕਵੀ/ਲੇਖਕ ਹਰਿੰਦਰ ਸਿੰਘ ਰੂਪ ਉਨ੍ਹਾਂ ਦਾ ਰੇਖਾ ਚਿੱਤਰ ਇਸ ਤਰ੍ਹਾਂ ਖਿੱਚਦਾ ਹੈ-
ਚਿੱਟਾ ਬਾਣਾ ਨੂਰਾਂ ਧੋਤਾ ਹਸਵਾਂ ਰਸਵਾਂ ਚਿਹਰਾ।
ਅਸਰ ਪਾਉਨੀ ਖੁੱਬੇ ਚੜਿਆ ਚਿੱਟਾ ਦਾੜਾ ਉਹਦਾ।
ਪੱਗ ਪੁਰਾਣੇ ਸਿੱਖੀ ਢੰਗ ਦੀ ਅੱਧਾ ਚੰਦ ਸਿਰ ਧਰਿਆ।
ਨੈਣਾਂ ਦੇ ਵਿਚ ਸੋਹਣਾ ਵਸਿਆ ਤੇ ਮੇਰਾ ਦਿਲ ਠਰਿਆ।
ਉਹਦੇ ਚਾਰੇ ਪਾਸੇ ਹੈਸਨ ਕਾਗਜ਼ ਥਹੀਆ ਕਿੰਨੀਆਂ।
ਰਾਜੇ ਇੰਦਰ ਦੀ ਸਭਾ ਵਿਚ ਪਰੀਆਂ ਹੋਵਨ ਜਿੰਨੀਆਂ।
ਕਾਗਜ਼ 'ਤੇ ਕਾਨੀ ਚਲਦੀ ਸੀ ਜਿਵੇਂ ਅਪੱਛਰਾਂ ਨਚਦੀ।
ਜਾਂ ਸੁਹਣ ਤਕ ਜੋਬਨ ਮੱਤੀ ਗਿੱਧੇ ਵਿਚੋਂ ਮਚਦੀ।
ਰਚਨਾ ਬਿਉਰਾ :
ਭਾਈ ਗੁਰਦਾਸ ਬਿਬੇਕ ਬੁੱਧੀ ਦੇ ਸੁਆਮੀ, ਮਹਾਨ ਵਿਦਵਾਨ, ਤੀਖਣ ਸੋਚ, ਬ੍ਰਹਮ ਗਿਆਨੀ, ਗੁਰਮਤਿ ਦੇ ਆਦਰਸ਼ਾਂ ਦੇ ਗਿਆਤਾ, ਪ੍ਰਚਾਰਕ ਅਤੇ ਆਦਰਸ਼ ਸਿੱਖ ਸਨ। ਗੁਰਮਤਿ ਮਰਿਆਦਾ ਨੂੰ ਸਮਝਾਉਣ ਹਿੱਤ ਉਨ੍ਹਾਂ ਨੇ ਵਿਭਿੰਨ ਪ੍ਰਕਾਰ ਦੀਆਂ ਸਾਹਿੱਤਕ ਰਚਨਾਵਾਂ ਦੀ ਸਿਰਜਣਾ ਕੀਤੀ। ਹੁਣ ਤਕ ਦੀ ਖੋਜ ਮੁਤਾਬਕ ਸਾਨੂੰ ਉਨ੍ਹਾਂ ਦੀ ਤਿੰਨ ਪ੍ਰਕਾਰ ਦੀ ਰਚਨਾ ਦੇ ਦਰਸ਼ਨ ਹੁੰਦੇ ਹਨ, 1. ਸ਼ਲੋਕ (ਸੰਸਕ੍ਰਿਤ ਭਾਸ਼ਾ ਵਿਚ), ਕਬਿੱਤ ਸਵੱਯੇ (ਬ੍ਰਜ ਭਾਸ਼ਾ ਵਿਚ) ਅਤੇ ਵਾਰਾਂ (ਪੰਜਾਬੀ ਭਾਸ਼ਾ ਵਿਚ) ਇਸ ਤੋਂ ਇਲਾਵਾ ਕੁਝ ਵਿਦਵਾਨ ਉਨ੍ਹਾਂ ਵਲੋਂ ਸ਼ਬਦ (ਪਦ) ਲਿਖੇ ਜਾਣ ਦਾ ਅਨੁਮਾਨ ਵੀ ਲਾਉਂਦੇ ਹਨ ਪਰ ਇਹ ਧਾਰਨਾ ਤੱਥ ਆਧਾਰਤ ਨਹੀਂ ਸਗੋਂ ਪਰੋਪਰਾ ਆਧਾਰਤ ਹੈ ਕਿ ਗੁਰੂ ਸਾਹਿਬਾਨ ਦੇ ਚਰਨਾਂ ਵਿਚ ਜਿਸ ਗੁਰਸਿੱਖ ਕਵੀ ਨੂੰ ਰਹਿਣ ਦਾ ਅਵਸਰ ਮਿਲਿਆ ਹੋਵੇ, ਉਸ ਨੇ ਜ਼ਰੂਰ ਇਸ ਕਾਵਿ-ਰੂਪ (ਸ਼ਬਦ) ਦੀ ਰਚਨਾ ਕੀਤੀ ਹੋਵੇਗੀ ਪਰ ਅਜੇ ਤਕ ਭਾਈ ਸਾਹਿਬ ਦਾ ਕੋਈ ਵੀ ਸ਼ਬਦ ਨਜ਼ਰੀਂ ਨਹੀਂ ਪਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਦੋਹੜੇ ਲਿਖੇ ਜਾਣ ਦਾ ਵੀ ਪਤਾ ਚਲਦਾ ਹੈ।
ਸੰਸਕ੍ਰਿਤ ਸ਼ਲੋਕ
ਜਿਸ ਸਰੋਤ ਤੋਂ ਸੰਸਕ੍ਰਿਤ ਸ਼ਲੋਕਾਂ ਦਾ ਪਤਾ ਚਲਦਾ ਹੈ, ਉਹ ਇੱਕੋ ਇੱਕ ਪੁਰਾਣਾ ਸਰੋਤ 'ਗੁਰ ਪ੍ਰਤਾਪ ਸੂਰਜ' ਹੈ ਜਿਸ ਵਿਚ ਭਾਈ ਸੰਤੋਖ ਸਿੰਘ ਨੇ ਉਨ੍ਹਾਂ ਦੇ ਛੇ ਸ਼ਲੋਕਾਂ ਦਾ ਜ਼ਿਕਰ ਕੀਤਾ ਹੈ। ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਨੇ ਇਹ ਸ਼ਲੋਕ ਅਨੁਸ਼ਟਪ ਛੰਦ ਵਿਚ ਲਿਖੇ ਹਨ। ਭਾਈ ਸੰਤੋਖ ਸਿੰਘ ਦਸਦਾ ਹੈ ਕਿ ਜਦੋਂ ਕਾਂਸ਼ੀ ਨਿਵਾਸੀ ਪੰਡਿਤਾਂ ਨੇ ਭਾਈ ਗੁਰਦਾਸ ਜੀ ਤੋਂ ਪਰਮਾਤਮਾ ਦੇ ਪੁਰਾਤਨ ਨਾਮ ਦੀ ਥਾਂ 'ਵਾਹਿਗੁਰੂ' ਸ਼ਬਦ ਵਰਤਣ ਦੀ ਮਹਾਨਤਾ ਬਾਰੇ ਪੁਛਿਆ ਤਾਂ ਭਾਈ ਗੁਰਦਾਸ ਜੀ ਨੇ ਪੰਡਿਤਾਂ ਦੇ ਪ੍ਰਸ਼ਨਾਂ ਦੇ ਉੱਤਰ ਲਈ ਸੰਸਕ੍ਰਿਤ ਸ਼ਲੋਕਾਂ ਦੀ ਰਚਨਾ ਕੀਤੀ ਜਿਸ ਵਿਚ 'ਵਾਹਿਗੁਰੂ' ਸ਼ਬਦ ਦੀ ਵਿਆਖਿਆ ਕੀਤੀ। ' ਵਾਹਿਗੁਰੂ' ਦੀ ਵਿਦਵਤਾ ਭਰਪੂਰ ਵਿਆਖਿਆ ਸੁਣ ਕੇ ਕਾਂਸ਼ੀ ਪੰਡਿਤ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੀ ਬੇਹੱਦ ਤਾਰੀਫ਼ ਕੀਤੀ ਤੇ ਧੰਨਵਾਦ ਕੀਤਾ। ਭਾਈ ਸੰਤੋਖ ਸਿੰਘ ਦੀ ਜ਼ੁਬਾਨੀ-
ਜੈ ਗੁਰਦਾਸ ਵਿਮਲ ਮਤਿ ਗਯਾਨੀ।
ਅਬ ਹਮਾਰੇ ਮਨ ਨਿਸ਼ਚੈ ਠਾਨੀ।
ਤੁਮ ਤੇ ਸੰਸ਼ਯ ਗਯੋ ਹਮਾਰਾ।
ਬਿਬਿਧ ਬੇਦ ਬਿਧਿ ਕੀਓ ਉਚਾਰਾ। (ਗੁਰ ਪ੍ਰਤਾਪ ਸੂਰਜ)
ਭਾਈ ਗੁਰਦਾਸ ਦੇ ਜਿਨ੍ਹਾਂ ਛੇ ਸ਼ਲੋਕਾਂ ਦਾ ਜ਼ਿਕਰ ਆਉਂਦਾ ਹੈ, ਸੰਸਕ੍ਰਿਤ ਵਿਚ ਹੋਣ ਕਰਕੇ, ਕਈਆਂ ਨੇ ਜੋ ਸੰਸਕ੍ਰਿਤ ਤੋਂ ਅਗਿਆਨੀ ਹਨ, ਇਨ੍ਹਾਂ ਦਾ ਪਾਠ ਅਸ਼ੁੱਧ ਕੀਤਾ ਹੈ। ਭਾਈ ਵੀਰ ਸਿੰਘ ਦੇ ਕਥਨ ਅਨੁਸਾਰ ਇਸ ਅਸ਼ੁੱਧ ਪਾਠ ਵਿਚ ਸੋਧ ਤਾਂ ਹੀ ਹੋ ਸਕਦੀ ਹੈ ਜੇਕਰ 'ਗੁਰ ਪ੍ਰਤਾਪ ਸੂਰਜ' ਦੇ ਗ੍ਰੰਥ ਦਾ ਅਸਲੀ ਪਾਠ ਮਿਲ ਜਾਵੇ (ਕਬਿੱਤ ਭਾਈ ਗੁਰਦਾਸ, ਦੂਸਰਾ ਸਕੰਧ, ਪੰਨਾ 68) ਵੰਨਗੀ ਵਜੋਂ ਕੁਝ ਸ਼ਲੋਕ ਇਸ ਪ੍ਰਕਾਰ ਹਨ-
-ਵਿਸ਼ਵੇਸੰ ਵਿਸ਼੍ਵ ਮਿਤ੍ਯੁਤ, ਸੰਪੁਟੇ ਵਿਸ਼੍ਵ ਭੂਖਹੰ।
ਵਿਸ਼੍ਵ ਬੋਧ ਸ੍ਵਯਂ ਬ੍ਰਹਮ੍, ਤੂੰ ਪ੍ਰਣਵਾਦੀ ਨਮਾਮਿਹ॥੧॥
-ਹਰੀ ਹਰਾਦਿ ਸ਼੍ਰਯੰ ਬ੍ਰਹਮ ਹੰਸ ਬੋਧ ਪ੍ਰਕਾਸ਼ਤਂ।
ਹਸਖਮਲ ਵਰਯ ਵੀਜੇ ਹੰਕਾਰ ਤੇ ਨਮਾਮਿਹੇ॥
ਕਬਿੱਤ-ਸਵੱਯੇ:
ਸੰਸਕ੍ਰਿਤ ਸ਼ਲੋਕਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੇ ਰਚੇ ਕਬਿੱਤ ਸਵੱਯੇ ਵੀ ਮਿਲਦੇ ਹਨ। ਕਬਿੱਤ ਸਵੱਯਾਂ ਦੇ ਸੰਦਰਭ ਵਿਚ ਇੱਕ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਇਹ ਕਾਵਿ-ਰੂਪ ਨਹੀਂ ਹਨ ਜਿਵੇਂਕਿ ਬਹੁਤੇ ਵਿਦਵਾਨ ਇਸ ਨੂੰ ਅਚੇਤ ਤੌਰ 'ਤੇ ਕਾਵਿ- ਰੂਪ ਕਹਿ ਬੈਠਦੇ ਹਨ। ਇਹ ਦੋਵੇਂ ਰੂਪ ਛੰਦ ਰੂਪ ਹਨ । ਕਬਿੱਤ ਜਿੱਥੇ ਵਰਣਿਕ ਛੰਦ ਹੈ, ਉਥੇ ਸਵੱਯੇ ਵਰਣਿਕ ਵੀ ਹੁੰਦੇ ਹਨ ਤੇ ਮਾਤ੍ਰਿਕ ਵੀ। 1940 ਤੋਂ ਪਹਿਲਾਂ ਭਾਈ ਗੁਰਦਾਸ ਜੀ ਦੇ ਲਿਖੇ 556 ਕਬਿੱਤ ਸਵੱਯੇ ਪ੍ਰਾਪਤ ਸਨ ਪਰ 1940 ਵਿਚ ਭਾਈ ਵੀਰ ਸਿੰਘ ਨੇ
ਖੋਜ ਕਰਕੇ 119 ਕਬਿੱਤ ਹੋਰ ਲੱਭ ਕੇ ਇੱਕ ਵੱਖਰੇ ਸੰਸਕਰਣ ਦੇ ਰੂਪ ਵਿਚ ਛਾਪੇ। ਇਸ ਤਰ੍ਹਾਂ ਕਬਿੱਤ ਸਵੱਯਾਂ ਦੀ ਗਿਣਤੀ 675 ਹੋ ਜਾਂਦੀ ਹੈ। 119 ਕਬਿੱਤ ਜੋ ਭਾਈ ਵੀਰ ਸਿੰਘ ਨੇ ਲੱਭੇ ਹਨ। 1940 ਈਸਵੀ ਵਿਚ ਭਾਈ ਵੀਰ ਸਿੰਘ ਨੇ 'ਕਬਿੱਤ ਭਾਈ ਗੁਰਦਾਸ ਦੂਸਰਾ ਸਕੰਧ' ਨਾਂ ਹੇਠ ਪ੍ਰਕਾਸ਼ਤ ਕਰਵਾਏ। ਭਾਈ ਵੀਰ ਸਿੰਘ ਨੇ ਭਾਵੇਂ ਇਨ੍ਹਾਂ ਦਾ ਪ੍ਰਾਪਤੀ ਸਰੋਤ ਤਾਂ ਨਹੀਂ ਦਸਿਆ ਪਰ ਇਨ੍ਹਾਂ ਕਬਿੱਤਾਂ ਦੀ ਸ਼ਬਦਾਵਲੀ, ਵਾਕ-ਬਣਤਰ, ਦ੍ਰਿਸ਼ਟਾਂਤ, ਵਿਸ਼ੇਸ਼ ਸ਼ਬਦਾਂ ਦੀ ਦੁਹਰਾਈ ਅਤੇ ਸ਼ੈਲੀ ਆਦਿ ਦਾ ਤੁਲਨਾਤਮਕ ਅਧਿਅਨ ਕਰਕੇ ਭਾਈ ਵੀਰ ਸਿੰਘ ਨੇ ਇਨ੍ਹਾਂ ਨੂੰ ਭਾਈ ਗੁਰਦਾਸ ਭੱਲੇ ਦੀ ਰਚਨਾ ਹੀ ਸਿੱਧ ਕੀਤਾ ਹੈ (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ ਜੀਵਨੀ ਤੇ ਰਚਨਾ, ਪੰਨਾ 33) ਭਾਈ ਗੁਰਦਾਸ ਜੀ ਨੇ ਇਨ੍ਹਾਂ ਕਬਿੱਤਾਂ ਦੀ ਬੋਲੀ ਬ੍ਰਜ ਰੱਖੀ ਹੈ। ਇਥੇ ਅਸੀਂ ਕਬਿੱਤ-ਸਵੱਯੇ ਪਦ ਵਰਤਣ ਦੀ ਥਾਂ ਕਥਿੱਤ ਇਸ ਕਰਕੇ ਵਰਤਿਆ ਹੈ ਕਿ ਭਾਈ ਸਾਹਿਬ ਨੇ ਕਬਿੱਤ ਹੀ ਜ਼ਿਆਦਾ ਰਚੇ ਹਨ, ਸਵੱਯੇ ਐਵੇਂ ਨਾ ਮਾਤਰ ਭਾਵ ਸਿਰਫ਼ ਤਿੰਨ ਹੀ। ਬ੍ਰਜ-ਭਾਸ਼ਾ ਵਿਚ ਕਬਿੱਤ ਲਿਖਣ ਦਾ ਮਨੋਰਥ ਦਸਦੀ ਹੋਈ ਡਾ. ਗੁਰਸ਼ਰਨ ਕੌਰ ਜੱਗੀ ਲਿਖਦੀ ਹੈ-"... ਕਵੀ ਦੁਆਰਾ ਆਪਣੀ ਰਚਨਾ ਲਈ ਅਪਣਾਇਆ ਗਿਆ ਭਾਸ਼ਾ ਮਾਧਿਅਮ ਉਸ ਦੇ ਸਰੋਤਿਆਂ/ਪਾਠਕਾਂ ਦੀ ਭਾਸ਼ਾ ਦੇ ਅਨੁਰੂਪ ਹੀ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਇਨ੍ਹਾਂ ਦੀ ਰਚਨਾ ਗ਼ੈਰ-ਪੰਜਾਬੀ ਸਰੋਤਿਆਂ/ਪਾਠਕਾਂ ਲਈ ਕੀਤੀ ਗਈ ਸੀ। ਗੈਰ ਪੰਜਾਬੀ ਭਾਸ਼ੀਆਂ ਦੇ ਸੰਪਰਕ ਵਿਚ ਭਾਈ ਸਾਹਿਬ ਆਗਰਾ ਅਤੇ ਬਨਾਰਸ ਦੇ ਨਿਵਾਸ ਵੇਲੇ ਆਏ। ਉਦੋਂ ਹੀ ਇਨ੍ਹਾਂ ਦੀ ਰਚਨਾ ਸੰਭਵ ਹੋ ਸਕਦੀ ਹੈ। ਭਾਈ ਗੁਰਦਾਸ ਜ਼ਿਆਦਾ ਸਮਾਂ ਆਗਰੇ ਦੇ ਪ੍ਰਚਾਰ ਕੇਂਦਰ ਵਿਚ ਰਹੇ, ਇਸ ਲਈ ਉਥੇ ਹੀ ਅਧਿਕਤਰ ਪਦ ਲਿਖੇ ਗਏ ਹੋਣਗੇ। ਅਨੁਮਾਨ ਹੈ ਕਿ ਪਹਿਲੇ ਸਕੰਧ ਦੇ 556 ਪਦ ਆਗਰਾ ਨਿਵਾਸ ਵੇਲੇ ਅਤੇ 119 ਕਥਿੱਤ ਬਨਾਰਸ ਵਿਚ ਰਹਿਣ ਵੇਲੇ ਲਿਖੇ ਗਏ ਸਨ।" (ਵਾਰਾਂ ਭਾਈ ਗੁਰਦਾਸ : ਸੰਪਾਦਨ ਅਤੇ ਪਾਠ-ਨਿਰਧਾਰਣ) ਇਨ੍ਹਾਂ ਕਬਿੱਤ ਸਵੱਯਾਂ ਦੀ ਭਾਸ਼ਾ ਅਤੇ ਮਜ਼ਬੂਨ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦੀ ਰਚਨਾ ਵਾਰਾਂ ਤੋਂ ਬਾਅਦ ਦੀ ਹੈ। ਬੇਸ਼ੱਕ ਕੁਝ ਕਬਿੱਤ ਪੰਜਾਬ ਵਿਚ ਹੀ ਰਚੇ ਗਏ ਪਰ ਜ਼ਿਆਦਾਤਰ ਪੰਜਾਬੋਂ ਬਾਹਰ ਰਹਿ ਕੇ ਲਿਖੇ ਹੋਣ ਦੇ ਸੰਕੇਤ ਉਨ੍ਹਾਂ ਦੇ ਕਬਿੱਤਾਂ ਵਿਚੋਂ ਮਿਲ ਜਾਂਦੇ ਹਨ ਕਿਉਂਕਿ ਕਬਿੱਤਾਂ ਸਵੱਯਾਂ ਵਿਚ ਗੁਰੂ ਚਰਨਾਂ ਦੇ ਵਿਛੋੜੇ ਕਾਰਨ ਉਪਜੇ ਦਰਦੀਲੇ ਬੋਲ ਇਨ੍ਹਾਂ ਵਿਚ ਸੰਮਿਲਤ ਹਨ।
ਸਾਡੇ ਪੰਜਾਬੀ ਦੇ ਬਹੁਤੇ ਵਿਦਵਾਨ ਭਾਈ ਸਾਹਿਬ ਦੇ ਕਬਿੱਤਾਂ ਨੂੰ ਦੋ ਹਿੱਸਿਆਂ ਵਿਚ ਵੰਡਦੇ ਹਨ। "ਵਿਆਖਿਆ ਪ੍ਰਧਾਨ ਅਤੇ ਅਨੁਭਵ ਪ੍ਰਧਾਨ।
ਵਿਆਖਿਆ ਪ੍ਰਧਾਨ ਕਬਿੱਤ ਉਹ ਹਨ ਜਿਨ੍ਹਾਂ ਵਿਚ ਭਾਈ ਗੁਰਦਾਸ ਨੇ ਆਪਣੀ ਪ੍ਰਚਾਰਕ ਦ੍ਰਿਸ਼ਟੀ ਤੋਂ ਗੁਰਮਤਿ ਦੇ ਸਿੱਧਾਤਾਂ ਨੂੰ ਸਪੱਸ਼ਟ ਕੀਤਾ ਹੈ।" (ਡਾ. ਰਤਨ ਸਿੰਘ ਜੱਗੀ-ਭਾਈ ਗੁਰਦਾਸ-ਜੀਵਨੀ ਤੇ ਰਚਨਾ, ਪੰਨਾ 34) ਗੁਰਮਤਿ ਦੀ ਵਿਆਖਿਆ ਲਈ ਉਹ ਕਈ ਕਈ ਮਿਸਾਲਾਂ ਦੇ ਜਾਂਦੇ ਹਨ। ਕਈ ਕਈ ਅਲੋਕਾਰ ਵੀ ਵਰਤ ਜਾਂਦੇ ਹਨ।ਨਿਮਨ ਲਿਖਿਤ ਕਬਿੱਤ ਵਿਚ ਦ੍ਰਿਸ਼ਟਾਂਤ ਦੇ ਕੇ ਨੈਤਿਕਤਾ ਦੀਆਂ ਗੱਲਾਂ ਸਮਝਾਈਆਂ ਹਨ-
-ਜੈਸੇ ਪੋਸਤੀ ਸੁਨਤ ਕਹਤ ਪੋਸਤ ਪੋਸਤ ਬੁਰੋ
ਤਾਂ ਕੇ ਬਸਿ ਭਯੋ ਛਾਡਯੋ ਚਾਹੇ ਪੈ ਨ ਛੁਟਾਈ।
ਜੈਸੇ ਜੂਆ ਖੇਲਿ ਬਿਤ ਹਾਰਿ ਬਿਲਪੈ ਜੁਆਰੀ
ਤਉ ਪਰ ਜੁਆਰਨ ਕੀ ਸੰਗਤਿ ਨ ਟੁਟਈ।
ਜੈਸੇ ਚੋਰ ਚੋਰੀ ਜਾਤ ਹਿਰਦੈ ਸੰਕਾਤ, ਪੁੰਨ
ਤਜਤ ਨ ਚੋਰੀ ਜੋ ਲੇ ਸੀਸ ਹੀ ਨ ਫੁਟਈ।
ਤੈਸੇ ਸਭ ਕਹਤ ਸੁਨਤ ਮਾਯਾ ਦੁਖਦਾਈ
ਕਾਹੂ ਨ ਜੀਤੀ ਪਰੋ ਮਾਯਾ ਜਗ ਲੂਟਈ।
ਦੂਸਰੀ ਕਿਸਮ ਦੇ ਕਬਿੱਤ ਜਿਨ੍ਹਾਂ ਵਿਚ ਭਾਈ ਸਾਹਿਬ ਦਾ ਨਿਜੀ ਅਨੁਭਵ ਬੋਲਦਾ ਹੈ, "ਆਤਮ ਸਮਰਪਣ ਦੀ ਭਾਵਨਾ ਤੋਂ ਲੈ ਕੇ ਬਿਰਹਾ ਵਿਚ ਤੜਪਦੀ ਅਵਸਥਾ ਤਕ ਅਨੁਭਵ ਦਾ ਸੀਮਾ ਵਿਸਤਾਰ ਹੋਇਆ ਹੈ। ਆਪਣੀ ਦੀਨ ਅਵਸਥਾ ਨੂੰ ਕਵੀ ਨੇ ਇੱਕ ਸਵੱਯੇ ਰਾਹੀਂ ਇੰਝ ਪ੍ਰਗਟ ਕੀਤਾ ਹੈ।" (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ--ਜੀਵਨੀ ਤੇ ਰਚਨਾ, ਪੰਨਾ 34)
-ਤੇਸੋ ਨ ਨਾਥ ਅਨਾਥ ਨ ਮੋ ਸਰਿ,
ਤੋਸੋ ਨ ਦਾਨਿ ਨ ਮੋਸੋ ਭਿਖਾਰੀ।
ਮੋਸੋ ਨ ਦੀਨ ਦਇਆਲੁ ਨ ਤੋ ਸਰਿ,
ਮੋਸੋ ਅਗਿਆਨੁ ਨ ਤੈਸੋ ਬਿਚਾਰੀ।
ਮੋਸੋ ਨ ਪਤਿਤ ਨ ਪਾਵਨ ਤੇ ਸਰਿ,
ਮੋਸੋ ਬਿਕਾਰਿ ਨ ਤੋਸੋ ਉਪਕਾਰੀ ।
ਮੇਰੇ ਹੈ ਅਵਗੁਨ ਤੂ ਗੁਨ ਸਾਗਰ,
ਜਾਤ ਰਸਾਤਲ ਹੈ ਓਟ ਤਿਹਾਰੀ। (੫੨੮)
ਭਾਈ ਗੁਰਦਾਸ ਦੇ ਨਿਜੀ ਰਾਗਾਤਮਕ ਅਨੁਭਵ ਦੀ ਅਭਿਵਿਅਕਤੀ ਕਰਦਾ ਇੱਕ ਕਬਿੱਤ ਡਾ. ਹਰਨੇਕ ਸਿੰਘ ਕੋਮਲ ਨੇ ਵੀ ਆਪਣੀ ਪੁਸਤਕ 'ਭਾਈ ਗੁਰਦਾਸ : ਜੀਵਨ, ਚਿੰਤਨ ਤੇ ਕਲਾ' ਦੇ ਪੰਨਾ 48 ਉੱਪਰ ਦਿੱਤਾ ਹੈ ਜਿਸ ਵਿਚ ਸੰਯੋਗ ਤੇ ਵਿਯੋਗ ਦੋਹਾਂ ਦੀ ਸ਼ਮੂਲੀਅਤ ਬਾਖੂਬੀ ਹੋਈ ਹੈ—
-ਸੁਪਨ ਚਰਿਤ੍ਰ ਚਿਤੁ ਬਾਨਕ ਬਚਿਤ੍ਰ ਬਨੈ,
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੇ ਆਏ ਹੈਂ।
ਪਰਮ ਦਯਾਲ ਲਾਲ ਲੋਚਨ ਬਿਸਾਲ ਮੁਖ,
ਬਚਨ ਰਸਾਲ ਮਧ ਮਧੁਰ ਪੀ ਆਏ ਹੈਂ।
ਸ਼ੋਬਤ ਸੰਜਾਸਨ ਬਿਲਾਸਨ ਦੇ ਅੰਕੇ ਮਾਲ
ਪ੍ਰੇਮ ਰਸ ਬਿਸਮ ਲੈ ਸਹਿਜ ਸਮਾਏ ਹੈਂ।
ਚਾਤ੍ਰਿਕ ਸ਼ਬਦ ਸੁਣ ਅਖੀਆਂ ਉਘਰ ਗਈ,
ਭਈ ਜਲ ਮੀਨ ਰਾਤਿ ਬਿਰਹ ਜਗਾਏ ਹੈਂ।
ਭਾਈ ਗੁਰਦਾਸ ਜੀ ਦੇ ਕਬਿੱਤ ਸਵੱਯਾਂ ਦਾ ਪਾਠ-ਅਧਿਅਨ ਕਰਦੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਸ ਨੇ ਕਈ ਥਾਂ ਕੁਝ ਹੋਰ ਛੰਦਾਂ ਦਾ ਵੀ ਪ੍ਰਯੋਗ ਕੀਤਾ ਹੈ। 1940 ਤੋਂ ਪਹਿਲੇ ਵਾਲੇ ਸਕੰਧ ਵਿਚ 556 ਕਬਿੱਤ ਸਵੱਯਾਂ ਵਿਚੋਂ ਦੋਹਿਰਾ, ਸੋਰਠਾ, ਛੰਦ, ਸਵੱਯੇ ਅਤੇ ਝੂਲਣਾ ਛੰਦ ਕੱਢ ਦੇਣ ਨਾਲ ਨਿਰੋਲ 526 ਕਬਿੱਤ ਹੀ ਰਹਿ ਜਾਂਦੇ ਹਨ। ਫਿਰ ਦੂਸਰੇ ਸਕੱਧ ਵਿਚ ਆਏ 119 ਛੰਦ, ਕਬਿੱਤ ਦੇ ਲਿਖਾਇੱਕ ਹਨ। ਇਸ ਤਰ੍ਹਾਂ ਭਾਈ ਸਾਹਿਬ ਦੇ ਨਿਰੋਲ ਕਬਿੱਤਾਂ ਦੀ ਗਿਣਤੀ 645 ਬਣਦੀ ਹੈ।
ਦੋਹਿਰਾ :
ਜਿਵੇਂ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਇਹ ਛੰਦ ਮਾਤ੍ਰਿਕ ਹੈ। ਵਰਣਾਂ ਦੇ ਨਾਲ-ਨਾਲ ਇਸ ਛੰਦ ਵਿਚ ਮਾਤਰਾਵਾਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ। ਹਿੰਦੀ ਵਿਚ ਰੀਤੀ ਕਾਲ ਸਮੇਂ ਇਸ ਛੰਦ ਦੀ ਪ੍ਰਮੁੱਖਤਾ ਰਹੀ ਹੈ ਕਿਉਂਕਿ ਇਹ ਲੈਅਬੱਧ ਹੁੰਦਾ ਹੈ। ਜਿੱਥੇ ਇਹ ਕਵੀ ਨੂੰ ਪ੍ਰਭਾਵਿਤ ਕਰਦਾ ਹੈ, ਉਥੇ ਇਸ ਵਿਚ ਪ੍ਰਯੁਕਤ ਵਿਚਾਰ ਪਾਠਕ ਸਰੋਤਿਆਂ ਨੂੰ ਵੀ ਆਕਰਸ਼ਿਤ ਕਰਦੇ ਹਨ। ਦੋਹਿਰੇ ਦੀ ਨਿਸ਼ਾਨੀ ਇਹ ਹੁੰਦੀ ਹੈਕਿ ਇਹ ਦੋ ਤੁਕਾਂ ਦਾ ਹੋਇਆ ਕਰਦਾ ਹੈ। ਹਰ ਤੁਕ ਦੀਆਂ 24 ਮਾਤਰਾਂ ਅਤੇ ਵਿਸ਼ਰਾਮ ਹਰ ਤੁਕ ਦਾ 13-11 'ਤੇ ਹੁੰਦਾ ਹੈ। ਅਰਥਾਤ ਤੁਕ ਵਿਚ ਪਹਿਲਾ ਵਿਸ਼ਰਾਮ 13 ਉੱਪਰ ਅਤੇ ਦੂਸਰਾ ਵਿਸ਼ਰਾਮ 11 ਉੱਪਰ। ਤੁਕਾਂਤ ਦੋਵੇਂ ਤੁਕਾਂ ਦਾ ਮਿਲਦਾ ਹੈ। ਹਰ ਤੁਕ ਦੇ ਅਖੀਰ 'ਤੇ ਸਾਨੂੰ ਗੁਰੂ ਲਘੂ (S1) ਦੀ ਤਰਤੀਬ ਮਿਲੇਗੀ। ਭਾਈ ਸਾਹਿਬ ਨੇ ਕਬਿੱਤ ਸਵੱਯਾਂ ਦੇ ਸ਼ੁਰੂ ਵਿਚ ਇਸ ਮਾਤ੍ਰਿਕ ਛੰਦ ਦੀ ਵਰਤੋਂ ਕੀਤੀ ਹੈ। ਮਿਸਾਲ ਵਜੋਂ-
-ਅਗਮ ਅਪਾਰ ਅਨੰਦ ਗੁਰ, ਅਬਿਗਤਿ ਅਲਖ ਅਭੇਦ।
ਪਾਰਬ੍ਰਹਮ ਪੂਰਨ ਬ੍ਰਹਮ, ਸਤਿਗੁਰ ਨਾਨਕ ਦੇਵ।
ਸੋਰਠਾ :
ਇਸ ਮਾਤ੍ਰਿਕ ਛੰਦ ਦੀ ਨਿਸ਼ਾਨੀ ਇਹ ਹੈ ਕਿ ਜੇਕਰ ਦੋਹਿਰੇ ਨੂੰ ਉਲਟਾ ਕੇ ਲਿਖ ਦਿੱਤਾ ਜਾਵੇ ਤਾਂ ਸੋਰਠਾ ਛੰਦ ਹੋਂਦ ਵਿਚ ਆ ਜਾਂਦਾ ਹੈ। ਦੋਹਿਰੇ ਦੀ ਤਰ੍ਹਾਂ ਮਾਤਰਾਂ ਹਰ ਤੁਕ ਦੀਆਂ 24 ਹੀ ਹੋਇਆ ਕਰਦੀਆਂ ਹਨ। ਹਰ ਤੁਕ ਦਾ ਪਹਿਲਾ ਵਿਸ਼ਰਾਮ 11 ਉੱਪਰ ਅਤੇ ਦੂਸਰਾ ਵਿਸ਼ਰਾਮ 13 ਉੱਪਰ ਹੋਇਆ ਮਿਲੇਗਾ। ਮਿਸਾਲ ਵਜੋਂ ਅਸੀਂ ਉਨ੍ਹਾਂ ਦਾ ਇੱਕ ਦੋਹਿਰਾ ਦਿੰਦੇ ਹਾਂ ਜੋ ਸੋਰਠਾ ਵੀ ਬਣ ਸਕਦਾ ਹੈ-
-ਓਨਮ ਸ੍ਰੀ ਸਤਿਗੁਰ ਚਰਨ, ਆਦਿ ਪੁਰਖ ਆਦੇਸੁ।
ਏਕ ਅਨੇਕ ਬਿਬੇਕ ਸਸਿ, ਘਟ ਘਟ ਕਾ ਪਰਵੇਸੁ।
ਹਰ ਤੁਕ ਦੇ ਪਿਛਲੇ ਤੁਕਾਂਗ ਨੂੰ ਅੱਗੇ ਲੈ ਆਓ ਤਾਂ ਸੋਰਠਾ ਬਣ ਜਾਵੇਗਾ-
-ਆਦਿ ਪੁਰਖ ਆਦੇਸ, ਓਨਮ ਸ੍ਰੀ ਸਤਿਗੁਰ ਚਰਨ।
ਘਟ ਘਟ ਕਾ ਪਰਵੇਸ, ਏਕ ਅਨੇਕ ਬਿਬੇਕ ਸਸਿ।
ਭਾਈ ਗੁਰਦਾਸ ਨੇ ਮੰਗਲਾਚਰਣ ਅਧੀਨ ਸੋਰਠੇ ਛੰਦ ਦੀ ਵਰਤੋਂ ਕੀਤੀ ਹੈ ਤੇ ਫਿਰ ਉਸੇ ਸੋਰਠੇ ਨੂੰ ਉਲਟਾ ਕੇ ਦੋਹਿਰਾ ਦਾ ਰੂਪ ਦੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਈ ਗੁਰਦਾਸ ਨੇ ਛੰਤ (ਛੰਦ), ਝੂਲਣਾ ਅਤੇ ਛਪੈ ਆਦਿ ਛੰਦਾਂ ਦੀ ਵੀ ਵਰਤੋਂ ਕੀਤੀ ਹੈ।
ਵਾਰਾਂ :
ਭਾਈ ਸਾਹਿਬ ਦੀ ਪੰਜਾਬੀ ਵਿਚ ਵਾਰ ਕਾਵਿ ਰੂਪ ਵਿਚ ਲਿਖੀਆਂ ਚਾਲੀ ਰਚਨਾਵਾਂ ਹਨ। ਬਾਕੀ ਕਾਵਿ ਰੂਪ ਜਾਂ ਛੰਦ ਸੰਸਕ੍ਰਿਤ ਜਾਂ ਬ੍ਰਜ ਭਾਸ਼ਾ ਵਿਚ ਹਨ। ਗੁਰੂ ਘਰ ਦੀ ਵਿਚਾਰਧਾਰਾ, ਉਸ ਦੇ ਆਦਰਸ਼ਾਂ ਦੀ ਵਿਆਖਿਆ ਲਈ ਭਾਈ ਸਾਹਿਬ ਨੇ ਲੋਕ ਕਾਵਿ ਰੂਪ 'ਵਾਰ' ਨੂੰ ਹੀ ਆਪਣਾ ਮਾਧਿਅਮ ਚੁਣਿਆ। ਭਾਈ ਸਾਹਿਬ ਦੀਆਂ ਲਿਖੀਆਂ ਵਾਰਾਂ ਦੀ ਗਿਣਤੀ ਬਾਰੇ ਵਿਦਵਾਨਾਂ ਵਿਚ ਅਜੇ ਵੀ ਮਤ-ਭੇਦ ਪਾਏ ਜਾਂਦੇ ਹਨ। ਪ੍ਰਾਚੀਨ ਨੁਸਖਿਆਂ ਜਾਂ ਸਰੋਤਾਂ ਦਾ ਜੇਕਰ ਅਧਿਅਨ ਕਰੀਏ ਤਾਂ ਉਨ੍ਹਾਂ ਤੋਂ ਸਾਨੂੰ ਸਿਰਫ਼ 39 ਵਾਰਾਂ ਦੇ ਰਚੇ ਹੋਣ ਦਾ ਹੀ ਸੰਕੇਤ ਪ੍ਰਾਪਤ ਹੁੰਦਾ ਹੈ। ਖ਼ਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ 'ਵਾਰ ਭਾਈ ਗੁਰਦਾਸ ਜੀ' ਦੇ ਸੰਪਾਦਕ ਨੇ 39 ਵਾਰਾਂ ਦਾ ਹੀ ਜ਼ਿਕਰ ਕੀਤਾ ਹੈ। ਤੇ ਹੁਣ ਨਵੀਂ ਖੋਜ ਮੁਤਾਬਕ ਭਾਈ ਸਾਹਿਬ ਦੀ ਇੱਕ ਹੋਰ ਵਾਰ ਨੂੰ ਇਸ ਵਿਚ ਸ਼ਾਮਲ ਕਰ ਚਾਲੀ ਵਾਰਾਂ ਦੇ ਰਚੇ ਜਾਣ ਦੇ ਤੱਥ ਆਧਾਰਤ ਪ੍ਰਮਾਣ ਪੇਸ਼ ਹੋਏ ਹਨ। "ਜਿਥੋਂ ਤਕ 40ਵੀਂ ਵਾਰ ਦਾ ਸੰਬੰਧ ਹੈ, ਇਸ ਬਾਰੇ ਅਧਿਕਾਂਸ਼ ਵਿਦਵਾਨ ਜਿਵੇਂ ਮੈਕਾਲਿਫ, ਭਾਈ ਕਾਨ੍ਹ ਸਿੰਘ, ਗਿਆਨੀ ਨਿਰੰਜਣ ਸਿੰਘ, ਪੰਡਿਤ ਨਰੈਣ ਸਿੰਘ ਅਤੇ ਗਿਆਨੀ ਹਜ਼ਾਰਾ ਸਿੰਘ ਆਦਿ ਇਸ ਮਦ ਦੇ ਹਨ ਕਿ ਇਹ ਵਾਰ ਭਾਈ ਗੁਰਦਾਸ ਭੱਲੇ ਦੀ ਹੀ ਹੈ।" (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ-ਜੀਵਨ ਤੇ ਰਚਨਾ, ਪੰਨਾ 36) ਇਸ ਕਥਨ ਦੀ ਪ੍ਰਮਾਣਿਕਤਾ ਨਾਲ ਸੰਮਤੀ ਪ੍ਰਗਟ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀ ਰਹਿ ਜਾਂਦਾ ਜਦੋਂ ਇਸ ਤੱਥ ਦੀ ਪ੍ਰੋੜਤਾ 'ਗੁਰਬਿਲਾਸ ਪਾਤਿਸ਼ਾਹੀ ਛੇਵੀਂ' ਤੋਂ ਵੀ ਹੋ ਜਾਂਦੀ ਹੈ—
-ਗੁਰ ਅਰਜਨ ਮਮ ਆਗਿਆ ਕਰੀ।
ਵਾਰ ਚਾਲੀਸ ਰਚੋਂ ਸੁਖ ਪਰੀ। (ਪੰਨਾ 385)
ਉਪਰੋਕਤ ਉਕਤੀ ਤੋਂ ਇਲਾਵਾ ਜੇਕਰ ਇਸ ਵਾਰ ਦੀ ਭਾਸ਼ਾ ਛੰਦ-ਯੋਜਨਾ, ਸ਼ੈਲੀ ਅਤੇ ਦ੍ਰਿਸ਼ਟਾਂਤ ਦਾ ਸਰਵੇਖਣ ਕੀਤਾ ਜਾਵੇ, ਤਾਂ ਵੀ ਇਹ ਵਾਰ ਭਾਈ ਗੁਰਦਾਸ ਜੀ ਦੀ ਹੀ ਸਿੱਧ ਹੁੰਦੀ ਹੈ। ਚੂੰਕਿ ਇਸ ਵਾਰ ਦੀ ਬਣਤਰ, ਬੁਣਤੀ ਦਾ ਦੂਸਰੀਆਂ ਵਾਰਾਂ ਨਾਲੋਂ ਫ਼ਰਕ ਨਹੀਂ ਹੈ। ਇਸ ਤੋਂ ਇਲਾਵਾ ਜਿਹੜੀ ਸਾਡੇ ਧਿਆਨ ਦੀ ਮੰਗ ਕਰਦੀ ਹੈ, ਉਹ ਹੈ ਇੱਕਤਾਲੀਵੀਂ ਵਾਰ। ਪੰਡਿਤ ਨਰੈਣ ਸਿੰਘ ਗਿਆਨੀ ਵਾਰ ਵਿਚ ਆਏ ਕੁਝ ਵੇਰਵਿਆਂ ਅਤੇ ਘਟਨਾਵਾਂ ਦੇ ਆਧਾਰਿਤ ਇਸ ਨਤੀਜੇ 'ਤੇ ਪਹੁੰਚਦਾ ਹੈ ਕਿ "ਇਹ ਵਾਰ ਇੱਕ ਹੋਰ ਭਾਈ ਗੁਰਦਾਸ ਜੀ ਦੀ ਰਚਨਾ ਹੈ, ਇਹ ਭਾਈ ਗੁਰਦਾਸ ਜੀ ਦਾ 52 ਕਵੀਆਂ ਵਿਚੋਂ ਅਤੇ ਨਾ ਹੀ ਬਹਲੋਂ ਦੀ ਵੰਸ਼ ਦੇ ਮਸੰਦ ਸਨ, ਇਹ ਵਾਰ ਕਲਗੀਧਰ -
ਸਵਾਮੀ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਿਛੋਂ ਅਨੁਮਾਨਤ ਸੰਮਤ 1780 ਜਾਂ 1785 ਬਿ. ਦੇ ਵਿਚਾਲੇ ਵਿਚਾਲੇ ਬਣੀ ਹੈ।" (ਭਾਈ ਗੁਰਦਾਸ ਜੀ ਸਟੀਕ, ਪੰਨਾ 714) ਦੂਸਰਾ ਇਸ ਵਾਰ ਦੀਆਂ ਵੀਹ ਪਉੜੀਆਂ ਦੀ ਆਖਰੀ ਤੁਕ ਤਾਂ ਇਸ ਵਾਰ ਨੂੰ ਭਾਈ ਗੁਰਦਾਸ ਜੀ ਦੀ ਵਾਰ ਬਾਰੇ ਹੋਰ ਸ਼ੰਕੇ ਖੜੇ ਕਰਦੀ ਹੈ— “ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ" ਸਪੱਸ਼ਟ ਹੈ ਕਿ ਇਹ ਵਾਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੀ ਕਿਸੇ ਭਾਈ ਗੁਰਦਾਸ ਸਿੰਘ ਨਾਂ ਦੀ ਸ਼ਖ਼ਸੀਅਤ ਨੇ ਲਿਖੀ ਹੈ। ਪੰਡਿਤ ਨਰੈਣ ਸਿੰਘ ਦੁਆਰਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਤਿਆਰ ਕੀਤੀ ਸਟੀਕ ਵਿਚ ਇੱਕਤਾਲੀਵੀਂ ਵਾਰ ਦੇ ਸ਼ੁਰੂਆਤੀ ਬੋਲ ਕਿਸੇ ਵੀ ਕੀਮਤ ਤੇ ਭਾਈ ਗੁਰਦਾਸ ਭੱਲ ਦੁਆਰਾਲਿਖੀ ਵਾਰ ਸਿੱਧ ਨਹੀਂ ਕਰਦੇ 'ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸ਼ਾਹੀ ਦਸਵੀਂ" ਜਾਪਦੇ ਇਹ ਬੋਲ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੋਏ ਕਵੀ ਗੁਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਤੋਂ ਪ੍ਰਭਾਵਿਤ ਹੋ ਕੇ ਲਿਖੇ ਹਨ। ਵਾਰ ਵਿਚ ਦਸਾਂ ਗੁਰੂਆਂ ਦੀ ਉਪਮਾ (ਇੱਕੀਵੀਂ ਪਉੜੀ) ਅਤੇ ਵਿਸ਼ੇਸ਼ ਤੌਰ 'ਤੇ ਔਰੰਗਜ਼ੇਬ (ਔਰਗੇ ਇਹ ਬਾਦ ਬਚਾਇਓ॥ ਤਿਨ ਅਪਨਾ ਕੁਲ ਸਭ ਨਾਸ ਕਰਾਇਓ॥ -ਬਾਈਵੀਂ ਪਉੜੀ) ਦੀ ਚਰਚਾ ਹੋਈ ਹੈ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਅੱਖਾਂ ਅੱਗੇ ਸਰੀਰਕ ਚੋਲਾ ਤਿਆਗ ਚੁੱਕੇ ਭਾਈ ਗੁਰਦਾਸ ਦੀ ਇਹ ਰਚਨਾ ਕਤੱਈ ਵੀ ਨਹੀਂ ਹੋ ਸਕਦੀ। ਦੁਸਰਾ ਇਸ ਵਾਰ ਦੇ ਪਾਠ-ਅਧਿਅਨ ਕਰਦੇ ਹੋਏ ਜਦੋਂ ਅਸੀਂ ਪਉੜੀ-ਦਰ-ਪਉੜੀ ਅੱਗੇ ਵਧਦੇ ਹਾਂ ਤਾਂ ਸਪੱਸ਼ਟ ਮਹਿਸੂਸ ਹੁੰਦਾ ਹੈ ਕਿ ਵਾਰ ਦੇ ਕਰਤਾ ਉੱਪਰ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਵਾਲੀ ਕਾਵਿ ਪ੍ਰਤਿਭਾ ਦਾ ਅਸਰ ਜ਼ਰੂਰ ਹੈ। ਸ਼ੈਲੀ ਅਤੇ ਸੰਵਾਦ ਤੋਰਨ ਦਾ ਵਲ ਬਿਲਕੁਲ ਚੰਡੀ ਦੀ ਵਾਰ ਨਾਲ ਮੇਲ ਖਾਂਦਾ ਹੈ। ਦੂਸਰਾ ਛੰਦ-ਵਿਧਾਨ ਵੀ ਪਹਿਲੀਆਂ ਚਾਲੀ ਵਾਰਾਂ ਨਾਲੋਂ ਇਸ ਵਾਰ ਦਾ ਭਿੰਨ ਹੈ। ਸੋ ਨਿਰਸੰਦੇਹ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਰ ਯਕੀਨਨ ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਉਨ੍ਹਾਂ ਦੇ ਕਿਸੇ ਸ਼ਰਧਾਲੂ ਸਿੱਖ ਗੁਰਦਾਸ ਸਿੰਘ ਦੀ ਰਚਨਾ ਹੈ। ਉਂਜ ਵਾਰਕਾਰ ਨੇ ਬੜੀ ਹੁਸ਼ਿਆਰੀ ਨਾਲ ਭਾਈ ਗੁਰਦਾਸ ਦੀ ਵਾਰ ਸ਼ੈਲੀ ਅਪਣਾਉਣ ਦਾ ਅਸਫਲ ਯਤਨ ਕੀਤਾ ਹੈ।
ਵਾਰਾਂ ਦਾ ਰਚਨਾ ਕਾਲ :
ਭਾਈ ਗੁਰਦਾਸ ਦੀਆਂ ਵਾਰਾਂ ਦੇ ਰਚਨਾ ਕਾਲ ਸੰਬੰਧੀ ਵਿਚਾਰਕਾਂ ਵਿਚ ਮਤਭੇਦ ਜਾਰੀ ਹਨ। ਇਸ ਤੋਂ ਇਲਾਵਾ ਰਚਨਾ ਸਥਾਨ ਬਾਰੇ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ। ਪਰ ਹਾਂ ਜ਼ਿਆਦਾਤਰ ਵਾਰਾਂ ਪੰਜਾਬ ਵਿਚ ਰਹਿ ਕੇ ਹੀ ਭਾਈ ਗੁਰਦਾਸ ਨੇ ਲਿਖੀਆਂ ਹਨ ਕਿਉਂਕਿ ਇਨ੍ਹਾਂ ਦਾ ਪਿੰਡਾ ਨਿਰੋਲ ਪੰਜਾਬੀ ਸਭਿਆਚਾਰ ਵਾਲਾ ਹੋਣ ਤੋਂ ਇਲਾਵਾ ਬੋਲੀ ਵੀ ਪੰਜਾਬੀ ਤੇ ਖ਼ਾਸ ਕਰਕੇ ਮਾਝੇ ਦੀ ਆਈ ਹੈ। ਵਾਰ ਵਿਵੇਚਨ ਕਰਦਿਆਂ ਇੱਕ ਤੱਥ ਤਾਂ ਸਪੱਸ਼ਟ ਹੈ ਕਿ ਜਿਸ ਵੇਲੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਚਲ ਰਿਹਾ ਸੀ, ਉਸ ਵਕਤ ਭਾਈ ਸਾਹਿਬ ਨੇ ਪੰਜਾਬੀ ਵਿਚ ਕੁਝ ਇੱਕ ਵਾਰਾਂ ਰਚ ਲਈਆਂ ਸਨ ਕਿਉਂਕਿ ਜੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਆਖਦੇ ਹਨ ਤਾਂ ਨਿਰਸੰਦੇਹ ਬਾਣੀ ਮੌਜੂਦ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਨੇ ਕੁਝ ਵਾਰਾਂ ਦੀ ਰਚਨਾ ਆਦਿ ਗ੍ਰੰਥ ਦੀ ਸੰਪਾਦਨਾ -
ਅਰਥਾਤ 1604 ਈ. ਤੋਂ ਪਹਿਲਾਂ ਵੀ ਕੀਤੀ ਸੀ। ਇਸ ਤੋਂ ਇਲਾਵਾ ਕੁਝ ਵਾਰਾਂ ਜਿਵੇਂ ਤਿੰਨ, ਗਿਆਰਾ, ਤੇਰਾਂ, ਚੌਦਾਂ, ਛੱਬੀ, ਉਨੱਤੀ, ਅਠੱਤੀ ਅਤੇ ਉਨਤਾਲੀ ਆਦਿ ਵਾਰਾਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਗੁਰਸਿੱਖਾਂ ਦਾ ਉਲੇਖ ਕਰਦੀਆਂ ਹਨ। ਕੁਝ ਇੱਕ ਵਾਰਾਂ ਵਿਚ ਗੁਰੂ ਘਰ ਦੇ ਦੋਖੀਆਂ ਅਰਥਾਤ ਮੀਣਿਆਂ ਦੇ ਵਿਵਹਾਰ ਤੋਂ ਬਾਅਦ ਦੀਆਂ ਸਿੱਧ ਹੁੰਦੀਆਂ ਹਨ। ਸਪੱਸ਼ਟ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾ ਵਾਰਾਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਅਤੇ ਕੁਝ ਅਰਜਨ ਦੇਵ (ਛੱਬੀਵੀਂ ਅਤੇ ਛੱਤੀਵੀਂ ਵਾਰ) ਜੀ ਦੇ ਵੇਲੇ ਦੀਆਂ ਹਨ। ਗਿਆਰ੍ਹਵੀਂ ਵਾਰ ਤਾਂ ਸਪੱਸ਼ਟ ਰੂਪ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖੀ ਗਈ ਹੈ ਕਿਉਂਕਿ ਇਸ ਵਿਚ ਹੋਰ ਪੂਰਵ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖਾਂ ਦੀ ਇੱਕ ਲੰਮੀ-ਚੌੜੀ ਸੂਚੀ ਦਿੱਤੀ ਗਈ ਹੈ। ਇਸ ਵਿਸਤ੍ਰਿਤ ਸੂਚੀ ਦੇ ਆਧਾਰ 'ਤੇ ਹੀ ਭਾਈ ਮਨੀ ਸਿੰਘ ਨੇ 'ਸਿੱਖਾਂ ਦੀ ਭਗਤਮਾਲ' ਨਾਂ ਦਾ ਟੀਕਾ ਤਿਆਰ ਕੀਤਾ।
ਭਾਈ ਗੁਰਦਾਸ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਤੋਂ ਬਾਅਦ ਜਨਮ ਸਾਖੀ ਜਾਂ ਗੋਸ਼ਟੀ ਦੀ ਮਰਿਆਦਾ ਕਾਇਮ ਕਰਨ ਹਿੱਤ ਆਪਣੀ ਪਹਿਲੀ ਵਾਰ ਨੂੰ ਰਚਿਆ ਪਰ 'ਗੁਰੂ ਨਾਨਕ ਦੇਵ ਜੀ ਦੇ ਚਰਿੱਤਰ ਨਾਲ ਸੰਬੰਧਤ ਪਹਿਲੀ ਵਾਰ ਦੀ 48ਵੀਂ ਪਉੜੀ ਵਿਚ 'ਦਲਿ ਭੰਜਨ ਗੁਰੁ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਪੰਕਤੀ ਛੇਵੇਂ ਗੁਰੂ ਜੀ ਦੇ ਸੈਨਿਕ ਪਰਾਕਰਮ ਨੂੰ ਸੂਚਿਤ ਕਰਨ ਕਾਰਨ ਇਸ ਵਾਰ ਦੀ ਰਚਨਾ ਨੂੰ 1628 ਈਸਵੀ ਵਿਚ ਗੁਰੂ ਜੀ ਵਲੋਂ ਮੁਗਲਾਂ ਨਾਲ ਲੜੀ ਗਈ ਲੜਾਈ ਤੋਂ ਬਾਅਦ ਦਾ ਮੰਨਣਾ ਪੈਂਦਾ ਹੈ। ਹੋ ਸਕਦਾ ਹੈ ਇਸ ਦੀ ਰਚਨਾ ਭਾਵੇਂ ਪਹਿਲਾਂ ਹੋਈ ਹੋਵੇ ਪਰ ਇਸ ਨੂੰ ਅੰਤਿਮ ਰੂਪ ਉਪਰੋਕਤ ਤਿਥੀ ਬਾਅਦ ਦੇਣ ਵੇਲੇ ਛੇਵੇਂ ਗੁਰੂ ਸੰਬੰਧੀ ਨਵੇਂ ਤੱਥ ਵੀ ਨਾਲ ਜੋੜ ਦਿੱਤੇ ਹੋਣ।" (ਡਾ. ਗੁਰਸ਼ਰਨ ਕੌਰ ਜੱਗੀ, ਵਾਰਾਂ ਭਾਈ ਗੁਰਦਾਸ ਪੰਨਾ 9) ਇੰਝ ਅਸੀਂ ਕਹਿ ਸਕਦੇ ਹਾਂ ਕਿ ਉਪਲਬਧ ਚਾਲੀ ਵਾਰਾਂ ਵਿਚੋਂ ਅਧਿਕਤਰ ਵਾਰਾਂ 1604 ਤੋਂ 1628 ਦੇ ਦਰਮਿਆਨ ਹੀ ਲਿਖੀਆਂ ਗਈਆਂ ਹਨ।
ਪੰਜਾਬੀ ਵਾਰ ਸਾਹਿੱਤ ਦਾ ਇਤਿਹਾਸ
ਅਤੇ ਭਾਈ ਗੁਰਦਾਸ
ਕਿੰਨਾ ਸੁਹਣਾ ਕਥਨ ਹੈ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾਂ।"
ਪੰਜਾਬ ਦੇ ਇਤਹਾਸ ਦਾ ਜੇਕਰ ਗੰਭੀਰਤਾ ਨਾਲ ਅਧਿਅਨ ਕਰੀਏ ਤਾਂ ਇੱਕ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਵਿਦੇਸ਼ੀਆਂ ਵਲੋਂ ਭਾਰਤ ਉੱਤੇ ਹੋਏ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਅਤੇ ਰਾਜਸਥਾਨ ਹੀ ਨਿਤਰਤਾ ਰਿਹਾ ਹੈ। ਵਿਦੇਸ਼ੀ ਹਮਲਾਵਰਾਂ ਨਾਲ ਨਿੱਤ ਦੀਆਂ ਲੜਾਈਆਂ ਕਰਕੇ ਪੰਜਾਬੀਆਂ ਵਿਚ ਬੀਰਤਾ ਦਿਨ-ਬ-ਦਿਨ ਵਧਦੀ ਚਲੀ ਗਈ। ਅਖੀਰ ਇਸ ਬੀਰਤਾ ਦੀ ਅਭਿਵਿਅਕਤੀ ਲੋਕ ਕਾਵਿ-ਰੂਪ ਵਾਰ ਦੇ ਮਾਧਿਅਮ ਰਾਹੀਂ ਹੋਣ ਲੱਗੀ। ਸ਼ਾਇਦ ਇਸੇ ਕਰਕੇ ਸਾਡੀਆਂ ਪ੍ਰਾਚੀਨ ਵਾਰਾਂ ਬੀਰਤਾ ਦੇ ਰਸ ਨਾਲ ਛਲਕਦੀਆਂ ਨਜ਼ਰੀਂ ਪੈਂਦੀਆਂ ਹਨ। ਡਾ. ਗੰਡਾ ਸਿੰਘ 'ਪੰਜਾਬ ਦੀਆਂ ਵਾਰਾਂ' ਵਿਚ ਲਿਖਦਾ ਹੈ-ਜਿਵੇਂ ਪੰਜਾਬ 'ਤੇ ਵਾਰ ਹੁੰਦੇ ਰਹੇ ਤੇ ਪੰਜਾਬੀ ਇਨ੍ਹਾਂ ਬਾਹਰਲੀਆਂ ਵਾਹਰਾਂ ਤੇ ਵਹੀਰਾਂ ਦੇ ਵਾਰ ਰੋਕਦੇ ਰਹੇ, ਉਸੇ ਤਰ੍ਹਾਂ ਹੀ ਪੰਜਾਬ ਦੇ ਜਮਾਂਦਰੂ ਕਵੀ ਇਨ੍ਹਾਂ ਦੀਆਂ ਵਾਰਾਂ ਰਚਦੇ ਰਹੇ। ਪੁਰਾਣੇ ਜ਼ਮਾਨੇ ਵਿਚ ਜਦ ਕੋਈ ਜਣਾ ਆਪਣੇ ਟੱਬਰ, ਕਬੀਲੇ, ਪਿੰਡ ਜਾਂ ਇਲਾਕੇ ਦਾ ਵੈਰ ਕੱਢਣ ਲਈ ਜਾਂ ਕੋਈ ਨਵੀਂ ਮੱਲ ਮਾਰਨ ਲਈ ਜਾਂ ਇਸੇ ਨੀਤ ਨਾਲ ਚੜ੍ਹੇ ਆ ਰਹੇ ਵਾਹਰੂ ਦਾ ਵਾਰ ਰੋਕਣ ਲਈ ਆਪਣੇ ਸਾਕਾਂ ਸੈਣਾਂ ਤੇ ਪਖੀਆਂ ਦੀ ਵਾਹਰ ਲੈ ਕੇ ਪਿੜ ਵਿਚ ਨਿਤਰਦਾ ਅਤੇ ਬਹਾਦਰੀ ਦੇ ਜੌਹਰ ਵਿਖਾਉਂਦਾ ਤਾਂ ਉਹਦੇ ਮਰਾਸੀ, ਡੂਮ, ਢਾਡੀ, ਭਰਾਈ, ਭੱਟ ਅਤੇ ਝਿਊਰ ਉਸ ਲੜਾਈ ਵਿਚ ਉਹਦੇ ਨਾਲ ਹੁੰਦੇ ਸਨ । ਜਦ ਲੜਾਈ ਮੁਕ ਜਾਂਦੀ ਤਾਂ ਜਮਾਂਦਰੂ ਸ਼ਾਇਰ ਉਸ ਲੜਾਈ ਦੀਆਂ ਲੰਮੇਰੀਆਂ ਨਜ਼ਮਾਂ ਬਣਾ ਲੈਂਦੇ ਕਿਉਂ ਜੋ ਇਨ੍ਹਾਂ ਨਜ਼ਮਾਂ ਵਿਚ ਵਾਹਰੂਆਂ ਦੇ ਵਾਰ ਕਰਨ, ਵੈਰੀਆਂ 'ਤੇ ਕੀਤੇ ਵਾਰਾਂ ਨੂੰ ਮੁੜ-ਮੁੜ ਠੱਲ੍ਹਣ ਦਾ ਵੇਰਵਾ ਆਉਂਦਾ-ਕਿਵੇਂ ਵਾਰਾਂ ਜੁੜ ਕੇ ਨਿਕਲੀਆਂ, ਕਿਵੇਂ ਵੈਰੀਆਂ 'ਤੇ ਹੱਲਾ ਬੋਲਿਆ ਤੇ ਵਾਰ ਕੀਤੇ ਜਾਂ ਜਿਵੇਂ ਅਗਲੇ ਗਲ ਆ ਪਏ ਤੇ ਸੂਰਮਿਆਂ ਨੇ ਉਨ੍ਹਾਂ ਦੇ ਵਾਰਾਂ ਨੂੰ ਡੱਕਿਆ ਤੇ ਨਾਕਾਮ ਕੀਤੇ। ਅਜਿਹੀਆਂ ਨਜ਼ਮਾਂ ਦਾ ਨਾਂ ਵਾਰ ਪੈ ਗਿਆ। (ਅਹਿਮਦ ਸਲੀਮ ਦੀ ਪੁਸਤਕ ਲੋਕ ਵਾਰਾਂ ਦੇ ਹਵਾਲੇ ਨਾਲ)।
ਕਹਿਣ ਦਾ ਭਾਵ ਹੈ ਕਿ ਵਾਰ ਪੰਜਾਬੀ ਸ਼ਾਇਰੀ ਦੀ ਸਦੀਆਂ ਪੁਰਾਣੀ ਸਿਨਫ਼ ਏ। ਵਾਰ ਦੀ ਜਿਹੜੀ ਮੁਖ਼ਤਸਰ ਤਾਰੀਫ਼ ਅਸਾਂ ਉੱਪਰ ਦਿੱਤੀ ਏ ਉਸ ਤੋਂ ਤਾਂ ਰਿਗਵੇਦ ਦੇ ਉਨ੍ਹਾਂ ਮੰਤਰਾਂ ਨੂੰ ਵੀ ਵਾਰਾਂ ਦਾ ਨਾਂ ਦਿੱਤਾ ਜਾ ਸਕਦਾ ਏ, ਜਿਨ੍ਹਾਂ ਅੰਦਰ ਦਰਾਵੜਾਂ ਤੇ
ਆਰੀਆਂ ਲੋਕਾਂ ਦੇ ਵਿਚਕਾਰ ਲੰਮੇ ਖੂਨੀ ਜੰਗਾਂ ਦਾ ਵਰਣਨ ਲਭਦਾ ਹੈ ਪਰ ਕਿਉਂ ਜੇ ਇਹ ਨਜ਼ਮਾਂ ਵਾਰ ਦੀ ਟੈਕਨੀਕ, ਜ਼ੁਬਾਨ ਤੇ ਬਿਆਨ ਨਾਲ ਮੇਲ ਨਹੀਂ ਖਾਂਦੀਆਂ, ਇਸ ਲਈ ਅਸੀਂ ਇਨ੍ਹਾਂ ਨੂੰ ਵਾਰਾਂ ਦਾ ਨਾਂ ਨਹੀਂ ਦੇ ਸਕਦੇ। (ਅਹਿਮਦ ਸਲੀਮ, ਲੋਕ ਵਾਰਾਂ) ਪਰ ਮੱਧਕਾਲ ਵਿਚ ਸਮੇਂ ਦੀ ਸੁਭਾਵਕ ਲੋੜ ਸੀ ਕਿ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜੋਸ਼ ਵਿਚ ਰੱਖਣ ਲਈ ਉਨ੍ਹਾਂ ਸੂਰਬੀਰਾਂ ਦੇ ਕਾਰਨਾਮਿਆਂ ਨੂੰ ਬੜੇ ਉਤਸ਼ਾਹ ਤੇ ਬੀਰ ਰਸੀ ਢੰਗ ਨਾਲ ਸੁਣਾਇਆ ਜਾਂਦਾ, ਜਿਨ੍ਹਾਂ ਨੇ ਦੇਸ਼ ਤੇ ਕੌਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਹੂਲ ਕੇ ਵੈਰੀ ਦੇ ਦੰਦ ਖੱਟੇ ਕੀਤੇ। ਫਿਰ ਵੀ ਸਾਨੂੰ ਵਾਰ ਸ਼ਬਦ ਦੀ ਉੱਤਪੱਤੀ ਬਾਰੇ ਪਤਾ ਕਰਨ ਦਾ ਪ੍ਰਯਾਸ ਜ਼ਰੂਰ ਕਰਨਾ ਚਾਹੀਦਾ ਹੈ।
ਵਾਰ ਦੀ ਉਤਪੱਤੀ :
ਵਾਰ ਸ਼ਬਦ ਦਾ ਮੁੱਢ ਸੰਸਕ੍ਰਿਤ ਦੇ 'ਵਿ' ਧਾਤੂ ਤੋਂ ਮੰਨਿਆ ਜਾਂਦਾ ਹੈ ਜਿਸ ਦਾ ਮਤਲਬ ਵਾਰੀ ਜਾਂ 'ਵੈਰੀ' ਅਰਥਾਤ ਵਾਰ ਕਰਨਾ ਜਾਂ ਵਾਰ ਰੋਕਣ ਵਾਲਾ ਹੈ। (ਪੰਜਾਬੀ ਬੀਰ ਸਾਹਿੱਤ, ਭਾ. ਵਿਭਾਗ, ਪੰਨਾ 72) ਭਾਈ ਕਾਨ੍ਹ ਸਿੰਘ ਨਾਭਾ ਮੁਤਾਬਕ ਉਹ ਰਚਨਾ ਜਿਸ ਵਿਚ ਸੂਰਬੀਰਤਾ ਦਾ ਵਰਣਨ ਹੋਵੇ। ਪ੍ਰਿੰਸੀਪਲ ਤੇਜਾ ਸਿੰਘ ਵੀ ਵਾਰ ਦੇ ਪ੍ਰਸੰਗ ਵਿਚ ਅਜਿਹੇ ਵਿਚਾਰ ਹੀ ਪ੍ਰਸਤੁਤ ਕਰਦਾ ਹੈ। ਉਸ ਦੇ ਅਨੁਸਾਰ ਵਾਰ ਦਾ ਸੁਭਾਅ ਯੂਨਾਨੀਆਂ ਦੇ ਪ੍ਰਸਿੱਧ ਗੀਤ ਰੂਪ ਓਡ ਨਾਲ ਕਾਫ਼ੀ ਹੱਦ ਤਕ ਮਿਲਦਾ-ਜੁਲਦਾ ਹੈ ਤੇ ਵਾਰ ਵਿਚ ਵੀ ਇਹੋ ਕੁਝ ਹੁੰਦਾ ਹੈ ਪਰ ਪੰਜਾਬੀ ਵਾਰ ਦੀ ਉਤਪੱਤੀ ਅਤੇ ਸੁਭਾਅ ਤੋਂ ਇਹ ਗੱਲ ਠੀਕ ਨਹੀਂ ਬਹਿੰਦੀ। ਵਾਰ ਨਿਰੋਲ ਪੰਜਾਬੀਆਂ ਦਾ ਬਹਿਰ ਹੈ ਤੇ ਇਸ ਨੇ ਕਿਸੇ ਵੀ ਵਿਦੇਸ਼ੀ ਕਾਵਿ ਰੂਪ ਦਾ ਪ੍ਰਭਾਵ ਗ੍ਰਹਿਣ ਨਹੀਂ ਕੀਤਾ। ਇੱਕ ਵਿਦਵਾਨ ਦਾ ਹੋਰ ਮਤ ਵੀ ਹੈ ਵਾਰ ਜਾਂ ਬਾਰ ਦਰਵਾਜ਼ੇ ਨੂੰ ਵੀ ਆਖਦੇ ਹਨ। ਭੱਟ ਲੋਕ ਆਪਣੇ ਸਰਪ੍ਰਸਤਾਂ ਅਤੇ ਸੂਰਮਿਆਂ ਦੇ ਦਰਵਾਜ਼ੇ 'ਤੇ ਖਲੋ ਕੇ ਬੀਰ ਗੀਤਾਂ ਦਾ ਉਚਾਰਣ ਕਰਦੇ ਸਨ, ਇਸ ਲਈ ਇਸ ਦਾ ਨਾਂ ਵਾਰ ਹੋਇਆ। ਪ੍ਰੋ. ਪਿਆਰਾ ਸਿੰਘ ਪਦਮ ਆਖਦਾ ਹੈ 'ਅਸਲ ਵਿਚ ਵਾਰ' ਸ਼ਬਦ ਦਾ ਮੂਲ ਵਾਰਤਾ ਪਦ ਹੈ। ਸੋ ਪੰਜਾਬੀ ਸਾਹਿਤ ਵਿਚ ਵਾਰ ਉਹ ਕਾਵਿ ਰੂਪ ਹੈ, ਜਿਸ ਦੁਆਰਾ ਪਉੜੀਆਂ ਵਿਚ ਕਿਸੇ ਯੁੱਧ-ਕਥਾ ਜਾਂ ਜੰਗੀ ਵਾਰਤਾ ਦਾ ਵਰਣਨ ਕੀਤਾ ਗਿਆ ਹੋਵੇ। ਰਾਜਸਥਾਨੀ ਭਾਸ਼ਾ ਵਿਚ ਵਾਰ ਦਾ ਅਰਥ ਸਹਾਇਤਾ ਲਈ ਪੁਕਾਰਨਾ ਲਿਆ ਜਾਂਦਾ ਹੈ। ਇੱਕ ਹੋਰ ਵਿਦਵਾਨ ਮੁਤਾਬਕ ਵਾਰ ਅੰਗਰੇਜ਼ੀ ਸ਼ਬਦ War ਹੈ ਜਿਸ ਦਾ ਅਰਥ ਲੜਾਈ ਜਾਂ ਜੰਗ ਹੈ। ਉਸ ਦਾ ਮਤ ਹੈ ਕਿ ਵਿਰੋਸ (Wiros) ਸ਼ਬਦ ਤੋਂ ਅੰਗਰੇਜ਼ੀ ਦੇ ਸ਼ਬਦ War ਅਤੇ Warrior (ਯੋਧਾ) ਨਿਕਲੇ ਹਨ। ਹੋ ਸਕਦਾ ਹੈ ਕਿ ਪੰਜਾਬੀ ਦੇ ਸ਼ਬਦ ਵੀਰ (ਭਰਾ) ਅਤੇ ਬੀਰ ਵੀ ਇਸੇ ਪ੍ਰਾਚੀਨ ਆਰਿਆਈ ਸ਼ਬਦ ਦੀ ਉਪਜ ਹੋਣ।
ਸੋ ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਸਾਹਿੱਤ ਦੇ ਸੰਦਰਭ ਵਿਚ ਵਾਰ ਉਹ ਕਾਵਿ ਰੂਪ ਹੈ ਜੋ ਬੀਰ ਰਸ ਨਾਲ ਛਲਕਦਾ ਹੋਇਆ ਜੋਧਿਆਂ, ਸੂਰਬੀਰਾਂ ਦੇ ਬਹਾਦਰੀ ਭਰੇ ਕਾਰਜ ਇਸ ਤਰ੍ਹਾਂ ਬਿਆਨ ਕਰੇ ਕਿ ਇਹ ਕਾਵਿ ਰੂਪ ਪੜ੍ਹਦਿਆਂ ਹੀ ਪਾਠਕ ਦਾ ਖੂਨ ਉਬਾਲੇ ਖਾਣ ਲੱਗ ਪਏ। ਫਲਸਰੂਪ ਇਸ ਦੀ ਮੁਰਦਾ ਅਣਖ ਫਿਰ ਜਾਗ ਪਵੇ। ਦੂਸਰੇ ਲਫਜ਼ਾਂ ਵਿਚ ਪੰਜਾਬੀ ਵਾਰ ਸਾਹਿਤ ਵਿਚ ਵਾਰ ਉਹ ਕਾਵਿ ਰੂਪ ਹੈ ਜਿਸ ਵਿਚ ਕਿਸੇ
ਹੱਲੇ ਜਾਂ ਟੱਕਰ ਦਾ ਜ਼ਿਕਰ ਹੋਵੇ ਤਾਂ ਉਹ ਵਰਣਨ ਬੀਰ ਰਸੀ, ਜਸ ਭਰਪੂਰ ਗੀਤਮਈ ਢੰਗ ਨਾਲ ਕੀਤਾ ਗਿਆ ਹੋਵੇ ਅਤੇ ਉਸ ਤੋਂ ਪਾਠਕਾਂ ਨੂੰ ਜਾਂ ਸਰੋਤਿਆਂ ਨੂੰ ਉਤਸ਼ਾਹ ਮਿਲੇ। (ਡਾ. ਬਿਕਰਮ ਸਿੰਘ ਘੁੰਮਣ, ਆਸਾ ਦੀ ਵਾਰ ਇੱਕ ਸਾਹਿੱਤਕ ਮੁਲਾਂਕਣ) ਇਸ ਲੋਕ ਕਾਵਿ ਰੂਪ ਨੂੰ ਪੰਜਾਬੀ ਦੇ ਲੋਕ ਗਾਇਕਾਂ, ਭੇਡਾਂ, ਮਰਾਸੀਆਂ, ਡੂਮਾ ਤੇ ਭਰਾਈ ਜਾਤ ਵਾਲਿਆਂ ਸਾਂਭੀ ਰੱਖਿਆ ਜਿਨ੍ਹਾਂ ਪਾਸੋਂ ਵਾਰਾਂ ਸੁਣ ਕੇ ਕੁਝ ਵਿਦਵਾਨਾਂ ਨੇ ਲਿਪੀਬੱਧ ਕੀਤਾ। ਮੱਧਕਾਲ ਵਿਚ ਪੰਜਾਬੀ ਵਿਚ ਕਾਫੀ ਸਦੀਆਂ ਤਕ ਅਸ਼ਾਂਤੀ ਦਾ ਦੌਰ ਚਲਦਾ ਰਿਹਾ ਹੈ ਤੇ ਪੰਜਾਬੀ ਰਾਜਸੀ ਗੜਬੜਾਂ ਕਾਰਨ ਆਪਣੇ ਉਸ ਸਾਹਿੱਤਕ ਵਿਰਸੇ ਨੂੰ ਇੱਕੱਤਰ ਕਰਨ ਵੱਲ ਧਿਆਨ ਨਾ ਦੇ ਸਕੇ ਜਿਸ ਵਿਚ ਉਨ੍ਹਾਂ ਦੇ ਬਹਾਦਰ ਪੁਰਖਿਆਂ ਦੇ ਕਾਰਨਾਮੇ ਅੰਕਿਤ ਹੋਏ ਪਏ ਸਨ। ਪੰਜਾਬੀ ਸਾਹਿੱਤ ਜਗਤ ਉਨ੍ਹਾਂ ਭੱਟਾਂ, ਮਿਰਾਸੀਆਂ ਦਾ ਰਿਣੀ ਹੈ ਜਿਨ੍ਹਾਂ ਨੇ ਇਸ ਵਾਰ ਸਾਹਿੱਤ ਦੇ ਭੰਡਾਰ ਨੂੰ ਸਾਂਭਣ ਵਿਚ ਚੌਖਾ ਹਿੱਸਾ ਪਾਇਆ। ਪੰਜਾਬ ਦੇ ਭੱਟਾਂ ਅਤੇ ਵਾਰਕਾਰਾਂ ਬਾਬਤ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ. ਸਿੰਘ ਲਿਖਦੇ ਹਨ-"ਪੰਜਾਬ ਦਾ ਹਰ ਉੱਘਾ ਖਾਨਦਾਨ ਆਪਣੇ ਵਡਕਿਆਂ ਦੀ ਬਹਾਦਰੀ ਦੇ ਸਿਰ ਸਦਕੇ ਅਤੇ ਉਨ੍ਹਾਂ ਦੀਆਂ ਮਾਰੀਆਂ ਤਲਵਾਰਾਂ ਦੇ ਫਲ ਉੱਤੇ ਜਿਊਂਦਾ ਤੇ ਪਲਦਾ ਹੈ। ਕਈਆਂ ਦੇ ਸੂਰਮਗਤੀ ਦੇ ਕਾਰਨਾਮੇ ਸੈਂਕੜੇ ਵਰ੍ਹਿਆਂ ਉੱਤੇ ਖਿਲਰੇ ਹੋਏ ਹਨ ਜੋ ਉਨ੍ਹਾਂ ਦੇ ਭੱਟਾਂ ਤੇ ਡੂਮਾਂ, ਮਿਰਾਸੀਆਂ ਜਾਂ ਭਰਈਆਂ ਨੇ ਵਾਰਾਂ ਦੀ ਸ਼ਕਲ ਵਿਚ ਕਾਇਮ ਰੱਖੇ ਹਨ। ਹਰ ਇੱਕ ਖ਼ਾਨਦਾਨ ਦਾ ਆਪਣਾ ਮਿਰਾਸੀ ਹੁੰਦਾ ਸੀ, ਜੋ ਆਪਣੇ ਸੁਰਬੀਰ ਜਜਮਾਨਾਂ ਦੇ ਕਾਰਨਾਮੇ ਜੋੜ ਕੇ ਯਾਦ ਰੱਖਦਾ ਸੀ ਤੇ ਯੁੱਧਾਂ, ਜੰਗਾਂ ਦੇ ਵੇਲੇ ਉਨ੍ਹਾਂ ਦੇ ਪੁੱਤਰ ਪੋਤਰਿਆਂ ਦੇ ਦਿਲਾਂ ਨੂੰ ਉਭਾਰਨ ਅਤੇ ਉਤਸ਼ਾਹ ਦੇਣ ਜਾਂ ਕਾਸ ਮੌਕਿਆਂ ਤੇ ਉਨ੍ਹਾਂ ਦੇ ਦਿਲਪ੍ਰਚਾਵੇ ਲਈ ਗਾ ਕੇ ਸੁਣਾਉਂਦਾ ਸੀ।" (ਪੰਜਾਬ ਦੀਆਂ ਵਾਰਾਂ) ਮਿਰਾਸੀ ਦਾ ਮਤਲਬ ਮਿਰਾਸਤ ਜਾਂ ਵਿਰਾਸਤ ਨੂੰ ਸੰਭਾਲਣ ਵਾਲਾ ਹੁੰਦਾ ਹੈ। ਇਹ ਮਿਰਾਸੀ ਲੋਕ ਆਪਣੇ ਇਲਾਕੇ ਦੇ ਲੋਕਾਂ ਦੀ ਜਾਤ ਸੰਬੰਧੀ ਬੰਸਾਵਲੀ ਅਤੇ ਉਨ੍ਹਾਂ ਦੇ ਕਾਰਨਾਮੇ ਕਵਿਤਾ ਦੇ ਰੂਪ ਵਿਚ ਚੇਤੇ ਰੱਖਦੇ ਸਨ। ਸ਼ਮਸ਼ੇਰ ਸਿੰਘ ਅਸ਼ੋਕ ਮਿਰਾਸੀਆਂ ਦਾ ਪਿਛੋਕੜ ਅਤੇ ਭਾਈ ਮਰਦਾਨਾ ਪੁਸਤਕ ਵਿਚ ਲਿਖਦਾ ਹੈ—
“ਮਿਰਾਸੀ ਦਾ ਲਫਜ਼ੀ ਅਰਥ ਭਾਵ ਹੈ ਮੀਰਾਸ, ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ, ਇਸ ਲਈ ਮਿਰਾਸੀਆਂ ਨੇ, ਇਹੋ ਵਾਰਸੀ ਦਾ ਹੱਕੀ ਦਾਅਵਾ ਸਾਬਤ ਕਰਨ ਲਈ, ਆਪਣਾ ਸੰਬੰਧ, ਤਾਰੀਖੀ ਪੱਖ ਤੋਂ, ਹਿੰਦੋਸਤਾਨ ਦੀ ਨਿਸਬਤ ਅਰਬ ਦੇਸ਼ ਦੋ ਨਾਲ ਜੋੜਨਾ ਉਚਿਤ ਸਮਝਿਆ। ਇਸ ਤਰ੍ਹਾਂ ਇਹ ਕੁਰੈਸ਼ੀ ਅਖਵਾਉਣ ਲੱਗ ਪਏ" (ਪੰਨਾ 7) ਵਿਦਵਾਨ ਖੋਜੀ ਅਸ਼ੋਕ ਆਪਣੀ ਚਰਚਾ ਨੂੰ ਜਾਰੀ ਰੱਖਦਿਆਂ ਮਿਰਾਸੀ ਅਤੇ ਭੱਟਾਂ ਬਾਬਤ ਹੋਰ ਆਖਦਾ ਹੈ—ਮਿਰਾਸੀ ਲੋਕ, ਜਿਵੇਂ ਕਿ ਉਨ੍ਹਾਂ ਦਾ ਕਦੀਮੀ ਰਿਵਾਜ਼ ਹੈ, ਹਿੰਦੂ ਭੱਟਾਂ ਵਾਂਗ ਆਪਣੇ ਜਜ਼ਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿਚ ਜੋੜ ਕੇ, ਉੱਚੀ ਹੇਕ ਨਾਲ ਸੁਣਾਉਂਦੇ ਤੇ ਇਨਾਮ ਪਾਉਂਦੇ ਹਨ। ਇਸ ਲਈ ਇਨ੍ਹਾਂ ਦੋਹਾਂ ਜਾਤਾਂ ਨੂੰ ਭੱਟ ਕਹੋ ਜਾਂ ਮਿਰਾਸੀ ਮੁੱਢ ਵਿਚ ਗੱਲ ਇੱਕ ਹੀ ਹੈ। ਮੀਰਾਸ ਅਥਵਾ ਵਿਰਾਸਤ ਦੇ ਕੁਰਸੀਨਾਮੇ ਅਥਵਾ ਬੰਸ ਪਰੰਪਰਾ ਦੇ ਹਾਲ ਜ਼ਬਾਨੀ ਚੇਤੇ ਰੱਖਦੇ ਹੋਏ ਇਨ੍ਹਾਂ ਦੋਹਾਂ ਜਾਤਾਂ ਦੇ ਮੁਢਲੇ ਕੰਮਾਂ ਵਿਚ ਸ਼ਾਮਲ ਹਨ। (ਪੰਨਾ 7) ਹੋ ਸਕਦੈ ਮੁਗਲਾਂ ਦੇ ਆਉਣ ਨਾਲ ਇਹ ਭੱਟ ਹੀ ਮੁਸਲਮਾਨ ਬਣ ਜਾਣ ਕਾਰਨ ਮਿਰਾਸੀ ਅਖਵਾਉਣ ਲੱਗ
ਪਏ ਹੋਣ।
ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਮਿਰਾਸੀਆਂ ਜਾਂ ਭੱਟਾਂ ਵੱਲੋਂ ਬੀਰ ਰਸੀ ਕਵਿਤਾਵਾਂ ਚੇਤੇ ਰੱਖਣ ਨਾਲ ਸੰਭਵ ਸੀ ਕਿ ਉਹ ਰਚਨਾਵਾਂ ਆਪਣੇ ਅਸਲੀ ਰੂਪ ਨੂੰ ਗਵਾ ਬੈਠਦੀਆਂ ਹੋਣ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਪੰਜਾਬ ਦੀ ਲੋਕਧਾਰਾ ਨੂੰ ਸਮਝਣ ਲਈ ਲੋਕਾਂ ਵਿਚ ਪ੍ਰਚਲਿੱਤ ਅਜਿਹੀਆਂ ਲੋਕ ਦਾਸਤਾਨ ਅਤੇ ਕੁਝ ਵਾਰਾਂ ਦੀ ਘੋਖ ਪੜਤਾਲ ਵੀ ਕੀਤੀ ਜਿਸ ਤੋਂ ਉਨ੍ਹਾਂ ਨੂੰ ਪੰਜਾਬੀਆਂ ਦੇ ਕਿਰਦਾਰ ਦਾ ਡੂੰਘਾ ਅਨੁਭਵ ਹੋ ਸਕੇ । ਚੂੰਕਿ ਕਿਸੇ ਵੀ ਕੌਮ ਜਾਂ ਖਿੱਤੇ 'ਤੇ ਰਾਜ ਕਰਨ ਲਈ ਜ਼ਰੂਰੀ ਹੈ ਕਿ ਕੌਮ ਜਾਂ ਖਿੱਤੇ ਦੀ ਸੰਸਕ੍ਰਿਤੀ ਨੂੰ ਸਮਝਿਆ ਜਾਵੇ। ਸਰ ਰਿਚਰਡ ਟੈਂਪਲ ਨੇ ਸ਼ਾਇਦ ਇਸੇ ਮਕਸਦ ਨੂੰ ਸਮਝਣ ਲਈ ਤਿੰਨ ਜਿਲਦਾਂ ਵਿਚ ਪੰਜਾਬ ਦੀਆਂ ਲੋਕ ਦਾਸਤਾਨ ਅਤੇ ਲੋਕ ਵਾਰਾਂ ਨੂੰ ਸ਼ਾਮਿਲ ਕੀਤਾ ਹੈ। ਇਸ ਬਾਬਤ ਜਨਾਬ ਅਹਿਮਦ ਸਲੀਮ ਦੇ ਵਿਚਾਰ ਅਰਥ ਭਰਪੂਰ ਹਨ-"ਜਿਹੜੀਆਂ ਵਾਰਾਂ ਸ਼ਾਮਿਲ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਪਿੱਛੇ ਇੱਕ ਖ਼ਾਸ ਸਿਆਸੀ ਮਕਸਦ ਸੀ। ਇਸੇ ਗੱਲ ਦੀ ਵਜਾਹਤ ਵਾਸਤੇ ਸਿਰਫ਼ ਏਨਾ ਆਖਣਾ ਹੀ ਕਾਫੀ ਰਹੇਗਾ ਕਿ ਇਨ੍ਹਾਂ ਵਾਰਾਂ ਦਾ ਵੱਡਾ ਹਿੱਸਾ ਮਜ਼੍ਹਬੀ ਸ਼ਖ਼ਸੀਅਤਾਂ ਬਾਰੇ ਹੈ। ਇਸ ਗੱਲ ਨੂੰ ਆਪ ਰਿਚਰਡ ਟੈਂਪਲ ਨੇ ਵੀ ਮੰਨਿਆ ਹੈ। ਇਹਦਾ ਕਾਰਨ ਇਹੋ ਹੋ ਸਕਦਾ ਹੈ ਕਿ ਪੰਜਾਬੀਆਂ ਦੇ ਮਜ਼੍ਹਬ ਤੇ ਭਰਮ ਵਹਿਮ ਬਾਰੇ ਪੂਰੀ ਵਾਕਫੀਅਤ ਹਾਸਲ ਕੀਤੀ ਜਾਵੇ। ਟੈਂਪਲ ਦਾ ਕੰਮ ਉਸ ਵੇਲੇ ਦੀ ਇੱਕ ਸਿਆਸੀ ਲੋੜ ਸੀ।" ਪਰ ਇਸ ਮਤਲਬ ਪ੍ਰਸਤੀ ਥੱਲੇ ਇਸ ਵਿਦਵਾਨ ਖੋਜੀ ਦੇ ਪੰਜਾਬੀ ਲੋਕ ਵਿਰਸੇ ਨਾਲ ਮੋਹ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ। ਇਹ ਤਾਂ ਮੰਨਣਾ ਹੀ ਪਵੇਗਾ ਕਿ ਉਹ ਵਾਰਾਂ, ਜਿਨ੍ਹਾਂ ਵਿਚ ਪੰਜਾਬੀਆਂ ਦੇ ਵਡੱਕਿਆਂ ਦੇ ਬੀਰਤਾ ਭਰੇ ਕਾਰਨਾਮੇ ਲਿਖੇ ਪਏ ਸਨ, ਪੰਜਾਬੀਆਂ ਦੇ ਸਾਹਮਣੇ ਲਿਆਂਦੀਆਂ ।
ਚੂੰਕਿ ਉੱਪਰ ਦਸਿਆ ਜਾ ਚੁਕਿਆ ਹੈ ਕਿ ਵਾਰ ਜੋਧਿਆਂ ਦੇ ਬੀਰਤਾ ਭਰੇ ਕਾਰਨਾਮੇ ਦੱਸਣ ਵਾਲੀ ਵਾਰਤਾ ਹੈ ਤਾਂ ਗੁਰੂ ਸਾਹਿਬਾਨ ਦੀਆਂ ਜਾਂ ਭਾਈ ਗੁਰਦਾਸ ਦੀਆਂ ਲਿਖੀਆਂ ਵਾਰਾਂ, ਜੋ ਵਸਤੂ ਪੱਖੋਂ ਅਧਿਆਤਮਵਾਦੀ ਹਨ, ਬਾਰੇ ਵੀ ਕੁਝ ਕਹਿਣਾ ਬਣਦਾ ਹੈ। ਸਿੱਖ ਗੁਰੂਆਂ ਨੇ ਵੀ ਦੁਨਿਆਵੀ ਵਾਰਾਂ ਵਾਂਗ ਆਪਣੀਆਂ ਧਾਰਮਿਕ ਵਾਰਾਂ ਵਿਚ ਬੀਰ ਰਸ ਦਾ ਸਥਾਈ ਭਾਵ ਉਤਸ਼ਾਹ ਵਰਤ ਕੇ ਬੀਰ ਰਸ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ। ਉਨ੍ਹਾਂ ਨੇ ਡਾਵਾਂਡੇਲ ਇਨਸਾਨੀ ਰੂਹ ਵਿਚ ਅਕਾਲ ਪੁਰਖ ਨਾਲ ਮਿਲਣ ਦਾ ਉਤਸ਼ਾਹ ਪੈਦਾ ਕੀਤਾ। (ਪੰਜਾਬੀ ਬੀਰ ਸਾਹਿੱਤ) ਗੁਰੂ ਸਾਹਿਬਾਨ ਨੇ ਆਪਣੀਆਂ ਵਾਰਾਂ ਲਈ ਸਾਡੇ ਮਨ ਅੰਦਰ ਹੋ ਰਹੇ ਆਤਮਿਕ ਯੁੱਧ ਦਾ ਵਿਸ਼ਾ ਚੁਣਿਆ ਹੈ। ਵਸਤੂ ਦੇ ਪੱਖੋਂ ਇਨ੍ਹਾਂ ਵਿਚ ਕੁਝ ਕੁ ਵਖਰੇਵਾਂ ਜਾਪਦਾ ਹੋਵੇ ਪਰ ਇਨ੍ਹਾਂ ਸਭ ਤਰ੍ਹਾਂ ਦੀਆਂ ਵਾਰਾਂ ਦਾ ਭਾਵ ਇੱਕੋ ਜਿਹਾ ਹੈ। ਹਰ ਵਾਰ ਦਾ ਨਾਇੱਕ ਦ੍ਰਿੜ੍ਹਤਾ, ਤਿਆਗ, ਆਤਮ ਵਿਸ਼ਵਾਸ ਤੇ ਉਤਸ਼ਾਹ ਦਾ ਭਾਵ ਪ੍ਰਗਟ ਕਰਦਾ ਹੈ। (ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ), ਭਾ. ਵਿਭਾਗ, ਪਟਿਆਲਾ) ਉਂਝ ਵੀ ਇਸ ਲੋਕ ਕਾਵਿ ਰੂਪ ਵਿਚ ਵਰਤੇ ਜਾਂਦੇ ਛੰਦ (ਸਿਰਖੰਡੀ ਅਤੇ ਨਿਸ਼ਾਨੀ) ਅਤੇ ਵਾਰ ਦਾ ਸ਼ੈਲੀਗਤ ਪੈਟਰਨ ਲੋਕ ਮਾਨਸਿਕਤਾ ਵਿਚ ਇੰਨਾ ਰਚਮਿਚ ਚੁਕਿਆ ਸੀ ਕਿ ਗੁਰੁ ਸਾਹਿਬਾਨ ਨੇ ਆਪਣੇ ਬੌਧਿਕ ਰਹੱਸ ਨੂੰ ਖੋਲ੍ਹਣ
ਲਈ ਲੋਕਾਂ ਦਾ ਜਾਣਿਆ ਪਛਾਣਿਆ ਹੀ ਕਾਵਿ ਰੂਪ ਵਰਤਿਆ। ਕਈ ਵਾਰੀ ਤਾਂ ਗੁਰੂ ਸਾਹਿਬਾਨ ਇਸੇ ਕਰਕੇ ਹੀ ਦੁਨਿਆਵੀ ਵਾਰ ਵਰਗਾ ਯੁੱਧ ਦ੍ਰਿਸ਼ ਅਤੇ ਜੰਗੀ ਸ਼ਬਦਾਵਲੀ ਦੀ ਵੀ ਵਰਤੋਂ ਕਰ ਜਾਂਦੇ ਹਨ।
(ੳ) ਵੱਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ।
(ਅ) ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ।
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਸਾਰਿਆ। (ਆਸਾ ਦੀ ਵਾਰ 'ਚੋਂ)
(ੲ) ਆਪੇ ਛਿੰਝ ਪਵਾਇ ਮਲਾ ਖਾੜਾ ਰਚਿਆ॥
ਲਥੇ ਭੜਥੂ ਪਾਇ ਗੁਰਮੁਖ ਮਚਿਆ॥
ਮਨਮੁਖ ਮਾਰੇ ਪਛਾੜਿ, ਮੂਰਖ ਕਚਿਆ॥
ਆਪਿ ਭਿੜੈ ਮਾਰੈ ਆਪਿ ਆਪਿ ਕਾਰਜੁ ਰਚਿਆ। (ਮਲ੍ਹਾਰ ਕੀ ਵਾਰ 'ਚੋਂ)
ਇਹ ਠੀਕ ਹੈ ਕਿ ਗੁਰੂ ਸਾਹਿਬਾਨ ਨੇ ਆਪਣੀਆਂ 21 ਜਾਂ 22 ਵਾਰਾਂ ਜੋ ਗੁਰੂ ਗ੍ਰੰਥ ਸਾਹਿਬ ਵਿਚੋਂ ਉਪਲਬਧ ਹੁੰਦੀਆਂਹਨ, ਵਸਤੂ ਪੱਖੋਂ ਲੋਕ ਵਾਰਾਂ ਨਾਲੋਂ ਵਖਰੇਵਾਂ ਰੱਖਿਆ ਹੈ, ਪਰ ਛੰਦ, ਸ਼ੈਲੀ ਅਤੇ ਸ਼ਬਦਾਵਲੀ ਲੋਕ ਪਰੰਪਰਾ 'ਚੋਂ ਹੀ ਲਈ ਹੈ। ਜਿਥੇ ਲੋਕ ਵਾਰਾਂ ਵਿਚ ਦੇ ਵਿਰੋਧੀ ਧਿਰਾਂ ਉਸਾਰ ਕੇ ਵਾਰਕਾਰ ਉਨ੍ਹਾਂ ਦਾ ਆਪਸੀ ਤਕਰਾਰ ਰਚਾਉਂਦਾ ਹੈ, ਉਥੇ ਨਿੱਠ ਕੇ ਅਧਿਅਨ ਕਰੀਏ ਤਾਂ ਅਧਿਆਤਮਵਾਦੀ ਵਾਰਾਂ ਵੀ ਮਨੁੱਖੀ ਮਨ ਦੇ ਮੈਦਾਨ ਵਿਚ ਦੋ ਵਿਰੋਧੀ ਧਿਰਾਂ (ਮਨਮੁਖ ਤੇ ਗੁਰਮੁਖ) ਨੂੰ ਲਿਆ ਕੇ ਟਕਰਾਅ ਤੇ ਫਿਰ ਯੁੱਧ ਰਚਾਉਂਦੀਆਂ ਜਾਪਦੀਆਂ ਹਨ। ਪ੍ਰਾਚੀਨ ਕਾਲ ਤੋਂ ਹੁਣ ਤਕ ਦੀਆਂ ਪ੍ਰਾਪਤ ਵਾਰਾਂ ਦਾ ਰੂਪ ਪੱਖੋਂ ਵਿਵੇਚਨ ਕਰੀਏ ਤਾਂ ਇਹ ਗੱਲ ਸਪੱਸ਼ਟ ਦਿੱਸਦੀ ਹੈ ਕਿ ਵਾਰਾਂ ਵਿਚ ਦੋ ਛੰਦ ਨਿਸ਼ਾਨੀ ਤੇ ਸਿਰਖੰਡੀ ਹੀ ਜ਼ਿਆਦਾ ਮਿਕਦਾਰ ਵਿਚ ਆਏ ਹਨ। ਭਾਈ ਗੁਰਦਾਸ ਦੇ ਨਿਸ਼ਾਨੀ ਛੰਦ ਤੇ ਸਿਰਖੰਡੀ ਦੋਵੇਂ ਤੇ ਗੁਰੂ ਗੋਬਿੰਦ ਸਿੰਘ, ਨਜਾਬਤ ਜਾਂ ਪ੍ਰਾਚੀਨ ਕਾਲ ਦੀਆਂ ਹੋਰ ਉਪਲਬਧ ਵਾਰਾਂ ਜ਼ਿਆਦਾ ਸਿਰਖੰਡੀ ਛੰਦ ਵਿਚ ਲਿਖੀਆਂ ਗਈਆਂ ਹਨ। ਸਾਡੀਆਂ ਅਧਿਆਤਮਵਾਦੀ ਵਾਰਾਂ (22-40) ਵੀ ਇਨ੍ਹਾਂ ਦੋਹਾਂ ਛੰਦਾਂ ਨੂੰ ਹੀ ਅਪਣਾਉਂਦੀਆਂ ਹਨ ਕਿਉਂਕਿ ਇਹ ਛੰਦ ਲੋਕਾਂ ਨੂੰ ਜ਼ਿਆਦਾ ਅਪੀਲ ਕਰਦੇ ਸਨ। ਕਿਤੇ-ਕਿਤੇ ਵਾਰਾਂ ਰਚਣ ਲਈ ਦਵੱਯੇ ਜਾਂ ਬੈਂਤ ਦੀ ਵਰਤੋਂ ਵੀ ਹੋਈ ਮਿਲਦੀ ਹੈ ਪਰ ਇਹ ਵਾਰਾਂ ਇੰਨੀਆਂ ਸਫਲ ਨਹੀਂ ਹੋ ਸਕੀਆਂ ਜਿੰਨੀਆਂ ਸਿਰਖੰਡੀ ਜਾਂ ਨਿਸ਼ਾਨੀ ਛੰਦ ਵਿਚ ਲਿਖੀਆਂ।
ਵਾਰ ਦੇ ਤੱਤ :
(ੳ) ਨਾਇਕ ਅਤੇ ਪ੍ਰਤਿਨਾਇਕ
ਵਾਰ ਦੀ ਖ਼ੂਬੀ ਹੈ ਕਿ ਉਸ ਦਾ ਕੋਈ ਨਾਇਕ ਜ਼ਰੂਰ ਹੁੰਦਾ ਹੈ। ਹੁਣ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਬਾਹਰਮੁਖੀ ਵਾਰਾਂ ਦਾ ਨਾਇਕ ਤਾਂ ਕੋਈ ਵਿਅਕਤੀ ਹੋ ਸਕਦਾ ਹੈ ਪਰ ਅਧਿਆਤਮਵਾਦੀ ਵਾਰਾਂ ਦਾ ਨਾਇਕ ਕੌਣ ਹੋਇਆ? ਗੁਰੂ ਸਾਹਿਬਾਨ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਨਿੱਠ ਕੇ ਅਧਿਅਨ ਕਰੀਏ ਤਾਂ ਨਾਇਕ ਸੰਬੰਧੀ ਸਭ ਸ਼ੰਕੇ
ਨਵਿਰਤ ਹੋ ਜਾਣਗੇ। ਇਨ੍ਹਾਂ ਵਾਰਾਂ ਵਿਚ ਗੁਰੂ ਸਾਹਿਬਾਨ ਜਾਂ ਕਿਸੇ ਹੋਰ ਧਾਰਮਿਕ ਵਾਰਕਾਰ ਨੇ ਗੁਰਮੁਖ ਅਤੇ ਮਨਮੁਖ ਆਦਿ ਦੀਆਂ ਦੋ ਕਿਰਦਾਰੀ ਸ਼ਕਤੀਆਂ ਲੈ ਕੇ ਉਨ੍ਹਾਂ ਦਾ ਆਪਸੀ ਘੋਲ ਮਨੁੱਖੀ ਮਨ ਦੇ ਅਖਾੜੇ/ਮੈਦਾਨ ਵਿਚ ਕਰਵਾਇਆ ਹੈ ਤੇ ਆਖਰ ਯੁੱਧ ਜਾਂ ਘੋਲ ਵਿਚੋਂ ਗੁਰਮੁਖ ਦ੍ਰਿਸ਼ ਚਿਤਰਣ ਰਾਹੀਂ ਜਿਤਦਾ ਵੀ ਦਿਖਾਇਆ ਹੈ—
(ੳ) ਹਾਰਿ ਚਲੈ ਗੁਰਮੁਖਿ ਜਗ ਜੀਤਾ
(ਅ) ਮੂਰਖ ਸਚੁ ਨ ਜਾਣਨੀ, ਮਨਮੁਖੀ ਜਨਮੁ ਗਵਾਇਆ॥
(ੲ) ਤੇਰੇ ਨਾਇ ਰਤੇ ਸੇ ਜਿਣ ਗਏ (ਗੁਰਮੁਖ) ਹਾਰ ਗਏ (ਮਨਮੁਖ) ਸਿ ਠਗਣ ਵਾਲਿਆ। (ਆਸਾ ਦੀ ਵਾਰ)
ਇਸ ਤਰ੍ਹਾਂ ਗੁਰਮੁਖ ਦਾ ਕਿਰਦਾਰ ਸਾਹਮਣੇ ਆਉਣ ਨਾਲ ਪਤਾ ਚਲ ਜਾਏਗਾ ਕਿ ਇਨ੍ਹਾਂ ਅਧਿਆਤਮਵਾਦੀ ਵਾਰਾਂ ਦਾ ਨਾਇੱਕ ਵੀ ਕੋਈ ਹੈ ਤੇ ਉਹ ਗੁਰਮੁਖ ਹੈ ਜਿਸ ਦੀ ਤਸਵੀਰ ਪਾਠਕ ਵਾਰ ਨੂੰ ਪੜ੍ਹਦਿਆਂ-ਪੜ੍ਹਦਿਆਂ ਆਪਣੇ ਮਨ ਵਿਚ ਕਲਪ ਲੈਂਦਾ ਹੈ। ਇਸ ਤੋਂ ਇਲਾਵਾ ਕਈ ਵਿਦਵਾਨਾਂ ਮੁਤਾਬਕ ਇਨ੍ਹਾਂ ਵਾਰਾਂ ਦਾ ਨਾਇੱਕ ਅਕਾਲ ਪੁਰਖ ਹੈ। ਹਾਂ ਇਹ ਗੱਲ ਵੀ ਠੀਕ ਹੈ ਕਿਉਂਕਿ ਕੁਝ ਅਧਿਆਤਮਵਾਦੀ ਵਾਰਾਂ ਵਿਚ ਅਕਾਲਪੁਰਖ ਦੀ ਉਸਤਤਿ ਅਨੇਕਾਂ ਤਰੀਕਿਆ ਨਾਲ ਕੀਤੀ ਜਾਂਦੀ ਹੈ।
(ਅ) ਪਉੜੀ-ਪ੍ਰਬੰਧ :
ਵਾਰ ਦੀ ਹੋਰ ਵਿਸ਼ੇਸ਼ਤਾ ਹੈ ਕਿ ਇਹ ਪਉੜੀਆਂ ਵਿਚ ਲਿਖੀ ਜਾਂਦੀ ਹੈ। ਪਉੜੀ ਦਾ ਅਰਥ ਅਜਿਹੇ ਪੈਰ ਰੱਖਣ ਦੀਆਂ ਥਾਵਾਂ ਜਾਂ ਡੰਡਿਆਂ ਦੀ ਤਰਤੀਬ, ਜਿਨ੍ਹਾਂ 'ਤੇ ਪੈਰ ਟਿਕਾ ਕੇ ਉਪਰਲੀ ਮੰਜ਼ਿਲ ਜਾਂ ਕੋਠੇ 'ਤੇ ਜਾਈਦਾ ਹੈ। ਕਈ ਵਿਦਵਾਨ ਪਉੜੀ ਨੂੰ ਵੱਖਰੇ ਛੰਦ ਦੇ ਤੌਰ 'ਤੇ ਵੀ ਵਿਚਾਰਦੇ ਹਨ ਤੇ ਕਹਿੰਦੇ ਹਨ ਵਾਰਾਂ ਪਉੜੀ ਛੰਦ ਵਿਚ ਉਚਾਰੀਆਂ ਜਾਂਦੀਆਂ ਹਨ। ਇਥੋਂ ਤਕ ਕਿ ਢਾਡੀ ਵੀ ਪਉੜੀ ਨੂੰ ਛੰਦ ਦੇ ਤੌਰ 'ਤੇ ਹੀ ਸਮਝਦੇ ਹਨ। ਪਰ ਪਉੜੀ ਦਾ ਅਰਥ, ਵਾਰ ਦੇ ਸੰਦਰਭ ਵਿਚ ਇਸ ਤਰ੍ਹਾਂ ਹੋ ਸਕਦਾ ਹੈ ਕਿ ਵਿਸ਼ੇ ਜਾਂ ਖਿਆਲ ਨੂੰ ਲੜੀਵਾਰ (ਡੰਡੇ ਵਾਰ) ਪੇਸ਼ ਕਰਨ ਦਾ ਨਾਂ ਹੀ ਪਉੜੀ ਹੈ ਜਿਵੇਂਕਿ ਅਸੀਂ ਪਉੜੀ (ਪੌੜੀ) ਦੇ ਇੱਕ ਡੰਡੇ ਨੂੰ ਤੇਅ ਕਰਕੇ ਮੰਜ਼ਿਲ 'ਤੇ ਅਰਥਾਤ ਕੋਠੇ 'ਤੇ ਪਹੁੰਚਦੇ ਹਾਂ ਇਸੇ ਤਰ੍ਹਾਂ ਵਾਰਾਂ ਵਿਚਲੇ ਨਾਇੱਕ ਹਰ ਪੜਾਅ ਰੂਪੀ ਡੰਡੇ ਨੂੰ ਸਰ ਕਰਕੇ ਕਿਸੇ ਮੰਜ਼ਿਲ 'ਤੇ ਪਹੁੰਚਦੇ ਪ੍ਰਤੀਤ ਹੋਣਗੇ। "ਪਉੜੀ ਵਾਰ ਲਈ ਇੱਕ ਚਰਣ ਪ੍ਰਬੰਧ ਹੈ। ਇਸ ਤੋਂ ਬਿਨਾਂ ਕੋਈ ਰਚਨਾ ਵਾਰ ਨਹੀਂ ਬਣਦੀ। ਪਉੜੀ ਵਾਰ ਦਾ ਪਿੰਡਾ ਹੈ ਤੇ ਜੁੱਧ ਕਥਾ ਇਸ ਦੀ ਰੂਹ। ਦੋਹਾਂ ਦੇ ਮੇਲ ਨਾਲ ਹੀ ਅਸਲ ਵਾਰ ਦੀ ਸਾਜਨਾ ਹੁੰਦੀ ਹੈ।" (ਪਿਆਰਾ ਸਿੰਘ ਪਦਮ, ਪੰਜਾਬੀ ਵਾਰਾਂ, ਪੰਨਾ 11)
(ੲ) ਵਸਤੂ ਸਾਮੱਗ੍ਰੀ:
ਵਾਰ ਚੁੱਕਿ ਦੋਹਾਂ ਧਿਰਾਂ ਦੇ ਆਪਸੀ ਯੁੱਧ ਜਾਂ ਸੰਘਰਸ਼ ਨੂੰ ਬਿਆਨ ਕਰਦੀ ਹੈ ਤੇ ਇਹ ਸੰਘਰਸ਼ ਦੁਨਿਆਵੀ ਭਾਵ ਇਤਿਹਾਸਕ ਜਾਂ ਮਿਥਿਹਾਸਕ ਪਾਤਰਾਂ ਦਾ ਵੀ ਹੁੰਦਾ ਹੈ ਤੇ ਕਈ ਵਾਰ ਅਧਿਆਤਮਕ ਪੱਧਰ 'ਤੇ ਮਨੁੱਖੀ ਮਨ ਅੰਦਰ (ਨੇਕੀ ਤੇ ਬਦੀ) ਵੀ ਦੋਹਾਂ ਧਿਰਾਂ ਦਾ ਚਲਦਾ ਹੈ। ਵਾਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕਿਸਮ ਦੀ ਟੱਕਰ/
ਸੰਘਰਸ਼ ਦਾ ਵੇਰਵਾ ਆਪਣੀ ਵਾਰ ਵਿਚ ਦੇਵੇ। ਘਟਨਾ ਵਾਪਰਨ ਦਾ ਪਿਛੋਕੜ ਵੀ ਦੇਵੇ। ਸੰਘਰਸ਼ ਜਾਂ ਲੜਾਈ ਕਿਸ ਸਿੱਧਾਂਤ ਨੂੰ ਲੈ ਕੇ ਹੋ ਰਹੀ ਹੈ, ਉਸ ਦਾ ਵਿਵਰਣ ਵੀ ਆਵੇ।
(ਸ) ਮੰਗਲਾਚਰਣ :
ਭਾਵੇਂ ਇਹ ਨੁਕਤਾ ਵਾਰ ਦੀਆਂ ਵਿਸ਼ੇਸ਼ਤਾਈਆਂ ਦੱਸਣ ਵੇਲੇ ਪਹਿਲੇ ਵਿਚਾਰਨਾ ਚਾਹੀਦਾ ਸੀ ਪਰ ਚੂੰਕਿ ਇਹ ਕਈ ਕਾਵਿ ਰੂਪਾਂ ਵਿਚ ਸਾਂਝਾ ਹੈ। ਇਸ ਕਰਕੇ ਇਹ ਨੁਕਤਾ ਜਾਂ ਤੱਤ ਆਮ ਹਾਲਤਾਂ ਵਿਚ ਵੀ ਵਿਚਾਰਿਆ ਜਾਣ ਵਾਲਾ ਤੱਤ ਹੈ। ਮੰਗਲਾਚਰਣ ਜਾਂ ਕਿੱਸਾ ਕਾਵਿ ਤੇ ਜੰਗਨਾਮਾ ਵਿਚ ਵੀ ਆਮ ਮਿਲਦਾ ਹੈ। ਵਾਰਕਾਰ ਹੋਰਨਾਂ ਕਾਵਿ ਰੂਪਾਂ ਵਾਂਗ ਆਪਣੇ ਇਸ਼ਟ ਜਾਂ ਗੁਰੂ ਨੂੰ ਸਿਮਰ ਕੇ ਵਾਰ ਦਾ ਮਜ਼ਮੂਨ (ਜੁੱਧ ਕਥਾ) ਖੋਲ੍ਹਣ ਲਈ ਸੰਵਾਦ ਅੱਗੇ ਤੋਰਦਾ ਹੈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੀ ਸਿਰਜਣਾ ਕਰਦੇ ਵਕਤ ਮੰਗਲਾਚਰਣ ਜ਼ਰੂਰ ਕਰਦੇ ਸਨ। ਪਹਿਲੀ ਵਾਰ ਦੀ ਪਹਿਲੀ ਪਉੜੀ ਵਿਚ ਹੀ ਗੁਰਦੇਵ ਅਰਥਾਤ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕਰਦਾ ਹੈ—
-ਨਮਸਕਾਰ ਗੁਰਦੇਵ ਕੋ ਸਤਿ ਨਾਮੁ ਜਿਸ ਮੰਤ੍ਰ ਸੁਣਾਇਆ।
ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ। (੧/੧)
ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਚੰਡੀ ਦੀ ਵਾਰ ਅਕਾਲ ਸ਼ਕਤੀ ਅਤੇ ਸਰਬ ਵਿਆਪਕ ਵਾਹਿਗੁਰੂ ਦੀ ਵਡਿਆਈ ਅਤੇ ਅਰਾਧਨਾ ਤੋਂ ਸ਼ੁਰੂ ਕਰਦਾ ਹੈ-
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥
ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ॥
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖਿ ਜਾਇ॥
ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ॥
ਸਭ ਥਾਈਂ ਹੋਇ ਸਹਾਇ॥੧॥
(ਹ) ਮਨੋਰਥ/ਉਦੇਸ਼ :
ਸਾਹਿੱਤ ਦੀ ਕੋਈ ਵੀ ਵਿਧਾ ਲਿਖੀ ਜਾਵੇ, ਇਸ ਪਿੱਛੇ ਰਚਨਾਕਾਰ ਦਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਵਾਰ ਲਿਖਣ ਦਾ ਮਨੋਰਥ ਵੀ ਹੁੰਦਾ ਹੈ ਤੇ ਉਹ ਹੈ ਮੁਰਦਾ ਕੰਮਾਂ ਵਲੋਂ ਅਸੂਲਾਂ ਜਾਂ ਮਾਨਵੀ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਜੰਗੀ ਪੱਧਰ 'ਤੇ ਵਿਰੋਧੀ ਧਿਰ ਨਾਲ ਟੱਕਰ ਲੈਣੀ। ਉਦੇਸ਼ ਲਈ ਵਾਰਕਾਰ ਇਸ ਤਰ੍ਹਾਂ ਦੀ ਸ਼ੈਲੀ, ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਕਿ ਮੁਰਦਾ ਕੌਮ ਲੜਨ ਵਾਸਤੇ ਜੋਸ਼ ਵਿਚ ਆ ਜਾਂਦੀ ਹੈ। ਲੜਾਈ ਲਈ ਜੰਗੀ ਮਾਹੌਲ ਪੈਦਾ ਕਰਨਾ ਉਸ ਦੇ ਮੁਖ ਮਨੋਰਥਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ। ਵਸਤੂ ਸਮੱਗਰੀ ਵਿਚੋਂ ਪ੍ਰੇਰਨਾ ਫੁੱਟ-ਫੁੱਟ ਕੇ ਬਾਹਰ ਨਿਕਲਦੀ ਹੋਵੇ। ਜੇਕਰ ਵਾਰ ਪ੍ਰੇਰਣਾ ਹੀ ਨਹੀਂ ਦਿੰਦੀ ਤਾਂ ਉਹ ਕਿਸੇ ਵੀ ਕੀਮਤ 'ਤੇ ਵਾਰ ਅਖਵਾਉਣ ਦੀ ਹੱਕਦਾਰ ਨਹੀਂ ਹੋ ਸਕਦੀ।
(ਕ) ਰਸ:
ਜਿਥੇ ਜੰਗਨਾਮੇ ਵਿਚ ਬੀਰ ਰਸ ਹੁੰਦਾ ਹੈ ਉਤੇ ਵਾਰ ਦਾ ਪ੍ਰਮੁੱਖ ਰਸ ਵੀ ਬੀਰਤਾ ਹੀ ਹੈ ਪਰ ਜੰਗਨਾਮੇ ਵਿਚ ਬਹੁਤੀ ਥਾਈਂ ਬੀਰ ਰਸ ਉੱਪਰ ਕਰੁਣਾ ਰਸ ਹਾਵੀ ਹੋ ਜਾਂਦਾ ਹੈ। ਦੁਨਿਆਵੀਂ ਪੱਧਰ ਦੀ ਵਾਰ ਵਿਚ ਤਾਂ ਬੀਰ ਰਸ ਪ੍ਰਮੁੱਖ ਰਸ ਹੈ। ਵਾਰ-ਕਾਵਿ ਦੀ ਆਤਮਾ ਹੀ ਬੀਰ ਰਸ ਹੁੰਦਾ ਹੈ। ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਬੀਰਤਾ ਭਰਪੂਰ ਸ਼ਬਦਾਵਲੀ ਦੀ ਵਰਤੋਂ ਕਰਨੀ ਵਾਰ ਵਿਚ ਅਨਿਵਾਰੀ ਹੁੰਦੀ ਹੈ ਤਾਂ ਜੋ ਬੀਰ ਰਸ ਉਪਜ ਸਕੇ। ਬੀਰ ਰਸ ਤੋਂ ਇਲਾਵਾ ਵਾਰ ਵਿਚਲੀਆਂ ਘਟਨਾਵਾਂ ਮੁਤਾਬਿਕ ਕਰੁਣਾ, ਬੀਭਤਸ ਅਤੇ ਰੋਦਰ ਰਸ ਵਗੈਰਾ ਵੀ ਆ ਸਕਦੇ ਹਨ।
ਬੀਰ ਰਸੀ ਵਾਰ ਦੀ ਸਰਵੋਤਮ ਉਦਾਹਰਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ 'ਚੰਡੀ ਦੀ ਵਾਰ' ਵਿਚੋਂ ਚੰਡ ਰੂਪ ਵਿਚ ਮਿਲਦੀ ਹੈ, ਹੋਰ ਕਿਸੇ ਵੀ ਵਾਰਕਾਰ ਦੀ ਵਾਰ ਵਿਚੋਂ ਨਹੀਂ ਮਿਲਦੀ।
-ਲੱਖ ਨਗਾਰੇ ਵੱਜਨ, ਆਮੋ ਸਾਮ੍ਹਣੇ॥
ਰਾਕਸ਼ ਰਣੋ ਨ ਭੱਜਨ, ਰੋਹੇ ਰੋਹਲੇ ॥
ਸੀਹਾਂ ਵਾਂਗੂ ਗੱਜਨ ਸਭੇ ਸੂਰਮੇ ॥
ਤਣਿ ਤਣਿ ਕੈਬਰ ਛੱਡਣ, ਦੁਰਗਾ ਸਾਮ੍ਹਣੇ॥ ੧੨॥
(ਖ) ਛੰਦ
ਵਾਰ ਕਾਵਿ ਨੂੰ ਲੋਕ ਮਨਾਂ ਵਿਚ ਪ੍ਰਵਾਨ ਚੜਾਉਣ ਲਈ ਦੋ ਹੀ ਛੰਦ ਪ੍ਰਚੱਲਿਤ ਰਹੇ ਹਨ-ਨਿਸ਼ਾਨੀ ਛੰਦ ਅਤੇ ਸਿਰਖੰਡੀ ਛੰਦ। ਇਹ ਦੋਵੇਂ ਛੰਦ ਜਿਥੇ ਯੁੱਧ ਜਾਂ ਸੰਘਰਸ਼ ਨੂੰ ਗਤੀਮਾਨ ਰੱਖਦੇ ਹਨ, ਉਥੇ ਇਨ੍ਹਾਂ ਰਾਹੀਂ ਜੋਸ਼ੀਲੇ ਭਾਵ/ਜਜ਼ਬੇ ਸਹਿਜੇ ਹੀ ਸਰੋਤਿਆਂ/ ਪਾਠਕਾਂ ਤਕ ਸੰਚਾਰਿਤ ਹੋ ਜਾਂਦੇ ਹਨ। ਪਾਠਕ ਮਨ ’ਤੇ ਸੁਚੱਜਾ ਅਤੇ ਉਸਾਰੂ ਪ੍ਰਭਾਵ ਪਾਉਣ ਲਈ ਇਹ ਦੋਵੇਂ ਛੰਦ ਕਾਰਗਰ ਹਨ, ਉਂਝ ਹੋਰ ਵੀ ਛੰਦ ਹਨ ਪਰ ਉਹ ਇੰਨੇ ਪ੍ਰਚਿੱਲਤ ਨਹੀਂ ਹਨ।
(ਗ) ਭਾਸ਼ਾ, ਸ਼ਬਦਾਵਲੀ ਅਤੇ ਅਲੰਕਾਰ:
ਵਾਰ ਦੀ ਭਾਸ਼ਾ ਸਾਧਾਰਨ ਪੱਧਰ ਦੀ ਹੋਵੇਗੀ ਤਾਂ ਹੀ ਉਹ ਜਨ ਸਾਧਾਰਨ ਨੂੰ ਅਪੀਲ ਕਰ ਸਕੇਗੀ। ਔਖੀ ਜਾਂ ਜਟਿਲ ਭਾਸ਼ਾ ਵਰਤਣ ਨਾਲ ਵਾਰਕਾਰ ਦਾ ਆਪਣਾ ਮਨੋਰਥ ਵੀ ਸਿੱਧ ਨਹੀਂ ਹੋ ਸਕਦਾ ਹੈ। ਸੋ ਕਹਿਣ ਦਾ ਭਾਵ ਹੈ ਕਿ ਭਾਸ਼ਾ, ਮੁਹਾਵਰੇ, ਅਖੌਤਾਂ ਲੋਕ ਸੰਸਕ੍ਰਿਤੀ ਵਿਚੋਂ ਹੀ ਆਏ ਹੋਣ।
ਪੰਜਾਬੀ ਵਾਰ ਦਾ ਸੰਖਿਪਤ ਇਤਿਹਾਸ :
ਇਹ ਕਾਵਿ-ਭੇਦ ਪੰਜਾਬ ਅਤੇ ਰਾਜਸਥਾਨ ਵਿਚ ਹੀ ਵਿਗਸਿਆ ਹੈ। ਸਾਹਿੱਤ ਜੀਵਨ 'ਚੋਂ ਉਤਪੰਨ ਹੁੰਦਾ ਹੈ ਤੇ ਵਾਰ ਵੀ ਵਿਸ਼ੇਸ਼ ਰਾਜਸੀ, ਸਾਮਾਜਿਕ ਤੇ ਆਰਥਿਕ ਹਾਲਾਤ ਦੀ ਦੇਣ ਹੈ। ਵਾਰ ਤਕਰੀਬਨ ਹਰ ਕਾਲ ਵਿਚ ਰਚੀ ਗਈ ਦੇ ਪ੍ਰਮਾਣ ਮਿਲਦੇ ਹਨ। ਪ੍ਰਾਚੀਨ ਕਾਲ ਜਾਂ ਪੂਰਵ ਨਾਨਕ ਕਾਲ ਵਿਚ ਵੀ ਕਿਹਾ ਜਾਂਦਾ ਹੈ ਕਿ ਸਭ ਤੋਂ
ਪਹਿਲੀ ਵਾਰ ਅਮੀਰ ਖੁਸਰੋ ਨੇ ਤੁਗਲਕ ਸ਼ਾਹ ਦੀ ਲਿਖੀ ਹੈ। ਭਾਵੇਂ ਇਸ ਦੀ ਪੁਸ਼ਟੀ ਜਾਂ ਡਾ. ਮੋਹਨ ਸਿੰਘ ਦੀਵਾਨਾ ਅਤੇ ਪ੍ਰੋ. ਪਿਆਰਾ ਸਿੰਘ ਪਦਮ ਵੀ ਕਰਦੇ ਹਨ ਪਰ ਇਸ ਦਾ ਲਿਪੀਬੱਧ ਜਾਂ ਪੀੜ੍ਹੀ-ਦਰ-ਪੀੜ੍ਹੀ ਤੁਰੀ ਆ ਰਹੀ ਦਾ ਪ੍ਰਮਾਣ ਅਜੇ ਵਿਦਵਾਨਾਂ ਦੀ ਪਕੜ ਵਿਚ ਨਹੀਂ ਆਇਆ। ਵੈਸੇ ਵੀ ਇਹ ਵਾਰ ਫ਼ਾਰਸੀ ਵਿਚ ਲਿਖੇ ਜਾਣ ਦਾ ਸੰਦੇਹ ਹੈ ਕਿਉਂਕਿ ਖੁਸਰੋ ਮੂਲ ਰੂਪ ਵਿਚ ਪੰਜਾਬੀ ਦਾ ਸ਼ਾਇਰ ਹੀ ਨਹੀਂ ਹੋਇਆ। ਪੂਰਵ ਨਾਨਕ ਕਾਲ ਵਿਚ ਰਚੀਆਂ ਗਈਆਂ ਵਾਰਾਂ ਦੇ ਵਿਕੋਲਿਤਰੇ ਨਮੂਨੇ ਹੀ ਸਾਡੇ ਤਕ ਪਹੁੰਚੇ ਹਨ। ਇਸ ਕਾਲ ਦੀ ਕੋਈ ਵੀ ਵਾਰ ਸੰਪੂਰਨ ਰੂਪ ਵਿਚ ਸਾਡੇ ਤਕ ਨਹੀਂ ਆਈ। ਜੋ ਖੰਡਗਤ ਵਿਚਾਰਾਂ ਵਾਲੀਆਂ ਵਾਰਾਂ ਸਾਡੇ ਰੂਬਰੂ ਹੋਈਆਂ ਹਨ, ਉਹ ਕੇਵਲ ਨੇਂ ਹੀ ਹਨ ਜਿਨ੍ਹਾਂ ਵਿਚੋਂ ਛੇ ਪੂਰਵ ਨਾਨਕ ਕਾਲ ਦੀਆਂ ਤੇ ਤਿੰਨ ਗੁਰੂ ਨਾਨਕ ਕਾਲ ਅਥਵਾ ਅਕਬਰ ਅਤੇ ਜਹਾਂਗੀਰ ਦੇ ਵੇਲੇ ਰਚੀਆਂ ਗਈਆਂ ਹਨ। ਉਦਾਹਰਣ ਦੇ ਤੌਰ 'ਤੇ ਨੋ ਵਾਰਾਂ ਇਸ ਪ੍ਰਕਾਰ ਹਨ (1) ਟੁੰਡੇ ਅਸਰਾਜੇ ਦੀ ਵਾਰ (2) ਸਿਕੰਦਰ ਇਬਰਾਹੀਮ ਦੀ ਵਾਰ (3) ਲੱਲਾ ਬਹਿਲੀਮਾ ਦੀ ਵਾਰ (4) ਮੂਸੇ ਦੀ ਵਾਰ (5) ਜੋਧੇ ਵੀਰੇ ਪੂਰਬਾਣੀ ਦੀ ਵਾਰ (6) ਮਲਕ- ਮੁਰੀਦ ਚੰਦਹੜੇ ਸੋਹੀਏ ਦੀ ਵਾਰ (7) ਮਾਲਦੇਵ ਦੀ ਵਾਰ (8) ਰਾਏ ਕਮਾਲ ਮੌਜ ਦੀ ਵਾਰ (9) ਹਸਨੇ ਮਹਿਮੇ ਦੀ ਵਾਰ।
ਇਸ ਤੋਂ ਪਹਿਲਾਂ ਕਿ ਵਾਰਾਂ ਦਾ ਸੰਖਿਪਤ ਇਤਿਹਾਸ ਅੱਗੇ ਤੋਰੀਏ ਉਪਰੋਕਤ ਦਰਸਾਈਆਂ ਵਾਰਾਂ ਵਿਚੋਂ ਸਿਰਫ਼ ਨਮੂਨੇ ਵਜੋਂ ਇੱਕ ਦੋ ਵਾਰਾਂ ਦੇ ਕੁਝ ਅੰਸ਼ ਦੇ ਰਹੇ ਹਾਂ-
-ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਵੱਜੇ।
ਖ਼ਾਨ ਸੁਲਤਾਨ ਬਡ ਸੂਰਮੇ, ਵਿਚ ਰਣ ਦੇ ਗੱਜੇ।
ਖ਼ਤ ਲਿਖੇ ਟੁੰਡੇ ਅਸਰਾਜ ਨੂੰ, ਪਾਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਦੇ, ਦਿੱਤਾ ਭਰ ਲੱਜੇ।
ਫਤਹਿ ਪਾਇ ਅਸਰਾਜ ਜੀ, ਸ਼ਾਹੀ ਘਰ ਸੱਜੇ।
(ਟੁੰਡੇ ਅਸਰਾਜੇ ਦੀ ਵਾਰ ਵਿੱਚੋਂ)
ਚੜ੍ਹਿਆ ਮੂਸਾ ਬਾਦਸਾਹ, ਸੁਣਿਐ ਸਭ ਜੱਗੇ।
ਤ੍ਰੈ ਸੋ ਸੱਠ ਮਰਾਤਬਾ, ਇੱਕ ਘੁਰਿਐ ਡੱਗ।
ਦੰਦ ਚਿੱਟੇ ਵਡ ਹਾਥੀਆਂ, ਕਹੁ ਕਿਤੁ ਵਰੈਗੇ।
ਰੁਤ ਪਛਾਤੀ ਬਗਲਿਆਂ, ਘਟ ਕਾਲੀ ਬੱਗੇ।
ਏਹੀ ਕੀਤੀ ਮੂਸਿਆ, ਕਿਨ ਕਰੀ ਨ ਅੱਗੇ। (ਵਾਰ ਮੂਸੇ ਕੀ)
ਉਪਰੋਕਤ ਵੰਨਗੀਆਂ ਦੇਣ ਤੋਂ ਸਾਡਾ ਮਤਲਬ ਇਹ ਦੱਸਣਾ ਹੈ ਕਿ ਇਨ੍ਹਾਂ ਸਾਰੀਆਂ ਨੌਂ ਵਾਰਾਂ ਦੀ ਬੋਲੀ ਇੰਨੀ ਮਾਂਜੀ ਪੋਚੀ ਅਤੇ ਸਪੱਸ਼ਟ ਹੈ ਕਿ ਇਨ੍ਹਾਂ ਨੂੰ ਪ੍ਰਾਚੀਨ ਕਾਲ ਦੀਆਂ ਵਾਰਾਂ ਕਹਿਣ ਲੱਗਿਆਂ ਕੁਝ ਸੰਦੇਹ ਜਿਹਾ ਉਪਜਣਾ ਅਨਿਵਾਰੀ ਹੋ ਜਾਂਦਾ ਹੈ। ਖ਼ੈਰ ਸੰਦੇਹ ਹੋਣ ਦੇ ਬਾਵਜੂਦ ਵੀ ਸਾਨੂੰ ਮਲਕ-ਮਰੀਦ ਚੰਦਹੜੇ ਸੋਹੀਏ ਦੀ ਵਾਰ, ਜੋਧੇ ਵੀਰੇ ਪੂਰਬਾਣੀ ਦੀ ਵਾਰ ਅਤੇ ਮਾਲਦੇਵ ਦੀ ਵਾਰ ਆਦਿ ਨੂੰ ਛੱਡ ਕੇ ਬਾਕੀ ਦੀਆਂ ਛੇ ਵਾਰਾਂ ਪੂਰਵ ਗੁਰੂ ਨਾਨਕ ਕਾਲ ਦੀ ਉਪਜ ਕਹਿਣ ਲਈ ਬਜਿੱਦ ਹੋਣਾ ਪਵੇਗਾ
ਕਿਉਂਕਿ ਇਨ੍ਹਾਂ ਵਾਰਾਂ ਦੀ ਧੁਨੀ 'ਤੇ ਆਦਿ ਗ੍ਰੰਥ ਵਿਚਲੀਆਂ ਵਾਰਾਂ ਗਾਉਣ ਦੇ ਆਦੇਸ਼ ਹਨ। ਮਿਸਲ ਵਜੋਂ (1) ਵਾਰ ਟੁੰਡੇ ਅਸਰਾਜੇ ਦੀ ਧੁਨੀ 'ਤੇ ਆਸਾ ਦੀ ਵਾਰ ਗਾਉਣ ਦਾ ਆਦੇਸ਼ ਹੈ (ਟੁੰਡੇ ਅਸਰਾਜੇ ਦੀ ਧੁਨੀ ਗਾਵਨੀ), (2) ਵਾਰ ਸਿਕੰਦਰ ਬਹਿਰਾਮ ਦੀ-ਵਾਰ ਗੁਜਰੀ ਮਹਲਾ ਤੀਜਾ, (3) ਵਾਰ ਲੱਲਾ ਬਹਿਲੀਮਾ ਦੀ-ਵਾਰ ਰਾਗ ਵਡਹੰਸ ਮਹਲਾ ਚੌਥਾ, (4) ਵਾਰ ਹਸਨੇ ਮਹਿਮੇ ਦੀ ਵਾਰ ਸਾਰੰਗ ਮਹਲਾ ਚੌਥਾ (5) ਵਾਰ ਮੁਸੇ ਦੀ-ਵਾਰ ਕਾਹਨੜਾ ਮਹਲਾ ਚੌਥਾ (6) ਵਾਰ ਰਾਏ ਕਮਾਲ ਦੀ ਮੌਜਦੀ-ਵਾਰ ਗਉੜੀ ਮਹਲਾ ਪੰਜਵਾਂ ਆਦਿ। ਹਾਂ ਆਦਿ ਗ੍ਰੰਥ ਵਿਚ ਜਿਨ੍ਹਾਂ ਨੇ ਵਾਰਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਤਿੰਨ ਅਜਿਹੀਆਂ ਲੋਕ ਵਾਰਾਂ ਹਨ ਜਿਨ੍ਹਾਂ ਦੇ ਕਥਾਨਕ ਅਜਿਹੇ ਸੰਕੇਤ ਦਿੰਦੇ ਹਨ। ਕਿ ਇਹ ਅਕਬਰ ਅਤੇ ਜਹਾਂਗੀਰ ਦੇ ਵੇਲੇ ਰਚੀਆਂ ਗਈਆਂ ਹਨ ਇਹ ਵਾਰਾਂ ਹਨ (ੳ) ਮਲਕ ਮੁਰੀਦ ਚੰਦ੍ਰਹੜਾ ਸੋਹੀਆ ਦੀ ਵਾਰ (ਈ) ਜੋਧੇ ਵੀਰ ਪੁਰਵਾਣੀ ਦੀ ਵਾਰ (ੲ) ਰਾਣਾ ਕੈਲਾਸ਼ ਦੇਵ ਤਥਾ ਮਾਲਦੇਵ ਦੀ ਵਾਰ।
ਪੂਰਵ ਨਾਨਕ ਕਾਲ ਤੋਂ ਬਾਅਦ ਸਭ ਤੋਂ ਵਧ ਵਾਰਾਂ ਗੁਰੂ ਨਾਨਕ ਕਾਲ ਵਿਚ ਲਿਖੀਆਂ ਗਈਆਂ ਹਨ। ਉਪਰੋਕਤ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਅਤੇ ਭਾਈ ਗੁਰਦਾਸ ਦੀਆਂ 40 ਵਾਰਾਂ ਅਤੇ ਕੁਝ ਹੱਦ ਤਕ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਇਸੇ ਕਾਲ ਦੀਆਂ ਪ੍ਰਮੁੱਖ ਰਚਨਾਵਾਂ ਹਨ। ਗੁਰੂ ਨਾਨਕ ਤੋਂ ਪਹਿਲਾਂ 'ਵਾਰ ਕੇਵਲ ਰਜ਼ਮੀਆ (ਬੀਰ ਰਸੀ) ਸ਼ਾਇਰੀ ਦਾ ਦੂਜਾ ਨਾਂ ਸੀ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਇੱਕ ਨਵਾਂ ਮੋੜ ਦਿੱਤਾ ਤੇ ਵਾਰ ਪਹਿਲੀ ਵਾਰ ਬਾਹਰ ਹੋਣ ਵਾਲੇ ਜੰਗਾਂ ਤੋਂ ਹੱਟ ਕੇ ਬੰਦੇ ਦੀ ਅੰਦਰਲੀ ਕਸ਼ਮਕਸ਼ ਤੋਂ ਜਾਣੂ ਹੋਈ। ਬੰਦੇ ਦੀ ਅੰਦਰਲੀ ਤੇ ਰੂਹਾਨੀ ਖਿੱਚੋਤਾਣੀ ਪੰਜਾਬੀ ਵਾਰਾਂ ਦਾ ਮਜ਼ਮੂਨ ਬਣ ਗਈ, ਪਰ ਟੈਕਨੀਕ ਦੇ ਪੱਖੋਂ ਵਾਰ ਅੰਦਰ ਕੋਈ ਤਦੀਲੀ ਨਾ ਹੋਈ।" (ਅਹਿਮਦ ਸਲੀਮ, ਲੋਕ ਵਾਰਾਂ) ਇਸ ਤੋਂ ਇਲਾਵਾ ਮੇਹਰਵਾਨ ਦੀ ਪੀਰਾਂ ਦੀ ਵਾਰ ਵੀ ਇਸੇ ਕਾਲ ਦੀ ਦੇਣ ਹੈ।
ਪਿਛਲੇਰੇ ਨਾਨਕ ਕਾਲ ਵਿਚ ਨਜਾਬਤ, ਪੀਰ ਮੁਹੰਮਦ ਅਤੇ ਅਗਰਾ ਦੀਆਂ ਲਿਖੀਆਂ ਵਾਰਾਂ ਨੇ ਪੰਜਾਬੀ ਸਾਹਿੱਤ ਵਿਚ ਵਾਰ ਦੇ ਰੂਪ ਨੂੰ ਪ੍ਰਫੁੱਲਤ ਕੀਤਾ। ਨਜਾਬਤ ਨੇ ਨਾਦਰ ਸ਼ਾਹ ਦੀ ਵਾਰ, ਪੀਰ ਮੁਹੰਮਦ ਨੇ ਚੱਠਿਆਂ ਦੀ ਵਾਰ ਅਤੇ ਅਗਰਾ ਨੇ ਹਕੀਕਤ ਰਾਏ ਦੀ ਵਾਰ ਲਿਖੀ। ਅਗਰੇ ਨੇ ਦੂਸਰੇ ਵਾਰਕਾਰਾਂ ਨਾਲੋਂ ਵੱਖਰਿਆਂ ਹੋ ਕੇ ਪਹਿਲੀ ਵਾਰ ਦਵੱਯੇ ਛੰਦ ਵਿਚ ਵਾਰ ਲਿਖੀ। ਬਾਕੀਆਂ ਦੀਆਂ ਵਾਰਾਂ ਸਿਰਖੰਡੀ ਤੇ ਨਿਸ਼ਾਨੀ ਛੰਦ ਨੂੰ ਅਪਣਾਉਂਦੀਆਂ ਹਨ। ਇਸ ਤੋਂ ਇਲਾਵਾ ਕਾਦਰਯਾਰ ਨੇ ਹਰੀ ਸਿੰਘ ਨਲੂਏ ਦੀ ਵਾਰ (ਬੈਂਤਾਂ ਵਿਚ) ਤੇ ਹਾਸ਼ਮ ਨੇ ਮਹਾਂ ਸਿੰਘ ਦੀ ਵਾਰ ਲਿਖੀ। ਇਨ੍ਹਾਂ ਸਮਿਆਂ ਵਿਚ ਹੀ ਲਵਕੁਸ਼ ਦੀ ਵਾਰ ਲਿਖੇ ਜਾਣ ਦਾ ਵੀ ਜ਼ਿਕਰ ਆਉਂਦਾ ਹੈ। ਅਜੋਕੇ ਯੁੱਗ ਵਿਚ ਕਈ ਵਾਰਕਾਰ ਇਸ ਪਾਸੇ ਜੁਟੇ ਪਏ ਹਨ ਜਿਨ੍ਹਾਂ ਵਿਚੋਂ ਹਰਿੰਦਰ ਸਿੰਘ ਰੂਪ ਸ਼ਾਨਾਂ ਮੋਰੋ ਪੰਜਾਬ ਦੀਆਂ ਅਤੇ ਪੰਜਾਬ ਦੀਆਂ ਵਾਰਾਂ ਆਦਿ ਵਾਰਾਂ ਲਿਖੀਆ। ਇਸ ਤੋਂ ਉਪਰੰਤ ਹਰਸਾ ਸਿੰਘ ਚਾਤਰ, ਵਿਧਾਤਾ ਸਿੰਘ ਤੀਰ, ਗੁਰਦੇਵ ਸਿੰਘ ਮਾਨ, ਹਜ਼ਾਰਾ ਸਿੰਘ ਗੁਰਦਾਸਪੁਰੀ, ਫ਼ੀਰੋਜ਼ਦੀਨ ਸ਼ਰਫ, ਹਰਦਿਆਲ ਸਿੰਘ ਬਾਗੀ, ਕੀੜੇ ਖਾਂ ਸ਼ਕੀਨ, ਉੱਤਮ ਸਿੰਘ ਤੇਜ, ਜਸਵੰਤ ਸਿੰਘ ਵੰਤਾ, ਦੀਵਾਨ ਸਿੰਘ ਮਹਿਰਮ ਅਤੇ ਮਨੋਹਰ ਸਿੰਘ ਨਿਰਮਾਣ ਦੇ ਨਾਂ
ਵਰਣਨਯੋਗ ਹਨ। ਇਸੇ ਆਧੁਨਿਕ ਯੁੱਗ ਦਾ ਸ਼ਾਇਰ ਪਿਆਰਾ ਸਿੰਘ ਸਹਿਰਾਈ ਹੈ, ਜੋ ਬਜ਼ੁਰਗੀ ਦੇ ਦਿਨਾਂ ਵਿਚ ਵਾਰਕਾਰ ਦੇ ਤੌਰ 'ਤੇ ਪੰਜਾਬੀ ਸਾਹਿੱਤ ਵਿਚ ਪ੍ਰਵੇਸ਼ ਹੋਇਆ। ਆਜ਼ਾਦੀ ਤੋਂ ਬਾਅਦ ਭਾਰਤ ਵਿਚ ਪ੍ਰਗਤੀਵਾਦੀ/ਜੁਝਾਰੂ ਜਥੇਬੰਦੀਆਂ ਵਲੋਂ ਕਿਰਤੀ/ ਕਿਰਸਾਨੀ ਜਮਾਤ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਉਠਾਈਆਂ ਲਹਿਰਾਂ ਦੇ ਨਾਇੱਕਾਂ ਦੇ ਬਹਾਦਰੀ ਭਰੇ ਕਾਰਜਾਂ ਉੱਪਰ ਵਾਰਾਂ ਲਿਖੀਆਂ ਗਈਆਂ। ਸਹਿਰਾਈ ਸਾਹਿਬ ਦੀ 'ਤਿਲੰਗਾਨਾ ਦੀ ਵਾਰ' ਇਸੇ ਹੱਕ ਵਿਚ ਭੁਗਤਾਈ ਜਾ ਸਕਣ ਵਾਲੀ ਲਾਜਵਾਬ ਵਾਰ ਹੈ। ਨਕਸਲੀ ਲਹਿਰ ਦੇ ਇਤਿਹਾਸਕ ਨਾਇੱਕ ਉੱਪਰ ਲਿਖੀ 'ਵਾਰ ਤਰਸੇਮ ਬਾਵੇ ਦੀ' ਵਿਚ ਉਹ ਸਮਕਾਲੀ ਸਮਾਜ ਦੇ ਸਿਆਸੀ ਅਤੇ ਸਰਮਾਏਦਾਰੀ ਜ਼ਬਰ ਦੀ ਗੱਲ ਬੜੇ ਭਾਵਾਤਮਕ ਸ਼ਬਦਾਂ ਵਿਚ ਕਰਕੇ ਦੋਰਾਹੇ ਪਿੰਡ ਦੇ ਨਕਸਲੀ ਸ਼ਹੀਦ ਤਰਸੇਮ ਬਾਵਾ ਦੇ ਕਿਰਦਾਰ ਨਾਲ ਪਾਠਕਾਂ ਦੀ ਹਮਦਰਦੀ ਜੋੜਦਾ ਹੈ। ਇਸ ਤੋਂ ਇਲਾਵਾ ਇਸੇ ਵਾਰਕਾਰ (ਪਿਆਰਾ ਸਿੰਘ ਸਹਿਰਾਈ) ਨੇ ਪੈਪਸੂ ਦੇ ਮੁਜ਼ਾਰਿਆਂ ਦੀ ਐਜ਼ੀਟੇਸ਼ਨ ਦੇ ਸੰਬੰਧ ਵਿਚ 'ਵਾਰ ਬਚਨ ਸਿੰਘ ਦੀ' ਲਿਖ ਕੇ ਪੁਰਾਣੇ ਵਾਰ-ਵਿਧਾਨ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਨਾਇੱਕ ਸਿਰਫ਼ ਮਹਾਂਮਾਨਵ ਹੀ ਹੋ ਸਕਦਾ ਸੀ, ਜਨ ਸਾਧਾਰਨ ਵਿਚੋਂ ਨਹੀਂ। ਪਿਆਰਾ ਸਿੰਘ ਸਹਿਰਾਈ ਦੀਆਂ ਜਿਥੇ ਇਹ ਵਾਰਾਂ ਕਾਸ ਸਮੇਂ ਦੇ ਇਤਿਹਾਸਕ ਸੱਚ ਦੀ ਪੁਸ਼ਟੀ ਹਿੱਤ ਆਪਣਾ ਨੈਤਿਕ ਫ਼ਰਜ਼ ਪਾਲਦੀਆਂ ਹਨ, ਉਥੇ ਇਨ੍ਹਾਂ ਵਾਰਾਂ ਦੀ ਕਾਵਿਕ ਖੂਬੀ ਇਹ ਵੀ ਹੈ ਕਿ ਰੂਪਕ ਪੱਖੋਂ ਪਹਿਲੀ ਵਾਰ-ਪਰੰਪਰਾ ਦਾ ਵਿਰੋਧ ਕਰਕੇ ਪੰਜਾਬੀ ਵਾਰ ਵਿਧਾ ਵਿਚ ਨਵੀਂ ਪਰੰਪਰਾ ਨੂੰ ਸਥਾਪਤ ਕਰਨ ਵਿਚ ਯਤਨਸ਼ੀਲ ਵੀ ਹਨ। ਕਹਿਣ ਦਾ ਭਾਵ ਹੈ ਕਿ ਇਹ ਵਾਰਾਂ ਕਿਸੇ ਨਿਸ਼ਚਿਤ ਬਹਿਰ ਜਾਂ ਪੁਰਾਣੇ ਛੰਦਾਂ (ਸਿਰਖੰਡੀ, ਨਿਸ਼ਾਨੀ ਅਤੇ ਦਵੱਯਾ ਛੰਦ) ਦੀ ਵਫ਼ਾ ਨਹੀਂ ਪਾਲਦੀਆਂ ਤੇ ਨਾ ਹੀ ਮੱਧਕਾਲ ਦੀਆਂ ਵਾਰਾਂ ਵਾਂਗ ਜਨ-ਸਾਧਾਰਨ ਦੀਆਂ ਸਮੱਸਿਆਵਾਂ ਤੋਂ ਬੇਮੁੱਖ ਹਨ। ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਜ਼ਜਬੇ ਨੂੰ ਉਭਾਰਨ ਵਾਲੀਆਂ ਹੋਰ ਵਾਰਾਂ ਵੀ ਆਧੁਨਿਕ ਕਾਲਵਿਚਪ੍ਰਾਪਤ ਹਨ। ਹਰਦਿਆਲ ਸਿੰਘ ਬਾਗੀ ਦੀ ਹਾਸ ਰਸੀ ਛੋਹਾਂ ਨਾਲ ਭਰਪੂਰ 'ਵਾਰ ਜੰਗ ਹਿੰਦ ਚੀਨ' ਜਿਥੇ ਪਾਠਕਾਂ ਦਾ ਮਨੋਰੰਜਨ ਕਰਵਾਉਂਦੀ ਹੈ, ਉਥੇ ਨਾਲ ਨਾਲ ਦੇਸ਼ ਪ੍ਰਤੀ ਵਫਾਦਾਰੀ ਨੂੰ ਵੀ ਪ੍ਰਚੰਡ ਰੂਪ ਵਿਚ ਪੇਸ਼ ਕਰਦੀ ਹੈ। ਆਧੁਨਿਕ ਜੁੱਗ ਵਿਚ ਜੋ ਵਾਰਾਂ ਲਿਖੀਆਂ ਗਈਆਂ ਹਨ, ਉਨ੍ਹਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ-ਪ੍ਰੋ. ਮੋਹਨ ਸਿੰਘ ਨੇ ਵਾਰ ਬੀਬੀ ਸਾਹਿਬ ਕੌਰ, ਗੁਰਦੇਵ ਸਿੰਘ ਮਾਨ ਨੇ ਅਕਾਲੀ ਫੂਲਾ ਸਿੰਘ ਅਤੇ ਕਸੂਰ ਦੀ ਵਾਰ, ਫਿਰੋਜ਼ਦੀਨ ਸ਼ਰਫ ਨੇ ਵਾਰ ਚਾਂਦ ਬੀਬੀ ਅਤੇ ਵਾਰ ਦੁਰਗਾਵਤੀ, ਹਜ਼ਾਰਾ ਸਿੰਘ ਗੁਰਦਾਸਪੁਰੀ ਨੇ ਵਾਰ ਰਾਣਾ ਪ੍ਰਤਾਪ ਸਿੰਘ, ਹਰਿੰਦਰ ਸਿੰਘ ਰੂਪ ਨੇ ਲੋਕਾਂ ਦੀ ਵਾਰ, ਵਿਧਾਤਾ ਸਿੰਘ ਤੀਰ ਨੇ ਭਾਰਤ ਮਾਤਾ ਦੀ ਵਾਰ, ਗੁਰਦਿੱਤ ਸਿੰਘ ਕੁੰਦਨ ਨੇ ਪੰਜਾਬ ਦੀ ਵਾਰ, ਹਰਦਿਆਲ ਸਿੰਘ ਬਾਗੀ ਨੇ ਵਾਰ ਜੰਗ ਹਿੰਦ ਚੀਨ, ਹਰਸਾ ਸਿੰਘ ਚਾਤਰ ਨੇ ਲਵਕੁਸ਼ ਦੀ ਵਾਰ, ਅਵਤਾਰ ਸਿੰਘ ਤੂਫ਼ਾਨ ਨੇ ਗੁਰੂ ਨਾਨਕ ਦੀ ਵਾਰ ਅਤੇ ਹਜ਼ਾਰਾ ਸਿੰਘ ਮੁਸ਼ਤਾਕ ਨੇ ਵਾਰ ਗੁਰੂ ਗੋਬਿੰਦ ਸਿੰਘ ਦੀ ਆਦਿ ਲਿਖ ਕੇ ਇਤਿਹਾਸਕ ਚਿਹਰਿਆਂ ਅਤੇ ਤਤਕਾਲੀ ਜਨ-ਸਾਧਾਰਨ ਦੇ ਜੀਵਨ ਵਿਧਾਨ ਨੂੰ ਉਭਾਰਿਆ ਹੈ।
ਭਾਵੇਂ ਆਧੁਨਿਕ ਯੁੱਗ ਵਿਚ ਖੁੱਲ੍ਹੀ ਕਵਿਤਾ ਜਾਂ ਹੋਰ ਨਵੀਨ ਕਾਵਿ-ਵੰਨਗੀਆਂ ਹੋਂਦ ਵਿਚ ਆ ਚੁੱਕੀਆਂ ਹਨ, ਪਰ ਲੋਕਾਂ ਦੀ ਮੁਰਦਾ ਅਣਖ ਅਤੇ ਜ਼ਮੀਰ ਝੰਜੋੜਨ ਲਈ
ਢਾਡੀ ਅਜੇ ਵੀ ਧਾਰਮਿਕ ਦੀਵਾਨਾਂ ਵਿਚ ਇਸ ਕਾਵਿ ਰੂਪ ਨੂੰ ਬੜੇ ਜੋਸ਼ ਨਾਲ ਗਾਉਂਦੇ ਹਨ। ਹੁਣ ਤਕ ਸਾਨੂੰ ਵਾਰਾਂ ਦੀਆਂ ਜਿੰਨੀਆਂ ਵੀ ਵੰਨਗੀਆਂ ਮਿਲਦੀਆਂ ਹਨ, ਉਹ ਤਿੰਨ ਹੀ ਉਪਲਬਧ ਹਨ।
ਇਨ੍ਹਾਂ ਵਾਰਾਂ ਵਿਚ ਪੂਰਵ ਨਾਨਕ ਅਤੇ ਗੁਰੂ ਨਾਨਕ ਕਾਲ ਦੀਆਂ ਰਚੀਆਂ ਗਈਆਂ ਨੌਂ ਵਾਰਾਂ ਆਉਂਦੀਆਂ ਹਨ ਤੇ ਇਨ੍ਹਾਂ ਵਾਰਾਂ ਦੀਆਂ ਧੁਨੀਆਂ 'ਤੇ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਗੁਰੂ ਸਾਹਿਬਾਨ ਦੀਆਂ ਵਾਰਾਂ ਗਾਉਣ ਦੇ ਆਦੇਸ਼ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ, ਨਜਾਬਤ ਦੀ ਨਾਦਰਸ਼ਾਹ ਦੀ ਵਾਰ ਅਤੇ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਵੀ ਬੀਰ ਰਸੀ ਵਾਰਾਂ ਦੇ ਉੱਚਤਮ ਨਮੂਨੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਆਈਆਂ 22 ਵਾਰਾਂ ਅਤੇ ਭਾਈ ਗੁਰਦਾਸ ਦੀਆਂ 40 ਵਾਰਾਂ ਇਸ ਕੋਟੀ ਵਿਚ ਆਉਂਦੀਆਂ ਹਨ। ਇਨ੍ਹਾਂ ਦੇ ਵਿਸ਼ੇ ਚੰਗਿਆਈ ਬੁਰਾਈ ਦੇ ਸੰਘਰਸ਼ ਵਿਚੋਂ ਸਿੱਖ ਆਦਰਸ਼ਾਂ ਨੂੰ ਉਭਾਰਨਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਗੁਰਮਤਿ ਚਿੰਤਨ ਦੀ ਵਿਆਖਿਆ ਕਰਨ ਵਾਲੀਆਂ ਹੋਣ ਤੋਂ ਇਲਾਵਾ ਸਦਾਚਾਰਕ ਕਦਰਾਂ ਕੀਮਤਾਂ ਦੀ ਗੱਲ ਵੀ ਕਰਦੀਆਂ ਹਨ। ਇਸੇ ਕਰਕੇ ਇਨ੍ਹਾਂ ਅਧਿਆਤਮਵਾਦੀ ਵਾਰਾਂ ਦੇ ਪ੍ਰਸੰਗ ਵਿਚ ਉਨ੍ਹਾਂ ਦੀਆਂ ਵਾਰਾਂ ਨੀਤੀ ਸ਼ਾਸਤਰ ਦੀਆਂ ਲਖਾਇੱਕ ਹੋ ਨਿਬੜਦੀਆਂ ਹਨ ।
ਇੰਝ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਜਗਤ ਵਿਚ 'ਵਾਰ' ਕਾਵਿ ਰੂਪ ਨੂੰ ਕਾਫ਼ੀ ਮਹੱਤਵ ਮਿਲਦਾ ਰਿਹਾ ਹੈ। ਭਾਈ ਗੁਰਦਾਸ ਦੀਆਂ ਚਾਲੀ ਵਾਰਾਂ, ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 17 ਰਾਗਾਂ ਵਿਚ 22 ਵਾਰਾਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਨੌ ਵਾਰਾਂ ਅਜਿਹੀਆਂ ਹਨ ਜਿਨ੍ਹਾਂ ਉੱਪਰ ਗਾਉਣ ਦੀਆਂ ਧੁਨਾਂ ਵੀ ਦਰਜ ਹੋਈਆਂ ਹਨ।
ਇਨ੍ਹਾਂ ਵਾਰਾਂ ਵਿਚ ਪਉੜੀ ਜਾਂ ਹੋਰ ਕਿਸੇ ਛੇਦ-ਪ੍ਰਬੰਧ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਨ੍ਹਾਂ ਵਾਰਾਂ ਦੇ ਨਾਇੱਕ ਰਾਜਨੀਤਿਕ ਵਿਵਸਥਾ ਦੇ ਨਾਲ ਸੰਘਰਸ਼ ਕਰਦੇ ਜਾਂ ਹੋਰ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਵਿਖਾਏ ਗਏ ਹਨ। ਆਧੁਨਿਕ ਵਾਰਾਂ ਦੇ ਨਾਇੱਕ ਆਮ ਤੌਰ 'ਤੇ ਜਨ ਸਾਧਾਰਨ ਵਿਚੋਂ ਲਏ ਗਏ ਹੁੰਦੇ ਹਨ।
ਵਾਰ ਕਾਵਿ ਅਤੇ ਭਾਈ ਗੁਰਦਾਸ
ਚੂੰਕਿ ਪੰਜਾਬੀ ਸਾਹਿੱਤ ਵਿਚ ਭਾਈ ਗੁਰਦਾਸ ਜੀ ਦੀ ਪਛਾਣ ਹੀ ਇੱਕ ਵਾਰਕਾਰ ਦੇ ਤੌਰ 'ਤੇ ਹੁੰਦੀ ਹੈ ਇਸ ਕਰਕੇ ਜ਼ਰੂਰੀ ਬਣਦਾ ਹੈ ਕਿ ਉਸ ਦਾ ਪੰਜਾਬੀ ਵਾਰ-ਕਾਵਿ ਦੇ ਇਤਿਹਾਸ ਵਿਚ ਜੋ ਯੋਗਦਾਨ ਰਿਹਾ ਹੈ, ਉਸ ਦਾ ਨੋਟਿਸ ਲਿਆ ਜਾਵੇ। ਜਿਵੇਂ ਕਿ ਅਸੀਂ ਪਿੱਛੇ ਵਾਰ ਕਾਵਿ ਦੀਆਂ ਸਿੱਧਾਂਤਕ ਟਿੱਪਣੀਆਂ ਕਰਦੇ ਹੋਏ, ਇਹ ਦਸ ਆਏ ਹਾਂ ਕਿ ਵਾਰ-ਵੰਨਗੀਆਂ ਵਿਚ ਇੱਕ ਅਧਿਆਤਮਕ ਵੰਨਗੀ ਦੀ ਵਾਰ ਵੀ ਮੱਧਕਾਲ ਵਿਚ ਮਿਲਦੀ ਹੈ। ਖ਼ਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਬਾਈ ਵਾਰਾਂ ਇਸੇ ਕੋਟੀ ਵਿਚ ਗਿਣੀਆਂ ਜਾਣ ਵਾਲੀਆਂ ਜ਼ਿਕਰਯੋਗ ਵਾਰਾਂ ਹਨ। ਇਥੇ ਦਸਣਾ ਵਾਜਿਬ ਹੈ ਕਿ ਜਿਸ ਵੇਲੇ ਗੁਰੂ ਸਾਹਿਬਾਨ ਆਪਣੀਆਂ ਵਾਰਾਂ ਦੀ ਸਿਰਜਣਾ ਕਰ ਰਹੇ ਹਨ, ਉਸ ਵਕਤ ਲੋਕ ਵਾਰਾਂ ਵੀ ਲੋਕਾਂ ਵਿਚ ਪ੍ਰਚਲਿੱਤ ਸਨ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਦੇ ਸਾਹਮਣੇ ਉਸ ਵਕਤ ਵਾਰਾਂ ਦੇ ਦੋ ਨਮੂਨੇ ਹਾਜ਼ਰ ਸਨ-(1) ਲੋਕ ਵਾਰਾਂ (ਰਜ਼ਮੀਆ ਵਾਰਾਂ-ਬੀਰ ਰਸੀ) (2) ਅਧਿਆਤਮਕ ਵਾਰਾਂ (ਬਜ਼ਮੀਆ ਵਾਰਾਂ-ਸ਼ਿੰਗਾਰ ਰਸੀ)। ਬੇਸ਼ੱਕ ਭਾਈ ਗੁਰਦਾਸ ਜੀ ਦੀ ਵਾਰ ਰਚਨਾ ਵੇਲੇ ਉਨ੍ਹਾਂ ਕੋਲ ਗੁਰੂ ਸਾਹਿਬਾਨ ਦੀਆਂ ਅਧਿਆਤਮਕ ਵਾਰਾਂ ਇੱਕ ਮਾਡਲ ਦੇ ਤੌਰ 'ਤੇ ਕੰਮ ਕਰ ਰਹੀਆਂ ਸਨ ਪਰ ਗੁਰੂ ਸਾਹਿਬਾਨ ਨੇ ਜੋ ਵਾਰਾਂ ਲਿਖੀਆਂ, ਉਨ੍ਹਾਂ ਨੂੰ ਲੋਕ ਵਾਰਾਂ 'ਤੇ ਗਾਉਣ ਦੇ ਆਦੇਸ਼ ਵੀ ਨਾਲ ਲਿਖੇ ਮਿਲਦੇ ਹਨ। ਜਿਥੇ ਇਨ੍ਹਾਂ ਲੋਕ ਵਾਰਾਂ ਦੀਆਂ ਧੁਨੀਆਂ 'ਤੇ ਅਧਿਆਪਕ ਵਾਰਾਂ ਗਾਉਣ ਦੇ ਆਦੇਸ਼ ਹਨ, ਉਤੇ ਲੋਕ ਵਾਰਾਂ ਦੇ ਆਏ ਨਾਂ, ਇਸ ਗੱਲ ਦੀ ਉਗਾਹੀ ਭਰਦੇ ਹਨ ਕਿ ਵਾਰ-ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਸੀ ਤੇ ਖ਼ਾਸ ਕਰਕੇ ਪੂਰਵ ਗੁਰੂ ਨਾਨਕ ਕਾਲ ਵਿਚ ਭਰ ਜੌਬਨ 'ਤੇ ਸੀ। ਪੂਰਵ ਨਾਨਕ ਕਾਲ ਦੀਆਂ ਵਾਰਾਂ ਦੇ ਜ਼ਿਕਰ ਆਦਿ ਗ੍ਰੰਥ ਦੀਆਂ ਅਧਿਆਤਮਕ ਵਾਰਾਂ ਦੇ ਸ਼ੁਰੂ ਵਿਚ ਆਉਂਦੇ ਹਨ-1. ਆਸਾ ਦੀ ਵਾਰ-ਟੁੰਡੇ ਅਸਰਾਜੇ ਦੀ ਧੁਨੀ ਪੈ ਗਾਵਣੀ, 2. ਗੁਜਰੀ ਕੀ ਵਾਰ-ਸਿਕੰਦਰ ਇਬਰਾਹੀਮ ਕੀ ਵਾਰ ਕੀ ਧੁਨੀ, 3. ਰਾਗ ਵਡਹੰਸ ਕੀ-ਲਲਾ ਬਹਿਲੀਮਾ ਕੀ ਧੁਨੀ, 4. ਰਾਗ ਰਾਮਕਲੀ ਕੀ ਵਾਰ-ਜੋਧੇ ਵੀਰ ਪੂਰਬਾਣੀ ਕੀ ਧੁਨੀ, 5. ਸਾਰੰਗ ਕੀ ਵਾਰ-ਰਾਇ ਮਹਮੇ ਹਸਨੇ ਕੀ ਧੁਨੀ, 6. ਰਾਗ ਮਲਾਰ ਕੀ ਵਾਰ-ਰਾਣੇ ਕੈਲਾਸ ਕਥਾ ਮਾਲਦੇਉ ਕੀ ਧੁਨੀ, 7. ਕਾਨੜੇ ਕੀ ਵਾਰ-ਮੂਸੇ ਕੀ ਵਾਰ ਕੀ ਧੁਨੀ।
ਇਥੇ ਲੋਕ ਵਾਰਾਂ ਦੀ ਗੱਲ ਕਰਨੀ ਇਸ ਕਰਕੇ ਬਣਦੀ ਹੈ ਕਿ ਅਧਿਆਤਮਕ ਵਾਰਾਂ ਮਜ਼ਮੂਨ ਪੱਖੋਂ ਬੇਸ਼ੱਕ ਵਿਭਿੰਨ ਹਨ ਪਰ ਤਕਨੀਕ, ਛੰਦ ਵਿਧਾਨ ਅਤੇ ਪਉੜੀ ਪ੍ਰਬੰਧ ਪੱਖੋਂ ਸਮਾਨਤਾ ਦੀਆਂ ਸੂਚਕ ਹਨ। ਚੂੰਕਿ ਭਾਈ ਗੁਰਦਾਸ ਜੀ ਅਧਿਆਤਮਕ
ਵਾਰਾਂ ਰਚ ਰਹੇ ਹਨ ਤੇ ਉਨ੍ਹਾਂ ਕੋਲ ਮਾਡਲ ਵੀ ਗੁਰੂ ਸਾਹਿਬਾਨ ਦੀਆਂ ਵਾਰਾਂ ਦਾ ਹੈ ਪਰ ਫਿਰ ਵੀ ਕੁਝ ਇੱਕ ਕਾਵਿ-ਡਸਿਪਲਿਨ ਇਹੋ ਜਿਹੇ ਵਰਤੇ ਹਨ ਕਿ ਜਿਨ੍ਹਾਂ ਕਰਕੇ ਭਾਈ ਗੁਰਦਾਸ ਜੀ ਦੀ ਵਾਰ-ਸਾਹਿੱਤ ਦੇ ਇਤਿਹਾਸ ਵਿਚ ਇੱਕ ਵੱਖਰੀ ਪਛਾਣ ਸਥਾਪਤ ਹੁੰਦੀ ਹੈ। ਲੋਕ ਵਾਰਾਂ ਵਿਚ ਚੂੰਕਿ 'ਅਧਿਆਤਮਿਕਤਾ ਦੀ ਘਾਟ ਸੀ ਅਤੇ ਦੂਸਰੀ ਤਰ੍ਹਾਂ ਦੀਆਂ ਵਾਰਾਂ ਵਿਚ ਬ੍ਰਿਤਾਂਤ ਦੀ। ਭਾਈ ਗੁਰਦਾਸ ਜੀ ਨੇ ਉਪਰੋਕਤ ਦੋਹਾਂ ਘਾਟਾਂ ਨੂੰ ਪੂਰਿਆਂ ਕਰਕੇ ਪੰਜਾਬੀ ਵਾਰ ਸੰਸਕ੍ਰਿਤੀ ਨੂੰ ਨਿਵੇਕਲਾਪਨ ਅਤੇ ਮੌਲਕਿਤਾ ਪ੍ਰਦਾਨ ਕੀਤੀ। ਇਨ੍ਹਾਂ ਵਾਰਾਂ ਵਿਚ ਅਧਿਆਤਮਕਤਾ ਅਤੇ ਬ੍ਰਿਤਾਂਤ ਦਾ ਸੁਮੇਲ ਜਿਥੇ ਪਾਠਕ/ ਸਰੋਤਾ ਵਰਗ ਨੂੰ ਸੁਹਜ ਸੁਆਦ ਪ੍ਰਸਤੁਤ ਕਰਦਾ ਹੈ, ਉਥੇ ਨਿਰੋਲ ਸੱਚੀ ਸੁੱਚੀ ਸਭਿਆਚਾਰਕ ਜੀਵਨ ਜਾਚ ਅਤੇ ਵਹਿਮਾਂ, ਭਰਮਾਂ, ਪਾਖੰਡਾਂ ਤੋਂ ਉੱਚਾ ਉੱਠਣ ਦੀ ਪ੍ਰੇਰਣਾ ਵੀ ਦਿੰਦਾ ਹੈ।" (ਡਾ. ਗੁਰਦੀਪ ਸਿੰਘ, ਗੁਰਮਤਿ ਸਭਿਆਚਾਰ ਤੇ ਭਾਈ ਗੁਰਦਾਸ, ਪਨਾੰ 225)
ਲੋਕ ਵਾਰਾਂ ਦੇ ਸੰਦਰਭ ਵਿਚ ਇੱਕ ਗੱਲ ਆਖਣੀ ਪੈਂਦੀ ਹੈ ਕਿ ਲੋਕ ਵਾਰ ਸਮਾਜ ਦੀ ਕਿਸੇ ਸਮੁੱਚੀ ਜਾਤੀ ਦੀ ਥਾਂ ਵਿਅਕਤੀ ਵਿਸ਼ੇਸ਼ ਕੇਂਦਰਿਤ ਰਹੀ ਹੈ। ਜਿਵੇਂ ਟੁੰਡੇ ਅਸਰਾਜੇ ਦੀ ਵਾਰ ਵਿਚ ਟੁੰਡਾ ਅਸਰਾਜ ਇੱਕ ਵਿਅਕਤੀ ਵਿਸ਼ੇਸ਼ ਹੈ ਜਿਸ ਦੇ ਜ਼ਿੰਦਗੀ ਦੇ ਕੁਝ ਸਰੋਕਾਰ ਵਾਰ ਵਿਚ ਪ੍ਰਸਤੁਤ ਹਨ। ਮੂਸੇ ਦੀ ਵਾਰ ਵਿਚ ਮੂਸਾ ਖਿੱਚ ਦਾ ਮਰਕਜ਼ ਬਣਦਾ ਹੈ ਤੇ ਇਸ ਤਰ੍ਹਾਂ ਹੋਰ ਲੋਕ-ਵਾਰਾਂ। ਇਹ ਭਾਈ ਗੁਰਦਾਸ ਹੀ ਸਨ ਜਿਨ੍ਹਾਂ ਨੇ ਵਿਅਕਤੀ ਵਿਸ਼ੇਸ਼ ਦੀ ਥਾਂ ਸਮਾਜ ਦੀ ਕਿਸੇ ਜਾਤੀ ਨੂੰ ਜਾਂ ਸਮੁੱਚੇ ਸਮਾਜ ਨੂੰ ਕੇਂਦਰ ਬਿੰਦੂ ਬਣਾਇਆ। ਡਾ. ਜੀਤ ਸਿੰਘ ਸੀਤਲ ਮੁਤਾਬਕ "ਇਹ ਪਿਰਤ ਪਾਉਣ ਵਾਲੇ ਭਾਈ ਗੁਰਦਾਸ ਸਨ, ਜਿਨ੍ਹਾਂ ਨੇ ਇੱਕ ਪ੍ਰਕਾਰ ਦੀ 'ਗੁਰੂਆਂ ਦੀ ਵਾਰ' ਕਹਿ ਕੇ ਗਾਡੀ ਰਾਹ ਵਿਖਾਇਆ।" (ਪੰਜਾਬੀ ਵਾਰ ਸਾਹਿਤ ਵਿਚ ਭਾਈ ਗੁਰਦਾਸ ਦਾ ਸਥਾਨ) ਪਿਛੋਂ ਚੱਠਿਆਂ ਦੀ ਵਾਰ, ਬਰਾੜਾਂ ਦੀ ਵਾਰ ਅਤੇ ਸੋਢੀਆਂ ਦੀ ਵਾਰ ਆਦਿ ਸਮੁੱਚੀ ਕੌਮ ਨੂੰ ਆਧਾਰਤ ਮੰਨ ਵਾਰਾਂ ਰਚੀਆਂ ਜਾਣ ਲੱਗੀਆਂ।
ਭਾਈ ਗੁਰਦਾਸ ਜੀ ਨੇ ਬੇਸ਼ੱਕ ਵਾਰਾਂ ਵਿਚ ਗੁਰਮਤਿ ਵਿਆਖਿਆ ਅਤੇ ਗੁਰਮਤਿ ਚਿੰਤਨ ਨੂੰ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ ਪਰ ਉਸ ਦੀਆਂ ਕਈ ਵਾਰਾਂ ਇਤਿਹਾਸ ਪੱਖੋਂ ਵੀ ਮਹੱਤਤਾ ਵਾਲੀਆਂ ਹਨ। ਜਿੱਥੇ ਪਹਿਲੀ ਵਾਰ ਨਿਰੋਲ ਇਤਿਹਾਸ ਮੁੱਖ ਹੈ ਉਥੇ ਗਿਆਰ੍ਹਵੀਂ ਵਾਰ ਵਿਚਲੇ ਸਰੋਕਾਰ ਵੀ ਇਤਿਹਾਸ ਨੂੰ ਹੀ ਰੂਪਮਾਨ ਕਰਦੇ ਹਨ। ਖ਼ਾਸ ਕਰਕੇ ਗਿਆਰ੍ਹਵੀਂ ਵਾਰ ਦੀਆਂ ਤੇਰ੍ਹਾਂ ਤੋਂ ਇੱਕੱਤੀ ਪਉੜੀਆਂ ਉਨ੍ਹਾਂ ਇਤਿਹਾਸਕ ਸ਼ਖ਼ਸੀਅਤਾਂ ਨੂੰ ਉਦਘਾਟਿਤ ਕਰਦੀਆਂ ਹਨ ਜੋ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਤਕ, ਹਰ ਗੁਰੂ ਸਾਹਿਬ ਨਾਲ ਰਹੇ ਗੁਰਸਿੱਖਾਂ, ਉਨ੍ਹਾਂ ਦੇ ਪਿਛੋਕੜ ਬਾਰੇ ਵੇਰਵੇ ਹਨ। ਇਤਹਾਸਕਤਾ ਨੂੰ ਮੁੱਖ ਰੱਖ ਕੇ ਹੀ ਵਿਦਵਾਨ ਨੇ ਇਸ ਗਿਆਰਵੀਂ ਵਾਰ ਨੂੰ ਸਿੱਖ ਨਾਮਾਵਲੀ ਜਾਂ ਸਿੱਖਾਂ ਦੀ ਭਗਤਮਾਲ ਦੇ ਤੌਰ 'ਤੇ ਲਿਆ ਹੈ। ਇਸ ਵਾਰ ਦੀ ਇਤਿਹਾਸ ਪੱਖੋਂ ਮਹੱਤਤਾ ਨੂੰ ਭਾਂਪਦਿਆਂ ਹੋਇਆਂ ਹੀ ਭਾਈ ਮਨੀ ਸਿੰਘ ਨੇ ਇਸ ਵਾਰ ਦਾ ਟੀਕਾ ਕੀਤਾ ਹੈ ਨਾਲ ਸਾਖੀਆਂ ਵੀ ਦਿੱਤੀਆਂ ਹਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਦੇ ਨਿਕਟਵਰਤੀ ਅਤੇ
ਗੁਰੂ ਘਰ ਦੇ ਪਿਆਰੇ ਸਿੱਖਾਂ ਦੇ ਨਾਵਾਂ, ਥਾਵਾਂ ਅਤੇ ਪਰਿਵਾਰਕ ਪਿਛੋਕੜ ਦੇ ਵੇਰਵੇ ਹਨ। ਪਰਿਵਾਰ ਪਿਛੋਕੜ ਵਿਚ ਕਈਆਂ ਦੇ ਕਿੱਤਿਆਂ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਜਾਤ, ਗੋਤ ਵੀ ਦਰਸਾ ਰਹੇ ਹਨ। ਭਾਈ ਗੁਰਦਾਸ ਜੀ ਦੀ ਵਾਰ ਸਾਹਿੱਤ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਲਾਊਡ ਹੋ ਕੇ ਗੱਲ ਕਰਨ ਤੋਂ ਇਹ ਭਾਵ ਨਹੀਂ ਸੀ ਕਿ ਉਹ ਜਾਤ-ਪਾਤ ਦੇ ਵਖਰੇਵਿਆਂ ਨੂੰ ਮੰਨਦੇ ਹਨ, ਉਹ ਤਾਂ ਜਾਤ ਗੋਤ ਦਰਸਾ ਕੇ ਇਹ ਪ੍ਰਭਾਵ ਦੇਣਾ ਚਾਹੁੰਦੇ ਸਨ ਕਿ ਸਿੱਖੀ ਕਿਸੇ ਇੱਕ ਵਿਅਕਤੀ ਤੇ ਉਹ ਵੀ ਸਵਰਨ ਜਾਤੀ ਦਾ ਹੀ ਹੋਵੇ, ਦੀ ਜਗੀਰ ਨਹੀਂ। ਇਸ ਵਿਚ ਸਾਰੇ ਵਰਣਾਂ ਵਿਚੋਂ ਤੇ ਖ਼ਾਸ ਕਰਕੇ ਦਲਿਤਾਂ ਵਿਚੋਂ ਲੋਕ ਸ਼ਾਮਿਲ ਹੋ ਸਕਦੇ ਹਨ ਤੇ ਸਿੱਖੀ ਪ੍ਰਤੀ ਸ਼ਰਧਾ ਰੱਖਣ ਵਾਲੇ ਦਲਿਤ ਵਰਗ ਅਤੇ ਕੁਲੀਨ ਵਰਗ ਦੇ ਸਾਰੇ ਲੋਕ ਹੀ ਇਸ ਵਿਚ ਸ਼ਾਮਿਲ ਹਨ।
ਇੱਕ ਵਾਰੀ ਤਾਂ ਇਹ ਭਰਮ ਉਪਜਦਾ ਹੈ ਕਿ ਭਾਈ ਸਾਹਿਬ ਜਾਤਾਂ, ਗੋਤਾਂ ਵਿਚ ਵਿਸ਼ਵਾਸ ਰੱਖਦੇ ਹਨ, ਜਦ ਉਹ ਹਰ ਸਿੱਖ ਦੀ ਜਾਤ ਜਾਂ ਗੋਤ ਦੇ ਕੇ ਉਨ੍ਹਾਂ ਦਾ ਪ੍ਰਰੀਚੈ ਦਿੰਦੇ ਹਨ ਜਿਵੇਂ-
ਗੁਜਰੁ ਜਾਤਿ ਲੁਹਾਰੁ ਹੈ ਗੁਰਸਿਖੀ ਗੁਰਸਿਖ ਸੁਣਾਵੈ।
ਨਾਈ ਪਿੰਙੁ ਵਖਾਣੀਐ ਸਤਿਗੁਰ ਸੇਵ ਕੁਟੰਬੁ ਤਰਾਵੈ।
ਉਪਰੋਕਤ ਦੋ ਟੁਕਾਂ ਵਿਚ ਨਿਮਨ ਜਾਤੀ ਦੇ ਦੋ ਗੁਰਸਿੱਖਾਂ ਦੀ ਚਰਚਾ ਹੋਈ ਹੈ ਕਿ ਗੁਜਰ ਸਿੱਖ ਲੁਹਾਰ ਜਾਤੀ ਦਾ ਹੋਇਆ ਹੈ ਜੋ ਗੁਰ ਸਿੱਖਾਂ ਨੂੰ ਗੁਰੂ ਦੀ ਸਿੱਖਿਆ ਸੁਣਾਉਂਦਾ ਸੀ ਅਤੇ ਨਾਈ ਜਾਤ ਦਾ ਧਿੰਙ ਨਾਮੀ ਸਿੱਖ ਕਿਹਾ ਜਾਂਦਾ ਹੈ ਜਿਸ ਨੇ ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਕੁਟੰਬ ਕਬੀਲੇ ਨੂੰ ਤਾਰਿਆ ਸੀ। ਇਹ ਦੋਵੇਂ ਗੁਰੂ ਅੰਗਦ ਦੇਵ ਜੀ ਦੇ ਸਿੱਖ ਹੋਏ ਹਨ ਪਰ ਜਦੋਂ ਅਸੀਂ ਭਾਈ ਗੁਰਦਾਸ ਜੀ ਦੀ ਇਸ ਗਿਆਰਵੀਂ ਵਾਰ ਦਾ ਪਉੜੀ ਦਰ ਪਉੜੀ ਨਿੱਠ ਕੇ ਅਧਿਅਨ ਕਰਦੇ ਹਾਂ ਤਾਂ ਸਭ ਸ਼ੰਕੇ ਨਵਿਰਤ ਹੋ ਜਾਂਦੇ ਹਨ। ਉਨ੍ਹਾਂ ਦਾ ਤਾਂ ਪ੍ਰਯੋਜਨ ਹੀ ਇਹ ਦਰਸਾਉਣਾ ਸੀ ਕਿ ਸਿੱਖੀ ਮਾਰਗ ਇੱਕ ਅਥਾਹ ਇਨਸਾਨੀ ਸਮੁੰਦਰ ਹੈ ਜਿਸ ਵਿਚ ਪ੍ਰਵੇਸ਼ ਕਰਦਿਆਂ ਹੀ ਮਨੁੱਖ ਆਪਣੀ ਜ਼ਾਤ-ਗੋਤ ਦੀਆਂ ਬਣੀਆਂ ਨਦੀਆਂ ਦੀ ਹੋਂਦ ਗੁਆ ਬੈਠਦਾ ਹੈ ਤੇ ਉਹ ਇੱਕ ਇਨਸਾਨ ਤੇ ਸਿਰਫ਼ ਇੱਕ ਇਨਸਾਨ ਹੀ ਰਹਿ ਜਾਂਦਾ ਹੈ ਜਿਸ ਦੀ ਸਾਗਰ ਵਰਗੀ ਵਿਸ਼ਾਲ ਸੋਚ ਹੋ ਜਾਂਦੀ ਹੈ। ਜਦੋਂ ਲੋਕ ਵੱਖ-ਵੱਖ ਧਰਮਾਂ-ਜ਼ਾਤਾਂ ਵਿਚੋਂ ਸਿੱਖੀ ਨੂੰ ਸਮਰਪਿਤ ਹੁੰਦੇ ਹਨ, ਉਨ੍ਹਾਂ ਵਿਚ ਜੋ ਪਹਿਲੀ ਧਾਰਨਾ ਘਰ ਕਰਦੀ ਹੈ, ਉਹ ਹੈ ਗੁਰਸਿੱਖੀ ਵਿਚ ਏਕਤਾ। ਸਿੱਖੀ ਦਾ ਪ੍ਰਥਮ ਅਸੂਲ ਹੀ ਹੈ ਜਿਨ੍ਹਾਂ ਸਿੱਖਾਂ ਨੂੰ ਸਮਾਜ ਵਿਚ ਜ਼ਾਤ-ਪਾਤ ਪੱਖੋਂ ਹੀਣਾ ਸਮਝਿਆ ਜਾਂਦਾ ਹੈ ਗੁਰਸਿੱਖੀ ਮਾਰਗ ਵਿਚ ਚਲਦਿਆਂ ਉਸ ਵਿਚ ਪਏ ਭੇਦਭਾਵ ਖਤਮ ਹੋ ਜਾਂਦੇ ਹਨ ਤੇ ਉਹ ਇੱਕ-ਦੂਜੇ ਦੇ ਬਰਾਬਰ ਸਮਝੇ ਜਾਂਦੇ ਹਨ। ਭਾਈ ਗੁਰਦਾਸ ਦੀ ਇਸੇ ਵਾਰ ਦੀ ਸੱਤਵੀਂ ਪਉੜੀ ਦੀਆਂ ਆਰੰਭਲੀਆਂ ਸਤਰਾਂ ਸਾਡੇ ਉਪਰੋਕਤ ਕਥਨ ਦੀ ਪ੍ਰੋੜ੍ਹਤਾ ਕਰਦੀਆਂ ਹਨ-
-ਚਾਰਿ ਵਰਨਿ ਇੱਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ।
ਅਸਟ ਧਾਤੁ ਇੱਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ। (੧੧/੭)
ਗੁਰਸਿੱਖੀ ਮਾਰਗ ਅਪਣਾਉਣ ਨਾਲ ਚਾਰੇ ਵਰਣਾਂ ਨੂੰ ਇੱਕ ਵਰਣ (ਸਿੱਖ) ਕੀਤਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਰੰਗ ਬਿਰੰਗੀ ਪਾਨ ਦੀ ਲਾਲੀ (ਪਾਨ ਦੇ ਬੀੜੇ) ਤੋਂ ਗੂੜਾ ਲਾਲ ਰੰਗ ਹੋ ਜਾਂਦਾ ਹੈ। ਪਾਰਸ ਦੀ ਤਰ੍ਹਾਂ ਅੱਠਾਂ ਧਾਤਾਂ ਚਾਰ ਵਰਣ ਅਤੇ ਮਜ਼੍ਹਬ ਨੂੰ ਇੱਕ ਧਾਤ (ਸਿੱਖ) ਕਰਕੇ ਵੇਦਾਂ-ਕਤੇਬਾਂ ਵਿਚਾਲੇ ਦਾ ਭੇਦ ਨਾ ਰਹਿਣ ਦਿੱਤਾ-
--ਜਾਤੀ ਸੁੰਦਰ ਲੋਕ ਨਾ ਜਾਣੈ (੧੧/੯)
ਇਸ ਵਾਰ ਦਾ ਇਤਿਹਾਸਕ ਪੱਖੋਂ ਇਸ ਕਰਕੇ ਵੀ ਮਹੱਤਵ ਹੈ ਕਿਉਂਕਿ ਇਹ ਵਾਰ ਗੁਰੂ ਘਰ ਦੇ ਸ਼ਰਧਾਲੂਆਂ ਦੀ ਇੰਨੀ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ ਕਿ ਸ਼ਾਇਦ ਇਤਿਹਾਸ ਵਿਚ ਇਹ ਜਾਣਕਾਰੀ ਨਾਂਹ ਦੇ ਬਰਾਬਰ ਹੀ ਹੈ। ਗੁਰੂ ਘਰ ਦੇ ਸ਼ਰਧਾਲੂਆਂ ਅਤੇ ਨਿਕਟ ਵਰਤੀਆਂ ਦੇ ਪਰਿਵਾਰਕ ਪਿਛੋਕੜ ਅਤੇ ਕਿੱਤਿਆਂ ਦੀ ਜਾਣਕਾਰੀ ਇਤਿਹਾਸ ਦੇ ਵਿਦਿਆਰਥੀ ਜਾਂ ਅਧਿਆਪਕ ਇਸ ਵਾਰ ਤੋਂ ਪ੍ਰਾਪਤ ਕਰ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਇਹ ਵਾਰ ਇਤਿਹਾਸ ਦੇ ਵਿਦਿਆਰਥੀਆਂ ਲਈ ਸਰੋਤ ਰਚਨਾ ਦਾ ਕੰਮ ਦੇ ਸਕਦੀ ਹੈ। ਇਤਿਹਾਸਕ ਮਹੱਤਵ ਨੂੰ ਸਮਝਦਿਆਂ ਹੀ ਭਾਈ ਮਨੀ ਸਿੰਘ ਨੇ ਇਸ ਵਾਰ ਦਾ ਟੀਕਾ ਤਿਆਰ ਕੀਤਾ ਜਿਹੜਾ ਸਿੱਖਾਂ ਦੀ ਭਗਤਮਾਲ ਜਾਂ ਭਗਤ ਰਤਨਾਵਲੀ ਦੇ ਨਾਂ ਨਾਲ ਪ੍ਰਸਿੱਧ ਹੈ।
ਜਿੱਥੇ ਵਿਦਵਾਨ ਭਾਈ ਗੁਰਦਾਸ ਜੀ ਨੂੰ ਇੱਕ ਸਫਲ ਗੁਰਮਤਿ ਸਿੱਧਾਂਤਾਂ ਦਾ ਵਿਆਖਿਆਕਾਰ, ਗੁਰਮਤਿ ਦਾ ਪੰਡਿਤ, ਭਾਸ਼ਾ ਵਿਗਿਆਨੀ ਅਤੇ ਇਤਿਹਾਸਕਾਰ ਮੰਨਦੇ ਹਨ, ਉਥੇ ਉਸ ਦੀ ਇੱਕ ਨਿਵੇਕਲੀ ਪਹਿਚਾਣ ਨਿਰਧਾਰਤ ਕਰਦੀ ਉਸ ਦੀ ਟੀਕਾਕਾਰੀ ਕਲਾ ਹੈ। ਡਾ. ਰਤਨ ਸਿੰਘ ਜੱਗੀ ਦੇ ਕਥਨ ਅਨੁਸਾਰ ਪੰਜਾਬੀ ਦੀ ਟੀਕਾਕਾਰੀ ਦਾ ਆਰੰਭ ਭਾਈ ਗੁਰਦਾਸ ਜੀ ਨੇ ਹੀ ਕੀਤਾ। ਇਸ ਤੋਂ ਪਹਿਲਾਂ ਕਿ ਉਹ ਭਾਈ ਸਾਹਿਬ ਦੀ ਟੀਕਾਕਾਰੀ ਉੱਪਰ ਟਿੱਪਣੀ ਕਰਨ, ਕੁਝ ਇੱਕ ਦੇ ਸੰਕਲਪ ਸਪੱਸ਼ਟ ਕਰਨਾ ਚਾਹੁੰਦੇ ਹਨ, ਜੋ ਅਕਸਰ ਵਿਦਵਾਨ ਚਰਚਾ ਵੇਲੇ ਰਲਗੱਡ ਕਰ ਜਾਂਦੇ ਹਨ। ਉਹ ਹਨ-ਟੀਕਾ, ਵਿਆਖਿਆ, ਭਾਸ਼ ਅਤੇ ਪਰਮਾਰਥ ਆਦਿ। "ਟੀਕਾ ਸ਼ਬਦ ਸੰਸਕ੍ਰਿਤ ਦਾ ਹੈ ਅਤੇ ਇਸ ਦਾ ਵਿਉਤਪੱਤੀ ਮੂਲਕ ਅਰਥ ਹੈ ਕਿਸੇ ਵਸਤੂ ਜਾਂ ਤੱਥ ਦਾ ਬੋਧ ਅਥਵਾ ਪ੍ਰਕਾਸ਼ਨ ਕਰਵਾਉਣ ਵਾਲਾ ਵਾਕ-ਵਿਧਾਨ। ਇਸ ਤਰ੍ਹਾਂ ਵਾਕ ਜਾਂ ਪਦ ਦਾ ਅਰਥ ਸਪੱਸ਼ਟ ਕਰਨ ਵਾਲਾ ਵਾਕ 'ਟੀਕਾ' ਅਖਵਾਉਂਦਾ ਹੈ। ਭਾਰਤੀ ਸਾਹਿੱਤ ਵਿਚ ਸੂਤ੍ਰਿਕ ਜਾਂ ਰਹੱਸਮਈ ਰਚਨਾਵਾਂ ਦੇ ਅਰਥ ਸਪੱਸ਼ਟ ਕਰਨ ਦੀਆਂ ਕਈ ਵਿਧੀਆਂ ਹਨ ਜਿਵੇਂ ਟੀਕਾ, ਵਿਆਖਿਆ, ਭਾਸ਼, ਪਰਮਾਰਥ ਆਦਿ। ਇਨ੍ਹਾਂ ਸਭ ਵਿਚ ਵਿਧਾਨਕ ਅੰਤਰ ਹੈ। ਸੰਖੇਪ ਵਿਚ ਅਰਥ ਸਮਝਾਉਣ ਵਾਲੇ ਵਾਕ ਨੂੰ 'ਟੀਕਾ' ਆਖਦੇ ਹਨ ਅਤੇ ਵਿਸਤਾਰ ਵਿਚ ਅਰਥ ਸਪੱਸ਼ਟ ਕਰਨ ਵਾਲੀ ਰਚਨਾ ਨੂੰ 'ਵਿਆਖਿਆ' ਦਾ ਨਾਂ ਦਿੱਤਾ ਜਾਂਦਾ ਹੈ। 'ਭਾਸ਼' ਵਿਚ ਮੂਲ ਰਚਨਾ ਦੀਆਂ ਅਸਪੱਸ਼ਟ ਜਾਂ ਗੁੱਝੀਆਂ ਗੱਲਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਉਸ ਬਾਰੇ ਸਾਮਗ੍ਰੀ ਭਾਸ਼ਕਾਰ ਆਪਣੇ ਵਲੋਂ ਵੀ ਸ਼ਾਮਿਲ ਕਰ ਦਿੰਦਾ ਹੈ। 'ਪਰਮਾਰਥ' ਵਿਚ ਮੂਲ ਰਚਨਾ ਵਿਚਲੇ ਅਧਿਆਤਮਕ ਤੱਥਾਂ ਦਾ ਵਿਸ਼ੇਸ਼ ਵਿਸ਼ਲੇਸ਼ਣ ਕੀਤਾ ਜਾਂਦਾ ਹੈ।ਪੰਜਾਬੀ ਸਾਹਿੱਤ ਵਿਚ ਟੀਕਾ, ਵਿਆਖਿਆ, ਭਾਸ਼ ਆਦਿ ਦੇ ਕਲਾਤਮਕ ਵਖਰੇਵਿਆਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਸਭ ਲਈ 'ਟੀਕਾ' ਸ਼ਬਦ ਹੀ ਵਰਤ -
ਲਿਆ ਜਾਂਦਾ ਹੈ।" (ਭਾਈ ਗੁਰਦਾਸ-ਜੀਵਨੀ ਤੇ ਰਚਨਾ, ਪੰਨਾ 104) ਨਿਰਸੰਦੇਹ ਭਾਈ ਮਨੀ ਸਿੰਘ ਦੁਆਰਾ ਲਿਖੀ ਸਿੱਖ ਨਾਮਾਵਲੀ ਜਾਂ ਭਗਤ ਰਤਨਾਵਲੀ (ਸਿੱਖਾਂ ਦੀ ਭਗਤਮਾਲ) ਗਿਆਨ ਅਤੇ ਰਤਨਾਵਲੀ ਇੱਕ ਭਾਸ਼ ਦੀ ਸ਼੍ਰੇਣੀ ਵਿਚ ਆਉਂਦੀ ਹੈ ਪਰ ਅਸੀਂ ਪਰੰਪਰਾ ਵਿਚ ਤੁਰੇ ਆ ਰਹੇ ਪਦ 'ਟੀਕਾ' ਨੂੰ ਹੀ ਇਥੇ ਵਰਤ ਰਹੇ ਹਾਂ।
ਬੇਸ਼ੱਕ ਟੀਕਾ ਪਰੰਪਰਾ ਦਾ ਆਗਾਜ਼ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਦੀ ਵਿਆਖਿਆ ਤੋਂ ਹੋ ਗਿਆ ਸੀ ਪਰ ਗੁਰੂ ਅਰਜਨ ਦੇਵ ਜੀ ਦੀ ਪ੍ਰੇਰਣਾ ਸਦਕਾ ਇਹ ਭਾਈ ਗੁਰਦਾਸ ਜੀ ਸਨ ਜਿਨ੍ਹਾਂ ਨੂੰ ਟੀਕਾ-ਪਰੰਪਰਾ ਨੂੰ ਅੱਗੇ ਤੋਰਨ ਦਾ ਸਿਹਰਾ ਜਾਂਦਾ ਹੈ। “ਭਾਈ ਗੁਰਦਾਸ ਦੀ ਟੀਕਾ ਵਿਧੀ ਗੁਰਬਾਣੀ ਦੇ ਇੱਕ-ਇੱਕ ਸ਼ਬਦ ਨੂੰ ਕ੍ਰਮਵਾਰ ਲੈ ਕੇ ਉਨ੍ਹਾਂ ਦੇ ਅਰਥ ਸਪੱਸ਼ਟ ਕਰਨ ਵਾਲੀ ਨਹੀਂ ਸਗੋਂ ਗੁਰਬਾਣੀ ਵਿਚਲੇ ਵਿਚਾਰਾਂ ਜਾਂ ਭਾਵਾਂ ਨੂੰ ਲੈ ਕੇ ਉਨ੍ਹਾਂ ਦਾ ਸਰਲ ਅਤੇ ਸੁਬੋਧ ਬੋਲੀ ਵਿਚ ਕਾਵਿਮਈ ਪ੍ਰਗਟਾਵਾ ਕਰਨਾ ਹੈ।... ਇਸ ਦਾ ਵਿਕਾਸ ਅੱਗੇ ਚੱਲ ਕੇ ਭਾਈ ਮਨੀ ਸਿੰਘ ਦੇ ਜੀਵਨ ਕਾਲ ਵਿਚ ਹੋਇਆ ਅਤੇ ਬਾਅਦ ਵਿਚ ਇਹ ਸ਼ਾਖਾ ਗਿਆਨ ਸੰਪ੍ਰਦਾਇ ਦੇ ਨਾਂ ਨਾਲ ਪ੍ਰਸਿੱਧ ਹੋਈ।" (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ: ਜੀਵਨੀ ਤੇ ਰਚਨਾ, ਪੰਨਾ 105)
ਹੇਠਾਂ ਅਸੀਂ ਕਈ ਟੂਕਾਂ ਗੁਰਬਾਣੀ 'ਚੋਂ ਦੇ ਰਹੇ ਹਾਂ ਤੇ ਨਾਲ ਹੀ ਭਾਈ ਗੁਰਦਾਸ ਜੀ ਦੀਆਂ ਉਹ ਟੂਕਾਂ ਜੋ ਗੁਰਬਾਣੀ ਦੀਆਂ ਗੁੱਝੇ ਭਾਵਾਂ ਵਾਲੀਆਂ ਗੱਲਾਂ, ਧਾਰਨਾਵਾਂ ਅਤੇ ਸਿੱਧਾਤਾਂ ਨੂੰ ਬੜੇ ਸਹਿਜ ਰੂਪ ਵਿਚ ਆਪਣੀ ਸਾਦ ਮੁਰਾਦੀ ਪੰਜਾਬੀ ਵਿਚ ਸਪੱਸ਼ਟ . ਕਰਦੀਆਂ ਹਨ। ਇਹ ਟੂਕਾਂ ਡਾ. ਰਤਨ ਸਿੰਘ ਜੱਗੀ ਦੀ ਪੁਸਤਕ 'ਭਾਈ ਗੁਰਦਾਸ : ਜੀਵਨੀ ਤੇ ਰਚਨਾ' 'ਚੋਂ ਹਨ-
1. ਗੁਰਬਾਣੀ : ਜੋ ਗੁਰੂ ਗੋਪੈ ਆਪਣਾ ਸੁ ਭਲਾ ਨਾਹੀ
ਪਹੁੰਚ ਓਨਿ ਲਾਹਾ ਮੂਲੁ ਸਭੁ ਗਵਾਇਆ।
ਭਾਈ ਗੁਰਦਾਸ : ਜੋ ਗੁਰ ਗੋਪੈ ਆਪਣਾ ਕਿਉ ਸਿਝੈ ਚੇਲਾ
ਸੰਗਲੁ ਘਤਿ ਚਲਾਈਐ ਜਮ ਪੰਥ ਇੱਕੇਲਾ
ਲਾਹੈ ਸਜਾਈ ਨਰਕ ਵਿਚਿ ਉਹੁ ਖਰਾ ਦਹੇਲਾ। (੨੮/੨)
2. ਗੁਰਬਾਣੀ : ਅਪਰਾਧੀ ਦੂਣਾ ਨਿਵੈ ਜੋ ਹੋਤਾ ਮਿਰਗਾਹਿ।
ਭਾਈ ਗੁਰਦਾਸ : ਨਿਵੈ ਅਹੇੜੀ ਮਿਰਗੁ ਦੇਖਿ ਕਰੈ ਵਿਸਾਹ ਧ੍ਰੋਹ ਸਰ ਲਾਵੇ।
ਅਪਰਾਧੀ ਅਪਰਾਧ ਕਮਾਵੈ। (३३/੧੬)
3. ਗੁਰਬਾਣੀ : ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ।
ਭਾਈ ਗੁਰਦਾਸ : ਸਚਹੁ ਓਰੈ ਸਭ ਕਿਹੁ ਲਖ ਸਿਆਣਪ ਸਭਾ ਥੋੜੀ।
ਉਪਰਿ ਸਚੁ ਆਚਾਰ ਚਮੋੜੀ। (੧੮/੧੯) 4)
4. ਗੁਰਬਾਣੀ : ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।
ਭਾਈ ਗੁਰਦਾਸ : ਪਉਣ ਗੁਰੂ ਗੁਰ ਸਬਦੁ ਹੈ ਵਾਹਿਗੁਰੂ ਗੁਰ ਸਬਦੁ ਸੁਣਾਇਆ।
ਪਾਣੀ ਪਿਤਾ ਪਵਿਤ੍ਰ ਕਰਿ ਗੁਰਸਿਖ ਪੰਥਿ ਨੀਵਾਣਿ ਚਲਾਇਆ।
ਧਰਤੀ ਮਾਤ ਮਹਤੁ ਕਰਿ ਓਤਿ ਪੋਤਿ ਸੰਜੋਗੁ ਬਣਾਇਆ।
ਦਾਈ ਦਾਇਆ ਰਾਤਿ ਦਿਹੁ ਬਾਲ ਸੁਭਾਇ ਜਗਤ ਖਿਲਾਇਆ (੬/੫)
5. ਗੁਰਬਾਣੀ: ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖਿ ਕਰਿ ਉਡਰਿਆ। (ਮਾਝ ਕੀ ਵਾਰ, ਸਲੋਕ ੩੫)
ਭਾਈ ਗੁਰਦਾਸ: ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਵ ਕਸਾਈ॥
(੧/੭)
6.ਗੁਰਬਾਣੀ : ਕਾਜੀ ਹੋਇ ਕੈ ਬਹੈ ਨਿਆਇ। ਫੇਰੇ ਤਸਬੀ ਕਰੇ ਖੁਦਾਇ।
ਵਢੀ ਲੈ ਕੇ ਹਕੁ ਗਵਾਏ। ਜੇ ਕੋ ਪੁਛੇ ਤਾ ਪੜਿ ਸੁਣਾਇ। (ਰਾਮਕਲੀ ਸਲੋਕ ੭)
ਭਾਈ ਗੁਰਦਾਸ : ਕਾਜੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਵਾਈ!!
ਵਰਤਿਆ ਪਾਪੁ ਸਭਸਿ ਜਗਿ ਮਾਹੀ॥ (੧/੩੦)
ਭਾਈ ਗੁਰਦਾਸ ਨੇ ਆਪਣੀ ਰਚਨਾ ਵਿਚ ਜਿੱਥੇ ਪੰਡਤਾਊ ਵਿਚਾਰਾਂ ਤੋਂ ਪ੍ਰਹੇਜ਼ ਕੀਤਾ ਹੈ, ਉਥੇ ਰੂਪਕ ਪੱਖੋਂ ਵੀ ਲੋਕ ਸਾਹਿੱਤ ਵਿਚ ਆਏ ਸਰੋਕਾਰਾਂ ਅਤੇ ਰੂੜੀਆਂ ਨੂੰ ਅਣਗੌਲਿਆਂ ਨਹੀਂ ਕੀਤਾ। ਉਹ ਤਾਂ ਅਧਿਆਤਮਕ ਸੰਸਾਰ 'ਚੋਂ ਸਾਮੱਗਰੀ ਲੈ ਕੇ ਲੋਕ ਪ੍ਰਚਲਿਤ ਕਾਵਿ ਰੂਪ ਵਾਰ ਨੂੰ ਆਪਣੇ ਸੰਚਾਰ ਦਾ ਮਾਧਿਅਮ ਬਣਾ ਰਹੇ ਹਨ। ਲੋਕ ਕਾਵਿ ਰੂਪ ਹੀ ਨਹੀਂ ਸਗੋਂ ਲੋਕ ਪ੍ਰਚੱਲਿਤ ਛੰਦਾਂ ਨੂੰ ਵੀ ਵਰਤ ਰਹੇ ਹਨ। ਉਸ ਵਕਤ ਜਿੰਨੀਆਂ ਵੀ ਲੋਕ ਵਾਰਾਂ ਉਪਲਬਧ ਸਨ, ਉਨ੍ਹਾਂ ਵਿਚ ਵਰਤੇ ਗਏ ਨਿਸ਼ਾਨੀ, ਸਿਰਖੰਡੀ ਅਤੇ ਹੰਸਗਤਿ ਆਦਿ ਮਾਤ੍ਰਿਕ ਛੰਦਾਂ ਨੂੰ ਆਪਣੀਆਂ ਵਾਰਾਂ ਵਿਚ ਵਰਤਿਆ। "ਇੰਜ ਵਸਤੂ ਅਤੇ ਰੂਪਕ ਪੱਖੋਂ ਅਜਿਹਾ ਕਰਦਿਆਂ ਉਸ ਦੀ ਰਚਨਾ ਆਪਣੇ ਆਪ ਨੂੰ ਕੇਵਲ ਅਧਿਆਤਮਕ ਸਭਿਆਚਾਰ ਦੇ ਦਾਇਰੇ ਤਕ ਹੀ ਸੀਮਤ ਨਹੀਂ ਰੱਖਦੀ, ਸਗੋਂ ਸਮਕਾਲੀਨ ਦੁਨਿਆਵੀ ਸਭਿਆਚਾਰ ਨੂੰ ਵੀ ਆਪਣੇ ਕਲਾਵੇ ਵਿਚ ਸਮੇਟਦੀ ਹੈ।" (ਡਾ. ਗੁਰਦੀਪ ਸਿੰਘ, ਗੁਰਮਤਿ ਸਭਿਆਚਾਰ ਤੇ ਭਾਈ ਗੁਰਦਾਸ, ਪੰਨਾ 218) ਹੋਰ ਤਾਂ ਹੋਰ ਉਸ ਵਲੋਂ ਕੀਤੀ ਗੁਰਮਤਿ ਵਿਆਖਿਆ ਪੰਜਾਬੀ ਸਭਿਆਚਾਰ ਨਾਲ ਜੁੜ ਕੇ ਲੋਕ ਜੀਵਨ ਦੇ ਕਈ ਇੱਕ ਵਿਭਿੰਨ ਪਹਿਲੂਆਂ ਨੂੰ ਉਜਾਗਰ ਕਰ ਜਾਂਦੀ ਹੈ। ਗੱਲ ਕੀ "ਭਾਈ ਗੁਰਦਾਸ ਇਸ ਤੱਥ ਨੂੰ ਸਮਝਦਾ ਹੋਇਆ ਗੁਰਬਾਣੀ ਵਿਚ ਪ੍ਰਸਤੁਤ ਹੋਏ ਵਿਭਿੰਨ ਮੁੱਲਾਂ ਦੀ ਸਭਿਆਚਾਰਕ ਪੱਧਰ ਤੇ ਸਰਲ ਤੇ ਸੁਖੈਣਮਈ ਸ਼ੈਲੀ ਵਿਚ ਵਿਆਖਿਆ ਕਰਦਾ ਹੈ।" (ਡਾ. ਗੁਰਦੀਪ ਸਿੰਘ ਪਖਾਰੀਵਾਲ, ਗੁਰਮਤਿ ਸਭਿਆਚਾਰ ਤੇ ਭਾਈ ਗੁਰਦਾਸ, ਪੰਨਾ 224) ਗੁਰਬਾਣੀ ਅਤੇ ਭਾਈ ਗੁਰਦਾਸ ਬਾਣੀ ਵਿਚੋਂ ਇਸ ਪੁਸ਼ਟੀ ਹਿੱਤ ਟੂਕਾਂ ਅਸੀਂ ਪਿੱਛੇ ਦੇ ਆਏ ਹਾਂ। ਸ਼ੈਲੀ ਦੀ ਸੁਖੈਣਤਾ ਅਤੇ ਸਰਲਤਾ ਕਰਕੇ ਹੀ ਇਨ੍ਹਾਂ ਦੀ ਬਾਣੀ ਪਾਠਕਾਂ ਉੱਪਰ ਚਿਰ
ਸਦੀਵੀ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਗੁਰੂ ਘਰ ਵਿਚ ਜੋੜੀ ਰੱਖਦੀ ਹੈ। ਇਥੋਂ ਤਕ ਕਿ ਉਸ ਤੋਂ ਪਿੱਛੋਂ ਹੋਏ ਕਈ ਵਾਰਕਾਰਾਂ ਨੇ ਭਾਈ ਸਾਹਿਬ ਵਾਲੀ ਵਾਰ ਸ਼ੈਲੀ ਨੂੰ ਸਿੱਧੇ ਤੇ ਅਸਿੱਧੇ ਦੋਹਾਂ ਰੂਪਾਂ ਵਿਚ ਅਪਣਾਇਆ। ਬੀਰ ਰਸੀ ਵਾਰਾਂ 'ਤੇ ਭਾਈ ਸਾਹਿਬ ਦੀ ਕਾਵਿ ਸ਼ੈਲੀ ਦਾ ਅਸਰ ਪ੍ਰਤੱਖ ਰੂਪ ਵਿਚ ਵਿਦਮਾਨ ਹੈ। ਸ਼ੈਲੀ ਦੀ ਵਿਲੱਖਣਤਾ ਹੈ ਕਿ ਇੱਕ ਰਹੱਸ ਨੂੰ ਖੋਲ੍ਹਣ ਲਈ ਕਈ ਦ੍ਰਿਸ਼ਟਾਂਤ ਉਪਮਾਵਾਂ ਆਦਿ ਦੇਈ ਜਾਂਦੇ ਹਨ। ਪਹਿਲੀ ਵਾਰ ਦੀ 27ਵੀਂ ਪਉੜੀ ਵਿਚ ਧੰਨ ਗੁਰੂ ਨਾਨਕ ਦੇਵ ਜੀ ਦਾ ਆਗਮਨ-ਦ੍ਰਿਸ਼ਟਾਂਤ ਅਤੇ ਉਨ੍ਹਾਂ ਦੇ ਆਗਮਨ ਦੀ ਉਪਮਾ ਪ੍ਰਸ਼ੰਸਾਯੋਗ ਹੈ
-ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ॥
ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥
ਬੇਸ਼ੱਕ ਪਿਛੋਂ ਹੋਏ ਵਾਰਕਾਰਾਂ ਉੱਪਰ ਭਾਈ ਸਾਹਿਬ ਦੀ ਕਾਵਿ ਸ਼ੈਲੀ ਦਾ ਪ੍ਰਭਾਵ ਹੈ ਪਰ ਉਹ ਵਾਰਕਾਰ ਉਸ ਦੇ ਪੱਧਰ ਦੀ ਕਾਵਿ-ਰਚਨਾ ਫਿਰ ਵੀ ਨਹੀਂ ਕਰ ਸਕੇ। ਦੂਰ ਕੀ ਜਾਣਾ, ਕਈ ਸੰਗ੍ਰਹਿ ਜਾਂ ਗ੍ਰੰਥ ਇਹੋ ਜਿਹੇ ਹਨ, ਜਿਨ੍ਹਾਂ ਵਿਚ ਭਾਈ ਗੁਰਦਾਸ ਜੀ ਦੀਆਂ ਚਾਲ੍ਹੀ ਵਾਰਾ ਦੇ ਅਖੀਰ 'ਤੇ ਇੱਕ ਹੋਰ ਵਾਰ (ਇੱਕਤਾਲੀਵੀ) ਉਨ੍ਹਾਂ ਦੇ ਨਾਂ 'ਤੇ ਜੁੜੀ ਹੋਈ ਮਿਲਦੀ ਹੈ। ਇਸ ਵਾਰ ਦੇ ਕਰਤਾ ਨੇ ਭਾਈ ਗੁਰਦਾਸ ਜੀ ਦੀ ਵਾਰ ਸ਼ੈਲੀ ਅਪਣਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਵਾਰ ਵਿਚਲੇ ਭਾਵ, ਭਾਸ਼ਾ, ਛੰਦ ਯੋਜਨਾ ਅਤੇ ਕਾਵਿ ਸ਼ੈਲੀ ਭਾਈ ਗੁਰਦਾਸ ਦੀ ਪ੍ਰਤਿਭਾ ਦੇ ਤੁਲ ਨਹੀਂ ਪੁੱਜ ਸਕੀ। ਇਸ ਕਰਕੇ ਇਹ ਇੱਕਤਾਲੀਵੀਂ ਵਾਰ ਭਾਈ ਗੁਰਦਾਸ ਜੀ ਦੀ ਰਚਨਾ ਨਹੀਂ ਬਣਦੀ। ਦੂਸਰਾ ਵਾਰ ਦੀਆਂ ਪਹਿਲੀਆਂ ਵੀਹ ਪਉੜੀਆਂ ਦੀ ਹਰ ਅੰਤਲੀ ਤੁਕ 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ' ਇਸ ਵਾਰ ਨੂੰ ਭਾਈ ਗੁਰਦਾਸ ਦੀਆਂ ਦੂਸਰੀਆਂ ਵਾਰਾਂ ਨਾਲੋਂ ਨਿਖੇੜਦੀ ਹੈ।
ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਇਹ ਵਾਰਾਂ ਬੇਸ਼ੱਕ ਅਧਿਆਤਮਕ ਵਾਰਾਂ ਹਨ ਪਰ ਲੋਕਧਾਰਾਈ ਸਮੱਗਰੀ ਅਤੇ ਲੋਕਧਾਰਕ ਸੱਚ ਥਾਂ- ਥਾਂ 'ਤੇ ਦਰਜ ਹੋਏ ਮਿਲਦੇ ਹਨ। ਭਾਵੇਂ ਵਾਰ ਇੱਕ ਕਾਵਿ ਰੂਪ ਹੀ ਹੈ ਪਰ ਭਾਈ ਸਾਹਿਬ ਨੇ ਅਧਿਆਤਮਕ ਧਾਰਨਾਵਾਂ, ਸੰਕਲਪ ਪ੍ਰਸਤੁਤ ਕਰਨ ਲਗਿਆਂ ਵੀ ਇਸ ਦਾ ਮੁਹਾਂਦਰਾ, ਲੋਕ ਕਾਵਿ ਵਾਲਾ ਹੀ ਰੱਖਿਆ ਹੈ। ਭਾਈ ਸਾਹਿਬ ਚੰਗੀ ਤਰ੍ਹਾਂ ਜਾਣਦੇ ਸਨ ਕਿ ਲੋਕਧਾਰਾ (Folklore) ਰਾਹੀਂ ਹੀ ਕਿਸੇ ਜਾਤੀ ਦੇ ਸਭਿਆਚਾਰਕ ਸੱਚ ਦੀ ਪਛਾਣ ਕਰਵਾਈ ਜਾ ਸਕਦੀ ਹੈ। ਸੋ ਲੋਕ ਵਾਰਾਂ ਵਾਲੇ ਰਵਾਇਤੀ ਛੰਦ (ਨਿਸ਼ਾਨੀ, ਸਿਰਖੰਡੀ
ਅਤੇ ਹੰਸਗਤਿ) ਭਾਈ ਸਾਹਿਬ ਦੀਆਂ ਵਾਰਾਂ ਵਿਚ ਆ ਕੇ ਇਨ੍ਹਾਂ ਵਾਰਾਂ ਨੂੰ ਲੋਕ ਕਾਵਿ ਦਾ ਹੀ ਰੂਪ ਦੇ ਦਿੰਦੇ ਹਨ। ਲੋਕਧਾਰਾਈ ਸ਼ਬਦਾਵਲੀ ਦੀ ਭਰਮਾਰ ਵੀ ਇਨ੍ਹਾਂ ਵਾਰਾਂ ਨੂੰ ਲੋਕ ਸਾਹਿੱਤ ਦੇ ਨਜ਼ਦੀਕ ਰੱਖਦੀ ਹੈ।
ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਗੁਰੂ ਦੇ ਸਿੱਖਾਂ ਦੀ ਗੁਰੂ ਪ੍ਰਤੀ ਪ੍ਰੀਤ ਦੀ ਅਭਿਵਿਅਕਤੀ ਇੱਕ ਨਿਵੇਕਲੀ ਸੁਰ ਵਿਚ ਕੀਤੀ ਗਈ ਹੈ। ਦੁਨਿਆਵੀ ਪ੍ਰੀਤ ਕਥਾਵਾਂ ਦੇ ਨਾਇੱਕਾਂ/ਨਾਇੱਕਾਵਾਂ ਦੇ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਦੇ ਨਿਮਨ ਲਿਖਤ ਦਰਸਾਏ ਦੁਨਿਆਵੀ ਪ੍ਰੇਮੀਆਂ ਦੇ ਕਾਮਿਲ ਪ੍ਰੇਮ ਵਾਂਗ ਹੀ ਗੁਰੂ ਅਥਵਾ ਨਿਰੰਕਾਰ (ਪੀਰ ਮੁਰੀਦਾ ਪਿਰਹੜੀ) ਨਾਲ ਪ੍ਰੀਤ ਪਾਉਣ ਦੀ ਪ੍ਰੇਰਣਾ ਦ੍ਰਿੜਾਈ ਹੈ—
-ਲੈਲੇ ਮਜਨੂੰ ਆਸ਼ਕੀ ਚਹੁ ਚਕੀ ਜਾਤੀ।
ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ।
ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ।
ਮੇਹੀਵਾਲ ਨੇ ਸੋਹਣੀ ਨੈ ਤਰਦੀ ਰਾਤੀ।
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ।
ਪੀਰ ਮੁਰੀਦਾ ਪਿਰਹੜੀ ਗਾਵਨਿ ਪਰਭਾਤੀ। (੨੭/੧)
ਕਈ ਥਾਈਂ ਭਾਈ ਸਾਹਿਬ ਨੇ ਸ਼ਬਦ-ਵਰਤੋਂ ਵਕਤ ਕਿਰਿਆ ਰੂਪਾਂ ਵਿਚ ਪਰਿਵਰਤਨ ਲਿਆਂਦੇ ਹਨ। ਵਿਆਕਰਣਿਕ ਦ੍ਰਿਸ਼ਟੀ ਤੋਂ ਬੇਸ਼ੱਕ ਇਹ ਕਿਰਿਆਵੀ ਰੂਪ ਮੰਨਣਯੋਗ ਨਹੀਂ ਭਾਸਦੇ ਪਰ ਤੁਕਾਂਤੀ ਮੇਲ ਕਾਰਨ ਇਹ ਵਰਤੇ ਰੂਪ ਵਾਕ ਦੇ ਰੂਪ ਵਿਚ ਨਿਖਾਰ ਹੀ ਲਿਆ ਰਹੇ ਹਨ। ਡਾ. ਗੁਰਬਖਸ਼ ਸਿੰਘ ਸ਼ਾਂਤ ਇਸ ਸੰਬੰਧੀ ਕਹਿੰਦਾ ਹੈ ਕਿ ਭਾਈ ਗੁਰਦਾਸ ਨੇ ਮਾਤਰਾਂ ਜਾਂ ਤੁਕਾਂ ਦੀ ਗਿਣਤੀ ਵਿਚ ਤੁਕਾਂਤ ਪੂਰਨ ਲਈ ਸ਼ਬਦਾਂ ਦੀ ਘਾੜਤ ਵਿਚ ਜੋ ਖੁੱਲ੍ਹਾਂ ਲਈਆਂ ਹਨ, ਉਨ੍ਹਾਂ ਕਾਰਨ ਛੰਦ ਵਿਧਾਨ ਕਰੂਪ ਨਹੀਂ ਹੋਇਆ ਸਗੋਂ ਉਸ ਵਿਚ ਆਪਣੀ ਹੀ ਕਿਸਮ ਦੀ ਇੱਕ ਸੁੰਦਰਤਾ ਆਈ ਹੈ ਜੋ ਭਾਈ ਸਾਹਿਬ ਦੀ ਵਿਦਵਤਾ ਦੀ ਲਖਾਇੱਕ ਹੈ। (ਭਾਈ ਗੁਰਦਾਸ ਦੀਆਂ ਵਾਰਾਂ ਦਾ ਆਲੋਚਨਾਤਮਕ ਅਧਿਅਨ, ਭਾਸ਼ਾ ਵਿਭਾਗ, ਪੰਨਾ 301) ਨਮੂਨੇ ਵਜੋਂ ਕੁਝ ਸਤਰਾਂ ਪੇਸ਼ ਹਨ-
ਦੁਆਪਰਿ ਜੁਗ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ।
ਗਿਆਨੁ ਮਤੇ ਸੁਖੁ ਉਪਜੈ ਜਨਮ ਮਰਨ ਕ ਭਰਮੁ ਚੁਕਾਈ॥ (੧/੧੨)
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਏ ਆਈ। (੧/੩੯)
ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ। (੧/੪੦)
ਪੰਜਾਬੀ ਵਾਰ ਸਾਹਿੱਤ ਦੇ ਇਤਿਹਾਸ ਵਿਚ ਭਾਈ ਗੁਰਦਾਸ ਦਾ ਨਿਵੇਕਲਾ ਸਥਾਨ ਇਸ ਕਰਕੇ ਵੀ ਨਿਰਧਾਰਤ ਹੁੰਦਾ ਹੈ ਕਿ ਜਿਥੇ ਭਾਈ ਸਾਹਿਬ ਦੇ ਸਮੇਂ ਦੀਆਂ ਅਧਿਆਤਮਕ ਵਾਰਾਂ ਦੀ ਭਾਸ਼ਾ ਸਾਧ/ਸੰਤ ਭਾਸ਼ਾ ਹੈ, ਉਥੇ ਭਾਈ ਸਾਹਿਬ ਦੀ ਬੋਲੀ ਕੇਂਦਰੀ ਠੇਠ ਪੰਜਾਬੀ ਹੋਣ ਦੇ ਨੇੜੇ ਹੈ। ਖ਼ਾਸ ਕਰਕੇ ਮਾਝੇ ਦੀ ਸ਼ਬਦਾਵਲੀ ਦਾ ਉਸ
ਉੱਪਰ ਪ੍ਰਭਾਵ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸ਼ਬਦ ਭੰਡਾਰ ਪੱਖੋਂ ਤਾਂ ਗੁਰਮਤਿ ਕਾਲ ਦਾ ਕੋਈ ਵੀ ਕਵੀ ਭਾਈ ਗੁਰਦਾਸ ਦੀ ਬਰਾਬਰੀ ਨਹੀਂ ਕਰ ਸਕਿਆ। "ਉਹ ਠੇਠ ਪੰਜਾਬੀ ਜਿਸ ਤੋਂ ਅੱਜ ਦੀ ਸਾਹਿਤਕ ਪੰਜਾਬੀ ਦਾ ਨਿਰਮਾਣ ਹੋਇਆ, ਭਾਈ ਗੁਰਦਾਸ ਜੀ ਦੀ ਬਾਣੀ ਵਿਚ ਵਰਤੀ ਗਈ ਹੈ।" (ਡਾ. ਸੀਤਾ ਰਾਮ ਬਾਹਰੀ-"ਭਾਈ ਗੁਰਦਾਸ ਦੀ ਬੋਲੀ ਤੇ ਸ਼ੈਲੀ", ਭਾਈ ਗੁਰਦਾਸ, ਪੰਨਾ 155) ਜੇਕਰ ਕਹਿ ਲਈਏ ਆਧੁਨਿਕ ਪੰਜਾਬੀ ਜ਼ੁਬਾਨ ਦਾ ਮੁੱਢ ਭਾਈ ਗੁਰਦਾਸ ਦੀਆਂ ਰਚਨਾਵਾਂ ਨਾਲ ਸ਼ੁਰੂ ਹੁੰਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। "ਸ਼ੁੱਧ ਪੰਜਾਬੀ ਲਿਖਣ ਦੀ ਵਡਿਆਈ ਭਾਈ ਗੁਰਦਾਸ ਜੀ ਨੂੰ ਹੀ ਪ੍ਰਾਪਤ ਹੈ। ਪੰਜਾਬੀ ਦੇ ਜੋ ਕੋਸ਼ ਤਿਆਰ ਹੋਏ ਜਾਂ ਹੋ ਰਹੇ ਹਨ, ਉਨ੍ਹਾਂ ਵਿਚ ਬਹੁਤੀ ਸ਼ਬਦਾਵਲੀ ਦਾ ਆਧਾਰ ਭਾਈ ਗੁਰਦਾਸ ਦੀਆਂ ਵਾਰਾਂ ਹਨ।" (ਡਾ. ਦਲੀਪ ਸਿੰਘ ਦੀਪ, ਭਾਈ ਗੁਰਦਾਸ, ਭਾ. ਵਿਭਾਗ) ਇਸੇ ਕਰਕੇ ਭਾਈ ਗੁਰਦਾਸ ਨੂੰ ਪੰਜਾਬੀ ਮਾਂ ਬੋਲੀ ਦਾ ਨਿਰਮਾਤਾ, ਉਸਰੱਈਆ ਕਹਿਣਾ ਬਣਦਾ ਹੈ ਜਿਨ੍ਹਾਂ ਨੇ ਨਾ ਕੇਵਲ ਪੰਜਾਬੀ ਵਿਚ ਰਚਨਾ ਕੀਤੀ ਸਗੋਂ ਕਈ ਸ਼ਬਦ ਵੀ ਨਵੇਂ ਸਿਰਜ ਕੇ ਮਾਂ ਬੋਲੀ ਦੀ ਝੋਲੀ ਪਾਏ। ਇਸ ਦਾ ਮਤਲਬ ਇਹ ਵੀ ਨਹੀਂ ਕਿ ਉਹ ਪੰਜਾਬੀ ਬੋਲੀ ਨਾਲ ਹੀ ਜੁੜੇ ਰਹੇ। ਦੇਸ਼ ਕਾਲ ਦੀਆਂ ਸੀਮਾਵਾਂ ਟੱਪ ਕੇ ਉਹ ਗੁਰਮਤਿ ਪ੍ਰਚਾਰ ਹਿੱਤ ਜਿਥੇ ਵੀ ਗਏ ਉਥੋਂ ਦੀ ਭਾਸ਼ਾ ਵਿਚ ਸਾਹਿੱਤ ਸਿਰਜਣਾ ਕੀਤੀ ਬ੍ਰਜ ਭਾਸ਼ਾ ਵਿਚ ਕਬਿੱਤ-ਸਵੱਯੇ, ਦੋਹਰੇ, ਸੋਰਨੇ ਆਦਿ ਛੰਦਾਂ ਤੋਂ ਇਲਾਵਾ ਸੰਸਕ੍ਰਿਤ ਸ਼ਲੋਕ ਵੀ ਰਚੇ। ਇਥੇ ਹੀ ਬੱਸ ਨਹੀਂ ਜਦੋਂ ਵੀ ਕਿਤੇ ਇਸਲਾਮੀ ਸਭਿਆਚਾਰ ਦੀ ਗੱਲ ਤੁਰੀ ਤਾਂ ਉਨ੍ਹਾਂ ਨੇ ਉਸੇ ਰਹਿਤਲ 'ਚੋਂ ਸ਼ਬਦਾਵਲੀ ਲੈ ਕੇ ਸੰਵਾਦ ਅੱਗੇ ਤੋਰਿਆ। ਅਰਥਾਤ ਉਰਦੂ ਫ਼ਾਰਸੀ ਦੀ ਸ਼ਬਦਾਵਲੀ ਉਨ੍ਹਾਂ ਨੇ ਭਰਪੂਰ ਰੂਪ ਵਿਚ ਵਰਤੀ। ਇਸੇ ਸ਼ਬਦਾਵਲੀ ਦੇ ਆਧਾਰ 'ਤੇ ਕਈ ਉਸ ਨੂੰ ਅਰਬੀ ਫ਼ਾਰਸੀ ਦਾ ਵਿਦਵਾਨ ਵੀ ਮੰਨਦੇ ਹਨ। ਇਸ ਕਿਸਮ ਦੀ ਪਹੁੰਚ ਤੋਂ ਪਰੇ ਹੱਟ ਕੇ ਅਸੀਂ ਉਸ ਦੇ ਉਰਦੂ ਫ਼ਾਰਸੀ ਦੇ ਵਿਦਵਾਨ ਹੋਣ ਬਾਰੇ ਇੱਕ ਹੋਰ ਪਹੁੰਚ ਵਿਧੀ ਅਪਣਾਈ ਹੈ। ਅਸੀਂ ਅਧਿਅਨ ਕਰਦੇ- ਕਰਦੇ ਉਨ੍ਹਾਂ ਦੀਆਂ ਕਈ ਕਾਵਿ-ਟਿੱਪਣੀਆਂ ਭੁੱਲ ਜਾਂਦੇ ਹਾਂ। ਜੇਕਰ ਉਨ੍ਹਾਂ ਵਿਚੋਂ ਕੁਝ ਇੱਕ ਅਲੋਚਨਾਤਮਿਕ ਟਿੱਪਣੀਆਂ ਨੂੰ ਗਹੁ ਨਾਲ ਵਚਿਆ ਜਾਵੇ ਤਾਂ ਸ਼ਬਦਾਵਲੀ ਦੇ ਨਾਲ-ਨਾਲ ਉਹ ਉਨ੍ਹਾਂ ਟਿੱਪਣੀਆਂ ਤੋਂ ਵੀ ਉਰਦੂ ਫ਼ਾਰਸੀ ਦੇ ਗਿਆਤਾ ਸਿੱਧ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਉਨ੍ਹਾਂ ਦੀ ਗਿਆਰ੍ਹਵੀਂ ਵਾਰ ਦੀ ਦੂਸਰੀ ਪਉੜੀ ਦੀ ਪਹਿਲੀ ਸਤਰ ਨੂੰ ਹੀ ਲੈਂਦੇ ਹਾਂ-
—ਇਕਤੁ ਨੁਕਤੈ ਹੋਇ ਜਾਇ ਮਹਰਮੁ ਮੁਜਰਮ ਖੈਰ ਖੁਆਰੀ। (੧੧/੨)
ਅਰਥਾਤ ਇੱਕ ਨੁਕਤੇ ਦੇ ਲੱਗਣ ਨਾਲ ਹੀ ਮਹਿਰਮ ਤੋਂ ਮੁਜਰਮ ਹੋ ਜਾਂਦਾ ਹੈ, ਭਾਵ ਜੇ ਮਹਿਰਮ ਦੇ 'ਹੇ' (ਫ਼ਾਰਸੀ ਵਰਣ) ਨਾਲ ਨੁਕਤਾ ਬਿੰਦੀ) ਲਗ ਜਾਵੇ ਤਾਂ 'ਹੇ' ਦੀ ਥਾਂ ਜੀਮ (ਫ਼ਾਰਸੀ ਵਰਣ) ਹੋ ਜਾਣ ਕਰਕੇ ਮੁਜਰਮ ਹੋ ਜਾਂਦਾ ਹੈ, ਅਤੇ ਨੇਕੀ ਕਰਨ ਵਾਲੇ ਮਹਿਰਮ ਦੀ ਥਾਂ ਤੇ ਖੁਆਰੀ ਕਰਨ ਵਾਲੇ ਮੁਜਰਮ ਦਾ ਬੋਧਕ ਹੁੰਦਾ ਹੈ। ਸੋ ਇਸ ਤਰ੍ਹਾਂ ਦੀ ਮੀਨ ਮੇਖ ਤੋਂ ਭਲੀ ਭਾਂਤ ਸਪੱਸ਼ਟ ਹੈ ਕਿ ਉਰਦੂ ਫਾਰਸੀ ਵੀ ਉਨ੍ਹਾਂ ਦੇ ਖ਼ਮੀਰ ਵਿਚ ਰਚੀ ਪਈ ਸੀ। 'ਹੇ' ਅਤੇ 'ਜੀਮ' ਅੱਖਰਾਂ ਦਾ ਪਰੋਖ ਰੂਪ ਵਿਚ ਕੀਤਾ ਜ਼ਿਕਰ, ਕੋਈ ਉਰਦੂ ਫ਼ਾਰਸੀ ਪੜ੍ਹਿਆ ਹੀ ਕਰ ਸਕਦਾ ਹੈ।
ਭਾਈ ਗੁਰਦਾਸ ਦੀਆਂ ਵਾਰਾਂ ਦਾ ਨਿੱਠ ਕੇ ਅਧਿਅਨ ਕਰਨ ਤੋਂ ਪਤਾ ਚਲਦਾ ਹੈ ਕਿ ਉਸ ਨੇ ਵਾਰਾਂ ਵਿਚ ਲੋਕ ਸਾਹਿੱਤ ਨਾਲ ਸੰਬੰਧਤ ਸਮੱਗਰੀ ਨੂੰ ਵੀ ਸਾਂਭਿਆ ਹੈ। ਪੁਰਾਣਿਕ ਹਵਾਲੇ, ਲੋਕ ਕਹਾਣੀਆਂ ਅਤੇ ਅਖਾਣ ਮੁਹਾਵਰੇ ਇਨ੍ਹਾਂ ਦੇ ਲੋਕ ਸਾਹਿੱਤ ਪ੍ਰਤੀ ਸੂਝਬੂਝ ਦੇ ਪ੍ਰਦਰਸ਼ਨ ਹਨ। ਸਾਡੀ ਚਰਚਾ ਅਧੀਨ ਗਿਆਰ੍ਹਵੀਂ ਵਾਰ ਵਿਚੋਂ ਪੁਰਾਣਿਕ ਹਵਾਲਿਆਂ ਅਤੇ ਲੋਕ ਕਹਾਣੀਆਂ ਦੇ ਸਰੋਤ ਤਾਂ ਨਹੀਂ ਲੱਭੇ ਜਾ ਸਕਦੇ ਪਰ ਹਰ ਪਉੜੀ ਦੀ ਅਖੀਰਲੀ ਤੁਕ ਧਿਆਨ ਦੀ ਮੰਗ ਕਰਦੀ ਹੈ। ਹਰ ਪਉੜੀ ਦੀ ਅਖੀਰਲੀ ਤੁਕ ਜੋ ਅੱਧੀ ਹੁੰਦੀ ਹੈ, ਵਿਚ ਪਉੜੀ ਦਾ ਥੀਮ ਪਿਆ ਹੁੰਦਾ ਹੈ। ਇਹ ਅੱਧੀ ਤੁਕ ਇੱਕ ਅਜਿਹੀ ਸੱਚਾਈ ਨੂੰ ਪੇਸ਼ ਕਰਦੀ ਹੈ ਕਿ ਉਹ ਤੁਕ ਅਖਾਣ ਜਾਂ ਮੁਹਾਵਰਾ ਬਣਨ ਦੀ ਸਮਰੱਥਾ ਸਮਾਈ ਬੈਠੀ ਹੈ। ਮੁਹਾਵਰੇ, ਅਖੌਤਾਂ ਵਿਚ ਜੀਵਨ ਦੇ ਤਜਰਬਿਆਂ ਦਾ ਗਿਆਨ ਭਰਿਆ ਹੋਣ ਕਰਕੇ ਵਿਦਵਾਨ ਲੋਕ ਭਾਈ ਸਾਹਿਬ ਨੂੰ ਪੇਂਡੂਆਂ ਦਾ ਨੀਤੀ ਸ਼ਾਸਤਰ ਵੀ ਆਖਦੇ ਹਨ। ਅਸੀਂ ਥੱਲੇ ਗਿਆਰ੍ਹਵੀਂ ਅਤੇ ਪਹਿਲੀ ਵਾਰ ਵਿਚੋਂ ਕੁਝ ਤੁਕਾਂ ਦੇ ਰਹੇ ਹਾਂ ਜਿਨ੍ਹਾਂ ਨੂੰ ਅਖਾਣ ਦੇ ਤੌਰ 'ਤੇ ਵਿਚਾਰ ਸਕਦੇ ਹਾਂ-
1) ਗੁਰਭਾਈ ਰਤਨਾਂ ਦੀ ਮਾਲਾ
2) ਸਾਧ ਸੰਗਤਿ ਵਿਟਹੁ ਕੁਰਬਾਣੀ
3) ਪੰਜਾਬੈ ਗੁਰ ਦੀ ਵਡਿਆਈ
4) ਡਲੇ ਵਾਸੀ ਸੰਗਤਿ ਭਾਰੀ
5) ਗੁਰ ਚੇਲਾ ਚੇਲਾ ਗੁਰ ਹੋਈ
6) ਜਾਤੀ ਸੁੰਦਰ ਲੋਕ ਨ ਜਾਣੈ
7) ਪੂਰਾ ਗੁਰ ਪੂਰਾ ਵਰਤਾਰਾ
8) ਜੇਹਾ ਬੀਉ ਤੇਹਾ ਫਲ ਪਾਇਆ॥
9) ਆਪੋ ਆਪਣੇ ਮਤਿ ਸਭਿ ਗਾਵੈ॥
10) ਅਉਸਟ ਚੁਕਾ ਹਥ ਨ ਆਵੈ॥
ਗਿਆਰ੍ਹਵੀਂ ਅਤੇ ਪਹਿਲੀ ਵਾਰ ਵਿਚ ਸੋਕੇਤ ਮਾਤਰ ਹੀ ਅਖਾਣ ਮੁਹਾਵਰੇ ਆਏ ਹਨ ਪਰ ਉਨ੍ਹਾਂ ਦੀ ਸਮੁੱਚੀ ਵਾਰ ਰਚਨਾ ਵਿਚ ਤਾਂ ਅਖਾਣਾਂ, ਮੁਹਾਵਰਿਆਂ ਦਾ ਹੜ੍ਹ ਆਇਆ ਪਿਆ ਹੈ। ਪਹਿਲੀ ਵਾਰ ਦੀ ਤੀਹਵੀਂ ਪਉੜੀ ਦੀਆਂ ਸਾਰੀਆਂ ਸਤਰਾਂ ਜੋ ਦੇਸ ਜਾਂ ਸਮਾਜ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਹਨ, ਸਾਰੀਆਂ ਲੋਕ-ਮੂੰਹਾਂ 'ਤੇ ਚੜ੍ਹ ਚੁੱਕੀਆਂ ਹਨ। ਨਿਮਨ ਲਿਖਤ ਅਖਾਣ ਕਦੇ ਵੀ ਸਾਡੇ ਚੇਤੇ 'ਚੋਂ ਕਿਰ ਨਹੀਂ ਸਕਦੇ-
1) ਉਲਟੀ ਵਾੜ ਖੇਤ ਕਉ ਖਾਈ।
2) ਕੁੱਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ ਸਪੈ ਦੁਧੁ ਪਿਆਲੀਐ ਵਿਹੁ ਮੁਖਹੁ ਸਟੇ।
3) ਗਿਦੜ ਦਾਖ ਨ ਅਪੜੇ ਆਖੈ ਬੂਹ ਕਉੜੀ
4)ਬਾਝ ਗੁਰੂ ਡੁਬਾ ਸੰਸਾਰਾ
5)ਅਉਸਰ ਚੁਕਾ ਹਥ ਨ ਆਵੈ
6) ਜਗ ਆਇਆ ਸਭ ਕੋਈ ਮਰਸੀ
7) ਗੋਬਿੰਦ ਭਾਉ ਭਗਤਿ ਕਾ ਭੁਖਾ
8) ਇਸ਼ਕ ਮੁਸ਼ਕ ਕਿਉ ਲੁਕੈ ਲੁਕਾਯਾ
9) ਰਜ ਨ ਕੋਈ ਜੀਵਿਆ ਕੂੜੇ ਭਰਵਾਸੇ
10) ਥੋਮ ਨ ਵਾਸੁ ਕਥੂਰੀ ਆਵੈ
11) ਜਿਉ ਸਾਗਰ ਵਿਚਿ ਗੰਗ ਸਮਾਈ॥
12) ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦੁ ਸਮਾਵੈ॥
ਕਲਿ ਆਈ ਕੁਤੇ ਮੁਹੀ ਖਾਜ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਅਲਾਈ॥
ਚੇਲੇ ਸਾਜ ਵਜਾਇੰਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।॥
ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ॥
ਕਾਜੀ ਹੋਏ ਰਿਸ਼ਵਤੀ ਵਢੀ ਲੈ ਕੇ ਹਕੁ ਗਵਾਈ॥
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਉਂ ਜਾਈ
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥ ੩੦॥
ਭਾਈ ਗੁਰਦਾਸ ਨੂੰ ਰੂਪਕ ਪੱਖੋਂ ਨਿਰਖ ਪਰਖ ਕੇ ਕਹਿ ਸਕਦੇ ਹਾਂ ਕਿ ਉਹ ਤੋਲ ਤੁਕਾਂਤ ਨੂੰ ਭਲੀ ਭਾਂਤ ਜਾਣਦਾ ਸੀ। ਵਾਰਾਂ ਵਿਚ ਰਵਾਨਗੀ ਅਤੇ ਸੰਗੀਤਕ ਪੁਖਤਗੀ ਉਭਾਰਨ ਲਈ ਉਸ ਨੇ ਇੱਕ ਵਾਰ (ਤੀਸਰੀ ਵਾਰ) ਦੀਆਂ ਤਿੰਨ ਪਉੜੀਆਂ (ਦੂਜੀ, ਦਸਵੀਂ, ਤੇਰਵੀਂ) ਵਿਚ ਕਾਫ਼ੀਏ ਤੋਂ ਬਾਅਦ ਰਦੀਫ਼ ਵੀ ਵਰਤੀ ਹੈ ਜੋ ਮੱਧਕਾਲ ਦੇ ਵਾਰਕਾਰਾਂ ਦੀਆਂ ਵਾਰਾਂ ਵਿਚ ਸ਼ਾਇਦ ਨਾ ਹੋਣ ਦੇ ਬਰਾਬਰ ਹੈ
— -ਗੁਰ ਮੂਰਤਿ ਕਰਿ ਧਿਆਨ ਸਦਾ ਹਜੂਰ ਹੈ।
ਗੁਰਮੁਖਿ ਸਬਦੁ ਗਿਆਨੁ ਨੇੜਿ ਨ ਦੂਰਿ ਹੈ। (੩/੧੦)
ਉਪਰੋਕਤ ਚਰਚਾ ਨੂੰ ਸਮੇਟਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਵਾਰ ਸਾਹਿੱਤ ਦੇ ਇਤਿਹਾਸ ਵਿਚ ਭਾਈ ਗੁਰਦਾਸ ਦਾ ਉਹ ਸਥਾਨ ਹੈ ਜੋ ਤਾਰਿਆਂ ਵਿਚ ਚੰਨ ਦਾ। ਪੰਜਾਬੀ ਮਾਂ ਬੋਲੀ ਦਾ ਨਿਰਮਾਤਾ, ਉਸੱਰਈਆ ਹੋਣ ਕਰਕੇ ਉਹ ਉਸ ਸਮੇਂ ਦਾ ਭਾਸ਼ਾ ਵਿਗਿਆਨੀ ਵੀ ਜਾਪਦਾ ਹੈ। ਕੀ ਅਧਿਆਤਮਿਕ ਤੇ ਕੀ ਦੁਨਿਆਵੀ ਤਕਰੀਬਨ ਉਸ ਸਮੇਂ ਦੇ ਸਾਰੇ ਚਲੰਤ ਵਿਸ਼ੇ ਉਸ ਦੇ ਵਾਰ ਸੰਸਾਰ ਵਿਚ ਵਿਖਾਈ ਦਿੰਦੇ ਹਨ। ਸਮਕਾਲੀ ਦਸ਼ਾ, ਇਤਿਹਾਸ 'ਚ ਅਣਗੋਲੇ ਨਾਇੱਕ, ਸਮਾਜਿਕ ਸਰੋਕਾਰ, ਸਦਾਚਾਰਕ ਮਰਿਆਦਾ, ਨਿਮਰਤਾ, ਸ਼ੁਭ ਜੀਵਨ ਅਤੇ ਮਿਥਕ ਸਰੋਤਾਂ 'ਚੋਂ ਨਿਕਲੀ ਸਾਮੱਗਰੀ ਆਦਿ ਉਨ੍ਹਾਂ ਦੀ ਕਾਵਿ ਕਲਾ ਦੇ ਮਹੱਤਵਪੂਰਨ ਡਸਿਪਲਿਨ ਹਨ ਤੇ ਸਾਰੇ ਰਲ ਕੇ ਉਸ ਸਮੇਂ ਦਾ
ਸਮੁੱਚਾ ਸਭਿਆਚਾਰ ਬਣਦੇ ਹਨ ਤੇ ਇਸ ਮੱਧਕਾਲ ਦੇ ਅਮੀਰ ਸਭਿਆਚਾਰ ਦੇ ਦਰਸ਼ਨ ਭਾਈ ਗੁਰਦਾਸ ਜੀ ਦੀ ਵਾਰ ਰਚਨਾ ਵਿਚੋਂ ਭਲੀ-ਭਾਂਤ ਹੋ ਜਾਂਦੇ ਹਨ। ਗੁਰਮਤਿ ਦੇ ਵਿਆਖਿਆਕਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਵੇਦ ਵਿਆਸ ਨਾਲ ਤੁਲਨਾਇਆ ਗਿਆ ਹੈ ਕਿਉਂਕਿ ਵੇਦ ਵਿਆਸ ਵੀ ਵੇਦ ਵਿਆਖਿਆ 'ਚ ਨਿਪੁੰਨ ਸੀ। ਬਾਵਾ ਬੁੱਧ ਸਿੰਘ, ਡਾ. ਦੀਵਾਨ ਸਿੰਘ ਅਤੇ ਡਾ. ਦਲੀਪ ਸਿੰਘ ਦੀਪ ਨੇ ਭਾਈ ਗੁਰਦਾਸ ਦੀ ਵਡਿਆਈ ਕਰਦਿਆਂ ਕਿਹਾ ਹੈ ਕਿ ਭਾਈ ਸਾਹਿਬ ਨੂੰ ਪੰਜਾਬੀ ਵਾਰ ਪਰੰਪਰਾ ਵਿਚ ਉਹੀ ਦਰਜਾ ਪ੍ਰਾਪਤ ਹੈ ਜੋ ਅੰਜੀਲ ਦੀ ਵਿਆਖਿਆ ਲਈ ਈਸਾਈ ਸੇਂਟ ਪਾਲ ਅਤੇ ਪੀਟਰ ਨੂੰ। ਡਾ. ਸੀਤਾ ਰਾਮ ਬਾਹਰੀ ਤਾਂ ਉਸ ਦੇ ਸ਼ਬਦ ਅਨੁਭਵ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਜਿਊਂਦਾ ਜਾਗਦਾ ਮਹਾਂਕੋਸ਼ ਆਖਦਾ ਹੈ। ਸੋ ਭਾਈ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸ਼ਰਫ ਹਨ। "ਭਾਈ ਗੁਰਦਾਸ ਆਪਣੇ ਹੀ ਕਹੇ ਹੋਏ ਅਮਰ ਸ਼ਬਦਾਂ ਅਨੁਸਾਰ ਪੰਜਾਬੈ ਗੁਰ ਕੀ ਵਡਿਆਈ (11/24) ਦਾ ਪ੍ਰਤੀਕ ਹੈ ਅਤੇ ਸਤਿਗੁਰ ਦੀ ਵਡਿਆਈ (ਪਉੜੀ 26) ਦੀ ਸੁੰਦਰ ਤਸਵੀਰ ਹੈ ਜਿਸ ਦੀ ਨਜ਼ੀਰ ਪੈਦਾ ਕਰਨ ਲਈ ਹਾਲੀਂ ਪਤਾ ਨਹੀਂ ਜ਼ਮਾਨੇ ਨੂੰ ਹੋਰ ਕਿੰਨੇ ਗੇੜਾਂ ਵਿਚੋਂ ਲੰਘਣਾ ਪਵੇਗਾ।" (ਡਾ. ਜੀਤ ਸਿੰਘ ਸੀਤਲ-"ਵਾਰ ਸਾਹਿਤ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਦਾ ਸਥਾਨ") ਸਾਡੇ ਖਿਆਲ ਅਨੁਸਾਰ ਆਪਣੇ ਸਮੇਂ ਦੇ ਭਾਈ ਗੁਰਦਾਸ ਹੀ ਅਜਿਹੇ ਪੰਜਾਬੀ ਕਵੀ ਹਨ ਜਿਨ੍ਹਾਂ ਦੀ ਰਚਨਾ ਵਿਚੋਂ ਪੰਜਾਬ ਸ਼ਬਦ ਪਹਿਲੀ ਵਾਰ ਸੁਣਨ ਨੂੰ ਮਿਲਦਾ ਹੈ। ਇਸ ਤਰ੍ਹਾਂ ਭਾਈ ਸਾਹਿਬ ਨੇ 'ਪੰਜਾਬ' ਸ਼ਬਦ ਵਰਤ ਕੇ ਪੰਜਾਬ ਨੂੰ ਗੁਰੂ ਘਰ ਵਲੋਂ ਮਿਲੀ ਵਡਿਆਈ ਨੂੰ ਹੋਰ ਵਡਿੱਤਣ ਬਖ਼ਸ਼ੀ ਹੈ।
ਉਪਰੋਕਤ ਖੂਬੀਆਂ ਕਰਕੇ ਹੀ ਅਸੀਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਵਾਰ ਜਗਤ ਵਿਚ ਆਪਣੀ ਇੱਕ ਵੱਖਰੀ ਪਛਾਣ ਕਰਕੇ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਹਨ। ਜੇਕਰ ਡਾ. ਸੀਤਾ ਰਾਮ ਬਾਹਰੀ ਭਾਈ ਸਾਹਿਬ ਨੂੰ ਜਿਊਂਦਾ ਜਾਗਦਾ ਮਹਾਂਕੋਸ਼ ਕਹਿੰਦਾ ਹੈ ਤਾਂ ਇਹ ਕਥਨ ਵੀ ਇੱਕ ਕਿਸਮ ਦਾ ਸਤਿਕਾਰ ਭਾਵਨਾ ਪ੍ਰਗਟਾਉਂਦਾ ਉਨ੍ਹਾਂ ਦੀ ਵਡਿਆਈ ਵਿਚ ਵਾਧਾ ਕਰਦਾ ਹੈ।
ਪਹਿਲੀ ਵਾਰ-ਵਸਤੂ ਸਮੱਗਰੀ
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜੋ ਆਕਾਰ ਪੱਖੋਂ (49 ਪਉੜੀਆਂ) ਬਾਕੀ ਸਭ ਵਾਰਾਂ ਨਾਲੋਂ ਵਡੇਰੀ ਹੈ, ਨੂੰ ਭਾਈ ਮਨੀ ਸਿੰਘ ਨੇ 'ਗਿਆਨ ਰਤਨਾਵਲੀ' ਦਾ ਨਾਂ ਦਿੱਤਾ ਹੈ ਜੋ ਇਸ ਵਾਰ ਦਾ ਇੱਕ ਟੀਕਾ ਹੀ ਹੈ। ਕਈ ਵਿਦਵਾਨ ਇਸ ਵਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਕਾਵਿ ਰੂਪ ਵਿਚ ਲਿਖੀ ਜਨਮ ਸਾਖੀ ਵੀ ਕਹਿੰਦੇ ਹਨ ਕਿਉਂਕਿ ਇਸ ਵਾਰ ਦੇ ਨਾਇੱਕ ਧੰਨ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸ਼ਖ਼ਸੀਅਤ ਹੀ ਹਨ। ਪਹਿਲੀ ਪਉੜੀ ਤੋਂ 22ਵੀਂ ਪਉੜੀ ਤਕ ਗੁਰੂ ਨਾਨਕ ਦੇਵ ਜੀ ਦੇ ਆਗਮਨ ਲਈ ਭੂਮੀ ਤਿਆਰ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਜਗਤ ਵਿਚ ਆਉਣ ਦੀ ਕਿਉਂ ਲੋੜ ਪਈ ਕਿਹੋ ਜਿਹੇ ਹਾਲਾਤ ਬਣ ਚੁੱਕੇ ਸਨ, ਇਸ ਸਭ ਦਾ ਜੁਆਬ ਦੇਣ ਲਈ ਭਾਈ ਸਾਹਿਬ ਨੇ ਗੁਰੂ ਆਗਮਨ ਤੋਂ ਪਹਿਲਾਂ ਦੀ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਨੈਤਿਕ, ਸਦਾਚਾਰਕ ਸਥਿਤੀ ਵਿਵੇਕ ਰਾਹੀਂ ਬਿਆਨ ਕੀਤੀ ਹੈ। ਮੰਗਲਾਚਰਣ ਤੋਂ ਬਾਅਦ ਸ੍ਰਿਸ਼ਟੀ ਰਚਨਾ ਦਾ ਪੜਾਅ ਵਾਰ ਦ੍ਰਿਸ਼, ਚਾਰ ਜੁੱਗਾਂ (ਸਤਿਯੁਗ, ਤ੍ਰੇਤਾ, ਦੁਆਪਰ, ਕਲਿਯੁਗ) ਦੀ ਵਿਸ਼ੇਸ਼ਤਾ ਛੇ ਸ਼ਾਸਤਰਾਂ (ਖਟ ਦਰਸ਼ਨ) ਦੇ ਦਰਸ਼ਨਾਂ ਦਾ ਵਿਸ਼ਲੇਸ਼ਣ, ਬੁੱਧ, ਜੈਨ ਅਤੇ ਇਸਲਾਮ ਮਤ ਦੇ ਦ੍ਰਿਸ਼ ਹਨ।
ਫਿਰ 23ਵੀਂ ਪਉੜੀ ਤੋਂ 44ਵੀਂ ਪਉੜੀ ਤਕ ਗੁਰੂ ਨਾਨਕ ਦੇਵ ਜੀ ਨਾਲ ਵਾਪਰਦੀਆਂ ਪ੍ਰਮੁੱਖ ਘਟਨਾਵਾਂ ਜਿਵੇਂ ਉਦਾਸੀਆਂ (ਯਾਤਰਾਵਾਂ) ਅਤੇ ਦੋ ਫੇਰੀਆਂ (ਅਚਲ ਵਟਾਲੇ ਅਤੇ ਮੁਲਤਾਨ ਦੀ ਫੇਰੀ) ਦਾ ਵਰਣਨ ਹੈ। ਇਨ੍ਹਾਂ ਪਉੜੀਆਂ ਵਿਚ ਵਾਰ ਦੇ ਨਾਇੱਕ ਧੰਨ ਗੁਰੂ ਨਾਨਕ ਦੇਵ ਜੀ ਵਿਰੋਧੀਆਂ ਨੂੰ ਸ਼ਬਦ-ਸ਼ਕਤੀ ਰਾਹੀਂ ਪਛਾੜਦੇ ਦਿਖਾਏ ਗਏ ਹਨ ਤੇ ਅੰਤ ਨੂੰ ਇੱਕ ਧਾਰਮਿਕ ਵਿਜਈ ਸੂਰਮੇ ਵਜੋਂ ਉਭਰਦੇ ਹਨ। ਉਹ ਹਰ ਧਾਰਮਿਕ ਕੱਟੜਤਾ, ਫੋਕਟ ਕਰਮ ਕਾਂਡਾਂ, ਨੈਤਿਕ ਗਿਲਾਨੀ ਅਤੇ ਸੰਸਾਰਕ ਫਰਜ਼ਾਂ ਤੋਂ ਭੱਜੇ ਪਾਖੰਡੀਆਂ ਨੂੰ ਸ਼ਬਦ ਸ਼ਕਤੀ (ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ) ਨਾਲ ਪ੍ਰਾਜਿੱਤ ਕਰਦੇ ਹਨ। ਪ੍ਰੋ. ਰਾਮ ਸਿੰਘ ਇਨ੍ਹਾਂ ਪਉੜੀਆਂ ਦੇ ਦ੍ਰਿਸ਼ ਅਧਿਅਨ ਪਿਛੋਂ ਕਹਿੰਦੇ ਹਨ ਕਿ "ਸੰਸਾਰ ਦੇ ਇਸ ਡਰਾਮੇ ਵਿਚ ਜਿਸ ਮੌਕੇ 'ਤੇ ਲੋਕਾਂ ਦੇ ਜੀਵਨ ਦੀਆਂ ਗੁੰਝਲਾਂ ਸਿਖਰ 'ਤੇ ਪੁੱਜ ਜਾਂਦੀਆਂ ਹਨ, ਉਦੋਂ ਗੁਰੂ ਨਾਨਕ ਉਨ੍ਹਾਂ ਦੇ ਬੰਦੀ ਛੋੜ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ।” (ਭਾਈ ਗੁਰਦਾਸ : ਜੀਵਨ ਤੇ ਰਚਨਾ, ਭਾਸ਼ਾ ਵਿਭਾਗ ਪੰਜਾਬ, ਪੰਨਾ 29) ਗੁਰੂ ਨਾਨਕ ਦਾ ਅਵਤਾਰ ਸੰਸਾਰ ਦੇ ਇਤਿਹਾਸ ਵਿਚ ਇੱਕ ਮਹਾਨ ਘਟਨਾ ਹੈ ਜਿਸ ਬਗੈਰ ਸੰਸਾਰ ਸਟੇਜ 'ਤੇ ਪਲੋ ਪਲੀ ਵਧ ਰਹੀਆਂ ਗੁੰਝਲਾਂ ਦੇ ਸੁਲਝਣ ਦੀ ਕੋਈ ਆਸ ਨਹੀਂ।
*44ਵੀਂ ਪਉੜੀ ਤੋਂ ਬਾਅਦ ਦੀਆਂ ਪੰਜ ਪਉੜੀਆਂ ਵਿਚ ਉਹ ਜੋਤਿ (ਗੁਰੂ ਨਾਨਕ ਦੇਵ ਜੀ) ਜਿਹੜੀ ਪਿਛੋਂ ਹੋਰ ਪੰਜ ਸਰੀਰਕ ਸਰੂਪਾਂ ਵਿਚ ਪ੍ਰਗਟ ਹੁੰਦੀ ਰਹੀ ਹੈ, ਦਾ ਵਰਣਨ ਹੈ। ਅਰਥਾਤ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਪਿਛਲੇ ਪੰਜ ਗੁਰੂ ਸਾਹਿਬਾਨ ਦੀ ਵਡਿਆਈ ਦਾ ਜ਼ਿਕਰ ਹੈ ਜਿਨ੍ਹਾਂ ਰਾਹੀਂ ਫਜ਼ੂਲ ਪਰੰਪਰਾਵਾਂ ਦਾ ਤਿਆਗ ਕਰਕੇ ਇੱਕ ਬਿਲਕੁਲ ਵਿਵੇਕ ਆਧਾਰਤ ਦਰਸ਼ਨ ਦਾ ਸਿਰਜਣ ਕਰਦੇ ਵਿਖਾਇਆ ਹੈ।
ਇਤਿਹਾਸਕ ਸਮੱਗਰੀ
* ਇਤਿਹਾਸਕ ਸਮੱਗਰੀ ਦੀ ਚਰਚਾ ਕਰਨ ਤੋਂ ਪਹਿਲਾਂ ਇੱਕ ਗੱਲ ਸਪੱਸ਼ਟ ਕਰ ਲੈਣੀ ਚਾਹੀਦੀ ਹੈ ਕਿ ਭਾਈ ਗੁਰਦਾਸ ਜੀ ਨਾ ਤਾਂ ਇਤਿਹਾਸਕਾਰ ਸਨ ਤੇ ਨਾ ਹੀ ਉਨ੍ਹਾਂ ਦਾ ਮਨੋਰਥ ਵਾਰ ਕਾਵਿ ਰਾਹੀਂ ਇਤਿਹਾਸ ਲਿਖਣਾ ਸੀ। ਪਰ ਫਿਰ ਵੀ ਰਾਜਨੀਤਿਕ, ਧਾਰਮਿਕ, ਸਮਾਜਿਕ, ਸਦਾਚਾਰਕ ਪ੍ਰਸਥਿਤੀਆਂ ਅਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੋਰ ਮਹੱਤਵਪੂਰਨ ਤੱਥ ਇਸ ਵਾਰ ਵਿਚ ਆ ਜਾਣ ਕਰਕੇ ਵਾਰ ਇਤਿਹਾਸਕਾਰਾਂ ਲਈ ਇੱਕ ਪ੍ਰਮਾਣਿਕ ਸਮੱਗਰੀ ਬਣ ਗਈ ਹੈ। ਇਹ ਗੱਲ ਤਾਂ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਯਾਤਰਾ 'ਤੇ ਨਿਕਲਦੇ ਹਨ-
- -ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣ ਧਰਤਿ ਲੁਕਾਈ॥ ੨੪॥
ਤੇ ਉਹ ਪਹਿਲੀ ਯਾਤਰਾ (ਉਦਾਸੀ) ਹਿੰਦੂ ਤੀਰਥਾਂ ਨਾਲ ਸ਼ੁਰੂ ਕਰਦੇ ਹਨ ਤੇ ਨਿਸ਼ਚੇ ਹੀ ਉਹ ਹਰਿਦੁਆਰ ਵਰਗੇ ਤੀਰਥਾਂ 'ਤੇ ਜਾਂਦੇ ਹਨ ਤੇ ਉਥੋਂ ਪੁਜਾਰੀਆਂ ਨੂੰ ਭਾਉ ਭਗਤੀ ਦੀ ਥਾਂ ਕਰਮਕਾਂਡ ਦੇ ਆਸਰੇ ਜਨਤਾ ਨੂੰ ਲੁਟਦੇ ਜਾਂ ਭੰਬਲਭੂਸਿਆਂ ਵਿਚ ਪਾਉਂਦੇ ਦੇਖਦੇ ਹਨ-
ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ॥
ਪੁਰਬਿ ਧਰਮਿ ਬਹੁ ਧਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ॥
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦ ਸਿੰਮ੍ਰਿਤਿ ਪੜਿ ਪੇਖੈ॥ (੧/੨੫)
ਆਪਣੀ ਚਰਚਾ ਨੂੰ ਅੱਗੇ ਤੋਰਨ ਵਾਸਤੇ ਅਸੀਂ ਭਾਈ ਗੁਰਦਾਸ ਜੀ ਦੀ ਇੱਕ ਹੋਰ ਤੁਕ ਦਾ ਇਤਿਹਾਸਕ ਮੁਲਾਂਕਣ ਕਰਦੇ ਹਾਂ-
-ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ॥ (੨੭)
ਕਹਿਣ ਦਾ ਭਾਵ ਹੈ ਕਿ ਗੁਰੂ ਜੀ ਯਾਤਰਾ 'ਤੇ ਨਿਕਲਦੇ ਹਨ ਤੇ ਜਿਸ ਵੀ ਸਿੱਖ ਸਥਾਨ 'ਤੇ ਜਾਂਦੇ ਹਨ, ਉਹ ਸ਼ਬਦ ਸ਼ਕਤੀ ਰਾਹੀਂ ਉਥੋਂ ਦੇ ਪੈਰੋਕਾਰਾਂ ਨੂੰ ਪ੍ਰਾਜਿੱਤ ਕਰਦੇ ਹਨ ਤੇ ਫਲਸਰੂਪ ਸਿੱਧਾਂ ਦੀਆਂ ਥਾਵਾਂ ਦੇ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਵਾਂ (ਨਾਨਕ ਮਤਾ/ਨਾਨਕ ਮਤੇ) ਨਾਲ ਪ੍ਰਚਲਿੱਤ ਹੋ ਜਾਂਦੇ ਹਨ। ਇਸ ਬਾਰੇ ਗੁਰੂ ਜੀ ਨਾਲ ਸੰਬੰਧਿਤ ਕੁਝ ਸਾਖੀਆਂ ਮੁਕ ਹਨ ਤੇ ਕੁਝ ਸਪੱਸ਼ਟ ਵੇਰਵੇ ਦਿੰਦੀਆਂ ਹਨ। ਪੁਰਾਤਨ ਜਨਮ ਸਾਖੀ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਇਲਾਵਾ ਇਸ ਵਾਰ ਦੇ ਟੀਕੇ ਦੇ ਰੂਪ ਵਿਚ
ਮਾਨਤਾ ਪ੍ਰਾਪਤ ਗ੍ਰੰਥ 'ਗਿਆਨ ਰਤਨਾਵਲੀ' ਵੀ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ। ਨਿਰਸੰਦੇਹ ਸਾਖੀਆਂ ਦੇ ਬਹੁਤੇ ਵੇਰਵੇ ਸ਼ੱਕ ਦੇ ਘੇਰੇ ਵਿਚ ਆ ਕੇ ਇਸ ਯਾਤਰਾ ਦੀ ਇਤਿਹਾਸਕਤਾ ਅੱਗੇ ਸਵਾਲੀਆ ਨਿਬਾਨ ਖੜ੍ਹੇ ਕਰਦੇ ਹਨ ਪਰ ਗੁਰੂ ਹਰਿਗੋਬਿੰਦ ਸਾਹਿਬ ਦੀ ਨਾਨਕ ਮਤੇ ਦੀ ਫੇਰੀ ਇਸ ਇਤਿਹਾਸਕਤਾ ਨੂੰ ਪ੍ਰਮਾਣਿਤ ਵੀ ਕਰਦੀ ਹੈ। ਡਾ. ਜਗਜੀਤ ਸਿੰਘ ਲਿਖਦੇ ਹਨ-" ਇਸ ਸਥਾਨ ਦੀ ਯਾਤਰਾ ਬਾਰੇ ਸਿੱਖ ਇਤਿਹਾਸ ਵਧੇਰੇ ਕਰਕੇ ਉਦੋਂ ਸੁਚੇਤ ਹੋਇਆ ਜਦੋਂ ਗੁਰੂ ਹਰਿਗੋਬਿੰਦ ਦੇ ਸਮੇਂ ਗੁਰੂ ਸਾਹਿਬ ਨੇ ਨਾਨਕ ਮਤੇ ਜਾ ਕੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਸਥਾਨ ਨੂੰ ਸਿੱਧਾਂ ਦੇ ਕਬਜ਼ੇ ਵਿਚੋਂ ਕੱਢ ਕੇ ਮਸੰਦਾਂ ਨੂੰ ਸੌਂਪਿਆ।" (ਭਾਈ ਗੁਰਦਾਸ ਦੀ ਪਹਿਲੀ ਵਾਰ-ਪੰਨਾ 53)
* ਉਪਰੋਕਤ ਤੱਥ ਦੇ ਆਧਾਰਿਤ ਅਸੀਂ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਦੀ ਇਹ ਵਾਰ ਨਿਰੋਲ ਕਲਪਨਾ ਜਾਂ ਮਿਥਕ ਵਰਤਾਰਿਆਂ ਉੱਪਰ ਹੀ ਆਧਾਰਤ ਨਹੀਂ ਸਗੋਂ ਇਤਿਹਾਸਕ ਸਮੱਗਰੀ ਨੂੰ ਵੀ ਰੂਪਮਾਨ ਕਰਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੇ ਮੱਕੇ, ਮਦੀਨੇ, ਬਗਦਾਦ ਅਤੇ ਸੁਮੇਰ ਪਰਬਤ ਦੀ ਯਾਤਰਾ ਦਾ ਉਲੇਖ ਵੀ ਕਰ ਸਕਦੇ ਹਾਂ। ਇਨ੍ਹਾਂ ਯਾਤਰਾਵਾਂ ਨੂੰ ਵਰਣਿਤ ਪਉੜੀਆਂ ਇਸਲਾਮੀ ਅਤੇ ਹਿੰਦੂ ਪਰੰਪਰਾ ਵਿਚ ਪ੍ਰਚੱਲਿਤ ਮਿੱਥਾਂ, ਦੰਦ ਕਥਾਵਾਂ ਦੇ ਕਾਵਿਕ ਸੱਚ ਦੇ ਪ੍ਰਚੱਲਣ ਨੂੰ ਹੀ ਜਿਉਂ ਦਾ ਤਿਉਂ ਪੇਸ਼ ਕਰ ਰਹੀਆਂ ਹਨ। ਇਹ ਸਭ ਕੁਝ ਇਸ ਲਈ ਕਿ ਉਹ ਨੈਤਿਕਤਾ ਦੇ ਮਾਪਦੰਡਾਂ ਨੂੰ ਸਮਾਜ ਵਿਚ ਪ੍ਰਪੱਕ ਕਰਨਾ ਲੋੜਦੇ ਹਨ। ਹਾਂ ਕਾਵਿਕ ਸੱਚ ਦੇ ਨਾਲ-ਨਾਲ ਇਸ ਵਾਰ ਵਿਚੋਂ ਇਤਿਹਾਸਕ ਸਮੱਗਰੀ ਢੇਰ ਸਾਰੀ ਲੱਭੀ ਜਾ ਸਕਦੀ ਹੈ।
ਗੁਰੂ ਨਾਨਕ ਦੇਵ ਜੀ ਦਾ ਬਿੰਬ : ਮਿਥਕ ਜਾਂ ਇਤਿਹਾਸਕ:
* ਇਹ ਸੱਚਾਈ ਹੈ ਕਿ ਭਾਈ ਗੁਰਦਾਸ ਜੀ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਕੁਝ ਚਿਰ ਪਿਛੋਂ ਹੀ ਹੋਇਆ ਅਰਥਾਤ ਉਨ੍ਹਾਂ ਦਾ ਜੀਵਨ ਸਮਾਂ ਗੁਰੂ ਨਾਨਕ ਦੇਵ ਜੀ ਦੇ ਅਤਿ ਨੇੜੇ ਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜੀਵਨ ਸਮਾਂ 1539 ਈ. ਤਕ ਦਾ ਹੈ ਜਦੋਂਕਿ ਭਾਈ ਗੁਰਦਾਸ ਜੀ ਦੀ ਜੀਵਨ ਲੀਲਾ ਦਾ ਆਰੰਭ 1551 ਈਸਵੀ ਦਾ ਹੈ। ਭਾਵ ਗੁਰੂ ਜੀ ਦੇ ਪ੍ਰਲੋਕ ਗਮਨ ਤੇ ਸਿਰਫ਼ ਬਾਰ੍ਹਾਂ ਸਾਲ ਬਾਅਦ ਭਾਈ ਸਾਹਿਬ ਦਾ ਜਨਮ ਹੁੰਦਾ ਹੈ। ਇੰਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਭਾਈ ਸਾਹਿਬ ਨੇ ਗੁਰੂ ਜੀ ਦੀ ਇਤਿਹਾਸਕਤਾ ਉੱਰ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਇਸ ਦਾ ਇੱਕ ਉੱਤਰ ਤਾਂ ਇਹ ਹੈ ਕਿ ਭਾਈ ਸਾਹਿਬ ਇਤਿਹਾਸਕਾਰ ਨਹੀਂ ਹਨ। ਉਨ੍ਹਾਂ ਨੂੰ ਪੁਰਾਣ ਭਾਵਨਾ ਪਰੰਪਰਾ ਵਿਚੋਂ ਪ੍ਰਾਪਤ ਹੋਈ ਹੈ ਤੇ ਉਹ ਇਸੇ ਭਾਵਨਾ ਅਧੀਨ ਗੁਰੂ ਨਾਨਕ ਦੇਵ ਜੀ ਦਾ ਬਿੰਬ ਇੱਕ ਪੁਰਾਣ ਪੁਰਖ (Legendary) ਵਜੋਂ ਪੇਸ਼ ਕਰ ਰਹੇ ਹਨ। ਉਂਝ ਵੀ ਕਵੀ ਦੇ ਸੱਚ ਅਤੇ ਇਤਿਹਾਸਕਾਰ ਦੇ ਸੱਚ ਵਿਚ ਫ਼ਰਕ ਹੋਇਆ ਹੀ ਕਰਦਾ ਹੈ।
* ਡਾ. ਵਣਜਾਰਾ ਬੇਦੀ 'ਗੁਰੂ ਨਾਨਕ ਦੇਵ : ਇੱਕ ਮਿੱਥ' ਨਾਂ ਦੇ ਇੱਕ ਨਿਬੰਧ ਵਿਚ ਲਿਖਦੇ ਹਨ ਕਿ ਜਦੋਂ ਗੁਰੂ ਲੋਕ ਨਾਇੱਕ ਵੀ ਹੋਵੇ (ਚੁੱਕਿ ਇਸ ਵਾਰ ਦਾ ਨਾਇੱਕ ਗੁਰੂ ਨਾਨਕ ਦੇਵ ਜੀ ਹੈ ਜੋ ਲੋਕਾਈ ਨੂੰ ਤਾਰਨ ਦੀ ਪ੍ਰਤੀਨਿਧਤਾ ਕਰਦਾ ਹੈ) ਤਾਂ ਉਹ ਆਪਣੇ ਕਾਲ ਵਿਚ ਹੀ ਮਿਥਿਹਾਸਕ ਚਰਿੱਤਰ ਬਣਨਾ ਸ਼ੁਰੂ ਹੋ ਜਾਂਦਾ ਹੈ। ਲੋਕ ਆਪਣੀਆਂ
ਸਾਰੀਆਂ ਲਾਲਸਾਵਾਂ, ਰੀਝਾਂ ਤੇ ਸੁਪਨੇ ਉਸ ਵਿਚ ਸਮੋ ਕੇ, ਉਸ ਨੂੰ ਇੱਕ ਅਜਿਹੇ ਸਰੂਪ ਵਿਚ ਢਾਲ ਦਿੰਦੇ ਹਨ ਕਿ ਉਹ ਸਰਬ ਸਮਰੱਥ ਤੇ ਕਾਲ ਤੋਂ ਉੱਪਰ ਅਥਵਾ ਅਨਾਦੀ ਹੈ ਜਾਂਦਾ ਹੈ।" ਸੋ ਇੰਝ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਭਾਈ ਗੁਰਦਾਸ ਜੀ ਦੀ ਇਸ ਵਾਰ ਦਾ ਇਤਿਹਾਸਕ ਸੱਚ ਸ਼ੱਕ ਦੇ ਘੇਰੇ ਵਿਚ ਆਉਂਦਾ ਹੋਵੇ ਪਰ ਇਸ ਵਿਚ ਸੱਚ ਲੋਕ ਸੱਚ ਜ਼ਰੂਰ ਹੈ ਕਿਉਂਕਿ ਲੋਕਾਂ ਦੁਆਰਾ ਹੀ ਇਸ ਸੱਚ ਦੀ ਸਿਰਜਣਾ ਹੋਈ ਹੈ ਤੇ ਲੋਕਾਂ ਦੁਆਰਾ ਹੀ ਇਸ ਸੱਚ ਨੂੰ ਪ੍ਰਵਾਨਗੀ ਵੀ ਮਿਲੀ ਹੈ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਯਾਤਰਾਵਾਂ ਅਤੇ ਫੋਰੀਆਂ ਦੌਰਾਨ ਜੋ ਮਹਾਂਪੁਰਸ਼ ਮਿਲੇ, ਉਹ ਉਨ੍ਹਾਂ ਮਹਾਪੁਰਸ਼ਾਂ ਦੇ ਗੱਦੀਨਸ਼ੀਨ ਹੀ ਹੋ ਸਕਦੇ ਹਨ ਜਿਹੜੇ ਗੁਰੂ ਸਾਹਿਬ ਤੋਂ ਕਈ ਸੌ ਵਰ੍ਹੇ ਪਹਿਲਾਂ ਹੋਏ ਹਨ ਕਿਉਂਕਿ ਗੁਰੂ ਜੀ ਨਾਲ ਸੰਵਾਦ ਰਚਾਉਣ ਵਾਲੀਆਂ ਸ਼ਖ਼ਸੀਅਤਾਂ (ਪੀਰ ਦਸਤਗੀਰ, ਗੋਰਖਨਾਥ ਆਦਿ) ਦੇ ਸਮੇਂ, ਸਥਾਨ ਦਾ ਕਾਫੀ ਅੰਤਰ ਹੈ। ਤੇ ਇਹ ਵੀ ਸੱਚ ਹੈ ਕਿ ਇਹ ਯਾਤਰਾਵਾਂ ਹਰ ਹੀਲੇ ਗੁਰੂ ਸਾਹਿਬ ਨੇ ਕੀਤੀਆਂ ਹਨ। ਫ਼ਰਕ ਕੇਵਲ ਇੰਨਾ ਹੈ ਕਿ ਜਿਥੇ ਬਗਦਾਦ, ਸੁਮੇਰ ਪਰਬਤ, ਮੱਕੇ ਮਦੀਨੇ ਵੱਲ ਦੀਆਂ ਸੰਪੂਰਨ ਯਾਤਰਾਵਾਂ ਹਨ, ਉਥੇ ਮੁਲਤਾਨ ਅਤੇ ਅਚਲ ਵਟਾਲੇ ਜਾਣਾ ਫੇਰੀਆਂ ਹਨ।
* ਜੇਕਰ ਭਾਈ ਗੁਰਦਾਸ ਜੀ ਦੀਆਂ ਸਮੁੱਚੀਆਂ ਵਾਰਾਂ ਦਾ ਅਧਿਅਨ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਕਿਸੇ ਨਾ ਕਿਸੇ ਰੂਪ ਵਿਚ ਇਤਿਹਾਸਕ ਸਮੱਗਰੀ ਹਰ ਵਾਰ ਵਿਚ ਸਮਾਈ ਪਈ ਹੈ। ਕਿਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਸੰਬੰਧੀ ਕਿਤੇ ਗੁਰੂ ਸਾਹਿਬਾਨ ਦੇ ਨਿਕਟਵਰਤੀ ਸਿੱਖਾਂ ਦੇ ਵੇਰਵੇ ਤੇ ਕਿਤੇ ਉੱਤਰੀ ਭਾਰਤ ਦੇ ਸੰਤਾਂ ਸੰਬੰਧੀ ਸੰਕੇਤ ਮਾਤਰ ਵੇਰਵੇ ਆਦਿ ਪਰ ਇਹ ਸਾਰੇ ਪੁਰਾਣ ਪਰੰਪਰਾ ਦੀ ਰੰਗਣ ਚਾੜ੍ਹ ਕੇ ਪੇਸ਼ ਹੋਏ ਹਨ। ਚੂੰਕਿ ਭਾਈ ਗੁਰਦਾਸ ਜੀ ਮੂਲ ਰੂਪ ਵਿਚ ਕਾਵਿ ਸਿਰਜਕ ਹਨ ਜਿਸ ਰਾਹੀਂ ਉਸ ਨੇ ਗੁਰਮਤਿ ਦਾ ਪ੍ਰਸਾਰਨ ਕਰਨਾ ਹੈ। "ਕਵਿਤਾ ਭਾਵੇਂ ਉਸ ਦੀ ਪ੍ਰਕ੍ਰਿਤੀ ਇਤਿਹਾਸਕ ਹੋਵੇ, ਅਜਿਹੇ ਬੰਧਨ ਤੋਂ ਮੁਕਤ ਹੋ ਸਕਦੀ ਹੈ। ਭਾਈ ਗੁਰਦਾਸ ਦੀ ਕਾਵਿ ਰਚਨਾ ਇੱਕ ਅਜਿਹੀ ਉਦਾਹਰਨ ਹੈ।" (ਡਾ. ਹਰਨੇਕ ਸਿੰਘ ਕੋਮਲ ਭਾਈ ਗੁਰਦਾਸ : ਜੀਵਨ, ਚਿੰਤਨ ਤੇ ਕਲਾ, ਪੰਨਾ 55)
ਕੁੱਲ ਮਿਲਾ ਕੇ ਅਸੀਂ ਇਹ ਧਾਰਨਾ ਬਣਾ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਸੰਬੰਧੀ ਇਤਿਹਾਸਕ ਤੱਥ ਲਿਖਤੀ ਰੂਪ ਵਿਚ ਪਹਿਲੀ ਵਾਰੀ ਪਹਿਲੀ ਵਾਰ ਵਿਚੋਂ ਹੀ ਪ੍ਰਾਪਤ ਹੁੰਦੇ ਹਨ। ਇਤਿਹਾਸ ਪੱਖੋਂ ਗੁਰੂ ਸਾਹਿਬ ਦੀ ਜੀਵਨੀ ਸੰਬੰਧੀ ਪਹਿਲੀ ਅਤੇ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਇਹ ਪਹਿਲੀ ਵਾਰ ਹੀ ਹੈ। ਜੇਕਰ ਅੱਜ ਦੇ ਸਾਹਿੱਤਕਾਰ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਣ ਤਾਂ ਉਨ੍ਹਾਂ ਵਾਸਤੇ ਇਹ ਵਾਰ ਹਵਾਲਾ ਪੁਸਤਕ ਦੇ ਤੌਰ 'ਤੇ ਸਹਾਈ ਹੋ ਸਕਦੀ ਹੈ। ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਪਹਿਲਾਂ ਦੀ ਹਾਲਤ ਕਿਹੋ ਜਿਹੀ ਸੀ, ਦਾ ਵਰਣਨ ਇਹ ਵਾਰ ਬਾਖੂਬੀ ਪੇਸ਼ ਕਰਦੀ ਹੈ। ਇਥੇ ਇਹ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਕਵੀ ਦਾ ਲਿਖਿਆ ਹੋਇਆ ਇਤਿਹਾਸ ਕਵੀ ਅਤੇ ਇਤਿਹਾਸਕਾਰ ਦਾ ਮਿਸ਼ਰਣ ਹੋਇਆ ਕਰਦਾ ਹੈ। ਇਸੇ ਕਰਕੇ ਜਿੱਥੇ ਭਾਈ ਗੁਰਦਾਸ ਜੀ ਦੀ ਇਤਿਹਾਸਕਤਾ ਉੱਪਰ 'ਕਵੀ' ਹਾਜ਼ਰ ਹੋ ਜਾਂਦਾ ਹੈ ਤਾਂ ਉਹ ਕਰਾਮਾਤੀ ਵੇਰਵੇ ਦੇਣ ਲੱਗ ਪੈਂਦੇ ਹਨ ਤੇ
ਜਿਥੇ ਕਿਸੇ ਵਿਰੋਧੀ ਨਾਲ ਸੰਵਾਦ ਰਚਾਉਣ ਦਾ ਜ਼ਿਕਰ ਛੇੜਨਾ ਹੋਵੇ ਤਾਂ ਨਿਰਸੰਦੇਹ ਕਰਾਮਾਤ ਜਾਂ ਅਤਿਕਥਨੀ ਨੂੰ ਵਿਵੇਕ ਨਾਲ ਨਾਕਾਰਦੇ ਵੀ ਹਨ ਜਿਵੇਂ -
-ਸਿਧਿ ਬੋਲਨਿ, 'ਸੁਣਿ ਨਾਨਕਾ : ਤੁਹਿ ਜਗ ਨੇ ਕਰਾਮਾਤ ਦਿਖਾਈ॥
ਕੁਝ ਵਿਖਾਲੇਂ ਅਸਾਂ ਨੋ ਤੁਹਿ ਕਿਉ ਢਿਲ ਅਵੇਹੀ ਲਾਈ॥ ੪੨॥
ਬਾਬਾ ਬੋਲੇ ਨਾਥ ਜੀ ! ਸਬਦੁ ਸੁਨਹੁ ਸਚੁ ਮੁਖਹੁ ਅਲਾਹੀ॥
ਬਾਝੋਂ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ॥ ੪੩॥
ਹਾਂ ਜਿਥੇ 'ਕਰਮਾਤ' ਜਾਂ ਅਤਿਕਥਨੀ ਹੈ ਉਥੇ ਸੰਵਾਦ ਨਹੀਂ ਰਚਾਇਆ ਗਿਆ ਸਗੋਂ ਕਵੀ ਦਾ ਸੱਚ ਬਿਆਨੀਆ ਸ਼ੈਲੀ ਵਿਚ ਗੁਰੂ ਸਾਹਿਬ ਦੀ ਵਡਿਆਈ ਹਿੱਤ ਉਭਰਦਾ ਹੈ। ਕਰਾਮਾਤੀ ਅੰਸ਼ ਇਸ ਪ੍ਰਕਾਰ ਹਨ-ਬਗਦਾਦ ਵਿਚ ਪੀਰ ਦਸਤਗੀਰ ਦੇ ਪੁੱਤਰ ਨੂੰ ਆਪਣੇ ਨਾਲ ਲੈਂਦੇ ਹਨ ਤੇ ਅੱਖਾਂ ਮੀਟ ਕੇ ਆਕਾਸ਼ ਵਿਚ ਉਡ ਜਾਂਦੇ ਹਨ। ਗੁਰੂ ਜੀ ਪਲ ਵਿਚ ਹੀ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਦਿਖਾ ਦਿੰਦੇ ਹਨ। ਇਸ ਤੋਂ ਅੱਗੇ ਪਾਤਾਲ ਵਿਚੋਂ ਕੜਾਹ ਪ੍ਰਸ਼ਾਦਿ ਦਾ ਭਰਿਆ ਕਚਕੌਲ ਵੀ ਲਿਆਂਦਾ ਜਾਂਦਾ ਹੈ।
-ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ॥
ਲਖ ਆਕਾਸ ਪਾਤਾਲ ਲਖ, ਅਖਿ ਫੁਰਕੁ ਵਿਚ ਸਭ ਦਿਖਲਾਈ॥
ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ ॥ ੩੬॥
ਇਸੇ ਤਰ੍ਹਾਂ ਮੱਕੇ ਵਿਚ ਜੀਵਣ ਨਾਮ ਦੇ ਵਿਅਕਤੀ ਨੇ ਗੁਰੂ ਜੀ ਨੂੰ ਲੱਤਾਂ ਤੋਂ ਘਸੀਟਿਆ। ਬਸ ਲੱਤਾਂ ਤੋਂ ਫੜ ਕੇ ਘਸੀਟਣ ਦੀ ਦੇਰ ਹੀ ਸੀ ਕਿ ਜਿਧਰ ਲੱਤਾਂ ਕੀਤੀਆਂ, ਉਧਰ ਹੀ ਮੱਕਾ ਵੀ ਘੁੰਮ ਕੇ ਚਲਾ ਗਿਆ-
-ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨਿ ਜੁਹਾਰੀ॥ ੩੨॥
ਕਹਿਣ ਦਾ ਭਾਵ ਹੈ ਕਿ ਕਾਵਿ-ਮੱਚ ਅਤੇ ਇਤਿਹਾਸਕ ਸੱਚ ਦੇ ਮਿਸ਼ਰਣ ਵਾਲੀ ਇਹ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਸਭਿਆਚਾਰਕ ਪੱਖੋਂ ਇੱਕ ਨਵੀਂ ਲਹਿਰ ਦੇ ਆਗਮਨ ਵਜੋਂ ਪੇਸ਼ ਕਰਦੀ ਹੈ। ਹੋਰ ਤਾਂ ਹੋਰ ਗੁਰੂ ਆਗਮਨ ਤੋਂ ਪਹਿਲਾਂ ਵਿਭਿੰਨ ਖੇਤਰਾਂ ਵਿਚ ਆਈ ਗਿਰਾਵਟ ਦਾ ਸਖ਼ਤ ਨੋਟਿਸ ਲਿਆ ਗਿਆ ਹੈ। 'ਮੁਖਤਲਿਫ ਸਿਧਾਂਤਾਂ ਦੀ ਘੜਮੱਸ ਤੋਂ ਫੈਲੀ ਅਗਿਆਨ ਦੀ ਮੱਸਿਆ ਨੂੰ ਦੂਰ ਕਰਨ ਵਾਲਾ ਚਾਨਣ ਗੁਰੂ ਨਾਨਕ ਹੈ ਜਿਸ ਦੇ ਪ੍ਰਗਟ ਹੋਇਆਂ ਦੁਖੀ ਸੰਸਾਰ ਵਿਚ ਖੁਸ਼ੀਆਂ ਦੇ ਸ਼ਾਦਿਆਨੇ ਵਜਦੇ ਹਨ।" (ਪ੍ਰੋ. ਰਾਮ ਸਿੰਘ : ਭਾਈ ਗੁਰਦਾਸ ਦੀ ਪਹਿਲੀ ਵਾਰ) ਸੋ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਨੂੰ ਪੇਸ਼ ਕਰਦੀ ਇਹ ਵਾਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਵੀ ਸਪੱਸ਼ਟ ਕਰਦੀ ਹੈ। ਸਮੁੱਚੀ ਵਾਰ ਦਾ ਅਧਿਅਨ ਕਰਨ ਉਪਰੰਤ ਅਸੀਂ ਇਸ ਸਿੱਟੇ 'ਤੇ ਅੱਪੜਦੇ ਹਾਂ ਕਿ ਜਿੱਥੇ ਗੁਰੂ ਸਾਹਿਬ ਆਪਣੇ ਯੁੱਗ ਦੀ ਆਵਾਜ਼ ਸਨ ਉਥੇ ਅਧਿਆਤਮਕ ਪੰਥ ਪ੍ਰਦਰਸ਼ਕ ਅਤੇ ਲੋਕ ਨਾਇਕ ਵੀ ਸਨ। ਲੋਕਾਈ ਦੀ ਪੀੜਾ ਹੀ ਗੁਰੂ ਸਾਹਿਬ ਦੀ ਵੇਦਨਾ ਅਤੇ ਲੋਕ ਭਲਾਈ ਹੀ ਉਸ ਦੀ ਵੱਡੀ ਪੂਰਤੀ
ਬਣ ਜਾਂਦਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਆਖਦੇ ਹਨ-
--ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣ ਧਰਤਿ ਲੁਕਾਈ॥ ੨੪॥
ਬੇਸ਼ੱਕ ਧੰਨ ਗੁਰੂ ਨਾਨਕ ਦੇਵ ਜੀ ਅਵਤਾਰੀ ਮਹਾਂਪੁਰਸ਼ ਸਨ ਤੇ ਅਵਾਤਰੀ ਮਹਾਂਪੁਰਸ਼ ਪਰਮਾਤਮਾ ਵਲੋਂ ਭੇਜੇ ਜਾਂਦੇ ਹਨ ਜਿਵੇਂ –
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥
(ਭਾਈ ਗੁਰਦਾਸ)
-ਚਿਤ ਨ ਭਯੋ ਹਮਰੋ ਆਵਨ ਕਹ। ਚੁਭੀ ਰਹੀ ਸ੍ਵਤਿ ਪ੍ਰਭੁ ਚਰਨਨ ਮਹਿ॥
ਜਿਉਂ ਜਿਉਂ ਪ੍ਰਭ ਹਮਕੋ ਸਮਝਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥
(ਬਚਿਤ੍ਰ ਨਾਟਕ)
ਪਰ ਡਾ. ਵਣਜਾਰਾ ਬੇਦੀ ਭਾਈ ਗੁਰਦਾਸ ਜੀ ਦੀ ਇਸ (ਪਹਿਲੀ ਵਾਰ) ਵਾਰ ਦੇ ਆਧਾਰਿਤ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੀ ਥਾਂ 'ਤੇ ਲੋਕ ਨਾਇੱਕ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਇੰਝ ਲਿਖਦਾ ਹੈ—"ਲੋਕ ਨਾਇੱਕ ਸਾਹਮਣੇ ਦੇਵਤੇ, ਅਵਤਾਰ ਤੋਂ ਪੈਗੰਬਰ ਵੀ ਤੁੱਛ ਹੋ ਨਿਬੜਦੇ ਹਨ। ਲੋਕਾਂ ਨੂੰ ਦੇਵਤਿਆਂ ਦੀ ਕਰੋਪੀ ਤੋਂ ਸਦਾ ਡਰ ਰਹਿੰਦਾ ਹੈ ਪਰ ਲੋਕ ਨਾਇੱਕ ਵਿਚ ਤਾਂ ਖ਼ਲਕਤ ਦੀ ਆਤਮਾ ਸਾਹ ਲੈ ਰਹੀ ਹੁੰਦੀ ਹੈ। ਅਵਤਾਰ ਤੇ ਪੈਗੰਬਰ ਲੋਕਾਂ ਤੋਂ ਵੱਖਰੇ ਤੇ ਉੱਚੇ ਹੋਣ ਕਰਕੇ ਇੱਕ ਵਿੱਥ 'ਤੇ ਹੁੰਦੇ ਹਨ ਪਰ ਲੋਕ ਨਾਇੱਕ ਤਾਂ
-ਨੀਚਾਂ ਅੰਦਰਿ ਨੀਚ ਜਾਤਿ। ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ਅਨੁਸਾਰ ਲੋਕ ਜਗਤ ਵਿਚੋਂ ਹੀ ਸੂਰਜ ਵਾਂਗ ਉਭਰਦਾ ਤੇ ਚਾਨਣ ਵਾਂਗ ਪਸਰਦਾ ਹੈ।" ਜਿਥੋਂ ਤਕ ਭਾਈ ਗੁਰਦਾਸ ਜੀ ਦੀ ਇਸ ਵਾਰ ਦਾ ਸੰਬੰਧ ਹੈ, ਇਹ ਵਾਰ ਅਵਤਾਰੀ ਸ਼ਖ਼ਸੀਅਤ ਦੇ ਨਾਲ-ਨਾਲ ਲੋਕ ਨਾਇੱਕ ਦੀ ਪ੍ਰਮਾਣਿਤ ਕਰਦੀ ਹੈ।
ਕੁਝ ਹੋਰ ਇਤਿਹਾਸਕ ਸਮੱਗਰੀ (ਗੁਰੂ ਇਤਿਹਾਸ ਦੇ ਪ੍ਰਸੰਗ ਵਿਚ)
* ਭਾਈ ਗੁਰਦਾਸ ਜੀ ਨੇ ਜਿਥੇ ਧੰਨ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ, ਰੂਹਾਨੀ ਸ਼ਖ਼ਸੀਅਤ ਦੇ ਅਕਸ ਨੂੰ ਉਭਾਰਿਆ ਹੈ, ਉਥੇ ਆਪਣੇ ਸਮੇਂ ਤਕ ਦੇ ਗੁਰੂ ਇਤਿਹਾਸ ਅਤੇ ਗੁਰੂ ਇਤਿਹਾਸ ਨਾਲ ਵਾਪਰੀਆਂ ਸੰਬੰਧਤ ਮਹੱਤਵਪੂਰਨ ਘਟਨਾਵਾਂ ਨੂੰ ਵੀ ਬਾਰੀਕੀ ਵਿਚ ਜਾ ਕੇ ਵਰਣਨ ਕੀਤਾ ਹੈ। ਅਸੀਂ ਉੱਪਰ ਵੀ ਕਹਿ ਆਏ ਹਾਂ ਕਿ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਲਿਖਣ ਦਾ ਉਦੇਸ਼ ਇਤਿਹਾਸਕ ਜਾਣਕਾਰੀ ਦੇਣ ਤੋਂ ਨਹੀਂ ਹੈ ਤੇ ਅਸੀਂ ਇਹ ਵੀ ਕਿਹਾ ਸੀ ਕਿ ਜਿੰਨੀ ਵੀ ਇਤਿਹਾਸਕ ਸਮੱਗਰੀ ਇਸ ਵਾਰ ਵਿਚੋਂ ਉਪਲਬਧ ਹੈ, ਉਸ ਉੱਪਰ ਕਿੰਤੂ ਨਹੀਂ ਕੀਤਾ ਜਾ ਸਕਦਾ। ਪਹਿਲੀਆਂ ਛੇ ਗੁਰੂ ਜੋਤਾਂ ਦੇ ਵਰਣਨ ਤੇ ਉਨ੍ਹਾਂ ਦੀਆਂ ਵਿਸ਼ੇਸ਼ ਰਹੱਸਵਾਦੀ ਰਮਜ਼ਾਂ ਦੇ ਦਰਸ਼ਨ ਇਸ ਵਾਰ ਵਿਚੋਂ ਕਰ ਸਕਦੇ ਹਾਂ। ਹਰ ਗੁਰੂ ਜੋਤ ਦਾ ਵਰਣਨ ਅਤੇ ਉਨ੍ਹਾਂ ਦੇ ਆਗਮਨ ਦਾ ਲੋਕਾਈ
ਉੱਪਰ ਪ੍ਰਭਾਵੀ ਵਰਣਨ ਇੱਕ ਸ਼ਲਾਘਾਯੋਗ ਕਾਰਜ ਹੈ।
(ੳ) ਗੁਰੂ ਨਾਨਕ ਦੇਵ ਜੀ ਬਾਬਤ
-ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇੱਕ ਵਰਨੁ ਕਰਾਇਆ॥
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥ (ਪਉੜੀ ੨੩)
-ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਪਉੜੀ ੨੪)
-ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥ (ਪਉੜੀ ੨੭)
(ਅ) ਗੁਰੂ ਅੰਗਦ ਦੇਵ ਜੀ
ਉਲਟੀ ਗੰਗ ਵਹਾਈਓਨਿ ਗੁਰੁ ਅੰਗਦ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥ (ਪਉੜੀ ੩੮)
ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ॥
ਕਾਇਆ ਪਲਟਿ ਸਰੂਪੁ ਬਣਾਇਆ॥ (ਪਉੜੀ ੪੫)
ਸੋ ਟਿਕਾ ਸੋ ਛਤੁ ਸਿਰਿ ਸੋਈ ਸਚਾ ਤਖਤੁ ਟਿਕਾਈ॥
ਗੁਰ ਨਾਨਕ ਹੁੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ॥
ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ।। (ਪਉੜੀ ੪੬)
(ੲ) ਗੁਰੂ ਅਮਰਦਾਸ ਜੀ
—ਲਹਿਣੇ ਪਾਈ ਨਾਨਕ ਦੇਣੀ ਅਮਰਦਾਸਿ ਘਰਿ ਆਈ॥
ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਤਿ ਇਲਾਹੀ॥
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ॥
ਦਾਤਿ ਜੋਤਿ ਖਸਮੈ ਵਡਿਆਈ।। (ਪਉੜੀ ੪੬)
(ਸ) ਗੁਰੂ ਰਾਮਦਾਸ ਜੀ
-ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ॥
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥
ਪੂਰਨ ਤਾਲੁ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ॥
ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦਿ ਸਮਾਵੈ ॥ (ਪਉੜੀ ੪੭)
(ਹ) ਗੁਰੂ ਅਰਜਨ ਦੇਵ ਜੀ
-ਫਿਰ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ॥
ਜਾਣਿ ਨ ਦੇਸਾਂ ਸੋਢੀਓਂ ਹੋਰਸੁ ਅਜਰੁ ਨ ਜਰਿਆ ਜਾਵੈ॥ (ਪਉੜੀ ੪੭)
(ਕ) ਗੁਰੂ ਹਰਿਗੋਬਿੰਦ ਜੀ
-ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰ ਭਾਰੀ॥
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ॥
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ॥
ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥ (ਪਉੜੀ ੪੮)
ਉਪਰੋਕਤ ਪਉੜੀਆਂ ਵਿਚ ਆਏ ਇਤਹਾਸਕ ਹਵਾਲਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬੇਸ਼ੱਕ ਵਾਰ ਵਿਚ ਇਤਹਾਸਕ ਘਟਨਾਵਾਂ ਦਾ ਵਿਸਤ੍ਰਿਤ ਵੇਰਵਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਵਰਣਨ ਕ੍ਰਮਵਾਰ ਹੈ ਪਰ ਸੰਕੇਤਕ ਗੱਲਾਂ ਵੀ ਕਾਫੀ ਸਹਾਈ ਹੋ ਸਕਦੀਆਂ ਹਨ। ਚੂੰਕਿ ਭਾਈ ਸਾਹਿਬ ਦਾ ਹਿੰਦੂ ਪੁਰਾਣ ਭਾਵਨਾ ਉੱਪਰ ਪੂਰਾ ਅਬੂਰ ਹਾਸਿਲ ਸੀ, ਇਸ ਕਰਕੇ ਉਨ੍ਹਾਂ ਦੀ ਵਾਰ ਦਾ ਨਾਇੱਕ ਕਈ ਥਾਂ ਪੁਰਾਣ ਭਾਵਨਾ ਅਧੀਨ ਮਿੱਥਕ ਰੰਗ ਵਿਚ ਰੰਗਿਆ ਗਿਆ ਹੈ। ਲੇਕਿਨ ਫਿਰ ਵੀ ਉਸ ਦੇ ਵਾਰ ਸੰਸਾਰ ਵਿਚ ਆਈ ਇਤਹਾਸਕ ਸਮੱਗਰੀ ਜੋ ਕਲਪਨਾ ਅਤੇ ਮਿਥਕ ਧਾਰਨਾਵਾਂ ਨਾਲ ਰੰਗੀ ਪਈ ਹੈ, ਦੀ ਮਹੱਤਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਗੁਰਬਾਣੀ ਬਾਬਤ ਵੀ ਇਹੀ ਕਿਹਾ ਜਾਂਦਾ ਹੈ ਕਿ ਬੇਸ਼ੱਕ ਗੁਰਬਾਣੀ ਪੁਰਾਣ ਵਿਰੋਧੀ ਰਹੀ ਹੈ ਪਰ ਲੋਕ ਮਾਨਸ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਸਾਹਿਬਾਨ ਨੇ ਪੁਰਾਣ ਚੇਤਨਾ ਨੂੰ ਵੀ ਇੱਕ ਮਾਧਿਅਮ ਬਣਾਇਆ।
ਇਸ ਦਾ ਮਹੱਤਵ ਇਸ ਕਰਕੇ ਹੈ ਕਿ ਭਾਈ ਗੁਰਦਾਸ ਗੁਰੂ ਨਾਨਕ ਦੇ ਅਤਿ ਨਿਕਟ ਉੱਤਰ ਵਰਤੀ ਸਨ। ਗੁਰੂ ਘਰ ਦੇ ਬੜੇ ਨੇੜੇ ਰਹਿਣ ਦਾ ਉਨ੍ਹਾਂ ਨੂੰ ਅਵਸਰ ਮਿਲਿਆ ਸੀ। ਉਦੋਂ ਤਕ ਗੁਰੂ ਨਾਨਕ ਦੇਵ ਜੀ ਦੇ ਕਈ ਨਿਸ਼ਠਾਵਾਨ ਸਮਕਾਲੀ ਸਿੱਖ ਜੀਵਿਤ ਸਨ, ਜਿਨ੍ਹਾਂ ਵਿਚੋਂ ਬਾਬੇ ਬੁੱਢੇ ਦਾ ਨਾਂ ਉਚੇਚੇ ਤੌਰ 'ਤੇ ਲਿਆ ਜਾ ਸਕਦਾ ਹੈ। ਭਾਈ ਗੁਰਦਾਸ ਬਾਬੇ ਬੁੱਢੇ ਦੇ ਸੰਪਰਕ ਵਿਚ ਰਹੇ ਸਨ। 'ਆਦਿ ਗ੍ਰੰਥ' ਦੀ ਜਿਸ ਮੂਲ ਬੀੜ ਦੀ ਲਿਖਾਈ ਭਾਈ ਗੁਰਦਾਸ ਨੇ ਪੂਰੀ ਕੀਤੀ ਸੀ, ਉਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਉਨ੍ਹਾਂ ਨੇ ਛੇਵੇਂ ਗੁਰੂ ਤਕ ਨੂੰ ਗੁਰਗੱਦੀ ਦਾ ਤਿਲਕ ਦਿੱਤਾ। ਇਸ ਲਈ ਗੁਰੂ ਘਰ ਦੇ ਅਤਿ ਨਿਕਟ ਹੋਣ ਕਰਕੇ ਅਤੇ ਗੁਰੂ ਨਾਨਕ ਦੁਆਰਾ ਵਰੋਸਾਏ ਸਿੱਖਾਂ ਦੇ ਸੰਪਰਕ
ਵਿਚ ਰਹਿਣ ਕਾਰਨ ਭਾਈ ਗੁਰਦਾਸ ਨੇ ਗੁਰੂ ਨਾਨਕ ਦੇ ਜੀਵਨ ਚਰਿੱਤਰ ਅਤੇ ਹੋਰ ਗੁਰੂ ਇਤਿਹਾਸ ਦੀ ਜੋ ਤਸਵੀਰ ਉਲੀਕੀ ਹੈ, ਉਹ ਬਹੁਤ ਮਹੱਤਵਪੂਰਨ ਹੈ। ਗੁਰੂ ਨਾਨਕ ਦੇ ਸੰਬੰਧ ਵਿਚ ਜੋ ਸੂਚਨਾ ਜਨਮ ਸਾਖੀਆਂ ਵਿਚ ਮਿਲਦੀ ਹੈ, ਉਸ ਨਾਲੋਂ ਵੀ ਭਾਈ ਗੁਰਦਾਸ ਦੁਆਰਾ ਜੁਟਾਈ ਪਹਿਲੀ ਵਾਰ ਦੀ ਸੂਚਨਾ ਅਧਿਕ ਵਿਸ਼ਵਾਸਯੋਗ ਅਤੇ ਪਰਿਸਥਿਤੀ ਦੇ ਅਨੁਕੂਲ ਹੈ।" (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ: ਜੀਵਨੀ ਤੇ ਰਚਨਾ, ਪੰਨਾ 50-51)
ਰਾਜਨੀਤਕ ਵਿਸ਼ਲੇਸ਼ਣ :
ਉਪਰੋਕਤ ਚਰਚਾ ਤੋਂ ਛੁੱਟ ਇਸੇ ਲੜੀ ਵਿਚ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਰਾਜਨੀਤਕ ਅਵਸਥਾ ਨੂੰ ਵੀ ਬਾਖੂਬੀ ਬਿਆਨ ਕੀਤਾ ਹੈ। ਭਾਈ ਸਾਹਿਬ ਦੀ ਪਹਿਲੀ ਵਾਰ ਮੁਤਾਬਕ ਗੁਰੂ ਸਾਹਿਬ ਤਤਕਾਲੀ ਰਾਜ ਪ੍ਰਬੰਧ ਪ੍ਰਤੀ ਅਸੰਤੁਸ਼ਟਤਾ ਦਾ ਹੀ ਪ੍ਰਗਟਾਵਾ ਕਰਦੇ ਹਨ। ਇਸ ਵਾਰ ਵਿਚ ਜਿਨ੍ਹਾਂ ਚਾਰੇ ਜੁੱਗਾਂ ਦਾ ਵਰਣਨ ਆਇਆ ਹੈ, ਉਸ ਵਿਚ ਗੁਰੂ ਨਾਨਕ ਦੇਵ ਜੀ ਦਾ ਜੁੱਗ (ਕਲਿਯੁਗ) ਇੱਕ ਅਜਿਹਾ ਹੈ ਜਿਸ ਵਿਚ ਕਿਸੇ ਅਵਤਾਰੀ ਮਹਾਪੁਰਸ਼ ਨੇ ਆਪਣੇ ਸਮੇਂ ਦੇ ਰਾਜ ਪ੍ਰਬੰਧ 'ਤੇ ਟਿੱਪਣੀ ਕੀਤੀ ਹੋਵੇ। ਭਾਈ ਸਾਹਿਬ ਮੁਤਾਬਿਕ ਧੰਨ ਗੁਰੂ ਨਾਨਕ ਦੇਵ ਜੀ ਵਕਤ ਦੇ ਰਾਜਿਆਂ ਜਾਂ ਉਨ੍ਹਾਂ ਦੀਆਂ ਹਕੂਮਤਾਂ ਦਾ ਵਿਰੋਧ ਸਨ ਜੋ ਮਾਨਵੀ ਫਰਜ਼ ਭੁਲਾ ਕੇ ਆਪਣੀ ਹਕੂਮਤ ਚਲਾ ਰਹੇ ਸਨ। ਭਾਈ ਸਾਹਿਬ ਸਪੱਸ਼ਟ ਲਿਖਦੇ ਹਨ-
-ਭਏ ਬਿਅਦਲੀ ਪਾਤਿਸਾਹ, ਕਲਿਕਾਤੀ ਉਮਰਾਵ ਕਸਾਈ॥ (ਪਉੜੀ ੭)
-ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਕਾਜੀ ਹੋਏ ਰਿਸ਼ਵਤੀ ਵਢੀ ਲੈ ਕੇ ਹਕੁ ਗਵਾਈ।।(ਪਉੜੀ ੩੦)
ਉਪਰੋਕਤ ਪ੍ਰਸੰਗ ਵਿਚ ਅਸੀਂ ਪ੍ਰਿੰਸੀਪਲ ਜੋਧ ਸਿੰਘ ਦੀ ਟਿੱਪਣੀ ਜੋੜਨੀ ਚਾਹਾਂਗੇ ਜਦੋਂ ਉਹ ਆਖਦੇ ਹਨ-" ਪਰ ਮਨਮੁੱਖਾਂ ਨਾਲੋਂ ਤਾਂ ਪਸ਼ੂ ਚੰਗੇ ਹਨ। ਪਸ਼ੂ ਤਾਂ ਅਚੇਤ ਹਨ ਪਰ ਇਹ ਸੁਚੇਤ ਹੋ ਕੇ ਉਨ੍ਹਾਂ ਨਾਲੋਂ ਵਧੀਕ ਗਿਰੇ ਹੋਏ ਕੰਮ ਕਰਦੇ ਹਨ। ਪਸ਼ੂ ਕਦੇ ਦੂਜੇ ਪਸ਼ੂ ਪਾਸੋਂ ਮੰਗਦਾ ਨਹੀਂ ਵੇਖਿਆ, ਨਾ ਪੰਛੀ ਕਿਸੇ ਇੱਕ ਪੰਛੀ ਦੇ ਗਿਰਦੇ ਘੇਰਾ ਘੱਤ ਕੇ ਬੈਠਦੇ ਹਨ। ਚੁਰਾਸੀ ਲੱਖ ਜੂਨ ਵਿਚ ਮਨੁੱਖ ਤਾਂ ਹੀ ਉੱਤਮ ਹੈ ਜੇ ਉਹ ਉੱਤਮ ਕਰੇ। ਤੁਸੀਂ ਇੱਕ ਨੂੰ ਰਾਜਾ ਬਣਾ ਦਿੱਤਾ ਹੈ, ਆਪ ਪਰਜਾ ਬਣ ਬੈਠੇ ਹੋ ਤੇ ਚੰਗੀ ਭਲੀ ਸੁਖੀ ਜ਼ਿੰਦਗੀ ਨੂੰ ਦੁਖੀ ਬਣਾ ਲਿਆ ਹੈ। ਅਸਲ ਗੱਲ ਇਹ ਹੈ ਕਿ ਕੁੱਤੇ ਨੂੰ ਰਾਜ ਗੱਦੀ ਉੱਤੇ ਵੀ ਬਿਠਾ ਦੇਵੀਏ ਤਾਂ ਵੀ ਉਸ ਦੀ ਚੱਕੀ ਚੱਟਣ ਦੀ ਵਾਦੀ ਨਹੀਂ ਜਾਂਦੀ।" (ਭਾਈ ਗੁਰਦਾਸ : ਜੀਵਨ ਤੇ ਰਚਨਾ, ਭਾਸ਼ਾ ਵਿਭਾਗ ਪੰਜਾਬ, ਪੰਨਾ 123) ਇਸ ਪ੍ਰਸੰਗ ਵਿਚ ਭਾਈ ਗੁਰਦਾਸ ਜੀ ਨਿਮਨ ਲਿਖਤ ਪੰਕਤੀਆਂ ਵਿਚ ਇਸ਼ਾਰਾ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਕਾਮ ਕਿਸਮ ਦਾ ਰਾਜ ਜ਼ਰੂਰ ਸਥਾਪਤ ਹੋਣਾ ਚਾਹੀਦਾ ਹੈ ਜਿਸ ਵਿਚ ਮਨੁੱਖ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਨਾ ਕਰਨ ਤੇ ਨਾ ਹੀ ਕੁੱਤਾ-ਮਾਨਸਿਕਤਾ ਰਾਜ ਗੱਦੀ ਦਾ ਸੁੱਖ ਹੰਢਾਵੇ-
ਮਨਮੁਖ ਮਾਣਸ ਦੇਹ ਤੋਂ ਪਸ਼ੂ ਪਰੋਤ ਅਚੇਤ ਚੰਗੇਰੇ॥
ਹੋਇ ਸੁਚੇਤ ਅਚੇਤ ਹੋਇ ਮਾਣਸੁ ਮਾਣਸ ਦੇ ਵਲਿ ਹੇਰੇ॥
ਪਸੂ ਨ ਮੰਗੈ ਪਸੂ ਤੇ, ਪੰਖੇਰੂ ਪੰਖੇਰੂ ਘੇਰੇ ॥
ਚਉਰਾਸੀਹ ਲਖ ਜੂਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ ॥
ਉਤਮ ਮਨ ਬਚ ਕਰਮ ਕਰਿ ਜਨਮੁ ਮਰਨ ਭਵਜਲੁ ਲਖ ਫੇਰੇ॥
ਰਾਜਾ ਪਰਜਾ ਹੋਇ ਕੇ ਸੁਖ ਵਿਚਿ ਦੁਖੁ ਹੋਇ ਭਲੇ ਭਲੇਰੇ ॥
ਕੁੱਤਾ ਰਾਜ ਬਹਾਲੀਐ ਚੱਕੀ ਚੱਟਣ ਜਾਇ ਅਨ੍ਹੇਰੇ॥
ਗੁਰ ਪੂਰੇ ਵਿਣ ਗਰਭ ਵਸੇਰੇ॥ (੧੫/੧੯)
ਭਾਈ ਗੁਰਦਾਸ ਜੀ ਦੇ ਸਮੁੱਚੇ ਵਾਰ-ਅਧਿਅਨ ਨੂੰ ਆਧਾਰ ਬਣਾ ਕੇ ਵੇਖੀਏ ਤਾਂ ਗੱਲ ਸਪੱਸ਼ਟ ਹੁੰਦੀ ਹੈ ਕਿ ਉਹ ਕਿਸੇ ਵਿਸ਼ੇਸ਼ ਰਾਜਨੀਤਿਕ ਵਿਚਾਰਧਾਰਾ ਦੀ ਸਥਾਪਤੀ ਦਾ ਰੁਝਾਣ ਪ੍ਰਗਟ ਨਹੀਂ ਕਰਦੇ। ਪਰ ਵਾਕਾਂ ਵਿਚ ਆਏ ਸੰਕੇਤ ਅਤੇ ਵੇਰਵਿਆਂ ਤੋਂ ਸਪੱਸ਼ਟ ਹੈ ਕਿ ਉਹ ਅਧਿਆਤਮਕਤਾ ਦੇ ਦਾਇਰੇ ਵਿਚ ਰਹਿ ਕੇ ਵੀ ਆਪਣੇ ਰਾਜਨੀਤਕ ਦ੍ਰਿਸ਼ਟੀਕੋਣ ਦੇ ਵਿਸ਼ਲੇਸ਼ਣਾਂ ਨੂੰ ਗੰਭੀਰਤਾ ਨਾਲ ਪੇਸ਼ ਕਰਦੇ ਹਨ। ਪ੍ਰਸਿੱਧ ਇਤਿਹਾਸਕ ਗੋਲਕ ਚੰਦ ਨਾਰੰਗ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਬੇਸ਼ੱਕ ਤਲਵਾਰ ਨਹੀਂ ਉਠਾਈ ਪਰ ਆਉਣ ਵਾਲੇ ਭਿਅੰਕਰ ਸਮੇਂ ਲਈ ਉਨ੍ਹਾਂ ਨੇ ਇੱਕ ਅਜਿਹੀ ਤਲਵਾਰ ਲਈ ਫੌਲਾਦ ਜੁਟਾਇਆ ਜਿਸ ਦੇ ਰਾਹੀਂ ਦਸਵੀਂ ਪਾਤਸ਼ਾਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਪ੍ਰਤਿਸ਼ਠਾ ਲਈ ਤਲਵਾਰ ਉਠਾਈ। ਠੀਕ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਕਿਸੇ ਰਾਜਨੀਤਕ ਵਿਵਸਥਾ ਦੀ ਸਥਾਪਤੀ ਵੱਲ ਇਸ਼ਾਰਾ ਨਹੀਂ ਕਰਦੀ ਪਰ ਗੁਰੂ ਆਗਮਨ ਤੋਂ ਪਹਿਲਾਂ ਦੀ ਜੋ ਰਾਜਨੀਤਕ ਉਥਲ-ਪੁਥਲ ਹੈ, ਉਸ ਤੋਂ ਭਾਈ ਸਾਹਿਬ ਦਾ ਮੱਤ ਜ਼ਰੂਰ ਜ਼ਾਹਰ ਹੁੰਦਾ ਹੈ ਕਿ ਇਸ ਵਿਵਸਥਾ ਪ੍ਰਤੀ ਉਠਿਆ ਰੋਸ ਵਿਵਸਥਾ ਨੂੰ ਬਦਲਣ ਲਈ ਪਹਿਲਾ ਸੰਘਰਸ਼ੀ ਕਦਮ ਹੈ ਜੋ ਵਾਰ ਵਿਚਾਲੇ ਨਾਇੱਕ (ਧੰਨ ਗੁਰੂ ਨਾਨਕ ਦੇਵ ਜੀ) ਰਾਹੀਂ ਉਠਦਾ ਦਿਖਾਇਆ ਹੈ। ਭਾਰਤ ਵਿਚ ਮੁਗਲਾਂ ਦੇ ਪ੍ਰਵੇਸ਼ ਕਾਰਨ ਮੁਸਲਮਾਨ ਹਾਕਮਾਂ ਨੇ ਮਜ਼੍ਹਬੀ ਜਨੂੰਨ ਵਿਚ ਗੜੁੱਚ ਹੋ ਕੇ ਹਿੰਦੂਆਂ ਉਪਰ ਅੱਤਿਆਚਾਰ ਕੀਤੇ। ਹਿੰਦੂਆਂ ਦੇ ਧਾਰਮਿਕ ਅਕੀਦੇ ਨੂੰ ਜੜ੍ਹ ਪੁੱਟਣ ਲਈ ਰਾਜਨੀਤਿਕ ਸ਼ਕਤੀ ਦਾ ਪ੍ਰਯੋਗ ਕੀਤਾ। ਪਰ ਇਹ ਭਾਈ ਸਾਹਿਬ ਦਾ ਹੀ ਵਿਸ਼ਾਲ ਰਾਜਨੀਤਕ ਦ੍ਰਿਸ਼ਟੀਕੋਣ ਸੀ ਕਿ ਮੁਸਲਮਾਨ ਹਾਕਮਾਂ ਤੋਂ ਪਹਿਲਾਂ ਵੀ ਰਾਜਨੀਤਕ ਸ਼ਕਤੀ ਦਾ ਪ੍ਰਯੋਗ ਹਿੰਦੂ ਸਮਾਜ ਵਿਚ ਅਸੰਤੁਲਨ ਪੈਦਾ ਕਰ ਰਿਹਾ ਸੀ। ਹਿੰਦੂ ਰਾਜੇ ਜਨਤਾ ਵਲੋਂ ਬੇਮੁੱਖ ਹੋ ਚੁੱਕੇ ਸਨ। ਹਿੰਦੂ ਰਾਜਿਆਂ ਦੀ ਰਾਜਨੀਤੀ ਕਾਰਨ ਜੋ ਜਨਤਕ-ਵਿਗਾੜ ਪੈਦਾ ਹੋਇਆ ਭਾਈ ਸਾਹਿਬ ਉਸ ਦੀ ਤਸਵੀਰ ਪੇਸ਼ ਕਰਨ ਤੋਂ ਬਾਅਦ ਮੁਸਲਮਾਨ ਹਾਕਮਾਂ ਵਲੋਂ ਹਿੰਦੂਆਂ ਦੇ ' ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕਰਨ ਦੀ ਗੱਲ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੇ।
ਜਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ॥
ਉਠੇ ਗਿਲਾਨਿ ਜਗਤਿ ਵਿਚ ਵਰਤੈ ਪਾਪ ਭ੍ਰਿਸ਼ਟ ਸੰਸਾਰਾ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ॥
ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨ ਗੁਬਾਰਾ॥ (ਪਉੜੀ ੧੭)
ਠਾਕਰਦੁਆਰੇ ਢਾਹਿ ਹੈ ਤਿਹ ਠਉੜੀ ਮਾਸੀਤਿ ਉਸਾਰਾ॥
ਮਾਰਨਿ ਗਊ ਗਰੀਬ ਨੇ ਧਰਤੀ ਉਪਰਿ ਪਾਪੁ ਬਿਥਾਰਾ॥
ਕਾਫਰ ਮੁਲਹਦਿ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥ (ਪਉੜੀ ੨੦)
ਭਾਵੇਂ ਭਾਈ ਸਾਹਿਬ ਨੇ ਆਪਣੀ ਇਸ ਪਹਿਲੀ ਵਾਰ ਵਿਚ ਕਿਸੇ ਹਾਕਮ ਦੇ ਨਾਂ ਲਏ ਬਿਨ੍ਹਾਂ ਹੀ ਉਨ੍ਹਾਂ ਦੇ ਰਾਹੀਂ ਪਰਜਾ ਉੱਪਰ ਹੋ ਰਹੇ ਅਨਿਆਂ ਅਤੇ ਜ਼ੁਲਮ ਦੀ ਸੰਤੁਲਿਤ ਤਸਵੀਰਕਸ਼ੀ ਕੀਤੀ ਹੈ ਪਰ 26ਵੀਂ ਵਾਰ ਵਿਚ ਸਪੱਸ਼ਟ ਕੀਤਾ ਹੈ ਕਿ ਅਧਿਆਤਮਕ ਸ਼ਕਤੀ (ਪੀਰੀ) ਅੱਗੇ ਤਸ਼ੱਦਦ ਦੀ ਇੰਤਹਾ ਅਰਥਾਤ ਬਾਬਰ ਦੀ ਰਾਜਨੀਤਕ ਸ਼ਕਤੀ (ਮੀਰੀ) ਹਥਿਆਰ ਸੁੱਟ ਦਿੰਦੀ ਹੈ—
ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ॥
ਪਤਿਸਾਹਾਂ ਮਿਲਿ ਵਿਛੁੜੇ ਜੋਗ ਭੋਗ ਛਡਿ ਚਲਿਤੁ ਰਚਇਆ॥
ਦੀਨ ਦੁਨੀਆ ਦਾ ਪਾਤਿਸਾਹੁ ਬੇਮੁਹਤਾਜੁ ਰਾਜੁ ਘਰ ਆਇਆ॥
(ਪਉੜੀ ੨੧)
ਇਸੇ ਧਾਰਨਾ ਨੂੰ ਭਾਈ ਸਾਹਿਬ ਨੇ ਅੱਗੇ ਚੱਲ ਕੇ ਦੱਸਿਆ ਹੈ ਕਿ ਜਦੋਂ ਧੰਨ ਗੁਰੂ ਹਰਿਗੋਬਿੰਦ ਸਾਹਿਬ ਵਿਰੋਧੀ ਰਾਜਨੀਤਿਕ ਸ਼ਕਤੀਆਂ ਨਾਲ ਟੱਕਰ ਲੈਣ ਲਈ ਆਪਣੇ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਦੇ ਵਿਧੀ ਵਿਧਾਨ ਵਿਚ ਕੁਝ ਪਰਿਵਰਤਨ ਕਰਦੇ ਹਨ ਤਾਂ ਸਿੱਖ ਜਗਤ ਵਿਚ ਕੁਝ ਮੌਕੇ ਉਪਜਦੇ ਹਨ ਤੇ ਇਨ੍ਹਾਂ ਸ਼ੰਕਿਆਂ ਦੀ ਪ੍ਰਤੀਕ੍ਰਿਆ ਵਜੋਂ ਲੋਕ ਉਲ੍ਹਾਮਾਨੁਮਾ ਹਾਸ਼ਾ ਵਿਚ ਖੋਲਦੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਪੰਥ ਜੋ ਨਾਮ ਸਿਮਰਨ ਉੱਪਰ ਆਧਾਰਿਤ ਸੀ, ਰਾਜਨੀਤਕ ਰੰਗਣ ਫੜ੍ਹ ਕਿਸ ਪਾਸੇ ਪਾਸੇ ਵੱਲ ਤੁਰ ਪਿਆ ਹੈ। ਭਾਈ ਸਾਹਿਬ ਜਿੱਥੇ ਇਸ 26ਵੀਂ ਵਾਰ ਦੀ 24ਵੀਂ ਪਉੜੀ ਵਿਚ ਇਹ ਕਹਿੰਦੇ ਹਨ ਕਿ ਜਿਥੇ ਪਹਿਲੀਆਂ ਪੰਜ ਗੁਰੂ ਜੋਤਾਂ ਧਰਮਸਾਲ ਬਣਾ ਕੇ ਬੈਠਿਆ ਕਰਦੀਆਂ ਸਨ, ਉਥੇ ਛੇਵੀਂ ਜੋਤ (ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ) ਇੱਕ ਥਾਂ ਨਹੀਂ ਟਿਕਦੀ। ਇਸੇ ਕਰਕੇ ਸਿੱਖ ਸੰਗਤ ਉਨ੍ਹਾਂ ਦੇ ਦਰਸ਼ਨ ਨਹੀਂ ਪਾ ਸਕਦੀ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਦੋੜਿਆ ਫਿਰਦਾ ਹੈ ਤੇ ਕਿਸੇ ਦੇ ਡਰਾਇਆਂ ਨਹੀਂ ਡਰਦਾ। ਇਸ ਤੋਂ ਇਲਾਵਾ ਪਤਾ ਨਹੀਂ ਸਿੱਖ ਸੰਗਤ ਹੋਰ ਕੀ ਕੀ ਕਹਿੰਦੀ ਹੈ। "ਭਾਈ ਸਾਹਿਬ ਨੇ ਸਿੱਖਾਂ ਦੇ ਇਸ ਵਹਿਮ ਨੂੰ ਇਹ ਕਹਿ ਕੇ ਦੂਰ ਕੀਤਾ ਕਿ ਜਿਵੇਂ ਬਾਗ਼ ਦੀ ਰੱਖਿਆ ਲਈ ਕਿੱਕਰਾਂ ਦੀ ਵਾੜ ਲਾਉਣੀ ਜ਼ਰੂਰੀ ਹੈ, ਤਿਵੇਂ ਸਿੱਖੀ ਦੇ ਧਾਰਮਿਕ ਬਾਗ਼ ਨੂੰ ਬਚਾਉਣ ਲਈ ਤਲਵਾਰ (ਰਾਜਨੀਤਕ ਸ਼ਕਤੀ) ਚੁੱਕਣ ਦੀ ਲੋੜ ਹੈ।" (ਰਾਜਿੰਦਰ ਕੌਰ-ਭਾਈ ਗੁਰਦਾਸ ਦੀਆਂ ਵਾਰਾਂ - ਭਾਈ ਗੁਰਦਾਸ ਦੀਆਂ ਵਾਰਾਂ : ਇੱਕ ਸਾਹਿਤਕ ਅਧਿਅਨ, ਪੰਨਾ 97) ਭਾਈ ਸਾਬਿ ਇਸ ਵਾਰ ਦੀਆਂ ਕ੍ਰਮਵਾਰ ਦੇ ਪਉੜੀਆਂ 24ਵੀਂ ਅਤੇ 25ਵੀਂ ਵਿਚ ਵੱਖ ਦ੍ਰਿਸ਼ਟਾਤਾਂ ਰਾਹੀਂ ਸਿੱਖ ਮਾਨਸਿਕਤਾ ਦੇ ਇਤਰਾਜਾਂ ਨੂੰ ਦੂਰ ਕਰਦੇ ਹੋਏ ਤਬਦੀਲੀ ਜੋ ਰਾਜਨੀਤਕ ਤੌਰ 'ਤੇ ਆਈ, ਦੀ ਪੁਸ਼ਟੀ (ਕਾਸ ਕਰਕੇ 25ਵੀਂ ਪਉੜੀ ਵਿਚ) ਕਰਦੇ ਹਨ-
ਧਰਮਸਾਲ ਕਰਿ ਬਹੀਦਾ ਇੱਕਤ ਥਾਉਂ ਨ ਟਿਕੈ ਟਿਕਾਇਆ॥
ਪਾਤਿਸਾਹ ਘਰ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ॥
ਉਮਤਿ ਮਹਲੁ ਨ ਪਾਵਈ ਨਠਾ ਫਿਰੈ ਨ ਡਰੈ ਡਰਾਇਆ॥
ਮੰਜੀ ਬਹਿ ਸੰਤੋਖਦਾ, ਕੁਤੇ ਰਖਿ ਸਿਕਾਰੁ ਖਿਲਾਇਆ॥
ਬਾਣੀ ਕਹਿ ਗਾਂਵਦਾ ਕਥੈ ਨ ਸੁਣੇ ਨ ਸੁਣੈ ਨ ਗਾਵਿ ਸੁਣਾਇਆ॥
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟੁ ਆਗੂ ਮੁਹਿ ਲਾਇਆ॥ (ਪਉੜੀ ੨੪)
ਖੇਤੀ ਵਾੜਿ ਸੁ ਵਿੰਗਰੀ ਕਿਕਰ ਆਸ ਪਾਸ ਜਿਉ ਬਾਗੈ॥
ਸਪ ਪਲੇਟੇ ਚੰਨਣੈ ਬੂਹੇ ਜੰਦਾ ਕੁਤਾ ਜਾਗੈ॥
ਕਵਲੈ ਕੰਡੇ ਜਾਣੀਅਨਿ ਸਿਆਣਾ ਇੱਕ ਕੋਈ ਵਿਚਿ ਫਾਗੈ॥
ਜਿਉ ਪਾਰਸੁ ਵਿਚਿ ਪਥਰਾਂ ਮਣਿ ਮਸਤਕਿ ਜਿਉ ਕਾਲੈ ਨਾਗੈ ॥
ਰਤਨ ਸੋਹੈ ਗਲਿ ਪੋਤ ਵਿਚਿ ਮੈਗਲ ਬਧਾ ਕਚੈ ਧਾਗੈ ॥ (ਪਉੜੀ ੨੫)
ਭਾਈ ਸਾਹਿਬ ਮੁਤਾਬਿਕ ਛੇਵੀਂ ਜੋਤ ਧੰਨ ਗੁਰੂ ਹਰਿਗੋਬਿੰਦ ਸਾਹਿਬ ਭਗਤੀ ਦੇ ਨਾਲ ਸ਼ਕਤੀ (ਰਾਜਨੀਤਕ) ਜੋੜ ਕੇ ਸਿੱਖ ਜਗਤ ਵਿਚ ਇੱਕ ਕ੍ਰਾਂਤੀ ਲਿਆ ਰਹੇ ਸਨ, ਉਥੇ ਉਪਰੋਕਤ ਪੰਕਤੀਆਂ ਦੀਆਂ ਅੰਦਰੂਨੀ ਰਮਜ਼ਾਂ ਰਾਹੀਂ ਇਹ ਵੀ ਉਪਦੇਸ਼ ਦੇਣਾ ਚਾਹੁੰਦੇ ਹਨ ਕਿ ਜਿਵੇਂ ਵਾੜ ਟੱਪ ਕੇ ਖੇਤ ਵਿਚ ਤੇ ਕਿੱਕਰ ਲੰਘ ਲੰਘ ਕੇ ਬਾਗ ਵਿਚ ਜਾ ਸਕਦੇ ਹਾਂ ਉਵੇਂ ਹੀ ਜਗਤ ਦੀਆਂ ਤਕਲੀਫਾਂ ਝਾਗ ਕੇ ਗੁਰੂ (ਪਿਰਮ ਪਿਆਲੇ ਦੁਤਰੁ ਝਾਗੈ) ਨੂੰ ਮਿਲ ਸਕਦੇ ਹਾਂ।
ਰਾਜਨੀਤਕ ਪ੍ਰਸੰਗ ਵਿਚ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਦੇ ਵਾਰ ਸੰਸਾਰ ਮੁਤਾਬਿਕ ਕਿਸੇ ਰਾਜਨੀਤਿਕ ਵਿਵਸਥਾ ਦੀ ਸਥਾਪਤੀ ਦਾ ਉਸ ਵੇਲੇ ਕੋਈ ਵਿਚਾਰ ਪ੍ਰਬਲ ਨਹੀਂ ਸੀ। ਹਾਂ ਉਸ ਵੇਲੇ ਹਾਕਮਾਂ ਦੀ ਬਿਅਦਲੀ ਅਤੇ ਅਮੀਰਾਂ ਵਜ਼ੀਰਾਂ ਦੀ ਜਨਤਾ ਪ੍ਰਤੀ ਲੁੱਟ-ਖਸੁੱਟ ਜ਼ਰੂਰ ਰੋਹ ਵਿਦਰੋਹ ਦੀ ਸ਼ੁਰੂਆਤ ਕਰ ਰਹੀ ਸੀ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ' ਵਿਚ ਅੱਡਰੀ ਪਹਿਚਾਣ ਦੇ ਰੂਪ ਰੂਪ ਵਿਚ ਉਗਮੀ।
ਸਮਾਜਿਕ ਦ੍ਰਿਸ਼ਟੀ ਕੋਣ
ਜਿਥੋਂ ਤਕ ਭਾਈ ਸਾਹਿਬ ਦੀ ਇਸ ਵਾਰ ਦਾ ਸੰਬੰਧ ਹੈ, ਇਸ ਵਿਚ ਧੰਨ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਣ ਤੋਂ ਪੂਰਬਲੇ ਵਕਤ ਦੀ ਸਮਾਜਿਕ ਦਸ਼ਾ ਦੇ ਪ੍ਰਭਾਵਸ਼ਾਲੀ ਚਿੱਤਰ ਹਨ। ਚਿੱਤਰ ਹੀ ਨਹੀਂ ਬਲਕਿ ਇਸ ਸਮਾਜਿਕ ਦਸ਼ਾ ਸੰਬੰਧੀ ਆਪਣੇ ਵਿਚਾਰ ਵੀ ਪ੍ਰਗਟ ਕਰਦੇ ਹਨ। ਇੱਥੇ ਇਹ ਗੱਲ ਦੱਸਣੀ ਮਹੱਤਵ ਰੱਖਦੀ ਹੈ ਕਿ ਗੁਰੂ ਜੀ ਤੋਂ ਪਹਿਲਾਂ ਤੇ ਗੁਰੂ ਜੀ ਦੇ ਵਕਤ ਸਮਾਜਿਕ ਸੰਕਲਪ ਪਿੱਛੇ ਧਾਰਮਿਕ ਸੰਕੀਰਣਤਾ ਜ਼ਿਆਦਾ ਕਾਰਜਸ਼ੀਲ ਰਹੀ ਹੈ। ਭਾਈ ਸਾਹਿਬ ਮੁਤਾਬਿਕ ਉਸ ਵਕਤ ਸਮਾਜ ਵਿਚ ਦੋ ਹੀ ਮੁੱਖ ਫ਼ਿਰਕੇ ਸਨ ਤੇ ਦੋਵੇਂ (ਹਿੰਦੂ ਮੁਸਲਮਾਨ) ਆਪੋ ਆਪਣੇ ਧਰਮ ਨੂੰ ਵਡਿਆਉਣ ਲਈ ਇੱਕ-ਦੂਜੇ ਨਾਲ ਵੈਰ ਵਿਰੋਧ ਰੱਖ ਕੇ ਲੜਦੇ ਰਹਿੰਦੇ ਸਨ। ਇਨ੍ਹਾਂ ਦੋਹਾਂ ਫਿਰਕਿਆਂ ਦੇ
ਕਰਤਬ ਸਾਰੇ ਹੰਕਾਰ ਭਰੇ ਸਨ। ਜਿੱਥੇ ਹਿੰਦੂਆਂ ਨੇ ਚਾਰ ਵਰਣ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਬਣਾ ਲਏ ਉਥੇ ਮੁਸਲਮਾਨਾਂ ਨੇ ਚਾਰ ਮਹਬ (ਸ਼ੀਆ, ਸੁੰਨੀ, ਰਾਫਜੀ, ਇਮਾਮਸਾਫੀ) ਖੜ੍ਹੇ ਕਰ ਦਿੱਤੇ। ਬੇਸ਼ੱਕ ਰਾਮ ਅਤੇ ਰਹੀਮ ਇੱਕ ਹੀ ਪ੍ਰਭੂ ਦੇ ਦੇ ਨਾਮ ਸਨ ਪਰ ਇਨ੍ਹਾਂ ਨੇ ਦੋਵਾਂ ਨਾਵਾਂ ਨੂੰ ਆਪਣੇ ਢੰਗ ਨਾਲ ਪਰਮਾਤਮਾ ਤਕ ਪਹੁੰਚਣ ਦੇ ਵੱਖਰੇ ਰਾਹ ਬਣਾ ਲਏ। ਹਿੰਦੂਆਂ ਨੇ ਗੰਗਾ ਤੇ ਕਾਂਸ਼ੀ ਨੂੰ ਮੁਕਤੀ ਦਾ ਘਰ ਮੰਨਿਆ ਤੇ ਮੁਸਲਮਾਨਾਂ ਨੇ ਮੱਕੇ ਦਾ ਹੱਜ ਕਰਨ ਵਿਚ ਨਿਜਾਤ ਪ੍ਰਾਪਤੀ ਸਮਝੀ। ਆਪੋ ਆਪਣੀਆਂ ਧਾਰਮਿਕ ਪੁਸਤਕਾਂ (ਵੇਦ, ਕਤੇਬ) ਵਿਚਲੇ ਉਪਦੇਸ਼ ਨੂੰ ਭੁਲ ਕੇ ਸ਼ੈਤਾਨੀ ਰੂਪ ਅਖਤਿਆਰ ਕਰ ਗਏ ਸਨ ਤੇ ਫਲਸਰੂਪ ਬ੍ਰਾਹਮਣ, ਮੋਲਵੀ ਆਪਸ ਵਿਚ ਖਹਿ ਖਹਿ ਮਰਨ ਲੱਗੇ-
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ॥
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮਣਿ ਮਉਲਾਣੇ॥ (ਪਉੜੀ ੨੧)
ਕਹਿਣ ਦਾ ਭਾਵ ਹੈ ਕਿ ਜੇਕਰ ਉਸ ਵਕਤ ਸਮਾਜਿਕ ਸੰਤੁਲਨ ਵਿਚ ਵਿਗਾੜ ਆਇਆ ਸੀ ਤਾਂ ਇਸ ਪਿੱਛੇ ਵੀ ਧਾਰਮਿਕ ਕੱਟੜਵਾਦ ਹੀ ਸੀ, ਜਿਸ ਅਧੀਨ ਸਮਾਜ ਦੇ ਸੱਤਾਹੀਣ ਲੋਕਾਂ (ਹਿੰਦੂਆਂ) ਉਪਰ ਅੱਤਿਆਚਾਰ ਹੋ ਰਹੇ ਸਨ। ਉਨ੍ਹਾਂ ਦੇ ਮੰਦਰ ਤੇ ਹੋਰ ਪੂਜਾ ਸਥਾਨ ਢਾਹ ਕੇ ਮਸਜਿਦਾਂ ਖੜ੍ਹੀਆਂ ਕੀਤੀਆਂ ਗਈਆਂ। ਸਮਾਜ ਵਿਚ ਰਹਿੰਦੇ ਦੋਹਾਂ ਫ਼ਿਰਕਿਆਂ ਦੇ "ਧਾਰਮਿਕ ਜਾਨਵਰ ਵੀ ਵੱਖਰੇ ਸਨ, ਜਿਸ ਗਾਂ ਦੀ ਰੱਖਿਆ ਕਰਨੀ ਹਿੰਦੂ ਆਪਣਾ ਧਰਮ ਸਮਝਦਾ ਸੀ, ਉਸ ਨੂੰ ਮੁਸਲਮਾਨ ਮਾਰ ਦੇਣ ਵਿਚ ਸਵਾਬ ਜਾਂ ਪੁੰਨ ਸਮਝਦਾ ਸੀ।" (ਭਾਈ ਗੁਰਦਾਸ: ਭਾਸ਼ਾ ਵਿਭਾਗ ਪੰਜਾਬ, ਪੰਨਾ 21)-
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਸੀਤਿ ਉਸਾਰਾ॥
ਮਾਰਨ ਗਊ ਗਰੀਬ ਨੇ ਧਰਤੀ ਉਪਰ ਪਾਪ ਬਿਥਾਰਾ॥ (ਪਉੜੀ ੨੦)
ਇਥੇ 'ਗਊ' ਸ਼ਬਦ ਪਸ਼ੂ ਦੇ ਅਰਥਾਂ ਵਿਚ ਵੀ ਵਿਚਾਰਿਆ ਜਾ ਸਕਦਾ ਹੈ ਤੇ ਇਸੇ 'ਗਊ' ਪਦ ਤੋਂ ਇਹ ਵੀ ਲਿਆ ਜਾ ਸਕਦਾ ਹੈ ਕਿ ਜੋ ਲੋਕ ਗਰੀਬ ਸਨ, ਉਨ੍ਹਾਂ ਨੂੰ ਮੁਸਲਮਾਨ ਹਾਕਮ ਬਲੀ ਦੇ ਬੱਕਰੇ ਬਣਾ ਰਹੇ ਸਨ।
ਇਸਤਰੀ ਅਤੇ ਸਮਾਜ
ਹੋਰ ਤਾਂ ਹੋਰ ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਹਿੰਦੂ ਦੋਵਾਂ ਦੇ ਘਰਾਂ ਵਿਚ ਮਰਦ ਅਤੇ ਔਰਤ ਦਾ ਰਿਸ਼ਤਾ ਪਿਆਰ ਆਧਾਰਿਤ ਨਾ ਰਹਿ ਕਿ ਕਿਸੇ ਸਵਾਰਥ ਨਾਲ ਬੱਝਿਆ ਪਿਆ ਸੀ ਤੇ ਸਵਾਰਥ ਪਿੱਛੇ ਮਾਇਆ ਦੀ ਲਾਲਸਾ ਕੰਮ ਕਰ ਰਹੀ ਸੀ। ਮਰਦ ਪੈਸੇ ਹਿੱਤ ਨੂੰ ਧਿਆਨ ਵਿਚ ਰੱਖਕੇ ਕਿਸੇ ਵੀ ਕਿਸਮ ਦਾ ਪਾਪ ਜਾਂ ਅਪਰਾਧ ਕਰ ਸਕਦਾ ਸੀ-
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਉ ਜਾਈ॥
ਵਰਤਿਆ ਪਾਪ ਸਭਸ ਜਗ ਮਾਹੀ॥ (ਪਉੜੀ ੩੦)
ਇੱਥੋਂ ਤੱਕ ਕਿ ਇਸਤਰੀ ਨੂੰ ਇੱਕ ਭੋਗ ਵਿਲਾਸ ਦੀ ਵਸਤ ਸਮਝ ਕੇ, ਤੇ ਉਸ ਨੂੰ ਦੂਸਰੇ ਕੋਲੋਂ ਹਥਿਆਉਣ ਲਈ ਯੁੱਧ ਤੱਕ ਕਰਨੇ ਪੈਂਦੇ ਸਨ। ਉਸ ਸਮੇਂ ਦੇ ਸਮਾਜ ਵਿਚ ਕਿਸੇ ਵੀ ਕਿਸਮ ਦੀ ਸਮਾਜਿਕ ਮਾਣ-ਮਰਿਯਾਦਾ ਦਾ ਤਕਰੀਬਨ ਤਕਰੀਬਨ ਭੋਗ
ਪੈ ਚੁਕਿਆ ਸੀ। ਜਿਸ ਦਾ ਜੋ ਦਿਲ ਕਰਦਾ, ਆਪਣੀ ਮਨ ਮਰਜ਼ੀ ਵਰਤ ਕੇ ਕਰੀ ਜਾ ਰਿਹਾ ਸੀ। ਧਰਮ ਦੇ ਨਾਂ 'ਤੇ ਪਾਖੰਡ ਦਾ ਬੋਲ ਬਾਲਾ ਸੀ ਤੇ ਪਾਖੰਡ ਦੇ ਪ੍ਰਫੁੱਲਤ ਹੋਣ ਵਿਚ ਨਿਆਰੇ ਨਿਆਰੇ ਧਰਮ ਹੋਂਦ ਵਿਚ ਆ ਰਹੇ ਸਨ।
ਕਾਫਰਿ ਮੁਲਹਦਿ ਇਰਮਾਮਾਨੀ ਰੂਮੀ ਜੰਗੀ ਦੁਸਮਣਿ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥ (ਪਉੜੀ ੨੦)
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ॥
ਕਿਸੇ ਪੁਜਾਈ ਸਿਲਾ ਸੁਨਿ ਕੋਈ ਗੋਰੀ ਮੜ੍ਹੀ ਪੁਜਾਵੈ ॥
ਤੰਤ੍ਰ ਮੰਤੁ ਪਾਖੰਡ ਕਰਿ ਕਲਹਿ ਕ੍ਰੋਧ ਬਹੁ ਵਾਦਿ ਵਧਾਵੈ॥
ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ ॥
ਫੋਕਟਿ ਧਰਮੀ ਭਰਮਿ ਭੁਲਾਵੈ ॥ (ਪਉੜੀ ੧੮)
ਉਪਰੋਕਤ ਪੰਕਤੀਆਂ ਅਨੁਸਾਰ ਬੇਸ਼ੱਕ ਔਰਤ ਇਸਤਰੀ ਪੁਰਖ ਦੇ ਸੰਬੰਧ ਦਰਸਾ ਕੇ ਇਸਤਰੀ ਪ੍ਰਾਪਤੀ ਲਈ ਯੁੱਧ ਹੁੰਦੇ ਸਨ ਪਰ ਭਾਈ ਸਾਹਿਬ ਦਾ ਗੁਰੂ ਨਾਨਕ ਜੀ ਦੀ ਤਰ੍ਹਾਂ ਹੀ ਇਸਤਰੀ ਪ੍ਰਤੀ ਪੂਰਾ ਸਤਿਕਾਰ ਸੀ। ਭਾਈ ਸਾਹਿਬ ਮੁਤਾਬਿਕ ਸਮਾਜਿਕ ਜਾਂ ਘਰੇਲੂ ਸੁਖ ਦੀ ਪ੍ਰਾਪਤੀ ਪਤੀਤਾ ਇਸਤਰੀ ਦੀ ਪ੍ਰਾਪਤੀ ਕਰਕੇ ਹੀ ਹੁੰਦੀ ਹੈ। ਉਨ੍ਹਾਂ ਨੇ ਇਸ ਵਾਰ ਵਿਚ ਤਾਂ ਨਹੀਂ ਪਰ ਵਾਰ ਨੰ. 5, 6, 12 ਅਤੇ 29 ਵਿਚ ਮਨੁੱਖ ਦੀ ਅਰਧ ਸਰੀਰੀ, ਲੋਕ ਵਿਚਾਰ ਅਤੇ ਵੇਦ ਗਿਆਨ ਵਿਚ ਮੋਖਦੁਆਰੀ (ਮੁਕਤੀ ਦਾ ਦਰਵਾਜ਼ਾ) ਮੰਨਿਆ ਗਿਆ ਹੈ। ਖ਼ਾਸ ਕਰਕੇ ਪੰਜਵੀਂ ਵਾਰ ਦੀ ਸੋਲ੍ਹਵੀਂ ਪਉੜੀ ਪੂਰੀ ਦੀ ਪੂਰੀ ਇਸਤਰੀ ਦੇ ਗੌਰਵ ਨੂੰ ਰੂਪਮਾਨ ਕਰਦੀ ਹੈ।
ਪੇਵਕੜੇ ਘਰ ਲਾਡਲੀ ਮਾਉ ਪੀਉ ਖਰੀ ਪਿਆਰੀ॥
ਵਿਚਿ ਭਿਰਾਵਾ ਭੈਨੜੀ ਨਾਨਕ ਦਾਦਕ ਸਪਰਵਾਰੀ॥
ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਚੁ ਅਤਿ ਭਾਰੀ॥
ਸਾਹੁਰੜੇ ਘਰਿ ਮੰਨੀਐ ਸਣਖਤੀ ਪਰਵਾਰ ਸੁਧਾਰੀ॥
ਸੁਖ ਮਾਣੈ ਪਿਰ ਸੇਜੜੀ ਛਤੀਹ ਭੋਜਨ ਸਦਾ ਸੰਗਾਰੀ॥
ਲੋਕ ਵੇਦ ਗੁਣ ਗਿਆਨ ਵਿਚਿ ਅਕਸ ਸਰੀਰੀ ਮੋਖਦੁਆਰੀ॥
ਗੁਰਮਖਿ ਸੁਖ ਫਲ ਨਿਹਚਉ ਨਾਰੀ॥ (ਪਉੜੀ ੧੬)
ਸਮਾਜਿਕ ਸਭਿਆਚਾਰ
ਉਂਝ ਤਾਂ ਜਦੋਂ ਅਸੀਂ ਉਪਰੋਕਤ ਸਮਾਜਿਕ ਦ੍ਰਿਸ਼ੀਕੋਣ ਦੀ ਗੱਲ ਕੀਤੀ ਹੈ ਤਾਂ ਸਮਾਜ ਦੇ ਸਭਿਆਚਾਰਕ ਸਰੋਕਾਰਾਂ ਦੀ ਹੀ ਇੱਕ ਕਿਸਮ ਦੀ ਗੱਲ ਹੋਈ ਹੈ। ਚੂੰਕਿ ਭਾਈ ਗੁਰਦਾਸ ਜੀ ਦੀ ਬਾਣੀ ਲੋਕਧਾਰਾ (Folklore) ਦੇ ਕਾਫੀ ਨਜ਼ਦੀਕ ਹੈ ਤੇ ਇਸੇ ਕਰਕੇ ਇਹ ਸਮਾਜਿਕ ਅਤੇ ਸਭਿਆਚਾਰਕ ਪੱਖੋਂ ਵਿਸ਼ੇਸ਼ ਮਹੱਤਾ ਰੱਖਦੀ ਹੈ। ਭਾਈ ਸਾਹਿਬ ਦੀ
ਬਾਣੀ ਵਿਚ ਸਮਾਜਿਕ ਜਾਤੀਆਂ (ਹਿੰਦੂ ਅਤੇ ਮੁਸਲਮਾਨ) ਦੇ ਸਭਿਆਚਾਰਕ ਰੁਝਾਣ ਦੀ ਤਸਵੀਰ ਪੂਰਨ ਭਾਂਤ ਪ੍ਰਤੀਬਿੰਬਤ ਹੋਈ ਦੇਖ ਸਕਦੇ ਹਾਂ। "ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦ ਵੀ ਵਿਅਕਤੀ ਆਪਣੇ ਕਰਤੱਵ ਤੋਂ ਡਿਗਦੇ ਹਨ ਤਾਂ ਸਮਾਜ ਵਿਚਲੀ ਸਭਿਆਚਾਰਕ ਵਿਵਸਥਾ ਵੀ ਖੇਰੂੰ-ਖੇਰੂੰ ਹੋਣ ਲੱਗਦੀ ਹੈ।" (ਡਾ. ਗੁਰਦੀਪ ਸਿੰਘ ਪਖਾਰੀਵਾਲਾ-ਗੁਰਮਤਿ ਸਭਿਆਚਾਰ ਤੇ ਭਾਈ ਗੁਰਦਾਸ, ਪੰਨਾ 154) ਫਿਰ ਸਮਾਜ ਨੂੰ ਮੁੜ ਸੰਗਠਿਤ ਕਰਨ ਲਈ ਅਕਸਰ ਯੁੱਗ ਪੁਰਸ਼ ਦਾ ਜਨਮ ਹੁੰਦਾ ਹੈ। ਇਸੇ ਪ੍ਰਸੰਗ ਵਿਚ ਹੀ ਇਸੇ ਮੰਤਵ ਹਿੱਤ ਆਖਦੇ ਹਨ-
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਪਉੜੀ ੨੪)
ਸਮਾਜਿਕ ਸਭਿਆਚਾਰਕ ਮੁੱਲਾਂ ਵਿਚ ਉਪਰੋਕਤ ਗੱਲਾਂ ਤੋਂ ਇਲਾਵਾ ਵਰਣ ਵਿਵਸਥਾ ਜੋ ਜਾਤੀ ਭੇਦ ਨੂੰ ਹਵਾ ਦੇ ਰਹੀ ਸੀ ਤੇ ਫਲਸਰੂਪ ਭਾਰਤ ਵਿਚ ਇੱਕ ਰਸਾਤਲਗਾਮੀ ਸਮਾਜ ਉਸਰ ਰਿਹਾ ਸੀ, ਭਾਈ ਸਾਹਿਬ ਨੇ ਨਿਧੜਕ ਹੋ ਕੇ ਲਿਖਿਆ-
ਚਾਰਿ ਵਰਣ ਚਾਰਿ ਮਜ਼ਹਬਾਂ ਜਗ ਵਿਚਿ ਹਿੰਦੂ ਮੁਸਲਮਾਣੈ ॥
ਖੁਦੀ ਬਖੀਲਿ ਤਕਬਰੀ ਖਿੱਚੋਤਾਣ ਕਰੇਨਿ ਧਿੰਙਾਣੇ॥ (ਪਉੜੀ ੨੧)
ਵਰਨਾਂ ਵਰਨ ਨੇ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ॥(ਪਉੜੀ ੨੩)
ਭਾਈ ਸਾਹਿਬ ਉਸ ਸਮੇਂ ਦੇ ਸਭਿਆਚਾਰਕ ਵਰਤਾਰੇ ਵਿਚ ਵਰਨ ਆਧਾਰਿਤ ਆਈ ਗਿਰਾਵਟ ਬਾਰੇ ਬੋਲਦੇ ਹੀ ਨਹੀਂ ਸਗੋਂ ਉਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਨ੍ਹਾਂ ਵਾਰਨਾਂ ਦਾ ਅੰਤ ਹੁੰਦਾ ਵੀ ਵਿਖਾਉਂਦੇ ਹਨ
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇੱਕ ਵਰਨ ਕਰਾਇਆ॥
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥ ((ਪਉੜੀ ੨੩)
ਇੱਥੇ ਹੀ ਬੱਸ ਨਹੀਂ ਭਾਈ ਸਾਹਿਬ ਹੋਰ ਵਾਰਾਂ ਵਿਚ ਵੀ ਸਪੱਸ਼ਟ ਕਰਦੇ ਹਨ ਕਿ ਸਿੱਖੀ ਸਭ ਕਿਸਮ ਦੇ ਜਾਤ ਪਾਤੀ ਵਖਰੇਵਿਆਂ ਦਾ ਪੁਰਜ਼ੋਰ ਖੰਡਨ ਕਰਦੀ ਆਈ ਹੈ। ਇੱਥੋਂ ਤਕ ਕਿ ਭਾਈ ਗੁਰਦਾਸ ਜੀ ਕਈ ਥਾਵਾਂ 'ਤੇ ਇਸ ਗਲਤ ਧਾਰਨਾ ਦਾ ਖੰਡਨ ਕਰਦੇ ਹਨ। ਸਿੱਖੀ ਦਾ ਪ੍ਰਥਮ ਅਸੂਲ ਹੀ ਇਹ ਹੈ ਕਿ ਜਿਨ੍ਹਾਂ ਨੂੰ ਸਮਾਜ ਵਿਚ ਜਾਤ ਪਾਤ ਪੱਖੋਂ ਹੀਣ ਸਮਝਿਆ ਜਾਂਦਾ ਹੈ, ਗੁਰਸਿੱਖੀ ਮਾਰਗ 'ਤੇ ਚੱਲਦਿਆਂ ਉਨ੍ਹਾਂ ਵਿਚ ਪਏ ਭੇਦ ਭਾਵ ਖਤਮ ਹੋ ਜਾਂਦੇ ਹਨ ਤੇ ਉਹ ਇੱਕ ਦੂਜੇ ਦੇ ਬਰਾਬਰ ਸਮਝੇ ਜਾਂਦੇ ਹਨ। ਭਾਈ ਗੁਰਦਾਸ ਜੀ ਉਪਰੋਕਤ ਪਹਿਲੀ ਵਾਰ ਦੀ ਤੇਈਵੀਂ ਪਉੜੀ ਦੀ ਤਰ੍ਹਾਂ ਗਿਆਰ੍ਹਵੀਂ ਵਾਰ ਦੀ ਸੱਤਵੀਂ ਪਉੜੀ ਦੀਆਂ ਆਰੰਭਲੀਆਂ ਸਤਰਾਂ ਵਿਚ ਉਪਰੋਕਤ ਕਥਨ ਦੀ ਹੋਰ ਮਜ਼ਬੂਤੀ ਨਾਲ ਪੁਸ਼ਟੀ ਕਰਦੇ ਹਨ।
ਚਾਰਿ ਵਰਨਿ ਇੱਕ ਵਰਨ ਕਰਿ ਵਰਨ ਅਵਰਨ ਤਮੇਲ ਗੁਲਾਲੋ॥
ਅਸਟ ਧਾਤੁ ਇੱਕ ਧਾਤੁ ਕਰਿ ਵੇਦ ਕਤੇਬ ਨ ਭੇਦ ਵਿਚਾਲੇ॥ (੧੧/੭)
ਜਾਤੀ ਸੁੰਦਰ ਲੋਕੁ ਨ ਜਾਣੈ (੧੧/੯)
ਭਾਈ ਗੁਰਦਾਸ ਹੀ ਨਹੀਂ, ਭਾਈ ਗੁਰਦਾਸ ਦੀ ਰਚੀ ਇਸ ਵਾਰ ਦਾ ਨਾਇੱਕ ਧੰਨ ਗੁਰੂ ਨਾਨਕ ਦੇਵ ਜੀ ਕੁਲੀਨ ਵਰਗ 'ਚੋਂ ਹੁੰਦਿਆਂ ਸੁੰਦਿਆਂ ਜਾਤ-ਆਧਾਰਿਤ ਖੜ੍ਹੀ ਵਰਣ ਵਿਵਸਥਾ ਦਾ ਪੁਰਜ਼ੋਰ ਖੰਡਨ ਕਰਦੇ ਹਨ। ਸਮਾਜਿਕ ਪ੍ਰਗਤੀ ਵਿਚ ਵੱਡੀ ਰੁਕਾਵਟ ਜਾਤ ਪਾਤ ਨੂੰ ਮੰਨਦਿਆਂ ਜਾਤ ਪਾਤ ਦਾ ਨਿਰਣਾ ਆਦਮੀ ਦੇ ਕਰਮਾਂ ਅਨੁਸਾਰ ਹੋਣਾ ਚਾਹੀਦਾ ਹੈ।
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
“ਡਾ. ਰਤਨ ਸਿੰਘ ਜੱਗੀ ਗੁਰੂ ਨਾਨਕ ਦੇਵ ਜੀ ਸੰਬੰਧੀ ਲਿਖਦੇ ਹਨ ਕਿ "ਕੁਲੀਨ ਭਗਤਾਂ ਪ੍ਰਤਿ ਉਨ੍ਹਾਂ ਦੇ ਮਨ ਵਿਚ ਸਤਿਕਾਰ ਜ਼ਰੂਰ ਸੀ ਪਰ ਨੀਵੇਂ ਵਰਗ'ਚੋਂ ਆਉਣ ਵਾਲਿਆਂ ਭਗਤਾਂ ਲਈ ਤਾਂ ਉਹ ਚਮੜੇ ਦੀਆਂ ਜੁੱਤੀਆਂ ਬਣਾ ਕੇ ਪੇਸ਼ ਕਰਨ ਵਿਚ ਆਨੰਦ ਪ੍ਰਾਪਤ ਕਰਦੇ ਸਨ" (ਭਾਈ ਗੁਰਦਾਸ : ਜੀਵਨੀ ਤੇ ਰਚਨਾ, ਪੰਨਾ66) ਇਸ ਕਥਨ ਦੀ ਪੁਸ਼ਟੀ ਹਿੱਤ ਡਾ. ਜੱਗੀ ਧੰਨ ਗੁਰੂ ਨਾਨਕ ਦੀ ਜੀ ਦੀਆਂ ਦੋ ਖੂਬਸੂਰਤ ਪੰਕਤੀਆਂ ਪੇਸ਼ ਕਰਦੇ ਹਨ।
ਜਾਤਿ ਕੁਲੀਨੁ ਸੇਵਕ ਜੋ ਹੋਇ॥
ਤਾਕਾ ਕਹਣਾ ਕਹਹੁ ਨ ਕੋਇ॥
ਵਿਚਿ ਸਨਾਤੀ ਸੇਵਕੁ ਹੋਇ॥
ਨਾਨਕ ਪਣੀਆ ਪਹਿਰੈ ਸੋਇ॥ (ਮਲਾਰ, ਪਦੇ ੬/੪)
ਉਪਰੋਕਤ ਪੰਕਤੀ (ਵਿਚਿ ਸਨਾਤੀ ਸੇਵਕੁ ਹੋਇ॥ ਨਾਨਕ ਪਣੀਆ ਪਹਿਰੇ ਸੋਇ॥) ਜਿੱਥੇ ਜਾਤ-ਪਾਤ ਦਾ ਵਿਰੋਧ ਕਰਦੀ ਹੈ, ਉਥੇ ਇੱਕ ਗੁਰਸਿੱਖ ਦੀ ਵਿਸ਼ੇਸ਼ਤਾ ਵੀ ਹੈ ਕਿ ਉਹ ਨਿੱਵ ਕੇ ਚੱਲੇ ਅਰਥਾਤ ਨਿਮਰਤਾ ਗ੍ਰਹਿਣ ਕਰੇ। ਭਾਈ ਸਾਹਿਬ ਨੇ ਧੰਨ ਗੁਰੂ. ਨਾਨਕ ਦੇਵ ਜੀ ਦੇ ਇਸ ਸਿੱਖੀ ਸਿੱਧਾਂਤ ਨੂੰ ਵੀ ਇਸ ਵਾਰ ਵਿਚ ਪ੍ਰਚੰਡ ਕੀਤਾ।
ਕਰਿ ਕੇ ਨੀਜ ਸਦਾਵਣਾ ਤਾਂ ਪ੍ਰਭੂ ਲੇਖੈ ਅੰਦਰਿ ਪਾਈ॥ (ਪਉੜੀ ੧੬)
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ॥ (ਪਉੜੀ ੨੩)
ਗੁਰਮੁਖਿ ਵਰਨੁ ਅਵਰਨੁ ਹੋਇ ਨਿਵਿ ਚਲਣਾ ਗੁਰ ਸਿਖਿ ਵਿਸੇਖੈ॥ (ਪਉੜੀ)
ਗ੍ਰਹਿਸਥ ਆਸ਼ਰਮ ਦੀ ਮਹੱਤਤਾ
ਆਰੀਅਨ ਲੋਕਾਂ ਨੇ ਆਸ਼ਰਮ ਵਿਵਸਥਾ ਦੇ ਅੰਤਰਗਤ ਚਾਰ ਆਸ਼ਰਮ ਮੰਨੇ ਹਨ। ਚੂੰਕਿ ਮਨੁੱਖ ਦੀ ਉਮਰ 100 ਵਰ੍ਹੇ ਮੰਨ ਕੇ ਮਨੁੱਖੀ ਜੀਵਨ ਨੂੰ ਚਾਰ ਆਸ਼ਰਮਾਂ ਵਿਚ ਵੰਡ ਦਿਤਾ ਗਿਆ ਹੈ।
1. ਬ੍ਰਹਮਚਾਰੀਆ ਆਸ਼ਰਮ
ਭਾਰਤੀ ਸੰਸਕ੍ਰਿਤੀ ਅਨੁਸਾਰ ਮਨੁੱਖੀ ਜੀਵਨ ਦਾ ਇਹ ਪਹਿਲਾ ਪੜਾਅ ਹੈ,
ਜਿਸ ਅਧੀਨ ਜੀਵਨ ਦੇ ਪਹਿਲੇ 25 ਸਾਲ ਆਉਂਦੇ ਹਨ। ਇਸ ਸਮੇਂ ਦੌਰਾਨ ਮਨੁੱਖ ਨੇ ਆਪਣੇ ਗੁਰੂ ਤੋਂ ਸਿੱਖਿਅਤ ਹੋਣਾ ਹੁੰਦਾ ਹੈ।
2. ਗ੍ਰਹਿਸਥ ਆਸ਼ਰਮ
ਇਹ ਮਨੁੱਖੀ ਜੀਵਨ ਦਾ ਦੂਸਰਾ ਪੜਾਅ ਹੈ। ਇਸ ਵਿਚ 25 ਤੋਂ 50 ਸਾਲ ਦਾ ਸਮਾਂ ਆਉਂਦਾ ਹੈ। ਸ਼ਾਦੀ ਕਰਵਾਉਣ ਦੇ ਤੁਰੰਤ ਬਾਅਦ ਸਮਾਜ ਵਿਚ ਰਹਿੰਦਿਆਂ ਬਾਲ ਬੱਚਿਆਂ ਖਾਤਰ ਕੰਮ ਧੰਦਾ ਕਰਨਾ ਹੁੰਦਾ ਹੈ।
3. ਬਾਲ ਪ੍ਰਸਥ ਆਸ਼ਰਮ
ਇਸ ਦਾ ਸਮਾਂ 51 ਸਾਲ ਤੋਂ 75 ਵਰ੍ਹੇ ਤਕ ਦਾ ਹੈ। ਇਸ ਸਮੇਂ ਮਨੁੱਖ ਨੂੰ ਘਰ ਬਾਹਰ ਤਿਆਗ ਕੇ ਵਣਾਂ ਵਿਚ ਜਾ ਕੇ ਤਪ ਕਰਨ ਦੀ ਹਦਾਇਤ ਹੈ।
4. ਸੰਨਿਆਸ ਆਸ਼ਰਮ
75 ਵਰ੍ਹੇ ਤੋਂ ਬਾਅਦ ਉਮਰ ਦੇ ਆਖਰੀ ਵਰ੍ਹੇ (100 ਸਾਲ) ਤਕ ਦਾ ਇਹ ਸਮਾਂ ਸੰਨਿਆਸੀ ਦੇ ਜੀਵਨ ਵਜੋਂ ਜਾਣਿਆ ਜਾਂਦਾ ਹੈ। ਇਹ ਜੀਵਨ ਤਿਆਗ, ਸੱਚ, ਅਹਿੰਸਾ, ਸਬਰ ਅਤੇ ਸੇਵਾ ਦਾ ਜੀਵਨ ਹੈ। ਥਾਂ-ਥਾਂ 'ਤੇ ਜਾ ਕੇ ਉਪਦੇਸ਼ ਕਰਨੇ ਇਸ ਆਸ਼ਰਮ ਵਿਚ ਵਿਚਰ ਰਹੇ ਦੇ ਲੱਛਣ ਹੁੰਦੇ ਹਨ।
ਸਾਡਾ ਉਪਰੋਕਤ ਚਾਰ ਆਸ਼ਰਮਾਂ ਦੀ ਸੰਖਿਪਤ ਵਿਆਖਿਆ ਕਰਨ ਤੋਂ ਭਾਵ ਸੀ ਕਿ ਆਰੀਅਨ ਲੋਕਾਂ ਦੀ ਸਥਾਪਤ ਇਹ ਆਸ਼ਰਮ ਵਿਵਸਥਾ ਗੁਰਬਾਣੀ ਨੇ ਮੁੱਢੋਂ ਹੀ ਰੱਦ ਕਰ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਤਾਂ ਉਮਰ ਦੇ ਸਾਰੇ ਵਰ੍ਹਿਆਂ ਨੂੰ ਹੀ ਗ੍ਰਹਿਸਥੀ ਜੀਵਨ ਨੂੰ ਸਮਰਪਿਤ ਕਰਨ ਵਿਚ ਹੀ ਅਸਲੀ ਜੋਗ ਸਮਝਦਾ ਹੈ। ਗੁਰੂ ਸਾਹਿਬ ਵਣਾਂ ਵਿਚ ਤਪ ਕਰਨ ਦੀ ਥਾਂ ਘਰ, ਸੰਸਾਰ ਵਿਚ ਹੀ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਪਰਮਾਤਮਾ ਨਾਲ ਮਿਲਾਪ ਕਰਨ ਦਾ ਢੰਗ ਦੱਸਦੇ ਹਨ।
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥ ਨਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥
ਭਾਈ ਗੁਰਦਾਸ ਜੀ ਵੀ ਉਪਰੋਕਤ ਗ੍ਰਹਿਸਥ ਸਾਧਨਾ ਦਾ ਹੀ ਅਨੁਸਰਣ ਕਰਦੇ ਹਨ। ਸਿੱਧਾਂ ਨਾਲ ਹੋ ਰਹੀ ਗੋਸ਼ਟਿ ਸਮੇਂ ਭੰਗਰ ਨਾਥ ਨੂੰ ਖਰੀਆਂ ਖਰੀਆਂ ਸੁਣਾਉਂ ਹਨ। ਸੰਸਾਰ ਤਿਆਗਣਾ ਉਨ੍ਹਾਂ ਦਾ ਇੱਕ ਪਾਖੰਡ ਹੈ। ਅਖੀਰ ਘਰਾਂ ਤੋਂ ਹੀ ਉਹ ਭਿੱਖਿਆ ਮੰਗਣ ਜਾਂਦੇ ਹਨ। ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਭੰਗਰਨਾਥ ਨੂੰ ਵਿਵੇਕ ਆਧਾਰਤ ਕੀਤੇ ਪ੍ਰਵਚਨਾਂ ਨੂੰ ਇਉਂ ਕਾਵਿਬੱਧ ਕਰਦੇ ਹਨ-
- ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥
ਬਿਨੁ ਦਿਤੇ ਕਛੁ ਹਥਿ ਨ ਆਈ॥ (ਪਉੜੀ 80)
ਇਸੇ ਤਰ੍ਹਾਂ ਹੀ ਕਬਿੱਤ ਸਵੱਯਾਂ ਵਿਚ ਵੀ "ਭਾਈ ਗੁਰਦਾਸ ਨੇ ਪੰਛੀ, ਕੀੜੀ ਅਤੇ ਬਾਲਕ ਦੇ ਦ੍ਰਿਸ਼ਟਾਂਤਾਂ ਦੁਆਰਾ ਗ੍ਰਿਹਸਥ ਨੂੰ ਤਿਆਗ ਕੇ ਬਨਵਾਸੀ ਹੋਏ ਵਿਅਕਤੀ
ਦਾ ਸਰੂਪ ਚਿੱਤਰਿਆ ਹੈ ਅਤੇ ਦੱਸਿਆ ਹੈ ਕਿ ਅੰਤ ਵਿਚ ਉਸ ਨੂੰ ਗ੍ਰਿਹਸਥ ਦਾ ਹੀ ਆਸਰਾ ਲੈਣਾ ਪੈਂਦਾ ਹੈ।" (ਡਾ. ਰਤਨ ਸਿੰਘ ਜੱਗੀ, ਭਾਈ ਗੁਰਦਾਸ : ਜੀਵਨ ਤੇ ਰਚਨਾ, ਪੰਨਾ 67)
ਜੈਸ ਪ੍ਰਾਤ ਸਮੈ ਖਗ ਜਾਤਿ ਉਡਿ ਬਿਰਖ ਸੈ,
ਬਹੁਰਿ ਆਇ ਬੈਠਤ ਬਿਰਖ ਹੀ ਮੈ ਆਇ ਕੈ॥
ਚੀਟੀ ਚੀਟਾ ਬਿਲ ਸੈ ਨਿਕਸਿ ਧਰ ਗਵਨ ਕੇ,
ਬਹੁਰਿਓ ਪੈਸਤ ਜੈਸੇ ਦਿਲ ਹੀ ਮੈਂ ਜਾਇ ਕੈ॥
ਲਰਿ ਕੈ ਲਰਕਾ ਰੂਠਿ ਜਾਤ ਤਾਤ ਮਾਤ ਸਨ,
ਭੂਖ ਲਾਗੈ ਤਿਆਰੀ ਹਨ ਆਣ ਪਛੁਤਾਇ ਹੈ॥
ਤੈਸੇ ਗ੍ਰਿਹਿ ਤਿਆਗ ਭਾਗਿ ਜਾਤ ਉਦਾਸ ਬਾਸ,
ਆਸਰੋ ਤਕਤ ਪੁਨਿ ਗ੍ਰਿਹਸਤ ਧਾਇ ਕੈ॥ (੫੪੮)
ਚਾਰ ਜੁੱਗਾਂ ਬਾਰੇ ਜਾਣਕਾਰੀ
ਹਿੰਦੂ ਪਰੰਪਰਾ ਜਾਂ ਹਿੰਦੂ ਜਗਤ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਚਾਰ ਜੁੱਗਾਂ ਵਿਚ ਵੰਡ ਕੇ ਹਰ ਜੁੱਗ ਵਿਚ ਹੋਏ ਅਵਤਾਰਾਂ ਤੋਂ ਇਲਾਵਾ ਇਨ੍ਹਾਂ ਜੁੱਗਾਂ ਦੀ ਜਨਤਾ ਦੇ ਪ੍ਰਸੰਗ ਵਿਚ ਕਾਰਜਸ਼ੀਲਤਾ ਅਤੇ ਨਾਲ ਹੀ ਹਰ ਜੁੱਗ ਵਿਚ ਜਿਹੜੇ ਜਿਹੜੇ ਵਰਨ ਦੀ ਪ੍ਰਥਾਨਤਾ ਸੀ,,ਦਾ ਜ਼ਿਕਰ ਹੈ। ਚਾਰ ਜੁੱਗਾਂ ਦੀ ਜਾਣਕਾਰੀ ਸਾਨੂੰ ਭਾਈ ਸਾਹਿਬ ਦੀ ਇਸ ਵਾਰ ਦੀ ਪੰਜਵੀਂ ਪਉੜੀ ਤੋਂ ਪ੍ਰਾਪਤ ਹੁੰਦੀ ਹੈ। ਆਰੰਭਲੀਆਂ ਤਿੰਨ ਪੰਕਤੀਆਂ ਤੋਂ ਬਾਅਦ ਇਸ ਵਾਰ ਵਿਚ ਹੀ ਸਤਿਜੁੱਗ ਦਾ ਜ਼ਿਕਰ ਹੈ। ਫਿਰ ਪਉੜੀ ਛੇ ਵਿਚ ਦੋ ਜੁੱਗਾਂ ਤੇਤਾ ਅਤੇ ਦੁਆਪਰ ਦੀ ਜਾਣਕਾਰੀ ਤੇ ਸੱਤਵੀਂ ਪਉੜੀ ਵਿਚ ਕਲਿਜੁੱਗ ਦੀ ਵਿਆਖਿਆ ਹੋਈ ਹੈ। ਅਖੀਰ 13ਵੀਂ ਪਉੜੀ ਦੇ ਅਖੀਰ ਤੇ ਜੁਗਾਂ ਵਿਚ ਲੋਕ- ਕੁਕਰਮ ਦੀ ਸਜ਼ਾ ਦਾ ਵਿਧਾਨ ਅੰਕਿਤ ਹੋਇਆ ਹੈ। ਸਭ ਤੋਂ ਪਹਿਲਾਂ ਆਈ ਜੁੱਗ- ਜ਼ਿਕਰ ਦੇ ਬਾਅਦ ਸਤਿਜੁਗ ਬਾਰੇ ਜਾਣਕਾਰੀ ਭਾਈ ਗੁਰਦਾਸ ਜੀ ਦੀ ਜੁਬਾਨੀ ਪ੍ਰਾਪਤ ਕਰਦੇ ਹਾਂ।
ਚਾਰ ਜੁੱਗ :
ਚਾਰ ਜੁਗ ਕਰ ਥਾਪਨਾ ਸਤਿਜੁਗਿ ਤਰੋਤਾ ਦੁਆਪਰ ਸਾਜੇ॥
ਚਉਥਾ ਕਲਿਜੁਗਿ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ॥
ਬ੍ਰਹਮਣ ਛਤ੍ਰੀ ਵੈਸ਼, ਸ਼ੁਦ, ਜੁਗ ਜੁਗ ਏਕੋ ਵਰਨ ਬਿਰਾਜੇ॥ (ਪਉੜੀ ੫)
ਸਤਿਜੁੱਗ :
ਸ੍ਰਿਸ਼ਟੀ ਦੀ ਸਾਜਨਾ ਤੋਂ ਬਾਅਦ ਚਾਰ ਜੁੱਗਾਂ ਦੀ ਥਾਪਨਾ ਦਾ ਜ਼ਿਕਰ ਕਰਕੇ ਸਤਿਜੁਗ ਬਾਰੇ ਆਪਣੀ ਨਿਰਪੱਖ ਟਿੱਪਣੀ ਕਰਦੇ ਹਨ। ਸਤਿਜੁਗ ਵਿਚ ਵਿਸ਼ਨੂੰ ਜੀ ਦਾ
'ਹੰਸ' ਰੂਪ ਵਿਚ ਅਵਤਾਰ ਹੋਇਆ, ਜਿਸ ਨੇ ਸੋਹੀ (ਮੈਂ ਉਹ ਹਾਂ) ਦਾ ਜਾਪ ਕਰਾਇਆ। ਇਸ ਜੁੱਗ ਦੇ ਮਾਇਆ-ਮੁਕਤ ਲੋਕ ਇੱਕ ਬ੍ਰਹਮ ਦਾ ਹੀ ਪੂਜਨ ਕਰਦੇ ਸਨ। ਵਣਾਂ ਵਿਚ ਰਹਿ ਕੇ ਸਾਦਾ ਭੋਜਨ ਖਾਂਦੇ, ਲੰਮੀ ਅਰਥਾਤ ਪੂਰੇ ਇੱਕ ਲੱਖ ਦੀ ਆਯੂ ਭੋਗਦੇ ਸਨ।
ਸਤਿਜੁਗਿ ਹੰਸ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ॥
ਏਕੋ ਬ੍ਰਹਮ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ॥
ਕਰਨਿ ਤਪਸਿਆ ਬਨਿ ਵਿਖੇ ਵਖਤੁ ਗੁਜਾਰਨਿ ਪਿੰਨੀ ਸਾਗੇ॥
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਰਿ ਸਾਜੇ॥
ਇੱਕ ਬਿਨਸੈ ਇੱਕ ਅਸਥਿਰ ਗਾਜੇ॥ (ਪਉੜੀ ੫)
ਇਹ ਵਿਸ਼ਨੂੰ ਦਾ ਅਵਤਾਰ ਹੈ ਜੋ ਹੰਸ ਦਾ ਰੂਪ ਹੋਇਆ ਹੈ। ਭਗਵਤ ਦੇ ਗਿਆਰ੍ਹਵੇਂ ਸਕੰਧ ਦੇ ਤੇਰਵੇਂ ਅਧਿਆਇ ਵਿਚ ਕਥਾ ਹੈ ਕਿ ਸਨਕਾਦਕਾਂ (ਬ੍ਰਹਮ ਦੇ ਚਾਰ ਪੁੱਤਰ ਸਨ- ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ ਆਦਿ। ਸਾਰਿਆਂ ਨੂੰ ਸੰਖੇਪ ਵਿਚ ਸਨਕਾਦਿਕ ਦਾ ਨਾਂ ਦਿੱਤਾ ਗਿਆ ਹੈ। ਬ੍ਰਹਮ ਦੇ ਮਸਤਕ ਵਿਚੋਂ ਪੈਦਾ ਹੋਣ ਕਰਕੇ ਇਨ੍ਹਾਂ ਨੂੰ ਬ੍ਰਹਮਾ ਦੇ ਮਾਨਸਿਕ ਪੁੱਤਰ ਵੀ ਆਖਿਆ ਜਾਂਦਾ ਹੈ।) ਨੇ ਬ੍ਰਹਮ ਪਾਸ ਆਤਮ ਵਿਵੇਕ ਦਾ ਪ੍ਰਸ਼ਨ ਕੀਤਾ। ਜਦ ਬ੍ਰਹਮ ਉੱਤਰ ਦੇਣ ਦੀ ਚਿੰਤਾ ਵਿਚ ਪੈ ਗਏ ਤਦ ਵਿਸ਼ਨੂੰ ਨੇ ਹੰਸ ਰੂਪ ਧਾਰ ਕੇ ਤੱਤ ਗਿਆਨ ਦਿੜਾਇਆ (ਮਹਾਨ ਕੋਸ਼) ਉਂਜ ਇਹ ਬੱਤਖ ਦੀ ਕਿਸਮ ਦਾ ਪੰਛੀ ਹੁੰਦਾ ਹੈ ਜਿਸਦੇ ਖੰਡ ਚਿੱਟੇ, ਪੈਰ ਅਤੇ ਚੁੰਜ ਲਾਲ ਹੁੰਦੇ ਹਨ। ਪੁਰਾਣੇ ਗ੍ਰੰਥਾਂ ਵਿਚ ਲਿਖਿਆ ਹੈ ਕਿ ਇਸ ਦੀ ਚੁੰਜ ਵਿਚ ਖਟਾਸ ਹੁੰਦਾ ਹੈ, ਜਦ ਦੁੱਧ ਵਿਚ ਪਾਉਂਦਾ ਹੈ ਤਦ ਪਾਣੀ ਅਲੱਗ ਹੋ ਜਾਂਦਾ ਹੈ। ਇਸੇ ਦ੍ਰਿਸਟਾਂਤ ਨੂੰ ਲੈ ਕੇ ਸਤਯ ਅਸਯ ਦਾ ਵਿਵੇਕ ਕਰਨ ਵਾਲੇ ਨੂੰ ਹੰਸ ਸੱਦੀਦਾ ਹੈ। (ਮਹਾਨ ਕੋਸ਼)
ਤਰੇਤਾ (ਤ੍ਰੇਤਾ) ਜੁੱਗ
ਇਸ ਜੁੱਗ ਦੀ ਵਿਸਤ੍ਰਿਤ ਜਾਣਕਾਰੀ ਪਉੜੀ ਨੰ. ਛੇ ਦੀਆਂ ਆਰੰਭਲੀਆਂ ਦੇ ਪੰਕਤੀਆਂ ਵਿਚੋਂ ਮਿਲ ਜਾਂਦੀ ਹੈ। ਸੂਹਜ-ਵੰਸ਼ੀ ਦਸ਼ਰਥ ਪੁੱਤਰ ਸ਼੍ਰੀ ਰਾਮ ਚੰਦਰ ਜੀ ਅਵਤਾਰ ਧਾਰਨ ਕਰਦੇ ਹਨ। ਜਿੱਥੇ ਇਸ ਜੁੱਗ ਵਿਚ ਲੋਕਾਂ ਦੀ ਉਮਰ ਇੱਕ ਲੱਖ ਵਰ੍ਹੇ ਤੋਂ ਘੱਟ ਕੇ ਸਿਰਫ਼ ਦਸ ਹਜ਼ਾਰ ਵਰ੍ਹੇ ਰਹਿ ਗਈ। ਉਥੇ ਮਾਇਆ ਦਾ ਪਾਸਾਰਾ ਹੋਣ ਲੱਗਾ, ਜਿਸ ਦੇ ਹਥਿਆਰ ਮੋਹ ਅਤੇ ਅਹੰਕਾਰ ਸਨ।
ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜਬੰਸੀ ਵਡਿ ਅਵਤਾਰਾ॥
ਨਉ ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰਾ ਪਾਸਾਰਾ॥ (ਪਉੜੀ ੬)
ਦੁਆਪਰ ਜੁੱਗ
ਦੁਆਪਰ ਜੁੱਗ ਜਿਸ ਵਿਚ ਵੈਸ਼ ਵਰਣ ਨਾਲ ਸੰਬੰਧਿਤ ਯਾਦਵ-ਵੰਸ਼ੀ ਕਿਸ਼ਨ ਜੀ ਅਵਤਾਰ ਧਾਰਨ ਕਰਦੇ ਹਨ, ਆਚਰਣਕ ਪੱਖੋਂ ਨੀਵਾਂ ਹੁੰਦਾ ਚਲਾ ਗਿਆ। ਜਿੱਥੇ ਲੋਕਾਂ ਦੀ ਉਮਰ ਹੋਰ ਘੱਟ ਕੇ ਸਿਰਫ ਇੱਕ ਹਜ਼ਾਰ ਸਾਲ ਰਹਿ ਗਈ, ਉਥੇ ਇਹ ਲੋਕ ਕਰਮ-ਕਾਂਡੀ ਵੀ ਹੋ ਗਏ ਸਨ। ਆਪਣੀ ਮੁਕਤੀ ਦਾ ਸਾਧਨ ਰੀਤਾਂ, ਰਸਮਾਂ ਅਰਥਾਤ
ਕਰਮ ਕਾਂਡਾਂ ਨੂੰ ਹੀ ਮੰਨਦੇ ਸਨ। ਬ੍ਰਾਹਮਣ ਰਿਗਵੇਦ, ਖੱਤਰੀ ਯਜੁਰਵੇਦ, ਵੈਸ਼ ਸਾਮਵੇਦ ਅਪਨਾ ਕੇ ਪੂਜਾ ਪਾਠ ਕਰਦੇ ਸਨ। ਕਰਮ ਕਾਂਡੀ ਹੋਣ ਕਰਕੇ ਇਨ੍ਹਾਂ ਦੇ ਪਾਠ ਕਰਨ ਵਕਤ ਵੱਖਰੇ-ਵੱਖਰੇ ਰੰਗ ਦੇ ਪਹਿਰਾਵੇ ਸਨ। ਰਿਗਵੇਦ ਦੇ ਪਾਠ ਕਰਨ ਵਾਲੇ ਨੀਲੇ ਕੱਪੜੇ ਪਾ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਦੇ ਸਨ, ਖੱਤਰੀ ਯਜੁਰਵੇਦ ਦਾ ਪਾਠ ਕਰਦੇ ਵਕਤ ਪੀਲੇ ਕੱਪੜੇ ਪਾ ਕੇ ਦੱਖਣ ਦਿਸ਼ਾ ਵੱਲ ਮੂੰਹ ਕਰਦੇ ਸਨ ਅਤੇ ਸਾਮਵੇਦ ਨੂੰ ਮੰਨਣ ਵਾਲੇ (ਵੈਸ਼) ਸਫੈਦ ਰੰਗ ਦੇ ਕੱਪੜੇ ਪਾ ਕੇ ਪੱਛਮ ਵੱਲ ਮੂੰਹ ਕਰਕੇ ਪੂਜਾ ਅਰਚਨਾ ਕਰਦੇ ਸਨ।
ਦੁਆਪੁਰਿ ਜਾਦਵ ਵੰਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ॥
ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ॥
ਖਤ੍ਰੀ ਥਾਪੇ ਜੁਜਰੁ ਵੇਦਿ ਦਖਣ ਮੁਖਿ ਬ੍ਰਹ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦੁ ਪਛਮੁ ਮੁਖਿ ਕਰਿ ਸੀਸੁ ਨਿਵਾਰਾ॥
ਰਿਗਿ ਨੀਲੰਬਰਿ ਜੁਜਰਪੀਤ ਸੇਤੰਬਰ ਕਹਿ ਸਿਆਮ ਸੁਧਾਰਾ॥
ਤਿਹ ਜੁਗੀ ਤ੍ਰੈ ਧਰਮ ਉਚਾਰਾ॥ (ਪਉੜੀ ੬)
ਕਲਿਜੁੱਗ
ਇਸ ਜੁੱਗ ਵਿਚ ਲੋਕਾਂ ਦੀ ਬਿਰਤੀ ਸੂਦਰ ਅਰਥਾਤ ਮੰਦੀ ਹੋ ਗਈ ਸੀ। ਸ਼ੁਰ ਕਰਮ ਇਨ੍ਹਾਂ ਦੀ ਜ਼ਿੰਦਗੀ ਦਾ ਅੰਗ ਨਾ ਰਹੇ। ਵੇਦਾਂ ਵਿਚ ਦਰਸਾਏ ਕਰਮਾਂ, ਸੰਸਕਾਰਾਂ ਜਾਂ ਵੇਦਾਂ ਦੇ ਵਿਧੀ ਵਿਧਾਨ ਦਾ ਤਿਆਗ ਹੋ ਚੁੱਕਾ ਸੀ। ਧਰਤੀ ਦੀ ਲੋਕਾਈ ਪੂਰਨ ਭਾਂਤ ਮਾਇਆ ਵੱਲ ਆਕਿਸ਼ਤ ਹੋ ਚੁੱਕੀ ਸੀ। ਹਉਮੇਂ ਅਤੇ ਈਰਖਾ ਦਾ ਬੋਲਬਾਲਾ ਸੀ। ਕੋਈ ਕਿਸੇ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਤੇ ਨਾ ਹੀ ਉੱਚੇ ਨੀਵੇਂ ਦੇ ਹਿਸਾਬ ਨਾਲ ਪੇਸ਼ ਆਇਆ ਜਾਂਦਾ ਸੀ। ਭਾਈ ਸਾਹਿਬ ਦੀ ਇਸ ਪਉੜੀ ਨੰਬਰ ਸੱਤ ਵਿਚ ਆਦਮੀ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਛਿੜਿਆ ਜਦੋਂ ਕਿ ਉਪਰੋਕਤ ਤਿੰਨਾਂ ਜੁੱਗਾਂ ਵਿਚ ਉਮਰ ਦਾ ਵੇਰਵਾ ਹੈ। ਭਾਵੇਂ ਇਸ ਪਉੜੀ ਵਿਚ ਉਮਰ ਨਿਸ਼ਚਿਤ ਨਹੀਂ ਕੀਤੀ ਗਈ ਪਰ ਮਨੂ ਸਮਿਤੀ ਦੇ ਰਚੇਤ ਮਨੂ ਨੇ ਆਦਮੀ ਦੀ ਉਮਰ 100 ਸਾਲ ਨਿਸ਼ਚਿਤ ਕੀਤੀ ਹੈ। ਸੇ ਉਸ ਅਨੁਸਾਰ ਆਰਜਾ (ਉਮਰ) ਘਟ ਕੇ ਸੌ ਵਰ੍ਹੇ ਰਹਿ ਗਈ ਤੇ ਅਗੋਂ ਮਨੂ ਜਾਂ ਆਰੀਅਨ ਲੋਕਾਂ ਦੁਆਰਾ ਇਸੇ ਉਮਰ ਨੂੰ ਮੰਨਿਆ ਗਿਆ ਹੈ।
ਕਲਿਜੁਗ ਚਉਥਾ ਥਾਪਿਆ ਸੂਦ ਬਿਰਤਿ ਜਗ ਮਹਿ ਵਰਤਾਈ॥
ਕਰਮੁ ਸੁਰਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸੁਕਚਾਈ॥
ਮਾਇਆ ਮੋਹੀ ਮੇਦਨੀ ਕਲਿ ਕਲਿਵਾਲੀ ਸਭ ਭਰਮਾਈ॥
ਉਠੀ ਗਿਲਾਨਿ ਜਗਤਿ ਵਿਚਿ ਹਉਮੈ ਅੰਦਰਿ ਜਲੈ ਲੁਕਾਈ॥
ਕੋਇ ਨ ਕਿਸੇ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ॥
ਭਏ ਬਿਅਦਲੀ ਪਾਤਸ਼ਾਹ ਕਲਿ ਕਾਤੀ ਉਮਰਾਇ ਕਸਾਈ॥
ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ॥
ਕਰਮ ਭ੍ਰਿਸਟਿ ਸਭਿ ਭਈ ਲੋਕਾਈ॥ (ਪਉੜੀ ੭)
ਹੁਣ ਏਥੇ ਨੋਟ ਕਰਨ ਵਾਲੀ ਗੱਲ ਹੈ ਕਿ ਜਿੱਥੇ ਪਉੜੀ ਨੰ. 5 ਅਤੇ 6 ਵਿਚ ਸਤਿਜੁੱਗ, ਤ੍ਰੇਤਾ ਅਤੇ ਦੁਆਪਰ ਜੁੱਗਾਂ ਵਿਚ ਹੋਏ ਅਵਤਾਰਾਂ (ਵਿਸ਼ਨੂੰ ਹੰਸ ਰੂਪ ਵਿਚ, ਰਾਮ, ਕ੍ਰਿਸ਼ਨ) ਦਾ ਵਰਣਨ ਹੈ ਪਰ ਪਉੜੀ ਨੰ. 7 ਵਿਚ ਕਲਿਜੁਗ ਵਿਚ ਹੋਏ ਕਿਸੇ ਅਵਤਾਰ ਦਾ ਜ਼ਿਕਰ ਹੀ ਨਹੀਂ ਸਗੋਂ ਲੋਕਾਈ ਵਿਚ ਧਾਰਮਿਕ ਅਤੇ ਨੈਤਿਕ ਗਿਰਾਵਟ ਦਾ ਵੇਰਵਾ ਹੈ। ਪਰ ਪਉੜੀ ਨੰ. 18 ਵਿਚ ਜਾ ਕੇ ਭੇਦ ਖੁੱਲ੍ਹਦਾ ਹੈ ਕਿ ਕਲਿਜੁੱਗ ਵਿਚ ਬੁੱਧ (ਕਲਿਜੁਗਿ ਬੋਧ ਅਉਤਾਰ ਹੈ, ਬੋਧ ਅਬੋਧ ਨ ਦ੍ਰਿਸ਼ਟੀ ਆਵੈ) ਦਾ ਅਵਤਾਰ ਹੋਇਆ ਸੀ। ਹੁਣ ਏਤੇ 'ਬੁੱਧ ਸੰਬੰਧੀ ਵਿਦਵਾਨਾਂ ਵਿਚ ਕਈ ਮੱਤਭੇਦ ਹਨ। ਕਈ ਬੁੱਧ ਤੋਂ ਭਾਵ ਮਹਾਤਮਾ ਬੁੱਧ ਤੋਂ ਲੈਂਦੇ ਹਨ ਤੇ ਕਈ ਵਿਦਵਾਨ 'ਗਿਆਨ' ਤੋਂ ਹੀ ਲੈਂਦੇ ਹਨ। ਡਾ. ਦਲੀਪ ਸਿੰਘ ਦੀਪ ਅਤੇ ਪੰਡਿਤ ਨਰੈਣ ਸਿੰਘ ਜੀ ਗਿਆਨੀ ਬੁੱਧ ਤੋਂ ਭਾਵ 'ਗਿਆਨ' ਨੂੰ ਹੀ ਲੈਂਦੇ ਹਨ ਤੇ ਆਖਦੇ ਹਨ ਕਿ ਬੇਸ਼ੱਕ ਇਸ ਜੁੱਗ ਵਿਚ ਬੁੱਧ (ਗਿਆਨ) ਦਾ ਅਵਤਾਰ ਹੋਇਆ ਹੈ ਪਰ ਲੋਕਾਂ ਵਿਚ ਚੰਗੇ ਮੰਦੇ ਦਾ ਨਿਤਾਰਾ ਕਰਨ ਵਾਲੀ ਬੁੱਧ ਨਹੀਂ ਸੀ। ਸੋ ਸਾਨੂੰ ਇਨ੍ਹਾਂ ਦੋਹਾਂ ਵਿਦਵਾਨਾਂ ਦੀਆਂ ਧਾਰਨਾਵਾਂ ਵਿਚ ਵਜ਼ਨ ਜਾਪਦਾ ਹੈ ਕਿਉਂਕਿ ਅੱਗੇ ਜਾ ਕੇ ਇਸ ਵਾਰ ਦੀਆਂ ਕੁਝ ਪੰਕਤੀਆਂ ਵਿਚ ਇਸ ਜੁੱਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਹੀ ਪ੍ਰਮਾਣਿਤ ਹੁੰਦੇ ਹਨ। ਜਿਵੇਂ ਪਉੜੀ ਨੰ. 38 ਅਤੇ 48 ਦੀਆਂ ਪੰਕਤੀਆਂ ਸਪੱਸ਼ਟ ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਰਿਤ ਹੋਣ ਦਾ ਹੀ ਸੰਕੇਤ ਕਰਦੀਆਂ ਹਨ।
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥ (ਪਉੜੀ ੩੮)
ਕਲਿਜੁਗ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ॥
ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ॥ (ਪਉੜੀ ੪੮)
ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਪਉੜੀ ਨੰ. 35 ਦੀ ਇੱਕ ਪੰਕਤੀ ਵਿਚ ਸਪੱਸ਼ਟ 'ਅਵਤਾਰ' ਪਦ ਦੀ ਵਰਤੋਂ ਤਾਂ ਨਹੀਂ ਕਰਦੇ ਪਰ ਜਦੋਂ ਰੱਬਾਬੀ ਮਰਦਾਨਾ ਬਗ਼ਦਾਦ (ਈਰਾਕ ਦਾ ਸ਼ਹਿਰ) ਵਿਚ ਜਾ ਕੇ ਪੀਰ ਦਸਤਗੀਰ ਦੇ ਪ੍ਰਸ਼ਨ ਦੇ ਪ੍ਰਸੰਗ ਵਿਦ ਆਖਦਾ ਹੈ ਕਿ ਕਲਿਜੁੱਗ ਵਿਚ ਧੰਨ ਗੁਰੂ ਨਾਨਕ ਦੇਵ ਜੀ ਆਏ ਹਨ ਜੋ ਰੱਬ ਦੇ ਹੀ ਰੂਪ ਹਨ ਤਾਂ ਵੀ ਉਹ 'ਅਵਤਾਰ' ਹੀ ਸਿੱਧ ਕਰਦੇ ਹਨ-
ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰ ਕਿਸ ਦਾ ਘਰਿਆਨਾ॥
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇੱਕੋ ਪਹਿਚਾਨਾ॥ (ਪਉੜੀ ੩੫)
ਸਾਡੇ ਉਪਰੋਕਤ ਕਥਨ ਨੂੰ ਹੋਰ ਵੀ ਮਜ਼ਬੂਤੀ ਮਿਲਦੀ ਹੈ ਜਦੋਂ ਪੰਡਿਤ ਨਰੈਣ ਸਿੰਘ ਜੀ ਗਿਆਨੀ ਆਪਣੀ ਸਟੀਕ ਵਿਚ ਵੀ ਉਪਰੋਕਤ ਇਸ ਪੰਕਤੀ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਦੀ ਅਵਤਾਰੀ ਪੁਰਸ਼ ਵਜੋਂ ਹੀ ਕਰਦੇ ਹਨ। ਉਹ ਲਿਖਦੇ ਹਨ- "ਇਸ ਦੇ ਉੱਤਰ ਵਿਚ ਮਰਦਾਨੇ ਨੇ ਕਿਹਾ। ਇਹ ਗੁਰੂ ਨਾਨਕ ਦੇਵ ਕਲਿਜੁੱਗ ਵਿਚ ਅਵਤਾਰ ਆਇਆ ਹੈ। ਇਸ ਨੇ ਹੋਰ ਫਕੀਰਾਂ ਨੂੰ ਰੱਦ ਕਰਕੇ ਇੱਕ ਵਾਹਿਗੁਰੂ ਨੂੰ ਹੀ ਪਛਾਣਿਆ ਹੈ।" (ਵਾਰਾਂ ਭਾਈ ਗੁਰਦਾਸ, ਸਟੀਕ, ਪੰਨਾ 41) ਇੱਥੇ ਇੱਕ ਗੱਲ ਹੋਰ ਨੰਟ ਕਰਨ ਵਾਲੀ ਹੈ ਕਿ ਭਾਈ ਸਾਹਿਬ ਸਤਿਗੁਰੂ ਜਾਂ ਗੁਰੂ ਪਦ ਦੀ ਵਰਤੋਂ ਕਰਦੇ ਹਨ।
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ॥
ਕਲਿ ਤਾਰਣਿ ਗੁਰੁ ਨਾਨਕ ਆਇਆ॥
ਤੇ ਗੁਰਬਾਣੀ ਵਿਚ ਗੁਰੂ ਅਤੇ ਪ੍ਰਮਾਤਮਾ ਵਿਚ ਕੋਈ ਅੰਤਰ ਨਹੀਂ। ਦੋਵੇਂ ਇੱਕ ਰੂਪ ਹੀ ਹਨ। ਮਾਨੇ ਪਰਮਾਤਮਾ ਘਰ ਹੋਵੇ ਤੇ ਗੁਰੂ ਉਸ ਘਰ ਦਾ ਦਰਵਾਜ਼ਾ ਜਿਸ ਰਾਹੀਂ ਲੰਘ ਕੇ ਗੁਰਮੁਖ ਨੇ ਘਰ ਜਾਣਾ ਹੈ। ਪਉੜੀ ਨੰ. 17 ਗੁਰੂ ਪਰਮੇਸ਼ਰ ਨੂੰ ਇੱਕ ਰੂਪ ਮੰਨਕੇ ਗੁਰੂ ਹੀ ਅਵਤਾਰ ਧਾਰ ਕੇ ਅਗਿਆਨ ਦਾ ਅੰਧਕਾਰ ਮਿਟਾਉਣ ਆਉਂਦਾ ਹੈ।
ਸਤਿਗੁਰ ਬਾਝ ਨ ਬੁਝੀਐ ਜਿਚਰ ਧਰੇ ਨ ਪ੍ਰਭੁ ਅਵਤਾਰਾ॥
ਗੁਰ ਪਰਮੇਸ਼ਰ ਇੱਕ ਹੈ ਸਚਾ ਸਾਹ ਜਗਤ ਬਣਜਾਰਾ॥ (ਪਉੜੀ ੧੭)
ਭਾਈ ਸਾਹਿਬ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਤਾਂ ਆਪਣੇ ਇੱਕ ਦੋਹਿਰੇ ਵਿਚ 'ਪਾਰਬ੍ਰਹਮ ਪੂਰਨ ਬ੍ਰਹਮ' ਆਦਿ ਦਾ ਦਰਜ਼ਾ ਦਿੱਤਾ ਹੈ ਤਾਂ ਫਿਰ ਗੁਰੂ ਨਾਨਕ ਦੇਵ ਜੀ ਅਵਤਾਰੀ ਪੁਰਸ਼ ਕਿਉਂ ਨਾ ਹੋਏ।
ਦੋਹਿਰਾ
ਅਗਮ ਅਪਾਰ ਅਨੰਤ ਗੁਰ, ਅਵਿਗਤਿ ਅਲਖ ਅਭੇਵ ॥
ਪਾਰਬ੍ਰਹਮ ਪੂਰਨ ਬ੍ਰਹਮ, ਸਤਿਗੁਰ ਨਾਨਕ ਦੇਵ॥
ਹੋਰ ਤਾਂ ਹੋਰ ਅਵਤਾਰ (ਰੱਬ) ਖੁਦ ਮਨੁੱਖੀ ਜਾਮੇ (ਕ੍ਰਿਸ਼ਨ) ਵਿਚ ਆਉਂਦਾ ਹੈ ਤੇ ਅਵਤਾਰੀ ਪੁਰਸ਼ ਪਰਮਾਤਮਾ ਵਲੋਂ ਭੇਜਿਆ ਜਾਂਦਾ ਹੈ। ਉਦਾਹਰਣਾਂ ਅਸੀਂ ਇਸੇ ਅਧਿਆਇ ਵਿਚ ਅਸੀਂ ਦੇ ਆਏ ਹਾਂ। ਇੱਥੇ ਇੱਕ ਗੱਲ ਬੜੀ ਗੰਭੀਰ ਹੋ ਕੇ ਨੋਟ ਕਰਨੀ ਪਵੇਗੀ ਕਿ ਸਿੱਖ ਧਰਮ ਅਵਤਾਰਵਾਦ ਵਿਰੋਧੀ ਹੈ। ਇਸੇ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੀ ਥਾਂ ਅਵਤਾਰੀ ਪੁਰਸ਼ ਕਿਹਾ ਹੈ ਕਿਉਂਕਿ ਉਨ੍ਹਾਂ ਵਿਚ ਅਵਤਾਰ ਜਾਂ ਪਾਰਬ੍ਰਹਮ ਵਾਲੇ ਗੁਣ ਸਨ। ਇਥੇ ਸਾਨੂੰ ਡਾ. ਦਲੀਪ ਸਿੰਘ ਦੀਪ ਦੀ 'ਅਵਤਾਰ' ਪਦ ਉਪਰ ਕੀਤੀ ਟਿੱਪਣੀ ਬਹੁਤ ਹੀ ਸਾਰਥਕ ਪ੍ਰਤੀਤ ਹੁੰਦੀ ਹੈ। ਡਾ. ਦੀਪ ਲਿਖਦੇ ਹਨ- "ਜਿਨ੍ਹਾਂ ਤੁਕਾਂ ਵਿਚ ਭਾਈ ਸਾਹਿਬ ਆਪਣੇ ਨਾਇਕ ਗੁਰੂ ਨਾਨਕ ਨੂੰ ਪਰਮੇਸ਼ਵਰ ਦਾ ਅਵਤਾਰ ਆਖਦੇ ਹਨ, ਉਥੇ ਉਨ੍ਹਾਂ ਦਾ ਇਹ ਭਾਵ ਬਿਲਕੁਲ ਨਹੀਂ ਕਿ ਸਚਮੁੱਚ ਹੀ ਪਰਮੇਸ਼ਰ ਉਨ੍ਹਾਂ ਦੇ ਸਰੀਰ ਵਿਚ ਅਵਤਾਰ ਧਾਰ ਕੇ ਆਇਆ ਸੀ। ਭਾਈ ਸਾਹਿਬ ਨੇ ਜਿਥੇ ਪਰਮੇਸ਼ਰ ਕਹਿ ਕੇ ਵਡਿਆਈ ਕੀਤੀ ਹੈ, ਉਥੇ ਇਹੋ ਹੀ ਭਾਵ ਹੈ ਕਿ ਉਹ ਪਰਮੇਸ਼ਰ ਰੂਪ ਹਨ। ਪਰਮੇਸ਼ਰ ਦੇ ਗੁਣ ਉਨ੍ਹਾਂ ਵਿਚ ਵਿਦਮਾਨ ਹੋਣ ਕਰਕੇ ਉਹ ਉਹੋ ਜਿਹੇ ਹਨ। ਜੇ ਅਸੀਂ ਕਿਸੇ ਬਹਾਦਰ ਦੀ ਦਲੇਰੀ ਤੇ ਰੂਪਕ ਵਰਤਦੇ ਕਹਿੰਦੇ ਹਾਂ ਕਿ 'ਉਹ ਸ਼ੇਰ ਹੈ। ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਚਮੁੱਚ ਹੀ ਸ਼ੇਰ ਹੈ। ਸ਼ੇਰਾਂ ਵਾਲਾ ਗੁਣ ਉਸ ਅੰਦਰ ਵੇਖ ਕੇ ਉਨ੍ਹਾਂ ਨੂੰ ਸ਼ੇਰ ਕਹਿ ਦਿੱਤਾ ਜਾਂਦਾ ਹੈ। ਉਂਝ ਵੀ ਜੇਕਰ ਵੇਖਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਕਰਦੀ ਹੈ ਕਿ ਜਿਥੇ ਹਿੰਦੂ ਧਰਮ ਕਰਮ ਸਾਧਨਾ (ਕਰਮ ਯੋਗ) ਨੂੰ ਮਹੱਤਵ ਦਿੰਦਾ ਹੈ, ਉਥੇ ਜੈਨ ਅਤੇ ਬੁੱਧ ਧਰਮ ਗਿਆਨ ਸਾਧਨਾ (ਗਿਆਨ ਯੋਗ) ਉੱਪਰ ਵੀ ਬਲ ਦਿੰਦਾ ਹੈ ਤੇ ਗਿਆਨ ਵਿਚ ਅਹਿੰਸਾ ਨੂੰ ਪ੍ਰਮੁੱਖ ਸਥਾਨ ਹਾਸਿਲ ਹੈ। ਗੂੜ ਗਿਆਨ ਆਮ ਲੋਕਾਂ ਦੀ ਸਮਝ ਤੋਂ ਬਾਹਰ ਦਾ ਯੋਗ ਸੀ। (ਬੋਧ ਅਬੋਧ ਨ ਨਜ਼ਰੀ ਆਵੈ) ਸਿੱਖ ਧਰਮ ਜੋ
ਭਾਈ ਗੁਰਦਾਸ ਜੀ ਦੇ ਵਕਤਾਂ ਵਿਚ ਵਿਕਸਿਤ ਹੋ ਰਿਹਾ ਸੀ। ਉਸ ਨੇ ਕਰਮ ਸਾਧਨਾ ਅਤੇ ਗਿਆਨ ਸਾਧਨਾ ਵਿਚ ਭਾਵ (ਭਾਉ) ਸਾਧਨਾ ਨੂੰ ਸ਼ਾਮਿਲ ਕਰ ਲਿਆ। ਭਾਉ ਸਾਧਨਾ (ਪ੍ਰੇਮ ਭਗਤੀ) ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚ ਬਹੁਤ ਮਿਲਦਾ ਹੈ। ਭਾਈ ਸਾਹਿਬ ਮੁਤਬਿਕ ਪ੍ਰੇਮਾ ਭਗਤੀ ਤੋਂ ਕੀ ਵੇਦਾਂਤੀ ਤੇ ਕੀ ਧਰਮ ਕਰਮ ਕਰਨ ਵਾਲੇ ਸਾਰੇ ਸੱਖਣੇ ਸਨ ਭਾਵੇਂ ਇਨ੍ਹਾਂ ਵੇਦਾਂ ਅਤੇ ਸਮ੍ਰਿਤੀਆਂ ਜ਼ਰੂਰ ਕੰਠ ਕੀਤੀਆਂ ਹੋਈਆਂ ਸਨ। ਪ੍ਰੇਮਾ ਭਗਤੀ ਤੋਂ ਸਖਣੇ ਇਹ ਆਪਣੇ ਆਪ ਨੂੰ ਬ੍ਰਹਮ ਦਰਸਾ ਕੇ ਆਪਣੀ ਪੂਜਾ ਵੀ ਕਰਾਂਦੇ ਸਨ-
ਆਪਿ ਪੁਜਾਇ ਜਗਤਿ ਵਿਚਿ ਭਾਉ ਭਗਤਿ ਦਾ ਮੁਰਮੁ ਨ ਪਾਇਆ॥
ਭਾਉ ਭਗਤਿ ਗੁਰਪੂਰਬਿ ਕਰਿ ਨਾਮੁ ਦਾਨੁ ਇਸਨਾਨ ਦ੍ਰਿੜਾਇਆ॥ (ਪਉੜੀ ੯)
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ। (ਪਉੜੀ २८)
ਪੁਰਬ ਧਰਮਿ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ ॥
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦ ਸਿੰਮ੍ਰਿਤਿ ਪੜਿ ਪੇਖੈ॥ (ਪਉੜੀ)
ਸੋ ਸਾਡਾ ਕਹਿਣ ਦਾ ਭਾਵ ਹੈ ਕਿ ਜੇਕਰ 'ਮਹਾਤਮਾ ਬੁੱਧ ਵੱਲ ਕੀਤੇ ਮੌਕੇਤ ਨੂੰ ਵੀ ਮੰਨ ਲਈਏ ਤਾਂ ਵੀ 'ਗਿਆਨ ਸਾਧਨਾ' ਵਾਲਾ ਸੰਕਲਪ ਹੀ ਉਭਰਦਾ ਹੈ ਕਿ ਗਿਆਨ ਸਾਧਨਾ ਦੀ ਪ੍ਰਧਾਨਤਾ ਹੋਣ ਦੇ ਬਾਵਜੂਦ ਵੀ ਲੋਕੀਂ ਗਿਆਨ ਵਿਹੂਣੇ ਸਨ ਜੋ ਮਨ ਆਇਆ ਉਹ ਕਰੀ ਜਾ ਰਹੇ ਸਨ। ਇਸ ਕਰਕੇ ਮਹਾਤਮਾ ਬੁੱਧ ਨੂੰ ਕਲਿਜੁੱਗ ਦਾ ਅਵਤਾਰ ਮੰਨਣਾ ਵਾਜਬ ਨਹੀਂ ਜਾਪਦਾ।
ਉਪਰੋਕਤ ਚਾਰ ਜੁੱਗਾਂ ਦੀ ਵਿਆਖਿਆ ਕਰਨ ਉਪਰੰਤ ਹਰ ਜੁੱਗ ਦੀ ਰਲੀ ਮਿਲੀ ਪ੍ਰਤੀਕ੍ਰਿਆ ਪ੍ਰਾਪਤ ਹੁੰਦੀ ਹੈ। ਜਿੱਥੇ ਭਾਈ ਸਾਹਿਬ ਨੇ ਕਲਿਜੁੱਗ ਦੀ ਤਸਵੀਰਕਸ਼ੀ ਕਰਦਿਆਂ ਇਸ ਨੂੰ ਗਿਲਾਨੀ ਭਰਿਆ ਦਰਸਾਇਆ ਹੈ। ਉੱਥੇ ਇੱਕ ਪੱਖੋਂ ਵਿਲੱਖਣ ਲੱਛਣ ਵੀ ਦਰਸਾਇਆ ਹੈ ਕਿ ਇਸ ਜੁੱਗ ਵਿਚ ਜਿਹੜਾ ਆਦਮੀ ਜੋ ਕਰਦਾ ਸੀ, ਉਹ ਹੀ ਭਰਦਾ ਸੀ ਅਰਥਾਤ ਜੋ ਕਰੇ ਸੋ ਭਰੇ। ਜੋ ਗਲਤੀ ਕਰੇ, ਸਜ਼ਾ ਉਸ ਨੂੰ ਹੀ ਮਿਲਣੀ ਚਾਹੀਦੀ ਹੈ, ਹੋਰ ਕਿਸੇ ਨੂੰ ਨਹੀਂ। ਪਰ ਸਤਿਜੁਗ, ਤਰੇਤਾ ਅਤੇ ਦੁਆਪਰ ਜੁੱਗ ਦਾ ਦਸਤੂਰ ਹੀ ਹੋਰ ਸੀ। ਸਤਿਜੁੱਗ ਵਿਚ ਜੇ ਕੋਈ ਅਪਰਾਧ ਕਰਦਾ ਸੀ ਤਾਂ ਉਸ ਦੀ ਸਜ਼ਾ ਉਸ ਦੇ ਜਗਤ ਜਾਂ ਦੇਸ਼ ਨੂੰ ਵੀ ਭੁਗਤਣੀ ਪੈਂਦੀ ਸੀ। ਤਰੇਤੇ ਵਿਚ ਅਪਰਾਧੀ ਦੇ ਕੀਤੇ ਕੁਕਰਮ ਦੀ ਸਜਾ ਸਾਰੇ ਸ਼ਹਿਰ ਨੂੰ ਦਿੱਤੀ ਜਾਂਦੀ ਸੀ। ਦੁਆਪਰ ਵਿਚ ਅਪਰਾਧੀ ਦੇ ਅਪਰਾਧਕ ਕੰਮ ਬਦਲੇ ਸਜ਼ਾ ਉਸ ਦੇ ਸਮੁੱਚੇ ਪਰਿਵਾਰ ਨੂੰ ਮਿਲਦੀ ਸੀ ਪਰ ਕਲਿਜੁੱਗ ਵਿਚ ਆ ਕੇ ਇਹ ਵਿਧੀ ਵਿਧਾਨ ਬਿਲਕੁਲ ਬਦਲ ਕੇ ਨਿਆਂਕਾਰੀ ਵੀ ਹੋ ਗਿਆ। ਕਲਿਜੁਗ ਵਿਚ ਜੋ ਅਪਰਾਧਕ ਪਿਛੋਕੜ ਦਾ ਵਿਅਕਤੀ ਸੀ, ਉਸ ਦੇ ਵੰਸ਼ ਦੀ ਬਜਾਏ। ਉਸ ਨੂੰ ਹੀ ਸਜਾ ਦਿੱਤੀ ਜਾਂਦੀ।
ਸਤਿਜੁਗ ਦਾ ਅਨਿਆਇ ਸੁਣਿ ਇੱਕ ਵੇੜੇ ਸਭ ਜਗਤੁ ਮਰਾਵੈ ॥
ਤੇਤੇ ਨਗਰੀ ਪੀੜੀਐ ਦੁਅਪਰਿ ਵੰਞੁ ਕੁਵੰਸੁ ਕਹਾਵੈ॥
ਕਲਿਜੁਗ ਜੋ ਫੇੜੇ ਸੋ ਪਾਵੈ ॥ (ਪਉੜੀ ੧੩)
ਵਿਸ਼ੇ ਪੱਖ ਦੇ ਸੰਦਰਭ ਵਿਚ ਧੰਨ ਗੁਰੂ ਨਾਨਕ ਦੇਵ ਜੀ ਦੇ ਵਕਤਾਂ ਵਿਚ ਜੋ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਵਿਵਸਥਾ ਸੀ, ਉਸ ਵਿਵਸਥਾ ਦਾ ਸੰਚਾਲਨ ਧਾਰਮਿਕ ਸੰਕਪਲ ਹੀ ਕਰ ਰਹੇ ਸਨ। ਭਾਵੇਂ ਇਨ੍ਹਾਂ ਧਾਰਮਿਕ ਸੰਕਲਪਾਂ ਨੂੰ ਮਜ਼ਬੂਤੀ ਰਾਜਨੀਤਕ ਲੋਕ ਹੀ ਪ੍ਰਦਾਨ ਕਰ ਰਹੇ ਸਨ। ਪਿਛਲੇ ਪੰਨਿਆਂ 'ਤੇ ਜੋ ਵੀ ਸਮਾਜਿਕ, ਰਾਜਨੀਤਕ ਜਾਂ ਸਭਿਆਚਾਰਕ ਵਿਚਾਰਾਂ ਹੋਈਆਂ ਹਨ। ਉਨ੍ਹਾਂ ਵਿਚਾਰਾਂ ਨੂੰ ਧਾਰਮਿਕ ਪੈਂਤੜੇ ਤੋਂ ਵੀ ਵੇਖਿਆ ਜਾ ਸਕਦਾ ਹੈ। ਪਰ ਫਿਰ ਵੀ ਭਾਈ ਗੁਰਦਾਸ ਜੀ ਦੀ ਜ਼ੁਬਾਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੇਕਰ ਦੇ ਪ੍ਰਮੁੱਖ ਫਿਰਕੇ ਇੱਕ-ਦੂਜੇ ਪ੍ਰਤੀ ਵੈਰ- ਵਿਰੋਧ ਰੱਖਦੇ ਹਨ ਤਾਂ ਉਨ੍ਹਾਂ ਪਿੱਛੇ ਵੀ ਧਾਰਮਿਕ ਕੱਟੜਤਾ ਹੀ ਸੀ। ਕਿਸੇ ਦਾ ਰਾਮ ਵੱਡਾ ਸੀ ਤੇ ਕਿਸੇ ਦਾ ਰਹੀਮ। ਕਹਿਣ ਦਾ ਭਾਵ ਇੱਕੋ ਰੱਬ ਦੇ ਦੋ ਨਾਂ ਤੇ ਦੋ ਨਾਵਾਂ ਨੂੰ ਹੀ ਵਿਰੋਧ ਵਿਚ ਖੜ੍ਹਾ ਕਰ ਦਿੱਤਾ ਗਿਆ।
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇੱਕੁ ਥਾਇ ਖਲੋਈ॥
ਰਹਿ ਮੈਤਾਨੀ ਦੁਨੀਆ ਗਈ॥ (ਪਉੜੀ ੩੩)
ਵਾਰ-ਸ਼ੈਲੀ ਦੀ ਵਿਸ਼ੇਸ਼ਤਾ ਨੂੰ ਜਾਣਦਿਆਂ ਭਾਈ ਗੁਰਦਾਸ ਜੀ ਦਸਦੇ ਹਨ ਕਿ ਉਸ ਸਮੇਂ ਦੇ ਜੋਗੀ ਹੀ ਭਟਕੇ ਹੋਏ ਨਹੀਂ ਸਨ ਜੋ ਉਨ੍ਹਾਂ ਦਾ ਸ਼ਿਕਾਰ ਸਨ, ਉਹ ਵੀ ਵਿਖਾਵੇ ਦੇ ਧਾਰਮਿਕ ਲੋਕ ਸਨ ਜਿਵੇਂ-
ਭਗਤੀਆਂ ਪਾਈ ਭਗਤਿ ਆਣਿ ਲੋਟਾ ਜੋਗੀ ਲਾਇਆ ਛਪਾਈ॥
ਭਗਤੀਆਂ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ॥ (ਪਉੜੀ ੩੯)
ਭਗਤੀਆਂ ਤੋਂ ਕਈ ਲੋਕ ਕੀਰਤਨ ਕਰਨ ਵਾਲੇ ਲੈਂਦੇ ਹਨ ਪਰ ਜਿਨ੍ਹਾਂ ਦੀ ਸੁਰਤ ਮਾਇਆ ਨਾਲ ਭਰੇ ਲੋਟੇ ਵਿਚ ਹੋਵੇ। (ਲੋਟੇ ਅੰਦਰਿ ਸੁਰਤਿ ਭੁਲਾਈ) ਉਹ ਗੁਰੂ ਘਰ ਦੇ ਕੀਰਤਨੀਏ ਨਹੀਂ ਹੋ ਸਕਦੇ। ਉਹ ਤਾਂ ਰਾਸਧਾਰੀਏ ਹੀ ਹੋ ਸਕਦੇ ਹਨ ਜੋ ਮਾਇਆ ਦੀ ਆੜ ਵਿਚ ਧਾਰਮਿਕ ਕੌਤਕਾਂ ਦਾ ਪਾਖੰਡ ਰਚਾ ਰਹੇ ਸਨ। ਇਨ੍ਹਾਂ ਰਾਸਧਾਰੀਆਂ ਦੇ ਨਾਕਾਰੀ ਕਿਰਦਾਰ ਬਾਰੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਖ਼ੁਦ ਲਿਖਦੇ ਸਨ-
ਵਾਇਨ ਚੇਲੇ ਨਚਨਿ ਗੁਰ॥
ਪੈਰ ਹਲਾਇਨ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੇ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨ॥
ਗਾਵਨਿ ਸੀਤਾ ਰਾਜੇ ਰਾਮ॥ (ਆਸਾ ਦੀ ਵਾਰ ਮੁ : ੧)
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਧਾਰਮਿਕ ਵਿਚਾਰਧਾਰਾ ਨੂੰ ਪਹਿਲੀ ਵਾਰ ਵਿਚ ਪੇਸ਼ ਕੀਤਾ ਹੈ, ਉਹ ਸਾਰੀ ਦੀ ਸਾਰੀ ਗੁਰਬਾਣੀ ਆਧਾਰਿਤ ਹੈ। ਗੁਰਬਾਣੀ ਆਧਾਰਿਤ ਦਾ ਅਰਥ ਹੈ ਕਿ ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚ ਧਾਰਮਿਕ ਮੁੱਦੇ 'ਤੇ ਜੋ ਵੀ ਵਿਰੋਧੀ ਧਿਰ ਨਾਲ ਸੰਵਾਦ ਰਚਾਇਆ ਜਾ ਰਿਹਾ ਹੈ, ਉਹ ਵਿਵੇਕ ਉੱਪਰ ਟਿਕਿਆ ਹੋਇਆ ਹੈ। ਈਰਖਾ-ਵੱਸ ਨਾਥ ਜੋਗੀ ਗੁਰੂ ਜੀ ਨੂੰ ਪ੍ਰਸ਼ਨ ਕਰਦੇ ਹਨ, ਜਿਨ੍ਹਾਂ ਦਾ ਜੁਆਬ ਤਰਕ ਨਾਲ ਦਿੱਤਾ ਜਾਂਦਾ ਹੈ—
ਪੁਛੇ ਜੋਗੀ ਭੰਗਰ ਨਾਥ, 'ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ।।
ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ॥
ਭੇਖ ਉਤਾਰਿ ਉਦਾਸਿ ਦਾ ਵਤਿ ਕਿਉਂ ਸੰਸਾਰੀ ਰੀਤ ਚਲਾਈ॥
ਨਾਨਕ ਆਖੇ, ਭੰਗਰ ਨਾਥ ! ਤੇਰੀ ਮਾਉ ਕੁਚਜੀ ਆਹੀ॥
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ॥
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥
ਬਿਨੁ ਦਿਤੇ ਕਛੁ ਹਥਿ ਨ ਆਈ॥ (ਪਾਉੜੀ ४०)
ਸ੍ਰਿਸ਼ਟੀ ਰਚਨਾ ਸੰਕਲਪ
ਭਾਈ ਗੁਰਦਾਸ ਜੀ ਨੇ ਸ੍ਰਿਸ਼ਟੀ ਦੀ ਉਤਪੱਤੀ ਸੰਬੰਧੀ ਜੋ ਧਾਰਨਾਵਾਂ ਦਿੱਤੀਆਂ ਹਨ, ਉਹ ਵੀ ਗੁਰਬਾਣੀ ਆਧਾਰਿਤ ਹੀ ਆਈਆਂ ਹਨ। ਕਹਿਣ ਦਾ ਭਾਵ ਹੈ ਕਿ ਸ੍ਰਿਸ਼ਟੀ ਰਚਨਾ ਦੀ ਵਿਆਖਿਆ ਗੁਰਬਾਣੀ ਨੂੰ ਹੀ ਆਧਾਰ ਬਣਾ ਕੇ ਕੀਤੀ ਗਈ ਹੈ। ਜਦੋਂ ਭਾਈ ਗੁਰਦ-ਸ ਜੀ ਆਖਦੇ ਹਨ ਕਿ ਇਸ ਸੰਸਾਰ ਜਾਂ ਸ੍ਰਿਸ਼ਟੀ ਦੀ ਰਚਨਾ ਉਸ ਅਕਾਲ ਪੁਰਖ ਦੇ ਇੱਕੋ ਫੁਰਨੇ ਅਥਵਾ ਇੱਕੋ ਬੋਲ ਨਾਲ ਹੀ ਹੋਈ ਤਾਂ ਇਸ ਪਿੱਛੇ ਗੁਰੂ ਨਾਨਕ ਦੇਵ ਜੀ ਦਾ ਸੰਕਲਪ ਹੀ ਕੰਮ ਕਰ ਰਿਹਾ ਸੀ।
- ਓਅੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ॥
ਪੰਚ ਤਤ ਪਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ॥ (ਪਾਉੜੀ 8)
ਇਸੇ ਤਰ੍ਹਾਂ ਵਾਰ ਨੰ. 4 ਅਤੇ ਵਾਰ ਨੰ. 25 ਵਿਚ ਵੀ ਭਾਈ ਸਾਹਿਬ ਨੇ ਗੁਰ ਬਾਣੀ ਦੀ ਸੁਰ ਵਿਚ ਸ੍ਰਿਸ਼ਟੀ ਰਚਨਾ ਬਾਰੇ ਲਿਖਿਆ ਹੈ-
— ਓਅੰਕਾਰ ਅਕਾਰ ਕਰ ਪਵਣ ਪਾਣੀ ਬਸੰਤਰ ਧਾਰੇ॥
ਧਰਤਿ ਅਕਾਸ਼ ਵਿਛੋੜਿਅਨ ਚੰਦ ਸੂਰ ਦੇ ਦੋਇ ਜੋਤ ਸਵਾਰੇ॥ (੪/੧)
ਓਅੰਕਾਰ ਅਕਾਰ ਕਰਿ ਇੱਕ ਕਵਾਉ ਪਸਾਉ ਪਸਾਇਆ॥
ਰੋਮ ਰੋਮ ਵਿਚ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਇਆ ॥ (੨੫/੧)
ਇੱਕ ਕਵਾਉ ਪਸਾਉ ਕਰ ਕੁਦਰਤ ਅੰਦਰ ਕੀ ਪਸਾਰਾ॥ (੮/੧)
ਉਪਰੋਕਤ ਸ੍ਰਿਸ਼ਟੀ ਰਚਨਾ ਸੰਬੰਧੀ ਵੱਖ-ਵੱਖ ਵਾਰ ਵਿਚ ਆਏ ਵਿਚਾਰ ਵੀ ਗੁਰਬਾਣੀ ਦੇ ਆਦਰਸ਼ਾਂ ਅਨੁਸਾਰ ਹੀ ਆਏ ਹਨ-
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਜਪੁਜੀ ਸਾਹਿਬ)
ਕਹਿਣ ਦਾ ਭਾਵ ਹੈ ਕਿ ਉਸ ਨੇ (ਅਕਾਲ ਪੁਰਖ) ਆਪਣੇ ਇੱਕ ਫੁਰਨੇ ਨਾਲ ਆਪਣੇ ਆਪ ਨੂੰ ਸਜਾਇਆ ਹੈ ਕਿਉਂਕਿ ਜੋ ਵੀ ਪੰਜਾਂ ਤੱਤਾਂ ਦੀ ਸਿਰਜਣਾ ਹੋਈ ਹੈ, ਉਸ ਵਿਚ ਉਹ ਆਪ ਸਮਾਈ ਬੈਠਾ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿਚ ਲਿਖਦੇ ਹਨ, ਜਿਨ੍ਹਾਂ ਦੀ ਭਾਈ ਗੁਰਦਾਸ ਦੀਆਂ ਪੰਕਤੀਆਂ ਵਿਆਖਿਆ ਕਰਦੀਆਂ ਹਨ-
ਆਪੀਨ੍ਹੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਸ੍ਰਿਸ਼ਟੀ ਰਚਨਾ ਕਿਵੇਂ ਹੋਈ, ਤੋਂ ਪਹਿਲਾਂ ਏਥੇ ਕੀ ਸੀ, ਭਾਈ ਗੁਰਦਾਸ ਜੀ ਦੇ ਵਿਚਾਰ ਇਥੇ ਵੀ ਗੁਰਬਾਣੀ ਦੇ ਆਦਰਸ਼ਾਂ ਦੀ ਵਿਆਖਿਆ ਕਰ ਰਹੇ ਹਨ। ਆਪ ਲਿਖਦੇ ਹਨ ਸੰਸਾਰ ਦੀ ਉਤਪੱਤੀ ਤੋਂ ਪਹਿਲਾਂ ਕੁੱਝ ਵੀ ਨਹੀਂ ਸੀ, ਸਾਰੇ ਪਾਸੇ ਹਨੇਰਾ ਅਰਥਾਤ ਧੁੰਦੂਕਾਰ ਹੀ ਸੀ।
ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ਧੁੰਦ ਕਛੁ ਖਬਰਿ ਨ ਪਾਈ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤੱਤ ਕੀ ਜੜਤ ਜੜਾਈ॥ (ਪਉੜੀ ੨)
ਇਸੇ ਤਰ੍ਹਾਂ ਇੱਕ ਹੋਰ ਵਾਰ ਵਿਚ ਵੀ ਇਹ ਵਿਚਾਰ ਪ੍ਰਗਟ ਹੋਏ ਹਨ-
ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰ ਧੁੰਦੂਕਾਰਾ ॥
ਭਾਈ ਗੁਰਦਾਸ ਜੀ ਦੇ ਇਨ੍ਹਾਂ ਵਿਚਾਰਾਂ ਦਾ ਪਿਛੋਕੜ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਉਨ੍ਹਾਂ ਨੇ ਮਾਰੂ ਸੋਲਹੇ ਵਿਚ ਉਚਾਰੀ ਹੈ। ਗੁਰੂ ਸਾਹਿਬ ਹੋਰਾਂ ਸ੍ਰਿਸ਼ਟੀ-ਰਚਨਾ ਤੋਂ ਪੂਰਵ ਬ੍ਰਹਿਮੰਡ ਵਿਚ ਕੀ ਸੀ, ਲਿਖਦੇ ਹਨ-
ਅਰਬਦ ਨਰਬਦ ਧੁੰਦੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ॥
ਨ ਦਿਨੁ ਰੈਨਿ ਨ ਚੰਦੁ ਨ ਸੁਹਜ ਸੁੰਨਿ ਸਮਾਧਿ ਲਗਾਇਦਾ॥
ਖਾਣੀ ਨਾ ਬਾਣੀ ਪਾਉਣ ਨ ਪਾਣੀ॥ ਉਪਤਿ ਖਪਤਿ ਨ ਆਵਣ ਜਾਣੀ॥
ਖੰਡ ਪਾਤਾਲ ਸਪਤ ਨਹੀਂ ਸਾਗਰ ਨਦੀ ਨ ਨੀਰ ਵਹਾਇਦਾ॥
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਹੋਰ ਥਾਂ ਵੀ ਲਿਖਦੇ ਹਨ-
ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ॥
ਧੰਦੂਕਾਰ ਨਿਰਾਲਮ ਬੈਠਾ ਨ ਤਦਿ ਧੁੰਧ ਪਸਾਰਾ ਹੈ॥
ਉਪਰੋਕਤ ਪ੍ਰਮੁੱਖ ਵਰਤਾਰਿਆਂ ਤੋਂ ਇਲਾਵਾ ਭਾਈ ਸਾਹਿਬ ਗੁਰਬਾਣੀ ਦੇ ਨਕਸ਼ੇ ਕਦਮ 'ਤੇ ਗੁਰੂ ਦੀ ਮਹੱਤਤਾ, ਗੁਰਮੁੱਖ ਦੇ ਲੱਛਣ, ਨਿਮਰਤਾ ਅਤੇ ਸਦਾਚਾਰਕ ਵਰਤਾਰਿਆਂ ਬਾਬਰ ਵੀ ਆਪਣੀਆਂ ਟਿੱਪਣੀਆਂ ਕਰਦੇ ਹਨ। ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਪੰਕਤੀਆਂ ਨੂੰ ਦੇ ਰਹੇ ਹਾਂ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਲੋੜ ਇਸ ਸੰਸਾਰ ਦੇ ਜੀਵਾਂ ਲਈ ਬੇਹੱਦ ਜ਼ਰੂਰੀ ਹੈ।
ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸ ਮੰਤ੍ਰ ਸੁਣਾਯਾ॥ (ਪਹਿਲੀ ਪਉੜੀ)
ਕੁਝ ਹੋਰ ਉਦਾਹਰਣਾਂ :
1. ਸਤਿਗੁਰ ਬਿਨਾ ਨ ਸੋਝੀ ਪਾਈ॥
2. ਸਤਿਗੁਰ ਬਿਨਾ ਨ ਸਹਸਾ ਜਾਵੈ॥
3. ਬਾਝੁ ਗੁਰੂ ਡੁੱਬਾ ਜਗ ਸਾਰਾ॥
4. ਬਾਝ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ॥
5. ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ॥
6. ਬਾਝੁ ਗੁਰੂ ਡੁੱਬਾ ਜਗੁ ਸਾਰਾ।
ਹੁਣ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਧੰਨਗੁਰੂ ਨਾਨਕ ਦੇਵ ਜੀ ਸਾਡੇ ਸਤਿਗੁਰੂ ਹੋਏ ਹਨ ਤੇ ਗੁਰੂ ਜੀ ਦੇ ਵੀ ਕੋਈ ਗੁਰੂ ਹੋਣਗੇ। ਇਸ ਦਾ ਨਤਾਰਾ ਧੰਨ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਬੰਕਿਆਂ ਵਿਚ ਪਾਏ ਬਗੈਰ ਖ਼ੁਦ ਹੀ ਕਰ ਦਿੰਦੇ ਹਨ। ਉਨ੍ਹਾਂ ਦੀ ਆਪਣੀ ਜ਼ੁਬਾਨੀ ਉਨ੍ਹਾਂ ਦਾ ਗੁਰੂ ਪਾਰਬ੍ਰਹਮ ਸੀ-
ਅਪਰੰਪਾਰ ਪਾਰਬ੍ਰਹਮ ਪਰਮੇਸ਼ਰੁ ਨਾਨਕ ਗੁਰ ਮਿਲਿਆ ਸੋਈ ਜੀਉ॥
ਸੋ ਪਾਰਬ੍ਰਹਮ ਨੂੰ ਸਨਮੁਖ ਰੱਖਣ ਵਾਲੇ ਗੁਰਮੁਖ ਗੁਰੂ ਨਾਨਕ ਦੇਵ ਜੀ ਦਾ ਕਲਿਜੁਗ ਵਿਚ ਅਵਤਾਰ ਹੋਇਆ-
- ਗੁਰਮੁਖਿ ਕਲਿ ਵਿਚਿ ਪਰਗਟ ਹੋਆ॥
ਗੁਰੂ ਦੀ ਮਹੱਤਤਾ ਤੋਂ ਇਲਾਵਾ ਭਾਈ ਸਾਹਿਬ ਨੇ ਇੱਕ ਗੁਰਮੁੱਖ ਦੇ ਕੀ ਲੱਛਣ ਹੁੰਦੇ ਹਨ, ਇਸ ਵਾਰ ਦੀਆਂ ਕਈ ਪਉੜੀਆਂ ਵਿਚ ਵਿਅਕਤ ਕੀਤੇ ਹਨ। ਸੋ ਭਾਈ ਸਾਹਿਬ ਗੁਰਮੁਖ ਦੇ ਸੰਕਲਪ ਨੂੰ ਇਸ ਪ੍ਰਕਾਰ ਪ੍ਰਭਾਤ ਕਰਦੇ ਹਨ-
ਗੁਰਭਾਈ ਸੰਤੁਸਟਿ ਕਰਿ ਚਰਨਾਮ੍ਰਿਤੁ ਲੈ ਮੁਖਿ ਪਿਵੇਹੀ॥ (ਪਉੜੀ ੩)
ਗੁਰਮੁਖਿ ਭਾਰਿ ਅਥਰਬਣਿ ਤਾਰਾ॥ ((ਪਉੜੀ ३੮)
ਪਹਿਲੀ ਵਾਰ ਦਾ ਰੂਪਕ ਪੱਖ
ਭਾਈ ਗੁਰਦਾਸ ਪੰਜਾਬੀ ਭਾਸ਼ਾ ਅਤੇ ਸਾਹਿੱਤ ਦੇ ਜਿਊਂਦੇ ਜਾਗਦੇ ਮਹਾਕੇਸ਼ ਸਨ। ਬੇਸ਼ੱਕ ਉਨ੍ਹਾਂ ਨੇ ਵਾਰਾਂ ਤੋਂ ਇਲਾਵਾ ਹੋਰ ਵੀ ਕਾਵਿ ਰੂਪਾਂ ਅਤੇ ਛੰਦਾਂ 'ਤੇ ਹੱਥ ਅਜ਼ਮਾਈ ਕੀਤੀ ਪਰ ਪੰਜਾਬੀ ਦਾ ਮਿਜਾਜ਼ ਅਤੇ ਇਸ ਦੀ ਸਭਿਆਚਾਰਕ ਗਰਾਮਰ ਦਾ ਅਭਾਸ ਉਸ ਵੇਲੇ ਵਰਤੇ ਵਾਰ ਕਾਵਿ-ਰੂਪ 'ਚੋਂ ਸਾਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਉਸ ਦੀਆਂ 40 ਵਾਰਾਂ 'ਚੋਂ ਪਹਿਲੀਆਂ ਦਸ ਵਾਰਾਂ ਅਜਿਹੀਆਂ ਹਨ, ਜਿਸ ਵਿਚ ਬ੍ਰਜ ਭਾਸ਼ਾ ਇਕ ਮਾਤ ਭਾਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਅੰਦਰ ਸਮਾਈ ਹੋਈ ਸੀ। ਹੌਲੀ-ਹੌਲੀ ਬ੍ਰਜ ਭਾਸ਼ਾ ਦਾ ਇਸਤੇਮਾਲ ਮਿਕਦਾਰੀ ਰੂਪ ਵਿਚ ਵਧੇਰੇ ਹੋਇਆ ਹੈ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਵਰ੍ਹਿਆਂ ਅਰਥਾਤ ਅੱਠ ਦਸ ਵਰ੍ਹੇ ਸਿੱਖੀ ਪ੍ਰਚਾਰ ਹਿੱਤ ਆਗਰੇ ਨੂੰ ਕੇਂਦਰ ਬਣਾ ਕੇ ਮਥੁਰਾ, ਬਿੰਦਰਾਬਨ, ਬੁਰਹਾਨਪੁਰ ਅਤੇ ਦਿੱਲੀ ਦੇ ਦੌਰੇ ਕਰਦੇ ਰਹੇ। ਇੰਜ ਬ੍ਰਜ ਭਾਸ਼ਾ ਇੱਕ ਮਾਤ ਭਾਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਅੰਦਰ ਸਮਾਈ ਹੋਈ ਸੀ। ਹੌਲੀ-ਹੌਲੀ ਬ੍ਰਜ ਭਾਸ਼ਾ ਦੀ ਪੁੱਠ ਉਤਰਨੀ ਸ਼ੁਰੂ ਹੋਈ ਤੇ ਪੰਜਾਬੀ ਭਾਸ਼ਾ ਦਾ ਅਕਸ ਉਨ੍ਹਾਂ ਦੀ ਸ਼ਖ਼ਸੀਅਤ ਵਿਚੋਂ ਉਭਰਨ ਲੱਗਾ। ਪਿਛਲੀਆਂ ਤਕਰੀਬਨ ਦਸ ਬਾਰ੍ਹਾਂ ਵਾਰਾਂ ਨਿਰੋਲ ਠੇਠ ਪੰਜਾਬੀ ਵਿਚ ਹਨ।
ਜਿੱਥੋਂ ਤਕ ਪਹਿਲੀ ਵਾਰ ਦਾ ਸੰਬੰਧ ਹੈ, ਪੰਜਾਬੀ ਜੁਬਾਨ ਦੇ ਕਾਫੀ ਨਜ਼ਦੀਕ ਹੈ। ਹਾਲਾਂਕਿ ਭਾਈ ਗੁਰਦਾਸ ਦਾ ਆਲਾ ਦੁਆਰਾ ਗੁਰਬਾਣੀ ਨਾਲ ਰੰਗਿਆ ਪਿਆ ਸੀ। ਗੁਰਬਾਣੀ ਦੀ ਭਾਸ਼ਾ ਉੱਤਰੀ ਭਾਰਤ ਵਿਚ ਸਮੂਹਿਕ ਰੂਪ ਵਿਚ ਬੋਲੀ ਜਾਣ ਵਾਲੀ ਸੰਹ ਭਾਸ਼ਾ ਹੈ। ਗੁਰਬਾਣੀ ਦੇ ਮੁਕਾਬਲੇ ਪੰਜਾਬੀ ਦੇ ਵਧੇਰੇ ਨਜ਼ਦੀਕ ਹੋਣ ਕਰਕੇ ਹੀ ਭਾਈ ਸਾਹਿਬ ਦੀਆਂ ਸਾਰੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਜਾਂਦਾ ਹੈ। ਡਾ. ਦਲੀਪ ਸਿੰਘ ਦੀਪ ਲਿਖਦੇ ਹਨ- "ਸ਼ੁੱਧ ਪੰਜਾਬੀ ਲਿਖਣ ਦੀ ਵਡਿਆਈ ਭਾਈ ਗੁਰਦਾਸ ਜੀ ਨੂੰ ਹੀ ਪ੍ਰਾਪਤ ਹੈ। ਪੰਜਾਬੀ ਦੇ ਜੋ ਕੋਸ਼ ਤਿਆਰ ਹੋਏ ਜਾਂ ਹੋ ਰਹੇ ਹਨ, ਉਨ੍ਹਾਂ ਵਿਚ ਬਹੁਤੀ ਸ਼ਬਦਾਵਲੀ ਦਾ ਆਧਾਰ ਭਾਈ ਗੁਰਦਾਸ ਦੀਆਂ ਵਾਰਾਂ ਹਨ। ਆਪ ਨੂੰ ਪੰਜਾਬੀ ਬੋਲੀ ਦਾ ਉਸਰਈਆ ਆਖਿਆ ਜਾਂਦਾ ਹੈ।" (ਭਾਈ ਗੁਰਦਾਸ-ਭਾਸ਼ਾ ਵਿਭਾਗ, ਪੰਨਾ 40)
ਬੇਸ਼ੱਕ ਭਾਈ ਗੁਰਦਾਸ ਤੋਂ ਪਹਿਲਾਂ ਬਾਬਾ ਫਰੀਦ ਤੇ ਹੋਰ ਪੰਜਾਬੀ ਦੇ ਸੂਫ਼ੀ ਕਵੀਆਂ ਨੇ ਪੰਜਾਬੀ ਦਾ ਮੂੰਹ ਮੱਥਾ ਸੰਵਾਰਨ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਪਰ ਇਹ ਸ਼ਾਇਰ ਲਹਿੰਦੀ ਬੋਲੀ ਤੋਂ ਖਹਿੜਾ ਨਹੀਂ ਸੀ ਛਡਾ ਸਕੇ। ਇਹ ਸਿਹਰਾ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਅਧਿਆਤਮਕ ਅਨੁਭਵਾਂ ਦਾ
ਸੰਚਾਰ ਕੇਂਦਰੀ ਠੇਠ ਪੰਜਾਬੀ 'ਚ ਕੀਤਾ ਖ਼ਾਸ ਕਰਕੇ ਭਾਈ ਸਾਹਿਬ ਖੁਦ ਮਾਝੇ ਦੇ ਵਸਨੀਕ ਸਨ ਤੇ ਬਹੁਤੀ ਉਮਰ ਵੀ ਉਨ੍ਹਾਂ ਨੇ ਇਸ ਖੇਤਰ ਵਿਚ ਗੁਰੂ-ਘਰ ਦੀ ਸੇਵਾ ਕਰਦਿਆਂ ਗੁਜ਼ਾਰੀ। ਕਦੇ ਉਹ ਗੁਰੂ ਸਾਹਿਬਾਨ ਦੇ ਆਦੇਸ਼ ਮੰਨ ਗੁਰੂ ਚੱਕ (ਅੰਮ੍ਰਿਤਸਰ) ਅਤੇ ਕਦੇ ਉਹ ਗੋਇੰਦਵਾਲ ਸਾਹਿਬ ਸੇਵਾ ਕਰਦੇ ਸਨ। ਪਰ ਇਸ ਦਾ ਅਰਥ ਇਹ ਕਦਾਚਿਤ ਨਹੀਂ ਕਿ ਉਹ ਸਿਰਫ ਪੰਜਾਬੀ ਦੇ ਹੀ ਗਿਆਤਾ ਸਨ। ਦੇਸ਼ ਰਟਨ ਤੇ ਰਟਨ ਦੌਰਨ ਧਰਮ ਪ੍ਰਚਾਰ ਹਿੱਤ ਉਨ੍ਹਾਂ ਨੇ ਉਥੋਂ ਦੇ ਇਲਾਕੇ ਦੀ ਬੋਲੀ ਦਾ ਵੀ ਅਧਿਅਨ ਕੀਤਾ ਤਾਂ ਕਿ ਵਿਚਾਰ ਸਹਿਜ ਰੂਪ ਵਿਚ ਸੰਚਾਰਿਤ ਹੋ ਸਕਣ। ਉਨ੍ਹਾਂ ਦੀਆਂ ਸਮੁੱਚੀਆਂ ਰਚਨਾਵਾਂ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਉਹ ਪੰਜਾਬੀ ਤੋਂ ਇਲਾਵਾ ਹਿੰਦੀ, ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਫ਼ਾਰਸੀ ਦੇ ਵੀ ਵਿਦਵਾਨ ਸਨ। ਜਿਥੋਂ ਤੱਕ ਪਹਿਲੀ ਵਾਰ ਦਾ ਸੰਬੰਧ ਹੈ, ਇਸ ਵਿਚ ਪੰਜਾਬੀ ਭਾਸ਼ਾ ਦੇ ਪ੍ਰਭਾਵਸ਼ਾਲੀ ਸਰੋਕਾਰਾਂ ਦੇ ਦਰਸ਼ਨ ਹੁੰਦੇ ਹਨ। ਜੋ ਭਾਸ਼ਾ ਭਾਈ ਸਾਹਿਬ ਨੇ ਇਸ ਵਾਰ ਵਿਚ ਵਰਤੀ ਹੈ, ਉਹ ਮਾਝੇ ਤੇ ਖ਼ਾਸ ਕਰਕੇ ਗੋਇੰਦਵਾਲ ਸਾਹਿਬ ਦੇ ਇਲਾਕੇ ਵਿਚ ਅੱਜ ਵੀ ਲੋਕ ਉਹ ਬੋਲੀ ਬੋਲਦੇ ਸੁਣ ਸਕਦੇ ਹਾਂ। ਭਾਈ ਸਾਹਿਬ ਦੀ ਇਸ ਵਾਰ ਦਾ ਰੂਪਕ ਵਿਵੇਚਨ ਕਰਦਿਆਂ ਕਈ ਤੱਥ ਸਾਹਮਣੇ ਆਉਂਦੇ ਹਨ ਤੇ ਉਹ ਹਨ ਮੁਹਾਵਰੇ ਜਾਂ ਮੁਹਾਵਰੇਮਈ ਤੁਕਾਂ। ਕਿਸੇ ਭਾਸ਼ਾ ਦੀ ਅਮੀਰੀ ਵਾਸਤੇ ਮੁਹਾਵਰੇ ਅਤੇ ਅਖਾਣ ਵੀ ਕੁਝ ਥੰਮਾਂ ਵਿਚੋਂ ਇੱਕ ਹੁੰਦੇ ਹਨ। ਨਿਰਸੰਦੇਹ ਇਸ ਵਾਰ ਵਿੱਚ ਸਿੱਧੇ ਰੂਪ ਵਿਚ ਮੁਹਾਵਰੇ ਜਾਂ ਅਖਾਣਾਂ ਦੀ ਝਲਕ ਨਹੀਂ ਮਿਲਦੀ ਪਰ ਬੀਜ ਰੂਪ ਵਿਚ ਅਧਿਅਨ ਕਰਦਿਆਂ ਅਸੀਂ ਕਹਿ ਸਕਦੇ ਹਾਂ ਕਿ ਵਾਰ ਵਿਚਲੀਆਂ ਕਈ ਤੁਕਾਂ ਮਹਾਵਰਾ ਜਾਂ ਅਖਾਣ ਬਣਨ ਦੇ ਸਮਰੱਥ ਹਨ। ਵਿਸ਼ੇਸ਼ ਕਰਕੇ ਪਉੜੀਆਂ ਦੀ ਅੰਤਿਮ ਤੁਕ ਅੱਧੀ ਰੱਖੀ ਹੈ ਜੋ ਪਉੜੀ ਵਿਚਲੇ ਥੀਮ ਨੂੰ ਉਭਾਰਦੀ ਹੈ, ਉਥੇ ਇਸ ਕਿਸਮ ਦੀ ਤੁਕ ਮੁਹਾਵਰਾ ਜਾਂ ਅਖਾਣ ਬਣਨ ਦੀ ਸਮਰੱਥਾ ਵੀ ਰੱਖਦੀ ਹੈ।
1. ਜੇਹਾ ਬੀਉ ਤੇਹਾ ਫਲ ਪਾਇਆ॥
2. ਕੁਦਰਤ ਇੱਕ ਏਤਾ ਪਾਸਾਰਾ॥
3. ਆਪੋ ਆਪਣੇ ਮਤਿ ਸਭਿ ਗਾਵੈ॥
4. ਸਤਿਗੁਰ ਬਿਨਾ ਨ ਸੋਝੀ ਪਾਈ॥
5. ਸਤਿਗੁਰ ਬਿਨਾ ਨ ਸਹਸਾ ਜਾਇ॥
6. ਅਉਸਰੁ ਚੁਕਾ ਹਥ ਨ ਆਵੈ॥
7. ਚੜੇ ਸੂਰ ਮਿਟ ਜਾਇ ਅੰਧਾਰਾ॥
8. ਤਾ ਕਿਛ ਘਾਲਿ ਪਵੈ ਦਰਿ ਲੇਖੈ॥
9. ਅੰਧੀ ਅੱਧੇ ਖੂਹੇ ਠੇਲੇ
10. ਜ਼ਾਹਰ ਕਲਾ ਨ ਛਪੈ ਛਪਾਈ॥
11. ਉਲਟੀ ਗੰਗ ਵਹਾਇਓਨਿ॥
12. ਬਿਨ ਦਿਤੇ ਕਛੁ ਹਥਿ ਨ ਆਈ॥
13. ਸਤਿ ਨਾਮੁ ਬਿਨੁ ਬਾਦਰਿ ਛਾਈ॥
14. ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ॥
15. ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦਿ ਸਮਾਵੈ॥
16. ਉਲਟੀ ਵਾੜ ਖੇਤ ਕਉ ਖਾਈ॥
ਬਿੰਬਾਤਮਕ ਮੁਹਾਵਰੇ
ਉਪਰੋਕਤ ਮੁਹਾਵਰੇ ਜਾਂ ਅਖਾਣ ਜਿੱਥੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਥੀਮਕ ਸਰੋਕਾਰਾਂ ਨੂੰ ਰੂਪਮਾਨ ਕਰਦੇ ਹਨ, ਉਥੇ ਇਨ੍ਹਾਂ ਮੁਹਾਵਰਿਆਂ ਜਾਂ ਅਖਾਣਾਂ ਦੀ ਬਿੰਬਾਤਮਕ ਪੱਖੋਂ ਵੀ ਬੜੀ ਮਹਾਨਤਾ ਹੈ। ਡਾ. ਦਲੀਪ ਸਿੰਘ ਅਨੁਸਾਰ ਬਿੰਬਾਂ ਦੇ ਮਾਧਿਅਮ ਰਾਹੀਂ ਭਾਈ ਸਾਹਿਬ ਨੇ ਕਈ ਲੁਪਤ ਨੁਕਤੇ ਵਿਅਕਤ ਕੀਤੇ ਹਨ ਜਿਵੇਂ :-
1. ਚੜ੍ਹੇ ਸੁਰ ਮਿਟਿ ਜਾਇ ਅੰਧਾਰਾ॥
2. ਅੰਧੀ ਅੰਧੇ ਖੂਹੇ ਠੇਲੇ॥
3. ਦੁੱਧ ਵਿਚ ਕਿਉਂ ਕਾਂਜੀ ਪਾਈ॥
4. ਉਟੀ ਗੰਗ ਵਹਾਇਓਨਿ
5. ਜੈਸੇ ਪੂਰਬ ਬੀਜਿਆ।
ਭਾਈ ਗੁਰਦਾਸ ਦੀ ਇਸ ਵਾਰ ਤੋਂ ਇਲਾਵਾ ਹੋਰਨਾਂ ਵਾਰਾਂ ਦਾ ਅਧਿਅਨ ਕਰੀਏ ਤਾਂ ਉਨ੍ਹਾਂ ਦੀ ਤੁਕਾਂਤ (ਕਾਫੀਆ) ਪ੍ਰਤੀ ਸੂਝ-ਬੂਝ ਦਾ ਪਤਾ ਚਲਦਾ ਹੈ। ਕਾਸ ਕਰਕੇ ਅਸੀਂ ਉਸ ਦੀ ਤੀਸਰੀ ਵਾਰ ਦੀਆਂ ਵੀਹ ਦੀਆਂ ਵੀਹ ਪਉੜੀਆਂ ਹੀ ਵਿਚਾਰ ਸਕਦੇ ਹਾਂ। ਇਸ ਵਿਚ ਕਾਸ਼ੀਅਤ ਇਹ ਹੈ ਕਿ ਜਿੱਥੇ ਇਸ ਵਾਰ ਦੀਆਂ ਪਉੜੀਆਂ ਦਾ ਤੁਕਾਂਤ ਅੰਤ 'ਤੇ ਮਿਲਦਾ ਹੈ, ਉਥੇ ਹਰ ਤੁਕ ਦੇ ਮੱਧ ਵਿਚ ਵੀ ਤੁਕਾਂਤੀ ਮੇਲ ਹੋਇਆ ਮਿਲਦਾ ਹੈ। ਇਸ ਰੂਪ ਦੀ ਵੰਨ ਸਵੰਨਤਾ ਦੇ ਨਾਲ ਨਾਲ ਇਸ ਤਰ੍ਹਾਂ ਕਰਕੇ ਰਿਦਮ ਦੇ ਆਸਰੇ ਭਾਵ ਜਾਂ ਥੀਮਕ ਏਕਤਾ ਦੇ ਮਹੱਤਵ ਨੂੰ ਵੀ ਪੇਸ਼ ਕੀਤਾ ਹੈ-
ਪੂਰਾ ਸਤਿਗੁਰ ਸਤਿ ਗੁਰਮੁਖਿ ਭਾਲੀਐ॥
ਪੂਰੀ ਸਤਿਗੁਰ ਮਤਿ, ਸਬਦਿ ਸਮਾਲੀਐ॥
ਦਰਗਾਹ ਧੋਈਐ, ਪਤਿ ਹਉਮੇ ਜਾਲੀਐ॥
ਘਰ ਹੀ ਜੋਗ ਜੁਗਤਿ, ਬੈਸਣਿ ਧਰਮਸਾਲੀਐ॥
ਪਾਣੀ ਪੀਹਣ ਘਤਿ, ਸੇਵਾ ਘਾਲੀਐ॥
ਮਸਕੀਨੀ ਵਿਚਿ ਵਤਿ, ਚਾਲੇ ਚਾਲੀਐ॥ (੩/੮)
ਉਪਰੋਕਤ ਤੁਕਾਂਤੀ ਮੇਲ ਵਿਚ ਪ੍ਰਬੀਨ ਕਵੀ ਭਾਈ ਗੁਰਦਾਸ ਜੀ ਬਾਰੇ ਇਹ ਧਾਰਨਾ ਬਣਾ ਸਕਦੇ ਹਾਂ ਕਿ ਉਨ੍ਹਾਂ ਨੂੰ ਪਿੰਗਲ ਉਪਰ ਪੂਰੀ ਤਰ੍ਹਾਂ ਅਥੁਰ ਹਾਸਿਲ ਸੀ।
ਪਿੰਗਲ-ਪ੍ਰਬੀਨਤਾ ਕਰਕੇ ਹੀ ਉਹ ਭਾਵ-ਸੰਸਾਰ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਛੰਦਾਂ ਬੰਦੀ ਵਿਚ ਵਾਧਾ ਘਾਟਾ ਕਰ ਜਾਂਦੇ ਹਨ। ਜਿਵੇਂ ਗ਼ਜ਼ਲ ਵਿਚ ਅਰੂਜ਼ ਮੁਤਾਬਿਕ ਅਸੀਂ ਕਿਸੇ ਵੀ ਸ਼ਬਦ ਦੀ (ਨਾਮ ਸ਼੍ਰੇਣੀ ਵਾਲੇ ਸ਼ਬਦ ਤੋਂ ਬਿਨਾਂ) ਲਗ ਮਾਤਰ ਗਿਰਾ ਕੇ ਵਜ਼ਨ ਪੂਰਾ ਕਰ ਸਕਦੇ ਹਾਂ, ਠੀਕ ਇਸੇ ਤਰ੍ਹਾਂ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਇਸ ਤਰ੍ਹਾਂ ਦੀ ਸੁਵਿਧਾ ਨੂੰ ਮਾਣਿਆ ਹੈ। ਪਰ ਇਸ ਦਾ ਅਰਥ ਇਹ ਕਦਾਚਿਤ ਨਹੀਂ ਕਿ ਉਹ ਵਾਰ ਦੀ ਬਹਿਰ (ਮੀਟਰ) ਅਤੇ ਉਸ ਵਿਚ ਵਰਤੇ ਗਏ ਛੰਦਾਂ ਬਾਰੇ ਅਵੇਸਲੇ ਹੋ ਗਏ ਹੋਣ। ਜਿਸ ਤਰ੍ਹਾਂ ਗ਼ਜ਼ਲ ਲਈ ਛੰਦਾਂ ਬਹਿਰਾਂ, ਜੋ ਉਨ੍ਹਾਂ ਵਾਸਤੇ ਪਿੰਗਲ ਸ਼ਾਸਤਰੀਆਂ (ਅਰੂਜ਼ ਦੇ ਵਿਦਵਾਨਾਂ) ਨੇ ਨਿਰਧਾਰਤ ਕੀਤੀਆਂ ਹਨ, ਵਿਚ ਲਿਖੀ ਜਾਂਦੀ ਹੈ, ਇਸੇ ਤਰ੍ਹਾਂ ਵਾਰ ਵਾਸਤੇ ਵੀ ਕੁਝ ਛੰਦ ਮੁਕੱਰਰ ਹਨ। ਵਾਰ ਕਾਵਿ ਰੂਪ ਦਾ ਇਹ ਛੰਦ-ਪ੍ਰਬੰਧ ਹੀ ਹੈ ਜੋ ਵਾਰ ਨੂੰ ਹੋਰਨਾਂ ਕਾਵਿ ਰੂਪਾਂ ਤੋਂ ਨਿਖੇੜਦਾ ਹੈ। ਠੀਕ ਉਸੇ ਤਰ੍ਹਾਂ ਗ਼ਜ਼ਲ ਨੂੰ ਹੋਰਨਾਂ ਕਾਵਿ-ਰੂਪਾਂ ਨਾਲੋਂ ਨਿਖੇੜਨ ਦਾ ਆਧਾਰ ਵੀ ਉਸ ਦੀ ਛੰਦ-ਮਰਿਯਾਦਾ ਹੀ ਹੁੰਦੀ ਹੈ। ਜਿਵੇਂ ਸਾਨੂੰ ਪਤਾ ਹੀ ਹੈ ਕਿ ਵਾਰ ਕਾਵਿ- ਰੂਪ ਲਈ ਨਿਸ਼ਾਨੀ ਅਤੇ ਸਿਰਖੰਡੀ ਛੰਦ ਜ਼ਿਆਦਾ ਰਾਸ ਆਉਂਦੇ ਹਨ ਤੇ ਭਾਈ ਗੁਰਦਾਸ ਨੇ ਇਨ੍ਹਾਂ ਦੋਹਾਂ ਛੰਦਾਂ ਦੀ ਵਰਤੋਂ ਸੁਚੱਜੇ ਰੂਪ ਵਿਚ ਕੀਤੀ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿਚ ਕੇਵਲ ਇੱਕੋ ਹੀ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਹੈ। ਸਾਡੇ ਮਤ ਅਨੁਸਾਰ ਇਹ ਧਾਰਨਾ ਦਰੁੱਸਤ ਨਹੀਂ ਜਾਪਦੀ। ਭਾਈ ਸਾਹਿਬ ਦੀਆਂ ਵਾਰਾਂ ਵਿਚ ਜਿੱਥੇ ਸਿਰਖੰਡੀ ਅਤੇ ਨਿਸ਼ਾਨੀ ਦੋਨੇਂ ਕਿਸਮਾਂ ਦੇ ਛੰਦਾਂ ਦੀ ਵੰਨਗੀ ਉਪਲਬਧ ਹੈ, ਉੱਥੇ ਇਨ੍ਹਾਂ ਛੰਦਾਂ ਤੋਂ ਹੱਟਵੇਂ ਕੁਝ ਕੁ ਉਨ੍ਹਾਂ ਛੰਦਾਂ ਦੇ ਅਕਸ ਵੀ ਉਭਰਦੇ ਹਨ ਜੋ ਅਸੀਂ ਅਣਗੌਲੇ ਕੀਤੇ ਹੋਏ ਹਨ। ਉੱਪਰ ਵੀ ਅਸੀਂ ਭਾਈ ਸਾਹਿਬ ਦੀ ਪਉੜੀ ਦੀ ਇੱਕ ਉਦਾਹਰਣ ਦੇ ਕੇ ਤੁਕਾਂ ਦੇ ਮੱਧ ਅਤੇ ਅਖੀਰ ਵਿਚ ਹੋਏ ਤੁਕਾਂਤੀ ਮੇਲਾਂ ਦਾ ਜ਼ਿਕਰ ਛੇੜਿਆ ਹੈ। ਭਾਈ ਸਾਹਿਬ ਨੇ ਹਰ ਤੁਕ ਦੇ ਮੱਧ ਵਿਚ ਤੁਕਾਂਤ ਲਿਆ ਕੇ ਅਜਿਹੇ ਸ਼ਬਦ ਅਨੁਪ੍ਰਾਸ ਲਿਆਂਦੇ ਹਨ, ਜਿਨ੍ਹਾਂ ਨੇ ਪਉੜੀ ਨੂੰ ਰਵਾਨੀ ਤਾਂ ਦਿੱਤੀ ਹੈ, ਉਤੇ ਇੱਕ ਵੱਖਰੀ ਕਿਸਮ ਦੇ ਛੰਦ ਦੀ ਸਿਰਜਣਾ ਵੀ ਕੀਤੀ ਹੈ। ਤੇ ਇਸ ਛੰਦ ਦਾ ਨਾ ਪਿੰਗਲ ਗ੍ਰੰਥਾਂ ਵਿਚ 'ਹੰਸ ਗਤਿ' ਆਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਸ ਮੱਧ ਵਿਚ ਵਰਤੇ ਤੁਕਾਂਤੀ ਮੇਲ ਅਤੇ ਸ਼ਬਦ ਅਨੁਪ੍ਰਾਸ ਪਉੜੀ ਨੂੰ 'ਹੰਸ ਗਤਿ' ਛੰਦ ਵਿਚ ਲਿਖੀ ਹੋਣ ਦਾ ਦਾਅਵਾ ਕੀਤਾ ਹੈ। ਪਰ ਸਾਡਾ ਵਿਦਵਾਨ ਡਾ. ਸੁਰਿੰਦਰ ਸਿੰਘ ਕੋਹਲੀ ਇਸ ਵੰਨਗੀ ਨੂੰ ਵੀ ਸਿਰਖੰਡੀ ਛੰਦ ਦੇ ਅਧੀਨ ਹੀ ਰੱਖਦਾ ਹੈ। ਜਦੋਂ ਕਿ ਤੀਸਰੀ ਵਾਰ ਦੀਆਂ ਕਈ ਪਉੜੀਆਂ 'ਹੰਸ ਗਤਿ' ਛੰਦ ਦੀ ਸ਼ਰਤ ਉਪਰ ਪੂਰੀਆਂ ਉਤਰਦੀਆਂ ਹਨ। 'ਹੰਸ ਗਤਿ ਛੰਦ' ਇੱਕ ਮਾਤ੍ਰਿਕ ਛੰਦ ਹੈ ਤੇ ਇਸ ਦੀ ਹਰ ਤੁਕ ਵੀਹ ਮਾਤਰਾ ਦੀ ਹੁੰਦੀ ਹੈ। ਪਹਿਲਾ ਵਿਸ਼ਰਾਮ 11 ਉਪਰ ਅਤੇ ਦੂਸਰਾ 9 ਮਾਤਰਾ 'ਤੇ ਹੁੰਦਾ ਹੈ। ਤੁਕਾਂ ਦੇ ਅਖੀਰ ਤੇ ਲਘੂ ਗੁਰੂ ਨੂੰ ਲਿਆਉਣਾ ਜ਼ਰੂਰੀ ਮੰਨਿਆ ਗਿਆ ਹੈ। ਕਈ ਛੰਦ-ਸ਼ਾਸਤਰਾਂ ਵਿਚ ਤੁਕ ਦੇ ਅੰਤ 'ਤੇ ਰਗਣ (SIS ) ਨੂੰ ਲਿਆਉਣ ਦਾ ਵਿਧਾਨ ਵੀ ਦੱਸਿਆ ਗਿਆ ਹੈ। ਹੰਸ ਗਤਿ ਛੰਦ ਦੀ ਉਦਾਹਰਣ ਅਸੀਂ ਭਾਈ ਗੁਰਦਾਸ ਦੀ ਤੀਸਰੀ ਵਾਰ ਦੀ ਨੋਵੀਂ ਪਉੜੀ ਵਿਚੋਂ ਦੇ ਰਹੇ ਹਾਂ :
ਹਾਂ ਜਿੱਥੇ ਇਸ ਛੰਦ ਦਾ ਸਿਰਖੰਡੀ ਛੰਦ ਹੋਣ ਦਾ ਟਪਲਾ ਲੱਗਦਾ ਹੈ, ਉਹ ਪਿੰਗਲ ਵਿਚ ਸਿਰਖੰਡੀ ਛੰਦ ਦਾ ਇੱਕ ਰੂਪ ਇਸ ਨਾਲ ਮਿਲਦਾ ਜੁਲਦਾ ਹੈ ਪਰ ਉਸ ਰੂਪ ਦੀਆਂ ਇੱਕੀ ਮਾਤਰਾ ਹੁੰਦੀਆਂ ਹਨ। ਹਰ ਤੁਕ ਦਾ ਵਿਸ਼ਰਾਮ 11-10 'ਤੇ ਹੁੰਦਾ ਹੈ। ਬਾਕੀ ਸ਼ਰਤਾਂ ਹੰਸ ਗਤਿ ਛੰਦ ਵਾਲੀਆਂ ਹੀ ਇਸੇ ਸਿਰਖੰਡੀ ਛੰਦ ਦੇ ਰੂਪ ਦੀਆਂ ਹਨ।
ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪਉੜੀ ਕੋਈ ਛੰਦ ਨਹੀਂ ਤੇ ਇਸ ਨੂੰ ਅੱਗੇ ਜਾ ਕੇ ਸਪੱਸ਼ਟ ਵੀ ਕਰਾਂਗੇ। ਪਉੜੀ ਤਾਂ ਇੱਕ ਵਿਚਾਰਾਂ ਦੀ ਤਰਤੀਬ ਹੈ। ਆਮ ਤੌਰ 'ਤੇ ਵਾਰਾਂ ਸਿਰਖੰਡੀ ਤੇ ਜਾਂ ਨਿਸ਼ਾਨੀ ਛੱਡ ਵਿਚ ਮਿਲਦੀਆਂ ਹਨ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਨਿਸ਼ਾਨੀ ਛੰਦ ਵਿਚ ਲਿਖੀ ਹੋਣ ਦਾ ਦਾਅਵਾ ਕਰਦੀ ਹੈ। ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਨੇ ਨਿਸ਼ਾਨੀ ਛੰਦ ਦੀ ਵਰਤੋਂ ਕਰਨ ਲੱਗਿਆ ਸੁਚੇਤ ਤੌਰ 'ਤੇ ਨਿਸ਼ਾਨੀ ਛੰਦ ਦੇ ਨਿਸ਼ਚਿਤ ਵਿਧਾਨ ਵਿਚ ਤਬਦੀਲੀ ਕਰਕੇ ਕਈ ਰੂਪ ਵਰਤੇ ਹਨ। ਨਿਸ਼ਾਨੀ ਛੇਦ ਲਈ 13-10 (23 ਮਾਤਰਾਂ) ਦਾ ਵਿਧਾਨ ਹੈ ਪਰ ਭਾਈ ਗੁਰਦਾਸ ਜੀ ਸੱਤੇ ਬਲਵੰਡ ਦੀ ਵਾਰ ਤੋਂ ਪ੍ਰਭਾਵਿਤ ਹੋ ਕੇ ਖ਼ਿਆਲ ਸ਼ਬਦਾਵਲੀ ਦੇ ਨਾਲ-ਨਾਲ ਛੰਦ- ਵਿਭਿੰਨਤਾ ਤੋਂ ਵੀ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕੇ। ਇਸ ਵਾਰ ਵਿਚ ਭਾਈ ਸਾਹਿਬ ਨੇ ਅੱਠ ਤੁਕਾਂ ਵਾਲੀਆਂ ਪਉੜੀਆਂ ਵਿਚ ਪਹਿਲੀਆਂ ਸੱਤ ਤੁਕਾਂ ਦਾ ਜ਼ਿਆਦਾ ਤਰ 13- 16 (29 ਮਾਤਰਾਂ) 'ਤੇ ਵਿਸ਼ਰਾਮ ਰੱਖਿਆ ਹੈ ਅਤੇ ਅੱਠਵੀਂ ਤਕ ਦੀਆਂ 16 ਮਾਤਰਾਂ ਰੱਖੀਆਂ ਹਨ। ਪਹਿਚਾਣ ਮੂਜਬ ਹਰ ਤੁਕ ਦੇ ਤੇ ਅੰਤ 'ਤੇ ਦੋ ਗੁਰੂ ਜ਼ਰੂਰ ਰੱਖੇ ਹਨ। ਹਾਂ ਵਾਰ ਦੀ ਪਹਿਲੀ, ਗਿਆਰ੍ਹਵੀਂ, ਤੇਈਵੀਂ, ਸੈਂਤੀਵੀਂ ਅਤੇ ਪੰਜਤਾਲਵੀਂ ਪਉੜੀ ਇਸ ਸੰਦਰਭ ਵਿਚ ਅਪਵਾਦ ਹਨ, ਜਿਥੇ ਤੁਕ ਦੇ ਅੰਤ ਦੋ ਗੁਰੂ ਨਹੀਂ ਆਏ। ਉਂਝ ਇਸ ਵਾਰ ਦੀ ਪਹਿਲੀ ਪਉੜੀ ਦੀਆਂ ਜ਼ਿਆਦਾਤਰ ਪੰਕਤੀਆਂ 29 ਮਾਤਰਾਂ ਦੀਆਂ ਹੀ ਹਨ ਤੇ ਵਿਸ਼ਰਾਮ ਵੀ ਇੱਕ ਦੋ ਨੂੰ ਛੱਡ ਕੇ 13-16 ਉੱਪਰ ਹੀ ਰੱਖਿਆ ਹੈ। ਇਸ ਪਉੜੀ ਵਿਚੋਂ ਕੁਝ ਪੰਕਤੀਆਂ ਪੇਸ਼ ਹਨ, ਜਿਨ੍ਹਾਂ ਦੀ ਮਾਤ੍ਰਿਕ ਗਿਣਤੀ 29 ਬਣਦੀ ਹੈ।
ਹਾਂ ਕਿਤੇ ਕਿਤੇ ਇੱਕ ਦੋ ਮਾਤਰਾਂ ਵਧ ਘੱਟ ਹੋ ਜਾਂਦੀਆਂ ਹਨ ਪਰ ਇਸ ਤਰ੍ਹਾਂ ਕਰਨ ਨਾਲ ਰਵਾਨਗੀ ਵਿਚ ਜ਼ਿਆਦਾ ਨਿਖਾਰ ਆਉਂਦਾ ਹੈ। ਨਿਸ਼ਾਨੀ ਛੰਦ ਦੀ ਸਿਰਖੰਡੀ ਛੰਦ ਨਾਲੋਂ ਵਖਰਤਾ ਇਸ ਗੱਲ ਵਿਚ ਹੈ ਕਿ ਨਿਸ਼ਾਨੀ ਛੰਦ ਦਾ ਤੁਕਾਂਤ ਤੁਕ ਦੇ ਅੰਤ 'ਤੇ ਮਿਲਦਾ ਹੈ ਪਰ ਸਿਰਖੰਡੀ ਵਿਚ ਕਈ ਵਾਰੀ ਤੁਕ ਦੇ ਮੱਧ ਵਿਚ ਵੀ ਮੇਲ ਖਾ ਜਾਂਦਾ ਹੈ। ਜਿੱਥੋਂ ਤਕ ਪਹਿਲੀ ਵਾਰ ਦਾ ਸੰਬੰਧ ਹੈ, ਭਾਈ ਸਾਹਿਬ ਦੀ ਲਿਖੀ ਇਸ ਵਾਰ ਵਿਚ ਸਿਰਖੰਡੀ ਛੰਦ ਵਾਲੇ ਲੱਛਣ ਨਹੀਂ ਹਨ ਤੇ ਨਾ ਹੀ 'ਦੇਸ ਗਤਿ' ਛੰਦ ਵਾਲੇ। ਹੰਸ ਗਤਿ ਦੀ ਪਛਾਣ ਹੈ ਕਿ ਹਰ ਤੁਕ ਦੇ ਮੱਧ ਵਿਚ ਅਤੇ ਅੰਤ ਵਿਚ ਤੁਕਾਂਤ ਰਲਦਾ ਹੈ ਅਰਥਾਤ ਹਰ ਤੁਕ ਵਿਚ ਦੋ ਦੋ ਤੁਕਾਂਤ ਆਉਂਦੇ ਹਨ। 'ਹੰਸ ਗਤਿ' ਛੰਦ ਨੂੰ ਸਿਰਖੰਡੀ ਅਤੇ ਨਿਸ਼ਾਨੀ ਛੰਦ ਨਾਲੋਂ ਨਿਖੇੜਣ ਵਾਲੀ ਤੀਸਰੀ ਵਾਰ ਦੀ ਨੌਵੀਂ ਪਉੜੀ ਵਿਚੋਂ ਉਦਾਹਰਣ ਉਪਰ ਦੇ ਆਏ ਹਾਂ। ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਤੀਸਰੀ ਵਾਰ ਤੋਂ ਇਲਾਵਾ ਭਾਈ ਸਾਹਿਬ ਨੇ ਚੌਦਵੀਂ, ਉੱਨੀਵੀਂ, ਇੱਕੀਵੀਂ ਅਤੇ ਬਾਈਵੀਂ ਵਾਰ ਵਿਚ ਵੀ 'ਹੰਸ ਗਤਿ' ਛੰਦ ਦੀ ਵਰਤੋਂ ਬਾਖੂਬੀ ਕੀਤੀ ਹੈ। ਇੱਥੇ ਅਸੀਂ ਇੱਕੀਵੀਂ ਵਾਰ ਦੀ ਦੂਜੀ ਪਉੜੀ ਦੇ ਰਹੇ ਹਾਂ ਜਿਸ ਦੀਆਂ ਸਾਰੀਆਂ ਪੰਕਤੀਆਂ ਵਿਚ ਦੋ ਦੋ ਤੁਕਾਂਤ, 11-9 ਤੇ ਵਿਸ਼ਰਾਮ ਅਤੇ ਪੰਕਤੀ ਦੇ ਅਖੀਰ 'ਤੇ ਰਗਣ (SIS) ਅਰਥਾਤ ਗੁਰੂ ਲਘੁ ਗੁਰੂ ਆਏ ਹਨ।
ਬ੍ਰਹਮੇ ਬਿਸਨ ਮਹੇਸ, ਲੱਖ ਧਿਆਇਦੇ।
ਨਾਰਦ ਸਾਰਦ ਸੇਸ, ਕੀਰਤਿ ਗਾਇਦੇ॥
ਗਣ ਗੰਦਰਬ ਗਣੇਸ, ਨਾਦ ਵਜਾਇਦੇ।
ਛਿਅ ਦਰਸਨ ਕਰਿ ਵੇਸ, ਸਾਂਗ ਬਣਾਇਦੇ॥
ਗੁਰ ਚੇਲੇ ਉਪਦੇਸ, ਕਰਮ ਕਮਾਇਦੇ॥
ਆਦਿ ਪੁਰਖੁ ਆਦੇਸ ਪਾਰੁ ਨ ਪਾਇਦੇ॥ (२१/२)
ਜਿਵੇਂ ਕਿ ਅਸੀਂ ਉਪਰ ਵੀ ਕਹਿ ਆਏ ਹਾਂ ਕਿ ਭਾਈ ਸਾਹਿਬ ਪਿੰਗਲ (ਛੰਦ- ਸ਼ਾਸਤਰ) ਦੇ ਵੀ ਗਿਆਤਾ ਸਨ, ਇਸ ਕਰਕੇ ਉਹ ਆਪਣੀ ਪਉੜੀ-ਪ੍ਰਬੰਧ ਵਿਚ ਵਰਤੇ ਵਿਭਿੰਨ ਮਾਤ੍ਰਿਕ ਛੰਦਾਂ ਦੀ ਵਰਤੋਂ ਕਰਦਿਆਂ ਸੰਗੀਤਾਤਮਿਕਤਾ ਦੇ ਮਹੱਤਵ ਨੂੰ ਉਭਾਰ ਹਿੱਤ ਲਗਾਂ ਮਾਤਰਾਂ ਦੀ ਗਿਣਤੀ ਘਟਾ ਵਧਾ ਵੀ ਜਾਂਦੇ ਹਨ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਹ ਬੇਬਹਿਰੀ (ਛੰਦ-ਰਹਿਤ) ਪਉੜੀ ਦੀ ਸਿਰਜਣਾ ਕਰਨ ਲੱਗ ਪੈਂਦੇ ਹਨ। ਬੇਬਹਿਰੀ ਪਉੜੀ ਵਿਚ ਜਿੱਥੇ ਰਵਾਨਗੀ, ਪ੍ਰਗੀਤਕ ਅੰਸ਼ ਅਤੇ ਸੰਗੀਤਾਤਮਿਕਤਾ
ਆ ਹੀ ਨਹੀਂ ਸਕਦੀ, ਉਥੇ ਸ਼ਬਦਾਂ ਦੇ ਨਜ਼ਮ ਕਰਨ ਵਿਚ ਕੋਤਾਹੀ ਵੀ ਵਾਰ-ਸੰਰਚਨਾ ਦੀ ਕੱਸ ਢਿੱਲਿਆਂ ਕਰ ਦਿੰਦੀ ਹੈ। ਫਲਰੂਪ ਵਾਰ ਦਾ ਵਜ਼ਨ ਅਵਜ਼ਨ ਹੋ ਜਾਂਦਾ ਹੈ। ਹੇਠਾਂ ਗਿਆਰ੍ਹਵੀਂ ਵਾਰ ਦੀਆਂ ਪਉੜੀਆਂ ਵਿਚੋਂ ਕੁਝ ਨਮੂਨੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੀਆਂ ਤੁਕਾਂ ਦੀਆਂ ਮਾਤਰਾਂ ਦੀ ਗਿਣਤੀ ਵਿਚ ਘਾਟੇ ਵਾਧੇ ਕੀਤੇ ਹਨ ਤਾਂ ਕਿ ਖਿਆਲਾਂ ਦਾ ਵੇਗ ਕਾਇਮ ਰਹੇ: ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਿ ਸਾਹ ਜੁਹਾਰੀ।
ਬੇਸ਼ੱਕ ਭਾਈ ਸਾਹਿਬ ਦੀਆਂ ਪਉੜੀਆਂ ਵਿਚ ਮਾਤਰਾਂ ਦਾ ਵਧਾਅ ਘਟਾਅ ਆਇਆ ਹੈ ਪਰ ਇਹ ਵੇਖਣ 'ਚ ਵੀ ਆਇਆ ਹੈ ਕਿ ਪਉੜੀ ਦੇ ਹਰ ਚਰਣ ਦਾ ਪਹਿਲਾਂ ਵਿਸ਼ਰਾਮ ਤਕਰੀਬਨ ਤਕਰੀਬਨ 13 ਮਾਤਰਾ 'ਤੇ ਹੀ ਹੋਇਆ ਹੈ। ਜਿਵੇਂ ਗਿਆਰਵੀਂ ਵਾਰ ਦੀਆਂ ਸਾਰੀਆਂ ਇੱਕੱਤੀ ਪਉੜੀਆਂ ਦੇ ਚਰਣ ਖਿਆਲ-ਵੇਗ ਅਨੁਸਾਰ ਘੱਟ ਵੱਧ ਹਨ। ਕਿਸੇ ਪਉੜੀ ਦੇ ਸੱਤ ਬੰਦ ਹਨ ਤੇ ਕਿਸੇ ਦੇ ਵੱਧ ਕੇ ਦਸ ਵੀ ਹੋ ਗਏ ਹਨ। ਸਮੁੱਚੇ ਤੌਰ 'ਤੇ ਇਹ ਕਹਿ ਸਕਦੇ ਹਾਂ ਕਿ ਗਿਆਰ੍ਹਵੀਂ ਵਾਰ ਦੀਆਂ ਪਉੜੀਆਂ ਦੀਆਂ ਤੁਕਾਂ ਘੱਟ ਤੋਂ ਘੱਟ ਸੱਤ ਅਤੇ ਵੱਧ ਤੋਂ ਵੱਧ ਦਸ ਹਨ।
ਪਰ ਜਿੱਥੋਂ ਤਕ ਪਹਿਲੀ ਵਾਰ ਦੇ ਪਉੜੀ-ਪ੍ਰਬੰਧ ਦਾ ਸਵਾਲ ਹੈ ਇਸ ਵਿਚ ਹਰ ਪਉੜੀ ਦੀਆਂ ਅੱਠ-ਅੱਠ ਪੰਕਤੀਆਂ ਹੀ ਹਨ। ਜਿਵਾਏ ਦੂਜੀ ਪਉੜੀ ਅਤੇ 49ਵੀਂ ਪਉੜੀ ਨੂੰ ਛੱਡ ਕੇ, ਕਿਉਂਕਿ ਇਨ੍ਹਾਂ ਦੇ ਪਉੜੀਆਂ ਵਿੱਚ ਸੱਤ ਸੱਚ ਪੰਕਤੀਆਂ ਹੀ ਆਈਆਂ ਹਨ। 49ਵੀਂ ਪਉੜੀ ਦੇ ਸੰਬੰਧ ਵਿਚ ਅਸੀਂ ਇੱਕ ਦੋ ਵਿਦਵਾਨਾਂ ਦੇ ਵਿਵੇਕਸ਼ੀਲ ਵਿਚਾਰਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੇ ਆਪਣੇ ਲਿਖਣ-ਢੰਗ ਅਤੇ ਮਜ਼ਮੂਨ ਇੱਕਸਾਰਤਾ ਨੂੰ ਸਨਮੁਖ ਰੱਖ ਕੇ ਕਹਿ ਸਕਦੇ ਹਾਂ ਕਿ ਇਹ ਪਉੜੀ ਭਾਈ ਗੁਰਦਾਸ ਜੀ ਦੀ ਹੈ ਹੀ ਨਹੀਂ। ਜ਼ਰ੍ਹਾ ਇਸ ਪਉੜੀ ਦਾ ਪਾਠ-ਅਧਿਅਨ ਕਰਕੇ ਦਰਸਾਏ ਚਾਰ ਅੱਖਰਾਂ ਦੀ ਤਰਤੀਬ ਅਤੇ ਗੁਰੂ ਆਸ਼ਾ ਦੋਹਾਂ ਨੂੰ ਧਿਆਨ ਵਿਚ ਰੱਖ ਕੇ ਨਿਰਣਾ ਕਰੋ :
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ॥
ਦੁਆਪਰਿ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰਿ ਹਰਿ ਨਾਮੁ ਜਪਾਵੈ॥
ਤੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ ॥
ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮੁ ਅਲਾਵੈ ॥
ਚਾਰੇ ਪਾਸੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ॥
ਚਾਰੋ ਅਛਰ ਇੱਕ ਕਰਿ ਵਾਹਗੁਰੂ ਜਪੁ ਮੰਤ੍ਰ ਜਪਾਵੈ॥
ਜਾ ਤੇ ਉਪਜਿਆ ਫਿਰਿ ਤਹਾ ਸਮਾਵੈ॥ (ਪਉੜੀ ੪੯)
ਜੇਕਰ ਵਾਸਦੇਵ ਦਾ 'ਵ' ਹਰੀ ਦਾ 'ਹ' ਰਾਮ ਦਾ 'ਰ' ਅਤੇ ਗੁਰੂ ਗੋਬਿੰਦ ਦਾ 'ਗ' ਅੱਖਰਾਂ ਦੀ ਤਰਤੀਬ ਬਣਾ ਵੀ ਲਈਏ ਤਾਂ ਵੀ 'ਵਾਹਿਗੁਰੂ' ਦੀ ਥਾਂ 'ਵਹਰਗ' ਬਣਦਾ ਹੈ। ਤੇ ਜੋ ਮਾਤਰਾ ਵੀ ਲਾ ਦਿੱਤੀਆਂ ਜਾਣ ਤਾਂ 'ਵਹਰਾਗੋ' ਬਣ ਜਾਂਦਾ ਹੈ। ਫਲਸਰੂਪ ਇਨ੍ਹਾਂ ਦੋਹਾਂ ਤਰਤੀਬੀ ਅੱਖਰਾਂ ਤੋਂ ਬਣੇ ਸ਼ਬਦਾਂ ਦੀ ਕੋਈ ਅਰਥਗਤ ਮਹੱਤਾ ਨਹੀਂ। ਹੋਰ ਤਾਂ ਹੋਰ ਇਸ ਪਉੜੀ ਦੀ ਇੱਕ ਤੁਕ (ਕੁਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮੁ ਅਲਾਵੇ II) ਨੂੰ ਆਧਾਰ ਬਣਾ ਕੇ ਡਾ. ਦਲੀਪ ਸਿੰਘ ਦੀਪ ਇਸ ਪਉੜੀ ਨੂੰ ਭਾਈ ਗੁਰਦਾਸ ਦੀ ਮੰਨਣ ਵਾਲੀ ਕਿਸੇ ਧਾਰਨਾ ਨੂੰ ਮੁੱਢੋਂ ਹੀ ਨਾਕਾਰ ਦਿੰਦੇ ਹਨ। ਚੁੱਕਿ ਕਲਿਜੁਗ ਵਿਚੋਂ ਗੁਰੂ ਗੋਬਿੰਦ ਤੋਂ 'ਗ' ਅੱਖਰ ਲਿਆ ਗਿਆ ਹੈ। ਭਾਈ ਸਾਹਿਬ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤਕ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਬਾਅਦ ਵਿਚ ਹੋਏ ਹਨ। ਹਰਿਗੋਬਿੰਦ ਸਾਹਿਬ ਤੋਂ 'ਹ' ਅੱਖਰ ਲੈਣਾ ਬਣਦਾ ਸੀ ਜਾਂ ਗੁਰੂ ਨਾਨਕ ਦਾ 'ਨ' ਅਖਰ। ਉਂਜ ਵੀ ਇਹ ਪਉੜੀ ਇਸੇ ਵਾਰ ਵਿਚਲੀ ਪਉੜੀ ਨੰ. 5 ਵਿਚ ਸਤਿਜੁਗ ਵਿਚ ਵਿਸ਼ਨੂੰ ਨੂੰ ਹੰਸ ਰੂਪ ਵਿਚ ਅਵਤਾਰ ਕਿਹਾ ਹੈ (ਸਤਿਜੁਗਿ ਹੰਸ ਅਉਤਾਰ ਧਰਿ ਸੋਹੰ ਬ੍ਰਹਮ ਨ ਦੂਜਾ ਪਾਜੇ।) ਤਾਂ ਫਿਰ ਇਸ ਪਉੜੀ ਵਿਚ ਉਹ ਕਿਵੇਂ ਲਿਖ ਸਕਦੇ "ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸ਼ਨੂੰ ਨਾਮ ਜਪਾਵੈ।" ਕਹਿ ਕੇ ਵਾਸਦੇਵ ਦਾ ਸੰਕੇਤ ਵਿਸ਼ਨੂੰ ਹੈ। ਵਾਸਦੇਵ ਨਾਮ ਵਾਸਤਵ ਵਿਚ ਕ੍ਰਿਸ਼ਨ ਦਾ ਹੈ ਜੋ ਉਨ੍ਹਾਂ ਦੇ ਪਿਤਾ ਵਾਸਦੇਵ ਤੋਂ ਬਣਿਆ। ਗੁਰਬਾਣੀ ਨੇ ਉਂਜ ਵੀ ਅਵਤਾਰਾਂ ਜਾਂ ਦੇਵਤਿਆਂ (ਵਾਸਦੇਵ, ਵਿਸ਼ਨੂੰ, ਰਾਮ, ਕ੍ਰਿਸ਼ਨ) ਨੂੰ ਗੁਰੂ ਪੱਦਵੀ ਨਾਲ ਸਨਮਾਨ ਨਹੀਂ ਦਿੱਤਾ। ਗੁਰੂ ਸਾਹਿਬਾਨ ਤਾਂ ਸਗੋਂ ਇਨ੍ਹਾਂ ਬਾਰੇ ਇੰਜ ਲਿਖਦੇ ਹਨ-
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
ਤਿਨ ਭੀ ਅੰਤ ਨ ਪਾਇਆ ਤਾਕਾ ਕਿਆ ਕਹਿ ਆਖਿ ਵੀਚਾਰੀ॥ (ਗੁਰੂ ਅਮਰਦਾਸ ਜੀ)
ਸੋ ਜੋ ਅਕਾਲਪੁਰਖ ਦਾ ਅੰਤ ਨਹੀਂ ਪਾ ਸਕੇ (ਅਵਤਾਰ) ਉਨ੍ਹਾਂ ਤੋਂ ਵਾਹਿਗੁਰੂ ਦੀ ਉਤਪੱਤੀ ਮੰਨੀ ਹੀ ਨਹੀਂ ਜਾ ਸਕਦੀ। ਰਹੀ ਗੱਲ ਦੂਸਰੀ ਪਉੜੀ ਦੇ ਸੰਬੰਧ ਵਿਚ। ਗਿਆਨੀ ਹਜ਼ਾਰਾ ਸਿੰਘ ਜੀ ਆਖਦੇ ਹਨ ਕਿ ਇੱਕ ਪੁਰਾਤਨ ਨੁਸਖੇ ਵਿਚ ਇੱਕ ਤੁਕ ਹੋਰ ਵੀ ਹੈ (ਜਨਮ ਮਰਨ ਦੁਇ ਸਾਹਿਆ ਤਿਸ ਵਿਚਿ ਆਵੈ ਸਭ ਲੁਕਾਈ।।) ਪਰ ਇਸ ਪੰਕਤੀ ਬਾਰੇ ਸਾਨੂੰ ਸੰਦੇਹ ਇਸ ਕਰਕੇ ਹੈ ਕਿ ਇਸ ਵਾਧੂ ਪੰਕਤੀ ਜਾਂ ਤੁਕ ਨੂੰ ਨਾ ਗਿਆਨੀ ਹਜ਼ਾਰਾ ਸਿੰਘ ਨੇ ਇਸ ਪਉੜੀ ਵਿਚ ਸ਼ਾਮਿਲ ਕੀਤਾ ਹੈ ਨਾ ਹੀ ਕਿਸੇ ਹੋਰ ਸੰਪਾਦਕ ਵਿਦਵਾਨ ਨੇ।
ਛੰਦ-ਪ੍ਰਬੰਧ ਦੇ ਅਧੀਨ ਪਉੜੀਆਂ ਦੀਆਂ ਪੰਕਤੀਆਂ ਦੀ ਬਣਤਰ ਵਾਚਣਯੋਗ ਹੈ। ਚੁੱਕਿ ਨਿਸ਼ਾਨੀ ਛੰਦ ਵਰਤਣ ਲਗਿਆ ਜਾਂ ਹੰਸਗਤਿ ਛੰਦ ਦੇ ਪ੍ਰਯੋਗ ਕਰਨ
ਲਗਿਆ ਕਿਤੇ ਵੀ ਸਖ਼ਤੀ ਤੋਂ ਕੰਮ ਨਹੀਂ ਲਿਆ ਗਿਆ ਸਗੋਂ ਸੰਗੀਤਾਤਮਕਤਾ ਨੂੰ ਧਿਆਨ ਵਿਚ ਰੱਖ ਕੇ ਇਸ ਵਿਚ ਘਾਟਾ ਵਾਧਾ ਕਰ ਲਿਆ ਹੈ। ਡਾ. ਦਲੀਪ ਸਿੰਘ ਦੀਪ ਜੀ ਲਿਖਦੇ ਹਨ ਕਿ ਜਿੱਥੇ ਕਿਧਰੇ ਵੀ ਉਨ੍ਹਾਂ ਨੇ ਪੰਕਤੀ ਦੇ ਪਹਿਲੇ ਵਿਸ਼ਰਾਮ ਦੀ ਅੱਧੀ ਪੰਕਤੀ ਜਾਂ ਅੰਤਲੀ ਪੰਕਤੀ ਦਾ ਆਰੰਭ ਕਿਰਿਆ ਨਾਲ ਕੀਤਾ ਹੈ, ਵਾਰ ਦੀ ਦ੍ਰਿਸ਼ਟੀ ਤੋਂ ਵਧੇਰੇ ਸ਼ਕਤੀਸ਼ਾਲੀ ਢੰਗ ਲੱਗਦਾ ਹੈ। ਇਸ ਦੀ ਪੁਸ਼ਟੀ ਲਈ ਉਹ ਕੁਝ ਉਦਾਹਰਣਾਂ ਵੀ ਦਿੰਦੇ ਹਨ-
1. ਚੜਿਆ ਸੋਧਣਿ ਧਰਤਿ ਲੁਕਾਈ॥
2. ਦਿਤਾ ਛੋੜਿ ਕਰਤਾਰਪੁਰ॥
3. ਹੋਇ ਹੈਰਾਨ ਕਰੇਨਿ ਜੁਹਾਰੀ॥
4. ਉਠੀ ਗਿਲਾਨਿ ਜਗਤ ਵਿਚਿ
5. ਚੜ੍ਹੇ ਸੂਰ ਮਿਟ ਜਾਇ ਅੰਧਾਰਾ॥
6. ਵਰਤਿਆ ਪਾਪ ਸਭਸਿ ਜਗਿ ਮਾਹੀ॥
7. ਭਏ ਬਿਅਦਲੀ ਪਾਤਸ਼ਾਹ॥
ਅਲੰਕਾਰ :
ਭਾਰਤੀ ਅਲੰਕਾਰ ਸੰਪ੍ਰਦਾਇ (School of Alankar) ਬਹੁਤ ਹੀ ਪੁਰਾਣੀ ਮੰਨੀ ਗਈ ਹੈ। ਇੱਥੋਂ ਤਕ ਕਿ ਪੱਛਮ ਵਿਚ ਵੀ ਇਸ ਦੀ ਮਹੱਤਤਾ ਤੋਂ ਕੋਈ ਵਿਦਵਾਨ ਇਨਕਾਰੀ ਨਹੀਂ। ਪੱਛਮੀ ਵਿਦਵਾਨ ਵੀ ਕੁਝ ਅਜਿਹੀ ਚੋਣ ਉਪਰ ਬਲ ਦਿੰਦੇ ਹਨ, ਜਿਨ੍ਹਾਂ ਆਸਰੇ ਕਾਵਿ-ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ "ਅਲੇਕਾਰ ਸ਼ਬਦ ਵਿਚ 'ਅਲੇ' ਤੇ 'ਕਾਰ' ਦੋ ਅੰਸ਼ ਹਨ। 'ਅਲੇ' ਦਾ ਮਤਲਬ ਹੈ ਗਹਿਣਾ, ਭੂਸਣ, ਸਜਾਵਟ, ਸੁਹਜ ਸਾਜ, ਸੱਜਾ। ਜਿਹੜਾ ਸਜਾਵੇ ਜਾਂ ਜਿਸਦੇ ਰਾਹੀਂ ਸਜਾਇਆ ਜਾਵੇ, ਉਹ ਅਲੰਕਾਰ ਹੈ।" (ਕਾਵਿ ਦੇ ਤੱਤ - ਪੰਨਾ 131) ਪੁਰਾਣੇ ਸਮਿਆਂ ਵਿਚ ਅਲੰਕਾਰ ਨੂੰ ਕਾਵਿ ਦੀ ਆਤਮਾ ਮੰਨਿਆ ਜਾਂਦਾ ਸੀ। ਅਲੰਕਾਰ ਨੂੰ ਕਵਿਤਾ ਦੀ ਆਤਮਾ ਮੰਨਣ ਵਾਲਿਆਂ ਵਿਚ ਪ੍ਰਥਮ ਆਲੋਚਕ ਭਾਮਹ ਆਉਂਦੇ ਹਨ। ਕਈ ਆਚਾਰੀਆ ਦੰਡੀ ਵਰਗੇ ਵੀ ਹਨ ਜੋ ਅਲੰਕਾਰ ਨੂੰ ਸੁਹਜ ਸੁਆਦ ਵਧਾਉਣ ਵਾਲਾ ਸਾਧਨ ਮੰਨਦੇ ਹਨ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ - "ਕਵਿਤਾ ਸੁੰਦਰੀ ਕਦੇ ਵੀ ਸੁੰਦਰੀ ਨਹੀਂ ਕਹੀ ਜਾ ਸਕਦੀ ਜਦੋਂ ਤਕ ਅਲੰਕਾਰਾਂ ਨਾਲ ਸਜਾਈ ਨਾ ਗਈ ਹੋਵੇ।" (ਭਾਰਤੀ ਕਾਵਿ ਸ਼ਾਸਤ - ਪੰਨਾ 152) ਪ੍ਰਿੰਸੀਪਲ ਸ. ਅਮੋਲ ਲਿਖਦੇ ਹਨ ਕਿ ਕਿਸੇ ਨਵੇਂ ਰੂਪ ਜਾਂ ਚਿੱਤਰ ਵਿਚ ਆਪਣੇ ਵਿਚਾਰ ਨੂੰ ਸੰਮਿਲਤ ਕਰ ਦੇਣਾ ਹੀ ਅਲੰਕਾਰ ਹੈ। ਜਿਵੇਂ ਨੈਣਾਂ ਦਾ ਕੰਵਲ, ਤਵੀਰ ਜਾਂ ਨਰਗਸ ਬਣ ਜਾਣਾ ਜਾਂ ਤੁਰੀਆਂ ਜਾਂਦੀਆਂ ਸੁੰਦਰੀਆਂ ਨੂੰ ਇੱਕ ਵਗ ਰਹੇ ਦਰਿਆ ਦੇ ਰੂਪ ਵਿਚ ਕਿਸੇ ਕਵੀ ਦਾ ਵੇਖਣਾ, ਜਿਵੇਂ :
ਕਪਲ ਵਸਤ ਦੀਆਂ ਸੁੰਦਰੀਆਂ ਆਈਆਂ, ਹਮ ਹਮਾ।
ਰੂਪ ਜੁਆਨੀ ਹੁਸਨ ਦਾ ਤੇ ਵਗ ਪਿਆ ਦਰਿਆ। (ਭਾਈ ਗੁਰਦਾਸ ਦੇ ਅਲੰਕਾਰ)
ਅਲੰਕਾਰਾਂ ਦੇ ਪ੍ਰਸੰਗ ਵਿਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਨੇ ਵੀ ਆਪਣੀਆਂ ਵਾਰਾਂ ਵਿਚ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਸਪੱਸ਼ਟ ਕਰਨ ਹਿੱਤ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਭਾਈ ਗੁਰਦਾਸ ਵਲੋਂ ਵਰਤੇ ਗਏ ਅਲੰਕਾਰ ਜਿੱਥੇ ਉਸਦੇ ਵਿਚਾਰਾਂ ਭਾਵਾਂ ਨੂੰ ਸਪੱਸ਼ਟ ਕਰਦੇ ਹਨ, ਉਥੇ ਵਿਚਾਰ ਅਤੇ ਕਵਿਤਾ ਦੇ ਸਰੀਰ ਦੀ ਸੁੰਦਰਤਾ ਨੂੰ ਗਹਿਣਿਆਂ ਵਾਂਗ ਹੋਰ ਵਧਾਉਂਦੇ ਹਨ।
ਮੋਟੇ ਤੌਰ 'ਤੇ ਅਨੁਪ੍ਰਾਸ ਅਲੰਕਾਰ ਦੀਆਂ ਪ੍ਰਮੁੱਖ ਰੂਪ ਵਿਚ ਪੰਜ ਕਿਸਮਾਂ ਹਨ- ਛੇਕ, ਵ੍ਰਿਤੀ, ਸ਼ਤ੍ਰੀ, ਲਾਟ ਅਤੇ ਅੰਤ। ਪਰ ਕਿਸਮਾਂ ਤੋਂ ਪਹਿਲਾਂ ਅਨੁਪ੍ਰਾਸ ਅਲੰਕਾਰ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਇਹ ਅਲੰਕਾਰ ਕਿਸ ਬਲਾ ਦਾ ਨਾਂ ਹੈ। ਸਰਲ ਜਿਹੀ ਪਰਿਭਾਸ਼ਾ ਵਿਚ ਅਸੀਂ ਕਹਿ ਸਕਦੇ ਹਾਂ ਕਿ "ਜਦੋਂ ਕਵੀ ਆਪਣੀ ਕਵਿਤਾ ਦੀ ਕਿਸੇ ਇੱਕ ਜਾਂ ਇੱਕ ਤੋਂ ਅਗਲੀਆਂ ਸਤਰਾਂ ਵਿਚ ਕਿਸੇ ਆਏ ਸ਼ਬਦਾਂ ਦੇ ਆਰੰਭਲੇ ਅੱਖਰ ਇੱਕ ਹੀ ਧੁਨੀ ਨਾਲ ਉਚਾਰਨ ਕਰਦੇ ਹੋਣ ਉਥੇ ਅਨੁਪ੍ਰਾਸ ਅਲੰਕਾਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਕਵਿਤਾ ਵਿਚ ਆਈ ਕਿਸੇ ਪੰਕਤੀ ਵਿਚ ਦੋ ਜਾਂ ਦੋ ਵੱਧ ਸ਼ਬਦ ਇੱਕ ਹੀ ਅੱਖਰ ਨਾਲ ਸ਼ੁਰੂ ਹੋਣ ਉਥੇ ਅਨੁਪ੍ਰਾਸ ਅਲੰਕਾਰ ਹੁੰਦਾ ਹੈ ਜਿਵੇਂ ਪਉੜੀ ਨੰ. 16 ਦੀ ਆਰੰਭਲੀਆਂ ਪੰਕਤੀਆਂ
ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤਿ ਕੀ ਚਲੈ ਨ ਕਾਈ।
ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨ ਠਉੜ ਨ ਪਾਈ॥
ਇਨ੍ਹਾਂ ਪੰਕਤੀਆਂ ਵਿਚ 'ਕਲਿਜੁਗ' 'ਕੀ', 'ਕਰਮ', 'ਕਿਰਤ' ਅਤੇ 'ਕੀ' ਕਰਕੇ 'ਕ' ਅਨੁਪ੍ਰਾਸ ਅਲੰਕਾਰ ਆਇਆ ਹੈ। ਇਸੇ ਤਰ੍ਹਾਂ ਦੂਜੀ ਪੰਕਤੀ ਵਿਚ 'ਭਜਨ', 'ਭਗਵਾਨ', 'ਭਉ', ਅਤੇ 'ਭਗਤਿ' ਕਰਕੇ 'ਭ' ਅਨੁਪ੍ਰਾਸ ਅਲੰਕਾਰ ਹੈ। ਭਾਈ ਸਾਹਿਬ ਹੋਣ ਜਾਂ ਕੋਈ ਹੋਰ ਵੀ ਕਵੀ ਹੋਵੇ, ਇਸ ਦਾ ਪ੍ਰਯੋਗ ਇਸ ਲਈ ਕਰਦਾ ਹੈ ਕਿਉਂਕਿ ਇਸ ਨਾਲ ਪੰਕਤੀ ਸਹਿਜੇ ਹੀ ਮਨ ਮਸਤਕ ਵਿਚ ਘਰ ਕਰ ਬੈਠਦੀ ਹੈ।
ਅਨੁਪ੍ਰਾਸ ਅਲੰਕਾਰ ਨੂੰ ਭਾਈ ਗੁਰਦਾਸ ਨੇ ਰਜ ਕੇ ਵਰਤਿਆ ਹੈ। ਖ਼ਾਸ ਕਰਕੇ ਕਈ ਵਾਰਾਂ ਵਿਚ ਉਸ ਨੇ ਮੱਧ ਅਨੁਪ੍ਰਾਸ ਦੀ ਵਰਤੋਂ ਕਰਕੇ ਤਾਂ ਪਉੜੀ ਵਿਚ ਲੋਹੜੇ ਦੀ ਰਵਾਨਗੀ ਭਰ ਦਿੱਤੀ ਹੈ। ਸ਼ਬਦ ਅਲੰਕਾਰ ਦੀਆਂ ਪੰਜ ਕਿਸਮਾਂ ਵਿਚੋਂ ਪ੍ਰਮੁੱਖ ਰੂਪ ਵਿਚ ਜਾਣੇ ਜਾਂਦੇ ਅਨੁਪ੍ਰਾਸ ਅਲੰਕਾਰ ਦੇ ਅੱਗੋਂ ਵੀ ਪੰਜ ਭੇਦ ਹਨ- ਛੇਕ, ਵ੍ਰਿਤੀ, ਸ਼ਤ੍ਰੀ, ਲਾਟ ਅਤੇ ਅੰਤ ਆਦਿ। ਜੇ ਅਸੀਂ ਉਪਰ ਦਸ ਬੈਠੇ ਹਾਂ। ਇੱਥੇ ਸਾਡਾ ਮੰਤਵ ਅਨੁਪ੍ਰਾਸ ਅਲੰਕਾਰ ਦੇ ਵੱਖ-ਵੱਖ ਭੇਦਾਂ 'ਤੇ ਰੋਸ਼ਨੀ ਪਾਉਣਾ ਨਹੀਂ ਹੈ। ਇਸ ਕਰਕੇ ਇੱਥੇ ਅਸੀਂ ਅਨੁਪ੍ਰਾਸ ਅਲੰਕਾਰ ਨੂੰ ਸਰਲ ਜਿਹੀ ਪਰਿਭਾਸ਼ਾ ਰਾਹੀਂ ਸਮਝਾਉਣ ਦਾ ਉਪਰਾਲਾ ਕਰਦੇ ਹਾਂ। ਜਿਸ ਕਾਵਿ ਟੁਕੜੀ ਵਿਚ ਜਾਂ ਕਾਵਿ-ਸਤਰ ਵਿਚ ਦੋ ਜਾਂ ਦੋ ਵੱਧ ਸ਼ਬਦਾਂ ਦਾ ਆਰੰਭ ਜਾਂ ਅੰਤ ਇੱਕੋ ਸੁਭਾਅ ਵਾਲੇ ਵਿਅੰਜਨ ਅੱਖਰਾਂ ਨਾਲ ਹੁੰਦਾ ਹੈ, ਉਥੇ ਅਨੁਪ੍ਰਾਸ ਅਲੰਕਾਰ ਹੈ। ਭਾਈ ਗੁਰਦਾਸ ਜੀ ਗਿਆਰ੍ਹਵੀਂ ਵਾਰ ਵਿਚੋਂ ਅਸੀਂ ਅਨੇਕਾਂ ਪ੍ਰਕਾਰ ਦੀਆਂ ਉਦਾਹਰਣਾਂ ਦੇ ਸਕਦੇ ਹਾਂ :
ਸਬਦ ਸੁਰਤ ਲਿਵ ਲੀਣੁ ਹੋਇ,
ਸਾਧ ਸੰਗਤਿ ਸਚਿ ਮੇਲਿ ਮਿਲਾਇਆ। (११/४)
ਉਪਰੋਕਤ ਪਉੜੀ ਦੀ ਸਤਰ ਵਿਚ ਪੰਜ ਸ਼ਬਦ ਅਜਿਹੇ ਆਏ ਹਨ, ਜਿਨ੍ਹਾਂ ਦਾ ਪਹਿਲਾ ਅੱਖਰ 'ਸ' ਨਾਲ ਸ਼ੁਰੂ ਹੁੰਦਾ ਹੈ। ਇਸ ਕਰਕੇ ਇਨ੍ਹਾਂ ਪੰਜਾਂ ਸ਼ਬਦਾਂ ਵਿਚ 'ਸ' ਅੱਖਰ ਕਰਕੇ ਅਨੁਪ੍ਰਾਸ ਅਲੰਕਾਰ ਆਇਆ ਹੈ। ਇਸ ਤਰ੍ਹਾਂ ਜਿੱਥੇ ਇਸ ਕਿਸਮ ਦੇ ਅਲੰਕਾਰ ਖਿਆਲਾਂ ਜਾਂ ਵਿਚਾਰਾਂ ਨੂੰ ਬੁਲੰਦੀ ਪ੍ਰਦਾਨ ਕਰਦੇ ਹਨ, ਉਥੇ ਅਨੁਪ੍ਰਾਸ ਕਰਕੇ ਤੁਕ ਯਾਦ ਵੀ ਸਹਿਜ ਰੂਪ ਵਿਚ ਹੋ ਜਾਂਦੀ ਹੈ। ਭਾਈ ਗੁਰਦਾਸ ਦੀ ਗਿਆਰ੍ਹਵੀਂ ਵਾਰ ਇਸ ਵਿਚ ਅਨੁਪ੍ਰਾਸ ਅਲੰਕਾਰ ਦੇ ਕਈ ਹੋਰ ਨਮੂਨੇ ਵੀ ਵੇਖ ਸਕਦੇ ਹਾਂ, ਜਿਸ ਕਾਰਨ ਸਤਰ ਦੀ ਸੁੰਦਰਤਾ ਅਤੇ ਚਮਕ ਵਿਚ ਹੋਰ ਨਿਖਾਰ ਆਇਆ ਹੈ —
ਸਤਿਗੁਰ ਸੱਚਾ ਪਾਤਿਸ਼ਾਹ, ਪਾਤਿਸ਼ਾਹਾਂ ਪਾਤਿਸਾਹੁ ਜੁਹਾਰੀ।
---------------------------------------------------------
ਸਹਜਿ ਸਰੋਵਰਿ ਸਚ ਖੰਡਿ, ਸਾਧ ਸੰਗਤਿ ਸਚ ਤਖਤਿ ਹਰੀੜੀ।
---------------------------------------------------------------
ਹੰਸ ਵੰਸੁ ਵਸਿ ਮਾਨਸਰ ਮਾਣਕ ਮੋਤੀ ਚੋਗ ਚੁਗਾਵੈ।
-----------------------------------------------------------
ਸਾਧ ਸੰਗਤਿ ਹੈ ਸਹਜ ਘਰਿ ਸਿਮਰਣੁ ਦਰਸਿ ਪਰਸਿ ਗੁਣ ਗੋਈ।
ਇਸੇ ਤਰ੍ਹਾਂ ਕੁਝ ਹੋਰ ਉਦਾਹਰਣਾਂ ਅਨੁਪ੍ਰਾਸ ਅਲੰਕਾਰ ਦੀਆਂ ਪੇਸ਼ ਹਨ।
ਭਗਤੀਆ ਗਈ ਭਗਤਿ ਭੁਲਿ ਲੇਟੇ ਅੰਦਰਿ ਸੁਰਤਿ ਭਲਾਈ॥ (ਪਉੜੀ ੨੯)
ਮਾਇਆ ਮੋਹੀ ਮੇਦਨੀ ਕਲਿ ਕਲਿਵਾਲੀ ਸਭਿ ਭਰਮਾਈ॥ (ਪਾਉੜੀ ੭)
ਉਪਰੋਕਤ ਪੰਕਤੀਆਂ ਵਿਚ 'ਭਗਤੀਆਂ', 'ਭਗਤਿ', 'ਭੂਲਿ' ਅਤੇ 'ਭੁਲਾਈ' ਵਿਚ 'ਭ' ਕਰਕੇ ਅਤੇ ਹੇਠਲੀ ਪੰਕਤੀ ਵਿਚ 'ਮਾਇਆ', 'ਮੋਹੀ', ਅਤੇ 'ਮੇਦਨੀ' ਵਿਚ 'ਮ' ਕਰਕੇ ਅਨੁਪ੍ਰਾਸ ਅਲੰਕਾਰ ਹੈ। ਉਪਰੋਕਤ ਉਦਾਹਰਣਾਂ ਅਨੁਪ੍ਰਾਸ ਅਲੰਕਾਰ ਦੀ ਪ੍ਰਮੁੱਖ ਵੰਨਗੀ ਛੇਕ ਅਨੁਪ੍ਰਾਸ ਦੀਆਂ ਹਨ। ਇਸ ਤੋਂ ਇਲਾਵਾ ਤੀ ਅਤੇ ਵ੍ਰਿਤੀ ਦੀਆਂ ਵੀ ਅਨੇਕਾਂ ਉਦਾਹਰਣਾਂ ਹਨ। ਜਿੱਥੇ ਇੱਕ ਅੱਖਰ ਜਾਂ ਇੱਕ ਤੋਂ ਵੱਧ ਅੱਖਰ ਤੁਕ ਵਿਚ ਆਏ ਸ਼ਬਦਾਂ ਦੇ ਅਖੀਰ 'ਤੇ ਵਾਰ-ਵਾਰ ਆਉਣ ਤੇ ਉਨ੍ਹਾਂ ਦੀ ਲਯ, ਵਜ਼ਨ ਪੱਖੋਂ ਸਮਾਨਤਾ ਵੀ ਹੋਵੇ, ਉੱਥੇ ਵ੍ਰਿਤੀ ਅਨੁਪ੍ਰਾਸ ਅਲੰਕਾਰ ਹੁੰਦਾ ਹੈ ਜਿਵੇਂ-
ਦਰਸ਼ਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ॥
ਖਿਨਰਮ ਗੁਰਗਮ ਹਰਦਮ ਨਿਹਜਮ, ਹਰਿ ਕੰਠਿ ਨਾਨਕ ਉਰਿਹਾਰੀ ਰੇ॥ (ਆਸਾ ਮ. ५)
ਇਸੇ ਤਰ੍ਹਾਂ ਭਾਈ ਗੁਰਦਾਸ ਦੀ ਇਸ ਪਹਿਲੀ ਵਾਰ ਵਿਚ ਵੀ ਵ੍ਰਿਤੀ ਅਨੁਪ੍ਰਾਸ ਅਲੰਕਾਰ ਆਮ ਮਿਲ ਜਾਂਦਾ ਹੈ—
ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ॥ (ਪਉੜੀ ੧)
ਪਉਣ ਪਾਣੀ ਬੈਸੰਤਰੋ, ਚਉਥੀ ਧਰਤੀ ਸੰਗਿਆ ਮਿਲਾਈ॥
ਖਾਣੀ ਬਾਣੀ ਚਲਿਤੁ ਕਰਿ ਆਵਾ ਗਾਉਣ ਚਰਿਤ ਦਿਖਾਈ॥ (ਪਾਉੜੀ २)
ਇਸ ਤੋਂ ਇਲਾਵਾ ਜਿਥੇ ਮੂੰਹ ਤੋਂ ਇੱਕ ਸਥਾਨ 'ਤੇ ਉਚਰਿਤ ਹੋਣ ਵਾਲੇ ਅੱਖਰਾਂ ਦੀ ਆਵਤੀ ਹੋਵੇ, ਉਥੇ ਤੀ ਜਾਂ ਸ਼ਰੁਤੀ ਅਨੁਪ੍ਰਾਸ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਅਸੀਂ ਇੰਜ ਕਹਿ ਸਕਦੇ ਹਾਂ ਕਿ ਤੁਕ ਵਿਚ ਵਾਰ ਵਾਰ ਸ਼ਬਦਾਂ ਦੇ ਮੁੱਢ ਵਿਚ ਅਜਿਹੇ ਅੱਖਰ ਹੋਣ, ਜਿਨ੍ਹਾਂ ਦਾ ਉਚਾਰਨ ਮੂੰਹ ਦੇ ਕਿਸੇ ਇੱਕ ਸਥਾਨ ਤੋਂ ਹੋ ਕੇ ਆਇਆ ਹੋਵੇ—
ਮੁਕਤਿ ਪਦਾਰਥਿ ਮਾਹਿ ਸਮਾਇਆ॥
ਚਾਰਿ ਜੁਗਿ ਕਹਿ ਥਾਪਨਾ, ਸਤਿਜੁਗ ਤ੍ਰੇਤਾ ਦੁਆਪਰ ਸਾਜੇ॥ (ਪਉੜੀ ੫)
ਅਨੁਪ੍ਰਾਸ ਅਲੰਕਾਰ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵਿਰੋਧ, ਛੇਕੋਕਤੀ, ਦ੍ਰਿਸ਼ਟਾਂਤ, ਅਸੰਭਵ, ਰੂਪਕ, ਉਪਮਾ, ਲੋਕੋਕਤੀ, ਉੱਲਾਸ ਅਤੇ ਅਵੱਗਿਆ ਅਲੰਕਾਰਾਂ ਦੀ ਭਰਮਾਰ ਹੈ। ਇਸ ਪਹਿਲੀ ਵਾਰ ਦੀਆਂ ਪਉੜੀਆਂ ਵਿਚੋਂ ਅਲੰਕਾਰਾਂ ਦੀਆਂ ਕੁਝ ਹੋਰ ਵੰਨਗੀਆਂ ਲੱਭ ਸਕਦੇ ਹਾਂ। ਵਿਸ਼ੇਸ਼ ਤੌਰ 'ਤੇ ਰੂਪਕ ਅਤੇ ਉਪਮਾ ਅਲੰਕਾਰ ਇਸ ਵਾਰ ਵਿਚ ਮਿਕਦਾਰੀ ਰੂਪ ਵਿਚ ਕਾਫੀ ਆਏ ਹਨ ਜੋ ਸਾਡੇ ਧਿਆਨ ਦੀ ਮੰਗ ਕਰਦੇ ਹਨ। ਜਿੱਥੇ ਉਪਮਾਨ ਅਤੇ ਉਪਮੇਯ ਇੱਕੋ ਹੀ ਰੂਪ ਹੋਏ ਹੋਣ ਅਰਥਾਤ ਦੋਹਾਂ ਦੀ ਸਮਤਾ ਵਿਖਾਈ ਜਾਵੇ ਉਥੇ ਰੂਪਕ ਅਲੰਕਾਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਚਰਚਾ ਅਧੀਨ ਵਸਤੂ ਨੂੰ ਕਿਸੇ ਹੋਰ ਵਸਤੂ ਦਾ ਰੂਪ ਹੀ ਤਸੱਵਰ ਕਰ ਲਿਆ ਜਾਵੇ ਜਿਵੇਂ ਉਹ ਨਿਰਾ ਚੰਨ ਹੈ, 'ਉਹ' ਨੂੰ 'ਚੰਨ' ਦਾ ਰੂਪ ਮੰਨ ਲਿਆ ਗਿਆ ਹੈ। ਇੰਜ ਇੱਥੇ ਰੂਪਕ ਅਲੰਕਾਰ ਹੋਵੇਗਾ। ਇਸੇ ਤਰ੍ਹਾਂ ਕਵੀ ਜਾਂ ਸਾਹਿੱਤਕਾਰ ਕਿਸੇ ਵਸਤੂ ਦੇ ਵਰਣਨ ਲਈ ਕਿਸੇ ਹੋਰ ਵਸਤੂ ਨਾਲ ਮੁਕਾਬਲਾ ਜਾਂ ਤੁਲਨਾ ਕਰਦਾ ਹੈ, ਉਥੇ ਉਪਮਾ ਅਲੰਕਾਰ ਹੁੰਦਾ ਹੈ। ਗੁਰਸਿੱਖੀ ਨੂੰ ਪਰਿਭਾਸ਼ਤ ਕਰਨ ਹਿੱਤ ਅਤੇ ਉਨ੍ਹਾਂ ਦੇ ਬਹੁ-ਦਿਸ਼ਾਵੀ ਖੁਲ੍ਹਦੇ ਪਾਸਾਰਾਂ ਨੂੰ ਅਭਿਵਿਅਕਤ ਕਰਨ ਲਈ ਭਾਈ ਗੁਰਦਾਸ ਨੇ ਇਨ੍ਹਾਂ ਦੋ ਅਲੰਕਾਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ।
ਰੂਪਕ ਅਲੰਕਾਰ :
ਗੁਰਮੁਖਿ ਸੁਖਪਲ ਪਿਰਮ ਰਸ ਦੇਹਿ ਬਿਦੇਹ ਵਡੇ ਵੀਚਾਰੀ।
ਆਦਿ ਪੁਰਖੁ ਆਦੇਸੁ ਕਰਿ ਅੰਮ੍ਰਿਤ ਵੇਲਾ ਸ਼ਬਦ ਆਹਾਰੀ।
ਪਾਤਿਸਾਹਾਂ ਦੀ ਮਜਲਸੈ ਪਿਰਮੁ ਪਿਆਲਾ ਪੀਵਣਾ ਭਾਰੀ। (ਗਿਆਰਵੀਂ ਵਾਰ)
ਪਿਰਮ ਪਿਆਲਾ ਅਮਿਉ, ਪੀ ਸਹਜ ਸਮਾਈ ਅਜਰੁ ਜਰਾਇਆ।
ਉਦਾਹਰਣ ਦੇ ਤੌਰ 'ਤੇ ਉਪਰੋਕਤ ਪਹਿਲੀ ਸਤਰ ਹੀ ਲੈ ਸਕਦੇ ਹਾਂ, ਜਿਸ ਵਿਚ ਸੁਖ ਨੂੰ ਫਲ ਅਤੇ ਪ੍ਰੇਮ ਨੂੰ ਰਸ ਦਾ ਰੂਪ ਮੰਨਿਆ ਗਿਆ ਹੈ। ਇਸ ਕਰਕੇ ਸੁਖ ਫਲ ਅਤੇ ਪਿਰਮ ਰਸ ਪਦ ਰੂਪਕ ਅਲੰਕਾਰ ਦੇ ਧਾਰਨੀ ਹਨ। ਇਸੇ ਤਰ੍ਹਾਂ ਦੀਆਂ ਦੂਸਰੀਆਂ ਤੁਕਾਂ ਦੇ ਲਕੀਰੋ ਪਦ ਰੂਪਕ ਅਲੰਕਾਰ ਹੋਣ ਦੀ ਪੁਸ਼ਟੀ ਕਰਦੇ ਹਨ।
ਭਾਈ ਸਾਹਿਬ ਦੀ ਪਹਿਲੀ ਵਾਰ ਦੀਆਂ ਬਹੁਤ ਸਾਰੀਆਂ ਪਉੜੀਆਂ ਵਿਚ ਰੂਪਕ ਅਲੰਕਾਰ ਦੀ ਵਰਤੋਂ ਸੁਚੱਜੇ ਢੰਗ ਨਾਲ ਹੋਈ ਹੈ।
ਸਚਾ ਸਾਹੁ ਜਗਤੁ ਵਣਜਾਰਾ॥ (ਪਉੜੀ ੧੭)
ਕੂੜ ਅਮਾਵਸਿ ਵਰਤਿਆ ਹਉ ਭਾਲਣਿ ਚੜਿਆ ਸੰਸਾਰਾ॥ (ਪਉੜੀ ੨੯)
ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ॥ (ਪਉੜੀ ३०)
ਸਚੁ ਚੰਦ੍ਰਮਾ ਕੂੜ ਅੰਧਾਰਾ॥ (ਪਉੜੀ ੨੯)
ਨਾਨਕ ਕਲਿ ਵਿਚਿ ਆਇਆ ਰਥੁ ਫਕੀਰੁ, ਇੱਕੋ ਪਹਿਚਾਨਾ (ਪਉੜੀ ੪੮)
ਉਪਮਾ ਅਲੰਕਾਰ
ਪੰਜਾਬੀ ਕਵਿਤਾ ਦੇ ਖੇਤਰ ਵਿਚ ਇਸ ਅਲੰਕਾਰ ਦਾ ਬੜਾ ਹੀ ਮਹੱਤਵ ਹੈ। ਕਵੀ ਜਾਂ ਸਾਹਿੱਤਕਾਰ ਕਿਸੇ ਵਸਤੂ ਦੇ ਵਰਣਨ ਲਈ ਕਿਸੇ ਹੋਰ ਵਸਤੂ ਨਾਲ ਮੁਕਾਬਲਾ ਕਰਦਾ ਹੈ ਤਾਂ ਉੱਥੇ ਉਪਮਾ ਅਲੰਕਾਰ ਹੁੰਦਾ ਹੈ। ਉਪਮਾ ਦਾ ਅਰਥ ਹੀ ਮੁਕਾਬਲਾ ਜਾਂ ਤੁਲਨਾ ਆਦਿ ਹੁੰਦਾ ਹੈ। ਉਪਮਾ ਅਲੰਕਾਰ ਵਿਚ ਦੇ ਵਸਤੂਆਂ (ਉਪਮੇਅ ਅਤੇ ਉਪਮਾਨ), ਜਿਨ੍ਹਾਂ ਦੀ ਆਪਸ ਵਿਚ ਤੁਲਨਾ ਕੀਤੀ ਗਈ ਹੁੰਦੀ ਹੈ, ਵੱਖਰੀਆਂ ਹੁੰਦੀਆਂ ਹੋਈਆਂ ਵੀ ਕਿਸੇ ਖ਼ਾਸ ਵਿਸ਼ੇਸ਼ਤਾ ਦੇ ਵਰਗੇਵੇਂ ਨੂੰ ਪ੍ਰਗਟ ਕਰਦੀਆਂ ਹਨ। ਚੇਤੇ ਰਹੇ ਜਿਸ ਚੀਜ਼ ਦੀ ਤੁਲਨਾ ਜਾਂ ਸਮਾਨਤਾ ਕਿਸੇ ਹੋਰ ਚੀਜ਼ ਨਾਲ ਕੀਤੀ ਜਾਵੇ, ਉਸ ਚੀਜ਼ ਨੂੰ ਉਪਮੇਅ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਵਿਸ਼ੇਸ਼ ਚੀਜ਼ ਨਾਲ ਉਪਮੇਅ ਦੀ ਸਮਾਨਤਾ ਜਾਂ ਤੁਲਨਾ ਕਰਕੇ ਦਿਖਾਈ ਜਾਵੇ ਉਸ ਨੂੰ ਉਪਮਾਨ ਕਿਹਾ ਜਾਂਦਾ ਹੈ।
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ॥
ਜਿਉਂ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥ (ਪਉੜੀ ੨੭)
ਏਥੇ ਗੁਰੂ ਨਾਨਕ ਦੇਵ ਜੀ ਨੂੰ ਸੂਰਜ ਅਤੇ ਸਿੰਘ (ਸ਼ੇਰ) ਨਾਲ ਤੁਲਨਾਇਆ ਗਿਆ ਹੈ ਅਤੇ ਮਿਰਗਵਾਲੀ ਮਾਨਵ ਵਿਰੋਧੀ ਸ਼ਕਤੀਆਂ ਅਰਥਾਤ ਨਾਥਾਂ ਜੋਗੀਆਂ, ਮੁੱਲਾਂ ਮੁਲਾਣਿਆਂ ਆਦਿ ਨੂੰ ਆਖਿਆ ਗਿਆ ਹੈ।
ਅਤਿਕਥਨੀ ਅੰਲਕਾਰ
ਕਵਿਤਾ ਵਿਚ ਕਿਸੇ ਚੀਜ਼ ਜਾਂ ਘਟਨਾ ਜਾਂ ਨਾਇੱਕ ਦੇ ਲੱਛਣਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੋਵੇ, ਉਥੇ ਅਤਿਕਥਨੀ ਅਲੰਕਾਰ ਹੁੰਦਾ ਹੈ। ਕਿਸੇ ਵੀ ਚੀਜ਼ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਨਾਲ ਉਸ ਵਿਚ ਅਤਿ ਦੀ ਬਿਆਨਬਾਜ਼ੀ ਆ ਜਾਂਦੀ ਹੈ ਜੋ ਕਈ ਵਾਰ ਮੰਨਣਯੋਗ ਨਹੀਂ ਰਹਿੰਦੀ। ਭਾਈ ਸਾਹਿਬ ਦੀ ਇਸ ਵਾਰ ਵਿਚ ਅਤਿਕਥਨੀ ਅਲੰਕਾਰ ਕਾਫੀ ਮਾਤਰਾ ਵਿਚ ਮਿਲ ਜਾਂਦੇ ਹਨ।
ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥ (ਪਉੜੀ ੩੧)
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥ (ਪਉੜੀ ੩੨)
ਨਾਲਿ ਲੀਤਾ ਬੇਟਾ ਪੀਰ ਦਾ, ਅਖੀ ਮੀਟਿ ਗਇਆ ਹਵਾਈ॥
ਲਖ ਅਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭ ਦਿਖਾਈ॥
ਭਰਿ ਕਚਕੌਲ ਪ੍ਰਸਾਦਿ ਦਾ ਧੁਰੋਂ ਪਤਾਲੋ ਲਈ ਕੜਾਹੀ।।
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤ ਦਿਖਾਈ॥
ਇਕਿ ਪਰਿ ਕਰਿ ਕੈ ਉਤਰਨਿ ਪੰਖੀ ਜਿਵੈ ਰਹੇ ਲੀਲਾਈ॥
ਇਕਿ ਨਾਗ ਹੋਇ ਪਉਣ ਛੋੜਿਆ ਇੱਕਨਾ ਵਰਖਾ ਅਗਨਿ ਵਸਾਈ॥
ਤਾਰੇ ਤੋੜੇ ਭੰਗਰਿਨਾਥ ਇੱਕ ਚੜਾ ਮਿਰਗਾਨੀ ਜਲੁ ਤਰ ਜਾਈ॥ (ਪਉੜੀ ੪੧)
ਦ੍ਰਿਸ਼ਟਾਂਤ ਅਲੰਕਾਰ :
ਜਿੱਥੇ ਕੋਈ ਵਸਤੂ (ਵਿਚਾਰ), ਘਟਨਾ ਜਾਂ ਕਵਿਤਾ ਵਿਚਲੇ ਨਾਇੱਕ ਦੀ ਪੂਰੀ ਪੂਰੀ ਜਾਣਕਾਰੀ ਦੇਣ ਲਈ ਉਸ ਨੂੰ ਪੂਰੇ ਵਿਸਤਾਰ ਵਿਚ ਉਸੇ ਵਰਗੀ ਵਸਤੂ (ਵਿਚਾਰ), ਘਟਨਾ ਜਾਂ ਨਾਇੱਕ ਦੀ ਉਦਾਹਰਣ ਦੇ ਕੇ ਵਿਆਖਿਆ ਜਾਵੇ। ਗੁਰਬਾਣੀ ਵਿਚ ਕਿਸੇ ਰਹੱਸ ਨੂੰ ਖੋਲ੍ਹਣ ਲਈ ਦ੍ਰਿਸ਼ਟਾਂਤ ਦਾ ਸਹਾਰਾ ਲਿਆ ਗਿਆ ਹੈ ਕਿਉਂਕਿ ਭਾਈ ਸਾਹਿਬ ਅਨੁਸਾਰ ਕਿਸੇ ਵਿਚਾਰ ਨੂੰ ਸਪੱਸ਼ਟ ਕਰਨ ਲਈ ਇਹ ਵਿਧੀ ਢੁੱਕਵੀਂ ਹੈ। ਮਿਸਾਲ ਵਜੋਂ:-
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥ (ਪਉੜੀ ੨੭)
ਇੰਝ ਧੰਨ ਗੁਰੂ ਨਾਨਕ ਦੇਵ ਜੀ ਸੰਬੰਧੀ ਜੋ ਦ੍ਰਿਸ਼ਦਾਂਤ ਪੇਸ਼ ਹਨ ਉਨ੍ਹਾਂ ਤੋਂ ਗੁਰੂ ਸਾਹਿਬਾਨ ਤੋਂ ਪਹਿਲਾਂ ਦੀ ਦਸ਼ਾ ਤੇ ਉਸ ਦੀ ਨਵਿਰਤੀ ਦਾ ਵਖਿਆ ਹੈ।
ਇਸੇ ਤਰ੍ਹਾਂ ਪਾਤੰਜਲੀ ਰਿਸ਼ੀ ਜੋ ਯੋਗ-ਸ਼ਾਸਤਰ ਦਾ ਰਚੈਤਾ ਸੀ ਨੇ ਅਥਰਵ ਵੇਦ ਦੀ ਵਿਆਖਿਆ ਕਰਨ ਤੋਂ ਬਾਅਦ ਜੋਗ ਬਾਬਤ ਆਖਦਾ ਹੈ-
— ਵੇਦ ਅਥਰਵ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ॥
ਜਿਉਂ ਕਰ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖਿ ਦਿਖਾਈ॥
ਜੋਗੁ ਪਦਾਰਥ ਨਿਰਮਲਾ ਅਨਰਦ ਧੁਨਿ ਅੰਦਰਿ ਲਿਵ ਲਾਈ। (ਪਉੜੀ ੧੪)
ਲੋਕੋਕਤੀ ਅਲੰਕਾਰ
ਲੋਕੋਕਤੀ ਹਿੰਦੀ ਦਾ ਸ਼ਬਦ ਹੈ ਜਿਸ ਦਾ ਅਰਥ ਅਖਾਉਤ ਜਾਂ ਅਖਾਣ ਹੈ। ਕਵਿਤਾ ਵਿਚ ਲੋਕ-ਪ੍ਰਵਾਨਿਤ ਗੱਲ (ਅਖਾਉਤ) ਜਾਂ ਅਜਿਹੀ ਗੱਲ ਜੋ ਲੋਕਾਂ ਉਪਰ ਪਹਿਲੋਂ ਹੀ ਚੜ੍ਹੀ ਹੋਵੇ, ਉਸ ਨੂੰ ਲੋਕੋਕਤੀ ਅਲੰਕਾਰ ਕਿਹਾ ਜਾਂਦਾ ਹੈ। ਇਸ ਰਾਹੀਂ ਕਵੀ
ਦੀ ਆਪਣੀ ਕਹਿਣ ਵਾਲੀ ਗੱਲ ਦੀ ਪੁਸ਼ਟੀ ਹੁੰਦੀ ਹੈ। ਭਾਈ ਸਾਹਿਬ ਦੀ ਇਸ ਵਾਰ ਵਿਚ ਬਹੁਤ ਸਾਰੀਆਂ ਤੁਕਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਲੋਕਕਤੀ ਅਲੰਕਾਰ ਰੱਖਿਆ ਪਿਆ ਹੈ। ਇਥੇ ਤਕ ਭਾਈ ਸਾਹਿਬ ਦੀਆਂ ਵਾਰਾਂ ਵਿਚ ਆਏ ਅਖਾਣ ਅਜਿਹੇ ਹਨ ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਕਾਵਿ ਵਿਚ ਨਹੀਂ ਮਿਲਦੇ ਸਿਰਫ਼ ਭਾਈ ਸਾਹਿਬ ਦੀ ਰਚਨਾ ਵਿਚੋਂ ਹੀ ਪਹਿਲੀ ਵਾਰੀ ਰੂਪਮਾਨ ਹੁੰਦੇ ਹਨ।
ਅਉਸੁਰ ਚੁੱਕਾ ਹੱਥ ਨ ਆਵੈ॥ (ਪਉੜੀ ੧੫)
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ॥ (ਪਉੜੀ २०)
ਉਲਟੀ ਵਾੜ ਖੇਤ ਕਉ ਖਾਈ॥ (ਪਉੜੀ ३०)
ਉਲਟੀ ਗੰਗ ਵਹਾਈਉਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦੁ ਸਮਾਵੈ॥
ਇਸ ਵਾਕ ਤੋਂ ਇਲਾਵਾ ਹੋਰਨਾਂ ਵਾਕਾਂ ਵਿਚ ਵੀ ਇਸ ਅਲੰਕਾਰ ਦੀ ਭਰਪੂਰ ਵਰਤੋਂ ਹੋਈ ਹੈ।
ਗਿਦੜ ਦਾਖ ਨ ਅਪੜੈ ਆਖੇ ਥੂ ਕਉੜੀ॥
ਨਚਣਿ ਨਚ ਨ ਜਾਣਈ ਆਖੈ ਭੁਇ ਸਉੜੀ॥
ਕੁਤਾ ਰਾਜ ਬਹਾਲੀਐ ਫਿਰ ਚਕੀ ਚਟੈ॥
ਗੂਢੋਤਰ ਅਲੰਕਾਰ
ਜਦੋਂ ਕਵਿਤਾ ਵਿਚ ਕੋਈ ਅਜਿਹਾ ਸਿੱਧਾਂਤ ਪੇਸ਼ ਕੀਤਾ ਗਿਆ ਹੋਵੇ, ਜਿਸ ਦੇ ਬਾਹਰੀ ਅਰਥ ਹੋਰ ਨਿਕਲਦੇ ਹੋਣ ਪਰ ਉਨ੍ਹਾਂ ਅਰਥਾਂ ਦੀ ਤਹਿ ਥੱਲੇ ਅਜਿਹੇ ਛੁਪੇ ਹੋਏ ਭਾਵ ਹੋਣ ਜਿਹੜੇ ਪਾਠਕ ਨੂੰ ਸਮਝ ਆਉਣ 'ਤੇ ਆਚੰਭਿਤ ਕਰ ਜਾਣ ਉਥੇ ਇਹ ਅਲੰਕਾਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਕ ਈ ਗੁਪਤ ਸਿੱਧਾਂਤ ਨੂੰ ਪੇਸ਼ ਕਰਨ ਵਾਲੀ ਤੁਕ ਵਿਚ ਗੁਢੋਤਰ ਅਲੰਕਾਰ ਹੁੰਦਾ ਹੈ।
ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ॥
ਅੱਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ॥
ਜਿਉਂ ਸਾਗਰ ਵਿਚ ਗੰਗ ਸਮਾਈ॥ (ਪਉੜੀ ੪੪)
ਉਪਰੋਕਤ ਪੰਕਤੀਆਂ ਵਿਚ ਮੁਲਤਾਨ ਦੇ ਪੀਰ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਗੁਢ ਉੱਤਰ ਦਿਤਾ ਗਿਆ ਹੈ। ਅਚਲ ਵਟਾਲੇ ਲੱਗੇ ਸ਼ਿਵਰਾਤਰੀ ਦੇ ਮੇਲੇ ਵਿਚ ਸਿੱਧਾਂ ਉੱਪਰ ਫਤਹਿ ਪਾ ਕੇ ਬਾਬਾ ਨਾਨਕ ਮੁਲਤਾਨ ਦੀ ਯਾਤਰਾ 'ਤੇ ਨਿਕਲਦੇ ਹਨ। ਮੁਲਤਾਨ ਪੀਰ ਨੂੰ ਜਦ ਗੁਰੂ ਜੀ ਦੇ ਮੁਲਤਾਨ ਵਿਚ ਆਉਣ ਦੀ ਖ਼ਬਰ ਮਿਲਦੀ ਹੈ ਤਾਂ ਉਹ ਦੁੱਧ ਦਾ ਭਰਿਆ ਕਟੋਰਾ ਲੈ ਕੇ ਆਉਂਦਾ ਹੈ, ਜਿਸ ਦਾ ਗੁਢ ਅਰਥ ਸੀ ਕਿ ਇਸ ਨਗਰੀ ਵਿਚ ਪਹਿਲਾਂ ਹੀ ਪੀਰਾਂ ਫ਼ਕੀਰਾਂ ਦੀ ਗਿਣਤੀ ਬਹੁਤ ਹੈ ਅਰਥਾਤ ਪੀਰਾਂ ਫਕੀਰਾਂ
ਨਾਲ ਨਗਰੀ ਭਰੀ ਪਈ ਹੈ। ਇਸ ਕਰਕੇ ਤੁਹਾਡੇ ਵਾਸਤੇ ਰਹਿਣ ਲਈ ਇੱਥੇ ਕੋਈ ਜਗ੍ਹਾ ਨਹੀਂ। ਗੁਰੂ ਜੀ ਜਦ ਦੁੱਧ ਦੇ ਕਟੋਰੇ ਵਿਚ ਚੰਬੇਲੀ ਦਾ ਫੁੱਲ ਰੱਖਦੇ ਹਨ ਤਾਂ ਇਸ ਦਾ ਅਰਥ ਹੈ ਕਿ ਉਹ ਮੁਲਤਾਨ ਵਿਖੇ ਰਹਿਣ ਲਈ ਨਹੀਂ ਸਗੋਂ ਚੰਬੇਲੀ ਦੇ ਫੁੱਲ ਵਾਂਗ ਨਾਮ ਦੀ ਖੁਸ਼ਬੂ ਵੰਡਣ ਆਏ ਹਨ।
ਵਿਰੋਧਾਭਾਸੀ ਅਲੰਕਾਰ
ਕਵਿਤਾ ਵਿਚ ਕਿਸੇ ਵਸਤੂ ਜਾਂ ਗੁਣਵਾਨ ਦਾ ਉਲਟਾ ਅਸਰ ਹੋਇਆ ਹੋਵੇ, ਉਥੇ ਵਿਰੋਧ ਅਲੰਕਾਰ ਹੁੰਦਾ ਹੈ ਜਿਵੇਂ :-
ਰਾਜੇ ਆਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁ ਬਿਧਿ ਭਾਈ॥
ਚੇਲੇ ਬੈਠਨਿ ਘਰਾਂ ਵਿਚ ਗੁਰਿ ਉਠਿ ਘਰੀਂ ਤਿਨਾੜੇ ਜਾਈ॥
ਕਾਜੀ ਹੋਇ ਰਿਸਵਤੀ ਵਢੀ ਲੈ ਕੇ ਹਕ ਗਵਾਈ॥ (ਪਾਉੜੀ ३०)
ਇਥੇ ਰਾਜੇ ਦਾ ਕੰਮ ਇਨਸਾਫ ਦੇਣਾ ਹੁੰਦਾ ਹੈ ਤੇ ਵਾੜ ਦਾ ਕੰਮ ਰੱਖਿਆ ਕਰਨਾ ਪਰ ਦੋਹਾਂ ਦਾ ਅਸਰ ਉਲਟ ਹੋਇਆ ਹੈ। ਇਸੇ ਤਰ੍ਹਾਂ ਚੇਲੇ ਅਤੇ ਗੁਰੂ ਦੇ ਸੰਬੰਧ ਵਿਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਾਜੀ ਜਿਸ ਨੇ ਨਿਰਪੱਖ ਫੈਸਲੇ ਸੁਣਾਉਣੇ ਹੁੰਦੇ ਹਨ, ਰਿਸ਼ਵਤ ਦੇਣ ਵਾਲੀ ਧਿਰ ਦੇ ਹੱਕ ਵਿਚ ਨਿਰਣੇ ਕਰ ਰਹੇ ਹਨ। ਇਸੇ ਕਰਕੇ ਇਨ੍ਹਾਂ ਪੰਕਤੀਆਂ ਵਿਚ ਵਿਰੋਧਾਭਾਸੀ ਅਲੰਕਾਰ ਆਇਆ ਹੈ।
ਬਿੰਬ ਵਿਧਾਨ
ਬਿੰਬ ਇੱਕ ਪ੍ਰਕਾਰ ਦਾ ਅਮੂਰਤ ਭਾਵਨਾਵਾਂ ਜਾਂ ਸੰਕਲਪਾਂ ਨੂੰ ਸਮੂਰਤ ਕਰਕੇ ਸਾਨੂੰ ਇੰਦਰਿਆਵੀ ਝਰਨਾਟਾਂ ਅਥਵਾ ਸੰਵੇਦਨਾ ਦਿੰਦਾ ਹੈ। ਬੇਸ਼ੱਕ ਬਿੰਬ ਦੀ ਮਹੱਤਤਾ ਨਵੀਂ ਕਵਿਤਾ ਵਿਚ ਜ਼ਿਆਦਾ ਮਹਿਸੂਸ ਕੀਤੀ ਜਾਂਦੀ ਹੈ ਪਰ ਸਾਡਾ ਮੱਧਕਾਲ ਦਾ ਭਾਈ ਗੁਰਦਾਸ ਵੀ ਆਪਣੀਆਂ ਸੂਖਮ ਭਾਵਨਾਵਾਂ ਜਾਂ ਅਮੂਰਤ ਸਹਿਜ ਅਨੁਭੂਤੀਆਂ ਨੂੰ ਕਈ ਕਈ ਤੁਕਾਂ ਵਿਚ ਇਨ੍ਹਾਂ ਬਿੰਬਾਂ ਰਾਹੀਂ ਹੀ ਮੂਰਤੀਮਾਨ ਕਰਦਾ ਰਿਹਾ ਹੈ। ਚਿੱਤਰਬੱਧ ਕਰਨਾ, ਨਿਰਾਕਾਰ ਨੂੰ ਸਾਕਾਰ, ਅਮੂਰਤ ਨੂੰ ਸਮੂਰਤ ਜਾਂ ਪ੍ਰਤਿਛਾਇਆ ਕਰਨਾ, ਆਦਿ ਵਿਦਵਾਨਾਂ ਵਲੋਂ ਬਿੰ ਬ ਦੀ ਪ੍ਰਮਾਣਿਕ ਪਰਿਭਾਸ਼ਾ ਨਿਰਧਾਰਤ ਕਰਨ ਦੇ ਉਪਰਾਲੇ ਹੋਏ ਹਨ। ਕਈ ਵਿਦਵਾਨ ਬਿੰਬ ਨੂੰ ਕਾਵਿ-ਤੱਤ ਵਜੋਂ ਸਵੀਕਾਰਦੇ ਹਨ ਪਰ ਇਹ ਸ਼ੈਲੀ ਤੱਤ ਦਾ ਹੀ ਇੱਕ ਕਿਸਮ ਦਾ ਵਿਸਤਾਰ ਹੈ। ਬਿੰਬ ਦੀ ਅਸਲੀ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਸ਼ਬਦ ਸੁਰ ਨਾਦ ਵਾਂਗ ਬੋਲਦੇ ਮਹਿਸੂਸ ਹੁੰਦੇ ਹੋਣ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਕਵੀ ਦੀ ਰਚਨਾ ਵਿਚ ਸ਼ਬਦਾਂ ਦੇ ਜੋੜ ਤੋਂ ਬਣੀ ਮੂਰਤ ਸਾਡੀ ਇਸੇ ਇੰਦਰੀ ਨੂੰ ਮਹਿਸੂਸ ਹੋਣ ਲੱਗ ਪਵੇ। ਡਾ. ਪ੍ਰੇਮ ਪ੍ਰਕਾਸ਼ ਸਿੰਘ ਤਾਂ ਬਿੰਬ ਬਾਬਤ ਸਪੱਸ਼ਟ ਲਿਖਦਾ ਹੈ ਕਿ (Image) ਕਵਿਤਾ ਦੀ ਸ਼ੈਲੀਗਤ ਵਿਸ਼ੇਸ਼ਤਾ ਹੈ ਕਵੀ ਆਪਣੀ ਦਿਲ ਦੀਆਂ ਤਰਲ, ਨਾਜ਼ਕ ਤੇ ਅਮੂਰਤ ਭਾਵਨਾਵਾਂ ਨੂੰ ਸਮੂਰਤ ਬਣਾਉਣਾ ਲੋੜਦਾ ਹੈ।
ਕਵੀ ਦੀਆਂ ਇਹ ਅਮੂਰਤ (ਬੇਸ਼ਕਲ) ਭਾਵਨਾਵਾਂ ਉਸ ਦੀ ਮਨੋਬਿਰਤੀ ਦਾ ਨਤੀਜਾ ਹਨ ਜਿਸ ਦੇ ਬਲਬੂਤੇ 'ਤੇ ਉਹ ਸਹਿਜ ਸੁਭਾਅ ਇੰਦਰਿਆਵੀ ਝਰਨਾਟਾ (Sensuous Sensation) ਗ੍ਰਹਿਣ ਕਰਦਾ ਰਹਿੰਦਾ ਹੈ। ਇਹ ਝਰਨਾਟਾਂ, ਰੂਪ, ਨਾਦ, ਗੰਧ, ਸਪਰਸ਼ ਆਦਿ ਦੀਆਂ ਹੋ ਸਕਦੀਆਂ ਹਨ। ਇੰਦਰਿਆਵੀ ਝਰਨਾਟਾਂ ਤੋਂ ਬਾਅਦ ਕਵੀ ਉਸ ਨੂੰ ਪ੍ਰਤੱਖ ਕਰਨ ਲਈ ਮਜਬੂਰ ਹੋ ਉਠਦਾ ਹੈ। ਮਾਨਸਿਕ ਝਰਨਾਟਾਂ ਦੇ ਅਨੁਭਵ ਵਿਚ ਕਵੀ ਦੇ ਹਿਰਦੇ ਵਿਚ ਅੱਡ ਅੱਡੀ ਬਿੰਬਾਂ ਦੀ ਉਤਪੱਤੀ ਹੁੰਦੀ ਹੈ ਤੇ ਇਹ ਬਿੰਬ ਕਾਵਿ ਬੋਲਾਂ ਵਿਚ ਉਜਾਗਰ ਹੋ ਉਠਦੇ ਹਨ।" ਜਿਥੋਂ ਤਕ ਭਾਈ ਗੁਰਦਾਸ ਦੀ ਇਸ ਪਹਿਲੀ ਵਾਰ ਦਾ ਸੰਬੰਧ ਹੈ, ਬਨਸਪਤੀ ਦੂਸਰੀਆਂ ਵਾਰਾਂ ਦੇ ਅੰਸ਼ਿਕ ਰੂਪ ਵਿਚ ਹੀ ਬਿੰਬ-ਵੰਨਗੀਆਂ ਆਈਆਂ ਹਨ। ਜੇਕਰ ਅਸੀਂ ਸਮੁੱਚੇ ਵਾਰ-ਸੰਸਾਰ ਦਾ ਵਿਵੇਚਨ ਕਰੀਏ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਬਿੰਬ ਦੀ ਹਰ ਵੰਨਗੀ ਨੂੰ ਆਪਣੇ ਕਾਵਿ-ਕਲੇਵਰ ਵਿਚ ਲਿਆ ਹੈ ਪਰ ਪਹਿਲੀ ਵਾਰ ਦੀਆਂ ਕੁਝ ਪਉੜੀਆਂ ਵਿਚ ਹੀ ਕੁਝ ਬਿੰਬਾਂ ਦੀ ਝਲਕ ਪ੍ਰਾਪਤ ਹੁੰਦੀ ਹੈ ਜੋ ਇਸ ਪ੍ਰਕਾਰ ਹੈ।
ਰਸ ਬਿੰਬ
ਇਸ ਬਿੰਬ ਦਾ ਸੰਬੰਧ ਜੀਭ ਨਾਲ ਹੈ, ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਚੀਜ਼ ਰਸਦਾਇੱਕ ਹੈ ਜਾਂ ਬੇਰਸ ਜਾਂ ਮਿੱਠੀ ਕੌੜੀ ਆਦਿ। ਇਸ ਬਿੰਬ ਨੂੰ ਦੂਸਰੇ ਸ਼ਬਦਾਂ ਵਿਚ ਅਸੀਂ ਸੁਆਦ ਪਰਕ ਬਿੰਬ ਵੀ ਆਖਦੇ ਹਾਂ। ਨਿਮਨ ਲਿਖਤ ਸਤਰਾਂ ਵਿਚ ਭਾਈ ਗੁਰਦਾਸ ਜੀ ਅੰਮ੍ਰਿਤ-ਕਿਰਨਾਂ ਦੇ ਰਸ ਦਾ ਸੁਆਦ ਚਖਾ ਰਿਹਾ ਹੈ :-
ਅੰਮ੍ਰਿਤ ਕਿਰਣਿ ਨਿਝਰ ਝਰੈ ਅਨਹਦ ਨਾਦ ਵਾਇਨ ਦਰਬਾਰੀ॥
ਪਾਤਿਸਾਹਾਂ ਦੀ ਮਜਲਸੈ ਪਿਰਮ ਪਿਆਲਾ ਪੀਵਣ ਭਾਰੀ॥
ਸਾਕੀ ਹੋਇ ਪਿਲਾਵਣਾ ਉਲਸ ਪਿਆਲੇ ਖਰੀ ਖੁਮਾਰੀ॥
ਭਾਇ ਭਗਤਿ ਭੈ ਚਲਣਾ ਮਸਤ ਅਲਮਸਤ ਸਦਾ ਹੁਸਿਆਰੀ॥ (੧੧/੧)
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀਆਂ ਵੀ ਕੁਝ ਪੁਉੜੀਆਂ ਵਿਚ ਰਸ ਬਿੰਬ ਦੀ ਵਰਤੋਂ ਕੀਤੀ ਹੈ।
ਅੱਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰ ਲੈ ਆਈ॥
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚ ਮਿਲਾਈ ।.(ਪਉੜੀ ੪੪)
ਪੁਛੇ ਜੋਗੀ ਭੰਗਰ ਨਾਥੁ, ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ॥
ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ॥
ਰੂਪ ਬਿੰਬ
ਇਸ ਬਿੰਬ ਦਾ ਨਾਂ ਦ੍ਰਿਸ਼ਟੀ ਪਰਕ ਬਿੰਬ ਵੀ ਹੈ। ਡਾ. ਨਰੇਂਦਰ ਮੁਤਾਬਕ ਇਹ ਆਕਾਰਮਈ ਹੁੰਦੇ ਹਨ ਜਿਨ੍ਹਾਂ ਦਾ ਸਰੂਪ ਵਧੇਰੇ ਸਪੱਸ਼ਟ ਹੁੰਦਾ ਹੈ। ਇਹ ਇੱਕ ਕਿਸਮ ਦੀ ਤਸਵੀਰ ਹੁੰਦੇ ਹਨ ਜੋ ਸਾਡੇ ਮਨ ਦੇ ਚਿੱਤਰਪੱਟ 'ਤੇ ਉੱਕਰ ਜਾਂਦੀ ਹੈ। ਨਿਮਨ ਲਿਖਤ ਗਿਆਰ੍ਹਵੀਂ ਵਾਰ ਦੀ ਤੀਸਰੀ ਪਉੜੀ ਦੇ ਸਾਰੇ ਚਰਣ ਇੱਕ ਗੁਰਮੁਖ ਦੇ ਚਿੱਤਰ ਨੂੰ
ਦ੍ਰਿਸ਼ਟੀਗੋਚਰ ਕਰਦੇ ਹਨ। ਅਸੀਂ ਮਿਸਾਲ ਦੇ ਤੌਰ 'ਤੇ ਕੁਝ ਚਰਣ ਹੀ ਦੇ ਰਹੇ ਹਾਂ
ਆਦਿ ਪੁਰਖ ਆਦੇਸੁ ਕਰਿ ਸਫਲ ਮੂਰਤਿ ਗੁਰਦਰਸਨ ਪਾਇਆ॥
ਪਰਦਖਣਾ ਡੰਡਉਤਿ ਕਰਿ ਮਸਤਕੁ ਚਰਨ ਕਵਲ ਗੁਰ ਲਾਇਆ॥
ਗੁਰਮੁਖਿ ਜਨਮੁ ਸਕਾਰਥਾ ਗੁਰਸਿਖ ਮਿਲਿ ਗੁਰਸਰਣੀ ਆਇਆ॥
ਸਤਿਗੁਰ ਪੁਰਖ ਦਇਆਲੁ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਇਆ।।
ਇਸੇ ਤਰ੍ਹਾਂ ਪਹਿਲੀ ਵਾਰ ਵਿਚ ਵੀ ਰੂਪ ਬਿੰਬ ਥਾਂ ਥਾਂ ਮਿਲ ਜਾਂਦੇ ਹਨ ਕਿਤੇ ਗੁਰਮੁਖ ਦਾ ਬਿੰਬ ਉਭਰਦਾ ਹੈ, ਕਿਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਤੇ ਕਿਤੇ ਨਾਥਾਂ,ਸਿੱਧਾ ਦੇ
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥ (ਪਉੜੀ ੩੮)
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ॥ (ਪਉੜੀ ੩੨)
ਨਾਦ ਬਿੰਬ
ਇਸ ਬਿੰਬ ਦਾ ਸੰਬੰਧ ਸਾਡੀ ਸੁਣਨ ਇੰਦਰੀ ਨਾਲ ਹੋਇਆ ਕਰਦਾ ਹੈ। ਇਸ ਬਿੰਬ ਦੇ ਮਾਧਿਅਮ ਰਾਹੀਂ ਕੰਨ ਰਸ ਪੈਦਾ ਕੀਤਾ ਜਾਂਦਾ ਹੈ। ਬਾਹਰਲੇ ਅਰਥਾਰ ਦਿਸਦੇ ਸੰਸਾਰ ਦੀਆਂ ਕੁਝ ਆਵਾਜ਼ਾਂ ਕੰਨਾਂ ਦੇ ਪਤਲੇ ਪਰਦਿਆਂ ਨਾਲ ਟਕਰਾ ਕੇ ਇੱਕ ਵਚਿੱਤਰ ਅਤੇ ਵਿਲੱਖਣ ਸੁਰ ਪੈਦਾ ਕਰਦੀਆਂ ਹਨ। ਮਨੁੱਖੀ-ਮਨ ਉਨ੍ਹਾਂ ਨੂੰ ਅਨੁਭਵ ਕਰਕੇ ਆਨੰਦ ਵਿਜ਼ੋਰ ਹੋ ਜਾਂਦਾ ਹੈ—
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ॥
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ॥
ਗਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥ (ਪਉੜੀ ੩੯)
ਸੋਦਰੁ ਆਰਤੀ ਦਿਤੀ ਬਾਂਗਿ ਨਿਵਾ ਕਰਿ ਸੁਨਿ ਸਮਾਨਿ ਹੋਆ ਜਹਾਨਾ ॥ (ਪਉੜੀ ੩੫)
ਗੰਧ ਬਿੰਧ/ ਸਪਰਸ਼ ਬਿੰਬ
ਅਜਿਹੇ ਬਿੰਬਾਂ ਦਾ ਸੰਬੰਧ ਸੁੰਘਣ-ਇੰਦਰੀ ਨਾਲ ਹੋਇਆ ਕਰਦਾ ਹੈ। ਫੁੱਲਾਂ ਜਾਂ ਕਿਸੇ ਵਸਤੂ ਜਾਂ ਵਾਤਾਵਰਣ ਦੀ ਭਿੰਨੀ-ਭਿੰਨੀ ਖੁਸ਼ਬੂ ਇਸੇ ਇੰਦਰੀ ਰਾਹੀਂ ਮਹਿਸੂਸ ਹੁੰਦੀ ਹੈ। ਨਮੂਨੇ ਵਜੋਂ ਹਾਜ਼ਰ ਨੇ ਭਾਈ ਗੁਰਦਾਸ ਦੀ ਇਸੇ ਗਿਆਰ੍ਹਵੀਂ ਵਾਰ ਦੀ ਦਸਵੀਂ ਪਉੜੀ ਦੀਆਂ ਆਰੰਭਲੀਆਂ ਸਤਰਾਂ ਜਿਸ ਵਿਚ ਚੰਦਨ ਦੀ ਵਾਸ਼ਨਾ ਦੀ ਅਭਿਵਿਅਕਤੀ ਹੈ :-
ਚੰਦਨ ਵਾਸੁ ਵਣਾਸਪਿਤ ਬਾਵਨ ਚੰਦਨ ਚੰਦਨ ਹੋਇ॥
ਫਲ ਵਿਣ ਚੰਦਨੁ ਬਾਵਨਾ ਆਦਿ ਆਦਿ ਬਿਅੰਤ ਸਦੋਈ।।
ਚੰਦਨੁ ਬਾਵਨ ਚੰਦਨਹੁ ਚੰਦਨੁ ਵਾਸੁ ਨ ਚੰਦਨ ਕੋਈ॥
ਉਪਰੋਕਤ ਗੰਧ ਬਿੰਬ ਦੀ ਉਦਾਹਰਣ ਵਿਚ ਸਪਰਸ਼ ਬਿੰਬ ਦੇ ਲੱਛਣ ਵੀ ਸਮਾਏ
ਹੋਏ ਹਨ। ਇਸ ਬਿੰਬ ਦਾ ਬੋਧ ਸਾਡੀ ਛੋਹ-ਸ਼ਕਤੀ ਨਾਲ ਹੁੰਦਾ ਹੈ। ਜਦੋਂ ਕਿਸੇ ਦਾ ਕਿਸੇ ਵਿਰੋਧੀ ਜਾਂ ਦੂਸਰੀ ਧਿਰ ਨਾਲ ਸਪਰਸ਼ ਹੋ ਜਾਵੇ ਤਾਂ ਉਸ ਸਪਰਸ਼ ਜਾਂ ਛੋਹ ਤੋਂ ਜੋ ਮਨੁੱਖੀ ਮਨ ਵਿਚ ਅਨੁਭਵ ਉਤਪੰਨ ਹੁੰਦਾ ਹੈ, ਉਸ ਦੀ ਅਭਿਵਿਅਕਤੀ ਹੀ ਸਪਰਸ਼ ਬਿੰਬ ਦੀ ਲਖਾਇੱਕ ਹੈ। ਉਪਰੋਕਤ ਗੰਧ ਬਿੰਬ ਦੀ ਦਿੱਤੀ ਉਦਾਹਰਣ ਆਪਣੇ ਆਪ ਵਿਚ ਸਪਰਸ਼ ਬਿੰਬ ਦਾ ਇੱਕ ਉੱਤਮ ਨਮੂਨਾ ਹੈ, ਜਿਵੇਂ ਚੰਦਨ ਵਿਚੋਂ ਬਾਵਨ ਚੰਦਨ ਦੀ ਵਾਸ਼ਨਾ-ਛੋਹ ਨਾਲ ਬਨਸਪਤੀ ਚੰਦਨ ਹੋ ਜਾਂਦੀ ਹੈ।
ਜਿੱਥੋਂ ਤਕ ਪਹਿਲੀ ਵਾਰ ਦਾ ਸੰਬੰਧ ਹੈ, ਇਸ ਵਿਚ ਗੰਧ ਬਿੰਬ ਜਾਂ ਸਪਾਰਸ਼ ਬਿੰਬ ਦੀਆਂ ਉਦਾਹਰਣਾਂ ਨਾ ਮਾਤਰ ਹੀ ਹਨ। ਬਹੁਤੀ ਢੂੰਡ ਭਾਲ ਕੀਤਿਆਂ ਇੱਕ ਅੱਧੀ ਮਿਸਾਲ ਮਿਲ ਸਕਦੀ ਹੈ—
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਵਰ ਕੁਫਾਰੀ॥
ਲਤਾ ਵਲਿ ਖੁਦਾਇ ਦੇ ਕਿਉਂ ਕਰਿ ਪਇਆ ਹੋਇ ਬਜਿਗਾਰੀ॥
ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥ (ਪਉੜੀ ੩੨)
ਰਸ ਵਿਧਾਨ :
ਰਸ ਖੱਟੇ, ਮਿੱਠੇ, ਕੌੜੇ ਜਾਂ ਬਕਬਕੇ ਹੁੰਦੇ ਹਨ ਪਰ ਸਾਡਾ ਸੰਬੰਧ ਇਹੋ ਜਿਹੇ ਰਸਾਂ ਨਾਲ ਨਹੀਂ ਹੈ ਸਗੋਂ ਕਵਿਤਾ ਆਨੰਦ ਦੇਣ ਵਾਲੇ ਰਸ ਨਾਲ ਹੈ। ਮੋਟੇ ਤੌਰ 'ਤੇ ਰਸ ਤੋਂ ਉਹ ਭਾਵ ਹੈ ਜੋ ਸੁਆਦ ਦੇਵੇ। ਜੋ ਵਗਦਾ ਹੈ, ਤਰਦਾ ਹੈ ਉਹ ਵੀ ਰਸ ਹੈ। ਕਈ ਵਿਦਵਾਨ ਰਸ ਨੂੰ ਕਵਿਤਾ ਦੀ ਆਤਮਾ ਮੰਨਦੇ ਹਨ। ਮੰਮਟ ਮੁਤਾਬਕ ਰਸ ਜਦ ਵੀ ਸਾਡੇ ਅੰਦਰੋਂ ਫੁੱਟਦਾ ਹੈ ਤਾਂ ਸਾਡੇ ਧੁਰ ਅੰਦਰ ਨੂੰ ਜਾ ਹਿਲੋਰਦਾ ਹੈ ਤੇ ਸਾਨੂੰ ਚਾਰੇ ਪਾਸਿਓਂ ਗਲਵੱਕੜੀ ਵਿਚ ਜਕੜ ਲੈਂਦਾ ਹੈ। ਰਸ ਅਸਲ ਵਿਚ ਸਾਹਿੱਤਕ ਆਨੰਦ ਹੈ। ਕਵਿਤਾ ਸੁਣਨ ਜਾਂ ਪੜ੍ਹਨ ਵਕਤ ਦਿਲ ਵਿਚ ਜੋ ਅਜੀਬ ਕਿਸਮ ਦਾ ਸੁਆਦ ਜਿਹਾ ਆਉਂਦਾ ਹੈ, ਉਹ ਰਸ ਹੀ ਹੈ। ਬੇਸ਼ੱਕ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਪ੍ਰਮੁੱਖ ਰਸ : ਬੀਰ ਰਸ, ਸ਼ਾਂਤ ਰਸ, ਸ਼ਿੰਗਾਰ ਰਸ, ਰੋਦਰ ਰਸ, ਬੀਭਤਸ ਰਸ, ਕਰੁਣਾ ਰਸ ਅਤੇ ਹਾਸ ਰਸ ਆਏ ਹਨ। ਪਹਿਲੀ ਵਾਰ ਵਿਦ ਸਾਰੀ ਰਸ-ਵਿਭਿੰਨਤਾ ਮਹਿਸੂਸ ਕਰ ਸਕਦੇ ਹਾਂ। ਪਹਿਲੀ ਵਾਰ ਦੀ ਹਰੇਕ ਪਉੜੀ ਪੜ੍ਹਦਿਆਂ ਜਾਂ ਸੁਣਦਿਆਂ ਪਾਠਕ ਜਾਂ ਸਰੋਤਾ ਆਤਮਿਕ ਆਨੰਦ ਜਾਂ ਮਨ ਨੂੰ ਸ਼ਾਂਤ ਜਿਹਾ ਮਹਿਸੂਸਦਾ ਹੈ। ਮਿਸਾਲ ਦੇ ਤੌਰ 'ਤੇ ਗਿਆਰਵੀਂ ਵਾਰ ਦੀ ਪਉੜੀ ਨੰਬਰ ਅੱਠ ਵਿਚੋਂ ਸ਼ਾਂਤ ਰਸ ਦੀਆਂ ਕੁਝ ਸਤਰਾਂ ਪੇਸ਼ ਹਨ :
ਪਿਰਮ ਪਿਆਲਾ ਸਾਧ ਸੰਗ ਸ਼ਬਦ ਸੁਰਤਿ ਅਨਹਦ ਲਿਵ ਲਾਈ।
ਧਿਆਨੀ ਚੰਦ ਚਕੋਰ ਗਤਿ ਅੰਮ੍ਰਿਤ ਦ੍ਰਿਸਟਿ ਵਰਸਾਈ॥
ਘਨਹਰ ਚਾਤ੍ਰਿਕ ਮੇਰ ਜਿਉਂ ਅਨਹਦ ਧੁਨਿ ਸੁਣਿ ਪਾਇਲ ਪਾਈ॥
ਚਰਣ ਕਵਲ ਮਕਰੰਦ ਰਸਿ ਸੁਖ ਸੰਪੁਟ ਹੁਇ ਭਵਰੁ ਸਮਾਈ॥
ਬੀਰ ਰਸ
ਚੂੰਕਿ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਦਾ ਵਿਵੇਚਨ ਕਰ ਰਹੇ ਹਾਂ ਅਤੇ ਵਾਰਾਂ ਆਮ ਤੌਰ 'ਤੇ ਯੁੱਧ ਨੂੰ ਮੁੱਖ ਰੱਖ ਕੇ ਲੜੀਆਂ ਜਾਂਦੀਆਂ ਹਨ। ਇਸ ਕਰਕੇ ਕੁਦਰਤੀ
ਹੈ ਕਿ ਵਾਰ ਵਿਚ ਬੀਰ ਰਸ ਜ਼ਰੂਰ ਆਵੇਗਾ। ਵਾਰ ਵਿਚ ਪਰਸਪਰ ਟੱਕਰ ਵਿਚ ਜਾਂ ਦੇ ਵਿਚਾਰਧਾਰਾਈ ਟਕਰਾਵਾਂ ਜਾਂ ਸਵਾਦਾਂ ਵਿਚੋਂ ਵਿਚਰਨ ਲਈ ਸਾਨੂੰ ਜਾਂ ਨਾਇੱਕ ਨੂੰ ਸ਼ੰਕਾ ਪੱਖ, ਸੰਘਰਸ਼ ਪੱਖ ਅਤੇ ਸਮਾਧਨ ਪੱਖ ਵਿਚੋਂ ਗੁਜਰਨਾ ਪੈਂਦਾ ਹੈ। ਸ਼ੰਕਾ ਪੱਖ (ਵਿਰੋਧੀ ਧਿਰ ਨਾਲ ਟੱਕਰ ਲੈਣ ਦੀ ਸੋਚਣਾ) ਨਾਲ ਮਾਨਸਿਕ ਤੌਰ 'ਤੇ ਦੋ-ਦੋ ਹੱਥ ਕਰਨ ਲਈ ਸੰਘਰਸ਼ ਪੱਖ (ਦੋਹਾਂ ਧਿਰਾਂ ਦੀ ਲੜਾਈ/ਟੱਕਰ) ਲਈ ਮੈਦਾਨ ਵਿਚ ਕੁੱਦ ਪੈਂਦਾ ਹੈ ਤੇ ਅਖੀਰ ਸਮਾਧਾਨ ਪੱਖ ( ਜਿੱਤ ਹਾਰ ਦਾ ਨਿਰਣਾ) ਵੀ ਉਸ ਦੇ ਹੱਕ ਵਿਚ ਭੁਗਤਦਾ ਹੈ। ਇਸ ਪ੍ਰਕਿਰਿਆ ਵਿਚੋਂ ਗੁਜ਼ਰਨ ਲਈ ਵੀਰ ਰਸ ਤੇ ਕਦੇ ਟੱਕਰ ਲੈਂਦਿਆਂ ਰੌਦਰ ਰਸ ਵੀ ਉਪਜੇਗਾ। ਵਾਰ ਵਿਚ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਵੀ ਕਿਸੇ ਮੁਹਿੰਮ 'ਤੇ ਜਾਂ ਵਿਰੋਧੀਆਂ ਨਾਲ ਟੱਕਰ 'ਤੇ ਨਿਕਲਦੇ ਹਨ ਤਾਂ ਬੀਰਤਾ ਦੇ ਭਾਵ ਉਜਾਗਰ ਹੋਣੋਂ ਨਹੀਂ ਰਹਿੰਦੇ। ਨਿਮਨ ਲਿਖਤ ਪੰਕਤੀ ਵਿਚ ਇੰਨੀ ਉਤਸ਼ਾਹ ਜਨਕ ਸ਼ਕਤੀ ਹੈ ਕਿ ਬਾਬਾ ਜਿਸ ਮੁਹਿੰਮ 'ਤੇ ਚੜ੍ਹਿਆ ਹੈ ਜ਼ਰੂਰ ਸਰ ਕਰਕੇ ਹੀ ਮੁੜੇਗਾ।
ਚੜਿਆ ਸੋਧਣਿ ਧਰਤਿ ਲੁਕਾਈ॥ (ਪਉੜੀ ੨੪)
ਇਸੇ ਤਰ੍ਹਾਂ :-
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਇਥੋਂ ਤਕ ਕਿ ਪਉੜੀ ਨੰਬਰ 37 ਤਾਂ ਪੂਰੀ ਦੀ ਪੂਰੀ ਵਾਰ ਸ਼ੈਲੀ ਦੀ ਪ੍ਰਮਾਣਿਕਤਾ ਸਿੱਧ ਕਰਦੀ ਹੋਈ ਬੀਰ ਰਸ ਨਾਲ ਛਲਕਦੀ ਮਹਿਸੂਸ ਹੁੰਦੀ ਹੈ।
ਗੜ ਬਗਦਾਦੁ ਨਿਵਾਇ ਕੇ ਮਕਾ ਮਦੀਨਾ ਸਭੇ ਨਿਵਾਇਆ॥
ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡ ਜਿਣਾਇਆ॥
ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤ ਸਬਾਇਆ॥
ਜੀਤੇ ਨਵ-ਪੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ॥
ਦੇਵ ਦਾਨੋ ਰਾਕਸਿ ਦੈਤ ਸਭ ਚਿਤਿ ਗੁਪਤਿ ਸਭਿ ਚਰਨੀ ਲਾਇਆ॥
ਭਇਆ ਆਨੰਦ ਜਗਤੁ ਵਿਚਿ ਕਲਿ ਤਾਰਨ ਗੁਰੂ ਨਾਨਕ ਆਇਆ॥
ਹਿੰਦੂ ਮੁਸਲਮਾਣਿ ਨਿਵਾਇਆ॥
ਰੌਦਰ ਰਸ
ਰੌਦਰ ਰਸ, ਬੀਰ ਰਸ ਦਾ ਇੱਕ ਸਹਿਯੋਗੀ ਰਸ ਹੀ ਮੰਨਿਆ ਗਿਆ ਹੈ, ਇਸ ਧਾਰਨਾ ਦਾ ਖੁਲਾਸਾ ਉੱਪਰ ਹੋ ਚੁੱਕਿਆ ਹੈ। ਜਦੋਂ ਮਨੁੱਖ ਦੀ ਮਰਜ਼ੀ ਦੇ ਉਲਟ ਕੋਈ ਕਾਰਜ ਵਾਪਰਦਾ ਹੈ ਤਾਂ ਕਵਿਤਾ ਵਿਚਲੇ ਨਾਇਕ ਦੇ ਗੁੱਸੇ ਭਰੇ ਹਾਵ-ਭਾਵ ਰੌਦਰ ਰਸ ਨੂੰ ਜਨਮ ਦਿੰਦੇ ਹਨ। ਵਾਰ ਵਿਚ ਨਾਇੱਕ ਜਾਂ ਹੋਰ ਕੋਈ ਕਿਰਦਾਰ ਪਹਿਲਾਂ ਜੋਸ਼ ਵਿਚ ਹੁੰਦਾ ਹੈ ਪਰ ਜਦੋਂ ਉਸ ਨੇ ਦੂਜਿਆਂ ਉਪਰ ਹਮਲਾ ਕਰਨਾ ਹੁੰਦਾ ਹੈ ਤਾਂ ਗੁੱਸਾ ਵੀ ਆ ਜਾਣਾ ਸੁਭਾਵਿਕ ਹੈ। ਕਾਸ ਕਰਕੇ ਚੰਡੀ ਦੀ ਵਾਰ ਵਿਚ ਰਾਖਸ਼ ਗੁੱਸੇ ਵਿਚ ਆ ਕੇ ਦੇਵਤਿਆਂ ਉੱਪਰ ਹਮਲਾ ਕਰਨ ਦੀ ਠਾਣ ਲੈਂਦੇ ਹਨ।
ਰਾਕਸ਼ ਆਏ ਰੋਹਲੇ ਖੇਤ ਭਿੜਨ ਕੇ ਚਾਇ॥
ਲਿਸਕਨ ਤੇਗਾਂ ਬਰਛੀਆਂ ਸੂਰਜ ਨਦਰਿ ਨ ਪਾਇ॥
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਹ ਰੌਦਰ (ਕ੍ਰੋਧ) ਕਾਰਜ ਵਿਚ ਵਿਖਾਇਆ ਹੈ। ਜਿਵੇਂ ਵਾਰ ਨੰਬਰ 32 ਵਿਚ ਦੱਸਿਆ ਹੈ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮੱਕੇ ਜਾ ਕੇ ਕਾਅਬੇ ਵੱਲ ਪੈਰ ਕਰਕੇ ਸੌਦੇ ਹਨ ਤਾਂ ਜੀਵਨ ਨਾਂ ਦੇ ਵਿਅਕਤੀ ਦੇ ਗੁੱਸੇ ਦੀ ਹੱਦ ਸੀਮਾ ਪਾਰ ਕਰ ਜਾਂਦੀ ਹੈ ਤੇ ਉਹ ਗੁੱਸੇ ਵਿਚ ਆ ਕੇ ਬੋਲ ਪੈਂਦਾ ਹੈ।
-ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕਫਰ ਕੁਵਾਰੀ॥
ਲਤਾ ਵਲਿ ਖੁਦਾਇ ਦੇ ਕਿਉਂ ਕਰਿ ਪਿਆ ਹੋਇਆ ਬਜਿਗਾਰੀ॥
ਟੰਗੋ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨੁ ਕਰੇਨਿ ਜੁਹਾਰੀ॥ (ਪਉੜੀ ੩੨)
ਇਸੇ ਤਰ੍ਹਾਂ ਸਿੱਧਾਂ ਦੇ ਤਲਖ਼ੀ ਭਰੇ ਸੰਵਾਦਾਂ ਵਿਚ ਵੀ ਗੁਰੂ ਨਾਨਕ ਦੇਵ ਜੀ ਭੰਗਰ ਨਾਥ ਨੂੰ ਗੁੱਸੇ ਵਿਚ ਹੀ ਕੁਝ ਇਸ ਤਰ੍ਹਾਂ ਆਖਦੇ ਹਨ-
ਨਾਨਕ ਆਖੇ, ਭੰਗਰਿਨਾਥ ! ਤੇਰੀ ਮਾਉ ਕੁਚਜੀ ਆਹੀ ॥
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ॥
ਹੋਇ ਅਤੀਤੁ ਗ੍ਰਿਹਸਿਤ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥
ਬਿਨੁ ਦਿਤੇ ਕਛੁ ਹਥਿ ਨ ਆਈ॥ (ਪਉੜੀ 80)
ਭਿਆਨਕ ਰਸ
ਅਜਿਹੀ ਕਵਿਤਾ ਜਾਂ ਕਾਵਿ ਟੁਕੜੀ ਜਿਸ ਵਿਚ ਡਰ ਦਾ ਸੰਕਲਪ ਵਧੇਰੇ ਵਿਦਮਾਨ ਹੋਵੇ। ਅਜਿਹੇ ਡਰਾਉਣੇ ਦ੍ਰਿਸ਼ ਜਿਸ ਨੂੰ ਪਾਠਕ ਜਾਂ ਸਰੋਤਾ ਸੁਣਦੇ-ਪੜ੍ਹਦੇ ਸਾਰ ਡਰ ਦੇ ਭਾਵ ਮਹਿਸੂਸ ਕਰੋ। ਮਿਸਾਲ ਵਜੋਂ:
ਇਹਿ ਸੁਣਿ ਬਚਨਿ ਜੋਗੀਸਰਾ, ਮਾਰਿ ਕਿਲਕ ਬਹੁ ਰੂਇ ਉਠਾਈ॥
ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ॥
ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੇ ਚੜਾਈ॥
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤਿ ਦਿਖਾਈ॥
ਇਕਿ ਪਰਿ ਕਰਿ ਕੈ ਉਡਰਨਿ ਪੰਖੀ ਜਿਵੈ ਰਹੇ ਲੀਲਾਈ॥
ਇੱਕ ਨਾਗ ਹੋਇ ਪਉਣ ਛੋੜਿਆ ਇੱਕਨਾ ਵਰਖਾ ਅਗਨਿ ਵਸਾਈ॥
ਤਾਰੇ ਤੋੜੇ ਭੰਗਰਿਨਾਥ ਇੱਕ ਚੜਾ ਮਿਰਗਾਨੀ ਜਲੁ ਤਰਿ ਜਾਈ॥
ਸਿਧਾ ਅਗਨਿ ਨ ਸੁਣੈ ਬੁਝਾਈ॥ (ਪਉੜੀ ੪੧)
ਅਦਭੁਤ ਰਸ
ਅਦਭੁਤ ਦਾ ਸ਼ਬਦੀ ਅਰਥ ਹੈ ਅਜੀਬ। ਕਵਿਤਾ ਵਿਚ ਅਜਿਹੀ ਚੀਜ਼ ਜਾਂ ਦ੍ਰਿਸ਼ ਜੋ ਪਾਠਕ ਦੇ ਮਨ 'ਤੇ ਅਨੋਖੇ ਜਾਂ ਹੈਰਾਨੀ ਭਰੇ ਭਾਵ ਉਜਾਗਰ ਕਰੇ, ਅਦਭੁਤ ਰਸ ਦੇ ਲਖਾਇੱਕ ਹੁੰਦੇ ਹਨ। ਇਸੇ ਪ੍ਰਸੰਗ ਵਿਚ ਹੀ ਭਾਈ ਸਾਹਿਬ ਦੀ ਇਸ ਵਾਰ ਦੀਆਂ ਕਈ
ਪੰਕਤੀਆਂ ਪੜ੍ਹ ਕੇ ਹੈਰਾਨੀ ਜਾਂ ਅਜੀਬਪਨ ਮਹਿਸੂਸ ਹੁੰਦਾ ਹੈ -
ਓਅੰਕਾਰ ਆਕਾਰੁ ਕਰਿ ਏਕ ਕਵਾਉ ਪਸਾਉ ਪ ਸਾਰਾ॥
ਰੋਮਿ ਰੋਮਿ ਵਿਚਿ ਰਖਿਓਨਿ ਕਰਿ ਬ੍ਰਹਿਮੰਡਿ ਕਰੋੜਿ ਸੁ ਮਾਰਾ ॥
ਇੱਕਸਿ ਇੱਕਸਿ ਬ੍ਰਹਮੰਡਿ ਵਿਚ ਦਸਿ ਦਸਿ ਕਰਿ ਅਵਤਾਰ ਉਤਾਰਾ॥ (ਪਉੜੀ ੪)
ਇਸੇ ਤਰ੍ਹਾਂ :-
--ਟੰਗੋਂ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਈ। (ਪਉੜੀ ੩੨)
--ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ॥
ਲਖ ਆਕਾਸ ਪਤਾਲ ਲਖ ਅਖਿ ਫ਼ਰਕ ਵਿਚਿ ਸਭਿ ਦਿਖਲਾਈ॥
ਭਰਿ ਕਚਕੌਲ ਪ੍ਰਸਾਦਿ ਦਾ ਧੁਰੋਂ ਪਤਾਲੋਂ ਲਈ ਕੜਾਹੀ ॥
ਜ਼ਾਹਰ ਕਲਾ ਨ ਛਪੈ ਛਪਾਈ॥ (ਪਾਉੜੀ२६)
ਹਾਸ ਰਸ
ਸਮਾਜ ਵਿਚ ਸਥਾਪਤ ਕਦਰਾਂ ਕੀਮਤਾਂ ਤੋਂ ਉਲਟ ਹੋਰ ਕਦਰਾਂ ਕੀਮਤਾਂ ਨੂੰ ਅਪਨਾਣ ਨਾਲ ਹਾਸ ਰਸ ਦੀ ਉਤਪੱਤੀ ਹੁੰਦੀ ਹੈ। ਕਈ ਵਾਰੀ ਦੁਸ਼ਮਣ ਦੀ ਦੁਰਗਤੀ 'ਤੇ ਵੀ ਹਾਸ ਉਮੜ ਜਾਂਦਾ ਹੈ। ਅਸੰਭਵ ਨੂੰ ਸੰਭਵ ਦਾ ਭਰਮ ਪਾਲ ਕੇ ਪੇਸ਼ ਕਰਨ ਤੋਂ ਵੀ ਹਾਸਾ ਉਪਜਣਾ ਸੁਭਾਵਿਕ ਹੀ ਹੈ। ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚ ਕਿਤੇ ਵੀ ਪ੍ਰਚੰਡ ਰੂਪ ਵਿਚ ਹਾਸਾ ਨਹੀਂ ਉਪਜਿਆ। "ਕਿਧਰੇ ਕਿਧਰੇ ਨਿੰਮਾ ਨਿੰਮਾ ਹਾਸ ਰਸ ਫੁਟਦਾ ਹੈ, ਜਿਵੇਂ ਭੰਗਰ ਨਾਥ ਨੂੰ ਕਹਿਣਾ ਕਿ 'ਤੇਰੀ ਮਾਂ ਕੁਚਜੀ ਆਹੀ ਜਾਂ ਸਿਵਰਾਤ ਦੇ ਮੇਲੇ 'ਤੇ ਲੋਟਾ ਛੁਪਾ ਲੈਣ ਤੇ ਭਗਤੀਆਂ ਨੂੰ ਜਿਨ੍ਹਾਂ ਦਾ ਧਿਆਨ ਲੋਟੋ ਵਿਚ ਸੀ ਭਗਤੀ ਹੀ ਭੁਲ ਜਾਣੀ ਅਤੇ ਬਾਬੇ ਦਾ ਫੇਰ ਲੋਟਾ ਕੱਢ ਵਿਖਾਣਾ ਆਦਿ ਝਾਕੀਆਂ ਪੜ੍ਹ ਕੇ ਮੁਸਕਣੀ ਆਉਂਦੀ ਹੈ।" (ਡਾ. ਦਲੀਪ ਸਿੰਘ ਜੀਪ, ਭਾਈ ਗੁਰਦਾਸ ਦੀ ਪਹਿਲੀ ਵਾਰ, ਪੰਨਾ 159)। ਇਸੇ ਤਰ੍ਹਾਂ ਰੂਪ ਅਨੁਸਾਰ ਭਾਈ ਸਾਹਿਬ ਹਸਦੇ ਹਨ ਤਾਂ ਵੱਖੀਆਂ ਦੁਹਰੀਆਂ ਨਹੀਂ ਹੁੰਦੀਆਂ, ਹਾਸੇ ਦੀ ਡੋਜ਼ ਸਮਝ ਕੇ ਦੇਂਦੇ ਹਨ। ਭਾਈ ਸਾਹਿਬ ਦੇ ਉਤੇ ਗੁਰਬਾਣੀ ਦੀ ਗੰਭੀਰਤਾ ਦੀ ਛਾਪ ਹੈ ਤੇ ਉਹਦੇ ਕਾਰਨ ਹਾਸਾ ਸ਼ੁੱਧ ਹੋ ਗਿਆ ਹੈ। (ਭਾਈ ਗੁਰਦਾਸ, ਪੰਨਾ 161)
ਕਰੁਣਾ ਰਸ
ਜਦੋਂ ਕਿਸੇ ਦਾ ਨੁਕਸਾਨ ਹੋ ਗਿਆ ਹੋਵੇ ਜਾਂ ਦੋ ਧਿਰਾਂ ਦਾ ਵਿਛੋੜਾ ਪੈ ਗਿਆ ਹੋਵੇ ਤਾਂ ਅਜਿਹੇ ਮੌਕੇ 'ਤੇ ਗਮ ਦੇ ਭਾਵ ਪ੍ਰਗਟ ਹੁੰਦੇ ਹਨ। ਉਨ੍ਹਾਂ ਵਿਚ ਕਰੁਣਾ ਰਸ ਹੁੰਦਾ ਹੈ। ਅਜਿਹੇ ਕਾਵਿ ਵਿਚੋਂ ਪਾਠਕ ਤਰਸਮਈ ਭਾਵਨਾ ਉਤਪੰਨ ਹੁੰਦੀ ਮਹਿਸੂਸ ਕਰਦਾ ਹੈ। ਖ਼ਾਸ ਕਰਕੇ ਇਸ ਵਾਰ ਦੀ 20ਵੀਂ ਪਉੜੀ ਵਿਚ ਜਦੋਂ ਭਾਈ ਸਾਹਿਬ ਆਖਦੇ ਹਨ ਕਿ ਮੁਸਲਮਾਨ ਪ੍ਰਚਾਰਕ/ਹਾਕਮ ਮੰਦਰਾਂ ਨੂੰ ਵਿਵੇਕਹੀਣ ਹੋ ਕੇ ਢਾਹੁੰਦੇ ਹਨ ਤੇ ਉਸ ਦੀ
ਜਗ੍ਹਾ ਮਸੀਤਾਂ ਖੜ੍ਹੀਆਂ ਕਰਦੇ ਹਨ ਤਾਂ ਹਿੰਦੂਆਂ ਪ੍ਰਤੀ ਤਰਸ ਦੀ ਭਾਵਨਾ ਉਤਪੰਨ ਹੁੰਦੀ ਹੈ।
-ਠਾਕਰ ਦੁਆਰੇ ਢਾਹਿ ਕੋ ਤਿਹਿ ਠਉੜੀ ਮਾਸੀਤਿ ਉਸਾਰਾ॥
ਮਾਰਨਿ ਗਊ ਗਰੀਬ ਨੇ ਧਰਤੀ ਉਪਰਿ ਪਾਪੂ ਬਿਸਾਰਾ॥
ਭਾਸ਼ਾ ਅਤੇ ਸ਼ਬਦਾਵਲੀ
ਅਖ਼ੀਰ 'ਤੇ ਉਨ੍ਹਾਂ ਵਲੋਂ ਵਰਤੀ ਜਾਂਦੀ ਸ਼ਬਦਾਵਲੀ ਦਾ ਨੋਟਿਸ ਲੈਣਾ ਵੀ ਬਣਦਾ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਵਿਦਵਾਨ ਭਾਈ ਸਾਹਿਬ ਨੂੰ ਜਿੱਥੇ ਬਾਹਰਲੀਆਂ ਭਾਸ਼ਾਵਾਂ ਦਾ ਗਿਆਨ ਮੰਨਦੇ ਹਨ, ਉਥੇ ਪੰਜਾਬੀ ਭਾਸ਼ਾ ਦਾ ਉਮਰਈਆ ਵੀ ਕਹਿੰਦੇ ਹਨ। ਭਾਸ਼ਾਗਤ ਵਿਵੇਚਣ ਕਰਦਿਆਂ ਉਸ ਵਲੋਂ ਵਰਤੀ ਗਈ ਸ਼ਬਦਾਵਲੀ ਧਿਆਨ ਖਿਚਦੀ ਹੈ। ਉਨ੍ਹਾਂ ਨੇ ਕਈ ਸ਼ਬਦ ਤਾਂ ਆਪ ਘੜੇ ਹਨ ਜੋ ਪੰਜਾਬੀ ਵਿਚ ਪਹਿਲਾਂ ਕਿਸੇ ਰਚਨਾ ਵਿਚੋਂ ਉਪਲਬਧ ਨਹੀਂ ਹਨ। ਜਿਵੇਂ ਗਿਆਰਵੀਂ ਵਾਰ ਦੀ ਪੰਜਵੀਂ ਪਉੜੀ ਵਿਚ ਉਝੀੜੀ, ਜਿਸ ਦਾ ਅਰਥ ਕੱਟ ਦਿੱਤਾ, ਹਰੀੜੀ, ਜਿਸ ਦਾ ਅਰਥ ਹੈ ਹਰੀ ਦਾ, ਸਹਜਿ ਸਰੋਵਰ ਜਿਸ ਦਾ ਅਰਥ ਹੈ ਮਾਨਸਰ ਅਤੇ ਅਲੀੜੀ ਜਿਸ ਦਾ ਅਰਥ ਹੈ ਲੈਂਦੇ ਹਨ ਆਦਿ। ਸਮਾਸ ਸ਼ਬਦਾਂ ਦੀ ਵਰਤੋਂ ਇਸ ਵਾਰ ਦੇ ਵਿਚਾਰਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਜਿਵੇਂ ਹੰਸ ਵੰਸ, ਤੁਰਿਤਰੈ, ਕਉਲਾਲੀ, ਝੀੜ ਉਝੀੜੀ ਅਤੇ ਸਹਿਜ ਸਾਗਰ ਆਦਿ।
ਬੇਸ਼ੱਕ ਭਾਈ ਸਾਹਿਬ ਨੇ ਆਧੁਨਿਕ ਪੰਜਾਬੀ ਦੇ ਨਿਰਮਾਣ ਵਿਚ ਕਾਫੀ ਹਿੱਸਾ ਪਾਇਆ ਹੈ ਪਰ ਉਹ ਬ੍ਰਿਜ ਭਾਸ਼ਾ, ਖੜੀ ਬੋਲੀ ਅਤੇ ਉਰਦੂ ਫਾਰਸੀ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕੇ। ਪਹਿਲੀ ਵਾਰ ਵਿਚ ਭਾਵੇਂ ਅਸੀਂ ਪੰਜਾਬੀ ਭਾਸ਼ਾ ਦਾ ਠੁੱਕ ਬੱਝਾ ਦੇਖ ਸਕਦੇ ਹਾਂ ਪਰ ਬ੍ਰਿਜ ਭਾਸ਼ਾ ਦੀ ਪੁੱਠ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਡਾ. ਸੀਤਾ ਰਾਮ ਬਾਹਰੀ ਤਾਂ ਸਪੱਸ਼ਟ ਲਿਖਦੇ ਹਨ ਕਿ ਪਹਿਲੀਆਂ ਦਸ ਵਾਰਾਂ ਵਿਚ ਬ੍ਰਿਜ ਭਾਸ਼ਾ ਦੀ ਪੁੱਠ ਸਪੱਸ਼ਟ ਦਿਖਾਈ ਦਿੰਦੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਨ੍ਹਾਂ ਨੇ ਇਹ ਵਾਰਾਂ ਬ੍ਰਿਜ ਭਾਸ਼ਾ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਸਨ ਅਤੇ ਉਨ੍ਹਾਂ ਦੀ ਕਲਮ ਨੂੰ ਬ੍ਰਿਜ ਭਾਸ਼ਾ ਦਾ ਅਭਿਆਸ ਸੀ। ਫਿਰ ਵੀ ਇਸ ਵਾਰ ਦੀ ਵਧੇਰੇ ਕਰਕੇ ਭਾਸ਼ਾ ਪੰਜਾਬੀ ਹੀ ਹੈ ਜੋ ਕੇਂਦਰੀ ਠੇਠ ਪੰਜਾਬੀ ਮੰਨੀ ਗਈ ਹੈ। ਪੰਜਾਬੀ ਸ਼ਬਦਾਵਲੀ ਉੱਤੇ ਪੂਰਨ ਤੌਰ 'ਤੇ ਉਨ੍ਹਾਂ ਦਾ ਅਬੂਰ ਹਾਸਿਲ ਸੀ। ਇਸੇ ਕਰਕੇ ਹੀ ਕਈ ਵਿਦਵਾਨ ਭਾਈ ਸਾਹਿਬ ਨੂੰ ਪੰਜਾਬੀ ਸ਼ਬਦਾਵਲੀ ਦਾ ਪਾਤਸ਼ਾਹ ਅਤੇ ਕਾਫੀਆ ਬੰਦੀ ਦਾ ਉਸਤਾਦ ਮੰਨਦੇ ਸਨ। ਇਹ ਗੱਲ ਵੱਖਰੀ ਹੈ ਕਿ ਕਈ ਥਾਂ ਉਹ ਤੁਕਾਂਤੀ ਸ਼ਬਦਾਂ ਦੇ ਅਖੀਰੀ ਅੱਖਰਾਂ ਦਾ ਫੇਰ ਬਦਲ ਕਰ ਲੈਂਦੇ ਹਨ। ਮਿਸਾਲ ਵਜੋਂ ਪਹਿਲੀ ਵਾਰ ਦੀ 28ਵੀਂ ਪਉੜੀ ਦੀਆਂ ਪਹਿਲੀਆਂ ਦੋ ਪੰਕਤੀਆਂ ਵਿਚ 'ਆਹੀ' ਦੇ ਨਾਲ 'ਆਈ' ਸ਼ਬਦ ਵਰਤ ਕੇ ਤੁਕਾਂਤੀ ਮੇਲ ਕਰਵਾਇਆ ਹੈ। ਇਸੇ ਤਰ੍ਹਾਂ 25ਵੀਂ ਪਉੜੀ ਵਿਚ 'ਪੇਖੇ' ਦਾ 'ਤੇਤੇ' ਨਾਲ ਤੁਕਾਂਤ ਬੰਨਿਆ ਹੈ। ਇੰਝ ਹੀ 'ਬੇਮੁਹਤਾਜੇ' ਦਾ 'ਸਾਗੇ' ਨਾਲ ਤੁਕਾਂਤ ਹੋਇਆ ਹੈ। ਇਸ ਤੋਂ ਇਲਾਵਾ ਇਸ ਵਾਰ ਵਿਚ ਇੱਕ-ਇੱਕ ਸ਼ਬਦ ਦੇ ਕਈ-ਕਈ ਰੂਪ ਮਿਲਦੇ ਹਨ। ਮਿਸਾਲ ਵਜੋਂ 'ਲੁਕਾਈ' ਵੀ ਮਿਲਦਾ ਹੈ ਤੇ 'ਲੋਕਾਈ' ਵੀ।
ਕਰਮ ਭ੍ਰਿਸਟਿ ਸਭਿ ਭਈ ਲੋਕਾਈ॥ (ਪਉੜੀ ੭)
ਚੜਿਆ ਸੋਧਣਿ ਧਰਤਿ ਲੁਕਾਈ॥ (ਪਉੜੀ ੨੪)
ਡਾ. ਦਲੀਪ ਸਿੰਘ ਦੀਪ ਇਸ ਵਾਰ ਵਿਚੋਂ ਕੁਝ ਹੋਰ ਉਦਾਹਰਣਾਂ ਵੀ ਦਿੰਦਾ ਹੈ ਜਿਵੇਂ :-
1. ਅਉਤਾਰ-ਅਵਤਾਰ
2. ਖੱਤ੍ਰੀ-ਛੱਤ੍ਰੀ
3. ਕੀ-ਦੀ
4. ਪਾਂਚ - ਪੰਚਮ- ਪੰਜ
5. ਏਕੋ—ਇੱਕ-ਇੱਕੋ-ਇੱਕਸਿ
6. ਕੋ-ਕਉ
ਇਸ ਤੋਂ ਇਲਾਵਾ ਭਾਈ ਸਾਹਿਬ ਦੀ ਭਾਸ਼ਾਈ ਸ਼ਬਦਾਵਲੀ ਉਪਰ ਵਧੇਰੇ ਕਰਕੇ ਪ੍ਰਭਾਵ ਗੁਰਬਾਣੀ ਵਾਲਾ ਹੀ ਹੈ। ਡਾ. ਦੀਪ ਅਨੁਸਾਰ 'ਸ਼ਬਦਾਂ ਵਿਚ ਲਗਾਂ ਮਾਤਰਾ ਦਾ ਨਿਯਮ ਗੁਰਬਾਣੀ ਵਿਆਕਰਣ ਵਾਲਾ ਹੀ ਹੈ। ਲਗਾਂ ਮਾਤਰਾ ਦੇ ਨਿਸ਼ਚਿਤ ਅਰਥ ਹੁੰਦੇ ਹਨ। ਇਸ ਦ੍ਰਿਸ਼ਟੀ ਤੋਂ ਭਾਈ ਸਾਹਿਬ ਦੀ ਬੋਲੀ ਸੰਜੋਗਮਈ ਹੈ। ਕੁਝ ਹੋਰ ਸ਼ਬਦ ਪੁਰਾਤਨ ਸ਼ੈਲੀ ਦੇ ਹਨ ਜਿਵੇਂ ਪਰਬਤੀ (ਪਰਬਤਾਂ 'ਤੇ), ਸਿਧੀ (ਸਿੱਧਾਂ ਨੇ), ਮਨੇ (ਮਨ ਵਿਚ), ਮਹਿਰਾਬੇ (ਮਹਿਰਾਬ ਵਲ), ਸ਼ੈਤਾਨੀ (ਸ਼ੈਤਾਨ ਦੇ), ਪੁਤਰੀ (ਪੁੱਤਰਾਂ ਨੇ), ਜਾਤਿਓਨ (ਉਨ੍ਹਾਂ ਨੇ ਜਾਤਾ), ਵਹਾਈਓਨ (ਉਨ੍ਹਾਂ ਨੇ ਵਹਾਈ) ਆਦਿ।" ਭਾਈ ਗੁਰਦਾਸ ਦੀ ਪਹਿਲੀ ਵਾਰ-ਪੰਨਾ 168) ਇੱਕ ਅੱਧੀ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਦੀ ਲਿਖਤ 'ਪੱਟੀ' ਦਾ ਪ੍ਰਭਾਵ ਹੈ ਜਿਵੇਂ-
-ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਤੇ ਨ ਪਈ॥
ਵਾਰ ਵਿਚ ਸਮਾਸੀ ਸ਼ਬਦ ਵੀ ਮਿਲ ਜਾਂਦੇ ਹਨ ਜਿਵੇਂ ਜਮਦੰਡ ਅਰਥਾਤ ਜਮਾਂ ਦਾ ਦੰਡ ਅਤੇ ਸਿਧਾਸਣ ਅਰਥਾਤ ਸਿੱਧਾਂ ਦਾ ਆਸਣ।
ਪਹਿਲੀ ਵਾਰ ਦੀ ਸ਼ੈਲੀਗਤ ਵਿਸ਼ੇਸ਼ਤਾ :
ਜਿਵੇਂ ਕਿਸੇ ਦੇ ਪਹਿਰਾਵੇ ਤੋਂ ਉਸ ਦੇ ਸਾਊ, ਅਸਾਊ ਹੋਣ ਦਾ ਪਰਿਚਯ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਵਧੀਆ ਭਾਸ਼ਾ ਸ਼ੈਲੀ ਵੀ ਕਾਵਿ ਦੀ ਅੰਦਰਲੀ ਸੁੰਦਰਤਾ ਦੀ ਲਖਾਇੱਕ ਹੈ। ਪੱਛਮੀ ਵਿਦਵਾਨ ਤਾਂ ਸ਼ੈਲੀ ਨੂੰ ਸ਼ਖਸੀਅਤ ਦਾ ਹੀ ਪ੍ਰਤਿਫਲ ਮੰਨਦੇ ਹਨ। ਉਨ੍ਹਾਂ ਅਨੁਸਾਰ ਸ਼ੈਲੀ ਕਵੀ ਜਾਂ ਲੇਖਕ ਦੇ ਆਪੇ ਦੀ ਪ੍ਰਤਿ ਛਾਇਆ ਹੀ ਹੁੰਦੀ ਹੈ। ਮਾਰਕਸ ਅਤੇ ਐਂਗਲਜ਼ ਇੱਕ ਥਾਂ ਲਿਖਦੇ ਹਨ- "ਸ਼ੈਲੀ ਇੱਕ ਛੁਰੀ ਹੈ ਜੋ ਲਿਖਣ ਅਤੇ ਘਾਇਲ ਕਰਨ ਲਈ ਵਰਤੀ ਜਾਂਦੀ ਹੈ, ਸ਼ੈਲੀ ਉਹ ਛੁਰੀ ਹੈ ਜੋ ਅਰੁੱਕ ਤੌਰ 'ਤੇ ਦਿਲ ਵਿਚ ਜਾ ਖੁਭਦੀ ਹੈ।" (ਸਾਹਿੱਤ ਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਪੰਨਾ 20) ਡਾ. ਧਰਮ ਪਾਲ ਸਿੰਗਲ ਸ਼ੈਲੀ ਬਾਬਤ ਲਿਖਦੇ ਹਨ- "ਸ਼ੈਲੀ ਉਸਦੇ (ਸਾਹਿੱਤਕਾਰ) ਆਪੇ ਦੀ ਉਪਜ ਹੈ। ਉਸ ਦੇ ਵਿਚਾਰਾਂ ਦਾ ਵਾਹਨ ਹੈ, ਉਨ੍ਹਾਂ ਦੀ ਸ਼ਬਦ-ਯੋਜਨਾ, ਵਾਕ-ਬਣਤਰ ਦੀ
ਕਾਰੀਗਰੀ ਹੈ, ਉਸ ਦੀ ਪ੍ਰਭਾਵ ਪਾਉਣ ਦੀ ਸਮਰੱਥਾ ਹੈ।" (ਵਾਰਤਕ ਸ਼ੈਲੀ, ਭਾ. ਵਿਭਾਗ ਪੰਨਾ 58) ਕਹਿਣ ਦਾ ਭਾਵ ਹੈ ਕਿ ਕਵਿਤਾ ਦਾ ਸ਼ੈਲੀ ਤੱਤ ਕਵਿਤਾ ਨੂੰ ਗ੍ਰਹਿਣਯੋਗ ਬਣਾਉਂਦਾ ਹੈ।
ਚੂੰਕਿ ਸ਼ੈਲੀ (Style) ਕਵੀ ਜਾਂ ਸਾਹਿੱਤਕਾਰ ਦੇ ਵਿਚਾਰਾਂ ਦਾ ਵਾਹਨ ਹੈ ਤੇ ਭਾਈ ਗੁਰਦਾਸ ਜੀ ਵੀ ਆਪਣੇ ਸਿੱਖੀ ਮਾਰਗ 'ਤੇ ਚੱਲਣ ਵਾਲੇ ਵਿਚਾਰਾਂ ਦਾ ਦੁਹਰਾਉ ਵਿਧੀ ਰਾਹੀਂ ਪ੍ਰਗਟਾਵਾ ਕਰਦੇ ਹਨ। ਆਪਣੇ ਅਧਿਆਤਮਕ ਅਨੁਭਵ ਦੇ ਬਾਰ-ਬਾਰ ਦੁਹਰਾਉ ਤੋਂ ਜਿੱਥੇ ਉਨ੍ਹਾਂ ਦੀ ਸਿੱਖੀ ਸੇਵਕੀ ਪ੍ਰਗਟ ਹੁੰਦੀ ਹੈ, ਉੱਥੇ ਦੁਹਰਾਉ ਵਿਧੀ ਨਾਲ ਇੱਕ ਸਿੱਖ ਸਿੱਖੀ ਮਾਰਗ ਨੂੰ ਸਹਿਜੇ ਹੀ ਸਮਝ ਸਕਦਾ ਹੈ। ਇਸ ਵਿਧੀ ਦੀ ਵਿਲੱਖਣ ਵਿਸ਼ੇਸ਼ਤਾ ਹੈ ਕਿ ਇਹ ਸਿੱਖ-ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੋਈ ਸਿੱਖੀ ਸਿੱਧਾਂਤਾਂ ਪੱਖੋਂ ਉਸ ਨੂੰ ਮਜ਼ਬੂਤੀ ਵੀ ਪ੍ਰਦਾਨ ਕਰਦੀ ਹੈ। ਮਿਸਾਲ ਦੇ ਤੌਰ 'ਤੇ ਭਾਈ ਸਾਹਿਬ ਨੇ ਗੁਰਸਿੱਖੀ ਦੇ ਮਾਰਗ ਨੂੰ ਦਰਸਾਉਣ ਲਈ ਜਿਸ ਸ਼ਬਦਾਵਲੀ ਦਾ ਪ੍ਰਯੋਗ ਗਿਆਰ੍ਹਵੀਂ ਵਾਰ ਦੀ ਪੰਜਵੀਂ ਪਉੜੀ ਵਿਚ ਕੀਤਾ ਹੈ, ਉਨ੍ਹਾਂ ਹੀ ਵਿਚਾਰਾਂ ਦਾ ਉਸੇ ਹੀ ਸ਼ਬਦਾਵਲੀ ਵਿਚ ਪ੍ਰਯੋਗ ਉਸ ਨੇ ਅਠਾਈਵੀਂ ਵਾਰ ਦੀਆਂ ਕਈ ਪਉੜੀਆਂ ਵਿਚ ਕੀਤਾ ਹੈ। ਪ੍ਰਗਟਾਅ ਢੰਗ ਅਤੇ ਪਉੜੀ ਪ੍ਰਬੰਧ ਵਿਚ ਵਰਤਿਆ ਛੰਦ ਵੀ ਇੱਕ ਹੀ ਰਹਿੰਦਾ ਹੈ। ਮਿਸਾਲ ਦੇ ਤੌਰ 'ਤੇ ਇਥੇ ਅਸੀਂ ਗਿਆਰਵੀਂ ਵਾਰ ਦੀ ਪੰਜਵੀਂ ਪਉੜੀ ਦੀਆਂ ਕੁਝ ਤੁਕਾਂ ਅਤੇ ਅਠਾਈਵੀਂ ਵਾਰ ਦੀ ਪਹਿਲੀ ਪਉੜੀ ਦੀਆਂ ਕੁਝ ਤੁਕਾਂ ਦੇ ਰਹੇ ਹਾਂ ਤਾਂ ਕਿ ਦੁਹਰਾਉ ਵਿਧੀ ਦੇ ਪ੍ਰਭਾਵਸ਼ਾਲੀ ਪ੍ਰਗਟਾਅ ਤੋਂ ਪਾਠਕ ਭਲੀ ਭਾਂਤ ਜਾਣੂ ਹੋ ਜਾਣ :
ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤਿ ਭੀੜੀ॥
ਵਾਲਹੁ ਨਿਕੀ ਆਖੀਐ ਤੇਲੁ ਤਿਲਹੁ ਲੈ ਕਲ੍ਹ ਪੀੜੀ॥
ਸਿਲ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ॥ (੧੧/੫)
-ਵਾਲਹੁ ਨਿਕੀ ਆਖੀਐ, ਖੰਡੇ ਧਾਰਹੁ ਸੁਣੀਐ ਤਿਖੀ
ਸਿਲੀ ਅਲੂਣੀ ਚਟਣੀ ਤੁਲਿ ਨ ਲਖ ਅਮਿਅ ਰਸ ਇਖੀ॥ (੨੮/੧)
ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਵਿਚਾਰਾਂ ਦੇ ਨਾਲ-ਨਾਲ ਸ਼ਬਦਾਵਲੀ ਪੱਖੋਂ ਵੀ ਦੁਹਰਾਉ ਆ ਰਿਹਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਥਾਂ ਵਿਚਾਰਾਂ ਅਤੇ ਸ਼ਬਦਾਵਲੀ ਦਾ ਦੁਹਰਾਉ ਹੋਇਆ ਮਿਲ ਸਕਦਾ ਹੈ-
-ਗੁਰਸਿੱਖੀ ਬਾਰੀਕ ਹੈ ਸਿਰ ਚਟਣ ਫਿਕੀ॥
ਤਿਖੀ ਖੰਡੇ ਧਾਰ ਹੈ ਉਹ ਵਾਲਹੁ ਨਿਕੀ॥ (੯/੧੨)
ਉਪਰੋਕਤ ਕਿਸਮ ਦੀ ਲਿਖਣ-ਸ਼ੈਲੀ ਤੋਂ ਇਲਾਵਾ ਇੱਕ ਹੋਰ ਪ੍ਰਭਾਵੀ ਕਿਸਮ ਦੀ ਸ਼ੈਲੀ ਭਾਈ ਗੁਰਦਾਸ ਜੀ ਨੇ ਵਰਤੀ ਹੈ, ਜਿਸ ਤੋਂ ਉਨ੍ਹਾਂ ਦੀਆਂ ਕਈ ਤੁਕਾਂ ਸਿੱਖਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦੀਆਂ ਹਨ। ਇਸ ਕਿਸਮ ਦੀ ਸ਼ੈਲੀ ਨੂੰ ਡਾ. ਸੀਤਾ ਰਾਮ ਬਾਹਰੀ ਨੇ ਗੁਰਬਾਣੀ ਦੀ ਸ਼ੈਲੀ ਆਖਿਆ ਹੈ। ਇਸ ਦਾ ਸਪੱਸ਼ਟ ਕਾਰਨ ਹੈ ਕਿ ਭਾਈ ਸਾਹਿਬ ਉੱਪਰ
ਗੁਰਬਾਣੀ ਅਤੇ ਗੁਰੂ ਸਾਹਿਬਾਨ ਦਾ ਪ੍ਰਭਾਵ ਸੀ। ਉਪਰੋਂ ਗੁਰਸਿੱਖੀ ਮਾਰਗ 'ਤੇ ਚੱਲਣ ਲਈ ਉਪਦੇਸ਼ ਦੇਣ ਵਿਚ ਸੁਖੈਣਤਾ ਵੀ ਤਾਂ ਹੀ ਰਹਿ ਸਕਦੀ ਸੀ ਜੇਕਰ ਭਾਈ ਸਾਹਿਬ ਜੀ ਗੁਰਬਾਣੀ ਦੀ ਸਭਿਆਚਾਰਕ ਗਰਾਮਰ ਵਿਚ ਹੀ ਗੱਲ ਕਰਦੇ ਤੇ ਉਨ੍ਹਾਂ ਨੇ ਇਹ ਗੱਲ ਕਰ ਵਿਖਾਈ। ਬਾਅਦ ਵਿਚ ਇਹ ਸ਼ੈਲੀ ਭਾਈ ਸਾਹਿਬ ਦੀ ਸ਼ਖਸੀਅਤ ਦਾ ਅਨਿਖੜਵਾਂ ਅੰਗ ਬਣ ਗਈ। ਡਾ. ਸੀਤਾ ਰਾਮ ਬਾਹਰੀ ਨੇ ਆਪਣੇ ਇੱਕ ਖੋਜ ਨਿਬੰਧ ਵਿਚ ਨਿਮਨ ਲਿਖਤ ਸਤਰਾਂ ਰਾਹੀਂ ਗੁਰਬਾਣੀ ਦੀ ਸ਼ੈਲੀ ਪ੍ਰਤੀ ਆਪਣੀ ਸਹਿਮਤੀ ਪ੍ਰਗਟਾਈ ਹੈ—
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ (ਗੁਰੂ ਨਾਨਕ ਦੇਵ ਜੀ)
ਲਭੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ॥ (ਗੁਰੂ ਨਾਨਕ ਦੇਵ ਜੀ)
ਅੰਧੀ ਰਯਤਿ ਗਿਆਨ ਵਿਹੂਣੀ ਭਾਰਿ ਭਰੇ ਮੁਰਦਾਰ॥ (ਗੁਰੂ ਨਾਨਕ ਦੇਵ ਜੀ)
ਵਾਇਨ ਚੇਲੇ ਨਚਨਿ ਗੁਰ ਪੈਰ ਹਲਾਇਨ ਫੇਰਿਨ ਸਿਰ॥ (ਗੁਰੂ ਨਾਨਕ ਦੇਵ ਜੀ)
ਡਾ. ਸੀਤਾ ਰਾਮ ਬਾਹਰੀ ਨੇ ਉਪਰੋਕਤ ਗੁਰਬਾਣੀ ਦੀ ਸ਼ੈਲੀ ਦੀਆਂ ਪ੍ਰਤੀਕ ਸਤਰਾਂ ਭਾਈ ਸਾਹਿਬ ਦੀ ਪਹਿਲੀ ਵਾਰ ਵਿਚੋਂ ਦਿੱਤੀਆਂ ਹਨ। ਪਰ ਗਿਆਰ੍ਹਵੀਂ ਵਾਰ ਵਿਚ ਵੀ ਇਸ ਤਰ੍ਹਾਂ ਦੀ ਸ਼ੈਲੀ ਦੀ ਭਰਮਾਰ ਹੈ—
-ਮਿਠਾ ਬੋਲਣਾ ਨਿਵ ਚਲਣ ਹਥਹੁੰ ਭੀ ਕੁਝ ਦੇਇ॥ (ਗੁਰਬਾਣੀ)
ਰਬ ਤਿਨ੍ਹਾਂ ਦੀ ਬੁਕਲੀ ਜੰਗਲ ਕਿਆ ਢੂੰਢੇਇ॥
- ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕੈ ਭਲਾ ਮਨਾਇਆ॥ (ਵਾਰ ੧੧ ਪਉੜੀ ਚਾਰ)
-ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ (ਗੁਰਬਾਣੀ)
-ਸਤੁ ਸੰਤੋਖ ਦਇਆ ਧਰਮੁ ਨਾਮੁ ਦਾਨੁ ਇਸ਼ਨਾਨ ਦ੍ਰਿੜਾਇਆ॥ (੧੧/੩)
-ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸ਼ਨਾਨ ਦ੍ਰਿੜਾਇਆ॥ (੧/੨)
ਸਾਡੇ ਜਾਚੇ ਅਜਿਹੀ ਕਾਵਿ ਸ਼ੈਲੀ ਨੂੰ ਅਪਣਾਉਣ ਪਿੱਛੇ ਭਾਈ ਸਾਹਿਬ ਦਾ ਇਹੀ ਮਕਸਦ ਹੋਵੇਗਾ ਕਿ ਗੁਰਬਾਣੀ ਦੇ ਰਹੱਸ ਨੂੰ ਅਤਿ ਸਰਲੀਕ੍ਰਿਤ ਰੂਪ ਦੇ ਕੇ ਲੋਕਾਂ ਨੂੰ ਸਿੱਖੀ ਸਿੱਧਾਂਤ ਨਾਲ ਜੋੜਿਆ ਜਾਵੇ। ਉਸ ਦੀ ਇਸ ਕਿਸਮ ਦੀ ਸ਼ੈਲੀ ਨੂੰ ਵਿਆਖਿਆਤਮਕ ਸ਼ੈਲੀ ਕਰਕੇ ਵੀ ਜਾਣਿਆ ਜਾਂਦਾ ਹੈ। ਇਸੇ ਸ਼ੈਲੀ-ਪਰੰਪਰਾ ਤੋਂ ਹੀ
ਪਿੱਛੋਂ ਹੋਏ ਚਿੰਤਕਾਂ ਨੂੰ ਟੀਕਾਕਰਨ ਦੀ ਪ੍ਰੇਰਨਾ ਹੋਈ ਮਿਲੀ ਜਾਪਦੀ ਹੈ। ਵਿਆਖਿਆਤਮਕ ਸ਼ੈਲੀ ਦੀ ਇੱਕ ਉਦਾਹਰਣ ਪੇਸ਼ ਹੈ-
-ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥
ਉਥੇ ਟਿਕੈ ਨ ਭੁਣਹਣਾ ਚਲਿ ਨ ਸਕੈ ਉਪਰਿ ਕੀੜੀ॥
ਵਾਲਹੁੰ ਨਿਕੀ ਆਖੀਐ ਤੇਲੁ ਤਿਲਹੁੰ ਲੈ ਕੋਲੁ ਪੀੜੀ॥
ਗੁਰਮੁਖਿ ਵੈਸੀ ਪਰਮ ਹੰਸ ਖੀਰ ਨੀਰ ਨਿਰਨਉ ਚੁੰਜਿ ਵੀੜੀ॥ (੧੧/੫)
ਭਾਈ ਗੁਰਦਾਸ ਜੀ ਨੇ ਗੁਰਬਾਣੀ ਵਿਚ ਆਏ ਰਹਾਉ ਨੂੰ ਆਪਣੇ ਹੀ ਢੰਗ ਨਾਲ ਸਰੰਜਾਮਿ ਦਿੱਤਾ ਹੈ। ਜਿਵੇਂ ਗੁਰਬਾਣੀ ਵਿਚ ਰਹਾਉ ਵਾਲੀ ਤੁਕ ਪੂਰੇ ਸ਼ਬਦ ਜਾਂ ਪਦ ਦਾ ਥੀਮ ਹੁੰਦੀ ਹੈ ਠੀਕ ਹਰ ਪਉੜੀ ਦੀ ਅਖੀਰਲੀ ਪੰਕਤੀ ਜਾਂ ਸਤਰ ਸਮੁੱਚੀ ਪਉੜੀ ਵਿਚਲੀ ਵਸਤੂ ਸਾਮੱਗ੍ਰੀ ਦੀ ਮਹੱਤਾ ਨੂੰ ਪ੍ਰਮਾਣਿਕ ਬਣਾਉਂਦੀ ਹੈ। ਪਉੜੀ ਦਾ ਸਾਰ ਜਾਂ ਨਿਚੋੜ ਪਉੜੀ ਦੀ ਅਖੀਰੀ ਅੱਧੀ ਸਤਰ ਹੁੰਦੀ ਹੈ ਜੋ ਗੁਰਬਾਣੀ ਵਿਚ ਆਏ ਰਹਾਉ ਵਾਲੀ ਤੁਕ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ।
ਭਾਈ ਸਾਹਿਬ ਦੀ ਸ਼ੈਲੀ ਦੇ ਪ੍ਰਸੰਗ ਵਿਚ ਅਸੀਂ ਉਸ ਦੇ ਕਥਾ ਰਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਖ਼ਾਸ ਕਰਕੇ ਜਦੋਂ ਉਹ ਗੁਰੂ ਸਾਹਿਬਾਨ ਦੇ ਨਿਕਟਵਰਤੀ ਸਿੱਖਾਂ ਦੇ ਪਰਿਵਾਰਕ ਅਤੇ ਪੇਸ਼ਾਵਰ ਵੇਰਵਿਆਂ ਦੇ ਨਾਲ-ਨਾਲ ਜਾਤਾਂ ਗੋਤਾਂ ਦੱਸਦਾ ਹੈ ਤਾਂ ਵਾਕਿਆ ਹੀ ਪਉੜੀ ਵਿਚਲਾ ਕਥਾ ਪ੍ਰਸੰਗ ਰੋਚਕ ਹੋ ਨਿਬੜਦਾ ਹੈ। ਕਾਵਿ-ਸ਼ੈਲੀ ਦੇ ਅੰਤਰਗਤ ਅਸੀਂ ਭਾਈ ਸਾਹਿਬ ਦੀ ਵਿਅੰਗਮਈ ਸ਼ੈਲੀ, ਨਾਟਕੀ ਸ਼ੈਲੀ ਅਤੇ ਬਿਰਤਾਂਤਕ ਸ਼ੈਲੀ ਦਾ ਵੀ ਜ਼ਿਕਰ ਕਰਦੇ ਹਾਂ ਪਰ ਇਹ ਸਭ ਸ਼ੈਲੀਗਤ ਵਿਸ਼ੇਸ਼ਤਾਵਾਂ ਪਹਿਲੀ ਵਾਰ ਵਿਚ ਸ਼ਾਮਿਲ ਹਨ। ਪ੍ਰੋ. ਸਰਦੂਲ ਸਿੰਘ ਦੀ ਭਾਈ ਗੁਰਦਾਸ ਦੀ ਲਿਖਣ-ਸ਼ੈਲੀ ਬਾਰੇ ਕੀਤੀ ਟਿੱਪਣੀ ਵਾਚਣਯੋਗ ਹੈ— "ਭਾਈ ਸਾਹਿਬ ਦੀ ਲਿਖਣ-ਸ਼ੈਲੀ ਅਨੁਪਮ ਹੈ। ਆਪ ਦੀ ਰਚਨਾ ਵਿਚੋਂ ਵਿਸ਼ਾਲ ਵਾਕਫ਼ੀਅਤ ਡੁੱਲ੍ਹ ਡੁਲ੍ਹ ਪੈਂਦੀ ਹੈ। ਤੁਕ ਦੀ ਵਿਉਂਤ ਸੁਨੱਖੀ ਹੈ। ਸਰਲਤਾ ਕਮਾਲ ਦੀ ਹੈ। ਵਿਸ਼ਰਾਮ ਐਨ ਮੌਕੇ ਸਿਰ ਹਨ। ਆਪ ਸਰਲਤਾ ਜ਼ੋਰ ਲਾ ਕੇ ਪੈਦਾ ਨਹੀਂ ਕਰਦੇ, ਸੁਭਾਵਕ ਹੈ, ਬਿਆਨ ਮੁਆਦਲਾ ਤੇ ਅਸਰ ਭਰਪੂਰ ਹੈ। ਜਿਹੋ ਜਿਹੀ ਤਰਤੀਬ, ਨਿਸਬਤ ਤੇ ਵਿਉਂਤ ਆਪ ਦੀਆਂ ਵਾਰਾਂ ਵਿਚ ਹੈ। ਆਪ ਦੇ ਸਮਕਾਲੀ ਤੇ ਅੱਜਕੱਲ੍ਹ ਦੇ ਵਿਦਵਾਨ ਕਵੀਆਂ ਵਿੱਚ ਘੱਟ ਹੀ ਵੇਖਣ ਵਿਚ ਆਉਂਦੀ ਹੈ। ਜਿਵੇਂ ਜਿਵੇਂ ਪਹਿਲੀ, ਦੂਜੀ, ਤੀਜੀ ਸਤਰ ਤਰਤੀਬਵਾਰ ਪੜ੍ਹਾਂਗੇ, ਤਿਵੇਂ-ਤਿਵੇਂ ਪ੍ਰਭਾਵ ਵਧਦਾ ਜਾਂਦਾ ਹੈ ਤੇ ਮਨ ਨੂੰ ਅਕਿਹ ਰਸ ਪਹੁੰਚਦਾ ਹੈ। ਗੋਂਦ ਵਿਚ ਹੋਛਾਪਨ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਵਿਕਾਸ ਕੁਦਰਤੀ, ਚਾਲ ਅਮੀਰੀ ਤੇ ਘਾੜਤ ਸੁੰਦਰ, ਸੁਚੱਜੀ ਤੇ ਫੱਬਵੀਂ ਹੈ।" (ਭਾਈ ਗੁਰਦਾਸ, ਭਾ. ਵਿਭਾਗ, ਪੰਨਾ 67)
ਪ੍ਰਸ਼ਨੋਤਰੀ ਸ਼ੈਲੀ
ਪ੍ਰਸ਼ਨੋਤਰੀ ਸ਼ੈਲੀ ਤੋਂ ਭਾਵ ਹੈ ਕਿ ਭਾਈ ਗੁਰਦਾਸ ਜੀ ਦੀ ਲਿਖਣ ਵਿਧੀ ਵਿਚ ਪ੍ਰਸ਼ਨਾਂ-ਉੱਤਰਾਂ ਦਾ ਸਿਲਸਿਲਾ ਵੀ ਜਾਰੀ ਰਹਿੰਦਾ ਹੈ। ਨਾਇੱਕ ਅਤੇ ਪ੍ਰਤੀਨਾਇੱਕ ਸੰਵਾਦਮਈ ਸਰੋਕਾਰਾਂ ਦੀ ਵਰਤੋਂ ਕਰਕੇ ਆਪਣੇ ਸ਼ੰਕੇ ਨਵਿਰਤ ਕਰਨ ਨੂੰ ਆਖਦੇ ਹਨ ਤੇ
ਨਾਇੱਕ ਉਨ੍ਹਾਂ ਦੇ ਸ਼ੰਕੇ ਵਿਵੇਕਸ਼ੀਲ ਹੋ ਕੇ ਦੂਰ ਕਰਦੇ ਹਨ। ਕਹਿਣ ਦਾ ਭਾਵ ਹੈ ਕਿ ਪ੍ਰਤੀਨਾਇੱਕ (ਖਲਨਾਇੱਕ) ਸਪੱਸ਼ਟੀਕਰਨ ਮੰਗਦੇ ਹਨ ਤੇ ਨਾਇੱਕ ਸਪੱਸ਼ਟੀਕਰਨ ਦਿੰਦਾ ਹੈ। ਇਸ ਤਰ੍ਹਾਂ ਪ੍ਰਸ਼ਨਾਂ-ਉੱਤਰਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਮਿਸਾਲ ਵਜੋਂ 28ਵੀਂ, 29ਵੀਂ, 33ਵੀਂ ਪਉੜੀ ਵਿਚ ਇਸ ਸ਼ੈਲੀ ਦੀ ਭਰਪੂਰ ਰੂਪ ਵਿਚ ਵਰਤੋਂ ਹੋਈ ਹੈ। ਮਿਸਾਲ ਵਜੋਂ ਇਥੇ ਅਸੀਂ ਇੱਕ-ਦੋ ਉਦਾਹਰਣਾਂ ਹੀ ਦੇ ਰਹੇ ਹਾਂ—
ਪ੍ਰਤੀਨਾਇਕ- ਪੁਛਨਿ ਫੋਲਿ ਕਿਤਾਬ ਨੇ ਹਿੰਦੂ ਵਡਾ ਕਿ ਮੁਸਲਮਾਨੋਈ॥
ਨਾਇਕ— ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥ (ਪਉੜੀ ੩੩)
ਪ੍ਰਤੀਨਾਇਕ- ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰ ਕਿਸਕਾ ਘਰਿਆਨਾ॥
ਮਰਦਾਨਾ— ਨਾਨਕ ਕਲਿ ਵਿਚਿ ਆਇਆ ਰਬੁ ਫਕੀਰ ਇੱਕ ਪਹਿਚਾਨਾ॥ (ਪਉੜੀ ੩੫)
ਪ੍ਰਤੀਨਾਇਕ-- ਫਿਰ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ॥
ਨਾਇਕ— ਬਾਬੇ ਆਖਿਆ, ਨਾਥ ਜੀ ! ਸਚੁ ਚੰਦ੍ਰਮਾ ਕੂੜ ਅੰਧਾਰਾ॥ (ਪਉੜੀ ੨੯)
ਪ੍ਰਤੀਨਾਇਕ- ਸਿਧਿ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ॥
ਨਾਇਕ— ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ॥
ਪ੍ਰਤੀਨਾਇਕ- ਆਖਨਿ ਸਿਧਿ ਸੁਣਿ ਬਾਲਿਆ ! ਅਪਨਾ ਨਾਉ ਤੁਮ ਦੇਹੁ ਬਤਾਈ॥
ਨਾਇਕ- ਬਾਬਾ ਆਖੇ ਨਾਥ ਜੀ! ਨਾਨਕ ਨਾਮ ਜਪੇ ਗਤਿ ਪਾਈ॥ (ਪਉੜੀ ੨੮)
ਪ੍ਰਤੀਕਾਤਮਕ ਸ਼ੈਲੀ
ਇਸ ਤੋਂ ਇਲਾਵਾ ਭਾਈ ਸਾਹਿਬ ਨੇ ਪ੍ਰਤੀਕਾਤਮਕ ਸੈਲੀ ਨੂੰ ਆਪਣੇ ਵਿਚਾਰਾਂ ਜਾਂ ਨਾਇਕ ਦੇ ਵਿਚਾਰਾਂ ਦਾ ਵਾਹਨ ਬਣਾਇਆ ਹੈ। ਪਉੜੀ ਨੰ. 44 ਵਿਚ ਮੁਲਤਾਨ ਦੇ ਪੀਰ ਵਲੋਂ ਦੁੱਧ ਦਾ ਕਟੋਰਾ ਲੈ ਕੇ ਗੁਰੂ ਜੀ ਕੋਲ ਆਉਣ ਦਾ ਸੰਕੇਤ ਹੈ ਕਿ ਸ਼ਹਿਰ ਵਿਚ ਪਹਿਲਾਂ ਹੀ ਪੀਰ ਫ਼ਕੀਰ ਬਹੁਤ ਹਨ, ਹੋਰ ਕਿਸੇ ਪੀਰ ਫਕੀਰ ਲਈ ਰਹਿਣ ਲਈ ਗੁੰਜਾਇਸ਼ ਨਹੀਂ। ਅੱਗੋਂ ਗੁਰੂ ਨਾਨਕ ਦੇਵ ਜੀ ਨੇ ਪੀਰ ਦੇ ਭਾਵ ਸਮਝ ਕੇ ਕਟੋਰੇ ਵਿਚ ਚੰਬੇਲੀ ਦਾ ਫੁੱਲ ਰੱਖ ਦਿੰਦੇ ਹਨ, ਜਿਸ ਦਾ ਭਾਵ ਹੈ ਕਿ ਉਹ ਇਸ ਸ਼ਹਿਰ ਵਿਚ ਕਿ ਸੇ ਦੀ ਜਗ੍ਹਾ ਲੈਣ ਨਹੀਂ ਆਏ ਸਗੋਂ ਪ੍ਰਭੂ ਨਾਮ ਦੀ ਖੁਸ਼ਬੋਈ ਚੰਬੇਲੀ ਦੇ ਫੁੱਲਾਂ ਵਾਂਗ ਵੰਡਣ ਆਏ ਹਨ। ਕਮਾਲ ਕਿ ਪ੍ਰਤੀਕਮਈ ਸ਼ੈਲੀ ਲਈ ਸੰਜਮ ਵੀ ਆਇਆ ਹੈ। ਭਾਈ ਸਾਹਿਬ ਨੇ ਸਿਰਫ਼ ਦੋ ਪੰਕਤੀਆਂ ਵਿੱਚ ਗੱਲ ਸਪੱਸ਼ਟ ਕਰ ਦਿੱਤੀ ਹੈ-
ਅੱਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ॥
ਬਾਬੇ ਕਢਿ ਕਰ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ॥
ਜਿਉਂ ਸਾਗਿਰ ਵਿਚਿ ਗੰਗ ਸਮਾਈ॥ (ਪਉੜੀ ੪੪)
ਇਸੇ ਤਰ੍ਹਾਂ ਪਉੜੀ ਨੰ. 40 ਵਿਚ 'ਦੁੱਧ ਵਿਚ ਕਾਂਜੀ' ਦਾ ਪ੍ਰਤੀਕ ਵੀ 'ਸਿੱਧਾ' ਜੋਗੀਆਂ ਦੇ ਦੋਗਲੇਪਨ ਨੂੰ ਪ੍ਰਗਟਾਉਂਦਾ ਹੈ—
-ਪੁਛੇ ਜੋਗੀ ਭੰਗਰਨਾਥੁ, ‘ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ॥
-ਨਾਨਕ ਆਖੇ, ਭੰਗਰਨਾਥ ਤੇਰੀ ਮਾਉ ਕੁਚਜੀ ਆਹੀ॥
ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲੁ ਸੜਾਈ॥
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥ (ਪਉੜੀ ੪੦)
ਮੰਗਲਾਚਰਣ (ਹਮਦ)
ਪੰਜਾਬੀ ਦੀਆਂ ਬਹੁਤੀਆਂ ਵਾਰਾਂ ਦਾ ਆਰੰਭ ਮੰਗਲਾਚਰਣ ਅਰਥਾਤ ਪ੍ਰਭੂ ਜਾਂ ਗੁਰਦੇਵ ਦੀ ਸਿਫ਼ਤ ਨਾਲ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਵਾਰ ਦਾ ਆਰੰਭ ਮੰਗਲਾਚਰਣ ਦੁਆਰਾ ਹੀ ਕੀਤਾ ਹੈ।
-ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸ ਮੰਤ੍ਰ ਸੁਣਾਇਆ॥
ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ॥
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ॥
ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖ ਸਵਾਇਆ॥
ਨਾਇਕ ਅਤੇ ਪ੍ਰਤੀਨਾਇਕ
ਵਾਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਵਿਰੋਧੀ ਧਿਰ ਅਰਥਾਤ ਪ੍ਰਤੀਨਾਇੱਕ ਵੀ ਨਾਇੱਕ ਵਾਂਗ ਸ਼ਕਤੀਸ਼ਾਲੀ ਹੋਇਆ ਕਰਦਾ ਹੈ। ਉਹ ਥੋੜ੍ਹੀ ਕੀਤਿਆਂ ਈਨ ਮੰਨਣ ਨੂੰ ਤਿਆਰ ਨਹੀਂ ਹੁੰਦਾ। ਇਥੋਂ ਤਕ ਕਿ ਕਈ ਵਾਰ ਤਾਂ ਪ੍ਰਤੀਨਾਇੱਕ ਨਾਇੱਕ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਪ੍ਰਤੀਤ ਹੁੰਦੇ ਹਨ। ਇਸ ਧਾਰਨਾ ਦੀ ਪੁਸ਼ਟੀ ਵਜੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਚੰਡੀ ਦੀ ਵਾਰ ਨੂੰ ਭੁਗਤਾ ਸਕਦੇ ਹਾਂ ਜਿਸ ਵਿਚ ਖਲਨਾਇੱਕ (ਰਾਖਸ਼, ਦਾਨਵ ਅਤੇ ਦੈਂਤ) ਈਨ ਮੰਨਣ ਲਈ ਤਿਆਰ ਨਹੀਂ। ਉਹ ਤਾਂ ਰੋਹ 'ਚ ਆ ਕੇ ਪੂਰੀ ਤਨਦੇਹੀ ਨਾਲ ਲੜਦੇ ਹਨ-
-ਤਣਿ ਤਣਿ ਕੈਬਰ ਛੱਡਣ ਦੁਰਗਾ ਸਾਮ੍ਹਣੇ॥
ਰਾਖਸ ਰਣੋਂ ਨ ਭੱਜਨ, ਰੋਹੇ ਰੋਹਲੇ ॥
-ਰਾਖਸ਼ ਆਏ ਰੋਹਲੇ ਖੇਤ ਭਿੜਣ ਕੇ ਚਾਇ॥
ਲਿਸ਼ਕਣ ਤੇਗਾਂ ਬਰਛੀਆਂ, ਸੂਰਜ ਨਦਰਿ ਨ ਪਾਇ ॥
ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚ ਵੀ ਵਿਰੋਧੀ ਧਿਰ ਪੂਰਾ ਮੁਕਾਬਲਾ ਕਰਦੀ ਹੈ—
-ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ॥
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇਆ ਬਜਿਗਾਰੀ। (ਪਉੜੀ ੩੨)
ਇਹਿ ਸੁਣਿ ਬਚਨਿ ਜੋਗੀਸਰਾਂ, ਮਾਰਿ ਕਿਲਕ ਬਹੁ ਰੂਇ ਉਠਾਈ॥
ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ।
ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤਿ ਦਿਖਾਈ॥
ਇਕਿ ਪਰਿ ਕਰਿ ਕੈ ਉਡਰਨਿ ਪੱਖੀ ਜਿਵੈ ਰਹੇ ਲੀਲਾਈ॥
ਇੱਕ ਨਾਗ ਹੋਇ ਪਉਣ ਛੋੜਿਆ ਇੱਕਨਾ ਵਰਖਾ ਅਗਨਿ ਵਸਾਈ॥
ਤਾਰੇ ਤੋੜੇ ਭੰਗਰਿਨਾਥ ਇੱਕ ਚੜਿ ਮਿਰਗਾਨੀ ਜਲੁ ਤਰ ਜਾਈ॥
ਸਿਧਾ ਅਗਨਿ ਨ ਬੁਝੇ ਬੁਝਾਈ॥ (ਪਉੜੀ ੪੧)
ਪਰ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਨਾਇੱਕ ਦੀ ਜਿੱਤ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਵਿਰੋਧੀਆਂ ਨਾਲ ਜੂਝਦੇ ਹੋਏ ਅਤੇ ਵਿਵੇਕ ਸਿਰਜਦੇ ਹੋਏ ਆਖਿਰ ਜਿੱਤ ਭਾਵ ਗੁਰੂ ਜੀ ਨੇ ਸ਼ਬਦ ਸ਼ਕਤੀ ਨਾਲ ਸਿੱਧ ਮੰਡਲੀ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ।
-ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ॥ (ਪਉੜੀ ੩੧)
ਭਾਵ ਗੁਰੂ ਜੀ ਨੇ ਸ਼ਬਦ ਸ਼ਕਤੀ ਨਾਲ ਸਿੱਧ ਮੰਡਲੀ 'ਤੇ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ :-
—ਗੜ ਬਗਦਾਦ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ॥
ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ॥
ਪਾਤਾਲਾ ਆਕਾਸ ਲਖ ਕੀਤੀ ਧਰਤੀ ਜਗਤ ਸਥਾਇਆ॥
ਜੀਤੀ ਨਵ ਖੰਡਨ ਮੇਦਨੀ ਸਤਿ ਨਾਮੁ ਦਾ ਚੱਕ੍ਰ ਫਿਰਾਇਆ।।
ਦੇਵ ਦਾਨੋ ਰਾਕਸਿ ਦੈਤ ਸਭ ਚਿਤਿ ਗੁਪਤਿ ਸਭਿ ਚਰਨੀ ਲਾਇਆ॥ (ਪਉੜੀ ੩੭)
-ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨਿ ਆਦੇਸ਼ ਕਹਾਈ। (ਪਉੜੀ ੪੪)
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥ (ਪਉੜੀ ੪੫)
ਪਉੜੀ-ਪ੍ਰਬੰਧ
ਪਿੱਛੇ ਅਸੀਂ ਵਾਰ ਦੇ ਤੱਤਾਂ ਵਿਚ ਇੱਕ ਮਹੱਤਵਪੂਰਨ ਤੱਤ ਪਉੜੀ ਨੂੰ ਵੀ ਮੰਨਿਆ ਹੈ। ਅਸੀਂ ਪ੍ਰੋ. ਪਿਆਰਾ ਸਿੰਘ ਪਦਮ ਦੇ ਹਵਾਲੇ ਨਾਲ ਇਹ ਵੀ ਮੰਨਿਆ ਹੈ ਕਿ "ਪਉੜੀ ਵਾਰ ਲਈ ਇੱਕ ਚਰਣ-ਪ੍ਰਬੰਧ ਹੈ। ਇਸ ਤੋਂ ਬਿਨਾਂ ਕੋਈ ਰਚਨਾ ਵਾਰ ਨਹੀਂ ਬਣਦੀ। ਪਉੜੀ ਵਾਰ ਦਾ ਪਿੰਡਾ ਹੈ ਤੇ ਜੁੱਧ ਕਥਾ ਇਸ ਦੀ ਰੂਹ। ਦੋਹਾਂ ਦੇ ਮੇਲ ਨਾਲ ਹੀ ਅਸਲ ਵਾਰ ਦੀ ਸਾਜਨਾ ਹੁੰਦੀ ਹੈ।" ਇਸੇ ਤਰ੍ਹਾਂ ਡਾ. ਸੁਰਿੰਦਰ ਸਿੰਘ ਕੋਹਲੀ ਪਉੜੀ ਬਾਬਤ ਲਿਖਦੇ ਹਨ ਕਿ "ਵਾਰ ਇੱਕ ਕਾਵਿ ਭੇਦ ਹੈ। ਵਾਰ ਦੇ ਹਰ ਭੇਦ ਨੂੰ ਪਉੜੀ ਕਿਹਾ ਜਾਂਦਾ ਹੈ। ਹਰ ਬੰਦ ਪੌੜੀ ਜਾਂ ਸੀੜ੍ਹੀ ਦੇ ਇੱਕ ਡੰਡੇ ਵਾਂਗੂ ਹੈ ਅਤੇ ਕਹਾਣੀ ਦੀ ਚਾਲ ਨੂੰ
ਇੱਕ ਕਦਮ ਹੋਰ ਅਗੇਰੇ ਲੈ ਜਾਂਦਾ ਹੈ। 'ਪਉੜੀ' ਅਸਲ ਵਿਚ ਇੱਕ ਕਾਸ ਛੰਦ ਨਹੀਂ, ਜਿਸ ਤਰ੍ਹਾਂ ਦੋਹਰਾ, ਸੋਰਠਾ ਜਾਂ ਕੋਰੜਾ ਛੰਦ ਹਨ।" (ਭਾਈ ਗੁਰਦਾਸ : ਜੀਵਨ ਤੇ ਰਚਨਾ, ਭਾਸ਼ਾ ਵਿਭਾਗ ਪੰਜਾਬ, ਪੰਨਾ 199) ਡਾ. ਕੋਹਲੀ ਦੇ ਉਪਰੋਕਤ ਕਥਨ ਤੋਂ ਸਾਡੀ ਧਾਰਨਾ ਨੂੰ ਹੋਰ ਵਧੇਰੇ ਬਲ ਮਿਲਦਾ ਹੈ ਕਿ ਪਉੜੀ ਕਿਸੇ ਵੀ ਕੀਮਤ 'ਤੇ ਛੰਦ ਨਹੀਂ। ਜੇ ਛੰਦ ਹੁੰਦਾ ਤਾਂ ਇਹ ਸਥਾਪਤ ਕਰਨਾ ਪੈਣਾ ਸੀ ਕਿ ਇਹ ਮਾਤ੍ਰਿਕ ਜਾਂ ਵਰਣਿਕ ਜਾਂ ਗਣ ਇਨ੍ਹਾਂ ਵਿਚੋਂ ਕਿਹੜਾ ਹੈ। ਫਿਰ ਮਾਤਰਾਵਾਂ, ਲਗਾਂ, ਅੱਖਰਾਂ ਦਾ ਹਿਸਾਬ-ਕਿਤਾਬ ਵੀ ਕਰਨੇ ਪੈਣਾ ਸੀ। ਉਂਝ ਵੀ ਚੰਡੀ ਦੀ ਵਾਰ ਦੇ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਦੇ ਨਿਮਨ ਲਿਖਤ ਕਥਨਾਂ ਤੋਂ ਵੀ ਇਹ ਪੁਸ਼ਟੀ ਹੁੰਦੀ ਹੈ ਕਿ ਇਹ ਛੰਦ ਨਹੀਂ—
—ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥
'ਲਊ ਕੁਸੂ ਦੀ ਵਾਰ' ਦੇ ਕਰਤਾ ਨੇ ਵਾਰ ਵਿਚ ਕਈ ਥਾਵਾਂ 'ਤੇ ਲਿਖਿਆ ਹੈ—
-ਕੀਰਤਿ ਦਾਸ ਸੁਣਾਈ, ਪੜਿ ਪੜਿ ਪਉੜੀਆਂ॥
ਦਾਸ ਥੀਆਂ ਕੁਰਬਾਣੇ, ਪਉੜੀ ਆਖਿ ਆਖਿ॥
ਜਿੱਥੋਂ ਤਕ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਸੰਬੰਧ ਹੈ, ਇਸ ਦੀ ਤਕਨੀਕੀ ਬੁਣਤੀ ਵਿਚ ਪਉੜੀ ਨੂੰ ਇੱਕ ਖਾਸ ਮਹੱਤਵ ਪ੍ਰਾਪਤ ਹੈ। ਗੁਰੂ ਸਾਹਿਬਾਨ ਦੀਆਂ ਰਚਿਤ ਵਾਰਾਂ ਵਾਂਗ ਭਾਈ ਗੁਰਦਾਸ ਦੀਆਂ ਵਾਰਾਂ ਵੀ ਅਧਿਆਤਮਕ ਸਮੱਗ੍ਰੀ ਨੂੰ ਪਉੜੀ-ਪ੍ਰਬੰਧ ਰਾਹੀਂ ਅੱਗੇ ਵਿਕਸਤ ਕਰਦੀਆਂ ਹਨ। ਤਕਰੀਬਨ ਸਾਰੀਆਂ (49 ਪਉੜੀਆਂ) ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਅੱਠ ਅੱਠ ਰੱਖੀ ਗਈ ਹੈ ਪਰ ਸਿਰਫ਼ ਪਉੜੀ ਨੰ. ਦੋ ਅਤੇ ਅਖੀਰਲੀ 49ਵੀਂ ਪਉੜੀ ਦੀਆਂ ਸੱਤ ਤੁਕਾਂ ਹੀ ਆਈਆਂ ਹਨ। ਇੱਥੇ ਗੱਲ ਦੱਸਣੀ ਜ਼ਰੂਰੀ ਹੈ ਕਿ ਪਉੜੀ ਨੰ. ਦੋ ਵਿਚ ਗਿਆਨੀ ਹਜ਼ਾਰਾ ਸਿੰਘ ਨੇ ਇੱਕ ਤੁਕ ਕਿਸੇ ਸਰੋਤ (ਪੁਰਾਤਨ ਲਿਖਤੀ ਨੁਸਖਾ) ਤੋਂ ਲੈ ਕੇ ਸ਼ਾਮਿਲ ਕੀਤੀ ਹੈ ਤੇ ਉਹ ਇਹ ਹੈ— -
-ਜਨਮ ਮਰਨ ਦੁਇ ਸਾਹਿਆ ਤਿਸਿ ਵਿਚ ਆਵੈ ਸਭ ਲੁਕਾਈ॥
ਪਰ ਗਿਆਨੀ ਜੀ ਆਪ ਜਦੋਂ ਇਸ ਵਾਰ ਦੀ ਵਿਆਖਿਆ ਕਰਦੇ ਹਨ ਤਾਂ ਇਸ ਪੰਕਤੀ ਦਾ ਜ਼ਿਕਰ ਤਕ ਨਹੀਂ ਕਰਦੇ। ਜਿਥੋਂ ਤੱਕ 49ਵੀਂ ਪਉੜੀ ਦਾ ਪ੍ਰਬੰਧ ਹੈ, ਉਸ ਦੀ ਵਿਵੇਕ ਬੁਣਤੀ ਅਤੇ ਗੁਰੂ ਸਾਹਿਬਾਨ (ਧੰਨ ਗੁਰੂ ਗੋਬਿੰਦ ਸਿੰਘ) ਦੇ ਦਿੱਤੇ ਹਵਾਲੇ, ਸਪੱਸ਼ਟ ਕਰਦੇ ਹਨ ਕਿ ਇਹ ਪਉੜੀ ਭਾਈ ਗੁਰਦਾਸ ਜੀ ਦੀ ਨਹੀਂ ਹੋ ਸਕਦੀ। ਚੂੰਕਿ ਭਾਈ ਸਾਹਿਬ ਛਠੂਮ ਪੀਰ ਅਰਥਾਤ ਛੇਵੇਂ ਸਤਿਗੁਰ ਦੇ ਵੇਲੇ ਤਕ ਹੀ ਜੀਵਤ ਰਹੇ ਹਨ। ਅਖੀਰ ਵਿਚ ਅਸੀਂ ਆਪਣੀ ਚਰਚਾ ਨੂੰ ਸਮੇਟਦੇ ਹੋਏ ਇੱਕ ਮਹੱਤਵਪੂਰਨ ਨੁਕਤੇ ਵੱਲ ਧਿਆਨ ਦੇਣਾ ਚਾਹੁੰਦੇ ਹਾਂ ਕਿ- ਇੱਕ ਸਮੱਰਥਾਵਾਨ ਕਵੀ ਆਪਣੀ ਪਾਠ-ਰਚਨਾ ਵੇਲੇ ਕੁਝ ਪ੍ਰਸੰਗ ਜਾਂ ਹਿੱਸੇ ਕਵਿਤਾ ਤੋਂ ਬਾਹਰ ਰੱਖਦਾ ਹੈ ਤੇ ਸਿਰਜੀ ਗਈ ਕਵਿਤਾ ਚੁੰਕਿ ਇੱਕ ਚੁੰਬਕ ਦੀ ਨਿਆਈ ਹੁੰਦੀ ਹੈ, ਜਿਸ ਨੇ ਕਵਿਤਾ ਤੋਂ ਬਾਹਰ ਪਏ ਅਣਕਹੇ ਵਰੇਵਿਆਂ ਨੂੰ ਆਪਣੇ ਰਚਨਾ- ਸੰਸਾਰ ਵਿਚ ਲਿਆਉਣ ਹੁੰਦਾ ਹੈ। ਇਸ ਤਰ੍ਹਾਂ ਕਵੀ ਅਜਿਹੀ ਸ਼ਬਦ-ਸ਼ਕਤੀ ਦੀ ਵਰਤੋਂ
ਕਰਦਾ ਹੈ, ਜਿਸ ਆਸਰੇ ਕਵਿਤਾ-ਬਾਹਰੇ ਵੇਰਵੇ/ਪ੍ਰਸੰਗ (Unsaid Poetry) ਉਸ ਦੇ ਆਪਣੇ ਰਚਨਾ ਸੰਸਾਰ ਦੇ ਸੰਪਰਕ ਵਿਚ ਰਹਿੰਦੇ ਹਨ । ਭਾਈ ਗੁਰਦਾਸ ਜੀ ਨੂੰ ਆਧੁਨਿਕ ਕਹਿਣਾ ਹੋਰ ਵੀ ਵਾਜਬ ਹੋ ਜਾਂਦਾ ਹੈ ਜਦੋਂ ਉਹ Unsaid Poetry ਨੂੰ ਬਾਹਰ ਰੱਖ ਕੇ ਗੱਲ ਕਰਦਾ ਹੈ ਤੇ ਕਵਿਤਾ ਵਿਚਲੇ ਪ੍ਰਸੰਗ ਉਨ੍ਹਾਂ ਨੂੰ (Unsaid Poetry) ਆਪਣੇ ਅੰਦਰਲੇ ਸੰਸਾਰ ਵੱਲ ਖਿੱਚਦੇ ਹਨ-
ਚੰਦਨੁ ਬਾਵਨ ਚੰਦਨਹੁ ਚੰਦਨ ਵਾਸੁ ਨ ਚੰਦਨੁ ਹੋਇ॥ (੧੧/੧੦)
ਇੱਥੇ ਦੱਸਿਆ ਗਿਆ ਹੈ ਕਿ ਬਾਵਨ ਚੰਦਨ ਤੋਂ ਬਨਸਪਤੀ ਚੰਦਨ ਹੋ ਜਾਂਦੀ ਹੈ ਪਰ ਚੰਦਨ ਦੀ ਵਾਸਨਾ ਨਾਲ ਕੋਈ ਚੰਦਨ ਨਹੀਂ ਹੁੰਦਾ। ਪਰ ਇੱਥੇ ਗੁਰੂ-ਰੂਪ ਬਾਵਨ ਚੰਦਨ ਹੈ ਜਿਸ ਤੋਂ ਸਿੱਖ ਚੰਦਨ ਤੇ ਫਿਰ ਸਿੱਖਾਂ ਰੂਪ ਚੰਦਨ ਹੁੰਦੇ ਹਨ।
ਉਪਰੋਕਤ ਵਿਚਾਰਾਂ ਦੀ ਰੋਸ਼ਨੀ ਵਿਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਇੱਕ ਵਧੀਆ ਵਿਆਖਿਆਕਾਰ ਦੇ ਨਾਲ-ਨਾਲ ਇੱਕ ਸ਼ਰੋਮਣੀ ਕਵੀ ਹੋਏ ਹਨ। ਜਦੋਂ ਅਸੀਂ ਵਾਰ-ਅਧਿਅਨ ਕਰਦੇ ਵਕਤ ਉਨ੍ਹਾਂ ਦੇ ਸ਼ਬਦ-ਭੰਡਾਰ ਵੱਲ ਨਜ਼ਰ ਮਾਰਦੇ ਹਾਂ ਤਾਂ ਵਾਕਿਆ ਹੀ ਉਹ ਸ਼ਬਦ-ਕੋਸ਼ ਨਾਲੋਂ ਕਿਤੇ ਘੱਟ ਨਹੀਂ ਲੱਗਦਾ ਸਗੋਂ ਉਹ ਤਾਂ ਵਿਦਵਾਨਾਂ ਮੁਤਾਬਕ ਜਿਊਂਦਾ ਜਾਗਦਾ ਮਹਾਂਕੋਸ਼ ਸਾਬਿਤ ਹੁੰਦਾ ਹੈ।
ਭਾਈ ਗੁਰਦਾਸ ਜੀ
ਦੀ
ਪਹਿਲੀ ਵਾਰ
ਮੂਲ ਪਾਠ ਤੇ ਵਿਆਖਿਆ
ਮੂਲ ਪਾਠ ਅਤੇ ਵਿਆਖਿਆ
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ
ੴ ਸਤਿਗੁਰ ਪ੍ਰਸਾਦਿ
ਨਮਸਕਾਰੁ ਗੁਰਦੇਵ ਕਉ ਸਤਿ ਨਾਮੁ ਜਿਸੁ ਮੰਤ੍ਰ ਸੁਣਾਇਆ॥
ਭਵਜਲ ਵਿਚੋ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ॥
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਜੋਗੁ ਮਿਟਾਇਆ॥
ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖੁ ਸਬਾਇਆ॥
ਜਮ ਡੰਡੁ ਸਿਰੋ ਨ ਉਤਰੈ ਸਾਕਤਿ ਦੁਰਜਨ ਜਨਮ ਗਵਾਇਆ॥
ਚਰਨ ਗਹੇ ਗੁਰਦੇਵ ਕੇ ਸਤ ਸਬਦੁ ਦੇ ਮੁਕਤਿ ਕਰਾਇਆ॥
ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ॥
ਜੇਹਾ ਬੀਉ ਤੇਹਾ ਫਲੁ ਪਾਇਆ ॥੧॥
ਪਦ-ਅਰਥ- ਭਵਜਲ-ਸੰਸਾਰ ਸਮੁੰਦਰ। ਸੋਸਾ-ਭਰਮ। ਸਵਾਇਆ-ਬਹੁਤਾ। ਸਾਕਤਿ-ਕਠੋਰ। ਸਬਦੁ-ਉਪਦੇਸ਼। ਪੁਰਬਿ-ਮਿਲਾਪ। ਦ੍ਰਿੜਾਇਆ-ਨਿਹਚਾ, ਗਹੇ-ਫੜ੍ਹੇ
ਵਿਆਖਿਆ- ਭਾਈ ਗੁਰਦਾਸ ਜੀ ਵਾਰ ਦੀ ਤਕਨੀਕ ਨੂੰ ਸਮਝਦੇ ਹੋਏ ਪਹਿਲੀ ਵਾਰ ਦਾ ਆਰੰਭ ਮੰਗਲਾਚਰਣ ਨਾਲ ਕਰਦੇ ਹਨ। ਭਾਈ ਸਾਹਿਬ ਆਖਦੇ ਹਨ ਕਿ ਉਸ ਗੁਰਦੇਵ ਨੂੰ ਮੇਰੀ ਨਮਸਕਾਰ ਜਿਸ ਗੁਰਦੇਵ ਧੰਨ ਗੁਰੂ ਨਾਨਕ ਦੇਵ ਜੀ) ਨੇ 'ਸਤਿਨਾਮ' ਦਾ ਮੰਤਰ ਸੁਣਾਇਆ ਹੈ ਅਤੇ ਸੰਸਾਰ-ਸਮੁੰਦਰ ਵਿਚੋਂ ਪਾਰ ਕਰਕੇ ਮੁਕਤੀ ਦੇ ਰਸਤੇ ਪਾ ਦਿੱਤਾ ਅਰਥਾਤ ਮੁਕਤੀ ਦਿਵਾ ਦਿੱਤੀ। ਉਸ ਗੁਰਦੇਵ ਨੇ ਸਤਿਨਾਮ ਦੇ ਮੰਤਰ ਰਾਹੀਂ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਤੇ ਨਾਲ ਹੀ ਸੰਸੋ ਰੂਪੀ ਸੰਸਾਰ ਵਿਚ ਪਾਏ ਜਾਂਦੇ ਰੋਗ ਵਿਛੋੜੇ ਦੇ ਅੰਦੇਸ਼ੇ ਦੂਰ ਹੋ ਗਏ। ਜਿਵੇਂ ਕਿ ਦੱਸਿਆ ਗਿਆ ਹੈ ਕਿ ਇਹ ਸਾਰਾ ਸੰਸਾਰ ਸੰਸਾ ਰੂਪੀ ਹੈ ਤੇ ਇਸੇ ਸੰਸੇ ਕਰਕੇ ਜਨਮ ਮਰਨ ਦੇ ਸਾਰੇ ਦੁਖ ਮਿਲਦੇ ਹਨ। ਇੰਝ ਸੇਸੇ ਕਰਕੇ ਪੁਰਖ ਦੇ ਸਿਰ ਤੋਂ ਜਮ ਦੇ ਦੰਡ ਦਾ ਸਾਇਆ ਨਹੀਂ ਜਾਂਦਾ। ਕਠੋਰ ਅਤੇ ਖੋਟੇ ਪੁਰਖ (ਮਨਮੁੱਖ) ਭੰਗ ਦੇ ਭਾੜੇ ਜਨਮ ਗਵਾ ਬੈਠਦੇ ਹਨ। ਪਰ ਜਿਨ੍ਹਾਂ ਪੁਰਖਾਂ ਨੇ ਗੁਰਦੇਵ ਦੇ ਚਰਨ ਪਕੜ ਲਏ ਅਰਥਾਤ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿਚ ਆ ਗਏ, ਉਨ੍ਹਾਂ 'ਸਤਿਨਾਮ ਦਾ ਸ਼ਬਦ ਪ੍ਰਾਪਤ ਕਰ ਜਨਮ ਮਰਨ (ਆਵਾਗਵਣ) ਤੋਂ ਮੁਕਤ ਕਰ ਦਿੱਤੇ ਗਏ। ਇੰਜ ਉਹ ਪ੍ਰੇਮਾਭਗਤੀ, ਗੁਰਪੁਰਬ, ਨਾਮ ਦਾਨ ਅਤੇ ਇਸ਼ਨਾਨ ਵਿਚ ਦ੍ਰਿੜ੍ਹ ਹੋ ਗਏ ਅਰਥਾਤ ਦ੍ਰਿੜ੍ਹਤਾ ਕਰਕੇ ਮੰਜ਼ਿਲ ਪ੍ਰਾਪਤ ਕਰ ਗਏ। ਭਾਈ ਸਾਹਿਬ ਅਖੀਰ 'ਤੇ ਫੁਰਮਾਉਂਦੇ ਹਨ ਕਿ ਜੇਹਾ ਇਨਸਾਨ ਬੀਜਦਾ ਹੈ, ਉਹੋ ਜਿਹਾ ਹੀ ਫਲ ਪ੍ਰਾਪਤ ਕਰਦਾ ਹੈ।
ਪ੍ਰਿਥਮੈ ਸਾਸਿ ਨ ਮਾਸਿ ਸਨਿ ਅੰਧੁ ਧੁੰਧ ਕਛੁ ਖਬਰਿ ਨ ਪਾਈ॥
ਰਕਤ ਬਿੰਦ ਦੀ ਦੇਹ ਰਚਿ ਪੰਚ ਤਤ ਕੀ ਜੜਤ ਜੜਾਈ।
ਪਉਣ ਪਾਣੀ ਬੈਸੰਤਰੋ ਚਉਬੀ ਧਰਤੀ ਸੰਗਿ ਮਿਲਾਈ ॥
ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਠਮੁ ਅਦਿਸਟੁ ਸਮਾਈ॥
ਪੰਚ ਤਤ ਪੰਚੀਸ ਗੁਨਿ ਸਤ੍ਰ ਮਿਤ੍ਰ ਮਿਲਿ ਦੇਹਿ ਬਣਾਈ॥
ਖਾਣੀ ਬਾਣੀ ਚਲਿਤੁ ਕਰਿ ਆਵਾ ਗਉਣੁ ਚਰਿਤੁ ਦਿਖਾਈ॥
ਚਉਰਾਸੀ ਲਖ ਜੋਨਿ ਉਪਾਈ ॥੨॥
ਪਦ-ਅਰਥ- ਮਾਸ-ਸਰੀਰ। ਸਾਸਿ-ਸਾਹ। ਬੈਸੰਤਰੋ-ਅੱਗ, ਅਦ੍ਰਿਸਟ-ਨਾ ਦਿਸਣ ਵਾਲਾ। ਆਵਾਗਾਉਣ-ਜਨਮ ਮਰਨ। ਖਾਣੀ-ਚਾਰ ਖਾਣੀਆਂ (ਅੰਡਜ਼, ਜੋਰਜ, ਸੇਤਜ, ਉਤਭੁਜ) ਬਾਣੀ-ਚਾਰ ਪ੍ਰਕਾਰ ਦੀਆਂ (ਪਰਾ, ਬਸਤੀ, ਮਧਮਾ, ਬੈਖਰੀ)
ਵਿਆਖਿਆ- ਸੰਸਾਰ ਉਤਪਤੀ ਤੋਂ ਪਹਿਲਾਂ ਜਦੋਂ ਸਾਹ ਅਤੇ ਮਾਸ (ਸਰੀਰ) ਨਹੀਂ ਸਨ ਤਾਂ ਉਦੋਂ ਚਾਰੇ ਪਾਸੇ ਧੁੰਦ ਅਰਥਾਤ ਹਨੇਰਾ ਹੀ ਪਸਰਿਆ ਪਿਆ ਸੀ ਤੇ ਕਿਸੇ ਚੀਜ਼ ਦੀ ਕੋਈ ਸੋਝੀ ਨਹੀਂ ਪੈਂਦੀ ਸੀ। ਫਿਰ ਬਾਅਦ ਵਿਚ ਪ੍ਰਮਾਤਮਾ ਨੇ ਮਾਂ ਦੇ ਖੂਨ ਅਤੇ ਪਿਉ ਦੇ ਬਿੰਦ (ਵੀਰਜ) ਤੋਂ ਮਨੁੱਖ ਦੇਹ ਦੀ ਰਚਨਾ ਕਰਕੇ ਉਸ ਵਿਚ ਪੰਜ ਤੱਤਾਂ ਦੀ ਜੜਤ ਜੜਾ ਦਿੱਤੀ। ਹਵਾ, ਪਾਣੀ, ਅੱਗ ਅਤੇ ਚੌਥੀ ਨਾਲ ਧਰਤੀ ਮੇਲ ਦਿੱਤੀ ਤੇ ਹਨਵਾਂ ਵਿਚ ਆਕਾਸ਼ ਰਲਾ ਕੇ ਤੇ ਛੇਵਾਂ ਆਪ ਪਰਮਾਤਮਾ ਅਦ੍ਰਿਸ਼ਟ (ਨਾ ਦਿਸਣ ਵਾਲਾ) ਹੋ ਕੇ ਮਨੁੱਖ ਦੇਹ ਵਿਚ ਸਮਾ ਗਿਆ। ਇਨ੍ਹਾਂ ਪੰਜਾਂ ਤੱਤਾਂ (ਪੌਣ, ਪਾਣੀ, ਅੱਗ, ਧਰਤੀ, ਆਕਾਸ਼) ਵਿਚ ਪੰਝੀ ਗੁਣ ਜੋ ਆਪਸ ਵਿਚ ਦੁਸ਼ਮਣ ਅਤੇ ਮਿੱਤਰ ਸਨ, ਰਲਾ ਕੇ ਮਨੁੱਖਾ ਸਰੀਰ ਸਾਜ ਦਿੱਤਾ। ਅਕਾਲ ਪੁਰਖ ਵਾਹਿਗੁਰੂ ਨੇ ਚਾਰ ਖਾਣੀਆਂ ਅਤੇ ਚਾਰ ਬਾਣੀਆਂ ਦਾ ਰਲਾਉ ਕਰਕੇ ਆਵਾਗਵਣ ਦਾ ਕੌਤਕ ਰਚਾ ਦਿੱਤਾ। ਇੰਝ ਸੰਸਾਰ ਵਿਚ ਚੌਰਾਸੀ ਲੱਖ ਜੂਨਾਂ ਉਤਪੰਨ ਕਰ ਦਿੱਤੀਆਂ।
ਚਉਰਾਸੀਹ ਲਖ ਜੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ॥
ਅਖੀਂ ਵੇਖਣੁ ਕਰਨਿ ਸੁਣਿ ਮੁਖਿ ਸੁਭ ਬੋਲਣੁ ਬਚਨ ਸਨੇਹੀ॥
ਹਥੀਂ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ॥
ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਭਾਇ ਕਰੇਹੀ॥
ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜਿ ਸਮਝਿ ਸੁਣੇਹੀ॥
ਗੁਰ ਭਾਈ ਸੰਤੁਸਟਿ ਕਰਿ ਚਰਣਾਮਿਤੁ ਲੈ ਮੁਖਿ ਪਿਵੇਹੀ॥
ਪੈਰੀ ਪਵਣੁ ਨ ਛੋਡੀਏ ਕਲੀ ਕਾਲਿ ਰਹਿਰਾਸਿ ਕਰੇਹੀ॥
ਆਪਿ ਤਰੇ ਗੁਰਸਿਖ ਤਰੇਹੀ ॥੩॥
ਪਦ-ਅਰਥ- ਜੋਨਿ-ਜੂਨ। ਕਰਨਿ-ਕੰਨ। ਸਕਾਰਥਾ-ਸਫਲਾ। ਵਿਰਤਿ- ਉਪਜੀਵਨਾ। ਸੰਟੁਸ਼ਟਿ-ਪ੍ਰਸੰਨ। ਰਹਰਾਸਿ-ਮਰਿਯਾਦਾ।
ਵਿਆਖਿਆ- ਚੌਰਾਸੀ ਲੱਖ ਜੂਨਾਂ ਵਿਚੋਂ ਸਰਵੋਤਮ ਮਨੁੱਖਾ ਦੇਹੀ ਦਾ ਜਨਮ ਹੈ
ਜੋ ਅੱਖਾਂ ਨਾਲ ਵੇਖਦੀ ਹੈ, ਕੰਨਾਂ ਨਾਲ ਸੁਣਦੀ ਹੈ ਅਤੇ ਮੁਖੋਂ ਸ਼ੁਭ ਅਤੇ ਪਿਆਰੇ ਬਚਨ ਬੋਲਦੀ ਹੈ। ਇਹ ਮਨੁੱਖਾ ਦੇਹੀ ਇਸ ਲਈ ਵੀ ਉੱਤਮ ਹੈ ਕਿਉਂਕਿ ਇਹ ਹੱਥਾਂ ਨਾਲ ਕਿਰਤ ਕਰਦੀ ਹੈ ਅਤੇ ਪੈਰੀਂ ਚਲ ਕੇ ਸਤਿਸੰਗ ਵਿਚ ਪਹੁੰਚਦੀ ਹੈ। ਰੋਜ਼ੀ ਰੋਟੀ ਲਈ ਧਰਮ ਦੀ ਕਿਰਤ ਕਰਕੇ, ਉਸ ਧਰਮ ਦੀ ਖੱਟੀ ਨੂੰ ਆਪ ਵੀ ਖਾਂਦੀ ਹੈ ਤੇ ਹੋਰਨਾਂ ਨੂੰ ਖੁਆਂਦੀ ਹੈ ਅਰਥਾਤ ਭਾਈ ਸਾਹਿਬ ਦਾ ਫੁਰਮਾਨ ਹੈ ਕਿ ਹੱਥਾਂ ਨਾਲ ਕਾਰ ਕਰੇ, ਪੈਰਾਂ ਨਾਲ ਤੁਰ ਸਤਿਸੰਗ ਪਹੁੰਚੇ। ਫਿਰ ਧਰਮ ਦੀ ਕਮਾਈ ਕਰਕੇ ਖਾਵੇ ਤੇ ਹੋਰਾਂ ਨੂੰ ਖਵਾਏ। ਉਸ ਮਨੁੱਖਾ ਦੇਹੀ ਅਰਥਾਤ ਗੁਰਮੁਖ ਦਾ ਜਨਮ ਸਫਲਾ ਹੈ ਜੋ ਉਪਰੋਕਤ ਕਿਰਤ ਨੂੰ ਕਰਦਾ ਹੋਇਆ ਗੁਰਬਾਣੀ ਪੜ੍ਹ ਕੇ, ਸਮਝ ਕੇ, ਸੁਣਾਉਂਦਾ ਹੈ। ਇੰਝ ਕਰਕੇ ਉਹ (ਗੁਰਮੁਖ) ਆਪਣੇ ਗੁਰਭਾਈਆਂ ਨੂੰ ਪ੍ਰਸੰਨ ਕਰਕੇ ਉਨ੍ਹਾਂ ਦੇ ਚਰਨ ਧੋ ਕੇ ਪੀਂਦਾ ਹੈ। ਭਾਈ ਸਾਹਿਬ ਅੱਗੇ ਚਲ ਕੇ ਆਖਦੇ ਹਨ ਕਿ ਪੈਰੀਂ ਪੈਣਾ ਅਰਥਾਤ ਗਰੀਬੀ ਜਾਂ ਨਿਮਰਤਾ ਨੂੰ ਨਾ ਛਡੀਏ ਕਿਉਂਕਿ ਕਲਿਜੁਗ ਵਿਚ ਨਿਮਰਤਾ ਹੀ ਇੱਕ ਸੱਚਾ ਰਾਹ ਹੈ। ਇਸ ਤਰ੍ਹਾਂ ਦੀ ਕਿਰਤ ਕਰਨ ਵਾਲੇ ਗੁਰਮੁਖ ਆਪ ਵੀ ਤਰਦੇ ਹਨ ਤੇ ਹੋਰਨਾਂ ਨੂੰ ਵੀ ਗੁਰੂ ਦੇ ਸਿੱਖ ਬਣਾ ਕੇ ਤਾਰਦੇ ਹਨ।
ਓਅੰਕਾਰੁ ਆਕਾਰੁ ਕਰਿ ਏਕ ਕਵਾਉ ਪਸਾਉ ਪਸਾਰਾ॥
ਪੰਜ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ॥
ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ॥
ਇੱਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ॥
ਰੋਮ ਰੋਮ ਵਿਚਿ ਰਖਿਓਨਿ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ॥
ਇੱਕਸ ਇੱਕਸ ਬ੍ਰਹਮੰਡ ਵਿਚਿ ਦਸ ਦਸ ਕਰਿ ਅਵਤਾਰ ਉਤਾਰਾ॥
ਕੇਤੇ ਬੇਦ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ॥
ਕੁਦਰਤਿ ਇੱਕ ਏਤਾ ਪਸਾਰਾ॥੪॥
ਪਦ ਅਰਥ- ਓਅੰਕਾਰ-ਪਰਮਾਤਮਾ। ਕਵਾਉ-ਬਚਨ, ਫੁਰਨਾ। ਤ੍ਰਿਭਵਣ-ਤਿੰਨ ਲੋਕ (ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ)। ਆਕਾਰ-ਵਜੂਦ। ਪਸਾਉ-ਪਸਾਰਾ। ਕੁਦਰਤਿ-ਮਾਇਆ। ਯਾਰ-ਖ਼ਲੀਫ਼ੇ।
ਵਿਆਖਿਆ- ਇੱਕ ਓਅੰਕਾਰ ਅਰਥਾਤ ਪਰਮਾਤਮਾ ਨੇ ਆਪਣੇ ਇੱਕੋ ਹੀ ਫੁਰਨੇ ਨਾਲ ਅਰਥਾਤ ਬੋਲ ਨਾਲ ਸੰਸਾਰ ਬਣਾ ਪਸਾਰਾ ਕਰ ਦਿੱਤਾ। ਪੰਜ ਤੱਤਾਂ ਤੋਂ ਬ੍ਰਹਿਮੰਡ ਦੀ ਰਚਨਾ ਕਰਕੇ ਆਪ ਤਿੰਨਾਂ ਲੋਕਾਂ (ਸਵਰਗ ਲੋਕ, ਮਾਤ ਲੋਕ, ਪਤਾਲ ਲੋਕ) ਵਿਚ ਘਟਿ ਘਟਿ ਵਿਚ ਸਮਾ ਗਿਆ। ਉਸ ਕਾਦਰ (ਪਰਮਾਤਮਾ) ਨੂੰ ਕਿਸੇ ਨੇ ਵੀ ਨਹੀਂ ਜਾਣਿਆ ਜਿਸ ਨੇ ਮਾਇਆ ਦੀ ਰਚਨਾ ਕਰਕੇ ਸੰਸਾਰ ਨੂੰ ਉਤਪਤ ਕੀਤਾ ਜਾਂ ਇੰਝ ਕਹਿ ਲਵੋ ਪਰਮਾਤਮਾ ਨੇ ਕੁਦਰਤ ਰਚ ਕੇ ਬਹੁਤ ਸਾਰੇ ਅਵਤਾਰ ਪੈਦਾ ਕੀਤੇ। ਉਸ ਨੇ ਇੱਕ ਕੁਦਰਤ ਤੋਂ ਪਸਾਰਾ ਕਰਕੇ ਲੱਖਾਂ ਅਤੇ ਲੱਖਾਂ ਤੋਂ ਬੇਅੰਤ, ਅਸੰਖ ਅਤੇ ਅਪਾਰ ਦੀ ਹੱਦ ਤਕ ਰਚਨਾ ਕੀਤੀ। ਉਸ ਨੇ ਆਪਣੇ ਰੋਮ ਰੋਮ ਵਿਚ ਕਰੋੜਾਂ ਬ੍ਰਹਿਮੰਡਾਂ ਨੂੰ ਸਮਾਇਆ ਹੋਇਆ ਹੈ। ਉਸ ਪ੍ਰਮਾਤਮਾ ਨੇ ਇੱਕ-ਇੱਕ ਬ੍ਰਹਿਮੰਡ ਵਿਚ ਦਸ-ਦਸ ਅਵਤਾਰ ਪੈਦਾ ਕੀਤੇ ਹਨ। ਅਨੇਕਾਂ ਵੇਦ ਵਿਆਸ ਅਤੇ ਅਨੇਕਾਂ ਮੁਹੰਮਦ ਅਤੇ ਕਈ ਉਸ ਦੇ ਯਾਰ ਅਤੇ
ਕਈ ਕਿਤਾਬਾਂ (ਅੰਜੀਲ, ਕੁਰਾਨ ਆਦਿ) ਰਚ ਦਿੱਤੀਆਂ। ਇੰਝ ਇੱਕ ਕੁਦਰਤ ਤੋਂ ਏਡਾ ਵੱਡਾ ਪਾਸਾਰਾ ਹੋ ਗਿਆ।
ਚਾਰਿ ਜੁਗਿ ਕਰਿ ਥਾਪਨਾ ਸਤਿਜੁਗ ਤ੍ਰੇਤਾ ਦੁਆਪਰੁ ਸਾਜੇ॥
ਚਉਥਾ ਕਲਿਜੁਗੁ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ ॥
ਬ੍ਰਹਮਣ ਛਤ੍ਰੀ ਵੈਸ ਸੂਦ ਜੁਗ ਜੁਗ ਏਕੋ ਵਰਨ ਬਿਰਾਜੇ॥
ਸਤਿਜੁਗਿ ਹੰਸ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ॥
ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ ॥
ਕਰਨਿ ਤਪਸਿਆ ਬਨਿ ਵਿਖੇ ਵਖਤ ਗੁਜਾਰਨਿ ਪਿੰਨੀ ਸਾਗੇ॥
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਿਰ ਸਾਜੇ॥
ਇੱਕ ਬਿਨਸੈ ਇੱਕ ਅਸਥਿਰੁ ਗਾਜੇ ॥੫॥
ਪਦ ਅਰਥ- ਥਾਪਨਾ-ਸਥਾਪਤ ਕਰਨਾ। ਥਾਪਿਆ-ਬਨਾਇਆ। ਪਾਜੇ-ਪਾਖੰਡ। ਆਰਜਾ-ਉਮਰ। ਬੇਹਮੁਹਤਾਜੇ-ਬੇਪਰਵਾਹ।
ਵਿਆਖਿਆ- ਅਕਾਲ ਪੁਰਖ ਨੇ ਫਿਰ ਚਾਰ ਯੁੱਗਾਂ ਦੀ ਸਥਾਪਨਾ ਕਰਕੇ ਉਨ੍ਹਾਂ ਦੇ ਸਤਿਜੁੱਗ, ਤਰੇਤਾ, ਦੁਆਪਰ ਅਤੇ ਕਲਿਜੁਗ ਨਾਮ ਰੱਖੇ। ਚਾਰੇ ਯੁਗਾਂ ਵਿਚ ਜਿਸ ਜਿਸ ਵਰਨ ਦੀ ਪ੍ਰਧਾਨਤਾ ਰਹੀ, ਉਸੇ ਵਰਨ ਦੇ ਰਾਜੇ ਵੀ ਸਥਾਪਤ ਕੀਤੇ ਗਏ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਚਾਰੇ ਵਰਨਾਂ ਦੇ ਅਲੱਗ-ਅਲੱਗ ਨਾਮ ਅਤੇ ਜੁਗ ਜੁਗ ਵਿਚ ਇੱਕ-ਇੱਕ ਵਰਨ ਦੀ ਬਹੁਲਤਾ ਬਿਰਾਜਦੀ ਸੀ। ਸਤਿਯੁਗ ਵਿਚ ਹੰਸ ਅਵਤਾਰ ਧਾਰ ਕੇ 'ਸੋਹੰ ਬ੍ਰਹਮੁ' ਦਾ ਜਾਪ ਕਰਵਾਇਆ। ਇਸ ਯੁੱਗ ਵਿਚ ਲੋਕੀਂ ਮੋਹ ਮਾਇਆ ਤੋਂ ਬੇਮੁਹਤਾਜ ਹੋ ਕੇ ਇੱਕੋ ਬ੍ਰਹਮ ਦਾ ਜਾਪ ਕਰਦੇ ਸਨ। ਲੋਕੀ ਬਨਾਂ ਵਿਚ ਜਾ ਕੇ ਤਪੱਸਿਆ ਕਰਦੇ ਸਨ । ਸਾਗ ਦੀ ਪਿੰਨੀ ਅਤੇ ਕੰਦਮੂਲ ਖਾ ਕੇ ਵਕਤ ਗੁਜਾਰਦੇ ਸਨ। ਉਨ੍ਹਾਂ ਦੀ ਉਮਰ ਲੱਖਾਂ ਵਰ੍ਹਿਆਂ ਦੀ ਹੁੰਦੀ ਸੀ ਅਤੇ ਉਹ ਮਕਾਨ, ਕਿਲ੍ਹੇ ਅਤੇ ਮੰਦਰ ਨਹੀਂ ਬਣਾਉਂਦੇ ਸਨ। ਇੱਕ ਪਾਸੇ ਲੋਕ ਮਰਦੇ ਸਨ ਪਰ ਦੂਜੇ ਪਾਸੇ ਪਰਮਾਤਮਾ ਅਬਿਨਾਸੀ ਰਹਿੰਦਾ ਸੀ।
ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ॥
ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ॥
ਦੁਆਪਰਿ ਜਾਦਵ ਵੇਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ॥
ਰਿਗਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ॥
ਖਤ੍ਰੀ ਥਾਪੇ ਜੁਜਰੁ ਵੇਦਿ ਦਖਣ ਮੁਖਿ ਬਹੁ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦੁ ਪਛਮ ਮੁਖਿ ਕਰਿ ਸੀਸੁ ਨਿਵਾਰਾ॥
ਰਿਗਿ ਨੀਲੰਬਰਿ ਜੁਜਰ ਪੀਤ ਸੇਤੰਬਰ ਕਰਿ ਸਿਆਮ ਸੁਧਾਰਾ॥
ਤ੍ਰਿਹੁ ਜੁਗੀਂ ਤ੍ਰੈ ਧਰਮ ਉਚਾਰਾ॥੬॥
ਪਦ-ਅਰਥ- ਅਉਧ-ਉਮਰ। ਵੈਸੇ-ਵੈਸ਼ ਤੋਂ। ਨੀਲੰਬਰ-ਨੀਲੇ ਕੱਪੜੇ। ਪਤਿ- ਪੀਲੇ ਕੱਪੜੇ। ਸ੍ਵੈਤੰਬਰ-ਚਿੱਟੇ ਕੱਪੜੇ।
ਵਿਆਖਿਆ- ਤਰੇਤੇ ਯੁੱਗ ਵਿਚ ਖੱਤਰੀ ਵਰਣ ਨਾਲ ਸੰਬੰਧਿਤ ਸੂਰਜਬੰਸੀ ਸ੍ਰੀ ਰਾਮ ਚੰਦਰ ਜੀ ਅਵਤਾਰ ਹੋਏ। ਲੋਕਾਂ ਦੀ ਉਮਰ ਇੱਕ ਲੱਖ 'ਚੋਂ ਨੌਂ ਹਿੱਸੇ ਘੱਟ ਗਈ ਭਾਵ ਇੱਕ ਲੱਖ ਦੀ ਬਜਾਏ ਦਸ ਹਜ਼ਾਰ ਰਹਿ ਗਈ। ਮੋਹ, ਮਾਇਆ ਅਤੇ ਹੰਕਾਰ ਸਭ ਤਰਫ ਪਸਰ ਗਿਆ। ਫਿਰ ਦੁਆਪਰ ਯੁੱਗ ਦੀ ਸ਼ੁਰੂਆਤ ਹੋਈ ਜਿਸ ਵਿਚ ਯਾਦਵ (ਵੈਸ਼) ਕੁੱਲ ਵਿਚੋਂ ਸ਼੍ਰੀ ਕ੍ਰਿਸ਼ਨ ਜੀ ਅਵਤਰਿਤ ਹੋਏ ਤੇ ਯੁੱਗ ਬਦਲੀ ਦੇ ਨਾਲ-ਨਾਲ ਕਰਮਾਂ ਕਰਕੇ ਲੋਕਾਂ ਦੀ ਉਮਰ ਅਤੇ ਆਚਾਰ ਵਿਹਾਰ ਵਿਚ ਕਮੀ ਆ ਗਈ। ਅਰਥਾਤ ਦਸ ਹਜ਼ਾਰ ਵਰ੍ਹੇ ਦੀ ਬਜਾਏ ਲੋਕਾਂ ਦੀ ਉਮਰ ਕੇਵਲ ਇੱਕ ਹਜ਼ਾਰ ਵਰ੍ਹੇ ਹੀ ਰਹਿ ਗਈ। ਰਿਗਵੇਦ ਨੂੰ ਬ੍ਰਹਮਕ੍ਰਿਤ ਮੰਨ ਕੇ ਬ੍ਰਾਹਮਣ ਲੋਕ ਇਸ ਦੇ ਮੰਤਰਾਂ ਨੂੰ ਪੜ੍ਹਦੇ ਸਨ। ਮੰਤਰਾਂ ਦਾ ਜਾਪ ਕਰਦੇ ਵਕਤ ਇਹ ਲੋਕ ਪੂਰਬ ਵੱਲ ਮੂੰਹ ਕਰਦੇ ਸਨ। ਪੂਰਬ ਦਿਸ਼ਾ ਨੂੰ ਉਹ ਸ਼ੁਭ ਕਰਮ ਮੰਨਦੇ ਸਨ। ਖੱਤਰੀਆਂ ਨੇ ਇਸੇ ਯੁੱਗ ਵਿਚ ਯਜੁਰ ਵੇਦ ਨੂੰ ਸਰਵੋਤਮ ਮੰਨਿਆ ਤੇ ਉਹ ਦੱਖਣ ਵੱਲ ਮੂੰਹ ਕਰਕੇ ਦਾਨ ਆਦਿ ਦੇਣ ਦੇ ਵੱਡੇ ਦਾਤਾਰ ਬਣੇ। ਇਸੇ ਤਰ੍ਹਾਂ ਵੈਸ਼ ਵਰਣ ਵਾਲਿਆਂ ਨੇ ਸਾਮ ਵੇਦ ਵਿਚ ਆਸਥਾ ਜਤਾਈ। ਇਸ ਦੇ ਜਾਪ ਵੇਲੇ ਉਹ ਪੱਛਮ ਵੱਲ ਮੂੰਹ ਕਰਕੇ ਸੀਸ ਨਿਵਾਉਂਦੇ ਸਨ। ਰਿਗਵੇਦ ਦਾ ਜਾਪ ਕਰਨ ਲਗਿਆਂ ਨੀਲੇ ਰੰਗ ਦੇ ਕੱਪੜੇ, ਯਜੁਰ ਵੇਦ ਪੜ੍ਹਣ ਵੇਲੇ ਪੀਲੇ ਕੱਪੜੇ ਅਤੇ ਸਾਮਵੇਦ ਨੂੰ ਵਾਚਣ ਸਮੇਂ ਚਿੱਟੇ ਕੱਪੜੇ ਪਾਏ ਜਾਂਦੇ ਸਨ। ਇਸ ਪ੍ਰਕਾਰ ਤਿੰਨਾਂ ਯੁੱਗਾਂ ਦੀਆਂ ਧਰਮ ਕਰਮ ਵਿਧੀਆਂ ਵੱਖੋ- ਵੱਖਰੀਆਂ ਸਨ ਅਰਥਾਤ ਤਿੰਨਾਂ ਯੁੱਗਾਂ ਦੇ ਤਿੰਨ ਧਰਮ ਉਚਾਰੇ ਗਏ।
ਕਲਿਜੁਗੁ ਚਉਥਾ ਥਾਪਿਆ ਸੂਦੁ ਬਿਰਤਿ ਜਗ ਮਹਿ ਵਰਤਾਈ॥
ਕਰਮ ਸੁ ਰਿਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸ਼ੁਕਚਾਈ॥
ਮਾਇਆ ਮੋਹੀ ਮੇਦਨੀ ਕਲਿ ਕਲਿ ਵਾਲੀ ਸਭਿ ਭਰਮਾਈ॥
ਉਠੀ ਗਿਲਾਨਿ ਜਗਤੁ ਵਿਚਿ ਹਉਮੈ ਅੰਦਰਿ ਜਲੈ ਲੁਕਾਈ॥
ਕੋਇ ਨ ਕਿਸੈ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ॥
ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਇ ਕਸਾਈ॥
ਰਹਿਆ ਤਪਾਵਸੁ ਤ੍ਰਿਹੁ ਜੁਗੀਂ ਚਉਥੇ ਜੁਗਿ ਜੋ ਦੇਇ ਸੁ ਪਾਈ॥
ਕਰਮ ਭ੍ਰਿਸਟਿ ਸਭਿ ਭਈ ਲੁਕਾਈ॥ ੭॥
ਪਦ-ਅਰਥ- ਮੇਦਨੀ-ਦੁਨੀਆ/ਸ੍ਰਿਸ਼ਟੀ। ਉਮਰਾਇ-ਅਮੀਰ, ਵਜ਼ੀਰ। ਗਿਲਾਨਿ- ਨਫ਼ਰਤ। ਬੇਅਦਲੀ-ਜ਼ਾਲਮ। ਸਕੁਚਾਈ-ਸੰਕੋਚ।
ਵਿਆਖਿਆ- ਤਿੰਨ ਯੁੱਗਾਂ ਤੋਂ ਬਾਅਦ ਕਲਿਜੁੱਗ ਦੀ ਸਥਾਪਤੀ ਹੋਈ ਅਤੇ ਜਗਤ ਵਿਚ ਸ਼ੂਦਰ (ਨੀਚ) ਬਿਰਤੀ ਦੀ ਪ੍ਰਧਾਨਤਾ ਹੋ ਗਈ। ਲੋਕੀਂ ਰਿਗ, ਯਜੁਰ ਅਤੇ ਸਾਮ ਵੇਦ ਦੇ ਕਥਨਾਂ ਅਨੁਸਾਰ ਕੰਮ ਕਰਨ ਤੋਂ ਸੰਕੋਚ ਕਰਨ ਲੱਗ ਪਏ। ਸ੍ਰਿਸ਼ਟੀ ਮਾਇਆ ਵਿਚ ਗ੍ਰਸੀ ਗਈ। ਕਲਿਜੁਗੀ ਰੁਚੀ ਅਰਥਾਤ ਮੰਦ ਬਿਰਤੀ ਤੋਂ ਸਭ ਲੁਕਾਈ ਭਰਮਾਈ ਗਈ। ਸੰਸਾਰ ਵਿਚ ਨਫਰਤ ਦਾ ਪਸਾਰਾ ਹੋ ਗਿਆ ਅਤੇ ਫਲਸਰੂਪ ਲੋਕੀਂ ਹਉਮੈ ਦਾ ਸ਼ਿਕਾਰ ਹੋ ਕੇ ਰਹਿ ਗਏ। ਕੋਈ ਵੀ ਕਿਸੇ ਨੂੰ ਪੂਜਦਾ ਅਰਥਾਤ ਸਨਮਾਨ ਨਾਲ ਪੇਸ਼ ਨਹੀਂ ਆਉਂਦਾ ਅਤੇ ਉਚ-ਨੀਚ ਦੀ ਤਮੀਜ਼ ਲੋਕਾਂ ਵਿਚੋਂ ਜਾਂਦੀ ਰਹੀ ਅਰਥਾਤ
ਵੱਡੇ ਛੋਟੇ ਦੀ ਪ੍ਰਤਿਸ਼ਠਾ ਵਾਲੀ ਕੋਈ ਗੱਲ ਨਾ ਰਹੀ। ਵਕਤ ਦੇ ਬਾਦਸ਼ਾਹ ਬੇਇਨਸਾਫੀ ਕਰਨ ਵਾਲੇ ਹੋ ਗਏ ਭਾਵ ਅਨਿਆਈ ਬਣ ਗਏ ਅਤੇ ਉਨ੍ਹਾਂ ਦੇ ਅਮੀਰ, ਵਜ਼ੀਰ ਕਲਿਜੁੱਗ ਰੂਪੀ ਛੁਰੀ ਲੈ ਕੇ ਮਨੁੱਖਤਾ ਦਾ ਘਾਣ ਕਰ ਰਹੇ ਹਨ। ਤਿੰਨਾਂ ਯੁੱਗਾਂ (ਸਤਿਯੁਗ, ਤਰੇਤਾ ਅਤੇ ਦੁਆਪਰ) ਦੀ ਤਪ ਸਾਧਨਾ ਖਤਮ ਹੋ ਗਈ ਅਤੇ ਚੌਥੇ ਯੁੱਗ ਅਰਥਾਤ ਕਲਿਯੁਗ ਵਿਚ ਜੋ ਕੁਝ ਕੋਈ ਦੇਵੇਗਾ, ਉਹੋ ਜਿਹਾ ਪਾਵੇਗਾ। ਕਹਿਣ ਦਾ ਭਾਵ ਕਿ ਜਿਹੋ ਜਿਹਾ ਕੋਈ ਕਰੇ ਉਹੋ ਜਿਹਾ ਭਰੇ। ਇਸ ਪ੍ਰਕਾਰ ਸਾਰੀ ਖਲਕਤ ਭ੍ਰਿਸ਼ਟੀ ਗਈ।
ਚਹੁੰ ਬੇਦਾ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ ॥
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ॥
ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ॥
ਇਹਿ ਅਚਰਜੁ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਆਵੈ॥
ਜੁਗ ਜੁਗ ਏਕੋ ਵਰਨ ਹੈ ਕਲਿਜੁਗਿ ਕਿਉ ਬਹੁਤੇ ਦਿਖਲਾਵੈ॥
ਜੰਦੇ ਵਜੇ ਤ੍ਰਿਹੁ ਜੁਗੀ ਕਥਿ ਪੜਿ ਰਹੈ ਭਰਮੁ ਨਹਿ ਜਾਵੈ॥
ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤੁ ਸੰਗਿ ਸਾਖ ਸੁਣਾਵੈ ॥
ਆਪੋ ਆਪਣੇ ਮਤਿ ਸਭਿ ਗਾਵੈ ॥੮॥
ਪਦ-ਅਰਥ- ਮਥਿ-ਮੰਥਨ/ਵਿਸ਼ਲੇਸ਼ਣ। ਖਟਿ ਸਾਸਤ੍ਰ-ਛੇ ਸ਼ਾਸਤਰ । ਬ੍ਰਹਮਾਕਾਦਿ- ਬ੍ਰਹਮਾ ਤੇ ਹੋਰ ਦੇਵਤੇ। ਸਨਕਾਦਿਕ-ਬ੍ਰਹਮਾ ਦੇ ਚਾਰ ਪੁੱਤਰ (ਸਨਕ, ਸਨੰਦਰ, ਸਨਾਤਨ ਤੇ ਸਨਤ ਕੁਮਾਰ। ਗੁਣਤਿ-ਵਿਚਾਰਦਿਆਂ।
ਵਿਆਖਿਆ- ਚਾਰ ਵੇਦਾਂ ਦੇ ਧਰਮ ਅਤੇ ਛੇ ਸ਼ਾਸਤਰਾਂ ਦਾ ਵਿਸ਼ਲੇਸ਼ਣ ਕਰਕੇ ਛੇ ਰਿਸ਼ੀ ਸੁਣਾਉਂਦੇ ਹਨ। ਬ੍ਰਹਮਾ, ਹੋਰ ਦੇਵਤਿਆਂ ਅਤੇ ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ (ਬ੍ਰਹਮਾ ਦੇ ਮਾਨਸਿਕ ਪੁੱਤਰ ਕਿਉਂਕਿ ਇਹ ਬ੍ਰਹਮਾ ਦੇ ਮਸਤਕ 'ਚੋਂ ਪੈਦਾ ਹੋਏ ਸਨ) ਨੇ ਜਿਵੇਂ ਕਿਹਾ ਉਸੇ ਤਰ੍ਹਾਂ ਸੰਸਾਰ ਦੇ ਲੋਕ ਉਨ੍ਹਾਂ ਉਪਦੇਸ਼ਾਂ ਨੂੰ ਗਾਉਂਦੇ ਹਨ। ਗਾਉਣ, ਪੜ੍ਹਨ ਅਤੇ ਵਿਚਾਰ ਕਰਨ ਵਿਚ ਬਹੁਤ ਲੱਗੇ ਹੋਏ ਹਨ ਪਰ ਇਨ੍ਹਾਂ ਵਿਚੋਂ ਕੋਈ ਵਿਰਲਾ ਹੀ ਮੁਕਤੀ ਪ੍ਰਾਪਤ ਕਰਦਾ ਹੈ। ਇਹ ਮਨ ਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਪੜ੍ਹਦਿਆਂ ਅਤੇ ਵਿਚਾਰ ਕਰਦਿਆਂ ਦੇ ਬਾਵਜੂਦ ਵੀ ਕੁਝ ਭੇਦ ਨਹੀਂ ਪਾਇਆ ਜਾਂਦਾ। ਪਹਿਲੇ ਤਿੰਨਾਂ ਯੁੱਗਾਂ (ਸਤਿਯੁਗ, ਤਰੇਤਾ, ਦੁਆਪਰ) ਵਿਚ ਇੱਕੋ ਹੀ ਪ੍ਰਮਾਤਮਾ ਸੀ ਪਰ ਕਲਿਯੁੱਗ ਵਿਚ ਇਸ ਦੇ ਅਨੇਕਾਂ ਰੂਪ ਕਿਉਂ ਹੋ ਗਏ। ਕਈ ਵਿਦਵਾਨ ਇਸ ਪੰਕਤੀ ਦਾ ਅਰਥ ਇੰਝ ਵੀ ਕਰਦੇ ਹਨ ਕਿ ਜੁੱਗ ਜੁੱਗ ਵਿਚ ਇੱਕੋ ਵਰਨ ਦੀ ਬਹੁਲਤਾ ਸੀ, ਕਲਿਯੁੱਗ ਕਿਉਂ ਬਹੁਤੇ ਵਰਨ ਦਿਖਾਉਂਦਾ ਹੈ। ਤਿੰਨਾਂ ਯੁੱਗਾਂ ਨੂੰ ਤਾਂ ਗਿਆਨ ਪੱਖੋਂ ਜੰਦਰੇ ਵੱਜ ਗਏ ਕਿਉਂਕਿ ਲੋਕਾਂ ਦੇ ਪੜ੍ਹਣ ਅਤੇ ਕਥਾ ਕਰਨ ਦੇ ਬਾਵਜੂਦ ਵੀ ਭਰਮ ਦੂਰ ਨਹੀਂ ਹੋਏ। ਜਿਵੇਂ ਹਾਰ ਵੇਦਾਂ ਵਿਚ ਵਿਚਾਰਿਆ ਗਿਆ ਹੈ ਤੇ ਉਨ੍ਹਾਂ ਨਾਲ ਛੇ ਸ਼ਾਸਤਰਾਂ ਦੇ ਮਤਾਂ ਦਾ ਉਲੇਖ ਹੈ। ਸਾਰੇ ਆਪੋ-ਆਪਣੇ ਸ਼ਾਸਤਰਾਂ ਦੇ ਮਤਾਂ ਦਾ ਗਾਇਨ ਕਰਦੇ ਹਨ ਅਥਵਾ ਆਪਣੇ ਮਤ ਨੂੰ ਸਰਵੋਤਮ ਮੰਨਦੇ ਹਨ।
ਗੋਤਮਿ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ॥
ਨਿਆਇ ਸਾਸਤ੍ਰਿ ਕੋ ਮਥਿ ਕਰਿ ਸਭਿ ਬਿਧਿ ਕਰਤੇ ਹਥਿ ਜਣਾਈ॥
ਸਭ ਕਛੁ ਕਰਤੇ ਵਸਿ ਹੈ ਹੋਰ ਬਾਤਿ ਵਿਚਿ ਚਲੇ ਨ ਕਾਈ॥
ਦੁਹੀ ਸਿਰੀ ਕਰਤਾਰੁ ਹੈ ਆਪਿ ਨਿਆਰਾ ਕਰਿ ਦਿਖਲਾਈ॥
ਕਰਤਾ ਕਿਨੈ ਨ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ ॥
ਸੋਹੰ ਬ੍ਰਹਮੁ ਛਪਾਇ ਕੈ ਪੜਦਾ ਭਰਮੁ ਕਰਤਾਰੁ ਸੁਣਾਈ॥
ਰਿਗਿ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਨ ਦੂਜੀ ਰਾਈ॥
ਸਤਿਗੁਰ ਬਿਨਾ ਨ ਸੋਝੀ ਪਾਈ ॥੯॥
ਪਦ-ਅਰਥ- ਮਥਿ ਕਰਿ-ਚੰਗੀ ਤਰ੍ਹਾਂ ਵਿਚਾਰ ਕੇ। ਦੁਹੀ ਸਿਰੀ-ਆਦਿ ਅੰਤ।
ਵਿਆਖਿਆ- ਤਪੀਸਰ ਗੌਤਮ ਨੇ ਚੰਗੀ ਤਰ੍ਹਾਂ ਵਿਚਾਰ ਕਰਕੇ ਰਿਗਵੇਦ ਦਾ ਸਾਰ ਕੱਢ ਕੇ ਸੁਣਾ ਦਿੱਤਾ। ਉਸ ਨੇ ਆਪਣੀ ਰਚਨਾ 'ਨਿਆਇ ਸ਼ਾਸਤਰ' ਵਿਚ ਵਿਸ਼ਲੇਸ਼ਣ ਕਰਕੇ ਇਹ ਮਤ ਪੇਸ਼ ਕੀਤਾ ਕਿ ਸਭ ਕੁਝ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਹੀ ਹੋ ਰਿਹਾ ਹੈ। ਉਸ ਅਨੁਸਾਰ ਸਭ ਕੁਝ ਪਰਮਾਤਮਾ ਦੇ ਹੁਕਮ ਅਨੁਸਾਰ ਚਲ ਰਿਹਾ ਹੈ। ਸਭ ਕੁਝ ਪਰਮਾਤਮਾ ਦੇ ਵਸ ਵਿਚ ਹੈ, ਉਥੇ ਹੋਰ ਕਿਸੇ ਦਾ ਵੱਸ ਨਹੀਂ ਚਲਦਾ। ਦੁਹੀ ਸਿਰੀ ਅਰਥਾਤ ਆਦਿ ਅੰਤ ਵਿਚ ਪਰਮਾਤਮਾ ਹੀ ਹੈ। ਉਹ ਆਪ ਨਿਆਰਾ ਹੈ ਕਿਉਂਕਿ ਉਸ ਨੇ ਇਸ ਸ੍ਰਿਸ਼ਟੀ ਨੂੰ ਕਰਕੇ ਦਿਖਾਇਆ ਹੈ। ਉਸ ਪਰਮਾਤਮਾ ਨੂੰ ਕਿਸੇ ਨੇ ਨਹੀਂ ਵੇਖਿਆ ਕਿਉਂਕਿ ਉਹ ਅਦ੍ਰਿਸ਼ਟ ਹੈ। ਸਾਰੀ ਸ੍ਰਿਸ਼ਟੀ ਉਸ ਦੀ ਲੀਲਾ ਵੇਖ-ਵੇਖ ਭਰਮ ਦੀ ਭੁਲਾਈ ਫਿਰਦੀ ਹੈ। ਗੌਤਮ ਰਿਸ਼ੀ ਦੇ ਇਸ ਸ਼ਾਸਤਰ ਅਨੁਸਾਰ ਸੋਹਂ ਬ੍ਰਹਮ ਨੇ ਆਪਣੇ ਆਪ ਨੂੰ ਅਦ੍ਰਿਸ਼ਟ ਰੱਖਿਆ ਹੋਇਆ ਹੈ ਕਿਉਂਕਿ ਉਹ ਭਰਮ ਦੇ ਪਰਦੇ ਪਿੱਛੇ ਛਿਪਿਆ ਹੋਇਆ ਹੈ ਅਤੇ ਇੰਝ ਜੀਵ ਆਪ ਨੂੰ ਹੀ ਪਰਮਾਤਮਾ ਸੁਣਾਉਂਦਾ ਹੈ। ਇੰਜ ਸੰਸਾਰਕ ਜੀਵ ਮਾਇਆ ਦੇ ਵਿਸਤਾਰ ਵੱਲ ਆਕਰਸ਼ਿਤ ਹੋਏ ਪਏ ਹਨ। ਰਿਗਵੇਦ ਆਖਦਾ ਹੈ ਕਿ ਗੁਰਮੁਖੋ! ਉਹ ਪ੍ਰਮਾਤਮਾ ਆਪੇ ਆਪ ਹੈ। ਉਸ ਵਿਚ ਦਵੈਤ ਭਾਵ ਭੋਰਾ ਵੀ ਨਹੀਂ ਪਰੰਤੂ ਅਜਿਹੀ ਆਤਮਿਕ ਸੋਝੀ ਸਤਿਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ।
ਫਿਰਿ ਜੈਮਨਿ ਰਿਖੁ ਬੋਲਿਆ ਜੁਜਰਿ ਵੇਦਿ ਮਥਿ ਕਥਾ ਸੁਣਾਵੈ॥
ਕਰਮਾ ਉਤੇ ਨਿਬੜੇ ਦੋਹੀ ਮਧਿ ਕਰੇ ਸੋ ਪਾਵੈ॥
ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸ ਕਰਿ ਆਵੈ ਜਾਵੈ॥
ਸਹਸਾ ਮਨਹੁ ਨ ਚੁਕਈ ਕਰਮਾ ਅੰਦਰਿ ਭਰਮਿ ਭੁਲਾਵੈ॥
ਭਰਮਿ ਵਰਤਣਿ ਜਗਤਿ ਕੀ ਇੱਕੋ ਮਾਇਆ ਬ੍ਰਹਮ ਕਹਾਵੈ॥
ਜੁਜਰਿ ਵੇਦਿ ਕੋ ਮਥਨਿ ਕਰਿ ਤਤ ਬ੍ਰਹਮੁ ਵਿਚਿ ਭਰਮੁ ਮਿਲਾਵੈ॥
ਕਰਮ ਦ੍ਰਿੜਾਇ ਜਗਤਿ ਵਿਚਿ ਕਰਮਿ ਬੰਧਿ ਕਰਿ ਜਾਵੈ ਆਵੈ॥
ਸਤਿਗੁਰ ਬਿਨਾ ਨ ਸਹਸਾ ਜਾਵੈ ॥ ੧੦॥
ਪਦ-ਅਰਥ- ਜੈਮਿਨਿ ਰਿਖੁ-ਜੈਮਨੀ ਰਿਸ਼ੀ। ਵਰਤਣਿ-ਕਾਰਨ ਮਧਿ-ਵਿਚ ਕਰਮਿ ਬੰਧਿ-ਕਰਮਾਂ ਵਿਚ ਬੱਝਿਆ ਹੋਇਆ।
ਵਿਆਖਿਆ- ਫਿਰ ਮੀਸਾਂਸਾ ਸ਼ਾਸਤਰ ਦੇ ਰਚੈਤਾ ਜੈਮਿਨੀ (ਜੈਮਨ) ਰਿਸ਼ੀ ਨੇ ਯਜੁਰਵੇਦ ਨੂੰ ਵਿਚਾਰ ਕਰਨ ਉਪਰੰਤ ਦੱਸਿਆ ਕਿ ਮਾਨਸ ਦੇਹੀ ਜਿਹੋ ਜਿਹਾ ਕਰੇਗੀ, ਉਹੋ ਜਿਹਾ ਹੀ ਫਲ ਪਾਏਗੀ। ਪੰਡਿਤ ਨਰੈਣ ਸਿੰਘ ਗਿਆਨੀ ਅਨੁਸਾਰ ਜੇਹਾ ਕਰਮ ਦੇਹੀ ਵਿਚ ਕਰੇਗਾ, ਤੇਹਾ ਹੀ ਫਲ ਅਗਲੇ ਜਨਮ ਵਿਚ ਪਾਵੇਗਾ। ਇੰਝ ਜੈਮਨੀ ਰਿਸ਼ੀ ਨੇ ਕਰਮ ਸਿਧਾਂਤ ਦੀ ਸਥਾਪਨਾ ਕੀਤੀ ਤੇ ਇਸ ਸਿੱਧਾਂਤ ਅਨੁਸਾਰ ਕਰਮਾਂ ਦੀ ਵਾਸ਼ਨਾ ਕਰਕੇ ਜੀਵ ਜੰਮਦਾ ਮਰਦਾ ਹੈ ਅਰਥਾਤ ਆਵਾਗਵਨ ਵਿਚ ਪਿਆ ਰਹਿੰਦਾ ਹੈ। ਕਰਮਾਂ ਦੀ ਵਾਸ਼ਨਾ ਕਰਕੇ ਹੀ ਜੀਵ ਮਨ ਵਿਚੋਂ ਸੰਸਾ (ਭਰਮ) ਨਹੀਂ ਜਾਂਦਾ ਤੇ ਉਹ ਭਰਮਾਂ ਵਿਚ ਫਸਿਆ ਰਹਿੰਦਾ ਹੈ। ਰਿਸ਼ੀ ਜੈਮਿਨੀ ਨੇ ਯਜੁਰ ਵੇਦ ਨੂੰ ਵਿਚਾਰਨ ਤੋਂ ਬਾਅਦ ਦੱਸਿਆ ਕਿ ਭਰਮ ਪਿੱਛੇ ਸੰਸਾਰ ਦਾ ਵਰਤਣ ਵਿਹਾਰ ਹੀ ਕਾਰਜਸ਼ੀਲ ਰਹਿੰਦਾ ਹੈ। ਮਾਇਆ ਅਤੇ ਬ੍ਰਹਮ ਕਰਮ ਹੀ ਹੈ। ਇੰਝ ਯਜੁਰ ਵੇਦ ਦਾ ਮੰਥਨ ਕਰਕੇ ਉਸ ਨੇ ਬ੍ਰਹਮ ਤੱਤ ਵਿਚ ਕਰਮ ਦਾ ਭਰਮ ਮਿਲਾ ਦਿੱਤਾ। ਕਰਮਾਂ ਨੂੰ ਸੰਸਾਰ ਵਿਚ ਦ੍ਰਿੜਾਉਂਦੇ ਹੋਏ ਉਸ ਨੇ ਦੱਸਿਆ ਕਿ ਕਰਮ ਬੰਧਨ ਕਰਕੇ ਹੀ ਮਨੁੱਖ ਸੰਸਾਰ ਵਿਚ ਆਉਂਦਾ ਜਾਂਦਾ ਹੈ। ਉਪਰੋਕਤ ਜੈਮਿਨੀ ਰਿਸ਼ੀ ਦੇ ਵਿਚਾਰ ਤੱਤ ਦੇ ਪ੍ਰਸੰਗ ਵਿਚ ਭਾਈ ਸਾਹਿਬ ਆਖਦੇ ਹਨ ਸਤਿਗੁਰੂ ਤੋਂ ਬਿਨਾਂ ਭਰਮ (ਸੰਸੇ) ਨਵਿਰਤ ਨਹੀਂ ਹੋ ਸਕਦੇ। ਸੋ ਮੀਮਾਂਸਕ ਮਤ ਅਨੁਸਾਰ ਸੰਸਾਰ ਦਾ ਕਾਰਨ ਕਰਮ ਹੀ ਹਨ ਤੇ ਕਰਮ ਵਾਸ਼ਨਾ ਕਰਕੇ ਭਰਮ ਪੈਦਾ ਹੁੰਦਾ ਹੈ।
ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ॥
ਕਥਨੀ ਬਦਨੀ ਬਾਹਰਾ ਆਪੇ ਆਪਣਾ ਬ੍ਰਹਮੁ ਜਣਾਇਆ॥
ਨਦਰੀ ਕਿਸੈ ਨ ਲਿਆਵਈ ਹਉਮੈ ਅੰਦਰਿ ਭਰਮਿ ਭੁਲਾਇਆ॥
ਆਪੁ ਪੁਜਾਇ ਜਗਤਿ ਵਿਚਿ ਭਾਉ ਭਗਤਿ ਦਾ ਮਰਮੁ ਨ ਪਾਇਆ॥
ਤ੍ਰਿਪਤਿ ਨ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ॥
ਮਾਇਆ ਡੰਡ ਨ ਉਤਰੇ ਜਮਡੰਡੇ ਬਹੁ ਦੁਖਿ ਰੁਆਇਆ॥
ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ॥
ਬਿਨੁ ਸਰਨੀ ਨਹਿ ਕੋਈ ਤਰਾਇਆ॥ ੧੧॥
ਪਦ-ਅਰਥ- ਸੋਧਿ ਕਰਿ-ਅਧਿਅਨ ਕਰਕੇ। ਬਦਨੀ-ਗਾਇਨ ਕਰਨਾ (ਕਵੀਸ਼ਰੀ) ਮਰਮੁ-ਭੇਦ।
ਵਿਆਖਿਆ- ਵਿਆਸ (ਬਿਆਸ) ਰਿਸ਼ੀ ਨੇ ਸਾਮਵੇਦ ਨੂੰ ਵਿਚਾਰ ਕੇ ਵੇਦਾਂਤ ਸ਼ਾਸਤਰ ਤਿਆਰ ਕੀਤਾ। ਉਸ ਨੇ ਸੰਸਾਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਉਸ ਨੇ ਆਪ ਨੂੰ ਬ੍ਰਹਮ ਮੰਨ ਲਿਆ ਹੈ ਜੋ ਕਥਨੀ ਅਤੇ ਕਵੀਸ਼ਰੀ (ਵਿਆਖਿਆ) ਤੋਂ ਪਰ੍ਹੇ ਹੈ। ਰਿਸ਼ੀ ਵਿਆਸ ਜੀ ਹਉਮੈ ਦੇ ਭਰਮ ਵਿਚ ਅਜਿਹੇ ਘਿਰੇ ਕਿ ਉਸ ਦੀ ਨਜ਼ਰ ਥੱਲੇ ਕੋਈ ਵੀ ਨਾ ਆਇਆ। ਅਰਥਾਤ ਉਹ ਆਪ ਨੂੰ ਸਾਰਿਆਂ ਤੋਂ ਉੱਚਾ ਸਮਝਣ ਲੱਗਾ। ਆਪਣੇ ਆਪ ਨੂੰ ਬ੍ਰਹਮ ਮੰਨ ਕੇ, ਉਹ ਸੰਸਾਰ ਤੋਂ ਆਪਣੀ ਪੂਜਾ ਕਰਵਾਉਣ ਲੱਗ ਪਿਆ ਪਰ ਭਾਉ ਭਗਤੀ (ਪ੍ਰੇਮਾ ਭਗਤੀ) ਦੀ ਰਮਜ਼ ਨਾ ਸਮਝੀ। ਸਾਮਵੇਦ ਦਾ ਮੰਥਨ ਕਰਨ ਦੇ ਬਾਵਜੂਦ ਵੀ ਉਸ ਦੀ ਤ੍ਰਿਪਤੀ ਨਾ ਹੋਈ ਤੇ ਫਲਸਰੂਪ ਹਉਮੈ ਦੀ ਅਗਨੀ ਵਿਚ ਤਪਣ
ਲੱਗਾ। ਕਈ ਵਿਦਵਾਨ ਇਸ ਪੰਕਤੀ ਦਾ ਅਰਥ ਇੰਜ ਵੀ ਕਰਦੇ ਹਨ ਕਿ ਉਹ ਹਉਮੈ ਦੀ ਅਗਨੀ ਵਿਚ ਤਪਤ ਹੋ ਕੇ ਲੋਕਾਂ ਨੂੰ ਤਪਾਵਨ ਲੱਗਾ। ਮਾਇਆ ਦਾ ਦੰਡ ਉਸ ਦੇ ਸਿਰ ਤੋਂ ਨਾ ਉਤਰਿਆ ਅਤੇ ਜਮਦੰਡ ਦੇ ਬੋਝ ਥੱਲੇ ਕੁਰਲਾਉਣ ਲੱਗਾ ਅਰਥਾਤ ਜਮਦੰਡ ਦੇ ਦੁੱਖ ਨੇ ਉਸ ਨੂੰ ਬਹੁਤ ਰੁਆਇਆ। ਆਖਰ ਉਸ ਦੇ ਰੁਦਨ ਸੁਣ ਕੇ ਨਾਰਦ ਮੁਨੀ ਨੇ ਉਸ ਨੂੰ ਉਪਦੇਸ਼ ਦਿੱਤਾ ਤੇ ਨਤੀਜੇ ਵਜੋਂ ਉਸ ਨੇ ਭਾਗਵਤ ਦਾ ਵਿਸ਼ਲੇਸ਼ਣ ਕਰਕੇ ਪ੍ਰਭੂ ਦੇ ਗੁਣਾਂ ਦਾ ਜਸ ਗਾਇਨ ਕੀਤਾ। ਜਾਂ ਇੰਜ ਕਹਿ ਲਿਆ ਜਾਵੇ ਨਾਰਦ ਨੇ ਉਸ ਤੋਂ ਭਗਵੰਤ ਦੇ ਗੁਣਾਂ ਦੇ ਗੀਤ ਦਾ ਉਚਾਰਨ ਕਰਾਇਆ। ਭਾਈ ਸਾਹਿਬ ਇਸ ਪਉੜੀ ਦੀ ਅੰਤਿਮ ਪੰਕਤੀ ਵਿਚ ਇਹ ਸਿੱਟਾ ਕੱਢਦੇ ਹਨ ਕਿ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਨਹੀਂ ਤਰ ਸਕਦਾ।
ਦੁਆਪਰਿ ਜੁਗਿ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ॥
ਵੇਦ ਅਥਰਬਣਿ ਥਾਪਿਆ ਉਤਰਿ ਮੁਖਿ ਗੁਰਮੁਖਿ ਗੁਨ ਗਾਈ॥
ਕਪਲ ਰਿਖੀਸੁਰਿ ਸਾਂਖ ਮਥਿ ਅਥਰਬਨਿ ਵੇਦ ਕੀ ਰਿਚਾ ਸੁਣਾਈ॥
ਗਿਆਨ ਮਹਾਂ ਰਸ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ॥
ਗਿਆਨ ਬਿਨਾ ਨਹਿ ਪਾਈਐ ਜੇ ਕੋਈ ਕੋਟਿ ਜਤਨ ਕਰਿ ਧਾਈ॥
ਕਰਮ ਜੋਗ ਦੇਹੀ ਕਰੋ ਸੋ ਅਨਿਤ ਖਿਨ ਟਿਕੇ ਨ ਰਾਈ॥
ਗਿਆਨ ਮਤੇ ਸੁਖੁ ਊਪਜੈ ਜਨਮ ਮਰਨ ਕਾ ਭਰਮੁ ਚੁਕਾਈ॥
ਗੁਰਮੁਖਿ ਗਿਆਨੀ ਸਹਿਜ ਸਮਾਈ॥ ੧੨॥
ਪਦ-ਅਰਥ- ਰਿਚਾ-ਸ਼ਰੁਤੀ ਮੰਤਰ। ਨਿਆਈ-ਨਿਰਣਾ। ਗਿਆਨ ਮਤੇ-ਗਿਆਨ ਦੀ ਮਤ ਨਾਲ।
ਵਿਆਖਿਆ- ਦੁਆਪਰ ਯੁੱਗ ਬੀਤਣ ਬਾਅਦ ਕਲਿਯੁੱਗ ਦੇ ਸਿਰ ਛਤ੍ਰ ਫਿਰਿਆ। ਭਾਵ ਕਲਿਯੁੱਗ ਦਾ ਸਮਾਂ ਸ਼ੁਰੂ ਹੋ ਗਿਆ। ਅਥਰਵਣ ਵੇਦ ਦੀ ਸਥਾਪਨਾ ਹੋਈ ਤੇ ਲੋਕੀਂ ਅਰਧਾਹ ਗੁਰਮੁਖ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਪ੍ਰਭੂ ਦਾ ਜਸ ਗਾਇਨ ਕਰਨ ਲੱਗੇ। ਕਪਿਲ ਰਿਸ਼ੀ ਨੇ ਅਥਰਵਣ ਵੇਦ ਦੀਆਂ ਰਿਚਾਵਾਂ (ਸ਼ਰੁਤੀਆਂ) ਦਾ ਮੰਥਨ ਕਰਕੇ ਸਾਂਖ ਸ਼ਾਸਤਰ ਤਿਆਰ ਕੀਤਾ। ਉਸ ਨੇ ਗਿਆਨ ਰੂਪੀ ਮਹਾਂਰਸ ਦਾ ਪਾਨ ਕਰਨ ਦੀ ਸਲਾਹ ਦਿੱਤੀ ਅਤੇ ਨਿੱਤ ਅਨਿੱਤ ਦਾ ਨਿਰਣਾ ਕਰਦੇ ਨਿੱਤ ਦਾ ਸਿਮਰਨ ਕਰੇ। ਭਾਵੇਂ ਕੋਈ ਕਿੰਨਾ ਵੀ (ਸਥਾਈ ਅਸਥਾਈ) ਯਤਨ ਕਰੋ ਪਰ ਗਿਆਨ ਬਿਨਾਂ ਪਰਮਾਤਮਾ ਨੂੰ ਨਹੀਂ ਪਾ ਸਕਦਾ ਭਾਵ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਜਿਹੜਾ ਇਸ ਸੰਸਾਰ 'ਤੇ ਕਰਮਯੋਗ ਨੂੰ ਹੀ ਅਪਣਾਏਗਾ, ਉਹ ਛਿਣ ਭਰ ਲਈ ਵੀ ਨਹੀਂ ਟਿਕ ਸਕੇਗਾ। ਭਾਵ ਕਰਮ ਤੇ ਜੋਗ ਦੋਹੀ ਕਰਦੀ ਹੈ ਜੋ ਅਨਿਤ (ਨਾਸ਼ਮਾਨ) ਹੈ ਤੇ ਉਸ ਦਾ ਇੱਕ ਨਾ ਇੱਕ ਦਿਨ ਚਲਣਾ ਨਿਸ਼ਚਿਤ ਹੈ। ਗਿਆਨ ਮਤ ਦਾ ਵਿਚਾਰ ਕਰਨ 'ਤੇ ਸੁੱਖ ਪ੍ਰਾਪਤੀ ਹੁੰਦੀ ਹੈ ਅਤੇ ਜਨਮ ਮਰਨ (ਆਵਾਗਵਨ) ਦਾ ਭਰਮ ਖਤਮ ਹੋ ਜਾਂਦਾ ਹੈ। ਇੰਝ ਗਿਆਨ ਦੇ ਸਿੱਧਾਂਤ 'ਤੇ ਚਲਦਿਆਂ ਗੁਰਮੁਖ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ।
ਬੇਦ ਅਥਰਬਨ ਮਥਨ ਕਰਿ ਗੁਰਮੁਖਿ ਬਾਸੇਖਿਕ ਗੁਨ ਗਾਵੈ॥
ਜੇਹਾ ਬੀਜੈ ਸੋ ਲੁਣੈ ਸਮੇ ਬਿਨਾਂ ਫਲੁ ਹਥਿ ਨ ਆਵੈ॥
ਹੁਕਮੈ ਅੰਦਰਿ ਸਭਿ ਕੋ ਮੰਨੈ ਹੁਕਮੁ ਸੋ ਸਹਿਜ ਸਮਾਵੈ॥
ਆਪੇ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ॥
ਜੈਸਾ ਕਰਿ ਤੈਸਾ ਲਹੈ ਰਿਖਿ ਕਨਾਦਿਕ ਭਾਖਿ ਸੁਣਾਵੈ ॥
ਸਤਿਜੁਗਿ ਕਾ ਅਨਿਆਇ ਸੁਣਿ ਇੱਕ ਫੇੜੇ ਸਭ ਜਗਤ ਮਰਾਵੈ॥
ਤ੍ਰੇਤੇ ਨਗਰੀ ਪੀੜੀਐ ਦੁਆਪਰਿ ਵੰਸੁ ਕੁਵੰਸੁ ਕਹਾਵੈ॥
ਕਲਿਜੁਗ ਜੋ ਫੇੜੇ ਸੋ ਪਾਵੈ ॥ ੧੩॥
ਪਦ-ਅਰਥ- ਬਾਸੇਖਿਕ-ਵੈਸ਼ੇਖਕ। ਫੇੜੇ-ਮਾੜਾ ਕੰਮ। ਭਾਖਿਆ-ਕਥਨ। ਰਿਖਿ ਕਣਾਦਿਕ-ਕਣਾਦ ਰਿਸ਼ੀ
ਵਿਆਖਿਆ- ਅਰਥਵਣ ਵੇਦ ਦਾ ਮੰਥਨ ਕਰਕੇ ਕਣਾਦ ਮੁਨੀ ਨਾਂ ਦੇ ਗੁਰਮੁਖ ਨੇ ਵੈਸ਼ੇਖਕ ਸ਼ਾਸਤਰ ਨਾਂ ਦੀ ਰਚਨਾ ਕਰਕੇ ਉਸ ਵਿਚ ਗੁਣ ਗਾਏ। ਉਸ ਅਨੁਸਾਰ ਜੋ ਬੀਜੇਗਾ ਸੋ ਹੀ ਵੱਢੇਗਾ ਪਰ ਇਹ ਸਭ ਕੁਝ ਸਮੇਂ ਤੋਂ ਬਿਨਾਂ ਹੱਥ ਨਹੀਂ ਆ ਸਕਦਾ। ਇਹ ਸਾਰੀ ਸ੍ਰਿਸ਼ਟੀ ਹੁਕਮ ਅੰਦਰ ਹੈ ਅਰਥਾਤ ਹਰ ਕੋਈ ਹੁਕਮੈ ਅੰਦਰ ਹੈ ਤੇ ਜਿਹੜਾ ਹੁਕਮ ਨੂੰ ਮੰਨੇਗਾ, ਉਹ ਸਹਿਜ ਪਦਵੀ ਪ੍ਰਾਪਤ ਕਰੇਗਾ। ਆਪਣੇ ਆਪ ਕੁਝ ਨਹੀਂ ਹੁੰਦਾ ਅਰਥਾਤ ਆਪਣੇ ਵੱਸ ਕੁਝ ਨਹੀਂ ਹੈ। ਇਸ ਕਰਕੇ ਮਨ ਵਿਚ ਬੁਰਾ-ਭਲਾ ਨਹੀਂ ਵਸਾਉਣਾ ਚਾਹੀਦਾ। ਰਿਸ਼ੀ ਕਨਾਦ ਨੇ ਵੈਸ਼ੇਖਕ ਸ਼ਾਸਤਰ ਵਿਚ ਇਹ ਕਥਨ ਕੀਤਾ ਹੈ ਕਿ ਜੇਹਾ ਕੋਈ ਕਰੇਗਾ, ਤੇਹਾ ਹੀ ਭਰੇਗਾ। ਸਤਿਯੁਗ ਦਾ ਅਨਿਆਇ ਸੁਣੋ ਕਿ ਜੇਕਰ ਕੋਈ ਵਿਅਕਤੀ ਬੁਰੇ ਕਰਮ ਕਰਦਾ ਸੀ ਤਾਂ ਉਸ ਦੀ ਸਜ਼ਾ ਸਾਰੇ ਦੇਸ਼ ਨੂੰ ਭੁਗਤਣੀ ਪੈਂਦੀ ਸੀ। ਤਰੇਤੇ ਵਿਚ ਇੱਕ ਦੇ ਕੀਤੇ ਅਪਰਾਧ ਜਾਂ ਕੁਕਰਮ ਕਾਰਨ ਸਾਰੇ ਨਗਰ ਵਾਸੀਆਂ ਨੂੰ ਦੰਡ ਭੋਗਣਾ ਪੈਂਦਾ ਸੀ। ਦੁਆਪਰ ਵਿਚ ਇੱਕ ਦੇ ਮਾੜੇ ਕਰਮ ਕਰਕੇ ਪੂਰਾ ਵੱਸ ਕੁਵੰਸ਼ (ਕਲੰਕਿਤ) ਹੋ ਜਾਂਦਾ ਸੀ ਅਰਥਾਤ ਵੰਸ਼ ਦਾ ਸਤਿਆਨਾਸ਼ ਕੀਤਾ ਜਾਂਦਾ ਸੀ । ਕਲਿਯੁਗ ਵਿਚ ਆ ਕੇ ਸਜ਼ਾ ਪੱਪਤੀ ਤਰਕਸੰਗਤ ਹੋ ਗਈ। ਕਲਿਯੁੱਗ ਵਿਚ ਜੋ ਕਰੇਗਾ, ਉਹੋ ਹੀ ਭਰੇਗਾ ਅਰਥਾਤ ਗਲਤੀ ਕਰਨ ਵਾਲਾ ਹੀ ਸਜ਼ਾ ਪ੍ਰਾਪਤੀ ਦਾ ਭਾਗੀ ਹੋਵੇਗਾ। ਇਸ ਪ੍ਰਕਾਰ ਕਣਾਦ ਮੁਨੀ ਨੇ ਕਰਮਾਂ ਦੇ ਨਾਲ ਸਮੇਂ ਨੂੰ ਮੰਨਿਆ ਤੇ ਮਗਰੋਂ ਫਲ ਦੀ ਪ੍ਰਾਪਤੀ ਮੰਨੀ ਹੈ।
ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ॥
ਵੇਦ ਅਥਰਵ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ॥
ਜਿਉ ਕਰਿ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖੁ ਦਿਖਾਈ॥
ਜੋਗੁ ਪਦਾਰਥੁ ਨਿਰਮਲਾ ਅਨਹਾਦਿ ਧੁਨਿ ਅੰਦਰਿ ਲਿਵ ਲਾਈ॥
ਅਸਟ ਦਸਾ ਸਿਧਿ ਨਉ ਨਿਧਿ ਗੁਰਮੁਖਿ ਜੋਗੀ ਚਰਨ ਲਗਾਈ॥
ਤਿਹ ਜੁਗਾ ਕੀ ਬਾਸਨਾ ਕਲਿਜੁਗ ਵਿਚਿ ਪਾਤੰਜਲਿ ਪਾਈ॥
ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ॥
ਨਾਮ ਦਾਨੁ ਇਸਨਾਨੁ ਸੁਭਾਈ॥੧੪॥
ਪਦ-ਅਰਥ- ਅਸਟ ਦਸਾ ਸਿਧਿ-ਅਠਾਰਾਂ ਸਿੱਧੀਆਂ।
ਵਿਆਖਿਆ- ਪਾਤੰਜਲੀ ਰਿਸ਼ੀ ਨੇ ਬੇਖਨਾਗ ਦਾ ਮੰਥਨ ਕੀਤਾ ਤੇ ਫਿਰ ਉਸ ਗੁਰਮੁਖ ਨੇ ਨਾਗ ਸ਼ਾਸਤਰ ਦੀ ਰਚਨਾ ਕੀਤੀ ਪਰ ਪੰਡਿਤ ਨਰੈਣ ਸਿੰਘ ਜੀ ਗਿਆਨੀ ਇਸ ਪੰਕਤੀ ਦੀ ਵਿਆਖਿਆ ਕੁਝ ਇਸ ਪ੍ਰਕਾਰ ਕਰਦੇ ਹਨ ਕਿ ਹੋ ਗੁਰਮੁਖੋ। ਸ਼ੇਸ਼ਨਾਗ ਦੇ ਅਵਤਾਰ ਪਤੰਜਲ ਰਿਖੀ ਨੇ ਵਿਚਾਰ ਕੇ "ਨਾਗ ਪਾਤੰਜਲ ਸ਼ਾਸਤਰ ਸੁਣਾਇਆ। ਉਸ ਪਾਤੰਜਲ ਰਿਸ਼ੀ ਨੇ ਦੱਸਿਆ ਕਿ ਅਥਰਵ ਵੇਦ ਦਾ ਕਥਨ ਹੈ ਕਿ ਜੋਗ (ਯੋਗ) ਤੋਂ ਬਿਨਾਂ ਭਰਮ ਦੂਰ ਨਹੀਂ ਹੁੰਦਾ, ਠੀਕ ਉਸੇ ਪ੍ਰਕਾਰ ਜਿਸ ਪ੍ਰਕਾਰ ਮੈਲੇ ਸ਼ੀਸ਼ੇ ਵਿਚੋਂ ਓਨਾ ਚਿਰ ਮੂੰਹ ਦਿਖਾਈ ਨਹੀਂ ਦਿੰਦਾ ਜਿੰਨਾ ਚਿਰ ਉਸ ਨੂੰ ਸਿੱਕਲ (ਚਮਕਾਇਆ) ਨਾ ਕੀਤਾ ਜਾਵੇ। ਪਾਤੰਜਲ ਰਿਸ਼ੀ ਅਨੁਸਾਰ ਯੋਗ ਵਸਤੂ ਬੜੀ ਨਿਰਮਲ ਵਸਤੂ ਹੈ ਜਿਸ ਰਾਹੀਂ ਅਨਹਦ ਧੁਨੀ ਨਾਲ ਲਿਵ ਜੁੜ ਜਾਂਦੀ ਹੈ। ਅਠਾਰਾਂ ਸਿੱਧੀਆਂ ਅਤੇ ਨੌਂ ਨਿੱਧੀਆਂ ਗੁਰਮੁਖ ਜੋਗੀ ਦੇ ਚਰਨ ਸਪਰਸ਼ ਕਰਦੀਆਂ ਹਨ। ਪਾਤੰਜਲ ਰਿਸ਼ੀ ਦਾ ਕਥਨ ਹੈ ਕਿ ਉਸ ਨੇ ਤਿੰਨਾਂ ਯੁੱਗਾਂ ਦੀਆਂ ਅਕਾਂਖਿਆਵਾਂ (ਇੱਛਾਵਾਂ) ਕਲਿਯੁਗ ਵਿਚ ਪੂਰਨ ਕਰ ਲਈਆਂ ਸਨ। ਸੋ ਜੋਗ ਭਗਤੀ ਦੀ ਕਮਾਈ ਪੂਰੀ ਹੈ ਜਿਸ ਦਾ ਫਲ ਹੱਥੋਂ-ਹੱਥ ਮਿਲ ਜਾਂਦਾ ਹੈ। ਭਾਈ ਸਾਹਿਬ ਆਖਦੇ ਹਨ ਕਲਿਯੁਗ ਵਿਚ ਜੋ ਨਾਮਦਾਨ ਅਤੇ ਇਸ਼ਨਾਨ ਕਰਦੇ ਹਨ, ਉਹ ਸਫਲ ਹਨ। ਚੂੰਕਿ ਪਾਤੰਜਲੀ ਰਿਸ਼ੀ ਨੇ ਯੋਗ ਸਾਧਨਾ 'ਤੇ ਬਲ ਦਿੱਤਾ ਸੀ ਪਰ ਭਾਈ ਸਾਹਿਬ ਨੇ ਆਪਣੀ ਅਖੀਰਲੀ ਤੁਕ ਵਿਚ ਸਪੱਸ਼ਟ ਕੀਤਾ ਹੈ ਕਿ ਗੁਰਸਿੱਖਾਂ ਵਿਚ ਨਾਮ ਦਾਨ ਹੀ ਯੋਗ ਹੈ।
ਜੁਗਿ ਜੁਗਿ ਮੇਰੁ ਸਰੀਰ ਦਾ ਬਾਸਨਾ ਬਧਾ ਆਵੈ ਜਾਵੈ ॥
ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ॥
ਸਤਿਜੁਗਿ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰਿ ਆਵੈ॥
ਤ੍ਰੇਤੇ ਕਰਮਾ ਬਾਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ॥
ਦੁਆਪਰਿ ਮਮਤਾ ਅਹੰ ਕਰਿ ਹਉਮੈ ਅੰਦਰਿ ਗਰਬਿ ਗਲਾਵੈ॥
ਤਿਹ ਜੁਗਾ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ॥
ਫਿਰਿ ਕਲਿਜੁਗਿ ਅੰਦਰ ਦੇਹਿ ਧਰਿ ਕਰਮਾ ਅੰਦਰਿ ਫੇਰਿ ਫਸਾਵੈ॥
ਅਉਸਰੁ ਚੁਕਾ ਹਥ ਨ ਆਵੈ ॥੧੫॥
ਪਦ-ਅਰਥ- ਮੇਰੁ-ਸ਼ਰੋਮਣੀ ਜੀਵ/ਜੀਵਾਤਮਾ। ਮਰਮ-ਭੇਦ। ਗਰਬਿ-ਹੰਕਾਰ। ਅਉਸਰ-ਸਮਾਂ।
ਵਿਆਖਿਆ- ਜੁਗਿ ਜੁਗਿ ਭਾਵ ਹਰ ਯੁੱਗ ਵਿਚ ਜੀਵਾਤਮਾ ਵਾਸ਼ਨਾ ਬੱਧੀ ਆਉਣ ਜਾਣ (ਆਵਾਗਵਨ) ਦੇ ਚੱਕਰਾਂ ਵਿਚ ਘਿਰੀ ਰਹਿੰਦੀ ਹੈ! ਜੀਵਾਤਮਾ ਵਾਰ- ਵਾਰ ਦੇਹ ਵਧਾਉਂਦੀ ਰਹਿੰਦੀ ਹੈ। ਪਰ ਕੋਈ ਗਿਆਨੀ ਹੀ ਇਸ ਰਹੱਸ ਨੂੰ ਜਾਣਦਾ ਹੈ। ਸਤਿਯੁੱਗ ਵਿਚ ਦੂਈ ਦਵੈਦ ਦੇ ਭਰਮ ਕਰਕੇ ਤਰੇਤਾ ਯੁੱਗ ਵਿਚ ਫਿਰ ਜੂਨੀ ਵਿਚ ਆਉਂਦਾ ਹੈ। ਇਸੇ ਤਰ੍ਹਾਂ ਤਰੇਤੇ ਵਿਚ ਕਰਮ ਬੰਧਨ ਵਿਚ ਪੈ ਕੇ ਦੁਆਪਰ ਵਿਚ ਫਿਰ ਜਨਮ ਲੈਂਦਾ ਹੈ। ਦੁਆਪਰ ਵਿਚ 'ਮੈਂ' 'ਮੈਂ' ਕਰਦਾ ਅਰਥਾਤ ਮਮਤਾ ਦੇ ਹੰਕਾਰ ਵਿਚ
ਗੁੱਸਿਆ ਹਉਮੈ ਵਿਚ ਸੜਦਾ ਹੈ ਅਰਥਾਤ ਮਮਤਾ ਦੇ ਹੰਕਾਰ ਦੇ ਕਾਰਨ ਫਿਰ ਮਾਤਾ ਦੇ ਗਰਭ ਅੰਦਰ ਗਲਦਾ ਹੈ। ਇੰਝ ਤਿੰਨਾਂ ਜੁੱਗਾਂ ਦੇ ਕਰਮ ਕਰਕੇ ਜਨਮ ਮਰਨ ਦੇ ਭਰਮ ਤੋਂ ਮੁਕਤੀ ਨਹੀਂ ਪਾ ਸਕਦਾ। ਫਲਸਰੂਪ ਉਸ ਨੂੰ ਕਲਿਯੁੱਗ ਵਿਚ ਫਿਰ ਮਨੁੱਖਾ ਦੇਹੀ ਮਿਲਦੀ ਹੈ ਤੇ ਦੁਬਾਰਾ ਕਰਮਾਂ ਦੇ ਚੱਕਰਾਂ ਵਿਚ ਫਸ ਜਾਂਦਾ ਹੈ। ਉਂਝ ਇਸ ਯੁੱਗ ਵਿਚ ਉਸ ਨੂੰ ਸਹਿਜ ਪਦਵੀ ਪਾਉਣ ਦਾ ਮੌਕਾ ਹੀ ਮਿਲਦਾ ਹੈ ਪਰ ਦੁਨਿਆਵੀ ਪਦਾਰਥਾਂ ਕਰਕੇ ਭਾਈ ਸਾਹਿਬ ਨੂੰ ਆਖਣਾ ਪੈਂਦਾ ਕਿ ਖੁੰਝਿਆ ਹੋਇਆ ਵਕਤ ਦੁਬਾਰਾ ਨਹੀਂ ਮਿਲਦਾ ਅਰਥਾਤ ਸਮੇਂ ਨੂੰ ਹੱਥ ਨਾਲ ਫੜਿਆ ਨਹੀਂ ਜਾਂਦਾ। ਸੰਖੇਪ ਵਿਚ ਕਹਿ ਸਕਦੇ ਹਾਂ ਕਿ -"ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ।"
ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤਿ ਕੀ ਚਲੇ ਨ ਕਾਈ॥
ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨੁ ਠਉੜਿ ਨ ਥਾਈ॥
ਲਹੇ ਕਮਾਣਾ ਏਤੁ ਜੁਗਿ ਪਿਛਲੀ ਜੁਗੀ ਕਰੀ ਕਮਾਈ॥
ਪਾਇਆ ਮਾਨਸ ਦੇਹ ਕਉ ਐਥੋ ਚੁਕਿਆ ਠਉੜਿ ਨ ਠਾਈ॥
ਕਲਿਜੁਗਿ ਕੇ ਉਪਕਾਰਿ ਸੁਣਿ ਜੈਸੇ ਬੇਦ ਅਥਰਬਣ ਗਾਈ॥
ਭਾਉ ਭਗਤਿ ਪਰਵਾਨੁ ਹੈ ਜਗ ਹੋਮਿ ਗੁਰਪੁਰਬਿ ਕਮਾਈ॥
ਕਰ ਕੇ ਨੀਚ ਸਦਾਵਣਾ ਤਾ ਪ੍ਰਭੁ ਲੇਖੈ ਅੰਦਰਿ ਪਾਈ॥
ਕਲਿਜੁਗਿ ਨਾਵੈ ਕੀ ਵਡਿਆਈ॥ ੧੬॥
ਪਦ-ਅਰਥ- ਠਉੜਿ-ਜਗ੍ਹਾ, ਟਿਕਾਣਾ। ਕਮਾਣਾ-ਫਲ। ਗੁਰਪੂਰਬਿ ਕਮਾਈ- ਪਵਿੱਤਰ ਪੁਰਬਾਂ ਦੀ ਕਮਾਈ।
ਵਿਆਖਿਆ- ਭਾਈ ਗੁਰਦਾਸ ਜੀ ਇਸ ਪਉੜੀ ਵਿਚ ਫਰਮਾਉਂਦੇ ਹਨ ਕਿ ਹੁਣ ਕਲਿਯੁੱਗ ਦੀ ਸਾਧਨਾ ਬਾਰੇ ਸੁਣੋ ਇਸ ਵਿਚ ਕਰਮ ਕਿਰਤ ਦੀ ਕੋਈ ਪੇਸ਼ ਨਹੀਂ ਜਾਂਦੀ। ਭਗਵਾਨ ਦੇ ਭਜਨ ਅਰਥਾਤ ਪ੍ਰਭੂ ਸਿਮਰਨ ਅਤੇ ਪ੍ਰੇਮਾ ਭਗਤੀ ਤੋਂ ਬਿਨਾਂ ਠਹਿਰਣ ਨੂੰ ਕਿਤੇ ਥਾਂ ਨਹੀਂ ਮਿਲਦੀ। ਪਿਛਲੇ ਯੁੱਗਾਂ ਵਿਚ ਕੀਤੀ ਕਮਾਈ ਦਾ ਲਾਹਾ ਅਰਥਾਤ ਲਾਭ (ਫਲ) ਕਲਿਯੁਗ ਵਿਚ ਆ ਕੇ ਮਿਲ ਜਾਂਦਾ ਹੈ। ਭਾਈ ਸਾਹਿਬ ਜੀਵਾਤਮਾ ਨੂੰ ਸੁਚੇਤ ਕਰਦੇ ਹਨ ਕਿ ਜੇਕਰ ਹੁਣ ਮਨੁੱਖਾ ਦੇਹੀ ਵਿਚ ਆ ਕੇ ਅਵਸਰ ਖੁੰਝਾ ਲਿਆ ਤਾਂ ਫਿਰ ਕਿਤੇ ਠਹਿਰਣ ਦੀ ਥਾਂ ਨਹੀਂ ਮਿਲਣੀ। ਕਲਿਯੁੱਗ ਦੇ ਉਪਕਾਰ ਸੁਣੇ ਤੇ ਉਪਕਾਰਾਂ ਦਾ ਤਾਂ ਗਾਇਨ ਅਥਰਵ ਵੇਦ ਵੀ ਕਰਦਾ ਹੈ। ਇਸ ਯੁੱਗ ਵਿਚ ਪ੍ਰੇਮਾ ਭਗਤੀ ਪ੍ਰਵਾਨ ਹੈ ਤੇ ਇਹੀ ਜੱਗ, ਹਵਨ ਅਤੇ ਪੁਰਬਾਂ ਦੀ ਕਮਾਈ ਹੈ। ਜਿਹੜਾ ਇਨਸਾਨ ਸ਼ੁਭ ਕਰਮ ਕਰਕੇ ਵੀ ਨਿਮਰਤਾ ਧਾਰਨ ਕਰੀ ਰੱਖਦਾ ਹੈ, ਉਹੀ ਪ੍ਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਚੜ੍ਹਦਾ ਹੈ। ਸੋ ਕਲਿਯੁੱਗ ਵਿਚ ਨਾਮ ਦੀ ਹੀ ਵਡਿਆਈ ਹੈ। ਪੰਡਿਤ ਨਰੈਣ ਸਿੰਘ ਜੀ ਗਿਆਨੀ ਭਾਈ ਸਾਹਿਬ ਦੀ ਇਸ ਤੁਕ 'ਤੇ ਗੁਰਬਾਣੀ ਦੇ ਪਏ ਪ੍ਰਭਾਵ ਨੂੰ ਪ੍ਰਮਾਣਿਤ ਕਰਦੇ ਹਨ-"ਸਤਿਯੁਗ ਸਤਿ ਤੇਤਾ ਜੁਗੀ ਦੁਆਪਰਿ ਪੂਜਾਚਾਰ॥ ਤੀਨੌ ਜੁਗ ਤੀਨੇ ਦਿੜੇ ਕਲਿ ਕੇਵਲ ਨਾਮ ਅਧਾਰ॥
ਜੁਗਿ ਗਰਦੀ ਜਬ ਹੋਵਹੇ ਉਲਟੇ ਜੁਗਿ ਕਿਆ ਹੋਇ ਵਰਤਾਰਾ॥
ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪੁ ਭ੍ਰਿਸਟ ਸੰਸਾਰਾ॥
ਵਰਨਾਵਰਨਿ ਨ ਭਾਵਨੀ ਖਹਿ ਖਹਿ ਜਲਨਿ ਬਾਸ ਅੰਗਿਆਰਾ॥
ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ॥
ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ॥
ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ॥
ਗੁਰ ਪਰਮੇਸਰੁ ਇੱਕ ਹੈ ਸਚਾ ਸਾਹੁ ਜਗਤੁ ਵਣਜਾਰਾ॥
ਚੜੇ ਸੂਰੁ ਮਿਟਿ ਜਾਇ ਅੰਧਾਰਾ ॥੧੭॥
ਪਦ-ਅਰਥ- ਜੁਗਿ ਗਰਦੀ-ਜੁੱਗਾਂ ਦੀ ਬਦਲੀ। ਗਿਲਾਨਿ-ਈਰਖਾ। ਭਾਵਨੀ- ਚੰਗੀ ਨਾ ਲਗਣੀ। ਸੂਰ-ਸੂਰਜ। ਵਿਆਖਿਆ- ਜਦੋਂ ਜੁੱਗ ਗਰਦਸ਼ ਵਿਚ ਹੁੰਦਾ ਹੈ ਤਾਂ ਫਿਰ ਜੁੱਗ ਬਦਲਦਾ ਹੈ ਤੇ ਫਿਰ ਜਦੋਂ ਯੁੱਗ ਬਦਲਦਾ ਹੈ ਤਦ ਵਰਤਾਰਾ ਕੀ ਵਰਤਦਾ ਹੈ। ਸਪੱਸ਼ਟ ਉੱਤਰ ਭਾਈ ਸਾਹਿਬ ਦਿੰਦੇ ਹਨ, ਉਸ ਵਕਤ ਸੰਸਾਰ ਵਿਚ ਗਿਲਾਨੀ (ਨਫਰਤ) ਪੱਸਰ ਜਾਂਦੀ ਹੈ, ਪਾਪ ਫੈਲਣਾ ਸ਼ੁਰੂ ਹੋ ਜਾਂਦਾ ਹੈ । ਫਲਸਰੂਪ ਸਾਰਾ ਜਗਤ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸ ਜਾਂਦਾ ਹੈ। ਉਦੋਂ ਇੱਕ ਵਰਨ ਨੂੰ ਅਵਰਨ ਅਤੇ ਅਵਰਨਾਂ ਨੂੰ ਵਰਨ ਚੰਗੇ ਨਹੀਂ ਲੱਗਦੇ ਅਰਥਾਤ ਇੱਕ ਵਰਨ ਦੂਸਰੇ ਵਰਨ ਨੂੰ ਨਫਰਤ ਕਰਦਾ ਹੈ। ਇਹ ਬਾਂਸਾਂ ਦੀ ਅੱਗ ਵਾਂਗ ਖਹਿ ਖਹਿ ਮਰਦੇ ਹਨ। ਵੇਦ ਅਥਵਾ ਗਿਆਨਵਾਨਾਂ ਦੀ ਨਿੰਦਿਆ ਚਲ ਪੈਂਦੀ ਹੈ। ਅਗਿਆਨ ਦੇ ਹਨੇਰੇ ਕਰਕੇ ਗਿਆਨ ਕੋਈ ਨਹੀਂ ਸਮਝਦਾ। ਵੇਦ ਗੁਰੂ ਉਪਦੇਸ਼ਾਂ ਦੀ ਦੁਕਾਨ ਦੇ ਗ੍ਰੰਥ ਹਨ ਜਿਨ੍ਹਾਂ 'ਤੇ ਵਿਚਾਰ ਕਰਕੇ ਸੰਸਾਰ ਰੂਪੀ ਸਮੁੰਦਰ ਪਾਰ ਹੋ ਜਾਂਦਾ ਹੈ ਜਿੰਨਾ ਚਿਰ ਪਰਮਾਤਮਾ ਅਵਤਾਰ ਨਾ ਧਾਰੇ ਤੇ ਨਾ ਹੀ ਸਤਿਗੁਰੂ ਦੀ ਪ੍ਰਾਪਤੀ ਹੋਵੇ, ਓਨਾ ਚਿਰ ਅਗਿਆਨ ਦਾ ਹਨੇਰਾ ਪਸਰਿਆ ਹੀ ਰਹੇਗਾ। ਚੂੰਕਿ ਗੁਰੂ ਅਤੇ ਪਰਮੇਸ਼ਰ ਇੱਕੋ ਰੂਪ ਹਨ। ਉਹੀ ਸੱਚਾ ਸ਼ਾਹ ਹੈ ਤੇ ਸਾਰਾ ਜਗਤ ਵਣਜਾਰਾ ਹੈ। ਜਿਸ ਤਰ੍ਹਾਂ ਸੂਰਜ ਦੇ ਚੜ੍ਹਣ 'ਤੇ ਹਨੇਰਾ ਮਿਟ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਰੂਪ ਸੂਰਜ ਦੇ ਚੜ੍ਹਣ 'ਤੇ ਅਗਿਆਨ ਦੇ ਹਨੇਰੇ ਦੀ ਨਵਿਰਤੀ ਹੋ ਜਾਂਦੀ ਹੈ।
ਕਲਿਜੁਗਿ ਬੋਧੁ ਅਉਤਾਰੁ ਹੈ ਬੋਧ ਅਬੋਧੁ ਨ ਦ੍ਰਿਸਟੀ ਆਵੈ॥
ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ ॥
ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ॥
ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ॥
ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ॥
ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ॥
ਪਉਣੁ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ॥
ਫੋਕਟਿ ਧਰਮੀ ਭਰਮਿ ਭੁਲਾਵੈ॥ ੧੮॥
ਪਦ-ਅਰਥ- ਬੋਧ-ਗਿਆਨ। ਅਬੋਧ-ਅਗਿਆਨ। ਕਹਿ-ਲੜਾਈ। ਸਿਲਾ ਸੁੰਨਿ-ਪੱਥਰ। ਫੋਕਟ-ਵਾਧੂ।
ਵਿਆਖਿਆ- ਭਾਈ ਸਾਹਿਬ ਪਉੜੀ ਦੀ ਪਹਿਲੀ ਪੰਕਤੀ ਵਿਚ ਫਰਮਾਉਂਦੇ ਹਨ ਕਿ ਕਲਿਯੁਗ ਵਿਚ ਗਿਆਨ ਦਾ ਅਵਤਾਰ ਕਹੀਦਾ ਹੈ ਪਰ ਗਿਆਨ ਅਤੇ ਅਗਿਆਨ ਦਾ ਪਤਾ ਨਹੀਂ ਸੀ ਚਲਦਾ। ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ 'ਬੋਧ' ਤੋਂ ਕਈ ਵਿਦਵਾਨ ਮਹਾਤਮਾ ਬੁੱਧ ਤੋਂ ਲੈਂਦੇ ਹਨ। ਇਸ ਯੁੱਗ ਵਿਚ ਕਿਸੇ ਦਾ ਕਿਸੇ 'ਤੇ ਵੀ ਨਿਯੰਤਰਣ ਨਾ ਰਿਹਾ। ਇਸ ਕਰਕੇ ਕੋਈ ਵੀ ਕਿਸੇ ਨੂੰ ਬੁਰੇ ਪਾਸੇ ਜਾਣ ਤੋਂ ਵਰਜਦਾ ਨਹੀਂ ਸੀ, ਹਰ ਕੋਈ ਉਹੀ ਕਰਦਾ ਜੇ ਉਸ ਦੇ ਮਨ ਨੂੰ ਭਾਉਂਦਾ ਅਰਥਾਤ ਮਨਮੁੱਖ ਬਿਰਤੀ ਪ੍ਰਧਾਨ ਹੋ ਗਈ। ਇਸ ਯੁੱਗ ਵਿਚ ਪੂਜਾ-ਪੱਧਤੀਆਂ ਵੀ ਅਜੀਬੋ-ਗਰੀਬ ਹੋ ਗਈਆਂ ਸਨ ਤੇ ਉਨ੍ਹਾਂ ਵਿਚ ਅਡੰਬਰੀ ਵਰਤਾਰੇ ਪ੍ਰਵੇਸ਼ ਕਰ ਚੁੱਕੇ ਸਨ। ਕੋਈ ਜੜ-ਪਦਾਰਥਾਂ ਅਰਥਾਤ ਪੱਥਰਾਂ ਦੀ ਪੂਜਾ ਕਰਵਾ ਰਿਹਾ ਸੀ। ਕੋਈ ਸੁੰਨ-ਮੰਡਲ ਦੀ ਕੋਈ ਕਬਰਾਂ ਅਤੇ ਮਾੜੀਆਂ ਅੱਗੇ ਸੀਸ ਝੁਕਾ ਰਿਹਾ ਸੀ। ਕੋਈ ਤੰਤਰਾਂ-ਮੰਤਰਾਂ ਦੇ ਪਾਖੰਡ ਕਰਕੇ, ਕੋਈ ਕਲਾ ਕਲੇਸ਼ ਅਤੇ ਹੋਰ ਝਗੜੇ ਕਰਕੇ ਵਿਵਾਦ ਵਧਾ ਰਹੇ ਸਨ। ਇਸ ਆਪੋਧਾਪੀ ਮਚੀ ਵਿਚ ਹਰ ਕੋਈ ਆਪੇ ਆਪਣਾ ਧਰਮ ਚਲਾ ਰਿਹਾ ਸੀ। ਇਸ ਆਪੋਧਾਪੀ ਵਿਚ ਕੁਝ ਨਾ ਸੁਣਦਾ ਦੇਖ ਕੇ ਕੋਈ ਚੰਦਰਮਾ ਦਾ, ਕੋਈ ਸੂਰਜ ਦਾ ਪੂਜਨ ਕਰ ਰਿਹਾ ਸੀ ਤੇ ਕੋਈ ਧਰਤੀ ਤੇ ਆਕਾਸ਼ ਦੀ ਮਨੌਤ ਕਰਦਾ ਫਿਰਦਾ ਸੀ। ਕੋਈ ਪਉਣ, ਪਾਣੀ ਅਤੇ ਅਗਨੀ ਦੀ ਪੂਜਾ ਕਰ ਰਿਹਾ ਸੀ ਤੇ ਕੋਈ ਧਰਮ ਰਾਜ ਨੂੰ ਪ੍ਰਸੰਨ ਕਰਨ ਵਿਚ ਰੁਝਿਆ ਹੋਇਆ ਸੀ। ਇਸ ਤਰ੍ਹਾਂ ਕਲਿਯੁਗ ਵਿਚ ਸਾਰੀ ਲੋਕਾਈ ਹੀ ਫੋਕਟ ਧਰਮਾਂ ਦੇ ਭਰਮਾਂ ਵਿਚ ਅਸਲ ਨੂੰ ਭੁੱਲੇ ਬੈਠੇ ਸਨ।
ਭਈ ਗਿਲਾਨਿ ਜਗਤਿ ਵਿਚਿ ਚਾਰਿ ਵਰਨ ਆਸ੍ਰਮ ਉਪਾਏ॥
ਦਸ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥ ਚਲਾਏ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ॥
ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ॥
ਖਟਿ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ॥
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ॥
ਇੱਕਸਿ ਤੇ ਬਹੁ ਰੂਪਿ ਕਰਿ ਰੂਪਿ ਕਰੂਪੀ ਘਣੇ ਦਿਖਾਏ॥
ਕਲਿਜੁਗਿ ਅੰਦਰ ਭਰਮਿ ਭੁਲਾਏ॥੧੯॥
ਪਦ-ਅਰਥ- ਦਿਗੰਬਰਿ-ਜੈਨੀ। ਚਾਰਿ ਵਰਨਿ-ਬ੍ਰਾਹਮਣ, ਖੱਤਰੀ ਵੈਸ਼ ਤੇ ਸ਼ੂਦਰ। ਛਤੀਸ-ਬਹੁਤ। ਵਾਦ-ਝਗੜੇ। ਦਗੇ-ਦੰਗੇ।
ਵਿਆਖਿਆ- ਭਾਈ ਸਾਹਿਬ ਫਰਮਾਉਂਦੇ ਹਨ ਕਿ ਕਲਿਜੁਗ ਦੇ ਆਉਣ ਨਾਲ ਸੰਸਾਰ ਵਿਚ ਗਿਲਾਨੀ ਭਾਵ ਨਫਰਤ ਪੱਸਰ ਪਈ ਤੇ ਨਾਲ ਹੀ ਚਾਰ ਵਰਨ ਅਤੇ ਚਾਰ ਆਸ਼ਰਮ ਪੈਦਾ ਕਰ ਦਿੱਤੇ। ਸੰਨਿਆਸੀਆਂ ਨੇ ਆਪਸੀ ਮਤਭੇਦ ਕਰਕੇ ਦਸ ਫ਼ਿਰਕੇ ਅਤੇ ਜੋਗੀਆਂ ਨੇ ਬਾਰ੍ਹਾਂ ਪੰਥ ਚਲਾ ਲਏ। ਜੰਗਮ, ਸਰੇਵੜਿਆਂ ਅਤੇ ਦਿਗੰਬਰਾਂ ਆਪਸ ਵਿਚ
ਵਾਦ ਰਚਾ ਲਏ। ਬ੍ਰਾਹਮਣਾਂ ਨੇ ਕਈ ਪ੍ਰਕਾਰ ਨਾਲ ਸ਼ਾਸਤਰਾਂ, ਵੇਦਾਂ ਅਤੇ ਪੁਰਾਣਾਂ ਨੂੰ ਲੜਾਇਆ ਭਾਵ ਇਨ੍ਹਾਂ ਨੂੰ ਆਧਾਰ ਬਣਾ ਕੇ ਲੜਨਾ ਸ਼ੁਰੂ ਕਰ ਦਿੱਤਾ। ਖਟ ਦਰਸ਼ਨ ਅਰਥਾਤ ਛੇ ਸ਼ਾਸਤਰਾਂ (ਜੋਗੀ, ਜੰਗਮ, ਸੰਨਿਆਸੀ, ਜੈਨੀ, ਵੈਸ਼ਨਵ ਤੇ ਮਦਾਰੀ) ਨੇ ਪਰਸਪਰ ਵੈਰ ਵਧਾ ਕੇ ਛੱਤੀ ਪ੍ਰਕਾਰ ਦੇ ਪਾਖੰਡ ਚਲਾ ਦਿੱਤੇ। ਤੰਤਰ ਮੰਤਰ ਅਤੇ ਰਸਾਇਣਾਂ ਦੀਆਂ ਕਰਾਮਾਤਾਂ ਵਿਚ ਲਿਪਟ ਗਏ। ਇੱਕ ਰੂਪ ਤੋਂ ਬਹੁਤੇ ਰੂਪ ਅਤੇ ਬਹੁਤਿਆ ਰੂਪਾਂ ਤੋਂ ਕਰੂਪ ਹੋ ਕੇ ਆਪਣੇ ਆਪ ਨੂੰ ਦਿਖਾਉਣ ਲੱਗੇ। ਇੰਝ ਕਲਿਯੁਗ ਵਿਚ ਸਾਰੇ ਹੀ ਭਰਮ, ਭੁਲੇਖਿਆਂ ਵਿਚ ਭੁਲ ਗਏ।
ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ॥
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ॥
ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ॥
ਪੀਰ ਪੈਕੰਬਰਿ ਅਉਲੀਏ ਗਉਸਿ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ॥
ਮਾਰਨਿ ਗਊ ਗਰੀਬ ਨੇ ਧਰਤੀ ਉਪਰ ਪਾਪੁ ਬਿਥਾਰਾ॥
ਕਾਫਰਿ ਮੁਲਹਦਿ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥ ੨੦॥
ਪਦ-ਅਰਥ- ਬਹੁਵਾਟੀ-ਬਹੁਤੇ ਰਸਤੇ। ਠਉੜੀ-ਥਾਂ। ਬਿਥਾਰਾ-ਖਲਾਰਾ। ਦਾਰਾ- ਇਸਤਰੀ।
ਵਿਆਖਿਆ- ਜਦੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੇ ਚਾਰ ਯਾਰ ਅਥਵਾ ਚਾਰ ਖਲੀਫੇ (ਅਲੀ, ਅਬੂ ਬਕਰ, ਉਮਰ ਅਤੇ ਉਸਮਾਨ) ਪੈਦਾ ਹੋਏ ਤਾਂ ਇਨ੍ਹਾਂ ਕਰਕੇ ਜਗਤ 'ਤੇ ਬਹੁਤ ਰਾਹ ਅਤਵਾ ਬਹੁਤ ਫ਼ਿਰਕੇ ਪੈਦਾ ਹੋ ਗਏ। ਆਪਣੇ ਮੁਸਲਮਾਨ ਕੌਮ ਵਿਚ ਬਹੱਤਰ ਫ਼ਿਰਕੇ ਬਣਾ ਕੇ ਬਹੁਤ ਤਰ੍ਹਾਂ ਦਾ ਵੈਰ ਵਿਰੋਧ ਪਸਾਰਿਆ। ਰੋਜ਼ੇ, ਈਦ ਅਤੇ ਪੰਜ ਨਿਮਾਜ਼ਾਂ (ਜਫਰ ਦੀ ਨਿਮਾਜ, ਜੁਹਤ ਦੀ ਨਿਮਾਜ਼, ਅਸਰ ਦੀ ਨਿਮਾਜ਼, ਮਗਰਬੀ ਨਿਮਾਜ਼ ਤੇ ਇਸ਼ਾ ਦੀ ਨਿਮਾਜ਼) ਦੀਆਂ ਬੰਦਸ਼ਾਂ ਉਸਾਰ ਕੇ ਲੋਕਾਂ ਨੂੰ ਇਨ੍ਹਾਂ ਕਰਮਾਂ ਵਿਚ · ਬੰਨ੍ਹ ਦਿੱਤਾ। ਇਸੇ ਤਰ੍ਹਾਂ ਪੀਰ, ਪੈਗੰਬਰ, (ਪੈਗਾਮ-ਸੁਨੇਹਾ ਲਿਆਉਣ ਵਾਲਾ) ਔਲੀਏ, ਗੌਂਸ ਅਤੇ ਕੁਤਬ ਆਦਿ ਪੈਦਾ ਕਰਕੇ ਹੋਰ ਭੇਖ ਪਸਾਰ ਦਿੱਤਾ ਗਿਆ। ਇਨ੍ਹਾਂ ਮਜ਼੍ਹਬੀ ਠੇਕੇਦਾਰਾਂ ਨੇ ਹਿੰਦੂਆਂ ਦੇ ਮੰਦਰਾਂ ਨੂੰ ਢਾਹ ਕੇ ਉਨ੍ਹਾਂ ਦੀ ਥਾਂ ਮਸੀਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਗਊ ਗਰੀਬਾਂ ਭਾਵ ਨਿਤਾਣਿਆਂ ਦੀਆਂ ਹੱਤਿਆਵਾਂ ਕਰਨ ਲੱਗ ਪਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਫਰ, ਮੁਲਹਦ, ਇਰਮਨੀ (ਆਰਮੀਨੀ), ਰੂਮੀ, ਜੰਗੀ ਆਦਿਕ ਦੀ ਇਸਤਰੀ ਤੋਂ ਦੁਸ਼ਮਣੀ ਪੈ ਗਈ। ਇਸ ਪ੍ਰਕਾਰ ਸਾਰੇ ਪਾਸੇ ਆਪ ਦਾ ਵਰਤਾਰਾ ਪਸਰ ਗਿਆ।
ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੈ॥
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿੰਙਾਣੈ॥
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੈ॥
ਸੁੰਨਤਿ ਮੁਸਲਮਾਣ ਦੀ ਤਿਲਕ ਜੰਝੂ ਹਿੰਦੂ ਲੋਭਾਣੈ॥
ਰਾਮ ਰਹੀਮ ਕਹਾਇਦੇ ਇੱਕ ਨਾਮੁ ਦੁਇ ਰਾਹ ਭੁਲਾਣੈ॥
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ॥
ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਮ੍ਹਣਿ ਮਉਲਾਣੇ॥
ਸਿਰੋ ਨ ਮਿਟੇ ਆਵਣਿ ਜਾਣੇ॥ ੨੧॥
ਪਦ-ਅਰਥ- ਤਕਬਰੀ-ਹੰਕਾਰ। ਬਖੀਲਿ-ਚੁਗਲੀ। ਲੋਭਾਣੇ-ਫਸ ਗਏ। ਚਾਰਿ ਮਜ਼੍ਹਬਾਂ-ਸ਼ੀਆ, ਸੁੰਨੀ, ਰਾਫਜ਼ੀ, ਇਮਾਮਸਾਫ਼ੀ।
ਵਿਆਖਿਆ- ਭਾਈ ਸਾਹਿਬ ਮੁਤਾਬਿਕ ਸੰਸਾਰ ਵਿਚ ਹਿੰਦੂਆਂ ਨੇ ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼ ਤੇ ਸੂਦਰ) ਅਤੇ ਮੁਸਲਮਾਨਾਂ ਨੇ ਚਾਰ ਮਜ਼ਬ (ਸ਼ੀਆ, ਸੁੰਨੀ, ਰਾਫਜ਼ੀ ਅਤੇ ਇਮਾਮਸਾਫੀ) ਬਣਾ ਲਏ। ਇਹ ਸਾਰੇ ਹੀ ਖੁਦਗਰਜ਼ੀ, ਨਫਰਤ, ਹੰਕਾਰ ਦੇ ਆਸਰੇ ਖਿੱਚਾਖਿੱਚੀ ਅਤੇ ਧੱਕੇਜ਼ੋਰੀ ਕਰਦੇ ਸਨ। ਮੁਕਤੀ ਦੀ ਪ੍ਰਾਪਤੀ ਦਾ ਰਾਹ ਹਿੰਦੂਆਂ ਨੇ ਗੰਗਾ ਅਤੇ ਬਨਾਰਸ (ਕਾਂਸ਼ੀ) ਨੂੰ ਮੰਨਿਆ ਤੇ ਉਧਰ ਮੁਸਲਮਾਨਾਂ ਨੇ ਮੱਕੇ ਦਾ ਹੱਜ ਕਰਨ ਵਿਚ ਹੀ ਨਿਜਾਤ ਪ੍ਰਾਪਤੀ ਸਮਝੀ। ਮੁਸਲਮਾਨਾਂ ਨੇ ਆਪਣੇ ਮਜ਼੍ਹਬ ਦੀ ਪਛਾਣ ਸੁੰਨਤ ਕਰਾਉਣ ਵਿਚ ਬਣਾਈ ਅਤੇ ਓਧਰ ਇਸੇ ਤਰ੍ਹਾਂ ਹੀ ਹਿੰਦੂ ਵੀ ਤਿਲਕ ਜੰਝੂ ਆਦਿ ਵਿਖਾਵਿਆਂ ਵਿਚ ਫਸ ਗਏ। ਹਿੰਦੂ ਰਾਮ-ਰਾਮ ਆਖਦੇ ਸਨ ਤੇ ਮੁਸਲਮਾਨ ਰਹੀਮ। ਬੇਸ਼ੱਕ ਇਹ ਦੋਵੇਂ ਨਾਂ ਇੱਕ ਪਰਮਾਤਮਾ ਦੇ ਸਨ ਪਰ ਭੁਲ ਕੇ ਦੋ ਰਾਹ ਬਣਾ ਲਏ। ਵੇਦਾਂ ਅਤੇ ਕੁਰਾਨ ਦੇ ਉਪਦੇਸ਼ਾਂ ਨੂੰ ਭੁਲ ਕੇ ਸ਼ੈਤਾਨ ਵਾਂਗ ਸੰਸਾਰ ਦੇ ਲਾਲਚ ਵਿਚ ਮੋਹੇ ਗਏ। ਸੱਚ ਨੂੰ ਦਰਕਿਨਾਰ ਕਰਕੇ ਇਹ ਦੋਵੇਂ ਫ਼ਿਰਕੇ ਅਤੇ ਬ੍ਰਾਹਮਣ ਅਤੇ ਮੌਲਵੀ ਆਪਸ ਵਿਚ ਖਹਿ ਖਹਿ ਕੇ ਮਰਨ ਲੱਗੇ। ਇਸ ਤਰ੍ਹਾਂ ਇਨ੍ਹਾਂ ਦੇ ਸਿਰ ਤੋਂ ਆਵਾਗਵਣ ਅਰਥਾਤ ਜੰਮਣ ਮਰਨ ਦਾ ਚੱਕਰ ਨਾ ਗਿਆ।
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ॥
ਆਪੇ ਪਟੀ ਕਲਮਿ ਆਪ ਆਪੇ ਲਿਖਣਹਾਰਾ ਹੋਆ॥
ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ॥
ਵਰਤਿਆ ਪਾਪੁ ਜਗਤਿ ਤੇ ਧਉਲੁ ਉਡੀਣਾ ਨਿਸਿਦਿਨਿ ਰੋਆ॥
ਬਾਝੁ ਦਇਆ ਬਲਹੀਣ ਹੋਉ ਨਿਘਰ ਚਲੋ ਰਸਾਤਲਿ ਟੋਆ॥
ਖੜਾ ਇੱਕਤੇ ਪੈਰ ਤੇ ਪਾਪ ਸੰਗਿ ਬਹੁ ਭਾਰਾ ਹੋਆ।
ਥਮੇ ਕੋਇ ਨ ਸਾਧੁ ਬਿਨੁ ਸਾਧ ਨ ਦਿਸੈ ਜਗਿ ਵਿਚ ਕੋਆ॥
ਧਰਮ ਧਉਲੁ ਪੁਕਾਰੇ ਤਲੈ ਖੜੋਆ॥ ੨੨॥
ਪਦ-ਅਰਥ- ਪੰਚਾਇਣ-ਪੰਚਾਂ ਦਾ ਇੱਕੱਠ। ਉਡੀਣਾ-ਉਦਾਸ। ਨਿਸਦਿਨ- ਰਾਤ ਦਿਨ।
ਵਿਆਖਿਆ- ਭਾਈ ਸਾਹਿਬ ਜੀ ਦਸਦੇ ਹਨ ਕਿ ਚਾਰਾਂ ਯੁੱਗਾਂ ਦੇ ਚਾਰੇ ਰੌਲੇ ਪ੍ਰਗਟ ਹੋਏ। ਹੋ ਸਕਦਾ ਹੈ ਚਾਰੇ ਜਾਗੇ ਦਾ ਇਸ਼ਾਰਾ ਚਾਰ ਵਰਨਾਂ ਅਤੇ ਚਾਰ ਮਜ਼ਹ੍ਬਾਂ ਵੱਲ
ਹੋਵੇ, ਜਿਨ੍ਹਾਂ ਦਾ ਆਪਣੇ ਆਪ ਨੂੰ ਸਰਵੋਤਮ ਦਰਸਾਉਣ ਦਾ ਰੌਲਾ ਪਿਆ ਹੋਇਆ ਸੀ। ਇਸ ਗਿਲਾਨੀ ਭਰੇ ਮਾਹੌਲ ਨੂੰ ਦੂਰ ਕਰਨ ਲਈ ਪੰਜਵਾਂ ਪਰਮਾਤਮਾ ਆਪ ਸਭ ਤੋਂ ਉੱਪਰ ਪੰਚ ਹੋਇਆ। ਫਿਰ ਪ੍ਰਮਾਤਮਾ ਆਪੇ ਹੀ ਪੱਟੀ, ਆਪੇ ਹੀ ਕਲਮ ਤੇ ਆਪੇ ਹੀ ਕਿਰੀ ਬਣਿਆ। ਲੋਕੀਂ (ਦੋਹਾਂ ਧਰਮਾਂ ਦੇ) ਖਹਿ ਖਹਿ ਕੇ ਮਰ ਰਹੇ ਸਨ ਕਿਉਂਕਿ ਗੁਰੂ ਤੋਂ ਬਿਨਾਂ ਹਨੇਰਾ ਸੀ। ਸਾਰੇ ਜਗਤ 'ਤੇ ਪਾਪ ਪੈਰ ਪਸਾਰ ਚੁੱਕਾ ਸੀ ਤੇ ਇਸੇ ਕਰਕੇ ਹੀ ਧਰਮ ਰੂਪੀ ਬਲਦ ਉਦਾਸੀਨ ਹੋ ਕੇ ਦਿਨ-ਰਾਤ ਰੋਣ ਲੱਗਾ। ਦਇਆ ਤੋਂ ਬਿਨਾਂ ਬਲਹੀਣ ਹੋਣ ਕਰਕੇ ਰਸਾਤਲ ਰੂਪ ਵਿਚ ਨਿਘਰ ਗਿਆ। ਉਹ ਇੱਕ ਪੈਰ 'ਤੇ ਖਲੋਤਾ ਸੀ ਤੇ ਪਾਪਾਂ ਦੇ ਭਾਰ ਥੱਲੇ ਦੱਬਿਆ ਦੁਖੀ ਹੋ ਰਿਹਾ ਸੀ। ਸਾਧੂ ਤੋਂ ਬਿਨਾਂ ਉਸ ਨੂੰ ਕੋਈ ਵੀ ਆਸਰਾ ਦੇਣ ਵਾਲਾ ਨਹੀਂ ਸੀ ਪਰ ਸਾਧ ਜਗਤ ਵਿਚ ਕਿਤੇ ਵੀ ਦਿਖਾਈ ਨਹੀਂ ਸੀ ਦਿੰਦਾ। ਇਸ ਪ੍ਰਕਾਰ ਧਰਮ ਰੂਪੀ ਬਲਦ ਧਰਤੀ ਥੱਲੇ ਖਲੋਤਾ ਪੁਕਾਰ ਰਿਹਾ ਸੀ ਕਦੋਂ ਕੋਈ ਅਵਤਾਰੀ ਪੁਰਸ਼ ਆ ਕੇ ਮੇਰੀ ਰੱਖਿਆ ਕਰੇ।
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗਿ ਮਾਹਿ ਪਠਾਇਆ॥
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾ ਪੀਲਾਇਆ॥
ਪਾਰਬ੍ਰਹਮ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇੱਕ ਦਿਖਾਇਆ॥
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇੱਕੁ ਵਰਨੁ ਕਰਾਇਆ॥
ਰਾਣਾ (ਰੰਕੁ) ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ॥
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜਿ ਮੰਤ੍ਰ ਸੁਣਾਇਆ॥
ਕਲਿ ਤਾਰਣਿ ਗੁਰੁ ਨਾਨਕ ਆਇਆ॥੨੩॥
ਪਦ-ਅਰਥ- ਪਠਾਇਆ-ਭੇਜਿਆ। ਰਹਿਰਾਸਿ-ਮਰਿਯਾਦਾ। ਪਿਰੰਮ-ਪ੍ਰੇਮ। ਰੰਕ- ਗਰੀਬ।
ਵਿਆਖਿਆ- ਆਖਰ ਧਰਮ ਰੂਪੀ ਬਲਦ ਦੀ ਪੁਕਾਰ ਪ੍ਰਭੂ ਦੁਆਰਾ ਸੁਣ ਲਈ ਗਈ ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਖ਼ਲਕਤ ਦੇ ਦੁਖ ਹਰਨ ਜਗਤ ਵਿਚ ਭੇਜਿਆ। ਗੁਰੂ ਜੀ ਨੇ ਚਰਨਾਂ ਨੂੰ ਧੋ ਕੇ ਚਰਨਾਮ੍ਰਿਤ (ਚਰਨਾਂ ਦਾ ਧੌਣ) ਸਿੱਖਾਂ ਨੂੰ ਪਿਲਾਇਆ। ਕਲਿਯੁੱਗ ਵਿਚ ਆ ਕੇ ਉਨ੍ਹਾਂ ਨੇ ਜੀਵਾਂ ਨੂੰ ਇਹ ਦੱਸਿਆ ਕਿ ਪਾਰਬ੍ਰਹਮ ਪੂਰਨ ਬ੍ਰਹਮ ਅਥਵਾ ਪਰਮਾਤਮਾ ਇੱਕੋ ਹੀ ਹੈ। ਗੁਰੂ ਜੀ ਨੇ ਧਰਮ ਦੇ ਚਾਰੇ ਪੈਰਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਤੇ ਨਾਲ ਹੀ ਚਾਰੇ ਵਰਣਾਂ ਨੂੰ ਇੱਕ ਕਰ ਦਿੱਤਾ ਅਰਥਾਤ ਊਚ-ਨੀਚ ਦਾ ਭੇਦ ਖਤਮ ਕਰ ਦਿੱਤਾ। ਰਾਜੇ ਅਤੇ ਗਰੀਬ ਨੂੰ ਇੱਕ ਬਰਾਬਰ ਦਰਜਾ ਦਿੱਤਾ ਤੇ ਨਾਲ ਹੀ ਹਰ ਸਿੱਖ ਨੂੰ ਨਿਮਰਤਾ ਧਾਰਨ ਦਾ ਉਪਦੇਸ਼ ਵੀ ਦਿੱਤਾ। ਪ੍ਰੇਮ ਦਾ ਉਲਟਾ ਖੇਲ ਦੇਖੋ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਸਿਰਾਂ ਨੂੰ ਪੈਰਾਂ ਉੱਪਰ ਨਿਵਾ ਦਿੱਤਾ। ਇਸ ਤਰ੍ਹਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਮੰਤਰ ਪੜ੍ਹ ਕੇ ਸੁਣਾ ਦਿੱਤਾ ਜਿਸ ਕਰਕੇ ਕਲਿਯੁਗ ਦੇ ਜੀਵਾਂ ਦਾ ਉਦਾਰ ਹੋਇਆ। ਇਸ ਪ੍ਰਕਾਰ ਪ੍ਰਮਾਤਮਾ ਦੇ ਹੁਕਮ ਅਨੁਸਾਰ ਗੁਰੂ ਨਾਨਕ ਦੇਵ ਜੀ ਇਸ ਜਗਤ ਵਿਚ ਆਏ।
ਪਹਿਲਾ ਬਾਬੇ ਪਾਇਆ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ॥
ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਆ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ ੨੪॥
ਪਦ-ਅਰਥ- ਆਹਾਰੁ-ਖੁਰਾਕ। ਪੈਧਾ-ਵਡਿਆਇਆ ਗਿਆ।
ਵਿਆਖਿਆ- ਪਹਿਲਾਂ ਬਾਬੇ (ਧੰਨ ਗੁਰੂ ਨਾਨਕ ਦੇਵ ਜੀ) ਪਰਮਾਤਮਾ ਦੇ ਦਰ ਘਰ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਤੇ ਫਿਰ ਪਿੱਛੋਂ ਨਾਮ ਸਿਮਰਨ ਰਾਹੀਂ ਘਾਲਣਾ ਘਾਲੀ। ਰੇਤ ਅਤੇ ਅੱਕ ਦਾ ਭੋਜਨ ਕੀਤਾ ਤੇ ਫਿਰ ਰੋੜਾਂ ਦੀ ਸੇਜ 'ਤੇ ਸੁੱਤੇ ਭਾਵ ਨਿਮਰਤਾ ਧਾਰੀ। ਉਨ੍ਹਾਂ ਨੇ ਬੜੀ ਕਠਿਨ ਤਪੱਸਿਆ ਕੀਤੀ ਤੇ ਵੱਡੇ ਭਾਗਾਂ ਨਾਲ ਉਨ੍ਹਾਂ ਦੀ ਅਕਾਲ ਪੁਰਖ ਵਾਹਿਗੁਰੂ ਨਾਲ ਬਣ ਆਈ। ਕਠਿਨ ਤਪੱਸਿਆ ਕਰਨ ਕਰਕੇ ਹੀ ਗੁਰੂ ਨਾਨਕ ਦੇਵ ਜੀ ਸਚਖੰਡ ਪਹੁੰਚੇ ਜਿਥੇ ਉਸ ਨੂੰ ਵਡਿਆਇਆ ਗਿਆ ਤੇ ਨੌ ਨਿਧੀਆਂ (ਖਜ਼ਾਨਾ), ਨਾਮਦਾਨ ਅਤੇ ਗਰੀਬੀ (ਨਿਮਰਤਾ) ਨੂੰ ਪ੍ਰਾਪਤ ਕੀਤਾ। ਫਿਰ ਗੁਰੂ ਜੀ ਨੇ ਦਿੱਬ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਪਾਪਾਂ ਦੀ ਅੱਗ ਵਿਚ ਸੜਦੀ ਨਜ਼ਰ ਆਈ ਕਿਉਂਕਿ ਗੁਰੂ ਤੋਂ ਬਿਨਾਂ ਹਨੇਰਾ ਹੈ ਤੇ ਲੁਕਾਈ ਦੀ ਹਾਹਾਕਾਰ ਗੁਰੂ ਜੀ ਨੇ ਸੁਣੀ। ਤਾਂ ਬਾਬੇ (ਗੁਰੂ ਨਾਨਕ ਦੇਵ ਜੀ) ਨੇ ਆਪਣਾ ਭੇਸ ਬਦਲ ਕੇ ਉਦਾਸੀ ਦੀ ਰੀਤ ਤੋਰੀ ਤਾਂ ਕਿ ਸੰਸਾਰ ਦਾ ਉਧਾਰ ਹੋ ਸਕੇ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ, ਧਰਤੀ ਦੀ ਲੋਕਾਈ ਦੇ ਉਧਾਰ ਲਈ ਚੜ੍ਹ ਪਏ।
ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ॥
ਪੁਰਬਿ ਧਰਮੁ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ ॥
ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦਿ ਸਿਮ੍ਰਿਤ ਪੜਿ ਪੇਖੈ॥
ਚੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤੇਤੇ॥
ਕਲਿਜੁਗਿ ਧੁੰਧੂਕਾਰੁ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੇ ॥
ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ ॥
ਗੁਰਮੁਖਿ ਵਰਨੁ ਅਵਰਨੁ ਹੋਇ ਨਿਵਿ ਚਲਣਾ ਗੁਰਸਿਖਿ ਵਿਸੇਖੈ॥
ਤਾ ਕਿਛੁ ਘਾਲਿ ਪਵੈ ਦਰਿ ਲੇਖੈ॥ ੨੫॥
ਪਦ-ਅਰਥ- ਪੁਰਬ-ਦਿਨ ਦਿਹਾਰ। ਵਿਸੇਖੈ-ਵਿਸ਼ੇਸ਼। ਧੁੰਧੂਕਾਰ-ਹਨੇਰਾ।
ਵਿਆਖਿਆ- ਧਰਤੀ ਦੀ ਲੋਕਾਈ ਦੇ ਉਧਾਰ ਲਈ ਗੁਰੂ ਨਾਨਕ ਦੇਵ ਜੀ ਪਹਿਲਾਂ ਹਿੰਦੂਆਂ ਦੇ ਤੀਰਥ ਸਥਾਨਾਂ 'ਤੇ ਆਏ ਤੇ ਇਨ੍ਹਾਂ ਤੀਰਥਾਂ 'ਤੇ ਮਨਾਏ ਜਾਣ
ਵਾਲੇ ਪੁਰਬ (ਜੋ ਕਰਮ ਕਾਂਡਾਂ ਦੇ ਆਧਾਰਤ ਸਨ) ਫਿਰ ਤੁਰ ਕੇ ਵੇਖੋ। ਇਨ੍ਹਾਂ ਤੀਰਥਾਂ ਤੇ ਗੁਰੂ ਜੀ ਨੇ ਕੀ ਦੇਖਿਆ ਕਿ ਲੋਕੀਂ ਪਿਛਲੇ ਜੁੱਗਾਂ ਦੇ ਚਲੇ ਆ ਰਹੇ ਪ੍ਰਚੱਲਿਤ ਕਰਮ ਧਰਮ ਹੀ ਕਰ ਰਹੇ ਸਨ ਪਰ ਉਹ ਕਰਮ ਧਰਮ ਪ੍ਰੇਮਾ ਭਗਤੀ ਤੋਂ ਬਿਨਾ ਕਿਸੇ ਲੇਖੇ ਨਹੀਂ ਸਨ ਲੱਗ ਸਕਦੇ। ਲੋਕ ਚਾਰੇ ਵੇਦਾਂ ਅਤੇ ਸਿਮਰਤੀਆਂ ਪੜ੍ਹ ਚੁੱਕੇ ਸਨ ਪਰ ਕਿਤੇ ਵੀ ਬ੍ਰਹਮਾ ਨੇ ਇਨ੍ਹਾਂ ਦੇ ਭਾਗੀ ਪ੍ਰੇਮ ਨਹੀਂ ਸੀ ਲਿਖਿਆ। ਗੁਰੂ ਜੀ ਨੇ ਸਾਰੀ ਪ੍ਰਿਥਵੀ ਨੂੰ ਅੰਤਰ ਧਿਆਨ ਹੋ ਕੇ ਤੱਕਿਆ ਅਤੇ ਸਤਿਯੁੱਗ, ਤਰੇਤਾ, ਦੁਆਪਰ ਆਦਿ ਵੱਲ ਵੀ ਧਿਆਨ ਮਾਰਿਆ। ਕਲਿਯੁਗ ਵੀ ਤੱਕਿਆ ਕਿ ਇਥੇ ਤਾਂ ਭਰਮਾਂ ਕਰਮਾਂ ਦਾ ਹਨੇਰਾ ਪਸਰਿਆ ਪਿਆ ਹੈ ਤੇ ਖਲਕਤ ਬਹੁ ਭਾਂਤੀ ਭਰਮ ਭੁਲੇਖਿਆਂ ਵਿਚ ਗ੍ਰਸੇ ਪਏ ਹਨ। ਭੇਖ ਦੁਆਰਾ ਜਾਂ ਭੇਖਧਾਰੀਆਂ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਵਿਅਕਤੀ ਆਪਣੇ ਅੰਦਰੋਂ ਹਉਮੈ ਮਾਰ ਲਵੋ ਤਾਂ ਫਿਰ ਉਸ ਨੂੰ ਕਿਸੇ ਭੇਖ-ਰੂਪ ਦੀ ਜ਼ਰੂਰਤ ਨਹੀਂ ਰਹਿੰਦੀ। ਗੁਰਮੁਖ ਵਾਸਤੇ ਵਰਣ ਅਵਰਣ ਕੋਈ ਅਰਥ ਨਹੀਂ ਰੱਖਦੇ ਉਹ ਤਾਂ ਜਾਤੀ ਵਿਖਰੇਵਿਆਂ ਤੋਂ ਉੱਪਰ ਹੁੰਦੇ ਹਨ। ਗੁਰਮੁਖ ਤਾਂ ਜਾਤ-ਪਾਤ ਤੋਂ ਨਿਰਲੇਪ ਹੋ ਮਨ ਨੂੰ ਨਿਵਾ ਕੇ ਚੱਲਦੇ ਹਨ। ਨਿਮਰਤਾ ਧਾਰਨ ਕਰਨ ਕਰਕੇ ਹੀ ਪਰਮਾਤਮਾ ਦੀ ਦਰਗਾਹ ਘਾਲ ਕਮਾਈ ਲੇਖੇ ਵਿਚ ਪੈ ਜਾਂਦੀ ਹੈ। ਇੰਜ ਨਿਮਰਤ ਧਾਰਨ ਕਰਕੇ ਪਰਮਾਤਮਾ ਦੇ ਘਰ ਤੋਂ ਜ਼ਰੂਰ ਪ੍ਰਾਪਤ ਹੋ ਜਾਂਦੀ ਹੈ।
ਜਤੀ ਸਤੀ ਚਿਰੁਜੀਵਣੇ ਸਾਧਿਕ ਸਿਧ ਨਾਥ ਗੁਰੁ ਚੇਲੇ॥
ਦੇਵੀ ਦੇਵ ਰਿਖੀਸੁਰਾਂ ਭੈਰਉ ਖੇਤ੍ਰਪਾਲਿ ਬਹੁ ਮੇਲੇ॥
ਗਣ ਗੰਧਰਬ ਅਪਸਰਾਂ ਕਿੰਨਰ ਜਖ ਚਲਿਤਿ ਬਹੁ ਖੇਲੇ ॥
ਰਾਕਸਿ ਦਾਨੋ ਦੈਂਤ ਲਖ ਅੰਦਰਿ ਦੂਜਾ ਭਾਉ ਦੁਹੇਲੇ॥
ਹਉਮੈ ਅੰਦਰਿ ਸਭਿ ਕੋ ਡੁਬੇ ਗੁਰੂ ਸਣੇ ਬਹੁ ਚੇਲੇ॥
ਗੁਰਮੁਖਿ ਕੋਇ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ॥
ਡਿਠੇ ਹਿੰਦੂ ਤੁਰਕਿ ਸਭਿ, ਪੀਰ ਪੈਕੰਬਰ ਕਉਮਿ ਕਤੇਲੇ॥
ਅੰਧੀ ਅੰਧੇ ਖੂਹੇ ਠੇਲੇ ॥ २६॥
ਪਦ-ਅਰਥ- ਗਣ-ਸ਼ਿਵ ਜੀ ਦੇ ਚੇਲੇ। ਗੰਦਰਭ-ਦੇਵ ਲੋਕ ਦੇ ਸੰਗੀਤਕਾਰ। ਕਤੇਲੇ-ਕਿਤਨੀਆਂ ਕੌਮਾਂ
ਵਿਆਖਿਆ- ਧੰਨ ਗੁਰੂ ਨਾਨਕ ਦੇਵ ਜੀ ਹਿੰਦੂ ਤੀਰਥਾਂ 'ਤੇ ਜਾ ਕੇ ਕੀ ਦੇਖਦੇ ਹਨ ਕਿ ਜਤੀ, ਸਤੀ, ਚਿਰੰਜੀਵੀ (ਲੰਮੀ ਆਯੂ ਹੰਢਾਉਣੇ), ਸਾਧਿਕ ਅਰਥਾਤ ਸਿੱਧੀਆਂ ਦੀ ਇੱਛਾ ਵਾਲੇ ਹੋ ਕੇ ਸਾਧਨਾ ਕਰਨ ਵਾਲੇ, ਸਿੱਧ, ਨਾਥ, ਗੁਰੂ ਤੇ ਚੇਲੇ, ਦੇਵੀ ਦੇਵਤੇ, ਰਿਸ਼ੀ ਮੁਨੀ, ਭੈਰੋਂ ਅਤੇ ਖੇਤਰਪਾਲ ਆਦਿਕਾਂ ਦਾ ਬਹੁਤ ਵੱਡਾ ਮੇਲਾ ਲੱਗਾ ਹੈ ਤੇ ਉਸ ਮੇਲੇ ਵਿਚ ਉਨ੍ਹਾਂ ਦੀ ਵਡਿਆਈ ਅਤੇ ਪੂਜਾ ਹੋ ਰਹੀ ਹੈ। ਇਸੇ ਤਰ੍ਹਾਂ ਗਣ (ਨੰਦੀ ਗਣ, ਬੀਰ ਭਦਰ ਆਦਿ ਸ਼ਿਵ ਜੀ ਦੇ ਗੁਣ) ਅਰਥਾਤ ਸ਼ਿਵ ਜੀ ਭਗਤ, ਗੰਦਰਭ (ਦੇਵਤਿਆਂ ਦੇ ਗਵੱਈਏ), ਅਪੱਛਰਾਵਾਂ, ਕਿੰਨਰ (ਗੰਦਰਭਾਂ ਦੇ ਸੰਗੀਤ ਨਾਲ ਨਾਚ ਕਰਨ ਵਾਲੇ), ਜਖ (ਚਮੜੇ ਨਾਲ ਮੜ੍ਹੇ ਹੋਏ ਸਾਜਾਂ ਨੂੰ ਵਜਾਉਣ ਵਾਲੇ ਪਖਾਉੜੀ) ਆਦਿ ਚਲਿੱਤੀ ਖੇਲ ਖੇਲਣ ਵਾਲਿਆਂ ਦਾ ਗੁਣ ਗਾਇਨ ਹੋ ਰਿਹਾ ਸੀ। ਇਸ ਤੋਂ ਬਾਅਦ ਗੁਰੂ ਜੀ ਨੇ ਰਾਖਸ਼,
ਦਾਨਵ (ਦਨ ਦੇ ਪੁੱਤਰ), ਦੈਂਤ ਆਦਿ ਲੱਖਾਂ ਹੋਰ ਕਿਸਮ ਦੇ ਪਾਖੰਡੀਆਂ ਨੂੰ ਦੇਖਿਆ ਕਿ ਉਹ ਪ੍ਰਭੂ ਪ੍ਰੇਮ ਦੀ ਬਜਾਏ ਹੋਰ ਕਈ ਕਿਸਮ ਦੇ ਦਵੈਤ ਭਾਵ ਅੰਦਰ ਦੁਖੀ ਹਨ। ਕਈ ਵਿਦਵਾਨ ਇਸ ਦਾ ਮਤਲਬ ਇਹ ਵੀ ਲੈਂਦੇ ਹਨ ਕਿ ਇਨ੍ਹਾਂ ਸਭ ਪ੍ਰਕਾਰ ਦੇ ਜੀਵਾਂ ਦੀ ਮਾਨਤਾ ਵਿਚ ਲੋਕੀਂ ਦੁਖੀ ਸਨ। ਇਹ ਸਾਰੇ ਲੋਕ ਹਊਮੈ ਦਾ ਸ਼ਿਕਾਰ ਹੋਏ ਬੈਠੇ ਸਨ ਤੇ ਚੇਲੇ ਆਪਣੇ ਗੁਰੂਆਂ ਸਮੇਤ ਸੰਸਾਰ ਸਾਗਰ ਵਿਚ ਡੁੱਬੇ ਪਏ ਸਨ। ਧੰਨ ਗੁਰੂ ਨਾਨਕ ਦੇਵ ਜੀ ਨੂੰ ਇਨ੍ਹਾਂ ਤੀਰਥਾਂ 'ਤੇ ਜਾ ਕੇ ਕੋਈ ਵੀ ਗੁਰਮੁਖ ਨਜ਼ਰੀਂ ਨਹੀਂ ਆਇਆ। ਇਸ ਤੋਂ ਉਨ੍ਹਾਂ ਨੇ ਹਿੰਦੂ, ਮੁਸਲਮਾਨ, ਸਭ ਪੀਰ ਪੈਗੰਬਰਾਂ ਤੇ ਅਣਗਿਣਤ ਕੌਮਾਂ ਨੂੰ ਦੇਖਿਆ ਪਰ ਸਭ ਕੁਝ ਅਗਿਆਨਤਾ ਦਾ ਗੁਬਾਰ ਹੀ ਸੀ। ਅੰਨੇ ਧਾਰਮਿਕ ਆਗੂ ਭਾਵ ਗਿਆਨ ਵਿਹੂਣੇ ਅਖੌਤੀ ਗੁਰੂ ਆਪਣੇ ਚੇਲਿਆਂ ਨੂੰ ਅੰਨੇ ਖੂਹ ਵਿਚ ਧੱਕ ਰਹੇ ਸਨ।
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥
ਸਿਧ ਆਸਣਿ ਸਭਿ ਜਗਤਿ ਦੇ, ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ ੨੭॥
ਪਦ-ਅਰਥ- ਪਲੋਆ-ਮਿਟ ਗਿਆ। ਸਿੰਘ-ਸ਼ੇਰ। ਮਿਰਗਾਵਲੀ-ਹਿਰਨਾਂ ਦੀ ਡਾਰ। ਬੁਕੇ-ਗੱਜਣਾ। ਵਿਸੋਆ-ਵਿਸਾਖੀ ਦਾ ਤਿਓਹਾਰ।
ਵਿਆਖਿਆ- ਧੰਨ ਗੁਰੂ ਨਾਨਕ ਦੇਵ ਜੀ ਜਦ ਪ੍ਰਗਟ ਹੋਏ ਤਾਂ ਸਭ ਪਾਸਿਓਂ ਅਵਿੱਦਿਆ ਦੀ ਧੁੰਦ ਅਤੇ ਅਗਿਆਨ ਦਾ ਹਨੇਰਾ ਮਿਟ ਗਿਆ ਤੇ ਫਲਸਰੂਪ ਚਾਨਣ- ਰੂਪੀ ਰੌਸ਼ਨੀ ਹੋ ਗਈ। ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ ਤਾਰੇ ਛੁਪ ਜਾਂਦੇ ਹਨ ਤੇ ਹਨੇਰਾ ਨਸ਼ਟ ਹੋ ਜਾਂਦਾ ਹੈ ਜਾਂ ਜਿਵੇਂ ਸ਼ੇਰ ਦੀ ਗਰਜ ਸੁਣਦਿਆਂ ਹਿਰਨਾਂ ਦੀਆਂ ਡਾਰਾਂ . ਅੱਗੇ ਲੱਗ ਕੇ ਭੱਜ ਨਿਕਲਦੀਆਂ ਹਨ ਤੇ ਉਨ੍ਹਾਂ ਵਿਚੋਂ ਧੀਰਜ ਜਾਂਦਾ ਰਹਿੰਦਾ ਹੈ, ਠੀਕ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਰੂਪੀ ਸ਼ੇਰ ਦੀ ਸਤਿਨਾਮ ਦੀ ਗਰਜ ਸੁਣ ਕੇ ਪਾਪਾਂ ਰੂਪੀ ਹਿਰਨਾਂ ਦੇ ਧੀਰਜ ਟੁਟਣੇ ਸ਼ੁਰੂ ਹੋ ਗਏ। ਜਿਥੇ ਵੀ ਬਾਬਾ ਜੀ ਨੇ ਆਪਣੇ ਚਰਨ ਪਾਏ, ਉਸੇ ਸਥਾਨ 'ਤੇ ਪੂਜਾ ਯੋਗ ਆਸਣ ਦੀ ਥਾਪਣਾ ਸੋਭਾ ਦੇਣ ਲੱਗੀ। ਜਿੰਨੇ ਵੀ ਦੁਨੀਆ 'ਤੇ ਸਿੱਧਾਂ ਦੇ ਆਸਣ ਸਨ, ਉਹ ਸਭ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਏ ਗਏ ਅਰਥਾਤ ਨਾਨਕ ਮਤੇ ਬਣ ਗਏ। ਘਰ-ਘਰ ਵਿਚ ਧਰਮਸ਼ਾਲਾਵਾਂ ਬਣ ਗਈਆਂ ਤੇ ਉਨ੍ਹਾਂ ਵਿਚ ਸ਼ਬਦ ਕੀਰਤਨ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਅੱਜ ਹੀ ਵਿਸਾਖੀ ਲੱਗੀ ਹੋਵੇ ਭਾਵ ਵਿਸਾਖੀ ਵਾਂਗ ਹੀ ਸਿੱਖਾਂ ਦੇ ਘਰ ਖੁਸ਼ੀਆਂ ਪ੍ਰਵੇਸ਼ ਕਰ ਗਈਆਂ। ਇਸ ਪ੍ਰਕਾਰ ਗੁਰੂ ਜੀ ਨੇ ਪ੍ਰਗਟ ਹੋ ਕੇ ਚਾਰੋਂ ਦਿਸ਼ਾਵਾਂ ਅਤੇ ਨੌਂ ਖੰਡ ਪ੍ਰਿਥਵੀ ਦੀ ਲੋਕਾਈ ਨੂੰ ਸੱਚੇ ਨਾਮ ਨਾਲ ਜੋੜ ਕੇ ਪਾਰ ਉਤਾਰਾ ਕਰ ਦਿੱਤਾ। ਇੰਜ ਕਲਿਯੁਗ ਵਿਚ ਗੁਰਮੁਖ ਅਥਵਾ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ।
ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ॥
ਫਿਰਿ ਜਾਇ ਚੜਿਆ ਸੁਮੇਰ ਪਰ ਸਿਧਿ ਮੰਡਲੀ ਦ੍ਰਿਸਟੀ ਆਈ॥
ਚਉਰਾਸੀਹ ਸਿਧ ਗੋਰਖਾਦਿ ਮਨਿ ਅੰਦਰਿ ਗਣਤੀ ਵਰਤਾਈ॥
ਸਿਧਿ ਪੁਛਣਿ ਸੁਣਿ ਬਾਲਿਆ ਕਾਉਣੁ ਸਕਤਿ ਤੁਹਿ ਏਥੇ ਲਿਆਈ॥
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ॥
ਆਖਣਿ ਸਿਧਿ ਸੁਣਿ ਬਾਲਿਆ ! ਅਪਣਾ ਨਾਉ ਤੁਮ ਦੇਹੁ ਬਤਾਈ॥
ਬਾਬਾ ਆਖੇ ਨਾਥ ਜੀ! ਨਾਨਕ ਨਾਮ ਜਪੇ ਗਤਿ ਪਾਈ॥
ਨੀਚੁ ਕਹਾਇ ਊਚ ਘਰਿ ਆਈ॥ ੨੮॥
ਪਦ-ਅਰਥ- ਬਾਲਿਆ-ਹੇ ਬਾਲਕ।
ਵਿਆਖਿਆ- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਿਥਵੀ ਦੇ ਨੌਂ ਖੰਡ ਜਿਥੇ ਤਕ ਸਨ, ਸਾਰੇ ਤਕੇ। ਉਸ ਉਪਰੰਤ ਉਹ ਸੁਮੇਰ ਪਰਬਤ 'ਤੇ ਜਾ ਚੜ੍ਹੇ ਜਿਥੇ ਉਨ੍ਹਾਂ ਨੂੰ ਇੱਕ ਸਿੱਧਾਂ ਦੀ ਮੰਡਲੀ ਨਜ਼ਰ ਪਈ। ਗੁਰੂ ਜੀ ਨੂੰ ਗੋਰਖ ਆਦਿ ਚੌਰਾਸੀ ਸਿੱਧਾ ਨੇ ਦੇਖ ਕੇ ਮਨ ਅੰਦਰ ਵਿਚਾਰ ਪਾਈ ਕਿ ਇਹ ਕਿਸ ਤਰ੍ਹਾਂ ਇਥੇ ਆ ਗਿਆ ਹੈ। ਇਸ ਲਈ ਸੋਚਾਂ ਵਿਚ ਪਏ ਸਿੱਧ ਪੁੱਛਣ ਲੱਗੇ ਕਿ ਹੇ ਬਾਲਕ। ਸੁਣ ਤੈਨੂੰ ਕਿਹੜੀ ਸ਼ਕਤੀ ਇਥੇ ਲੈ ਆਈ ਹੈ। ਗੁਰੂ ਜੀ ਨੇ ਉੱਤਰ ਦਿੱਤਾ ਕਿ ਮੈਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ ਤੇ ਨਾਲ ਪ੍ਰੇਮਾ ਭਗਤੀ ਵਿਚ ਬਿਰਤੀ ਲਗਾਈ ਹੈ। ਫਿਰ ਸਿੱਧਾਂ ਨੇ ਪੁੱਛਿਆ-ਹੇ ਬਾਲਕਾ ਤੂੰ ਆਪਣਾ ਨਾਂ ਦਸ। ਗੁਰੂ ਜੀ ਨੇ ਜਵਾਬ ਦਿੱਤਾ ਕਿ ਹੇ ਨਾਥ ਜੀ! ਮੇਰਾ ਨਾਂ ਨਾਨਕ ਹੈ ਤੇ ਮੈਂ ਪਰਮਾਤਮਾ ਦਾ ਨਾਂ ਜਪ ਕੇ ਇਹ ਤਾਕਤ ਪਾਈ ਹੈ ਕਿ ਤੁਹਾਡੇ ਪਾਸ ਆ ਪਹੁੰਚਿਆ ਹਾਂ। ਨਾਮ ਕਰਕੇ ਹੀ ਗਤੀ ਪ੍ਰਾਪਤ ਕੀਤੀ ਹੈ। ਅਖੀਰ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਨੀਚ ਅਥਵਾ ਨਿਮਰਤਾ ਕਰਕੇ ਹੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ।
ਫਿਰਿ ਪੁਛਣਿ ਸਿਧ ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ॥
ਸਭ ਸਿਪੀ ਇਹ ਬੁਝਿਆ ਕਲਿ ਤਾਰਣਿ ਨਾਨਕ ਅਵਤਾਰਾ
ਬਾਬੇ ਆਖਿਆ ਨਾਥ ਜੀ ! ਸਚੁ ਚੰਦ੍ਰਮਾਂ ਕੂੜੁ ਅੰਧਾਰਾ॥
ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜਿਆ ਸੰਸਾਰਾ॥
ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠ ਪੁਕਾਰਾ॥
ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ॥
ਜੋਗੀ ਗਿਆਨ ਵਿਹੂਣਿਆ ਨਿਸਿਦਿਨਿ ਅੰਗਿ ਲਗਾਇਨਿ ਛਾਰਾ॥
ਬਾਝੁ ਗੁਰੂ ਡੁਬਾ ਜਗੁ ਸਾਰਾ॥ ੨੯॥
ਵਿਆਖਿਆ- ਸਿੱਧਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਹੇ ਨਾਨਕ! ਮਾਤ ਲੋਕ ਵਿਚ ਕਿਹੋ ਜਿਹੇ ਹਾਲਾਤ ਹਨ ਅਰਥਾਤ ਲੋਕਾਂ ਦਾ ਵਰਤਾਰਾ ਕਿਹੋ ਜਿਹਾ ਹੈ। ਅਸਲ ਵਿਚ ਸਿੱਧਾਂ ਨੂੰ ਪਤਾ ਲੱਗ ਚੁਕਿਆ ਸੀ ਕਿ ਇਹੋ ਨਾਨਕ ਪੁਰਸ਼ ਹਨ ਜੋ ਕਲਿਯੁਗ ਦੇ ਤਾਰਨ ਲਈ ਨਾਨਕ ਅਵਤਾਰ ਬਣ ਕੇ ਆਏ ਹਨ। ਗੁਰੂ ਜੀ ਨੇ
ਕਿਹਾ ਕਿ ਹੇ ਨਾਥ ਜੀ! ਮਾਤ ਲੋਕ ਵਿਚ ਸੱਚ ਰੂਪ ਚੰਦਰਮਾ ਨੂੰ ਕੂੜ ਦੀ ਅਮਾਵਸ ਨੇ ਗੁੱਸ ਲਿਆ ਹੈ। ਮੈਂ ਸੰਸਾਰ ਵਿਚ ਸੱਚ ਨੂੰ ਭਾਲਣ ਵਾਸਤੇ ਫਿਰ ਰਿਹਾ ਹਾਂ। ਪ੍ਰਿਥਵੀ ਨੂੰ ਪਾਪਾਂ ਨੇ ਨਿਗਲ ਲਿਆ ਅਤੇ ਧਰਮ ਰੂਪੀ ਬਲਦ ਪ੍ਰਿਥਵੀ ਦੇ ਥੱਲੇ ਖਲੋਤਾ ਪੁਕਾਰ ਰਿਹਾ ਹੈ। ਸਿੱਧ ਪਹਾੜਾਂ ਵਿਚ ਛੁਪ ਕੇ ਬੈਠ ਗਏ ਹਨ, ਫਿਰ ਜਗਤ ਦਾ ਉਧਾਰ ਕੌਣ ਕਰੇਗਾ? ਗਿਆਨ-ਵਿਹੂਣੇ ਜੋਗੀ ਦਿਨ-ਰਾਤ ਸਰੀਰ 'ਤੇ ਸਵਾਹ ਮਲ ਛੱਡਦੇ ਹਨ। ਸੋ ਇਸ ਵਰਤਾਰੇ ਕਰਕੇ ਸਾਰਾ ਜਗਤ ਗੁਰੂ ਤੋਂ ਬਿਨਾਂ ਪਾਪਾਂ, ਅਗਿਆਨਤਾ, ਭਰਮਾਂ ਦੇ ਸਾਗਰ ਵਿਚ ਡੁਬ ਰਿਹਾ ਹੈ।
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਅਲਾਈ॥
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ॥
ਸੇਵਕ ਬੈਠਨਿ ਘਰਾਂ ਵਿਚਿ ਗੁਰ ਉਠਿ ਘਰੀਂ ਤਿਨਾੜੇ ਜਾਈ॥
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕ ਗਵਾਈ॥
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ॥
ਵਰਤਿਆ ਪਾਪ ਸਭਸ ਜਗਿ ਮਾਂਹੀ॥ ੩੦॥
ਵਿਆਖਿਆ- ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਹੋਰ ਸਪੱਸ਼ਟ ਕਰਦੇ ਹਨ-ਹੇ ਗੁਸਾਈਂ। ਕਲਿਯੁਗ ਦੇ ਲੋਕਾਂ ਦੀ ਬਿਰਤੀ ਕੁੱਤੇ ਮੂੰਹ ਵਾਲੀ ਲੱਭਣ ਹੋ ਗਈ ਹੈ ਤੇ ਲੋਕ ਪਰਾਇਆ ਹੱਕ ਖਾ ਰਹੇ ਹਨ ਭਾਵੇਂ 'ਮੁਰਦਾਰ' ਹੀ ਕਿਉਂ ਨਾ ਹੋਵੇ। ਵਕਤ ਦੇ ਰਾਜੇ ਪਾਪ ਕਰ ਰਹੇ ਹਨ ਤੇ ਇੰਝ ਲੱਗਦਾ ਹੈ ਜਿਵੇਂ ਵਾੜ ਜੋ ਖੇਤ ਰਖਵਾਲੀ ਲਈ ਹੁੰਦੀ ਹੈ, ਖੁਦ ਹੀ ਖੇਤ ਨੂੰ ਖਾ ਰਹੀ ਹੈ। ਕਹਿਣ ਦਾ ਭਾਵ ਹੈ ਰਾਜੇ ਦਾ ਕੰਮ ਪਰਜਾ ਦੀ ਰਾਖੀ ਕਰਨਾ ਹੁੰਦਾ ਹੈ ਪਰ ਉਹ ਤਾਂ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਪਰਜਾ ਗਿਆਨ ਤੋਂ ਬਿਨਾਂ ਅੰਨੀ ਹੈ ਤੇ ਉਹ ਝੂਨ ਤੇ ਝੂਠ ਬੋਲੀ ਜਾ ਰਹੀ ਹੈ। ਗੁਰੂ ਜੀ ਆਪਣਾ ਵਖਿਆਨ ਜਾਰੀ ਰੱਖਦੇ ਹੋਏ ਸਿੱਧਾਂ ਨੂੰ ਆਖਦੇ ਹਨ ਕਿ ਹੇ ਭਾਈ! ਚੇਲੇ ਤੇ ਗੁਰੂ ਵਿਚ ਰਿਸ਼ਤੇ ਵਿਚ ਵੀ ਨਿਘਾਰ ਆ ਗਿਆ ਹੈ। ਚੇਲੇ ਸਾਜ ਵਜਾਉਂਦੇ ਹਨ ਤੇ ਗੁਰੂ ਕਈ ਤਰ੍ਹਾਂ ਦੀਆਂ ਮੁਦਰਾਵਾਂ ਵਿਚ ਨਾਚ ਨਚਦੇ ਹਨ। ਉਲਟਾ ਖੇਲ ਦੇਖੋ ਕਿ ਚੇਲੇ ਤਾਂ ਘਰਾਂ ਵਿਚ ਬੈਠ ਕੇ ਆਰਾਮ ਫਰਮਾ ਰਹੇ ਹਨ ਤੇ ਗੁਰੂ ਜੀ ਉੱਠ ਕੇ ਉਨ੍ਹਾਂ ਦੇ ਘਰ ਜਾ ਕੇ ਭੇਟ ਲੈਂਦੇ ਹਨ। ਕਾਜ਼ੀ ਭ੍ਰਿਸ਼ਟ ਹੋ ਗਏ। ਹਨ ਤੇ ਉਹ ਰਿਸ਼ਵਤ ਲੈ ਕੇ ਭ੍ਰਿਸ਼ਟ ਵਿਅਕਤੀ ਦੇ ਹੱਕ ਵਿਚ ਫਤਵਾ ਦੇ ਰਹੇ ਹਨ। ਇਸਤਰੀ ਪੁਰਖ ਦਾ ਪਿਆਰ ਪੈਸੇ ਦੀ ਨੀਂਹ 'ਤੇ ਖੜਾ ਹੋ ਗਿਆ ਹੈ। ਮਾਇਆ ਤੋਂ ਬਿਨਾਂ ਭਾਵੇਂ ਉਹ ਕਿਤੇ ਵੀ ਆਵੇ ਜਾਵੇ। ਇਸ ਪ੍ਰਕਾਰ ਸਾਰੇ ਜਗਤ 'ਤੇ ਪਾਪ ਹੀ ਪਾਪ ਵਰਤਿਆ ਪਿਆ ਹੈ।
ਸਿਧੀ ਮਨੋ ਬੀਚਾਰਿਆ ਕਿਵੇ ਦਰਸ਼ਨ ਏਹ ਲੇਵੈ ਬਾਲਾ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ ॥
ਖਪਰੁ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ॥
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ॥
ਫਿਰਿ ਆਇਆ ਗੁਰ ਨਾਥ ਜੀ ਪਾਣੀ ਠਉੜ ਨਾਹੀ ਉਸ ਤਾਲਾ॥
ਸਬਦਿ ਜਿਤੀ ਸਿਧੀ ਮੰਡਲੀ ਕੀਤਸੁ ਆਪਣਾ ਪੰਥੁ ਨਿਰਾਲਾ॥
ਕਲਿਜੁਗਿ ਨਾਨਕ ਨਾਮੁ ਸੁਖਾਲਾ॥ ੩੧॥
ਵਿਆਖਿਆ- ਗੁਰੂ ਜੀ ਦੀ ਵਡਿਆਈ ਭਾਂਪ ਕੇ ਸਿੱਧਾਂ ਨੇ ਮਨ ਵਿਚ ਵਿਚਾਰ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕ (ਗੁਰੂ ਨਾਨਕ ਦੇਵ ਜੀ) ਸਾਡੇ ਭੇਖ ਨੂੰ ਧਾਰ ਲਵੇ ਅਰਥਾਤ ਜੋਗ ਦਰਸ਼ਨ ਅਪਨਾ ਲਵੇ ਕਿਉਂਕਿ ਇਸ ਤਰ੍ਹਾਂ ਦਾ ਜੋਗੀ ਕਲਿਯੁੱਗ ਵਿਚ ਸਾਡੇ ਪੰਥ (ਭੇਖ) ਨੂੰ ਰੌਸ਼ਨ ਕਰ ਸਕਦਾ ਹੈ। ਇਸ ਵਿਚਾਰ ਅਧੀਨ ਗੋਰਖ ਨਾਥ ਨੇ ਗੁਰੂ ਜੀ ਨੂੰ ਇੱਕ ਖੱਪਰ ਦਿੱਤਾ ਤੇ ਕਿਹਾ ਕਿ ਪਾਣੀ ਨਾਲ ਭਰਿਆ ਖੱਪਰ ਲੈ ਕੇ ਆਵੇ ਗੁਰੂ ਜੀ ਜਦ ਸਰੋਵਰ 'ਤੇ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਸਰੋਵਰ ਤਾਂ ਕੀਮਤੀ ਰਤਨ, ਜਵਾਹਰ ਅਤੇ ਲਾਲਾਂ ਨਾਲ ਭਰਿਆ ਪਿਆ ਹੈ। ਸਤਿਗੁਰੂ ਨਾਨਕ ਦੇਵ ਜੀ ਅਗਮ ਤੇ ਅਗਾਧ ਪੁਰਖ ਸਨ, ਕਿਹੜਾ ਉਨ੍ਹਾਂ ਦੀ ਝਾਲ ਝੱਲੇ। ਆਪ ਜੀ ਨੇ ਸਰੋਵਰ ਦਾ ਪਾਣੀ ਸੁਕਾ ਦਿੱਤਾ ਤੇ ਗੋਰਖ ਨਾਥ ਨਾਥ ਪਾਸ ਆ ਕੇ ਕਿਹਾ ਕਿ ਹੇ ਨਾਥ! ਉਸ ਸਰੋਵਰ ਵਿਚ ਪਾਣੀ ਨਹੀਂ ਹੈ। ਇਹ ਦੇਖ ਕੇ ਗੋਰਖਾਦਿਕਾਂ ਹੈਰਾਨ ਹੋਏ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਪਰ ਗੁਰੂ ਜੀ ਨੇ ਸ਼ਬਦ ਸ਼ਕਤੀ ਨਾਲ ਸਾਰੀ ਸਿੱਧ ਮੰਡਲੀ ਜਿੱਤ ਕੇ ਆਪਣੇ ਪੰਥ (ਸਿੱਖ ਪੰਥ) ਨੂੰ ਸਿੱਧ ਕਰ ਦਿੱਤਾ। ਇਸ ਪ੍ਰਕਾਰ ਗੁਰੂ ਜੀ ਨੇ ਉਨ੍ਹਾਂ ਨੂੰ ਸ਼ਬਦ ਸ਼ਕਤੀ ਦੁਆਰਾ ਚਿੱਤ ਕਰਦੇ ਹੋਏ ਕਿਹਾ ਕਿ ਹੇ ਨਾਥ ਜੀ। ਕਲਿਯੁਗ ਵਿਚ ਯੋਗ ਦਰਸ਼ਨ ਨਾਲੋਂ ਨਾਮ ਹੀ ਸੁੱਖਾਂ ਦਾ ਘਰ ਹੈ।
ਬਾਬਾ ਫਿਰ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਿਵਾਰੀ॥
ਆਸਾ ਹਥਿ ਕਿਤਾਬ ਕਛਿ ਕੂਜਾ ਬਾਗ ਮੁਸਲਾ ਧਾਰੀ॥
ਬੈਠਾ ਜਾਇ ਮਸੀਤ ਵਿਚਿ ਜਿਥੇ ਹਾਜੀ ਹਜਿ ਗੁਜਾਰੀ॥
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ॥
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰੁ ਕੁਫਾਰੀ॥
ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ॥
ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨੁ ਕਰੇਨਿ ਜੁਹਾਰੀ॥ ੩੨॥
ਪਦ-ਅਰਥ- ਬਨਿਵਾਰੀ-ਪਰਮਾਤਮਾ। ਆਸਾ-ਸੋਟਾ। ਬਜਿਗਰੀ-ਢੀਠ। ਜੁਹਾਰੀ- ਨਮਸਕਾਰ।
ਵਿਆਖਿਆ- ਸਿੱਧ ਮੰਡਲੀ ਨੂੰ ਚਿੱਤ ਕਰਕੇ ਧੰਨ ਗੁਰੂ ਨਾਨਕ ਦੇਵ ਜੀ (ਸੰਸਾਰ ਬਨ ਦੇ ਮਾਲਕ) ਲੋਕਾਈ ਸੋਧਣ ਲਈ ਨੀਲੇ ਕੱਪੜੇ ਪਾ ਕੇ ਮੱਕੇ ਨੂੰ ਚਲੇ ਗਏ। ਉਸ ਸਮੇਂ ਉਨ੍ਹਾਂ ਦੇ ਹੱਥ ਵਿਚ ਸੋਟਾ, ਕੱਛ ਵਿਚ ਕਿਤਾਬ, ਲੋਟਾ ਤੇ ਨਾਲ ਹੀ ਬਾਂਗ ਦੇਣ ਲਈ ਚਟਾਈ ਅਥਵਾ ਆਸਣ ਸੀ। ਉਥੇ ਜਾ ਕੇ ਆਪ ਮਸੀਤ ਵਿਚ ਜਾ ਬਿਰਾਜੇ ਜਿਥੇ ਹਾਜ਼ੀ
ਹੱਜ ਕਰਦੇ ਸਨ। ਰਾਤ ਪਈ ਤਾਂ ਗੁਰੂ ਨਾਨਕ ਦੇਵ ਜੀ ਮਹਿਰਾਬ ਵੱਲ ਅਥਵਾ ਕਾਅਬੇ ਵੱਲ ਪੈਰ ਪਸਾਰ ਕੇ ਸੋਂ ਗਏ। ਕੁਝ ਚਿਰ ਬਾਅਦ ਜੀਵਣ ਨਾਂ ਦੇ ਇੱਕ ਕੱਟੜਪੰਥੀ ਨੇ ਗੁਰੂ ਜੀ ਨੂੰ ਲੱਤ ਮਾਰੀ ਤੇ ਨਾਲ ਪੁਛਿਆ ਕਿ ਕਿਹੜਾ ਕਾਫਰ ਇਸ ਤਰ੍ਹਾਂ ਸੁੱਤਾ ਪਿਆ ਹੈ। ਜੀਵਨ ਫਿਰ ਕਿਹਾ ਕਿ ਖ਼ੁਦਾ ਦੇ ਘਰ ਵੱਲ ਲੱਤਾਂ ਕਰਕੇ ਕਿਉਂ ਢੀਠ ਹੋ ਕੇ ਸੁੱਤਾ ਪਿਆ ਹੈਂ? ਗੁਰੂ ਜੀ ਨੇ ਕਿਹਾ ਕਿ ਜਿਧਰ ਖ਼ੁਦਾ ਦਾ ਘਰ ਨਹੀਂ, ਉਸੇ ਪਾਸੇ ਵੱਲ ਲੱਤਾਂ ਕਰ ਦਿਓ। ਜਿਉਂ ਹੀ ਜੀਵਨ ਨੇਂ ਗੁਰੂ ਜੀ ਨੂੰ ਟੰਗਾਂ ਤੋਂ ਪਕੜ ਕੇ ਘਸੀਟਿਆ, ਤਦ ਨਾਲ ਹੀ ਕਾਅਬਾ ਵੀ ਘੁੰਮ ਗਿਆ ਅਰਥਾਤ ਜਿਧਰ ਲੱਤਾਂ ਗਈਆਂ, ਉਸੇ ਦਿਸ਼ਾ ਵੱਲ ਮੱਕਾ/ ਕਾਅਬਾ ਹੋ ਗਿਆ। ਫਿਰ ਕੀ ਸੀ ਸਾਰੇ ਹੀ ਹੈਰਾਨ ਹੋ ਕੇ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੇ।
ਪੁਛਨਿ ਗਲ ਈਮਾਨ ਦੀ ਕਾਜੀ ਮੁਲਾ ਇੱਕਠੇ ਹੋਈ॥
ਵਡਾ ਸਾਂਗੁ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ॥
ਪੁਛਨਿ ਖੋਲਿ ਕਿਤਾਬ ਨੇ ਹਿੰਦੁ ਵਡਾ ਕਿ ਮੁਸਲਮਾਨੋਈ॥
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ॥
ਕਚਾ ਰੰਗੁ ਕੁਸੰਭ ਦਾ ਪਾਣੀ ਧੋਤੇ ਥਿਰੁ ਨ ਰਹੋਈ॥
ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਇਕਥਾਇ ਖਲੋਈ॥
ਰਾਹਿ ਸੈਤਾਨੀ ਦੁਨੀਆ ਗੋਈ॥ ੩੩॥
ਵਿਆਖਿਆ- ਜਦੋਂ 'ਫਿਰਿਆ ਮਕਾ ਕਲਾ ਦਿਖਾਰੀ' ਅਨੁਸਾਰ ਮੱਕਾ ਘੁੰਮਣ ਦਾ ਕ੍ਰਿਸ਼ਮਾ ਵਾਪਰਿਆ ਤਾਂ ਉਥੋਂ ਦੇ ਪ੍ਰਮੁੱਖ ਕਾਜ਼ੀ ਤੇ ਮੁੱਲਾਂ ਇੱਕੱਠੇ ਹੋ ਕੇ ਧਰਮ ਸੰਬੰਧੀ ਗੁਰੂ ਜੀ ਨਾਲ ਵਿਚਾਰਾਂ ਕਰਨ ਲੱਗੇ। ਗੁਰੂ ਜੀ ਨੇ ਉਨ੍ਹਾਂ ਨੂੰ ਉੱਤਰ ਵਜੋਂ ਕਿਹਾ ਕਿ ਪਰਮਾਤਮਾ ' ਨੇ ਵੱਡਾ ਸਾਂਗ ਰਚਾਇਆ ਹੈ ਤੇ ਉਸ ਦੀ ਕੁਦਰਤ ਨੂੰ ਕੋਈ ਵੀ ਨਹੀਂ ਸਮਝ ਸਕਦਾ। ਫਿਰ ਕਾਜ਼ੀ ਮੁੱਲਾਂ ਆਦਿ ਹਾਜ਼ੀਆਂ ਨੇ ਕਿਹਾ ਕਿ ਤੁਸੀਂ ਆਪਣੀ ਕਿਤਾਬ ਖੋਲ੍ਹ ਕੇ ਦੱਸੋ ਕਿ ਹਿੰਦੂ ਉੱਤਮ ਹੈ ਕਿ ਮੁਸਲਮਾਨ। (ਇਥੇ ਗੱਲ ਨੋਟ ਕਰਨ ਵਾਲੀ ਹੈ ਕਿ ਕਈ ਵਿਦਵਾਨ ਇਸ ਪੰਕਤੀ ਦੀ ਵਿਆਖਿਆ ਇੰਝ ਕਰਦੇ ਹਨ ਕਿ ਮੱਕੇ ਦੇ ਹਾਜੀਆਂ ਨੇ ਕਿਤਾਬ ਨੂੰ ਖੋਲ੍ਹ ਪੁਛਿਆ ਕਿ ਹਿੰਦੂ ਉੱਤਮ ਹੈ ਕਿ ਮੁਸਲਮਾਨ) ਹਾਜ਼ੀਆਂ ਪ੍ਰਸ਼ਨ ਦਾ ਬਾਬੇ ਨੇ ਉੱਤਰ ਦਿੱਤਾ। ਨੇਕ ਅਮਲਾਂ ਬਾਝੋਂ ਦੋਵੇਂ ਹੀ ਖੁਆਰ ਹੋਣਗੇ ਅਥਵਾ ਰੋਣਗੇ। ਚੂੰਕਿ ਕਸੁੰਭੇ ਦਾ ਰੰਗ ਕੱਚਾ ਹੁੰਦਾ ਹੈ ਜਿਹੜੇ ਕਦੇ ਵੀ ਪਾਣੀ ਦੇ ਨਾਲ ਧੌਣ ਕਰਕੇ ਉਤਰ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਦੇ ਮਜ਼੍ਹਬੀ ਰੰਗ ਕਦੇ ਵੀ ਸਥਿਰ ਨਹੀਂ ਰਹਿੰਦੇ। ਹਿੰਦੂ ਮੁਸਲਮਾਨ ਆਪਸ ਵਿਚ ਈਰਖਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਰਾਮ ਅਤੇ ਰਹੀਮ ਇੱਕੋ ਹੀ ਹਨ । ਵਾਸਤਵ ਵਿਚ ਦੁਨੀਆ ਸ਼ੈਤਾਨੀ ਰਾਹ ਪੈ ਕੇ ਖਰਾਬ ਹੋ ਰਹੀ ਹੈ।
ਧਰੀ ਨੀਸਾਣੀ ਕਉਸ ਕੀ ਮਕੇ ਅੰਦਰਿ ਪੂਜ ਕਰਾਈ॥
ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ॥
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ॥
ਛਪੇ ਨਾਹਿ ਛਪਾਇਆ ਚੜ੍ਹਿਆ ਸੂਰਜੁ ਜਗ ਰੁਸਨਾਈ॥
ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ॥
ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ॥
ਉਗਵਣਿ ਤੇ ਆਥਵਣੇ ਨਉਖੰਡ ਪ੍ਰਿਥਮੀ ਸਭਾ ਝੁਕਾਈ॥
ਜਗਿ ਅੰਦਰਿ ਕੁਦਰਤਿ ਵਰਤਾਈ॥ ੩੪॥
ਪਦ-ਅਰਥ- ਕਉਸ-ਖੜਾਂ। ਗੁਆਈ-ਗੁਆ ਕੇ।ਕੁਨਾਲੀ-ਪਰਾਤ।
ਵਿਆਖਿਆ- 'ਰਾਮ ਰਹੀਮ ਇੱਕੁਥਾਇ ਖਲੋਈ' ਤੋਂ ਪ੍ਰਭਾਵਿਤ ਹੋ ਕੇ ਉਥੋਂ ਦੇ ਹਾਜੀਆਂ ਨੇ ਉਨ੍ਹਾਂ ਦੀ ਵਡਿਆਈ ਕੀਤੀ। ਗੁਰੂ ਜੀ ਨੇ ਨਿਸ਼ਾਨੀ ਵਜੋਂ ਖੜਾਂ ਕਾਜ਼ੀ (ਕਹਿੰਦੇ ਹਨ ਕਿ ਇਸ ਕਾਜ਼ੀ ਦਾ ਨਾਂ ਰੁਕਨਦੀਨ ਸੀ) ਨੂੰ ਦਿੱਤੀ ਜਿਸ ਦੀ ਮੱਕੇ ਅੰਦਰ ਪੂਜਾ ਹੋਈ। ਗੁਰੂ ਜੀ ਸੰਸਾਰ ਵਿਚ ਜਿਸ ਜਗ੍ਹਾ ਵੀ ਗਏ, ਉਹ ਜਗ੍ਹਾ ਉਸ ਦੇ ਨਾਂ ਤੋਂ ਖਾਲੀ ਨਾ ਰਹੀ। ਹਿੰਦੂ ਅਤੇ ਮੁਸਲਤਾਨ ਆਪਣੇ ਮਜ਼੍ਹਬੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਘਰ-ਘਰ ਵਿਚ ਬਾਬੇ ਨਾਨਕ ਨੂੰ ਪੂਜਣ ਲੱਗੇ। ਸੂਰਜ ਚੜ੍ਹਣ 'ਤੇ ਜਦੋਂ ਜੱਗ 'ਤੇ ਪ੍ਰਕਾਸ਼ ਹੁੰਦਾ ਹੈ ਤਾਂ ਕੋਈ ਵੀ ਇਸ ਪ੍ਰਕਾਸ਼ ਨੂੰ ਫੜ ਕੇ ਛੁਪਾ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਜੰਗਲ ਬੀਆਬਾਨ ਵਿਚ ਸ਼ੇਰ ਗਰਜਦਾ ਹੈ ਤਾਂ ਹਿਰਨਾਂ ਦੀਆਂ ਡਾਰਾਂ ਅੱਗੇ ਲੱਗ ਕੇ ਭੱਜ ਜਾਂਦੀਆਂ ਹਨ। ਚੜ੍ਹਿਆ ਹੋਇਆ ਚੰਦ ਕਦੇ ਵੀ ਨਹੀਂ ਛੁਪਦਾ। ਜੇਕਰ ਕੋਈ ਉਸ ਨੂੰ ਪਰਾਤ ਲੈ ਕੇ ਉਸ ਦੇ ਪ੍ਰਕਾਸ਼ ਨੂੰ ਛੁਪਾਣਾ ਚਾਹੇ ਤਾਂ ਇਹ ਛੁਪਾਉਣ ਵਾਲੇ ਦੀ ਮੂਰਖਤਾ ਹੋਵੇਗੀ। ਪੂਰਬ ਤੋਂ ਪੱਛਮ ਤਕ ਨੇਂ ਖੰਡ ਪ੍ਰਿਥਵੀ ਅਰਥਾਤ ਸਾਰੀ ਧਰਤੀ ਬਾਬੇ ਨੇ ਆਪਣੇ ਚਰਨਾਂ 'ਤੇ ਝੁਕਾ ਦਿੱਤੀ। ਇਸ ਤਰ੍ਹਾਂ ਸਾਰੇ ਜਗਤ ਵਿਚ ਗੁਰੂ ਜੀ ਨੇ ਆਪਣੀ ਸੁਰਤੀ ਵਰਤਾ ਦਿੱਤੀ।
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ॥
ਇੱਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ॥
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ॥
ਵੇਖੈ ਧਿਆਨੁ ਲਗਾਇ ਕਰਿ ਇੱਕ ਫਕੀਰੁ ਵਡਾ ਮਸਤਾਨਾ॥
ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰ ਕਿਸ ਕਾ ਘਰਿਆਨਾ ॥
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇੱਕੋ ਪਹਿਚਾਨਾ॥
ਧਰਤਿ ਅਕਾਸ ਚਹੂ ਦਿਸਿ ਜਾਨਾ॥ ੩੫॥
ਵਿਆਖਿਆ- ਮੱਕੇ ਤੋਂ ਹੋ ਕੇ ਫਿਰ ਗੁਰੂ ਨਾਨਕ ਦੇਵ ਜੀ ਬਗਦਾਦ ਵੱਲ ਨੂੰ ਤੁਰ ਪਏ ਤੇ ਬਗਦਾਦ ਨਗਰੀ ਤੋਂ ਬਾਹਰ ਹੀ ਡੇਰਾ ਜਾ ਕੀਤਾ। ਇੱਕ ਅਕਾਲ ਸਰੂਪ ਸਤਿਗੁਰੂ ਨਾਨਕ ਦੇਵ ਜੀ ਤੇ ਦੂਜਾ ਸਤਿਗੁਰਾਂ ਦੇ ਨਾਲ ਰਬਾਬੀ ਮਰਦਾਨਾ ਸੀ। ਉਥੇ ਜਾ ਕੇ ਜਦੋਂ ਗੁਰੂ ਜੀ ਨੇ ਭਜਨ ਕਰਕੇ ਸਤਿਨਾਮ ਦੀ ਬਾਂਗ ਦਿੱਤੀ ਜਿਸਦੀ ਆਵਾਜ਼ ਸੁਣ ਕੇ ਸਾਰਾ
ਜਹਾਨ ਅਰਥਾਤ ਬਗਦਾਦ ਵਿਚ ਸੁੰਨਸਾਨ (ਅਫੁਰ ਵਿਚ ਸਮਾਧੀ ਲੱਗ ਗਈ) ਛਾ ਗਈ। ਨਗਰੀ ਵਿਚ ਖਾਮੋਸ਼ੀ ਵਰਤੀ ਹੋਣ ਕਰਕੇ ਪੀਰ ਦਸਤਗੀਰ ਬੜਾ ਹੈਰਾਨ ਹੋਇਆ। ਧਿਆਨ ਲਾ ਕੇ ਅਜ਼ਮਤ ਵੇਖਣ ਲੱਗਾ ਤਾਂ ਕੀ ਡਿੱਠਾ ਕਿ ਇੱਕ ਵੱਡਾ ਮਸਤ ਫਕੀਰ ਨਗਰ ਤੋਂ ਬਾਹਰ ਭਜਨ ਬੰਦਗੀ ਵਿਚ ਲੀਨ ਬੈਠਾ ਹੈ। ਪੀਰ ਦਸਤਗੀਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੂੰ ਕੌਣ ਫਕੀਰ ਹੈ ਤੇ ਕਿਸ ਘਰਾਣੇ ਦਾ ਹੈਂ। ਬਾਬੇ ਦੀ ਥਾਂ ਮਰਦਾਨੇ ਇਸ ਦੇ ਉੱਤਰ ਵਿਚ ਕਿਹਾ ਕਿ ਇਹ ਧੰਨ ਗੁਰੂ ਨਾਨਕ ਦੇਵ ਜੀ ਹਨ ਜੋ ਕਲਿਯੁੱਗ ਵਿਚ ਅਵਤਰਿਤ ਹੋਏ ਹਨ ਜੋ ਰੱਬੀ ਰੂਪ ਹੈ ਤੇ ਇਸ ਨੇ ਹੋਰ ਫਕੀਰਾਂ ਨੂੰ ਰੱਦ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਪਛਾਣਿਆ ਹੈ। ਇਸ ਪ੍ਰਕਾਰ ਇਸ ਨੂੰ ਚਾਰੇ ਦਿਸ਼ਾਵਾਂ ਜਾਣਦੀਆਂ ਹਨ ਅਰਥਾਤ ਗੁਰੂ ਜੀ ਧਰਤੀ, ਆਕਾਸ਼ ਅਤੇ ਚਾਰੇ ਦਿਸ਼ਾਵਾਂ ਵਿਚ ਪ੍ਰਸਿੱਧ ਹੋ ਗਏ।
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ॥
ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ॥
ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰ ਸੁਣਾਈ॥
ਫੇਰਿ ਦੁਰਾਇਣ ਦਸਤਗੀਰ ਅਸੀਂ ਭਿ ਵੇਖਾਂ ਜੋ ਤੁਹਿ ਪਾਈ॥
ਨਾਲਿ ਲੀਤਾ ਬੇਟਾ ਪੀਰ ਦਾ ਅਖੀਂ ਮੀਟਿ ਗਇਆ ਹਵਾਈ॥
ਲਖ ਆਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ॥
ਭਰਿ ਕਚਕੌਲ ਪ੍ਰਸਾਦਿ ਕਾ ਧੁਰੋ ਪਤਾਲੋ ਲਈ ਕੜਾਹੀ।।
ਜਾਹਰ ਕਲਾ ਨ ਛਪੈ ਛਪਾਈ॥ ੩੬॥
ਪਦ-ਅਰਥ- ਅਤਾਈ-ਕਰਾਮਾਤ।
ਵਿਆਖਿਆ- ਪੀਰ ਦਸਤਗੀਰ ਨੇ ਗੁਰੂ ਜੀ ਨਾਲ ਝਗੜਾ ਕਰਦੇ ਹੋਏ ਅਰਥਾਤ ਬਹਿਸ ਕਰਦੇ ਹੋਏ ਪੁਛਿਆ ਤੇ ਮਨ ਅੰਦਰ ਜਾਣ ਵੀ ਲਿਆ ਕਿ ਇਹ ਫ਼ਕੀਰ ਵੱਡਾ ਸ਼ਕਤੀਸ਼ਾਲੀ ਅਥਵਾ ਕਰਾਮਾਤੀ ਹੈ। ਚੂੰਕਿ ਇਸ ਨੇ ਬਗਦਾਦ ਵਿਚ ਆ ਕੇ ਬਹੁਤ ਹੀ ਵੱਡੀ ਕਰਾਮਾਤ ਦਿਖਾਈ ਹੈ। ਇੰਨੇ ਚਿਰ ਨੂੰ ਬੜੀ ਹੈਰਾਨੀ ਭਰਪੂਰ ਖ਼ਬਰ ਸੁਣਾਈ ਕਿ ਲੱਖਾਂ ਹੀ ਪਾਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ। ਗੁਰੂ ਜੀ ਦੇ ਇਸ ਕਥਨ ਉਪਰੰਤ ਪੀਰ ਨੂੰ ਆਪਣੀ ਗੱਲ ਦੁਹਰਾਉਂਦੇ ਹੋਏ ਪੁਛਿਆ ਕਿ ਜੋ ਇੰਨੀ ਗਿਣਤੀ ਦੇ ਆਕਾਸ਼ ਪਾਤਾਲ ਤੁਸਾਂ ਨੇ ਗਾਹੇ ਹਨ, ਸਾਨੂੰ ਵੀ ਦਿਖਾਓ। ਅਰਥਾਤ ਕਿ ਆਪਣੀ ਸ਼ਕਤੀ ਸਾਨੂੰ ਦਿਖਾਓ ਫਿਰ ਗੁਰੂ ਜੀ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਅੱਖਾਂ ਮੀਟ ਲਈਆਂ ਅਤੇ ਹਵਾ ਰੂਪ ਹੋ ਕੇ ਆਕਾਸ਼ ਵੱਲ ਉੱਡ ਗਏ। ਅੱਖਾਂ ਦੀ ਝਲਕ ਵਿਚ ਹੀ ਗੁਰੂ ਜੀ ਨੇ ਉਸ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਦਿਖਾ ਦਿੱਤੇ। ਪ੍ਰਮਾਣ ਵਜੋਂ ਕੜਾਹ ਪ੍ਰਸਾਦ ਦਾ ਕਚਕੋਲ ਭਰ ਕੇ ਪੀਰ ਵਾਸਤੇ ਲੈ ਆਂਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਇਹ ਜ਼ਾਹਰੀ ਸ਼ਕਤੀ ਕਦੇ ਵੀ ਛਿਪਾਈ ਨਹੀਂ ਜਾ ਸਕਦੀ।
ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ॥
ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ॥
ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ॥
ਜੀਤੇ ਨਵ ਖੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ॥
ਦੇਵ ਦਾਨੋ ਰਾਕਿਸ ਦੈਤ ਸਭ ਚਿਤਿ ਗੁਪਤਿ ਸਚਿ ਚਰਨੀ ਲਾਇਆ॥
ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ॥
ਭਇਆ ਅਨੰਦ ਜਗਤਿ ਵਿਚਿ ਕਲਿ ਤਾਰਨ ਗੁਰੁ ਨਾਨਕੁ ਆਇਆ॥
ਹਿੰਦੂ ਮੁਸਲਮਾਣਿ ਨਿਵਾਇਆ॥ ੩੭॥
ਵਿਆਖਿਆ- ਬਗਦਾਦ ਸ਼ਹਿਰ ਜੋ ਇਸਲਾਮੀ ਸਭਿਆਚਾਰ ਦਾ ਗੜ੍ਹ ਸੀ, ਨੂੰ ਜਿੱਤ ਕੇ ਮੱਕਾ, ਮਦੀਨੇ ਵਰਗੇ ਹੋਰ ਇਸਲਾਮੀ ਸ਼ਹਿਰਾਂ 'ਤੇ ਵੀ ਫਤਹਿ ਪ੍ਰਾਪਤ ਕੀਤੀ। ਫਿਰ ਚੌਰਾਸੀ ਸਿੱਧਾਂ ਦੀ ਮੰਡਲੀ ਅਤੇ ਹਿੰਦੂ ਧਰਮ ਦੇ ਛੇ ਸ਼ਾਸਤਰਾਂ ਵਿਚਲੇ ਪਾਖੰਡ ਉੱਪਰ ਵੀ ਗੁਰੂ ਸਾਹਿਬ ਨੇ ਜਿੱਤ ਹਾਸਲ ਕੀਤੀ। ਲੱਖਾਂ ਪਾਤਾਲ, ਲੱਖਾਂ ਆਕਾਸ਼ ਤੋਂ ਇਲਾਵਾ ਜਗਤ ਦੀ ਸਾਰੀ ਧਰਤੀ ਨੂੰ ਵੀ ਸਰ ਕਰ ਲਿਆ। ਗੁਰੂ ਜੀ ਨੇ ਨੌਂ ਖੰਡਾਂ ਵਾਲੀ ਧਰਤੀ ਵੀ ਜਿੱਤ ਲਈ ਤੇ ਜਿੱਤਣ ਤੋਂ ਬਾਅਦ ਉਸ ਉੱਪਰ ਸਤਿਨਾਮ ਦਾ ਡੰਕਾ ਵਜਾ ਦਿੱਤਾ। ਫਿਰ ਦੇਵਤੇ, ਦਾਨਵ, ਰਾਕਸ਼, ਦੈਂਤ, ਚਿੱਤਰ ਗੁਪਤ ਆਦਿ ਸਾਰਿਆਂ ਨੂੰ ਆਪਣੀ ਚਰਨੀਂ ਲਾਇਆ। ਹੋਰ ਤਾਂ ਹੋਰ ਇੰਦਰ ਦੇ ਆਸਣ ਅੱਗੇ ਨੱਚਣ ਵਾਲੀਆਂ ਅਪਸਰਾਵਾਂ ਅਤੇ ਰਾਗ ਰਾਗਣੀਆਂ ਭਾਵ ਸੰਗੀਤਕਾਰਾਂ ਨੇ ਗੁਰੂ ਜੀ ਦਾ ਜਸ ਗਾਇਨ ਕੀਤਾ। ਇਸ ਤਰ੍ਹਾਂ ਸਾਰੇ ਸੰਸਾਰ ਵਿਚ ਆਨੰਦ ਦਾ ਵਾਤਾਵਰਣ ਸਿਰਜਿਆ ਗਿਆ ਕਿਉਂਕਿ ਕਲਿਯੁਗ ਦੇ ਉਧਾਰ ਲਈ ਗੁਰੂ ਨਾਨਕ ਦੇਵ ਜੀ ਆਏ ਹਨ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ਕਿ ਇਸ ਪ੍ਰਕਾਰ ਗੁਰੂ ਜੀ ਅੱਗੇ ਹਿੰਦੂ ਤੇ ਮੁਸਲਮਾਨ ਦੋਵੇਂ ਨਿਉਂਦੇ ਹਨ।
ਫਿਰਿ ਬਾਬਾ ਆਇ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਉਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ॥
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰਿ ਅਥਰਬਣਿ ਤਾਰਾ॥ ੩੮॥
ਵਿਆਖਿਆ- ਉਦਾਸੀਆਂ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆ ਗਏ ਤੇ ਉਨ੍ਹਾਂ ਨੇ ਉਦਾਸੀਆਂ ਵਾਲਾ ਭੇਖ ਉਤਾਰ ਦਿੱਤਾ। ਫਿਰ ਉਨ੍ਹਾਂ ਨੇ ਸੰਸਾਰੀਆਂ ਅਥਵਾ ਗ੍ਰਹਿਸਥੀਆਂ ਵਾਲੇ ਕੱਪੜੇ ਪਹਿਨ ਕੇ, ਮੰਜੀ 'ਤੇ ਬੈਠ ਕੇ ਉਪਦੇਸ਼ ਦੇਣਾ ਆਰੰਭਿਆ। ਉਨ੍ਹਾਂ ਨੇ ਕਰਤਾਰਪੁਰ ਵਿਖੇ ਉਲਟੀ ਗੰਗਾ ਵਹਾ ਦਿੱਤੀ ਅਰਥਾਤ ਉਲਟੀ ਰੀਤੀ ਤੋਰੀ ਕਿਉਂਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਆਪਣੇ ਹੀ ਸੇਵਕ ਅੰਗਦ (ਭਾਈ ਲਹਿਣਾ) ਦੇ ਸਿਰ 'ਤੇ ਗੁਰਿਆਈ ਦਾ ਛੱਤਰ ਧਰਿਆ। ਉਨ੍ਹਾਂ ਦੇ ਪੁੱਤਰ (ਬਾਬਾ ਸਿਰੀ ਚੰਦ ਅਤੇ ਬਾਬਾ ਲਖਮੀ ਦਾਸ) ਨੇ ਉਨ੍ਹਾਂ ਦੀ ਆਗਿਆ ਦਾ ਪਾਲਣ ਨਾ ਕੀਤਾ ਕਿਉਂਕਿ ਉਨ੍ਹਾਂ ਦੇ ਮਨ ਖੋਟੇ ਅਤੇ ਆਕੀ ਹੋ ਗਏ ਸਨ। ਗੁਰੂ ਜੀ ਨੇ ਕਰਤਾਰਪੁਰ
ਰਹਿ ਕੇ ਬਾਣੀ ਦਾ ਉਚਾਰ ਕੀਤਾ ਤੇ ਨਤੀਜੇ ਵਜੋਂ ਹਨੇਰਾ ਮਿਟ ਗਿਆ ਤੇ ਸਾਰੇ ਪਾਸੇ ਰੁਸ਼ਨਾਈ ਹੋ ਗਈ। ਉਥੇ ਸਦਾ ਗਿਆਨ ਗੋਸ਼ਟੀ ਅਤੇ ਹੋਰ ਧਾਰਮਿਕ ਮਸਲਿਆਂ ਬਾਰੇ ਚਰਚਾ ਹੁੰਦੀ ਰਹਿੰਦੀ ਸੀ ਅਤੇ ਅਨਹਦ ਸ਼ਬਦ ਦੀਆਂ ਧੁਨੀਆਂ ਗੂੰਜਦੀਆਂ ਰਹਿੰਦੀਆਂ ਸਨ। ਸੰਧਿਆ ਅਰਥਾਤ ਸ਼ਾਮ ਵੇਲੇ ਸੋਦਰ ਅਤੇ ਆਰਤੀ ਦਾ ਗਾਇਨ ਹੁੰਦਾ ਸੀ ਤੇ ਅਮ੍ਰਿਤ ਵੇਲੇ (ਸਵੇਰੇ) ਜਪੁਜੀ ਦਾ ਪਾਠ ਹੋਣ ਲੱਗਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ ਅਥਰਵਣ ਵੇਦ ਦੇ ਭਾਰ ਤੋਂ ਸਿੱਖਾਂ ਨੂੰ ਮੁਕਤ ਕਰਾ ਦਿੱਤਾ ਅਰਥਾਤ ਗੁਰੂ ਜੀ ਦੇ ਉਪਦੇਸ਼ ਸਦਕਾ ਲੋਕੀਂ ਵੇਦਾਂ ਦੀ ਬਜਾਏ ਗੁਰਬਾਣੀ ਪੜ੍ਹਣ ਲੱਗ ਪਏ।
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ॥
ਦਰਸਨੁ ਵੇਖਣਿ ਕਾਰਨੇ ਸਗਲੀ ਉਲਟੀ ਪਾਈ ਲੋਕਾਈ॥
ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ॥
ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ॥
ਭਗਤੀਆ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ॥
ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ॥
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ॥
ਵੇਖਿ ਚਲਿਤੁ ਜੋਗੀ ਖੁਣਿਸਾਈ॥੩੯॥
ਪਦ-ਅਰਥ- ਰਿਸਕਿ-ਈਰਖਾ। ਭਗਤੀਆਂ-ਰਾਸਧਾਰੀਏ। ਖੁਣਿਸਾਈ-ਗੁੱਸਾ ਆਇਆ
ਵਿਆਖਿਆ- ਕਰਤਾਰਪੁਰ (ਇਹ ਕਰਤਾਰਪੁਰ ਜ਼ਿਲਾ ਸਿਆਲਕੋਟ ਪਾਕਿਸਤਾਨ ਵਿਚ ਹੈ) ਵਿਚ ਗੁਰੂ ਨਾਨਕ ਦੇਵ ਜੀ ਨੇ ਅਚਲ ਵਟਾਲੇ ਲੱਗਣ ਵਾਲੇ ਸ਼ਿਵਰਾਤਰੀ ਦੇ ਮੇਲੇ ਬਾਬਤ ਸੁਣਿਆ ਫਿਰ ਤੁਰੰਤ ਗੁਰੂ ਜੀ ਅਚਲ ਵਟਾਲੇ ਪਹੁੰਚ ਗਏ। ਉਨ੍ਹਾਂ ਦੇ ਦਰਸ਼ਨਾਂ ਲਈ ਸਾਰੀ ਖਲਕਤ ਹੀ ਹੁੰਮ ਹੁਮਾ ਕੇ ਪਹੁੰਚ ਗਈ। ਗੁਰੂ ਜੀ ਨੂੰ ਦਰਸ਼ਨ ਭੇਟ ਦੀ ਖਾਤਰ ਮਾਇਆ ਦੀ ਵਰਖਾ ਹੋਣ ਲੱਗੀ! ਅਜਿਹੀ ਵਰਖਾ ਹੋਈ ਕਿ ਰਿੱਧੀਆਂ-ਸਿੱਧੀਆਂ ਅਤੇ ਨੌਂ ਨਿੱਧੀਆਂ ਤੋਂ ਵੀ ਵਧ ਕੇ ਵਰਖਾ ਹੋਈ। ਜੋਗੀਆਂ ਨੇ ਜਦੋਂ ਇਸ ਸਾਰੇ ਕੌਤਕ ਨੂੰ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਬਹੁਤ ਈਰਖਾ ਜਾਗੀ। ਰਾਸਧਾਰੀਆਂ ਨੇ (ਉਸ ਸਮੇਂ ਦੇ ਕੀਰਤਨ ਕਰਨ ਵਾਲੇ) ਗੁਰੂ ਜੀ ਅੱਗੇ ਰਾਸ ਪਾਉਣੀ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਜੋਗੀ ਵੀ ਆ ਗਏ ਤੋਂ ਉਨ੍ਹਾਂ ਨੇ ਉਨ੍ਹਾਂ ਦਾ ਮਾਇਆ ਵਾਲਾ ਲੋਟਾ ਕਿਤੇ ਛੁਪਾ ਦਿੱਤਾ। ਬਸ ਫਿਰ ਕੀ ਸੀ ਰਾਸਧਾਰੀਆਂ ਨੂੰ ਰਾਸ ਪਾਉਣੀ (ਕੀਰਤਨ ਕਰਨਾ) ਹੀ ਭੁੱਲ ਗਈ ਕਿਉਂਕਿ ਉਨ੍ਹਾਂ ਦੀ ਸੁਰਤ ਮਾਇਆ ਦੇ ਲੋਟੇ ਵਿਚ ਸੀ। ਧੰਨ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਪੁਰਖ ਸਨ। ਜਿਥੇ ਜੋਗੀਆਂ ਨੇ ਲੋਟਾ ਲੁਕਾਇਆ ਹੋਇਆ ਸੀ, ਉਥੋਂ ਕੱਢ ਕੇ ਰਾਸਧਾਰੀਆਂ ਦੇ ਹਵਾਲੇ ਕਰ ਦਿੱਤਾ। ਇਹ ਚਲਿੱਤਰ ਦੇਖ ਕੇ ਜੋਗੀ ਹੋਰ ਕ੍ਰੋਧਿਤ ਹੋ ਗਏ।
ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ॥
ਪੁਛੇ ਜੋਗੀ ਭੰਗਰਨਾਥੁ ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ॥
ਫਿਟਿਆ ਚਾਟਾ ਦੁਧ ਦਾ ਰਿੜਕਿਆਂ ਮਖਣੁ ਹਥਿ ਨ ਆਈ॥
ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ॥
ਨਾਨਕ ਆਖੇ ਭੰਗਰਨਾਥ ! ਤੇਰੀ ਮਾਉ ਕੁਚਜੀ ਆਈ॥
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ॥
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥
ਬਿਨ ਦਿਤੇ ਕਛੁ ਹਥਿ ਨ ਆਈ॥੪੦॥
ਵਿਆਖਿਆ- ਆਪਣੀ ਹਰ ਪਾਸਿਓਂ ਹਾਰ ਦੇਖ ਕੇ ਜੋਗੀਆਂ ਦੇ ਮਨ ਵਿਚ ਈਰਖਾ ਉਤੇਜਿਤ ਹੋ ਉੱਠੀ । ਉਹ ਗੁੱਸਾ ਖਾ ਕੇ ਗੁਰੂ ਜੀ ਨਾਲ ਗੋਸ਼ਟ ਕਰਨ ਲਈ ਉੱਠ ਕੇ ਆ ਗਏ। ਸਭ ਤੋਂ ਪਹਿਲਾਂ ਜੋਗੀ ਭੰਗਰਨਾਥ ਨੇ ਪੁੱਛਿਆ ਕਿ ਤੂੰ ਦੁੱਧ ਵਿਚ ਕਾਂਜੀ ਕਿਉਂ ਪਾਈ ਹੈ। ਇਸ ਕਾਰਨ ਦੁੱਧ ਖੱਟਾ ਹੋ ਗਿਆ ਹੈ। ਹੁਣ ਦੁੱਧ ਦੀ ਚਾਟੀ (ਮਟਕ) ਫਿੱਟ ਗਈ ਹੈ ਅਰਥਾਤ ਖੱਟਾ ਹੋ ਗਿਆ ਹੈ। ਇਸ ਕਰਕੇ ਇਸ ਵਿਚੋਂ ਹੁਣ ਮੱਖਣ ਹੱਥ ਨਹੀਂ ਆ ਸਕਦਾ। ਆਪਣੀ ਚਰਚਾ ਜਾਰੀ ਰੱਖਦਾ ਹੋਇਆ ਭੰਗਰਨਾਥ ਆਖਦਾ ਹੈ ਕਿ ਤੂੰ ਉਦਾਸੀ (ਦੁੱਧ) ਦਾ ਭੇਖ ਉਤਾਰ ਮੁੜ ਕੇ ਕਿਉਂ ਸੰਸਾਰੀ ਅਥਵਾ ਗ੍ਰਹਿਸਥੀ (ਕਾਂਜੀ) ਬਣ ਗਿਆ ਹੈਂ ਉੱਤਰ ਵਿਚ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਤੇਰੀ ਮਾਂ (ਗੋਰਖ ਬੁੱਧ) ਕੁਚੱਜੀ ਸੀ ਜਿਸ ਨੇ ਤੇਰੇ ਸੰਸਕਾਰ (ਅੰਤਸ਼ਕਰਣ ਰੂਪ) ਰੂਪੀ ਭਾਂਡੇ ਨੂੰ ਨਹੀਂ ਧੋ ਜਾਣਿਆ। ਸੋ ਇਸੇ ਕੁਚੱਜਪੁਣੇ ਕਰਕੇ ਤੇਰੇ ਭਗਤੀ ਭਾਵ ਵਾਲੇ ਫੁਲ ਸੜ ਗਏ ਹਨ ਚੂੰਕਿ ਤੁਸੀਂ ਵੈਰਾਗ ਧਾਰਨ ਕਰਨ ਦੇ ਬਾਵਜੂਦ ਅਰਥਾਤ ਗ੍ਰਹਿਸਥੀ ਤਿਆਗਣ ਦੇ ਬਾਵਜੂਦ, ਉਨ੍ਹਾਂ ਦੀ ਨਿੰਦਿਆ ਕਰਦੇ ਕਰਦੇ, ਉਨ੍ਹਾਂ ਦੇ ਘਰ ਹੀ ਮੰਗਣ ਜਾਂਦੇ ਹੋ। ਕੀ ਤੁਹਾਨੂੰ ਪਤਾ ਹੈ ਕਿ ਬਿਨ ਦਿੱਤਿਆਂ ਕੁਝ ਵੀ ਹਾਸਿਲ ਨਹੀਂ ਹੁੰਦਾ। ਜਾਂ ਇੰਝ ਵੀ ਅਰਥ ਕਰ ਲਵੋ ਕਿ ਗ੍ਰਹਿਸਥੀ ਲੋਕਾਂ ਦੇ ਦਿੱਤੇ ਬਿਨਾਂ ਤੁਹਾਡੇ ਹੱਥ ਕੁਝ ਨਹੀਂ ਲੱਗਦਾ।
ਇਹਿ ਸੁਣਿ ਬਚਨ ਜੋਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ॥
ਖਟਿ ਦਰਸਨ ਕਉ ਬੇਦਿਆ ਕਲਿਜੁਗਿ ਨਾਨਕ ਬੇਦੀ ਆਈ॥
ਸਿਧਿ ਬੋਲਨਿ ਸਭਿ ਅਵਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤਿ ਦਿਖਾਈ॥
ਇਕਿ ਪਰਿ ਕਰਿ ਕੈ ਉਡਰਨਿ ਪੰਖੀ ਜਿਵੈ ਰਹੈ ਲੀਲਾਈ।!
ਇੱਕ ਨਾ ਨਾਗ ਹੋਇ ਪਉਣ ਛੇੜਿਆ ਇੱਕਨਾਂ ਵਰਖਾ ਅਗਨਿ ਵਸਾਈ॥
ਤਾਰੇ ਤੋੜੇ ਭੰਗਰਿਨਾਥ ਇੱਕ ਚੜਾ ਮਿਰਗਾਨੀ ਜਲੁ ਤਰਿ ਜਾਈ॥
ਸਿਧਾਂ ਅਗਨਿ ਨ ਬੁਝੈ ਬੁਝਾਈ॥ ੪੧॥
ਪਦ-ਅਰਥ- ਰੂਇ-ਡੰਡ, ਸ਼ੋਰ। ਕਿਲਕ-ਕਿਲਕਾਰੀ। ਮਿਰਗਾਨੀ-ਹਿਰਨ ਦੀ ਖੱਲ
ਵਿਆਖਿਆ- ਗੁਰੂ ਨਾਨਕ ਦੇਵ ਜੀ ਦੇ ਖ਼ਰੇ ਖ਼ਰੇ ਬਚਨ ਸੁਣ ਕੇ ਜੋਗੀਆਂ ਨੇ ਕਿਲਕਾਰੀਆਂ ਮਾਰ-ਮਾਰ ਸ਼ੋਰ ਮਚਾ ਦਿੱਤਾ। ਉਹ ਗੁੱਸੇ ਵਿਚ ਆ ਕੇ ਬੋਲਣ ਲੱਗੇ ਕਿ ਕਲਿਯੁੱਗ ਵਿਚ ਨਾਨਕ ਬੇਦੀ ਨੇ ਆ ਕੇ ਛੇ ਸ਼ਾਸਤਰਾਂ ਦਾ ਖੰਡਨ ਕੀਤਾ ਹੈ। ਫਿਰ ਜੋਗੀਆਂ ਨੇ ਦੁਆਈਆਂ ਰਾਹੀਂ ਅਥਵਾ ਤੰਤਰਾਂ-ਮੰਤਰਾਂ ਦੀਆਂ ਧੁਨੀਆਂ ਉਚਾਰਨੀਆਂ
ਸ਼ੁਰੂ ਕਰ ਦਿੱਤੀਆਂ। ਕਈ ਜੋਗੀ ਰੂਪ ਵਟਾ ਕੇ ਸ਼ੇਰ ਜਾਂ ਬਘਿਆੜ ਬਣ ਗਏ ਤੇ ਉਨ੍ਹਾਂ ਨੇ ਅਜੀਬ ਕਿਸਮ ਦੇ ਚਮਤਕਾਰ ਵਿਖਾਉਣੇ ਸ਼ੁਰੂ ਕਰ ਦਿੱਤੇ। ਇੱਕ ਖੰਭ ਲਗਾ ਕੇ ਉੱਡਣ ਲੱਗ ਪਏ ਜਿਵੇਂ ਪੰਛੀ ਉੱਡਦੇ ਹਨ। ਇਸੇ ਤਰ੍ਹਾਂ ਕੁਝ ਹੋਰ ਜੋਗੀ ਸੱਪ ਬਣ ਕੇ ਫੁੰਕਾਰੇ ਮਾਰਨ ਲੱਗੇ ਤੇ ਕਈਆਂ ਨੇ ਅੱਗ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਭੰਗਰਨਾਥ ਨੇ ਤਾਰੇ ਤੋੜ ਕੇ ਲਿਆਂਦੇ ਤੇ ਦੂਸਰੇ ਪਾਸੇ ਹੋਰ ਜੋਗੀ ਹਿਰਨ ਦੀ ਖੱਲ 'ਤੇ ਸਵਾਰ ਹੋ ਕੇ ਪਾਣੀ 'ਤੇ ਤਰਨ ਲੱਗ ਪਏ। ਇੰਝ ਸਿੱਧਾਂ ਦੀ ਈਰਖਾ ਦੀ ਅੱਗ ਬੁੱਝਣ ਵਿਚ ਨਹੀਂ ਸੀ ਆਉਂਦੀ।
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਕੋ ਕਿਆ ਕਰਾਮਾਤਿ ਦਿਖਾਈ॥
ਕੁਝ ਵਿਖਾਲੋਂ ਅਸਾ ਨੋ, ਤੁਹਿ ਕਿਉ ਢਿਲ ਅਵੇਹੀ ਲਾਈ॥
ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣ ਜੋਗੀ ਵਸਤੁ ਨ ਕਾਈ॥
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟਿ ਨਹੀਂ ਹਹਿ ਰਾਈ॥
ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ॥
ਸਿਧਿ ਤੰਤ੍ਰ ਮੰਤ੍ਰ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ॥
ਦਦੇ ਦਾਦਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ॥
ਸੋ ਦੀਨ ਨਾਨਕ ਸਤਿਗੁਰ ਸਰਣਾਈ॥ ੪੨॥
ਵਿਆਖਿਆ- ਅਖੀਰ 'ਤੇ ਸਭ ਕੁਝ ਪਾਖੰਡ ਕਰਨ ਦੇ ਬਾਅਦ ਸਿੱਧ ਕਹਿਣ ਲੱਗੇ ਕਿ ਹੇ ਨਾਨਕ । ਤੂੰ ਸਾਰੀ ਦੁਨੀਆ ਨੂੰ ਕਰਾਮਾਤ ਦਿਖਾਈ ਹੈ। ਕੁਝ ਕਰਾਮਾਤ ਕਰਕੇ ਸਾਨੂੰ ਵੀ ਦਿਖਾ। ਇਸ ਕੰਮ ਵਿਚ ਤੂੰ ਢਿੱਲ ਕਿਉਂ ਵਰਤਦਾ ਹੈ। ਸਿੱਧ ਦੇ ਪ੍ਰਸ਼ਨਾਂ ਦੇ ਪ੍ਰਸੰਗ ਵਿਚ ਗੁਰੂ ਜੀ ਨੇ ਉੱਤਰ ਦਿੱਤਾ ਕਿ ਹੇ ਨਾਥ ਜੀ। ਸਾਡੇ ਪਾਸ ਦੇਖਣ ਵਾਲੀ ਵਸਤੂ ਕੋਈ ਨਹੀਂ ਹੈ ਭਾਵ ਸਾਡੇ ਲਈ ਜੋਗੀ, ਨਾਥ, ਸਿੱਧ ਦਾ ਕੋਈ ਮਹੱਤਵ ਨਹੀਂ ਹੈ। ਸਾਨੂੰ ਤਾਂ ਗੁਰੂ ਦੀ ਸੰਗਤ ਅਤੇ ਗੁਰਬਾਣੀ ਤੋਂ ਬਿਨਾਂ ਦੂਜੀ ਓਟ ਰਾਈ ਜਿੰਨੀ ਵੀ ਨਹੀਂ। ਸਾਡੇ ਲਈ ਤਾਂ ਕਰਤਾ ਪੁਰਖ ਸ਼ਿਵ ਅਥਵਾ ਕਲਿਆਣਪੁਰੀ ਹੈ ਜੋ ਸਦਾ ਸਥਿਰ ਰਹਿੰਦਾ ਹੈ ਪਰ ਧਰਤੀ ਚਲਦੀ ਰਹਿੰਦੀ ਹੈ। (ਇਸ ਪੰਕਤੀ ਦਾ ਕਈ ਵਿਦਵਾਨ ਇਹ ਅਰਥ ਲੈਂਦੇ ਹਨ ਕਿ ਇੰਨਾ ਕਹਿ ਕੇ ਗੁਰੂ ਜੀ ਅਡੋਲ ਹੋ ਗਏ। ਜੋਗੀਆਂ ਨੇ ਬਹੁਤਾ ਬੁਲਾਇਆ ਪਰ ਜਿਸ ਤਰ੍ਹਾਂ ਧਰਤੀ ਕਿਸੇ ਦੀ ਹਿਲਾਈ ਨਹੀਂ ਹਿਲਦੀ, ਇਸੇ ਤਰ੍ਹਾਂ ਗੁਰੂ ਜੀ ਨਾ ਹਿੱਲੇ) ਅਖੀਰ ਸਿੱਧ ਤੰਤਰ ਮੰਤਰ ਕਰ ਰਹਿ ਗਏ। ਗੁਰੂ ਜੀ ਦੇ ਸ਼ਬਦ ਨੇ ਉਨ੍ਹਾਂ ਦੀ ਸ਼ਕਤੀ ਛੁਪਾ ਦਿੱਤੀ। ਅੱਗੇ ਚਲ ਕੇ ਭਾਈ ਸਾਹਿਬ ਫੁਰਮਾਉਂਦੇ ਹਨ ਕਿ ਦਾਤਾ ਗੁਰੂ ਉਹ ਆਪ ਹੀ ਹੈ ਤੇ ਉਸ ਦੀ ਕੀਮਤ ਕੋਈ ਨਹੀਂ ਪਾ ਸਕਦਾ। ਅਖੀਰ 'ਤੇ ਸਿੱਧ ਜੋਗੀ ਦੀਨ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਰਨੀਂ ਪੈ ਗਏ।
ਬਾਬਾ ਬੋਲੇ ਨਾਥ ਜੀ ! ਸਬਦੁ ਸੁਨਹੁ ਸਚੁ ਮੁਖਹੁ ਅਲਾਹੀ॥
ਬਾਝੋਂ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ॥
ਬਸਤਰ ਪਹਿਰ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ॥
ਕਰੋ ਰਸੋਈ ਸਾਰੀ ਦੀ ਸਗਲੀ ਧਰਤੀ ਨਥਿ ਚਲਾਈ॥
ਏਵਡੁ ਕਰੀ ਵਿਥਾਰਿ ਕਉ ਸਗਲੀ ਧਰਤੀ ਹਕੀ ਜਾਈ॥
ਤੋਲੀ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੋਕੂ ਚੜਾਈ॥
ਇਹਿ ਬਲੁ ਰਖਾ ਆਪਿ ਵਿਚਿ ਆਖਾ ਤਿਸੁ ਪਾਸਿ ਕਰਾਈ॥
ਸਤਿ ਨਾਮੁ ਬਿਨੁ ਬਾਦਰਿ ਛਾਈ॥ ੪੩॥
ਪਦ-ਅਰਥ- ਸਬਦੁ-ਬਚਨ। ਅਲਾਹੀ-ਬੋਲੇ। ਸਾਰਿ-ਲੋਹਾ। ਬਾਦਰਿ-ਬੱਦਲ।
ਵਿਆਖਿਆ- ਗੁਰੂ ਨਾਨਕ ਦੇਵ ਅੱਗੇ ਬੋਲੇ ਕਿ ਹੇ ਨਾਥ ਜੀ। ਮੈਂ ਆਪਣੇ ਮੁਖ ਤੋਂ ਸੱਚੇ ਬਚਨ ਹੀ ਕਹਿੰਦਾ ਹਾਂ ਤੇ ਇਹ ਸੱਚੇ ਬਚਨ ਤੁਸੀਂ ਸੁਣੋ। ਇਹ ਬਚਨ ਹਨ ਕਿ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾਂ ਮੇਰੇ ਪਾਸ ਕੋਈ ਕ੍ਰਿਸ਼ਮਾ ਕਰਾਮਾਤ ਨਹੀਂ ਹੈ। ਜੇ ਮੈਂ ਅਗਨੀ ਦੇ ਵਸਤਰ ਪਹਿਨ ਲਵਾਂ, ਹਿਮਾਲਾ ਦੀ ਬਰਫ ਵਿਚ ਮੰਦਰ ਬਣਾ ਲਵਾਂ, ਲੋਹੇ ਦਾ ਭੋਜਨ (ਰਸੋਈ) ਕਰਾਂ, ਸਾਰੀ ਧਰਤੀ ਦੇ ਲੋਕਾਂ ਨੂੰ ਨੱਥ ਕੇ ਚਲਾਵਾਂ ਅਰਥਾਤ ਸਾਰੀ ਧਰਤੀ ਮੇਰੇ ਵੱਸ ਵਿਚ ਹੋ ਜਾਵੇ, ਮੈਂ ਆਪਣੇ ਆਪ ਦਾ ਇੰਨਾ ਵਿਸਤਾਰ ਕਰ ਲਵਾਂ ਕਿ ਸਾਰੀ ਧਰਤੀ ਉਸ ਵਿਸਤਾਰ ਅੱਗੇ ਹਿੱਕੀ ਤੁਰੀ ਜਾਵੇ। ਧਰਤੀ ਤੇ ਆਕਾਸ਼ ਨੂੰ ਤਕੜੀ ਦੇ ਛਾਬੇ ਵਿਚ ਵੱਟਾ ਪਾ ਕੇ ਤੋਲ ਲਵਾਂ, ਮੈਂ ਇੰਨਾ ਬਲ ਆਪਣੇ ਵਿਚ ਰੱਖਾਂ ਕਿ ਜਿਸ ਤੋਂ ਮਰਜ਼ੀ ਤੋਂ ਚਾਹਾਂ ਕਰਵਾ ਲਵਾਂ ਪਰ ਅਸਲ ਵਿਚ ਇਹ ਸਾਰੀਆਂ ਤਾਕਤਾਂ ਸਤਿਨਾਮ ਤੋਂ ਬਿਨਾਂ ਬੱਦਲ ਦੀ ਛਾਂ ਵਾਂਗੂ ਹਨ।
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਤਿ ਸਿਧਾ ਵਿਚਿ ਆਈ॥
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸ਼ਨਿ ਆਦੇਸਿ ਕਰਾਈ॥
ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ॥
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ॥
ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ॥
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰ ਲੈ ਆਈ॥
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ॥
ਜਿਉ ਸਾਗਰਿ ਵਿਚਿ ਗੰਗ ਸਮਾਈ॥ ੪8।।
ਵਿਆਖਿਆ- ਅਚਲ ਵਟਾਲੇ ਸਿੱਧਾਂ ਨਾਲ ਹੋਈ ਗੋਸ਼ਟ ਕਰਨ ਦਾ ਸਿੱਟਾ ਇਹ ਨਿਕਲਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨਾਲ ਸਿੱਧਾਂ ਦੇ ਮਨ ਵਿਚ ਸ਼ਾਂਤੀ ਆ ਗਈ। ਇਸ ਪ੍ਰਕਾਰ ਗੁਰੂ ਜੀ ਨੇ ਸ਼ਿਵਰਾਤ ਦਾ ਮੇਲਾ ਫਤਹਿ ਕਰ ਲਿਆ ਤੇ ਨਾਲ ਹੀ ਛੇ ਦਰਸ਼ਨਾਂ ਤੋਂ ਨਮਸਕਰਾਈ ਕਰਵਾਈ। ਫਿਰ ਸਿੱਧ ਗੁਰੂ ਜੀ ਪ੍ਰਤੀ ਸ਼ੁਭ ਵਚਨਾਂ ਦਾ ਇਸਤੇਮਾਲ ਕਰਨ ਲੱਗੇ ਕਿ ਹੇ ਨਾਨਕ! ਤੂੰ ਧੰਨ ਹੈਂ, ਤੇਰੀ ਕਮਾਈ ਮਹਾਨ ਹੈ। ਤੂੰ ਕਲਿਯੁੱਗ ਵਿਚ ਪ੍ਰਗਟ ਹੋ ਕੇ ਪ੍ਰਭੂ ਦੀ ਜੋਤ ਜਗਾ ਦਿੱਤੀ ਹੈ। ਮੇਲੇ ਦੀ ਸਮਾਪਤੀ ਤੋਂ ਬਾਅਦ ਗੁਰੂ ਜੀ ਉਥੋਂ ਨਿਕਲ ਕੇ ਮੁਲਤਾਨ ਦੀ ਯਾਤਰਾ ਕਰਨ ਗਏ। ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣ ਕੇ ਮੁਲਤਾਨ ਦੇ ਪੀਰ ਨੇ ਦੁੱਧ ਦਾ ਕਟੋਰਾ ਨੱਕੋ-ਨੱਕ ਭਰ ਕੇ ਲੈ ਆਂਦਾ। ਇਸ ਦਾ ਭਾਵ ਸੀ ਕਿ ਮੁਲਤਾਨ ਵਿਚ ਪਹਿਲਾਂ ਹੀ ਪੀਰਾਂ-ਫ਼ਕੀਰਾਂ ਦੀ ਬਹੁਤਾਤ ਹੈ। ਇਸ ਕਰਕੇ ਇਸ ਸ਼ਹਿਰ ਵਿਚ ਗੁਰੂ ਨਾਨਕ ਦੇਵ ਜੀ ਦੀ ਸਮਾਈ ਨਹੀਂ ਹੋ ਸਕਦੀ। ਗੁਰੂ ਜੀ ਨੇ ਉਪਰੋਕਤ ਭਾਵ ਨੂੰ ਸਮਝਦਿਆਂ ਹੋਇਆਂ ਬਗਲ ਵਿਚੋਂ ਚੰਬੇਲੀ ਦਾ
ਫੁੱਲ ਕੱਢ ਕੇ ਦੁੱਧ ਦੇ ਕਟੋਰੇ 'ਤੇ ਧਰ ਦਿੱਤਾ। ਇਸ ਦਾ ਭਾਵ ਸੀ ਕਿ ਜਿਸ ਤਰ੍ਹਾਂ ਦੁੱਧ ਦੇ ਕਠੋਰੇ 'ਤੇ ਚੰਬੇਲੀ ਦਾ ਫੁੱਲ ਰੱਖਣ ਨਾਲ ਦੁੱਧ ਨੂੰ ਕੁਝ ਨਹੀਂ ਹੋਇਆ, ਇਸੇ ਤਰ੍ਹਾਂ ਮੁਲਤਾਨ ਵਿਚ ਮੇਰੇ ਰਹਿਣ ਕਰਕੇ ਕਿਸੇ ਪੀਰ ਫਕੀਰ ਨੂੰ ਦੁੱਖ ਨਹੀਂ ਹੋਵੇਗਾ। ਦੂਜਾ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਜਿਥੇ ਗੰਗਾ ਜਾ ਕੇ ਮਿਲਦੀ ਹੈ ਪਰ ਉਸ ਸਮੁੰਦਰੀ ਥਾਂ 'ਤੇ ਪਾਣੀ ਮਿੱਠਾ ਹੈ ਤੇ ਉਸ ਦਾ ਨਾਂ ਗੰਗਾ ਸਾਗਰ ਹੈ। ਇਸੇ ਤਰ੍ਹਾਂ ਭਾਈ ਸਾਹਿਬ ਦਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਮੁਲਤਾਨ ਰੂਪ ਸਮੁੰਦਰ ਵਿਚ ਰਹਿ ਕੇ ਉਨ੍ਹਾਂ ਵਿਚ ਭਗਤੀ ਰੂਪ ਮਿਠਾਸ ਅਥਵਾ ਮਹਿਕ ਪਾਵਣ ਆਏ ਹਨ।
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੂਰੇ ਨੋ ਆਇਆ॥
ਚੜੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ॥
ਵਿਣੁ ਨਾਵੈ ਹੋਰੁ ਮੰਗਣਾ ਸਿਰ ਦੁਖਾ ਦੇ ਦੁਖ ਸਬਾਇਆ॥
ਮਾਰਿਆ ਸਿਕਾ ਜਗਤ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ॥
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤੁ ਫਿਰਾਇਆ॥
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ॥
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ॥
ਕਾਇਆ ਪਲਟਿ ਸਰੂਪ ਬਣਾਇਆ॥ ੪੫॥
ਵਿਆਖਿਆ- ਮੁਲਤਾਨ ਦੀ ਯਾਤਰਾ ਕਰਕੇ ਗੁਰੂ ਨਾਨਕ ਦੇਵ ਜੀ ਦੁਬਾਰਾ ਕਰਤਾਰਪੁਰ ਆ ਟਿਕੇ। ਗੁਰੂ ਜੀ ਦੀ ਵਡਿਆਈ ਇਥੇ ਰਹਿ ਕੇ ਦਿਨੋ-ਦਿਨ ਵਧਣ ਲੱਗੀ। ਕਲਿਯੁੱਗ ਵਿਚ ਗੁਰੂ ਨਾਨਕ ਦੇਵ ਜੀ ਨੇ ਜੀਵਾਂ ਪਾਸੋਂ ਪ੍ਰਭੂ ਨਾਮ ਦਾ ਸਿਮਰਨ ਕਰਵਾਇਆ। ਚੂੰਕਿ ਨਾਮ ਤੋਂ ਬਿਨਾਂ ਹੋਰ ਪਦਾਰਥਾਂ ਦੇ ਮੰਗਣ ਵਿਚ ਦੁੱਖਾਂ ਵਿਚ ਵਾਧਾ ਹੁੰਦਾ ਹੈ। ਉਦਾਸੀਆਂ ਅਤੇ ਯਾਤਰਾਵਾਂ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਵਿਚ ਆਪਣੇ ਨਾਮ ਦੀ ਧਾਂਕ ਜਮਾ ਲਈ ਤੇ ਨਾਲ ਹੀ ਇੱਕ ਮੈਲ ਰਹਿਤ ਪੰਥ ਦੀ ਸਥਾਪਨਾ ਵੀ ਕੀਤੀ। ਆਪ ਨੇ ਆਪਣੇ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰੂ ਗੱਦੀ 'ਤੇ ਬਿਰਾਜਮਾਨ ਕਰਕੇ ਉਸ ਦੇ ਸਿਰ ’ਤੇ ਗੁਰਿਆਈ ਦਾ ਛੱਤਰ ਫਿਰਾਇਆ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਆਪਣੀ ਜੋਤ ਭਾਈ ਲਹਿਣੇ ਦੀ ਜੋਤ ਵਿਚ ਮਿਲਾ ਕੇ ਰੂਪ ਵਟਾ ਲਿਆ। ਇਹ ਅਚਰਜ ਕੌਤਕ ਦਿਖਾਇਆ ਕਿ ਇਸ ਕੋਤਕ ਦੇ ਰਹੱਸ ਨੂੰ ਕੋਈ ਨਾ ਸਮਝ ਸਕਿਆ। ਗੁਰੂ ਜੀ ਨੇ ਆਪਣੀ ਕਾਇਆ ਪਲਟ ਕੇ ਭਾਈ ਲਹਿਣੇ (ਗੁਰੂ ਅੰਗਦ ਦੇਵ) ਵਿਚ ਅਭੇਦ ਕਰ ਦਿੱਤੀ ਤੇ ਇੰਝ ਇੱਕ ਨਵਾਂ ਸਰੂਪ ਬਣ ਗਿਆ।
ਸੋ ਟਿਕਾ ਸੋ ਛਤੁ ਸਿਰਿ ਸੋਈ ਸਚਾ ਤਖਤੁ ਟਿਕਾਈ॥
ਗੁਰੂ ਨਾਨਕ ਹੁੰਦੀ ਮੁਹਰਿ ਹਥਿ ਗੁਰ ਅੰਗਦਿ ਦੋਹੀ ਫਿਰਾਈ॥
ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ॥
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ॥
ਲਹਣੇ ਪਾਈ ਨਾਨਕ ਦੇਣੀ ਅਮਰਦਾਸਿ ਘਰਿ ਆਈ॥
ਗੁਰੂ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ॥
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ॥
ਦਾਤਿ ਜੋਤਿ ਖਸਮੇ ਵਡਿਆਈ॥ ੪੬॥
ਵਿਆਖਿਆ- ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਿਆਈ ਪ੍ਰਾਪਤ ਕੀਤੀ ਤਾਂ ਗੁਰਗੱਦੀ ਵੇਲੇ ਉਨ੍ਹਾਂ ਦੇ ਮੱਥੇ ਉਹੀ ਟਿੱਕਾ, ਉਹੀ ਸਿਰ ਛਤਰ 'ਤੇ ਉਹੋ ਸੱਚਾ ਤਖਤ ਸੀ। ਉਹੋ ਗੁਰੂ ਨਾਨਕ ਦੇਵ ਜੀ ਦੀ ਸੱਚੀ ਮੋਹਰ ਗੁਰੂ ਅੰਗਦ ਦੇਵ ਜੀ ਦੇ ਹੱਥ ਵਿਚ ਸੀ ਭਾਵ ਕਹਿਣ ਦਾ ਕਿ ਗੁਰੂ ਨਾਨਕ ਦੇਵ ਜੀ ਦੇ ਹੱਥ ਦੀ ਬਕਤੀ ਗੁਰੂ ਅੰਗਦ ਦੇਵ ਜੀ ਨੂੰ ਮਿਲਣੇ ਦੀ ਦੁਹਾਈ ਫਿਰ ਗਈ ਕਿ ਹੁਣ ਅੰਗਦ ਦੇਵ ਜੀ ਗੁਰੂ ਹਨ। ਧੰਨ ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਮੁਤਾਬਕ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਛੱਡ ਦਿੱਤਾ ਤੇ ਖਡੂਰ ਸਾਹਿਬ ਨਗਰੀ ਵਿਚ ਬੈਠ ਕੇ ਰੁਸ਼ਨਾਈ ਕੀਤੀ। ਪਿਛਲੇ ਜਨਮ ਦਾ ਬੀਜਿਆ ਅਗਲੇ ਜਨਮ ਵਿਚ ਫਸਲ ਰੂਪ ਵਿਚ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਹੋਰ ਸਭ ਚਤੁਰਾਈਆਂ ਝੂਠੀਆਂ ਹਨ। ਭਾਈ ਲਹਿਣੇ (ਗੁਰੂ ਅੰਗਦ ਦੇਵ ਜੀ) ਨੇ ਗੁਰੂ ਨਾਨਕ ਦੇਵ ਜੀ ਤੋਂ ਗੁਰਿਆਈ ਪ੍ਰਾਪਤ ਕੀਤੀ ਤੇ ਅੱਗੋਂ ਇਹ ਗੱਦੀ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਆ ਗਈ। ਅਮਰ ਸਰੂਪ ਹੋ ਕੇ ਗੁਰੂ ਅਮਰਦਾਸ ਜੀ ਗੁਰੂ ਬਣ ਬੈਠੇ। ਗੁਰੂ ਅੰਗਦ ਦੇਵ ਜੀ ਤੋਂ ਇਲਾਹੀ ਕੁਦਰਤੀ ਦਾਤ ਪ੍ਰਾਪਤ ਕੀਤੀ। ਫਿਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ। ਇਹ ਅਸਚਰਜ ਖੇਲ ਅਜਿਹਾ ਕੀਤਾ ਕਿ ਜੋ ਕਦੇ ਵੀ ਜਾਣਿਆ ਨਹੀਂ ਜਾਂਦਾ। ਦਾਤ ਅਤੇ ਜੋਤ ਪ੍ਰਭੂ ਦੀਆਂ ਵਡਿਆਈਆਂ ਹਨ ਤੇ ਜਿਸ 'ਤੇ ਉਸ ਦੀ ਬਖਸ਼ਿਸ਼ ਹੁੰਦੀ ਹੈ, ਉਸੇ ਨੂੰ ਹੀ ਮਿਲਦੀਆਂ ਹਨ।
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ॥
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥
ਪੂਰਨੁ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ॥
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦੁ ਸਮਾਵੈ॥
ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਨਾ ਆਵੈ॥
ਫਿਰ ਆਈ ਘਰਿ ਅਰਜਣੇ ਪੁਤ ਸੰਸਾਰੀ ਗੁਰੂ ਕਹਾਵੈ॥
ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰੁ ਨ ਜਰਿਆ ਜਾਵੈ॥
ਘਰ ਹੀ ਕੀ ਵਥੁ ਘਰੇ ਰਹਾਵੈ ॥ ੪੭॥
ਵਿਆਖਿਆ- ਕਿਸੇ ਦਾ ਦੇਣਾ ਪੂਰਬ ਨਿਸ਼ਚਿਤ ਹੈ। ਸੋ ਇਸ ਕਰਕੇ ਇਸ ਪੰਕਤੀ ਦਾ ਭਾਵ ਹੈ ਕਿ ਪਿਛਲਾ ਦੇਣਾ ਜ਼ਰੂਰ ਪੈਂਦਾ ਹੈ ਤੇ ਜਿਸ ਦੇ ਘਰ ਦੀ ਵਸਤ ਹੋਵੇ, ਉਸ ਦੋ ਘਰ ਆਉਂਦੀ ਹੈ। ਗੁਰੂ ਅਮਰਦਾਸ ਜੀ ਤੋਂ ਉਪਰੰਤ ਗੁਰਗੱਦੀ 'ਤੇ ਸੋਢੀ ਪਾਤਸ਼ਾਹ ਬੈਠਾ ਸ੍ਰੀ ਗੁਰੂ ਰਾਮ ਦਾਸ ਜੀ ਸਤਿਗੁਰੂ ਅਖਵਾਉਣ ਲੱਗੇ। ਅਮ੍ਰਿਤਸਰ ਵਿਚ ਸੁਧਾ ਸਰੋਵਰ ਖੁਦਵਾ ਕੇ ਉਸ ਨੂੰ ਪੂਰਨ ਕਰਵਾਇਆ ਤੇ ਨਾਲ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਜਗਦਾ ਰੱਖਿਆ। ਪਰਮਾਤਮਾ ਦੀ ਉਲਟੀ ਖੇਡ ਦੇਖੋ ਕਿ ਜਿਸ ਤਰ੍ਹਾਂ ਹੋਰ ਸਾਰੀਆਂ ਨਦੀਆਂ ਪੱਛਮ ਨੂੰ ਅਰਬ ਸਾਗਰ ਵਿਚ ਮਿਲਦੀਆਂ ਹਨ ਪਰੰਤੂ ਗੰਗਾ ਇਨ੍ਹਾਂ ਤੋਂ ਉਲਟ
ਉੱਤਰ ਦਿਸ਼ਾ ਵਲੋਂ ਆ ਕੇ ਪੂਰਬ ਵੱਲ ਬੰਗਾਲ ਦੇ ਸਮੁੰਦਰ ਵਿਚ ਕਲਕੱਤੇ ਪਾਸ ਜਾ ਕੇ ਮਿਲਦੀ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਪੁੱਤਰ-ਮੋਹ ਦਾ ਤਿਆਗ ਕਰਕੇ ਗੁਰਗੱਦੀ ਆਪਣੇ ਜਵਾਈ ਗੁਰੂ ਰਾਮ ਦਾਸ ਜੀ ਨੂੰ ਬਖਸ਼ੀ। ਸੋ ਆਪਣਾ ਦਿੱਤਾ ਹੀ ਲਈਦਾ ਹੈ, ਬਿਨਾਂ ਦਿੱਤੇ ਤੋਂ ਕੁਝ ਹੱਥ ਨਹੀਂ ਆਉਂਦਾ। ਫਿਰ ਗੁਰਿਆਈ ਗੁਰੂ ਅਰਜਨ ਦੇਵ ਜੀ ਦੇ ਘਰ ਆਈ ਤੇ ਸੰਸਾਰੀ ਪੁੱਤਰ ਗੁਰੂ ਅਖਵਾਉਣ ਲੱਗਾ। ਮਾਤਾ ਭਾਨੀ ਜੀ ਨੇ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਜੀ ਤੋਂ ਗੁਰਿਆਈ ਘਰ ਰਹਿਣ ਦਾ ਵਰ ਪ੍ਰਾਪਤ ਕੀਤਾ ਹੋਇਆ ਸੀ। ਇਸੇ ਕਰਕੇ ਮਾਤਾ ਭਾਨੀ ਜੀ ਨੇ ਪੁੱਤਰ-ਮੋਹ ਦਾ ਤਿਆਗ ਕਰਕੇ ਗੁਰਗੱਦੀ ਆਪਣੇ ਜਵਾਈ ਗੁਰੂ ਰਾਮ ਦਾਸ ਜੀ ਨੂੰ ਬਖਸ਼ੀ। ਸੋ ਆਪਣਾ ਦਿੱਤਾ ਹੀ ਲਈਦਾ ਹੈ, ਬਿਨਾਂ ਦਿੱਤੇ ਤੋਂ ਕੁਝ ਹੱਥ ਨਹੀਂ ਆਉਂਦਾ। ਫਿਰ ਗੁਰਿਆਈ ਗੁਰੂ ਅਰਜਨ ਦੇਵ ਜੀ ਦੇ ਘਰ ਆਈ ਤੇ ਸੰਸਾਰੀ ਪੁੱਤਰ ਗੁਰੂ ਅਖਵਾਉਣ ਲੱਗਾ। ਮਾਤਾ ਭਾਨੀ ਜੀ ਨੇ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਜੀ ਤੋਂ ਗੁਰਿਆਈ ਸੋਢੀ ਪਰਿਵਾਰ ਵਿਚ ਰਹਿਣ ਦਾ ਬਚਨ ਲਿਆ ਹੋਇਆ ਸੀ। ਇਸੇ ਕਰਕੇ ਮਾਤਾ ਭਾਨੀ ਜੀ ਨੇ ਪੁੱਤਰ (ਗੁਰੂ ਅਰਜਨ ਦੇਵ ਜੀ) ਨੂੰ ਕਿਹਾ ਕਿ ਸੋਢੀਆਂ ਦੇ ਘਰੋਂ ਹੁਣ ਗੁਰਗੱਦੀ ਬਾਹਰ ਨਹੀਂ ਜਾਵੇਗੀ ਕਿਉਂਕਿ ਅਜਰ ਵਸਤੂ ਹੋਰ ਪਾਸੋਂ ਸਹਾਰਨੀ ਔਖੀ ਹੈ। ਇਸ ਕਰਕੇ ਘਰ ਦੀ ਵਸਤੂ ਘਰ ਦੀ ਰਹਿਣੀ ਚਾਹੀਦੀ ਹੈ।
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ॥
ਚਲੀ ਪੀੜੀ ਸੋਢੀਆਂ ਰੂਪੁ ਦਿਖਾਵਣਿ ਵਾਰੋ ਵਾਰੀ॥
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਿਲਾਂ ਤਕਿ ਦਰਸੁ ਨਿਹਾਰੀ॥
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ॥
ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲ੍ਹਾਰੀ॥
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥ ੪੮॥
ਵਿਆਖਿਆ- ਪੰਜ ਪੀਰਾਂ ਅਥਵਾ ਪੰਜਾਂ ਸਤਿਗੁਰਾਂ (ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ) ਦਾ ਪੰਜ ਪਿਆਲੇ ਅਥਵਾ ਪੰਜ ਗੁਣ (ਸਤਿ, ਸੰਤੋਖ, ਦਇਆ, ਧਰਮ ਅਤੇ ਵਿਚਾਰ) ਪੀਣ ਤੋਂ ਬਾਅਦ ਛੇਵਾਂ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਭਾਰੀ ਗੁਰੂ ਮੀਰੀ ਪੀਰੀ ਵਾਲਾ ਤਖਤ 'ਤੇ ਬੈਠਾ। ਧੰਨ ਗੁਰੂ ਅਰਜਨ ਦੇਵ ਜੀ ਨੇ ਕਾਇਆ ਬਦਲ ਕੇ ਹਰਿਗੋਬਿੰਦ ਦਾ ਰੂਪ ਧਾਰਨ ਕਰ ਲਿਆ। ਇਸ ਤਰ੍ਹਾ ਸੋਢੀਆਂ ਦੀ ਪੀੜ੍ਹੀ ਚਲ ਪਈ ਤੇ ਵਾਰੋ-ਵਾਰੀ ਆਪਣਾ-ਆਪਣਾ ਰੂਪ ਦਿਖਾਉਣ ਲੱਗੇ। ਦੁਸ਼ਮਣਾਂ ਦੇ ਦਲਾਂ ਦਾ ਨਾਸ਼ ਕਰਨ ਵਾਲਾ ਪਰਉਪਕਾਰੀ ਸੂਰਮਾ ਸ੍ਰੀ ਗੁਰੂ ਹਰਿਗੋਬਿੰਦ ਜੀ ਸੀ। ਸਿੱਖਾਂ ਨੇ ਅਰਦਾਸ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਜੀ ਤੋਂ ਪੁੱਛਿਆ ਕਿ ਹੇ ਗੁਰੂ ਜੀ! ਅਸੀਂ ਛੇ ਗੁਰੂਆਂ ਦੇ ਤਾਂ ਦਰਸ਼ਨ ਕਰ ਲਏ ਹਨ, ਹੁਣ ਅੱਗੋਂ ਹੋਰ ਕਿੰਨ੍ਹੇ ਗੁਰੂ ਹੋਣਗੇ। ਅਗਮ ਅਗੋਚਰ ਰੂਪ ਸ੍ਰੀ ਹਰਿਗੋਬਿੰਦ ਜੀ ਮੁਖ ਤੋਂ ਫੁਰਮਾਉਣ ਲੱਗੇ ਕਿ ਹੇ ਸੰਸਾਰੀ ਲੋਕੇ। ਕਲਿਯੁੱਗ ਵਿਚ ਸੋਢੀਆਂ ਦੀ ਪੁਸਤ ਪੱਕੀ ਅਤੇ
ਨਿਹਚਲ ਨੀਂਹ 'ਤੇ ਖੜ੍ਹੋਤੀ ਹੈ। ਹਰ ਯੁੱਗ ਵਿਚ ਸਤਿਗੁਰੂ ਅਵਤਾਰ ਧਾਰਦਾ ਹੈ। ਕਈ ਵਿਦਵਾਨ ਇਸ ਪੰਕਤੀ ਦੀ ਵਿਆਖਿਆ ਇਸ ਪ੍ਰਕਾਰ ਵੀ ਕਰਦੇ ਹਨ ਕਿ ਜੁਗਿ-ਜੁਗਿ (ਦੋ ਤੇ ਦੋ) ਅਰਥਾਤ ਚਾਰ ਸਤਿਗੁਰੂ ਹੋਰ ਅਵਤਾਰ ਧਾਰਨਗੇ। ਇਹ ਸ੍ਰੀ ਹਰਿਗੋਬਿੰਦ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ।
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ॥
ਦੁਆਪੁਰਿ ਸਤਿਗੁਰੁ ਹਰੀ ਕ੍ਰਿਸਨ ਹਾਹਾ ਹਰਿ ਨਾਮੁ ਜਪਾਵੈ ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ ॥
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਬਿੰਦ ਨਾਮੁ ਅਲਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ॥
ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤੁ ਜਪਾਵੈ॥
ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ॥ ੪੯॥
ਵਿਆਖਿਆ- ਸਤਿਯੁਗ ਵਿਚ ਸਤਿਗੁਰੂ (ਗੁਰੂ ਨਾਨਕ ਦੇਵ ਜੀ) ਵਾਸਦੇਵ ਹੋਏ ਅਰਥਾਤ ਗੁਰੂ ਨਾਨਕ ਦੇਵ ਜੀ ਵਾਸਦੇਵ ਦਾ ਅਵਤਾਰ ਹੋਏ। ਇਸੇ 'ਵਾਸਦੇਵ' ਤੋਂ 'ਵਵਾ' ਵਿਸ਼ਨੂੰ ਵੱਲ ਸੰਕੇਤ ਕਰਦਾ ਹੈ। ਦੁਆਪਰ ਵਿਚ ਸਤਿਗੁਰੂ ਹਰੀਕ੍ਰਿਸ਼ਨ ਜੀ ਦੇ ਰੂਪ ਵਿਚ ਪ੍ਰਗਏ। ਉਥੋਂ 'ਹਹਾ' ਅੱਖਰ ਲਿਆ। ਤ੍ਰੇਤੇ ਵਿਚ ਸਤਿਗੁਰੂ ਰਾਮ ਚੰਦਰ ਦੇ ਰੂਪ ਵਿਚ ਅਵਤਰਿਤ ਹੋਏ। ਉਸ ਤੋਂ ‘ਰਰਾ' ਅੱਖਰ ਲੈ ਕੇ ਰਾਮ ਰਾਮ ਦਾ ਜਾਪ ਕਰਕੇ ਲੋਕੀਂ ਸੁੱਖ ਪ੍ਰਾਪਤ ਕਰਨ ਲੱਗੇ। ਕਲਿਯੁੱਗ ਵਿਚ ਗੁਰੂ ਨਾਨਕ ਗੋਬਿੰਦ ਰੂਪ ਹੋਏ। ਉਸ ਤੋਂ 'ਗੱਗਾ' ਲੈ ਕੇ ਲੋਕ ਗੋਬਿੰਦ-ਗੋਬਿੰਦ ਦਾ ਜਾਪ ਕਰਨ ਲੱਗਾ। ਇਸ ਤਰ੍ਹਾਂ ਇਸ ਪਉੜੀਆਂ ਪਹਿਲੀਆਂ ਚਾਰ ਪੰਕਤੀਆਂ ਵ, ਹ, ਰ, ਗ ਆਉਂਦਾ ਹੈ ਜਿਸ ਤੋਂ ਪਉੜੀ ਮੁਤਾਬਿਕ ਚਾਰੇ ਅੱਖਰਾਂ ਨੂੰ ਇੱਕੱਠੇ ਕਰਕੇ ਵਾਹਿਗੁਰੂ ਦਾ ਜਪੁ ਮੰਤਰ ਜਪਾਇਆ। ਪੰਜਵੀਂ ਪੰਕਤੀ ਮੁਤਾਬਕ ਚਾਰੇ ਯੁੱਗਾਂ ਦੇ ਚਾਰੇ ਅਵਤਾਰ (ਪਉੜੀ ਮੁਤਾਬਕ ਵਿਸ਼ਨੂੰ ਹਰੀ, ਰਾਮ ਅਤੇ ਗੋਬਿੰਦ) ਪੰਚ ਪਰਮਾਤਮਾ ਵਿਚ ਜਾ ਸਮਾਉਂਦੇ ਹਨ। ਅਗਲੀ ਪੰਕਤੀ ਮੁਤਾਬਕ ਇੰਝ ਚਾਰੇ ਅੱਖਰਾਂ (ਵ, ਹ, ਰ, ਗ) ਨੂੰ ਇੱਕ ਥਾਂ ਇੱਕੱਠੇ ਕਰਕੇ 'ਵਾਹਿਗੁਰੂ' ਮੰਤਰ ਦਾ ਜਾਪ ਕਰਾਇਆ। ਇਹ ਮੰਤਰ ਜਿਥੋਂ (ਪਰਮਾਤਮਾ ਵਿਚੋਂ) ਉਪਜਿਆ ਹੈ ਫੇਰ ਉਸੇ ਵਿਚ ਸਮਾ ਜਾਂਦਾ ਹੈ।
-----------------------------------------------------------------------------------
ਨੋਟ : ਜਿੱਥੋਂ ਤੱਕ ਇਸ ਪਉੜੀ ਦੀ ਬਣਤਰ ਦਾ ਸੰਬੰਧ ਹੈ, ਇਹ ਕਿਸੇ ਵੀ ਕੀਮਤ 'ਤੇ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਨਹੀਂ ਹੈ। ਇਸ ਕਥਨ ਦੀ ਪੁਸ਼ਟੀ ਭਾਈ ਵੀਰ ਸਿੰਘ ਨੇ ਕੀਤੀ ਇਸ ਪਉੜੀ ਸੰਬੰਧੀ ਟਿੱਪਣੀ ਤੋਂ ਵੀ ਹੋ ਜਾਂਦੀ ਹੈ। ਉਨ੍ਹਾਂ ਅਨੁਸਾਰ ਗੁਰੂ ਜੀ ਅਵਤਾਰਵਾਦ ਵਿਚ ਯਕੀਨ ਨਹੀਂ ਰੱਖਦੇ ਸਨ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ, ਕ੍ਰਿਸ਼ਨ ਜਾਂ ਰਾਮ ਦੇ ਅਵਤਾਰ ਆਖਣਾ ਠੀਕ ਨਹੀਂ ਜਾਪਦਾ। ਹੋਰ ਤਾਂ ਹੋਰ ਵ-ਹ-ਰ-ਗ ਦੀ ਤਰਤੀਬ ਵੀ 'ਵਾਹਿਗੁਰੂ' ਪਦ ਨੂੰ ਪ੍ਰਮਾਣਿਤ ਨਹੀਂ ਕਰਦੀ। ਪਉੜੀ ਦੀ ਇਬਾਰਤ ਮੁਤਾਬਿਕ ਵਾ ਹ ਰਾ-ਗੋ ਅਰਥਾਤ ਵਹਰਾਗ ਬਣਦਾ ਹੈ ਜੋ ਸ਼ਬਦ ਅਰਥਹੀਣ ਹੈ।
ਵਾਰ ਵਿਚ ਆਏ ਪੁਰਾਤਨ ਸੰਕੇਤ
ਓਅੰਕਾਰ- ਭਾਈ ਸਾਹਿਬ ਦੀ ਇਸ ਵਾਰ ਵਿਚ ਆਇਆ ਇਹ ਸ਼ਬਦ ਪਰਮਾਤਮਾ ਦਾ ਸੂਚਕ ਹੈ। ਸੰਸਕ੍ਰਿਤ ਵਿਦਵਾਨਾਂ ਨੇ ਓ ਅ ਮ (ਓਅੰ+ਓਮ) ਤਿੰਨ ਅੱਖਰਾਂ ਨੂੰ ਬ੍ਰਹਮਾ, ਵਿਸ਼ਨੂੰ, ਸ਼ਿਵ ਮੰਨ ਕੇ ਓ ਅ ਨੂੰ ਤਿੰਨ ਦੇਵ ਰੂਪ ਵਿਚ ਕਲਪਿਆ ਹੈ, ਪਰ ਗੁਰਮਤਿ ਵਿਚ ਓਮ ਦੇ ਮੁੱਢ ਏਕਾ ਅੰਗ ਲਿਖ ਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ। (ਮਹਾਨ ਕੋਸ਼) "ਓਅੰਕਾਰ ਏਕੋ ਰਵਿ ਰਹਿਆ॥" "ਓਅੰਕਾਰ ਅਕਾਰ ਕਰਿ ਪਵਣ ਪਾਣੀ 'ਬੈਸੰਤਰ ਸਾਜੇ।"
ਉਦਾਸੀ- ਇਸ ਦਾ ਸ਼ਾਬਦਿਕ ਅਰਥ ਉਪਰਾਮਤਾ, ਵਿਰੱਕਤਾ ਹੈ, ਕਿਨਾਰਾਕਸ਼ੀ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਉਦਾਸੀਨ/ਉਦਾਸੀ ਸਿੱਖ ਕੌਮ ਦਾ ਇੱਕ ਅੰਗ ਵੀ ਹੈ। ਇਸ ਦਾ ਨਾਂ ਉਦਾਸੀ ਪੰਥ ਹੈ। ਇਹ ਪੰਥ ਧੰਨ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੋਂ ਚਲਿਆ ਹੈ। ਉਨ੍ਹਾਂ ਦੇ ਦੇਹਾਂਤ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਾਹਿਬਜਾਦੇ ਬਾਬਾ ਗੁਰਦਿੱਤਾ ਇਸ ਪੰਥ ਦੇ ਸੰਚਾਲਕ ਬਣੇ। ਉਦਾਸੀ ਪੰਥ ਦੇ ਸਾਧੂ ਮਜੀਠੀ ਚੋਲਾ, ਗਲ ਵਿਚ ਕਾਲੀ ਸੇਲੀ (ਕਾਲੀ ਉੱਨ ਦੀ ਬਾਰੀਕ ਰੱਸੀ ਜਾ ਮਾਲਾ ਦੇ ਤੌਰ 'ਤੇ ਵਰਤੀ ਜਾਂਦੀ ਸੀ), ਹੱਥ ਤੂੰਬਾ ਅਤੇ ਸਿਰ 'ਤੇ ਉੱਚੀ ਟੋਪੀ ਪਹਿਨਦੇ ਹਨ। ਪਹਿਲਾਂ ਇਸ ਪੰਥ ਦੇ ਸਾਧੂ ਕੇਸ ਦਾੜ੍ਹੀ ਨਹੀਂ ਕਟਾਉਂਦੇ ਸਨ ਪਰ ਹੁਣ ਬਹੁਤੇ ਜਟਾਧਾਰੀ, ਮੁੰਡਿਤ (ਮੋਨੇ), ਭਸਮਧਾਰੀ, ਨਾਂਗੇ ਅਤੇ ਗੇਰੂੰ ਰੰਗੇ ਵਸਤਰ ਪਹਿਨੇ ਵੇਖੇ ਜਾ ਸਕਦੇ ਹਨ। ਭਾਈ ਗੁਰਦਾਸ ਦੀ ਇਸ ਵਾਰ ਵਿਚਲੀਆਂ ਕਈ ਪੰਕਤੀਆਂ ਵਿਚ ਇਸ ਸ਼ਬਦ ਦੀ ਵਰਤੋਂ ਹੋਈ ਹੈ ਪਰ ਇਹ ਵਰਤੋਂ ਯਾਤਰਾ ਦੇ ਅਰਥ ਵਿਚ ਹੋਈ ਹੈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
- ਭੇਖ ਉਤਾਰਿ ਉਦਾਸ ਕਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ॥
ਅਸਟ ਦਸਾ ਸਿਧਿ- ਅਠਾਰਾਂ ਸਿੱਧੀਆਂ ਅਰਥਾਤ ਅਲੋਕਿਕ ਸ਼ਕਤੀਆਂ (ਕਰਾਮਾਤਾਂ) "ਅਸਟ ਦਸਾ ਸਿਧਿ ਕਰਤਲੈ ਸਭ ਕ੍ਰਿਪਾ ਤੁਮਾਰੀ।" (ਸੰਤ ਰਵਿਦਾਸ) ਅਠਾਰਾਂ (ਅੱਠ + ਦਸ) ਸ਼ਕਤੀਆਂ ਜੋ ਯੋਗੀਆਂ ਨੂੰ ਯੋਗ ਸਾਧਨਾ ਦੁਆਰਾ ਪ੍ਰਾਪਤ ਹੁੰਦੀਆਂ ਹਨ। ਗੁਰਬਾਣੀ ਅਨੁਸਾਰ ਇਹ ਯੋਗ ਸਾਧਨਾ ਰਾਹੀਂ ਨਹੀਂ, ਪ੍ਰਭੁ-ਬਖਸ਼ਿਸ਼ ਨਾਲ ਜਗਿਆਸੂ ਦੀਆਂ ਹੱਥ-ਤਲੀਆਂ 'ਤੇ ਨਚਦੀਆਂ ਅਰਥਾਤ ਕਾਬੂ ਵਿਚ ਰਹਿੰਦੀਆਂ ਹਨ। ਮਿਸਾਲ ਸੰਤ ਰਵਿਦਾਸ ਜੀ ਦੀ ਉਪਰੋਕਤ ਪੰਕਤੀ ਦੀ ਲੈ ਸਕਦੇ ਹਾਂ। ਉਂਜ ਡਾ. ਦਲੀਪ
ਸਿੰਘ ਦੀਪ ਯੋਗੀਆਂ ਦੀਆਂ ਇਨ੍ਹਾਂ ਕਰਾਮਾਤੀ ਸ਼ਕਤੀਆਂ ਦੀ ਵਿਆਖਿਆ ਇੰਜ ਕਰਦਾ ਹੈ- (1) ਘਣਿਆ (ਬਹੁਤ ਛੋਟਾ ਹੋ ਜਾਣਾ), (2) ਮਹਿਮਾ (ਵੱਡਾ ਹੋ ਜਾਣਾ), (3) ਗਰਿਮਾ (ਭਾਰੀ ਹੋ ਜਾਣਾ), (4) ਲਘਿਮਾ (ਹੌਲਾ ਹੋ ਜਾਣਾ), (5) ਪ੍ਰਾਪਤੀ (ਮਨਵਾਂਚਿਤ ਵਸਤੂ ਹਾਸਿਲ ਕਰ ਲੈਣੀ), (6) ਪ੍ਰਾਕਾਮਨੀ (ਸਭ ਦੇ ਮਨਾਂ ਦੀ ਜਾਣ ਲੈਣੀ), (7) ਈਸ਼ਿਤਾ (ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ), (8) ਵਸ਼ਿਤਾ (ਸਭ ਨੂੰ ਕਾਬੂ ਕਰ ਲੈਣਾ), (10) ਦੂਰ ਵਣ (ਦੂਰੋਂ ਸਾਰੀ ਗੱਲ ਸੁਣ ਲੈਣੀ), (11) ਦੂਰ ਦਰਸ਼ਨ (ਦੂਰ ਦੇ ਨਜ਼ਾਰੇ ਵੇਖ ਲੈਣੋ), (12) ਮਨੋਵੇਗ (ਮਨ ਦੀ ਚਾਲ ਤੁਲ ਛੇਤੀ ਜਾਣ ਜਾਣਾ), (13) ਕਾਮਰੂਪ (ਜੇਹਾ ਮਨ ਚਾਹੇ ਤੇਹਾ ਰੂਪ ਧਾਰ ਲੈਣਾ), (14) ਪਰ ਕਾਇਆ ਪ੍ਰਵੇਸ਼ (ਦੂਜੇ ਦੀ ਦੇਹ ਜਾਂ ਸਰੀਰ ਵਿਚ ਪ੍ਰਵੇਸ਼ ਕਰ ਜਾਣਾ), (15) ਸਵਛੰਦ ਮ੍ਰਿਤੂ (ਆਪਣੀ ਇੱਛਾ ਅਨੁਸਾਰ ਮਰਨਾ), (16) ਸੁਰ ਕੀੜਾ (ਦੇਵਤਿਆਂ ਨਾਲ ਮਿਲਾ ਕੇ ਮੌਜਾਂ ਲੁੱਟਣੀਆਂ), (17) ਸੰਕਲਪਣ ਸਿੱਧੀ (ਜੋ ਚਾਹਣਾ ਸੋ ਪਾਣਾ), (18) ਅਪ੍ਰਤਿਹਤ ਗਤਿ (ਕਿਧਰੇ ਜਾਣ ਵਿਚ ਰੁਕਾਵਟ ਨਾ ਪੈਣੀ)
ਅਨਹਦ ਧੁਨਿ- ਜੋ ਧੁਨੀ ਜਾਂ ਨਾਦ ਬਗੈਰ ਸੱਟ ਜਾਂ ਚੋਟ ਮਾਰੇ ਦੇ ਉਤਪੰਨ ਹੋਵੇ, ਉਸ ਨੂੰ ਅਨਹਦ ਧੁਨੀ ਜਾਂ ਅਨਹਦ ਨਾਦ ਜਾਂ ਅਨਹਦ ਸ਼ਬਦ ਆਖਿਆ ਜਾਂਦਾ ਹੈ। ਹੱਠ ਯੋਗ ਅਨੁਸਾਰ ਜਦੋਂ ਸੁਖਮਨਾ ਨਾੜੀ ਦਾ ਮਾਰਗ ਖੁੱਲ੍ਹ ਜਾਂਦਾ ਹੈ ਤਾਂ ਇਹ ਨਾਦ ਜਾਂ ਧੁਨੀ ਸੁਨਾਈ ਦੇਣ ਲੱਗ ਪੈਂਦੀ ਹੈ। ਇਹ ਧੁਨੀ ਜਾਂ ਨਾਦ ਜਾਂ ਸ਼ਬਦ ਸਮਾਧੀ ਸਥਿੱਤ ਯੋਗੀ ਨੂੰ ਹੀ ਸੁਣਦਾ ਹੈ, ਕਿਸੇ ਹੋਰ ਨੂੰ ਨਹੀਂ। ਗੁਰਮਤਿ ਅਨੁਸਾਰ ਸੁਰਤੀ ਨੂੰ ਸ਼ਬਦ ਵਿਚ ਜੋੜਨ ਨਾਲ ਜੋ ਅਨੁਭਵ ਹੁੰਦੇ ਹਨ, ਉਹ ਅਨਹਦ ਸ਼ਬਦ ਹੈ। ਅਉਤਾਰ (ਅਵਤਾਰ)-"ਇਹ ਸ਼ਬਦ ਅਵਤਾਰ (ਅਉਤਾਰ) ਦਾ ਵਿਕਰਿਤ ਰੂਪ ਹੈ ਜਿਸ ਦਾ ਅਰਥ ਹੈ ਉੱਚੇ ਸਥਾਨ ਤੋਂ ਨੀਵੇਂ ਸਥਾਨ 'ਤੇ ਉਤਰਨਾ ਪਰ ਧਰਮ ਵਿਚ ਇਸ ਦੇ ਵਿਸ਼ੇਸ਼ ਅਰਥ ਹਨ-ਬੈਕੁੰਠ ਧਾਮ ਤੋਂ ਭਗਵਾਨ ਦਾ ਭੂ-ਲੋਕ ਵਿਚ ਆਪਣੀ ਲੀਲਾ ਵਿਖਾਉਣ ਲਈ ਪ੍ਰਗਟ ਹੋਣਾ।" (ਡਾ. ਗੁਰਮੁਖ ਸਿੰਘ-ਭਾਈ ਗੁਰਦਾਸ ਸੰਦਰਭ ਕੋਸ਼) ਭਗਵਤ ਪੁਰਾਣ ਜਿਸ ਵਿਚ ਵਿਸ਼ਨੂੰ ਦੀ ਮਹਿਮਾ ਦਾ ਪ੍ਰਧਾਨ ਰੂਪ ਵਿਚ ਵਰਣਨ ਹੈ, ਅਵਤਾਰਾਂ ਦੀ ਗਿਣਤੀ 22 ਦੱਸੀ ਗਈ ਹੈ ਤੇ ਅਖੀਰਲਾ ਅਵਤਾਰ ਕਲਕੀ ਅਰਥਾਤ ਕਲਕਿਨ ਹੈ ਜੋ ਕਲਿਜੁੱਗ ਦੇ ਅੰਤ ਵਿਚ ਪ੍ਰਗਟ ਹੋਣਾ ਹੈ। ਕਲਕੀ ਭਾਵ 'ਚਿੱਟਾ ਘੋੜਾ' ਵਿਸ਼ਨੂੰ ਦਾ ਇਹ ਅਵਤਾਰ ਚਿੱਟੇ ਘੋੜੇ ਉੱਤੇ ਸਵਾਰ ਹੋ ਕੇ, ਹੱਥ ਵਿਚ ਬੋਦੀ ਵਾਲੇ ਤਾਰੇ ਵਾਂਗੂ ਚਮਕਦੀ ਤਲਵਾਰ ਲੈ ਕੇ ਅਧਰਮੀਆਂ ਦਾ ਨਾਸ਼ ਕਰਨ ਲਈ ਅਤੇ ਜਗਤ ਦੀ ਪੁਨਰ ਸੁਰਜੀਤੀ ਤੇ ਧਰਮ ਦੀ ਸਥਾਪਨਾ ਲਈ ਕਲਿਜੁੱਗ ਦੇ ਅੰਤ ਵਿਚ ਪ੍ਰਗਟ ਹੋਵੇਗਾ।
ਅਪੱਛਰਾ (ਅਪਸਰਾ)- ਇੰਦਰ ਲੋਕ ਦੀਆਂ ਪ੍ਰਸਿੱਧ ਸੁੰਦਰੀਆਂ। ਇਸ ਸ਼ਬਦ ਦਾ ਅਰਥ ਹੈ ਜਲ ਵਿਚ ਤਰਨਾ। ਰਾਮਾਇਣ ਤੇ ਹੋਰ ਪੁਰਾਣਾਂ ਵਿਚ ਇਸ ਦੀ ਉਤਪੱਤੀ ਸਮੁੰਦਰ ਰਿੜਕਣ ਨਾਲ ਜੋੜੀ ਗਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਹ ਸਮੁੰਦਰ ਵਿਚੋਂ ਨਿਕਲੀਆਂ ਤਾਂ ਇਨ੍ਹਾਂ ਨੂੰ ਨਾ ਤਾਂ ਦੇਵਤਿਆਂ ਤੇ ਨਾ ਹੀ ਅਸੁਰਾਂ ਰਾਖਸ਼ਾਂ) ਨੇ ਪਤਨੀਆਂ ਦੇ ਰੂਪ ਵਿਚ ਸਵੀਕਾਰਿਆ। ਇਸ ਕਰਕੇ ਇਹ ਸਾਰਿਆਂ ਦੀਆਂ ਸਾਂਝੀਆਂ ਹੋ ਗਈਆਂ। ਇਨ੍ਹਾਂ ਨੂੰ ਸੁਰਾਂਗਨਾਂ (ਦੇਵ ਪਤਨੀਆਂ) ਅਤੇ ਅਨੰਦ ਦੀਆਂ ਧੀਆਂ ਵੀ ਕਿਹਾ ਜਾਂਦਾ ਹੈ।
"ਪੁਰਾਣਿਕ ਸਾਹਿੱਤ ਵਿਚ ਕਈ ਕਥਾਵਾਂ ਹਨ ਜਿਨ੍ਹਾਂ ਵਿਚ ਅਪਸਰਾ ਨੂੰ ਰਿਸ਼ੀਆਂ ਮੁਨੀਆਂ ਦੇ ਤਪ ਭੰਗ ਕਰਨ ਲਈ ਵਰਤਿਆ ਗਿਆ ਹੈ। ਇਨ੍ਹਾਂ ਵਿਚ ਮੇਨਕਾ, ਰੰਭਾ, ਉਰਵਸ਼ੀ, ਤਿਲੋਤਮਾ ਆਦਿ ਬਹੁਤ ਪ੍ਰਸਿੱਧ ਹਨ। ਸਾਮੀ ਸਾਹਿੱਤ ਵਿਚ ਇਸ ਲਈ ਹਰ ਜਾਂ ਪਰੀ ਸ਼ਬਦ ਵਰਤਿਆ ਗਿਆ ਹੈ ਤੇ ਆਮ ਤੌਰ ਤੇ ਇਨ੍ਹਾਂ ਦਾ ਨਿਵਾਸ ਸਥਾਨ ਕੋਹਕਾਫ ਪਰਬਤ ਮੰਨਿਆ ਗਿਆ ਹੈ।" (ਡਾ. ਗੁਰਮੁਖ ਸਿੰਘ-ਭਾਈ ਗੁਰਦਾਸ ਸੰਦਰਭ ਕੋਸ਼, ਪੰਨਾ 27)
ਸਚਖੰਡਿ- ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ 'ਸਚਿਖੰਡਿ ਵਸੈ ਨਿਰੰਕਾਰੁ ॥ ਮਨੁਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ। ਮੋਟੇ ਤੌਰ ਤੇ ਕਹਿ ਸਕਦੇ ਹਾਂ ਕਿ ਨਿਰੰਕਾਰ ਦਾ ਘਰ।
ਸਰੇਵੜੇ- ਸਰੇਵੜੇ ਜੈਨੀਆਂ ਨੂੰ ਕਿਹਾ ਗਿਆ ਹੈ ਜੋ ਕਿ ਉਪਦੇਸ਼ਕ ਹੋਇਆ ਕਰਦੇ ਸਨ। "ਇਹ ਆਤਮਾ ਨੂੰ ਤਾਂ ਮੰਨਦੇ ਹਨ ਪਰ ਈਸ਼ਵਰ ਵਿਚ ਵਿਸ਼ਵਾਸ ਨਹੀਂ ਰੱਖਦੇ। ਇਨ੍ਹਾਂ ਦਾ ਖਿਆਲ ਹੈ ਕਿ ਆਤਮਾ ਹੀ ਪੂਰਨਤਾ ਨੂੰ ਕਰ ਸਕਦੀ ਹੈ। ਇਨ੍ਹਾਂ ਦੇ ਅੱਗੋਂ ਦੋ ਸੰਪਰਦਾਇ ਹਨ। ਸਵੇਤੰਬਰ ਜਿਹੜੇ ਚਿੱਟੇ ਕੱਪੜੇ ਪਹਿਨਦੇ ਹਨ ਤੇ ਦੂਸਰਾ ਦਿਗੰਬਰ ਜਿਹੜੇ ਨਗਨ ਰਹਿੰਦੇ ਹਨ। ਜੈਨੀ ਲੋਕ ਕਰਮ ਫਿਲਾਸਫੀ ਤੇ ਆਵਾਗਵਨ ਵਿਚ ਵਿਸ਼ਵਾਸ ਰੱਖਦੇ ਹਨ।" (ਡਾ. ਜਗਜੀਤ ਸਿੰਘ ਭਾਈ ਗੁਰਦਾਸ ਦੀ ਪਹਿਲੀ ਵਾਰ)
ਸਿੰਮ੍ਰਿਤਿ- ਸਿਮ੍ਰਿਤੀ ਦਾ ਸ਼ਾਬਦਿਕ ਅਰਥ ਯਾਦਦਾਸ਼ਤ ਹੈ। "ਇਹ ਨਾਂ ਉਨ੍ਹਾਂ ਗ੍ਰੰਥਾਂ ਨੂੰ ਦਿੱਤਾ ਗਿਆ ਹੈ ਜੋ ਭਾਰਤੀ ਰਿਸ਼ੀਆਂ ਨੇ ਆਪਣੇ ਪੂਰਵਜਾਂ ਦੇ ਉਪਦੇਸ਼ਾਂ ਅਤੇ ਵੇਦ ਵਾਕਾਂ ਨੂੰ ਯਾਦ ਕਰਦੇ ਲਿਖੇ ਹਨ।" (ਡਾ. ਗੁਰਮੁਖ ਸਿੰਘ: ਭਾਈ ਗੁਰਦਾਸ ਸੰਦਰਭ ਕੋਸ਼) ਇਨ੍ਹਾਂ ਸਿਮ੍ਰਿਤੀਆਂ (ਧਰਮ ਗ੍ਰੰਥਾਂ) ਦੀ ਗਿਣਤੀ ਬਾਰੇ ਪੱਕੀ ਧਾਰਨਾ ਨਹੀਂ। ਕਈਆਂ ਨੇ ਇਨ੍ਹਾਂ ਦੀ ਗਿਣਤੀ ਸਤਾਈ ਤੇ ਕਈਆਂ ਨੇ ਇੱਕੱਤੀ ਦੱਸੀ ਹੈ। ਇਨ੍ਹਾਂ ਵਿਚੋਂ ਮਨੁ ਸਮ੍ਰਿਤੀ ਪ੍ਰਮੁਖ ਹੈ ਜਿਸ ਨੇ ਵਰਣ-ਵੰਡ ਦਾ ਸਿੱਧਾਂਤ ਦਿੱਤਾ ਹੈ।
ਸਾਕਤ- ਸ਼ਕਤੀ ਜਾਂ ਸ਼ਕਤੀ ਦੇਵੀ ਦੇ ਪੁਜਾਰੀ। ਸਾਕਤ ਮਤ ਵਾਲੇ ਦਸ ਦੇਵੀਆਂ ਦੀ ਪੂਜਾ ਕਰਦੇ ਹਨ। ਉਨ੍ਹਾਂ ਵਿਚ ਪ੍ਰਮੁੱਖ ਦੇਵੀਆਂ ਹਨ-ਕਾਲੀ, ਤਾਰਾ, ਸੋਤਸੀ, ਭੁਨੇਸ਼ਵਰੀ, ਭੈਰਵੀ ਆਦਿ। ਪਰ ਗੁਰਬਾਣੀ ਵਿਚ ਇਸ ਦੇ ਅਰਥ ਕਿਸੇ ਵਿਸ਼ੇਸ਼ ਦੇਵੀ ਤੋਂ ਨਹੀਂ। ਇੱਥੇ ਸ਼ਕਤੀ ਜਾਂ ਮਾਇਆ ਦਾ ਪੁਜਾਰੀ ਜਾਂ ਇਨਸਾਨੀ ਪੈਂਤੜੇ ਤੋਂ ਡਿੱਗਿਆ ਹੋਇਆ ਹੈ।
ਸਿੱਧੀ-ਇਸ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਿਆ ਹੈ। ਇਸ ਦਾ ਅਰਥ ਕਰਾਮਾਤ ਜਾਂ ਅਲੌਕਿਕ ਸ਼ਕਤੀ ਹੈ। ਇਹ ਅਸ਼ਟ (ਅੱਠ) ਜਾਂ ਅਠਾਰਾਂ ਸਿੱਧੀਆਂ ਅਖਵਾਉਂਦੀਆਂ उठ। ਸ਼ਿਵ-ਤਿੰਨ ਦੇਵਤਿਆਂ (ਵਿਸ਼ਨੂੰ, ਬ੍ਰਹਮਾ ਤੇ ਸ਼ਿਵ) ਵਿਚੋਂ ਇੱਕ ਹੈ। ਇਸ ਦਾ ਇੱਕ ਹੋਰ ਨਾਂ ਰੁਦੂ ਹੈ। ਕਿਹਾ ਜਾਂਦਾ ਹੈ ਕਿ ਜਨਮ ਸਮੇਂ ਇਹ ਰੋਇਆ ਸੀ ਜਿਸ ਕਰਕੇ ਪਿਉ ਨੇ ਇਸ ਦਾ ਨਾਂ ਰੁਦੂ (ਰੋਣ) ਰੱਖਿਆ। ਵੇਦਾਂ ਵਿਚ ਇਸ ਦੇ ਕਈ ਲੱਛਣ ਦਰਸਾਏ ਹਨ। 'ਸ਼ਿਵ' ਨਾਂ ਦੇ ਸ਼ਬਦ ਦੀ ਵਰਤੋਂ ਵੇਦਾਂ ਵਿਚ ਉਪਲੱਬਧ ਨਹੀਂ। ਖਿਆਲ ਹੈ ਕਿ ਇਹ ਦੇਵਤਾ ਦਾਵੜਾਂ ਦਾ ਸੀ । ਬਾਅਦ ਵਿਚ ਕਿਸੇ ਜੁਗਤੀ ਨਾਲ ਇਸ ਨੂੰ ਹਿੰਦੂ ਦੇਵਤਿਆਂ
ਵਿਚ ਸ਼ਾਮਿਲ ਕਰ ਲਿਆ ਗਿਆ। ਇੰਜ ਵੈਦਿਕ ਦੇਵਤਾ ਰੁਦ੍ਰ ਅਤੇ ਸ਼ਿਵ ਨੂੰ ਇੱਕ ਰੂਪ ਮੰਨ ਲਿਆ ਗਿਆ ਹੈ। "ਉਪਨਿਸ਼ਦਾਂ ਸਮੇਂ ਸ਼ਿਵ ਨੂੰ ਵਧੇਰੇ ਮਾਨਤਾ ਪ੍ਰਾਪਤ ਹੋ ਗਈ। ਸ਼ੈਵ ਮੱਤ ਵਾਲੇ ਸ਼ਿਵ ਨੂੰ ਸਰਬ ਵਿਆਪਕ, ਉਤਪੱਤੀ ਕਰਨ ਵਾਲਾ, ਪਾਲਨਹਾਰ ਤੇ ਸੰਘਾਰਨਹਾਰ ਮੰਨਦੇ ਹਨ। ਉਸ ਨੂੰ 'ਕਾਲ', 'ਮਹਾਂਕਾਲ' ਆਦਿ ਨਾਂ ਵੀ ਦਿੱਤੇ ਗਏ ਹਨ ਜਿਹੜੇ ਉਸ ਦੀ ਸੰਘਾਰਨ ਸ਼ਕਤੀ ਦੇ ਵਾਚਕ ਸ਼ਬਦ ਹਨ।" (ਡਾ. ਜਗਜੀਤ ਸਿੰਘ, ਭਾਈ ਗੁਰਦਾਸ ਦੀ ਪਹਿਲੀ ਵਾਰ) ਇਸ ਦਾ ਨਿਵਾਸ ਕੈਲਾਸ਼ ਪਰਬਤ ਹੈ ਤੇ ਵਾਹਨ ਨੰਦੀ ਬਲਦ ਹੈ। ਇਸ ਦੇ ਮਸਤਕ ਵਿਚ ਤੀਸਰਾ ਨੇਤ੍ਰ ਹੈ ਜਿਸ ਦੇ ਖੁੱਲ੍ਹਣ ਨਾਲ ਜਗਤ ਵਿਚ ਪਰਲੋ ਆ ਜਾਂਦੀ ਹੈ। ਮਸਤੇ ਹੋਏ ਕਾਮ ਦੇਵਤਾ ਨੂੰ ਸ਼ਿਵ ਨੇ ਇਸ ਨੇਤ੍ਰ ਨਾਲ ਭਸਮ ਕਰ ਦਿੱਤਾ ਸੀ। ਸ਼ਿਵ ਜੀ ਦਾ ਗਲਾ ਨੀਲਾ ਹੈ ਕਿਉਂਕਿ ਸਾਗਰ ਮੰਥਨ ਸਮੇਂ ਕਾਲਕੁਟ (ਜ਼ਹਿਰ) ਨਿਕਲਿਆ ਸੀ ਜਿਸ ਨੂੰ ਪਾਨ ਕਰਕੇ ਇਸ ਨੇ ਜਗਤ ਨੂੰ ਵਿਨਾਸ਼-ਲੀਲਾ ਤੋਂ ਬਚਾ ਲਿਆ ਸੀ। ਉਸ ਕਾਲਕੂਟ ਨੂੰ ਇਸ ਨੇ ਆਪਣੇ ਗਲ ਵਿਚ ਰੋਕੀ ਰੱਖਿਆ ਜਿਸ ਕਾਰਨ ਗਲਾ ਨੀਲਾ ਹੋ ਗਿਆ ਤੇ ਇਸ ਦਾ ਨਾਂ ਨੀਲ ਕੰਠ ਪ੍ਰਸਿੱਧ ਹੋਇਆ। ਇਸ ਦੇ ਦੋ ਪੁੱਤਰ ਹਨ-ਗਣੇਸ਼ ਤੇ ਕਾਰਤਿਕੇਯ।" (ਡਾ. ਗੁਰਮੁਖ ਸਿੰਘ: ਭਾਈ ਗੁਰਦਾਸ ਸੰਦਰਭ ਕੋਸ਼)
ਕਿੰਨਰ- ਇਹ ਬੜੇ ਕੁਢੱਬੇ ਰੰਗ ਰੂਪ ਵਾਲੇ ਮਨੁੱਖ ਹਨ। ਇਹ ਨਿੰਦਤ ਸ਼ਕਲ ਵਾਲੇ ਹੁੰਦੇ ਹਨ। ਇਨ੍ਹਾਂ ਦਾ ਸਰੀਰ ਮਨੁੱਖ ਦਾ ਅਤੇ ਮੂੰਹ ਘੋੜੇ ਦਾ ਹੁੰਦਾ ਹੈ। ਸਵਰਗ ਦੇ ਰਾਗੀ ਅਤੇ ਸਹਾਇੱਕ ਗਾਇੱਕ ਹਨ, ਜੋ ਕੈਲਾਸ਼ ਪਰਬਤ ਉੱਤੇ ਕੁਬੇਰ ਦੇ ਸਵਰਗ ਵਿਚ ਨਿਵਾਸ ਕਰਦੇ ਹਨ। ਇਹ ਕੁਬੇਰ ਦੀ ਸਭਾ ਵਿਚ ਗੰਧਰਭਾਂ ਦੇ ਸੰਗੀਤ ਨਾਲ ਵਧੀਆ ਨਾਚ ਕਰਦੇ ਹਨ। ਇਨ੍ਹਾਂ ਨੂੰ ਪੁਲਸਤ ਰਿਸ਼ੀ ਦੀ ਔਲਾਦ ਖਿਆਲ ਕੀਤਾ ਗਿਆ ਹੈ।
ਖਟ ਸ਼ਾਸਤ੍ਰ/ਖਟ ਦਰਸ਼ਨ- ਖਟ ਦਰਸ਼ਨ ਤੋਂ ਭਾਵ ਹੈ ਛੇ ਸ਼ਾਸਤਰਾਂ ਦਾ ਦਰਸ਼ਨ ਜਿਸ ਵਿਚ ਭਾਰਤੀ ਫਲਸਫੇ ਦੀ ਵਿਆਖਿਆ ਹੋਈ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ਵਿਚ ਇਨ੍ਹਾਂ ਦਾ ਕ੍ਰਮ ਇਸ ਪ੍ਰਕਾਰ ਦਿੱਤਾ ਹੈ
1. ਨਿਆਇ ਸ਼ਾਸਤ੍ਰ- ਇਸ ਦਾ ਇੱਕ ਹੋਰ ਨਾਂ ਪ੍ਰਮਾਣ ਸ਼ਾਸਤਰ ਵੀ ਹੈ। ਚੂੰਕਿ ਇਹ ਸ਼ੁੱਧ ਗਿਆਨ ਪ੍ਰਾਪਤੀ ਲਈ ਨਿਯਮ ਦੱਸਦਾ ਹੈ। ਇਸ ਦਾ ਰਚੇਤਾ ਗੋਤਮ ਰਿਸ਼ੀ ਹੈ ਜਿਸ ਨੇ ਰਿਗਵੇਦ ਦਾ ਮੰਥਨ ਕਰਕੇ ਜੀਵ ਤੇ ਆਤਮਾ ਨੂੰ ਅਲੱਗ-ਅੱਲਗ ਦੱਸਿਆ ਹੈ।
2. ਵੈਸ਼ਿਸ਼ਕ ਸ਼ਾਸਤ੍ਰ- ਇਸ ਦਾ ਕਰਤਾ ਕਣਾਦ ਮੁਨੀ ਹੈ ਜਿਸ ਅਨੁਸਾਰ ਜੇਹਾ ਕੋਈ ਕਰੇਗਾ, ਤੇਹਾ ਹੀ ਫਲ ਪਾਏਗਾ।
3. ਮੀਮਾਂਸਾ- ਇਹ ਜੈਮਿਨ ਰਿਸ਼ੀ ਦੀ ਰਚਨਾ ਹੈ ਜਿਸ ਦਾ ਆਧਾਰ ਉਸ ਨੇ ਯਜੁਰ ਵੇਦ ਨੂੰ ਬਣਾਇਆ ਹੈ। ਕਰਮ ਫਿਲਾਸਫੀ ਨੂੰ ਆਧਾਰ ਬਣਾ ਕੇ ਲਿਖਿਆ ਇਹ ਸ਼ਾਸਤ੍ਰ ਵੇਦ ਦਰਸ਼ਨ ਜਾਂ ਧਰਮ ਦਰਸ਼ਨ ਅਖਵਾਉਂਦਾ ਹੋਇਆ ਵੇਦਾਂ ਦੀ ਕੁੰਜੀ ਅਖਵਾਉਂਦਾ ਹੈ।
4. ਸਾਂਖ- ਕਪਲ ਮੁਨੀ ਇਸ ਦੇ ਕਰਤਾ ਹੋਏ ਹਨ ਜਿਸ ਨੇ ਅਥਰਵ ਵੇਦ ਨੂੰ ਆਧਾਰ ਬਣਾਇਆ।
5. ਵੇਦਾਂਤ- ਇਸ ਦੀ ਰਚਨਾ ਵੇਦ ਵਿਆਸ ਰਿਸ਼ੀ ਨੇ ਕੀਤੀ ਹੈ ਜਿਸ ਨੇ ਰਚਨਾ ਕਰਨ ਲੱਗਿਆਂ ਸਾਮਵੇਦ ਨੂੰ ਆਧਾਰ ਬਣਾਇਆ।
6. ਯੋਗ ਸ਼ਾਸਤ- ਇਸ ਸ਼ਾਸਤ ਵਿਚ ਯੋਗ ਨੂੰ ਪ੍ਰਮੁੱਖਤਾ ਦੇਣ ਵਾਲੇ ਪਾਤੰਜਲੀ ਰਿਸ਼ੀ ਸਨ। ਅੱਗੋਂ ਯੋਗ ਦੋ ਪ੍ਰਕਾਰ ਦਾ ਹੁੰਦਾ ਹੈ। ਇੱਕ ਗਿਆਨ ਯੋਗ ਤੇ ਦੂਜਾ ਕਰਮਯੋਗ।
ਖਾਣੀ- ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ ਜੋ ਚਾਰ ਪ੍ਰਕਾਰ ਦੀ ਹੈ। (ੳ) ਅੰਡਜ-ਜੋ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਹਨ, ਅੰਡਜ਼ ਅਖਵਾਉਂਦੇ ਹਨ। ਜਿਵੇਂ ਮੁਰਗਾ, ਪੰਛੀ ਆਦਿ। (ਅ) ਜਰਜ-ਜੋਰ ਤੋਂ ਪੈਦਾ ਹੋਣ ਵਾਲੇ ਜੀਵ ਜਿਵੇਂ ਪਸ਼ੂ, ਮੱਝ, ਗਾਂ ਆਦਿ। (ੲ) ਸਤੇਜ- ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜਿਵੇਂ ਜੂਆਂ ਆਦਿ। (ਸ) ਉਤਭੁਜ-ਧਰਤੀ ਤੋਂ ਉੱਗਣ ਵਾਲੇ ਜਿਵੇਂ ਦਰੱਖਤ, ਘਾਹ ਅਤੇ ਬੂਟੇ ਆਦਿ।
ਖੇਤ੍ਰਪਾਲ- ਭੈਰਵ ਦੇ 49 ਭੇਦਾਂ ਵਿਚ ਇੱਕ ਮੰਨਿਆ ਗਿਆ ਹੈ। ਉਂਜ ਇਸ ਨੂੰ ਭੂਮੀ ਦੋਵਤਾ ਨਾਲ ਜਾਣਿਆ ਜਾਂਦਾ ਹੈ ਜੋ ਖੇਤਾਂ ਦੀ ਰੱਖਿਆ ਕਰਦਾ ਹੈ। ਫਸਲ ਦੀ ਕਟਾਈ ਵੇਲੇ ਇਸ ਦੇ ਹਿੱਸੇ ਦੀ ਫਸਲ ਛੱਡੀ ਜਾਂਦੀ ਹੈ। ਇਸ ਨੂੰ ਪ੍ਰਸੰਨ ਕਰਨ ਲਈ ਪਸ਼ੂ ਬਲੀ ਦੇਣ ਦਾ ਰਿਵਾਜ਼ ਵੀ ਹੈ।
ਗਣ- ਕਈ ਥਾਵਾਂ 'ਤੇ ਗਣ ਨੂੰ ਲਘੂ ਦੇਵਤੇ (ਉੱਪ ਦੇਵਤੇ) ਵੀ ਕਿਹਾ ਗਿਆ ਹੈ ਜੋ ਸ਼ਿਵ ਦੇ ਦਰਬਾਨ ਹਨ ਤੇ ਗਣੇਸ਼ ਦੀ ਆਗਿਆ ਵਿਚ ਰਹਿੰਦੇ ਹਨ। ਇਹ ਗਣ ਪਰਬਤ ਕੈਲਾਸ਼ ਉੱਤੇ ਨਿਵਾਸ ਕਰਦੇ ਹਨ। ਪਰ ਸੁਕੰਦ-ਪੁਰਾਣ ਅਨੁਸਾਰ ਇਹ ਇੱਕ ਦੈਂਤ ਹੋਇਆ ਹੈ ਜੋ ਅਭਿਜਿਤ ਬ੍ਰਾਹਮਣ ਦੀ ਇਸਤਰੀ ਦੇ ਗਰਭ ਤੋਂ ਬ੍ਰਹਮਾ ਦੇ ਵੀਰਜ ਦੁਆਰਾ ਪੈਦਾ ਹੋਇਆ। ਇਸ ਨੂੰ ਗਣੇਸ਼ ਨੇ ਮਾਰਿਆ।
ਗੰਧਰਭ- ਦੇਵ ਲੋਕ ਦੇ ਗਵੱਈਏ ਜਿਨ੍ਹਾਂ ਦੀ ਗਿਣਤੀ 6333 ਦੱਸੀ ਗਈ ਹੈ। ਇਹ ਕੰਨਵ ਰਿਸ਼ੀ ਦੀ ਔਲਾਦ ਹਨ। "ਪੌਰਾਣਿਕ ਕਥਾ ਅਨੁਸਾਰ ਕਣਵ ਰਿਸ਼ੀ ਨੂੰ ਕਸ਼ਯਪ ਰਿਸ਼ੀ ਦੀਆਂ ਦੋ ਧੀਆਂ-ਮੁਨੀ ਤੇ ਪ੍ਰਧਾ ਵਿਆਹੀਆਂ ਹੋਈਆਂ ਸਨ ਜਿਨ੍ਹਾਂ ਦੀ ਸੰਤਾਨ ਗੰਧਰਭ ਹਨ।" (ਡਾ. ਗੁਰਮੁਖ ਸਿੰਘ: ਭਾਈ ਗੁਰਦਾਸ ਸੰਦਰਭ ਕੋਸ਼) ਗੰਦਰਭਾਂ ਦੀ ਗਿਣਤੀ ਭਾਵੇਂ ਬਹੁਤ ਹੈ ਪਰ ਪ੍ਰਮੁੱਖ ਰੂਪ ਵਿਚ ਅੱਠ ਹੀ ਪ੍ਰਸਿੱਧ ਹਨ-ਹਾ ਹਾ, ਹੂ, ਹੂ, ਹੰਸ, ਚਿਤ੍ਰ, ਵਿਸ਼ਵਾਸੂ, ਰੀਮਾਧਾ, ਤੂੰਬਰ ਅਤੇ ਨੰਦੀ।
ਚਿਗੁਪਤ- ਇਹ ਧਰਮਰਾਜ ਦਾ ਸਹਾਇੱਕ ਅਥਵਾ ਮੁਨਸ਼ੀ ਹੈ। ਜੋ ਸਾਰੇ ਜੀਵਾਂ ਦੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਗੁਪਤ ਤੌਰ 'ਤੇ ਲਿਖ ਕੇ ਰੱਖਦਾ ਹੈ। ਸਕੰਦ ਪੁਰਾਣ ਅਤੇ ਭਵਿਸ਼ਯਤ ਪੁਰਾਣ ਇਸ ਦੀ ਉਤਪੱਤੀ ਬਾਰੇ ਵੱਖ-ਵੱਖ ਮਤ ਪੇਸ਼ ਕਰਦੇ ਹਨ। ਇੱਕ ਵਿਚਾਰ ਅਨੁਸਾਰ "ਲੇਖਾਕਾਰ ਦਾ ਨਾਂ ਚਿਤ ਹੈ ਜੋ ਗੁਪਤ ਵਿਧੀ ਨਾਲ ਸਾਰਾ ਲੇਖਾ ਜੋਖਾ ਤਿਆਰ ਕਰਦਾ ਹੈ। ਪੌਰਾਣਿਕ ਸਾਹਿੱਤ ਵਿਚ ਇਸ ਦੇ ਜਨਮ ਬਾਰੇ ਕਥਾਵਾਂ ਮਿਲਦੀਆਂ ਹਨ ਕਿ ਚਿੱਤ੍ਰ ਨਾਂ ਦਾ ਇੱਕ ਰਾਜਾ ਹਿਸਾਬ ਕਿਤਾਬ ਵਿਚ ਬੜਾ ਨਿਪੁੰਨ ਸੀ ਜਿਸ ਕਾਰਨ ਧਰਮ ਰਾਜ ਨੇ ਉਸ ਨੂੰ ਚੁਕਵਾ ਕੇ ਆਪਣਾ ਸਹਾਇੱਕ ਬਣਾ ਲਿਆ। ਇੱਕ ਹੋਰ ਕਥਾ ਅਨੁਸਾਰ ਬ੍ਰਹਮਾ ਜਦੋਂ ਸ੍ਰਿਸ਼ਟੀ ਰਚਨਾ ਕਰਕੇ ਥੋੜ੍ਹਾ ਜਿਹਾ ਟਿਕਿਆ ਤਾਂ ਉਸ ਦੋ ਸਰੀਰ ਵਿਚੋਂ ਸਹਿਜ ਸੁਭਾ ਇੱਕ ਚਿਤਕਬਰੇ ਬੰਦੇ ਦਾ ਜਨਮ ਹੋਇਆ ਜਿਸ ਦੇ ਹੱਥ ਵਿਚ ਕਲਮ ਦਵਾਤ ਸੀ। ਜਦੋਂ ਬ੍ਰਹਮਾ ਨੇ ਅੱਖ ਖੋਲ੍ਹੀ ਤਾਂ ਇਸ ਨੇ ਆਪਣੇ ਕੰਮ ਬਾਰੇ ਉਸ ਨੂੰ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਮੇਰੀ ਕਾਇਆ ਵਿਚੋਂ ਪੈਦਾ ਹੋਣ ਕਾਰਨ ਤੇਰਾ
ਨਾਂ ਕਾਤਿਸਬ ਹੋਇਆ ਅਤੇ ਤੇਰਾ ਕੰਮ ਜੀਵਾਂ ਦਾ ਲੇਖਾ ਜੋਖਾ ਰੱਖਣਾ ਹੋਵੇਗਾ।" (ਡਾ. ਗੁਰਮੁਖ ਸਿੰਘ : ਭਾਈ ਗੁਰਦਾਸ ਸੰਦਰਭ ਕੋਸ਼)
ਚਾਰ ਮਜ਼ਹਬ- ਸੁੰਨੀ ਮੁਸਲਮਾਨਾਂ ਦੇ ਚਾਰ ਖ਼ਲੀਫੇ-ਅਬੂਹਨੀਫਾ, ਸਾਫ਼ੀ, ਮਾਲਿਕ ਅਤੇ ਆਹਮਦ ਇਬਨ ਹੰਬਲ ਆਦਿ ਜਿਨ੍ਹਾਂ ਨੇ ਚਾਰ ਮਤ ਚਲਾਏ-ਹਲਫ਼ੀ, ਸਾਫ਼ਈ, ਮਾਲਿਕੀ ਤੇ ਹੰਬਲੀ। ਚੌਰਾਸੀਹ ਸਿਧ-ਗੋਰਖ ਪੰਥੀ ਸਿੱਧਾਂ ਦੀ ਗਿਣਤੀ 84 ਮੰਨੀ ਗਈ ਹੈ। ਮਹਾਨ ਕੋਸ਼ ਅਨੁਸਾਰ ਇਨ੍ਹਾਂ ਦੇ ਕਥਿਤ 84 ਨਾਮ ਸਹੀ ਨਹੀਂ ਹਨ।
ਚਉਰਾਸੀਹ ਲਖ ਜੋਨਿ-ਭਾਰਤੀ ਧਰਮਾਂ ਅਨੁਸਾਰ ਜੂਨਾਂ ਦੀ ਗਿਣਤੀ 84 ਲੱਖ ਸਮਝੀ ਗਈ ਹੈ। ਇਨ੍ਹਾਂ ਵਿਚੋਂ 21 ਲੱਖ ਅਕਾਸ਼ੀ, 21 ਲੱਖ ਬਨਾਸਪਤੀ, 21 ਲੱਖ ਜੀਵ ਪੰਛੀ ਤੇ ਗੈਂਗਣ ਵਾਲੇ ਜਾਨਵਰ ਅਤੇ 21 ਲੱਖ ਚਾਰ ਪੈਰਾਂ ਵਾਲੇ ਅਤੇ ਮਾਸਾਹਾਰੀ ਜੀਵ ਹਨ। ਪਰ ਡਾ. ਗੁਰਮੁਖ ਸਿੰਘ 'ਭਾਈ ਗੁਰਦਾਸ ਸੰਦਰਭ ਕੋਸ਼' ਵਿਚ ਇਨ੍ਹਾਂ ਦੀ ਗਿਣਤੀ ਵੰਡ ਇਸ ਪ੍ਰਕਾਰ ਕਰਦਾ ਹੈ-ਨੌ ਲੱਖ ਜਲ ਵਾਸੀ, ਦਸ ਲੱਖ ਆਕਾਸ਼ ਵਿਚ ਉੱਡਣ ਵਾਲੇ, ਵੀਹ ਲੱਖ ਸਥਿਰ ਰਹਿਣ ਵਾਲੇ ਰੁੱਖ ਆਦਿ, ਤੀਹ ਲੱਖ ਪਸ਼ੂ, ਗਿਆਰਾਂ ਲੱਖ ਰੀਂਗਣ ਵਾਲੇ ਅਤੇ ਚਾਰ ਲੱਖ ਮਨੁੱਖ ਜਾਤੀ ਵਰਗੇ ਸਾਰੇ ਜੀਵ ਸ਼ਾਮਿਲ ਹਨ।
ਜਖ-ਧਨ ਦੇਵਤੇ ਕੁਬੇਰ ਦੀ ਸੇਵਾ ਕਰਨ ਵਾਲੇ ਦੇਵਤੇ।
ਜੋਗੀ ਬਾਰਹ ਪੰਥਿ (ਜੋਗੀਆਂ ਦੇ ਬਾਰਾਂ ਪੰਥ)-ਇਹ ਬਾਰ੍ਹਾਂ ਪੰਥ ਇਹ ਹਨ-ਹੇਤ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਬੜੀ, ਬਨ, ਧਵਜ, ਚੋਲੀ, ਰਾਵਲ ਅਤੇ ਦਾਸ ਪੰਥ ਆਦਿ।
ਜੰਗਮ- ਜੰਗਮ ਦਾ ਅਰਥ ਹੈ ਤੁਰਦੇ ਫਿਰਦੇ ਰਹਿਣ ਵਾਲਾ ਜੀਵ। ਇਸ ਦੀ ਉਤਪੱਤੀ ਬਾਰੇ ਦੋ ਕਥਾਵਾਂ ਹਨ-"ਪਹਿਲੀ ਅਨੁਸਾਰ ਜਦੋਂ ਸ਼ਿਵ ਜੀ ਦਾ ਵਿਆਹ ਹੋਇਆ ਤਾਂ ਉਸ ਦੇ ਦਾਨ ਨੂੰ ਸਵੀਕਾਰ ਕਰਨ ਵਾਲਾ ਕੋਈ ਨਹੀਂ ਸੀ ਜਿਸ ਦੇ ਫਲਸਰੂਪ ਉਨ੍ਹਾਂ ਨੇ ਆਪਣੀ ਸੱਜੀ ਜੰਘ (ਲੱਤ) ਵਿਚੋਂ ਇੱਕ ਮਨੁੱਖ ਪੈਦਾ ਕੀਤਾ ਸੀ ਜੋ ਜੰਗਮ ਨਾਂ ਨਾਲ ਪ੍ਰਸਿੱਧ ਹੋਇਆ। ਦੂਜੀ ਕਥਾ ਅਨੁਸਾਰ ਸ਼ਿਵ-ਲਿੰਗ ਦੀ ਉਪਾਸਨਾ ਕਰਨ ਵਾਲੇ ਲਿੰਗਮ ਦੇ ਨਾਂ ਨਾਲ ਪ੍ਰਸਿੱਧ ਹੋਏ ਤੇ ਸਮਾਂ ਪਾ ਕੇ ਇਹ ਸ਼ਬਦ ਜੰਗਮ ਵਿਚ ਬਦਲ ਗਿਆ। ਇਹ ਹਮੇਸ਼ਾਂ ਟੱਲੀਆਂ ਖੜਕਾ ਕੇ ਸ਼ਿਵ ਮਹਿਮਾ ਦੇ ਗੀਤ ਗਾਉਂਦੇ ਰਹਿੰਦੇ ਹਨ। ਇਹ ਦੋ ਪ੍ਰਕਾਰ ਦੇ ਹਨ। ਵਿਰਕਤ ਤੇ ਗ੍ਰਹਿਸਥੀ। ਵਿਰਕਤ ਆਮ ਤੋਰ ਤੇ ਘੁੰਮ ਫਿਰ ਕੇ ਜੀਵਨ ਬਸਰ ਕਰਦੇ ਹਨ ਅਤੇ ਬ੍ਰਹਮਚਾਰੀ ਰਹਿੰਦੇ ਹਨ। ਵਿਵਾਹਿਤ ਜੰਗਮ ਕਾਰ ਵਿਹਾਰ ਕਰਦੇ ਤੇ ਗ੍ਰਹਿਸਥ ਦਾ ਕੰਮ ਚਲਾਉਂਦੇ ਹਨ।" (ਡਾ. ਗੁਰਮੁਖ ਸਿੰਘ: ਭਾਈ ਗੁਰਦਾਸ ਸੰਦਰਭ ਕੋਸ਼)
ਨੌਂ ਨਿਧ- ਅਰਥਾਤ ਨੇ ਖਜ਼ਾਨੇ ਜੋ ਪ੍ਰਾਚੀਨ ਗ੍ਰੰਥਾਂ ਅਨੁਸਾਰ ਇਸ ਪ੍ਰਕਾਰ ਹਨ- ਪਦਮ, ਮਹਾਂਪਦਮ, ਸੰਖ, ਮਕਰ, ਕਛਪ, ਮੁਕੁੰਦ, ਕੁੰਦ, ਨੀਲ, ਵਰਚ (ਖਰਬ)
ਨੌ ਖੰਡ ਪ੍ਰਿਥਮੀ- ਪ੍ਰਿਥਵੀ ਦੇ ਸੱਤ ਦੀਪਾਂ ਵਿਚੋਂ ਇੱਕ ਦੀਪ ਦਾ ਨਾਂ ਹੈ ਜੰਬੂ ਦੀਪ ਜਿਸ ਵਿਚ ਏਸ਼ੀਆ ਦਾ ਕਾਫੀ ਭਾਗ ਸ਼ਾਮਿਲ ਹੈ। ਇਸ ਦੀਪ ਦੇ ਨੌਂ ਖੰਡ ਇਹ ਹਨ-
ਉਤਰ ਕੁਰੂ, ਹਿਰਣਮਯ, ਇਲਾਵਰਤ, ਰਮਯਕ, ਹਰਿਵਰਸ਼, ਕੇਤੁਮਾਲ, ਕਿੰਮ ਪੁਰਸ਼ (ਕਿਪੁਰਸ਼), ਭਦ ਤੇ ਭਾਰਤ।
ਪੁਰਾਣ- ਇਸ ਦਾ ਮਤਲਬ ਹੈ ਪੁਰਾਤਨ ਅਰਥਾਤ ਜਿਸ ਵਿਚ ਪ੍ਰਾਚੀਨ ਮਿਥਿਹਾਸਕ ਉਪਾਖਿਆਨਾਂ ਜਾਂ ਕਹਾਣੀਆਂ ਦਾ ਵਰਣਨ ਕੀਤਾ ਗਿਆ ਹੋਵੇ। ਵੇਦ ਵਿਆਸ ਜਾਂ ਉਸ ਦੇ ਨਾਂ ਵਾਲੇ ਹੋਰ ਵਿਦਵਾਨਾਂ ਦੇ ਰਚੇ ਧਾਰਮਿਕ ਅਤੇ ਇਤਿਹਾਸਕ ਗ੍ਰੰਥ ਪੁਰਾਣ ਅਖਵਾਉਂਦੇ ਹਨ ਜਿਨ੍ਹਾਂ ਦੀ ਗਿਣਤੀ 18 ਹੈ। ਜਿਨ੍ਹਾਂ ਵਿਚੋਂ ਵਿਸ਼ਨੂੰ ਪੁਰਾਣ, ਮਾਰਕੰਡ, ਗਰੁੜ ਅਤੇ ਅਗਨੀ ਪੁਰਾਣ ਪ੍ਰਸਿੱਧ ਹਨ।
ਬਾਣੀ- ਬਾਣੀ ਦਾ ਭਾਵ ਹੈ ਬਣੀ ਹੋਈ। ਅਰਥਾਤ ਰਚਨਾ ਜਾਂ ਬਨਾਵਟ। ਬਾਣੀਆਂ ਚਾਰ ਮੰਨੀਆਂ ਗਈਆਂ ਹਨ-
1. ਪਰਾ-ਮੂਲਾਧਾਰ ਵਿਚ ਰਹਿਣ ਵਾਲਾ ਸ਼ਬਦ
2. ਪਸੰਤੀ- ਮੁਲਾਧਾਰ ਤੋਂ ਉਠ ਕੇ ਹਿਰਦੇ ਵਿਚ ਆਇਆ ਸ਼ਬਦ
3. ਮਧੱਮਾ- ਹਿਰਦੇ ਤੋਂ ਕੰਨ ਵਿਚ ਆਇਆ ਸ਼ਬਦ
4. ਬੈਖਰੀ-ਮੁਖ ਤੋਂ ਉਚਾਰਨ ਹੋਇਆ ਸ਼ਬਦ
ਭਾਈ ਗੁਰਦਾਸ ਜੀ
ਦੀ
ਪਹਿਲੀ ਵਾਰ
ਸਮੀਖਿਆ ਤੇ ਵਿਆਖਿਆ
ਡਾ. ਜਸਵੰਤ ਬੇਗੋਵਾਲ
ਸਮਰਪਿਤ
ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਪ੍ਰਿਤਪਾਲ ਸਿੰਘ ਅਤੇ
ਉਸ ਦੇ ਕਿਰਤ-ਕੋਰੇ (ਕਮਰਾ ਅਰਥ ਸ਼ਾਸਤਰ) ਨੂੰ ਜਿੱਥੇ
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਸਮੀਖਿਆ ਕਰਨ
ਸੰਬੰਧੀ ਮੇਰੀ ਸੋਚ ਨੇ ਪਹਿਲੀ ਅੰਗੜਾਈ ਲਈ।
ਗੁਰਮੁਖਿ ਵਰਨੁ ਅਵਰਨੁ ਹੋਇ ਨਿਵਿ ਚਲਣਾ ਗੁਰਸਿਖਿ ਵਿਸੇਖੈ ॥
ਤਾ ਕਿਛੁ ਘਾਲਿ ਖਾਵੈ ਦਰਿ ਲੇਖੈ ॥ (ਪਉੜੀ ੨੫)
(ਅਰਥਾਤ ਗੁਰਮੁਖ ਜਾਤ ਪਾਤ ਦੇ ਹੰਕਾਰੀ ਵਿਤਕਰਿਆਂ ਤੋਂ ਨਿਰਲੇਪ ਹੁੰਦੇ ਹਨ। ਉਨ੍ਹਾਂ ਦਾ ਵਿਸ਼ੇਸ਼ ਗੁਣ ਨਿਮਰਤਾ ਹੈ ਅਰਥਾਤ ਉਹ ਨਿਵ ਕੇ ਚਲਦੇ ਹਨ। ਇਹ ਨਿਮਰਤਾ ਹੀ ਹੈ ਜਿਸ ਨੂੰ ਧਾਰਨ ਕਰਨ ਨਾਲ ਪਰਮਾਤਮਾ ਦੇ ਦਰ ਤੋਂ ਕੁਝ ਪ੍ਰਾਪਤ ਹੁੰਦਾ ਹੈ।)
ਗੁਰਮੁਖਿ ਭਾਰਿ ਅਥਰਬਣਿ ਤਾਰਾ ॥ (ਪਉੜੀ ੩੮)
(ਧੰਨ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਕਰਕੇ ਕਰਤਾਰਪੁਰ ਵਿਖੇ ਗੁਰਮੁਖਾਂ ਨੇ ਅਥਰਵਣ ਵੇਦ ਦਾ ਭਾਰ ਲਾਹ ਕੇ ਪਰ੍ਹਾਂ ਮਾਰਿਆ ਅਰਥਾਤ ਗੁਰਮੁਖ ਵੇਦਾਂ, ਉਪਨਿਸ਼ਦਾਂ, ਪੁਰਾਣਾਂ ਅਤੇ ਸਿਮ੍ਰਤੀਆਂ ਦੀ ਥਾਵੇਂ ਅਨਹਦ ਸ਼ਬਦ ਨਾਲ ਜੁੜਣ ਲੱਗ ਪਏ ਅਤੇ ਫਲਸਰੂਪ ਸ਼ਾਮ ਵੇਲੇ ਸੋਦਰ ਅਤੇ ਆਰਤੀ ਅਤੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦੇ ਪਾਠ ਦਾ ਗਾਇਨ ਕਰਨ ਲੱਗੇ।)
ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜ੍ਹ ਸਮਝਿ ਸੁਣੇਹੀ ॥
ਗੁਰਭਾਈ ਸੰਤੁਸਟਿ ਕਰਿ ਚਰਣਾਮ੍ਰਿਤੁ ਲੈ ਮੁਖਿ ਪਿਵੇਹੀ ॥(ਪਉੜੀ ੩)
(ਉਨ੍ਹਾਂ ਗੁਰਮੁਖਾਂ ਦਾ ਜੀਵਨ ਸਫ਼ਲ ਹੋਇਆ ਮੰਨਿਆ ਜਾਂਦਾ ਹੈ ਜੋ ਤਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਹੋਰਾਂ ਨੂੰ ਸੁਣਾਉਂਦੇ ਹਨ। ਉਹ ਆਪਣੇ ਗੁਰਭਾਈਆਂ ਨੂੰ ਪ੍ਰਸੰਨ ਕਰਦੇ ਤੇ ਉਨ੍ਹਾਂ ਦੇ ਚਰਨ ਧੋ ਧੋ ਕੇ ਪੀਂਦੇ ਹਨ।)
ਤੱਤਕਰਾ
ਭਾਈ ਗੁਰਦਾਸ : ਜੀਵਨ ਅਤੇ ਰਚਨਾ ਬਿਉਰਾ
ਭਾਈ ਗੁਰਦਾਸ ਜੀ ਉਹ ਖੁਸ਼ਕਿਸਮਤ ਸ਼ਖ਼ਸੀਅਤ ਦੇ ਮਾਲਕ ਸਨ ਜਿਨ੍ਹਾਂ ਨੂੰ ਚਾਰ ਗੁਰੂ ਸਾਹਿਬਾਨ ਦੇ ਨਿਕਟ ਰਹਿਣ ਦਾ ਅਵਸਰ ਹਾਸਿਲ ਰਿਹਾ ਹੈ। ਗੁਰੂ ਅਮਰਦਾਸ ਜੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਤਕ ਉਨ੍ਹਾਂ ਨੇ ਗੁਰਮਤਿ ਦੀ ਵਿਆਖਿਆ ਹਿੱਤ ਆਪਣਾ ਸਾਰਾ ਜੀਵਨ ਗੁਜ਼ਾਰਿਆ। ਗੁਰਮਤਿ ਦੀ ਵਿਆਖਿਆ ਨੂੰ ਪ੍ਰਵਾਨ ਚੜ੍ਹੀ ਉਸ ਦੀ ਸਮੁੱਚੀ ਰਚਨਾ ਕਰਕੇ ਹੀ ਉਨ੍ਹਾਂ ਦੀ ਰਚਨਾ ਨੂੰ ਖ਼ਾਸ ਕਰਕੇ ਵਾਰਾਂ ਨੂੰ ਗੁਰਬਾਣੀ ਵਾਂਗ ਹੀ ਗੁਰੂ ਘਰਾਂ ਵਿਚ ਮਾਣ ਸਤਿਕਾਰ ਨਾਲ ਗਾਇਆ ਜਾਂਦਾ ਹੈ। ਵਾਰਾਂ ਵਿਚ ਗੁਰਮਤਿ ਦੀ ਸਰਲ ਵਿਆਖਿਆ ਹੋਈ ਹੋਣ ਕਰਕੇ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਰਚਨਾ ਨੂੰ ਬਾਣੀ ਕਹਿ ਕੇ ਵਡਿਆਇਆ ਤੇ ਨਾਲ ਹੀ ਇਸ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ। ਜਾਂ ਇੰਝ ਕਹਿ ਲਈਏ ਕਿ ਗੁਰਮਤਿ ਦਰਸ਼ਨ ਦਾ ਪ੍ਰਵੇਸ਼ ਦੁਆਰ ਭਾਈ ਗੁਰਦਾਸ ਦੀ ਕਾਵਿ-ਰਚਨਾ ਹੈ ਜਿਸ 'ਚੋਂ ਗੁਜ਼ਰਦੇ ਹੋਏ ਗੁਰਸਿੱਖੀ ਸਰੋਕਾਰਾਂ ਦੀ ਥਹੁ ਅਤੇ ਉਸ ਦੇ ਚਾਰ ਗੁਰੂ ਸਾਹਿਬਾਨ ਤੋਂ ਪ੍ਰਾਪਤ ਅਨੁਭਵਾਂ ਨੂੰ ਪ੍ਰਾਪਤ ਕਰ ਸਕਦੇ ਹਾਂ। "ਆਪ ਆਪਣੇ ਸਮੇਂ ਦੇ ਸ਼੍ਰੋਮਣੀ ਵਿਦਵਾਨ, ਫਿਲਾਸਫਰ ਕਵੀ, ਗੁਰਸਿੱਖ, ਬ੍ਰਹਮ ਗਿਆਨੀ, ਪ੍ਰਚਾਰਕ, ਸਮਾਜ ਸੇਵਕ ਅਤੇ ਸਭ ਦੇ ਹਿੱਡ ਸਨ।" (ਡਾ. ਦਲੀਪ ਸਿੰਘ ਦੀਪ, ਭਾਈ ਗੁਰਦਾਸ, ਪੰਨਾ 1) ਗੁਰਮਤਿ ਦੇ ਇਸ ਢਾਡੀ ਦੀ ਵਿਦਵਤਾ ਨੂੰ ਸਨਮੁਖ ਰੱਖਦੇ ਹੋਏ ਪੰਜਾਬੀ ਦੇ ਵਿਦਵਾਨਾਂ ਨੇ ਆਪ ਨੂੰ ਸਿੱਖੀ ਦਾ ਵੇਦ ਵਿਆਸ ਆਖਿਆ ਹੈ। ਚੂੰਕਿ ਆਪ ਜੀ ਦੀਆਂ ਸਿੱਖ ਜਗਤ ਨੂੰ ਅਰਪਿਤ ਸੇਵਾਵਾਂ ਨਾ ਭੁੱਲਣਯੋਗ ਹਨ। ਮੱਧਕਾਲ ਦੇ ਹੋਰਨਾਂ ਮਹਾਨ ਸ਼ਖ਼ਸੀਅਤਾਂ ਵਾਂਗ ਭਾਈ ਗੁਰਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਕਿਸੇ ਵੀ ਸਰੋਤ ਤੋਂ ਸੰਪੂਰਨ ਰੂਪ ਵਿਚ ਪ੍ਰਾਪਤ ਨਹੀਂ ਹੁੰਦੀ। ਇਥੋਂ ਤਕ ਕਿ ਉਨ੍ਹਾਂ ਦੀ ਕਾਵਿ ਰਚਨਾ ਵਿਚ ਵੀ ਕਿਸੇ ਕਿਸਮ ਦਾ ਜੀਵਨ ਸੰਬੰਧੀ ਕੋਈ ਸੰਕੇਤ ਨਹੀਂ ਮਿਲਦਾ। ਇਥੋਂ ਤਕ ਕਿ ਉਨ੍ਹਾਂ ਨੇ ਗੁਰੂ ਘਰ ਦੇ ਨਿਕਟ ਵਰਤੀ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰ-ਪਿਛੋਕੜ ਬਾਰੇ ਤਾਂ ਗੱਲ ਕੀਤੀ ਹੈ ਪਰ ਉਨ੍ਹਾਂ ਤੋਂ ਇਤਿਹਾਸਕ ਨਾਇਕਾਂ ਦੀਆਂ ਜਨਮ ਤਿਥੀਆਂ, ਸਥਾਨਾਂ ਬਾਰੇ ਕੋਈ ਗੱਲ ਨਹੀਂ ਹੋਈ ਜਿਥੋਂ ਅਸੀਂ ਉਨ੍ਹਾਂ ਨਾਇਕਾਂ ਦੇ ਆਧਾਰ 'ਤੇ ਕੋਈ ਸਰੋਤ ਸਥਾਪਤ ਕਰ ਉਨ੍ਹਾਂ ਦੇ ਜੀਵਨ ਦੀ ਗੱਲ ਅੱਗੇ ਤੋਰ ਸਕੀਏ। ਭਾਈ ਜੀ ਦੀ ਨਿਮਰਤਾ ਤਾਂ ਇਥੋਂ ਤਕ ਬੁਲੰਦੀ ਛੂੰਹਦੀ ਹੈ ਕਿ ਉਨ੍ਹਾਂ ਨੇ ਆਪਣੀ ਕਿਸੇ ਵੀ ਕਾਵਿ ਰਚਨਾ ਵਿਚ ਆਪਣਾ ਨਾਂ ਤਕ ਨਹੀਂ ਵਰਤਿਆ ਤੇ ਜੀਵਨ ਸਰੋਤ ਦੱਸਣੀ ਤਾਂ ਦੂਰ ਦੀ ਗੱਲ ਰਹੀ।
ਭਾਈ ਸਾਹਿਬ ਦੇ ਜੀਵਨ ਬਾਰੇ ਆਦਿ ਸਰੋਤ, ਜੋ ਭਾਈ ਸਾਹਿਬ ਤੋਂ ਬਾਅਦ
ਵੱਖ-ਵੱਖ ਲਿਖਤਾਂ ਦੇ ਰੂਪ ਵਿਚ ਹੋਂਦ ਵਿਚ ਆਏ, ਵਿਚ ਭਾਈ ਸਾਹਿਬ ਦੇ ਜੀਵਨ ਅਤੇ ਸ਼ਖ਼ਸੀਅਤ ਸੰਬੰਧੀ ਕੁਝ ਧਾਰਨਾਵਾਂ ਨਿਸ਼ਚਿਤ ਕਰਨ ਦਾ ਯਤਨ ਹੋਇਆ ਹੈ।
ਭਾਈ ਗੁਰਦਾਸ ਜੀ ਦੇ ਜਨਮ ਸੰਬੰਧੀ ਜਿਨ੍ਹਾਂ ਵੀ ਵਿਦਵਾਨਾਂ ਦੇ ਸਰੋਤ ਸਾਨੂੰ ਪ੍ਰਾਪਤ ਹੋਏ ਹਨ, ਉਨ੍ਹਾਂ ਸਰੋਤਾਂ ਵਿਚ ਵੀ ਇੱਕਸਾਰਤਾ ਨਹੀਂ ਹੈ। ਇਹ ਵਿਦਵਾਨ ਭਾਈ ਸਾਹਿਬ ਦਾ ਜਨਮ ਸਮਾਂ 1600 ਸੰਮਤ ਤੋਂ 1615 ਬਿ. ਸੰਮਤ ਤਕ ਦਾ ਮਿੱਥਦੇ ਹਨ। ਇਥੋਂ ਤਕ ਕਿ ਜਨਮ ਸਥਾਨ ਬਾਰੇ ਵੀ ਵਿਦਵਾਨਾਂ ਵਿਚ ਇੱਕ ਮਤ ਨਹੀਂ ਹੈ। ਸ੍ਰ. ਰਣਧੀਰ ਸਿੰਘ 'ਭਾਈ ਗੁਰਦਾਸ ਭੱਲੇ ਦਾ ਸੰਖੇਪ ਜੀਵਨ' ਲੇਖ ਵਿਚ ਉਨ੍ਹਾਂ ਦਾ ਜਨਮ ਸਥਾਨ ਗੋਇੰਦਵਾਲ ਮੰਨਦੇ ਹਨ। ਉਹ ਲਿਖਦੇ ਹਨ ਕਿ "ਭਾਈ ਸਾਹਿਬ ਦਾ ਜਨਮ, ਇਸ ਪਰਿਵਾਰ ਦੇ ਸਿੱਖ ਸੱਜਣ ਤੇ ਗੋਇਦਵਾਲ ਆ ਵਸਣ ਤੋਂ ਬਾਅਦ ਸੰਮਤ 1608 ਬਿ. (1551 ਈਸਵੀ) ਵਿਚ ਯਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਦੋ ਕੁ ਵਰ੍ਹੇ ਪਹਿਲਾਂ ਹੋਇਆ।" (ਭਾਈ ਗੁਰਦਾਸ: ਜੀਵਨ ਤੇ ਰਚਨਾ, ਪੰਨਾ 2) ਇਸੇ ਤਰ੍ਹਾਂ ਡਾ. ਦਲੀਪ ਸਿੰਘ ਦੀਪ ਦੀ ਕੋਈ ਉਕਤੀ ਸਿੱਧੀ ਤਾਂ ਨਹੀਂ ਪਰੋਖ ਰੂਪ ਵਿਚ ਕੀਤੀ ਟਿੱਪਣੀ ਤੋਂ ਵੀ ਪਤਾ ਚਲਦਾ ਹੈ ਕਿ ਉਹ ਵੀ ਭਾਈ ਗੁਰਦਾਸ ਜੀ ਦਾ ਜਨਮ ਗੋਇੰਦਵਾਲ ਨੂੰ ਮੰਨਦੇ ਹਨ। (ਭਾਈ ਗੁਰਦਾਸ-ਭਾਸ਼ਾ ਵਿਭਾਗ, ਪੰਨਾ 2) ਫਿਰ ਵੀ ਕੁਝ ਵਿਦਵਾਨ ਉਨ੍ਹਾਂ ਦਾ ਜਨਮ ਗਿਲਵਲੀ ਪਿੰਡ ਵਿਚ ਹੋਇਆ ਮੰਨਦੇ ਹਨ। ਡਾ. ਰਤਨ ਸਿੰਘ ਜੱਗੀ (ਭਾਈ ਗੁਰਦਾਸ ਜੀਵਨੀ ਤੇ ਰਚਨਾ) ਅਤੇ ਡਾ. ਗੁਰਸ਼ਰਨ ਕੌਰ ਜੱਗੀ (ਵਾਰਾਂ ਭਾਈ ਗੁਰਦਾਸ) ਇਸੇ ਗਿਲਵਲੀ ਪਿੰਡ ਦਾ ਹੀ ਜ਼ਿਕਰ ਕਰਦੇ ਹਨ। ਇਨ੍ਹਾਂ ਦੋਹਾਂ ਵਿਦਵਾਨਾਂ ਦਾ ਇਸ ਜਨਮ ਸਥਾਨ ਦਾ ਆਧਾਰ ‘ਬੰਸਾਵਲੀ ਨਾਮਾ ਦਸਾਂ ਪਾਤਿਸ਼ਾਹੀਆਂ ਕਾ' ਆਦਿ ਸਰੋਤ ਪੁਸਤਕਾਂ ਹਨ। ਪੰਜਾਬੀ ਸਾਹਿੱਤ ਦਾ ਇਤਿਹਾਸ (ਭਾ. ਵਿਭਾਗ, ਭਾਗ ਦੂਜਾ) ਵਿਚ ਭਾਈ ਸਾਹਿਬ ਦਾ ਜਨਮ ਸਥਾਨ ਪਿੰਡ ਬਾਸਰਕੀ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਭਾਈ ਵੀਰ ਸਿੰਘ ਭਾਈ ਸਾਹਿਬ ਦਾ ਜਨਮ ਸਥਾਨ ਬਾਸਰਕੇ ਜਾਂ ਗੋਇੰਦਵਾਲ ਸਾਹਿਬ ਨੂੰ ਮੰਨਦਾ ਹੈ। ਉਪਰੋਕਤ ਵਿਚਾਰਾਂ ਤੋਂ ਇਹੀ ਸਪੱਸ਼ਟ ਹੈ ਕਿ ਬਹੁਤੇ ਵਿਦਵਾਨਾਂ ਦੀ ਰਾਇ ਵਿਚ ਭਾਈ ਗੁਰਦਾਸ ਜੀ ਦਾ ਜਨਮ ਗੋਇੰਦਵਾਲ ਦਾ ਹੋਇਆ ਹੀ ਸਿੱਧ ਹੁੰਦਾ ਹੈ।
ਪਰਿਵਾਰ ਪਰੰਪਰਾ
ਭਾਈ ਸਾਹਿਬ ਦੀ ਜਨਮ ਮਿਤੀ, ਜਨਮ ਸਥਾਨ ਬਾਰੇ ਜਿਵੇਂ ਵਿਦਵਾਨਾਂ ਵਿਚ ਮਤਭੇਦ ਜਿਉਂ ਦੇ ਤਿਉਂ ਕਾਇਮ ਹਨ, ਉਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਵਿਦਵਾਨਾਂ ਵਿਚ ਇੱਕ ਰਾਇ ਕਾਇਮ ਨਹੀਂ ਹੈ। ਕੁਝ ਵਿਦਵਾਨ ਜਿਨ੍ਹਾਂ ਵਿਚ ਭਾਈ ਵੀਰ ਸਿੰਘ, ਡਾ. ਦੀਵਾਨ ਸਿੰਘ ਅਤੇ ਹਰਿੰਦਰ ਸਿੰਘ ਰੂਪ ਪ੍ਰਮੁੱਖ ਹਨ, ਪਿਤਾ ਦਾ ਨਾਂ ਦਾਤਾਰ ਚੰਦ ਦੱਸਦੇ ਹਨ। ਪਰ ਇਨ੍ਹਾਂ ਵਿਦਵਾਨਾਂ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਹਿੱਤ ਕੋਈ ਤੱਥ ਪੇਸ਼ ਨਹੀਂ ਕੀਤਾ। ਆਧੁਨਿਕ ਯੁੱਗ ਵਿਚ ਸਭ ਤੋਂ ਪ੍ਰਮਾਣਿਕ ਟਿੱਪਣੀ ਸ. ਰਣਧੀਰ ਸਿੰਘ ਦੀ ਲੱਗਦੀ ਹੈ ਕਿਉਂਕਿ ਜੋ ਪਰਿਵਾਰ ਪਿਛੋਕੜ ਬਾਰੇ ਜਾਣਕਾਰੀ ਵਿਸਤਾਰ ਵਿਚ ਉਨ੍ਹਾਂ ਨੇ ਦਿੱਤੀ ਹੈ, ਉਸ ਦੀ ਪੁਸ਼ਟੀ ਉਸ ਤੋਂ ਪਹਿਲਾਂ ਭਾਈ ਕੇਸਰ ਸਿੰਘ ਛਿੱਬਰ ਦੁਆਰਾ ਕੀਤਾ 'ਬੰਸਾਵਲੀਨਾਮਾ' ਤੋਂ ਵੀ ਹੋ ਜਾਂਦੀ ਹੈ। ਸ. ਰਣਧੀਰ ਸਿੰਘ ਲਿਖਦੇ –
ਹਨ-"ਸੂਰਜਵੰਸ਼ੀ ਛੱਤਰੀਆਂ ਵਿਚੋਂ ਰਾਜਾ ਦਸ਼ਰਥ ਦਾ ਪੁੱਤਰ ਭਰਤ, ਕਿਸ਼ਟਵਾੜ ਦੀ ਰਾਜਕੁਮਾਰੀ ਕੇਕਈ ਦੇ ਉਦਰੋਂ ਜਨਮਿਆ ਸੀ। ਉਸ ਦੀ ਸੰਤਾਨ ਵਿਚੋਂ ਹੀ ਖੱਤਰੀ ਭੱਲੇ ਮੰਨੇ ਜਾਂਦੇ ਹਨ। ਸੋਲ੍ਹਵੀਂ ਸਦੀ ਬਿਕਰਮੀ ਦੇ ਆਰੰਭ ਸਮੇਂ ਬਿਸ਼ਨਦਾਸ ਨਾਮ ਦਾ ਭੱਲਾ ਖੱਤਰੀ, ਮਾਝੇ ਦੇ ਪ੍ਰਸਿੱਧ ਪਿੰਡ 'ਬਾਸਰ-ਕੀ-ਗਿੱਲਾਂ' ਵਿਚ ਵਸਦਾ-ਉਸ ਦੇ ਘਰ ਸੰਮਤ 1520 ਬਿ. (1463 ਈ.) ਵਿਚ ਹਰਿ ਜੀ ਨਾਵੇਂ ਪੁੱਤਰ ਪੈਦਾ ਹੋਇਆ। ਸੰਮਤ 1538 ਬਿ. (1481 ਈ.) 'ਹਰਿ ਜੀ' 'ਮਰਵਾਹੇ' ਖੱਤਰੀਆਂ ਦੇ ਘਰ ਪਰਣੇ ਗਏ। ਸੰਮਤ 1545 (1498 ਈ.)