ਸ਼ਬਦ ਸੁਰਤ ਦਾ ਮੇਲ ਗੁਰੂ ਨਾਨਕ ਤੇ ਮਰਦਾਨਾ
ਭਾਈ ਗੁਰਦਾਸ ਜੀ ਲਿਖਦੇ ਹਨ 'ਕਲ ਤਾਰਨ ਗੁਰੂ ਨਾਨਕ ਆਇਆ, ਭਾਵ ਕਲਜੁਗੀ ਜੀਵਾਂ ਦੇ ਉਧਾਰ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਜੀ ਨੇ ਅੰਧੇਰੇ ਰਾਹ ਨੂੰ ਰੁਸ਼ਨਾਇਆ। ਉਸ ਵੇਲੇ ਦੇ ਜੋ ਹਾਲਾਤ ਸਨ ਉਹ ਸੰਖੇਪ ਰੂਪ ਵਿਚ ਕਹੀਏ ਤਾਂ ਇੰਨਾਂ ਹੀ ਕਾਫੀ ਹੋਵੇਗਾ ਕਿ ਕਲ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜ੍ਹਿਆ॥ ਹਉ ਭਾਲਿ ਵਿਕੁੰਨੀ ਹੋਈ ਅੰਧੇਰੈ ਰਾਹੁ ਨ ਕੋਈ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਇਨਿ ਬਿਧਿ ਗਤਿ ਹੋਈ॥"
ਹਾਲਾਤ ਇਹ ਸਨ ਕਿ ਕੂੜ ਦੀ ਕਾਲੀ ਮਸਿਆ ਰੂਪੀ ਰਾਤ ਦਾ ਹਨ੍ਹੇਰਾ ਛਾਇਆ ਹੋਇਆ ਸੀ। ਸੱਚ ਦਾ ਚੰਦ੍ਰਮਾ ਛਿਪ ਗਿਆ ਸੀ। ਹਨ੍ਹੇਰੇ 'ਚ ਰਾਹ ਨਹੀਂ ਸੀ ਦਿਸਦਾ। ਫਿਰ ਸਵਾਲ ਪੁਛਿਆ ਕਿ ਹੁਣ ਕੀ ਕੀਤਾ ਜਾਵੇ ? ਇਹ ਉਪਰੋਕਤ ਸਵਾਲ ਗੁਰੂ ਸਾਹਿਬ ਨੇ ਸੰਸਾਰ ਦੇ ਸਨਮੁੱਖ ਰੱਖਿਆ।
ਸਵਾਲ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਉੱਤਰ ਕੀ ਦਿੱਤਾ ? ਗੁਰੂ ਸਾਹਿਬ ਨੇ ਜੋ ਉੱਤਰ ਦਿੱਤਾ ਉਸਨੂੰ 'ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਪਣੀ ਅਨੁਭਵੀ ਕਲਮ ਰਾਹੀਂ ਇਸ ਹੱਥਲੀ ਪੁਸਤਕ 'ਭਾਈ ਮਰਦਾਨਾਂ’ ਵਿਚ ਪ੍ਰਗਟਾਉਣ ਦਾ ਯਤਨ ਕੀਤਾ ਹੈ। ਭਾਈ ਸਾਹਿਬ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਕਿ ਮਰਦਾਨੇ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਜਾਂ "ਮਰਦਾਨੇ ਦਾ ਰੰਗ ਰੂਪ ਕਿਹੋ ਜਿਹਾ ਸੀ। ਉਹ ਤੇ ਦੱਸਦੇ ਹਨ
ਮਰਦਾਨਾ ਸਾਡੇ ਵਰਗਾ ਕਲਜੁਗੀ ਅਖੌਤੀ ਨੀਵੀਂ ਜਾਤ ਦਾ ਮਿਰਾਸੀ ਸੀ ਜਿਸਨੂੰ ਗੁਰੂ ਨੇ ਅਪਣੇ ਅੰਗ ਸੰਗ ਰਖਿਆ। ਮਰਦਾਨਾ ਹਰ ਸਮੱਸਿਆ ਦਾ ਹੱਲ ਹੋਣ ਦੇ ਬਾਵਜੂਦ ਵੀ ਸਾਡੇ ਉਧਾਰ ਲਈ ਹਰ ਔਕੜ ਵਿਚ ਜੂਝਿਆ। ਬਸ ਇਹੀ ਹੱਲ ਭਾਈ ਸਾਹਿਬ ਨੇ ਸਾਡੇ ਲਈ ਸੌਖਾ ਕਰ ਕੇ ਸਮਝਾਇਆ ਹੈ ਕਿ ਅਸੀਂ ਕਲਜੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਧੰਧੂਕਾਰੇ ਤੋਂ ਡਰ ਕੇ ਭਜਣਾ ਨਹੀਂ ਚਾਹੀਦਾ ਬਲਕਿ ਜੋ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਕੰਨ 'ਚ ਸ਼ਬਦ ਦੀ ਫੂਕ ਮਾਰਕੇ ਇਨ੍ਹਾਂ ਦਾ ਇਲਾਜ ਦੱਸਿਆ ਹੈ ਉਸਨੂੰ ਅਪਨਾਉਣਾ ਚਾਹੀਦਾ ਹੈ। ਜਿਹੜੀ ਗਲ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਸਮਝਾਈ ਉਹੀ ਭਾਈ ਸਾਹਿਬ ਨੇ ਇਸ ਪੁਸਤਕ 'ਚ ਯਾਦ ਕਰਾਈ ਹੈ ਕਿ ਗੁਰੂ ਸ਼ਬਦ ਰੂਪ ਸੀ, ਮਰਦਾਨਾ ਸੁਰਤ ਸੀ। ਸੁਰਤ ਭੁਲ ਜਾਂਦੀ ਸੀ ਕਲਜੁਗ ਛਾ ਜਾਂਦਾ ਸੀ। ਸੁਰਤ ਡਰ ਜਾਂਦੀ ਸੀ ਯਾਦ ਦੀ ਤਾਰ ਟੁੱਟ ਜਾਂਦੀ ਸੀ । ਸ਼ਬਦ ਤੇ ਸੁਰਤ ਦੀ ਤਾਰ ਨੂੰ ਜੋੜਨਾ ਹੀ ਇਸ ਪੁਸਤਕ ਦਾ ਮੰਤਵ ਹੈ। ਇਸ ਆਸ ਨਾਲ ਕਿ ਸੰਗਤਾਂ ਇਸ ਪੁਸਤਕ ਤੋਂ ਲਾਹਾ ਲੈਣ, ਇਹੀ ਸਾਡੀ ਅਰਦਾਸ ਹੈ ਤੇ ਇਹੀ ਸਾਡੀ ਕਾਮਨਾ।
ਭਾਈ ਵੀਰ ਸਿੰਘ ਸਾਹਿਤ ਸਦਨ
ਨਵੀਂ ਦਿੱਲੀ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।।
ਭਾਈ ਮਰਦਾਨਾ
ਖੂਹ ਵਿੱਚ ਪਾਣੀ ਕਿਥੋਂ ਆ ਜਾਂਦਾ ਹੈ ? ਮਨਾਂ ! ਇਹ ਉਹੋ ਪਾਣੀ ਨਹੀਂ ਜਿਹੜਾ ਮੀਂਹ ਬਣਕੇ ਧਰਤੀ ਉਤੇ ਟੁਰਦਾ ਫਿਰਦਾ ਕਿਸੇ ਨਾ ਗਉਲਿਆ ਤੇ ਓਹ ਬੇਧਿਆਨੇ ਸਿੰਜਰ ਗਿਆ ਭੋਇਂ ਦੇ ਅੰਦਰ, ਜਦੋਂ ਟੋਭੇ ਨੇ ਟੁੱਭਿਆ ਤੇ ਭੁਇਂ ਵਿਚ ਘਾਪਾ ਪਾ ਘੱਤਿਆ ਤਾਂ ਉਹੋ ਨੀਰ ਖੂਹ ਵਿਚ ਬੈਠਾ ਦਿੱਸ ਪਿਆ। ਕੁਝ ਏਸੇ ਤਰ੍ਹਾਂ ਨਹੀਂ ਵੇ ਮਨਾਂ ! ਕਿ ਕੱਠੇ ਰਹਿੰਦਿਆਂ, ਮਿਲਦਿਆਂ ਜੁਲਦਿਆਂ, ਹਸਦਿਆਂ ਖੇਡਦਿਆਂ ਥਹੁ ਨਹੀਂ ਪੈਂਦਾ ਪਰ ਪਿਆਰ ਦਾ ਪਾਣੀ ਚੁੱਪ ਕੀਤਾ ਦਿਲ ਦੀਆਂ ਤੈਹਾਂ ਵਿਚ ਸਿੰਜਰਦਾ ਹੇਠਾਂ ਉਤਰਦਾ ਰਹਿੰਦਾ ਹੈ, ਜਦੋਂ ਕਿ ਵਿਛੋੜੇ ਦਾ ਟੋਭਾ ਆ ਦਿਲ ਵਿਚ ਘਾਪਾ ਪਾਉਂਦਾ ਹੈ ਤਾਂ ਇਹ ਪਿਆਰ ਦਾ ਪਾਣੀ ਓਥੇ ਬੈਠਾ ਦਿੱਸ ਪੈਂਦਾ ਹੈ। ਹੈਂ? ਕਿਉਂ? ਹੈ ਨਾ ਏਸੇ ਤਰ੍ਹਾਂ। ਜਿਸ 'ਨਾਨਕ' ਨਾਂ, ਹੁਣ ਨਾ ਕਹੁ ਨਾਨਕ, ਜਿਸ ਡਾਢੇ ਪਿਆਰੇ ਨਾਲ ਸਹਿਸੁਭਾ ਮਿਲਦੇ ਜੁਲਦੇ, ਉਸਦੇ ਛੰਦ ਗੀਤ-ਨਾ ਨਾ, ਸਬਦ-ਗਾਉਂਦੇ, ਸੁਣਦੇ ਸੁਣਾਉਂਦੇ ਰਹੇ ਓਦੋਂ ਨਾ ਕੁਛ ਪਤਾ ਲਗਾ। ਚੰਗਾ ਲਗਦਾ ਸੀ ਡਾਢਾ, ਰੋਜ਼ ਮਿਲੇ ਬਿਨ ਚੈਨ ਬੀ ਨਹੀਂ ਸੀ ਆਉਂਦਾ, ਪਰ ਇਹ ਨਹੀਂ ਸੀ ਥਹੁ ਪੈਂਦਾ ਕਿ ਕੋਈ ਡੂੰਘਾ ਪਿਆਰ ਬੀ ਹੈ ਏਸ ਨਾਲ। ਜਜਮਾਨ ਤੇ ਭਗਵਾਨ ਜਜਮਾਨ ਤੇ 'ਦਾਤਾ ਜਜਮਾਨਂ ਜਾਣਕੇ ਮਿਲਦੇ ਜੁਲਦੇ ਕਈ ਵੇਰ ਬਰੱਬਰੀਆਂ ਬੀ ਕਰ ਲੈਂਦੇ ਰਹੇ, ਪਰ ਹੁਣ ਵਿਛੋੜੇ ਦੇ ਘਾਪੇ ਨੇ
ਕਿਵੇਂ ਦਿਖਾ ਦਿੱਤਾ ਹੈ ਕਿ ਮੇਰੇ ਅੰਦਰ ਤਾਂ ਓਸੇ ਤਰ੍ਹਾਂ ਦਾ ਪਿਆਰ ਹੈ ਜਿਸ ਤਰ੍ਹਾਂ ਦਾ ਕਿ ਰਾਇ ਦੇ ਅੰਦਰ ਹੈ । ਹੁਣ ਤਾਂ ਮੇਰੇ ਬੀ ਨੈਣਾਂ ਵਿਚ ਦਿਲ ਦੇ ਖੂਹ ਦਾ ਪਾਣੀ ਆ ਮੁਹਾਰਾ ਚੜ੍ਹ ਆਉਂਦਾ ਹੈ ਜਿਵੇਂ ਕੋਈ ਸੋਮਾ ਹੁੰਦਾ ਹੈ।……. ਜੀ ਮਿਲਨ ਨੂੰ ਕਰਦਾ ਹੈ, ਉੱਡਕੇ ਮਿਲਨ ਨੂੰ ਕਰਦਾ ਹੈ। ……ਜਾਵਾਂ ਨਾ ਚਲਾ ਹੀ ਜਾਵਾਂ।...ਹੁਣ ਸੁਣੀਦਾ ਹੈ ਓਹ ਗਲਾਂ ਨਹੀਂ ਜੋ ਮੈਂ ਜਾਕੇ ਭਾਰੂ ਹੋ ਜਾਊਂ। ਉਹ ਤਾਂ ਹੁਣ ਚੰਗਾ ਧਨ ਕਮਾਉਂਦਾ ਹੈ ਹੁਣ ਤਾਂ ਉਸਦੀ ਆਪਣੀ ਕਮਾਈ ਦਾ ਧਨ ਉਹ ਲੁਟਾਉਂਦਾ ਪਿਆ ' ਸੁਣੀਂਦਾ ਹੈ, ਅਨੇਕਾਂ ਨੂੰ ਖੁਆਲਕੇ ਖਾਂਦਾ ਹੈ। ਤਲਵੰਡੀਓ ਕਈ ਸਤਿਸੰਗੀ ਗਏ ਹਨ, ਸਭ ਨੂੰ ਅਲੂਫੇ ਲਾ ਦਿੱਤੇ ਹਨ। ਚੰਗਾ ਰਾਜ਼ੀ ਹੈ, ਸੋ ਹੁਣ ਕੋਈ ਫਿਕਰ ਪਾਣਾ ਕਿ ਭਾਰ ਪਾਣਾ ਨਹੀਂ ਹੋਣ ਲਗਾ ਪਿਆਰੇ ਉੱਤੇ।
"ਹੈਂ ਇਹ ਕੀ ਸੋਚ ਫੁਰੀ ਹੈ? ਭਲਾ ਓਹ ਮੈਨੂੰ ਯਾਦ ਕਰਦਾ ਹੋਊ ਕਿ ਨਾਂ?' 'ਗਿਆਂ ਤੇ ਖੁਸ਼ ਹੋਊ ਕਿ ਨਾਂ?' ਮਨਾਂ ਤੂੰ ਤਾਂ ਆਪ ਨੂੰ ਖੁਸ਼ ਕਰਨ ਜਾਣਾ ਹੈ, ਤੈਨੂੰ ਕੀਹ ਉਹਦੀ ਖੁਸ਼ੀ ਨਾਲ। ਪਰ ਉਹ ਬੀ ਖੁਸ਼ ਹੋਊ। ਭਲਾ ਦੱਸ ਖਾਂ ਕਦੇ ਹੋ ਸਕਦਾ ਹੈ ਕਿ ਮੈਨੂੰ ਧੂਹ ਪਈ ਪੈਂਦੀ ਹੋਵੇ ਤੇ ਉਹਨੂੰ ਮੈਂ ਚੇਤਿਓਂ ਹੀ ਲਹਿ ਗਿਆ ਹੋਵਾਂ? ਇਹ ਨਹੀਂ ਹੋ ਸਕਦਾ, ਉਸਨੂੰ ਮੇਰੇ ਨਾਲ ਪਿਆਰ ਹੈਸੀ ਮੈਂ ਓਦੋਂ ਲਖਿਆ ਨਹੀਂ। ਉਸਨੂੰ ਕੋਈ ਪਿਆਰ ਸੀ ਤਾਂ ਸਦ ਸਦ ਘੱਲਦਾ ਹੁੰਦਾ ਸੀ। ਕਿਵੇਂ ਰੀਝਦਾ ਹੁੰਦਾ ਸੀ ਮੇਰੇ ਗਾਇਨ ਤੇ। ਮਨਾਂ.... ਮੈਂ ਤਾਂ ਹੁਣ ਜੋ ਕੁਛ ਸਹੀ ਕੀਤਾ ਹੈ, ਓਨ ਓਦੋਂ ਕਰ ਲੀਤਾ ਸੀ। ਓਹ ਮਨੁੱਖ ਨਹੀਂ ਬੰਦਾ ਨਹੀਂ, ਓਹ ਵਲੀ ਹੈ ਤੇ ਡਾਢਾ ਉੱਚਾ ਹੈ।... ਵਲੀ ਹੈ ਕਿ ਪਿਕਾਬਰ ਹੈ? ...ਖਬਰੇ ਕੀਹ ਹੈ? ਆਪ ਹੀ ਹੋਸੀ ਧੁਰੋਂ ਕੋਈ ਆਇਆ ਹੋਇਆ। ... ਹਾਂ ਪਹਿਲੇ ਦਿਨ ਜੋ ਆਖਿਆ ਸਾਸੂ
ਅਸੀਂ ਤੇਰਾ ਭਲਾ ਕਰਾਂਗੇ।1 ਇਹ ਬੀ ਆਖਿਆ ਸਾਨੇ ਤੇਰਾ ਅਸੀਂ ਦੋਹਾਂ ਲੋਕਾਂ ਦਾ ਭਲਾ ਕਰਾਂਗੇ। ਮੈਂ ਤਾਂ ਪਿੰਡ ਦਾ ਹੋਇਆ ਕੰਮੀ ਤੇ ਓਹ ਹੋਇਆ ਮਹਿਤਾ, ਮੇਰੇ ਨਾਲ ਕੋਈ ਅੰਦਰੋਂ ਤੇਹ ਸਾਸੁ ਤਾਂ ਮਿਲ ਬੈਠਦਾ ਸੀ ਨਾ ਤੇ ਏਹੋ ਜਹੀਆਂ ਮਿਠੀਆਂ ਗਲਾਂ ਕਰਦਾ ਸੀ। ਨਹੀਂ ਓਇ ਮੇਰੇ ਮਨਾਂ! ਇਹ ਜੋ ਤੈਨੂੰ ਹੁਣ ਦਿੱਸਿਆ ਹੈ ਕਿ ਤੇਰੇ ਅੰਦਰ ਉਸਦਾ ਪਿਆਰ ਹੈ, ਇਹ ਸੀ ਉਸੇ ਦੇ ਪਿਆਰ-ਮੀਂਹ ਦਾ ਨੀਰ ਜੋ ਬੇਮਲੂੰਮੇ ਤੇਰੇ ਅੰਦਰ ਸਿੰਜਰਦਾ ਰਿਹਾ, ਤੇ ਤੈਨੂੰ ਪਤਾ ਨਹੀਂ ਲਗਦਾ ਰਿਹਾ। ਤੂੰ ਜਜਮਾਨਾਂ ਨੂੰ ਪੈਸੇ ਲਈ ਮਿਲਨਾ ਜਾਣਦਾ ਹੈਂ, ਤੇਰੇ ਅੰਦਰ ਆਪਣਾ ਪਿਆਰ ਕਿੱਥੇ, ਇਹ ਪਿਆਰ ਜੋ ਹੁਣ ਵਿਛੋੜੇ ਦੇ ਟੋਭੇ ਨੇ ਅੰਦਰ ਟੁੱਭ ਕੇ ਤੈਨੂੰ ਦਿਖਾਇਆ ਹੈ ਇਹ ਪੱਕ ਉਸੇ ਦੀ 'ਮਿਹਰ-ਮੀਂਹ' ਕਿ 'ਪਿਆਰ ਬਰਖਾ ਦਾ ਨੀਰ ਹਈ। ਹਾਂ, ਮਤ ਕਿਤੇ ਧੋਖਾ ਖਾਂਦਾ ਹੋਵੇਂ ਤੇ ਏਸਨੂੰ ਆਪਣੇ ਅੰਦਰੋਂ ਉਮਗਿਆ ਪ੍ਯਾਰ ਜਾਣਦਾ ਹੋਵੇ। ਹਾਂ, ਉਨ੍ਹਾਂ ਦੇ ਛੰਦ-ਨਹੀਂ, ਸਬਦ ਹੁੰਦੇ ਸਨ ਆਪਣੇ, ਮੈਂ ਤਾਂ ਗਾਉਂਦਾ ਹੀ ਸਾਂ ਨਾਂ, ਕਿਵੇਂ ਖੁਸ਼ ਹੁੰਦੇ ਸਨ ਸੁਣਕੇ ਤੇ ਰੀਝਦੇ ਸਨ ਮੇਰੇ ਉਤੇ। ਕੀਹ ਸਦਦੇ ਸਨ ਓਸ ਰਾਗ ਮਜਲਸ ਦੇ ਗਾਇਨ ਨੂੰ- ਹਾਂ ਯਾਦ ਆ ਗਿਆ:- ਕੀਰਤਨ। ਕੀਰਤਨ ਸੁਣਕੇ, ਸ਼ਬਦ ਸੁਣਕੇ ਕੇਡੇ ਖੁਸ਼ ਹੁੰਦੇ ਸਨ। ਓਥੇ ਬੀ ਸੁਣੀਦਾ ਹੈ ਕਿ ਕੀਰਤਨ ਹੁੰਦੇ ਹਨ। ਯਾਦ ਕਰਦੇ ਹੋਸਨ ਜ਼ਰੂਰ। ਤਾਂਤੇ ਮਨਾਂ! ਚੱਲ। ਬਈ ਚੱਲ।... ਯਾਦ ਕਰਦੇ ਹੋਣ ਕਿ ਸੁੱਖ ਕਰਦੇ ਹੋਣ ਮਨਾਂ! ਤੇਰੇ ਤੋਂ ਹੁਣ ਰਹਿ ਨਹੀਂ ਹੁੰਦਾ, ਸੋ ਉੱਦਮ ਕਰ ਤੇ ਚੱਲ, ਹਾਂ ਚੱਲ ਹੀ ਪਉ।"
---------------
ਐਉਂ ਕਈ ਦਿਨ ਮਨ ਨਾਲ ਗਿਣਤੀਆਂ ਗਿਣਦਾ ਮਰਦਾਨਾ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਖਿੱਚ ਖਾ ਰਿਹਾ ਸੀ ਸੁਲਤਾਨ ਪੁਰ ਜਾਣੇ ਲਈ ਤਿਆਰ ਹੋ ਹੀ ਪਿਆ। ਸ੍ਰੀ ਗੁਰੂ ਜੀ ਤਲਵੰਡੀ ਤੋਂ ਸੁਲਤਾਨ ਪੁਰ ਜਾਕੇ ਮੋਦੀਖਾਨੇ ਦੇ ਮੋਦੀ ਬਣ ਗਏ ਸਨ। ਅਪਣੀ ਕਾਰ ਪੂਰੀ ਤਰ੍ਹਾਂ ਤੇ ਸੋਹਣੀ ਤਰ੍ਹਾਂ ਨਿਬਾਹੁੰਦੇ ਸਨ। ਉਧਰ ਅਪਣੇ ਰੱਬੀ ਰੰਗ ਉਸੇ ਤਰ੍ਹਾਂ ਸਨ। ਪਹਿਰ ਰਾਤ ਰਹਿੰਦੀ ਉਠ ਕੇ ਬਨ ਨੂੰ ਚਲੇ ਜਾਣਾ, ਵੇਈਂ ਵਿਚ ਜਾ ਇਸ਼ਨਾਨ ਕਰਨਾ ਤੇ ਓਥੇ ਹੀ ਰੱਬੀ ਰੰਗ ਵਿਚ ਜੁੜੇ ਬੈਠੇ ਰਹਿਣਾ। ਦਿਨ ਚੜ੍ਹੇ ਦਰਬਾਰੋਂ ਜਾਕੇ ਫੁਰਮਾਨ ਲਿਖ ਲਿਆਉਣੇ ਤੇ ਫਿਰ ਮੋਦੀਖਾਨੇ ਕੰਮ ਕਰਨਾ। ਕੰਮੋਂ ਵਿਹਲੇ ਹੋਕੇ ਆਏ ਗਏ ਸਾਧ ਫਕੀਰ ਦੀ ਲੋੜ ਪੂਰੀ ਕਰਨੀ, ਸਤਿਸੰਗ ਕਰਨਾ। ਤਲਵੰਡੀ ਤੋਂ ਕੁਛ ਸਤਸੰਗੀ ਏਥੇ ਆ ਗਏ ਸਨ. ਉਨ੍ਹਾਂ ਦੀਆਂ ਰਸਦਾਂ ਲਾ ਲੁਆ ਦਿਤੀਆਂ। ਓਥੇ ਬੀ ਕੁਛ ਸਤਿਸੰਗੀ ਹੋ ਗਏ। ਐਉਂ ਸਤਿਸੰਗ ਦਾ ਦਰਬਾਰ ਰੋਜ਼ ਲੱਗਿਆ ਕਰੇ ਤੇ ਰੋਜ਼ ਕੀਰਤਨ ਹੋਵੇ। ਹਾਂ ਨਿਤਾਪ੍ਰਤੀ ਰਾਤ ਨੂੰ ਕੀਰਤਨ ਹੋਵੇ।2
ਇਸ ਤਰ੍ਹਾਂ ਰੰਗ ਲਗ ਰਹੇ ਸਨ ਕਿ ਮਰਦਾਨਾ ਆ ਪਹੁੰਚਾ। ਸਤਿਗੁਰ ਉਸਨੂੰ ਦੇਖਕੇ ਬੜੇ ਖੁਸ਼ ਹੋਏ, ਬਹੁਤ ਪਿਆਰ ਕੀਤਾ। ਮਰਦਾਨਾ ਬਹੁਤ ਪ੍ਰਸੰਨ ਹੋਇਆ, ਜੋ ਡੰਝ ਉਸਦੇ ਅੰਦਰ ਮਿਲਣ ਦੀ ਲਗ ਰਹੀ ਸੀ ਮਿਲਕੇ ਠਰੀ ਤੇ ਤ੍ਰਿਪਤ ਹੋਈ। ਸਤਿਗੁਰੂ ਜੀ ਨੇ ਉਸਨੂੰ ਪਾਸ ਹੀ ਟਿਕਾ ਲਿਆ।3 ਹੁਣ ਮਰਦਾਨਾ ਕੀਰਤਨ ਮੰਡਲ ਵਿਚ ਮੁਖੀ ਕੀਰਤਨੀਆਂ
---------------------
2. ਪੁਰਾਤਨ ਜਨਮ ਸਾਖੀ।
3. –ਓੁਹੀ-
ਹੋਕੇ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਦੇ ਲਗਾ ਸ਼ਬਦ ਗਾਉਣ ਤੇ ਸਤਿਗੁਰ ਜੀ ਨੂੰ ਰੀਝਾਉਣ।4
ਮਰਦਾਨਾ ਤਲਵੰਡੀ ਦਾ ਰਹਿਣੇ ਵਾਲਾ ਸੀ ਗੁਰੂ ਨਾਨਕ ਦੇਵ ਜੀ ਨਾਲ ਉਸਦਾ ਪਿਆਰ ਸੀ । ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਕਰਦਾ ਸੀ। ਸਤਿਗੁਰ ਕੀਰਤਨ ਦੇ ਰੀਝਦੇ ਸਨ, ਹਰੀਜਸ ਸੰਗੀਤ ਵਿਚ ਰਚਦੇ ਗਾਉਂਦੇ ਤੇ ਮਰਦਾਨੇ ਤੋਂ ਸੁਣਦੇ ਸਨ। ਤਲਵੰਡੀ ਵਿਚ ਮਰਦਾਨਾ ਆਪਣਾ ਇਕ ਚੰਗਾ ਸਾਥੀ ਤੇ ਮਿਤ੍ਰ ਸੀ। ਇਹ ਅਦਬ ਬੀ ਰਖਦਾ ਸੀ ਪਰ ਮਿਤ੍ਰਾਂ ਵਾਲਾ ਲਾਡ ਤੇ ਲਾਡਵਾਲੀ ਬ੍ਰੱਬਰੀ ਬੀ ਕਰ ਲੈਂਦਾ ਸੀ। ਮਰਦਾਨਾ ਗਵਈਆ, ਪ੍ਰੇਮੀ ਤੇ ਹਾਸੇ ਮਖੌਲ ਦੇ ਸੁਭਾਵ ਵਾਲਾ ਬੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨ ਪੁਰ ਚਲੇ ਗਏ ਤਾਂ ਇਹ ਪਿਛੇ ਤਲਵੰਡੀ ਰਿਹਾ। ਗੁਰ ਨਾਨਕ ਵਿਛੋੜੇ ਵਿਚ ਇਸਦੇ ਮਨ ਦੇ ਸੰਕਲਪਾਂ ਦੀ ਇਕ ਮੂਰਤ ਇਹ ਹੈ ਜੋ ਉਪਰ ਦਰਸਾਈ ਗਈ ਹੈ।
-------------
4. ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਲਿਖਿਆ ਹੈ ਕਿ ਕੁਛ ਚਿਰ ਮਗਰੋਂ ਮਰਦਾਨੇ ਦੀ ਕਾਕੀ ਦਾ ਵਿਆਹ ਆ ਗਿਆ ਤੇ ਉਸ ਪਾਸ ਸਾਮਾਨ ਨਹੀਂ ਸੀ। ਸੋ ਗੁਰੂ ਜੀ ਨੇ ਭਗੀਰਥ ਨੂੰ ਲਾਹੌਰ ਘੱਲਕੇ ਵਿਆਹ ਸੌਜ ਮੰਗਵਾ ਦਿਤੀ ਤੇ ਮਰਦਾਨਾ ਵਿਆਹ ਕਰਨ ਤਲਵੰਡੀ ਗਿਆ ਤੇ ਫੇਰ ਤਦੋਂ ਆਇਆ ਜਦੋਂ ਗੁਰੂ ਜੀ ਕਾਰ ਵਿਹਾਰ ਤਿਆਗ ਬੈਠੇ ਸੇ। ਪੁ: ਜ: ਸਾਖੀ ਵਿਚ ਇਹ ਵਿਆਹ ਦੀ ਸਾਖੀ ਇਕ ਗ਼ਰੀਬ ਆਜ਼ਿਜ਼ ਖੱਤ੍ਰੀ ਦੀ ਕਾਕੀ ਦੀ ਲਿਖੀ ਹੈ, ਮਰਦਾਨੇ ਦੀ ਕਾਕੀ ਦੀ ਨਹੀਂ ਲਿਖੀ।
2
ਸੁਲਤਾਨ ਪੁਰ ਵਿਚ ਕੁਛ ਸਮਾਂ ਸਤਿਸੰਗ ਦਾ ਰੰਗ ਖਿੜਿਆ ਰਿਹਾ। ਗ੍ਰਹਿਸਤ ਤੇ ਸੰਨ੍ਯਾਸ, ਪਰਵਿਰਤੀ ਤੇ ਨਿਰਵਿਰਤੀ, ਗ੍ਰਹਣ ਤੇ ਤਿਆਗ, ਘਰ ਤੇ ਉਦਾਸੀ ਦੁਏ ਕਿੰਞ ਨਿਭ ਸਕਦੇ ਹਨ, ਪਰ ਏਥੇ ਏਹ ਅਮਲੀ ਜੀਵਨ ਦੇ ਉਪਦੇਸ਼ ਪ੍ਰਤੱਖ ਨਿਭਦੇ ਦਿੱਸਦੇ ਰਹੇ। ਸਤਿਸੰਗ ਦਾ ਰੰਗ, ਰੱਬੀ ਖੇੜੇ ਪ੍ਰਕਾਸ਼ ਪਾਉਂਦੇ ਰਹੇ ਕਿ ਇਕ ਦਿਨ ਸਤਿਗੁਰੂ ਜੀ ਦੇ ਜੀ ਵਿਚ ਜਗਤ ਜਲੰਦੇ ਦੀ ਰਖਿਆ ਦਾ ਕੋਈ ਫੁਰਨਾ ਫੁਰਿਆ, ਅਰਸ਼ੀ ਹੁਕਮ ਆਇਆ ਤੇ ਵੇਈਂ ਦਾ ਕੌਤਕ ਵਰਤਿਆ 1 ਸਤਿਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਵੜੇ ਲੋਪ ਹੋ ਗਏ। ਲੋਕਾਂ ਜਾਤਾ ਕਿ ਸਰੀਰ ਕਿਤੇ ਨਦੀ ਵਿਚ ਹੀ ਰਹਿ ਗਿਆ, ਪਰ ਆਪ ਕੁਛ ਦਿਨਾਂ ਬਾਦ ਸਹੀ ਸਲਾਮਤ ਪਰਗਟ ਆ ਹੋਏ। ਜਦੋਂ ਪ੍ਰਗਟ ਹੋਏ ਤਾਂ ਡੇਰਾ ਲੁਟਾ ਘੱਤਿਆ ਤੇ ਆਪ ਫਕੀਰਾਂ ਵਿਚ ਜਾਇ ਬੈਠੇ। ਉਸ ਵੇਲੇ ਮਰਦਾਨਾ ਜੋ ਅਚਰਜ ਹੋ ਰਿਹਾ ਸੀ ਕਿ ਇਹ ਕੀਹ ਖੇਲ ਵਰਤਿਆ ਹੈ, ਸਹਿ ਨਾਂ ਸਕਿਆ। ਹੋਰ ਸਾਰੇ ਤਾਂ ਸੋਚਾਂ ਵੀਚਾਰਾਂ ਤੇ ਪਿਆਰ-ਵੀਚਾਰ ਦੇ ਉਪਰਾਲਿਆਂ ਵਿਚ ਰਹੇ ਪਰ ਮਰਦਾਨਾ ਓਥੇ ਨਾਲ ਜਾ ਬੈਠਾ2? ਇਕ ਦਿਨ ਬੀਤ ਗਿਆ। ਹੁਣ ਸਤਿਗੁਰੂ ਜੀ ਦੀ ਚੁੱਪ ਖੁੱਲ੍ਹੀ ਤੇ ਅਵਾਜ਼ਾ ਹੋਇਆ ‘ਨਾ ਕੋਈ ਹਿੰਦੂ ਹੈ ਨਾ ਮੁਸਲਮਾਨ।‘ ਇਹ ਅਵਾਜ਼ਾ ਸੁਣਕੇ ਲੋਕਾਂ ਨਵਾਬ ਨੂੰ ਜਾ
-------------
1. ਵਿਸਥਾਰ ਲਈ ਦੇਖੋ ਅਰਸ਼ੀ ਜੋਤ ਸੁਲਤਾਨ ਪੁਰੋਂ।
2. ਪੁਰਾਤਨ ਜਨਮ ਸਾਖੀ
ਦੱਸਿਆ। ਨਵਾਬ ਨੇ ਸ੍ਰੀ ਗੁਰੂ ਜੀ ਨੂੰ ਬੁਲਾ ਘੱਲਿਆ, ਪਰ ਆਪ ਨਾ ਗਏ। ਤਾਂ ਸਾਰੇ ਲੋਕੀਂ ਕਹਿਣ ਲਗ ਪਏ ਕਿ ਇਹ ਕਮਲਾ ਹੋਇਆ ਹੈ। ਜਾਂ ਇਹ ਗਲ ਗੁਰੂ ਜੀ ਨੇ ਸੁਣੀ ਤਾਂ ਮਰਦਾਨੇ ਨੂੰ ਕਹਿਣ ਲਗੇ ਮਰਦਾਨਿਆਂ ਰਬਾਬ ਵਜਾਇ। ਮਰਦਾਨੇ ਨੇ ਰਬਾਬ ਛੇੜਿਆ ਤੇ ਸਤਿਗੁਰ ਦਾ ਭਾਵ ਸਮਝਕੇ ਮਾਰੂ ਦੀ ਧੁਨਿ ਲਾਈ, ਤਦ ਸਤਿਗੁਰ ਜੀ ਨੇ ਇਹ ਸ਼ਬਦ ਗਾਂਵਿਆਂ:-
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ। ॥੧॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ।।
ਹਉ ਹਰਿ ਬਿਨੁ ਅਵਰੁ ਨ ਜਾਨਾ। ॥੧।। ਰਹਾਉ।।
ਤਉ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਇ।।
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ।। ੨॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ।।
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ। । ੩।।
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ।।
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ।। ੪ ।।੭।।
(ਮਾਰੂ ਮਹਲਾ ੧।।)
ਜਾਂ ਭੋਗ ਪਿਆ ਤਾਂ ਆਪ ਫੇਰ ਚੁਪ ਹੋ ਗਏ। ਜੇ ਬੋਲਣ ਤਾਂ ਇਹੋ ਬਚਨ ਮੂੰਹੋਂ ਆਖਣ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਹੁਣ ਫੇਰ ਨਵਾਬ ਨੇ ਸੱਦ ਘੱਲਿਆ ਤੇ ਇਹ ਕਹਿਕੇ ਸੱਦ ਘੱਲਿਆ ਕਿ ਰੱਬ ਦੇ ਵਾਸਤੇ ਦਰਸ਼ਨ ਦਿਓ। ਤਾਂ ਗੁਰੂ ਜੀ ਉਠਕੇ ਟੁਰ ਪਏ। ਮਰਦਾਨਾ ਹੁਣ ਬੀ ਨਾਲ ਹੀ ਗਿਆ। ਉਥੇ ਜੋ ਗਲ ਬਾਤ ਹੋਈ ਤੇ ਫੇਰ ਮਸੀਤ ਦਾ ਕੌਤਕ ਵਰਤਿਆ,
ਮਰਦਾਨਾ ਨਾਲ ਹੀ ਗਿਆ ਸਹੀ ਹੁੰਦਾ ਹੈ। ਮਸੀਤ ਵਿਚ ਜਾ ਸਤਿਗੁਰ ਨੇ ਨਿਮਾਜ਼ ਨਾਂ ਪੜ੍ਹੀ ਤਾਂ ਨਵਾਬ ਨੇ ਪੁੱਛਿਆ ਕਿ ਆਪ ਨੇ ਕਿਉਂ ਨਿਮਾਜ਼ ਨਾ ਪੜ੍ਹੀ ਤਾਂ ਆਪਨੇ ਫੁਰਮਾਇਆ ਕਿ ਤੁਹਾਡੀ ਨਿਮਾਜ਼ ਗੈਰ ਹਜ਼ੂਰੀ ਦੀ ਸੀ। ਕਾਜ਼ੀ ਨਿਮਾਜ਼ ਪੜ੍ਹਦਾ ਘਰ ਦੀ ਵਛੇਰੀ ਦੇ ਫਿਕਰ ਵਿਚ ਲਗਾ ਰਿਹਾ ਹੈ ਤੇ ਆਪ ਕਾਬਲ ਘੋੜੇ ਖਰੀਦਦੇ ਰਹੇ ਹੋ। ਇਸ ਤਰ੍ਹਾਂ ਦੇ ਕੌਤਕ ਤੱਕ ਕੇ ਤੇ ਉਸ ਵੇਲੇ ਦੇ ਉਚਾਰੇ ਸ਼ਬਦ ਸੁਣਕੇ ਨਾਬ ਤੇ ਸੱਯਦ, ਸ਼ੇਖ ਜਾਦੇ, ਕਾਜ਼ੀ, ਮੁਫਤੀ, ਖਾਨ ਖਾਨੀਨ, ਮਹਰ ਮੁਕੱਦਮ ਸਭ ਹੈਰਾਨ ਰਹਿ ਗਏ। ਨਵਾਬ ਨੇ ਬਥੇਰਾ ਜ਼ੋਰ ਲਾਇਆ ਕਿ ਗੁਰੂ ਜੀ ਕਿਵੇਂ ਉਸ ਪਾਸ ਟਿਕ ਜਾਣ ਤੇ ਰਮਤੇ ਨਾ ਹੋਣ ਪਰ ਗੁਰੂ ਜੀ ਨੇ ਕਾਈ ਗਲ ਨਾਂ ਮੰਨੀ, ਉਸ ਨੂੰ ਅਸੀਸ ਦਿੱਤੀ ਤੇ ਆਪ ਫੇਰ ਫਕੀਰਾਂ ਵਿਚ ਜਾ ਬੈਠੇ। ਫਕੀਰ ਸਾਰੇ ਹੱਥ ਬੰਨ੍ਹ ਖੜੋਤੇ ਤੇ ਸਿਫਤਾਂ ਲਗੇ ਕਰਨ, ਆਖਣ ਗੁਰੂ ਜੀ ਵਿਚ ਸਚ ਪ੍ਰਕਾਸ਼ ਪਾ ਰਿਹਾ ਹੈ। ਇਸ ਵੇਲੇ ਬੀ ਮਰਦਾਨਾ ਨਾਲ ਹੀ ਸੀ। ਸਤਿਗੁਰ ਨੇ ਆਗਯਾ ਕੀਤੀ ਕਿ ਤਿਲੰਗ ਦੀ ਸੁਰ ਛੇੜ ਤਾਂ ਮਰਦਾਨੇ ਰਬਾਬ ਵਜਾਇਆ ਤਾਂ ਸ੍ਰੀ ਗੁਰੂ ਜੀ ਨੇ ਇਹ ਸ਼ਬਦ ਉਠਾਇਆ:-
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ। ।
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ।। ੧ ।।
ਹੰਉ ਕੁਰਬਾਨੈ ਜਾਉ ।।੧॥ ਰਹਾਉ।।
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ।।੨॥
ਜਿਨਕੇ ਚੇਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ।।
ਧੂੜਿ ਤਿਨਾ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸਿ ।।੩।।
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ।।
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ। ॥੪॥੧॥੩॥
(ਤਿਲੰਗ ਮ: ੧ ਘਰੁ ੩)
ਹੁਣ ਏਥੋਂ- ਫਕੀਰਾਂ ਦੇ ਬਨਬਾਸੀ ਨਿਰਜਨ ਟਿਕਾਣੇ ਤੋਂ ਬੀ ਗੁਰੂ ਜੀ ਵਿਦਾ ਹੋ ਟੁਰੇ, ਨਵਾਬ ਤੇ ਫਕੀਰ, ਉਹਦੇਦਾਰ ਤੇ ਆਮ ਲੋਕ ਕੱਠੇ ਹੋ ਗਏ, ਸਾਰਿਆਂ ਅਦਬ ਤੇ ਸਤਿਕਾਰ ਨਾਲ ਵਿਦਾ ਕੀਤਾ। ਮਰਦਾਨੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਓਥੋਂ ਰਵਦੇ ਰਹੇ।3
------------------
3
ਜਗਤ ਯਾਤ੍ਰਾ ਨੂੰ ਟੁਰਨ ਸਮੇਂ ਜੋ ਪਹਿਲੀ ਗਲ ਸ੍ਰੀ ਗੁਰੂ ਜੀ ਨੇ ਮਰਦਾਨੇ ਨੂੰ ਸਮਝਾਈ, ਸੋ ਇਉਂ ਲਿਖੀ ਹੈ-
ਛੁਧਾ ਨਗਨਤਾ ਜਾਨੀਏ ਪੁਨ ਰਹਿਨੋ ਉਦਿਆਨ।।
ਸੰਗ ਰਹਨ ਮਮ ਤੋ ਬਨੈ ਕਰਿਯੇ ਉਰਿ ਪਰਵਾਨ।।
(ਸ੍ਰੀ ਗੁਰ ਨਾ: ਪ੍ਰ:)
ਮਰਦਾਨੇ ਦਾ ਦਿਲੀ ਪਿਆਰ ਤੇ ਗੁਰੂ ਜੀ ਤੋਂ ਵਿਛੁੜਕੇ ਨਾ ਰਹਿ ਸਕਣ ਦੀ ਲਗਨ ਉਸਦੇ ਇਸ ਉੱਤਰ ਤੋਂ ਸਹੀ ਹੋ ਜਾਂਦੀ ਹੈ, ਜੋ ਉਸਨੇ ਉਸ ਵੇਲੇ ਦਿਤਾ ਤੇ ਜੋ ਕਵੀ ਸੰਤੋਖ ਸਿੰਘ ਜੀ ਨੇ ਐਉਂ ਦਰਸਾਇਆ ਹੈ:-
ਪ੍ਰਭੁ ਜੀ ! ਤ੍ਰਿਸ਼ਨਾ ਮਨ ਤੇ ਮੂਕੀ।।
ਆਨ ਜਾਨ ਕੀ ਆਸਾ ਚੂਕੀ।।
ਤੁਮ ਸਮਾਨ ਕੋ ਨਦਰ ਨ ਆਵੈ।।
ਦਿਨਕਰ ਪਿਖ ਖਦਯੋਤ ਨ ਭਾਵੈ।।
ਰਹੌ ਸੰਗ ਮੇਂ ਮਨ ਮਹਿ ਠਾਨੀ। ।
(ਸ੍ਰੀ ਗੁ: ਨਾ: ਪ੍ਰਾ:)
ਇਸ ਤਰ੍ਹਾਂ ਦੀ ਗਲ ਬਾਤ ਦੇ ਮਗਰੋਂ ਮਰਦਾਨੇ ਨੂੰ ਗੁਰੂ ਜੀ ਨੇ ਰਬਾਬ ਲੈਣ ਲਈ ਘੱਲਿਆ ਤੇ ਇਕ ਫਿਰੰਦੇ ਨਾਮੇ ਰਬਾਬ ਵਾਲੇ ਦਾ ਪਤਾ ਦਿੱਤਾ। ਫਿਰੰਦੇ ਦੇ ਪਿੰਡ ਜਾਕੇ ਮਰਦਾਨਾ ਰਬਾਬ
ਤੇ ਫਿਰੰਦੇ ਸਮੇਤ ਸਤਿਗੁਰ ਪਾਸ ਆਇਆ। ਆਪ ਬਨ ਵਿਚ ਬੈਠੇ ਸੇ, ਫਿਰੰਦੇ ਨੇ ਰਬਾਬ ਪੇਸ਼ ਕੀਤਾ. ਆਪ ਦੇਖਕੇ ਪ੍ਰਸੰਨ ਹੋਏ. ਉਹ ਤਾਂ ਵਿਦਾ ਹੋ ਗਿਆ ਤੇ ਰਬਾਬ ਮਰਦਾਨੇ ਦੇ ਸਪੁਰਦ ਹੋਇਆ, ਹੁਣ ਤੋਂ ਮਰਦਾਨਾ ਇਸ ਰਬਾਬ ਵਜਾਉਣ ਦੇ ਕਾਰਨ ਰਬਾਬੀ ਸਦਵਾਇਆ। '
ਗੁਰੂ ਜੀ ਹੁਣ ਬ੍ਯਾਸ ਪਾਰ ਹੋ ਸਨੇ ਸਨੇ ਟੁਰਦੇ ਟਿਕਦੇ ਲਾਹੌਰ ਆਦਿ ਥਾਈਂ ਹੁੰਦੇ ਸੈਦ ਪੁਰ ਸੰਡਿਆਲੀ (ਜਿਸ ਥਾਂ ਉਤੇ ਹੁਣ ਏਮਨਾਬਾਦ ਹੈ) ਲਾਲੋ ਤਿਖਾਣ ਪਾਸ ਆ ਟਿਕੇ। ਮਰਦਾਨਾ ਏਥੋਂ ਵਿਦਾ ਹੋਕੇ ਕੁਛ ਦਿਨਾਂ ਲਈ ਤਲਵੰਡੀ ਗਿਆ ਤੇ ਫੇਰ ਵੇਲੇ ਸਿਰ ਪਰਤ ਆਇਆ। ਪਰ ਨਾਲ ਓਹ ਰਾਇ ਬੁਲਾਰ ਦਾ ਸੁਨੇਹਾ ਲਿਆਇਆ ਕਿ ਗੁਰੂ ਜੀ ਮੈਨੂੰ ਦਰਸ਼ਨ ਦੇਕੇ ਪਰਦੇਸਾਂ ਨੂੰ ਜਾਣ। ਐਉਂ ਸ੍ਰੀ ਗੁਰੂ ਜੀ ਤੇ ਮਰਦਾਨਾ ਫੇਰ ਤਲਵੰਡੀ ਆਏ। ਤਲਵੰਡੀ ਕੁਛ ਦਿਨ ਰਹਿਕੇ ਫੇਰ ਲਾਲੋ ਪਾਸ ਆਏ ਤੇ ਫੇਰ ਟੁਰ ਪਏ ਦੇਸ਼ ਦੇਸ਼ ਘੁੰਮਣ। ਲਾਹੌਰ ਤੋਂ ਦੱਖਣ ਨੂੰ ਟੁਰ ਪਏ ਤੇ ਉਜਾੜੋ ਉਜਾੜ ਚਲੇ ਗਏ। ਕਿਸੇ ਪਿੰਡ ਗਿਰਾਂ ਵਿਚ ਠਹਿਰੇ ਨਹੀਂ। ਇਕੁਰ ਬਾਰਾਂ ਲੰਘਦੇ ਗਏ ਕਿ ਇੰਨੇ ਨੂੰ ਇਕ ਸ਼ਹਿਰ ਨਜ਼ਰ ਪਿਆ। ਖ੍ਯਾਲ ਪੈਂਦਾ ਹੈ ਕਿ ਇਹ ਸ਼ਹਿਰ ਹੜੱਪਾ ਸੀ। ਨਗਰੀ ਅਜੇ ਦੁਰੇਡੀ ਸੀ ਤਾਂ ਸ੍ਰੀ ਗੁਰੂ ਜੀ ਨੇ ਮਰਦਾਨੇ ਨੂੰ
--------------
ਪੁੱਛਿਆ:- 'ਮਰਦਾਨਿਆਂ ! ਭੁੱਖ ਲੱਗੀ ਹਈ ?' ਤਾਂ ਮਰਦਾਨੇ ਆਖਿਆ ਪਾਤਸ਼ਾਹ ! ਤੁਸੀਂ ਜਾਣੀ ਜਾਣ ਹੋ ! ਗੁਰੂ ਜੀ ਬੋਲੇ, 'ਜਾਹ ਮਰਦਾਨਿਆਂ! ਵਸਤੀ ਵਿਚ ਜਾ ਵੜ ਤੇ ਰੋਟੀ ਖਾ ਆਉਂ। ਮਰਦਾਨੇ ਆਖਿਆ 'ਜੀਓ ਜੀ ਮੈਨੂੰ ਤਾਂ ਨਗਰੀ ਵਿਚ ਕੋਈ ਜਾਣਦਾ ਨਹੀਂ, ਰੋਟੀ ਬਿਨਾਂ ਮੰਗੇ ਕੌਣ ਦੇਵੇਗਾ? ਆਗਿਆ ਹੈ। ਤਾਂ ਮੰਗ ਕੇ ਖਾ ਆਵਾਂ ?'
ਗੁਰੂ ਜੀ-→ ਸ਼ਬਦ ਦੇ ਗਾਵਣ ਹਾਰਿਆ ! ਤੈਨੂੰ ਮੰਗਣ ਦੀ ਕੀਹ ਲੋੜ ਹੈ, ਤੂੰ ਜਾਹ ਉੱਪਲ ਖਤਰੀਆਂ ਦਾ ਘਰ ਹੈ ਨਗਰੀ ਵਿਚ ਉਥੇ ਜਾ ਖੜੋ, ਚੁਪਾਤਾ ਰਹੀ, ਉਹ ਲੋਕ ਰੋਟੀ ਖਾਂਦੇ ਹੋਣਗੇ, ਤੈਨੂੰ ਜਾਂਦੇ ਸਾਰ ਦੇਖਕੇ ਖਿੜਨਗੇ, ਸਾਰੀ ਨਗਰੀ ਉਲਟ ਪਏਗੀ, ਹਿੰਦੂ ਮੁਸਲਮਾਨ ਸਭ ਤੇਰੀ ਪੈਰੀ ਪੈਣਗੇ, ਛੱਤੀ ਪ੍ਰਕਾਰ ਦੇ ਭੋਜਨ ਲਿਆ ਲਿਆਕੇ ਅੱਗੇ ਧਰਨਗੇ, ਕੋਈ ਬਸਤ੍ਰ ਲਿਆ ਭੇਟ ਧਰੇਗਾ। ਜੋ ਤੇਰੇ ਮੂੰਹ ਲਗੇਗਾ ਜੀ ਵਿਚ ਕਹੇਗਾ ਇਥੇ ਸਰਬੰਸ ਲਿਆ ਅਗੇ ਧਰਾਂ। ਬਹੁਤ ਲੋਕ ਤੇਰੇ ਦਰਸ਼ਨਾਂ ਤੋਂ ਸਦਕੇ ਹੋ ਹੋ ਆਖਣਗੇ, ਵਾਹ ਵਾਹ ਸਾਈਂ ਦੇ ਸੁਹਣਿਆਂ ! ਤੈਥੋਂ ਨਿਹਾਲ ਹੋ ਰਹੇ ਹਾਂ। ਪਰ ਮਰਦਾਨਿਆਂ ਕਈ ਐਸੇ ਹੋਣਗੇ ਜੋ ਤੇਰੀ ਕੋਈ ਪਰਵਾਹ ਨਹੀਂ ਕਰਨਗੇ ਜੋ ਤੂੰ ਕੌਣ ਹੈ ਤੇ ਕਿਥੋਂ ਆਇਆ ਹੈ।
---------------------
ਇਹ ਬਚਨ ਸੁਣ ਕੇ ਮਰਦਾਨਾ ਨਗਰੀ ਵਿਚ ਗਿਆ, ਬਚਨ ਗੁਰੂ ਗੁਰ ਪੂਰੇ ਨੇ ਜੋ ਆਖਿਆ ਸੀ ਸੋ ਅੱਖਰ ਅੱਖਰ ਸੱਚ ਹੋਇਆ। ਸਾਰਾ ਸ਼ਹਿਰ ਆ ਪੈਰੀਂ ਪਿਆ। ਭੋਜਨ, ਬਸਤ੍ਰ, ਰੁਪਏ ਬਥੇਰੇ ਆਏ, ਲੋਕਾਂ ਨੇ ਬਹੁਤ ਆਦਰ ਦਿੱਤਾ ਤੇ ਸੇਵਾ ਕੀਤੀ। ਮਰਦਾਨਾ ਆਪਣੀ ਸੇਵਾ ਪੂਜਾ ਵੇਖ ਵੇਖ ਕੇ ਬੜਾ ਖੁਸ਼ ਹੋਵੇ, ਫੁਲਿਆ ਜਾਮੇ ਨਾ ਸਮਾਵੇ, ਪਰ ਵਿਚ ਵਿਚ ਜਦ ਕੋਈ ਐਸਾ ਆਦਮੀ ਆਵੇ ਜੋ ਮਰਦਾਨੇ ਵਲ ਤੱਕੇ ਵੀ ਨਾ, ਤਾਂ ਉਸਦਾ ਦਿਲ ਕੁਛਕੁ ਉਦਾਸੀ ਖਾਵੇ। ਇਸ ਪ੍ਰਕਾਰ ਜਦ ਦਿਹੁਂ ਲੱਥਾ, ਤਾਂ ਮਰਦਾਨਾ ਰੁਪੈ, ਕਪੜੇ ਬੰਨ੍ਹਕੇ ਬਾਬਾ ਜੀ ਪਾਸ ਆਇਆ। ਮਰਦਾਨੇ ਦੇ ਚਿਹਰੇ ਦੀ ਖੁਸ਼ੀ ਮਨ ਦਾ ਹੁਲਾਸ ਤੇ ਖੁਸ਼ੀਆਂ ਗੁਰੂ ਬਾਬੇ ਨੇ ਤੱਕੀਆਂ। ਫੇਰ ਬਸਤ੍ਰ ਰੇਸ਼ਮੀ ਤੇ ਸੂਤੀ ਤੱਕੇ, ਫੇਰ ਰੁਪਏ ਤੇ ਮੁਹਰਾਂ ਵੇਖੀਆਂ। ਗੁਰੂ ਜੀ ਵੇਖਣ, ਮੁਸਕਰਾਉਣ ਤੇ ਹੱਸਣ। ਹੱਸਣ ਗੁਰੂ ਜੀ ਤੇ ਹੱਸਦੇ ਹੱਸਦੇ ਨਿਲੇਟ3 ਹੁੰਦੇ ਜਾਣ। ਆਖਣ ਮਰਦਾਨਿਆ ਕੀ ਆਂਦੋਈ?
ਮਰਦਾਨਾ→ ਸੱਚੇ ਪਾਤਸ਼ਾਹ ! ਇਹ ਤੇਰੇ ਬਚਨਾਂ ਦਾ ਪਰਤਾਪ ਹੈ, ਤੇਰੇ ਨਾਮ ਦਾ ਸਦਕਾ ਹੈ, ਸਾਰਾ ਸ਼ਹਿਰ ਮੇਰੀ ਸੇਵਾ ਨੂੰ ਆ ਢੁਕਿਆ. ਮੈਂ ਰੱਜ ਰੱਜ ਪਦਾਰਥ ਛਕੇ। ਇਹ ਰੁਪਏ, ਕਪੜੇ ਆਪ ਜੋਗ ਲੈ ਆਇਆ ਹਾਂ।
ਗੁਰੂ ਜੀ → (ਖੁਸ਼ ਹੋਕੇ) ਮਰਦਾਨਿਆਂ! ਭਲਾ ਕੀਤੋਈ ਜੋ ਲੈ ਆਇਆ ਹੈਂ, ਤੇਰਾ ਭਾਉ ਸੁਹਣਾ ਹੈ, ਪਰ ਇਹ ਤਾਂ ਸਾਡੇ ਕਿਸੇ ਕੰਮ ਨਹੀਂ।
------------
ਮਰਦਾਨਾ ►ਫੇਰ ਪਾਤਸ਼ਾਹ ਇਹਨਾਂ ਨੂੰ ਕੀ ਕਰਾਂ?
ਗੁਰੂ ਜੀ→ ਸੁੱਟ ਘੱਤ।
ਮਰਦਾਨੇ ਨੇ ਇਕ ਵੇਰ ਗੁਰੂ ਜੀ ਦੇ ਖਿੜੇ ਮੱਥੇ ਵਲ ਤੱਕਿਆ, ਦੂਜੀ ਝਾਤ ਅਪਣੇ ਅੰਦਰ ਪਾਈ, ਫੇਰ ਨੂਰੀ ਮਸਤਕ ਤੱਕਿਆ ਜਿਸ ਪੁਰੋਂ ਚਾਨਣ-ਫੁਹਾਰ ਪੈ ਰਹੀ ਸੀ ਤਾਂ ਮਰਦਾਨੇ ਪੰਡ ਚਾਈ ਤੇ ਦੂਰ ਜਾਕੇ ਸੱਟ ਪਾਈ। ਫੇਰ ਪਾਸ ਆਇਆ, ਬੈਠਾ ਤੇ ਪੁੱਛਣ ਲੱਗਾ: ਆਪ ਸਦਾ ਨਿਰਲੇਪ ਰਹਿੰਦੇ ਹੋ ਕਿਸੇ ਵਸਤੂ ਨੂੰ ਛੋਂਹਦੇ ਨਹੀਂ. ਲੋਕੀਂ ਖੁਸ਼ੀਆਂ ਨਾਲ ਦੇਣ ਤਾਂ ਉਹ ਬੀ ਸੱਟ ਘੱਤਦੇ ਹੋ ਇਹ ਕੀ ਗੱਲ ਹੈ ?
ਗੁਰੂ ਜੀ > ਮਰਦਾਨਿਆਂ ! ਇਹੋ ਮਾਇਆ ਤਾਂ ਛੱਡ ਕੇ ਘਰੋਂ ਬੇਘਰ ਹੋ ਤੁਰੇ ਹਾਂ, ਫੇਰ ਇਸੇ ਵਿਚ ਲਪਟ ਜਾਣਾ ਕੀ ਗੱਲ ਹੋਈ ?
ਮਰਦਾਨਾ→ ਫੇਰ ਇਹ ਅਤੀਤ ਘਰੋਂ ਘਾਟੋਂ ਗਏ ਸਾਧ ਬੀ ਤੁਸਾਂ ਨੂੰ ਨਹੀਂ ਭਾਉਂਦੇ।
ਗੁਰੂ ਜੀ→ ਮੈਨੂੰ 'ਨਾ ਭਾਉਂਦਾ ਕੋਈ ਬੀ ਨਹੀਂ, ਪਰ ਘਰ, ਪੁਤ੍ਰ, ਨਾਰਿ, ਮਾਤਾ, ਪਿਤਾ ਤਿਆਗ ਮਖੱਟੂ ਹੋ ਆਪਣਾ ਬੋਝ ਦੂਸਰਿਆਂ ਤੇ ਪਾ ਟੁਰਨਾਂ ਮਾੜੀ ਗੱਲ ਹੈ। ਨਿਰਾ ਤਿਆਗ ਕੁਛ ਨਹੀਂ ਸਾਰਦਾ।
ਮਰਦਾਨਾ → ਆਪ ਕਿਉਂ ਕੁਛ ਅੰਗੀਕਾਰ ਨਹੀਂ ਕਰਦੇ?
ਗੁਰੂ ਜੀ→ ਮਰਦਾਨਿਆਂ ਅਸੀਂ ਨਿਰੰਕਾਰ ਦੇ ਹੁਕਮ ਵਿਚ ਉਠ ਟੁਰੇ ਹਾਂ, ਘਰ ਬਨ ਸਾਨੂੰ ਸਮਸਰ ਹੈ, ਗ੍ਰਹਿਣ ਤਿਆਗ ਤੁੱਲ ਹੈ। ਜਿਥੇ ਰੱਖੇ ਰਾਜੀ ਹਾਂ ਉਸਦੀ
ਰਜ਼ਾ ਵਿਚ। ਉਸਦੀ ਰਜ਼ਾ ਹੈ ਹੁਣ ਜਗਤ ਜਲੰਦੇ ਵਿਚ ਠੰਢ ਵਰਤਾਉਣ ਦੀ, ਥਾਂ ਥਾਂ ਅਧਿਕਾਰੀਆਂ ਦੀਆਂ ਘਾਲਾਂ ਨੂੰ ਜਾਕੇ ਥਾਉਂ ਪਾਉਣ ਦੀ, ਦੁਖੀਆਂ ਸੰਤਾਪੀਆਂ, ਸਰਾਪੀਆਂ ਦੇ ਉਧਾਰ ਕਰਨ ਦੀ। ਇਹ ਅਜ਼ਲੀ ਹੁਕਮ ਅਗੇ ਸਿਰ ਨਿਵਾਕੇ ਅਸੀਂ ਟੁਰੇ ਹਾਂ ਜਿਵੇਂ ਟੁਰਦੀ ਹੈ ਹੁਕਮ ਵਿਚ ਪੌਣ ਜਗਤ ਦਾ ਕਰਦੀ ਭਲਾ, ਅਸੀਂ ਮਾਇਆ ਅੰਗੀਕਾਰ ਕਰਨ ਲਈ ਘਰੋਂ ਨਹੀਂ ਨਾ ਟੁਰੇ।
ਮਰਦਾਨਾ → ਪਰ ਜੀਓ ਜੀ! ਇਹ ਸਰੀਰ ਪੰਜਾਂ ਤੱਤਾਂ ਦਾ ਹੈ ਅੰਨ ਬਿਨਾਂ ਕਿਵੇਂ ਖੜੋ ਸਕਦਾ ਹੈ? ਮੰਜ਼ਲਾਂ, ਸਫਰ, ਫੇਰ ਫਾਕੇ ਕੜਾਕੇ।
ਗੁਰੂ ਸਤਿਗੁਰ ਜੀ → ਸਰੀਰ ਅੰਨ ਨਾਲ ਜੀਉਂਦਾ ਹੈ, ਅੰਨ ਛਡਣਾ ਪਾਖੰਡ ਕਰਨਾ ਹੁੰਦਾ ਹੈ, ਪਰ ਮਰਦਾਨਿਆਂ! ਮਨੁੱਖ ਨਿਰਾ ਉਸ ਅੰਨ ਨਾਲ ਨਹੀਂ ਜੀਉਂਦਾ ਜੋ ਉਹ ਆਪ ਖਾਵੇ ਪਰ ਪਿਆਰਿਆਂ ਵਲੋਂ ਪਿਆਰ ਦੇ ਖੁਲਾਉਣ ਦਾ ਵੀ ਆਧਾਰ ਹੁੰਦਾ ਹੈ। ਜੇ ਕੋਈ ਪਿਆਰ ਕਰਨ ਵਾਲਾ ਆਪਣੇ ਮਨਦੇ ਪਿਆਰ ਵਿਚ ਦੂਰਾਂ ਤੋਂ ਭੋਜਨ ਛਕਾਉਂਦਾ ਹੈ. ਉਸਦਾ ਭੀ ਆਧਾਰ ਰਹਿੰਦਾ ਹੈ। ਫੇਰ ਮਰਦਾਨਿਆਂ, ਮਨੁੱਖ ਨਿਰਾ ਅੰਨ ਨਾਲ ਨਹੀਂ ਜੀਉਂਦਾ, ਜੀਵਨ ਨਾਮ ਦੇ ਆਸਰੇ ਬੀ ਹੈ। ਜਪੀਦਾ ਹੈ ਨਾਮ ਅੰਨ ਦੇ ਅਧਾਰ ਨਾਲ, ਪਰ ਨਾਮ ਦਾ ਬੀ ਆਧਾਰ ਹੈ ਸਰੀਰ ਨੂੰ ਕੋਈ। ਇਹ ਗੱਲ ਤੈਨੂੰ ਬੀ ਕਦੇ ਵਾਪਰ ਕੇ ਦਿੱਸੇਗੀ।
ਨਾਨਕ ਭਗਤਾ ਭੁਖ ਸਾਲਾਹੁਣ ਸਚੁ ਨਾਮੁ ਆਧਾਰੁ।। (ਆਸਾ ਦੀ ਵਾਰ ਮ: ੧)
ਮਰਦਾਨਾ → ਸੁਬਹਾਨ ਤੇਰੀ ਮਿਹਰ ਨੂੰ ਦਾਤਿਆ ਜੀਉ ! ਪਰ ਮਾਇਆ ਗੁਜ਼ਰਾਨ ਤਾਂ ਹੈ। ਤੁਸੀਂ ਇੰਝ ਵਗਾਹ ਵਗਾਹ ਸੁਟਦੇ ਹੈ, ਜਿਵੇਂ ਮੋਏ ਸੱਪ ਨੂੰ ਸੱਟੀਦਾ ਹੈ।
ਗੁਰੂ ਜੀ→ ਮਾਇਆ ਗੁਜ਼ਰਾਨ ਹੈ, ਸੱਚ ਹੈ, ਇਸਦਾ ਤਿਆਗ ਹੋ ਹੀ ਨਹੀਂ ਸਕਦਾ। ਪੇਟ ਰੱਜਣ ਜੋਗਾ ਅੰਨ ਖਾਣਾ ਬੀ ਮਾਇਆ ਹੈ. ਇਹ ਜੀਉਣਾ ਹੀ ਮਾਇਆ ਹੈ। ਫਾਕੇ ਕੱਟਣ ਨਾਲ ਬੀ ਮਾਇਆ ਦਾ ਤਿਆਗ ਨਹੀਂ ਹੁੰਦਾ, ਜਿੰਨੇ ਤਿਆਗ ਦੇ ਜਤਨ ਹਨ ਸਭ ਬਿਰਥੇ ਹਨ, ਪਰ ਮਨ ਵਿਚ ਜੇ ਲੋਭ ਦਾ ਤਿਆਗ ਆ ਗਿਆ ਤਾਂ ਤਿਆਗ ਆ ਗਿਆ।
ਮਰਦਾਨਾ→ ਸੁਹਣਾ ਆਖਿਆ ਨੇ, ਫੇਰ ਇਹ ਕੱਪੜੇ ਰੁਪੈ ਕਾਸ ਨੂੰ ਸੱਟ ਘੱਤੇ ਨੇ?
ਗੁਰੂ ਜੀ→ ਜੇ ਅੰਦਰ ਲੋਭ ਨਹੀਂ ਤਾਂ ਉਸਦਾ ਬਾਹਰ ਕੋਈ ਵਰਤਾਉ ਬੀ ਹੁੰਦਾ ਹੈ ਨਾਂ। ਸਾਨੂੰ ਰੁਪਈਆਂ ਤੇ ਕਪੜਿਆਂ ਦੀ ਲੋੜ ਨਹੀਂ ਹੈ, ਇਸ ਕਰਕੇ ਸੱਟ ਘੱਤੇ ਹੈਨ, ਜਦ ਲੋੜ ਨਹੀਂ ਤਾਂ ਇਨ੍ਹਾਂ ਨੂੰ ਬੰਨ੍ਹ ਕੇ ਨਾਲ ਲੈ ਟੁਰਨਾ ਲੋਭ ਹੈ। ਤੇਰੇ ਅੰਦਰ ਮਾਇਆ ਦਾ ਪਿਆਰ ਹੈ, ਇਹ ਤ੍ਰਿਸ਼ਨਾ ਹੈ, ਦੇਖ ਸੱਟ ਘੱਤੀ ਬੀ ਮੁੜ ਮੁੜ ਯਾਦ ਪਈ ਪੈਂਦੀ ਹੈ। ਹੇ ਮਰਦਾਨਿਆਂ! ਹੇ ਮਰਦਾਨਿਆ! ਕਹੁ ਸੱਤ ਕਰਤਾਰ !
ਮਰਦਾਨਾ → ਸਤਿ ਕਰਤਾਰ !
ਗੁਰੂ ਜੀ → ਦੇਖ ਮਰਦਾਨੇ ! ਤੈਨੂੰ ਸ਼ਬਦ ਦੀ ਸੇਵਾ ਬਖਸ਼ੀ ਹੈ, ਸ਼ਬਦ ਦਾ ਆਧਾਰ ਪਛਾਣ, ਜੀਉਣਾ ਸ਼ਬਦ ਦੇ ਆਧਾਰ ਤੇ ਹੈ।
ਮਰਦਾਨਾ→ ਪਾਤਸ਼ਾਹ ! ਤੇਰੇ ਸੁਹਣੇ ਮੁਖੜੇ ਨੇ ਸ਼ਬਦ ਕੀਤਾ ਹੈ 'ਜਾਹ ਵਸਤੀ ਵਿਚ, ਸਾਰੀ ਨਗਰੀ ਪੈਰੀਂ ਆ ਪਏਗੀ। ਤੇਰੇ ਏਸ ਸ਼ਬਦ ਦਾ ਸਦਕਾ ਸਭ ਪੈਰੀ ਆ ਪਈ, ਮੈਂ ਨਾ ਪਛਾਤਾ ਕਿ ਭੋਜਨ. ਬਸਤ੍ਰ, ਚਾਂਦੀ, ਸੋਨਾ ਆਪਦੇ ਉਚਾਰੇ ਸ਼ਬਦ ਤੋਂ ਹੋਇ ਆਇਆ ਹੈ। ਬਖਸ਼ਸ਼ ਕਰ ਕਿ ਮੈਂ ਤੇਰੇ ਸ਼ਬਦ ਨੂੰ ਪਛਾਣਾਂ, ਸ਼ਬਦ ਨੂੰ ਪਿਆਰ ਕਰਾਂ; ਹਾਂ ਤੇਰੇ ਉਚਰੇ ਸ਼ਬਦ ਦੀ, ਲੋੜ ਪਵੇ ਤਾਂ ਚੋਟ ਭੀ ਸਹਾਂਗਾ। ਮੈਂ ਮੂਰਖ ਤੇ ਜ਼ਾਤ ਦਾ ਨੀਵਾਂ ਹਾਂ ਤੇਰੀ ਮਿਹਰ ਅਤੁੱਟ ਹੈ ਤੇ ਮੀਂਹ ਵਾਂਗੂ ਆ ਮੁਹਾਰੀ ਪਈ ਵਸਦੀ ਹੈ।
ਗੁਰੂ ਜੀ→ ਮਰਦਾਨਿਆਂ ! ਰਬਾਬ ਵਜਾ ਛੇੜ ਆਸਾ ਦੀ ਸੁਰ।
ਕੋਈ ਭੀਖਕੁ ਭੀਖਿਆ ਖਾਇ।।
ਕੋਈ ਰਾਜਾ ਰਹਿਆ ਸਮਾਇ।।
ਕਿਸਹੀ ਮਾਨੁ ਕਿਸੈ ਅਪਮਾਨੁ।।
ਢਹਿ ਉਸਾਰੇ ਧਰੇ ਧਿਆਨੁ।।
ਤੁਝ ਤੇ ਵਡਾ ਨਾਹੀ ਕੋਇ।।
ਕਿਸੁ ਵੇਖਾਲੀ ਚੰਗਾ ਹੋਇ ।। ੧।।
ਮੈ ਤਾਂ ਨਾਮੁ ਤੇਰਾ ਆਧਾਰੁ।।
ਤੂੰ ਦਾਤਾ ਕਰਣਹਾਰੁ ਕਰਤਾਰੁ।। ੧।। ਰਹਾਉ।।
ਵਾਟ ਨ ਪਾਵਉ ਵੀਗਾ ਜਾਉ।।
ਦਰਗਹ ਬੈਸਣ ਨਾਹੀ ਥਾਉ।।
ਮਨ ਕਾ ਅੰਧੁਲਾ ਮਾਇਆ ਕਾ ਬੰਧੁ।।
ਖੀਨ ਖਰਾਬੁ ਹੋਵੈ ਨਿਤ ਕੰਧੁ।।
ਖਾਣ ਜੀਵਣ ਕੀ ਬਹੁਤੀ ਆਸ।।
ਲੇਖੈ ਤੇਰੈ ਸਾਸ ਗਿਰਾਸ। ।੨।
ਅਹਿਨਿਸਿ ਅੰਧਲੇ ਦੀਪਕੁ ਦੇਇ।।
ਭਉਜਲ ਡੂਬਤ ਚਿੰਤ ਕਰੇਇ।।
ਕਹਹਿ ਸੁਣਹਿ ਜੋ ਮਾਨਹਿ ਨਾਉ।।
ਹਉ ਬਲਿਹਾਰੈ ਤਾਕੈ ਜਾਉ।।
ਨਾਨਕੁ ਏਕ ਕਹੈ ਅਰਦਾਸਿ।।
ਜੀਉ ਪਿੰਡੁ ਸਭੁ ਤੇਰੈ ਪਾਸਿ। ।੩।
ਜਾਂ ਤੂੰ ਦੇਹਿ ਜਪੀ ਤੇਰਾ ਨਾਉ।।
ਦਰਗਹ ਬੈਸਣ ਹੋਵੈ ਥਾਉ।।
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ।।
ਗਿਆਨ ਰਤਨੁ ਮਨਿ ਵਸੈ ਆਇ।।
ਨਦਰਿ ਕਰੈ ਤਾਂ ਸਤਿਗੁਰੁ ਮਿਲੈ।।
ਪ੍ਰਣਵਤਿ ਨਾਨਕੁ ਭਵਜਲੁ ਤਰੈ। ॥੪॥੧੮।।4
ਸ਼ਬਦ, ਇਲਾਹੀ ਨਾਦ, ਦੈਵੀ ਸੁਰ ਤੇ ਉਚੇ ਭਾਵ, ਮਰਦਾਨੇ ਦੇ ਦਿਲ ਨੇ ਉੱਚੀ ਠੋਰ ਬੱਧੀ, ਮੱਥਾ ਟੇਕਿਓਸੁ। ਮਰਦਾਨੇ ਦੇ
--------------
ਮਨ ਨੂੰ ਸੋਝੀ ਹੋਈ ਕਿ ਇਕ ਸਾਈਂ ਦਾ ਪਿਆਰ ਸੱਚ ਹੈ, ਪਿਆਰ ਸਾਈਂ ਦੀ ਯਾਦ ਹੈ ਤੇ ਯਾਦ ਸ਼ਬਦ ਹੈ, ਚਾਹੋ ਅੰਦਰ ਰਸ ਰੂਪ ਹੈ, ਚਾਹੋ ਨਾਮ ਰੂਪ ਹੈ, ਚਾਹੋ ਕੀਰਤਨ ਰੂਪ ਹੈ, ਚਾਹੋ ਇਸ ਸੱਚੇ ਪਾਤਸ਼ਾਹ ਦਾ ਬਚਨ ਰੂਪ ਹੈ।
ਗੁਰੂ ਜੀ→ ਜੋ ਸ਼ਬਦ ਦਾ ਸੇਵਕ ਹੋਵੇ, ਜੋ ਨਾਮ ਜਪੇ, ਜੋ ਹੋਰਾਂ ਨੂੰ ਨਾਮ ਜਪਾਵੇ ਲੋਭ ਵਿਚ ਨਾਂ ਵਰਤੇਗਾ। ਜੋ ਲੋਭ ਵਿਚ ਵਰਤਦਾ ਦਿੱਸੇ ਉਹ ਸਾਈਂ ਦਾ ਸੇਵਕ ਨਹੀਂ ਹੈ। ਨਾਮ ਦੇ ਪਿਆਰੇ ਲੋਭੀ ਨਹੀਂ ਹੁੰਦੇ, ਧਰਮ ਵਿਚ ਵਰਤਦੇ ਹੈਨ, ਮਾਇਆ ਨੂੰ ਮੈਲ ਜਾਣਦੇ ਹਨ ਹੱਥਾਂ ਪੈਰਾਂ ਦੀ। ਲੋਭੀ ਦਾ ਵਿਸਾਹ ਨਹੀਂ ਕਰਨਾ ਕਿ ਇਹ ਸਾਈਂ ਦਾ ਘੱਲਿਆ ਹੈ ਕਿ ਸਾਈਂ ਦਾ ਬੰਦਾ ਹੈ. ਲੋਭ ਪਾਪ ਕਰਾਉਂਦਾ ਹੈ ਝੂਠ ਨਾਲ, ਦਗੇ ਨਾਲ, ਘੱਟ ਤੋਲਕੇ, ਵੱਢੀ ਲੈਕੇ, ਝੂਠੀ ਸਾਖ ਭਰਕੇ, ਦੂਜੇ ਦਾ ਬੁਰਾ ਕਰਕੇ, ਪਖੰਡ ਧਾਰਕੇ, ਅਨੇਕਾਂ ਪਾਪਾਂ ਨਾਲ ਲੋਭ ਮਾਇਆ ਕੱਠੀ ਕਰਾਉਂਦਾ ਹੈ। ਜਿਥੇ ਲੋਭ ਹੈ ਉਥੇ ਪਾਪ ਹੈ ਮਰਦਾਨਿਆਂ !
4
ਇਥੋਂ ਚੱਲਕੇ ਸ੍ਰੀ ਗੁਰੂ ਜੀ ਸੱਜਣ ਠਗ ਦੇ ਟਿਕਾਣੇ ਜਾ ਅੱਪੜੇ। ਇਹ ਆਦਮੀ ਉਪਰੋਂ ਭਲਾ ਬਣਿਆ ਹੋਇਆ ਸੀ। ਮਸੀਤ ਤੇ ਠਾਕਰਦਵਾਰਾ ਰਚ ਛਡਿਆ ਸੀ, ਮੁਸਾਫਰ ਲੋਕਾਂ ਨੂੰ ਘਰ ਉਤਾਰਦਾ ਸੇਵਾ ਕਰਦਾ ਸੀ ਤੇ ਦਾਉ ਪਾਕੇ ਲੁਟ ਪੁਟ ਲੈਂਦਾ ਤੇ ਅੰਦਰੇ ਕਿਤੇ ਗੁੰਮ ਕਰ ਦੇਂਦਾ ਸੀ। ਸਤਿਗੁਰਾਂ ਤੇ ਮਰਦਾਨੇ ਨੂੰ ਬੀ ਸਾਹੂਕਾਰ ਮੁਸਾਫਰ ਸਮਝਕੇ ਘਰ ਲੈ ਗਿਆ । ਉਥੇ ਮਰਦਾਨੇ ਨੇ ਗੁਰੂ ਜੀ ਦੇ ਹੁਕਮ ਨਾਲ ਰਬਾਬ ਵਜਾਇਆ ਤੇ ਇਹ ਸ਼ਬਦ ਗਾਇਨ ਹੋਇਆ 'ਉਜਲ ਕੈਹਾ ਚਿਲਕਣਾ ਘੋਟਿਮ ਕਾਲੜੀ ਮਸ। ਜਿਸਦਾ ਸਦਕਾ ਸਜਣ ਠਗ ਨੂੰ ਹੋਸ਼ ਆਈ ਤੇ ਗੁਰੂ ਬਾਬੇ ਨੇ ਉਸਦਾ ਨਿਸਤਾਰਾ ਕੀਤਾ। ਉਸਦੀ ਦੌਲਤ ਗਰੀਬਾਂ ਨੂੰ ਵੰਡਵਾਈ ਤੇ ਉਸਦਾ ਘਰ ਢੁਹਾਕੇ ਧਰਮਸਾਲ ਬਨਵਾਈ ਤੇ ਸਜਣ ਪਰਮੇਸਰ ਦਾ ਸੱਚਾ ਭਗਤ ਹੋਇਆ। '
ਇਥੋਂ ਟੁਰਕੇ ਪਾਣੀਪਤ ਗਏ, ਸ਼ੇਖ ਸਰਫ ਦਾ ਨਿਸਤਾਰਾ ਕੀਤਾ। ਉਥੋਂ ਦਿਲੀ ਗਏ ਤੇ ਇਬਰਾਹੀਮ ਲੋਧੀ ਪਾਤਸ਼ਾਹ ਨਾਲ ਸਾਖੀ ਹੋਈ। ਇਥੋਂ ਅਗੇ ਟੁਰੇ ਤੇ ਰਾਹ ਵਿਚ ਇਕ ਸੱਯਦ ਪਾਲਕੀ ਤੇ ਚੜ੍ਹਿਆ ਜਾਂਦਾ ਸੀ, ਇਸਦਾ ਨਾਉਂ ਵਜੀਦ ਸੀ। ਇਹ ਪਾਲਕੀ ਵਿਚ ਚੜ੍ਹਿਆ ਜਾ ਰਿਹਾ ਸੀ, ਇਕ ਬ੍ਰਿਛ ਹੇਠ ਛਾਂ ਵੇਖਕੇ ਉਤਰਿਆ ਤੇ ਕਹਾਰ ਪਾਲਕੀ ਦੇ ਲਾਗੇ ਇਸਨੂੰ ਦੱਬਣ ਘੁੱਟਣ। ਮਰਦਾਨਾ ਦੇਖਕੇ ਸਤਿਗੁਰਾਂ ਨੂੰ ਪੁੱਛਣ ਲਗਾ ਜੀ ਇਹ
----------------
ਕੀ ਹੋਈ. ਨਾਲੇ ਚੜ੍ਹਕੇ ਆਇਆ ਨਾਲੇ ਘੁਟਾਂਦਾ ਹੈ, ਉਹ ਨਾਲੇ ਚੁੱਕ ਕੇ ਲਿਆਏ ਨਾਲੇ ਘੁੱਟਦੇ ਹਨ। ਤਦ ਸਤਿਗੁਰ ਜੀ ਨੇ ਫੁਰਮਾਯਾ, ਪਿਛਲੇ ਜਨਮ ਇਸ ਹਠ ਤਪ ਕੀਤੇ, ਪਾਲੇ ਨਾਲ ਹਡ ਕੜਕਾਏ, ਤਦੋਂ ਦੀ ਚੜ੍ਹੀ ਥਕਾਨ ਹੁਣ ਉਤਰਵਾ ਰਿਹਾ ਹੈ। ਤਪ ਕਰਕੇ ਐਸ੍ਵਰਜ ਮਿਲਦਾ ਹੈ, ਐਸ੍ਵਰਜ ਵਿਚ ਮਸਤ ਹੋਕੇ ਭੁੱਲਾਂ ਕਰੀਦੀਆਂ ਹਨ ਭੁੱਲਾਂ ਨਾਲ ਨਰਕ ਦੇ ਰਸਤੇ ਪੈ ਜਾਈਦਾ ਹੈ। ਮਰਦਾਨਿਆਂ, ਸੁਖ ਦੁਖ ਕੀਤੇ ਕਰਮਾਂ ਦਾ ਫਲ ਹੈ।
ਫਿਰ ਜਿਸ ਥਾਂ ਦਾ ਨਾਉਂ ਹੁਣ ਨਾਨਕ ਮਤਾ ਹੈ ਓਥੇ ਹੁੰਦੇ ਹੋਏ ਇਕ ਟਿਕਾਣੇ ਆ ਨਿਕਲੇ ਜੋ ਵਣਜਾਰਿਆਂ ਦਾ ਟਿਕਾਣਾ ਸੀ। ਏਥੇ ਇਨ੍ਹਾਂ ਦੇ ਨਾਇਕ ਦੇ ਘਰ ਪੁਤਰ ਜਨਮਿਆ ਸੀ ਤੇ ਓਥੇ ਖੁਸ਼ੀਆਂ ਮਨਾ ਰਹੇ ਸਨ। ਮਰਦਾਨਾ ਕੌਤਕ ਦੇਖਦਾ ਰਿਹਾ ਫਿਰ ਮਰਦਾਨੇ ਗੁਰੂ ਜੀ ਨੂੰ ਕਿਹਾ, ਜੀਓ ਇਹ ਆਦਮੀ ਪੁਤਰ ਜੰਮੇ ਦੀ ਖੁਸ਼ੀ ਕਰ ਰਿਹਾ ਹੈ ਕੁਛ ਮੈਂ ਬੀ ਮੰਗ ਲਿਆਵਾਂ, ਭੁੱਖ ਲਗੀ ਹੈ, ਪੇਟ ਭਰ ਲਵਾਂ। ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ, ਜਗਤ ਨੂੰ ਪਤਾ ਨਹੀਂ ਹੈ, ਇਹ ਇਸਦੇ ਘਰ ਪੁਤਰ ਨਹੀਂ ਹੋਇਆ ਇਹ ਕੋਈ ਕਰਜ਼ਾਈ ਬਦਲਾ ਲੈਣ ਆਇਆ ਹੈ। ਇਹ ਇਕ ਰਾਤ ਰਹੇਗਾ ਭਲਕੇ ਉਠ ਜਾਏਗਾ। ਫੇਰ ਇਹ ਸਾਰੇ ਦੰਡੇ ਹੋਏ ਵਾਂਝੂ ਦੁਖ ਪਾਉਣਗੇ। ਤੇਰਾ ਚਿਤ ਕੀਤਾ ਹੈ ਤਾਂ ਜਾਹ, ਮੰਗੀਂ ਕੁਛ ਨਾਂ, ਆਪੇ ਕੋਈ ਪਾ ਅੰਨ ਦਾ ਦੇਵੇ ਤਾਂ ਲੈ ਲਵੀਂ। ਮਰਦਾਨਾ ਗਿਆ, ਕਿਸੇ ਵਾਤ ਨਾ ਪੁਛੀ, ਸੋ ਮੁੜ ਆਇਆ। ਹੁਣ ਗੁਰੂ ਜੀ ਨੇ ਆਖਿਆ ਰਬਾਬ ਵਜਾ ਤੇ ਲੈ ਸ਼ਬਦ ਦੀ ਟੇਕ। ਉਸ ਵੇਲੇ ਸ੍ਰੀ ਗੁਰੂ ਜੀ ਨੇ ਸ੍ਰੀ ਰਾਗ ਪਹਰੇ ਮਹਲਾ ੧ ਦਾ ਸ਼ਬਦ ਉਚਾਰਿਆ। ਅਗਲੀ ਸਵੇਰ ਬਾਲਕਾ ਮਰ
ਗਿਆ ਤਾਂ ਓਹ ਲੱਗੇ ਰੋਣ ਪਿੱਟਣ। ਤਦ ਮਰਦਾਨੇ ਪੁੱਛਿਆ ਜੀ ਇਸ ਦੇ ਬਾਬ ਕੀ ਵਰਤੀ? ਗੁਰੂ ਜੀ ਨੇ ਉੱਤਰ ਦਿੱਤਾ:- ਜੀਵ ਅਗ੍ਯਾਨ ਵਿਚ ਹੈ, ਜਿਨ੍ਹਾਂ ਬਾਤਾਂ ਤੇ ਖੁਸ਼ ਹੁੰਦਾ ਤੇ ਬਫਾਉਂਦਾ ਹੈ, ਓਹ ਮੁਬਾਰਕਾਂ ਸੰਤਾਪ ਵਿਚ ਪਲਟ ਜਾਂਦੀਆਂ ਹਨ। ਇਸ ਕਰਕੇ ਜੋ ਵਰਤੇ ਸੋ ਪਈ ਵਰਤੇ, ਇਹ ਹਰਖ ਸੋਗ ਵਿਚ ਨਾ ਜਾਵੇ ਤੇ ਇਕ ਵਾਹਿਗੁਰੂ ਦੀ ਸਿਫਤ ਵਿਚ ਲੱਗਾ ਰਹੇ ਤਾਂ ਇਹ ਹੀਰਾ ਜਨਮ ਜਿੱਤ ਹੋ ਜਾਂਦਾ ਹੈ।
ਇਸ ਤਰ੍ਹਾਂ ਫਿਰਦੇ ਫਿਰਦੇ ਸਤਿਗੁਰੂ ਜੀ ਪਟਨੇ ਨਗਰ ਦੇ ਬਾਹਰਵਾਰ ਆ ਟਿਕੇ। ਮਰਦਾਨਾ ਥੱਕਾ ਹੋਇਆ ਤੇ ਭੁੱਖ ਨਾਲ ਕੁਛ ਵ੍ਯਾਕੁਲ ਸੀ। ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਸ਼ਹਿਰ ਜਾਵਾਂ ਤੇ ਅੰਨ ਪਾਣੀ ਦਾ ਉਪਰਾਲਾ ਕਰਾਂ ਤਾਂ ਗੁਰੂ ਜੀ ਨੇ ਇਕ ਲਾਲ ਰੰਗ ਦਾ ਪੱਥਰ ਦੇਕੇ ਕਿਹਾ ਕਿ ਇਹ ਲੈ ਜਾਹ ਤੇ ਵੇਚਕੇ ਖਾਣ ਪੀਣ ਦਾ ਆਹਰ ਕਰ ਲੈ।
ਇਸ ਨਗਰੀ ਵਿਚ ਇਕ ਸਾਲਸ ਰਾਇ ਨਾਮੇ ਜੌਹਰੀ ਰਹਿੰਦਾ ਸੀ। ਮਰਦਾਨਾ ਕਈ ਥਾਂ ਲਾਲ ਦੱਸਦਾ ਛੇਕੜ ਏਥੇ ਆਇਆ। ਤਦ ਸਾਲਸ ਨੇ ਪੁੱਛਿਆ:- "ਆਓ ਜੀ ! ਸੇਠ ਜੀ ! ਕਿਸ ਦੇਸ਼ ਤੋਂ ਆਏ ਕੀ ਮਾਲ ਲਿਆਏ?"
ਮਰਦਾਨਾ → ਮਦ੍ਰ ਦੇਸ਼ ਤੋਂ ਆਏ ਜਿੱਥੇ ਪੰਜ ਨਦ ਵਗਦੇ ਹਨ ਤੇ ਇਕ ਲਾਲ ਜੇਹੀ ਗੀਟੀ ਵੇਚਨ ਆਏ ਹਾਂ, ਜੇ ਚਾਰ ਕੌਡਾਂ ਚਾ ਦਿਓ ਤਾਂ ਅੰਨ ਪਾਣੀ ਹੋ ਜਾਏ।
ਸਾਲਸ→ ਦਰਸ਼ਨ ਕਰਾਓ ?
ਮਰਦਾਨੇ ਨੇ ਇਕ ਪੋਟਲੀ ਖੋਲਕੇ ਪੰਜ ਛੇ ਮਾਸੇਂ ਦੀ ਚਮਕਦੀ ਲਾਲੋ ਲਾਲ ਗੀਟੀ ਜਹੀ ਅੱਗੇ ਧਰ ਦਿੱਤੀ।
ਸਾਲਸ ਰਾਇ → (ਹੱਛੂੰ ਤਰ੍ਹਾਂ ਪਰਤ ਪਰਤ ਕੇ ਦੇਖਕੇ)
ਸ਼ੁਕਰ ਹੈ, ਧੰਨ! ਉਸਤਾਦਾਂ ਦੇ ਵਾਰੇ ਵਾਰੇ ਜਾਈਏ। ਅਧਰਕੇ ! ਬੱਚਾ ਸੌ ਰੁਪਇਆ ਲੈ ਆਓ।
ਅਧਰਕਾ ਸੌ ਰੁਪਇਆ ਲੈ ਆਇਆ।
ਸਾਲਸ → (ਮਰਦਾਨੇ ਦੇ ਅੱਗੇ ਧਰਕੇ) ਲਓ ਮਹਾਰਾਜ ਜੀ ਤੇ ਇਹ ਲਓ ਆਪਣਾ ਲਾਲ, ਸੰਭਾਲਕੇ ਪੋਟਲੀ ਵਿਚ ਬੰਨ੍ਹ ਲੈਣਾ।
ਮਰਦਾਨਾ→ ਤੇ ਸੌ ਰੁਪਿਆ ਕਿਸ ਗੱਲ ਦਾ ਹੈ?
ਸ਼ਾਲਸ → (ਚੰਗੀ ਤਰ੍ਹਾਂ ਮਰਦਾਨੇ ਵਲ ਤੱਕਕੇ) ਇਹ ਸੌ ਰੁਪਿਆ ਇਸ ਦੀ ਦਰਸ਼ਨ-ਭੇਟਾ ਹੈ। ਮਲੂਮ ਹੁੰਦਾ ਹੈ ਇਹ ਸ਼ੈ ਕਿਸੇ ਜੌਹਰੀ ਦੀ ਹੈ ਤੇ ਤੁਹਾਨੂੰ ਉਸ ਨੇ ਦੇਕੇ ਸ਼ਹਿਰ ਦੇ ਜੌਹਰੀਆਂ ਦੀ ਪਰਖ ਵਾਸਤੇ ਘੱਲਿਆ ਹੈ, ਨਹੀਂ ਤਾਂ ਇਹ ਲਾਲ ਕੌਣ ਵੇਚਦਾ ਹੈ। ਉਹ ਸੁਭਾਗ ਹੈ ਜਿਸ ਨੇ ਰੰਗ ਦਾ ਇੰਨਾਂ ਚੁਹਚੁਹਾ ਤੇ ਨੀਰ ਦਾ ਐਨਾ ਸਾਫ ਲਾਲ ਜ਼ਿੰਦਗੀ ਵਿਚ ਵੇਖ ਲਿਆ ਹੋਵੇ। ਉਸਤਾਦ ਸਾਡੇ ਜ਼ਿਕਰ ਕਰਦੇ ਹੁੰਦੇ ਸਨ ਇਸ ਪ੍ਰਕਾਰ ਦੇ ਲਾਲਾਂ ਦਾ, ਸੋ ਅਸਾਂ ਅੱਜ ਅੱਖੀਂ ਤੱਕਿਆ ਹੈ। ਉਹ ਆਖਦੇ ਹੁੰਦੇ ਹਨ ਕਿ ਇਸ ਪਾਏ ਦਾ ਰਤਨ ਜਦ ਦੇਖੋ ਤਾਂ ਪਹਿਲਾ ਦਰਸ਼ਨ-ਭੇਟਾ ਕਰੋ। ਮੁਲੋਂ ਇਹ ਲਾਲ ਇਨੇ ਮੁੱਲ ਵਾਲਾ ਹੈ ਕਿ ਅਮੁੱਲ ਹੈ। ਸੋ ਅਸਾਂ ਉਹਨਾਂ ਉਸਤਾਦਾਂ ਦੀ ਮੱਤ ਕਮਾਈ ਹੈ, ਆਪ ਇਹ ਦਰਸ਼ਨ ਭੇਟਾ ਲੈ ਜਾਓ।
ਅਧਰੱਕਾ→ ਸ਼ਾਹ ਜੀ ! ਜ਼ਰਾ ਮੈਨੂੰ ਬੀ ਦਿਖਾਣਾ ਇਹ ਲਾਲ।
ਸਾਲਸ→ (ਚਾਕੇ) ਲਓ ਬੱਚਾ ਵੇਖੋ।
ਅਧਰੱਕਾ→ (ਵੇਖ ਵੇਖਕੇ) ਸ਼ਾਹ ਜੀ ਅੱਜ ਤਾਂ ਮੈਂ ਬੀ ਕੁਛ ਅੱਖ ਵਾਲਾ ਹੋ ਗਿਆ ਹਾਂ। ਸੱਚ ਮੁਚ ਇਹ ਬੜੀ ਸੁੱਚੀ ਬੇਰਗ਼ ਡਾਢੀ ਸੁਥਰੀ ਸ਼ੈ ਹੈ। ਮੈਂ ਕਦੇ ਇਹ ਡਲ੍ਹਕ, ਇਹ ਪਾਣੀ ਦੀ ਝਾਲ ਨਹੀਂ ਸੀ ਤੱਕੀ।
ਮਰਦਾਨਾ → ਸ਼ਾਹ ਜੀ ! ਮੈਨੂੰ ਜਦ ਇਹ ਗੀਟੀ ਮਾਲਕ ਨੇ ਦਿੱਤੀ ਸੀ ਤਾਂ ਮੈਂ ਮਾਲਕ ਦੀ ਮਸ਼ਕਰੀ ਸਮਝੀ ਸੀ ਫੇਰ ਮੈਂ ਕਿਹਾ- ਸ਼ੁਕੀਨਾਂ ਦਾ ਸ਼ਹਿਰ ਹੈ, ਕੋਈ ਬਾਲਾਂ ਦੀ ਖੇਡ ਲਈ ਲੈ ਲਏਗਾ ਤੇ ਪੇਟ ਭਰ ਅੰਨ ਮਿਲ ਜਾਏਗਾ। ਪਰ ਜਦ ਮੈਂ ਪਹਿਲੇ ਦੁਕਾਨਦਾਰ ਨੂੰ ਦਿੱਤੀ ਤਾਂ ਉਸਨੇ ਇਕ ਮੂਲੀ ਦੇਕੇ ਕਿਹਾ ਬਈ ਇਹ ਲੈ ਲੈ ਸਾਡੇ ਬਾਲ ਇਸ ਨਾਲ ਦੋ ਘੜੀਆਂ ਖੇਡਣਗੇ, ਮੈਂ ਕਿਹਾ ਦੋ ਚਾ ਦੇਹ, ਤਾਂ ਉਸਨੇ ਨਾਂ ਦਿੱਤੀਆਂ। ਫੇਰ ਹਿਕ ਹਲਵਾਈ ਦੇ ਗਿਆ ਤਾਂ ਉਸ ਸੇਰ ਮਠਿਆਈ ਨਾ ਦਿਤੀ ਤੇ ਇਕ ਬਜਾਜ ਦੇ ਜਾ ਖੜੋਤਾ ਤਾਂ ਉਸ ਦੋ ਗਜ ਖੱਦਰ ਹੀ ਦੇਣ ਨੂੰ ਕਿਹਾ। ਜਦ ਮੈਂ ਪੈਂਸੀ ਮੰਗੀ ਤਾਂ ਓਸ ਕਿਹਾ ਕਿਸੇ ਸਰਾਫ ਪਾਸ ਜਾਹ, ਫੇਰ ਮੈਂ ਦੋ ਚਾਰ ਹੱਟੀਂ ਗਿਆ, ਮੁੱਲ੍ਹ ਵੱਧ ਵੱਧ ਪੈਂਦਾ ਗਿਆ। ਇਸਦੇ ਵੱਧ ਮੁੱਲ੍ਹ ਹੋਣ ਦਾ ਮੈਨੂੰ ਹੁਣ ਸੰਸਾ ਹੋ ਗਿਆ, ਤਾਂ ਮੈਂ ਢੂੰਡਦਾ ਢੂੰਡਦਾ ਆਪਦੇ ਪਾਸ ਆਇਆ, ਆਪ ਨੇ ਮੁੱਲ ਅਮੁੱਲ ਆਖਿਆ ਹੈ ਤੇ ਦਰਸ਼ਨ ਭੇਟਾ ਸੌ ਦਿੱਤਾ ਹੈ। ਇਹ ਮੈਂ ਨਹੀਂ ਲੈਂਦਾ।
ਸਾਲਸ→ ਤੁਸੀਂ ਸੌ ਰੁਪੱਯਾ ਤੇ ਲਾਲ ਆਪਣੇ ਸ਼ਾਹ ਪਾਸ ਲੈ ਜਾਓ, ਜੇ ਉਹਨਾਂ ਵੇਚਣਾ ਹੀ ਹੋਇਆ ਤਾਂ ਫੇਰ ਆ ਜਾਣਾ, ਮੁੱਲ੍ਹ ਕਰ ਲਵਾਂਗੇ ਪਰ ਇਸ ਸੈ ਦਾ ਮੁੱਲ੍ਹ ਅਮੁੱਲ ਹੈ।
ਮਰਦਾਨਾ→ ਸ਼ਾਹ ਜੀ! ਮੈਂ ਰਾਤ ਦਾ ਭੁੱਖਾ ਹਾਂ, ਤੇ ਮੇਰੇ ਮਾਲਕ ਜੀ ਭੁੱਖੇ ਤਾਂ ਨਹੀਂ, ਪਰ ਅੰਨ ਉਹਨਾਂ ਬੀ ਨਹੀਂ ਪਾਇਆ, ਹੁਕਮ ਤਾਂ ਇਹ ਸੀ ਕਿ ਇਸਨੂੰ ਵੇਚਕੇ ਭੋਜਨ ਲੈ ਆਵਾਂ।
ਸਾਲਸ→ਤੁਸੀਂ ਇਹ ਲੈ ਜਾਓ, ਭੋਜਨ ਬੀ ਪਹੁੰਚ ਜਾਏਗਾ, ਸਾਨੂੰ ਪਤਾ ਦੱਸ ਜਾਓ, ਫਿਕਰ ਨਾ ਕਰੋ। ਅਸੀਂ ਵਪਾਰੀ ਲੋਗ ਹਾਂ ਤੇ ਆਪ ਦਾ ਸ਼ਾਹ ਵੱਡਾ ਵਪਾਰੀ ਜਾਪਦਾ ਹੈ ਤੇ ਉੱਚੀ ਨਜ਼ਰ ਵਾਲਾ ਲਗਦਾ ਹੈ ਉਹ ਸਾਡੀ ਗੱਲ ਤੇ ਖੁਸ਼ ਹੋਵੇਗਾ, ਨਰਾਜ਼ ਨਹੀਂ ਹੋਣ ਲਗਾ।
ਮਰਦਾਨਾ→ (ਜ਼ਰਾ ਮੱਥਾ ਵੱਟਕੇ) ਪਤਾ ਨਹੀਂ, ਵੱਡਾ ਤਾਂ ਜ਼ਰੂਰ ਹੈ ਪਰ ਜੇ ਵਪਾਰੀ ਹੁੰਦਾ ਤਾਂ ਦੇਸ਼ ਬਦੇਸ਼ ਭੌਣ ਦੀ ਕੀ ਲੋੜ ਸੀ? (ਮੁਸਕਾ ਕੇ) ਘਰ ਬੈਠਾ ਹੀ ਅਮੀਰ ਹੋ ਜਾਂਦਾ। ਪਰ ਅੱਛਾ ਚਲਦੇ ਹਾਂ।
ਸੌ ਰੁਪਯਾ ਤੇ ਲਾਲ ਮਰਦਾਨਾ ਲੈ ਕੇ ਸਤਿਗੁਰੂ ਜੀ ਪਾਸ ਪੁੱਜਾ। ਸਤਿਗੁਰ ਦੇਖਕੇ ਹੱਸੇ ਤੇ ਮਰਦਾਨੇ ਨੇ ਲਾਲ ਤੇ ਰੁਪਏ ਅੱਗੇ ਧਰੇ ਤੇ ਆਖਿਆ:-
ਆਹ ਲਓ। ਅਪਣਾ ਤਲਿਸਮ, ਕਿਸੇ ਥਾਂ ਦੋ ਮੂਲੀਆਂ ਮੁੱਲ੍ਹ ਨਹੀਂ ਪੈਂਦਾ ਤੇ ਕਿਸੇ ਥਾਂ ਸੌ ਰੁਪੱਯਾ ਦਰਸ਼ਨ ਭੇਟਾ ਤੇ ਮੁੱਲ੍ਹ ਅਮੋਲਕ।
ਸਤਿਗੁਰ → ਮਰਦਾਨਿਆਂ ! ਅਮੋਲਕ ਚੀਜ਼ਾਂ ਦਾ ਇਹੋ ਹਾਲ ਹੈ। ਦ੍ਰਿਸ਼ਟੀ ਵਾਲੀ ਥਾਂ 'ਅਮੋਲਕ ਹਨ ਤੇ ਨਾਂ ਦ੍ਰਿਸ਼ਟੀ ਵਾਲੀ ਥਾਂ ਮੁੱਲ੍ਹ ਰਹਿਤ ਹੈਨ। ਉੱਚੀ ਦ੍ਰਿਸ਼ਟੀ ਮੁੱਲ੍ਹ ਹੈ। ਜਿਸਨੂੰ ਸੋਝੀ ਨਹੀਂ ਉਸ ਮੂਲੀ ਮੁੱਲ੍ਹ ਪਾਇਆ, ਜਿਸਦੇ ਨੈਣ ਸਨ ਉਸ ਅਮੋਲਕ ਦੱਸਿਆ।
ਇਹ ਸੌ ਰੁਪਯਾ ਉਸਦੀ ਅੰਦਰਲੀ ਦ੍ਰਿਸ਼ਟੀ ਦੀ ਕਦਰ ਹੈ, ਪਰ ਸਾਡਾ ਹੱਕ ਕਾਈ ਨਹੀਂ ਕਿ ਬਿਨਾਂ ਕੋਈ ਮਾਲ ਦਿੱਤੇ ਮੁੱਲ੍ਹ ਲਵੀਏ, ਜਾਹ ਇਹ ਮੋੜ ਆ।
ਮਰਦਾਨਾ ਥੱਕਾ ਟੁਟਾ ਸੀ, ਪਰ ਜਾਣਦਾ ਸੀ ਕਿ ਸੌ ਰੁਪਯਾ ਅਨਹੱਕਾ ਹੈ ਤੇ ਗੁਰੂ ਜੀ ਨੇ ਲੈਣਾ ਨਹੀ, ਸੋ ਚਾਹੇ ਅਨਚਾਹੇ ਦੇਣ ਮੁੜ ਗਿਆ।
ਮਰਦਾਨਾ ਔਖਾ ਸੌਖਾ ਹੋਕੇ ਰੁਪੱਯੇ ਜੌਹਰੀ ਦੇ ਪਾਸ ਸੱਟ ਆਇਆ, ਪਰ ਇਸ ਤੋਂ ਪਹਿਲੋਂ ਜੌਹਰੀ ਆਪਣੇ ਨੌਕਰ ਨੂੰ ਪਕਵਾਨ ਦੇਕੇ ਗੁਰੂ ਜੀ ਵਲ ਘੱਲ ਚੁੱਕਾ ਸੀ। ਮਰਦਾਨਾ ਆਇਆ ਤਾਂ ਅਗੇ ਉਹ ਨੌਕਰ ਵਿਸਮਾਦੀ ਰੰਗ ਵਿਚ ਬੈਠਾ ਸੀ ਤੇ ਗੁਰੂ ਜੀ ਕੀਰਤਨ ਵਿਚ ਮਗਨ ਸਨ। ਜੌਹਰੀ ਨੇ ਜਦ ਡਿੱਠਾ ਕਿ ਉਹ ਵਪਾਰੀ ਦਾ ਦਾਸ ਰੁਪਯੇ ਸੁੱਟ ਗਿਆ ਹੈ ਤਾਂ ਉਸਦੇ ਮਨ ਚੋਪ ਹੋ ਆਈ ਕਿ ਦੇਖੀਏ ਏਡਾ ਵਪਾਰੀ ਕੌਣ ਹੈ, ਐਸੇ ਲਾਲਾਂ ਵਾਲਾ, ਐਸਾ ਤ੍ਯਾਗੀ ਤੇ ਫੇਰ ਬਨਾਂ ਵਿਚ ਉਤਰਨ ਵਾਲਾ।
ਜਦ ਉਹ ਜੌਹਰੀ ਗੁਰੂ ਜੀ ਦੇ ਪਾਸ ਆਇਆ ਤਾਂ ਅਗੇ ਉਨ੍ਹਾਂ ਦਾ ਦਰਸ਼ਨ ਕਰਕੇ ਨਿਹਾਲ ਹੋ ਗਿਆ। ਹੁਣ ਉਥੇ ਐਸਾ ਸਤਿਸੰਗ ਦਾ ਰੰਗ ਲੱਗਾ ਕਿ ਜੌਹਰੀ ਸਾਲਸ ਰਾਇ ਤੇ ਉਸਦਾ ਸ਼ਾਗਿਰਦ ਅਧਰਕਾ ਦੋਹਾਂ ਦਾ ਨਿਸਤਾਰਾ ਹੋਇਆ। ਸ੍ਰੀ ਗੁਰੂ ਜੀ ਓਥੇ ਕੁਛ ਦਿਨ ਟਿਕੇ। ਸੰਗਤ ਬਣ ਗਈ ਤਾਂ ਸਾਲਸ ਨੂੰ ਮੰਜੀ ਮਿਲੀ ਤੇ ਉਸਦੇ ਮਗਰੋਂ ਅਧਰਕੇ ਨੂੰ ਮਿਲਨ ਦਾ ਹੁਕਮ ਹੋਇਆ। ਇਨ੍ਹਾਂ ਦੇ ਵੰਸ਼ਜ ਹੀ ਦਸਮੇਂ ਪਾਤਸ਼ਾਹ ਜੀ ਦੇ ਸਮੇਂ ਉਨ੍ਹਾਂ ਦੇ ਪ੍ਰੇਮੀ ਹੋਕੇ ਪਟਨੇ ਵਿਚ ਸੇਵਾ ਭਗਤੀ ਕਰਦੇ ਰਹੇ ਹਨ।
ਸਾਲਸ ਵਾਲੇ ਸਾਰੇ ਮਾਮਲੇ ਤੋਂ ਸਤਿਗੁਰ ਜੀ ਨੇ ਮਰਦਾਨੇ ਨੂੰ ਸਮਝਾਇਆ ਕਿ:-
ਸ੍ਰੀ ‘ਕਰਤਾਰ ਨਾਮ’ ਸਚ ਲਾਲ।
ਜਿਹ ਕੋ ਮਿਲੇ ਸੁ ਹੋਤ ਨਿਹਾਲ। (ਸ਼੍ਰੀ ਗੁ: ਨਾ: ਪ੍ਰ:)
ਅਰਥਾਤ ਸੱਚਾ ਲਾਲ ਪਰਮੇਸ਼ੁਰ ਦਾ ਨਾਮ ਹੈ, ਇਹ ਲਾਲ ਵੇਚੀਦਾ ਨਹੀਂ, ਨਾਂ ਇਸਤੋਂ ਸੰਸਾਰਕ ਲਾਭ ਲਈਦੇ ਹਨ ਇਸ ਨਾਲ ਆਪਣੀ ਕਲ੍ਯਾਨ ਤੇ ਆਤਮ ਖੁਸ਼ੀ ਪ੍ਰਾਪਤ ਕਰੀਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾਂ ਦਾ ਸਾਲਸ ਰਾਇ ਦਾ ਰਚਿਤ ਇਕ ਛੰਦ ਮਿਲਦਾ ਹੈ, ਜੋ ਇਸ ਪ੍ਰਕਾਰ ਹੈ:-
ਬਿਲਾਵਲ ਸਾਲਸਰਾਇ ਜੀ।।
ਸਤਿਗੁਰ ਦਾਤਾ ਨਾਮ ਕਾ ਦੀਨੋ ਖੋਲ੍ਹ ਕਪਾਟ।।
ਏਕ ਜੁ ਬਣਜਾ ਬਣਜਿਆ ਬਹੁਰਿ ਨ ਆਵੇ ਘਾਟ।।
ਸਤਿਗੁਰ ਨਾਨਕ ਪੂਰਾ।। ਬਚਨ ਕਾ ਸੂਰਾ॥ ੧ ॥ ਰਹਾਉ।।
ਅਗਮ ਨਿਗਮ ਦਿਖਲਾਵਤਾ ਖੋਲੇ ਨੇਤ੍ਰ ਅਨੰਤ2
ਜਗ ਵਣਜਾਰਾ ਏਕ ਹੈ ਸਾਹ ਏਕ ਭਗਵੰਤ।।
ਬਣਜ ਹਮਾਰਾ ਸਤਿਗੁਰੂ ਪੂੰਜੀ ਹਮਰੀ ਨਾਮ।।
ਆਠ ਪਹਿਰ ਧੁਨਿ ਲਗ ਰਹੇ ਯਹੀ ਹਮਾਰੇ ਕਾਮ।।
ਸਾਲਸ ਬਿਨਵੈ ਬੇਨਤੀ ਸੁਣ ਲੈ ਤੂੰ ਕਰਤਾਰ।।
ਕਾਚੇ ਰੰਗ ਉਤਾਰਕੇ ਸਾਚੇ ਰੰਗ ਅਪਾਰ।।
----------------
2 ਪਾਠਾਂਤ੍ਰ-ਕਪਾਟ।
5
ਪਟਣੇ ਤੋਂ ਚੱਲਕੇ ਫਿਰਦੇ ਟੁਰਦੇ ਗਯਾ ਆਏ ਫਿਰ ਇਥੋਂ ਟੁਰਕੇ ਇਲਾਕੇ ਵਿਚ ਫਿਰਦੇ ਲੋਕਾਂ ਨੂੰ ਤਾਰਦੇ ਰਹੇ, ਪਰ ਬਹੁਤ ਦਿਨ ਟਿਕਾਣਾ ਕਿਤੇ ਨਾ ਕੀਤਾ। ਇਕ ਟਿਕਾਣੇ ਮਰਦਾਨੇ ਨੇ ਸ੍ਰੀ ਗੁਰੂ ਜੀ ਨੂੰ ਆਖਿਆ:-
ਜ਼ਰਾ ਤੱਕੋ ਨਾਂ ਕਿਹੀਆਂ ਕਾਲੀਆਂ ਘਟਾਂ ਚੜ੍ਹ ਆਈਆਂ ਹਨ। ਨੀਲੇ ਨੀਲੇ ਅਕਾਸ਼ ਤੇ ਉਮਡੇ ਆ ਰਹੇ ਬੱਦਲ ਕਿਹੇ ਸੁਹਾਵਣੇ ਲਗ ਰਹੇ ਹਨ, ਹਵਾ ਬੀ ਠੰਢੀ ਝੁੱਲ ਪਈ ਹੈ, ਜਿਸ ਨੇ ਸਾਰੀ ਤਪਤ ਪੀ ਲਈ ਹੈ। ਆਈ ਜੀ ਹੁਣ ਬਰਸਾਤ ਆਈ, (ਖੰਘੂਰਾ ਭਰਕੇ) ਪਾਤਸ਼ਾਹ ਚੁਮਾਸਾ ਚਲ ਰਿਹਾ ਹੈ. ਇਸ ਰੁਤੇ ਤਾਂ ਨਹੀਂ ਫਿਰੀ ਟੁਰੀਦਾ, ਕਿਤੇ ਟਿਕਾਣਾ ਕਰਕੇ ਬਹਿ ਜਾਈਦਾ ਹੈ। ਪੈਂਡੇ ਦੀ ਥਕੌਟ ਬਹੁਤ ਪੈਂਦੀ ਹੈ, ਜੀ ਹੱਸਦਾ ਹੈ, ਥਾਂ ਥਾਂ ਦੇ ਪਾਣੀਆਂ ਕਿਤੇ ਕੱਚੇ, ਕਿਤੇ ਮੈਲੇ, ਕਿਤੇ ਥਵੇ ਕਿਤੇ ਬੇਥਵੇ ਛੇਤੀ ਛੇਤੀ ਵਟਾਉਂਦਿਆਂ ਬੰਦਾ ਨਰੋਆ ਬੀ ਨਹੀਂ ਰਹਿੰਦਾ। ਉਂਞ ਬੀ ਰੁਤ ਕੱਚੀ ਪੱਕੀ ਹੋ ਜਾਂਦੀ ਹੈ, ਕਦੇ ਰਾਤਾਂ ਨੂੰ ਤ੍ਰੇਲ, ਕਦੇ ਮੀਂਹ. ਕਦੇ ਸੋਕਾ, ਹੁੱਸੜ, ਚੀਹੋਵਟ, ਕਦੇ ਠੰਢੀ ਨਿਕੀ ਹਵਾ, ਕਦੇ ਗੜਗਜ ਤੇ ਬੁੱਲੇ। ਸਪ ਸਲੂੰਗੜੇ ਹੁਨਾਲੇ ਬਥੇਰੇ ਪਰ ਅਜ ਕਲ ਤਾਂ ਹਨੇਰ ਆਇਆ ਹੋਇਆ ਨੇ, ਤਪਾਲੀਆਂ ਸਪਾਲੀਆਂ ਦੇ ਬੀ ਇਹੋ ਦਿਨ ਹੁੰਦੇ ਹਨ। ਜੀਓ ਲੱਖ ਸੈ ਵਰਿਹਾ ਮੇਰੇ ਸੁਹਣੇ ਸੁਲਤਾਨ ਜੀ! ਪਰ ਤੱਕੋਨਾ ਅਰਾਮ ਤੇ ਟਿਕਾਉ ਦੇ ਦਿਨ ਹਨ। ਆਓ ਕਿਤੇ ਠਹਿਰ ਜਾਈਏ, ਡੇਰਾ ਕਰੀਏ, ਇਹ ਚੁਮਾਸੇ ਦੇ ਦਿਹਾੜੇ ਥਹੁ ਥਿੱਤਾ ਲਾਕੇ ਇਕ ਜਗ੍ਹਾ ਬੈਠਕੇ ਸਾਈਂ ਦੇ ਗੁਣ
ਗਾਵੀਏ। ਤੁਸਾਂ ਨੂੰ ਤਾਂ ਆਪਣੀ ਕੋਈ ਪ੍ਰਵਾਹ ਨਹੀਂ ਪਰ ਪਿਆਰ ਵਾਲਿਆਂ ਤੋਂ ਸਹਿ ਘੱਟ ਹੁੰਦਾ ਹੈ ਕਿ ਤੁਹਾਨੂੰ ਹਰ ਵੇਲੇ ਰੁੱਝੇ ਹੋਏ ਤੇ ਪਰਉਪਕਾਰ ਵਿਚ ਜੁੱਟੇ ਹੋਏ ਦੇਖਣ ਤੇ ਅਰਾਮ ਦੀ ਚਾਹਨਾ ਨਾ ਕਰਨ। ਨਾਲੇ ਮੈਂ ਛੇਤੀ ਅਕੁਲਾਂਦਾ ਹਾਂ; ਮੇਰੇ ਕਾਣ ਹੀ ਚਾਰ ਦਿਨ ਟਿਕ ਚੱਲੋ ਕਿਧਰੇ।
ਇਹ ਪਿਆਰ ਦੀ-ਆਪਦੇ ਸਰੀਰ ਨਾਲ ਦਿਲ ਮਰਮੀ ਤੇ ਦਰਦ ਭਰੀ ਹੁੱਬ ਦੀ-ਗਲ ਬਾਤ ਸੁਣਕੇ ਰੋਗੀਆਂ ਨੂੰ ਅਰੋਗ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ- ਮਰਦਾਨਿਆ ! ਸੱਚ ਪਿਆ ਆਹਨਾਏਂ ਠੀਕ ਹੈ, ਚੁਮਾਸੇ ਦੀ ਰੁਤ ਇਵੇਂ ਹੀ ਹੁੰਦੀ ਹੈ, ਪਰ ਸੱਜਣਾ ਵੇਖ ਚਾਕਰੀਆਂ ਜਿਨ੍ਹਾਂ ਸਿਰ ਚਾਈਆਂ ਉਨ੍ਹਾਂ ਨੂੰ ਏਸ ਰੁੱਤੇ ਬੀ ਆਰਾਮ ਕਿੱਥੇ? ਹਲਕਾਰੇ ਚਿਠੀਆਂ ਸੁਨੇਹੇ ਲੈ ਕੇ ਦੇਖ ! ਅਜ ਕਲ ਬੀ ਭੱਜੇ ਫਿਰਦੇ ਹਨ। ਔਹ ਵੇਖ ਇਕ ਸਾਡੇ ਕੋਲ ਦੀ ਹੁਣੇ ਲੰਘ ਕੇ ਗਿਆ ਹੈ, ਕਿਵੇਂ ਭੱਜਾਂ ਜਾਂਦਾ ਹੈ। ਸਾਹਿਬ ਦੀ ਚਾਕਰੀ ਗਾਖੜੀ ਹੈ, ਜਿਉਂ ਤੋਰੇ ਤੁਰਨਾ ਜਿਉਂ ਪ੍ਰੇਰੇ ਕਰਨਾ। ਮਾਲਕ ਕਿਸੇ ਕੰਮ ਲਈ ਪਿਆ ਲਿਜਾਂਦਾ ਹੈ।
ਮਰਦਾਨਾ→ ਸੁਹਾਣ ਤੇਰੀ ਚਾਕਰੀ ਨੂੰ, ਸੁਹਾਣ ਤੇਰੇ ਸਾਹਿਬ ਨੂੰ, ਸੁਹਾਣ ਤੁਧੇ ਨੂੰ (ਹੱਸਕੇ) ਤੇ ਰੁਵਾਲ ਕੁ ਸੁਹਾਣ ਤੇਰੇ ਢਾਢੀ ਨੂੰ ਬੀ। ਪਾਤਸ਼ਾਹ ਤੇਰੇ ਤਨ ਤਾਣ ਹੈ ਅਰਸ਼ਾਂ ਦਾ, ਪਰ ਮੇਰੇ ਤਨ ਨਿਤਾਣਪਨ ਹੈ ਕੱਚੇ ਸ਼ੀਰ ਦਾ ਜੋ ਮੈਂ ਲੋਕਾਂ ਨਾਲੋਂ ਬਹੁਤ ਪੀਤਾ ਹੈ। ਮੇਰੇ ਕਾਣ ਹੀ ਠਹਿਰ ਜਾਓ। ਮੇਰਾ ਜੀ ਇਸ ਰੁਤੇ ਟੁਰਨੋ ਹੁੱਸਦਾ ਹੈ, ਮੇਰੀ ਖਾਤਰ ਹੀ ਕਿਤੇ ਚਾਰ ਦਿਨ ਸਸਤਾ ਜਾਓ।
ਗੁਰੂ ਜੀ ਮਰਦਾਨੇ ਦੇ ਇਸ ਪਿਆਰ ਨੂੰ ਸਮਝਦੇ ਸਨ। ਜਦੋਂ ਗੁਰੂ ਜੀ ਆਪਣੇ ਤੇ ਬਹੁਤ ਸ੍ਰਮ ਲੈਂਦੇ ਸਨ ਤਾਂ ਮਰਦਾਨਾ ਅਪਣੇ ਥਕਾਨ ਜਾਂ ਭੁੱਖ ਜਾਂ ਕਿਸੇ ਹੋਰ ਲੋੜ ਦੀ ਸ਼ਰਮ ਕਰਕੇ ਚੁੱਪ ਨਹੀਂ ਸੀ ਰਹਿੰਦਾ ਹੁੰਦਾ ਸਗੋਂ ਬੋਲ ਬੋਲ ਕੇ ਦੱਸ ਦੱਸ ਤੇ ਆਪਣੀ ਖਾਤਰ ਵਾਸਤੇ ਪਾ ਪਾਕੇ ਉਨ੍ਹਾਂ ਨੂੰ ਆਰਾਮ ਵਿਚ ਟਿਕਾ ਲੈਂਦਾ ਸੀ। ਬਸੰਤ ਰੁਤ ਵਿਚ ਪਾਲੀ ਦੀਆਂ ਹੋਲਾਂ ਖਾਕੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਪਾਕੇ ਨਹੀਂ ਰਹੇ ਸਨ, ਕਿਤੇ ਦੋ ਕਿਤੇ ਚਾਰ ਦਿਨ ਠਹਿਰਦੇ ਸਤਿਨਾਮ ਦਾ ਉਪਦੇਸ਼ ਦੇਂਦੇ, ਅੱਗੇ ਹੀ ਅੱਗੇ ਜਾ ਰਹੇ ਸਨ ਤੇ ਹੁਣ ਬਰਸਾਤ ਲਗ ਰਹੀ ਸੀ। ਤ੍ਰੈ ਚਾਰ ਮਹੀਨੇ ਕੱਟਕੇ ਗਰਮੀ ਦਾ ਸਫਰ ਕੀਤਾ। ਉਪਦੇਸ਼ ਦਿਤੇ ਤੇ ਮੋਏ ਜਿਵਾਲੇ ਜੀਆਦਾਨ ਦੇ ਦੇ ਕੇ। ਹੁਣ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੁਹਣੇ ਮਾਲਕ ਜੀ ਚਾਰ ਦਿਨ ਆਰਾਮ ਕਰਨ। ਸਤਿਗੁਰੂ ਜੀ ਉਸਦੇ ਪਿਆਰ ਨੂੰ ਸਤਿਕਾਰ ਦੇਣ ਲਈ ਬੋਲੇ: "ਭਲਾ ਮਰਦਾਨਿਆਂ! ਜਿੱਥੇ ਹੁਣ ਕੋਈ ਨਗਰੀ ਆਉਂਦੀ ਹੈ ਕੁਛ ਅਟਕ ਜਾਂਵਾਗੇਂ।
ਸਾਈਂ ਦੀਆਂ ਮਿਹਰਾਂ ਨਾਲ ਇਕ ਉਚੇਰਾ ਥਲ, ਸੁਹਾਵਣਾ ਟਿਕਾਣਾ, ਚੰਗਾ ਗਿਰਾਉਂ ਆ ਗਿਆ, ਜਿਸ ਤੋਂ ਬਾਹਰ ਵਾਰ ਇਕ ਕੋਸ ਦੀ ਵਿੱਥ ਤੇ ਇਕ ਆਸਰਾ ਵੇਖਕੇ ਸਤਿਗੁਰਾਂ ਨੇ ਟਿਕਾਣਾ ਕੀਤਾ।
ਇਸ ਥਾਵੇਂ ਦੋ ਜੀਆਂ ਦਾ ਉਧਾਰਾ ਕੀਤਾ।
ਕੁਛ ਕਾਲ ਇਥੇ ਰਹਿਕੇ ਸਤਿਨਾਮ ਦਾ ਚੱਕ੍ਰ ਚਲਾਕੇ ਸ੍ਰੀ ਗੁਰੂ ਜੀ ਉਥੋਂ ਟੁਰੇ। ਮਗਰੇ ਮਰਦਾਨਾ ਬੀ ਟੁਰ ਪਿਆ, ਇਕ ਭਾਰੀ ਉਜਾੜ ਆ ਗਈ। ਚੋਖਾ ਚਿਰ ਇਸ ਦੇ ਵਿਚੋਂ ਲੰਘਦੇ ਰਹੇ ਤਦ ਮਰਦਾਨੇ ਨੇ ਆਖਿਆ, ਪਾਤਸ਼ਾਹ! ਇਹ ਕੇਹੀ
ਭਿਆਨਕ ਉਜਾੜ ਆਈ ਹੈ ਕਿ ਜੀ ਸਾਈਂ ਦਾ ਕਿਤੇ ਨਹੀਂ ਮਿਲਿਆ?
ਮਰਦਾਨੇ ਦਾ ਵਾਕ ਸੁਣ ਕੇ ਆਪ ਬੋਲੇ:-
ਸੁਨ ਕੈ ਬੋਲੇ ਕ੍ਰਿਪਾ ਨਿਧਾਨਾ।
ਇਹ ਨਹਿ ਲਖੋ ਉਜਾਰ ਮਹਾਨਾ।
ਬਡੋ ਨਗਰ ਵਸਦੀ ਅਭਿਰਾਮੂ।
ਸਿਮਰਨ ਹੋਤਿ ਜਹਾਂ ਸਤਿਨਾਮੂ। ।੩੬।।
ਜਹਿ ਪਰਮੇਸੁਰ ਚਿੱਤ ਨ ਆਵੈ।।
ਸੋ ਵਸਦੀ ਉਦਿਆਨ ਲਖਾਵੈ।।
ਹਰਖ ਨ ਹੋਵੈ ਤਹਾਂ ਕਦਾਈ।
ਜਹਾ ਨ ਕਬਹੂੰ ਪ੍ਰਭ ਗੁਣ ਗਾਈ। (ਸ੍ਰੀ ਗੁ: ਨਾ: ਪ੍ਰਕਾਸ਼)
ਮਰਦਾਨਿਆਂ ! ਉਹ ਉਜਾੜਾਂ ਵਸਦੀਆਂ ਹਨ। ਜਿਥੇ ਪ੍ਰਮੇਸ਼ਰ ਦਾ ਨਾਮ ਚਿਤ ਆਵੇ ਉਹ ਵਸਤੀਆਂ ਭਿਆਨਕ ਹਨ ਜਿੱਥੇ ਪ੍ਰਮੇਸ਼ਰ ਜੀ ਤੋਂ ਵਿਸਾਰਾ ਹੈ ਤੇ ਜਿੱਥੇ ਪਾਪ ਦਾ ਵਾਸਾ ਹੈ। ਉਹ ਗ੍ਰਿਹਸਤ ਉਹ ਨਗਰੀ ਸੋਹਣੀ ਹੈ, ਘੁੱਘ ਵੱਸਦੀ ਹੈ, ਜਿਥੇ ਪ੍ਰਮੇਸ਼ਰ ਦਾ ਨਾਮ ਹੈ। ਪ੍ਰਮੇਸ਼ਰ ਦੇ ਪ੍ਰੇਮ ਵਿਚ ਸਿੱਕਣ ਸੱਧਰਣ ਵਾਲਿਆਂ ਨੇ ਉਜਾੜਾਂ ਨੂੰ ਵਸਤੀਆਂ ਬਣਾਇਆ ਹੈ। ਸਾਈਂ ਦੇ ਸ਼ੌਂਕ ਵਿਚ ਆਏ ਘਰਾਂ ਨੂੰ ਛੱਡਕੇ ਬਨਾਂ ਵਿਚ ਜਾ ਭਾਗ ਲਾਉਂਦੇ ਹੈਨ, ਜਿੱਥੇ ਭਾਗਾਂ ਵਾਲੇ ਜਾ ਬੈਠੇ ਤੇ ਜਿੱਥੇ ਕਿਸੇ ਬੈਠਕੇ ਸਾਈਂ ਦੀ ਯਾਦ ਕੀਤੀ ਸੋ ਸੁਭਾਗ ਜਾਈਂ।
ਇਹ ਕਹਿੰਦਿਆਂ ਆਪ ਦੇ ਨੈਣ ਪ੍ਰੇਮ ਰੰਗ ਨਾਲ ਭਰਕੇ ਜਲ ਲੈ ਆਏ ਤੇ ਪਿਆਰੇ ਤੇ ਮਿਠੇ ਸਾਈਂ ਦੇ ਕੀਰਤਨ ਨਾਲ ਥਰਰ
ਥਰਰ ਕਰਨ ਵਾਲੇ ਸੁਰੀਲੇ ਗਲੇ ਤੋਂ ਇਲਾਹੀ ਨਾਦ ਹੋਇਆ ਅਤੇ ਆਸਾ ਰਾਗ ਦੀ ਮਧੁਰ ਸੁਰ ਵਿਚ ਇਕ ਸ਼ਬਦ ਗਾਵਿਆਂ
ਗਿਆ:-
ਦੇਵਤਿਆਂ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ।।
ਜੋਗੀ ਜਤੀ ਜੁਗਤਿ ਮਹਿ ਰਹਤੇ
ਕਰਿ ਕਰਿ ਭਗਵੇ ਭੇਖ ਭਏ।।੧।।
ਤਉ ਕਾਰਣਿ ਸਾਹਿਬਾ ਰੰਗਿ ਰਤੇ।।
ਤੇਰੇ ਨਾਮ ਅਨੇਕਾ ਰੂਪ ਅਨੰਤਾ ।।
ਕਹਣੁ ਨਾ ਜਾਹੀ ਤੇਰੇ ਗੁਣ ਕੇਤੇ।।੧।। ਰਹਾਉ।।
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ।।
ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ।। ੨।।
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੱਡੇ ਚਮੜ ਲੀਏ।।
ਦੁਖੀਏ ਦਰਦਵੰਦ ਦਰ ਤੇਰੈ ਨਾਮਿ ਰਤੇ ਦਰਵੇਸ ਭਏ।।੩।।
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ।।
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ।।੪।।੧।।੩।। (ਆ: ਮ:৭)
ਇਹ ਸ਼ਬਦ ਐਸੇ ਵੈਰਾਗ ਦਾ ਨਕਸ਼ਾ ਬੰਨ੍ਹ ਦੇਣ ਵਾਲੀ ਸੁਰ ਵਿਚ ਗਾਵਿਆਂ ਕਿ ਮਰਦਾਨੇ ਦੇ ਨੈਣਾਂ ਅਗੇ ਵਾਹਿਗੁਰੂ ਜੀ ਦੇ ਸ਼ੌਕ ਦਾ ਨਕਸ਼ਾ ਫਿਰ ਗਿਆ, ਵਣ ਤ੍ਰਿਣ ਐਉਂ ਭਾਸਣ ਕਿ ਸਾਈਂ ਦੇ ਮਿਲਾਪ ਲਈ ਤਰਲੇ ਲੈ ਰਹੇ ਹਨ। ਬਨ ਮਾਨੋਂ ਸਾਈ ਦੇ ਜਗ੍ਯਾਸੂਆਂ, ਢੁੰਡਾਊਂਆਂ ਤੇ ਪਿਆਰ ਵਾਲਿਆਂ ਦੇ ਜਤਨਾਂ ਨਾਲ ਭਰਪੂਰ ਹੈ ਤੇ ਰੰਗ ਰੰਗ ਦੇ ਪਿਆਰ ਭੌਰੇ ਤਰਲੇ ਲੈਣ ਵਿਚ ਰੂਪਧਾਰੀ ਹੋ ਰਹੇ ਹਨ। ਜਦ ਤਕ ਆਪ ਗਉਂਦੇ ਰਹੇ
ਮਰਦਾਨਾਂ ਇਸ ਸੁਆਦ ਵਿਚ ਬੈਠਾ ਰਿਹਾ, ਜਦ ਸ਼ਬਦ ਬੰਦ ਹੋਇਆ ਤਾਂ ਕਿੰਨਾ ਚਿਰ ਮਗਰੋਂ ਨੈਣ ਖੁਲ੍ਹੇ। ਇਕ ਲੰਬਾ ਸਹੂਲਤ ਵਾਲਾ ਸਾਹ ਮਰਦਾਨੇ ਨੇ ਲੈਕੇ ਚਾਰ ਚੁਫੇਰੇ ਤੱਕਿਆ ਤੇ ਅਪਣੇ ਦਾਤਾ ਜੀ ਦੇ ਚਰਨਾਂ ਵੱਲ ਵੇਖਕੇ ਆਖਿਆ:- "ਸੁਹਾਣ ਤੇਰੇ ਸ਼ੌਕ ਨੂੰ ! ਸੁਹਾਣ ਤੇਰੇ ਰੰਗ ਨੂੰ !!"
ਕੁਛ ਚਿਰ ਮਗਰੋਂ ਅਗੇਰੇ ਟੁਰ ਪਏ। ਉਜਾੜ ਮੁੱਕ ਗਈ, ਕੁਦਰਤੀ ਤੇ ਕੰਵਾਰੀ ਸੁੰਦਰਤਾ ਸਮਾਪਤ ਹੋ ਗਈ, ਅਗੇ ਹੁਣ ਹਰੀਆਂ ਹਰੀਆਂ ਜੂਹਾਂ, ਪਰ ਟਾਵੀਆਂ ਟਾਵੀਆਂ ਆ ਗਈਆਂ। ਥੁਹੜੀ ਜਿਹੀ ਵਸੋਂ ਆ ਗਈ। ਇਹ ਇਕ ਨਿਕਾ ਜਿਹਾ ਪਿੰਡ ਸੀ। ਇਹ ਪਿੰਡ ਠੱਗਾਂ ਡਾਕੂਆਂ ਦੀ ਵਸਤੀ ਸੀ। ਲਗ ਪਗ ਸਾਰੇ ਜਾਂ ਬਹੁਤੇ ਇਹੋ ਕਾਰ ਕਰਦੇ ਸਨ, ਲੋਕਾਂ ਨੂੰ ਠਗਣਾਂ, ਲੁਟਣਾਂ, ਮਾਰਨਾ ਤੇ ਫੇਰ ਥਹੁ ਨਾ ਲਗਣ ਦੇਣਾ। ਵਸਤੀ ਵੇਖਕੇ ਸਤਿਗੁਰਾਂ ਬਚਨ ਕੀਤਾ ਲੈ ਭਲੇ ਸਾਥੀਆ! ਉਜਾੜ ਤਾਂ ਮੁੱਕੀ ਤੇ ਹੁਣ ਤੱਕ ਵਸਤੀ ਆਈ ਹਈ। ਰਾਤ ਇੱਥੇ ਬਿਸਰਾਮ ਕਰੀਏ? ਮਰਦਾਨੇ ਕਿਹਾ ਸਤ ਬਚਨ ਭਲੀ ਗਲ ਹੈ । ਸ੍ਰੀ ਗੁਰੂ ਜੀ ਬੋਲੇ- ਚਲ ਮਰਦਾਨਿਆਂ ਤੇ ਦੇਖ ਕਰਤਾਰ ਦੇ ਰੰਗ! ਵਸਤੀ ਤੇ ਉਜਾੜ ਦਾ ਵੇਰਵਾ ਤੱਕ ਲੈ।
ਇਸ ਤਰ੍ਹਾਂ ਹਾਸ ਬਿਲਾਸ ਕਰਦੇ ਜਾ ਵੜੇ। ਇਕ ਘਰ ਅਗੇ ਗਏ ਹੀ ਸਨ ਕਿ ਉਸਦੇ ਰਹਿਣ ਵਾਲੇ ਨੇ ਤੱਕ ਖੁਸ਼ੀ ਕੀਤੀ ਤੇ ਆਖਿਆ ਆਓ, ਭਲੇ ਜੀਉ ਇਹ ਘਰ ਆਪਦਾ ਹੈ, ਇਥੇ ਟਿਕਾਣਾ ਕਰੋ, ਰਾਤ ਆਰਾਮ ਪਾਓ, ਜੋ ਕੁਛ ਹਾਜ਼ਰ ਹੈ ਖਾਓ, ਪੀਓ, ਥਕੇਵਾਂ ਲਾਹਕੇ ਸਵੇਰੇ ਅਗੇ ਟੁਰ ਪੈਣਾ। ਗੁਰੂ ਜੀ ਮੁਸਕਰਾਏ ਤੇ ਉਥੇ ਡੇਰਾ ਲਾ ਦਿਤਾ। ਮਰਦਾਨਾਂ ਵੀ ਬਹਿ ਗਿਆ, ਪਰ ਬੁਝੇ ਚਿਤ। ਬਾਕੀ ਦੇ ਠੱਗਾਂ ਨੂੰ
ਪਤਾ ਲੱਗਾ ਤਾਂ ਉਸ ਠੱਗ ਨੂੰ ਵਖ ਲੈ ਗਏ ਤੇ ਆਪੋ ਵਿਚ ਆਖਣ ਲਗੇ:-
ਜੋਤ ਲਿਲਾਰ ਬਡੀ ਇਹ ਕੇ ਧਨ ਹੈ,
ਬਹੁ ਪਾਸ ਚਲ੍ਯੋ ਕਿਹ ਥਾਈ ।
ਲੇਹੁ ਸਭੈ, ਨ ਦੁਰਾਵਹੁ ਸੋ,
ਹਮ ਭੋਰ ਭਈ ਧਨ ਲੇਹਿ ਬਟਾਈ। (ਨਾ: ਪ੍ਰ:)
ਇਉਂ ਪੱਕੀਆਂ ਪਕਾਕੇ ਆਪੋ ਆਪਣੀਆਂ ਢੋਕਾਂ ਵਿਚ ਚਲੇ ਗਏ। ਜਿਸਦੇ ਘਰ ਸਤਿਗੁਰ ਜੀ ਰਹੇ ਸਨ ਓਹ ਤਰਕੀਬਾਂ ਸੋਚਣ ਬਹਿ ਗਿਆ ਕਿ ਰਾਤ ਜਦ ਸੌ ਜਾਣਗੇ ਤਾਂ ਐਉਂ ਇਹਨਾਂ ਦੇ ਕਪੜੇ ਲਤੇ ਦੀ ਤਲਾਸ਼ੀ ਕਰਸਾਂ, ਐਉਂ ਧਨ ਹਰ ਲੈਸਾਂ, ਜੇ ਜਾਗ ਪਏ ਤਾਂ ਐਉਂ ਕਰਸਾਂ। ਪ੍ਰੰਤੂ ਸਾਈਂ ਦੀ ਭਾਵੀ ਐਸੀ ਵਰਤੀ ਕਿ ਉਹ ਪੈਂਦੇ ਸਾਰ ਘੂਕ ਸਉ ਗਿਆ ਤੇ ਸਾਰੇ ਸਾਥੀ, ਜਿਨ੍ਹਾਂ ਉਸਦੀ ਮਦਦ ਕਰਨੀ ਸੀ ਉਹ ਬੀ ਸੌਂ ਗਏ। ਸੁੱਤੇ ਐਸੇ ਕਿ ਸੂਰਜ ਚੜ੍ਹੇ ਤਕ ਵਸਤੀ ਵਿਚ ਕਿਸੇ ਦੀ ਜਾਗ ਨਾ ਖੁੱਲੀ। ਆਪ ਸ੍ਰੀ ਗੁਰੂ ਜੀ ਤੇ ਮਰਦਾਨਾ ਕੁਛ ਕੀਰਤਨ ਵਿਚ ਰਹੇ। ਫਿਰ ਆਰਾਮ ਕੀਤਾ। ਤੜਕੇ ਉੱਠਕੇ ਖੂਹ ਤੇ ਇਸ਼ਨਾਨ ਪਾਣੀ ਕੀਤਾ ਤੇ ਆਪਣੇ ਦਾਤੇ ਦੇ ਰੰਗਾਂ ਨੂੰ ਵੇਖਦੇ ਸਾਰੇ ਸੱਤਿਆਂ ਨੂੰ ਛਡਕੇ ਟੁਰ ਪਏ। ਰਾਹ ਵਿਚ ਮਰਦਾਨੇ ਨੇ ਪੁੱਛਿਆ! ਇਨ੍ਹਾਂ ਨੂੰ ਕੈਸੀ
------------------
ਨੀਂਦ ਵਾਪਰੀ? ਆਪ ਨੇ ਫੁਰਮਾਇਆ- 'ਮਰਦਾਨਿਆ ਇਹ ਸਾਈਂ ਦੀ ਪਾਈ ਨੀਂਦ ਹੈ, ਜੋ ਦੁਰਾਚਾਰੀਆਂ ਨੂੰ ਘੇਰੀ ਰਖਦੀ ਹੈ। ਜਾਗਣਾ ਤਾਂ ਸਾਈਂ ਨੇ ਆਪਣੇ ਸ਼ੌਕ ਵਾਲਿਆਂ ਨੂੰ ਦਿੱਤਾ ਹੈ ਤੇ ਸੁਹਾਵੀ ਨੀਂਦ ਬੀ ਉਨ੍ਹਾਂ ਨੂੰ ਹੀ ਬਖਸ਼ੀ ਹੈ। ਮੰਦ ਕਰਮੀ ਪਾਪ ਲਈ ਜਾਗਦੇ ਹੈਨ ਅਤੇ ਮਨ ਤੇ ਸਰੀਰ ਦੇ ਥਕੇਵੇਂ ਵਿਚ ਸੌਂ ਜਾਂਦੇ ਹਨ।
ਗੁਰੂ ਜੀ ਤੇ ਮਰਦਾਨਾ ਕੁਛ ਪੰਧ ਲੰਘ ਗਏ ਤਾਂ ਠੱਗਾਂ ਦੀ ਜਾਗ ਖੁੱਲ੍ਹੀ। ਸਾਰੇ ਉਸਦੇ ਘਰ ਆ ਜੁੜੇ ਜਿਸ ਦੇ ਘਰ ਆਪ ਟਿਕੇ ਸਨ ਤੇ ਕਹਿਣ ਲਗੇ ਕਿ ਮਾਲਮਤਾ ਕੱਢ ਤੇ ਸਾਨੂੰ ਹਿੱਸੇ ਪ੍ਰਤੀ ਵੰਡ ਦੇਹ। ਉਸਨੇ ਆਖਿਆ, ਜਿਵੇਂ ਤੁਸੀਂ ਹੁਣ ਜਾਗੇ ਹੋ ਮੈਂ ਵੀ ਰਾਤ ਦਾ ਪਿਆ ਹੁਣ ਜਾਗਿਆ ਹਾਂ। ਉਹ ਮੁਸਾਫ਼ਰ ਤਾਂ ਸਾਡੇ ਸੁੱਤੇ ਪਿਆਂ ਹੀ ਟੁਰ ਗਏ ਹਨ, ਰਾਤ ਕੋਈ ਐਸੀ ਦਬਵੀਂ ਨੀਂਦ ਪਈ ਹੈ ਕਿ ਜਾਗ ਹੀ ਨਹੀਂ ਖੁੱਲ੍ਹੀ, ਪਤਾ ਨਹੀਂ ਕੋਈ ਸਿਹਰੀ2 ਸਨ। ਪਰ ਦੂਜੇ ਠੱਗ ਉਸ ਦੀਆਂ ਏਹ ਗੱਲਾਂ ਮੰਨਦੇ ਨਹੀਂ ਸਨ, ਓਹ ਕਹਿੰਦੇ ਸਨ ਕਿ ਤੂੰ ਸਾਰਾ ਮਾਲ ਤੱਲ ਕਰ ਲਿਆ ਹੈ, ਉਹਨਾਂ ਨੂੰ ਤੂੰ ਕਿਤੇ ਐਸਾ ਮਾਰ ਮੁਕਾਕੇ ਲੁਕਾਇਆ ਹੈ ਕਿ ਸਾਨੂੰ ਬੀ ਥਹੁ ਨਾ ਪਵੇ। ਇਸ ਤਰ੍ਹਾਂ ਝਗੜਾ ਵਧਦਾ ਗਿਆ, ਉਹ ਮੰਗਣ ਉਹ ਕੰਨਾਂ ਤੇ ਹੱਥ ਧਰੇ ਤੇ ਫੇਰ ਉਹ ਕਹਿਣ:-
ਹਾਥ ਲਗਯੋ ਬਹੁਤੋ ਧਨ ਤੋ ਕਹੁ,
ਲਾਲਚ ਧਾਰਿ ਕੈ ਲੀਨ ਛਪਾਈ।
---------------
ਸੋ ਨਹਿ ਛੋਡੈ ਕੈਸੇ ਕਰੋ,
ਤੁਮ ਪਾਸ ਹਮਾਰੇ ਤੇ ਲੇਤ ਸਦਾਈ।
ਕਿਉਂ ਅਬ ਤੂਸ਼ਨ ਬੈਠ ਰਹਾ ?
ਸਭ ਕਾਢਿ ਨਿਕੇਤ ਤੇ ਦੇਹੁ ਦਿਖਾਈ। (ਨਾ:ਪ੍ਰ:)
ਉਸ ਨੇ ਜਦ ਡਿੱਠਾ ਕਿ ਮੇਰੀ ਪੇਸ਼ ਨਹੀਂ ਜਾਂਦੀ ਤਦ ਅਪਣੇ ਪੀਰ ਠੱਗ ਦੀ ਸਹੁੰ ਚਾਈ ਇਸ ਪਰ ਸਾਰਿਆਂ ਨੂੰ ਅਮੰਨਾ ਆ ਗਿਆ। ਹੁਣ ਸਾਰੇ ਤਿਆਰ ਹੋ ਪਏ ਤੇ ਲਗੇ ਪਿੰਡ ਦੇ ਬਾਹਰ ਖੋਜ ਲੱਭਣ। ਜਦ ਖੋਜ ਲੱਭ ਪਿਆ ਤਾਂ ਕੁਛ ਬਹੁਤ ਤਕੜੇ ਜੁਆਨ ਖੋਜ ਦੇ ਮਗਰ ਲੱਗਕੇ ਭਜ ਪਏ। ਕੁਛ ਕੋਹਾਂ ਪਰ ਸ੍ਰੀ ਗੁਰੂ ਜੀ ਤੇ ਮਰਦਾਨੇ ਨੂੰ ਜਾ ਮਿਲੇ।
ਜਦ ਠੱਗਾਂ ਨੇ ਦੂਰ ਜਾਂਦਿਆਂ ਨੂੰ ਤੱਕ ਲਿਆ ਤਾਂ ਲਲਕਾਰ ਕੇ ਬੋਲੇ- ਖੜੇ ਰਹੇ ਕਿਥੇ ਜਾਂਦੇ ਹੋ?
ਅਵਾਜ਼ ਸੁਣਕੇ ਜਗਤ ਤਾਰਕ ਜੀ ਨੇ ਮੁੜਕੇ ਪਿਛੇ ਤੱਕਿਆ ਤੇ ਖੜੋ ਗਏ। ਮਰਦਾਨੇ ਨੇ ਕੁਛ ਭਿਆਨਕ ਆਦਮੀ ਅਪਣੇ ਵਲ ਆਉਂਦੇ ਵੇਖਕੇ ਭੈ ਖਾਧਾ ਤੇ ਕਹਿਣ ਲਗਾ:- ਇਹ ਬਦਮਾਸ਼ ਨਜ਼ਰੀਂ ਪੈਂਦੇ ਹੈਨ ਸਾਡੇ ਪਾਸ ਹੈ ਤਾਂ ਕੁਛ ਨਹੀਂ. ਇਹਨਾਂ ਨੂੰ ਦੱਸ ਦੇਈਏ ਤੇ ਖਹਿੜਾ ਛੁੱਟੇ। ਮੇਰਾ ਰਬਾਬ ਹੈ ਸੋ ਇਨ੍ਹਾਂ ਬੇਸੁਰਿਆਂ ਦੇ ਕਿਸੇ ਕੰਮ ਨਹੀਂ, ਜੇ ਲੈਣ ਤਾਂ ਜੀ ਸਦਕੇ ਦੇਕੇ ਇਨ੍ਹਾਂ ਭੂੰਡਾ ਨੂੰ ਮਗਰੋਂ ਲਾਹੀਏ। ਸ਼ਾਹਾਂ ਦੇ ਪਾਤਸ਼ਾਹ ਸੁਣਕੇ ਮੁਸਕ੍ਰਾਏ ਤੇ ਕਹਿਣ ਲਗੇ:-
ਮਰਦਾਨਿਆਂ ! ਦੇਖ ਕਰਤਾਰ ਦੇ ਰੰਗ ! ਸਾਨੂੰ ਠਗਦੇ ਹਨ ਕਿ ਠੱਗੇ ਜਾਂਦੇ ਹਨ ਆਪ ਆਪਣੇ ਕੁਰਾਹ ਤੋਂ, ਮਾਲਕ ਦੇ ਚੋਜਾਂ ਵੰਨੇ ਤੱਕ ਜੇ ਸਾਡੇ ਮਗਰ ਲਾਏ ਸੂ ਤਾਂ ਆਪ ਸਾਡੀ ਰਾਖੀ ਲਈ ਬੀ ਆਇਆ ਜਾਣ।
ਮਰਦਾਨਾ ਚੰਗਾ ਸਤਿਸੰਗੀ ਪੁਰਖ ਸੀ, ਪਰ ਅਜੇ ਉਸ ਵਿਚ ਉਹ ਧੈਰਯ ਨਹੀਂ ਸੀ ਜੋ ਅਰਸ਼ੀ ਜੋਤ ਉਸ ਵਿਚ ਪਾਯਾ ਚਾਹੁੰਦੇ ਸੀ। ਹਾਂ ਬਚਨ ਸੁਣਕੇ ਕੁਛ ਧੀਰਜ ਆ ਗਿਆ ਤੇ ਜਿੰਨਾ ਕੁ ਦਿਲ ਕਾਹਲਾ ਪਿਆ ਸੀ, ਉਸਤੋਂ ਕੁਛ ਖੜੋ ਗਿਆ ! ਹੁਣ ਮਰਦਾਨਾ ਬੀ ਸਾਈਂ ਦੀ ਯਾਦ ਵਿਚ ਰਬ ਰਬ ਕਰਦਾ ਅਡੋਲ ਜੇਹਾ ਹੋ ਸਤਿਗੁਰਾਂ ਦੇ ਪਾਸ ਖੜਾ ਹੈ।
ਠੱਗਾਂ ਨੇ ਅਗੇ ਵਧਕੇ ਕੁਛ ਵੱਧ ਘੱਟ ਆਖਿਆ, ਪਰ ਜਿਉਂ ਜਿਉਂ ਨੇੜੇ ਆਏ ਕੁਛ ਹੋਰਵੇਂ ਹੁੰਦੇ ਗਏ। ਜਦ ਕੋਲ ਆ ਖੜੋਤੇ ਤਾਂ ਪੁਰਾਤਨ ਜਨਮਸਾਖੀ ਵਿਚ ਲਿਖਿਆ ਹੈ ‘ਤਬ ਦਰਸ਼ਨ ਦੇਖਣੇ ਨਾਲ ਸਭ ਆਇ ਅੰਦਰਹੁ ਨਿਬਲ ਭਏਂ।‘ ਜਦ ਉਹ ਘੇਰਾ ਪਾਕੇ ਖਲੋ ਗਏ ਤਾਂ ਸਤਿਗੁਰਾਂ ਪੁੱਛਿਆ ਤੁਸੀਂ ਕੌਣ ਹੋ? ਉਹਨਾਂ ਵਿਚੋਂ ਇਕ ਨੇ ਆਖਿਆ-ਅਸੀਂ ਮਾਰਿਆ ਪਹਿਲੇ ਕਰਦੇ ਹਾਂ ਤੇ ਲੁਟਿਆ ਪਿਛੋਂ ਕਰਦੇ ਹਾਂ ਅਸੀਂ ਐਸੀ ਸ਼੍ਰੇਣੀ ਦੇ ਠੱਗ ਹਾਂ। ਤੁਸੀਂ ਧਨਵਾਨ ਹੋ, ਰਾਤ ਚੁਪ ਕਰਕੇ ਰਹਿਕੇ ਸਵੇਰੇ ਖਿਸਕ ਆਏ ਹੋ, ਅਸੀਂ ਤੁਹਾਨੂੰ ਮਾਰ ਦੇਣਾ ਹੈ ਤੇ ਜੋ ਕੁਛ ਪਾਸ ਹੈ ਲੁਟ ਲੈਣਾ ਹੈ। ਮਰਦਾਨਾ ਕੁਛ ਬੋਲਣ ਵੱਲ ਉਮਲਦਾ ਸੀ ਪਰ ਦਾਤਾ ਜੀ ਦੀ ਅਹਿੱਲ ਕ੍ਰਾਂਤੀ ਵੇਖ ਕੇ ਰੁਕ ਜਾਂਦਾ ਸੀ । ਹੁਣ ਸਤਿਗੁਰ ਨੇ ਕਿਹਾ, ਮਾਰੋ ਬਈ, ਪਰ ਸਾਡੇ ਸਰੀਰ ਨੂੰ ਅਗਨੀ ਦਾਹ ਦੇਣਾ ਤੇ ਆਪ ਨੇ ਦੂਰ ਇਕ ਧੂੰਏਂ ਵਲ ਉਂਗਲ ਕੀਤੀ ਕਿ ਅੱਗ ਉਥੋਂ ਲੈ ਆਓ। ਠਗ ਪਹਿਲੇ ਤਾਂ ਗੁੱਸੇ ਵਿਚ ਆਏ ਕਿ ਸਾਨੂੰ ਕੀ ਲੋੜ ਹੈ ਦਾਹ ਦਾ ਕਰੱਟਾ ਕਰਨੇ ਦੀ, ਪਰ ਫੇਰ ਸੋਚਣ ਲੱਗੇ ਕਿ ਕਦੇ ਕਿਸੇ ਹੱਸਕੇ ਨਹੀਂ ਕਿਹਾ ਸੀ ਕਿ ਸਾਨੂੰ ਮਾਰ ਲਓ, ਇਨ੍ਹਾਂ ਦਾ ਏਨਾਂ ਕਿਹਾ ਨਾ ਮੋੜੀਏ, ਤਾਂ ਦੋ ਠਗ ਉਧਰ ਨੂੰ ਗਏ। ਓਥੇ ਉਨ੍ਹਾਂ ਨੇ ਇਕ ਕੌਤਕ ਡਿੱਠਾ, ਕਿ ਕੋਈ ਦੇਵਤਾ ਤੇ ਕੋਈ ਜਮ ਦਿਖਾਈ
ਦੇ ਰਹੇ ਹਨ। ਉਨ੍ਹਾਂ ਤੋਂ ਠੱਗਾਂ ਨੂੰ ਪਤਾ ਲਗਾ ਕਿ ਜਿਸਨੇ ਤੁਹਾਨੂੰ ਘੱਲਿਆ ਹੈ ਉਹ ਰੱਬੀ ਜੋਤ ਗੁਰੂ ਨਾਨਕ ਹੈ। ਉਸਦੀ ਨਜ਼ਰ ਇਸ ਚਿਖਾ ਤੇ ਪਈ ਹੈ ਤਾਂ ਇਸ ਪ੍ਰਾਣੀ ਦਾ ਭਲਾ ਹੋਇਆ ਹੈ। ਜਿਸਤੋਂ ਉਨ੍ਹਾਂ ਨੂੰ ਸੋਝੀ ਹੋ ਗਈ ਕਿ ਜਿਸਨੂੰ ਮਾਰਨ ਲਗੇ ਹਾਂ ਉਹ ਤਾਂ ਮਹਾਂ ਪੁਰਖ ਹੈ, ਤਾਂ ਆ ਪੈਰੀਂ ਪਏ, ਭੁੱਲ ਬਖਸ਼ਾਈ ਤੇ ਸੁਮੱਤੇ ਲਗੇ। ਇਸ ਪਿੰਡ ਦੇ ਵਾਸੀਆਂ ਤੋਂ ਠੱਗੀ ਛੁਡਾਕੇ ਤੇ ਉਨ੍ਹਾਂ ਨੂੰ ਕ੍ਰਿਸਾਣੀ ਵਿਚ ਲਾਕੇ ਸ੍ਰੀ ਗੁਰੂ ਜੀ ਤੇ ਮਰਦਾਨਾ ਅਗੇ ਰਵਦੇ ਰਹੇ।
6
ਫੇਰ ਦੇਸ਼ਾਟਨ ਕਰਦੇ ਢਾਕੇ ਲਾਗੇ ਜਾ ਨਿਕਲੇ। ਇਕ ਦਿਨ ਮਰਦਾਨਾ ਸ਼ਹਿਰ ਅੰਨ ਪਾਣੀ ਵਾਸਤੇ ਗਿਆ ਤਾਂ ਉਥੇ ਇਕ ਫਕੀਰ ਦੀ ਗੱਦੀ ਤੇ ਇਕ ਜ਼ਨਾਨੀ ਸੀ ਉਸਨੂੰ ਨੂਰਸ਼ਾਹ ਆਖਦੇ ਸਨ, ਉਹ ਤ੍ਰਾਟਕਾਂ ਨਾਟਕਾਂ ਚੇਟਕਾਂ ਦੀ ਉਸ-ਤਾਦ ਸੀ ਤੇ ਉਸਦਾ ਬੜਾ ਫੈਲਾਉ ਤੇ ਅਡੰਬਰ ਸੀ। ਮਰਦਾਨਾ ਭੋਲੇ ਭਾ ਉਸਦੀ ਤ੍ਰਾਟਕ ਮੁੱਦ੍ਰਾ ਹੇਠ ਆਕੇ ਆਪਾ ਭੁੱਲ ਗਿਆ। ਜੋ ਉਹ ਆਖੇ ਸੋ ਪਿਆ ਆਪ ਨੂੰ ਸਮਝੇ। ਤਾਂ ਸ੍ਰੀ ਗੁਰੂ ਜੀ ਓਥੇ ਆਏ ਤੇ ਉਸਨੂੰ ਉਸ ਨਿੰਦ੍ਰਾ ਤੋਂ ਜਗਾਇਆ। ਇਸ ਸ਼ਕਤੀ ਨੂੰ ਦੇਖਕੇ ਨੂਰ ਸ਼ਾਹ ਤੇ ਹੋਰ ਉਸਦੇ ਸਾਰੇ ਚੇਲੀਆਂ ਚੇਲੇ ਉਸ ਜਾਦੂ ਟੂਣੇ ਤੰਤ ਮੰਤ ਦੇ ਮਾਰਗ ਤੋਂ ਉਦਾਸੀਨ ਹੋਕੇ ਨਾਮ ਜਪੁ ਦੇ ਰਸਤੇ ਲੱਗੇ ਤੇ ਸਭ ਦਾ ਉਧਾਰ ਹੋਇਆ।
ਏਥੋਂ ਟੁਰਕੇ ਬੜੀ ਉਜਾੜ ਵਿਚ ਜਾ ਨਿਕਲੇ। ਉਸ ਥਾਂ ਤੇ ਮਰਦਾਨੇ ਨੂੰ ਭੈ ਤੋਂ ਨਿਰਭੈ ਕਰਕੇ ਅਗੇ ਟੁਰੇ, ਕਈ ਥਾਂ ਅਟਕੇ ਕਈ ਕੋਤਕ ਵਰਤੇ। ਫਿਰ ਇਕ ਪਿੰਡ ਗਏ ਓਥੇ ਕਿਸੇ ਆਦਰ ਨਾਂ ਦਿਤਾ ਤੇ ਮਸ਼ਕਰੀਆਂ ਕੀਤੀਆਂ ਤਾਂ ਮਰਦਾਨੇ ਪੁੱਛਿਆ ਜੀ ਇਨ੍ਹਾਂ ਦਾ ਕੀ ਹਾਲ ਹੋਸੀ ? ਗੁਰੂ ਬਾਬੇ ਕਿਹਾ 'ਇਹ ਸ਼ਹਿਰ ਵਸਦਾ ਰਹੇ। ਇਸ ਤੋਂ ਅਗਲੇ ਸ਼ਹਿਰ ਗਏ, ਜਿਥੇ ਬਹੁਤ ਆਦਰ ਭਾ ਹੋਇਆ, ਲੋਕੀ ਪਰਮੇਸ਼ੁਰ ਦੇ ਭਉ ਵਾਲੇ ਸਨ। ਏਥੇ ਗੁਰੂ ਜੀ ਵਾਕ ਕੀਤਾ 'ਏਹ ਲੋਕ ਉੱਜੜਦੇ ਰਹਿਣਂ। ਤਦ ਮਰਦਾਨੇ ਪੁੱਛਿਆ ਜੀਓ ਇਹ ਕੀ ਨਿਆਉਂ ਕੀਤੇ ਨੇ ? ਤਾਂ ਗੁਰੂ ਬਾਬੇ ਆਖਿਆ, ਮਰਦਾਨਿਆਂ ਓਹ ਲੋਕ ਇਕੋ ਥਾਂ ਰਹਿਣ ਤਾਂ
ਚੰਗੇ ਜੋ ਆਪਣੇ ਕੁਸੰਗ ਨੂੰ ਫੈਲਾਉਣਗੇ ਨਾਂ। ਏਹ ਜਿਨ੍ਹਾਂ ਨੇ ਬੰਦਗੀ ਸੇਵਾ ਕੀਤੀ ਹੈ। ਜਿੱਥੇ ਜਾਣਗੇ ਸਤਿਸੰਗ ਦਾ ਪਾਹ ਲਾਉਣਗੇ, ਜਗਤ ਦਾ ਭਲਾ ਹੋਵੇਗਾ। ਇਥੋਂ ਟੁਰਕੇ ਸ਼ੇਖ ਫਰੀਦ ਨਾਲ ਗੋਸ਼ਟ ਤੇ ਉਸਦਾ ਨਿਸਤਾਰਾ ਕੀਤਾ। ਫੇਰ ਛੁਟਾ ਘਾਟਕਾ ਆਏ ਤੇ ਓਸ ਦੇਸ਼ ਝੰਡੇ ਬਾਢੀ ਨੂੰ ਤਾਰਿਆ ਤੇ ਮੰਜੀ ਬਖਸ਼ੀ ਤੇ ਆਪ ਅਗੇ ਚਲੇ ਗਏ।
"ਤਬ ਬਾਬਾ ਅਤੇ ਮਰਦਾਨਾ ਓਥਹੁਂ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜ ਵਿਚ ਜਾਇ ਪਏ ਤਬ ਉਥੇ ਕੋਈ ਮਿਲੈ ਨਾਂਹੀ। ਤਬ ਮਰਦਾਨੇ ਨੂੰ ਬਹੁਤ ਭੁਖਿ ਲਾਗੀ ਤਾਂ ਮਰਦਾਨੇ ਆਖਿਆ, ਸੁਹਾਣ ਤੇਰੀ ਭਗਤ ਨੂੰ ਅਸੀਂ ਡੂਮ ਸੇ ਮੁਲਖ ਦੇ ਟੁਕੜੇ ਮੰਗਿ ਖਾਂਦੇ ਥੇ, ਉਥਹੁਂ ਭੀ ਗਵਾਇਆ ਅਸੀਂ ਤਾਂ ਵਡੀ ਉਜਾੜਿ ਵਿਚ ਆਇ ਪੈਇ ਹਾਂ, ਕਦੇ ਖੁਦਾਇ ਕਾਢੈ ਤਾਂ ਨਿਕਲਹਿ, ਹੁਣਿ ਕੋਈ ਸੀਹੁ ਬੁਕਿ ਪਵੈਗਾ ਤਾ ਮਾਰਿ ਜਾਵੈਗਾ, ਤਬ ਬਾਬੈ ਆਖਿਆ ਮਰਦਾਨਿਆ ਤੇਰੇ ਨੇੜੇ ਕੋਈ ਨਾਹੀ ਆਵਦਾ ਪਰ ਤੂੰ ਉਸੀਆਰ ਹੋਹੁ। ਆਖਿਓਸੁ ਜੀ ਕਿਉਂ ਕਰਿ ਉਸੀਆਰ ਹੋਵਾਂ, ਉਜਾੜਿ ਵਿਚ ਆਇ ਪਇਆ। ਤਬ ਬਾਬੇ ਆਖਿਆ ਮਰਦਾਨਿਆ ਅਸੀਂ ਉਜਾੜਿ ਵਿਚ ਨਾਹੀ ਅਸੀਂ ਵਸਤੀ ਵਿਚ ਹਾਂ ਜਿਥੈ ਨਾਉ ਚਿਤਿਆਵਦਾ ਹੈ। ਓਥੈ ਬਾਬੈ ਸਬਦੁ ਬੋਲਿਆ। ਰਾਗੁ ਆਸਾ ਮ: ੧।।
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ।।
ਜੋਗੀ ਜਤੀ ਜਗਤਿ ਮਹਿ ਰਹਤੇ
ਕਰਿ ਕਰਿ ਭਗਵੇ ਭੇਖ ਭਏ।।੧।।
----------------
ਤਉ ਕਾਰਣਿ ਸਾਹਿਬਾ ਰੰਗਿ ਰਤੇ।।
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ।।
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ।।
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ।।੨।।
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ।।
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ।।੩।।
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ।।
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ।।੪।।੧।।੩੩।।
ਤਬ ਬਾਬੇ ਆਖਿਆ 'ਮਰਦਾਨਿਆਂ ਸਬਦੁ ਚਿਤਿ ਕਰਿ, ਤਉ ਬਾਝੂ ਬਾਣੀ ਸਰਿ ਨਾਹੀ ਆਂਵਦੀਂ। ਤਬਿ ਗੁਰੂ ਬਾਬੇ ਆਖਿਆ 'ਮਰਦਾਨਿਆ! ਰਬਾਬ ਵਜਾਇਂ। ਤਬ ਮਰਦਾਨੇ ਆਖਿਆ ਜੀ ਮੇਰਾ ਘਟੁ ਭੁੱਖ ਦੇ ਨਾਲਿ ਮਿਲਿ ਗਇਆ ਹੈ, ਮੈਂ ਇਹੁ ਰਬਾਬੁ ਵਜਾਇ ਨਾਹੀ ਸਕਦਾ। ਤਬ ਬਾਬੇ ਆਖਿਆ 'ਮਰਦਾਨਿਆ ਚੱਲੂ ਕਿਸੈ ਵਸਦੀ ਜਾਹਾਂ।'
ਅਜੀ ਮੈਂ ਵਸਦੀ ਬੀ ਨਾਹੀਂ ਜਾਇ ਸਕਦਾ ਮੇਰਾ ਭੁੱਖ ਨਾਲਿ ਘਟੁ ਮਿਲਿ ਗਇਆ ਹੈ ਹਉਂ ਮਰਦਾ ਹਾਂ।"
ਤਬ ਬਾਬੇ ਆਖਿਆ 'ਮਰਦਾਨਿਆਂ ਹਉਂ ਤੈਨੂੰ ਆਈ ਬਿਨਾਂ ਮਰਨਿ ਨਹੀਂ ਦੇਂਦਾ, ਉਸੀਆਰ ਹੋਹੁ । ਤਬਿ ਮਰਦਾਨੇ ਆਖਿਓਸੁ ਜੀ ਹਉ ਕਿਉ ਕਰਿ ਉਸੀਆਰ ਹੋਵਾਂ? ਹਉਂ ਮਰਦਾ ਹਾਂ ਜੀਵਣੇ ਦੀ ਗਲ ਰਹੀਂ। ਤਬ ਮਰਦਾਨੇ ਆਖਿਆ: 'ਜੀ ਮੈਨੂੰ ਦੁਖ ਨਾ ਦੇਇ। ਤਾਂ ਬਾਬੇ ਆਖਿਆ 'ਮਰਦਾਨਿਆ, ਇਸ ਰੁੱਖ ਦੇ ਫਲ ਖਾਹਿ, ਪਰ ਰਜਿ ਕੈ ਖਾਹਿ, ਜਿਤਨੇ ਖਾਇ ਸਕਦਾ ਹੈ ਪਰੁ ਹੋਰੁ
ਪਲੈ ਬੰਨਿ ਨਾਹੀਂ । ਤਬਿ ਮਰਦਾਨੇ ਆਖਿਆ, 'ਜੀ ਭਲਾ ਹੋਵੈ। ਤਾਂ ਮਰਦਾਨਾ ਲਗਾ ਖਾਵਣਿ। ਫਲਾਂ ਕਾ ਸੁਆਦ ਆਇਓਸੁ ਆਖੈ ਹੋਵੈ ਤਾਂ ਸਭੈ ਖਾਇ ਲਈ, ਫਿਰ ਹਥਿ ਆਵਨਿ ਕਿ ਨ ਆਵਨਿ, ਕੁਛੁ ਪਲੈ ਬੀ ਬੰਨਿ ਲੇਈ ਮਤੁ ਹਥਿ ਆਵਨਿ ਕਿ ਨਾ ਆਵਨਿ। ਤਬ ਮਰਦਾਨੇ ਆਖਿਆ ਭੁਖ ਲਗੇਗੀ ਤਾਂ ਖਾਵਾਂਗਾ । ਮਰਦਾਨੇ ਪੱਲੇ ਬੀ ਬੰਨਿ ਲਏ। ਜਾਂਦੇ ਜਾਂਦੇ ਮਰਦਾਨੇ ਨੂੰ ਫਿਰ ਭੁਖ ਲਾਗੀ ਤਾਂ ਆਖਿਓਸੁ ਕੁਛ ਖਾਵਾਂ' । ਜਾਂ ਮੁਹਿ ਪਾਏ ਤਾਂ ਉਤੈ ਵੇਲੈ ਢਹਿ ਪਇਆ। ਤਬ ਬਾਬੇ ਆਖਿਆ ਕਿਆ ਹੋਆ ਵੇ ਮਰਦਾਨਿਆ?' 'ਜੀਉ ਪਾਤਸ਼ਾਹ ! ਤੁਧ ਆਖਿਆ ਸੀ ਜੋ ਖਾਹਿ ਸੋ ਖਾਹਿ ਵਧ ਦੇ ਪੱਲੇ ਬੰਨਿ ਨਾਹੀ, ਮੈਂ ਆਖਿਆ ਕੁਛੁ ਪਲੈ ਭੀ ਬੰਨਿ ਲਈ ਮਤੁ ਹਥਿ ਆਵਨਿ ਕਿ ਨਾ ਆਵਨਿ ਸੋ ਮੈਂ ਮੁਹਿ ਪਾਏ ਸਨ, ਮੇਰਾ ਇਹੁ ਹਵਾਲੁ ਹੋਇ ਗਇਆ। ਤਬ ਬਾਬੇ ਆਖਿਆ 'ਮਰਦਾਨਿਆ ਤੁਧੁ ਬੁਰਾ ਕੀਤਾ ਸੀ ਜੋ ਮੁਹਿ ਪਾਏ ਸਨਿ, ਏਹੁ ਵਿਖ ਫਲਿ ਸਨਿ, ਪਰ ਬਚਨ ਕਰਿਕੈ ਅੰਮ੍ਰਿਤ ਫਲ ਹੋਏ ਸਨਿ। ਤਬ ਬਾਬੈ ਮਥੈ ਉਪਰਿ ਪੈਰੁ ਰਖਿਆ ਤਬ ਚੰਗਾ ਭਲਾ ਹੋਆ ਉਠ ਬੈਠਾ। ਤਬ ਮਰਦਾਨੈ ਆਖਿਆ 'ਸੁਹਾਣ ਤੇਰੀ ਭਗਤ ਨੂੰ ਅਤੇ ਤੇਰੀ ਕਮਾਈ ਨੂੰ, ਅਸੀਂ ਤਾਂ ਡੂਮ ਮੰਗਿ ਪਿੰਨਿ ਖਾਧਾ ਲੋੜ ਹਾਂ। ਤੂੰ ਅਤੀਤੁ ਮਹਾਂ ਪੁਰਖੁ ਖਾਹਿ ਪੀਵਹਿ ਕੁਛ ਨਾਹੀਂ ਅਤੇ ਵਸਦੀ ਵੜੇ ਨਾਹੀਂ ਹਉਂ ਕਿਉਂ ਕਰਿ ਤੁਧੁ ਨਾਲਿ ਰਹਾਂ? ਅਸਾਂ ਨੂੰ ਵਿਦਾ ਕਰਿ । ਤਬ ਬਾਬੇ ਆਖਿਆ, 'ਮਰਦਾਨਿਆਂ ਮੇਰੀ ਬਹੁਤ ਖੁਸ਼ੀ ਹੈ ਤੁਧੁ ਉਪਰਿ ਤੂੰ ਕਿਉਂ ਵਿਦਾ ਮੰਗਦਾ ਹੈ ਮੈਂ ਥਾਵਹੁ। ਤਬਿ ਮਰਦਾਨੇ ਆਖਿਆ, 'ਸੁਹਾਣ ਤੇਰੀ ਖੁਸ਼ੀ ਨੂੰ ਪਰ ਮੇਰੀ ਵਿਦਾ ਕਰਿ, ਹਉਂ ਆਪਣੇ ਘਰ ਜਾਵਾਂ।' ਤਬ ਬਾਬੇ ਆਖਿਆ 'ਮਰਦਾਨਿਆਂ ਕਿਵੇਂ ਰਹੈ ਭੀ? ਤਾਂ ਮਰਦਾਨੇ ਆਖਿਆ 'ਹਉਂ ਤਾਂ ਰਹਾਂ ਜੇ ਮੇਰੀ ਭੁਖ ਗਵਾਵਹਿ, ਜੋ ਤੇਰਾ
ਅਹਾਰੁ ਹੋਵੈ ਸੋ ਮੇਰਾ ਹੋਵੈ, ਸੋ ਮੇਰਾ ਅਹਾਰ ਕਰਹਿ, ਜੇ ਤੂੰ ਏਹਾ ਕੰਮ ਕਰਹਿ ਤਾਂ ਤੇਰੇ ਨਾਲਿ ਰਹਾਂ ਜਾਂ ਏਹੁ ਬਚਨੁ ਕਰਹਿ ਜੋ ਮੇਰੇ ਕਰਮ ਬੀ ਨਾਂ ਬੀਚਾਰਹਿ ਤਾਂ ਹਉਂ ਤੇਰੈ ਨਾਲੇ ਰਹਾਂ, ਜੇ ਏਹੁ ਤੂੰ ਕੰਮ ਕਰੇਂ ਨਾਂ ਹੀ ਤਾਂ ਮੈਨੂੰ ਵਿਦਾ ਕਰਿ । ਤਬਿ ਗੁਰੂ ਬਾਬੇ ਆਖਿਆ ਜਾਹਿ ਵੇ ਮਰਦਾਨਿਆਂ ਤੂੰ ਦੀਨ ਦੁਨੀਆਂ ਨਿਹਾਲ ਹੋਆ । ਤਬ ਮਰਦਾਨਾਂ ਉਭਰਿ ਪੈਰੀਂ ਪਇਆ, ਗੁਰੂ ਬਾਬੇ ਇਤਨੀਆਂ ਵਸਤੂਆਂ ਦਿੱਤੀਆਂ, ਮੱਥਾ ਚੁਕਦਿਆਂ ਨਾਲਿ ਅਗਮ ਨਿਗਮ ਕੀ ਸੋਝੀ ਹੋਇ ਆਈ, ਤਾਂ ਮਰਦਾਨਾਂ ਬਾਬੇ ਨਾਲਿ ਫਿਰਣਿ"2 ਇਸ ਵਾਰਤਾ ਵਿਚ ਸ੍ਰੀ ਮਰਦਾਨਾ ਜੀ ਨੇ ਕਿਸ ਭੋਲੇ ਭਾ ਦੇ ਦਿਲੀ ਪ੍ਯਾਰ ਵਾਲੀ ਸ਼ਰਧਾ ਪਰ ਮਿਤਰਾਂ ਵਾਲੀ ਲਾਡਲੀ ਤਰਜ਼ ਨਾਲ ਸ੍ਰੀ ਗੁਰੂ ਜੀ ਤੋਂ ਆਤਮ ਦਾਨ ਲੈ ਲਿਆ ਹੈ। ਅੱਜ ਦੇ ਦਾਨ ਨਾਲ ਮਰਦਾਨਾ ਗੁਰਮੁਖ ਹੋ ਗਿਆ ਤੇ ਭਾਈ ਮਰਦਾਨਾ ਬਣ ਗਿਆ। ਧੰਨ ਦਾਤਾ ਦੇਣਹਾਰ ਤੇ ਧੰਨ ਭਾਵਨਾਂ ਵਾਲੇ ਸਿਖ ਦਾਤਾਂ ਦੇ ਲੈਣਹਾਰ।
ਹੁਣ ਅਨੇਕ ਥਾਈਂ ਫਿਰਦੇ ਰੁਹੇਲ ਖੰਡ ਆ ਨਿਕਲੇ ਰਸਤੇ ਵਿਚ ਕਈ ਸਾਖੀਆਂ ਵਰਤੀਆਂ, ਅਨੇਕਾਂ ਜੀਵਾਂ ਦੇ ਉਧਾਰ ਹੋਏ। ਇਕ ਦਿਨ ਅੰਮ੍ਰਿਤ ਵੇਲੇ ਕੀਰਤਨ ਹੋ ਚੁਕਣ ਮਗਰੋਂ ਜਾ ਦਿਨ ਚੜਿਆ ਤਾਂ ਸਤਿਗੁਰ ਨੇ ਆਖਿਆ:- ਭਾਈ ਮਰਦਾਨਾ ! ਤੂੰ ਅਸਾਂ ਥੀਂ ਕੁਝ ਦਿਨ ਲਾਂਭੇ ਹੋ ਰਹੁ । ਇਹ ਵਾਕ ਸਨ ਤਾਂ ਪ੍ਰੇਮ ਨਾਲ ਭਰੇ ਪਰ ਸੁਣਨ ਵਾਲੇ ਨੂੰ ਅਣੀਦਾਰ ਕਟਾਰੀ ਤੋਂ ਤਿੱਖੇ ਹੋ ਲੱਗੇ, ਅੱਖਾਂ ਵਿਚੋਂ ਜਲਧਾਰਾ ਵਹਿ ਤੁਰੀ ਤੇ ਮਰਦਾਨਾ ਅੰਝੂ ਕੇਰਕੇ ਆਖਣ ਲੱਗਾ:-
-------------------
2. ਪੁ: ਜਨਮ ਸਾਖੀ।
3. ਇਹ ਸਾਖੀ ਬਾਲੇਵਾਲੀ ਜਨਮ ਸਾਖੀ ਦੀ ਹੈ।
ਹੇ ਜੋਤ ਨਿਰੰਜਨੀ ! ਮੈਂ ਮੁੱਢ ਤੋਂ ਭੁੱਲਾ ਤੇਰੇ ਘਰ ਦਾ ਮਿਰਾਸੀ, ਕਿਸੇ ਗੁਣ ਤੇ ਗਲ ਜੋਗਾ ਨਹੀਂ, ਸਦਾ ਤੋਂ ਤੂੰ ਆਪਣਾ ਆਪੇ ਹੀ ਜਾਣਿਆ ਤੇ ਲੜ ਲਾਇਆ ਆਪ ਹੀ ਨਿਵਾਜਿਆ ਤੇ ਨਾਲ ਰਖਿਆ, ਮੈਂ ਫੇਰ ਬੀ ਭੁੱਲਾ, ਪਰ ਤੂੰ ਸਦਾ ਬਖਸ਼ਿਆ। ਮੈਂ ਪੈਰ ਪੈਰ ਤੇ ਸਿਦਕ ਦੀ ਪੌੜੀਓਂ ਤਿਲਕਿਆ ਤੇ ਦੁੱਖ ਭੁੱਖ ਦਾ ਮਾਰਿਆ, ਡਡਿਆਇਆ। ਹੈ ਆਪੇ ਪਸੀਜਣ ਵਾਲੇ ਸਤਿਗੁਰੂ ! ਹੇ ਸਾਡੇ ਦੁੱਖ ਦੇਖਕੇ ਸਚਖੰਡ ਤੋਂ ਆਪ ਆਕੇ ਤਾਰਨ ਹਾਰੇ ਜਯੋਤੀ ਸਰੂਪ ! ਹੇ ਸਦਾ ਮੇਲਣ ਵਾਲੇ ਬਖਸ਼ਿੰਦ ਦਾਤਿਆ ! ਮੈਂ ਔਗੁਣਹਾਰ ਨੂੰ ਚਰਨੀ ਲਾਈ ਰਖ ਤੇ ਆਪਣੇ ਤੋਂ ਨਾਂ ਵਿਛੋੜ। ਕਾਈ ਗੁਣ ਪੱਲੇ ਹੋਵੇ ਤਾਂ ਮੈਂ ਆਖਾਂ, ਮੈਂ ਤਾਂ ਹਾਂ ਹੀ ਉੱਕਾ ਸੱਖਣਾ। ਹੇ ਕੱਖੋਂ ਹੌਲਿਆਂ ਨੂੰ ਮਾਣ ਦੇਣ ਵਾਲਿਆ ! ਆਪਣੇ ਚਰਨਾਂ ਦੇ ਵਿਛੋੜੇ ਦਾ ਦਾਗ ਨਾਂ ਦੇਹ।
ਸਤਿਗੁਰ ਨਾਨਕ ਦੇਵ→ਮਰਦਾਨਿਆਂ ਸਭ ਤੋਂ ਵਡਾ ਦੁੱਖ ਹੀ ਵਿਛੋੜਾ ਹੈ ਅਰ ਵਿਛੋੜਾ ਹੀ ਸਾਰੇ ਦੁਖਾਂ ਦੀ ਮਾਂ ਹੈ। ਸੰਸਾਰ ਸਾਰਾ ਜੇ ਆਪਣੇ ਪ੍ਯਾਰੇ ਵਾਹਿਗੁਰੂ ਤੋਂ ਨਾਂ ਵਿਛੁੜੇ ਤਾਂ ਸੰਸਾਰ ਬੈਕੁੰਠ ਹੈ। ਮੈਂ ਜਾਣਦਾ ਹਾਂ ਕਿ ਵਿਛੋੜੇ ਦੀ ਪੀੜ ਤੈਨੂੰ ਦੁਖ ਦੇਵੇਗੀ ਅਰ ਮੈਂ ਤੈਥੋਂ - ਜੋ ਮੇਰੇ ਪ੍ਰੀਤਮ ਪਰਮੇਸ਼ੁਰ ਜੀ ਦੇ ਕੀਰਤਨ ਸੁਣਾਉਂਦਾ ਹੈ-ਨਹੀਂ ਵਿਛੁੜਿਆ ਲੋੜਦਾ ਪਰ ਕੀਹ ਕਰੀਏ ਮਰਦਾਨਿਆਂ ! ਕੰਮ ਬੀ ਤਾਂ ਕਰਨੇ ਹੋਏ।
ਮਰਦਾਨਾ→ ਹੇ ਪ੍ਰੇਮ ਦੇ ਹੁਲਾਰਿਆਂ ਨਾਲ ਭਰੇ ਪ੍ਰੀਤਮ ਜੀ ! ਆਪ ਦੇ ਕੰਮਾਂ ਵਿਚ ਮੈਂ ਕੁਛ ਨਾਂ ਕੂੰਆਂਗਾ, ਜੋ ਕਰਸੋ ਸੋ ਵੇਖਾਂਗਾ, ਜੋ ਆਖੋਗੇ ਆਪ ਦੀ ਕ੍ਰਿਪਾ ਨਾਲ ਕਰਾਂਗਾ। ਜਿਵੇਂ ਕਿਵੇਂ ਬਣ ਪਏ, ਧ੍ਰੋਹੀ ਜੇ,
ਮੈਨੂੰ ਇਕੱਲਿਆਂ ਨਾਂ ਛਡੋ। ਹੇ ਸਤਿਗੁਰ ਬਾਬੇ ਮੈਂ ਤੇਰਾ ਹਾਂ, ਮੈਂ ਨੀਚ ਤੇਰਾ ਹਾਂ, ਮੈਂ ਔਗੁਣਹਾਰਾ ਤੇਰਾ ਹਾਂ, ਹੇ ਬਾਬਾ ਨਾਨਕ ! ਜੇਹਾ ਕੇਹਾ ਹਾਂ ਤੇਰਾਂ ਹਾਂ, ਮੈਂ ਤੇਰਾ ਹਾਂ।
ਸਤਿਗੁਰ ਨਾਨਕ ਦੇਵ > ਸੱਜਣਾਂ ! ਅਸੀਂ ਤੈਥੋਂ ਵਿਛੁੜਨਾ ਤਾਂ ਨਹੀਂ ਲੋੜਦੇ, ਪਰ ਕਾਰਜ ਹੀ ਐਸਾ ਹੈ ਜੋ ਇਹਨਾਂ ਤੇਰੇ ਪ੍ਰੇਮ ਪ੍ਰਵੇਧੇ ਨੇਤਰਾਂ ਨੇ ਦੇਖਕੇ ਝੱਲਣਾਂ ਨਹੀਂ ਹੈ। ਇਹ ਕਰਤਾਰ ਦੀ ਰਜ਼ਾਇ ਹੈ। ਹੁਕਮ ਜਾਣਕੇ ਸੱਜਣਾ ਏਸ ਅਗੇ ਪ੍ਯਾਰ ਦੀ ਗਿੱਚੀ ਨਿਵਾ ਦੇਣੀ ਹੀ ਲਾਭਵੰਦ ਹੈ। ਹੋਰ ਅੰਤਰ ਆਤਮੇ ਜਦ ਤੂੰ ਸਾਡੇ ਨਾਲ ਹੈਂ ਤਾਂ ਕਾਹਦਾ ਵਿਛੋੜਾ?
ਮਰਦਾਨਾ→ ਸਤਬਚਨ, ਮੇਰੇ ਮਾਲਕ ਜੀ ! ਆਪ ਦੀ ਰਜ਼ਾਇ ਸਿਰ ਮਥੇ ਤੇ ਹੈ। ਪਰ ਜੋਤ ਨਿਰੰਜਨੀ ਜੀ ! ਆਪਦਾ ਵਿਛੋੜਾ ਕੀਕੂੰ ਨਿਭੇਗਾ ?
ਸਤਿਗੁਰ ਜੀ →ਮਰਦਾਨਿਆਂ ! ਜਿਸ ਵਿਛੋੜੇ ਵਿਚ 'ਭੁੱਲ ਆ ਰਲੇ ਉਹ ਮਾਰੂ ਵਿਛੋੜਾ ਹੁੰਦਾ ਹੈ, ਜਿਸ ਵਿਚ 'ਯਾਦ ਰਹੇ ਉਹ ਜੀਉਂਦਾ ਵਿਛੋੜਾ ਹੈ ਤੇ ਫੇਰ ਮੇਲਦਾ ਹੈ, ਏਸ ਯਾਦ ਵਾਲੇ ਵਿਛੋੜੇ ਨੂੰ ਹੀ ਬਿਰਹਾ ਆਖੀ ਦਾ ਹੈ। ਜਿਨ੍ਹਾਂ ਦੇ ਅੰਦਰ ਬਿਰਹਾ ਨਹੀਂ ਉਹ ਸਾਈਂ ਵਲੋਂ ਮਰ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਸਾਈਂ ਵਾਲੀ ਜਾਨ ਰੁਮਕ ਪੈਂਦੀ ਹੈ, ਸੱਜਣਾਂ! ਸਾਈਂ ਦਾ ਸਿਮਰਣ ਕਰਦਿਆਂ ਤਾਂ ਸਦਾ ਮੰਗਲ
ਹੀ ਮੰਗਲ ਹੈ। ਜਿਤਨਾ ਕਾਲ ਸਾਡਾ ਫੇਰ ਮੇਲਾ ਨਹੀਂ ਹੁੰਦਾ, ਨਿਰੰਕਾਰ ਦਾ ਸਿਮਰਨ ਕਰਦੇ ਰਹਿਣਾ, ਫੇਰ ਉਹ ਮਾਲਕ ਪਾਲਕ ਸਦਾ ਅੰਗ ਸੰਗ ਹੈ ਤੇ ਰਹੇਗਾ।
ਮਰਦਾਨਾ→ ਤੇ ਬਿਰਦ ਪਾਲਿਕ ਸਤਿਗੁਰੂ ਜੀ ! ਬਰਸਾਂ ਹੋ ਗਈਆਂ ਹਨ ਘਰਾਂ ਤੋਂ ਨਿਕਲਿਆਂ ਤੇ ਬੇਬੇ ਜੀ ਆਪ ਦੇ ਦਰਸ਼ਨਾਂ ਲਈ ਜੀ ਭਿਆਣੇ ਹੋ ਹੋ ਜਾਂਦੇ ਹਨ, ਆਪ ਨੇ ਕੱਲ ਆਗਯਾ ਕੀਤੀ ਸੀ ਕਿ ਬੇਬੇ ਯਾਦ ਕਰ ਰਹੀ ਹੈ ਤੇ ਅਸਾਂ ਹੁਣ ਸੁਲਤਾਨਪੁਰੇ ਚੱਲਣਾ ਹੈ। ਹੇ ਦੀਨ ਦਿਆਲ ਜੀ ! ਆਪ ਦਾ ਬਚਨ ਹੈ ਕਿ ਬੇਬੇ ਜਦੋਂ ਯਾਦ ਕਰੇਗੀ ਪਹੁੰਚਾਂਗੇ ਤੇ ਆਪ ਹੁਣ ਹੋਰ ਕਾਰਜ ਵਿਚ ਵਿਚਰਨ ਲਗੇ ਹੋ। ਬੇਬੇ ਜੀ ਦਾ ਕੋਮਲ ਹਿਰਦਾ ਬਹੁਤ ਵਿਰਾਗ ਕਰੇਗਾ। ਆਪ ਦਇਆ ਦੇ ਸਮੁੰਦ੍ਰ ਹੋ, ਕੋਮਲ ਹੋ ਤੇ ਪ੍ਯਾਰੇ ਹੋ।
ਸਤਿਗੁਰੂ ਜੀ → ਮਰਦਾਨਿਆਂ! ਭਲੇ ਵੇਲੇ ਚੇਤਾ ਕਰਾਇਆ ਹਈ? ਪਰ ਕੀਹ ਕਰੀਏ, ਏਹੇ ਸ੍ਰਿਸ਼ਟੀ ਬਹੁਤ ਦੁਖੀ ਹੈ, ਘੋਰ ਪਾਪ ਹੋ ਰਿਹਾ ਹੈ, ਪਰਮੇਸ਼ੁਰ ਦੇ ਬੰਦੇ ਖੇਦ ਪਾ ਰਹੇ ਹਨ। ਮਰਦਾਨਿਆਂ! ਅਰਧ ਰਾਤ ਜਦ ਬੀਤੀ ਤਾਂ ਅਸਾਨੂੰ ਡਾਢੇ ਰੋਣ ਤੇ ਕੀਰਨਿਆਂ ਦੀ ਅਵਾਜ਼ ਆਈ ਜਦ ਇਹ ਕੁਰਲੱਟ ਸੁਣਿਆਂ ਤਾਂ ਅੱਖਾਂ ਖੋਲ੍ਹਕੇ ਚੁਫੇਰੇ ਡਿੱਠਾ ਕਿਤੇ ਜੀ ਸਾਈਂ ਦਾ ਨਹੀਂ ਬੋਲਦਾ ਸੀ, ਜਦ ਫੇਰ ਨੈਣ ਮੀਟੇ ਤਾਂ ਬੜੇ
ਹਾਵਿਆਂ ਦੀ ਅਵਾਜ਼ ਆਈ। ਮਰਦਾਨਿਆਂ ! ਤ੍ਰੈ ਵੇਰ ਇਸੇ ਤਰ੍ਹਾਂ ਹੋਇਆ। ਇਹ ਹੰਝੂਆਂ ਮੇਰੀ ਛਾਤੀ ਤੇ ਪਈਆਂ ਹਨ, ਪਰਮੇਸ਼ਰ ਜੀ ਦੇ ਪੁਤ੍ਰਾਂ ਦੇ ਵਿਰਲਾਪ ਨੇ ਇਹ ਕਲੇਜਾ ਵਿੰਨ੍ਹਿਆ ਹੈ, ਏਸ ਕਰਕੇ ਸੱਜਣਾਂ ਹੁਣ ਇਥੇ ਠਹਿਰਣਾ ਤੇ ਸੁਖ ਦੇਣਾ ਹੈ। ਸੁਖ ਦੇਕੇ ਫੇਰ ਬੇਬੇ ਜੀ ਦੇ ਦਰਸ਼ਨ ਕਰਾਂਗੇ।
ਮਰਦਾਨਾ → ਹੇ ਦਇਆ ਦੀ ਨਿਧਿ ਜੀ ! ਏਸ ਬਨ ਵਿਚ ਤਾਂ ਜੀ ਸਾਈਂ ਦਾ ਨਹੀਂ ਹੈ, ਰੋਣਹਾਰਾ ਕੌਣ ਹੈ?
ਸਤਿਗੁਰੂ ਜੀ → ਮਰਦਾਨਿਆਂ !
ਕਰਤਾਰ ਦੇ ਰੰਗ ਦੇਖ:-
ਹਰਣਾਂ ਬਾਜਾਂ ਤੇ ਸਿਕਦਾਰਾਂ ਏਨਾ ਪੜ੍ਹਿਆ ਨਾਉ।।
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।। (ਵਾਰ ਮਲਾਰ : ੧)
ਐਸ ਤਰ੍ਹਾਂ ਦਾ ਕੋਈ ਕਲੇਸ਼ ਵਰਤ ਰਿਹਾ ਹੈ, ਪਰਮੇਸ਼ੁਰ ਜੀ ਦੇ ਪਿਆਰ ਵਿਚ ਪਏ ਖੇਦ ਝੱਲਦੇ ਹਨ। ਨਾਮੀ ਪੁਰਖ ਦਾ ਖੇਦ ਕਰਤਾਰ ਕਿਵੇਂ ਝੱਲੇ।
ਮਰਦਾਨਿਆਂ ਤੂੰ ਓਦਰਨਾ ਨਹੀਂ, ਤਕੜੇ ਰਹਿਣਾ, ਇਹ ਅਸੀਂ ਅੱਡ ਨਹੀਂ ਹੋਣ ਲਗੇ, ਭੋਰਾ ਕੁ ਵਿਛੋੜਾ ਹੈ ਤੇ ਵਿਛੋੜੇ ਨੂੰ ਮੇਲ ਹੁੰਦਾ ਹੈ।
ਮਰਦਾਨਾ→ ਪ੍ਯਾਰ ਦੇ ਚਸ਼ਮੇਂ ਤੇ ਪ੍ਰੇਮ ਦੇ ਸੋਮੇਂ ਸਤਿਗੁਰੂ ਜੀ ! ਕ੍ਰਿਪਾ ਕਰਕੇ ਦੱਸੋ ਕਿ ਦਾਸ ਕਿਤ ਵੱਲ ਤੇ ਕਿਸ
ਦਿਨ ਕਿਸ ਜਗ੍ਹਾ ਆਪ ਦੇ ਇਸ ਪਿਆਰੇ ਦਰਸ਼ਨ ਦੀ ਤਾਂਘ ਕਰਦਾ ਹੋਇਆ ਉਡੀਕੇ?
ਸਤਿਗੁਰੂ ਜੀ→ ਮਰਦਾਨਿਆਂ! ਤੂੰ ਖਸਮੋਂ ਘੁੱਥਾ ਨਹੀਂ ਹੈ, ਤੇਰੇ ਸਿਰ ਤੇ ਸਤਿ ਕਰਤਾਰ ਹੈ ਜਿਤ ਵੱਲ ਤੇਰੇ ਪੈਰ ਲੈ ਜਾਣ ਚਲਿਆ ਜਾਵੀਂ ਤੇ ਜਿਤ ਦਿਨ ਤੇਰੇ ਅੰਦਰ ਪ੍ਰੇਰਨਾ ਫੁਰੇ ਓਸ ਦਿਨ ਏਥੇ ਜਾਂ ਜਿੱਥੇ ਪੈਰ ਲੈ ਜਾਵਣ ਆ ਜਾਵੀਂ, ਆਪਣੀ ਮੱਤ ਵਿਚ ਨਾ ਰਲਾਵੀਂ ਤਾਂ ਕਰਤਾਰ ਸਾਰੇ ਕਾਰਜ ਆਪ ਸਵਾਰੇਗਾ।
ਮਰਦਾਨਾ →ਸੱਤ ਬਚਨ ਮਹਾਰਾਜ ਜੀ ! ਸਤਿ ਕਰਤਾਰ ! ਸਤਿ ਕਰਤਾਰ ! ਸਤਿ ਕਰਤਾਰ ! ਸਤਿ ਕਰਤਾਰ !
ਮਰਦਾਨਾ 'ਕਰਤਾਰ ਕਰਤਾਰ ਆਖਦਾ ਚਰਨਾਂ ਤੇ ਝੁਕਦਾ ਤੇ ਫੇਰ ਫੇਰ ਮੱਥਾ ਟੇਕਦਾ, ਨੈਣਾਂ ਤੋਂ ਛਹਿਬਰ ਲਾਉਂਦਾ ਪਿਛਲੇ ਪੈਰੀਂ ਮੁਖ ਸਤਿਗੁਰ ਵਲ ਸਨਮੁਖ ਕਰਕੇ ਉਸ ਟਿੱਬੀ ਜੇਹੀ ਤੋਂ ਉਤਰਦਾ ਕਿਧਰੇ ਬਨਾਂ ਵਿਚ ਲੋਪ ਹੋ ਗਿਆ?
ਸ੍ਰੀ ਗੁਰੂ ਜੀ ਨੇ ਹੁਣ ਕਈ ਬੰਦੀ ਵਿਚ ਪਏ ਜੀਵ ਛੁਡਾਏ, ਬੰਦੀਆਂ ਵਿਚ ਪਾਉਣ ਵਾਲੇ ਜਰਵਾਣੇ ਨੂੰ ਦਰੁਸਤ ਕੀਤਾ ਤੇ ਕੁਛ ਦਿਨਾਂ ਤੋਂ ਬਾਦ ਓਸੇ ਟਿਕਾਣੇ ਜਿਥੋਂ ਮਰਦਾਨੇ ਤੋਂ ਵਿਛੁੜੇ ਸਨ ਆਏ। ਮਰਦਾਨੇ ਨੂੰ ਬੀ ਜਿੱਥੇ ਉਹ ਸੀ ਓਥੇ ਹੀ ਧੂਹ ਪਈ, ਉਸਦੇ ਅੰਦਰਲੇ ਮਨ ਨੂੰ ਪ੍ਰੇਮ ਨੇ ਰਸਤੇ ਪਾਇਆ, ਉਸ ਨਾ ਦਿੱਸਣ ਵਾਲੇ ਪਰ ਮਨ ਦੇ ਝੁਕਾਉ ਤੇ ਰੁਖ ਪਲਟਾਉਣ ਵਾਲੇ ਅਸਰ ਨੇ ਪੈਰਾਂ ਨੂੰ ਰਸਤਾ ਦੱਸਿਆ। ਜਿੱਦਾਂ ਨਹੀਂ ਪਤਾ ਸੀ ਕਿ ਕਿਧਰ ਚੱਲਿਆ ਹਾਂ, ਓਦਾਂ ਬੇਪਤੇ ਹੀ ਟੁਰ ਪਿਆ, ਪਰ ਆਣ ਓਥੇ ਹੀ ਨਿਕਲਿਆ। ਜਾਂ ਦੂਰੋਂ ਡਿੱਠੋਸ ਤਾਂ ਭੰਨਾਂ ਤੇ ਆਕੇ
ਚਰਨਾਂ ਨੂੰ ਚੰਬੜ ਗਿਆ, ਰੋਦੇ ਦੀ ਹਿਚਕੀ ਬੱਝ ਗਈ ਤੇ ਸਰੀਰ ਮੁੜ੍ਹਕਾ ਤੇ ਲੂੰ ਕੰਡੇ ਹੋਕੇ ਮਰਦਾਨਾ ਅਮਿੱਤ ਖੁਸ਼ੀ ਨਾਲ ਬੇਸੁਰਤ ਜੇਹਾ ਹੋ ਗਿਆ। ਸਤਿਗੁਰ ਨੇ ਕੰਡ ਤੇ ਹਥ ਫੇਰਿਆ, ਪਿਆਰ ਦਿੱਤਾ ਤੇ ਕੋਲ ਬਿਠਾਕੇ ਸੁੱਖ ਪੁੱਛੀ।
ਮਰਦਾਨਾ→ ਮੈਂ ਤਾਂ ਮੁੱਢ ਦਾ ਭੁੱਲਾ ਹੋਇਆ ਹਾਂ, ਆਪ ਦੇ ਦਰ ਦਾ ਸੁਆਲੀ ਹਾਂ, ਕੀ ਪੁੱਛਾਂ ਤੇ ਕੀ ਦੱਸਾਂ, ਜੋ ਆਪ ਦੀ ਰਜ਼ਾਇ ਸੀ ਵਰਤਿਆ, ਮੈਨੂੰ ਤਾਂ ਕਾਈ ਸੁਧ ਨਹੀਂ ਰਹੀ, ਦਿਨੇ ਰਾਤ ਵੈਰਾਗ ਵਿਚ ਰੋਂਦਾ ਰਿਹਾ ਹਾਂ। ਕਿਸੇ ਵੇਲੇ ਦਰਸ਼ਨ ਹੁੰਦੇ ਸਨ ਤੇ ਕਿਸੇ ਵੇਲੇ ਬੇਬੇ ਜੀ ਦਲੀਜਾਂ ਵਿਚ ਬੈਠੇ ਰਾਹ ਤੱਕਦੇ ਵੀਰ ਵੀਰ ਕਰਦੇ ਦਿੱਸਦੇ ਸਨ। ਏਸੇ ਤਰ੍ਹਾਂ ਦਿਨ ਬੀਤ ਗਏ, ਅੱਜ ਜੀ ਨੂੰ ਖਿੱਚ ਵੱਜੀ ਤੇ ਸੱਦ ਲਿਆ ਨੇ। ਹੇ ਜੋਤ ਨਿਰੰਜਨੀ! ਤੇਰੀਆਂ ਤੂੰ ਹੀ ਜਾਣੇ। ਮੈਨੂੰ ਦਾਨ ਦੇਹ ਜੋ ਤੇਰੀ ਰਜ਼ਾ ਵਿਚ ਰਹਾਂ, ਭੁੱਲਾਂ ਨਾਂ, ਜੇ ਭੁੱਲ ਕਰ ਬੀ ਬੈਠਾਂ, ਮੇਰੀ ਮੱਤ ਥੋੜ੍ਹੀ ਹੈ, ਤਾਂ ਤੁਸੀਂ ਮੈਂਨੂੰ ਸਦਾ ਚੰਗੇ ਲਗੋ, ਸਦਾ ਪਿਆਰੇ ਲਗੋ, ਬੱਸ ਜੇ ਤ੍ਰੁਠੇ ਹੋ ਤਾਂ ਇਹ ਦਾਨ ਦਿਓ, ਇਹ ਖੈਰ ਦਰ ਦੇ ਸੁਆਲੀ ਤੇ ਆਪਣੇ ਮੰਗਤੇ ਨੂੰ ਸਦਾ ਪਾਓ, ਸਦਾ ਪਾਓ।
ਇਹ ਆਖਦਾ ਮਰਦਾਨਾਂ ਫੇਰ ਰੁੰਨਾਂ ਤੇ ਨੈਣ ਭਰ ਭਰ ਆਏ ਤੇ ਫੇਰ ਆਖਿਓਸੁ ਹੇ ਤਾਰਨਹਾਰ ਦਾਤਾ- ਮੈਂ ਆਪ ਨੂੰ ਕਈ ਵੇਰ ਮਨੁੱਖ ਸਮਝਕੇ ਲੜ ਭਿੜ ਲੈਂਦਾ ਹਾਂ ਮੇਰੇ ਔਗਣ ਨਾਂ ਤੱਕੀਂ, ਜੇ ਤੂੰ ਮੈਨੂੰ ਮਿਤ੍ਰ ਬਨਾਕੇ ਤੇ ਆਪ ਮਨੁੱਖ ਬਣਕੇ ਲੜ ਨਾ
ਲਾਉਂਦਾ ਤਾਂ ਮੇਰੇ ਅੰਦਰ ਪਿਆਰ ਕਿਥੋਂ ਜਾਗਣਾਂ ਸੀ? ਜੇ ਤੂੰ ਉੱਚਾ ਉੱਚਾ ਰਹਿੰਦਾ ਤਾਂ ਮੈਂ ਮਿਰਾਸੀ ਨੂੰ ਤੂੰ ਕਦ ਪਿਆਰਾ ਲਗਣਾਂ ਸੀ। ਜਿੱਥੇ ਤੇਰਾ ਵਾਸ ਹੈ ਓਹ ਸੱਚਾ ਟਿਕਾਣਾ ਮੇਰੇ ਇਸ ਕਰਮਾਂ ਦੇ ਬੜੇ ਕਰੜੇ ਦੇਸ਼ ਤੋਂ ਐਨੀ ਵਿੱਥ ਉਤੇ ਹੈ ਕਿ ਮੈਨੂੰ ਉਸਦਾ ਕੀ ਪਤਾ ਲਗਣਾਂ ਸੀ; ਜੇ ਤੂੰ ਆਪ ਆ ਕੇ ਜਗਾਇਆ, ਲੜ ਲਾਇਆ ਤੇ ਲਡਿਆਇਆ ਤਾਂ ਮੇਰੇ ਅੰਦਰ ਭੀ ਪ੍ਰੀਤ ਜਾਗੀ। ਪ੍ਰੀਤ ਵਿਚ ਮੈਂ ਭੁੱਲਦਾ ਬੀ ਢੇਰ ਹਾਂ, ਬਰਾਬਰੀ ਕਰ ਬੈਠਦਾ ਹਾਂ, ਘਬਰਾਕੇ ਸਿਦਕ ਤੋਂ ਡੋਲ ਖਲੋਂਦਾ ਹਾਂ, ਪਰ ਧੰਨ ਤੇਰਾ ਬਿਰਦ ਹੈ ਜੋ ਸਦਾ ਬਖਸ਼ਦਾ ਹੈ। ਹੇ ਉੱਚੇ ਸਤਿਗੁਰ ਨਾਨਕ ! ਹੇ ਨੀਵਿਆਂ ਵਿਚ ਆਕੇ ਵੱਸਣ ਵਾਲੇ ਸਤਿਗੁਰ ਨਾਨਕ ! ਹੇ ਪਿਆਰੇ, ਹੇ ਪਿਆਰੇ, ਹੇ ਪਿਆਰੇ। ਮੈਂ ਵਾਰੇ, ਮੈਂ ਵਾਰੇ, ਮੈਂ ਵਾਰੇ। ਜੇ ਤੁੱਠਾ ਹੈਂ ਤਾਂ ਐਨਾ ਲੰਮਾਂ ਵਿਛੋੜਾ ਮੈਨੂੰ ਫੇਰ ਕਦੇ ਨਾਂ ਦੇਈਂ। ਮੇਰੇ ਲੂੰ ਲੂੰ ਵਿਚ ਤੇਰੀ ਖਿੱਚ ਹੈ। ਜੀ ਤੂੰ ਵਿਛੁੜਦਾ ਹੈ ਤਾਂ ਖਿੱਚ ਦੀ ਤਣੀ ਕੱਸੀ ਜਾਂਦੀ ਹੈ ਤੇ ਓਹ ਕੱਸ ਮੈਥੋਂ ਝੱਲੀ ਨਹੀਂ ਜਾਂਦੀ। ਆਖ ਨਾ:-ਤੂੰ ਮੇਰਾ ਹੈਂ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਕਦੇ ਨਾ ਵਿਛੋੜਸਾਂ। ਹੇ ਨੀਵਿਆਂ ਦੇ ਮਿੱਤਰ, ਹੇ ਨਿਮਾਣਿਆਂ ਦੇ ਯਾਰ, ਹੇ ਨੀਚਾਂ ਦੇ ਸੰਗੀ ਸਾਥੀ ਰਹਿਕੇ ਉੱਪਰ ਚੁੱਕ ਲਿਜਾਣ ਵਾਲੇ ਉੱਚਿਆ! ਇਕ ਵਾਰ ਕਹੁ ਡੂੰਮਾਂ ਤੂੰ ਮੇਰੀ ਨਜ਼ਰੋਂ ਕਦੇ ਉਹਲੇ ਨਾ ਹੋਸੇਂ।
ਏਹ ਡਾਢੇ ਪਿਆਰ ਦੇ ਵਾਕ, "ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ"ਵਾਲੇ ਤਿੱਖੇ ਅਣੀਦਾਰ ਤੀਰ ਵਰਗੇ ਚੁਭਵੇਂ ਵਾਕ ਉਸ ਪ੍ਰੇਮ-ਅਵਤਾਰ ਦੇ ਹਿਰਦੇ ਤੇ ਅਸਰ ਕੀਤੇ ਬਿਨਾਂ ਕੀਕੂੰ ਲੰਘ ਸਕਦੇ ਸੀ, ਓਹ ਦੈਵੀਨੇਤ੍ਰ ਬੰਦ ਸਨ ਅਰ ਉਨ੍ਹਾਂ ਅੰਮ੍ਰਿਤ ਦੇ ਸੋਮਿਆਂ ਵਿਚ ਪਿਆਰ ਦੇ ਹੰਝੂ ਭਰ ਰਹੇ
ਸਨ। ਅਡੋਲ ਬੈਠੇ ਸਨ, ਪਰ ਪ੍ਯਾਰ ਸਾਰੀਆਂ ਤਰਬਾਂ ਵਿਚ ਝਰਨਾਟ ਛੇੜ ਰਿਹਾ ਸੀ ਤੇ ਪ੍ਰੇਮ ਦਾ ਸੰਗੀਤ ਹੋ ਰਿਹਾ ਸੀ। ਦਇਆ ਦੇ ਸਿੰਧੂ ਤੇ ਬਿਰਦ ਦੇ ਪ੍ਯਾਰੇ ਸਤਿਗੁਰੂ ਨੇ ਪੈਰਾਂ ਪਰ ਢੱਠੇ ਤੇ ਰੋ ਰੋਕੇ ਆਖਦੇ ਇਕ ਵਾਰ ਕਹੋ ਸਤਿਗੁਰ ਜੀ ਕਿ ਮਰਦਾਨਾ ਮੇਰਾ ਦਾਸ ਹੈ ਮਰਦਾਨੇ ਨੂੰ ਗਲ ਲਾ ਲਿਆ, ਸਿਰ ਤੇ ਹੱਥ ਫੇਰਿਆ ਤੇ ਆਖਿਆ-'ਮਰਦਾਨਿਆਂ ਤੂੰ ਧੰਨ ਹੈਂ ਤੂੰ ਧੰਨ ਹੈਂ !! ਮੰਗ ਜੋ ਮੰਗਣਾ ਹੈ।
ਹਾਏ! ਪ੍ਰੇਮੀਆਂ ਦੇ ਪ੍ਰੇਮ, ਤ੍ਯਾਗ ਤੇ ਕੁਰਬਾਨੀਆਂ, ਸਦਕੇ ਤੇ ਘੋਲ ਘੁਮਾਈਆਂ, ਕੈਸੀਆਂ ਅਸਚਰਜ ਹਨ? ਮਰਦਾਨਾਂ ਮੰਗ ਰਿਹਾ ਸੀ ਕਿ ਇਕ ਵਾਰ ਕਹਿ ਦੇਹ 'ਤੂੰ ਮੇਰਾ ਹੈਂ । ਜਦ ਪਿਆਰੇ ਨੇ ਕਿਹਾ ਕੁਛ ਮੰਗ ਤਾਂ ਆਪਣੇ ਲਈ ਜੋ ਮੰਗਦਾ ਸੀ ਭੁੱਲ ਗਿਆ, ਉਸ ਪ੍ਰੇਮ ਦੇ ਜਾਦੂ ਭਰੇ ਹੱਥਾਂ ਦੇ ਲਗਦਿਆਂ ਸਾਰ ਆਪਾ ਤਾਂ ਉਡ ਗਿਆ ਸੀ, ਮਰਦਾਨਾ ਕੀਹਦੇ ਲਈ ਕੁਛ ਮੰਗੇ? ਦੇਖੋ ਪ੍ਰੇਮ ਦਾ ਆਪਾਵਾਰ ਰੰਗ ! ਆਖਦਾ ਹੈ 'ਹੇ ਤੁੱਠਿਆ ਸਤਿਗੁਰਾ ! ਬੇਬੇ ਬੜਾ ਵਿਰਾਗ ਕਰ ਰਹੀ ਹੈ, ਜਿੱਦਾਂ ਮੈਂ ਥੋੜੇ ਦਿਨ ਵਿੱਛੁੜਕੇ ਵਿਆਕੁਲ ਰਿਹਾ ਹਾਂ, ਉਹ ਪਵਿੱਤ੍ਰ ਬੀਬੀ, ਉਹ ਸੱਚੀ ਪ੍ਰਕਾਸ਼ਮਾਨ ਦੇਵੀ, ਉਹ ਤੇਰੀ ਜੋਤ ਦੀ ਸੱਚੀ ਸਿੱਖ, ਸਿੱਖੀ ਦੇ ਸੱਚੇ ਸਿਦਕ ਵਿਚ ਰੋ ਰਹੀ ਹੈ, ਦਰਸ਼ਨ ਨੂੰ ਵਿਲਪਦੀ ਹੈ, ਹੇ ਚੰਗਿਆਂ ਤੋਂ ਚੰਗਿਆ ! ਹੇ ਉਚਿਆਂ ਤੋਂ ਉਚਿਆ। ਹੇ ਸਭ ਤੋਂ ਪਿਆਰਿਆ ! ਤੁੱਠਾ ਹੈਂ ਤਾਂ ਬੇਬੇ ਨੂੰ ਦਰਸ਼ਨ ਦੇਹ?' ਇਹ ਆਪਾ ਨਿਵਾਰ ਕੇ ਦੂਜੇ ਲਈ ਸੁਖ ਮੰਗਣ ਦਾ ਸੱਚਾ ਪ੍ਰੇਮ, ਇਹ ਗੁਰਸਿੱਖੀ ਦੀ ਦੈਵੀ ਸਾਂਝ, ਇਹ ਪੂਰਨ ਖੁਸ਼ੀ ਦੀਆਂ ਦਾਤਾਂ ਮਿਲਨ ਦੇ ਵੇਲੇ ਆਪਣੀ ਝੋਲੀ ਮੀਟ ਕੇ ਸਤਿਸੰਗੀ ਦੀ ਝੋਲੀ
ਦਾਤੇ ਦੇ ਅਗੇ ਕਰ ਦੇਣੀ ਕਿ ਘਰ ਆਈ ਖੈਰ ਐਥੇ ਪੈ ਜਾਵੇ, ਉਹ ਪ੍ਰੇਮ ਦਾ ਪ੍ਰੇਮ ਤੇ ਉਚੇ ਦਰਜੇ ਦਾ ਭਾਵ ਸੀ ਕਿ ਸਤਿਗੁਰ ਨੂੰ ਮਰਦਾਨਾ ਅਤਿ ਮਿੱਠਾ ਲੱਗ ਗਿਆ, ਅਪਨਾਇਆ ਗਿਆ ਤੇ ਵਾਕ ਹੋਇਆ: 'ਮਰਦਾਨਿਆ ਤੇਰਾ ਸਰੂਪ ਵਿੱਚ ਵਾਸ ਹੋਇਆ। ਸਤਿ ਕਰਤਾਰ, ਸਤਿ ਕਰਤਾਰ, ਪਰ ਲੱਗੀ ਸਮਾਧ ਤੋਂ ਆਤਮਰੰਗ ਵਿੱਚ ਡੁੱਬੇ ਤੇ ਹੁਣ ਉੱਚੇ ਮਹਾਂਰਸ ਵਿੱਚ ਐਸੀ ਨਿਮਗਨਤਾ ਵਿਚ ਗਏ ਮਰਦਾਨੇ ਨੂੰ ਕੁਛ ਪਤਾ ਨਹੀਂ ਰਿਹਾ। ਦ੍ਰਿਸ਼ਟਮਾਨ ਵਿੱਚ ਮਰਦਾਨਾ ਬਣਕੇ ਬੈਠੇ ਹੋਏ ਨੂੰ ਇਸ ਰੰਗ ਤੌਂ ਬੇਖਬਰੀ ਹੋ ਗਈ। ਉਸ ਰੂਪ ਵਿੱਚ ਜਾ ਰੰਗ ਖੁਲ੍ਹਾ ਕਿ ਪ੍ਰੇਮ ਤੇ ਰਸ ਵਿੱਚ ਰਸ ਰੂਪ ਰਸੀਆ ਵਾਹਿਗੁਰੂ ਜਾਣੇ ਕੀ ਹੋ ਗਿਆ ਪਰ ਜਦ ਉਸ ਰਸ ਤੇ ਰੰਗ ਤੇ ਬੇਖੁਦੀ ਦੀ ਮੌਜ ਵਿੱਚੋਂ - ਜੇ ਦੇਸ਼ ਕਾਲ ਤੋਂ ਪਰੇ ਵੱਸਦੀ ਹੈ- ਪਰਤਿਆ ਤਾਂ ਪਹਿਲਾ ਵਾਕ ਇਹੋ ਸੀ ਕਿ ਉਸ ਸਤਿਸੰਗ ਵਿੱਚ ਰੱਤੀ ਸੱਚੇ ਸਿਦਕ ਵਾਲੀ ਬੇਬੇ ਜੀ ਨੂੰ ਦਰਸ਼ਨ ਦਿਓ, ਤਾਂ ਮਰਦਾਨੇ ਦੇ ਕੰਨਾਂ ਨੇ ਅਵਾਜ਼ ਸੁਣੀ, 'ਸਤਿ ਕਰਤਾਰ, ਨਿਰੰਕਾਰ ਭਲੀ ਕਰੇਗਾ।
7
ਐਉਂ ਫਿਰਦੇ ਟੁਰਦੇ ਸੁਲਤਾਨ ਪੁਰ ਆਏ, ਬੀਬੀ ਨਾਨਕੀ-ਵੱਡੀ ਭੈਣ, ਤੇ ਸਤਿਗੁਰੂ ਜੀ ਨੂੰ ਸਭ ਤੋਂ ਪਹਿਲਾਂ ਗੁਰੂ ਪਛਾਣਨ ਵਾਲੀ ਸਿੱਖ- ਨੂੰ ਆਕੇ ਦਰਸ਼ਨ ਦਿੱਤੇ। ਏਥੋਂ ਫੇਰ ਤਲਵੰਡੀ ਆਏ। ਦੋ ਕੋਹ ਨਗਰੋਂ ਬਾਹਰ ਆ ਟਿਕੇ ਉਜਾੜ ਵਿਚ। ਕੁਛ ਚਿਰ ਮਗਰੋਂ ਮਰਦਾਨੇ ਪੁੱਛਿਆ, "ਜੀਉ ਹੁਕਮ ਹੋਵੈ ਤਾਂ ਘਰ ਜਾਵਾਂ, ਘਰ ਕੀ ਖਬਰਿ ਲੈ ਆਵਾਂ, ਦਿਖਾ ਅਸਾਡੇ ਆਦਮੀ ਕਿਉਂ ਕਰਿ ਹੈਨਿ, ਕੋਈ ਰਹਿਆ ਹੈ ਕਿ ਕੋਈ ਨਾਹੀ ਰਹਿਆ। ਤਦ ਬਾਬਾ ਹਸਿਆ, ਹੱਸ ਕਰ ਕਹਿਆ ‘ਮਰਦਾਨਿਆ ਤੇਰੇ ਆਦਮੀ ਮਰੇਂਗੇ ਤੂੰ ਸੰਸਾਰ ਕਿਉਂਕਰ ਰਖਹਿਗਾ? ਪਰ ਤੇਰੇ ਆਤਮੈ ਆਂਵਦੀ ਹੈ ਤਾਂ ਤੂੰ ਜਾਹਿ ਮਿਲਿ ਆਉ ਪਰ ਤੁਰਤ ਆਈ ਅਤੈ ਕਾਲੂ ਦੇ ਘਰਿ ਭੀ ਜਾਵੈਂ, ਅਸਾਡਾ ਨਾਉਂ ਲਈ ਨਾਹੀਂ। ਤਬ ਮਰਦਾਨਾ ਪੈਰੀਂ ਕਰ ਗਇਆ। ਤਲਵੰਡੀ ਆਇਆ, ਜਾਇ ਘਰ ਵਰਿਆ ਤਬ ਲੋਕ ਜੁੜ ਗਏ ਸਭਿ ਕੋਈ ਆਇ ਪੈਰੀਂ ਪਵੈ, ਅਤੈ ਸਭ ਲੋਕ ਆਖਿਨਿ ਜੋ ਮਰਦਾਨਾ ਡੂਮ ਹੈ ਪਰ ਨਾਨਕ ਦਾ ਸਾਇਆ ਹੈ। ਇਹ ਉਹ ਨਾਹੀਂ ਸੰਸਾਰ ਤੇ ਵਧਿ ਹੋਆ ਹੈ; ਜੋ ਆਂਵਦਾ ਹੈ ਸੋ ਆਇ ਪੈਰੀਂ ਪਵਦਾ ਹੈ। ' ਫੇਰ ਮਰਦਾਨਾ ਬਾਬੇ ਕਾਲੂ ਜੀ ਘਰ ਗਿਆ। ਉਥੇ ਸਾਰੇ ਮਿਲੇ, ਪਰ ਜਦ ਗੁਰ ਨਾਨਕ ਦੀ ਗਲ ਪੁੱਛਣ ਤਾਂ ਮਰਦਾਨਾ ਚੁੱਪ ਰਹੇ। ਫੇਰ ਮਰਦਾਨਾ ਹੋਰ ਗੱਲਾਂ ਬਾਤਾਂ ਕਰਕੇ ਉਠ ਟੁਰਿਆ। ਤਦ ਬਾਬੇ ਦੀ ਮਾਤਾ ਜੀ ਨੇ
---------------
ਸੋਚਿਆ ਏਹੁ ਜੋ ਤੁਰਤ ਵਿਹੜੇ ਵਿਚੋਂ ਚਲਾ ਗਿਆ ਹੈ, ਜ਼ਰੂਰ । ਮੇਰਾ ਨਾਨਕ ਆਇਆ ਹੈ ਤੇ ਕਿਤੇ ਬਾਹਰ ਹੈ। ਤਾਂ ਮਾਤਾ ਉਠਿ ਖੜੀ ਹੋਈ ਕੁਛ ਕਪੜੇ, ਕੁਛ ਮਿਠਿਆਈ ਲੇ ਕਰਿ ਪਿਛਹੁ ਜਾਕੇ ਮਰਦਾਨੇ ਨੂੰ ਆਇ ਮਿਲੀ ਤਾਂ ਆਖਿਓਸੁ ਮਰਦਾਨਿਆ ਮੈਨੂੰ ਨਾਨਕ ਮਿਲਾਇ! ਤਾਂ ਮਰਦਾਨਾ ਚੁਪ ਕਰ ਰਿਹਾ। "ਓਥਹੁਂ ਚਲੇ ਆਂਵਦੇ ਆਂਵਦੇ ਜਾਂ ਕੋਹਾਂ ਦੁਹੂਂ ਉਪਰਿ ਆਏ ਤਾਂ ਬਾਬਾ ਆਇ ਕਰ ਪੈਰੀਂ ਪਇਆ ਤਾਂ ਮਾਤਾ ਲੱਗੀ ਬੈਰਾਗ ਕਰਨ, ਸਿਰ ਚੁੰਮਿਓਸੁ ਆਖਿਓਸੁ ਹਉ ਵਾਰੀ ਹਉ ਵਾਰੀ ਬੇਟਾ, ਹਉ ਤੁਧ ਵਿਟਹੁ ਵਾਰੀ, ਤੇਰੇ ਨਾਉ ਵਿਟਹੁ ਵਾਰੀ, ਤੇਰੇ ਦਰਸਨ ਵਿਟਹੁ ਵਾਰੀ ਜਿਥੇ ਤੂੰ ਫਿਰਦਾ ਹੈ ਤਿਸ ਥਾਉ ਵਿਟਹੁ ਹਉ ਵਾਰੀ, ਤੁਧ ਨਿਹਾਲ ਕੀਤੀ ਮੈਨੂੰ ਆਪਣਾ ਮੁਹੁ ਵਿਖਾਲਿਆ ਤਬ ਬਾਬਾ ਮਾਤਾ ਕਾ ਹਿਤੁ ਦੇਖ ਕਰ ਗਦ ਗਦ ਹੋਇ ਗਇਆ।”2
ਥੋੜਾ ਹੀ ਚਿਰ ਤਲਵੰਡੀ ਠਹਿਰ ਕੇ ਸ੍ਰੀ ਗੁਰੂ ਜੀ ਓਥੋਂ ਫੇਰ ਟੁਰ ਪਏ। ਮਰਦਾਨਾ ਬੀ ਨਾਲ ਹੀ ਗਿਆ। ਪਹਿਲਾਂ ਰਾਵੀ ਵਲ ਤੇ ਫੇਰ ਝਨਾਂ ਵਲ ਗਏ। ਕਈ ਜੀਵ ਤਾਰੇ, ਕਈ ਕੌਤਕ ਵਰਤੇ। ਫੇਰ ਪਾਕਪਟਨ ਤੋਂ ਤ੍ਰੈਕ ਕੋਹ ਉਜਾੜ ਵਿੱਚ ਆ ਡੇਰਾ ਕੀਤਾ, ਏਥੇ ਸੇਖ ਬ੍ਰਹਮ ਨਾਲ ਗੋਸ਼ਟ ਹੋਈ। ਆਸਾ ਦੀ ਵਾਰ ਦੀਆਂ ਨੌ ਪਉੜੀਆਂ ਉਚਾਰ ਹੋਈਆਂ ਤੇ ਸ੍ਰੀ ਮਰਦਾਨਾ ਜੀ ਨੇ ਗਾਵੀਆਂ। ਸ਼ੇਖ ਦਾ ਭਲਾ ਕਰਕੇ ਆਪ ਦਿਪਾਲਪੁਰ ਆਏ ਤੇ ਇਕ ਕੋੜ੍ਹੀ ਦਾ ਨਿਸਤਾਰਾ ਕੀਤਾ। ਫੇਰ ਵੈਰੋਵਾਲ, ਜਲਾਲਾਵਾਦ ਤੋਂ ਕਿੜੀਆਂ ਪਠਾਣਾਂ ਦੀਆਂ ਵਿਚ ਆਏ। ਏਥੇ ਪਠਾਣ ਮੁਰੀਦ ਕੀਤੇ। ਫੇਰ ਵਟਾਲੇ ਆਏ ਤੇ ਏਥੋਂ ਸੈਦਪੁਰ ਭਾਈ ਲਾਲੋ ਜੀ
--------------------
ਪਾਸ ਗਏ। ਮਰਦਾਨਾ ਸਾਰੇ ਸਫਰ ਵਿਚ ਅੰਗ ਸੰਗ ਸੀ। ਸੈਦਪੁਰ (ਏਮਨਾਬਾਦ) ਵਿਚ ਬਾਬਰ ਦੇ ਜ਼ੁਲਮ ਵਰਤੇ, ਓਹ ਕਹਿਰ ਦੇ ਨਜ਼ਾਰੇ ਮਰਦਾਨੇ ਨੇ ਬੀ ਤੱਕੇ। ਇਕ ਦਿਨ ਮਰਦਾਨੇ ਨੇ ਪੁੱਛਿਆ ਜੀਓ ਭੁੱਲ ਤਾਂ ਏਥੋਂ ਦੇ ਇਕ ਨਵਾਬ ਦੀ ਸੀ ਜਿਨ ਬਾਬਰ ਦਾ ਕਿਹਾ ਨਾ ਮੰਨਿਆ, ਇਸ ਬਾਬਰ ਨੇ ਸਾਰੇ ਕਿਉਂ ਮਾਰੇ। ਤਦ ਗੁਰੂ ਜੀ ਨੇ ਆਖਿਆ, ਜਾਹ ਉਸ ਬਿਰਛ ਹੇਠ ਸੌ ਰਹੁ। ਮਰਦਾਨੇ ਦੇ ਸੀਨੇ ਤੇ ਇੱਕ ਬੂੰਦ ਥਿੰਧੇ ਕਿ ਮਿੱਠੇ ਦੀ ਪਈ ਸੀ ਰੋਟੀ ਖਾਂਦਿਆਂ, ਜਾਂ ਸੁੱਤਾ ਤਾਂ ਕੀੜੀਆਂ ਚੜ ਗਈਆਂ, ਇਕ ਕੀੜੀ ਲੜ ਬੀ ਗਈ, ਮਰਦਾਨੇ ਨੇ ਕਾਹਲੀ ਵਿੱਚ ਹੱਥ ਮਾਰਿਆ ਤਾਂ ਅਨੇਕਾਂ ਕੀੜੀਆਂ ਮਰ ਗਈਆਂ। ਤਦ ਗੁਰੂ ਜੀ ਹੱਸੇ ਤੇ ਕਹਿਣ ਲਗੇ ਮਰਦਾਨਿਆਂ ਇਹ ਕੀ ਕੀਤਾ ਈ? ਲੜੀ ਆ ਇਕ ਤੇ ਮਾਰ ਕਿੰਨੀਆਂ ਘੱਤੀਆਂ ਨੀ? ਤਾਂ ਮਰਦਾਨੇ ਨੂੰ ਸੋਝੀ ਆਈ ਕਿ ਮੈਂ ਨੀਂਦ ਦੀ ਗਫਲਤ ਵਿੱਚ ਸਾਂ ਜੋ ਇਕ ਲੜੀ ਤੇ ਹੱਥ ਸਾਰੀਆਂ ਤੇ ਜਾ ਵੱਜਾ, ਤਿਵੇਂ ਏਹ ਬਾਬਰ ਵਰਗੇ ਮਾਯਾ ਵਿਚ ਸੁੱਤੇ ਪਏ ਲੋਕ ਸ੍ਰਿਸ਼ਟੀ ਕਤਲ ਕਰ ਰਹੇ ਹਨ।
ਏਥੋਂ ਮੀਏ ਮਿੱਠੇ ਦੇ ਕੋਟਲੇ ਨੂੰ ਗਏ, ਉਸਦਾ ਉਧਾਰ ਕੀਤਾ। ਓਥੇ ਬੀ ਮਰਦਾਨਾ ਨਾਲ ਸੀ ਤੇ ਕੀਰਤਨ ਕਰਦਾ ਸੀ। ਏਥੋਂ ਉੱਠਕੇ ਲਾਹੌਰ ਆਏ ਤੇ ਦੁਨੀਚੰਦ ਦਾ ਨਿਸਤਾਰਾ ਕੀਤਾ; ੧੫ ਪਉੜੀਆਂ ਆਸਾ ਦੀ ਵਾਰ ਦੀਆਂ ਏਥੇ ਉਚਾਰ ਹੋਈਆਂ। ਇਹ ਬੀ ਮਰਦਾਨੇ ਨੇ ਗਾਵੀਆਂ ਰਬਾਬ ਨਾਲ। ਏਥੋਂ ਟੁਰਕੇ ਗੁਰੂ ਜੀ ਹੁਣ ਤਲਵੰਡੀ ਆਏ ਤੇ ਕੁਛ ਚਿਰ ਘਰ ਰਹੇ।
ਹੁਣ ਗੁਰੂ ਜੀ ਤਲਵੰਡੀ ਟਿਕ ਗਏ, ਪਤਾ ਲਗਦਾ ਹੈ ਪੁ: ਜ: ਸਾਖੀ ਦੀ ਲਿਖਤ ਤੋਂ ਕਿ ਪਹਿਰ ਰਾਤ ਰਹਿੰਦੀ ਨੂੰ ਏਥੇ ਕੀਰਤਨ ਹੁੰਦਾ ਸੀ । ਆਸਾ ਦੀ ਵਾਰ ਬਣ ਚੁਕੀ ਸੀ, ਮਰਦਾਨਾ
ਬੀ ਏਥੇ ਹੀ ਅਪਣੇ ਘਰ ਸੀ। ਸੋ ਤ੍ਰਿਪਹਿਰੇ ਵੇਲੇ ਵਾਰ ਦਾ ਆਰੰਭ ਏਥੋ ਹੀ ਤੁਰ ਪਿਆ ਸਹੀ ਹੁੰਦਾ ਹੈ।3
ਏਥੇ ਰਹਿਕੇ ਰਾਇ, ਮਾਤਾ ਪਿਤਾ ਦਾ ਨਿਸਤਾਰਾ ਕੀਤਾ। ਓਹਨਾਂ ਦੇ ਨੈਣ ਖੁੱਲ੍ਹੇ ਤੇ ਵਾਹਿਗੁਰੂ ਦੇ ਦਰਸ਼ਨ ਪਾਕੇ ਜੀਉ ਪਏ ਨਵੇਂ ਆਤਮ ਜੀਵਨ ਵਿਚ, ਜੋ ਉਨ੍ਹਾਂ ਦੇ ਸਪੂਤ ਨੇ ਜਗਤ ਨੂੰ ਅਰਸ਼ਾਂ ਤੋਂ ਲਿਆਕੇ ਦਿੱਤਾ ਸੀ। ਤਾਰੂ ਪੋਪਟ ਆਦਿ ਕਈ ਸਿੱਖ ਏਥੇ ਤਰੇ। ਫੇਰ ਗੁਰੂ ਜੀ ਇਥੋਂ ਉੱਠ ਟੁਰੇ ਤੇ ਰਾਵੀ ਦੇ ਕੰਢੇ ਕੰਢੇ ਲਾਹੌਰੋਂ ਬੀ ਦੂਰ ਉਪਰ ਨਿਕਲ ਗਏ। ਮਰਦਾਨਾ ਨਾਲੇ ਗਿਆ, ਓਥੇ ਦੋਦੇ ਪਿੰਡ ਪਾਸ ਜਾ ਡੇਰੇ ਲਾਏ। ਏਥੇ ਹੀ ਕਰੋੜੀਏ ਦੀ ਸਾਖੀ ਵਰਤੀ ਜੋ ਪਹਿਲਾਂ ਤਾਂ ਗੁਰੂ ਜੀ ਨੂੰ ਮਾਰਨ ਆਇਆ ਸੀ, ਪਰ ਫੇਰ ਸਿੱਖ ਹੋਇਆ ਤੇ ਏਸੇ ਹੀ ਕਰਤਾਰਪੁਰ ਬੱਧਾ। ਜਾਪਦਾ ਹੈ ਕਿ ਮਰਦਾਨਾ ਬੀ ਏਥੇ ਹੀ ਆ ਰਿਹਾ। ਬਾਬਾ ਕਾਲੂ ਪਰਵਾਰ ਸਣੇ ਏਥੇ ਆ ਗਿਆ। ਲੋਕੀਂ ਸਿਖ ਲਗੇ ਹੋਣ, ਸੰਗਤਾਂ ਬਣ ਗਈਆਂ, ਬਾਬੇ ਭੇਖ ਉਤਾਰਿਆ, "ਇਕ ਚਾਦਰ ਤੇੜ ਇਕ ਉਪਰ, ਇਕ ਪਟਕਾ ਸਿਰ, ਨਿਰੰਕਾਰ ਨਿਰੰਜਨ ਦਾ ਰੂਪ ਧਾਰਿਆ, ਜਗਤ ਨਿਸਤਾਰਨ ਕੇ ਤਾਈਂ।"4 "ਤਬ ਨਾਨਕ ਕੈ ਘਰ ਏਕੋ ਨਾਮ ਵਖਾਣੀਐ" ਬਹੁਤ ਉਸਤਤ ਹੋਵਨ ਲਗੀ, ਖਰਾ ਬਹੁਤ ਗਉਗਾ ਹੋਇਆ। ਜੋ ਕੋਈ ਹਿੰਦੂ ਮੁਸਲਮਾਨ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗ੍ਰਿਹਸਤੀ, ਬੈਰਾਗੀ, ਖਾਨ, ਖ੍ਵਾਨੀਨ, ਉਮਰੇ, ਉਮਰਾਉ,
----------------
3.ਭਾਈ ਗੁਰਦਾਸ ਜੀ ਨੇ 'ਅੰਮ੍ਰਿਤ ਵੇਲੇ ਜਾਪ ਉਚਾਰਾ ਕਰਤਾਰ ਪੁਰ ਵਿਚ ਦੱਸਿਆ ਹੈ।
ਜਪੁਜੀ ਦਾ ਪਾਠ ਸਵੇਰੇ ਹੀ ਹੁੰਦਾ ਹੈ ਤੇ ਆਪ ਨੇ ਬੀ ਉਚਾਰਨ ਹੀ ਲਿਖਿਆ ਹੈ, ਜਪੁਜੀ ਦਾ ਕੀਰਤਨ ਨਹੀਂ ਲਿਖਿਆ।
4.ਪੁਰਾਤਨ ਜ: ਸਾਖੀ।
ਕ੍ਰੋੜੀਏ, ਜ਼ਿਮੀਦਾਰ, ਭੂਮੀਏ ਜੋਕੋ ਆਵੈ ਸੋ ਪਰਚਾ ਜਾਵੈ। ਸਭੇ ਲੋਕ ਉਸਤਤ ਕਰਨ।
ਇਥੇ ਸਤਿਸੰਗ ਮੰਡਲ ਸਾਜਕੇ ਆਪ ਨੇ ਦੂਜੀ ਉਦਾਸੀ ਕੀਤੀ, ਦੱਖਣ ਨੂੰ ਗਏ। ਐਤਕੀ ਆਪਦੇ ਨਾਲ ਸੈਦੋ ਅਤੇ ਸੀਹੋ ਨਾਮੇ ਦੋ ਸਿਖ ਸਨ। ਜਾਪਦਾ ਹੈ ਕਿ ਮਰਦਾਨੇ ਨੂੰ ਪਿਛੇ ਛੋੜ ਗਏ ਸਨ ਕਿ ਕਰਤਾਰਪੁਰ ਵਿਚ ਜੋ ਰਹੁਰੀਤ ਕੀਰਤਨ ਦੀ ਟੋਰੀ ਹੈ ਸੋ ਜਾਰੀ ਰਹੇ ਤੇ ਸਤਿਸੰਗ ਦਾ ਪ੍ਰਵਾਹ ਟੁਰਿਆ ਰਹੇ। ਦੱਖਣ ਨੂੰ ਜਾਂਦੇ ਤੇ ਆਉਂਦੇ ਅਨੇਕਾਂ ਲੋਕ ਤਾਰੇ, ਜਿਨ੍ਹਾਂ ਦੇ ਵਿਸਥਾਰ ਹੈਨ, ਪ੍ਰੋਜਨ ਸੰਗਲਾਦੀਪ ਦੇ ਉਪਰ ਵਾਰ 'ਜਾਫਨਾਪਟਮ ਤੋਂ ਉਤਰਕੇ ਰਾਜੇ ਸ਼ਿਵਨਾਭ ਨੂੰ ਤਾਰਨ ਦਾ ਸੀ। ਓਥੇ ਗੁਰ ਸਿੱਖੀ ਦਾ ਬਹੁਤ ਵਿਸਥਾਰ ਹੋਇਆ। ਸੰਗਤ ਬਣੀ, ਰਾਜੇ ਨੂੰ ਮੰਜੀ ਮਿਲੀ ਤੇ ਸਤਿਗੁਰੂ ਜੀ ਉਪਕਾਰੀ ਬੱਦਲਾਂ ਵਾਂਗੂੰ ਫੇਰ ਥਾਂ ਥਾਂ ਵਸਦੇ ਤੇ ਮਿਹਰਾਂ ਕਰਦੇ ਕਰਤਾਰਪੁਰ ਆ ਗਏ। ਕੁਛ ਕਾਲ ਰਹਿਕੇ ਤੇ ਸੰਗਤਾਂ ਨੂੰ ਨਿਹਾਲ ਕਰਕੇ ਫੇਰ ਉਤ੍ਰਾਖੰਡ ਦੀ ਉਦਾਸੀ ਕੀਤੀ। ਇਸ ਉਦਾਸੀ ਵਿਚ ਬੀ ਮਰਦਾਨਾ ਨਾਲ ਨਹੀਂ ਲਿਆ। ਇਸ ਵੇਰੀ ਨਾਲ ਹੱਸੂ ਲੁਹਾਰ ਤੇ ਸੀਹਾਂ ਛੀਂਬਾ ਸੀ। ਆਪ ਪਹਿਲਾਂ ਕਸ਼ਮੀਰ ਗਏ ਤੇ ਓਥੇ ਲੋਕਾਂ ਨੂੰ ਤਾਰਦੇ ਸੁਮੇਰ ਜਾ ਚੜ੍ਹੇ ਜਿਸਦਾ ਭਾਵ ਜਾਪਦਾ ਹੈ ਕਿ ਆਪ ਮਾਨ ਸਰੋਵਰ ਦੇ ਪਾਸ ਕੈਲਾਸ਼ ਪਰਬਤ ਦੇ ਜਾ ਨਿਕਟ ਪਹੁੰਚੇ। ਸਾਰੇ ਰਸਤੇ ਵਿਚ ਅਜੇ ਆਪ ਦੀ ਸਿਖੀ ਦੇ ਨਿਸ਼ਾਨ ਮਿਲਦੇ ਹਨ। ਮਾਨ ਸਰੋਵਰ ਤੋਂ ਸਿੱਧਾਂ ਨਾਲ ਚਰਚਾ ਹੋਈ ਤੇ ਓਹ ਹਾਰੇ ਤੇ ਓਸ ਸਾਰੇ ਇਲਾਕੇ ਵਿਚ ਕੰਨਪਾਟਿਆਂ ਜੋਗੀਆਂ ਦੀ ਮਾਨਤਾ ਉਡ ਗਈ। ਇਸ ਤਰ੍ਹਾਂ ਸਾਰੇ ਉਤਰਾਖੰਡ ਦਾ ਚੱਕਰ ਲਾਕੇ ਤੇ ਉਪਦੇਸ਼ ਦ੍ਰਿੜਾਕੇ ਆਪ ਫੇਰ ਕਰਤਾਰਪੁਰ ਆਏ। ਕੁਛ ਸਮਾਂ
ਕਰਤਾਰ ਪੁਰ ਰਹਿਕੇ ਇਥੋਂ ਦੀ ਸਤਿਸੰਗ ਵਾੜੀ ਨੂੰ ਸੁਰਜੀਤ ਕੀਤਾ। ਫੇਰ ਆਪ ਦਾ ਚਿਤ ਪੱਛੋਂ ਵਾਲੇ ਦੇਸਾਂ ਵਿਚ ਦੌਰਾ ਕਰਨ ਦਾ ਕੀਤਾ ਸੋ ਆਪ ਹਾਜੀਆਂ ਦਾ ਵੇਸ ਧਾਰਕੇ ਮੱਕੇ ਵੱਲ ਨੂੰ ਉਠ ਟੁਰੇ ਤੇ ਮਦੀਨੇ ਬਗ਼ਦਾਦ ਆਦਿਕ ਥਾਈਂ ਹੋਕੇ ਈਰਾਨ ਤੇ ਅਫਗਾਨਿਸਤਾਨ ਵਿੱਚ 'ਸੱਚ ਦਾ ਪੱਲੂ ਫੇਰਦੇ ਦੇਸ਼ ਆਏ। ਏਸ ਉਦਾਸੀ ਵਿਚ ਨਾਲ ਕੌਣ ਸੀ, ਪੁਰਾਤਨ ਜਨਮਸਾਖੀ ਤੋਂ ਪਤਾ ਨਹੀਂ ਚਲਦਾ, ਪਰ ਭਾਈ ਗੁਰਦਾਸ ਜੀ ਬਗ਼ਦਾਦ ਦੇ ਜ਼ਿਕਰ ਵੇਲੇ ਦੱਸਦੇ ਹਨ ਕਿ:-
ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।
ਭਾਈ ਮਨੀ ਸਿੰਘ ਜੀ ਨੇ ਬੀ ਭਾਈ ਮਰਦਾਨੇ ਦਾ ਹੀ ਨਾਲ ਹੋਣਾ ਦੱਸਿਆ ਹੈ ਤੇ ਤਿਵੇਂ ਹੀ ਬਾਲੇ ਵਾਲੀ ਸਾਖੀ ਨੇ। ਇਸ ਉਦਾਸੀ ਵਿਚ ਜੋ ਪਹਿਲਾਂ ਗੁਜਰਾਤ ਵਾਲੇ ਪਾਸੇ, ਓਥੋਂ ਮਕੇ ਮਦੀਨੇ ਤੇ ਬਗਦਾਦ ਨੂੰ ਹੋਈ ਕੌਤਕ ਵਰਤੇ, ਅਨੇਕਾਂ ਦੇ ਉਧਾਰ ਹੋਏ ਜੋ ਵਿਸਥਾਰ ਵਾਲੇ ਪ੍ਰਸੰਗ ਹੈਨ, ਅੰਤ ਸ੍ਰੀ ਗੁਰੂ ਜੀ ਫੇਰ ਕਰਤਾਰ ਪੁਰ ਆਏ।
8
ਹੁਣ ਗੁਰੂ ਜੀ ਕਰਤਾਰ ਪੁਰ ਟਿਕ ਗਏ। ਵਿਚੋਂ ਫੇਰ ਇਕ ਉਦਾਸੀ ਹੋਈ ਹੈ ਜਿਸਨੂੰ ਪੰਜਵੀਂ ਆਖਦੇ ਹਨ, ਪਰ ਇਸਦਾ ਵੇਰਵਾ ਅਜੇ ਖੋਜ ਤਲਬ ਹੈ। ਮਰਦਾਨਾ ਸ੍ਰੀ ਕਰਤਾਰ ਪੁਰ ਟਿਕਿਆ ਰਿਹਾ ਤੇ ਕੀਰਤਨ ਦੀ ਸੇਵਾ ਕਰਦਾ ਰਿਹਾ। ਆਪ ਹੁਣ ਉਹ ਉਸ ਪੂਰਨ ਸੁਖ ਨੂੰ ਪਹੁੰਚ ਚੁਕਾ ਸੀ ਜਿਸਨੂੰ ਆਤਮ ਸੁਖ ਆਖਣਾ ਚਾਹੀਏ। ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇਕ ਦਿਨ ਸ੍ਰੀ ਗੁਰੂ ਜੀ ਅਪਣੇ ਧਿਆਨ ਮਗਨ ਬੈਠੇ ਸਨ, ਆਪ ਦਿਲ ਦੀ ਸੱਚੀ ਏਕਾਂਤ ਵਿਚ ਸਨ, ਏਕਾਂਤ ਵਿਚ ਅਨੰਤ ਦੇ ਸ਼ਹੁ ਵਿਚ ਤਾਰੀਆਂ ਲਾ ਰਹੇ ਸਨ ਕਿ ਭਾਈ ਮਰਦਾਨਾ ਆ ਗਿਆ ਤੇ ਅਰਦਾਸ ਕਰਨ ਲਗਾ, ਹੇ ਗੁਰੂ ਬਾਬਾ ਜੀ ਆਪ ਅਜ ਅਗੰਮ ਅਨੰਤ ਤੇ ਬੇਅੰਤ ਬੇਸ਼ੁਮਾਰ ਵਿਚ ਰੰਗੇ ਹੋਏ ਕਿਸੇ ਅਚਰਜ ਘਰ ਵਿਚ ਹੋ ਕੁਛ ਦਾਸ ਨੂੰ ਬੀ ਮਿਹਰ ਕਰੋ ਤਾਂ ਸ੍ਰੀ ਗੁਰੂ ਜੀ ਬੋਲੇ:- ਜੀਵ ਨੂੰ ਲੋੜੀਏ ਕਿ ਅਪਣੇ ਮਨ ਨੂੰ ਆਪ ਸਮਝਾਇਆ ਕਰੇ, ਕਿਉਂਕਿ ਮਨ ਦਾ ਸੁਭਾਉ ਹੈ ਦਿੱਸਣ ਵਾਲੇ ਜਗਤ ਵਲ ਰੁਖ ਰਖਕੇ ਇਸ ਵਿਚ ਭੁੱਲ ਜਾਣਾ ਤੇ ਅੰਦਰਲੇ ਸੁਖ ਵਲੋਂ ਅਚੇਤ ਹੋ ਜਾਣਾ, ਸੋ ਇਸਨੂੰ ਆਪ ਸਮਝਾਉਣਾ ਚਾਹੀਦਾ ਹੈ ਕਿ ਹੇ ਮਨ ਅਵਗੁਣਾਂ ਨੂੰ ਛਡ ਜੋ ਤੈਨੂੰ ਆਪਣੇ ਵਿਚ ਖਿੱਚ ਕੇ ਅਚੇਤ ਕਰ ਦੇਂਦੇ ਹਨ, ਤੂੰ ਔਗੁਣ ਦੂਰ ਕਰ ਤੇ ਗੁਣਾਂ ਵਿਚ ਆਪੇ ਨੂੰ ਸਮਾ ਲੈ। ਔਗੁਣਾਂ ਵਿਚ ਤੂੰ ਸੁਆਦਾਂ ਦੇ ਕਾਰਨ ਲਿਪਟ ਜਾਂਦਾ ਹੈ, ਫੇਰ ਤੂੰ ਮਾੜੇ ਕਰਮ ਕਰਦਾ ਹੈਂ, ਉਹ ਤੈਨੂੰ ਨਾਮ ਤੋਂ ਵਿਛੋੜ ਦੇਂਦੇ ਹੈਨ ਤੇ ਫੇਰ ਮਿਲਨ ਨਹੀਂ ਦੇਂਦੇ, ਇਉਂ ਕਠਨਤਾ ਨਾਲ ਤਰੇ ਜਾਣ ਵਾਲੇ ਨੂੰ ਕਿਵੇਂ ਤਰਸੇਂ? ਫੇਰ ਅੱਗੇ ਜਮ ਦਾ ਪੈਂਡਾ ਬੜਾ ਔਖਾ ਹੈ
ਉਸ ਤੋਂ ਡਰਨਾ ਲੋੜੀਏ। ਹੇ ਮਨ ਤੂੰ ਪਰਮੇਸ਼ਰ ਨੂੰ ਨਹੀਂ ਪਛਾਣਿਆ, ਸੰਝ ਤੋਂ ਸਵੇਰ ਤੇ ਸਵੇਰ ਤੋਂ ਸੰਝ ਤੱਕ ਇਨ੍ਹਾਂ ਵਿਚ ਹੀ ਫਸਿਆ ਰਿਹਾ, ਜਦੋਂ ਔਖੇ ਪੈਂਡੇ ਵਿਚ ਫਸੇਗਾ ਦੱਸ ਤਦੋਂ ਕੀ ਕਰੇਂਗਾ? ਹੇ ਮਨ ਇਨ੍ਹਾਂ ਬੰਧਨਾਂ ਵਿਚ ਬੱਝਾ ਤੂੰ ਅਜੇ ਬੀ ਛੁੱਟ ਸਕਦਾ ਹੈ, ਜੇ ਕਰ ਗੁਰੂ ਦੁਆਰੇ ਪਰਮੇਸ਼ਰ ਦਾ ਸਿਮਰਨ ਕਰੇਂ ।।੧।। ਉਹ ਇਸ ਤਰ੍ਹਾਂ ਕਰ ਕਿ ਆਲ ਜੰਜਾਲ ਨੂੰ ਛਡ ਦੇਹ। ਔਲਾਦ ਦੇ ਪਾਏ ਬੰਧਨ ਤੇ ਹੋਰ ਮਾਇਆ ਦੇ ਜੰਜਾਲ ਜਿਨ੍ਹਾਂ ਦੇ ਮੋਹ ਰੂਪ ਤਣਾਉ ਵਿਚ ਹੇ ਮਨ ਤੂੰ ਫਸ ਗਿਆ ਹੈ ਉਹਨਾਂ ਵਿਚੋਂ ਆਪ ਨੂੰ ਕੱਢ ਤੇ ਉਨ੍ਹਾਂ ਦੀ ਥਾਵੇਂ ਵਾਹਿਗੁਰੂ ਪਰਮੇਸ਼ਰ ਸਾਰੇ ਵ੍ਯਾਪਕ ਜਗਤ ਤੋਂ ਨਿਰਾਲੇ ਪੁਰਖ ਦੀ ਸੇਵਾ ਕਰ। ਉਸ ਦੀ ਸੇਵਾ ਦਾ ਕੀ ਢੱਬ ਹੈ। ਉਹ ਇਹ ਹੈ ਕਿ ਹੇ ਮਨ ਆਪਣੇ ਵਿਚ ਉਸ ਨੂੰ ਵਸਾ- ਉਸਦਾ ਸਿਮਰਨ ਕਰ, ਯਾਦ ਰੱਖ, ਯਾਦੋਂ ਵਿਸਿਮਰਣ ਨਾ ਹੋਣ ਦੇਹ। ਗੁਰੂ ਨੇ ਤੈਨੂੰ ਦਿਖਾ ਦਿਤਾ ਹੈ ਕਿ ਇਹ ਜਗਤ ਕਰਤੇ ਪੁਰਖ ਦਾ ਇਕ ਖੇਲ ਹੈ, ਜੋ ਪਉਣ ਪਾਣੀ ਅਗਨੀ ਆਦਿ ਤੱਤ ਮੇਲ ਕੇ ਰਚਿਆ ਹੈ। ਹੇ ਮਨ ਤੂੰ ਆਪ ਇਹ ਵਿਚਾਰ ਕਰ, ਤੇ ਨਾਲੇ ਇਹ ਕਾਰਜ ਕਰ, ਸਰੀਰ ਤੇ ਇੰਦ੍ਰੀਆਂ ਨੂੰ ਸੰਜਮ ਵਿਚ ਰੱਖ, ਜਪ ਤੇ ਤਪ ਕਰ ਜੋ ਤੂੰ ਪਵਿੱਤ੍ਰ ਰਹੇ ਅਤੇ ਪਰਮੇਸ਼ਰ ਦਾ ਨਾਮ ਹਿਰਦੇ ਵਿਚ ਧਾਰਨ ਕਰੀ ਰੱਖ। ਪਰਮੇਸ਼ਰ ਦਾ ਨਾਮ ਹੀ ਸੌਖਾ ਹੈ, ਇਹੀ ਸੱਚਾ ਸਾਕ ਹੈ, ਇਹੀ ਪ੍ਯਾਰਾ ਹੈ ਤੇ ਇਹੀ ਪ੍ਰੀਤਮ ਹੈ।। ੨।। ਫੇਰ ਇਉਂ ਮਨ ਨੂੰ ਸਮਝਾਵੇ ਕਿ ਹੇ ਭਲੇ ਲੋਕ ਇਸ ਰਹਿਣੀ ਵਿਚ ਥਿਰ ਹੋ ਜਾਹ, ਮਤਾਂ ਕਿਤੇ ਠੁਹਕਰ ਖਾਂਦਾ ਹੋਵੇਂ। ਜੇ ਤੂੰ ਥਿਰ ਰਹੇਂਗਾ ਠੁਹਕਰ ਨਹੀਂ ਖਾਂਵੇਗਾ ਤਾਂ ਜਮ ਦੀ ਚੋਟ ਬੀ ਨਹੀਂ ਸਹਾਰੇਂਗਾ ! ਜੇ ਤੂੰ ਪਰਮੇਸ਼ਰ ਦੀ ਸਿਫਤ ਸਲਾਹ ਵਿਚ ਰਤਾ ਰਹੇਂਗਾ ਤਾਂ ਤੇਰਾ ਵਾਸਾ ਸਹਿਜ ਸੁਖ ਵਿਚ ਹੋਵੇਗਾ। ਤੂੰ ਨਿਰਯਤਨ ਸੁਖ, ਟਿਕਾਉ
ਤੇ ਪਰਮੇਸ਼ਰ ਦੇ ਸਰੂਪ ਵਿਚ ਸਮਾਏ ਰਹਿਣ ਦੀ ਅਵਸਥਾ ਵਿਚ ਰਹੇਂਗਾ। ਹਾਂ ਮਰਦਾਨਿਆਂ ! ਕਹੁ ਆਪਣੇ ਮਨ ਨੂੰ ਕੇ ਮੇਰੇ ਮਨ! ਪਰਮੇਸ਼ਰ ਦੇ ਗੁਣ ਗਾਉਂ, ਗਾਉਂ ਗਾਉਂ ਕੇ ਸਿਫਤੀ (ਪਰਮੇਸ਼ਰ) ਦੇ ਰਸ ਵਿਚ ਰਸਿਆ ਰਹੁ ਤੇ ਗੁਰੂ ਦੇ ਗਿਆਨ ਰੂਪੀ ਸੁਰਮੇ ਨੂੰ ਨੈਣਾਂ ਵਿਚ ਪਾਈ ਰਖ । ਸ਼ਬਦ ਦੁਆਰਾ (ਹੀ ਜੋ) ਚਾਨਣ (ਗਿਆਨ) ਪ੍ਰਾਪਤ ਹੁੰਦਾ ਹੈ ਓਹ ਤ੍ਰੈਲੋਕੀ ਦਾ ਦੀਪਕ ਹੈ। ਉਸੇ ਚਾਨਣੇ ਨੂੰ ਪਾਕੇ ਪੰਚ ਦੂਤ ਦਿੱਸ ਪੈਂਦੇ ਅਤੇ ਮਾਰ ਲਈਦੇ ਹਨ। ਜਿਨ੍ਹਾਂ ਦੇ ਮਰ ਜਾਣ ਨਾਲ ਭੈ ਕੱਟਿਆ ਜਾਂਦਾ ਹੈ, ਨਿਰਭਉ ਹੋ ਜਾਈਦਾ ਹੈ, ਤੇ ਦੁਸਤਰ (ਸੰਸਾਰ) ਤਰ ਲਈਦਾ ਹੈ, ਪਰ ਇਹ ਸਾਰੇ ਕਾਰਜ ਗੁਰੂ ਨੂੰ ਮਿਲਿਆਂ ਸੌਰਦੇ ਹਨ। ਹੇ ਮਨ! ਹੁਣ ਤੂੰ ਰੂਪ ਰੰਗ ਵਿਚ ਫਸ ਰਿਹਾ ਹੈ। ਜਦ ਕਾਰਜ ਸੌਰ ਜਾਣਗੇ ਤਾਂ ਹਰੀ ਹੀ ਤੇਰਾ ਰੂਪ ਰੰਗ ਹੋਵੇਗਾ ਪਿਆਰ ਭੀ ਤੇਰਾ ਉਸੇ ਨਾਲ ਹੋਵੇਗਾ, ਤੇ ਓਧਰੋਂ ਪਰਮੇਸ਼ਰ ਭੀ ਤੈਨੂੰ ਪਿਆਰ ਕਰੇਗਾ। ਐਸੀ ਕ੍ਰਿਪਾ ਤੇਰੇ ਤੇ ਓਹ ਕਰੇਗਾ। ਵਾ ਹੇ ਮਰਦਾਨੇ! ਇਹ ਮਨ ਮੁੜ ਮੁੜ ਦਿੱਸਦੇ ਸੰਸਾਰ ਵਲ ਧਾਵਦਾ ਹੈ। ਇਸਨੂੰ ਪੁਨਾ ਪੁਨਾ ਵਿਰਾਗ ਦੀ ਚੋਟ ਲਾਣੀ ਚਾਹੀਏ। ਕਹੁ ਇਸ ਨੂੰ ਹੇ ਮਨ ! ਤੂੰ ਖਾਲੀ ਆਇਆ ਸੈਂ, ਖਾਲੀ ਜਾਵੇਂਗਾ। ਨਾ ਤੇਰੇ ਨਾਲ ਕੋਈ ਪਦਾਰਥ ਆਇਆ ਸੀ ਨਾਂ ਨਾਲ ਜਾਵੇਗਾ। ਇਸ ਮਾਇਆ ਦੇ ਪਦਾਰਥਾਂ ਦੇ ਪਿਆਰ ਨੂੰ ਛੱਡ। ਇਹ ਜੋ ਤੈਨੂੰ ਭਰਮ ਹੈ ਕਿ ਖਬਰੇ ਕੁਝ ਹੈ ਕਿ ਖਬਰੇ ਕੁਝ ਹੈ ਕਿ ਨਹੀਂ ਤੇ ਪਦਾਰਥ ਸੱਚੇ ਜਾਣਦਾ ਹੈ, ਇਹ ਦੂਰ ਕਰ ਤਾਂ ਤੂੰ ਮਾਇਆ ਜਾਲ ਤੋਂ ਛੁੱਟੇਂਗਾ। ਇਹ ਭਰਮ ਤਦ ਛੁੱਟਸੀ ਜੇ ਤੂੰ ਸੱਚਾ ਧਨ ਕੱਠਾ ਕਰਨ ਲਗ ਪਵੇਂ। ਸਚਾ ਧਨ ਕੀਹ ਹੈ? ਪਰਮੇਸ਼ਰ ਦਾ ਨਾਮ ਸੱਚਾ ਧਨ ਹੈ। ਪਰਮੇਸ਼ੁਰ ਦਾ ਨਾਮ ਸੱਚਾ ਧਨ ਹੈ। ਪਰਮੇਸ਼ਰ ਦਾ ਨਾਮ ਸੱਚਾ ਵੱਖਰ (ਮਾਲ) ਹੈ। ਹਾਂ ਗੁਰੂ ਦੇ ਸ਼ਬਦ ਦੁਆਰਾ ਸ਼ਰਧਾ ਪ੍ਰੇਮ ਦੀ
ਸੋਝੀ ਆਉਂਦੀ ਹੈ। ਸ਼ਬਦ ਦੁਆਰਾ ਮੈਲ ਦੂਰ ਕਰ ਤੇ ਨਿਰਮਲ ਹੋਹੁ ਤਾਂ ਤੂੰ ਸਰੀਰ (ਸਰੀਰ ਵਿਚ) ਮਨ (ਮਨ ਵਿਚ) ਸੱਚ (ਪਰਮੇਸ਼ਰ) ਨੂੰ ਜਾਣ ਲਏਂਗਾ। (ਹਾਂ ਜੇ ਤੂੰ) ਨਾਮ ਪ੍ਰਾਪਤ ਕਰ ਲਵੇਂਗਾ ਮਥਨ ਕਰਕੇ (ਉਸ ਨਾਮ ਦਾ) ਰਸ ਪੀਵੇਂਗਾ ਤਾਂ ਤੂੰ ਪਰਲੋਕ ਵਿਚ ਪਤ ਨਾਲ ਜਾਏਂਗਾ। ਅਰਥਾਤ ਪ੍ਰਮੇਸ਼ਰ ਦੇ ਨਾਮ ਨੂੰ (ਓਸ ਵਿਚ ਧਿਆਨ ਰਖਕੇ) ਸਿਮਰੀਏ, ਸ਼ਬਦ ਦੁਆਰਾ ਰਸ ਪ੍ਰਾਪਤ ਕਰੀਏ। ਪਰ ਹੇ ਮਰਦਾਨੇ ! ਪ੍ਰਮੇਸ਼ਰ ਦਾ ਨਾਮ ਜਪਣਾ ਤੇ ਉਸਦਾ ਜਸ ਕਰਨਾ ਵਡੇ ਭਾਗਾਂ ਕਰ ਪ੍ਰਾਪਤ ਹੁੰਦਾ ਹੈ। ੪॥ ਮਰਦਾਨਿਆਂ ! ਪੁੱਛ ਅਪਣੇ ਮਨ ਨੂੰ ਪਉੜੀ ਬਿਨਾਂ ਮੰਦਰ ਦੇ ਉਪਰ ਕਿਕੂੰ ਚੜਿਆ ਜਾ ਸਕਦਾ ਹੈ। ਤਿਵੇਂ ਮਾਯਾ ਦਾ ਇਕ ਸਮੁੰਦਰ ਹੈ ਜਿਸਦੇ ਪਾਰ ਸਾਡਾ ਪ੍ਰੀਤਮ ਹੈ ਅਰ ਫੇਰ ਉਹ ਅਪਾਰ ਹੈ, ਗਿਣਤੀ ਮਿਣਤੀ, ਪਾਰ, ਅਪਾਰ, ਸਭ ਹਿਸਾਬਾਂ ਤੋਂ ਪਰੇ ਹੈ, ਅਸੀਂ ਉਰਾਰ ਹਾਂ। ਕਉਣ ਤ੍ਰੀਕਾ ਪਾਰ ਹੋਣੇ ਦਾ ਹੈ? ਮਰਦਾਨਿਆਂ ! ਸੁਰਤ ਵਿਚ ਗੁਰੂ ਦੇ ਸ਼ਬਦ ਨੂੰ ਵਸਾਓ, ਇਹ ਸਾਧਨ ਪਾਰ ਲੰਘਾਵੇਗਾ। ਇਉਂ ਪਾਰ ਜਾਕੇ ਸਦਾ ਸਥਿਰ ਸਾਧ ਸੰਗ ਵਿਚ ਖੁਸ਼ੀਆਂ ਮਨਾਵੇਂਗਾ ਤੇ ਫਿਰ ਉਥੇ ਪਛਤਾਵਾ ਨਾ ਹੋਵੇਗਾ ਕਿ ਮੈਂ ਸੰਸਾਰ ਵਿਚ ਦਿਨ ਵਿਅਰਥ ਗੁਵਾਏ ਹਨ। ਆ ਮਰਦਾਨਿਆਂ! ਅਰਦਾਸ ਕਰੀਏ, ਸਾਵਧਾਨ ਹੋ, ਹੇ ਮੇਰੇ ਪ੍ਰੀਤਮ ਪ੍ਰਮੇਸਰ ! ਹੇ ਦਇਆਲ ! ਦਇਆ ਕਰ, ਸੱਚਾ ਦਾਨ ਦੇਹ। ਮੈਂ ਹਰਿਨਾਮ ਦੀ ਸੰਗਤ ਪ੍ਰਾਪਤ ਕਰਾਂ ਤੇ ਗੁਰੂ ਦੇ ਸ਼ਬਦ ਦੁਆਰਾ ਇਸ ਆਪਣੇ ਮਨ ਨੂੰ ਗਿਆਨਵਾਨ ਕਰਾਂ। ਇਹ ਸੁਣਕੇ ਮਰਦਾਨਾ ਆਪਣੇ ਉਦਮ ਵਿਚ ਹੋਰ ਹੋਰ ਸਾਵਧਾਨ ਹੋਕੇ
----------------
ਆਪਦੇ ਚਰਨੀ ਪੈ ਗਿਆ। ਇਹ ਉਪਰਲਾ ਉਪਦੇਸ਼ ਸ੍ਰੀ ਗੁਰੂ ਜੀ ਨੇ ਰਾਗ ਤੁਖਾਰੀ ਵਿਚ ਉਚਾਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਾਡੇ ਸੁਧਾਰ ਤੇ ਉਧਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਦਾ ਲਈ ਲਿਖ ਦਿੱਤਾ ਜਿਸਦਾ ਪਾਠ ਐਉਂ ਹੈ.-
ਤੁਖਾਰੀ ਮਹਲਾ ੧।।
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ।।
ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ।।
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀਂ ਮੇਲਾ।।
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ। ।
ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ।।
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰ ਹਰੇ। ॥੧॥
ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ।।
ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ।।
ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿਨਿ ਉਪਾਇਆ।।
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ।।
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ।।
ਸਖਾ ਬੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ।।੨।।
ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ।।
ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ।।
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰ ਹੇ।।
ਤ੍ਰੈਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰ ਹੇ।
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰ ਏ।।
ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰ ਏ।। ੩।।
ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ।।
ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ।।
ਧਨੁ ਸੰਚਿ ਹਰਿ ਹਰਿ ਨਾਮੁ ਵਖਰੁ ਗੁਰ ਸਬਦਿ ਭਾਉ ਪਛਾਣ ਹੇ।।
ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣ ਹੇ।।
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ।।
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥
ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ।।
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ।।
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ।।
ਮਿਲਿ ਸਾਧ ਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ।।
ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ।।
ਨਾਨਕੁ ਪਇਅੰਪੈ ਸੁਣਹੋ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ।।੫॥ ੬॥
ਇਸ ਤਰ੍ਹਾਂ ਮਰਦਾਨਾ ਸਤਿਗੁਰ ਦੇ ਸੰਗ ਵਿਚ ਪੂਰਨ ਪਦ ਨੂੰ ਪਹੁੰਚਾ। ਲਿਖਿਆ ਹੈ ਕਿ ਇਕ ਦਿਨ ਮਰਦਾਨੇ ਨੂੰ ਸਤਿਗੁਰਾਂ ਨੇ ਫੁਰਮਾਇਆ ਸੀ ਕਿ 'ਅਸੀਂ ਤੈਨੂੰ ਗੰਧਰਬ ਲੋਕ ਤੋਂ ਨਾਲ ਲਿਆਏ ਸਾਂ, ਜਦ ਅਸੀਂ ਬੈਕੁੰਠ ਧਾਮ2 ਜਾਵਾਂਗੇ ਤਾਂ ਤੈਨੂੰ ਨਾਲ ਲੈ ਜਾਵਾਂਗੇ3 ਫਿਰ ਇਕ ਥਾਂ ਸਤਿਗੁਰਾਂ ਫੁਰਮਾਇਆ ਤੁਧ ਬ੍ਰਹਮ ਪਛਾਤਾ ਹੈ ਤਾਂ ਤੇ ਤੂੰ ਬ੍ਰਾਹਮਣ ਹੋਇਆ4 ਸੋ ਸਹੀ ਹੋਇਆ
----------------
2. ਮੁਰਾਦ ਪੂਰਨ ਪਦ ਤੋਂ ਹੈ, ਜਿੱਥੇ ਵਿਨਾਸ਼ ਨਹੀਂ ਹੈ। (ਵੈ+ਕੁੰਠ=ਨਹੀਂ ਹੈ ਨਾਸ਼ ਜਿਥੇ ਯਾ ਜਿਸਦਾ। ਗੰਧਰਬ ਲੋਕ ਨੀਵਾਂ ਹੈ ਬੈਕੁੰਠ ਬਹੁਤ ਉੱਚਾ ਹੈ।)
3. ਜਨਮ ਸਾਖੀ ਭਾਈ ਮਨੀ ਸਿੰਘ।
4. ਬ੍ਰਹਮੁ ਬਿੰਦੇ ਸੁ ਬ੍ਰਾਹਮਣ ਕਹੀਐ।।
ਕਿ ਮਰਦਾਨਾਂ ਸਤਿਗੁਰਾਂ ਦੇ ਚਰਨੀ ਲਗਾ ਤੇ ਜੀਵਨ ਮੁਕਤ ਤੇ ਪਾਰਗਰਾਮੀ ਹੋ ਗਿਆ। ਮਰਦਾਨੇ ਦੀ ਬਾਕੀ ਉਮਰਾ ਫਿਰ ਕਿਸੇ ਕੰਦਰਾ ਗੁਫਾ ਵਿਚ ਨਹੀਂ ਬੀਤੀ, ਪਰ ਸਤਿਗੁਰ ਦੇ ਚਰਨਾਂ ਵਿਚ ਸਾਧ ਸੰਗਤ ਨੂੰ ਹਰੀ ਜਸ ਸੁਨਾਉਂਦਿਆਂ ਸਫਲ ਹੋਈ। ਆਪ ਤਰਿਆ ਤੇ ਹੋਰਨਾਂ ਨੂੰ ਬੇੜੇ ਚਾੜ੍ਹਦਾ ਮਰਦਾਨਾ 'ਸਫਲ ਸਿੱਖ’ ਹੋਇਆ।
ਇਕ ਦਿਨ ਮਰਦਾਨੇ ਨੇ ਸਤਿਗੁਰਾਂ ਨੂੰ ਕਿਹਾ ਕਿ ਮੈਨੂੰ ਦੋਇ ਦਿਬ ਜੋਤੀ ਸੂਰਤਾਂ ਦਿੱਸੀਆਂ ਹਨ ਉਨ੍ਹਾਂ ਮੈਨੂੰ ਉਨ੍ਹਾਂ ਫੁਲਾਂ ਦਾ ਸਿਹਰਾ ਪਾਇਆ ਹੈ ਜੋ ਕਦੇ ਕੁਮਲਾਉਂਦੇ ਨਹੀਂ, ਸਤਿਗੁਰ ਸੁਣ ਕੇ ਮੁਸਕਰਾ ਪਏ।
ਇਤਿਹਾਸਿਕ ਪਹਿਲੂ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਪਰਥਾਇ ਸਲੋਕ ਆਖੇ ਹਨ, ਇਹ ਜਾਪਦਾ ਹੈ ਕਿ ਕਿਸੇ ਵਿਚਾਰ ਉਪਦੇਸ਼ ਯਾ ਪ੍ਰਸ਼ਨ ਦੇ ਉਤਰ ਵਿਚ ਉਚਾਰ ਹੋਏ ਹਨ:-
ਸਲੋਕ ਮਰਦਾਨਾ ੧।।
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।।
ਕਰਣੀ ਲਾਹਨਿ ਸਤੁ ਗੁੜੁ ਸਚੁ ਸਰਾਕਰਿ ਸਾਰੁ॥
ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸੁ ਆਹਾਰੁ।।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ।।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮ ਕਾਲੁ।।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।।
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ
ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।।੩।। (ਵਾਰ ਬਿਹਾਗੜਾ ਮ: ੪)
ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਖਾਂ ਵਿਚ ਗਿਣਿਆ ਹੈ। ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। । ਫਿਰ ਗੁਰੂ ਕੇ ਸਫਰਾਂ ਵਿਚ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ 'ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ'। ਪੁਰਾਤਨ ਜਨਮਸਾਖੀ ਤੇ ਹੋਰ ਸਾਖੀਆਂ ਨੇ ਆਪ ਦੇ ਕਈ ਪ੍ਰਸੰਗ ਦਿੱਤੇ ਹਨ ਜੋ ਇਸ ਪੋਥੀ ਵਿਚ ਆ ਗਏ ਹਨ। ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ। ਜਨਮ ਦਾ ਸੰਮਤ ਭੀ ੧੫੧੬ ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਭੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ। ਭਾਈ ਗੁਰਦਾਸ ਜੀ ਨੇ ਆਪਨੂੰ 'ਮੀਰਾਸੀ' ਲਿਖਿਆ ਹੈ, ਪੁਰਾਤਨ ਜਨਮ ਸਾਖੀ ਨੇ ਡੂਮ ਲਿਖਿਆ ਹੈ। ਆਪ ਦੀ ਅਉਲਾਦ ਦਾ ਪਤਾ ਨਹੀਂ ਚਲਦਾ ਪਰ ਆਪ ਦੀ ਕੁਲ ਦੇ ਲੋਕ ਚੱਕ ਰਮਦਾਸ ਵਿਚ ਵਸਦੇ ਦੱਸੀਦੇ ਹਨ।
ਮਰਦਾਨੇ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੋਈ। ਸਤਿਗੁਰਾਂ ਨੇ ਭਾਈ ਦਾ ਪਦ ਬਖਸ਼ਿਆ ਤੇ ਰਬਾਬੀ ਦਾ ਖਿਤਾਬ। ਸੋ ਹੁਣ ਤਕ ਸਾਰੇ ਗੁਰਬਾਣੀ ਦੇ ਕੀਰਤਨੀਏ ਇਸ ਜਾਤੀ ਦੇ ਰਬਾਬੀ ਸਦਾਉਂਦੇ ਹਨ ਤੇ ਭਾਈ ਪਦ ਨਾਲ ਪੁਕਾਰੇ ਜਾਂਦੇ ਹਨ।
ਭਾਈ ਮਰਦਾਨੇ ਦੇ ਅੰਤਮ ਸੰਮਤ ਪਰ ਤ੍ਰੈ ਵਿਚਾਰਾਂ ਹਨ। ੧੫੮੧, ੧੫੯੧ ਤੇ ੧੫੯੫ ਬਿਕਰਮੀ। ਆਪ ਦੇ ਚਲਾਣੇ ਬਾਬਤ ਕੁਰਮ ਵਿਚ ਹੋਣਾ ਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਬੀ ਲਿਖਿਆ ਹੈ ਪਰ ਕੁਰਮ ਵਿਚ ਟਿਕਾਣੇ ਦਾ ਪਤਾ ਅਜੇ ਤਕ ਨਹੀਂ ਲੱਭਾ। ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰ ਪੁਰ ਵਿਚ ਹੋਇਆ ਲਿਖਦੇ ਹਨ।