ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।।
ਭਾਈ ਮਰਦਾਨਾ
ਖੂਹ ਵਿੱਚ ਪਾਣੀ ਕਿਥੋਂ ਆ ਜਾਂਦਾ ਹੈ ? ਮਨਾਂ ! ਇਹ ਉਹੋ ਪਾਣੀ ਨਹੀਂ ਜਿਹੜਾ ਮੀਂਹ ਬਣਕੇ ਧਰਤੀ ਉਤੇ ਟੁਰਦਾ ਫਿਰਦਾ ਕਿਸੇ ਨਾ ਗਉਲਿਆ ਤੇ ਓਹ ਬੇਧਿਆਨੇ ਸਿੰਜਰ ਗਿਆ ਭੋਇਂ ਦੇ ਅੰਦਰ, ਜਦੋਂ ਟੋਭੇ ਨੇ ਟੁੱਭਿਆ ਤੇ ਭੁਇਂ ਵਿਚ ਘਾਪਾ ਪਾ ਘੱਤਿਆ ਤਾਂ ਉਹੋ ਨੀਰ ਖੂਹ ਵਿਚ ਬੈਠਾ ਦਿੱਸ ਪਿਆ। ਕੁਝ ਏਸੇ ਤਰ੍ਹਾਂ ਨਹੀਂ ਵੇ ਮਨਾਂ ! ਕਿ ਕੱਠੇ ਰਹਿੰਦਿਆਂ, ਮਿਲਦਿਆਂ ਜੁਲਦਿਆਂ, ਹਸਦਿਆਂ ਖੇਡਦਿਆਂ ਥਹੁ ਨਹੀਂ ਪੈਂਦਾ ਪਰ ਪਿਆਰ ਦਾ ਪਾਣੀ ਚੁੱਪ ਕੀਤਾ ਦਿਲ ਦੀਆਂ ਤੈਹਾਂ ਵਿਚ ਸਿੰਜਰਦਾ ਹੇਠਾਂ ਉਤਰਦਾ ਰਹਿੰਦਾ ਹੈ, ਜਦੋਂ ਕਿ ਵਿਛੋੜੇ ਦਾ ਟੋਭਾ ਆ ਦਿਲ ਵਿਚ ਘਾਪਾ ਪਾਉਂਦਾ ਹੈ ਤਾਂ ਇਹ ਪਿਆਰ ਦਾ ਪਾਣੀ ਓਥੇ ਬੈਠਾ ਦਿੱਸ ਪੈਂਦਾ ਹੈ। ਹੈਂ? ਕਿਉਂ? ਹੈ ਨਾ ਏਸੇ ਤਰ੍ਹਾਂ। ਜਿਸ 'ਨਾਨਕ' ਨਾਂ, ਹੁਣ ਨਾ ਕਹੁ ਨਾਨਕ, ਜਿਸ ਡਾਢੇ ਪਿਆਰੇ ਨਾਲ ਸਹਿਸੁਭਾ ਮਿਲਦੇ ਜੁਲਦੇ, ਉਸਦੇ ਛੰਦ ਗੀਤ-ਨਾ ਨਾ, ਸਬਦ-ਗਾਉਂਦੇ, ਸੁਣਦੇ ਸੁਣਾਉਂਦੇ ਰਹੇ ਓਦੋਂ ਨਾ ਕੁਛ ਪਤਾ ਲਗਾ। ਚੰਗਾ ਲਗਦਾ ਸੀ ਡਾਢਾ, ਰੋਜ਼ ਮਿਲੇ ਬਿਨ ਚੈਨ ਬੀ ਨਹੀਂ ਸੀ ਆਉਂਦਾ, ਪਰ ਇਹ ਨਹੀਂ ਸੀ ਥਹੁ ਪੈਂਦਾ ਕਿ ਕੋਈ ਡੂੰਘਾ ਪਿਆਰ ਬੀ ਹੈ ਏਸ ਨਾਲ। ਜਜਮਾਨ ਤੇ ਭਗਵਾਨ ਜਜਮਾਨ ਤੇ 'ਦਾਤਾ ਜਜਮਾਨਂ ਜਾਣਕੇ ਮਿਲਦੇ ਜੁਲਦੇ ਕਈ ਵੇਰ ਬਰੱਬਰੀਆਂ ਬੀ ਕਰ ਲੈਂਦੇ ਰਹੇ, ਪਰ ਹੁਣ ਵਿਛੋੜੇ ਦੇ ਘਾਪੇ ਨੇ
ਕਿਵੇਂ ਦਿਖਾ ਦਿੱਤਾ ਹੈ ਕਿ ਮੇਰੇ ਅੰਦਰ ਤਾਂ ਓਸੇ ਤਰ੍ਹਾਂ ਦਾ ਪਿਆਰ ਹੈ ਜਿਸ ਤਰ੍ਹਾਂ ਦਾ ਕਿ ਰਾਇ ਦੇ ਅੰਦਰ ਹੈ । ਹੁਣ ਤਾਂ ਮੇਰੇ ਬੀ ਨੈਣਾਂ ਵਿਚ ਦਿਲ ਦੇ ਖੂਹ ਦਾ ਪਾਣੀ ਆ ਮੁਹਾਰਾ ਚੜ੍ਹ ਆਉਂਦਾ ਹੈ ਜਿਵੇਂ ਕੋਈ ਸੋਮਾ ਹੁੰਦਾ ਹੈ।……. ਜੀ ਮਿਲਨ ਨੂੰ ਕਰਦਾ ਹੈ, ਉੱਡਕੇ ਮਿਲਨ ਨੂੰ ਕਰਦਾ ਹੈ। ……ਜਾਵਾਂ ਨਾ ਚਲਾ ਹੀ ਜਾਵਾਂ।...ਹੁਣ ਸੁਣੀਦਾ ਹੈ ਓਹ ਗਲਾਂ ਨਹੀਂ ਜੋ ਮੈਂ ਜਾਕੇ ਭਾਰੂ ਹੋ ਜਾਊਂ। ਉਹ ਤਾਂ ਹੁਣ ਚੰਗਾ ਧਨ ਕਮਾਉਂਦਾ ਹੈ ਹੁਣ ਤਾਂ ਉਸਦੀ ਆਪਣੀ ਕਮਾਈ ਦਾ ਧਨ ਉਹ ਲੁਟਾਉਂਦਾ ਪਿਆ ' ਸੁਣੀਂਦਾ ਹੈ, ਅਨੇਕਾਂ ਨੂੰ ਖੁਆਲਕੇ ਖਾਂਦਾ ਹੈ। ਤਲਵੰਡੀਓ ਕਈ ਸਤਿਸੰਗੀ ਗਏ ਹਨ, ਸਭ ਨੂੰ ਅਲੂਫੇ ਲਾ ਦਿੱਤੇ ਹਨ। ਚੰਗਾ ਰਾਜ਼ੀ ਹੈ, ਸੋ ਹੁਣ ਕੋਈ ਫਿਕਰ ਪਾਣਾ ਕਿ ਭਾਰ ਪਾਣਾ ਨਹੀਂ ਹੋਣ ਲਗਾ ਪਿਆਰੇ ਉੱਤੇ।
"ਹੈਂ ਇਹ ਕੀ ਸੋਚ ਫੁਰੀ ਹੈ? ਭਲਾ ਓਹ ਮੈਨੂੰ ਯਾਦ ਕਰਦਾ ਹੋਊ ਕਿ ਨਾਂ?' 'ਗਿਆਂ ਤੇ ਖੁਸ਼ ਹੋਊ ਕਿ ਨਾਂ?' ਮਨਾਂ ਤੂੰ ਤਾਂ ਆਪ ਨੂੰ ਖੁਸ਼ ਕਰਨ ਜਾਣਾ ਹੈ, ਤੈਨੂੰ ਕੀਹ ਉਹਦੀ ਖੁਸ਼ੀ ਨਾਲ। ਪਰ ਉਹ ਬੀ ਖੁਸ਼ ਹੋਊ। ਭਲਾ ਦੱਸ ਖਾਂ ਕਦੇ ਹੋ ਸਕਦਾ ਹੈ ਕਿ ਮੈਨੂੰ ਧੂਹ ਪਈ ਪੈਂਦੀ ਹੋਵੇ ਤੇ ਉਹਨੂੰ ਮੈਂ ਚੇਤਿਓਂ ਹੀ ਲਹਿ ਗਿਆ ਹੋਵਾਂ? ਇਹ ਨਹੀਂ ਹੋ ਸਕਦਾ, ਉਸਨੂੰ ਮੇਰੇ ਨਾਲ ਪਿਆਰ ਹੈਸੀ ਮੈਂ ਓਦੋਂ ਲਖਿਆ ਨਹੀਂ। ਉਸਨੂੰ ਕੋਈ ਪਿਆਰ ਸੀ ਤਾਂ ਸਦ ਸਦ ਘੱਲਦਾ ਹੁੰਦਾ ਸੀ। ਕਿਵੇਂ ਰੀਝਦਾ ਹੁੰਦਾ ਸੀ ਮੇਰੇ ਗਾਇਨ ਤੇ। ਮਨਾਂ.... ਮੈਂ ਤਾਂ ਹੁਣ ਜੋ ਕੁਛ ਸਹੀ ਕੀਤਾ ਹੈ, ਓਨ ਓਦੋਂ ਕਰ ਲੀਤਾ ਸੀ। ਓਹ ਮਨੁੱਖ ਨਹੀਂ ਬੰਦਾ ਨਹੀਂ, ਓਹ ਵਲੀ ਹੈ ਤੇ ਡਾਢਾ ਉੱਚਾ ਹੈ।... ਵਲੀ ਹੈ ਕਿ ਪਿਕਾਬਰ ਹੈ? ...ਖਬਰੇ ਕੀਹ ਹੈ? ਆਪ ਹੀ ਹੋਸੀ ਧੁਰੋਂ ਕੋਈ ਆਇਆ ਹੋਇਆ। ... ਹਾਂ ਪਹਿਲੇ ਦਿਨ ਜੋ ਆਖਿਆ ਸਾਸੂ
ਅਸੀਂ ਤੇਰਾ ਭਲਾ ਕਰਾਂਗੇ।1 ਇਹ ਬੀ ਆਖਿਆ ਸਾਨੇ ਤੇਰਾ ਅਸੀਂ ਦੋਹਾਂ ਲੋਕਾਂ ਦਾ ਭਲਾ ਕਰਾਂਗੇ। ਮੈਂ ਤਾਂ ਪਿੰਡ ਦਾ ਹੋਇਆ ਕੰਮੀ ਤੇ ਓਹ ਹੋਇਆ ਮਹਿਤਾ, ਮੇਰੇ ਨਾਲ ਕੋਈ ਅੰਦਰੋਂ ਤੇਹ ਸਾਸੁ ਤਾਂ ਮਿਲ ਬੈਠਦਾ ਸੀ ਨਾ ਤੇ ਏਹੋ ਜਹੀਆਂ ਮਿਠੀਆਂ ਗਲਾਂ ਕਰਦਾ ਸੀ। ਨਹੀਂ ਓਇ ਮੇਰੇ ਮਨਾਂ! ਇਹ ਜੋ ਤੈਨੂੰ ਹੁਣ ਦਿੱਸਿਆ ਹੈ ਕਿ ਤੇਰੇ ਅੰਦਰ ਉਸਦਾ ਪਿਆਰ ਹੈ, ਇਹ ਸੀ ਉਸੇ ਦੇ ਪਿਆਰ-ਮੀਂਹ ਦਾ ਨੀਰ ਜੋ ਬੇਮਲੂੰਮੇ ਤੇਰੇ ਅੰਦਰ ਸਿੰਜਰਦਾ ਰਿਹਾ, ਤੇ ਤੈਨੂੰ ਪਤਾ ਨਹੀਂ ਲਗਦਾ ਰਿਹਾ। ਤੂੰ ਜਜਮਾਨਾਂ ਨੂੰ ਪੈਸੇ ਲਈ ਮਿਲਨਾ ਜਾਣਦਾ ਹੈਂ, ਤੇਰੇ ਅੰਦਰ ਆਪਣਾ ਪਿਆਰ ਕਿੱਥੇ, ਇਹ ਪਿਆਰ ਜੋ ਹੁਣ ਵਿਛੋੜੇ ਦੇ ਟੋਭੇ ਨੇ ਅੰਦਰ ਟੁੱਭ ਕੇ ਤੈਨੂੰ ਦਿਖਾਇਆ ਹੈ ਇਹ ਪੱਕ ਉਸੇ ਦੀ 'ਮਿਹਰ-ਮੀਂਹ' ਕਿ 'ਪਿਆਰ ਬਰਖਾ ਦਾ ਨੀਰ ਹਈ। ਹਾਂ, ਮਤ ਕਿਤੇ ਧੋਖਾ ਖਾਂਦਾ ਹੋਵੇਂ ਤੇ ਏਸਨੂੰ ਆਪਣੇ ਅੰਦਰੋਂ ਉਮਗਿਆ ਪ੍ਯਾਰ ਜਾਣਦਾ ਹੋਵੇ। ਹਾਂ, ਉਨ੍ਹਾਂ ਦੇ ਛੰਦ-ਨਹੀਂ, ਸਬਦ ਹੁੰਦੇ ਸਨ ਆਪਣੇ, ਮੈਂ ਤਾਂ ਗਾਉਂਦਾ ਹੀ ਸਾਂ ਨਾਂ, ਕਿਵੇਂ ਖੁਸ਼ ਹੁੰਦੇ ਸਨ ਸੁਣਕੇ ਤੇ ਰੀਝਦੇ ਸਨ ਮੇਰੇ ਉਤੇ। ਕੀਹ ਸਦਦੇ ਸਨ ਓਸ ਰਾਗ ਮਜਲਸ ਦੇ ਗਾਇਨ ਨੂੰ- ਹਾਂ ਯਾਦ ਆ ਗਿਆ:- ਕੀਰਤਨ। ਕੀਰਤਨ ਸੁਣਕੇ, ਸ਼ਬਦ ਸੁਣਕੇ ਕੇਡੇ ਖੁਸ਼ ਹੁੰਦੇ ਸਨ। ਓਥੇ ਬੀ ਸੁਣੀਦਾ ਹੈ ਕਿ ਕੀਰਤਨ ਹੁੰਦੇ ਹਨ। ਯਾਦ ਕਰਦੇ ਹੋਸਨ ਜ਼ਰੂਰ। ਤਾਂਤੇ ਮਨਾਂ! ਚੱਲ। ਬਈ ਚੱਲ।... ਯਾਦ ਕਰਦੇ ਹੋਣ ਕਿ ਸੁੱਖ ਕਰਦੇ ਹੋਣ ਮਨਾਂ! ਤੇਰੇ ਤੋਂ ਹੁਣ ਰਹਿ ਨਹੀਂ ਹੁੰਦਾ, ਸੋ ਉੱਦਮ ਕਰ ਤੇ ਚੱਲ, ਹਾਂ ਚੱਲ ਹੀ ਪਉ।"
---------------
ਐਉਂ ਕਈ ਦਿਨ ਮਨ ਨਾਲ ਗਿਣਤੀਆਂ ਗਿਣਦਾ ਮਰਦਾਨਾ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਖਿੱਚ ਖਾ ਰਿਹਾ ਸੀ ਸੁਲਤਾਨ ਪੁਰ ਜਾਣੇ ਲਈ ਤਿਆਰ ਹੋ ਹੀ ਪਿਆ। ਸ੍ਰੀ ਗੁਰੂ ਜੀ ਤਲਵੰਡੀ ਤੋਂ ਸੁਲਤਾਨ ਪੁਰ ਜਾਕੇ ਮੋਦੀਖਾਨੇ ਦੇ ਮੋਦੀ ਬਣ ਗਏ ਸਨ। ਅਪਣੀ ਕਾਰ ਪੂਰੀ ਤਰ੍ਹਾਂ ਤੇ ਸੋਹਣੀ ਤਰ੍ਹਾਂ ਨਿਬਾਹੁੰਦੇ ਸਨ। ਉਧਰ ਅਪਣੇ ਰੱਬੀ ਰੰਗ ਉਸੇ ਤਰ੍ਹਾਂ ਸਨ। ਪਹਿਰ ਰਾਤ ਰਹਿੰਦੀ ਉਠ ਕੇ ਬਨ ਨੂੰ ਚਲੇ ਜਾਣਾ, ਵੇਈਂ ਵਿਚ ਜਾ ਇਸ਼ਨਾਨ ਕਰਨਾ ਤੇ ਓਥੇ ਹੀ ਰੱਬੀ ਰੰਗ ਵਿਚ ਜੁੜੇ ਬੈਠੇ ਰਹਿਣਾ। ਦਿਨ ਚੜ੍ਹੇ ਦਰਬਾਰੋਂ ਜਾਕੇ ਫੁਰਮਾਨ ਲਿਖ ਲਿਆਉਣੇ ਤੇ ਫਿਰ ਮੋਦੀਖਾਨੇ ਕੰਮ ਕਰਨਾ। ਕੰਮੋਂ ਵਿਹਲੇ ਹੋਕੇ ਆਏ ਗਏ ਸਾਧ ਫਕੀਰ ਦੀ ਲੋੜ ਪੂਰੀ ਕਰਨੀ, ਸਤਿਸੰਗ ਕਰਨਾ। ਤਲਵੰਡੀ ਤੋਂ ਕੁਛ ਸਤਸੰਗੀ ਏਥੇ ਆ ਗਏ ਸਨ. ਉਨ੍ਹਾਂ ਦੀਆਂ ਰਸਦਾਂ ਲਾ ਲੁਆ ਦਿਤੀਆਂ। ਓਥੇ ਬੀ ਕੁਛ ਸਤਿਸੰਗੀ ਹੋ ਗਏ। ਐਉਂ ਸਤਿਸੰਗ ਦਾ ਦਰਬਾਰ ਰੋਜ਼ ਲੱਗਿਆ ਕਰੇ ਤੇ ਰੋਜ਼ ਕੀਰਤਨ ਹੋਵੇ। ਹਾਂ ਨਿਤਾਪ੍ਰਤੀ ਰਾਤ ਨੂੰ ਕੀਰਤਨ ਹੋਵੇ।2
ਇਸ ਤਰ੍ਹਾਂ ਰੰਗ ਲਗ ਰਹੇ ਸਨ ਕਿ ਮਰਦਾਨਾ ਆ ਪਹੁੰਚਾ। ਸਤਿਗੁਰ ਉਸਨੂੰ ਦੇਖਕੇ ਬੜੇ ਖੁਸ਼ ਹੋਏ, ਬਹੁਤ ਪਿਆਰ ਕੀਤਾ। ਮਰਦਾਨਾ ਬਹੁਤ ਪ੍ਰਸੰਨ ਹੋਇਆ, ਜੋ ਡੰਝ ਉਸਦੇ ਅੰਦਰ ਮਿਲਣ ਦੀ ਲਗ ਰਹੀ ਸੀ ਮਿਲਕੇ ਠਰੀ ਤੇ ਤ੍ਰਿਪਤ ਹੋਈ। ਸਤਿਗੁਰੂ ਜੀ ਨੇ ਉਸਨੂੰ ਪਾਸ ਹੀ ਟਿਕਾ ਲਿਆ।3 ਹੁਣ ਮਰਦਾਨਾ ਕੀਰਤਨ ਮੰਡਲ ਵਿਚ ਮੁਖੀ ਕੀਰਤਨੀਆਂ
---------------------
2. ਪੁਰਾਤਨ ਜਨਮ ਸਾਖੀ।
3. –ਓੁਹੀ-
ਹੋਕੇ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਦੇ ਲਗਾ ਸ਼ਬਦ ਗਾਉਣ ਤੇ ਸਤਿਗੁਰ ਜੀ ਨੂੰ ਰੀਝਾਉਣ।4
ਮਰਦਾਨਾ ਤਲਵੰਡੀ ਦਾ ਰਹਿਣੇ ਵਾਲਾ ਸੀ ਗੁਰੂ ਨਾਨਕ ਦੇਵ ਜੀ ਨਾਲ ਉਸਦਾ ਪਿਆਰ ਸੀ । ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਕਰਦਾ ਸੀ। ਸਤਿਗੁਰ ਕੀਰਤਨ ਦੇ ਰੀਝਦੇ ਸਨ, ਹਰੀਜਸ ਸੰਗੀਤ ਵਿਚ ਰਚਦੇ ਗਾਉਂਦੇ ਤੇ ਮਰਦਾਨੇ ਤੋਂ ਸੁਣਦੇ ਸਨ। ਤਲਵੰਡੀ ਵਿਚ ਮਰਦਾਨਾ ਆਪਣਾ ਇਕ ਚੰਗਾ ਸਾਥੀ ਤੇ ਮਿਤ੍ਰ ਸੀ। ਇਹ ਅਦਬ ਬੀ ਰਖਦਾ ਸੀ ਪਰ ਮਿਤ੍ਰਾਂ ਵਾਲਾ ਲਾਡ ਤੇ ਲਾਡਵਾਲੀ ਬ੍ਰੱਬਰੀ ਬੀ ਕਰ ਲੈਂਦਾ ਸੀ। ਮਰਦਾਨਾ ਗਵਈਆ, ਪ੍ਰੇਮੀ ਤੇ ਹਾਸੇ ਮਖੌਲ ਦੇ ਸੁਭਾਵ ਵਾਲਾ ਬੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨ ਪੁਰ ਚਲੇ ਗਏ ਤਾਂ ਇਹ ਪਿਛੇ ਤਲਵੰਡੀ ਰਿਹਾ। ਗੁਰ ਨਾਨਕ ਵਿਛੋੜੇ ਵਿਚ ਇਸਦੇ ਮਨ ਦੇ ਸੰਕਲਪਾਂ ਦੀ ਇਕ ਮੂਰਤ ਇਹ ਹੈ ਜੋ ਉਪਰ ਦਰਸਾਈ ਗਈ ਹੈ।
-------------
4. ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਲਿਖਿਆ ਹੈ ਕਿ ਕੁਛ ਚਿਰ ਮਗਰੋਂ ਮਰਦਾਨੇ ਦੀ ਕਾਕੀ ਦਾ ਵਿਆਹ ਆ ਗਿਆ ਤੇ ਉਸ ਪਾਸ ਸਾਮਾਨ ਨਹੀਂ ਸੀ। ਸੋ ਗੁਰੂ ਜੀ ਨੇ ਭਗੀਰਥ ਨੂੰ ਲਾਹੌਰ ਘੱਲਕੇ ਵਿਆਹ ਸੌਜ ਮੰਗਵਾ ਦਿਤੀ ਤੇ ਮਰਦਾਨਾ ਵਿਆਹ ਕਰਨ ਤਲਵੰਡੀ ਗਿਆ ਤੇ ਫੇਰ ਤਦੋਂ ਆਇਆ ਜਦੋਂ ਗੁਰੂ ਜੀ ਕਾਰ ਵਿਹਾਰ ਤਿਆਗ ਬੈਠੇ ਸੇ। ਪੁ: ਜ: ਸਾਖੀ ਵਿਚ ਇਹ ਵਿਆਹ ਦੀ ਸਾਖੀ ਇਕ ਗ਼ਰੀਬ ਆਜ਼ਿਜ਼ ਖੱਤ੍ਰੀ ਦੀ ਕਾਕੀ ਦੀ ਲਿਖੀ ਹੈ, ਮਰਦਾਨੇ ਦੀ ਕਾਕੀ ਦੀ ਨਹੀਂ ਲਿਖੀ।