ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਖਾਂ ਵਿਚ ਗਿਣਿਆ ਹੈ। ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। । ਫਿਰ ਗੁਰੂ ਕੇ ਸਫਰਾਂ ਵਿਚ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ 'ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ'। ਪੁਰਾਤਨ ਜਨਮਸਾਖੀ ਤੇ ਹੋਰ ਸਾਖੀਆਂ ਨੇ ਆਪ ਦੇ ਕਈ ਪ੍ਰਸੰਗ ਦਿੱਤੇ ਹਨ ਜੋ ਇਸ ਪੋਥੀ ਵਿਚ ਆ ਗਏ ਹਨ। ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ। ਜਨਮ ਦਾ ਸੰਮਤ ਭੀ ੧੫੧੬ ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਭੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ। ਭਾਈ ਗੁਰਦਾਸ ਜੀ ਨੇ ਆਪਨੂੰ 'ਮੀਰਾਸੀ' ਲਿਖਿਆ ਹੈ, ਪੁਰਾਤਨ ਜਨਮ ਸਾਖੀ ਨੇ ਡੂਮ ਲਿਖਿਆ ਹੈ। ਆਪ ਦੀ ਅਉਲਾਦ ਦਾ ਪਤਾ ਨਹੀਂ ਚਲਦਾ ਪਰ ਆਪ ਦੀ ਕੁਲ ਦੇ ਲੋਕ ਚੱਕ ਰਮਦਾਸ ਵਿਚ ਵਸਦੇ ਦੱਸੀਦੇ ਹਨ।
ਮਰਦਾਨੇ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੋਈ। ਸਤਿਗੁਰਾਂ ਨੇ ਭਾਈ ਦਾ ਪਦ ਬਖਸ਼ਿਆ ਤੇ ਰਬਾਬੀ ਦਾ ਖਿਤਾਬ। ਸੋ ਹੁਣ ਤਕ ਸਾਰੇ ਗੁਰਬਾਣੀ ਦੇ ਕੀਰਤਨੀਏ ਇਸ ਜਾਤੀ ਦੇ ਰਬਾਬੀ ਸਦਾਉਂਦੇ ਹਨ ਤੇ ਭਾਈ ਪਦ ਨਾਲ ਪੁਕਾਰੇ ਜਾਂਦੇ ਹਨ।
ਭਾਈ ਮਰਦਾਨੇ ਦੇ ਅੰਤਮ ਸੰਮਤ ਪਰ ਤ੍ਰੈ ਵਿਚਾਰਾਂ ਹਨ। ੧੫੮੧, ੧੫੯੧ ਤੇ ੧੫੯੫ ਬਿਕਰਮੀ। ਆਪ ਦੇ ਚਲਾਣੇ ਬਾਬਤ ਕੁਰਮ ਵਿਚ ਹੋਣਾ ਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਬੀ ਲਿਖਿਆ ਹੈ ਪਰ ਕੁਰਮ ਵਿਚ ਟਿਕਾਣੇ ਦਾ ਪਤਾ ਅਜੇ ਤਕ ਨਹੀਂ ਲੱਭਾ। ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰ ਪੁਰ ਵਿਚ ਹੋਇਆ ਲਿਖਦੇ ਹਨ।