ਭੁੱਬਲ਼
ਫਰਜ਼ੰਦ ਅਲੀ
ਭੂਮਿਕਾ
ਗੋਂਦਲਬਾਰ ਦੇ ਇਲਾਕੇ ਸ਼ੇਖੂਪੁਰੇ, ਤਹਿਸੀਲ ਫ਼ੀਰੋਜ਼ਵਾਲਾ, ਦੇ ਨਿੱਕੇ ਜਿਹੇ ਪਿੰਡ ਵਿੱਚ ਜੰਮਿਆ ਫ਼ਰਜ਼ੰਦ ਅਲੀ ਅੱਜ ਲਹਿੰਦੇ ਪੰਜਾਬ ਦੇ ਉੱਘੜਵੇਂ ਨਾਵਲਕਾਰਾਂ ਵਿੱਚੋਂ ਸਭ ਥੀਂ ਉੱਭਰਦਾ ਨਾਵਲਕਾਰ ਹੈ। ਉਸ ਦਾ ਸਭ ਤੋਂ ਪਹਿਲਾ ਨਾਵਲ 'ਤਾਈ' ਸੀ ਜਿਸ ਨੇ ਪਹਿਲੀ ਵਾਰ ਸਮਾਜ ਦਾ ਉਹ ਚਿਹਰਾ ਲੋਕਾਂ ਮੂਹਰੇ ਧਰਿਆ। ਉਸ ਤੋਂ ਬਾਅਦ 'ਇਕ ਚੂੰਢੀ ਲੂਣ ਦੀ’ ਤੇ ਫਿਰ ਇਕ ਕਹਾਣੀ ਪਰਾਗਾ 'ਕੰਡ ਪਿੱਛੇ ਅੱਖਾਂ' ਪੜ੍ਹਨਹਾਰਾਂ ਦੇ ਸਾਹਮਣੇ ਲਿਆਂਦਾ।
ਫ਼ਰਜ਼ੰਦ ਅਲੀ ਦੇ ਜਿਸ ਨਾਵਲ ਨੇ ਬਹੁਤ ਮਾਨਤਾ ਖੱਟੀ ਉਹ 'ਭੁੱਬਲ' ਹੀ ਹੈ। ਇਸ ਨਾਵਲ ਅੰਦਰ ਉਸ ਨੇ ਇਹ ਦੱਸਣ ਦਾ ਪੂਰਾ ਜ਼ੋਰ ਲਾਇਆ ਹੈ ਕਿ ਤਬਕਾਤੀ ਵੰਡ ਨੇ ਕਿਵੇਂ ਇਨਸਾਨਾਂ ਨੂੰ ਦਰਜ਼ਿਆਂ ਵਿੱਚ ਵੰਡਿਆ ਤੇ ਕਿੰਝ ਧਾਰਮਿਕ ਸੋਚ, ਵਡੇਰਾਸ਼ਾਹੀ ਨੇ ਆਮ ਬੰਦੇ ਨਾਲ ਹਥ ਕੀਤਾ। ਇਹ ਸਾਰਾ ਕੱਚਾ-ਚੱਠਾ ਉਸ ਦੇ ਨਾਵਲ ਦਾ ਮੌਜੂਅ ਹੈ। ਉਸ ਦੇ ਕਹਿਣ ਮੂਜਬ ਕਿ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਸਾਡੇ ਸਮਾਜ ਵਿਚ ਵੀ ਤਬਕਾਤੀ ਵੰਡ ਆਪਣੇ ਪੂਰੇ ਜ਼ੋਰ ਨਾਲ ਜੜ੍ਹਾਂ ਸਮੇਤ ਖੜ੍ਹੀ ਹੈ। ਉਥੇ ਦਲਿਤ, ਸ਼ੂਦਰ ਸਮਾਜ ਵਿੱਚ ਨੀਵੀਂ ਥਾਂ 'ਤੇ ਖੜੇ ਨੇਂ ਤੇ ਸਾਡੇ ਇੱਧਰ ਜਾਤਾਂ, ਗੋਤਾਂ ਤੇ ਜੱਟਵਾਦ ਚੌਧਰ ਨੇ ਆਮ ਕੰਮ ਕਰਨ ਵਾਲੇ, ਵਾਹੀਵਾਣ ਜਾਂ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਕਿਹੜੀ-ਕਿਹੜੀ ਸਤ੍ਹਾ 'ਤੇ ਧੋਖਾ ਕੀਤਾ ਹੈ। ਆਮ ਬੰਦਾ ਜਿਹੜਾ ਕਿਸੇ ਨੀਵੀਂ ਜਾਤੀ ਨਾਲ ਤਾਅਲੁਕ ਰੱਖਦਾ ਹੈ ਉਸ ਨੂੰ ਕਿਹੜੇ-ਕਿਹੜੇ ਜੁਫ਼ਰ ਜਾਲਣੇ ਪੈਂਦੇ ਨੇਂ, ਕਿਵੇਂ ਉਹ ਸਮਾਜ ਦੇ ਵੇਲਣੇ ਵਿੱਚ ਪੀੜਿਆ ਜਾਂਦਾ ਹੈ, ਜੇ ਬਾਕੀ ਬਚਦਾ ਹੈ ਤਾਂ ਧਰਮ ਉਸ ਪੀੜੇ ਹੋਏ ਵਿੱਚੋਂ ਰਿਹਾ-ਸਿਹਾ ਸਤ ਕੱਢਦਾ ਹੈ। ਸਰਕਾਰਾਂ ਦਰਬਾਰਾਂ ਵਿੱਚ ਕਿਹਨਾਂ ਨੂੰ ਥਾਂ ਮਿਲਦੀ ਹੈ ਤੇ ਕਿਹੜੇ ਹੱਕਾਂ ਦੀ ਖ਼ਾਤਰ ਸਾਰੀ ਹਯਾਤੀ ਵੇਲ਼ੇ ਦੀ ਧੁੱਪ ਸੇਕਦੇ ਰਹਿੰਦੇ ਨੇਂ।
ਉਸਤਾਦ ਦਾਮਨ ਦੇ ਦਾਮਨ ਨਾਲ ਲੱਗ ਕੇ ਫਰਜੰਦ ਅਲੀ ਜ਼ਿੰਦਗੀ ਨੂੰ ਜਿਸ ਢੰਗ ਨਾਲ ਵੇਖਣ ਦੀ ਨਜ਼ਰ ਪਾਈ ਹੈ ਇਹ ਉਸਤਾਦ ਦਾਮਨ ਦੀਆਂ ਸੰਗਤਾਂ, ਮੁਹੱਬਤਾਂ ਦਾ ਹੀ ਨਤੀਜਾ ਹੈ ਕਿ ਉਸ ਦੀ ਰਚਨਾ ਵਿੱਚ ਸੋਚ ਦਾ ਖਿਲਾਰ ਵੱਡੇ ਤੋਂ ਵੱਡਾ ਹੁੰਦਾ ਗਿਆ। ਉਸ ਦਾ ਮੁਸ਼ਾਹਿਦਾ ਉਸ ਦੀ ਨਜ਼ਰ ਇਸ ਗੱਲ ਨੂੰ ਭਾਲ ਕੇ ਲਫ਼ਜ਼ਾਂ ਦਾ ਰੂਪ ਦਿੰਦੀ ਰਹੀ ਤੇ ਜਦੋਂ ਇਹ ਲਫ਼ਜ਼ ਛਪ ਕੇ ਨਾਵਲ ਦੀ ਸੂਰਤ ਵਿੱਚ ਲੋਕਾਂ ਸਾਹਮਣੇ ਆਏ ਤਾਂ ਪਿਸੇ ਹੋਏ ਲੋਕਾਂ ਨੂੰ ਇੰਝ ਲੱਗਾ ਜਿਵੇਂ ਇਹ ਤਾਂ ਸਾਡੀ ਕਹਾਣੀ ਹੈ, ਹਰ ਇਕ ਦੀ ਕਹਾਣੀ ਹੈ ਤੇ ਸੱਚੀ ਕਹਾਣੀ ਹੈ।
ਸਾਮਰਾਜੀ ਦੌਰ 'ਚ ਇਸ ਸਮਾਜ ਅੰਦਰ ਹੋ ਰਹੇ ਜ਼ੁਲਮਾਂ ਨੂੰ ਇਸ ਸਾਦਗੀ ਦੇ ਨਾਲ ਬਿਆਨ ਕਰਨਾ ਕਿ ਉਹ ਪ੍ਰਾਪੇਗੰਡਾ ਵੀ ਨਾ ਲੱਗੇ, ਇਹ ਫ਼ਰਜ਼ੰਦ ਜੀ ਦੀ ਰਚਨਾ ਦਾ
ਸਭ ਤੋਂ ਵੱਡਾ ਗੁਣ ਹੈ। ਉਹ ਤੇ ਸਿਰਫ਼ ਕਹਾਣੀ ਬਿਆਨ ਕਰਦਾ ਹੈ, ਅਲੋਚਨਾ ਨਹੀਂ ਕਰਦਾ, ਉਹ ਤੇ ਸਮਾਜ ਨੂੰ ਉਸ ਦਾ ਆਈਨਾ ਦਿਖਾਂਦਾ ਹੈ ਨਤੀਜੇ ਨਹੀਂ ਕੱਢਦਾ, ਨਤੀਜਾ ਹਰ ਕਿਸੇ ਨੇ ਆਪਣੇ ਆਪਣੇ ਮੁਤਾਬਕ ਹੀ ਕੱਢਣਾ ਹੁੰਦਾ ਹੈ। ਜਦ ਹਰ ਜੀਅ ਨੂੰ ਉਸ ਦੇ ਅਸਲ ਹੱਕ ਦੀ ਪਛਾਣ ਕਰਾ ਦਿਓ ਤੇ ਫਿਰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਉਸ ਨੂੰ ਜੱਦੋ-ਜਹਿਦ ਕਿੱਥੋਂ ਸ਼ੁਰੂ ਕਰਨੀ ਹੈ ਜਾਂ ਕਿਹੜੇ ਧੜੇ ਨਾਲ ਖਲ੍ਹੋਕੇ ਇਸ ਸਾਮਰਾਜੀ ਸੋਚ ਦਾ ਮੁਕਾਬਲਾ ਕਰਨਾ ਹੈ।
ਕਿਧਰੇ ਜੱਟਵਾਦ, ਕਿਧਰੇ ਚੌਧਰਪੁਣਾ ਤੇ ਕਿਤੇ ਸਰਕਾਰੀ ਪੁੱਠ ਨਾਲ ਪਲ ਰਹੇ ਸਾਨ੍ਹਾਂ ਦੇ ਥੱਲੇ ਘਾਹ ਬਣਨ ਤੋਂ ਚੰਗਾ ਹੈ ਸੂਲਾਂ ਬਣਿਆ ਜਾਵੇ। ਇਹ ਸਾਰਾ ਕੁੱਝ ਉਸ ਦੀਆਂ ਲਿਖਤਾਂ ਵਿੱਚ ਮੁੱਖ ਤੌਰ 'ਤੇ ਤੁਹਾਨੂੰ ਦਿਸੇਗਾ। ਫ਼ਰਜ਼ੰਦ ਦਾ ਦੁਖਾਂਤ ਵੀ ਹਰ ਉਸ ਮਾੜੇ ਹਾਰ ਦਾ ਹੈ ਜੋ ਇਨ੍ਹਾਂ ਧਰੋਵਾਂ ਦਾ ਸ਼ਿਕਾਰ ਹੈ।
ਕੱਲ ਤੱਕ ਫ਼ਰਜ਼ੰਦ ਅਲੀ ਲਹਿੰਦੇ ਪੰਜਾਬ ਦਾ ਵੱਡਾ ਨਾਵਲਕਾਰ ਸੀ ਪਰ ਹੁਣ ਉਹ ਚੜ੍ਹਦੇ ਪੰਜਾਬ ਵਿੱਚ ਵੀ ਪਿਆਰਿਆ ਜਾ ਰਿਹਾ ਹੈ। ਇਹ ਬਹੁਤ ਸੋਹਣੀ ਗੱਲ ਹੈ। ਮਾਂ- ਬੋਲੀ ਦਾ ਪਸਾਰ ਹੱਦਾਂ, ਲੀਕਾਂ ਤੋਂ ਅਗਾਂਹ ਵਧ ਕੇ ਇਨਸਾਨ ਦੇ ਸਾਂਝੇ ਮਸਲਿਆਂ 'ਤੇ ਰਚੇ ਜਾਣ ਵਾਲ਼ੇ ਅਦਬ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ-ਦੂਜੇ ਤੀਕ ਅਪੜਾਨ ਦਾ ਵਸੀਲਾ ਬਣ ਰਿਹਾ ਏ। ਇਸੇ ਲਿਖਿਅਰਾਂ ਨੂੰ ਹੁਣ ਦੋਹਾਂ ਬੰਨੇ ਇੱਜ਼ਤ ਬਖ਼ਸ਼ੀ ਜਾ ਰਹੀ ਹੈ। ਇਸ ਤੋਂ ਵਧਕੇ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਹੈ।
ਆਸਿਫ਼ ਰਜ਼ਾ
ਸੇਵਕ:
ਮਾਂ-ਬੋਲੀ ਰਿਸਰਚ ਸੈਂਟਰ ਲਾਹੌਰ
ਕੁੱਝ ਮੇਰੇ ਵੱਲੋਂ
ਮੈਂ ਸੰਨ 1965 ਤੋਂ ਲੈਕੇ 1983 ਤੀਕਰ ਉਸਤਾਦ ਦਾਮਨ ਕੋਲ ਆਂਵਦਾ ਰਿਹਾ। ਉਹਨਾਂ ਕੋਲ ਮੈਂ ਕਿੰਝ ਤੇ ਕਿਵੇਂ ਆਇਆ, ਏਸ ਲਿਖਤ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਪਿਛੋਕੜ ਕੀ ਸੀ ? ਮੈਂ ਕਰਨਾ ਕੀ ਚਾਹਦਾ ਸੀ ? ਇਹ ਵੀ ਉਲੁਕਿਆ ਹੈ ਕਿ ਉਸਤਾਦ ਦਾਮਨ ਉਸ ਸਮੇਂ ਵਿੱਚ ਕਿਵੇਂ ਦੀ ਹਯਾਤੀ ਗੁਜ਼ਾਰ ਰਹੇ ਸਨ। ਜਿਵੇਂ ਮੈਂ ਵੇਖਿਆ ਸੀ, ਜੋ ਕੁੱਝ ਸਮਝ ਆਈ, ਪੂਰੀ ਸੱਚਾਈ ਨਾਲ ਲਿਖਣ ਦਾ ਚਾਰਾ ਕੀਤਾ ਹੈ। ਉਹ ਵੀ ਦੱਸਣ ਦਾ ਯਤਨ ਕੀਤਾ ਹੈ ਜੋ ਉਹਨਾਂ ਆਪਣੇ ਪਿਛੋਕੜ ਅਤੇ ਬਚਪਨ ਬਾਰੇ ਮੈਨੂੰ ਦੱਸਿਆ ਸੀ।
ਆਪਣੀ ਮੁਹੱਬਤ, ਆਪਣੀ ਨਫਰਤ ਤੇ ਬੀਤੀ ਹਯਾਤੀ ਉਹਨਾਂ ਮੈਥੋਂ ਨਹੀਂ ਸੀ ਲੁਕਾਈ । ਹੋ ਸਕਦਾ ਹੈ ਕੁੱਝ ਗੱਲਾਂ ਰਹਿ ਗਈਆਂ ਹੋਵਣ, ਪਰ ਮੈਂ ਆਪਣੇ ਵੱਲੋਂ ਕੁੱਝ ਨਹੀਂ ਲੁਕਾਇਆ।
ਮੈਂ ਆਪਣੀ ਅਤੇ ਉਸਤਾਦ ਦਾਮਨ ਦੀ ਹਯਾਤੀ ਬਾਰੇ ਬਿਲਕੁਲ ਦਿਆਨਤਦਾਰੀ ਨਾਲ ਲਿਖਣ ਦੀ ਹਿੰਮਤ ਕੀਤੀ ਹੈ। ਉਹਨਾਂ ਬਾਰੇ ਲਿਖਦਿਆਂ ਹੋਇਆਂ ਕਦੇ ਉਸਤਾਦ, ਕਦੇ ਗੁਰੂ ਤੇ ਕਦੇ ਹੁਜਰੇ ਵਾਲਾ ਆਖਿਆ ਹੈ।
ਹੁਣ ਪਤਾ ਨਹੀਂ ਇਹਨਾਂ ਲਫਜ਼ਾਂ ਦੇ ਕੀ ਮਾਅਨੇ ਨਿੱਕਲਣ, ਪਰ ਉਸ ਵੇਲੇ ਮੈਂ ਇੰਝ ਈ ਗੱਲ ਕਰਿਆ ਕਰਦਾ ਸਾਂ, ਉਹ ਵੀ ਸੁਣ ਕੇ ਮੁਸਕਰਾਇਆ ਕਰਦੇ ਸਨ।
ਇਹ ਈ ਕਾਰਨ ਏ ਕਿ ਮੈਂ ਉਹ ਈ ਢੰਗ ਵਰਤਿਆ ਏ... ਮੈਨੂੰ ਨਹੀਂ ਪਤਾ ਕਿ ਮੇਰਾ ਇਹ ਢੰਗ ਚੰਗਾ ਏ ਕਿ ਮੰਦਾ।
ਫ਼ਰਜ਼ੰਦ ਅਲੀ
ਹੁੱਸੜ ਭਰੀ ਰਾਤ ਸੀ । ਹਰ ਸ਼ੈ ਵਿੱਚੋਂ ਮੁੜ੍ਹਕਾ ਨੁੱਚੜ ਰਿਹਾ ਸੀ। ਜੇਠ ਹਾੜ੍ਹ ਵਿੱਚ ਦਿਨ ਲੰਮੇ ਤੇ ਰਾਤਾਂ ਛੋਟੀਆਂ ਹੁੰਦੀਆਂ ਨੇ। ਦਿਨ ਨੂੰ ਕਹਿਰ ਦੀ ਗਰਮੀ ਤੇ ਅੱਗ ਵਸਾਂਦੀ ਲੂ, ਰਾਤ ਨੂੰ ਹੁੱਸੜ ਤੇ ਸਾਹ ਘੁੱਟ ਲੈਣ ਵਾਲਾ ਸਮਾਂ ਬਣ ਜਾਂਦਾ ਹੈ।
ਪਰ ਉਸ ਰਾਤ ਤਾਂ ਕੁੱਝ ਜ਼ਿਆਦਾ ਹੀ ਹੁੱਸੜ ਬਣਿਆ ਹੋਇਆ ਸੀ। ਜੁੱਸੇ ਵਿੱਚੋਂ ਮੁੜ੍ਹਕਾ ਚੋ ਚੋ ਕੇ ਲੀੜੇ ਗੜੁੱਚ ਹੋ ਗਏ ਸਨ । ਮੁੜ੍ਹਕੇ ਭਿੱਜੇ ਲੀੜੇ ਜੁੱਸੇ ਨਾਲ ਚਿੰਮੜਦੇ, ਤਾਂ ਬਹੁਤ ਆਵਾਜ਼ਾਰੀ ਹੁੰਦੀ।
ਘੜੀ-ਮੁੜੀ ਨਹਾਵਣ ਨਾਲ ਵੀ ਕੁੱਝ ਫਰਕ ਨਾ ਪੈਂਦਾ। ਤਨ ਦੇ ਲੀੜੇ ਲਾਹ ਸੁੱਟਣ ਨੂੰ ਜੀਅ ਕਰਦਾ ਸੀ, ਪਰ ਨੰਗੇ ਪਿੰਡੇ ਗੁੱਤੀ ਬਹੁਤ ਵੱਢਦੀ ਤਾਂ ਜੁੱਸੇ ਉੱਤੇ ਸਾੜ ਪੈ ਜਾਂਦਾ ਸੀ।
ਧੁੱਪ ਤੇ ਲੂ ਨਾਲ ਮੱਛਰ ਭਾਵੇਂ ਮਰ ਖਪ ਗਿਆ ਸੀ ਪਰ ਗੁੱਤੀ ਤਾਂ ਬਹੁਤ ਹੀ ਢੀਠ ਹੁੰਦੀ ਏ। ਸਾਰਾ ਦਿਨ ਗੋਹੇ ਨੂੰ ਚੁੰਬੜੀ ਰਹਿੰਦੀ ਏ ਤੇ ਰਾਤ ਨੂੰ ਆਦਮਖੋਰ ਬਣ ਖਲੋਂਦੀ ਏ।
ਜੇ ਲੀੜੇ ਨਾਲ ਮੂੰਹ ਸਿਰ ਤੇ ਜੁੱਸਾ ਵਲ੍ਹੇਟ ਲਈਏ ਤਾਂ ਸਾਹ ਘੁੱਟ ਹੁੰਦਾ ਏ। ਜੇ ਲਾਹ ਦੇਈਏ ਤਾਂ ਗੁੱਤੀ ਹਮਲਾ ਕਰ ਦੇਵੇ ਜਾਨ ਉੱਤੇ ਤਰਲੋ-ਮੱਛੀ ਵਾਂਗ ਬਣੀ ਹੋਈ ਏ। ਸੌਣ ਜੋਗੇ ਨਾ ਜਾਗਣ ਜੋਗੇ । ਜਿੱਥੇ ਗੁੱਤੀ ਵੱਢਦੀ ਝੱਟ ਧੱਫਾ ਮਾਰ ਕੇ ਦੁਸ਼ਮਣ ਨੂੰ ਖਤਮ ਕਰਨ ਦਾ ਯਤਨ ਕਰਨ ਨਾਲ, ਆਪਣੇ ਜੁੱਸੇ ਨੂੰ ਈ ਚਾਂਟਾ ਮਾਰ ਕੇ ਬੁਰਾ ਹਾਲ ਕੀਤਾ ਹੋਇਆ ਸੀ। ਸਗੋਂ ਬੰਦਾ ਤੇ ਗੁੱਤੀ ਨਾਲ ਲੜਦਾ ਹੋਇਆ, 'ਮੰਜੀ ਨਾਚ' ਕਰਦਾ ਜਾਪਦਾ ਏ।
ਉਸ ਰਾਤ ਪੂਰੀ ਜੂਹ ਦਾ ਸਾਹ ਘੁੱਟਿਆ ਹੋਇਆ ਸੀ। ਹਰ ਸ਼ੈ ਡਰੀ ਡਰੀ ਤੇ ਸਹਿਮੀ ਸਹਿਮੀ ਜਾਪਦੀ ਸੀ ਜਿਵੇਂ ਲੋਕ-ਕਹਾਣੀਆਂ ਵਿੱਚ ਕਿਸੇ ਜਿੰਨ ਦੇ ਆਵਣ ਦੀ ਖ਼ਬਰ ਸੁਣਕੇ ਹਰ ਸ਼ੈ ਦੜ ਵੱਟ ਜਾਂਦੀ ਏ।
ਅਸਾਡੇ ਘਰ ਦੀ ਕੱਚੀ ਕੰਧ ਦੇ ਖਡੋਲਣੇ ਵਿੱਚ ਸਰ੍ਹੋਂ ਦੇ ਤੇਲ ਨਾਲ ਬਲਦਾ ਦੀਵਾ ਲਟ ਲਟ ਜਗ ਰਿਹਾ ਸੀ। ਦੀਵੇ ਦੀ ਲਾਟ ਵਿੱਚ ਕੰਬਣੀ ਕੋਈ ਨਹੀਂ ਸੀ।
ਸਿੱਧੀ ਤੇ ਸਾਫ ਲਾਟ ਉਤਾਂਹ ਈ ਉਤਾਂਹ ਜਾਂਦੀ ਪਈ ਸੀ । ਦੀਵੇ ਦੁਆਲੇ ਕੋਈ ਪਤੰਗਾ ਵੀ ਨਹੀਂ ਸੀ। ਉਹਨਾਂ ਦੇ ਵੀ ਖੌਰੇ ਸਾਹ ਘੁੱਟ ਗਏ ਸਨ ਯਾ ਇਹ ਨੂਰ ਦੇ ਆਸ਼ਕ ਪਤੰਗੇ ਜੂਹ ਈ ਛੱਡ ਗਏ ਹੋਏ ਸਨ ਕਿ ਮਰ ਗਏ ਹੋਏ ਸਨ । ਯਾ ਨੂਰ ਦੀ ਆਸ਼ਕੀ ਤੋਂ ਤੋਬਾ ਕਰੀ ਬੈਠੇ ਸਨ। ਕਾਰਨ ਕੋਈ ਵੀ ਸੀ ਪਰ ਉਸ ਰਾਤ ਦੀਵੇ ਦੁਆਲੇ ਪਤੰਗਾ ਕੋਈ ਨਹੀਂ ਸੀ ਨਜ਼ਰੀਂ ਪੈ ਰਿਹਾ।
ਸਾਹ ਘੁੱਟ ਲੈਣ ਵਾਲੀ ਕਾਲੀ ਤੇ ਚੁੱਪ-ਚਾਂ ਰਾਤ ਵਿੱਚ ਅਸਾਂ ਮੰਜੀਆਂ ਉੱਤੇ ਲੰਮੇ ਪਏ ਹੋਏ ਗੁੱਤੀ ਨਾਲ ਲੜ ਭਿੜ ਰਹੇ ਸਾਂ ਤੇ ਚੌਂਦੇ ਮੁੜਕੇ ਨੂੰ ਫੂਕਾਂ ਮਾਰ ਮਾਰ ਤੇ ਖੋਜੂਰ ਦੀਆਂ ਪੱਖੀਆਂ ਨਾਲ ਸੁਕਾਵਣ ਦਾ ਯਤਨ ਕਰ ਰਹੇ ਸਾਂ । ਲਗਦਾ ਸੀ ਕਿ ਅਸੀਂ ਧੱਕਦੇ ਜਾਂਦੇ ਸਾਂ ਤੇ ਦੁਸ਼ਮਣ ਚੜ੍ਹਾਈ ਉੱਤੇ ਸੀ । ਊਂਘ ਆਉਂਦੀ ਤਾਂ ਪੱਖੇ ਹੱਥੋਂ ਡਿੱਗ ਡਿੱਗ ਪੈਂਦੇ। ਉਸੇ ਵੇਲੇ ਈ ਦੁਸ਼ਮਣ ਡੰਗ ਮਾਰ ਕੇ ਰੱਤ ਪੀ ਜਾਂਦਾ। ਝੱਟ ਅੱਖ ਖੁੱਲ੍ਹਦੀ ਤਾਂ ਪੱਖੇ ਦੀ ਭਾਲ ਕਰਦੇ।
ਏਹੋ ਈ ਹਾਲ ਵਿਹੜੇ ਲਾਗੇ ਖੁਰਲੀ ਦੁਆਲੇ ਬੱਧੇ ਡੰਗਰਾਂ ਦਾ ਸੀ। ਕੰਨਾਂ ਨਾਲ ਪੱਖੇ ਝਲਦੇ, ਸਿਰ ਹਿਲਾਉਂਦੇ ਪਰ ਦੁਸ਼ਮਣ ਡੰਗ ਮਾਰ ਈ ਜਾਂਦਾ ਸੀ ।
ਉਸ ਰਾਤ ਕੋਈ ਕੁੱਤਾ ਵੀ ਨਹੀਂ ਸੀ ਭੌਂਕ ਰਿਹਾ। ਬਿੱਲੀਆਂ ਵੀ ਵੈਣ ਨਹੀਂ ਸਨ ਪਾਏ। ਕਈ ਟਟਹਿਣਾ ਵੀ ਨਜ਼ਰ ਨਹੀਂ ਸੀ ਆ ਰਿਹਾ ਯਾ ਖੌਰੇ ਹੁੱਸੜ ਨਾਲ ਉਹਨਾਂ ਦੀ ਰੌਸ਼ਨੀ ਵੀ ਚੋ ਗਈ ਹੋਈ ਸੀ।
ਮਾਂ ਨੂੰ ਖੌਰੇ ਕੀ ਖਿਆਲ ਆਇਆ। ਅਚਨਚੇਤ ਉੱਠ ਕੇ ਵਿਹੜੇ ਵਿੱਚੋਂ ਖਿੱਲਰੇ ਸਮਾਨ ਨੂੰ ਚੁੱਕ-ਚੁੱਕ ਕੇ ਅੰਦਰ ਰੱਖਣ ਲੱਗ ਪਈ। ਸਮਾਨ ਵੀ ਭਲਾ ਕੀ ਸੀ । ਕੋਈ ਠੂਠੀ ਤੇ ਬਹੁਕਰ, ਛਜਲੀ, ਪਤੀਲੀ ਤੇ ਛਾਣਨੀ, ਖੋਰੇ ਹੋਰ ਵੀ ਕੁੱਝ ਹੋਣਾ ਏ ਪਰ ਮੈਨੂੰ ਤੇ ਇਹ ਕੁੱਝ ਹੀ ਮਲੂਮ ਹੋਇਆ ਸੀ। ਇਹ ਸ਼ੈਆਂ ਸੰਭਾਲਦੇ ਹੋਏ ਮਾਂ ਨੇ ਆਖਿਆ, "ਬਾਲੋ, ਆਪਣਾ ਲੀੜਾ ਕੱਪੜਾ ਚੰਗੀ ਤਰ੍ਹਾਂ ਕੁੱਝ ਕੇ ਸੰਭਾਲ ਲਵੋ। ਹਨ੍ਹੇਰੀ ਆਉਣ ਵਾਲੀ ਏ। ਉੱਡ ਗਈ ਕੋਈ ਵੀ ਸ਼ੈ ਮੁੜ ਕੇ ਹੱਥ ਨਹੀਂ ਆਵਣੀ। ਮੂੰਹ ਸਿਰ ਵੀ ਵਲ੍ਹੇਟ ਲਿਆ ਜੇ, ਮਿੱਟੀ ਘੱਟਾ ਤੇ ਖੇਹ ਬਹੁਤ ਉੱਡਦੀ ਏ।"
ਅਸਾਨੂੰ ਮੱਤ ਦੇ ਕੇ ਮਾਂ ਚੁੱਲ੍ਹੇ ਵਿੱਚ ਪਾਣੀ ਤਰੌਂਕ ਕੇ ਅੱਗ ਬੁਝਾ ਦਿੱਤੀ ਜਿਹੜੀ ਅਜੇ ਤੀਕਰ ਕੁੱਝ-ਕੁੱਝ ਚਮਕਦੀ ਜਾਪਦੀ ਸੀ।
ਫੇਰ ਦੀਵੇ ਨੂੰ ਫੂਕ ਮਾਰ ਕੇ ਬੁਝਾ ਕੇ ਮਾਂ ਆਪਣੀ ਮੰਜੀ ਉੱਤੇ ਆ ਕੇ ਲੇਟ ਗਈ ਤਾਂ ਝੱਟ ਮਗਰੋਂ ਫੇਰ ਉੱਠ ਕੇ ਬਹਿ ਗਈ। ਮਾਂ ਹਨ੍ਹੇਰੀ ਦੀ ਉਡੀਕ ਵਿੱਚ ਸੀ ਯਾਂ ਖੋਰੇ ਹੁੱਸੜ ਪਾਰ ਨੀਂਦਰ ਨਹੀਂ ਸੀ ਆ ਰਹੀ।
“ਦੀਵਾ ਕਿਉਂ ਬੁਝਾਇਆ ਈ ਮਾਂ, ਬਲਦਾ ਦੀਵਾ ਮੈਨੂੰ ਚੰਗਾ ਲਗਦਾ ਏ।" ਮੇਰੇ ਪੁੱਛਣ ਉੱਤੇ ਮਾਂ ਨੇ ਆਖਿਆ :
"ਵੇਖਦਾ ਨਹੀਂ, ਘੁੱਟ ਕਿੰਨਾ ਵਧ ਗਿਆ ਏ । ਹਨ੍ਹੇਰੀ ਛੁੱਟਣ ਈ ਵਾਲੀ ਏ । ਮੂੰਹ ਸਿਰ ਵਲ੍ਹੇਟ ਲੈ।"
"ਹਨ੍ਹੇਰੀ ਨਾਲ ਤੇ ਦੀਵਾ ਆਪੇ ਬੁਝ ਜਾਣਾ ਸੀ ਮਾਂ । ਉਦੋਂ ਤੀਕ ਤੇ ਜਗਣ ਦੇਣਾ ਸੀ।"
"ਡਰ ਸੀ ਕਿ ਹਨ੍ਹੇਰੀ ਨਾਲ ਅੱਗ ਕੁੱਲੀ ਨੂੰ ਨਾ ਪੈ ਜਾਵੇ । ਸੁੱਕੇ ਕੱਖ ਕਾਨੇ ਨੂੰ ਤਾਂ ਝੱਟ ਅੱਗ ਪੈ ਜਾਂਦੀ ਏ।" ਮੈਂ ਚੁੱਪ ਕਰ ਗਿਆ ਤਾਂ ਮਾਂ ਨੇ ਫੇਰ ਸਮਝਾਉਂਦਿਆਂ ਹੋਇਆਂ ਆਖਿਆ, "ਹਨ੍ਹੇਰੀ ਆਵਣ ਵਾਲੀ ਹੋਵੇ ਤੇ ਭਾਵੇਂ ਨਾ, ਪਰ ਕੁੱਲੀ ਜਾਂ ਝੁੱਗੀ ਵਾਲਿਆਂ ਨੂੰ ਚਾਹੀਦਾ ਏ ਕਿ ਚੁੱਲ੍ਹੇ ਦੀ ਅੱਗ ਤੇ ਦੀਵੇ ਬੁਝਾ ਕੇ ਸੌਂਵਣ।"
ਮਾਂ ਏਹੋ ਜਿਹੇ ਕਈ ਵਾਕੇ ਸੁਣਾਏ ਜਿਹਨਾਂ ਵਿੱਚ ਘਰ ਵਾਲਿਆਂ ਦੀ ਮਾੜੀ ਜਿਹੀ ਸੁਸਤੀ ਪਾਰੋਂ ਘਰਾਂ ਨੂੰ ਅੱਗਾਂ ਲੱਗੀਆਂ ਸਨ । ਕਦੇ ਚੁੱਲ੍ਹੇ ਦੀ ਅੱਗ ਨਾਲ, ਕਦੇ ਦੀਵੇ ਦੀ ਲਾਟ ਨਾਲ ਤੇ ਕਦੇ ਹੁੱਕੇ ਦੀ ਟੋਪੀ ਵਾਲੀ ਅੱਗ ਨਾਲ ਕਈ ਝੁੱਗੇ ਸੜ ਕੇ ਸਵਾਹ ਹੋਏ ਸਨ।
ਇੱਕ ਘਰ ਨੂੰ ਅੱਗ ਲੱਗੇ ਤਾਂ ਦੂਜੇ ਘਰ ਵੀ ਨਾਲ ਈ ਸੜ ਜਾਂਦੇ ਸਨ। ਅਸਾਡੇ ਏਸ ਨਿੱਕੇ ਜਿਹੇ ਪਿੰਡ ਵਿੱਚ ਸਾਰੇ ਰਾਹਕ ਹੀ ਰਹਿੰਦੇ ਸਨ। ਸਭ ਰਾਹਕਾਂ ਝੁੱਗੀਆਂ ਈ ਬਣਾਈਆਂ ਹੋਈਆਂ ਸਨ। ਇਹਨਾਂ ਝੁੱਗੀਆਂ ਵਿੱਚ ਰਾਹਕ ਰਹਿੰਦੇ ਸਨ । ਕਿਉਂ ਜੁ ਵਸਣਾ ਤਾਂ ਕਿਸੇ ਕਿਸੇ ਨੂੰ ਨਸੀਬ ਹੁੰਦਾ ਏ। ਫੇਰ ਰਾਹਕ ਜੀਵਨ ਨਹੀਂ, ਜੂਨ ਭੋਗ ਰਹੇ ਸਨ।
ਅਸੀਂ ਸਾਰੇ ਰਾਹਕ ਏਸ ਪਿੰਡ ਵਿੱਚ ਜੂਨ ਭੋਗ ਰਹੇ ਸਾਂ ।
ਸਭ ਦੀਆਂ ਝੁੱਗੀਆਂ ਨਾਲ ਨਾਲ ਬਣੀਆਂ ਹੋਈਆਂ ਸਨ। ਕਿਸੇ ਦੀ ਕੰਡ ਸਾਂਝੀ ਤੇ ਕਿਸੇ ਦਾ ਚਨਾ ਸਾਂਝਾ । ਕਿਸੇ ਦਾ ਵੀ ਕੋਈ ਕੱਚਾ ਯਾ ਪੱਕਾ ਕੋਠਾ ਨਹੀਂ ਸੀ।
ਨੀਵੀਆਂ ਨੀਵੀਆਂ ਮਿੱਟੀ ਦੀਆਂ ਕੰਧਾਂ, ਉੱਤੇ ਸਰਕਾਨੇ ਦੀ ਛੱਤ ਨੂੰ ਅਸਾਂ ਕੁੱਲੀ ਯਾ ਝੁੱਗੀ ਆਖਦੇ ਸਾਂ । ਬਹੁਤੇ ਝੁੱਗੀ ਈ ਆਖਦੇ ਸਨ।
ਇੱਕੋ ਜ਼ਿਮੀਂਦਾਰ ਦੇ ਅਸਾਂ ਸਾਰੇ ਰਾਹਕ ਸਾਂ। ਜ਼ਿਮੀਦਾਰ ਨੇ ਆਪਣੇ ਲਈ ਇੱਥੇ ਪੱਕੀ ਬੈਠਕ ਬਣਵਾਈ ਹੋਈ ਸੀ । ਨਾਲ ਪੱਕੀ ਹਵੇਲੀ ਤੇ ਗੋਦਾਮ ਵੀ ਬਣਵਾਇਆ ਹੋਇਆ ਸੀ। ਜ਼ਿਮੀਂਦਾਰ ਉਹਨੂੰ 'ਡੇਰਾ' ਆਖਦਾ ਸੀ, ਪਰ ਸਾਡੇ ਲਈ ਉਹ ਪਿੰਡ ਸੀ।
ਉਹਦੀਆਂ ਜ਼ਮੀਨਾਂ ਉੱਤੇ ਇੰਝ ਦੇ ਕਈ ਡੇਰੇ ਬਣੇ ਹੋਏ ਸਨ।
ਕਿਸੇ ਵੀ ਰਾਹਕ ਕੋਲ ਆਪਣੀ ਕੋਈ ਭੋਂਏਂ ਨਹੀਂ ਸੀ। ਜ਼ਿਮੀਂਦਾਰ ਦੀ ਭੋਏਂ ਉੱਤੇ ਈ ਸਿਰ ਲੁਕਾਵਣ ਲਈ ਝੁੱਗੀਆਂ ਪਾਈਆਂ ਹੋਈਆਂ ਸਨ । ਰਾਹਕਾਂ ਦਾ ਆਪਣਾ ਕੋਈ ਠਕਾਣਾ ਨਹੀਂ ਸੀ। ਕਦੇ ਕਿਸੇ ਜ਼ਿਮੀਦਾਰ ਕੋਲ ਤੇ ਕਦੇ ਕਿਸੇ ਕੋਲ ਜਾ ਰਹਿੰਦੇ ਸਨ।
ਉਹਨਾਂ ਦਿਨਾਂ ਵਿੱਚ ਅਸੀਂ ਜ਼ਿਮੀਦਾਰ ਹਾਜੀ ਕੋਲ ਬੈਠੇ ਹੋਏ ਸਾਂ । ਸਾਰਾ ਪਿੰਡ (ਡੇਰਾ) ਹਾਜੀ ਦੀ ਮਲਕੀਅਤ ਸੀ । ਹਾਜੀ ਦੀ ਮਲਕੀਅਤ ਵਿੱਚ ਕਈ ਹੋਰ ਪਿੰਡ ਵੀ ਸਨ, ਉੱਥੇ ਵੀ ਸਾਰੇ ਰਾਹਕ ਈ ਰਹਿੰਦੇ ਸਨ।
ਲਹੌਰੋਂ ਸ਼ੇਖੂਪੁਰਾ ਜਾਣ ਵਾਲੀ ਸੜਕ ਲਾਗੇ ਤੇਰ੍ਹਵੇਂ ਮੀਲ ਉੱਤੇ ਨਾਲਾ ਡੇਕ ਵਗਦਾ ਏ। ਨਾਲਾ ਡੇਕ ਦੇ ਕੰਢੇ ਉੱਤੇ ਸੜਕੋਂ ਪੰਜ ਕੁ ਪੈਲੀਆਂ ਦੀ ਦੂਰੀ ਉੱਤੇ ਇਹ ਸਾਡਾ ਪਿੰਡ ਤੇ ਹਾਜੀ ਦਾ ਡੇਰਾ ਸੀ (ਜਿਹੜਾ ਹੁਣ ਵੀ ਹੈ) ਪਿੰਡ ਦੇ ਚਾਰ ਚੁਫੇਰੇ ਹਾਜੀ ਦੀਆਂ ਈ ਜ਼ਮੀਨਾਂ ਸਨ।
ਹਰ ਡੇਰੇ ਉੱਤੇ ਹਾਜੀ ਦਾ ਇੱਕ ਮੁਨਸ਼ੀ, ਚਾਰ ਪੰਜ ਕਾਮੇ ਤੇ ਇੱਕ ਇੱਕ ਧੜਵਾਈ ਹੁੰਦਾ ਸੀ। ਹਾਜੀ ਮੁਲਕੀ ਸਿਆਸਤ ਵਿੱਚ ਭਰਵਾਂ ਹਿੱਸਾ ਲੈਂਦਾ ਸੀ। ਪਿਛਲੀ ਕੌਮੀ ਅਸੰਬਲੀ ਦਾ ਮੈਂਬਰ ਵੀ ਰਿਹਾ ਸੀ ਤੇ ਹੁਣ ਵੀ ਮੈਂਬਰੀ ਵਾਸਤੇ ਜਤਨ ਕਰਦਾ ਰਹਿੰਦਾ ਸੀ। ਆਪ ਤਾਂ ਹਾਜੀ ਵਸਦਾ ਸ਼ੇਖੂਪੁਰਾ ਸ਼ਹਿਰ ਸੀ, ਪਰ ਅਲੈਕਸ਼ਨ ਆਪਣੇ ਰਾਹਕਾਂ ਦੇ ਹਲਕੇ ਵਿੱਚੋਂ ਆ ਕੇ ਲੜਦਾ ਸੀ।
ਜ਼ਿਮੀਦਾਰ ਹਾਜੀ ਤਿੰਨ ਸ਼ਾਦੀਆਂ ਕੀਤੀਆਂ ਹੋਈਆਂ ਸਨ। ਦੋ ਵਹੁਟੀਆਂ ਤੇ ਮਰ ਖਪ ਗਈਆਂ ਸਨ ਯਾ... ਪਰ ਤੀਜੀ ਵਹੁਟੀ ਅਜੇ ਜਿਉਂਦੀ ਸੀ। ਤਿੰਨਾਂ ਈ ਵਹੁਟੀਆਂ ਵਿੱਚੋਂ ਔਲਾਦ ਸੀ।
ਆਪ ਜ਼ਿਮੀਦਾਰ ਹਾਜੀ ਖੌਰੇ ਪ੍ਰਾਇਮਰੀ ਤੀਕ ਵੀ ਨਹੀਂ ਸੀ ਪੜ੍ਹਿਆ ਹੋਇਆ ਪਰ ਤੀਜੀ ਵਹੁਟੀ ਬੀ. ਏ. ਤੀਕਰ ਪੜ੍ਹੀ ਹੋਈ ਸੀ।
ਸਰਕਾਰੇ ਦਰਬਾਰੇ ਤੁਅੱਲਕ ਹੋਵਣ ਕਾਰਨ ਹਾਜੀ ਆਪਣੀਆਂ ਬੇਅਬਾਦ ਜ਼ਮੀਨਾਂ ਨੂੰ ਅਬਾਦ ਕਰਨ ਲਈ, ਟਿਊਬ ਵੈੱਲ ਲਵਾਵਣ ਲਈ ਸਰਕਾਰ ਕੋਲੋਂ ਕਰਜਾ ਲਿਆ ਯਾ ਖੌਰੇ ਇਮਦਾਦ ।
ਟਿਊਬ ਵੈੱਲ ਵਾਸਤੇ ਹਾਜੀ ਡੇਕ ਦਾ ਕੰਢਾ ਮਿਥਿਆ । ਉਸ ਦੀ ਏਸ ਭੋਏਂ ਵਿੱਚ ਪਹਿਲੇ ਤੋਂ ਇੱਕ ਖੂਹ ਤੇ ਇੱਕ ਚਲਹਾਰ ਵਗਦੀ ਸੀ। ਛਮਾਹੀ ਨਹਿਰ ਦਾ ਪਾਣੀ ਵੀ ਏਸ ਭੋਏਂ ਨੂੰ ਲਗਦਾ ਸੀ।
ਹਾਜੀ ਰਾਜਬਾਹ ਵਿੱਚੋਂ ਪਾਣੀ ਚੋਰੀ ਕਰਕੇ ਵੀ ਆਪਣੀ ਭੋਏਂ ਤਰ ਕੀਤੀ ਰੱਖਦਾ ਸੀ। ਰਾਜਬਾਹ ਦੇ ਰਾਖੇ ਬੇਲਦਾਰ, ਪਟਵਾਰੀ ਤੇ ਦੂਜੇ ਅਫਸਰ ਹਾਜੀ ਦੇ ਆਪਣੇ ਸਕੇ ਸਵਾਂਧੇ ਲਗਦੇ ਜਾਪਦੇ ਸਨ। ਪੁਲਸ ਵਿੱਚ ਵੀ ਹਾਜੀ ਦੇ ਕੁੱਝ ਆਪਣੇ ਬੰਦੇ ਅਫਸਰ ਸਨ। ਸੱਜੇ ਖੱਬੇ ਤੇ ਦੂਰ ਨੇੜੇ ਦੇ ਲਾਗੇ ਪਿੰਡਾਂ ਵਿੱਚ ਹਾਜੀ ਦਾ ਵੱਜ ਕਾਫ਼ੀ ਸੀ ਤੇ ਸ਼ਹਿਰ ਵੀ। ਹਾਜੀ ਕਦੀ ਕਦੀ ਆਪਣੇ ਡੇਰੇ ਉੱਤੇ ਆਉਂਦਾ ਤਾਂ ਰਾਹਕ ਮੰਗਤਿਆਂ ਵਾਂਗਰ ਹਾਜ਼ਰ ਰਹਿੰਦੇ ਸਨ। ਹਾਜੀ ਮੂੰਹ ਦਾ ਮਿੱਠਾ ਤੇ ਦਿਲ ਦਾ ਭੈੜਾ ਬੰਦਾ ਸੀ। ਉਹਦੀ ਨੀਤ ਵਿੱਚ ਹਮੇਸ਼ਾ ਮੱਕਾਰੀ ਤੇ ਠੱਗੀ ਭਰੀ ਰਹਿੰਦੀ ਸੀ। ਰਾਹਕਾਂ ਨੂੰ ਵਾਹੀ ਵਾਸਤੇ ਦਿੱਤੀ ਹੋਈ ਭੋਏਂ ਹਰ ਸਾਲ ਬਦਲ ਦਿੰਦਾ ਸੀ। ਇੰਝ ਕਰਨ ਨਾਲ ਉਹਨੂੰ ਸਵਾਦ ਆਉਂਦਾ ਸੀ ਖੌਰੇ ?
ਏਸ ਕਾਰਨ ਰਾਹਕ ਹਰ ਵੇਲੇ ਬੇਯਕੀਨੀ ਵਿੱਚ ਈ ਰਹਿੰਦੇ। ਇੱਕ ਦੂਜੇ ਦੇ ਖਿਲਾਫ਼ ਆਪਣੇ ਦਿਲ ਵਿੱਚ ਗੁੱਸਾ ਰੱਖਦੇ ਤੇ ਘੂਰਦੇ ਰਹਿੰਦੇ ਸਨ।
ਰਾਹਕ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਹਾਜੀ ਜ਼ਿਮੀਦਾਰ ਦਾ ਦਿਲ ਖੁਸ਼ ਕਰਨ ਦਾ ਯਤਨ ਕਰਦੇ ਸਨ, ਪਰ ਫਸਲ ਪੱਕਣ ਉੱਤੇ ਅੱਜੀ-ਪੰਜੀ ਸਾਰੀ ਫ਼ਸਲ ਹਾਜੀ ਦੇ ਗੋਦਾਮਾਂ ਵਿੱਚ ਈ ਚਲੀ ਜਾਂਦੀ ਸੀ।
ਫੇਰ ਉਹ ਈ ਅਨਾਜ ਜਿਹੜਾ ਰਾਹਕਾਂ ਬੀਜਿਆ, ਪਕਾਇਆ ਤੇ ਵੱਢਿਆ, ਮੁੜ ਕੇ ਮਹਿੰਗੇ ਮੁੱਲ ਉਧਾਰ ਵਿੱਚ ਰਾਹਕਾਂ ਨੂੰ ਲੈਣਾ ਪੈਂਦਾ ਸੀ । ਏਸੇ ਉਧਾਰ ਵਿੱਚ ਅਗਲੀ ਫ਼ਸਲ ਸਾਰੀ ਦੀ ਸਾਰੀ ਫੇਰ ਹਾਜੀ ਦੇ ਗੋਦਾਮਾਂ ਵਿੱਚ ਚਲੀ ਜਾਂਦੀ ਸੀ ਤੇ ਰਾਹਕਾਂ ਦੇ ਸਿਰ ਉੱਤੇ ਉਧਾਰ ਦੂਣ ਸਵਾਇਆ ਹੋਈ ਜਾਂਦਾ ਸੀ ।
ਨਾਲਾ ਡੇਕ 'ਤੇ ਬਹੁਤ ਵੱਡੀ ਤਾਕਤ ਵਾਲਾ ਟਿਊਬ ਵੈੱਲ ਲੱਗ ਰਿਹਾ ਸੀ। ਟਿਊਬ ਵੈੱਲ ਦੇ ਗੱਡਣ ਤੇ ਖਾਲ ਬੰਨ੍ਹਣ ਵਿੱਚ ਰਾਹਕ ਜੁਪੇ ਹੋਏ ਸਨ। ਵਾਢੀਆਂ ਮੁੱਕਣ ਮਗਰੋਂ ਕੁੱਝ ਇਹ ਦਿਨ ਈ ਵਿਹਲੇ ਸਨ, ਪਰ ਨਵੇਂ ਟਿਊਬ ਵੈੱਲ ਲੱਗਣ ਕਾਰਨ ਰਾਹਕਾਂ ਦਾ ਵਿਹਲ ਮੁੱਕ ਗਿਆ ਸੀ। ਸਾਰਾ ਸਾਰਾ ਦਿਨ ਜੁਪੇ ਰਹਿੰਦੇ ਤੇ ਰਾਤ ਨੂੰ ਥੱਕ ਟੁੱਟ ਕੇ ਇੰਝ ਪੈ
ਜਾਂਦੇ ਜਿਵੇਂ ਕਬਰ ਵਿੱਚ ਪਏ ਹੋਵਣ। ਕੋਈ ਹੋਸ਼ ਨਹੀਂ ਸੀ ਰਹਿੰਦੀ ਰਾਹਕਾਂ ਨੂੰ ।
ਖੇਲ, ਸ਼ੁਗਲ ਤੇ ਹਾਸੇ ਮਖੌਲ ਲਈ ਉਹਨਾਂ ਕੋਲ ਵਿਹਲ ਈ ਕੋਈ ਨਹੀਂ ਸੀ ਬਚਦੀ। ਸਵਾਣੀਆਂ ਮਾਲ ਡੰਗਰ ਬੰਨ੍ਹਦੀਆਂ, ਸਾਂਭਦੀਆਂ, ਖੋਹਲਦੀਆਂ, ਲਿਆਰੀਆਂ ਚੋਂਦੀਆਂ ਤੇ ਪੱਠਾ ਦੱਥਾ ਲਿਆਉਂਦੀਆਂ। ਬਾਲਾਂ ਦਾ ਖਿਆਲ ਕਰਦੀਆਂ । ਏਨੇ ਬਹੁਤ ਕੰਮ ਕਾਜ ਪਾਰੋਂ ਉਹਨਾਂ ਕੋਲ ਵੀ ਕੋਈ ਵਿਹਲ ਨਹੀਂ ਸੀ ਰਹਿੰਦੀ। ਨਹਾਵਣਾ, ਧੋਣਾ, ਸਾਫ ਸੁਧਰਾ ਤੇ ਚਮਕ ਕੇ ਰਹਿਣ ਦਾ ਤੇ ਉਹਨਾਂ ਨੂੰ ਪਤਾ ਈ ਨਹੀਂ ਸੀ। ਇਹ ਈ ਵਜ੍ਹਾ ਸੀ ਕਿ ਰਾਹਕ ਸਵਾਣੀਆਂ, ਵਹੁਟੀਆਂ ਘੱਟ ਤੇ ਕਮਲੀਆਂ ਜ਼ਿਆਦਾ ਜਾਪਦੀਆਂ ਸਨ।
ਪਿੰਡ ਦੇ ਚੁਫੇਰੇ ਇੱਕ ਡੂੰਘਾ ਛੱਪੜ ਸੀ। ਜਿਹਦੇ ਵਿੱਚ ਛੋਟੇ ਜੁਆਕ ਡਿੱਗ ਡਿੱਗ ਪੈਂਦੇ ਸਨ।
ਇੱਥੋਂ ਦੇ ਬਾਲ ਕੁੱਝ ਤਾਂ ਬਿਮਾਰੀ ਨਾਲ ਮਰ ਜਾਂਦੇ ਤੇ ਕੁੱਝ ਛੱਪੜ ਵਿੱਚ ਡੁੱਬ ਕੇ ਖ਼ਤਮ ਹੁੰਦੇ ਰਹਿੰਦੇ ਸਨ।
ਖੌਰੇ ਇਹ ਕਾਰਨ ਸੀ ਕਿ ਬਾਲਾਂ ਦੀ ਹਯਾਤੀ ਵਾਸਤੇ ਹਰ ਘਰ ਦਾ ਕੋਈ ਨਾ ਕੋਈ ਮੁਰਸ਼ਦ ਪੀਰ ਹੁੰਦਾ ਸੀ। ਜਿਹੜਾ ਹਰ ਛੇ ਮਹੀਨੇ ਬਾਅਦ ਆਉਂਦਾ, ਦੁਆ ਕਰਦਾ, ਨਿਆਜ਼ ਲੈਂਦਾ, ਖਿਦਮਤ ਕਰਵਾਂਦਾ । ਬਾਲਾਂ ਤੇ ਸੁਆਣੀਆਂ ਨੂੰ ਤਾਵੀਜ਼ ਲਿਖ ਕੇ ਦੇ ਜਾਇਆ ਕਰਦਾ ਸੀ। ਮੁਰਸ਼ਦ ਪੀਰਾਂ ਤੋਂ ਅੱਡ ਫੇਰ ਦਰਵੇਸ਼ਾਂ ਕੋਲੋਂ ਵੀ ਦੁਆ ਤੇ ਟੂਣੇ ਟੋਟਕੇ ਕਰਵਾਏ ਜਾਂਦੇ ਸਨ।
ਬਹੁਤੇ ਕੰਮਾਂ ਕਾਜਾਂ ਵਾਲੇ ਦਿਨਾਂ ਵਿੱਚ, ਜਦੋਂ ਫਸਲ ਵੀ ਪੱਕੀ ਹੁੰਦੇ ਏ, ਫਸਲ ਸੰਭਾਲਣ ਦੇ ਨਾਲ ਨਾਲ ਪੱਠਾ ਦੱਥਾ ਤੇ ਡੰਗਰ ਵੱਛਾ ਵੀ ਸੰਭਾਲਣਾ ਪੈਂਦਾ ਏ। ਉਹਨਾਂ ਦਿਨਾਂ ਵਿੱਚ ਜਵਾਨ ਕੁੜੀਆਂ ਵਿੱਚੋਂ ਕਿਸੇ ਕੁੜੀ ਨੂੰ "ਜਿੰਨ" ਚੁੰਬੜ ਜਾਇਆ ਕਰਦਾ ਸੀ। ਏਸ ਬਹਾਨੇ ਕੁੱਝ ਦਿਨ ਕੰਮਾਂ ਤੋਂ ਜਾਨ ਛੁੱਟ ਜਾਂਦੀ ਸੀ ।
ਕਈ ਕਈ ਦਿਨਾਂ ਤੀਕਰ ਜਿੰਨ ਕੱਢਣ ਦਾ ਸ਼ੁਗਲ ਲੱਗਾ ਰਹਿੰਦਾ ਸੀ। ਨਜ਼ਰ ਨਿਆਜ਼ ਲਈ ਪੀਰਾਂ ਫਕੀਰਾਂ ਦੀਆਂ ਮੌਜਾਂ ਤੇ ਗੱਭਰੂਆਂ ਲਈ ਰੌਣਕ ਬਣ ਜਾਂਦੀ ਸੀ ।
ਜਿੰਨ ਕੱਢਣ ਵਾਲੇ ਪੀਰ ਗੁੱਗਲ ਧੁਖਾ ਕੇ ਧੂਣੀ ਦਿੰਦੇ, ਨਾ ਸਮਝ ਆਵਣ ਵਾਲ਼ੇ ਮੰਤਰ ਪੜ੍ਹਦੇ, ਫੂਕਾਂ ਮਾਰਦੇ ਤੇ ਗੱਭਰੂ ਘੜਾ, ਪਰਾਤ ਤੇ ਥਾਲ ਵਜਾ ਵਜਾ ਕੇ ਪੀਰ-ਫਕੀਰ ਦੇ ਦੱਸੇ ਹੋਏ ਅਮਲ ਵਾਂਗਰ ਗਾਉਂਦੇ, ਗੁਟਕਦੇ, ਖੁਸ਼ ਹੁੰਦੇ ਤੇ ਜਿੰਨ ਚੰਬੜੀ ਕੁੜੀ ਨੂੰ ਨਜ਼ਰਾਂ ਨਾਲ ਤੋਲਦੇ ਰਹਿੰਦੇ ਸਨ।
ਜਿਨ ਚੁੰਬੜੀ ਕੁੜੀ ਵਾਲ ਖੋਹਲ ਕੇ ਸਿਰ ਘੁਮਾਂਦੀ ਚੰਗੀ ਲਗਦੀ ਤੇ ਕਦੇ ਚੁੜੇਲ ਵਾਂਗਰ ਮਲੂਮ ਹੁੰਦੀ ਸੀ, ਸ਼ੂਦੈਣਾਂ ਵਾਲਾ ਹਾਲ ਤੇ ਆਪੇ ਬਣ ਜਾਂਦਾ ਸੀ।
ਮਾਵਾਂ ਬਾਲਾਂ ਨੂੰ ਨੇੜੇ ਨਾ ਆਵਣ ਦਿੰਦੀਆਂ।
ਕੰਮਾਂ ਕਾਜਾਂ ਤੋਂ ਨੱਸੀ ਮੁਟਿਆਰ ਜਿੰਨ ਚੰਬੜਨ ਨਾਲ ਜਿਆਦਾ ਥੱਕ ਟੁੱਟ ਜਾਂਦੀ। ਏਸੇ ਲਈ ਉਹਨੂੰ ਆਪ ਈ ਜਿੰਨ ਨੂੰ ਛੇਤੀ ਛੱਡ ਕੇ ਕੰਮਾਂ ਕਾਜਾਂ ਵੱਲ ਪਰਤਣਾ ਪੈਂਦਾ ਸੀ। ਬਾਲਾਂ ਦੀਆਂ ਮਾਵਾਂ ਡਰਦੀਆਂ ਤੇ ਬਾਲਾਂ ਨੂੰ ਵੀ ਡਰਾਉਂਦੀਆਂ ਰਹਿੰਦੀਆਂ ਸਨ । ਬਾਲਾਂ ਤੇ
ਡਰਾਕਲ ਸੁਆਣੀਆਂ ਨੂੰ ਕਾਲੀ ਰਾਤ ਵਿੱਚ ਹਰ ਪਾਸੇ ਜਿੰਨ ਖਲੋਤੇ ਤੇ ਲੁਕੇ ਹੋਏ ਦਿਸਦੇ ਸਨ, ਨਾ ਤੇ ਆਪ ਰਾਤ ਨੂੰ ਬਾਹਰ ਨਿੱਕਲਦੀਆਂ ਤੇ ਨਾ ਹੀ ਬਾਲਾਂ ਨੂੰ ਅੱਖੋਂ ਉਹਲੇ ਹੋਣ ਦਿੰਦੀਆਂ ਸਨ। ਬਾਲਾਂ ਦੇ ਤੇ ਆਪਣੇ ਗਲ ਵਿੱਚ ਤਾਵੀਜ਼ ਮੜ੍ਹਾ ਕੇ ਪਾਈ ਰੱਖਦੀਆਂ ਸਨ।
ਸਿਆਲ ਦੀਆਂ ਰਾਤਾਂ ਵਿੱਚ ਅਸਾਂ ਆਪਣੇ ਕੁਨਬੇ ਦੇ ਬਾਲ, ਤਾਏ ਤੇ ਤਾਈ ਕੋਲੋਂ ਕਹਾਣੀ ਸੁਣਦੇ ਸਾਂ । ਤਾਏ ਕੋਲ ਕਾਲ਼ੇ ਦਿਓ ਦੀ ਕਹਾਣੀ ਸੁਣਕੇ ਅਸਾਂ ਹੋਰ ਵੀ ਡਰਨ ਲੱਗ ਪੈਂਦੇ ਸਾਂ, ਪਰ ਮੇਰੇ ਦਿਲ ਵਿੱਚ ਇੱਕ ਸੱਧਰ ਜਿਹੀ ਹੁੰਦੀ ਕਿ ਜਿੰਨ ਕਿੰਝ ਦਾ ਹੁੰਦਾ ਏ। ਕਾਲਾ ਦਿਓ ਕੀ ਹੁੰਦਾ ਏ ? ਵੇਖਾਂ ਤੇ ਸਹੀ ਉਹ ਚੁੰਬੜਦਾ ਕਿੰਝ ਏ, ਪਰ ਡਰ ਵੀ ਆਉਂਦਾ ਸੀ।
ਕਾਲੇ ਦਿਓ ਦੀ ਕਹਾਣੀ ਵਾਲਾ ਦਿਉ ਇੱਕ ਸ਼ਹਿਜ਼ਾਦੀ ਨੂੰ ਚੁੱਕ ਕੇ ਲੈ ਜਾਂਦਾ ਏ ਤੇ ਪਹਾੜਾਂ ਵਿੱਚ ਕੈਦ ਕਰ ਦਿੰਦਾ ਏ। ਸ਼ਹਿਜ਼ਾਦੀ ਦੀ ਭਾਲ ਵਿੱਚ ਇੱਕ ਗਰੀਬ ਗੱਭਰੂ ਬੜੀਆਂ ਔਕੜਾਂ ਤੇ ਮੁਸੀਬਤਾਂ ਝੱਲ ਕੇ ਉੱਥੇ ਅੱਪੜ ਜਾਂਦਾ ਏ।
ਸ਼ਹਿਜ਼ਾਦੀ ਉਹਨੂੰ ਵੇਖ ਕੇ ਪਹਿਲੇ ਹੱਸਦੀ ਤੇ ਫੇਰ ਰੋਂਦੀ ਏ। ਹਸਦੀ ਏ ਉਹਦੇ ਆਵਣ ਦੀ ਖੁਸ਼ੀ ਕਾਰਨ ਤੇ ਰੋਂਦੀ ਏ, ਦਿਓ ਹੱਥੋਂ ਉਹਦੀ ਹਯਾਤੀ ਨੂੰ ਖ਼ਤਰੇ ਪਾਰੋਂ। ਫੇਰ ਸ਼ਹਿਜ਼ਾਦੀ ਉਹਨੂੰ ਇੱਕ ਪਾਸੇ ਲੁਕਾ ਲੈਂਦੀ ਏ। ਦਿਓ ਦੇ ਆਵਣ ਦਾ ਵੇਲਾ ਹੁੰਦਾ ਏ। "ਮਾਂ ਸੌਗੰਧ ਮਾਂ ਸੌਗੰਧ" ਅਤੇ "ਆਦਮ ਬੂ ਆਦਮ ਬੂ" ਕਰਦਾ ਦਿਓ ਆਂਦਾ ਏ। ਜਵਾਬ ਵਿੱਚ ਸ਼ਹਿਜ਼ਾਦੀ ਝੂਠ ਬੋਲਦੀ ਏ ਕਿ "ਇੱਥੇ ਤੇ ਮੈਂ ਈ ਆਦਮ ਆਂ, ਭਾਵੇਂ ਹੁਣ ਖਾ ਲੈ ਭਾਵੇਂ ਝੱਟ ਨੂੰ" ਪਰ ਦਿਓ 'ਮਾਂ ਸੌਗੰਧ' ਆਖਦਾ ਏ। ਤੈਨੂੰ ਖਾਵਾਂ ਤੇ ਕੀ ਖਾਵਾਂ, ਤੈਨੂੰ ਖਾਵਾਂ ਭਸ ਖਾਵਾਂ।"
ਉਹ ਸ਼ਹਿਜ਼ਾਦੀ ਉੱਤੇ ਯਕੀਨ ਕਰ ਲੈਂਦਾ ਏ। ਸ਼ਹਿਜ਼ਾਦੀ ਗੱਲਾਂ-ਗੱਲਾਂ ਵਿੱਚ ਉਹਦੀ ਤਾਕਤ ਦਾ ਰਾਜ ਪੁੱਛ ਲੈਂਦੀ ਜੇ। ਜਦ ਦਿਓ ਚਲਾ ਜਾਂਦਾ ਏ, ਤਾਂ ਸ਼ਹਿਜ਼ਾਦੀ ਉਸ ਗੱਭਰੂ ਨੂੰ ਫੇਰ ਆਪਣੇ ਸਾਹਮਣੇ ਬਿਠਾ ਕੇ ਰੱਜ ਗੱਲਾਂ ਕਰਦੇ ਏ ਤੇ ਉਹਨੂੰ ਦਿਓ ਦੀ ਤਾਕਤ ਦਾ ਰਾਜ ਵੀ ਦੱਸ ਦਿੰਦੀ ਏ।
ਗੱਭਰੂ ਦਿਓ ਨੂੰ ਮਾਰ ਕੇ ਸ਼ਹਿਜ਼ਾਦੀ ਨੂੰ ਲੈ ਜਾਂਦਾ ਏ ਤੇ ਫੇਰ ਬਾਦਸ਼ਾਹ ਖੁਸ਼ ਕੇ ਦੋਵਾਂ ਦਾ ਵਿਆਹ ਕਰ ਦਿੰਦਾ ਏ।
ਕਹਾਣੀ ਸੁਣਾਵਣ ਵੇਲੇ ਤਾਇਆ ਕਾਲੇ ਦਿਓ ਦਾ ਜਿਹੜਾ ਨੱਕ ਨਕਸ਼ਾ ਬਿਆਨ ਕਰਦਾ, ਸੱਚੀ ਮੁੱਚੀ ਡਰ ਆਂਵਦਾ ਸੀ। ਇੰਝ ਲਗਦਾ ਸੀ ਜਿਵੇਂ ਅੰਦਰ ਬਾਹਰ ਕਾਲਾ ਦਿਓ ਖਲੋਤਾ ਸਭ ਕੁੱਝ ਵੇਖ ਰਿਹਾ ਏ, ਸੁਣ ਰਿਹਾ ਏ, ਹੁਣੇ ਹੀ ਆ ਕੇ ਸਾਨੂੰ ਖਾ ਜਾਸੀ। ਮੈਂ ਅੱਜੀ- ਪੰਜੀ ਬੂਹੇ ਦੀਆਂ ਝੀਤਾਂ ਵਿੱਚੋਂ ਦੇਓ ਵੇਖਣ ਦੇ ਸ਼ੌਕ ਵਿੱਚ ਝਾਤੀਆਂ ਮਾਰਦਾ। ਮੇਰੀ ਏਸ ਹਰਕਤ 'ਤੇ ਦੂਜੇ ਬਾਲ ਏਤਰਾਜ਼ ਕਰਦੇ ਕਿ "ਇਹ ਜਾਣ ਬੁੱਝ ਕੇ ਸਾਨੂੰ ਡਰਾਵੰਦਾ ਏ।" "ਅਰਾਮ ਨਾਲ ਬਹਿ ਜਾ ਓਏ ਗੋਗੀ", ਤਾਏ ਦਾ ਹੁਕਮ ਹੁੰਦਾ।
ਕਹਾਣੀ ਮੁੱਕਣ ਮਗਰੋਂ ਮੈਂ ਪੁੱਛਦਾ, "ਤਾਇਆ, ਇਹ 'ਮਾਂ ਸੌਗੰਧ' ਕੀ ਹੁੰਦੀ ਏ?" ਜਵਾਬ ਵਿੱਚ ਤਾਇਆ ਆਖਦਾ ਉਹਨਾਂ ਦੀ ਕੋਈ ਬੋਲੀ ਹੁੰਦੀ ਏ।"
"ਪਰ ਤਾਇਆ, ਜਿੰਨ ਤੇ ਸਾਡੇ ਵਾਂਗਰ ਈ ਬੋਲਦੇ ਨੇ । ਕੀ ਜਿੰਨ ਹੋਰ ਵੇ ਤੇ ਦਿਓ ਹੋਰ ?"
ਮੇਰੇ ਏਸ ਸਵਾਲ 'ਤੇ ਤਾਇਆ ਅੱਖਾਂ ਕੱਢ ਕੇ ਮੇਰੇ ਵੱਲ ਵੇਖਦਾ ਤਾਂ ਮੈਨੂੰ ਤਾਏ ਦੀਆਂ ਲਾਲ ਸੁਰਖ ਭਖਦੀਆਂ ਅੱਖਾਂ ਜਿੰਨਾਂ ਵਾਂਗਰ ਈ ਲੱਗਦੀਆਂ। ਮੈਂ ਡਰ ਜਾਂਦਾ। ਤਾਇਆ ਭੰਗ ਪੀਂਦਾ ਹੁੰਦਾ ਸੀ। ਕਦੀ ਕਦੀ ਭੂਤਰ ਜਾਇਆ ਕਰਦਾ ਸੀ ਤੇ ਤਾਈ ਨੂੰ ਕੁੱਟਦਾ ਰਹਿੰਦਾ ਸੀ।
ਫੇਰ ਤਾਇਆ ਆਪਣੀ ਤਾਕਤ ਤੇ ਬਹਾਦਰੀ ਦੀਆਂ ਕਹਾਣੀਆਂ ਸੁਣਾਂਦਿਆਂ ਹੋਇਆ ਆਖਦਾ, "ਪਿਛਲੇ ਸਮੇਂ ਵਿੱਚ ਅਸਾਡੇ ਚਾਚੇ ਅਸਾਡੇ ਪਿਉ ਨੂੰ ਮਾਰ ਕੁੱਟ ਲੈਂਦੇ ਸਨ। ਐਵੇਂ ਨਿੱਕੀ ਮੋਟੀ ਗੱਲ ਉੱਤੇ ਵੀ ਪਿਉ ਨੂੰ ਡੰਡ ਫੰਡ ਹੋਈ ਜਾਂਦੀ ਸੀ ।"
"ਅਸਾਂ ਤਿੰਨੇ ਭਰਾ ਅਜੇ ਛੋਟੇ ਸਾਂ । ਚਾਚਿਆਂ ਨੂੰ ਕਿਸੇ ਦਾ ਡਰ ਕੋਈ ਨਹੀਂ ਸੀ। ਉਹ ਸਾਡੇ ਪਿਉ ਤੇ ਮਾਂ ਦੋਵਾਂ ਨੂੰ ਮਾਰਦੇ ਰਹਿੰਦੇ ਸਨ। ਵੇਲ਼ੇ ਕੁਵੇਲੇ ਪਿਉ ਤੋਂ ਪੈਸਾ-ਧੇਲਾ ਵੀ ਖੋਹ ਲੈਂਦੇ ਸਨ।
ਦੋਵੇਂ ਚਾਚੇ ਸ਼ੈਤਾਨ ਦੀ ਮੂਤਰੀ ਉੱਕਾ ਲਿਹਾਜ਼ ਨਹੀਂ ਸਨ ਕਰਦੇ ਅਸਾਡੇ ਮਾਪਿਆਂ ਦਾ ਅਸਾਡੇ ਪਿਓ ਨੇ ਤੰਗ ਆ ਕੇ ਸਾਨੂੰ ਸਾਂਭਣਾ ਸ਼ੁਰੂ ਕੀਤਾ । ਖਾਸ ਕਰਕੇ ਮੈਨੂੰ ਤੇ ਉਸ ਸਾਹਨਾਂ ਵਾਂਗ ਖੁਆਇਆ ਪਿਆਇਆ ਤੇ ਵਿਹਲਾ ਛੱਡ ਦਿੱਤਾ। ਮੈਂ ਈ ਵੱਡਾ ਸਾਂ ਤੇ ਦੂਜੇ ਦੋਵੇਂ ਅਜੇ ਛੋਟੇ ਸਨ।
ਮੈਨੂੰ ਜ਼ਰਾ ਕੁ ਹੋਸ਼ ਆਈ ਤਾਂ ਮੈਂ ਅਖਾੜੇ ਜਾਵਣ ਲੱਗ ਪਿਆ। ਤੇਲ ਮਲਦਾ, ਜ਼ੋਰ ਕਰਦਾ ਤੇ ਘੋਲ ਵੀ ਕਰਨ ਲੱਗ ਪਿਆ। ਫੇਰ ਮੇਰੇ ਵਿੱਚ ਏਨਾ ਜ਼ੋਰ ਤੇ ਟਿੱਲ ਆ ਗਿਆ ਕਿ ਲਾਗੇ ਲਾਗੇ ਦੀ ਜੂਹ ਵਿੱਚੋਂ ਕੋਈ ਵੀ ਮੇਰੇ ਵੱਲ ਮੂੰਹ ਨਹੀਂ ਸੀ ਕਰਦਾ। ਕੋਈ ਵੀ ਮੇਰੇ ਜ਼ੋਰ ਦਾ ਨਹੀਂ ਸੀ। ਮੈਂ ਜੀਹਨੂੰ ਫੜਦਾ ਚੂਚੇ ਵਾਂਗ ਨੱਪ ਲੈਂਦਾ ਸਾਂ । ਇੱਕ ਦਿਨ ਮੈਂ ਜ਼ੋਰ ਕਰਕੇ ਅਖਾੜੇ ਵੱਲੋਂ ਘਰ ਪਰਤਿਆ। ਅੱਗੇ ਮਾਂ ਰੋਂਦੀ ਪਈ ਸੀ । ਪੁੱਛਣ 'ਤੇ ਮਾਲੂਮ ਹੋਇਆ ਕਿ ਚਾਚਿਆਂ ਮਾਂ ਨੂੰ ਫੇਰ ਮਾਰਿਆ ਏ। ਗਾਲ੍ਹ ਮੰਦਾ ਵੀ ਬੋਲਿਆ ਏ ਤੇ ਛਿੱਤਰ ਪੋਲਾ ਵੀ ਕੀਤਾ ਏ।
ਉਹ ਹਿੱਲੇ ਹੋਏ ਸਨ। ਉਹਨਾਂ ਦੇ ਦੰਦ ਗਿਣਨ ਵਾਲਾ ਕੋਈ ਨਹੀਂ ਸੀ।
ਪਿਉ ਘਰ ਨਹੀਂ ਸੀ। ਚਾਚਿਆਂ ਉੱਤੇ ਮੈਨੂੰ ਪਹਿਲੇ ਹੀ ਅਕਰ ਸੀ। ਮਾਂ ਨੂੰ ਰੋਂਦਿਆਂ ਵੇਖ ਕੇ ਮੈਨੂੰ ਹੋਰ ਵੱਟ ਚੜ੍ਹ ਗਿਆ। ਨਾਲ-ਨਾਲ ਘਰ ਸਨ ਚਾਚਿਆਂ ਦੇ ਵੀ ਇੱਕ ਸੱਜੇ ਪਾਸੇ ਤੇ ਦੂਜਾ ਖੱਬੇ ਪਾਸੇ।
ਮੈਂ ਆਪਣੇ ਘਰ ਖਲੋਕੇ ਈ ਚਾਚਿਆਂ ਨੂੰ ਸੁਣਾ ਸੁਣਾ ਕੇ ਉੱਚੀ ਉੱਚੀ ਬਕਵਾਸ ਕੀਤੀ।
ਦੋਵੇਂ ਚਾਚੇ ਭੂਤਰੇ ਹੋਏ ਮੇਰੇ ਵੱਲ ਇੱਕੋ ਵਾਰ ਵਧੇ। ਇਹ ਈ ਮੈਂ ਚਾਹੁੰਦਾ ਸਾਂ । ਉਹ ਮਾਰਨਾ ਗਿੱਝੇ ਹੋਏ ਸਨ। ਉਹ ਮੈਨੂੰ ਅਜੇ ਵੀ ਬਾਲ ਈ ਸਮਝਦੇ ਸਨ। ਦੋਵੇਂ ਮੈਨੂੰ ਛੁੱਟ ਕੇ ਪਏ। ਬੱਦਲ ਵਾਂਗ ਗੱਜਦੇ ਆਏ। ਦੂਰੋਂ ਈ ਗਾਲ੍ਹ ਮੰਦਾ ਬੋਲਣ ਲੱਗ ਪਏ ਸਨ । ਮੂੰਹ 'ਚੋਂ ਝੱਗ ਕੱਢੀ ਆਏ।
ਅੱਗੇ ਮੈਂ ਵੀ ਤਿਆਰ ਸਾਂ। ਆਵਦੇ ਇੱਕ ਦਾ ਨਗਾਲ ਪੱਟ ਕੇ ਮੈਂ ਖੁਰਲੀ ਵਿੱਚ ਸੁੱਟਿਆ। ਉਹਦਾ ਉੱਥੇ ਲੱਕ ਟੁੱਟ ਗਿਆ। ਦੂਜੇ ਨੂੰ ਧੌਣ ਤੋਂ ਫੜਕੇ ਤੋਰੀ ਵਾਂਗ ਲਮਕਾ ਕੇ ਸੁੱਟਿਆ। ਉਹਦੀ ਬਾਂਹ ਟੁੱਟ ਗਈ। ਉੱਤੋਂ ਮੈਂ ਹੋਰ ਮੁੱਕੀਆਂ ਮਾਰੀਆਂ। ਦੋਵਾਂ ਨੂੰ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ। ਚੰਗੀ ਰੀਝ ਨਾਲ ਮੈਂ ਉਹਨਾਂ ਦੀ ਗਿੱਦੜ-ਕੁੱਟ ਕੀਤੀ।
ਜਦ ਮੈਨੂੰ ਪੱਕ ਹੋ ਗਿਆ ਕਿ ਮਹੀਨਾ ਨਹੀਂ ਸੰਭਲਦੇ, ਮੈਂ ਉਹਨਾਂ ਨੂੰ ਉੱਥੇ ਈ ਸੁੱਟ ਕੇ ਆਪ ਨੱਸ ਗਿਆ। ਦੂਜੇ ਪਿੰਡ ਪਿਉ ਦਾ ਇੱਕ ਬੇਲੀ ਰਹਿੰਦਾ ਸੀ, ਉਹਦੇ ਕੋਲ ਜਾ ਕੇ ਸਾਰੀ ਗੱਲ ਸੁਣਾ ਦਿੱਤੀ।
"ਕਿਉਂ ਤਾਇਆ, ਤੂੰ ਨੱਸ ਕਿਉਂ ਗਿਆ?" ਮੇਰੇ ਖਿਆਲ ਵਿੱਚ ਏਡੇ ਤਕੜੇ ਤਾਏ ਨੂੰ ਨੱਸਣ ਦੀ ਕੀ ਲੋੜ ਸੀ । ਦੁਸ਼ਮਣ ਤੇ ਬੇਹੋਸ਼ ਹੋ ਗਏ ਸਨ, ਡਰ ਕਾਹਦਾ। ਨਾਲੇ, ਜੇ ਉਹਨਾਂ ਫੇਰ ਦਾਦੀ ਨੂੰ ਮਾਰਿਆ ਤਾਂ ਫੇਰ... ਇਹ ਈ ਹੋਣਾ ਸੀ।
ਪਰ, ਤਾਏ ਜਵਾਬ ਵਿੱਚ ਆਖਿਆ, "ਪਿਉ ਦੇ ਡਰ ਪਾਰੋਂ ਨੱਸਿਆ ਸਾਂ, ਗੋਗੀ। ਸਮਝਿਆ ਕਰ।"
"ਦਾਦੇ ਨੂੰ ਉਹ ਆਪ ਕੁੱਟਦੇ ਹੁੰਦੇ ਸਨ । ਤੇਰਾ ਪਿਉ ਭਲਾਂ ਤੇਰੇ ਨਾਲੋਂ ਤਕੜਾ ਸੀ, ਤਦ ਈ ਤਾਇਆ ਨੱਸਿਆ ਸੀ, ਪਰ ਜੇ ਦਾਦਾ ਤਗੜਾ ਹੁੰਦਾ ਤੇ ਆਪਣੇ ਭਰਾਵਾਂ ਕੋਲੋਂ ਮਾਰ ਕਿਉਂ ਖਾਂਦਾ ਸੀ ?"
“ਉਹ ਤੇ ਠੀਕ ਏ ਗੋਗੀ", ਤਾਏ ਆਖਿਆ, “ਉਹ ਸ਼ੈਤਾਨ ਦੀ ਮੂਤਰੀ ਪਿਉ ਦੇ ਭਰਾ ਹੈ ਸਨ ਨਾ ।"
"ਲੋਕਾਂ ਪਾਰੋਂ ਪਿਉ ਗੁੱਸੇ ਤਾਂ ਹੋਣਾ ਸੀ ਕਿ ਮੁੰਡੇ ਕੋਲੋਂ ਭਰਾਵਾਂ ਨੂੰ ਕੁਟਵਾਇਆ ਸੁ। ਏਸ ਲਈ ਮੈਂ ਵਾਰ ਵਟਾ ਜਾਣਾ ਈ ਚੰਗਾ ਸਮਝਿਆ ਸੀ ਉਸ ਵੇਲੇ ।"
"ਫੇਰ ਆਪੇ ਈ ਕੁੱਝ ਦਿਨ ਮਗਰੋਂ ਪਿਉ ਮੈਨੂੰ ਜਾ ਕੇ ਘਰ ਲੈ ਆਇਆ ਸੀ। ਉੱਤੋਂ ਉੱਤੋਂ ਗੁੱਸੇ ਹੁੰਦਾ ਸੀ ਤੇ ਅੰਦਰ ਅੰਦਰ ਖੁਸ਼ ਹੁੰਦਾ ਸੀ। ਫੇਰ ਹੋਇਆ ਵੀ ਇੰਝ ਕਿ ਉਸ ਦਿਨ ਤੋਂ ਬਾਅਦ ਚਾਚੇ ਪਿਉ ਅੱਗੇ ਭਾਸਰੇ ਵੀ ਨਹੀਂ ਸਨ। ਵੱਡਾ ਭਰਾ ਵੱਡਾ ਭਰਾ ਆਖਦੇ ਹੋਏ, "ਜੀ ਜੀ" ਆਖਦੇ ਰਹਿੰਦੇ ਸਨ।
ਏਸ ਵਾਕੇ ਤੋਂ ਅੱਡ ਤਾਇਆ ਆਪਣੀ ਬਹਾਦਰੀ ਦਾ ਇੱਕ ਹੋਰ ਕਿੱਸਾ ਵੀ ਸੁਣਾਇਆ ਕਰਦਾ ਸੀ।
ਆਖਦਾ-"ਲੁੱਟਾਂ ਮਾਰਾਂ ਵਿੱਚ ਮੈਂ ਬੜੇ ਕਾਫ਼ਰ ਮਾਰੇ ਸਨ।" ਮੈਨੂੰ ਲੁੱਟਾਂ ਮਾਰਾਂ ਦੀ ਸਮਝ ਨਾ ਆਉਂਦੀ ਤੇ ਮੈਂ ਪੁੱਛਦਾ, "ਇਹ ਲੁੱਟਾਂ ਮਾਰਾਂ ਕੀ ਹੁੰਦਾ ਏ, ਤਾਇਆ ?" "ਓਏ, ਉਦੋਂ ਕਾਫ਼ਰਾਂ ਨੂੰ ਲੁੱਟੀ ਮਾਰੀ ਦਾ ਸੀ। ਉਹਨੂੰ ਲੋਕ ਲੁੱਟਾਂ ਮਾਰਾਂ ਆਖਦੇ ਸਨ ।"
“ਕਾਫ਼ਰ ਕੀ ਹੁੰਦਾ ਏ ਤਾਇਆ ਤੇ ਕਿਉਂ ਮਾਰੀਦਾ ਏ ਭਲਾਂ ?" ... ਮੇਰੇ ਏਸ ਸਵਾਲ 'ਤੇ ਤਾਇਆ ਖਿਝ ਜਾਂਦਾ ਤੇ ਮੈਂ ਡਰ ਜਾਂਦਾ। ਤਾਇਆ ਆਖਦਾ "ਕਾਫ਼ਰ ਕਾਫ਼ਰ ਹੁੰਦੇ ਨੇ ਗੋਗੀ। ਤੂੰ ਸਵਾਲ ਬੜੇ ਕਰਦਾ ਏਂ। ਆਖਿਆ ਜੁ ਕਾਫ਼ਰ ਬੱਸ ਕਾਫ਼ਰ ਹੁੰਦੇ ਸਨ।"
ਮੈਨੂੰ ਉੱਕਾ ਸਮਝ ਨਾ ਆਉਂਦੀ । ਤਾਇਆ ਹੋਰ ਵਾਕਿਆ ਸੁਣਾਵਣ ਲੱਗ ਪੈਂਦਾ
ਤੇ ਮੈਂ ਉੱਥੇ ਈ ਸੋਚਦਾ ਰਹਿੰਦਾ।
"ਇਹ ਲੁੱਟਾਂ ਮਾਰਾਂ ਕਿਉਂ ਹੁੰਦੀਆਂ ਨੇ? ਕਾਫ਼ਰ ਕੀ ਹੁੰਦੇ ਨੇ ? ਕਿਉਂ ਮਾਰੀਦਾ ਏ ? ਮੈਂ ਸੋਚਦਾ ਰਹਿੰਦਾ। ਮੇਰੇ ਨਿੱਕੇ ਜਿਹੇ ਦਿਮਾਗ ਵਿੱਚ ਸਹੀ ਗੱਲ ਨਾ ਆਂਵਦੀ । ਬਥੇਰੇ ਟੇਵੇ ਲਾਂਵਦਾ। ਇਹ ਵਜ੍ਹਾ ਹੋਸੀ, ਫਲਾਂ ਕਾਰਨ ਹੋਸੀ। ਪਰ ਨਾ ਜੀ। ਸਮਝ ਕਿੱਥੋਂ। ਤਾਏ ਦਾ ਆਖਣਾ ਸੀ ਕਿ ਬੱਸ ਹੁੰਦੇ ਨੇ । ਏਨੀ ਗੱਲ ਨਾਲ ਮੇਰੀ ਤਸੱਲੀ ਨਹੀਂ ਸੀ ਹੋਇਆ ਕਰਦੀ। ਮੈਂ ਕਈ-ਕਈ ਦਿਨ ਏਸੇ ਸੋਚ ਵਿੱਚ ਈ ਰਹਿੰਦਾ ਸਾਂ।
ਮੈਂ ਮੁੜ ਪੁੱਛਦਾ: "ਤਾਇਆ, ਕਾਫ਼ਰ ਹੁਣ ਕਿੱਥੇ ਹੁੰਦੇ ਨੇ ?" ਤਾਇਆ ਕੋਈ ਹੋਰ ਕਹਾਣੀ ਸੁਣਾ ਰਿਹਾ ਹੁੰਦਾ ਸੀ । ਦੂਜੇ ਬਾਲ ਬੜੇ ਸ਼ੌਕ ਨਾਲ ਸੁਣ ਰਹੇ ਹੁੰਦੇ ਸਨ। ਮੇਰੇ ਸਵਾਲ 'ਤੇ ਏਤਰਾਜ਼ ਕਰਦੇ। ਮੇਰੀ ਸ਼ਿਕਾਇਤ ਕਰਦੇ। ਆਖਦੇ "ਅਰਾਮ ਨਾਲ ਕਹਾਣੀ ਨਾ ਆਪ ਸੁਣਦਾ ਏ, ਨਾ ਅਸਾਨੂੰ ਸੁਣਨ ਦਿੰਦਾ ਏ। ਕਿੰਨਾ ਸਵਾਦ ਆ ਰਿਹਾ ਸੀ । ਇਹਨੇ ਵਿੱਚ ਬੋਲ ਕੇ ਸਾਰਾ ਸਵਾਦ ਈ ਗੁਆ ਦਿੱਤਾ ਏ। ਐਵੇਂ ਟੋਕੀ ਜਾਂਦਾ ਏ। ਸੜੀਅਲ ਜਿਹਾ ਨਾ ਹੋਵੇ ਤਾਂ।" ਦੂਜੇ ਬਾਲ ਮੈਨੂੰ ਬੁਰਾ ਆਖਦੇ।
ਮੇਰਾ ਸਵਾਲ, ਦੂਜੇ ਬਾਲਾਂ ਦਾ ਏਤਰਾਜ਼ ਤੇ ਸ਼ਿਕਾਇਤ ਸੁਣਕੇ ਤਾਇਆ ਆਖਦਾ :"ਓਏ ਗੋਗੀ ਤੂੰ ਨੁਕਰਾਚੀਨੀ (ਨੁਕਤਾਚੀਨੀ) ਬੜੀ ਕਰਨਾ ਏਂ, ਤੈਨੂੰ ਆਖਿਆ ਜੇ ਕਾਫ਼ਰ ਬਾਡਰਾਂ ਪਾਰ ਹੁੰਦੇ ਨੇ ਜਿਵੇਂ ਮੱਕੇ ਤੋਂ ਪਰ੍ਹਾਂ ਬੱਦੂ ਹੁੰਦੇ ਨੇ ।"
ਲੈ ਮੇਰੇ ਲਈ ਹੋਰ ਉਲਝਣ । ਬਾਡਰ ਕੀ ਏ ? ਮੱਕਾ ਤੇ ਬੱਦੂ ਕੀ ਏ ? ਪੁੱਛਾਂ ਤਾਂ ਝਾੜ ਪੈਂਦੀ ਏ। ਚੁੱਪ ਰਵਾਂ ਤੇ ਦਿਮਾਗ ਤਪਦਾ ਏ। ਸੋਚਾਂ ਉਲਝ-ਉਲਝ ਜਾਂਦੀਆਂ ਨੇ। ਕਈ ਕਈ ਰਾਤਾਂ ਨੀਂਦਰ ਨਹੀਂ ਆਂਵਦੀ। ਕਈ ਕਈ ਦਿਨ ਚਿੰਤਾ ਲੱਗੀ ਰਹਿੰਦੀ। ਆਖਰ ਡਰਦਿਆਂ ਡਰਦਿਆਂ ਪੁੱਛਿਆ, "ਤਾਇਆ, ਇਹ ਬਾਡਰ ਕੀ ਹੁੰਦਾ ਏ ? ਬੱਦੂ ਤੇ ਮੱਕਾ ਕੌਣ ਹੁੰਦੇ ਨੇ ?" ਸਵਾਲ ਤੇ ਮੈਂ ਕਰ ਬੈਠਾ, ਤਾਏ ਨੂੰ ਗੁੱਸਾ ਚੜ੍ਹ ਗਿਆ।
"ਉਏ ਕਿਸੇ ਕਾਂ ਦਿਆ ਪੁੱਤਰਾ, ਜਾ। ਓਏ ਗੋਗੀ ਦਫਾ ਹੋ ਜਾ। ਤੂੰ ਕਿੱਥੋਂ ਸ਼ੱਕੀ ਜੰਮ ਪਿਆ ਏਂ। ਹਰ ਗੱਲ ਵਿੱਚ ਸ਼ੱਕ । ਅਸਾਡੇ ਕਬੀਲੇ ਵਿੱਚ ਤਾਂ ਐਸਾ ਕੋਈ ਨਹੀਂ ਸੀ। ਤੈਨੂੰ ਇੱਕ ਵਾਰ ਜੁ ਆਖਿਆ ਏ ਕਿ ਬੱਸ ਹੁੰਦਾ ਏ।”
"ਤੂੰ ਹਰ ਗੱਲ ਵਿੱਚੋਂ ਨੱਨੂੰ ਭਾਲਣਾ ਏ।" ਤਾਏ ਦੇ ਗੁੱਸੇ ਕਾਰਨ ਉਸ ਵੇਲੇ ਦੂਜੇ ਬਾਲਾਂ ਨੂੰ ਮੇਰੇ 'ਤੇ ਤਰਸ ਆ ਜਾਇਆ ਕਰਦਾ ਸੀ।
ਪਹਿਲਾਂ ਤਾਂ ਮੈਨੂੰ ਝਾੜ ਪੈਣ 'ਤੇ ਹੱਸਦੇ ਤੇ ਫੇਰ… ਤਾਏ ਦੇ ਹੱਥ ਕੋਲੋਂ ਮੈਨੂੰ ਦੂਰ ਹੋਵਣ ਵਿੱਚ ਮਦਦ ਵੀ ਕਰਦੇ। ਮੈਨੂੰ ਆਪਣੇ ਪਿੱਛੇ ਪਿੱਛੇ ਕਰ ਲੈਂਦੇ। ਤਾਇਆ ਤਾਈ ਨੂੰ ਅਵਾਜ਼ ਦਿੰਦਾ, "ਓਏ ਸੁੱਕੜੇ ।" ਤਾਈ ਉੱਚੀ ਲੰਮੀ ਤੇ ਪਤਲੀ ਜਿਹੀ ਗੋਰੇ ਰੰਗ ਦੀ ਸੀ। ਤਾਇਆ ਮਧਰਾ ਤੇ ਭਾਰੇ ਜੁੱਸੇ ਦਾ ਸੀ।
ਉਹ ਤਾਈ ਨੂੰ "ਸੁੱਕੜੇ” ਈ ਆਖਿਆ ਕਰਦਾ ਸੀ। ਮੇਰੇ ਸਵਾਲਾਂ ਤੋਂ ਤਾਇਆ ਜਦ ਅੱਕ ਜਾਂਦਾ, ਗੁੱਸੇ ਹੁੰਦਾ ਤਾਂ ਇੰਜ ਈ ਅਵਾਜ਼ ਮਾਰ ਕੇ ਆਖਦਾ, "ਓਏ ਸੁੱਕੜੇ ਲੈ ਜਾ ਮੇਰੇ ਕੋਲੋਂ ਗੋਗੀ ਨੂੰ। ਕਿਧਰੇ ਫੰਡ ਖਾਂਦਾ ਈ। ਹਰ ਗੱਲ ਵਿੱਚ ਟੋਕੀ ਜਾਂਦਾ ਏ ।"
ਤਾਈ ਆ ਕੇ ਮੈਨੂੰ ਆਪਣੇ ਵੱਲ ਲੈ ਜਾਂਦੀ। ਝਾੜ ਖਾਣ 'ਤੇ ਮੈਂ ਰੋਣਹਾਕਾ ਹੋ ਜਾਂਦਾ। ਆਪਣੇ ਕੋਲ ਲਿਜਾ ਕੇ ਤਾਈ ਰੱਤੀ ਕੀੜੀ ਤੇ ਕੱਕੀ ਕੀੜੀ ਦੀ ਕਹਾਣੀ ਸੁਣਾ ਕੇ ਮੈਨੂੰ ਵਰਚਾਣ ਦਾ ਜਤਨ ਕਰਦੀ।
ਕੱਕੀ ਤੇ ਰੱਤੀ ਕੀੜੀ ਦੋਵੇਂ ਭੈਣਾਂ ਹੁੰਦੀਆਂ ਸਨ । ਕੱਕੀ ਕੀੜੀ ਛੋਟੀ ਕੀੜੀ, ਜਿਹੜੀ ਰੱਤੀ ਹੁੰਦੀ ਏ, ਨਾਲ ਹਮੇਸ਼ਾ ਜ਼ਿਆਦਤੀ ਕਰਦੀ ਰਹਿੰਦੀ ਏ। ਘਰ ਵਿੱਚ ਰੱਤੀ ਦੇ ਖਿਲਾਫ ਸ਼ਿਕਾਇਤਾਂ ਕਰਕੇ ਮਾਂ ਪਿਉ ਕੋਲੋਂ ਝਾੜਾਂ ਤੇ ਮਾਰ ਪੁਆਂਦੀ ਰਹਿੰਦੀ ਏ।
ਜਦ ਇੱਕ ਦਿਨ ਕੱਕੀ ਕੀੜੀ ਕੋਲ ਘਰ ਦਾ ਕੋਈ ਨੁਕਸਾਨ ਹੋ ਜਾਂਦਾ ਏ, ਰੱਤੀ ਕੀੜੀ ਉਹਦੇ 'ਤੇ ਪਰਦਾ ਪਾਂਵਦੀ ਏ। ਉਹਦਾ ਨੁਕਸਾਨ ਆਪਣੇ ਜੁੰਮੇ ਲੈ ਲੈਂਦੀ ਏ।
ਉਹ ਕੱਕੀ ਕੀੜੀ ਖਿਲਾਫ ਸ਼ਿਕਾਇਤ ਨਹੀਂ ਕਰਦੀ ਜਦ ਕਿ ਕੱਕੀ ਨੂੰ ਪੱਕਾ ਯਕੀਨ ਸੀ ਕਿ ਰੱਤੀ ਬਦਲਾ ਜ਼ਰੂਰ ਲੈਸੀ। ਪਰ ਜਦ ਉਹ ਕੋਈ ਸ਼ਿਕਾਇਤ ਨਹੀਂ ਕਰਦੀ, ਸਗੋਂ ਪਰਦਾ ਪਾ ਦਿੰਦੀ ਏ ਤੇ ਕੱਕੀ ਕੀੜੀ ਆਪਣੀ ਭੈਣ ਰੱਤੀ ਕੋਲੋਂ ਮੁਆਫੀ ਮੰਗ ਲੈਂਦੀ ਏ ਤੇ ਅੱਗੋਂ ਤੋਂ ਸ਼ਿਕਾਇਤ ਨਾ ਕਰਨ ਦਾ ਵਾਅਦਾ ਕਰਦੀ ਏ।
ਕਹਾਣੀ ਤੇ ਤਾਈ ਵੀ ਚੰਗੀ ਸੁਣਾਂਵਦੀ ਸੀ ਪਰ ਤਾਏ ਕੋਲੋਂ ਕਾਲੇ ਦਿਉ ਦੀ ਕਹਾਣੀ ਸੁਣਨ ਦਾ ਸਵਾਦ ਈ ਵੱਖਰਾ ਸੀ।
ਸ਼ਹਿਜ਼ਾਦੀ ਹੋਂਦੀ ਏ ਸੋਹਣੀ ਤੇ ਪਿਆਰੀ ਜੇਹੀ। ਦਿਉ ਹੁੰਦਾ ਏ ਕਾਣਾ, ਜਾਲਮ ਤੇ ਬਦਸ਼ਕਲ ਜੇਹਾ ਜ਼ੋਰਾਵਰ।
ਗਰੀਬ ਗੱਭਰੂ ਹੁੰਦਾ ਏ ਨੇਕ ਤੇ ਬਹਾਦਰ ਤੇ ਖੂਬਸੂਰਤ ਤੇ ਭੋਲਾ-ਭਾਲਾ... ਲੜਾਈ ਹੁੰਦੀ ਏ... ਗੱਭਰੂ ਤੇ ਸ਼ਹਿਜ਼ਾਦੀ ਦਾ ਵਿਆਹ।
ਵਾਹ, ਸਾਰੇ ਸ਼ਹਿਰ ਵਿੱਚ ਖੁਸ਼ੀਆਂ, ਸੱਤਾਂ ਸੱਤਾਂ ਵੰਨਗੀਆਂ ਦੇ ਖਾਣੇ, ਸ਼ੁਗਲ, ਹਾਸੇ।
ਦਿਨ ਨੂੰ ਪਿੰਡ ਦੇ ਬਾਲ ਆਪਣੇ ਆਪਣੇ ਵੱਡਿਆਂ ਕੋਲੋਂ ਸੁਣੀਆਂ ਹੋਈਆਂ ਕਹਾਣੀਆਂ ਨੂੰ ਇੱਕ ਦੂਜੇ ਨੂੰ ਸੁਣਾਇਆ ਕਰਦੇ ਸਨ, ਪਰ ਮੇਰੇ ਲਈ ਤੇ ਮੇਰੇ ਸਵਾਲ ਈ ਉਲਝਣ ਹੁੰਦੇ ਸਨ । ਸਵਾਲਾਂ ਦੇ ਜਵਾਬ ਤਾਂ ਕਿਧਰੋਂ ਵੀ ਨਹੀਂ ਸਨ ਮਿਲਦੇ। ਮੁਟਿਆਰਾਂ ਨੂੰ ਜਿੰਨ ਚਿੰਬੜਨ ਵਾਲਾ ਤਮਾਸ਼ਾ ਮੈਂ ਵੀ ਵੇਖਿਆ ਕਰਦਾ ਸਾਂ, ਪਰ ਇਹ ਵੀ ਸਮਝ ਨਹੀਂ ਸੀ ਆਂਵਦੀ ਕਿ ਜਿੰਨ ਚਿੰਬੜਦੇ ਕਿਉਂ ਨੇ ? ਚਿੰਬੜੇ ਜਿੰਨ ਨਜ਼ਰ ਕਿਉਂ ਨਹੀਂ ਆਂਵਦੇ ? ਪਰ ਸਾਰੇ ਸਵਾਲ ਤੇ ਮੇਰੇ ਸਨ। ਜਵਾਬ ਮੇਰੇ ਨਹੀਂ ਸਨ ਯਾ ਮੇਰੇ ਕੋਲ ਨਹੀਂ ਸਨ ਯਾ ਮੈਨੂੰ ਆਂਵਦੇ ਨਹੀਂ ਸਨ।
ਦੂਜੇ ਹਾਣੀ ਜਿੰਨਾਂ ਭੂਤਾਂ ਤੇ ਚੁੜੇਲਾਂ ਦੀਆਂ ਗੱਲਾਂ ਕਰਦੇ। ਮੈਨੂੰ ਚੰਗੀਆਂ ਨਾ ਲੱਗਦੀਆਂ। ਹਾਣੀ ਮਿੱਟੀ ਦੇ ਕੋਠੇ ਬਣਾ ਕੇ ਖੇਡਦੇ ਮੈਨੂੰ ਪਸੰਦ ਨਾ ਆਂਵਦੇ, ਬਾਲ ਲੁਕਣਮੀਟੀ ਖੇਡਦੇ ਮੈਂ ਨਾ ਖੇਡਦਾ। ਹਾਣੀਆਂ ਨਾਲ ਖੇਡਾਂ ਵਿੱਚ ਮੈਂ ਉਹਨਾਂ ਨਾਲ ਖਿੱਦੋ-ਖੂੰਡੀ ਖੇਡਦਾ, ਕਰਲ ਘਾਂਗਾ, ਗੁੱਲੀ ਡੰਡਾ ਖੇਡਦਾ। ਮੈਂ ਹਾਣੀਆਂ ਕੋਲੋਂ ਬਹੁਤੀ ਵਾਰੀ ਜਿੱਤ ਜਾਇਆ ਕਰਦਾ ਸਗੋਂ ਜਿੱਤ ਈ ਜਾਇਆ ਕਰਦਾ ਸਾਂ, ਕਈ ਰੋਂਦ ਮਾਰਦੇ ਤਾਂ ਮੈਂ ਝਗੜਾ ਕਰਦਾ, ਵਧ
ਕੇ ਮਾਰ ਕੁਟਾਈ ਕਰ ਲੈਂਦਾ।
ਘਰ ਉਲਾਹਮੇ ਆਂਵਦੇ। ਘਰ ਮਾਰ ਪੈਂਦੀ, ਝਾੜਾਂ ਮਿਲਦੀਆਂ ਤੇ ਮਾਂ ਕਲ ਮੌਤਾਂ ਵੀ। ਪਰ ਹਾਣੀ ਤੇ ਖੇਡ ਵਿੱਚ ਰੋਂਦ ਮਾਰਦੇ ਸਨ ਜੋ ਮੈਂ ਜਿੱਤ ਜਾਇਆ ਕਰਦਾ ਸਾਂ, ਏਸੇ ਲਈ ਹਾਣੀ ਮੇਰੇ ਤੋਂ ਖੇਡਣ ਲਈ ਕੰਨੀ ਕਤਰਾਉਂਦੇ ਸਨ।
ਮੈਂ ਉਹਨਾਂ ਨੂੰ ਛੱਡ ਕੇ ਇਕੱਲਾ ਈ ਕਿਸੇ ਨਾ ਕਿਸੇ ਖੇਡ ਯਾ ਸੋਚ ਫਿਕਰ ਵਿੱਚ ਰੁੱਝ ਜਾਇਆ ਕਰਦਾ ਸਾਂ ਯਾ ਵਗਦੇ ਖੂਹ 'ਤੇ ਜਾ ਕੇ ਟਿੰਡਾਂ ਦੇ ਆਵਣ ਜਾਣ ਦਾ ਨਜ਼ਾਰਾ ਕਰਦਾ ਰਹਿੰਦਾ ਸਾਂ।
ਸਾਰਾ ਪਿੰਡ ਖੂਹ ਉੱਤੋਂ ਹੀ ਪਾਣੀ ਭਰਿਆ ਕਰਦਾ ਸੀ। ਲੋਕ ਨਹਾਂਵਦੇ ਤੇ ਲੀੜਾ ਕੱਪੜਾ ਵੀ ਏਥੇ ਈ ਆ ਧਾਵਦੇ ਸਨ । ਜਿਆਦਾ ਕਰਕੇ ਖੂਹ ਵਗਦਾ ਈ ਰਹਿੰਦਾ ਸੀ । ਕਦੀ ਕਿਸੇ ਦੀ ਵਾਰੀ ਹੁੰਦੀ ਤੇ ਕਦੀ ਦੂਸਰੇ ਦੀ।
ਕੰਮਾਂ ਕਾਜਾਂ ਤੋਂ ਵਿਹਲੀਆਂ ਹੋ ਕੇ ਸਵਾਣੀਆਂ ਭਾਂਡੇ ਮਾਂਜਣ ਤੇ ਲੀੜੇ ਧੋਵਣ ਲਈ ਥਕਲਾ ਬਣ ਬਣ ਕੇ ਆਂਵਦੀਆਂ ਸਨ। ਇਕੱਲੀ ਕਾਰੀ ਨੂੰ ਵੀ ਕੋਈ ਝਾਕਾ ਨਹੀਂ ਸੀ ਹੁੰਦਾ।
ਇੱਥੇ ਈ ਆਪਣੇ ਜੁਆਕਾਂ ਨੂੰ ਨਹਾਂਵਦੀਆਂ। ਇੱਕ ਦੂਜੀ ਦੇ ਖਿਲਾਫ ਚੁਗਲੀਆਂ ਕਰਦੀਆਂ, ਤੁਹਮਤਾਂ ਧਰਦੀਆਂ ਤੇ ਕਿੱਸੇ ਜੋੜ ਕੇ ਅੱਗੇ ਜਾ ਸੁਣਾਂਵਦੀਆਂ ਸਨ।
ਸਵਾਣੀਆਂ ਤੇ ਕੁੜੀਆਂ ਦਾ ਝੁਰਮਟ ਦੇਖ ਕੇ ਗੱਭਰੂ ਮੁੰਡੇ ਅੱਜੀ ਪੱਜੀਂ ਖੂਹ ਉੱਤੇ ਜਾਇਆ ਕਰਦੇ ਸਨ । ਫੇਰ ਅੱਖਾਂ ਦੀ ਲੜਾਈ ਵਿੱਚ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਵੀ ਇੱਥੇ ਈ ਹੋ ਜਾਂਦੀ ਸੀ।
ਅੰਨ੍ਹ ਉਗਾਵਣ ਵਾਲੇ ਰਾਹਕਾਂ ਕੋਲ ਆਪਣੇ ਖਾਵਣ ਲਈ ਕਦੀ ਪੂਰਾ ਅਨਾਜ ਨਹੀਂ ਸੀ ਹੁੰਦਾ। ਫਸਲਾਂ ਬੀਜਦੇ ਤਾਂ ਸ਼ੌਕ ਤੇ ਰੀਝ ਨਾਲ ਸਨ, ਪਰ ਫਸਲ ਪੱਕਣ ਉੱਤੇ ਹੱਕ ਸਿਰਫ ਜ਼ਿਮੀਂਦਾਰ ਦਾ ਈ ਰਹਿੰਦਾ ਸੀ। ਉਹ ਸਾਰਾ ਅਨਾਜ ਹੂੰਝ ਕੇ ਲੈਜਾਇਆ ਕਰਦਾ ਸੀ। ਕੁੱਝ ਕਰਜੇ ਤੇ ਕੁੱਝ ਆਪਣੇ ਹਿੱਸੇ ਵਿੱਚ, ਰਾਹਕ ਸਬਰ ਸ਼ੁਕਰ ਕਰਕੇ ਅਗਲੀ ਫਸਲ ਦੀ ਤਿਆਰੀ ਵਿੱਚ ਲੱਗ ਜਾਂਦੇ ਸਨ । ਕਿਸੇ ਚੰਗੇ ਵੇਲੇ ਦੀ ਆਸ ਵਿੱਚ ਰਾਹਕ ਹਯਾਤੀ ਦੀਆਂ ਔਕੜਾਂ ਝਾਗਦੇ ਹੋਏ ਮਿੱਟੀ ਨਾਲ ਮਿੱਟੀ ਹੋ ਹੋ ਜਾਂਦੇ ਸਨ।
ਸਿਆਣੇ ਤੇ ਚਲਾਕ ਰਾਹਕ ਪੱਕੀ ਫਸਲ ਵਿੱਚੋਂ ਕੁੱਝ ਅਨਾਜ ਚੁਰਾ ਲਿਆ ਕਰਦੇ ਸਨ। ਅਨਾਜ ਦੀ ਚੋਰੀ ਰੋਕਣ ਲਈ ਜਿਮੀਂਦਾਰ ਕਈ ਪ੍ਰਬੰਧ ਕੀਤੇ ਹੋਏ ਸਨ । ਕਈ ਮੁਨਸ਼ੀ ਤੇ ਮੈਨੇਜਰ ਰੱਖੇ ਹੋਏ ਸਨ, ਪਰ ਸਮਝਦਾਰ ਰਾਹਕ ਹਰ ਜਾਲ ਤੇ ਚੌਂਕੀਦਾਰੀ ਵਿੱਚੋਂ ਵੀ ਅੱਖ ਬਚਾ ਕੇ ਕੁੱਝ ਨਾ ਕੁੱਝ ਚੁਰਾ ਈ ਲੈਂਦਾ ਸੀ। ਅਨਾਜ ਚੋਰੀ ਕਰਨ ਵਾਲਿਆਂ ਵਿੱਚੋਂ ਅਸਾਡਾ ਘਰ ਜ਼ਿਆਦਾ ਮਾਹਰ ਸੀ। ਅਨਾਜ ਦੇ ਬਣੇ ਬੋਹਲ ਉੱਤੇ ਜਿਮੀਂਦਾਰ ਦਾ ਮੁਨਸ਼ੀ ਤੇ ਕਦੇ ਆਪ ਜਿਮੀਂਦਾਰ ਸੁਆਹ ਨਾਲ ਅੰਗ੍ਰੇਜ਼ੀ ਦੇ ਕੁੱਝ ਅੱਖਰ ਲਿਖਿਆ ਕਰਦਾ ਸੀ।
ਬੋਹਲ ਵਿੱਚੋਂ ਇੱਕ ਦਾਣਾ ਹਿਲਾਵਣ ਨਾਲ ਵੀ ਸੁਆਹ ਨਾਲ 'ਲਿਖੇ ਅੱਖਰ ਮਿਟ ਜਾਂਦੇ ਸਨ । ਮੁਨਸ਼ੀ ਸਾਬਰ ਸ਼ਾਹ ਨਾਲ ਅਸਾਡੇ ਪਿਉ ਦੇ ਹੱਥ ਮਿਲੇ ਹੋਏ ਸਨ । ਮੁਨਸ਼ੀ ਉਰਦੂ
ਦੇ ਅੱਖਰ ਲਿਖਿਆ ਕਰਦਾ ਸੀ, ਉਰਦੂ ਦੇ ਅੱਖਰ ਅਸਾਡਾ ਪਿਉ ਸੋਖਤ ਨਾਲ ਵਾਹ ਲਿਆ ਕਰਦਾ ਸੀ, ਪਰ ਅੰਗ੍ਰੇਜ਼ੀ ਦੇ ਅੱਖਰਾਂ ਵੇਲੇ ਮੇਰੀ ਲੋੜ ਪਿਆ ਕਰਦੀ ਸੀ। ਆਪਣੇ ਈ ਬੋਹਲ ਵਿੱਚੋਂ ਦਾਣੇ ਚੋਰੀ ਕਰਨਾ ਮੈਨੂੰ ਅਜੀਬ ਤੇ ਬੁਰਾ ਤਾਂ ਲੱਗਿਆ ਕਰਦਾ ਸੀ ਪਰ ਫਾਕੇ ਵੀ ਨਹੀਂ ਸਨ ਜਰੇ ਜਾਂਦੇ । ਸ਼ਰੀਫ ਤੇ ਨਾ-ਸਮਝ ਰਾਹਕ ਫਾਕੇ ਜਰ ਲਿਆ ਕਰਦੇ ਸਨ । ਉਨਾਂ ਨੂੰ ਦਾਣੇ ਚੁਰਾਵਣ ਦਾ ਢੰਗ ਨਹੀਂ ਸੀ ਆ ਰਿਹਾ। ਬਹੁਤੇ ਰਾਹਕ ਪੜ੍ਹੇ ਹੋਈ ਵੀ ਨਹੀਂ ਸਨ। ਉਹ ਤਾਂ ਸਿਰਫ ਮੁਨਸ਼ੀ ਨੂੰ ਸਾਹਮਣੇ ਖਲ੍ਹਾਰਕੇ ਕੁੱਝ ਅਨਾਜ ਚੋਰੀ ਕਰ ਸਕਦੇ ਸਨ । ਆਪਣੇ ਸਾਹਮਣੇ ਅਨਾਜ ਦੀ ਚੋਰੀ ਮੁਨਸ਼ੀ ਘੱਟ ਈ ਹੋਣ ਦਿੰਦਾ ਸੀ।
ਮੇਰੇ ਮਨ ਵਿੱਚ ਸਵਾਲ ਉੱਠਦਾ ਕਿ ਆਖਰ ਇੰਜ ਕਿਉਂ ਕਰਨਾ ਪੈਂਦਾ ਏ। ਜ਼ਿਮੀਦਾਰ ਸਾਰਾ ਅਨਾਜ ਕਿਉਂ ਲੈ ਜਾਂਦਾ ਏ । ਅਸਾਂ ਰਾਹਕ ਕਰਜ਼ਾ ਕਿਉਂ ਲੈਨੇ ਆਂ ? ਪਰ ਮੈਨੂੰ ਏਸ ਕਿਉਂ ਦੀ ਉੱਕਾ ਸਮਝ ਨਾ ਆਂਵਦੀ। ਇਹ ਨਾ ਸਮਝੀ ਮੈਨੂੰ ਗੁੱਸਾ ਦਿਵਾਂਦੀ ਤੇ ਸੜੀਅਲ ਬਣਾਂਵਦੀ ਰਹਿੰਦੀ ਸੀ।
ਸਾਡੇ ਨਾਲ ਚਾਚੇ ਦੀ ਸਾਂਝੀ ਵਾਹੀ ਬੀਜੀ ਸੀ। ਚਾਚਾ ਬੜੇ ਨਿੱਘੇ ਸੁਭਾਅ ਤੇ ਨਰਮਦਿਲ ਵਾਲਾ ਬੰਦਾ ਸੀ । ਹਾਸਾ ਮਖੌਲ ਤਾਂ ਹਰ ਗੱਲ ਵਿੱਚੋਂ ਕੱਢ ਲਿਆ ਕਰਦਾ ਸੀ। ਪਰ ਚਾਚੀ ਮਗਰੂਰ, ਗੁਸੈਲੀ ਤੇ ਜ਼ਿੱਦ ਕਰਨ ਵਾਲੀ ਸੁਆਣੀ ਸੀ । ਤਾਇਆ ਜ਼ੋਰਾਵਰ ਤੇ ਟਿੱਲ ਵਾਲਾ ਕੱਬਾ ਸੁਭਾਅ ਰੱਖਦਾ ਸੀ। ਦਰਵੇਸ਼ੀ ਪੱਖ ਵੱਲ ਵੀ ਉੱਲਰਦਾ ਜਾਪਦਾ ਸੀ। ਕਦੀ ਕਦੀ ਭੰਗ ਪੀ ਲੈਂਦਾ ਸੀ । ਮੌਜ ਵਿੱਚ ਆਵੇ ਤਾਂ "ਅਲੀ ਅਲੀ" ਵੀ ਕਰ ਲਿਆ ਕਰਦਾ ਸੀ।
ਤਾਇਆ ਜਵਾਨੀ ਵੇਲੇ ਘੋਲ ਘੁਲਿਆ ਕਰਦਾ ਸੀ । ਲੜਾਈ ਵਿੱਚ ਡਾਂਗ ਸੋਟਾ ਵਰਤਣ ਤੋਂ ਨਹੀਂ ਸੀ ਡਰਦਾ ਹੁੰਦਾ। ਅਗਲੇ ਨੂੰ ਥੱਲੇ ਲਾ ਕੇ ਰੱਖਣ ਵਿੱਚ ਈ ਖੁਸ਼ ਰਹਿੰਦਾ ਸੀ। ਸਾਡੀ ਤਾਈ ਜ਼ਬਾਨ ਦੀ ਮਿੱਠੀ ਸੀ ਪਰ ਕਿਸੇ ਵੀ ਗੱਲ ਤੋਂ ਮੁੱਕਰ ਜਾਣਾ ਕੋਈ ਭੈੜ ਨਹੀਂ ਸੀ ਸਮਝਿਆ ਕਰਦੀ। ਅਸਾਡਾ ਪਿਉ ਚਲਾਕ ਤੇ ਹੁਸ਼ਿਆਰ ਬੰਦਾ ਸੀ। ਆਪੇ ਘੱਟ ਕੰਮ ਕਰਨਾ ਤੇ ਭਰਾਵਾਂ ਕੋਲੋਂ ਜ਼ਿਆਦਾ ਮਿਹਨਤ ਕਰਵਾ ਲੈਣ ਦਾ ਡਾਢਾ ਢੰਗ ਜਾਣਦਾ ਸੀ। ਅਸਾਡੀ ਮਾਂ ਨਰਮ ਤਬੀਅਤ ਤੇ ਸੁਲਾਹਪਸੰਦ ਕਿਸਮ ਦੀ ਸੁਆਣੀ ਸੀ। ਅੰਗਾਂ ਸਾਕਾਂ ਤੇ ਰਿਸ਼ਤੇਦਾਰਾਂ ਵਿੱਚ ਅਸਾਡੇ ਪੂਰੇ ਖਾਨਦਾਨ ਵਿੱਚੋਂ ਸਿਰਫ ਮਾਂ ਦੀ ਈ ਬਹੁਤੀ ਇੱਜ਼ਤ ਤੇ ਆਦਰ ਹੁੰਦਾ ਸੀ।
ਆਪਣੀ ਬਰਾਦਰੀ ਵਿੱਚ ਹੋਏ ਝਗੜੇ ਝੇੜੇ ਤੇ ਛੱਡੇ ਅਸਾਡਾ ਪਿਉ ਈ ਨਜਿੱਠਿਆ ਕਰਦਾ ਸੀ। ਤਾਇਆ ਤੇ ਚਾਚਾ ਕੋਈ ਦਿਲਚਸਪੀ ਨਹੀਂ ਸਨ ਰੱਖਦੇ। ਤਾਏ ਦੀ ਵਾਹੀ ਬੀਜੀ ਵੱਖਰੀ ਸੀ। ਪਿਉ ਤੇ ਚਾਚੇ ਕੋਲ ਗੱਡ ਸੀ ਤੇ ਤਾਏ ਕੋਲ ਵੀ । ਜਦੋਂ ਵਾਹੀ ਬੀਜੀ ਕੋਲੋਂ ਵਿਹਲ ਹੋਣੀ ਤਾਂ ਗੱਡ ਤੋਰ ਲੈਂਦੇ ਸਨ । ਪੱਠਾ-ਦੱਥਾ ਤੇ ਤੂੜੀ ਪਰਾਲੀ ਲੱਦਕੇ ਸ਼ਹਿਰ ਜਾ ਵੇਚਦੇ ਸਨ। ਗੱਡ ਵਾਹੁਣ ਕਾਰਨ ਮਸਾਂ ਕਰਕੇ ਮੂੰਹ ਸਾਹਮਣੇ ਹੱਥ ਹੁੰਦਾ ਸੀ । ਕਈ ਹੋਰ ਰਾਹਕਾਂ ਵੀ ਗੱਡਾਂ ਬਣਾਈਆਂ ਹੋਈਆਂ ਸਨ, ਪਰ ਬਹੁਤੇ ਰਾਹਕ ਛੜੀ ਵਾਹੀ ਬੀਜੀ ਈ ਕਰਦੇ ਸਨ।
ਉਸ ਹੁੱਸੜ ਵਾਲੀ ਰਾਤ ਪਹਿਲਾਂ ਤਾਂ ਇੱਕ ਸੜਦਾ ਬਲਦਾ ਹਵਾ ਦਾ ਬੁੱਲਾ ਆਇਆ। ਫੇਰ ਚੁੱਪ-ਚਾਂ ਤੇ ਘੁੱਟ ਹੋਰ ਵਧ ਗਿਆ। ਅਸਾਂ ਮੂੰਹ ਸਿਰ ਵਲ੍ਹੇਟ ਲਏ ਤੇ ਆਸਾ
ਪਾਸਾ ਵੀ ਕੱਜ ਲਿਆ। ਇੱਕੋ ਵਾਰ ਤੇ ਇੱਕੋ ਸਾਹਵੇਂ ਹਨ੍ਹੇਰੀ ਛੁੱਟ ਪਈ, ਕਾਲੀ ਭੂਰੀ ਤੇ ਛੂਕਦੀ ਹੋਈ, ਮਿੱਟੀ-ਘੱਟਾ, ਖੇਹ ਤੇ ਕੱਖ-ਕਾਨਾ ਮੀਂਹ ਵਾਂਗ ਵਰਨ ਲੱਗ ਪਿਆ। ਹਨ੍ਹੇਰੀ ਦੀ ਛੂਕਰ ਇੰਝ ਸੀ ਕਿ ਅਸਮਾਨ ਹੁਣੇ ਡਿੱਗਾ ਕਿ ਡਿੱਗਾ। ਵਿਹੜੇ ਵਿੱਚ ਨਿੱਕੇ ਰੁੱਖ ਵਿਛ ਵਿਛ ਗਏ, ਪਰ ਵੱਡੇ ਰੁੱਖ ਦੀਆਂ ਟਹਿਣੀਆਂ ਆਪੋ ਵਿੱਚ ਉਲਝਦੀਆਂ ਮਿਲਦੀਆਂ ਤੇ ਟੁੱਟ ਫੁੱਟ ਪੈਂਦੀਆਂ ਸਨ।
ਇੱਕ ਟਾਹਣ ਟੁੱਟ ਕੇ ਦੂਰ ਜਾ ਡਿੱਗਾ ਸੀ । ਟਾਹਣ ਦੇ ਡਿੱਗਣ ਨਾਲ ਇੱਕ ਵਾਰ ਤਾਂ ਸਾਡਾ ਤਰਾਹ ਨਿੱਕਲ ਗਿਆ ਸੀ। ਮਾਂ ਝੱਟ ਉੱਠ ਕੇ ਵੇਖਿਆ, ਕਿਧਰੇ ਕਿਸੇ ਪਸ਼ੂ 'ਤੇ ਨਾ ਡਿੱਗ ਪਿਆ ਹੋਵੇ, ਪਰ ਟਾਹਣ ਤਾਂ ਹੋਰ ਅੱਗੋਂ ਜਾ ਡਿੱਗਾ ਸੀ (ਰਾਹਕਾਂ ਦੇ ਵਿਹੜੇ ਖੁੱਲ੍ਹੇ ਹੁੰਦੇ ਨੇ)।
ਸਵੇਰ ਨੂੰ ਵੇਖਿਆ ਤਾਂ ਕਈ ਰਾਹਕਾਂ ਦੀਆਂ ਕੁੱਲੀਆਂ (ਝੁੱਗੀਆਂ) ਵੀ ਉੱਡ ਗਈਆਂ ਸਨ। ਅਸਾਡੀ ਕੁੱਲੀ ਨੂੰ ਵੀ ਹਨ੍ਹੇਰੀ ਉਡਾ ਲਿਆ ਹੋਇਆ ਸੀ । ਸਰਕਾਨਾ ਖਿੱਲਰਿਆ ਪਿਆ ਸੀ। ਅਸਾਡੇ ਮੂੰਹ ਸਿਰ ਤੇ ਜੁੱਸਾ ਘੱਟੋ-ਘੱਟੀ ਹੋ ਗਏ ਹੋਏ ਸਨ। ਪਿਉ ਰਾਤੀਂ ਗੱਡ ਲੈ ਕੇ ਪਰਤ ਆਇਆ ਹੋਇਆ ਸੀ। ਸਵੇਰੇ ਦੋਵੇਂ ਮਾਂ ਤੇ ਪਿਉ ਕੁੱਲੀ ਦਾ ਸਰਕਾਨਾ ਇਕੱਠਾ ਕਰਨ ਵਿੱਚ ਰੁੱਝੇ ਹੋਏ ਸਨ। ਝੁੱਗੀ ਦੇ ਬਿਨ੍ਹਾਂ ਖਾਲੀ ਖੋਲੇ ਕਬਰਾਂ ਤੇ ਜਿੰਨਾਂ ਭੂਤਾਂ ਦੇ ਥੜ੍ਹੇ ਜਾਪਦੇ ਸਨ।
ਭੂਆ ਅੰਨ੍ਹ ਪਾਣੀ ਪਕਾ ਕੇ ਸਾਨੂੰ ਖਾਵਣ ਲਈ ਬੁਲਾਇਆ। ਚੋਪੜੀ ਰੋਟੀ ਦੇ ਨਾਲ ਥੋਮ ਦੀ ਚਟਣੀ ਤੇ ਲੱਸੀ ਸੀ । ਸਾਰੇ ਰਾਹਕਾਂ ਦਾ ਇੰਝ ਦਾ ਹੀ ਛਾਹ ਵੇਲਾ ਹੋਇਆ ਕਰਦਾ ਸੀ। ਕਦੀ ਕੋਈ ਪੈਸਾ ਹੱਥ ਲੱਗਾ ਤਾਂ ਅਚਾਰ ਵੀ ਖਾ ਲਿਆ, ਪਰ ਪੈਸਾ ਘੱਟ ਈ ਲੱਭਿਆ ਕਰਦਾ ਸੀ।
ਮੈਨੂੰ ਚਟਣੀ ਤੇ ਲੱਸੀ ਉੱਕਾ ਈ ਪਸੰਦ ਨਹੀਂ ਸੀ । ਲੱਸੀ ਵਿੱਚੋਂ ਮੈਨੂੰ ਛਾਹਨ ਆਉਂਦੀ ਏ। ਲੱਸੀ ਪੀਣਾ ਕੀ, ਮੈਂ ਲੱਸੀ ਲਿੱਬੜੇ ਭਾਂਡੇ ਵਿੱਚ ਪਾਣੀ ਵੀ ਨਹੀਂ ਪੀਂਦਾ। ਚਟਣੀ ਵਿੱਚ ਮਿਰਚਾਂ ਹੁੰਦੀਆਂ ਨੇ ਤੇ ਮਿਰਚਾਂ ਮੈਨੂੰ ਜ਼ਿਆਦਾ ਈ ਚੁਭਦੀਆਂ ਨੇ। ਮੂੰਹ ਸੜਦਾ ਏ। ਅਚਾਰ ਵਿੱਚ ਤੇਲ ਤੇ ਖਟਾਸ ਹੁੰਦੀ ਏ, ਇਹ ਵੀ ਮੈਨੂੰ ਪਸੰਦ ਨਹੀਂ।
ਦੋਵੇਂ ਨਿੱਕੇ ਛਾਹ ਵੇਲਾ ਕਰਨ ਲੱਗ ਪਏ ਯਾ ਖੋਰੇ ਢਿੱਡ ਭਰਨ ਲੱਗ ਪਏ, ਪਰ ਮੈਂ ਰੋਟੀ ਖਾਵਣ ਤੋਂ ਨਾਂਹ ਕਰਦਿਆਂ ਹੋਇਆਂ ਆਖਿਆ, "ਭੂਆ ਤੈਨੂੰ ਆਖਿਆ ਏ ਕਿ ਮੈਨੂੰ ਇਹ ਸ਼ੈਆਂ ਪਸੰਦ ਨਹੀਂ। ਫੇਰ ਵੀ ਤੂੰ ਮੇਰੇ ਲਈ ਲੱਸੀ ਤੇ ਚਟਣੀ ਰੱਖੀ ਏ।" ਪਰ ਸੜੇ ਮੂੰਹ ਵਾਲੀ ਭੂਆ ਅੱਗੋਂ ਬੜਾ ਈ ਕੌੜਾ ਸੁਭਾਅ ਵਿਖਾਂਦਿਆਂ ਆਖਿਆ, "ਹੋਰ ਕੀ ਰੱਖਦੀ ਤੇਰੇ ਨਵਾਬ ਦੇ ਵਾਸਤੇ ? ਸਾਰੇ ਚੁੱਪ ਕਰਕੇ ਖਾਂਦੇ ਪਏ ਨੇ । ਤੈਨੂੰ ਸਵਾਦਲੇ ਨੂੰ ਕੁੱਝ ਭਾਂਦਾ ਈ ਨਹੀਂ। ਵੇਖਦਾ ਨਹੀਂ ਸਾਰੇ ਘਰ ਦਾ ਕੀ ਹਾਲ ਬਣਿਆ ਹੋਇਆ ਏ। ਤੈਨੂੰ ਨਖਰੇ ਸੁੱਝਦੇ ਨੇ। ਵੱਡਾ ਸਹਿਜ਼ਾਦਾ ਤੇ ਵੇਖੋ", ਭੂਆ ਹੱਥ ਨਚਾ ਕੇ ਆਖਿਆ।
ਭੂਆ ਦੀ ਝਾੜ ਉੱਤੇ ਮੈਨੂੰ ਵੱਟ ਤੇ ਬਹੁਤ ਚੜ੍ਹਿਆ ਪਰ ਭੂਆ ਨਾਲ ਝੇੜਾ ਕਰਕੇ ਅੱਗ ਨੂੰ ਛੇੜਨ ਵਾਲੀ ਗੱਲ ਸੀ।
ਏਸੇ ਲਈ ਕੋਈ ਜਵਾਬ ਨਾ ਦਿੱਤਾ ਤੇ ਚੁੱਪ ਕਰਕੇ ਮੂੰਹ ਫੇਰ ਕੇ ਥੋੜ੍ਹਾ ਜਿਹਾ ਪਰ੍ਹਾਂ ਹੋ ਕੇ ਬਹਿ ਗਿਆ। ਫੇਰ ਮੈਂ ਆਪਣੇ ਆਪ ਨਾਲ ਹੌਲੀ ਜਿਹੀ ਬੋਲਿਆ, "ਇਸ ਘਰ ਦਾ ਤਾਂ ਚਾਲਾ ਹੀ ਇਹ ਬਣਿਆ ਹੋਇਆ ਏ ਕਿ ਜ਼ਰਾ ਕੁ ਵੀ ਭੀੜ ਬਣੇ ਤੇ ਗੁੱਸਾ ਮੇਰੇ ਉੱਤੇ।"
"ਭਲਾਂ ਮੇਰੀ ਖੁਰਾਕ ਈ ਕੀ ਏ । ਇੱਕ ਰੋਟੀ, ਥੋੜ੍ਹਾ ਜਿਹਾ ਗੁੜ ਤੇ ਇੱਕ ਗਲਾਸ ਕੱਚਾ ਦੁੱਧ। ਘਰ ਵਿੱਚ ਦੁੱਧ ਦੀ ਕਿਹੜੀ ਥੋੜ੍ਹ ਏ।" ਮੇਰੀ ਇਸ ਬੁੜ ਬੁੜ ਨੂੰ ਸੁਣਕੇ ਭੂਆ ਮੇਰੀ ਸ਼ਿਕਾਇਤ ਮੇਰੇ ਪਿਉ ਅੱਗੇ ਕਰ ਦਿੱਤੀ। ਉੱਥੇ ਬੈਠੀ ਹੋਈ ਆਖਿਆ, "ਭਰਾ, ਇਹ ਗੋਗੀ ਰੋਟੀ ਨਹੀਂ ਪਿਆ ਖਾਂਦਾ । ਸਗੋਂ ਦੂਜੇ ਬਾਲਾਂ ਨੂੰ ਵੀ ਭੈੜੀ ਪੱਟੀ ਪਿਆ ਪੜ੍ਹਾਂਦਾ ਏ।"
ਭੂਆ ਦੀ ਸ਼ਿਕਾਇਤ ਉੱਤੇ ਮੈਨੂੰ ਫੇਰ ਬਹੁਤ ਗੁੱਸਾ ਆਇਆ ਪਰ ਕਚੀਚੀ ਵੱਟ ਕੇ ਰਹਿ ਗਿਆ। ਸ਼ਿਕਾਇਤ ਦੇ ਜਵਾਬ ਵਿੱਚ ਮੇਰਾ ਪਿਉ ਤੇ ਨਾ ਬੋਲਿਆ ਪਰ ਮਾਂ ਸਿਰ ਦਾ ਮੱਠਾ ਸਵਾਹਰਾ ਕਰਦਿਆਂ ਹੋਇਆਂ ਬੋਲੀ, 'ਵੇ ਗੋਗੀ, ਭੂਆ ਨੂੰ ਨਾ ਸਤਾ। ਹੁਣ ਕੁੱਝ ਖਾ ਲੈ। ਉੱਧਰੋਂ ਵਿਹਲੀ ਹੋ ਕੇ ਤੈਨੂੰ ਗੁੜ ਲੱਭ ਦਿਆਂਗੀ। ਹਨ੍ਹੇਰੀ ਵਿੱਚ ਪਤਾ ਨਹੀਂ ਕਿੱਥੇ ਉੱਡ ਗਿਆ ਹੋਵੇ।"
"ਲੈ ਭਲਾਂ ਗੁੜ ਵੀ ਕੋਈ ਉੱਡਣ ਵਾਲੀ ਚੀਜ਼ ਏ", ਮੈਂ ਜਵਾਬ ਵਿੱਚ ਬੇ-ਇਤਬਾਰੀ ਵਿਖਾਈ ਤਾਂ ਮਾਂ ਫੇਰ ਆਖਿਆ, "ਸੱਚ ਗੋਗੀ, ਮੈਂ ਤੇਰੇ ਵਾਸਤੇ ਕਾਗਜ਼ ਵਿੱਚ ਵਲੇਟ ਕੇ ਗੁੜ ਝੁੱਗੀ ਵਿੱਚ ਟੰਗਿਆ ਸੀ, ਹੁਣੇ ਲਬਾਰੀਆਂ ਚੋਨੀ ਆਂ, ਜ਼ਿੱਦ ਨਾ ਕਰ ।"
"ਲੈ ਇਹਦੇ ਵਿੱਚ ਜ਼ਿੱਦ ਵਾਲੀ ਕਿਹੜੀ ਗੱਲ ਸੀ ? ਮੈਂ ਕਿਹੜਾ ਤਖ਼ਤ ਹਜ਼ਾਰਾ ਪਿਆ ਮੰਗਦਾ ਸਾਂ", ਪਰ ਭੂਆ ਦੀ ਸ਼ਿਕਾਇਤ ਨਾਲ ਗੱਲ ਵਿਗੜ ਗਈ ਸੀ।
ਮੈਂ ਭੂਆ ਵੱਲ ਗੁੱਸੇ ਨਾਲ ਵੇਖਿਆ। ਜ਼ਰਾ ਮੂੰਹ ਵਿੰਗਾ ਚਿੱਬਾ ਕਰਕੇ ਭੂਆ ਨਾਲ ਨਫ਼ਰਤ ਦਾ ਇਜ਼ਹਾਰ ਕੀਤਾ। ਭੂਆ ਫੇਰ ਸ਼ਿਕਾਇਤ ਕਰਦਿਆਂ ਆਖਿਆ, "ਭਰਾ, ਮੇਰੀਆਂ ਸਾਂਗਾਂ ਪਿਆ ਲਾਂਵਦਾ ਈ ਗੋਗੀ।"
ਏਸ ਦੂਜੀ ਸ਼ਿਕਾਇਤ ਤੇ ਮੇਰਾ ਪਿਉ ਗੁੱਸੇ ਨਾਲ ਵੱਟ ਖਾ ਕੇ ਉੱਠਿਆ। ਦੂਰੋਂ ਈ ਇੱਕ ਛਿੱਤਰ ਮੇਰੀ ਕੰਡ 'ਤੇ ਵਗਾਹਿਆ, ਪਰ ਦੂਜੇ ਛਿੱਤਰ ਦੇ ਆਵਣ ਤੋਂ ਪਹਿਲੇ ਪਹਿਲੇ ਮੈਂ ਭੱਜ ਕੇ ਘਰੋਂ ਬਾਹਰ ਨਿੱਕਲ ਗਿਆ। ਪਿੱਛੋਂ ਭੂਆ ਦੀ ਅਵਾਜ਼ ਮੇਰੇ ਕੰਨਾਂ ਵਿੱਚ ਪਈ। ਦਿਲ ਤਾਂ ਕੀਤਾ ਕਿ ਮੁੜ ਕੇ ਆਵਾਂ ਤੇ ਭੂਆ ਦੀ ਗਿੱਚੀ ਨੱਪ ਦੇਵਾਂ, ਪਰ ਏਨੀ ਹਿੰਮਤ ਨਹੀਂ ਸੀ, ਪਿਉ ਦੀ ਘੂਰੀ ਜਾਨ ਕੱਢ ਲੈਣ ਵਾਲੀ ਸੀ ।
2.
ਢਿੱਡੋਂ ਭੁੱਖਾ ਭਾਣਾ ਪਿਉ ਕੋਲੋਂ ਛਿੱਤਰ ਖਾ ਕੇ ਮੈਂ ਪਿੰਡੋਂ ਬਾਹਰ ਨਿੱਕਲਿਆ ਤਾਂ ਮਲੂਮ ਹੋਇਆ ਕਿ ਮੇਰਾ ਮੂੰਹ ਸੜਕ ਵੱਲ ਏ। ਪੱਕੀ ਸੜਕ ਪਿੰਡ ਤੋਂ ਪੰਜ ਛੇ ਪੈਲੀਆਂ ਦੀ ਵਿੱਥ 'ਤੇ ਸੀ। ਐਵੇਂ ਹੀ ਹੌਲੀ-ਹੌਲੀ ਟੁਰਦਾ ਹੋਇਆ ਸੜਕ ਉੱਤੇ ਆ ਗਿਆ। ਸੋੜੀ ਜਿਹੀ ਸੜਕ ਸੀ, ਮਸਾਂ ਮਰਕੇ ਇੱਕ ਈ ਸ਼ੈ ਨੂੰ ਪੂਰੀ ਆਉਂਦੀ ਸੀ, ਬੱਸ ਹੋਵੇ ਤੇ ਭਾਵੇਂ ਟਰੱਕ।
ਸਾਹਮਣਿਉਂ ਆਵਣ ਵਾਲੀ ਸ਼ੈ ਨੂੰ ਬਿਲਕੁਲ ਈ ਕੱਚੀ ਪਟੜੀ ਤੋਂ ਹੋ ਕੇ ਲੰਘਣਾ
ਪੈਂਦਾ ਸੀ । ਸੜਕ ਥਾਂ-ਥਾਂ ਉੱਤੋਂ ਉੱਖੜੀ ਪੁੱਖੜੀ ਰਹਿੰਦੀ ਸੀ ਤੇ ਸੜਕ ਦੁਆਲੇ ਗੀਟੀਆਂ ਖਿੱਲਰੀਆਂ ਰਹਿੰਦੀਆਂ ਸਨ । ਮੈਂ ਇੱਕ ਗੀਟੀ ਚੁੱਕ ਕੇ ਦੂਜੀ ਗੀਟੀ ਨੂੰ ਨਿਸ਼ਾਨਾ ਬਣਾਇਆ। ਨਿਸ਼ਾਨਾ ਇੰਜ ਈ ਜਾ ਲੱਗਾ ਜਿਵੇਂ ਮੇਰਾ ਖਿਆਲ ਸੀ ਇੰਜ ਕਰਕੇ ਨਿਸ਼ਾਨਾ ਵੱਜੇ। ਪਹਿਲਾ ਨਿਸ਼ਾਨਾ ਠੀਕ ਲੱਗਣ ਨਾਲ ਹੋਰ ਨਿਸ਼ਾਨੇ ਮਾਰਨ ਲੱਗ ਪਿਆ। ਨਿਸ਼ਾਨੇਬਾਜੀ ਕਰਦਿਆਂ ਛਿੱਤਰ ਵਾਲੀ ਕੌੜ ਕੁਝ ਘਟਦੀ ਜਾਪਦੀ ਸੀ।
ਸਾਹਮਣਿਉਂ ਅਕਰਮ ਟੁਰਿਆ ਆਂਵਦਾ ਸੀ। ਅਕਰਮ ਮੇਰਾ ਹਾਣੀ ਸੀ, ਪਰ ਹਰ ਖੇਡ ਵਿੱਚ ਰੋਂਦ ਮਾਰਿਆ ਕਰਦਾ ਸੀ । ਅਸਾਂ ਸਾਰੇ ਉਹਨੂੰ "ਰੋਂਦੂ" ਈ ਆਖਦੇ ਸਾਂ । ਜਦ ਉਹ ਨੇੜੇ ਆਇਆ ਤਾਂ ਮੈਂ ਪੁੱਛਿਆ, "ਉਏ ਰੋਂਦੂ, ਸਵੇਰੇ ਸਵੇਰੇ ਕਿੱਥੋਂ ਆ ਰਿਹਾ ਏਂ ? ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਸਨੇ ਮੁਸਕਰਾਂਦਿਆਂ ਆਖਿਆ:
"ਗੀਟੀ ਉੱਤੇ ਗੀਟੀ ਮਾਰਦਿਆਂ ਕੁੱਝ ਨਹੀਂ ਲੱਭਦਾ। ਆ ਪੈਸਿਆਂ ਨਾਲ ਖੇਡੀਏ।" ਉਸ ਬੋਝੇ ਵਿੱਚ ਹੱਥ ਪਾ ਕੇ ਪੈਸੇ ਛਣਕਾਏ। ਇੱਕ ਅੱਖ ਮੀਚ ਕੇ ਆਪਣੇ ਬੋਝੇ ਫੇਰ ਝਾਤ ਮਾਰਨ ਲਈ ਮੇਰੇ ਵੱਲ ਇਸ਼ਾਰਾ ਕਰਕੇ ਆਖਿਆ: "ਏਧਰ ਝਾਤ ਤੇ ਪਾ ਜ਼ਰਾ ।" ਉਹ ਬਹੁਤ ਖੁਸ਼ ਸੀ। ਉਹਦੇ ਇੰਜ ਦੇ ਸੁਭਾਅ ਪਾਰੋਂ ਮੈਨੂੰ ਵੱਟ ਚੜ੍ਹਿਆ। ਮੈਂ ਗੁੱਸੇ ਤੇ ਕੁੱਝ ਨਫ਼ਰਤ ਨਾਲ ਆਖਿਆ, "ਉਏ ਮਾਂ ਦਿਆ ਖਸਮਾਂ, ਮੈਨੂੰ ਜੂਆ ਖੇਡਾਵਣਾ ਚਾਹਨਾਂ ਏਂ।" ਮੇਰੀ ਗਾਲ੍ਹ ਦਾ ਉਸ ਕਈ ਗੁੱਸਾ ਨਾ ਕੀਤਾ ਸਗੋਂ ਮੁਸਕਰਾ ਕੇ ਆਖਿਆ:
"ਜੂਆ ਤੇ ਸਾਰੇ ਈ ਖੇਡਦੇ ਨੇ। ਜੂਆ ਤੇ ਹੈ ਈ ਬੜੀ ਸਵਾਦੀ ਖੇਡ। ਊਂ ਕਦੇ ਖੇਡਿਆ ਹੋਵੇ ਤਾਂ ਪਤਾ ਹੋਵੇ ਕਿ ਜੂਆ ਕੀ ਚੀਜ਼ ਏ ਬੱਲਿਆ।"
"ਮਿੱਟੀ ਤੇ ਸੁਆਹ ਸਵਾਦੀ ਖੇਡ ਹੈ", ਮੈਂ ਨਫ਼ਰਤ ਕਰਦਿਆਂ ਆਖਿਆ, "ਭੈੜਾ ਕੰਮ ਏ ਜੂਆ ਖੇਡਣਾ। ਮੈਂ ਭੈੜਾ ਕੰਮ ਕਦੇ ਨਹੀਂ ਕਰਦਾ, ਰੋਂਦੂ।"
"ਇੰਜ ਆਖ ਤੇਰੇ ਕੋਲ ਪੈਸੇ ਈ ਨਹੀਂ। ਪੈਸੇ ਦੇ ਵਾਸਤੇ ਕੋਈ ਵੀ ਕੰਮ ਭੈੜਾ ਨਹੀਂ ਹੁੰਦਾ। ਬਿਨ੍ਹਾਂ ਪੈਸਿਆਂ ਦੇ ਤੇ ਗੀਟੀਆਂ ਨਾਲ ਈ ਮਨ ਪਰਚਾਇਆ ਜਾ ਸਕਦਾ ਏ।"
"ਜਾ ਓਏ 'ਰੋਂਦੂ ਚਲਾ ਜਾ ਨਹੀਂ ਤੇ...' ' ਮੈਂ ਉਹਨੂੰ ਮਾਰਨ ਲਈ ਇੱਕ ਪੱਥਰ ਚੁੱਕ ਲਿਆ। "ਮਾਂ ਦਿਆ ਖਸਮਾਂ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ!"
ਮੇਰੇ ਗੁੱਸਾ ਕਰਨ ਤੇ ਪੱਥਰ ਮਾਰਨ ਦੀ ਧਮਕੀ ਨਾਲ ਵੀ ਉਹਨੂੰ ਡਰ ਨਾ ਆਇਆ ਸਗੋਂ ਬੇਸ਼ਰਮਾਂ ਤੇ ਢੀਠਾਂ ਵਾਂਗਰ ਹੱਸਦਾ ਹੋਇਆ ਬੋਲਿਆ।
“ਬੰਦੇ ਦੇ ਬੋਝੇ ਵਿੱਚ ਪੈਸੇ ਹੋਵਣ ਤਾਂ ਗੁੱਸਾ ਨਹੀਂ ਆਉਂਦਾ। ਜਦੋਂ ਕਦੀ ਤੇਰੇ ਕੋਲ ਪੈਸੇ ਹੋਏ ਤਾਂ ਤੈਨੂੰ ਵੀ ਮਲੂਮ ਹੋ ਜਾਸੀ ਕਿ ਪੈਸੇ ਵਾਲਾ ਬੰਦਾ ਕਿੰਨਾ ਵੱਡਾ ਤੇ ਠੰਡੇ ਜਿਗਰੇ ਵਾਲਾ ਹੁੰਦਾ ਹੈ।"
ਮੈਨੂੰ ਬੜਾ ਗੁੱਸਾ ਆਇਆ। ਮੇਰਾ ਦਿਲ ਤਾਂ ਕੀਤਾ ਕਿ ਏਸ ਪੈਸੇ ਦੇ ਪੁੱਤਰ ਤੇ ਵੱਡੇ ਜਿਗਰੇ ਵਾਲੇ ਨੂੰ ਪੱਥਰ ਮਾਰ ਮਾਰਕੇ ਸ਼ਕਲ ਵਗਾੜ ਦਿਆਂ ਤੇ ਆਖਾਂ :
"ਮਾਂ ਦਿਆ ਖਸਮਾਂ! ਪੈਸੇ ਦੇ ਬਿਨ੍ਹਾਂ ਵੀ ਬੰਦੇ ਵੱਡੇ ਜਿਗਰੇ ਵਾਲੇ ਹੁੰਦੇ ਨੇ।"
ਪਿਉ ਕੋਲੋਂ ਹੁਣੇ ਹੁਣੇ ਛਿੱਤਰ ਖਾ ਕੇ ਆਇਆ ਸਾਂ । ਮੈਂ ਹੁਣ ਹੋਰ ਕੋਈ ਮੌਕਾ ਨਹੀਂ
ਸਾਂ ਬਣਾਵਣਾ ਚਾਹੁੰਦਾ। ਮੈਨੂੰ ਡਰ ਲੱਗਾ ਕਿਧਰੇ ਫੇਰ ਨਾ ਪਿਉ ਕੋਲੋਂ ਫੰਡ ਪੈ ਜਾਵੇ। ਏਸ ਲਈ ਰੋਂਦੂ ਦੀ ਟਿਚਕਰ ਉੱਤੇ ਬਸ ਕਚੀਚੀ ਵੱਟ ਕੇ ਹੀ ਰਹਿ ਗਿਆ।
ਰੋਂਦੂ ਆਪਣੇ ਬੋਝੇ ਵਿੱਚ ਹੱਥ ਪਾ ਕੇ ਪੈਸੇ ਛਣਕਾਏ ਤੇ ਮੁਸਕਰਾਂਦਾ ਹੋਇਆ ਚਲਾ ਗਿਆ।
ਉਹਦੇ ਜਾਣ ਮਗਰੋਂ ਮੈਂ ਫੇਰ ਨਿਸ਼ਾਨੇਬਾਜ਼ੀ ਕਰਨ ਲੱਗ ਪਿਆ, ਪਰ ਹੁਣ ਪਹਿਲੇ ਵਾਲਾ ਨਿਸ਼ਾਨਾ ਤੇ ਸਵਾਦ ਕਿੱਥੋਂ ? ਮਾਂ ਦਾ ਖਸਮ ਰੋਂਦੂ ਮੇਰੇ ਅੰਦਰ ਹੋਰ ਤਲਖੀ ਭਰ ਗਿਆ ਹੋਇਆ ਸੀ।
ਰੋਂਦੂ ਸ਼ੁਰੂ ਤੋਂ ਹੀ ਇੰਜ ਦਾ ਢੀਠ ਤੇ ਬੇਸ਼ਰਮ ਸੀ। ਕਦੀ ਕਿਸੇ ਦੀ ਕੁੱਕੜੀ ਚੁਰਾ ਕੇ ਵੇਚ ਲੈਂਦਾ ਸੀ ਤੇ ਕਦੀ ਕੁੱਕੜੀ ਦੇ ਆਂਡੇ। ਗਾਲ੍ਹ ਮੰਦੇ ਤੇ ਮਾਰ ਕੁੱਟ ਦਾ ਉਹਨੂੰ ਕੋਈ ਅਸਰ ਨਹੀਂ ਸੀ ਹੁੰਦਾ, ਸਗੋਂ ਹੱਸਦਾ ਰਹਿੰਦਾ ਤੇ ਜ਼ਲੀਲ ਹੋਵਣ ਉੱਤੇ ਵੀ ਕੋਈ ਗੁੱਸਾ ਨਹੀਂ ਸੀ ਕੀਤਾ ਕਰਦਾ।
ਅੱਜ ਤੀਕਰ ਉਹਨੂੰ ਤਾਂ ਕਿਸੇ ਰੋਂਦਿਆਂ ਵੀ ਨਹੀਂ ਸੀ ਵੇਖਿਆ। ਉਹਦੀ ਮਾਂ ਬੜੇ ਮਾਣ ਨਾਲ ਆਖਿਆ ਕਰਦੀ ਸੀ ਕਿ "ਇਹ ਤਾਂ ਨਿੱਕਿਆਂ ਹੁੰਦਿਆਂ ਵੀ ਨਹੀਂ ਸੀ ਰੋਇਆ ਕਰਦਾ। ਇਹ ਤਾਂ ਸਾਬਰ ਬੜਾ ਏ। ਕਦੇ ਜ਼ਿੱਦ ਨਹੀਂ ਕਰਦਾ ।"
ਹੁਣ ਵੀ ਰੋਂਦੂ ਦੀ ਇਹ ਆਦਤ ਸੀ । ਕੋਲ ਜੋ ਕੁੱਝ ਹੋਵੇ ਉਹਨੂੰ ਬਹੁਤ ਵਧਾ ਕੇ ਦੱਸਣਾ, ਜੇ ਕੋਲ ਕੁੱਝ ਨਹੀਂ ਤਾਂ ਕਿਸੇ ਨੂੰ ਮਲੂਮ ਨਹੀਂ ਸੀ ਹੋਵਣ ਦਿੰਦਾ ਕਿ 'ਮੈਂ ਪੱਲਿਉਂ ਖਾਲੀ ਆਂ'।
ਖੇਡ ਖੇਡਦਿਆਂ ਖੌਰੇ ਕਿਉਂ ਰੋਂਦ ਮਾਰਿਆ ਕਰਦਾ ਸੀ । ਗੱਲ ਗੱਲ ਉੱਤੇ ਸੌਂਹ ਚੁੱਕ ਲੈਣਾ ਉਹਦੇ ਲਈ ਬਹੁਤ ਮਮੂਲੀ ਗੱਲ ਸੀ। ਅਸਾਂ ਸਾਰੇ ਹਾਣੀ ਕਸਮ ਨੂੰ ਬਹੁਤ ਅਹਿਮ ਤੇ ਮੁਕੱਦਸ ਸਮਝਦੇ ਹੁੰਦੇ ਸਾਂ । ਅਸਾਡੀ ਏਸ ਕਮਜ਼ੋਰੀ ਤੇ ਈਮਾਨ ਦਾ ਫ਼ਾਇਦਾ ਰੋਂਦੂ ਨੂੰ ਹੋ ਜਾਂਦਾ ਸੀ।
ਉਹਦੇ ਮਾਂ ਪਿਉ ਵੀ ਉਹਦੇ ਕੋਲੋਂ ਤੰਗ ਆਏ ਰਹਿੰਦੇ ਸੀ । ਘਰੋਂ ਆਟਾ ਦਾਣਾ ਕੱਢ ਕੇ ਹੱਟੀ ਵੇਚ ਦਿਆ ਕਰਦਾ ਸੀ। ਆਂਢ-ਗੁਆਂਢ ਦੇ ਲੋਕ ਤਾਂ ਰੋਂਦੂ ਨੂੰ ਆਪਣੇ ਚੌਂਕੇ ਈ ਨਹੀਂ ਸਨ ਚੜ੍ਹਨ ਦਿੰਦੇ, ਪਰ ਹਾਣ ਦੇ ਸਾਰੇ ਮੁੰਡੇ ਉਹਦੇ ਪੱਕੇ ਬੇਲੀ ਬਣੇ ਰਹਿੰਦੇ ਸਨ । ਖੌਰੇ ਕੀ ਬੋਲ ਬਚਨ ਲਾਂਵਦਾ ਸੀ ਕਿ ਮੁੰਡੇ ਉਹਦੇ ਨਾਲ ਬੇਲਪੁਣਾ ਪਾ ਕੇ ਖੁਸ਼ ਹੁੰਦੇ ਸਨ। ਮੇਰੇ ਇੱਕ ਇਕੱਲੇ ਦੇ ਉਹਨੂੰ ਬੁਰਾ ਆਖਣ ਨਾਲ ਕੀ ਵਿਗੜਦਾ ਸੀ।
ਸਾਰੇ ਮੁੰਡੇ ਉਹਦੇ ਨਾਲ ਈ ਰਲ ਕੇ ਖੇਡਣਾ ਪਸੰਦ ਕਰਦੇ ਸਨ। ਮੇਰਾ ਕੋਈ ਵੀ ਸਾਥ ਨਹੀਂ ਸੀ ਦਿੰਦਾ। ਇੱਕ ਇਹ ਵੀ ਮੇਰੀ ਉਲਝਣ ਸੀ ਕਿ ਹਾਣੀ ਰੋਂਦੂ ਨੂੰ ਕਿਉਂ ਪਸੰਦ ਕਰਦੇ ਨੇ, ਜਦ ਕਿ ਰੋਂਦੂ ਦਾਅ ਲਾਵਣ ਵੇਲੇ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਕਰਦਾ।
ਮੇਰਾ ਬਾਲਪੁਣੇ ਦਾ ਸਮਾਂ ਬਹੁਤਾ ਚਿਰ ਨਾਨਕੇ ਪਿੰਡ ਵਿੱਚ ਲੰਘਿਆ ਸੀ। ਮੇਰੇ ਨਾਨਕਿਆਂ ਦੀ ਹਾਲਤ ਸਾਥੋਂ ਚੰਗੀ ਸੀ, ਸਗੋਂ ਬਹੁਤ ਈ ਚੰਗੀ ਸੀ। ਉਹਨਾਂ ਦੇ ਭੜੋਲੇ ਹਮੇਸ਼ਾ ਦਾਣਿਆਂ ਨਾਲ ਭਰੇ ਰਹਿੰਦੇ ਸਨ, ਸਾਰਾ ਸਾਲ ਅਨਾਜ ਵਾਧੂ ਰਹਿੰਦਾ ਸੀ। ਉਹਨਾਂ
ਦੀ ਰਹਿਤਲ ਤੇ ਗੱਲਬਾਤ ਦਾ ਸੁਭਾਅ ਵੀ ਸਾਥੋਂ ਚੰਗਾ ਤੇ ਸੁਥਰਾ ਸੀ। ਪੈਸਾ ਧੇਲਾ ਵੀ ਲੋੜ ਮੂਜਬ ਉਹਨਾਂ ਕੋਲ ਬਥੇਰਾ ਸੀ।
ਨਾਨਕਾ ਪਿੰਡ ਖੁੱਲ੍ਹਾ ਤੇ ਵੱਡਾ ਸੀ। ਕਈ ਕੌਮਾਂ ਦੇ ਮੈਂਬਰ ਉੱਥੇ ਵਸਦੇ ਸਨ। ਦੋ ਮਸੀਤਾਂ, ਨੰਬਰਦਾਰ, ਚੌਂਕੀਦਾਰ ਤੇ ਹੱਟੀਆਂ ਵੀ ਬਥੇਰੀਆਂ ਸਨ।
ਮੇਰੇ ਨਾਨਕੇ ਝੁੱਗੇ ਦਾ ਪਿੰਡ ਵਾਲਿਆਂ ਨਾਲ ਮੇਲਜੋਲ ਤੇ ਉੱਠਣਾ ਬੈਠਣਾ ਸਲੂਕ ਤੇ ਸਾਂਝ ਵਾਲਾ ਸੀ। ਪਿੰਡ ਵਿੱਚ ਇੱਜ਼ਤ ਤੇ ਆਦਰ ਬਣਿਆ ਹੋਇਆ ਸੀ।
ਮੇਰੇ ਨਾਨੇ ਦੀ ਨਜ਼ਰ ਵਿੱਚ ਮੇਰੀ ਮਾਂ ਦੀ ਬਹੁਤ ਇੱਜ਼ਤ ਤੇ ਇਹਤਰਾਮ ਸੀ। ਏਸੇ ਲਈ ਸਾਰੇ ਮੈਨੂੰ ਵੀ ਇਹਤਰਾਮ ਨਾਲ ਮਿਲਦੇ ਤੇ ਮੇਰਾ ਖਿਆਲ ਰੱਖਦੇ ਸਨ, ਆਪਣੇ ਬਾਲਾਂ ਨਾਲੋਂ ਵੀ ਬਹੁਤਾ ਮੇਰਾ ਲਿਹਾਜ਼ ਕਰਦੇ ਸਨ।
ਸਾਰੇ ਈ ਮੇਰੇ ਬੇਲੀ ਜਾਂ ਸੱਜਣ ਮਲੂਮ ਹੁੰਦੇ ਸਨ, ਪਰ ਮੇਰਾ ਕਿਸੇ ਨਾਲ ਵੀ ਦਿਲ ਨਹੀਂ ਮਿਲਦਾ। ਨਾ ਈ ਮੈਂ ਕਿਸੇ ਦਾ ਲਿਹਾਜ਼ ਕਰਦਾ ਸਾਂ। ਆਪਣੀ ਕੌੜ ਤੇ ਤਲਖੀ ਮੈਂ ਕਿਸੇ ਬਾਲ ਨੂੰ ਕੁੱਟ ਫੰਡ ਕੇ ਕੱਢ ਲਿਆ ਕਰਦਾ ਸਾਂ, ਕਿਸੇ ਨੂੰ ਧੱਪਾ ਮੁੱਕੀ ਤੇ ਕਿਸੇ ਨੂੰ ਚੱਕ ਚੂੰਢੀ ਵੱਢ ਲਿਆ ਕਰਦਾ ਸਾਂ । ਬਾਲਾਂ ਨੂੰ ਤੰਗ ਕਰਨ ਮਗਰੋਂ ਫੇਰ ਅਫ਼ਸੋਸ ਵੀ ਸੀ ਮੈਨੂੰ। ਅਗਲੇ ਦਿਨ ਫੇਰ ਇੰਜ ਈ। ਹਾਣੀ ਬਾਲਾਂ ਨਾਲ ਮੈਂ ਜਿਹੜੀ ਵੀ ਖੇਡ ਖੇਡਦਾ ਸਾਂ ਫੇਰ ਏਸ ਖੇਡ ਨੂੰ ਟੀਸੀ ਉੱਤੇ ਪਹੁੰਚਾ ਦਿੰਦਾ ਸਾਂ । ਉਹਦੇ ਬਾਰੇ ਈ ਸੋਚਦਾ ਤੇ ਸਵਾਰਦਾ ਰਹਿੰਦਾ ਸਾਂ। ਸਿੱਟਾ ਇਹ ਨਿੱਕਲਦਾ ਕਿ ਮੈਂ ਜਿੱਤ ਜਾਇਆ ਕਰਦਾ ਸਾਂ । ਮੇਰੀ ਜਿੱਤ ਤੋਂ ਖਾਰ ਖਾ ਕੇ ਕੋਈ ਵੀ ਮੇਰੇ ਨਾਲ ਖੇਡਣਾ ਪਸੰਦ ਨਾ ਕਰਦਾ, ਕੋਈ ਵੀ ਮੇਰਾ ਮੁਕਾਬਲਾ ਨਾ ਕਰ ਸਕਦਾ, ਮੈਂ ਇਕੱਲਾ ਰਹਿ ਜਾਂਦਾ ਸਾਂ।
ਜਦੋਂ ਕਈ ਵੀ ਮੁਕਾਬਲੇ ਲਈ ਨਾ ਆਉਂਦਾ ਤਾਂ ਮੈਂ ਉਹ ਖੇਡ ਛੱਡ ਕੇ ਦੂਜੀ ਖੇਡ ਛੇੜ ਲੈਂਦਾ ਸਾਂ । ਮੁਕਾਬਲੇ ਬਿਨ੍ਹਾਂ ਤੇ ਸਵਾਦ ਈ ਨਹੀਂ ਸੀ ਆਉਂਦਾ। ਦੂਜੀ ਖੇਡ ਵਿੱਚ ਇੰਜ ਈ ਹੁੰਦਾ। ਹੌਲ਼ੇ-ਹੌਲੇ ਕੋਈ ਵੀ ਤੇ ਮੇਰੇ ਨਾਲ ਨਹੀਂ ਸੀ ਖੇਡਦਾ। ਆਖ਼ਰ ਉਹ ਕਿਉਂ ਹਰ ਵਾਰ ਹਾਰਨ ਮੈਥੋਂ। ਫੇਰ ਇਕੱਲੀ ਖੇਡ ਸੀ ਮੇਰੇ ਵਾਸਤੇ ਰੋੜੇ ਉੱਤੇ ਰੋੜਾ ਮਾਰਕੇ ਨਿਸ਼ਾਨਾ ਬਾਜ਼ੀ ਕਰਨਾ, ਕੁੱਕੜਾਂ ਅਤੇ ਕੁੱਤਿਆਂ ਨੂੰ ਨਿਸ਼ਾਨੇ ਮਾਰਨੇ । ਕਦੀ ਕਦੀ ਲੋਕਾਂ ਦੇ ਘਰਾਂ ਵਿੱਚ ਵੀ ਰੋੜਾ ਜਾ ਵੱਜਣਾ। ਰੋਜ਼ ਨਾਨੀ ਨੂੰ ਮੇਰੇ ਉਲਾਂਭੇ ਮਿਲਦੇ ਕਿ ਪ੍ਰਾਹੁਣਾ ਦਿਨੋਂ ਦਿਨ ਸ਼ਰਾਰਤੀ ਹੁੰਦਾ ਜਾਂਦਾ ਏ, ਇਹਨੂੰ ਸਮਝਾਓ।
ਨਾਨੀ ਮੈਨੂੰ ਸਮਝਾਉਂਦੀ । ਮੈਂ ਸ਼ਰਾਰਤ ਨਾ ਕਰਨ ਦੀ ਹਾਮੀ ਵੀ ਭਰਦਾ, ਪਰ ਪਤਾ ਨਹੀਂ ਮੇਰੇ ਵਿੱਚ ਕਿਹੜੀ ਅੱਗ ਸੀ। ਕੁੱਝ ਦਿਨ ਸਬਰ ਹੁੰਦਾ ਫੇਰ ਉਹੀ ਰੱਸੇ ਤੇ ਉਹੀ ਪੈੜੇ।
ਨਾਨਕੇ ਵਿਹੜੇ ਮੈਨੂੰ ਬੜੀ ਖੁੱਲ੍ਹ ਸੀ। ਜਿਹੜੇ ਮਰਜ਼ੀ ਘਰੋਂ ਮੇਰਾ ਮਨ ਕਰਦਾ, ਦਾਣਿਆਂ ਦੀ ਝੋਲੀ ਭਰਦਾ ਤੇ ਹੱਟੀ ਲੈ ਜਾਂਦਾ। ਕਈ ਰੋਕਦਾ ਨਾ ਟੋਕਦਾ। ਜ਼ਿਆਦਾ ਦਿਲ ਪਾਰੋਂ ਮੈਂ ਚੌੜ ਹੋ ਗਿਆ ਹੋਇਆ ਸਾਂ। ਮੇਰੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਨਾਨਾ ਆਖਦਾ, “ਖ਼ੈਰ ਦੀ ਮਾਂ, ਏਸ ਮੁੰਡੇ ਦੀ ਕਿਹੜੀ ਸ਼ੈ ਫੜਕਦੀ ਏ, ਇੱਕ ਪਲ ਅਰਾਮ ਨਹੀਂ ਇਹਨੂੰ। ਆੜਵ ਆੜਵ ਕਰਦਾ ਫਿਰਦਾ ਏ। ਮੈਂ ਤਾਂ ਆਹਨਾ ਆਂ ਇਹਨੂੰ ਇਹਦੀ ਮਾਂ ਕੋਲ ਛੱਡ
ਆ।"
ਪਰ ਨਾਨੀ ਮੇਰਾ ਮੂੰਹ ਸਿਰ ਚੁੰਮ ਕੇ ਆਖਦੀ, "ਐ ਹੈ, ਤੂੰ ਤੇ ਅੱਖਾਂ ਅੱਗੇ ਈ ਰੱਖ ਲਿਆ ਏ, ਬਾਲ ਇੰਜ ਈ ਹੁੰਦੇ ਨੇ। ਜ਼ਰਾ ਅੱਥਰਾ ਏ ਮੇਰਾ ਗੋਗੀ, ਹੋਰ ਕੀ ਏ ਇਹਨੂੰ।"
ਨਾਨੀ ਦੇ ਜਵਾਬ ਵਿੱਚ ਨਾਨਾ ਹੱਸ ਕੇ ਆਖਦਾ, "ਖ਼ੈਰ ਦੀ ਮਾਂ, ਅੱਥਰੇ ਹੋਵਣ ਤੋਂ ਅੱਡ ਕੁੱਝ ਹੋਰ ਵੀ ਏ ਇਹਦੇ ਵਿੱਚ ।" "ਕੀ ਏ ਇਹਦੇ ਵਿੱਚ ?" ਨਾਨੀ ਖਿਝ ਕੇ ਆਖਦੀ ਤੇ ਮੈਨੂੰ ਆਪਣੀ ਝੋਲੀ ਵਿੱਚ ਲੁਕਾ ਲਿਆ ਕਰਦੀ। ਮੈਂ ਵੀ ਨਾਨੀ ਨੂੰ ਇੰਜ ਚਿੰਬੜ ਜਾਇਆ ਕਰਦਾ ਜਿਵੇਂ ਰੁੱਖ ਨੂੰ ਗਾਲ੍ਹੜ ਚਿੰਬੜ ਜਾਇਆ ਕਰਦਾ ਏ। ਨਾਨੀ ਦੋਹਤਰੇ ਦਾ ਪਿਆਰ ਵੇਖ ਕੇ ਨਾਨਾ ਖੁਸ਼ ਹੋਕੇ ਆਖਦਾ, "ਰੱਬ ਕਰੇ ਇਹਦੀ ਉਮਰ ਲੰਬੀ ਹੋਵੇ ਤੇ ਮੇਰੀ ਧੀ ਦੀ ਆਂਦਰ ਠੰਡੀ ਰਵੇ ।" "ਆਮੀਨ ਸਮ ਆਮੀਨ" ਨਾਨੀ ਮੇਰਾ ਮੱਥਾ ਚੁੰਮ ਕੇ ਆਖਿਆ ਕਰਦੀ ਸੀ।
ਇੱਕ ਦਿਨ ਮਾਮੇ ਖੈਰ ਆਖਿਆ, “ਓਏ ਕਾਕਾ, ਏਥੇ ਸ਼ਰਾਰਤਾਂ ਕਰਦਾ ਰਹਿਨਾਂ ਏ, ਕੱਲ੍ਹ ਤੋਂ ਮੇਰੇ ਨਾਲ ਸਕੂਲੇ ਜਾਇਆ ਕਰ । ਦੋਵੇਂ ਮਾਮਾ ਭਣੇਵਾਂ ਗੱਲਾਂ ਕਰਦੇ ਆਇਆ ਜਾਇਆ ਕਰਾਂਗੇ। ਨਾਲੇ, ਤੇਰੇ ਵਰਗੇ ਹੋਰ ਸ਼ਰਾਰਤੀ ਬਾਲ ਵੀ ਹੈਣ ਉੱਥੇ।" ਨਵੀਂਆਂ ਥਾਵਾਂ ਦੇਖਣ ਦਾ ਸ਼ੌਕੀਨ ਮੈਂ ਵੀ ਝੱਟ ਤਿਆਰ ਹੋ ਗਿਆ। ਦੂਜੇ ਦਿਨ ਮਾਮੇ ਨਾਲ ਸਕੂਲ ਟੁਰ ਪਿਆ।
ਅਸਾਂ ਦੇ ਰਾਹ ਵਿੱਚ ਇੱਕ ਰਾਜਬਾਹ ਆਉਂਦਾ ਸੀ । ਰਾਜਬਾਹ ਪਾਣੀ ਨਾਲ ਭਰ ਕੇ ਵਗ ਰਿਹਾ ਸੀ। ਰਾਜਬਾਹ ਪਾਰ ਕਰਨ ਲਈ ਮਾਮੇ ਨੇ ਮੈਨੂੰ ਮੋਢਿਆਂ 'ਤੇ ਚੁੱਕ ਲਿਆ।
ਮੋਢਿਆਂ ਉੱਤੇ ਬਹਿ ਕੇ ਮੈਂ ਮਾਮੇ ਨੂੰ ਅੱਡੀਆਂ ਮਾਰ ਕੇ ਘੋੜੇ ਵਾਂਗ ਟੋਰਿਆ, ਮਾਮਾ ਮੇਰੀ ਸ਼ਰਾਰਤ 'ਤੇ ਹੱਸਦਾ ਰਿਹਾ ਤੇ ਬੋਲਿਆ, "ਮੈਂ ਤੇ ਸਮਝਦਾ ਸਾਂ ਕਿ ਐਵੇਂ ਈ ਏ, ਪਰ ਤੂੰ ਤੇ ਪਕੋਟ ਏਂ । ਹੁਣ ਸਕੂਲ ਜਾ ਕੇ ਕੋਈ ਸ਼ਰਾਰਤ ਨਾ ਕਰੀਂ ।" ਰਾਜਬਾਹ ਦੇ ਪਾਰ ਜਾ ਕੇ ਮਾਮਾ ਮੈਨੂੰ ਮੋਢਿਆਂ ਤੋਂ ਉਤਾਰਕੇ ਆਖਿਆ, “ਉੱਥੇ ਕੋਈ ਸ਼ਰਾਰਤ ਨਾ ਕਰੀਂ। ਮੇਰੇ ਨਾਲ ਤੇ ਨਾ ਹੀ ਕਿਸੇ ਹੋਰ ਨਾਲ। ਕਿਸੇ ਵੀ ਬਾਲ ਨੂੰ ਤੰਗ ਨਾ ਕਰੀਂ।"
ਮੇਰੀ ਸ਼ਰਤ ਸੀ ਜੇ ਮਾਮਾ ਮੈਨੂੰ ਸਕੂਲ ਤੀਕਰ ਆਪਣੇ ਮੋਢਿਆਂ ਉੱਤੇ ਬਿਠਾਵੇ ਤਾਂ ਕੋਈ ਸ਼ਰਾਰਤ ਨਾ ਕਰਸਾਂ । ਮੇਰੀ ਏਸ ਸ਼ਰਤ 'ਤੇ ਮਾਮੇ ਇੱਕ ਵਾਰੀ ਘੂਰੀ ਕੱਢ ਕੇ ਵੇਖਿਆ ਮੇਰੇ ਵੱਲ, ਪਰ ਮੈਂ ਉੱਥੇ ਈ ਰੁੱਸ ਕੇ ਰਾਜਬਾਹ ਦੀ ਪਟੜੀ ਉੱਤੇ ਬਹਿ ਗਿਆ। ਅਖੀਰ ਮਾਮੇ ਨੂੰ ਮੇਰੀ ਸ਼ਰਤ ਮੰਨ ਲੈਣੀ ਪਈ। ਮੈਨੂੰ ਇੱਥੇ ਛੱਡ ਕੇ ਜਾ ਵੀ ਨਹੀਂ ਸੀ ਸਕਦਾ । ਸਕੂਲ ਭਾਵੇਂ ਬਹੁਤੀ ਦੂਰ ਨਹੀਂ ਸੀ ਪਰ ਸਕੂਲ ਤੀਕਰ ਮਾਮਾ ਘੋੜਾ ਸੀ ਤੇ ਮੈਂ ਸਵਾਰ! ਜਿਵੇਂ ਬੱਕੀ ਦਾ ਮਿਰਜ਼ਾ ਯਾ ਨੀਲੀ ਦਾ ਅਹਿਮਦ ਖਾਂ ਖਰਲ, ਮੇਰੇ ਟੌਹਰ ਈ ਹੋਰ ਸਨ।
ਮਾਮੇ ਸਕੂਲ ਦੇ ਇੱਕ ਕਮਰੇ ਵਿੱਚ ਮੈਨੂੰ ਬਹੁਤ ਸਾਰੇ ਬਾਲਾਂ ਵਿੱਚ ਜਾ ਬਿਠਾਇਆ। ਨਿੱਕੇ ਨਿੱਕੇ ਖੇਡਦੇ ਬਾਲ, ਸਹਿਮੇ ਹੋਏ ਬਾਲ, ਮੇਰੇ ਵੱਲ ਵੇਖ ਕੇ ਹੱਸਦੇ ਬਾਲ, ਮੇਰੇ ਨਾਲ ਬੇਲੀਪੁਣਾ ਪਾਂਵਦੇ ਬਾਲ, ਚੂੰ ਚੂੰ ਕਰਦੇ ਬਾਲ, ਸ਼ਰਾਰਤੀ ਤੇ ਢੀਠ ਬਾਲ।
ਆਪ ਮਾਮਾ ਖੌਰੇ ਕਿੱਧਰ ਚਲਾ ਗਿਆ ਸੀ । ਕੁਰਬਲ ਕੁਰਬਲ ਕਰਦੇ ਬਾਲਾਂ ਸਾਹਮਣੇ ਇੱਕ ਲੰਮੀ ਦਾੜ੍ਹੀ ਵਾਲੇ ਆ ਦਾਬਾ ਲਾਇਆ, “ਖਾਮੋਸ਼, ਨਾ-ਮਾਕੂਲੋ ਖ਼ਾਮੋਸ਼ ।"
ਸਾਰੇ ਬਾਲ ਦੜ ਵੱਟ ਗਏ। "ਕਤਾਰ ਬਣਾ ਕੇ ਬੈਠੋ!" ਦਾੜ੍ਹੀ ਵਾਲੇ ਸੋਟੀ ਘੁਮਾ ਕੇ ਆਖਿਆ। ਤਾਂ ਬਾਲ ਕਤਾਰ ਬਣਾਵਣ ਲੱਗ ਪਏ। ਕਤਾਰ ਬਣੇ ਕੋਈ ਨਾ। ਇੱਕ ਦੂਜੇ ਨੂੰ ਧੱਕੇ ਮਾਰਕੇ ਪਰ੍ਹਾਂ ਕਰਨ ਤੇ ਉਹਦੀ ਥਾਂ ਉੱਤੇ ਆਪ ਬੈਠਣ ।
ਦਾੜ੍ਹੀ ਵਾਲੇ ਨੂੰ ਪਤਾ ਨਹੀਂ ਕੀ ਯਾਦ ਆਇਆ, ਉਹ ਕਮਰਿਉਂ ਬਾਹਰ ਗਿਆ ਤੇ ਮੈਂ ਵੀ ਖਿਸਕ ਟੁਰਿਆ। ਸਕੂਲੋਂ ਦੁੜਕ ਲਾਈ ਤੇ ਨਾਨੀ ਕੋਲ ਆ ਸਾਹ ਲਿਆ ਸੀ।
ਨਾਨੀ ਨੂੰ ਆ ਦੱਸਿਆ, "ਸਕੂਲ ਤੇ ਬੜਾ ਗੰਦਾ ਏ। ਉੱਥੇ ਇੱਕ ਦਾੜ੍ਹੀ ਵਾਲਾ ਜਿੰਨ ਏ। ਉਹਦੇ ਹੱਥ ਵਿੱਚ ਸੋਟਾ ਹੁੰਦਾ ਏ। ਉਹਦੀਆਂ ਅੱਖਾਂ ਵਿੱਚ ਗੁੱਸਾ ਭਰਿਆ ਹੁੰਦਾ ਏ। ਮੈਂ ਉੱਥੇ ਨਹੀਂ ਜਾਣਾ। ਇੱਥੇ ਆਪਣੇ ਘਰ ਵਿੱਚ ਸਕੂਲ ਹੋਵੇ ਤਾਂ ਮੈਂ ਜਾਸਾਂ । ਮੇਰੀ ਘਰ ਵਿੱਚ ਸਕੂਲ ਵਾਲੀ ਰੀਝ ਉੱਤੇ ਨਾਨੀ ਹੱਸ ਕੇ ਆਖਿਆ, "ਅੱਛਾ, ਤੇਰੇ ਨਾਨੇ ਨੂੰ ਆਖਾਂਗੀ ਕਿ ਸਕੂਲ ਇੱਥੇ ਈ ਚੁੱਕ ਲਿਆਵੇ ।"
"ਠੀਕ ਏ ਨਾਨੀ, ਮੈਂ ਇੱਥੇ ਈ ਪੜ੍ਹਸਾਂ।"
ਪੇਸ਼ੀ ਵੇਲ਼ੇ ਮਾਮਾ ਚਿੰਤਾ ਕਰਦਾ ਪਰਤਿਆ ਸੀ। ਉਹਦੇ ਖਿਆਲ ਵਿੱਚ ਮੈਂ ਕਿਧਰੇ ਗੁਆਚ ਹੀ ਨਾ ਗਿਆ ਹੋਵਾਂ ਯਾ ਰਾਜਬਾਹ ਵਿੱਚ ਡੁੱਬ ਕੇ ਮਰ ਨਾ ਗਿਆ ਹੋਵਾਂ। ਪਰ ਮੈਨੂੰ ਵੇਖਕੇ ਉਹਦੀ ਚਿੰਤਾ ਮੁੱਕੀ। ਉਸ ਪੁੱਛਿਆ, “ਓਏ ਕਾਕਾ ਤੂੰ ਰਾਜਬਾਹ ਕਿੰਜ ਲੰਘਿਆ ਏਂ?"
"ਜਾਦੂ ਨਾਲ ਮਾਮਾ, ਉੱਡ ਕੇ" ਮੇਰਾ ਜਵਾਬ ਸੁਣਕੇ ਮਾਮੇ ਮੈਨੂੰ ਝੂਠੀ-ਮੂਠੀ ਮਾਰਨ ਲਈ ਹੱਥ ਚੁੱਕਿਆ ਤੇ ਆਖਿਆ, "ਉਦੋਂ ਤੇਰਾ ਜਾਦੂ ਕਿੱਥੇ ਸੀ ਜਦੋਂ ਮੈਨੂੰ ਘੋੜਾ ਬਣਾਇਆ ਸੀ ਊ ।" ਮਾਮੇ ਦੇ ਝੂਠੇ ਗੁੱਸੇ ਤੋਂ ਝੂਠੀ ਬਚਣ ਲਈ ਮੈਂ ਡਰ ਕੇ ਨਾਨੀ ਦੀ ਝੋਲੀ ਵਿੱਚ ਜਾ ਲੁਕਿਆ।
ਨਾਨੀ ਆਖਿਆ, "ਇਹ ਪਾਣੀ ਤੋਂ ਨਹੀਂ ਡਰਦਾ । ਇਹਨਾਂ ਦੇ ਲਾਗੇ ਡੇਕ ਨਾਲਾ ਏ। ਉਹਦੇ ਵਿੱਚ ਡੁਬਦੇ ਤਰਦੇ ਰਹਿੰਦੇ ਨੇ ਬਾਲ। ਇਹ ਤੇ ਪਾਣੀ ਦਾ ਪੋਂਗਾ ਏ। ਮਾਮੇ ਆਖਿਆ, “ਅੱਛਾ ਕੱਲ੍ਹ ਮੈਂ ਇਹਨੂੰ ਵੇਖਾਂਗਾ ਕਿੰਝ ਲੰਘਦਾ ਏ ਤਰਕੇ ਰਾਜਬਾਹ ਦੇ ਵਿੱਚੋਂ।" "ਕੱਲ ਸਕੂਲ ਈ ਇੱਥੇ ਆ ਜਾਸੀ" ਮੈਂ ਆਖਿਆ, "ਤੂੰ ਵੀ ਇੱਥੇ ਈ ਪੜ੍ਹ ਲਵੀਂ ।" ਮਾਮਾ ਹੱਸ ਕੇ ਚਲਾ ਗਿਆ । ਨਾਨੀ ਉਹਦੇ ਵਾਸਤੇ ਰੋਟੀ ਪਕਾਵਣ ਲੱਗ ਪਈ ਤੇ ਮੈਂ ਫੇਰ ਨਿਸ਼ਾਨੇਬਾਜ਼ੀ ਲਈ ਰੋੜੇ ਚੁੱਕੀ ਫਿਰਦਾ ਸਾਂ।
ਪਰ ਅੱਜ ਗੀਟੀਆਂ ਨਾਲ ਸੜਕ ਉੱਤੇ ਨਿਸ਼ਾਨੇਬਾਜ਼ੀ ਦਾ ਸਵਾਦ ਕਿੱਥੋਂ! ਮੈਂ ਨਿਸ਼ਾਨੇਬਾਜ਼ੀ ਛੱਡ ਕੇ ਡੇਕ ਦੇ ਪੁਲ ਉੱਤੇ ਆਪ ਬੈਠਾ । ਦੂਰ ਦੂਰ ਤੀਕਰ ਖੁੱਲ੍ਹੀ ਜੂਹ ਸੀ । ਪੁਲ ਦੇ ਹੇਠੋਂ ਸਾਫ ਸੁਥਰਾ ਤੇ ਠੰਡਾ ਪਾਣੀ ਵਗ ਰਿਹਾ ਸੀ । ਸੜਕ ਉੱਤੇ ਕੋਈ-ਕੋਈ ਵਿਰਲੀ ਵਾਂਡੀ ਬੱਸ ਲੰਘਦੀ ਸੀ । ਕਿਸੇ ਕਿਸੇ ਉੱਤੇ "ਦੀ ਅੰਮ੍ਰਿਤਸਰ ਪਠਾਨਕੋਟ" ਲਿਖਿਆ ਹੋਇਆ ਸੀ ਤੇ ਕੋਈ ਕਰਾਊਨ ਬੱਸ ਵੀ ਸੀ।
ਕਦੀ ਕਦੀ ਬੁਝੱਕੜ ਟਰੱਕ ਵੀ ਲੰਘਦੇ ਸਨ। ਪੂਰੀ ਜੂਹ ਵਿੱਚ ਕਿਧਰੇ ਕਿਧਰੇ ਮਕਈ, ਬਾਜਰੇ ਤੇ ਜੁਆਰ ਦੀਆਂ ਪੈਲੀਆਂ ਤੋਂ ਅੱਡ ਅਜੇ ਤੱਕ ਕੋਈ ਹੋਰ ਫਸਲ ਨਹੀਂ ਬੀਜੀ
ਹੋਈ । ਖਾਲੀ ਪੈਲੀਆਂ ਨੂੰ ਵੇਖ ਕੇ ਇੰਜ ਲਗਦਾ ਸੀ ਜਿਵੇਂ ਜੂਹ ਬਿਲਕੁਲ ਉਜਾੜ ਹੋਵੇ।
ਨਵਾਂ ਟਿਊਬ ਵੈਲ ਲੱਗਿਆ ਤੇ ਸਹੀ, ਪਰ ਅਜੇ ਖਾਲ ਬਣ ਰਹੇ ਸਨ। ਮੈਂ ਪੁਲ ਉੱਤੇ ਬੈਠਾ ਸੌੜੀ ਸੜਕ ਨੂੰ ਦੂਰ ਤੀਕਰ ਤੱਕੀ ਜਾ ਰਿਹਾ ਸਾਂ । ਕਦੀ ਪਾਣੀ ਵੱਲ ਵੀ ਝਾਤ ਪਾ ਲੈਂਦਾ ਸਾਂ, ਪਰ ਢਿੱਡ ਵਿੱਚ ਭੁੱਖ ਪਾਰੇਂ ਧਰੂ ਤੇ ਖਿੱਚ ਪੈਂਦੀ ਸੀ । ਸੜਕ ਦੇ ਦੂਜੇ ਪਾਸਿਉਂ ਚਾਚਾ ਲੰਡੂ ਆਇਆ। ਉਹਦੇ ਹੱਥ ਵਿੱਚ ਡੋਲ ਸੀ। ਉਹ ਮੇਰੇ ਕੋਲ ਲੰਘਿਆ ਤੇ ਮੈਂ ਪੁੱਛਿਆ, "ਹੈਂ ਚਾਚਾ ਇਹਦੇ ਵਿੱਚ ਕੀ ਏ ?" "ਸ਼ਹਿਦ ਏ", ਚਾਚੇ ਲੰਡੂ ਆਖਿਆ। "ਕਕਿਆਂ ਦੇ ਡੇਰੇ ਤੋਂ ਲੈ ਕੇ ਆਇਆ ਵਾਂ । ਤੂੰ ਇੱਥੇ ਕੀ ਪਿਆ ਕਰਨਾ ਏਂ ਗੋਗੀ?"
"ਕੁੱਝ ਨਹੀਂ ਚਾਚਾ ਐਂਵੇ ਈ ।"
"ਅੱਜ ਫੇਰ ਪਿਉ ਕੋਲੋਂ ਮਾਰ ਤੇ ਨਹੀਂ ਪਈ?" ਚਾਚੇ ਲੰਡੂ ਇੱਕ ਅੱਖ ਮੀਚ ਕੇ ਆਖਿਆ।
"ਨਹੀਂ ਚਾਚਾ", ਮੈਨੂੰ ਚਾਚੇ ਦੇ ਤਨਜ 'ਤੇ ਗੁੱਸਾ ਆਇਆ। ਮੈਂ ਵੀ ਤਨਜ਼ ਲਈ ਆਖਿਆ, “ਰਾਤੀ ਉਹ ਆਈ ਸੀ ਚਾਚਾ।" "ਕਿੱਥੇ ? ਕੌਣ ਆਈ ਸੀ ?" ਚਾਚੇ ਲੰਡੂ ਦੇ ਕੰਨ ਖਲੋ ਗਏ। ਉਹ ਮੈਥੋਂ ਕੁੱਝ ਹੋਰ ਸੁਣਨਾ ਚਾਹੁੰਦਾ ਸੀ । ਮੈਂ ਵੀ ਇੱਕ ਅੱਖ ਮੀਚਕੇ ਆਖਿਆ, "ਉਹ ਈ, ਹੋਰ ਕੌਣ।”
"ਕਿੱਥੇ, ਮੈਂ ਤੇ ਰਾਤੀਂ ਏਥੇ ਈ ਸਾਂ", ਚਾਚੇ ਲੰਡੂ ਹੈਰਾਨੀ ਨਾਲ ਆਖਿਆ।
"ਕਸਮ ਐ ਚਾਚਾ, ਸ਼ਾਮੀਂ ਮੈਂ ਆਪ ਵੇਖਿਆ ਸੀ, ਕਿਧਰੇ ਹਨ੍ਹੇਰੀ ਵਿੱਚ ਉੱਡ ਨਾ ਗਈ ਹੋਵੇ !"
ਮੇਰੀ ਤਨਜ ਨੂੰ ਚਾਚੇ ਲੰਡੂ ਨੇ ਸਮਝ ਵੀ ਲਿਆ ਤੇ ਉਹ ਮੇਰੇ ਵੱਲ ਵਧਿਆ। "ਖਲੋ ਜ਼ਰਾ, ਤੇਰੀ..."
ਮੈਂ ਭੱਜ ਕੇ ਪਰ੍ਹਾਂ ਹੋ ਗਿਆ ਤੇ ਹੱਸਣ ਲੱਗ ਪਿਆ। ਚਾਚਾ ਲੰਡੂ ਗਾਲਾਂ ਕੱਢਦਾ ਹੋਇਆ ਚਲਾ ਗਿਆ।
ਮੈਂ ਪੁਲ ਤੋਂ ਉੱਤਰ ਕੇ ਥੱਲੇ ਡੇਕ ਦੇ ਪਾਣੀ ਕੰਢੇ ਜਾ ਖਲੋਤਾ। ਸਾਫ ਸੁਥਰੇ ਠੰਡੇ ਪਾਣੀ ਵਿੱਚ ਪੈਰ ਡੁਬ ਕੇ ਬਹਿ ਗਿਆ ਤੇ ਫੇਰ ਕੱਪੜੇ ਲਾਹ ਕੇ ਪਾਣੀ ਵਿੱਚ ਵੜ ਗਿਆ। ਪੁੱਠੀਆਂ ਸਿੱਧੀਆਂ ਤਾਰੀਆਂ ਲਾਈਆਂ। ਪਿੰਡੇ ਨੂੰ ਮਲ ਮਲ ਕੇ ਰੀਝ ਲਾਹੀ। ਜਦ ਨਹਾਵਣ ਤੋਂ ਜੀਅ ਭਰ ਗਿਆ ਤਾਂ ਫੇਰ ਨੁੱਚੜਦੇ ਵਾਲਾਂ ਨੂੰ ਹੱਥ ਨਾਲ ਛੰਡਿਆ ਤੇ ਪੁਲ ਉੱਤੇ ਆ ਬੈਠਾ।
ਨਹਾਵਣ ਨਾਲ ਭੁੱਖ ਚਮਕ ਗਈ ਸੀ। ਪੁਲ ਦੇ ਨਾਲ ਹੀ ਇੱਕ ਰਾਹ ਉੱਤਰਦਾ ਸੀ । ਏਥੋਂ ਈ ਲੋਕ ਚੜ੍ਹਦੇ ਤੇ ਉੱਤਰਦੇ ਸਨ । ਗੱਡਾ ਤੇ ਮਾਲ ਡੰਗਰ ਵੀ ਇੱਥੋਂ ਈ ਸੜਕ ਦੇ ਉੱਤੇ ਚੜ੍ਹਦਾ ਤੇ ਉੱਤਰਦਾ ਸੀ।
ਉਤਰਾਈ ਤੋਂ ਦਸਾਂ ਪੰਦਰਾਂ ਕਦਮਾਂ ਦੀ ਵਿੱਥ ਉੱਤੇ ਖਾਲੀ ਖੋਲੇ ਸਨ, ਜਿੱਥੇ ਕਦੀ ਸ਼ਾਹੂ ਤੇ ਉਸਦੇ ਪੁੱਤਰ ਵਸਦੇ ਸਨ। ਇੱਕ ਵਾਰ ਸ਼ਾਹੂ ਦੇ ਪੁੱਤਰ ਗੱਡ ਲੈ ਕੇ ਸ਼ਹਿਰੋਂ ਪਰਤੇ ਉਹਨਾਂ ਇੱਥੋਂ ਗੱਡ ਉਤਾਰੀ। ਉਤਰਾਈ ਦੇ ਥੱਲੇ ਕੁੱਝ ਹੋਰ ਗਾਡੀ ਗੱਡਾਂ ਲੈ ਕੇ ਰਾਤ ਵਜੋਂ ਆ
ਖਲੋਤੇ ਹੋਏ ਸਨ। ਸ਼ਾਹੂ ਦੇ ਪੁੱਤਰਾਂ ਦੀ ਗੱਡ ਉਤਰਾਈ ਤੋਂ ਉੱਤਰੀ ਤਾਂ ਇੱਕ ਸੁੱਤੇ ਹੋਏ ਗਾਡੀ ਉੱਤੇ ਚੜ੍ਹ ਗਈ। ਸੁੱਤਾ ਹੋਇਆ ਗਾਡੀ ਉੱਥੇ ਈ ਮਰ ਗਿਆ। ਸਵੇਰੇ ਪੁਲਸ ਆਈ। ਸ਼ਾਹੂ ਦੇ ਪੁੱਤਰ ਫੜੇ ਗਏ। ਸ਼ਾਹੂ ਦਾ ਸਾਰਾ ਟੱਬਰ ਰੋ-ਰੋ ਕੇ ਕਮਲਾ ਹੋਇਆ ਫਿਰਦਾ ਸੀ ਗਾਡੀ ਦੀ ਮੌਤ ਭਾਵੇਂ ਭੁਲੇਖੇ ਨਾਲ ਹਾਦਸਾ ਸੀ, ਪਰ ਪੁਲਸ ਨੂੰ ਤੇ ਪੈਸੇ ਚਾਹੀਦੇ ਸਨ । ਪੈਸੇ ਸ਼ਾਹੂ ਦੇ ਕੋਲ ਨਹੀਂ ਸਨ।
ਸ਼ਾਹੂ ਦੀ ਇੱਕ ਧੀ ਜਵਾਨ ਸੀ । ਬਰਾਦਰੀ ਦੇ ਇੱਕ ਬੁੱਢੇ ਬੰਦੇ ਨੇ ਆਪਣਾ ਸਾਰਾ ਮਾਲ ਡੰਗਰ ਵੇਚ ਕੇ ਸ਼ਾਹੂ ਦੀ ਮਦਦ ਕੀਤੀ ਤੇ ਬਦਲੇ ਵਿੱਚ ਉਹਦੀ ਧੀ ਨੂੰ ਆਪਣੀ ਵਹੁਟੀ ਬਣਾ ਲਿਆ। ਸ਼ਾਹੂ ਦੇ ਪੁੱਤਰ ਬਰੀ ਹੋ ਗਏ। ਕੁੱਝ ਦਿਨ ਤੇ ਚੁੱਪ ਰਹੇ, ਫੇਰ ਜਿੱਥੇ ਬੈਠਦੇ ਤੇ ਆਖਦੇ, "ਬੰਦਾ ਮਾਰਨਾ ਕਿਹੜਾ ਔਖਾ ਕੰਮ ਏ, ਬੱਸ ਬੰਦੇ ਕੋਲ ਹਜ਼ਾਰ ਡੇਢ ਹਜ਼ਾਰ ਰੁਪਿਆ ਹੋਣਾ ਚਾਹੀਦਾ ਏ।"
ਉਹਨਾਂ ਦੀ ਸੇਖੀ ਉੱਤੇ ਸ਼ਰੀਕ ਚੁੱਪ ਕਿੱਥੇ ਰਹਿੰਦੇ। ਸ਼ਰੀਕਾ ਆਖਦਾ, "ਪੈਸੇ ਨਹੀਂ ਘਰ ਵਿੱਚ ਇੱਕ ਧੀ ਭੈਣ ਜਵਾਨ ਹੋਣੀ ਚਾਹੀਦੀ ਏ।"
ਸ਼ਰੀਕਾਂ ਦੇ ਏਸ ਵਾਰ ਨਾਲ ਸ਼ਾਹੂ ਦੇ ਪੁੱਤਰਾਂ ਨੂੰ ਬੜੀ ਸ਼ਰਮਿੰਦਗੀ ਹੋਈ ਤੇ ਉਹਨਾਂ ਉੱਥੋਂ ਡੇਰਾ ਚੁੱਕਿਆ ਤੇ ਕਿਧਰੇ ਹੋਰ ਚਲੇ ਗਏ।
ਕਈਆਂ ਸਾਲਾਂ ਤੋਂ ਖੋਲੇ ਅਜੇ ਖਾਲੀ ਪਏ ਹੋਏ ਸਨ, ਖੌਰੇ ਕਿਸੇ ਨਵੇਂ ਆਵਣ ਵਾਲੇ ਦੀ ਉਡੀਕ ਵਿੱਚ ਸਨ।
ਦਿਨ ਵਾਹਵਾ ਚੜ੍ਹ ਆਇਆ ਸੀ । ਭੁੱਖ ਨਾਲ ਮੈਨੂੰ ਕੁੜੱਲ ਪੈਣ ਲੱਗ ਪਏ ਸਨ। ਪੁਲ ਦੀ ਲਹਾਈ ਵਾਲੇ ਪਾਸੇ ਕਾਠੇ ਬੇਰਾਂ ਦੀ ਬੇਰੀ ਸੀ। ਬੇਰਾਂ ਦਾ ਭਾਵੇਂ ਸਮਾਂ ਮੁੱਕ ਗਿਆ ਹੋਇਆ ਸੀ, ਪਰ ਅਜੇ ਵੀ ਵਿਰਲੇ ਵਾਂਡੇ ਬੇਰ ਲੱਗੇ ਹੋਏ ਸਨ ਜਿਹੜੇ ਲੋਕਾਂ ਦੀ ਅੱਖ ਤੋਂ ਬਚੇ ਹੋਏ ਸਨ।
ਬੜਾ ਗਹੁ ਕੀਤਿਆਂ ਈ ਕੋਈ ਬੇਰ ਨਜ਼ਰੀਂ ਪੈਂਦਾ ਸੀ, ਉਹ ਵੀ ਲਾਲ ਸੁਰਖ ਪੱਕਾ ਹੋਇਆ। ਕਿਸੇ ਕਿਸੇ ਵਿੱਚ ਤੇ ਕੀੜਾ ਵੀ ਪੈ ਗਿਆ ਹੋਇਆ ਸੀ।
ਭੁੱਖ ਮਿਟਾਵਣ ਲਈ ਮੈਂ ਬੇਰੀ ਨੂੰ ਵੱਟੇ ਮਾਰ ਮਾਰ ਬੇਰ ਡੇਗਣ ਵਿੱਚ ਰੁੱਝ ਗਿਆ। ਬੱਸ ਇੱਥੇ ਈ ਨਿਸ਼ਾਨੇਬਾਜੀ ਕੰਮ ਆਈ। ਭੁੱਖ ਨਾਲ ਹਰ ਬੇਰ ਦਾ ਆਪਣਾ-ਆਪਣਾ ਸਵਾਦ ਸੀ। ਰਸੀਲੇ ਤੇ ਮਿੱਠੇ ਬੇਰ ਮੇਰੀ ਭੁੱਖ ਮਿਟਾ ਰਹੇ ਸਨ। ਲਹੌਰ ਵੱਲੋਂ ਦੋ ਗੱਡਾਂ ਇੱਕ ਇੱਕ ਢੱਗੇ ਵਾਲੀਆਂ ਲਹਾਈ ਕੋਲ ਆ ਖਲੋਤੀਆਂ।
ਗੱਡਾਂ 'ਤੇ ਭਾਂਜੜ ਲੱਦੀ ਹੋਈ ਸੀ। ਭਾਂਜੜ ਨਾਲ ਗੱਡਾਂ ਉੱਤੇ ਕੁੱਝ ਬਾਲ ਤੇ ਕੁੱਝ ਸਵਾਣੀਆਂ ਵੀ ਬੈਠੀਆਂ ਵੀ ਹੋਈਆਂ ਸਨ । ਇਹ ਲੋਕ ਸਾਡੀ ਜੂਹ ਦੇ ਨਹੀਂ ਸਨ ਜਾਪਦੇ, ਸਗੋਂ ਪੇਂਡੂ ਵਸੇਬ ਦੇ ਹੀ ਨਹੀਂ ਸਨ ਲਗਦੇ। ਗਾਡੀਆਂ ਗੱਡਾਂ ਲਹਾਈ ਤੋਂ ਉਤਾਰ ਕੇ ਸ਼ਾਹੂ ਦੇ ਖੋਲਿਆਂ ਵਿੱਚ ਜਾ ਡੱਕੀਆਂ। ਇਹਨਾਂ ਨਵੇਂ ਲੋਕਾਂ ਵਿੱਚ ਤਿੰਨ ਮਰਦ ਤੇ ਇੱਕ ਵਡੇਰੀ ਉਮਰ ਦਾ ਬੰਦਾ ਸੀ। ਇੱਕ ਵਡੇਰੀ ਸਵਾਣੀ ਤੇ ਇੱਕ ਜਵਾਨ ਬਾਲ ਬੱਚੇ ਵਾਲੀ, ਦੇ ਨਿੱਕੇ ਨਿੱਕੇ ਬਾਲ ਤੇ ਦੋ ਕੁੜੀਆਂ ਸਨ।
ਗੱਡਾਂ ਉੱਤੇ ਥੋੜ੍ਹੀ ਥੋੜ੍ਹੀ ਭਾਂਜੜ ਸੀ। ਥੋੜ੍ਹੇ ਈ ਜੀਅ ਸਨ । ਪਿਆਰੇ ਪਿਆਰੇ ਮਲੂਕੜੇ ਜਿਹੇ। ਮੇਰੀ ਨਜ਼ਰ ਘੁੰਮ ਘੁਮਾ ਕੇ ਦੋਵਾਂ ਮੁਟਿਆਰਾਂ ਉੱਤੇ ਜਾ ਟਿਕਦੀ। ਇੱਕ ਮੂੰਹ ਮੱਥੇ ਦੀ ਵਾਹਵਾ ਤੇ ਕੁੱਝ-ਕੁੱਝ ਗੁਸੈਲੀ ਜਾਪਦੀ ਸੀ । ਘੱਟ ਬੋਲਣ ਵਾਲੀ ਤੇ ਖਿਝ ਕੇ ਜਵਾਬ ਦੇਣ ਵਾਲੀ ਮਲੂਮ ਹੁੰਦੀ ਸੀ । ਪਰ ਦੂਜੀ ਬਿਲਕੁਲ ਉਲਟ। ਹਸਮੁਖ, ਸੋਹਣਾ ਤੇ ਮਨਖਿੱਚਵਾਂ ਮੂੰਹ-ਮੱਥਾ। ਰੰਗ ਰੂਪ ਵੀ ਚਿੱਟਾ ਗੋਰਾ ਤੇ ਭਰਿਆ ਭਰਿਆ ਗੁਲਾਬੀ ਜੁੱਸਾ।
ਸਵਾਣੀਆਂ ਵਿੱਚੋਂ ਇੱਕ ਮੁਅਜ਼ਜ਼ ਤੇ ਦਾਨੀ ਜਾਪਦੀ ਸੀ ਪਰ ਦੂਜੀ ਬਿਮਾਰ, ਰੋਗਣ ਤੇ ਲੜਾਕੀ ਲਗਦੀ ਸੀ।
ਵਡੇਰੀ ਮਾਈ ਕੋਈ ਦਾਨੀ ਮਾਈ ਮਲੂਮ ਹੁੰਦੀ ਸੀ । ਗੱਭਰੂਆਂ ਵਿੱਚੋਂ ਇੱਕ ਕੰਮ ਦਾ ਕਰੂ ਤੇ ਸਾਊ ਸ਼ਰੀਫ ਮਰਦ ਤੇ ਦੂਜਾ ਸਿੱਧਾ ਸਾਦਾ ਉੱਲੂਬਾਟਾ ਵਰਗਾ ਨਜ਼ਰ ਆਂਵਦਾ ਸੀ।
ਵਡੇਰਾ ਬੰਦਾ ਗੱਲਾਂ ਦਾ ਗਾਲੜੀ ਤੇ ਮਜ੍ਹਬੀ ਮਲੂਮ ਹੋ ਰਿਹਾ ਸੀ। ਨਵੇਂ ਲੋਕ ਭਾਂਜੜ ਲਾਹ ਲਾਹ ਕੇ ਗੱਡਾਂ ਖਾਲੀ ਕਰ ਰਹੇ ਸਨ। ਗਾਡੀ ਵੀ ਕਦੇ ਕਦੇ ਹੱਥ ਪਵਾ ਦਿੰਦੇ ਸਨ।
ਇਹ ਸਾਰੇ ਲੋਕ ਮੈਨੂੰ ਆਪਣੇ ਨਾਲੋਂ ਆਅਲਾ ਤੇ ਵੱਖਰੇ ਵੱਖਰੇ ਜਾਪਦੇ ਸਨ। ਮਰਦਾਂ ਦੇ ਬੋਦੇ ਵੀ ਸੋਹਣੇ ਤੇ ਚੰਗੀ ਤਰ੍ਹਾਂ ਬਣੇ ਹੋਏ ਸਨ। ਚਿਹਰੇ ਮੁਹਰੇ ਤੋਂ ਵੀ ਚੰਗੇ ਭਲ਼ੇ ਜਾਪਦੇ ਸਨ। ਉਹਨਾਂ ਬੰਦਿਆਂ ਨੂੰ ਵੇਖ ਕੇ ਮੈਂ ਆਪਣੇ ਸਿਰ ਦੇ ਵਾਲਾਂ ਉੱਤੇ ਹੱਥ ਫੇਰਿਆ। ਮੇਰੇ ਵਾਲ ਸਖਤ ਤੇ ਖੁਰਦਰੇ ਖੁਰਦਰੇ ਸਨ । ਮੈਂ ਛੇਤੀ ਨਾਲ ਵਾਲਾਂ ਉੱਤੋਂ ਹੱਥ ਚੁੱਕ ਲਿਆ।
ਮੈਂ ਦੂਰੋਂ ਵੇਖਣ ਦੀ ਬਜਾਏ ਨੇੜਿਓਂ ਵੇਖਣਾ ਚਾਹੁੰਦਾ ਸਾਂ। ਹੌਲੀ ਹੌਲੀ ਉਹਨਾਂ ਦੇ ਨੇੜੇ ਗੱਡਾਂ ਕੋਲ ਆ ਖਲੋਤਾ। ਮੁਅਜ਼ਜ਼ ਤੇ ਦਾਨੀ ਸਵਾਣੀ ਮੈਨੂੰ ਵੇਖ ਕੇ ਆਖਿਆ, "ਬੈਠ ਜਾ ਵੀਰਾ, ਖਲੋ ਕਾਹਨੂੰ ਰਿਹਾ ਏਂ।" ਉਸ ਸਵਾਣੀ ਹੱਸ ਕੇ ਏਨੇ ਪਿਆਰ ਨਾਲ ਆਖਿਆ ਕਿ ਮੈਨੂੰ ਨਾਨੀ ਯਾਦ ਆ ਗਈ।
ਮੇਰੀ ਨਾਨੀ ਵੀ ਮੈਨੂੰ ਏਨੇ ਪਿਆਰ ਨਾਲ ਬੁਲਾਇਆ ਕਰਦੀ ਸੀ। ਮੈਂ ਗੱਡ ਤੋਂ ਹੁਣੇ ਹੁਣੇ ਉਤਾਰੀਆਂ ਮੰਜੀਆਂ ਵਿੱਚੋਂ ਇੱਕ ਮੰਜੀ ਉੱਤੇ ਬਹਿ ਗਿਆ।
ਨਵੇਂ ਲੋਕਾਂ ਦਾ ਲੀੜਾ ਲੱਤਾ ਸਾਫ ਸੁਥਰਾ ਤੇ ਉਹਨਾਂ ਦੇ ਜੁੱਸੇ ਉੱਤੇ ਫਬ ਰਿਹਾ ਸੀ। ਉਹਨਾਂ ਦੀਆਂ ਕੁੜੀਆਂ ਤੇ ਸਵਾਣੀਆਂ ਦੇ ਵਾਲ ਬੜੇ ਹੀ ਸੋਹਣੇ ਤੇ ਪਿਆਰੇ ਸਨ । ਉਹਨਾਂ ਦੇ ਪਹਿਨਾਵੇ ਅਸਾਡੀਆਂ ਸਵਾਣੀਆਂ ਤੇ ਕੁੜੀਆਂ ਨਾਲੋਂ ਵਧੀਆ ਤੇ ਨਿੱਖਰੇ ਨਿੱਖਰੇ ਸਨ। ਕਿਸੇ ਚੰਗੇ ਦਰਜੀ ਦੇ ਸੀਤੇ ਹੋਏ ਜਾਪਦੇ ਸਨ । ਨਵੇਂ ਲੋਕਾਂ ਦੇ ਜੁੱਸੇ ਸਾਫ਼-ਸਾਫ਼, ਕੂਲ-ਕੂਲੇ, ਨਰਮ ਤੇ ਮੁਲਾਇਮ, ਅੱਖਾਂ ਨੂੰ ਭਲੇ ਲਗਦੇ ਸਨ । ਇਹਨਾਂ ਪਿਆਰੇ ਜੁੱਸਿਆਂ ਨੂੰ ਹੱਥ ਲਾ ਲਾ ਕੇ ਵੇਖਣ ਨੂੰ ਮਨ ਕਰਦਾ ਸੀ।
ਅਸਾਡੀਆਂ ਸਵਾਣੀਆਂ ਦੇ ਪਿੰਡੇ ਤੋਂ ਕਦੇ ਮੈਲ ਈ ਨਹੀਂ ਸੀ ਲਹਿੰਦੀ। ਚੰਗੇ ਭਲੇ ਗੋਰੇ ਚਿੱਟੇ ਜੁੱਸੇ ਵੀ ਮੈਲੇ ਮੈਲੇ ਤੇ ਸਖਤ ਖੁਰਦਰੇ ਹੁੰਦੇ ਨੇ । ਖੁਰਕ ਵੀ ਐਵੇਂ ਈ ਪੈ ਜਾਂਦੀ ਸੀ।
ਨਵੇਂ ਲੋਕਾਂ ਦੀਆਂ ਕੁੜੀਆਂ ਆਪਣੇ ਵਾਲਾਂ ਵਿੱਚ ਅਸਾਡੀਆਂ ਮੁਟਿਆਰਾਂ ਵਾਂਗਰ
ਪਰਾਂਦੇ ਨਹੀਂ ਸੀ ਪਾਏ ਹੋਏ । ਉਹਨਾਂ ਆਪਣੇ ਵਾਲਾਂ ਨੂੰ ਵਾਹ ਕੇ ਇਕੱਠੇ ਕਰਕੇ ਰਬੜ ਨਾਲ ਬੰਨ੍ਹੇ ਹੋਏ ਸਨ। ਉਹਨਾਂ ਦੀ ਕੰਡ ਉੱਤੇ ਵਾਲਾਂ ਦੇ ਗੁੱਛੇ ਗਾਲ੍ਹੜ ਦੀ ਪੂਛਲ ਵਾਂਗ ਖੇਡ ਰਹੇ ਸਨ।
ਉਹਨਾਂ ਦੀਆਂ ਦੂਜੀਆਂ ਸਵਾਣੀਆਂ ਪਰਾਂਦੇ ਪਾਏ ਹੋਏ ਸਨ, ਭਰਵੇਂ ਤੇ ਗੁੰਦੇ ਹੋਏ। ਉਹਨਾਂ ਦੀਆਂ ਅੱਖਾਂ ਵਿੱਚ ਸੁਰਮੇ ਦੀ ਬਜਾਏ ਕੱਜਲ ਫਬ ਰਿਹਾ ਸੀ, ਜੀਹਦੇ ਨਾਲ ਅੱਖਾਂ ਹਰ ਮੋਟੀਆਂ ਮੋਟੀਆਂ ਤੇ ਰੌਸ਼ਨ ਰੋਸ਼ਨ ਸੁਹਣੀਆਂ ਲਗਦੀਆਂ ਸਨ । ਜਦ ਇਹ ਕੁੜੀਆਂ ਧੌਣ ਮੋੜਕੇ ਦੂਜੇ ਨਾਲ ਕੋਈ ਗੱਲ ਕਰਦੀਆਂ ਤਾਂ ਉਹਨਾਂ ਦੇ ਵਾਲਾਂ ਦਾ ਗੁੱਛਾ ਭੁੜਕਦਾ ਹੋਇਆ ਬਹੁਤ ਹੀ ਦਿਲ ਨੂੰ ਖਿੱਚ ਪਾਂਵਦਾ ਸੀ।
ਉਹਨਾਂ ਦੇ ਹਾਸੇ ਨਾਲ ਤਾਂ ਮੇਰੇ ਸੀਨੇ ਜਿਵੇਂ ਰੁੱਗ ਭਰਿਆ ਜਾ ਰਿਹਾ ਸੀ । ਏਨੇ ਸਾਫ, ਨਰਮ ਤੇ ਮੁਲਾਇਮ ਰੇਸ਼ਮ ਵਰਗੇ ਬਰੀਕ ਵਾਲ ਮੈਂ ਪਹਿਲੀ ਵਾਰ ਵੇਖੇ ਸਨ।
ਅਸਾਡੀ ਜੂਹ ਦੀਆਂ ਸਵਾਣੀਆਂ ਦੇ ਵਾਲ ਤੇ ਹਮੇਸ਼ਾ ਸੁੱਕੇ, ਖੁਸ਼ਕ ਤੇ ਜੂੰਆਂ ਖਾਧੇ ਈ ਹੁੰਦੇ ਸਨ। ਲੱਸੀ ਨਾਲ ਵਾਲ ਧੋਂਦੀਆਂ ਸਨ। ਪਿੰਡੇ ਉੱਤੇ ਭਾਵੇਂ ਦਹੀ ਮਲਦੀਆਂ ਸਨ, ਪਰ ਉਨਾਂ 'ਤੇ ਨਿਖਾਰ ਕਦੇ ਨਹੀਂ ਸੀ ਆਉਂਦਾ, ਸਗੋਂ ਮੱਖੀਆਂ ਭਿਣ ਭਿਣ ਕਰਦੀਆਂ ਰਹਿੰਦੀਆਂ ਸਨ। ਉੱਤੋਂ ਸੰਘ ਪਾੜ ਕੇ ਬੋਲਦੀਆਂ ਤਾਂ ਚੰਗੇ ਭਲੇ ਬੰਦੇ ਦਾ ਤਰਾਹ ਨਿੱਕਲ ਜਾਂਦਾ ਸੀ।
ਪਰ ਇਹ ਲੋਕ ਅਸਾਡੇ ਵਾਂਗ ਉੱਚੀ ਤੇ ਰੁੱਖਾ ਨਹੀਂ ਸਨ ਬੋਲਦੇ । ਨਰਮ ਤੇ ਮਿੱਠਾ ਬੋਲਦੇ ਸਨ ਯਾ ਖੌਰੇ ਨਵੇਂ ਥਾਂ ਉੱਤੇ ਆ ਕੇ ਕੁੱਝ ਅਸਰ ਹੋਇਆ ਸੀ ਯਾ ਸ਼ੁਰੂ ਤੋਂ ਹੀ ਇੰਜ ਦੇ ਹੋਵਣ। ਕੁੱਝ ਵੀ ਕਾਰਨ ਹੋਵੇ ਪਰ ਬੋਲਦੇ ਬਹੁਤ ਪਿਆਰਾ ਸਨ। ਉਹਨਾਂ ਦੀਆਂ ਆਪਸ ਦੀਆਂ ਗੱਲਾਂ ਤੋਂ ਮਲੂਮ ਹੋਇਆ, ਹਸਮੁਖ ਕੁੜੀ ਦਾ ਨਾਂ 'ਜ਼ਹਰਾ' ਏ। ਗੁਸੈਲ ਤੇ ਸੜੀਅਲ ਦਾ ਨਾਂ 'ਮਾਝਾ' ਏ। ਜ਼ੋਹਰਾ ਹਰ ਇੱਕ ਨਾਲ ਹੱਸ ਹੱਸ ਗੱਲਾਂ ਕਰਦੀ, ਭਾਜੜ ਢੋਈ ਜਾਂਦੀ ਸੀ। ਪਰ ਮਾਝਾਂ ਕੋਈ ਸ਼ੈ ਚੁੱਕਣ ਤੋਂ ਪਹਿਲਾਂ ਬੁੜ ਬੁੜ ਕਰਦੀ, ਸ਼ੈ ਨੂੰ ਗੁੱਸੇ ਨਾਲ ਚੁੱਕਦੀ ਤੇ ਲੈ ਟੁਰਦੀ ਸੀ।
ਜ਼ੋਹਰਾ ਕਦੇ ਕਦੇ ਨੀਵੀਂ ਅੱਖ ਨਾਲ ਮੇਰੇ ਵੱਲ ਵੇਖ ਲੈਂਦੀ ਤੇ ਮੇਰਾ ਮਨ ਗੁਟਕਣ ਲੱਗ ਪੈਂਦਾ। ਮੈਨੂੰ ਤੇ ਜਾਪਦਾ ਸੀ ਕਿ ਜਿਵੇਂ ਮੈਂ ਸ਼ਾਹੂ ਦੇ ਖੋਲਿਆਂ ਵਿੱਚ ਕੀਲਿਆ ਗਿਆ ਵਾਂ।
ਜਦ ਜ਼ੋਹਰਾ ਮੇਰੇ ਵੱਲ ਤੱਕਦੀ ਤਾਂ ਮੈਂ ਆਪਣੀਆਂ ਨਜ਼ਰਾਂ ਨੀਵੀਆਂ ਕਰ ਲੈਂਦਾ। ਜਦ ਉਹ ਨਜ਼ਰ ਪਾਸੇ ਕਰਦੀ ਤਾਂ ਮੈਂ ਤੱਕੀ ਜਾਂਦਾ। ਨਜ਼ਰਾਂ ਨਾਲ ਨਜ਼ਰਾਂ ਸਾਹਵੀਆਂ ਕਰਨ ਦਾ ਮੇਰੇ ਵਿੱਚ ਹੌਂਸਲਾ ਨਹੀਂ ਸੀ । ਪਹਿਲੀ ਵਾਰ ਕਿਸੇ ਵੀ ਇੱਜ਼ਤ ਤੇ ਇਹਤਰਾਮ ਲਈ ਮੇਰੇ ਮਨ ਵਿੱਚੋਂ ਲਹਿਰਾਂ ਉੱਠ ਰਹੀਆਂ ਸਨ। ਮੈਨੂੰ ਕੋਈ ਆਪਣਾ ਆਪਣਾ ਲੱਗ ਰਿਹਾ ਸੀ।
ਉਸ ਵੇਲੇ ਮੇਰੀ ਉਮਰ ਕੋਈ ਚੌਦਾਂ ਸਾਲ ਦੀ ਸੀ ਤੇ ਜੋਹਰਾ ਦੀ ਵੀ ਕੋਈ ਪੰਦਰਾਂ ਸਾਲ ਜਾਪਦੀ ਸੀ। ਮਾਝਾਂ ਦੀ ਵੀ ਕੋਈ ਏਨੀ ਕੁ ਉਮਰ ਹੋਣੀ ਏ। ਜ਼ੋਹਰਾ ਦੇ ਦੰਦ ਚਿੱਟੇ ਮੋਤੀਆਂ ਵਾਂਗ ਤੇ ਜੁੱਸਾ ਫੁੱਲਾਂ ਵਾਂਗ ਤਾਜ਼ਾ ਤੇ ਮਹਿਕਦਾ ਮਲੂਮ ਹੁੰਦਾ ਸੀ। ਸਗੋਂ ਲੀੜਿਆਂ
ਵਿੱਚੋਂ ਕੋਈ ਅੱਗ ਭਖਦੀ ਲਗਦੀ ਸੀ। ਉਹਦੇ ਹੋਂਠ ਵਾਰਸ਼ ਸ਼ਾਹ ਦੇ ਅਖਾਣ ਮੂਜਬ "ਹੇਠੋਂ ਸੁਰਖ ਯਾਕੂਤ ਜਿਉਂ ਲਾਲ ਚਮਕਣ"। ਉੱਜੜੀ ਉੱਜੜੀ ਤੇ ਵੀਰਾਨ ਜੂਹ ਵਿੱਚ ਮੈਨੂੰ ਬਹਾਰ ਆਈ ਜਾਪਦੀ ਸੀ। ਮੇਰੇ ਢਿੱਡ ਦੀ ਭੁੱਖ ਮਰ ਗਈ ਸੀ, ਪਰ ਅੱਖਾਂ ਤੇ ਮਨ ਦੀ ਭੁੱਖ ਹੋਰ ਵਧਦੀ ਜਾ ਰਹੀ ਸੀ। ਮੇਰੀ ਮਾਂ ਤੇ ਮੇਰੀ ਭੂਆ ਮੇਰੀ ਭਾਲ ਵਿੱਚ ਇੱਧਰ ਆ ਗਈਆਂ। ਜਿਹੜੀ ਸਵਾਣੀ ਮੈਨੂੰ ਮੰਜੀ ਉੱਤੇ ਬੈਠਣ ਲਈ ਆਖਿਆ ਉਸੇ ਈ ਅੱਗੇ ਵਧ ਕੇ ਮੇਰੀ ਮਾਂ ਤੇ ਭੂਆ ਨੂੰ ਜੀ ਆਇਆਂ ਨੂੰ ਆਖ ਕੇ ਦੂਜੀ ਮੰਜੀ ਉੱਤੇ ਬੈਠਣ ਲਈ ਆਖਿਆ।
"ਨਹੀਂ ਭੈਣ ਅਸੀਂ ਤਾਂ ਇਹਨੂੰ ਲੱਭਦੀਆਂ-ਲੱਭਦੀਆਂ ਏਧਰ ਆਈਆਂ", ਮਾਂ ਆਖਿਆ "ਇਹ ਸਵੇਰ ਦਾ ਭੁੱਖਾ ਭਾਣਾ ਰੁੱਸਿਆ ਹੋਇਆ ਏ"।
"ਇਹ ਤੇ ਬੜਾ ਪਿਆਰਾ ਮੁੰਡਾ ਏ" । ਉਸ ਸਵਾਣੀ ਮੇਰੀ ਗੱਲ੍ਹ ਉੱਤੇ ਨਿੱਕੀ ਤੇ ਪੋਲੀ ਜਿਹੀ ਚੂੰਢੀ ਵੱਢ ਕੇ ਆਖਿਆ। "ਮੈਂ ਹੁਣੇ ਪਕਾਨੀ ਆਂ ਰੋਟੀ" ਨਾਲ ਹੀ ਓਸ ਜ਼ੋਹਰਾ ਨੂੰ ਅਵਾਜ਼ ਦਿੱਤੀ, "ਲਿਆ ਨੀ ਜ਼ੋਹਰਾ ਆਟਾ ਗੁੰਨ੍ਹ ਪ੍ਰਾਹੁਣੇ ਲਈ ਦੋ ਰੋਟੀਆਂ ਪਕਾ ਲਿਆ ।"
ਵਾਹ ਮੇਰੀ ਏਨੀ ਚੰਗੀ ਕਿਸਮਤ। ਪਹਿਲੀ ਵਾਰ ਜ਼ੋਹਰਾ ਦੇ ਹੱਥ ਦੀਆਂ ਪੱਕੀਆਂ ਰੋਟੀਆਂ, ਪਰ ਮਾਂ ਨੇ ਸਾਰਾ ਕੁੱਝ ਵਿਗਾੜ ਦਿੱਤਾ। ਆਖਿਆ "ਕੋਈ ਗੱਲ ਨਹੀਂ ਭੈਣ ਤੁਸੀਂ ਹੁਣੇ ਹੁਣੇ ਆਏ ਓਂ, ਭਾਂਜੜ ਸੰਭਾਲ ਲਓ। ਮੈਂ ਇਹਨੂੰ ਖਵਾਨੀ ਆਂ ਰੋਟੀ। ਨਾਲੇ ਇਹਨੂੰ ਮਨਾਵਣਾ ਵੀ ਤੇ ਹੈ...।
ਜਵਾਬ ਵਿੱਚ ਉਸ ਸਵਾਣੀ ਫੇਰ ਆਖਿਆ, "ਬਹਿ ਜਾ ਭੈਣ ਝੱਟ ਅਸਾਡੇ ਕੋਲ ਵੀ। ਇੱਥੇ ਅਸਾਡੇ ਮੱਥੇ ਈ ਇਹ ਪਹਿਲਾ ਲੱਗਾ ਏ। ਖੌਰੇ ਇਹਦੇ ਮਿਲਣ ਨਾਲ ਈ ਅਸਾਡੀ ਕਿਸਮਤ ਚੰਗੀ ਹੋ ਜਾਵੇ" । "ਅੱਲਾਹ ਤੁਹਾਨੂੰ ਭਾਗ ਤੇ ਰੰਗ ਲਾਵੇ ।" ਮਾਂ ਦੁਆਵਾਂ ਦੇਂਦੀ ਹੋਈ ਮੈਨੂੰ ਬਾਹੋਂ ਫੜਕੇ ਉਠਾ ਲਿਆ। ਮੈਂ ਉਹਨਾਂ ਲੋਕਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਦੇਰ ਰਹਿਣਾ ਚਾਹੁੰਦਾ ਸਾਂ, ਪਰ ਉਹਨਾਂ ਦੇ ਸਾਹਮਣੇ ਜ਼ਿੱਦ ਵੀ ਤੇ ਨਹੀਂ ਸਾਂ ਕਰ ਸਕਦਾ। ਪਹਿਲੀ ਵਾਰ ਮੇਰੇ ਅੰਦਰ ਕੁੱਝ ਟੁੱਟ ਭੱਜ ਰਿਹਾ ਸੀ।
ਅਡੋਲ ਉੱਠ ਕੇ ਮਾਂ ਦੇ ਨਾਲ ਟੁਰ ਆਇਆ, ਪਰ ਮੇਰਾ ਦਿਲ ਉੱਥੇ ਸ਼ਾਹੂ ਦੇ ਖੋਲਿਆਂ ਵਿੱਚ ਹੀ ਰਹਿ ਗਿਆ।
ਜ਼ੋਹਰਾ ਦੀ ਇੱਕ ਝਲਕ ਨਾਲ ਈ ਮੈਨੂੰ ਆਪਣਾ ਆਪ ਭੁੱਲਿਆ-ਭੁੱਲਿਆ ਤੇ ਗੁਆਚਾ ਜਾਪਣ ਲੱਗ ਪਿਆ। ਇੰਜ ਲੱਗਦਾ ਸੀ ਜਿਵੇਂ ਮੈਂ ਹਵਾ ਵਿੱਚ ਉੱਡਦਾ ਫਿਰਨਾ ਵਾਂ। ਆਲੇ ਦੁਆਲੇ ਦੀ ਹਰ ਸ਼ੈ ਉੱਤੇ ਪੂਰੀ ਜੂਹ ਵਿੱਚੋਂ ਮੈਨੂੰ ਜ਼ਹਰਾ ਤੋਂ ਅੱਡ ਕੁੱਝ ਹੋਰ ਨਜ਼ਰ ਨਹੀਂ ਸੀ ਆਂਵਦਾ। ਲਗਦਾ ਸੀ ਸਾਰੇ ਇਲਾਕੇ ਵਿੱਚ ਜ਼ੋਹਰਾ ਦਾ ਹੁਸਨ ਖਿੱਲਰ ਗਿਆ ਹੋਇਆ ਏ।
ਇਸ਼ਕ ਦੀ ਨਵੀਓ ਨਵੀਂ ਬਹਾਰ... ਵਾਲੀ ਗੱਲ ਹੋਈ ਜਾਪਦੀ ਸੀ। ਮੇਰੇ ਮਨ ਵਿੱਚ ਕਈ ਸਵਾਲ ਉੱਭਰੇ। "ਮੈਨੂੰ ਕੀ ਹੁੰਦਾ ਜਾ ਰਿਹਾ ਏ ? ਕਿਸੇ ਵੀ ਸ਼ੈਅ ਵਿੱਚ ਮੇਰਾ ਜੀਅ
ਕਿਉਂ ਨਹੀਂ ਲੱਗਦਾ ? ਮੇਰੇ ਖਿਆਲਾਂ ਵਿੱਚ ਤਰਥੱਲੀ ਕਿਉਂ ਪੈ ਗਈ ਏ ? ਮੇਰੇ ਸਾਹਵਾਂ ਵਿੱਚ ਕਾਹਲੀ ਜਿਹੀ ਕਿਉਂ ਆ ਗਈ ਏ ? ਮੈਨੂੰ ਹੋਰ ਕੁੱਝ ਸੁੱਝਦਾ ਕਿਉਂ ਨਹੀਂ ?"
ਜ਼ੋਹਰਾ ਨੂੰ ਫੁੱਲ ਤੇ ਆਪਣੇ ਆਪ ਨੂੰ ਭਵਰਾ ਸਮਝ ਲਿਆ ਸੀ ਮੈਂ। ਉਹਦੀ ਇੱਕ ਝਲਕ ਵੇਖਣ ਲਈ ਅੱਜੀ-ਪੰਜੀ ਸ਼ਾਹੂ ਦੇ ਖੋਲਿਆਂ ਕੋਲੋਂ ਕਈ ਵਾਰ ਲੰਘਿਆਂ; ਉਸੇ ਪੁਲ ਉੱਤੇ ਵੀ ਜਾ ਕੇ ਬੈਠਾ। ਮੁੜ ਮੁੜ ਕੇ ਡੇਕ ਵਿੱਚ ਨਹਾਂਵਦਾ ਪਰ ਜ਼ੋਹਰਾ ਦੇ ਦਰਸ਼ਨ ਨਾ ਹੋਏ। ਪਤਾ ਨਹੀਂ ਕਿੱਥੇ ਗਾਇਬ ਰਹਿੰਦੀ ਸੀ। ਮੇਰੇ ਮਨ ਵਿੱਚ ਸ਼ੁਬਹ ਹੁੰਦਾ। ਅੰਦਰ ਵੜੀ ਰਹਿੰਦੀ ਏ ਕਿ ਪਿੱਛੇ ਚਲੀ ਜਾਂਦੀ ਏ।
ਆਪੇ ਈ ਦਲੀਲ ਕਰ ਲੈਂਦਾ ਹਾਂ ਕਿ ਜੇ ਉਸ ਜਾਣਾ ਹੁੰਦਾ ਤੇ ਆਉਂਦੀ ਹੀ ਕਿਉਂ। ਕਈ ਖਿਆਲ ਤੇ ਕਈ ਗੱਲਾਂ ਉੱਭਰੀਆਂ ਮੇਰੇ ਸ਼ੱਕੀ ਮਨ ਵਿੱਚ... ਕਈ ਕਈ ਦੇਰ ਤੀਕਰ ਪੁਲ ਉੱਤੇ ਬੈਠਾ ਰਹਿੰਦਾ ਸਾਂ... ਪਰ ਹਰ ਵਾਰ ਮਾਯੂਸੀ ਹੋ ਜਾਂਦੀ ਸੀ। ਪਤਾ ਨਹੀਂ ਉਹਦਾ ਮੇਰੇ ਬਾਰੇ ਕੀ ਖਿਆਲ ਸੀ। ਮੈਨੂੰ ਮਿਲਣਾ ਵੀ ਚਾਹਵੇਂ ਕਿ ਨਾ, ਪਰ ਮੈਂ ਤਾਂ ਕਮਲਾ ਹੋਇਆ ਫਿਰਦਾ ਸਾਂ।
"ਫਿਟ ਲਾਹਨਤ ਏ ਮੇਰੇ ਉੱਤੇ" ਮੈਂ ਆਪਣੇ ਆਪ ਨੂੰ ਨਿੰਦਿਆ ।" ਓਏ ਮੂਰਖਾ ਹੋਸ਼ ਕਰ। ਅਖੇ ਜੰਜ ਪਰਾਈ ਤੇ ਅਹਿਮਕ ਨੱਚੇ। ਉਹ ਹੋਰ ਬਰਾਦਰੀ ਤੋਂ, ਮੈਂ ਹੋਰ ਜਾਤ ਬਰਾਦਰੀ ਦਾ। ਮੇਲ ਕਿੰਜ ਹੋ ਸਕਦਾ ਏ। ਏਸੇ ਲਈ ਤੋ ਉਹ ਗਾਇਬ ਰਹਿੰਦੀ ਏ, ਮੇਰੇ ਸਾਹਮਣੇ ਨਹੀਂ ਆਂਵਦੀ। ਦਿਲਾ ਛੱਡ ਦੇ ਖਿਆਲ, ਮੁਹੱਬਤਾਂ ਨਾ ਸਹੇੜ। ਅਸਾਡੇ ਉੱਤੇ ਪਹਿਲਾਂ ਈ ਦੁੱਖਾਂ ਦਾ ਬਹੁਤ ਭਾਰ ਏ। ਮੈਥੋਂ ਮੁਹੱਬਤਾਂ ਦਾ ਵਜ਼ਨ ਸੰਭਾਲਿਆ ਨਹੀਂ ਜਾਣਾ। ਪਰ ਮੇਰਾ ਮਨ ਮੈਥੋਂ ਨਹੀਂ ਸੀ ਮੰਨ ਰਿਹਾ। ਹਰ ਦਲੀਲ ਤੇ ਹਰ ਵਿਚਾਰ ਦੇ ਅੱਗੇ ਨਵੀਂ ਦਲੀਲ ਤੇ ਨਵੀਂ ਮਿਸਾਲ ਕੱਢ ਕੇ ਲਿਆ ਖਿਲਾਰਦਾ ਸੀ । ਸਾਰੇ ਆਸ਼ਕਾਂ ਦੀਆਂ ਮਿਸਾਲਾਂ ਦਿੰਦਾ ਤੇ ਉਹਨਾਂ ਵਾਂਗ ਔਕੜਾਂ ਤੋਂ ਨਾ ਘਾਬਰਨ ਲਈ ਹੱਲਾਸ਼ੇਰੀ ਵੀ ਦਿੰਦਾ।
ਭੁੱਖ ਨਹੀਂ ਪੁੱਛਦੀ ਲਾਵਣਾ ਤੇ ਇਸ਼ਕ ਨਹੀਂ ਪੁੱਛਦਾ ਜਾਤ। ਜੇ ਤੁਸਾਂ ਵੱਖ ਵੱਖ ਬਰਾਦਰੀ ਦੇ ਓ ਤਾਂ ਕੀ ਹੋਇਆ। ਸਾਰੇ ਆਸ਼ਕਾਂ ਦੀ ਜਾਤ ਬਰਾਦਰੀ ਇੱਕ ਈ ਹੁੰਦੀ ਏ। ਪਰ ਨਾਲ ਮੇਰਾ ਦਿਲ ਇਹ ਵੀ ਸੋਚਦਾ ਕਿ ਇਹ ਵੀ ਹੋ ਸਕਦਾ ਏ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇ, ਉਸ ਕਿਸੇ ਨਾਲ ਵਾਅਦਾ ਕੀਤਾ ਹੋਵੇ, ਇੰਜ ਹੋਇਆ ਤਾਂ ਫਿਰ ਮੈਂ ਕਿਹੜੇ ਘੜੇ ਦਾ ਢੱਕਣ ਰਿਹਾ ?
ਫੇਰ ਨਾਲ ਈ ਦੂਜਾ ਖਿਆਲ ਉੱਭਰਦਾ ਏ... ਇਹ ਤੇਰਾ ਸ਼ੱਕ ਏ। ਇਹ ਵੀ ਤੇ ਹੋ ਸਕਦਾ ਹੈ ਉਸ ਕਿਸੇ ਨਾਲ ਵੀ ਵਾਅਦਾ ਨਾ ਕੀਤਾ ਹੋਵੇ, ਕਿਧਰੇ ਵੀ ਨੈਣ ਨਾ ਮਿਲਾਏ ਹੋਵਣ, ਕਿਸੇ ਨੂੰ ਵੀ ਦਿਲ ਨਾ ਦਿੱਤਾ ਹੋਵੇ। ਤੂੰ ਏਂ ਸ਼ੱਕੀ ਮਿਜ਼ਾਜ ਵਾਲਾ ਏਸੇ ਲਈ ਇੰਜ ਸੋਚਨਾਂ ਏ। ਚਲੋ ਮੰਨਿਆਂ ਉਹ ਤੈਨੂੰ ਪਸੰਦ ਨਹੀਂ ਕਰਦੀ, ਤੂੰ ਤਾਂ ਉਹਨੂੰ ਪਸੰਦ ਕੀਤਾ ਏ ਨਾ, ਬਸ ਤੂੰ ਮੁਹੱਬਤ ਕੀਤੀ ਜਾ, ਕੋਈ ਜਵਾਬ ਦੇਵੇ ਨਾ ਦੇਵੇ
'ਲੈ ਇਹ ਕੀ ਹੋਇਆ ਭਲਾਂ’: ਮੈਂ ਸੋਚਿਆ ਮੈਂ ਮੁਹੱਬਤ ਕੀਤੀ ਜਾਵਾਂ, ਕੋਈ ਕਰੋ ਤੇ ਭਾਵੇਂ ਨਾ ਕਰੋ। ਇੰਜ ਤੇ ਕੋਈ ਗੱਲ ਨਾ ਹੋਈ। ਇੱਕ ਮਰਕੇ ਮੁਹੱਬਤ ਦਾ ਮਹੱਲ ਉਸਾਰ
ਦੇਵੇ ਤੇ ਦੂਜਾ ਤੱਕੇ ਵੀ ਨਾ... ਇਹ ਨਹੀਂ ਹੋ ਸਕਦਾ, ਮੈਂ ਇੰਜ ਨਹੀਂ ਕਰ ਸਕਦਾ।
ਪਰ ਮੇਰਾ ਇਸ਼ਕ ਮੇਰੀ ਹਰ ਗੱਲ ਤੇ ਦਲੀਲ ਰੱਦ ਕਰਕੇ ਆਖਿਆ ਕਰਦਾ 'ਮੁਹੱਬਤ ਦੇ ਮਾਮਲੇ ਵਿੱਚ ਹਿਸਾਬ ਨਹੀਂ ਹੁੰਦਾ। ਇਸ਼ਕ ਦੇ ਵਣਜ ਵਿੱਚ ਦਈਦਾ ਏ, ਲਈਦਾ ਕੁੱਝ ਨਹੀਂ। ਇਸ਼ਕ ਦੇ ਬਜ਼ਾਰ ਦਾ ਇਹ ਈ ਅਸੂਲ ਏ।
ਮੈਂ ਤੇ ਮੇਰਾ ਮਨ ਕਈ ਦਿਨਾਂ ਤੀਕਰ ਇੰਝ ਈ ਉਲਝੇ ਰਹੇ ਸਾਂ, ਕੁੱਝ ਸਮਝ ਨਹੀਂ ਸੀ ਆ ਰਹੀ। ਘਰ ਵਿੱਚ ਹੁੰਦਾ ਤਾਂ ਸੋਚ ਸੋਚ ਕੇ ਜਦ ਉਕਤਾ ਜਾਂਦਾ ਸਾਂ, ਕਾਗਜ਼ ਕਲਮ ਫੜਕੇ ਕੁੱਝ ਲਿਖਣ ਬਹਿ ਜਾਂਦਾ। ਕੁੱਝ ਵੀ ਤਾਂ ਨਹੀਂ ਸੀ ਲਿਖਿਆ ਜਾ ਰਿਹਾ। ਬਸ ਲਕੀਰਾਂ ਈ ਲਕੀਰਾਂ ਵਗਦੀਆਂ ਸਨ। ਉਹਨਾਂ ਲਕੀਰਾਂ ਵਿੱਚ ਵੀ ਜ਼ੋਹਰਾ ਦੀ ਤਸਵੀਰ ਈ ਮੁਸਕਰਾਵਣ ਲੱਗ ਪੈਂਦੀ ਸੀ। ਲਕੀਰਾਂ ਈ ਉਹਦੇ ਵਾਲਾਂ ਦਾ ਰੂਪ ਧਾਰ ਲੈਂਦੀਆਂ, ਉਹਦੇ ਨਰਮ ਤੇ ਮੁਲਾਇਮ ਵਾਲਾਂ ਨੂੰ ਰਬੜ੍ਹ ਨਾਲ ਬੰਨ੍ਹ ਕੇ ਉਹਦੀ ਧੌਣ ਉੱਤੇ ਗਾਲੜ ਦੀ ਪੂਛ ਵਾਂਗਰ ਫੁਦਕਣਾ ਤੇ ਜ਼ੁਲਫਾਂ ਨੂੰ ਸੱਪ ਵਾਂਗ ਮੇਲਣਾ ਸਿਖਾ ਦਿੱਤਾ ਸੀ। ਮਨ ਜਿੱਤ ਗਿਆ ਸੀ, ਮੇਰੀ ਸ਼ੱਕੀ ਤਬੀਅਤ ਹਾਰ ਗਈ। ਜ਼ੋਹਰਾ ਦੀ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਰਹਿਣ ਲੱਗ ਪਈ ਸੀ। ਕਈ ਦਿਨ ਇੰਜ ਹੀ ਜ਼ੋਹਰਾ ਦੀ ਤਸਵੀਰ ਬਣਾਂਵਦਿਆਂ ਤੇ ਵੇਖਦਿਆਂ ਲੰਘ ਗਈ। ਇੱਕ ਦਿਨ ਭੂਆ ਮੈਨੂੰ ਤਸਵੀਰ ਬਣਾਂਵਦਿਆਂ ਵੇਖ ਲਿਆ, ਮੇਰੇ ਮਨ ਦੀ ਰੀਝ ਨੂੰ ਜਾਣ ਲਿਆ। ਚੁਗਲਖੋਰ ਭੂਆ ਜਾ ਕੇ ਮੇਰੀ ਮਾਂ ਨੂੰ ਦੱਸਿਆ। ਮਾਂ ਮੇਰੇ ਹੱਥੋਂ ਤਸਵੀਰ ਵਾਲਾ ਕਾਗਜ਼ ਖੋਹ ਲਿਆ, ਤਸਵੀਰ ਪਾੜ ਸੁੱਟੀ ਤੇ ਆਖਿਆ..
"ਵੇ ਗੋਗੀ। ਇਹ ਮੈਂ ਕੀ ਵੇਖ ਤੇ ਸੁਣ ਰਹੀ ਹਾਂ। ਤੂੰ ਇੰਜ ਦਾ ਤੇ ਨਹੀਂ ਸੈਂ।"
"ਕਿੰਜ ਦਾ ਮਾਂ... ਕੀ ਏ ਮੈਨੂੰ, ਕੁੱਝ ਵੀ ਤਾਂ ਨਹੀਂ।" ਅੰਦਰੋਂ ਮੈਂ ਪੱਚੀ ਸਾਂ, ਪਰ ਅਣਜਾਣ ਬਣਕੇ ਪੁੱਛੀ ਜਾ ਰਿਹਾ ਸਾਂ। "ਕੀ ਏ, ਕੀ ਏ ਮੈਨੂੰ..."
"ਤੇਰੇ ਪਿਉ ਨੂੰ ਪਤਾ ਲੱਗਾ ਤਾਂ ਬਹੁਤ ਗੁੱਸੇ ਹੋਸੀ, ਤੈਨੂੰ ਵੀ ਤੇ ਮੈਨੂੰ ਵੀ। ਕੁੱਝ ਖਿਆਲ ਕਰ, ਗੋਗੀ"...
"ਪਿਉ ਨੂੰ ਤੇ ਮੇਰੇ ਉੱਤੇ ਐਵੇਂ ਈ ਵੱਟ ਚੜ੍ਹਿਆ ਰਹਿੰਦਾ ਏ । ਭਲਾਂ ਕੀ ਕੀਤਾ ਏ ਮੈਂ?"
"ਇੱਜਤ ਸਭ ਦੀ ਸਾਂਝੀ ਹੁੰਦੀ ਏ, ਕਾਕਾ। ਰਹਿਤਲ ਦੀ ਸਾਂਝ ਤੋੜੀਂਦੀ ਨਹੀਂ। ਅਸਾਡੇ ਲੋਕਾਂ ਕੋਲ ਸਿਵਾਏ ਸਾਂਝੀ ਇੱਜਤ ਦੇ ਹੁੰਦਾ ਈ ਕੀ ਏ ?"
ਮਾਂ ਹੋਰ ਵੀ ਬਹੁਤ ਮੱਤਾਂ ਦਿੱਤੀਆਂ ਸਨ, ਪਰ ਮੇਰਾ ਇੱਕੋ ਜਵਾਬ ਸੀ।
"ਮੈਂ ਕੀ ਕੀਤਾ ਏ ਮਾਂ ? ਮੈਂ ਕੀ ਕੀਤਾ ਏ ? ਤੁਸਾਂ ਸਾਰੇ ਮੈਨੂੰ ਐਵੇਂ ਈ ਝਾੜਾਂ ਪਾਂਦੇ ਰਹਿੰਦੇ ਓ..." ਮੈਂ ਰੋਣਹਾਕਾ ਹੋ ਗਿਆ । ਫੇਰ ਆਖਿਆ, "ਤੁਸਾਂ ਲੋਕ ਤਾਂ ਮੇਰੇ ਵੈਰ ਪੈ ਗਏ ਓ, ਪਤਾ ਨਹੀਂ ਕਿਉਂ ਮੈਂ ਭੈੜਾ ਲੱਗਣ ਲੱਗ ਪਿਆ ਵਾਂ ।" "ਤੁਸਾਂ ਲੋਕ" ਮਾਂ ਮੇਰੇ ਮੂੰਹ ਦੀ ਗੱਲ ਫੜ ਲਈ। ਮੈਂ ਪਹਿਲੀ ਵਾਰ "ਤੁਸਾਂ ਲੋਕ" ਲਫ਼ਜ਼ ਵਰਤਿਆ ਸੀ ਯਾ ਖ਼ਰੇ ਆਪਣੇ ਆਪ ਮੇਰੇ ਮੂੰਹੋਂ ਨਿੱਕਲ ਗਿਆ ਸੀ। ਇਹ ਲਫਜ਼ ਵਰਤਣ ਵੇਲੇ ਮੈਨੂੰ ਆਪ ਵੀ ਮਲੂਮ ਨਹੀਂ
ਸੀ ਕਿ ਮੈਂ ਕੀ ਕਹਿ ਰਿਹਾ ਸਾਂ । ਯਾਣੀ ਮੇਰੇ ਮਾਪੇ ਲੋਕ ਸਨ ਤੇ ਮੈਂ ਹੋਰ ਸਾਂ। ਇਹ ਓਪਰੇਪਨ ਦੀ ਵਿੱਥ ਵਾਲਾ ਲਫਜ਼ ਪਹਿਲੀ ਵਾਰੀ ਮੇਰੇ ਮੂੰਹੋਂ ਨਿੱਕਲਿਆ ਸੀ। ਮੈਂ ਸ਼ਰਮਿੰਦਾ ਹੈ ਕੇ ਉੱਠ ਕੇ ਬਾਹਰ ਨਿੱਕਲ ਗਿਆ।
ਪਿੰਡ ਦੇ ਬਾਹਰ ਪਹਾੜੀ ਰੁੱਖ ਦੀ ਛਾਵੇਂ ਕੁੱਝ ਲੋਕ ਬੈਠੇ ਹੋਏ ਸਨ । ਕੁੱਝ ਆਪਣੇ ਤੇ ਕੁੱਝ ਪਰਾਏ ਲੋਕ ਸਨ। ਮੈਂ ਵੀ ਝੱਟ ਕੁ ਉੱਥੇ ਬੈਠ ਗਿਆ। ਮੇਰੇ ਅੰਦਰ ਕੁੱਝ ਹੋਰ ਈ ਖੁਟਕਣੀ ਲੱਗੀ ਹੋਈ ਸੀ, ਇੱਕ ਪਲ ਵੀ ਬੈਠਣ ਨਹੀਂ ਸੀ ਹੁੰਦਾ। ਮੈਂ ਉੱਥੋਂ ਉੱਠ ਕੇ ਫੇਰ ਘਰ ਵੱਲ ਆਇਆ। ਸ਼ਾਹੂ ਦੇ ਖੋਲਿਆਂ ਕੋਲੋਂ ਇੱਕ ਵਾਰੀ ਹੋ ਆਇਆ ਸਾਂ । ਉੱਥੇ ਵੀ ਮਨ ਦੀ ਸ਼ੈ ਕੋਈ ਨਜ਼ਰ ਨਹੀਂ ਸੀ ਆਈ। ਦਿਲ ਦੀ ਬੇਚੈਨੀ ਪਾਰੋਂ ਕਦੇ ਘਰ ਤੇ ਕਦੇ ਘਰੋਂ ਬਾਹਰ ਨਿੱਕਲ ਨਿੱਕਲ ਜਾਂਦਾ ਸਾਂ । ਕਿਧਰੇ ਵੀ ਦਿਲ ਠਹਿਰਾ ਨਹੀਂ ਸੀ ਹੁੰਦਾ। ਹੋਰ ਕੋਈ ਅਜਿਹੀ ਥਾਂ ਵੀ ਨਹੀਂ ਸੀ ਜਿੱਥੇ ਜਾ ਕੇ ਮਨ ਪਰਚਾਂਵਦਾ।
ਅਸਾਡੀ ਝੁੱਗੀ ਤੋਂ ਤਿੰਨ ਕੁ ਝੁੱਗੀਆਂ ਛੱਡ ਕੇ ਚਾਚੇ ਲੰਡੂ ਦੀ ਝੁੱਗੀ ਸੀ। ਉੱਥੋਂ ਕਿਸੇ ਦੇ ਰੋਣ ਦੀ ਅਵਾਜ਼ ਆਈ। ਮੈਂ ਜਾ ਕੇ ਵੇਖਿਆ ਚਾਚੇ ਲੰਡੂ ਦੀ ਮਾਂ ਪੱਲਾ ਪਾ ਕੇ ਰੋ ਰਹੀ ਸੀ। ਉਹਦੇ ਰੋਣ ਦਾ ਕੀ ਕਾਰਨ ਏ, ਮੈਂ ਸੋਚ ਰਿਹਾ ਸਾਂ।
ਅਸਾਂ ਸਾਰੇ ਰਾਹਕ ਇੱਕ ਦੂਜੇ ਦੇ ਘਰ ਬਿਨ੍ਹਾਂ ਕਿਸੇ ਰੋਕ ਟੋਕ ਦੇ ਆ ਜਾ ਸਕਦੇ ਸਾਂ । ਰਾਹਕਾਂ ਦੇ ਘਰਾਂ ਦੀ ਕੋਈ ਚਾਰਦੀਵਾਰੀ ਨਹੀਂ ਸੀ ਹੁੰਦੀ । ਆਪਣੇ ਘਰ ਤੋਂ ਈ ਦੂਜੇ ਦੇ ਘਰ ਤੀਕਰ ਨਜ਼ਰ ਪੈਂਦੀ ਸੀ । ਏਹੋ ਜਿਹੇ ਮਹੌਲ ਵਿੱਚ ਕਿਸੇ ਕੋਲੋਂ ਵੀ ਕੋਈ ਪਰਦਾ ਨਹੀਂ ਸੀ ਰਹਿੰਦਾ। ਏਸੇ ਲਈ ਹਰ ਘਰ ਵਿੱਚ ਹੋਵਣ ਵਾਲੀ ਲੜਾਈ ਯਾ ਖੁਸ਼ੀ ਕਿਸੇ ਕੋਲੋਂ ਵੀ ਲੁਕੀ ਨਹੀਂ ਸੀ ਰਹਿੰਦੀ।
ਪਿੰਡ ਦੀਆਂ ਕੁੱਝ ਹੋਰ ਸਵਾਣੀਆਂ ਵੀ ਚਾਚੇ ਲੰਡੂ ਦੀ ਮਾਂ ਕੋਲ ਬੈਠੀਆਂ ਹੋਈਆਂ ਸਨ। ਉਹ ਸਾਰੀਆਂ ਈ ਰੋਣਹਾਕਾ ਜਾਪਦੀਆਂ ਸਨ । ਕੋਈ ਕੋਈ ਸਵਾਣੀ ਚਾਚੇ ਲੰਡੂ ਦੀ ਮਾਂ ਨੂੰ ਤਸੱਲੀ ਦੇ ਕੇ ਆਖਦੀ, 'ਚਾਚੀ, ਚੱਲ ਚੁੱਪ ਵੀ ਕਰ। ਹੁਣ ਖ਼ਰੇ ਰੱਬ ਇਹਦੇ ਵਿੱਚ ਈ ਰਾਜ਼ੀ ਹੋਵੇ ।" ਚਾਚੇ ਲੰਡੂ ਦੀ ਮਾਂ ਵੈਣ ਕਰਦਿਆਂ ਆਖਦੀ: 'ਜਾਓ ਨੀ, ਸਮਝਾਓ ਕੋਈ ਮੇਰੇ ਲੰਡੂ ਨੂੰ, ਹਾਏ ਨੀ ਮੇਰੀ ਮਸੂਮ ਬੱਚੀ!" ਚਾਚੇ ਲੰਡੂ ਦੀ ਮਾਂ ਨੂੰ ਰੋਂਦਿਆਂ ਰੋਂਦਿਆਂ ਗਸ਼ ਪੈਣ ਲੱਗ ਪਏ ਸਨ। ਕੋਲ ਬੈਠੀਆਂ ਸਵਾਣੀਆਂ ਉਹਦੇ ਮੂੰਹ ਵਿੱਚ ਪਾਣੀ ਪਾ ਪਾ ਹੋਸ਼ ਕਰਾਂਵਦੀਆਂ ਸਨ।
ਹੋਸ਼ ਆਵਣ ਮਗਰੋਂ ਚਾਚੇ ਲੰਡੂ ਦੀ ਮਾਂ ਫੇਰ ਰੋਣ ਲਗਦੀ ਤੇ ਆਖਦੀ, "ਆਖੋ ਨੀ ਮੇਰੇ ਲੰਡੂ ਨੂੰ, ਏਸ ਪੀਰਨੀ ਦਾ ਖਿਆਲ ਛੱਡ ਦੇਵੇ। ਹਾਏ ਨੀ ਵੇਖੋ ਜੁਲਮ ਖੁਦਾ ਦਾ। ਬਾਲ ਬੱਚੇ ਵਾਲੀ ਤੇ ਰੀਝ ਬੈਠਾ ਏ... ਵੇਖੋ ਨੀ ਹਨ੍ਹੇਰ ਸਾਈਂ ਦਾ। ਉਹ ਫੇਟ ਤਲਾਕ ਲੈ ਕੇ ਮੇਰੇ ਪੁੱਤਰ ਦੇ ਪਿੱਛੇ ਫਿਰਦੀ ਏ... ਦੋ ਬਾਲ ਵੀ ਹੈਣ ਉਸ ਚਸਕੋਰੀ ਵਾਹਲ ਦੇ ।"
"ਰੋਕੋ ਵੀ ਕੋਈ... ਆਖੋ ਨੀ ਮੇਰੇ ਲੰਡੂ ਦਾ ਪਿੱਛਾ ਛੱਡ ਦੇਵੇ । ਉਹ ਡਾਇਣ ਕੋਈ ਹਰ ਘਰ ਵੇਖ ਲਵੇ ।"
"ਹਾਏ ਨੀ ਮੈਂ ਕੀ ਕਰਾਂ। ਉਸ ਜਾਦੂਗਰਨੀ ਮੇਰੇ ਲੰਡੂ ਉੱਤੇ ਖੌਰੇ ਕਿਹੜਾ ਜਾਦੂ
ਕਰ ਦਿੱਤਾ ਏ। ਲੰਡੂ ਦਿਨ ਰਾਤ ਉਹਦਾ ਨਾ ਈ ਜਪਦਾ ਏ। ਵੱਟੇ ਵਿੱਚ ਆਪਣੀ ਮਸੂਮ ਭੈਣ ਦਾ ਵਿਆਹ ਉਹਦੇ ਭਰਾ ਨਾਲ ਮੰਨ ਆਇਆ ਏ। ਹਾਏ ਨੀ ਮੈਂ ਕੀਹਨੂੰ ਆਖਾਂ... ਵੇਖੋ ਬਾਹਰ ਪਰਿਆ ਵੀ ਆ ਬੈਠੀ ਜੇ । ਚਾਚੇ ਲੰਡੂ ਦੀ ਮਾਂ ਸੀਨਾ ਕੁੱਟਦੀ ਹੋਈ ਇੱਕ ਵਾਰ ਫਿਰ ਬੇਹੋਸ਼ ਹੋ ਕੇ ਡਿੱਗ ਪਈ। ਸਵਾਣੀਆਂ ਫੇਰ ਸੰਭਾਲਿਆ।
ਚਾਚਾ ਲੰਡੂ ਮੇਰੇ ਨਾਲੋਂ ਕੋਈ ਪੰਜ ਕੁ ਸਾਲ ਵੱਡਾ ਹੋਣਾ ਏ। ਮੇਰੇ ਪਿਉ ਦਾ ਦੂਰੋਂ ਰਿਸ਼ਤੇ ਵਿੱਚ ਮਾਮੇ ਦਾ ਪੁੱਤਰ ਭਰਾ ਸੀ। ਆਖਦੇ ਨੇ ਲੰਡੂ ਸ਼ੁਰੂ ਤੋਂ ਈ ਸ਼ੌਕੀਨ ਤਬੀਅਤ ਤੇ ਅਵਾਰਗੀ ਪਸੰਦ ਸੀ। ਚਾਚੇ ਲੰਡੂ ਕਦੀ ਟਾਂਗਾ ਚਲਾਇਆ, ਕਦੀ ਟਰੱਕ ਉੱਤੇ ਕੰਡਕਟਰੀ ਕੀਤੀ, ਕਦੇ ਕਿਸੇ ਆਟੇ ਵਾਲੀ ਚੱਕੀ 'ਤੇ ਕੰਮ ਕੀਤਾ ਤੇ ਕਦੇ ਕੁੱਝ ਹੋਰ ਕੰਮ ਕੀਤਾ।
ਚਾਚਾ ਲੰਡੂ ਮੇਰੇ ਨਾਲ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲਿਆ ਕਰਦਾ ਸੀ। ਉਹ ਮੈਨੂੰ ਆਪਣਾ ਹਮਦਰਦ ਤੇ ਬੇਲੀ ਸਮਝਦਾ ਸੀ। ਮੈਂ ਵੀ ਉਹਨੂੰ ਚੰਗਾ ਬੰਦਾ ਸਮਝਦਾ ਸਾਂ । ਉਹਦੀਆਂ ਗੱਲਾਂ ਮੈਨੂੰ ਪਿਆਰੀਆਂ ਲਗਦੀਆਂ ਸਨ।
ਉਹਨਾਂ ਦਿਨਾਂ ਵਿੱਚ ਚਾਚਾ ਲੰਡੂ ਜਿਮੀਂਦਾਰ ਦੇ ਟਿਊਬ ਵੈੱਲ ਲਾਗੇ ਆਟੇ ਦੀ ਚੱਕੀ 'ਤੇ ਮਿਸਤਰੀ ਸ਼ਫੀ ਮੁਹੰਮਦ ਨਾਲ ਰਲ ਕੇ ਕੰਮ ਕਰਦਾ ਸੀ। ਤਨਖਾਹ ਦਿਹਾੜੀ ਕਿਸੇ ਦੇ ਦਿੱਤੀ, ਲੈ ਲਈ, ਨਹੀਂ ਤਾਂ ਨਾ ਸਹੀ। ਹਰ ਕੰਮ ਸ਼ੌਕ ਨਾਲ ਕੀਤਾ ਤੇ ਹਰ ਇੱਕ ਨੂੰ ਆਪਣਾ ਈ ਸਮਝਿਆ ਕਰਦਾ ਸੀ । ਹਰ ਵੇਲੇ ਖਿਦਮਤ ਤੇ ਜਜ਼ਬੇ ਕਿਸੇ ਦੇ ਕੰਮ ਆਵਣਾ ਉਹਦੀ ਆਦਤ ਬਣ ਗਈ ਹੋਈ ਸੀ। ਕਿਸੇ ਦਾ ਦਿਲ ਤੋੜਨਾ ਤੇ ਉਹਨੂੰ ਆਂਵਦਾ ਹੀ ਨਹੀਂ ਸੀ।
ਪਿੰਡ ਦੀ ਇੱਕ ਕੁੜੀ "ਹੋਸ਼ਾਂ" ਨਾਲ ਉਹਦੀ ਦੋਸਤੀ ਉਦੋਂ ਹੋਈ, ਜਦੋਂ ਉਹ ਵਿਆਹੀ ਗਈ ਸੀ। ਚਾਚਾ ਲੰਡੂ ਦੋਸਤੀ ਹੋਣ ਮਗਰੋਂ ਪਛਤਾਇਆ ਕਰਦਾ ਕਿ "ਹੋਸ਼ਾਂ ਨਾਲ ਮੇਰੀ ਦੋਸਤੀ ਪਹਿਲਾਂ ਕਿਉਂ ਨਹੀਂ ਹੋਈ। ਮੈਂ ਕਿੰਨਾ ਬੇਵਕੂਫ਼ ਸਾਂ।"
ਜਵਾਬ ਵਿੱਚ ਹੋਸ਼ਾਂ ਹੱਸ ਕੇ ਆਖਿਆ ਕਰਦੀ, "ਬੇਵਕੂਫ਼ ਤੇ ਤੂੰ ਹੁਣ ਵੀ ਏ, ਵੇ ਲੰਡੂ ਜੇ ਤੂੰ ਸੱਚਾ ਏਂ ਤੇ ਹੁਣ ਵੀ ਬਹੁਤ ਕੁਝ ਹੋ ਸਕਦਾ ਏਂ, ਪਰ ਜੇ ਕੁੱਝ ਕਰੇਂ ਤਾਂ। ਅਜੇ ਡੁੱਲ੍ਹਿਆਂ ਬੇਰਾਂ ਦਾ ਕੁੱਝ ਨਹੀਂ ਵਿਗੜਿਆ।"
"ਮੈਂ ਹੁਣ ਕੀ ਕਰ ਸਕਦਾ ਵਾਂ ਹੋਸ਼ਾਂ, ਤੂੰ ਬਾਲ ਬੱਚੇ ਵਾਲੀ ਏਂ।" ਚਾਚਾ ਲੰਡੂ ਹੋਸ਼ਾਂ ਦੇ ਹੱਸਦੇ ਚਿਹਰੇ ਨੂੰ ਤੱਕਦਾ ਰਹਿੰਦਾ। "ਮੈਂ ਬਾਲ ਬੱਚੇ ਵਾਲੀ ਆਂ ਤਾਂ ਕੀ ਹੋਇਆ", ਹੋਸ਼ਾਂ ਉਹਨੂੰ ਯਕੀਨ ਦਵਾਂਦੀ। "ਤੇਰੇ ਲਈ ਮੈਂ ਸਾਰਾ ਜੱਗ ਛੱਡ ਸਕਨੀ ਆਂ, ਬਾਲ ਬੱਚਾ ਕੀ ਹੋਇਆ ?"
ਚਾਚਾ ਲੰਡੂ ਹੋਸ਼ਾਂ ਦੀ ਏਸ ਅਦਾ ਉੱਤੇ ਈ ਰੀਝ ਗਿਆ।
ਉਹਦੇ ਖਿਆਲ ਵਿੱਚ ਹੋਸ਼ਾਂ ਦੀ ਇਹ "ਕੁਰਬਾਨੀ" ਬਹੁਤ ਵੱਡੀ ਏ, ਉਹ ਵੀ ਸਿਰਫ ਮੇਰੇ ਪਿਆਰ ਵਾਸਤੇ। ਐਸੇ ਸੱਜਣ ਉੱਤੋਂ ਤੇ ਜਿੰਦ ਵਾਰ ਦੇਣੀ ਚਾਹੀਦੀ ਏ।
ਚਾਚਾ ਲੰਡੂ ਜਦ ਚੰਗੀ ਤਰ੍ਹਾਂ ਰੀਝ ਗਿਆ ਤਾਂ ਇੱਕ ਦਿਨ ਹੋਸ਼ਾਂ ਆਖਿਆ, "ਵੇ ਲੰਡੂ ਤੇਰੇ ਉੱਤੋਂ ਵਾਰੀ ਤੇ ਸਦਕੇ। ਤੇਰੇ ਲਈ ਮੈਂ ਆਪਣੇ ਬਾਲਾਂ ਤੇ ਖੌਂਦ ਨੂੰ ਛੱਡਣ ਲਈ
ਤਿਆਰ ਆਂ। ਮੈਂ ਇਰਾਦਾ ਵੀ ਪੱਕਾ ਕਰ ਲਿਆ ਏ ਪਰ ਇੱਕ ਔਕੜ ਏ, ਉਹ ਮੈਥੋਂ ਦੂਰ ਨਹੀਂ ਹੋ ਸਕਦੀ।"
"ਕੀ ਔਕੜ ਏ ?" ਚਾਚੇ ਲੰਡੂ ਹਿੱਕ ਉੱਤੇ ਹੱਥ ਮਾਰ ਕੇ ਆਖਿਆ, "ਮੈਂ ਹਰ ਔਕੜ ਦੂਰ ਕਰ ਦੇਸਾਂ ਹੋਸ਼ਾਂ । ਤੇਰੀ ਲਈ ਮੈਨੂੰ ਅੱਗ ਦੇ ਪਹਾੜ ਉੱਤੋਂ ਵੀ ਟੱਪਣਾ ਪਿਆ ਮੈਂ ਟੱਪ ਜਾਸਾਂ। ਤੂੰ ਹੁਕਮ ਕਰਕੇ ਵੇਖ।"
"ਨਹੀਂ ਵੇ ਲੰਡੂ, ਮੇਰੀ ਤਾਂ ਕੋਈ ਗੱਲ ਨਹੀਂ। ਮੈਂ ਤੇ ਤੇਰੀ ਆਂ, ਤੈਨੂੰ ਆਪਣਾ ਬਣਾ ਲਿਆ ਏ। ਪਰ ਔਕੜ ਇਹ ਵੇ... ਸਹੁਰੇ ਝੁੱਗੇ ਨੂੰ ਤੇ ਮੈਂ ਤੇਰੀ ਖ਼ਾਤਰ ਸਾੜ ਫੂਕ ਸਕਨੀਆਂ, ਪਰ ਪੇਕਾ ਝੁੱਗਾ ਮੈਥੋਂ ਸਾੜਿਆ ਨਹੀਂ ਜਾਂਦਾ। ਤੈਨੂੰ ਤੇ ਪਤਾ ਮੇਰਾ ਪੇਕਾ ਝੁੱਗਾ ਲੱਭੂ ਏ। ਮੈਂ ਉਹਨਾਂ ਦਾ ਲੋਭ ਕਿੰਝ ਪੂਰਾ ਕਰਾਂ ? ਮੈਨੂੰ ਕੋਈ ਹੱਲ ਨਜ਼ਰ ਨਹੀਂ ਆਂਵਦਾ, ਦਿਨ ਰਾਤ ਸੋਚਦੀ ਰਹਿੰਦੀ ਆਂ।
"ਕੀ ਲੋਭ ਕਰਦਾ ਏ ਤੇਰਾ ਪੇਕਾ ਝੁੱਗਾ, ਹੋਸ਼ਾਂ ?"
"ਚੱਲ ਛੱਡ ਵੇ ਲੰਡੂ, ਮੈਂ ਆਪ ਦੁਖੀ ਆਂ, ਤੈਨੂੰ ਦੁਖੀ ਕਿਉਂ ਕਰਾਂ ?"
"ਤੂੰ ਦੱਸ ਤੇ ਸਹੀ, ਜੇ ਮੈਥੋਂ ਕੁੱਝ ਹੋਇਆ ਤੇ ਜ਼ਰੂਰ ਕਰਸਾਂ ।"
ਲੰਡੂ ਦੀ ਜ਼ਿੱਦ ਤੇ ਸ਼ੌਕ ਵੇਖਕੇ ਹੋਸ਼ਾਂ ਹੌਲ਼ੀ ਹੌਲ਼ੀ ਆਖਿਆ:
"ਤੈਨੂੰ ਤੇ ਮਲੂਮ ਏ, ਮੇਰੇ ਭਰਾ ਨੂੰ ਰਿਸ਼ਤਾ ਕੋਈ ਨਹੀਂ ਦੇ ਰਿਹਾ। ਮੇਰੇ ਪੇਕੇ ਝੁੱਗੇ ਦਾ ਖਿਆਲ ਏ ਕਿ ਜੇ ਮੈਂ ਉਹਨਾਂ ਦੀ ਨੱਕ ਨਮੂਜ ਦਾ ਕੋਈ ਖਿਆਲ ਨਹੀਂ ਕਰ ਸਕਦੀ ਤਾਂ ਆਪਣੇ ਦਾ ਈ ਖਿਆਲ ਕਰਾਂ ਲੰਡੂ ਹੁਣ ਤੂੰ ਆਪੇ ਈ ਦੱਸ, ਮੈਂ ਪੇਕੇ ਝੁੱਗੇ ਭਰਾ ਨੂੰ ਛੱਡ ਕੇ ਮਰਨ ਜੋਗੀ ਨਾ ਜਿਉਣ ਜੋਗੀ।"
ਹੱਸਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਟੁਰੇ। ਫੇਰ ਆਖਿਆ:
"ਮੇਰੀ ਤਾਂ ਤੇਰੇ ਵੱਲੋਂ ਵੀ ਜਾਨ ਜਾਂਦੀ ਏ, ਮੈਂ ਤੈਥੋਂ ਵੀ ਵੱਖ ਨਹੀਂ ਰਹਿ ਸਕਦੀ।"
"ਤੂੰ ਕੀ ਚਾਹਨੀ ਏ ਹੋਸ਼ਾਂ... ਮੇਰੀ ਜਿੰਦ, ਮੇਰੀ ਰੂਹ ? ਤੂੰ ਕਿਧਰੇ ਇਰਾਦਾ ਤਾਂ ਨਹੀਂ ਬਦਲ ਲਿਆ ?
"ਨਾ ਵੇ ਲੰਡੂ, ਤੈਥੋਂ ਮੁੱਖ ਮੋੜਾਂ ਤੇ ਮਰ ਜਾਵਾਂ । ਮੈਨੂੰ ਦੋਜ਼ਖ ਮਿਲਣ ਸਜ਼ਾਵਾਂ । ਮੈਂ ਤੇ ਔਕੜ ਦੀ ਗੱਲ ਦੱਸੀ ਏ । ਮੇਰਾ ਖਿਆਲ ਸੀ ਤੇਰੀ ਭੈਣ ਜਵਾਨ ਏ। ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੇਰਾ ਪੇਕਾ ਝੁੱਗਾ ਰਾਜ਼ੀ ਹੋ ਸਕਦਾ ਏ, ਪਰ ਤੇਰੀ ਮਰਜ਼ੀ ਬਿਨ੍ਹਾਂ ਨਹੀਂ। ਲੰਡੂ ਜੇ ਤੂੰ ਆਖੋਂ, ਮੇਰੇ ਲਈ ਉਹ ਹੁਕਮ ਏ। ਹੁਣ ਤੇ ਮੇਰਾ ਸਭ ਕੁੱਝ ਤੂੰ ਹੀ ਏਂ, ਬੱਸ ਤੂੰ.."
ਉਸ ਵੇਲੇ ਤਾਂ ਚਾਚਾ ਲੰਡੂ ਚੁੱਪ ਕਰ ਗਿਆ ਸੀ, ਪਰ ਕੁੱਝ ਦਿਨਾਂ ਮਗਰੋਂ ਹੋਸ਼ਾਂ ਲਈ... ਆਪਣੀ ਭੈਣ ਦਾ ਰਿਸ਼ਤਾ ਦੇਣਾ ਮੰਨ ਗਿਆ ਸੀ।
ਲੰਡੂ ਆਪਣੇ ਘਰ ਵਾਲਿਆਂ ਨੂੰ ਵੀ ਧਮਕੀ ਦੇ ਦਿੱਤੀ ਕਿ ਜੇ ਤੁਸਾਂ ਮੇਰੀ ਰੀਝ ਪੂਰੀ ਨਾ ਕੀਤੀ ਤਾਂ ਮੈਂ ਮਸ਼ੀਨ ਦੇ ਪਟੇ ਵਿੱਚ ਸਿਰ ਦੇ ਕੇ ਮਰ ਜਾਸਾਂ।
ਹੋਸ਼ਾਂ ਝੱਟ ਤਲਾਕ ਲੈ ਕੇ ਪੇਕੇ ਬੂਹੇ ਆ ਬੈਠੀ। ਹੋਸ਼ਾਂ ਦੇ ਆਵਣ ਨਾਲ ਉਹਦੇ ਪੇਕਿਆਂ ਨੇ ਲੋਕਾਂ ਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ, "ਜਦ ਲੰਡੂ ਇੱਕ ਵਸਦੇ ਘਰ ਨੂੰ
ਵੀਰਾਨ ਕਰ ਦਿੱਤਾ ਏ ਤੇ ਹੁਣ ਮਰਦਾਂ ਵਾਂਗਰ ਆਪਣਾ ਵਾਅਦਾ ਪੂਰਾ ਕਰੇ ।"
ਚਾਚੇ ਲੰਡੂ ਨੂੰ ਹੋਸ਼ਾਂ ਦੀ ਰੀਝ ਸੀ । ਉਹ ਘਰ ਵਾਲਿਆਂ ਉੱਤੇ ਹੋਰ ਜ਼ੋਰ ਦੇਵਣ ਲੱਗ ਪਿਆ।
ਬਰਾਦਰੀ ਵਾਲੇ ਵੀ ਆਖਣ ਲੱਗ ਪਏ ਸੀ ਕਿ "ਹੋਸ਼ਾਂ ਨੂੰ ਤਲਾਕ ਦਿਵਾਕੇ ਲੰਡੂ ਨੇ ਚੰਗਾ ਨਹੀਂ ਕੀਤਾ, ਪਰ ਜੋ ਹੁਣ ਹੋ ਗਿਆ ਸੋ ਹੋ ਗਿਆ, ਉਹਨੂੰ ਹਿਕਣਾ ਕੀ।"
ਲੋਕਾਂ ਦੀ ਰਾਏ ਸੀ ਕਿ ਲੰਡੂ ਤੇ ਲੰਡੂ ਦੇ ਘਰ ਵਾਲਿਆਂ ਨੂੰ ਹੁਣ ਛੇਤੀ ਤੋਂ ਛੇਤੀ ਗੱਲ ਨਿਭਾ ਦੇਣੀ ਚਾਹੀਦੀ ਏ। ਹੁਣ ਰੇੜ੍ਹਕਾ ਕਾਹਦਾ ?
ਏਸ ਗੱਲ ਉੱਤੇ ਈ ਅੱਜ ਬਰਾਦਰੀ ਦੇ ਲੋਕ ਇਕੱਠੇ ਹੋਏ ਸਨ।
ਬਰਾਦਰੀ ਦੇ ਆਵਣ ਉੱਤੇ ਈ ਚਾਚੇ ਲੰਡੂ ਦੀ ਮਾਂ ਪੱਲਾ ਪਾ ਪਾ ਰੋਂਦੀ ਸੀ । ਸਾਰਾ ਟੱਬਰ ਰੋ ਰਿਹਾ ਸੀ। ਬਰਾਦਰੀ ਬੂਹੇ ਆਈ ਬੈਠੀ ਸੀ । ਉੱਤੋਂ ਲੰਡੂ ਮਰਨ ਦੀ ਧਮਕੀ ਦੇ ਰਿਹਾ ਸੀ।
ਹੋਸ਼ਾਂ ਭਾਵੇਂ ਖੂਬਸੂਰਤ ਤੇ ਪੂਰੀ ਔਰਤ ਸੀ ਤੇ ਬਾਲ ਬੱਚੇ ਵਾਲੀ ਤਲਾਕੀ ਹੋਈ। ਉਹਦੇ ਬਦਲੇ ਵੱਟਾ ਅਣਹੋਣੀ ਗੱਲ ਸੀ । ਘਰ ਵਾਲੇ ਆਖਦੇ: "ਲੰਡੂ ਜੇ ਵੱਟਾ ਈ ਕਰਨਾ ਸੀ ਤੇ ਫੇਰ ਕੋਈ ਕੁਆਰਾ ਸਾਕ ਲੱਭ ਲੈਂਦੇ। ਅਸੀਂ ਵੀ ਖੁਸ਼ ਹੁੰਦੇ, ਅਸਾਡਾ ਖੁਦਾ ਵੀ ਰਾਜ਼ੀ ਰਹਿੰਦਾ ।"
"ਲੰਡੂ, ਤੂੰ ਤਾਂ ਕੰਮ ਈ ਲੰਡਿਆਂ ਵਾਲਾ ਕੀਤਾ ਏ। ਤੇਰਾ ਕਿਸੇ ਜੱਗ ਭਲਾ ਨਹੀਂ ਹੋਣਾ।"
ਚਾਚੇ ਲੰਡੂ ਦੀ ਤਾਂ ਰੂਹ ਈ ਕੋਈ ਵੱਖਰੀ ਕਿਸਮ ਦੀ ਸੀ । ਉਹ ਜੰਮਿਆਂ ਈ ਲੋਕਾਂ ਦੀ ਖਿਦਮਤ ਵਾਸਤੇ ਸੀ । ਹਰ ਇੱਕ ਦੇ ਕੰਮ ਆਵਣਾ, ਕਿਸੇ ਨੂੰ ਕੋਈ ਦੁੱਖ ਨਾ ਦੇਣਾ ਲੋਕਾਂ ਦੀ ਭੀੜ ਵੰਡਣ ਲਈ ਆਪ ਭੀੜਾਂ ਵਿੱਚ ਪੈ ਜਾਣਾ।
ਏਸ ਗੱਲ ਦਾ ਈ ਤੇ ਘਰ ਵਾਲਿਆਂ ਨੂੰ ਹਰਖ ਸੀ ਕਿ ਲੋਕਾਂ ਦੀ ਖਿਦਮਤ ਕਰਦਾ ਏ ਤੇ ਘਰ ਵਾਲਿਆਂ ਨੂੰ ਦੁੱਖ ਦਿੰਦਾ ਏ।
ਚਾਚੇ ਲੰਡੂ ਨਾਲ ਮੈਂ ਮਖੌਲ ਕਰ ਲਿਆ ਕਰਦਾ ਸਾਂ ਮੈਂ ਉਸਨੂੰ ਹੋਸ਼ਾਂ ਦੇ ਨਾਂ ਉੱਤੇ ਛੇੜ ਕੇ ਆਖਿਆ ਕਰਦਾ ਸਾ, "ਵਾਹ ਓਏ ਚਾਚਾ, ਤੇਰਾ ਦਿਲ ਆਇਆ ਵੀ ਤੇ ਕਿਹੜੀ ਮਾਈ ਉੱਤੇ। ਇਹਦੇ ਨਾਲੋਂ ਚੰਗਾ ਸੀ ਤੂੰ ਹੋਸ਼ਾਂ ਦੇ ਘਰ ਜੰਮ ਪੈਂਦੇ। ਫੇਰ ਹੋਸ਼ਾਂ ਤੇ ਲੰਡੂ ਮਾਂ ਪੁੱਤਰ ਹੁੰਦੇ। ਘਰ ਦੀ ਗੱਲ ਘਰ ਵਿੱਚ ਰਹਿੰਦੀ।"
ਜਵਾਬ ਵਿੱਚ ਚਾਚੇ ਲੰਡੂ ਕੋਲ ਮੈਨੂੰ ਗਾਲਾਂ ਸੁਣਨੀਆਂ ਪੈਂਦੀਆਂ ਸਨ। ਉਹ ਆਖਦਾ "ਜਦ ਕਦੀ ਤੇਰੀਆਂ ਲੱਗੀਆਂ ਤਾਂ ਮਲੂਮ ਹੋਸੀ ਪੁੱਤਰਾ! ਅਜੇ ਤੂੰ ਬਾਲ ਏਂ, ਕੀ ਜਾਣੇਂ ਕਿ ਦਿਲ ਦੀਆਂ ਲੱਗੀਆਂ ਕੀ ਹੁੰਦੀਆਂ ਨੇ।"
ਏਨੀ ਗੱਲ ਕਰਕੇ ਚਾਚਾ ਲੰਡੂ ਇੱਕ ਹਉਂਕਾ ਭਰਦਾ ਤੇ ਮੇਰੇ ਕੋਲੋਂ ਮੁੜ ਜਾਂਦਾ ਯਾ ਮੈਂ ਖਿਸਕ ਜਾਇਆ ਕਰਦਾ ਸਾਂ । ਉਹਦੇ ਦੁਖੀ ਹੋਵਣ 'ਤੇ ਮੈਨੂੰ ਵੀ ਤਰਸ ਆਵਣ ਲੱਗ ਪਿਆ ਸੀ, ਪਰ ਉਹਦੇ ਝੱਲਪੁਣੇ ਉੱਤੇ ਹਾਸਾ ਵੀ ਆਇਆ ਕਰਦਾ ਸੀ।
ਅੱਜ ਸ਼ਾਮ ਤੀਕਰ ਪ੍ਰਾਹੁਣਿਆਂ ਨੇ ਸਾਰੀ ਗੱਲ ਨਬੇੜ ਲਈ ਹੋਈ ਸੀ। ਦੋ ਜੁਮੇਂ ਛੱਡ ਕੇ ਤੀਜੇ ਜੁਮੇਂ ਨੂੰ ਨਕਾਹ ਲਈ ਸਾਰੀਆਂ ਧਿਰਾਂ ਰਾਜ਼ੀ ਹੋ ਗਈਆਂ ਸਨ। ਚਾਚਾ ਲੰਡੂ ਬੜਾ ਖੁਸ਼ ਹੋਇਆ। ਏਸੇ ਖੁਸ਼ੀ ਦੇ ਵਿਖਾਲੇ ਲਈ ਉਸ ਪਿੰਡ ਦੇ ਸਾਰੇ ਬਾਲਾਂ ਵਿੱਚ ਟਾਂਗਰੀ ਵੱਡੀ ਸੀ। ਚਾਚੇ ਲੰਡੂ ਦੇ ਪੈਰ ਤਾਂ ਭੋਏ ਉੱਤੇ ਨਹੀਂ ਸੀ ਲੱਗਦੇ । ਉੱਡਿਆ ਜਾਪਦਾ ਸੀ । ਉਹਦੇ ਮੂੰਹ ਉੱਤੇ ਹਾਸੇ ਐਵੇਂ ਡੁੱਲ੍ਹ ਡੁੱਲ੍ਹ ਪੈਂਦੇ ਸਨ । ਹੋਸ਼ਾਂ ਤੇ ਲੰਡੂ ਖੁੱਲ੍ਹ ਕੇ ਮਿਲਣ ਲੱਗ ਪਏ, ਪਰ ਲੰਡੂ ਦੇ ਘਰ ਵਾਲੇ ਫੇਰ ਮੁੱਕਰ ਗਏ। ਹੋਸ਼ਾਂ ਦੇ ਘਰ ਵਾਲਿਆਂ ਡੇਰਾ ਚੁੱਕਿਆ ਤੇ ਕਿਸੇ ਹੋਰ ਪਿੰਡ ਚਲੇ ਗਏ।
ਲੰਡੂ ਲਈ ਤਾਂ ਅਨ੍ਹੇਰ ਪੈ ਗਿਆ। ਉਸ ਘਰ ਵਾਲਿਆਂ ਨਾਲ ਲੜਾਈ ਛੋਹ ਲਈ। ਰਾਤ ਦਿਨ ਇਹ ਸ਼ੋਰ-ਵਸੋਰਾ ਪਿਆ ਰਹਿੰਦਾ ਸੀ । ਲੰਡੂ ਆਖਦਾ ਕਿ ਮੇਰੀ ਰੀਝ ਪੂਰੀ ਨਾ ਹੋਈ ਤਾਂ ਮੇਰੀ ਮੌਤ ਵੇਖਣੀ ਪਵੇਗੀ।
ਘਰ ਵਾਲ਼ੇ ਆਕੜ ਗਏ। ਉਹਨਾਂ ਲੰਡੂ ਦੀ ਮੌਤ ਵਾਲੀ ਧਮਕੀ ਦਾ ਕੋਈ ਅਸਰ ਨਾ ਲਿਆ ਤਾਂ ਚਾਚਾ ਲੰਡੂ ਅਸਲੋਂ ਈ ਬੁੱਝ ਗਿਆ। ਸਿਰ ਸੁੱਟ ਕੇ ਟੁਰੀ ਫਿਰਦਾ ਸੀ। ਕਿਸੇ ਨਾਲ ਕੋਈ ਗੱਲ ਨਾ ਕਰਦਾ। ਸਵੇਰੇ ਆਟੇ ਵਾਲੀ ਚੱਕੀ 'ਤੇ ਜਾਂਦਾ । ਸਾਰਾ ਦਿਨ ਕੰਮ ਕਰਦਾ ਤੇ ਸ਼ਾਮ ਨੂੰ ਆ ਕੇ ਚੁੱਪ ਕਰਕੇ ਪੈ ਰਹਿੰਦਾ।
ਆਟੇ ਦੀ ਚੱਕੀ 'ਤੇ ਆਟਾ ਪਿਹਾਵਣ ਵਾਲੀਆਂ ਸਵਾਣੀਆਂ ਤੇ ਕੁੜੀਆਂ ਚਾਚੇ ਲੰਡੂ ਨਾਲ ਹਮਦਰਦੀ ਦੇ ਬੋਲ ਬੋਲਦੀਆਂ ਤੇ ਅਫਸੋਸ ਕਰਦੀਆਂ। ਕਈ ਸਵਾਣੀਆਂ ਉਹਨੂੰ ਹੋਸ਼ਾਂ ਦਾ ਖਿਆਲ ਛੱਡਣ ਦੀ ਮੱਤ ਵੀ ਦਿੱਤੀ। ਮੈਂ ਵੀ ਇਹ ਈ ਗੱਲ ਆਖਦਾ ਸਾਂ, ਪਰ ਚਾਚਾ ਲੰਡੂ ਸੁਣਦਾ ਸਭ ਦੀ ਸੀ, ਕਿਸੇ ਨੂੰ ਕੋਈ ਜਵਾਬ ਨਹੀਂ ਸੀ ਦਿੰਦਾ।
ਸਾਰਾ ਦਿਨ ਮੈਂ ਚੱਕੀ ਉੱਤੇ ਚਾਚੇ ਨਾਲ ਇਹੋ ਜਿਹੀਆਂ ਈ ਗੱਲਾਂ ਕਰਦਾ ਰਿਹਾ। ਅੱਗੋਂ ਉਸ ਕੋਈ ਹੰਗੂਰਾ ਨਾ ਭਰਿਆ ਤਾਂ ਡੀਗਰ ਵੇਲੇ ਮੈਂ ਘਰ ਨੂੰ ਪਰਤ ਆਇਆ। ਰਾਹ ਵਿੱਚ ਮੈਨੂੰ ਨਾਜੀ ਮਿਲੀ। ਉਸ ਦਾਣਿਆਂ ਦੀ ਬੋਰੀ ਨੂੰ ਭਾਰ ਲੱਗਣ ਕਾਰਨ ਥੱਲੇ ਸੁੱਟਿਆ ਹੋਇਆ ਸੀ ਤੇ ਹੁਣ ਉਡੀਕ ਰਹੀ ਸੀ ਕੋਈ ਏਧਰੋਂ ਲੰਘੇ ਤੇ ਬੋਰੀ ਉਹਦੇ ਸਿਰ 'ਤੇ ਰਖਵਾਏ।
ਮੈਂ ਨੇੜੇ ਆਇਆ, ਤਾਂ ਉਸਨੇ ਆਖਿਆ, "ਵੇ ਲੋਰਦਾ ਜ਼ਰਾ ਬੋਰੀ ਨੂੰ ਹੱਥ ਤੇ ਪਵਾਈਂ।" ਨਾਜੀ ਦੇ ਵਿਆਹ ਨੂੰ ਛੇ ਮਹੀਨੇ ਹੋ ਗਏ ਸਨ । ਜਦੋਂ ਦੀ ਉਹ ਦੂਸਰੇ ਪਿੰਡ ਤੋਂ ਵਹੇਜ ਕੇ ਆਈ ਸੀ, ਮੈਂ ਅੱਜ ਦੂਸਰੀ ਵਾਰ ਉਹਨੂੰ ਵੇਖਿਆ ਸੀ । ਸਾਫ਼ ਰੰਗ, ਨੈਣ ਨਕਸ਼ ਵੀ ਵਾਹਵਾ ਮਨ ਖਿਚਵੇਂ ਸਨ । ਜੁੱਸੇ ਦੀ ਵੀ ਮਜ਼ਬੂਤ ਤੇ ਨਰੋਈ ਜਾਪਦੀ ਸੀ।
ਉਹਦਾ ਖਾਵੰਦ ਫੱਤਾ ਮਾੜੇ ਤੇ ਲਿੱਸੇ ਜੁੱਸੇ ਵਾਲਾ ਆਮ ਜੇਹਾ ਗੱਭਰੂ ਸੀ ।
ਨਾਜੀ ਦੇ 'ਲੋਰਦਾ' ਆਖਣ ਦੇ ਜਵਾਬ ਵਿੱਚ ਮੈਂ ਆਖਿਆ:
"ਭਾਬੀ, ਮੈਂ ਤੈਨੂੰ ਲੋਰਦਾ ਜਾਪਨਾਂ ?"
"ਵੇ ਤੂੰ ਬਹੁਤ ਕੁੱਝ ਜਾਪਨਾ ਏਂ।" ਉਹ ਬੜੇ ਖੁੱਲ੍ਹੇ ਸੁਭਾਅ ਵਿੱਚ ਮੁਸਕਰਾ ਕੇ ਆਖ ਗਈ।
"ਹੋਰ ਕੀ ਕੀ ਜਾਪਨਾ ਵਾਂ ਤੈਨੂੰ ?"
"ਜੇ ਸੱਚ ਪੁੱਛੋਂ ਤਾਂ ਤੇਰਾ ਈ ਨਾਂ ਜਪਨੇ ਆਂ।"
"ਅੱਛਾ ਫੇਰ ਇੱਕ ਤਸਬੀਹ ਲੈ ਆ, ਭਾਬੀ ਜੀਂਦੀ ਰਹਵੇਂ ।" ਮੈਨੂੰ ਵੀ ਕੋਈ ਝਾਕਾ ਨਹੀਂ ਸੀ ਹੋ ਰਿਹਾ।
"ਮੇਰੇ ਸਾਹ ਈ ਮੇਰੀ ਤਸਬੀਹ ਨੇ ਲੋਰਦਾ। ...ਜਪਣ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ ।"
ਬੋਰੀ ਨੂੰ ਚੁਕਾਵਣ ਲਈ ਮੈਂ ਉੜ ਕੇ ਬੋਰੀ ਨੂੰ ਹੱਥ ਪਾਏ। ਉਹ ਵੀ ਉੜੀ ਤੇ ਮੇਰੇ ਸਿਰ ਨਾਲ ਸਿਰ ਜੋੜ ਦਿੱਤਾ। ਫੇਰ ਗੁਟਕਦੀ ਹੋਈ ਬੋਰੀ ਛੱਡ ਕੇ ਖਲੇ ਗਈ। ਬੋਲੀ :
"ਸੁਣਿਆਂ ਵੇ ਤੂੰ ਤਵੀਤ ਵੀ ਲਿਖ ਲੈਨਾ ਏ।"
"ਨਹੀਂ ਭਾਬੀ, ਉਹ ਤੇ ਐਵੇਂ ਮੈਂ ਮਖੌਲ ਕੀਤਾ ਸੀ।"
"ਤੇਰੇ ਤਵੀਤ ਨਾਲ ਭੈਣ ਸਕੀਨਾ ਦਾ ਬਾਲ ਤਾਂ ਚੁੱਪ ਕਰ ਗਿਆ ਸੀ। ਉਹਨੇ ਰਿਹਾੜ ਕਰਨੀ ਵੀ ਛੱਡ ਦਿੱਤੀ ਏ। ਬੜੀ ਤਾਕਤ ਏ ਤੇਰੇ ਤਵੀਤਾਂ ਵਿੱਚ।"
"ਕੋਈ ਹੋਰ ਸਬੱਬ ਬਣ ਗਿਆ ਹੋਸੀ ਭਾਬੀ ।"
ਉਸ ਉਮਰੇ ਮੈਨੂੰ ਐਵੇਂ ਈ ਜਾਦੂ ਟੂਣੇ ਸਿੱਖਣ ਦਾ ਸ਼ੌਕ ਚੜ੍ਹਿਆ ਰਹਿੰਦਾ ਸੀ। ਜਾਦੂ ਮੰਤਰ ਸਿੱਖਣ ਲਈ ਇੱਕ ਮੇਲੇ ਵਿੱਚੋਂ ਦੋ ਤਿੰਨ ਕਿਤਾਬਾਂ ਖਰੀਦ ਲਿਆਇਆ ਸਾਂ।
ਕਿਤਾਬਾਂ ਵਿੱਚ ਲਿਖੇ ਜਾਦੂ ਟੂਣੇ ਅਜ਼ਮਾਂਵਦਾ ਰਹਿੰਦਾ ਸਾਂ । ਜਿਹੜਾ ਕਦੇ ਵੀ ਕਾਮਯਾਬ ਨਹੀਂ ਸੀ ਹੁੰਦਾ ਸਿਵਾਏ ਉਸ ਤਾਵੀਜ਼ ਦੇ ਜਿਹੜਾ ਮੈਂ ਭਾਬੀ ਸਕੀਨਾ ਦੇ ਬਾਲ ਦੇ ਛੜਮ ਕਰਨ ਉੱਤੇ ਲਿਖਿਆ ਸੀ।
ਉਸ ਤਾਵੀਜ਼ ਦੇ ਅਸਰ ਮਗਰੋਂ ਮੈਂ ਏਥੇ ਆਪਣੇ ਪਿੰਡ ਵਿੱਚ ਆਲਮ ਮਸ਼ਹੂਰ ਹੋ ਗਿਆ ਸਾਂ। ਨਾਲ ਨਾਲ ਇਹ ਗੱਲ ਟੁਰ ਪਈ ਸੀ ਕਿ ਮੈਨੂੰ ਕਾਲੇ ਇਲਮ ਦੇ ਹਰਫ਼ ਵੀ ਆਂਵਦੇ ਨੇ।
ਕੋਈ ਧਾਗਾ ਕਰਵਾਣ ਆ ਜਾਂਦੀ ਤੇ ਕੋਈ ਫੂਕਾਂ ਮਰਵਾਣ। ਏਹੋ ਜਿਹੀ ਬੇਹੂਦਗੀ ਕਰਨ ਵਿੱਚ ਮੇਰਾ ਕੋਈ ਨੁਕਸਾਨ ਨਹੀਂ ਸੀ, ਐਵੇਂ ਟੌਹਰ ਬਣੀ ਜਾ ਰਿਹਾ ਸੀ।
ਹੁਣ ਜਦ ਭਾਬੀ ਨਾਜੀ ਮੁੜ ਤਾਵੀਤ ਦੀ ਗੱਲ ਕੀਤੀ ਤਾਂ ਮੈਂ ਵੀ ਸ਼ੇਖੀ ਵਿੱਚ ਆ ਗਿਆ। ਝੱਟ ਆਖਿਆ, "ਭਾਬੀ ਜੇ ਤੂੰ ਆਖੇਂ ਤਾਂ ਤੈਨੂੰ ਤਾਵੀਜ਼ ਪਾ ਦੇਵਾਂ, ਕਮਲੀ ਹੋਈ ਫਿਰੇਂਗੀ।"
"ਵੇ ਮੈਨੂੰ ਤੇ ਅੱਗੇ ਈ ਤਾਵੀਜ਼ ਪਏ ਨੇਂ।” ਉਹ ਉਦਾਸ ਜਿਹੀ ਹੋ ਗਈ। ਚੁੱਪ ਕਰਕੇ ਬੋਰੀ ਸਿਰ 'ਤੇ ਰਖਵਾਈ ਤੇ ਆਖਿਆ:
"ਜੇ ਤੂੰ ਮੇਰੇ ਤਾਵੀਜ਼ ਕੱਢ ਸਕਨਾ ਏਂ ਤੇ ਫੇਰ ਨਾਂਹ ਨਾ ਕਰੀਂ, ਮੈਂ ਤੈਨੂੰ ਯਾਦ ਰੱਖਾਂਗੀ।" ਏਨੀ ਗੱਲ ਕਰਕੇ ਉਹ ਮਸ਼ੀਨ ਵੱਲ ਚਲੀ ਗਈ ਤੇ ਮੈਂ ਘਰ ਨੂੰ ਟੁਰ ਆਇਆ। ਮੈਂ ਰਾਹ ਵਿੱਚ ਸੋਚਦਾ ਆਇਆ।
ਇਹਨੂੰ ਕਾਹਦੇ ਤਾਵੀਜ਼ ਪਏ ਹਨ ? ਕੀ ਰੋਗ ਏ ਇਹਨੂੰ ? ਚੰਗੀ ਭਲੀ ਤਾਂ ਜਾਪਦੀ ਏ।
ਗੱਲ ਆਈ ਗਈ ਹੋ ਗਈ । ਕਈ ਦਿਨ ਲੰਘ ਗਏ। ਮੂੰਜੀ ਦੀ ਬਿਜਾਈ ਦਾ ਤਾੜ ਸੀ। ਆਪੋ ਆਪ ਸਾਰੇ ਰਾਹਕ ਕੰਮਾਂ ਵਿੱਚ ਰੁੱਝ ਗਏ।
ਇੱਕ ਸ਼ਾਮ ਨੂੰ ਮਲੂਮ ਹੋਇਆ ਕਿ ਨਾਜੀ ਨੂੰ ਜਿੰਨ ਚਿੰਬੜੇ ਹੋਏ ਹਨ। ਇਹ ਵੀ ਪਤਾ ਚੱਲ ਗਿਆ ਕਿ ਜਿੰਨ ਤੇ ਉਹਨੂੰ ਕਈ ਦਿਨਾਂ ਤੋਂ ਚਿੰਬੜੇ ਹੋਏ ਸਨ। ਪਹਿਲੇ ਉਹਦੇ ਘਰ ਵਾਲਿਆਂ ਚੋਰੀ ਚੋਰੀ ਦਮ ਦਰੂਦ ਕਰਵਾ ਵੇਖਿਆ ਏ, ਪਰ ਗੱਲ ਹੌਲੀ ਹੌਲੀ ਖਿੱਲਰ ਗਈ। ਜਿੰਨ ਕੱਢਣ ਆਲੇ ਪੀਰ ਫ਼ਕੀਰ ਵੀ ਆਏ। ਕਿਸੇ ਕੋਲੋਂ ਵੀ ਜਿੰਨ ਨਹੀਂ ਸਨ ਨਿੱਕਲਦੇ ਪਏ।
ਹੁਣ ਕੋਈ ਵੀ ਪੀਰ ਫ਼ਕੀਰ ਏਧਰ ਮੂੰਹ ਨਹੀਂ ਸੀ ਕਰਦਾ ਕਿਉਂ ਜੁ ਨਾਜੀ ਨੂੰ ਚਿੰਬੜੇ ਜਿੰਨ ਪੀਰਾਂ ਫ਼ਕੀਰਾਂ ਦੇ ਹੱਥੀਂ ਪੈ ਜਾਂਦੇ ਸਨ।
ਭੂਆ ਮੈਨੂੰ ਦੱਸਿਆ, "ਉਹ ਤੇ ਤੇਰਾ ਨਾਂ ਈ ਜਪਦੇ ਨੇ।"
"ਹੈਂ, ਮੇਰਾ ਨਾਂ ਉਹ ਕਾਹਦੇ ਲਈ..." ਮੇਰੇ ਅੰਦਰ ਖ਼ੌਫ਼ ਆ ਗਿਆ।
ਭੂਆ ਡਰੀ ਹੋਈ ਸੀ । ਉਸ ਆਖਿਆ, "ਜਿਹੜੇ ਜਿੰਨ ਨਾਜੀ ਨੂੰ ਚਿੰਬੜੇ ਹੋਏ ਹਨ ਉਹਨਾਂ ਦਾ ਆਖਣਾ ਏ ਕਿ ਤੁਹਾਡੇ ਪਿੰਡ ਦਾ ਗੋਗੀ ਆਲਮ ਅਸਾਨੂੰ ਹੁਕਮ ਕਰੇ ਤਾਂ ਅਸਾਂ ਟੁਰ ਜਾਵਾਂਗੇ।"
"ਜਿੰਨ ਮੇਰਾ ਨਾਂ ਲੈਂਦੇ ਨੇ", ਮੈਂ ਡਰਿਆ ਵੀ ਤੇ ਹੈਰਾਨ ਵੀ ਹੋਇਆ। ਭੂਆ ਦੇ ਸਾਹਮਣੇ ਮੈਂ ਬੁਜ਼ਦਿਲ ਨਹੀਂ ਸੀ ਬਣਨਾ ਚਾਹੁੰਦਾ। ਦਲੇਰੀ ਨਾਲ ਆਖਿਆ:
"ਮੈਂ ਤੇ ਆਪਣੇ ਇਲਮ ਨਾਲ ਜਿੰਨ ਨੂੰ ਸਾੜ ਕੇ ਸੁਆਹ ਕਰ ਸਕਨਾਂ । ਉੱਥੋਂ ਕੱਢਕੇ ਕਿਸੇ ਹੋਰ ਨੂੰ ਚਮੇੜ ਸਕਨਾਂ।"
"ਨਾ ਨਾ ਸਾਨੂੰ ਕੀ ਲੋੜ ਏ ਜਿੰਨਾਂ ਨਾਲ ਵੈਰ ਪਾਵਣ ਦੀ।" ਭੂਆ ਡਰ ਗਈ ਸੀ।
"ਖਾਵਣ ਖਸਮਾਂ ਨੂੰ, ਅਸਾਨੂੰ ਕੀ ਲੱਗੇ ਕਿਸੇ ਨਾਲ", ਭੂਆ ਫੇਰ ਆਖਿਆ। ਡਰਿਆ ਤੇ ਮੈਂ ਵੀ ਹੋਇਆ ਸਾਂ ਪਰ ਭੂਆ ਨੂੰ ਹੋਰ ਡਰਾਵਣ ਲਈ ਆਖਿਆ।
"ਜਿਹਨਾਂ ਉੱਤੇ ਮੈਨੂੰ ਗੁੱਸਾ ਆਏ, ਮੈਂ ਉਹਨਾਂ ਨੂੰ ਜ਼ਰੂਰ ਜਿੰਨ ਚਮੋੜਸਾਂ।" ਮੇਰਾ ਪੱਕਾ ਇਰਾਦਾ ਵੇਖ ਕੇ ਭੂਆ ਮੇਰੀ ਮਾਂ ਨੂੰ ਅਵਾਜ਼ ਮਾਰੀ।
"ਭਾਬੀ ਵੇਖ ਲੈ, ਗੋਗੀ ਮੈਨੂੰ ਜਿੰਨ ਚੰਬੋੜਦਾ ਈ", ਚੀਕ ਮਾਰ ਕੇ ਭੂਆ ਬੇਹੋਸ਼ ਹੋ ਗਈ।
ਮਾਂ ਭੱਜ ਕੇ ਆਈ। ਪਿਉ ਵੀ ਲੱਥੀ ਪੱਥੀ ਭੱਜਿਆ ਆਇਆ। ਪਿਉ ਦੀ ਮਾਰ ਕੋਲੋਂ ਡਰਦਿਆਂ ਮੈਂ ਦੁੜਕ ਲਾਈ ਤੇ ਘਰੋਂ ਬਾਹਰ ਨਿੱਕਲ ਗਿਆ।
ਨਾਜੀ ਦੇ ਵਿਹੜੇ ਲੋਕ ਇਕੱਠੇ ਹੋਏ ਸਨ । ਮੈਂ ਉੱਧਰ ਈ ਚਲਾ ਗਿਆ।
ਇੱਕ ਪੀਰ ਜਿੰਨ ਕੱਢਣ ਲਈ ਆਇਆ ਹੋਇਆ ਸੀ। ਉਸ ਬਥੇਰੇ ਮੰਤਰ ਪੜ੍ਹੇ, ਧੂਣੀਆਂ ਧੁਖਾਈਆਂ, ਦਮਨ ਛੋਣੇ ਵਜਾਏ, ਘੜਾ ਪਰਾਂਤ ਵੀ ਖੜਕਾਈ, ਪਰ ਜਿੰਨ ਨਹੀਂ ਸੀ ਨਿੱਕਲ ਰਿਹਾ।
ਡਰਿਆ ਹੋਇਆ ਪੀਰ ਵੀ ਦੂਰੋਂ ਦੂਰੋਂ ਕੁੱਝ ਪੜ੍ਹਦਾ ਸੀ। ਨਾਜੀ ਨੇੜੇ ਕੋਈ ਨਹੀਂ ਸੀ ਜਾ ਰਿਹਾ। ਨਾਜੀ ਕਮਰੇ ਦੇ ਅੰਦਰ ਸੀ ਤੇ ਲੋਕ ਬਾਹਰ ਵਿਹੜੇ ਵਿੱਚ। ਪੀਰ ਵੀ ਸੂਹੇ ਤੱਕ ਈ ਜਾਂਦਾ ਸੀ।ਅੱਗੋਂ ਨਾਜੀ ਇੰਜ ਉੱਛਲ ਕੇ ਪੈਂਦੀ ਸੀ ਕਿ ਪੀਰ ਨੂੰ ਪਿੱਛੇ ਨੱਸਣਾ ਪੈਂਦਾ ਸੀ। ਮੈਨੂੰ ਵੇਖ ਕੇ ਨਾਜੀ ਦੇ ਮੂੰਹੋਂ ਜਿੰਨ ਬੋਲਿਆ, "ਅਸਾਡਾ ਪੀਰ ਆ ਗਿਆ ਏ ।
ਗੋਗੀ ਪੀਰ ਆਖੇ ਤਾਂ ਹੁਣੇ ਚਲੇ ਜਾਵਾਂਗੇ। ਹੁਣੇ ਈ ਚਲੇ ਜਾਸਾਂ। ਗੋਗੀ ਪੀਰ ਹੁਕਮ ਤਾਂ ਕਰਨ ।"
ਸਾਰਿਆਂ ਲੋਕਾਂ ਮੇਰੇ ਵੱਲ ਧਿਆਨ ਕਰ ਲਿਆ। ਮੈਂ ਉੱਥੋਂ ਖਿਸਕਣ ਦੀ ਸੋਚਾਂ।
ਮੈਨੂੰ ਤਾਵੀਜ਼ਾਂ ਵਾਲੀ ਹੋਈ ਗੱਲ ਯਾਦ ਤਾਂ ਆਈ, ਪਰ ਮੇਰੇ ਅੰਦਰ ਡਰ ਵੀ ਸੀ। ਮੈਂ ਆਖਿਆ, "ਨਾ ਜੀ ਮੈਂ ਕੀ ਕਰਾਂ, ਮੈਂ ਕੋਈ ਆਲਮ ਆਂ ? ਕੋਈ ਵੱਡਾ ਪੀਰ ਬੁਲਾਓ।"
ਨਾਜੀ ਦੀ ਸੱਸ ਮੇਰੇ ਅੱਗੇ ਹੱਥ ਜੋੜ ਕੇ ਆਖਿਆ, "ਵੇ ਪੁੱਤਰ, ਜੇ ਕੋਈ ਟੂਣਾ ਆਂਵਦਾ ਈ ਤੇ ਲਾ ਚਾ, ਅਸਾਂ ਤਾਂ ਤੰਗ ਆ ਗਏ ਆਂ। ਮੇਰੀ ਨੂੰਹ ਦੀ ਤੰਗੀ ਦੂਰ ਹੋ ਜਾਵੇ ਪੁੱਤਰਾ ਤੇ ਅਸਾਂ ਲੱਖ ਦੁਨੀਆ । ਖੁਦਾ ਤੇਰਾ ਭਲਾ ਕਰੇ।"
ਸਾਰੇ ਆਖਣ ਲੱਗੇ: "ਆਹੋ ਯਾਰ, ਜੇ ਕੁੱਝ ਆਂਵਦਾ ਈ ਤੇ ਕਰ ਅਮਲ, ਖੋਰੇ ਰੱਬ ਤੇਰੇ ਹੱਥੋਂ ਈ ਕੋਈ ਢੋ ਲਾ ਦੇਵੇ। ਵਿਚਾਰੀ ਦੀ ਤਖਲੀਫ਼ ਦੂਰ ਹੋ ਜਾਏ।"
ਮੈਂ ਅਜੇ ਚੁੱਪ ਈ ਸਾਂ ਕਿ ਨਾਜੀ ਦੇ ਮੂੰਹੋਂ ਜਿੰਨ ਬੋਲਿਆ, "ਗੋਗੀ ਪੀਰ ਤੋਂ ਅੱਡ ਅੰਦਰ ਹੋਰ ਕੋਈ ਨਾ ਆਵੇ, ਸਾਰੇ ਦੂਰ ਦੂਰ ਹੋ ਜਾਓ।"
ਜਿੰਨ ਦਾ ਹੁਕਮ ਸੁਣ ਕੇ ਪੀਰ ਸਮੇਤ ਸਾਰੇ ਪਿੱਛੇ ਹਟ ਗਏ । ਮੈਂ ਹੱਕਾ ਬੱਕਾ ਖਲੋਤਾ ਰਹਿ ਗਿਆ। ਮੈਨੂੰ ਉਦੋਂ ਪਤਾ ਲੱਗਿਆ ਜਦੋਂ ਨਾਜੀ ਮੈਨੂੰ ਬਾਹੋਂ ਫੜ ਕੇ ਅੰਦਰ ਲੈ ਗਈ। ਪਹਿਲਾਂ ਤਾਂ ਨਾਜੀ ਮੈਨੂੰ ਗੁੱਸੇ ਨਾਲ ਘੁਰਿਆ, ਫੇਰ ਝੱਟ ਕਰਕੇ ਬੂਹਾ ਬੰਦ ਕਰ ਦਿੱਤਾ ਤੇ ਅੰਦਰੋਂ ਕੁੰਡੀ ਲਾ ਲਈ। ਦੀਵੇ ਨੂੰ ਫੂਕ ਮਾਰਕੇ ਉਸ ਗੁੱਲ ਕਰ ਦਿੱਤਾ। ਡਰ ਤੇ ਖ਼ੌਫ ਦੀ ਇੱਕ ਲਹਿਰ ਮੇਰੇ ਸਾਰੇ ਜੁੱਸੇ ਵਿੱਚ ਖਿੱਲਰ ਗਈ । ਨਾਜੀ ਇੱਕ ਚੀਕ ਮਾਰੀ ਤੇ ਘੁੱਟ ਮੈਨੂੰ ਜੱਫੀ ਪਾਈ।
ਮੈਂ ਜੂੰ ਜੂੰ ਆਪਣਾ ਆਪ ਛੁਡਾਵਣ ਦਾ ਯਤਨ ਕਰਦਾ ਉਹ ਉੱਨਾ ਹੀ ਹੋਰ ਘੁੱਟ ਕੇ ਕਲਾਵੇ ਵਿੱਚ ਲੈਂਦੀ । ਮੇਰੇ ਜੁੱਸੇ ਉੱਤੇ ਨਿੱਕੇ ਨਿੱਕੇ ਚੌਕ ਵੱਢੇ। ਬਾਹਰ ਦੇ ਲੋਕਾਂ ਦੇ ਡਰ ਪਾਰੋਂ ਮੈਂ ਚੱਕਾਂ ਦੀ ਪੀੜ ਉੱਤੇ ਰੋਲਾ ਨਹੀਂ ਸਾਂ ਪਾ ਸਕਦਾ। ਉਹਦੇ ਚੱਕਾਂ ਦੀ ਪੀੜ ਨੂੰ ਜਰੀ ਜਾਂਦਾ ਸਾਂ। ਜਦੋਂ ਉਹ ਕਮਲਿਆਂ ਵਾਂਗ ਹਰਕਤਾਂ ਕਰਨ ਲੱਗ ਪਈ ਤਾਂ ਮੈਂ ਉਹਦੀਆਂ ਵਾਹਵਾਂ ਉੱਤੇ ਚੱਕ ਵੱਢੇ। ਉਹ ਮੈਨੂੰ ਛੱਡ ਕੇ ਰੋਣ ਲੱਗ ਪਈ। ਨਾਜੀ ਦੇ ਜੁੱਸੇ ਦੇ ਸੇਕ ਤੇ ਮੁੜ੍ਹਕੇ ਦੀ ਵਾਹਨਕ ਨਾਲ ਮੇਰਾ ਦਿਮਾਗ ਭਾਰਾ ਹੋ ਗਿਆ ਸੀ ਤੇ ਸਿਰ ਘੁੰਮਣ ਲੱਗ ਪਿਆ ਸੀ। ਬਾਹਰ ਨਿੱਕਲਣ ਲੱਗਾ ਤਾਂ ਫੇਰ ਉਸ ਫੜ ਲਿਆ। ਯਾਰੀ ਬਣਾਈ ਰੱਖਣ ਦਾ ਵਾਅਦਾ ਲਿਆ। ਮੇਰੇ ਬੋਲਣ ਤੋਂ ਪਹਿਲਾਂ ਈ ਉਸ ਦੀਵਾ ਬਾਲ ਦਿੱਤਾ ਤੇ ਮੁਸਕਰਾਕੇ ਮੈਨੂੰ ਨਿੱਕਲਣ ਦਾ ਆਖਿਆ। ਨਾਲ ਈ ਉਹ ਵੀ ਬਾਹਰ ਆ ਗਈ। ਉਹਦੀ ਸੱਸ ਖੁਸ਼ ਹੋਈ, ਮੈਨੂੰ ਦੁਆਵਾਂ
ਦਿੱਤੀਆਂ ਤੇ ਮੇਰਾ ਮੂੰਹ ਚੁੰਮਿਆ।
ਮੈਂ ਉੱਥੋਂ ਨਿੱਕਲ ਕੇ ਘਰ ਆ ਕੇ ਮੰਜੀ ਉੱਤੇ ਲੇਟ ਗਿਆ। ਮੈਨੂੰ ਚੁੱਪ ਵੇਖਕੇ ਮਾਂ ਪੁੱਛਿਆ, “ਗੋਗੀ ਕੀ ਗੱਲ ਏ ?"
ਮੈਂ ਕੋਈ ਜਵਾਬ ਨਾ ਦਿੱਤਾ। ਜਦ ਮਾਂ ਬਹੁਤੀ ਵਾਰ ਪੁੱਛਿਆ ਤਾਂ ਆਖਿਆ,"ਮੇਰੇ ਸਿਰ ਨੂੰ ਪੀੜ ਏ ਮਾਂ।" ਮਾਂ ਨੂੰ ਫਿਕਰ ਲੱਗੀ। ਉਸ ਕਾਹਲੀ ਨਾਲ ਪੁੱਛਿਆ:
"ਨਾਜੀ ਦੇ ਪਾਸੇ ਤਾਂ ਨਹੀਂ ਗਿਆ ।" ਮਾਂ ਦੇ ਖਿਆਲ ਵਿੱਚ ਨਾਜੀ ਵਾਲਾ ਜਿੰਨ ਚਿੰਬੜ ਗਿਆ ਹੋਣਾ ਏਂ । ਮੈਂ ਤਸੱਲੀ ਦਿੰਦਿਆਂ ਆਖਿਆ, "ਕੋਈ ਜਿੰਨ ਨਹੀਂ ਹੁੰਦਾ ਮਾਂ। ਬੱਸ ਐਵੇਂ ਮਕਰ ਏ।"
"ਫੇਰ ਤੇਰੇ ਸਿਰ ਨੂੰ ਪੀੜ ਕਾਹਦੀ ਏ, ਕਾਕਾ" ਮਾਂ ਪਰੇਸ਼ਾਨ ਹੋਈ।
"ਬੱਸ ਐਵੇਂ ਈ ਮਾਂ, ਕਦੇ ਕਦੇ ਮੇਰੇ ਸਿਰ ਨੂੰ ਪੀੜ ਹੋ ਜਾਂਦੀ ਏ।"
"ਅੱਛਾ ਫੇਰ ਚੁੱਪ ਕਰਕੇ ਸੌਂ ਜਾ, ਬਹੁਤਾ ਸੋਚਿਆ ਨਾ ਕਰ ।"
"ਅੱਛਾ ਮਾਂ।” ਮੇਰੇ ਵੱਲੋਂ ਯਕੀਨ ਆਵਣ 'ਤੇ ਮਾਂ ਚਲੀ ਗਈ । ਫੇਰ ਪਤਾ ਨਹੀਂ ਮੈਨੂੰ ਕਦੋਂ ਨੀਂਦਰ ਆਈ। ਉਸ ਰਾਤ ਤੋਂ ਬਾਅਦ ਜਦੋਂ ਵੀ ਨਾਜੀ ਮਿਲੀ ਅੱਖਾਂ ਨੀਵੀਆਂ ਕਰ ਲੈਂਦੀ ਸੀ। ਮੈਂ ਵੀ ਕੁੱਝ ਸ਼ਰਮਿੰਦਾ ਸ਼ਰਮਿੰਦਾ ਹੁੰਦਾ ਸਾਂ।
ਪਿੰਡ ਦੇ ਸਾਰੇ ਨਿੱਕੇ ਵੱਡੇ ਪੀਰ ਜੀ ਪੀਰ ਜੀ ਕਹਿ ਕੇ ਮੇਰਾ ਮੌਜੂ ਬਨਾਂਵਦੇ।
ਜਦ ਬਾਅਦ ਵਿੱਚ ਮੈਨੂੰ ਇਹ ਮਲੂਮ ਹੋਇਆ ਕਿ ਸਾਰੇ ਲੋਕ ਜਿੰਨ ਵਾਲੇ ਮਕਰ ਨੂੰ ਸਮਝਦੇ ਸਨ, ਸਾਰਿਆਂ ਲਈ ਤਾਂ ਇਹ ਸ਼ੁਗਲ: ਸੀ। ਇਹ ਸੁਣ ਕੇ ਮੈਂ ਬੜਾ ਈ ਪੱਚੀ ਹੋਇਆ ਤੇ ਆਪਣੇ ਆਪ 'ਤੇ ਨਫ਼ਰਤ ਵੀ...
ਫੇਰ ਇਹ ਈ ਸ਼ਰਮਿੰਦਗੀ ਤੇ ਨਫ਼ਰਤ ਇੱਕ ਹੋਰ ਦੁੱਖ ਤੇ ਤਲਖੀ ਬਣ ਕੇ ਮੇਰੇ ਸੀਨੇ ਵਿੱਚ ਧੁਖਣ ਲੱਗ ਪਿਆ।
ਜ਼ਿਮੀਂਦਾਰ ਦੇ ਨਵੇਂ ਟਿਊਬ ਵੈੱਲ ਵਾਸਤੇ ਇੱਕ ਪਾਸੇ ਦਾ ਖਾਲ ਬੱਝ ਗਿਆ ਹੋਇਆ ਸੀ। ਦੂਜੇ ਪਾਸੇ ਦੇ ਖਾਲ ਵਾਸਤੇ ਰਾਹਕ ਸਾਰਾ ਦਿਨ ਮਿੱਟੀ ਪੁੱਟ ਪੁੱਟ ਕੇ ਸੁੱਟਦੇ ਰਹਿੰਦੇ ਸਨ। ਪਹਿਲੇ ਬੱਝੇ ਖਾਲ ਨੂੰ ਚਾਲੂ ਕਰਨ ਲਈ ਸਾਰੇ ਰਾਹਕਾਂ ਨੂੰ ਖਾਲ ਦਵਾਲੇ ਖਲਾਰਿਆ ਹੋਇਆ ਸੀ। ਟਿਊਬ ਵੈੱਲ ਨੂੰ ਚੱਲਦਿਆਂ ਵੇਖਣ ਲਈ ਪਿੰਡ ਦੇ ਸਾਰੇ ਬਾਲ ਵੀ ਅੱਪੜ ਗਏ ਸਨ।
ਟਿਊਬ ਵੈੱਲ ਦਾ ਪਾਣੀ ਖਾਲ ਵਿੱਚ ਇੰਜ ਭੱਜਿਆ ਜਾਂਦਾ ਸੀ ਜਿਵੇਂ ਉਸ ਬਹੁਤ ਦੂਰ ਜਾਣਾ ਹੋਵੇ ਤੇ ਬਹੁਤ ਕਾਹਲੀ ਵਿੱਚ ਸੀ । ਖਾਲ ਦੇ ਨਾਲ ਨਾਲ ਕਹੀਆਂ ਫੜੀ ਰਾਹਕ ਪਾਣੀ ਨੂੰ ਖਾਲ ਤੋਂ ਬਾਹਰ ਨਿੱਕਲਣ ਤੋਂ ਡੱਕਣ ਲਈ ਫੁਰਤੀਆਂ ਵਿਖਾ ਰਹੇ ਸਨ।
ਪਾਣੀ ਵਰਗਾ ਚੋਰ ਕੋਈ ਨਹੀਂ ਹੁੰਦਾ। ਮਿੱਟੀ ਦੇ ਖਾਲ ਵਿੱਚੋਂ ਕਿਧਰੋਂ ਨਾ ਕਿਧਰੋਂ ਸਿੰਮ ਪੈਂਦਾ, ਵਗਣ ਲਗਦਾ। ਖਾਲ ਤੋੜ ਕੇ ਬਾਹਰ ਨਿੱਕਲ ਆਂਵਦਾ। ਰਾਹਕ ਝੱਟ ਕਾਬੂ
ਕਰਨ ਦਾ ਯਤਨ ਕਰਦੇ। ਜ਼ਿਮੀਦਾਰ ਉੱਥੇ ਖਲੋਤਾ ਹਰ ਰਾਹਕ ਨੂੰ ਝਾੜ ਪਾਂਵਦਾ, ਗਾਲ ਕੱਢਦਾ.."ਓਏ, ਚਾਰਾ ਕਰ । ਤੇਰੇ ਕੋਲੋਂ ਟੱਪਾ ਈ ਨਹੀਂ ਭਰਿਆ ਜਾਂਦਾ ।" ਰਾਹਕ ਭੱਜ ਭੱਜ ਕੇ ਖਾਲ ਵਿੱਚ ਪਾਣੀ ਨੂੰ ਕੈਦ ਕਰਨ ਦਾ ਯਤਨ ਕਰਦੇ । ਸ਼ਾਮ ਤੀਕਰ ਖਾਲ ਚਾਲੂ ਹੋ ਗਿਆ ਸੀ। ਸ਼ਾਮ ਨੂੰ ਥੱਕੇ ਟੁੱਟੇ ਜੁੱਸੇ ਨਾਲ ਰਾਹਕ ਘਰਾਂ ਨੂੰ ਪਰਤੇ ਸਨ।
ਥਕਾਵਟ ਦੇ ਨਾਲ ਨਾਲ ਜ਼ਿਮੀਂਦਾਰ ਵੱਲੋਂ ਮਿਲੀਆਂ ਝਾੜਾਂ ਤੇ ਗਾਲਾਂ ਵੀ ਰਾਹਕਾਂ ਦੀ ਰੂਹ ਨੂੰ ਜ਼ਖਮੀ ਕੀਤਾ ਹੋਇਆ ਸੀ । ਆਪਣੇ ਅੰਦਰ ਦਾ ਸਾਰਾ ਗੁੱਸਾ ਤੇ ਸਾੜ ਰਾਹਕ ਸਵਾਣੀਆਂ ਉੱਤੇ ਕੱਢ ਲੈਂਦੇ ਸਨ, ਸਵਾਣੀਆਂ ਆਪਣਾ ਗੁੱਸਾ ਆਪਣੇ ਬਾਲਾਂ 'ਤੇ ਕੱਢ ਲੈਂਦੀਆਂ, ਫੇਰ ਬਾਲਾਂ ਨੂੰ ਆਪਣਾ ਗੁੱਸਾ ਕੱਢਣ ਲਈ ਆਪਣੇ ਹਾਣੀਆਂ ਨਾਲ ਲੜਨਾ ਪੈਂਦਾ।
ਬਾਲਾਂ ਦੀ ਲੜਾਈ ਨਾਲ ਗੁੱਸਾ ਪਰਤ ਕੇ ਮੁੜ ਸਵਾਣੀਆਂ ਤੀਕਰ ਅੱਪੜ ਜਾਂਦਾ ਤੇ ਫੇਰ ਪਰਤਕੇ ਮਰਦਾਂ ਤੀਕਰ ਚਲਾ ਜਾਂਦਾ। ਇਹ ਈ ਕਾਰਨ ਸੀ ਕਿ ਰਾਹਕਾਂ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ। ਅੰਦਰ ਈ ਅੰਦਰ ਕੁੜ੍ਹਦੇ ਰਹਿਣਾ ਉਹਨਾਂ ਦੀ ਆਦਤ ਬਣ ਗਈ ਹੋਈ ਸੀ। ਇੱਕ ਦੂਜੇ ਨਾਲ ਕੌੜਾ ਤੇ ਰੁੱਖਾ ਬੋਲਦੇ। ਨਫ਼ਰਤ ਭਰੀਆਂ ਟਿਚਕਰਾਂ ਕਰਨੀਆਂ ਰਾਹਕਾਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੋਇਆ ਸੀ।
ਟਿਊਬ ਵੈੱਲ ਦੇ ਪਾਣੀ ਨੂੰ ਖਾਲ ਵਿੱਚ ਵਗਦਿਆਂ ਵੇਖਣ ਲਈ ਮੈਂ ਵੀ ਗਿਆ ਸਾਂ, ਪਰ ਮੇਰਾ ਖਿਆਲ ਪਾਣੀ ਦੇ ਨਾਲ ਨਾਲ ਵਗਦਾ ਹੋਇਆ, ਸ਼ਾਹੂ ਦੇ ਖੋਲਿਆਂ ਤੀਕਰ ਚਲਾ ਜਾਂਦਾ ਸੀ। ਪਾਣੀ ਤੋਂ ਡੇਕ, ਡੇਕ ਤੋਂ ਪੁਲ ਤੇ ਪੁਲ ਤੋਂ ਸ਼ਾਹੂ ਦੇ ਖੋਲਿਆਂ ਤੀਕਰ ਈ ਮੇਰੇ ਖਿਆਲ ਦੀ ਉਡਾਰੀ ਸੀ।
ਚਾਨਣੀਆਂ ਰਾਤਾਂ ਨੂੰ ਸੁਫਨਿਆਂ ਵਿੱਚ ਜ਼ੋਹਰਾ ਨਾਲ ਰੱਜ ਗੱਲਾਂ ਹੁੰਦੀਆਂ। ਜ਼ਰੇ- ਜ਼ਰੇ ਇੱਕ ਦੂਜੇ ਨਾਲ ਰੁਸਦੇ ਤੇ ਮਨਾਂਵਦੇ, ਖੁੱਲ੍ਹ ਕੇ ਹੱਸਦੇ ਖੇਡਦੇ, ਪਿਆਰ ਕਰਦੇ ਤੇ ਖੁਸ਼ ਹੁੰਦੇ ਸਾਂ।
ਉਸ ਦਿਨ ਸੁਫਨੇ ਵਿੱਚ ਮੈਂ ਜ਼ੋਹਰਾ ਦੇ ਚਿੱਟੇ ਦੰਦਾਂ ਨੂੰ ਆਪਣੀ ਉਂਗਲੀ ਨਾਲ ਛੂਹ ਕੇ ਵੇਖ ਰਿਹਾ ਸਾਂ ਕਿ... ਚਾਚੇ ਨੇ ਆ ਜਗਾਇਆ। “ਉੱਠ ਓਏ ਗੋਗੀ, ਖੂਹ ਜੋਵਣਾ ਏ ।" ਸੁਫਨਾ ਟੁੱਟਣ ਦਾ ਦੁੱਖ ਹੋਇਆ। ਚਾਚੇ ਉੱਤੇ ਬਹੁਤ ਵੱਟ ਚੜ੍ਹਿਆ। ਕੈਸੇ ਜ਼ਾਲਮ ਲੋਕ ਨੇ ਅਜ਼ਾਦੀ ਨਾਲ ਸੁਫਨੇ ਵੀ ਨਹੀਂ ਦੇਖਣ ਦਿੰਦੇ । ਮੈਂ ਮਨ ਈ ਮਨ ਵਿੱਚ ਆਖਿਆ ਤੇ ਪਾਸਾ ਪਰਤਕੇ ਫੇਰ ਅੱਖਾਂ ਮੀਟ ਲਈਆਂ। ਚਾਚੇ ਫੇਰ ਜਗਾਇਆ ਤੇ ਮੈਂ ਆਖਿਆ:
"ਹੁਣ ਤੇ ਟਿਊਬ ਵੈੱਲ ਚੱਲ ਪਿਆ ਏ, ਖੂਹ ਜੋਵਣ ਦੀ ਕੀ ਲੋੜ ਏ ਚਾਚਾ ?" ਚਾਚੇ ਮੈਨੂੰ ਧੌਣੋਂ ਫੜ ਕੇ ਲੰਮੇ ਪਏ ਨੂੰ ਬਿਠਾ ਦਿੱਤਾ ਤੇ ਆਖਿਆ :
"ਟਿਊਬ ਵੈੱਲ ਦਿਆ ਪੁੱਤਰਾ, ਅਜੇ ਖੂਹ ਈ ਵਗਣਾ ਏ। ਟਿਊਬ ਵੈੱਲ ਦਾ ਪਾਣੀ ਇੱਧਰ ਨਹੀਂ ਆਂਵਦਾ।"
"ਨਹੀਂ ਆਂਵਦਾ ਤੇ ਨਾ ਆਵੇ, ਮੈਂ ਕੀ ਕਰਾਂ " ਏਨਾ ਆਖ ਕੇ ਮੈਂ ਫੇਰ ਲੰਮਾ ਪੈ ਗਿਆ।
"ਭਾਈਏ ਸ਼ੇਖੂਪੁਰਾ ਜਾਣਾ ਏ, ਕੁੱਝ ਬੀਜ ਲਿਆਣਾ ਏ ਜਵਾਰ ਦਾ। ਬੱਸ ਤੂੰ ਝੱਟ ਗਾਧੀ ਉੱਤੇ ਈ ਤਾਂ ਬਹਿਣਾ ਏ ।"
“ਤੂੰ ਆਪੇ ਈ ਬਹਿ ਜਾਵੀਂ ਚਾਚਾ, ਮੈਂ ਨਹੀਂ ਬੈਠਦਾ ਤੇਰੀ ਗਾਧੀ ਉੱਤੇ ।"
ਮੇਰੀ ਨਾਂਹ ਨੁੱਕਰ ਸੁਣ ਕੇ ਮੇਰੇ ਪਿਉ ਦੀ ਕੁਰੱਖਤ ਤੇ ਬੇਰਹਿਮ ਅਵਾਜ਼ ਆਈ, "ਓਏ ਉਠਨਾ ਏਂ ਕਿ ਆਵਾਂ ਫੇਰ।"
ਮੇਰੇ ਲਈ ਏਨਾ ਈ ਕਾਫੀ ਸੀ । ਚੁੱਪ ਕਰਕੇ ਚਾਚੇ ਅੱਗੇ ਲੱਗ ਟੁਰਿਆ। ਖੂਹ ਜੋਵਣ ਵਾਲਾ ਸਮਾਨ ਚਾਚੇ ਪਹਿਲਾਂ ਈ ਤਿਆਰ ਕੀਤਾ ਹੋਇਆ ਸੀ । ਚਾਚੇ ਛੱਤ ਨਾਲੋਂ ਟੰਗੇ ਖੋਪੇ ਲਾਹੇ, ਪਰਾਨੀ ਲਈ, ਢਗਿਆਂ ਨੂੰ ਪੰਜਾਲੀ ਦਿੱਤੀ, ਮੋਢੇ ਉੱਤੇ ਕਹੀ ਚੁੱਕੀ ਤੇ ਅਸੀਂ ਖੂਹ ਜੋਵਣ ਟੁਰ ਪਏ।
ਖੂਹ ਪਿੰਡ ਤੋਂ ਥੋੜ੍ਹਾ ਜੇਹਾ ਹਟਵਾਂ ਸੀ । ਪਹੇ ਪਹੇ ਖੂਹ ਵੱਲ ਜਾਂਦਿਆਂ ਹੋਇਆਂ ਢਗਿਆਂ ਦੇ ਗਲ ਦੀਆਂ ਗਾਨੀਆਂ ਦੇ ਘੁੰਗਰੂਆਂ ਤੇ ਟੱਲੀਆਂ ਦੀ ਅਵਾਜ਼ ਬਹੁਤ ਹੀ ਸਰੂਰ ਦੇ ਰਹੀ ਸੀ। ਸਰਘੀ ਵੇਲ਼ੇ ਤੇ ਹੋਰ ਈ ਸਵਾਦ ਸੀ ਘੁੰਗਰੂਆਂ ਦੀ ਛਣਕਾਰ ਦਾ । ਮੈਨੂੰ ਲਗਦਾ ਜਿਵੇਂ ਗਹਿਣੇ ਪਾਈ ਜ਼ੋਹਰਾ ਮੇਰੇ ਮਗਰ ਮਗਰ ਟੁਰੀ ਆ ਰਹੀ ਹੋਵੇ। ਪਿੱਛੇ ਪਰਤਕੇ ਵੇਖਣ ਨਾਲ ਕੁੱਝ ਵੀ ਨਹੀਂ ਸੀ ਉੱਥੇ।
ਘੋਨਾ ਖੂਹ ਸੀ... ਬਿਨਾਂ ਚਨਿਆਂ ਦੇ… ਕਾਂਜਨ ਕਿੱਥੋਂ ਹੋਣੀ ਸੀ । ਲੋਹੇ ਦਾ ਦਵਾਸੀ ਢੋਲ ਚਰਕਲੀ ਲੋਹੇ ਦੇ ਸਨ । ਖੂਹ ਦਾ ਪੜਾਨਾ ਬੇਸਵਾਦ ਤੇ ਉੱਚਾ ਨੀਵਾਂ ਸੀ । ਲੋਹੇ ਦੀ ਲੱਠ ਵੀ ਉਤਾਂਹ ਉੱਭਰੀ ਹੋਈ ਸੀ। ਕਿਸੇ ਵੀ ਮਿੱਟੀ ਪਾਵਣ ਦੀ ਖੇਚਲ ਨਾ ਕੀਤੀ। ਕਈ ਵਾਰ ਏਸ ਲੱਠ ਉੱਤੋਂ ਜੋਗ ਨੂੰ ਠੁੱਡੇ ਵੀ ਲਗਦੇ ਰਹਿੰਦੇ ਸਨ।
ਚਾਚੇ ਜੋਗ ਨੂੰ ਗਾਧੀ ਅੱਗੇ ਜੋ ਕੇ ਤੋਰ ਦਿੱਤਾ ਤੇ ਮੈਨੂੰ ਗਾਧੀ ਉੱਤੇ ਬਿਠਾ ਕੇ ਆਖਿਆ : "ਜੋਗ ਨੂੰ ਛੇੜੀ ਨਾ, ਅਰਾਮ ਨਾਲ ਟੁਰਨ ਦੇਵੀਂ।"
ਮੇਰੀਆਂ ਅੱਖਾਂ ਵਿੱਚ ਫੇਰ ਨੀਂਦਰ ਦਾ ਜ਼ੋਰ ਹੋਣ ਲੱਗ ਪਿਆ ਸੀ । ਮੈਂ ਸਿਰਫ ਏਨਾ ਈ ਆਖਿਆ: "ਹਲਾ ।"
"ਹਲਾ ਦਿਆ ਪੁੱਤਰਾ, ਸੌਂ ਨਾ ਜਾਵੀਂ, ਧਿਆਨ ਰੱਖਣਾ ਪੈਂਦਾ ਏ । ਜ਼ਰੇ ਜ਼ਰੇ ਮਾਲ੍ਹ ਅੜ ਜਾਂਦੀ ਏ।" ਚਾਚੇ ਹੋਰ ਪਤਾ ਨਹੀਂ ਕੀ ਕੀ ਆਖਿਆ ਹੋਣਾ ਏ। ਮੈਂ ਕੁੱਝ ਵੀ ਨਹੀਂ ਸਾਂ ਸਮਝ ਰਿਹਾ। ਮੈਨੂੰ ਮੱਤਾਂ ਦੇਣ ਮਗਰੋਂ ਚਾਚਾ ਆਪ ਰੌਣੀ ਅੱਗੇ ਜਾ ਖਲੋਤਾ। ਢਗਿਆਂ ਦੀ ਜੋਗ ਚੰਗੀ ਸੀ, ਆਪਣੇ ਆਪ ਈ ਇੱਕ ਟੋਰ ਨਾਲ ਟੁਰੀ ਜਾ ਰਹੀ ਸੀ। ਖੂਹ ਦੀ ਘੂੰ-ਘੂ ਤੇ ਢੋਲ ਚਰਖੀ ਦੀ ਉੱਭਰਦੀ ਡੁੱਬਦੀ ਸੁਰ, ਢਗਿਆਂ ਦੀਆਂ ਗਾਨੀਆਂ ਦੀ ਟਨ ਟਨ ਤੇ ਛਣ ਛਣ ਸਾਰੀਆਂ ਸੁਰਾਂ ਰਲ ਕੇ ਇੱਕ ਸਰੂਰ ਦੇਵਣ ਵਾਲਾ ਰਾਗ ਬਣਿਆ ਹੋਇਆ ਸੀ। ਸਰਘੀ ਵੇਲੇ ਦਾ ਸੁਹਾਵਣਾ ਸਮਾਂ ਤੇ ਮਾਂ ਦੀ ਗੋਦ ਵਰਗੀ ਗਾਧੀ ਵਿੱਚ ਬੈਠਾ ਮੈਂ ਕਿਸੇ ਰਾਜੇ ਨਾਲੋਂ ਘੱਟ ਨਹੀਂ ਸਾਂ । ਖੂਹ ਦੇ ਮਿੱਠੇ ਰਾਗ ਮੈਨੂੰ ਲੋਰੀਆਂ ਦੇ ਰਹੇ ਸਨ । ਮੈਂ ਛੇਤੀ ਈ ਪੰਘੂੜੇ ਪਏ ਬਾਲ ਵਾਂਗਰ ਘੂਕ ਸੌਂ ਗਿਆ।
ਅਚਨਚੇਤ ਮੇਰੇ ਉੱਤੇ ਪਾਣੀ ਦੇ ਛਿੱਟੇ ਪਏ । ਮੇਰੀ ਅੱਖ ਖੁੱਲ੍ਹ ਗਈ ਤੇ ਮੈਂ ਵੇਖਿਆ,
ਦਿਨ ਚੜ੍ਹਿਆ ਹੋਇਆ ਸੀ। ਮਾਝਾਂ ਤੇ ਜ਼ੋਹਰਾ ਪਾਣੀ ਭਰਨ ਆਈਆਂ ਹੋਈਆਂ ਸਨ। ਉਹ ਆਪਣੇ-ਆਪਣੇ ਘੜੇ ਧੋ ਰਹੀਆਂ ਸਨ। ਮੇਰੇ ਜਾਗਣ ਉੱਤੇ ਦੋਵੇਂ ਮੁਸਕਰਾ ਪਈਆਂ। ਖੂਹ ਦਾ ਰਾਗ ਹੋਰ ਵੀ ਸੋਹਣਾ ਲੱਗਣ ਲੱਗ ਪਿਆ ਸੀ । ਮੈਂ ਅਣਜਾਣ ਬਣਕੇ ਇੱਕ ਆਕੜੀ ਲਈ ਤੇ ਫੇਰ ਅੱਖਾਂ ਮੀਟ ਲਈਆਂ। ਪਾਣੀ ਦੇ ਛਿੱਟੇ ਆਏ। ਦੋਵੇਂ ਗੁਟਕ ਪਈਆਂ ਸਨ। ਮੈਂ ਵੀ ਮੁਸਕਰਾਂਦਾ ਹੋਇਆ ਗਾਧੀ ਤੋਂ ਉੱਤਰ ਆਇਆ ਤੇ ਪੁੱਛਿਆ, "ਮੇਰੇ ਉੱਤੇ ਪਾਣੀ ਕਿਸ ਸੁੱਟਿਆ ਏ ?" "ਅਸਾਂ ਦੋਵਾਂ ਸੁੱਟਿਆ ਏ", ਮਾਝਾ ਬੋਲੀ।
"ਕਿਉਂ ?" ਮੇਰੇ ਦੂਜੇ ਸਵਾਲ ਉੱਤੇ ਜ਼ੋਹਰਾ ਬੋਲੀ, "ਦਿਨ ਚੜ੍ਹ ਆਇਆ ਏ ਕਾਕਾ ਬੱਲੀ । ਇਹ ਵੇਲਾ ਜਾਗਣ ਦਾ ਏ। ਘੋੜੇ ਵੇਚ ਕੇ ਸੁੱਤਾ ਹੋਇਆ ਏਂ ।" ਏਨੀ ਦੇਰ ਵਿੱਚ ਮਾਝਾ ਘੜਾ ਭਰਕੇ ਜ਼ੋਹਰਾ ਨੂੰ ਚੁਕਾਵਣ ਲਈ ਆਖਿਆ। ਜ਼ੋਹਰਾ ਅੱਖਾਂ ਅੱਖਾਂ ਵਿੱਚ ਗੁਟਕਦਿਆਂ ਹੋਇਆਂ ਆਖਿਆ, "ਤੇ ਮੈਨੂੰ ਕੌਣ ਚੁਕਵਾਏਗਾ ?" ਮਾਝਾਂ ਸ਼ਰਾਰਤ ਨਾਲ ਮੁਸਕਰਾ ਕੇ ਬੋਲੀ, "ਤੈਨੂੰ ਘੜਾ ਚੁਕਾਵਣ ਵਾਲ਼ੇ ਬਥੇਰੇ ਮਿਲ ਜਾਸਨ ਬੱਲੀਏ।" ਦੋਵੇਂ ਟਾਹ ਟਾਹ ਕਰਕੇ ਹੱਸਦਿਆਂ ਦੂਹਰਾ ਹੁੰਦਿਆਂ ਹੋਇਆਂ ਮਾਝਾਂ ਦੇ ਸਿਰ ਉੱਤੇ ਘੜਾ ਟਿਕਾ ਦਿੱਤਾ। ਇੰਜ ਗੁਟਕਦੀਆਂ ਕੁੜੀਆਂ ਵੇਖ ਮੇਰੇ ਦਿਲ ਅੰਦਰ ਸੱਟ ਵੱਜਦੀ ਜਾਪਦੀ ਸੀ। ਅਨਾਰ ਦੇ ਦਾਣਿਆਂ ਵਾਂਗਰ ਚਿੱਟੇ ਦੰਦ ਚਮਕਦੇ ਸੂਰਜ ਦੀ ਲਿਸ਼ਕ ਨਾਲ ਹੋਰ ਵੀ ਸੁਹਣੇ ਲਗਦੇ ਸਨ। ਸੱਜਰੀ ਸਵੇਰ ਵਿੱਚ ਸੱਜਰੇ ਰੂਪ ਕੁੱਝ ਹੋਰ ਈ ਬਹਾਰ ਵਿਖਾ ਰਹੇ ਸਨ। ਮੇਰਾ ਤੇ ਬੱਸ ਵੇਖਣ ਨੂੰ ਈ ਜੀ ਕਰਦਾ ਸੀ। ਮਾਝਾਂ ਦੇ ਜਾਵਣ ਮਗਰੋਂ ਜ਼ੋਹਰਾ ਆਖਿਆ, "ਹੁਣ ਮੈਨੂੰ ਤੂੰ ਘੜਾ ਚੁਕਵਾ ਦੇ।" ਮੈਂ ਘੜਾ ਚੁਕਾਵਣ ਲਈ ਥੱਲੇ ਉੱਲਰਕੇ ਘੜੇ ਨੂੰ ਹੱਥ ਪਾਇਆ। ਉਹ ਵੀ ਉੱਲਰੀ । ਉਸ ਵੀ ਘੜੇ ਨੂੰ ਹੱਥ ਪਾਏ ਤੇ ਮੇਰੀ ਨਜ਼ਰ ਉਹਦੇ ਗਲੇਵੇਂ ਅੰਦਰ ਪੈ ਗਈ। ਦੋਵੇਂ ਪੱਕੇ ਅਨਾਰ ਲਾਲ ਸੁਰਖ ਸਾਫ਼ ਨਜ਼ਰ ਆ ਰਹੇ ਸਨ । ਏਨੇ ਸਿਹਤਮੰਦ ਤੇ ਬੇਦਾਗ ਸਾਫ਼ ਸੁਥਰੇ ਭਰਵੇਂ ਤੇ ਤਾਜੇ ਅਨਾਰ ਵੇਖ ਕੇ ਮੇਰੇ ਤੇ ਹੋਸ਼ ਈ ਨਾ ਕਾਇਮ ਰਹੇ। ਮੇਰੇ ਜੁੱਸੇ ਵਿੱਚੋਂ ਖ਼ੋਰੇ ਤਾਕਤ ਈ ਮੁੱਕ ਗਈ ਸੀ। ਮੇਰਾ ਧਿਆਨ ਉੱਥੇ ਈ ਜੰਮ ਗਿਆ।
ਮੇਰੇ ਵਿੱਚ ਬੋਲਣ ਤੇ ਹਿੱਲਣ ਜੁੱਲਣ ਦੀ ਵੀ ਆਂਕਸ ਨਹੀਂ ਸੀ ਰਹੀ। ਮੈਨੂੰ ਖ਼ਬਰ ਈ ਨਾ ਕਿ ਮੈਂ ਕਿੱਥੇ ਆਂ। ਉਸ ਮੇਰੀ ਹਾਲਤ ਨੂੰ ਖ਼ੋਰੇ ਸਮਝ ਲਿਆ ਸੀ । ਘੜਾ ਆਪੇ ਈ ਚੁੱਕ ਲਿਆ ਤੇ ਮੈਂ ਕਈ ਦੇਰ ਇੰਜ ਈ ਉੜਿਆ ਰਹਿ ਗਿਆ। ਉਸ ਆਖਿਆ, "ਘੜਾ ਤੇ ਮੈਂ ਆਪ ਈ ਚੁੱਕ ਸਕਨੀ ਆਂ. ਪਰ ਤੈਨੂੰ ਹੋਸ਼ ਕਰਨੀ ਚਾਹੀਦੀ ਏ।" ਉਹ ਘੜਾ ਚੁੱਕ ਕੇ ਮੁਸਕਰਾਂਦੀ ਹੋਈ ਚਲੀ ਗਈ ਤੇ ਮੈਨੂੰ ਆਪਣੀ ਹਾਲਤ ਦਾ ਖਿਆਲ ਆਇਆ।
ਹੋਸ਼ ਆਵਣ ਉੱਤੇ ਵਾਰ ਵਾਰ ਉਸ ਤਸਵੀਰ ਦਾ ਨਕਸ਼ਾ ਮੇਰੇ ਸਾਹਮਣੇ ਖਿਆਲਾਂ ਵਿੱਚ ਆ ਖਲੋਂਦਾ ਸੀ। ਅਜੀਬ ਜਿਹਾ ਸਰੂਰ ਉਸ ਨਿੱਕੀ ਜਿਹੀ ਝਾਤ ਵਿੱਚ। ਏਨਾ ਖੂਬਸੂਰਤ ਸੀਨਾ ਮੈਂ ਪਹਿਲੀ ਵਾਰ ਵੇਖਿਆ ਸੀ। ਏਨਾ ਅਸਰ ਖ਼ੌਰੇ ਕਦੀ ਨਹੀਂ ਸੀ ਹੋਇਆ। ਬੇਹੋਸ਼ੀ ਦੇ ਨੇੜੇ ਨੇੜੇ ਅੱਪੜ ਗਿਆ ਸਾਂ।
ਪਹਿਲੇ ਜਦ ਲੋਕ ਆਪਣੇ ਇਸ਼ਕ ਦੇ ਕਿੱਸੇ ਸੁਣਾਵੰਦੇ, ਏਹੋ ਜਿਹੀਆਂ ਅਣਹੋਣੀਆਂ ਗੱਲਾਂ ਚਸਕਾ ਲੈ ਲੈ ਕੇ ਕਰਦੇ ਤਾਂ ਮੈਂ ਯਕੀਨ ਨਹੀਂ ਸਾਂ ਕਰਿਆ ਕਰਦਾ। ਹਾਣੀ ਇਸ਼ਕ
ਵਿੱਚ ਹਿਜਰ ਦੀ ਅੱਗ ਦਾ ਜ਼ਿਕਰ ਕਰਦੇ ਤਾਂ ਮੈਂ ਮਖੌਲ ਕਰਦਾ ਰਹਿੰਦਾ ਸਾਂ, ਪਰ ਉਸ ਦਿਨ ਤੇ ਮੇਰੇ ਆਪਣੇ ਨਾਲ ਕਮਾਲ ਈ ਹੋ ਗਿਆ ਸੀ । ਮੈਨੂੰ ਆਪਣੀ ਉਸ ਕੈਫੀਅਤ ਦਾ ਅਜੇ ਤੀਕਰ ਯਕੀਨ ਨਹੀਂ ਆਂਵਦਾ ਕਿ ਉਹ ਕੀ ਹੋ ਗਿਆ ਸੀ।
ਮੈਂ ਫੇਰ ਗਾਧੀ ਉੱਤੇ ਜਾ ਬੈਠਾ। ਮੇਰੇ ਅੰਗ ਅੰਗ ਵਿੱਚ ਸਰੂਰ ਦਾ ਨਸ਼ਾ ਭਰਿਆ ਗਿਆ ਸੀ। ਮੇਰੀ ਬੋਟੀ ਬੋਟੀ ਫੜਕਣ ਲੱਗ ਪਈ ਸੀ । ਪਹਿਲੇ ਤੇ ਮੈਂ ਮਾਹੀਏ ਦੀਆਂ ਦੋ ਕੁ ਕਲੀਆਂ ਗਵੱਈਆਂ ਤੇ ਫੇਰ ਜੋਗ ਨੂੰ ਛੇੜ ਦਿੱਤਾ। ਜੋਗ ਸੀ ਕਿ ਖ਼ੋਰੇ ਪਹਿਲੇ ਈ ਉਡੀਕਦੀ ਪਈ ਸੀ, ਮੇਰੇ ਜ਼ਰਾ ਕੁ ਛੇੜਨ ਉੱਤੇ ਉਹਨਾਂ ਉਹ ਤੇਜ਼ੀ ਵਿਖਾਈ ਕਿ ਚਾਲ ਹੀ ਹੋਰ ਫੜ ਲਈ। ਪਾੜਛੇ ਵਿੱਚ ਪਾਣੀ ਈ ਨਾ ਪੈਣ ਦਿੱਤਾ। ਮਾਲ੍ਹ ਦੀ ਇੱਕ ਇੱਕ ਟਿੰਡ ਬੀੜ ਉੱਤੇ ਥਾੜ-ਥਾੜ ਵੱਜਦੀ, ਉੱਤੋਂ ਢੋਲ ਤੇ ਚਰਕਲੀ ਦੀਆਂ ਚੂਥੀਆਂ ਚੀਕ-ਚੀਕ ਕੇ ਹਾਲ ਪਾਰਿਆਂ ਹਾਲ ਪਾਰਿਆ ਹੋਵਣ ਲੱਗ ਪਈ। ਬੋੜੀਏ ਇੱਕ ਦੂਜੇ ਨਾਲ ਟਚ ਟਚ ਤਿੜਕ ਤਿੜਕ ਵੱਜਦੇ ਸਨ।
ਗਾਨੀਆਂ ਦੀ ਛਣ ਛਣ ਨਾਲ ਮੈਨੂੰ ਹੋਰ ਵੀ ਜੋਸ਼ ਚੜ੍ਹ ਰਿਹਾ ਸੀ। ਮੇਰੇ ਅੰਦਰ ਪਤਾ ਨਹੀਂ ਕੀ ਹੁੱਜਾਂ ਵੱਜਦੀਆਂ ਪਈਆਂ ਸਨ । ਮੈਂ ਤੇਜ ਤੋਂ ਤੇਜ ਹੋਣਾ ਚਾਹੁੰਦਾ ਸਾਂ । ਮੈਨੂੰ ਸਬਰ ਨਹੀਂ ਸੀ ਆ ਰਿਹਾ। ਮੇਰਾ ਤੇ ਜਿਵੇਂ ਪਹੁ ਈ ਛਟ ਗਿਆ ਸੀ। ਹਰ ਚੀਜ਼ ਆਪਣੇ ਇੰਤਹਾ ਉੱਤੇ ਅੱਪੜੀ ਜਾਪਦੀ ਸੀ, ਪਰ ਮੈਂ ਹੋਰ ਇੰਤਹਾ ਚਾਹੁੰਦਾ ਸਾਂ, ਹੋਰ ਤੇ ਹੋਰ ਮੈਂ ਹਰ ਚੀਜ਼ ਤੋਂ ਬੇਖ਼ਬਰ ਸਾਂ ।
ਇੱਕਦਮ ਚਾਚੇ ਜੋਗ ਨੂੰ ਰੋਕ ਕੇ ਮੈਨੂੰ ਧੌਣੋਂ ਫੜਕੇ ਗਾਧੀ ਤੋਂ ਲਾਹ ਕੇ ਗੁੱਸੇ ਨਾਲ ਆਖਿਆ, “ਓਏ ਕਿਹੜੀ ਸ਼ੈ ਤੈਨੂੰ ਚੈਨ ਨਹੀਂ ਲੈਣ ਦਿੰਦੀ"। ਚਾਚੇ ਨੂੰ ਸਾਹ ਚੜ੍ਹਿਆ ਹੋਇਆ ਸੀ। ਉਹ ਖੌਰੇ ਕਾਹਲੀ ਵਿੱਚ ਭੱਜ ਕੇ ਆਇਆ ਹੋਣਾ ਏ। ਉਸ ਹੋਰ ਵੀ ਬਹੁਤ ਕੁੱਝ ਆਖਿਆ, ਸਗੋਂ ਗਾਲਾਂ ਵੀ ਦਿੱਤੀਆਂ ਪਰ ਮੈਂ ਕੀ ਜਵਾਬ ਦਿੰਦਾ ? ਚਾਚੇ ਆਖਿਆ, “ਤੂੰ ਤਾਂ ਹਰ ਸ਼ੈ ਤੋੜ ਕੇ ਬਰਬਾਦ ਕਰ ਦੇਣੀ ਸੀ ਜੇ ਮੈਂ ਨਾ ਆਂਵਦਾ ਤਾਂ ।"
ਪਰ ਮੈਂ ਤੇ ਅਜੇ ਸਰੂਰ ਵਿੱਚ ਸਾਂ, ਕੋਈ ਜਵਾਬ ਨਾ ਦਿੱਤਾ। ਚਾਚਾ ਫੇਰ ਚਲਾ ਗਿਆ। ਕਈ ਹੋਰ ਸਵਾਣੀਆਂ ਵੀ ਪਾਣੀ ਭਰਨ ਆਈਆਂ ਤੇ ਗਈਆਂ, ਪਰ ਉਹ ਗੱਲ ਕਿੱਥੇ ਸੀ ਜੋ ਮੈਂ ਸਵੇਰੇ ਸਵੇਰੇ ਵੇਖ ਬੈਠਾ ਸਾਂ । ਹੁਣ ਮੇਰੇ ਅੰਦਰ ਦੀ ਉਦਾਸੀ ਵਧਣ ਲੱਗ ਪਈ ਸੀ। ਇੱਕਦਮ ਜਿਵੇਂ ਕਿਸੇ ਖੁਸ਼ੀ ਖੋਹ ਲਈ ਹੋਵੇ। ਮੇਰਾ ਹਰ ਚੀਜ਼ ਤੋਂ ਦਿਲ ਉੱਠਣ ਲੱਗ ਪਿਆ। ਮੇਰੇ ਅੰਦਰ ਏਨੀ ਛੇਤੀ ਉਦਾਸੀ ਆਈ ਕਿ ਮੈਂ ਆਪ ਹੈਰਾਨ ਸਾਂ ਕਿ ਇੰਜ ਕਿਉਂ ਹੋ ਰਿਹਾ ਏ। ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਕਦੇ ਵੀ ਉਦਾਸ ਨਾ ਹੁੰਦਾ। ਦੁਪਹਿਰ ਤੀਕਰ ਖੂਹ ਵਗਦਾ ਰਿਹਾ ਸੀ । ਖੂਹ ਦਾ ਰਾਗ ਵੀ ਉਹ ਈ ਸੀ, ਜੋਗ ਦੀਆਂ ਗਾਨੀਆਂ ਵੀ ਉਹ ਈ ਸਨ, ਪਰ ਹੁਣ ਮੈਨੂੰ ਇਹ ਸਭ ਕੁੱਝ ਸ਼ੋਰ ਲਗਦਾ ਸੀ । ਜੋਗ ਦੇ ਗਲੋਂ ਤੇ ਮੈਂ ਗਾਨੀਆਂ ਲਾਹ ਕੇ ਰੱਖ ਦਿੱਤੀਆਂ ਸਨ, ਪਰ ਖੂਹ ਦੀਆਂ ਚੀਕਾਂ ਤੇ ਮੇਰੇ ਅੰਦਰ ਦੀਆਂ ਚੀਕਾਂ ਬਣਦੀਆਂ ਜਾਂਦੀਆਂ ਸਨ।
ਪੇਸ਼ੀ ਵੇਲ਼ੇ ਦੂਜੀ ਜੋਗ ਜੋ ਦਿੱਤੀ ਗਈ। ਪਿਉ ਸ਼ੇਖੂਪੁਰੇ ਤੋਂ ਪਰਤ ਆਇਆ ਸੀ।
ਮੈਨੂੰ ਵੀ ਘਰ ਜਾਵਣ ਦੀ ਅਜ਼ਾਦੀ ਮਿਲ ਗਈ । ਨਾਲ ਈ ਇਹ ਹੁਕਮ ਹੋਇਆ ਕਿ ਜੋਗ ਨੂੰ ਲਿਜਾ ਕੇ ਪੱਠੇ ਪਾਵਣੇ ਨੀ। ਮੈਂ ਪਿਉ ਦੇ ਹੁਕਮ ਉੱਤੇ ਅਮਲ ਕਰਦਿਆਂ ਇੰਜ ਈ ਕੀਤਾ।
ਨਿੰਮੋਝੂਣਾ ਤੇ ਉਦਾਸ ਬੈਠਾਂ ਸਾਂ ਕਿ ਮਾਂ ਵੇਖ ਕੇ ਪੁੱਛਿਆ, “ਕੀ ਗੱਲ ਏ ਗੋਗੀ, ਤੇਰਾ ਮੂੰਹ ਕਿਉਂ ਲੱਥਾ ਹੋਇਆ ਏ?"
"ਕੁੱਝ ਨਹੀਂ ਮਾਂ।"
"ਕੁੱਝ ਤੇ ਹੈ, ਫੇਰ ਏਨਾ ਭੈੜਾ ਕਿਉਂ ਪਿਆ ਹੋਇਆ ਏਂ ?”
"ਮੈਂ ਕੋਈ ਭੈੜਾ ਨਹੀਂ ਪਿਆ। ਐਵੇਂ ਸਿਰ ਨੂੰ ਚੱਕਰ ਆ ਗਏ ਸਨ।” ਮੇਰੇ ਏਸ ਝੂਠੇ ਬਹਾਨੇ ਉੱਤੇ ਮਾਂ ਸਦਕੇ ਵਾਰੀ ਹੁੰਦਿਆਂ ਆਖਿਆ, "ਤੂੰ ਬਹੁਤੀ ਦੇਰ ਗਾਧੀ ਉੱਤੇ ਨਹੀਂ ਸੀ ਬਹਿਣਾ, ਥੱਲੇ ਉੱਤਰ ਆਉਂਦਾ, ਲਿਆ ਮੈਂ ਤੇਰੇ ਸਿਰ ਨੂੰ ਮੁੱਠੀਆਂ ਭਰ ਦਿਆਂ ।" ਮਾਂ ਮੇਰਾ ਸਿਰ ਦੱਬਣ ਲੱਗ ਪਈ। ਮਾਂ ਫੇਰ ਆਖਿਆ, "ਜੋਗ ਮਾੜੀ ਤੇ ਨਹੀਂ ਸੀ। ਆਪੇ ਟੁਰੀ ਰਹਿੰਦੀ ਏ... ਤੂੰ ਝੱਟ ਪਰ ਗਾਧੀ ਤੋਂ ਲਹਿ ਆਵਣਾਂ ਸੀ।"
“ਉਹ ਤੇ ਠੀਕ ਏ ਮਾਂ, ਪਰ ਮੈਨੂੰ ਤੇ ਥੱਲੇ ਵੀ ਚੱਕਰ ਆਂਵਦੇ ਸਨ।"
"ਥੱਲੇ ਵੀ ਚੱਕਰ ਆਂਵਦੇ ਸਨ," ਮਾਂ ਮੇਰੀ ਗੱਲ 'ਤੇ ਹੈਰਾਨ ਹੋਈ। "ਥੱਲੇ ਕਿਉਂ ਚੱਕਰ ਆਂਵਦੇ ਸੀ।"
ਮਾਂ ਉੱਠ ਕੇ ਮੇਰੇ ਲਈ ਰੋਟੀ ਲੈ ਆਈ। ਕੱਚੇ ਦੁੱਧ ਦਾ ਗਿਲਾਸ ਤੇ ਨਾਲ ਗੁੜ ਦੀ ਭੇਲੀ । ਮਾਂ ਆਖਿਆ, "ਕਾਕਾ, ਕੱਚਾ ਦੁੱਧ ਪੇਸ਼ੀ ਵੇਲ਼ੇ ਤੀਕਰ ਠੀਕ ਨਹੀਂ ਰਹਿ ਸਕਦਾ । ਤੂੰ ਆਪਣੀਆਂ ਆਦਤਾਂ ਛੱਡ ਦੇ ।"
"ਕਿਹੜੀਆਂ ਆਦਤਾਂ ਮਾਂ, ਤੁਸੀਂ ਤੇ ਮੈਨੂੰ ਐਵੇਂ ਈ ਝਾੜਦੇ ਰਹਿੰਦੇ ਓ। ਕੀ ਬੁਰਾਈ ਏ ਮੇਰੇ ਵਿੱਚ ?"
“ਕੋਈ ਵੀ ਤੈਨੂੰ ਬੁਰਾ ਨਹੀਂ ਸਮਝਦਾ", ਮਾਂ ਪਿਆਰ ਨਾਲ ਮੇਰੀ ਕੰਡ ਉੱਤੇ ਹੱਥ ਫੇਰਿਆ, ਫੇਰ ਆਖਿਆ, "ਤੇਰੇ ਲਈ ਮੈਂ ਗੋਗੀ ਗਾਂ ਸਵੇਰ ਤੋਂ ਡੱਕੀ ਹੋਈ ਸੀ, ਹੁਣ ਤੂੰ ਆਇਆ ਤੇ ਚੋਈ ਏ। ਏਸ ਗੱਲ ਦਾ ਜੇ ਤੇਰੇ ਪਿਉ ਨੂੰ ਮਲੂਮ ਹੋਇਆ ਤੇ ਗੁੱਸੇ ਹੋਵੇਗਾ।"
"ਪਿਉ ਤਾਂ ਗੁੱਸੇ ਹੁੰਦਾ ਈ ਰਹਿੰਦਾ ਏ ਮਾਂ । ਉਹਦੇ ਹਿਰਦੇ ਵਿੱਚ ਜ਼ਹਿਰ ਭਰਿਆ ਹੋਇਆ ਏ। ਉਹਨੂੰ ਕਰਨ ਦੇ ਗੁੱਸਾ।"
“ਇੰਜ ਨਹੀਂ ਆਖੀਦਾ, ਗੋਗੀ।" ਮਾਂ ਹੋਰ ਵੀ ਮੱਤ ਦਿੱਤੀ ਹੋਣੀ ਏ, ਪਰ ਮੈਂ ਤੇ ਰੋਟੀ ਖਾ ਕੇ ਬਾਹਰ ਨਿੱਕਲ ਗਿਆ।
ਇੱਕ ਦਿਨ ਸਵੇਰੇ ਸਵੇਰੇ ਮਾਂ ਮੈਨੂੰ ਜਗਾ ਕੇ ਆਖਿਆ, "ਕਾਕਾ, ਉੱਠ ਕੇ ਮੂੰਹ ਹੱਥ ਧੋ ਲੈ, ਮੈਂ ਜ਼ਰਾ ਲਿਆਰੀਆਂ ਦੀਆਂ ਧਾਰਾਂ ਕੱਢ ਲਵਾਂ।"
"ਮੇਰੇ ਹੱਥ ਮੂੰਹ ਧੋਤੇ ਬਿਨ੍ਹਾਂ ਈ ਲਿਆਰੀਆਂ ਦੁੱਧ ਦੇ ਦੇਣਗੀਆਂ ਮਾਂ, ਮੈਨੂੰ ਅਜੇ ਸੁੱਤਾ ਰਹਿਣ ਦੇ ।" ਮੇਰੀ ਇਸ ਗੱਲ ਉੱਤੇ ਮਾਂ ਨੂੰ ਹਾਸਾ ਆਇਆ। ਆਖਿਆ"ਨਹੀਂ ਕਾਕਾ, ਇਹ ਗੱਲ ਨਹੀਂ।"
"ਹੋਰ ਕੀ ਏ ?" ਮੈਂ ਉਕਤਾ ਗਿਆ ਸਾਂ।
"ਆਏ ਹਾਏ ਏਸ ਮੁੰਡੇ ਨਾਲ ਮੈਂ ਗੱਲਾਂ ਵਿੱਚ ਰੁੱਝੀ ਹੋਈ ਆਂ, ਉੱਧਰ ਵੱਛਾ ਗਾਂ ਚੁੰਘੀ ਜਾਂਦਾ ਏ ।" ਮਾਂ ਨੇ ਜਾ ਕੇ ਵੱਛੇ ਨੂੰ ਗਾਂ ਕੋਲੋਂ ਪਾਸੇ ਕੀਤਾ । ਦੋਹਣਾ ਲੈ ਕੇ ਗਾਂ ਨੂੰ ਚੋਣ ਲੱਗ ਪਈ। ਨਾਲ ਈ ਮੈਨੂੰ ਆਖਣ ਲੱਗੀ:
"ਅੱਜ ਯਾਰਵੀਂ ਸ਼ਰੀਫ਼ ਏ। ਆਪਣੀ ਮਾਸੀ ਨੂੰ ਵੀ ਦੁੱਧ ਦੇ ਆ।" ਮੈਂ ਉੱਠ ਕੇ ਬੈਠ ਗਿਆ ਤੇ ਸੋਚਣ ਲੱਗ ਪਿਆ। ਕੌਣ ਮਾਸੀ, ਇੱਥੇ ਤਾਂ ਮੇਰੀ ਕੋਈ ਮਾਸੀ ਨਹੀਂ ਰਹਿੰਦੀ। ਮੈਂ ਪੁੱਛਿਆ, "ਕਿਹੜੀ ਮਾਸੀ ਏ ਏਥੇ ਮਾਂ ?"
“ਤੇਰੀ ਮਾਸੀ ਬਸ਼ੀਰਾਂ ।"
"ਕੌਣ ਮਾਸੀ ਬਸ਼ੀਰਾਂ, ਮੈਨੂੰ ਤੇ ਕੁੱਝ ਪਤਾ ਨਹੀਂ, ਹੁਣ ਕਿੱਥੋਂ ਨਿੱਕਲੀ ਏ ਮਾਸੀ ।"
"ਉਸ ਦਿਨ ਤੇ ਬੜਾ ਨਿੱਠ ਕੇ ਬੈਠਾ ਹੋਇਆ ਸੈਂ ਮਾਸੀ ਕੋਲ । ਅੱਜ ਤੈਨੂੰ ਚੇਤਾ ਈ ਨਹੀਂ।" ਮੈਨੂੰ ਅਜੇ ਵੀ ਕੁੱਝ ਸਮਝ ਨਹੀਂ ਆਈ। ਮੈਂ ਹੈਰਾਨ ਸਾਂ । ਭੂਆ ਵਿਹੜੇ ਵਿੱਚ ਬਹੁਕਰ ਦੇ ਰਹੀ ਸੀ। ਮੇਰੇ ਵੱਲ ਵੇਖ ਕੇ ਮੁਸਕਰਾਈ ਤੇ ਆਖਿਆ, “ਉਹ ਜਿਹੜੇ ਨਵੇਂ ਆਏ ਨੇ ਭਗਤਪੁਰੇ ਦੇ ਅਰਾਂਈ ਲੋਕ ।" ਮੈਨੂੰ ਸਮਝ ਆ ਗਈ। ਮੇਰੇ ਮਨ ਦੇ ਅੰਦਰੋਂ ਬਿਜਲੀ ਵਾਂਗ ਲਹਿਰਾਂ ਉੱਠੀਆਂ। ਮੇਰਾ ਦਿਲ ਕੀਤਾ ਉੱਡ ਕੇ ਮਾਸੀ ਕੋਲ ਅੱਪੜ ਜਾਵਾਂ । ਉੱਥੇ ਈ ਤੇ ਜ਼ੋਹਰਾ ਸੀ । ਭੂਆ ਫੇਰ ਆਖਿਆ, "ਜਿਸ ਸਵਾਣੀ ਤੈਨੂੰ ਕੋਲ ਬਿਠਾਇਆ ਸੀ, ਉਹ ਬਸ਼ੀਰਾਂ ਏ ਤੇ ਭਾਬੀ ਦੀ ਭੈਣ ਬਣ ਗਈ ਏ। ਜ਼ੋਹਰਾ ਮੇਰੀ ਸਹੇਲੀ ਬਣ ਗਈ ਏ।" ਭੂਆ ਇੱਕੋ ਸਾਹ ਵਿੱਚ ਸਾਰਾ ਕੁੱਝ ਦੱਸੀ ਜਾ ਰਹੀ ਸੀ। ਉਹਨੇ ਇਹ ਵੀ ਦੱਸਿਆ ਕਿ ਇਹ ਲੋਕ ਭਗਤਪੁਰੇ ਵਿੱਚ ਲੋਕਾਂ ਦੀਆਂ ਪੈਲੀਆਂ ਵਿੱਚ ਸਬਜ਼ੀਆਂ ਨੂੰ ਗੋਡੀ ਦੇਵਣ ਦੀ ਮਜ਼ਦੂਰੀ ਕਰਦੇ ਸਨ। ਹੁਣ ਏਥੇ ਆ ਕੇ ਜ਼ਿਮੀਦਾਰ ਕੋਲੋਂ ਭੋਏਂ ਹਿੱਸੇ ਉੱਤੇ ਲੈ ਕੇ ਆਪ ਸਬਜ਼ੀ ਬੀਜਿਆ ਕਰਨਗੇ । ਇਹਨਾਂ ਦੇ ਖਿਆਲ ਵਿੱਚ ਆਪ ਵਾਹੀ ਬੀਜੀ ਕਰਨ ਵਾਲਾ ਬੰਦਾ ਇੱਜ਼ਤਦਾਰ ਹੁੰਦਾ ਏ ਤੇ ਕਿਸੇ ਦੀ ਫਸਲ ਨੂੰ ਗੋਡੀ ਕਰਨਾ ਯਾ ਮਜ਼ਦੂਰੀ ਕਰਨਾ ਹੀਣਾ ਕੰਮ ਹੁੰਦਾ ਏ।
ਵਾਹ ਏਨਾ ਕੁੱਝ ਹੋ ਗਿਆ ਮੈਨੂੰ ਪਤਾ ਈ ਨਹੀਂ । ਹੁਣ ਮੈਂ ਕਾਹਲੀ ਨਾਲ ਜਾਣਾ ਚਾਹੁੰਦਾ ਸਾਂ। ਉੱਠ ਕੇ ਝੱਟ ਜਾਵਣ ਲਈ ਤਿਆਰ ਹੋ ਗਿਆ। ਮੇਰੀ ਕਾਹਲੀ ਉੱਤੇ ਭੂਆ ਮੁਸਕਰਾਈ। ਮੈਂ ਸ਼ਰਮਿੰਦਾ ਹੋ ਗਿਆ ਤੇ ਅੱਖਾਂ ਨੀਵੀਆਂ ਕਰ ਲਈਆਂ।
ਮਾਂ ਦੋਹਣੇ ਵਿੱਚ ਦੁੱਧ ਪਾ ਕੇ ਮੈਨੂੰ ਫੜਾਇਆ ਤੇ ਮੈਂ ਝੱਟ ਤੁਰ ਪਿਆ। ਅਰਾਈਂ ਲੋਕਾਂ ਦੇ ਘਰ ਈ ਦੋ ਸਨ । ਇੱਕ ਚਾਚਾ ਅੱਲਾ ਦਿੱਤੇ ਦਾ ਤੇ ਦੂਜਾ ਬਾਬਾ ਉਮਰਦੀਨ ਦਾ। ਉਮਰਦੀਨ ਦੀ ਇੱਕ ਵਹੁਟੀ ਤੇ ਇੱਕ ਜਵਾਨ ਧੀ ਮਾਝਾਂ ਸੀ। ਚਾਚਾ ਅੱਲਾ ਦਿੱਤੇ ਦੇ ਨਾਲ ਜ਼ੋਹਰਾ ਤੇ ਉਹਦਾ ਭਰਾ ਸੀ। ਮਾਸੀ ਬਸ਼ੀਰਾਂ ਅੱਲਾ ਦਿੱਤੇ ਦੀ ਵਹੁਟੀ ਸੀ ਤੇ ਇਹਦੀ ਇੱਕ ਦੋ ਸਾਲ ਦੀ ਧੀ ਅੱਲਾ ਰੱਖੀ ਸੀ।
ਉਹਨਾਂ ਬੜੀ ਛੇਤੀ ਹੀ ਆਪਣੇ ਰਹਿਣ ਲਈ ਆਸਰੇ ਬਣਾ ਲਏ ਹੋਏ ਸਨ। ਮੈਂ ਮਾਸੀ ਬਸ਼ੀਰਾਂ ਦੇ ਵਿਹੜੇ ਲਾਗੇ ਆ ਕੇ ਖਲੋ ਗਿਆ। ਵਿਹੜੇ ਦੇ ਅੰਦਰ ਜੋਹਰਾ ਆਟਾ ਪਈ ਗੁੰਨ੍ਹਦੀ ਸੀ। ਅੱਗੇ ਜਾਣ ਲਈ ਮੇਰੇ ਵਿੱਚ ਹਿੰਮਤ ਨਹੀਂ ਸੀ ਆ ਰਹੀ, ਮੈਂ ਝਕ ਰਿਹਾ ਸਾਂ। ਜ਼ੋਹਰਾ ਦੀ ਮੇਰੇ ਵੱਲ ਕੰਡ ਸੀ। ਉਹਦੀ ਕੰਡ ਉੱਤੇ ਉਹਦੇ ਲੰਮੇ ਸੁਨਹਿਰੇ ਵਾਲ ਬਹੁਤ ਸੋਹਣੇ
ਲੱਗ ਰਹੇ ਸਨ। ਆਟਾ ਗੁੰਨ੍ਹਣ ਨਾਲ ਉਹਦੇ ਹਿੱਲਣ ਨਾਲ ਵਾਲਾਂ ਦੀ ਹਰਕਤ ਹੋਰ ਵੀ ਮਨ-ਖਿੱਚਵੀਂ ਸੀ।
ਕੰਡ 'ਤੇ ਪੇਲਦੇ ਵਾਲ ਨਿੱਕੇ-ਨਿੱਕੇ ਵਲ ਖਾਂਦੇ ਹੋਏ ਬੜੇ ਈ ਸੋਹਣੇ ਲੱਗ ਰਹੇ ਸਨ। ਮੈਂ ਇਹ ਈ ਨਜ਼ਾਰਾ ਵੇਖਣ ਲੱਗ ਪਿਆ। ਜ਼ੋਹਰਾ ਜਦ ਆਟਾ ਗੁੰਨ੍ਹਕੇ ਉੱਠੀ ਤਾਂ ਮੈਂ ਝੱਟ ਬੋਲਿਆ, "ਮਾਸੀ ਕਿੱਥੇ ਵੇ ?"
ਜ਼ੋਹਰਾ ਝੱਟ ਮੇਰੇ ਵੱਲ ਧਿਆਨ ਕੀਤਾ ਤੇ ਮੁਸਕਰਾਂਵਦੀ ਹੋਈ ਮੇਰੇ ਕੋਲ ਆਈ। ਉਹਦੇ ਹੱਥ ਆਟੇ ਨਾਲ ਲਿੱਬੜੇ ਹੋਏ ਸਨ। ਮੇਰੀ ਗੱਲ੍ਹ 'ਤੇ ਉਸ ਆਪਣੀ ਉਂਗਲੀ ਨਾਲ ਥੋੜ੍ਹਾ ਜਿਹਾ ਆਟਾ ਮਲਦਿਆਂ ਹੋਇਆਂ ਆਖਿਆ, "ਅੱਗੇ ਲੰਘ ਆ। ਆ ਜਾਂਦੀ ਏ ਤੇਰੀ ਮਾਸੀ ਵੀ। ਇਹਦੇ ਵਿੱਚ ਕੀ ਏ ?” ਉਸ ਮੇਰੇ ਹੱਥੋਂ ਦੁੱਧ ਵਾਲਾ ਦੋਹਣਾ ਫੜ ਲਿਆ।
ਉਹਦੇ ਹੱਥ ਦੀ ਉਂਗਲੀ ਮੇਰੀ ਗੱਲ੍ਹ ਉੱਤੇ ਲੱਗੀ ਸੀ । ਮੇਰੇ ਸਾਰੇ ਜੁੱਸੇ ਵਿੱਚੋਂ ਕੋਈ ਅਜਿਹੀ ਲਹਿਰ ਆਈ ਕਿ ਮੈਂ ਸਰੂਰ ਤੇ ਝਿਜਕ ਵਿੱਚ ਈ ਖੁੱਭਦਾ ਗਿਆ। ਮਸਾਂ ਮਰਕੇ ਬੋਲਿਆ, "ਇਹ ਦੁੱਧ ਮਾਸੀ ਵਾਸਤੇ ਮਾਂ ਨੇ ਘੱਲਿਆ ਏ।" ਮੇਰੀ ਇਹ ਗੱਲ ਸੁਣ ਕੇ ਉਸ ਝੂਠੀ ਮੂਠੀ ਦਾ ਰੋਸਾ ਵਿਖਾਇਆ ਤੇ ਆਖਿਆ, "ਤੇ ਮੇਰੇ ਵਾਸਤੇ ਨਹੀਂ ?" ਨਾਲ ਈ ਮੈਨੂੰ ਬਾਂਹ ਫੜਕੇ ਲਿਜਾ ਕੇ ਮੰਜੀ ਉੱਤੇ ਜਾ ਬਿਠਾਇਆ। ਫੇਰ ਮੇਰੀ ਠੋਡੀ ਹੇਠਾਂ ਆਟੇ ਲਿੱਬੜਿਆ ਹੱਥ ਦੇ ਕੇ ਆਪਣੇ ਵੱਲ ਮੇਰਾ ਮੂੰਹ ਕਰਦਿਆਂ ਆਖਿਆ :
"ਵੇ ਤੂੰ ਅੱਗੇ ਅੰਦਰ ਕਿਉਂ ਨਹੀਂ ਸੀ ਆਂਵਦਾ ? ਮੈਂ ਤੈਨੂੰ ਖਾ ਤੇ ਨਹੀਂ ਜਾਣਾ ਸੀ।" ਜਵਾਬ ਵਿੱਚ ਮੈਂ ਕੁੱਝ ਨਾ ਬੋਲਿਆ। ਮੈਂ ਖੌਰੇ ਕੀ ਹੁੰਦਾ ਜਾ ਰਿਹਾ ਸੀ। ਮੇਰੇ ਜੁੱਸੇ ਦੀ ਹਰ ਚੀਜ਼, ਹਰ ਹਰਕਤ ਫੜਕਦੀ ਤੇ ਕੰਬਦੀ ਜਾ ਰਹੀ ਸੀ । ਮੇਰੀ ਹਾਲਤ ਈ ਅਜੀਬ ਤੋਂ ਅਜੀਬ ਹੁੰਦੀ ਪਈ ਸੀ।
ਦਿਲ ਕਰੇ ਉੱਠ ਕੇ ਜ਼ੋਹਰਾ ਦੇ ਸੀਨੇ ਲੱਗ ਜਾਵਾਂ ਤੇ ਰੱਜ ਕੇ ਰੋਵਾਂ, ਪਰ ਮੇਰੀ ਝਿਜਕ ਮੈਨੂੰ ਮੁੜ੍ਹਕੋ ਮੁੜ੍ਹਕੀ ਕੀਤੀ ਜਾ ਰਹੀ ਸੀ । ਜ਼ੋਹਰਾ ਉੱਠ ਕੇ ਆਪਣੇ ਹੱਥ ਧੋਤੇ ਤੇ ਮੈਨੂੰ ਵੀ ਮੂੰਹ ਪੂੰਝਣ ਲਈ ਕੱਪੜਾ ਲਿਆ ਫੜਾਇਆ।
ਮਾਸੀ ਬਸ਼ੀਰਾਂ ਬਾਹਰੋਂ ਆਈ ਤੇ ਮੈਨੂੰ ਕੁੱਝ ਹੋਸ਼ ਆਈ। ਮਾਸੀ ਆਂਵਦਿਆਂ ਈ ਆਖਿਆ, "ਬਿਸਮਿੱਲਾ, ਮੇਰਾ ਭਣੇਵਾਂ ਆਇਆ ਏ। ਜ਼ੋਹਰਾ, ਮੇਰੇ ਭਣੇਂਵੇ ਵਾਸਤੇ ਛੇਤੀ ਨਾਲ ਰੋਟੀ ਪਕਾ।"
"ਨਹੀਂ ਮਾਸੀ ਮੈਨੂੰ ਅਜੇ ਕੋਈ ਭੁੱਖ ਨਹੀਂ। ਅੰਮਾ ਉਡੀਕਦੀ ਹੋਵੇਗੀ", ਦਿਲ ਤੇ ਮੇਰਾ ਇੱਥੇ ਰਹਿਣ ਨੂੰ ਕਰਦਾ ਸੀ, ਉੱਤੋਂ ਉੱਤੋਂ ਮੈਂ ਜਾਵਣ ਦੀ ਕਾਹਲੀ ਵਿਖਾਈ।
ਮਾਸੀ ਆਖਿਆ, "ਤੂੰ ਸਿਰ ਉੱਤੇ ਪੈਰ ਰੱਖ ਕੇ ਆਇਆ ਏ। ਮਾਸੀ ਕੋਲ ਵੀ ਝੱਟ ਬਹਿ ਜਾਇਆ ਕਰ।"
ਮੇਰੇ ਬੋਲਣ ਤੋਂ ਪਹਿਲਾਂ ਈ ਜ਼ੋਹਰਾ ਬੋਲੀ, "ਇਹ ਤੇ ਘੋੜੇ ਚੜ੍ਹਿਆ ਈ ਜਾਪਦਾ ਏ।" ਏਨੀ ਗੱਲ ਕਰਕੇ ਮੇਰੇ ਵੱਲ ਵੇਖ ਕੇ ਮੁਸਕਰਾਈ।
ਮੈਂ ਉੱਠ ਆਇਆ... ਤੁਰਦੇ ਹੋਏ ਮਾਸੀ ਨੇ ਆਖਿਆ, "ਮਾਂ ਨੂੰ ਮੇਰਾ ਸਲਾਮ
ਦੇਵੀਂ।"
"ਅੱਛਾ ਮਾਸੀ”
"ਆ ਜਾਇਆ ਕਰ ਕਦੀ ਕਦੀ ਮਾਸੀ ਕੋਲ ਵੀ", ਪਿੱਛੋਂ ਫੇਰ ਮਾਸੀ ਨੇ ਆਖਿਆ।
ਮੈਂ ਘਰ ਪਰਤ ਆਇਆ । ਪਤਾ ਨਹੀਂ ਮੈਨੂੰ ਕੀ ਝਾਕਾ ਸੀ ਕਿ ਡਰ ਸੀ । ਜ਼ੋਹਰਾ ਨੂੰ ਮਿਲਣ ਨੂੰ ਜੀਅ ਬਹੁਤ ਕਰਦਾ ਪਰ ਵਿਹੜੇ ਨਾ ਵੜਦਾ । ਬਾਹਰੋਂ ਬਾਹਰੋਂ ਈ ਝਾਤੀਆਂ ਮਾਰਦਾ ਸਾਂ।
ਲੰਡੂ ਦਾ ਹਾਲ ਸ਼ੈਦਾਈਆਂ ਵਾਂਗ ਹੋ ਗਿਆ ਸੀ । ਰਾਤ ਦੀ ਹੋਸ਼ ਨਾ ਦਿਨ ਦੀ ਖ਼ਬਰ। ਸਵਾਣੀਆਂ ਵਾਂਗ ਰੋਂਦਾ ਰਹਿੰਦਾ ਸੀ। ਲੋਕਾਂ ਲਈ ਮੌਜੂ ਬਣ ਗਿਆ। ਜਿਹੜਾ ਮਿਲਦਾ ਇਹ ਈ ਪੁੱਛਦਾ :
"ਉਏ ਲੰਡੂ... ਹੋਸ਼ਾਂ ਤਾਂ ਉੱਡ ਗਈਆਂ", ਲੰਡੂ ਵੀ ਇਕਰਾਰ ਕਰਦਾ ਤੇ ਹੌਂਕੇ ਭਰਕੇ ਬੋਲਦਾ, “ਆਹੋ ਜੀ, ਹੋਸ਼ਾਂ ਉੱਡ ਗਈਆਂ ।" ਘਰ ਵਿੱਚ ਇੱਕ ਪਲ ਵੀ ਨਹੀਂ ਸੀ ਟਿਕਦਾ। ਆਉਂਦਾ ਤੇ ਚਲਾ ਜਾਂਦਾ । ਮੇਰਾ ਉਹਨਾਂ ਦੇ ਘਰ ਆਵਣ ਜਾਣ ਸੀ । ਲੰਘਦਿਆਂ ਹੋਇਆ ਗਲੀ ਵਿੱਚ ਵੀ ਲੰਡੂ ਨਾਲ ਸਾਹਮਣਾ ਹੋ ਜਾਇਆ ਕਰਦਾ ਸੀ। ਇੱਕ ਸ਼ਾਮ ਨੂੰ ਮਿਲਿਆ ਤੇ ਮੈਂ ਆਖਿਆ: "ਓਏ ਚਾਚਾ ਕਿਉਂ ਲੋਕਾਈ ਲਈ ਮੌਜੂ ਬਣਿਆ ਹੋਇਆ ਏਂ ? ਕੁੱਝ ਹੋਸ਼ ਕਰ। ਰਾਤ ਦਿਨ ਤੇਰੀ ਜ਼ਬਾਨ ਤੇ 'ਹੋਸ਼ਾਂ' ਈ ਰਹਿੰਦੀ ਏ। ਕੁੱਝ ਮਾਪਿਆਂ ਦਾ ਵੀ ਖਿਆਲ ਕਰ ।" ਜਵਾਬ ਵਿੱਚ ਉਸ ਆਖਿਆ, "ਓਏ ਗੋਗੀ, ਤੂੰ ਵੀ ਲੋਕਾਂ ਵਾਂਗ ਤਾਅਨੇ ਮਾਰਦਾ ਏਂ।" ਉਹ ਬੜਾ ਉਦਾਸ ਸੀ । "ਤੈਨੂੰ ਮੈਂ ਭਤੀਜਾ ਨਹੀਂ, ਆਪਣਾ ਬੇਲੀ ਸਮਝਨਾਂ ਵਾਂ। ਪਰ ਤੂੰ ਤੇ ਪੱਛ ਲਾਨਾਂ ਏਂ । ਫੇਰ ਪੱਛਾਂ 'ਤੇ ਲੂਣ ਧੂੜਣਾ ਏਂ।" ਏਨੀ ਗੱਲ ਕਰਕੇ ਉਹ ਚਲਾ ਗਿਆ।
ਲੰਡੂ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਬੜਾ ਈ ਦਰਦ ਭਰਿਆ ਗਿਆ। ਵਿਚਾਰੇ ਦੀ ਕੀ ਹਾਲਤ ਬਣੀ ਹੋਈ ਏ । ਕੋਈ ਵੀ ਤੇ ਇਹਦੇ ਨਾਲ ਹਮਦਰਦੀ ਨਹੀਂ ਕਰਦਾ। ਸੱਚੀ ਗੱਲ ਏ, ਪਹਿਲੇ ਵੀ ਮੈਂ ਆਖਿਆ ਸੀ, “ਚਾਚਾ, ਤੂੰ ਹੋਸ਼ਾਂ ਦੇ ਘਰ ਜਨਮ ਲੈ ਲੈਂਦਾ ਤੇ ਚੰਗਾ ਸੀ ।" ਉਦੋਂ ਵੀ ਮੇਰੇ ਮੂੰਹੋਂ ਮੰਦਾ ਨਿੱਕਲਿਆ ਸੀ ਤੇ ਹੁਣ ਵੀ ਮੈਂ ਕੋਈ ਚੰਗੀ ਗੱਲ ਨਹੀਂ ਸੀ ਕੀਤੀ।
ਗਲੀ ਵਿੱਚੋਂ ਜਾਂਦੇ ਨੂੰ ਮੈਂ ਗਹੁ ਨਾਲ ਵੇਖਿਆ ਤਾਂ ਉਹਦੇ ਕਦਮ ਡੋਲਦੇ ਹੋਏ ਦਿਸਦੇ ਸਨ। ਬੇਮਕਸਦ ਟੁਰਿਆ ਜਾਂਦਾ ਸੀ ਜਿਵੇਂ ਜਿਹੜੇ ਪਾਸੇ 'ਹੋਸ਼ਾਂ' ਦੇ ਪੇਕੇ ਰਹਿੰਦੇ ਸਨ ਉਸੇ ਪਾਸੇ ਪਿੰਡੋਂ ਬਾਹਰ ਜਾ ਕੇ... ਖਾਲੀ ਖੋਲਿਆਂ ਵੱਲ ਤੱਕੀ ਜਾਂਦਾ ਸੀ ਜਿਵੇਂ ਮੈਂ ਸ਼ਾਹੂ ਦੇ ਖੋਲਿਆਂ ਵੱਲ ਧਿਆਨ ਲਾਈ ਰਖਨਾ ਵਾਂ।
ਸਾਰੀ ਸਾਰੀ ਰਾਤ ਉੱਥੇ ਈ ਬੈਠਾ ਰਹਿੰਦਾ ਸੀ । ਲੰਡੂ ਦੀ ਮਾਂ... ਜੇ ਉੱਥੋਂ ਨਾ ਭਾਲ ਕਰੇ ਤਾਂ ਲੰਡੂ ਖੌਰੇ ਬਿਨ੍ਹਾਂ ਖਾਧਿਆਂ ਪੀਤਿਆਂ ਈ ਉੱਥੇ ਬੈਠਾ ਰਹਵੇ ਤੇ ਪੂਰਾ ਹੋ ਜਾਵੇ।
ਉਹਦੀ ਮਾਂ ਕੋਲੋਂ ਉਹਦੀ ਇਹ ਹਾਲਤ ਵੇਖੀ ਨਾ ਗਈ। ਆਖ਼ਰ ਮਾਂ ਸੀ। ਪੁੱਤਰ ਦੀ ਜ਼ਿੱਦ ਅੱਗੇ ਸਿਰ ਨੀਵਾਂ ਕਰ ਲਿਆ । ਮਾਂ ਧੀ ਨੂੰ ਰਾਜ਼ੀ ਕਰ ਲਿਆ। ਪਤਾ ਨਹੀਂ ਕਿਵੇਂ !”
ਹੋਸ਼ਾਂ ਨੂੰ ਖ਼ਬਰ ਕਰ ਦਿੱਤੀ ਗਈ ਤੇ ਵਿਆਹ ਦੀ ਤਾਰੀਖ ਪੱਕੀ ਹੋ ਗਈ । ਲੰਡੂ ਦਾ ਤੇ ਨਕਾਹ ਹੋਣਾ ਹੀ ਸੀ ਪਰ ਉਹਦੀ ਭੈਣ ਲਈ ਤੇ ਵਾਜੇ ਵੱਜਣੇ ਸਨ। ਲਾੜੇ ਸਿਹਰੇ ਬੰਨ੍ਹਣੇ ਸਨ। ਲੰਡੂ ਤੇ ਬਿਨ੍ਹਾਂ ਸਿਹਰਿਆਂ ਤੇ ਵਾਜਿਆਂ ਈ ਖੁਸ਼ ਸੀ । ਚਾਈਂ ਚਾਈਂ ਭੈਣ ਦੇ ਵਿਆਹ ਦੀ ਤਿਆਰੀ ਵਿੱਚ ਰੁੱਝਾ।
ਮੈਂ ਵੀ ਲੰਡੂ ਨਾਲ ਹੱਥ ਪੁਆਵਣ ਲੱਗ ਗਿਆ। ਕਦੀ ਉਹਦੇ ਨਾਲ ਰਲ ਕੇ ਬਾਹਰੋਂ ਬਾਲਣ ਵੱਢ ਵੱਢ ਕੇ ਕੇ ਲਿਆਂਵਦਾ ਤੇ ਕਦੀ ਕੋਈ ਹੋਰ ਨਿੱਕਾ ਮੋਟਾ ਕੰਮ ਕਰਵਾ ਦਿੰਦਾ ਸਾਂ।
ਵਿਆਹ ਦੇ ਦਿਨ ਨੇੜੇ ਆ ਗਏ। ਇੱਕ ਰਾਤ ਪਹਿਲੇ ਮੈਨੂੰ ਸੜਕ ਉੱਤੇ ਰੋਂਦੂ ਮਿਲਿਆ। ਮੈਂ ਪੁੱਛਿਆ, "ਅੱਜ ਕਿਹੜੇ ਘਰ ਨੂੰ ਠੱਗਿਆ ਈ ਰੋਂਦੂ ?"
ਰੋਂਦੂ ਹੱਸਦਿਆਂ ਹੋਇਆਂ ਮੈਨੂੰ ਸ਼ੁਰਲੀਆਂ ਪਟਾਕੇ ਵਿਖਾਏ ਜਿਹੜੇ ਉਹ ਖਰੀਦ ਕੇ ਸ਼ਹਿਰੋਂ ਲੈ ਕੇ ਆਇਆ ਸੀ । ਬੋਲਿਆ, "ਇਹ ਵੇਖ, ਲੰਡੂ ਦੇ ਵਿਆਹ ਲਈ ਸ਼ੁਰਲੀਆਂ, ਪਟਾਖੇ, ਆਪਣੇ ਪੱਲਿਓਂ ਖਰੀਦ ਕੇ ਲਿਆਇਆ ਵਾਂ ।" ਆਪਣੇ ਪੱਲਿਓਂ ਉਹਨੇ ਜ਼ੋਰ ਪਾ ਕੇ ਆਖਿਆ ਸੀ। "ਹੁਣ ਲੰਡੂ ਨੂੰ ਵੀ ਠੱਗਣਾ ਚਾਹੁੰਨਾ ਏਂ ਮਾਂ ਦਿਆ ਖਸਮਾਂ", ਮੇਰੇ ਮੂੰਹੋਂ ਨਿੱਕਲਿਆ।
“ਤੂੰ ਸੜਦਾ ਈ ਰਹਿਣਾ ਏਂ", ਰੋਂਦੂ ਆਖ ਕੇ ਚਲਾ ਗਿਆ। ਮੈਂ ਸੋਚਣ ਲੱਗ ਪਿਆ ਕਿ ਰੋਂਦੂ ਦੇ ਠੱਗਣ ਦਾ ਤਰੀਕਾ ਕੀ ਏ ? ਪਹਿਲੇ ਅਗਲੇ ਨੂੰ ਆਪਣਾ ਬਣਾਂਵਦਾ ਏ ਫੇਰ ਉਹਦੇ ਕੋਲੋਂ ਜੋ ਵੀ ਠੱਗਿਆ ਜਾਂਦਾ ਏ ਉਹ ਠੱਗ ਲੈਂਦਾ ਏ। ਠਗੀਚਣ ਵਾਲਾ ਬੁਰਾ ਵੀ ਨਹੀਂ ਸਮਝਦਾ ਸਗੋਂ ਰੋਂਦੂ ਦਾ ਬੇਲੀ ਬਣਿਆ ਰਹਿੰਦਾ ਏ । ਪਰ ਮੈਂ ਤੇ ਇੰਜ ਨਹੀਂ ਕਰ ਸਕਦਾ। ਨਾ ਕਿਸੇ ਨੂੰ ਠੱਗਣਾ ਨਾ ਠਗੀਚਣਾ। ਸਿੱਧੀ ਡੰਡੀ ਉੱਤੇ ਜਾਵਣਾ ਤੇ ਸਿੱਧੀ ਡੰਡੀ ਉੱਤੇ ਆਵਣਾ।
ਇੰਜ ਸਿੱਧੇ ਸੁਭਾਅ ਤੇ ਸਾਫ਼ਗੋਈ ਦਾ ਕੌਣ ਬੇਲੀ ਹੋ ਸਕਦਾ ਏ, ਕੌਣ ਬੇਲੀ ਰਹਿ ਸਕਦਾ ਏ। ਲੋਕ ਤੇ ਧੋਖਾ ਖਾਵਣ ਤੇ ਫ਼ਰੇਬ ਪਸੰਦ ਨੇ । ਲਾਰੇ ਲੱਪੇ ਵਿੱਚ ਖੁਸ਼ ਰਹਿਣ ਵਾਲੇ। ਜੂਆ ਖੇਡਣ ਵਾਲੇ, ਕੁੱਝ ਖੋਵਣ ਤੇ ਕੁੱਝ ਖੁਆਵਣ ਲਈ ਹਰ ਵੇਲੇ ਤਿਆਰ ਰਹਿੰਦੇ ਜਾਪਦੇ ਸਨ। ਮੈਨੂੰ ਇਹ ਸਾਰਾ ਕੁੱਝ ਪਸੰਦ ਨਹੀਂ ਸੀ। ਫੇਰ ਮੈਨੂੰ ਭਲਾ ਕੌਣ ਪਸੰਦ ਕਰਦਾ। ਰੋਂਦੂ ਨੇ ਲੰਡੂ ਦੇ ਵਿਆਹ ਵਿੱਚ ਬਹੁਤ ਖੁਸ਼ੀ ਤੇ ਜੋਸ਼ ਵਿਖਾਇਆ ਸੀ । ਸ਼ੁਰਲੀਆਂ ਪਟਾਖੇ ਚਲਾਏ ਸਨ।
ਹੋਸ਼ਾਂ ਤੇ ਲੰਡੂ ਨੂੰ ਮਿਠਾਈ ਵੀ ਖੁਆਈ ਸੀ। ਲੰਡੂ ਤੇ ਹੋਸ਼ਾਂ ਦੋਵੇਂ ਖੁਸ਼ ਵੀ ਬਹੁਤ ਸਨ। ਰੋਂਦੂ ਉੱਤੇ ਇਤਬਾਰ ਵੀ ਕਰਨ ਲੱਗ ਪਏ ਸਨ।
ਮੇਰੇ ਪੱਲੇ ਤੇ ਕੁੱਝ ਵੀ ਨਹੀਂ ਸੀ । ਮੈਂ ਆਪਣੇ ਬੇਲੀ ਲੰਡੂ ਉੱਤੇ ਕੀ ਵਾਰ ਸਕਦਾ ਸਾਂ। ਮੇਰੀ ਬੇਵਸੀ ਉੱਤੇ ਰੋਂਦੂ ਮੇਰੇ ਵੱਲ ਮੁਸਕਰਾ ਮੁਸਕਰਾ ਵੇਖਦਾ ਸੀ। ਲੰਡੂ ਦੇ ਵਿਆਹ ਵਿੱਚ
ਉਸ ਲੀੜੇ ਵੀ ਨਵੇਂ ਪਾਏ ਹੋਏ ਸਨ ਤੇ ਜੁੱਤੀ ਵੀ ਗੁਰਗਾਬੀ ਸੀ। ਸੱਜੇ ਹੱਥ ਦੀ ਉਂਗਲੀ ਵਿੱਚ ਇੱਕ ਸੋਨੇ ਦੀ ਮੁੰਦਰੀ ਵੀ ਪਾਈ ਹੋਈ ਸੀ।
ਮੈਂ ਇਹ ਸਾਰਾ ਕੁੱਝ ਨਹੀਂ ਸਾਂ ਕਰ ਸਕਦਾ। ਮੈਥੋਂ ਨਹੀਂ ਸੀ ਹੋ ਸਕਦਾ। ਫੇਰ ਵੀ ਮੈਂ ਆਪਣੀ ਉਲਝਣ ਭੁੱਲ ਕੇ ਲੰਡੂ ਦੇ ਵਿਆਹ 'ਤੇ ਬਹੁਤ ਖੁਸ਼ ਸਾਂ। ਹੋਸ਼ਾਂ ਨੂੰ ਆਪਣੀ ਵਹੁਟੀ ਬਣਾ ਕੇ ਲੰਡੂ ਵੀ ਤੇ ਬਹੁਤ ਖੁਸ਼ ਸੀ।
ਵਿਆਹ ਤੋਂ ਅਗਲੇ ਦਿਨ ਬਸ਼ੀਰਾਂ ਅਸਾਡੇ ਘਰ ਆਈ। ਮਾਂ ਉਹਦੀ ਬਹੁਤ ਟਹਿਲ ਸੇਵਾ ਕੀਤੀ। ਸੇਵੀਆਂ ਪਕਾਈਆਂ। ਉਹਦੀ ਬਾਲੜੀ ਨਾਲ ਪਿਆਰ ਕੀਤਾ। ਮੇਰੀ ਮਾਂ ਨਾਲੋਂ ਮਾਸੀ ਅਸਾਡੇ ਘਰ ਆ ਕੇ ਬਹੁਤ ਖੁਸ਼ ਮਲੂਮ ਹੋ ਰਹੀ ਸੀ। ਹੱਸ ਹੱਸ ਗੱਲਾਂ ਕਰਦੀ ਗੁਟਕਦੀ ਵਾਹਵਾ ਲੱਗਦੀ ਸੀ। ਉਹਦੇ ਸਿਰ ਤੋਂ ਕਵਾਰੀਆਂ ਵਾਂਗ ਚੁੰਨੀ ਡਿਗ ਡਿਗ ਪੈਂਦੀ ਸੀ। ਮੇਰੀ ਮਾਂ ਨੂੰ 'ਭੈਣ' ਕਹਿਕੇ ਬੁਲਾਂਵਦੀ ਸੀ ਮਾਂ ਉਹਦਾ ਨਾਂ ਲੈ ਕੇ ਗੱਲ ਕਰਦੀ, "ਨੀ ਬਸ਼ੀਰਾਂ ਤੂੰ ਮੇਰੀ ਛੋਟੀ ਭੈਣ ਵਾਂਗਰ ਏਂ । ਜਦ ਜੀਅ ਕਰੇ ਆ ਜਾਇਆ ਕਰ ।"
ਮਾਸੀ ਬਸ਼ੀਰਾਂ ਹੱਸ ਕੇ ਆਖਦੀ, "ਜੇ ਮੇਰਾ ਜੀਅ ਚੰਦਰਾ ਰੋਜ਼ ਈ ਕਰ ਆਇਆ ਤਾਂ ।" ਮਾਂ ਆਖਦੀ "ਬਿਸਮਿੱਲਾ, ਤੂੰ ਜੰਮ ਜੰਮ ਆ। ਤੈਨੂੰ ਕੋਈ ਮੋੜ ਏ ਬਸ਼ੀਰਾਂ.. ਤੇਰਾ ਆਪਣਾ ਘਰ ਏ।" ਦੋਵੇਂ ਭੈਣਾਂ ਇੱਕ ਦੂਜੇ ਨਾਲ ਝੱਟ ਕੁ ਹਸਦੀਆਂ ਤੇ ਦੁੱਖ-ਸੁੱਖ ਦੀਆਂ ਗੱਲਾਂ ਕਰਦੀਆਂ ਰਹੀਆਂ। ਜਦ ਮਾਸੀ ਉੱਠ ਕੇ ਜਾਣ ਲੱਗੀ ਤਾਂ ਮਾਂ ਆਖਿਆ, "ਜ਼ਰਾ ਦੀ ਜ਼ਰਾ ਬਹਿ ਜਾ ਬਸ਼ੀਰਾਂ । ਪਹਿਲੀ ਵਾਰ ਆਈ ਏਂ, ਖ਼ਾਲੀ ਹੱਥ ਤੇ ਮੈਂ ਨਹੀਂ ਜਾਣ ਦੇਣਾ ।" ਮਾਂ ਅੰਦਰ ਜਾ ਕੇ ਇੱਕ ਭਾਂਡੇ ਵਿੱਚ ਅੱਧਾ ਕੁ ਸੇਰ ਦੇਸੀ ਘਿਓ ਤੇ ਇੱਕ ਕੱਪੜੇ ਵਿੱਚ ਛੇ ਸੱਤ ਸੇਰ ਸੱਤੂ ਬੰਨ੍ਹ ਲਿਆਈ। "ਲੈ ਭੈਣ, ਇਹ ਤੇਰੀ ਧੀ ਵਾਸਤੇ ਨੇ।" ਮਾਸੀ ਬਸ਼ੀਰਾਂ ਮਾੜੀ ਮੋਟੀ ਰਵਾਇਤੀ ਨਾਂਹ ਨੁੱਕਰ ਕੀਤੀ ਤੇ ਫੇਰ ਦੋਵੇਂ ਸ਼ੈਆਂ ਬਿਸਮਿੱਲਾ ਕਰਕੇ ਕਬੂਲ ਕਰ ਲਈਆਂ। ਮੇਰੇ ਲਈ ਮਾਂ ਦਾ ਹੁਕਮ ਹੋਇਆ ਕਿ ਮਾਸੀ ਦੇ ਨਾਲ ਜਾ ਕੇ ਸੱਤੂ ਉਹਨਾਂ ਦੇ ਘਰ ਅੱਪੜ ਆਵਾਂ। ਭਲਾਂ ਮਾਸੀ ਦੇ ਘਰ ਜਾਵਣ ਤੋਂ ਮੈਨੂੰ ਕਿਹੜੀ ਇਨਕਾਰ ਸੀ। ਮੇਰਾ ਤੇ ਦਿਲ ਕਰਦਾ ਸੀ ਕਿ ਮਾਸੀ ਤੋਂ ਵੀ ਪਹਿਲਾਂ ਅੱਪੜ ਜਾਵਾਂ।
ਮੈਂ ਸੱਤੂ ਸਿਰ ਉੱਤੇ ਚੁੱਕ ਲਏ ਤੇ ਘਿਓ ਵਾਲ਼ਾ ਭਾਂਡਾ ਹੱਥ ਵਿੱਚ ਲਮਕਾ ਲਿਆ। ਮਾਸੀ ਤੋਂ ਵੀ ਕਾਹਲਾ ਉੱਠ ਤੁਰਿਆ, ਬਹੁਤ ਈ ਅੱਗੇ ਅੱਗੇ । ਪੰਜਾਂ ਸੱਤਾਂ ਪੈਲੀਆਂ ਦੀ ਵਿੱਥ 'ਤੇ ਸ਼ਾਹੂ ਦੇ ਖੋਲੇ ਸਨ। ਮੇਰੀ ਕਾਹਲੀ ਨੂੰ ਵੇਖ ਕੇ ਮਾਸੀ ਪਿੱਛੋਂ ਅਵਾਜ਼ ਮਾਰੀ, "ਐ ਹੈ ਵੀਰਾ, ਸਾਨੂੰ ਵੀ ਰਲ ਲੈਣ ਦੇ। ਤੂੰ ਤੇ ਉੱਡਿਆ ਈ ਜਾਨਾਂ ਏਂ ।" ਮਾਸੀ ਆਪਣੀ ਕੁੜੀ ਨੂੰ ਉਂਗਲੀ ਲਾਈ ਰਾਹੇ ਰਾਹੇ ਟੋਰੀ ਆਂਵਦੀ ਸੀ । ਮੈਂ ਖਲੋ ਗਿਆ ਪਰ ਮੇਰਾ ਦਿਲ ਕਰਦਾ ਸੀ ਕਿ ਮਾਸੀ ਤੇ ਉਹਦੀ ਧੀ ਨੂੰ ਵੀ ਮੋਢਿਆਂ ਉੱਤੇ ਚੁੱਕ ਲਵਾਂ ਤੇ ਅੱਖ ਝਪਕਣ ਤੋਂ ਪਹਿਲਾਂ ਸ਼ਾਹੂ ਦੇ ਖੋਲਿਆਂ ਵਿੱਚ ਅੱਪੜ ਜਾਵਾਂ, ਪਰ ਮਾਸੀ ਦੀਆਂ ਤੇ ਜਿਵੇਂ ਲੱਤਾਂ ਈ ਜੋੜੀਆਂ ਗਈਆਂ ਸਨ।
ਮਾਸੀ ਨੇੜੇ ਆ ਕੇ ਆਖਿਆ, "ਮੇਰੇ ਨਾਲ ਟੁਰਦਿਆਂ ਤੈਨੂੰ ਸ਼ਰਮ ਆਂਵਦੀ ਏ ?” "ਨਹੀਂ ਮਾਸੀ ।"
"ਫੇਰ ਤੈਨੂੰ ਕਾਹਦੀ ਕਾਹਲੀ ਏ ? ਉਡੀਕਦਾ ਈ ਨਹੀਂ।"
ਮੈਂ ਕੀ ਜਵਾਬ ਦੇਣਾ ਸੀ, ਚੁੱਪ ਕਰਕੇ ਹੌਲ਼ੀ ਹੌਲ਼ੀ ਟੁਰਨ ਲੱਗ ਪਿਆ ਪਰ ਸ਼ਾਹੂ ਦੇ ਖੋਲਿਆਂ ਲਾਗੇ ਜਾ ਕੇ ਮੇਰੇ ਦਿਲ ਦੀ ਧੜਕਣ ਹੋਰ ਵਧ ਗਈ। ਪਹਿਲੀ ਝਾਤੀ ਜ਼ੋਹਰਾ ਉੱਤੇ ਪਈ। ਉਸ ਬੜੇ ਸੋਹਣੇ ਢੰਗ ਨਾਲ ਕੰਘੀ ਕੀਤੀ ਹੋਈ ਸੀ ਤੇ ਗੁੱਤ ਵਿੱਚ ਲਾਲ ਪਰਾਂਦਾ ਪਾਇਆ ਹੋਇਆ ਸੀ।
ਮਾਸੀ ਜਾਂਦਿਆਂ ਈ ਜ਼ੋਹਰਾ ਨੂੰ ਆਖਿਆ, "ਲੈ ਫੜ ਨੀ ਜ਼ੋਹਰਾ ਸੱਤੂ, ਸੰਭਾਲ ਕੇ ਰੱਖੀਂ, ਮੇਰੀ ਭੈਣ ਬੜੀ ਰੀਝ ਨਾਲ ਦਿੱਤੇ ਨੇ।"
ਮਾਸੀ ਅੱਗੇ ਲੰਘ ਗਈ। ਜ਼ੋਹਰਾ ਮੁਸਕਰਾਂਦੀ ਹੋਈ ਮੇਰੇ ਕੋਲ ਆਈ। ਉਸ ਮੇਰੇ ਸਿਰ ਤੋਂ ਸੱਤੂਆਂ ਦੀ ਪਟੋਕਲੀ ਫੜ ਕੇ ਹੌਲੀ ਜੇਹੀ ਆਖਿਆ, “ਸੱਤੂ ਤੇ ਮੈਂ ਸੰਭਾਲ ਕੇ ਰੱਖ ਲੈਸਾਂ । ਤੈਨੂੰ ਕਿੱਥੇ ਰੱਖਾਂ ?"
ਜਵਾਬ ਵਿੱਚ ਮੈਂ ਆਖਣਾ ਚਾਹੁੰਦਾ ਸਾਂ, "ਅੱਖ ਦੀ ਪਟਾਰੀ ਵਿੱਚ ਤੇ ਦਿਲ ਦੀ ਅਲਮਾਰੀ ਵਿੱਚ" ਪਰ ਮੇਰੀ ਹਿੰਮਤ ਈ ਨਾ ਹੋਈ। ਉਂਝ ਸੱਤੂਆਂ ਦੀ ਪਟੋਕਲੀ ਫੜਨ ਵੇਲ਼ੇ ਮੈਂ ਉਹਦੀ ਉਂਗਲੀ ਉੱਤੇ ਆਪਣੀ ਉਂਗਲੀ ਨਾਲ ਕੁੱਝ ਦੱਬ ਦੇ ਦਿੱਤੀ ਸੀ । ਏਨਾ ਕੁ ਈ ਹੌਂਸਲਾ ਹੋਇਆ ਸੀ ਮੇਰੇ ਵਿੱਚ। ਖ਼ੋਰੇ ਮੇਰੀ ਉਂਗਲੀ ਦੇ ਦਬਾ ਪਾਸੋਂ ਯਾ ਟਹਿਕਦੇ ਹੁਸਨ ਪਾਰੋਂ ਉਹਦੀਆਂ ਅੱਖਾਂ ਵਿੱਚ ਚਮਕ ਤੇ ਰੌਣਕ ਆ ਗਈ ਸੀ। ਉਹਦੇ ਸੀਨੇ ਵਿੱਚ ਸਾਹਵਾਂ ਦੀ ਕਾਹਲੀ ਪਾਰੋਂ... ਉਹਦੀ ਛਾਤੀ ਦੇ ਉਭਾਰ ਉਹਦੀ ਕਮੀਜ਼ ਨੂੰ ਤਰਾਣ ਦੇ ਦੇ ਬਾਹਰ ਨਿੱਕਲਣ ਦਾ ਯਤਨ ਕਰਨ ਲੱਗ ਪਏ ਸਨ, ਉਹਦੇ ਜੁੱਸੇ ਦਾ ਲਹੂ ਖ਼ੋਰੇ ਇਕੱਠਾ ਹੋ ਕੇ ਉਹਦੀਆਂ ਗੱਲ੍ਹਾਂ ਵਿੱਚ ਆ ਗਿਆ ਹੋਵੇ। ਉਸ ਕੋਈ ਗੱਲ ਨਾ ਕੀਤੀ। ਪਟੋਕਲੀ ਤੇ ਘਿਓ ਵਾਲਾ ਭਾਂਡਾ ਫੜ ਕੇ ਅੰਦਰ ਚਲੀ ਗਈ।
ਮੈਨੂੰ ਅੰਦਰ ਆਵਣ ਲਈ ਕਿਸੇ ਵੀ ਨਾ ਆਖਿਆ। ਮੈਂ ਪਰਤ ਆਇਆ। ਰਾਹ ਵਿੱਚ ਆਪਣੇ ਆਪ ਨੂੰ ਟੁੰਬਦਾ ਰਿਹਾ: 'ਲੈ ਭਲਾਂ ਮੈਨੂੰ ਅੰਦਰ ਬੁਲਾਵਣ ਦੀ ਕੀ ਲੋੜ ਸੀ। ਮੈਂ ਆਪ ਈ ਚਲਾ ਜਾਂਦਾ ਤਾਂ ਕੀ ਸੀ । ਜਦ ਮੈਂ ਮਾਸੀ ਦੇ ਨਾਲ ਆਇਆ ਸਾਂ, ਫੇਰ ਰੁਕਾਵਟ ਕਾਹਦੀ ਸੀ । ਭਲਾਂ ਨਾਲ ਆਏ ਨੂੰ ਕੀ ਮੁੜ ਕੇ ਆਖਣਾ ਪੈਂਦਾ ਏ। ਨਹੀਂ, ਮੈਂ ਆਪ ਈ ਝੁੱਡੂ ਆਂ... ਨਾਲ ਲਿਜਾਵਣ ਦਾ ਮਤਲਬ ਇਹ ਏ ਕਿ ਆ ਜਾ, ਤੇਰੇ ਲਈ ਬੂਹੇ ਖੁੱਲ੍ਹੇ ਨੇ ।” ਇੱਕ ਦਿਲ ਕਰੇ ਫੇਰ ਪਰਤ ਜਾਵਾਂ ਪਰ ਕੀ ਪੱਜ ਲਾਵਾਂ। ਆਖ ਦੇਸਾਂ ਐਵੇਂ ਈ।
ਲੈ ਐਵੇਂ ਕੀ ਹੋਇਆ, ਐਵੇਂ ਤੇ ਐਵੇਂ ਹੁੰਦਾ ਏ। ਹੋ ਸਕਦਾ ਏ ਮੇਰੇ ਇੰਜ ਮੁੜ ਜਾਵਣ ਨਾਲ ਬਣੀ ਗੱਲ ਵਿਗੜ ਜਾਵੇ। ਨਹੀਂ। ਕਦੀ ਫੇਰ ਸਹੀ, ਕਿਸੇ ਬਹਾਨੇ ਚਲਾ ਜਾਸਾਂ, ਪਰ ਫੇਰ ਵੀ ਬਹਾਨਾ ਈ ਤੇ ਚਾਹੀਦਾ ਏ। ਹੁਣ ਕਿਉਂ ਨਹੀਂ? ਹੁਣ ਕੋਈ ਬਹਾਨਾ ਨਹੀਂ ਸੁੱਝਦਾ । ਕੁੱਝ ਸੋਚ ਕੀ ਸੋਚਾਂ, ਮੇਰਾ ਤੇ ਖ਼ੌਰੇ ਦਿਮਾਗ ਈ ਸੁੰਨ ਹੋ ਗਿਆ ਹੋਇਆ ਏ। ਪਾਗਲ ਤੇ ਨਹੀਂ ਹੋ ਗਿਆ ਮੈਂ ?
ਇੰਜ ਦੀਆਂ ਕਈ ਦਲੀਲਾਂ ਮੇਰੇ ਮਨ ਵਿੱਚ ਆਈਆਂ। ਟੁਰਦਾ ਟੁਰਦਾ ਖਲੋਕੇ ਪਰਤ ਕੇ ਵੇਖਦਾ, ਸੋਚਦਾ ਖ਼ੌਰੇ ਉਹ ਵੀ ਮੈਨੂੰ ਵੇਖਦੀ ਹੋਵੇ। ਪਰ ਉੱਥੇ ਤੇ ਕੋਈ ਵੀ ਨਹੀਂ ਸੀ
ਵੇਖਣ ਵਾਲਾ।
ਆਖਰ ਆਪਣੇ ਆਪ ਨੂੰ ਧਰੂਹ ਕੇ ਮੈਂ ਘਰ ਪਰਤ ਆਇਆ।
ਘਰ ਆ ਕੇ ਮੈਂ ਕੁੱਝ ਪੜ੍ਹਨ ਦਾ ਯਤਨ ਕੀਤਾ ਪਰ ਕੋਈ ਲਫਜ਼ ਪੱਲੇ ਨਹੀਂ ਸੀ ਪੈਂਦਾ । ਕਈ ਸਫ਼ੇ ਪੜ੍ਹ ਲਏ ਪਰ ਪਤਾ ਨਹੀਂ ਚੱਲਿਆ ਕੀ ਪੜ੍ਹਿਆ ਏ ਤੇ ਕਿੱਥੋਂ ਪੜ੍ਹਿਆ ਏ। ਵੇਲਾ ਗੁਜ਼ਰਨ ਦੇ ਨਾਲ ਨਾਲ ਅਸਾਡਾ ਅਰਾਈਂ ਲੋਕਾਂ ਨਾਲ ਵਾਹਵਾ ਘਸ ਪੈ ਗਿਆ। ਮਾਸੀ ਦੇ ਘਰ ਜਾਣਾ ਹੋ ਗਿਆ।
ਕਦੀ ਜ਼ੋਹਰਾ ਨਾਲ ਮੁਲਾਕਾਤ ਹੋ ਜਾਂਦੀ ਤੇ ਕਦੀ ਕੋਈ ਨਾ। ਚਾਚਾ ਅੱਲਾ ਦਿੱਤਾ ਵੀ ਮੇਰੇ ਪਿਉ ਦਾ ਭਰਾ ਬਣ ਗਿਆ। ਇਹਨਾਂ ਦੀ ਇੱਕ ਧੀ ਸੀ ਅੱਲਾ ਰੱਖੀ। ਦੋ ਕੁ ਸਾਲ ਦੀ ਸੀ। ਹੋਰ ਕੋਈ ਬਾਲ ਨਹੀਂ ਸੀ ਹੋਇਆ। ਵਾਹੀ ਬੀਜੀ ਦੇ ਕੰਮਾਂ ਵਿੱਚ ਚਾਚਾ ਅੱਲਾ ਦਿੱਤਾ ਤੇ ਮੇਰਾ ਪਿਉ ਇੱਕ ਦੂਜੇ ਦਾ ਹੱਥ ਵਟਾਂਵਦੇ ਸਨ, ਕੰਮ ਆਂਵਦੇ ਸਨ ਤੇ ਲਿਹਾਜ਼ ਕਰਦੇ ਸਨ। ਮੇਰੇ ਸਕੇ ਚਾਚੇ ਦੀ ਅਹਿਮੀਅਤ ਘਟ ਗਈ ਸੀ। ਏਸੇ ਕਾਰਨ ਚਾਚੇ ਆਪਣਾ ਕੰਮ ਵੱਖਰਾ ਕਰ ਲਿਆ। ਉਹਦੇ ਦੋ ਪੁੱਤਰ ਗਭਰਾਟੇ ਸਨ । ਸੁੰਝੇ ਰਾਹ ਹੋਏ ਤਾਂ ਮਾਸੀ ਬਸ਼ੀਰਾਂ ਮੇਰੀ ਮਾਂ ਨਾਲੋਂ ਜ਼ਿਆਦਾ ਮੇਰੇ ਪਿਉ ਦੀ ਸੱਜਣ ਲੱਗਦੀ ਸੀ । ਚਾਚਾ ਅੱਲੇ ਦਿੱਤੇ ਨਾਲੋਂ ਜਿਆਦਾ ਮੇਰੇ ਪਿਉ ਨਾਲ ਖੁਸ਼ ਜਾਪਦੀ ਸੀ। ਮੇਰੀ ਮਾਂ ਨੂੰ ਸਭ ਕੁੱਝ ਮਲੂਮ ਸੀ ਪਰ ਮੂੰਹੋਂ ਕੁੱਝ ਨਹੀਂ ਸੀ ਕਹਿੰਦੀ। ਅੰਦਰੋ ਅੰਦਰ ਕੁੜ੍ਹਦੀ ਰਹਿੰਦੀ ਸੀ। ਮਾਂ ਦੀ ਹਾਲਤ ਤੋਂ ਮੈਂ ਬੇਖ਼ਬਰ ਨਹੀਂ ਸਾਂ।
ਪਰ ਮੇਰੀ ਲੋੜ ਵੀ ਏਸੇ ਗੱਲ ਵਿੱਚ ਸੀ ਕਿ ਗੱਲ ਬਣੀ ਰਹਵੇ, ਵਿਗੜੇ ਨਾ । ਨਾਲ਼ੇ ਬਸ਼ੀਰਾਂ ਦੇ ਆਵਣ ਨਾਲ ਮੇਰੇ ਪਿਉ ਨੂੰ ਮੇਰੇ ਉੱਤੇ ਘੱਟ ਈ ਗੁੱਸਾ ਚੜ੍ਹਦਾ ਸੀ।
ਜ਼ੋਹਰਾ ਚਾਚਾ ਅੱਲਾ ਦਿੱਤੇ ਦੀ ਸਕੀ ਭੈਣ ਨਹੀਂ ਸੀ । ਫੂਫੀ ਦੀ ਧੀ ਸੀ। ਫੂਫੀ ਫੁੱਫੜ ਦੇ ਮਰਨ ਮਗਰੋਂ ਜ਼ੋਹਰਾ ਤੇ ਇਹਦਾ ਭਰਾ ਦੋਵੇਂ ਇਹਦੇ ਕੋਲ ਈ ਰਹੇ ਸਨ। ਜ਼ੋਹਰਾ ਦਾ ਭਰਾ ਅਨਾਇਤ ਬਿਲਕੁਲ ਸਿੱਧੜ ਸੀ । ਅਸਾਂ ਉਹਨੂੰ ਘੁੱਗੂ ਆਖਦੇ ਸਾਂ । ਉਹਦਾ ਮੂੰਹ ਵੀ ਤੇ ਬਿਲਕੁਲ ਢੁਬਰਾ ਮੱਛੀ ਵਰਗਾ ਸੀ । ਲੰਮਾ ਤੇ ਗੋਲ ਜਿਹਾ।
ਚਾਚੇ ਦੇ ਵੱਖ ਹੋਵਣ ਨਾਲ ਪਿਉ ਨੂੰ ਕੰਮ ਕਰਨਾ ਪੈਂਦਾ ਸੀ। ਪਿਉ ਲਈ ਕੰਮ ਕਰਨਾ ਔਖਾ ਸੀ। ਆਪਣੇ ਕੰਮਾਂ ਕਾਰਾਂ ਵਿੱਚ ਹੁਣ ਮੈਨੂੰ ਵੀ ਨਾਲ ਲਿਜਾਵਣ ਲੱਗ ਪਿਆ। ਕਦੇ ਸਕੂਲ ਜਾਵਣ ਦੀ ਇਜਾਜ਼ਤ ਮਿਲ ਜਾਂਦੀ ਤੇ ਕਦੇ ਕੋਈ ਨਾ ।
ਪੜ੍ਹਾਈ ਦੇ ਮੁੱਕਣ ਮਗਰੋਂ ਮੈਂ ਵਾਹੀ ਬੀਜੀ ਦੇ ਕੰਮਾਂ ਵਿੱਚ ਜੁੱਟ ਗਿਆ ਤੇ ਛੇਤੀ ਈ ਲਾਦੂ ਹੋ ਗਿਆ। ਵਾਹੀ ਦੇ ਮੋਟੇ ਮੋਟੇ ਸਾਰੇ ਕੰਮ ਸਿੱਖ ਲਏ। ਮੇਰੇ ਲਾਦੂ ਨਿੱਕਲ ਆਵਣ ਉੱਤੇ ਪਿਉ ਇੱਕ ਹੋਰ ਜੋਗ ਬਣਾ ਲਈ ਤੇ ਇੱਕ ਕਾਮਾ ਵੀ ਰੱਖ ਲਿਆ।
ਰਵਾਜ ਮੂਜ਼ਬ ਸਾਲ ਦੀਆਂ ਤਿੰਨ ਮਾਣੀਆਂ ਦਾਣੇ ਦੇਣੇ ਕੀਤੇ ਸੀ। ਅਸਾਡਾ ਕਾਮਾ ਹੁਸੈਨੂੰ ਜੋਧੇ ਵਾਲਾ ਪਿਉ ਦਾ ਸ਼ਰੀਕੇ ਵਿੱਚੋਂ ਭਰਾ ਸੀ । ਏਸੇ ਹਿਸਾਬ ਨਾਲ ਮੇਰਾ ਚਾਚਾ ਹੋਇਆ। ਜੋਧੇ ਵਾਲਾ ਹੁੱਕੇ ਦਾ ਡਾਢਾ ਪਿਆਕ ਸੀ, ਗੱਲਾਂ ਦਾ ਗਾਲੜੀ, ਬਦਨੀਤਾ, ਗੱਪੀ ਤੇ ਕੰਮਚੋਰ ਸੀ। ਕੱਦਕਾਠ ਦਾ ਉੱਚਾ ਲੰਮਾ ਗੱਭਰੂ । ਉਂਜ ਡਰਪੋਕ, ਬੁਜ਼ਦਿਲ ਤੇ ਪਾਦੜ। ਖਾਂਦਾ ਬਹੁਤ ਸੀ ਤੇ ਸੌਂਵਣ ਵੇਲੇ ਘੁਰਾੜੇ ਬਹੁਤ ਮਾਰਦਾ ਸੀ। ਬਹਾਨੇਬਾਜ਼ ਅਤੇ ਢੀਠ ਕਿਸਮ
ਦਾ ਜਵਾਨ ਸੀ । ਮੈਂ ਆਖਦਾ, "ਚਾਚਾ, ਜੇ ਤੂੰ ਬਦਨੀਤਾ ਨਾ ਹੋਵੇਂ ਤਾਂ ਬਹੁਤ ਸੋਹਣਾ ਗੱਭਰੂ ਏਂ।"
ਜਵਾਬ ਵਿੱਚ ਜੋਧੇ ਵਾਲਾ ਗਾਲਾਂ ਕੱਢਦਾ ਤੇ ਪਿਉ ਅੱਗੇ ਮੇਰੀ ਸ਼ਿਕਾਇਤ ਕਰਦਾ।
"ਭਾਈਆ, ਤੇਰਾ ਇਹ ਸਕੂਲੀਆ ਮੁੰਡਾ ਮੇਰਾ ਉੱਕਾ ਲਿਹਾਜ਼ ਨਹੀਂ ਕਰਦਾ।" ਪਿਉ ਮੈਨੂੰ ਝਾੜ ਪਾਂਵਦਾ ਤੇ ਸਾਊ ਅਸੀਲ ਰਹਿਣ ਦੀ ਨਸੀਹਤ ਕਰਦਾ। ਸਾਵਨੀ ਸ਼ੁਰੂ ਸੀ, ਔੜ ਲੱਗੀ ਹੋਈ ਸੀ। ਅੱਜ ਪਹਿਲੇ ਦਿਨ ਹੁਸੈਨੂੰ ਜੋਧੇ ਵਾਲਾ ਤੇ ਮੈਂ ਹਰਨਾਲੀਆਂ ਕਰਕੇ ਪੈਲੀਆਂ ਦੇ ਵਿੱਚ ਹਲ ਜੋਵਣ ਗਏ। ਝੋਨੇ ਵਾਸਤੇ ਕਦੋ ਤਿਆਰ ਕਰਨਾ ਸੀ। ਲੋਕ ਵੀ ਹਰ ਪਾਸੇ ਆਪਣੀ ਆਪਣੀ ਪੈਲੀਆਂ ਵਿੱਚ ਕਦੋ ਮਾਰ ਰਹੇ ਸਨ। ਚਾਰ ਚੁਫੇਰੇ ਪਾਣੀ ਈ ਪਾਣੀ ਸੀ ਤੇ ਹਾਲੀਆਂ ਦੀ ਛੱਬਲ ਛੱਬਲ ਹੋ ਰਹੀ ਸੀ । ਜੋਧੇ ਵਾਲੇ ਹਲ ਅੱਗੇ ਲਾ ਲਿਆ ਤੇ ਮੇਰਾ ਹਲ ਪਿੱਛੇ ਸੀ। ਉਸ ਪਹਿਲੀ ਰਾਲ੍ਹ ਈ ਡਿੱਗੀ ਮਾਰੀ ਤੇ ਮੈਂ ਆਖਿਆ, ਚਾਚਾ, ਰਾਲ੍ਹ ਤੇ ਸਿੱਧੀ ਮਾਰਨੀ ਸੀ।” ਉਸ ਜਵਾਬ ਨਾ ਦਿੱਤਾ, ਸਗੋਂ ਜੋਗ ਨੂੰ ਖਿਝ ਖਿਝ ਕੇ ਗਾਲਾਂ ਦਿੰਦਾ ਹੋਇਆ ਸੋਟੇ ਮਾਰਨ ਲੱਗ ਪਿਆ। ਫੇਰ ਵੀ ਮੈਂ ਕੁੱਝ ਨਾ ਆਖਿਆ। ਜਿਵੇਂ ਮਰਜ਼ੀ ਪਿਆ ਕਰੇ।
ਜੋਧੇ ਵਾਲਾ ਕਦੇ ਪਾਗਲਾਂ ਵਾਂਗਰ ਉੱਚੀ ਉੱਚੀ ਗਾਵਣ ਲੱਗ ਪੈਂਦਾ ਤੇ ਕਦੀ ਡੰਗਰਾਂ ਨੂੰ ਗ਼ਲੀਜ਼ ਗਾਲਾਂ ਕੱਢਦਾ। ਜਦ ਤੀਕ ਉਹਦਾ ਸੰਘ ਬਹਿ ਨਾ ਜਾਂਦਾ ਉਹ ਬਕੀ ਜਾਂਦਾ।
ਅਸਾਂ ਦੋ ਜੋਗਾਂ ਦੇ ਨਾਲ ਕਿੱਲੇ ਨੂੰ ਦੋਹਰ ਲਾ ਕੇ ਸੋਹਾਗਣਾ ਸੀ । ਇਹ ਕੰਮ ਤਾਂ ਈ ਵੇਲੇ ਸਿਰ ਹੋ ਸਕਦਾ ਸੀ ਜੇ ਅਸੀਂ ਵਕਤ ਗਵਾਇਆ ਬਗੈਰ ਕੰਮ ਕਰਦੇ ਰਹਿੰਦੇ, ਪਰ ਜੋਧੇ ਵਾਲਾ ਤੇ ਝੱਟ ਮਗਰੋਂ ਜੋਗ ਇੱਕ ਪਾਸੇ ਖਲਾਰ ਕੇ ਦੂਜੇ ਹਾਲੀਆਂ ਕੋਲੋਂ ਹੁੱਕਾ ਲੈ ਕੇ ਛਿੱਕਣ ਬਹਿ ਜਾਂਦਾ । ਭਲਾਂ ਇੱਕ ਜੋਗ ਨਾਲ ਕਿਵੇਂ ਕੰਮ ਨਿੱਬੜ ਸਕਦਾ ਸੀ। ਰੋਜ਼ ਇੰਜ ਈ ਹੁੰਦਾ ਸੀ। ਲੋਕ ਤਾਂ ਬਾਰਾਂ ਵਜੇ ਤੱਕ ਹਲ ਵਾਹ ਕੇ ਸੋਹਾਗ ਲੈਂਦੇ, ਪਰ ਅਸੀਂ ਪੇਸ਼ੀ ਵੇਲ਼ੇ ਤੀਕ ਫਸੇ ਰਹਿੰਦੇ। ਜੋਗਾਂ ਵੀ ਅੱਕ ਜਾਂਦੀਆਂ ਤੇ ਕਾਹਲੀਆਂ ਪੈ ਪੈ ਜਾਂਦੀਆਂ, ਕਦੀ ਕਦੀ ਗੁੱਸੇ ਵਿੱਚ ਜੋਗਾਂ, ਅਰਲੀ ਗਾਤਰਾਂ ਭੰਨ ਸੁੱਟਦੀਆਂ ਸਨ, ਜੀਹਦੇ ਨਾਲ ਅਸਾਨੂੰ ਹੋਰ ਕੁਵੇਲ ਹੋ ਜਾਂਦੀ ਸੀ।
ਜੋਧੇ ਵਾਲ਼ੇ ਦੀ ਏਸ ਹਰਕਤ ਉੱਤੇ ਮੈਨੂੰ ਗੁੱਸਾ ਆਂਵਦਾ, ਬਹੁਤ ਖਿਝ ਚੜ੍ਹਦੀ ਪਰ ਕੀ ਕਰ ਸਕਦਾ ਸਾਂ । ਹਲ ਛੱਡਣ ਮਗਰੋਂ ਵੱਟ ਬੰਨੇ ਦੇ ਕੰਮ ਵੇਲ਼ੇ ਜੋਧੇ ਵਾਲਾ ਆਖਦਾ, "ਲੈ ਓਏ, ਫੜ ਕਹੀ ਤੇ ਵੱਟਾਂ ਬੰਨੇ ਠੀਕ ਕਰ, ਮੈਂ ਜ਼ਰਾ ਹੁੱਕੇ ਦੀ ਵਾਰੀ ਲਾ ਲਵਾਂ।" ਉਹ ਅਰਾਮ ਨਾਲ ਬਹਿ ਕੇ ਹੁੱਕਾ ਛਕਦਾ ਤੇ ਮੈਂ ਵੱਟਾਂ ਬੰਨੇ ਬਣਾਵੰਦਾ। ਜੋਧੇ ਵਾਲ਼ਾ, ਬਦ ਦਾ ਬੀ, ਹੁੱਕਾ ਛਕਦਾ-ਛਕਦਾ, ਉੱਥੇ ਕੜਕਦੀ ਧੁੱਪੇ ਈ ਸੌਂ ਜਾਂਦਾ ਸੀ ।
ਮੇਰੇ ਕੱਲੇ ਕੋਲੋਂ ਕੰਮ ਪੂਰਾ ਨਹੀਂ ਸੀ ਹੋ ਸਕਦਾ। ਥੱਕ ਕੇ ਚੂਰ ਵੱਖ ਹੋ ਜਾਂਦਾ ਸਾਂ । ਕੰਮ ਪੂਰਾ ਨਾ ਹੋਵਣ ਪਾਰੋਂ ਸ਼ਾਮ ਨੂੰ ਪਿਉ ਕੋਲੋਂ ਝਾੜ ਵੀ ਪੈਂਦੀ ਤੇ ਮੇਰੇ ਅੰਦਰ ਇੱਕ ਹੋਰ ਸਾੜ ਪੈਦਾ ਹੁੰਦਾ। ਕੁੱਝ ਦਿਨਾਂ ਮਗਰੋਂ ਮੇਰੇ ਪਿਉ ਇੱਕ ਹੁੱਕਾ ਲੈ ਜਾਵਣ ਦੀ ਇਜਾਜ਼ਤ ਦੇ ਦਿੱਤੀ।
ਹੁੱਕਾ ਮਿਲ ਜਾਵਣ ਉੱਤੇ ਜੋਧੇ ਵਾਲਾ ਬੜਾ ਖੁਸ਼ ਸੀ। ਉਹ ਹੁੱਕੇ ਲਈ ਪਾਥੀਆਂ ਗੋਹੇ ਨਾਲ ਲੈ ਆਂਵਦਾ। ਬੰਨੇ ਉੱਤੇ ਜੋਧੇ ਵਾਲਾ ਅੱਗ ਦੱਬ ਕੇ ਰੱਖਦਾ ਤੇ ਝੱਟ ਪਿੱਛੋਂ ਹਲ਼ ਖਲ੍ਹਾਰ ਕੇ ਹੁੱਕਾ ਛਕਣ ਬਹਿ ਜਾਂਦਾ। ਕੰਮ ਫੇਰ ਵੀ ਮੈਨੂੰ ਈ ਕਰਨਾ ਪੈਂਦਾ ਸੀ ।
ਫੇਰ ਉਹ ਈ ਅਮਲ । ਇੱਕ ਜੋਗ ਖਲੋਤੀ ਰਹਿੰਦੀ ਤੇ ਇੱਕ ਨਾਲ ਮੈਂ ਹਲ ਚਲਾਈ ਜਾਂਦਾ । ਭਲਾਂ ਇੱਕ ਜੋਗ ਦੇ ਜੋਗਾਂ ਦਾ ਕੰਮ ਕਿੰਜ ਨਿਬੇੜ ਸਕਦੀ ਸੀ । ਫੇਰ ਉਹੋ ਪੇਸ਼ੀ ਵੇਲਾ ਈ ਹੋ ਜਾਂਦਾ ਤੇ ਇੰਜ ਈ ਫੇਰ ਮੈਨੂੰ ਵੱਟਾਂ ਬੰਨੇ ਬਣਾਵਣੇ ਪੈਂਦੇ। ਜੋਧੇ ਵਾਲਾ ਮਜ਼ੇ ਨਾਲ ਬੰਨੇ ਉੱਤੇ ਬਹਿ ਕੇ ਹੁੱਕਾ ਛਕਦਾ ਰਹਿੰਦਾ।
ਕਦੋ ਦੇ ਕੰਮ ਮਗਰੋਂ ਜਵਾਰ ਦੇ ਪੱਠੇ ਵੱਢਣੇ ਪੈਂਦੇ। ਇਹ ਵੀ ਮੈਨੂੰ ਈ ਕਰਨਾ ਪੈਂਦਾ, ਜੋਧੇ ਵਾਲਾ ਹੁੱਕੇ ਜੁ ਛਕਣਾ ਹੁੰਦਾ ਸੀ। ਪਿਉ ਦੇ ਸ਼ਰੀਕੇ ਦਾ ਭਰਾ ਸੀ, ਮੈਂ ਕੁੱਝ ਕਹਿ ਵੀ ਨਹੀਂ ਸੀ ਸਕਦਾ।
ਤੰਗ ਆ ਕੇ ਮੈਂ ਵੀ ਹੁੱਕਾ ਛਕਣਾ ਸ਼ੁਰੂ ਕਰ ਦਿੱਤਾ। ਆਖ਼ਰ ਸਾਹ ਲੈਣ ਲਈ ਯਾ ਕੁੱਝ ਦੇਰ ਅਰਾਮ ਕਰਨ ਲਈ ਕੋਈ ਬਹਾਨਾ ਤੇ ਚਾਹੀਦਾ ਸੀ।
ਇੰਜ ਕਰਕੇ ਮੈਂ ਵੀ ਹੁੱਕੇ ਦਾ ਪਿਆਕ ਬਣ ਗਿਆ। ਪਹਿਲੇ ਪਹਿਲ ਚੱਕਰ ਵੀ ਆਏ ਸਨ ਤੇ ਉਬਕਾਈਆਂ ਵੀ, ਪਰ ਫੇਰ ਸਭ ਕੁੱਝ ਖੂਨ ਦਾ ਹਿੱਸਾ ਬਣ ਗਿਆ ਤੇ ਹੁਣ ਤੀਕਰ ਬਣਿਆ ਹੋਇਆ ਏ। ਰੋਂਦਿਆਂ ਧੋਂਦਿਆਂ ਈ ਵੇਲਾ ਲੰਘ ਰਿਹਾ ਸੀ।
ਇੱਕ ਦਿਨ ਅਸਾਡੀ ਨਹਿਰੀ ਪਾਣੀ ਦੀ ਵਾਰੀ ਸੀ । ਮੋਘੇ ਵਿੱਚੋਂ ਨਿੱਕਲ-ਨਿੱਕਲ ਕੇ ਪਾਣੀ ਬੜੇ ਆਰਾਮ ਨਾਲ ਖਾਲ ਦੇ ਵਿੱਚ-ਵਿੱਚ ਹੁੰਦਾ ਹੋਇਆ ਪੈਲੀ ਵਿੱਚ ਖਿੱਲਰ ਗਿਆ ਸੀ। ਹਲ ਛੱਡਣ ਮਗਰੋਂ ਮੈਂ ਪਾਣੀ ਲਈ ਫੇਰਾ ਮਾਰਨ ਗਿਆ, ਮੋਢੇ ਉੱਤੇ ਕਹੀ ਸੀ ਤੇ ਹੱਥ ਵਿੱਚ ਸੋਟੀ, ਕਿਉਂ ਜੂ ਉਹਨਾਂ ਦਿਨਾਂ ਵਿੱਚ ਸੱਪ ਬਹੁਤ ਨਿੱਕਲ ਆਂਵਦੇ ਸਨ।
ਖਾਲ ਦੇ ਨਾਲ ਜੁੰਮੇ ਦਾ ਪੁੱਤਰ ਨਜ਼ੀਰ ਪਨੀਰੀ ਪਿਆ ਪੁੱਟਦਾ ਸੀ ਤੇ ਦੋ ਪੈਲੀਆਂ ਦੀ ਵਿੱਥ ਉੱਤੇ ਕੁੱਝ ਸਵਾਣੀਆਂ ਉਸ ਪਨੀਰੀ ਦੀ ਲਾਬ ਪਈਆਂ ਲਾਂਵਦੀਆਂ ਸਨ। ਨਜ਼ੀਰ ਖਾਲ ਨੂੰ ਚੋਰੀ ਖੱਡ ਕਰਕੇ ਆਪਣੀ ਪਨੀਰੀ ਵਿੱਚ ਪਾਣੀ ਛੱਡਿਆ ਹੋਇਆ ਸੀ।
ਧੁੱਪ ਕਾਰਨ ਪਨੀਰੀ ਦਾ ਪਾਣੀ ਤਪ ਜਾਂਦਾ ਏ। ਪਾਣੀ ਵਿੱਚ ਬਹਿਕੇ ਪਨੀਰੀ ਪੁੱਟਣ ਨਾਲ ਪੈਰ ਤੇ ਲੱਤਾਂ ਲੂਸ ਜਾਂਦੀਆਂ ਸਨ ।
ਮੈਂ ਸਮਝਿਆ ਹੋ ਸਕਦਾ ਏ ਨਜ਼ੀਰ ਤਪਦੇ ਪਾਣੀ ਵਿੱਚ ਠੰਡਾ ਪਾਣੀ ਮਿਲਾਵਣ ਲਈ ਖੱਡ ਕੀਤੀ ਹੋਵੇ। ਮੈਂ ਪਨੀਰੀ ਦੇ ਪਾਣੀ ਨੂੰ ਆਪਣੇ ਪੈਰ ਨਾਲ ਛੂਹ ਕੇ ਵੇਖਿਆ ਤਾਂ ਪਾਣੀ ਠੰਡਾ ਸੀ। ਮੈਂ ਉਹ ਖੱਡ ਬੰਦ ਕਰ ਦਿੱਤੀ ਤੇ ਅੱਗੇ ਮੋਘੇ ਤੀਕਰ ਚਲਾ ਗਿਆ।
ਮੋਘੇ ਤੋਂ ਪਰਤਕੇ ਆਇਆ ਤਾਂ ਖੱਡ ਫੇਰ ਵਗ ਰਹੀ ਸੀ। ਮੈਂ ਆਖਿਆ, "ਓਏ ਨਜ਼ੀਰ, ਤੈਨੂੰ ਸਬਰ ਈ ਨਹੀਂ ਆਂਵਦਾ। ਹੁਣੇ ਮੈਂ ਖੱਡ ਬੰਦ ਕੀਤੀ ਸੀ, ਤੂੰ ਫੇਰ ਖੋਹਲ ਲਈ ਏ। ਤੈਨੂੰ ਪਤਾ ਏ ਕਿੰਨੀ ਦੂਰ ਪਾਣੀ ਜਾ ਰਿਹਾ ਏ । ਪਰ ਨਜ਼ੀਰ ਤੇ ਉਲਟ ਸੀ। ਉਸ ਗਾਲ ਕੱਢ ਕੇ ਆਖਿਆ, "ਕਿਸ ਮਾਂ... ਖੱਡ ਕੀਤੀ ਏ ਤੇ ਕੌਣ... ਕਹਿੰਦਾ ਏ ?"
ਕਮਾਲ ਏ ਬਈ, ਮੈਂ ਹੱਕਾ ਬੱਕਾ ਸਾਂ। ਨਜ਼ੀਰ ਦੀਆਂ ਦਸ ਪੰਦਰਾਂ ਪੈਲੀਆਂ
ਆਪਣੀਆਂ ਸਨ। ਉਹਦੇ ਪਿਉ ਦੀ ਮਲਕੀਅਤ ਸੀ। ਉਹਦੇ ਘਰ ਵੀ ਆਪਣੀ ਥਾਂ ਉੱਤੇ ਸਨ। ਖੌਰੇ ਉਹਦੇ ਵਿੱਚ ਮਲਕੀਅਤ ਬੋਲਦੀ ਸੀ ਯਾ ਧੁੱਪ ਦਾ ਅੱਕਿਆ ਹੋਇਆ ਸੀ। ਉਂਜ ਉਹ ਹੈ ਵੀ ਗੱਭਰੂ ਸੀ। ਦੋ ਬਾਲਾਂ ਦਾ ਪਿਉ ਵੀ ਸੀ ।
ਮੈਂ ਆਖਿਆ, "ਗਾਲਾਂ ਕੱਢਦਿਆਂ ਤੈਨੂੰ ਸ਼ਰਮ ਨਹੀਂ ਆਂਵਦੀ, ਬੇਸ਼ਰਮਾ।"
ਮੇਰੀ ਏਨੀ ਗੱਲ ਆਖਣ ਉੱਤੇ ਉਹ ਹੋਰ ਗਰਮ ਹੋ ਗਿਆ। ਉੱਠਕੇ ਮੇਰੇ ਵੱਲ ਆਇਆ, "ਅਖੇ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ। ਉਏ, ਕਿਹੜੀ ਗੱਲ 'ਤੇ ਮਾਣ ਏ ਤੈਨੂੰ ? ਨਾ ਘਰ ਨਾ ਘਾਟ, ਭੋਏ ਨਾ ਭਾਂਡਾ। ਅਸੀਂ ਮਾਲਕੀ ਵਾਲੇ ਹਾਂ । ਕੰਮੀਂ ਹੋ ਕੇ ਸਾਹਮਣੇ ਬੋਲਣਾਂ ਏਂ ? ਨਾਸਾਂ ਭੰਨ ਦਿਆਂਗਾ ਤੇਰੀਆਂ।” ਉਸ ਮੈਨੂੰ ਮੁੱਕਾ ਕੱਢ ਮਾਰਿਆ। ਫੇਰ ਪਤਾ ਨਹੀਂ ਮੈਨੂੰ ਕੀ ਹੋਇਆ, ਮੈਂ ਉਸਨੂੰ ਲੱਕੋਂ ਜੱਫਾ ਮਾਰਕੇ ਵਗਦੇ ਖਾਲ ਵਿੱਚ ਸੁੱਟ ਲਿਆ । ਜਿੰਨਾ ਮੈਥੋਂ ਕੁੱਟਿਆ ਗਿਆ ਮੈਂ ਉਹਨੂੰ ਕੁੱਟਿਆ। ਜੇ ਲਾਬ ਲਾਵਣ ਵਾਲੀਆਂ ਸਵਾਣੀਆਂ ਆ ਕੇ ਨਾ ਛੁਡਵਾਂਦੀਆਂ ਤੇ ਖੌਰੇ ਮੈਂ ਕਹੀ ਦੇ ਵਾਰ ਵੀ ਕਰ ਦਿੰਦਾ।
ਮੈਂ ਉਹਨੂੰ ਕੁੱਟ ਤੇ ਲਿਆ, ਪਰ ਉਹਦੇ ਬੋਲ ਮੇਰੇ ਸੀਨੇ ਵਿੱਚ ਜ਼ਖਮ ਬਣਾ ਗਏ ਸਨ: "ਨਾ ਘਰ ਨਾ ਘਾਟ, ਭੋਏਂ ਨਾ ਭਾਂਡਾ। ਕਿਸ ਗੱਲ ਉੱਤੇ ਮਾਣ ਏ ਤੈਨੂੰ। ਕੰਮੀ ਹੋ ਕੇ ਸਾਹਮਣੇ ਬੋਲਣਾ ਏਂ।"
ਹਾਂ, ਗੱਲ ਤੇ ਉਹਦੀ ਠੀਕ ਸੀ । ਮੈਨੂੰ ਕਾਹਦੇ ਉੱਤੇ ਮਾਣ ਸੀ ? ਕੀ ਸੀ ਅਸਾਡੇ ਕੋਲ ? ਕਈ ਸਵਾਲ ਉੱਭਰੇ ਸਨ ਮੇਰੇ ਹਿਰਦੇ ਵਿੱਚੋਂ, ਪਰ ਕਿਸੇ ਸਵਾਲ ਦਾ ਜਵਾਬ ਵੀ ਨਹੀਂ ਸੀ। ਕਿਸੇ ਮੇਰੇ ਸਕੇ ਕੋਲ ਵੀ ਨਹੀਂ ਸੀ। ਇਹ ਸਾੜ ਵੀ ਮੇਰੇ ਅੰਦਰ ਈ ਧੁਖਦਾ ਰਿਹਾ।
ਜ਼ੋਹਰਾ ਤੇ ਆਖਿਆ ਕਰਦੀ ਸੀ ਕਿ "ਤੇਰੇ ਵਿੱਚ ਕੁੱਝ ਹੈ", ਪਰ ਮੇਰੇ ਵਿੱਚ ਕੁੱਝ ਵੀ ਨਹੀਂ ਸੀ। ਕਿਸੇ ਸਵਾਲ ਦਾ ਜਵਾਬ ਵੀ ਨਹੀਂ ਸੀ।
ਚਾਚਾ ਅੱਲਾ ਦਿੱਤਾ ਮੈਨੂੰ ਫਿਲਮਾਂ ਦੀਆਂ ਗੱਲਾਂ ਸੁਣਾਇਆ ਕਰਦਾ ਸੀ । ਫਿਲਮਾਂ ਦੀਆਂ ਕਹਾਣੀਆਂ ਕਿ ਕਿਵੇਂ ਜ਼ਾਲਮ ਨੂੰ ਇੱਕ ਗਰੀਬ ਤੇ ਨਿਮਾਣਾ ਹੀਰੋ ਸ਼ਿਕਸਤ ਦੇ ਦਿੰਦਾ ਏ ਤੇ ਲੋਕ ਹੀਰੋ ਦੀ ਤਾਰੀਫ਼ ਕਰਦੇ ਸਨ, ਕਦਰ ਕਰਦੇ ਸਨ। ਕੁੜੀਆਂ ਉਹਦੇ 'ਤੇ ਡੁੱਲ੍ਹ-ਡੁੱਲ੍ਹ ਪੈਂਦੀਆਂ ਸਨ। ਮੈਂ ਭਾਵੇਂ ਅੱਜ ਤੀਕਰ ਕੋਈ ਫਿਲਮ ਨਹੀਂ ਸੀ ਵੇਖੀ, ਪਰ ਫਿਲਮਾਂ ਦੀਆਂ ਗੱਲਾਂ ਚਾਚੇ ਕੋਲੋਂ ਸੁਣ ਸੁਣ ਕੇ ਮੈਨੂੰ ਵੀ ਫਿਲਮ ਵੇਖਣ ਦਾ ਸ਼ੌਕ ਹੋਵਣ ਲੱਗ ਪਿਆ ਸੀ । ਚਾਚੇ ਅੱਲਾ ਦਿੱਤੇ ਫਿਲਮ ਵਖਾਵਣ ਦਾ ਵਾਅਦਾ ਵੀ ਕੀਤਾ ਪਰ ਵੇਲ਼ਾ ਈ ਨਹੀਂ ਸੀ ਮਿਲ਼ਦਾ। ਜੇ ਕਦੇ ਵੇਲਾ ਮਿਲਦਾ ਤਾਂ ਪੱਲੇ ਪੈਸਾ ਈ ਨਹੀਂ ਸੀ ਹੁੰਦਾ।
ਮਾਝਾਂ ਦਾ ਪਿਉ ਉਮਰਦੀਨ ਹਦੀਸ ਦੀਆਂ ਗੱਲਾਂ ਕਰਦਾ। ਸ਼ੇਖ ਸਾਅਦੀ ਦੀਆਂ ਕਹਾਵਤਾਂ ਸੁਣਾਂਵਦਾ ਤੇ ਨਮਾਜ਼ਾਂ ਪੜ੍ਹਦਾ ਰਹਿੰਦਾ ਸੀ । ਉਹਦੀ ਬਿਮਾਰ ਵਹੁਟੀ ਵੀ ਨਮਾਜ਼ ਪੜ੍ਹਦੀ ਤੇ ਰੋਜ਼ੇ ਰੱਖਦੀ ਸੀ, ਪਰ ਮਾਸੀ ਬਸ਼ੀਰਾਂ ਤੇ ਬਾਕੀ ਦੇ ਸਾਰੇ ਬਿਲਕੁਲ ਪਰਵਾਹ ਨਾ ਕਰਦੇ। ਹੱਸਦੇ ਖੇਡਦੇ ਤੇ ਮੇਲ ਮਿਲਾਪ ਕਰਦੇ ਖੁਸ਼ ਰਹਿੰਦੇ ਸਨ।
ਜ਼ੋਹਰਾ ਛੇ ਜਮਾਤਾਂ ਪੜ੍ਹੀ ਹੋਈ ਸੀ ਤੇ ਉਸ ਫਿਲਮਾਂ ਵੀ ਵੇਖੀਆਂ ਹੋਈਆਂ ਸਨ। ਉਸ ਵੀ ਫਿਲਮਾਂ ਬਾਰੇ ਮੈਨੂੰ ਬਹੁਤ ਕੁੱਝ ਦੱਸਿਆ, ਪਰ ਮੈਂ ਫਿਲਮਾਂ ਵੇਖਾਂ ਕਿਵੇਂ ? ਮੇਰੇ ਪੱਲੇ ਤੇ
ਸ਼ਹਿਰ ਜਾਵਣ ਵਾਸਤੇ ਕਿਰਾਇਆ ਵੀ ਨਹੀਂ ਸੀ ਹੁੰਦਾ। ਤੇ ਨਾ ਹੀ ਕਿਧਰੋਂ ਪੈਸਾ ਮਿਲ਼ ਜਾਵਣ ਦੀ ਆਸ ਸੀ ਮੈਨੂੰ। ਫਿਲਮ ਵੇਖਣਾ ਵੀ ਮੇਰੇ ਲਈ ਇੱਕ ਰੀਝ ਬਣ ਗਈ ਹੋਈ ਸੀ ਜਿਹੜੀ ਛੇਤੀ ਪੂਰੀ ਹੁੰਦੀ ਨਜ਼ਰ ਨਹੀਂ ਸੀ ਆਂਵਦੀ ।
ਇਹ ਦੁੱਖ ਵੀ ਮੇਰੇ ਅੰਦਰ ਸਾੜ ਪਾਵਣ ਲੱਗ ਪਿਆ ਸੀ ਤੇ ਮੈਨੂੰ ਆਪਣੀ ਬੇਵਸੀ ਉੱਤੇ ਗੁੱਸਾ ਵੀ ਆਵਣ ਲੱਗ ਪਿਆ ਸੀ।
ਮੈਥੋਂ ਛੋਟਾ ਮੁਹੰਮਦ ਹੁਸੈਨ ਛੇਤੀ ਈ ਮੇਰੇ ਨਾਲ ਆ ਰਲਿਆ ਸੀ । ਵਾਹੀ ਬੀਜੀ ਦੇ ਕੰਮਾਂ ਵਿੱਚ ਹੱਥ ਪਾਵਣ ਲੱਗ ਪਿਆ ਸੀ, ਡੰਗਰ ਵੱਛਾ ਬੰਨ੍ਹ ਖੋਹਲ ਲੈਂਦਾ ਸੀ ਤੇ ਲਿਆਰੀਆਂ ਵੀ ਸ਼ੌਂਕ ਨਾਲ ਚੋਇਆ ਕਰਦਾ, ਡੰਗਰਾਂ ਦੀ ਟਹਿਲ ਸੇਵਾ ਵੀ ਚੰਗੀ ਕਰਦਾ ਤੇ ਘੋਲ ਕੌਡੀ ਨੂੰ ਵੀ ਰੀਝ ਨਾਲ ਕਰਦਾ ਸੀ।
ਮੇਰੇ ਨਾਲ ਆ ਖਲੋਵਣ ਕਾਰਨ ਮੈਨੂੰ ਬਹੁਤ ਸੁਖਿਆਈ ਹੋ ਗਈ। ਮੇਰੇ ਨਾਲੋਂ ਬਹੁਤਾ ਕੰਮ ਉਹ ਕਰਨ ਲੱਗ ਪਿਆ ਸੀ, ਸਗੋਂ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੈਨੂੰ ਘੱਟ ਕੰਮ ਕਰਨਾ ਪਵੇ।
ਮੁਹੰਮਦ ਹੁਸੈਨ ਪਿਉ ਦੇ ਸੁਭਾਅ ਨੂੰ ਸਮਝਦਾ ਸੀ । ਮੇਰੀ ਕੌੜ ਦਾ ਵੀ ਜਾਣੂੰ ਸੀ। ਏਸੇ ਲਈ ਖ਼ੋਰੇ ਭਰਾ ਨੂੰ ਮੇਰੇ ਨਾਲ ਹਮਦਰਦੀ ਸੀ । ਜੋਧੇ ਵਾਲ਼ੇ ਕੋਲੋਂ ਜਾਨ ਛੁੱਟੀ ਤੇ ਮੇਰੀ ਫਿਕਰ ਮੁੱਕੀ। ਪਿਉ ਦੀ ਨਜ਼ਰ ਤੇ ਸਿਰਫ ਕਮਾਈ ਉੱਤੇ ਈ ਰਹਿੰਦੀ ਸੀ। ਕਿਸੇ ਨੂੰ ਮਾੜੀ ਮੋਟੀ ਤਕਲੀਫ ਹੋਵੇ, ਖੰਘ ਤਾਪ ਪਿਉ ਕਦੀ ਵੀ ਅਰਾਮ ਕਰਨ ਨੂੰ ਨਹੀਂ ਸੀ ਕਹਿੰਦਾ। ਜੇ ਕਦੇ ਪਿਉ ਨੂੰ ਆਪ ਤਾਪ ਚੜ੍ਹ ਜਾਂਦਾ ਤਾਂ ਪੂਰੇ ਟੱਬਰ ਨੂੰ ਭਜਾਈ ਰੱਖਦਾ। ਸਾਰੇ ਉਹਦੀ ਟਹਿਲ ਸੇਵਾ ਵਿੱਚ ਈ ਹਾਜ਼ਰ ਰਹਿੰਦੇ ਸਨ।
ਵਾਹੀ ਬੀਜੀ ਦਾ ਸਾਰਾ ਹਿਸਾਬ ਪਿਉ ਆਪਣੇ ਕੋਲ ਰੱਖਦਾ ਸੀ। ਅਸੀਂ ਜਿਹੜੇ ਰਾਤ ਦਿਨ ਇੱਕ ਕਰਨ ਵਾਲੇ ਸਾਂ, ਅਸਾਨੂੰ ਤਾਂ ਕੁੱਝ ਮਲੂਮ ਈ ਨਹੀਂ ਸੀ ਹੁੰਦਾ ਕਿ ਕਿੰਨੀ ਕਮਾਈ ਹੋਈ ਏ ਤੇ ਕਿੰਨਾ ਖਰਚਾ ਹੋਇਆ ਏ।
ਇਹ ਤਾਂ ਸਾਨੂੰ ਵੀ ਮਲੂਮ ਸੀ ਮਸਾਂ ਰੋਟੀ ਟੁੱਕਰ ਈ ਪੂਰਾ ਹੁੰਦਾ ਰਹਵੇ ਤੇ ਬੜੀ ਗੱਲ ਏ। ਸ਼ੌਕ ਨੂੰ ਪਾਲਣ ਲਈ ਅਸਾਡੇ ਕੋਲ ਵੇਲ਼ਾ ਈ ਨਹੀਂ ਸੀ ਬਚਦਾ।
ਵਾਹੀ ਦੇ ਦਿਨਾਂ ਵਿੱਚ ਸਰਘੀ ਤੋਂ ਲੈ ਕੇ ਸੋਤੇ ਤੀਕਰ ਕੰਮ ਈ ਕੰਮ ਹੁੰਦਾ ਏ। ਜੇ ਵਾਹੀ ਬੀਜੀ ਵੱਲੋਂ ਕੁੱਝ ਸਾਹ ਪੈਂਦਾ ਤਾਂ ਫੇਰ ਗੱਡ ਚਿੰਬੜ ਜਾਇਆ ਕਰਦੀ। ਪਿੰਡੋਂ ਪੱਠਾ- ਦੱਥਾ ਤੇ ਤੂੜੀ ਪਰਾਲੀ ਲੈ ਕੇ ਲਹੌਰ ਲਿਆਂਵਦੇ ਸਾਂ । ਏਥੇ ਮਾਲ ਵੇਚਕੇ ਜੋ ਵੀ ਪੈਸੇ ਮਿਲਦੇ, ਪਿਉ ਨੂੰ ਜਾ ਕੇ ਫੜਾ ਦਿੰਦੇ ਸਾਂ।
ਗੱਡ ਦੇ ਫੇਰੇ ਲਾਵਣ ਨਾਲ ਤੰਗੀ ਕੁੱਝ ਘੱਟ ਹੁੰਦੀ। ਉਹ ਵੀ ਏਨੀ ਕੁ ਕਿ ਇੱਕ ਵੇਲੇ ਲਈ ਘਰ ਵਿੱਚ ਹਾਂਡੀ ਪੱਕਣ ਲੱਗ ਪਈ ਸੀ।
ਪਿਉ ਪਹਿਲੇ ਈ ਗਵੇੜੀ ਕਿਸਮ ਦਾ ਬੰਦਾ ਸੀ । ਹੁਣ ਚਿੱਟੇ ਲੀੜੇ ਪਾ ਕੇ ਅਸਲੋਂ
ਈ ਸ਼ੌਂਕੀ ਹੋ ਗਿਆ। ਪੁੱਤਰਾਂ ਘਰ ਬਾਹਰ ਦਾ ਸਾਰਾ ਕੰਮ ਜੋ ਸਾਂਭ ਲਿਆ ਸੀ ।
ਮਾਂ ਵਿਚਾਰੀ ਦਾ ਉਹ ਈ ਹਾਲ ਸੀ। ਉਹਦੇ ਕੰਮਾਂ ਵਿੱਚ ਕੋਈ ਘਾਟਾ ਨਹੀਂ ਸੀ ਹੋਇਆ। ਵਾਹੀ ਬੀਜੀ ਦੇ ਕੰਮਾਂ ਦੇ ਨਾਲ ਘਰ ਦੇ ਕੰਮਾਂ ਕਾਜਾਂ ਨੂੰ ਸਾਂਭਣਾ ਕੋਈ ਸੌਖੀ ਗੱਲ ਤੇ ਨਹੀਂ ਸੀ। ਭਾਵੇਂ ਭੂਆ ਵੀ ਘਰ ਦੇ ਕੰਮ ਕਾਜ ਵਿੱਚ ਹੱਥ ਪਾਂਵਦੀ ਸੀ, ਫੇਰ ਵੀ ਕੰਮ ਈ ਬਹੁਤ ਸੀ। ਅਸੀਂ ਗੱਡੇ ਲੈ ਕੇ ਸ਼ਹਿਰ ਜਾਂਦੇ ਤਾਂ ਪਿੱਛੇ ਡੰਗਰ ਵੱਛੇ ਨੂੰ ਸਾਂਭਣਾ ਖੋਹਲਣਾ ਤੇ ਪੱਠੇ-ਦੱਥੇ ਪਾਵਣਾ ਸਾਰਾ ਕੁੱਝ ਮਾਂ ਨੂੰ ਈ ਨਜਿੱਠਣਾ ਪੈਂਦਾ ਸੀ।
ਮੈਥੋਂ ਤੀਜੀ ਥਾਵੇਂ ਨਜ਼ੀਰ ਬਹੁਤ ਛੋਟਾ ਸੀ ਤੇ ਅਜੇ ਸਕੂਲ ਜਾਂਦਾ ਸੀ । ਮੁਹੰਮਦ ਹੁਸੈਨ ਦੇ ਸਿਵਾ ਅਸੀਂ ਦੋਵੇਂ ਭਰਾ ਯਾਣੀ ਨਜ਼ੀਰ ਤੇ ਮੈਂ ਜ਼ਿੱਦੀ ਕਿਸਮ ਦੇ ਸਾਂ। ਅਸਾਨੂੰ ਗੁੱਸਾ ਵੀ ਐਵੇਂ ਈ ਆ ਜਾਇਆ ਕਰਦਾ ਸੀ।
ਮਾਂ ਦਸਦੀ ਸੀ ਕਿ ਮੈਨੂੰ ਛੋਟਿਆਂ ਹੁੰਦਿਆਂ ਇਕਸਾਹੀ ਦੀ ਮਰਜ਼ ਸੀ। ਮਤਲਬ ਏ ਕਿ ਮੈਂ ਗੁੱਸੇ ਨਾਲ ਏਨਾਂ ਰੋਂਦਾ ਸਾਂ ਕਿ ਬੇਹੋਸ਼ ਹੋ ਕੇ ਡਿੱਗ ਪਿਆ ਕਰਦਾ ਸਾਂ। ਮੇਰਾ ਸਾਹ ਉੱਖੜ ਜਾਇਆ ਕਰਦਾ ਸੀ । ਮੈਨੂੰ ਦੰਦਣ ਪੈ ਜਾਂਦੀ ਸੀ । ਮੇਰਾ ਪਿਸ਼ਾਬ ਨਿੱਕਲ ਜਾਂਦਾ ਸੀ ।
ਅੱਜ ਤੀਕਰ ਮੇਰੀ ਨਾਨੀ ਮੇਰੇ ਬਾਰੇ ਏਹੋ ਜੇਹੀ ਕੋਈ ਗੱਲ ਨਹੀਂ ਸੀ ਦੱਸੀ। ਯਾ ਖ਼ੌਰੇ ਇਹ ਵੀ ਹੋ ਸਕਦਾ ਏ ਨਾਨਕਿਆਂ ਮੈਨੂੰ ਰੋਵਣ ਈ ਨਾ ਦਿੱਤਾ ਹੋਵੇ । ਸਾਰੇ ਮੈਨੂੰ ਪਿਆਰ ਕਰਦੇ ਸਨ, ਮੇਰਾ ਲਾਡ ਵੇਖਦੇ ਸਨ, ਮੇਰੀ ਜ਼ਿੱਦ ਪੂਰੀ ਕਰਦੇ ਸਨ।
ਕੁੱਝ ਅਰਸੇ ਮਗਰੋਂ ਅਸਾਂ ਕੋਠਾ ਛੱਤ ਲਿਆ। ਕੋਠਾ ਭਾਵੇਂ ਕੱਚਾ ਈ ਸੀ, ਪਰ ਝੁੱਗੀ ਨਾਲੋਂ ਤਾਂ ਚੰਗਾ ਸੀ। ਏਸੇ ਲਈ ਅਸੀਂ ਆਪਣੇ ਹਲਕੇ ਵਿੱਚ ਮੁਅੱਜ਼ਜ਼ ਬਣ ਗਏ ਸਾਂ ਯਾ ਆਪਣੇ ਆਪ ਨੂੰ ਮੁਅੱਜ਼ਜ਼ ਸਮਝਣ ਲੱਗ ਪਏ ਸਾਂ।
ਕੰਮ ਤਾਂ ਰਾਤ ਦਿਨ ਦਾ ਸੀ, ਕਦੀ ਵੀ ਨਹੀਂ ਸੀ ਮੁੱਕਦਾ, ਫੇਰ ਵੀ ਮੈਂ ਕਿਸੇ ਨਾ ਕਿਸੇ ਬਹਾਨੇ ਜ਼ੋਹਰਾ ਨੂੰ ਜ਼ਰੂਰ ਮਿਲ ਲੈਂਦਾ ਸੀ । ਜ਼ੋਹਰਾ ਉੱਤੇ ਤਾਂ ਕੁੱਝ ਹੋਰ ਈ ਰੰਗਤਾਂ ਚੜ੍ਹ ਰਹੀਆਂ ਸਨ। ਉਹਦੇ ਅੰਗ ਅੰਗ ਵਿੱਚ ਜੋਬਨ ਭਰ ਭਰ ਜਾ ਰਿਹਾ ਸੀ। ਉਹਦੇ ਬੁੱਲ੍ਹਾਂ ਦੀ ਰੰਗਤ ਹੋਰ ਸੁਰਖ ਹੁੰਦੀ ਜਾ ਰਹੀ ਸੀ। ਇੰਜ ਲੱਗਦਾ ਜਿਵੇਂ ਰਸ ਭਰੇ ਤੇ ਮਿੱਠੇ ਹੋਵਣ । ਫੇਰ ਉਹ ਨਿੰਮਾਂ ਨਿੰਮ੍ਹਾਂ ਮੁਸਕਰਾਂਵਦੀ ਵੀ ਤਾਂ ਬਹੁਤ ਸੋਹਣਾ ਸੀ । ਸਾਫ ਸੁਥਰਾ ਬਾਣਾ ਪਾਂਵਦੀ ਸੀ ਤੇ ਮੂੰਹ ਹੱਥ ਵੀ ਧੋ ਕੇ ਰੱਖਦੀ ਸੀ।
ਮੈਂ ਵੀ ਸਾਫ ਸੁਥਰਾ ਰਹਿਣ ਲਈ ਸ਼ਹਿਰੋਂ ਖੁਸ਼ਬੋਈ ਵਾਲਾ ਸਾਬਣ ਖਰੀਦ ਲਿਆਇਆ ਸਾਂ ਤੇ ਰੋਜ਼ ਜੁੱਸੇ ਨੂੰ ਮਲ ਮਲ ਕੇ ਧੋਇਆ ਕਰਦਾ ਸਾਂ । ਫੇਰ ਕੀਮਤੀ ਖੁਸ਼ਬੋਈ ਵਾਲਾ ਸਾਬਣ ਆਪਣੇ ਛੋਟੇ ਭਰਾਵਾਂ ਕੋਲੋਂ ਲੁਕਾ ਕੇ ਰੱਖਣ ਲੱਗ ਪਿਆ ਸਾਂ । ਇਹ ਪਹਿਲੀ ਵਿੱਥ ਸੀ ਜਿਹੜੀ ਮੈਂ ਭਰਾਵਾਂ ਨਾਲ ਪਾ ਰਿਹਾ ਸਾਂ। ਖੌਰੇ ਮੇਰੇ ਵਿੱਚ ਤਲਖੀ, ਕੌੜ, ਕੁੜੱਤਣ ਤੇ ਖੁਦਗਰਜ਼ੀ ਵਧਦੀ ਜਾ ਰਹੀ ਸੀ। ਬਹੁਤੇ ਕੰਮ ਤੇ ਬਹੁਤੀ ਮੁਸ਼ੱਕਤ ਮਗਰੋਂ ਵੀ ਸੌਖਿਆਈ ਨਾ ਹੁੰਦੀ ਤਾਂ ਮੈਂ ਸੋਚਣ ਲੱਗ ਪੈਂਦਾ ਸਾਂ, "ਅਸਾਡਾ ਜੀਵਨ ਇੰਝ ਦਾ ਕਿਉਂ ਏ ? ਅਸਾਂ ਕੀ ਆਂ? ਕੌਣ ਆਂ ?
ਮੁਹੰਮਦ ਹੁਸੈਨ ਠੰਢੇ ਸੁਭਾਅ ਦਾ ਸੀ । ਮੇਰੇ ਸਵਾਲ ਤੇ ਤਲਖੀ ਨੂੰ ਮਹਿਸੂਸ ਕਰਦਾ
ਤੇ ਆਖਦਾ, "ਭਰਾ, ਅਸੀਂ ਆਪਣੀ ਮਰਜ਼ੀ ਦਾ ਥੋੜ੍ਹਾ ਜੀਵਨ ਜਿਉਂਦੇ ਆਂ। ਅਖੇ ਵਗ ਓਏ ਢਗਿਆ, ਸਾਈਆਂ ਦੀ ਰਜ਼ਾ ਨਾਲ ।"
ਮੈਂ ਹੋਰ ਤਲਖ ਹੋ ਕੇ ਆਖਦਾ, "ਉਹ ਸਾਈਂ ਕੌਣ ਨੇ ਜਿਹਨਾਂ ਦੀ ਰਜ਼ਾ ਸਾਡੇ ਉੱਤੇ ਈ ਆ ਟਿਕਦੀ ਏ ?”
ਇੰਜ ਹੀ ਹਯਾਤੀ ਗੁਜ਼ਾਰ ਰਹੇ ਸਾਂ । ਨਾ-ਸਮਝੀ ਤੇ ਬੇਵਸਾਹੀ ਵਿੱਚ। ਕੋਈ ਕਿਸੇ ਨੂੰ ਦੱਸਣ ਤੇ ਸਮਝਾਵਣ ਵਾਲਾ ਨਹੀਂ ਸੀ ਹੁੰਦਾ । ਆਪੇ ਗਵੇੜ ਤੇ ਟੇਵੇ ਲਾ ਕੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਾਂ । ਰਾਹ ਕੋਈ ਨਹੀਂ ਸੀ ਨਜ਼ਰ ਆਂਵਦੀ। ਐਸੇ ਹਾਲਾਤ ਵਿੱਚ ਮੈਂ ਅੰਦਰੋ ਅੰਦਰੀ ਕੁੜ੍ਹਦਾ ਰਹਿੰਦਾ ਸਾਂ ।
ਗੱਡ ਦੀ ਮੋਹਰੀ ਬੈਠਾ ਯਾ ਹਲ ਦੀ ਜੰਘੀ ਪਿੱਛੇ ਮੈਂ ਜਦ ਵੀ ਕੋਈ ਗੀਤ ਗਾਂਵਦਾ ਤਾਂ ਉਹ ਵੀ ਤਲਖ ਹੋ ਕੇ ਈ ਮੇਰੇ ਮੂੰਹੋਂ ਨਿੱਕਲਦੇ ਸਨ । ਜ਼ੋਹਰਾ ਦਾ ਖਿਆਲ ਵੀ ਕੋਈ ਤਸੱਲੀ ਨਹੀਂ ਸੀ ਦਿੰਦਾ। ਖੌਰੇ ਕਿਉਂ ਮੈਨੂੰ ਬੇਚੈਨੀ ਜਿਹੀ ਲੱਗੀ ਰਹਿੰਦੀ ਸੀ ਤੇ ਕਦੇ ਕਦੇ ਗੁੱਸੇ ਨਾਲ ਮੇਰੇ ਅੱਥਰੂ ਵੀ ਨਿੱਕਲ ਆਂਵਦੇ ਸਨ।
ਘਰ ਵਿੱਚ ਪਿਉ ਨੇ ਕੁੱਝ ਪੰਜਾਬੀ ਦੇ ਕਿੱਸੇ ਰੱਖੇ ਹੋਏ ਸਨ । ਕਦੇ ਪੜ੍ਹਦਾ ਹੋਵੇਗਾ। ਮੇਰਾ ਗੁੱਸਾ ਕਿੱਸਿਆਂ 'ਤੇ ਨਿੱਕਲਦਾ ਸੀ। ਕਿੱਸੇ ਪੜ੍ਹ ਕੇ ਮੈਂ ਸਖਤ ਨੁਕਤਾਚੀਨੀ ਕਰਦਾ ਸਾਂ । ਉਹਨਾਂ ਦੇ ਮੁਕਾਬਲੇ ਵਿੱਚ ਆਪਣੇ ਕੋਲੋਂ ਜੋੜ ਜੋੜ ਕੇ ਘੜਦਾ ਸਾਂ, ਪਰ ਵਾਰਸ਼ ਸ਼ਾਹ ਜਿਹੜੀ ਹੀਰ ਦੀ ਤਾਰੀਫ ਲਿਖੀ ਸੀ, ਉਹ ਮੈਨੂੰ ਬਹੁਤ ਪਸੰਦ ਆਂਵਦੀ। ਮੈਨੂੰ ਤੇ ਜ਼ੋਹਰਾ ਉਸੇ ਹੀਰ ਵਰਗੀ ਜਾਪਦੀ ਸੀ।
ਮੈਂ ਰਾਂਝਾ ਨਹੀਂ ਸਾਂ। ਮੈਨੂੰ ਵੰਝਲੀ ਵਜਾਵਣੀ ਨਹੀਂ ਸੀ ਆਂਵਦੀ ਜਦ ਕਿ ਪਿੰਡ ਦੇ ਸਾਰੇ ਮੁੰਡੇ ਸੋਹਣੀ ਵੰਝਲੀ ਵਜਾ ਲੈਂਦੇ ਸਨ । ਵੰਝਲੀ ਵਜਾਵਣ ਦਾ ਵੱਲ ਨਾ ਆਵਣ ਉੱਤੇ ਮੈਨੂੰ ਵੀ ਖਿਝ ਚੜ੍ਹਿਆ ਕਰਦੀ ਸੀ । ਗੁੱਸਾ ਮੈਂ ਬੁੱਲੇ ਸ਼ਾਹ ਦੀ ਕਿਤਾਬ ਪੜ੍ਹ ਕੇ ਉਹਦੇ ਉੱਤੇ ਕੱਢਦਾ ਸਾਂ ਕਿ 'ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ ।'
ਲੈ ਭਲਾਂ ਹਰ ਚੀਜ਼ ਮਿੱਟੀ ਦੀ ਕਿਵੇਂ ਹੋ ਸਕਦੀ ਏ! ਮੈਂ ਖਿਆਲ ਕਰਦਾ, ਜੇ ਹਰ ਚੀਜ਼ ਮਿੱਟੀ ਦੀ ਏ ਤੇ ਫੇਰ ਕੋਈ ਸਾਂਝ ਵੀ ਤਾਂ ਹੋਵੇ। ਜ਼ਿਮੀਦਾਰ ਉੱਚਾ ਤੇ ਰਾਹਕ ਨੀਵੇਂ ਕਿਉਂ ਨੇ ? ਆਪਸ ਵਿੱਚ ਸਾਂਝ ਕੀ ਏ ? ਇਹ ਸਭ ਝੂਠ ਏ । ਐਵੇਂ ਲੋਕਾਂ ਨੂੰ ਵਰਚਾਵਣ ਲਈ ਪੁੱਠੇ ਸਿੱਧੇ ਜੋੜ ਜੋੜ ਕੇ ਵੇਚੀ ਜਾਂਦੇ ਨੇ ।
ਹੀਰ ਰਾਂਝੇ ਦੀ ਕਿਤਾਬ ਵਿੱਚ ਲਿਖੇ ਸ਼ੇਅਰ ਕੁੱਝ ਕੁੱਝ ਚੰਗੇ ਲੱਗਦੇ ਸਨ ਤੇ ਕੁੱਝ ਅਸਲੋਂ ਈ ਨਾ-ਪਸੰਦ । ਹੀਰ ਦਾ ਅਸਲ ਚੰਗਾ ਲਗਦਾ ਸੀ ਪਰ ਰਾਂਝੇ ਨੂੰ ਤੇ ਗਾਲਾਂ ਕੱਢਦਾ ਹੁੰਦਾ ਸਾਂ । ਮੇਰੇ ਖਿਆਲ ਵਿੱਚ ਜਦ ਰਾਂਝੇ ਨੂੰ ਮੌਕਾ ਮਿਲਿਆ ਸੀ ਤੇ ਫੇਰ ਉਸ ਫ਼ਾਇਦਾ ਕਿਉਂ ਨਹੀਂ ਲਿਆ। ਹੀਰ ਦੇ ਆਖਣ ਉੱਤੇ ਉਹਨੂੰ ਲੈ ਕੇ ਨੱਸ ਕਿਉਂ ਨਹੀਂ ਸੀ ਗਿਆ ? ਰਾਂਝਾ ਤੇ ਅਸਲੋਂ ਈ ਮੈਨੂੰ ਮੂਰਖ ਲੱਗਦਾ ਸੀ ।
ਸਾਹਿਬਾ ਵਾਲਾ ਮਿਰਜ਼ਾ ਦਿਲ ਨੂੰ ਲੱਗਦਾ ਸੀ । ਉਸ ਹਿੰਮਤ ਤੇ ਕੀਤੀ, ਭਾਵੇਂ ਮਾਰਿਆ ਈ ਗਿਆ ਸੀ, ਉਸ ਕੰਮ ਤੇ ਮਰਦਾਂ ਵਾਲਾ ਕੀਤਾ ਸੀ । ਮਰ ਤੇ ਰਾਂਝਾ ਵੀ ਗਿਆ
ਸੀ। ਏਹੋ ਜਿਹੇ ਈ ਖਿਆਲ ਹੁੰਦੇ ਸਨ ਮੇਰੇ ਉਸ ਵੇਲੇ। ਨੁਕਤਾਚੀਨੀ ਕਰਨਾ ਮੇਰੀ ਆਦਤ ਬਣਨ ਲੱਗ ਪਈ ਸੀ। ਹਰ ਇੱਕ ਨਾਲ ਬਹਿਸ ਕਰਨ ਲੱਗ ਪੈਣਾ ਤੇ ਫੇਰ ਝਗੜਨਾ.... ਆਪਣੇ ਆਪ ਈ ਹੋ ਜਾਂਦਾ ਸੀ।
ਨਵੀਆਂ ਜ਼ਮੀਨਾਂ ਅਬਾਦ ਕਰਨ ਲਈ ਇੱਕ ਹੋਰ ਖਾਲ ਦੀ ਲੋੜ ਸੀ। 37- ਹਾਰਸ ਪਾਵਰ ਦਾ ਟਿਊਬ ਵੈੱਲ ਪਾਣੀ ਈ ਬਹੁਤ ਸੁੱਟਦਾ ਸੀ । ਇੱਕ ਵਾਰੀ ਫੇਰ ਸਾਰੇ ਰਾਹਕਾਂ ਨੂੰ ਖਾਲ ਉੱਤੇ ਕੰਮ ਕਰਨਾ ਪਿਆ। ਰਾਹਕ ਜਾਣਦੇ ਸਨ ਕਿ ਜਦ ਤੀਕਰ ਜ਼ਿਮੀਦਾਰ ਦੀ ਇਜ਼ਾਜ਼ਤ ਨਾ ਮਿਲੀ, ਆਪਣੀ ਆਪਣੀ ਵਾਹੀ ਦਾ ਕੰਮ ਨਹੀਂ ਸਾਂ ਕਰ ਸਕਦੇ। ਸਾਰੇ ਰਾਹਕ ਇੱਕ ਜ਼ਿਮੀਦਾਰ ਦੇ ਸਨ । ਜਿਹੜਾ ਢਿੱਲ ਮੱਠ ਕਰਦਾ ਉਹਨੂੰ ਭੋਏਂ ਤੋਂ ਈ ਜਵਾਬ ਮਿਲ ਜਾਂਦਾ। ਫੇਰ ਕਈ ਤਰਲੇ ਮਿੰਨਤਾਂ ਕਰਨ ਮਗਰੋਂ ਦੋਬਾਰਾ ਵਾਹੀ ਲਈ ਭੋਏਂ ਲੱਭਦੀ ਸੀ।
ਸਾਰੇ ਰਾਹਕ ਛੇਤੀ ਤੋਂ ਛੇਤੀ ਖਾਲ ਬੰਨ੍ਹ ਕੇ ਆਪਣੇ ਕੰਮਾਂ ਕਾਜਾਂ ਲਈ ਵਿਹਲੇ ਹੋਣਾ ਚਾਹੁੰਦੇ ਸੀ, ਏਸ ਲਈ ਉਹ ਪੂਰੇ ਦਿਲ ਤੇ ਧਿਆਨ ਨਾਲ ਜੁਪੇ ਹੋਏ ਸਨ। ਅਸੀਂ ਦੋਵੇਂ ਭਰਾ ਵੀ ਖਾਲ ਉੱਤੇ ਕੰਮ ਕਰਨ ਆਏ ਸਾਂ। ਚਾਚਾ ਅੱਲਾ ਦਿੱਤਾ ਤੇ ਉਹਦਾ ਗਵਾਂਢੀ ਉਮਰਦੀਨ ਵੀ ਖਾਲ ਉੱਤੇ ਮਿੱਟੀ ਪਾਵਣ ਲਈ ਆਏ ਹੋਏ ਸਨ।
ਛਾਹ ਵੇਲ਼ੇ ਤੀਕਰ ਮਿੱਟੀ ਨਾਲ ਮਿੱਟੀ ਹੋਏ ਰਾਹਕ ਥੱਕ ਗਏ ਸਨ, ਪਰ ਛਾਹ ਵੇਲਾ ਆਵਣ ਤੀਕਰ ਆਪਣੇ ਆਪ ਨੂੰ ਕੰਮ ਉੱਤੇ ਲਾਈ ਰੱਖਣਾ ਪੈ ਰਿਹਾ ਸੀ । ਰਾਹਕ ਕਹੀ ਦਾ ਟੱਪਾ ਸੁੱਟਣ ਵੇਲ਼ੇ ਪਿੰਡ ਵੱਲ ਵੀ ਝਾਤੀ ਮਾਰਦੇ ਸਨ । ਵੇਖਦੇ ਸਨ ਕਿ ਛਾਹ ਵੇਲ਼ੇ ਦੀਆਂ ਰੋਟੀਆਂ ਲੈ ਕੇ ਕੋਈ ਪਿੰਡੋਂ ਟੁਰਿਆ ਏ ਕਿ ਨਹੀਂ। ਹੌਲੀ ਹੌਲੀ ਪਿੰਡ ਵੱਲੋਂ ਛਾਹ ਵੇਲਾ ਲਿਆਵਣ ਵਾਲੀਆਂ ਆ ਰਹੀਆਂ ਸਨ। ਕਰਮੋ ਕਰਮੀ ਸਾਰਿਆਂ ਦੇ ਛਾਹ ਵੇਲ਼ੇ ਆ ਗਏ, ਪਰ ਅਸਾਡਾ ਛਾਹ ਵੇਲਾ ਘਰੋਂ ਨਹੀਂ ਸੀ ਨਿੱਕਲਿਆ।
ਮਾਝਾ ਤੇ ਜ਼ੋਹਰਾਂ ਵੀ ਛਾਹ ਵੇਲਾ ਲੈ ਕੇ ਆਈਆਂ। ਜਦ ਉਮਰਦੀਨ ਤੇ ਚਾਚਾ ਅੱਲਾ ਦਿੱਤਾ ਛਾਹ ਵੇਲਾ ਕਰ ਲਿਆ, ਮਾਝਾ ਤੇ ਜ਼ੋਹਰਾ ਖਾਲੀ ਭਾਂਡੇ ਚੁੱਕ ਕੇ ਘਰ ਨੂੰ ਪਰਤਣ ਵੇਲ਼ੇ ਅਸਾਡੇ ਕੋਲੋਂ ਲੰਘੀਆਂ। ਜ਼ਹਰਾ ਪੁੱਛਿਆ, "ਤੁਸਾਂ ਦਾ ਛਾਹ ਵੇਲਾ ਕਿਸ ਲਿਆਵਣਾ ਏਂ ?" ਮੈਂ ਭਰਾ ਕੋਲੋਂ ਅੱਖ ਬਚਾ ਕੇ ਆਖਿਆ, "ਇਹ ਈ ਤੇ ਸਮਝ ਨਹੀਂ ਆਂਵਦੀ ਕਿ ਅਸਾਂ ਦੀ ਰੋਟੀ ਕਿੱਥੋਂ ਆਵਣੀ ਏ ?" ਜ਼ੋਹਰਾ ਦੇ ਕੁੱਝ ਆਖਣ ਤੋਂ ਪਹਿਲਾਂ ਈ ਮਾਝਾ ਬੋਲ ਪਈ, 'ਮੱਕਿਉਂ ਸਦੀਨਿਉਂ ਈ ਆਵਸੀ ਢਗਿਆਂ ਲਈ ਰੋਟੀ। ਸਾਊ ਇੰਜ ਤਰਸਦੇ ਈ ਰਹਿ ਜਾਂਦੇ ਨੇ !" ਦੋਵੇਂ ਗੁਟਕਦੀਆਂ ਹੋਈਆਂ ਚਲੀਆਂ ਗਈਆਂ। ਮੈਨੂੰ ਸੋਚਾਂ ਘੇਰ ਲਿਆ। 'ਮਾਝਾਂ ਦਾ ਕੀ ਮਤਲਬ ਏ ? ਕੀ ਮੈਂ ਸਾਊ ਆਂ ? ਸਾਊ ਦਾ ਕੀ ਮਤਲਬ ? ਢਗੇ ਆਖਣ ਦੇ ਕੀ ਮਾਅਨੇ ਹੋਏ... ਮੁਹੰਮਦ ਹੁਸੈਨ ਜਿਹੜਾ ਸਭ ਕੁੱਝ ਚੁੱਪ ਕਰਕੇ ਸੁਣਦਾ ਰਿਹਾ ਸੀ, ਮੇਰੇ ਵੱਲ ਮੁਸਕਰਾ ਕੇ ਵੇਖਦਾ ਹੋਇਆ ਬੋਲਿਆ।
“ਬਹੁਤਾ ਸੋਚਿਆ ਨਾ ਕਰ ਭਰਾ । ਅਸਾਂ ਸਾਊ ਢਗੇ ਈ ਰਹੀਏ ਤਾਂ ਚੰਗਾ ਏ। ਜੇ ਤੈਥੋਂ ਕੰਮ ਨਹੀਂ ਹੁੰਦਾ ਤੇ ਨਾ ਕਰਿਆ ਕਰ। ਮੈਂ ਤੇਰੇ ਹਿੱਸੇ ਦਾ ਵੀ ਕੰਮ ਕਰ ਲੈਸਾਂ।" "ਕੀ ਮਤਲਬ ਮੈਂ ਕੰਮ ਨਹੀਂ ਕਰ ਸਕਦਾ ?" ਮੈਂ ਆਖਿਆ, "ਮੁਹੰਮਦ ਹੁਸੈਨ, ਇਹ ਗੱਲ ਨਹੀਂ। ਮੈਂ
ਤੇ ਸੋਚਨਾ ਅਸਾਂ ਸਾਰੇ ਬੇਵੱਸ ਲੋਕ ਕੌਣ ਹੁੰਦੇ ਆਂ? ਅੱਗ ਨਾ ਪਿੱਛਾ, ਪੁੱਛ ਨਾ ਪਰਤੀਤ। ਅਸਾਂ ਤੇ ਖ਼ੌਰੇ ਕੀੜੇ ਆਂ। ਭੌਂਏਂ ਦੇ ਕੀੜੇ । ਹਰ ਇੱਕ ਦੇ ਪੈਰਾਂ ਹੇਠ ਮਧੋਲੇ ਜਾਵਣ ਵਾਲੇ ਬੇਵੱਸ ਕੀੜੇ।" ਜਵਾਬ ਵਿੱਚ ਮੁਹੰਮਦ ਹੁਸੈਨ ਆਖਿਆ, "ਅਸਾਂ ਜੋ ਕੁੱਝ ਵੀ ਹੁੰਨੇ ਆਂ, ਏਨਾ ਈ ਕਾਫੀ ਏ ਕਿ ਅਸਾਂ ਹੁੰਨੇ ਆਂ।"
ਮੈਂ ਖਿਝ ਕੇ ਆਖਿਆ ਕਰਦਾ, "ਇਹ ਈ ਤੇ ਉਲਝਣ ਏ ਮੇਰੇ ਲਈ। ਅਸਾਂ ਹੁੰਨੇ ਆਂ ਤੇ ਕੀ ਹੁੰਨੇ ਆਂ ? ਅਸਾਡੀ ਹਯਾਤੀ ਦਾ ਕੋਈ ਟੀਚਾ, ਕੋਈ ਮਕਸਦ ਵੀ ਹੈ ? ਅਸਾਂ ਬਸ ਹੁੰਨੇ ਆ, ਡੰਗਰ ਹੁੰਨੇ ਆਂ? ਕੀੜੇ ਹੁੰਨੇ ਆਂ? ਜਨੌਰ ਹੁੰਨੇ ਆਂ ਕਿ ਇਨਸਾਨ ਹੁੰਨੇ ਆਂ! ਆਖਰ ਕੀ ਹੁੰਨੇ ਆਂ ?"
ਮੁਹੰਮਦ ਹੁਸੈਨ ਮੁਸਕਰਾਂਵਦਾ ਹੁੰਦਾ ਸੀ ਮੇਰੀ ਤਲਖੀ ਉੱਤੇ । ਕਈ ਵਾਰ ਇੰਜ ਵੀ ਹੋਇਆ ਕਰਦਾ ਸੀ ਕਿ ਮੈਂ ਗੱਲਾਂ ਕਰ ਕਰ ਬੜਾ ਸੜਦਾ ਬਲਦਾ ਪਰ ਉਹ ਮੁਸਕਰਾ ਕੇ ਕੋਈ ਅਜਿਹੀ ਗੱਲ ਕਰਦਾ ਕਿ ਮੈਨੂੰ ਯਾ ਤੇ ਚੁੱਪ ਹੋਣਾ ਪੈਂਦਾ ਯਾ ਖ਼ੌਰੇ ਉਹਦੀ ਗੱਲ ਦਾ ਭਾਰ ਈ ਏਨਾ ਹੁੰਦਾ ਕਿ ਮੈਨੂੰ ਕੋਈ ਜਵਾਬ ਈ ਨਹੀਂ ਸੀ ਸੁੱਝਿਆ ਕਰਦਾ।
ਮੈਂ ਚੁੱਪ ਹੋਇਆ ਤੇ ਮੁਹੰਮਦ ਹੁਸੈਨ ਨੇ ਆਖਿਆ, “ਭਰਾ, ਜੇ ਤੂੰ ਨਾ ਪੜ੍ਹਿਆ ਹੁੰਦਾ ਤਾਂ ਇੰਜ ਦਾ ਨਕਰਤਾ ਕਦੇ ਵੀ ਨਾ ਹੁੰਦੋਂ। ਪੜ੍ਹਾਈ ਤੇ ਬੰਦੇ ਨੂੰ ਕਿਸੇ ਕੰਮ ਦਾ ਨਹੀਂ ਰਹਿਣ ਦਿੰਦੀ।" ਮੈਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ। ਮੈਂ ਚੁੱਪ ਕਰਕੇ ਮਿੱਟੀ ਵਿੱਚ ਕਹੀ ਦਾ ਜ਼ੋਰ ਦੀ ਟੱਪਾ ਭਰ ਕੇ ਖਾਲ ਉੱਤੇ ਸੁੱਟਿਆ। ਫੇਰ ਇੰਜ ਈ ਗੁੱਸੇ ਨਾਲ ਕਈ ਹੋਰ ਟੱਪੇ ਭਰ ਭਰ ਸੁੱਟੇ।
ਅਸਾਥੋਂ ਛੋਟਾ ਨਜ਼ੀਰ ਛਾਹ ਵੇਲਾ ਲੈ ਕੇ ਆ ਰਿਹਾ ਸੀ । ਉਸ ਦੂਰੋਂ ਈ ਸੀਟੀ ਮਾਰ ਕੇ ਆਪਣੇ ਆਵਣ ਦੀ ਦੱਸ ਪਾਈ। ਨਜ਼ੀਰ ਇੰਜ ਈ ਹਰ ਵੇਲੇ ਸ਼ਰਾਰਤ ਦੇ ਸੁਭਾਅ ਵਿੱਚ ਰਹਿੰਦਾ ਸੀ। ਉਸ ਆਂਵਦੇ ਹੀ ਰੋਟੀ ਅਸਾਡੇ ਕੋਲ ਰੱਖੀ ਤੇ ਆਪ ਸੀਟੀ ਮਾਰਦਾ ਹੋਇਆ ਘਰ ਨੂੰ ਭੱਜ ਟੁਰਿਆ। ਅਸਾਡੇ ਅਵਾਜ਼ਾਂ ਮਾਰਦਿਆਂ ਉਹ ਦੂਰ ਨਿੱਕਲ ਗਿਆ।
ਅਸਾਂ ਰੋਟੀ ਖਾ ਕੇ ਫੇਰ ਖਾਲ ਉੱਤੇ ਜੁੱਟ ਪਏ। ਹੁਣ ਭੱਥੇ ਵੇਲੇ ਤੀਕਰ ਭਾਂਡਿਆਂ ਦੀ ਵੇਖ ਭਾਲ ਵੀ ਅਸਾਨੂੰ ਈ ਕਰਨੀ ਪੈ ਰਹੀ ਸੀ । ਖਾਲ ਦੇ ਜਿਹੜੇ ਹਿੱਸੇ ਉੱਤੇ ਕੰਮ ਕਰਨ ਜਾਂਦੇ, ਭਾਂਡੇ ਨਾਲ ਈ ਚੁੱਕੀ ਫਿਰਦੇ।
ਰਾਹਕਾਂ ਦੀ ਮਿਹਨਤ ਤੇ ਲਗਨ ਨਾਲ ਪੂਰੇ ਮਹੀਨੇ ਮਗਰੋਂ ਖਾਲ ਬੱਝ ਕੇ ਤਿਆਰ ਹੋ ਗਿਆ। ਖਾਲ ਵਿੱਚ ਪਾਣੀ ਛੱਡ ਕੇ ਚਾਲੂ ਕਰਨ ਵੇਲੇ ਜ਼ਿਮੀਂਦਾਰ ਦੇਗ ਚੌਲਾਂ ਦੀ ਪਕਾਈ। ਪਿੰਡ ਦੇ ਬਾਲਾਂ ਕੁੱਝ ਖਾਧੇ ਤੇ ਕੁੱਝ ਝੋਲੀਆਂ ਵਿੱਚ ਪਾ ਕੇ ਘਰਾਂ ਨੂੰ ਲੈ ਟੁਰੇ। ਜ਼ਿਮੀਦਾਰ ਮੁਬਾਰਕਾਂ ਤੇ ਦੁਆਵਾਂ ਲਈਆਂ।
ਰਾਹਕਾਂ ਨੂੰ ਪੱਲਿਓਂ ਕਰਜ਼ਾ ਦੇ ਕੇ ਜ਼ਿਮੀਦਾਰ ਹੋਰ ਜੋਗਾਂ ਬਣਵਾਈਆਂ, ਜਦ ਕਿ ਸਾਰੇ ਜਾਣਦੇ ਸੀ ਕਿ ਇਹ ਜ਼ਿਮੀਂਦਾਰ "ਸੂਈਆਂ ਦੇ ਫਾਲ਼ੇ" ਠੋਕਦਾ ਏ। ਧੇਲੀ ਦੇ ਕੇ ਵੀ ਹਵੇਲੀ ਲਿਖ ਲੈਂਦਾ ਏ। ਫੇਰ ਵੀ ਰਾਹਕ ਕਰਜ਼ਾ ਲੈ ਰਹੇ ਸਨ । ਖੁਸ਼ੀ ਨਾਲ ਤੇ ਮਜ਼ਬੂਰੀ ਪਾਰੋਂ । ਕਰਜ਼ੇ ਦੀ ਰਕਮ ਵਿੱਚੋਂ ਕੁੱਝ ਜੋਗਾਂ ਖਰੀਦਣ ਉੱਤੇ ਖਰਚ ਕਰਦੇ ਤੇ ਕੁੱਝ ਆਟਾ ਦਾਣਾ ਲੈ
ਆਂਵਦੇ।
ਰਾਹਕਾਂ ਦਾ ਇਹ ਕਿਰਸ ਤੇ ਬੇਈਮਾਨੀ ਜ਼ਿਮੀਂਦਾਰ ਵੀ ਸਮਝਦਾ ਸੀ । ਚੁੱਪ ਸੀ ਕਿ ਫਸਲ ਤਾਂ ਮੈਂ ਈ ਲੈ ਆਵਣੀ ਏ, ਜ਼ਮੀਨਾਂ ਅਬਾਦ ਵੀ ਮੇਰੀਆਂ ਹੀ ਹੋਣੀਆਂ ਨੇ। ਜ਼ਿਮੀਦਾਰ ਦਾ ਮੁਨਸ਼ੀ ਕਾਕੂ ਕੂੰਜਾ ਬੜਾ ਚੁਗਲਖੋਰ ਸੀ । ਰਾਹਕਾਂ ਦੀ ਨਿੱਕੀ ਨਿੱਕੀ ਗੱਲ ਉੱਤੇ ਵੀ ਜ਼ਿਮੀਦਾਰ ਕੋਲੋਂ ਬੇਇਜ਼ਤੀ ਕਰਵਾ ਦਿੰਦਾ ਸੀ।
ਇੱਕ ਵਾਰੀ ਫੇਰ ਚਾਚੇ ਲੰਡੂ ਦੀ ਮਹਿਮਾਂ ਟੁਰ ਪਈ ਸੀ । ਹੋਸ਼ਾਂ ਨੱਸ ਕੇ ਆਪਣੇ ਪਿਛਲੇ ਬਾਲਾਂ ਕੋਲ ਅੱਪੜ ਗਈ ਹੋਈ ਸੀ । ਉਹਦੀ ਜੁਦਾਈ ਵਿੱਚ ਚਾਚਾ ਲੰਡੂ ਪਾਗਲਾਂ ਵਾਂਗਰ ਕੰਧਾਂ ਨੂੰ ਟੱਕਰਾਂ ਮਾਰੇ ਤੇ ਰੋ ਰੋ ਕੇ ਹੱਥੀਂ ਪਏ।
ਲੰਡੂ ਨਾਲ ਜੋ ਹੋਣੀ ਸੀ ਹੋਈ, ਪਰ ਲੰਡੂ ਦੀ ਮਾਂ ਨੂੰ ਫੇਰ ਗ਼ਸ਼ ਪੈਣ ਲੱਗ ਪਏ ਸਨ। ਸ਼ਾਮ ਸਵੇਰੇ ਰੋਵਣ ਨਾਲ ਮਾਈ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ । ਹੁਣ ਉਹਦੇ ਵੈਣ ਵਿੱਚ ਇੱਕੋ ਵਰਲਾਪ ਸੀ : "ਵੇ ਲੋਕੋ ਮੈਂ ਲੁੱਟੀ ਗਈ ਆਂ, ਮੇਰੀ ਮਾਸੂਮ ਧੀ ਵਿਚਾਰੀ ਦਾ ਕੀ ਬਣੇਗਾ। ਵੇ ਲੰਡੂ ਤੇਰੇ ਲਾਏ ਫੱਟਾਂ ਨਾਲ ਮੈਂ ਮਰਨ ਜੋਗੀ ਨਾ ਜੀਵਣ ਜੋਗੀ ਆਂ।"
ਚਾਚੇ ਲੰਡੂ ਦੇ ਘਰ ਲੋਕਾਂ ਦਾ ਮੇਲਾ ਲੱਗਾ ਰਹਿੰਦਾ ਸੀ । ਕੁੱਝ ਤਾਂ ਤਸੱਲੀਆਂ ਦਿੰਦੇ ਸਨ, ਪਰ ਬਹੁਤੇ ਤਮਾਸ਼ਾ ਵੇਖਣ ਵਾਲੇ ਹੁੰਦੇ ਸਨ। ਚਾਚੇ ਲੰਡੂ ਤੇ ਉਹਦੇ ਘਰ ਵਾਲਿਆਂ ਦੀ ਹਾਲਤ ਉੱਤੇ ਤਰਸ ਆਂਵਦਾ ਸੀ। ਮੇਰੇ ਆਪਣੇ ਮਨ ਵਿੱਚ ਵੀ ਦੁੱਖ ਤੇ ਅਫਸੋਸ ਨਾਲ ਡੋਬ ਪੈਂਦੇ ਸਨ।
ਚਾਚੇ ਲੰਡੂ ਅਜਿਹੀ ਦਿਲ ਉੱਤੇ ਲਾਈ, ਇੱਕਾ ਮੰਜੀ ਨਾਲ ਮੰਜੀ ਹੋ ਗਿਆ। ਜਿੱਧਰ ਵੇਖਦਾ ਬੱਸ ਉੱਧਰ ਈ ਤਾੜੀ ਲਾਈ ਰੱਖਦਾ। ਕੁੱਝ ਦਿਨ ਤੋਂ ਉਸ ਖਾਧਾ ਪੀਤਾ ਵੀ ਕੁੱਝ ਨਹੀਂ ਸੀ। ਬੱਸ ਐਵੇਂ ਰੋਟੀ ਟੁੱਕਰ ਨੂੰ ਚਖ ਕੇ ਛੱਡ ਦਿੰਦਾ ਸੀ।
ਫਾਕੇ ਤੇ ਸਦਮੇ ਕਾਰਨ ਬਹੁਤ ਛੇਤੀ ਉਹਦੀ ਸਿਹਤ ਡਿੱਗ ਪਈ ਸੀ । ਜੁੱਸੇ ਉੱਤੇ ਮਾਸ ਸੁੱਕਣ ਲੱਗ ਪਿਆ ਸੀ । ਅੱਖਾਂ ਅੰਦਰ ਨੂੰ ਖਿੱਚੀਆਂ ਗਈਆਂ ਸਨ। ਹੱਡੀਆਂ ਨਿੱਕਲੇ ਸੁੱਕੇ ਮੂੰਹ ਉੱਤੇ ਬੱਗੀਆਂ ਬੱਗੀਆਂ ਅੱਖਾਂ ਵੇਖ ਕੇ ਚਾਚੇ ਲੰਡੂ ਕੋਲੋਂ ਖੌਫ਼ ਆਂਵਦਾ ਸੀ।
ਸਾਰਾ ਘਰ ਈ ਭਾਵੇਂ ਦੁੱਖ ਕਾਰਨ ਮੋਇਆ ਮੋਇਆ ਤੇ ਅਪਸਰਦਾ ਲਗਦਾ ਸੀ, ਪਰ ਲੰਡੂ ਬਾਰੇ ਤਾਂ ਗੱਲਾਂ ਹੋਵਣ ਲੱਗ ਪਈਆਂ ਸਨ ਕਿ ਲੰਡੂ ਮੋਇਆ ਕਿ ਮੋਇਆ। ਘੜੀ ਏ ਯਾ ਪਲ ਏ, ਬੱਸ ਕਹਾਣੀ ਮੁੱਕਣ ਵਾਲੀ ਏ। ਲੰਡੂ ਦੀ ਮਾਂ ਆਪਣਾ ਦੁੱਖ ਭੁੱਲ ਕੇ ਲੰਡੂ ਦੀ ਫ਼ਿਕਰ ਨਾਲ ਹੋਰ ਚਿੰਤਾ ਕਰਨ ਲੱਗ ਪਈ। ਹਰ ਵੇਲੇ ਆਪਣੇ ਪੁੱਤਰ ਦੀ ਮੰਜੀ ਦੇ ਪਾਵੇ ਨਾਲ ਈ ਲੱਗੀ ਬੈਠੀ ਰਹਿੰਦੀ। ਮਾਂ ਬਹੁਤ ਕਰਕੇ ਪੁੱਤਰ ਨੂੰ ਸਮਝਾਵਣ ਦਾ ਯਤਨ ਕਰਦੀ ਹੋਈ ਮਿੰਨਤਾਂ ਤਰਲਿਆਂ 'ਤੇ ਆ ਗਈ। ਹੱਥ ਜੋੜ ਜੋੜ ਕੇ ਲੰਡ ਨੂੰ ਆਖਦੀ, "ਪੁੱਤਰ ਹੁਣ ਤੇ ਉਹਦਾ ਖਿਆਲ ਛੱਡ ਦੇ। ਇਹ ਘਰ ਤਾਂ ਅੱਗੇ ਈ ਦੁੱਖਾਂ ਮੁਸੀਬਤਾਂ ਨਾਲ ਵਿੰਨ੍ਹਿਆ ਹੋਇਆ ਏ।"
ਲੰਡੂ ਦੇ ਭਰਾ ਵੀ ਆਖਣ ਲੱਗ ਪਏ ਸਨ ਕਿ ਇਹ ਸ਼ਟੱਲੀ ਮੁੱਕ ਈ ਜਾਵੇ ਤਾਂ ਚੰਗਾ ਏ। ਏਸ ਕੋਈ ਵੀ ਸੁੱਖ ਨਹੀਂ ਆਵਣ ਦਿੱਤਾ ਏਸ ਘਰ ਵਿੱਚ, ਹਮੇਸ਼ ਔਕੜਾਂ ਤੇ ਮੁਸੀਬਤਾਂ ਈ ਲੈ ਕੇ ਆਂਵਦਾ ਏ।
"ਅਸਾਡੇ ਵੱਸ ਵਿੱਚ ਹੋਵੇ ਤਾਂ ਇਹਦੇ ਡੱਕਰੇ ਕਰਕੇ ਗਿਰਝਾਂ ਅੱਗੇ ਚਾ ਪਾਈਏ, ਪਰ ਕੀ ਕਰੀਏ, ਪਿਉ ਮਰਨ ਮਗਰੋਂ ਹੁਣ ਇਹ ਈ ਪਿਉ ਦੀ ਥਾਂ 'ਤੇ ਵੇ।" ਭਰਾ ਲੰਡੂ ਦਾ ਅਦਬ ਇਹਤਰਾਮ ਵੀ ਕਰਦੇ ਸਨ, ਪਰ ਅੰਦਰੋ ਅੰਦਰ ਉਹਦੇ ਕੋਲੋਂ ਤੰਗ ਵੀ ਸਨ। ਅੱਕੇ ਅੱਕੇ ਤੇ ਸੜੇ ਸੜੇ ਸੁਭਾਅ ਦੇ ਹੋ ਗਏ ਸਨ।
ਮਾਂ ਦੀ ਤਸੱਲੀ ਦੇਣ ਕਾਰਨ ਤੇ ਕੁੱਝ ਧੱਕੇ-ਧੱਕੀ ਖਵਾਵਣ ਨਾਲ ਲੰਡੂ ਦੀ ਹਾਲਤ ਮਰਨ ਦੇ ਖ਼ਤਰੇ ਤੋਂ ਬਾਹਰ ਹੋਵਣ ਲੱਗ ਪਈ ਸੀ । ਪੂਰਾ ਮਹੀਨਾ ਮੈਂ ਵੀ ਚਾਚੇ ਲੰਡੂ ਦੀ ਦਿਲਜੋਈ ਕਰਨ ਵਿੱਚ ਰੁੱਝਾ ਰਿਹਾ ਸਾਂ। ਕਿਸੇ ਨਾ ਕਿਸੇ ਬਹਾਨੇ ਵੇਲਾ ਕੱਢ ਕੇ ਉਹਦੀ ਮੰਜੀ ਕੋਲ ਜਾ ਬਹਿੰਦਾ ਸਾਂ । ਜਦ ਕੁੱਝ ਹੋਰ ਹਾਲਤ ਸੰਭਲੀ ਤਾਂ ਮੈਂ ਆਪਣੇ ਵੱਲੋਂ ਸਮਝਾਂਦਿਆਂ ਹੋਇਆ ਆਖਿਆ, "ਹੈਂ ਤੇ ਚਾਚਾ ਤੂੰ ਪਰ... ਨਿਰਾ ਲੰਡੂ ਈ ਨਿੱਕਲਿਆ ਏਂ। ਇੱਕ ਜਨਾਨੀ ਵਾਸਤੇ ਮਰਨ ਦੇ ਨੇੜੇ ਅੱਪੜ ਗਿਆ ਏਂ। ਰੰਨ ਤਾਂ ਪੈਰ ਦੀ ਜੁੱਤੀ ਹੁੰਦੀ ਏ, ਜਦੋਂ ਜੀਅ ਕੀਤਾ ਬਦਲ ਲਈ।" ਆਖਣ ਨੂੰ ਮੈਂ ਸਭ ਕੁੱਝ ਆਖ ਦਿੰਦਾ ਸਾਂ ਪਰ ਮੇਰਾ ਦਿਲ ਝੂਠ ਈ ਝੂਠ ਦੀ ਗਵਾਹੀ ਦੇਣ ਲੱਗ ਪੈਂਦਾ । ਦਿਲ ਦੀ ਏਸ ਗਵਾਹੀ ਕਾਰਨ ਮੈਂ ਆਪ ਈ ਆਪਣੇ ਕੋਲੋਂ ਪੱਚੀ ਹੋ ਹੋ ਪੈਂਦਾ ਸਾਂ । ਪਰ ਚਾਚੇ ਨੂੰ ਤਸੱਲੀ ਦੇਵਣ ਵਾਸਤੇ ਮੈਂ ਇਹ ਸ਼ਰਮਿੰਦਗੀ ਵੀ ਜ਼ਰ ਜਾਇਆ ਕਰਦਾ ਸਾਂ ਯਾ ਖ਼ੌਰੇ ਮੈਨੂੰ ਕੋਈ ਹੋਰ ਗੱਲ ਆਂਵਦੀ ਈ ਨਹੀਂ ਸੀ।
ਤਿੰਨ ਦਿਨ ਤੇ ਚਾਚੇ ਲੰਡੂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਈ ਕੋਈ ਜਵਾਬ ਦਿੱਤਾ ਸੀ। ਚੌਥੇ ਦਿਨ ਉਹਦਾ ਬੈਠਣ ਨੂੰ ਜੀਅ ਕੀਤਾ । ਕਮਜ਼ੋਰੀ ਕਾਰਨ ਉੱਠਿਆ ਨਹੀਂ ਸੀ ਜਾਂਦਾ ਉਹਦੇ ਕੋਲੋਂ। ਮੈਂ ਕੰਡ ਵੱਲੋਂ ਕਰਕੇ ਕੁੱਝ ਆਸਰਾ ਕਰਕੇ ਉਹਨੂੰ ਬੈਠਣ ਵਿੱਚ ਮਦਦ ਕੀਤੀ।
ਝੱਟ ਕੁ ਬੈਠੇ ਆਪਣੇ ਸਾਹ ਦਰੁਸਤ ਕੀਤੇ ਤੇ ਫੇਰ ਕਮਜ਼ੋਰ ਤੇ ਡੁੱਬਦੀ ਤਰਦੀ ਅਵਾਜ਼ ਵਿੱਚ ਹੌਲੀ ਹੌਲੀ ਬੋਲਿਆ, "ਗੋਗੀ, ਜਿਹੜੀ ਗੱਲ ਤੂੰ ਕਰਨਾ ਏਂ..” “ਹਾਂ, ਹਾਂ, ਬੋਲ ਚਾਚਾ" ਮੈਨੂੰ ਖੁਸ਼ੀ ਤੇ ਤਸੱਲੀ ਹੋਈ ਕਿ ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ।"
ਏਨਾ ਬੋਲਣ ਨਾਲ ਈ ਜਿਵੇਂ ਨੀਂਦਰ ਯਾ ਬੇਹੋਸ਼ੀ ਦਾ ਦੌਰਾ ਜਿਹਾ ਪੈ ਗਿਆ ਸੀ। ਮੈਂ ਉਹਦੀ ਕੰਡ ਤੇ ਮੋਢਿਆਂ ਨੂੰ ਘੁੱਟਣ ਲੱਗ ਪਿਆ। ਉਸ ਝੱਟ ਮਗਰੋਂ ਫੇਰ ਆਖਿਆ, "ਗੋਗੀ, ਕੀ ਤੂੰ ਦਿਲੋਂ ਆਖਨਾ ਏਂ ਕਿ ਰੰਨ ਪੈਰ ਦੀ ਜੁੱਤੀ ਹੁੰਦੀ ਏ ?"
ਉਹਦੇ ਇਸ ਸਵਾਲ ਉੱਤੇ ਮੈਂ ਚੁੱਪ ਈ ਰਿਹਾ। ਕੀ ਜਵਾਬ ਦਿੰਦਾ। ਦਿਲੋਂ ਤੇ ਮੈਂ ਰੰਨ ਨੂੰ ਪੈਰ ਦੀ ਜੁੱਤੀ ਨਹੀਂ ਸਾਂ ਸਮਝਦਾ, ਪਰ ਚੁੱਪ ਰਹਿਣਾ ਵੀ ਮੈਨੂੰ ਠੀਕ ਨਹੀਂ ਸੀ ਜਾਪਦਾ । ਝੱਟ ਸੰਭਲ ਕੇ ਆਖਿਆ, "ਲੋਕੀਂ ਤਾਂ ਇੰਝ ਈ ਆਖਦੇ ਨੇ ਚਾਚਾ। ਮੈਂ ਤਾਂ ਸੁਣੀ ਸੁਣਾਈ ਗੱਲ ਕੀਤੀ ਏ।"
ਲੰਡੂ ਦੇ ਸੁੱਕੇ ਮੂੰਹ ਉੱਤੇ ਬੇਮਲੂਮ ਜਿਹੀ ਮੁਸਕਾਨ ਉੱਭਰੀ ਤਾਂ ਬੋਲਿਆ, "ਤੇਰੇ
ਨਾਲ ਤੇ ਮੈਂ ਦਿਲ ਦੀਆਂ ਸਾਰੀਆਂ ਗੱਲਾਂ ਕਰ ਲੈਨਾਂ ਵਾਂ, ਫੇਰ ਵੀ ਤੂੰ ਲੋਕਾਂ ਵਾਂਗ ਸੋਚਨਾ ਤੇ ਸਮਝਦਾ ਏਂ।"
"ਨਹੀਂ ਨਹੀਂ, ਚਾਚਾ, ਮੈਂ ਲੋਕਾਂ ਵਾਂਗ ਨਹੀਂ ਸੋਚਦਾ। ਮੈਨੂੰ ਤਾਂ ਤੇਰੀ ਸਿਹਤ ਦੀ ਫ਼ਿਕਰ ਏ । ਤੂੰ ਠੀਕ ਹੋ ਜਾਵੇਂ ਤੇ ਫੇਰ ਉਹ ਈ ਗੱਲਾਂ ਹੋਸਨ ।" ਮੈਂ ਆਪਣੀ ਸਫ਼ਾਈ ਵਿੱਚ ਹੋਰ ਵੀ ਬਹੁਤ ਕੁੱਝ ਆਖਿਆ।
"ਹੁਣ ਉਹ ਗੱਲਾਂ ਕਿੱਥੇ ਕਾਕਾ ਐਵੇਂ ਜਿਊੜਾ ਲੋਕ ਬੁਲਾਂਵਦੇ ਈ।" ਏਨਾ ਕਹਿਣ ਮਗਰੋਂ ਚਾਚੇ ਲੰਡੂ ਨੂੰ ਸਾਹ ਚੜ੍ਹ ਗਿਆ ਸੀ ਤੇ ਹਉਂਕਣ ਲੱਗ ਪਿਆ ਸੀ। ਉਹਦੇ ਸਾਹਵਾਂ ਵਿੱਚ ਕਾਹਲੀ ਅਤੇ ਅੱਖਾਂ ਵਿੱਚ ਨਮੀ ਜਿਹੀ ਆ ਗਈ ਸੀ। ਮੈਂ ਆਸਰਾ ਕਰਕੇ ਫੇਰ ਮੰਜੀ ਤੇ ਲੰਮਾ ਪੈਣ ਵਿੱਚ ਉਹਦੀ ਮਦਦ ਕੀਤੀ। ਉਹਦੀ ਮਾਂ ਘਿਉ ਗਰਮ ਕਰਕੇ ਲਿਆਈ ਤੇ ਲੰਡੂ ਦੇ ਸਾਰੇ ਜੁੱਸੇ ਦੀ ਮਾਲਸ਼ ਕੀਤੀ।
ਫੇਰ ਜਦੋਂ ਉਹ ਟੁਰਨ ਫਿਰਨ ਜੋਗਾ ਹੋਇਆ ਤਾਂ ਟਿਊਬ ਵੈੱਲ ਲਾਗੇ ਚੱਕੀ ਤੀਕਰ ਆਵਣ ਜਾਵਣ ਲੱਗ ਪਿਆ। ਦਿਲ ਕਰਦਾ ਤਾਂ ਰਾਹ ਵਿੱਚ ਈ ਕਮਲਿਆਂ ਵਾਂਗਰ ਬਹਿ ਜਾਂਦਾ। ਉੱਥੇ ਬੈਠੇ ਨੂੰ ਜਾ ਕੇ ਉਹਦੀ ਮਾਂ ਲਿਆਇਆ ਕਰਦੀ ਸੀ । ਆਸ਼ਕਾਂ ਦੇ ਹਾਲ ਮੈਂ ਸੁਣੇ ਹੋਏ ਸਨ, ਪਰ ਏਹੋ ਜਿਹਾ ਇਸ਼ਕ ਪਹਿਲੀ ਵਾਰੀ ਵੇਖ ਕੇ ਮੇਰੇ ਦਿਲ ਅੰਦਰ ਖ਼ਿਆਲ ਉੱਭਰਿਆ, "ਰੱਬਾ, ਲੱਗ ਨਾ ਕਿਸੇ ਨੂੰ ਜਾਵੇ, ਇਸ਼ਕੇ ਦਾ ਰੋਗ ਬੁਰਾ!"
ਲੰਡੂ ਦੇ ਹਾਲਤ ਵੇਖ ਕੇ ਲੋਕ ਮਖੌਲ ਕਰਦੇ। ਕਦੀ ਕਦੀ ਤਾਂ ਖ਼ੌਰੇ ਕੀ ਹੁੰਦਾ ਸੀ ਉਹਨੂੰ, ਉਹ ਇੱਕੋ ਥਾਂ ਤੇ ਈ ਚੱਕਰ ਬੰਨ੍ਹ ਕੇ ਘੁੰਮੀਂ ਜਾਇਆ ਕਰਦਾ ਸੀ । ਲੋਕਾਂ ਦੀ ਟਿਚਕਰ ਯਾ ਤਨਜ਼ ਉੱਤੇ ਕਿਸੇ ਨੂੰ ਵੀ ਜਵਾਬ ਨਹੀਂ ਸੀ ਦਿੰਦਾ, ਨਾ ਈ ਕੋਈ ਗੁੱਸਾ ਕਰਦਾ ਸੀ। ਕਦੀ ਕਦੀ ਮੇਰੇ ਨਾਲ ਗੱਲਾਂ ਕਰਨ ਲੱਗ ਪੈਂਦਾ ਸੀ । ਇਸ਼ਕ ਦੀਆਂ ਤੇ ਹੋਸ਼ਾਂ ਦੀਆਂ ਗੱਲਾਂ ਕਰੀ ਜਾਂਦਾ ਸੀ । ਜੇ ਮੈਂ ਉਹਦੀ ਗੱਲ ਦਾ ਹੰਗੂਰਾ ਨਾ ਭਰਦਾ ਤਾਂ ਉਹ ਨਰਾਜ਼ ਹੋ ਜਾਂਦਾ ਸੀ ਫੇਰ ਮੈਨੂੰ ਤਰਲੇ ਤੇ ਮਿੰਨਤਾਂ ਕਰਕੇ ਮਨਾਵਣਾ ਪੈਂਦਾ ਸੀ ।
ਡੇਕ ਦੇ ਵਗਦੇ ਪਾਣੀ ਵਿੱਚ ਅਸੀਂ ਦੋਵੇਂ ਲੱਤਾਂ ਲਮਕਾ ਕੇ ਬਹਿ ਜਾਂਦੇ ਸਾਂ । ਗੱਲਾਂ ਕਰਦਿਆਂ ਹੋਇਆਂ ਉਹ ਆਖਦਾ, "ਗੋਗੀ, ਮੇਰਾ ਦਿਲ ਆਖਦਾ ਏ ਹੋਸ਼ਾਂ ਜ਼ਰੂਰ ਆਵੇਗੀ। ਉਹਦਾ ਕੋਈ ਕਸੂਰ ਨਹੀਂ। ਉਹ ਮੈਨੂੰ ਦਗਾ ਨਹੀਂ ਦੇ ਸਕਦੀ। ਹੋਸ਼ਾਂ ਤੇ ਆਪਣੇ ਬਾਲਾਂ ਨੂੰ ਮਿਲਣ ਗਈ ਏ। ਆਖ਼ਰ ਮਾਂ ਏ, ਮਾਂ ਦੀਆਂ ਆਂਦਰਾਂ ਹੁੰਦੀਆਂ ਨੇ, ਬਾਲ ਤੇ ਜਿਗਰ ਹੁੰਦੇ ਨੇ।" ਮੈਨੂੰ ਵੀ ਉਹਦੀ ਹਾਂ ਵਿੱਚ ਹਾਂ ਰਲਾਣੀ ਪੈਂਦੀ । "ਹਾਂ, ਸੱਚ ਏ ਚਾਚਾ। ਤੂੰ ਉਹਦੇ ਨਾਲ ਕੋਈ ਦਗਾ ਨਹੀਂ ਕੀਤਾ ਤੇ ਉਹ ਕਿਉਂ ਤੇਰੇ ਨਾਲ ਦਗਾ ਕਰੇਗੀ ?"
"ਹਾਂ, ਇਹੋ ਤੇ ਮੈਂ ਕਹਿਨਾ ਵਾਂ ਤੇ ਮੇਰਾ ਦਿਲ ਕਹਿੰਦਾ ਏ... ਕਿ ਜ਼ਰੂਰ ਆਵੇਗੀ, ਪਰ ਲੋਕਾਂ ਨੂੰ ਕੀ ਪਤਾ ਹੋਵੇ।"
"ਹਾਂ ਚਾਚਾ, ਲੋਕਾਂ ਨੂੰ ਕਿਸੇ ਦੇ ਜਜ਼ਬਿਆਂ ਦੀ ਵੀ ਕਦਰ ਹੁੰਦੀ ਏ ? ਝੂਠਿਆਂ ਨੂੰ ਸਾਰੇ ਈ ਝੂਠੇ ਜਾਪਦੇ ਨੇ।" ਦਿਲ ਰੱਖਣ ਲਈ ਮੈਂ ਉਹਦੀ ਮੁਹੱਬਤ ਦੀ ਤਰੀਫ਼ ਕਰਦਾ, ਉਹਦੇ ਸ਼ੌਕ ਦੇ ਜਜ਼ਬੇ ਨੂੰ ਸਲਾਹੁੰਦਾ, ਪਰ ਨਾਲ ਈ ਇਹ ਵੀ ਕੋਸ਼ਿਸ਼ ਕਰਦਾ ਸਾਂ ਕਿ ਉਹਨੂੰ
ਹੋਸ਼ਾਂ ਦੇ ਖਿਆਲ ਕੋਲੋਂ ਕੁੱਝ ਤਾਂ ਪਰਤਾਇਆ ਜਾਵੇ। ਤੇ ਸੋਚ ਕੇ ਮੈਂ ਆਖਦਾ:
"ਇਹ ਠੀਕ ਏ ਚਾਚਾ ਕਿ ਆਸ਼ਕ ਨੂੰ ਸੱਚਾ ਤੇ ਖਰਾ ਹੋਣਾ ਚਾਹੀਦਾ ਏ, ਫੇਰ ਵੀ ਬੰਦੇ ਨੂੰ ਧੁੱਪ ਛਾਂ ਦਾ ਖਿਆਲ ਤਾਂ ਕਰਨਾ ਈ ਪੈਂਦਾ ਏ।"
"ਜੀਹਨੇ ਪੈਦਾ ਕੀਤਾ ਏ ਗੋਗੀ, ਉਹ ਆਪੇ ਧੁੱਪ ਛਾਂ ਦਾ ਖ਼ਿਆਲ ਵੀ ਕਰਸੀ।"
ਮੈਂ ਬਥੇਰਾ ਵਲ ਵਲਾ ਕੇ ਗੱਲ ਕਰਦਾ ਭਲਾਂ ਜੇ ਉਹਨੂੰ ਸਮਝ ਆ ਜਾਵੇ ਕਿ ਹੋਸ਼ਾਂ ਹੁਣ ਨਹੀਂ ਆਵਣਾ, ਪਰ ਉਹਨੂੰ ਤੇ ਪੱਕਾ ਯਕੀਨ ਸੀ ਕਿ ਹੋਸ਼ਾਂ ਇੱਕ ਦਿਨ ਜ਼ਰੂਰ ਆਵੇਗੀ ਕਿਉਂ ਜੁ ਉਹ ਦਗਾ ਨਹੀਂ ਦੇ ਸਕਦੀ। ਕਦੀ ਕਦੀ ਤੇ ਹੋਸ਼ਾਂ ਦੀਆਂ ਗੱਲਾਂ ਕਰਦਿਆਂ ਉਹਦੀਆਂ ਅੱਖਾਂ ਵਿੱਚ ਇੰਜ ਚਮਕ ਆ ਜਾਂਦੀ ਸੀ ਜਿਵੇਂ ਕਿਸੇ ਖ਼ਬਰ ਸੁਣਾ ਦਿੱਤੀ ਹੋਵੇ ਕਿ ਹੋਸ਼ਾਂ ਅੱਜ ਈ ਆ ਰਹੀ ਏ । ਕਦੀ ਬਹੁਤ ਜਿਆਦਾ ਖੁਸ਼ ਹੁੰਦਾ ਤੇ ਕਦੀ ਅਸਲੋਂ ਈ ਮਾਯੂਸੀ ਦੀ ਹਾਲਤ ਵਿੱਚ ਢਿੱਗੀ ਢਾਹ ਲੈਂਦਾ ਸੀ।
ਲੰਡੂ ਆਟੇ ਦੀ ਚੱਕੀ ਉੱਤੇ ਫੇਰ ਕੰਮ ਕਰਨ ਲੱਗ ਪਿਆ ਸੀ । ਮਿਸਤਰੀ ਮੁਹੰਮਦ ਸ਼ਫੀ ਤੇ ਉਹਦੀ ਵਹੁਟੀ ਜਮੀਲਾ ਵੀ ਉਹਦਾ ਬਹੁਤ ਖਿਆਲ ਰੱਖਦੇ ਸਨ । ਮਿਸਤਰੀ ਮੁਹੰਮਦ ਸ਼ਫੀ ਨੂੰ ਚਾਚਾ ਲੰਡੂ ਉਸਤਾਦ ਕਹਿੰਦਾ ਸੀ।
ਕਦੀ ਕਦੀ ਤਾਂ ਰਾਤ ਨੂੰ ਵੀ ਚੱਕੀ ਚੱਲਦੀ ਸੀ। ਲੰਡੂ ਵੀ ਆਪਣੇ ਉਸਤਾਦ ਕੋਲ ਈ ਪੈ ਜਾਂਦਾ ਸੀ । ਸਗੋਂ ਰਾਤ ਦਿਨ ਈ ਉੱਥੇ ਰਹਿਣ ਲੱਗ ਪਿਆ ਸੀ। ਮੇਰੇ ਨਾਲ ਮੁਲਾਕਾਤ ਕਦੇ ਕਦਾਈਂ ਦੀ ਹੋ ਗਈ । ਮੇਰਾ ਪਿਉ ਕੰਮ ਈ ਏਨਾ ਕਰਵਾਂਦਾ ਸੀ ਕਿ ਕਿਸੇ ਹੋਰ ਗੱਲ ਦੀ ਹੋਸ਼ ਈ ਨਹੀਂ ਸੀ ਰਹਿੰਦੀ ਤੇ ਨਾ ਹੀ ਰੱਜ ਕੇ ਵਿਹਲ ਮਿਲਿਆ ਕਰਦੀ ਸੀ।
ਕਾਫ਼ੀ ਅਰਸੇ ਮਗਰੋਂ ਇੱਕ ਦਿਨ ਵਿਹਲ ਮਿਲੀ ਤਾਂ ਮੈਂ ਟਿਊਬ ਵੈੱਲ ਉੱਤੇ ਚਾਚੇ ਲੰਡੂ ਨੂੰ ਮਿਲਣ ਚਲਾ ਗਿਆ। ਉੱਥੇ ਮਸ਼ੀਨ ਉੱਤੇ ਚੱਕੀ ਦੇ ਕੋਲ ਉਹ ਮੈਨੂੰ ਨਜ਼ਰ ਨਾ ਆਇਆ। ਮੈਂ ਮਿਸਤਰੀ ਮੁਹੰਮਦ ਸ਼ਫੀ ਦੇ ਮਕਾਨ 'ਤੇ ਜਾ ਕੇ ਭਾਬੀ ਜਮੀਲਾ ਕੋਲੋਂ ਪੁੱਛਿਆ, “ਭਾਬੀ ! ਦੋਵੇਂ ਉਸਤਾਦ ਸ਼ਗਿਰਦ ਨਜ਼ਰ ਨਹੀਂ ਆ ਰਹੇ, ਕਿੱਥੇ ਗਏ ਨੇਂ ?"
ਭਾਬੀ ਜ਼ਮੀਲਾ ਦੱਸਿਆ, "ਤੇਰਾ ਭਰਾ ਤਾਂ ਟਿਊਬ ਵੈੱਲ ਲਈ ਕੁੱਝ ਸਮਾਨ ਲੈਣ ਸ਼ਹਿਰ ਗਿਆ ਹੋਇਆ ਏ।"
"ਤੇ ਦੂਜਾ, ਭਾਬੀ।" "ਉਹ ਹੇਠਾਂ ਖੂਹ ਵਿੱਚ ਨਟ ਬੋਲਟ ਪਿਆ ਕਸਦਾ ਹੋਣ ਏਂ। ਮੈਂ ਉੱਤਰਦਿਆਂ ਵੇਖਿਆ ਏ।"
ਮੈਂ ਜਾਵਣ ਲਈ ਮੁੜਿਆ ਤਾਂ ਭਾਬੀ ਜ਼ਮੀਲਾ ਅਵਾਜ਼ ਦੇ ਕੇ ਰੋਕਿਆ, "ਵੇ ਦੇਵਰਾ, ਭਾਬੀ ਕੋਲ ਇੱਕ ਪਲ ਵੀ ਨਹੀਂ ਖਲੋ ਸਕਦਾ। ਏਥੇ ਈ ਏ ਤੇਰਾ ਲੰਡੂ... ਗਵਾਚ ਨਹੀਂ ਜਾਂਦਾ।"
"ਕਾਫੀ ਦਿਨ ਹੋ ਗਏ ਸਨ ਭਾਬੀ ਮੈਂ ਉਹਨੂੰ ਮਿਲਿਆ ਨਹੀਂ, ਏਸ ਲਈ ਮੈਨੂੰ ਕਾਹਲੀ ਸੀ।"
"ਇਸ਼ਕ ਦਾ ਜਿੰਨ ਉਹਨੂੰ ਚਿੰਬੜਿਆ ਹੋਇਆ ਸੀ, ਜਿੰਨ ਤਾਂ ਕੁੱਝ ਛੱਡ ਗਿਆ
ਜਾਪਦਾ ਏ ਤਾਂ ਈ ਤੇ ਦਿਲ ਲਾ ਕੇ ਕੰਮ ਕਰਨ ਲੱਗ ਪਿਆ ਏ।"
“ਨਹੀਂ ਭਾਬੀ, ਏਨੀ ਛੇਤੀ ਇਹ ਜਿੰਨ ਛੱਡ ਕੇ ਜਾਵਣ ਵਾਲਾ ਨਹੀਂ ਹੁੰਦਾ।"
"ਹਾਏ ਮੈਂ ਮਰ ਜਾਵਾਂ", ਭਾਬੀ ਜ਼ਮੀਲਾ ਆਪਣੇ ਲਾਲ ਚਿਹਰੇ ਦੀ ਠੰਡੀ ਉੱਤੇ ਉਂਗਲੀ ਰੱਖਦਿਆਂ ਆਖਿਆ, "ਵੇ ਤੈਨੂੰ ਵੀ ਤੇ ਇਹੋ ਜਿਹਾ ਜਿੰਨ ਤਾਂ ਨਹੀਂ ਚਿੰਬੜ ਗਿਆ ? ਕੌਣ ਏ ਉਹ ?"
“ਕੋਈ ਵੀ ਨਹੀਂ, ਭਾਬੀ। ਤੂੰ ਏਨਾ ਦੱਸ ਕਾਹਦੇ ਲਈ ਮੈਨੂੰ ਰੋਕਿਆ ਈ । ਤੂੰ ਐਵੇਂ ਨਹੀਂ ਏਨੀ ਮਿੱਠੀ ਹੁੰਦੀ।”
"ਹਾਏ ਵੇ ਦੇਵਰਾ, ਬੜਾ ਪਾਡਾ ਹੋ ਗਿਆ ਏਂ । ਜੇ ਮੈਂ ਤੈਨੂੰ ਜਿੰਨ ਬਣ ਕੇ ਚਿੰਬੜ ਗਈ ਤਾਂ ਫੇਰ ਕੀ ਬਣੂੰ ?
"ਕੁੱਝ ਵੀ ਨਾ ਬਣੂੰ । ਮੁਹੰਮਦ ਸ਼ਫੀ ਪੀਰ ਆਪੇ ਸੋਟਿਆਂ ਨਾਲ ਕੱਢ ਲੈਸੀ ਏਸ ਜਿੰਨ ਨੂੰ ।"
"ਬੜਾ ਡਰਾਵਾ ਦੇਨਾ ਏਂ ਆਪਣੇ ਸ਼ਫੀ ਪੀਰ ਦਾ। ਮੈਂ ਤੇ ਆਪ ਉਹਦੀ ਪੀਰ ਆਂ।"
ਫੇਰ ਆਪੇ ਈ ਹੈਰਾਨ ਹੋ ਕੇ ਬੋਲੀ, "ਹਾਂ, ਮੈਂ ਤੇ ਭੁੱਲ ਈ ਗਈ ਸਾਂ... ਸੱਚੀਂ ਦੇਵਰਾ, ਤੈਨੂੰ ਵੇਖ ਕੇ ਤੇ ਮੇਰਾ ਚੇਤਾ ਖਿੱਲਰ ਪੁੱਲਰ ਜਾਂਦਾ ਏ । ਤੈਨੂੰ ਰੋਕਿਆ ਕਾਹਦੇ ਲਈ ਸੀ ਤੇ ਗੱਲਾਂ ਕੀ ਕਰੀ ਜਾਨੀ ਆਂ”, ਉਹ ਹੱਸਣ ਲੱਗ ਪਈ ਸੀ।
"ਨਾ ਭਾਬੀ, ਤੇਰਾ ਚੇਤਾ ਨਹੀਂ ਖਿੱਲਰਦਾ, ਤੇਰੇ ਖਿੱਲਰੇ ਹਾਸੇ ਚੰਗੇ ਲਗਦੇ ਨੇ।"
"ਵਾਹ ਵੇ ਦੇਵਰਾ, ਮੈਂ ਵਾਰੀ ਜਾਵਾਂ, ਤੇਰੇ ਮੂੰਹ ਵਿੱਚੋਂ ਇਹ ਸੁਣ ਕੇ ਮੇਰੇ ਹਾਸੇ ਚੰਗੇ ਲੱਗਦੇ ਨੇ, ਸਹੁੰ ਰੱਬ ਦੀ, ਜੀਅ ਖੁਸ਼ ਹੋ ਗਿਆ।"
ਭਾਬੀ ਜ਼ਮੀਲਾ ਹਾਸੇ ਹਾਸੇ ਵਿੱਚ ਫੜ ਕੇ ਮੇਰਾ ਮੂੰਹ ਚੁੰਮ ਲਿਆ। ਉਹਦੇ ਸੱਜਰੇ ਧੋਤੇ ਖਿੱਲਰੇ ਵਾਲਾਂ ਵਿੱਚੋਂ ਖੁਸ਼ਬੋ ਤੇ ਉਹਦੇ ਹੱਥਾਂ ਦੀ ਗਰਮੀ ਨਾਲ ਅਜਿਹਾ ਨਸ਼ਾ ਹੋਇਆ ਕਿ ਇੱਕ ਵਾਰ ਤੇ ਮੈਨੂੰ ਆਪਣਾ ਆਪ ਭੁੱਲਾ ਹੋਇਆ ਜਾਪਿਆ। ਪੌਡਰ ਤੇ ਖੁਸ਼ਬੋ ਦੀ ਸ਼ੌਕੀਨ ਭਾਬੀ ਜਮੀਲਾ ਕੋਲੋਂ ਮੈਂ ਥੋੜ੍ਹਾ ਜਿਹਾ ਪਿਛਾਂਹ ਹਟਿਆ ਤਾਂ ਓਸ ਬਾਹੋਂ ਫੜ ਕੇ ਆਖਿਆ:
"ਤੇਰਾ ਭਰਾ ਸ਼ਹਿਰੋਂ ਟਿਊਬ ਵੈੱਲ ਦਾ ਸਮਾਨ ਲੈਣ ਨਹੀਂ ਗਿਆ। ਕੁੱਝ ਖਾਵਣ ਲਈ ਆਟਾ ਦਾਣਾ ਉਧਾਰ ਲੈਣ ਗਿਆ ਏ, ਖ਼ੌਰੇ ਮਿਲੇ ਨਾ ਮਿਲੇ। ਅਸਾਂ ਸਵੇਰ ਦੇ ਭੁੱਖੇ ਆਂ, ਭੁੱਖਾ ਈ ਗਿਆ ਏ।" ਭਾਬੀ ਜਮੀਲਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਤਰਲਾ ਕਰਦੀ ਹੋਈ ਜਿਵੇਂ, ਆਖਿਆ, "ਜਾਹ, ਦੁੱਧ ਦਾ ਗਲਾਸ ਫੜ ਲਿਆ, ਚਾਹ ਈ ਬਣਾ ਲਵਾਂ।"
ਮੈਂ ਹੈਰਾਨ ਸਾਂ ਕਿ ਇਹ ਹੱਸਦੇ ਖੇਡਦੇ ਖੁਸ਼ ਤੇ ਸੋਹਣੇ ਮੁੱਖੜੇ ਵੀ ਫ਼ਾਕੇ ਵਿੱਚ ਰਹਿੰਦੇ ਨੇ। ਸਾਰੇ ਪਿੰਡ ਵਾਲ਼ੇ ਤੇ ਇਹਨਾਂ ਨੂੰ ਸੌਖੇ ਹਾਲ ਵਾਲੇ ਸਮਝਦੇ ਨੇ।
ਮਹੀਨੇ ਦੇ ਮਹੀਨੇ ਨਕਦ ਤਨਖ਼ਾਹ ਤਾਂ ਮਿਲਦੀ ਹੋਵੇਗੀ, ਫੇਰ ਇਹ ਅਸਾਡੇ ਘਰੋਂ ਰੋਜ਼ ਸੇਰ ਦੁੱਧ ਲੈਂਦੇ । ਪੈਸੇ ਰੋਜ਼ ਨਕਦ ਈ ਦਿੰਦੇ ਨੇ। ਅਸਾਡੇ ਖਿਆਲ ਵਿੱਚ ਇਹ ਦੋਵੇਂ ਜੀਅ ਚੰਗਾ ਖਾਂਦੇ ਪੀਂਦੇ ਤੇ ਚੰਗਾ ਹੰਢਾਂਵਦੇ, ਮੌਜਾਂ ਮਾਣਦੇ ਸਨ । ਅਸਾਂ ਰਾਹਕ ਤਾਂ ਐਸੇ ਜੀਵਨ ਦੀ
ਰੀਝ ਵੀ ਨਹੀਂ ਸੀ ਕਰ ਸਕਦੇ। ਫੇਰ ਫ਼ਾਕੇ ਕਿਉਂ, ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਪੁੱਛਿਆ :
"ਭਾਬੀ। ਮਖ਼ੌਲ ਤੇ ਨਹੀਂ ਕਰ ਰਹੀ ਤੂੰ... ਭਰਾ ਮੁਹੰਮਦ ਸ਼ਫੀ ਨਾਲ ਕੋਈ ਝਗੜਾ ਤੇ ਨਹੀਂ ਹੋ ਗਿਆ ?"
“ਨਹੀਂ ਵੇ, ਇਹ ਜ਼ਿਮੀਦਾਰ ਬੜਾ ਬਦਜ਼ਾਤ ਤੇ ਕਮੀਨਾ ਨਿੱਕਲਿਆ ਏ। ਵੇਲ਼ੇ ਸਿਰ ਨਤਖਾਹ ਈ ਨਹੀਂ ਦਿੰਦਾ। ਸਗੋਂ ਜਦੋਂ ਵੀ ਦਿੰਦਾ ਏ, ਵੇਲਾ ਲੰਘਾ ਕੇ ਘੱਟ ਦਿੰਦਾ ਏ। ਅਸੀਂ ਘਰ ਦੇ ਖਰਚ ਲਈ ਤੇਰੇ ਮੇਰੇ ਕੋਲੋਂ ਉਧਾਰ ਲੈਂਦੇ ਆਂ। ਤੇਰਾ ਭਰਾ ਖ਼ੌਰੇ ਕਿਉਂ ਜਰੀ ਆਂਵਦਾ ਏ। ਫਾਕਿਆਂ ਹੱਥੋਂ ਤੰਗ ਆ ਕੇ ਕਈ ਵਾਰੀ ਨੌਕਰੀ ਛੱਡ ਦੇਵਣ ਦਾ ਵੀ ਸੋਚਿਆ ਏ।"
ਮੈਨੂੰ ਬੜਾ ਈ ਤਰਸ ਆਇਆ। ਜ਼ਿਮੀਦਾਰ ਉੱਤੇ ਗੁੱਸਾ ਵੀ । ਕਮਾਲ ਏ, ਜਿਹਨਾਂ ਨੂੰ ਅਸੀਂ ਸੌਖੇ ਸਮਝਦੇ ਸਾਂ ਉਹ ਅਸਾਥੋਂ ਵੀ ਔਖੇ ਤੇ ਤੰਗ ਨਿੱਕਲ਼ੇ।
ਮੈਂ ਆਖਿਆ, "ਚੱਲ ਭਾਬੀ, ਘਰ ਚੱਲ, ਮਾਂ ਕੋਲੋਂ ਕੁੱਝ ਲੈ ਆਵਨੇ ਆਂ, ਨਾਲ਼ੇ ਕੁੱਝ ਖਾ ਪੀ ਲਵਾਂਗੇ। ਮੈਂ ਵੀ ਅਜੇ ਭੱਥੇ ਵੇਲਾ ਨਹੀਂ ਕੀਤਾ।"
"ਤੇਰਾ ਭਰਾ ਪਤਾ ਨਹੀਂ ਕਿਹੜੇ ਵੇਲ਼ੇ ਆਵੇ । ਬੂਹੇ ਨੂੰ ਜਿੰਦਰਾ ਵੇਖ ਕੇ ਕਿਧਰੇ ਉਹ ਵੀ ਲੰਡੂ ਵਾਂਗ ਈ ਨਾ ਸੋਚਣ ਲੱਗ ਪਵੇ ।" ਭਾਬੀ ਜਮੀਲਾ ਦੇ ਮੂੰਹ ਉੱਤੇ ਮੁਸਕਾਨ ਖਿੱਲਰੀ ਤੇ ਉਹ ਫੇਰ ਟਹਿਕ ਪਈ ਸੀ।
ਮੈਂ ਵੀ ਹਾਸਾ ਵਧਾਵਣ ਲਈ ਆਖਿਆ, "ਨਾ ਭਾਬੀ, ਮੈਂ ਤੈਨੂੰ ਛੱਡ ਕੇ ਨਾ ਜਾਸਾਂ, ਇੱਕ ਹੋਰ ਲੰਡੂ ਵੀ ਨਾ ਬਣਨ ਦੇਸਾਂ। ਤੈਨੂੰ ਉੱਥੇ ਛੱਡ ਕੇ ਮੈਂ ਏਥੇ ਆ ਜਾਵਾਂਗਾ ਯਾ ਇਹ ਸਾਰੀ ਗੱਲ ਚਾਚੇ ਲੰਡੂ ਨੂੰ ਸਮਝਾ ਦੇਨੇ ਆਂ, ਉਹ ਆਪੇ ਭਰਾ ਮੁਹੰਮਦ ਸ਼ਫੀ ਨੂੰ ਦੱਸ ਦੇਵੇਗਾ। ਜੇ ਤੂੰ ਆਖੇਂ ਮੈਂ ਇੱਥੇ ਈ ਬਹਿ ਜਾਨਾਂ ਵਾਂ, ਭਰਾ ਆਵੇਗਾ ਤੇ ਉਹਨੂੰ ਉੱਥੇ ਤੇਰੇ ਕੋਲ ਈ ਲੈ ਆਵਾਂਗਾ।"
ਮੇਰੀ ਏਸ ਤਜਵੀਜ਼ ਨੂੰ ਸੁਣ ਕੇ ਕੁੱਝ ਦੇਰ ਭਾਬੀ ਜਮੀਲਾ ਨੇ ਸੋਚਿਆ ਤੇ ਫੇਰ ਆਖਿਆ, "ਨਹੀਂ ਵੇ ਦੇਵਰਾ ਤੂੰ ਜਾ ਕੇ ਦੁੱਧ ਦਾ ਘੁੱਟ ਫੜ ਲਿਆ।"
“ਅੱਛਾ, ਜਿਵੇਂ ਤੇਰੀ ਮਰਜ਼ੀ, ਭਾਬੀ।" ਮੈਂ ਪਰਤਕੇ ਘਰ ਆ ਕੇ ਮਾਂ ਨੂੰ ਦੱਸਿਆ। ਜਮੀਲਾ ਦੇ ਫਾਕੇ ਦਾ ਸੁਣ ਕੇ ਮਾਂ ਨੂੰ ਬੜਾ ਦੁੱਖ ਹੋਇਆ। ਅਫ਼ਸੋਸ ਕਰਦੀ ਹੋਈ ਛੇਤੀ ਨਾਲ ਕੁੱਝ ਦੁੱਧ ਇੱਕ ਭਾਂਡੇ ਵਿੱਚ ਪਾ ਕੇ ਦਿੱਤਾ ਤੇ ਆਖਿਆ, "ਚੱਲ ਤੂੰ ਛੇਤੀ ਚੱਲ ਤੇ ਮੈਂ ਹੁਣੇ ਆ ਕੇ ਵੇਖਨੀ ਆਂ ਕੀ ਗੱਲ ਏ।"
ਮੈਂ ਆ ਕੇ ਦੁੱਧ ਭਾਬੀ ਜਮੀਲਾ ਨੂੰ ਫੜਾਇਆ ਤੇ ਚਾਚੇ ਲੰਡੂ ਕੋਲ ਆ ਗਿਆ ਜਿਹੜਾ ਪਾਈਪਾਂ ਦੇ ਕਾਬਲੇ ਖੋਹਲੀ ਬੈਠਾ ਸੀ ਤੇ ਫੇਰ ਇੱਕ ਇੱਕ ਕਰਕੇ ਕੱਸ ਰਿਹਾ ਸੀ।
“ਚਾਚਾ, ਬੜਾ ਖੁਸ਼ ਏਂ, ਕਿਧਰੇ ਹੋਸ਼ਾਂ ਤੇ ਨਹੀਂ ਆ ਗਈ!" ਲੰਡੂ ਮੇਰੀ ਅਵਾਜ਼ ਉੱਤੇ ਤਬਕਿਆ ਤੇ ਫਿਰ ਗੁਟਕਦਿਆਂ ਹੋਇਆਂ ਆਖਿਆ, "ਓਏ, ਏਧਰ ਆ, ਇਹ ਵੇਖ।" ਉਸ ਆਪਣੇ ਡੌਲੇ ਨਾਲ ਬੱਧੇ ਹੋਏ ਤਾਵੀਜ਼ ਵੱਲ ਇਸ਼ਾਰਾ ਕੀਤਾ। ਮੈਂ ਗੱਲ ਸਮਝ ਤਾਂ ਗਿਆ
ਸਾਂ, ਫੇਰ ਵੀ ਅਨਜਾਣ ਬਣਕੇ ਆਖਿਆ, "ਇਹ ਕੀ ਏ?" "ਇਹ ਤਵੀਤ ਏ ! ਮੇਰਾ ਇੱਕ ਬੇਲੀ ਮੁਲਤਾਨੋਂ ਪੀਰ ਸ਼ੱਮਸ ਤਬਰੇਜ਼ ਦੇ ਦਰਬਾਰ ਤੋਂ ਲਿਆਇਆ ਏ।" ਲੰਡੂ ਖੁਸ਼ੀ ਤੇ ਯਕੀਨ ਨਾਲ ਆਖਿਆ, "ਬੜੀ ਕਰਨੀ ਵਾਲਾ ਪੀਰ ਏ ਜਿਸ ਇਹ ਤਵੀਤ ਕਰਕੇ ਦਿੱਤਾ ਏ। ਵੇਖ ਹੁਣ ਹੋਸ਼ਾਂ ਨੇ ਆਪੇ ਈ ਖਿੱਚਿਆਂ ਆਵਣਾ ਏਂ।"
“ਵਾਹ, ਇਹ ਤਾਂ ਬਹੁਤ ਈ ਚੰਗੀ ਗੱਲ ਹੋਈ ਚਾਚਾ ।"
"ਇੱਕ ਤੂੰ ਏਂ ਗੋਗੀ... ਕਿਸੇ ਕੰਮ ਦਾ ਨਹੀਂ। ਜਾ ਕੇ ਹੋਸ਼ਾਂ ਨੂੰ ਵੇਖ ਈ ਆਵਦੋਂ ਕਿ ਉਹ ਕੈਸੀ ਏ। ਬਾਲਾਂ ਨੂੰ ਮਿਲਣ ਗਈ ਏ, ਕਿੱਧਰੇ ਕਿਸੇ ਉਹਨੂੰ ਕੈਦ ਨਾ ਕਰ ਲਿਆ ਹੋਵੇ", ਲੰਡੂ ਬੋਲੀ ਜਾ ਰਿਹਾ ਸੀ।
"ਹੋ ਸਕਦਾ ਏ, ਮੇਰੀ ਹੋਸ਼ਾਂ ਆਪਣੇ ਪੇਕਿਆਂ ਵੱਲ ਈ ਹੋਵੇ। ਉਹਦੇ ਪੇਕੇ ਵੀ ਤਾਂ ਉੱਥੇ ਈ ਚਲੇ ਗਏ ਸਨ।”
ਚਾਚਾ ਲੰਡੂ ਅਜੇ ਵੀ ਹੋਸ਼ਾਂ ਨੂੰ ਬੇਕਸੂਰ ਈ ਸਮਝ ਰਿਹਾ ਸੀ। ਅੱਜ ਦਾ ਦਿਨ ਉਹਦੀ ਖੁਸ਼ੀ ਦਾ ਦਿਨ ਸੀ । ਮੈਂ ਉਹਦੀ ਖੁਸ਼ੀ ਨੂੰ ਆਪਣੀ ਕਿਸੇ ਗੱਲ ਨਾਲ ਉਦਾਸੀ ਵਿੱਚ ਨਹੀਂ ਸਾਂ ਬਦਲਣਾ ਚਾਂਹਦਾ। ਬਸ ਹੂੰ ਹਾਂ ਈ ਕਰਦਾ ਰਿਹਾ ਸਾਂ।
ਮੂੰਜੀ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ । ਰਾਹਕ ਸਾਂਭਣ ਤੇ ਵੱਢਣ ਫੰਡਣ ਲਈ ਤਿਆਰੀਆਂ ਕਰਨ ਈ ਵਾਲੇ ਸਨ ਕਿ ਖ਼ਬਰ ਆਈ, ਹੜ੍ਹ ਆ ਰਿਹਾ ਏ।
"ਹੜ੍ਹ।” ਰਾਹਕ ਹੈਰਾਨ ਹੋਏ। ਉਹਨਾਂ ਦੇ ਖਿਆਲ ਵਿੱਚ ਸੁੱਕੇ ਅੰਬਰੀਂ ਹੜ੍ਹ ਕਿੱਥੋਂ ਆ ਸਕਦਾ ਏ । ਨਾ ਕੋਈ ਮੀਂਹ ਕਣੀ ਨਾ ਬੱਦਲ ਬਰਸਾਤਾਂ।
ਕੱਤੇ ਦੇ ਦਿਨ ਸਨ ਤੇ 1955 ਦਾ ਅਕਤੂਬਰ ਮਹੀਨਾ । ਹੜ੍ਹ ਆਪਣੀ ਤੇਜੀ ਤੇ ਫੁਰਤੀ ਨਾਲ ਆ ਰਿਹਾ ਸੀ ਕਿ ਲੋਕਾਂ ਨੂੰ ਸੰਭਾਲਣਾ ਔਖਾ ਹੋ ਗਿਆ। ਜੋ ਜੋ ਸਾਂਭਿਆ ਗਿਆ, ਸਾਂਭ ਲਿਆ, ਪਰ ਹੜ੍ਹ ਤਾਂ ਡਾਂਡਾਂ ਬੱਧੀ ਆਂਵਦਾ ਸੀ।
ਕਿਸੇ ਘਰ ਦਾ ਸਮਾਨ ਵਿਹੜੇ ਦੇ ਰੁੱਖਾਂ ਉੱਤੇ ਟੰਗਿਆ ਤੇ ਕਿਸੇ ਆਪਣੀ ਗੱਡ ਉੱਤੇ ਰੱਖ ਕੇ ਪੱਕੀ ਸੜਕ ਆ ਕੇ ਸਾਹ ਲਿਆ।
ਅਰਾਂਈ ਲੋਕ ਪਹਿਲੇ ਈ ਸੜਕ ਦੇ ਨੇੜੇ ਸਨ । ਛੇਤੀ ਈ ਸਮਾਨ ਚੁੱਕ ਕੇ ਸੜਕ ਉੱਤੇ ਜਾ ਬੈਠੇ ਸਨ । ਸ਼ਾਮ ਤੀਕਰ ਹੜ੍ਹ ਦਾ ਪਾਣੀ ਸਾਰੀ ਜੂਹ ਵਿੱਚ ਖਿੱਲਰ ਗਿਆ। ਸਾਰੀ ਰਾਤ ਲੋਕਾਂ ਜਾਗ ਕੇ ਕੱਟੀ। ਉਹਨਾਂ ਨੂੰ ਡਰ ਸੀ ਕਿ ਪਾਣੀ ਸੜਕ ਉੱਤੇ ਨਾ ਚੜ੍ਹ ਆਵੇ ।
ਪਾਣੀ ਸੜਕ ਉੱਤੇ ਚੜ੍ਹ ਆਇਆ ਸੀ, ਪਰ ਡੇਕ ਦਾ ਪੁਲ ਤੇ ਉਹਦੇ ਦੋਵਾਂ ਪਾਸੇ ਕੁੱਝ ਕੁੱਝ ਥਾਂ ਬਚ ਗਈ ਸੀ । ਸਾਰੇ ਰਾਹਕ ਉੱਥੇ ਈ ਘੁਸਰ ਮੁਸਰ ਕੇ ਬੈਠੇ ਰਹੇ।
ਦਿਨ ਚੜ੍ਹੇ ਨੂੰ ਰਾਹਕਾਂ ਦਾ ਪਿੰਡ ਨਜ਼ਰ ਨਹੀਂ ਸੀ ਆਂਵਦਾ। ਸਾਰਾ ਪਿੰਡ ਰੁੜ੍ਹ ਗਿਆ ਹੋਇਆ ਸੀ। ਲੋਕਾਂ ਦੀ ਘੜਮੱਸ ਵਿੱਚ ਜ਼ੋਹਰਾ ਅੱਖਾਂ ਦੇ ਸਾਹਮਣੇ ਸੀ, ਸਗੋਂ ਬਿਲਕੁਲ ਈ ਕੋਲ ਸੀ ਪਰ ਗੱਲ ਕੋਈ ਨਹੀਂ ਸੀ ਹੋ ਸਕਦੀ। ਖਾਣਾ ਪਕਾਵਣ ਲਈ ਕਿਸੇ ਕੁੱਝ ਚੁੱਕ
ਲਿਆਂਦਾ ਸੀ ਤੇ ਕੋਈ ਉੱਥੇ ਕਾਹਲੀ ਵਿੱਚ ਛੱਡ ਆਇਆ ਸੀ।
ਚਾਰ ਚੁਫੇਰੇ ਪਾਣੀ ਈ ਪਾਣੀ ਸੀ। ਤੇਜ਼ ਵਗਦਾ, ਸ਼ੁਕਦਾ ਤੇ ਠੰਡਾ ਸੀ। ਮੰਜੀ ਪੀੜ੍ਹਾ ਤੇ ਜਲਮੀ ਲੋਕ ਰੁੱਖਾਂ ਨਾਲ ਟੰਗ ਆਏ ਸਨ । ਜੇ ਕੋਈ ਇੱਕ ਅੱਧ ਮੰਜੀ ਹੈ ਵੀ ਸੀ ਤੇ ਉਹ ਬਾਲਾਂ ਨੂੰ ਵੀ ਪੂਰੀ ਨਹੀਂ ਸੀ।
ਬੜੀ ਤੰਗੀ ਹੋਈ। ਪਾਣੀ ਦੇ ਫੰਡੇ ਹੋਏ ਸੱਪ ਕੀੜੇ ਵੀ ਸੁੱਕੀ ਥਾਂ ਉੱਤੇ ਚੜ੍ਹ ਆਂਵਦੇ ਸਨ। ਦਿਨ ਨੂੰ ਤਾਂ ਲੋਕ ਸੱਪਾਂ ਨੂੰ ਵੇਖਕੇ ਮਾਰ ਲੈਂਦੇ ਸਨ, ਪਰ ਰਾਤ ਨੂੰ ਉਹ ਨਜ਼ਰ ਨਹੀਂ ਸਨ ਆਂਵਦੇ । ਸੱਪਾਂ ਤੋਂ ਬਚਣ ਲਈ ਭੈੜੇ ਚੰਗੇ ਸਮਾਨ ਉੱਤੇ ਈ ਬੈਠ ਕੇ ਰਾਤ ਗੁਜ਼ਾਰਨੀ ਪੈਂਦੀ ਸੀ। ਦਿਨ ਵੇਲੇ ਹੈਲੀਕਾਪਟਰ 'ਤੇ ਜਹਾਜਾਂ ਤੋਂ ਖਾਣ ਪੀਣ ਦਾ ਕੁੱਝ ਸਮਾਨ ਸੁੱਟਿਆ ਜਾਂਦਾ ਸੀ ਜਿਹੜਾ ਬਹੁਤਾ ਪਾਣੀ ਵਿੱਚ ਜਾ ਡਿੱਗਦਾ ਸੀ ਤੇ ਬਹੁਤ ਈ ਘੱਟ ਲੋਕਾਂ ਦੇ ਹੱਥ ਆਂਵਦਾ ਸੀ।
ਖੌਰੇ ਉਸ ਵੇਲੇ ਹੈਲੀਕਾਪਟਰ ਨਹੀਂ ਸਨ, ਮੈਂ ਤਾਂ ਜ਼ਹਾਜ ਈ ਵੇਖੇ ਸਨ । ਇਹ ਈ ਸਮਾਨ ਸੁੱਟਦੇ ਸਨ। ਜਦ ਵੀ ਕੋਈ ਜ਼ਹਾਜ ਰਾਸ਼ਨ ਸੁੱਟਦਾ, ਲੋਕ ਇੰਜ ਡਿੱਗ-ਡਿੱਗ ਕੇ ਰਾਸ਼ਨ ਫੜਦੇ ਜਿਵੇਂ ਲੁੱਟ ਮੱਚੀ ਹੋਵੇ।
ਇੱਕ ਦੂਜੇ ਨਾਲ ਲੜਦੇ, ਗਾਲਾਂ ਕੱਢਦੇ ਤੇ ਹੱਥੀਂ ਪੈਂਦੇ ਸਨ । ਸਵਾਣੀਆਂ ਵੀ ਮਰਦਾਂ ਵਾਂਗ ਲੰਗੋਟੇ ਕੱਸੇ ਹੋਏ ਸਨ। ਕਿਸੇ ਦੇ ਹੱਥ ਜੋ ਆਂਵਦਾ, ਨੱਪ ਲੈਂਦਾ ਸੀ । ਜੇ ਕੋਈ ਫ਼ਾਕੇ ਰਹਿੰਦਾ ਏ ਤਾਂ ਪਿਆ ਰਹਵੇ । ਕਿਸੇ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਸੀ ਰਹੀ।
ਰਾਸ਼ਨ ਵਿੱਚ ਭੁੱਜੇ ਛੋਲਿਆਂ ਦੇ ਬੰਡਲ, ਨਾਨ, ਅਚਾਰ ਤੇ ਗੁੜ ਹੁੰਦਾ ਸੀ । ਮੁਹੰਮਦ ਹੁਸੈਨ ਵੀ ਹਿੰਮਤ ਨਾਲ ਕੁੱਝ ਰਾਸ਼ਨ ਇਕੱਠਾ ਕਰ ਲਿਆ ਹੋਇਆ ਸੀ। ਪਰ ਮੈਥੋਂ ਕੁੱਝ ਵੀ ਤੇ ਨਹੀਂ ਸੀ ਫੜਿਆ ਗਿਆ। ਮੇਰੀ ਨਾਕਾਮੀ ਉੱਤੇ ਪਿਉ ਕੋਲੋਂ ਝਾੜਾਂ ਵੀ ਪਈਆਂ ਸਨ। ਪਿਉ ਆਖਿਆ ਸੀ:
"ਤੇਰੇ ਵਰਗੇ ਤੇੜੂ ਤੇ ਕੰਮਚੋਰ ਕਦੇ ਵੀ ਸੁਖੀ ਨਹੀਂ ਰਹਿ ਸਕਦੇ । ਤੂੰ ਸਦਾ ਕਿਸੇ ਦੇ ਹੱਥਾਂ ਵੱਲ ਈ ਵੇਖਦਾ ਰਹਵੇਂਗਾ। ਤੂੰ ਰਹਿਣਾ ਈ ਫਾਡੀ ਏ।"
ਪਰ ਮੈਂ ਕੀ ਕਰਦਾ । ਅਸਮਾਨ ਤੋਂ ਡਿੱਗੀ ਖੁਰਾਕ ਝੋਪਣ ਲਈ ਮੈਨੂੰ ਸ਼ਰਮ ਆਂਵਦੀ ਸੀ। ਨਿੱਕੇ ਨਿੱਕੇ ਬਾਲ ਰਾਸ਼ਨ ਉੱਤੇ ਟੁੱਟ ਟੁੱਟ ਪੈਂਦੇ ਸਨ । ਮੈਂ ਤੇ ਬਾਲਾਂ ਤੋਂ ਵੀ ਮਾੜਾ ਹੋਇਆ।
ਜਿੰਨੀ ਛੇਤੀ ਹੜ੍ਹ ਆਇਆ ਸੀ ਓਨੀ ਛੇਤੀ ਲਹਿਣ ਵੀ ਲੱਗ ਪਿਆ ਸੀ । ਹੜ੍ਹ ਦਾ ਪਾਣੀ ਪੁਣ ਪੁਣ ਕੇ ਪੀਵਣ ਨਾਲ ਲੋਕਾਂ ਦੇ ਪੇਟ ਖਰਾਬ ਹੋ ਗਏ ਸਨ। ਪਖਾਨੇ ਵਾਸਤੇ ਥਾਂ ਵੀ ਕੋਈ ਨਹੀਂ ਸੀ। ਬੜੀ ਬੇਸ਼ਰਮੀ ਵਾਲੀ ਹਾਲਤ ਬਣੀ ਹੋਈ ਸੀ।
ਕੁੱਝ ਹੜ੍ਹ ਲੱਥਾਂ ਤਾਂ ਪੀਵਣ ਵਾਲੇ ਪਾਣੀ ਦੀ ਭਾਲ ਵਿੱਚ ਨਿੱਕਲੇ। ਦੂਰ ਸੜਕ ਲਾਗੇ ਇੱਕ ਉੱਚੀ ਥਾਂ 'ਤੇ ਖੂਹੀ ਸੀ। ਬੜੀ ਔਖ ਨਾਲ ਜਾ ਕੇ ਕੁੱਝ ਲੋਕ ਪਾਣੀ ਲੈ ਈ ਆਏ। ਇੱਕ ਦੂਜੇ ਦੀ ਵੇਖਾ ਵੇਖੀ ਲੋਕ ਭਾਂਡੇ ਚੁੱਕ ਕੇ ਨਿੱਕਲ ਪਏ। ਸੜਕ ਉੱਤੋਂ ਵਗਦੇ ਹੜ੍ਹ ਵਿੱਚੋਂ ਜਾ ਕੇ ਪਾਣੀ ਲਿਆਵਣਾ ਕੋਈ ਸੌਖਾ ਕੰਮ 'ਤੇ ਨਹੀਂ ਸੀ, ਪਰ ਪਿਉ ਵੱਲੋਂ ਮੈਨੂੰ ਹੁਕਮ ਜਾਰੀ ਹੋਇਆ ਕਿ "ਪਾਣੀ ਮੈਂ ਲਿਆਵਾਂ।"
ਪਾਣੀ ਵਾਸਤੇ ਭਾਂਡਾ ਚੁੱਕ ਕੇ ਮੈਂ ਵੀ ਲੋਕਾਂ ਨਾਲ ਟੁਰ ਪਿਆ । ਕਈ ਸਵਾਣੀਆਂ ਵੀ ਟੁਰੀਆਂ ਤੇ ਗੱਭਰੂ ਵੀ। ਦੂਜੀਆਂ ਕੁੜੀਆਂ ਦੇ ਨਾਲ ਜ਼ੋਹਰਾ ਵੀ ਟੁਰ ਪਈ। ਪਾਣੀ ਵਿੱਚੋਂ ਤੁਰਦਿਆਂ ਹੋਇਆਂ ਮੈਂ ਹੌਲੀ ਹੌਲੀ ਜ਼ੋਹਰਾ ਦੇ ਨੇੜੇ ਹੋ ਗਿਆ। ਜ਼ੋਹਰਾ ਦਾ ਜਦ ਵੀ ਪੈਰ ਉੱਖੜਦਾ ਉਹ ਮੈਨੂੰ ਹੱਥ ਪਾ ਲੈਂਦੀ ਸੀ ।
ਪੈਰਾਂ ਦੇ ਹੇਠੋਂ ਪਾਣੀ ਬੜਾ ਤੇਜ਼ ਵਗਣ ਦੇ ਕਾਰਨ ਪੈਰ ਥਿੜਕ ਥਿੜਕ ਪੈਂਦੇ ਸਨ। ਥਿੜਕਣ ਵੇਲ਼ੇ ਜ਼ੋਹਰਾ ਦਾ ਮੈਨੂੰ ਹੱਥ ਪਾਵਣਾ ਚੰਗਾ ਤਾਂ ਲਗਦਾ ਸੀ ਪਰ ਏਨੇ ਲੋਕਾਂ ਦੇ ਸਾਹਮਣੇ ਝਾਕਾ ਵੀ ਆਂਵਦਾ ਸੀ।
ਸਾਰੇ ਲੋਕ ਇੱਕ ਦੂਜੇ ਦਾ ਆਸਰਾ ਲੈ ਰਹੇ ਸਨ। ਇੱਕ ਤਿਲ੍ਹਕਦਾ ਤਾਂ ਦੂਜਾ ਸੰਭਾਲ ਲੈਂਦਾ। ਥਾਂ ਥਾਂ ਉੱਤੇ ਸੜਕ ਟੁੱਟੀ ਪਈ ਸੀ, ਪੁੱਟੀ ਪਈ ਸੀ। ਏਥੋਂ ਪਾਣੀ ਦੀ ਰੋੜ੍ਹ ਜ਼ਿਆਦਾ ਹੁੰਦੀ ਸੀ। ਰੋੜ੍ਹ ਵਾਲੀ ਥਾਂ ਉੱਤੋਂ ਬਹੁਤ ਸੰਭਲ ਸੰਭਲ ਕੇ ਲੰਘਣਾ ਪੈ ਰਿਹਾ ਸੀ। ਏਥੇ ਕਈ ਵਾਰ ਜ਼ੋਹਰਾ ਡਿੱਗਣ ਤੋਂ ਬਚਣ ਲਈ ਮੇਰੇ ਨਾਲ ਚਿੰਬੜ-ਚਿੰਬੜ ਗਈ ਸੀ। ਦੂਜੀਆਂ ਰਾਹਕ ਕੁੜੀਆਂ ਵਾਂਗੂ ਉਹਦੇ ਕੋਲੋਂ ਪਾਣੀ ਵਿੱਚ ਤੁਰਿਆ ਨਹੀਂ ਸੀ ਜਾ ਰਿਹਾ। ਬਹੁਤ ਹੌਲ਼ੀ ਹੌਲ਼ੀ ਟੁਰਦੀ ਸੀ।
ਪਾਣੀ ਲੈ ਕੇ ਪਰਤਣ ਵੇਲੇ ਵੀ ਅਸੀਂ ਇੱਕ ਦੂਜੇ ਕੋਲੋਂ ਪਿੱਛੇ ਰਹਿ ਗਏ ਸਾਂ। ਕਾਫ਼ੀ ਵਿੱਥ ਪੈ ਗਈ ਤੇ ਮੈਂ ਆਖਿਆ, "ਜ਼ੋਹਰਾ" । "ਹੂੰ" ਉਹਨੇ ਆਖਿਆ। ਉਹਦੀ ਹੂੰ ਵਿੱਚ ਇੱਕ ਸਰੂਰ ਜੇਹਾ ਸੀ। ਉਸ ਨੇ ਇੱਕ ਹੱਥ ਪਾਣੀ ਵਾਲ਼ੇ ਭਾਂਡੇ ਨੂੰ ਪਾਇਆ ਹੋਇਆ ਸੀ ਤੇ ਦੂਜਾ ਹੱਥ ਮੇਰੇ ਮੋਢੇ ਉੱਤੇ ਸੀ। ਅਸੀਂ ਪਾਣੀ ਵਾਲੇ ਭਾਂਡੇ ਸਿਰਾਂ ਉੱਤੇ ਚੁੱਕੇ ਹੋਏ ਸਨ।
"ਚੰਗੇ ਭਲੇ ਸ਼ਹਿਰ ਵਸਣ ਵਾਲੇ ਲੋਕ ਤੁਸਾਂ ਕਿੱਥੇ ਆ ਫਸੇ ਓ!"
"ਕੋਈ ਵੀ ਚੰਗਾ ਭਲਾ ਮੁਸੀਬਤ ਵਿੱਚ ਨਹੀਂ ਫਸਦਾ।" ਉਹਨੇ ਜਵਾਬ ਵਿੱਚ ਆਖਿਆ।
"ਕੀ ਮਤਲਬ ਤੇਰਾ ?"
"ਮਤਲਬ ਇਹ ਕਿ ਸ਼ਹਿਰਾਂ ਵਿੱਚ ਵੀ ਗਰੀਬ ਦੀ ਹਯਾਤੀ ਤੰਗ ਏ ਜਿਵੇਂ ਏਥੇ ਪਿੰਡਾਂ ਵਿੱਚ ।"
ਮੇਰਾ ਦਿਲ ਨਹੀਂ ਮੰਨ ਰਿਹਾ। ਮੇਰੇ ਖਿਆਲ ਵਿੱਚ ਸ਼ਹਿਰਾਂ ਵਿੱਚ ਲੋਕ ਸੁਖੀ ਹੁੰਦੇ ਨੇ। ਇਹ ਕੀ ਕਹਿ ਰਹੀ ਏ ਕੋਈ ਫਰਕ ਨਹੀਂ ਹੁੰਦਾ। ਮੈਂ ਫੇਰ ਆਖਿਆ:
"ਨਹੀਂ, ਸ਼ਹਿਰ ਸ਼ਹਿਰ ਹੁੰਦਾ ਏ ਤੇ ਪਿੰਡ ਪਿੰਡ ਹੁੰਦਾ ਏ।"
ਮੇਰੇ ਆਖਣ ਉੱਤੇ ਉਸ ਆਪਣੇ ਹੱਥ ਦਾ ਦਬਾਅ ਮੇਰੇ ਮੋਢੇ ਉੱਤੇ ਹੋਰ ਪਾਇਆ ਤੇ ਆਖਿਆ, "ਕੀ ਫਰਕ ਲਗਦਾ ਏ ਤੈਨੂੰ ਸ਼ਹਿਰ ਤੇ ਪਿੰਡ ਵਿੱਚ ?"
"ਮੈਂ ਤਾਂ ਸ਼ਹਿਰ ਵੇਖਿਆ ਈ ਨਹੀਂ ਹੋਇਆ। ਤੂੰ ਦੱਸ, ਪਰ ਇੱਕ ਗੱਲ ਹੈ।”
"ਕਿਹੜੀ ਗੱਲ ?"
"ਸ਼ਹਿਰ ਦੇ ਲੋਕ ਪਿਆਰੇ ਬਹੁਤ ਲਗਦੇ ਨੇ", ਮੈਂ ਖਲੋ ਕੇ ਉਹਦੇ ਵੱਲ ਵੇਖਿਆ।
ਉਸ ਮੁਸਕਰਾ ਕੇ ਆਖਿਆ, "ਕੀ ਪਤਾ ਉੱਤੋਂ ਪਿਆਰੇ ਲੱਗਣ ਵਾਲੇ ਲੋਕ
ਅੰਦਰੋਂ ਵੀ ਪਿਆਰੇ ਹੋਵਣ ?"
"ਚੰਗੀ ਸ਼ੈਅ ਚੰਗੀ ਹੁੰਦੀ ਏ, ਕੋਈ ਮੰਨੇ ਭਾਵੇਂ ਨਾ ਮੰਨੇ।" ਏਨੀ ਗੱਲ ਕਰਕੇ ਮੈਂ ਟੁਰ ਪਿਆ । ਉਸ ਖਲੋਵਣ ਵੇਲੇ ਮੇਰੇ ਮੋਢੇ ਤੋਂ ਹੱਥ ਚੁੱਕ ਕੇ ਘੜੇ ਨੂੰ ਪਾ ਲਿਆ। ਮੇਰੇ ਨਾਲ ਟੁਰਦੀ ਹੋਈ ਬੋਲੀ, "ਸ਼ੈਅ ਤੇ ਲੋਕਾਂ ਵਿੱਚ ਫਰਕ ਹੁੰਦਾ ਏ।"
"ਹੂੰ, ਸ਼ੈਅ ਤੇ ਲੋਕਾਂ ਵਿੱਚ ਫਰਕ ਹੁੰਦਾ ਏ ਪਰ ਤੂੰ ਕੁੱਝ ਅੰਦਰ ਬਾਹਰ ਦੀ ਗੱਲ ਕੀਤੀ ਸੀ।" ਮੈਨੂੰ ਕੁੱਝ ਸ਼ੱਕ ਪੈਣ ਲੱਗ ਪਿਆ ਸੀ ਕਿ ਕਿਧਰੇ ਇਹਦੇ ਅੰਦਰ ਬਾਹਰ ਫਰਕ ਨਾ ਹੋਵੇ।
"ਕਿਹੜਾ ਅੰਦਰ ਬਾਹਰ ?” ਉਸ ਇੰਜ ਪੁੱਛਿਆ ਜਿਵੇਂ ਉਸ ਇਹ ਗੱਲ ਕੀਤੀ ਈ ਨਹੀਂ ਸੀ।
"ਹੁਣੇ ਈ ਤੂੰ ਆਖਿਆ ਸੀ ਕਿ ਕੀ ਪਤਾ ਉੱਤੋਂ ਪਿਆਰੇ ਲੱਗਣ ਵਾਲੇ ਲੋਕ ਅੰਦਰੋਂ ਵੀ ਪਿਆਰੇ ਹੋਵਣ।"
"ਹਾਂ, ਆਖਿਆ ਸੀ।”
"ਫੇਰ ਕੀ ਮਾਅਨੇ ਹੋਏ ?"
"ਕੁੱਝ ਨਹੀਂ। ਚੁੱਪ ਕਰਕੇ ਟੁਰਿਆ ਚੱਲ। ਵੇਖਦਾ ਨਹੀਂ, ਦੂਜੇ ਲੋਕ ਅਸਾਥੋਂ ਕਈ ਵਿੱਥ ਪਾ ਗਏ ਨੇ।”
ਉਹ ਇਹ ਗੱਲ ਬਦਲਣਾ ਚਾਹੁੰਦੀ ਸੀ। ਮੈਂ ਵੀ ਅੱਗੋਂ ਏਹੋ ਜਿਹੀ ਗੱਲ ਨਾ ਕੀਤੀ। ਉਹਦੇ ਭਰਾ ਬਾਰੇ ਪੁੱਛਿਆ ਕਿ ਤੇਰਾ ਭਰਾ ਘਰ ਟਿਕ ਕੇ ਕਿਉਂ ਨਹੀਂ ਰਹਿੰਦਾ। "ਕੀ ਏ ਉਹਨੂੰ ? ਘਰੋਂ ਬਾਹਰ ਕਿਉਂ ਨਿੱਕਲ ਜਾਂਦਾ ਇਉਂ ?"
"ਉਹਦੀਆਂ ਉਹ ਈ ਜਾਣੇ", ਏਥੇ ਕੁੱਝ ਉੱਚੀ ਸੜਕ ਸੀ ਤੇ ਪਾਣੀ ਘੱਟ ਚੜ੍ਹਿਆ ਹੋਇਆ ਸੀ। ਪੁਲ ਵੀ ਨੇੜੇ ਆ ਗਿਆ ਸੀ।
"ਤੂੰ ਕੁੱਝ ਦੱਸਿਆ ਨਹੀਂ ਜ਼ੋਹਰਾ ਆਪਣੇ ਭਰਾ ਬਾਰੇ।"
"ਆਵੇਗਾ ਤੇ ਆਪ ਪੁੱਛ ਲਵੀਂ", ਉਹਦਾ ਰੁੱਖਾ ਜਵਾਬ ਸੁਣ ਕੇ ਮੈਂ ਕੋਈ ਗੱਲ ਨਾ ਕੀਤੀ। ਪੁਲ ਤੀਕਰ ਚੁੱਪ ਚਾਪ ਟੁਰੇ ਆਏ।
ਮੈਂ ਅੰਦਰੋਂ ਦੁਆ ਵੀ ਮੰਗ ਰਿਹਾ ਸਾਂ ਕਿ ਫੇਰ ਹੜ੍ਹ ਆ ਜਾਵੇ ਤੇ ਇੰਜ ਈ ਸਾਥ ਰਹਵੇ । ਖੁਸ਼ੀ ਨਾਲ ਦੂਸਰੇ ਦਿਨ ਪਾਣੀ ਲਈ ਮੈਂ ਜਾਵਣ ਲੱਗਾ ਤਾਂ ਮੈਨੂੰ ਜਾਵਣ ਨਾ ਦਿੱਤਾ। ਮਾਂ ਨੂੰ ਖ਼ੋਰੇ ਮੇਰੇ ਉੱਤੇ ਇਤਬਾਰ ਨਹੀਂ ਸੀ ਰਿਹਾ ਜਦ ਕਿ ਮੈਂ ਕੋਈ ਏਹੋ ਜੇਹੀ ਸ਼ਰਾਰਤ ਵੀ ਨਹੀਂ ਕੀਤੀ ਸੀ।
ਉਸ ਦਿਨ ਤੋਂ ਬਾਅਦ ਪਾਣੀ ਲਈ ਮੁਹੰਮਦ ਹੁਸੈਨ ਜਾਂਦਾ ਸੀ ਤੇ ਕਦੀ ਭੂਆ ਜਾਂਦੀ ਸੀ। ਹੜ੍ਹ ਦਾ ਪਾਣੀ ਹੋਰ ਘਟ ਗਿਆ ਸੀ । ਹੜ੍ਹ ਜਦ ਬਿਲਕੁਲ ਹੀ ਉੱਤਰ ਗਿਆ ਤਾਂ ਸ਼ਹਿਰ ਦੇ ਲੋਕ ਰਾਸ਼ਨ ਪਕਾ ਕੇ ਲੈ ਆਏ। ਮਿੱਠੇ, ਲੂਣੇ ਚੌਲ ਤੇ ਨਾਲ ਹਲੀਮ। ਕੁੱਝ ਲੋਕ ਸੁੱਕਾ ਦੁੱਧ ਤੇ ਬਨਸਪਤੀ ਘਿਓ ਵੀ ਲਿਆ ਕੇ ਵੰਡਦੇ ਸਨ । ਚਾਹ ਦੇ ਡੱਬੇ ਤੇ ਬਿਸਕੁਟ ਵੀ ਕੁੱਝ ਲੋਕ ਲਿਆਏ। ਸੁੱਕਾ ਦੁੱਧ ਅਸਾਂ ਪਹਿਲੀ ਵਾਰ ਵੇਖਿਆ ਸੀ। ਫੱਕੇ ਭਰ ਭਰ ਮੂੰਹ ਵਿੱਚ
ਪਾਏ। ਦੁੱਧ ਮਿੱਠਾ ਸੀ ਪਰ ਤਾਲੂ ਨਾਲ ਚਿੰਬੜਨ ਦੀ ਵਜ੍ਹਾ ਨਾਲ ਖੰਘ ਆਂਵਦੀ ਸੀ।
ਭੁੱਜੇ ਛੋਲੇ ਤੇ ਪੁਰਾਣੇ ਲੀੜੇ ਵੀ ਸਖੀ ਲੋਕ ਲਿਆ ਕੇ ਵੰਡਦੇ। ਇੰਜ ਜਾਪਦੇ ਸਨ ਜਿਵੇਂ ਖੁਦਾ ਦੀ ਮਖਲੂਕ ਉੱਤੇ ਵੱਡਾ ਅਹਿਸਾਨ ਕਰ ਰਹੇ ਹੋਵਣ।
ਸ਼ਹਿਰੀ ਲੋਕਾਂ ਕੋਲੋਂ ਮੰਗ ਮੰਗ ਸ਼ੈਆਂ ਲੈਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ, ਪਰ ਰਾਹਕ ਲੋਕ ਤਾਂ ਬੜੇ ਖੁਸ਼ ਹੁੰਦੇ ਸਨ। ਹੜ੍ਹ ਦੇ ਸੁੱਕਣ ਜਾਵਣ ਮਗਰੋਂ ਕੁੱਝ ਰਾਹਕ ਲੋਭ ਲਾਲਚ ਦੇ ਕਾਰਨ ਸੜਕ ਉੱਤੇ ਈ ਬੈਠੇ ਰਹਿੰਦੇ ਸਨ । ਜਦ ਖੈਰਾਤ ਕਰਨ ਵਾਲੇ ਆਣੇ ਬੰਦ ਹੋ ਗਏ ਤਾਂ ਇਹ ਲੋਕ ਵਾਪਸ ਪਰਤੇ ਸਨ । ਰਾਹਕਾਂ ਨੂੰ ਘਰਾਂ ਦੇ ਰੁੜ੍ਹ ਜਾਵਣ ਦਾ ਬਹੁਤਾ ਅਫ਼ਸੋਸ ਨਹੀਂ ਸੀ।
ਬਾਹਰੋਂ ਫਸਲ ਵੀ ਬਿਲਕੁਲ ਸਾਫ ਵੇਖਕੇ ਰਾਹਕਾਂ ਨੂੰ ਬਹੁਤ ਦੁੱਖ ਹੋਇਆ, ਅੱਗੋਂ ਫ਼ਾਕੇ ਨਜ਼ਰ ਆ ਰਹੇ ਸਨ । ਜ਼ਿਮੀਂਦਾਰ ਦਾ ਕਰਜ਼ਾ ਨਜ਼ਰ ਆ ਰਿਹਾ ਸੀ । ਹੁਣ ਤੇ ਖਾਵਣ ਲਈ ਦਾਣੇ ਵੀ ਜ਼ਿਮੀਂਦਾਰ ਕੋਲੋਂ ਤਰਲਿਆਂ ਨਾਲ ਮੰਗਣੇ ਪੈਣੇਂ ਸਨ। ਉਹ ਵੀ ਇੱਕ ਮਣ ਦੇ ਬਦਲੇ ਦੋ ਮਣ ਅਨਾਜ ਦੇਣਾ ਪਵੇਗਾ।
ਉਧਾਰ ਦਾ ਅਨਾਜ ਖਾ ਕੇ ਰਾਹਕ ਫੇਰ ਅਗਲੀ ਫਸਲ ਦੀਆਂ ਤਿਆਰੀਆਂ ਵਿੱਚ ਰੁੱਝ ਗਏ। ਸਰਦੀਆਂ ਦੇ ਆਵਣ ਤੋਂ ਪਹਿਲੇ ਪਹਿਲੇ ਰਾਹਕਾਂ ਫੇਰ ਝੁੱਗੀਆਂ ਬਣਾ ਲਈਆਂ ਸਨ।
ਅਸਾਡੇ ਕੋਲ ਗੱਡ ਸੀ । ਘਰ ਦੇ ਆਟੇ ਦਾਣੇ ਲਈ ਗੱਡ ਵੱਲ ਜ਼ਿਆਦਾ ਧਿਆਨ ਦੇਣਾ ਪਿਆ। ਅਸਾਂ ਇੱਕ ਪਲ ਵਾਹੀ ਨੂੰ ਦਿੰਦੇ ਤੇ ਦੂਜੇ ਪਲ ਗੱਡ ਨੂੰ ਲੈ ਟੁਰਦੇ । ਬਹੁਤ ਮਿਹਨਤ ਕਰਨੀ ਪਈ। ਰਾਤ ਦਿਨ ਇੱਕ ਕੀਤਾ, ਫੇਰ ਵੀ ਕਦੀ ਕਦੀ ਈ ਰੱਜ ਕੇ ਰੋਟੀ ਲੱਭਦੀ ਸੀ। ਰਾਹਕਾਂ ਦੇ ਬਾਲ ਖੈਰਾਤ ਵਿੱਚ ਮਿਲੇ ਹੋਏ ਪੁਰਾਣੇ ਤੇ ਸ਼ਹਿਰੀ ਫੈਸ਼ਨ ਵਾਲੇ ਲੀੜੇ ਸ਼ੌਕ ਨਾਲ ਪਾਂਵਦੇ ਸਨ।
ਸ਼ਹਿਰੀ ਲੋਕਾਂ ਦਾ ਬਾਣਾ ਪੇਂਡੂ ਬਾਲਾਂ ਦੇ ਜੁੱਸੇ ਉੱਤੇ ਕੁੱਝ ਵੱਖਰਾ ਵੱਖਰਾ ਤੇ ਅਜੀਬ ਅਜੀਬ ਲੱਗਦਾ ਸੀ । ਪਹਿਲੇ ਪਹਿਲ ਤੇ ਉਹਨਾਂ ਨੂੰ ਹਾਸਾ ਆਂਵਦਾ ਤੇ ਫੇਰ ਆਦੀ ਹੋ ਗਏ। ਰਾਹਕਾਂ ਦੇ ਤੇ ਫਰੀਰਾਂ ਦੇ ਬਾਲਾਂ ਵਿੱਚ ਕੋਈ ਫਰਕ ਨਹੀਂ ਸੀ ਨਜ਼ਰ ਆਂਵਦਾ।
ਅਰਾਂਈ ਲੋਕ ਵੀ ਇੱਥੇ ਆ ਕੇ ਸਾਡੇ ਵਰਗੇ ਈ ਹੋ ਗਏ ਸਨ । ਪਰ ਚਾਚੇ ਅੱਲਾ ਦਿੱਤੇ ਦੀ ਤਬੀਅਤ ਵਿੱਚ ਅਜੇ ਵੀ ਸ਼ੋਖੀ ਤੇ ਸ਼ੌਕ ਸੀ । ਜਦ ਕਦੇ ਇਕੱਠੇ ਹੁੰਦੇ ਤਾਂ ਉਹ ਮੈਨੂੰ ਫਿਲਮ ਦੀ ਕਹਾਣੀ ਸੁਣਾਇਆ ਕਰਦਾ ਸੀ । ਗਾਣੇ ਦੇ ਮੁਕਾਲਮੇ ਵੀ ਸੁਣਾਵੰਦਾ। ਉਹਦੇ ਸੁਣਾਵਣ ਦਾ ਅੰਦਾਜ ਵੀ ਤੇ ਬਹੁਤ ਮਨ-ਖਿੱਚਵਾਂ ਸੀ।
ਉਹਦੇ ਕੋਲੋਂ ਫਿਲਮਾਂ ਦੀਆਂ ਗੱਲਾਂ ਸੁਣ ਸੁਣਕੇ ਮੈਨੂੰ ਵੀ ਫਿਲਮ ਵੇਖਣ ਦਾ ਸ਼ੌਕ ਤਾਂ ਹੁੰਦਾ ਸੀ ਪਰ ਵਿਹਲ ਨਹੀਂ ਸੀ ਮਿਲਦਾ। ਗੱਡ ਲੈ ਕੇ ਸ਼ਹਿਰ ਜਾਈਦਾ ਸੀ। ਰਾਤ ਨੂੰ ਅੱਪੜੀਦਾ ਸੀ ਤੇ ਦੂਜੀ ਰਾਤ ਫਿਰ ਵਾਪਸ ਆਈਦਾ ਸੀ।
ਵਾਧੂ ਰੁਪਿਆ ਵੀ ਕੋਲ ਨਹੀਂ ਸੀ ਹੁੰਦਾ। ਸ਼ਹਿਰ ਦੇ ਹਾਸੇ-ਰੋਣੇ ਤੇ ਰੌਣਕਾਂ ਮੈਂ ਨਹੀਂ ਸਨ ਵੇਖੇ ਪਰ ਚਾਚਾ ਅੱਲਾ ਦਿੱਤਾ ਬਹੁਤ ਸੋਹਣੀਆਂ ਗੱਲਾਂ ਸ਼ਹਿਰ ਦੀਆਂ ਸੁਣਾਇਆ
ਕਰਦਾ ਸੀ।
ਮੈਨੂੰ ਜਦੋਂ ਵੀ ਵਕਤ ਮਿਲਦਾ ਮੈਂ ਚਾਚੇ ਅੱਲਾ ਦਿੱਤੇ ਕੋਲੋਂ ਫਿਲਮਾਂ ਦੀਆਂ ਗੱਲਾਂ ਤੇ ਕਹਾਣੀਆਂ ਬੜੇ ਸ਼ੌਕ ਨਾਲ ਸੁਣਿਆਂ ਕਰਦਾ ਸਾਂ । ਫੇਰ ਸੋਚਦਾ, ਫਿਲਮ ਦੀ ਕਹਾਣੀ ਕੌਣ ਜੋੜਦਾ ਏ। ਫਿਲਮ ਕਿਵੇਂ ਹੁੰਦੀ ਏ। ਫਿਲਮ ਵੇਖਣਾ ਤੇ ਮੇਰੀ ਬਹੁਤ ਵੱਡੀ ਰੀਝ ਬਣ ਗਈ ਹੋਈ ਸੀ।
ਸ਼ਹਿਰ ਵਿੱਚ ਅਸਾਡਾ ਵਾਹ ਪੈਂਦਾ ਸੀ ਖਚਰੇਟ ਤੇ ਬੇਈਮਾਨ ਆੜ੍ਹਤੀ ਨਾਲ ਜਿਹੜਾ ਸ਼ਹਿਰੀ ਗਾਹਕਾਂ ਨਾਲ ਮਿਲ ਕੇ ਗਾਡੀਆਂ ਦੇ ਮਾਲ ਵਿੱਚ ਨੁਕਸ ਪਾ ਕੇ ਧੱਕੇ-ਧੱਕੀ ਰਕਮ ਘਟਾ ਲਿਆ ਕਰਦਾ ਸੀ।
ਆੜ੍ਹਤੀ ਗਾਡੀਆਂ ਨੂੰ ਦਬਾ ਕੇ ਰੱਖਦਾ ਸੀ। ਕਰਜ਼ਾ ਵੀ ਦਿਆ ਕਰਦਾ ਸੀ ਤੇ ਗਾਡੀਆਂ ਨੂੰ ਮੰਦਾ ਤੇ ਕੌੜਾ ਵੀ ਬੋਲਿਆ ਕਰਦਾ ਸੀ । ਬੇਵੱਸ ਤੇ ਮਸੂਮ ਗਾਡੀ ਏਥੇ ਵੀ ਜ਼ਬਰ ਹੀ ਸਹਿੰਦੇ ਤੇ ਚੁੱਪ ਰਹਿੰਦੇ ਸਨ।
ਆੜ੍ਹਤੀ ਦੇ ਭੈੜੇ ਰਵੱਈਏ, ਮੰਦਾ ਬੋਲਣ ਪਾਰੋਂ ਜੇ ਕੋਈ ਗਾਡੀ ਦੂਜੀ ਆੜ੍ਹਤ ਉੱਤੇ ਮਾਲ ਲੈ ਜਾਂਦਾ ਤੇ ਉੱਥੇ ਵੀ ਇਹ ਹਾਲ ਸੀ ਪਿੰਡ ਦੇ ਰਾਹਕਾਂ ਤੇ ਸ਼ਹਿਰ ਵਿੱਚ ਗਾਡੀਆਂ ਦਾ।
ਏਹੋ ਜਿਹੇ ਮਾਹੌਲ ਵਿੱਚ ਮੇਰਾ ਮਨ ਬਹੁਤ ਸੜਿਆ ਕਰਦਾ। ਅੰਦਰ ਈ ਅੰਦਰ ਕੋਈ ਅੱਗ ਮੱਚੀ ਲੱਗਦੀ ਸੀ। ਮੇਰੀ ਗੁਫਤਗੂ ਵਿੱਚ ਕਾਹਲ ਤੇ ਨਫ਼ਰਤ ਵਧਦੀ ਜਾ ਰਹੀ ਸੀ। ਹਰ ਕਿਸੇ ਕੋਲੋਂ ਬੇਗਾਨਾ ਤੇ ਵੱਖ ਵੱਖ ਰਹਿਣਾ ਮੇਰੀ ਆਦਤ ਬਣਦੀ ਜਾਂਦੀ ਸੀ। ਅਦਬ, 'ਲਿਹਾਜ਼', ਮੁਰੱਵਤ ਤੇ ਚੰਗੇ ਸੁਭਾਅ ਵਾਲੇ ਜਜ਼ਬੇ ਮੇਰੇ ਵਿੱਚੋਂ ਮੁੱਕਦੇ ਜਾਂਦੇ ਸਨ ।
ਫੇਰ ਮੇਰੀ ਐਸੀ ਹਾਲਤ ਹੋਈ ਕਿ ਜਦ ਬਹੁਤ ਗੁੱਸਾ ਆਂਵਦਾ ਤਾਂ ਬੇਵਸੀ ਨਾਲ ਮੇਰੇ ਅੱਥਰੂ ਨਿੱਕਲ ਆਂਵਦੇ ਸਨ । ਕਈ ਕਈ ਦਿਨ ਤੱਕ ਮੇਰੀ ਹਾਲਤ ਰੋਵਣ ਵਾਲੀ ਬਣੀ ਰਹਿੰਦੀ ਸੀ। ਅੰਦਰ ਈ ਅੰਦਰ ਕੋਈ ਅੱਗ ਮੇਰੀ ਰੂਹ ਨੂੰ ਸਾੜਦੀ ਜਾ ਰਹੀ ਸੀ।
ਮੇਰਾ ਦਿਲ ਕਰਦਾ ਕਿਧਰੇ ਨੱਸ ਜਾਵਾਂ, ਘਰੋਂ ਨਿੱਕਲ ਜਾਵਾਂ । ਪਰ ਕਿੱਥੇ ਜਾਵਾਂ ? ਕੁੱਝ ਮਲੂਮ ਨਹੀਂ ਸੀ ਤੇ ਕੋਈ ਰਾਹ ਤੇ ਮੰਜਿਲ ਨਹੀਂ ਸੀ।
ਜ਼ੋਹਰਾ ਦੇ ਖਿਆਲ ਨਾਲ ਯਾ ਉਹਦੀ ਮੁਲਾਕਾਤ ਨਾਲ ਝੱਟ ਚੰਗਾ ਲਗਦਾ ਸੀ, ਪਰ ਜ਼ਿੰਦਗੀ ਝੱਟ ਪਲ ਤੇ ਨਹੀਂ ਨਾ। ਮੇਰਾ ਜੀਵਨ ਤੇ ਅੱਕ ਦੇ ਬੂਟੇ ਵਾਂਗਰ ਕੌੜਾ ਹੁੰਦਾ ਜਾ ਰਿਹਾ ਸੀ। ਮੇਰੇ ਦਿਮਾਗ ਵਿੱਚ ਜ਼ਹਿਰ ਭਰਿਆ ਜਾ ਰਿਹਾ ਸੀ।
ਇੱਕ ਸ਼ਾਮ ਨੂੰ ਅਸਾਡੇ ਘਰ ਕੁੱਝ ਪ੍ਰਾਹੁਣੇ ਆਏ । ਮਾਂ ਬਹੁਤ ਖੁਸ਼ ਸੀ ਤੇ ਗੁੜ ਵਾਲ਼ੇ ਚੌਲ ਪਕਾਏ। ਮਾਂ ਕਿਉਂ ਖੁਸ਼... ਇਹ ਜਾਨਣ ਲਈ ਮੈਨੂੰ ਕੋਈ ਮੌਕਾ ਨਹੀਂ ਸੀ ਮਿਲ ਰਿਹਾ। ਮੈਂ ਖੁਸ਼ੀ ਦੀ ਵਜ੍ਹਾ ਪੁੱਛਣਾ ਚਾਹੁੰਦਾ ਸਾਂ । ਸ਼ਾਮ ਪੈ ਗਈ ਸੀ । ਅਸਾਨੂੰ ਕਾਹਲ ਸੀ ਕਿ ਵੇਲ਼ੇ ਨਾਲ ਗੱਡ ਨੂੰ ਲੈ ਕੇ ਲਹੌਰ ਅੱਪੜੀਏ।
ਲਾਲਟੈਣ ਜਗਾ ਕੇ ਗੱਡ ਨਾਲ ਟੰਗੀ ਤੇ ਜੋਤਰ ਦੇ ਕੇ ਸੜਕ ਉੱਤੇ ਚੱਲ ਪਏ। ਮੁਹੰਮਦ ਹੁਸੈਨ ਮੂਹਰੀ ਬੈਠਾ ਬਲਦਾਂ ਨੂੰ ਹਿੱਕ ਰਿਹਾ ਸੀ। ਮੈਂ ਨਾਲ ਨਾਲ ਕੱਚੀ ਕੱਚੀ 'ਤੇ ਤੁਰ ਰਿਹਾ ਸਾਂ। ਮੈਂ ਟੁਰਦੇ ਟੁਰਦੇ ਪੁੱਛਿਆ, "ਮੁਹੰਮਦ ਹੁਸੈਨ, ਅੱਜ ਪ੍ਰਾਹੁਣੇ ਕੇਹੋ ਜੇਹੇ ਆਏ ਨੇ । ਮਾਂ ਬੜੀ ਖੁਸ਼ ਜਾਪਦੀ ਸੀ।"
“ਪਤਾ ਨਹੀਂ, ਹੋਣੀ ਏ ਕੋਈ ਗੱਲ। ਅਸਾਨੂੰ ਟੋਹ ਲਾਵਣ ਦੀ ਕੀ ਲੋੜ ਏ।”
“ਯਾਰ ਤੂੰ ਤਾਂ ਗੱਲ ਨੂੰ ਈ ਖੇਹ ਕਰ ਦਿੰਨਾਂ ਏਂ। ਮੈਂ ਸਮਝਿਆ ਤੈਨੂੰ ਕੁੱਝ ਮਲੂਮ ਹੋਵੇਗਾ।" ਮੇਰੀ ਇਸ ਖਿਝ ਉੱਤੇ ਮੁਹੰਮਦ ਹੁਸੈਨ ਮੁਸਕਰਾ ਕੇ ਆਖਿਆ, "ਪਤਾ ਵੀ ਹੋਵੇ ਤਾਂ ਅਸਾਂ ਕੀ ਕੱਢ ਪਾ ਲੈਣਾ ਏ ।" ਨਾਲ ਈ ਉਸ ਬਲਦਾਂ ਨੂੰ ਹੁਸ਼ਕਰ ਕੇ ਤੇਜ਼ ਟੋਰਿਆ। ਮੈਨੂੰ ਵੀ ਅੱਡੀ ਚੁੱਕ ਕੇ ਰੱਖਣੀ ਪਈ । ਕਾਹਲੀ ਕਾਹਲੀ ਟੁਰਨ ਨਾਲ ਗੱਲ ਵਿੱਚੋਂ ਟੁੱਟ ਜਾਂਦੀ ਸੀ ।
"ਠੀਕ ਏ ਮੁਹੰਮਦ ਹੁਸੈਨਾ! ਅਸਾਂ ਕਿਸੇ ਦੀ ਗੱਲ ਵਿੱਚ ਵਾਧਾ ਘਾਟਾ ਤੇ ਨਹੀਂ ਕਰ ਲੈਣਾ ਪਰ ਫੇਰ ਵੀ ਘਰ ਦੀਆਂ ਗੱਲਾਂ ਬਾਰੇ ਮਲੂਮ ਹੋਣਾ ਚਾਹੀਦਾ ਏ।"
"ਮੈਨੂੰ ਤੇ ਏਨਾ ਮਲੂਮ ਏ ਕਿ ਬੱਸ ਵਗਣਾ ਏਂ ਤੇ ਵਗਦਿਆਂ ਰਹਿਣਾ ਏਂ, ਉਹ ਵੀ ਸਾਈਆਂ ਦੀ ਰਜ਼ਾ ਨਾਲ । ਜਦ ਏਹੋ ਜਿਹੀ ਹੈਸੀਅਤ ਹੋਵੇ ਬੰਦੇ ਦੀ ਤੇ ਫੇਰ ਐਵੇਂ ਕਨਸੋ ਲੈਣ ਦਾ ਕੀ ਫਾਇਦਾ ।”
"ਤੇਰੇ ਨਾਲ ਤੇ ਗੱਲ ਕਰਨਾ ਵੀ ਫ਼ਜੂਲ ਏ।" ਮੈਂ ਨਰਾਜ਼ਗੀ ਵਿਖਾਂਦਿਆਂ ਆਖਿਆ। "ਅਸੀਂ ਘਰ ਵੱਲੋਂ ਬਿਲਕੁਲ ਲਾ-ਤਾਅਲਕ ਵੀ ਤੇ ਨਹੀਂ ਰਹਿ ਸਕਦੇ। ਅਸਾਡੀ ਲਾ-ਤੁਅਲਕੀ ਨਾਲ ਭਲਾਂ ਘਰ ਨੂੰ ਫ਼ੈਦਾ ਵੀ ਕੀ ਏ।"
ਮੇਰੀ ਨਰਾਜ਼ਗੀ ਵੇਖ ਕੇ ਮੁਹੰਮਦ ਹੁਸੈਨ ਕੁੱਝ ਸੰਜੀਦਾ ਹੋਇਆ ਤੇ ਆਖਿਆ, "ਕੀ ਸੱਚਮੁੱਚ ਤੈਨੂੰ ਕੁਝ ਮਲੂਮ ਨਹੀਂ?" ਏਸ ਵੇਲੇ ਅਸਾਡੀ ਗੱਡ ਸੜਕ ਵਿੱਚ ਬਣੀ ਚੜ੍ਹਾਈ ਪਈ ਚੜ੍ਹਦੀ ਸੀ । ਬਲਦਾਂ ਦੇ ਪੈਰ ਥਬਕ ਥਬਕ ਪੈਂਦੇ ਸਨ । ਡੰਗਰ ਕਾਫ਼ੀ ਔਖੇ ਹੋ ਰਹੇ ਸਨ। ਮੈਂ ਭੱਜ ਕੇ ਪਿੱਛੇ ਜਾ ਕੇ ਮੋਢੇ ਨਾਲ ਆਸਰਾ ਦਿੱਤਾ। ਗੱਡ ਵਤਰ ਹੋਈ ਤੇ ਹੌਲ਼ੀ ਹੌਲੀ ਚੜ੍ਹਾਈ ਚੜ੍ਹ ਗਈ। ਬਲਦਾਂ ਦੇ ਸਾਹ ਕਾਹਲੇ ਹੋ ਗਏ ਸੀ, ਮੈਨੂੰ ਵੀ ਸਾਹ ਚੜ ਗਿਆ ਸੀ। ਗੱਡ ਨੂੰ ਧੱਕਾ ਲਾਵਣ ਨਾਲ ਮੇਰੀਆਂ ਲੱਤਾਂ ਵੀ ਫੁੱਲ ਗਈਆਂ ਸਨ । ਟੁਰਨ ਵਿੱਚ ਔਖ ਹੋ ਰਹੀ ਸੀ। ਕਾਫ਼ੀ ਦੇਰ ਮਗਰੋਂ ! ਮੇਰਾ ਤੇ ਬਲਦਾਂ ਦਾ ਸਾਹ ਠੀਕ ਹੋਇਆ। ਫੇਰ ਮੈਂ ਆਖਿਆ, “ਨਹੀਂ ਮੈਨੂੰ ਤਾਂ ਕੁੱਝ ਨਹੀਂ ਮਲੂਮ, ਏਸੇ ਲਈ ਤੈਥੋਂ ਪੁੱਛਿਆ ਏ।"
"ਭੂਆ ਦੇ ਰਿਸ਼ਤੇ ਲਈ ਪ੍ਰਾਹੁਣੇ ਆਏ ਹੋਏ ਨੇ ।" ਮੁਹੰਮਦ ਹੁਸੈਨ ਦੱਸ ਕੇ ਇੱਕ ਵਾਰੀ ਫੇਰ ਡੰਗਰਾਂ ਨੂੰ ਤੋਰ ਦਿੱਤਾ।
"ਕੇਹੋ ਜਿਹੇ ਲੋਕ ਨੇ ਮੁਹੰਮਦ ਹੁਸੈਨ?... ਵੇਖੇ ਤਾਂ ਹੋਏ ਨੇ, ਪਰ ਮੈਨੂੰ ਉਹਨਾਂ ਦੇ ਸਹਿਜ ਸਭਾ ਦੇ ਵਰਤਾਰੇ ਦਾ ਪਤਾ ਨਹੀਂ।”
"ਲੋਕਾਂ ਵਰਗੇ ਲੋਕ ਨੇ, ਭੜੀ ਥੜੀ ਕਰਨ ਵਾਲੇ", ਮੁਹੰਮਦ ਹੁਸੈਨ ਮੁਖਤਸਰ ਜਵਾਬ ਦਿੱਤਾ ਸੀ।
"ਕੀ ਜ਼ਰੂਰੀ ਸੀ ਕਿ ਭੂਆ ਦਾ ਰਿਸ਼ਤਾ ਭੜੀ ਥੜੀ ਵਾਲਿਆਂ ਨਾਲ ਈ ਕੀਤਾ
ਜਾਵੇ ?" ਮੈਨੂੰ ਤਾਂ ਇਹ ਲੋਕ ਚੰਗੇ ਨਹੀਂ ਲੱਗੇ, ਤੇਰਾ ਕੀ ਖਿਆਲ ਏ ?"
"ਪਿਉ ਦੇ ਰਿਸ਼ਤੇਦਾਰ ਨੇ। ਚੰਗੇ ਹੋਵਣ ਭਾਵੇਂ ਮੰਦੇ, ਰਿਸ਼ਤਾ ਹੋ ਈ ਜਾਣਾ ਏ।" ਮੁਹੰਮਦ ਹੁਸੈਨ ਦੇ ਯਕੀਨ ਉੱਤੇ ਮੈਨੂੰ ਵੀ ਯਕੀਨ ਹੋ ਗਿਆ ਕਿ ਇਹ ਰਿਸ਼ਤਾ ਹੋ ਈ ਜਾਣਾ ਏ। ਫੇਰ ਮੈਂ ਕੋਈ ਹੋਰ ਗੱਲ ਨਾ ਕੀਤੀ। ਪਰ ਇੱਕ ਗੱਲ ਮੇਰੇ ਦਿਮਾਗ ਵਿੱਚ ਰਹਿ ਗਈ ਸੀ ਕਿ ਭੂਆ ਨੂੰ ਇਹ ਰਿਸ਼ਤਾ ਪਸੰਦ ਨਾ ਹੋਵੇ ਤਦ ਵੀ ਹੋ ਈ ਜਾਣਾ ਏ । ਕੁੜੀਆਂ ਨੂੰ ਕੌਣ ਪੁੱਛਦਾ ਏ।
ਮੇਰੇ ਮਨ ਦੇ ਅੰਦਰ ਇੱਕ ਨਿੱਕੀ ਜਿਹੀ ਖੁਸ਼ੀ ਦੀ ਲਹਿਰ ਵੀ ਸੀ ਕਿ ਚਲੋ ਭੂਆ ਦੀਆਂ ਸ਼ਿਕਾਇਤਾਂ ਕੋਲੋਂ ਤੇ ਬਚਿਆ ਰਹਵਾਂਗਾ।
ਅਗਲੀ ਰਾਤ ਅਸਾਂ ਗੱਡ ਲੈ ਕੇ ਲਹੌਰੋਂ ਪਰਤ ਆਏ। ਅਗਲੇ ਦਿਨ ਸਵੇਰੇ ਸਵੇਰੇ ਉੱਠ ਕੇ ਮੈਂ ਟਿਊਬ ਵੈੱਲ ਵਾਲੇ ਪਾਸੇ ਚਲਾ ਗਿਆ । ਚਾਚੇ ਲੰਡੂ ਨੂੰ ਮਿਲਿਆਂ ਕਾਫ਼ੀ ਦਿਨ ਹੋ ਗਏ ਹੋਏ ਸਨ। ਮੈਂ ਉਹਦਾ ਹਾਲ ਪੁੱਛਣਾ ਤੇ ਵੇਖਣਾ ਚਾਹਦਾ ਸਾਂ । ਟਿਊਬ ਵੈੱਲ ਚੱਲ ਰਿਹਾ ਸੀ। ਵਲਾਇਤੀ ਟਿਊਬ ਵੈੱਲ ਭੁੱਬਾਂ ਮਾਰ ਮਾਰ ਕੇ ਪਾਣੀ ਵਗਾ ਰਿਹਾ ਸੀ।
ਟਿਊਬ ਵੈੱਲ ਦੇ ਨਾਲ ਨਾਲ ਆਟੇ ਦੀ ਚੱਕੀ ਤੇ ਮੂੰਜੀ ਛੜਨ ਵਾਲੀ ਮਸ਼ੀਨ ਵੀ ਲੱਗੀ ਹੋਈ ਸੀ । ਚੱਕੀ ਤੇ ਮਸ਼ੀਨ ਦੇ ਕਾਰਨ ਏਥੇ ਰੌਣਕ ਲੱਗੀ ਰਹਿੰਦੀ ਸੀ । ਮੁਹੰਮਦ ਸ਼ਫੀ ਤੇ ਭਾਬੀ ਜ਼ਮੀਲਾ ਵੀ ਖੁਸ਼ ਰਹਿਣ ਲੱਗ ਪਏ ਸਨ ਕਿਉਂ ਜੁ ਆਟੇ ਦੀ ਚੱਕੀ ਤੇ ਮੂੰਜੀ ਵਾਲੀ ਮਸ਼ੀਨ ਵਿੱਚੋਂ ਆਪਣੇ ਖਰਚ ਤੋਂ ਵਾਧੂ ਆਟਾ ਚੌਲ ਆਪਣੀ ਹੁਸ਼ਿਆਰੀ ਤੇ ਚਲਾਕੀ ਨਾਲ ਇਕੱਠਾ ਕਰ ਲੈਂਦੇ ਸਨ।
ਚਾਚੇ ਲੰਡੂ ਦੇ ਘਰ ਦਾ ਖਰਚਾ ਵੀ ਏਥੋਂ ਈ ਕੁੱਝ-ਕੁੱਝ ਪੂਰਾ ਹੋ ਜਾਇਆ ਕਰਦਾ ਸੀ। ਅਨਾਜ ਤੋਲਣ ਲਈ ਲੋਹੇ ਦਾ ਪੱਕਾ ਵੱਟਾ ਤੇ ਕੋਈ ਕੋਈ ਹੁੰਦਾ ਸੀ ਪਰ ਪੱਥਰਾਂ ਤੇ ਪੱਕੀਆਂ ਇੱਟਾਂ ਦੇ ਵੱਟੇ ਬੇਸ਼ੁਮਾਰ ਬਣਾਏ ਹੋਏ ਸਨ । ਅਨਾਜ ਪੀਹਣ ਤੇ ਛੜਨ ਤੋਂ ਪਹਿਲਾਂ ਹੋਰ ਵੱਟੇ ਪਾਂਵਦੇ ਸਨ ਤੱਕੜ ਉੱਤੇ ਤੇ ਬਾਅਦ ਵਿੱਚ ਹੋਰ ਤੋਲ ਤੋਲਦੇ ਸਨ।
ਮੁਹੰਮਦ ਸ਼ਫੀ ਤੇ ਜ਼ਮੀਲਾ ਕਿੱਧਰੇ ਜਾਵਣ ਲਈ ਨਿੱਕਲ ਰਹੇ ਸਨ । ਮੈਂ ਜਾਂਦਿਆਂ ਜ਼ਮੀਲਾ ਨੂੰ ਸਲਾਮ ਕਰਦਿਆਂ ਆਖਿਆ, "ਭਾਬੀ, ਅੱਜ ਤੇ ਕੋਈ ਖਾਸ ਚੜ੍ਹਾਈ ਲਗਦੀ ਏ ।" ਭਾਬੀ ਮੁਸਕਰਾਈ। ਉਹ ਬਣੀ ਠਣੀ ਵੀ ਤੇ ਬਹੁਤ ਚੱਜ ਨਾਲ ਸੀ । ਬਹੁਤ ਪਿਆਰੀ ਤੇ ਮਸੂਮ ਦਿਸ ਰਹੀ ਸੀ। ਅਜੇ ਬਾਲ ਕੋਈ ਨਹੀਂ ਸੀ । ਦੋਵੇਂ ਜਵਾਨ ਤੇ ਖੂਬਸੂਰਤ ਸਨ । ਭਾਬੀ ਦੇ ਬੋਲਣ ਤੋਂ ਪਹਿਲਾਂ ਈ ਸ਼ਫੀ ਆਖਿਆ:
"ਫਿਕਰ ਨਾ ਕਰ ਪੁੱਤਰਾ, ਤੇਰਾ ਕੰਡਾ ਵੀ ਖਿੱਚਿਆ ਈ ਸਮਝ, ਫੇਰ ਤੈਨੂੰ ਆਪੇ ਮਲੌਮ ਹੋ ਜਾਸੀ ਕਿ ਚੜਾਈਆਂ ਕਿੰਜ ਹੁੰਦੀਆਂ ਨੇ।"
ਮੈਂ ਹੈਰਾਨ ਸਾਂ ਕਿ ਮੇਰਾ ਕੰਡਾ ? ਕੀ ਮਤਲਬ ਹੋਇਆ ?
ਭਾਬੀ ਜ਼ਮੀਲਾ ਆਖਿਆ, "ਵੇ ਦੇਵਰਾ! ਅਸੀਂ ਸ਼ਹਿਰ ਚੱਲੇ ਆਂ ਫਿਰਨ ਤੁਰਨ। ਤੂੰ ਵੀ ਚੱਲਣਾ ਏ ਤੇ ਆ ਜਾ।"
"ਤੁਸਾਂ ਖੌਰੇ ਕੀ ਕੀ ਕਰਨਾ ਏ ਸ਼ਹਿਰ ਵਿੱਚ, ਕਿੱਥੇ ਕਿੱਥੇ ਉੱਠਣਾ ਬੈਠਣਾ ਏ, ਮੈਂ
ਐਵੇਂ ਈ ਨਾਲ ਲਾਗੀ ਬਣਿਆ ਫਿਰਾਂ।"
ਮੁਹੰਮਦ ਸ਼ਫੀ ਆਖਿਆ, "ਨਹੀਂ ਓਏ, ਲਾਗੀ ਦਿਆ ਪੁੱਤਰਾ, ਜੇ ਚੱਲਣਾ ਈ ਤੇ ਆ ਜਾ, ਬੱਸ ਅਸਾਂ ਸੈਲ ਸਪਾਟਾ ਈ ਕਰਨਾ ਏਂ । ਹੋਟਲ ਤੋਂ ਖਾ ਪੀ ਲਵਾਂਗੇ ਤੇ ਫਿਲਮ ਵੇਖ ਕੇ ਸ਼ਾਮ ਨੂੰ ਘਰ ਪਰਤ ਆਵਣਾ ਏ।"
ਫਿਲਮ ਵੇਖਣ ਨੂੰ ਤੇ ਮੇਰਾ ਦਿਲ ਕਰਦਾ ਸੀ । ਫਿਲਮ ਕੇਹੋ ਜਿਹੀ ਹੁੰਦੀ ਏ, ਮੈਂ ਵੀ ਜਾਨਣਾ ਚਾਹਦਾ ਸਾਂ, ਪਰ ਹੁਣ ਇੱਕਦਮ ਕਿਵੇਂ ਜਾ ਸਕਦਾ ਸਾਂ। ਇੱਕ ਦੋ ਦਿਨ ਪਹਿਲਾਂ ਦੱਸਦੇ ਤੇ ਕੋਈ ਸਬੱਬ ਲੱਗ ਜਾਂਦਾ, ਪਰ ਹੁਣ ਅਚਾਨਕ ਜਾ ਕੇ ਮੈਂ ਪਿਉ ਨੂੰ ਨਰਾਜ਼ ਨਹੀਂ ਸਾਂ ਕਰ ਸਕਦਾ। ਖੌਰੇ ਪਿਉ ਨੇ ਅੱਜ ਦੇ ਕੰਮ ਦਾ ਕੀ ਕੀ ਸੋਚਿਆ ਹੋਵੇ। ਛਾਹ ਵੇਲੇ ਮਗਰੋਂ ਕਿਸੇ ਨਾ ਕਿਸੇ ਕੰਮ ਵਿੱਚ ਸਿਰ ਦੇਣਾ ਈ ਪੈਣਾ ਸੀ, ਮੈਂ ਆਖਿਆ, "ਨਹੀਂ, ਭਾਈਆ, ਤੁਸੀਂ ਜਾਓ, ਫੇਰ ਕਦੀ ਸਹੀ।"
ਮੁਹੰਮਦ ਸ਼ਫੀ ਆਖਿਆ, "ਤੇਰੀ ਮਰਜ਼ੀ, ਅੱਜ ਤੇ ਸਾਰਾ ਖਰਚਾ ਵੀ ਅਸਾਡਾ ਸੀ।
ਭਾਬੀ ਜ਼ਮੀਲਾ ਆਖਿਆ, "ਤੇਰੀ ਫੇਰ ਖੌਰੇ ਕਦੋਂ ਆਵਣੀ ਏ। ਕਦੀ ਹੱਸ ਖੇਡ ਵੀ ਲਿਆ ਕਰ। ਜਵਾਨ ਜਹਾਨ ਏ, ਹਰ ਵੇਲੇ ਘੁੱਟਿਆ ਵੱਟਿਆ ਈ ਰਹਿਨਾ ਏਂ। ਮੈਨੂੰ ਚੁੱਪ ਕੀਤੇ ਨੂੰ ਛੱਡ ਕੇ ਉਹ ਦੋਵੇਂ ਚਲੇ ਗਏ। ਮੈਂ ਅੱਗੇ ਜਾ ਕੇ ਚਾਚੇ ਲੰਡੂ ਨੂੰ ਵੇਖਿਆ। ਉਹ ਝੋਨਾ ਛੜਨ ਵਾਲੀ ਮਸ਼ੀਨ ਦੇ ਛਾਨਣੇ ਪਿਆ ਬਦਲਦਾ ਸੀ । ਉਹਦੇ ਸਾਰੇ ਲੀੜੇ ਤੇ ਹੱਥ ਮੂੰਹ ਤੇਲ ਦੀ ਕਾਲਖ ਨਾਲ ਕਾਲੇ ਹੋ ਗਏ ਸਨ। ਮੈਨੂੰ ਵੇਖ ਕੇ ਉਹ ਮੇਰੇ ਵੱਲ ਪਰਤਿਆ। ਉਹਨੂੰ ਖੁਸ਼ ਵੇਖ ਕੇ ਮੈਂ ਦੂਰੋਂ ਈ ਟਿਚਕਰ ਕਰ ਦਿੱਤੀ।
"ਅੱਜ ਤੇ ਹੋਸ਼ਾਂ ਆਈਆਂ ਲੱਗਦੀਆਂ ਨੇ ਚਾਚਾ ।"
“ਹਾਂ, ਹੋਸ਼ਾਂ ਈ ਤੇ ਆਈਆਂ ਨੇ”, ਉਸ ਖੁਸ਼ੀ ਨਾਲ ਮੇਰੀ ਗੱਲ ਦਾ ਜਵਾਬ ਦਿੱਤਾ। ਲੰਡੂ ਵਿੱਚ ਕੋਈ ਬਹੁਤੀ ਈ ਖੁਸ਼ੀ ਜਾਪਦੀ ਸੀ । ਉਹ ਮੈਨੂੰ ਵੇਖ ਵੇਖ ਮੁਸਕਰਾ ਰਿਹਾ ਸੀ। ਉਸ ਸਾਹਮਣੇ ਦੀ ਕੰਧ ਨਾਲ ਰੱਖੇ ਬਗਲਾ ਮਾਰਕਾ ਸਿਗਰਟ ਫੜੇ । ਡੱਬੀ ਵਿੱਚੋਂ ਇੱਕ ਸਿਗਰਟ ਮੇਰੇ ਵੱਲ ਵੀ ਕੀਤਾ। ਮੈਂ ਜ਼ਰਾ ਕੁ ਝਕਿਆ ਤਾਂ ਉਸ ਝੱਟ ਆਖਿਆ, "ਲੈ ਲੈ, ਚੰਗੇ ਨੇ। ਅਸਾਡੀ ਤੇ ਸਾਰੀ ਫੌਜ ਏਹ ਸਿਗਰਟ ਈ ਪੀਂਦੀ ਏ।"
"ਏਹੋ ਈ ਕਿਉਂ ਭਲਾਂ ? ਕੀ ਖੂਬੀਆਂ ਏ ਇਹਦੇ ਵਿੱਚ ?" ਮੈਂ ਸਿਗਰਟ ਫੜ ਕੇ ਮੂੰਹ ਨੂੰ ਲਾ ਲਈ। ਉਸ ਮਾਚਸ ਦੀ ਤੀਲੀ ਬਾਲ ਕੇ ਮੈਨੂੰ ਸਿਗਰਟ ਧੁਖਾਵਣ ਵਿੱਚ ਮਦਦ ਦਿੱਤੀ।
"ਇਹਦੇ ਵਿੱਚ ਬਹੁਤ ਖੂਬੀਆਂ ਪਈਆਂ ਨੇ", ਲੰਡੂ ਆਪਣਾ ਸਿਗਰਟ ਧੁਖਾ ਕੇ ਧੂੰ ਨੂੰ ਨਾਸਾਂ ਵਿੱਚੋਂ ਕੱਢ ਕੇ ਆਖਿਆ, "ਇਹਦੇ ਇੱਕ ਇੱਕ ਸੂਟੇ ਨਾਲ 'ਹੋਸ਼ਾਂ' ਆਂਵਦੀਆਂ ਨੇ।"
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਲੰਡੂ ਅੱਜ ਕਿੰਜ ਦੀਆਂ ਗੱਲਾਂ ਕਰਦਾ ਏ। ਗੱਲ ਨੂੰ ਟੁੰਬਣ ਲਈ ਮੈਂ ਸਿੱਧੇ ਵਾਰ ਕਰਨ ਲਈ ਮੂੰਹ ਖੋਹਲਿਆ।
"ਕਦੋਂ ਆਈ ਸੀ ਹੋਸ਼ਾਂ ? ਸੱਚ ਚਾਚਾ, ਇਹ ਤੇ ਬੜੀ ਖੁਸ਼ੀ ਦੀ ਖ਼ਬਰ ਏ। ਹੁਣ ਕਿੱਥੇ ਵੇ?"
"ਤੇਰੇ ਹੱਥ ਵੱਸ ਏ ਹੋਸ਼ਾਂ। ਤੇਰੇ ਵੱਸ ਏ ਪੁੱਤਰਾ।"
“ਕੀ ਮਤਲਬ ਚਾਚਾ, ਮੇਰੇ ਹੱਥ ਵੱਸ ਕੀ ਏ?"
"ਬੜਾ ਕਾਕਾ ਬਣਨਾਂ ਏਂ । ਹੁਣ ਤਾਂ ਮੈਨੂੰ ਤੇਰੀ ਟਾਂਗੀ ਚੁੱਕਣੀ ਪੈਸੀ।"
"ਚੁੱਕ ਲਵਾਂਗਾ ਚਾਚਾ, ਪਰ ਮੈਨੂੰ ਕੁੱਝ ਸਮਝ ਤਾਂ ਆਵੇ।" ਮੇਰੀ ਸਮਝ ਵਿੱਚ ਅਜੇ ਤੀਕਰ ਕੁੱਝ ਨਹੀਂ ਸੀ ਆਇਆ। ਮੈਂ ਆਖਿਆ, "ਚਾਚਾ ਮੇਰੇ ਕੋਲੋਂ ਭਾਵੇਂ ਜਿਹੜੀ ਮਰਜ਼ੀ ਕਸਮ ਲੈ ਲੈ, ਮੈਨੂੰ ਤੇਰੀਆਂ ਗੱਲਾਂ ਦੀ ਕੁੱਝ ਸਮਝ ਨਹੀਂ ਆ ਰਹੀ।”
"ਅੱਛਾ।" ਉਹਨੇ ਧੌਣ ਡਿੰਗੀ ਕਰਕੇ ਮੇਰੇ ਵੱਲ ਘੂਰ ਕੇ ਵੇਖਿਆ। ਉਹਦੇ ਚਿਹਰੇ ਤੋਂ ਖੁਸ਼ੀ ਤੇ ਮੁਸਕਰਾਹਟ ਦੀਆਂ ਲਹਿਰਾਂ ਉੱਠ ਉੱਠ ਕੇ ਪੈਂਦੀਆਂ ਸਨ। ਉਹਨੇ ਆਪਣੇ ਗਲ ਵਾਲ਼ੇ ਤਾਵੀਜ਼ ਨੂੰ ਡੋਰੀ ਤੋਂ ਫੜ ਕੇ ਅਗਲੇ ਪਾਸੇ ਕੀਤਾ, ਜਿਹੜਾ ਕੰਮ ਕਰਨ ਵੇਲੇ ਫਿਰਕੇ ਪਿਛਲੇ ਪਾਸੇ ਚਲਾ ਗਿਆ ਸੀ।
"ਵੇਖਿਆ ਈ ਤਾਵੀਜ਼ ਦਾ ਅਸਰ ।" ਚਾਚੇ ਲੰਡੂ ਖੁਸ਼ੀ ਨਾਲ ਆਖਿਆ। "ਕਿੱਥੋਂ ਦੀ ਗੱਲ ਕਿੱਥੇ ਆ ਜੁੜੀ ਏ । ਬੱਸ ਛੇਤੀ ਈ ਕੋਈ ਹੋਰ ਸਬੱਬ ਵੀ ਲੱਗ ਜਾਣਾ ਏ, ਫਿਰ ਹੋਸ਼ਾਂ ਨੇ ਆ ਜਾਣਾ ਏ!"
"ਸੁਫਨੇ ਵਿੱਚ ਮਿਲੀ ਹੋਣੀ ਏ ਤੈਨੂੰ ਚਾਚਾ!"
"ਸੁਫਨੇ ਵਿੱਚ ਤਾਂ ਹੋਸ਼ਾਂ ਰੋਜ਼ ਮਿਲਦੀ ਏ। ਹੁਣ ਸੱਚੀ ਮੁੱਚੀਂ ਮਿਲਾਪ ਹੋਣ ਵਾਲਾ ਏ।"
“ਸੱਚ ਏ, ਚਾਚਾ, ਤੂੰ ਇੱਕ ਵਾਰੀ ਫੇਰ ਝੱਲਾ ਹੋਇਆ ਜਾਪਨਾ ਏਂ । ਖਾ ਖਸਮਾਂ ਨੂੰ, ਮੈਂ ਚੱਲਿਆ ਵਾਂ।" ਮੈਂ ਜਾਵਣ ਲਈ ਮੁੜਿਆ ਤਾਂ ਉਸ ਬਾਹੋਂ ਫੜਕੇ ਬਿਠਾ ਲਿਆ। ਇੱਕ ਇੱਕ ਪੱਕੀ ਇੱਟ ਫੜਕੇ ਹੇਠਾਂ ਰੱਖ ਲਈ। ਬਗਲੇ ਦੇ ਸਿਗਰਟ ਮੁੱਕ ਗਏ ਸਨ। ਉਸ ਇੱਕ ਹੋਰ ਡੱਬੀ ਕੱਢ ਕੇ ਸਿਗਰਟ ਮੇਰੇ ਵੱਲ ਕੀਤੀ। ਮੈਂ ਨਾ ਲਿਆ । ਉਸ ਸਿਗਰਟ ਮੂੰਹ ਵਿੱਚ ਪਾ ਕੇ ਧੁਖਾਈ ਤੇ ਇੱਕ ਲੰਮਾ ਸਾਹ ਖਿੱਚ ਕੇ ਸੂਟਾ ਲਿਆ, ਫਿਰ ਧੂ ਉਤਾਂਹ ਵੱਲ ਸੁੱਟਿਆ। ਮੈਨੂੰ ਇੰਜ ਮਲੂਮ ਹੋਇਆ ਜਿਵੇਂ ਉਹ ਫਿਰ ਉਦਾਸ ਹੋਵਣ ਲੱਗਾ ਏ।
ਸਿਗਰਟ ਦੇ ਕੌੜੇ ਧੂਏਂ ਨਾਲ ਉਹਨੂੰ ਖੰਘ ਆ ਗਈ। ਕੁੱਝ ਬਲਗਮ ਥੁੱਕ ਕੇ ਚਾਚੇ ਲੰਡੂ ਮੁਸਕਰਾ ਕੇ ਆਖਿਆ, “ਮੇਰੀ ਹੋਸ਼ਾਂ ਤੇਰੀ ਸੱਸ ਦੇ ਰਿਸ਼ਤੇਦਾਰਾਂ ਵਿੱਚੋਂ ਏ । ਸਭ ਆਪਣੇ ਤਾਵੀਜ਼ ਦਾ ਅਸਰ ਏ।" ਉਸ ਤਾਵੀਜ਼ ਨੂੰ ਹੱਥ ਲਾ ਕੇ ਬੜੇ ਯਕੀਨ ਨਾਲ ਮੇਰੇ ਵੱਲ ਦੇਖਿਆ। ਫੇਰ ਤਾਵੀਜ਼ ਵਾਲੇ ਹੱਥ ਨੂੰ ਮੂੰਹ ਸਾਹਮਣੇ ਲਿਆ ਕੇ ਬਿਸਮਿੱਲਾ ਪੜ੍ਹ ਕੇ ਫੂਕ ਮਾਰੀ।
"ਕਿਹੜੀ ਸੱਸ ਦੇ ਕਿਹੜੇ ਰਿਸ਼ਤੇਦਾਰ" -ਮੈਂ ਸੋਚਣ ਲੱਗ ਪਿਆ । ਕਿੱਧਰੇ ਚਾਚੇ ਨੂੰ ਸੱਚੀ-ਮੁੱਚੀ ਝੱਲਪੁਣੇ ਦਾ ਦੌਰਾ ਤੇ ਨਹੀਂ ਪੈ ਗਿਆ। ਨਹੀਂ, ਉਹ ਤੇ ਖੁਸ਼ ਸੀ । ਉਹਦੀਆਂ ਅੱਖਾਂ ਵਿੱਚ ਚਮਕ ਵੱਧ ਸੀ । ਬੁੱਲ੍ਹਾਂ ਉੱਤੇ ਮੁਸਕਾਨ ਤੇ ਚਿਹਰੇ ਉੱਤੇ ਯਕੀਨ ਦੀ ਰੌ ਸੀ। ਮੈਨੂੰ
ਚੁੱਪ ਵੇਖ ਕੇ ਬੋਲਿਆ, "ਕੱਲ੍ਹ ਰਾਤ ਤੇਰੀ ਭੂਆ ਵਾਸਤੇ ਆਏ ਪ੍ਰਾਹੁਣੇ ਤੇਰੇ ਵਿਆਹ ਦੀ ਗੱਲ ਪੱਕੀ ਕਰ ਗਏ ਨੇ ।"
"ਇਹ ਝੂਠ ਏ।” ਮੇਰੀ ਤੇ ਜਿਵੇਂ ਚੀਕ ਈ ਨਿੱਕਲ ਚੱਲੀ ਸੀ। "ਹੁਣ ਤਾਂ ਤੇਰਾ ਆਵਣਾ ਜਾਣਾ ਬਣ ਈ ਗਿਆ ਏ। ਹੋਸ਼ਾਂ ਦੀ ਖ਼ਬਰ ਦੇ ਸੁਨੇਹੜੇ ਲੈ ਆਇਆ ਕਰੇਂਗਾ। ਮੇਰਾ ਹਾਲ ਵੀ ਉਹਨੂੰ ਸੁਣਾਏਂਗਾ।"
ਮੈਂ ਸੋਚਣ ਲੱਗ ਪਿਆ, ਗਵੇੜ ਲਾਇਆ। "ਭੂਆ ਦਾ ਰਿਸ਼ਤਾ ਮੰਗਣ ਵਾਲਿਆਂ ਕੋਲ ਤੇ ਕੋਈ ਜਵਾਨ ਕੁੜੀ ਨਹੀਂ ਸੀ। ਫਿਰ ਮੇਰੀ ਸੱਸ ਕੌਣ ਤੇ ਵਹੁਟੀ ਕਿਹੜੀ ਹੋਈ । ਨਾਲ਼ੇ ਹੋਸ਼ਾਂ ਵੀ ਤੇ ਉੱਥੇ ਨਹੀਂ ਹੁੰਦੀ । ਲੰਡੂ ਕਿਹੜੇ ਖਿਆਲਾਂ ਵਿੱਚ ਏਂ ।" ਕੋਈ ਸਮਝ ਨਹੀਂ ਸੀ ਆ ਰਹੀ।
"ਚਾਚਾ, ਐਵੇਂ ਮਖੌਲ ਨਾ ਕਰ। ਮੈਂ ਤੇਰੇ ਪੁੱਤਰਾਂ ਵਾਂਗ ਆਂ। ਮੈਨੂੰ ਤੇ ਲੱਗਦਾ ਏ ਤੂੰ ਫਿਰ ਝੱਲਾ ਹੋ ਗਿਆ ਏਂ ।"
"ਜੋ ਕੁੱਝ ਹੋਣਾ ਸੀ ਹੋ ਗਿਆ ਵਾ, ਹੁਣ ਤੇਰੀ ਵਾਰੀ ਏ। ਵੇਖਣੇ ਆਂ ਖੋਤਾ ਬੇੜੀ ਕਿਵੇਂ ਨਹੀਂ ਚੜ੍ਹਦਾ। ਸਿਆਣੇ ਸੱਚ ਆਖਦੇ ਨੇ, ਜਦੋਂ ਕਿਸੇ ਨਾਲ ਕੰਮ ਪੈਂਦਾ ਏ ਉਦੋਂ ਪਤਾ ਲੱਗਦਾ ਏ ਕਿ ਬੰਦੇ ਦਾ ਅਸਲਾ ਕੀ ਹੁੰਦਾ ਏ। ਹੁਣ ਕੰਮ ਪਿਆ ਏ ਤੇ ਝੱਟ ਪੁੱਤਰ ਬਣ ਗਿਆ ਏਂ ਝੂਠਿਆ।" ਉਹਨੇ ਮੇਰੇ ਵੱਲ ਮੂੰਹ ਫੇਰ ਲਿਆ।
"ਨਰਾਜ਼ ਹੋ ਗਿਆ ਏਂ ਚਾਚਾ", ਮੈਂ ਉਹਨੂੰ ਮੋਢਿਓਂ ਫੜਕੇ ਮੂੰਹ ਆਪਣੇ ਵੱਲ ਕਰਵਾ ਲਿਆ।
“ਸੱਚੀਂ, ਚਾਚਾ, ਮੈਨੂੰ ਤੇਰੀ ਗੱਲ ਸਮਝ ਨਹੀਂ ਆਈ। ਜੇ ਕੁੱਝ ਮੇਰੇ ਵੱਸ ਹੋਇਆ, ਤੇਰੀ ਮਦਦ ਜ਼ਰੂਰ ਕਰਸਾਂ ।”
“ਇਹ ਹੋਈ ਨਾ ਗੱਲ ਸੱਜਣਾ ਮਿੱਤਰਾਂ ਵਾਲੀ", ਲੰਡੂ ਖੁਸ਼ ਹੋ ਗਿਆ। "ਜਾ ਘਰੋਂ ਜਾ ਕੇ ਮਲੂਮ ਕਰੀਂ । ਤੈਨੂੰ ਸਭ ਸਮਝ ਆ ਜਾਵੇਗੀ।"
ਮੈਂ ਘਰ ਪਰਤ ਆਇਆ। ਭੂਆ ਬੜੀ ਖੁਸ਼ ਨਜ਼ਰ ਆਈ । ਘਰ ਦੇ ਕੰਮ ਫੁਰਤੀ ਤੇ ਸਫਾਈ ਨਾਲ ਕਰਦੀ ਸੀ ਪਈ । ਭੂਆ ਦੇ ਤੇ ਜਿਵੇਂ ਭੋਏਂ ਉੱਤੇ ਪੈਰ ਈ ਨਹੀਂ ਸਨ ਟਿਕਦੇ। ਮਾਂ ਚੁੱਲ੍ਹੇ ਲਾਗੇ ਬੈਠੀ ਰੋਟੀਆਂ ਪਕਾ ਰਹੀ ਸੀ। ਮੈਨੂੰ ਵੇਖ ਕੇ ਮਾਂ ਨੇ ਪੁੱਛਿਆ, "ਵੇ ਗੋਗੀ, ਕਿੱਧਰ ਚਲਾ ਗਿਆ ਸੈਂ। ਛਾਹ ਵੇਲਾ ਕਰ ਲੈ, ਮੈਂ ਅਜੇ ਲਿਆਰੀਆਂ ਵੀ ਚੋਣੀਆਂ ਨੇ।"
"ਅਜੇ ਤੀਕਰ ਲਿਆਰੀਆਂ ਡੱਕੀਆਂ ਹੋਈਆਂ ਨੇ, ਕਿਉਂ ਮਾਂ, ਕੀ ਗੱਲ ਸੀ। ਮੁਹੰਮਦ ਹੁਸੈਨ ਕਿੱਥੇ ਗਿਆ ਏ। ਉਸ ਲਿਆਰੀਆਂ ਨੂੰ ਨਹੀਂ ਚੋਇਆ ?" ਮੈਂ ਇੱਕੋ ਸਾਹੇ ਕਿੰਨੇ ਸਵਾਲ ਕੀਤੇ ਤੇ ਰੋਟੀ ਖਾਵਣ ਬਹਿ ਗਿਆ।
ਮਾਂ ਆਖਿਆ, "ਅਗਲੇ ਮਹੀਨੇ ਤੇਰਾ ਵਿਆਹ ਹੋ ਰਿਹਾ ਏ। ਤੇਰੀ ਭੂਆ ਦੇ ਨਾਲ ਤੇਰਾ ਵੱਟੇ ਦਾ ਰਿਸ਼ਤਾ ਏ। ਹੁਣ ਲਟਬੌਰਿਆਂ ਵਾਂਗਰ ਨਾ ਫਿਰਿਆ ਕਰੀਂ। ਕਿਸੇ ਚੰਗੀ ਮੰਦੀ ਤੇ ਪੱਕੀ ਥਾਵੇਂ ਪੈਰ ਨਾ ਧਰੀਂ। ਆਪਣਾ ਖਿਆਲ ਰੱਖੀਂ । ਤੇਰੇ ਪਿਉ ਨੂੰ ਵੀ ਆਖ ਦਿੱਤਾ। ਏ ਕਿ ਤੈਨੂੰ ਕਿਸੇ ਕੰਮ ਲਈ ਘਰੋਂ ਦੂਰ ਨਾ ਜਾਵਣ ਦੇਵੇ।"
ਮੈਨੂੰ ਹੁਣ ਪੱਕਾ ਯਕੀਨ ਹੋ ਗਿਆ, ਕਿ ਇਹ ਵਿਆਹ ਹੋ ਕੇ ਰਹਿਣਾ ਏ। ਮੇਰੀ ਉਮਰ ਭਾਵੇਂ ਵਿਆਹ ਵਾਲੀ ਨਹੀਂ ਸੀ। ਭੂਆ ਨਾਲ ਵੱਟਾ ਪੂਰਾ ਕਰਨ ਲਈ ਮੈਨੂੰ ਨਾਲ ਜਟੋ ਲਿਆ ਗਿਆ ਸੀ ਤਾਂ ਜੇ ਭੂਆ ਨੂੰ ਕੋਈ ਦੁੱਖ ਮਿਲੇ ਤਾਂ ਉਹਦਾ ਬਦਲਾ ਲਿਆ ਜਾ ਸਕੇ ।
ਮੇਰੀ ਹੋਵਣ ਵਾਲੀ ਵਹੁਟੀ ਆਮ ਕੁੜੀਆਂ ਵਾਂਗ ਇੱਕ ਕੁੜੀ ਸੀ । ਸਮਝਦਾਰ ਤੇ ਸੁੱਘੜ ਮਲੂਮ ਹੋਇਆ ਕਰਦੀ ਸੀ। ਮੇਰੀ ਵੇਖੀ ਹੋਈ ਸੀ। ਇਹ ਵੀ ਪਿਉ ਦੇ ਰਿਸ਼ਤੇਦਾਰਾਂ ਵਿੱਚੋਂ ਸੀ, ਜਿਹੜੇ ਭੂਆ ਦੇ ਸਹੁਰਿਆਂ ਉੱਤੇ ਅਹਿਸਾਨ ਕਰ ਰਹੇ ਸਨ, ਆਪਣੀ ਧੀ ਵੱਟੇ ਵਿੱਚ ਦੇ ਰਹੇ ਸਨ।
ਮੇਰੀ ਹੋਵਣ ਵਾਲੀ ਵਹੁਟੀ ਦਾ ਪਿਉ ਕਾਲਾ ਤੇ ਮਾਂ ਗੋਰੀ-ਚਿੱਟੀ ਸੀ। ਧੀ ਉੱਤੇ ਦੋਵਾਂ ਦਾ ਰੰਗ ਰਲ ਕੇ ਚੜ੍ਹਿਆ ਹੋਇਆ ਸੀ। ਕਣਕ ਵਰਗਾ ਸਾਫ਼ ਰੰਗ, ਨਾ ਗੋਰਾ ਨਾ ਕਾਲਾ।
ਏਸ ਰਿਸ਼ਤੇ ਉੱਤੇ ਮਾਂ ਖੁਸ਼ ਸੀ, ਭੂਆ ਖੁਸ਼ ਸੀ । ਪਰ ਮੈਂ ਚੁੱਪ ਕਰਕੇ ਰਹਿ ਗਿਆ। ਛਾਹ ਵੇਲਾ ਕਰਕੇ ਘਰੋਂ ਬਾਹਰ ਨਿੱਕਲ ਗਿਆ।
ਘਰੋਂ ਨਿੱਕਲ ਕੇ ਮੈਂ ਸ਼ਾਹੂ ਦੇ ਖੋਲਿਆਂ ਵੱਲ ਧਿਆਨ ਮਾਰਿਆ। ਮੇਰੇ ਪੈਰ ਆਪਣੇ ਆਪ ਈ ਉੱਧਰ ਤੁਰ ਪਏ। ਖੋਲਿਆਂ ਲਾਗੇ ਦੋ ਕੁ ਪੈਲੀਆਂ ਵਿੱਚ ਸਬਜੀ ਬੀਜੀ ਹੋਈ ਸੀ। ਕਈ ਵਾਰੀ ਅਸਾਡੇ ਘਰ ਦੇ ਲੋਕ ਵੀ ਏਥੋਂ ਈ ਸਬਜ਼ੀ ਤੋੜ ਲਿਆਇਆ ਕਰਦੇ ਸਨ।
ਮੈਂ ਨੇੜੇ ਅੱਪੜ ਗਿਆ। ਜ਼ੋਹਰਾ ਖੌਰੇ ਵੇਖ ਰਹੀ ਸੀ । ਝੱਟ ਸਬਜ਼ੀ ਵਿੱਚ ਆ ਗਈ। ਅੱਜ ਫੇਰ ਉਸ ਗੁੱਤ ਵਿੱਚ ਮੋਟਾ ਲਾਲ ਪਰਾਂਦਾ ਪਰੋਇਆ ਹੋਇਆ ਸੀ। ਲੀੜੇ ਵੀ ਲਾਲ ਪਾਏ ਹੋਏ ਸਨ ਤੇ ਉਹਦਾ ਰੰਗ ਵੀ ਲਾਲ ਸੀ। ਸਵੇਰੇ ਸਵੇਰੇ ਭਖ਼ਦਾ ਲਾਲ ਰੰਗ ਵੇਖ ਕੇ ਮੇਰਾ ਜੀਅ ਬਹੁਤ ਰਾਜ਼ੀ ਹੋਇਆ। ਉਸ ਅੱਖਾਂ ਭਰਕੇ ਮੇਰੇ ਵੱਲ ਵੇਖਿਆ। ਅੱਜ ਉਹਦੀ ਵੇਖਣੀ ਵਿੱਚ ਕੋਈ ਬਹੁਤ ਈ ਗੂੜ੍ਹ ਸੀ । ਪਹਿਲੇ ਨਾਲੋਂ ਵੀ ਉਹਦੀਆਂ ਅੱਖਾਂ ਮੋਟੀਆਂ ਮੋਟੀਆਂ ਲੱਗ ਰਹੀਆਂ ਸਨ, ਪਰ ਉਹ ਆਪ ਚੁੱਪ ਸੀ। ਹਮੇਸ਼ ਉਹ ਪਹਿਲੇ ਬੁਲਾਇਆ ਕਰਦੀ ਸੀ, ਛੇੜਿਆ ਕਰਦੀ ਸੀ, ਹੱਸਿਆ ਕਰਦੀ ਸੀ, ਪਰ ਅੱਜ ਚੁੱਪ ਸੀ। ਸਬਜ਼ੀ ਵਿੱਚ ਐਵੇਂ ਇੱਧਰ ਉੱਧਰ ਫਿਰਨ ਲੱਗ ਪਈ। ਮੈਥੋਂ ਰਿਹਾ ਨਾ ਗਿਆ, ਨੇੜੇ ਹੋ ਕੇ ਆਖਿਆ:
"ਅੱਜ ਤੇ ਅੱਗ ਲੱਗੀ ਜਾਪਦੀ ਏ।" ਮੇਰਾ ਇਸ਼ਾਰਾ ਲਾਲ ਰੰਗ ਤੇ ਲਾਲ ਲੀੜਿਆਂ ਵੱਲ ਸੀ, ਪਰ ਉਸ ਪਰਤਕੇ ਆਖਿਆ:
“ਅੱਗ ਲੱਗਦੀ ਬੁਝਦੀ ਰਹਿੰਦੀ ਏ, ਪਰ ਦਿਲ ਕਦੀ ਕਦੀ ਲੱਗਦਾ ਏ”, ਉਹ ਸਮਝੀ ਮੈਂ ਟਿਚਕਰ ਜਾਣ ਬੁੱਝ ਕੇ ਕੀਤੀ ਏ। ਮੈਨੂੰ ਅਫ਼ਸੋਸ ਹੋਇਆ।
"ਜ਼ੋਹਰਾ! ਮੈਂ ਤੇਰਾ ਦਿਲ ਦੁਖਾਵਣ ਤੇ ਨਹੀਂ ਆਇਆ। ਮੈਂ ਤੇ ਤੈਨੂੰ..."
"ਨਹੀਂ ਨਹੀਂ, ਤੂੰ ਕੋਈ ਗੱਲ ਨਾ ਕਰ ।" ਉਸ ਮੇਰੀ ਗੱਲ ਟੋਕ ਦਿੱਤੀ। "ਨਾ ਕੁੱਝ ਤੇਰੇ ਵੱਸ ਵਿੱਚ ਏ ਨਾ ਮੇਰੇ । ਕਸੂਰ ਤੇ ਦੋਸ਼ ਕਿਸੇ ਦਾ ਵੀ ਨਹੀਂ, ਹਾਲਾਤ ਈ ਇੰਜ ਦੇ ਨੇ, ਵੇਲਾ ਈ ਇੰਜ ਦਾ ਏ।" ਉਹ ਬੋਲੀ ਜਾ ਰਹੀ ਸੀ । ਮੇਰਾ ਜੀਅ ਕਰਦਾ ਸੀ ਕਿ ਉਹਦੇ ਸੂਹੇ ਲੀੜਿਆਂ ਤੇ ਭਖ਼ਦੇ ਜੁੱਸੇ ਨੂੰ ਛੂਹ ਕੇ ਵੇਖਾਂ। ਉਹਨੇ ਆਖਿਆ:
“ਗੋਗੀ, ਔਰਤ ਆਮ ਸੜਕ ਵਾਂਗ ਨਹੀਂ ਹੁੰਦੀ ਕਿ ਹਰ ਕੋਈ ਟੁਰਿਆ ਫਿਰੇ। ਔਰਤ ਦੀ ਹਿੱਕ ਨਰਮ ਤੇ ਮੁਲਾਇਮ ਹੁੰਦੀ ਏ। ਇਹਦੀ ਗੋਦ ਬੜੀ ਕੂਲੀ ਤੇ ਨਿੱਘੀ ਹੁੰਦੀ ਏ। ਹਰ ਕੋਈ ਇਹਦੀ ਗੋਦ ਵਿੱਚ ਨਹੀਂ ਸਮਾ ਸਕਦਾ। ਇਹਦੇ ਦਿਲ ਦੀ ਸੜਕ ਉੱਤੇ ਜਿਹੜੇ ਪਹਿਲੇ ਕਦਮ ਟਿਕ ਜਾਵਣ, ਸਾਰੀ ਹਯਾਤੀ ਉਹਨਾਂ ਕਦਮਾਂ ਦੇ ਨਿਸ਼ਾਨ ਨਹੀਂ ਮਿਟਦੇ। ਇਹ ਨਿਸ਼ਾਨ ਈ ਔਰਤ ਲਈ ਸਭ ਤੋਂ ਕੀਮਤੀ ਹੁੰਦੇ ਨੇ। ਔਰਤ ਦੀ ਹਯਾਤੀ ਵਿੱਚ ਜਿਹੜੇ ਜਜ਼ਬੇ ਇੱਕ ਵਾਰੀ ਪਲ ਜਾਵਣ, ਫੇਰ ਉਹ ਕਦੇ ਨਹੀਂ ਮਰਦੇ।"
“ਪਰ ਜ਼ੋਹਰਾ ਮੇਰਾ ਤੇ..."
"ਤੂੰ ਕੋਈ ਗੱਲ ਨਾ ਕਰ।" ਉਸ ਮੇਰੀ ਗੱਲ ਟੋਕ ਦਿੱਤੀ। "ਇਹ ਤੇਰਾ ਦੁੱਖ ਨਹੀਂ। ਤੂੰ ਮਰਦ ਏਂ। ਨਾਲੇ ਏਹੋ ਜੇਹੇ ਕੱਚੇ ਤੇ ਆਹਭੂ ਜਜ਼ਬੇ ਤੇਰੀ ਲੋੜ ਦੇ ਨਹੀਂ। ਤੇਰੇ ਜਜ਼ਬੇ ਤੇ ਨਿਸ਼ਾਨੇ ਕੁੱਝ ਹੋਰ ਨੇ।”
"ਨਾ ਜ਼ੋਹਰਾ ! ਮੈਂ ਕੋਈ ਗ਼ਲਤ ਬੰਦਾ ਨਹੀਂ ਆਂ ਤੇ ਨਾ ਈ ਮੇਰੇ ਜਜ਼ਬੇ ਤੇ ਨਿਸ਼ਾਨੇ ਕੁੱਝ ਹੋਰ ਨੇ।"
"ਮੈਂ ਤੈਨੂੰ ਕਦੋਂ ਗ਼ਲਤ ਕਹਿੰਨੀ ਆਂ। ਮੈਂ ਤੇਰੀ ਅੰਦਰਲੀ ਅੱਗ ਦੀ ਗੱਲ ਕੀਤੀ ਏ ਕਿ ਜੋ ਮੈਂ ਹੁਣ ਤੀਕ ਮਹਿਸੂਸ ਕੀਤੀ ਏ। ਤੂੰ ਫੁੱਲਾਂ ਉੱਤੇ ਬਹਿ ਕੇ ਰਸ ਚੂਸਣ ਵਾਲਾ ਭੰਵਰਾ ਨਹੀਂ, ਤੇਰੀ ਉਡਾਰੀ ਕੁੱਝ ਹੋਰ ਏ। ਐਵੇਂ ਪੰਧ ਖੋਟਾ ਨਾ ਕਰ ।"
"ਐਵੇਂ ਟਾਲ ਨਾ ਜ਼ੋਹਰਾ, ਮੈਂ ਗੈਰਾਂ ਵਾਲੀ ਤੇ ਕੋਈ ਗੱਲ ਨਹੀਂ ਕੀਤੀ। ਫੇਰ ਦੋਸ਼ ਕਿਉਂ ਦੇਨੀ ਏਂ। ਮੇਰਾ ਹੋਰ ਕੋਈ ਪੰਧ ਨਹੀਂ।”
"ਮੈਂ ਕਦੋਂ ਦੋਸ਼ ਦੇਨੀ ਆਂ ਤੇ ਨਾ ਈ ਤੈਨੂੰ ਗੈਰ ਸਮਝਦੀਆਂ। ਮੈਂ ਤੇ ਤੇਰੇ ਨਾਲ ਮੁਹੱਬਤ ਕਰਨੀ ਆਂ।”
"ਮਿੱਟੀ ਤੇ ਖੇਹ ਮੁਹੱਬਤ ਕਰਨੀ ਏਂ! ਆਂਵਦਿਆਂ ਕੁੱਝ ਹੋਰ ਤਾਹਨੇ ਦੇਣ ਲੱਗ ਪਈ ਏਂ।"
"ਵੇਖ ਜ਼ੋਹਰਾ, ਖੁੱਲ੍ਹ ਕੇ ਦਿਲ ਦੀ ਗੱਲ ਕਰ। ਮੈਂ ਕੋਈ ਕਮੀਨਾ ਬੰਦਾ ਨਹੀਂ ਆਂ ਕਿ ਸ਼ੁਹਦਪੁਣਾ ਕਰਾਂ । ਮੈਂ ਹਰ ਤਰ੍ਹਾਂ ਦੀ ਕੁਰਬਾਨੀ ਦੇ ਸਕਨਾ ਵਾਂ । ਮੇਰੇ ਵਿੱਚ ਏਨੀ ਹਿੰਮਤ ਤੇ ਜ਼ੁਰਅਤ ਹੈ।" ਮੈਂ ਆਪਣੀ ਹਿੱਕ ਉੱਤੇ ਹੱਥ ਮਾਰ ਕੇ ਆਖਿਆ।
ਜ਼ੋਹਰਾ ਮੁਸਕਰਾਈ । ਉਸ ਮੇਰੀ ਗੱਲ੍ਹ ਨੂੰ ਉਂਗਲੀ ਨਾਲ ਦਬਾਇਆ ਤੇ ਆਖਿਆ : "ਗੋਗੀ! ਤੇਰੀ ਕੁਰਬਾਨੀ ਦੀ ਲੋੜ ਤੇਰੀ ਭੂਆ ਨੂੰ ਏ । ਵੱਟਾ ਸੱਟਾ ਨਾ ਹੁੰਦਾ ਤੇ ਹੋਰ ਗੱਲ ਸੀ।"
"ਲੈ ਅਜੇ ਕਿਹੜਾ ਹੋ ਗਿਆ ਏ। ਗੱਲ ਈ ਹੋਈ ਏ ਨਾ", ਮੈਂ ਆਖਿਆ, "ਮੈਂ ਤੇ ਹਾਂ ਨਹੀਂ ਕੀਤੀ।"
"ਗੱਲ ਦਾ ਈ ਤੇ ਸਾਰਾ ਮੁੱਲ ਹੁੰਦਾ ਏ" ਜ਼ੋਹਰਾ ਬੋਲੀ, "ਤੇਰੀ ਮੇਰੀ ਵੀ ਤੇ ਗੱਲ ਈ ਏ ਨਾ, ਹੋਰ ਕੀ ਏ ?"
"ਅਤੇ ਫਿਰ ਹੁਣ ਨਵੀਂ ਗੱਲ ਵਾਸਤੇ ਪੁਰਾਣੀ ਗੱਲ ਨੂੰ ਭੁੱਲ ਜਾਵਾਂ ।" ਮੈਂ ਜਜ਼ਬਾਤੀ ਹੋ ਰਿਹਾ ਸਾਂ। "ਵੇਖ ਜ਼ੋਹਰਾ !"
"ਵੇਖ”, ਉਸ ਬੜੇ ਹੌਂਸਲੇ ਤੇ ਨਰਮ ਸੁਭਾਅ ਨਾਲ ਆਖਿਆ:
"ਜਿਸ ਕੁੜੀ ਦੀ ਮੰਗਣੀ ਟੁੱਟ ਜਾਵੇ, ਜੱਗ ਵਿੱਚ ਉਹਦੀ ਇੱਜ਼ਤ ਘਟ ਜਾਂਦੀ ਏ। ਤੇਰੀ ਭੂਆ ਮੇਰੀ ਸਹੇਲੀ ਏ। ਪਹਿਲੀ ਸਹੇਲੀ । ਤੈਨੂੰ ਪਤਾ ਏ ਨਾ ਉਹ ਮੇਰੇ ਨਾਲ ਕਿੰਨਾ ਪਿਆਰ ਕਰਦੀ ਏ, ਸਕੀ ਭੈਣ ਨਾਲੋਂ ਬਹੁਤਾ ।"
"ਹਾਂ, ਮੈਨੂੰ ਪਤਾ ਏ।"
"ਅਤੇ ਫੇਰ ਤੈਨੂੰ ਮੇਰੀ ਸਹੇਲੀ ਵਾਸਤੇ ਸੁੱਖ ਖਰੀਦਣੇ ਹੋਵਣਗੇ।" ਮੈਂ ਚੁੱਪ ਕਰ ਗਿਆ। ਮੇਰੇ ਕੋਲ ਹੁਣ ਜਵਾਬ ਦੇਣ ਲਈ ਹਿੰਮਤ ਨਹੀਂ ਸੀ ਰਹੀ। ਮੈਨੂੰ ਚੁੱਪ ਵੇਖ ਕੇ ਉਸ ਆਖਿਆ:
"ਯਾਦ ਈ ਗੋਗੀ, ਮੈਂ ਤੇਰਾ ਮੂੰਹ ਚੁੰਮ ਲਿਆ ਕਰਦੀ ਸਾਂ।" ਮੈਂ ਸਿਰ ਹਿਲਾ ਕੇ ਇਕਰਾਰ ਕੀਤਾ ਤੇ ਉਸ ਆਖਿਆ, “ਪਤਾ ਈ, ਕਿਉਂ ?”
ਮੈਂ ਰੋਣਹਾਕਾ ਸਾਂ, ਬੋਲਿਆ, "ਨਿੱਕਾ ਸਮਝਕੇ।" ਮੇਰੇ ਏਸ ਢੰਗ ਨਾਲ ਬੋਲਣ 'ਤੇ ਉਸਦਾ ਹਾਸਾ ਨਿੱਕਲ ਗਿਆ, ਬੋਲੀ "ਨਹੀਂ ਵੇ ਗੋਗੀ, ਨਿੱਕਾ ਸਮਝ ਕੇ ਨਹੀਂ। ਨਾ ਈ ਮੈਂ ਤੈਨੂੰ ਛੋਟਾ ਸਮਝਦੀ ਆਂ। ਪਤਾ ਨਹੀਂ ਕਿਹੜੀ ਸ਼ੈ ਤੇਰੇ ਵਿੱਚ ਨਜ਼ਰ ਆਂਵਦੀ ਸੀ!"
"ਕਿਹੜੀ ਸ਼ੈ ? ਕਿਉਂ ਚੁੰਮਦੀ ਸੈਂ ? ਕੀ ਏ ਮੇਰੇ ਵਿੱਚ ਜੋ ਉਦੋਂ ਹੈਸੀ ਤੇ ਹੁਣ ਨਹੀਂ ? ਕੀ ਨਜ਼ਰ ਆਇਆ ਸੀ ਤੈਨੂੰ ?" ਮੇਰੇ ਵਿੱਚ ਤਲਖੀ ਵਧ ਗਈ ਸੀ।
“ਪਤਾ ਨਹੀਂ ਕੀ ਏ ਤੇਰੇ ਵਿੱਚ, ਉਦੋਂ ਵੀ ਹੈਸੀ ਤੇ ਹੁਣ ਵੀ ਹੈ, ਜੋ ਦੂਜਿਆਂ ਵਿੱਚ ਨਹੀਂ, ਗੋਗੀ।"
"ਕੁੱਝ ਨਹੀਂ ਜ਼ੋਹਰਾ ਮੇਰੇ ਵਿੱਚ, ਕੁੱਝ ਵੀ ਤੇ ਨਹੀਂ। ਐਵੇਂ ਨਾ ਪਰਚਾ, ਤੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਸੀ ।" ਮੈਂ ਤਾਅਨਾ ਮਾਰਿਆ।
"ਹੋ ਸਕਦਾ ਏ ਇੰਜ ਈ ਹੋਵੇ, ਮੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਵੇ, ਪਰ ਕੁੱਝ ਹੈ ਜ਼ਰੂਰ। ਕੋਈ ਵੱਖਰੀ ਸ਼ੈ ਜੀਹਦਾ ਮੈਨੂੰ ਪਤਾ ਈ ਨਹੀਂ ਲਗਦਾ ਪਿਆ ਕਿ ਕਿਹੜੀ ਸ਼ੈ ਹੈ ਤੇਰੇ ਵਿੱਚ।"
ਮੈਂ ਮੁਸਕਰਾ ਕੇ ਆਖਿਆ, "ਜ਼ੋਹਰਾ ਹੈ ਮੇਰੇ ਵਿੱਚ ਵੱਖਰੀ ਸ਼ੈ। ਗੁੱਸਾ, ਜ਼ਿੱਦ ਨਫਰਤ। ਇਸ ਤੋਂ ਇਲਾਵਾ ਕੁੱਝ ਨਹੀਂ।
"ਨਹੀਂ ਵੇ, ਗੁੱਸਾ, ਜ਼ਿੱਦ ਤੇ ਨਫ਼ਰਤ ਸਾਰਿਆਂ ਵਿੱਚ ਈ ਹੁੰਦੀ ਏ। ਕੋਈ ਦਬਾਈ ਫਿਰਦਾ ਏ ਤੇ ਕੋਈ ਦਬਾ ਨਹੀਂ ਸਕਦਾ, ਪਰ ਤੇਰੇ ਵਿੱਚ ਕੁੱਝ ਹੋਰ ਏ ਜਿਸਦੀ ਮੈਨੂੰ ਖਿੱਚ ਏ। ਉਹ ਕੀ ਏ, ਮੈਨੂੰ ਮਲੂਮ ਨਹੀਂ।"
"ਤੇਰੀਆਂ ਤੂੰ ਜਾਣੇ ਜ਼ੋਹਰਾ, ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਉਂ ਆ ਰਹੀ।" ਏਨੀ ਗੱਲ ਆਖ ਕੇ ਮੈਂ ਉਹਨੂੰ ਜੱਫੀ ਪਾ ਲਈ । ਉਹ ਜੱਫੀ ਵਿੱਚੋਂ ਨਿੱਕਲ ਕੇ ਪਰ੍ਹਾਂ ਖਲੋ ਗਈ।
ਮੈਂ ਆਖਿਆ, "ਜ਼ੋਹਰਾ, ਤੂੰ ਕਹਿਣਾ ਕੀ ਚਾਹਨੀ ਏਂ ?"
ਉਸ ਆਖਿਆ, "ਵਾਅਦਾ ਕਰ, ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਸਿਰਫ ਯਾਦ ਰੱਖਾਂਗੇ।"
ਮੈਂ ਚੁੱਪ ਸਾਂ। ਉਸ ਫੇਰ ਆਖਿਆ, "ਇੱਕ ਪਲ ਖਲੋਤਾ ਰਹਵੀਂ ਅਮਨ ਨਾਲ, ਮੈਂ ਜ਼ਰਾ ਤੇਰਾ ਮੱਥਾ ਚੁੰਮ ਲਵਾਂ ।" ਫੇਰ ਉਸ ਏਨੇ ਪਿਆਰ ਨਾਲ ਮੇਰਾ ਮੱਥਾ ਚੁੰਮਿਆ ਕਿ ਮੇਰੇ ਅੱਥਰੂ ਨਿੱਕਲ ਆਏ।
ਉਹ ਵੀ ਖੌਰੇ ਆਪਣੇ ਅੱਥਰੂ ਪੂੰਝਦੀ ਹੋਈ ਜਾ ਰਹੀ ਸੀ । ਉਹਦੇ ਸੁਨਹਿਰੇ ਵਾਲਾਂ ਵਿੱਚ ਲਾਲ ਪਰਾਂਦੇ ਨਾਲ ਸਜੀ ਗੁੱਤ ਬਹੁਤ ਸੋਹਣੀ ਲੱਗ ਰਹੀ ਸੀ। ਆਪਣੇ ਆਪ ਮੇਰੇ ਮੂੰਹੋਂ ਨਿੱਕਲਿਆ, "ਭਲਾਂ ਇਹ ਵੀ ਕੋਈ ਭੁੱਲਣ ਵਾਲੀ ਗੱਲ ਏ ਜ਼ੋਹਰਾ!" ਸੱਜੇ ਹੱਥ ਨਾਲ ਮੈਂ ਆਪਣਾ ਮੱਥਾ ਟੋਹ ਕੇ ਵੇਖਿਆ ਜਿੱਥੇ ਅਜੇ ਤੀਕਰ ਉਹਦੇ ਬੁੱਲਾਂ ਦੀ ਗਰਮੀ ਨਾਲ ਮੁੜ੍ਹਕਾ ਆਇਆ ਹੋਇਆ ਸੀ।
ਮੇਰੇ ਅੰਦਰਲਾ ਫੇਰ ਇੱਕ ਵਾਰੀ ਉਦਾਸ ਹੋ ਗਿਆ। ਕਿਸੇ ਦੀ ਗੱਲ ਦਾ ਮੇਰੇ ਕੋਲ ਅਖਤਿਆਰ ਨਹੀਂ ਸੀ। ਘਰੋਂ ਬਹੁਤ ਦੂਰ ਜਾਵਣ ਦੀ ਮੈਨੂੰ ਇਜਾਜ਼ਤ ਨਹੀਂ ਸੀ। ਟਿਊਬ ਵੈੱਲ ਉੱਤੇ ਆ ਕੇ ਲੰਡੂ ਨਾਲ ਗੱਲਬਾਤ ਕਰ ਲੈਣੀ ਤੇ ਕਦੀ ਭਾਬੀ ਜ਼ਮੀਲਾ ਕੋਲ ਝੱਟ ਬਹਿ ਕੇ ਉਹਦੇ ਕੋਲੋਂ ਰਿਕਾਰਡ ਹੋਏ ਗੀਤ ਸੁਣਦਾ ਸਾਂ । ਇੰਜ ਈ ਸਮਾਂ ਬੀਤ ਰਿਹਾ ਸੀ । ਚਾਚੇ ਲੰਡੂ ਦਾ ਆਖਣਾ ਕਿ ਮੈਂ ਜਾ ਕੇ ਹੋਸ਼ਾਂ ਨਾਲ ਗੱਲ ਕਰਾਂ, ਪਰ ਸ਼ਾਦੀ ਤੋਂ ਪਹਿਲਾਂ ਕਿੰਜ ਕਰ ਸਕਦਾ ਸਾਂ । ਮੈਂ ਸ਼ਾਦੀ ਤੋਂ ਬਾਅਦ ਆਖ ਚਾਚੇ ਲੰਡੂ ਨੂੰ ਟਾਲਦਾ ਰਹਿੰਦਾ। ਮੇਰੇ ਨਾਲ ਮੇਰੀ ਸ਼ਾਦੀ ਦੀ ਕਾਹਲ ਉਹਨੂੰ ਸੀ । ਸ਼ਾਦੀ ਦੀ ਤਿਆਰੀ ਵਾਸਤੇ ਉਹ ਅਸਾਥੋਂ ਵੀ ਜ਼ਿਆਦਾ ਅਸਾਡੇ ਕੰਮ ਆਵਣ ਲੱਗ ਪਿਆ ਸੀ।
ਪੋਹ ਦੀ ਪਹਿਲੀ ਜੁਮਾਰਾਤ ਨੂੰ ਮੇਰਾ ਪਹਿਲਾ ਤੇਲ ਸੀ । ਮੇਰੇ ਸੁਹਾਗ ਗਾਏ ਜਾ ਰਹੇ ਸਨ। ਮੈਨੂੰ ਖਾਰੇ ਉੱਤੇ ਬਿਠਾ ਕੇ ਪਹਿਲੀ ਤਲਾਈ ਚਾੜ੍ਹੀ ਗਈ ਸੀ । ਮੇਰੇ ਸੱਜੇ ਪੈਰ ਨੂੰ ਸੱਤ ਰੰਗ ਦਾ ਪਸ਼ਮ ਦਾ ਗਾਨਾ ਬੰਨ੍ਹ ਦਿੱਤਾ ਗਿਆ ਤੇ ਹੱਥ ਵਿੱਚ ਖੂੰਡੀ ਜੀਹਨੂੰ ਲੋਹੇ ਦੇ ਛੱਲਿਆਂ ਨਾਲ ਸ਼ਿੰਗਾਰਿਆ ਹੋਇਆ ਸੀ । ਖੂੰਡੀ ਵੀ ਲੋਹੇ ਦੀ ਸੀ । ਖੂੰਡੀ ਵਿੱਚ ਛੱਲੇ ਛਣਕਦੇ ਸੋਹਣੇ ਲੱਗਦੇ ਸਨ।
ਪੂਰੇ ਸੱਤ ਦਿਨ, ਰੋਜ਼ ਇੱਕ ਤੇਲ ਹੁੰਦਾ ਸੀ, ਰੋਜ਼ ਮੈਨੂੰ ਵਟਣਾ ਮਲਿਆ ਜਾਂਦਾ ਸੀ ਤੇ ਰੋਜ਼ ਈ ਪਿੰਡ ਦੀਆਂ ਸਵਾਣੀਆਂ ਤੇ ਕੁੜੀਆਂ ਖਾਰੇ ਦਵਾਲੇ ਆ ਕੇ ਗਾਂਦੀਆਂ ਬਹੁਤ ਚੰਗੀਆਂ ਲੱਗਦੀਆਂ ਸਨ। ਦਿਲ ਕਰਦਾ ਸੀ ਕਿ ਰੋਜ਼ ਇੰਜ ਦਾ ਈ ਹੋਵੇ ਤੇ ਵਿਆਹ ਦੀ ਕਾਹਲ ਕੋਈ ਨਹੀਂ ਸੀ।
ਮੇਰੇ ਨਾਨਕੇ ਪਿੰਡ ਦੀਆਂ ਕੁੜੀਆਂ (ਮਾਮਿਆਂ ਤੇ ਮਾਸੀਆਂ ਦੀਆਂ ਧੀਆਂ) ਸੱਤਾਂ ਦਿਨਾਂ ਤੋਂ ਈ ਆ ਰਹੀਆਂ ਸਨ। ਉਹ ਸਾਰੀ ਸਾਰੀ ਰਾਤ ਗਾਂਦੀਆਂ, ਨੱਚਦੀਆਂ, ਹੱਸਦੀਆਂ, ਤੇ ਰੌਣਕ ਲਾਈ ਰੱਖਦੀਆਂ ਸਨ।
ਮੈਨੂੰ ਜ਼ਰੇ ਜ਼ਰੇ ਛੇੜਦੀਆਂ, ਮਖੌਲ ਕਰਦੀਆਂ। ਇੰਜ ਜਾਪਦਾ ਸੀ ਮੈਂ ਕਿਸੇ ਰਿਆਸਤ ਦਾ ਰਾਜਾ ਆਂ ਤੇ ਇਹ ਸਭ ਦਾਸੀਆਂ ਤੇ ਬਾਂਦੀਆਂ ਹੋਵਣ ਪੂਰੇ ਸੱਤ ਦਿਨ ਤੀਕਰ (ਸੱਤ ਤੇਲ ਪੂਰੇ ਹੋਵਣ ਤੀਕਰ)।
ਮੇਰਾ ਨਹਾਣਾ ਧੋਣਾ ਤੇ ਬੰਦ ਹੋਇਆ ਸੀ ਪਰ ਨਾਲ ਈ ਮੂੰਹ ਹੱਥ ਤੇ ਕੀ... ਪਾਣੀ ਦੀ ਛਿੱਟ ਉੱਤੇ ਪਾਵਣੀ ਮਨਾਹ ਸੀ।
ਕਿਉਂ ਜੁ ਬਹੁਤ ਰੂਪ ਲਈ ਪੂਰੇ ਸੱਤ ਦਿਨ ਮੈਲਾ ਰਹਿਣਾ ਜ਼ਰੂਰੀ ਸੀ । ਘਰੋਂ ਬਾਹਰ ਰਹਿਣਾ ਤੇ ਕੀ ਘਰੋਂ ਨਿੱਕਲਣਾ ਵੀ ਏਸ ਲਈ ਬੰਦ ਹੋ ਗਿਆ ਕਿ ਮੇਰਾ ਪਿੰਡਾ ਸੁੱਚਾ ਸੀ। ਸੁੱਚੇ ਪਿੰਡੇ ਰੋਜ਼ ਵਟਣਾ ਮਲਿਆ ਜਾਂਦਾ ਸੀ । ਵਟਣਾ ਮਲੇ ਹੋਏ ਪਿੰਡੇ ਉੱਤੇ ਬਾਹਰ ਦੀਆਂ ਸ਼ੈਆਂ 'ਜਿੰਨ', 'ਭੂਤ' ਝੱਟ ਆ ਚਿੰਬੜਦੀਆਂ ਸਨ । ਬਾਹਰ ਦੀਆਂ ਸ਼ੈਆਂ ਤੋਂ ਬਚਾਵਣ ਲਈ ਮੈਨੂੰ ਘਰ ਈ ਡੱਕ ਦਿੱਤਾ ਗਿਆ।
ਅੰਨ੍ਹਾ ਕੀ ਭਾਲੇ ਦੋ ਅੱਖੀਆਂ । ਮੇਰੀ ਕੰਮਾਂ ਕਾਜਾਂ ਤੋਂ ਜਾਨ ਛੁੱਟੀ। ਦੋ ਕੁ ਦਿਨ ਤੇ ਮੈਂ ਬੜੇ ਅਰਾਮ ਤੇ ਖੁਸ਼ੀ ਨਾਲ ਕੱਢੇ ਪਰ ਤੀਜੇ ਦਿਨ ਮੈਨੂੰ ਘਰ ਬਹਿ ਰਹਿਣਾ ਈ ਬਹੁਤ ਬੁਰਾ ਲੱਗਾ। ਸਾਰਾ ਜੁੱਸਾ ਥੱਕਿਆ ਥੱਕਿਆ ਤੇ ਅੱਕਿਆ ਅੱਕਿਆ, ਉਦਾਸ ਉਦਾਸ ਤੇ ਸੁਸਤ ਸੁਸਤ ਰਹਿਣ ਲੱਗ ਪਿਆ ਸੀ।
ਮੇਰਾ ਵਿਆਹ ਹੋ ਰਿਹਾ ਸੀ, ਏਸ ਲਈ ਮੈਨੂੰ ਇਹ ਕੈਦ ਵੀ ਕੱਟਣੀ ਪਈ।
ਰਿਸ਼ਤੇਦਾਰ ਸਵਾਣੀਆਂ ਰੋਜ਼ ਕੋਈ ਨਾ ਕੋਈ ਚੀਜ਼ (ਪਤਾਸੇ, ਟਾਂਗਰੀ) ਮੇਰੀ ਝੋਲੀ ਪਾਂਦੀਆਂ ਜੀਹਨੂੰ ਅਸਾਂ ਆਪਣੇ ਰਵਾਜ ਮੂਜਬ "ਤਲਾਈ" ਆਖਦੇ। ਝੋਲੀ ਵਿੱਚ ਆਈ ਚੀਜ਼ ਮੈਂ ਬਾਲਾਂ, ਕੁੜੀਆਂ ਤੇ ਸਵਾਣੀਆਂ ਵਿੱਚ ਵੰਡ ਦਿੰਦਾ। ਇਹ ਈ ਰੀਤ ਸੀ ਖੌਰੇ ਉਸ ਵੇਲੇ।
ਮਾਸੀ ਬਸੀਰਾਂ ਵੀ ਮੈਨੂੰ ਟਾਂਗਰੀ ਦੀ ਤਲਾਈ ਚਾੜੀ। ਮਾਸੀ ਦੇ ਨਾਲ ਜ਼ੋਹਰਾ ਤੇ ਮਾਝਾਂ ਵੀ ਸਨ।
ਟਾਂਗਰੀ ਵੰਡਦਿਆਂ ਵੰਡਦਿਆਂ ਜਦ ਮੈਂ ਜ਼ੋਹਰਾ ਨੂੰ ਮੁੱਠ ਭਰਕੇ ਟਾਂਗਰੀ ਫੜਾਈ ਤਾਂ ਉਸ ਅੱਖਾਂ ਨੀਵੀਆਂ ਕਰ ਲਈਆਂ ਤੇ ਹੱਥ ਅੱਗੇ ਕਰ ਦਿੱਤਾ। ਜੀ ਕੀਤਾ ਕਿ ਸਭ ਕੁੱਝ ਏਥੇ ਈ ਸੁੱਟ ਕੇ ਗੋਲ ਵੀਣੀ ਵਾਲ਼ਾ ਗੋਰਾ ਹੱਥ ਚੁੰਮ ਲਵਾਂ, ਪਰ ਮੈਂ ਇੰਜ ਨਹੀਂ ਸਾਂ ਕਰ ਸਕਦਾ । ਮਾਝਾਂ ਝੱਟ ਕਰਕੇ ਉੱਥੋਂ ਇੱਕ ਟਾਂਗਰੀ ਫੜਕੇ ਮੇਰੇ ਮੂੰਹ ਵਿੱਚ ਪਾ ਦਿੱਤੀ ਤੇ ਨਾਲ ਈ ਇੱਕ ਹਟਕੋਲੀ ਪਿਆਰ ਨਾਲ ਮੇਰੇ ਸਿਰ ਉੱਤੇ ਜੜ ਦਿੱਤੀ । ਮਾਝਾਂ ਦੀ ਸ਼ਰਾਰਤ ਨਾਲ ਹੱਸਦੇ ਹੋਏ ਹੋਰ ਕੁੜੀਆਂ ਵੀ ਇੰਝ ਈ ਸ਼ਰਾਰਤ ਕੀਤੀ।
ਮਾਝਾਂ ਇਹ ਸ਼ਰਾਰਤ ਕਰਨ ਲਈ ਜ਼ੋਹਰਾ ਨੂੰ ਵੀ ਇਸ਼ਾਰਾ ਕੀਤਾ ਪਰ ਉਸ ਸ਼ਰਾਰਤ ਨਾ ਕੀਤੀ, ਸਗੋਂ ਉਸ ਮੇਰੇ ਵੱਲ ਅੱਖਾਂ ਭਰ ਕੇ ਤੱਕਿਆ ਤੇ ਧਿਆਨ ਨੀਵਾਂ ਕਰ ਲਿਆ। ਮੇਰੇ ਕਲੇਜੇ ਵਿੱਚ ਜਿਵੇਂ ਕਿਸੇ ਰੁੱਗ ਭਰ ਲਿਆ ਹੋਵੇ।
ਹਰ ਰੋਜ਼ ਗਾਂ ਦੇ ਗੋਹੇ ਦਾ ਪੋਚਾ ਫੇਰ ਕੇ ਖਾਰੇ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ।
ਅੱਠਵੇਂ ਦਿਨ ਸ਼ਾਮ ਨੂੰ ਵਾਜੇ ਵਾਲੇ ਆ ਗਏ । ਰਾਤ ਉਹਨਾਂ ਏਥੇ ਈ ਰਹਿਣਾ ਸੀ। ਉਹਨਾਂ ਝੱਟ ਕੁ ਅਸਾਡੀ ਝੁੱਗੀ ਸਾਹਮਣੇ ਵਾਜਾ ਵਜਾਇਆ, ਕੁੱਝ ਵੇਲਾਂ ਲਈਆਂ ਤੇ ਫੇਰ ਵਾਜਾ ਵਜਾਣਾ ਬੰਦ ਕਰ ਦਿੱਤਾ।
ਵਾਜੇ ਵਾਲਿਆਂ ਦੇ ਰੱਤ ਕੱਟਣ ਲਈ ਇੱਕ ਡੰਗਰਾਂ ਵਾਲਾ ਅੰਦਰ ਵਿਹਲਾ ਕਰਕੇ ਭੋਏਂ ਉੱਤੇ ਪਰਾਲੀ ਵਿਛਾ ਦਿੱਤੀ। ਕੁੱਝ ਲੇਫ ਦੇ ਦਿੱਤੇ। ਦੂਜੇ ਆਏ ਪ੍ਰਾਹੁਣਿਆਂ ਨਾਲ ਵੀ ਇੰਜ ਈ ਹੋਇਆ ਸੀ।
ਰਾਤ ਦੀ ਰੋਟੀ ਸਾਰੇ ਪਿੰਡ ਨੂੰ ਦਿੱਤੀ ਗਈ ਜੀਹਨੂੰ ਅਸਾਂ ਲੋਕ ਸੰਭਾਲ ਆਖਦੇ ਸਾਂ। ਰਾਤ ਨੂੰ ਕੁੜੀਆਂ ਮੁੰਡੇ ਵੱਖ ਵੱਖ ਰੌਣਕਾਂ ਲਾਈ ਬੈਠੇ ਸਨ । ਕੁੜੀਆਂ ਗਿੱਧਾ ਪਾਇਆ, ਨੱਚਿਆ ਗਾਇਆ ਤੇ ਮੁੰਡਿਆਂ ਲੁੱਡੀ ਤੇ ਭੰਗੜਾ ਪਾ ਕੇ ਜੀ ਰਾਜ਼ੀ ਕੀਤਾ। ਵਡੇਰੇ ਤੇ ਬਜ਼ੁਰਗਾਂ ਬਾਤਾਂ ਪਾ ਕੇ ਰਾਤ ਗੁਜ਼ਾਰੀ । ਰਾਤ ਨੂੰ ਭੂਆ ਦੀ ਜੰਜ ਵੀ ਆਈ ਸੀ । ਕੁੱਝ ਦੇਰ ਜੰਜ ਵਾਲਿਆਂ ਵੀ ਖੇਡ ਤਮਾਸ਼ਾ ਕੀਤਾ।
ਰਾਤ ਨੂੰ ਗੁੜ ਤੇ ਲੂਣ ਵਾਲ਼ੇ ਚੌਲ ਦੀਆਂ ਦੇਗਾਂ ਪੱਕੀਆਂ ਸਨ ਤੇ ਦਿਨ ਨੂੰ ਵੀ ਇੰਜ ਦਾ ਈ ਵਰਤਾਰਾ ਸੀ। ਡੀਗਰ ਵੇਲ਼ੇ ਭੂਆ ਦੀ ਡੋਲੀ ਚਲੀ ਗਈ ਤਾਂ ਮੇਰੀ ਜੰਜ ਦੀ ਤਿਆਰੀ ਸ਼ੁਰੂ ਹੋਈ। ਸੋਤੇ ਵੇਲ਼ੇ ਤੀਕਰ ਤਿਆਰੀਆਂ ਈ ਹੁੰਦੀਆਂ ਰਹੀਆਂ ਸਨ।
ਇਸ ਤੋਂ ਪਹਿਲੋਂ ਮੈਨੂੰ ਨਹਾਵਣ ਲਈ ਖਾਰੇ ਉੱਤੇ ਬਿਠਾਇਆ ਗਿਆ। ਮਾਮੇ ਮੇਰੇ ਤੋਂ ਪਾਣੀ ਵਾਰ ਰਹੇ ਸਨ ਤੇ ਕੁੜੀਆਂ ਘੋੜੀਆਂ ਗਾ ਰਹੀਆਂ ਸਨ । ਖਾਰੇ ਸਾਹਮਣੇ ਕੁੱਝ ਚੱਪਣੀਆਂ ਤੇ ਠੂਠੀਆਂ ਰੱਖੀਆਂ ਗਈਆਂ ਸਨ । ਵਾਰ ਵਾਰ ਗਾਇਆ ਜਾ ਰਿਹਾ ਸੀ:
ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ
ਏਸ ਵੇਲ਼ੇ ਦੀ ਲੋੜ ਮਾਮਾ ਲੋੜੀ ਦਾ।
ਮਾਮਿਆਂ ਮੇਰੇ ਬਾਰੇ ਭਰੇ (ਪੈਸੇ ਦਿੱਤੇ) । ਖਾਰੇ ਲਾਗੇ ਸਾਡਾ ਜੱਦੀ ਮਰਾਸੀ ਵੀ ਆ ਖਲੋਤਾ। ਉਸ ਮੇਰੇ ਲੱਥੇ ਲੀੜੇ ਲੈਣੇ ਸਨ, ਜਿਹੜੇ ਪਹਿਲੇ ਈ ਪਾਟੇ ਤੇ ਪੁਰਾਣੇ ਸਨ। ਕੁੱਝ ਵੇਲਾਂ ਵੀ ਲੈਣੀਆਂ ਸਨ, ਜਿਹੜੀਆਂ ਸਵਾਣੀਆਂ ਤੇ ਮੇਰੇ ਘਰ ਦਿਆਂ ਦੇਣੀਆਂ ਸਨ। ਮਰਾਸੀ ਮੇਰੇ ਪਿਉ ਦਾਦੇ ਤੇ ਪੂਰੀ ਜੱਦ ਦੀ ਤਾਰੀਫ ਬਹੁਤ ਕੀਤੀ। ਉਹਦੀ ਤਾਰੀਫ ਤੋਂ ਜਾਪਦਾ ਸੀ ਜਿਵੇਂ ਪੂਰੇ ਇਲਾਕੇ ਵਿੱਚ ਅਸੀਂ ਤੇ ਅਸਾਡਾ ਕੁਨਬਾ ਉੱਚੇ ਤੇ ਆਅਲਾ ਲੋਕਾਂ ਦਾ ਏ ਤੇ ਬਾਕੀ ਜਹਾਨ ਥੱਲੇ ਈ ਥੱਲੇ ਤੇ ਹੀਣਾ ਏ। ਮੈਨੂੰ ਅੰਦਰੋਂ ਅੰਦਰ ਹਾਸਾ ਵੀ ਆ ਰਿਹਾ ਸੀ ਤੇ ਸ਼ਰਮਿੰਦਗੀ ਵੀ । ਮੈਂ ਸੋਚਿਆ ਜੇ ਸਾਰੇ ਜੱਗ ਨਾਲੋਂ ਅਸਾਂ ਉੱਚੇ ਆਂ ਤੇ ਫੇਰ ਨੀਵਾਂ ਕੌਣ ਏ?
ਮੇਰੇ ਘਰ ਵਾਲ਼ੇ ਤੇ ਦੂਜੇ ਸਾਕ ਮਰਾਸੀ ਦੀ ਤਰੀਫ ਉੱਤੇ ਬਹੁਤ ਖੁਸ਼ ਸਨ । ਉਹਨਾਂ ਮਰਾਸੀ ਨੂੰ ਰੱਜ ਵੇਲਾਂ ਦਿੱਤੀਆਂ । ਮਰਾਸੀ ਦੇ ਹਟਣ ਮਗਰੋਂ ਮੈਨੂੰ ਮਾਂ ਵੱਲੋਂ ਹੁਕਮ ਹੋਇਆ ਕਿ ਖਾਰੇ ਉੱਤੋਂ ਚੱਪਣੀਆਂ ਤੇ ਠੂਠੀਆਂ ਉੱਤੇ ਛਾਲ ਮਾਰਨੀ ਹੈ। ਚੱਪਣੀਆਂ ਤੇ ਠੂਠੀਆਂ ਭੰਨਣੀਆਂ ਸਨ, ਪਰ ਉੱਥੇ ਤੇ ਪਾਣੀ ਨਾਲ ਚਿੱਕੜ ਹੋ ਗਿਆ ਸੀ । ਮੈਂ ਉੱਥੇ ਛਾਲ ਮਾਰੀ ਤੇ ਇੱਕ ਦੋ ਚੱਪਣੀਆਂ ਠੂਠੀਆਂ ਟੁੱਟੀਆਂ ਹੋਣੀਆਂ ਹੋਸਨ, ਪਰ ਚਿੱਕੜ ਦੀਆਂ ਛਿੱਟਾਂ ਦਵਾਲੇ ਦੇ ਸਭ
ਲੋਕਾਂ ਤੇ ਪਈਆਂ ਸਨ। ਆਪਣੇ ਉੱਤੇ ਚਿੱਕੜ ਪੁਆ ਕੇ ਵੀ ਲੋਕ ਖੁਸ਼ ਹੋ ਰਹੇ ਸਨ। ਹੱਸਦੇ ਹੱਸਦੇ ਮਾਮਿਆਂ, ਚਾਚਿਆਂ ਬਾਕੀ ਠੂਠੀਆਂ ਨੂੰ ਆਪਣੇ ਪੈਰਾਂ ਨਾਲ ਭੰਨਿਆ। ਪਤਾ ਨਹੀਂ ਕੀ ਮਿਲਦਾ ਸੀ ਠੂਠੀਆਂ, ਚੱਪਣੀਆਂ ਭੰਨਣ ਵਿੱਚ। ਕੋਈ ਬਲਾ ਟਲੀ ਸੀ ਯਾ ਕੋਈ ਚੜ੍ਹਤਲ ਦਾ ਸ਼ਗਨ ਸੀ।
ਮੈਨੂੰ ਨਵੇਂ ਲੀੜੇ ਪਵਾ ਕੇ ਪੱਗ ਬੰਨ੍ਹ ਦਿੱਤੀ ਗਈ। ਪੱਗ ਉੱਤੇ ਸੁਨਹਿਰੀ ਤਾਰਾਂ ਵਾਲਾ ਸਿਹਰਾ ਜੜਿਆ ਗਿਆ । ਜਦ ਫੁਲੇਰਾਂ ਫੁੱਲਾਂ ਦਾ ਸਿਹਰਾ ਲੈ ਕੇ ਆਇਆ, ਉਹ ਵੀ ਮੇਰੇ ਸਿਰ ਉੱਤੇ ਬੱਝ ਗਿਆ। ਪੋਹ ਦੇ ਦਿਨ ਸਨ, ਨਹਾਵਣ ਨਾਲ ਮੈਨੂੰ ਠੰਡ ਲੱਗ ਰਹੀ ਸੀ। ਮੈਂ ਬੋਲ ਨਹੀਂ ਸਾਂ ਸਕਦਾ ਕਿਉਂ ਜੁ ਨੀਂਗਰ ਚੰਦ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਜੇ ਨੀਂਗਰ ਚੰਦ ਬੋਲੇ ਤਾਂ ਝਬਾੜਾ ਸਦਾਂਵਦਾ ਏ। ਮੇਰੀ ਤਕਲੀਫ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਸੀ। ਸਾਰੇ ਆਪਣੇ ਆਪਣੇ ਚਾਅ ਤੇ ਤਿਆਰੀਆਂ ਵਿੱਚ ਰੁੱਝੇ ਹੋਏ ਸਨ । ਠੰਡ ਨਾਲ ਮੇਰੇ ਦੰਦ ਪਏ ਵੱਜਦੇ ਸਨ।
ਮੇਰੀ ਮਾਂ ਨੂੰ ਪਤਾ ਨਹੀਂ ਕਿਵੇਂ ਮਲੂਮ ਹੋਇਆ, ਉਸ ਇੱਕ ਖੇਸ ਲਿਆ ਕੇ ਮੇਰੇ ਦਵਾਲੇ ਵਲ੍ਹੇਟ ਦਿੱਤਾ ਤਾਂ ਕੁੱਝ ਠੰਡ ਵੱਲੋਂ ਅਰਾਮ ਹੋਇਆ। ਫੁੱਲਾਂ ਦੀ ਖੁਸ਼ਬੋ ਨਾਲ ਮੇਰੇ ਜੁੱਸੇ ਵਿੱਚ ਨਸ਼ਾ ਹੋ ਰਿਹਾ ਸੀ। ਸੱਜਰੇ ਫੁੱਲਾਂ ਦੀ ਖੁਸ਼ਬੋ ਏਨੀ ਪਿਆਰੀ ਤੇ ਭਲੀ ਸੀ ਕਿ ਮੇਰਾ ਦਿਮਾਗ ਜਰ ਈ ਨਾ ਸਕਿਆ। ਸਿਹਰੇ ਵਿੱਚ ਕਈ ਕਿਸਮ ਦੇ ਫੁੱਲ ਸਨ।
ਮੇਰੇ ਦਿਮਾਗ ਕਦੀ ਫੁੱਲਾਂ ਦੀ ਵਾਸ਼ਨਾ ਸੁੰਘੀ ਈ ਨਹੀਂ ਸੀ। ਗੋਹੇ ਤੇ ਚਿੱਕੜ ਵਿੱਚ ਰਹਿਣ ਵਾਲ਼ੇ ਦਿਮਾਗ ਨੂੰ ਭਲਾਂ ਫੁੱਲਾਂ ਦੀ ਵਾਸ਼ਨਾ ਦੀ ਕੀ ਕਦਰ ! ਫੁੱਲਾਂ ਦੇ ਨਸ਼ੇ ਨਾਲ ਮੈਨੂੰ ਨੀਂਦਰ ਆ ਗਈ।
ਮੈਂ ਬਥੇਰੀ ਹਿੰਮਤ ਕਰਕੇ ਅੱਖ ਖੋਹਲਦਾ ਸਾਂ, ਪਰ ਅੱਖ ਤੇ ਮੱਲੋ-ਮੱਲੀ ਬੰਦ ਹੋ ਜਾਂਦੀ ਸੀ। ਉੱਧਰ ਧੌਂਸੇ ਸੱਟ ਵੱਜੀ, ਜੰਜ ਤਿਆਰ ਹੋਈ । ਵਾਜੇ ਖੜਕ ਪਏ, ਜਿਵੇਂ ਫੌਜਾਂ ਕਿਸੇ ਮਹਾਜ ਉੱਤੇ ਚੱਲੀਆਂ ਨੇ, ਕੋਈ ਕਿਲ੍ਹਾ ਫ਼ਤਹਿ ਕਰਨਾ ਏ!
ਪਰ ਮੈਨੂੰ ਮੁੜ ਮੁੜ ਨੀਂਦਰ ਦੇ ਦੌਰੇ ਪੈ ਰਹੇ ਸਨ। ਘਰ ਦੇ ਮੈਨੂੰ ਉਠਾਵਣ, ਮੈਂ ਉੱਠਾਂ ਤੇ ਫੇਰ ਬਹਿ ਜਾਵਾਂ।
ਉਹ ਬੁਲਾਵਣ : ਕੀ ਗੱਲ ਏ ? ਤੂੰ ਉੱਠਦਾ ਕਿਉਂ ਨਹੀਂ ? ਜੰਜ ਤਿਆਰ ਖਲੋਤੀ ਏ।"
ਮੈਂ ਬੋਲਾਂ ਤੇ ਅਵਾਜ਼ ਭਾਰੀ ਨੀਂਦਰ ਭਰੀ, ਮੈਥੋਂ ਬੋਲਿਆ ਨਾ ਜਾਵੇ।
ਰੌਲਾ ਪੈ ਗਿਆ ਕਿ ਮੁੰਡੇ ਨੂੰ ਬਾਹਰ ਦੀਆਂ ਸ਼ੈਆਂ ਘੁੱਟ ਲਿਆ ਏ । ਸਵਾਣੀਆਂ ਅਫਸੋਸ ਕਰਨ ਲੱਗ ਪਈਆਂ। ਜਵਾਨ ਕੁੜੀਆਂ ਹੁੰਮ ਹੁਮਾ ਕੇ ਮੈਨੂੰ ਵੇਖਣ ਆਈਆਂ। ਮੇਰੀ ਨਾਨੀ ਮੇਰੀ ਮਾਂ ਨੂੰ ਬਹੁਤ ਗੁੱਸੇ ਹੋਈ ਕਿ "ਤੂੰ ਗੋਗੀ ਨੂੰ ਘਰੋਂ ਬਾਹਰ ਕਿਉਂ ਜਾਵਣ ਦਿੱਤਾ ?"
ਮੇਰੀ ਮਾਂ ਵਾਰ ਵਾਰ ਆਖੇ, "ਨਹੀਂ ਅੰਮਾ, ਮੈਂ ਤੇ ਪੂਰੇ ਅੱਠ ਦਿਨ ਇਹਨੂੰ ਘਰੋਂ ਨਿੱਕਲਣ ਈ ਨਹੀਂ ਦਿੱਤਾ। ਇਹਨੂੰ ਕੋਈ ਸਾਇਆ ਨਹੀਂ।"
"ਫੇਰ ਕੀ ਏ ਕੁੜੀਏ! ਮੇਰਾ ਦਿਲ ਪਿਆ ਡੁੱਬਦਾ ਏ।”
ਮੇਰੀ ਮਾਂ ਆਪਣੀ ਮਾਂ ਨੂੰ ਤਸੱਲੀ ਦਿੰਦਿਆਂ ਆਖਿਆ, "ਫਿਕਰ ਵਾਲੀ ਕੋਈ ਗੱਲ ਨਹੀਂ ਏ ਮਾਂ।"
ਮਾਂ ਮੇਰੇ ਮੂੰਹ ਉੱਤੋਂ ਸਿਹਰਾ ਚੁੱਕ ਕੇ ਕੁੱਝ ਹਵਾ ਲਵਾਈ ਤੇ ਮੈਨੂੰ ਹੋਸ਼ ਆ ਗਈ । ਮੈਂ ਉੱਠ ਬੈਠਾ, ਖੂੰਡੀ ਫੜ ਲਈ। ਨਾਨੀ ਪੁੱਛਿਆ, "ਵੇ ਗੋਗੀ, ਕੀ ਗੱਲ ਸੀ? ਤੂੰ ਤੇ ਡਰਾ ਈ ਦਿੱਤਾ ਸੀ।"
"ਕੁੱਝ ਨਹੀਂ ਨਾਨੀ, ਫੁੱਲਾਂ ਦੀ ਖੁਸ਼ਬੋ ਨਾਲ ਮੈਨੂੰ ਨੀਂਦਰ ਆ ਗਈ ਸੀ।"
ਨਾਨੀ ਮੈਨੂੰ ਪਿਆਰ ਕੀਤਾ ਤੇ ਮੇਰੇ ਛੋਟੇ ਮਾਮੇ ਨੂੰ ਹੁਕਮ ਦਿੱਤਾ ਕਿ "ਤੂੰ ਇਹਦੇ ਨਾਲ ਰਹਵੀਂ । ਪਲ ਪਲ ਸਿਹਰਾ ਚੁੱਕ ਕੇ ਇਹਨੂੰ ਹਵਾ ਲਵਾਂਦਾ ਰਹਵੀਂ ।"
ਮਾਮੇ ਮਖੌਲ ਕਰਦਿਆਂ ਆਖਿਆ, "ਇੰਜ ਨਾ ਕਰੀਏ ਮਾਂ, ਸਿਹਰਾ ਲਾਹ ਲਈਏ, ਨੇੜੇ ਜਾ ਕੇ ਬੰਨ੍ਹ ਲਵਾਂਗੇ।"
ਨਾਨੀ ਆਖਿਆ, "ਨਾ, ਇਹ ਬੇਸ਼ਗਨੀ ਏ। ਤੂੰ ਹਵਾ ਲਵਾਂਦਾ ਜਾਵੀਂ।
ਮਾਮੇ ਦੇ ਮਖੌਲ ਨੂੰ ਭਲਾਂ ਮੈਂ ਕਿੱਥੇ ਜ਼ਰ ਲੈਣਾ ਸੀ, ਝੱਟ ਆਖਿਆ, "ਨਾਨੀ, ਇਹਨੂੰ ਆਖ ਮੋਢਿਆਂ ਤੇ ਚੁੱਕ ਲਵੇ ਜਿਵੇਂ ਏਸ 34 ਚੱਕ ਵਾਲੀ ਨਹਿਰ ਪਾਰ ਕਰਾਵਣ ਲਈ ਚੁੱਕਿਆ ਸੀ।"
"ਤੂੰ ਅਜੇ ਵੀ ਨਹੀਂ ਸ਼ਰਾਰਤ ਤੋਂ ਬਾਜ ਆਇਆ", ਮਾਮੇ ਮੇਰਾ ਮੋਢਾ ਫੜਕੇ ਘੁੱਟ ਕੇ ਆਖਿਆ। "ਸ਼ਰਮ ਕਰ ਵੱਡਾ ਏਂ ਤੂੰ ।"
ਮੈਂ ਬਚਪਨ ਵਾਲੀ ਸ਼ਿਕਾਇਤ ਲਾਈ, “ਨਾਨੀ, ਮਾਰਦਾ ਈ।' ਨਾਨੀ ਖੁਸ਼ ਹੋ ਕੇ ਮੈਨੂੰ ਜੱਫੇ ਵਿੱਚ ਲੈ ਕੇ ਪਿਆਰ ਕਰਦਿਆਂ ਆਖਿਆ:
“ਕਿੰਨਾ ਪਿਆਰ ਏ ਮਾਮੇ ਭਣੇਵੇਂ ਦਾ! ਰੱਬ ਹਯਾਤੀ ਦੇਵੇ।"
ਜੰਜ ਟੁਰ ਪਈ। ਨੇੜੇ ਈ ਜਾਣਾ ਸੀ। ਪੈਦਲ ਈ ਮੇਰੀ ਜੰਜ ਰਵਾਨਾ ਹੋਈ।
ਮੇਰੇ ਵਿਆਹ ਉੱਤੇ ਪਿਉ ਦਾ ਖਰਚਾ ਬਹੁਤ ਹੋ ਰਿਹਾ ਸੀ। ਅਸਾਡੇ ਕੁਨਬੇ ਵਿੱਚੋਂ ਪਹਿਲਾ ਵਿਆਹ ਸੀ। ਵੱਡਾ ਪੁੱਤਰ ਸਾਂ ਆਪਣੇ ਮਾਪਿਆਂ ਦਾ । ਪਿਉ ਕੁੱਝ ਤੇ ਡੰਗਰ ਵੇਚੇ, ਕੁੱਝ ਜ਼ਿਮੀਂਦਾਰ ਕੋਲੋਂ ਕਰਜਾ ਵੀ ਲਿਆ ਹੋਣਾ ਏ।
ਮਾਂ ਵੀ ਮੇਰੇ ਸਾਰੇ ਸ਼ਗਨ ਪੂਰੇ ਕਰ ਰਹੀ ਸੀ । ਖਰਚੇ ਵਿੱਚ ਕੋਈ ਕੰਜੂਸੀ ਨਹੀਂ ਸੀ ਵਰਤੀ ਗਈ। ਆਪਣੀ ਹੈਸੀਅਤ ਤੋਂ ਬਹੁਤਾ ਖਰਚ ਹੋ ਰਿਹਾ ਸੀ । ਕੰਮੀਆਂ ਤੇ ਲਾਗੀਆਂ ਨੂੰ ਖੁੱਲ੍ਹੇ ਹੱਥ ਨਾਲ ਪੈਸੇ ਦਾਨ ਕੀਤੇ ਜਾ ਰਹੇ ਸਨ ।
ਸਭ ਤੋਂ ਹੇਠਲੇ ਤਬਕੇ ਦੇ ਅਸਾਂ ਲੋਕ ਭੂਤਰ ਜਾਈਏ ਤਾਂ ਸੱਜਾ ਖੱਬਾ ਕੁੱਝ ਨਹੀਂ ਵੇਖਦੇ। ਕੰਮੀਆਂ ਦੀਆਂ ਤਰੀਫਾਂ ਤੇ ਅਸੀਸਾਂ ਨਾਲ ਅਸਾਂ ਆਪਣੇ ਆਪ ਨੂੰ ਸੱਚਮੁੱਚ ਰਾਜੇ ਤੇ ਅਣਖੀ ਸੂਰਮੇ ਸਮਝਣ ਲੱਗ ਪਏ ਸਾਂ।
ਮੇਰਾ ਪਿਉ ਵੀ ਆਪਣੇ ਆਪ ਨੂੰ ਪਤਾ ਨਹੀਂ ਸੀ ਕੀ ਸਮਝਣ ਲੱਗ ਪਿਆ ਸੀ। ਉਹਦੀ ਅੱਡੀ ਨਹੀਂ ਸੀ ਭੋਏਂ 'ਤੇ ਲੱਗਦੀ।
ਜਾਂਜੀ ਵੀ ਧਾੜਵੀ ਜਾਪਦੇ ਸਨ । ਪੋਹ ਦੀ ਰਾਤ ਪਾਲ਼ੇ ਦਾ ਜ਼ੋਰ । ਅਨ੍ਹੇਰੇ ਵਿੱਚ
ਜੰਗਲ ਦੇ ਰਾਹ ਉੱਤੇ ਨੱਚਦੇ ਟੱਪਦੇ, ਨਾਅਰੇ ਮਾਰਦੇ ਜਾਂਜੀ ਚੜ੍ਹਾਈ ਕੀਤੀ ਜਾਂਦੇ ਸਨ ।
ਮੇਰੇ ਪਿਉ ਦੇ ਚਾਚੇ ਨਰਾਜ਼ ਸਨ । ਉਹ ਜੰਜ ਨਾਲ ਨਹੀਂ ਸਨ ਗਏ, ਮੇਰੇ ਸਹੁਰੇ ਦੀ ਮਾਂ ਦੇ ਭਰਾ ਸਨ ।
ਜੰਜ ਢੁੱਕਣ ਲੱਗੀ ਤਾਂ ਬਾਹਰ ਈ ਰੋਕ ਦਿੱਤੀ ਗਈ ਤੇ ਆਖਿਆ, "ਪਹਿਲੇ ਰੁੱਸਿਆਂ ਨੂੰ ਮਨਾ ਕੇ ਲਿਆਓ।" ਰੁੱਸਿਆਂ ਨੂੰ ਮਨਾਵਣ ਗਏ ਤਾਂ ਉਹ ਰੱਫੜ ਪਾ ਕੇ ਬਹਿ ਗਏ। ਅੱਧੀ ਰਾਤ ਤੀਕਰ ਰੱਫੜ ਪਿਆ ਰਿਹਾ । ਜੰਜ ਤੇ ਲਾੜਾ ਵਿਹੜਿਉਂ ਬਾਹਰ ਈ ਖਲੋਤੇ ਰਹੇ। ਆਖਰ ਤਰਲੇ ਮਿੰਨਤਾਂ ਮਗਰੋਂ ਰੁੱਸੇ ਮੰਨੀਜੇ ਤਾਂ ਜੰਜ ਢੁਕੀ। ਠਰੇ ਹੋਏ ਜਾਂਜੀਆਂ ਨੂੰ ਅੱਗ ਬਾਲ ਕੇ ਸੇਕਣੀ ਨਸੀਬ ਹੋਈ।
ਮੁਜਰੇ ਵਾਸਤੇ ਦੋ ਕੰਜਰੀਆਂ ਵੀ ਬੁਲਾਈਆਂ ਹੋਈਆਂ ਸਨ। ਕਈ ਦਿਨ ਪਹਿਲੇ ਈ ਮੁਜਰੇ ਦੀਆਂ ਖ਼ਬਰਾਂ ਟੁਰੀਆਂ ਹੋਈਆਂ ਸਨ । ਰਾਹਕਾਂ ਵੇਲਾਂ ਦੇਵਣ ਵਾਸਤੇ ਕਰਜਾ ਚੁੱਕ ਕੇ ਪੈਸਿਆਂ ਨਾਲ ਬੋਝੇ ਭਰੇ ਹੋਏ ਸਨ। ਕਈਆਂ ਡੰਗਰ ਵੱਛਾ ਵੇਚ ਕੇ ਰਕਮ ਪੱਲੇ ਬੱਧੀ ਹੋਈ ਸੀ।
ਕੰਜਰੀਆਂ ਸੁਰ ਕਲਾਮ ਵਾਲੀਆਂ ਸਨ । ਰਾਹਕਾਂ ਇੱਕ ਦੂਜੇ ਤੋਂ ਵਧ ਵਧਕੇ ਵੇਲਾਂ ਦਿੱਤੀਆਂ। ਸਾਰੀ ਰਾਤ ਮੁਜਰਾ ਹੁੰਦਾ ਰਿਹਾ। ਉਹਨਾਂ ਕੰਜਰੀਆਂ ਵਿੱਚੋਂ ਇੱਕ ਦਾ ਨਾਂ ਖੌਰੇ ਅਨਾਇਤੀ ਸੀ। ਬੜੀਆਂ ਸਾਫ਼ ਸੱਦਾਂ ਤੇ ਸੁਰਾਂ ਲਾਂਵਦੀ ਸੀ। ਉਹਦੀ ਇੱਕ ਇੱਕ ਸੱਦ ਯਾ ਸੁਰ ਉੱਤੇ ਰਾਹਕ ਤੜਫ ਤੜਫ ਪੈਂਦੇ ਤੇ ਮੁੱਠਾਂ ਭਰ ਭਰ ਨੋਟ ਸੁੱਟਦੇ, ਵਾਰਦੇ, ਚਾਂਗਰੇ ਮਾਰਦੇ ਸਨ, ਪਰ ਕਈ ਰਾਹਕਾਂ ਦੀਆਂ ਅੱਖਾਂ ਵਿੱਚ ਤੇ ਅੱਥਰੂ ਆ ਗਏ ਸਨ। ਪਤਾ ਨਹੀਂ ਕਿਉਂ ? ਦਿਨ ਚੜ੍ਹੇ ਨੂੰ ਮੈਨੂੰ ਸਹੁਰਿਆਂ ਵੱਲੋਂ ਪੱਗ ਬੰਨ੍ਹਵਾਈ ਗਈ।
ਸਿੱਠਣੀਆਂ ਦੇਵਣ ਵਾਲੀਆਂ ਕੁੜੀਆਂ ਰਾਤ ਦੀ ਕਸਰ ਹੁਣ ਰੱਜ ਕੇ ਕੱਢੀ। ਫੇਰ ਜਦ ਪੱਗ ਵੇਲੇ ਸੁਹਾਗ ਗਾਇਆ ਕਿ
ਸੁਹਾਗ ਤੇਰਾ ਲੱਖਦਾਤਾ ਕੁੱਝ ਮੰਗਦਾ ਕਿਉਂ ਨਹੀਂ
ਸੁਹਾਗ ਸੁਣ ਕੇ ਮੇਰਾ ਤੇ ਵਿੱਚੋ ਵਿੱਚ ਹਾਸਾ ਨਿੱਕਲਦਾ ਸੀ। ਦਾਜ ਵਿੱਚ ਮੰਜੀ ਨਾ ਪੀੜ੍ਹੀ। ਮੇਜ ਨਾ ਕੁਰਸੀ । ਲੀੜਾ ਨਾ ਭਾਂਡਾ, ਤੇ ਸਹੁਰਾ ਲੱਖਦਾਤਾ ਏ, ਪਰ ਅਸਾਂ ਵੀ ਤੇ ਇੰਜ ਦੇ ਈ ਸਾਂ।
ਚਾਂਦੀ ਦੀਆਂ ਪੰਜੇਬਾਂ ਤੇ ਇੱਕ ਨੱਥ ਲੈ ਕੇ ਗਏ ਸਾਂ। ਬਾਕੀ ਤੇ ਸਭ ਅੱਲਾਹ ਈ ਅੱਲਾਹ ਯਾ ਫੇਰ ਇੱਕ ਸੂਹਾ ਜੋੜਾ ਸੀ ਮੇਰੀ ਵਹੁਟੀ ਵਾਸਤੇ । ਅਸਾਨੂੰ ਵੀ ਮਰਾਸੀ ਰਾਜਾ ਆਖਦਾ ਸੀ। ਜੇ ਏਥੇ ਸਹੁਰਾ ਲੱਖਦਾਤਾ ਏ ਤਾਂ ਕੀ ਹੋਇਆ ?
ਦੂਜੇ ਦਿਨ ਸ਼ਾਮ ਨੂੰ ਡੋਲੀ ਨਿੱਕਲੀ ਤਾਂ ਮੇਰੀ ਵਹੁਟੀ ਮਾਪੇ ਤੇ ਭਰਾ ਇੰਜ ਭੁੱਬਾਂ ਮਾਰ ਕੇ ਰੋਏ ਕੇ ਮੇਰਾ ਜੀਅ ਕੀਤਾ ਮੈਂ ਵੀ ਰੋਵਾਂ ਤੇ ਇਹਨੂੰ ਏਥੇ ਈ ਛੱਡ ਦੇਵਾਂ। ਸੱਚੀਂ ਮੈਨੂੰ ਜਾਪਦਾ ਸੀ ਕਿ ਜਿਵੇਂ ਮੈਂ ਈ ਜ਼ੁਲਮ ਕਰ ਰਿਹਾ ਵਾਂ ਤੇ ਮੈਨੂੰ ਇਹ ਜ਼ੁਲਮ ਨਹੀਂ ਕਰਨਾ ਚਾਹੀਦਾ।
ਪਰ ਅਜਬ ਗੱਲ ਤੇ ਇਹ ਸੀ ਕਿ ਕੁੜੀਆਂ ਤੇ ਸਵਾਣੀਆਂ ਡੋਲੀ ਨਿੱਕਲਣ ਵੇਲ਼ੇ
ਨਾਲੇ ਰੋਈ ਵੀ ਜਾਂਦੀਆਂ ਸਨ ਤੇ ਨਾਲੇ ਗਾਈ ਵੀ ਜਾਂਦੀਆਂ ਸਨ ।
ਸਮਝ ਨਹੀਂ ਸੀ ਆ ਰਹੀ ਕਿ ਰੋਵਣ ਤੇ ਗਾਵਣ ਇੱਕੋ ਵੇਲੇ ਹੋ ਸਕਦਾ ਏ। ਪਰ ਮੇਰੇ ਸਾਹਮਣੇ ਸਭ ਕੁੱਝ ਹੋ ਰਿਹਾ ਸੀ। ਕੁੜੀਆਂ ਗਾਵੰਦੀਆਂ ਗਾਵੰਦੀਆਂ ਹੱਸ ਵੀ ਪੈਂਦੀਆਂ ਤੇ ਅੱਥਰੂ ਵੀ ਕੇਰੀ ਜਾਂਦੀਆਂ ਸਨ । ਇੱਕ ਦੂਜੇ ਨੂੰ ਛੇੜ ਵੀ ਲੈਂਦੀਆਂ ਸਨ ਤੇ ਮੋਟੇ ਮੋਟੇ ਅੱਥਰੂ ਵੀ ਡੋਲ੍ਹ ਰਹੀਆਂ ਸਨ। ਚਲੋ ਰੋਣਾ ਗਾਵਣਾ ਤੇ ਹੋਇਆ ਪਰ ਹਾਸਾ ਮਖੌਲ ਠੱਠਾ ਵੀ ਵਿੱਚੇ ਈ ਇੱਕੋ ਵੇਲ਼ੇ ਇੱਕੋ ਸੁਰ ਵਿੱਚ ਕਮਾਲ ਸੀ । ਡੋਲੀ ਅਸਾਡੇ ਘਰ ਆ ਗਈ। ਕੁੜੀਆਂ ਤੇ ਸਵਾਣੀਆਂ ਥਕਲਿਆਂ ਵਾਂਗ ਆਣ ਢੁਕੀਆਂ। ਡੋਲੀ ਦਵਾਲੇ ਗੀਤ ਗਾਏ ਗਏ।
ਬੀਬੀ ਵੰਗਾ ਨਾ ਛਣਕਾ ਅਸਾਡਾ ਨੀਂਗਰ ਈ ਇਆਣਾ
ਚੱਪਾ ਟੁੱਕਰ ਦੇ ਕੇ ਵਰਚਾਣਾ
"ਲੈ ਭਲਾਂ, ਮੈਂ ਬਾਲ ਕਿੱਥੇ ਸਾਂ", ਮੈਂ ਦਿਲ ਵਿੱਚ ਸੋਚਿਆ "ਜੇ ਮੈਂ ਬਾਲ ਸਾਂ ਤਾਂ ਫੇਰ ਵਿਆਹ ਕਿਉਂ ਕੀਤਾ ਏ ਮੇਰਾ ?"
ਪਰ ਮਨ ਦੇ ਅੰਦਰ ਮੈਂ ਗੁਟਕ ਵੀ ਰਿਹਾ ਸਾਂ । ਸਾਰੇ ਟੱਬਰ ਵਾਸਤੇ ਇੱਕੋ ਕੁੱਲੀ ਸੀ ਅਸਾਡੀ। ਪੋਹ ਦੀ ਰਾਤ, ਕੁੱਝ ਪ੍ਰਾਹੁਣੇ ਵੀ ਅਜੇ ਇੱਥੇ ਈ ਸਨ। ਅਸਾਡੇ ਲਾੜੀ ਲਾੜੇ ਦੇ ਆਪਸੀ ਸ਼ਗਨ ਕਿੱਥੋਂ ਪੂਰੇ ਹੋਣੇ ਸਨ! ਬੜੀ ਬੇਸ਼ਗਨੀ ਹੋਈ ਸੀ ਪਹਿਲੀ ਰਾਤ।
ਦਿਨ ਚੜ੍ਹੇ ਨੂੰ ਮੈਂ ਆਪਣੀ ਵਹੁਟੀ ਦਾ ਮੂੰਹ ਵੇਖਿਆ, ਉਹ ਵੀ ਗਾਨਾ ਖੇਡਣ ਵੇਲੇ । ਮੇਰੀ ਵਹੁਟੀ ਨੂੰ ਮਿਲਣ ਵਾਸਤੇ ਜ਼ੋਹਰਾ ਵੀ ਆਈ ਸੀ । ਉਸ ਮੇਰੀ ਵਹੁਟੀ ਨਾਲ ਢੇਰ ਗੱਲਾਂ ਕੀਤੀਆਂ ਪਰ ਮੇਰੇ ਨਾਲ ਇੱਕ ਵੀ ਨਾ। ਮੈਂ ਦੂਰੋਂ ਈ ਮੁਸਕਰਾ ਛੱਡਦਾ ਸੀ। ਉਸ ਮੁਸਕਰਾਹਟ ਵਿੱਚ ਵੀ ਤਲਖੀ ਤੇ ਉਦਾਸੀ ਸੀ। ਅੰਦਰੋਂ ਅੰਦਰ ਮੈਂ ਪੱਚੀ ਵੀ ਹੋ ਰਿਹਾ ਸਾਂ।
ਅੱਠਾਂ ਦਸਾਂ ਦਿਨਾਂ ਮਗਰੋਂ ਅਸਾਡਾ ਮਰਾਸੀ ਸਰਘੀ ਵੇਲੇ ਨਾਜ਼ਲ ਹੋ ਗਿਆ। ਕਹਿਰ ਦੀ ਠੰਡ ਸੀ, ਸੀਤ ਡਿੱਗਦੀ ਪਈ ਸੀ । ਮਰਾਸੀ ਪਾਲਾ ਝਾਗਦਾ, ਕੰਬਦਾ ਕੰਬਦਾ ਕੁੱਬਾ ਹੁੰਦਾ ਵਿਹੜੇ ਆ ਵੜਿਆ। ਉਹ ਮੇਰੇ ਵਿਆਹ ਦੀ ਵਧਾਈ ਛੋਹ ਦਿੱਤੀ, ਰੰਗ ਬਰੰਗੇ ਰਾਗ ਕੱਢੇ ਤੇ ਅਸਾਡੇ ਸੱਜਰੇ ਪੜ੍ਹ ਪੜ੍ਹ ਕੇ ਅਸਾਨੂੰ ਅਸਮਾਨਾਂ ਉੱਤੇ ਚੜ੍ਹਾ ਦਿੱਤਾ । ਮਰਾਸੀ ਦੇ ਹੁਨਰ ਤੇ ਫਨ ਉੱਤੇ ਮੈਨੂੰ ਪਹਿਲੀ ਵਾਰ ਤਰਸ ਆਇਆ। ਢਿੱਡ ਦੀ ਭੁੱਖ ਮਿਟਾਵਣ ਲਈ ਕੰਮੀਆਂ ਦਾ ਕੰਮੀ ਬਣਨਾ ਪੈਂਦਾ ਏ, ਮਾਂਗਤਾਂ ਦਾ ਮਾਂਗਤ ਵੀ ਅਖਵਾਣਾ ਪੈਂਦਾ ਏ।
ਸਮਾਜ ਤੇ ਜੂਹ ਦੇ ਲੋਕਾਂ ਦੀ ਨਜ਼ਰ ਵਿੱਚ ਅਸਾਂ ਬਹੁਤ ਹੀ ਨਮਾਣੇ ਤੇ ਹੇਠਲੇ ਤਬਕੇ ਦੇ ਕੰਮੀ ਕਮੀਨ ਆਂ, ਪਰ ਇਹ ਤਾਂ ਅਸਾਡਾ ਵੀ ਕੰਮੀ ਬਣਿਆ ਹੋਇਆ ਏ । ਰੱਬਾ! ਏਹੋ ਜਿਹੀ ਰਹਿਤਲ ਦੀ ਬਣਤਲ ਕੀ ਏ । ਮੇਰੇ ਅੰਦਰ ਹੋਰ ਤਲਖੀ ਵਧ ਜਾਂਦੀ ਏ। ਆਖਰ ਇੰਜ ਕਿਉਂ ਏ ? ਮੈਂ ਸੋਚਦਾ ਕਿ ਲੋਕ ਆਪਣੇ ਆਪ ਨੂੰ ਏਨਾ ਹੀਣਾ ਕਿਉਂ ਬਣਾ ਲੈਂਦੇ ਨੇ ।
ਮੇਰੇ ਵਿਆਹ ਉੱਤੇ ਕੋਈ ਨਾਈ ਦੇ ਰੂਪ ਵਿੱਚ ਕੰਮੀ ਆਇਆ। ਕੋਈ ਮਾਛੀ ਤੇ ਕੋਈ ਕਿਸੇ ਰੂਪ ਵਿੱਚ ਲਾਗ ਵਸੂਲਣ ਆ ਜਾਂਦਾ ਸੀ । ਮੈਨੂੰ ਇਹ ਸਾਰਾ ਕੁੱਝ ਪਸੰਦ ਨਹੀਂ ਸੀ।
ਮੈਂ ਖਿਝਦਾ ਜ਼ਰੂਰ ਸੀ,ਪਰ ਮੂੰਹੋਂ ਕੁੱਝ ਨਹੀਂ ਸਾਂ ਕਹਿ ਸਕਦਾ, ਕਿਉਂ ਜੁ ਮੇਰੇ ਮਾਪੇ ਤੇ ਭਰਾ, ਚਾਚੇ ਤਾਏ ਲਾਗ ਦਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰਦੇ ਜਾਪਦੇ ਸਨ, ਭਾਵੇਂ ਘੜੀ ਦੀ ਘੜੀ ਹੁੰਦੇ ਸਨ, ਪਰ ਮੁਅੱਜ਼ਜ ਹੁੰਦੇ ਸਨ ।
"ਵਾਹ, ਅਸੀਂ ਵੀ ਮੁਅੱਜ਼ਜ ਹੋ ਗਏ ਆਂ ।" ਮੇਰੇ ਮੂੰਹੋਂ ਏਨੀ ਗੱਲ ਸੁਣਕੇ ਮੁਹੰਮਦ ਹੁਸੈਨ ਹੰਗੂਰਾ ਭਰਿਆ।"ਇਹ ਸਭ ਭਰਜਾਈ ਦੇ ਕਰਮਾਂ ਦੀ ਬਰਕਤ ਨਾਲ ਹੋਇਆ ਏ।" ਭਰਾ ਦੇ ਮੂੰਹੋਂ ਬਰਕਤ ਵਾਲੀ ਗੱਲ ਸੁਣ ਕੇ ਮੇਰਾ ਹਾਸਾ ਨਿੱਕਲ ਗਿਆ। "ਉਏ ਕਿਹੜੀ ਬਰਕਤ ? ਕੁੱਝ ਦਿਨ ਸਬਰ ਕਰ, ਫੇਰ ਅਸਾਂ ਹੋਵਾਂਗੇ ਤੇ ਬੇਬਰਕਤੀ ਹੋਵੇਗੀ ਜਦੋਂ ਅਸਾਡੀ ਫਸਲ ਜ਼ਿਮੀਦਾਰ ਆਪਣੇ ਕਰਜ਼ ਬਦਲੇ ਲੈ ਜਾਵੇਗਾ, ਬਾਕੀ ਉਧਾਰ ਵਸੂਲਣ ਵਾਲ਼ੇ ਲੋਕ ਅਸਾਡਾ ਬੂਹਾ ਪੁੱਟ ਮਾਰਨਗੇ ਤਾਂ ਅਸਾਡੀ ਖਾਧੀ ਬੁਰਕੀ ਦੀ ਵੀ ਗਿਣਤੀ ਹੋਇਆ ਕਰੇਗੀ।"
ਭਰਾ ਆਖਿਆ, "ਏਨਾ ਤੱਤਾ ਨਾ ਹੋਇਆ ਕਰ ਭਰਾ ! ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਈ ਅਸਾਡੇ ਜੀਵਨ ਵਿੱਚ ਬਰਕਤ ਪਾਵੰਦੀਆਂ ਨੇ, ਕੁੱਝ ਚਿਰ ਲਈ ਹੱਸ ਖੇਡ ਕੇ ਮਨ ਪਰਚਾ ਲਈਦਾ ਏ। ਇਹ ਈ ਅਸਾਡੀ ਦੌਲਤ ਤੇ ਇਹ ਈ ਸਾਡੀ ਬਰਕਤ ਏ । ਪਤਾ ਨਹੀਂ ਤੂੰ ਕਿਹੜੀ ਬਰਕਤ ਦੀ ਭਾਲ ਵਿੱਚ ਏ। ਹਰ ਗੱਲ ਵਿੱਚੋਂ ਨੁਕਸ ਤੇ ਬੇਸਵਾਦੀ ਈ ਭਾਲਦਾ ਰਹਿੰਦਾ ਏਂ।"
ਮੈਂ ਕਿਹੜੀ ਬਰਕਤ ਦੀ ਭਾਲ ਵਿੱਚ ਆਂ, ਇਹ ਤੇ ਮੈਨੂੰ ਵੀ ਮਲੂਮ ਨਹੀਂ ਸੀ। ਮੇਰੇ ਅੰਦਰਲਾ ਬੰਦਾ ਰਾਜ਼ੀ ਨਹੀਂ ਸੀ ਹੋ ਰਿਹਾ। ਹੁਣ ਅਸਾਡੇ ਘਰ ਲਾੜੀ ਦੇ ਆਵਣ ਨਾਲ ਵਿਹੜਾ ਸੁਹਣਾ ਸੁਹਣਾ ਲੱਗਣ ਲੱਗ ਪਿਆ ਸੀ । ਨਵੀਂ ਵਹੁਟੀ ਦੇ ਚੂੜੇ ਦੇ ਛਣਕਾਰੇ ਤੇ ਪੰਜੇਬਾਂ ਦੀ ਛਨ ਛਨ ਨਾਲ ਘਰ ਦਾ ਸਮਾਂ ਕੁੱਝ ਨਰੋਇਆ ਨਰੋਇਆ ਜਾਪਦਾ ਸੀ। ਮੇਰੀ ਮਾਂ ਤਾਂ ਬਹੁਤ ਖੁਸ਼ ਸੀ। ਉਹਨੂੰ ਨੂੰਹ ਪਸੰਦ ਆ ਗਈ ਸੀ ਤੇ ਨੂੰਹ ਦੀਆਂ ਰੀਝਾਂ ਲਾਹਦੀ ਨਹੀਂ ਸੀ ਥੱਕਦੀ। ਲਾੜੀ ਹੈ ਵੀ ਡਾਢੀ ਸਮਝਦਾਰ ਸਿਆਣੀ ਸੀ । ਉਸ ਛੇਤੀ ਈ ਮੇਰੀਆਂ ਆਦਤਾਂ ਨੂੰ ਸਮਝ ਲਿਆ। ਘਰ ਦੇ ਕੰਮਾਂ ਵਿੱਚ ਵੀ ਫੁਰਤੀਲੀ ਤੇ ਚੰਗੀ ਸੂਝ ਰੱਖਦੀ ਸੀ। ਵਾਹੀ ਦੇ ਕੰਮ ਵਿੱਚ ਵਾਹਵਾ ਉੱਦਮ ਵਿਖਾਵੰਦੀ ਤੇ ਡੰਗਰ ਬੰਨ੍ਹ ਖੋਹਲ ਲੈਂਦੀ ਸੀ। ਸੱਚੀਂ, ਨੂੰਹ ਸੱਸ ਦਾ ਚੰਗਾ ਸਹਾਰਾ ਬਣ ਗਈ ਸੀ।
ਮੇਰੀ ਹਰ ਗੱਲ ਮੰਨ ਲੈਂਦੀ ਤੇ ਮੁਹੱਬਤ ਕਰਨ ਵਾਲੀ ਸੀ । ਪਰ ਜਦ ਕਦੀ ਵੀ ਮੈਂ ਉਹਦੀ ਤੌਹੀਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉੱਕਾ ਨਾ ਜਰਿਆ ਕਰਦੀ, ਸ਼ੇਰਨੀ ਵਾਂਗ ਗੁੱਸਾ ਕਰਦੀ ਤੇ ਰੁੱਸ ਕੇ ਪੇਕਿਆਂ ਨੂੰ ਚਲੀ ਜਾਂਦੀ ਤੇ ਫੇਰ ਕਈ ਕਈ ਮਹੀਨੇ ਉੱਥੇ ਈ ਰਹਿੰਦੀ। ਉਹਨੂੰ ਮਨਾ ਕੇ ਲਿਆਵਣ ਵਿੱਚ ਮੇਰੇ ਮਾਪੇ ਵੀ ਕੋਈ ਕਾਹਲ ਨਾ ਵਿਖਾਵੰਦੇ। ਮੇਰੇ ਮਾਪੇ ਅਜੇ ਮੈਨੂੰ ਵਿਆਹ ਦੇ ਲਾਇਕ ਨਹੀਂ ਸਨ ਸਮਝਦੇ। ਮਾਪਿਆਂ ਦੇ ਖਿਆਲ ਵਿੱਚ ਮੇਰੀ ਉਮਰ ਅਜੇ ਕੱਚੀ ਸੀ। ਏਸ ਗੱਲ ਦਾ ਡਾਢਾ ਧਿਆਨ ਰੱਖਦੇ ਕਿ ਇਹ ਦੋਵੇਂ ਆਪਸ ਵਿੱਚ ਘੱਟ ਈ ਰਲਕੇ ਬਹਿਣ ਤਾਂ ਚੰਗਾ ਏ। ਏਸ ਮਕਸਦ ਲਈ ਉਹ ਰਾਤ ਨੂੰ ਵੀ ਅਜਿਹਾ ਇੰਤਜ਼ਾਮ ਕਰਦੇ ਕਿ ਅਸਾਂ ਦੋਵੇਂ ਰਲਕੇ ਬੈਠਣਾ, ਉੱਠਣਾ ਤੇ ਸੌਣਾ ਤਾਂ ਕੀ, ਅਜ਼ਾਦੀ ਨਾਲ ਕੋਈ ਹਾਸੇ ਮਖੌਲ ਦੀ ਗੱਲ ਵੀ ਨਹੀਂ ਸਾਂ ਕਰ ਸਕਦੇ । ਏਹੋ ਕਾਰਨ ਸੀ ਕਿ ਜਦ ਮੇਰੀ ਵਹੁਟੀ
ਰੁੱਸ ਕੇ ਪੇਕੇ ਜਾਂਦੀ ਤਾਂ ਮੇਰੇ ਮਾਪੇ ਛੇਤੀ ਲੈਣ ਨਾ ਜਾਂਦੇ ਤੇ ਨਾ ਉੱਥੇ ਜਾਣ ਦੀ ਮੈਨੂੰ ਖੁੱਲ੍ਹ ਸੀ । ਜਦ ਵਾਹੀ ਬੀਜੀ ਦਾ ਜ਼ੋਰ ਯਾ ਫਸਲ ਦੀ ਵਾਢੀ ਫਾਂਡੀ ਦਾ ਵੇਲਾ ਹੁੰਦਾ ਤਾਂ ਝੱਟ ਜਾ ਕੇ ਲੈ ਆਂਵਦੇ।
ਵਹੁਟੀ ਦੇ ਆਵਣ 'ਤੇ ਉਹੀ ਯਤਨ ਕਿ ਅਸਾਂ ਰਲ ਕੇ ਨਾ ਬੈਠੀਏ, ਪਰ ਅਸਾਂ ਵੀ ਰਾਹਵਾਂ ਕੱਢ ਲਈਆਂ ਸਨ । ਮਾਪਿਆਂ ਸਾਹਮਣੇ ਅਸਾਂ ਇੱਕ ਦੂਜੇ ਨਾਲ ਕੋਈ ਹਾਸੇ ਦੀ ਗੱਲ ਨਾ ਕਰਦੇ, ਰਾਤ ਨੂੰ ਵੀ ਵੱਖ ਵੱਖ ਈ ਰਹਿੰਦੇ, ਪਰ ਦਿਨ ਨੂੰ ਫਸਲਾਂ ਵਿੱਚ ਕੰਮ ਕਰਦਿਆਂ ਹੋਇਆਂ ਬਿਲਕੁਲ ਅਜ਼ਾਦ ਸਾਂ । ਹਾਸੇ ਮਖੌਲ ਤੇ ਹੋਰ ਸਭ ਕੁੱਝ ਲਈ ਅਜ਼ਾਦ ਸਾਂ। ਸਗੋਂ ਰੱਜ ਕੇ ਅਜ਼ਾਦੀ ਦਾ ਅਨੰਦ ਮਾਣਦੇ ਸਾਂ । ਮਾਪੇ ਸਾਨੂੰ ਅਜੇ ਤੀਕਰ ਨਾਦਾਨ ਤੇ ਸ਼ਰੀਫ ਈ ਸਮਝਦੇ ਰਹੇ, ਪਰ ਅਸਾਂ ਉਹ ਸਾਰੀਆਂ ਈ ਮੌਜਾਂ ਮਾਣੀਆਂ ਜੋ ਮਾਣ ਸਕਦੇ ਸਾਂ । ਵੇਲਾ ਆਪਣੀ ਚਾਲੇ ਚੱਲਦਾ ਰਿਹਾ ਤੇ ਅਸਾਂ ਆਪਣੀ ਚਾਲੇ ਚਲਦੇ ਰਹੇ।
ਚਾਚੇ ਲੰਡੂ ਨਾਲ ਮੈਂ ਝੂਠ ਈ ਬੋਲਦਾ ਰਿਹਾ। ਉਹਨੇ ਜਦ ਵੀ ਹੋਸ਼ਾਂ ਬਾਰੇ ਪੁੱਛਿਆ ਮੈਂ ਹੋਸ਼ਾਂ ਵੱਲੋਂ ਤਾਰੀਫ ਦੇ ਬੋਲ ਸੁਣਾਵੰਦਾ ਤੇ ਆਖਦਾ ਕਿ ਚਾਚਾ ਉਹ ਤੇ ਆਖਦੀ ਏ, "ਮੈਂ ਲੰਡੂ ਤੋਂ ਕੁਰਬਾਨ ਹੋਣਾ ਚਾਹਨੀ ਆਂ ਪਰ ਕੀ ਕਰਾਂ, ਮੈਨੂੰ ਦੋ ਬਾਲ ਚਿੰਬੜੇ ਹੋਏ ਨੇ, ਆਖਰ ਮਾਂ ਵਾਂ ।" ਚਾਚਾ ਉਹ ਤੇ ਤੇਰਾ ਈ ਨਾ ਜਪਦੀ ਏ ਤੇ ਤਰਲਾ ਕਰਦੀ ਏ ਕਿ ਲੰਡੂ ਨੂੰ ਆਖੋ ਕੁ ਦਿਨ ਹੋਰ ਇਕਲਾਪਾ ਕੱਟ ਲਵੇ, ਮੈਂ ਛੇਤੀ ਈ ਬਹੁੜ ਪੈਸਾਂ, ਬੱਸ ਜ਼ਰਾ ਬਾਲ ਸਮਝਦਾਰ ਹੋ ਜਾਵਣ ਤਾਂ। ਸੱਚੀਂ ਚਾਚਾ ਉਹ ਬਾਲਾਂ ਦੀ ਮਾਰੀ ਉੱਤੇ ਡਿੱਗੀ ਹੋਈ ਏ, ਨਹੀਂ ਤੇ ਉਹਦਾ ਦਿਲ ਨਹੀਉਂ ਲੱਗਦਾ।
ਚਾਚਾ ਲੰਡੂ ਕੁੱਝ ਦੇਰ ਲਈ ਖੁਸ਼ ਹੋ ਜਾਂਦਾ ਤੇ ਆਖਦਾ, "ਮੈਂ ਵੀ ਇਹ ਈ ਸੋਚਨਾ, ਮਜ਼ਬੂਰ ਏ ਵਿਚਾਰੀ।... ਬਾਲਾਂ ਦੀ ਮਾਰੀ ਹੋਈ, ਨਹੀਂ ਤੇ ਚਿਰੋਕਣਾ ਆ ਜਾਂਦੀ । ਆਖਰ ਮੁਹੱਬਤ ਕਰਨੇ ਆਂ ਅਸਾਂ ।" ਸੱਚ ਏ ਚਾਚਾ ਮੁਹੱਬਤ ਕਰਨ ਵਾਲੇ ਕਦੀ ਇੱਕ ਦੂਜੇ ਨੂੰ ਭੁੱਲਦੇ ਨਹੀਂ। ਪਰ ਹੋਸ਼ਾਂ ਤੇ ਤੇਰੇ ਨਾਲ ਪਿਆਰ ਈ ਬਹੁਤ ਕਰਦੀ ਏ। ਮੇਰੀ ਏਸ ਤਸੱਲੀ ਉੱਤੇ ਲੰਡੂ ਬਹੁਤ ਰਾਜ਼ੀ ਹੁੰਦਾ ਤੇ ਆਖਦਾ, “ਯਾਰ ਮੈਂ ਤੇਰਾ ਵੀ ਤੇ ਬਹੁਤ ਅਹਿਸਾਨਮੰਦ ਆਂ ਕਿ ਤੂੰ ਮੈਨੂੰ ਹੋਸ਼ਾਂ ਦੀ ਖ਼ਬਰ ਖ਼ੈਰੀਅਤ ਲਿਆ ਦੇਨਾਂ ਏਂ।”
ਝੂਠ ਬੋਲਣਾ ਮੈਨੂੰ ਕੋਈ ਚੰਗਾ ਤੇ ਨਹੀਂ ਲੱਗਦਾ। ਮੈਂ ਕਦੀ ਵੀ ਹੋਸ਼ਾਂ ਨੂੰ ਜਾ ਕੇ ਨਹੀਂ ਸੀ ਮਿਲਿਆ, ਮਿਲ ਕੇ ਵੀ ਕੀ ਆਖਦਾ ਜਦ ਕਿ ਉਹ ਲੰਡੂ ਨੂੰ ਛੱਡ ਗਈ ਹੋਈ ਸੀ। ਸਾਰੇ ਲੋਕੀਂ ਵੀ ਆਖਦੇ ਸਨ ਕਿ ਹੋਸ਼ਾਂ ਲੰਡੂ ਨੂੰ ਛੱਡ ਗਈ ਹੋਈ ਏ । ਪਰ ਮੈਂ ਸੱਚ ਬੋਲਕੇ ਚਾਚੇ ਲੰਡੂ ਦਾ ਦਿਲ ਨਹੀਂ ਸਾਂ ਤੋੜਨਾ ਚਾਹਦਾ। ਮੈਂ ਉਹਦੇ ਕੋਲੋਂ ਕੰਨੀ ਕਤਰਾਵਣ ਲੱਗ ਪਿਆ ਸਾਂ ਕਿ ਮੈਥੋਂ ਕੋਈ ਗੱਲ ਨਾ ਪੁੱਛੇ ਤੇ ਨਾ ਈ ਕੋਈ ਹੋਸ਼ਾਂ ਵਾਸਤੇ ਸੁਨੇਹੜਾ ਦੇਵੇ, ਪਰ ਉਹ ਤੇ ਆਪ ਮੈਨੂੰ ਲੱਭ ਲਿਆ ਕਰਦਾ ਸੀ ਫੇਰ ਕਿੰਨੀ ਕਿੰਨੀ ਦੇਰ ਹੋਸ਼ਾਂ ਬਾਰੇ ਗੱਲਾਂ ਕਰਦਾ ਰਹਿੰਦਾ ਸੀ। ਮੇਰੇ ਕੋਲ ਕੋਈ ਚਾਰਾ ਨਹੀਂ ਸੀ, ਮੈਂ ਤੋੜ ਕੇ ਜਵਾਬ ਵੀ ਨਹੀਂ ਸਾਂ ਦੇਣਾ ਚਾਹਦਾ।
ਵਿਆਹ ਹੋਵਣ ਨਾਲ ਕੁੱਝ ਦਿਨ ਤਾਂ ਹਾਸਾ ਮਖੌਲ ਖੇਡਦਾ ਰਿਹਾ, ਪਰ ਮੇਰੇ ਅੰਦਰ ਦੀ ਅੱਗ ਬੁਝੀ ਨਹੀਂ ਸੀ। ਉਹ ਈ ਉਦਾਸੀਆਂ ਤੇ ਉਹ ਈ ਪੁਰਾਣੇ ਰੋਗ, ਨਾ ਸਮਝ
ਆਵਣ ਵਾਲੇ ਸੁਫਨੇ ਤੇ ਤਲਖੀ, ਉਹ ਈ ਕੰਮ ਤੇ ਉਹ ਈ ਹਾਲਾਤ !
ਕੁੱਝ ਦਿਨਾਂ ਮਗਰੋਂ ਸਾਡੇ ਪਿੰਡ ਵਿੱਚ ਬਾਬਾ ਮਹਿੰਦ ਬਖ਼ਸ਼ ਆਇਆ। ਉਹ ਕਿਸੇ ਦੂਰ ਦੇ ਪਿੰਡ ਦਾ ਰਹਿਣ ਵਾਲਾ ਸੀ । ਏਥੇ ਉਹਦੇ ਕੁੱਝ ਜਾਣੂ ਲੋਕ ਰਹਿੰਦੇ ਸਨ । ਉਸ ਏਥੇ ਆ ਕੇ ਹੱਟੀ ਪਾ ਲਈ। ਮਾੜੀ ਮੋਟੀ ਹਿਕਮਤ ਵੀ ਜਾਣਦਾ ਸੀ ਤੇ ਦਮ ਦਰੂਦ ਵੀ ਕਰਦਾ। ਬਾਲਾਂ ਨੂੰ ਕੁਰਾਨ ਸਰੀਫ ਤੇ ਅਰਬੀ ਵੀ ਪੜ੍ਹਾਵਣ ਲੱਗ ਪਿਆ। ਦਾਨਾ ਤੇ ਸਰੀਫ ਇਨਸਾਨ ਸੀ। ਉਹਦੀਆਂ ਗੱਲਾਂ ਵਿੱਚੋਂ ਮੁਹੱਬਤ, ਉਣਸ ਤੇ ਸੱਚਾਈ ਫੁੱਟਦੀ ਜਾਪਦੀ ਸੀ । ਹਰ ਇੱਕ ਨੂੰ ਬੜੇ ਖਲੂਸ ਤੇ ਪਿਆਰ ਨਾਲ ਮਿਲਦਾ ਸੀ। ਉਹਦੀ ਅਵਾਜ਼ ਬੜੀ ਸੁਰੀਲੀ ਤੇ ਸੋਜ਼ ਵਾਲੀ ਸੀ। ਲੋਕਾਂ ਦੇ ਕੰਮ ਆਵਣ ਵਾਲੀ ਤਬੀਅਤ ਤੇ ਸੁਭਾਅ ਸੀ ਉਹਦਾ। ਦਰਵੇਸ਼ ਕਿਸਮ ਦਾ ਰਹਿਣਾ ਬਹਿਣਾ ਉਹਨੂੰ ਪਸੰਦ ਸੀ । ਬਾਲਾਂ ਨੂੰ ਪੜ੍ਹਾਵਣ ਵੇਲੇ ਉਹ ਹੱਟੀ ਬੰਦ ਕਰ ਦਿੰਦਾ ਸੀ ਤੇ ਹੱਟੀ ਦੇ ਅੱਗੇ ਬਣੇ ਹੋਏ ਥੜ੍ਹੇ 'ਤੇ ਈ ਸਫ਼ ਵਿਛਾ ਕੇ ਪੜ੍ਹਾਵਣ ਲੱਗ ਪੈਂਦਾ। ਮੈਨੂੰ ਜਦ ਵੀ ਕੋਈ ਵੇਲਾ ਮਿਲਦਾ ਤਾਂ ਥੜ੍ਹੇ ਉੱਤੇ ਜਾ ਬੈਠਦਾ ਸਾਂ, ਬਾਬਾ ਜੀ ਦੀਆਂ ਗੱਲਾਂ ਸੁਣਦਾ, ਸੋਚਦਾ, ਚਿੱਥਦਾ।
ਏਥੋਂ ਸਾਹਮਣੇ ਜ਼ੋਹਰਾ ਦਾ ਘਰ ਸਾਫ਼ ਨਜ਼ਰ ਆਂਵਦਾ ਸੀ, ਮੇਰੀ ਤਾੜੀ ਉੱਧਰ ਈ ਲੱਗੀ ਰਹਿੰਦੀ ਸੀ। ਬਾਬਾ ਜੀ ਸ਼ਰਹ ਸ਼ਰਈਅਤ ਦੀ ਗੱਲ ਵੀ ਮੌਲਵੀਆਂ ਵਾਂਗ ਨਹੀਂ ਸਨ ਕਰਦੇ, ਨਰਮ ਨਰਮ ਤੇ ਸਵਾਦੀ ਸਵਾਦੀ ਗੱਲਾਂ ਬਹੁਤ ਈ ਮਨ ਭਾਵਦੀਆਂ ਸਨ । ਸਗੋਂ ਉਹ ਤੇ ਮੌਲਵੀ ਦੀ ਨਿੰਦਿਆ ਕਰਿਆ ਕਰਦਾ ਸੀ। ਮੌਲਵੀ ਵਿਰੁੱਧ ਕਈ ਲਤੀਫੇ ਯਾਦ ਸਨ ਉਹਨੂੰ । ਸਵਾਦਲੀਆਂ ਗੱਲਾਂ ਸੁਣਨ ਲਈ ਮੈਂ ਕਾਫੀ ਦੇਰ ਉੱਥੇ ਥੜ੍ਹੇ ਉੱਤੇ ਯਾ ਹੱਟੀ ਦੇ ਅੰਦਰ ਬੈਠਾ ਰਹਿੰਦਾ ਸਾਂ । ਗੱਲਾਂ ਗੱਲਾਂ ਵਿੱਚ ਮਲੂਮ ਹੋਇਆ ਕਿ ਬਾਬਾ ਮਹਿੰਦ ਬਖਸ਼ ਜਵਾਨੀ ਵੇਲ਼ੇ ਰਾਸਧਾਰੀਆਂ ਨਾਲ ਵੀ ਕੰਮ ਕੀਤਾ ਕਰਦਾ ਸੀ । ਸੰਗ ਨਾਲ ਰਲਕੇ ਸਾਂਗ ਵੀ ਬਣਾਇਆ ਕਰਦੇ ਸਨ, ਗਾਣਾ ਤੇ ਕਈ ਸਾਜ਼ ਵੀ ਵਜਾਵਣੇ ਆਂਵਦੇ ਸਨ।
ਮੈਨੂੰ ਵੰਝਲੀ ਵਜਾਵਣੀ ਤੇ ਆਂਵਦੀ ਸੀ, ਪਰ ਚੱਜ ਦੀ ਨਹੀਂ ਸੀ ਵੱਜਦੀ। ਮੈਨੂੰ ਕੋਈ ਹੋਰ ਸਾਜ਼ ਵਜਾਵਣ ਦੀ ਅਚਕਲ ਹੋਈ ਤੇ ਮੈਂ ਕਿਸੇ ਸਾਜ਼ ਬਾਰੇ ਗੱਲ ਕੀਤੀ। ਆਪਣੀ ਰੀਝ ਦੱਸਦਿਆਂ ਆਖਿਆ, "ਬਾਬਾ ਜੀ! ਮੈਨੂੰ ਵੀ ਕੋਈ ਸਾਜ਼ ਵਜਾਣਾ ਆ ਜਾਵੇ ਤੇ ਚੰਗੀ ਗੱਲ ਏ।" ਪਹਿਲੇ ਤੇ ਉਹਨਾਂ ਇਨਕਾਰ ਕੀਤਾ, ਫੇਰ ਮੇਰੇ ਰੋਜ਼ ਰੋਜ਼ ਦੇ ਆਖਣ ਉੱਤੇ ਬੈਂਜੋ ਵਜਾਵਣੀ ਸਿਖਾਣ ਦੀ ਹਾਮੀ ਭਰ ਲਈ । ਬੈਂਜੋ ਖਰੀਦਣ ਲਈ ਪੈਸਿਆਂ ਦੀ ਲੋੜ ਸੀ ਪਰ ਸਾਡੇ ਕਿਸੇ ਕੋਲ ਵੀ ਪੈਸਾ ਨਹੀਂ ਸੀ । ਬਜ਼ਾਰ ਵਿੱਚੋਂ ਮਲੂਮ ਕਰਾਵਣ ਤੇ ਮਲੂਮ ਹੋਇਆ ਕਿ ਚੰਗੀ ਬੈਂਜੋ ਦਾ ਮੁੱਲ ਸਤਾਰਾਂ ਅਠਾਰਾਂ ਰੁਪਏ ਹੈ।
ਕੋਈ ਸਾਜ਼ ਵਜਾਵਣਾ ਸਿੱਖਣ ਦਾ ਸ਼ੌਕ ਕਿੰਨੇ ਦਿਨ ਮੈਨੂੰ ਪਰੇਸ਼ਾਨ ਕਰਦਾ ਰਿਹਾ ਸੀ ਕਿ ਏਨੇ ਪੈਸੇ ਕਿੱਥੋਂ ਲਿਆਵਾਂ। ਕੋਈ ਰਾਹ ਨਜ਼ਰ ਨਹੀਂ ਸੀ ਆ ਰਹੀ। ਕਈ ਦਿਨ ਹੱਟੀ ਦੇ ਥੜ੍ਹੇ 'ਤੇ ਨਹੀਂ ਸਾਂ ਚੜ੍ਹਿਆ। ਇੱਕ ਦਿਨ ਬਾਬੇ ਮੈਨੂੰ ਬੁਲਾ ਕੇ ਆਖਿਆ, “ਤੂੰ ਏਥੇ ਆਇਆ ਕਰ। ਐਵੇਂ ਦਿਲ ਨਾ ਛੱਡ। ਤੇਰੇ ਨਾਲ ਗੱਲਾਂ ਕਰਕੇ ਮੈਨੂੰ ਆਪਣਾ ਇਕਲਾਪਾ ਕੁੱਝ ਘਟ ਜਾਂਦਾ ਮਲੂਮ ਹੁੰਦਾ ਏ। ਬੈਂਜੋ ਖਰੀਦਣ ਦੇ ਵਾਸਤੇ ਮੈਂ ਕੁੱਝ ਪੈਸੇ ਇਕੱਠੇ ਕਰਨਾ ਵਾਂ
ਤੇ ਕੁੱਝ ਤੂੰ ਕਰ ਲੈ, ਅੱਛਾ ਚੱਲ ਦਸ ਰੁਪਏ ਮੇਰੇ ਵੱਲੋਂ ਤੇ ਅੱਠ ਰੁਪਏ ਤੇਰੇ ਵੱਲੋਂ, ਬੈਂਜੋ ਵੀ ਤੇਰੀ ਹੋਈ।"
ਅੱਠ ਰੁਪਏ ਇਕੱਠੇ ਕਰਨ ਲਈ ਮੈਨੂੰ ਗੱਡ ਦੀ ਕਮਾਈ ਵਿੱਚੋਂ ਬੇਈਮਾਨੀ ਕਰਨੀ ਪਈ ਸੀ। ਹੇਰਾ ਫੇਰੀ ਕਰਕੇ ਹਰ ਫੇਰੇ ਕੁੱਝ ਨਾ ਕੁੱਝ ਪੈਸੇ ਬਚਾਵਣ ਲੱਗ ਪਿਆ । ਢਾਈ ਤਿੰਨ ਮਹੀਨੇ ਮਗਰੋਂ ਮੈਂ ਅੱਠ ਰੁਪਏ ਜੋੜ ਈ ਲਏ।
ਬੇਈਮਾਨੀ ਮੈਨੂੰ ਬੁਰੀ ਤਾਂ ਬਹੁਤ ਲੱਗਦੀ ਸੀ ਪਰ ਸ਼ੌਕ ਅੱਗੇ ਸਭ ਕੁੱਝ ਹੀਣਾ ਲੱਗਿਆ। ਸ਼ੌਕ ਲਈ ਮੈਂ ਬੈਂਜੋ ਖਰੀਦਣੀ ਸੀ ਉਹ ਖਰੀਦ ਲਈ। ਜਿਹੜੇ ਦਿਨ ਬਾਬਾ ਮਹਿੰਦ ਬਖਸ਼ ਬੈਂਜੋ ਖਰੀਦ ਕੇ ਲਿਆਇਆ ਉਸ ਦਿਨ ਮੈਨੂੰ ਬੜਾ ਚਾਅ ਚੜ੍ਹਿਆ ਸੀ।
ਬੈਂਜੋ ਦੀਆਂ ਤਾਰਾਂ ਵਿੱਚੋਂ ਖੌਰੇ ਮੇਰੀ ਰੂਹ ਬੋਲਦੀ ਸੀ। ਮੇਰੇ ਸਾਰੇ ਰੋਗ ਤਾਰਾਂ ਵਿੱਚੋਂ ਫਰਿਆਦ ਬਣ ਕੇ ਨਿੱਕਲਣ ਲੱਗ ਪਏ। ਰਾਤ ਨੂੰ ਚੋਰੀ ਚੋਰੀ ਮੈਂ ਬੈਂਜੋ ਵਜਾਵਣੀ ਸਿੱਖੀ ਸੀ। ਉਹ ਵੀ ਪਿੰਡੋਂ ਬਾਹਰ ਪੈਲੀਆਂ ਤੇ ਬੰਨਿਆਂ ਵਿੱਚ ਲੁਕ ਲੁਕ ਕੇ। ਜਿੰਨੀ ਕੁ ਜਾਚ ਬਾਬੇ ਮਹਿੰਦ ਬਖਸ਼ ਨੂੰ ਆਂਵਦੀ ਸੀ ਉਸ ਮੈਨੂੰ ਸਿਖਾ ਦਿੱਤੀ । ਜਦ ਭਿੱਜੀ ਰਾਤ ਨੂੰ ਬਾਹਰ ਜੰਗਲ ਵਿੱਚ ਜਾ ਕੇ ਮੈਂ ਬੈਂਜੋ ਵਜਾਵੰਦਾ, ਤਾਂ ਮੇਰੇ ਹੰਝੂ ਵੀ ਵਗ ਵਗ ਪੈਂਦੇ ਸਨ । ਬੈਂਜੋ ਤੇ ਮੇਰੇ ਹੱਥ ਵਿੱਚ ਖਿਡੌਣਾ ਸੀ ਜਿਵੇਂ ਮੇਰਾ ਮਨ ਪਰਚਾਵਣ ਵਿੱਚ ਬੈਂਜੋ ਮੇਰਾ ਬੜਾ ਸਾਥ ਦਿੱਤਾ ਸੀ। ਮੈਂ ਖੁਸ਼ ਰਹਿੰਦਾ, ਬਹੁਤ ਖੁਸ਼। ਜਦ ਵੀ ਮੇਰੇ ਉੱਤੇ ਉਦਾਸੀ ਦੀ ਕੋਈ ਲਹਿਰ ਆਂਵਦੀ ਤਾਂ ਮੈਂ ਬੈਂਜੋ ਦੀਆਂ ਤਾਰਾਂ ਛੇੜ ਕੇ ਰੂਹ ਰਾਜ਼ੀ ਕਰ ਲਿਆ ਕਰਦਾ ਸਾਂ । ਬੈਂਜੋ ਹੱਟੀ ਉੱਤੇ ਈ ਰੱਖਦਾ ਸਾਂ । ਪਿਉ ਦੇ ਡਰ ਪਾਰੋਂ ਮੈਂ ਘਰ ਨਹੀਂ ਸੀ ਲਿਆ ਸਕਦਾ । ਬਾਬੇ ਬਾਰੇ ਹੋਰ ਮਲੂਮ ਹੋਇਆ ਕਿ ਉਹਦਾ ਬਾਲ ਬੱਚਾ ਤੇ ਜੀਅ ਜੰਤ ਵੀ ਹੈ। ਪਤਾ ਨਹੀਂ ਕਿਹੜੀ ਗੱਲ ਕਾਰਨ ਘਰ ਵਾਲਿਆਂ ਨਾਲ ਨਰਾਜ਼ ਹੋ ਕੇ ਏਥੇ ਆ ਡੇਰਾ ਲਾਇਆ ਏ। ਮੇਰੇ ਲਈ ਇਹ ਗੱਲ ਬਹੁਤ ਈ ਹੈਰਾਨੀ ਵਾਲੀ ਸੀ ਕਿ ਏਨਾ ਚੰਗਾ ਬੰਦਾ ਆਪਣੇ ਘਰ ਵਾਲਿਆਂ ਤੋਂ ਕਿਉਂ ਨਰਾਜ਼ ਹੋਇਆ ਏ। ਪਰ ਬਾਬੇ ਮਹਿੰਦ ਬਖਸ਼ ਆਪਣੇ ਨਰਾਜ਼ ਹੋਵਣ ਦੀ ਵਜ੍ਹਾ ਕਦੇ ਕਿਸੇ ਨੂੰ ਨਹੀਂ ਸੀ ਦੱਸੀ। ਜਦ ਕਦੀ ਬਾਬਾ ਮਹਿੰਦ ਬਖਸ਼ ਉਦਾਸ ਹੁੰਦਾ ਤਾਂ ਉਹ ਸੈਫ਼ ਅਲਮਲੂਕ ਪੜ੍ਹਕੇ, ਸਗੋਂ ਗਾ ਕੇ ਜੀਅ ਹੌਲਾ ਕਰ ਲਿਆ ਕਰਦਾ ਸੀ: ਨੀਚਾਂ ਦੀ ਅਸ਼ਨਾਈ ਕੋਲੋਂ ਫ਼ੈਜ਼ ਕਿਸੇ ਨਹੀਂ ਪਾਇਆ, ਕਿੱਕਰ 'ਤੇ ਅੰਗੂਰ ਚੜ੍ਹਾਇਆ ਤੇ ਹਰ ਗੁੱਛਾ ਜਖ਼ਮਾਇਆ।
ਕੁੱਝ ਦਿਨਾਂ ਲਈ ਗੱਡ ਦਾ ਕੰਮ ਕਮੋਕੀ ਵਿੱਚ ਨਿੱਕਲਿਆ। ਮੈਂ ਉੱਥੇ ਗਿਆ ਹੋਇਆ ਸਾਂ। ਮਹੀਨੇ ਮਗਰੋਂ ਵਾਪਸ ਪਰਤਿਆ ਤਾਂ ਮਲੂਮ ਹੋਇਆ ਕਿ ਬਾਬੇ ਮਹਿੰਦ ਬਖਸ਼ ਨੂੰ ਘਰ ਵਾਲੇ ਮਨਾ ਕੇ ਲੈ ਗਏ ਨੇ। ਮੇਰੇ ਲਈ ਬਹੁਤ ਮਾੜਾ ਹੋਇਆ। ਪਰ ਕੀ ਕੀਤਾ ਜਾਂਦਾ । ਮੈਨੂੰ ਬੈਂਜੋ ਦੀ ਫਿਕਰ ਹੋਈ ਪਰ ਘਰੋਂ ਮਲੂਮ ਹੋਇਆ ਕਿ ਬੈਂਜੋ ਘਰ ਵਿੱਚ ਆ ਗਈ ਏ। ਮੈਂ ਬਹੁਤ ਡਰਿਆ। ਭੇਤ ਖੁੱਲ੍ਹ ਗਿਆ ਸੀ। ਪਿਉ ਕੋਲੋਂ ਝਾੜਾਂ ਦੇ ਨਾਲ ਨਾਲ ਫੰਡ ਪੈਣ ਦਾ ਖੌਫ਼ ਵੱਖ ਹੋਇਆ। ਮੈਂ ਬਹੁਤ ਘਬਰਾਇਆ ਹੋਇਆ ਸਾਂ । ਵਹੁਟੀ ਨੂੰ ਕੀ ਮਲੂਮ ਕਿ ਮੈਂ ਕਿਹੜੀ ਖਚਾ ਵਿੱਚ ਆਂ। ਉਹਨੇ ਹੱਸ ਕੇ ਆਖਿਆ, "ਤੇਰੀ ਕਿੰਗ ਦੀਆਂ ਤਾਰਾਂ ਤੇ ਬਹੁਤ ਸੋਹਣੀਆਂ ਖੜਕਦੀਆਂ ਨੇ।" "ਹੈਂ।” ਮੈਂ ਭਕ ਕੇ ਬੋਲਿਆ, "ਤੂੰ ਤਾਰਾਂ ਵੀ ਖੜਕਾ ਲਈਆਂ ਨੇ!"
ਹੁਣ ਤੇ ਬਿਲਕੁਲ ਹੀ ਕੋਈ ਉਹਲਾ ਨਹੀਂ ਸੀ ਰਿਹਾ।
“ਹਾਂ ਜੀ", ਮੇਰੀ ਵਹੁਟੀ ਆਖਿਆ। ਸਭ ਨੂੰ ਸਭ ਕੁੱਝ ਮਲੂਮ ਏ। ਕਿਸੇ ਤੋਂ ਕੋਈ ਉਹਲਾ ਨਹੀਂ ਰਿਹਾ।”, "ਹੁਣ ਕੀ ਬਣੇਗਾ। ਇਹ ਬਹੁਤ ਮਾੜਾ ਹੋਇਆ ਏ। ਇਹਦੇ ਨਾਲੋਂ ਤੇ ਚੰਗਾ ਸੀ ਕਿ ਬੈਂਜੋ ਬਾਬਾ ਈ ਲੈ ਜਾਂਦਾ ।" ਮੈਨੂੰ ਪਰੇਸ਼ਾਨ ਵੇਖ ਕੇ ਮੇਰੀ ਵਹੁਟੀ ਨੇ ਆਖਿਆ, "ਕੁੱਝ ਨਹੀਂ ਹੁੰਦਾ, ਕੋਈ ਕੁੱਝ ਨਹੀਂ ਕਹਿੰਦਾ। ਕਿੰਗ ਹੈ ਤੇ ਤੇਰੀ ਨਾ ?"
"ਹੈ ਤੇ ਮੇਰੀ", ਮੈਂ ਆਖਿਆ, “ਪਰ ਤੂੰ ਕਿਵੇਂ ਕਿਹਾ ਕਿ ਕੋਈ ਕੁੱਝ ਨਹੀਂ ਕਹਿੰਦਾ ? ਯਾ ਫੇਰ ਤੈਨੂੰ ਮੇਰੇ ਪਿਉ ਦੇ ਸੁਭਾਅ ਦਾ ਪਤਾ ਨਹੀਂ ਯਾ ਤੂੰ ਮੈਨੂੰ ਛੇੜ ਕੇ ਚਸਕਾ ਲੈਣਾ ਚਾਹਨੀ ਏਂ।" ਨਹੀਂ, ਇਹਦੇ ਵਿੱਚ ਚਸਕੇ ਵਾਲੀ ਕੋਈ ਗੱਲ ਨਹੀਂ। ਪਿਉ ਦੇ ਸੁਭਾਅ ਦਾ ਵੀ ਮੈਨੂੰ ਪਤਾ ਏ। ਤੈਨੂੰ ਕੋਈ ਕੁੱਝ ਨਹੀਂ ਕਹਿੰਦਾ, ਪਰ ਇੱਕ ਸ਼ਰਤ ਏ।" "ਉਹ ਕਿਹੜੀ ?" ਮੇਰੇ ਮੂੰਹ ਵਿੱਚੋਂ ਬੇਇਖਿਆਰ ਨਿੱਕਲਿਆ। "ਤੂੰ ਹੌਂਸਲਾ ਕਰ ਲਵੇਂ ਤਾਂ ਤੇਰੀ ਕਿੰਗ ਏਥੇ ਤੇਰੇ ਕੋਲ ਈ ਰਹਵੇਗੀ। ਤੇਰਾ ਸ਼ੌਕ ਮਾੜਾ ਨਹੀਂ।" ਵਹੁਟੀ ਮੁਸਕਰਾ ਕੇ ਤਸੱਲੀ ਦਿੰਦਿਆਂ ਆਖਿਆ ਸੀ।
"ਇਹ ਗੱਲ ਤੂੰ ਕਹਿਨੀ ਏ ਪਰ ਪਿਉ ਤੇ ਨਹੀਂ ਨਾ ਸਮਝਦਾ। ਤੂੰ ਇੰਜ ਕਰ ਬੈਂਜੋ ਕਿਧਰੇ ਗਾਇਬ ਕਰ ਦੇ।" ਮੈਨੂੰ ਬਹੁਤਾ ਡਰਿਆ ਜਾਣ ਕੇ ਉਸ ਖਿਝ ਕੇ ਆਖਿਆ, "ਭਲਿਆ! ਕਮਾਈ ਕਰਨ ਵਾਲੇ ਤਾਂ ਡੰਗਰ ਨੂੰ ਵੀ ਕੋਈ ਕੁੱਝ ਨਹੀਂ ਕਹਿੰਦਾ ਸਗੋਂ ਉਹਦੀ ਸੇਵਾ ਕਰਦੇ ਨੇ, ਤੂੰ ਤੇ ਮਾਪਿਆਂ ਦਾ ਕਮਾਊ ਪੁੱਤਰ ਏਂ, ਤੈਨੂੰ ਨਰਾਜ਼ ਕਰਨਾ ਕੋਈ ਸੌਖੀ ਗੱਲ ਨਹੀਂ।"
"ਵਾਹ!” ਮੇਰੇ ਮੂਹੋਂ ਨਿੱਕਲਿਆ। "ਗੱਲ ਤੇ ਤੇਰੀ ਠੀਕ ਏ।" ਮੇਰੇ ਅੰਦਰੋਂ ਡਰ ਮੁੱਕ ਗਿਆ ਸੀ।
ਕਈ ਦਿਨ ਤੀਕਰ ਉਡੀਕਦਾ ਰਿਹਾ ਕਿ ਕੋਈ ਨਾ ਕੋਈ ਘਰ ਦਾ ਜੀਅ ਬੈਂਜੋ ਦਾ ਜਿਕਰ ਛੇੜੇ ਤੇ ਸਾਫ ਕਹਿ ਦਿਆਂ ਕਿ ਮੇਰਾ ਸ਼ੌਕ ਏ, ਪਰ ਕਿਸੇ ਵੀ ਨਾ ਪੁੱਛਿਆ।
ਮੇਰੇ ਛੋਟੇ ਭਰਾਵਾਂ ਦਾ ਜਦ ਵੀ ਦਾਅ ਲਗਦਾ ਝੱਟ ਤਾਰਾਂ ਖੜਕਾਵਣ ਬਹਿ ਜਾਂਦੇ ਸਨ। ਮੇਰੀ ਵਹੁਟੀ ਲਈ ਵੀ ਖੇਡ ਸੀ, ਉਹ ਵੀ ਛੋਟੇ ਦੇਵਰਾਂ ਦੇ ਨਾਲ ਰਲ ਕੇ ਤਾਰਾਂ ਨੂੰ ਛੇੜ ਲੈਂਦੀ ਸੀ। ਉਹਨਾਂ ਦੀ ਖਿੱਚ ਧੂਹ ਨਾਲ ਬੈਂਜੋ ਕਿੰਨੇ ਕੁ ਦਿਨ ਸਹੀ ਰਹਿ ਸਕਦੀ ਸੀ ? ਆਖਰ ਟੁੱਟ ਭੱਜ ਕੇ ਖਿੱਲਰ ਪੁੱਲਰ ਗਈ। ਮੈਂ ਕਿੱਥੋਂ ਬਣਵਾਂਦਾ ਤੇ ਕਿਵੇਂ ਜੋੜਦਾ? ਪੁਰਜ਼ਾ-ਪੁਰਜ਼ਾ ਹੋ ਕੇ ਆਖਰ ਬੈਂਜੋ ਗੁਆਚ ਈ ਗਈ। ਮੈਨੂੰ ਕੁੱਝ ਆਖਣ ਦੀ ਬਜਾਏ ਘਰ ਵਾਲਿਆਂ ਖੌਰੇ ਇਹ ਢੰਗ ਸੋਚਿਆ ਹੋਵੇ ਕਿ ਅਸਲ ਸ਼ੈ ਈ ਮੁਕਾ ਦਿੱਤੀ ਜਾਵੇ।
ਜ਼ਿਮੀਦਾਰ ਦੇ ਲੋਭੂ ਤੇ ਰਸ ਚੂਸ ਰਵੱਈਏ ਪਾਰੋਂ ਲੋਕਾਂ ਦੇ ਪੱਲੇ ਕੱਖ ਨਹੀਂ ਸੀ ਬਚਦਾ । ਅਸਾਂ ਮੁਕਾਮੀ ਲੋਕ ਤੇ ਆਦੀ ਸਾਂ ਏਸ ਸੁਭਾਅ ਦੇ। ਅਰਾਈਂ ਲੋਕ ਜਿਆਦਾ ਦੇਰ ਤੀਕਰ ਜ਼ਰ ਨਾ ਸਕੇ। ਉਹਨਾਂ ਸ਼ੌਕ ਨਾਲ ਸਬਜ਼ੀ ਬੀਜਣ ਦਾ ਕੰਮ ਕੀਤਾ ਸੀ, ਬੜੀ ਖੇਚਲ ਤੇ ਖਰਚਾ ਵੀ ਬਹੁਤ ਕੀਤਾ ਸੀ। ਜ਼ਿਮੀਦਾਰ ਕੋਲੋਂ ਉਧਾਰ ਲੈ ਕੇ ਵੀ ਸਬਜ਼ੀ ਦੀ ਬਿਜਾਈ
ਉੱਤੇ ਖਰਚ ਕਰ ਦਿੱਤਾ, ਪਰ ਇਹਨਾਂ ਪੱਕੀਆਂ ਜ਼ਮੀਨਾਂ ਤੇ ਕਲਰਾਠੀ ਭੋਏਂ ਵਿੱਚ ਭਲਾਂ ਸਬਜ਼ੀ ਕੀ ਵਧਣਾ ਫੁੱਲਣਾ ਸੀ । ਛੋਟਾ ਛੋਟਾ ਕੱਦ ਕਰਕੇ ਸਬਜ਼ੀ ਦੇ ਬੂਟੇ ਮਰੋੜ ਹੋ ਕੇ ਖਲੋ ਰਹਿੰਦੇ ਸਨ, ਪਾਣੀ ਦਿਉ ਤੇ ਕੱਕੇ ਹੋ ਕੇ ਮਰ ਜਾਂਦੇ ਸਨ, ਪਾਣੀ ਨਾ ਦਿਉ ਤੇ ਧੁੱਪ ਨਾਲ ਸੜ ਭੁੱਜ ਜਾਂਦੇ ਸਨ । ਅਰਾਈਂ ਲੋਕ ਮੁੜ ਮੁੜ ਖੇਚਲ ਕਰਦੇ, ਸਬਜ਼ੀ ਬੀਜਦੇ, ਖਾਦਾਂ ਪਾਂਵਦੇ, ਪਰ ਭਰਵੀਂ ਫਸਲ ਨਾ ਹੋ ਸਕੀ। ਜ਼ਿਮੀਦਾਰ ਦਾ ਕਰਜਾ ਵੱਖ ਸਿਰ 'ਤੇ ਚੜ੍ਹ ਗਿਆ। ਜਿਹੜੇ ਸ਼ੌਕ ਨੂੰ ਆਏ ਸਨ, ਉਹ ਸ਼ੌਕ ਹੁਣ ਉਲਟ ਹੋ ਗਿਆ ਸੀ । ਪਿਛਲੀ ਕੀਤੀ ਕਮਾਈ ਵੀ ਉਹ ਇੱਥੇ ਆ ਕੇ ਖਰਚ ਕਰ ਬੈਠੇ ਸਨ, ਅੱਗੋਂ ਕੁੱਝ ਵੱਟੀਦਾ ਨਹੀਂ ਸੀ। ਜਿਹੜੀ ਥੋੜ੍ਹੀ ਬਹੁਤ ਸਬਜ਼ੀ ਹੁੰਦੀ ਉਹ ਜ਼ਿਮੀਦਾਰ ਦਾ ਉਧਾਰ ਵੀ ਨਹੀਂ ਸੀ ਪੂਰਾ ਕਰਦੀ।
ਜ਼ਿਮੀਦਾਰ ਦੇ ਮੁੰਡੇ ਵੀ ਜਵਾਨ ਹੋ ਗਏ ਸਨ। ਉਹ ਵੀ ਜ਼ਮੀਨਾਂ ਉੱਤੇ ਗੇੜਾ ਮਾਰਿਆ ਕਰਦੇ ਤੇ ਅਰਾਈਆਂ ਨੂੰ ਕਿਸੇ ਨਾ ਕਿਸੇ ਫਜੂਲ ਕੰਮ 'ਤੇ ਲਾ ਲੈਂਦੇ। ਕਦੀ ਖਾਲ ਇੱਧਰੋਂ ਪੁੱਟ ਕੇ ਉੱਧਰ ਬਣਵਾਂਦੇ, ਕਦੀ ਹਵੇਲੀ ਢਾਹ ਕੇ ਉੱਧਰ ਬਣਵਾਂਦੇ। ਜ਼ਿਮੀਦਾਰ ਤੀਸਰੀ ਵਹੁਟੀ ਕੀਤੀ ਜਿਹੜੀ ਸ਼ੇਖਾਂ ਦੀ ਧੀ ਸੀ। ਉਹ ਜ਼ਿਮੀਦਾਰ ਦੇ ਮੁਰੱਬਿਆਂ ਉੱਤੇ ਰੀਝ ਗਈ ਸੀ। ਉਹ ਵੀ ਜਦ ਕਦੀ ਮੁਰੱਬਿਆਂ ਦੀ ਸੈਰ ਨੂੰ ਆਂਵਦੀ ਤੇ ਕੋਈ ਆਪਣਾ ਵੱਖਰਾ ਹੁਕਮ ਦੇ ਜਾਂਦੀ - ਏਧਰ ਬਾਗ਼ ਲਾਓ, ਉੱਥੇ ਸੜਕ ਬਣਾਓ, ਏਥੇ ਕਮਾਦ ਤੇ ਉੱਥੇ ਮਕਈ ਉਗਾਓ ਤੇ ਫੁੱਲ ਉਗਾਓ। ਇੰਜ ਰਾਹਕ ਸਭ ਦੇ ਹੁਕਮ ਦੇ ਗੋਲੇ ਬਣੇ ਹੋਏ ਸਨ।
ਭਲਾਂ ਪੱਕੀਆਂ ਤੇ ਕਲਰਾਠੀਆਂ ਜ਼ਮੀਨਾਂ ਵਿੱਚ ਕਮਾਦ, ਮਕਈ ਤੇ ਸਬਜ਼ੀ ਕਿੱਥੇ ਉੱਗਣੀ ਸੀ। ਏਥੇ ਤੇ ਸਿਰਫ਼ ਝੋਨਾ ਈ ਬੀਜਿਆ ਜਾ ਸਕਦਾ ਸੀ ਯਾ ਕਿਧਰੇ ਕਣਕ ਤੇ ਜੌਂ ਉਗਦੇ ਸਨ। ਇਹ ਈ ਤੇ ਰਾਹਕ ਕਰ ਰਹੇ ਸਨ । ਸਬਜ਼ੀ ਦੇ ਸ਼ੌਕੀਨ ਜਿਹੜੇ ਆਏ ਸਨ, ਉਹ ਆ ਕੇ ਪਛਤਾ ਰਹੇ ਸਨ । ਉੱਤੋਂ ਜ਼ਿਮੀਦਾਰ ਦੇ ਪੁੱਤਰਾਂ ਤੇ ਸ਼ੇਖਣੀ ਦੀਆਂ ਨਵੀਂਆਂ ਬੁਤੀਆਂ ਤੇ ਫ਼ਰਮਾਇਸ਼ਾਂ ਕੌਣ ਪੂਰਾ ਕਰੇ ? ਰਾਹਕਾਂ ਦੇ ਡਰੇ ਡਰੇ ਸਹਿਮੇ ਸਹਿਮੇ ਜੇ ਭੁੱਖੇ ਨੰਗੇ ਬਾਲਾਂ ਨੂੰ ਵੇਖ ਕੇ ਸ਼ੇਖਣੀ ਮੂੰਹ ਵੱਟਦੀ ਤੇ ਪਰ੍ਹਾਂ ਪਰ੍ਹਾਂ ਰਹਿਣ ਲਈ ਆਖਦੀ। ਗੰਦੇ ਤੇ ਬਿਮਾਰ ਜਿਹੇ ਬਾਲ ਸ਼ਹਿਰ ਵਿੱਚ ਰਹਿਣ ਵਾਲੀ ਸ਼ੇਖਣੀ ਨੂੰ ਭਲਾਂ ਕਿੰਜ ਭਲੇ ਮਲੂਮ ਹੋਣੇ ਸਨ । ਗੁਆਚੀ ਗੁਆਚੀ ਰੂਹ ਤੇ ਬੁਝੇ ਬੁਝੇ ਨੈਣਾਂ ਵਾਲੀਆਂ ਮੁਟਿਆਰਾਂ, ਖਾਲੀ ਖਾਲੀ ਤੇ ਉਦਾਸ ਅੱਖਾਂ ਵਾਲੀਆਂ ਸਵਾਣੀਆਂ, ਤਰਲੇ ਪਾਂਵਦੇ ਵਿਛ ਵਿਛ ਜਾਵਣ ਵਾਲ਼ੇ ਰਾਹਕ ਭਲਾਂ ਖਾਂਦੀ ਪੀਂਦੀ ਸ਼ੇਖਣੀ ਨੂੰ ਕਿੱਥੇ ਚੰਗੇ ਲੱਗਣੇ ਸਨ, ਪਰ ਜ਼ਿਮੀਦਾਰ ਦੇ ਪੁੱਤਰ ਰਾਹਕਾਂ ਨੂੰ ਆਪਣਾ ਗੁਲਾਮ ਸਮਝਦੇ ਸਨ ਤੇ ਉਂਜ ਦਾ ਈ ਸਲੂਕ ਕਰਦੇ ਸਨ।
ਸ਼ੇਖਣੀ ਨਾਲ ਵਿਆਹ ਮਗਰੋਂ ਜ਼ਿਮੀਦਾਰ ਹੋਰ ਵੀ ਲੋਭੂ ਹੋ ਗਿਆ ਹੋਇਆ ਸੀ। ਛੋਟੀ ਛੋਟੀ ਗ਼ਲਤੀ ਤੇ ਭੁੱਲ ਉੱਤੇ ਵੀ ਰਾਹਕਾਂ ਕੋਲੋਂ ਸਜ਼ਾ ਦੇ ਬਹਾਨੇ ਜੋ ਕੁੱਝ ਲੱਭਦਾ ਖੋਹ ਲਿਆ ਕਰਦਾ ਸੀ। ਕਾਕੂ ਲੰਙਾ ਜਿਹੜਾ ਹਰ ਵੇਲ਼ੇ ਰਾਹਕਾਂ ਦੀਆਂ ਗਲਤੀਆਂ ਤੇ ਭੁੱਲਾਂ ਦੀ ਭਾਲ ਵਿੱਚ ਰਹਿੰਦਾ ਸੀ, ਕੋਈ ਨਾ ਕੋਈ ਗ਼ਲਤੀ ਲੱਭ ਈ ਲੈਂਦਾ ਤੇ ਸ਼ਿਕਾਇਤਾਂ ਕਰ ਕਰਕੇ ਜ਼ਿਮੀਦਾਰ ਦੇ ਕੰਨ ਭਰਦਾ ਰਹਿੰਦਾ। ਕੰਨ ਤੇ ਜ਼ਿਮੀਦਾਰ ਦੇ ਭਰੇ ਈ ਰਹਿੰਦੇ ਸਨ, ਪਰ ਉਸ ਦਾ ਢਿੱਡ ਨਹੀਂ ਸੀ ਭਰਦਾ।
ਇੱਕ ਰਾਹਕ ਸਰਾਜਦੀਨ ਨੂੰ ਸਜਾ ਲਈ ਆਪਣੀ ਸਾਰੀ ਫਸਲ ਤੋਂ ਵੱਖ ਹੋਣਾ ਪਿਆ ਸੀ। ਗੱਲ ਵੀ ਛੋਟੀ ਜਿਹੀ ਸੀ, ਸਗੋਂ ਹੈ ਈ ਨਹੀਂ ਸੀ। ਚੇਤਰ ਦੇ ਦਿਨ ਸਨ। ਛੋਲੇ ਤੇ ਜੌਂ ਪੱਕਣ ਉੱਤੇ ਆ ਗਏ ਸਨ, ਕਣਕਾਂ ਅਜੇ ਹਰੀਆਂ ਸਨ। ਸਰਾਜਦੀਨ ਦੇ ਬਾਲਾਂ ਥੱਬਾ ਕੁ ਜੌਂ ਵੱਢ ਲਿਆਂਦੇ । ਜੌਂ ਭੁੰਨ ਬਣਾ ਕੇ ਪੀਸ ਕੇ ਉਨਾਂ ਸੱਤੂ ਬਣਾ ਲਏ। ਜ਼ਿਮੀਦਾਰੀ ਵਿੱਚ ਚੇਤਰ ਉਂਜ ਈ ਤੇਰਵਾਂ ਮਹੀਨਾ ਹੁੰਦਾ ਏ, ਕਿਉਂ ਜੋ ਪਿਛਲੀ ਫਸਲ ਦੇ ਸਾਂਭੇ ਦਾਣੇ ਮੁੱਕ ਜਾਂਦੇ ਨੇ, ਤੇ ਅਗਲੀ ਫਸਲ ਅਜੇ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦੀ। ਏਸ ਲਿਹਾਜ਼ ਨਾਲ ਚੇਤਰ ਕਾਲ ਦਾ ਮਹੀਨਾ ਹੁੰਦਾ ਏ । ਵਾਹੀਵਾਨ ਏਸ ਮਹੀਨੇ ਜੌਂ ਡੰਡੇ ਉੱਤੇ ਈ ਗੁਜਾਰਾ ਕਰਦੇ ਨੇ ।
ਸਾਰੇ ਰਾਹਕ ਈ ਇੰਜ ਕਰਦੇ ਸਨ ਪਰ ਚੱਜ ਨਾਲ, ਅੱਖ ਬਚਾ ਕੇ, ਪਰਦੇ ਨਾਲ। ਸਰਾਜਦੀਨ ਦੇ ਬਾਲਾਂ ਨੂੰ ਚੱਜ ਨਾ ਆਇਆ। ਉਹਨਾਂ ਦੀ ਆਪਣੀ ਵਾਹੀ ਦੇ ਜੌਂ ਸਨ। ਚੰਗੀ ਫਸਲ ਉੱਗੀ ਹੋਵੇ ਤੇ ਉੱਤੇ ਅੰਨ ਵੀ ਚੰਗਾ ਆਇਆ ਹੋਵੇ, ਵਾਹੀਵਾਨ ਨੂੰ ਵੇਖ ਵੇਖ ਚਾਅ ਚੜ੍ਹਦੇ ਨੇ । ਸੋਹਣੀ ਫਸਲ ਪੱਕੀ ਵੇਖੀ, ਘਰ ਵਿੱਚ ਅਨਾਜ ਦੀ ਘਾਟ ਸੀ। ਸਰਾਜਦੀਨ ਦੇ ਬਾਲ ਥੱਬਾ ਕੁ ਜੌਂ ਵੱਢ ਲਿਆਏ ਸਨ । ਕਾਕੂ ਲੰਡੇ ਨੂੰ ਮਲੂਮ ਹੋਇਆ ਤਾਂ ਉਸ ਜ਼ਿਮੀਦਾਰ ਨੂੰ ਜਾ ਦੱਸਿਆ। ਜ਼ਿਮੀਦਾਰ ਹਲਕਾਏ ਕੁੱਤੇ ਵਾਂਗ ਪਹਿਲੇ ਈ ਬਹਾਨੇ ਭਾਲਦਾ ਸੀ। ਹਰ ਹਿਲਦੀ ਜੁਲਦੀ ਸ਼ੈ ਨੂੰ ਚੱਕ ਵੱਢਣ ਲਈ ਤਿਆਰ ਸੀ।
ਉਸ ਸਰਾਜਦੀਨ ਨੂੰ ਵੀ ਸੱਦ ਲਿਆ ਤੇ ਹੋਰ ਰਾਹਕਾਂ ਨੂੰ ਵੀ। ਕਈ ਤਮਾਸ਼ਾ ਵੇਖਣ ਵਾਲੇ ਤੇ ਕਈ ਅੰਦਰੋ ਅੰਦਰ ਅਫ਼ਸੋਸ ਕਰਨ ਵਾਲੇ ਜ਼ਿਮੀਦਾਰ ਦੇ ਸਾਹਮਣੇ ਪੇਸ਼ ਹੋਏ। ਸਰਾਜਦੀਨ ਨੂੰ ਚੋਰਾਂ ਵਾਂਗ ਸਾਹਮਣੇ ਖਲ੍ਹਾਰ ਕੇ ਆਖਿਆ, "ਹਾਂ ਬਈ ਸਰਾਜੀ ! ਜੌਆਂ ਦੀ ਕੀ ਗੱਲ ਏ ?" "ਜੀ ਹਾਜੀ ਸਾਹਿਬ! ਕਿਹੜੇ ਜੌਂ ?" ਸਰਾਜਦੀਨ ਦੀ ਅਵਾਜ਼ ਕੰਬ ਰਹੀ ਸੀ । "ਜਿਹੜੇ ਤੂੰ ਵੱਢ ਲਿਆਇਆ ਏਂ। ਸੁਣਿਆਂ ਏ ਤੂੰ ਸਾੜ ਬਾਲ ਕੇ, ਪੀਸ ਕੇ ਖੋਜ ਖੁਰਾ ਮਿਟਾ ਦਿੱਤਾ ਏ।"
"ਹਾਂ ਜੀ, ਘਰ ਵਿੱਚ ਕੁੱਝ ਖਾਵਣ ਨੂੰ ਨਹੀਂ ਸੀ, ਫਾਕੇ ਸਾਂ, ਬਾਲ ਆਪਣੀ ਬੀਜੀ ਫਸਲ ਵਿੱਚੋਂ ਥੱਬਾ ਕੁ ਵੱਢ ਲਿਆਏ ਸਨ ਤੇ ਸੱਤੂਆਂ ਦੀ ਲੱਪ ਬਣਾ ਕੇ ਗੁਜ਼ਾਰਾ ਕੀਤਾ ਏ, ਸਾਡੇ ਉੱਤੇ ਤੰਗੀ ਦੇ ਦਿਨ ਨੇ।"
"ਹੱਛਾ... ਵਾਹ ਭਈ ਵਾਹ ਵਾਹ ਓਏ ਸਰਾਜੀ.. ਲੱਪ ਕੁ ਸੱਤੂਆਂ ਦੀ... ਤੇਰੀ ਆਪਣੀ ਬੀਜ਼ੀ ਫਸਲ । ਕੀਹਨੂੰ ਪੁੱਛਿਆ ਸੀ ਤੂੰ ?”
ਜ਼ਿਮੀਦਾਰ ਚਿੱਥ ਚਿੱਥ ਕੇ ਮੂੰਹ ਵਿੱਚੋਂ ਲਫਜ਼ ਕੱਢ ਰਿਹਾ ਸੀ ਤੇ ਹੌਲ਼ੀ ਹੌਲ਼ੀ ਗੁੱਸੇ ਵਿੱਚ ਆ ਰਿਹਾ ਸੀ। ਗੁੱਸੇ ਵਿੱਚ ਆਵਣ ਵੇਲੇ ਉਹ ਆਪਣੀ ਦਾੜ੍ਹੀ ਨੂੰ ਬਹੁਤ ਪਲੋਸਿਆ ਕਰਦਾ ਸੀ। ਇਹ ਹਰਕਤ ਉਹ ਹੁਣ ਵੀ ਕਰ ਰਿਹਾ ਸੀ।
ਹੋਰਨਾਂ ਲੋਕਾਂ ਤੇ ਸਰਾਜਦੀਨ ਨੇ ਵੀ ਸਮਝ ਲਿਆ ਕਿ ਹੁਣ ਖ਼ੈਰ ਨਹੀਂ। ਸਹਿਮ ਕੇ ਆਜਜ਼ੀ ਨਾਲ ਬੋਲਿਆ, “ਹਾਜੀ ਸਾਹਿਬ, ਮੁਆਫੀ ਦੇ ਦਿਓ। ਘਰ ਵਿੱਚ ਖਾਵਣ ਲਈ ਕੁੱਝ ਨਹੀਂ ਸੀ। ਮੈਂ ਤੇ ਨਹੀਂ ਸਾਂ ਚਾਹਦਾ ਕਿ ਪੁੱਛੇ ਬਿਨਾਂ ਤੀਲਾ ਵੀ ਛੇੜਾਂ, ਪਰ ਬਾਲਾਂ ਨੂੰ ਸਮਝ ਨਹੀਂ ਸੀ, ਉਹ ਗ਼ਲਤੀ ਕਰ ਬੈਠੇ ਨੇ ।" ਸਰਾਜਦੀਨ ਹੱਥ ਜੋੜ ਕੇ ਮੁਆਫ਼ੀ ਮੰਗ ਰਿਹਾ
ਸੀ। ਕਿਸੇ ਵੀ ਰਾਹਕ ਦੀ ਉਸ ਵੇਲੇ ਬੋਲਣ ਦੀ ਹਿੰਮਤ ਨਹੀਂ ਸੀ ਹੋ ਰਹੀ। ਰਾਹਕਾਂ ਦੇ ਚਿਹਰਿਆਂ ਤੋਂ ਮਲੂਮ ਹੁੰਦਾ ਸੀ ਜਿਵੇਂ ਆਖਣਾ ਚਾਹੁੰਦੇ ਹੋਣ ਕਿ ਵਗਦੇ ਦਰਿਆ ਵਿੱਚੋਂ ਚਿੜੀ ਚੁੰਝ ਭਰ ਲਵੇ ਤੇ ਦਰਿਆ ਦਾ ਕੁੱਝ ਨਹੀਂ ਵਿਗੜਦਾ, ਪਰ ਕੋਈ ਸੁਣਨ ਵਾਲਾ ਹੋਵੇ ਤੇ ਸੁਣੇ। ਏਨੀ ਬੇਵਸੀ ਕਿ ਆਪਣੀ ਵਾਹੀ ਵਿੱਚੋਂ ਰਾਹਕ ਇੱਕ ਦਾਣਾ ਵੀ ਨਹੀਂ ਠੋਂਗ ਸਕਦਾ।
ਦੂਜੇ ਰਾਹਕ ਵੀ ਜੌਂ ਡੰਡੇ ਉੱਤੇ ਗੁਜ਼ਾਰਾ ਕਰਦੇ ਸਨ, ਪੈਲੀ ਵਿੱਚੋਂ ਚੋਰੀ ਚੋਰੀ ਵਿਰਲਾ ਵਿਰਲਾ ਸਿੱਟਾ ਡੰਗ ਲਿਆਂਵਦੇ ਸਨ ਤੇ ਰਾਤ ਨੂੰ ਅੰਦਰੋ ਅੰਦਰ ਕੁੱਟ ਛੱਟ ਲੈਂਦੇ ਸਨ, ਪਰ ਸਰਾਜਦੀਨ ਦੇ ਘਰ ਦਿਆਂ ਕੋਲੋਂ ਇੰਜ ਨਾ ਹੋ ਸਕਿਆ। ਉਹ ਆਪਣੀ ਫ਼ਸਲ ਦੇ ਚਾਅ ਵਿੱਚ ਗ਼ਲਤੀ ਕਰ ਬੈਠੇ ਸਨ ਤੇ ਹੁਣ ਸਰਾਜਦੀਨ ਨੂੰ ਝਾੜਾਂ ਪਾਵੰਦਿਆਂ ਹਾਜੀ ਜ਼ਿਮੀਦਾਰ ਕਹਿ ਰਿਹਾ ਸੀ: "ਅੱਜ ਤੈਨੂੰ ਫੱਕਾ ਕੁ ਦਾਣਿਆਂ ਦੀ ਲੋੜ ਹੋਸੀ, ਫੇਰ ਮੁਠ ਕੁ ਚੌਲਾਂ ਦੀ ਗ਼ਰਜ਼ ਪੈ ਜਾਸੀ, ਇੰਜ ਤਾਂ ਮੈਨੂੰ ਉਜਾੜ ਦੇਵੇਂਗਾ ਤੂੰ, ਮੇਰਾ ਸਭ ਕੁੱਝ ਲੁੱਟ ਕੇ ਲੈ ਜਾਵੇਂਗਾ, ਮੈਂ ਆਪਣੀ ਭੋਏਂ ਉੱਤੇ ਇਹ ਲੁੱਟ ਨਹੀਂ ਪੈਣ ਦੇਣੀ।"
ਸਰਾਜਦੀਨ ਬਥੇਰੇ ਤਰਲੇ ਕੀਤੇ ਤੇ ਆਖਿਆ, "ਹਾਜੀ ਸਾਹਿਬ ! ਲੱਪ ਕੁ ਸੱਤੂਆਂ ਦੇ ਬਦਲੇ ਤੁਸਾਂ ਦੂਣੇ ਭਰ ਲਵੋ ਆਖ਼ਰ ਮੈਂ ਆਪਣੀ ਵਾਹੀ ਕੀਤੀ ਸੀ, ਕਿਸੇ ਦੀ ਵਾਹੀ ਵਿੱਚੋਂ ਸਿੱਟਾ ਨਹੀਂ ਫੜਿਆ।"
"ਆਪਣੀ ਵਾਹੀ” ਦਾ ਸਰਾਜਦੀਨ ਦੇ ਮੂੰਹੋਂ ਸੁਣ ਕੇ ਜ਼ਿਮੀਦਾਰ ਗਰਮ ਹੋ ਗਿਆ ਤੇ ਗਾਲ ਕੱਢ ਕੇ ਆਖਿਆ, "ਭੋਂਏ ਮੇਰੀ, ਪਾਣੀ ਮੇਰੇ ਟਿਊਬ ਵੈੱਲ ਦਾ, ਖਰਚੇ ਲਈ ਕਰਜ਼ਾ ਮੈਥੋਂ ਲਿਆ, ਓਏ ਖੋਤੀ ਦਿਆ... ਤੂੰ ਫਸਲ ਬੀਜਣ ਨਾਲ ਈ ਮਾਲਕ ਬਣ ਗਿਆ ਏਂ ? ਮੇਰਾ ਕੋਈ ਹੱਕ ਨਹੀਂ...।”
ਜ਼ਿਮੀਦਾਰ ਏਨਾ ਗੁੱਸੇ ਵਿੱਚ ਸੀ ਕਿ ਕਿਸੀ ਨੂੰ ਵੀ ਮੋੜ ਦੇਣ ਦੀ ਜੁਰਅਤ ਨਾ ਹੋਈ । ਉਸ ਆਪਣੇ ਮੁਨਸ਼ੀ ਨੂੰ ਆਖਿਆ, "ਓਏ ਕਾਕੂ, ਇਹਦੀ ਸਾਰੀ ਫ਼ਸਲ ਕਬਜ਼ੇ ਵਿੱਚ ਕਰਕੇ ਇਹਨੂੰ ਭੋਏਂ ਤੋਂ ਜਵਾਬ ਦੇ ਦੇ। ਸਾਡੇ ਕੋਲ ਚੋਰਾਂ ਵਾਸਤੇ ਕੋਈ ਥਾਂ ਨਹੀਂ, ਬਹੁਤੀ ਬਕ ਬਕ ਕਰੇ ਤਾਂ ਪੁਲਸ ਨੂੰ ਖ਼ਬਰ ਕਰ ਦੇਵੀਂ।"
ਫੈਸਲਾ ਹੋ ਗਿਆ ਸੀ, ਕਿਸੇ ਫ਼ਰਿਆਦ ਦੀ ਲੋੜ ਨਹੀਂ ਸੀ। ਜ਼ਿਮੀਦਾਰ ਫੈਸਲਾ ਸੁਣਾ ਕੇ ਚਲਾ ਗਿਆ। ਅਗਲੇ ਦਿਨ ਸਰਾਜਦੀਨ ਦੀਆਂ ਫਸਲਾਂ ਉੱਤੇ ਜ਼ਿਮੀਦਾਰ ਦੇ ਬੰਦਿਆਂ ਦਾ ਕਬਜ਼ਾ ਹੋ ਗਿਆ ਤੇ ਉਹਦੀ ਕੁੱਲੀ ਵੀ ਪੁਟਾ ਦਿੱਤੀ ਗਈ ਤੇ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਸੀ।
ਰਾਹਕ ਲੋਕ ਅਸਲੋਂ ਈ ਡਰ ਗਏ। ਫਸਲ ਚੁੱਕਣ ਮਗਰੋਂ ਕਈ ਲੋਕ ਖਿਸਕਣ ਲੱਗ ਪਏ ਸਨ । ਕੁੱਝ ਲੋਕ ਤਾਂ ਰਾਤੋ ਰਾਤ ਨੱਸ ਗਏ ਸਨ । ਰੋਂਦੂ ਤੇ ਉਹਦੇ ਦੂਜੇ ਘਰ ਵਾਲ਼ੇ ਵੀ ਕਿਸੇ ਹੋਰ ਪਿੰਡ ਚਲੇ ਗਏ ਸਨ। ਇਹ ਪਿੰਡ ਉੱਜੜਨ ਲੱਗ ਪਿਆ ਸੀ। ਇੱਕ ਰਾਤ ਨੂੰ ਅਰਾਈਂ ਲੋਕ ਵੀ ਚੁੱਪ ਚਪੀਤੇ ਵਾਪਸ ਨੱਸ ਗਏ ਸਨ। ਉਹ ਜਿਵੇਂ ਸ਼ੌਕ ਨਾਲ ਆਏ ਸਨ, ਓਦੂੰ ਵੱਧ ਦੁੱਖ ਨਾਲ ਵਾਪਸ ਗਏ ਸਨ। ਪਤਾ ਨਹੀਂ, ਪੁਰਾਣੀ ਥਾਂ ਉੱਤੇ ਪਰਤਣ ਨਾਲ
ਉਹਨਾਂ ਉੱਤੇ ਕੀ ਵਰਤੀ ਸੀ। ਰੱਬ ਜਾਣੇ ਕਿਸ ਹਾਲ ਹੋਸਨ ! ਏਥੇ ਤਾਂ ਉਹ ਈ ਹਾਲ ਸੀ। ਫਸਲ ਬੀਜੋ, ਮਿਹਨਤ ਤੇ ਮੁਸ਼ੱਕਤ ਨਾਲ ਤਿਆਰ ਕਰੋ । ਪੱਕਣ ਉੱਤੇ ਖੁਸ਼ ਹੋਵੇ, ਦਾਣੇ ਕੱਠੇ ਕਰੋ। ਕੁੱਝ ਕਰਜੇ ਵਿੱਚ ਤੇ ਕੁੱਝ ਹਿੱਸੇ ਵਜੋਂ ਜ਼ਿਮੀਦਾਰ ਦੇ ਹਵਾਲੇ ਕਰੋ ਤੇ ਆਪ ਇੰਜ ਦੇ ਇੰਜ ਈ ਰੱਬ ਦੀਆਂ ਰਹਿਮਤਾਂ ਵੱਲ ਝਾਕਦੇ ਰਹਵੋ ਤੇ ਜਿੰਦਾ ਰਹਿਣ ਲਈ ਤਰਲੇ ਲੈਂਦੇ ਫਿਰੋ। ਪਾਪੀ ਢਿੱਡ ਭਰਨ ਲਈ ਫੇਰ ਜ਼ਿਮੀਦਾਰ ਅੱਗੇ ਦਰਜੇ ਲਈ ਲਿੱਲ੍ਹਾਂ ਲੈਂਦੇ ਰਾਹਕ ਮਰਨ ਦੇ ਨੇੜੇ ਜਾਪਦੇ ਸਨ। ਨਵਾਂ ਕਰਜ਼ਾ ਦੇਵਣ ਵੇਲੇ ਜ਼ਿਮੀਦਾਰ ਸੌ ਸੌ ਝਿੜਕਾਂ ਦਿੰਦਾ, ਤੇ ਕਈ ਕਈ ਸ਼ਰਤਾਂ ਲਾਂਵਦਾ ਸੀ। ਨਮਾਣੇ ਰਾਹਕ ਝਿੜਕਾਂ ਸਹਿ ਲੈਂਦੇ ਤੇ ਸ਼ਰਤਾਂ ਮੰਨ ਜਾਂਦੇ ।
ਫਸਲ ਕਿੰਨੀ ਵੀ ਹੋਵੇ ਕਦੇ ਕਿਸੇ ਰਾਹਕ ਦਾ ਕਰਜ਼ਾ ਨਹੀਂ ਸੀ ਉੱਤਰਦਾ।
ਜੇ ਕਿਸੇ ਰਾਹਕ ਕੋਲ ਚੰਗੀ ਲਿਆਰੀ ਹੁੰਦੀ, ਤਾਂ ਜ਼ਿਮੀਦਾਰ ਕਰਜ਼ੇ ਵਿੱਚ ਉਹ ਵੀ ਖੋਹਲ ਕੇ ਲੈ ਜਾਇਆ ਕਰਦਾ ਸੀ। ਇੰਜ ਈ ਉਸ ਪਿੰਡ ਵਿੱਚ ਕਈ ਬਹਾਰਾਂ ਆਈਆਂ ਤੇ ਕਈ ਬਹਾਰਾਂ ਗਈਆਂ, ਪਰ ਕਿਸੇ ਵੀ ਰਾਹਕ ਨੂੰ ਬਹਾਰ ਦੇ ਆਵਣ ਤੇ ਜਾਵਣ ਦੀ ਉੱਕਾ ਖ਼ਬਰ ਨਹੀਂ ਸੀ ਹੁੰਦੀ। ਉਹ ਤੇ ਬੱਸ ਕੰਮ ਵਿੱਚ ਜੁਤੇ ਰਹਿੰਦੇ ਸਨ । ਪਤਾ ਨਹੀਂ ਕਿਹੜੀ ਘੜੀ ਦੀ ਉਡੀਕ ਵਿੱਚ ਸਨ ਜਿਹੜੀ ਅਜੇ ਤੀਕਰ ਨਹੀਂ ਸੀ ਆ ਰਹੀ ਤੇ ਨਾ ਹੀ ਉਹਦੇ ਆਵਣ ਬਾਰੇ ਕਿਸੇ ਨੂੰ ਕੁੱਝ ਮਲੂਮ ਸੀ ।
ਅਚਨਚੇਤ ਪੂਰੀ ਜੂਹ ਵਿੱਚ ਇੱਕ ਨਵੀਂ ਗੱਲ ਖਿੱਲਰ ਗਈ। ਰਾਹਕਾਂ ਦੀਆਂ ਉਦਾਸ ਤੇ ਬੁਝੀਆਂ ਅੱਖਾਂ ਵਿੱਚ ਇੱਕ ਪਲ ਲਈ ਚਮਕ ਆਂਵਦੀ ਤੇ ਦੂਜੇ ਪਲ ਫਿਰ ਸਹਿਮ ਜਾਂਦੇ । ਇੱਕ ਦੂਜੇ ਨਾਲ ਮੂੰਹ ਜੋੜ ਕੇ ਸਲਾਹ ਕਰਦੇ, ਪੁੱਛਦੇ ਦੱਸਦੇ, ਉਮੀਦ ਤੇ ਨਾ ਉਮੀਦ ਦੇ ਵਿਚਕਾਰ ਤਣੇ ਗਏ ਸਨ । ਪੰਜਾਬ ਦੇ ਇੱਕ ਵੱਡੇ ਰਿਟਾਇਰਡ ਸਰਕਾਰੀ ਅਫ਼ਸਰ ਨੂੰ ਸਿੰਧ ਵਿੱਚ ਆਪਣੀ ਜਾਗੀਰ ਆਬਾਦ ਕਰਨ ਵਾਸਤੇ ਪੰਜਾਬੀ ਰਾਹਕ ਚਾਹੀਦੇ ਸਨ। ਬਹੁਤ ਜਿਆਦਾ ਰਾਹਕਾਂ ਦੀ ਲੋੜ ਸੀ ਉਹਨੂੰ। ਉਸ ਆਪਣੇ ਬੰਦਿਆਂ ਰਾਹੀਂ ਸਾਰੀ ਜੂਹ ਵਿੱਚ ਆਪਣੀ ਲੋੜ ਬਾਰੇ ਗੱਲ ਖਿਲਾਰ ਦਿੱਤੀ। ਨਾਲ ਹੀ ਰਾਹਕਾਂ ਨੂੰ ਫਸਲਾਂ ਵਿੱਚੋਂ ਵੱਧ ਹਿੱਸਾ ਦੇਣ ਦਾ ਲੋਭ ਦਿੱਤਾ। ਹੋਰ ਸਹੂਲਤਾਂ ਦੇ ਨਾਲ ਨਾਲ ਇਹ ਵੀ ਆਖਿਆ ਕਿ ਏਥੋਂ ਦੇ ਰਾਹਕਾਂ ਦੇ ਕਰਜੇ ਵੀ ਆਪਣੇ ਪੱਲਿਓਂ ਮੋੜੇਗਾ ਤੇ ਉੱਥੇ ਸਿੰਧ ਵਿੱਚ ਅਗਲੇ ਛੇ ਮਹੀਨੇ ਲਈ ਰਾਹਕਾਂ ਨੂੰ ਰਾਸ਼ਨ ਵੀ ਮੁਫ਼ਤ ਦੇਵੇਗਾ। ਸਿੰਧ ਜਾਵਣ ਲਈ ਕਿਰਾਇਆ ਭਾੜਾ ਵੀ ਰਾਜਾ ਦੇਵੇਗਾ (ਰਿਟਾਇਰਡ ਸਰਕਾਰੀ ਅਫ਼ਸਰ ਨੂੰ ਉਸ ਦੇ ਕਰਿੰਦੇ ਰਾਜਾ ਈ ਆਖਦੇ ਸਨ)।
ਰਾਜੇ ਵੱਲੋਂ ਸਹੂਲਤਾਂ ਸੁਣ ਕੇ ਰਾਹਕ ਖੁਸ਼ ਹੁੰਦੇ, ਉਹਨਾਂ ਦੇ ਚਿਹਰੇ ਖਿਲ ਪੈਂਦੇ ਸਨ, ਪਰ ਨਾਲ ਈ ਡਰ ਜਾਂਦੇ ਕਿ ਕਿਧਰੇ ਪਰਦੇਸਾਂ ਵਿੱਚ ਰੁਲ ਕੇ ਈ ਨਾ ਮਰ ਜਾਈਏ, ਰਾਜਾ ਆਪਣੀ ਗੱਲ ਤੋਂ ਮੁੱਕਰ ਈ ਨਾ ਜਾਵੇ । ਏਸੇ ਗੱਲ ਪਾਰੋਂ ਰਾਹਕ ਕਦੀ ਦਿਲ ਕੱਢਦੇ ਤੇ ਕਦੀ ਦੜ ਵੱਟ ਲੈਂਦੇ ਸਨ।
ਸਿੰਧ ਜਾਵਣ ਲਈ ਤਾਇਆ ਤਾਂ ਬਹੁਤ ਕਾਹਲੀ ਵਿਖਾ ਰਿਹਾ ਸੀ । ਉਹ ਆਖਦਾ, "ਜਾਣਾ ਤੇ ਅਸਾਂ ਕਿਸੇ ਦੇ ਖਰਚ ਉੱਤੇ ਵੇ, ਫੇਰ ਡਰ ਕਾਹਦਾ ? ਉੱਥੇ ਕੁੱਝ ਵੇਲੇ ਮਗਰੋਂ ਆਪ ਜ਼ਮੀਨਾਂ ਖਰੀਦ ਲਵਾਂਗੇ। ਸੁਣਿਆਂ ਏ ਸਿੰਧ ਵਿੱਚ ਜ਼ਮੀਨਾਂ ਬਹੁਤ ਸਸਤੀਆਂ ਹੁੰਦੀਆਂ ਨੇ ।"
ਚਾਚਾ ਤੇ ਮੇਰਾ ਪਿਉ ਆਖਦੇ, "ਸਾਈਂ”, ਤਾਇਆ ਹੁਣ ਆਪ ਭੰਗ ਪੀਵਣ ਲੱਗ ਪਿਆ ਤੇ ਦਰਵੇਸ਼ਾਂ ਨਾਲ ਰਲ ਕੇ ਬਹਿੰਦਾ ਸੀ ਜਵਾਨੀ ਦਾ ਜ਼ੋਰ ਟੁੱਟਣ ਪਾਰੋਂ ਯਾ ਖ਼ੌਰੇ ਕਿਸੇ ਹੋਰ ਵਜ੍ਹਾ ਕਾਰਨ ਤਾਇਆ ਕਦੇ ਕਦੇ ਫ਼ਕੀਰਾਂ ਵਾਂਗ ਧੂਣੀ ਧੁਖਾ ਕੇ ਵੀ ਬਹਿ ਜਾਇਆ ਕਰਦਾ ਸੀ, ਜੀਹਨੂੰ ਉਹ 'ਮਚ' ਆਖਦਾ ਸੀ । ਏਸੇ ਲਈ ਅਸਾਂ ਸਾਰੇ ਤਾਏ ਨੂੰ ਸਾਈਂ ਆਖਣ ਲੱਗ ਪਏ ਸਾਂ, "ਜ਼ਮੀਨਾਂ ਤੇ ਪੈਸੇ ਨਾਲ ਖਰੀਦੀਆਂ ਜਾਂਦੀਆਂ ਨੇ, ਸਾਡੇ ਕੋਲ ਪੈਸੇ ਕਿੱਥੋਂ ਆਏ ?"
"ਓਏ ਝੁੱਡੂ ਓ! ਕਿੰਨਾ ਕਿੰਨਾ ਮਾਲ ਡੰਗਰ ਏ ਤੁਹਾਡੇ ਕੋਲ, ਇਹ ਵੇਚ ਦੇਵੋ। ਇਹਨਾਂ ਪੈਸਿਆਂ ਨਾਲ ਤੇ ਉੱਥੇ ਦੋ ਮੁਰੱਬੇ ਭੋਏਂ ਖਰੀਦੀ ਜਾ ਸਕਦੀ ਏ । ਨਾਲੇ ਉੱਥੇ ਜਾ ਕੇ ਅਸਾਂ ਹੱਥਾਂ ਉੱਤੇ ਹੱਥ ਰੱਖ ਕੇ ਬੈਠ ਤੇ ਨਹੀਂ ਜਾਣਾ, ਕਮਾਈ ਕਰਸਾਂ ਕਮਾਈ ।" ਤਾਇਆ ਜ਼ੋਸ਼ ਨਾਲ ਆਖਦਾ। "ਫੇਰ ਸਾਡੇ ਦਿਨ ਵੀ ਫਿਰ ਜਾਸਨ ਤੇ ਅਸਾਂ ਵੀ ਭੋਏਂ ਵਾਲ਼ੇ ਹੋ ਜਾਵਾਂਗੇ।" ਪਰ ਜਵਾਬ ਵਿੱਚ ਛੋਟੇ ਭਰਾ ਡਰਦੇ ਤੇ ਚਿੰਤਾ ਕਰਦੇ। ਆਖਦੇ, "ਕਿਧਰੇ ਪਰਦੇਸ ਵਿੱਚ ਗਵਾਚ ਈ ਜਾ ਜਾਈਏ, ਸਾਈਂ, ਸੋਚ ਲੈ।"
ਅੱਗੋਂ ਤਾਇਆ ਖਿਝ ਕੇ ਪੈਂਦਾ ਤੇ ਆਖਦਾ, “ਸੱਪ, ਸ਼ੀਂਹ, ਫ਼ਕੀਰ ਦਾ ਦੇਸ਼ ਕਿਹੜਾ ? ਤੁਹਾਡਾ ਇੱਥੇ ਫਲਾਨਾ ਥੋਕ ਪਿਆ ਏ । ਆਏ ਵੱਡੇ ਦੇਸ਼ਾਂ ਵਾਲ਼ੇ। ਓਏ ਮੂਰਖੋ! ਸਾਨੂੰ ਏਥੇ ਕੋਈ ਜਨੌਰ ਵੀ ਨਹੀਂ ਸਮਝਦਾ। ਡੰਗਰ ਸਮਝਦੇ ਨੇਂ ਜ਼ਿਮੀਦਾਰ ਸਾਨੂੰ । ਰੱਬ ਦਾ ਨਾਂ ਲਵੋ ਤੇ ਏਥੋਂ ਨਿੱਕਲ ਚੱਲੀਏ, ਨਹੀਂ ਤੇ ਏਸ ਧਰਤੀ ਵਿੱਚ ਸਾਨੂੰ ਕਫਣ ਵੀ ਨਸੀਬ ਨਹੀਂ ਹੋਣਾ। ਇਹ ਸਰ-ਕਪ ਧਰਤੀ ਏ।"
"ਪਰ ਅਸਾਂ ਕੱਲੇ ਈ ਟੁਰ ਪਈਏ, ਸਾਈਂ! ਅੰਗ ਨਾ ਸਾਕ, ਕੋਈ ਤਾਂ ਸਾਡੇ ਨਾਲ ਜਾਵੇ।"
"ਕੀ ਸਾਨੂੰ ਕੱਲਿਆਂ ਨੂੰ ਗਿੱਦੜ ਪੈਂਦੇ ਨੇ ?" ਤਾਇਆ ਜੋਸ਼ ਤੇ ਕਾਹਲੀ ਨਾਲ ਆਖਦਾ "ਬਹੁਤ ਲੋਕ ਜਾ ਰਹੇ ਨੇ, ਬੱਸ ਮੋਹਰ ਲਾਵਣ ਦੀ ਦੇਰ ਏ।"
"ਪਰ ਇਹ ਮੋਹਰ ਅਸਾਂ ਲਾਵਣੀ ਏ ?" ਭਰਾ ਆਖਦੇ। "ਲੋਕਾਂ ਦੇ ਮੂੰਹ ਅੱਗੇ ਅਸੀਂ ਕਿਉਂ ਆਈਏ ?"
"ਕਿਹੜੇ ਲੋਕ ? ਛੱਡ ਲੋਕਾਂ ਨੂੰ, ਤੁਸੀਂ ਆਪਣੀ ਗੱਲ ਕਰੋ, ਆਪਣੀ।"
"ਸਾਰੇ ਅੰਗ ਸਾਕ ਅਸੀਂ ਕਿਉਂ ਛੱਡ ਜਾਈਏ, ਸਾਈਂ ਤੈਨੂੰ ਤੇ ਬੂਟੀ ਦੀ ਖ਼ਮਾਰੀ ਚੜ੍ਹੀ ਰਹਿੰਦੀ ਏ। ਕਿਉਂ ਸਾਡਾ 'ਬੀ' ਘੋਟਣ ਲੱਗਾ ਏਂ ?”
ਤਾਏ ਨੂੰ ਏਸ ਗੱਲ 'ਤੇ ਗੁੱਸਾ ਚੜ੍ਹ ਜਾਂਦਾ ਤੇ ਆਖਦਾ, "ਅੱਗੇ ਤੁਹਾਡਾ 'ਬੀ' ਬੜਾ ਪੁੰਗਰ ਪੁੰਗਰ ਪੈਂਦਾ ਏ। ਡਰਾਕਲ ਕਿਸੇ ਥਾਂ ਦੇ । ਤੁਸਾਂ ਨਹੀਂ ਜਾਣਾ ਤੇ ਨਾ ਜਾਓ, ਮੈਂ ਤਾਂ ਜਾਸਾਂ ।" ਤਾਏ ਦੀ ਜ਼ਿੱਦ ਕੰਮ ਵਿਖਾ ਗਈ। ਛੋਟੇ ਭਰਾ ਵੱਡੇ ਭਰਾ ਨੂੰ ਭਲਾਂ ਕਿਵੇਂ ਛੱਡ ਸਕਦੇ ਸਨ । ਚੁੱਪ ਕਰ ਜਾਂਦੇ ਤਾਂ ਤਾਇਆ ਫੇਰ ਆਖਦਾ, “ਖੌਰੇ ਰੱਬ ਕੋਈ ਚੰਗਾ ਸਬੱਬ ਲਾ ਦੇਵੇ ਜੇ ਕੁੱਝ ਵੀ ਟੂਣਾ ਨਾ ਫਿਰਿਆ ਤਾਂ ਸਾਡੇ ਕਿਹੜੇ ਬੂੰਦੇ ਲਾ ਜਾਵਣਗੇ। ਸਾਡੇ ਪੱਲੇ ਈ ਕੀ ਏ ਜਿਸਦੇ ਗਵਾਚਣ ਦਾ ਤੁਹਾਨੂੰ ਤੌਖ਼ਲਾ ਲੱਗਾ ਹੋਇਆ ਏ ? ਮੇਰੀ ਮੰਨੋ ਤੇ ਵੇਲ਼ਾ ਨਾ ਗਵਾਓ।"
ਹਰ ਘਰ ਰੋਜ਼ ਈ ਬਹਿਸ ਹੁੰਦੀ "ਜਾਈਏ ਕਿ ਨਾ ਜਾਈਏ?" ਕਿੰਜ ਦਾ ਸਲੂਕ ਕਰਨਗੇ ? ਜੇ ਉੱਥੇ ਜਾ ਕੇ ਰਾਜੇ ਮੂੰਹ ਫੇਰ ਲਿਆ ਤੇ ਫੇਰ ਕੀ ਹੋਸੀ ?"
ਇੰਜ ਈ ਹਰ ਰਾਤ ਨੂੰ ਸਿੰਧ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਕੁੱਝ ਜੀਅ ਜਾਵਣ ਲਈ ਤਿਆਰ ਹੁੰਦੇ ਤੇ ਕੁੱਝ ਨਾ ਜਾਵਣ 'ਤੇ ਜ਼ੋਰ ਦਿੰਦੇ । ਪੂਰੀ ਜੂਹ ਵਿੱਚ ਇਹ ਈ ਰੌਲਾ ਸੀ । ਜੂਹ ਕੀ, ਰਾਜੇ ਤੇ ਪੂਰੀ ਤਹਿਸੀਲ ਫ਼ੀਰੋਜ ਵਾਲੇ ਵਿੱਚ ਗੱਲ ਟੋਰ ਛੱਡੀ ਸੀ।
ਕਈ ਮਹੀਨੇ ਇਹ ਈ ਬਹਿਸ ਚੱਲਦੀ ਰਹੀ, ਫੇਰ ਕੁੱਝ ਲੋਕ ਸਿੰਧ ਜਾਵਣ ਲਈ ਤਿਆਰ ਹੋ ਗਏ। ਘੱਟੋ ਘੱਟ ਅੱਸੀ ਨੱਬੇ ਕੁਨਬੇ ਸਿੰਧ ਵੱਲ ਤੁਰਨ ਲੱਗੇ। ਸਾਰਿਆਂ ਦੇ ਕਰਜ਼ੇ ਵੀ ਉਤਾਰ ਦਿੱਤੇ ਗਏ ਤੇ ਕੁੱਝ ਖਰਚ ਕਰਨ ਲਈ ਹੋਰ ਕਰਜ਼ਾ ਵੀ ਰਾਹਕਾਂ ਨੂੰ ਰਾਜੇ ਦੇ ਦਿੱਤਾ। ਤਾਏ ਸਾਡੀਆਂ ਵੀ ਭਾਜੜਾਂ ਚੁਕਵਾਈਆਂ ਤੇ ਅਸਾਂ ਵੀ ਸਿੱਧ ਨੂੰ ਰਵਾਨਾ ਹੋਏ। ਮਾਲ ਡੰਗਰ ਵੇਚ ਕੇ ਰਕਮ ਘੁੱਟ ਕੇ ਪੱਲੇ ਬੰਨ੍ਹ ਲਈ ਸੀ । ਕਈ ਰਾਹਕ ਆਪਣੀਆਂ ਗੱਡਾਂ ਨਾਲ ਲੈ ਟੁਰੇ ਤੇ ਕਈ ਏਥੇ ਈ ਵੇਚ ਕੇ ਵਿਹਲੇ ਹੋ ਗਏ।
ਮੇਰੇ ਸਹੁਰਿਆਂ ਮੇਰੀ ਵਹੁਟੀ ਨੂੰ ਸਿੰਧ ਜਾਵਣ ਤੋਂ ਰੋਕਣ ਲਈ ਆਖਿਆ ਕਿ ਤੂੰ ਕੁੱਝ ਦਿਨ ਏਥੇ ਰਹਿ ਪਓ, ਤੇਰੀ ਹਾਲਤ ਖੱਜਲ ਹੋਵਣ ਵਾਲੀ ਨਹੀਂ । ਇਹ ਲੋਕ ਉੱਥੇ ਵਸ ਪੈਣ ਤਾਂ ਅਸਾਂ ਤੈਨੂੰ ਛੱਡ ਆਵਾਂਗੇ, ਪਰ ਮੇਰੀ ਵਹੁਟੀ ਸਾਫ਼ ਇਨਕਾਰ ਕਰਦਿਆਂ ਹੋਇਆਂ ਆਖਿਆ, “ਚਾਹੇ ਤੰਗੀ ਆਵੇ ਯਾ ਖੁਸ਼ੀ, ਮੈਂ ਨਾਲ ਜਾਵਾਂਗੀ, ਮੈਂ ਨਹੀਂ ਰਹਿ ਸਕਦੀ।"
ਮੈਂ ਵੀ ਸਮਝਦਾ ਸਾਂ ਕਿ ਏਥੇ ਈ ਰਹਵੇ, ਪਰ ਉਹਦੇ ਇਨਕਾਰ 'ਤੇ ਹੈਰਾਨ ਹੋ ਪੁੱਛਿਆ, "ਤੇਰੇ ਪੇਕੇ ਆਖਦੇ ਤਾਂ ਠੀਕ ਨੇ, ਤੂੰ ਇਨਕਾਰ ਕਿਉਂ ਕੀਤਾ ਏ?"
ਮੇਰੀ ਵਹੁਟੀ ਇੱਕ ਅਜਿਹਾ ਜਵਾਬ ਦਿੱਤਾ ਜਿਸਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਉਹਦਾ ਆਖਣਾ ਸੀ ਕਿ ਸਾਡੇ ਘਰ ਆਵਣ ਵਾਲ਼ੇ ਜੀਅ ਦਾ ਵਜੂਦ ਸਾਡੇ ਦੋਵਾਂ ਦੇ ਸਾਹਮਣੇ ਹੋਣਾ ਚਾਹੀਦਾ ਏ। ਜ਼ਿੰਦਗੀ ਮੌਤ ਦਾ ਕੀ ਏਤਬਾਰ! ਰੱਬ ਨਾ ਕਰੇ, ਜੇ ਆਵਣ ਵਾਲੇ ਨੂੰ ਕੁੱਝ ਹੋ ਗਿਆ ਤਾਂ ਤੈਨੂੰ ਕੀ ਜਵਾਬ ਦੇਵਾਂਗੀ? ਜੇ ਉੱਥੇ ਤੈਨੂੰ ਕੁੱਝ ਹੋ ਗਿਆ ਤਾਂ ਆਣ ਵਾਲੇ ਨੂੰ ਕੀ ਸਮਝਾਵਾਂਗੀ ?
ਵਹੁਟੀ ਦੀ ਗੱਲ ਮੰਨ ਲੈਣ ਵਾਲੀ ਸੀ। ਮੈਂ ਮੰਨ ਲਈ। ਸਿੰਧ ਜਾਣਾ ਯਾ ਨਾ ਜਾਣਾ ਮੇਰੇ ਅਖ਼ਤਿਆਰ ਵਿੱਚ ਨਹੀਂ ਸੀ । ਜੋ ਹੁਕਮ ਪਿਉ ਦਾ ਉਹ ਮਨਜ਼ੂਰ ਕਰਨਾ ਪੈਂਦਾ ਸੀ।
ਕਈਆਂ ਨੂੰ ਤਾਂ ਸਿੱਧ ਜਾਵਣ ਦੇ ਚਾਅ ਚੜ੍ਹੇ ਹੋਏ ਸਨ । ਨਵੇਂ ਥਾਂ ਵੇਖਣ ਦੇ ਸ਼ੌਕ ਤੇ ਪੰਜਾਬੀ ਜ਼ਿਮੀਦਾਰਾਂ ਦੇ ਦਬਾ ਕੋਲੋਂ ਅਜ਼ਾਦੀ ਮਿਲਣ ਦੀ ਰੀਝ ਨਾਲ ਉਹਨਾਂ ਦੇ ਚਿਹਰਿਆਂ ਉੱਤੇ ਹਾਸੇ ਖਿੱਲਰ ਖਿੱਲਰ ਪੈਂਦੇ ਸਨ। ਫੱਗਣ ਚੇਤਰ ਦੇ ਦਿਨ ਸਨ। ਨਰੋਈ ਨਰੋਈ ਰੁੱਤ ਦੇ ਵਿੱਚ ਕੁੱਝ ਲੋਕ ਉਦਾਸ ਉਦਾਸ ਤੇ ਦੁਖੀ ਵੀ ਜਾਪਦੇ ਸਨ । ਜੂਹ ਵਿੱਚ ਭਾਵੇਂ ਬਹਾਰ ਖਿੱਲਰਦੀ ਪਈ ਸੀ। ਸਮੇਂ ਨੂੰ ਰੰਗਤਾਂ ਚੜ੍ਹਦੀਆਂ ਪਈਆਂ ਸਨ । ਪਰ ਜਿਹਨਾਂ ਦੇ ਸੱਜਣ ਪਿਆਰੇ ਪਿੱਛੇ
ਰਹਿ ਗਏ ਸਨ ਉਹਨਾਂ ਦੇ ਮਨ ਵਿੱਚ ਖੁਸ਼ੀ ਦੀ ਥਾਂ ਉਦਾਸੀਆਂ ਭਰੀਆਂ ਗਈਆਂ ਸਨ।
ਟੇਸ਼ਣ ਉੱਤੇ ਖਲੋਤੀ ਮਾਲ ਗੱਡੀ ਦੇ ਡੱਬਿਆਂ ਦੇ ਵਿੱਚ ਸਮਾਨ ਰਖਦਿਆਂ ਹੋਇਆਂ, ਮੇਰੇ ਦਿਲ ਵਿੱਚ ਕਈ ਦਰਦ ਦੀਆਂ ਲਹਿਰਾਂ ਪਈਆਂ ਸਨ, ਸੀਨੇ ਵਿੱਚੋਂ ਸਾੜ ਉੱਠਦੇ ਸੀ, ਸਾਹਵਾਂ ਵਿੱਚੋਂ ਵੀ ਸੇਕ ਨਿੱਕਲਦਾ ਸੀ। ਰੁੱਖ ਫੁੱਟ ਰਹੇ ਸਨ, ਟਹਿਣੀਆਂ ਵੀ ਹਰੀਆਂ ਹੋ ਰਹੀਆਂ ਸਨ। ਅਸਾਂ ਸੁੱਕੇ ਪੱਤਰਾਂ ਵਾਂਗ ਵਤਨਾ ਤੋਂ ਝੜ ਰਹੇ ਸਾਂ।
ਕਿੰਨੇ ਈ ਪਿਆਰ ਕਰਨ ਵਾਲੇ ਲੋਕਾਂ ਤੋਂ ਮੈਂ ਵਿਛੜ ਰਿਹਾ ਸਾਂ। ਬਾਬਾ ਮਹਿੰਦ ਬਖ਼ਸ਼, ਚਾਚਾ ਲੰਡੂ, ਭਾਬੀ ਜਮੀਲਾ, ਜ਼ੋਹਰਾ ਤੇ ਕਈ ਹੋਰ ਵਾਕਫ਼ ਤੇ ਜਾਣੀ ਲੋਕ, ਨਦੀ, ਡੇਕ, ਲਹੌਰ ਸ਼ੇਖੂਪੁਰਾ ਨੂੰ ਮਿਲਾਂਵਦੀ ਸੜਕ ਤੇ ਡੇਕ ਦਾ ਪੁਲ ਸਭ ਕੁੱਝ ਤਾਂ ਮੈਥੋਂ ਦੂਰ ਹੋ ਰਿਹਾ ਸੀ। ਖਾਸ ਕਰ ਨਾਨਕਾ ਪਿੰਡ ਤੇ ਬਹੁਤ ਯਾਦ ਆਵਣ ਲੱਗ ਪਿਆ ਸੀ।
ਬਾਕੀ ਦੇ ਸਾਰੇ ਜੀਅ ਮੁਸਾਫ਼ਰ ਗੱਡੀ ਵਿੱਚ ਬੈਠੇ ਤੇ ਅਣਦੇਖੇ ਸਫ਼ਰ ਉੱਤੇ ਰਵਾਨਾ ਹੋ ਗਏ ਤੇ ਮੈਂ ਸਮਾਨ ਦੇ ਨਾਲ ਮਾਲ ਗੱਡੀ ਵਿੱਚ ਸਾਂ । ਕਈ ਹੋਰ ਲੋਕ ਵੀ ਆਪਣੇ ਆਪਣੇ ਸਮਾਨ ਨਾਲ ਸਨ। ਮਾਲ ਗੱਡੀ ਅਜੇ ਰਵਾਨਾ ਨਹੀਂ ਸੀ ਹੋਈ। ਮੈਂ ਖੌਰੇ ਆਖ਼ਰੀ ਵਾਰ ਲਹੌਰ ਨੂੰ ਵੇਖ ਰਿਹਾ ਸਾਂ। ਅੰਦਾਜ਼ੇ ਨਾਲ ਈ ਆਪਣੇ ਪਿੰਡ ਵਾਲ਼ੇ ਪਾਸੇ ਵੱਲ ਅਸਮਾਨ ਨੂੰ ਤਾੜੀ ਲਾਈ ਹੋਈ ਸੀ । ਦੂਜੇ ਸਾਥੀ ਖੁਸ਼ ਸਨ, ਹੱਸ ਰਹੇ ਸਨ, ਇੱਕ ਦੂਜੇ ਨਾਲ ਮਖੌਲ ਕਰਕੇ ਖਿੱਲੀ ਮਾਰ ਰਹੇ ਸਨ, ਪਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ । ਮੈਂ ਭੁੱਬਾਂ ਮਾਰ ਕੇ ਰੋ ਪਿਆ ਸਾਂ । ਮੇਰਾ ਦਿਲ ਮੇਰੇ ਵੱਸ ਵਿੱਚ ਨਹੀਂ ਸੀ ਰਿਹਾ। ਮੇਰੇ ਨਾਲ ਦੇ ਦੂਸਰੇ ਜੇ ਮੈਨੂੰ ਨਾ ਸੰਭਾਲਦੇ ਤਾਂ ਖੌਰੇ ਮੈਂ ਡੱਬੇ ਦੀਆਂ ਕੰਧਾਂ ਨੂੰ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ। ਮੈਨੂੰ ਗੁੱਸਾ ਆ ਰਿਹਾ ਸੀ ਆਪਣੀ ਬੇਵਸੀ ਤੇ ਸਮਾਜ ਦੀ ਰਹਿਤਲ ਉੱਤੇ। ਗੁੱਸਾ ਕੱਢਣ ਲਈ ਮੈਂ ਰੋ ਈ ਸਕਦਾ ਸਾਂ, ਹੋਰ ਮੇਰੇ ਵੱਸ ਵਿੱਚ ਕੀ ਸੀ! ਮੈਨੂੰ ਰੋਂਦੇ ਨੂੰ ਈ ਲੈ ਕੇ ਗੱਡੀ ਕੂਕ ਮਾਰ ਕੇ ਟੁਰ ਪਈ । ਜਦ ਤੀਕਰ ਦਿਨ ਦਾ ਚਾਨਣ ਸੀ ਮੈਂ ਪੰਜਾਬ ਨੂੰ ਵੇਖਦਾ ਰਿਹਾ । ਰਾਤ ਹੋਵਣ ਵੇਲ਼ੇ ਈ ਮੈਂ ਵੇਖਣਾ ਛੱਡਿਆ ਸੀ। ਦਿਨ ਦੀ ਲੋਅ ਵਿੱਚ ਬੇਸ਼ੁਮਾਰ ਲੋਕ ਗੱਡੀ ਦੀ ਲਾਈਨ ਨਾਲ ਕੰਮ ਕਰਦੇ ਖੇਤਾਂ ਤੇ ਪੈਲੀਆਂ ਵਿੱਚ ਮੇਰੇ ਵਰਗੇ ਈ ਜਾਪਦੇ ਸਨ। ਕਈ ਨਿੱਕੇ ਨਿੱਕੇ ਪਿੰਡ ਵੀ ਅਸਾਡੇ ਪਿੰਡ ਵਰਗੇ ਨਜ਼ਰ ਆਂਵਦੇ ਸਨ । ਬੇਵਾਰਸੇ ਤੇ ਬੇਵਸੇ ਜਿਹੇ ਲੋਕ । ਅਸਾਨੂੰ ਲੈ ਜਾਵਣ ਵਾਲੀ ਮਾਲ ਗੱਡੀ ਇੱਕ ਦਿਨ ਤੇ ਇੱਕ ਰਾਤ ਵਿੱਚ ਉੱਥੇ ਅਪੜਾ ਦਿੱਤਾ ਜਿੱਥੋਂ ਅੱਗੇ ਗੱਡੀ ਦੀ ਲਾਈਨ ਮੁੱਕ ਜਾਂਦੀ ਏ, ਉੱਥੋਂ ਘੁੰਮ ਕੇ ਵਾਪਸ ਮੁੜ ਆਂਵਦੀ ਏ। ਇਹ ਬਦੀਨ ਰੇਲਵੇ ਟੇਸ਼ਨ ਸੀ।
ਸਿੰਧ ਦੇ ਬਦੀਨ ਰੇਲਵੇ ਟੇਸ਼ਨ ਤੋਂ ਅੱਗੇ ਅਜੇ ਅਸਾਂ ਹੋਰ ਜਾਣਾ ਸੀ। ਪੰਜਾਬ ਦੇ ਰਾਹਕਾਂ ਨੂੰ ਬਦੀਨ ਸ਼ਹਿਰ ਦੇ ਲੋਕ ਹੁੰਮ ਹੁਮਾ ਕੇ ਵੇਖਣ ਆਏ ਸਨ। ਨੁਮਾਇਸ਼ ਲੱਗੀ ਹੋਵੇ ਜਿਵੇਂ। ਅਸਾਡੀਆਂ ਗੱਡਾਂ ਅਸਾਡੇ ਡੰਗਰ ਜੋ ਅਸਾਂ ਨਾਲ ਲਿਆਂਦੇ ਸਾਂ, ਸਭ ਕੁੱਝ ਸਿੰਧੀਆਂ ਲਈ ਵੱਖਰਾ ਵੱਖਰਾ ਸੀ । ਅਸਾਡੇ ਬਾਲ, ਅਸਾਡੀਆਂ ਸਵਾਣੀਆਂ, ਅਸਾਡਾ ਮੰਜੀ ਪੀੜਾ, ਤਵਾ ਪਰਾਤ, ਡੋਈ ਭਾਂਡਾ ਤੇ ਬਾਣਾ ਗਹਿਣਾ, ਸਭ ਕੁੱਝ ਵੱਖਰਾ ਸੀ। ਸਿੱਧੀਆਂ ਦੇ ਚਿਹਰੇ ਉੱਤੋਂ ਝਲਕਦੀ ਭੁੱਖ ਤੇ ਪੰਜਾਬੀਆਂ ਦੇ ਮੂੰਹ ਉੱਤੋਂ ਦਿਸਦੀ ਗੁਰਬਤ ਸਾਂਝੀ ਜੇਹੀ ਮਲੂਮ ਹੁੰਦੀ
ਸੀ। ਇੱਕੋ ਜਿਹੀ ਉਦਾਸੀ ਤੇ ਵੀਰਾਨੀ ਸੀ।
ਦੋਵੇਂ ਕੌਮਾਂ ਭੁੱਖ ਮਾਰੀਆਂ ਜਾਪਦੀਆਂ ਸਨ । ਕਈ ਸਿੰਧੀ ਸਵਾਣੀਆਂ ਅੱਗੇ ਵਧ ਕੇ ਅਸਾਡੀਆਂ ਸਵਾਣੀਆਂ ਨਾਲ ਸਹੇਲਪੁਣਾ ਵੀ ਬਣਾ ਲਿਆ ਤੇ ਆਵਣ ਦਾ ਮਕਸਦ ਵੀ ਪੁੱਛ ਲਿਆ। ਸਿੰਧੀ ਮਾਨਵਾਂ ਵੀ ਵਾਕਫ਼ੀਅਤ ਬਨਾਵਣ ਵਿੱਚ ਢਿੱਲ ਨਾ ਕੀਤੀ। ਸਿੰਧੀ ਕੌਮ ਦਾ ਮਿਲਣ ਤੇ ਬਹੁਤ ਈ ਆਜਜ਼ੀ ਤੇ ਪਿਆਰ ਵਾਲਾ ਸੀ, ਪਰ ਉੱਥੇ ਬਦੀਨ ਰਹਿੰਦੇ ਪੰਜਾਬੀਆਂ ਜਿਹਨਾਂ ਉੱਥੇ ਕੋਈ ਨਾ ਕੋਈ ਕੰਮ ਸਭਾਲਿਆ ਹੋਇਆ ਸੀ ਯਾ ਸਰਕਾਰੀ ਮੁਲਾਜ਼ਮ ਸਨ, ਝੱਟ ਆ ਕੇ ਅਸਾਨੂੰ ਸਿੰਧੀਆਂ ਦੇ ਖਿਲਾਫ਼ ਨਫ਼ਰਤ ਭਰੀਆਂ ਕਹਾਣੀਆਂ ਸੁਣਾਈਆਂ ਤੇ ਦੂਰ ਰਹਿਣ ਲਈ ਮੱਤ ਦਿੱਤੀ।
ਅੱਠ ਪਹਿਰ ਦਾ ਠਹਿਰਨਾ ਸੀ ਉੱਥੇ। ਅਸਾਂ ਅਗਲੇ ਦਿਨ ਮੁੜ ਉੱਖੜੀਆਂ ਗੱਡਾਂ ਨੂੰ ਜੋੜ ਕੇ ਘਰਾਂ ਦਾ ਨਿਕਸੁੱਕ ਲੱਦਿਆ ਤੇ ਅੱਗੇ ਰਵਾਨਾ ਹੋਏ। ਬਦੀਨ ਤੋਂ ਚਾਲੀ ਮੀਲ ਦੂਰ ਅਸਾਡੇ ਮਾਲਕ ਅਫ਼ਸਰ ਦੀ ਜਾਗੀਰ ਸੀ। ਪੰਨੂ ਪਲਾਹੀ ਦੀ ਗੋਠ (ਪਿੰਡ) ਲਾਗੇ ।
ਰਾਹ ਵਿੱਚ ਆਂਵਦੇ ਜਾਂਦੇ ਮਸਕੀਨ ਤੇ ਨਿਮਾਣੇ ਸਿੰਧੀਆਂ ਨੂੰ ਵੇਖਕੇ ਅਸਾਡੇ ਪੰਜਾਬੀ ਗੱਭਰੂਆਂ ਦਾ ਐਵੇਂ ਈ ਮੋਢਾ ਮਾਰਨ ਨੂੰ ਦਿਲ ਕਰਦਾ। ਕਦੇ ਕਦੇ ਉਹ ਇੰਜ ਵੀ ਕਰ ਲੈਂਦੇ ਸਨ। ਸਿੰਧੀ ਹੈਰਾਨੀ ਨਾਲ ਮੂੰਹ ਤੱਕਦੇ ਰਹਿ ਜਾਂਦੇ ।
ਪੰਜਾਬੀ ਦਾ ਏਡਾ ਵੱਡਾ ਕਾਫ਼ਲਾ ਸਿੱਧੀਆਂ ਕਦੇ ਨਹੀਂ ਸੀ ਵੇਖਿਆ। ਰਾਹ ਦੀ ਗੋਠ ਦੇ ਵਸਨੀਕ ਵੇਖਣ ਲਈ ਗੋਠਾਂ ਵਿੱਚੋਂ ਬਾਹਰ ਨਿੱਕਲ ਆਂਵਦੇ ਸਨ। ਬੜੀ ਹੈਰਾਨੀ ਵਾਲੀ ਅੱਖ ਨਾਲ ਵੇਖਦੇ ਸਨ ਉੱਥੋਂ ਦੇ ਲੋਕ ਸਾਨੂੰ !
ਸ਼ਾਮ ਤੀਕਰ ਇਹ ਕਾਫ਼ਲਾ ਗੋਠ ਪੰਨੂ ਪਲਾਹੀ ਜਾ ਪੁੱਜਾ । ਏਥੇ ਈ ਉਸ ਅਫ਼ਸਰ ਦਾ ਡੇਰਾ ਸੀ, ਗੋਦਾਮ ਸਨ ਤੇ ਵਾਹੀ ਬੀਜੀ ਦਾ ਹਲ ਵਾਹਣ ਵਾਲ਼ਾ ਸਮਾਨ ਤੇ ਟਰੈਕਟਰ ਸਨ। ਅਗਲੇ ਦਿਨ ਸਵੇਰੇ ਅਸਾਡੇ ਮਾਲਕ ਆਵਣਾ ਸੀ । ਮਾਲਕ ਦਾ ਆਪਣਾ ਘਰ ਲਹੌਰ ਵਿੱਚ ਮਾਡਲ ਟਾਊਨ ਵਿੱਚ ਸੀ ਤੇ ਜਾਗੀਰ ਸਿੰਧ ਵਿੱਚ। ਉਸ ਹਵਾਈ ਜਹਾਜ਼ ਰਾਹੀਂ ਹੈਦਰਾਬਾਦ ਤੀਕਰ ਆਵਣਾ ਸੀ। ਏਸ ਅਫ਼ਸਰ ਨੂੰ ਸਾਰੇ ਰਾਜਾ ਸਾਹਿਬ ਈ ਕਹਿੰਦੇ ਸਨ। ਰਾਜੇ ਦੇ ਡੇਰੇ ਉੱਤੇ ਉਹਦੇ ਕਾਮਿਆਂ ਤੇ ਮੁਨਸ਼ੀਆਂ ਰਾਜੇ ਦੀ ਤਬੀਅਤ, ਪਸੰਦ ਨਾਪਸੰਦ ਬਾਰੇ ਦੱਸ ਕੇ ਸਾਨੂੰ ਸਮਝਾਇਆ ਕਿ ਰਾਜਾ ਸਾਹਿਬ ਝੂਠ ਫ਼ਰੇਬ ਨੂੰ ਚੰਗਾ ਨਹੀਂ ਸਮਝਦੇ, ਆਪਣੇ ਨਾਲ ਜਿਆਦਾ ਬਹਿਸ ਕਰਨਾ ਵੀ ਪਸੰਦ ਨਹੀਂ ਕਰਦੇ, ਏਸ ਲਈ ਆਂਵਦਿਆਂ ਸਲਾਮ ਕਰਕੇ ਕੋਈ ਜਿਆਦਾ ਗੱਲ ਨਾ ਕਰਨਾ, ਲੰਮੇ ਸਫਰ ਮਗਰੋਂ ਰਾਜਾ ਸਾਹਿਬ ਅਰਾਮ ਕਰਦੇ ਨੇ ।
ਅਸਾਂ ਉਡੀਕ ਵਿੱਚ ਸਾਂ। ਰਾਜਾ ਸਾਹਿਬ ਦੀ ਕਾਰ ਦੀ ਧੂੜ ਦੂਰੋਂ ਈ ਮਲੂਮ ਪਈ ਹੁੰਦੀ ਸੀ ਕਿ ਰਾਜਾ ਸਾਹਿਬ ਆ ਰਹੇ ਨੇ । ਹਵਾਈ ਅੱਡੇ ਤੋਂ ਅੱਗੇ ਉਹ ਆਪਣੀ ਲੰਮੀ ਕਾਰ ਉੱਤੇ ਆ ਰਹੇ ਸਨ, ਵੇਖਦਿਆਂ ਵੇਖਦਿਆਂ ਕਾਰ ਅਸਾਡੇ ਲੋਕਾਂ ਵਿਚਕਾਰ ਆ ਖਲੋਤੀ।
ਸਾਰੇ ਲੋਕਾਂ ਮੱਥੇ ਉੱਤੇ ਹੱਥ ਰੱਖ ਕੇ ਸਲਾਮ ਕੀਤਾ। ਕਈ ਚਲਾਕ ਲੋਕ ਰਾਜਾ ਸਾਹਿਬ ਨਾਲ ਹੱਥ ਮਿਲਾਵਣ ਵਿੱਚ ਕਾਮਯਾਬ ਹੋ ਕੇ ਖੁਸ਼ੀ ਤੇ ਫ਼ਖਰ ਮਹਿਸੂਸ ਕਰ ਰਹੇ ਸਨ। ਰਾਜੇ ਦੀਆਂ ਜ਼ਮੀਨਾਂ ਉੱਤੇ ਪਹਿਲਾਂ ਸਿੱਧੀ ਰਾਹਕ ਸਨ। ਰਾਹਕਾਂ ਦੇ ਆਵਣ ਤੋਂ ਪਹਿਲੇ
ਪਹਿਲੇ ਸਿੰਧੀ ਰਾਹਕਾਂ ਨੂੰ ਜਾਗੀਰ ਵਿੱਚੋਂ ਬਾਹਰ ਕੱਢ ਦਿੱਤਾ ਹੋਇਆ ਸੀ । ਉਹਨਾਂ ਰਾਹਕਾਂ ਦੀਆਂ ਗੋਠਾਂ ਵਿੱਚ ਈ ਪੰਜਾਬੀ ਰਾਹਕਾਂ ਨੂੰ ਅਬਾਦ ਕਰਨ ਲਈ ਰਾਜੇ ਦਾ ਇੰਤਜ਼ਾਮ ਸੀ। ਜਾਗੀਰ ਦੇ ਕੋਨੇ ਕੋਨੇ ਵਿੱਚ ਗੋਠ ਸੀ । ਪੰਜਾਬੀ ਰਾਹਕਾਂ ਨੂੰ ਵੰਡ ਕੇ ਆਪੋ ਆਪਣੇ ਗੋਠਾਂ ਵਿੱਚ ਜਾ ਬਿਠਾਇਆ। ਹਰ ਗੋਠ ਦਾ ਇੱਕ ਨੰਬਰਦਾਰ ਬਣਾਇਆ। ਹਰ ਗੋਠ ਨੂੰ ਰਾਸ਼ਨ, ਕਰਜ਼ਾ ਤੇ ਲੋੜ ਦੀਆਂ ਸ਼ੈਆਂ ਨੰਬਰਦਾਰ ਦੀ ਸਿਫਾਰਸ਼ ਤੇ ਜ਼ਮਾਨਤ ਨਾਲ ਈ ਮਿਲਦੀਆਂ ਸਨ।
ਕੁੱਲੀ ਝੁੱਗੀ ਬਣਾਵਣੀ ਤੇ ਉੱਥੇ ਬਹੁਤ ਹੀ ਸੌਖੀ ਸੀ । ਅਸਾਡੇ ਵਾਸਤੇ ਤੇ ਹੋਰ ਵੀ ਅਸਾਨ ਸੀ। ਪੰਜਾਬ ਵਿੱਚ ਮਿੱਟੀ ਦੀਆਂ ਕੰਧਾਂ ਬਣਾ ਕੇ ਉੱਤੇ ਕੱਖ ਕਾਨੇ ਦੀ ਝੁੱਗੀ ਜਾਂ ਛੱਤ ਪਾਈਦੀ ਸੀ, ਪਰ ਏਥੇ ਕੰਧਾਂ ਸਰਕਾਨੇ ਯਾ ਪਿਲਛੀ ਦੀਆਂ ਛਮਕਾਂ ਨਾਲ ਬਣਾਈਆਂ ਜਾਦੀਆਂ ਸਨ। ਪਿਲਛੀ, ਵਣ ਤੇ ਕਾਲਾ ਕਿੱਕਰ ਆਮ ਸੀ ਉਸ ਇਲਾਕੇ ਵਿੱਚ, ਏਸੇ ਲਈ ਅਸਾਂ ਘਰ ਬਣਾਵਣ ਵਿੱਚ ਬਹੁਤ ਕਾਹਲੀ ਵਿਖਾਈ। ਝੱਟ ਕਰਕੇ ਹੱਥ ਹੱਥੀਂ ਰਲ ਕੇ ਕੁੱਲੀ ਤਿਆਰ ਕਰ ਲਈ। ਮੋਹੜੇ ਗੱਡ ਕੇ ਪਸਾਰ ਵੀ ਬਣਾ ਲਏ। ਉੱਥੇ ਹਰ ਵੇਲੇ ਤੇਜ਼ ਹਵਾ ਚੱਲਦੀ ਰਹਿੰਦੀ ਸੀ। ਖੌਰੇ ਸਮੁੰਦਰ ਦਾ ਕੰਢਾ ਨੇੜੇ ਹੋਣ ਕਰਕੇ ਹਵਾ ਵਿੱਚ ਨਮੀ ਤੇ ਲੂਣ ਹੁੰਦਾ ਸੀ, ਲੀੜੇ ਕੱਪੜੇ ਹਰ ਵਕਤ ਗਿੱਜੇ ਗਿੱਜੇ ਤੇ ਖੁਰਦਰੇ ਖੁਰਦਰੇ ਹੋ ਜਾਂਦੇ ਸਨ।
ਰਾਜੇ ਦੀਆਂ ਜ਼ਮੀਨਾਂ ਵਾਸਤੇ ਪਾਣੀ ਦੀ ਮਨਜ਼ੂਰੀ ਅਗਲੇ ਸਾਲ ਦੀ ਸੀ। ਉੱਥੇ ਇੱਕ ਨਹਿਰ (ਰਾਜਬਾਹ) ਵਗਦੀ ਸੀ । ਰਾਹਕਾਂ ਨੂੰ ਮਲੂਮ ਹੋਇਆ ਕਿ ਨਹਿਰ ਦਾ ਪਾਣੀ ਅਗਲੇ ਸਾਲ ਮਿਲਣਾ ਏ, ਹੁਣ ਕੀ ਕਰਨ? ਪੂਰਾ ਸਾਲ ਕੌਣ ਉਡੀਕ ਕਰੇ । ਪੰਜਾਬੀ ਰਾਹਕਾਂ ਨੇ ਜਾਂਦਿਆਂ ਈ ਮੋਘੇ ਦੇ ਨੱਕੇ ਆਪਣੀਆਂ ਆਪਣੀਆਂ ਗੋਠਾਂ ਵੱਲ ਮੋੜ ਲਏ ਸਨ। ਸਿੰਧੀਆਂ ਲਈ ਤਾਂ ਆਫ਼ਤ ਸੀ। ਉਹਨਾਂ ਦੀਆਂ ਫਸਲਾਂ ਦਾ ਪਾਣੀ ਪੰਜਾਬੀ ਰਾਹਕਾਂ ਰੋਕ ਲਿਆ ਸੀ। ਉਹਨਾਂ ਦੀਆਂ ਫਸਲਾਂ ਸੁੱਕਣ ਲੱਗ ਪਈਆਂ। ਜਿਹੜਾ ਸਿੰਧੀ ਪਾਣੀ ਵਾਸਤੇ ਜ਼ਿੱਦ ਕਰਕੇ ਪਾਣੀ ਦਾ ਨੱਕਾ ਮੋੜਨਾ ਚਾਹਦਾ, ਉਹਨੂੰ ਪੰਜਾਬੀਆਂ ਕੋਲੋਂ ਕੁੱਟ ਪੈਂਦੀ। ਇੰਜ ਇਕੱਲੇ ਇਕੱਲੇ ਹੋ ਕੇ ਕਈ ਸਿੰਧੀਆਂ ਨੂੰ ਫੰਡ ਪੈ ਗਈ ਤਾਂ ਮੁੜ ਕੋਈ ਸਿੰਧੀ ਪਾਣੀ ਵੱਲ ਨਾ ਆਇਆ।
ਪੰਜਾਬੀ ਰਾਹਕ ਬੰਦੂਕਾਂ, ਡਾਂਗਾਂ ਤੇ ਹੋਰ ਕਈ ਕਿਸਮ ਦਾ ਅਸਲਾ ਲੈ ਕੇ ਮੋਘਿਆਂ ਉੱਥੇ ਥੜ੍ਹਾ ਮੱਲ ਕੇ ਬੈਠ ਗਏ । ਅਯੂਬ ਖਾਨ ਦੀ ਸਰਕਾਰ ਸੀ, ਅਸਲੇ ਦਾ ਕੋਈ ਘਾਟਾ ਨਹੀਂ ਸੀ । ਰਾਜੇ ਦਾ ਆਪਣਾ ਅਸਰ ਵੀ ਸਰਕਾਰ ਵਿੱਚ ਬਹੁਤ ਸੀ । ਪੰਜਾਬੀਆਂ ਦਾ ਆਪਣਾ ਡਰ ਸੀ ਕਿ ਕੋਈ ਵੀ ਸਿੰਧੀ ਨਹਿਰ ਦੇ ਲਾਗੇ ਨਹੀਂ ਸੀ ਆਂਵਦਾ।
ਰਾਜੇ ਨੂੰ ਸਿੰਧੀ "ਝੰਜੇ ਮਾਣੂ" ਕਹਿੰਦੇ ਸਨ ਤੇ ਝੰਜੇ ਮਾਣੂ ਦੇ ਅਸਰ ਕੋਲੋਂ ਕਾਫ਼ੀ ਪਹਿਲੇ ਈ ਡਰੇ ਹੋਏ ਸਨ ਕਿਉਂ ਜੁ ਪੁਲਸ ਵੀ ਝੰਜੇ ਮਾਣੂ ਦਾ ਈ ਸਾਥ ਦਿੰਦੀ ਸੀ।
ਇਸ ਤੋਂ ਪਹਿਲਾਂ ਵੀ ਰਾਜਾ ਸਾਹਿਬ ਸਿੰਧੀ ਨੁਮਾਣਿਆਂ ਨੂੰ ਕਿਸੀ ਨਾ ਕਿਸੀ ਬਹਾਨੇ ਪੁਲਸ ਕੋਲੋਂ ਤੰਗ ਕਰਾਵੰਦਾ ਰਹਿੰਦਾ ਸੀ । ਕੋਈ ਵੀ ਸਿੱਧੀ ਰਾਜੇ ਨਾਲ ਟੱਕਰ ਲੈਣ ਨੂੰ ਤਿਆਰ ਨਹੀਂ ਸੀ। ਰਾਜਾ ਕੀ, ਰਾਜੇ ਦੇ ਕਾਲੇ ਮੁਨਸ਼ੀ ਵੀ ਸਿੰਧ ਵਿੱਚ ਵਾਇਸਾਰਾਏ ਬਣੇ ਹੋਏ ਸਨ ਤੇ ਚੌਧਰੀ ਅਖਵਾਂਦੇ ਸਨ, ਸਿੰਧੀ ਮਾਨਵਾਂ (ਲੋਕਾਂ) ਨੂੰ ਡਰਾਈ ਧਮਕਾਈ ਰੱਖਦੇ ਸਨ।
ਵੱਡੇ ਵੱਡੇ ਹੱਟਾਂ ਵਾਲ਼ੇ ਸਿੱਧੀ ਵੀ ਜਿਹੜੇ ਆਪਣੇ ਆਪ ਨੂੰ ਸੇਠ ਅਖਵਾਂਦੇ ਸਨ, ਰਾਜਾ ਤੇ ਰਾਜੇ ਦੇ ਮੁਨਸ਼ੀਆਂ ਨਾਲ ਯਾਰੀ ਬਣਾਈ ਰੱਖਦੇ ਤੇ ਤਾਬਿਆਦਾਰੀ ਕਰਦੇ ਸਨ।
ਪੰਜਾਬੀ ਭੁੱਖੇ ਰਾਹਕਾਂ ਦਾ ਹਯੂਮ ਰਾਜੇ ਦੀ ਸ਼ਹਿ ਉੱਤੇ ਮਾਰਧਾੜੀ ਕਰਨ ਲੱਗ ਪਿਆ। ਇਹ ਪੰਜਾਬ ਦੇ ਕਮਜ਼ੋਰ ਤੇ ਪੱਛੜੇ ਹੋਏ ਲੋਕ ਸਿੰਧ ਵਿੱਚ ਜਾ ਕੇ ਸ਼ੇਰ ਬਣ ਗਏ। ਆਂਵਦੇ ਜਾਂਦੇ ਸਿੰਧੀਆਂ ਨੂੰ ਮਾਰਦੇ ਕੁੱਟਦੇ, ਉਹਨਾਂ ਦਾ ਸਮਾਨ ਖੋਹ ਲੈਂਦੇ । ਸਿੰਧੀਆਂ ਦੀਆਂ ਗਾਵਾਂ ਬੱਕਰੀਆਂ ਜੰਗਲ ਵਿੱਚੋਂ ਧੱਕ ਧੱਕੀ ਚੁੱਕ ਲਿਆਵੰਦੇ ਤੇ ਕੋਹ ਕੇ ਖਾ ਜਾਂਦੇ । ਸਿੰਧੀਆਂ ਉੱਤੇ ਏਨਾ ਰੋਅਬ ਪਿਆ ਕਿ ਉਹਨਾਂ ਰਾਜੇ ਦੀ ਜਾਗੀਰ ਵਿੱਚੋਂ ਲੰਘਣਾ ਤੇ ਛੱਡ ਈ ਦਿੱਤਾ ਸੀ, ਉਹ ਨਾਲ ਲੱਗਦੀਆਂ ਆਪਣੀਆਂ ਜ਼ਮੀਨਾਂ ਵੀ ਛੱਡ ਗਏ ਸਨ। ਸਿੰਧੀ ਪੁਲਸ ਕੋਲ ਜਾਂਦੇ, ਪਰ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣਦਾ। ਰਾਜੇ ਦੇ ਹੱਥ ਬੜੇ ਲੰਮੇ ਸਨ। ਉਲਟਾ ਪੁਲਸ ਰਾਜੇ ਨੂੰ ਸਲਾਮ ਕਰਕੇ ਖੁਸ਼ ਹੁੰਦੀ ਸੀ। ਤੰਗ ਆ ਕੇ ਸਿੱਧੀਆਂ ਪਾਣੀ ਵਾਸਤੇ ਲੜਾਈ ਲੜਨ ਦਾ ਫੈਸਲਾ ਕਰ ਲਿਆ । ਪੰਜਾਬੀਆਂ ਨੂੰ ਵੀ ਖ਼ਬਰ ਹੋ ਗਈ। ਅਗਲੇ ਦਿਨ ਸਵੇਰੇ ਸਿੰਧੀਆਂ ਮੋਘੇ ਤੋਂ ਪਾਣੀ ਆਪਣੇ ਵੱਲ ਮੋੜ ਦਿੱਤਾ। ਉਹ ਸੱਜੇ ਖੱਬੇ ਦੀਆਂ ਸਾਰੀਆਂ ਸਿੰਧੀ ਗੋਠਾਂ ਨੂੰ ਇਕੱਠੇ ਕਰਨ ਲੱਗ ਪਏ ਸਨ।
ਪੰਜਾਬੀਆਂ ਨੇ ਰਾਤ ਨੂੰ ਈ ਮੋਘੇ ਦਵਾਲੇ ਮੋਰਚੇ ਬਣਾ ਲਏ ਸਨ। ਸਿੰਧੀ ਰਾਤ ਨੂੰ ਬਾਹਰ ਨਹੀਂ ਸਨ ਨਿੱਕਲਦੇ। ਇਹ ਵੀ ਬਹੁਤ ਵੱਡੀ ਕਮਜ਼ੋਰੀ ਸੀ ਉਹਨਾਂ ਵਿੱਚ। ਸਿੰਧ ਵਿੱਚ ਫਨੀਅਰ ਸੱਪ ਸਨ। ਪੰਜਾਬੀ ਤੇ ਖੌਰੇ ਸੱਪਾਂ ਕੋਲੋਂ ਵੀ ਨਹੀਂ ਸਨ ਡਰਦੇ। ਪੰਜਾਬ ਦੇ ਮੋਏ ਮੁੱਕੇ ਲੋਕ ਸਿੰਧ ਵਿੱਚ ਜਿੰਦਾ ਤੇ ਬਹਾਦਰ ਜਾਪਦੇ ਸਨ । ਸਿੰਧੀਆਂ ਕੋਲ ਅਸਲਾ ਬਹੁਤ ਘੱਟ ਸੀ, ਪੰਜਾਬੀਆਂ ਕੋਲ ਜਿਆਦਾ ਤੇ ਨਵਾਂ ਸੀ। ਸਿੰਧੀ ਮੋਘੇ ਤੋਂ ਦੂਰ ਅਜੇ ਇਕੱਠੇ ਹੋ ਹੀ ਰਹੇ ਸਨ ਕਿ ਪੰਜਾਬੀਆਂ ਨੇ ਹਮਲਾ ਕਰ ਦਿੱਤਾ। ਕਈਆਂ ਨੂੰ ਜਖਮੀ ਕੀਤਾ ਤੇ ਕਈਆਂ ਨੂੰ ਫੜ ਲਿਆ ਤੇ ਉੱਤੋਂ ਪੁਲਸ ਵੀ ਬਾਕੀ ਸਿੰਧੀਆਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਜਾ ਫੜਿਆ। ਆਖ਼ਰ ਸਿੰਧੀਆਂ ਨੂੰ ਰਾਜੇ ਦੇ ਪੈਰੀਂ ਪੈ ਕੇ ਮੁਆਫ਼ੀ ਮੰਗਣੀ ਪਈ । ਅੱਗੇ ਤੋਂ ਲੜਾਈ ਨਾ ਕਰਨ ਲਈ ਸਿੰਧੀ ਸੇਠਾਂ ਦੀ ਜ਼ਮਾਨਤ ਦਿੱਤੀ। ਅਸਾਡੀ ਗੋਠ ਰਾਜੇ ਦੀ ਜਾਗੀਰ ਦੀ ਆਖ਼ਰੀ ਨੁੱਕਰ ਸੀ। ਮੇਰਾ ਪਿਉ ਆਪਣੀ ਗੋਠ ਦਾ ਨੰਬਰਦਾਰ ਸੀ। ਰਾਸ਼ਨ ਦੀ ਵੰਡ ਮੇਰੇ ਪਿਉ ਦੇ ਜੁੰਮੇ ਤੇ ਵਾਹੀ ਬੀਜੀ ਦਾ ਮੈਂ ਮੁਖ਼ਤਾਰ ਸਾਂ ਯਾਂ ਕਰਦਾ ਮੈਂ ਸਾਂ ਤੇ ਭਰਾ ਨਾਲ ਸੀ। ਅਸਾਡੇ ਲਾਗੇ ਦੀਆਂ ਸਿੱਧੀ ਗੋਠਾਂ ਟੱਲਪੁਰਾ, ਮੇਮਨ ਭੋਗੜਾ ਤੇ ਬਲੋਚ ਗੋਠ ਸਨ । ਇਹਨਾਂ ਗੋਠਾਂ ਦੇ ਲੋਕ ਡਰੇ ਤੇ ਸਹਿਮੇ- ਸਹਿਮੇ ਜਾਪਦੇ ਸਨ । ਮਾਸੂਮ ਚਿਹਰਿਆਂ ਉੱਤੇ ਭੁੱਖ ਦੁੱਖ ਤੇ ਖ਼ੌਫ ਦੇ ਨਿਸ਼ਾਨ ਵੇਖ ਕੇ ਮੈਨੂੰ ਬਹੁਤ ਈ ਤਰਸ ਆਵੰਦਾ। ਇਹ ਲੋਕ ਤੇ ਅਸਾਥੋਂ ਵੀ ਗਏ ਗਵਾਚੇ ਸਨ। ਇਹਨਾਂ ਨਾਲ ਦੋਸਤੀ ਹੋਣੀ ਚਾਹੀਦੀ ਏ, ਲੜਾਈ ਨਹੀਂ। ਕੁੱਝ ਆਪਣੇ ਆਪਣੇ ਜਿਹੇ ਲੱਗਦੇ ਸਨ।
ਇੱਕ ਇਹ ਇਤਫ਼ਾਕ ਵੀ ਹੋਇਆ ਕਿ ਅਸਾਡੀ ਗੋਠ ਦੇ ਗੱਭਰੂਆਂ ਸਿੰਧੀਆਂ ਨਾਲ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ ਕਿਉਂ ਜੁ ਅਸਾਡੀ ਗੋਠ ਸਿੱਧੀ ਗੋਠਾਂ ਦੇ ਬਿਲਕੁਲ ਨੇੜੇ ਸੀ। ਸਾਨੂੰ ਖ਼ਤਰਾ ਸੀ ਕਿ ਸਿੰਧੀ ਉਧਰੋਂ ਮਾਰ ਖਾ ਕੇ ਏਧਰ ਹਮਲਾ ਨਾ ਕਰ ਦੇਵਣ। ਅਸਾਡੇ ਗੱਭਰੂਆਂ ਵਿੱਚ ਲੜਾਈ ਵਾਲੀ ਆਦਤ ਨਹੀਂ ਸੀ। ਇਹ ਵੀ ਹੋ ਸਕਦਾ ਏ
ਕਿ ਅਸਾਡੀ ਗੋਠ ਦੇ ਸਾਰੇ ਮੁੰਡੇ ਕਿਸੇ ਨਾ ਕਿਸੇ ਦਰਜੇ ਤੀਕਰ ਪੜ੍ਹੇ ਹੋਏ ਸਨ । ਵਜ੍ਹਾ ਕੋਈ ਵੀ ਸੀ, ਅਸਾਡੀ ਗੋਠ ਸਿੱਧੀਆਂ ਵਿੱਚ ਸ਼ਰੀਫ਼ ਲੋਕਾਂ ਦੀ ਗੋਠ ਮਸ਼ਹੂਰ ਹੋ ਗਈ ਸੀ ਤੇ ਕਈ ਸਿੰਧੀ ਲੋਕ ਅਸਾਡੇ ਦੋਸਤ ਬਣ ਗਏ ਸਨ।
ਖਾਸ ਕਰ ਟੱਲਪੁਰੇ ਦੇ ਲੋਕ ਤੇ ਬਹੁਤ ਹੀ ਨੇੜੇ ਹੋ ਗਏ। ਉਹਨਾਂ ਵਿੱਚੋਂ ਮੁਹੰਮਦ ਦੀਨ ਨਾਂ ਦਾ ਸਿੰਧੀ ਘਰਾਣਾ ਤੇ ਅਸਾਡਾ ਗੂੜਾ ਸੱਜਣ ਬਣ ਗਿਆ। ਮੁਹੰਮਦ ਦੀਨ ਦਾ ਪੁੱਤਰ ਨਾਥਾ ਤੇ ਉਹਦੀ ਵਹੁਟੀ ਰੋਜ਼ ਈ ਕਿਸੇ ਨਾ ਕਿਸੇ ਬਹਾਨੇ ਅਸਾਡੇ ਘਰ ਆ ਜਾਂਦੇ ਸਨ । ਸਾਰਾ ਦਿਨ ਮੇਰੀ ਮਾਂ ਨਾਲ ਕੰਮ ਕਰਵਾਂਦੇ ਤੇ ਕੁੱਝ ਨਾ ਕੁੱਝ ਖੁਰਾਕ ਲੈ ਕੇ ਖੁਸ਼ ਹੋ ਜਾਂਦੇ। ਅਸਾਨੂੰ ਰਾਜੇ ਵੱਲੋਂ ਅਜੇ ਮੁਫ਼ਤ ਰਾਸ਼ਨ ਮਿਲਦਾ ਸੀ ।
ਖ਼ੁਰਾਕ ਉੱਥੇ ਦੀ ਬਹੁਤ ਥੋੜ੍ਹੀ ਸੀ । ਸਿੰਧੀ ਲੋਕ ਗਾਵਾਂ ਤੇ ਬੱਕਰੀਆਂ ਦੇ ਦੁੱਧ ਵਿੱਚੋਂ ਕੱਢਿਆ ਘਿਓ ਵੇਚ ਕੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦਾ ਜਤਨ ਕਰਦੇ ਸਨ, ਪਰ ਉੱਥੇ ਦੁੱਧ ਵੀ ਥੋੜ੍ਹਾ ਹੁੰਦਾ ਸੀ । ਗਾਵਾਂ ਬੱਕਰੀਆਂ ਦੇ ਦੁੱਧ ਵਿੱਚੋਂ ਘਿਓ ਵੀ ਥੋੜ੍ਹਾ ਨਿੱਕਲਦਾ ਸੀ। ਹਰ ਸਿੰਧੀ ਗੋਠ ਵਿੱਚ ਸੇਠਾਂ ਦੇ ਵੱਡੇ ਵੱਡੇ ਹੱਟ ਸੀ। ਜ਼ਰੂਰਤ ਦੀਆਂ ਸਾਰੀਆਂ ਸ਼ੈਆਂ ਲੋਕ ਉੱਥੋਂ ਈ ਲੈਂਦੇ ਸਨ ਤੇ ਆਪਣੀ ਫ਼ਸਲ ਰਹਿਣ ਰੱਖਦੇ ਸਨ। ਇੰਜ ਉਹਨਾਂ ਸਿੰਧੀ ਰਾਹਕਾਂ ਦਾ ਕਰਜ਼ ਕਦੇ ਨਹੀਂ ਸੀ ਉੱਤਰਦਾ।
ਕਣਕ ਉਹ ਲੋਕ ਕਦੀ ਨਹੀਂ ਸਨ ਖਾਂਦੇ ਕਿਉਂ ਜੁ ਕਣਕ ਖਾਵਣ ਨਾਲ ਢਿੱਡ ਵਿੱਚ ਪੀੜ ਹੁੰਦੀ ਸੀ। ਉਹ ਮੋਟੇ ਲਾਲ ਚੌਲ ਖਾਂਦੇ ਸਨ । ਸਿੰਧ ਵਿੱਚ ਇਹ ਕਿਸਮ ਵੀ ਆਮ ਹੁੰਦੀ ਸੀ। ਚੌਲਾਂ ਦੀ ਆਅਲਾ ਕਿਸਮ ਉਹਨਾਂ ਦੇ ਨਸੀਬ ਵਿੱਚ ਨਹੀਂ ਸੀ। ਚਾਹ ਆਮ ਪੀਂਦੇ ਸਨ। ਜਿਆਦਾ ਨਮਕੀਨ ਈ ਹੁੰਦੀ ਸੀ ਚਾਹ।
ਖ਼ੁਰਾਕ ਲਈ ਉਹ ਲੋਕ ਦੱਭ (ਜੀਹਦੀਆਂ ਸਫ਼ਾਂ ਬਣਾਈਆਂ ਜਾਂਦੀਆਂ ਨੇ) ਦੀਆਂ ਜੜਾਂ ਪੁੱਟ ਕੇ ਉਹਨਾਂ ਨੂੰ ਪੀਸ ਕੇ ਆਟੇ ਦੀ ਥਾਂ ਵਰਤਦੇ ਸਨ । ਬਹੁਤ ਫ਼ਾਕੇ ਸਨ ਉੱਥੇ, ਪੰਜਾਬ ਨਾਲੋਂ ਵੀ ਜਿਆਦਾ, ਸਗੋਂ ਬਹੁਤ ਈ ਜ਼ਿਆਦਾ। ਖਲੋਤੇ ਪਾਣੀ ਵਿੱਚ ਮੱਛੀਆਂ ਨੂੰ ਵੀ ਕੀੜੇ ਪੈ ਜਾਂਦੇ ਨੇ । ਸਾਡੇ ਲਈ ਬਹੁਤ ਈ ਹੈਰਾਨੀ ਵਾਲੀ ਗੱਲ ਸੀ । ਸਿੰਧੀਆਂ ਦੇ ਬਾਲ ਗਾਵਾਂ ਦੇ ਮਗਰ ਮਗਰ ਅਸਾਡੀ ਗੋਠ ਤੀਕਰ ਆ ਜਾਂਦੇ ਤੇ ਮੇਰੀ ਮਾਂ ਉਹਨਾਂ ਨੂੰ ਕੁੱਝ ਨਾ ਕੁੱਝ ਖਾਵਣ ਨੂੰ ਦਿੰਦੀ ਤੇ ਉਹ ਬੜੇ ਰਾਜ਼ੀ ਹੁੰਦੇ। ਮੇਰੀ ਮਾਂ ਦੇ ਪੈਰ ਛੂੰਹਦੇ, ਹੱਥ ਜੋੜ ਕੇ ਸਲਾਮ ਕਰਦੇ। ਪੀਣ ਵਾਲਾ ਪਾਣੀ ਉੱਥੇ ਖਾਰਾ ਸੀ । ਪੀਣ ਵਾਸਤੇ ਪਾਣੀ ਬਹੁਤ ਥੋੜ੍ਹਾ ਤੇ ਦੂਰੋਂ ਦੂਰੋਂ ਲੱਭਦਾ ਸੀ । ਉਹ ਵੀ ਪੰਜਾਬ ਦੇ ਪਾਣੀ ਵਾਂਗ ਠੰਡਾ ਤੇ ਮਿੱਠਾ ਕਿੱਥੋਂ! ਅਸਾਡੇ ਕੱਪੜੇ ਛੇਤੀ ਹੀ ਹਵਾ ਵਿੱਚ ਨਮੀ ਪਾਰੋਂ ਗਿੱਜੇ ਗਿੱਜੇ ਜਿਹੇ ਹੋ ਜਾਂਦੇ ਸਨ ਤੇ ਜੁੱਸੇ ਨਾਲ ਚਿੰਬੜ ਚਿੰਬੜ ਪੈਂਦੇ ਸਨ।
ਭੋਂਏਂ ਵਿੱਚੋਂ ਛੋਹਟੇ (ਚਸ਼ਮੇਂ) ਪੁੱਟ ਪੁੱਟ ਕੇ ਪਾਣੀ ਕੱਢਣਾ ਪੈਂਦਾ ਸੀ, ਉਹ ਵੀ ਜ਼ਿਆਦਾ ਥਾਵਾਂ ਵਿੱਚੋਂ ਖਾਰਾ ਨਿੱਕਲ ਆਂਵਦਾ ਸੀ ਤੇ ਫੇਰ ਹੋਰ ਛੋਹਟਾ ਪੁੱਟਣਾ ਪੈਂਦਾ ਸੀ । ਜੇ ਕਿਸੇ ਛੋਹਟੇ ਵਿੱਚੋਂ ਮਿੱਠਾ ਪਾਣੀ ਨਿੱਕਲ ਆਂਵਦਾ ਤਾਂ ਉਹ ਵੀ ਏਨਾ ਘੱਟ ਹੁੰਦਾ ਕਿ ਦੋ ਚਾਰ ਬਾਲਟੀਆਂ ਮਗਰੋਂ ਈ ਮੁੱਕ ਜਾਂਦਾ ਤੇ ਫੇਰ ਪਾਣੀ ਦੇ ਜਮ੍ਹਾਂ ਹੋਵਣ ਵਿੱਚ ਕਾਫੀ ਦੇਰ ਲੱਗ ਜਾਂਦੀ । ਪਾਣੀ ਵਿੱਚ ਮਿੱਟੀ ਰਲੀ ਹੁੰਦੀ, ਨਿਤਾਰ ਨਿਤਾਰ ਕੇ ਤੇ ਪੁਣ ਪੁਣ ਕੇ ਪਾਣੀ ਵਰਤਣ
ਵਿੱਚ ਲਿਆਇਆ ਜਾਂਦਾ ਸੀ।
ਬਹੁਤ ਸਾਰੇ ਮਿੱਠੇ ਪਾਣੀ ਦੇ ਛੋਹਟਿਆਂ ਉੱਤੇ ਪੰਜਾਬੀਆਂ ਕਬਜਾ ਕਰ ਲਿਆ ਸੀ। ਸਿੰਧੀਆਂ ਵਾਸਤੇ ਇਹ ਬੜੇ ਤਖਲੀਫ਼ ਦੇ ਦਿਨ ਸਨ। ਅਸਾਡੀ ਗੋਠ ਦੇ ਨੇੜੇ ਦੋ ਛੋਹਟੇ ਮਿੱਠੇ ਪਾਣੀ ਦੇ ਸਨ। ਇੱਕ ਵੱਡਾ ਛੋਹਟਾ ਟਿੱਲਪੁਰਾ ਵਿੱਚ ਸੀ, ਪਰ ਉਹ ਇਕੱਲਾ ਛੋਹਟਾ ਟਿੱਲਪੁਰਾ ਨੂੰ ਪੂਰਾ ਨਹੀਂ ਸੀ ਫੜਦਾ । ਮੁਹੰਮਦ ਦੀਨ ਅਸਾਡੇ ਕੋਲ ਦੇ ਛੋਹਟੇ ਤੋਂ ਪਾਣੀ ਲੈ ਜਾਵਣ ਲੱਗ ਪਿਆ ਤੇ ਉਹਦੇ ਵੇਖਾਵੇਖੀ ਦੂਜੇ ਸਿੰਧੀਆਂ ਦੀਆਂ ਸਵਾਣੀਆਂ ਤੇ ਮੁਟਿਆਰਾਂ ਵੀ ਪਾਣੀ ਲਈ ਆ ਜਾਂਦੀਆਂ, ਅਸੀਂ ਨਾ ਰੋਕਦੇ । ਸਿੰਧੀ ਕੁੜੀਆਂ ਮੁੰਡਿਆਂ ਨੂੰ ਮਿਲਣ ਲਈ ਹੱਥ ਮਿਲਾਵੰਦੀਆਂ ਸਨ। ਇਹ ਉੱਥੋਂ ਦਾ ਰਵਾਜ ਸੀ । ਪਰ ਪੰਜਾਬੀ ਮੁੰਡਿਆਂ ਵਾਸਤੇ ਚਸਕਾ ਸੀ। ਪੰਜਾਬੀ ਮੁੰਡੇ ਹੱਥ ਮਿਲਾਕੇ ਜੱਫੀ ਪਾ ਲੈਂਦੇ ਤੇ ਆਖਦੇ ਇਹ ਸਾਡਾ ਰਿਵਾਜ ਏ।
ਅਸਾਨੂੰ ਮਲੂਮ ਹੋਇਆ ਤੇ ਅਸਾਡੇ ਬਜੁਰਗਾਂ ਮੁੰਡਿਆਂ ਨੂੰ ਬਹੁਤ ਬੁਰਾ ਵੀ ਆਖਿਆ ਤੇ ਸਖਤੀ ਨਾਲ ਮਨ੍ਹਾਂ ਵੀ ਕਰ ਦਿੱਤਾ, ਪਰ ਫੇਰ ਵੀ ਕਦੀ ਕਦੀ ਪੰਜਾਬੀ ਮੁੰਡੇ ਦਾਅ ਲਾ ਈ ਲੈਂਦੇ ਸਨ। ਫੇਰ ਅੱਖ ਮਟੱਕਾ ਵੀ ਚੱਲ ਪਿਆ। ਸਿੰਧੀ ਕੁੜੀਆਂ ਪਿਆਰ ਖੋਰੀਆਂ ਸਨ।
ਮੁਹੰਮਦ ਦੀਨ ਚੰਗਾ ਬੰਦਾ ਸੀ । ਉਸ ਛੇਤੀ ਈ ਪੰਜਾਬੀ ਸਿੱਖ ਲਈ ਸੀ। ਅਸਾਂ ਵੀ ਸਿੰਧੀ ਨੂੰ ਆਪਣੀ ਜ਼ਬਾਨ ਦਾ ਹਿੱਸਾ ਬਣਾ ਲਿਆ। ਮਲੂਮ ਨਹੀਂ ਹੁੰਦਾ ਸੀ ਕਿ ਓਪਰੀ ਜ਼ੁਬਾਨ ਪਏ ਬੋਲਨੇ ਆਂ । ਅਸਾਡੇ ਛੋਟੇ ਬਾਲ ਤਾਂ ਸਿੰਧੀ ਬਾਲਾਂ ਕੋਲੋਂ ਗਾਲਾਂ ਵੀ ਸਿੱਖ ਗਏ ਸਨ । ਪਰ ਵੱਡਿਆਂ ਨੂੰ ਸਿੰਧੀ ਜ਼ੁਬਾਨ ਦੀ ਘੱਟ ਈ ਸਮਝ ਲੱਗਦੀ ਸੀ। ਅਸਾਡੇ ਆਵਣ ਤੋਂ ਪਹਿਲੇ ਰਾਜਾ ਆਪਣੇ ਸਿੰਧੀ ਰਾਹਕਾਂ ਨੂੰ ਵਾਹੀ ਬੀਜੀ ਦੇ ਕੰਮਾਂ ਬਦਲੇ ਨਾ ਤੇ ਕੋਈ ਅਨਾਜ ਦਿੰਦਾ ਸੀ ਤੇ ਨਾ ਹੀ ਕੋਈ ਖ਼ੁਰਾਕ । ਬੱਸ ਥੋੜ੍ਹੇ ਜਿਹੇ ਨਕਦ ਪੈਸੇ ਦਿੰਦਾ ਸੀ। ਉਹਨਾ ਦਾ ਵਾਹੀ ਵਿੱਚੋਂ ਹਿੱਸੇ ਦੇ ਵੀ ਨਕਦ ਪੈਸੇ ਈ ਦਿੰਦਾ ਸੀ ਤੇ ਰਾਹਕਾਂ ਨੂੰ ਫਸਲ ਦਾ ਇੱਕ ਦਾਣਾ ਵੀ ਲੈ ਜਾਵਣ ਦੀ ਇਜਾਜ਼ਤ ਨਹੀਂ ਸੀ। ਜੇ ਕੋਈ ਲੈ ਜਾਂਦਾ ਤਾਂ ਉਹਦੇ ਈ ਰਾਜੇ ਨੇ ਅਕੂਬਤਖਾਨਾ ਬਣਾਇਆ ਹੋਇਆ ਸੀ। ਉੱਥੇ ਓਸ ਰਾਹਕ ਦੇ ਸਾਰੇ ਟੱਬਰ ਨੂੰ ਛਤਰੋਲ ਹੁੰਦੀ ਸੀ ।
ਰਾਜਾ ਪੰਜਾਬ ਤੋਂ ਨਵੇਂ ਨਵੇਂ ਬੀਜ ਲੈ ਜਾ ਕੇ ਬੀਜਣਾ ਈ ਨਹੀਂ ਸੀ ਚਾਂਹਦਾ ਕਿ ਕਿਤੇ 'ਨਵਾਂ' ਬੀਜ ਸਿੰਧੀਆਂ ਨੂੰ ਵੀ ਲੱਭ ਨਾ ਪਵੇ। ਸਿੰਧੀ ਕਿਸਾਨ ਵਾਹੀ ਬੀਜੀ ਦੇ ਕੰਮਾਂ ਵਿੱਚ ਉੱਕਾ ਧਿਆਨ ਨਹੀਂ ਸੀ ਦਿੰਦੇ, ਕੋਈ ਮਿਹਨਤ ਨਾ ਕਰਦੇ। ਬੱਸ ਚਾਰ ਔੜਾਂ ਤੇ ਸੁੱਕਾ ਬੀਜ ਖਿਲਾਰ ਦਿੱਤਾ। ਕੋਈ ਜ਼ਮੀਨ ਪੱਧਰ ਨਹੀਂ ਕਰਦੇ ਤੇ ਨਾ ਹੀ ਕੋਈ ਵੱਟ ਬੰਨਾ ਸਵਾਦ ਦਾ ਬਣਾਵੰਦੇ ਸਨ। ਪੰਜਾਬੀ ਰਾਹਕਾਂ ਜਾਂਦਿਆਂ ਈ ਜ਼ਮੀਨ ਨੂੰ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਵੇਖਦਿਆਂ ਵੇਖਦਿਆਂ ਵੱਡੇ ਵੱਡੇ ਪਲਾਂਟ ਬਣਾ ਦਿੱਤੇ। ਵੱਟ ਬੰਨੇ ਵੀ ਸਿੱਧੇ ਤੇ ਸੁਹਣੇ ਬਣਾਏ।
ਪੰਜਾਬੀਆਂ ਦੇ ਹਲ ਵਗਦੇ ਤੇ ਟਰੈਕਟਰ ਨਾਲ ਜ਼ਮੀਨ ਪੱਧਰ ਹੁੰਦੀ ਨੂੰ ਸਿੱਧੀ ਆ ਆ ਕੇ ਹੈਰਾਨੀ ਨਾਲ ਵੇਖਦੇ ਸਨ । ਰਾਜੇ ਦੇ ਟਰੈਕਟਰ ਗੋਠ ਨੂੰ ਵਾਰੀ ਨਾਲ ਮਿਲਦੇ ਸਨ, ਵੱਡੇ-ਵੱਡੇ ਟਿੱਬੇ ਤੇ ਟੋਏ ਟਰੈਕਟਰ ਨਾਲ ਈ ਸੰਵਾਹਰੇ ਕੀਤੇ ਜਾਂਦੇ ਸਨ । ਬਾਕੀ ਦਾ ਕੰਮ
ਢਗਿਆਂ ਦੀਆਂ ਜੋਗਾਂ ਨਾਲ ਕੀਤਾ ਜਾਂਦਾ। ਅਸਾਡੇ ਭੋਂਏਂ ਵਾਹਣ ਦਾ ਢੰਗ, ਵੱਲ ਤੇ ਸੁਭਾਅ ਸਭ ਕੁੱਝ ਸਿੰਧੀਆਂ ਨਾਲੋਂ ਨਾ ਸਿਰਫ ਵੱਖਰਾ ਸੀ, ਸਗੋਂ ਤੇਜ਼ ਤੇ ਚੰਗਾ ਵੀ ਸੀ। ਕਹੀ, ਕੁਹਾੜੀ, ਰੰਬਾ, ਦਾਤਰੀ ਤੇ ਰੱਸਾ ਪੈੜਾ ਵੀ ਵੱਖਰਾ ਵੱਖਰਾ ਸੀ। ਸਿੰਧੀਆਂ ਦੀ ਹਰ ਚੀਜ਼ ਹੌਲ਼ੀ ਤੇ ਪੰਜਾਬੀਆਂ ਦੀ ਵਰਤੋਂ ਵਾਲੀ ਹਰ ਸ਼ੈ ਭਾਰੀ ਤੇ ਵਜਨ ਵਾਲੀ ਸੀ। ਖਾਸ ਕਰ ਕਹੀ ਕੁਹਾੜੀ ਤੇ ਗੱਡ। ਖੌਰੇ ਇਹਦਾ ਕਾਰਨ ਇਹ ਸੀ ਕਿ ਏਥੋਂ ਦੀ ਭੋਏਂ ਪੰਜਾਬ ਨਾਲੋਂ ਨਰਮ ਤੇ ਰੇਤਲੀ ਸੀ। ਯਾ ਹੋ ਸਕਦਾ ਏ ਉਸ ਇਲਾਕੇ ਦੀ ਜ਼ਮੀਨ ਇੰਜ ਦੀ ਹੋਵੇ, ਸਿੰਧ ਦੇ ਦੂਜੇ ਹਿੱਸੇ ਹੋਰ ਤਰ੍ਹਾਂ ਦੇ ਹੋਵਣ।
ਸਾਵਣ ਦੇ ਦਿਨ ਸਨ। ਅਸਾਂ ਮੂੰਜੀ ਦੀ ਫਸਲ ਵਾਸਤੇ ਤਿਆਰੀਆਂ ਕੀਤੀਆਂ। ਪਹਿਲੇ ਜਵਾਰ, ਮਕਈ, ਵਰਗੀਆਂ ਫਸਲਾਂ ਬੀਜ ਦਿੱਤੀਆਂ। ਜਵਾਰ, ਮਕਈ ਦੀ ਫਸਲ ਏਨੀ ਵਧੀਆ, ਚੰਗੀ ਤੇ ਛੇਤੀ ਤਿਆਰ ਹੋਈ ਕਿ ਅਸਾਂ ਹੈਰਾਨ ਰਹਿ ਗਏ। ਪੰਜਾਬ ਦੀਆਂ ਚੰਗੀਆਂ ਜ਼ਮੀਨਾਂ ਵਿੱਚ ਮਸਾਂ ਮਰਕੇ ਪੁੱਠੇ ਦੱਥੇ ਲਈ ਜਵਾਰ, ਮਕਈ ਇੱਕ ਮਹੀਨੇ ਯਾਨੀ ਪੂਰੇ ਤਰੀਹ ਦਿਨਾਂ ਵਿੱਚ ਤਿਆਰ ਹੁੰਦੀ ਸੀ, ਉਹ ਵੀ ਜੇ ਸਾਈਂ ਚੰਗਾ ਖਿਆਲ ਕਰਦਾ ਹੋਵੇ ਪਰ ਏਥੇ ਤੇ 25 ਦਿਨਾਂ ਵਿੱਚ ਈ ਫਸਲ ਤਿਆਰ ਹੋ ਗਈ ਸੀ।
ਅਸਾਡੇ ਡੰਗਰਾਂ ਵਾਸਤੇ ਚਾਰਾ ਤਿਆਰ ਸੀ। ਉੱਥੇ ਹੋਰ ਕੋਈ ਚੱਜ ਦਾ ਚਾਰਾ ਨਹੀਂ ਸੀ ਮਿਲਦਾ। ਨਾ ਹੀ ਕੋਈ ਚਰਾਂਦ ਵਿੱਚ ਲੱਭਦਾ ਸੀ। ਮੁੰਹਮਦ ਦੀਨ ਸਿੰਧੀ ਦੀ ਬੇਵਾ ਭਰਜਾਈ ਦੀਆਂ ਦੋ ਗਾਵਾਂ ਸਨ। ਉਹ ਰੋਜ਼ ਆ ਕੇ ਅਸਾਡੀ ਜਵਾਰ, ਮਕਈ ਜੋ ਜੀਅ ਕਰਦਾ ਵੱਢ ਕੇ ਲੈ ਜਾਂਦੀ । ਗਾਵਾਂ ਦੇ ਘਿਓ ਉੱਤੇ ਈ ਉਹਦੀ ਗੁਜ਼ਰ ਹੁੰਦੀ ਸੀ। ਜਿੰਨੇ ਪੱਠੇ ਉਹਦੇ ਕੋਲੋਂ ਚੁੱਕੇ ਜਾਂਦੇ ਉਹ ਚੁੱਕ ਲੈਂਦੀ । ਅਸਾਂ ਮਨ੍ਹਾਂ ਨਾ ਕਰਦੇ। ਬੇਵਾ ਸਿੰਧੀ ਜ਼ਬਾਨ ਵਿੱਚ ਅਸੀਸਾਂ ਦਿੰਦੀ ਚੰਗੀ ਲਗਦੀ ਸੀ। ਕੋਈ ਉਹਦੀ ਜਵਾਨ ਔਲਾਦ ਨਹੀਂ ਸੀ।
ਮੁੰਹਮਦ ਦੀਨ ਆਪਣੇ ਰਵਾਜ ਬਾਰੇ ਦੱਸਦਾ ਕਿ ਅਸਾਡਾ ਕੋਈ ਰਿਸ਼ਤੇਦਾਰ ਅਸਾਡੇ ਘਰ ਨਹੀਂ ਆ ਸਕਦਾ, ਵਾੜਿਉਂ ਬਾਹਰ ਈ ਮੁਲਾਕਾਤ ਕਰੀਦੀ ਏ, ਉਹ ਵੀ ਮਰਦਾਂ ਨਾਲ। ਹਰ ਘਰ ਦੀ ਚਾਰਦਿਵਾਰੀ ਮੋਹੜੇ ਤੇ ਛਾਪਿਆਂ ਨਾਲ ਜੋੜ ਕੇ ਬਣਾਈ ਹੁੰਦੀ ਏ। ਏਸ ਵਾੜੇ ਅੰਦਰ ਸਿੰਧੀ ਸਵਾਣੀ ਦਾ ਕੋਈ ਭਰਾ, ਪਿਉ ਵੀ ਨਹੀਂ ਆ ਸਕਦਾ।
ਸਿੰਧੀ ਜੋੜੇ ਸਾਰੀ ਉਮਰ ਇਕੱਠੇ ਈ ਸੌਂਦੇ ਸਨ ਤੇ ਨਹਾਂਵਦੇ ਸਿਰਫ ਜੁਮੇ ਦੇ ਜੁਮੇ ਸਨ । ਸਿੰਧੀ ਲੋਕ ਵਿਆਹ ਸ਼ਾਦੀ ਉੱਤੇ ਸੰਢਾ ਹਲਾਲ ਕਰਕੇ ਪਕਾਵੰਦੇ ਸਨ। ਗੋਸ਼ਤ ਚੌਲ ਇਕੱਠੇ, ਯਾਨੀ ਪੱਕਾ ਮਿੱਠਾ ਨਹੀਂ ਸਨ ਪਕਾਵੰਦੇ । ਪਰ ਪਲਾਅ ਵੀ ਅਮੀਰ ਸਿੰਧੀ ਪਕਾਵੰਦਾ ਸੀ, ਮਾੜਾ ਤੇ ਕੁੱਝ ਵੀ ਨਹੀਂ ਸੀ ਪਕਾਵਣ ਜੋਗਾ। ਮੁਹੰਮਦ ਦੀਨ ਕੋਲੋਂ ਮੈਂ ਸਵਾਲ ਕੀਤਾ ਕਿ ਤੁਸੀਂ ਆਪਣੀਆਂ ਸਵਾਣੀਆਂ ਨੂੰ ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰਾਂ ਨਾਲ ਵੀ ਕਿਉਂ ਨਹੀਂ ਮਿਲਣ ਦਿੰਦੇ।
ਮੁਹੰਮਦ ਦੀਨ ਦੱਸਿਆ, ਅਸਾਂ ਬੀਵੀਆਂ ਵਿਆਹਵਣ ਲਈ ਰੋਕੜੇ ਭਰਨੇ ਆਂ, ਫੇਰ ਅਸਾਡੀ ਮਰਜ਼ੀ ਕਿ ਕਿਸੇ ਨਾਲ ਮਿਲਣ ਦੇਈਏ ਯਾ ਨਾ ਮਿਲਣ ਦੇਈਏ । ਸਿੰਧ ਦੇ ਮਾੜੇ ਲੋਕਾਂ ਕੋਲ ਕੋਈ ਮੰਜੀ ਪੀੜ੍ਹਾ ਨਹੀਂ ਹੁੰਦਾ । ਸਾਰਾ ਟੱਬਰ ਭੋਏਂ ਉੱਤੇ ਈ ਲੇਟਦਾ ਸੀ। ਬਰਸਾਤ
ਦੇ ਸਮੇਂ ਵਿੱਚ ਉਹ ਬੰਦੇ ਦੇ ਲੱਕ ਲੱਕ ਜਿੰਨੇ ਉੱਚੇ ਢਾਰੇ ਬਣਾ ਕੇ ਉਹਨਾਂ ਉੱਤੇ ਸੌਂਦੇ ਸਨ । ਸੱਜਰੇ ਜੰਮੇ ਬਾਲਾਂ ਦੀਆਂ ਲੱਤਾਂ ਬੰਨ੍ਹ ਕੇ ਏਸ ਲਈ ਜੋੜਕੇ ਰੱਖਦੇ ਸਨ ਕਿ ਡਿੰਗੀਆਂ ਨਾ ਹੋ ਜਾਵਣ।
ਪੰਜਾਬੀ ਮਾਵਾਂ ਆਪਣੇ ਬਾਲਾਂ ਦਾ ਸਿਰ ਗੋਲ ਪਸੰਦ ਕਰਦੀਆਂ ਨੇ ਤੇ ਏਸੇ ਲਈ ਸੱਜਰੇ ਜੰਮੇ ਨਿਆਣਿਆਂ ਦਾ ਸਿਰ ਘੁੱਟ-ਘੁੱਟਕੇ ਗੋਲ ਬਨਾਵਣ ਦਾ ਯਤਨ ਕਰਦੀਆਂ ਨੇ । ਪਰ ਸਿੰਧੀ ਮਾਵਾਂ ਆਪਣੇ ਬਾਲਾਂ ਦਾ ਸਿਰ ਲੰਮਾਂ ਪਸੰਦ ਕਰਦੀਆਂ ਨੇ। ਸਿੰਧੀ ਰੀਤ ਵਿੱਚ ਲੰਮੇ ਸਿਰ ਵਾਲਾ ਬਾਲ ਕਿਸਮਤ ਵਾਲਾ ਹੁੰਦਾ ਏ ਤੇ ਗੋਲ ਸਿਰ ਵਾਲਾ ਬੇਵਕੂਫ।
ਓਸ ਇਲਾਕੇ ਵਿੱਚ ਮੇਹਰੂ ਡੰਗਰ ਚੰਗਾ ਨਹੀਂ ਪਲ ਸਕਦਾ। ਬੀਮਾਰ ਬੀਮਾਰ ਤੇ ਮਰਿਆ ਮਰਿਆ ਹੋ ਜਾਂਦਾ ਸੀ। ਮੇਹਰੂ ਦੇ ਜਿਗਰ ਵਿੱਚ ਕੋਈ ਬਿਮਾਰੀ ਲੱਗ ਜਾਂਦੀ ਸੀ ਤੇ ਓਜਰੀ ਵਿੱਚ ਕੀੜੇ ਪੈ ਜਾਂਦੇ ਸਨ । ਮੱਝ ਬਹੁਤ ਘੱਟ ਦੁੱਧ ਦਿੰਦੀ ਸੀ । ਉੱਥੇ ਬੱਕਰੀਆਂ ਤੇ ਗਾਵਾਂ ਵੱਲ ਪਲ ਜਾਂਦੀਆਂ ਸਨ, ਪਰ ਉਹ ਵੀ ਕੋਈ ਬਹੁਤੀ ਸਿਹਤ ਵਾਲੀਆਂ ਨਹੀਂ ਸਨ ਹੁੰਦੀਆਂ।
ਬਾਸਮਤੀ ਮੂੰਜੀ ਪੱਕ ਕੇ ਤਿਆਰ ਹੋਈ, ਰਾਜੇ ਫੇਰਾ ਮਾਰਿਆ ਤੇ ਬਹੁਤ ਰਾਜ਼ੀ ਹੋਇਆ। ਐਸੀ ਫਸਲ ਤੇ ਰਾਜੇ ਨੇ ਸੁਫਨੇ ਵਿੱਚ ਵੀ ਨਹੀਂ ਤੱਕੀ ਹੋਣੀ। ਉਸ ਹੁਕਮ ਜਾਰੀ ਕੀਤਾ ਕਿ ਕੋਈ ਵੀ ਸਿੰਧੀ ਬੱਚਾ ਫਸਲਾਂ ਦੇ ਨੇੜੇ ਨਾ ਲੱਗੇ ਤੇ ਨਾ ਈ ਕੋਈ ਬਾਸਮਤੀ ਮੂੰਜੀ ਦਾ ਦਾਣਾ ਉਹਨਾਂ ਦੇ ਹੱਥ ਆਵੇ। ਰਾਜੇ ਦੀ ਜਾਗੀਰ ਵਿੱਚ ਜਿੱਧਰ ਵੀ ਨਜ਼ਰ ਜਾਵੇ ਬਾਸਮਤੀ ਈ ਬਾਸਮਤੀ ਨਜ਼ਰ ਆਂਵਦੀ ਸੀ । ਰਾਜੇ ਦੀ ਤਾਂ ਖੁਸ਼ੀ ਫੁੱਟ ਫੁੱਟ ਪੈਂਦੀ ਸੀ । ਪਰ ਜਦ ਪੰਜਾਬੀ ਰਾਹਕਾਂ ਮੂੰਜੀ ਨੂੰ ਦਾਤਰੀ ਪਾਈ ਤੇ ਆਪਣੇ ਪੰਜਾਬੀ ਵਰਤਾਰੇ ਵਾਂਗਰ ਪਿੜ ਬੰਨ੍ਹ ਕੇ ਮੂੰਜੀ ਨੂੰ ਫੰਡਿਆ ਤਾਂ ਬੁਹਲਾਂ ਦੇ ਬੁਹਲ ਉੱਸਰ ਆਏ।
ਪਰਾਲੀ ਦੇ ਬੰਨ ਬੰਨ ਕੇ ਖਲਵਾੜੇ ਜੋੜ ਦਿੱਤੇ। ਸਿੱਧੀ ਲੋਕ ਇਜ ਨਹੀਂ ਸਨ ਕਰਦੇ। ਉਹ ਤੇ ਫਸਲ ਦੇ ਸਿੱਟੇ ਯਾ ਮੁੰਜਰਾਂ ਕੱਪ ਕੱਪ ਕੇ ਮਲਿਆ ਕਰਦੇ ਸਨ। ਰਾਜੇ ਦੀਆਂ ਦੋ ਟਰਾਲੀਆਂ ਕਿੰਨੀ ਕੁ ਫਸਲ ਲੱਦ ਕੇ ਗੁਦਾਮ ਵਿੱਚ ਲਿਜਾ ਸਕਦੀਆਂ ਸਨ। ਰਾਜੇ ਦੇ ਢਾਈ ਟੋਟਰੂ ਕਾਮੇ ਮੁਨਸ਼ੀ ਮੁਸਦੀ ਕਿੰਨਾ ਕੁ ਖਿਆਲ ਰੱਖ ਸਕਦੇ ਸਨ, ਪਹਿਰਾ ਦੇ ਸਕਦੇ ਸਨ, ਹਰ ਗੋਠ ਵੱਲ ਵਾਰੀ ਵਾਰੀ ਟਰੈਕਟਰ ਲੈ ਕੇ ਜਾ ਸਕਦੇ ਸਨ।
ਉਹ ਫ਼ਸਲ ਢੋਹ ਢੋਹ ਕੇ ਹੰਭ ਗਏ। ਦਿਨ ਰਾਤ ਰੁੱਝੇ ਰਹਿਣ ਨਾਲ ਉਹਨਾਂ ਦੇ ਤਾਂ ਹੋਸ਼ ਈ ਭੁੱਲੇ ਹੋਏ ਸੀ। ਉਹ ਢਿੱਲੇ ਪੈਣ ਲੱਗ ਪਏ। ਪਹਿਰੇ ਟੁੱਟਣ ਲੱਗ ਪਏ। ਕਿਹੜੀ ਕਿਹੜੀ ਗੋਠ ਦਾ ਪਹਿਰਾ ਦਿੰਦੇ, ਕਿਹੜੇ ਕਿਹੜੇ ਜੀਅ ਦਾ ਧਿਆਨ ਕਰਦੇ ?
ਪੰਜਾਬੀ ਰਾਹਕਾਂ ਬੇਹਿਸਾਬ ਬਾਸਮਤੀ ਦੀ ਪੂੰਜੀ ਪੰਜਾਬ ਦੀ ਸੌਗ਼ਾਤ ਸਿੰਧੀ ਹੱਟਾਂ ਉੱਤੇ ਵੇਚ ਦਿੱਤੀ। ਆਮ ਲੋਕਾਂ ਨੂੰ ਵੀ ਕੁੱਝ ਨਾ ਕੁੱਝ ਦੇ ਕੇ ਖੁਸ਼ ਕਰ ਦਿੱਤਾ। ਪੂਰੀ ਜੂਹ ਵਿੱਚ ਬਾਸਮਤੀ ਆਮ ਹੋ ਗਈ। ਪਹਿਲੀ ਵਾਰ ਸਿੱਧੀਆਂ ਪੰਜਾਬੀ ਚੌਲ ਚੱਖੇ ਤਾਂ ਉਹਨਾਂ ਦੀ ਹੈਰਾਨੀ ਵੇਖਣ ਵਾਲੀ ਸੀ। ਉਹ ਤਾਰੀਫ਼ ਕਰਦੇ ਆਖਦੇ, "ਵਾਹ ਮਾਨੋਂ ! ਏਤਰੋ ਸਵਾਦ ਕਮਾਲ ਏ।" ਸਿੰਧੀ ਪੰਜਾਬ ਦੇਸ਼ ਵੇਖਣ ਦੀ ਰੀਝ ਕਰਦੇ ਸਨ।
ਮੁਹੰਮਦ ਦੀਨ ਤੇ ਉਹਦੀ ਬੇਵਾ ਭਰਜਾਈ ਦੇ ਘਰ ਏਨੀ ਬੇਹਿਸਾਬ ਮੂੰਜੀ ਵਗਾ
ਦਿੱਤੀ ਸੀ ਕਿ ਸਾਲ ਤੀਕਰ ਉਹਨਾਂ ਨੂੰ ਕਿਸੇ ਹੋਰ ਅਨਾਜ ਦੀ ਲੋੜ ਨਾ ਪਈ। ਪੂਰੀ ਜੂਹ ਵਿੱਚ ਖਿੱਲਰੀ ਬਾਸਮਤੀ ਰਾਜੇ ਨੂੰ ਨਹੀਂ ਸੀ ਭਾਂਵਦੀ । ਉਸ ਸਾਰੇ ਰਾਹਕਾਂ ਨੂੰ ਇਕੱਠਾ ਕਰਕੇ ਆਪਣਾ ਗੁੱਸਾ ਵਿਖਾਇਆ ਤੇ ਆਖਿਆ, "ਤੁਸਾਂ ਸਾਲਾਂ ਤੋਂ ਬਣਿਆਂ ਮੇਰਾ ਅਸੂਲ ਤੋੜ ਕੇ ਚੰਗਾ ਨਹੀਂ ਕੀਤਾ ।"
ਆਪਣੇ ਰਾਹਕਾਂ ਨੂੰ ਉਹ ਹੋਰ ਕੀ ਕਹਿ ਸਕਦਾ ਸੀ ? ਬੱਸ ਮੋਏ ਸੱਪ ਵਾਂਗਰ ਵਿਸ ਘੋਲਦਾ ਈ ਰਹਿ ਗਿਆ। ਰਾਜੇ ਦੇ ਕਾਮੇ ਤੇ ਮੁਨਸ਼ੀਆਂ ਨੂੰ ਵੀ ਅਸਾਂ ਆਪਣੇ ਨਾਲ ਮਿਲਾਇਆ ਹੋਇਆ ਸੀ। ਉਹਨਾਂ ਨੂੰ ਵੇਚੀ ਮੂੰਜੀ ਵਿੱਚੋਂ ਹਿੱਸਾ ਮਿਲਦਾ ਸੀ। ਉਹ ਵੀ ਮੂੰਜੀ ਨੂੰ ਸਿੰਧੀਆਂ ਦੇ ਹੱਥ ਵੇਚਣ ਵਿੱਚ ਮਦਦ ਕਰਦੇ ਸਨ। ਰਾਜੇ ਤੋਂ ਚੋਰੀ ਚੋਰੀ ਬਹੁਤ ਕੁੱਝ ਹੋ ਜਾਇਆ ਕਰਦਾ ਸੀ।
ਜਿੰਨੀ ਫਸਲ ਰਾਜੇ ਦੇ ਹੱਥ ਆਈ ਸੀ ਉਹ ਵੀ ਉਸ ਦੀ ਸੋਚ ਤੋਂ ਬਹੁਤ ਚੋਖੀ ਸੀ। ਸਾਰੇ ਗੁਦਾਮ ਤੇ ਪਹਿਲੇ ਹੱਲੇ ਈ ਭਰ ਗਏ ਸਨ । ਬਾਕੀ ਦੇ ਅਨਾਜ ਨੂੰ ਵਾੜੇ ਵਿੱਚ ਭੋਏਂ ਉੱਤੇ ਬੋਹਲ ਬਣਾ ਕੇ ਕੱਖਾਂ ਕਾਨਿਆਂ ਨਾਲ ਕੱਜਿਆ ਗਿਆ ਸੀ । ਪਰ ਅਨਾਜ ਤੇ ਫੇਰ ਵੀ ਵਾਧੂ ਖਿੱਲਰਿਆ ਫਿਰਦਾ ਸੀ। ਰਾਜੇ ਦੇ ਡੇਰੇ ਵਿੱਚ, ਹਰ ਪਾਸੇ ਅਨਾਜ ਈ ਅਨਾਜ ! ਉਹਨੂੰ ਆਪਣੀ ਕਾਰ ਖੜ੍ਹੀ ਕਰਨ ਲਈ ਵੀ ਥਾਂ ਨਹੀਂ ਸੀ ਮਿਲਦੀ । ਪਰ ਸਿੰਧੀ ਵਿਚਾਰੇ ਤੇ ਅਜੇ ਵੀ ਭੁੱਖੇ ਨੰਗੇ ਸਨ। ਬਹੁਤਾ ਅਨਾਜ ਤਾਂ ਪੈਸੇ ਵਾਲਿਆਂ ਸਿੰਧੀਆਂ ਈ ਖਰੀਦਿਆ ਸੀ। ਆਮ ਸਿੰਧੀ ਕੋਲ ਤੇ ਪੈਸਾ ਈ ਕੋਈ ਨਹੀਂ ਸੀ। ਉਹ ਪੰਜਾਬ ਦੀ ਬਾਸਮਤੀ ਕਿਵੇਂ ਖਰੀਦ ਸਕਦੇ ਸਨ ? ਉਹ ਤਾਂ ਮਸਾਂ ਮਰਕੇ ਲਾਲ ਮੋਟੇ ਸਿੰਧੀ ਚੌਲ ਦੀ ਹੀ ਖ਼ਾਹਿਸ਼ ਕਰ ਸਕਦੇ ਸਨ।
ਪੰਜਾਬ ਵੱਲੋਂ ਸੱਜਣਾਂ ਦੇ ਖ਼ਤ ਪੱਤਰ ਆਵਣ ਲੱਗ ਪਏ ਸਨ। ਆਪਣਾ ਹਾਲ ਖੋਹਲਕੇ ਲਿਖਦੇ ਸਨ ਤੇ ਏਥੋਂ ਦਾ ਹਾਲ ਜਾਨਣਾ ਚਾਂਹਦੇ ਸਨ । ਏਥੇ ਆ ਕੇ ਮਲੂਮ ਹੋਇਆ ਕਿ "ਚਿੱਠੀ ਆਈ ਸੱਜਣਾ ਦੀ' ਕੀ ਹੁੰਦੀ ਏ। ਚਿੱਠੀਆਂ ਤੋਂ ਅੱਡ ਪੰਜਾਬ ਵੱਲੋਂ ਕੋਈ ਨਾ ਕੋਈ ਮੁਲਾਕਾਤ ਲਈ ਆਵਣ ਲੱਗ ਪਿਆ ਸੀ । ਪੰਜਾਬੋਂ ਆਏ ਮੁਲਾਕਾਤੀ ਨੂੰ ਸਾਰੇ ਈ ਔਹ ਕੇ ਮਿਲਦੇ। ਘੁੱਟ-ਘੁੱਟ ਜੱਫੀਆਂ ਪਾਂਵਦੇ ਤੇ ਅੱਖਾਂ ਵੀ ਭਿੱਜ ਭਿੱਜ ਜਾਂਦੀਆਂ ਸਨ। ਆਪਣੇ ਆਪਣੇ ਅੰਗਾਂ ਸਾਕਾਂ ਨੂੰ ਸੁਨੇਹਾ ਘੱਲਦੇ, ਹਾਲ ਪੁੱਛਦੇ ਤੇ ਆਪਣਾ ਹਾਲ ਜ਼ਬਾਨੀ ਯਾਂ ਲਿਖ ਕੇ ਘੱਲਦੇ।
ਲੋਕਾਂ ਦੀ ਆਵਾਜਾਈ ਨਾਲ ਪੰਜਾਬ ਦੇ ਮੌਸਮਾਂ ਦਾ ਪਤਾ ਲੱਗਦਾ ਸੀ । ਏਥੇ ਤੇ ਇੱਕੋ ਮੌਸਮ ਸੀ, ਠੰਡਾ ਨਾ ਗਰਮ, ਤੇਜ਼ ਹਵਾ ਲੂਣ ਤੇ ਨਮੀ ਭਰੀ। ਪੰਜਾਬ ਦੇ ਲੋਕਾਂ ਦੀਆਂ ਗਮੀਆਂ ਤੇ ਖੁਸ਼ੀਆਂ ਦੀ ਖ਼ਬਰ ਮਿਲਦੀ ਸੀ, ਪਰ ਮੇਰੀ ਤਾਂਘ ਕੁੱਝ ਹੋਰ ਸੀ। ਮੈਂ ਕੀਹਨੂੰ ਸੁਨੇਹਾ ਘੱਲਾਂ ਕੀਹਨੂੰ ਹਾਲ ਸੁਣਾਵਾਂ ਦਿਲ ਦਾ! ਲੋਕ ਤੇ ਆਪਣੇ ਆਪਣੇ ਸੱਜਣਾ ਬਾਰੇ ਪੁੱਛਦੇ ਸਨ। ਪਰ ਮੈਂ ਕਿੰਝ ਪੁੱਛਾਂ। ਸਿਰਫ ਚਾਚੇ ਲੰਡੂ ਬਾਰੇ ਮਲੂਮ ਹੋਇਆ ਕਿ ਹੋਸ਼ਾਂ ਉਹਦੇ ਕੋਲੋਂ ਤਲਾਕ ਵੀ ਲੈ ਗਈ ਏ ਤੇ ਲੰਡੂ ਦਾ ਉਹ ਈ ਹਾਲ ਏ ਜਿਹੜਾ ਪਹਿਲੇ ਸੀ । ਏਸ ਤੋਂ
ਅੱਡ ਮੇਰੇ ਲਈ ਹੋਰ ਕੋਈ ਖ਼ਬਰ ਨਹੀਂ ਸੀ।
ਸਿੰਧ ਦੀ ਭੋਏਂ ਉੱਤੇ ਅਸਾਡੇ ਇੱਕ ਬਾਲ ਜੰਮਿਆਂ। ਉਸ ਚਾਰ ਸਾਹ ਲਏ ਫੇਰ ਉੱਕਾ ਈ ਚੁੱਪ ਕਰ ਗਿਆ । ਜੰਮਦਿਆਂ ਸਾਰ ਉਹ ਰੋਇਆ ਵੀ ਨਹੀਂ ਸੀ । ਖੌਰੇ ਉਹਨੂੰ ਮਲੂਮ ਹੋ ਗਿਆ ਸੀ ਕਿ ਪਰਦੇਸ ਵਿੱਚ ਰੋਈਦਾ ਨਹੀਂ। ਇਹ ਵੀ ਉਹਨੂੰ ਪਤਾ ਲੱਗ ਗਿਆ ਹੋਣਾ ਏਂ ਕਿ ਉਹਦੇ ਪਿਉ ਦਾ ਦੇਸ ਈ ਕੋਈ ਨਹੀਂ। ਆਪਣਾ ਕਬਰਸਤਾਨ ਤੇ ਥਾਂ ਟਿਕਾਣਾ ਕੋਈ ਨਹੀਂ, ਫੇਰ ਦੇਸ ਪਰਦੇਸ ਕੀ ਹੋਇਆ ?
ਗੱਲ ਤੇ ਠੀਕ ਸੀ। ਜਿਹੜੇ ਸਮਾਜ ਵਿੱਚ ਉਹਦੇ ਪਿਉ ਦੀ ਕੋਈ ਜਾਣ ਪਛਾਣ ਨਹੀਂ ਸੀ, ਉੱਥੇ ਉਹਨੂੰ ਕਿਸ ਪਛਾਨਣਾ ਸੀ ਯਾ ਇਹ ਵੀ ਹੋ ਸਕਦਾ ਏ ਜੰਮਦਿਆਂ ਸਾਰ ਕਿਸੇ ਉਹਦੇ ਕੰਨ ਵਿੱਚ ਫੂਕ ਮਾਰ ਦਿੱਤੀ ਹੋਵੇ ਕਿ ਕਾਕਾ ਏਸ ਕੰਗਲੇ ਮਾਂ ਪਿਉ ਕੋਲੋਂ ਜਿੰਨੀ ਛੇਤੀ ਜਾਨ ਛੁੱਟਦੀ ਆ ਛੁਡਾ ਲੈ, ਨਹੀਂ ਤਾਂ ਪਿਉ ਵਾਂਗਰ ਸਾਰੀ ਉਮਰ ਦੂਜਿਆਂ ਦੀ ਟਾਂਗੀ ਚੁੱਕ-ਚੁੱਕ ਕੁੱਬਾ ਹੋ ਰਹਵੇਂਗਾ।
"ਦਮਾਂ ਨਾਲ ਵਤਨ ਤੇ ਜਾਤ ਜੋਗੀ" ਵਾਲੀ ਉਹਨੂੰ ਪਸੰਦ ਨਾ ਆਈ। ਜਿਵੇਂ ਚੁੱਪ ਚਪੀਤਾ ਆਇਆ ਸੀ ਉਂਜ ਈ ਚੁੱਪ ਚਪੀਤਾ ਚਲਾ ਗਿਆ । ਉਹਦੇ ਇੰਜ ਝਲਕ ਵਿਖਾ ਕੇ ਜਾਵਣ ਨਾਲ ਕੁੱਝ ਦਰਦ ਤਾਂ ਹੋਇਆ। ਫੇਰ ਕੁੱਝ ਦਿਨਾਂ ਮਗਰੋਂ ਮੈਂ ਵੀ ਭੁੱਲ ਗਿਆ। ਉਹਦੀ ਮਾਂ ਨਹੀਂ ਸੀ ਭੁਲਾ ਰਹੀ। ਉਹ ਜਦ ਵੀ ਰੋਂਦੀ ਤਾਂ ਇਹ ਈ ਆਖਦੀ ਕਿ, "ਮੇਰਾ ਪਲੇਠੀ ਦਾ ਪੁੱਤਰ!” ਆਪਣੀ ਵਹੁਟੀ ਨੂੰ ਮੈਂ ਦਿਲਾਸੇ ਤਾਂ ਦਿੰਦਾ ਕਿ ਭਲੀਏ ਅਜੇ ਤਾਂ ਸਾਰੀ ਉਮਰ ਪਈ ਏ, ਕੋਈ ਹੋਰ ਆ ਜਾਸੀ, ਫਿਕਰ ਕਾਹਨੂੰ ਕਰਨੀ ਏਂ। ਉਹਨੂੰ ਮੇਰੀ ਗੱਲ ਨਾਲ ਤਸੱਲੀ ਨਹੀਂ ਸੀ ਹੁੰਦੀ। ਮੇਰੀਆਂ ਕੁੜੱਤਣਾਂ ਵਿੱਚ ਹੋਰ ਵਾਧਾ ਹੋਈ ਜਾਂਦਾ ਸੀ, ਮੇਰਾ ਦਰਦ ਦੂਣ ਸਵਾਇਆ ਹੋ ਕੇ ਮੇਰੇ ਸਾਹਮਣੇ ਆਣ ਖਲੋਂਦਾ ਸੀ । ਦਰਦ ਵੀ ਐਸਾ ਜੋ ਦੱਸਿਆ ਵੀ ਨਾ ਜਾਵੇ ਤੇ ਸਮਝਿਆ ਵੀ ਨਾ ਜਾਵੇ।
ਕੁੜੱਤਣਾਂ ਤੇ ਦੁੱਖਾਂ ਨੂੰ ਭੁਲਾਵਣ ਲਈ ਮੈਂ ਇਬਾਦਤ ਕਰਨ ਲੱਗ ਪਿਆ। ਇੱਥੇ ਗੱਡ ਨਹੀਂ ਸੀ ਵਾਹਣੀ ਪੈਂਦੀ। ਰਾਤ ਨੂੰ ਘਰ ਈ ਰਹੀਦਾ ਸੀ। ਨਮਾਜਾਂ ਪੰਜ ਵੇਲੇ ਤੇ ਸੁਬਹ ਸਵੇਰੇ ਤਲਾਵਤ ਰੋਜ਼ ਕਰੀਦੀ ਸੀ।
ਨਮਾਜ਼ਾਂ ਤੇ ਤਲਾਵਤਾਂ ਨਾਲ ਮੇਰਾ ਦਿਲ ਸੰਭਲਦਾ ਨਹੀਂ ਸੀ ਪਿਆ। ਸਗੋਂ ਮੇਰੇ ਵਿੱਚ ਬੜ ਬੜ ਤੇ ਨੋਕ-ਟੋਕ ਦੀ ਆਦਤ ਜ਼ਿਆਦਾ ਹੋ ਗਈ ਸੀ। ਐਵੇਂ ਹਰ ਕਿਸੇ ਨੂੰ ਭੈੜਾ ਆਖਣ ਉੱਤੇ ਮਨ ਕਰਦਾ ਸੀ। ਹਰ ਵੇਲ਼ੇ ਦਿਲ ਉੱਡਿਆ ਉੱਡਿਆ ਰਹਿੰਦਾ ਤੇ ਜ਼ਬਾਨ ਕਾਬੂ ਵਿੱਚ ਨਹੀਂ ਸੀ ਆਂਵਦੀ । ਕਲੇਜਾ ਇੰਜ ਜਿਵੇਂ ਕਿਸੇ ਪਿੰਜਰੇ ਵਿੱਚ ਬੰਦ ਜਨੌਰ ਹੋਵੇ। ਘੁੰਮ ਘੁੰਮ ਕੇ ਤੇ ਉੱਡ ਉੱਡ ਕੇ ਫਾਵਾ ਹੋ ਜਾਓ, ਰਹਿਣਾ ਫੇਰ ਪਿੰਜਰੇ ਦੇ ਵਿੱਚ ਈ।
ਇੰਜ ਲਗਦਾ ਸੀ ਜਿਵੇਂ ਕਿਸੇ ਮੇਰੇ ਕਾਲਜੇ ਨੂੰ ਰੁੱਗ ਭਰ ਲਿਆ ਹੋਵੇ ਫੇਰ ਤਰੇਨ ਦੇ ਕੇ ਆਪਣੇ ਵੱਲ ਖਿੱਚ ਰਿਹਾ ਹੋਵੇ। ਮੇਰੇ ਕਾਲਜੇ ਰੁੱਗ ਭਰਨ ਵਾਲਾ ਕੌਣ ਸੀ ਯਾ ਕਿਹੜਾ ਖਿਆਲ ਸੀ ? ਕੁੱਝ ਮਲੂਮ ਨਹੀਂ ਸੀ ਮੈਨੂੰ ਤੇ ਨਾ ਹੀ ਕੁੱਝ ਸੂਝ ਬੂਝ ਸੀ।
ਰਾਤਾਂ ਨੂੰ ਨੀਂਦਰ ਵੀ ਨਹੀਂ ਸੀ ਆਇਆ ਕਰਦੀ। ਕੋਈ ਐਸੀ ਚਿੰਤਾ ਯਾ ਫ਼ਿਕਰ
ਵੀ ਨਹੀਂ ਸੀ ਕਿ ਬੰਦਾ ਚਿੰਤਾ ਦੀ ਚਿਖਾ ਵਿੱਚ ਸੜਦਾ ਹੋਵੇ । ਏਹੋ ਜੇਹੀ ਵੀ ਕੋਈ ਗੱਲ ਨਹੀਂ ਸੀ, ਪਰ ਕੁੱਝ ਹੈ ਜ਼ਰੂਰ ਸੀ ਜੋ ਮੈਂ ਨਹੀਂ ਸਾਂ ਜਾਣਦਾ, ਮੈਂ ਨਹੀਂ ਸਾਂ ਪਛਾਣਦਾ। ਸਿੰਧ ਦੇ ਅਸਮਾਨ ਉੱਤੇ ਤਾਰੇ ਵੀ ਸਾਫ਼ ਨਜ਼ਰ ਨਹੀਂ ਸਨ ਆਂਵਦੇ, ਉੱਥੇ ਤੇ ਹਰ ਵੇਲੇ ਹਨ੍ਹੇਰੀ ਝੁੱਲੀ ਰਹਿੰਦੀ ਸੀ, ਭਲਾਂ ਕੋਈ ਤਾਰੇ ਗਿਣਨਾ ਵੀ ਚਾਹਵੇ ਤੇ ਕਿੱਥੋਂ ਗਿਣੇ!
ਮੇਰੇ ਸਾਰੇ ਖਿਆਲ ਖਿੱਲਰੇ ਪੁੱਲਰੇ ਤੇ ਗਵਾਚੇ-ਗਵਾਚੇ ਰਹਿੰਦੇ ਸਨ । ਸ਼ੂਕਦੀ ਤੇ ਹਨ੍ਹੇਰੀ ਰਾਤ ਵਿੱਚ ਮੈਂ ਆਪਣੇ ਆਪ ਨੂੰ ਟਟੋਲਦਾ ਭਾਲਦਾ ਰਹਿੰਦਾ ਸਾਂ । ਜੂ ਜੂ ਹੂੰਝ ਕੇ ਮੈਂ ਆਪਣੇ ਆਪ ਨੂੰ ਇਕੱਠਾ ਕਰਨ ਦਾ ਯਤਨ ਕਰਦਾ, ਓਦੂੰ ਵਧ ਕੇ ਮੇਰਾ ਆਪਣਾ ਆਪ ਖਿੱਲਰ ਜਾਂਦਾ ਸੀ । ਸਵੇਰੇ ਉੱਠ ਕੇ ਮੈਂ ਆਪਣੀ ਗੋਠ ਕੋਲੋਂ ਦੂਰ ਚੜ੍ਹਦੇ ਪਾਸੇ ਜੰਗਲ ਵਿੱਚ ਜਾ ਕੇ ਰੁੱਖਾਂ ਦੀਆਂ ਕਹਾਣੀਆਂ ਸੁਣਿਆ ਕਰਦਾ ਸਾਂ ।
ਗੋਠ ਤੋਂ ਦੂਰ ਇੱਕ ਮਿੱਠੇ ਛੋਹਟੇ 'ਤੇ ਜਾ ਕੇ ਮੈਂ ਨਹਾਇਆ ਕਰਦਾ ਸਾਂ । ਭਾਵੇਂ ਇਹ ਛੋਹਟਾ ਵੀ ਰਾਜੇ ਦੀ ਜਾਗੀਰ ਵਿੱਚ ਸੀ, ਪਰ ਇੱਥੇ ਕੋਈ ਪੰਜਾਬੀ ਗੋਠ ਨਹੀਂ ਸੀ ਬਣੀ, ਸਿੱਧੀ ਬਲੋਚਾਂ ਦੀ ਗੋਠ ਵੀ ਕੁੱਝ ਦੂਰ ਸੀ।
ਏਸ ਛੋਹਟੇ ਉੱਤੇ ਦਿਨ ਵੇਲ਼ੇ ਦੁਪਹਿਰ ਨੂੰ ਛੇੜੂ ਆਪਣੇ ਮਾਲ ਡੰਗਰ ਨੂੰ ਪਾਣੀ ਪਿਆਵਣ ਆਂਵਦੇ ਸਨ । ਏਥੇ ਏਸ ਮਕਸਦ ਲਈ ਉਹਨਾਂ ਮਿੱਟੀ ਦੀ ਇੱਕ ਲੰਮੀ ਸਾਰੀ ਖੁਰਲੀ ਬਣਾਈ ਹੋਈ ਸੀ । ਬਾਲਟੀਆਂ ਨਾਲ ਛੋਹਟੇ ਵਿੱਚੋਂ ਪਾਣੀ ਕੱਢ ਕੇ ਖੁਰਲੀ ਭਰ ਲਈ ਜਾਂਦੀ ਸੀ ਤੇ ਫੇਰ ਪਸ਼ੂਆਂ ਨੂੰ ਪਾਣੀ ਡਾਹਿਆ ਜਾਂਦਾ ਸੀ। ਜ਼ਿਆਦਾ ਕਰਕੇ ਇਹ ਈ ਵਰਤੋਂ ਸੀ ਏਸ ਛੋਹਟੇ ਦੀ। ਸਵੇਰ ਨੂੰ ਮੈਂ ਇੱਥੇ ਆ ਕੇ ਨਹਾਇਆ ਕਰਦਾ ਸਾਂ ਤੇ ਨਹਾਵਣ ਮਗਰੋਂ ਗੱਲਾਂ ਕਰਦਾ ਈ ਘਰ ਪਰਤ ਜਾਂਦਾ ਸਾਂ । ਬਲੋਚ ਗੋਠ ਵਿੱਚ ਜਦ ਕਦੇ ਪਾਣੀ ਦੀ ਥੋੜ੍ਹ ਹੁੰਦੀ ਤਾਂ ਲੋਕ ਏਥੋਂ ਪਾਣੀ ਲੈ ਜਾਇਆ ਕਰਦੇ ਸਨ, ਪਰ ਇੰਜ ਹੁੰਦਾ ਕਦੀ ਕਦੀ ਸੀ।
ਇੱਕ ਦਿਨ ਸਵੇਰੇ ਸਵੇਰੇ ਰੋਜ਼ ਵਾਂਗਰ ਮੈਂ ਨਹਾਵਣ ਲਈ ਤਿਆਰ ਸਾਂ । ਗਲ ਦੇ ਲੀੜੇ ਲਾਹ ਕੇ ਲੱਕ ਸਾਫ਼ਾ ਬੰਨ੍ਹ ਲਿਆ ਸੀ । ਨਹਾਵਣ ਲਈ ਛੋਹਟੇ ਵਿੱਚ ਪਾਣੀ ਵਾਸਤੇ ਬਾਲਟੀ ਲਮਕਾਵਣ ਈ ਲੱਗਾ ਸਾਂ ਕਿ ਸਾਹਮਣੇ ਧਿਆਨ ਗਿਆ । ਦੋ ਸਿੰਧੀ ਕੁੜੀਆਂ ਘੜਾ ਚੁੱਕੀ ਛੋਹਟੇ ਵੱਲ ਆ ਰਹੀਆਂ ਸਨ। ਕੁੜੀਆਂ ਨੂੰ ਵੇਖ ਕੇ ਉਹਨਾਂ ਦੇ ਆਵਣ ਤੋਂ ਪਹਿਲਾਂ ਈ ਮੈਂ ਕੱਪੜੇ ਪਾ ਲਏ ਤੇ ਛੋਹਟੇ ਤੋਂ ਦੂਰ ਹੋ ਕੇ ਬਹਿ ਗਿਆ। ਮੈਂ ਚਾਹਦਾ ਸਾਂ ਕਿ ਕੁੜੀਆਂ ਪਹਿਲੇ ਭਰ ਲੈਣ, ਮੈਂ ਤੇ ਫੇਰ ਨਹਾ ਲਵਾਂਗਾ।
ਦੋਵੇਂ ਕੁੜੀਆਂ ਤੇ ਬਾਂਕੀਆਂ ਜਵਾਨ ਸਨ। ਇੱਕ ਤੇ ਸੱਜਰੀ ਵਿਆਹੀ ਜਾਪਦੀ ਸੀ। ਚਾਂਦੀ ਦੇ ਗਹਿਣਿਆਂ ਨਾਲ ਲੱਦੀ ਹੋਈ ਸੀ ਤੇ ਲੀੜਾ ਫੁਲਕਾਰੀ ਵੀ ਨਵੀਂ ਨਕੋਰ ਸੀ। ਸ਼ੀਸ਼ਿਆਂ ਉੱਤੇ ਮੋਤੀਆਂ ਜੜੀ ਜੁੱਤੀ ਵੀ ਲਿਸ਼ਕਾਂ ਪਈ ਮਾਰਦੀ ਸੀ । ਦੂਜੀ ਕੁੜੀ ਵੀ ਸਿਆਣੀ ਸੁੱਘੜ ਤੇ ਉਹਦੀ ਕੋਈ ਸਕੀ ਮਲੂਮ ਹੁੰਦੀ ਸੀ।
ਦੋਵੇਂ ਇੱਕ ਦੂਜੇ ਨਾਲ ਕਬੂਤਰੀਆਂ ਵਾਂਗ ਲਾਡ ਕਰਦੀਆਂ, ਗੁਟਕਦੀਆਂ, ਹੱਸਦੀਆਂ ਛੋਹਟੇ ਉੱਤੇ ਆ ਖਲੋਤੀਆਂ। ਉਹਨਾਂ ਛੋਹਟੇ ਲਾਗੇ ਘੜੇ ਰੱਖ ਦਿੱਤੇ। ਮੇਰੇ ਵੱਲ ਵੇਖ ਕੇ ਆਪੋ ਵਿੱਚ ਬਹਿਸ ਕਰਦੀਆਂ ਹੱਸਦੀਆਂ ਸਨ। ਉਹਨਾਂ ਦੀ ਅਵਾਜ਼ ਭਾਵੇਂ ਮੇਰੇ
ਤੀਕਰ ਨਹੀਂ ਸੀ ਅੱਪੜ ਰਹੀ ਪਰ ਲਗਦਾ ਸੀ ਉਹਨਾਂ ਦੀ ਬਹਿਸ ਵਿੱਚ ਮੈਂ ਆਂ। ਕਦੀ ਕਦੀ ਮੇਰੇ ਵੱਲ ਮਾੜਾ ਮੋਟਾ ਇਸ਼ਾਰਾ ਕਰਕੇ ਵੀ ਗੱਲ ਅੱਗੇ ਟੋਰਦੀਆਂ ਮਲੂਮ ਹੁੰਦੀਆਂ ਸਨ। ਜਰੇ ਜਰੇ ਮਗਰੋਂ ਮੇਰੇ ਵੱਲ ਵੇਖ ਲੈਂਦੀਆਂ ਸਨ ਤੇ ਫੇਰ ਆਪੋ ਵਿੱਚ ਇੰਜ ਗੱਲਾਂ ਕਰਦੀਆਂ ਜਿਵੇਂ ਇੱਕ ਦੂਜੀ ਨੂੰ ਝੂਠਾ ਕਰ ਰਹੀਆਂ ਹੋਣ।
ਮੈਨੂੰ ਦੂਰ ਬੈਠੇ ਨੂੰ ਉੱਕਾ ਸਮਝ ਨਹੀਂ ਸੀ ਆ ਰਹੀ। ਮੈਂ ਗਵੇੜ ਤਾਂ ਬਹੁਤੇਰੇ ਲਾਏ, ਹਰ ਗੱਭਰੂ ਵਾਂਗ ਮੇਰੇ ਮਨ ਵਿੱਚ ਇਹ ਖਿਆਲ ਵੀ ਆਇਆ ਕਿ ਮੈਂ ਦੋਵਾਂ ਨੂੰ ਪਸੰਦ ਆ ਗਿਆ ਵਾਂ ਤੇ ਦੋਵੇਂ ਮੈਨੂੰ ਮੱਲ ਮਾਰਨ ਲਈ ਆਪਸ ਵਿੱਚ ਲੜ ਰਹੀਆਂ ਹਨ।
ਇੱਕ ਦੂਜਾ ਖਿਆਲ ਆਇਆ- ਇਹ ਵੀ ਹੋ ਸਕਦਾ ਏ ਕਿ ਮੈਨੂੰ ਬੁਰਾ ਖਿਆਲ ਕਰਦੀਆਂ ਹੋਵਣ ਤੇ ਮੈਨੂੰ ਬੇਇੱਜ਼ਤ ਕਰਨ ਲਈ ਸਲਾਹ ਕਰਦੀਆਂ ਹੋਵਣ ਤੇ ਕੋਈ ਸਲਾਹ ਪੱਕ ਨਹੀਂ ਰਹੀ। ਕੁੱਝ ਵੀ ਸੀ ਮੇਰੇ ਪੱਲੇ ਕੁੱਝ ਨਹੀਂ ਸੀ ਪੈ ਰਿਹਾ। ਇੱਕ ਦਿਲ ਕੀਤਾ ਕਿ ਕੋਲ ਜਾ ਕੇ ਪੁੱਛ ਲਵਾਂ ਕਿ ਕੀ ਗੱਲ ਏ ਸਿੰਧੀ ਮੁਟਿਆਰੋ ! ਜੋ ਤੁਸਾਂ ਵੇਖ ਵੇਖ ਹੱਸਦੀਆਂ ਓ। ਮੈਂ ਕੋਈ ਜੰਗਲੀ ਚੀਜ਼ ਆਂ ?
ਪਰ ਨਹੀਂ, ਮੈਨੂੰ ਉਹਨਾਂ ਦੇ ਹਾਸੇ ਤੇ ਖੁਸ਼ੀ ਵਿੱਚ ਦਖਲ ਦੇਵਣ ਦਾ ਕੋਈ ਹੱਕ ਨਹੀਂ। ਉਂਜ ਵੀ ਜਵਾਨ ਕੁੜੀਆਂ ਹੱਸਦੀਆਂ ਤੇ ਗੁਟਕਦੀਆਂ ਚੰਗੀਆਂ ਲੱਗਦੀਆਂ ਨੇ। ਇੱਕ ਹੋਰ ਖਿਆਲ ਆਇਆ - ਖੌਰੇ ਉਹਨਾਂ ਨੂੰ ਮੇਰੀ ਮਦਦ ਦੀ ਲੋੜ ਹੋਵੇ। ਬਾਲਟੀ, ਰੱਸੀ ਤਾਂ ਮੇਰੀ ਉੱਥੇ ਈ ਪਈ ਏ । ਚੁੱਕ ਲੈਣ ਤੇ ਵਰਤ ਲੈਣ, ਕੌਣ ਰੋਕਦਾ ਏ, ਪਰ ਨਹੀਂ, ਬਾਲਟੀ ਤੇ ਉਹਨਾਂ ਕੋਲ ਆਪਣੀ ਵੀ ਹੈ। ਫੇਰ ਮਸਲਾ ਕੀ ਏ ? ਮੈਨੂੰ ਖਿਝ ਚੜ੍ਹਨ ਲੱਗ ਪਈ ਸੀ। ਇਹ ਕੁੜੀਆਂ ਪਾਣੀ ਭਰ ਕੇ ਜਾਂਦੀਆਂ ਕਿਉਂ ਨਹੀਂ ?
ਮੇਰਾ ਕੋਈ ਗਵੇੜ ਵੀ ਠੀਕ ਨਹੀਂ ਸੀ ਲੱਗ ਰਿਹਾ। ਅਖ਼ੀਰ ਚੁੱਪ ਕਰਕੇ ਉਡੀਕ ਕਰਨ ਵਿੱਚ ਈ ਭਲਾ ਸੀ । ਏਸ ਤੋਂ ਵੱਧ ਹੋਰ ਕੁੱਝ ਕਰਨ ਦੀ ਮੈਨੂੰ ਹਿੰਮਤ ਈ ਨਹੀਂ ਸੀ। ਘਰ ਜਾਵਣ ਦੀ ਮੈਨੂੰ ਕਾਹਲ ਵੀ ਕੋਈ ਨਹੀਂ ਸੀ। ਮੈਂ ਸੋਚਣਾ ਛੱਡ ਕੇ ਖ਼ਾਲੀ ਦਿਮਾਗ ਉਹਨਾਂ ਦੇ ਹੁਸਨ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਕਢਾਈ ਤੇ ਸ਼ੀਸ਼ਿਆਂ ਨਾਲ ਪਰੁੱਚੇ ਰੰਗ ਬਿਰੰਗੇ ਬਾਣਿਆਂ ਵੱਲ। ਫੁਲਕਾਰੀ ਤੇ ਚਾਂਦੀ ਦੇ ਛਣਕਦੇ ਗਹਿਣਿਆਂ ਵੱਲ। ਉਹਨਾਂ ਦੀਆਂ ਮੋਟੀਆਂ ਤੇ ਕੱਜਲ ਭਰੀਆਂ ਅੱਖਾਂ, ਭਾਰੀਆਂ ਤੇ ਸੋਹਣੀਆਂ ਪਲਕਾਂ, ਰੌਸ਼ਨ ਰੌਸ਼ਨ ਨੈਣਾਂ ਵੱਲ, ਨੱਕ ਦੀਆਂ ਪਤਲੀਆਂ ਤੀਲੀਆਂ ਤੇ ਕੰਨਾਂ ਦੀਆਂ ਡੰਡੀਆਂ ਵੱਲ। ਸਿੰਧ ਦੀ ਭੋਏਂ ਉੱਤੇ ਉਹ ਸੱਚਮੁੱਚ ਤਿਤਲੀਆਂ ਲੱਗਦੀਆਂ ਸਨ । ਪਤਾ ਨਹੀਂ ਕਿੰਨੀ ਦੇਰ ਮੈਂ ਉਹਨਾਂ ਵੱਲ ਚੁੱਪ ਕਰਕੇ ਵੇਖਦਾ ਰਿਹਾ ਸਾਂ । ਉਹਨਾਂ ਦੀ ਛਾਤੀ ਉੱਤੇ ਉਭਾਰ ਬਹੁਤ ਸੋਹਣੇ ਲੱਗ ਰਹੇ ਸਨ । ਗਲ ਵਿੱਚ ਚਾਂਦੀ ਦੀ ਜ਼ੰਜੀਰੀ ਤੇ ਹਮੇਸ਼ਾ ਛਾਤੀ ਦੇ ਉਭਾਰ ਉੱਤੇ ਬਹੁਤ ਹੀ ਫੱਬ ਰਹੀਆਂ ਸਨ। ਮੇਰੀ ਨਜ਼ਰ ਉੱਥੇ ਆ ਕੇ ਟਿਕ ਗਈ। ਛਾਤੀਆਂ ਦੇ ਉਭਾਰ ਉੱਤੇ ਈ ਮੈਂ ਨਜ਼ਰਾਂ ਗੱਡ ਦਿੱਤੀਆਂ ਸਨ। ਮੈਂ ਤੱਕ ਰਿਹਾ ਸਾਂ। ਉਹਨਾਂ ਵਿੱਚੋਂ ਇੱਕ ਨੇ ਹੱਥ ਦੇ ਇਸ਼ਾਰੇ ਨਾਲ ਕੋਲ ਆਵਣ ਲਈ ਕਿਹਾ। ਮੈਂ ਮੁਸਕਰਾਂਦਾ ਹੋਇਆ ਕੋਲ ਆਇਆ ਤਾਂ ਦੋਵਾਂ ਕੁੜੀਆਂ ਵਾਰੋ ਵਾਰੀ ਮੇਰੇ
ਨਾਲ ਹੱਥ ਮਿਲਾਇਆ ਤੇ ਰਸਮੀ ਖੈਰ ਖ਼ਰੀਅਤ ਪੁੱਛੀ। ਮੈਂ ਸਿੰਧੀ ਵਿੱਚ ਪੁੱਛਿਆ, ਤੁਸਾਂ ਮੈਨੂੰ ਕਾਹਦੇ ਲਈ ਬੁਲਾਇਆ ਏ । ਤੁਸਾਂ ਪਾਣੀ ਭਰੋ ਤੇ ਜਾਓ। ਮੇਰੇ ਪੁੱਛਣ ਉੱਤੇ ਜਿਹੜੀ ਕਵਾਰੀ ਜਾਪਦੀ ਸੀ, ਬੋਲੀ, ਇਹ ਮੇਰੀ ਭਰਜਾਈ ਏ ਸਕੀਨਾ। ਸਕੀਨਾ ਮੁਸਕਰਾਵਣ ਲੱਗ ਪਈ ਤੇ ਹੱਸਦੀ ਹੱਸਦੀ ਥੋੜ੍ਹੀ ਜੇਹੀ ਪਰ੍ਹਾਂ ਹੋ ਗਈ। ਉਹਦਾ ਹਾਸਾ ਉਹਦੇ ਕੋਲੋਂ ਠੱਲ੍ਹਿਆ ਨਹੀਂ ਸੀ ਜਾ ਰਿਹਾ। ਕੁੱਝ ਕੁੱਝ ਸ਼ਰਮਾਂਵਦੀ ਵੀ ਸੀ।
"ਹਾਂ, ਕੀ ਏ ਤੇਰੀ ਭਰਜਾਈ ਨੂੰ, ਹੱਸਦੀ ਬੜਾ ਏ।" ਮੈਂ ਵੀ ਹੱਸ ਪਿਆ ਸਾਂ। "ਨਵਾਂ ਵਿਆਹ ਹੋਇਆ ਏ ਸੋ ਏਸੇ ਲਈ ਇਹਨੂੰ ਚਾਅ ਚੜ੍ਹੇ ਹੋਏ ਨੇ । ਘਰ ਬਾਹਰ ਇਹਦਾ ਹਾਸਾ ਨਹੀਂ ਰੁਕਦਾ।"
"ਮੈਨੂੰ ਕਾਹਦੇ ਲਈ ਬੁਲਾਇਆ ਏ ਤੁਸਾਂ, ਮੇਹਰੋ ਤੇ ਸਕੀਨਾ ਕੁੜੀਓ ? ਤੁਸੀਂ ਦੋਵੇਂ ਈ ਸੁੰਦਰ ਓ।"
ਮੇਹਰੋ ਆਖਿਆ, "ਮੇਰੀ ਭਰਜਾਈ ਆਖਦੀ ਏ..."
"ਕੀ ਆਖਦੀ ਏ ਤੇਰੀ ਭਰਜਾਈ ?" ਮੈਂ ਕਾਹਲੀ ਨਾਲ ਪੁੱਛਿਆ
"ਤੂੰ ਪੰਜਾਬੀ ਨਹੀਂ ਜਾਪਦਾ।"
"ਕਿਉਂ ? ਮੈਂ ਪੰਜਾਬੀ ਕਿਉਂ ਨਹੀਂ ?"
"ਉਹਦੇ ਖਿਆਲ ਵਿੱਚ ਪੰਜਾਬੀ ਸ਼ਰਾਰਤੀ ਤੇ ਬਦਤਮੀਜ਼ ਹੁੰਦੇ ਨੇ।"
"ਪਰ ਮੈਂ ਤੇ ਕੋਈ ਸ਼ਰਾਰਤ ਨਹੀਂ ਕੀਤੀ।"
"ਏਸੇ ਲਈ ਤਾਂ ਉਹ ਆਖਦੀ ਏ ਤੇਰੇ ਚਾਲੇ ਪੰਜਾਬੀਆਂ ਵਾਲੇ ਨਹੀਂ।" ਉਹਦੀ ਗੱਲ ਸੁਣਕੇ ਮੈਂ ਗਹਿਰੀ ਸੋਚ ਵਿੱਚ ਪੈ ਗਿਆ ਕਿ ਪੰਜਾਬੀ ਏਨੇ ਈ ਬਦਤਮੀਜ਼ ਤੇ ਸ਼ਰਾਰਤੀ ਨੇ ਕਿ...ਆਂਵਦਿਆਂ ਈ ਅਸਾਡੀ ਭੈੜੀ ਪਛਾਣ ਹੋ ਗਈ ਏ।
ਮੈਨੂੰ ਚੁੱਪ ਵੇਖ ਕੇ ਸਕੀਨਾ ਬੋਲੀ, "ਮੇਰੇ ਮਾਪੇ ਗੋਠ ਪੰਨੂ ਵਿੱਚ ਰਹਿੰਦੇ ਨੇ। ਉੱਥੇ ਇੱਕ ਪੰਜਾਬੀ ਗੋਠ ਆਬਾਦ ਹੋਈ ਏ। ਉੱਥੇ ਅਸੀਂ ਕੁੜੀਆਂ ਛੋਹਟੇ ਤੋਂ ਪਾਣੀ ਭਰਨ ਜਾਂਦੀਆਂ ਸਾਂ । ਪੰਜਾਬੀ ਮੁੰਡੇ ਵੀ ਆ ਜਾਂਦੇ ਸਨ। ਆਪਣੇ ਰਵਾਜ ਮੁਤਾਬਕ ਅਸੀਂ ਕੁੜੀਆਂ ਮੁੰਡਿਆਂ ਨਾਲ ਹੱਥ ਮਿਲਾਵੰਦੀਆਂ ਸਾਂ ਤੇ ਪੰਜਾਬੀ ਮੁੰਡੇ ਅਸਾਨੂੰ ਜੱਫੀ ਪਾ ਕੇ ਆਖਦੇ ਸਨ "ਇਹ ਅਸਾਡਾ ਰਵਾਜ ਏ।" ਸੱਚੀਂ ਬਹੁਤ ਤੰਗ ਕਰਦੇ ਨੇ ਪੰਜਾਬੀ ਬਦਤਮੀਜ਼ ਲੋਕ । ਏਸੇ ਲਈ ਮੈਂ ਆਪਣੀ ਨਨਾਣ ਨੂੰ ਆਖਦੀ ਸਾਂ ਕਿ ਪੰਜਾਬੀ ਲੋਕ ਔਰਤਾਂ ਦਾ ਇਹਤਰਾਮ ਨਹੀਂ ਕਰਦੇ । ਤੂੰ ਜਦ ਸਾਡੇ ਇਹਤਰਾਮ ਲਈ ਛੋਹਟਾ ਈ ਛੱਡ ਦਿੱਤਾ ਤਾਂ ਮੈਂ ਸਮਝਿਆ ਇਹ ਕੋਈ ਪੰਜਾਬੀ ਨਹੀਂ ਹੋ ਸਕਦਾ। ਪਰ ਮੇਹਰੋ ਆਖਦੀ ਸੀ ਕਿ ਤੂੰ ਪੰਜਾਬੀ ਏਂ।
"ਇਹ ਕਿਉਂ ਆਖਦੀ ਸੀ ? ਏਸ ਮੇਰੇ ਵਿੱਚ ਕਿਹੜਾ ਭੈੜ ਵੇਖਿਆ ਏ।”
"ਨਹੀਂ, ਭੈੜ ਨਹੀਂ ਵੇਖਿਆ?" ਮੇਹਰੋ ਬੋਲੀ। "ਮੈਂ ਤੈਨੂੰ ਵੇਖਿਆ ਸੀ, ਤੁਹਾਡੀ ਗੋਠ ਦੇ ਲੋਕਾਂ ਨੇ ਦੂਜੇ ਪੰਜਾਬੀਆਂ ਵਾਂਗ ਸਿੰਧੀਆਂ ਨਾਲ ਲੜਾਈ ਨਹੀਂ ਸੀ ਕੀਤੀ।"
"ਉਹ ਕਿੱਥੇ ਤੂੰ ਮੈਨੂੰ ਵੇਖਦੀ ਰਹੀ ਏਂ। ਤੈਨੂੰ ਤਾਂ ਬਹੁਤ ਖ਼ਬਰਾਂ ਨੇ ।"
"ਦੋ ਵਾਰ ਵੇਖਿਆ ਏ ਤੈਨੂੰ ਮੈਂ। ਇੱਕ ਵਾਰ ਖੌਰੇ ਆਪਣੇ ਪਿਉ ਨਾਲ ਅਸਾਡੀ
ਗੋਠ ਆਇਆ ਸੈਂ ਮੱਝ ਵੇਖਣ ਲਈ ਤੇ ਦੂਜੀ ਵਾਰ ਤੂੰ ਮੱਝ ਖਰੀਦ ਕੇ ਲੈਣ ਆਇਆ ਸੈਂ। ਆਇਆ ਸੈਂ ਨਾ ?"
ਉਹਦੇ ਪੁੱਛਣ ਉੱਤੇ ਮੈਂ ਆਖਿਆ, "ਕੋਈ ਹੋਰ ਵੀ ਤੇ ਮੇਰੇ ਵਰਗਾ ਹੋ ਸਕਦਾ ਏ।"
ਮੇਰੀ ਏਸ ਗੱਲ ਉੱਤੇ ਸਕੀਨਾ ਬਹੁਤ ਹੱਸੀ। "ਹੋ ਸਕਦਾ ਏ, ਕੋਈ ਹੋਰ ਵੀ ਹੋ ਸਕਦਾ ਏ, ਪਰ ਉਹ ਹੋਰ ਪੰਜਾਬੀ ਨਹੀਂ ਹੋ ਸਕਦਾ।"
"ਪਰ ਮੈਂ ਤੇ ਪੰਜਾਬੀ ਆਂ ।"
ਮੇਹਰੋ ਬੋਲੀ-"ਤੈਨੂੰ ਪਰਖਣ ਲਈ ਤੇ ਅਸਾਂ ਦੋਵਾਂ ਬੁਲਾ ਕੇ ਤੇਰੇ ਨਾਲ ਹੱਥ ਮਿਲਾਇਆ ਸੀ। ਪਰ ਤੇਰੇ ਵਿੱਚ ਪੰਜਾਬੀਆਂ ਵਾਲੀ ਕੋਈ ਗੱਲ ਨਹੀਂ, ਏਸ ਲਈ ਤੇਰੇ ਵਾਸਤੇ ਅਸਾਡੇ ਦਿਲ ਵਿੱਚ ਬਹੁਤ ਇਹਤਰਾਮ ਵਧ ਗਿਆ ਏ।"
"ਨਾ ਮੇਹਰੋ, ਮੈਂ ਪੰਜਾਬੀ ਆਂ । ਖੁਦਾ ਵਾਸਤੇ ਸਾਰੇ ਪੰਜਾਬੀਆਂ ਨੂੰ ਇੱਕੋ ਡਾਂਗ ਨਾਲ ਨਾ ਹਿੱਕੋ। ਹਰ ਕੌਮ ਵਿੱਚ ਚੰਗੇ ਮੰਦੇ ਲੋਕ ਹੁੰਦੇ ਨੇ ।" ਮੈਂ ਸਾਰੇ ਪੰਜਾਬੀਆਂ ਦੀ ਸਫਾਈ ਦੇਣ ਲਈ ਆਪਣੇ ਆਪ ਨੂੰ ਨੁਮਾਇੰਦਾ ਸਮਝ ਲਿਆ ਸੀ, ਪਰ ਉਹ ਤੇ ਦੋਵੇਂ ਕੁੜੀਆਂ ਪੰਜਾਬੀਆਂ ਬਾਰੇ ਆਪਣੇ ਨਾਲ ਵਰਤੇ ਹੋਏ ਵਿਹਾਰ ਨੂੰ ਸੁਣਾ ਸੁਣਾ ਕੇ ਮੈਨੂੰ ਸ਼ਰਮਿੰਦਾ ਕਰ ਰਹੀਆਂ ਸਨ।
ਏਸੇ ਸ਼ਰਮਿੰਦਗੀ ਪਾਰੋਂ ਈ ਮੈਂ ਪਾਣੀ ਉਹਨਾਂ ਦੇ ਘੜਿਆਂ ਵਿੱਚ ਭਰਿਆ, ਜਾਂਦਿਆਂ ਹੋਇਆਂ ਉਹਨਾਂ ਇੱਕ ਵਾਰੀ ਫੇਰ ਮੁਸਕਰਾ ਕੇ ਮੇਰੇ ਨਾਲ ਵਾਰੀ ਵਾਰੀ ਹੱਥ ਮਿਲਾਇਆ। ਉਹਨਾਂ ਸਿਰਾਂ ਉੱਤੇ ਘੜੇ ਚੁੱਕੇ ਹੋਏ ਸਨ ਤੇ ਮੁਸਕਰਾਵੰਦਿਆਂ ਜਦ ਮੇਰੇ ਨਾਲ ਹੱਥ ਮਿਲਾਵਣ ਲਈ ਅੱਗੇ ਵਧਾਇਆ ਤਾਂ ਉਹਨਾਂ ਦੀਆਂ ਛਾਤੀਆਂ ਦੇ ਉਭਾਰ ਵਿੱਚ ਸਾਹਵਾਂ ਦੀ ਸ਼ਰਾਰਤ ਵੇਖ ਕੇ ਮੇਰਾ ਮਨ ਵੀ ਸ਼ਰਾਰਤ ਲਈ ਉੱਛਲਣ ਲੱਗ ਪਿਆ। ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨ ਨੂੰ ਸਮਝਾਇਆ ਕਿ ਭਲਿਆ ਹੁਣੇ ਹੁਣੇ ਮਿਲੀ ਇੱਜ਼ਤ ਨੂੰ ਜ਼ਿੱਲਤ ਵਿੱਚ ਨਾ ਬਦਲ।
ਮਸਾਂ ਮਰਕੇ ਮੈਂ ਆਪਣੇ ਆਪ ਨੂੰ ਸ਼ਰਾਰਤ ਤੋਂ ਮਨਾਹ ਕੀਤਾ ਪਰ ਸੱਜਰਾ ਜੋਬਨ ਆਪਣੇ ਹੁਸਨ ਦਾ ਅਸਰ ਕਰ ਗਿਆ ਸੀ । ਦੂਜੇ ਤੀਜੇ ਦਿਨ ਉਹਨਾਂ ਨਾਲ ਮੁਲਾਕਾਤ ਹੋ ਜਾਂਦੀ ਸੀ। ਛੋਹਟੇ ਉੱਤੇ ਮੈਂ ਨਹਾਵਣ ਜਾਂਦਾ, ਉਹ ਪਾਣੀ ਭਰਨ ਆਵੰਦੀਆਂ । ਬਾਅਦ ਵਿੱਚ ਪਤਾ ਲੱਗਾ ਕਿ ਦੋਵੇਂ ਆਪਣੇ ਨਾਂ ਦੇ ਉਲਟ ਸਨ । ਸਕੀਨਾ ਨਿਮਾਣੀ ਮੇਹਰੋ ਦਾ ਨਾਂ ਮੱਲ ਲਿਆ ਸੀ ਤੇ ਆਪਣਾ ਨਾਂ ਉਹਨੂੰ ਦੇ ਦਿੱਤਾ ਸੀ। ਮੇਰੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਇਹ ਅਸਾਡੇ ਪਿਆਰ ਦੀ ਗੱਲ ਏ। ਅਸਾਂ ਨਾਂ ਵਟਾ ਲਏ ਨੇ, ਆਦਮੀ ਨਹੀਂ। "ਤੇਰਾ ਤੇ ਅਜੇ ਵਿਆਹ ਵੀ ਨਹੀਂ ਹੋਇਆ ਸਕੀਨਾ! ਕੌਣ ਹੋਸੀ ਤੇਰਾ ਆਦਮੀ ?"
ਮੈਂ ਆਖਿਆ, "ਉਹ ਕੌਣ ਖੁਸ਼ਨਸੀਬ ਹੋਸੀ ?" ਦੋਵੇਂ ਮੈਨੂੰ ਛੇੜ ਕੇ ਇੱਕੋ ਵਾਰ ਹੱਸਦੀਆਂ ਤਾਂ ਬਹੁਤ ਭਲੀਆਂ ਲੱਗਦੀਆਂ ਸਨ। ਮੇਰੀ ਕੁੱਝ ਕੁੱਝ ਉਦਾਸੀ ਘਟ ਗਈ ਸੀ । ਸਿੰਧੀ ਜੂਹ ਵਿੱਚ ਮੇਰਾ ਮਨ ਵਸਣ ਲੱਗ ਪਿਆ ਸੀ। ਸਕੀਨਾ ਨਮਾਣੀ ਤੇ ਮੇਰਹੋ ਦੀ ਉਡੀਕ ਕਰਨ ਲੱਗ
ਪਿਆ ਸਾਂ।
ਪਤਾ ਨਹੀਂ ਕਿਵੇਂ ਮੇਰੀ ਮਾਂ ਤੇ ਮੇਰੀ ਵਹੁਟੀ ਨੂੰ ਮੇਰੇ ਮਨ ਦੀ ਖ਼ਬਰ ਹੋ ਗਈ। ਵਹੁਟੀ ਤਾਂ ਲੁਕ ਲੁਕ ਕੇ ਰੋਈ, ਪਰ ਮਾਂ ਗੁੱਸੇ ਗੁੱਸੇ ਰਹਿੰਦੀ। ਗੱਲ ਗੱਲ ਉੱਤੇ ਕਿਸੇ ਨਾ ਕਿਸੇ ਬਹਾਨੇ ਝਾੜ ਪਾ ਦਿੰਦੀ। ਵਹੁਟੀ ਨੂੰ ਤਾਂ ਮੈਂ ਬਹਾਨੇ ਬਹਾਨੇ ਨਾਲ ਪਰਚਾ ਲਿਆ ਸੀ, ਯਕੀਨ ਦਿਵਾ ਦਿੱਤਾ ਸੀ ਕਿ ਮੇਰੇ ਉੱਤੇ ਏਤਬਾਰ ਕਰ, ਪਰ ਮਾਂ ਨੂੰ ਏਤਬਾਰ ਨਹੀਂ ਸੀ ਆਂਵਦਾ। ਉਹ ਆਖਦੀ, "ਗੋਗੀ ਪਰਦੇਸਾਂ ਵਿੱਚ ਇੱਕ ਦੂਜੇ ਨੂੰ ਦਗਾ ਨਹੀਂ ਦੇਈਦਾ।"
ਮੈਂ ਹੱਸ ਕੇ ਆਖਦਾ, 'ਦੇਸਾਂ ਵਿੱਚ ਦਗਾ ਦੇਣਾ ਚਾਹੀਦਾ ਏ ?' ਮੇਰੇ ਆਖਣ ਉੱਤੇ ਮਾਂ ਘੂਰੀ ਵੱਟ ਕੇ ਮੈਨੂੰ ਚੁੱਪ ਕਰਾ ਦਿੰਦੀ। ਸਿੱਧੀ ਲੋਕ ਸਲਾਮ ਕਰਨ ਵਿੱਚ ਪਹਿਲ ਕਰਦੇ ਬਹੁਤ ਚੰਗੇ ਲੱਗਦੇ ਸਨ, ਪਰ ਝੁਕ ਕੇ ਗੋਡਿਆਂ ਨੂੰ ਹੱਥ ਲਾਂਵਦੇ ਮੈਨੂੰ ਚੰਗੇ ਨਾ ਲੱਗਦੇ। ਉਹਨਾਂ ਦੀ ਤਬੀਅਤ ਵਿੱਚੋਂ ਆਜਜ਼ੀ, ਇਨਕਸਾਰੀ ਤੇ ਮਾਸੂਮੀਅਤ ਫੁੱਟ ਫੁੱਟ ਪੈਂਦੀ ਸੀ। ਝੱਟ ਨਾਲ ਈ ਸੱਜਣ ਬਣ ਜਾਂਦੇ ਜਿਵੇਂ ਬਹੁਤ ਪੁਰਾਣਾ ਜਾਣੂੰ ਹੋਵੇ । ਹਰ ਵੇਲੇ ਕੁੱਝ ਨਾ ਕੁੱਝ ਦਾਨ ਦੀ ਰੀਝ ਕਰਨ ਵਾਲੀ ਉਹਨਾਂ ਦੀ ਆਦਤ ਬਹੁਤ ਮਾੜੀ ਸੀ। ਮਰਦ, ਔਰਤਾਂ, ਕੁੜੀਆਂ ਤੇ ਬਾਲ ਸਭਨਾਂ ਦੀ ਇੱਕ ਖਾਹਸ਼ ਹੁੰਦੀ ਕਿ ਸਾਹਮਣੇ ਵਾਲਾ ਯਾ ਮਿਲਣ ਵਾਲਾ ਕੁੱਝ ਨਾ ਕੁੱਝ ਦੇ ਕੇ ਜਾਸੀ, ਅਹਿਸਾਨ ਕਰਸੀ, ਦਾਨ ਕਰਸੀ। ਬਖਸ਼ੀਸ਼ ਦੀ ਖ਼ਾਤਰ ਔਲਦੇ ਰਹਿਣਾ ਕੋਈ ਚੰਗੀ ਆਦਤ ਨਹੀਂ ਸੀ।
ਮੈਂ ਇੱਕ ਦਿਨ ਮੁਹੰਮਦ ਦੀਨ ਸਿੰਧੀ ਕੋਲੋਂ ਪੁੱਛਿਆ, "ਯਾਰ, ਸਿੱਧੀਆਂ ਦੀ ਮਾਂਗਤਾਂ ਵਾਲੀ ਤੇ ਬੇ-ਵਸਾਂ ਵਾਲੀ ਆਦਤ ਮੈਨੂੰ ਬਹੁਤ ਬੁਰੀ ਲੱਗਦੀ ਏ। ਕਿੰਨੇ ਕਿੰਨੇ ਜਵਾਨ ਤੇ ਜ਼ੋਰ ਵਾਲੇ ਗੱਭਰੂ ਬਖ਼ਸ਼ੀਸ਼ ਦੀ ਉਡੀਕ ਵਿੱਚ ਵਿਛਦੇ ਰਹਿੰਦੇ ਨੇ ਤੇ ਉਹਨਾਂ ਦੇ ਹੱਥ ਕੁੱਝ ਨਹੀਂ ਆਂਵਦਾ।"
ਮੁਹੰਮਦ ਦੀਨ ਆਖਿਆ, "ਤੂੰ ਠੀਕ ਕਹਿਨਾ ਏਂ। ਸਾਡੀ ਇੱਜਤਮਾਈ ਸੋਚ ਤੇ ਰਵੱਈਆ ਮਾਂਗਤਾਂ ਵਾਲਾ ਈ ਏ, ਖੁਦ-ਦਾਰੀ ਤੇ ਅਣਖ ਅਸਾਡੀ ਰੂਹ ਵਿੱਚੋਂ ਸਾਹ ਵਾਂਗ ਪੀ ਲਈ ਗਈ ਏ। ਏਥੇ ਵਡੇਰਾ ਸ਼ਾਹੀ ਨੇ ਅਸਾਡੇ ਕੋਲੋਂ ਸਿਰ ਚੁੱਕਣਾ ਤੇ ਅੱਖਾਂ ਮਿਲਾ ਕੇ ਗੱਲ ਕਰਨ ਦਾ ਜਜ਼ਬਾ ਖੋਹ ਲਿਆ ਹੋਇਆ ਏ । ਹੁਣ ਅਸਾਡੀ ਲੋਕਾਈ ਵੀ ਸਿਰ ਚੁੱਕਣ ਤੇ ਅੱਖ ਪੁੱਟਣ ਨੂੰ ਜ਼ੁਰਮ ਸਮਝਦੀ ਏ।"
ਠੀਕ ਆਖਣਾ ਸੀ ਮੁਹੰਮਦ ਦੀਨ ਦਾ ਵੀ, ਮੈਂ ਸੋਚਦਾ । ਅਸਾਂ ਵੀ ਤਾਂ ਜ਼ਿਮੀਦਾਰ ਦੇ ਸਾਹਮਣੇ ਧੌਣ ਨਵਾਈ ਰੱਖਦੇ ਸਾਂ, ਉੱਚਾ ਨਹੀਂ ਸਾਂ ਬੋਲ ਸਕਦੇ, ਕਿਸੇ ਵੀ ਵਗਾਰ ਤੋਂ ਇਨਕਾਰ ਨਹੀਂ ਸਾਂ ਕਰ ਸਕਦੇ, ਹਰ ਥਾਵੇਂ ਰਾਹਕਾਂ ਨਾਲ ਇਹ ਈ ਸਲੂਕ ਹੁੰਦਾ ਏ, ਸਿੰਧ ਹੋਵੇ ਤੇ ਭਾਵੇਂ ਪੰਜਾਬ।
ਜ਼ਿਮੀਂਦਾਰਾਂ ਯਾ ਵਡੇਰਿਆਂ ਦੀ ਜਾਗੀਰ ਵਿੱਚ ਜ਼ਿੰਦਾ ਯਾ ਬੇਜਾਨ ਹਰ ਚੀਜ਼ ਜਾਗੀਰ ਦੇ ਮਾਲਕ ਦੀ ਮਲਕੀਅਤ ਹੁੰਦੀ ਏ ਤੇ ਸਮਝੀ ਵੀ ਜਾਂਦੀ ਏ। ਰਾਹਕਾਂ ਦੀ ਕੋਈ ਚੀਜ਼ ਵੀ ਜ਼ਿਮੀਦਾਰ ਯਾ ਵਡੇਰੇ ਦੀ ਨਜ਼ਰ ਤੋਂ ਓਹਲੇ ਨਹੀਂ ਰਹਿ ਸਕਦੀ।
ਪਰ ਸਿੰਧ ਤੇ ਉਸ ਇਲਾਕੇ ਦੇ ਲੋਕ ਬਹੁਤ ਈ ਮਾੜੇ, ਹੀਣੇ ਤੇ ਕੇਰੇ ਕੇਰੇ ਸਨ।
ਕਿਸੇ ਵੀ ਸਿੰਧੀ ਦਾ ਡਾਢਾ ਮਜ਼ਬੂਤ ਤੇ ਭਰਵੇਂ ਟਿੱਲ ਵਾਲਾ ਜੁੱਸਾ ਵੇਖਣ ਵਿੱਚ ਨਹੀਂ ਆਇਆ।
ਸੱਤਾਂ ਅੱਠਾਂ ਮਹੀਨਿਆਂ ਮਗਰੋਂ ਈ ਪੰਜਾਬੀ ਉਦਾਸ ਹੋ ਗਏ। ਪੰਜਾਬ ਜੀਹਨੂੰ ਛੱਡ ਕੇ ਆਏ ਸਨ ਬਹੁਤ ਯਾਦ ਆਵਣ ਲੱਗ ਪਿਆ ਸੀ। ਗੱਭਰੂਆਂ ਦਾ ਜੋਸ਼ ਤੇ ਅੱਖੜਪੁਣਾ ਮੁਕਦਾ ਜਾ ਰਿਹਾ ਸੀ। ਅੱਖਾਂ ਵਿੱਚ ਪਹਿਲੇ ਵਾਲੀ ਚਮਕ ਨਜ਼ਰ ਨਹੀਂ ਸੀ ਆਂਵਦੀ! ਇਹ ਉਥੋਂ ਦੀ ਭੋਏਂ ਦਾ ਅਸਰ ਸੀ ਯਾ ਪੰਜਾਬ ਦੀ ਖਿੱਚ ਵਧ ਗਈ ਸੀ । ਛੋਟੇ ਬਾਲ ਮਾਪਿਆਂ ਨੂੰ ਪੁੱਛਦੇ, “ਘਰ ਕਦੋਂ ਜਾਵਾਂਗੇ ?" ਉਹ ਤਾਂ ਬਾਲ ਸੀ, ਉਹ ਕੀ ਜਾਣਨ ਘਰ ਤੇ ਘਰ ਵਾਲਿਆਂ ਦਾ ਹੁੰਦਾ ਏ। ਅਸਾਂ ਸਾਰੇ ਬੇਘਰ ਈ ਆਂ। ਪਰ ਗੱਭਰੂਆਂ ਦੇ ਗੀਤਾਂ ਵਿੱਚ ਸੱਦਾਂ ਤੇ ਸੁਰਾਂ ਜ਼ਿਆਦਾ ਆ ਗਈਆਂ ਸਨ। ਮੁਟਿਆਰਾਂ ਦੇ ਸੀਨੇ ਵਿੱਚੋਂ ਹੂਕ ਉੱਠਣ ਲੱਗ ਪਈ ਸੀ। ਉਹ ਲੁਕ ਲੁਕ ਗਾਵੰਦੀਆਂ ਸੀ। ਨਵੇਂ ਨਵੇਂ ਗੀਤ ਤੇ ਮਾਹੀਏ ਵੀ ਜੋੜ ਲਿਆ ਕਰਦੀਆਂ ਸਨ। ਉਹਨਾਂ ਨੂੰ ਪੰਜਾਬ ਦਾ ਮਾਹੀ ਚੇਤੇ ਆਂਵਦਾ ਸੀ:
ਚਿੜੀ ਉੱਡ ਗਈ ਆ ਬੋਟਾਂ ਤੇ
ਇੱਕ ਵਾਰੀ ਮਿਲ ਮਾਹੀਆ ਪੰਨੂ ਪੁਲ ਦੀਆਂ ਗੋਠਾਂ ਤੇ
ਇਹ ਵਿਜੋਗੀ ਕੁੜੀਆਂ ਆਪਣੇ ਵਿਜੋਗ ਵਿੱਚ ਇਹ ਵੀ ਭੁੱਲ ਗਈਆਂ ਸਨ ਕਿ ਚਿੜੀ ਬੋਟਾਂ ਉੱਤੋਂ ਉੱਡਦੀ ਨਹੀਂ, ਬੋਟਾਂ ਉੱਤੇ ਬੈਠਦੀ ਏ। ਖੌਰੇ ਉਹ ਆਪਣੇ ਆਪ ਨੂੰ ਚਿੜੀ ਨਾ ਸਮਝਦੀਆਂ ਹੋਵਣ ਤੇ ਪੰਜਾਬ ਆਪਣੇ ਬੋਟਾਂ ਦਾ ਆਹਲਣਾ ਸਮਝਦੀਆਂ ਹੋਵਣ। ਇੰਜ ਤੇ ਕੁੜੀਆਂ ਚਿੜੀਆਂ ਹੁੰਦੀਆਂ ਹਨ।
ਅੱਜ ਮੈਨੂੰ ਅਫ਼ਸੋਸ ਹੁੰਦਾ ਏ, ਜੇ ਮੈਂ ਉਸ ਵੇਲੇ ਸਮਝਦਾ ਤੇ ਮੁਟਿਆਰਾਂ ਦੇ ਨਵੇਂ ਬਣਾਏ ਗੀਤ ਯਾਦ ਕਰ ਲੈਂਦਾ ਤਾਂ ਕਿੰਨਾ ਚੰਗਾ ਹੁੰਦਾ। ਗੱਭਰੂਆਂ ਵੀ ਨਵੇਂ ਗੀਤ ਬਣਾਏ ਹੋਸਨ, ਪਰ ਮੈਂ ਨਹੀਂ ਸਨ ਸੁਣੇ। ਪੰਜਾਬ ਦੀ ਯਾਦ ਵਿੱਚ ਮੈਂ ਕਈ ਗੱਭਰੂਆਂ ਨੂੰ ਛਮ ਛਮ ਰੋਂਦਿਆਂ ਜ਼ਰੂਰ ਵੇਖਿਆ ਸੀ।
ਕੀ ਸੀ ਅਸਾਡਾ ਪੰਜਾਬ ਵਿੱਚ, ਕੁੱਝ ਵੀ ਨਾ, ਪਰ ਫੇਰ ਵੀ ਖੌਰੇ ਕਿਉਂ ਯਾਦ ਆਂਵਦਾ ਸੀ। ਜ਼ਿਮੀਂਦਾਰਾਂ ਦਾ ਤੇ ਪੈਸੇ ਵਾਲਿਆਂ ਦਾ ਪੰਜਾਬ!
ਪੰਜਾਬੀ ਬੀਮਾਰ ਹੋਵਣ ਲੱਗ ਪਏ ਸਨ। ਇੱਕ ਦਮ ਢਿੱਡ ਵਿੱਚ ਸੂਲ ਉੱਠਦਾ, ਗੁੜ ਗੁੜ ਹੁੰਦੀ, ਟੱਟੀਆਂ ਲੱਗਦੀਆਂ ਤੇ ਫੇਰ ਬੰਦ ਈ ਨਾ ਹੁੰਦੀਆਂ। ਢਿੱਡ ਵਿੱਚ ਵੱਟ ਫਿਰਦਾ, ਹਵਾ ਖਾਰਜ ਹੁੰਦੀ ਪਰ ਅਰਾਮ ਨਾ ਆਂਵਦਾ। ਰਾਜੇ ਕੋਲੋਂ ਮਿਲੀਆਂ ਖੈਰਾਤੀ ਗੋਲੀਆਂ ਭਲਾਂ ਕਿੱਥੇ ਇਲਾਜ ਕਰ ਸਕਦੀਆਂ ਸਨ । ਸਿੰਧ ਦਾ ਗੰਢਾ ਵੀ ਪੰਜਾਬ ਦੇ ਗੰਢੇ ਵਾਂਗ ਅਸਰ ਨਹੀਂ ਸੀ ਕਰਦਾ।
ਰਾਹਕਾਂ ਰਾਜੇ ਕੋਲੋਂ ਮਿਲਿਆ ਮੁਫ਼ਤ ਰਾਸ਼ਨ ਖਾਧਾ ਵੀ ਤੇ ਬਹੁਤ ਸੀ। ਭੁੱਖੇ ਲੋਕਾਂ ਸਦੀਆਂ ਦੀ ਭੁੱਖ ਕੱਢੀ ਹੋਸੀ ਤੇ ਹੁਣ ਹਾਜ਼ਮੇ ਖ਼ਰਾਬ ਕਰਾ ਬੈਠੇ ਸਨ। ਹੋ ਸਕਦਾ ਏ ਇੰਜ ਹੋਵੇ। ਕਰਜ਼ਾ ਵੀ ਤੇ ਬਹੁਤ ਚੜ੍ਹ ਗਿਆ ਸੀ ਹਰ ਇੱਕ ਰਾਹਕ ਉੱਤੇ। ਰਾਹਕਾਂ ਦਾ ਮਾਲ ਡੰਗਰ ਵੀ ਜਿਹੜਾ ਪੰਜਾਬ ਤੋਂ ਲੈ ਕੇ ਗਏ ਸਨ, ਬੀਮਾਰ ਰਹਿਣ ਲੱਗ ਪਿਆ ਸੀ। ਸਗੋਂ ਵਿੱਚੋਂ ਵਿੱਚੋਂ ਪਸ਼ੂ ਮਰਨ ਵੀ ਲੱਗ ਪਏ ਸਨ।
ਪੰਜਾਬੀਆਂ ਇੱਕਦਮ ਦਿਲ ਛੱਡ ਦਿੱਤਾ ਤੇ ਕੁੱਝ ਕੁੱਝ ਲੋਕ ਖਿਸਕਣ ਲੱਗ ਪਏ। ਸਾਰਾ ਕੁੱਝ ਉੱਥੇ ਈ ਛੱਡ ਕੇ ਛੜੀਆਂ ਬਾਹਵਾਂ ਲੈ ਕੇ ਪਰਤ ਆਂਵਦੇ। ਕੁੱਲੀ ਵਿੱਚ ਦੀਵਾ ਬਲਦਾ ਈ ਰਹਿ ਜਾਂਦਾ, ਕੁੱਲੀ ਵਾਲ਼ੇ ਗਾਇਬ ਹੋ ਜਾਂਦੇ। ਗੋਠ ਦਾ ਨੰਬਰਦਾਰ ਭਾਲ ਕਰਦਾ ਈ ਰਹਿ ਜਾਂਦਾ।
ਨੰਬਰਦਾਰ ਡਰਿਆ ਹੋਇਆ ਤੇ ਰਾਹਕ ਦੀ ਖ਼ਬਰ ਰਾਜੇ ਨੂੰ ਨਾ ਕਰਦਾ ਕਿਉਂਜੁ ਗੋਠ ਦੀ ਜ਼ਿਮੇਵਾਰੀ ਨੰਬਰਦਾਰ ਉੱਤੇ ਈ ਹੁੰਦੀ ਸੀ । ਹਰ ਗੋਠ ਵਿੱਚੋਂ ਲੋਕ ਨੱਸ ਨੱਸ ਕੇ ਜਾ ਰਹੇ ਸਨ। ਗੋਠਾਂ ਦੇ ਨੰਬਰਦਾਰ ਪਰੇਸ਼ਾਨ ਸਨ ਕਿ ਉਹਨਾਂ ਦਾ ਕਰਜ਼ਾ ਕੌਣ ਵਾਪਸ ਕਰੇਗਾ।
ਢੋ ਐਸਾ ਲੱਗਾ ਕਿ ਰਾਜਾ ਕਿਸੇ ਕੰਮ ਯਾ ਸੈਲ-ਸਪਾਟੇ ਲਈ ਲੰਡਨ ਚਲਾ ਗਿਆ । ਪੰਜਾਬੀ ਰਾਹਕਾਂ ਚੁੱਕੀਆਂ ਭਾਜੜਾਂ ਤੇ ਉੱਠ ਤੁਰੇ। ਰਾਜੇ ਦੇ ਮੁਨਸ਼ੀਆਂ ਰਾਜੇ ਨੂੰ ਤਾਰਾਂ ਖੜਕਾ ਦਿੱਤੀਆਂ । ਰਾਹਕਾਂ ਦੇ ਲਿਹਾਜ਼ ਖ਼ਾਤਰ ਰਾਜਾ ਇੱਕ ਦਿਨ ਪਿੱਛੋਂ ਲੱਥੀ ਭੱਜੀ ਆਇਆ ਤੇ ਸਹੀ, ਪਰ ਓਨੀ ਦੇਰ ਵਿੱਚ ਰਾਹਕ ਕਾਵਾਂ ਵਾਂਗਰ ਪੂਰੇ ਪੰਜਾਬ ਵਿੱਚ ਖਿੱਲਰ ਗਏ ਸਨ। ਪਰ ਉਹਨਾਂ ਦਾ ਮਾਲ ਡੰਗਰ ਰੇਲਵੇ ਦੀ ਗੱਡੀ ਵਿੱਚ ਈ ਅਜੇ ਆ ਰਿਹਾ ਸੀ। ਮਾਲ ਡੰਗਰ ਉੱਤੇ ਰਾਜੇ ਪੁਲਸ ਰਾਹੀਂ ਕਬਜ਼ਾ ਕਰ ਲਿਆ । ਮਾਲ ਡੰਗਰ ਦੀ ਰਾਖੀ ਵਾਲ਼ੇ ਕੁੱਝ ਰਾਹਕ ਰਾਜੇ ਦੇ ਕਾਬੂ ਵਿੱਚ ਆ ਗਏ।
ਪਰ ਏਨੇ ਮਾਲ ਡੰਗਰ ਨੂੰ ਰਾਜਾ ਤੇ ਪੁਲਸ ਸੰਭਾਲੇ ਕਿੱਥੇ। ਫੇਰ ਮਾਲ ਵਾਲ਼ੇ ਈ ਮਾਲ ਸੰਭਾਲ ਸਕਦੇ ਸਨ, ਪੂਰਾ ਵੱਗ ਦਾ ਵੱਗ ਸੰਭਾਲਿਆ ਨਹੀਂ ਸੀ ਜਾ ਰਿਹਾ। ਪੁਲਸ ਦੇ ਚਾਰ ਪੰਜ ਸਿਪਾਹੀ ਮਾਲ ਦੀ ਰਾਖੀ ਵਾਸਤੇ ਮੁਕੱਰਰ ਹੋਏ।
ਲਹੌਰ ਦੇ ਨੇੜੇ ਟੇਸ਼ਨ ਦੇ ਲਾਗੇ ਇੱਕ ਪਿੰਡ ਦੇ ਬਾਹਰ ਮਾਲ ਡੰਗਰ ਡੱਕ ਦਿੱਤਾ। ਨਾਲ ਈ ਉਹਨਾਂ ਰਾਹਕਾਂ ਨੂੰ ਜਿਹੜੇ ਆਪਣੇ ਆਪਣੇ ਪਸ਼ੂਆਂ ਦੇ ਨਾਲ ਸਨ। ਖੌਰੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ ਰਾਜੇ। ਅਸਾਂ ਦਿਨ ਨੂੰ ਜੂਹ ਵਿੱਚ ਮਾਲ ਡੰਗਰ ਚਰਾਵੰਦੇ, ਰਾਤ ਨੂੰ ਮਿਥੀ ਹੋਈ ਥਾਵੇਂ ਲਿਆ ਬੰਨ੍ਹਦੇ। ਬਾਹਰ ਜੂਹ ਵਿੱਚ ਪੁਲਸ ਵੀ ਅਸਾਡੇ ਨਾਲ ਜਾਂਦੀ। ਦੋ ਤਿੰਨ ਦਿਨ ਤਾਂ ਪੁਲਸ ਵਾਲ਼ੇ ਆਪਣੀ ਆਕੜ ਵਿਖਾਂਵਦੇ ਰਹੇ ਪਰ ਜਦ ਅਸਾਡੇ ਨਾਲ ਧੁੱਪ ਵਿੱਚ ਭੁੱਖੇ ਭਾਣੇ ਮਾਲ ਦੇ ਮਗਰ ਮਗਰ ਫਿਰਨਾ ਪਿਆ ਤਾਂ ਢਿੱਗੀ ਢਾਹ ਬੈਠੇ। ਫੇਰ ਉਹਨਾਂ ਇਹ ਹੱਲ ਕੱਢਿਆ ਕਿ ਅਸਾਡੇ ਵਿੱਚੋਂ ਦੋ ਬੰਦੇ ਆਪਣੇ ਕੋਲ ਪਿੰਡ ਵਿੱਚ ਈ ਜ਼ਮਾਨਤੀ ਰੱਖ ਲੈਂਦੇ ਤੇ ਬਾਕੀ ਮਾਲ ਡੰਗਰ ਚਰਾਵਣ ਚਲੇ ਜਾਂਦੇ । ਅਦਾਲਤ ਵਿੱਚ ਰਾਜੇ ਨੂੰ ਤੇ ਉਹਦੇ ਵਕੀਲਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ।
80 ਕੁਨਬੇ ਯਾ ਖਾਨਦਾਨ ਦੁਨੀਆਂ ਦੇ ਕਿਹੜੇ ਕਾਨੂੰਨ ਨਾਲ ਕਾਬੂ ਕੀਤੇ ਜਾ ਸਕਦੇ ਸਨ । ਰਾਜੇ ਦਾ ਪੁਲਸ ਵਿੱਚ ਅਸਰ ਤੇ ਬਹੁਤ ਸੀ, ਉਸ ਅਸਾਡਾ ਮਾਲ ਡੰਗਰ ਭਾਵੇਂ ਕਾਬੂ ਕੀਤਾ ਹੋਇਆ ਸੀ । ਪਰ ਕੋਈ ਚੱਜ ਨਾਲ ਉਹਦਾ ਮੁਕੱਦਮਾ ਨਹੀਂ ਸੀ ਬਣ ਰਿਹਾ। ਪਰ ਅਸਾਂ ਤੇ ਪੁਲਸ ਦੀ ਨਿਗਰਾਨੀ ਵਿੱਚ ਅੱਕੇ ਹੋਏ ਸਾਂ । ਪੰਜਾਬ ਵਿੱਚ ਆ ਕੇ ਵੀ ਅਸਾਂ ਪੰਜਾਬ ਤੋਂ ਦੂਰ ਸਾਂ। ਇੱਕ ਦਿਨ ਅਸਾਂ ਛੇੜੂਆਂ ਸਲਾਹ ਕੀਤੀ ਕਿ ਰਾਜੇ ਦੇ ਕਰਜ਼ੇ ਨਾਲੋਂ ਅਸਾਡਾ ਬੀਮਾਰ ਮਾਲ ਡੰਗਰ ਬਹੁਤਾ ਤੇ ਨਹੀਂ। ਅਸਾਂ ਮਾਲ ਡੰਗਰ ਉੱਥੇ ਈ ਛੱਡਿਆ ਤੇ ਨੱਸ ਆਏ।
ਘਰ ਘਾਟ ਤੇ ਅਸਾਡਾ ਹੈ ਕੋਈ ਨਹੀਂ ਸੀ, ਅੰਗਾਂ ਸਾਕਾਂ ਦੇ ਬੂਹੇ ਜਾ ਡਿੱਗੇ । ਪਹਿਲੀ ਪਹਿਲੀ ਮੁਲਾਕਾਤ ਵਿੱਚ ਤਾਂ ਸਾਕ ਉੱਡ ਕੇ ਮਿਲੇ, ਗਲ ਲੱਗ ਰੋਏ, ਪਰ ਛੇਤੀ ਈ ਓਪਰੇ ਹੋਵਣ ਲੱਗ ਪਏ ਸਨ।
ਪੰਜਾਬ ਦਾ ਮਿੱਠਾ ਤੇ ਸਵਾਦਲਾ ਪਾਣੀ ਅਸਾਂ ਰੱਜ ਰੱਜ ਕੇ ਪੀਤਾ ਤੇ ਡੰਝ ਲਾਹੀ। ਠੰਡੀ ਤੇ ਨਰੋਈ ਹਵਾ ਵਿੱਚ ਲੰਮੇ ਲੰਮੇ ਭਰ ਭਰ ਕੇ ਸਾਹ ਲਏ । ਮੈਂ ਡੇਕ ਵਿੱਚ ਨਹਾਵਣ ਲਈ ਪੁੱਠੀਆਂ ਸਿੱਧੀਆਂ ਤਾਰੀਆਂ ਲਾਈਆਂ ਤਾਂ ਇੱਕ ਵਾਰੀ ਸਾਰੇ ਦੁੱਖ ਭੁੱਲ ਗਏ । ਬੇਰੀਆਂ ਦੇ ਸੂਹੇ ਬੇਰ ਖਾਧੇ ਤਾਂ ਮੂੰਹੋਂ ਵਾਹ ਨਿੱਕਲਦਾ ਸੀ । ਏਥੋਂ ਦੀ ਮੱਝ ਦਾ ਕੱਚਾ ਦੁੱਧ ਪੀਤਾ ਤੇ ਆਪਣੇ ਆਪ ਜੁੱਸੇ ਵਿੱਚ ਨਸ਼ੇ ਤੇ ਟਿੱਲ ਫੁੱਟ ਪਏ।
ਚਿੜੀਆਂ ਦੀ ਚਹਿਕਾਰ, ਕੋਇਲ ਦੀ ਕੂਕ ਨਾਲ ਰੂਹ ਦੀਆਂ ਸਾਰੀਆਂ ਕਲਾਂ ਹਿੱਲ ਪਈਆਂ ਸਨ। ਹਰੇ ਤੇ ਉੱਚੇ ਉੱਚੇ ਰੁੱਖਾਂ ਦੀਆਂ ਝੂਲਦੀਆਂ ਚੋਟੀਆਂ ਤੇ ਟੀਸੀਆਂ ਮਨ ਭਾਂਵਦੀਆਂ ਸਨ। ਜ਼ਿਮੀਦਾਰ ਦੇ ਟਿਊਬ ਵੈੱਲ ਦੀ ਟੂਹ ਟੂਹ ਸੁਣ ਕੇ ਮਨ ਦੇ ਸਾਰੇ ਤਾਰ ਖੜਕਣ ਲੱਗ ਪਏ ਸਨ। ਸ਼ਾਹੂ ਦੇ ਖੋਲੇ ਇੱਕ ਵਾਰੀ ਫੇਰ ਖਾਲੀ ਸਨ - ਜਿੰਨਾਂ ਨੂੰ ਵੇਖ ਕੇ ਸੀਨੇ ਵਿੱਚੋਂ ਹੂਕ ਉੱਠਦੀ ਸੀ, ਪਰ ਦੂਜੇ ਈ ਪਲ ਖਿਆਲ ਉੱਡ ਕੇ ਸਿੰਧ ਅੱਪੜ ਜਾਂਦਾ ਸੀ । ਹੁਣ ਉਹ ਵਸਦਾ ਜਾਪਦਾ ਸੀ। ਮੇਹਰੋ ਪਾਣੀ ਭਰਦੀ ਹੋਸੀ ਉਸੇ ਛੋਹਟੇ ਤੋਂ ਜਿੱਥੇ ਮੇਰਾ ਇਹਤਰਾਮ ਹੋਇਆ ਸੀ। ਫੇਰ ਮੇਹਰੋ ਦੀ ਭਰਜਾਈ ਸਕੀਨਾ ਸੱਜਰੀ ਵਿਆਹੀ ਯਾਦ ਆਂਵਦੀ ਸੀ । ਹਸਮੁੱਖ ਤੇ ਪਿਆਰ- ਖੋਰੀ ਜੇਹੀ ਜਿਹੜੀ ਗਹਿਣਿਆਂ ਨਾਲ ਸਜੀ ਹੋਈ ਛਣ ਛਣ ਕਰਦੀ ਗੁਟਕਦੀ ਹੋਈ, ਸ਼ਰਮਾਂਵਦੀ ਤੇ ਚਮਕਦੀ ਹੋਈ, ਮੇਹਰੋ ਨਾਲ ਗੱਲਾਂ ਕਰਨ ਵੇਲੇ ਮੈਨੂੰ ਕਿੰਨਾ ਆਨੰਦ ਤੇ ਸਵਾਦ ਆਇਆ ਸੀ।
ਫੇਰ ਮੇਰਾ ਬੇਲੀ ਮੁਹੰਮਦ ਦੀਨ ਰਹਿ ਗਿਆ ਸੀ ਉੱਥੇ, ਮਾਸੂਮ ਤੇ ਭਲਾ ਮਾਹਨੂੰ, ਉਹਦੀ ਭਰਜਾਈ "ਸੰਮੀ" ਉਹਦਾ ਪੁੱਤਰ "ਨਾਥ" ਤੇ ਉਹਦੀ ਨੂੰਹ "ਝੰਡੋ"। ਕਿੰਨੇ ਪਿਆਰੇ ਲੋਕ ਸਨ । ਹੁਣ ਮੇਰਾ ਦਿਲ ਸਿੰਧ ਲਈ ਵੀ ਤੜਫਣ ਲੱਗ ਪਿਆ ਸੀ । ਮੇਰਾ ਪਹਿਲਾ ਬਾਲ ਵੀ ਤੇ ਉਸੇ ਭੂਮੀ ਵਿੱਚ ਰਹਿ ਗਿਆ ਸੀ। ਕਿੰਨੇ ਅੱਥਰੂ ਮੇਰੀ ਵਹੁਟੀ ਦੇ ਉਸ ਜ਼ਮੀਨ ਵਿੱਚ ਰੁਲ ਗਏ ਸਨ। ਮੇਰੀਆਂ ਅੱਖਾਂ ਦੇ ਕਿੰਨੇ ਈ ਮੰਜ਼ਰ ਉੱਥੇ ਰਹਿ ਗਏ ਸਨ।
ਮੇਰੀਆਂ ਯਾਦਾਂ ਵਿੱਚ ਸਿੰਧ ਦੇ ਤਾਬੇਦਾਰ ਮੋਚੀ ਸਨ ਜਿਹੜੇ ਚਮੜੇ ਦੀਆਂ ਜੁੱਤੀਆਂ ਵਿੱਚ ਰੰਗ ਬਿਰੰਗੇ ਰੈਕਸੀਨ ਦੇ ਫੁੱਲ ਬੂਟੇ ਬਣਾਵੰਦੇ ਸਨ, ਸ਼ੀਸ਼ੇ ਜੜਦੇ ਸਨ। ਅਸਾਡੇ ਢੱਗਿਆਂ ਵਾਸਤੇ ਸ਼ੌਂਕ ਨਾਲ ਚਮੜੇ ਦੇ ਸਿਹਰੇ ਬਣਾ ਬਣਾ ਕੇ ਦਿੰਦੇ ਸਨ। ਪੰਜਾਬੀ ਗੱਭਰੂਆਂ ਦੇ ਡੋਲਿਆਂ ਉੱਤੇ ਪਟੇ ਮੋਤੀਆਂ ਨਾਲ ਜੜ ਕੇ ਬਣਾ ਦਿੰਦੇ ਸਨ।
ਸਿੰਧ ਦੀਆਂ ਸੋਹਣੀਆਂ ਘੋੜੀਆਂ ਮੇਰੀਆਂ ਯਾਦਾਂ ਵਿੱਚ ਖੁੱਭ ਗਈਆਂ ਹੋਈਆਂ ਸਨ ਜਿਹੜੀਆਂ ਪੰਜਾਬੀ ਘੋੜੀ ਨਾਲੋਂ ਸੋਹਣੀ ਤੇ ਸੁਥਰੀ ਚਾਲ ਚੱਲਦੀਆਂ ਸਨ। ਉਹ ਘੋੜੀਆਂ ਸਿੰਧ ਦੀਆਂ ਪਰੀਆਂ ਸਨ। ਉਹਨਾਂ ਦੀ ਸਵਾਰੀ ਕਰਨ ਵਾਲਾ ਸਵਾਰ ਸਜਦਾ ਵੀ ਬਹੁਤ ਸੀ। ਐਸੀ ਚਾਲ ਚਲਦੀਆਂ ਕਿ ਮਜਾਲ ਏ ਸਵਾਰ ਨੂੰ ਕੋਈ ਹਜਕਾ ਯਾ ਝਟਕਾ ਲੱਗ
ਜਾਵੇ। ਸਵਾਰ ਦੁੱਧ ਦਾ ਛੰਨਾ ਭਰ ਕੇ ਘੋੜੀ ਉੱਤੇ ਬੈਠਕੇ ਘੋੜੀ ਭਜਾਉਂਦੇ ਪਰ ਫਿਰ ਘੋੜੀ ਐਸੀ ਚਾਲ ਚੱਲੇ ਕਿ ਛੰਨੇ ਵਿੱਚੋਂ ਤੁਬਕਾ ਦੁੱਧ ਵੀ ਨਾ ਡੁੱਲ੍ਹੇ । ਹਰ ਮੁਸ਼ਕਲ ਵੇਲ਼ੇ ਸਿੱਧੀਆਂ ਦੀ ਉਹ ਅਵਾਜ਼ "ਘੋੜਾ ੜੇ, ਘੋੜਾ ੜੇ" ਅਜੇ ਤੀਕ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ । ਹੱਟਾਂ ਵਾਲੇ ਸਿੰਧੀ ਸੇਠਾਂ ਦੇ ਮੱਕਾਰ ਚਿਹਰੇ ਵੀ ਮੈਨੂੰ ਯਾਦ ਆ ਰਹੇ ਸਨ।
ਅਸਾਂ ਲੋਕ ਭੁੱਖ ਨੰਗ ਜਰਨ ਦੇ ਆਦੀ ਸਾਂ। ਪੁਰਾਣੀ ਥਾਂ ਉੱਤੇ ਪਰਤ ਤਾਂ ਆਏ ਪਰ ਬੇਸ਼ਰਮੀਂ ਦੇ ਤਾਅਨੇ ਬਹੁਤ ਸੁਣਨੇ ਪਏ। ਢੀਠਪੁਣੇ ਦੀਆਂ ਸਾਰੀਆਂ ਹੱਦਾਂ ਮੁੱਕ ਜਾਂਦੀਆਂ ਸਨ ਜਦੋਂ ਅਸਾਂ ਮੁਕਾਮੀ ਤੇ ਆਪਣੇ ਘਰਾਂ ਵਾਲਿਆਂ ਨੂੰ ਉਹਨਾਂ ਦੇ ਤਾਅਨਿਆਂ ਵਜੋਂ ਜਵਾਬ ਵਿੱਚ ਆਖਦੇ ਕਿ, "ਤੁਸੀਂ ਤੇ ਆਪਣਾ ਘਰ ਬਣਾ ਕੇ ਇੱਕੋ ਥਾਂ 'ਤੇ ਈ ਬੱਝੇ ਰਹਿੰਦੇ ਓ, ਸਾਰਾ ਜਹਾਨ ਅਸਾਡਾ ਏ, ਸਿੰਧ, ਪੰਜਾਬ ਤੇ ਪੂਰਾ ਮੁਲਕ ਅਸਾਡੇ ਪੈਰਾਂ ਹੇਠ ਏ, ਜਿੱਥੇ ਜੀਅ ਕੀਤਾ ਜਾ ਵੱਸੇ।"
ਆਖਣ ਨੂੰ ਤਾਂ ਅਸਾਂ ਆਖ ਦਿੰਦੇ ਕਿ 'ਸਾਰਾ ਜਹਾਨ ਅਸਾਡਾ ਏ', ਪਰ ਅੰਦਰੋ- ਅੰਦਰ ਪੱਚੀ ਹੋਇਆ ਕਰਦੇ ਤੇ ਅੱਖਾਂ ਨੀਵੀਆਂ ਕਰ ਲੈਂਦੇ ਸਾਂ । ਪੁਰਾਣੇ ਜ਼ਿਮੀਦਾਰ ਅਸਾਨੂੰ ਮੁੜ ਕੇ ਕਬੂਲ ਤਾਂ ਲਿਆ। ਬਹੁਤ ਝਿੜਕਾਂ ਤੇ ਤਾਅਨੇ ਦਿੰਦਿਆਂ ਹੋਇਆਂ ਆਖਿਆ, "ਸਿੰਧ ਗਏ ਅੰਬ ਲੈਣ ਸੋਂ ? ਹੁਣ ਏਥੇ ਘੁੱਗੂ ਫੜਨ ਆਏ ਓ ? ਅਸੀਂ ਪੁਰਾਣੇ ਤੁਅੱਲਕ ਦੀ ਖਾਤਰ ਤੁਹਾਨੂੰ ਰੱਖ ਰਹੇ ਆਂ, ਨਹੀਂ ਤੇ ਤੁਸੀਂ ਬੇਸ਼ਰਮ ਲੋਕ ਤਾਂ ਜੁੱਤੀਆਂ ਲਾਇਕ ਓ।"
“ਸੱਚ ਏ ਮਾਈ ਬਾਪ", ਜਵਾਬ ਵਿੱਚ ਰਾਹਕ ਲਿੱਲ੍ਹਾਂ ਲੈਂਦੇ ਆਖਦੇ।
ਮਾਈ ਬਾਪ ਬਣੇ ਜ਼ਿਮੀਦਾਰ ਪਰਤਣ ਵਾਲੇ ਰਾਹਕਾਂ ਨੂੰ ਉਹ ਜ਼ਮੀਨਾਂ ਦਿੱਤੀਆਂ ਜਿੱਥੇ ਪਾਣੀ ਘੱਟ ਜਾਂਦਾ ਸੀ, ਬੇਅਬਾਦ ਜਿਹੀਆਂ ਸਨ, ਪਰ ਅਸਾਂ ਤਾਂ ਇਹ ਵੀ ਜ਼ਿਮੀਦਾਰ ਦਾ ਅਹਿਸਾਨ ਸਮਝਦੇ ਸਾਂ । ਜ਼ਿਮੀਦਾਰ ਅਸਾਡੇ ਸਿੱਧ ਜਾਵਣ ਮਗਰੋਂ ਹੋਰ ਰਾਹਕ ਲਿਆਂਦੇ ਹੋਏ ਸਨ।
ਨਵੇਂ ਰਾਹਕਾਂ ਦੇ ਇੱਕ ਪਾਸੇ ਅਸਾਂ ਵੀ ਡੇਰਾ ਲਾ ਲਿਆ।
ਹੱਥ ਪੱਲੇ ਹੈ ਕੁੱਝ ਨਹੀਂ ਸੀ। ਆਵੰਦਿਆਂ ਈ ਜ਼ਿਮੀਦਾਰ ਕੋਲੋਂ ਉਧਾਰ ਅਨਾਜ ਮਿਲਣ ਦੀ ਕੋਈ ਉਮੀਦ ਨਹੀਂ ਸੀ, ਏਸੇ ਲਈ ਮੈਂ, ਮੇਰੀ ਵਹੁਟੀ ਤੇ ਮਹੁੰਮਦ ਹੁਸੈਨ ਦਰਿਆ ਕੰਢੇ ਦਿਹਾੜੀ ਦੱਪੇ ਲਈ ਘਰੋਂ ਨਿੱਕਲ ਟੁਰੇ ।
ਉੱਥੇ ਰਾਵੀ ਕੰਢੇ ਫਸਲਾਂ ਦੀ ਵਾਢੀ ਲਈ ਹੋਰ ਰਾਹਕ ਵੀ ਗਏ ਹੋਏ ਸਨ, ਅਸਾਂ ਵੀ ਅੱਪੜ ਗਏ। ਦਰਿਆ ਦੇ ਕੰਢੇ ਤੋਂ ਸਰਕਾਨਾ ਇਕੱਠਾ ਕੀਤਾ ਤੇ ਝੱਟ ਇੱਕ ਕੁੱਲੀ ਘੜ ਕੇ ਭੋਏਂ ਵਿੱਚ ਗੱਡ ਲਈ। ਕੁੱਲੀ ਏਨੀ ਛੋਟੀ ਸੀ ਕਿ ਅਸਾਨੂੰ ਬੂਹੇ ਵਿੱਚੋਂ ਅੰਦਰ ਬਾਹਰ ਜਾਵਣ ਲਈ ਘੋੜੀ ਬਣਨਾ ਪੈਂਦਾ ਸੀ। ਕੋਈ ਚੀਜ਼ ਅੰਦਰੋਂ ਲਿਆਵਣੀ ਯਾ ਲੈਜਾਵਣੀ ਹੋਵੇ ਤਾਂ ਅਸਾਨੂੰ ਰਿੜ੍ਹਨਾ ਪੈਂਦਾ ਸੀ ਕਿਉਂ ਜੁ ਅੰਦਰ ਬਾਹਰ ਜਾਵਣ ਲਈ ਹੱਥਾਂ ਨੂੰ ਵੀ ਭੋਏਂ ਉੱਤੇ ਰੱਖਣਾ ਪੈਂਦਾ ਸੀ। ਮੰਜੀ ਤੇ ਹੈ ਕੋਈ ਨਹੀਂ ਸੀ, ਭੁੰਜੇ ਈ ਸੌਂ ਜਾਈਦਾ ਸੀ।
ਵਾਢੀਆਂ ਵਿੱਚ ਅਜੇ ਕੁੱਝ ਦਿਨ ਰਹਿੰਦੇ ਸਨ। ਏਥੇ ਕੱਚੇ ਦੇ ਇਲਾਕੇ ਵਿੱਚ ਕਣਕਾਂ ਦੇਰ ਨਾਲ ਪੱਕਦੀਆਂ ਨੇ । ਏਥੇ ਹਰੇ ਪੱਠੇ, ਜਵੀ ਤੇ ਸ਼ਟਾਲਾ ਬਹੁਤ ਹੁੰਦੇ ਨੇ । ਸ਼ਹਿਰ ਦੇ ਡਾਂਗਰੀ ਏਥੋਂ ਰੇੜ੍ਹੇ ਭਰ ਭਰ ਕੇ ਸ਼ਹਿਰ ਆਪਣੀਆਂ ਮੱਝਾਂ ਗਾਵਾਂ ਵਾਸਤੇ ਲੈ ਜਦੇ ਸਨ। ਜਵੀ ਪੱਠਾ ਵੱਢਣ ਲਈ ਉਹਨਾਂ ਨੂੰ ਮਜ਼ਦੂਰ ਚਾਹੀਦੇ ਹੁੰਦੇ ਸਨ । ਦੂਜਿਆਂ ਲੋਕਾਂ ਵਾਂਗ ਮੈਂ ਤੇ ਮੁਹੰਮਦ ਹੁਸੈਨ ਵੀ ਡਾਂਗਰੀਆਂ ਲਈ ਪੱਠੇ ਵੱਢਣ ਦੀ ਮਜ਼ਦੂਰੀ ਕਰ ਲਈ। ਤਿੰਨ ਰੁਪਏ ਫ਼ੀ ਰੇੜ੍ਹਾ । ਅਸਾਂ ਦੋਵੇਂ ਭਰਾ ਸਾਰਾ ਸਾਰਾ ਦਿਨ ਜਵੀ ਸ਼ਟਾਲਾ ਵੱਢਦੇ ਰਹਿੰਦੇ। ਸ਼ਾਮ ਤੀਕਰ ਪੰਦਰਾਂ ਰੁਪਏ ਤੇ ਕਦੇ ਬਾਰਾਂ ਰੁਪਏ ਦੋਵਾਂ ਦੀ ਮਜ਼ਦੂਰੀ ਬਣ ਜਾਂਦੀ ਸੀ ।
ਅਸਾਡੀ ਮਜ਼ਦੂਰੀ ਦਾ ਪਿਉ ਨੂੰ ਇਲਮ ਹੋਇਆ ਤਾਂ ਉਹ ਝੱਟ ਆ ਗਿਆ। ਜੋ ਕੁੱਝ ਸਾਡੇ ਕੋਲ ਹੈ ਸੀ, ਖੋਹਕੇ ਰਾਹੇ ਪਿਆ, ਅਸਾਂ ਮਜ਼ਦੂਰੀ ਕਰਦੇ ਰਹਿ ਗਏ।
ਮੈਂ ਕੁੱਝ ਭੈੜਾ ਪੈ ਗਿਆ ਤਾਂ ਮੁਹੰਮਦ ਹੁਸੈਨ ਮੁਸਕਰਾ ਕੇ ਆਖਿਆ:
ਬਰਦਾ ਸ਼ਾਹ ਦਰਖ਼ਤਾਂ ਦੀ ਕਰੇ ਰਾਖੀ
ਮੇਵਾ ਪੱਕੇ ਤੇ ਖਾਣ ਨਸੀਬ ਵਾਲੇ
“ਇਹ ਨਸੀਬ ਕੀ ਹੁੰਦਾ ਏ, ਮੁਹੰਮਦ ਹੁਸੈਨ ? ਵਾਢੀਆਂ ਦੇ ਦਿਨਾਂ ਵਾਸਤੇ ਅਸਾਨੂੰ ਵੀ ਤੇ ਕੁੱਝ ਚਾਹੀਦਾ ਸੀ ਪਰ ਪਿਉ ਤਾਂ ਸਭ ਕੁੱਝ ਹੂੰਝ ਕੇ ਲੈ ਗਿਆ ਏ।" ਮੇਰੀਆਂ ਅੱਖਾਂ ਭਿੱਜ ਗਈਆਂ ਸਨ।
ਮੁਹੰਮਦ ਹੁਸੈਨ ਨੇ ਤਸੱਲੀ ਦਿੰਦਿਆਂ ਆਖਿਆ, "ਪਿੱਛੇ ਵੀ ਤੇ ਅਸਾਡੇ ਚਾਰ ਛੋਟੇ ਛੋਟੇ ਭਰਾ ਨੇ । ਖੌਰੇ ਉਹਨਾਂ ਨੂੰ ਕੁੱਝ ਲੱਭਦਾ ਏ ਕਿ ਨਹੀਂ, ਅਸਾਡਾ ਕੀ ਏ, ਅਸਾਂ ਤਾਂ ਜਵਾਨ ਆਂ, ਗੁਜ਼ਾਰਾ ਕਰ ਲਵਾਂਗੇ।"
“ਠੀਕ ਏ, ਕੁੱਝ ਤਾਂ ਅਸਾਡੇ ਕੋਲ ਰਹਿਣ ਦਿੰਦਾ। ਪੁੱਤਰਾ ਨੂੰ ਤੇ ਉਹ ਹਰ ਤਰੀਕੇ ਨਾਲ ਦਬਾ ਸਕਦਾ ਏ, ਪਰ ਅਸਾਡੇ ਨਾਲ ਇੱਕ ਪਰਾਈ ਧੀ ਵੀ ਤਾਂ ਹੈ, ਉਹਦਾ ਈ ਕੁੱਝ ਖਿਆਲ ਕਰਦਾ।"
ਮੇਰੀ ਏਸ ਗੱਲ ਉੱਤੇ ਝੱਟ ਮੇਰੀ ਵਹੁਟੀ ਆਖਿਆ, "ਨਾ ਨਾ, ਮੈਨੂੰ ਕੋਈ ਸ਼ਿਕਾਇਤ ਯਾ ਗਿਲਾ ਨਹੀਂ। ਜਿੱਥੇ ਤੁਸੀਂ ਦੋਵੇਂ ਭਰਾ ਦੁੱਖ ਮੁਸੀਬਤਾਂ ਪਏ ਕੱਟਦੇ ਓ, ਉੱਥੇ ਮੈਨੂੰ ਵੀ ਕੋਈ ਫਿਕਰ ਨਹੀਂ।"
ਅਸਾਂ ਫੇਰ ਹੋਰ ਮਜ਼ਦੂਰੀ ਕੀਤੀ, ਕੁੱਝ ਕਮਾਇਆ। ਪਿਉ ਨੂੰ ਫੇਰ ਝੱਸ ਪਿਆ ਤੇ ਆ ਕੇ ਲੈ ਗਿਆ। ਪਿਉ ਨੂੰ ਰੋਕ ਵੀ ਨਹੀਂ ਸਾਂ ਸਕਦੇ । ਮੁਹੰਮਦ ਹੁਸੈਨ ਦੇ ਆਖਣ ਮੂਜਬ, "ਆਪਣੇ ਲਈ ਤੇ ਹਰ ਕੋਈ ਜਿਉਂਦਾ ਏ, ਸਵਾਦ ਏ ਕਿਸੇ ਹੋਰ ਲਈ ਜੀਵਣ ਦਾ।"
ਹਾਂ, ਠੀਕ ਆਖਦਾ ਸੀ ਮੁਹੰਮਦ ਹੁਸੈਨ । ਕਿਸੇ ਲਈ ਕੌਣ ਏ। ਅਸਾਡੇ ਚਾਰ ਛੋਟੇ ਛੋਟੇ ਭਰਾ ਸਨ।
ਵਾਢੀ ਪੈ ਗਈ ਤਾਂ ਅਸਾਂ ਕਣਕ ਵੱਢਣ ਦੀ ਮਜ਼ਦੂਰੀ ਸ਼ੁਰੂ ਕਰ ਦਿੱਤੀ। ਇੱਕ ਕਿੱਲਾ ਕਣਕ ਵੱਢਣ ਉੱਤੇ ਚਾਰ ਭਰੀਆਂ ਮਿਲਦੀਆਂ ਸਨ।
ਹੋਰਾਂ ਲੋਕਾਂ ਨਾਲ ਮਿਲ ਕੇ ਅਸਾਂ ਵੀ ਵਾਢੀ ਵਿੱਚ ਦਾਤਰੀ ਪਾ ਦਿੱਤੀ। ਦੋਵੇਂ ਭਰਾ
ਸਰਘੀ ਵੇਲੇ ਉੱਠ ਕੇ ਕਣਕ ਵੱਢਣ ਨੂੰ ਜੁੜ ਪੈਂਦੇ, ਹੋਰ ਵਾਢੇ ਵੀ ਨਾਲ ਹੁੰਦੇ। ਛਾਹ ਵੇਲ਼ੇ ਹੋਰ ਸਵਾਣੀਆਂ ਵਾਂਗ ਮੇਰੀ ਵਹੁਟੀ ਛਾਹ ਵੇਲਾ ਲੈ ਕੇ ਆਂਵਦੀ ਤੇ ਫੇਰ ਸਾਰੀਆਂ ਸਵਾਣੀਆਂ ਵਾਂਗ ਅਸਾਡੇ ਨਾਲ ਈ ਵਾਢੀ ਕਰਨ ਲੱਗ ਪੈਂਦੀ। ਸੋਤੇ ਡੂੰਘੇ ਤੀਕਰ ਅਸਾਂ ਕਣਕ ਵੱਢ ਕੇ ਤੇ ਫੇਰ ਇਕੱਠੀ ਕਰਕੇ ਭਰੀਆਂ ਬੰਨ੍ਹ ਕੇ ਖਲਵਾੜਾ ਜੋੜ ਦਿੰਦੇ। ਕੱਚੇ ਵਿੱਚ ਕਣਕਾਂ ਦਾ ਨਾੜ ਕਟਕਦਾ ਨਹੀਂ ਸੀ ਹੁੰਦਾ। ਨਾੜ ਉੱਤੋਂ ਭਾਵੇਂ ਪੱਕਾ ਤੇ ਸੁੱਕਾ ਨਜ਼ਰ ਆਂਵਦਾ ਸੀ ਪਰ ਅੰਦਰੋਂ ਨਹੀਂ ਸੀ ਸੁੱਕਦਾ। ਏਸੇ ਲਈ ਅਸਾਂ ਉਹਨੂੰ ਹਰਗੰਢ ਆਖਦੇ ਸਾਂ । ਕੱਚੇ ਦੀ ਕਣਕ ਦਾ ਨਾੜ ਜਿੰਨਾ ਮਰਜ਼ੀ ਸੁੱਕ ਜਾਵੇ ਪਰ ਉਹਦੀ ਗੰਢ ਹਰੀ ਈ ਰਹਿੰਦੀ ਸੀ। ਹਰਗੰਢ ਕਣਕ ਵੱਢਣ ਵਾਲਿਆਂ ਨੂੰ ਬਹੁਤ ਔਖੀ ਢੁਕਦੀ ਸੀ । ਬਾਹਵਾਂ ਤੇ ਮੋਹਰਾਂ ਦਾਤਰੀ ਖਿੱਚ ਖਿੱਚ ਕੇ ਰਹਿ ਜਾਂਦੀਆਂ ਸਨ। ਰੋਜ਼ ਦਾਤਰੀ ਦੇ ਦੰਦੇ ਲੋਹਾਰ ਕੋਲੋਂ ਕਢਵਾਣੇ ਪੈਂਦੇ ਸਨ।
ਦਾਤਰੀਆਂ ਦੇ ਦੰਦੇ ਕਢਵਾਣ ਲਈ ਵਾਢੇ ਵਾਰੀ ਵਾਰੀ ਲੋਹਾਰ ਕੋਲ ਜਾਂਦੇ ਸਨ । ਇੰਜ ਸ਼ਹਿਰ (ਬਾਬੂ ਸਾਬੋ) ਵਿੱਚ ਦਾਤਰੀ ਦੇ ਦੰਦਿਆਂ ਵਾਸਤੇ ਕਦੀ ਕੋਈ ਤੇ ਕਦੀ ਕੋਈ ਜਾਂਦਾ ਸੀ । ਘਰ ਵਾਸਤੇ ਕੁੱਝ ਸੌਦਾ ਸੂਤ ਕੇ ਵੀ ਲੈ ਆਇਆ ਕਰਦਾ ਸੀ ਤੇ ਸਾਹ ਵੀ ਨਿੱਕਲ ਜਾਂਦਾ ਸੀ।
ਬਾਬੂ ਸਾਬੋ ਦੇ ਲੋਕਾਂ ਦਾ ਰਹਿਣ ਸਹਿਣ ਹੀ ਅੱਡ ਸੀ। ਕੁੱਝ ਲੋਕ ਤਾਂ ਵਾਹੀ ਬੀਜੀ ਕਰਦੇ। ਕੁੱਝ ਵਿਉਪਾਰ ਤੇ ਕੁੱਝ ਖੌਰੇ ਨੌਕਰੀਆਂ ਯਾਂ ਮੁਲਾਜ਼ਮਤਾਂ ਵੀ ਕਰਦੇ ਸਨ। ਨਾਲ ਈ ਬਕਰ ਮੰਡੀ ਤੇ ਕਮੇਲਾ ਸੀ।
ਬਾਬੂ ਸਾਬੋ ਦੀਆਂ ਕੁੜੀਆਂ ਜਿਹੜੀਆਂ ਸਕੂਲਾਂ ਯਾ ਕਾਲਜਾਂ ਵਿੱਚ ਪੜ੍ਹਦੀਆਂ ਸਨ, ਉਹਨਾਂ ਦੇ ਦੋਪੱਟੇ ਸਿਰ ਦੀ ਬਜਾਏ ਗਲ ਵਿੱਚ ਹੁੰਦੇ ਸਨ ਤੇ ਸੁਰਖੀ ਪੌਡਰ ਦੀ ਵਰਤੋਂ ਵੀ ਆਮ ਕਰਿਆ ਕਰਦੀਆਂ ਸਨ।
ਜਿਹੜੀਆਂ ਸਵਾਣੀਆਂ ਤੇ ਵੱਡੀ ਉਮਰ ਦੀਆਂ ਸਨ, ਉਹਨਾਂ ਦਾ ਬਾਣਾ ਤੇ ਟੁਰਨਾ ਫਿਰਨਾ ਅਜੇ ਵਾਹੀਵਾਨਾਂ ਵਾਲਾ ਈ ਸੀ, ਪਰ ਸਾਥੋਂ ਫੇਰ ਵੀ ਵਧੀਆ ਤੇ ਬਹੁਤ ਆਅਲਾ ਸੀ।
ਜਿਹੜੇ ਜ਼ਿਮੀਦਾਰ ਦੇ ਡੇਰੇ ਉੱਤੇ ਅਸਾਂ ਵਾਢੀ ਲਈ ਗਏ ਸਾਂ, ਉਹਦੀ ਇੱਕੋ-ਇੱਕ ਕੁੜੀ ਫ਼ਜ਼ਲਾਂ ਸੀ। ਫ਼ਜ਼ਲਾਂ ਬਾਰ੍ਹਵੀਂ ਜਮਾਤੇ ਪੜ੍ਹਦੀ ਸੀ । ਆਪਣੀਆਂ ਸਹੇਲੀਆਂ ਨਾਲ ਜਦ ਉਹ ਵਾਢੀ ਵੇਖਣ ਆਂਵਦੀ ਤਾਂ ਬਹੁਤ ਭਲੀ ਲੱਗਿਆ ਕਰਦੀ ਸੀ। ਗੱਲ ਗੱਲ ਵਿੱਚ ਉਹ ਫਾਰਸੀ ਦੇ ਸ਼ੇਅਰ ਬੋਲਿਆ ਕਰਦੀ ਸੀ ਤੇ ਖੁੱਲ੍ਹ ਕੇ ਹੱਸਦੀ ਤਾਂ ਫੁੱਲ ਕਿਰਦੇ ਜਾਪਦੇ ਸਨ। ਕਿਸੇ ਨੂੰ ਵੀ ਉਹ ਅਪਰਾਂਵਦੀ ਨਹੀਂ ਸੀ ਯਾ ਖੌਰੇ ਵਾਢਿਆਂ ਨੂੰ ਇਨਸਾਨ ਈ ਨਾ ਸਮਝਦੀ ਹੋਵੇ।
ਵਾਢੇ ਵੀ ਤਾਂ ਉਹਨਾਂ ਦੇ ਘਰੋਂ ਲੱਸੀ ਮੰਗ ਲਿਆਂਵਦੇ ਸਨ। ਅਚਾਰ ਲੈ ਆਇਆ ਕਰਦੇ ਸੀ ਤੇ ਕਦੇ ਕਦੇ ਲੱਥਾ ਲਾਹਣਾ ਲੀੜਾ ਵੀ ਮੰਗ ਲਿਆਵੰਦੇ ਸਨ। ਉਸ ਵੇਲੇ ਮੈਨੂੰ ਪੰਜਾਬੀ ਵਾਢੇ ਤੇ ਆਮ ਸਿੰਧੀ ਮਾਨਵਾਂ ਵਿੱਚ ਕੋਈ ਫ਼ਰਕ ਮਲੂਮ ਨਹੀਂ ਸੀ ਹੁੰਦਾ । ਮਸਕੀਨ ਤੇ ਦਾਨ ਲੈਣ ਵਾਲੀਆਂ ਉਡੀਕਣਹਾਰ ਅੱਖਾਂ, ਗੱਲ ਗੱਲ ਉੱਤੇ ਤਰਲੇ ਲੈਂਦੀ ਜੀਭ ਤੇ ਝੁਕ ਝੁਕ ਜਾਂਦਾ ਸੀਸ । ਇਹ ਸਾਰਾ ਕੁੱਝ ਮੇਰੇ ਜੁੱਸੇ, ਰੂਹ ਤੇ ਦਿਮਾਗ ਉੱਤੇ ਡਾਢੇ ਫੱਟ ਲਾ ਰਿਹਾ ਸੀ,
ਪਰ ਮੈਂ ਚੁੱਪ ਹੋਇਆ ਸਾਂ, ਹਯਾਤੀ ਦਾ ਖੂਹ ਗੇੜਨ ਲਈ ਤੇ ਇੱਕੋ ਥਾਂ ਉੱਤੇ ਘੁੰਮ ਘੁੰਮ ਉੱਥੇ ਈ ਟੁਰੀ ਜਾਂਦਾ ਸਾਂ, ਬੱਸ ਟੁਰੀ ਜਾਂਦਾ ਸਾਂ ।
ਵਾਢੀਆਂ ਮੁੱਕਣ ਮਗਰੋਂ ਮੁਹੰਮਦ ਹੁਸੈਨ ਤੇ ਉਹਦੀ ਭਰਜਾਈ ਪਰਤ ਆਏ ਸਨ ਤੇ ਮੈਂ ਅਜੇ ਉੱਥੇ ਈ ਸਾਂ ਤਾਂ ਜੁ ਮਜ਼ਦੂਰੀ ਵਿੱਚ ਕਮਾਈਆਂ ਭਰੀਆਂ ਨੂੰ ਗਾਹ ਕੇ ਦਾਣੇ ਲੈ ਆਵਾਂ। ਇੱਕ ਹਫ਼ਤੇ ਮਗਰੋਂ ਮੇਰਾ ਵੀ ਕੰਮ ਮੁੱਕ ਗਿਆ ਤਾਂ ਮੈਂ ਵੀ ਦੋ ਮਾਣੀਆਂ (ਪੰਦਰਾਂ ਮਣ) ਦਾਣੇ ਲੈ ਕੇ ਘਰ ਪਰਤ ਆਇਆ।
ਨਵੇਂ ਰਹਿੰਦੇ ਲੋਕ ਜਿਹੜੇ ਅਸਾਡੇ ਵਾਲੇ ਜ਼ਿਮੀਦਾਰ ਰਾਹਕ ਬਿਠਾਏ ਸਨ ਗੁਜਰਾਂਵਾਲਾ ਦੇ ਕਿਸੇ ਪਿੰਡ ਦੇ ਵਸਨੀਕ ਸਨ। ਇਹ ਛੇ ਸੱਤ ਖ਼ਾਨਦਾਨ ਸਾਰੇ ਆਪਸ ਵਿੱਚ ਸਾਕ ਸੱਜਣ ਸਗੋਂ ਰਿਸ਼ਤੇਦਾਰ ਸਨ।
ਅਸਾਡੇ ਸਿਰਫ ਤਰੈ ਘਰ ਸਿੰਧੋਂ ਪਰਤਕੇ ਆਏ ਤਾਂ ਚਾਚਾ ਅਸਾਡੇ ਨਾਲ ਨਹੀਂ ਸੀ ਆਇਆ। ਉਹ ਆਪਣੀ ਚੋਗ ਲਈ ਕਿਸੇ ਹੋਰ ਜੂਹ ਵਿੱਚ ਚਲਿਆ ਗਿਆ ਸੀ । ਤਾਇਆ ਪਰਤ ਆਇਆ ਸੀ ਤੇ ਵੱਡੀ ਭੂਆ ਦਾ ਘਰ ਵਾਲ਼ਾ ਜਿਹੜਾ ਕਦੀ ਦੂਰ ਰਹਿੰਦਾ ਸੀ ਹੁਣ ਉਹ ਅਸਾਡੇ ਕੋਲ ਆ ਗਿਆ ਸੀ । ਚਾਰ ਪੁੱਤਰ ਭੂਆ ਦੇ ਸਨ ਤੇ ਦੋ ਤਾਏ ਦੇ ਤੇ ਛੇ ਭਰਾ ਅਸੀਂ ਸਾਂ। ਤਾਏ ਦੀਆਂ ਕੁੜੀਆਂ ਵੀ ਹੈ ਸਨ, ਭੂਆ ਦੀਆਂ ਧੀਆਂ ਵੀ ਸਨ, ਪਰ ਅਸਾਡੇ ਕੋਈ ਭੈਣ ਨਹੀਂ ਸੀ। ਭੂਆ ਦੇ ਤਿੰਨ ਪੁੱਤਰ ਗੱਭਰੂ ਸਨ, ਤਾਏ ਦੇ ਦੋ ਤੇ ਦੋਵੇਂ ਭਰਾ ਅਸੀਂ ਵੀ ਗੱਭਰੂ ਸਾਂ । ਬਾਕੀ ਦੇ ਅਸਾਡੇ ਭਰਾ ਅਜੇ ਛੋਟੇ ਸਨ।
ਗੁਜਰਾਂਵਾਲੇ ਤੋਂ ਆਏ ਲੋਕਾਂ ਦੇ ਅੱਠ ਦਸ ਮੁੰਡੇ ਗੱਭਰੂ ਸਨ, ਪੰਜ ਛੇ ਮੁਟਿਆਰ ਹੋਈਆਂ ਕੁੜੀਆਂ ਵੀ ਸਨ। ਵੇਖਣ ਵਿੱਚ ਇਹ ਲੋਕ ਸੁੱਘੜ ਤੇ ਮਿਹਨਤੀ ਜਾਪਦੇ ਸਨ । ਕੁੱਝ ਕੁੱਝ ਔਖੇ ਤੇ ਝਗੜਾਲੂ ਵੀ ਮਲੂਮ ਹੁੰਦੇ ਸਨ। ਉਹਨਾਂ ਆਪਣੇ ਰਹਿਣ ਵਾਸਤੇ ਕੁੱਲੀਆਂ ਨਹੀਂ ਸਨ ਬਣਾਈਆਂ, ਕੱਚੇ ਮਿੱਟੀ ਦੇ ਕੋਠੇ ਬਣਾਏ ਸਨ। ਚਾਰਦੀਵਾਰੀ ਤੇ ਵਿਹੜਾ ਵੀ ਰੱਖਦੇ ਸਨ। ਉਹਨਾਂ ਦੀ ਵੇਖਾ ਵੇਖੀ ਅਸਾਂ ਵੀ ਕੋਠੇ ਬਣਾਏ ਤੇ ਵਿਹੜੇ ਵੀ ਰੱਖੇ।
ਇਹ ਲੋਕ ਜ਼ਿਆਦਾ ਮਜ਼ਹਬੀ ਸਨ। ਇਹਨਾਂ ਵਿੱਚੋਂ ਅੱਧਿਆਂ ਨਾਲੋਂ ਜ਼ਿਆਦਾ ਲੋਕ ਨਮਾਜ਼ ਪੜ੍ਹਦੇ ਸਨ, ਕੁਰਾਨ ਸ਼ਰੀਫ ਦੀ ਤਲਾਵਤ ਵੀ ਕੀਤਾ ਕਰਦੇ ਸਨ । ਉਹਨਾਂ ਦੇ ਰਹਿਣ ਸਹਿਣ ਤੇ ਉੱਠਣ ਬੈਠਣ ਤੋਂ ਪੱਕਾ ਨਹੀਂ ਸੀ ਮਲੂਮ ਹੁੰਦਾ ਕਿ ਇਹ ਲੋਕ ਸੱਚੀਂ ਮੁੱਚੀਂ ਇੰਜ ਦੇ ਸਨ ਯਾ ਏਥੇ ਆ ਕੇ ਬਨਾਵਟੀ ਵਿਖਾਲਾ ਪਏ ਕਰਦੇ ਸਨ ਯਾ ਏਸ ਜੂਹ ਵਿੱਚ ਆਪਣੇ ਆਪ ਨੂੰ ਮੁਅੱਜ਼ਜ਼ ਤੇ ਸੁੱਘੜ ਮਨਾਵਣਾ ਚਾਂਹਦੇ ਸਨ। ਉਹਨਾਂ ਦੇ ਬੋਲਣ ਵੇਲੇ ਗੱਲ ਬਾਤ ਤੋਂ ਸ਼ੱਕ ਪੈਂਦਾ ਸੀ ਕਿ ਇੰਜ ਬੋਲਣਾ ਇਹਨਾਂ ਨੂੰ ਘੋਖਾ ਔਖਾ ਲੱਗਦਾ ਏ। ਏਸੇ ਲਈ ਕਿਸੇ ਸਾਹਮਣੇ ਘੱਟ ਈ ਬੋਲਦੇ ਸਨ । ਇਹ ਮਰਦ ਲੋਕ ਆਪਣੇ ਆਪ ਨੂੰ ਤਮੀਜ਼ ਵਾਲਾ ਸਾਬਤ ਕਰਨ ਲਈ ਯਾ ਵਿਖਾਵਣ ਲਈ ਹਰ ਕਿਸੇ ਨਾਲ ਔਹ ਕੇ ਮਿਲਦੇ, ਮਿੱਠਾ ਬੋਲਦੇ ਤੇ ਯਾਰਾਨਾ ਗੰਢਣ ਦਾ ਜਤਨ ਕਰਦੇ ਸਨ । ਇਹਨਾਂ ਦੀਆਂ ਸਵਾਣੀਆਂ ਤੇ ਮੁਟਿਆਰਾਂ ਜ਼ਰਾ ਖੁੱਲ੍ਹੇ ਸੁਭਾਅ ਦੀਆਂ ਸਨ। ਐਵੇਂ ਹੱਸਦੀਆਂ, ਮੁਸਕਰਾਵੰਦੀਆਂ ਤੇ ਦੰਦ ਕੱਢਦੀਆਂ। ਆਪਣੇ ਆਪ ਨੂੰ ਖੁਸ਼ਹਾਲ ਤੇ ਸੁਹਣੇ ਸੁਭਾਅ ਦਾ ਚੇਤਾ ਕਰਾਵੰਦੀਆਂ ਜਾਪਦੀਆਂ। ਇਹਨਾਂ ਦਾ ਰੰਗ
ਰੂਪ ਮਨ ਖਿੱਚਵਾਂ ਤੇ ਨਹੀਂ ਸੀ, ਪਰ ਇਹ ਮੁਟਿਆਰਾਂ ਤੇ ਸਵਾਣੀਆਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕਾਫ਼ੀ ਹੁਸ਼ਿਆਰ ਸਨ। ਕੰਮ ਕਾਜ ਤੋਂ ਜਦ ਵੀ ਵਿਹਲ ਮਿਲ਼ਦਾ, ਝੱਟ ਸਕ ਸੁਰਮਾ ਤੇ ਕੰਘੀ ਪੱਟੀ ਕਰ ਲੈਂਦੀਆਂ।
ਜਦ ਮੈਂ ਪਰਤ ਕੇ ਘਰ ਆਇਆ ਤਾਂ ਕਈ ਦਿਨ ਇਹ ਲੋਕ ਮੈਨੂੰ ਪ੍ਰਾਹੁਣਾ ਈ ਸਮਝਦੇ ਰਹੇ ਸਨ। ਉਹਨਾਂ ਮੈਨੂੰ ਪਹਿਲੇ ਨਹੀਂ ਸੀ ਵੇਖਿਆ ਹੋਇਆ। ਮੇਰੀ ਵਹੁਟੀ ਨੂੰ ਉਹ ਮੇਰੀ ਮਾਂ ਦੀ ਧੀ ਸਮਝਦੇ ਸਨ। ਮੇਰੇ ਪਿਉ ਦਾ ਟੱਬਰ ਬਹੁਤ ਵੱਡਾ ਸੀ। ਛੇ ਭਰਾ ਸਾਂ ਅਸੀਂ। ਰੋਜ਼ ਦੇ ਆਟੇ ਦਾ ਖਰਚ ਈ ਬਹੁਤ ਸੀ, ਬਾਕੀ ਲੋੜਾਂ ਤੇ ਵੱਖ ਸਨ। ਨਵਾਂ ਲੀੜਾ ਲੱਤਾ ਤੇ ਜੁੱਤੀ ਦਾ ਖਿਆਲ ਈ ਕਦੀ ਨਹੀਂ ਸੀ ਆਂਵਦਾ। ਰਾਹਕਾਂ ਦੀਆਂ ਸਵਾਣੀਆਂ ਤੇ ਪਹਿਲੇ ਈ ਪੈਰੋਂ ਨੰਗਾ ਰਹਿਣਾ ਹਿੱਲੀਆਂ ਹੁੰਦੀਆਂ। ਮੇਰੀ ਮਾਂ ਮੇਰੀ ਵਹੁਟੀ ਵਾਸਤੇ ਇੱਕ ਨਵੀਂ ਜੁੱਤੀ ਖਰੀਦ ਕੇ ਲਿਆਂਦੀ। ਮਾਂ ਜਦ ਬੜੇ ਸ਼ੌਕ ਤੇ ਰੀਝ ਨਾਲ ਆਪਣੀ ਨੂੰਹ ਨੂੰ ਜੁੱਤੀ ਦਿੰਦਿਆਂ ਆਖਿਆ, "ਲੈ ਧੀਏ ਜੁੱਤੀ ਪਾ ਕੇ ਵਿਖਾ! ਕੇਹੋ ਜਿਹੀ ਲੱਗਦੀ ਏ !”
ਪਰ ਨੂੰਹ ਜੁੱਤੀ ਪੈਰੀਂ ਪਾਵਣ ਤੋਂ ਇਨਕਾਰ ਕਰਦਿਆਂ ਆਖਿਆ, "ਨਾ ਅੰਮਾ!... ਸੱਸ ਪੈਰੋਂ ਨੰਗੀ ਤੇ ਨੂੰਹ ਸ਼ੌਕ ਵਿਖਾਵੇ । ਇਹ ਕਦੀ ਨਾ ਹੋਸੀ।" ਮਾਂ ਬਹੁਤ ਆਖਿਆ, “ਧੀਏ, ਅਸਾਂ ਖਾ ਹੰਢਾ ਲਿਆ ਏ । ਹੁਣ ਤੁਹਾਡੀ ਵਾਰੀ ਏ ਹੱਸਣ ਖੇਡਣ ਤੇ ਹੰਢਾਵਣ ਦੀ।"
ਨੂੰਹ ਆਖਦੀ, "ਪਤਾ ਏ ਮੈਨੂੰ ਤੁਸਾਂ ਕੀ ਖੱਟਿਆ ਖਾਧਾ ਏ ਤੇ ਕੀ ਹੰਢਾਇਆ ਏ।" ਰੀਝ ਨਾਲ ਲਿਆਂਵਦੀ ਜੁੱਤੀ ਮਾਂ ਆਪ ਈ ਆਪਣੇ ਪੈਰੀਂ ਪਾ ਕੇ ਜੂਠੀ ਕਰਕੇ ਕੁੱਝ ਦਿਨਾਂ ਮਗਰੋਂ ਮੇਰੀ ਵਹੁਟੀ ਨੂੰ ਦੇ ਦਿੱਤੀ।
ਸੱਸ ਦੀ ਜੂਠੀ ਜੁੱਤੀ ਨੂੰਹ ਖੁਸ਼ੀ ਨਾਲ ਪਾ ਲਈ ਤੇ ਫੇਰ ਉਹ ਰੀਝਾਂ ਵਾਲੀ ਜੁੱਤੀ ਕਈ ਸਾਲ ਅਸਾਡੇ ਘਰ ਰਹੀ। ਜਦ ਸੱਸ ਨੂੰ ਲੋੜ ਹੁੰਦੀ ਤੇ ਉਹ ਆਪ ਪਾ ਕੇ ਕਿਧਰੇ ਕੰਮ ਜਾਣਾ ਹੋਵੇ ਤਾਂ ਚਲੀ ਜਾਂਦੀ । ਜਦ ਨੂੰਹ ਵਾਂਢੇ ਜਾਣਾ ਹੋਵੇ ਤਾਂ ਉਹ ਪਾ ਲੈਂਦੀ, ਇੰਜ ਇੱਕ ਅੱਧ ਦਿਨ ਮਗਰੋਂ ਜੁੱਤੀ ਕਈ ਕਈ ਦਿਨ ਸਗੋਂ ਮਹੀਨੇ ਭੜੋਲੇ ਉੱਤੇ ਈ ਪਈ ਰਹਿੰਦੀ ਸੀ। ਸਿਰਫ ਆਵਣ ਜਾਵਣ ਲਈ ਸੰਭਾਲ ਕੇ ਰੱਖ ਲਈ ਗਈ ਸੀ। ਮੇਰੇ ਨਾਨਕਿਆਂ ਅਸਾਡੀ ਬਹੁਤ ਮਦਦ ਕੀਤੀ। ਹੋਰ ਤੇ ਸਾਰੇ ਅੰਗ ਸਾਕ ਗਰੀਬ ਤੇ ਨਮਾਣੇ ਅਸਾਡੇ ਵਾਂਗ ਈ ਸਨ।
ਰਾਤ ਦਿਨ ਰੋਟੀ ਦੀ ਭਾਲ ਵਿੱਚ ਅੱਗੇ-ਅੱਗੇ ਰਿਜ਼ਕ ਤੇ ਪਿੱਛੇ-ਪਿੱਛੇ ਰਾਹਕ ਹੁੰਦੇ ਸਨ। ਇੱਕ ਦੌੜ ਲੱਗੀ ਹੋਈ ਸੀ । ਰਿਜ਼ਕ ਫੜਾਈ ਨਹੀਂ ਸੀ ਦੇ ਰਿਹਾ ਤੇ ਰਾਹਕ ਪਿੱਛਾ ਨਹੀਂ ਸਨ ਛੱਡਦੇ ਪਏ। ਖੌਰੇ ਕਦੋਂ ਤੋਂ ਦੌੜ ਲੱਗੀ ਹੋਈ ਏ ਤੇ ਕਦੋਂ ਤੀਕ ਲੱਗੀ ਰਹੇਗੀ।
ਮੇਰੇ ਨਾਨਕਿਆਂ ਅਨਾਜ ਦੇ ਨਾਲ ਨਾਲ ਅਸਾਨੂੰ ਇੱਕ ਗੱਡ ਵੀ ਖਰੀਦ ਕੇ ਲੈ ਦਿੱਤੀ ਸੀ। ਅਸਾਡੀ ਗੱਡ ਤੇ ਮਾਲ ਡੰਗਰ ਉੱਥੇ ਰਾਜੇ ਈ ਖੋਹ ਲਿਆ ਸੀ । ਵਾਹੀ ਕਰਨ ਲਈ ਅਸਾਡੇ ਕੋਲ ਕੋਈ ਹੋਰ ਵਸੀਲਾ ਵੀ ਤੇ ਨਹੀਂ ਸੀ।
ਉਧਾਰ ਦੀ ਇੱਕ ਜੋਗ ਕਿਧਰੋਂ ਮੇਰੇ ਪਿਉ ਨੇ ਲੈ ਆਂਵਦੀ ਸੀ। ਇੱਕ ਜੋਗ ਤੇ ਗੱਡ ਨਾਨਕਿਆਂ ਵੱਲੋਂ ਮਿਲ ਗਈ। ਅਸੀਂ ਦੋਵੇਂ ਭਰਾ ਫੇਰ ਜੁਪ ਗਏ। ਕਦੀ ਹਲ ਵਾਹਦੇ ਕਦੀ ਗੱਡ। ਰਾਤ ਦਿਨ ਇਹ ਈ ਕੰਮ ਸੀ । ਰਾਤ ਨੂੰ ਗੱਡ ਲੈ ਕੇ ਸ਼ਹਿਰ ਵੱਲ ਤੇ ਦਿਨ ਨੂੰ ਹਲ ਲੈ
ਕੇ ਪੈਲੀਆਂ ਵਿੱਚ ਰਿਜ਼ਕ ਦੀ ਭਾਲ ਵਿੱਚ ਅਸਾਨੂੰ ਬੜੀ ਪੀੜ ਕੱਟਣੀ ਪੈ ਰਹੀ ਸੀ। ਪਹਾੜਾਂ ਦੇ ਪਹਾੜ ਪੁੱਟਣੇ ਪੈਂਦੇ ਸਨ । ਇੱਕ ਇੱਕ ਬੁਰਕੀ ਵਾਸਤੇ ਅਸਾਨੂੰ ਸੌ ਸੌ ਜਤਨ ਕਰਨੇ ਪੈਂਦੇ ਸਨ । ਪਰ ਨਵੇਂ ਰਾਹਕਾਂ ਨੂੰ ਗੱਡ ਵਾਹਣੀ ਨਹੀਂ ਸੀ ਆਂਵਦੀ। ਗੱਡ ਗੋਚਰੇ ਉਹਨਾਂ ਨੂੰ ਕੋਈ ਛੋਟਾ ਮੋਟਾ ਕੰਮ ਪੈਂਦਾ ਤਾਂ ਉਹਨਾਂ ਨੂੰ ਅਸਾਡੇ ਸਾਹਮਣੇ ਸਵਾਲ ਕਰਨਾ ਪੈਂਦਾ ਸੀ ।
ਅਸਾਂ ਕਦੇ ਉਹਨਾਂ ਦੀ ਲੋੜ ਪੂਰੀ ਕਰ ਦਿੰਦੇ ਤੇ ਕਦੇ ਕੋਈ ਨਾ । ਮੁਹੰਮਦ ਹੁਸੈਨ ਬਹੁਤ ਮਿਹਨਤੀ ਤੇ ਮਜ਼ਬੂਤ ਜੁੱਸੇ ਵਾਲਾ, ਚੰਗੇ ਹੱਡਾਂ ਪੈਰਾਂ ਵਾਲਾ ਗੱਭਰੂ ਨਿੱਕਲਿਆ । ਨਵੇਂ ਲੋਕਾਂ ਨਾਲ ਉਹਦੀ ਯਾਰੀ ਵਧਦੀ ਜਾ ਰਹੀ ਸੀ। ਮੇਰਾ ਵੀ ਬਹੁਤ ਇਹਤਰਾਮ ਕਰਦਾ ਸੀ। ਸਗੋਂ ਔਖ ਸੌਖ ਆਪ ਜਰ ਲੈਂਦਾ ਤੇ ਮੈਨੂੰ ਲੱਗੇ ਵੱਸ ਕੋਈ ਤਕਲੀਫ਼ ਨਾ ਹੋਵਣ ਦਿੰਦਾ।
ਮੇਰੇ ਅੰਦਰ ਪਤਾ ਨਹੀਂ ਕਿਹੜਾ ਰੋਗ ਸੀ, ਕਾਹਦੀ ਅੱਗ ਸੀ ਜਿਹੜੀ ਠੰਢੀ ਈ ਨਹੀਂ ਸੀ ਹੋ ਰਹੀ, ਦਿਨੋਂ ਦਿਨ ਮੱਚਦੀ ਜਾਂਦੀ ਸੀ। ਮੇਰੀ ਰੂਹ ਲੂਸੀ ਲੂਸੀ, ਬੇਚੈਨ ਤੇ ਉਦਾਸ ਉਦਾਸ ਈ ਰਹੀ। ਬਕੌਲ ਰੋਂਦੂ, ਸੜੀਅਲ ਤੇ ਸ਼ੱਕੀ।
ਹਾਂ, ਵਾਕਈ, ਮੇਰੇ ਅੰਦਰ ਕੋਈ ਸਾੜ ਹੈ। ਠੀਕ ਆਖਦਾ ਸੀ ਰੋਂਦੂ, ਮੈਂ ਸੜੀਅਲ ਆਂ, ਕਦੀ ਕਦੀ ਮੈਂ ਆਪਣੇ ਆਪ ਈ ਬੁੜ ਬੁੜ ਕਰਨ ਲੱਗ ਪੈਂਦਾ ਸਾਂ। ਆਪਣੇ ਆਪ ਈ ਮੇਰੇ ਅੱਥਰੂ ਨਿੱਕਲ ਆਇਆ ਕਰਦੇ ਸਨ। ਮੈਂ ਹੈਰਾਨ ਸਾਂ ਕਿ ਇੰਜ ਕਿਉਂ ਹੁੰਦਾ ਏ। ਮੈਨੂੰ ਨਜ਼ਰ ਆਵਣ ਆਲਾ ਤੇ ਕੋਈ ਰੋਗ ਨਹੀਂ ਸੀ, ਫੇਰ ਇਹ ਰੋਗ ਕਾਹਦਾ ? ਇਹਦਾ ਇਲਾਜ਼ ਕੀ ਏ?
ਮੈਂ ਸੋਚਦਾ ਜ਼ਰੂਰ ਸਾਂ, ਪਰ ਕੋਈ ਸਿਰਾ ਹੱਥ ਨਹੀਂ ਸੀ ਆਇਆ ਕਰਦਾ।
ਪਹਿਲੇ ਤੇ ਮੈਂ ਭਾਬੀ ਜਮੀਲਾ ਕੋਲ ਚਲਾ ਜਾਇਆ ਕਰਦਾ ਸਾਂ । ਉਹਦੇ ਕੋਲ ਤਵੇ ਵਾਲੀ ਮਸ਼ੀਨ 'ਤੇ ਗਾਵਣ ਸੁਣ ਕੇ ਮਨ ਪਰਚਾ ਲਿਆ ਕਰੀਂਦਾ ਸੀ । ਭਾਬੀ ਜਮੀਲਾ ਮੇਰੀ ਫ਼ਰਮਾਇਸ਼ ਉੱਤੇ ਉਹ ਈ ਤਵਾ ਲਾ ਦਿੰਦੀ ਜਿਦ੍ਹੀ ਮੈਂ ਰੀਝ ਕਰਦਾ। ਪਰ ਘੜੀ ਮੁੜੀ ਇੱਕੋ ਉਦਾਸੀ ਭਰਿਆ ਗੀਤ ਸੁਣ ਕੇ ਮੈਨੂੰ ਹੋਰ ਉਦਾਸੀਆਂ ਚੜ੍ਹ ਜਾਂਦੀਆਂ ਸਨ ਤੇ ਚੜ੍ਹੀਆਂ ਉਦਾਸੀਆਂ ਦਾ ਇੱਕ ਵੱਖਰਾ ਈ ਸਵਾਦ ਹੁੰਦਾ ਸੀ । ਸਾਰੇ ਜੁੱਸੇ ਦਾ ਰੂੰ ਰੂੰ ਉਦਾਸੀ ਕਾਰਨ ਚੀਕਦਾ, ਤੜਫਦਾ ਮੈਨੂੰ ਚੰਗਾ ਲੱਗਿਆ ਕਰਦਾ ਸੀ।
ਭਾਬੀ ਜਮੀਲਾ ਮੁੜ ਮੁੜ ਇੱਕੋ ਜਿਹਾ ਗੀਤ ਸੁਣਨ ਉੱਤੇ ਆਖਦੀ, "ਕੀ ਏ ਏਸ ਗਾਵਣ ਵਿੱਚ ? ਚੰਗਾ ਭਲਾ ਤੇ ਤੂੰ ਹੈਂ, ਕੀ ਏ ਤੈਨੂੰ? ਕਿਉਂ ਐਸੇ ਉਦਾਸੀ ਭਰੇ ਗੌਣ ਉੱਤੇ ਰੀਝ ਗਿਆ ਏਂ ? ਜਵਾਬ ਵਿੱਚ ਮੈਂ ਆਖਦਾ, "ਬੱਸ ਭਾਬੀ, ਮੈਨੂੰ ਏਹੋ ਜੇਹੇ ਗੌਣ ਚੰਗੇ ਲੱਗਦੇ ਨੇ!"
"ਹੋਰ ਕੋਈ ਸ਼ੈ ਤੈਨੂੰ ਚੰਗੀ ਨਹੀਂ ਲੱਗਦੀ ਏ ?" ਭਾਬੀ ਜਮੀਲਾ ਦੇ ਆਖਣ ਉੱਤੇ ਮੈਂ ਸ਼ਰਾਰਤ ਕਰਦਿਆਂ ਆਖਦਾ,"ਹਰ ਚੰਗੀ ਸ਼ੈ ਤੇ ਲੋਕਾਂ ਮੱਲ ਮਾਰੀ ਹੋਈ ਏ। ਮੈਂ ਕੀ ਕਰਾਂ!"
ਰਾਤਾਂ ਹਨ੍ਹੇਰੀਆਂ ਬਣਾ ਕੇ ਰੱਬਾ ਮੇਰੀਆਂ
ਨਸੀਬਾਂ ਵਾਲੇ ਤਾਰੇ ਡੁੱਬ ਗਏ।
ਭਾਬੀ ਜਮੀਲਾ ਝੂਠੀ ਮੂਠੀ ਦੇ ਗੁੱਸੇ ਨਾਲ ਮੈਨੂੰ ਧੱਫਾ ਮਾਰਨ ਲਈ ਹੱਥ ਚੁੱਕਦੀ ਹੋਈ ਆਖਦੀ, “ਚੱਲ ਬਦਮਾਸ਼ !" ਮੈਂ ਉਹਦੇ ਗੋਰੇ ਤੇ ਗੋਲ ਹੱਥ ਨੂੰ ਫੜ ਲੈਂਦਾ ਤੇ ਹਸਦਾ ਹੋਇਆ ਆਖਦਾ, "ਭਾਬੀ। ਇਹ ਗੋਲ ਤੇ ਗੋਰੀਆਂ ਬਾਹਵਾਂ ਮਾਰਨ ਵਾਸਤੇ ਨਹੀਂ ਹੁੰਦੀਆਂ।" ਉਹ ਦੰਦ ਪੀਸ ਕੇ ਮੇਰੇ ਵਾਲਾਂ ਨੂੰ ਰੁੱਗ ਪਾ ਲੈਂਦੀ ਤੇ ਆਖਦੀ, "ਦੱਸ ਹੁਣ ਕਿੱਥੇ ਫੰਡ ਖਾਣੀ ਆ?"
ਮੈਂ ਹਉਂਕਾ ਭਰ ਕੇ ਆਖਦਾ, "ਦਿਲ ਉੱਤੇ ਤੇ ਅੱਗੇ ਈ ਬਹੁਤ ਸੱਟਾਂ ਵੱਜੀਆਂ ਹੋਈਆਂ ਨੇ । ਹੋਰ ਕੋਈ ਥਾਂ ਏਸ ਲਾਇਕ ਨਹੀਂ ਕਿ ਤੇਰੇ ਸੋਹਣੇ ਹੱਥਾਂ ਨਾਲ ਮੇਲ ਖਾਵੇ, ਪਰ ਭਾਬੀ ਤੇਰੀਆਂ ਮੋਟੀਆਂ ਮੋਟੀਆਂ ਅੱਖਾਂ ਬਹੁਤ ਖੂਬਸੂਰਤ ਨੇ। ਸੱਚੀਂ ਬਹੁਤ ਸੋਹਣੀਆਂ ਲੱਗਦੀਆਂ ਨੇ।"
ਮੇਰੀਆਂ ਗੱਲਾਂ ਸੁਣ ਕੇ ਉਹ ਹੱਸਦੀ ਹੋਈ ਮੇਰੇ ਵਾਲਾਂ ਨੂੰ ਭਰਿਆ ਰੁੱਗ ਛੱਡ ਕੇ ਮੇਰੀ ਗੱਲ੍ਹ ਉੱਤੇ ਚੂੰਡੀ ਵੱਢ ਕੇ ਆਖਦੀ, "ਏਸੇ ਲਈ ਤੇ ਗੋਗੀ ਆਖਨੀ ਆਂ ਕਿ ਇਹਨਾਂ ਸੋਹਣੀਆਂ ਅੱਖਾਂ ਸਾਹਮਣੇ ਖੁਸ਼ ਖੁਸ਼ ਤੇ ਹਸਮੁਖ ਦੇਵਰ ਹੋਣਾ ਚਾਹੀਂਦਾ ਏ, ਦੁਖੀਆ ਤੇ ਉਦਾਸ ਨਹੀਂ ।" ਜਵਾਬ ਲਈ ਉਹ ਮੇਰੇ ਵੱਲ ਵੇਖਦੀ ਪਰ ਕੀ ਦਸਦਾ, ਮੈਨੂੰ ਤੇ ਆਪ ਮਲੂਮ ਨਹੀਂ ਸੀ ਕਿ "ਕੀ ਏ ਮੈਨੂੰ!"
ਮੇਰੇ ਲਈ ਉਹ ਬੜਾ ਚੰਗਾ ਸਮਾਂ ਹੁੰਦਾ ਸੀ । ਇੱਕ ਪਾਸੇ ਮੁਹੱਬਤ ਕਰਨ ਵਾਲੀ ਭਾਬੀ ਜਮੀਲਾ, ਖੂਬਸੂਰਤ ਤੇ ਹਮਦਰਦ ਤੇ ਇੱਕ ਪਾਸੇ ਜ਼ੋਹਰਾ, ਮੇਰੇ ਦਿਲ ਦੇ ਤਾਰ ਹਿਲਾਵਣ ਵਾਲੀ ਕੁੜੀ। ਇੱਕ ਨਜ਼ਰ ਵਿੱਚ ਸੌ-ਸੌ ਹੱਜ ਹੁੰਦੇ ਸਨ। ਇਸ਼ਕ ਦੀ ਨਵੀਉਂ ਨਵੀਂ ਬਹਾਰ ਵਾਲੀ ਮੌਜ ਬਣੀ ਹੋਈ ਸੀ।
ਪਰ ਜ਼ੋਹਰਾ ਤੇ ਮੇਰੇ ਹੁੰਦਿਆਂ ਈ ਚਲੀ ਗਈ ਸੀ । ਸਿੰਧ ਜਾਵਣ ਮਗਰੋਂ ਪਰਤਕੇ ਆਏ ਤੇ ਭਾਬੀ ਜ਼ਮੀਲਾ ਨਹੀਂ ਸੀ, ਟਿਊਬ ਵੈੱਲ ਈ ਨਹੀਂ ਸੀ। ਮਿਸਤਰੀ ਕਿੱਥੋਂ ਹੋਣਾ ਸੀ! ਹੁਣ ਤੇ ਉੱਥੇ ਬਿਜਲੀ ਦੀ ਮੋਟਰ ਲੱਗੀ ਹੋਈ ਏ ਤੇ ਕਾਕੂ ਕੂੰਜਾ ਈ ਸਭ ਕੁੱਝ ਏ। ਮੋਟਰ ਵੀ ਚਲਾਂਵਦਾ ਏ, ਮੁਨਸ਼ੀ ਵੀ ਏ ਤੇ ਟਰੈਕਟਰ ਡਰਾਈਵਰ ਵੀ ਏ।
ਜ਼ਿਮੀਦਾਰ ਕੁੱਝ ਆਪ ਵੀ ਵਾਹੀ ਕਰਾਵੰਦਾ ਸੀ ਤੇ ਉਸ ਟਰੈਕਟਰ ਮੰਗਵਾ ਲਿਆ ਹੋਇਆ ਸੀ।
ਭਗਤਪੁਰਾ ਮੈਂ ਵੇਖਿਆ ਨਹੀਂ ਸੀ ਹੋਇਆ। ਜ਼ੋਹਰਾ ਦੇ ਦੀਦਾਰ ਕਿੰਜ ਹੁੰਦੇ! ਮੁਹੰਮਦ ਸ਼ਫ਼ੀ ਤੇ ਭਾਬੀ ਜਮੀਲਾ ਦਾ ਕੁੱਝ ਪਤਾ ਨਹੀਂ ਸੀ ਕਿ ਹੁਣ ਉਹ ਕਿੱਥੇ ਹੁੰਦੇ ਨੇ। ਖੌਰੇ ਜ਼ੋਹਰਾ ਦਾ ਵਿਆਹ ਹੋਇਆ ਏ ਕਿ ਨਹੀਂ। ਉਹਦਾ ਸਾਥੀ ਕੈਸਾ ਹੋਸੀ। ਉਹਨੂੰ ਪਸੰਦ ਵੀ ਏ ਕਿ ਨਹੀਂ! ਕਿੰਨੇ ਈ ਖ਼ਿਆਲ ਸਨ ਜਿਹੜੇ ਮੈਨੂੰ ਟੁੰਬਦੇ ਰਹਿੰਦੇ ਸਨ।
ਨਵੇਂ ਰਾਹਕਾਂ ਨਾਲ ਮੇਰਾ ਉੱਠਣ ਬਹਿਣ ਨਹੀਂ ਸੀ ਬਣਿਆ। ਮੁਹੰਮਦ ਹੁਸੈਨ ਦਾ ਵਾਹਵਾ ਘਸ ਪੈ ਗਿਆ ਹੋਇਆ ਸੀ। ਇਹ ਲੋਕ ਵਾਹੀ ਬੀਜੀ ਦੇ ਚੰਗੇ ਜਾਣੂ ਨਹੀਂ ਸਨ। ਉਂਜ ਮਿਹਨਤੀ ਬਹੁਤ ਸਨ। ਮਲੂਮ ਹੋਇਆ ਕਿ ਇਹ ਲੋਕ ਪਿਛਲੇ ਪਿੰਡ ਰਾਹਕ ਨਹੀਂ ਸਨ । ਉੱਥੋਂ ਦੇ ਖੇਤ ਮਜ਼ਦੂਰ ਸਨ ।
ਵਾਹੀ ਦੀ ਸਮਝ ਨਾ ਆਵਣ ਕਾਰਨ ਤੇ ਕੁੱਝ ਜ਼ਿਮੀਦਾਰ ਦੇ ਲੋਭੂ ਰਵੱਈਏ ਪਾਰੋਂ ਇਹਨਾਂ ਵਿੱਚੋਂ ਕੁੱਝ ਲੋਕ ਉੱਠ ਉੱਠ ਕੇ ਜਾ ਰਹੇ ਸਨ।
ਉਹਨਾਂ ਦੀ ਇੱਕ ਕੁੜੀ ਸ਼ੈਦਾਂ ਮੇਰੇ ਵਿੱਚ ਦਿਲਚਸਪੀ ਲੈਂਦੀ ਸੀ, ਪਰ ਮੈਂ ਕਿਸੇ ਵਿੱਚ ਵੀ ਧਿਆਨ ਨਹੀਂ ਸਾਂ ਰੱਖਦਾ। ਸ਼ੈਦਾਂ ਮੇਰੀ ਵਹੁਟੀ ਦੇ ਨੇੜੇ ਹੋਵਣ ਦਾ ਯਤਨ ਕਰਦੀ ਸੀ, ਪਰ ਮੇਰੀ ਵਹੁਟੀ ਕੋਲ ਏਨਾ ਵੇਲ਼ਾ ਈ ਨਹੀਂ ਸੀ ਕਿ ਉਹ ਆਸ਼ਕ ਮਿਜ਼ਾਜ਼ ਕੁੜੀਆਂ ਨਾਲ ਗੱਪਾਂ ਮਾਰੇ। ਉਹ ਤਾਂ ਘਰੋਗਣ ਤੇ ਅਣਖੀ ਜ਼ਨਾਨੀ ਸੀ। ਹਰ ਵੇਲੇ ਆਪਣੇ ਕੰਮ ਨਾਲ ਕੰਮ।
ਉਹਨਾਂ ਦਿਨਾਂ ਵਿੱਚ ਮੈਂ ਪੁੱਠੇ ਸਿੱਧੇ ਜੋੜ ਜੋੜਨ ਲੱਗ ਪਿਆ ਸਾਂ, ਫਜੂਲ ਤੇ ਵੇਸਵਾਦੇ ਜੇਹੇ । ਪੰਜਾਬੀ ਦੇ ਕਿੱਸੇ ਪੜ੍ਹਦਾ ਤੇ ਸ਼ੇਅਰਾਂ ਦਾ ਮਤਲਬ ਸਮਝ ਕੇ ਹੋਰ ਉਦਾਸੀ ਵਧ ਜਾਂਦੀ ਸੀ। ਬਾਰਾਂਮਾਹ ਮੁਸਾਫ਼ਰ ਦੇ ਤਾਂ ਮਨ ਨੂੰ ਬਹੁਤ ਭਾਂਵਦੇ ਸਨ । ਸਾਰੀ ਕਿਤਾਬ ਮੈਨੂੰ ਜ਼ਬਾਨੀ ਯਾਦ ਸੀ, ਜਦ ਜੀ ਕਰਨਾ ਉਹ ਹੀ ਗੁਣਗੁਣਾ ਲੈਂਦਾ ਸਾਂ...
ਘਰ ਆ ਮੁਸਾਫ਼ਰਾ, ਤੁਧ ਬਾਝੋਂ
ਮੰਦਾ ਹਾਲ ਅਤੇ ਜ਼ੁਲਫਾਂ ਖੁੱਲ੍ਹੀਆਂ ਨੀ
ਆਪਣਾ ਜੋੜ ਵੀ ਸਵਾਦ ਦਾ ਨਹੀਂ ਸੀ ਜੁੜਦਾ ਮੈਥੋਂ । ਏਸ ਬੇਸਵਾਦੀ ਉੱਤੇ ਮੈਨੂੰ ਖਿਝ ਚੜ੍ਹ ਜਾਂਦੀ ਤੇ ਫੇਰ ਕਈ ਕਈ ਰੋਜ਼ ਖਿਝ ਚੜ੍ਹੀ ਰਹਿੰਦੀ ਸੀ।
ਸ਼ਾਹੂ ਦੇ ਖਾਲੀ ਖੋਲੇ ਤੇ ਉੱਜੜੇ ਟਿਊਬ ਵੈੱਲ ਨੂੰ ਵੇਖ ਕੇ ਮੇਰੇ ਅੰਦਰ ਦੀ ਵੀਰਾਨੀ ਹੋਰ ਵਧ ਜਾਇਆ ਕਰਦੀ ਸੀ। ਸ਼ੈਦਾਂ ਮੇਰੇ ਨਾਲ ਮੁਲਾਕਾਤ ਦੇ ਬਹਾਨੇ ਲੱਭਦੀ ਰਹਿੰਦੀ ਸੀ ਪਰ ਉਹਦਾ ਕੋਈ ਦਾਅ ਨਹੀਂ ਸੀ ਲੱਗ ਰਿਹਾ । ਭਲਾਂ ਉਹਦਾ ਦਾਅ ਲੱਗਦਾ ਵੀ ਕਿੰਜ਼ ! ਰਾਤ ਦਿਨ ਤੇ ਮੈਨੂੰ ਵਿਹਲ ਈ ਨਹੀਂ ਸੀ। ਜੇ ਕਦੀ ਵਿਹਲ ਹੋਈ ਤਾਂ ਘਰੋਂ ਬਾਹਰ ਨਿੱਕਲ਼ਦਾ ਈ ਨਹੀਂ ਸਾਂ।
ਮੇਰੀ ਦਿਲਚਸਪੀ ਵਾਸਤੇ ਪੂਰੀ ਜੂਹ ਵਿੱਚ ਹੈ ਈ ਕੁੱਝ ਨਹੀਂ ਸੀ। ਕੋਈ ਦਿਲ ਦਾ ਮਹਿਰਮ ਨਹੀਂ ਸੀ। ਚਾਚਾ ਲੰਡੂ ਵੀ ਤੇ ਨਹੀਂ ਸੀ। ਹਾਂ, ਉਹਨੂੰ ਮਿਲਣ ਲਈ ਬਹੁਤ ਜੀਅ ਕਰਦਾ ਸੀ। ਸੁਣੀਂਦਾ ਸੀ ਕਿ ਉਸ ਹੋਸ਼ਾਂ ਨਾਲ ਸੁਲਹ ਕਰ ਲਈ ਹੋਈ ਏ ਤੇ ਹੁਣ ਉਹਦੇ ਉੱਤੇ ਕੋਈ ਗਿਲਾ ਨਹੀਂ ਕਰਦਾ। ਬੇਸ਼ੱਕ ਉਹ ਆਪਣੇ ਪਹਿਲੇ ਖੋਂਦ ਕੋਲ ਈ ਵਸ ਗਈ।
ਹੈਰਾਨੀ ਦੀ ਗੱਲ ਸੀ। ਮੈਂ ਇਹ ਜਾਨਣ ਲਈ ਤੇ ਮਿਲਣਾ ਚਾਹਦਾ ਸਾਂ ਕਿ ਲੰਡੂ ਦਾ ਦਿਲ ਕਿਵੇਂ ਮੰਨ ਗਿਆ।
ਕੁੱਝ ਚਿਰ ਮਗਰੋਂ ਸ਼ੈਦਾਂ ਦਾ ਦਾਅ ਲੱਗ ਈ ਗਿਆ। ਮਾਂ ਨੂੰ ਬੁਖਾਰ ਹੋਇਆ ਤੇ ਕੁੱਝ ਲੰਮਾ ਈ ਹੋ ਗਿਆ। ਮੇਰੀ ਵਹੁਟੀ ਨੂੰ ਬਾਹਰ ਦੇ ਕੰਮਾਂ ਲਈ ਜਾਣਾ ਪੈਂਦਾ ਸੀ ਤੇ ਸ਼ੈਦਾਂ ਮੇਰੀ ਮਾਂ ਨੂੰ ਮਾਸੀ ਆਖਦੀ ਹੋਈ ਮੂਠੀ ਚਾਪੀ ਕਰਨ ਬੈਹ ਜਾਇਆ ਕਰਦੀ ਸੀ।
ਸ਼ੈਦਾਂ ਦੇ ਘਰ ਆ ਜਾਵਣ ਨਾਲ ਇੱਕ ਦਿਨ ਆਹਮਣਾ ਸਾਹਮਣਾ ਹੋ ਹੀ ਗਿਆ। ਮੈਨੂੰ ਸਾਹਮਣੇ ਵੇਖਕੇ ਬਿਨਾਂ ਕਿਸੇ ਝਾਕੇ ਯਾ ਸ਼ਰਮ ਦੇ ਬੋਲੀ, "ਅਸਾਂ ਵੀ ਤੇਰੇ ਪਿਆਰ ਦੇ ਭੁੱਖੇ ਆਂ।" ਉਸ ਏਨੀ ਬੇਸ਼ਰਮੀ ਤੇ ਨਖਰੇ ਨਾਲ ਆਖਿਆ ਕਿ ਮੈਨੂੰ ਕਰਾਹਤ ਹੋਈ ਉਹਦੇ ਕੋਲੋਂ
ਤੇ ਮੂੰਹ ਵੱਟ ਕੇ ਲੰਘ ਗਿਆ।
ਪਰ ਉਸ ਮੇਰੀ ਮਾਂ ਕੋਲ ਆਣਾ ਜਾਣਾ ਨਾ ਛੱਡਿਆ। ਇੰਜ ਈ ਬੇਮਕਸਦ ਵੇਲਾ ਲੰਘਦਾ ਰਿਹਾ। ਸਵੇਰ ਨੂੰ ਸ਼ਾਮ ਤੇ ਸ਼ਾਮ ਨੂੰ ਸਵੇਰ ਉਡੀਕਦੀ ਹੋਈ। ਇੱਕ ਦਿਨ ਖ਼ਬਰ ਮਿਲੀ ਕਿ ਮਾਮਾ ਅਨਾਇਤ ਮਰ ਗਿਆ ਏ । ਮਾਮਾ ਅਨਾਇਤ ਅਸਾਡੀ ਮਾਂ ਨਾਲ ਬਹੁਤ ਮੁਹੱਬਤ ਕਰਦਾ ਸੀ। ਦੋਵੇਂ ਭੈਣ ਭਰਾ ਵੀ ਹੈ ਸਨ ਇੱਕੋ ਕੱਦ ਕਾਠ ਤੇ ਹਮਸ਼ਕਲ।
ਅਸਾਡੀ ਮਾਂ ਦੀ ਵੱਡੀ ਭੈਣ ਪਹਿਲੇ ਈ ਮਰ ਗਈ ਹੋਈ ਸੀ । ਉਸ ਆਪਣੇ ਪਿੱਛੇ ਦੋ ਧੀਆਂ ਤੇ ਇੱਕ ਪੁੱਤਰ ਰੋਂਦੇ ਛੱਡੇ ਸਨ। ਮਾਂ ਨੂੰ ਪਹਿਲੇ ਈ ਭੈਣ ਦੇ ਬਾਲਾਂ ਦਾ ਦੁੱਖ ਸੀ, ਉੱਤੋਂ ਭਰਾ ਦੇ ਬਾਲ ਯਤੀਮ ਹੋਏ।
ਕਾਸਮ ਦੇ ਪਿਉ ਦੂਜੀ ਸ਼ਾਦੀ ਕਰ ਲਈ ਹੋਈ ਸੀ। ਕਾਸਮ ਆ ਕੇ ਮਤਰੇਈ ਮਾਂ ਦਾ ਸਲੂਕ ਮੇਰੀ ਮਾਂ ਨੂੰ ਸਣਾਵੰਦਾ ਤੇ ਬਹੁਤ ਦੁਖੀ ਹੋ ਜਾਇਆ ਕਰਦਾ ਸੀ । ਹੁਣ ਵੱਡੇ ਭਰਾ ਦੀ ਮੌਤ ਨੇ ਮਾਂ ਨੂੰ ਅਸਲੋਂ ਈ ਡੇਗ ਦਿੱਤਾ ਸੀ।
ਅਸੀਂ ਸਾਰੇ ਜੀਅ ਮਾਮੇ ਦੇ ਸੋਗ ਲਈ ਗਏ। ਮਾਂ ਵੀ ਬਹੁਤ ਰੋਈ ਸੀ ਤੇ ਮੈਂ ਵੀ। ਜਦ ਨਾਨੀ ਮੈਨੂੰ ਕਲਾਵੇ ਵਿੱਚ ਲੈ ਕੇ ਰੋਂਦਿਆਂ ਆਖਿਆ, "ਵੇ ਗੋਗੀ ਜਿਹੜੇ ਮਾਮੇ ਕੋਲੋਂ ਫ਼ਰਮਾਇਸ਼ਾਂ ਕਹਿ ਕੇ ਲੋੜਦੀਆਂ ਸ਼ੈਆਂ ਖੋਹ ਕੇ ਜ਼ਿੱਦ ਕਰਕੇ ਲੈ ਜਾਂਦਾ ਸੈਂ, ਉਹ ਤੇਰਾ ਮਾਮਾ ਅਸਾਨੂੰ ਛੱਡ ਗਿਆ ਈ।" ਮੇਰੇ ਤੇ ਖੌਰੇ ਅੰਦਰ ਦਾ ਕੋਈ ਫੋੜਾ ਫਿੱਸ ਗਿਆ ਸੀ ਯਾ ਜਿਵੇਂ ਮੈਨੂੰ ਰੋਵਣ ਦਾ ਬਹਾਨਾ ਚਾਹੀਦਾ ਸੀ । ਮੈਂ ਭੁੱਬਾਂ ਮਾਰ ਕੇ ਰੋਇਆ ਸਾਂ । ਮੈਂ ਤੇ ਮੇਰੀ ਨਾਨੀ ਬਹੁਤ ਈ ਰੋਏ ਸਾਂ। ਅਸਾਨੂੰ ਗਸ਼ ਪੈਂਦੇ ਸਨ ।
ਮੇਰੇ ਦੂਜੇ ਮਾਮੇ ਮੇਰੇ ਤੇ ਮੇਰੀ ਨਾਨੀ ਦੇ ਮੂੰਹ ਵਿੱਚ ਪਾਣੀ ਪਾ ਕੇ ਹੋਸ਼ ਕਰਾਵੰਦੇ ਰਹੇ। ਮੇਰੀ ਗ਼ਸ਼ੀ ਦੇ ਦੌਰਿਆਂ ਕਾਰਨ ਮੇਰੀ ਮਾਂ ਦਾ ਰੋਣਾ ਘਟ ਗਿਆ ਸੀ । ਉਹਦੀ ਵਾਰ ਵਾਰ ਨਜ਼ਰ ਮੇਰੇ ਵੱਲ ਈ ਰਹਿੰਦੀ ਸੀ। ਮਾਂ ਦੇ ਚਿਹਰੇ ਉੱਤੇ ਫਿਕਰ ਤੇ ਚਿੰਤਾ ਦੀ ਲਹਿਰ ਜਾਪਦੀ ਸੀ।
ਮੇਰੀ ਮਾਂ ਉੱਥੇ ਬਹੁਤ ਦਿਨ ਰਹਿਣਾ ਸੀ, ਪਰ ਮੇਰੀ ਹਾਲਤ ਵੇਖ ਕੇ ਨਾਨੀ ਮੈਨੂੰ ਤੇ ਮੇਰੀ ਮਾਂ ਨੂੰ ਉਸੇ ਦਿਨ ਘਰ ਵਾਪਸ ਘੱਲ ਦਿੱਤਾ ਸੀ । ਬਾਕੀ ਦੇ ਸਾਰੇ ਜੀਅ ਵੀ ਆ ਗਏ। ਘਰ ਆ ਕੇ ਵੀ ਕਈ ਦਿਨ ਮੈਂ ਲੁਕ-ਲੁਕ ਰੋਂਦਾ ਰਿਹਾ ਸਾਂ । ਪਰ ਮੇਰੇ ਪਿਉ ਨੂੰ ਤੇ ਸਿਰਫ਼ ਕੰਮ ਪਿਆਰਾ ਸੀ, ਉਹ ਵੀ ਕੋਈ ਦੂਜਾ ਕਰਕੇ ਦੇਵੇ । ਆਪ ਨਿਕੰਮਾ ਤੇ ਕੰਮਚੋਰ ਸੀ। ਕਦੇ ਹੱਡ ਭੰਨ ਕੇ ਕੰਮ ਨਾ ਕਰਨਾ ਤੇ ਗੱਲਾਂ ਬਹੁਤ। ਮਸੀਤ ਦੇ ਮਦਰੱਸੇ ਤੋਂ ਦੋ ਚਾਰ ਕਿਤਾਬਾਂ ਪੜ੍ਹ ਗਿਆ ਸੀ ਤੇ ਪੂਰੇ ਖ਼ਾਨਦਾਨ ਵਿੱਚ ਦਾਨਾ ਬਣਿਆ ਹੋਇਆ ਸੀ।
ਪਿਉ ਅਸਾਡਾ ਪੰਜਾਬੀ ਦੇ ਕਿੱਸੇ ਖ਼ੂਬ ਪੜ੍ਹ ਲੈਂਦਾ ਸੀ । ਉਰਦੂ ਵੀ ਮਾੜੀ ਮੋਟੀ ਆਂਵਦੀ ਸੀ। ਮਾੜਾ ਮੋਟਾ ਲਿਖ ਵੀ ਲੈਂਦਾ ਸੀ। ਪਤਾ ਨਹੀਂ ਕਿਉਂ ਮੈਨੂੰ ਆਪਣੇ ਪਿਉ ਨਾਲ ਕਦੀ ਉਣਸ ਨਹੀਂ ਸੀ ਹੋਈ ਤੇ ਨਾ ਕਦੀ ਕੋਈ ਭਰਵਾਂ ਏਤਬਾਰ ਸੀ।
ਉਹੋ ਈ ਕੰਮ, ਮਿਹਨਤ ਤੇ ਮੁਸ਼ੱਕਤ, ਵਾਹੀ ਤੇ ਗੱਡ, ਨਤੀਜਾ ਫ਼ਾਕੇ ਈ ਫ਼ਾਕੇ। ਤਾਇਆ ਏਸ ਤੰਗੀ ਕੋਲੋਂ ਘਬਰਾ ਕੇ ਫ਼ਕੀਰਾਂ ਨਾਲ ਟੁਰ ਗਿਆ। ਅੱਗੇ ਨਾਲੋਂ ਬਹੁਤੀ ਭੰਗ
ਪੀਣ ਲੱਗ ਪਿਆ ਸੀ । ਗਲ ਵਿੱਚ ਮਣਕੇ ਪਾਏ ਤੇ ਅਲੀ ਅਲੀ ਕਰਦਾ ਰਹਿੰਦਾ ਸੀ। ਕਦੀ ਘਰ ਆ ਜਾਂਦਾ ਸੀ ਤੇ ਕਦੀ ਚਲਾ ਜਾਂਦਾ ਸੀ, ਉਹਦਾ ਸੁਭਾਅ ਅੱਖੜ ਹੋ ਗਿਆ ਸੀ।
ਗੱਡ ਵਾਹੁਣਾ ਕੋਈ ਸੌਖਾ ਕੰਮ ਤੇ ਨਹੀਂ ਸੀ। ਚਿੱਕੜ ਖੋਭੇ ਵਿੱਚੋਂ ਕੱਢ ਕੇ ਮਾਲ ਗੱਡ ਉੱਤੇ ਲੱਦਣਾ ਤੇ ਫੇਰ ਜੂੰ ਦੀ ਟੋਰ ਸ਼ਹਿਰ ਨੂੰ ਚੱਲਣਾ, ਜਦ ਕਿ ਲੋਕ ਹਵਾਈ ਜਹਾਜ਼ਾਂ ਉੱਤੇ ਫਿਰਦੇ ਸਨ। ਮੀਂਹ ਕਣੀ ਹੋਵੇ, ਸਰਦੀ ਗਰਮੀ ਹੋਵੇ, ਅਸਾਡਾ ਲਿਬਾਸ ਇੱਕੋ ਈ ਸੀ - ਕੁਰਤਾ ਤੇ ਤਹਿਮਦ। ਕੁਰਤੇ ਦੇ ਥੱਲੇ ਸਲੋਕਾ। ਹੋਰ ਬੱਸ, ਯਾ ਸਿਆਲ ਵਿੱਚ ਚਾਦਰ ਦੀ ਬੁੱਕਲ । ਉਹ ਵੀ ਆਮ ਚਾਦਰ, ਗਰਮ ਨਹੀਂ । ਜਰਸੀ ਸਵੈਟਰ ਤੇ ਅਸੀਂ ਕਦੇ ਵੇਖਿਆ ਈ ਨਹੀਂ ਸੀ। ਜ਼ਰਾਬਾਂ ਤੇ ਬਨੈਣ ਸਿਰਫ ਵਿਆਹ ਵੇਲੇ ਮੈਨੂੰ ਮਿਲੀਆਂ ਸਨ । ਵਿਆਹ ਦੇ ਮਗਰੋਂ ਯਾ ਪਹਿਲੇ ਇਹ ਚੀਜ਼ਾਂ ਤੇ ਅਸੀਂ ਸੁਫਨੇ ਵਿੱਚ ਵੀ ਨਹੀਂ ਸਾਂ ਵੇਖ ਸਕਦੇ।
ਉਸ ਦਿਨ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ। ਕੱਤੇ ਦੇ ਦਿਨ ਸਨ। ਅਸਾਡੇ ਪਿਉ ਗੱਡ ਲੈ ਜਾਵਣ ਦਾ ਹੁਕਮ ਦਿੱਤਾ। ਗੱਡ ਉੱਤੇ ਪਰਾਲੀ ਲੱਦਣੀ ਸੀ ਤੇ ਅੱਜ ਈ ਲਹੌਰ ਜਾਣਾ ਸੀ ਕਿਉਂ ਜੁ ਹਰੀ ਪਰਾਲੀ ਬਹੁਤ ਦੇਰ ਤੀਕਰ ਠੀਕ ਹਾਲਤ ਵਿੱਚ ਨਹੀਂ ਰਹਿ ਸਕਦੀ। ਅਸਾਂ ਪਰਾਲੀ ਦੇ ਮੰਜਵੇਂ ਬੰਨ੍ਹ ਬੰਨ੍ਹ ਕੇ ਗੱਡ ਉੱਤੇ ਲੱਦਣੇ ਸ਼ੁਰੂ ਕੀਤੇ। ਮੁਹੰਮਦ ਹੁਸੈਨ ਮੰਜਵੇ ਚੁੱਕ ਚੁੱਕ ਕੇ ਗੱਡ ਉੱਤੇ ਸੁੱਟੀ ਜਾਂਦਾ ਸੀ, ਮੈਂ ਤਰਤੀਬ ਦੇ ਕੇ ਲੱਦੀ ਜਾਂਦਾ ਸਾਂ । ਹੱਥ, ਪੈਰ, ਬਾਹਵਾਂ, ਲੱਤਾਂ ਪਰਾਲੀ ਦੇ ਮੁੱਢਾਂ ਨਾਲ ਵੱਜ ਵੱਜ ਕੇ ਪੁੱਛੇ ਗਏ ਸਨ। ਨਿੱਕੀਆਂ ਨਿੱਕੀਆਂ ਝਰੀਟਾਂ ਨਾਲ ਮਾੜਾ ਮਾੜਾ ਲਹੂ ਵੀ ਸਿੰਮ ਪਿਆ ਸੀ। ਅਕਸਰ ਅਸਾਡੇ ਹੱਥ ਪੈਰ ਤੇ ਬਾਹਵਾਂ ਲੱਤਾਂ ਪਿੱਛੇ ਹੀ ਰਹਿੰਦੇ ਸਨ । ਮੂੰਹ ਧੋਵਣ ਵੇਲ਼ੇ ਬੜੀ ਤਖਲੀਫ਼ ਹੋਇਆ ਕਰਦੀ ਸੀ, ਪਰ ਇਹਨਾਂ ਤਕਲੀਫ਼ਾਂ ਦੇ ਅਸੀਂ ਆਦੀ ਹੋ ਗਏ ਸਾਂ।
ਅਸਾਨੂੰ ਆਪਣੀ ਸਫ਼ਾਈ ਸੁਥਰਾਈ ਦਾ ਖਿਆਲ ਤਾਂ ਆਂਵਦਾ ਸੀ ਪਰ ਵੇਲ਼ਾ ਈ ਨਹੀਂ ਸੀ ਮਿਲਦਾ ਕਿ ਅਸੀਂ ਸਾਫ਼ ਸੁਥਰੇ ਹੋ ਕੇ ਵੇਖੀਏ ਤੇ ਸਹੀ।
ਮਸਾਂ ਮਰ ਕੇ ਡੀਗਰ ਤੀਕਰ ਗੱਡ ਲੱਦ ਕੇ ਅਸਾਂ ਵਿਹਲੇ ਹੋਏ। ਅਜੇ ਰੋਟੀ ਦੀ ਬੁਰਕੀ ਅਸਾਡੇ ਮੂੰਹ ਵਿੱਚ ਈ ਸੀ ਕਿ ਪਿਉ ਦਾ ਹੁਕਮ ਹੋਇਆ, "ਚੱਲੋ ਇਹਨੂੰ ਲਹੌਰ ਲੈ ਜਾਓ।" ਪਰਾਲੀ ਹਰੀ ਸੀ, ਉੱਤੋਂ ਅੱਜ ਦਾ ਸਾਰਾ ਦਿਨ ਨਿੱਕੀ ਨਿੱਕੀ ਕਣੀ ਦਾ ਮੀਂਹ ਸੀ, ਗੱਡ ਉੱਤੇ ਵਜ਼ਨ ਵਾਹਵਾ ਹੋ ਗਿਆ ਸੀ। ਅਸੀਂ ਗੱਡ ਜੋ ਟੁਰ ਪਏ ਤੇ ਸ਼ਾਮ ਤੀਕਰ ਪੱਕੀ ਸੜਕ ਉੱਤੇ ਚੜ ਗਏ। ਪੰਜ ਛੇ ਮੀਲ ਈ ਆਏ ਸਾਂ ਕਿ ਰਾਤ ਨੂੰ ਝਾਂਜਾ ਲਹਿ ਪਿਆ, ਸਭ ਕੁੱਝ ਭਿੱਜ ਗਿਆ। ਅਸਾਡੇ ਕੱਪੜੇ ਗੜੁੱਚ ਹੋ ਗਏ । ਦੰਦ ਨਾਲ ਦੰਦ ਵੱਜਣ ਲੱਗ ਪਏ। ਗੱਡ ਅੱਗੇ ਜੁਤੇ ਡੰਗਰ ਵੀ ਤਿਲ੍ਹਕ ਤਿਲ੍ਹਕ ਪੈਂਦੇ ਸਨ । ਥਬਕ ਥਬਕ ਜਾਂਦੇ ਸਨ । ਲਾਲਟੈਣ ਦਾ ਸ਼ੀਸ਼ਾ ਟੁੱਟ ਗਿਆ, ਉਹ ਬੁਝ ਗਈ। ਪਰ ਅਸੀਂ ਪਿਉ ਦੇ ਖੌਫ਼ ਤੋਂ ਪਿੱਛੋਂ ਨਹੀਂ ਸਾਂ ਪਰਤ ਸਕਦੇ, ਜੇ ਪਰਤ ਵੀ ਆਂਵਦੇ ਤਾਂ ਗੱਡ ਉੱਤੇ ਲੱਦੀ ਗਿੱਲੀ ਪਰਾਲੀ ਸਹੀ ਸਲਾਮਤ ਨਹੀਂ ਸੀ ਰਹਿ ਸਕਦੀ, ਉਸ ਗਲ ਸੜ ਜਾਣਾ ਸੀ ਤੇ ਕਿਸੇ ਕੰਮ ਦੀ ਨਹੀਂ ਸੀ ਰਹਿਣੀ। ਏਸੇ ਲਈ ਅਸਾਨੂੰ ਅੱਗੇ ਜਾਣਾ ਪੈ ਰਿਹਾ ਸੀ। ਆੜ੍ਹਤ ਉੱਤੇ ਸਹੀ ਸਲਾਮਤ ਅੱਪੜ ਜਾਣਾ ਇੱਕ ਅਜੂਬਾ ਈ ਲਗਦਾ ਸੀ । ਉਸ ਰਾਤ ਬਹੁਤ ਘੱਟ ਲੋਕ ਆਪਣਾ ਆਪਣਾ ਮਾਲ ਲੈ ਕੇ ਅੱਪੜੇ
ਸਨ। ਅਗਲੇ ਦਿਨ ਵੀ ਮਾੜਾ ਮਾੜਾ ਮੀਂਹ ਪੈ ਰਿਹਾ ਸੀ। ਰਾਤ ਵੀ ਕਣੀਆਂ ਪੈਂਦੀਆਂ ਈ ਰਹੀਆਂ ਸਨ।
ਹਰ ਪਾਸੇ ਚਿੱਕੜ ਤੇ ਪਾਣੀ! ਉਸ ਰਾਤ ਅਸੀਂ ਸੌਂ ਨਹੀਂ ਸਾਂ ਸਕੇ। ਸਰਘੀ ਵੇਲ਼ੇ ਗਾਹਕ ਚਿੰਬੜੇ। ਇੱਕ ਗਾਹਕ ਨਾਲ ਸੌਦਾ ਤੈਅ ਹੋ ਗਿਆ। ਅਸੀਂ ਗੱਡ ਜੋ ਕੇ ਉਹਦੇ ਅੱਡੇ ਉੱਤੇ ਅੱਪੜ ਗਏ। ਪਰ ਜਦ ਗੱਡ ਉੱਤੋਂ ਪਰਾਲੀ ਉਤਾਰੀ ਤਾਂ ਗਾਹਕ ਰੌਲਾ ਪਾ ਦਿੱਤਾ, "ਇਹ ਤੇ ਬਹੁਤ ਗਿੱਲੀ ਏ । ਇਹਦੇ ਵਿੱਚੋਂ ਤੇ ਸੇਕ ਪਿਆ ਨਿੱਕਲਦਾ ਏ । ਵਾਪਸ ਲੱਦ ਲਵੋ, ਮੈਂ ਨਹੀਂ ਲੈਂਦਾ।" ਲੈ ਭਲਾਂ, ਵਾਪਸ ਕਿਵੇਂ ਜਾ ਸਕਦੀ ਏ। ਅਸਾਂ ਬਹੁਤ ਆਖਿਆ, ਭਈ ਤੈਨੂੰ ਨਹੀਂ ਮਲੂਮ ਕੱਲ੍ਹ ਤੋਂ ਬਾਰਸ਼ ਹੋ ਰਹੀ ਏ। ਪਰ ਉਹਦੀ ਤੇ ਇੱਕੋ ਜ਼ਿੱਦ ਸੀ ਕਿ ਵਾਪਸ ਲੈ ਜਾਓ, ਵਾਪਸ ਲੈ ਜਾਓ।
ਦਲਾਲ ਨੂੰ ਬੁਲਾਇਆ ਗਿਆ। ਦਲਾਲ ਵੀ ਗਾਹਕ ਦੀ ਹਮਾਇਤ ਕੀਤੀ ਤੇ ਅਸਾਡੇ ਮਾਲ ਦੀ ਹੋਰ ਕੀਮਤ ਘਟਾ ਦਿੱਤੀ । ਗੁੱਸਾ ਤੇ ਬਹੁਤ ਆਇਆ ਪਰ ਕੀ ਕਰਦੇ?
ਏਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ
ਜ਼ੋਰਾਵਰਾਂ ਦੇ ਨਾਲ ਇਨਸਾਫ਼ ਹੁੰਦਾ।
ਅਗਲੀ ਰਾਤ ਘਰ ਪਰਤੇ ਤਾਂ ਮੈਨੂੰ ਮੱਠਾ ਮੱਠਾ ਤਾਪ ਸੀ । ਮੈਨੂੰ ਧੁੱਪੇ ਪਏ ਨੂੰ ਵੀ ਕਾਂਬਾ ਛਿੜਿਆ । ਉੱਤੋਂ ਪਿਉ ਆਨੇ ਆਨੇ ਦਾ ਹਿਸਾਬ ਕਰਨ ਬਹਿ ਗਿਆ। ਉਹਦੇ ਖਿਆਲ ਵਿੱਚ ਅਸੀਂ ਪਰਾਲੀ ਸਸਤੀ ਦੇ ਆਏ ਸਾਂ ਯਾ ਰਕਮ ਦੇ ਵਿੱਚ ਬੇਈਮਾਨੀ ਪਏ ਕਰਦੇ ਸਾਂ। ਮੁਹੰਮਦ ਹੁਸੈਨ ਨੂੰ ਏਸ ਲਈ ਪੁੱਛ ਨਹੀਂ ਸੀ ਸਕਦਾ ਕਿ ਉਹ ਤੇ ਹਿਸਾਬ ਕਿਤਾਬ ਰੱਖਦਾ ਈ ਨਹੀਂ ਸੀ, ਸਗੋਂ ਕੋਈ ਦਿਲਚਸਪੀ ਲੈਂਦਾ ਈ ਨਹੀਂ ਸੀ । ਇਹ ਸਾਰੀ ਜੁੰਮੇਵਾਰੀ ਮੇਰੀ ਸੀ ਤੇ ਪਿਉ ਮੇਰੇ ਕੋਲੋਂ ਈ ਹਿਸਾਬ ਲੈ ਰਿਹਾ ਸੀ।
ਪਿਉ ਦੀ ਬੇ-ਏਤਬਾਰੀ ਉੱਤੇ ਮੈਨੂੰ ਬਹੁਤ ਗੁੱਸਾ ਆਇਆ ਕਿ ਅਸੀਂ ਕਿੰਜ ਮਰ ਮਰ ਕੇ ਫੇਰਾ ਲਾ ਕੇ ਆਏ ਆਂ ਤੇ ਬਜਾਏ ਸ਼ਾਬਾਸ਼ ਯਾ ਹਮਦਰਦੀ ਦੇ ਦੋ ਬੋਲ ਬੋਲਣ ਦੇ ਉਲਟਾ ਸ਼ੱਕ ਪਿਆ ਕਰਦਾ ਏ । ਲਾਹਨਤ ਏ ਅਸਾਡੇ ਏਸ ਜੀਵਨ ਉੱਤੇ ! ਮੈਂ ਗੁੱਸੇ ਨਾਲ ਰੁੱਸ ਕੇ ਇੱਕ ਵਾਰੀ ਫੇਰ ਨਾਨਕੇ ਅੱਪੜ ਗਿਆ। ਮੈਨੂੰ ਬੁਖਾਰ ਨਾਲ ਕਲਪਦਿਆਂ ਵੇਖ ਕੇ ਨਾਨੀ ਵਿਚਾਰੀ ਕੁੱਝ ਦਵਾ ਦਾਰੂ ਕੀਤਾ। ਮੁਰੀਦਕੇ ਮੰਡੀ ਡਾਕਟਰ ਕੋਲ ਲੈ ਕੇ ਗਏ। ਮੈਨੂੰ ਨਮੂਨੀਆ ਹੋ ਗਿਆ ਸੀ। ਕਈ ਦਿਨ ਨਾਨੀ ਦੇ ਕੋਲ ਬੁਖਾਰ ਨਾਲ ਰਿਹਾ। ਜਦ ਤਬੀਅਤ ਸੰਭਲ ਗਈ ਤਾਂ ਨਾਨੀ ਦੇ ਮੂੰਹ ਉੱਤੇ ਰੌਣਕ ਆਈ । ਪਰ ਹੁਣ ਮੈਂ ਨਾਨੀ ਦੀ ਗੋਦ ਵਿੱਚ ਸਿਰ ਰੱਖ ਕੇ ਨਹੀਂ ਸਾਂ ਸੌਂ ਸਕਦਾ, ਕਿਸੇ ਮਾਮੇ ਦੇ ਮੋਢੇ ਬਹਿ ਕੇ ਘੋੜੇ ਵਾਂਗ ਕੰਨ ਫੜਕੇ ਲੱਤਾਂ ਮਾਰ ਮਾਰਕੇ ਨਹੀਂ ਸਾਂ ਹਿੱਕ ਸਕਦਾ।
ਵੱਡਾ ਹੋ ਗਿਆ 'ਸਾਂ, ਸ਼ਰਾਰਤਾਂ ਨਹੀਂ ਸਾਂ ਕਰ ਸਕਦਾ । ਸਗੋਂ ਜ਼ਬਾਨ ਨੂੰ ਸੰਭਾਲ ਕੇ ਬੋਲਣਾ ਪੈਂਦਾ ਸੀ। ਉਹ ਵੇਲ਼ਾ ਗਿਆ ਜਦ ਸਾਰੇ ਮੇਰਾ ਇਹਤਰਾਮ ਕਰਦੇ ਸਨ ਤੇ ਮੈਂ ਕਿਸੇ ਦਾ ਲਿਹਾਜ਼ ਨਹੀਂ ਸੀ ਰੱਖਦਾ। ਹੁਣ ਤੇ ਹਰ ਇੱਕ ਦਾ ਇਹਤਰਾਮ ਮੈਨੂੰ ਕਰਨਾ ਪੈਂਦਾ ਸੀ। ਇੱਕ ਵਾਰੀ ਫੇਰ ਮੇਰਾ ਦਿਲ ਕੀਤਾ ਕਿ ਨਿੱਕਾ ਬਣ ਜਾਵਾਂ, ਪਰ ਨਹੀਂ ਸਾਂ ਬਣ ਸਕਦਾ।
ਵੱਡੇ ਮਾਮੇ ਦਾ ਪੁੱਤਰ ਮੇਰਾ ਹਮ-ਨਾਮ ਮੈਨੂੰ ਆਪਣੇ ਨਾਲ ਕੋਹਨੂਰ ਆਇਲ ਮਿਲਜ਼ ਲੈ ਗਿਆ । ਉਸ ਮੈਨੂੰ ਆਪਣੇ ਨਾਲ ਮਜ਼ਦੂਰ ਭਰਤੀ ਕਰਾ ਦਿੱਤਾ । ਪਤਾ ਨਹੀਂ ਉਹ ਕਦੋਂ ਤੋਂ ਮੇਰੇ ਲਈ ਕੋਸ਼ਿਸ ਕਰ ਰਿਹਾ ਸੀ। ਮਸ਼ੀਨ ਦੇ ਲਾਗੇ ਖਲ ਚੁੱਕ ਚੁੱਕ ਕੇ ਬਾਹਰ ਲੈ ਜਾਵਣੀ ਸੀ। ਰੇੜ੍ਹੀ ਧੱਕਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਜਾਪਦਾ । ਵਾਹੀ ਤੇ ਗੱਡ ਨਾਲੋਂ ਮੇਰੇ ਲਈ ਅਸਾਨ ਸੀ, ਪਰ ਵਕਤ ਦਾ ਖਿਆਲ ਰੱਖਣਾ ਬਹੁਤ ਔਖਾ ਜਾਪਦਾ ਸੀ ਯਾ ਮਸ਼ੀਨ ਦੇ ਨਾਲ ਨਾਲ ਵਗਣਾ ਵੀ ਤੇ ਮੇਰੇ ਲਈ ਖਿਝ ਚਾੜ੍ਹਨ ਵਾਲਾ ਕੰਮ ਸੀ । ਫੇਰ ਵੀ ਮੈਂ ਸੌਖ ਈ ਮਹਿਸੂਸ ਕਰ ਰਿਹਾ ਸਾਂ।
ਜ਼ਰੇ ਜ਼ਰੇ ਆ ਕੇ ਮਾਮੇ ਦਾ ਪੁੱਤਰ ਪੁੱਛਦਾ, "ਕੋਈ ਤਕਲੀਫ਼ ਤੇ ਨਹੀਂ?" ਭਲਾਂ ਮੈਨੂੰ ਕੀ ਤਕਲੀਫ਼ ਹੋਣੀ ਸੀ। "ਕੋਈ ਤਕਲੀਫ਼ ਨਹੀਂ"- ਮੇਰੇ ਆਖਣ ਉੱਤੇ ਉਹ ਮੁਸਕਰਾ ਕੇ ਚਲਾ ਜਾਂਦਾ ਤੇ ਜਾਂਦਾ ਹੋਇਆ ਮੇਰੇ ਨਾਲ ਦੇ ਮਜ਼ਦੂਰਾਂ ਨੂੰ ਕਹਿ ਜਾਂਦਾ, "ਖਿਆਲ ਕਰਿਆ ਜੇ, ਮੇਰੀ ਫੁੱਫੀ ਦਾ ਪੁੱਤਰ ਏ ਤੇ ਏਥੇ ਪ੍ਰਾਹੁਣਾ ਆਇਆ ਹੋਇਆ ਏ ।" ਮੇਰੇ ਨਾਲ ਦੇ ਮਜ਼ਦੂਰ ਉਹਨੂੰ ਤਸੱਲੀ ਦੇ ਕੇ ਆਖਦੇ, "ਫਿਕਰ ਵਾਲੀ ਕੋਈ ਗੱਲ ਨਹੀਂ। ਕਾਮਰੇਡ ! ਇਹ ਵੀ ਸਾਡਾ ਸਾਥੀ ਏ।"
'ਕਾਮਰੇਡ' ਲਫਜ਼ ਮੈਂ ਪਹਿਲੀ ਵਾਰ ਸੁਣਿਆ ਸੀ । ਪਤਾ ਨਹੀਂ ਕੀ ਮਤਲਬ ਸੀ, ਮੈਂ ਜਾਨਣ ਲਈ ਕੋਸ਼ਿਸ਼ ਕੀਤੀ ਤੇ ਸਹੀ, ਪਰ ਠੀਕ ਸਮਝ ਨਾ ਸਕਿਆ। ਮੇਰਾ ਪਹਿਲਾ ਦਿਨ ਸੀ, ਮੈਂ ਜਿਆਦਾ ਪੁੱਛ ਦੱਸ ਵੀ ਨਾ ਕੀਤੀ। ਫੇਰ ਸਹੀ।
ਸਾਢੇ ਚਾਰ ਵਜੇ ਛੁੱਟੀ ਹੋਈ ਤਾਂ ਮਾਮੇ ਦੇ ਪੁੱਤਰ ਆਖਿਆ, “ਮੁਬਾਰਕ ਹੋਵੇ। ਤੇਰਾ ਸਿਤਾਰਾ ਬੁਲੰਦ ਏ। ਤੈਨੂੰ ਪਹਿਲੇ ਈ ਦਿਨ ਪੱਕਾ ਕੰਮ ਮਿਲ ਗਿਆ ਏ।" "ਕੰਮ ਵੀ ਕੱਚਾ ਤੇ ਪੱਕਾ ਹੁੰਦਾ ਏ ?" ਮੈਂ ਹੈਰਾਨੀ ਨਾਲ ਆਖਿਆ। "ਕੰਮ ਤੇ ਕੰਮ ਈ ਹੁੰਦਾ ਏ।"
ਉਸ ਦੱਸਿਆ, ਪੱਕੇ ਕੰਮ ਤੋਂ ਮਤਲਬ ਏ ਪੱਕੀ ਨੌਕਰੀ। ਏਥੇ ਪੱਕੀ ਨੌਕਰੀ ਲਈ ਅਫ਼ਸਰਾਂ ਦੀਆਂ ਬੜੀਆਂ ਮਿੰਨਤਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਨੇ, ਪਰ ਤੈਨੂੰ ਤਾਂ ਕੁੱਝ ਵੀ ਨਹੀਂ ਕਰਨਾ ਪਿਆ।
ਦੂਜੇ ਦਿਨ ਕੰਮ ਤੇ ਖਲੋਤਾ ਈ ਸਾਂ ਕਿ ਮੁਹੰਮਦ ਹੁਸੈਨ ਆ ਗਿਆ। ਆਖਣ ਲੱਗਾ, “ਇੰਜ ਨੱਸਣ ਨਾਲ ਜੀਵਨ ਦੀ ਤਲਖੀ ਤੇ ਨਹੀਂ ਮੁੱਕਦੀ।"
"ਕੀ ਮੈਂ ਨੱਸਿਆ ਵਾਂ ?" ਮੈਂ ਖਿਝ ਕੇ ਆਖਿਆ। "ਨਹੀਂ, ਮੈਂ ਨੱਸਿਆ ਨਹੀਂ, ਮੈਂ ਰੁੱਸਿਆ ਵਾਂ । ਕੀ ਮੈਂ ਰੁੱਸਾਂ ਵੀ ਨਾ ? ਵਾਹੀ ਬੰਨੇ ਉੱਤੇ ਜ਼ਿਮੀਦਾਰ ਦਬਾ ਦੇਂਦਾ ਏ। ਆੜ੍ਹਤ ਉੱਤੇ ਕਮੀਨਾ ਆੜ੍ਹਤੀ ਬੇਇੱਜ਼ਤ ਕਰ ਦੇਂਦਾ ਏ। ਘਰ ਵਿੱਚ ਪਿਉ ਏਤਬਾਰ ਨਹੀਂ ਕਰਦਾ।"
ਮੁਹੰਮਦ ਹੁਸੈਨ ਬੜੇ ਸਹਿਜ ਨਾਲ ਆਖਿਆ, "ਸਭ ਠੀਕ ਏ। ਜੋ ਤੂੰ ਕਹਿਨਾ ਏਂ ਸੱਚ ਏ। ਪਰ ਘਰ ਛੱਡਣ ਨਾਲ ਪੰਧ ਤੇ ਨਹੀਂ ਮੁੱਕਦਾ, ਭਰਾ।"
ਹੋਰ ਵੀ ਬਹੁਤ ਗੱਲਾਂ ਹੋਈਆਂ। ਮੈਂ ਜਾਣਾ ਤੇ ਨਹੀਂ ਸਾਂ ਚਾਹਦਾ, ਪਰ ਭਰਾ ਨੂੰ ਖਾਲੀ ਵੀ ਨਹੀਂ ਸਾਂ ਮੋੜਨਾ ਚਾਹਦਾ। ਏਸੇ ਲਈ ਘਰ ਪਰਤ ਆਇਆ। ਮੈਨੂੰ ਆਂਵਦੇ ਨੂੰ ਵੇਖ ਕੇ ਮੇਰੀ ਵਹੁਟੀ ਮੁਸਕ੍ਰਾਈ, ਪਰ ਮੇਰੀ ਮਾਂ ਉਹਨੂੰ ਇਸ਼ਾਰੇ ਨਾਲ ਪਾਸੇ ਕਰ ਦਿੱਤਾ।
ਮਾਂ ਮੈਨੂੰ ਆਪਣੇ ਪੇਕਿਆਂ ਦਾ ਹਾਲ ਚਾਲ ਪੁੱਛਿਆ, “ਆਪਣੀ ਮਾਂ ਦੀ ਖੈਰ ਖਰੀਅਤ ਪੁੱਛੀ। ਮੇਰੀ ਵਹੁਟੀ ਰੋਟੀ ਲੈ ਆਈ। ਗੰਢੇ ਦੀ ਚਟਣੀ ਨਾਲ ਗੁੜ। ਹੁਣ ਮੈਂ ਸਭ ਕੁੱਝ ਖਾ ਲੈਂਦਾ ਸਾਂ। ਕਿਸੇ ਸ਼ੈ ਲਈ ਜ਼ਿੱਦ ਨਹੀਂ ਸਾਂ ਕਰਦਾ। ਪਰ ਲੱਸੀ ਅਜੇ ਵੀ ਨਹੀਂ ਸਾਂ ਪੀਂਦਾ।
ਘਰ ਆ ਕੇ ਉਹੋ ਈ ਸੇਲੀ ਡੰਡਾ, ਵਾਹੀ ਬੀਜੀ ਤੇ ਗੱਡ, ਪਿਉ ਦੀਆਂ ਝਿੜਕਾਂ ਤੇ ਫਾਕੇ, ਜ਼ਿਮੀਦਾਰ ਦਾ ਦਬਾਅ ਤੇ ਆੜ੍ਹਤੀ ਦੀ ਬੇਈਮਾਨੀ, ਸੁੰਝੀਆਂ ਰਾਤਾਂ, ਬੇਸਵਾਦੇ ਦਿਨ।
ਪੂਰੇ ਜੀਵਨ ਵਿੱਚ ਸਿਵਾਏ ਇੱਕ ਨੀਂਦਰ ਦੇ ਹੋਰ ਅਸਾਡਾ ਕੁੱਝ ਵੀ ਆਪਣਾ ਨਹੀਂ ਸੀ, ਪਰ ਹੁਣ ਨੀਂਦਰ ਵੀ ਆਪਣੀ ਨਹੀਂ ਸੀ ਰਹੀ। ਸਰਘੀ ਵੇਲ਼ੇ ਤੋਂ ਵੀ ਪਹਿਲੇ ਉੱਠ ਕੇ ਹਲ ਜੋਣੇ ਪੈਂਦੇ ਸਨ ਤੇ ਦਿਨ ਨੂੰ ਗੱਡ ਜੋਣੀ ਪੈਂਦੀ ਸੀ । ਰਾਤ ਨੂੰ ਸ਼ਹਿਰ ਵੱਲ ਮੂੰਹ ਕਰਨਾ ਪੈਂਦਾ ਸੀ। ਰਾਹ ਵਿੱਚ ਪੁਲਸ ਦੀਆਂ ਗਾਲਾਂ ਖਾਣੀਆਂ ਪੈਂਦੀਆਂ ਸਨ। ਰਿਸ਼ਵਤ ਦੇਣੀ ਪੈਂਦੀ ਸੀ ਯਾ ਮਾਰ ਖਾਣੀ ਪੈਂਦੀ ਸੀ। ਕਦੀ ਕਦੀ ਤਾਂ ਮੈਂ ਇਹ ਵੀ ਸੋਚਣ ਲੱਗ ਪਿਆ ਸਾਂ ਕਿ ਏਨਾ ਔਖਾ ਹੋ ਕੇ ਜੀਵਨ ਦੀ ਲੋੜ ਹੀ ਕੀ ਏ ! ਫੇਰ ਪਤਾ ਨਹੀਂ ਕਿਸ ਜਜ਼ਬੇ ਪਾਰੋਂ ਮੈਂ ਜਿਉਂਦਾ ਆ ਰਿਹਾ ਵਾਂ!
ਭਾਦੋਂ ਦੇ ਦਿਨ ਤੇ ਸਾਫ਼-ਸੁਥਰੀ ਸਵੇਰ ਸੀ। ਜ਼ਿਮੀਦਾਰ ਬਿਜਲੀ ਉੱਤੇ ਨਵੀਂ ਮੋਟਰ ਲਵਾਈ ਹੋਈ ਸੀ ਤੇ ਜ਼ਮੀਨ ਵੀ ਨਵੀਂ ਅਬਾਦ ਕਰਨੀ ਸੀ। ਸ਼ਟਾਲੇ ਦੀ ਬਿਜਾਈ ਦਾ ਵੇਲਾ ਆ ਰਿਹਾ ਸੀ। ਅਸਾਂ ਦੋਵੇਂ ਭਰਾ ਸ਼ਟਾਲੇ ਦੀ ਬਿਜਾਈ ਲਈ ਜ਼ਮੀਨ ਤਿਆਰ ਕਰ ਰਹੇ ਸਾਂ। ਭੋਏਂ ਕਰਾਹ ਰਹੇ ਸਾਂ। ਜੋਗਾਂ ਵੀ ਜ਼ੋਰ ਲਾ ਰਹੀਆਂ ਸਨ ਤੇ ਅਸੀਂ ਵੀ ਘਰਕੇ ਹੋਏ ਸਾਂ, ਘਰੋਂ ਅਜੇ ਛਾਹ ਵੇਲ਼ਾ ਨਹੀਂ ਸੀ ਆਇਆ।
ਅਚਨਚੇਤ ਲਹੌਰ ਵੱਲੋਂ ਕੋਈ ਧਮਾਕਾ ਹੋਇਆ। ਏਨੀ ਅਵਾਜ਼ ਨਾਲ ਧਮਾਕਾ ਅਸਾਂ ਪਹਿਲਾਂ ਕਦੇ ਨਹੀਂ ਸੀ ਸੁਣਿਆਂ। ਫੇਰ ਕੁੱਝ ਹੋਰ ਧਮਾਕਿਆਂ ਦੀਆਂ ਅਵਾਜ਼ਾਂ ਵੀ ਆਈਆਂ। ਫ਼ਜ਼ਾਂ ਵਿੱਚ ਜੰਗੀ ਜਹਾਜ਼ ਉੱਡਦੇ ਨਜ਼ਰ ਆਏ। ਪਰ ਅਸਾਡੀ ਜਾਣੇ ਬਲਾ ਇਹ ਧਮਾਕੇ ਕਾਹਦੇ ਹਨ। ਅਸਾਡੀ ਮੰਜ਼ਲ ਤੇ ਬੱਸ ਜ਼ਿਮੀਦਾਰ ਦੀ ਭੋਏਂ ਪੱਧਰ ਕਰਕੇ ਸ਼ਟਾਲਾ ਬੀਜਣਾ ਸੀ ਤੇ ਆਪਣੇ ਹਿੱਸੇ ਦਾ ਫਾਕਾ ਕਬੂਲ ਕਰਨਾ ਸੀ । ਪੇਸ਼ੀ ਡੀਗਰ ਤੱਕ ਮਲੂਮ ਹੋ ਗਿਆ ਕਿ ਹਿੰਦੋਸਤਾਨ ਤੇ ਪਾਕਿਸਤਾਨ ਦੀ ਜੰਗ ਲੱਗ ਗਈ ਏ। ਲਹੌਰ ਦੇ ਲੋਕ ਕਾਰਾਂ, ਬੱਸਾਂ ਤੇ ਟਰੱਕਾਂ ਉੱਤੇ ਇੰਜ ਆ ਰਹੇ ਸਨ ਜਿਵੇਂ ਨੱਸਣ ਦੇ ਹੱਕ ਵਿੱਚ ਹੋਵਣ ਯਾ ਮੁੜ ਕਦੇ ਲਹੌਰ ਵਸਣਾ ਨਾ ਹੋਵੇ।
ਸ਼ਾਮ ਨੂੰ ਦੀਵਾ ਬੱਤੀ ਤੇ ਅੱਗ ਬਾਲਣੀ ਮਨਾਹ ਹੋਈ। ਅਜੀਬ ਅਜੀਬ ਖ਼ਬਰਾਂ ਲੋਕ ਸੁਣਾਵੰਦੇ ਤੇ ਸੁਣਦੇ ਸਨ। ਸੁਣੀਆਂ ਸੁਣਾਈਆਂ ਗੱਲਾਂ ਅਗਲੇ ਬੰਦੇ ਤੀਕਰ ਵੱਧ ਘੱਟ ਹੋ ਕੇ ਅੱਪੜਦੀਆਂ ਸਨ। ਅਸਾਡੇ ਛੋਟੇ ਜਿਹੇ ਪਿੰਡ ਵਿੱਚ ਸੱਚੀ ਤੇ ਪੱਕੀ ਪੀਡੀ ਖ਼ਬਰ ਵਾਸਤੇ
ਕੋਈ ਰੇਡੀਓ, ਟੈਲੀਫੋਨ ਯਾ ਹੋਰ ਕੋਈ ਵਸੀਲਾ ਨਹੀਂ ਸੀ । ਸਾਰੀਆਂ ਖ਼ਬਰਾਂ ਆਏ ਗਏ ਕੋਲੋਂ ਈ ਸੁਣਦੇ ਸਾਂ । ਲੜਾਈ ਪਾਰੋਂ ਕਿਸੇ ਨੂੰ ਵੀ ਅਫ਼ਸੋਸ ਨਹੀਂ ਸੀ ਸਗੋਂ ਲੋਕਾਂ ਵਿੱਚ ਖੁਸ਼ੀ ਨਜ਼ਰ ਆਂਵਦੀ ਸੀ, ਲੋਕ ਰੱਜ ਕੇ ਲੜਨਾ ਚਾਂਹਦੇ ਸਨ।
ਮੈਨੂੰ ਤੇ ਉਡੀਕ ਸੀ ਕਿ ਜੰਗ ਪਾਰੋਂ ਖ਼ੌਰੇ ਭਗਤਪੁਰੇ ਦੇ ਅਰਾਈ ਫੇਰ ਆ ਜਾਵਣ। ਜਦ ਵੀ ਵਿਹਲ ਮਿਲਦਾ ਮੈਂ ਸੜਕ ਉੱਤੇ ਜਾ ਬੈਠਦਾ ਤੇ ਭਗਤਪੁਰੇ ਵਾਲਿਆਂ ਦੀ ਉਡੀਕ ਕਰਦਾ। ਜੰਗ ਦਾ ਲੋਕਾਂ ਨੂੰ ਏਨਾ ਸ਼ੌਕ ਸੀ ਕਿ ਉਹ ਸੜਕ ਉੱਤੇ ਆ ਜਾਂਦੇ ਤੇ ਲੰਘਦੇ ਫੌਜੀਆਂ ਨੂੰ ਸਲਾਮਾਂ ਕਰਦੇ, ਤੁਹਫ਼ੇ ਦੇਂਦੇ ਤੇ ‘ਪਾਕ ਫ਼ੌਜ ਜ਼ਿੰਦਾਵਾਦ' ਦੇ ਨਾਅਰੇ ਲਾਂਵਦੇ ਸਨ। ਜਵਾਬ ਵਿੱਚ ਫੌਜੀ ਵੀ ਸਲੂਟ ਮਾਰਦੇ ਤੇ 'ਪਾਕਿਸਤਾਨ ਜ਼ਿੰਦਾਬਾਦ' ਆਖਦੇ।
ਅਸੀਂ ਗੱਡ ਲੈ ਕੇ ਸ਼ਹਿਰ ਆਏ ਤਾਂ ਉੱਥੇ ਵੀ ਲੋਕਾਂ ਨੂੰ ਜੰਗ ਦਾ ਚਾਅ ਚੜ੍ਹਿਆ ਹੋਇਆ ਸੀ। ਬਹੁਤ ਸਾਰੇ ਲੋਕ ਜਹਾਜ਼ਾਂ ਦੀ ਲੜਾਈ ਵੇਖਣ ਲਈ ਰਾਵੀ ਦੇ ਪੁਲ ਉੱਤੇ ਆਏ ਹੋਏ ਸਨ ਤੇ ਕਈ ਲੋਕ ਸਣੇ ਸਵਾਣੀਆਂ ਤੇ ਬਾਲਾਂ ਦੇ ਸ਼ਹਿਰ ਦੇ ਘਰਾਂ ਦੀ ਛੱਤ ਉੱਤੇ ਖਲੋਤੇ ਜਹਾਜ਼ਾਂ ਦੀ ਲੜਾਈ ਸ਼ੌਂਕ ਨਾਲ ਵੇਖਦੇ ਸਨ। ਜਦ ਜਹਾਜ਼ ਇੱਕ ਦੂਜੇ ਦੇ ਮਗਰ ਭੱਜਦੇ, ਫ਼ਾਇਰ ਮਾਰਦੇ ਤਾਂ ਲੋਕ ਤਾੜੀਆਂ ਮਾਰ ਮਾਰ ਖੁਸ਼ ਹੁੰਦੇ।
ਲਹੌਰ ਉੱਤੇ ਕੋਈ ਬੰਬ ਡਿੱਗਾ ਈ ਨਹੀਂ ਸੀ ਯਾ ਕੋਈ ਬੰਬ ਖੌਰੇ ਚੱਲਿਆ ਈ ਨਹੀਂ ਸੀ। ਲੋਕਾਂ ਵਿੱਚ ਮਸ਼ਹੂਰ ਹੋਇਆ ਕਿ ਦਾਤਾ ਸਾਹਿਬ ਹਰਾ ਚੋਲਾ ਪਾ ਕੇ ਬੰਬ ਝੋਪ ਲੈਂਦੇ ਹਨ।
ਆੜ੍ਹਤ ਉੱਤੇ ਲੜਾਈ ਦੀਆਂ ਗੱਲਾਂ ਹੁੰਦੀਆਂ। ਰੂਸ, ਅਮਰੀਕਾ ਤੇ ਚੀਨ ਦਾ ਨਾਂ ਆਂਵਦਾ। ਪਰ ਮੈਨੂੰ ਤਾਂ ਕੁੱਝ ਸਮਝ ਨਾ ਆਂਵਦੀ, ਸਮਝਣ ਦੀ ਕੋਸ਼ਿਸ਼ ਕਰਦਾ ਤਾਂ ਹੋਰ ਉਲਝ ਜਾਂਦਾ । 17 ਦਿਨ ਦੀ ਲੜਾਈ ਮਗਰੋਂ ਸੁਣਿਆ ਕਿ ਦੋਵਾਂ ਮੁਲਕਾਂ ਦੀ ਸੁਲਾਹ ਰੂਸ ਵਿੱਚ ਹੋ ਗਈ ਏ ਤੇ ਉੱਥੇ ਈ ਕਸ਼ਮੀਰ ਦੀ ਗੱਲ ਹੋਵੇਗੀ। ਹਿੰਦੁਸਤਾਨ ਦਾ ਲੀਡਰ ਖੌਰੇ ਲਾਲ ਬਹਾਦਰ ਸ਼ਾਸਤਰੀ ਸੀ, ਉੱਥੇ ਸੁਲਾਹ ਵੇਲੇ ਰੂਸ ਵਿੱਚ ਈ ਮਰ ਗਿਆ ਸੀ।
ਅਸਾਡੇ ਲੋਕ ਸੁਲਾਹ ਉੱਤੇ ਰਾਜ਼ੀ ਨਹੀਂ ਸਨ । ਲੋਕ ਤੇ ਜੰਗ ਚਾਂਹਦੇ ਸਨ । ਲੋਕਾਂ ਦੇ ਖਿਆਲ ਵਿੱਚ ਅਸਾਂ ਲੜਾਈ ਨਾਲ ਕਸ਼ਮੀਰ ਅਜ਼ਾਦ ਕਰਵਾ ਲੈਣਾ ਸੀ। ਉਸ ਵੇਲੇ ਦੇ ਸਦਰ ਅਯੂਬ ਜੰਗ ਬੰਦ ਕਰਕੇ ਲੋਕਾਂ ਦਾ ਦਿਲ ਦੁਖਾਇਆ ਸੀ । ਲੋਕਾਂ ਦਾ ਖਿਆਲ ਸੀ ਕਿ ਅਯੂਬ ਹਿੰਦੁਸਤਾਨ ਨਾਲ ਰਲ ਗਿਆ ਏ । ਅਸਾਡਾ ਸਦਰ ਗ਼ੱਦਾਰ ਏ । ਉੱਤੋਂ ਸਦਰ ਅਯੂਬ ਦੇ ਇੱਕ ਵਜ਼ੀਰ ਜ਼ੁਲਫਕਾਰ ਅਲੀ ਨਾਅਰਾ ਲਾ ਦਿੱਤਾ ਕਿ ਅਸੀਂ ਹਜ਼ਾਰ ਸਾਲ ਤੀਕਰ ਲੜਾਂਗੇ, ਪਰ ਕਸ਼ਮੀਰ ਉੱਤੇ ਕੋਈ ਸੌਦੇਬਾਜ਼ੀ ਨਾ ਕਰਸਾਂ, ਸਦਰ ਅਯੂਬ ਤਾਸ਼ਕੰਦ ਵਿੱਚ ਪੂਰੀ ਕੌਮ ਦੀ ਤੌਹੀਨ ਕਰਵਾਈ ਏ ਤੇ ਮੁਲਕ ਵੇਚ ਦਿੱਤਾ ਏ। ਮੈਂ ਕੌਮ ਨੂੰ ਦੱਸਾਂਗਾ ਕਿ ਤਾਸ਼ਕੰਦ ਵਿੱਚ ਮੁਲਕ ਦੁਸ਼ਮਣੀ ਦਾ ਮੁਆਹਦਾ ਹੋਇਆ ਏ। ਉਸ ਵੇਲੇ ਪੂਰੀ ਕੌਮ ਨੇ ਜ਼ੁਲਫਕਾਰ ਅਲੀ ਭੁੱਟੋ ਦੀ ਅਵਾਜ਼ ਨਾਲ ਆਪਣੀ ਅਵਾਜ਼ ਰਲਾਈ ਤੇ ਸਦਰ ਅਯੂਬ ਦੇ ਖ਼ਿਲਾਫ ਜਲਸੇ ਜਲੂਸ ਸ਼ੁਰੂ ਹੋ ਗਏ।
ਭੁੱਟੋ ਨੂੰ ਲੋਕ ਆਪਣਾ ਹਮਦਰਦ ਤੇ ਮੁਲਕ ਦਾ ਖ਼ੈਰ-ਖੁਆਹ ਸਮਝਦੇ ਸਨ । ਜੋ ਕੁੱਝ ਭੁੱਟੋ ਆਖਦਾ, ਸੱਚ ਮੁੱਚ ਮੰਨ ਲੈਂਦੇ ਸਨ । ਸਦਰ ਅਯੂਬ ਹਕੂਮਤ ਛੱਡ ਕੇ ਜਨਰਲ
ਯਹੀਆ ਦੇ ਹਵਾਲੇ ਕਰ ਦਿੱਤੀ ਸੀ । ਲੋਕ ਆਖਦੇ ਸਨ ਕਿ ਯਹੀਆ ਰੋਨਾਂ ਦਾ ਸ਼ੌਕੀਨ ਤੇ ਸ਼ਰਾਬੀ ਕਬਾਬੀ ਸੀ। ਯਹੀਆ ਖਾਂ ਨੂੰ ਮਿਲਣ ਵਾਲੀ ਇੱਕ ਔਰਤ ਦਾ ਨਾਂ ਲੋਕਾਂ ਜਨਰਲ ਰਾਣੀ ਵੀ ਪਾ ਦਿੱਤਾ ਸੀ, ਪਰ ਇਹ ਸਾਰਾ ਕੁੱਝ ਮੈਨੂੰ ਅਜੀਬ ਲਗਦਾ ਸੀ । ਮੈਂ ਸੋਚਦਾ ਸਾਂ ਕਿ ਇੰਜ ਕਿਵੇਂ ਹੁੰਦਾ ਏ ਤੇ ਕਿਉਂ ਹੁੰਦਾ ਏ ?
ਜੰਗ ਦੇ ਦਿਨਾਂ ਵਿੱਚ ਕੁੱਝ ਲੋਕ ਕਸੂਰ ਲਾਗੋਂ ਅਸਾਡੇ ਪਿੰਡ ਆਏ ਸਨ। ਏਥੇ ਉਹਨਾਂ ਦੇ ਰਿਸ਼ਤੇਦਾਰ ਸਨ । ਉਹਨਾਂ ਦਾ ਪਿੰਡ, ਬੱਲ ਬਾਰਡਰ ਲਾਗੇ ਸੀ । ਉਹਨਾਂ ਦਾ ਪਿੰਡ ਜੰਗ ਵਿੱਚ ਬਰਬਾਦ ਹੋ ਗਿਆ ਹੋਇਆ ਸੀ ਤੇ ਸਰਦੀਆਂ ਦੇ ਦਿਨ ਏਥੇ ਈ ਰਹਿ ਪਏ ਸਨ। ਮਰਦ ਚਲੇ ਜਾਂਵਦੇ ਸਨ, ਮੁੜ ਆਪਣੇ ਘਰ ਬਨਾਵਣ ਲਈ ਤੇ ਜ਼ਮੀਨਾਂ ਉੱਤੇ ਦੋਬਾਰਾ ਵਾਹੀ ਬੀਜੀ ਸ਼ੁਰੂ ਕਰਨ ਲਈ, ਪਰ ਉਹਨਾਂ ਦੀਆਂ ਜਵਾਨ ਕੁੜੀਆਂ ਏਥੇ ਈ ਸਨ । ਉਹਨਾਂ ਕੁੜੀਆਂ ਵਿੱਚੋਂ ਇੱਕ ਦਾ ਨਾਂ ਸ਼ੈਦਾਂ ਸੀ । ਸ਼ੈਦਾਂ ਦਾ ਰੰਗ ਸੌਲਾ ਤੇ ਨੈਣ-ਨਕਸ਼ ਮਨ-ਖਿਚਵੇਂ ਤੇ ਖੁੱਭਵੇਂ ਸਨ । ਉਹ ਗੁਟਕਦੀ ਵੀ ਸੋਹਣਾ ਸੀ, ਉਂਜ ਵੀ ਕੁੱਝ ਖੁੱਲ੍ਹੇ ਸੁਭਾਅ ਦੀ ਸੀ। ਇਹ ਪਹਿਲੇ ਵਾਲੀ ਸ਼ੈਦਾਂ ਕੋਲੋਂ ਮਨ-ਮੋਹਣੀ ਜਿਹੀ ਤੇ ਸ਼ੋਖ਼ ਸੀ। ਛੇਤੀ ਈ ਮੇਰੀ ਵਾਕਫ਼ ਬਣ ਗਈ। ਅੱਜੀਂ ਪੁੱਜੀਂ ਰਾਹਵਾਂ ਗਲੀਆਂ ਵਿੱਚ ਮਿਲ ਪੈਂਦੀ ਤੇ ਕੋਈ ਨਾ ਕੋਈ ਮਖ਼ੌਲ ਕਰ ਦਿੰਦੀ। ਜਵਾਬ ਵਿੱਚ ਮੈਂ ਵੀ ਚਸਕਾ ਲੈਣ ਲਈ ਕੋਈ ਨਾ ਕੋਈ ਟਿਚਕਰ ਕਰ ਈ ਦੇਂਦਾ ਸਾਂ।
ਸ਼ੈਦਾਂ ਏਨੀ ਦਲੇਰ ਸੀ ਕਿ ਉਹ ਮੇਰੇ ਨਾਲ ਆਪਣੀ ਫ਼ਰਜੀ ਮੁਹੱਬਤ ਦੇ ਕਿੱਸੇ ਕਹਾਣੀ ਘੜ ਘੜ ਕੇ ਮੇਰੀ ਵਹੁਟੀ ਜਾ ਸੁਣਾਵੰਦੀ। ਉਹਦੀਆਂ ਗੱਲਾਂ ਸੁਣ ਸੁਣ ਕੇ ਮੇਰੀ ਵਹੁਟੀ ਨੂੰ ਗੁੱਸਾ ਆਂਵਦਾ ਤਾਂ ਉਹ ਮੇਰੇ ਨਾਲ ਰੁੱਸ ਪੈਂਦੀ। ਜਦ ਮੈਂ ਮਨਾਵਣ ਲਈ ਜਤਨ ਕਰਦਾ ਤਾਂ ਸਹਿਜ ਨਾਲ ਈ ਸ਼ੈਦਾਂ ਦਾ ਨਾਂ ਲੈ ਕੇ ਆਖਦੀ, "ਤੂੰ ਫਾਥੀਆਂ ਛੱਡ ਕੇ ਉੱਡਦੀਆਂ ਮਗਰ ਪੈਨਾਂ ਏਂ, ਤੂੰ ਜਾਹ ਮੈਨੂੰ ਕੋਈ ਗ਼ਮ ਨਹੀਂ", ਏਨੀ ਗੱਲ ਕਰਕੇ ਉਹ ਆਪੇ ਈ ਰੋਣ ਲੱਗ ਪੈਂਦੀ।
ਮੇਰੀ ਵਹੁਟੀ ਮੈਨੂੰ ਬਹੁਤ ਪਿਆਰੀ ਸੀ। ਮੇਰੇ ਦੁੱਖ ਸੁੱਖ ਦੀ ਪੱਕੀ ਸਾਥਣ ਸੀ। ਉਹਦੀ ਨਰਾਜ਼ਗੀ ਮੈਨੂੰ ਵਾਰਾ ਨਹੀਂ ਸੀ ਖਾਂਦੀ, ਏਸੇ ਲਈ ਮੈਂ ਕਸਮਾਂ ਖਾ ਖਾ ਕੇ ਯਕੀਨ ਦਿਵਾਂਦਾ ਕਿ ਭਲੀਏ ਲੋਕੇ ਉੱਡਦੀਆਂ ਮਗਰ ਪੈਣ ਲਈ ਮੇਰੇ ਕੋਲ ਵਕਤ ਈ ਨਹੀਂ। ਜੇ ਕੋਈ ਤੈਨੂੰ ਕਹਿੰਦਾ ਏ ਸਭ ਗ਼ਲਤ ਏ।
ਮੇਰੇ ਆਖਣ ਉੱਤੇ ਉਹ ਫੇਰ ਆਖਦੀ, "ਜੇ ਤੇਰੀ ਗੱਲ ਸੱਚ ਏ ਤੇ ਫੇਰ ਸ਼ੈਦਾਂ ਤੇਰੀਆਂ ਸਿਫ਼ਤਾਂ ਕਿਉਂ ਕਰਦੀ ਰਹਿੰਦੀ ਏ ?"
ਮੈਂ ਹੱਸ ਕੇ ਜਵਾਬ ਵਿੱਚ ਆਖਦਾ, “ਤੈਨੂੰ ਤੇ ਸਗੋਂ ਖੁਸ਼ ਹੋਣਾ ਚਾਹੀਦਾ ਏ ਕਿ ਤੇਰੇ ਖਾਵੰਦ ਦੀ ਸਿਫਤ ਹੁੰਦੀ ਏ।”
"ਪਰ ਏਹੋ ਜੇਹੀ ਸਿਫ਼ਤ ਮੈਨੂੰ ਨਹੀਂ ਚਾਹੀਦੀ", ਉਹਦੇ ਆਖਣ ਉੱਤੇ ਮੈਂ ਆਖਦਾ, "ਭਲੀਏ, ਤੈਨੂੰ, ਉਹ ਤੰਗ ਕਰਦੀ ਏ, ਮਖੌਲ ਕਰਦੀ ਏ । ਤੂੰ ਨਹੀਂ ਪਸੰਦ ਕਰਦੀ ਤੇ ਉਹਨੂੰ ਕੋਲ ਨਾ ਬਹਿਣ ਦਿਆ ਕਰ ।"
ਫੇਰ ਉਸ ਇੰਜ ਈ ਕੀਤਾ। ਸ਼ੈਦਾਂ ਨੂੰ ਮੂੰਹ ਈ ਨਾ ਲਾਂਵਦੀ । ਪਰ ਮੇਰਾ ਦਿਲ ਸ਼ੈਦਾਂ
ਨੂੰ ਮਿਲਣ ਲਈ ਕਰਦਾ ਰਹਿੰਦਾ। ਮੁਸ਼ਕਲ ਇਹ ਸੀ ਕਿ ਸ਼ੈਦਾਂ ਨਾਲ ਰੱਜ ਕੇ ਬੈਠਣ ਦਾ ਵਕਤ ਈ ਨਹੀਂ ਸੀ ਮਿਲਦਾ। ਏਸੇ ਮਿਲਣ ਮਿਲਣ ਦੀ ਉਡੀਕ ਵਿੱਚ ਉਹ ਵਾਪਸ ਆਪਣੇ ਪਿੰਡ ਟੁਰ ਗਈ। ਜਾਂਦੀ ਵਾਰ ਉਸ ਆਖਿਆ, "ਜੇ ਮੈਂ ਤੈਨੂੰ ਭੁਲਾ ਨਾ ਸਕੀ ਤੇ ਤੂੰ ਵੀ ਮੈਨੂੰ ਭੁਲਾ ਨਹੀਂ ਸਕਦਾ।"
ਸੱਚ ਆਖ ਕੇ ਗਈ ਸੀ ਉਹ। ਅੱਜ ਤੀਕ ਉਹਦੇ ਨਿੱਕੇ ਨਿੱਕੇ ਮਖੌਲ, ਟੱਲੀ ਵਾਂਗ ਖੜਕਦਾ ਹਾਸਾ ਕੰਨਾਂ ਵਿੱਚ ਰਸ ਘੋਲਦਾ ਮਹਿਸੂਸ ਹੁੰਦਾ ਏ ।
ਸਾਲ ਮਗਰੋਂ ਅਸਾਡੇ ਘਰ ਫੇਰ ਇੱਕ ਬੱਚੀ ਜੰਮੀ । ਚਾਲੀ ਦਿਨ ਵੀ ਪੂਰੇ ਨਹੀਂ ਸਨ ਹੋਏ, ਉਹ ਪਿਆਰੀ ਬੱਚੀ ਮਾਂ ਦੀ ਝੋਲੀ ਵਿੱਚ ਸੁੱਤੀ ਸੌਂ ਗਈ।
ਮੇਰੀ ਵਹੁਟੀ ਹੁਣ ਸੋਚਣ ਲੱਗ ਪਈ ਸੀ ਕਿ ਜੇ ਔਲਾਦ ਇੰਜ ਈ ਮਰਦੀ ਰਹੀ ਤਾਂ ਸਮਾਜ ਵਿੱਚ ਕੀ ਹੈਸੀਅਤ ਰਹਿਸੀ। ਮੈਂ ਤਸੱਲੀ ਦੇ ਕੇ ਆਖਦਾ, "ਅਸਾਡੀ ਅਜੇ ਉਮਰ ਈ ਕਿਹੜੀ ਏ ? ਬਥੇਰਾ ਵਕਤ ਪਿਆ ਏ ਔਲਾਦ ਵਾਸਤੇ ।" ਪਰ ਉਹ ਤੇ ਆਖਦੀ, "ਵਕਤ ਹੈ ਈ ਕਿਹੜਾ ? ਮੈਨੂੰ ਤੇ ਔਲਾਦ ਚਾਹੀਦੀ ਏ। ਔਰਤ ਲਈ ਸਭ ਤੋਂ ਵਧੀਆ ਗਹਿਣਾ ਔਲਾਦ ਹੁੰਦੀ ਏ।" ਕਹਿੰਦੀ ਤੇ ਉਹ ਵੀ ਸੱਚ ਸੀ।
ਡਾਕਟਰਾਂ ਤੇ ਹਸਪਤਾਲਾਂ ਕੋਲ ਜਾਵਣ ਲਈ ਪੈਸੇ ਚਾਹੀਦੇ ਸਨ । ਪੈਸੇ ਅਸਾਡੇ ਕੋਲ ਹੁੰਦੇ ਈ ਨਹੀਂ ਸਨ । ਇਲਾਜ ਕਿੱਥੋਂ ਹੁੰਦਾ ? ਦਾਈਆਂ ਮਾਈਆਂ ਤੇ ਓਹੜ ਪੋਹੜ ਕਰਦੀਆਂ ਈ ਰਹਿੰਦੀਆਂ ਸਨ, ਪਰ ਮੇਰੀ ਵਹੁਟੀ ਨੂੰ ਦਾਈਆਂ ਮਾਈਆਂ 'ਤੇ ਜ਼ਿਆਦਾ ਏਤਬਾਰ ਨਹੀਂ ਸੀ ਰਿਹਾ।
ਜ਼ਿਮੀਦਾਰ ਦੀ ਸਖ਼ਤੀ ਹੋਰ ਵਧ ਗਈ ਸੀ । ਉਹ ਹੀਲੇ ਬਹਾਨੇ ਨਾਲ ਫਸਲ ਸਾਰੀ ਦੀ ਸਾਰੀ ਲੈ ਜਾਂਦਾ। ਕੁੱਝ ਕਰਜ਼ੇ ਵਿੱਚ ਤੇ ਕੁੱਝ ਖ਼ਰਚੇ ਵਿੱਚ। ਅਸਾਡੀ ਗੁਜ਼ਰਾਨ ਹੋਰ ਮੁਸ਼ਕਲ ਹੋ ਗਈ। ਨਵੇਂ ਆਏ ਰਾਹਕ ਵੀ ਜ਼ਿਮੀਦਾਰ 'ਤੇ ਖੁਸ਼ ਨਹੀਂ ਸਨ । ਉਹਨਾਂ ਦੇ ਮੁੰਡੇ ਚੋਰੀ ਚਕਾਰੀ ਵੀ ਕਰਨ ਲੱਗ ਪਏ, ਕਿਸੇ ਦੇ ਦਾਣੇ ਚੁੱਕ ਲੈਂਦੇ ਤੇ ਰਾਤ ਨੂੰ ਕਿਸੇ ਦੀ ਕੁੱਲੀ ਵੀ ਫਰੋਲ ਲੈਂਦੇ ਸਨ।
ਅਸਾਡਾ ਛੋਟਾ ਨਜ਼ੀਰ ਵੀ ਉਹਨਾਂ ਦਾ ਸੰਗੀ ਸਾਥੀ ਬਣਿਆ ਜਾਪਦਾ ਸੀ। ਅਸਾਨੂੰ ਭੁੱਖ ਨੰਗ ਤਾਂ ਵਾਰਾ ਖਾਂਦੀ ਸੀ, ਪਰ ਚੋਰੀ ਚਕਾਰੀ ਅਸਾਡੀ ਤੌਹੀਨ ਈ ਨਹੀਂ, ਬੇਇਜ਼ਤੀ ਸੀ। ਸਮਝਾਇਆ ਪਰ ਕਿੱਥੇ ਸਮਝਦਾ ਸੀ ਨਜ਼ੀਰ । ਅਸਾਨੂੰ ਉਸ ਗੁਆਂਢ ਕੋਲੋਂ ਆਪਣਾ ਆਪ ਦੂਰ ਕਰਨਾ ਪਿਆ। ਅਸੀਂ ਉੱਥੋਂ ਆ ਕੇ ਸੜਕ ਦੇ ਦੂਜੇ ਬੰਨੇ ਇੱਕ ਸ਼ੇਖ ਇਕਬਾਲ ਕੋਲੋਂ ਵਾਹੀ ਬੀਜੀ ਵਾਸਤੇ ਭੋਏਂ ਲੈ ਲਈ ਤੇ ਉਹਦੀ ਜ਼ਮੀਨ ਉੱਤੇ ਈ ਆ ਕੇ ਕੁੱਲੇ ਬਣਾ ਲਏ।
ਸ਼ੇਖ ਇਕਬਾਲ ਹੈਦਰਾਬਾਦ ਦੇ ਇੱਕ ਭਈਏ ਦਾ ਕੁਲਮੁਖਤਾਰ ਸੀ। ਭਈਏ ਨੂੰ ਇਹ ਜ਼ਮੀਨ ਕਲੇਮ ਵਿੱਚ ਮਿਲੀ ਹੋਈ ਸੀ ਕਿਉਂ ਜੁ ਉਰਦੂ ਬੋਲਣ ਵਾਲ਼ੇ ਮਹਾਜਰ ਦਾ ਕਲੇਮ ਸਰਕਾਰ ਮੰਨ ਲੈਂਦੀ ਹੁੰਦੀ ਸੀ।
ਸ਼ੇਖ ਇਕਬਾਲ ਦਾ ਪੁੱਤਰ ਹਾਰੂੰ ਅਲਰਸ਼ੀਦ ਆਪਣੇ ਪਿਉ ਨਾਲੋਂ ਵੀ ਜਿਆਦਾ
ਲਫ਼ੰਗਾ ਸੀ - ਸ਼ਰਾਬੀ, ਜਾਨੀ, ਝੂਠਾ ਤੇ ਫ਼ਜੂਲ ਰੱਜ ਕੇ। ਸ਼ੇਖ ਇਕਬਾਲ ਦੀਆਂ ਦੋ ਬੀਵੀਆਂ ਸਨ। ਇੱਕ ਕਰਾਚੀ ਰਹਿੰਦੀ ਸੀ ਤੇ ਦੂਜੀ ਲਹੌਰ। ਹਾਰੂੰ ਅਲਰਸ਼ੀਦ ਲਹੌਰ ਵਾਲੀ ਦਾ ਪੁੱਤਰ ਸੀ। ਲਹੌਰ ਟੇਸ਼ਨ ਲਾਗੇ ਇਹ ਲੋਕ ਆਸਟਰੇਲੀਆ ਬਿਲਡਿੰਗ ਵਿੱਚ ਕਰਾਏ ਉੱਤੇ ਰਹਿੰਦੇ ਸਨ।
ਹਾਰੂੰ ਅਲਰਸ਼ੀਦ ਹੈ ਤੇ ਮੇਰੀ ਉਮਰ ਦਾ ਪਰ ਅਜੇ ਕਵਾਰਾ ਸੀ। ਫਿਲਮਾਂ ਵੇਖਣ ਦਾ ਸ਼ੌਕੀਨ ਤੇ ਆਪਣੀਆਂ ਤਾਰੀਫਾਂ ਕਰਾਵਣ ਦਾ ਭੁੱਖਾ । ਵਾਹੀ ਬੀਜੀ ਦਾ ਕੰਮ ਭਲਾਂ ਉਹ ਕੀ ਜਾਣੇ ਸ਼ਹਿਰੀ ਬਾਬੂ ! ਜ਼ਮੀਨਾਂ ਉੱਤੇ ਆਂਵਦਾ, ਫੇਰਾ ਮਾਰਦਾ ਤੇ ਚਲਾ ਜਾਂਦਾ। ਕਦੀ ਕਦੀ ਮੈਨੂੰ ਫਿਲਮ ਵਿਖਾਵਣ ਆਪਣੇ ਨਾਲ ਲਹੌਰ ਲੈ ਜਾਂਦਾ। ਹਾਰੂੰ ਅਲਰਸ਼ੀਦ ਮੈਨੂੰ ਫਿਲਮ ਦੇ ਨਾਲ ਨਾਲ ਸ਼ਾਹੂ ਮਹੱਲੇ ਵੀ ਲੈ ਜਾਂਦਾ । ਗਾਣਾ ਸੁਣਦਾ ਤੇ ਕਦੀ ਕਦੀ ਰਾਤ ਵੀ ਰਹਿ ਪੈਂਦਾ ਸੀ । ਹਾਰੂੰ ਅਲਰਸ਼ੀਦ ਦੇ ਘਰ ਜਾਵਣ ਨਾਲ ਮੈਨੂੰ ਅਖ਼ਬਾਰ, ਰਸਾਲਾ ਵੇਖਣ ਦਾ ਚਸਕਾ ਲੱਗਾ। ਪਹਿਲੇ ਪਹਿਲ ਤੇ ਮੈਂ ਅਖ਼ਬਾਰਾਂ ਵਿੱਚੋਂ ਐਕਟਰ ਐਕਟਰੈਸਾਂ ਦੀਆਂ ਫੋਟੋਆਂ ਵੇਖਦਾ ਤੇ ਫੇਰ ਕੁੱਝ ਹੋਰ ਖ਼ਬਰਾਂ ਵੀ ਪੜ੍ਹ ਲੈਂਦਾ ਸਾਂ ।
ਆਪਣੀਆਂ ਜ਼ਮੀਨਾਂ ਉੱਤੇ ਹਾਰੂੰ ਅਲਰਸ਼ੀਦ ਨੇ ਇੱਕ ਬੈਠਕ ਬਣਾਈ। ਜਦ ਕਦੀ ਆਂਵਦਾ ਤਾਂ ਝੱਟ ਉੱਥੇ ਈ ਅਰਾਮ ਕਰਦਾ। ਬੈਠਕ ਵਿੱਚ ਉਸ ਇੱਕ ਰੇਡੀਓ ਵੀ ਲਿਆ ਰੱਖਿਆ। ਹਾਰੂੰ ਅਲਰਸ਼ੀਦ ਦੇ ਚਲੇ ਜਾਵਣ ਮਗਰੋਂ ਵੀ ਮੈਂ ਰੇਡੀਓ ਸੁਣਦਾ ਰਹਿੰਦਾ ਸਾਂ।
ਰੇਡੀਓ ਦੇ ਗੀਤ, ਡਰਾਮੇ, ਖ਼ਾਕੇ ਤੇ ਫ਼ਰਮਾਇਸ਼ੀ ਪ੍ਰੋਗਰਾਮ ਤੇ ਰੇਡੀਓ ਨੂੰ ਲਿਖੇ ਗਏ ਖ਼ਤ ਸੁਣ ਸੁਣ ਕੇ ਮੈਨੂੰ ਆਪਣਾ ਆਪ ਕੁੱਝ ਓਪਰਾ ਓਪਰਾ ਲੱਗਣ ਲੱਗ ਪਿਆ ਸੀ। ਕੁੜੱਤਣ ਤੇ ਤਲਖੀ ਦੇ ਨਾਲ ਨਾਲ ਮੇਰੇ ਅੰਦਰ ਕੁੱਝ ਦਰਦ ਦੀ ਲਹਿਰ ਵੀ ਉੱਠਣ ਲੱਗ ਪਈ ਸੀ ਜਿਹੜੀ ਮੈਨੂੰ ਹਲੂਣ ਕੇ ਰੱਖ ਦਿਆ ਕਰਦੀ ਸੀ। ਪਰ ਇਹ ਸਾਰਾ ਕੁੱਝ ਇੰਜ ਬੇਮਜ਼ਾ ਹੁੰਦਾ ਕਿ ਮੈਨੂੰ ਕੁੱਝ ਸੁੱਝਦਾ ਈ ਨਾ । ਮੈਂ ਆਪਣੇ ਦਰਦ, ਦੁੱਖ ਤੇ ਬੇਵਸੀ ਨੂੰ ਕੋਈ ਨਾਂ ਨਹੀਂ ਸਾਂ ਦੇ ਸਕਦਾ ਤੇ ਨਾ ਈ ਕੋਈ ਵਜ੍ਹਾ ਮਲੂਮ ਸੀ ਕਿ ਇਹ ਸਭ ਕਿਉਂ ਹੁੰਦਾ ਏ।
ਹੁਣ ਹਾਰੂੰ ਅਲਰਸ਼ੀਦ ਮੈਨੂੰ ਫਿਲਮਾਂ ਦੇ ਗੀਤ ਤੇ ਫਿਲਮਾਂ ਦੀਆਂ ਕਹਾਣੀਆਂ ਸੁਣਾਵੰਦਾ, ਫਿਲਮੀ ਕੁੜੀਆਂ ਨਾਲ ਆਪਣੇ ਮੁਆਸ਼ਕੇ ਦੱਸਦਾ ਤੇ ਕਈ ਫਿਲਮ ਬਣਾਵਣ ਵਾਲਿਆਂ ਨਾਲ ਆਪਣੇ ਤੁਆਲਕਾਤ ਦੀ ਗੱਲ ਵੀ ਕਰਦਾ ਤੇ ਆਖਦਾ, "ਮੇਰਾ ਇੱਕ ਯਾਰ ਜਿਹੜਾ ਹਿਦਾਇਤਕਾਰ ਏ ਮੈਨੂੰ ਫਿਲਮ ਵਿੱਚ ਹੀਰੋ ਬਨਾਣਾ ਚਾਂਹਦਾ ਸੀ, ਪਰ ਮੈਂ ਨਾਂਹ ਕਰ ਦਿੱਤੀ ਸੀ।"
ਮੇਰੇ ਲਈ ਫਿਲਮੀ ਹੀਰੋ ਕੋਈ ਖ਼ਾਸ ਬੰਦੇ ਹੁੰਦੇ ਹੋਵਣਗੇ, ਪਰ ਏਸ ਦੀ ਗੱਲ ਸੁਣ ਕੇ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਵੀ ਫਿਲਮੀ ਬਹਾਦਰ ਯਾ ਫਿਲਮੀ ਡਾਕੂ ਹੋ ਸਕਨਾ ਵਾਂ । ਏਸ ਜਜ਼ਬੇ ਦੇ ਪੁੰਗਰਨ ਕਾਰਨ ਮੈਂ ਚੋਰੀ ਚੋਰੀ ਐਕਟਿੰਗ ਕਰਕੇ ਆਪਣੇ ਆਪ ਨੂੰ ਪਰਖਦਾ। ਕਦੀ ਜ਼ਿਆਦਾ ਦੁਖੀ ਹੁੰਦਾ ਤਾਂ ਗੀਤਾਂ ਨੂੰ ਜੋੜ ਜੋੜ ਕੇ ਨਵੇਂ ਗੀਤ ਘੜਦਾ । ਰੇਡੀਓ ਤੋਂ ਸੁਣੇ ਗੀਤ ਈ ਮੇਰੇ ਗੀਤ ਬਣ ਜਾਂਦੇ ਸਨ । ਮੇਰੇ ਆਪਣੇ ਪੱਲੇ ਕੁੱਝ ਵੀ ਨਹੀਂ ਸੀ।
17.
ਏਥੇ ਨਵੇਂ ਥਾਂ ਉੱਤੇ ਵੀ ਤਬਦੀਲੀ ਨਹੀਂ ਸੀ ਆਈ। ਉਂਜ ਦੇ ਈ ਦਿਨ ਤੇ ਉਂਜ ਦੀਆਂ ਈ ਰਾਤਾਂ। ਉਹ ਈ ਔਕੜਾਂ, ਮੁਸ਼ਕਲਾਂ ਤੇ ਫਾਕੇ, ਕੌੜੀਆਂ ਰੀਝਾਂ ਤੇ ਫਿੱਕੇ ਹਾਸੇ, ਕੋਈ ਸ਼ੌਕ ਨਾ ਮੰਜ਼ਲ, ਨਾ ਈ ਕਿਸੇ ਚੰਗੇ ਵੇਲ਼ੇ ਦੀ ਆਸ ਜਾਪਦੀ ਸੀ । ਅਸਾਂ ਤੇ ਬਸ ਜੀ ਹੀ ਰਹੇ ਸਾਂ। ਕਾਹਦੇ ਲਈ ਜੀ ਰਹੇ ਸਾਂ, ਅਸਾਂ ਕੋਲ ਕੋਈ ਜਵਾਬ ਨਹੀਂ ਸੀ। ਅਸਾਂ ਤਾਂ ਜੀਵਨ ਭੋਗ ਰਹੇ ਸਾਂ। ਮਿਹਨਤ ਮੁਸ਼ੱਕਤ ਤੇ ਤੰਗੀ ਤੁਰਸ਼ੀ ਨਾਲ ਈ ਅਸਾਡਾ ਸਾਂਹਗਾ ਬਣਿਆ ਹੋਇਆ ਸੀ।
ਜ਼ਿਮੀਦਾਰ ਦੀਆਂ ਵਗਾਰਾਂ ਕੱਟਣੀਆਂ, ਬੁੱਤੀਆਂ ਪੁੱਟਣੀਆਂ ਤੇ ਉਹਨਾਂ ਦੇ ਕੁੱਤਿਆਂ ਦਾ ਵੀ ਇਹਤਰਾਮ ਕਰਨਾ ਅਸਾਡਾ ਮੁਕੱਦਰ ਲਿਖਿਆ ਹੋਇਆ ਸੀ ਖੌਰੇ। ਜ਼ਿਮੀਦਾਰਾਂ ਦੀ ਝਿੜਕ ਉੱਤੇ ਗੁੱਸਾ ਆਂਵਦਾ ਤਾਂ ਬੱਸ ਵਿੱਚੇ ਵਿੱਚ ਅਸਾਂ ਮੋਏ ਸੱਪ ਵਾਂਗ ਵਿਸ ਘੋਲਦੇ ਸਾਂ। ਢੀਠਾਂ ਤੇ ਬੇਸ਼ਰਮਾਂ ਵਾਂਗ ਜੀ ਜੀ ਕਰਦਿਆਂ ਰਹਿਣਾ ਈ ਅਸਾਡੀ ਰਹਿਤਲ ਸੀ। ਕੋਈ ਅਣਖ ਤੇ ਕੋਈ ਤਰੰਗ ਅਸਾਡੇ ਵਿੱਚੋਂ ਕਿਸੇ ਭੈੜੇ ਵਾਲ ਵਾਂਗਰ ਮੋਚਨੇ ਨਾਲ ਚੁਗ ਲਈ ਗਈ ਹੋਈ ਸੀ।
ਹੋ ਸਕਦਾ ਏ ਕਿ ਅਸਾਡੇ ਵੱਡਿਆਂ ਵਿੱਚੋਂ ਕੋਈ ਬਹਾਦਰ ਵੀ ਹੋਇਆ ਹੋਵੇ, ਕੋਈ ਅਣਖੀ ਯਾ ਸੂਰਮਾ ਹੋਇਆ ਹੋਵੇ, ਪਰ ਹੁਣ ਤਾਂ ਉਹਨਾਂ ਬਾਰੇ ਸੋਚਣਾ ਵੀ ਅਸਾਡੇ ਲਈ ਮਨਾਂਹ ਹੋ ਗਿਆ ਹੋਇਆ ਸੀ ਯਾ ਆਪ ਈ ਆਪਣੇ ਵੱਡਿਆਂ ਨੂੰ ਭੁਲਾਵਣ ਵਿੱਚ ਈ ਭਲਿਆਈ ਸਮਝਦੇ ਹੋਈਏ।
ਜੂਹ ਦੇ ਸਾਰੇ ਰਾਹਕਾਂ ਦੀ ਇਹ ਤਹਿਜ਼ੀਬ ਸੀ ਕਿ ਬਦਤਮੀਜ਼ ਰਹਿਣਾ ਤੇ ਮਾਲਕ ਦੀ ਮਰਜ਼ੀ ਨਾਲ ਈ ਸਾਹ ਲੈਣਾ ਉਹਦੇ ਹੁਕਮ ਬਿਨਾਂ ਮੂੰਹੋਂ ਲਫਜ਼ ਵੀ ਨਾ ਕੱਢਣਾ, ਸਗੋਂ ਅੱਖ ਚੁੱਕ ਕੇ ਵੇਖਣਾ ਵੀ ਜੁਰਮ ਸੀ। ਏਹੋ ਜੇਹੇ ਮਹੌਲ ਵਿੱਚ ਰਾਹਕਾਂ ਦੇ ਗੱਭਰੂ ਭਲਾਂ ਕੀ ਜਵਾਨੀ ਮਾਣ ਸਕਦੇ ਸਨ । ਜੇ ਕਿਸੇ ਸ਼ੌਕੀਨ ਨੂੰ ਉਹਦਾ ਅੰਦਰਲਾ ਬਹੁਤ ਤੰਗ ਕਰਦਾ, ਉਹ ਰੇਡੀਓ ਖਰੀਦ ਲੈਂਦਾ। ਉਹ ਵੀ ਉਧਾਰ ਦਾ ਤੇ ਫੇਰ ਕਈ ਕਈ ਮਹੀਨੇ ਪੈਸੇ ਵਾਪਸ ਕਰਨ ਵਿੱਚ ਈ ਲੰਘ ਜਾਂਦੇ ਸਨ।
ਸ਼ੌਕੀਨ ਗੱਭਰੂਆਂ ਨੂੰ ਜਦ ਵੀ ਵਿਹਲ ਮਿਲਦੀ, ਝੱਟ ਰੇਡੀਓ ਸੁਣਦੇ। ਰਾਤ ਨੂੰ ਛੱਤਾਂ ਉੱਤੇ ਚੜ੍ਹ ਜਾਂਦੇ ਤੇ ਉੱਚੀ ਉੱਚੀ ਅਵਾਜ਼ ਵਿੱਚ ਰੇਡੀਓ ਸੁਣਦੇ ਤੇ ਸੁਣਾਵੰਦੇ। ਇੱਕ ਦੂਜੇ ਦੇ ਰੇਡੀਓ ਨਾਲ ਮੁਕਾਬਲਾ ਵੀ ਕਰਦੇ ਕਿ ਕਿਸ ਦਾ ਰੇਡੀਓ ਜਿਆਦਾ ਉੱਚੀ ਅਵਾਜ਼ ਰੱਖਦਾ ਏ।
ਦਿਨ ਰਾਤ ਈ ਸ਼ੋਰ ਹੁੰਦਾ ਰਹਿੰਦਾ। ਕੋਈ ਵੀ ਤੇ ਤੰਗ ਨਹੀਂ ਸੀ ਹੁੰਦਾ। ਸਾਰੇ ਰਾਹਕਾਂ ਕੋਲ ਇਹ ਇੱਕ ਸ਼ੁਗਲ ਰਹਿ ਗਿਆ ਸੀ । ਮੇਲੇ ਠੇਲਿਆਂ ਵਿੱਚ ਘੋਲ, ਕੌਡੀ ਲਈ ਰਾਹਕਾਂ ਦੇ ਜੁੱਸੇ ਵਿੱਚ ਜਾਨ ਈ ਨਹੀਂ ਸੀ ਹੁੰਦੀ, ਉਹਨਾਂ ਖੇਡਣਾ ਤਾਂ ਕੀ ਸੀ ਮਿੱਟੀ ਨਾਲ ਮਿੱਟੀ ਰਲੇ ਹੋਏ ਰਾਹਕ ਤੇ ਖੁੱਲ੍ਹ ਕੇ ਹੱਸਦੇ ਵੀ ਨਹੀਂ ਸਨ, ਬਿਲਕੁਲ ਖੀਹ ਬਣੇ ਹੋਏ ਸਨ ਯਾ ਖੌਰੇ ਖੀਹ ਹੋਣਾ ਈ ਅਸਾਡੀ ਆਦਤ ਤੇ ਪਹਿਚਾਣ ਬਣ ਗਈ ਹੋਈ ਸੀ।
ਰਾਹਕ ਚਿੱਟੇ ਲੀੜੇ ਪਾਵੇ ਯਾ ਬੋਦੇ ਚੋਪੜ ਕੇ ਰੱਖੇ, ਜ਼ਿਮੀਦਾਰ ਜਰ ਈ ਨਹੀਂ ਸਨ ਸਕਦੇ। ਨਹਾ ਧੋ ਕੇ ਸਾਫ਼ ਸੁਥਰਾ ਰਹਿਣਾ ਯਾ ਸਾਫ਼ ਸੁਥਰਾ ਸੋਚਣਾ ਅਸਾਡੇ ਖੁਆਬ ਖ਼ਿਆਲ ਵਿੱਚ ਈ ਨਹੀਂ ਸੀ। ਅਸਾਂ ਆਪੋ ਵਿੱਚ ਬੋਲਦੇ ਵੀ ਤਾਂ ਉੱਚੀ ਉੱਚੀ ਅਵਾਜ਼ ਵਿੱਚ, ਖਿਝ ਖਿਝ ਕੇ ਤੇ ਕਿੱਲ੍ਹ ਕਿੱਲ੍ਹ ਕੇ ਗੱਲ ਕਰਨ ਦੇ ਆਦੀ ਹੋ ਗਏ ਸਾਂ। ਜਿਵੇਂ ਇੱਕ ਕੁੱਤੇ ਨੂੰ ਬਹੁਤ ਸਾਰੇ ਕੁੱਤਿਆਂ ਘੇਰਿਆ ਹੋਵੇ, ਇਕੱਲੇ ਕੁੱਤੇ ਪੂਛਲ ਚੱਡਿਆਂ ਵਿੱਚ ਲਈ ਹੋਵੇ, ਅੱਗੋਂ ਸਿਰਫ ਦੰਦ ਕੱਢ ਕੇ ਚੌਂਕਦਾ ਹੋਵੇ । ਹਰ ਵੇਲ਼ੇ ਡਰੇ ਡਰੇ ਤੇ ਡੱਭੇ ਮਾਰੇ ਲੋਕ ਸਾਂ ਅਸਾਂ । ਮਿੱਠਾ ਤੇ ਚੰਗਾ ਬੋਲਣਾ ਅਸਾਨੂੰ ਜੱਚਦਾ ਈ ਨਹੀਂ ਸੀ।
ਅਸਾਡੇ ਮਾਹੌਲ ਵਿੱਚ ਚੰਗਾ ਤੇ ਮਿੱਠਾ ਬੋਲਣਾ ਯਾ ਨਰਮ ਕਲਾਮ ਕਰਨਾ ਬੁਜ਼ਦਿਲੀ ਤੇ ਬੇਵਕੂਫੀ ਦੀ ਅਲਾਮਤ ਸਮਝੀ ਜਾਂਦੀ ਸੀ । ਅਸਾਂ ਨਾ ਤੇ ਬੁਜ਼ਦਿਲ ਸਾਂ ਤੇ ਨਾ ਹੀ ਬੇਵਕੂਫ਼, ਏਸੇ ਲਈ ਜੋ ਮੂੰਹ ਆਈ ਪਾਰ ਕਰ ਛੱਡੀ, ਕੋਈ ਲੱਜ ਨਾ ਲਿਹਾਜ਼। ਇੱਕ ਦੂਜੇ ਨਾਲ ਟਿਚਕਰ ਵਾਲੀ ਗੱਲ ਕਰਕੇ ਸੁਆਦ ਆਂਵਦਾ ਸੀ । ਗੱਲ ਗੱਲ ਉੱਤੇ ਨਾਲ ਦੇ ਨੂੰ ਹੁੱਜਤ ਕਰਨੀ, ਬੇਇਜ਼ਤ ਤੇ ਜ਼ਲੀਲ ਕਰਨਾ ਅਸਾਡੇ ਲਈ ਬਹਾਦਰੀ ਤੇ ਦਾਨਸ਼ਮੰਦੀ ਸੀ। ਹਾਸਾ, ਖੇਡ, ਅਮਨ-ਚੈਨ, ਪਿਆਰ ਮੁਹੱਬਤ ਤੇ ਅਦਲ ਇਨਸਾਫ਼ ਅਸਾਡੇ ਮਹੌਲ ਕੋਲੋਂ ਦੂਰ ਦੂਰ ਤੇ ਡਰਿਆ ਡਰਿਆ ਹੋਇਆ ਸੀ। ਪਰ ਜਦ ਅਸਾਡੇ ਵਿੱਚੋਂ ਕਿਸੇ ਨੂੰ ਕੋਈ ਦੁੱਖ ਤਕਲੀਫ਼ ਯਾ ਔਕੜ ਪੈ ਜਾਂਦੀ ਤਾਂ ਕਾਵਾਂ ਵਾਂਗਰ ਝੱਟ ਇਕੱਠੇ ਹੋ ਜਾਂਦੇ। ਇੱਕ ਦੂਜੇ ਦੀ ਬਾਂਹ ਬਣ ਕੇ ਪੂਰੀ ਪੂਰੀ ਮਦਦ ਕਰਦੇ, ਸਗੋਂ ਦੁੱਖ-ਮਾਰੇ ਮਨੁੱਖ ਨਾਲੋਂ ਆਪ ਵਧ ਕੇ ਦੁੱਖ ਮਹਿਸੂਸ ਕਰਦੇ ਤੇ ਦੂਜੇ ਲਈ ਆਪ ਭੀੜਾਂ ਵਿੱਚ ਛਾਲ ਮਾਰਨ ਤੋਂ ਵੀ ਨਾ ਡਰਦੇ, ਇੱਕ ਦੂਜੇ ਨਾਲ ਦੁਸ਼ਮਣੀ, ਰੋਸਾ ਤੇ ਗਿਲਾ ਸ਼ਿਕਵਾ ਝੱਟ ਮੁੱਕ ਜਾਂਦਾ ਸੀ।
ਜਦ ਭੀੜ ਕੱਟੀ ਜਾਂਦੀ, ਦੁੱਖ ਦਾ ਵੇਲਾ ਲੰਘ ਜਾਂਦਾ, ਤੇ ਫੇਰ 'ਉਹ ਈ ਸੇਲੀ ਤੇ ਉਹ ਈ ਡੰਡਾ', ਫੇਰ ਉਹ ਈ ਮਹੌਲ, ਉੱਖੜਿਆ ਉੱਖੜਿਆ ਤੇ ਬੇਸਵਾਦਾ!
ਇਲਾਕੇ ਦੇ ਜ਼ਿਮੀਦਾਰ ਵੀ ਇੱਕ ਦੂਜੇ ਨਾਲ ਇੰਜ ਈ ਕਰਦੇ ਸਨ। ਹਰ ਇੱਕ ਆਪਣੇ ਆਪ ਨੂੰ ਫੰਨੇ ਖਾਂ ਸਮਝਦਾ ਸੀ, ਸ਼ਰੀਕ ਨੂੰ ਬੇਇੱਜ਼ਤ ਕਰਨ ਦੇ ਹੀਲੇ ਬਹਾਨੇ ਦਾ ਜਤਨ ਕਰਦੇ ਸਨ।
ਅਸਾਡੇ ਲੋਕਾਂ ਤੇ ਜ਼ਿਮੀਦਾਰ ਲੋਕਾਂ ਵਿੱਚ ਫਰਕ ਸੀ ਤੇ ਬੱਸ ਏਨਾ ਕਿ ਉਹ ਮੂੰਹੋਂ ਘੱਟ ਨਫ਼ਰਤ ਕਰਦੇ ਸਨ ਤੇ ਦਿਲੋਂ ਜਿਆਦਾ । ਅਸੀਂ ਮੂੰਹ ਦੇ ਬੜਬੋਲੇ ਤੇ ਦਿਲੋਂ ਸਾਫ! ਅਸੀਂ ਦੁੱਖ ਤਕਲੀਫ਼ ਵੇਲ਼ੇ ਸਭ ਕੁੱਝ ਭੁੱਲ ਜਾਂਦੇ ਸਾਂ, ਪਰ ਜ਼ਿਮੀਦਾਰ ਦੂਜੇ ਦੇ ਦੁੱਖ ਉੱਤੇ ਖੁਸ਼ ਹੁੰਦੇ ਸਨ, ਸਗੋਂ ਦੁੱਖ ਵਿੱਚ ਹੋਰ ਵਾਧਾ ਕਰਨ ਲਈ ਕੁੱਝ ਨਾ ਕੁੱਝ ਆਪਣੇ ਵੱਲੋਂ ਵੀ ਮਿਰਚ ਲੂਣ ਲਾਂਵਦੇ ਸਨ।
ਅਸੀਂ ਗੱਡ ਲੈ ਕੇ ਲਹੌਰ ਵੱਲ ਆਵਦੇ ਤਾਂ ਰਾਹ ਵਿੱਚ ਜਿੱਥੇ ਵੀ ਪੁਲਸ ਮਿਲਦੀ, ਅਸਾਡੇ ਨਾਲ ਡੰਗਰਾਂ ਵਾਲ਼ੇ ਸਲੂਕ ਕਰਦੀ । ਗਾਲਾਂ ਕੱਢਦੀ, ਸੋਟੀਆਂ ਮਾਰਦੀ, ਕਿਸੇ ਨਾ ਕਿਸੇ ਬਹਾਨੇ ਦੋ ਚਾਰ ਰੁਪਏ ਲੈ ਲੈਂਦੀ । ਗਾਲਾਂ ਤੇ ਮਾਰ ਦੀ ਅਸਾਨੂੰ ਕੋਈ ਪੀੜ ਨਾ ਹੁੰਦੀ ਪਰ ਰੁਪਏ ਖੁੱਸਣ ਦਾ ਬੜਾ ਦੁੱਖ ਹੁੰਦਾ ।
ਅੱਗੋਂ ਆੜ੍ਹਤੀ ਵੀ ਉਂਜ ਦਾ ਈ ਸੀ । ਗਾਡੀਆਂ ਨੂੰ ਬੇਇੱਜ਼ਤ ਕਰਕੇ ਖੁਸ਼ ਰਹਿਣ ਵਾਲਾ। ਗਾਹਕ ਵੀ ਗਾਡੀਆਂ ਦੇ ਮਾਲ ਨੂੰ ਨਿੰਦ ਕੇ ਪੈਸੇ ਘਟਾ ਲੈਂਦੇ ਸਨ। ਆੜ੍ਹਤੀ ਅੱਗੇ ਸ਼ਿਕਾਇਤ ਫ਼ਜ਼ੂਲ ਹੁੰਦੀ। ਆੜ੍ਹਤੀ ਕੱਬਾ ਤੇ ਗੁੱਸੇ ਵਾਲਾ ਸੀ, ਉਲਟਾ ਗਾਡੀ ਨੂੰ ਝੂਠਾ ਕਰ ਦਿੰਦਾ । ਜੇ ਕੋਈ ਗਾਡੀ ਗੁੱਸੇ ਵਜੋਂ ਕਿਸੇ ਦੂਜੀ ਆੜ੍ਹਤ ਉੱਤੇ ਆਪਣਾ ਮਾਲ ਲੈ ਜਾਂਦਾ, ਤਾਂ ਉੱਥੇ ਗਾਹਕ ਘੱਟ ਹੁੰਦਾ ਸੀ ਕਿਉਂ ਜੁ ਦੁਜੇ ਆੜ੍ਹਤੀ ਗਾਹਕ ਦੀ ਬਜਾਇ ਗਾਡੀ ਦੀ ਹਮਾਇਤ ਕਰਦੇ ਸਨ। ਏਸੇ ਲਈ ਉੱਧਰ ਗਾਹਕ ਘੱਟ ਜਾਂਦਾ ਤੇ ਗਾਡੀ ਦਾ ਮਾਲ ਛੇਤੀ ਨਾ ਵਿਕਦਾ। ਮਾਲ ਛੇਤੀ ਵੇਚਣ ਲਈ ਮੁੜ ਪਰਤਕੇ ਏਸੇ ਆੜ੍ਹਤ ਉੱਤੇ ਆਵਣਾ ਪੈਂਦਾ ਸੀ। ਤੂੜੀ ਪੱਠੇ ਤੇ ਤਾਂਜਰਾ ਇਤਿਹਾਦ ਕੀਤਾ ਹੋਇਆ ਸੀ । ਏਸ ਆੜ੍ਹਤ ਦੇ ਗਾਹਕਾਂ ਦੀ ਤੇ ਆਦਤ ਈ ਬਣ ਗਈ ਹੋਈ ਸੀ ਕਿ ਮਾਲ ਵਿੱਚ ਚੋਹਵਾ ਛੱਡ ਦੇਣਾ (ਨੁਕਸ ਪਾਣਾ) ਤੇ ਮਾਲ ਦੇ ਪੈਸੇ ਘਟਾ ਲੈਣੇ । ਪਿੰਡ ਦੇ ਜ਼ਿਮੀਦਾਰਾਂ ਤੇ ਆੜ੍ਹਤੀ ਦੇ ਰਵੱਈਏ ਪਾਰੋਂ ਮੇਰੇ ਅੰਦਰ ਅੱਗਾਂ ਬਲ ਬਲ ਉੱਠਦੀਆਂ, ਪਰ ਪਰਾਲੀ ਦੀ ਅੱਗ ਵਾਂਗ ਛੇਤੀ ਈ ਬੁਝ ਜਾਂਦੀਆਂ ਸਨ । ਸਮਝ ਨਾ ਆਂਵਦੀ ਕਿ ਕੀ ਕੀਤਾ ਜਾਵੇ। ਇੱਕ ਦਿਨ ਮੇਰੇ ਮੂਹੋਂ ਨਿੱਕਲਿਆ :
ਆੜ੍ਹਤੀ ਓਏ ਆੜ੍ਹਤੀ
ਤੈਂ ਤੋਂ ਵੱਡਾ ਹੋਰ ਕਿਹੜਾ ਲਾਅਨਤੀ
ਆਪੇ ਹੋਵੇਂ ਚੋਰ ਤੂੰ
ਆਪੇ ਈ ਜ਼ਮਾਨਤੀ
ਕਮਾਈ ਅਸਾਡੀ ਭੈੜਿਆ
ਤੂੰ ਖਾਈ ਜਾਨਾ ਏਂ ਮਾਨਤੀ!
ਮੈਂ ਆਪਣੇ ਇਹ ਜੋੜ ਦੂਜੇ ਗਾਡੀਆਂ ਨੂੰ ਸੁਣਾਏ। ਗਾਡੀਆਂ ਬਹੁਤ ਪਸੰਦ ਕੀਤੇ ਤੇ ਆਖਿਆ, ਇਹ ਕਬਿਤ ਹੋਰ ਜੋੜ। ਉਹਨਾਂ ਦੇ ਦਿਲ ਦੀ ਅਵਾਜ਼ ਸੀ, ਮੇਰੀ ਤਾਰੀਫ਼ ਹੋਈ। ਮੈਂ ਕੁੱਝ ਹੋਰ ਕਬਿਤ ਵੀ ਜੋੜੇ ਜਿਹੜੇ ਸਾਰੇ ਆੜ੍ਹਤੀ ਤੇ ਗਾਹਕਾਂ ਦੇ ਰਵੱਈਏ ਪਾਰੋਂ ਸਨ।
ਗੱਲ ਖਿੱਲਰ ਗਈ। ਮੇਰੀ ਤਾਰੀਫ ਕਰਨ ਵਾਲਿਆਂ ਵਿੱਚੋਂ ਈ ਕਿਸੇ ਜਾ ਕੇ ਆੜ੍ਹਤੀ ਨੂੰ ਦੱਸ ਕੇ ਉਹਦੇ ਕੰਨ ਭਰੇ। ਅਗਲੀ ਵਾਰ ਮੈਂ ਗੱਡ ਲੈ ਕੇ ਆਇਆ। ਮਾਲ ਲਾਹ ਕੇ ਅੱਡੇ ਵਿੱਚ ਖਾਲੀ ਖਲੋਤੇ ਸਾਂ ਕਿ ਝੱਟ ਕੁ ਪਸ਼ੂ ਅਰਾਮ ਕਰ ਲੈਣ ਤੇ ਫੇਰ ਪਿਛਾਂਹ ਨੂੰ ਪਰਤਨੇ ਆਂ। ਪਸ਼ੂਆਂ ਨੂੰ ਪੱਠੇ ਪਾ ਕੇ ਮੈਂ ਆਪ ਗੱਡ ਉੱਤੇ ਹੀ ਲੰਮਾ ਪੈ ਗਿਆ ਸਾਂ ਕਿ ਚਲੋ ਝੱਟ ਲੱਕ ਸਿੱਧਾ ਹੋ ਜਾਵੇ।
ਆੜ੍ਹਤੀ ਦਾ ਸੁਨੇਹਾ ਮਿਲਿਆ ਕਿ ਹੁਣੇ ਹਾਜ਼ਰ ਹੋਵਾਂ, ਕਚਹਿਰੀ ਲੱਗੀ ਹੋਈ ਏ । ਕਬਿਤ ਵਾਲੀ ਗੱਲ ਮੈਨੂੰ ਯਾਦ ਸੀ । ਨੱਸਣ ਦੀ ਜਾਹ ਕੋਈ ਨਹੀਂ ਸੀ । 'ਜੇ ਕਬਿਤ ਜੋੜਿਆ ਈ ਤਾਂ ਫੇਰ ਕਬਿਤ ਦਾ ਭਾਰ ਵੀ ਚੁੱਕ' - ਮੇਰੇ ਦਿਲ ਆਖਿਆ।
ਮੈਂ ਆੜ੍ਹਤੀ ਸਾਹਮਣੇ ਪੇਸ਼ ਹੋ ਗਿਆ, ਬਾਦਸ਼ਾਹ ਸਾਹਮਣੇ ਖੌਰੇ ਕੋਈ ਬਾਗ਼ੀ ਪੇਸ਼ ਹੋਇਆ ਸੀ। ਆੜ੍ਹਤੀ ਦੇ ਪਾਲਤੂ ਗੁੰਡੇ ਕਿਸਮ ਦੇ ਬੰਦੇ ਮੇਰੇ ਸੱਜੇ ਖੱਬੇ ਖਲੋ ਗਏ ਤਾਂ ਜੋ ਹੁਕਮ
ਮਿਲਦਿਆਂ ਈ ਗਿੱਦੜ-ਕੁੱਟ ਕੀਤੀ ਜਾਵੇ। ਛਿੱਤਰ ਪੋਲਾ ਤੇ ਗਾਲ ਮੰਦਾ, ਝਾੜ ਝੰਬ ਤਾਂ ਸਾਨੂੰ ਹੁੰਦੀ ਈ ਰਹਿੰਦੀ ਸੀ, ਪਰ ਅੱਜ ਤੇ ਗਿੱਦੜ-ਕੁੱਟ ਵਾਲਾ ਕੰਮ ਕੋਈ ਔਖਾ ਈ ਮਲੂਮ ਹੋ ਰਿਹਾ ਸੀ।
ਹੋਰ ਬਹੁਤ ਸਾਰੇ ਤਮਾਸ਼ੇ ਵੇਖਣ ਵਾਲੇ ਲੋਕ ਵੀ ਕਦੀ ਮੇਰੇ ਵੱਲ ਵੇਖ ਕੇ ਮੁਸਕਰਾਵੰਦੇ, ਤੇ ਕਦੇ ਆੜ੍ਹਤੀ ਦਾ ਹੁਕਮ ਸੁਣਨ ਲਈ ਕੰਨ ਲਾਈ ਬੈਠੇ ਸਨ। ਅੱਜ ਵਧੀਆ ਸ਼ੁਗਲ ਹੋਵਣ ਵਾਲਾ ਸੀ। ਮਾੜੇ ਬੰਦੇ ਨੂੰ ਬੇਇੱਜ਼ਤ ਕਰ ਦੇਣਾ ਤਾਂ ਆੜ੍ਹਤੀ ਲਈ ਮਨਪਸੰਦ ਸ਼ੁਗਲ ਸੀ। ਹਜੂਮ ਵਿੱਚੋਂ ਕਿਸੇ ਮੇਰੇ ਕੰਨ ਵਿੱਚ ਆਖਿਆ, "ਤੂੰ ਮੁੱਕਰ ਜਾ, ਦੌੜ ਜਾ ।" ਭਾਵੇਂ ਅੰਦਰੋਂ ਮੈਂ ਬਹੁਤ ਡਰ ਰਿਹਾ ਸਾਂ, ਪਰ ਮੁੱਕਰਨਾ ਤੇ ਨੱਸ ਜਾਣਾ ਮੇਰੇ ਵੱਸ ਵਿੱਚ ਨਹੀਂ ਸੀ । ਇਹ ਮੈਨੂੰ ਪਸੰਦ ਨਹੀਂ ਸੀ।
ਜੇ ਇੱਕ ਵਾਰ ਮੁੱਕਰ ਗਿਆ ਤਾਂ ਫੇਰ ਸਾਰੀ ਹਯਾਤੀ ਮੁੱਕਰਨਾ ਪਵੇਗਾ। ਬਾਲਪੁਣੇ ਵਿੱਚ ਇੱਕ ਵਾਰ ਮੁੱਕਰਿਆ ਸਾਂ ਜੀਹਦੀ ਅੱਜ ਤੀਕਰ ਤਲਖੀ ਮੇਰੇ ਅੰਦਰੋਂ ਨਹੀਂ ਸੀ ਨਿੱਕਲੀ। ਉਹ ਵੇਲਾ ਮੈਨੂੰ ਯਾਦ ਆਇਆ ਜਦੋਂ ਤੀਸਰੀ ਜਮਾਤ ਵਿੱਚ ਪੜ੍ਹਦਾ ਸਾਂ । ਪੀਰ ਬਖਸ਼ ਦੀ ਹੱਟੀ ਜਿਹੜੀ ਅਸਾਡੇ ਪਿੰਡ ਤੋਂ ਅੱਧੇ ਕੁ ਮੀਲ ਦੀ ਦੂਰੀ ਉੱਤੇ ਸੀ, ਮੈਂ ਦੁਪਹਿਰ ਵੇਲ਼ੇ ਕੁੱਝ ਘਰ ਵਾਲਿਆਂ ਦਾ ਸੌਦਾ ਲੈਣ ਗਿਆ ਸਾਂ। ਉੱਥੇ ਕੋਈ ਓਪਰਾ ਬੰਦਾ ਪਹਿਲੇ ਈ ਸੌਦਾ ਲੈ ਰਿਹਾ ਸੀ । ਉਹ ਸੌਦਾ ਲੈ ਕੇ ਚਲਾ ਗਿਆ। ਉੱਥੇ ਹੱਟੀਓਂ ਬਾਹਰ ਦੋ ਰੁਪਏ ਡਿੱਗੇ ਹੋਏ ਸਨ। ਪਰਤਣ ਵੇਲੇ ਮੈਂ ਚੁੱਕ ਲਏ। ਅੱਲਾਹ ਜਾਣੇ ਇਹ ਰੁਪਏ ਕਿਸ ਦੇ ਸਨ।
ਉਸ ਵੇਲ਼ੇ ਦੋ ਰੁਪਏ ਮਮੂਲੀ ਹੈਸੀਅਤ ਦੇ ਨਹੀਂ ਸੀ ਹੁੰਦੇ। ਉਦੋਂ ਦੋ ਰੁਪਏ ਵਿੱਚ ਸੇਰ ਦੇਸੀ ਘਿਉ ਮਿਲ਼ਦਾ ਸੀ ਤੇ ਦੋ ਰੁਪਏ ਦੀ ਈ ਕੁੱਕੜੀ ਮਿਲਦੀ ਸੀ। ਮੈਂ ਉਹ ਦੋ ਰੁਪਏ ਚੁੱਕੇ ਤੇ ਆ ਗਿਆ । ਹੱਟੀ ਤੋਂ ਪੰਜ ਸੱਤ ਪੈਲੀਆਂ ਦੀ ਦੂਰੀ ਤੇ ਆਇਆ ਸਾਂ ਕਿ ਪਿੱਛੋਂ ਕਿਸੇ ਅਵਾਜ਼ ਮਾਰੀ, “ਓਏ ਠਹਿਰ ਜਾ ਕਾਕਾ!"
ਮੈਨੂੰ ਝੱਟ ਖੜਕ ਗਈ ਕਿ ਰੁਪਈਆਂ ਦਾ ਮਾਲਕ ਹੋਣਾ ਏਂ। ਉਸ ਵੇਲੇ ਮੇਰੇ ਮਨ ਮੈਨੂੰ ਬੁਰਾ ਆਖਿਆ ਕਿ ਮੈਂ ਕਾਹਨੂੰ ਦੋ ਰੁਪਏ ਚੁੱਕੇ । ਹੁਣ ਤੇ ਚੋਰ ਬਣ ਗਿਆ ਏਂ, ਪਰ ਮੈਂ ਚੋਰ ਬਣਨਾ ਨਹੀਂ ਸਾਂ ਚਾਹਦਾ । ਕਾਹਲੀ ਕਾਹਲੀ ਟੁਰਦਿਆਂ ਹੋਇਆਂ ਅੱਖ ਬਚਾ ਕੇ ਫੁਰਤੀ ਨਾਲ ਦੋਵੇਂ ਰੁਪਏ ਇੱਕ ਝਾੜੀ ਵਿੱਚ ਸੁੱਟ ਦਿੱਤੇ। ਉਸ ਓਪਰੇ ਗੱਭਰੂ ਆ ਕੇ ਮੇਰੀ ਤਲਾਸ਼ੀ ਲਈ। ਰੁਪਈਆਂ ਬਾਰੇ ਪੁੱਛਿਆ, ਪਰ ਮੈਂ ਤੇ ਮੁੱਕਰ ਗਿਆ ਸਾਂ ।
ਉਹਦਾ ਕਹਿਣਾ ਸੀ ਕਿ ਹੱਟੀ ਵਾਲਾ ਆਖਦਾ ਏ, ਮੇਰੇ ਬਾਅਦ ਤੂੰ ਈ ਹੱਟੀ ਤੋਂ ਗਿਆ ਏਂ, ਕੋਈ ਹੋਰ ਨਹੀਂ। ਮੇਰੇ ਪੈਸੇ ਤੇਰੇ ਕੋਲ ਨੇਂ । ਮੈਂ ਇਨਕਾਰ ਕਰ ਲਿਆ ਸੀ, ਹੁਣ ਕੋਈ ਇਕਰਾਰ ਨਹੀਂ ਸੀ ਕਰਵਾ ਸਕਦਾ, ਭਾਵੇਂ ਕੁੱਝ ਵੀ ਹੋਵੇ। ਉਸ ਮਾਰਿਆ ਕੁੱਟਿਆ ਪਰ ਮੈਂ ਚੋਰ ਨਹੀਂ ਸਾਂ ਬਣਨਾ ਚਾਹਦਾ। ਏਸੇ ਲਈ ਜਦ ਆੜ੍ਹਤੀ ਕਥਿਤ ਬਾਰੇ ਪੁੱਛਿਆ ਤਾਂ ਸਾਫ ਆਖਿਆ, "ਹਾਂ ਜੀ ਚੌਧਰੀ ਸਾਹਿਬ, ਮੈਂ ਕਬਿਤ ਜੋੜਿਆ ਏ ਤੇ ਗਾਡੀਆਂ ਨੂੰ ਸੁਣਾਇਆ ਵੀ ਏ।"
"ਅੱਛਾ ਜਮਾਲ ਦਿਆ ਮੁੰਡਿਆ, ਜ਼ਰਾ ਉਹ ਕਬਿਤ ਅਸਾਨੂੰ ਵੀ ਸੁਣਾ”, ਆੜ੍ਹਤੀ
ਆਖਿਆ, "ਵੇਖੀਏ ਤੇ ਸਹੀ ਤੇਰੇ ਵਿੱਚ ਕਿੰਨੀ ਕੁ ਜਾਨ ਏਂ।" ਇੱਕ ਵਾਰੀ ਫੇਰ ਮੇਰੇ ਅੰਦਰ ਖ਼ੌਫ ਦੀ ਲਹਿਰ ਉੱਭਰੀ ਤੇ ਬਹਿ ਗਈ।
ਬਹੁਤ ਸਾਰੇ ਲੋਕਾਂ ਸਾਹਮਣੇ ਬੇਇੱਜ਼ਤੀ ਦਾ ਡਰ ਵੱਖਰਾ । ਤੀਲਿਆਂ ਕਾਨਿਆਂ ਦਾ ਬਣਿਆ ਹੋਇਆ ਢਾਰਾ, ਹੇਠ ਕੁਰਬਲ ਕੁਰਬਲ ਕਰਦੇ ਲੋਕ। ਵੱਡੇ ਮੰਜੇ ਉੱਤੇ ਆੜ੍ਹਤੀ ਬਾਦਸ਼ਾਹ ਵਾਂਗ ਬੈਠਾ ਹੋਇਆ ਸੀ ਤੇ ਮੋਟੀਆਂ ਮੋਟੀਆਂ ਅੱਖਾਂ ਮੇਰੇ ਉੱਤੇ ਖੁੱਭੀਆਂ ਹੋਈਆਂ ਸਨ।
ਮੈਂ ਹੌਂਸਲਾ ਕੀਤਾ, ਜਿਵੇਂ ਬੁਝਣ ਉੱਤੇ ਆਇਆ ਦੀਵਾ ਆਖ਼ਰੀ ਵਾਰ ਲੋਅ ਉੱਚੀ ਕਰਦਾ ਏ, ਯਾ ਜਿਵੇਂ ਮਰਨ ਤੋਂ ਪਹਿਲਾਂ ਬੰਦੇ ਨੂੰ ਹਰ ਬੀਮਾਰੀ ਛੱਡ ਜਾਂਦੀ ਏ, ਉਹ ਆਪਣੇ ਆਪ ਨੂੰ ਚੰਗਾ ਭਲਾ ਸਮਝ ਲੈਂਦਾ ਏ। ਮੈਂ ਹਿੰਮਤ ਕਰਕੇ ਲਾਹਨਤਾਂ ਵਾਲਾ ਪੂਰਾ ਕਬਿਤ ਸੁਣਾ ਦਿੱਤਾ। ਕਈ ਲੋਕਾਂ ਦੇ ਮੂੰਹੋਂ ਹੌਲੀ ਵਾਹ ਵਾਹ ਨਿੱਕਲਿਆ ਤੇ ਕਈਆਂ ਲੋਕਾਂ ਤਾਂ ਆਪਣੇ ਸਾਹ ਘੁੱਟ ਲਏ ਸਨ ਕਿ ਹੁਣੇ ਕੁੱਝ ਹੋਇਆ ਕਿ ਹੋਇਆ। ਕਬਿਤ ਸੁਣ ਕੇ ਆੜ੍ਹਤੀ ਇੱਕ ਪਲ ਗੁੱਸੇ ਨਾਲ ਕੰਬਿਆ, ਪਰ ਚੁੱਪ ਕਰਕੇ ਕੁੱਝ ਸੋਚਿਆ ਤੇ ਫੇਰ ਮੁਸਕਰਾ ਕੇ ਆਖਿਆ, "ਸ਼ਾਬਾਸ਼ ਓਏ ਜਮਾਲ ਦਿਆ ਮੁੰਡਿਆ ! ਬੜੀ ਜੁਰਅਤ ਏ ਬਈ ਤੇਰੇ ਵਿੱਚ ਹੋਰ ਕੋਈ ਹੁੰਦਾ ਤੇ ਨੱਸ ਜਾਂਦਾ ਯਾ ਮੇਰੇ ਪੈਰ ਫੜ ਲੈਂਦਾ, ਮੁਆਫੀ ਮੰਗਦਾ ਤੇ ਅੱਗੇ ਤੋਂ ਜੋੜ ਜੋੜਨੇ ਛੱਡ ਦਿੰਦਾ । ਪਰ ਤੂੰ ਤੇ ਕਮਾਲ ਕਰ ਦਿੱਤਾ ਏ। ਮੇਰੇ ਮੂੰਹ ਉੱਤੇ ਮੇਰੇ ਖਿਲਾਫ ਹਿੰਮਤ ਨਾਲ ਕਬਿਤ ਸੁਣਾਇਆ ਏ। ਬਈ ਬਹੁਤ ਵੱਧ ਏ ਤੇਰਾ ਹੌਂਸਲਾ।"
ਆੜ੍ਹਤੀ ਦੇ ਰਵੱਈਏ ਉੱਤੇ ਮੈਨੂੰ ਵੀ ਬੜੀ ਹੈਰਤ ਹੋਈ। ਲੋਕ ਵੀ ਹੈਰਾਨ ਸਨ। ਖਿਆਲ ਆਇਆ ਕਿ ਕੋਈ ਚਾਲ ਨਾ ਹੋਵੇ, ਪਰ ਇਹਦੇ ਵਿੱਚ ਚਾਲ ਵਾਲੀ ਕਿਹੜੀ ਗੱਲ ਸੀ ਸਾਰੇ ਲੋਕਾਂ ਸਾਹਮਣੇ ਸ਼ਾਬਾਸ਼ੀ ਮਿਲੀ ਏ। ਕੁੱਝ ਦੇਰ ਮਗਰੋਂ ਮੈਂ ਆਖਿਆ, "ਚੌਧਰੀ ਸਾਹਿਬ, ਮੈਂ ਜੋ ਸੱਚ ਸਮਝਿਆ ਸੋ ਕਹਿ ਦਿੱਤਾ। ਅਸਾਂ ਗਾਡੀਆਂ ਨਾਲ ਹੁੰਦਾ ਵੀ ਬਹੁਤ ਭੈੜਾ ਵਰਤਾਰਾ ਏ। ਅਸਾਂ ਪਤਾ ਨਹੀਂ ਕਿਹੜੀ ਕਿਹੜੀ ਮੁਸੀਬਤ ਤੇ ਔਕੜ ਝਾਲ ਕੇ ਏਥੇ ਅੱਪੜਦੇ ਹਾਂ । ਤੁਸਾਂ ਦੀ ਮਿਹਰਬਾਨੀ ਜੋ ਗੁੱਸਾ ਨਹੀਂ ਕੀਤਾ।” ਆੜ੍ਹਤੀ ਬੜੇ ਪਿਆਰ ਨਾਲ ਮੈਨੂੰ ਆਪਣੇ ਮੰਜੇ ਉੱਤੇ ਬਿਠਾਇਆ। ਦੂਜੇ ਲੋਕਾਂ ਨੂੰ ਹੁਕਮ ਦਿੱਤਾ ਕਿ ਸਭ ਜਾਓ। ਸਾਰੇ ਲੋਕ ਇੱਕ ਮਿੰਟ ਤੋਂ ਪਹਿਲੇ ਪਹਿਲੇ ਖਿੱਲਰ ਗਏ। ਲੋਕਾਂ ਦੇ ਚਲੇ ਜਾਵਣ ਮਗਰੋਂ ਆੜ੍ਹਤੀ ਨੇ ਆਖਿਆ, "ਜਮਾਲ ਦਿਆ ਮੁੰਡਿਆ, ਗੁੱਸਾ ਤੇ ਮੈਨੂੰ ਆਇਆ ਸੀ ਪਰ ਤੇਰੀ ਸੱਚਾਈ ਤੇ ਸਾਦਗੀ ਨੂੰ ਵੇਖ ਕੇ ਕੁੱਝ ਕਹਿਣ ਨੂੰ ਜੀ ਨਹੀਂ ਕੀਤਾ। ਤੇਰਾ ਕਬਿਤ ਲੋਕਾਂ ਨੂੰ ਪਸੰਦ ਵੀ ਬਹੁਤ ਆਇਆ ਏ। ਗੱਲ ਤਾਂ ਜਿਹੜੀ ਹੋਣੀ ਸੀ। ਉਹ ਤਾਂ ਹੋ ਗਈ, ਹੁਣ ਗੁੱਸਾ ਕੀਤਿਆਂ ਕੀ ਹੋਣਾ ਸੀ।"
"ਬੜੀ ਮਿਹਰਬਾਨੀ ਜੀ", ਮੈਂ ਅਹਿਸਾਨਮੰਦ ਹੋ ਕੇ ਆਖਿਆ।
ਆੜ੍ਹਤੀ ਮੇਰੀ ਕੰਡ ਉੱਤੇ ਥਾਪੀ ਮਾਰ ਕੇ ਆਖਿਆ, “ਪੁੱਤਰਾ ਤੇਰੀ ਹਿੰਮਤ ਤੇ ਹੌਂਸਲਾ ਵੇਖ ਕੇ ਮੈਨੂੰ ਕਾਵੜ ਨਹੀਂ ਹੋਈ, ਪਰ ਇੱਕ ਗੱਲ ਦੀ ਤੈਨੂੰ ਉੱਕਾ ਸਮਝ ਨਹੀਂ ਆਈ।”
"ਉਹ ਕਿਹੜੀ ਜੀ ?"
ਆੜ੍ਹਤੀ ਆਖਿਆ, "ਇਹ ਪੂਰਾ ਮੁਲਕ ਈ ਆੜ੍ਹਤੀਆਂ ਦਾ ਏ - ਕੋਈ ਵੱਡਾ ਆੜ੍ਹਤੀ, ਕੋਈ ਛੋਟਾ ਆੜ੍ਹਤੀ। ਇਹਨਾਂ ਆੜ੍ਹਤੀਆਂ ਦੇ ਖਿਲਾਫ਼ ਸੱਚੇ ਲੋਕ ਈ ਬੋਲਦੇ ਨੇ ਤੇ ਤਕਲੀਫ਼ਾਂ ਔਕੜਾਂ ਸਹਿੰਦੇ ਨੇ। ਤੂੰ ਚੰਗਾ ਕੀਤਾ ਏ ਜੋ ਇਹ ਰਵੱਈਆ ਨਾਪਸੰਦ ਕੀਤਾ ਏ। ਪੂਰੀ ਕੌਮ ਦਾ ਇਹ ਧਾੜਵੀ ਰਵੱਈਆ ਬਣਿਆ ਹੋਇਆ ਏ। ਇੱਕ ਦੂਜੇ ਨੂੰ ਲੁੱਟਣਾ, ਜ਼ਲੀਲ ਕਰਨਾ ਤੇ ਹੀਣਾ ਰੱਖਣਾ। ਏਸੇ ਲਈ ਅਸਾਡੀ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ। ਹੋ ਸਕਦਾ ਏ ਕੱਲ੍ਹ ਨੂੰ ਕੋਈ ਖਰਾ ਤੇ ਸੱਚਾ ਬੰਦਾ ਆ ਜਾਵੇ ਤੇ ਮੁਲਕ ਦਾ ਕੋਈ ਭਲਾ ਕਰ ਜਾਵੇ, ਨਹੀਂ ਤਾਂ ਅੰਨ੍ਹੇਰਾ ਈ ਅੰਨ੍ਹੇਰਾ ਏ।"
ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਆੜ੍ਹਤੀ ਦੀਆਂ ਗੱਲਾਂ ਦੀ । ਬਸ ਬਿਟ ਬਿਟ ਉਹਦੇ ਮੂੰਹ ਵੱਲ ਵੇਖੀ ਜਾ ਰਿਹਾ ਸਾਂ ।
ਉਸ ਫੇਰ ਆਖਿਆ, "ਤੂੰ ਵੇਖਿਆ ਹੋਣਾ ਏਂ ਕਿ ਮੇਰੇ ਗੁੱਸਾ ਨਾ ਕਰਨ ਉੱਤੇ ਤਮਾਸ਼ਾ ਵੇਖਣ ਵਾਲੇ ਲੋਕ ਵੀ ਹੈਰਾਨ ਸਨ । ਮੈਂ ਤੇ ਮਮੂਲੀ ਜਿਹੀ ਗੱਲ ਵੀ ਨਹੀਂ ਜਰਨ ਵਾਲਾ। ਇਹ ਤਬਦੀਲੀ ਕਿੰਜ ਹੋਈ ?" ਆੜ੍ਹਤੀ ਦੱਸਿਆ, "ਜਮਾਲ ਦਿਆ ਮੁੰਡਿਆ! ਕਾਰੋਬਾਰ ਵਿੱਚ ਸਖਤੀ ਕਰਨੀ ਪੈਂਦੀ ਏ। ਗਾਡੀ ਲੋਕ ਨਰਮ ਗੱਲ ਨਾਲ ਡੰਗਰਾਂ ਵਾਂਗ ਭੂਤਰ ਵੀ ਸਕਦੇ ਨੇ। ਜੇ ਮੈਂ ਨਰਮੀ ਵਰਤਾਂ ਤਾਂ ਤੁਹਾਡੇ ਲੋਕਾਂ ਨੂੰ ਸ਼ਹਿਰ ਵਿੱਚ ਹਰ ਗਾਹਕ ਲੁੱਟ ਲਵੇ । ਤੁਹਾਥੋਂ ਮਾਲ ਵੀ ਲੈਣ ਤੇ ਪੈਸਾ ਵੀ ਕੋਈ ਨਾ ਦੇਵਣ। ਏਸੇ ਗੱਲ ਦੀ ਮੈਂ ਦਲਾਲੀ ਲੈਨਾਂ ਆਂ ਕਿ ਕੋਈ ਕਿਸੇ ਦਾ ਹੱਕ ਨਾ ਖਾਵੇ। ਇਹ ਈ ਮੇਰੀ ਜ਼ਮਾਨਤ ਏ।"
ਆੜ੍ਹਤੀ ਦੀਆਂ ਗੱਲਾਂ ਮੈਂ ਚੁੱਪ ਕਰਕੇ ਸੁਣਦਾ ਰਿਹਾ, ਪਰ ਮੇਰੇ ਮਨ ਵਿੱਚ ਆੜ੍ਹਤੀ ਦੀ ਇੱਜ਼ਤ ਨਹੀਂ ਸੀ ਵਧ ਰਹੀ, ਨਾ ਈ ਉਹਦੀਆਂ ਗੱਲਾਂ ਵਿੱਚ ਮੈਨੂੰ ਕੋਈ ਸੱਚਾਈ ਜਾਪਦੀ ਸੀ, ਪਰ ਉਹ ਪੂਰੇ ਯਕੀਨ ਨਾਲ ਗੱਲਾਂ ਕਰਦਾ ਰਿਹਾ। ਆਖ਼ਰ ਵਿੱਚ ਉਸ ਫੇਰ ਮੇਰੀ ਤਾਰੀਫ਼ ਕੀਤੀ ਤੇ ਆਖਿਆ, "ਅਗਲੀ ਵਾਰ ਤੈਨੂੰ ਇੱਕ ਅਜਿਹੇ ਖਰੇ ਤੇ ਸੱਚੇ ਬੰਦੇ ਨਾਲ ਮਿਲਾਵਾਂਗਾ ਜਿਸ ਹਰ ਦੌਰ ਤੇ ਹਰ ਜ਼ਾਲਮ ਸਾਹਮਣੇ ਸੱਚ ਬੋਲਿਆ ਏ”, ਆੜ੍ਹਤੀ ਹੱਸ ਕੇ ਆਖਿਆ, "ਉਸ ਵੱਡੇ-ਵੱਡੇ ਆੜ੍ਹਤੀਆਂ ਦੇ ਖਿਲਾਫ਼ ਕਬਿਤ ਜੋੜੇ ਨੇ । ਉਹਨੂੰ ਮਿਲ ਕੇ ਤੂੰ ਬਹੁਤ ਰਾਜ਼ੀ ਹੋਵੇਂਗਾ। ਉਹ ਮੇਰਾ ਵਾਕਫ਼ ਏ ਤੇ ਜਾਣੂ ਏ। ਹੋ ਸਕਦਾ ਏ ਤੈਨੂੰ ਵੀ ਕੋਈ ਕੰਮ ਦਵਾ ਦੇਵੇ ਤਾਂ ਤੇਰੀ ਹਯਾਤੀ ਦੇ ਦਿਨ ਵੀ ਅਰਾਮ ਨਾਲ ਲੰਘ ਜਾਸਨ ।"
"ਕਿਹੜਾ ਕੰਮ ਚੌਧਰੀ ਜੀ", ਮੈਂ ਆਖਿਆ, "ਭਲਾਂ ਮੈਨੂੰ ਕਿਹੜਾ ਕੰਮ ਆਂਵਦਾ ਏ?"
ਆੜ੍ਹਤੀ ਮਿੱਠੇ ਸੁਭਾ ਵਿੱਚ ਆਖਿਆ,"ਅੱਜਕੱਲ੍ਹ ਫਿਲਮਾਂ ਦੇ ਗੀਤ ਲਿਖਣਾ ਬਹੁਤ ਪੈਸੇ ਤੇ ਨਾਂ ਵਾਲਾ ਕੰਮ ਏ । ਉਹਦਾ ਫਿਲਮਾਂ ਵਾਲਿਆਂ ਨਾਲ ਕੋਈ ਤੁਅਲਕ ਹੈ । ਤੂੰ ਵੀ ਫਿਲਮਾਂ ਦੇ ਗੀਤ ਲਿਖਿਆ ਕਰੀਂ, ਫੇਰ ਸ਼ਹਿਰ ਵਿੱਚ ਇੱਕ ਕੋਠੀ ਖਰੀਦ ਲਵੀਂ । ਰੱਬ ਦੇ ਘਰ ਵਿੱਚ ਕਾਹਦੀ ਥੋੜ੍ਹ ਹੁੰਦੀ ਏ।"
"ਫਿਲਮਾਂ ਦੇ ਗੀਤ ਤੇ ਮੈਂ! ਸ਼ਹਿਰ ਵਿੱਚ ਕੋਠੀ!" ਮੈਂ ਕੁੱਝ ਦੇਰ ਸੋਚਣ ਲੱਗ ਪਿਆ
ਸਾਂ। ਇਹ ਕੀ ਗੱਲ ਹੋਈ। ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗ ਪਿਆ। ਮੇਰੇ ਅੰਦਰ ਕੋਈ ਹੋਰ ਸੀ, ਮੈਨੂੰ ਹੁੱਜਾਂ ਮਾਰਨ ਲੱਗ ਪਿਆ।
ਮੈਨੂੰ ਚੁੱਪ ਵੇਖ ਕੇ ਆੜ੍ਹਤੀ ਬੋਲਿਆ, "ਘਬਰਾਨਾ ਕਾਹਨੂੰ ਏਂ, ਫਿਲਮੀ ਗੀਤ ਲਿਖਣ ਵਾਲੇ ਵੀ ਬੰਦੇ ਈ ਹੁੰਦੇ ਨੇ। ਤੂੰ ਗੀਤ ਲਿਖ ਲਵੇਂਗਾ। ਤੇਰੇ ਵਿੱਚ ਕੁੱਝ ਹੈ, ਮੈਨੂੰ ਪੱਕਾ ਯਕੀਨ ਏ। ਜੇ ਤੇਰੀ ਸ਼ਾਇਰੀ ਵਿੱਚ ਕੋਈ ਕਮਜ਼ੋਰੀ ਹੋਈ ਵੀ ਤੇ ਉਹ ਬੰਦਾ ਦੂਰ ਕਰ ਦੇਵੇਗਾ। ਚੰਗਾ ਬੰਦਾ ਏ, ਤੂੰ ਫਿਕਰ ਨਾ ਕਰ । ਜਾ ਹੁਣ ਤੂੰ। ਅਗਲੀ ਵਾਰ ਮੇਰੇ ਨਾਲ ਚੱਲੀਂ।"
ਹਾਰੂੰ ਤੇ ਚਾਚਾ ਅੱਲਾ ਦਿੱਤਾ ਵੀ ਫਿਲਮਾਂ ਦੀਆਂ ਕਹਾਣੀਆਂ ਤੇ ਗੀਤ ਸੁਣਾਇਆ ਕਰਦੇ ਸਨ ਤੇ ਫਿਲਮੀ ਪਰੀਆਂ ਦੇ ਫੋਟੋ ਬੜੇ ਚੰਗੇ ਲੱਗਿਆ ਕਰਦੇ ਸਨ। ਉਸ ਵੇਲੇ ਫੋਟੋ ਬੜੇ ਖੂਬਸੂਰਤ ਤੇ ਸੋਹਣੇ ਲੱਗਿਆ ਕਰਦੇ ਸਨ। ਮਨ ਵਿੱਚ ਰੀਝ ਸੀ ਕਿ ਫੋਟੋਆਂ ਵਾਲੀਆਂ ਨੂੰ ਕੋਲ਼ੋਂ ਵੇਖਣਾ ਚਾਹੀਦਾ ਏ।
ਹੁਣ ਆੜ੍ਹਤੀ ਨੇ ਮੇਰੇ ਸੀਨੇ ਵਿੱਚ ਦੱਬੀ ਹੋਈ ਅੱਗ ਨੂੰ ਹਵਾ ਦੇ ਕੇ ਹੋਰ ਭੜਕਾ ਦਿੱਤਾ ਸੀ। ਮੈਂ ਆਪਣੇ ਆਪ ਨੂੰ ਉਸ ਮਹੌਲ ਤੇ ਦੌਲਤਾਂ ਦੇ ਢੇਰ ਦੇ ਨੇੜੇ ਮਹਿਸੂਸ ਕਰਨ ਲੱਗ ਪਿਆ ਸਾਂ। ਏਸੇ ਖਿਆਲ ਨਾਲ ਈ ਮੇਰੇ ਮੂੰਹ ਉੱਤੇ ਆਪਣੇ ਆਪ ਈ ਰੌਣਕ ਤੇ ਹਾਸਾ ਖਿੱਲਰ ਪੈਂਦਾ ਸੀ।
ਬਾਲਪੁਣੇ ਦਾ ਇੱਕ ਹੋਰ ਵਾਕਿਆ ਯਾਦ ਆ ਗਿਆ, ਜਦੋਂ ਅਜੇ ਮੈਂ ਸਕੂਲੇ ਨਹੀਂ ਸਾਂ ਪਿਆ। ਪਿਉ ਵਾਹੀ ਬੀਜੀ ਕਰਦਾ ਸੀ । ਛੋਲੇ ਬੀਜੇ ਹੋਏ ਸਨ। ਹਾਣੀਆਂ ਨਾਲ ਰਲ ਕੇ ਬਾਹਰ ਪੈਲੀਆਂ ਵੱਲ ਚਲੇ ਗਏ । ਹੋਲ਼ਾਂ ਭੁੰਨਣ ਦਾ ਚਾਅ ਚੜ੍ਹਿਆ । ਦਿਲ ਵੀ ਬਹੁਤ ਕਰਦਾ ਸੀ। ਪਿਉ ਦੀ ਵਾਹੀ ਬੀਜੀ ਵਿੱਚੋਂ ਛੋਲੇ ਪੁੱਟ ਲਏ । ਹਾਣੀਆਂ ਰਲ ਕੇ ਆਸੇ ਪਾਸਿਓਂ ਕੱਖ ਕੰਡਾ ਇਕੱਠਾ ਕੀਤਾ। ਅੱਗ ਬਾਲ ਕੇ ਹੋਲ਼ਾਂ ਭੁੰਨ ਲਈਆਂ ਤੇ ਉੱਥੇ ਈ ਬਹਿ ਕੇ ਚੱਬਣ ਲੱਗ ਪਏ । ਬੜੀਆਂ ਈ ਸਵਾਦੀ ਤੇ ਮਜ਼ੇਦਾਰ ਹੋਲਾਂ ਸਨ । ਪਰ ਅਜੇ ਇੱਕ ਇੱਕ ਫੱਕਾ ਈ ਮਾਰਿਆ ਹੋਸੀ ਕਿ ਜ਼ਿਮੀਦਾਰ ਦਾ ਮੁਨਸ਼ੀ ਆ ਗਿਆ । ਮੁਨਸ਼ੀ ਨੂੰ ਵੇਖ ਕੇ ਹਾਣੀ ਸਾਰੇ ਭੱਜ ਗਏ। ਮੇਰੇ ਤਾਂ ਪਿਉ ਦੇ ਛੋਲੇ ਸਨ, ਮੈਂ ਕਿਉਂ ਨੱਸਾਂ। ਮੈਂ ਨਾ ਨੱਸਿਆ, ਉੱਥੇ ਈ ਖਲੋਤਾ ਰਿਹਾ।
“ਮੁਨਸ਼ੀ ਆਂਵਦੇ ਈ ਮੇਰੇ ਕੰਨ ਪੁੱਟੇ ਤੇ ਧੌਣ ਵਿੱਚ ਇੱਕ ਮੁੱਕਾ ਮਾਰ ਕੇ ਆਖਿਆ, "ਓਏ ਛੋਲੇ ਕਿਉਂ ਪੁੱਟੇ ਨੀ ? ਕਿਦੇ ਕੋਲੋਂ ਪੁੱਛਿਆ ਸੀ ?"
ਮੇਰੇ ਲਈ ਅਜੀਬ ਗੱਲ ਸੀ ਕਿ ਪਿਉ ਦੇ ਬੀਜੇ ਹੋਏ ਛੋਲੇ ਪੁੱਟਣ ਲਈ ਕੀਹਨੂੰ ਪੁੱਛਣਾ ਸੀ। ਮੈਂ ਰੋਂਦੇ ਹੋਏ ਆਖਿਆ, "ਮੇਰੇ ਪਿਉ ਦੇ ਛੋਲੇ ਸਨ, ਪੁੱਟ ਲਏ, ਤੈਨੂੰ ਕੀ ?”
"ਓਏ, ਪਿਉ ਦੇ ਛੋਲੇ ਸਨ", ਮੁਨਸ਼ੀ ਦਾਬਾ ਮਾਰਿਆ। "ਭੋਏਂ ਤੇਰੇ ਪਿਉ ਦੀ ਏ ? ਚੱਲ ਦੌੜ ਏਥੋਂ, ਆਇਆ ਵੱਡਾ ਪਿਉ ਦੀ ਵਾਹੀ ਵਾਲਾ ।" ਮੇਰੀ ਸਮਝ ਵਿੱਚ ਗੱਲ ਨਾ ਆਵੇ ਕਿ ਇਹ ਕੀ ਆਖਦਾ ਏ। ਮੈਨੂੰ ਆਖਦਾ ਏ ਏਥੋਂ ਦੌੜ ਤੇ ਆਪ ਬਹਿ ਕੇ ਹੋਲਾਂ ਚੱਬਣ ਲੱਗ ਪਿਆ।
ਮੈਨੂੰ ਖਲੋਤੇ ਨੂੰ ਵੇਖ ਕੇ ਉਸ ਫੇਰ ਗੁੱਸੇ ਨਾਲ ਆਖਿਆ, "ਓਏ ਜਾਂਦਾ ਨਹੀਂ। ਅੱਗੋਂ ਜੇ ਤੂੰ ਫੇਰ ਬਿਨਾਂ ਪੁੱਛਿਆ ਛੋਲਿਆਂ ਨੂੰ ਹੱਥ ਵੀ ਲਾਇਆ ਤਾਂ ਮਾਰ ਮਾਰ ਕੇ ਦੂੰਬਾ
ਬਣਾ ਦੇਸਾਂ। ਇਹ ਭੋਏਂ ਜ਼ਿਮੀਦਾਰ ਦੀ ਏ, ਹਾਜੀ ਦੀ। ਸਮਝਿਆ ਏਂ।”
ਮੈਂ ਆਖਿਆ, "ਨਹੀਂ, ਭੋਏਂ ਰੱਬ ਦੀ ਏ । ਤੂੰ ਝੂਠ ਬੋਲਨਾ ਏਂ। ਆਪ ਹੋਲਾਂ ਚੱਬਣ ਦਾ ਮਾਰਾ ਝੂਠ ਬੋਲਦਾ ਏਂ । ਕਾਕੂ ਲੂੰਝਾ !"
ਮੇਰੀ ਏਸ ਗੱਲ ਉੱਤੇ ਉਹ ਮਾਰਨ ਲਈ ਉੱਠਿਆ ਤੇ ਮੈਂ ਢੀਮ ਚੁੱਕ ਕੇ ਉਹਦੇ ਵੱਲ ਮਾਰੀ ਤੇ ਆਪ ਰੋਂਦਾ ਹੋਇਆ ਨੱਸ ਆਇਆ ਸਾਂ। ਭੋਏਂ ਜ਼ਿਮੀਦਾਰ ਦੀ ਏ। ਹਾਜੀ ਦੀ ਏ। ਕਮੀਨਾ ਝੂਠ ਬੋਲਦਾ ਏ। ਮੈਂ ਇਹ ਈ ਦਿਲ ਵਿੱਚ ਲੈ ਕੇ ਨੱਸ ਆਇਆ ਸਾਂ । ਇਹ ਈ ਗੱਲ ਮੈਂ ਪਿਉ ਨੂੰ ਪੁੱਛੀ ਕਿ ਭੋਏਂ ਤੇ ਰੱਬ ਦੀ ਏ । ਸਾਰਾ ਜਹਾਨ ਤੇ ਸਾਰੀ ਜ਼ਮੀਨ ਖ਼ੁਦਾ ਬਣਾਈ ਏ। ਹਾਜੀ ਦੀ ਕਿਵੇਂ ਹੋ ਗਈ ਏ ?
ਪਿਉ ਵੀ ਕੋਈ ਮੇਰੀ ਸਮਝ ਵਿੱਚ ਆਵਣ ਵਾਲਾ ਜਵਾਬ ਨਾ ਦਿੱਤਾ। ਰਾਤ ਨੂੰ ਕਹਾਣੀ ਸੁਣਨ ਵੇਲ਼ੇ ਤਾਏ ਨੂੰ ਪੁੱਛਿਆ ਤੇ ਉਸ ਵੀ ਇਹ ਈ ਆਖਿਆ, "ਗੋਗੀ, ਬਸ ਹੁੰਦੀ ਏ ਹਾਜੀ ਦੀ ਭੋਏਂ। ਬਹੁਤੀ ਨੁਕਤਾਚੀਨੀ ਨਾ ਕਰਿਆ ਕਰ । ਤੂੰ ਬਹੁਤਾ ਪਾਡਾ ਹੁੰਦਾ ਜਾਨਾਂ ਏਂ।"
ਉਸ ਦਿਨ ਤੋਂ ਬਾਅਦ ਫੇਰ ਮੈਂ ਤਾਏ ਕੋਲੋਂ ਕਹਾਣੀ ਸੁਣਨ ਕਦੀ ਨਹੀਂ ਸਾਂ ਗਿਆ। ਮੇਰੇ ਦਿਲ ਵਿੱਚ ਗੰਢ ਬੱਝ ਗਈ ਕਿ ਸਾਰੇ ਝੂਠ ਬੋਲਦੇ ਨੇ। ਮੁਨਸ਼ੀ ਵੀ, ਪਿਉ ਵੀ ਤੇ ਤਾਇਆ ਵੀ।
ਅੱਜ ਫੇਰ ਉਹ ਈ ਗੱਲ ਏ ਆੜ੍ਹਤੀ ਵਾਲੀ ਕਿ ਸਾਰਾ ਮੁਲਕ ਈ ਆੜ੍ਹਤੀਆਂ ਦਾ ਏ। ਸੱਚ ਏ। ਮੈਨੂੰ ਪਹਿਲਾਂ ਸੱਚ ਜਾਪਿਆ। ਅੱਜ ਤੇ ਮੈਨੂੰ ਸਰੂਰ ਚੜ੍ਹਿਆ ਹੋਇਆ ਸੀ। ਮੈਂ ਛੇਤੀ ਤੋਂ ਛੇਤੀ ਦੂਜਾ ਫੇਰਾ ਲੈ ਕੇ ਆਵਣਾ ਚਾਹੁੰਦਾ ਸਾਂ ਪਰ ਮੁਹੰਮਦ ਹੁਸੈਨ ਆਖਦਾ, “ਭਰਾ, ਬੇਗਾਨੀ ਛਾਹ ਲਈ ਮੁੱਛਾਂ ਨਹੀਂ ਮੁੰਨਵਾਈ ਦੀਆਂ। ਉਹ ਨਾ ਹੋਵੇ ਕਿ ਮੁੱਛ ਵੀ ਰਹਵੇ ਤੇ ਛਾਹ ਵੀ ਨਾ ਮਿਲੇ । ਨੀਵੀਂ ਪਾ ਕੇ ਆਪਣੀ ਚਾਲ ਈ ਚੰਗੀ ਆ। ਹੰਸ ਬਣਦਿਆਂ ਬਣਦਿਆਂ ਕਿਧਰੇ ਢੋਡਰ ਕਾਂ ਈ ਨਾ ਬਣ ਜਾਵੇਂ।"
ਪਰ ਉਸ ਵੇਲ਼ੇ ਭਰਾ ਦੀ ਗੱਲ ਮੈਨੂੰ ਚੰਗੀ ਨਹੀਂ ਸੀ ਲੱਗੀ। ਦੂਜੇ ਫੇਰੇ ਲਈ ਫੁਰਤੀਆਂ ਤੇ ਤੇਜ਼ੀਆਂ ਵਿਖਾਈਆਂ। ਪਿਉ ਹੈਰਾਨ ਸੀ, ਏਨੀ ਕਾਹਲਪੁਣੇ ਉੱਤੇ, ਤੇ ਦੂਜੇ ਈ ਦਿਨ ਲਹੌਰ ਨੂੰ ਫੇਰ ਤਿਆਰੀ!
ਸ਼ਹਿਰ ਅੱਪੜ ਕੇ ਮੈਂ ਆੜ੍ਹਤੀ ਦੀ ਟੋਹ ਵਿੱਚ ਸਾਂ ਕਿ ਖੌਰੇ ਮੁੱਕਰ ਈ ਨਾ ਜਾਵੇ। ਰਾਵੀ ਰੋਡ ਦੇ ਗੰਦੇ ਨਾਲੇ ਉੱਤੇ ਆੜ੍ਹਤ ਸੀ। ਏਥੇ ਕਦੇ ਦਰਿਆ ਰਾਵੀ ਵਗਦਾ ਹੁੰਦਾ ਸੀ ਤੇ ਹੁਣ ਏਥੇ ਆੜ੍ਹਤ ਲਈ ਸੱਜੇ ਖੱਬੇ ਪੈਲੀਆਂ ਵਿੱਚ ਗੋਭੀ ਤੇ ਹੋਰ ਕਈ ਕਿਸਮ ਦੀਆਂ ਸਬਜ਼ੀਆਂ ਬੀਜੀਆਂ ਹੋਈਆਂ ਸਨ । ਬਾਕੀ ਤੋੜ ਮਾਲੀਪੁਰੇ ਤੀਕਰ ਉਜਾੜਾ ਸੀ। ਆਪਣੇ ਆਪ ਆੜ੍ਹਤੀ ਨੂੰ ਨਹੀਂ ਸਾਂ ਆਖਣਾ ਚਾਂਹਦਾ ਕਿ ਚੱਲੋ ਬਈ ਚੱਲੀਏ ਫਿਲਮਾਂ ਵਾਲੇ ਬੰਦੇ ਕੋਲ।
ਉਸ ਦਿਨ ਪੇਸ਼ੀ ਵੇਲ਼ੇ ਚੌਧਰੀ ਮੈਨੂੰ ਲੈ ਕੇ ਟਕਸਾਲੀ ਦੇ ਬਾਹਰ ਇੱਕ ਮਸੀਤ ਹੇਠਾਂ ਲਾਲ ਦਰਵਾਜੇ ਸਾਹਮਣੇ ਲੈ ਆਇਆ। ਏਥੋਂ ਅੱਗੇ ਹੀਰਾ ਮੰਡੀ ਸ਼ੁਰੂ ਹੁੰਦੀ ਸੀ। ਲਾਲ ਦਰਵਾਜ਼ੇ ਦੇ ਨਾਲ ਦੇ ਹੁਜਰੇ ਵਿੱਚ ਹਸਨ ਖੁਰਿਆਂ ਵਾਲਾ ਹੁੰਦਾ ਸੀ । ਪਹਿਲੇ ਵੀ ਕਈ ਵਾਰ
ਏਥੇ ਆਇਆ ਸਾਂ ਪਰ ਲਾਲ ਬੂਹੇ ਵਾਲੇ ਹੁਜਰੇ ਅੰਦਰ ਕਦੀ ਝਾਤ ਨਹੀਂ ਸੀ ਪਾਈ ਤੇ ਨਾ ਈ ਕਦੇ ਲਾਲ ਬੂਹੇ ਵਾਲੇ ਹੁਜਰੇ ਬਾਰੇ ਸੋਚਿਆ ਈ ਸੀ ਕਿ ਏਥੇ ਕੌਣ ਰਹਿੰਦਾ ਏ ਤੇ ਕੀ ਕਰਦਾ ਏ।
ਚੌਧਰੀ ਆੜ੍ਹਤੀ ਨੇ ਲਾਲ ਬੂਹੇ ਦੀ ਕੁੰਡੀ ਖੜਕਾਈ ਤਾਂ ਅੰਦਰੋਂ ਭਾਰੀ ਅਵਾਜ਼ ਆਈ, “ਬੂਹਾ ਖੁੱਲ੍ਹਾ ਏ, ਲੰਘ ਆਓ।" ਸੜਕ ਉੱਤੇ ਬੂਹਾ ਖੁੱਲ੍ਹਦਾ ਸੀ ਤੇ ਖੁੱਲ੍ਹਾ ਈ ਰਹਿੰਦਾ ਜਾਪਦਾ ਸੀ। ਅਸੀਂ ਦੋਵੇਂ ਹੁਜਰੇ ਦੇ ਅੰਦਰ ਗਏ। ਵੇਖਿਆ, ਸਾਹਮਣੇ ਇੱਕ ਪਹਿਲਵਾਨ ਬੈਠਾ ਹੋਇਆ ਸੀ। ਤਿੰਨ ਚਾਰ ਬੰਦੇ ਹੋਰ ਵੀ ਬੈਠੇ ਹੋਏ ਸਨ । ਅਸਾਂ ਵੀ ਪਹਿਲਵਾਨ ਦੇ ਇਸ਼ਾਰੇ ਨਾਲ ਬੈਠ ਗਏ। ਘੋਨ ਮਘੋਨੇ ਤੇ ਰੋਡ ਮਰੋਡੇ ਪਹਿਲਵਾਨ ਦੇ ਸੱਜੇ ਖੱਬੇ ਤੇ ਸਾਰੇ ਹੁਜਰੇ ਵਿੱਚ ਕਿਤਾਬਾਂ ਹੀ ਕਿਤਾਬਾਂ ਸਨ । ਪੰਜਾਹ ਇਕਵੰਜਾ ਸਾਲ ਦਾ ਪਹਿਲਵਾਨ, ਅਜੇ ਕਾਠੀ ਮਜ਼ਬੂਤ ਤੇ ਸਾਫ਼ ਰੰਗ ਦਾ ਸੀ, ਭਾਰੀ ਜੁੱਸਾ ਤੇ ਨੈਣ ਨਕਸ਼ ਵੀ ਭਾਰੇ ਸਨ। ਮੇਰੇ ਖਿਆਲ ਵਿੱਚ ਪਹਿਲਵਾਨ ਪੁਰਾਣੀਆਂ ਕਿਤਾਬਾਂ ਤੇ ਰੱਦੀ ਦਾ ਕੰਮ ਕਰ ਹੋਸੀ। ਬੁੱਢਾ ਹੋ ਕੇ ਪਹਿਲਵਾਨ ਇਹ ਕੁੱਝ ਈ ਕਰਦਾ ਏ ਯਾ ਕੁੱਕੜ ਬਟੇਰੇ ਲੜਾਂਵਦਾ ਏ।
ਅਸਾਂ ਬੈਠ ਗਏ ਤਾਂ ਪਹਿਲਵਾਨ ਪੁੱਛਿਆ, "ਆਓ ਚੌਧਰੀ ਸਾਹਿਬ, ਕਿੱਧਰ ਆਵਣਾ ਹੋਇਆ। ਇਹ ਮੁੰਡਾ ਕੌਣ ਏ? ਪਹਿਲੇ ਤਾਂ ਤੁਹਾਡੇ ਨਾਲ ਕਦੇ ਨਹੀਂ ਵੇਖਿਆ।"
ਆੜ੍ਹਤੀ ਬੋਲਿਆ, "ਉਸਤਾਦ ਜੀ, ਇਹ ਖਰਾ ਤੇ ਸੱਚਾ ਮੁੰਡਾ ਏ। ਹਿੰਮਤ ਤੇ ਹੌਂਸਲੇ ਵਾਲਾ । ਮਿਹਰਬਾਨੀ ਕਰੋ ਇਹਨੂੰ ਆਪਣਾ ਸ਼ਾਗਿਰਦ ਬਣਾ ਲਵੋ ਇਹ ਸੱਚ ਬੋਲਦਾ ਏ।"
ਪਹਿਲਵਾਨ ਮੇਰੇ ਵੱਲ ਮੁਸਕਰਾ ਕੇ ਵੇਖਿਆ ਤੇ ਆਖਿਆ, "ਠੀਕ ਏ। ਇਹ ਆਂਵਦਾ ਜਾਂਦਾ ਰਿਹਾ ਤਾਂ ਵੇਖਾਂਗੇ।" ਬਾਕੀ ਦੇ ਬੰਦਿਆਂ ਮੇਰੇ ਵੱਲ ਬੜੇ ਗੌਹ ਤੇ ਹੈਰਾਨੀ ਨਾਲ ਵੇਖਿਆ ਸੀ, ਪਰ ਇਹ ਬੰਦੇ ਪਹਿਲਵਾਨ ਨਹੀਂ ਸਨ ਲੱਗਦੇ। ਸਾਦੇ ਤੇ ਓਪਰੇ ਓਪਰੇ ਜਿਹੇ ਆਮ ਲੋਕਾਂ ਵਾਂਗਰ ਮਲੂਮ ਨਹੀਂ ਸਨ ਹੁੰਦੇ। ਹੋਰ ਕੋਈ ਗੱਲ ਨਹੀਂ ਹੋਈ।
ਆੜ੍ਹਤੀ ਮੈਨੂੰ ਨਾਲ ਲੈ ਕੇ ਆੜ੍ਹਤ ਉੱਤੇ ਆ ਗਿਆ ਤੇ ਆਖਿਆ, "ਲੈ ਜਮਾਲ ਦਿਆ ਮੁੰਡਿਆ! ਰੱਬ ਢੋਹ ਤਾਂ ਚੰਗਾ ਲਾਇਆ ਏ, ਅੱਗੋਂ ਤੇਰੀ ਕਿਸਮਤ।”
ਮੈਨੂੰ ਕੁੱਝ ਸਮਝ ਨਹੀਂ ਸੀ ਆਈ। ਮੈਂ ਤੇ ਪਹਿਲਵਾਨ! ਭਲਾਂ ਮੇਰਾ ਕੀ ਤੁਅੱਲਕ ਪਹਿਲਵਾਨੀ ਨਾਲ ! ਮੈਂ ਆਖਿਆ, "ਚੌਧਰੀ ਜੀ, ਮੈਂ ਤੁਹਾਨੂੰ ਪਹਿਲਵਾਨ ਜਾਪਦਾ ਹਾਂ ?"
"ਕੀ ਮਤਲਬ ?" ਚੌਧਰੀ ਪੁੱਛਿਆ।
“ਤੁਸਾਂ ਮੈਨੂੰ ਸ਼ਾਇਰ ਦੀ ਬਜਾਏ ਪਹਿਲਵਾਨ ਦਾ ਸ਼ਾਗਿਰਦ ਬਨਾਵਣ ਲੈ ਗਏ ਸੌਂ।”
ਮੇਰੀ ਏਸ ਗੱਲ ਉੱਤੇ ਚੌਧਰੀ ਬਹੁਤ ਹੱਸਿਆ ਤੇ ਆਖਿਆ, “ਓਏ ਜਮਾਲ ਦਿਆ ਮੁੰਡਿਆ! ਉਹ ਜੁੱਸੇ ਬਾਣੇ ਪਾਰੋਂ ਪਹਿਲਵਾਨ ਈ ਜਾਪਦਾ ਏ ਪਰ ਉਹ ਬਹੁਤ ਸੱਚਾ ਖਰਾ ਸ਼ਾਇਰ ਤੇ ਦਰਵੇਸ਼ ਏ। ਏਸੇ ਹੁਜਰੇ ਈ ਸ਼ਾਹ ਹੁਸੈਨ ਨੇ ਚਿਲ੍ਹਾ ਕੱਟਿਆ ਸੀ ਤੇ ਇਹ ਦਰਵੇਸ਼ ਹੁਜਰੇ ਦੀ ਲਾਜ ਰੱਖੀ ਬੈਠਾ ਏ ।"
"ਕੌਣ ਸ਼ਾਹ ਹੁਸੈਨ ?" ਮੈਂ ਪੁੱਛਿਆ।
"ਉਹ ਈ ਜੀਹਦਾ ਮੇਲਾ ਲੱਗਦਾ ਏ ਸ਼ਾਲੀਮਾਰ ਬਾਗ਼ ਦਾ!"
"ਉਹ ਤੇ ਮਾਧੋ ਲਾਲ ਹੁਸੈਨ ਦਾ ਮੇਲਾ ਲੱਗਦਾ ਏ । ਦਰਵੇਸ਼ ਲੋਕ ਮਾਧੋ ਲਾਲ ਨੂੰ ਈ ਸਜਦਾ ਕਰਦੇ ਨੇ।”
“ਅੱਛਾ, ਮਾਧੋ ਲਾਲ ਹੁਸੈਨ ਈ ਸ਼ਾਹ ਹੁਸੈਨ ਹੋ ਗਿਆ ਏ ।" ਮੇਰੇ ਲਈ ਇੱਕ ਹੋਰ ਹੈਰਾਨੀ ਵਾਲੀ ਗੱਲ ਸੀ।
ਆੜ੍ਹਤੀ ਆਖਿਆ, “ਉਹ ਦਰਵੇਸ਼ ਜੌਹਰ ਸ਼ਨਾਸ ਏ। ਤੂੰ ਜਾਵੀਂ ਤਾਂ ਸਹੀ, ਖੌਰੇ ਤੇਰੀ ਬਾਂਹ ਫੜ ਲਵੇ । ਤੇਰਾ ਮੱਚ ਮਰ ਈ ਜਾਵੇ ।"
“ਅੱਛਾ ਜੀ, ਮੈਂ ਜਾਵਾਂਗਾ।"
"ਠੀਕ ਏ। ਵੇਖੀਂ, ਅਦਬ ਇਹਤਰਾਮ ਨਾਲ ਗੱਲ ਕਰੀਂ", ਆੜ੍ਹਤੀ ਸਮਝਾਇਆ।
"ਮੈਨੂੰ ਆਸ ਏ ਤੂੰ ਜ਼ਰੂਰ ਕਾਮਿਆਬ ਹੋ ਜਾਸੇਂ। ਤੇਰੇ ਵਿੱਚ ਕੁੱਝ ਹੈ ਵੇ ਜਮਾਲ ਦਿਆ ਮੁੰਡਿਆ। ਘਾਬਰੀਂ ਨਾ ।"
"ਕੀ ਏ ਮੇਰੇ ਵਿੱਚ, ਚੌਧਰੀ ਜੀ, ਮੈਂ ਤੇ ਕਦੀ ਸੋਚਿਆ ਈ ਨਹੀਂ।"
“ਪਤਾ ਨਹੀਂ ਯਾਰ ਕੀ ਏ ਤੇਰੇ ਵਿੱਚ, ਪਰ ਕੁੱਝ ਹੈ ਜ਼ਰੂਰ ਏ । ਅੰਦਰਲਾ ਜੌਹਰ ਤਾਂ ਕੋਈ ਉਸਤਾਦ ਗੁਰੂ ਯਾ ਅੱਖਾਂ ਵਾਲਾ ਈ ਦੱਸ ਸਕਦਾ ਏ । ਤੂੰ ਜਾਏਂਗਾ ਤਾਂ ਹੁਜਰੇ ਵਾਲਾ ਦਰਵੇਸ਼ ਤੈਨੂੰ ਤੇਰਾ ਜੌਹਰ ਵਿਖਾ ਦੇਵੇਗਾ, ਮੈਨੂੰ ਯਕੀਨ ਏਂ।”
“ਠੀਕ ਏ ਚੌਧਰੀ ਜੀ, ਖੌਰੇ ਮੇਰੇ ਵਿੱਚ ਹੋਵੇ ਈ । ਪਰ ਇਹ ਹੁਜਰੇ ਵਾਲਾ ਦਰਵੇਸ਼ ਚਿਲ੍ਹਾ, ਕਿਸ ਚੀਜ਼ ਦਾ ਪਿਆ ਕੱਟਦਾ ਏ।"
"ਅਜ਼ਾਦੀ ਦਾ ਚਿਲ੍ਹਾ ਪਿਆ ਕੱਟਦਾ ਏ। ਲੋਕਾਂ ਨੂੰ ਅਜ਼ਾਦ ਕਰਾਵਣ ਲਈ ਆਪ ਮੁਸੀਬਤਾਂ ਝਾਗੀ ਖਲੋਤਾ ਏ।" ਏਨੀ ਗੱਲ ਆਖ ਕੇ ਚੌਧਰੀ ਆਪਣੇ ਕੰਮਾਂ ਵਿੱਚ ਰੁੱਝ ਗਿਆ। ਪਰ ਮੈਂ ਤਾਂ ਸੋਚਣ ਲੱਗ ਪਿਆ ਸਾਂ । ਹੁਜਰੇ ਵਾਲਾ ਦਰਵੇਸ਼ ਲੋਕਾਂ ਨੂੰ ਜੇਹਲ ਯਾ ਥਾਣੇ ਵਿੱਚੋਂ ਅਜ਼ਾਦ ਕਰਾਂਵਦਾ ਹੋਣਾ ਏ। ਕਿੰਨੇ ਬੇਗੁਨਾਹ ਲੋਕ ਵਿਚਾਰੇ ਜੇਹਲਾਂ ਤੇ ਥਾਣਿਆਂ ਵਿੱਚ ਈ ਰੁਲ ਕੇ ਮਰ ਜਾਂਦੇ ਨੇ । ਪਰ ਇਹਦੇ ਲਈ ਚਿਲ੍ਹਾ ਕੱਟਣਾ ਪੈਂਦਾ ਏ, ਇਹ ਮੈਂ ਪਹਿਲੀ ਵਾਰ ਸੁਣਿਆ ਸੀ।
ਮੇਰੇ ਖਿਆਲ ਘੁੰਮ ਕੇ ਫੇਰ ਆਪਣੇ ਵੱਲ ਆ ਜਾਂਦੇ ਸਨ ਕਿ ਜ਼ੋਹਰਾ ਵੀ ਆਖਦੀ ਸੀ, ''ਤੇਰੇ ਵਿੱਚ ਕੁੱਝ ਹੈ ਜ਼ਰੂਰ ।' ਨਾਨਾ ਵੀ ਆਖਦਾ ਸੀ । ਹੁਣ ਆੜ੍ਹਤੀ ਵੀ ਇਹ ਈ ਗੱਲ ਆਖਦਾ ਏ ਕਿ ਤੇਰੇ ਵਿੱਚ ਕੁੱਝ ਹੈ ਜ਼ਰੂਰ।
'ਇਹ ਕੁੱਝ ਹੈ ਜ਼ਰੂਰ' ਹੈ ਕੀ ? ਮੇਰੇ ਲਈ ਇਹ ਵੀ ਜਾਣਨਾ ਦੁੱਖ ਦੇਣ ਲੱਗ ਪਿਆ ਸੀ। ਪਿਛਲੀ ਬੀਤੀ ਹਯਾਤੀ ਉੱਤੇ ਗੌਰ ਕਰਦਾ ਸਾਂ ਤੇ ਫ਼ਾਕੇ, ਗੁੱਸੇ, ਨਫ਼ਰਤ ਤੇ ਜ਼ਿੱਦ ਤੋਂ ਵੱਖ ਹੋਰ ਤਾਂ ਕੁੱਝ ਨਜ਼ਰ ਨਹੀਂ ਸੀ ਆਂਵਦਾ। ਇਹ ਤਾਂ ਕੋਈ ਖੂਬੀ ਨਾ ਹੋਈ। ਮੈਂ ਸੌਂ ਕੇ ਵੇਖਿਆ, ਖੌਰੇ ਮੇਰੀ ਅਵਾਜ਼ ਵਿੱਚ ਈ ਕੋਈ ਵੱਖਰੀ ਗੱਲ ਹੋਵੇ।
ਪਰ ਇੱਥੇ ਮੇਰੀ ਆਪਣੀ ਅਵਾਜ਼ ਮੈਨੂੰ ਬੁਰੀ ਲੱਗਦੀ ਸੀ। ਫੇਰ ਕਿਹੜੀ ਸ਼ੈ ਵੇ,
ਇਹ ਕੀ ਏ ਸਭ ਕੁੱਝ। ਮੈਂ ਸ਼ੈਦਾਈ ਤੇ ਨਹੀਂ ਹੋ ਗਿਆ ਹੋਇਆ। ਲੋਕੀਂ ਮਖੌਲ ਤਾਂ ਨਹੀਂ ਕਰਦੇ ! ਜੇ ਨਹੀਂ, ਤੇ ਫੇਰ ਕੀ ਏ! ਇਹ ਸਭ ਕੁੱਝ ਈ ਤਾਂ ਮਲੂਮ ਨਹੀਂ ਸੀ। ਮੇਰੇ ਅੰਦਰ ਕੋਈ ਅੱਗ ਏ ਜਿਹੜੀ ਬੁਝ ਨਹੀਂ ਰਹੀ। ਕਦੀ ਮੱਠੀ ਪੈ ਜਾਂਦੀ ਏ ਤੇ ਕਦੀ ਮੱਚ ਪੈਂਦੀ ਏ। ਇੱਕ ਦਿਨ ਇਹ ਮੱਚੀ ਅੱਗ ਮੈਨੂੰ ਤਾਂ ਭਸਮ ਕਰ ਈ ਦੇਸੀ ਪਰ ਮੇਰੇ ਲੱਗਦੇ ਲਾਣੇ ਤੇ ਸਕੇ ਵੀ ਜ਼ਰੂਰ ਲੂਸੇ ਜਾਸਨ।
ਦਰਵੇਸ਼ ਕੋਲ ਜਾਵਣ ਲਈ ਮੇਰੇ ਅੰਦਰ ਰੀਝ ਵਧ ਰਹੀ ਸੀ। ਖੁਸ਼ ਵੀ ਸਾਂ ਤੇ ਡਰਿਆ ਡਰਿਆ ਵੀ। ਖੁਸ਼ੀ ਏਸ ਗੱਲ ਦੀ ਕਿ ਮੇਰੀ ਸ਼ਨਾਖ਼ਤ ਹੋ ਜਾਸੀ। ਖ਼ੌਫ ਇਹ ਕਿ ਉਹ ਜਾਣੀ-ਜਾਣ ਬੰਦਾ ਮੈਨੂੰ ਬੇਵਕੂਫ਼ ਯਾ ਪਾਗਲ ਨਾ ਮਿਥ ਦੇਵੇ। ਜੇ ਇੰਜ ਦੀ ਸ਼ਨਾਖ਼ਤ ਹੋਈ ਤਾਂ ਕੀ ਬਣਸੀ ? ਮੇਰੇ ਅੰਦਰ ਡਰ ਦੀ ਇੱਕ ਹੋਰ ਲਹਿਰ ਉੱਠੀ । ਮੇਰੇ ਖ਼ਿਆਲ ਵਿੱਚ ਆਇਆ ਕਿ ਮੈਂ ਸ਼ਹਿਰੀ ਲੋਕਾਂ ਕੋਲੋਂ ਕੋਈ ਦਾਅ ਈ ਨਾ ਲਵਾ ਲਵਾਂ।
ਪਿੰਡ ਦੇ ਵਿੱਚ ਮੂਰਖ ਰਹਿੰਦੇ
ਸ਼ਹਿਰਾਂ ਦੇ ਵਿੱਚ ਠੱਗ
ਪਰ ਮੇਰੇ ਕੋਲ ਹੈ ਈ ਕੀ ਸੀ ਜੇ ਕੋਈ ਠੱਗਣ ਦੇ ਯਤਨ ਕਰੇ। "ਤੂੰ ਜਾ ਤਾਂ ਸਹੀ" - ਮੇਰੇ ਦਿਲ ਮੈਨੂੰ ਤਸੱਲੀ ਦਿੱਤੀ । ਜੇ ਕੋਈ ਗੜਬੜ ਹੋਈ ਤਾਂ ਕਿਹੜੀਆਂ ਚੂੜੀਆਂ ਪਾਈਆਂ ਹੋਈਆਂ ਨੇ ਮੈਂ! ਇੰਜ ਦੇ ਕਈ ਖਿਆਲ ਆਏ ਤੇ ਕਈ ਗਏ। ਆਖ਼ਰ ਦਰਵੇਸ਼ ਕੋਲ ਜਾਵਣ ਦਾ ਪੱਕਾ ਇਰਾਦਾ ਕਰ ਲਿਆ।
ਫੇਰ ਜਦ ਮੈਂ ਅਗਲੇ ਫੇਰੇ ਗੱਡ ਲੈ ਕੇ ਆਇਆ ਤਾਂ ਹੁਜਰੇ ਜਾਣਾ ਸੀ, ਪਰ ਮੇਰਾ ਇੱਕ ਢੱਗਾ ਬੇਰਹਿਮੀ ਵਾਲਿਆਂ ਫੜ ਲਿਆ । ਮਮੂਲੀ ਜੇਹਾ ਜਖ਼ਮ ਸੀ ਜੀਹਦਾ ਮੈਂ ਆਪ ਵੀ ਬਹੁਤ ਖਿਆਲ ਰੱਖਦਾ ਸਾਂ ਪਰ ਬੇਰਹਿਮੀ ਵਾਲੇ ਬੇਰਹਿਮ ਸਨ । ਉਹਨਾਂ ਮੇਰੀ ਇੱਕ ਨਾ ਸੁਣੀ ਤੇ ਢੱਗਾ ਆਪਣੇ ਨਾਲ ਹਸਪਤਾਲ ਲੈ ਗਏ।
ਹਸਪਤਾਲ ਵਿੱਚ ਢੱਗੇ ਨੂੰ ਪੱਠਾ ਦੱਥਾ ਮੈਨੂੰ ਆਪ ਈ ਪਾਣਾ ਪੈਂਦਾ ਸੀ ਕਿਉਂ ਜੁ ਹਸਪਤਾਲ ਵਾਲੇ ਖੇਚਲ ਕਰਦੇ ਤਾਂ ਮੈਂ ਉਹਨਾਂ ਦੀ ਖੇਚਲ ਦਾ ਮੁੱਲ ਨਹੀਂ ਸਾਂ ਦੇ ਸਕਦਾ। ਮੇਰਾ ਚਲਾਨ ਹੋ ਗਿਆ ਹੋਇਆ ਸੀ। ਅਦਾਲਤ ਵਿੱਚੋਂ ਪੰਜ ਰੁਪਏ ਜੁਰਮਾਨਾ ਹੋਇਆ। ਜੁਰਮਾਨਾ ਭਰ ਕੇ ਹਸਪਤਾਲ ਵਿੱਚੋਂ ਢੱਗਾ ਲੈਣ ਆਇਆ ਤਾਂ ਕਈ ਹੋਰ ਗਾਡੀਆਂ ਦੇ ਵੀ ਚਲਾਨ ਹੋਏ ਸਨ, ਉਹ ਵੀ ਆਪਣੇ ਡੰਗਰ ਲੈਣ ਆਏ ਸਨ। ਕਈ ਦਿਨ ਤਾਂ ਅਦਾਲਤ ਈ ਨਹੀਂ ਸੀ ਬੈਠੀ । ਅਸੀਂ ਤੰਗ ਆਏ ਹੋਏ ਸਾਂ।
ਹਸਪਤਾਲ ਦੀ ਸਰਬਰਾਹ ਇੱਕ ਮੇਮ ਸੀ। ਡੰਗਰ ਵਸੂਲ ਕਰਨ ਵੇਲੇ ਮੇਮ ਤੇ ਉਹਦੇ ਨਾਲ ਇੱਕ ਦੇਸੀ ਡਾਕਟਰ ਦੋਵੇਂ ਆਏ। ਮੇਮ ਦੇ ਸਾਥੀ ਆਖਿਆ, "ਜਾਨਵਰਾਂ ਵਿੱਚ ਵੀ ਜਾਨ ਹੁੰਦੀ ਏ ਇਨਸਾਨਾਂ ਵਾਂਗਰ, ਪਰ ਤੁਸਾਂ ਕੈਸੇ ਬੇਰਹਿਮ ਲੋਕ ਓ, ਜ਼ਖਮੀ ਜਾਨਵਰ ਨੂੰ ਵੀ ਕੰਮ 'ਤੇ ਲਾਈ ਰੱਖਦੇ ਓ। ਬੇਜ਼ਬਾਨਾਂ ਉੱਤੇ ਜੁਲਮ ਕਰਦੇ ਓ। ਮੇਰੇ ਵੱਸ ਹੋਵੇ ਤਾਂ ਤੁਸਾਂ ਜਾਲਮਾਂ ਨੂੰ ਸੱਤ ਸੱਤ ਸਾਲ ਕੈਦ ਦੀ ਸਜਾ ਦੇਵਾਂ, ਫੇਰ ਮਲੂਮ ਹੋਵੇ ਤੁਹਾਨੂੰ ਕਿੰਜ ਜ਼ਖਮੀ ਜਾਨਵਰਾਂ ਕੋਲੋਂ ਕੰਮ ਲਿਆ ਜਾਂਦਾ ਏ।" ਡਾਕਟਰ ਕਾਫ਼ੀ ਚਿਰ ਬੋਲਦਾ ਰਿਹਾ। ਆਖਰ
ਵਿੱਚ ਉਸ ਆਖਿਆ, "ਜੇ ਤੁਸਾਂ ਬੀਮਾਰ ਯਾ ਜ਼ਖਮੀ ਹੋਵੋਂ ਤੇ ਤੁਹਾਡੇ ਕੋਲੋਂ ਕੰਮ ਲਿਆ ਜਾਵੇ, ਕੈਸਾ ਲੱਗੇ ?" ਕਿਸੇ ਗਾਡੀ ਕੋਈ ਜਵਾਬ ਨਾ ਦਿੱਤਾ। ਸਾਰੇ ਚੁੱਪ ਸਨ ਤੇ ਜੀ ਜੀ ਕੀਤੀ ਜਾਂਦੇ ਸਨ। ਮੈਨੂੰ ਗਾਡੀਆਂ ਦੀ ਚੁੱਪ ਬਹੁਤ ਬੁਰੀ ਲੱਗੀ। ਮੈਂ ਸੋਚ ਰਿਹਾ ਸਾਂ ਇਹ ਬੋਲਦੇ ਕਿਉਂ ਨਹੀਂ ?
ਡੰਗਰ ਅਸਾਡੇ, ਇਹਨਾਂ ਦੀ ਪੀੜ ਅਸਾਨੂੰ, ਇਹ ਐਵੇਂ ਮਾਮੇ ਬਣ ਬਣ ਬਹਿੰਦੇ ਨੇ । ਭਲਾਂ ਅਸਾਥੋਂ ਵੱਧ ਜਾਨਵਰ ਦਾ ਕੌਣ ਧਿਆਨ ਕਰ ਸਕਦਾ ਏ। ਡੰਗਰ ਅਸਾਡੀ ਸੇਵਾ ਕਰਦੇ ਨੇ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਆਂ, ਇਲਾਜ਼ ਕਰਨੇ ਆਂ, ਨ੍ਹਵਾਨੇਂ ਧੁਆਨੇ ਆਂ, ਇਹ ਕੌਣ ਹੁੰਦੇ ਨੇ ਲੱਤਾਂ ਅੜਾਣ ਵਾਲੇ!
ਮੈਂ ਆਖਿਆ, "ਬਾਊ ਜੀ, ਤੁਸਾਂ ਦੀ ਗੱਲ ਤਾਂ ਠੀਕ ਏ, ਪਰ ਏਸ ਗੱਲ ਉੱਤੇ ਆਪ ਵੀ ਤਾਂ ਅਮਲ ਕਰਿਆ ਕਰੋ।"
"ਕੀ ਮਤਲਬ ?” ਡਾਕਟਰ ਕਾਵੜ ਖਾਧੀ। ਡਾਕਟਰ ਤੇ ਮੇਮ ਜਾਂਦੇ ਜਾਂਦੇ ਖਲੋ ਗਏ।
"ਮਤਲਬ ਕੁੱਝ ਨਹੀਂ ਡਾਕਟਰ ਜੀ, ਤੁਹਾਡੀ ਗੱਲ ਏ ਕਿ ਜੇ ਅਸਾਂ ਜ਼ਖਮੀ ਹੋਈਏ ਤੇ ਅਸਾਡੇ ਕੋਲੋਂ ਕੋਈ ਕੰਮ ਲਵੇ ਤਾਂ ਕੈਸਾ ਲੱਗੇ।"
"ਹਾਂ, ਮੈਂ ਕੋਈ ਗ਼ਲਤ ਕਿਹਾ ਸੀ ?"
"ਫੇਰ ਤੁਸਾਂ ਐਸ ਮੇਮ ਕੋਲੋਂ ਕਿਉ ਕੰਮ ਪਏ ਲੈਂਦੇ ਓ, ਇਹ ਵੀ ਤੇ ਲੰਗੜਾਂਵਦੀ ਏ"। ਮੇਮ ਦੇ ਪੈਰ ਵਿੱਚ ਕੋਈ ਜ਼ਖਮ ਜਾਪਦਾ ਸੀ, ਮੈਂ ਉੱਧਰ ਈ ਇਸ਼ਾਰਾ ਕੀਤਾ।
ਮੇਮ ਦੇ ਪੈਰ ਉੱਤੇ ਪੱਟੀ ਬੱਝੀ ਹੋਈ ਸੀ, ਉਹ ਪੈਰ ਦਬਾ ਕੇ ਟੁਰਦੀ ਸੀ। ਮੇਰਾ ਇਸ਼ਾਰਾ ਸਮਝ ਕੇ ਯਾ ਖੌਰੇ ਮੇਮ ਪੰਜਾਬੀ ਸਮਝਦੀ ਸੀ, ਬਹੁਤ ਹੱਸੀ। ਗੁੱਡ ਗੁੱਡ' ਕਹਿੰਦੀ ਤੇ ਫੇਰ ਹੱਸ ਪੈਂਦੀ। ਦੇਸੀ ਡਾਕਟਰ ਬਹੁਤ ਵੱਟ ਖਾਧੇ ਸਨ । ਬੁੜ ਬੁੜ ਕਰਦਾ ਹੋਇਆ ਮੇਮ ਦੇ ਨਾਲ ਚਲਾ ਗਿਆ।
ਉਨ੍ਹਾਂ ਦੇ ਚਲੇ ਜਾਵਣ ਮਗਰੋਂ ਗਾਡੀਆਂ ਆਖਿਆ, "ਤੈਨੂੰ ਡਰ ਨਾ ਆਇਆ ਯਾਰ ? ਬੜੀ ਕੌੜੀ ਗੱਲ ਕੀਤੀ ਏ ਤੂੰ, ਜੇ ਮੇਮ ਗੁੱਸਾ ਕਰ ਜਾਂਦੀ ਤਾਂ ?"
"ਡਰ ਉਦੋਂ ਤਾਂ ਨਹੀਂ ਸੀ ਆਇਆ", ਮੈਂ ਆਖਿਆ। "ਹੁਣ ਆ ਰਿਹਾ ਏ। ਚੱਲੋ ਛੇਤੀ ਨਾਲ ਡੰਗਰ ਖੋਲ੍ਹੋ ਤੇ ਨਿੱਕਲੀਏ ਏਥੋਂ।" ਅਸਾਂ ਕਾਹਲੀ ਕਾਹਲੀ ਆਪਣੇ ਡੰਗਰ ਖੋਹਲੇ ਤੇ ਹਸਪਤਾਲ ਵਿੱਚੋਂ ਬਾਹਰ ਨਿੱਕਲ ਆਏ।
ਇੰਜ ਈ ਹੁਜ਼ਰੇ ਜਾਵਣ ਵੇਲੇ ਕੋਈ ਨਾ ਕੋਈ ਐਸਾ ਰੋੜਾ ਆਂਵਦਾ ਜੀਹਦੇ ਨਾਲ ਮੈਂ ਹੁਜਰੇ ਜਾਵਣ ਤੋਂ ਰਹਿ ਜਾਂਦਾ ਸਾਂ। ਮੇਰੇ ਅੰਦਰ ਹੁਜਰੇ ਜਾਵਣ ਲਈ ਸ਼ੌਕ ਭਰਿਆ ਹੋਇਆ ਸੀ। ਅਗਲੀ ਵਾਰ ਵਕਤ ਸਾਥ ਦੇ ਈ ਗਿਆ। ਹੁਜਰੇ ਚਲਾ ਗਿਆ । ਬਹੁਤ ਬੰਦੇ ਬੈਠੇ ਹੋਏ ਸਨ। ਗੱਲਾਂ ਹੋ ਰਹੀਆਂ ਸਨ। ਉਸਤਾਦ ਜੀ ਕੋਈ ਗੱਲ ਕਰਦੇ ਤੇ ਕੁੱਝ ਸ਼ੇਅਰ ਪੜ੍ਹਕੇ ਗੱਲ ਨੂੰ ਵਾਜਿਆ ਕਰਦੇ। ਲੋਕ ਸੁਣਦੇ ਤੇ ਵਾਹ ਵਾਹ ਕਰਦੇ ਸਨ । ਕੁੱਝ ਲੋਕ ਤਾਂ ਬੈਠੇ ਰਹੇ, ਪਰ ਕੁੱਝ ਲੋਕ ਝੱਟ ਬਹਿਕੇ ਕੋਈ ਗੱਲ ਕਰਦੇ ਤੇ ਚਲੇ ਜਾਂਦੇ। ਨਵੇਂ ਹੋਰ ਲੋਕ ਆ ਜਾਂਦੇ।
ਮੈਂ ਜਦ ਵੀ ਜਾਂਦਾ ਇੰਜ ਈ ਭੀੜ ਰਹਿੰਦੀ ਸੀ । ਮੈਨੂੰ ਤੇ ਗੱਲ ਕਰਨ ਦਾ ਮੌਕਾ ਈ ਨਹੀਂ ਸੀ ਮਿਲਦਾ। ਸਾਰਾ ਸਾਰਾ ਦਿਨ ਚਾਹ ਚਲਦੀ ਰਹਿੰਦੀ ਸੀ। ਦੁਪਹਿਰ ਨੂੰ ਰੋਟੀ ਵੀ ਇੱਥੇ ਈ ਖਾਂਦੇ । ਮੈਂ ਸਲਾਮ ਕਰਕੇ ਚੁੱਪ ਚਪੀਤਾ ਬੈਠਾ ਰਹਿੰਦਾ ਤੇ ਸਲਾਮ ਕਰਕੇ ਉੱਠ ਆਂਵਦਾ। ਉੱਥੇ ਹੋਵਣ ਵਾਲੀਆਂ ਬਹਿਸਾਂ ਤੇ ਗੱਲਾਂ ਨੂੰ ਸੋਚਦਾ ਵਿਚਾਰਦਾ, ਪਰ ਮੇਰੇ ਪੱਲੇ ਕੁੱਝ ਨਹੀਂ ਸੀ ਪੈਂਦਾ। ਆਂਵਦਾ ਤਾਂ ਮੈਂ ਬੜੇ ਚਾਅ ਨਾਲ ਸਾਂ ਪਰ ਜਾਵਣ ਵੇਲੇ ਕੁੱਝ ਕੁੱਝ ਅਫ਼ਸਰਦਾ ਤੇ ਨਾ- ਸਮਝੀ ਲੈ ਕੇ ਜਾਂਦਾ ਸਾਂ।
ਕੁੱਝ ਆਵਣ ਦਾ ਵੇਲਾ ਈ ਘੱਟ ਈ ਲੱਭਦਾ ਸੀ । ਜਦ ਲੱਭਦਾ ਸੀ ਅੱਗੋਂ ਕੋਈ ਨਤੀਜਾ ਨਹੀਂ ਸੀ ਨਿੱਕਲਦਾ। ਲੋਕ ਸੁਣ ਕੇ ਬੈਠੇ ਰਹਿੰਦੇ ਸਨ, ਭੁੱਖੇ ਜੇਹੇ। ਉੱਥੋਂ ਖਾਂਦੇ ਸਨ ਤੇ ਉੱਥੇ ਈ ਪੀਂਦੇ ਸਨ। ਮੈਂ ਖਿਝ ਜਾਂਦਾ ਸਾਂ, ਪਰ ਉਸਤਾਦ ਜੀ ਨੂੰ ਪਰਖਣਾ ਤੇ ਟੋਹਣਾ ਮੈਂ ਆਪਣੇ ਆਪ ਲਈ ਇੱਕ ਮੰਜ਼ਿਲ ਤੇ ਮਕਸਦ ਚੁਣ ਲਿਆ ਸੀ। ਏਸੇ ਮੰਜ਼ਲ ਤੇ ਮਕਸਦ ਵਿੱਚ ਮੇਰਾ ਆਪਣਾ ਵੀ ਮਕਸਦ ਤੇ ਮੰਜ਼ਿਲ ਵਲ੍ਹੇਟਿਆ ਹੋਇਆ ਸੀ । ਦਸ ਬਾਰਾਂ ਮਹੀਨੇ ਇੰਜ ਈ ਲੰਘ ਗਏ, ਮੇਰੀ ਕੋਈ ਗੱਲ ਨਹੀਂ ਹੋਈ। ਜੇ ਕੁੱਝ ਹੋਈ ਤਾਂ ਬੱਸ ਐਵੇਂ ਹੂੰ ਹਾਂ ਤੀਕਰ, ਇਸਤੋਂ ਅੱਗੇ ਨਹੀਂ ਸੀ ਵਧੀ। ਰੋਜੇ ਆ ਗਏ। ਰੋਜਿਆਂ ਵਿੱਚ ਮੈਂ ਨਹੀਂ ਸਾਂ ਜਾ ਸਕਿਆ। ਗੱਡ ਦਾ ਕੰਮ ਰੁਕਿਆ ਹੋਇਆ ਸੀ, ਵਾਹੀ ਬੀਜੀ ਦਾ ਤਾੜ ਸੀ। ਕਿਰਾਏ ਭਾੜੇ ਲਈ ਕੋਈ ਪੈਸਾ ਵਾਧੂ ਨਹੀਂ ਸੀ ।
ਰੋਜਿਆਂ ਵਿੱਚ ਕੰਮ ਤਾਂ ਅਸਾਂ ਇੰਜ ਈ ਕਰਦੇ ਸਾਂ, ਪਰ ਈਦ ਦੀ ਉਡੀਕ ਸਭ ਨੂੰ ਸੀ। ਰਾਹਕ ਲੋਕ ਤਾਂ ਈਦ ਕੱਟਦੇ ਨੇ, ਈਦੇ ਕਰਦੇ ਨਹੀਂ। ਖੁਸ਼ੀ ਤੇ ਚਾਅ ਪੈਸਿਆਂ ਨਾਲ ਕੀਤੇ ਜਾਂਦੇ ਨੇ, ਪਰ ਏਥੇ ਤਾਂ ਡੰਗ ਦੀ ਰੋਟੀ ਵਾਸਤੇ ਲੰਗੋਟੀ ਲੱਥੀ ਰਹਿੰਦੀ ਸੀ।
ਈਦ ਵਾਲ਼ੇ ਦਿਨ ਮਾਂ ਘਰ ਵਿੱਚ ਮਿੱਠੇ ਚੌਲ ਪਕਾਏ । ਏਨੀ ਕੁ ਈਦ ਸੀ ਅਸਾਡੀ! ਪਰ ਈਦ ਦੀ ਨਮਾਜ਼ ਪੜ੍ਹਨਾ ਜ਼ਰੂਰੀ ਸੀ । ਬਾਕੀ ਨਮਾਜ਼ਾਂ ਭਾਵੇਂ ਨਾ ਪੜ੍ਹੀਏ, ਰੋਜੇ ਰੱਖੀਏ ਭਾਵੇਂ ਨਾ ਰੱਖੀਏ। ਈਦ ਦੇ ਈਦ ਮੌਲਵੀ ਨੂੰ ਕੁੱਝ ਨਜ਼ਰ ਨਿਆਜ਼ ਦੇਵਣ ਨਾਲ ਈ ਅਸਾਂ ਮੁਸਲਮਾਨ ਸਾਂ।
ਅਸਾਂ ਮਿੱਠੇ ਚੌਲ ਖਾ ਕੇ ਈਦ ਦੀ ਨਮਾਜ਼ ਪੜ੍ਹਨ ਚਲੇ ਗਏ । ਆਸੇ ਪਾਸੇ ਦੇ ਨਿੱਕੇ ਵੱਡੇ ਪੰਜ ਸੱਤ ਡੇਰਿਆਂ ਤੋਂ ਲੋਕ ਏਥੇ ਈ ਨਮਾਜ਼ (ਈਦ ਨਮਾਜ਼) ਪੜ੍ਹਨ ਆਇਆ ਕਰਦੇ ਸਨ । ਮੌਲਵੀ ਅਰਬੀ ਲਿਬਾਸ ਪਾ ਕੇ ਈਦ ਨਮਾਜ਼ ਪੜ੍ਹਾਇਆ ਕਰਦਾ ਸੀ । ਆਪਣੇ ਖ਼ੁਤਬੇ ਨਾਲ ਬੇ-ਰੋਜਾਂ ਤੇ ਬੇ-ਨਮਾਜ਼ਾਂ ਨੂੰ ਦੋਜ਼ਖ਼ ਦੀ ਅੱਗ ਤੋਂ ਡਰਾ ਡਰਾ ਕੇ ਖੁਸ਼ ਹੋਇਆ ਕਰਦਾ ਸੀ। ਦੁਨਿਆਵੀ ਇਲਮ ਨੂੰ ਸ਼ੈਤਾਨੀ ਇਲਮ ਆਖਦਾ ਤੇ ਕੁਰਾਨੀ ਨੂੰ ਈ ਇਲਮ ਕਹਿੰਦਾ ਸੀ । ਦੁਨਿਆਵੀ ਇਲਮ ਨੂੰ ਝੂਠਾ ਸਾਬਤ ਕਰਨ ਲਈ ਉਹ ਇੱਕ ਹਕਾਇਤ ਸੁਣਾਇਆ ਕਰਦਾ ਸੀ। ਆਖਦਾ- ਸੁਣੋ ਲੋਕ ਸੁਣੋ। ਇੱਕ ਵਾਰ ਇੱਕ ਦਹਿਰੀਆ ਅਸਾਡੇ ਇੱਕ ਮੁਸਲਮਾਨ ਅਮਾਮ ਨੂੰ ਆਖਣ ਲੱਗਾ, "ਮੇਰੇ ਨਾਲ ਮੁਨਾਜ਼ਰਾ ਕਰ ਲੈ। ਮੈਂ ਆਖਨਾ ਆਂ ਰੱਬ ਦਾ ਵਜੂਦ ਈ ਕੋਈ ਨਹੀਂ। ਤੂੰ ਮੈਨੂੰ ਸਾਬਤ ਕਰਕੇ ਵਿਖਾ ਦੇ ਕਿ ਰੱਬ ਹੈ ਤਾਂ ਮੈਂ ਕਲਮਾਂ ਪੜ੍ਹ ਕੇ ਮੁਸਲਮਾਨ ਹੋ ਜਾਸਾਂ।"
"ਅੱਲਾਹ ਦੇ ਪਿਆਰਿਓ", ਮੌਲਵੀ ਜੋਸ਼ ਨਾਲ ਬੋਲਿਆ, "ਅਮਾਮ ਸਾਹਿਬ ਮੁਨਾਜ਼ਰਾ ਮੰਨ ਲਿਆ ਤੇ ਭਰੇ ਬਜ਼ਾਰ ਵਿੱਚ ਮੁਨਾਜ਼ਰੇ ਲਈ ਅਗਲੇ ਦਿਨ ਇੱਕ ਵਕਤ ਤੈਅ ਕਰ ਲਿਆ। ਅਗਲੇ ਦਿਨ ਬਜ਼ਾਰ ਦੇ ਚੌਂਕ ਵਿੱਚ ਲੋਕ ਇਕੱਠੇ ਹੋ ਗਏ। ਦਹਿਰੀਆ ਵੀ ਆ ਗਿਆ ਪਰ ਅਮਾਮ ਸਾਹਿਬ ਨਾ ਆਏ। ਜਦ ਕਾਫ਼ੀ ਦੇਰ ਹੋ ਗਈ ਤਾਂ ਦਹਿਰੀਏ ਆਖਿਆ, ਤੁਹਾਡਾ ਅਮਾਮ ਝੂਠਾ ਸੀ ਤਦ ਈ ਨਹੀਂ ਆਇਆ। ਖ਼ੁਦਾ ਐਵੇਂ ਫ਼ਰੇਬ ਏ, ਧੋਖਾ ਏ। ਲੋਕਾਂ ਕੋਲ ਕੋਈ ਜਵਾਬ ਨਹੀਂ ਸੀ । ਲੋਕ ਫਿਕਰਮੰਦ ਤੇ ਪਰੇਸ਼ਾਨ ਸਨ, ਪਰ ਦਹਿਰੀਆ ਖੌਰੂ ਕੱਢ ਕੱਢ ਕੇ ਕਹਿ ਰਿਹਾ ਸੀ, ਬੁਲਾਓ ਆਪਣੇ ਅਮਾਮ ਨੂੰ, ਕਰੇ ਮੇਰੇ ਇਲਮ ਦਾ ਮੁਕਾਬਲਾ । ਉਹ ਝੂਠਾ ਏ ਲੋਕੋ, ਤੁਹਾਡਾ ਅਮਾਮ ਝੂਠਾ ਏ । ਬਹੁਤ ਜਿਆਦਾ ਦੇਰ ਮਗਰੋਂ ਅਮਾਮ ਸਾਹਿਬ ਆ ਗਏ। ਲੋਕਾਂ ਦੇਰ ਕਰਕੇ ਆਵਣ ਉੱਤੇ ਨਰਾਜ਼ਗੀ ਵਿਖਾਈ ਤਾਂ ਅਮਾਮ ਸਾਹਿਬ ਨੇ ਆਖਿਆ, ਭਈ ਮੇਰਾ ਕਸੂਰ ਨਹੀਂ। ਅੱਜ ਪੱਤਣ ਉੱਤੇ ਬੇੜੀ ਕੋਈ ਨਹੀਂ ਸੀ । ਤੁਹਾਨੂੰ ਤਾਂ ਪਤਾ ਏ ਰਾਹ ਵਿੱਚ ਦਰਿਆ ਏ। ਝੱਟ ਦਹਿਰੀਆ ਬੋਲਿਆ, ਫੇਰ ਤੂੰ ਕਿਵੇਂ ਪੁੱਜਿਆ ਏਂ ?
ਅਮਾਮ ਸਾਹਿਬ ਆਖਿਆ, ਮੈਂ ਬੇੜੀ ਦੀ ਉਡੀਕ ਵਿੱਚ ਪਾਰਲੇ ਕੰਢੇ ਬਹਿ ਗਿਆ ਸਾਂ। ਕੁੱਝ ਦੇਰ ਮਗਰੋਂ ਇੱਕ ਰੁੱਖ ਰੁੜ੍ਹਦਾ ਹੋਇਆ ਦਰਿਆ ਵਿੱਚ ਆ ਰਿਹਾ ਸੀ । ਮੇਰੇ ਸਾਹਮਣੇ ਆ ਕੇ ਉਸ ਰੁੱਖ ਦੇ ਫੱਟੇ ਬਣੇ, ਫੇਰ ਫੱਟਾ ਫੱਟਾ ਜੁੜ ਕੇ ਬੇੜੀ ਬਣ ਗਿਆ । ਬੇੜੀ ਮੇਰੇ ਲਾਗੇ ਆਈ, ਮੈਂ ਏਸ ਬੇੜੀ ਵਿੱਚ ਬਹਿ ਕੇ ਏਧਰਲੇ ਕੰਢੇ ਆ ਉੱਤਰਿਆ ਤਾਂ ਬੇੜੀ ਫੇਰ ਰੁੱਖ ਵਿੱਚ ਬਦਲ ਗਈ ਤੇ ਰੁੱਖ ਦਰਿਆ ਵਿੱਚ ਰੁੜ੍ਹਦਾ ਗਿਆ।
ਅਮਾਮ ਸਾਹਿਬ ਦੀ ਏਸ ਗੱਲ ਉੱਤੇ ਦਹਿਰੀਆ ਬਹੁਤ ਹੱਸਿਆ ਤੇ ਆਖਿਆ, "ਕੁੱਝ ਸ਼ਰਮ ਕਰੋ ਅਮਾਮ ਸਾਹਿਬ, ਕੁੱਝ ਸ਼ਰਮ ਕਰੋ । ਕਿਉਂ ਝੂਠ ਬੋਲਨੇ ਓਂ, ਆਪਣੇ ਆਪ ਐਵੇਂ ਕਿੰਝ ਹੋ ਸਕਦਾ ਏ ?" ਏਨੀ ਗੱਲ ਕਰਕੇ ਮੌਲਵੀ ਕੁੱਝ ਦੇਰ ਚੁੱਪ ਕੀਤਾ। ਨਮਾਜ਼ੀਆਂ ਵੱਲ ਧਿਆਨ ਮਾਰਿਆ ਤੇ ਆਖਿਆ, "ਸੁਣੋ ਮੁਸਲਮਾਨੋਂ! ਕੀ ਜਵਾਬ ਸੀ ਅਮਾਮ ਸਾਹਿਬ ਦਾ ? ਵਾਹ। ਸੁਬਹਾਨ ਅੱਲਾਹ ?" ਮੌਲਵੀ ਸਾਹਬ ਆਪੇ ਈ ਕਈ ਵਾਰ ਝੂਮ ਝੂਮਕੇ ਵਾਹ ਸੁਬਹਾਨ ਅੱਲਾਹ, ਵਾਹ ਸੁਬਹਾਨ ਅੱਲਾਹ ਆਖਿਆ, ਫੇਰ ਦੱਸਿਆ, ਜਵਾਬ ਵਿੱਚ ਅਮਾਮ ਸਾਹਿਬ ਮੁਸਕਰਾਏ ਤੇ ਉਹਨਾਂ ਆਖਿਆ, "ਓਏ ਮੁਨਕਰਾ, ਜੇ ਆਪਣੇ ਆਪ ਇੱਕ ਨਿੱਕੀ ਜੇਹੀ ਬੇੜੀ ਨਹੀਂ ਬਣ ਸਕਦੀ, ਤਾਂ ਫੇਰ ਏਡੀ ਵੱਡੀ ਦੁਨੀਆਂ ਕਿਵੇਂ ਬਣ ਗਈ ? ਉਹਨੂੰ ਕੋਈ ਨਾ ਕੋਈ ਬਣਾਵਣ ਵਾਲਾ ਹੈ ਤੇ ਉਹ ਹੈ ਅਸਾਡਾ ਤੁਹਾਡਾ ਰੱਬ ।" ਸਾਰੇ ਨਮਾਜ਼ੀ ਵਾਹ ਵਾਹ ਕਰਦੇ ਹੋਏ ਆਪਣੀ ਹੈਸੀਅਤ ਮੂਜਬ ਨਜ਼ਰਾਨਾ ਦੇ ਕੇ ਖੁਸ਼ ਹੋ ਰਹੇ ਸਨ, ਪਰ ਮੈਂ ਸੋਚਣ ਲੱਗ ਪਿਆ ਕਿ ਅਮਾਮ ਸਾਹਿਬ ਝੂਠ ਕਿਉਂ ਬੋਲਿਆ, ਉਸ ਬੇੜੀ ਵਾਲਾ ਝੂਠ ਕਿਉਂ ਘੜਿਆ।
ਈਦ ਦੀਆਂ ਛੁੱਟੀਆਂ ਤਾਂ ਮੁੱਕ ਗਈਆਂ ਸੀ, ਪਰ ਈਦ ਦੀਆਂ ਰੌਣਕਾਂ ਅਜੇ ਨਹੀਂ ਸਨ ਮੁੱਕੀਆਂ, ਕੁੱਝ ਫਿੱਕੀਆਂ ਜ਼ਰੂਰ ਪੈ ਗਈਆਂ ਸਨ। ਸ਼ਹਿਰੋਂ ਬਾਹਰ ਘਰਾਂ ਨੂੰ ਗਏ ਲੋਕ ਮੁੜ ਮੁੜ ਆਪਣੇ ਕੰਮਾਂ ਕਾਜ਼ਾਂ ਤੇ ਦਿਹਾੜੀ ਦੱਪੇ ਲਈ ਪਰਤ ਰਹੇ ਸਨ। ਪਿੰਡ ਦੀ ਈਦ
ਤੇ ਸ਼ਾਮ ਤੀਕਰ ਥੱਕ ਟੁੱਟ ਕੇ ਮੁੱਕ ਜਾਂਦੀ ਏ, ਪਰ ਸ਼ਹਿਰ ਵਿੱਚ ਲਮਕੀ ਰਹਿੰਦੀ ਏ। ਬਾਹਰੋਂ ਆਵਣ ਵਾਲਿਆਂ ਲੋਕਾਂ ਦੇ ਕਾਰਨ ਸ਼ਹਿਰ ਵਿੱਚ ਭੀੜ ਵਧ ਰਹੀ ਸੀ । ਮਠਿਆਈ ਦੀਆਂ ਦੁਕਾਨਾਂ ਅਜੇ ਵੀ ਸਜੀਆਂ ਹੋਈਆਂ ਸਨ, ਜਿਵੇਂ ਅੱਜ ਵੀ ਈਦ ਹੋਵੇ।
ਸੁਹਾਣਾ ਤੇ ਸਾਫ਼ ਦਿਨ ਸੀ। ਦੋ ਢਾਈ ਵਜੇ ਮੈਂ ਹੁਜਰੇ ਆਵਣ ਲਈ ਪਿੰਡੋਂ ਟੁਰਿਆ ਸਾਂ । ਬੱਸਾਂ ਉੱਤੇ ਬਹੁਤ ਰਸ਼ ਸੀ। ਲੋਕ ਸ਼ਹਿਰ ਵੱਲ ਇੰਜ ਢੁਕ ਰਹੇ ਸਨ ਜਿਵੇਂ ਉੱਥੇ ਲੁੱਟ ਪਈ ਹੋਵੇ । ਬੱਸ ਵਿੱਚ ਬੈਠਣਾ ਤਾਂ ਕੀ, ਵਿੱਚ ਖਲੋਵਣ ਨੂੰ ਵੀ ਥਾਂ ਨਹੀਂ ਸੀ ਮਿਲਦੀ।
ਲੋਕ ਲਮਕੇ ਹੋਏ ਸਨ, ਛੱਤਾਂ ਉੱਤੇ ਬੈਠੇ ਹੋਏ ਸਨ। ਹਰ ਪਲ ਕਿਸੇ ਨਾ ਕਿਸੇ ਹਾਦਸੇ ਦਾ ਖ਼ਤਰਾ ਰਹਿੰਦਾ ਸੀ, ਪਰ ਵਿਚਾਰੇ ਲੋਕ ਤੇ ਸਭ ਖ਼ਤਰੇ ਝੱਲੀ ਬੈਠੇ ਸਨ । ਏਸ ਤਰ੍ਹਾਂ ਲਮਕ ਕੇ ਮੈਂ ਵੀ ਸ਼ਹਿਰ ਆਇਆ। ਹੁਜਰੇ ਦਾ ਕੁੰਡਾ ਖੜਕਾਇਆ।
ਅੰਦਰੋਂ ਭਾਰੀ ਤੇ ਨਰੋਈ ਅਵਾਜ਼ ਜਿਹੜੀ ਬੜੀ ਗੂੰਜ ਵਾਲੀ ਸੀ, ਉੱਭਰੀ, "ਲੰਘ ਆਓ, ਬੂਹਾ ਖੁੱਲ੍ਹਾ ਏ।" ਮੈਂ ਅੰਦਰ ਲੰਘ ਕੇ ਜਾ ਸਲਾਮ ਕੀਤਾ । ਕੁਰਸੀ 'ਤੇ ਬੈਠਣ ਦਾ ਇਸ਼ਾਰਾ ਹੋਇਆ। ਮੈਂ ਬਹਿ ਗਿਆ ਤਾਂ ਬੋਲੇ, "ਸੁਣਾ, ਈਦ ਕੈਸੀ ਗੁਜ਼ਰੀ ਏ ਤੇਰੀ ?"
ਜਿਵੇਂ ਆਮ ਲੋਕਾਂ ਦੀ ਗੁਜ਼ਰਦੀ ਏ, ਇੰਜ ਈ ਮੇਰੀ ਈਦ ਸੀ, ਉਸਤਾਦ ਜੀ!"
"ਅੱਛਾ ਠੀਕ ਏ । ਚੱਲ ਫੇਰ ਅੱਜ ਕੋਈ ਫਿਲਮ ਵੇਖੀਏ। ਤੂੰ ਜ਼ਰਾ ਬਾਹਰ ਖਲੋ, ਮੈਂ ਮੂੰਹ ਉੱਤੇ ਪਾਣੀ ਦੇ ਛੱਟੇ ਮਾਰ ਲਵਾਂ।"
ਮੈਂ ਉੱਠ ਕੇ ਬੂਹਿਓਂ ਬਾਹਰ ਆ ਖਲੋਤਾ। ਏਥੋਂ ਅੱਗੇ ਹੀਰਾ ਮੰਡੀ ਸ਼ੁਰੂ ਹੁੰਦੀ ਸੀ। ਆਸ਼ਕ ਮਸ਼ੂਕ ਆਂਦੇ ਜਾਂਦੇ ਇੱਕ ਦੂਜੇ ਨਾਲ ਗੁਟਕਦੇ ਰਹਿੰਦੇ ਸਨ। ਮੈਂ ਆਸ਼ਕਾਂ ਤੇ ਮਸ਼ੂਕਾਂ ਨੂੰ ਬੜੇ ਗਹੁ ਨਾਲ ਵੇਖ ਰਿਹਾ ਸਾਂ । ਮਗਨ ਸਾਂ ।
ਉਸਤਾਦ ਜੀ ਬੂਹੇ ਨੂੰ ਜੰਦਰਾ ਮਾਰ ਲਿਆ ਤੇ ਆਖਿਆ, "ਕਿੱਥੇ ਗਵਾਚ ਗਿਆ ਏਂ। ਜਿਹੜਾ ਏਥੇ ਡੁੱਬਾ ਉਹ ਕਦੀ ਨਹੀਂ ਤਰਿਆ।”
ਅਸੀਂ ਉੱਥੋਂ ਟੁਰਦੇ ਹੋਏ, ਹੌਲ਼ੀ ਹੌਲ਼ੀ ਟਕਸਾਲੀ ਦੇ ਬਾਹਰ ਬਾਗ਼ ਵਿੱਚ ਆ ਗਏ। ਆਖਿਆ ਜਾਂਦਾ ਏ, ਏਥੇ ਕਦੀ ਬੜਾ ਸੁਹਣਾ ਬਾਗ਼ ਹੁੰਦਾ ਸੀ, ਪਰ ਹੁਣ ਤੇ ਏਥੇ ਵੀਰਾਨੀ ਜਾਪਦੀ ਸੀ। ਟਾਵਾਂ ਟਾਵਾਂ ਕੋਈ ਫਲ ਵਾਲਾ ਬੂਟਾ ਸੀ । ਕੂੜਾ ਗੰਦ ਬਹੁਤ ਸੁੱਟਿਆ ਹੋਇਆ ਸੀ। ਲੋਕਾਂ ਉੱਥੇ ਬਾਗ਼ ਦੇ ਅੰਦਰੋਂ ਰਾਹ ਬਣਾਏ ਹੋਏ ਸਨ। ਹੀਰਾ ਮੰਡੀ ਤੋਂ ਦਰਬਾਰ ਦਾਤਾ ਬਖ਼ਸ਼ ਤੇ ਦਰਬਾਰ ਤੋਂ ਹੀਰਾ ਮੰਡੀ ਤੀਕਰ ਅੱਲਾਹ ਵਾਲਿਆਂ ਤੇ ਸ਼ੌਕੀਨ ਲੋਕਾਂ ਦਾ ਰਸ਼ ਰਹਿੰਦਾ ਸੀ।
ਉਸਤਾਦ ਜੀ ਰਾਹ ਵਿੱਚ ਹਰ ਇੱਕ ਸ਼ੈ ਨੂੰ ਰੁਕ ਰੁਕ ਕੇ ਵੇਖਦੇ। ਟੁਰਦੇ ਟੁਰਦੇ ਖਲੋ ਜਾਂਦੇ ਜਿਵੇਂ ਕਿਸੇ ਗਵਾਚੀ ਸ਼ੈ ਬਾਰੇ ਗਹੁ ਕਰ ਰਹੇ ਹੋਵਣ ਯਾ ਬੀਤੇ ਸਮੇਂ ਯਾਦ ਆਂਵਦੇ ਹੋਵਣ। ਉਹ ਰੁਕਦੇ ਤਾਂ ਮੈਂ ਵੀ ਰੁਕ ਜਾਂਦਾ । ਉਹ ਟੁਰਦੇ ਤਾਂ ਮੈਂ ਵੀ ਪੈਰ ਪੁੱਟਦਾ। ਉਹ ਕੁੱਝ ਸੋਚਦੇ, ਗਹੁ ਕਰਦੇ ਸਨ, ਪਰ ਮੇਰਾ ਜ਼ਿਹਨ ਉੱਕਾ ਖ਼ਾਲੀ ਸੀ। ਕਿਹੜੀ ਫਿਲਮ ਵੇਖਣ ਜਾ ਰਹੇ ਆਂ ? ਕਿਉਂ... ਕਿੱਥੇ ਜਾਣਾ ਏਂ, ਮੈਨੂੰ ਤਾਂ ਇਹ ਵੀ ਮਲੂਮ ਨਹੀਂ ਸੀ ।
ਮੇਰੇ ਲਈ ਏਨੀ ਖੁਸ਼ੀ ਈ ਬਹੁਤ ਸੀ ਕਿ ਅੱਜ ਸਾਲ ਮਗਰੋਂ ਮੇਰੇ ਨਾਲ ਫਿਲਮ ਵੇਖਣ ਜਾ ਰਹੇ ਸਨ। ਸਾਲ ਭਰ ਤੋਂ ਮੈਂ ਆਂਵਦਾ ਰਿਹਾ ਸਾਂ । ਏਥੇ ਹੁਜਰੇ ਵਿੱਚ ਲੋਕ ਈ ਏਨੇ ਆਂਵਦੇ ਸਨ ਕਿ ਕਦੀ ਕੋਈ ਗੱਲ ਕਰਨ ਦਾ ਦਾਅ ਈ ਨਹੀਂ ਸੀ ਲਗਦਾ। ਬੱਸ ਚੁੱਪ ਕਰਕੇ ਏਥੇ ਹੋਵਣ ਵਾਲੀ ਗੁਫ਼ਤਗੂ ਸੁਣਦਿਆਂ ਰਹਿਣਾ, ਫੇਰ ਸ਼ਾਮ ਨੂੰ ਉੱਠ ਕੇ ਚਲਾ ਜਾਂਦਾ ਸਾਂ । ਇੰਜ ਈ ਸਾਲ ਲੰਘ ਗਿਆ ਸੀ।
ਹੁਜਰੇ ਤੇ ਹੁਜਰੇ ਵਾਲੇ ਬਾਰੇ ਪੜ੍ਹ ਕੇ ਮੈਂ ਬਹੁਤ ਕੁੱਝ ਜਾਣਨਾ ਚਾਹੁੰਦਾ ਸਾਂ, ਪਰ ਏਥੇ ਹੋਵਣ ਵਾਲੀ ਗੱਲ ਬਾਤ ਨਾਲ ਮੈਂ ਆਪਣਾ ਆਪ ਈ ਭੁਲਾਈ ਜਾ ਰਿਹਾ ਸਾਂ। ਮੇਰੇ ਅੰਦਰੋਂ ਕੋਈ ਹੋਰ ਈ ਬੰਦਾ ਸਿਰ ਕੱਢ ਰਿਹਾ ਸੀ। ਮੇਰੇ ਤਾਂ ਜਿਵੇਂ ਖੰਭ ਪੁੰਗਰ ਰਹੇ ਸਨ।
ਉਸਤਾਦ ਜੀ (ਉਹਨਾਂ ਨੂੰ ਸਾਰੇ ਉਸਤਾਦ ਜੀ ਆਖਦੇ ਸਨ) ਹੌਲ਼ੀ-ਹੌਲ਼ੀ ਤੇ ਮਟਕੋਰ ਨਾਲ ਟੁਰਦੇ ਸਨ। ਸਿਰ ਉੱਤੇ ਸਾਫਾ ਬੰਨ੍ਹਦੇ, ਫੇਰ ਉੱਤੇ ਚਾਦਰ ਦੀ ਬੁੱਕਲ ਮਾਰਦੇ । ਇੱਕ ਲੜ ਅਗਲੇ ਪਾਸੇ, ਇੱਕ ਲੜ ਚਾਦਰ ਦਾ ਮੋਢੇ ਉੱਤੇ ਪਿੱਛੇ ਨੂੰ ਲਮਕਿਆ ਹੁੰਦਾ ਸੀ। ਅਵਾਜ਼ ਭਾਰੀ, ਕਰਾਰੀ ਤੇ ਸਾਫ਼ ਸੀ। ਗੱਲ ਵਿੱਚ ਸਾਦਗੀ, ਟਿਚਕਰ ਤੇ ਦਲੀਲ ਦੇ ਨਾਲ ਨਾਲ ਸੱਚਾਈ ਹੁੰਦੀ ਸੀ। ਹਮਦਰਦੀ ਤੇ ਜੋਸ਼ ਵੀ ਅੰਤਾਂ ਦਾ ਸੀ। ਇਲਮੀ ਤੇ ਅਦਬੀ ਗੱਲਬਾਤ ਬੜੇ ਸ਼ੌਕ, ਸਵਾਦ ਨਾਲ ਕਰਦੇ ਸਨ। ਕਿਸੇ ਦੀ ਗੱਲ ਸੁਣਨ ਵੇਲ਼ੇ ਬੜੇ ਈ ਮਸੂਮ ਬਣ ਜਾਂਦੇ ਸਨ, ਜਿਵੇਂ ਬਿਲਕੁਲ ਕੁੱਝ ਨਹੀਂ ਜਾਣਦੇ ਸਮਝਦੇ ? ਗਲ ਵਿੱਚ ਕੁਰਤਾ ਤੇ ਤਹਿਮਦ ਲੱਕ ਬੰਨ੍ਹਦੇ। ਜੁੱਤੀ ਨਰਮ ਤੇ ਮੁਲਾਇਮ ਪਾਂਵਦੇ ਸਨ ।
ਬਾਗ਼ ਵਿੱਚੋਂ ਹੌਲ਼ੀ ਹੌਲ਼ੀ ਮੁੜਦੇ ਹੋਏ ਅਸੀਂ ਭਾਟੀ ਚੌਂਕ ਤੀਕ ਅੱਪੜ ਗਏ। ਉੱਥੇ ਟਾਂਗੇ ਖਲੋਤੇ ਸਨ। ਸਵਾਰੀਆਂ ਬਹਿ ਰਹੀਆਂ ਸਨ। ਇੱਕ ਟਾਂਗੇ ਉੱਤੇ ਉਸਤਾਦ ਜੀ ਦੀਆਂ ਨਜ਼ਰਾਂ ਜੰਮ ਗਈਆਂ। ਉਹਨਾਂ ਦੇ ਚਿਹਰੇ ਉੱਤੇ ਫਿਕਰ, ਮੁਸੱਰਅਤ, ਹੈਰਤ ਤੇ ਚਿੰਤਾ ਜੇਹੇ ਤਾਸਰ ਇੱਕੋ ਵਾਰ ਉੱਭਰਦੇ ਨਜ਼ਰ ਆਂਵਦੇ ਸਨ । ਇੱਕ ਦੋ ਵਾਰ ਉਹਨਾਂ ਖੰਘ ਕੇ ਆਪਣਾ ਗਲਾ ਸਾਫ਼ ਕੀਤਾ ਲੱਗਦਾ ਸੀ । ਉਹਨਾਂ ਦੇ ਅੰਦਰ ਕੋਈ ਡਾਢਾ ਤੂਫਾਨ ਉੱਠ ਰਿਹਾ ਸੀ।
ਮੈਂ ਟਾਂਗੇ ਉੱਤੇ ਬੈਠੀਆਂ ਸਵਾਰੀਆਂ ਵੱਲ ਝਾਤ ਪਾਈ। ਆਮ ਜੇਹੀਆਂ ਜ਼ਨਾਨਾ ਸਵਾਰੀਆਂ ਤੇ ਕੁੱਝ ਬਾਲ ਸਨ । ਅੱਧਖੜ ਔਰਤਾਂ ਤੇ ਇੱਕ ਦੋ ਮਾਈਆਂ ਵੀ ਸਨ। ਪਰ ਜਦ ਤੀਕਰ ਟਾਂਗਾ ਅੱਖਾਂ ਤੋਂ ਓਹਲੇ ਨਾ ਹੋਇਆ, ਅਸੀਂ ਉੱਥੇ ਈ ਖਲੋਤੇ ਟਾਂਗੇ ਨੂੰ ਵੇਖਦੇ ਰਹੇ। ਉਸਤਾਦ ਜੀ ਚਿੰਤਾ ਵਿੱਚ ਡੁੱਬੇ ਲੱਗਦੇ ਸਨ।
ਉੱਥੋਂ ਟੁਰ ਕੇ ਅਸਾਂ ਇੱਕ ਸਾਹਮਣੇ ਦੇ ਸਿਨਮਾ ਕੋਲ ਆ ਗਏ। ਨਿਗਾਰ ਨਾਂ ਸੀ ਖੌਰੇ। ਉਹਨਾਂ ਮੈਨੂੰ ਪੈਸੇ ਦੇ ਕੇ ਆਖਿਆ, "ਜਾ, ਉੱਥੋਂ ਦੋ ਟਿਕਟਾਂ ਲੈ ਆ।” ਮੈਂ ਟਿਕਟਾਂ ਵਾਸਤੇ ਗੈਲਰੀ ਵਾਲੀ ਬਾਰੀ ਵੱਲ ਉਲਰਿਆ ਤਾਂ ਬੋਲੇ, "ਨਹੀਂ, ਸਟਾਲ ਦੀਆਂ ਟਿਕਟਾਂ। ਸਟਾਲ ਵਿੱਚ ਲੋਕ ਹੁੰਦੇ ਨੇ।"
"ਲੋਕ ਤਾਂ ਗੈਲਰੀ ਵਿੱਚ ਵੀ ਹੁੰਦੇ ਨੇ", ਮੈਂ ਆਖਿਆ। ਗੈਲਰੀ ਵਿੱਚ ਸਗੋਂ ਪੜ੍ਹੇ ਲਿਖੇ ਲੋਕ ਹੋਸਨ, ਸਾਫ਼ ਸੁਥਰੇ ।"
“ਓਏ, ਨਹੀਂ, ਉੱਥੇ ਤੇੜੀ ਤੇ ਮੂਰਖ ਹੁੰਦੇ ਨੇ, ਉਹ ਫਿਲਮ ਵੇਖਣ ਨਹੀਂ ਆਪਣਾ
ਆਪ ਵਿਖਾਵਣ ਆਂਵਦੇ ਨੇ ।" ਮੈਂ ਜਾ ਕੇ ਅੱਪਰ ਸਟਾਲ ਦੀਆਂ ਟਿਕਟਾਂ ਲੈ ਆਇਆ। ਮੇਰੇ ਲਈ ਇਹ ਵੀ ਨਵੀਂ ਗੱਲ ਸੀ ਕਿ ਸਟਾਲ ਵਿੱਚ ਲੋਕ ਹੁੰਦੇ ਨੇ, ਗੈਲਰੀ ਵਿੱਚ ਤੇੜੂ ਤੇ ਮੂਰਖ।
ਅਸੀਂ ਸੀਟਾਂ ਉੱਤੇ ਬਹਿ ਗਏ । ਅਜੇ ਫਿਲਮ ਚੱਲਣ ਵਿੱਚ ਕੁੱਝ ਦੇਰ ਜਾਪਦੀ ਸੀ। ਉਹਨਾਂ ਆਖਿਆ,"ਇੱਥੇ ਸਟਾਲ ਵਿੱਚ ਲੋਕ ਫਿਲਮ ਨਾਲ ਫਿਲਮ ਹੋ ਜਾਂਦੇ ਨੇ । ਕੋਈ ਚੀਜ਼ ਪਸੰਦ ਨਾ ਹੋਵੇ ਤਾਂ ਏਥੇ ਈ ਗਾਲ਼ਾਂ ਵੀ ਦਿੰਦੇ ਨੇ । ਇਹ ਲੋਕ ਆਮ ਤੇ ਸੱਚੇ ਹੁੰਦੇ ਨੇ। ਗੈਲਰੀ ਵਿੱਚ ਬਹਿਣ ਵਾਲੇ ਲੋਕ ਸੰਜੀਦਾ ਤੇ ਸੜੀਅਲ ਹੁੰਦੇ ਨੇ । ਉਹਨਾਂ ਆਪਣੇ ਆਪ ਨੂੰ ਮਨਸੂਈ ਖੋਲ ਦਿੱਤਾ ਹੁੰਦਾ ਏ। ਪੜ੍ਹੇ ਲਿਖੇ ਲੋਕ ਨਹੀਂ ਹੁੰਦੇ, ਪਰ ਪੜ੍ਹੇ ਲਿਖੇ ਬਣਕੇ ਵਿਖਾਂਵਦੇ ਨੇ। ਦਾਨਾ ਨਹੀਂ ਹੁੰਦੇ, ਪਰ ਦਾਨੇ ਬਣ ਬਣ ਬਹਿੰਦੇ ਨੇ। ਇਹਨਾਂ ਕੋਲ ਪੈਸੇ ਬਹੁਤ ਨਹੀਂ ਹੁੰਦੇ। ਇਹ ਆਪਣੇ ਆਪ ਨੂੰ ਪੈਸੇ ਵਾਲਾ ਦੱਸਣ ਲਈ ਗੈਲਰੀ ਦਾ ਟਿਕਟ ਖਰੀਦਦੇ ਨੇ । ਫਿਲਮਾਂ ਹਮੇਸ਼ਾ ਸਟਾਲ ਵਿੱਚ ਬਹਿਣ ਵਾਲੇ ਲੋਕ ਈ ਪਾਸ ਤੇ ਫੇਲ੍ਹ ਕਰਦੇ ਨੇ।"
ਫਿਲਮ ਸ਼ੁਰੂ ਹੋ ਗਈ ਤਾਂ ਸਟਾਲ ਵਾਲਿਆਂ ਦੀਆਂ ਗੱਲਾਂ ਤੇ ਸੀਟੀਆਂ ਬੰਦ ਹੋ ਗਈਆਂ। ਅਜੇ ਫਿਲਮ ਦੇ ਅੱਠ ਦਸ ਸੀਨ ਚੱਲੇ ਹੋਵਣਗੇ ਕਿ ਉਹਨਾਂ ਮੈਨੂੰ ਬਾਹਰ ਚਾਹ ਲੈਣ ਲਈ ਘੱਲਿਆ। ਹੀਰੋ ਤੇ ਹੀਰੋਇਨ ਦੇ ਪਿਆਰ ਵਾਲਾ ਸੀਨ ਸੀ। ਚੰਗਾ ਪਿਆ ਲੱਗਦਾ ਸੀ। ਉਹਨਾਂ ਬਾਹਰ ਟੋਰ ਦਿੱਤਾ। ਬੜਾ ਗੁੱਸਾ ਆਇਆ ਪਰ ਅਦਬ ਤੇ ਇਹਤਰਾਮ ਪਾਰੋਂ ਮੈਂ ਬੋਲ ਵੀ ਤਾਂ ਨਹੀਂ ਸਾਂ ਸਕਦਾ । ਬਾਹਰੋਂ ਚਾਹ ਨਾ ਮਿਲੀ। ਚਾਹ ਵਾਲਿਆਂ 'ਤਫ਼ਰੀਹ' ਤੀਕ ਸਬਰ ਕਰਨ ਲਈ ਆਖਿਆ ਸੀ।
ਫੇਰ ਤਫਰੀਹ ਵੇਲ਼ੇ ਚਾਹ ਲਿਆ ਕੇ ਦਿੱਤੀ। ਇੱਕ ਘੁੱਟ ਭਰਕੇ ਈ ਉਹਨਾਂ ਚਾਹ ਮੋੜ ਦਿੱਤੀ। ਚਾਹ ਉਹਨਾਂ ਨੂੰ ਪਸੰਦ ਨਹੀਂ ਸੀ ਆਈ। ਸੌਂਫ ਮੰਗਵਾ ਕੇ ਉਹਦੇ ਦੋ ਚਾਰ ਦਾਣੇ ਮੂੰਹ ਵਿੱਚ ਪਾਏ ਤੇ ਬਾਕੀ ਦੀ ਮਿੱਠੀ ਰੰਗੀ ਹੋਈ ਸੌਂਫ਼ ਮੈਨੂੰ ਫੜਾ ਦਿੱਤੀ। ਮੈਂ ਚਾਹ ਵੀ ਪੀ ਲਈ ਤੇ ਸੌਂਫ਼ ਵੀ ਚੱਬ ਗਿਆ।
ਫਿਲਮ ਮੁੱਕਣ ਮਗਰੋਂ ਸ਼ਾਮ ਹੋ ਗਈ ਸੀ । ਅਸਾਂ ਉਸੇ ਰਸਤੇ ਮੁੜ ਹੁਜਰੇ ਆ ਗਏ। ਏਥੇ ਆ ਕੇ ਉਹ ਜੁੱਤੀ ਲਾਹ ਕੇ ਚੌਂਕੜੀ ਮਾਰ ਕੇ ਮੰਜੀ ਉੱਤੇ ਬਹਿ ਕੇ ਬੋਲੇ, "ਸੁਣਾ ਫਿਲਮ ਕੈਸੀ ਸੀ ?" ਅਚਨਚੇਤ ਸਵਾਲ ਸੁਣਕੇ ਮੈਂ ਘਾਬਰ ਗਿਆ ਸਾਂ।
ਫਿਲਮ ਬੱਸ ਫਿਲਮ ਸੀ, ਵਾਹਵਾ ਸੀ। ਮੈਂ ਸੋਚਿਆ, ਵੇਖੀ ਤਾਂ ਇਹਨਾਂ ਵੀ ਹੈ, ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਏ ਭਲਾਂ। ਫਿਲਮ ਵੇਖਣੀ ਸੀ ਵੇਖ ਲਈ। ਪਿਆਰ ਦੇ ਮਨਜ਼ਰ ਵੇਲੇ ਤਾਂ ਉਹਨਾਂ ਮੈਨੂੰ ਚਾਹ ਲਈ ਟੋਰ ਦਿੱਤਾ ਸੀ, ਲੱਭੀ ਉਹ ਵੀ ਨਾ ।
ਪਰ ਉਹ ਮੇਰੀ ਏਨੀ ਗੱਲ ਉੱਤੇ ਮੁਤਮਈਅਨ ਨਹੀਂ ਸੀ। ਉਹਨਾਂ ਫਿਲਮ ਵਿੱਚ ਖਾਸ ਅਦਾਕਾਰ ਦੇ ਕੰਮ ਬਾਰੇ ਪੁੱਛਿਆ। ਉਸ ਅਦਾਕਾਰ ਦੇ ਬੋਲਣ ਦਾ ਢੰਗ ਕੋਈ ਬਹੁਤਾ ਚੰਗਾ ਤਾਂ ਨਹੀਂ ਸੀ, ਪਰ ਉਹਦੇ ਚਿਹਰੇ ਦੀ ਮਾਸੂਮੀਅਤ ਤੇ ਆਜਜ਼ੀ ਪਾਰੋਂ ਕੁੱਝ ਗੱਲ ਜਚ ਜਾਂਦੀ ਸੀ। ਮੈਂ ਉਸ ਅਦਾਕਾਰ ਦੇ ਕੰਮ ਬਾਰੇ ਆਪਣੀ ਸੋਚ ਮੁਤਾਬਕ ਗੱਲਾਂ ਕੀਤੀਆਂ।
ਉਸਤਾਦ ਜੀ ਆਖਿਆ, "ਇਹ ਅਦਾਕਾਰ ਮੇਰਾ ਪੁੱਤਰ ਬਣਿਆ ਹੋਇਆ ਏ। ਜਦੋਂ ਇਹ ਮੇਰੇ ਕੋਲ ਆਇਆ ਸੀ, ਇਹਦੇ ਪੈਰਾਂ ਵਿੱਚ ਜੁੱਤੀ ਵੀ ਨਹੀਂ ਸੀ। ਮੈਂ ਵੀ ਬਾਦਸ਼ਾਹੀ
ਮਸੀਤ ਦੀਆਂ ਪੌੜੀਆਂ ਵਿੱਚ ਬਹਿੰਦਾ ਸਾਂ ਉਸ ਵੇਲੇ। ਇਹ ਮੇਰੇ ਕੋਲ ਆਇਆ ਕਰਦਾ ਸੀ।"
ਇਹ ਤੇ ਬੜਾ ਮਸ਼ਹੂਰ ਅਦਾਕਾਰ ਏ ਮੈਂ ਸੋਚਣ ਲੱਗ ਪਿਆ ਸਾਂ। ਏਥੇ ਏਸ ਦਰਵੇਸ਼ ਬੰਦੇ ਦਾ ਪੁੱਤਰ ਬਣਿਆ ਹੋਇਆ ਏ। ਸਾਦੇ ਜੇਹੇ ਤੇ ਪਹਿਲਵਾਨ ਜੁੱਸੇ ਵਾਲੇ ਦਾ! ਮੈਨੂੰ ਆਵਦੇ ਨੂੰ ਭਾਵੇਂ ਸਾਲ ਈ ਹੋਇਆ ਸੀ ਪਰ ਮੈਂ ਅਜੇ ਤੀਕਰ ਨਹੀਂ ਸਾਂ ਜਾਣ ਸਕਿਆ ਕਿ ਇਹ ਬੰਦਾ ਹੈ ਕੀ ਏ ? ਲੋਕ ਵੀ ਉਸਤਾਦ ਜੀ ਕਹਿੰਦੇ ਸਨ ਤੇ ਮੈਂ ਵੀ ਇੰਜ ਈ ਆਖਣ ਲੱਗ ਪਿਆ ਸਾਂ।
ਮੈਂ ਕਦੀ ਕਦੀ ਆਂਵਦਾ ਸਾਂ, ਉਹ ਵੀ ਆਪਣੇ ਮਕਸਦ ਵਾਸਤੇ । ਇਹ ਤਾਂ ਮੈਨੂੰ ਮਲੂਮ ਹੋ ਗਿਆ ਸੀ ਕਿ ਇਹ ਸ਼ਾਇਰ ਨੇ, ਪਰ ਸ਼ਾਇਰ ਇੰਜ ਦੇ ਤਾਂ ਨਹੀਂ ਹੁੰਦੇ। ਖਾਣਾ ਚੰਗਾ, ਬੋਲਣਾ ਚੰਗਾ, ਜੁੱਸਾ ਪਹਿਲਵਾਨ ਵਾਲਾ, ਸਿਰ ਘੋਨਾ, ਨਾ ਲਿਟਾਂ ਨਾ ਦਾੜੀ। ਸ਼ਾਇਰਾਂ ਵਾਲਾ ਹੁਲੀਆ ਈ ਨਹੀਂ ਸੀ । ਰੰਗ ਗੋਰਾ, ਸਾਫ਼ ਸੁਥਰਾ ਜਿਵੇਂ ਰੋਜ਼ ਨਹਾਵਣਾ। ਫੇਰ ਸ਼ਾਇਰਾਂ ਵਾਂਗ ਇਸ਼ਕੀਆ ਸ਼ੇਅਰ, ਪਰ ਇਹ ਤਾਂ ਆਸ਼ਕ ਰੂਹ ਨਹੀਂ ਸੀ ਲੱਗਦੀ। ਫੇਰ ਇਹ ਕੀ ਏ ? ਲੋਕ ਕਿਉਂ ਆਂਵਦੇ ਨੇ ? ਇਹਦਾ ਘਰ ਬਾਹਰ ਕੋਈ ਨਹੀਂ। ਬੀਵੀ ਬਾਲ ਕੋਈ ਨਹੀਂ, ਅੰਗ ਸਾਕ ਕੋਈ ਨਹੀਂ, ਕੰਮ ਕਾਜ ਕੋਈ ਨਹੀਂ। ਇਹ ਸਭ ਮੇਰੇ ਲਈ ਬੁਝਾਰਤ ਵਾਂਗ ਸੀ। ਅੱਜ ਟਾਂਗੇ ਵਿੱਚ ਸਵਾਰੀਆਂ ਨੂੰ ਵੇਖ ਕੇ ਮਲੂਮ ਹੁੰਦਾ ਸੀ ਕਿ ਕੋਈ ਗੁੱਝਾ ਰੋਗ ਜਾਗ ਪਿਆ ਏ।
ਅਦਾਕਾਰ ਦੀ ਨਕਲ ਤੋਂ ਗੱਲ ਹਟ ਕੇ ਫਿਲਮ ਦੀ ਕਹਾਣੀ ਵੱਲ ਗਈ । ਉਹਨਾਂ ਪੁੱਛਿਆ, “ਫਿਲਮ ਦੀ ਕਹਾਣੀ ਕੈਸੀ ਸੀ ?"
ਫਿਲਮ ਦੀ ਕਹਾਣੀ ਦਾ ਮੌਜ਼ੂਅ ਅੰਗਰੇਜ਼ ਕੋਲੋਂ ਅਜ਼ਾਦੀ ਸੀ। ਫਿਲਮ ਦਾ ਨਾਂ ਨਜ਼ਾਮ ਲੁਹਾਰ ਸੀ। ਕਹਾਣੀ ਬਾਰੇ ਮੈਂ ਕੀ ਗੱਲ ਕਰਦਾ। ਮੈਨੂੰ ਕੀ ਮਲੂਮ ਕਿ ਫਿਲਮ ਦੀ ਕਹਾਣੀ ਕਿੰਜ ਦੀ ਹੁੰਦੀ ਏ! ਮੈਂ ਆਖਿਆ, "ਕਹਾਣੀ ਬਾਰੇ ਮੈਂ ਕੀ ਗੱਲ ਕਰ ਸਕਨਾਂ, ਮੈਨੂੰ ਤੇ ਕਹਾਣੀ ਦੀ ਉੱਕਾ ਸਮਝ ਨਹੀਂ।"
"ਫੇਰ ਵੀ" ਉਹਨਾਂ ਆਖਿਆ, "ਕੁੱਝ ਨਾ ਕੁੱਝ ਤੇ ਬੋਲ, ਚੰਗੀ ਲੱਗੀ ਹੋਸੀ ਜਾਂ ਮੰਦੀ!"
ਮੇਰੇ ਨਾ ਬੋਲਣ ਉੱਤੇ ਉਹ ਬਾਰ ਬਾਰ ਬੋਲਣ ਲਈ ਆਖਦੇ। "ਕਿਹੜਾ ਸੀਨ ਚੰਗਾ ਲੱਗਾ ਸੀ, ਕਿਹੜਾ ਹਿੱਸਾ ਬੁਰਾ ਲੱਗਾ ਤੇ ਕਿਉਂ ਲੱਗਾ ?"
ਉਹਨਾਂ ਮੈਨੂੰ ਖੋਤਰ ਖੋਤਰ ਕੇ ਫਿਲਮੀ ਕਹਾਣੀ ਬਾਰੇ ਬਹੁਤ ਕੁੱਝ ਅਖਵਾਇਆ।
ਆਪਣੀ ਸਮਝ ਮੂਜਬ ਮੈਂ ਦੱਸਦਾ ਰਿਹਾ। ਤਬਸਰਾ ਵੀ ਕਰਦਾ ਰਿਹਾ। ਫੇਰ ਨਾਲ ਨਾਲ ਪੇਂਡੂ ਰਹਿਤਲ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ। ਫਿਲਮੀ ਕਹਾਣੀ ਬਾਰੇ ਗੱਲ ਮੁੱਕੀ ਤਾਂ ਉਹਨਾਂ ਗੀਤ ਤੇ ਨਾਚ ਬਾਰੇ ਪੁੱਛਿਆ।
ਮੈਂ ਜਿੰਨਾਂ ਬਚਦਾ ਉਹ ਉਨਾਂ ਹੀ ਜ਼ੋਰ ਦਿੰਦੇ। ਮੈਨੂੰ ਫਿਲਮ ਦੇ ਗੀਤ ਤੇ ਨਾਚ ਬਾਰੇ ਗੱਲ ਕਰਨੀ ਪਈ। ਫਿਲਮ ਦੇ ਮੁਕਾਲਮੇ ਤੇ ਮਹੌਲ ਬਾਰੇ ਵੀ ਗੱਲਾਂ ਵਿੱਚੋਂ ਗੱਲ ਕੱਢ ਕੇ
ਪੁੱਛਦੇ ਰਹੇ। ਫਿਲਮ ਦੀ ਹਰ ਸ਼ੈ ਬਾਰੇ ਉਹਨਾਂ ਰੱਜ ਕੇ ਗੱਲ ਕੀਤੀ।
ਮੈਨੂੰ ਫਿਲਮ ਬਾਰੇ ਕੱਖ ਪਤਾ ਨਹੀਂ ਸੀ । ਪਰ ਉਹ ਤਾਂ ਇੰਜ ਹੌਂਸਲਾ ਦਿੰਦੇ ਸਨ ਕਿ ਜਿਵੇਂ ਮੈਂ ਫਿਲਮ ਤੇ ਫਿਲਮ ਦੀ ਕਹਾਣੀ ਬਾਰੇ ਬਹੁਤ ਕੁੱਝ ਸਮਝਦਾ ਤੇ ਜਾਣਦਾ ਹਾਂ। ਚੰਗੀ ਗੱਲ ਇਹ ਸੀ ਕਿ ਅੱਜ ਕੋਈ ਬੰਦਾ ਹੁਜਰੇ ਵਿੱਚ ਨਹੀਂ ਸੀ ਆਇਆ।
ਮੈਂ ਟਾਂਗੇ ਵਾਲੀਆਂ ਸਵਾਰੀਆਂ ਬਾਰੇ ਪੁੱਛਣਾ ਚਾਹਦਾ ਸਾਂ, ਪਰ ਹੌਂਸਲਾ ਸਾਥ ਨਹੀਂ ਸੀ ਦੇ ਰਿਹਾ। ਮੈਂ ਸੋਚਦਾ ਕਿੱਧਰੇ ਬਦਤਮੀਜ਼ੀ ਨਾ ਸਮਝੀ ਜਾਏ।
ਅੰਨ੍ਹੇਰਾ ਵਧ ਰਿਹਾ ਸੀ। ਮੈਨੂੰ ਪਿੰਡ ਜਾਵਣ ਦਾ ਫਿਕਰ । ਬਹੁਤ ਦੇਰ ਹੋ ਗਈ ਤਾਂ ਕੋਈ ਸਵਾਰੀ ਨਹੀਂ ਲੱਭਣੀ, ਪਰ ਏਥੋਂ ਉੱਠਣ ਨੂੰ ਵੀ ਜੀ ਨਹੀਂ ਸੀ ਕਰ ਰਿਹਾ। ਉਹਨਾਂ ਮੈਥੋਂ ਮੇਰੇ ਸ਼ੇਅਰ ਸੁਣੇ ਜਿਹੜੇ ਮੈਂ ਵੇਲੇ ਕੁਵੇਲੇ ਘੜਿਆ ਕਰਦਾ ਸਾਂ ।
ਮੈਨੂੰ ਆਪਣੀ ਸ਼ਾਇਰੀ ਬੜੀ ਵਧੀਆ ਤੇ ਚੰਗੀ ਲੱਗਦੀ ਸੀ। ਮੇਰੇ ਗਾਡੀ ਸੱਜਣ ਬਹੁਤ ਪਸੰਦ ਕਰਦੇ ਤੇ ਵਾਹ ਵਾਹ ਕਰਦੇ ਹੁੰਦੇ ਸਨ । ਮੈਨੂੰ ਜਿੰਨੀ ਆਪਣੀ ਸ਼ਾਇਰੀ ਯਾਦ ਸੀ, ਸਾਰੀ ਦੀ ਸਾਰੀ ਸੁਣਾ ਦਿੱਤੀ। ਮੇਰੀ ਸ਼ਾਇਰੀ ਸੁਣ ਕੇ ਉਹਨਾਂ ਤਾਰੀਫ਼ ਕਰਦਿਆਂ ਹੋਇਆਂ ਵਾਰਸ਼ ਸ਼ਾਹ ਦੀ ਕਿਤਾਬ ਹੀਰ ਰਾਂਝਾ ਵਿੱਚੋਂ ਇੱਕ ਸ਼ੇਅਰ ਪੜ੍ਹਿਆ-
ਵਾਰਸ਼ ਸ਼ਾਹ ਜਦੋਂ ਤਪੜ ਝੜੀ ਹੋਸੀ
ਵੇਖੀਂ ਨੀਲ ਡਾਟਾਂ ਅਤੇ ਲਹਿਰੀਏ ਨੀ
ਆਖਿਆ, ਇਹਦੀ ਤਸ਼ਹੀਰ ਕਰ। ਮੇਰੇ ਲਈ ਇਹ ਬਹੁਤ ਔਖਾ ਕੰਮ ਸੀ । ਕਿਹੜੀ ਮੁਸੀਬਤ ਵਿੱਚ ਫਸ ਗਿਆ ਵਾਂ, ਮੈਂ ਸੋਚਿਆ।
ਆਇਆ ਤਾਂ ਮੈਂ ਸ਼ਾਗਿਰਦ ਬਣਨ ਸਾਂ ਪਰ ਇਹ ਬੰਦਾ ਮੈਨੂੰ ਸ਼ਰਮਿੰਦਿਆਂ ਕਰਕੇ ਛੱਡਸੀ। ਆਖਰ ਏਸ ਫੇਲ੍ਹ ਕਰਕੇ ਜਵਾਬ ਦੇ ਦੇਣਾ ਏਂ । ਐਵੇਂ ਚੌਧਰੀ ਦੇ ਆਖੇ ਲੱਗ ਕੇ ਸਾਲ ਤੀਕਰ ਏਥੇ ਮੱਥਾ ਟੇਕਦਾ ਰਿਹਾ ਵਾਂ। ਇਹ ਬੰਦਾ ਸ਼ਾਇਰ ਨਹੀਂ ਕੁੱਝ ਹੋਰ ਚੀਜ਼ ਏ। ਸ਼ਾਇਰਾਂ ਵਾਲੀ ਦਿੱਖ ਈ ਨਹੀਂ ਇਹਦੀ! ਚੱਲ ਮਨਾਂ! ਉੱਠ ਚੱਲ ਏਥੋਂ।
ਪਰ ਨਹੀਂ, ਮੇਰੇ ਅੰਦਰ ਵਾਲਾ ਪੇਂਡੂ ਜ਼ਿੱਦੀ ਜਾਗ ਪਿਆ ਸੀ। ਇੰਜ ਕੰਡ ਵਿਖਾ ਕੇ ਨੱਸਣਾ ਮੇਰੇ ਲਈ ਘਾਟਾ ਏ, ਪਰ ਮੁਸੀਬਤ ਤਾਂ ਸ਼ੇਅਰ ਦੀ ਤਸ਼ਰੀਹ ਦੀ ਸੀ। ਮੈਂ ਹੌਂਸਲਾ ਕਰਕੇ ਜਿਵੇਂ ਸਮਝਿਆ ਉਂਜ ਸ਼ੇਅਰ ਨੂੰ ਵੇਰਵੇ ਨਾਲ ਬਿਆਨ ਕੀਤਾ ਕਿ ਏਥੋਂ ਮਾਂ ਧੀ ਨੂੰ ਗੁੱਸੇ ਹੁੰਦੀ ਏ ਤੇ ਪਿਆਰ ਵੀ ਕਰਦੀ ਏ। ਜਿਵੇਂ ਮਾਰ ਉੱਤੇ ਆਖਦੀ ਏ ਕਿ ਜਦੋਂ ਤੱਪੜ ਉੱਤੇ ਸੋਟੇ ਵੱਜਣ ਨਾਲ ਡਾਟਾਂ ਪੈਂਦੀਆਂ ਨੇ, ਇੰਜ ਤੇਰੇ ਕੂਲੇ ਤੇ ਪਲੇ ਹੋਏ ਜੁੱਸੇ 'ਤੇ ਨਿਸ਼ਾਨ ਪੈ ਜਾਸਨ, ਪਰ ਪਿਆਰ ਆਂਵਦਾ ਏ ਤੇ ਕਹਿੰਦੀ ਏ ਕਿ ਲਹਿਰੀਏ ਦੁਪੱਟੇ ਵਾਂਗ ਜਵਾਨੀ ਏ ਮੇਰੀ ਧੀ ਦੀ । ਲਰਿਹੀਏ ਦੁਪੱਟੇ ਦੀਆਂ ਫਾਟਾਂ ਵੀ ਤਾਂ ਡਾਟਾਂ ਵਾਂਗ ਹੁੰਦੀਆਂ ਨੇ। ਅੱਗੋਂ ਝਿਜਕ ਕੇ ਮੈਂ ਚੁੱਪ ਹੋ ਗਿਆ।
ਏਸ ਤਸ਼ਰੀਹ ਉੱਤੇ ਉਸਤਾਦ ਜੀ ਵਾਹ ਵਾਹ ਕੀਤੀ। ਉਹਨਾਂ ਖੁੱਲ੍ਹ ਕੇ ਸ਼ਾਬਾਸ਼ ਦਿੱਤੀ। ਪਰ ਕੁੱਝ ਹੋਰ ਲੋਕ ਅੰਦਰ ਆ ਗਏ। ਮੈਨੂੰ ਇਜ਼ਾਜ਼ਤ ਮਿਲੀ ਕਿ 'ਜਾ ਹੁਣ, ਫੇਰ ਅਗਲੇ ਐਤਵਾਰ।'
ਅਗਲੇ ਐਤਵਾਰ ਦਾ ਸੁਣਕੇ ਮੈਂ ਏਥੋਂ ਉੱਠ ਟੁਰਿਆ। ਰਾਤ ਵਾਹਵਾ ਲੰਘ ਗਈ ਸੀ ਲਾਰੀ ਅੱਡੇ ਤੋਂ ਸ਼ੇਖੂਪੁਰੇ ਨੂੰ ਜਾਵਣ ਵਾਲੀ ਕੋਈ ਬੱਸ ਰਾਹ ਦੀ ਸਵਾਰੀ ਉਠਾਵਣ ਨੂੰ ਤਿਆਰ ਨਹੀਂ ਸੀ। ਹਰ ਬੱਸ ਤੋੜ ਸ਼ੇਖੂਪੁਰਾ ਦੀ ਸਵਾਰੀ ਦੀ ਭਾਲ ਤੇ ਉਡੀਕ ਵਿੱਚ ਰਹਿੰਦੀ। ਰਾਹ ਵਿੱਚ ਬਰੇਕ ਲਾਵਣਾ ਬੱਸ ਵਾਲ਼ੇ ਆਪਣੀ ਤੌਹੀਨ ਸਮਝਦੇ ਸਨ । ਰਾਹ ਦੀ ਸਵਾਰੀ ਨੂੰ ਤਾਂ ਬੱਸ ਦੀ ਬਾਰੀ ਲਾਗੇ ਵੀ ਖਲੋਣ ਨਹੀਂ ਸਨ ਦਿੰਦੇ । ਬਹੁਤੀਆਂ ਬੱਸਾਂ ਵਾਲੇ ਲਾਇਲਪੁਰ, ਝੰਗ, ਸਰਗੋਧਾ ਤੇ ਮੀਆਂਵਾਲੀ ਦੀਆਂ ਅਵਾਜ਼ਾਂ ਦਿੰਦੇ ਸਨ । ਕੋਈ ਕੋਈ ਬੱਸ ਵਾਲਾ ਸ਼ੇਖੂਪੁਰੇ ਦੀ ਅਵਾਜ਼ ਲਾਂਵਦਾ। ਰਾਹ ਦੀ ਸਵਾਰੀ ਕੋਈ ਨਹੀਂ ਸੀ ਉਠਾਂਵਦਾ। ਦੋ ਤਿੰਨ ਸਵਾਰੀਆਂ ਹੋਰ ਵੀ ਤਰਲੇ ਲੈ ਰਹੀਆਂ ਸਨ। ਉਹਨਾਂ ਵੀ ਰਾਹ ਵਿੱਚ ਈ ਲਹਿਣਾ ਸੀ।
ਮੈਥੋਂ ਅੱਡ ਰਾਹ ਦੀਆਂ ਸਵਾਰੀਆਂ ਵਿੱਚ ਦੋ ਮਜ਼ਦੂਰ ਸਨ ਜਿਹੜੇ ਸ਼ਹਿਰ ਦਿਹਾੜੀ ਲਈ ਰੋਜ਼ ਆਂਵਦੇ ਸਨ ਤੇ ਇੰਜ ਈ ਖੱਜਲ ਖੁਆਰ ਹੁੰਦੇ ਸਨ। ਇੱਕ ਬਾਬਾ ਤੇ ਇੱਕ ਜਵਾਨ ਕੁੜੀ ਸੀ। ਚੰਗੇ ਰੰਗ ਰੂਪ ਦੀ ਕੁੜੀ ਵੱਲ ਹਰ ਇੱਕ ਅੱਖਾਂ ਭਰ ਭਰ ਤੱਕਦਾ ਸੀ, ਪਰ ਕੁੜੀ ਸ਼ਰਮਾਈ ਸ਼ਰਮਾਈ ਅੱਖਾਂ ਨੀਵੀਂਆਂ ਈ ਰੱਖਦੀ। ਉਹਨੇ ਕਿਸੇ ਵੱਲ ਵੀ ਅੱਖ ਚੁੱਕ ਕੇ ਨਾ ਵੇਖਿਆ। ਬਸ ਉੱਤੇ ਨਾ ਉਠਾਵਣ ਦੀ ਕੁੜੱਤਣ ਤਾਂ ਅਸਾਨੂੰ ਹੈ ਈ ਸੀ । ਜੂ ਜੂੰ ਵੇਲਾ ਲੰਘਦਾ ਜਾ ਰਿਹਾ ਸੀ, ਚਿੰਤਾ ਵਧਦੀ ਜਾ ਰਹੀ ਸੀ ਕਿ ਜੇ ਕਿਸੇ ਵੀ ਬੱਸ ਵਾਲ਼ੇ ਨਾ ਉਠਾਇਆ ਤਾਂ ਰਾਤ ਕਿੱਧਰੇ ਜਾਵਣ ਜੋਗੇ ਵੀ ਨਹੀਂ।
ਜਦ ਜਵਾਨ ਕੁੜੀ ਵੱਲ ਤੱਕਦੇ ਤਾਂ ਕੁੱਝ ਦੇਰ ਚਿੰਤਾ ਮੁੱਕ ਜਾਂਦੀ। ਹੋਰ ਵੀ ਸਵਾਰੀਆਂ ਆ ਜਾ ਰਹੀਆਂ ਸਨ। ਉਹਨਾਂ ਸਵਾਰੀਆਂ ਵਿੱਚ ਵੀ ਸੁਹਣੇ ਸੁਹਣੇ ਮੁਖੜੇ ਨਜ਼ਰ ਆਂਵਦੇ ਸਨ, ਪਰ ਇਹ ਮੁਖੜਾ ਤਾਂ ਅਸਾਡੇ ਵਾਂਗ ਅਸਾਡੇ ਨਾਲ ਚਿੰਤਾ ਵਿੱਚ ਸੀ। ਹੁਣ ਅਸੀਂ ਬੱਸਾਂ ਵਾਲਿਆਂ ਦੀ ਮਿੰਨਤ ਕਰਨ ਲੱਗ ਪਏ ਸਾਂ ।
ਆਖਿਰ ਇੱਕ ਬੱਸ ਵਾਲ਼ੇ ਨੂੰ ਰਾਹ ਦੀਆਂ ਸਵਾਰੀਆਂ ਉੱਤੇ ਤਰਸ ਆ ਈ ਗਿਆ। ਉਸ ਆਖਿਆ "ਜਿੱਥੇ ਜਿੱਥੇ ਵੀ ਕਿਸੇ ਜਾਣਾ ਏ ਬੈਠ ਜਾਓ ਪਰ ਕਿਰਾਇਆ ਸ਼ੇਖੂਪੁਰੇ ਦਾ ਹੋਸੀ।"
ਅਸਾਂ ਦੂਣਾ ਕਿਰਾਇਆ ਦੇ ਕੇ ਬਹਿ ਜਾਣਾ ਪਸੰਦ ਕੀਤਾ ਤਾਂ ਬੱਸ ਸਵਾਰੀਆਂ ਨੂੰ ਲੈ ਕੇ ਟੁਰ ਪਈ। ਬੱਸ ਉੱਤੋਂ ਉੱਤਰ ਕੇ ਜਦ ਮੈਂ ਆਪਣੇ ਪਿੰਡ ਲਾਗੇ ਅੱਪੜਿਆ ਤਾਂ ਉੱਥੇ ਟਿਊਬ ਵੈੱਲ ਲਾਗੇ ਬੈਠਕ ਵਿੱਚੋਂ ਕੁੱਝ ਬੰਦਿਆਂ ਮੈਨੂੰ ਰੋਕ ਕੇ ਪੁੱਛਿਆ-
"ਕੌਣ ਏਂ ਤੂੰ ?”
ਤਿੰਨ ਕੁ ਓਪਰੇ ਜਿਹੇ ਬੰਦੇ, ਉਹਨਾਂ ਕੋਲ ਬੰਦੂਕਾਂ ਤੇ ਬੰਦੂਕਾਂ ਦੇ ਮੂੰਹ ਮੇਰੇ ਵੱਲ। ਮੇਰੇ ਲਈ ਬੜੇ ਅਚੰਬੇ ਵਾਲੀ ਗੱਲ ਸੀ ਕਿ ਅਸਾਡੇ ਪਿੰਡ ਲਾਗੇ, ਪਿੰਡ ਦੇ ਟਿਊਬ ਵੈੱਲ ਉੱਤੇ ਮੈਨੂੰ ਪੁੱਛਿਆ ਜਾ ਰਿਹਾ ਏ ਕਿ "ਕੌਣ ਏਂ ਤੂੰ?" ਕਮਾਲ ਏ। ਪਹਿਲਾਂ ਤਾਂ ਮੈਂ ਅੰਨ੍ਹੇਰੇ ਵਿੱਚ ਅੱਖਾਂ ਪਾੜ ਪਾੜ ਕੇ ਉਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਈ ਓਪਰੇ ਬੰਦੇ ਸਨ।
ਮੇਰੇ ਲਈ ਹੋਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਓਪਰੇ ਬੰਦੇ ਬੰਦੂਕਾਂ ਨਾਲ ਏਥੇ ਡੇਰਾ ਲਾਈ ਬੈਠੇ ਸਨ। ਇਹ ਬੈਠਕ, ਟਿਊਬ ਵੈੱਲ ਤੇ ਭੋਏਂ ਸ਼ੇਖ ਇਕਬਾਲ ਦੀ ਏ । ਅਸੀਂ ਉਹਦੇ ਰਾਹਕ ਆਂ। ਅਸੀਂ ਈ ਵਾਹੀ ਕਰਨੇ ਆਂ, ਟਿਊਬ ਵੈੱਲ ਦੀ ਸੰਭਾਲ ਤੇ ਵਰਤੋਂ ਅਸੀਂ ਕਰਨੇ ਆਂ, ਫੇਰ ਇਹ ਕੌਣ ਨੇ ? ਮੈਨੂੰ ਕਈ ਖਿਆਲ ਆਏ ਕਈ ਗਏ । ਆਖਰ ਹਿੰਮਤ ਕਰਕੇ ਮੈਂ ਪੁੱਛਿਆ, "ਤੁਸੀਂ ਕੌਣ ਓ ? ਮੈਂ ਤਾਂ ਏਥੋਂ ਦਾ ਰਹਿਣ ਵਾਲਾ ਆਂ ।" ਮੇਰੀ ਅਵਾਜ਼ ਸੁਣ ਕੇ ਬੈਠਕ ਵਿੱਚੋਂ ਹਾਰੂੰ ਦੀ ਅਵਾਜ਼ ਆਈ, "ਆ ਜਾਓ ਆਪਣਾ ਬੰਦਾ ਏ।” ਉਹ ਪਰਤ ਟੁਰੇ ਤਾਂ ਮੈਂ ਵੀ ਬੈਠਕ ਵਿੱਚ ਚਲਾ ਗਿਆ। ਮੈਨੂੰ ਵੇਖ ਕੇ ਹਾਰੂੰ ਹੱਸਣ ਲੱਗ ਪਿਆ। ਮੈਂ ਪੁੱਛਿਆ, “ਹਾਰੂੰ ਸਾਹਿਬ। ਇਹ ਬੰਦੇ ਕਾਹਦੇ ਵਾਸਤੇ ਨੇ ?”
ਹਾਰੂੰ ਆਖਿਆ, "ਹੁਣ ਤੂੰ ਜਾ ਰਾਤ ਕਾਫੀ ਹੋ ਗਈ ਏ। ਸਵੇਰ ਆਪੇ ਮਲੂਮ ਹੋ ਜਾਸੀ।"
ਮੈਂ ਜਾਂਦੇ ਹੋਏ ਇੱਕ ਵਾਰ ਫੇਰ ਉਹਨਾਂ ਬੰਦਿਆਂ ਵੱਲ ਵੇਖਿਆ। ਮੈਨੂੰ ਉਹ ਬੰਦੇ ਕੁੱਝ ਚੰਗੇ ਨਹੀਂ ਸਨ ਲੱਗਦੇ। ਉਹਨਾਂ ਦੇ ਚਿਹਰਿਆਂ ਉੱਤੋਂ ਖੌਫ਼, ਡਰ ਤੇ ਬੇਰਹਿਮੀ ਜਿਹੀ ਫੁੱਟਦੀ ਸੀ।
ਸਵੇਰੇ ਮਲੂਮ ਹੋਇਆ ਕਿ ਇਹ ਭੋਏਂ ਸ਼ੇਖ ਇਕਬਾਲ ਆਪਣੇ ਮਾਲਕ ਕੋਲੋਂ ਫਰਾਡ ਨਾਲ ਲੈ ਕੇ ਆਪਣੇ ਪੁੱਤਰ ਦੇ ਨਾਵੇਂ ਕਰਵਾਈ ਹੋਈ ਸੀ । ਹੁਣ ਹੈਦਰਾਬਾਦ ਦੇ ਭਈਏ ਇਹ ਭੋਏਂ ਵੇਚ ਦਿੱਤੀ ਏ। ਪਿੰਡ ਦੇ ਹਾਜੀ ਜ਼ਿਮੀਦਾਰ ਦੇ ਪੁੱਤਰ ਖ਼ਰੀਦ ਲਈ ਏ। ਨਵਾਂ ਖਰੀਦਦਾਰ ਕਬਜ਼ਾ ਲੈਣ ਦੇ ਚੱਕਰ ਵਿੱਚ ਏ । ਏਸੇ ਲਈ ਸ਼ੇਖ ਇਕਬਾਲ ਕਬਜ਼ਾ ਪੱਕਾ ਕਰਨ ਲਈ ਗੁੰਡੇ ਸੱਦ ਲਿਆਇਆ ਏ। ਹਾਰੂੰ ਸਵੇਰ ਨੂੰ ਆਪ ਸ਼ਹਿਰ ਗਿਆ ਤੇ ਲਾਰੀ ਅੱਡੇ ਦਾ ਮਸ਼ਹੂਰ ਬੰਦਾ ਕੁੱਝ ਹੋਰ ਗੁੰਡੇ ਲੈ ਕੇ ਆ ਗਿਆ।
ਦੂਜੇ ਪਾਸੇ ਨਵੇਂ ਖਰੀਦਦਾਰ ਵੀ ਸਾਹਮਣੇ ਦੇ ਡੇਰੇ ਉੱਤੇ ਗੁੰਡੇ ਲਿਆ ਬਿਠਾਏ। ਦੋਵਾਂ ਪਾਸਿਉਂ ਦਬਾਅ ਅਸਾਡੇ ਉੱਤੇ। ਨਵੇਂ ਖਰੀਦਦਾਰ ਦੇ ਪਿਉ ਦੇ ਅਸਾਂ ਪਹਿਲੇ ਰਾਹਕ ਰਹੇ ਸਾਂ, ਪੁਰਾਣੇ ਤੁਅਲਕ ਪਾਰੋਂ ਉਹ ਸਾਥੋਂ ਸਾਥ ਮੰਗਦਾ ਸੀ।
ਪਰ ਰਾਹਕ ਤਾਂ ਰਾਹਕ ਹੁੰਦਾ ਏ। ਰਾਹਕ ਦਾ ਹਰ ਇੱਕ ਮਾਲਕ ਹੁੰਦਾ ਏ। ਅਸਾਂ ਕਬਜ਼ਾ ਲੈਣ ਵਾਲੇ ਤੇ ਨਾ ਦੇਣ ਵਾਲੇ, ਦੋਹਾਂ ਧਿਰਾਂ ਦੇ ਖ਼ਾਦਮ ਆਂ, ਜਿਹੜਾ ਜਿੱਤ ਗਿਆ, ਉਸੇ ਦੇ ਈ ਰਾਹਕ ਅਸੀਂ, ਕਾਮੇ ਅਸੀਂ ?
ਦੋਵੇਂ ਧਿਰਾਂ ਦੇ ਬਦਮਾਸ਼ਾਂ ਕੁੱਝ ਦਿਨ ਤਾਂ ਵਾਹਵਾ ਖਾਧਾ ਪੀਤਾ, ਆਸੇ ਪਾਸੇ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਰਾਤਾਂ ਨੂੰ ਝੁੱਗੇ ਵੀ ਫਰੋਲ਼ੇ। ਕਿਸੇ ਦੇ ਘਰੋਂ ਚੁਰਾ ਕੇ ਲੈ ਆਏ ਤੇ ਕਿਸੇ ਦੇ ਕੋਲੋਂ ਘੂਰ ਕੇ । ਰਾਹਕ ਲੋਕ ਡਰੇ ਡਰੇ, ਸਹਿਮੇ ਸਹਿਮੇ ਦਿਨ ਕੱਟ ਰਹੇ ਸਨ।
ਸ਼ੇਖ ਇਕਬਾਲ ਦੇ ਬਦਮਾਸ਼ ਲਹੌਰ ਦੇ ਤੇ ਕੁੱਝ ਦੂਜੇ ਇਲਾਕਿਆਂ ਦੇ ਇਸ਼ਤਿਹਾਰੀ ਸਨ । ਏਸ ਜੂਹ ਵਿੱਚ ਉਹ ਓਪਰੇ ਸਨ ਪਰ ਨਵੇਂ ਖਰੀਦਦਾਰ ਦੇ ਬਦਮਾਸ਼ ਮੁਕਾਮੀ ਤੇ ਇਸ ਜੂਹ ਦੇ ਚੰਗੇ ਜਾਣੂ ਸਨ । ਜੂਹ ਦੇ ਸਾਰੇ ਜ਼ਿਮੀਦਾਰ ਤੇ ਮਾਲਕ ਨਵੇਂ ਖਰੀਦਦਾਰ ਦੇ ਸੱਜਣ ਤੇ
ਰਿਸ਼ਤੇਦਾਰ ਸਨ। ਇੱਕ ਰਾਤ ਜੰਗ ਛਿੜ ਪਈ । ਆਹਮਣੇ ਸਾਹਮਣੇ ਗੋਲੀਆਂ ਚੱਲੀਆਂ। ਨਾ ਕੋਈ ਮਰਿਆ ਤੇ ਨਾ ਕੋਈ ਜ਼ਖਮੀ ਹੋਇਆ। ਸ਼ੇਖ ਇਕਬਾਲ ਦੇ ਬਦਮਾਸ਼ ਸਭ ਕੁੱਝ ਛੱਡਕੇ ਨੱਸ ਗਏ ਤਾਂ ਨਵੇਂ ਮਾਲਕ ਦਾ ਕਬਜ਼ਾ ਹੋ ਗਿਆ । ਅਸਾਂ ਰਾਹਕ ਵੀ ਉਹਦੇ ਕਬਜ਼ੇ ਵਿੱਚ, ਜਿਵੇਂ ਲਾੜੀ ਦਾ ਦਾਜ ਵੀ ਲਾੜੇ ਦੇ ਕਬਜ਼ੇ ਵਿੱਚ ਹੁੰਦਾ ਏ। ਸਵੇਰੇ ਪੁਲਸ ਆ ਕੇ ਡੇਰਾ ਲਾਈ ਰੱਖਿਆ। ਇਲਾਕੇ ਦੇ ਸਾਰੇ ਕੁੱਕੜ ਤੇ ਦੁੱਧ ਘਿਓ ਪੁਲਸ ਖਾ ਪੀ ਗਈ।
ਪੂਰੇ ਇਲਾਕੇ ਵਿੱਚ ਕਈ ਦਿਨ ਤੀਕਰ ਖੌਫ ਦੀ ਲਹਿਰ ਚਲਦੀ ਰਹੀ ਸੀ। ਮੁਕੱਦਮਾ ਭਾਵੇਂ ਅਦਾਲਤਾਂ ਵਿੱਚ ਚਲਾ ਗਿਆ ਸੀ, ਪਰ ਲੜਾਈ ਦਾ ਖ਼ਤਰਾ ਹਰ ਵੇਲੇ ਰਹਿੰਦਾ ਸੀ। ਲੋਕ ਰਾਤ ਨੂੰ ਘਰੋਂ ਬਾਹਰ ਨਹੀਂ ਸਨ ਨਿੱਕਲਦੇ ਤੇ ਨਾ ਈ ਘਰ ਕੱਲਾ ਛੱਡ ਕੇ ਕਿਧਰੇ ਦੂਰ ਵਾਂਢੇ ਜਾਂਦੇ ਸਨ । ਏਹੋ ਜੇਹੇ ਸਮੇਂ ਵਿੱਚ ਭਲਾਂ ਮੈਂ ਕਿਵੇਂ ਹੁਜਰੇ ਜਾ ਸਕਦਾ ਸਾਂ । ਕਈ ਐਤਵਾਰ ਲੰਘ ਗਏ ਸਨ।
ਭੋਏਂ ਦਾ ਮਾਲਕ ਭਾਵੇਂ ਬਦਲ ਗਿਆ ਸੀ ਪਰ ਰਾਹਕਾਂ ਦੀ ਜੂਨ ਤਾਂ ਨਹੀਂ ਸੀ ਬਦਲੀ । ਉਹ ਈ ਮਿਹਨਤ ਮੁਸ਼ੱਕਤ, ਉਹ ਈ ਸਬਰ ਸ਼ੁਕਰ ਤੇ ਫ਼ਾਕਾ ਤੰਗੀ, ਉਹ ਈ ਮਾਲ ਡੰਗਰ ਤੇ ਖੇਚਲ, ਉਹ ਈ ਦੁੱਖ ਤੇ ਉਹ ਈ ਜੁੱਸਾ । ਇਹ ਸਾਰਾ ਕੁੱਝ ਵੇਖ ਕੇ ਮੈਨੂੰ ਕੁੱਝ ਤਾਅ ਚੜ੍ਹਦਾ, ਗੁੱਸਾ ਆਂਵਦਾ, ਆਪਣੇ ਆਪ ਨਾਲ ਨਫ਼ਰਤ ਵੀ ਹੁੰਦੀ ਪਰ ਕੀ ਕੀਤਾ ਜਾਵੇ ? ਕੋਈ ਰਾਹ, ਕੋਈ ਮੰਜ਼ਲ ਮੈਨੂੰ ਨਜ਼ਰ ਨਹੀਂ ਸੀ ਆਂਵਦੀ। ਘੜੇ ਦੀ ਮੱਛੀ ਵਾਂਗਰ, ਯਾ ਭੌਂ ਚੋਂ ਖੋਤੀ ਬੋਹੜ ਹੇਠਾਂ । ਬਹੁਤ ਕੰਮ ਕਰਨਾ, ਬਹੁਤ ਕੰਮ ਕਰਨਾ, ਨਤੀਜਾ ਉਹ ਈ ਫ਼ਾਕੇ ਸਬਰ ਸ਼ੁਕਰ!
ਨਵੇਂ ਖਰੀਦਦਾਰ ਦਾ ਕਬਜ਼ਾ ਪੱਕਾ ਹੋ ਗਿਆ ਸੀ । ਅਸਾਨੂੰ ਨਵੇਂ ਮਾਲਕ ਨੂੰ ਰਾਜ਼ੀ ਰੱਖਣ ਲਈ ਉਹਦੇ ਅੱਗੇ ਪਿੱਛੇ ਰਹਿਣਾ ਪੈਂਦਾ ਸੀ। ਉਹਦੀਆਂ ਠੰਡੀਆਂ ਤੱਤੀਆਂ ਗੱਲਾਂ ਸੁਣ ਕੇ ਜਰਨਾ ਪੈਂਦਾ ਸੀ । ਜੀ ਜੀ ਕਰਦਿਆਂ ਰਹਿਣਾ ਅਸਾਡੀ ਆਦਤ ਬਣ ਗਈ ਹੋਈ ਸੀ। ਨਵੇਂ ਜ਼ਿਮੀਦਾਰ ਦਾ ਰਵੱਈਆ ਆਪਣੇ ਪਿਉ ਤੋਂ ਵੀ ਭੈੜਾ ਸੀ । ਬਦਜ਼ਬਾਨ ਤੇ ਤੇੜੂ, ਆਪਣੇ ਆਪ ਨੂੰ ਇਲਾਕੇ ਦਾ ਵੱਡਾ ਚੌਧਰੀ ਖ਼ਿਆਲ ਕਰਦਾ, ਹਰ ਗੱਲ ਵਿੱਚ ਆਪਣਾ ਹੁਕਮ ਈ ਆਖ਼ਰੀ ਹੁਕਮ ਸਮਝਦਾ ਸੀ । ਇਲਾਕੇ ਦੇ ਦੂਸਰੇ ਜ਼ਿਮੀਦਾਰ ਇਹਦੇ ਪਿਉ ਦੀ ਤਾਂ ਇੱਜ਼ਤ ਕਰਦੇ ਸਨ, ਪਰ ਇਹਨੂੰ ਉੱਕਾ ਈ ਮੂੰਹ ਨਹੀਂ ਸਨ ਲਾਂਵਦੇ। ਇਹ ਆਪਣੀ ਹੇਠੀ ਦਾ ਬਦਲਾ ਰਾਹਕਾਂ ਕੋਲੋਂ ਲੈਂਦਾ, ਉਹਨਾਂ ਉੱਤੇ ਹੀ ਗੁੱਸਾ ਕਰਦਾ ਤੇ ਮੰਦਾ ਰਹਿੰਦਾ ਸੀ।
ਰਾਹਕ ਵਿਚਾਰੇ ਸਭ ਸਖ਼ਤੀਆਂ ਜਰ ਜਾਂਦੇ ਸਨ, ਹੋਰ ਕਰ ਵੀ ਕੀ ਸਕਦੇ ਸਨ ? ਦੂਜਿਆਂ ਰਾਹਕਾਂ ਨਾਲੋਂ ਅਸਾਡੀ ਹਾਲਤ ਵੀ ਕੋਈ ਜ਼ਿਆਦਾ ਵੱਖਰੀ ਨਹੀਂ ਸੀ। ਜ਼ਿਮੀਦਾਰ ਦੀਆਂ ਭੈੜੀਆਂ ਮੰਦੀਆਂ ਗਾਲਾਂ ਸੁਣ ਸੁਣ ਕੇ ਅੱਕ ਗਏ ਹੋਏ ਸਾਂ।
ਇੱਕ ਦਿਨ ਮੂੰਜੀ ਦਾ ਬੋਹਲ ਬਣਿਆ ਹੋਇਆ ਸੀ ਤੇ ਨਵਾਂ ਜ਼ਿਮੀਦਾਰ ਆਇਆ ਹੋਇਆ ਸੀ। ਬੋਹਲ ਤੋਲਿਆ, ਛੱਟਾਂ ਵਿੱਚ ਦਾਣੇ ਭਰੇ ਗਏ ਤਾਂ ਜ਼ਿਮੀਦਾਰ ਮੇਰੇ ਪਿਉ ਨੂੰ ਆਖਿਆ, “ਦਾਣੇ ਤਾਂ ਬਹੁਤ ਥੋੜ੍ਹੇ ਹੋਏ ਨੇ । ਤੁਸਾਂ ਰਾਤ ਨੂੰ ਚੋਰੀ ਤਾਂ ਨਹੀਂ ਕਰ ਲਏ ?"
ਮੇਰੇ ਕੋਲੋਂ ਜ਼ਰਿਆ ਨਾ ਗਿਆ । ਝੱਟ ਆਖਿਆ, "ਚੌਧਰੀ! ਜੇ ਤੂੰ ਖ਼ੁਦਾ ਹੋਂਦੋ ਤਾਂ
ਫੇਰ ਕੀ ਹੁੰਦਾ ?"
ਚੌਧਰੀ ਗੁੱਸੇ ਨਾਲ ਬੋਲਿਆ, "ਕੀ ਮਤਲਬ ਓਏ ਤੇਰਾ ?
"ਮਤਲਬ ਤਾਂ ਕੋਈ ਨਹੀਂ ਚੌਧਰੀ, ਬੱਸ ਖ਼ੁਦਾ ਦੀ ਸ਼ਾਨ ਏ।"
ਚੌਧਰੀ ਮੇਰਾ ਜਵਾਬ ਸੁਣ ਕੇ ਮੇਰੇ ਪਿਉ ਨੂੰ ਆਖਿਆ, "ਇਹਨੂੰ ਸੰਭਾਲ ਕੇ ਰੱਖ। ਬੜਾ ਬਦਤਮੀਜ਼ ਏ, ਬੇਵਕੂਫ਼ ? ਇਹਨੂੰ ਬੋਲਣ ਦਾ ਵੀ ਪਤਾ ਨਹੀਂ। ਮੇਰੇ ਸਾਹਮਣੇ ਤੇ ਵੱਡੇ ਵੱਡੇ ਚੌਧਰੀ ਨਹੀਂ ਬੋਲਦੇ ।"
ਜਵਾਬ ਵਿੱਚ ਮੇਰੇ ਪਿਉ ਆਖਿਆ, "ਚੌਧਰੀ, ਮੁੰਡਾ ਏ, ਜਵਾਨ ਏ, ਮੈਂ ਸਮਝਾ ਦਿਆਂਗਾ।"
ਜ਼ਿਮੀਦਾਰ ਭਰਿਆ-ਪੀਤਾ ਚਲਾ ਗਿਆ ਤਾਂ ਮੇਰੇ ਪਿਉ ਮੈਨੂੰ ਆਖਿਆ, "ਤੂੰ ਜ਼ਰੂਰ ਮੈਨੂੰ ਬੇਇਜ਼ਤ ਕਰਵਾਏਂਗਾ।"
"ਬੇਇੱਜ਼ਤ ਅਸੀਂ ਰੋਜ਼ ਹੁੰਨੇ ਆਂ।" ਮੇਰੇ ਜਵਾਬ ਉੱਤੇ ਪਿਉ ਫੇਰ ਘੂਰੀ ਕੱਢ ਕੇ ਆਖਿਆ, "ਆਪਣੀ ਔਕਾਤ ਵਿੱਚ ਰਹਿਣਾ ਪੈਂਦਾ ਏ। ਅਸੀਂ ਹੈ ਕੀ ਆਂ ?" ਮੈਂ ਕੋਈ ਜਵਾਬ ਨਾ ਦਿੱਤਾ। ਪਰ੍ਹਾਂ ਜਾ ਕੇ ਮੱਝਾਂ ਨੂੰ ਵਲਣ ਲੱਗ ਪਿਆ ਜਿਹੜੀਆਂ ਵੱਢ ਚਰਦੀਆਂ ਮਕਈ ਦੀ ਪੈਲੀ ਵੱਲ ਵਧ ਰਹੀਆਂ ਸਨ।
ਅਸਾਨੂੰ ਫ਼ਾਇਦਾ ਸਿਰਫ਼ ਮਾਲ ਡੰਗਰ ਦਾ ਈ ਹੁੰਦਾ ਸੀ ਜੋ ਅਸੀਂ ਵਾਹੀ ਬੀਜੀ ਦੇ ਨਾਲ ਨਾਲ ਪਾਲ ਲੈਂਦੇ ਸਾਂ । ਵਾਹੀ ਬੀਜੀ ਤਾਂ ਬੱਸ ਐਵੇਂ ਈ ਸੀ। ਵਾਹੀ ਬੀਜੀ ਛੱਡ ਵੀ ਨਹੀਂ ਸੀ ਸਕਦੇ। ਜੇ ਛੱਡ ਦੇਈਏ ਤਾਂ ਘਰ ਕਿੱਥੇ ਬਣਾਂਵਦੇ, ਮਾਲ ਡੰਗਰ ਕਿੱਥੇ ਪਾਲਦੇ । ਏਸੇ ਲਈ ਕੋਈ ਫ਼ਾਇਦਾ ਨਾ ਵੀ ਹੋਵੇ ਤਾਂ ਵੀ ਅਸਾਨੂੰ ਵਾਹੀ ਕਰਨੀ ਪੈਂਦੀ ਸੀ । ਔਖੇ ਸੌਖੇ ਵੇਲੇ ਅਸਾਨੂੰ ਕੋਈ ਨਾ ਕੋਈ ਡੰਗਰ ਵੱਛਾ ਵੇਚ ਕੇ ਈ ਬੁੱਤਾ ਸਾਰਨਾ ਪੈਂਦਾ ਸੀ ।
ਮਾਂ ਬੀਮਾਰ ਰਹਿਣ ਲੱਗ ਪਈ ਸੀ । ਕਦੇ ਤੜਕ ਪੈਂਦੀ ਤੇ ਕਦੇ ਮੰਜੀ ਮੱਲ ਬਹਿੰਦੀ, ਪਰ ਘਰ ਦਾ ਕੰਮ ਤੇ ਵਾਹੀ ਬੀਜੀ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ। ਆਪਣੀ ਬੀਮਾਰੀ ਦੀ ਕੋਈ ਜਿਆਦਾ ਪਰਵਾਹ ਨਹੀਂ ਸੀ ਕਰਦੀ । ਮਾਂ ਦੀ ਸਿਹਤ ਭਾਵੇਂ ਕਮਜ਼ੋਰ ਤੋਂ ਕਮਜ਼ੋਰ ਹੁੰਦੀ ਜਾ ਰਹੀ ਸੀ, ਪਰ ਪਿਉ ਦੀਆਂ ਉਹੋ ਈ ਆਦਤਾਂ ਸਨ । ਸਖ਼ਤ ਤੇ ਬੇਏਤਬਾਰ ਰਵੱਈਆ ਮੇਰੇ ਲਈ ਹੋਰ ਵੀ ਬੁਰਾ ਸੀ।
ਪਿਉ ਦੇ ਰਵੱਈਏ ਦੀ ਸ਼ਿਕਾਇਤ ਮੈਂ ਮਾਂ ਨਾਲ ਕਰਦਾ ਤਾਂ ਮਾਂ ਚੁੱਪ ਕਰ ਰਹਿੰਦੀ ਸੀ, ਪਰ ਹੁਣ ਮਾਂ ਮੈਨੂੰ ਆਖ ਦਿੱਤਾ ਸੀ, "ਤੂੰ ਆਪਣੀ ਵੱਖਰੀ ਪਕਾ ਲਿਆ ਕਰ, ਤੇਰੇ ਪਿਉ ਨੂੰ ਕੋਈ ਨਹੀਂ ਸਮਝ ਸਕਦਾ ।" ਮਾਂ ਮੈਨੂੰ ਵੱਖਰਾ ਕਰ ਦਿੱਤਾ। ਰੋਟੀ ਤਾਂ ਵੱਖਰੀ ਪੱਕਣ ਲੱਗ ਪਈ ਸੀ ਪਰ ਕੰਮ ਅਜੇ ਵੀ ਸਾਂਝਾ ਸੀ । ਵਾਹੀ ਉੱਤੇ ਕਬਜ਼ਾ ਪਿਉ ਦਾ ਸੀ। ਮੇਰੇ ਹਿੱਸੇ ਵਿੱਚ ਇੱਕ ਸੱਜਰ ਮੱਝ ਤੇ ਇੱਕ ਹੋਰ ਡੰਗਰ ਆਇਆ ਸੀ । ਇੱਕ ਡੰਗਰ ਮੈਂ ਕਿਸੇ ਤੋਂ ਉਧਾਰ ਲੈ ਕੇ ਜੋਗ ਬਣਾ ਲਈ।
ਵਾਹੀ ਵਿੱਚ ਮੇਰਾ ਹਿੱਸਾ ਹੋ ਗਿਆ। ਅਸੀਂ ਦੋਵੇਂ ਜੀਅ ਆਪਣੇ ਹਿੱਸੇ ਦੇ ਚਾਅ ਵਿੱਚ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਲੱਗ ਪਏ। ਰਾਤ ਦਿਨ ਇੱਕ ਕਰ ਦਿੱਤਾ।
ਸਾਵਣੀ ਦੀ ਫਸਲ ਅਸਾਂ ਖੂਬ ਲਾਈ। ਲਾਬ ਲਾ ਕੇ ਅਜੇ ਵਿਹਲੇ ਈ ਹੋਏ ਸਾਂ ਕਿ ਸਾਡੇ ਘਰ ਇੱਕ ਬਾਲ ਪੈਦਾ ਹੋਇਆ। ਪਹਿਲੇ ਬਾਲਾਂ ਦੇ ਮਰਨ ਵਜੋਂ ਅਸੀਂ ਡਰੇ ਹੋਏ ਸਾਂ । ਬਾਲ ਦੀ ਮਾਂ ਬੜੀ ਖੁਸ਼ ਸੀ। ਉਹਦੇ ਬੁੱਲ੍ਹਾਂ ਉੱਤੇ ਹਾਸਾ ਐਵੇਂ ਈ ਖਿੱਲਰ ਖਿੱਲਰ ਪੈਂਦਾ ਸੀ।
ਇੱਕ ਦਿਨ ਜਦ ਮੈਂ ਆਖਿਆ, "ਬਾਲ ਦਾ ਰੰਗ ਕੁੱਝ ਸਾਂਵਲਾ ਏ ਤੇ ਸਾਂਵਲਾ ਰੰਗ ਮੈਨੂੰ ਪਸੰਦ ਨਹੀਂ।” ਮੇਰੀ ਏਸ ਗੱਲ ਉੱਤੇ ਰਫ਼ੀਕ ਦੀ ਮਾਂ ਰੋਵਣ ਲੱਗ ਪਈ ਤੇ ਆਖਿਆ, "ਇਹ ਨਹੀਂ ਵੇਖਦਾ ਕਿ ਰੱਬ ਅਸਾਨੂੰ ਪੁੱਤਰ ਦਿੱਤਾ ਏ। ਪੁੱਤਰ ਕਿਹੜੇ ਰੋਜ਼ ਰੋਜ਼ ਮਿਲਦੇ ਨੇ।" ਉਹਨੇ ਹੋਰ ਵੀ ਬਹੁਤ ਕੁੱਝ ਆਖਿਆ ਸੀ । ਆਖਰ ਮੈਨੂੰ ਕਹਿਣਾ ਪਿਆ, "ਭਲੀਏ ਲੋਕੇ! ਮੈਂ ਤਾਂ ਐਵੇਂ ਮਖੌਲ ਨਾਲ ਆਖਿਆ ਸੀ । ਭਲਾਂ ਪੁੱਤਰ ਕੀਹਨੂੰ ਪਸੰਦ ਨਹੀਂ ਹੁੰਦੇ।" ਦੂਜਿਆਂ ਬਾਲਾਂ ਵਾਂਗ ਇਹ ਰੱਬ ਕੋਲ ਨਹੀਂ ਸੀ ਗਿਆ, ਅਸਾਡੇ ਕੋਲ ਈ ਰਹਿ ਗਿਆ ਸੀ। ਅਸੀਂ ਸਾਰੇ ਖੁਸ਼ ਸਾਂ। ਰਫ਼ੀਕ ਦੀ ਜ਼ਿੰਦਗੀ ਅਸਾਡੀ ਜਿੰਦਗੀ ਸੀ।
ਫ਼ਸਲ ਪੱਕਣ ਉੱਤੇ ਮੈਨੂੰ ਮੇਰਾ ਹਿੱਸਾ ਘੱਟ ਮਿਲਿਆ। ਮੈਂ ਇਹਤਜਾਜ ਕੀਤਾ ਤਾਂ ਪਿਉ ਜਵਾਬ ਦਿੱਤਾ, "ਤੂੰ ਤਾਂ ਵਿਆਹ ਕਰਵਾ ਕੇ ਪਾਸੇ ਹੋ ਗਿਆ ਏਂ ਬਾਕੀ ਦੇ ਮੁੰਡੇ ਮੈਂ ਕਿੱਥੋਂ ਵਿਆਹਵਾਂ ?" ਸਬਰ ਸ਼ੁਕਰ ਕਰ ਲਿਆ। ਜੋ ਕੁੱਝ ਮਿਲਿਆ ਚੁੱਪ ਕਰਕੇ ਲੈ ਲਿਆ।
ਗੱਡ ਵਿੱਚੋਂ ਕੋਈ ਜਿਆਦਾ ਹਿੱਸਾ ਨਹੀਂ ਸੀ ਮਿਲਦਾ । ਕੰਮ ਜਿਆਦਾ ਤੇ ਆਮਦਨੀ ਘੱਟ ਸੀ। ਮੱਝ ਦੁੱਧ ਦਿੰਦੀ ਸੀ । ਆਪਣੀ ਵਹੁਟੀ ਦੇ ਮਸ਼ਵਰੇ ਉੱਤੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਤੇ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਰਿਹਾ।
ਮਾਂ ਪਿਉ ਕੋਲੋਂ ਵੱਖਰਾ ਪਕਾ ਕੇ ਵੀ ਚੰਗੀ ਰੋਟੀ ਨਸੀਬ ਨਹੀਂ ਸੀ ਹੋ ਰਹੀ, ਚੰਗਾ ਕੱਪੜਾ ਤੇ ਚੰਗਾ ਰਹਿਣਾ ਤਾਂ ਦੂਰ ਦੀ ਗੱਲ ਸੀ। ਅਖ਼ਬਾਰ ਰਸਾਲੇ ਦਾ ਮੈਨੂੰ ਚਸਕਾ ਲੱਗ ਗਿਆ ਹੋਇਆ ਸੀ। ਸੜਕ ਲਾਗੇ ਨਵੀਂਆਂ ਮਿੱਲਾਂ ਤੇ ਕਾਰਖਾਨੇ ਲੱਗ ਰਹੇ ਸਨ। ਉਹਨਾਂ ਦੇ ਸਾਹਮਣੇ ਚਾਹ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹੋਈਆਂ ਸੀ । ਮੈਂ ਉਹਨਾਂ ਦੁਕਾਨਾਂ ਉੱਤੇ ਜਾ ਕੇ ਅਖ਼ਬਾਰ ਪੜ੍ਹ ਲੈਂਦਾ ਸਾਂ ਤੇ ਰੇਡੀਓ ਵੀ ਸੁਣ ਲਿਆ ਕਰਦਾ ਸਾਂ ।
ਅਖ਼ਬਾਰਾਂ ਤੇ ਰੇਡੀਓ ਪ੍ਰੋਗਰਾਮ ਮੇਰੇ ਅੰਦਰ ਤਲਖੀ ਹੋ ਵਧਾ ਦਿੱਤੀ ਸੀ। ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ ਰਹੀ, ਨਾ ਈ ਕਿਸੇ ਕੰਮ ਕਾਜ ਵਿੱਚ ਦਿਲ ਲੱਗਦਾ ਸੀ। ਸਾਰਾ ਜਹਾਨ ਮੈਨੂੰ ਸੁੰਨਸਾਨ ਜਾਪਦਾ, ਹਰ ਚੀਜ਼ ਫ਼ਜ਼ੂਲ ਤੇ ਬੇਮਕਸਦ ਮਲੂਮ ਹੋਇਆ ਕਰਦੀ ਸੀ। ਇਹ ਸਭ ਕੁੱਝ ਮੇਰੇ ਲਈ ਓਪਰਾ ਓਪਰਾ ਸੀ ਤੇ ਮੇਰੇ ਅੰਦਰੋਂ ਕੋਈ ਹੂਕ ਜਿਹੀ ਉੱਠਦੀ ਸੀ ਜੀਹਨੂੰ ਮੈਂ ਕੋਈ ਮਾਅਨੀ ਨਹੀਂ ਸਾਂ ਦੇ ਸਕਦਾ।
ਮੇਰੇ ਸਹੁਰਿਆਂ ਦੇ ਪਿੰਡ ਇੱਕ ਮਿਰਜ਼ਿਆਂ ਦਾ ਘਰ ਸੀ। ਉਹਨਾਂ ਦੀ ਇੱਕ ਕੁੜੀ ਸੀ, ਰੋਜ਼ੀਨਾ । ਭਰ ਜਵਾਨ ਤੇ ਪੂਰੀ ਮੁਟਿਆਰ । ਪਤਾ ਨਹੀਂ ਉਹਦੀ ਅਜੇ ਤੀਕ ਸ਼ਾਦੀ ਕਿਉਂ ਨਹੀਂ ਸੀ ਹੋਈ। ਜਦ ਮੈਂ ਸਹੁਰਿਆਂ ਦੇ ਜਾਂਦਾ ਤਾਂ ਰੋਜ਼ੀਨਾ ਦਾ ਘਰ ਗੁਆਂਢ ਸੀ। ਉਹ ਵੀ ਆ ਜਾਂਦੀ। ਮੈਨੂੰ ਮਖੌਲ ਕਰਨਾ ਚਾਂਹਦੀ ਸੀ, ਪਰ ਬੋਲਦੀ ਬੋਲਦੀ ਤ੍ਰਭਕ ਜਾਂਦੀ ਜਿਵੇਂ ਕਿਸੇ ਛੁਰੀ ਖਿੱਚ ਮਾਰੀ ਹੋਵੇ । ਬੜੀ ਮਾਸੂਮ ਤੇ ਭਲੀ ਕੁੜੀ ਸੀ ਉਹ! ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਸੀ, ਪਰ ਕਰ ਨਹੀਂ ਸੀ ਸਕਦੀ। ਤ੍ਰਭਕ ਜਾਂਦੀ ਤੇ ਫੇਰ ਉਹਦੀਆਂ ਅੱਖਾਂ ਬੁਝ
ਜਾਂਦੀਆਂ ਸਨ।
ਉਹਦੀ ਹਾਲਤ ਬਾਰੇ ਤੇ ਉਹਦੇ ਵਿਆਹ ਨਾ ਹੋਵਣ ਬਾਰੇ ਮੈਂ ਕੁੱਝ ਨਹੀਂ ਸਾਂ ਜਾਣਨਾ ਚਾਂਹਦਾ। ਮੈਨੂੰ ਤਾਂ ਆਪ ਆਪਣੀ ਖ਼ਬਰ ਨਹੀਂ ਸੀ, ਕਿਸੇ ਦੀ ਖ਼ਬਰ ਕਿੰਜ ਰੱਖਦਾ। ਫੇਰ ਇੱਕ ਵਾਰ ਮਲੂਮ ਹੋਇਆ ਕਿ ਰੋਜ਼ੀਨਾ ਰਾਤ ਦੇ ਅੰਨ੍ਹੇਰੇ ਵਿੱਚ ਕਿਸੇ ਨਾਲ ਚਲੀ ਗਈ ਏ ਤੇ ਉਹਦੀ ਕੋਈ ਖ਼ਬਰ ਨਹੀਂ ਪਈ ਮਿਲਦੀ।
ਅਸੀਂ ਅੱਠ ਭਰਾ ਹੋ ਗਏ ਹੋਏ ਸਾਂ ਪਰ ਕਿਸੇ ਬਾਲੜੀ ਤੇ ਭੈਣ ਬਿਨ੍ਹਾਂ ਘਰ ਈ ਨਹੀਂ ਸਜਦਾ। ਰੱਬ ਦਾ ਕਰਮ ਹੋਇਆ, ਹੁਣ ਅਸਾਡੇ ਅੱਠ ਭਰਾਵਾਂ ਦੀ ਇੱਕ ਭੈਣ ਵੀ ਆ ਗਈ। ਪਿਆਰੀ ਜਹੀ, ਮਾਸੂਮ ਤੇ ਭੋਲੀ ਭਾਲੀ, ਹੱਡਾਂ ਪੈਰਾਂ ਵਿੱਚ ਖੁੱਲ੍ਹੀ ਤੇ ਸਿਹਤਮੰਦ, ਹਰ ਵੇਲੇ ਮੁਸਕਰਾਂਵਦੀ, ਹੱਸਦੀ ਖੇਡਦੀ ਹੋਈ ਜਾਪਦੀ ਸੀ। ਬੜੇ ਚਿਰਾਂ ਮਗਰੋਂ ਅਸੀਂ ਮਾਂ ਦੇ ਮੂੰਹ ਉੱਤੇ ਹਾਸਾ ਵੇਖਿਆ। ਅਸੀਂ ਵੀ ਖੁਸ਼ ਸਾਂ ਕਿ ਅਸਾਡੀ ਵੀ ਇੱਕ ਭੈਣ ਏ। ਭੈਣਾਂ ਬਾਝੋਂ ਤਾਂ ਭਰਾਵਾਂ ਨੂੰ ਕੋਈ ਵੀਰ ਆਖਣ ਵਾਲ਼ਾ ਈ ਨਹੀਂ ਹੁੰਦਾ । ਲਫਜ਼ ਵੀਰ ਦਾ ਇੱਕ ਆਪਣਾ ਈ ਸਰੂਰ ਤੇ ਨਸ਼ਾ ਹੁੰਦਾ ਏ।
ਇਲਾਕੇ ਦੇ ਛੋਟੇ ਜ਼ਿਮੀਦਾਰ ਦੇ ਮੁੰਡੇ ਵੀ ਬਾਜ਼ ਬਣੇ ਫਿਰਦੇ ਸਨ। ਜਿੱਥੇ ਕੋਈ ਇਕੱਲੀ ਦੁਕੱਲੀ ਰਾਹਕਾਂ ਦੀ ਕੁੜੀ ਮਿਲਦੀ, ਚਿੜੀ ਵਾਂਗ ਨੱਪ ਲੈਂਦੇ ਸੀ, ਮਧੋਲ ਕੇ ਤੇ ਰਸ ਚੂਸ ਕੇ ਛੱਡਦੇ। ਰਾਹਕ ਭਲਾਂ ਕੀ ਕਰ ਸਕਦੇ ਸਨ । ਸ਼ਿਕਾਇਤ ਕਰਦੇ ਤਾਂ ਉਲਟੀ ਬਦਨਾਮੀ ਹੁੰਦੀ, ਛਤਰੌਲ ਵੱਖਰੀ ਹੁੰਦੀ । ਇੱਕ ਦੂਜੇ ਦੀ ਮਦਦ ਕਰਨ ਦੀ ਬਜਾਏ ਰਾਹਕ ਇੱਕ ਦੂਜੇ ਨੂੰ ਤਨਜ਼ ਕਰਦੇ, ਦੂਜੇ ਦੀ ਬੇਇੱਜ਼ਤੀ ਉੱਤੇ ਖੁਸ਼ ਹੁੰਦੇ। ਕੋਈ ਕਿਸੇ ਦਾ ਬਾਂਹ ਬੇਲੀ ਨਾ ਬਣਦਾ। ਰੋਟੀ ਦੀ ਇੱਕ ਇੱਕ ਬੁਰਕੀ ਵਾਸਤੇ ਪਹਾੜਾਂ ਦੇ ਪਹਾੜ ਪੁੱਟਣ ਵਾਲੇ ਰਾਹਕ ਸਿਰ ਸੁੱਟ ਕੇ ਜੂਨ ਭੋਗ ਰਹੇ ਸਨ ।
ਜ਼ਿਮੀਦਾਰਾਂ ਦੀਆਂ ਸਖਤੀਆਂ ਤੋਂ ਅੱਡ ਉਹਨਾਂ ਦੇ ਪਾਲਤੂ ਗੁੰਡੇ ਵੀ ਰਾਹਕਾਂ ਕੋਲੋਂ ਕੁੱਝ ਨਾ ਕੁੱਝ ਖੋਹ ਲੈਣਾ ਆਪਣਾ ਹੱਕ ਸਮਝਦੇ ਸਨ। ਇਹ ਬਦਮਾਸ਼ ਤੇ ਜ਼ਿਮੀਦਾਰ ਮੁੰਡੇ ਚੋਰੀ ਵੀ ਕਰਦੇ ਸਨ । ਜਦ ਕਦੇ ਲਾਧ ਹੋ ਜਾਂਦੀ ਪੁਲਸ ਆਂਵਦੀ, ਤਾਂ ਤਫ਼ਤੀਸ਼ ਰਾਹਕਾਂ ਦੀ ਹੁੰਦੀ। ਕੈਦ ਤੋਂ ਡਰਦੇ ਰਾਹਕ ਇਹਨਾਂ ਜ਼ਿਮੀਦਾਰਾਂ ਦੇ ਵਸੀਲੇ ਨਾਲ ਪੁਲਸ ਨੂੰ ਵੱਢੀਆਂ ਭਰਦੇ ਰਹਿੰਦੇ। ਇੰਜ ਸਾਰੀ ਹਯਾਤੀ ਵਗਾਰਾਂ ਕੱਟਦੇ ਤੇ ਵੱਢੀਆਂ ਭਰਦਿਆਂ ਈ ਮੁੱਕ ਜਾਂਦੀ ।
ਏਥੇ ਰਾਹਕਾਂ ਦੀ ਜ਼ਿੰਦਗੀ ਉਹਨਾਂ ਜਨੌਰਾਂ ਵਰਗੀ ਸੀ ਜਿਹੜੇ ਲੋਹੇ ਦੇ ਵੱਡੇ ਸਾਰੇ ਜਾਲ ਵਿੱਚ ਕੈਦ ਹੋਵਣ ਤੇ ਜਾਲ ਦਾ ਘੇਰਾ ਦਿਨੋਂ ਦਿਨ ਤੰਗ ਹੋ ਰਿਹਾ ਸੀ। ਕਿਸੇ ਨੂੰ ਕੁੱਝ ਖ਼ਬਰ ਨਾ ਹੁੰਦੀ ਕਿ ਬਹਾਰ ਆਈ ਸੀ, ਫੁੱਲਾਂ ਦੀ ਖੁਸ਼ਬੋ ਖਿੱਲਰੀ ਸੀ ਤੇ ਟਹਿਣੀਆਂ ਹਰੀਆਂ ਹੋਈਆਂ ਸਨ। ਉਹਨਾਂ ਨੂੰ ਨਹੀਂ ਮਲੂਮ ਹੁੰਦਾ ਕਿ ਰਾਤਾਂ ਨਿੱਖਰ ਆਈਆਂ ਹਨ ਤੇ ਤਾਰੇ ਚਮਕਦੇ ਹਨ। ਏਹੋ ਜੇਹੇ ਸਮੇਂ ਲੋਕ ਰਾਜ਼ੀ ਹੁੰਦੇ ਹਨ, ਬਹਾਰ ਦਾ ਅਨੰਦ ਮਾਣਦੇ ਹਨ। ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹਨ, ਵਿਛੜਿਆਂ ਨੂੰ ਯਾਦ ਕਰਦੇ ਹਨ, ਪਰ ਰਾਹਕ ਤਾਂ
ਆਪਣੀ ਰੋਜ਼ ਦੀ ਚੋਗ ਦੀ ਭਾਲ ਅਤੇ ਜੁਸਤਜੂ ਵਿੱਚ ਈ ਫਸੇ ਰਹਿੰਦੇ ਸਨ, ਫੇਰ ਵੀ ਢਿੱਡ ਭਰ ਚੋਗ ਕਦੀ ਵੀ ਨਹੀਂ ਸੀ ਲੱਭੀ। ਇਹੋ ਜੇਹੇ ਹਾਲਾਤ ਵਿੱਚ ਮੇਰੀ ਅਜੀਬ ਕੈਫ਼ੀਅਤ ਹੋ ਜਾਇਆ ਕਰਦੀ ਸੀ । ਜੇ ਬੈਠਾ ਹੁੰਦਾ ਤਾਂ ਬੈਠਾ ਈ ਰਹਿੰਦਾ । ਕਈ ਕਈ ਵਾਰ ਤਾਂ ਭੁੱਲ ਜਾਂਦਾ ਸਾਂ ਕਿ ਮੈਂ ਕੌਣ ਆਂ ਤੇ ਕਿੱਥੇ ਆਂ ? ਜੇ ਤਾਰੇ ਗਿਣਦਾ ਤਾਂ ਗਿਣੀ ਜਾਂਦਾ, ਰਾਤ ਮੁੱਕ ਜਾਂਦੀ ਪਰ ਕੈਫ਼ੀਅਤ ਨਾ ਮੁੱਕਦੀ । ਕਈ ਕਈ ਦਿਨ ਮੈਨੂੰ ਏਸ ਕੈਫ਼ੀਅਤ ਦੇ ਦੌਰੇ ਪੈਂਦੇ ਸਨ।
ਮੇਰੀ ਵਹੁਟੀ ਮੇਰਾ ਦਿਲ ਪਰਚਾਵਣ ਦਾ ਯਤਨ ਕਰਦੀ, ਮਿੱਠਾ ਬੋਲਦੀ, ਹੱਸ ਹੱਸ ਗੱਲਾਂ ਕਰਦੀ, ਕਲਾਵੇ ਲੈ ਲੈ ਉਦਾਸੀ ਦਾ ਕਾਰਨ ਪੁੱਛਦੀ। ਮੈਂ ਕੀ ਦੱਸਦਾ, ਮੈਨੂੰ ਆਪ ਕੁੱਝ ਸਮਝ ਵੀ ਨਹੀਂ ਸੀ ਆਂਵਦੀ। ਮੇਰੀ ਮਾਂ ਮੇਰੇ ਵੱਲ ਤੱਕਦੀ ਰਹਿੰਦੀ ਤੇ ਮੇਰੀ ਹਾਲਤ ਉੱਤੇ ਅਫਸੋਸ ਕਰਦੀ। ਮੇਟੀ ਵਹੁਟੀ ਨੂੰ ਆਖਦੀ, "ਮੇਰੇ ਪੁੱਤਰ ਨੂੰ ਕੋਈ ਗੁੱਝਾ ਰੋਗ ਏ ਜੋ ਦੱਸਣਾ ਨਹੀਂ ਚਾਂਹਦਾ ।" ਮੇਰੇ ਪਿਉ ਨੂੰ ਦੱਸਦੀ ਤਾਂ ਪਿਉ ਆਖਦਾ, "ਕੁੱਝ ਨਹੀਂ ਇਹਨੂੰ, ਐਵੇਂ ਖੇਖਣ ਕਰਦਾ ਏ, ਕੰਮਚੋਰ, ਨਿਖੱਟੂ।"
ਨਜ਼ੀਰ ਦਾ ਹਾਲ ਈ ਕੁੱਝ ਹੋਰ ਸੀ, ਮੋਢਿਆਂ ਉੱਤੋਂ ਥੁੱਕ ਸੁੱਟਦਾ ਫਿਰਦਾ ਸੀ । ਜੂਹ ਦੇ ਬਾਜਾਂ ਨਾਲ ਖਹਿ ਕੇ ਰਹਿਣ ਵਿੱਚ ਉਹਨੂੰ ਸਵਾਦ ਆਂਵਦਾ ਸੀ। ਜਿੱਥੇ ਕੋਈ ਔਖਾ ਬਾਜ ਨਜ਼ਰ ਆਂਵਦਾ, ਤਾਂ ਪੰਜਾ ਲੜਾਵਣ ਲਈ ਔਲ਼ਦਾ ਰਹਿੰਦਾ ਸੀ। ਪਿਉ ਨਜ਼ੀਰ ਨੂੰ ਆਖਦਾ, "ਇਹ ਸਾਰੇ ਜ਼ਿਮੀਦਾਰ ਇੱਕ ਮਿੱਕ ਨੇਂ, ਤੂੰ ਅਸਾਂ ਵਾਸਤੇ ਕੋਈ ਮੁਸੀਬਤ ਨਾ ਸਹੇੜ ਲਵੀਂ।" ਪਰ ਨਜ਼ੀਰ ਉੱਤੇ ਕਿਸੇ ਦੀ ਮੱਤ ਦਾ ਕੁੱਝ ਵੀ ਅਸਰ ਨਾ ਹੋਇਆ। ਉਹਨੂੰ ਤੇ ਨਵੀਂ ਚੜ੍ਹੀ ਜਵਾਨੀ ਦਾ ਖ਼ੁਮਾਰ ਤੇ ਸਰੂਰ ਸੀ । ਉੱਤੋਂ ਇੱਕ ਵੱਡੇ ਜ਼ਿਮੀਦਾਰ ਦੇ ਪੁੱਤਰ ਉਹਦੀ ਕੰਢ ਉੱਤੇ ਹੱਥ ਫੇਰਿਆ ਹੋਇਆ ਸੀ।
ਚਲਾਕ ਜ਼ਿਮੀਦਾਰ ਹਮੇਸ਼ਾ ਇੰਜ ਈ ਕਰਦੇ ਹੁੰਦੇ ਸਨ। ਹਰ ਉਠਦੇ ਤੇ ਅਣਖੀ ਮੁੰਡੇ ਦੀ ਕੰਡ ਉੱਤੇ ਥਾਪੀ ਦੇ ਕੇ ਆਪਣਾ ਗੁਲਾਮ ਬਣਾ ਲੈਂਦੇ ਸਨ, ਫੇਰ ਲੜਾਈ ਝਗੜੇ ਤੇ ਕਤਲਾਂ ਵਿੱਚ ਫਸਾ ਕੇ ਆਪਣਾ ਗੁਲਾਮ ਬਣਾਈ ਰੱਖਣਾ ਜ਼ਿਮੀਦਾਰਾਂ ਦੇ ਫਾਇਦੇ ਵਾਲੀ ਖੇਡ ਸੀ। ਪਰ ਨਜ਼ੀਰ ਕੁੱਝ ਸਮਝਣਾ ਨਹੀਂ ਸੀ ਚਾਂਹਦਾ। ਲੋਕਾਂ ਦੇ ਝੁੱਗੇ ਫਰੋਲਣ ਦਾ ਤਾਂ ਉਹਨੂੰ ਪਹਿਲੇ ਈ ਚਸਕਾ ਸੀ, ਉੱਤੋਂ ਜ਼ਿਮੀਦਾਰ ਦੀ ਹੱਲਾਸ਼ੇਰੀ ਨਾਲ ਹੋਰ ਵੀ ਸ਼ੇਰ ਹੋ ਗਿਆ ਸੀ।
ਇੱਕ ਦਿਨ ਇੱਕ ਜ਼ਿਮੀਦਾਰ ਦੇ ਸਭ ਤੋਂ ਔਖੇ ਮੁੰਡੇ ਨਾਲ ਝਗੜਾ ਹੋਇਆ। ਝਗੜਾ ਵਧ ਕੇ ਨਜ਼ੀਰ ਕੀਤਾ ਸੀ। ਜ਼ਿਮੀਦਾਰ ਦੇ ਮੁੰਡੇ ਨੂੰ ਉਸ ਬਹੁਤ ਮਾਰਿਆ। ਦੋਵੇਂ ਇਕੱਲੇ ਈ ਸਨ। ਕੋਈ ਵੇਖਣ ਤੇ ਛੁਡਾਵਣ ਵਾਲ ਕੋਲ ਨਹੀਂ ਸੀ। ਜ਼ਿਮੀਦਾਰ ਦੇ ਮੁੰਡੇ ਮੁਆਫ਼ੀ ਮੰਗ ਕੇ ਆਪਣੀ ਜਾਨ ਛੁਡਾਈ । ਪਰ ਬੇਈਮਾਨ ਜ਼ਿਮੀਦਾਰ ਕੀਤੀ ਗੱਲ ਤੋਂ ਮੁੱਕਰ ਗਿਆ । ਲੜਾਈ ਵਾਸਤੇ ਬਦਮਾਸ਼ ਇਕੱਠੇ ਕਰਨ ਲੱਗ ਪਿਆ। ਪੂਰੀ ਜੂਹ ਵਿੱਚ ਰੌਲਾ ਪੈ ਗਿਆ ਕਿ ਜ਼ਿਮੀਦਾਰ ਕਾਦਰ ਦੇ ਮੁੰਡੇ ਨੂੰ ਰਾਹਕਾਂ ਦੇ ਮੁੰਡੇ ਨਜ਼ੀਰ ਮਾਰਿਆ ਏ। ਇਹ ਨਵੀਂ ਤੇ ਅਨੋਖੀ ਗੱਲ ਸੀ, ਜਿਵੇਂ ਕੁੱਤੇ ਨੂੰ ਬੰਦਾ ਵੱਢ ਖਾਂਦਾ ਏ। ਰਾਹਕਾਂ ਹੱਥੋਂ ਜ਼ਿਮੀਦਾਰ ਦੀ ਬੇਇੱਜ਼ਤੀ ਬਹੁਤ ਵੱਡੀ ਗੱਲ ਸੀ ਜਿਹੜੀ ਹੋ ਗਈ । ਅਸਾਨੂੰ ਆਪਣੀ ਤਬਾਹੀ ਦੀ ਫਿਕਰ
ਹੋਈ। ਜ਼ਿਮੀਦਾਰਾਂ ਵੱਲੋਂ ਧਮਕੀਆਂ ਤੇ ਡਰਾਵੇ ਆਵਣ ਲੱਗ ਪਏ। ਅਸਾਡੀ ਜਾਨ ਸੁੱਕਦੀ ਜਾਂਦੀ ਸੀ। ਮਰਦੇ ਕੀ ਨਾ ਕਰਦੇ । ਅਸਾਨੂੰ ਵੀ ਆਵਣ ਵਾਲੀ ਵੱਡੀ ਲੜਾਈ ਲਈ ਤਿਆਰੀ ਕਰਨੀ ਪਈ। ਵਿੱਚੋਂ ਵਿੱਚ ਡਰਦੇ ਸਾਂ ਤੇ ਡਾਂਗ ਸੋਟਾ ਵੀ ਇਕੱਠਾ ਪਏ ਕਰਦੇ ਸਾਂ। ਨਜ਼ੀਰ ਖੁਸ਼ ਸੀ। ਉਹਦਾ ਆਖਣਾ ਸੀ ਕਿ ਇਹ ਜ਼ਿਮੀਦਾਰ ਓਨੀ ਦੇਰ ਤੀਕਰ ਈ ਬਹਾਦਰ ਨੇ, ਜਿੰਨੀ ਦੇਰ ਅੱਗੋਂ ਕੋਈ ਸਿਰ ਨਹੀਂ ਚੁੱਕਦਾ । ਲੜਾਈ ਵਾਸਤੇ ਅਸਾਡੀ ਤਿਆਰੀ ਦੀਆਂ ਖ਼ਬਰਾਂ ਵੀ ਦੂਜੇ ਪਾਸੇ ਅੱਪੜੀਆਂ ਤਾਂ ਗੱਲ ਸੁਲਾਹ-ਸਫ਼ਾਈ ਵੱਲ ਟੁਰ ਪਈ। ਸੁਲਾਹ ਲਈ ਅਸੀਂ ਰਾਜ਼ੀ ਸਾਂ, ਪਰ ਨਜ਼ੀਰ ਉਦਾਸ ਹੋ ਗਿਆ। ਉਹ ਲੜਨਾ ਚਾਹਦਾ ਸੀ ਤੇ ਲੜਾਈ ਵਿੱਚ ਆਪਣੇ ਹੱਥ ਵਿਖਾਵਣਾ ਚਾਹਦਾ ਸੀ। ਉਸ ਕੁੱਝ ਨਜਾਇਜ਼ ਹਥਿਆਰ ਵੀ ਇਕੱਠੇ ਕਰ ਲਏ ਹੋਏ ਸਨ। ਆਪਣੇ ਯਾਰਾਂ ਬੇਲੀਆਂ ਨੂੰ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ ਹੋਇਆ ਸੀ । ਜੂਹ ਦੇ ਵੱਡੇ ਜ਼ਿਮੀਦਾਰ ਦੋਵਾਂ ਧੜਿਆਂ ਨੂੰ ਸੁਲਾਹ ਉੱਤੇ ਰਾਜ਼ੀ ਕਰ ਲਿਆ ਸੀ। ਸੁਲਾਹ ਵੇਲ਼ੇ ਅਸਾਨੂੰ ਈ ਮੁਆਫ਼ੀ ਮੰਗਣੀ ਪਈ। ਨਜ਼ੀਰ ਨੂੰ ਬੜੀ ਖਿਝ ਚੜ੍ਹੀ ਕਿ ਮੁਆਫ਼ੀ ਕਾਹਦੀ, ਪਰ ਰਾਹਕ ਤਾਂ ਰਾਹਕ ਈ ਹੁੰਦਾ ਏ। ਸੁਲਾਹ ਕਰਾਵਣ ਵਾਲੇ ਦਾ ਦਾਬਾ ਵੀ ਸਾਡੇ ਉੱਤੇ ਈ ਸੀ। ਸੁਲਾਹ ਹੋਵਣ ਮਗਰੋਂ ਵੀ ਕਈ ਦਿਨ ਅਸੀਂ ਮੁਹਤਾਤ ਰਹੇ ਸਾਂ। ਏਸ ਵਾਕੇ ਪਾਰੋਂ ਜੂਹ ਦੇ ਰਾਹਕਾਂ ਸਾਹਮਣੇ ਅਸਾਡੀ ਇੱਜ਼ਤ ਵਧ ਗਈ ਸੀ। ਰਾਹਕ ਭਰਾ ਆ ਆ ਕੇ ਅਸਾਡੇ ਹੌਂਸਲੇ ਦੀ ਤਾਰੀਫ਼ ਕਰਦੇ ਤੇ ਸ਼ਾਬਾਸ਼ ਦਿੰਦੇ ਸਨ।
ਅਸਾਡੀਆਂ ਸਵਾਣੀਆਂ ਵੀ ਰਾਹਕਾਂ ਦੀਆਂ ਸਵਾਣੀਆਂ ਨਾਲੋਂ ਆਪਣੇ ਆਪ ਨੂੰ ਆਅਲਾ ਤੇ ਗ਼ੈਰਤਮੰਦ ਮਰਦਾਂ ਵਾਲੀਆਂ ਸਮਝਣ ਲੱਗ ਪਈਆਂ ਸਨ । ਅਸਾਡਾ ਵੀ ਹੌਂਸਲਾ ਹੋਰ ਵਧ ਗਿਆ ਸੀ, ਪਰ ਮਾਂ ਹੋਰ ਉਦਾਸ ਹੋ ਗਈ ਸੀ। ਉਹਦੇ ਖਿਆਲ ਵਿੱਚ ਜ਼ਿਮੀਦਾਰ ਲੋਕ ਬਹੁਤ ਕਮੀਨੇ ਹੁੰਦੇ ਨੇ, "ਕਿਸੇ ਨਾ ਕਿਸੇ ਬਹਾਨੇ ਉਹ ਮੇਰੇ ਨਜ਼ੀਰ ਨੂੰ ਜ਼ਰੂਰ ਫੁੱਟ ਲਾਵਣਗੇ।" ਅਸੀਂ ਮਾਂ ਨੂੰ ਬਹੁਤ ਤਸੱਲੀਆਂ ਦਿੰਦੇ ਕਿ ਹੁਣ ਜ਼ਿਮੀਦਾਰ ਏਨਾ ਹੌਂਸਲਾ ਨਹੀਂ ਕਰਨਗੇ। ਅਸਾਡੀ ਤਸੱਲੀ ਉੱਤੇ ਮਾਂ ਕੁੱਝ ਦੇਰ ਲਈ ਮੁਤਮਈਅਨ ਹੋ ਜਾਂਦੀ ਸੀ, ਪਰ ਉਹਦਾ ਦਿਲ ਡਰਦਾ ਈ ਰਹਿੰਦਾ ਸੀ।
ਜ਼ਿਮੀਦਾਰ ਮਾਰ ਖਾਵਣ ਮਗਰੋਂ ਕਿਸੇ ਨਾ ਕਿਸੇ ਬਹਾਨੇ ਬਦਲਾ ਲੈਣਾ ਚਾਹਦਾ ਸੀ। ਉਹ ਸਾਹਮਣੇ ਆ ਕੇ ਲੜਾਈ ਤੇ ਨਾ ਕਰ ਸਕਿਆ, ਪਰ ਉਸ ਇੱਕ ਰੁੱਖ ਦੇ ਵੱਢੇ ਜਾਵਣ ਦਾ ਇਲਜ਼ਾਮ ਨਜ਼ੀਰ ਉੱਤੇ ਲਾ ਕੇ ਪੁਲਸ ਬੁਲਵਾਈ। ਪੁਲਸ ਅਸਾਡੇ ਘਰ ਨੂੰ ਇੰਜ ਘੇਰਾ ਪਾਇਆ ਜਿਵੇਂ ਅਸੀਂ ਸਾਰੇ ਦੇ ਸਾਰੇ ਇਸ਼ਤਿਹਾਰੀ ਹੁੰਨੇ ਆਂ। ਥਾਣੇ ਵਿੱਚ ਜਾ ਕੇ ਪੁਲਸ ਨਾਲ ਮੁਕ ਮੁਕਾ ਕਰਨਾ ਪਿਆ। ਬੜੀ ਈ ਮੁਸ਼ਕਲ ਨਾਲ ਪੁਲਸ ਦੀ ਮੰਗ ਪੂਰੀ ਕੀਤੀ ਸੀ। ਇੱਕ ਵਾਰੀ ਫੇਰ ਜ਼ਿਮੀਦਾਰ ਨਾਲ ਸੁਲਾਹ ਕਰਨੀ ਪਈ।
ਜ਼ਿਮੀਦਾਰ ਦੀ ਕਮੀਨਗੀ ਦਾ ਨਜ਼ੀਰ ਨੂੰ ਬਹੁਤ ਵੱਟ ਸੀ । ਉਸ ਅਸਾਡੇ ਉੱਤੇ ਜ਼ੋਰ ਦਿੱਤਾ ਕਿ "ਹੁਣ ਮੈਥੋਂ ਜਰ ਨਹੀਂ ਹੁੰਦਾ। ਮੈਨੂੰ ਅਸਲਾ ਚਾਹੀਦਾ ਏ ਲਸੰਸ ਵਾਲਾ । ਤੁਸਾਂ ਲੈ ਕੇ ਨਾ ਦਿੱਤਾ ਤੇ ਮੈਂ ਨਜਾਇਜ਼ ਰੱਖ ਲਵਾਂਗਾ। ਇਹਨਾਂ ਜ਼ਿਮੀਦਾਰਾਂ ਦੇ ਸਿੰਗ ਠੋਕਣੇ ਪੈਣਗੇ।"
ਗੱਲ ਤਾਂ ਨਜ਼ੀਰ ਦੀ ਠੀਕ ਸੀ । ਅਸਾਂ ਉਹਦੇ ਕੋਲੋਂ ਵਾਅਦਾ ਲਿਆ ਕਿ ਤੂੰ
ਪਹਿਲ ਨਹੀਂ ਕਰੇਂਗਾ। ਉਸ ਪਹਿਲ ਨਾ ਕਰਨ ਦਾ ਵਾਅਦਾ ਕੀਤਾ ਤਾਂ ਅਸਾਂ ਉਹਨੂੰ ਬੰਦੂਕ ਖਰੀਦ ਕੇ ਲਿਆ ਦਿੱਤੀ। ਨਜ਼ੀਰ ਦੇ ਸੀਨਾ ਤਾਣ ਕੇ ਖਲੋ ਜਾਵਣ ਨਾਲ ਪੂਰੀ ਜੂਹ ਵਿੱਚ ਜ਼ਿਮੀਦਾਰ ਕੁੱਝ ਕੁੱਝ ਸੰਭਲ ਕੇ ਰਾਹਕਾਂ ਨਾਲ ਵਰਤਾਰਾ ਕਰਦੇ ਸਨ । ਕੁੱਝ ਹੋਰ ਰਾਹਕਾਂ ਦੇ ਮੁੰਡੇ ਵੀ ਨਜ਼ੀਰ ਨਾਲ ਰਲਣ ਲੱਗ ਪਏ ਸਨ। ਇੰਜ ਲਗਦਾ ਸੀ ਜਿਵੇਂ ਜੂਹ ਵਿੱਚ ਕੋਈ ਖਾਮੋਸ਼ ਤਬਦੀਲੀ ਆ ਰਹੀ ਸੀ। ਸਹਿਮੇ ਸਹਿਮੇ ਰਾਹਕ ਕੁੱਝ ਕੁੱਝ ਬੋਲਣ ਲੱਗ ਪਏ ਸਨ, ਇੱਕ ਦੂਜੇ ਦੇ ਦੁੱਖ ਦਰਦ ਤੇ ਭੈੜੇ ਵੇਲ਼ੇ ਨੇੜੇ ਲੱਗਣ ਲੱਗ ਪਏ ਸਨ । ਚੀਜ਼ਾਂ ਮਹਿੰਗੀਆਂ ਹੋਵਣ ਲੱਗ ਪਈਆਂ ਸਨ। ਮਿੱਲਾਂ, ਫੈਕਟਰੀਆਂ ਵੀ ਉੱਸਰਨ ਵਾਲੀਆਂ ਜਾਪਦੀਆਂ ਸਨ, ਪਰ ਮੈਨੂੰ ਇਹ ਸਾਰਾ ਕੁੱਝ ਚੰਗਾ ਨਹੀਂ ਸੀ ਲੱਗਦਾ, ਲੜਾਈ ਝਗੜੇ ਤੇ ਮਾਰ ਕੁਟਾਈ ਕੋਲੋਂ ਮੈਨੂੰ ਬਹੁਤ ਡਰ ਆਂਵਦਾ ਸੀ।
ਬਹੁਤ ਦਿਨਾਂ ਮਗਰੋਂ ਮੈਨੂੰ ਹੁਜਰੇ ਜਾਵਣ ਲਈ ਵੇਲਾ ਮਿਲਿਆ। ਉਸੇ ਤਰ੍ਹਾਂ ਦੇ ਈ ਲੋਕ ਬੈਠੇ ਹੋਏ ਸਨ। ਗੱਲਾਂ ਕਰ ਰਹੇ ਸਨ, ਮੇਰੀ ਸਮਝ ਤੋਂ ਉੱਚੀਆਂ ਗੱਲਾਂ। ਮੈਂ ਬਥੇਰਾ ਸਮਝਣ ਦੀ ਕੋਸ਼ਿਸ਼ ਕਰਦਾ, ਪਰ ਕੁੱਝ ਲਫ਼ਜ਼ਾਂ ਦੇ ਮਾਅਨੇ ਮੇਰੇ ਪੱਲੇ ਨਹੀਂ ਸਨ ਪੈਂਦੇ। ਕੁੱਝ ਕੁੱਝ ਅਜਿਹੇ ਫਿਕਰੇ ਹੁੰਦੇ ਜਿਹੜੇ ਮੇਰੇ ਮਨ ਨੂੰ ਛੂਹ ਛੂਹ ਜਾਂਦੇ ਸਨ । ਪਰ ਆਪਣੇ ਪੂਰੇ ਮਤਲਬ ਨਾਲ ਮੈਥੋਂ ਸਮਝੇ ਨਹੀਂ ਸਨ ਜਾਂਦੇ।
ਕੋਇਲਿਆਂ ਦੀ ਅੰਗੀਠੀ ਉੱਤੇ ਹਾਂਡੀ ਪੱਕ ਰਹੀ ਸੀ। ਉਸਤਾਦ ਗੱਲਾਂ ਦੇ ਨਾਲ ਨਾਲ ਹਾਂਡੀ ਵੀ ਆਪੇ ਈ ਪਕਾ ਰਹੇ ਸਨ । ਨਿੱਕੇ ਜਿਹੇ ਹੁਜਰੇ ਵਿੱਚ ਧੂਆਂ ਭਰਿਆ ਗਿਆ ਸੀ, ਕੋਈ ਬੰਦਾ ਵੀ ਧੂੰਏਂ ਦੇ ਜਿਆਦਾ ਹੋਵਣ ਦੀ ਸ਼ਿਕਾਇਤ ਨਹੀਂ ਸੀ ਕਰਦਾ। ਉਸਤਾਦ ਦੀਆਂ ਗੱਲਾਂ ਵਿੱਚ ਏਨੇ ਖੁੱਭੇ ਹੋਏ ਸਨ ਕਿ ਜਿਵੇਂ ਇਹ ਸਾਹ ਈ ਨਹੀਂ ਸਨ ਲੈ ਰਹੇ। ਕਦੇ ਕਦੇ ਵਾਹ ਵਾਹ ਕਰਦੇ ਤੇ ਕਦੇ ਕੋਈ ਨਿੱਕਾ ਜਿੰਨਾਂ ਸਵਾਲ। ਸਵਾਲ ਦਾ ਜਵਾਬ ਦੇਂਦਿਆਂ ਉਸਤਾਦ ਜੀ ਕਈ ਸ਼ੇਅਰ ਸੁਣਾਵੰਦੇ। ਵਾਕਿਆਂ ਤੇ ਦਲੀਲਾਂ ਨਾਲ ਸਵਾਲ ਨੂੰ ਸਮਝਾਵਣ ਦਾ ਜਤਨ ਕਰਦੇ। ਕਦੇ ਕਦੇ ਮੁਲਕਾਂ ਦੇ ਨਾਂ ਵੀ ਲੈਂਦੇ ਕਿ ਫਲਾਣੇ ਵੇਲੇ ਫਲਾਂ ਮੁਲਕ ਵਿੱਚ ਇੰਜ ਹੋਇਆ ਸੀ। ਫਲਾਣੇ ਕੀਤਾ ਸੀ, ਫਲਾਣੇ ਆਪਣੀ ਕਿਤਾਬ ਲਿਖਣ ਦਾ ਇਹ ਕਾਰਨ ਦੱਸਿਆ ਸੀ, ਮੇਰੇ ਵਾਸਤੇ ਅਜੀਬ ਜਿਹੀਆਂ ਗੱਲਾਂ ਸਨ। ਕੋਈ ਹੋਰ ਈ ਮਹੌਲ ਤੇ ਹੋਰ ਈ ਦੁਨੀਆ ਜਾਪਦੀ ਸੀ ਉਹਨਾਂ ਦੀ ਗੁਫ਼ਤਗੂ ਵਿੱਚ, ਪਰ ਮੈਂ ਸੋਚਦਾ ਦਫ਼ਾ ਕਰੋ, ਮੈਨੂੰ ਕੀ ਇਹਨਾਂ ਗੱਲਾਂ ਨਾਲ। ਮੈਂ ਤੇ ਫਿਲਮ ਦੇ ਗੀਤ ਲਿਖਣਾ ਚਾਹਨਾਂ ਵਾਂ । ਜਦ ਮੌਕਾ ਮਿਲਿਆ ਤਾਂ ਗੱਲ ਕਰਾਂਗਾ। ਪਰ ਇੱਥੇ ਗੱਲ ਕਰਨ ਦਾ ਮੌਕਾ ਈ ਨਹੀਂ ਪਿਆ ਮਿਲਦਾ, ਲੋਕ ਤੇ ਬੜੇ ਸਵਾਦ ਨਾਲ ਗੱਲਾਂ ਸੁਣੀ ਜਾਂਦੇ ਨੇ । ਰੋਟੀ ਖਾਵਣ ਵੇਲੇ ਸਭ ਲੋਕਾਂ ਰਲ ਕੇ ਰੋਟੀ ਖਾਧੀ, ਪਰ ਗੱਲਾਂ ਫੇਰ ਵੀ ਹੁੰਦੀਆਂ ਰਹੀਆਂ।
ਰੋਟੀ ਖੁਆਵਣ ਲਈ ਉਸਤਾਦ ਮੈਨੂੰ ਆਪਣੇ ਕੋਲ ਬਿਠਾਇਆ। ਕੁੱਝ ਬੁਰਕੀਆਂ ਮੇਰੇ ਮੂੰਹ ਵਿੱਚ ਵੀ ਪਾਈਆਂ । ਸਗੋਂ ਆਪਣੀ ਥਾਲੀ ਵਿੱਚੋਂ ਜਿਹੜੀ ਚੰਗੀ ਬੋਟੀ ਹੁੰਦੀ ਉਹ ਮੈਨੂੰ ਖੁਆ ਦੇਂਦੇ। "ਇੰਜ ਦੇ ਲੋਕ ਵੀ ਹੁੰਦੇ ਨੇ", ਮੈਂ ਸੋਚਨਾ । "ਆਪਣੀ ਖੁਰਾਕ ਦੂਜੇ ਦੇ ਮੂੰਹ ਵਿੱਚ।"
ਮੇਰੇ ਲਈ ਹੈਰਾਨੀ ਵਾਲੀ ਗੱਲ ਸੀ, ਕਿਉਂ ਜੋ ਸਿਵਾਏ ਮੇਰੀ ਨਾਨੀ ਦੇ ਮੇਰੇ ਨਾਲ ਇੰਜ ਦਾ ਸਲੂਕ ਖਾਣ ਪੀਣ ਵੇਲ਼ੇ ਕਿਸੇ ਨਹੀਂ ਸੀ ਕੀਤਾ। ਮੇਰੇ ਨਾਲ ਪਿਆਰ ਕਰਨ ਵਾਲੇ ਮਾਸੀ ਬਸ਼ੀਰਾਂ, ਜ਼ੋਹਰਾ ਤੇ ਮੇਹਰੋ ਵੀ ਮੈਨੂੰ ਉਸਤਾਦ ਤੋਂ ਕੁੱਝ ਛੋਟੇ ਈ ਜਾਪਣ ਲੱਗ ਪਏ ਸਨ। ਪਰ ਜ਼ੋਹਰਾ ਵਾਸਤੇ ਅਜੇ ਵੀ ਦਿਲ ਵਿੱਚ ਕੋਈ ਰੀਝ ਹੈਸੀ । ਚੰਗੀ ਤਾਂ ਮੇਹਰੋ ਵੀ ਲੱਗਦੀ ਸੀ, ਪਰ ਏਥੋਂ ਤੇ ਕੁੱਝ ਹੋਰ ਈ ਅਨੰਦ ਤੇ ਸਵਾਦ ਸੀ।
ਉਸਤਾਦ ਦੇ ਸਲੂਕ ਪਾਰੋਂ ਵੀ ਰਾਜ਼ੀ ਸਾਂ ਤੇ ਖਿਝ ਵੀ ਚੜ੍ਹਦੀ ਸੀ। ਮੈਂ ਜਿਹੜੇ ਕੰਮ ਆਇਆ ਸਾਂ ਉਹ ਤੇ ਹੋ ਈ ਨਹੀਂ ਰਿਹਾ, ਮੈਥੋਂ ਕੁੱਝ ਸੁਣਦੇ ਈ ਨਹੀਂ ਸਨ।
ਰੋਟੀ ਖਾਣ ਮਗਰੋਂ ਮੈਂ ਕੁੱਝ ਦੇਰ ਬੈਠਾ ਰਿਹਾ ਤਾਂ ਉਸਤਾਦ ਜੀ ਆਖਿਆ, "ਸ਼ੇਖੂਪੁਰੀਆ! ਮੈਨੂੰ ਤੇਰੇ ਜਜ਼ਬਿਆਂ ਦਾ ਖਿਆਲ ਏ। ਸੁਣਾਂਗੇ ਤੈਨੂੰ ਵੀ! ਆਂਵਦਾ ਜਾਂਦਾ ਰਹਵੀਂ ।"
ਸਾਫ਼ ਮਲੂਮ ਹੋ ਰਿਹਾ ਸੀ ਕਿ ਹੁਣ ਮੈਨੂੰ ਜਾਵਣ ਲਈ ਆਖਿਆ ਗਿਆ ਏ, ਪਰ ਮੇਰੇ ਜਜ਼ਬਿਆਂ ਦੀ ਖ਼ਬਰ ਮੇਰੇ ਦੁੱਖ ਇਹਨਾਂ ਨੂੰ ਮਲੂਮ ਨੇ, ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ।
ਕਈ ਵਾਰ ਮੈਂ ਹੁਜਰੇ ਗਿਆ ਤੇ ਆਇਆ। ਹਰ ਵਾਰ ਇੰਜ ਈ ਹੁੰਦਾ। ਗੱਲ ਕਰਨ ਦਾ ਮੌਕਾ ਈ ਨਾ ਮਿਲਦਾ। ਲੋਕ ਸਨ ਕਿ ਜਾਂਦੇ ਈ ਨਹੀਂ ਸਨ, ਗੱਲਾਂ ਸੁਣਦੇ ਰਹਿੰਦੇ ਸਨ, ਸਗੋਂ ਹੋਰ ਆ ਜਾਂਦੇ ਸਨ । ਜੇ ਕੋਈ ਇੱਕ ਜਾਂਦਾ ਤੇ ਦੋ ਆ ਜਾਂਦੇ ਸਨ। ਪਰ ਇੱਕ ਹੋਰ ਗੱਲ ਮੇਰੇ ਲਈ ਹੈਰਾਨੀ ਵਾਲੀ ਸੀ । ਉਸਤਾਦ ਸਾਰਾ ਦਿਨ ਬੈਠੇ ਰਹਿੰਦੇ ਸਨ । ਗੱਲਾਂ ਕਰਦੇ ਅੱਕਦੇ ਨਾ ਥੱਕਦੇ ਸਨ। ਜਿਵੇਂ ਹਰ ਦਮ ਤਾਜ਼ਾ ਦਮ ਹੋਵਣ। ਉੱਥੋਂ ਦੀਆਂ ਗੱਲਾਂ ਭਾਵੇਂ ਮੇਰੀ ਸਮਝ ਤੋਂ ਬਾਹਰ ਸੀ, ਫੇਰ ਵੀ ਮਲੂਮ ਹੁੰਦਾ ਸੀ ਕਿ ਇਹ ਲੋਕ ਗੱਲਾਂ ਸੱਚੀਆਂ ਤੇ ਖਰੀਆਂ ਕਰਦੇ ਜਾਪਦੇ ਨੇ । ਏਨੀ ਤੰਗ ਕੋਠੜੀ ਵਿੱਚ ਰਹਿਣ ਵਾਲਾ ਬੰਦਾ ਕਿੰਨਾ ਖੁਸ਼ ਤੇ ਮੁਤਮਈਅਨ ਜੀਵਨ ਹੰਢਾ ਰਿਹਾ ਏ। ਮੇਰੇ ਅੰਦਰ ਇੱਕ ਹੋਰ ਖੋਈ ਲੱਗੀ ਕਿ ਮਲੂਮ ਕਰਾਂ ਕਿ ਇਹ ਬੰਦਾ ਕਿੱਥੋਂ ਤੇ ਕੌਣ ਏ ? ਅਜੇ ਏਨਾ ਈ ਮਲੂਮ ਹੋਇਆ ਕਿ ਉਸਤਾਦ ਸ਼ਾਇਰ ਏ ਪੰਜਾਬੀ ਜ਼ੁਬਾਨ ਦਾ, ਪਰ ਹਰ ਵੇਲ਼ੇ ਏਥੇ ਈ ਬੈਠਾ ਰਹਿੰਦਾ ਏ। ਬਾਲ ਬੱਚਾ ਤੇ ਮਾਪੇ, ਅੰਗ ਸਾਕ ਕਿਉਂ ਨਹੀਂ। ਇਹ ਸਾਰਾ ਕੁੱਝ ਜਾਣਨ ਦੀ ਮੈਨੂੰ ਇੱਛਾ ਹੋਈ।
ਕੁੱਝ ਵੇਲਾ ਲੰਘਣ ਮਗਰੋਂ ਮੈਨੂੰ ਹੁਜਰੇ ਨਾਲ ਨਾ-ਮਲੂਮ ਜੇਹੀ ਉਣਸ ਹੋਈ ਜਾਪਦੀ ਸੀ। ਮੈਨੂੰ ਜਦੋਂ ਘਰ ਦੇ ਕੰਮਾਂ ਤੋਂ ਵਿਹਲ ਮਿਲਦੀ, ਮੈਂ ਝੱਟ ਆਂਦਾ ਸਲਾਮ ਕਰਦਾ ਤੇ ਚੁੱਪ ਚਾਪ ਬੈਠ ਕੇ ਗੱਲਾਂ ਸੁਣਦਾ ਰਹਿੰਦਾ ਤੇ ਸ਼ਾਮ ਨੂੰ ਘਰ ਪਰਤ ਆਂਵਦਾ। ਉੱਥੇ ਜ਼ਬਾਨ ਖੋਲ੍ਹਣ ਦੀ ਹਿੰਮਤ ਈ ਨਾ ਹੁੰਦੀ। ਮੇਰੇ ਅੰਦਰ ਕੁੱਝ ਕੁੱਝ ਤਬਦੀਲੀ ਹੋਵਣ ਲੱਗ ਪਈ ਸੀ। ਹੁਜਰੇ ਵਿੱਚ ਹੋਵਣ ਵਾਲੀਆਂ ਗੱਲਾਂ ਦੀ ਕੁੱਝ ਕੁੱਝ ਸਮਝ ਆਵਣ ਲੱਗ ਪਈ ਸੀ।
ਦੁਨੀਆਂ ਦੀ ਸਿਆਸੀ ਚਾਲ, ਮਜ਼ਦੂਰਾਂ ਦੇ ਹਾਲਾਤ, ਕਿਸਾਨਾਂ ਤੇ ਰਾਹਕਾਂ ਨਾਲ ਹੋਵਣ ਵਾਲ਼ੇ ਧਰੋ ਬਾਰੇ ਗੱਲਾਂ ਦੀ ਸਮਝ ਆਵਣ ਲੱਗ ਪਈ ਸੀ । ਜਮਹੂਰੀਅਤ, ਸੋਸ਼ਲਿਜ਼ਮ ਤੇ ਮਾਰਸ਼ਲ ਲਾਅ ਬਾਰੇ ਵੀ ਕੁੱਝ ਮਲੂਮ ਹੋਇਆ। ਇੰਡੋ-ਪਾਕਿ ਵਿੱਚ ਕਸ਼ਮੀਰੀ ਝਗੜੇ ਦੇ
ਨਾਲ ਨਾਲ ਰੂਸ, ਚੀਨ, ਅਮਰੀਕਾ ਤੇ ਦੂਜੇ ਮੁਲਕਾਂ ਬਾਰੇ ਵੀ ਕੁੱਝ ਜਾਣਕਾਰੀ ਮਿਲੀ। ਉਰਦੂ ਤੇ ਪੰਜਾਬੀ ਸ਼ੇਅਰਅਦਬ ਵਿੱਚ ਫ਼ਰਕ ਤੇ ਮਜ਼ਾਜ ਦਾ ਪਤਾ ਲੱਗਾ, ਪਰ ਅਜੇ ਵੀ ਮੇਰਾ ਅੰਦਰਲਾ ਬੰਦਾ ਮੁਤਮਈਅਨ ਨਹੀਂ ਸੀ।
ਇੱਕ ਦਿਹਾੜੇ ਅਸਾਡੇ ਘਰ ਬਰਾਦਰੀ ਦੇ ਕੁੱਝ ਲੋਕ ਆਏ। ਉਹਨਾਂ ਅਸਾਡੇ ਪਿਉ ਨਾਲ ਗੱਲਾਂ ਕਰਦਿਆਂ ਆਖਿਆ, "ਮੁਲਕ ਵਿੱਚ ਅਲੈਕਸ਼ਨ ਹੋਣ ਵਾਲਾ ਏ । ਸੁਣਿਆਂ ਏ ਕਿ ਅਲੈਕਸ਼ਨ ਮੁਨਸਫ਼ਾਨਾ ਹੋਸੀ। ਅਸਾਡਾ ਖਿਆਲ ਏ ਕਿ ਏਸ ਅਲੈਕਸ਼ਨ ਵਿੱਚ ਅਸੀਂ ਵੀ ਹਿੱਸਾ ਲਈਏ। ਇਹਦੇ ਲਈ ਕਿਸੇ ਪਾਰਟੀ ਵਿੱਚ ਰਲ ਜਾਈਏ ਯਾ ਕੋਈ ਵੱਖਰੀ ਜਮਾਤ ਬਣਾ ਲਈਏ।" ਉਹਨਾਂ ਦਾ ਲਹਿਜਾ ਜੋਸ਼ੀਲਾ ਸੀ । ਕੁੱਝ ਦਿਨਾਂ ਮਗਰੋਂ ਰਾਹਕ ਬਰਾਦਰੀ ਦੇ ਛੋਟੇ ਛੋਟੇ ਇਕੱਠ ਹੋਵਣ ਲੱਗ ਪਏ। ਜ਼ਿਮੀਦਾਰਾਂ ਦੀ ਗੱਲ ਕੋਈ ਨਹੀਂ ਸੀ ਸੁਣਦਾ। ਛੋਟੇ ਛੋਟੇ ਇਕੱਠਾਂ ਮਗਰੋਂ ਇੱਕ ਵੱਡਾ ਇਕੱਠ ਹੋਇਆ। ਸਾਰੇ ਰਾਹਕ ਹੁੰਮ ਹੁਮਾ ਕੇ ਆਏ ਸਨ। ਸਾਰੇ ਸੋਸ਼ਲਿਜ਼ਮ ਦੇ ਹਾਮੀ ਸਨ ਤੇ ਉਸੇ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ, ਜੀਹਦਾ ਹਿਮਾਇਤੀ ਲੀਡਰ ਸ਼ੇਖ ਰਸ਼ੀਦ ਇਕੱਠ ਵਿੱਚ ਆਇਆ ਹੋਇਆ ਸੀ। ਸ਼ੇਖ ਰਸ਼ੀਦ ਨੇ ਇਕੱਠ ਵਿੱਚ ਸੋਸ਼ਲਿਜ਼ਮ ਦੀ ਗੱਲ ਕੀਤੀ। ਉਸ ਬੜੀਆਂ ਸੁਹਣੀਆਂ ਤੇ ਖਰੀਆਂ ਗੱਲਾਂ ਕੀਤੀਆਂ ਸਨ । ਰਾਹਕਾਂ, ਮਜ਼ਦੂਰਾਂ ਤੇ ਕਿਸਾਨਾਂ ਦੀ ਬਰਬਾਦੀ ਦੀ ਗੱਲ ਕੀਤੀ। ਉਹਦੀਆਂ ਗੱਲਾਂ ਸੁਣ ਕੇ ਰਾਹਕ ਬਹੁਤ ਈ ਖੁਸ਼ ਹੋਏ। ਇਕੱਠ ਵਿੱਚ ਜੋਸ਼ ਸੀ ਤੇ ਕੁੱਝ ਕਰਨ ਦਾ ਚਾਅ ਚੜ੍ਹਿਆ ਹੋਇਆ ਸੀ। ਇੰਜ ਜਿਵੇਂ ਸਾਰੇ ਡਰ ਤੇ ਖ਼ੌਫ਼ ਲਹਿ ਗਏ ਹੋਵਣ। ਗੱਭਰੂਆਂ ਖੁਸ਼ੀ ਨਾਲ ਭੰਗੜੇ ਪਾਏ ਤੇ ਨਾਅਰੇ ਮਾਰੇ ।
ਬਰਾਦਰੀ ਦੀ ਇੱਕ ਤਨਜ਼ੀਮ ਬਣਾਈ ਗਈ। ਉਸ ਤਨਜ਼ੀਮ ਦਾ ਸੈਕਟਰੀ ਮੈਨੂੰ ਬਣਾਇਆ ਗਿਆ। ਏਡੇ ਵੱਡੇ ਇਕੱਠ ਵਿੱਚ ਮੈਂ ਕੀ ਬੋਲਦਾ। ਉੱਤੋਂ ਪਿਉ ਦਾ ਆਖਣਾ ਸੀ ਕਿ ਮੈਨੂੰ ਈ ਸੈਕਟਰੀ ਬਣਨਾ ਪਵੇਗਾ। ਮੈਂ ਸੈਕਟਰੀ ਬਣ ਤਾਂ ਗਿਆ ਪਰ ਮੇਰਾ ਦਿਲ ਨਹੀਂ ਸੀ ਮੰਨ ਰਿਹਾ। ਮੈਨੂੰ ਤਾਂਘ ਹੁਜਰੇ ਦੀ ਸੀ। ਮੈਨੂੰ ਤਾਂ ਸਮਝ ਨਹੀਂ ਸੀ ਕਿਸੇ ਵੀ ਤਨਜ਼ੀਮ ਦੀ। ਮੇਰੇ ਅੰਦਰ ਕੁੱਝ ਹੋਰ ਈ ਟੁੱਟ ਭੱਜ ਹੋ ਰਹੀ ਸੀ । ਸ਼ੇਖ ਰਸ਼ੀਦ ਦੀਆਂ ਗੱਲਾਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ, ਪਰ ਸੈਕਟਰੀ ਵਾਲਾ ਕੰਮ ਮੈਥੋਂ ਭਾਰੀ ਜਾਪਦਾ ਸੀ।
ਤਨਜ਼ੀਮ ਦਾ ਸਦਰ ਜਿਹੜਾ 55-56 ਸਾਲ ਦਾ ਬੰਦਾ ਸੀ, ਉਹ ਸ਼ੇਖ ਰਸ਼ੀਦ ਦਾ ਵਾਕਫ਼ ਤੇ ਬੇਲੀ ਸੀ। ਉਸ ਮੈਨੂੰ ਸ਼ੇਖ ਰਸ਼ੀਦ ਸਾਹਮਣੇ ਲਿਆ ਕੇ ਆਖਿਆ, "ਸ਼ੇਖ ਜੀ! ਇਹ ਮੁੰਡਾ ਈ ਸਾਡਾ ਸਭ ਕੁੱਝ ਏ। ਅਸੀਂ ਤਾਂ ਬੱਸ ਐਵੇਂ ਆਸਰਾ ਵਾਂ ।" ਬੜੀ ਮੁਸੀਬਤ ਬਣੀ ਮੇਰੇ ਲਈ ਕਿ ਮੈਂ ਈ ਸਭ ਕੁੱਝ ਕਿੰਜ ਹੋਇਆ? ਮੈਂ ਉੱਥੋਂ ਨੱਸ ਜਾਣਾ ਚਾਹਦਾ ਸਾਂ ਪਰ ਪਿਉ ਦੀ ਘੂਰੀ ਮੇਰੇ ਪੈਰ ਜਕੜ ਦਿੱਤੇ ਸਨ। ਮੈਂ ਚੁੱਪ ਕਰਕੇ ਸਾਰੀ ਕਾਰਵਾਈ ਵੇਖਦਾ ਸੁਣਦਾ ਰਿਹਾ।
ਸ਼ੇਖ ਰਸ਼ੀਦ ਦਾ ਦਫ਼ਤਰ ਲਾਹੌਰ ਸੀ, ਇਛਰੇ ਵਿੱਚ। ਖੌਰੇ ਉਸ ਵੇਲੇ ਉਹ ਕਿਸਾਨ ਪਾਰਟੀ ਦੇ ਸਦਰ ਸਨ। ਉਹਨੇ ਮੈਨੂੰ ਕਿਤਾਬਾਂ ਤੇ ਪੈਂਫ਼ਲਿਟ ਦਿੱਤੇ ਪੜ੍ਹਨ ਵਾਸਤੇ। ਕਿਤਾਬਾਂ
ਤੇ ਪੈਂਫ਼ਲਿਟ ਮੈਂ ਪੜ੍ਹਨ ਦਾ ਜਤਨ ਕਰਦਾ ਪਰ ਉੱਕਾ ਸਮਝ ਨਾ ਆਂਵਦੀ, ਨਵੀਂਆਂ ਗੱਲਾਂ ਤੇ ਨਵੇਂ ਲਫ਼ਜ਼ ਸਨ।
ਸਾਰੇ ਇਲਾਕੇ ਵਿੱਚ ਸੋਸ਼ਲਿਜ਼ਮ ਸੋਸ਼ਲਿਜ਼ਮ ਹੁੰਦਾ ਫਿਰਦਾ ਸੀ। ਹਰ ਰਾਹਕ ਮਜ਼ਦੂਰ ਤੇ ਕੰਮੀ ਸਾਰੇ ਗ਼ਰੀਬ ਮਸਕੀਨ ਸੋਸ਼ਲਿਜ਼ਮ ਦੇ ਹਿਮਾਇਤੀ ਸਨ । ਉਹਨਾਂ ਦਿਨਾਂ ਵਿੱਚ ਕੰਮੀ ਲੋਕਾਂ ਵਿੱਚ ਭਾਈਚਾਰਾ ਵੀ ਵਧ ਗਿਆ ਹੋਇਆ ਜਾਪਦਾ ਸੀ । ਸਾਰੇ ਈ ਆਵਣ ਵਾਲੇ ਚੰਗੇ ਸਮੇਂ ਦੀ ਆਸ ਲਾਈ ਬੈਠੇ ਸਨ।
ਇਲਾਕੇ ਦੇ ਖਾਂਦੇ ਪੀਂਦੇ ਤੇ ਭੋਏਂ ਵਾਲ਼ੇ ਲੋਕ ਰਾਹਕਾਂ ਤੇ ਗਰੀਬਾਂ ਨੂੰ ਟਿਚਕਰ ਕਰਦੇ ਹੋਏ ਆਖਦੇ : "ਤੁਹਾਨੂੰ ਹਰ ਇੱਕ ਨੂੰ ਬਾਰਾਂ ਬਾਰਾਂ ਕਿੱਲੇ ਮਿਲਣਗੇ ਪਰ ਲੱਕੜ ਦੇ।" ਮੌਲਵੀ ਵੀ ਪੈਸੇ ਵਾਲੇ ਤੇ ਜ਼ਿਮੀਦਾਰਾਂ ਨਾਲ ਰਲ ਕੇ ਕੰਮੀ ਤੇ ਗਰੀਬ ਲੋਕਾਂ 'ਤੇ ਤਨਜ ਕਰਦਾ ਤੇ ਆਖਦਾ: “ਤੁਹਾਨੂੰ ਤੇ ਤੁਹਾਡੀਆਂ ਵਹੁਟੀਆਂ ਨੂੰ ਵੱਖਰੇ ਵੱਖਰੇ ਕੰਮਾਂ 'ਤੇ ਲਾਇਆ ਜਾਵੇਗਾ, ਇੰਜ ਈ ਤੁਹਾਨੂੰ ਹਕੂਮਤ ਤੇ ਮੁਲਕ ਦਾ ਵਾਰਸ ਬਣਾਵਣਗੇ।" ਮੌਲਵੀ ਹੋਰ ਵੀ ਬੜੀਆਂ ਗੰਦੀਆਂ ਗੰਦੀਆਂ ਗੱਲਾਂ ਕਰਕੇ ਜੀਅ ਸਾੜਦਾ ਰਹਿੰਦਾ ਸੀ, ਪਰ ਨਮਾਣੇ ਲੋਕ ਦਿਲੋਂ ਜਾਨੋਂ ਸੋਸ਼ਲਿਜ਼ਮ ਦੇ ਨਾਲ ਸਨ, ਉਹਨਾਂ ਕਿਸੇ ਦੀ ਕੋਈ ਪਰਵਾਹ ਨਾ ਕੀਤੀ।
ਮੈਂ ਇਛਰੇ ਜਾਂਦਾ ਤਾਂ ਹੁਜਰੇ ਸਲਾਮ ਕਰਨ ਜ਼ਰੂਰ ਜਾਂਦਾ । ਉੱਥੇ ਹਰ ਵਾਹ ਉਹ ਈ ਰੌਣਕ ਤੇ ਗਹਿਮਾ ਗਹਿਮੀ ਹੁੰਦੀ ਸੀ। ਹੁਜਰੇ ਆਵਣ ਆਲੇ ਬੰਦੇ ਜਾਣੇ ਪਛਾਣੇ ਲੱਗਣ ਲੱਗ ਪਏ ਹੋਏ ਸਨ, ਪਰ ਮੈਨੂੰ ਕਿਸੇ ਦਾ ਨਾਂ ਨਹੀਂ ਸੀ ਮਲੂਮ । ਹਰ ਵਾਰ ਕਈ ਓਪਰੇ ਓਪਰੇ ਬੰਦੇ ਵੀ ਹੁੰਦੇ ਸਨ। ਕਦੀ ਕਦੀ ਤਾਂ ਹੁਜਰੇ ਸਾਹਮਣੇ ਇੱਕ ਦੋ ਕਾਰਾਂ ਵੀ ਖਲੋਤੀਆਂ ਹੁੰਦੀਆਂ ਸਨ। ਆ ਕੇ ਔਰਤਾਂ ਵੀ ਬੈਠਦੀਆਂ ਸਨ ਉੱਥੇ । ਇੱਕ ਵਾਰ ਮਲਕਾ ਪੁਖਰਾਜ ਦਾ ਨਾਂ ਮੈਨੂੰ ਹਸਨਦੀਨ ਖੁਰਿਆਂ ਵਾਲੇ ਦੱਸਿਆ ਸੀ। ਮਲਕਾ ਪੁਖਰਾਜ ਦੇ ਨਾਲ ਇੱਕ ਬੜਾ ਈ ਸੁਹਣਾ ਗੱਭਰੂ ਸੀ ਜੀਹਦੇ ਨਾਲ ਉਹ ਬੜਾ ਮਿੱਠਾ ਬੋਲਦੀ ਤੇ ਗੁਟਕਦੀ ਸੀ।
ਹੁਜਰੇ ਵਿੱਚ ਯੂਸਫ਼ ਖਾਂ ਐਕਟਰ ਵੀ ਆਂਵਦਾ ਸੀ ਤੇ ਅਲਾਉ-ਅਲਦੀਨ ਵੀ। ਫਿਲਮੀ ਬੰਦਿਆਂ ਦੇ ਵੇਖਣ ਕਾਰਨ ਮੇਰੇ ਲਈ ਹੁਜਰੇ ਦੀ ਦਿਲਚਸਪੀ ਹੋਰ ਵਧ ਗਈ ਸੀ। ਮੈਂ ਤਨਜ਼ੀਮ ਨੂੰ ਛੱਡ ਦਿੱਤਾ ਸੀ । ਘਰ ਦੇ ਕੰਮ ਈ ਏਨੇ ਸਨ ਕਿ ਸਿਰ ਖੁਰਕਣ ਨਹੀਂ ਸੀ ਹੁੰਦਾ। ਉੱਤੋਂ ਹੁਜਰੇ ਦੀ ਚੇਟਕ ਮੈਨੂੰ ਤਨਜ਼ੀਮ ਕੋਲੋਂ ਦੂਰ ਕਰ ਦਿੱਤਾ, ਮੈਨੂੰ ਆਪ ਈ ਸਵਾਦ ਨਹੀਂ ਸੀ ਆਂਵਦਾ। ਮੇਰੇ ਕੋਲ ਸੈਕਟਰੀਆਂ ਵਾਲੀ ਨਾ ਕੁੱਝ ਸੂਝ-ਬੂਝ ਸੀ ਨਾ ਅਕਲ।
ਹੁਜਰੇ ਵਿੱਚ ਵੀ ਸਿਆਸਤ ਦੀਆਂ ਗੱਲਾਂ ਹੁੰਦੀਆਂ ਸਨ ਕਿ "ਇਹ ਜਿਹੜਾ ਸੋਸ਼ਲਿਜ਼ਮ ਦਾ ਨਾਅਰਾ ਲਾ ਰਹੇ ਨੇ”, ਉਸਤਾਦ ਜੀ ਆਖਿਆ, "ਸਿਰਫ ਨਾਅਰਾ ਏ। ਮੈਨੂੰ ਤਾਂ ਇਹਦੇ ਵਿੱਚ ਕੋਈ ਖਲੂਸ ਨਜ਼ਰ ਆਂਵਦਾ ਏ ਨਾ ਕੋਈ ਸਾਇੰਸੀ ਤਰਤੀਬ, ਨਾ ਈ ਕੋਈ ਪੱਕੀ ਪੀਡੀ ਲੀਹ ਮਲੂਮ ਹੁੰਦੀ ਏ। ਵੇਖੋ ਨਾ ਸਾਡੇ ਸਾਹਮਣੇ ਚੀਨ ਦੀ ਮਿਸਾਲ ਏ, ਰੂਸ ਦਾ ਇਨਕਲਾਬ ਮੌਜੂਦ ਏ ਮਾਉ ਜ਼ੇ-ਤੁੰਗ ਦੀ ਜੱਦੋਜਹਿਦ ਵੇਖੋ, ਲੈਨਿਨ ਦੇ ਕੰਮ ਕਰਨ ਤੇ ਪਾਰਟੀ ਬਣਾਵਣ ਦਾ ਢੰਗ ਗਹੁ ਨਾਲ ਵੇਖੀਏ ਤਾਂ ਆਪੇ ਸਮਝ ਲੱਗ ਜਾਂਦੀ ਏ ਕਿ ਇਨਕਲਾਬ ਵਾਸਤੇ ਜਿਹੜੀ ਬੁਨਿਆਦ ਦੀ ਲੋੜ ਹੁੰਦੀ ਏ, ਉਹਨੂੰ ਏਥੇ ਗੋਲਿਆ ਈ ਨਹੀਂ ਗਿਆ। ਜਦ
ਇਨਕਲਾਬ ਨੂੰ ਜੀਅ ਆਇਆਂ ਆਖਣ ਲਈ ਤਿਆਰੀ ਈ ਨਹੀਂ ਕੀਤੀ ਗਈ ਤਾਂ ਇਨਕਲਾਬੀ ਸੋਸ਼ਲਿਜ਼ਮ ਕਿੰਜ ਕਾਇਮ ਹੋਸੀ। ਮੈਨੂੰ ਤਾਂ ਇਹ ਸਭ ਕੁੱਝ ਠੱਗਬਾਜ਼ੀ ਮਲੂਮ ਹੁੰਦੀ ਏ। ਸਗੋਂ ਮੇਰਾ ਦਿਲ ਤੇ ਇਲਮ ਕਹਿੰਦਾ ਏ ਕਿ ਏਹੋ ਜਿਹੇ ਕੱਚੇ ਤੇ ਸ਼ੁਹਦੇ ਨਾਅਰਿਆਂ ਨਾਲ ਹਕੂਮਤ ਭਾਵੇਂ ਮਿਲ ਜਾਵੇ, ਫਾਇਦਾ ਕੋਈ ਨਹੀਂ ਹੋਣਾ, ਦੇਸ਼ ਦੀ ਭਲਿਆਈ ਦੀ ਥਾਂ ਹੋਰ ਨੁਕਸਾਨ ਹੋਵਣ ਦਾ ਡਰ ਏ।"
ਮਜਲਸ ਵਿੱਚੋਂ ਇੱਕ ਬੰਦੇ ਨੇ ਆਖਿਆ, "ਉਸਤਾਦ ਜੀ, ਰੂਸ ਤੇ ਚੀਨ ਯਾ ਹਰ ਜਿੱਥੇ ਵੀ ਸੋਸ਼ਲਿਸ਼ਟ ਇਨਕਲਾਬ ਆਇਆ ਏ, ਉੱਥੋਂ ਦੇ ਤੇ ਅਸਾਡੇ ਮਹੌਲ ਵਿੱਚ ਬਹੁਤ ਫਰਕ ਏ। ਉੱਥੋਂ ਦੇ ਮਾਰੂਜ਼ੀ ਹਾਲਾਤ ਤੇ ਏਥੋਂ ਦੇ ਹਾਲਾਤ ਵੱਖੋ ਵੱਖ ਨੇ । ਉੱਥੋਂ ਦੀਆਂ ਮਿਸਾਲਾਂ ਅਸੀਂ ਇੱਥੇ ਕਿੰਜ ਲਾਗੂ ਕਰ ਸਕਦੇ ਆ ?" ਉਹ ਬੰਦਾ ਬੜੇ ਜੋਸ਼ ਨਾਲ ਬੋਲਦਾ ਗਿਆ, ਕੋਈ ਵਕੀਲ ਜਾਪਦਾ ਸੀ। "ਏਥੋਂ ਦੀਆਂ ਸਮਾਜੀ ਜਕੜਬੰਦੀਆਂ, ਜਾਤ ਬਰਾਦਰੀ ਦੀ ਬਣਤਰ, ਮਜ੍ਹਬ ਦਾ ਗ਼ਲਬਾ ਤੇ ਫ਼ਿਰਕਾਬੰਦੀ, ਤਹਿ ਦਰ ਤਹਿ ਇਤਹਸਾਲ ਪੁਰਾਣੇ ਰਵਾਜ ਤੇ ਹੋਰ ਬਹੁਤ ਕੁੱਝ ਅਸਾਡੇ ਲਈ ਔਕੜਾਂ ਨੇ, ਫੇਰ ਉਹਨਾਂ ਮੁਲਕਾਂ ਦੇ ਵਾਂਗ ਏਥੇ ਕਿਵੇਂ ਕੰਮ ਕੀਤਾ ਜਾ ਸਕਦਾ ਏ, ਇਹਦੇ ਬਾਰੇ ਕੁੱਝ ਦੱਸੋ।”
"ਹਾਂ", ਉਸਤਾਦ ਜੀ ਬੋਲੇ। "ਇਹ ਗੱਲ ਮੈਂ ਭਾਸ਼ਾਨੀ ਨਾਲ ਵੀ ਕੀਤੀ ਸੀ ਕਿ ਅਸਾਡੇ ਏਥੇ ਇੰਜ ਤਹਿਰੀਕਾਂ ਨਹੀਂ ਚੱਲਣੀਆਂ ਤੇ ਕਾਮਿਆਬ ਹੋਣੀਆਂ ਜਿਵੇਂ ਤੁਸੀਂ ਲੈਫਟ ਵਾਲੇ ਸੋਚਦੇ ਓ ਤੇ ਨਫ਼ਰਤ ਭਰੀ ਗਾਲ ਕੱਢਦੇ ਓ, ਬਰੇ-ਸਗੀਰ ਦੇ ਮਿਜ਼ਾਜ ਵਿੱਚ ਤਸ਼ੱਦਦ ਹੈ ਈ ਨਹੀਂ। ਏਥੇ ਕੋਈ ਤਹਿਰੀਕ ਵੀ ਤਸ਼ੱਦਦ ਰਾਹੀਂ ਕਾਮਿਆਬ ਨਹੀਂ ਹੋਈ । ਜਿਹੜਾ ਤੁਸੀਂ ਸਿਆਸੀ ਤਰਬੀਅਤ ਦਾ ਢੰਗ ਫੜਿਆ ਹੋਇਆ ਏ, ਇਹ ਲੋਕਾਂ ਕੋਲੋਂ ਦੂਰ ਤਾਂ ਲੈ ਜਾਂਦਾ ਏ, ਪਰ ਲੋਕਾਈ ਨਾਲ ਜੁੜਤ ਨਹੀਂ ਹੁੰਦੀ । ਉੱਤੋਂ ਪੰਜਾਬ ਦੇ ਲੋਕ ਤਾਂ ਸਿਆਸਤ ਪਸੰਦ ਈ ਨਹੀਂ ਕਰਦੇ। ਅੱਜ ਜੇ ਤੁਸਾਂ ਪੰਜਾਬ ਵਿੱਚ ਸਿਆਸਤ ਕਰਨੀ ਏਂ ਤਾਂ ਕਿਸੇ ਸੁੱਚੇ ਢੰਗ ਨਾਲ ਕਰੋ । ਤੁਸਾਂ ਮਜ਼ਹਬ ਨੂੰ ਗਾਲ ਕੱਢਦੇ ਓ, ਇਹ ਭੁੱਲ ਜਾਂਦੇ ਓ ਕਿ ਪੰਜਾਬੀ ਤਾਂ ਮੌਲਵੀ ਨੂੰ ਕੰਮੀ ਸਮਝਦਾ ਏ, ਸੂਫ਼ੀ ਦਰਵੇਸ਼ ਦਾ ਇਹਤਰਾਮ ਕਰਦਾ ਏ। ਇਹਦੇ ਅੰਦਰ ਖ਼ਾਲਕ ਨਾਲ ਜੁੜਤ ਵਾਲੀ ਸੱਧਰ ਵੀ ਮਜ਼ਬੂਤ ਏ।"
ਇੱਕ ਮੋਟੇ ਸ਼ੀਸ਼ਿਆਂ ਵਾਲੀ ਐਨਕ ਵਾਲ਼ੇ ਨੇ ਪੁੱਛਿਆ, "ਕੀ ਕਾਰਨ ਏ ਕਿ ਪੰਜਾਬੀ ਲੋਕ ਸਿਆਸਤ ਵਿੱਚ ਏਨੀ ਦਿਲਚਸਪੀ ਨਹੀਂ ਲੈਂਦੇ ?" ਇਹ ਬੰਦਾ ਮੈਂ ਪਹਿਲੇ ਵੀ ਕਈ ਵਾਰ ਆਇਆ ਵੇਖਿਆ ਸੀ। ਲੱਗਦਾ ਸੀ ਕਿਸੇ ਕਾਲਜ ਦਾ ਮਾਸਟਰ ਏ ਤੇ ਪੰਜਾਬੀ ਜ਼ਬਾਨ ਦਾ ਸ਼ੌਕੀਨ ਏ। ਇਹ ਕਦੇ ਕਦੇ ਵਾਰਸ਼ ਸ਼ਾਹ ਦੀ ਕਿਤਾਬ 'ਹੀਰ ਰਾਂਝਾ' ਉੱਤੇ ਵੀ ਗੱਲ ਕਰਿਆ ਕਰਦਾ ਸੀ । ਬਾਅਜ਼ ਸ਼ੇਅਰ ਉਸਤਾਦ ਕੋਲੋਂ ਸਮਝਣ ਆਇਆ ਕਰਦਾ ਸੀ।
ਮਾਸਟਰ ਦੇ ਸਵਾਲ ਦਾ ਜਵਾਬ ਦੇਵਣ ਤੋਂ ਪਹਿਲੇ ਉਸਤਾਦ ਜੀ ਮਜਲਸ ਵਿੱਚ ਇੱਕ ਬੰਦੇ ਨੂੰ ਚਾਹ ਵਾਸਤੇ ਆਖਿਆ। ਚਾਹ ਹਮੇਸ਼ਾ ਈ ਕੜਕ ਪੀਂਦੇ ਸਨ। ਨੇੜੇ ਈ ਚਾਹ ਦੀ ਸਟਾਲ ਸੀ। ਉਹ ਬੰਦਾ ਝੱਟ ਜਾ ਕੇ ਚਾਹ ਆਖ ਆਇਆ। ਮਗਰ ਮਗਰ ਚਾਹ ਆ ਗਈ। ਉਸਤਾਦ ਜੀ ਚਾਹ ਗਲਾਸ ਵਿੱਚ ਪਸੰਦ ਕਰਦੇ ਸਨ । ਚਾਹ ਵਾਲ਼ੇ ਗਲਾਸ ਉਸਤਾਦ
ਜੀ ਆਪ ਦੂਜੇ ਸਾਥੀਆਂ ਵਿੱਚ ਵਰਤਾਏ।
ਚਾਹ ਪੀਣ ਲੱਗ ਪਏ। ਕੁੱਝ ਦੇਰ ਖ਼ਾਮੋਸ਼ੀ ਹੋਈ, ਫੇਰ ਗੱਲ ਟੁਰ ਪਈ ਪੰਜਾਬੀ ਲੋਕਾਂ ਦੀ, ਉਹਨਾਂ ਦੀ ਸਿਆਸਤ ਦੀ। ਮੇਰੇ ਲਈ ਇਹ ਸਾਰਾ ਕੁੱਝ ਨਵਾਂ ਤੇ ਅਜੀਬ ਸੀ, ਅਨੋਖਾ ਸੀ, ਨਵੇਕਲਾ ਤੇ ਹੈਰਾਨ ਕਰ ਦੇਣ ਵਾਲਾ ਸੀ । ਇਹ ਮਜਲਸੀ ਲੋਕ ਭਾਵੇਂ ਮੇਰੇ ਜਾਣੂੰ ਨਹੀਂ ਸਨ, ਓਪਰੇ ਸਨ, ਪਰ ਮੈਨੂੰ ਤਾਂ ਆਪਣੇ ਆਪਣੇ ਲੱਗਣ ਲੱਗ ਪਏ ਸਨ। ਮੇਰੇ ਦਿਲ ਦੇ ਤਾਰ ਜਿਵੇਂ ਖੜਕਣ ਲਈ ਤਿਆਰ ਹੋ ਰਹੇ ਸਨ। ਇੱਕ ਗੁੱਝੀ ਜਿਹੀ ਅੰਦਰ ਹੁੱਝ ਵੱਜਦੀ ਸੀ।
ਗੱਲ ਸ਼ੁਰੂ ਹੋਈ। ਉਸਤਾਦ ਜੀ ਬੋਲੇ, "ਇੱਕ ਤਾਂ ਇੱਥੇ ਖ਼ੁਰਾਕ ਬਹੁਤ ਸੀ, ਲੋਕਾਂ ਨੂੰ ਰਿਜ਼ਕ ਵਾਸਤੇ ਪਰੇਸ਼ਾਨ ਨਹੀਂ ਸੀ ਹੋਣਾ ਪੈਂਦਾ। ਦੂਜੇ ਮੁਲਕਾਂ ਦਾ ਮਸਲਾ ਖੁਰਾਕ ਈ ਬਹੁਤ ਵਧਿਆ ਹੋਇਆ ਸੀ, ਏਥੇ ਨਹੀਂ ਸੀ। ਸਾਦਾ ਜੀਵਨ ਜੀਵਣ ਲਈ ਤੇ ਦੁੱਧ ਘਿਉ ਆਮ ਪੀਵਣ ਲਈ ਸੀ, ਖੁੱਲ੍ਹੀ ਜੂਹ ਤੇ ਚਾਰ ਪੰਜ ਮੌਸਮ ਜਿਹੜੇ ਹੋਰ ਕਿੱਧਰੇ ਘੱਟ ਈ ਹੋਵਣਗੇ। ਫੇਰ ਏਥੋਂ ਦੇ ਹਰ ਮੌਸਮ ਵਿੱਚ ਸ਼ਿੱਦਤ ਹੁੰਦੀ ਏ। ਗਰਮੀਆਂ ਵਿੱਚ ਸਖਤ ਗਰਮੀ ਤੇ ਸਰਦੀਆਂ ਵਿੱਚ ਸਖ਼ਤ ਸਰਦੀ। ਬਾਰਸ਼ਾਂ ਵੀ ਰੱਜ ਕੇ ਪੈਂਦੀਆਂ ਨੇ। ਫੇਰ ਮੌਸਮਾਂ ਵਿੱਚ ਸ਼ਿੱਦਤ ਹੋਣ ਦੇ ਬਾਵਜੂਦ ਮੌਸਮ ਪੈਂਤੜਾ ਬਦਲ ਲੈਂਦਾ ਏ । ਜਿਵੇਂ ਸਰਦੀਆਂ ਵਿੱਚ ਹਵਾ ਨਾ ਹੋਵੇ ਤਾਂ ਧੁੱਪ ਚੁਭਣ ਲੱਗ ਪੈਂਦੀ ਏ। ਗਰਮੀਆਂ ਵਿੱਚ ਮੀਂਹ ਪੈ ਜਾਵੇ ਤਾਂ ਠੰਢ ਲੱਗਣ ਲੱਗ ਪੈਂਦੀ ਏ। ਕਿਸੇ ਮੌਸਮ ਵਿੱਚ ਦਿਨ ਸਖਤ ਗਰਮ ਤੇ ਰਾਤ ਸਖਤ ਠੰਢੀ, ਜਿਵੇਂ:
ਅੱਸੂ ਕੱਤੇ ਮਾਹ ਨਿਰਾਲੇ
ਦਿਨਾਂ ਨੂੰ ਧੁੱਪਾਂ, ਰਾਤਾਂ ਨੂੰ ਪਾਲ਼ੇ
ਮੌਸਮਾਂ ਦਾ ਅਸਰ ਇਨਸਾਨੀ ਮਿਜ਼ਾਜ ਉੱਤੇ ਪੈਂਦਾ ਏ। ਜਿਵੇਂ ਏਥੇ ਦੇ ਮੌਸਮਾਂ ਵਿੱਚ ਠਹਿਰਾਓ ਨਹੀਂ। ਇੱਥੇ ਦੀ ਕਿਸੇ ਗੱਲ ਵਿੱਚ ਠਹਿਰਾਓ ਨਹੀਂ ਤੇ ਇਹ ਗੈਰ ਮੁਸਕਿਲ ਮਿਜ਼ਾਜੀ ਬੰਦੇ ਨੂੰ ਉਦਾਸੀ ਵੱਲ ਲੈ ਜਾਂਦੀ ਏ ਜਿਹੜੀ ਕਿ ਅਸਾਡੇ ਵਿੱਚ ਹੈ। ਇਹ ਈ ਕਾਰਨ ਏ ਕਿ ਅਸਾਡੇ ਲੋਕ ਸਕੂਨ ਦੀ ਭਾਲ ਵਿੱਚ ਰਹਿੰਦੇ ਨੇ । ਰੱਬ ਨਾਲ ਆਪਣਾ ਰਿਸ਼ਤਾ ਜੋੜਨ ਦਾ ਚਾਰਾ ਕਰਦੇ ਨੇ । ਏਸ ਮਕਸਦ ਲਈ ਲੋਕ ਸੂਫ਼ੀ ਤੇ ਜੋਗੀ ਨੂੰ ਰੱਬ ਦੇ ਨੇੜੇ ਸਮਝਦੇ ਹਨ। ਉਹਨਾਂ ਦਾ ਇਹਤਰਾਮ ਕਰਦੇ ਨੇ ਤੇ ਆਪਣੇ ਦੁੱਖ ਦਰਦ ਵੀ ਉਸੇ ਜ਼ਰੀਏ ਨਾਲ ਮੁਕਾਵਣਾ ਚਾਹਦੇ ਨੇ ।" ਕਾਫ਼ੀ ਦੇਰ ਹੋਰ ਗੱਲਾਂ ਵੀ ਹੋਈਆਂ ਸਨ ਇਲਮ ਅਦਬ ਦੀਆਂ । ਬਾਅਦ ਵਿੱਚ ਉਸਤਾਦ ਜੀ ਆਪਣੀ ਇੱਕ ਨਜ਼ਮ ਵੀ ਸੁਣਾਈ:
ਸਾਨੂੰ ਸਦਰ ਦੇ ਸਾਏ ਦੀ ਕੋਈ ਲੋੜ ਨਹੀਂ
ਅਸੀਂ ਠੰਡੀ ਬਹਿਸ਼ਤਾਂ ਦੀ ਛਾਂ ਵੱਲ ਆਂ।
ਇਹ ਨਜ਼ਮ ਉਹਨਾਂ ਸਦਰ ਅਯੂਬ ਦੇ ਖ਼ਿਲਾਫ ਮੁਹਤਰਮਾ ਫ਼ਾਤਮਾ ਜਿਨਾਹ ਦੇ ਜਲਸੇ ਵਿੱਚ ਪੜ੍ਹੀ। ਉਸਤਾਦ ਜੀ ਦੱਸਿਆ ਕਿ ਏਸ ਪੂਰੀ ਨਜ਼ਮ ਦਾ ਮੁਹਤਰਮਾ ਫ਼ਾਤਮਾ ਜਿਨਾਹ ਅੰਗਰੇਜ਼ੀ ਵਿੱਚ ਤਰਜ਼ਮਾ ਸੁਣਕੇ ਖੁਸ਼ ਹੋਏ ਸਨ। ਮੈਂ ਵੀ ਆਪਣੀ ਨਜ਼ਮ ਦਾ ਤਰਜ਼ਮਾ ਬੜੇ ਸਵਾਦ ਨਾਲ ਕੀਤਾ ਸੀ।
ਸ਼ਾਮ ਹੋਵਣ ਵਾਲੀ ਸੀ। ਲੋਕ ਇੱਕ ਇੱਕ ਕਰਕੇ ਜਾ ਰਹੇ ਸਨ । ਮੈਂ ਵੀ ਜਾਵਣ ਲਈ ਇਜਾਜ਼ਤ ਮੰਗੀ ਤਾਂ ਹੁਕਮ ਹੋਇਆ, "ਬਹਿ ਜਾ।" ਮੈਂ ਬਹਿ ਗਿਆ। ਅੱਜ ਪਹਿਲੀ ਵਾਰ ਉਹਨਾਂ ਮੈਨੂੰ ਰੋਕਿਆ ਸੀ । ਮੈਂ ਹੈਰਾਨ ਸਾਂ ਤੇ ਰਾਜ਼ੀ ਵੀ । ਜਦ ਸਾਰੇ ਲੋਕ ਚਲੇ ਗਏ ਤਾਂ ਉਹਨਾਂ ਪੁੱਛਿਆ, "ਤੂੰ ਆਉਨਾਂ ਏਂ ਤੇ ਚੁੱਪ ਕਰਕੇ ਬਹਿ ਰਹਿਨਾਂ ਏਂ। ਕੁੱਝ ਗੱਲ ਵੀ ਕਰਿਆ ਕਰ।”
ਮੈਂ ਭਲਾਂ ਕੀ ਗੱਲ ਕਰ ਸਕਦਾ ਸਾਂ? ਏਥੇ ਆ ਕੇ ਮੇਰਾ ਤੇ ਆਪਣਾ ਆਪ ਈ ਗਵਾਚਾ ਗਵਾਚਾ ਜਾਪਦਾ ਸੀ। 'ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ।' ਮੇਰੇ ਦਿਲ ਦੇ ਅੰਦਰ ਇੱਕ ਕਸਕ ਜ਼ੋਹਰਾ ਦੀ ਤੇ ਇੱਕ ਏਥੇ ਫਟ ਰਹੀ ਸੀ । ਬੜੇ ਅਦਬ ਤੇ ਸਹਿਜ ਨਾਲ ਮੈਂ ਆਖਿਆ:
"ਜੀ! ਮੈਨੂੰ ਗੱਲਾਂ ਨਹੀਂ ਆਂਵਦੀਆਂ।” ਉਸਤਾਦ ਜੀ ਮੁਸਕਰਾਏ ਤੇ ਆਖਿਆ, "ਗੱਲਾਂ ਸੁਣਦਾ ਤਾਂ ਬੜੇ ਗਹੁ ਨਾਲ ਏਂ।" ਮੈਂ ਸਿਰ ਹਿਲਾ ਕੇ ਇਕਰਾਰ ਕੀਤਾ। ਕੁੱਝ ਬੰਦੇ ਹੋਰ ਆ ਗਏ ਤਾਂ ਉਸਤਾਦ ਜੀ ਮੈਨੂੰ ਜਾਵਣ ਲਈ ਆਖਿਆ। ਮੈਂ ਸਲਾਮ ਕਰਕੇ ਚਲਾ ਆਇਆ।
ਢਾਲ ਵਾਸ਼ ਲੈ ਕੇ ਪਟਵਾਰੀ ਆਪ ਆਇਆ ਹੋਇਆ ਸੀ । ਸਾਰੇ ਪਿੰਡ ਨੂੰ ਭੜਥੂ ਪੈ ਗਿਆ । ਪਟਵਾਰੀ ਦਾ ਆਖਣਾ ਸੀ ਕਿ ਮਾਮਲਾ ਅੱਜ ਹੀ ਵਸੂਲਿਆ ਜਾਸੀ, ਜਦ ਕਿ ਗਰੀਬ ਰਾਹਕਾਂ ਨੂੰ ਕੁੱਝ ਦਿਨਾਂ ਦੀ ਮੁਹਲਤ ਚਾਹੀਦੀ ਸੀ। ਪਟਵਾਰੀ ਉੱਤੇ ਕਿਸੇ ਮਿੰਨਤ ਮਾਜਰੇ ਯਾ ਤਰਲੇ ਦਾ ਅਸਰ ਨਹੀਂ ਸੀ ਹੋ ਰਿਹਾ। ਪਟਵਾਰੀ ਦਾ ਹੁਕਮ ਸੀ ਕਿ ਮਾਮਲਾ ਦਿਓ ਤੇ ਅੱਜ ਈ ਦਿਓ, ਨਹੀਂ ਤੇ ਜੇਹਲ ਜਾਵਣ ਵਾਸਤੇ ਤਿਆਰ ਹੋ ਜਾਓ।
ਰਾਹਕਾਂ ਮਾਮਲਾ ਉਤਾਰਨ ਲਈ ਆਪਣਾ ਬੜਾ ਕੁੱਝ ਵੇਚ ਦਿੱਤਾ । ਮਸਾਂ ਮਰ ਕੇ ਪਟਵਾਰੀ ਕੋਲੋਂ ਦੋ ਦਿਨ ਦੀ ਮੁਹਲਤ ਮਿਲੀ ਸੀ। ਅਸਾਡੇ ਜੁੰਮੇ ਮਾਮਲਾ ਡੇਢ ਸੌ ਰੁਪਈਆ ਸੀ। ਪਿਉ ਦਾ ਹੁਕਮ ਹੋਇਆ ਕਿ “ਆਪਣੇ ਹਿੱਸੇ ਦੇ ਪੰਜਾਹ ਰੁਪਈਏ ਮਾਮਲੇ ਦਾ ਪ੍ਰਬੰਧ ਕਰ।" ਮੇਰਾ ਆਖਣਾ ਸੀ, "ਫਸਲ ਤੇ ਸਾਰੀ ਤੁਸਾਂ ਆਪ ਲੈ ਗਏ ਸੌਂ, ਮਾਮਲਾ ਕਿੱਥੋਂ ਲਿਆਵਾਂ ।"
"ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲਿਆ । ਸ਼ਾਮ ਤੀਕਰ ਪੰਜਾਹ ਰੁਪਏ ਮਿਲ ਜਾਣੇ ਚਾਹੀਦੇ ਨੇ", ਪਿਉ ਪਟਵਾਰੀ ਨਾਲੋਂ ਵੀ ਸਖ਼ਤ ਹੋਇਆ।
ਮੇਰੇ ਕੋਲ ਪੈਸੇ ਹੈ ਈ ਨਹੀਂ ਸਨ, ਮੈਂ ਲਿਆਂਦਾ ਕਿੱਥੋਂ? ਜਦ ਸ਼ਾਮ ਤੀਕਰ ਮੈਂ ਮਾਮਲੇ ਦੇ ਪੰਜਾਹ ਰੁਪਏ ਨਾ ਦੇ ਸਕਿਆ ਤਾਂ ਪਿਉ ਮੇਰੀ ਦੁੱਧਲ ਮੱਝ ਕਿੱਲੇ ਉੱਤੋਂ ਖੋਹਲ ਕੇ ਆਪਣੀ ਖੁਰਲੀ ਉੱਤੇ ਬੰਨ੍ਹ ਲਈ। ਰਿਜ਼ਕ ਦਾ ਤੇ ਪਹਿਲੇ ਈ ਘਾਟਾ ਸੀ । ਇੱਕ ਦੁੱਧ ਵੇਚਣ ਦਾ ਆਸਰਾ ਸੀ ਉਹ ਵੀ ਗਿਆ। ਮੈਂ ਭਲਾਂ ਕੀ ਕਰ ਸਕਦਾ ਸਾਂ।
ਸਾਹਿਬ ਅਲੀ ਦੀ ਦੁੱਧ ਦੀ ਬਾਕੀ ਰਹਿੰਦੀ ਸੀ । ਮੈਂ ਡਰਦਾ ਉਹਦੇ ਮੱਥੇ ਨਹੀਂ ਸਾਂ ਲੱਗਦਾ। ਉਹ ਮੇਰੇ ਘਰ ਦੇ ਫੇਰੇ ਮਾਰਦਾ, ਮੈਂ ਉਹਨੂੰ ਵੇਖ ਕੇ ਲੁਕ ਜਾਇਆ ਕਰਦਾ ਸਾਂ । ਔਖੇ
ਦਿਨ ਸਨ, ਕੋਈ ਕੰਮ ਕਾਜ ਹੈ ਈ ਨਹੀਂ ਸੀ, ਉੱਤੋਂ ਪਿਉ ਨਾਲ ਨਰਾਜ਼ਗੀ, ਪੱਲੇ ਧੇਲਾ ਵੀ ਕੋਈ ਨਾ । ਘਰ ਵਿੱਚ ਦਾਣੇ ਵੀ ਖੌਰੇ ਥੋੜ੍ਹੇ ਕੁ ਸਨ। ਏਹੋ ਜੇਹੇ ਹਾਲਾਤ ਵਿੱਚ ਮੈਨੂੰ ਬੜੀ ਖਿਝ ਚੜ੍ਹਿਆ ਕਰਦੀ ਸੀ, ਪਰ ਮੇਰੀ ਵਹੁਟੀ ਹੌਂਸਲਾ ਕਰਨ ਲਈ ਆਖਿਆ ਕਰਦੀ ਸੀ।
ਆਖ਼ਰ ਹੌਂਸਲਾ ਕਰਕੇ ਮੈਂ ਆਪ ਸਾਹਿਬ ਅਲੀ ਦੀ ਦੁਕਾਨ 'ਤੇ ਜਾ ਕੇ ਆਖਿਆ, "ਸਾਹਿਬ ਅਲੀ ਜੀ! ਪੈਸਾ ਤਾਂ ਮੇਰੇ ਕੋਲ ਕੋਈ ਨਹੀਂ, ਤੁਸਾਂ ਇੰਜ ਕਰੋ, ਮੈਨੂੰ ਏਸ ਫੈਕਟਰੀ ਵਿੱਚ ਭਰਤੀ ਕਰਵਾ ਦਿਓ, ਤੁਹਾਡਾ ਹੱਥ ਪੈਂਦਾ ਹੋਵੇਗਾ। ਤੇਰੀ ਦੁਕਾਨ ਉੱਤੇ ਲੋਕ ਆਂਵਦੇ ਜਾਂਦੇ ਰਹਿੰਦੇ ਨੇ । ਤੇਰੇ ਪੈਸੇ ਵੀ ਲੱਥ ਜਾਵਣਗੇ ਤੇ ਮੇਰੇ ਦਿਨ ਵੀ ਸੌਖੇ ਲੰਘ ਜਾਸਨ।"
ਸਾਹਿਬ ਅਲੀ ਦੀ ਸਮਝ ਵਿੱਚ ਗੱਲ ਆ ਗਈ। ਉਸ ਆਖਿਆ, "ਇੱਕ ਫੋਰਮੈਨ ਮੇਰਾ ਵਾਕਫ ਤੇ ਹੈ, ਮੈਂ ਉਹਦੇ ਨਾਲ ਤੇਰੀ ਗੱਲ ਕਰਾਂਗਾ, ਕੱਲ੍ਹ ਆਵੀਂ।"
ਉਹਨਾਂ ਦਿਨਾਂ ਵਿੱਚ ਵਾਹੀਵਾਨਾਂ ਦਾ ਮਜ਼ਦੂਰੀ ਕਰਨਾ ਤੌਹੀਨ ਸਮਝਿਆ ਜਾਂਦਾ ਸੀ । ਮੇਰੇ ਲਈ ਤਾਂ ਖੁਰਾਕ ਦਾ ਮਸਲਾ ਸੀ, ਗੱਲ ਇੱਜ਼ਤ ਯਾ ਤੌਹੀਨ ਦੀ ਨਹੀਂ ਸੀ।"ਢਿੱਡ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ।” ਨਾਲੇ, ਤੌਹੀਨ ਤਾਂ ਮੁਅਜਜ਼ ਲੋਕਾਂ ਦੀ ਹੁੰਦੀ ਏ। ਰਾਹਕ ਭਲਾਂ ਕਿੰਜ ਮੁਅਜ਼ਜ ਤੇ ਇੱਜ਼ਤਦਾਰ ਹੋ ਗਏ!
'ਮਜ਼ਦੂਰੀ ਕਰਦਿਆਂ ਇੱਜ਼ਤ ਘਟਦੀ ਏ', ਰਾਹਕਾਂ ਦੀ ਇਹ ਸੋਚ ਮੇਰੀ ਸਮਝ ਵਿੱਚ ਨਹੀਂ ਸੀ ਆਈ। ਦੂਜੇ ਦਿਨ ਫੈਕਟਰੀ ਜਾਵਣ ਲਈ ਮੈਂ ਮਲ ਮਲ ਕੇ ਨਹਾਤਾ, ਮੂੰਹ ਸਿਰ ਚੋਪੜਿਆ। ਦਾੜ੍ਹੀ ਬਣਾਈ ਆਪੇ ਤੇ ਕਾਹਲ ਨਾਲ ਦਾੜ੍ਹੀ ਬਣਾਵਣ ਵੇਲ਼ੇ ਥਾਂ ਥਾਂ ਮੂੰਹ ਉੱਤੇ ਟੱਕ ਲੱਗ ਗਏ ਸਨ। ਮਾੜੀ ਮਾੜੀ ਰੁੱਤ ਸਿੰਮਣ ਲੱਗ ਪਈ ਸੀ । ਫਟਕੜੀ ਮਲ ਕੇ ਮੈਂ ਸਿੰਮਦੀ ਰੱਤ ਨੂੰ ਰੋਕਿਆ, ਪਰ ਟੱਕਾਂ ਦੀ ਪੀੜ ਕੁੱਝ ਦੇਰ ਹੁੰਦੀ ਰਹੀ ਸੀ। ਕਾਹਲੀ ਕਾਹਲੀ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਈ ਤੇ ਸਾਹਿਬ ਅਲੀ ਦੀ ਹੱਟੀ ਤੇ ਜਾ ਸਲਾਮ ਕੀਤੀ। ਪਰ ਸਾਹਿਬ ਅਲੀ ਆਖਿਆ, "ਕੱਲ੍ਹ ਨੂੰ ਆਵੀਂ, ਅਜੇ ਫੋਰਮੈਨ ਨਾਲ ਮੇਰੀ ਮੁਲਾਕਾਤ ਨਹੀਂ ਹੋਈ।"
ਮੈਨੂੰ ਵੜਾ ਵੱਟ ਚੜ੍ਹਿਆ। ਮੈਂ ਕਿੰਨੀ ਕਾਹਲ ਤੇ ਛੇਤੀ ਨਾਲ ਇੱਥੇ ਆਇਆ ਵਾਂ, ਇਹਨੇ ਕੱਲ੍ਹ ਆਖ ਕੇ ਸਾਰਾ ਸਵਾਦ ਈ ਖੀਹ ਕਰ ਦਿੱਤਾ ਏ। ਮੈਂ ਆਖਿਆ। "ਸਾਹਿਬ ਅਲੀ ! ਫੋਰਮੈਨ ਮੈਨੂੰ ਦਿਹਾੜੀ ਉੱਤੇ ਲਵਾਣਾ ਸੂ ਕਿ ਖ਼ਜ਼ਾਨਾ ਲੁਟਵਾਣਾ ਸੂ ।"
"ਓਏ ਭਲਿਆ। ਨੌਕਰੀ ਵੀ ਤਾਂ ਖ਼ਜ਼ਾਨਾ ਈ ਹੁੰਦੀ ਏ! ਐਵੇਂ ਕਾਹਲਾ ਨਾ ਪੌ। ਤੇਰਾ ਕੰਮ ਹੋ ਜਾਸੀ।"
ਮੈਂ ਹੋਰ ਕੋਈ ਗੱਲ ਨਾ ਕੀਤੀ। ਮੈਨੂੰ ਨੌਕਰੀ ਦੀ ਲੋੜ ਸੀ। ਅੱਠ ਦਸ ਦਿਨ ਇੰਜ ਈ ਫੇਰੇ ਪੈਂਦੇ ਰਹੇ। ਰੋਜ਼ ਜਾਵਣਾ ਤੇ ਤਿਆਰ ਹੋ ਕੇ ਜਾਣਾ। ਸਿਆਲ ਦੇ ਦਿਨਾਂ ਵਿੱਚ ਸਵੇਰੇ- ਸਵੇਰੇ ਨਹਾਵਣਾ ਭਾਵੇਂ ਸੌਖਾ ਨਹੀਂ ਸੀ ਹੁੰਦਾ, ਪਰ ਆਪਣੀ ਗ਼ਰਜ਼ ਲਈ ਹਰ ਔਕੜ ਸਹਿਣੀ ਤੇ ਜਰਨੀ ਪੈਂਦੀ ਏ। ਜਰਸੀ ਸਵੈਟਰ ਹੈ ਕੋਈ ਨਹੀਂ ਸੀ, ਖੇਸ ਦੀ ਬੁੱਕਲ ਮਾਰ ਕੇ ਆਵਣਾ ਜਾਣਾ ਪੈਂਦਾ ਸੀ।
ਨੌਵੇਂ ਦਿਨ ਮੈਂ ਘਰੋਂ ਨਿੱਕਲਿਆ। ਫੈਕਟਰੀ ਵੱਲ ਮੂੰਹ ਕਰ ਲਿਆ। ਰਾਹ ਵਿੱਚ
ਚਾਚਾ ਲੰਡੂ ਆਂਵਦਾ ਹੋਇਆ ਮਿਲਿਆ। ਉਸ ਘੁੱਟ ਜੱਫੀ ਪਾਈ। ਬਹੁਤ ਮੁੱਦਤਾਂ ਬਾਅਦ ਮਿਲਿਆ ਸੀ, ਖੁਸ਼ ਸੀ, ਹੱਸਦਾ ਮੱਥਾ ਤੇ ਚਮਕਦੇ ਨੈਣ। "ਸਵੇਰੇ ਸਵੇਰੇ ਕਿੱਧਰ ਦੀ ਤਿਆਰੀ ਏ ?" ਉਸ ਪਹਿਲੇ ਈ ਪੁੱਛ ਲਿਆ। ਪੁੱਛਣਾ ਮੈਂ ਸੀ ਕਿ ਚਾਚਾ ਕਿੱਧਰ ਆਇਆ ਏਂ।
ਜਦ ਉਸ ਮੇਰੇ ਮੂੰਹੋਂ ਨੌਕਰੀ ਦੀ ਭਾਲ ਵਿੱਚ ਜਾਵਣ ਦਾ ਸੁਣਿਆ ਤਾਂ ਉਸ ਅਫ਼ਸੋਸ ਕਰਦਿਆਂ ਆਖਿਆ, "ਪਿਉ ਦੀ ਇੱਜ਼ਤ ਦਾ ਖਿਆਲ ਕਰ। ਤੂੰ ਹੁਣ ਮਜ਼ਦੂਰੀ ਕਰਸੈਂ ? ਵੱਡਾ ਪੁੱਤਰ ਏਂ ਤੂੰ ਆਪਣੇ ਪਿਉ ਦਾ, ਲੋਕ ਕੀ ਆਖਣਗੇ ?" ਜਵਾਬ ਦੇਵਣ ਦੀ ਬਜਾਏ ਮੈਂ ਆਖਿਆ, "ਛੱਡ ਚਾਚਾ, ਲੋਕਾਂ ਨੂੰ, ਤੂੰ ਆਪਣੀ ਸੁਣਾ। ਸੁਣਿਆ ਏ ਤੂੰ ਅੱਜ ਕੱਲ੍ਹ ਉਹਦੇ ਨਾਲ ਸੁਲਾਹ ਕਰ ਲਈ ਏ? ਇਹ ਵੀ ਸੁਣਿਆ ਏ ਕਿ ਤੈਨੂੰ ਰੋਜ਼ ਮਿਲਦੀ ਵੀ ਏ। ਉਹਦੇ ਘਰ ਵਾਲ਼ੇ ਕੋਈ ਏਤਰਾਜ ਨਹੀਂ ਕਰਦੇ ?"
ਉਸ ਆਖਿਆ, "ਓਏ ਕਮਲਿਆ। ਸਿਆਣੇ ਆਖਦੇ ਨੇ ਸੱਜਣ ਛੱਡੀਏ ਰੰਗ ਜਿਹੜੇ ਫੇਰ ਵੀ ਆਵਣ ਕੰਮ।"
"ਕੀ ਮਤਲਬ ਚਾਚਾ ?"
"ਓਏ ਮਤਲਬ ਕਾਹਦਾ । ਉਹਦੀ ਬਾਲਾਂ ਉੱਤੋਂ ਜਾਨ ਜਾਂਦੀ ਸੀ । ਹਰ ਮਾਂ ਆਪਣੇ ਬਾਲਾਂ ਉੱਤੇ ਮਰਦੀ ਏ। ਉਹ ਇਸ਼ਕ ਕਾਹਦਾ ਜਿਹੜਾ ਸੱਜਣਾਂ ਨੂੰ ਦੁੱਖ ਦੇਵੇ । ਬਸ ਸਮਝ ਲੈ ਮੈਂ ਉਹਨੂੰ ਦੁਖੀ ਨਹੀਂ ਸੀ ਹੋਵਣ ਦਿੱਤਾ।"
ਏਨੀ ਗੱਲ ਕਰਕੇ ਉਹ ਆਪਣੀ ਰਾਹ ਟੁਰ ਪਿਆ ਤੇ ਮੈਂ ਆਪਣੀ ਰਾਹ, ਲੰਡੂ ਦੇ ਸੁਭਾਅ ਬਾਰੇ ਸੋਚਦਾ ਹੋਇਆ। ਕੈਸੇ ਕੈਸੇ ਖਿਆਲ ਨੇ ਲੋਕਾਂ ਦੇ। ਅਗਲੇ ਦਿਨ ਫੈਕਟਰੀ ਵਿੱਚ ਮੈਨੂੰ ਮਜ਼ਦੂਰੀ ਮਿਲ ਗਈ। ਇੱਕ ਕਾਰਡ ਮੇਰੇ ਹੱਥ ਫੜਾ ਦਿੱਤਾ ਤਾਂ ਫੋਰਮੈਨ ਨੇ ਆਖਿਆ, "ਇਹ ਕਾਰਡ ਸਵੇਰੇ ਗੇਟ ਉੱਤੇ ਜਮਾਂ ਕਰਵਾਣਾ ਏ ਤੇ ਸ਼ਾਮ ਨੂੰ ਲੈ ਕੇ ਜਾਣਾ ਏ।" ਮੈਨੂੰ ਸਲਿੱਪ ਹਾਊਸ ਦੇ ਇੰਚਾਰਜ ਦੇ ਹਵਾਲੇ ਕਰ ਦਿੱਤਾ ਗਿਆ। ਉਹ ਇੰਚਾਰਜ ਮੈਨੂੰ ਬੜੀ ਹੈਰਾਨੀ ਨਾਲ ਵੇਖਿਆ ਤੇ ਪੁੱਛਿਆ, "ਸਲਿੱਪ ਹਾਊਸ ਦਾ ਕੰਮ ਕਰ ਲੈਸੇਂ ?" ਮੇਰੇ ਹਾਂ ਆਖਣ ਉੱਤੇ ਉਸ ਫੇਰ ਆਖਿਆ, “ਏਥੇ ਕੰਮ ਬੜਾ ਮੁਸ਼ਕਲ ਤੇ ਭਾਰਾ ਏ", ਮੈਂ ਫਿਰ ਵੀ ਨਾ ਡਰਿਆ ਤਾਂ ਉਹ ਉੱਠ ਕੇ ਮੇਰੇ ਨਾਲ ਟੁਰਿਆ।
ਉਸ ਇੱਕ ਬੇਲਚਾ ਤੇ ਇੱਕ ਹੱਥ ਰੇੜ੍ਹੀ ਦੇ ਕੇ ਆਖਿਆ, "ਇਹ ਲੈ ਰੇੜ੍ਹੀ ਤੇ ਉੱਥੋਂ ਪੱਥਰ ਚੁੱਕ ਚੁੱਕ ਕੇ ਉਸ ਮਸ਼ੀਨ ਕੋਲ ਅਪੜਾਵਣਾ ਏ ਤੂੰ ।" ਮੈਂ ਬੇਲਚਾ ਤੇ ਰੇੜ੍ਹੀ ਲੈ ਕੇ ਪੱਥਰ ਢੋਵਣ ਲੱਗ ਪਿਆ। ਕੰਮ ਤੇ ਔਖਾ ਸੀ, ਪਰ ਮੇਰੇ ਜੈਸੇ ਵਾਹੀਵਾਨ ਲਈ ਮੁਸ਼ਕਲ ਨਹੀਂ ਸੀ। ਅੱਗੋਂ ਮਸ਼ੀਨ ਵਿੱਚ ਪੱਥਰ ਪਾਵਣ ਵਾਲੇ ਹੋਰ ਮਜ਼ਦੂਰ ਸੀ, ਜਿਹੜੇ ਪੱਥਰ ਨੂੰ ਮਸ਼ੀਨ ਦੇ ਮੂੰਹ ਵਿੱਚ ਪਾਈ ਜਾਂਦੇ ਸਨ ਤੇ ਮਸ਼ੀਨ ਕਿਸੇ ਭੁੱਖੇ ਵਾਂਗ ਪਲ ਵਿੱਚ ਆਪਣੇ ਦੰਦਾਂ ਨਾਲ ਪੀਸ ਕੇ ਢੇਰ ਲਾਈ ਜਾਂਦੀ ਸੀ। ਪੀਸੇ ਹੋਏ ਪੱਥਰ ਨੂੰ ਚੁੱਕਣ ਵਾਲੇ ਮਜ਼ਦੂਰ ਹੋਰ ਸਨ।
ਮੈਂ ਮਸ਼ੀਨ ਤੋਂ ਪੱਥਰ ਨਾ ਮੁੱਕਣ ਦਿੱਤਾ। ਮੈਂ ਥੱਕ ਤੇ ਗਿਆ ਸਾਂ, ਪਰ ਹਰ ਇੱਕ ਨੂੰ ਸਲਾਮ ਕਰ ਕਰ ਕੇ ਮੇਰੀ ਬਾਂਹ ਨੂੰ ਵਲ ਪਿਆ ਜਾਪਦਾ ਸੀ । ਥੱਕਣ ਨਾਲੋਂ ਸਲਾਮ ਕਰਕੇ ਬਹੁਤਾ ਅੱਕ ਗਿਆ ਸਾਂ। ਜਿਹੜਾ ਵੀ ਮੇਰੇ ਲਾਗੋਂ ਲੰਘਦਾ ਸੀ ਮੈਂ ਉਸੇ ਨੂੰ ਈ ਸਲਾਮ ਕਰਦਾ
ਸਾਂ। ਮੇਰੇ ਲਈ ਤਾਂ ਸਾਰੇ ਈ ਅਫ਼ਸਰ ਸਨ। ਦੂਜੇ ਦਿਨ ਫੇਰ ਇਹ ਈ ਕੰਮ। ਪੂਰੇ ਸੱਤ ਦਿਨ ਇੰਜ ਈ ਕੰਮ ਸੀ, ਪਰ ਅੱਠਵੇਂ ਦਿਨ ਇੱਕ ਹੋਰ ਮਜ਼ਦੂਰ ਮੇਰੇ ਨਾਲ ਲਾ ਦਿੱਤਾ ਗਿਆ। ਮੈਂ ਰੇੜ੍ਹੀ ਭਰਦਾ ਉਹ ਲੈ ਜਾਂਦਾ। ਉਹ ਭਰਦਾ ਤਾਂ ਮੈਂ ਲੈ ਜਾਂਦਾ । ਮੇਰੇ ਸਾਥੀ ਦਾ ਨਾਂ ਸ਼ਫ਼ੀ ਮੁਹੰਮਦ ਸੀ। ਮੈਥੋਂ ਵੱਡੀ ਉਮਰ ਦਾ ਤੇ ਠੰਡੇ ਸੁਭਾਅ ਦਾ ਸੀ । ਉਸ ਆਖਿਆ, "ਲੈ ਬਈ ਸੱਜਣਾਂ, ਤਿੰਨ ਮਹੀਨੇ ਤੀਕਰ ਕੋਈ ਛੁੱਟੀ ਨਾ ਕਰੀਂ ਤੇ ਨਾ ਈ ਕਿਸੇ ਨਾਲ ਝਗੜਾ ਝੇੜਾ ਕਰੀਂ । ਬਸ ਤਿੰਨ ਮਹੀਨੇ ਤੂੰ ਸਮਝ ਕਿ ਹਰ ਇੱਕ ਦੀ ਰੰਨ ਏਂ, ਕੋਈ ਨਾਂਹ ਨੁੱਕਰ ਵੀ ਨਹੀਂਉਂ ਕਰਨੀ । ਜੇ ਤੂੰ ਇਹ ਵੇਲਾ ਕੱਢ ਲਿਆ ਤਾਂ ਫੇਰ ਸੱਤੇ ਈ ਖੈਰਾਂ ਨੇ ।"
ਸ਼ਫ਼ੀ ਮੁਹੰਮਦ ਦੀ ਗੱਲ ਸੁਣ ਕੇ ਮੇਰਾ ਹਾਸਾ ਨਿੱਕਲ ਗਿਆ। ਮੇਰੇ ਹਾਸੇ ਉੱਤੇ ਉਹ ਹੈਰਾਨ ਹੋਇਆ। ਮੈਂ ਆਖਿਆ, 'ਸ਼ਫੀ ਮੁਹੰਮਦ ! ਤਿੰਨ ਮਹੀਨੇ ਤੀਕਰ ਰੰਨ ਰਹਿਣ ਮਗਰੋਂ ਮਰਦਾਨਗੀ ਰਹਿ ਜਾਵੇਗੀ ਮੇਰੇ ਵਿੱਚ ?" ਸ਼ਫੀ ਮੁਹੰਮਦ ਗੱਲ ਤਾਂ ਸਮਝ ਲਈ, ਫਿਰ ਸਹਿਜ ਨਾਲ ਬੋਲਿਆ, "ਮਿੱਲਾਂ ਵਿੱਚ ਤਾਂ ਇੰਜ ਈ ਹੁੰਦਾ ਏ, ਅੱਗੋਂ ਤੇਰੀ ਮਰਜ਼ੀ ਭਾਈ।”
ਮੈਂ ਸੋਚਣ ਲੱਗ ਪਿਆ। "ਚੱਲੋ ਰੰਨ ਈ ਬਣ ਜਾਈਏ, ਪਰ ਛੁੱਟੀ ਬਿਨਾਂ ਤਿੰਨ ਮਹੀਨੇ ਕਿੰਜ ਗੁਜ਼ਰਨਗੇ ? ਬੰਦੇ ਨੂੰ ਕੋਈ ਦੁੱਖ ਤਕਲੀਫ਼ ਹੋ ਸਕਦੀ ਏ, ਕੰਮ ਪੈ ਸਕਦਾ ਏ, ਕੁੱਝ ਹੋਰ ਵਾਕਿਆ ਹੋ ਸਕਦਾ ਏ।" ਤਿੰਨ ਮਹੀਨੇ ਮੈਂ ਕੰਮ ਦੀ ਸਖਤੀ ਤੋਂ ਨਹੀਂ ਸਾਂ ਘਬਰਾਂਵਦਾ, ਪਰ ਛੁੱਟੀ ਨਾ ਕਰਨ ਦਾ ਡਾਢਾ ਅਫ਼ਸੋਸ ਸੀ। ਫੇਰ ਇਹ ਤਿੰਨ ਮਹੀਨੇ ਮੈਂ ਲਹੌਰ ਨਹੀਂ ਸਾਂ ਗਿਆ।
ਇਹਨਾਂ ਤਿੰਨਾਂ ਮਹੀਨਿਆਂ ਵਿੱਚ ਮੈਂ ਫੈਕਟਰੀ ਦੇ ਹਰ ਹਿੱਸੇ ਦਾ ਡਾਢਾ ਜਾਣੂੰ ਹੋ ਗਿਆ ਸਾਂ । ਅਫ਼ਸਰਾਂ ਤੇ ਮਜ਼ਦੂਰਾਂ ਦੀ ਪਛਾਣ ਹੋ ਗਈ ਸੀ । ਹਰ ਕਿਸੇ ਨੂੰ ਸਲਾਮ ਨਹੀਂ ਸਾਂ ਕਰਦਾ ਸਗੋਂ ਕਿਸੇ ਨੂੰ ਵੀ ਸਲਾਮ ਨਹੀਂ ਸਾਂ ਕਰਦਾ । ਸਾਹਮਣੇ ਆਂਵਦੇ ਅਫ਼ਸਰ ਨੂੰ ਵੇਖ ਕੇ ਪਾਸੇ ਹੋ ਜਾਂਦਾ ਸਾਂ ਯਾ ਮੂੰਹ ਧਿਆਨੇ ਕੰਮ ਵਿੱਚ ਰੁੱਝਿਆ ਰਹਿੰਦਾ ਸਾਂ।
ਇੱਕ ਦਿਨ ਹੁਜਰੇ ਆਇਆ ਤਾਂ ਏਥੇ ਜੰਦਰਾ ਲੱਗਾ ਹੋਇਆ ਸੀ । ਬੜੀ ਬੇਸਵਾਦੀ ਹੋਈ, ਜਾਵਾਂ ਤਾਂ ਕਿੱਧਰ ਜਾਵਾਂ ! ਏਥੇ ਕੋਈ ਜਾਣੂ ਵੀ ਨਹੀਂ ਸੀ । ਦਲਾਲ ਦੀ ਆੜ੍ਹਤ ਉੱਤੇ ਹੁਣ ਜਾਵਣ ਨੂੰ ਜੀਅ ਨਹੀਂ ਸੀ ਕਰਦਾ । ਹੁਜਰੇ ਵਾਲ਼ੇ ਦੀ ਉਡੀਕ ਵੀ ਕਿੱਥੇ ਬਹਿ ਕੇ ਕਰਾਂ।" ਆਖਰ ਦਿਲ ਨੇ ਆਖਿਆ, "ਚੱਲ ਅੱਜ ਟੱਬੀ ਦੀ ਸੈਰ ਈ ਕਰ ਲਈਏ।" ਦਿਲ ਦੀ ਮੰਨ ਕੇ ਟੱਬੀ ਦੀਆਂ ਰੌਸ਼ਨ ਗਲੀਆਂ ਫਿਰੀਆਂ, ਚਿੜੀਆਘਰ ਦੇ ਜਨੌਰਾਂ ਵਾਂਗੂ ਛੋਟੇ-ਛੋਟੇ ਕਮਰਿਆਂ ਤੇ ਛੋਟੇ ਛੋਟੇ ਬੂਹਿਆਂ ਵਿੱਚ ਬੀਮਾਰ ਤੇ ਉਦਾਸ ਉਦਾਸ ਔਰਤਾਂ ਬੈਠੀਆਂ ਜਾਂ ਖਲੋਤੀਆਂ ਸਨ, ਹਰ ਇੱਕ ਇਸ਼ਾਰੇ ਕਰਦੀ ਸੀ। ਕੋਈ ਕੋਈ ਅਵਾਜ਼ ਵੀ ਦੇ ਲੈਂਦੀ, "ਵੇ ਆ ਜਾ”, ਪਰ ਮੈਨੂੰ ਤਾਂ ਉਹਨਾਂ ਭੀੜੀਆਂ ਗਲੀਆਂ ਵਿੱਚੋਂ ਬੂ ਆਂਵਦੀ ਸੀ, ਛਾਹਨ ਆਂਵਦੀ ਸੀ, ਮੇਰਾ ਦਿਲ ਘਾਬਰਦਾ ਸੀ, ਉਬਕਾਈਆਂ ਆਂਵਦੀਆਂ ਸਨ।
ਮੈਂ ਇੱਕ ਵਾਰ ਫੇਰ ਹੁਜਰੇ ਵੱਲ ਗਿਆ, ਜੰਦਰਾ ਅਜੇ ਵੀ ਲੱਗਾ ਹੋਇਆ ਸੀ। ਹੁਜਰੇ ਦੇ ਗੁਆਂਢ ਹਸਨ ਖੁਰੀਆਂ ਲਾਵਣ ਵਾਲਾ ਖੁਰੀਆਂ ਪਿਆ ਘੜਦਾ ਸੀ। ਮੈਂ ਉਹਨੂੰ
ਹੁਜਰੇ ਵਾਲ਼ੇ ਬਾਰੇ ਦੱਸਿਆ ਤਾਂ ਉਸ ਕੋਈ ਸਹੀ ਗੱਲ ਨਾ ਕੀਤੀ ਸਗੋਂ ਆਖਣ ਲੱਗ ਪਿਆ, "ਉਹ ਬਾਦਸ਼ਾਹ ਬੰਦਾ! ਦਿਲ ਕਰੇ ਤੇ ਆਵੇ, ਆਵੇ ਨਾ ਆਵੇ ।" ਹਸਨ ਕੋਲੋਂ ਮਾਯੂਸ ਹੋ ਕੇ ਮੈਂ ਘਰ ਪਰਤ ਆਇਆ। ਫੇਰ ਦੋ ਤਿੰਨ ਐਤਵਾਰ ਮੈਂ ਨਾ ਜਾ ਸਕਿਆ ਕਿਉਂ ਜੁ ਹਰ ਪਾਸੇ ਅਲੈਕਸ਼ਨ ਬਾਰੇ ਮੁਹਿੰਮਾਂ ਟੁਰ ਪਈਆਂ ਸਨ। ਅਸਾਡੇ ਲੋਕਾਂ ਤਾਂ ਜਿਵੇਂ ਤਲਵਾਰ ਦੇ ਆਸ਼ਕ ਸਨ। ਰਾਤ ਦਿਨ ਅਲੀ ਦੀ ਤਲਵਾਰ ਦੀ ਸਿਫਤ ਕਰਦੇ ਰਹਿੰਦੇ ਸਨ । ਮੈਨੂੰ ਇੱਕ ਵਾਰ ਫੇਰ ਤਨਜ਼ੀਮ ਵਾਲਿਆਂ ਆਪਣੇ ਨਾਲ ਹੋਰ ਲਿਆ। ਹੁਣ ਮੇਰਾ ਜੀਅ ਵੀ ਕਰਦਾ ਸੀ। ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦੱਸਦੇ, ਸੋਸ਼ਲਿਜ਼ਮ ਵਾਲਿਆਂ ਦੀਆਂ ਮੁਹਿੰਮਾਂ ਨੂੰ ਟੋਰਦੇ ਤੇ ਗਰੀਬਾਂ ਨੂੰ ਨਵੀਂ ਜਿੰਦਗੀ ਦਾ ਦਿਲਾਸਾ ਦਿੰਦੇ, ਪਰ ਲੋਕ ਤਾਂ ਅਸਾਥੋਂ ਵੀ ਵਧ ਕੇ ਸੋਸ਼ਲਿਜ਼ਮ ਦੀ ਹਿਮਾਇਤ ਕਰਦੇ ਸਨ।
ਜੇ ਕੋਈ ਮੌਲਵੀ ਮਿਲ ਜਾਂਵਦਾ, ਤਾਂ ਉਹ ਬੜੇ ਬੁਰੇ ਬੁਰੇ ਖਿਆਲ ਸੁਣਾਂਵਦਾ, ਆਖਦਾ, "ਇਹ ਸੋਸ਼ਲਿਜ਼ਮ ਤੇ ਕਾਫਰ ਤੁਹਾਡੀਆਂ ਮਾਵਾਂ ਭੈਣਾਂ ਨੂੰ ਕੱਛੇ ਪਵਾ ਕੇ ਮਰਦਾਂ ਵਾਂਗ ਬਰਾਬਰ ਦਾ ਕੰਮ ਲੈਣਗੇ ਤਾਂ ਕੋਈ ਸ਼ਰਮ, ਹਯਾ ਤੇ ਸਤਰ ਨਾ ਰਹਿਸੀ। ਇਹ ਤਾਂ ਸ਼ਰਈਅਤ ਮੁਹੰਮਦੀ ਨੂੰ ਤੋੜਨ ਟੁਰੇ ਹੋਏ ਨੇ ਮਰਦੂਦ।”
ਅਸੀਂ ਜਵਾਬ ਦਿੰਦੇ: "ਅਸਾਡੀਆਂ ਮਾਵਾਂ ਭੈਣਾਂ ਤੇ ਪਹਿਲੇ ਈ ਸਾਰੇ ਕੰਮਾਂ ਕਾਰਾਂ ਵਿੱਚ ਅਸਾਡੇ ਨਾਲ ਈ ਰਹਿੰਦੀਆਂ ਨੇ, ਸਗੋਂ ਉਹਨਾਂ ਨੂੰ ਤਾਂ ਅਸਾਡੇ ਨਾਲੋਂ ਵੀ ਬਹੁਤਾ ਕੰਮ ਕਰਨਾ ਪੈਂਦਾ ਏ। ਖ਼ਤਰਾ ਤਾਂ ਵਿਹਲਿਆਂ ਨੂੰ ਏ।" ਬਹਿਸ ਵਿੱਚ ਮੌਲਵੀ ਨੂੰ ਹਾਰ ਮਲੂਮ ਹੁੰਦੀ ਤਾਂ ਅਸਾਨੂੰ ਵੀ ਕਾਫ਼ਰ ਆਖ ਕੇ ਆਪਣਾ ਗੁੱਸਾ ਕੱਢ ਲੈਂਦਾ ਸੀ ।
ਇੱਕ ਪਾਸੇ ਮੈਨੂੰ ਫੈਕਟਰੀ ਜਾਣਾ ਪੈਂਦਾ ਸੀ ਤੇ ਦੂਜੇ ਪਾਸੇ ਮੈਨੂੰ ਤਨਜ਼ੀਮ ਨਾਲ ਰਲ ਕੇ ਪਿੰਡ ਪਿੰਡ ਫਿਰਨਾ ਪੈਂਦਾ ਸੀ। ਮੈਨੂੰ ਸ਼ੌਕ ਹੁਜਰੇ ਆਵਣ ਦਾ ਰਹਿੰਦਾ। ਤਨਜ਼ੀਮ ਨਾਲ ਰਲ ਕੇ ਲੋਕਾਂ ਨੂੰ ਜੋਸ਼ ਦਿਵਾਣਾ ਤੇ ਇਕੱਠਾ ਕਰਨਾ ਵੀ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ। ਤਨਜ਼ੀਮੀ ਲੋਕ ਜਿਹੜੇ ਮੋਟੇ ਮੋਟੇ ਤੇ ਔਖੇ ਔਖੇ ਸ਼ਬਦ ਬੋਲਦੇ ਸਨ ਉਹ ਈ ਲਫ਼ਜ਼ ਹੁਜਰੇ ਵਿੱਚ ਬੋਲੇ ਜਾਂਦੇ ਸਨ, ਪਰ ਤਨਜ਼ੀਮੀ ਲੋਕਾਂ ਦੇ ਮੂੰਹੋਂ ਲਫ਼ਜ਼ ਇੰਜ ਲਗਦਾ ਸੀ। ਜਿਵੇਂ ਔਖੇ ਹੋ ਕੇ ਨਿੱਕਲਦੇ ਤੇ ਝੂਠ ਬੋਲਦੇ ਹੋਵਣ, ਪਰ ਹੁਜਰੇ ਵਿੱਚ ਉਹ ਈ ਲਫ਼ਜ਼ ਨਰਮ, ਮੁਲਾਇਮ ਤੇ ਬਾ-ਮਾਅਨੀ ਲੱਗਦੇ ਸਨ।
ਸਿਆਸੀ ਤਕਰੀਰਾਂ, ਅਖ਼ਬਾਰਾਂ ਤੇ ਰਸਾਲੇ ਸਭ ਦੇ ਸਭ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਲਿਖਦੇ ਸਨ । ਏਵੇਂ ਲਗਦਾ ਸੀ ਜਿਵੇਂ ਕੋਈ ਨਵਾਂ ਜਹਾਨ ਉੱਸਰਨ ਵਾਲਾ ਏ। ਸਭ ਦੀ ਸੋਚ ਸਾਂਝੀ ਹੋਈ ਜਾਪਦੀ ਸੀ । ਮੇਰੀ ਜ਼ਬਾਨ ਤੇ ਸੋਚਾਂ ਵਿੱਚੋਂ ਵੀ ਝਿਜਕ ਤੇ ਰੁਕਾਵਟ ਦੂਰ ਹੁੰਦੀ ਜਾ ਰਹੀ ਸੀ। ਸਾਰਾ ਕੁੱਝ ਆਪਣਾ ਆਪਣਾ ਲੱਗਦਾ ਸੀ।
ਸਾਰਾ ਕੁੱਝ ਆਪਣਾ ਆਪਣਾ ਲੱਗਣ ਦੇ ਬਾਵਜੂਦ ਓਪਰਾ ਓਪਰਾ ਸੀ । ਹਰ ਨਵੇਂ ਲਫ਼ਜ਼ ਪਿੱਛੇ ਕੋਈ ਨਾ ਕੋਈ ਨਵੀਂ ਕਹਾਣੀ ਲੱਭਦੀ। ਹਰ ਲਹਿਜੇ ਵਿੱਚ ਕੋਈ ਨਵੀਂ ਚੁਭਣ
ਤੇ ਕਾਟ ਜਾਪਦੀ। ਮੇਰੇ ਸਾਹਮਣੇ ਇਨਸਾਨਾਂ ਦੇ ਚਿਹਰੇ ਤੇ ਚਾਲ-ਚਲਨ ਵੀ ਕੁੱਝ ਹੋਰ ਦੇ ਹੋਰ ਈ ਹੁੰਦੇ ਜਾ ਰਹੇ ਸਨ, ਜਿਵੇਂ ਸੁੱਕੀ ਟਹਿਣੀ ਵਿੱਚੋਂ ਵੀ ਪੱਤੀਆਂ ਨਿੱਕਲਣ ਵਾਲੀਆਂ ਹੋਵਣ। ਜਿਹੜੇ ਚਿਹਰੇ ਮੈਨੂੰ ਭੈੜੇ ਲੱਗਦੇ ਸੀ, ਹੁਣ ਉਹਨਾਂ 'ਤੇ ਤਰਸ ਜਿਹਾ ਆਵਣ ਲੱਗ ਪਿਆ। ਹਰ ਜਜ਼ਬਾਤੀ ਗੱਲ ਉੱਤੇ ਐਵੇਂ ਈ ਮੇਰੇ ਅੱਥਰੂ ਸਿੰਮ ਸਿੰਮ ਪੈਂਦੇ ਸਨ । ਮੇਰੇ ਮਨ ਵਿੱਚ ਅੰਤਾਂ ਦਾ ਰਹਿਮ ਭਰਿਆ ਜਾਂਦਾ ਤੇ ਨਾਲ ਨਫ਼ਰਤ ਵੀ। ਕਈ ਕਈ ਦਿਨ ਮੇਰੀ ਇਹ ਈ ਹਾਲਤ ਰਹਿੰਦੀ । ਇੱਕ ਵਾਰ ਫੇਰ ਮੇਰੀ ਸਮਝ ਵਿੱਚ ਬੇਵਸੀ, ਉਦਾਸੀ, ਉਮੀਦ, ਹਿੰਮਤ, ਮੁਹੱਬਤ ਤੇ ਨਫ਼ਰਤ ਦੀ ਰਲੀ-ਮਿਲੀ ਕੈਫ਼ੀਅਤ ਉੱਘੜ ਆਈ ਸੀ।
ਐਤਵਾਰ ਨੂੰ ਛੁੱਟੀ ਹੋਵਣ ਕਾਰਨ ਮੈਂ ਹੁਜਰੇ ਆਇਆ। ਇਜ ਈ ਮੁਲਾਕਾਤੀ ਬੈਠੇ ਹੋਏ ਸਨ ਤੇ ਉਸਤਾਦ ਜੀ ਕੋਲੋਂ ਛੋਟੇ ਛੋਟੇ ਸਵਾਲ ਵੀ ਕਰੀ ਜਾਂਦੇ ਸਨ। ਉਸਤਾਦ ਕਿਸੇ ਗੱਲ ਦਾ ਜਵਾਬ ਦਿੰਦੇ ਤਾਂ ਆਖਦੇ, "ਦੁਨੀਆਂ ਦੇ ਸਿਆਣੇ ਇੰਜ ਆਖਦੇ ਹਨ, ਫਲਾਣੇ ਵੇਲ਼ੇ ਫਲਾਣੇ ਦਾਨਸ਼ਵਰ ਨੇ ਇਹ ਕਿਹਾ ਸੀ", ਮੇਰੇ ਖਿਆਲ ਵਿੱਚ ਬਹੁਤ ਕੁੱਝ ਬੰਦੇ ਦੇ ਆਪਣੇ ਅਹਿਸਾਸਤ ਤੇ ਮੁਸ਼ਾਹਦੇ ਦੇ ਇਲਮ ਨੂੰ ਆਪਣੇ ਤਜਰਬੇ ਵਿੱਚ ਲਿਆ ਕੇ ਈ ਕਿਸੇ ਨਤੀਜੇ ਤੇ ਅੱਪੜਿਆ ਜਾ ਸਕਦਾ ਏ। ਗੱਲ ਹੁੰਦੀ ਹੁੰਦੀ ਫੇਰ ਸਿਆਸਤ ਵੱਲ ਟੁਰ ਪਈ। ਇੱਕ ਮੁਲਾਕਾਤੀ ਸਵਾਲ ਕਰ ਦਿੱਤਾ ਕਿ ਇਸਲਾਮੀ ਸੋਸ਼ਲਿਜ਼ਮ ਬਾਰੇ ਕੁੱਝ ਦੱਸੋ। ਅੱਜ ਕੱਲ੍ਹ ਇਸਲਾਮੀ ਸੋਸ਼ਲਿਜ਼ਮ ਬਾਰੇ ਬਹੁਤ ਗੱਲਾਂ ਹੋ ਰਹੀਆਂ ਨੇ।
ਉਸਤਾਦ ਜੀ ਪਹਿਲੇ ਤਾਂ ਮੁਖ਼ਤਲਿਫ ਸ਼ਾਇਰਾਂ ਦੇ ਦੋ ਤਿੰਨ ਸ਼ੇਅਰ ਸੁਣਾਏ ਹਿੰਦੀ ਤੇ ਫਾਰਸੀ ਦੇ, ਤੇ ਫੇਰ ਕਿਸੇ ਅੰਗਰੇਜ਼ੀ ਸਿਆਣੇ ਦਾ ਕੌਲ ਸੁਣਾ ਕੇ ਆਖਿਆ, "ਹਰ ਬੰਦੇ ਦੀ ਹਯਾਤੀ ਦਾ ਕੋਈ ਨਾ ਕੋਈ ਮਕਸਦ ਹੁੰਦਾ ਏ। ਕਿਸੇ ਦਾ ਕੁੱਝ ਤੇ ਕਿਸੇ ਦਾ ਚੰਗਾ, ਪਰ ਹਰ ਮਕਸਦ ਹੁੰਦਾ ਏ ਆਪਣੀ ਖੁਸ਼ੀ ਤੇ ਮੁਸਰਤ ਲਈ । ਏਸ ਅਬਦੀ ਮੁਸਰਤ ਵਾਸਤੇ ਈ ਬੰਦਾ ਆਪਣੀ ਸਾਰੀ ਹਯਾਤੀ ਜੱਦੋਜਹਿਦ ਤੇ ਕੋਸ਼ਿਸ਼ ਕਰਦਾ ਰਹਿੰਦਾ ਹੈ। ਇੰਜ ਦਾ ਕੋਈ ਮਕਸਦ ਕਿਸੇ ਜਮਾਤ ਤੇ ਕਿਸੇ ਟੋਲੀ ਦਾ ਵੀ ਹੋ ਜਾਂਦਾ ਏ । ਸੋਸ਼ਲਿਜ਼ਮ ਇੱਕ ਮਕਸਦ ਹੈ। ਇਸਲਾਮ ਇੱਕ ਮਕਸਦ ਏ । ਮਤਲਬ ਇਹ ਕਿ ਦੋਵੇਂ ਮਕਸਦ ਜੀਵਨ ਦੇ ਜ਼ਾਬਤੇ ਹਨ, ਪਰ ਇਹ ਦੋਵੇਂ ਜ਼ਾਬਤੇ ਇੱਕ ਦੂਜੇ ਦੀ ਜ਼ਿੱਦ ਨੇ। ਇੱਕ ਹਰ ਤਖ਼ਲੀਕੀ ਕੁਵੱਤ ਦਾ ਵੈਰੀ ਤੇ ਦੂਜਾ ਤਖ਼ਲੀਕੀ ਕੁਵੱਤ ਦਾ ਹਿਮਾਇਤੀ । ਹੁਣ ਜਿਹੜਾ ਬੰਦਾ ਯਾ ਜਿਹੜੀ ਜਮਾਤ ਇਹਨਾਂ ਦੋਵਾਂ ਜ਼ਿੰਦਾਂ ਨੂੰ ਇਕੱਠਿਆਂ ਕਰਕੇ ਵੇਖਦਾ ਏ ਯਾ ਤੇ ਉਹ ਬਹੁਤ ਈ ਵੱਡੀ ਕੋਈ ਚੀਜ਼ ਏ ਯਾ ਬਹੁਤ ਈ ਮਾੜੀ ਸਮਝ ਵਾਲਾ। ਮੈਨੂੰ ਤਾਂ ਲੱਗਦੇ ਇਹਦੇ ਵਿੱਚ ਖ਼ਲੂਸ ਕੋਈ ਨਹੀਂ। ਸੋਸ਼ਲਿਜ਼ਮ ਤਾਂ ਸੋਸ਼ਲਿਜ਼ਮ ਹੁੰਦਾ ਏ। ਇਸਲਾਮੀ ਯਾ ਕਾਫ਼ਰ ਨਹੀਂ ਹੁੰਦਾ। ਪਰ ਮਜ਼ਬ ਦੀ ਆਪਣੀ ਸ਼ਨਾਖਤ ਤੇ ਪਹਿਚਾਣ ਹੁੰਦੀ ਏ।
"ਏਸੇ ਲਈ ਮੈਂ ਕਹਿਨਾਂ ਵਾਂ ਕਿ ਬਤੌਰ ਕੌਮ ਅਸਾਡਾ ਕੋਈ ਮਕਸਦ ਤੇ ਮੰਜ਼ਿਲ ਨਹੀਂ। ਅਸੀਂ ਰਾਹਵਾਂ ਵਿੱਚ ਈ ਗਵਾਚ ਜਾਵਾਂਗੇ।" ਉਹਨਾਂ ਆਪਣਾ ਇੱਕ ਸ਼ੇਅਰ ਵੀ ਸੁਣਾਇਆ ਜਿਸਦਾ ਮਤਲਬ ਸੀ ਕਿ ਅਸੀਂ ਜ਼ਿਹਨੀ ਤੌਰ 'ਤੇ ਮਫ਼ਲੂਜ ਤੇ ਬਾਂਝ ਹੁੰਦੇ ਜਾ ਰਹੇ ਆਂ। ਬੈਠੇ ਬੰਦਿਆਂ ਵਿੱਚੋਂ ਇੱਕ ਬੰਦੇ ਇਖ਼ਤਲਾਫ ਕਰਦਿਆਂ ਆਖਿਆ, “ਉਸਤਾਦ ਜੀ ਹੋ
ਸਕਦਾ ਏ ਇਹ ਲੋਕ ਮੁਖ਼ਲਸ ਹੋਵਣ, ਸੋਸ਼ਲਿਜ਼ਮ ਦੇ ਸੱਚੇ ਹਿਮਾਇਤੀ ਤੇ ਚਾਹਵਾਨ ਹੋਵਣ, ਏਥੋਂ ਦੇ ਮਹੌਲ ਤੇ ਇੱਜਤਮਾਈ ਰਵੱਈਏ ਨੂੰ ਮੁੱਖ ਰੱਖਦਿਆਂ ਹੋਇਆਂ 'ਇਸਲਾਮੀ ਸੋਸ਼ਲਿਜ਼ਮ' ਦਾ ਨਾਅਰਾ ਲਾਇਆ ਹੋਵੇ।"
ਉਸਤਾਦ ਜੀ ਜਵਾਬ ਵਿੱਚ ਆਖਿਆ, "ਨਹੀਂ, ਮਜ਼ਬੂਰੀ ਦੇ ਅੰਦਾਜ਼ ਤੇ ਢੰਗ ਹੋਰ ਹੁੰਦੇ ਨੇ। ਅਵਾਮੀ ਜਮਹੂਰੀਅਤ ਨਾਲ ਜੁੜਤ ਦੇ ਢੰਗ ਹੋਰ ਹੁੰਦੇ ਨੇ।" ਉਹਨਾਂ ਬੜੀ ਤਫ਼ਸੀਲ ਨਾਲ ਅਵਾਮੀ ਜ਼ਮਹੂਰੀਅਤ ਬਾਰੇ ਗੱਲ ਕੀਤੀ । ਮੇਰੇ ਲਈ ਅਵਾਮੀ ਜਮਹੂਰੀਅਤ ਵੀ ਨਵਾਂ ਲਫ਼ਜ਼ ਸੀ।
ਇਸਲਾਮੀ ਸੋਸ਼ਲਿਜ਼ਮ ਨੂੰ ਖਾਲੀ ਨਾਅਰਾ ਕਹਿਣ ਉੱਤੇ ਮੈਨੂੰ ਵੀ ਉਸਤਾਦ ਦੀ ਗੱਲ ਕੁੱਝ ਚੰਗੀ ਨਾ ਲੱਗੀ। ਮੈਂ ਆਪ ਤਾਂ ਇਸਲਾਮੀ ਸੋਸ਼ਲਿਜ਼ਮ ਦਾ ਕੁੱਝ ਹਿਮਾਇਤੀ ਸਾਂ। ਪਰ ਉਸਤਾਦ ਦੀ ਦਲੀਲ ਤੇ ਗੁਫਤਗੂ ਵਿੱਚ ਵੀ ਸੱਚਾਈ ਤੇ ਵਜ਼ਨ ਹੁੰਦਾ ਸੀ । ਉਸਤਾਦ ਜੀ ਪੂਰੇ ਯਕੀਨ ਨਾਲ ਕਹਿੰਦੇ ਸਨ ਕਿ "ਇਹ ਸਭ ਕੁੱਝ ਈ ਧੋਖਾ ਏ, ਮੈਂ ਅਵਾਮੀ ਜਮਹੂਰੀਅਤ ਤੇ ਅਜ਼ਾਦੀ ਵਾਸਤੇ ਬੜੀਆਂ ਸਖ਼ਤੀਆਂ ਝੱਲੀਆਂ ਨੇ ।"
"ਦਿੱਲੀ ਮੁਸ਼ਾਇਰਾ ਸੀ । ਮੈਂ ਵੀ ਉੱਥੇ ਗਿਆ ਸਾਂ", ਉਸਤਾਦ ਜੀ ਆਖਿਆ, "ਉੱਥੇ ਪੰਡਤ ਨਹਿਰੂ ਮੈਨੂੰ ਬਹੁਤ ਆਖਿਆ ਕਿ ਉਸਤਾਦ ਏਥੇ ਰਹਿ ਜਾ, ਪਾਕਿਸਤਾਨ ਵਿੱਚ ਤੇਰੀ ਲਾਸ਼ ਰੁਲ ਜਾਣੀ ਆਂ। ਮੁਸਲਮਾਨ ਜਮਹੂਰੀਅਤ ਪਸੰਦ ਨਹੀਂ ਹੁੰਦੇ। ਉਹਨਾਂ ਦਾ ਇੱਜਤਮਈ ਮਜ਼ਾਜ ਕੁੱਝ ਹੋਰ ਏ ਤੇ ਤੂੰ ਅਵਾਮੀ ਬੰਦਾ ਏਂ, ਤੇਰੇ ਲਈ ਹਿੰਦੁਸਤਾਨ ਦਾ ਸੈਕੂਲਰਿਜ਼ਮ ਠੀਕ ਰਹਵੇਗਾ। "ਮੈਂ ਇਨਕਾਰ ਕਰਦਿਆਂ ਆਖਿਆ, "ਪੰਡਿਤ ਜੀ, ਮੈਂ ਰਹਵਾਂਗਾ ਪਾਕਿਸਤਾਨ ਵਿੱਚ ਭਾਵੇਂ ਸਾਰੀ ਉਮਰ ਜੇਹਲ ਵਿੱਚ ਕੱਟਣੀ ਪਵੇ। ਤੇਰੇ ਸੈਕੂਲਰਿਜ਼ਮ ਵਿੱਚ ਵੀ ਮੈਨੂੰ ਝੋਲ ਨਜ਼ਰ ਆਂਵਦਾ ਏ।" ਇਹ ਗੱਲ ਪੰਡਿਤ ਵੀ ਜਾਣਦਾ ਸੀ ਕਿ ਕੋਈ ਵੀ ਬੰਦਾ ਆਪਣੀ ਭੋਏਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਪਰ ਸਾਡੀ ਕੌਮ ਦਾ ਤਾਂ ਅਜੀਬ ਈ ਰਵੱਈਆ ਏ," ਖਾਸ ਕਰ ਪੰਜਾਬੀ ਕੌਮ ਦਾ । ਇਹ ਆਪਣੇ ਆਪ ਨੂੰ ਧਰਤੀ ਨਾਲ ਜੋੜਦੇ ਈ ਨਹੀਂ ਤੇ ਨਾ ਈ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਕੌਮ ਮੰਨਦੇ ਨੇ । ਇਹਨਾਂ ਦਾ ਰਵੱਈਆ ਧਾੜਵੀਆਂ ਵਾਲ਼ਾ ਏ। ਅਸਾਡੀ ਸਿਆਸਤ ਵਿੱਚ ਮਾਰ ਧਾੜ ਏ, ਸੱਚਾਈ ਕੋਈ ਨਹੀਂ।" ਹੁਣ ਦੀ ਵਾਰ ਕਿਸੇ ਨੇ ਕੋਈ ਸਵਾਲ ਨਾ ਕੀਤਾ।
ਉਸਤਾਦ ਜੀ ਫੇਰ ਆਖਿਆ, "ਸੱਚੀ ਅਜ਼ਾਦੀ ਵਾਸਤੇ ਅਸਾਨੂੰ ਅਜੇ ਬਹੁਤ ਕੁੱਝ ਕਰਨਾ ਪੌਸੀ । ਮੈਨੂੰ ਉਮੀਦ ਏ, ਇੱਕ ਦਿਨ ਜ਼ਰੂਰ ਅਵਾਮੀ ਜਮਹੂਰੀਅਤ ਤੀਕ ਅਸੀਂ ਅੱਪੜ ਜਾਵਾਂਗੇ, ਲੋਕ ਦੇ ਮਸਾਇਲ ਤਦ ਈ ਹੱਲ ਹੋ ਸਕਦੇ ਨੇ।"
ਇੱਕ ਬਜ਼ੁਰਗ ਬੰਦਾ ਅੰਦਰ ਆਇਆ, ਪੜ੍ਹਿਆ ਲਿਖਿਆ ਤੇ ਦਾਨਾ ਜਾਪਦਾ ਸੀ। ਉਸਤਾਦ ਜੀ ਉਹਨੂੰ ਉੱਠ ਕੇ ਗਲੇ ਮਿਲੇ । ਬਾਕੀ ਦੇ ਬੰਦਿਆਂ ਵੀ ਸੂਫ਼ੀ ਜੀ ਕਹਿ ਕੇ ਸਲਾਮ ਕੀਤਾ। ਉਸਤਾਦ ਜੀ ਉਹਨਾਂ ਨੂੰ ਆਪਣੇ ਨਾਲ ਮੰਜੀ ਉੱਤੇ ਸਰ੍ਹਾਂਦੀ ਆਲੇ ਪਾਸੇ ਬਿਠਾਇਆ। ਲੱਗਦਾ ਸੀ ਉਹਨਾਂ ਦਾ ਬਹੁਤ ਇਹਤਰਾਮ ਏ ਉਸਤਾਦ ਜੀ ਦੀਆਂ ਨਜ਼ਰਾਂ ਵਿੱਚ। ਦੋਵੇਂ ਇੱਕ ਦੂਜੇ ਦਾ ਹਾਲ ਪੁੱਛਣ ਵੇਲੇ ਬੜੇ ਈ ਖਲੂਸ ਤੇ ਪਿਆਰ ਨਾਲ ਬੋਲਦੇ ਸਨ ।
ਬਾਕੀ ਦੇ ਲੋਕ ਇਜਾਜ਼ਤ ਲੈ ਲੈ ਕੇ ਜਾ ਰਹੇ ਸਨ । ਮੈਂ ਵੀ ਜਾਵਣ ਲਈ ਉੱਠਿਆ ਤਾਂ ਉਹਨਾਂ ਹੱਥ ਦੇ ਇਸ਼ਾਰੇ ਨਾਲ ਮੈਨੂੰ ਬੈਠਣ ਦਾ ਕਿਹਾ। ਮੈਂ ਬਹਿ ਗਿਆ।
ਕੁੱਝ ਦੇਰ ਬਾਅਦ ਮੈਨੂੰ ਉਹਨਾਂ ਆਖਿਆ: "ਜਾ ਉਸ ਨੁੱਕਰ ਵਾਲੀ ਦੁਕਾਨ ਤੋਂ ਇੱਕ ਕੋਕਾ ਕੋਲਾ ਫੜ ਲਿਆ।" ਮੈਂ ਉੱਠ ਕੇ ਤੁਰਿਆ ਤਾਂ ਬੋਲੇ, "ਪੈਸੇ ਨਾ ਦੇ ਕੇ ਆਵੀਂ, ਮੇਰਾ ਨਾਂ ਲਵੀਂ, ਮੇਰਾ ਖਾਤਾ ਚੱਲਦਾ ਏ।" ਮੈਂ ਜਾ ਕੇ ਕੋਕਾ ਕੋਲਾ ਲੈ ਆਇਆ ਪਰ ਸਾਰੇ ਰਾਹ ਇਹ ਈ ਸੋਚਦਾ ਰਿਹਾ ਕਿ ਉਸਤਾਦ ਜੀ ਏਨੇ ਕੰਜੂਸ ਤਾਂ ਨਹੀਂ, ਫੇਰ ਉਹਨਾਂ ਇੱਕੋ ਬੋਤਲ ਕਿਉਂ ਮੰਗਵਾਈ ਏ।
ਬੋਤਲ ਫੜਾਈ ਤੇ ਹੁਕਮ ਹੋਇਆ, ਜਾ ਜ਼ਰਾ ਦੋ ਚਾਰ ਆਨੇ ਦੀ ਬਰਫ਼ ਵੀ ਫੜ ਲਿਆ। ਮੈਂ ਜਾ ਕੇ ਬਰਫ਼ ਲੈ ਆਇਆ। ਉਹਨਾਂ ਬਰਫ਼ ਦੇ ਟੋਟੇ ਗਲਾਸ ਵਿੱਚ ਪਾਏ । ਮੰਜੀ ਦੇ ਹੇਠੋਂ ਸ਼ਰਾਬ ਦੀ ਬੋਤਲ ਕੱਢੀ। ਸੂਫ਼ੀ ਦੇ ਸਾਹਮਣੇ ਰੱਖ ਕੇ ਆਖਿਆ, "ਲਓ ਸੂਫ਼ੀ ਜੀ, ਕਰੰਟ ਲਾਓ ।"
"ਤੇ ਤੁਸਾਂ ਨੀ ਲਾਵਣਾ”, ਸੂਫ਼ੀ ਜੀ ਗਲਾਸ ਵਿੱਚ ਸ਼ਰਾਬ ਪਾਂਦਿਆਂ ਆਖਿਆ।
"ਮੈਂ ਕਰੰਟ ਲਾਇਆ ਹੋਇਆ ਏ। ਮੈਂ ਬੜੇ ਮਜ਼ੇ ਵਿੱਚ ਆਂ ।" ਸੂਫ਼ੀ ਸਾਹਿਬ ਨਿੱਕੇ ਨਿੱਕੇ ਘੁੱਟ ਭਰਦੇ ਜਾਂਦੇ ਸਨ ਤੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ, ਹੌਲੀ-ਹੌਲੀ ਵਿਚਾਰ-ਵਟਾਂਦਰਾ ਵੀ ਕਰਦੇ ਜਾਂਦੇ ਸਨ, ਜਿਵੇਂ ਬੜੇ ਈ ਰਾਜ਼ ਵਾਲੀਆਂ ਗੱਲਾਂ ਹੋਵਣ। ਦੋਵਾਂ ਨੂੰ ਗੁਟਕਦਿਆਂ ਵੇਖਿਆ ਤਾਂ ਇਜਾਜ਼ਤ ਲੈ ਕੇ ਉੱਥੋਂ ਨਿੱਕਲ ਆਇਆ।
ਪਰ ਰਾਹ ਵਿੱਚ ਸੋਚਦਾ ਆਇਆ - 'ਜਮਹੂਰੀਅਤ' ਤੇ ਹੋਈ, ਇਹ 'ਅਵਾਮੀ ਜਮਹੂਰੀਅਤ' ਕੀ ਬਲਾ ਏ ? ਅੱਗੇ ਈ ਮੇਰੇ ਜਿਹਨ ਉੱਤੇ ਲਫ਼ਜ਼ਾਂ ਦਾ ਭਾਰ ਸੀ, ਉੱਤੋਂ ਇੱਕ ਹੋਰ! ਆਪਣੀ ਨਾ-ਸਮਝੀ ਤੇ ਜਹਾਲਤ ਉੱਤੇ ਮੈਨੂੰ ਸ਼ਰਮ ਜੇਹੀ ਮਹਿਸੂਸ ਹੁੰਦੀ ਸੀ। ਦੇਸ਼ ਵਿੱਚ ਹਰ ਪਾਸੇ ਲਫ਼ਜ਼ਾਂ ਦੀ ਬਹਾਰ ਸੀ। ਮਜ਼ਦੂਰ, ਕਿਸਾਨ ਇਨ੍ਹਾਂ ਨਵੇਂ ਲਫ਼ਜ਼ਾਂ ਨੂੰ ਆਮ ਵਰਤਣ ਲੱਗ ਪਏ ਸਨ। ਲੋਕ ਖੁਸ਼ ਤੇ ਚਾਈਂ-ਚਾਈਂ ਸਨ। ਫੈਕਟਰੀ ਵਿੱਚ ਵੀ ਮਜ਼ਦੂਰ ਆਪਣੀਆਂ ਗੱਲਾਂ ਬਾਤਾਂ ਵਿੱਚ ਲੱਭ-ਲੱਭ ਕੇ ਔਖੇ ਔਖੇ ਸ਼ਬਦ ਬੋਲ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸਨ ਜਿਵੇਂ ਉਹ ਪਹਿਲੇ ਵਾਲ਼ੇ ਮਜ਼ਦੂਰ ਨਹੀਂ ਰਹੇ ਸਗੋਂ ਨਵੇਂ ਤੇ ਮੁਅਜ਼ਜ ਮਜ਼ਦੂਰ ਬਣ ਗਏ ਨੇ ਤੇ ਇੱਕ ਦੂਜੇ ਦੇ ਬਾਂਹ ਬੇਲੀ ਨੇ, ਪਰ ਮੈਂ ਤਾਂ ਮਜ਼ਦੂਰਾਂ ਸਾਹਮਣੇ ਵੀ ਆਪਣੇ ਆਪ ਨੂੰ ਜਾਹਲ ਸਮਝਣ ਲੱਗ ਪਿਆ ਸਾਂ । ਅਨਪੜ੍ਹ, ਮਜ਼ਦੂਰ ਵੀ ਨਵੇਂ ਲਫ਼ਜ਼ਾਂ ਨੂੰ ਪੂਰੀ ਸ਼ਾਨ ਨਾਲ ਬੋਲਦੇ ਸਨ।
ਅਸਾਂ ਮਜ਼ਦੂਰ ਇੱਕ ਜਲਸੇ ਦੀ ਤਿਆਰੀ ਬੜੇ ਸ਼ੌਕ, ਜੋਸ਼ ਤੇ ਚਾਅ ਨਾਲ ਕਰ ਰਹੇ ਸਾਂ। ਅਗਲੇ ਮਹੀਨੇ ਸਲਾਨਾ ਮੰਗਾਂ ਫੈਕਟਰੀ ਦੇ ਇੰਤਜ਼ਾਮੀਆਂ ਨੂੰ ਦੇਣੀਆਂ ਸਨ। ਉਨ੍ਹਾਂ ਮੰਗਾਂ ਦੀ ਤਿਆਰੀ ਵਾਸਤੇ ਮਜ਼ਦੂਰਾਂ ਨੂੰ ਜ਼ਿਹਨੀ ਤੌਰ 'ਤੇ ਤਿਆਰ ਕਰਨਾ ਸੀ। ਇੱਕ ਇੱਕ ਮਜ਼ਦੂਰ ਜਲਸੇ ਦੀ ਉਡੀਕ ਵਿੱਚ ਜਾਪਦਾ ਸੀ ।
ਪਹਿਲੀ ਵਾਰ ਜਲਸਾ ਅਜ਼ਾਦੀ ਨਾਲ ਤੇ ਮਜ਼ਦੂਰਾਂ ਦੀ ਮਰਜ਼ੀ ਨਾਲ ਹੋ ਰਿਹਾ ਸੀ । ਕੋਈ ਰੋਕ ਟੋਕ ਤੇ ਡਰ ਖੌਫ਼ ਨਹੀਂ ਸੀ । ਫੈਕਟਰੀ ਦੇ ਗੇਟ ਸਾਹਮਣੇ ਇੱਕ ਖੁੱਲ੍ਹੀ ਥਾਂ ਉੱਤੇ
ਮਿੱਟੀ ਦਾ ਥੜ੍ਹਾ ਬਣਾ ਕੇ ਉਹਨੂੰ ਸਟੇਜ ਦੀ ਥਾਂ ਵਰਤਣ ਲਈ ਤਿਆਰ ਕਰ ਲਿਆ ਹੋਇਆ। ਸੀ। ਮੰਗਲ ਵਾਲੇ ਦਿਨ ਚਾਰ ਵਜੇ ਦਾ ਵੇਲ਼ਾ ਮਿਥਿਆ ਹੋਇਆ ਸੀ ਕਿਉਂ ਜੁ ਮਜ਼ਦੂਰਾਂ ਨੂੰ ਚਾਰ ਵਜੇ ਛੁੱਟੀ ਹੋਣੀ ਸੀ ਤੇ ਨਾਲ ਈ ਜਲਸਾ-ਗਾਹ ਵਿੱਚ ਆਵਣਾ ਮਜ਼ਦੂਰਾਂ ਲਈ ਸੋਖਾ ਸੀ। ਆਸੇ ਪਾਸੇ ਦੀਆਂ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਵੀ ਸੱਦਾ ਦਿੱਤਾ ਹੋਇਆ ਸੀ । ਦੂਰ ਦੂਰ ਤੀਕਰ ਇਸ਼ਤਿਹਾਰ ਵੀ ਛਪਵਾ ਕੇ ਲਾਏ ਹੋਏ ਸਨ।
ਮੰਗਲ ਨੂੰ ਚਾਰ ਵਜੇ ਛੁੱਟੀ ਹੋਈ ਤਾਂ ਮਜ਼ਦੂਰ ਜੋਸ਼ ਨਾਲ ਨਾਅਰੇ ਮਾਰਦੇ ਹੋਏ ਜਲਸੇ ਵਾਲੀ ਥਾਂ ਉੱਤੇ ਆ ਰਹੇ ਸਨ। ਬੜੇ ਜੁਸ਼ੀਲੇ ਨਾਅਰੇ ਲੱਗਦੇ ਪਏ ਸਨ ਸਰਮਾਇਆਦਾਰੀ ਦੇ ਖਿਲਾਫ਼, ਮਜ਼ਦੂਰਾਂ ਨੂੰ ਇੱਕਮੁੱਠ ਹੋਵਣ ਵਾਲੇ ਨਾਅਰੇ, ਤੇ 'ਜਿਹੜਾ ਵਾਹਵੇ ਉਹ ਈ ਖਾਵੇ' ਵਰਗੇ ਨਾਅਰੇ ਵੀ ਮੁੜ ਮੁੜ ਲੱਗਦੇ ਸਨ । ਜਲਸੇ ਦੀ ਥਾਂ ਉੱਤੇ ਪਹਿਲੇ ਤੋਂ ਆਏ ਮਜ਼ਦੂਰ ਵੀ ਜਵਾਬ ਵਿੱਚ ਓਨੀ ਈ ਉੱਚੀ ਅਵਾਜ਼ ਵਿੱਚ ਜੋਸ਼ ਜਜ਼ਬੇ ਨਾਲ ਜੀ ਆਇਆਂ ਨੂੰ ਆਖਦੇ ਸਨ।
ਇਹ ਸਭ ਕੁੱਝ ਦਿਲ ਵਿੱਚ ਖੁੱਭ ਖੁੱਭ ਜਾਂਦਾ ਸੀ । "ਇਨਕਲਾਬ ਜ਼ਿੰਦਾਬਾਦ" ਤੇ "ਸਾਰਾ ਜਹਾਨ ਅਸਾਡਾ ਹੈ” ਬੜੇ ਮਨ ਖਿੱਚਵੇਂ ਨਾਅਰੇ ਸਨ। ਹਰ ਆਵਣ ਵਾਲੀ ਮਜ਼ਦੂਰ ਟੋਲੀ ਕੋਲ ਲਾਲ ਝੰਡਾ ਹੁੰਦਾ ਸੀ। "ਏਸ਼ੀਆ ਸੁਰਖ ਏ" ਆਖਦੇ ਨਾਅਰੇ ਮਾਰਦੇ ਜਲਸੇ ਗਾਹ ਵਿੱਚ ਆਂਵਦੇ ਸਨ ਜਿਵੇਂ ਕਿਸੇ ਰਿਆਸਤ ਨੂੰ ਫ਼ਤਹਿ ਕਰਨ ਲਈ ਫੌਜਾਂ ਇਕੱਠੀਆਂ ਹੋ ਰਹੀਆਂ ਹੋਵਣ। ਇੰਜ ਈ ਮਜ਼ਦੂਰਾਂ ਦੀ ਚੜ੍ਹਤਲ ਮਲੂਮ ਹੁੰਦੀ ਸੀ।
ਮੈਂ ਸਟੇਜ ਤਿਆਰ ਕਰਨ ਵਾਲਿਆਂ ਦੇ ਨਾਲ ਸਾਂ । ਇਹ ਸਾਰਾ ਕੁੱਝ ਵੇਖ ਕੇ ਮੈਨੂੰ ਬੜਾ ਸਵਾਦ ਤੇ ਮਜ਼ਾ ਪਿਆ ਆਂਵਦਾ ਸੀ। ਇੰਜ ਲਗਦਾ ਸੀ ਕਿ ਹੁਣ ਇਨਕਲਾਬ ਆਇਆ ਕਿ ਆਇਆ। ਬੱਸ ਤੰਗੀ ਦੇ ਦਿਨ ਮੁੱਕਣ ਈ ਵਾਲੇ ਨੇ । ਸਾਰੇ ਇਨਸਾਨ ਖੁਸ਼ੀਆਂ ਭਰਿਆ ਜੀਵਨ ਹੰਢਾਵਣ ਈ ਵਾਲ਼ੇ ਨੇ । ਇਹ ਦੁਨੀਆਂ ਸੁਖੀ ਵਸਣ ਈ ਵਾਲੀ ਏ।
ਜਲਸੇ ਵਿੱਚ ਮਜ਼ਦੂਰ ਟੋਲੀਆਂ ਤੇ ਜੱਥੇ ਬਣ ਬਣ ਕੇ ਆ ਰਹੇ ਸਨ। ਬਹੁਤ ਮਜ਼ਦੂਰ ਸਨ ਉਸ ਜਲਸੇ ਵਿੱਚ । ਜਲਸੇ ਦਾ ਇੱਕ ਆਗੂ ਰੋਂਦੂ ਸੀ ਤੇ ਬੜੀ ਉੱਚੀ ਉੱਚੀ ਤੇ ਜੁਸ਼ੀਲੇ ਨਾਅਰੇ ਲਵਾ ਰਿਹਾ ਸੀ । ਮੈਨੂੰ ਬੜੀ ਹੈਰਾਨੀ ਹੋਈ। ਕਿੱਥੇ ਰੋਂਦੂ ਤੇ ਕਿੱਥੇ ਮਜ਼ਦੂਰਾਂ ਦੀ ਅਗਵਾਈ! ਮੈਂ ਹੈਰਾਨੀ ਤੇ ਖੁਸ਼ੀ ਤੇ ਰਲੇ ਮਿਲੇ ਜਜ਼ਬਾਤ ਨਾਲ ਰੋਂਦੂ ਨੂੰ ਅੱਗੇ ਵਧ ਕੇ ਮਿਲਿਆ। ਉਸ ਵੀ ਘੁੱਟ ਜੱਫੀ ਪਾਈ, ਫੇਰ ਨਾਅਰੇ ਮਾਰਨ ਲੱਗ ਪਿਆ।
ਜਲਸੇ ਦੀ ਕਾਰਵਾਈ ਸ਼ੁਰੂ ਹੋਈ। ਮਜ਼ਦੂਰ ਰਹਿਨੁਮਾ ਤੇ ਆਗੂ ਵਾਰੀ ਵਾਰੀ ਆ ਕੇ ਉਰਦੂ ਵਿੱਚ ਤਕਰੀਰਾਂ ਕਰਦੇ। ਸਰਮਾਇਆਦਾਰਾਂ ਤੇ ਜਗੀਰਦਾਰਾਂ ਨੂੰ ਰੱਜ ਕੇ ਗਾਲਾਂ ਕੱਢਦੇ ਸਨ। ਜਵਾਬ ਵਿੱਚ ਮਜ਼ਦੂਰ ਇਨਕਲਾਬ, ਇਨਕਲਾਬ ਦੇ ਨਾਅਰੇ ਲਾਂਦੇ ਬੜੇ ਮਸੂਮ ਤੇ ਭਲੇ ਲਗਦੇ ਸਨ। ਮਜ਼ਦੂਰ ਤਕਰੀਰ ਸੁਣ ਕੇ ਸਮਝਦੇ ਘੱਟ ਸਨ, ਪਰ ਨਾਅਰੇ ਮਾਰਨ ਦੇ ਸ਼ੌਕ ਵਿੱਚ ਇੱਕ ਦੂਜੇ ਤੋਂ ਵਧ ਕੇ ਸ਼ੌਕ ਵਿਖਾਂਵਦੇ ਜਾਪਦੇ ਸਨ। ਇੰਜ ਜਿਵੇਂ ਮਜ਼ਦੂਰਾਂ ਦੇ ਸੀਨਿਆਂ ਵਿੱਚ ਜ਼ਬਾਨ ਰਾਹੀਂ ਨਫ਼ਰਤਾਂ ਦੇ ਹੜ੍ਹ ਚੜ੍ਹੇ ਹੋਏ ਸਨ।
ਤਕਰੀਰਾਂ ਮਗਰੋਂ ਸਟੇਜ ਸੈਕਟਰੀ ਮੈਨੂੰ ਨਜ਼ਮ ਸੁਣਾਵਣ ਲਈ ਅਵਾਜ਼ ਦਿੱਤੀ। ਮੈਨੂੰ ਚਿੱਤ-ਚੇਤਾ ਵੀ ਨਹੀਂ ਸੀ, ਨਾ ਹੀ ਮੈਂ ਕੋਈ ਤਿਆਰੀ ਕੀਤੀ ਹੋਈ ਸੀ, ਨਾ ਹੀ ਮੈਂ ਨਜ਼ਮ ਕਿਸੇ ਨੂੰ ਸੁਣਾਈ ਸੀ। ਇੱਕ ਅੱਧਾ ਸ਼ੇਅਰ ਜਾਂ ਕੱਚੀ ਪੱਕੀ ਨਜ਼ਮ ਇਕੱਲੇ ਦੁਕੱਲੇ ਮਜ਼ਦੂਰ ਨੂੰ ਸੁਣਾ ਛੱਡੀ ਤੇ ਬਸ।
ਪਰ ਸਟੇਜ ਸੈਕਟਰੀ ਨੇ ਮੈਨੂੰ ਇੰਜ ਬੁਲਾਇਆ ਜਿਵੇਂ ਬਹੁਤ ਈ ਵਧੀਆ ਸ਼ਾਇਰ ਹੋਨਾਂ ਵਾਂ। ਸੈਕਟਰੀ ਇਮਦਾਦ ਅਲੀ ਮੈਥੋਂ ਕੋਈ ਸ਼ੇਅਰ ਸੁਣਿਆ ਵੀ ਨਹੀਂ ਸੀ ਹੋਇਆ। ਮੈਂ ਦਿਲ ਈ ਦਿਲ ਵਿੱਚ ਇਮਦਾਦ ਅਲੀ ਨੂੰ ਮੰਦਾ ਭੈੜਾ ਵੀ ਆਖਿਆ, ਪਰ ਏਨੇ ਮਜ਼ਦੂਰਾਂ ਦੇ ਸਾਹਮਣੇ ਮੈਂ ਬੋਲਾਂ ਤੇ ਕੀ ਬੋਲਾਂ । ਉਂਜ ਵੀ ਕਦੇ ਮੈਂ ਕਿਸੇ ਸਟੇਜ ਉੱਤੇ ਯਾ ਬਹੁਤ ਸਾਰੇ ਲੋਕਾਂ ਸਾਹਮਣੇ ਕਦੀ ਨਹੀਂ ਸਾਂ ਬੋਲਿਆ, ਪਰ ਏਥੇ ਤੇ ਆਦਮ ਈ ਆਦਮ ਸੀ । ਸਾਰੇ ਲੋਕ ਮੈਨੂੰ ਵੇਖ ਰਹੇ ਸਨ ਤੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਗਲਾ ਸੁੱਕ ਰਿਹਾ ਸੀ, ਥੁੱਕ ਵੀ ਲੰਘਾਵਣ ਤੇ ਨਹੀਂ ਸੀ ਲੰਘ ਰਿਹਾ। ਮੈਂ ਡਰਦਾ ਡਰਦਾ ਮਾਈਕ ਸਾਹਮਣੇ ਖਲੋ ਤਾਂ ਗਿਆ, ਪਰ ਨਜ਼ਮ ਯਾ ਕੋਈ ਸ਼ੇਅਰ ਮੇਰੇ ਜਿਹਨ ਵਿੱਚੋਂ ਈ ਨਿੱਕਲ ਗਿਆ। ਮੈਨੂੰ ਕੱਖ ਯਾਦ ਨਾ ਆਇਆ, ਬਿਲਕੁਲ ਡੌਰ-ਭੌਰ ਹੋ ਗਿਆ। ਰੋਂਦੂ ਮੇਰੀ ਹਾਲਤ ਨੂੰ ਤਾੜ ਗਿਆ। ਉਹ ਝੱਟ ਕਰਕੇ ਮੇਰੇ ਕੋਲ ਆਇਆ। ਉਸ ਆਂਵਦੇ ਈ ਆਖਿਆ, “ਖਲੋ ਜਾ ਬਈ। ਨਜ਼ਮ ਤੋਂ ਪਹਿਲੋਂ ਅਸਾਨੂੰ ਉਹ ਲਤੀਫ਼ਾ ਸੁਣਾਓ ਜੀਹਦੇ ਵਿੱਚ ਇੱਕ ਚੀਨੀ ਚਿੜੀ ਚੀਨ ਦੇ ਇਨਕਲਾਬ ਕੋਲੋਂ ਡਰਦੀ ਏਧਰ ਆ ਜਾਂਦੀ ਏ ਤੇ ਏਧਰ ਦੇ ਸਰਮਾਏਦਾਰ ਚਿੜੇ ਦੇ ਢਏ ਚੜ੍ਹ ਜਾਂਦੀ ਏ।" ਫੇਰ ਰੋਂਦੂ ਨਾਅਰੇ ਮਾਰਦੇ ਮਜ਼ਦੂਰਾਂ ਨੂੰ ਚੁੱਪ ਕਰਾਵਣ ਲਈ ਆਖਿਆ, “ਸੁਣ ਕੇ ਭਈ ਸੁਣਕੇ, ਜ਼ਰਾ ਗੱਲ ਗੌਰ ਕਰਨ ਵਾਲੀ ਏ ।" ਏਨੀ ਗੱਲ ਕਰਕੇ ਰੋਂਦੂ ਤਾਂ ਇੱਕ ਪਾਸੇ ਹਟ ਗਿਆ । ਏਨੀ ਦੇਰ ਵਿੱਚ ਮੈਂ ਸੰਭਲ ਗਿਆ ਸਾਂ। ਮੈਂ ਚੀਨੀ ਚਿੜੀ ਵਾਲਾ ਲਤੀਫ਼ਾ ਸੁਣਾਇਆ ਤੇ ਮਜ਼ਦੂਰ ਬਹੁਤ ਹੱਸੇ। ਸਗੋਂ ਹੱਸ ਹੱਸ ਕੇ ਦੂਹਰੇ ਪਏ ਹੁੰਦੇ ਸਨ। ਮੈਨੂੰ ਨਜ਼ਮ ਵੀ ਯਾਦ ਆ ਗਈ। ਮੇਰਾ ਹੌਂਸਲਾ ਵਧ ਗਿਆ ਸੀ। ਨਜ਼ਮ ਭਾਵੇਂ ਕੱਚੀ ਤੇ ਬੇਵਜ਼ਨੀ ਸੀ ਪਰ ਮੈਂ ਪੂਰੇ ਜੋਸ਼ ਤੇ ਗੁੱਸੇ ਨਾਲ ਯਰਕ- ਯਰਕ ਕੇ ਆਖਿਆ-
ਸਰਮਾਏਦਾਰਾ ਨਿੱਤ ਨਵੇਂ ਜੁਲਮ ਤੂੰ ਕਰਨਾਂ ਏਂ
ਹੱਕ ਮਾਰਕੇ ਅਸਾਡਾ ਤੂੰ ਬੋਝੇ ਭਰਨਾਂ ਏ
ਪਰ ਯਾਦ ਰੱਖੀਂ ਤੂੰ ਅਸਾਡਾ ਲਹੂ ਪੀਨਾ ਏਂ
ਅਸਾਨੂੰ ਮਾਰ ਕੇ ਆਪ ਤੂੰ ਜੀਨਾ ਏਂ
ਅਸਾਂ ਤੇਰਾ ਖੂਨ ਨਚੋੜਾਂਗੇ
ਤੇਰਾ ਕੀਤਾ ਤੈਨੂੰ ਮੋੜਾਂਗੇ।
ਏਸ ਵਿੰਗੀ ਚਿੱਬੀ ਤੇ ਬੇਵਜ਼ਨ ਨਜ਼ਮ ਉੱਤੇ ਮਜ਼ਦੂਰਾਂ ਉਹ ਨਾਅਰੇ ਮਾਰੇ ਕਿ ਮੈਨੂੰ ਤਾਂ ਜ਼ਮੀਨ ਅਸਮਾਨ ਘੁੰਮਦਾ ਨਜ਼ਰ ਆਇਆ । ਰੋਂਦੂ ਇਨਕਲਾਬੀ ਨਾਅਰੇ ਲਵਾ ਲਵਾ ਕੇ ਜਲਸੇ ਨੂੰ ਗਰਮਾ ਦਿੱਤਾ। ਮੇਰੀ ਤਾਰੀਫ਼ ਵਿੱਚ ਵੀ ਰੋਂਦੂ ਬਹੁਤ ਨਾਅਰੇ ਲਵਾਏ- ਕਾਮਰੇਡ ਗੋਗੀ ਜ਼ਿੰਦਾਬਾਦ, ਮਜ਼ਦੂਰ ਸ਼ਾਇਰ ਜ਼ਿੰਦਾਬਾਦ । ਪਤਾ ਨਹੀਂ ਹੋਰ ਕੀ ਕੀ ਉਸ ਮੇਰੀ ਤਾਰੀਫ਼
ਵਿੱਚ ਆਖਿਆ। ਮੈਂ ਰੋਂਦੂ ਦੇ ਏਸ ਰਵੱਈਏ ਪਾਰੋਂ ਆਪ ਈ ਆਪ ਅੰਦਰੋਂ ਸ਼ਰਮਿੰਦਾ ਹੋ ਰਿਹਾ ਸਾਂ, ਪਰ ਰੋਂਦੂ ਨਾਲ ਹੁਣ ਯਾਰੀ ਪੱਕੀ ਕਰਨ ਨੂੰ ਜੀਅ ਵੀ ਕਰਦਾ ਸੀ ।
ਮਜ਼ਦੂਰ ਵੀ ਮੇਰੇ ਇੱਕ ਇੱਕ ਸ਼ੇਅਰ ਨੂੰ ਚਾਰ ਚਾਰ ਵਾਰ ਸੁਣਿਆ ਤੇ ਤਾੜੀਆਂ ਮਾਰ ਮਾਰ ਕੇ ਮੈਨੂੰ ਅਸਮਾਨ ਉੱਤੇ ਚੜਾ ਦਿੱਤਾ। ਅਸਾਡੀ ਯੂਨੀਅਨ ਦੇ ਸਦਰ ਆ ਕੇ ਮੇਰੇ ਹੱਕ ਵਿੱਚ ਨਾਅਰੇ ਲਵਾਏ। ਇਹ ਸਭ ਕੁੱਝ ਮੇਰੇ ਲਈ ਬਹੁਤ ਹੀ ਅਨੋਖਾ ਤੇ ਹੈਰਾਨ ਕਰਨ ਵਾਲਾ ਸੀ। ਮੈਂ ਤੇ ਇੰਜ ਜਿਵੇਂ ਹਵਾ ਵਿੱਚ ਉੱਡ ਰਿਹਾ ਹੋਵਾਂ।
ਮੈਂ ਸੱਚਮੁਚ ਆਪਣੇ ਆਪ ਨੂੰ ਮਜ਼ਦੂਰ ਲੀਡਰ ਸਮਝਣ ਲੱਗ ਪਿਆ ਸਾਂ। ਕਿਸੇ ਵੀ ਮਜ਼ਦੂਰ ਲੀਡਰ ਨੂੰ ਮਜ਼ਦੂਰ ਏਨਾ ਪਸੰਦ ਨਹੀਂ ਸੀ ਕੀਤਾ ਜਿੰਨਾ ਮੈਨੂੰ । ਜਲਸਾ ਮੁੱਕਣ ਤੀਕਰ ਮੇਰਾ ਸਰੂਰ ਨਹੀਂ ਸੀ ਘਟਿਆ।
ਦੂਜੇ ਈ ਦਿਨ ਯੂਨੀਅਨ ਦੇ ਸਦਰ ਮੈਨੂੰ ਸੈਕਸ਼ਨ ਮੈਂਬਰ ਬਣਾ ਦਿੱਤਾ। ਲੈ ਅੰਨ੍ਹਾਂ ਕੀ ਭਾਲੇ ਦੋ ਅੱਖਾਂ! ਮੈਂ ਤੇ ਪਹਿਲੇ ਈ ਆਪਣੇ ਆਪ ਨੂੰ ਮਜ਼ਦੂਰ ਲੀਡਰ ਸਮਝ ਰਿਹਾ ਸਾਂ, ਉੱਤੋਂ ਯੂਨੀਅਨ ਦਾ ਸੈਕਸ਼ਨ ਮੈਂਬਰ ਮਿਥਿਆ ਗਿਆ। ਝੱਟ ਤਿਆਰੀ ਫੜੀ ਤੇ ਸੈਕਸ਼ਨ ਇੰਚਾਰਜ ਨਾਲ ਇੱਟ-ਖੜਿੱਕਾ ਸ਼ੁਰੂ ਕਰ ਦਿੱਤਾ ।
ਮਜ਼ਦੂਰ ਸੁਣ ਕੇ ਆ ਆ ਕੇ ਮੇਰੀ ਨਜ਼ਮ ਦੀ ਤਾਰੀਫ਼ ਕੀਤੀ ਜਾਂਦੇ ਸਨ। ਜਿਹੜੇ ਮਜ਼ਦੂਰ ਜਲਸੇ ਵਿੱਚ ਨਹੀਂ ਸਨ ਆਏ ਉਹ ਸੁਣ ਸੁਣ ਮੇਰੇ ਕੋਲ ਆ ਕੇ ਸ਼ਾਬਾਸ਼ ਦੇ ਜਾਂਦੇ ਸਨ। ਏਨੀ ਸਾਰੀ ਤਾਰੀਫ਼ ਜਿਸ ਬੰਦੇ ਦੀ ਹੋਵੇ, ਭਲਾਂ ਉਹ ਕਿਵੇਂ ਭੋਏਂ ਉੱਤੇ ਟਿਕ ਸਕਦਾ ਸੀ।
ਹੁਣ ਮੇਰੀ ਹਰ ਵੇਲ਼ੇ ਤੇ ਹਰ ਗੱਲ ਉੱਤੇ ਸੈਕਸ਼ਨ ਇੰਚਾਰਜ ਨਾਲ ਝੜਪ ਤੇ ਬਹਿਸ। ਉਹ ਬਥੇਰਾ ਆਖਦਾ ਕਿ "ਗੋਗੀ ਜੀ, ਮੈਂ ਵੀ ਤੁਹਾਡੇ ਵਾਂਗ ਮੁਲਾਜ਼ਮ ਆਂ ।" ਪਰ ਮੈਂ ਕਿੱਥੇ ਸੁਣਾਂ, ਮੈਂ ਤਾਂ ਆਖਦਾ, "ਨਾ, ਤੂੰ ਈ ਤੇ ਸਰਮਾਏਦਾਰੀ ਦੀ ਪਹਿਲੀ ਪੌੜੀ ਏਂ। ਸਾਡਾ ਇਤਹਸਾਲ ਤੇਰੇ ਜ਼ਰੀਏ ਹੀ ਹੁੰਦਾ ਏ। ਮੈਂ ਤੈਨੂੰ ਛੱਡਣਾ ਨਹੀਂ।" ਮੇਰੀ ਦਾੜ੍ਹ ਹੇਠਾਂ ਪਹਿਲਾ ਸ਼ਿਕਾਰ ਸੀ ਉਹ। ਮੈਂ ਹਰ ਨਵਾਂ ਲਫ਼ਜ਼ ਇੰਚਾਰਜ ਉੱਤੇ ਈ ਇਸਤੇਮਾਲ ਕੀਤਾ। ਮੇਰੇ ਤੰਗ ਕਰਨ ਉੱਤੇ ਸੈਕਸ਼ਨ ਇੰਚਾਰਜ ਦੂਜੇ ਮਜ਼ਦੂਰਾਂ ਨਾਲ ਤੇ ਨਰਮ ਪੈ ਗਿਆ ਸੀ, ਪਰ ਮੇਰੇ ਖਿਲਾਫ਼ ਹੋ ਗਿਆ। ਦੂਜੇ ਮਜ਼ਦੂਰਾਂ ਦੀ ਗੱਲ ਗੌਰ ਨਾਲ ਸੁਣਦਾ। ਉਹਨਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਤੇ ਉਹਨਾਂ ਨਾਲ ਦੋਸਤੀ ਗੰਢਣ ਦਾ ਜਤਨ ਕਰਦਾ।
ਮੇਰੇ ਸਾਥੀ, ਮੇਰੀ ਤਾਰੀਫ਼ ਕਰਨ ਵਾਲੇ ਸੈਕਸ਼ਨ ਇੰਚਾਰਜ ਦੇ ਸੱਜਣ ਤੇ ਚੰਗੇ ਮਜ਼ਦੂਰ ਹੋ ਗਏ। ਇੰਚਾਰਜ ਦੀ ਸਿਫਾਰਸ਼ ਨਾਲ ਤਰੱਕੀ ਕਰ ਗਏ। ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋ ਗਿਆ, ਪਰ ਮੇਰੀ ਤਨਖਾਹ 72 ਰੁਪਏ ਸੀ, 72 ਈ ਰਹੀ। ਮੈਂ ਬਦਤਮੀਜ਼ ਤੇ ਨਾ-ਪਸੰਦੀਦਾ ਮਜ਼ਦੂਰ ਹੋ ਗਿਆ। ਇੰਚਾਰਜ ਮੇਰੇ ਵੱਲੋਂ ਅੱਖਾਂ ਫੇਰ ਲਈਆਂ ਤੇ ਮੇਰੀ ਡਿਊਟੀ ਬਦਲ ਕੇ ਸ਼ਿਫਟਾਂ ਵਿੱਚ ਘੱਲ ਦਿੱਤਾ। ਬਦਲੇ ਵਿੱਚ ਮੈਂ ਹੋਰ ਵੀ ਤਲਖ ਹੋ ਗਿਆ ਤੇ ਆਪਣੀ ਯੂਨੀਅਨ ਉੱਤੇ ਵੀ ਤਨਕੀਦ ਕਰਨ ਲੱਗ ਪਿਆ। ਮੇਰੇ ਖਿਆਲ ਵਿੱਚ ਯੂਨੀਅਨ ਦਾ ਸਦਰ ਮਜ਼ਦੂਰ ਦੋਸਤ ਨਹੀਂ ਸੀ। ਉਹ ਨਿਰਾ ਆਪਣੇ ਆਪ ਨੂੰ ਈ ਚੰਗਾ ਸਮਝਦਾ ਸੀ, ਆਪਣੇ ਮਤਲਬ ਤੇ ਲਾਭ ਵਾਸਤੇ ਈ ਕੁੱਝ ਕਰਦਾ। ਉਹਦੇ ਅਮਲ ਵਿੱਚ ਮਜ਼ਦੂਰਾਂ ਦਾ ਕੋਈ ਭਲਾ
ਨਹੀਂ ਹੁੰਦਾ।
ਮੇਰਾ ਇਹ ਵੀ ਆਖਣਾ ਸੀ ਕਿ ਅਸਾਡਾ ਸਦਰ ਮਿਲ ਇਤਜ਼ਾਮੀਆ ਕਲ ਜ਼ਾਤੀ ਫਾਇਦੇ ਵੀ ਲੈਂਦਾ ਏ ਤੇ ਮਜ਼ਦੂਰਾਂ ਦੀ ਤਖਲੀਫ਼ ਦੂਰ ਨਹੀਂ ਕਰਵਾਂਦਾ, ਸਗੋਂ ਮਜ਼ਦੂਰਾਂ ਦਾ ਚੰਦਾ ਵੀ ਖਾਈ ਜਾਂਦਾ ਏ । ਮੇਰੀ ਤਨਕੀਦ ਪਾਰੋਂ ਸਦਰ ਮੈਨੂੰ ਸੈਕਸ਼ਨ ਮੈਂਬਰੀ ਤੋਂ ਹਟਾ ਦਿੱਤਾ।
ਸੈਕਸ਼ਨ ਇੰਚਾਰਜ ਨੂੰ ਮੌਕਾ ਮਿਲ ਗਿਆ। ਉਸ ਮੇਰਾ ਖਾਤਾ ਈ ਬਦਲ ਕੇ ਨਵਾਂ ਦੇ ਦਿੱਤਾ। ਕਿਸੇ ਮਜ਼ਦੂਰ ਮੇਰੇ ਨਾਲ ਝੂਠੀ ਹਮਦਰਦੀ ਵੀ ਨਾ ਜਤਲਾਈ ਸਗੋਂ ਬੁੱਲ੍ਹਾਂ ਵਿੱਚ ਮਰਕੂੰਦੇ ਜਾਪਦੇ ਸਨ ।
ਯੂਨੀਅਨ ਵੱਲੋਂ ਮਿੱਲ ਇੰਤਜ਼ਾਮੀਆਂ ਨਾਲ ਇੱਕ ਵਾਰ ਫੇਰ ਫੱਡਾ ਚੱਲ ਰਿਹਾ ਸੀ। ਹੜਤਾਲ ਦਾ ਨੋਟਸ ਵੀ ਦਿੱਤਾ ਹੋਇਆ ਸੀ। ਗੱਲਬਾਤ ਵੀ ਚੱਲਦੀ ਜਾਂਦੀ ਸੀ। ਮਜ਼ਦੂਰ ਅੰਤ ਇਕੱਠੇ ਹੋ ਕੇ ਇਤਜ਼ਾਮੀਆਂ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਸਨ।
ਕਦੀ ਕਦੀ ਕੌਮੀ ਤੇ ਸੂਬਾਈ ਅਸੰਬਲੀ ਦੇ ਜਿੱਤੇ ਹੋਏ ਮੈਂਬਰਾਂ ਨੂੰ ਬੁਲਾ ਕੇ ਆਪਣੇ ਨਾਲ ਖੜ੍ਹਾ ਕਰ ਲੈਂਦੇ ਸਨ । ਇਹ ਮੈਂਬਰ ਜਿੰਨ੍ਹਾਂ ਨੂੰ ਹਕੂਮਤ ਨਹੀਂ ਸੀ ਮਿਲ ਰਹੀ, ਉਸ ਵੇਲੇ ਵੀ ਫੌਜੀ ਹਕੂਮਤ ਦੇ ਖਿਲਾਫ਼ ਬਹੁਤ ਬੋਲਦੇ ਸਨ। ਆਪਣੀਆਂ ਤਕਰੀਰਾਂ ਵਿੱਚ ਮਜ਼ਦੂਰਾਂ ਨੂੰ ਆਸ ਦਿਵਾਂਦੇ ਕਿ 'ਅਸਾਡੀ ਹਕੂਮਤ ਆ ਗਈ ਤਾਂ ਅਸੀਂ ਸਰਮਾਇਆਦਾਰਾਂ ਨਾਲ ਨਿੱਬੜ ਲਵਾਂਗੇ। ਫੇਰ ਵੇਖਣਾ ਅਸਾਂ ਇਹਨਾਂ ਜ਼ਾਲਮਾਂ ਦੇ ਨਾਲ ਕੀ ਕਰਨੇ ਆਂ। ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਖਾਵਣ ਵਾਲਿਆਂ ਕੋਲੋਂ ਇੱਕ ਇੱਕ ਪਾਈ ਦਾ ਹਿਸਾਬ ਲੈ ਕੇ ਤੁਹਾਡੇ ਸਾਹਮਣੇ ਲਿਆ ਰੱਖਾਂਗੇ।'
'ਬੱਸ ਉਡੀਕ ਰੱਖੋ ਜਦ ਵੀ ਅਵਾਮੀ ਨੁਮਾਇੰਦਿਆਂ ਨੂੰ ਹਕੂਮਤ ਮਿਲ਼ੀ, ਤਾਂ ਸਮਝੋ ਮਜ਼ਦੂਰਾਂ ਦੇ ਦੁੱਖ ਦੂਰ ਹੋ ਗਏ।'
ਤਕਰੀਰਾਂ ਸੁਣ ਸੁਣ ਕੇ ਮਜ਼ਦੂਰ ਹੋਰ ਵੀ ਜੋਸ਼ ਵਿੱਚ ਆ ਗਏ। ਹੜਤਾਲ ਦੇ ਨੋਟਸ ਦੇ ਦਿਨ ਮੁੱਕਣ ਵਾਲੇ ਸਨ । ਅਸੀਂ ਹੜਤਾਲ ਕਰਨ ਲਈ ਤਿਆਰੀ ਕਰਨ ਲੱਗ ਪਏ।
ਠੀਕ ਉਸੇ ਦਿਨ ਜਿਸ ਦਿਨ ਹੜਤਾਲ ਨੋਟਸ ਦੀ ਤਾਰੀਖ਼ ਖ਼ਤਮ ਹੋਈ, ਇੱਕ ਦਿਨ ਪਹਿਲੇ ਜੰਗ ਛਿੜ ਪਈ। ਅਸਾਨੂੰ ਕੁੱਝ ਸਮਝ ਨਾ ਆਵੇ ਕਿ ਹੜਤਾਲ ਕਰੀਏ ਕਿ ਨੋਟਸ ਵਾਪਸ ਲੈ ਲਈਏ। ਨੋਟਸ ਦੇ ਵਾਪਸ ਹੋਵਣ ਦੀ ਤਾਰੀਖ਼ ਮੁੱਕ ਗਈ ਸੀ। ਹੜਤਾਲ ਕਰੀਏ ਤਾਂ ਬਹੁਤ ਬੁਰਾ ਜਾਪਦਾ ਸੀ ਕਿ ਜੰਗ ਛਿੜੀ ਹੋਵੇ ਤੇ ਮਜ਼ਦੂਰ ਹੜਤਾਲ ਕਰਨ ।
ਪਰ ਬੇਵਕੂਫ਼ ਯੂਨੀਅਨ ਦੇ ਬੇਵਕੂਫ਼ ਵਕੀਲ ਦਾ ਆਖਣਾ ਸੀ ਕਿ "ਜੇ ਤੁਸਾਂ ਹੁਣ ਹੜਤਾਲ ਨਾ ਕੀਤੀ ਤੇ ਫੇਰ ਕਦੇ ਨਹੀਂ ਕਰ ਸਕਦੇ। ਖੁੰਝਿਆ ਵੇਲਾ ਹੱਥ ਨਾ ਆਵਸੀ ।"
ਯੂਨੀਅਨ ਦੇ ਲੀਡਰਾਂ ਮਜ਼ਦੂਰਾਂ ਤੋਂ ਹੜਤਾਲ ਕਰਵਾ ਦਿੱਤੀ। ਜਦ ਹੜਤਾਲ ਕਰ ਰਹੇ ਮਜ਼ਦੂਰ ਵਾਪਸ ਬਹਿ ਗਏ ਬਹੁਤ ਪੱਚੀ ਹੋਏ। ਕਾਨੂੰਨ ਦੀ ਲੋੜ ਤਾਂ ਪੂਰੀ ਹੋ ਗਈ, ਪਰ ਜਿਹੜਾ ਵੀ ਅਸਾਨੂੰ ਹੜਤਾਲ ਉੱਤੇ ਬੈਠਿਆਂ ਵੇਖਦਾ, ਉਹ ਈ ਫਿੱਟੇ ਮੂੰਹ ਆਖ ਕੇ
ਮਜ਼ਦੂਰਾਂ ਦੀ ਬੇਇੱਜ਼ਤੀ ਕਰਦਾ।
ਅਸਾਂ ਲੋਕਾਂ ਕੋਲੋਂ ਮੂੰਹ ਵੀ ਲੁਕਾਈਏ ਤੇ ਹੜਤਾਲ ਉੱਤੇ ਵੀ ਬੈਠੀਏ । ਸਾਨੂੰ ਕੁੱਝ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ। ਸਰਕਾਰ ਦਰਬਾਰ ਵੀ ਕੋਈ ਅਸਾਡੀ ਸੁਣਵਾਈ ਨਹੀਂ ਸੀ ਹੁੰਦੀ। ਉਲਟਾ ਪੱਚੀ ਹੋਣਾ ਪੈਂਦਾ ਸੀ ।
ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਰੱਜ ਕੇ ਯੂਨੀਅਨ ਨੂੰ ਬੁਰਾ ਭਲਾ ਆਖਿਆ ਕਿ "ਇਹ ਈ ਦੁਸ਼ਮਣੀ ਏ ਮਜ਼ਦੂਰਾਂ ਤੇ ਮੁਲਕ ਦੇ ਨਾਲ। ਇਹ ਸਾਨੂੰ ਹਰ ਬੰਦੇ ਕੋਲੋਂ ਸ਼ਰਮਿੰਦਿਆਂ ਕਰਵਾ ਰਹੇ ਨੇ।" ਯੂਨੀਅਨ ਵਾਲ਼ੇ ਕੀ ਜਵਾਬ ਦਿੰਦੇ? ਵਕੀਲ ਦੇ ਕਹਿਣ ਉੱਤੇ ਹੜਤਾਲ ਤਾਂ ਕਰਵਾ ਬੈਠੇ ਸਨ, ਬਹਾਨਾ ਕੋਈ ਲੱਭ ਨਹੀਂ ਸੀ ਰਿਹਾ। ਆਪਣੇ ਆਪ ਫੈਕਟਰੀ ਜਾਵਣ ਤੋਂ ਰਹੇ। ਇੱਕ ਦੂਜੇ ਕੋਲੋਂ ਖਿਝੇ ਖਿਝੇ ਰਹਿਣ ਲੱਗ ਪਏ। ਐਵੇਂ ਝੂਠੀਆਂ ਤਸੱਲੀਆਂ ਦੇ ਦੇ ਇੱਕ ਦੂਜੇ ਨੂੰ ਹੌਂਸਲਾ ਦਿੰਦੇ ਸਨ।
ਆਖਰ ਦੋ ਦਿਨਾਂ ਮਗਰੋਂ ਈ ਜ਼ਿਲ੍ਹਾ ਇੰਤਜ਼ਾਮੀਆਂ ਵਿੱਚ ਪੈ ਗਈ ਤੇ ਬਿਨਾਂ ਸ਼ਰਤ ਦੇ ਮੰਨਵਾ ਲਿਆ। ਅਸਾਂ ਹਥਿਆਰ ਸੁੱਟ ਦਿੱਤੇ। ਜਾ ਕੇ ਫੈਕਟਰੀ ਚਾਲੂ ਕਰ ਦਿੱਤੀ। ਕੰਮ ਤਾਂ ਸ਼ੁਰੂ ਹੋ ਗਿਆ, ਪਰ ਮਜ਼ਦੂਰ ਆਪਣੀ ਨਾਕਾਮੀ ਉੱਤੇ ਬਹੁਤ ਦੁਖੀ ਹੋਏ। ਕੁੱਝ ਦਿਨ ਤਾਂ ਚੁੱਪ ਰਹੇ ਤੇ ਫੇਰ ਹੌਲੀ ਹੌਲੀ ਜੰਗ ਦੀਆਂ ਖ਼ਬਰਾਂ ਉੱਤੇ ਤਬਸਰੇ ਕਰਦੇ ਹੋਏ ਆਪਣੀ ਨਾਕਾਮੀ ਨੂੰ ਭੁਲਾ ਕੇ ਮੁਲਕ ਦੀ ਕਾਮਿਆਬੀ ਲਈ ਦੁਆਵਾਂ ਮੰਗਣ ਲੱਗ ਪਏ।
ਫੇਰ ਅਚਨਚੇਤ ਖ਼ਬਰ ਆਈ ਕਿ ਅਸਾਡੀਆਂ ਫ਼ੌਜਾਂ ਅਸਾਡੇ ਵਾਂਗਰ ਬਿਨਾਂ ਕਿਸੇ ਸ਼ਰਤ ਦੇ ਹਥਿਆਰ ਸੁੱਟ ਦਿੱਤੇ ਨੇ । ਹੁਣ ਬੰਗਾਲ ਵੱਖ ਹੋ ਗਿਆ ਏ। ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਸੀ । ਜਿਵੇਂ ਮੁੱਲਾ ਦੀ ਦੌੜ ਮਸੀਤ ਤੀਕਰ ਹੁੰਦੀ ਏ, ਇੰਜ ਈ ਮੈਂ ਜਦ ਉਦਾਸ ਹੁੰਦਾ ਤਾਂ ਹੁਜਰੇ ਆ ਜਾਂਦਾ । ਹਰ ਕਿਧਰੇ ਦਿਲ ਨਹੀਂ ਸੀ ਪਰਚਦਾ । ਏਥੇ ਆ ਕੇ ਕੁੱਝ ਉਦਾਸੀ ਘਟ ਜਾਇਆ ਕਰਦੀ ਸੀ।
ਮੈਂ ਕਈ ਦਿਨ ਏਥੋਂ ਦੀਆਂ ਸੁਣੀਆਂ ਗੱਲਾਂ ਉੱਤੇ ਗਹੁ ਕਰਦਾ ਰਹਿੰਦਾ ਸਾਂ। ਕੁੱਝ ਗੱਲਾਂ ਦੀ ਚੰਗੀ ਸਮਝ ਆ ਜਾਇਆ ਕਰਦੀ ਸੀ ਤੇ ਕੁੱਝ ਪੂਰੀ ਤਰਾਂ ਸਮਝ ਨਹੀਂ ਸਨ ਪੈਂਦੀਆਂ। ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲਦੀ ਸੀ।
ਹਥਿਆਰ ਸੁੱਟਣ ਮਗਰੋਂ ਆਇਆ, ਤਾਂ ਏਥੇ ਵੀ ਉਹ ਈ ਅਫ਼ਸੋਸ ਤੇ ਉਹ ਈ ਗੱਲਾਂ ਹੋ ਰਹੀਆਂ ਸਨ । ਏਥੋਂ ਮਲੂਮ ਹੋਇਆ ਕਿ ਬੰਗਾਲ ਨਾਲ ਸ਼ੁਰੂ ਤੋਂ ਈ ਜ਼ਿਆਦਤੀ ਹੁੰਦੀ ਰਹੀ ਏ। ਬਹੁਤੀ ਅੱਗ ਤਾਂ ਜ਼ਬਾਨ ਦੇ ਮਸਲੇ ਤੋਂ ਲੱਗੀ ਸੀ, ਬਾਅਦ ਵਿੱਚ ਭਾਵੇਂ ਉਹਨਾਂ ਦੀ ਜੁਬਾਨ ਨੂੰ ਮੰਨ ਲਿਆ ਗਿਆ ਸੀ, ਪਰ ਨਫ਼ਰਤ ਵਧਾ ਕੇ ਮੰਨਿਆ ਤਾਂ ਕੀ ਮੰਨਿਆ।
ਆਪਣੀ ਜ਼ਬਾਨ ਦੀ ਅਹਿਮੀਅਤ ਬਾਰੇ ਮੈਨੂੰ ਪਤਾ ਲੱਗਾ ਕਿ 'ਜ਼ਬਾਨ ਈ ਬੰਦੇ ਦਾ ਅਸਲ ਹੁੰਦਾ ਏ ।' ਇਹ ਵੀ ਮਲੂਮ ਹੋਇਆ ਕਿ ਬੰਦੇ ਦੇ ਮੁੱਢਲੇ ਹੱਕਾਂ ਵਿੱਚੋਂ ਪਹਿਲਾ ਹੱਕ ਜ਼ਬਾਨ ਦਾ ਹੁੰਦਾ ਏ। ਪਰ ਮੇਰੇ ਮਨ ਵਿੱਚ ਸਵਾਲ ਪੈਦਾ ਹੋਇਆ ਕਿ ਪੰਜਾਬੀਆਂ ਨੂੰ ਇਹ ਮੁੱਢਲਾ ਹੱਕ ਕਿਉਂ ਨਹੀਂ ਮਿਲਿਆ ਯਾ ਪੰਜਾਬੀ ਆਪ ਈ ਜ਼ਬਾਨ ਦਾ ਹੱਕ ਨਹੀਂ ਲੈਂਦੇ। ਜੇ ਆਪ ਨਹੀਂ ਲੈਂਦੇ ਤਾਂ ਕਿਉਂ ਨਹੀਂ ਲੈਂਦੇ।
ਬੰਗਾਲ ਦੇ ਵੱਖ ਹੋਵਣ ਦਾ ਦੁੱਖ ਪਿੱਛੇ ਚਲਾ ਗਿਆ ਤੇ ਮੇਰੇ ਸੀਨੇ ਵਿੱਚ ਜ਼ਬਾਨ ਦਾ ਦੁੱਖ ਅੱਗੇ ਆ ਗਿਆ। ਇਹ ਸਵਾਲ ਪੁੱਛਣ ਨੂੰ ਮੇਰਾ ਜੀ ਤਾਂ ਬਹੁਤ ਕੀਤਾ, ਪਰ ਮਹੌਲ ਐਸਾ ਸੀ ਕਿ ਮੈਂ ਪੁੱਛ ਨਾ ਸਕਿਆ। ਮੈਂ ਹੁਜਰੇ ਵਿੱਚ ਆਂਵਦਾ ਜਾਂਦਾ ਰਿਹਾ, ਪਰ ਸਵਾਲ ਪੁੱਛਣ ਦੀ ਹਿੰਮਤ ਨਹੀਂ ਸੀ ਹੁੰਦੀ। ਮੈਂ ਤਾਂ ਸਿਰਫ ਸੁਣਦਾ ਸਾਂ । ਸਵਾਲ ਕਰਨ ਤੋਂ ਡਰਦਾ ਸਾਂ ਕਿ ਕਿਧਰੇ ਬੇਵਕੂਫ਼ੀ ਵਿੱਚ ਆਪਣਾ ਮੌਜੂ ਈ ਨਾ ਬਣਵਾ ਲਵਾਂ।
ਮੈਨੂੰ ਯਾਦ ਆਇਆ ਕਿ ਇੱਕ ਵਾਰ ਉਸਤਾਦ ਜੀ ਨੇ ਗੱਲਾਂ ਕਰਦਿਆਂ ਹੋਇਆਂ ਆਖਿਆ ਸੀ ਕਿ "ਬੰਦੇ ਨੂੰ ਆਪਣੀ ਪਛਾਣ ਕਰਨਾ ਬਹੁਤ ਮੁਸ਼ਕਲ ਹੁੰਦਾ ਏ। ਆਪਣਾ ਜੌਹਰ ਈ ਤਾਂ ਮਨੁੱਖ ਦਾ ਅਸਲ ਰੂਪ ਹੁੰਦਾ ਏ, ਪਰ ਆਪਣੀ ਸ਼ਨਾਖਤ ਅਤੇ ਆਪਣਾ ਆਪ ਜ਼ਾਹਰ ਹੋ ਜਾਵੇ ਤਾਂ ਫੇਰ ਹਯਾਤੀ ਕੁੱਝ ਸੁਖੀ ਹੋ ਜਾਂਦੀ ਏ।" ਮੇਰੇ ਲਈ ਇਹ ਬਹੁਤ ਨਵੀਂ ਤੇ ਨਿਵੇਕਲੀ ਗੱਲ ਸੀ ਕਿ ਆਪਣੀ ਸ਼ਨਾਖਤ ਕੀ ਹੁੰਦੀ ਏ।
ਉਹਨਾਂ ਫੇਰ ਗੱਲ ਕੀਤੀ ਕਿ "ਬੰਦਾ ਗਹੁ ਕਰੇ ਤਾਂ ਪਤਾ ਲੱਗ ਜਾਂਦਾ ਏ ਕਿ ਮੈਂ ਕੌਣ ਆਂ।" ਉਹਨਾਂ ਮੇਰੇ ਵੱਲ ਇਸ਼ਾਰਾ ਕਰਕੇ ਆਖਿਆ, "ਸ਼ੇਖੂਪੁਰੀਏ ਵੱਲ ਈ ਵੇਖੋ । ਮੇਰਾ ਦਿਲ ਕਹਿੰਦਾ ਏ ਕਿ ਇਹਦੇ ਵਿੱਚ ਕਹਾਣੀ ਕਹਿਣ ਦੇ ਜੌਹਰ ਹੈਣ।"
ਉਹਨਾਂ ਆਖਿਆ ਤੇ ਦੂਜੇ ਬੰਦਿਆਂ ਨੂੰ ਸੀ, ਗੱਲ ਮੇਰੀ ਹੋਈ ਸੀ । ਮੈਂ ਸੋਚਣ ਲੱਗ ਪਿਆ, ਭਲਾਂ ਮੈਨੂੰ ਕਹਾਣੀ ਦਾ ਕੀ ਪਤਾ ਹੋਵੇ। ਮੈਂ ਤਾਂ ਕਦੀ ਸੋਚਿਆ ਈ ਨਹੀਂ ਸੀ ਕਿ ਕਹਾਣੀ ਕਿੰਜ ਦੀ ਹੁੰਦੀ ਏ, ਕਿਉਂ ਹੁੰਦੀ ਏ ਤੇ ਕਿਵੇਂ ਕਹੀ ਜਾਂਦੀ ਏ। ਮੈਂ ਡਟ ਕੇ ਕਹਾਣੀ ਕਹਿਣ ਤੋਂ ਇਨਕਾਰ ਕਰਨਾ ਚਾਹਦਾ ਸਾਂ, ਪਰ ਕੁੱਝ ਅਦਬ ਪਾਰੋਂ ਤੇ ਕੁੱਝ ਲੋਕਾਂ ਦੀ ਮੌਜੂਦਗੀ ਪਾਰੋਂ ਚੁੱਪ ਈ ਰਿਹਾ।
ਸ਼ਾਮ ਹੋਵਣ ਵਾਲੀ ਸੀ। ਕੁੱਝ ਲੋਕ ਚਲੇ ਗਏ। ਇੱਕ ਦੋ ਅਜੇ ਜਿਹੜੇ ਬੈਠੇ ਸੀ, ਉਸਤਾਦ ਜੀ ਆਪ ਕਹਿ ਦਿੱਤਾ ਕਿ "ਮੈਂ ਜ਼ਰਾ ਅਰਾਮ ਕਰਨਾ ਚਾਹਦਾ ਆਂ"। ਬਾਕੀ ਦੇ ਬੰਦਿਆਂ ਨਾਲ ਮੈਂ ਵੀ ਉੱਠਿਆ ਤਾਂ ਉਹਨਾਂ ਮੈਨੂੰ ਆਖਿਆ, "ਸ਼ੇਖੂਪੁਰੀਆ! ਤੂੰ ਜ਼ਰਾ ਮੈਨੂੰ ਚਾਹ ਲਿਆ ਦੇ । ਇੱਕ ਆਪਣੇ ਲਈ ਵੀ ਲੈ ਆਵੀਂ ।" ਮੈਂ ਦੋ ਗਲਾਸ ਚਾਹ ਦੇ ਲੈ ਆਇਆ। ਪੀਣ ਲੱਗ ਪਏ। ਮੈਂ ਵੀ ਚਾਹ ਦਾ ਘੁੱਟ ਭਰਿਆ ਤਾਂ ਬੋਲੇ, "ਮੈਂ ਐਵੇਂ ਤੁੱਕਾ ਨਹੀਂ ਲਾਇਆ। ਤੂੰ ਕਹਾਣੀ ਕਹਿ ਸਕਨਾ ਏਂ। ਤੇਰੇ ਅੰਦਰ ਇੱਕ ਗਵੈੜੀ ਬੰਦਾ ਬੈਠਾ ਹੋਇਆ ਏ।"
ਮੈਂ ਅਦਬ ਨਾਲ ਝਿਜਕਦਿਆਂ ਝਿਜਕਦਿਆਂ ਗੱਲ ਕੀਤੀ, "ਪਰ ਮੈਂ ਤੇ ਕੁੱਝ ਨਹੀਂ ਜਾਣਦਾ।"
“ਤੂੰ ਬਹੁਤ ਕੁੱਝ ਜਾਣਨਾ ਏਂ। ਤੈਨੂੰ ਪਹਿਲੇ ਆਪਣਾ ਆਪ ਪਛਾਣਨ ਦੀ ਲੋੜ ਏ।" ਫੇਰ ਉਹਨਾਂ ਕਹਾਣੀਆਂ ਬਾਰੇ ਬਹੁਤ ਕੁੱਝ ਦੱਸਿਆ- ਆਮ ਕਹਾਣੀ ਤੇ ਫਿਲਮੀ ਕਹਾਣੀ ਵਿੱਚ ਕੀ ਫਰਕ ਹੁੰਦਾ ਏ, ਅਫ਼ਸਾਨੇ ਤੇ ਡਰਾਮੇ ਵਿੱਚ ਕੀ ਕੀ ਅਸਲੂਬ ਹੋਏ ਚਾਹੀਦੇ ਨੇ!
ਉਹਨਾਂ ਦੀਆਂ ਗੱਲਾਂ ਦਿਲ ਨੂੰ ਲਗਦੀਆਂ ਸਨ । ਉਹ ਆਪ ਵੀ ਬੜੇ ਏਤਬਾਰ ਤੇ ਯਕੀਨ ਨਾਲ ਮੈਨੂੰ ਕਹਿ ਰਹੇ ਸਨ ਕਿ ਤੇਰੇ ਅੰਦਰ ਕਹਾਣੀਕਾਰ ਤੇ ਗਵੈੜੀ ਬੰਦਾ ਬੈਠਾ
ਹੋਇਆ ਏ, ਪਰ ਮੈਂ ਸ਼ਾਇਰ ਸਾਂ ਤੇ ਸ਼ਾਇਰੀ ਕਰਨਾ ਚਾਂਹਦਾ ਸਾਂ।
ਮੈਂ ਹੋਰ ਕੋਈ ਸਵਾਲ ਨਾ ਕੀਤਾ। ਉਂਜ ਮੈਂ ਦਿਲੋਂ ਆਪਣੇ ਆਪ ਨੂੰ ਕਹਾਣੀਕਾਰ ਮੰਨਣ ਲਈ ਤਿਆਰ ਨਹੀਂ ਸਾਂ । ਉਹਨਾਂ ਮੈਨੂੰ ਇੱਕ ਕਿਤਾਬ "ਮੈਂ ਅਦੀਬ ਕੈਸੈ ਬਨਾ" ਦੇ ਕੇ ਆਖਿਆ, ਕਿ ਇਹਨੂੰ ਪੜ੍ਹ ਕੇ ਆਵੀਂ । ਫੇਰ ਇਹਦੇ ਬਾਰੇ ਗੱਲ ਕਰਾਂਗੇ।
ਮੈਂ ਕਿਤਾਬ ਲੈ ਕੇ ਘਰ ਆ ਗਿਆ। ਸੋਚਿਆ ਕਿ ਮੈਨੂੰ ਅਦੀਬ ਬਣਨ ਦੀ ਕੀ ਲੋੜ ਏ। ਮੈਂ ਸ਼ਾਇਰ ਆਂ ਤੇ ਸ਼ਾਇਰ ਈ ਬਣਾਂਗਾ। ਉਹ ਕਿਤਾਬ ਕਈ ਦਿਨ ਮੈਂ ਨਾ ਪੜ੍ਹੀ। ਘਰ ਈ ਰੁਲਦੀ ਰਹੀ।
ਆੜ੍ਹਤੀ ਦੇ ਆਖਣ ਮੂਜਬ ਮੈਨੂੰ ਤਾਂ ਫਿਲਮੀ ਗੀਤ ਲਿਖ ਕੇ ਪੈਸੇ ਕਮਾਵਣੇ ਸੀ।
ਮੇਰੀ ਵਹੁਟੀ ਇੱਕ ਹੋਰ ਜੀਅ ਨੂੰ ਜਨਮ ਦਿੱਤਾ। ਅਸਾਡੇ ਦੋ ਪੁੱਤਰ ਹੋ ਗਏ। ਮੇਰੀ ਵਹੁਟੀ ਬਹੁਤ ਖੁਸ਼ ਹੋਈ। ਉਹਦਾ ਹਾਸਾ ਐਵੇਂ ਈ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਹਦੇ ਪੂਰੇ ਵਜੂਦ ਵਿੱਚੋਂ ਖੁਸ਼ੀ ਤੇ ਮਾਣ ਦੀਆਂ ਲਹਿਰਾਂ ਉੱਠਦੀਆਂ ਸਨ। ਥੋੜ੍ਹੇ ਦਿਨਾਂ ਮਗਰੋਂ ਉੱਠ ਕੇ ਘਰ ਦੇ ਭਾਰੇ ਕੰਮ ਕਾਜ ਵੀ ਕਰਨ ਲੱਗ ਪਈ ਸੀ। ਮੈਂ ਇੱਕ ਦੋ ਵਾਰੀ ਆਖਿਆ ਕਿ ਭਲੀਏ ਲੋਕੇ ਕੁੱਝ ਦਿਨ ਹੋਰ ਅਰਾਮ ਕਰ ਲੈਂਦੀਉ ਤੇ ਚੰਗਾ ਸੀ । ਪਰ ਉਹਨੂੰ ਤਾਂ ਚਾਅ ਈ ਏਨਾ ਸੀ ਕਿ ਕਿਸੇ ਦੀ ਸੁਣਦੀ ਈ ਨਹੀਂ ਸੀ । ਨਾਲ਼ੇ ਉਹ ਵੇਖ ਰਹੀ ਸੀ ਕਿ ਜੇ ਉਹ ਘਰ ਦੇ ਕੰਮ ਨਾ ਕਰੇ ਤਾਂ ਹੋਰ ਕੌਣ ਸੀ ਕਰਨ ਵਾਲਾ । ਇਹ ਗੱਲ ਮੈਂ ਵੀ ਜਾਣਦਾ ਸਾਂ ਪਰ ਫੇਰ ਵੀ ਮੇਰਾ ਦਿਲ ਕਰਦਾ ਸੀ ਕਿ ਇਹ ਕੁੱਝ ਦਿਨ ਹੋਰ ਅਰਾਮ ਕਰ ਲਵੇ। ਸਾਡੇ ਘਰਾਂ ਦਾ ਕੀ ਏ, ਪਹਿਲੇ ਈ ਵੀਰਾਨ ਵੀਰਾਨ ਹੁੰਦੇ ਨੇ । ਵੀਰਾਨੀ ਵਿੱਚ ਹੋਰ ਵੀਰਾਨੀ ਵੀ ਹੋ ਜਾਵੇ ਤਾਂ ਕੀ ਫ਼ਰਕ ਪੈਂਦਾ ਏ।
ਪੁੱਤਰਾਂ ਦੀ ਹਫ਼ ਤੇ ਖੁਸ਼ੀ ਮੈਨੂੰ ਵੀ ਹੋਈ ਸੀ, ਪਰ ਮੈਂ ਸੋਚਦਾ ਸੀ ਕਿ ਇਹ ਵੀ ਮਸੂਮ ਅਸਾਡੇ ਵਾਂਗ ਈ ਹਯਾਤੀ ਭੋਗਣਗੇ। ਖੌਰੇ ਕਦੇ ਜੀਵਨ ਹੰਢਾਵਣਗੇ ਵੀ ਕਿ ਨਾ।"
ਮੇਰੀ ਵਹੁਟੀ ਮੈਨੂੰ ਟੋਕ ਕੇ ਆਖਿਆ ਕਰਦੀ, "ਇਹਨਾਂ ਦੇ ਲੇਖ ਇਹਨਾਂ ਨਾਲ ਤੇ ਅਸਾਡੇ ਲੇਖ ਅਸਾਡੇ ਨਾਲ । ਤੂੰ ਫਿਕਰ ਕਿਉਂ ਕਰਨਾ ਏਂ, ਜੋ ਤਕਦੀਰ ਵਿੱਚ ਹੋਇਆ ਉਹ ਈ ਮਿਲ ਸੀ। ਅੱਲਾ ਕਰੇ ਇਹਨਾਂ ਦੀ ਕਿਸਮਤ ਚੰਗੀ ਹੋਵੇ ?"
"ਹੋ ਸਕਦਾ ਏ ਜੋ ਤੂੰ ਆਖਦੀ ਹੈਂ ਠੀਕ ਹੋਵੇ, ਪਰ ਮੈਨੂੰ ਤੇ ਕੋਈ ਬਹੁਤੀ ਉਮੀਦ ਨਹੀਂ।”
"ਦਿਲ ਛੋਟਾ ਨਹੀਂ ਕਰੀਦਾ", ਵਹੁਟੀ ਮੈਨੂੰ ਤਸੱਲੀ ਦੇ ਕੇ ਆਖਿਆ ਕਰਦੀ ਸੀ। "ਹਰ ਜੰਮਣ ਵਾਲਾ ਆਪਣੇ ਲੇਖ ਨਾਲ ਲੈ ਕੇ ਆਂਵਦਾ ਏ।"
ਜਵਾਬ ਵਿੱਚ ਮੈਂ ਹੱਸ ਪੈਂਦਾ ਤੇ ਆਖਦਾ, "ਤੇਰੀ ਗੱਲ ਤਾਂ ਬਿਲਕੁਲ ਠੀਕ ਏ । ਏਸੇ ਲਈ ਤੇ ਅਸਾਡੇ ਲੇਖ ਅਸਾਡੇ ਵੱਲ ਈ ਆਂਵਦੇ ਨੇ ।" ਮੇਰੇ ਏਸ ਤਨਜ਼ 'ਤੇ ਉਹ ਨਰਾਜ਼ ਹੋ ਜਾਇਆ ਕਰਦੀ ਸੀ ਤੇ ਮੈਂ ਮਨਾਵਣ ਵਿੱਚ ਬਹੁਤੀ ਦੇਰ ਨਹੀਂ ਸਾਂ ਕੀਤੀ ਕਰਦਾ।
ਅਸਾਡੀ ਹਯਾਤੀ ਵਿੱਚ ਵਰ੍ਹਿਆਂ ਤੋਂ ਕੋਈ ਤਬਦੀਲੀ ਨਹੀਂ ਸੀ ਆ ਰਹੀ। ਨਸਲ
ਦਰ ਨਸਲ ਇੰਜ ਦੇ ਇੰਜ ਮਿਹਨਤ ਮੁਸ਼ੱਕਤ ਤੇ ਭੁੱਖ ਨੰਗ ਜਰਨ ਦੇ ਆਦੀ, ਘਰ ਨਾ ਘਾਟ, ਉਜਾੜਾਂ ਵਿੱਚ ਰਹਿਣ ਦੇ ਮਾਹਰ, ਹਰ ਕਿਸੇ ਦੀ ਝਿੜਕ ਸਹਿ ਕੇ ਅੱਗੋਂ ਦੰਦ ਕੱਢਣ ਲਈ ਮਜ਼ਬੂਰ ਤੇ ਬੇਬੱਸ ਲੋਕ, ਜਿੰਦਾ ਰਹਿਣ ਦੀ ਰੀਝ ਲਈ ਮੁਰਦੇ ਲੋਕ।
ਬੱਸ ਹੁਜਰੇ ਵਾਲਾ ਈ ਮੇਰੇ ਲਈ ਇਹਤਰਾਮ ਦੇ ਕਾਬਲ ਸੀ । ਉੱਥੇ ਈ ਮੈਨੂੰ ਕੁੱਝ ਸਕੂਨ ਮਿਲਦਾ ਸੀ। ਮੇਰੀ ਅੰਦਰਲੀ ਅੱਗ ਤੇ ਤਰੌਂਕਾ ਪੈਂਦਾ ਸੀ । ਭਾਂਬੜ ਭਾਵੇਂ ਬੁਝਦੇ ਨਹੀਂ ਸਨ ਪਰ ਘਟ ਜ਼ਰੂਰ ਜਾਂਦੇ ਸਨ । ਹੁਜਰੇ ਵਿੱਚ ਆਵਣ ਜਾਵਣ ਵਾਲਿਆਂ ਨੂੰ ਮੈਂ ਕੁੱਝ ਕੁੱਝ ਪਛਾਣਨ ਤੇ ਜਾਣਨ ਲੱਗ ਪਿਆ ਸਾਂ। ਕਈ ਮੇਰੇ ਨਾਲ ਗੱਲਬਾਤ ਵੀ ਕਰ ਲੈਂਦੇ ਸਨ। ਗੱਲਬਾਤ ਕਰਨ ਲਈ ਪਹਿਲੇ ਮੈਨੂੰ ਝਾਕਾ ਆਇਆ ਕਰਦਾ ਸੀ, ਪਰ ਉਸਤਾਦ ਜੀ ਮਦਦ ਕਰਕੇ ਮੇਰੇ ਲਈ ਬੋਲਣਾ ਸੌਖਾ ਬਣਾ ਦਿੰਦੇ ।
ਅੱਜ ਗੱਲ ਹੋ ਰਹੀ ਸੀ, “ਇਲਮ ਤੇ ਹੁਨਰ ਸਿੱਖਣ ਦੀ ਕੁੰਜੀ ਸਵਾਲ ਤੇ ਸ਼ੱਕ ਕਰਨਾ ਹੁੰਦਾ ਏ ।” ਉਸਤਾਦ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰਾ ਤਾਂ ਦਿਮਾਗ ਈ ਘੁੰਮ ਗਿਆ । ਦੂਜੇ ਲੋਕ ਗੱਲਾਂ ਪਏ ਕਰਦੇ ਸਨ ਪਰ ਮੈਂ ਉੱਲੂ ਵਾਂਗ ਬਿਟਰ ਬਿਟਰ ਵੇਖੀ ਜਾਂਦਾ ਸਾਂ। ਮੈਂ ਸੋਚਦਾ, "ਸਵਾਲ ਕਰਨਾ ਤੇ ਹੋਇਆ ਚਲੋ ਜੋ ਗੱਲ ਬੰਦੇ ਨੂੰ ਮਲੂਮ ਨਾ ਹੋਵੇ ਉਹ ਪੁੱਛ ਲਵੇ, ਪਰ ਸ਼ੱਕ ਕਰਨਾ ਤੌਬਾ ਤੌਬਾ।" ਮੇਰੀ ਸਮਝ ਤੋਂ ਈ ਬਾਹਰ ਸੀ। ਸਗੋਂ ਮੈਂ ਤਾਂ ਵੱਡਿਆਂ ਕੋਲੋਂ ਕਈ ਵਾਰ ਸੁਣਿਆ ਹੋਇਆ ਸੀ ਕਿ ਜੀਹਨੇ ਸ਼ੱਕ ਕੀਤਾ ਸੋ ਗੁੰਮਰਾਹ ਹੋਇਆ। ਖ਼ੌਰੇ ਇਹ ਕੁਰਾਨ ਸ਼ਰੀਫ਼ ਦੀ ਆਇਤ ਹੈ।
ਏਥੇ ਉਲਟੀ ਗੱਲ ਸੀ ਕਿ, "ਇਲਮ ਤੇ ਹੁਨਰ ਦੀ ਕੁੰਜੀ ਸਵਾਲ ਤੇ ਸ਼ੱਕ ਕਰਨਾ ਏ। ਖੌਰੇ ਮੈਂ ਪਾਗਲ ਆਂ ਯਾ ਇਹ ਹੁਜਰੇ ਵਾਲਾ ਗੁੰਮਰਾਹ ਲੱਗਦਾ ਏ। ਪਰ ਨਹੀਂ ਨਹੀਂ, ਹੁਜਰੇ ਵਾਲਾ ਗੁੰਮਰਾਹ ਨਹੀਂ ਹੋ ਸਕਦਾ। ਪਹਿਲਾ ਸ਼ੱਕ ਮੇਰੇ ਮਨ ਵਿੱਚ ਆਇਆ : ਇਹ ਹੁਜਰੇ ਵਾਲਾ ਤਾਂ ਲੋਕਾਂ ਦੀ ਖ਼ਿਦਮਤ ਕਰਦਾ ਰਹਿੰਦਾ ਏ । ਪੱਲਿਉਂ ਪੈਸੇ ਖਰਚ ਕਰਕੇ ਹਾਂਡੀ ਆਪਣੇ ਹੱਥਾਂ ਨਾਲ ਪਕਾਂਵਦਾ ਏ, ਫੇਰ ਲੋਕਾਂ ਨੂੰ ਖਵਾ ਕੇ ਖੁਸ਼ ਹੁੰਦਾ ਏ। ਇਲਮ ਤੇ ਦਾਨਾਈ ਵੰਡਦਾ ਏ। ਇਹ ਗੁੰਮਰਾਹ ਕਿਵੇਂ ਹੋ ਸਕਦਾ ਏ। ਮੇਰੀ ਈ ਸਮਝ ਵਿੱਚ ਕੋਈ ਖ਼ਰਾਬੀ ਏ।
ਮੈਨੂੰ ਉਸ ਵੇਲੇ ਹੁਜਰੇ ਵਾਲ਼ੇ ਦਾ ਈ ਇੱਕ ਸ਼ੇਅਰ ਯਾਦ ਆਇਆ ਜਿਹੜਾ ਉਹਨਾਂ ਪਹਿਲਾਂ ਏਥੇ ਗੱਲ ਕਰਦਿਆਂ ਕਰਦਿਆਂ ਸੁਣਾਇਆ ਸੀ:
ਜੇ ਚਾਹਨਾਂ ਏ ਤੈਨੂੰ ਜ਼ਰਬ ਨਾ ਕੋਈ ਲੱਗੇ
ਫਿਰ ਜਾਹਲਾਂ ਵਿੱਚ ਦਾਨਾਈ ਤਕਸੀਮ ਨਾ ਕਰ
ਜੇ ਸ਼ੱਕ ਕਰਨਾ ਦਾਨਾਈ ਏ ਤਾਂ ਫਿਰ ਮੈਂ ਜਾਹਲ ਹਾਂ। ਜੇ ਸ਼ੱਕ ਕਰਨਾ ਗੁੰਮਰਾਹੀ ਏ ਤਾਂ ਫੇਰ ਮੈਂ ਕੌਣ ਆਂ ਤੇ ਹੁਜਰੇ ਵਾਲਾ ਕੌਣ ਏ। ਮੇਰੇ ਅੰਦਰ ਇਹ ਸ਼ੱਕ ਜੜ ਫੜ ਗਿਆ। ਮੈਂ ਮੌਕਾ ਭਾਲਦਾ ਕਿ ਜਦ ਵੀ ਦਾਅ ਲੱਗਾ ਮੈਂ ਇਹਦੇ ਬਾਰੇ ਜ਼ਰੂਰ ਸਵਾਲ ਕਰਸਾਂ।
ਪਤਾ ਨਹੀਂ ਉਸਤਾਦ ਜੀ ਕਿਉਂ ਮਹਿਫ਼ਲ ਬਰਖ਼ਾਸਤ ਹੋਵਣ ਮਗਰੋਂ ਘੰਟਾ ਅੱਧਾ ਘੰਟਾ ਜਾਂ ਝੱਟ ਪਲ ਮੈਨੂੰ ਬਹਿ ਰਹਿਣ ਲਈ ਆਖਦੇ ਸੀ। ਬਹੁਤ ਅਰਸੇ ਬਾਅਦ ਮਲੂਮ ਹੋਇਆ ਕਿ ਉਹਨਾਂ ਮੈਥੋਂ ਕੁੱਝ ਪੁੱਛਣ ਲਈ ਤੇ ਕੁੱਝ ਸਮਝਾਵਣ ਲਈ ਇਹ ਰਵੱਈਆ
ਬਣਾਇਆ ਹੋਇਆ ਸੀ।
ਮਹਿਫ਼ਲਾਂ ਤਾਂ ਰੋਜ਼ ਈ ਲੱਗਦੀਆਂ ਸਨ, ਮੈਂ ਈ ਕਦੀ ਕਦੀ ਆਂਵਦਾ ਸਾਂ। ਕਦੇ ਕਦੇ ਤਾਂ ਬੈਠਕ ਕਾਫ਼ੀ ਰਾਤ ਤੀਕਰ ਰਹਿੰਦੀ ਸੀ । ਬਹਿਸਾਂ ਹੁੰਦੀਆਂ ਰਹਿੰਦੀਆਂ ਸਨ। ਕਿਤਾਬਾਂ ਦੀਆਂ ਗੱਲਾਂ, ਅਦਬ ਤੇ ਸਿਆਸਤ ਦੇ ਨਾਲ ਨਾਲ ਸਮਾਜੀ ਰਸਮੇਂ ਰਿਵਾਜ਼ ਦੀਆਂ, ਇਨਸਾਨੀ ਰਿਸ਼ਤੇ ਤੇ ਜਜ਼ਬਿਆਂ ਦੀਆਂ ਗੱਲਾਂ। ਲੋਕ ਸਵਾਲ ਕਰਦੇ ਸਨ ਤੇ ਹੁਜਰੇ ਵਾਲਾ ਬੜੀ ਤਫ਼ਸੀਲ ਤੇ ਸਿੱਧੇ ਸਾਦੇ ਲਫ਼ਜ਼ਾਂ ਨਾਲ ਹਰ ਗੱਲ ਨੂੰ ਵੇਰਵੇ ਨਾਲ ਸਮਝਾ ਦਿੰਦਾ ਸੀ। ਲੋਕ ਖੁਸ਼ ਤੇ ਮੁਤਮਈਅਨ ਜਾਪਦੇ ਸਨ । ਹੁਜਰੇ ਵਾਲੇ ਨਾਲ ਸਵਾਲ ਕਰਨ ਦੀ ਮੇਰੀ ਹਿੰਮਤ ਨਾ ਹੁੰਦੀ, ਪਰ ਸਵਾਲ ਕਰਨ ਨੂੰ ਮੇਰਾ ਦਿਲ ਬਹੁਤ ਕਰਦਾ ਸੀ।
ਇੱਕ ਵਾਰ ਸਵਾਲ ਕਰਨ ਦਾ ਮੌਕਾ ਮਿਲ ਗਿਆ । ਹੁਜਰੇ ਵਾਲਾ ਇਕੱਲਾ ਈ ਸੀ। ਗਰਮੀਆਂ ਦੇ ਦਿਨ ਸਨ। ਸਿਰ ਉੱਤੇ ਸੂਰਜ ਸੀ । ਮੈਂ ਆਇਆ ਤੇ ਸਲਾਮ ਕਰਕੇ ਬੈਠ ਗਿਆ। ਉਹਨਾਂ ਈ ਆਖਿਆ, "ਕੁੱਝ ਤੂੰ ਵੀ ਬੋਲਿਆ ਕਰ । ਲੋਕ ਗੱਲਾਂ ਕਰਦੇ ਰਹਿੰਦੇ ਨੇ, ਤੂੰ ਚੁੱਪ ਕਰਕੇ ਬਹਿ ਰਹਿਨਾਂ ਏਂ।"
ਮੈਂ ਡਰਦਿਆਂ ਡਰਦਿਆਂ ਬੋਲਿਆ, "ਕੁੱਝ ਪੁੱਛਣ ਲਈ ਜੀਅ ਤਾਂ ਬਹੁਤ ਕਰਦਾ ਏ, ਪਰ ਆਪਣੇ ਕਮ-ਇਲਮੋਂ ਪਾਰੋਂ ਲਫ਼ਜ਼ ਨਹੀਂ ਮੂੰਹੋਂ ਨਿੱਕਲਦੇ ।"
"ਜੇ ਕੁੱਝ ਬੋਲੇਂਗਾ ਤਾਂ ਲਫ਼ਜ਼ ਵੀ ਮੂੰਹੋਂ ਨਿੱਕਲਣਗੇ।"
"ਇੱਕ ਸਵਾਲ ਸੀ", ਮੈਂ ਝਿਜਕਦਿਆਂ ਝਿਜਕਦਿਆਂ ਹੋਇਆਂ ਆਖਿਆ।
"ਹੂੰ, ਕੀ ਸਵਾਲ ਸੀ ?"
"ਇਹ ਈ ਤੁਸਾਂ ਹਾਂਡੀ ਬੜੇ ਸ਼ੌਕ ਤੇ ਮਿਹਨਤ ਨਾਲ ਪਕਾਵੰਦੇ ਓ, ਪੈਸੇ ਵੀ ਪੱਲਿਉਂ ਖਰਚ ਕਰਦੇ ਓ, ਕੋਇਲਿਆਂ ਦੇ ਧੂਏ ਨਾਲ਼ ਇਹ ਤੰਗ ਹੁਜਰਾ ਭਰ ਜਾਂਦਾ ਏ, ਤੁਹਾਨੂੰ ਤਕਲੀਫ ਵੀ ਹੁੰਦੀ ਏ। ਮੈਂ ਵੇਖਿਆ ਏ ਉਸ ਵੇਲੇ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੁੰਦਾ ਏ, ਖੰਘ ਵੀ ਹੁੰਦੀ ਏ, ਮੁੜ੍ਹਕਾ ਵੀ ਚੋਂਦਾ ਰਹਿੰਦਾ ਏ, ਗਰਮੀ ਪਾਰੋਂ ਜਰੇ ਜਰੇ ਮਗਰੋਂ ਪਾਣੀ ਪੀਂਦੇ ਓ, ਪਰ ਅੱਗ ਸਾਹਮਣੇ ਬੈਠੇ ਹਾਂਡੀ ਪਕਾਈ ਜਾਂਦੇ ਓ।"
“ਹੁੰ, ਤਾਂ ਫੇਰ", ਉਹ ਮੁਸਕਰਾਏ।
"ਫੇਰ ਖਾਵਣ ਵੇਲੇ ਦੂਜਿਆਂ ਦੇ ਮੂੰਹ ਵਿੱਚ ਬੁਰਕੀਆਂ ਆਪਣੇ ਹੱਥਾਂ ਵਿੱਚ ਪਾਂਵਦੇ ਓ, ਕਦੀ ਕਦੀ ਤਾਂ ਤੁਸਾਂ ਆਪ ਭੁੱਖੇ ਰਹਿ ਜਾਂਦੇ ਓ। ਬਜ਼ਾਰੋਂ ਦਾਲ ਮੰਗਵਾ ਕੇ ਤੁਸਾਂ ਆਪਣੀ ਭੁੱਖ ਮਿਟਾਵੰਦੇ ਓ, ਇਹ ਗੱਲ ਮੇਰੀ ਸਮਝ ਵਿੱਚ ਨਹੀਂ ਪਈ ਆਂਵਦੀ ਕਿ ਇੰਜ ਕਿਉਂ ਹੁੰਦਾ ਏ- ਖੇਚਲ ਕਰਕੇ ਦੂਜਿਆਂ ਨੂੰ ਖਵਾ ਦੇਣਾ ।" ਸ਼ੱਕ ਕਰਨ ਵਾਲਾ ਸਵਾਲ ਈ ਨਹੀਂ ਸਾਂ ਪੁੱਛ ਰਿਹਾ ਯਾ ਖੌਰੇ ਮੇਰੀ ਹਿੰਮਤ ਈ ਨਹੀਂ ਸੀ ਹੋ ਰਹੀ ਕਿ ਕੋਈ ਇਲਮੀ ਸਵਾਲ ਈ ਪੁੱਛ ਲਵਾਂ। ਬੱਸ ਰੋਟੀ ਬਾਰੇ ਮੈਂ ਬੋਲੀ ਜਾ ਰਿਹਾ ਸਾਂ। ਉਸਤਾਦ ਜੀ ਬੜੇ ਗਹੁ ਨਾਲ ਸੁਣ ਰਹੇ ਸਨ। ਮੈਂ ਆਖਿਆ, "ਇੰਜ ਇਹ ਇੱਕ ਦੋ ਵਾਰ ਨਹੀਂ, ਕਈ ਵਾਰ ਹੋਇਆ ਏ। ਮੈਂ ਤੁਹਾਨੂੰ ਲੋਕਾਂ ਨੂੰ ਰਜਾ ਕੇ ਖਵਾਂਦਿਆਂ ਤੇ ਆਪ ਫਾਕੇ ਕਰਦਿਆਂ ਵੇਖਿਆ ਏ। ਇਹਦਾ ਕੀ ਕਾਰਨ ਏ ?"
ਉਹਨਾਂ ਆਖਿਆ, "ਸ਼ੇਖੂਪੁਰੀਆ! ਏਸ ਕਾਇਨਾਤ ਦੀ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਖਿਦਮਤ ਕਰਦੀ ਰਹਿੰਦੀ ਏ। ਇਨਸਾਨ ਨੂੰ ਵੀ ਚਾਹੀਦਾ ਏ ਕਿ ਇਸ
ਫਿਤਰਤ ਦੀ ਮਦਦ ਕਰੇ, ਪਰ ਬਹੁਤ ਘੱਟ ਇਨਸਾਨ ਇੰਜ ਦਾ ਜਜ਼ਬਾ ਰੱਖਦੇ ਨੇ । ਮੈਂ ਆਪਣੇ ਏਸ ਅਮਲ ਨਾਲ ਕੁਰਬਾਨੀ ਦੇਣ ਦੀ ਜਾਚ ਪਿਆ ਸਿੱਖਨਾ ਵਾਂ ਤਾਂ ਜੁ ਕੱਲ੍ਹ ਨੂੰ ਵੱਡੀ ਤੋਂ ਵੱਡੀ ਚੀਜ਼ ਦਾਨ ਕਰਨ ਵੇਲੇ ਮੈਨੂੰ ਕੋਈ ਅਫ਼ਸੋਸ ਨਾ ਹੋਵੇ ।" ਉਸਤਾਦ ਜੀ ਆਪਣੀ ਗੱਲ ਕਰਕੇ ਕੁੱਝ ਬੁਝੇ ਜਾਪਦੇ ਸਨ, ਉਦਾਸ ਹੋ ਗਏ ਸਨ । ਮੈਂ ਗੱਲ ਵਲਾਣ ਲਈ ਆਖਿਆ, "ਉਸਤਾਦ ਜੀ! ਏਨਾ ਵਧੀਆ ਹਾਂਡੀ ਪਕਾਵਣ ਦਾ ਵੱਲ ਤੁਸਾਂ ਕਿੱਥੋਂ ਸਿੱਖਿਆ ਏ ?"
ਮੇਰੇ ਸਵਾਲ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ। ਮੈਂ ਵੀ ਫੇਰ ਪੁੱਛਣ ਦੀ ਹਿੰਮਤ ਨਾ ਕੀਤੀ। ਉਸ ਦਿਨ ਮੈਂ ਉਹਨਾਂ ਨੂੰ ਉਦਾਸ ਛੱਡ ਕੇ ਈ ਆ ਗਿਆ। ਅਗਲੀ ਵਾਰ ਜਦ ਗਿਆ ਤਾਂ ਉਹਨਾਂ ਆਖਿਆ, "ਹਾਂ ਬਈ ਸ਼ੇਖੂਪੁਰੀਆ । ਸਭ ਤਿਆਰੀਆਂ ਹੋ ਗਈਆਂ ਨੇ। ਬਹਿ ਜਾ ਹੁਣੇ ਚੱਲਨੇ ਆਂ।”
ਮੈਨੂੰ ਕੁੱਝ ਸਮਝ ਨਾ ਆਈ ਕਾਹਦੀਆਂ ਤਿਆਰੀਆਂ ਤੇ ਕਿੱਥੇ ਜਾਣਾ ਏ ? ਪਰ ਮੈਂ ਚੁੱਪ ਕਰਕੇ ਬੈਠ ਗਿਆ । ਪਹਿਲੇ ਤੋਂ ਮੌਜੂਦ ਲੋਕ ਉੱਠ ਕੇ ਜਾਵਣ ਲੱਗ ਪਏ। ਉਸਤਾਦ ਜੀ ਕਹਿ ਰਹੇ ਸਨ, "ਮੈਂ ਇਹਦੇ ਨਾਲ ਜ਼ਰਾ ਸ਼ੇਖੂਪੁਰੇ ਜਾਣਾ ਏ ।" ਜਦ ਸਾਰੇ ਲੋਕ ਚਲੇ ਗਏ ਤਾਂ ਉਹਨਾਂ ਦੱਸਿਆ, "ਅੱਜ ਜ਼ਰਾ ਬਾਹਰ ਜਾਵਣ ਨੂੰ ਦਿਲ ਪਿਆ ਕਰਦਾ ਸੀ, ਕੋਈ ਬਹਾਨਾ ਤਾਂ ਕਰਨਾ ਸੀ, ਮੁਆਫ਼ ਕਰੀਂ ਯਾਰ ।" ਮੈਂ ਕੁੱਝ ਨਾ ਬੋਲਿਆ। ਉਹਨਾਂ ਦੇ ਉੱਠਣ ਬੈਠਣ ਤੋਂ ਜਾਪਦਾ ਸੀ ਕਿ ਅਜੇ ਤੀਕਰ ਉਦਾਸ ਨੇ, ਉਦਾਸੀ ਦਾ ਕੀ ਕਾਰਨ ਸੀ, ਮਾਲੂਮ ਨਹੀਂ ਸੀ ਮੈਨੂੰ।
ਹੁਜਰੇ ਨੂੰ ਜੰਦਰਾ ਮਾਰ ਕੇ ਅਸਾਂ ਮੰਟੋ ਪਾਰਕ ਵੱਲ ਆਏ। ਕੁੱਝ ਦੇਰ ਪਾਰਕ ਵਿੱਚ ਫਿਰਦੇ ਰਹੇ, ਫੇਰ ਇੱਕ ਪਾਸੇ ਘਾਹ ਉੱਤੇ ਬੈਠ ਗਏ । ਕੁੱਝ ਗੰਡੇਰੀਆਂ ਲਈਆਂ ਤੇ ਚੂਪਣ ਲੱਗ ਪਏ।
ਉਹਨਾਂ ਆਖਿਆ, "ਸ਼ੇਖੂਪੁਰੀਆ ! ਤੂੰ ਚੰਗੀ ਹਾਂਡੀ ਪਕਾਵਣ ਦਾ ਸਵਾਲ ਪੁੱਛਿਆ ਸੀ।"
"ਜੀ, ਤੁਸਾਂ ਮੇਰੇ ਸਵਾਲ ਉੱਤੇ ਖੌਰੇ... ਮੈਂ ਫੇਰ ਹੌਂਸਲਾ ਨਹੀਂ ਸਾਂ ਕਰ ਰਿਹਾ।"
“ਨਹੀਂ, ਉਹ ਤੇਰੇ ਸਵਾਲ ਦੀ ਵਜ੍ਹਾ ਨਹੀਂ ਸੀ।" ਉਹਨਾਂ ਆਖਿਆ। "ਮੈਨੂੰ ਕੁੱਝ ਹੋਰ ਯਾਦ ਆ ਗਿਆ ਸੀ । ਚੰਗੀ ਹਾਂਡੀ ਪਕਾਵਣ ਦੀ ਜਾਚ ਤਾਂ ਮੈਂ ਆਪਣੀ ਮਾਂ ਕੋਲੋਂ ਸਿੱਖੀ ਏ। ਹੁਣ ਤੂੰ ਆਖੇਂਗਾ ਮਾਂ ਕਿੱਥੋਂ ਵੱਲ ਸਿੱਖਿਆ ਸੀ, ਗਰੀਬ ਦੇ ਘਰ ਤਾਂ ਕਦੇ ਪੂਰਾ ਆਟਾ ਨਹੀਂ ਹੁੰਦਾ, ਚੰਗੀ ਹਾਂਡੀ ਕਿੱਥੋਂ ਆਈ।"
"ਸ਼ੇਖੂਪੁਰੀਆ! ਅਸੀਂ ਦਰਜੀ ਹੁੰਨੇ ਆਂ ਤੇ ਮੇਰੀ ਮਾਂ ਧੋਬਣ ਸੀ । ਮੇਰਾ ਪਿਉ ਸਿੱਧਾ ਸਾਦਾ ਤੇ ਸਾਊ ਢੱਗੇ ਵਾਂਗਰ ਹੁੰਦਾ ਸੀ। ਬਿਲਕੁਲ ਸਿਰ ਨਾ ਚੁੱਕਣ ਵਾਲਾ । ਮੇਰਾ ਦਾਦਾ ਚਲਾਕ ਤੇ ਜ਼ਾਲਮ ਸੀ । ਜਿਵੇਂ ਹਰ ਬਰਾਦਰੀ ਵਿੱਚ ਇੱਕ ਚੌਧਰੀ ਹੁੰਦਾ ਏ, ਇੰਜ ਹੀ ਮੇਰਾ ਦਾਦਾ ਆਪਣੀ ਬਰਾਦਰੀ ਵਿੱਚ ਚੌਧਰੀ ਕਿਸਮ ਦਾ ਬੰਦਾ ਸੀ, ਪੈਸੇ ਵਾਲਾ ਬੰਦਾ ਸੀ। ਖੋਹ ਮਾਰ ਵੀ ਕਰ ਲਿਆ ਕਰਦਾ ਸੀ, ਸੱਜੇ ਖੱਬੇ ਦਾਅ ਦੱਪਾ ਵੀ ਲਾ ਲਿਆ ਕਰਦਾ ਸੀ।
ਦਾਦਾ ਜ਼ਾਲਮ ਤੇ ਬੇ-ਦਾਤਾ, ਪਿਉ ਸਿੱਧਾ ਸਾਦਾ, ਸਾਊ, ਏਸੇ ਕਰਕੇ ਮੇਰੇ ਪਿਉ ਨੂੰ
ਬਰਾਦਰੀ ਵਿੱਚੋਂ ਕੋਈ ਰਿਸ਼ਤਾ ਦੇਵਣ ਨੂੰ ਤਿਆਰ ਨਾ ਹੋਇਆ। ਮੇਰੀ ਮਾਂ ਗਰੀਬ ਤੇ ਸ਼ਰੀਫ਼ ਧੋਬੀ ਦੀ ਧੀ ਸੀ, ਬਹੁਤ ਹੀ ਗਰੀਬ ਸੀ ਮੇਰਾ ਨਾਨਕਾ ਝੁੱਗਾ। ਮੇਰੇ ਦਾਦੇ, ਉਸ ਗਰੀਬ ਧੋਬੀ ਨੂੰ ਕੁੱਝ ਪੈਸਿਆਂ ਦਾ ਲਾਲਚ ਦੇ ਕੇ ਮੇਰੀ ਮਾਂ ਨੂੰ ਮੇਰੇ ਪਿਉ ਨਾਲ ਵਿਆਹ ਦਿੱਤਾ। ਭਾਵੇਂ ਪੈਸੇ ਦਾ ਸੌਦਾ ਸੀ ਪਰ ਮੇਰੀ ਮਾਂ ਨੇ ਧੀਆਂ ਵਾਂਗਰ ਕਬੂਲ ਕਰ ਲਿਆ ਤੇ ਮੇਰੇ ਪਿਉ ਨੂੰ ਆਪਣਾ ਮਜਾਜ਼ੀ ਖੁਦਾ ਮਿਥ ਕੇ ਸੇਵਾ ਕਰਦੀ ਰਹੀ। ਪਿਉ ਰੇਲਵੇ ਵਿੱਚ ਦਰਜ਼ੀਆਂ ਦਾ ਕੰਮ ਕਰਦਾ ਸੀ, ਖੌਰੇ ਠੇਕੇ ਉੱਤੇ ਕੰਮ ਲਿਆ ਹੋਇਆ ਸੀ।
ਮੇਰੀ ਮਾਂ ਗੋਰੀ ਚਿੱਟੀ, ਖੂਬਸੂਰਤ ਤੇ ਸਿਹਤਮੰਦ ਸੀ। ਮੇਰਾ ਦਾਦਾ ਜਿਹੜਾ ਪੈਸਿਆਂ ਦੇ ਜ਼ੋਰ ਨਾਲ ਮੇਰੀ ਮਾਂ ਨੂੰ ਵਿਆਹ ਕੇ ਲਿਆਇਆ ਸੀ, ਸ਼ੁਰੂ ਤੋਂ ਈ ਮੇਰੀ ਮਾਂ ਨੂੰ ਮੈਲੀ ਨਜ਼ਰੇ ਵੇਖਣ ਲੱਗ ਪਿਆ। ਮੇਰੀ ਦਾਦੀ ਪਤਾ ਨਹੀਂ ਕਦੋਂ ਮਰ ਗਈ ਹੋਈ ਸੀ । ਮੇਰਾ ਪਿਉ ਭਾਵੇਂ ਭਲਾਮਾਣਸ ਤੇ ਆਪਣੇ ਪਿਉ ਕੋਲੋਂ ਡਰਨ ਵਾਲਾ ਬੰਦਾ ਸੀ, ਪਰ ਮੇਰੀ ਮਾਂ ਅਣਖੀ ਤੇ ਬਹਾਦਰ ਔਰਤ ਸੀ। ਉਸ ਮੇਰੇ ਦਾਦੇ ਦੀ ਕੋਈ ਗੱਲ ਨਾ ਸੁਣੀ। ਏਸੇ ਵਜ੍ਹਾ ਤੋਂ ਖਿਝ ਕੇ ਦਾਦਾ ਮੇਰੇ ਪਿਉ ਨੂੰ ਬਹਾਨੇ ਨਾਲ ਵੇਲੇ ਕੁਵੇਲੇ ਮਾਰਦਾ ਤੇ ਬੇਇੱਜ਼ਤ ਕਰਦਾ ਰਹਿੰਦਾ ਸੀ । ਬਾਅਦ ਵਿੱਚ ਮੇਰੇ ਨਾਲ ਵੀ ਦਾਦੇ ਦਾ ਇਹ ਨਫ਼ਰਤ ਵਾਲਾ ਸਲੂਕ ਰਿਹਾ। ਉਹ ਮੈਨੂੰ ਬੇਰਹਿਮੀ ਤੇ ਨਫ਼ਰਤ ਨਾਲ ਕੁੱਟਦਾ ਹੁੰਦਾ ਸੀ। ਇੱਕ ਵਾਰੀ ਸ਼ੇਖੂਪੁਰੀਆ! ਮੇਰੀ ਫੂਫੀ ਆਈ ਹੋਈ ਸੀ, ਉਹਦੇ ਨਾਲ ਉਹਦਾ ਪੁੱਤਰ ਵੀ ਆਇਆ। ਉਦੋਂ ਮੈਂ ਚੌਥੀ ਜਮਾਤ ਵਿੱਚ ਸਾਂ ਤੇ ਉਸ ਫੂਫੀ ਦਾ ਪੁੱਤਰ ਸੱਤਵੀਂ ਜਮਾਤ ਵਿੱਚ ਪੜ੍ਹਾਕੂ । ਉਹਦੇ ਕੋਲ ਕੋਈ ਕਿਤਾਬ ਸੀ। ਬੈਠਿਆਂ ਬੈਠਿਆਂ ਉਹਦੇ ਕੋਲੋਂ ਕਿਤਾਬ ਲੈ ਕੇ ਮੈਂ ਵੇਖਣ ਲੱਗ ਪਿਆ। ਬਾਹਰੋਂ ਦਾਦਾ ਆਇਆ। ਉਸ ਚੰਡ ਮਾਰ ਕੇ ਮੇਰੇ ਹੱਥੋਂ ਕਿਤਾਬ ਖੋਹ ਲਈ ਤੇ ਆਖਿਆ :
"ਤੇਰੇ ਜੇਹੇ ਗਸ਼ਤੀ ਦੇ ਪੁੱਤਰ ਨੂੰ ਇਲਮ ਦੀ ਕੀ ਲੋੜ ਏ। ਐਵੇਂ ਕਿਤਾਬ ਨੂੰ ਹੱਥ ਨਾ ਲਾਇਆ ਕਰ ।" ਇੱਕ ਚੰਡ ਦਾਦੇ ਹੋਰ ਮਾਰ ਦਿੱਤੀ। ਆਪਣੀ ਗੱਲ ਕਰਕੇ ਉਸਤਾਦ ਜੀ ਰੋਣ ਲੱਗ ਪਏ ਸਨ । ਉਹਨਾਂ ਦੀਆਂ ਅੱਖਾਂ ਵਿੱਚੋਂ ਖੂਹ ਦੀਆਂ ਟਿੰਡਾਂ ਵਾਂਗਰ ਅੱਥਰੂ ਵਗ ਰਹੇ ਸਨ। ਕੁੱਝ ਦੇਰ ਇੰਜ ਈ ਸੋਗ ਭਰਿਆ ਵੇਲਾ ਰਿਹਾ। ਮੈਂ ਹੈਰਾਨੀ ਨਾਲ ਵੇਖ ਰਿਹਾ ਸਾਂ- "ਏਨਾ ਨੰਗਾ ਸੱਚ!" ਮੇਰੀ ਤਾਂ ਸੋਚ ਤੋਂ ਵੀ ਅੱਗੇ ਸੀ। ਫੇਰ ਬੋਲੇ, "ਹੁਜਰੇ ਵਿੱਚ ਜਿੰਨੀਆਂ ਕਿਤਾਬਾਂ ਨੇ ਉਹ ਸਾਰੀਆਂ ਪੜ੍ਹਕੇ ਵੀ ਮੈਨੂੰ ਇਲਮ ਵਾਲੀ ਉਹ ਗੱਲ ਨਾ ਭੁੱਲੀ। ਦਾਦਾ ਮੇਰੇ ਪਿਉ ਕੋਲੋਂ ਦਾਬੇ ਨਾਲ ਸਾਰੀ ਦੀ ਸਾਰੀ ਮਜ਼ਦੂਰੀ ਦੀ ਰਕਮ ਖੋਹ ਲੈਂਦਾ ਸੀ। ਅਸਾਡੇ ਉੱਤੇ ਫ਼ਾਕੇ ਦੇ ਦਿਨ ਵੀ ਆਏ। ਦਾਦਾ ਦਿਨੋਂ-ਦਿਨ ਹੋਰ ਕਮੀਨਾ ਤੇ ਕੌੜਾ ਹੁੰਦਾ ਜਾ ਰਿਹਾ ਸੀ। ਦਾਦੇ ਦੀ ਕਮੀਨਗੀ ਤੋਂ ਤੰਗ ਆ ਕੇ ਅਸਾਨੂੰ ਅਸਾਡੀ ਮਾਂ ਆਪਣੀ ਭੈਣ ਕੋਲ ਬਾਗ਼ਬਾਨਪੁਰੇ ਲੈ ਆਈ।
ਪਿਉ ਨੂੰ ਰੇਲਵੇ ਦੇ ਮਹਿਕਮੇ ਵਿੱਚੋਂ ਜਵਾਬ ਮਿਲ ਗਿਆ। ਮੇਰੀ ਮਾਂ ਏਥੇ ਬਾਗ਼ਬਾਨਪੁਰੇ ਵਿੱਚ ਇੱਕ ਚੌਧਰੀ ਦੇ ਘਰ ਨੌਕਰਾਣੀ ਲੱਗ ਗਈ। ਚੌਧਰੀਆਂ ਦੇ ਘਰ ਭਾਂਡੇ ਮਾਂਝਦੀ, ਕੱਪੜੇ ਧੋਂਦੀ, ਤੇ ਹਾਂਡੀ ਰੋਟੀ ਵੀ ਕਰਦੀ । ਮੈਂ ਵੀ ਮਾਂ ਦੇ ਨਾਲ ਹੱਥ ਵਟਾਂਦਾ ਸਾਂ। ਚੌਧਰੀ ਚੰਗਾ ਖਾਂਦੇ ਸਨ, ਚੰਗਾ ਪੱਕਦਾ ਸੀ। ਚੰਗੀ ਹਾਂਡੀ ਪਕਾਵਣੀ ਮੇਰੀ ਮਾਂ ਉੱਥੋਂ ਸਿੱਖੀ
ਸੀ ਤੇ ਮੈਂ ਮਾਂ ਕੋਲੋਂ ਸਿੱਖ ਲਿਆ ਸੀ।"
ਉਸ ਦਿਨ ਉਸਤਾਦ ਜੀ ਸਭ ਕੁੱਝ ਦੱਸੀ ਜਾਂਦੇ ਸਨ ਤੇ ਰੋ ਵੀ ਰਹੇ ਸਨ। ਪਾਰਕ ਵਿੱਚ ਲੋਕ ਖੁਸ਼ ਫਿਰ ਰਹੇ ਸਨ । ਬਾਲ ਖੇਡਦੇ ਚੰਗੇ ਲਗਦੇ ਸਨ। ਕੁੜੀਆਂ ਮੁੰਡੇ ਆਵਦੇ ਜਾਂਦੇ ਕੋਲੋਂ ਲੰਘਦਿਆਂ ਹੋਇਆਂ ਇੱਕ ਦੂਜੇ ਨੂੰ ਕਾਣੀ ਅੱਖ ਕਰਕੇ ਵੇਖਦੇ ਹੋਏ ਬਹੁਤ ਭਲੇ ਤੇ ਮਾਸੂਮ ਜਾਪਦੇ ਸਨ ।
ਕੁੱਝ ਟੋਲੀਆਂ ਇੱਕ ਦੂਜੇ ਦੇ ਫੋਟੋ ਬਨਾਵਣ ਵਿੱਚ ਬੜੇ ਮਗਨ ਤੇ ਕਹਿਕਹੇ ਲਾਂਵਦੇ ਸਨ। ਉਸਤਾਦ ਜੀ ਬੋਲ ਰਹੇ ਸਨ, "ਸ਼ੇਖੂਪੁਰੀਆ ? ਬੜੇ ਬੁਰੇ ਦਿਨ ਸਨ ਉਹ! ਘਰ ਵਿੱਚ ਫ਼ਾਕੇ ਤੇ ਪਿਉ ਸ਼ਰਾਬ ਪੀਣ ਲੱਗ ਪਿਆ ਸੀ । ਪਿਉ ਤਾਂ ਮੈਨੂੰ ਵੀ ਘੁੱਟ ਲਵਾਂਦਾ ਤੇ ਆਖਦਾ, ਫੜ ਪੀ ਘੁੱਟ ਤੇ ਸ਼ੇਰ ਹੋ ਜਾਹ। ਚੌਧਰੀਆਂ ਦੇ ਘਰੋਂ ਮਾਂ ਜੂਠ ਇਕੱਠਾ ਕਰਕੇ ਲੈ ਆਂਵਦੀ ਸੀ। ਕਦੇ ਕਦੇ ਰੋਟੀ ਵੀ ਚੋਰੀ ਕਰ ਲਿਆ ਕਰਦੀ ਸੀ । ਕੁੱਝ ਕੁੱਝ ਮਾਸੀ ਵੀ ਮਦਦ ਕਰ ਦਿੰਦੀ ਸੀ। ਮੇਰੀ ਮਾਂ ਦੇ ਜ਼ੋਰ ਦੇਵਣ ਉੱਤੇ ਪਿਉ ਇੱਕ ਦੁਕਾਨ 'ਤੇ ਬਹਿ ਕੇ ਦਰਜ਼ੀਆਂ ਵਾਲਾ ਕੰਮ ਕਰਨ ਲੱਗ ਪਿਆ ਸੀ । ਜਦ ਕੰਮ ਜਿਆਦਾ ਆਂਵਦਾ ਤਾਂ ਮੈਨੂੰ ਵੀ ਆਪਣੇ ਨਾਲ ਈ ਕੰਮ 'ਤੇ ਲਾ ਲੈਂਦਾ ਸੀ । ਛੁੱਟੀ ਕਾਰਨ ਮੈਥੋਂ ਸਕੂਲ ਛੁੱਟ ਗਿਆ।
ਜਦ ਕੰਮ ਦਾ ਜ਼ੋਰ ਮੁੱਕ ਜਾਂਦਾ ਯਾ ਕੰਮ ਨਾ ਹੁੰਦਾ ਤਾਂ ਮੈਨੂੰ ਫੇਰ ਅਗਲੇ ਸਕੂਲ ਦਾਖ਼ਲ ਕਰਾ ਦਿੱਤਾ ਜਾਂਦਾ। ਇੰਜ ਈ ਮੈਟਰਿਕ ਤੀਕਰ ਹੁੰਦਾ ਰਿਹਾ। ਘੱਟੋ ਘੱਟ ਅੱਠ ਕੁ ਸਕੂਲ ਬਦਲੇ ਹੋਸਨ ਮੈਂ । ਮੇਰੇ ਇੱਕ ਸਕੂਲ ਦਾ ਮਾਸਟਰ ਬੜਾ ਹੀ ਖਬੀਸ ਸੀ । ਉਹ ਮਾਸਟਰ ਹੁੱਕੇ ਦਾ ਪਿਆਕ ਸੀ। ਇੱਕ ਵਾਰ ਮੈਂ ਪਿਉ ਦੇ ਨਾਲ ਕੰਮ ਉੱਤੇ ਬਹਿ ਗਿਆ, ਸਕੂਲ ਨਾ ਗਿਆ, ਤਾਂ ਉਹ ਮਾਸਟਰ ਪੰਜ ਚਾਰ ਸਕੂਲੀਏ ਮੁੰਡੇ ਨਾਲ ਲੈ ਕੇ ਦੁਕਾਨ ਉੱਤੇ ਆ ਗਿਆ। ਇੱਕ ਹੱਥ ਵਿੱਚ ਹੁੱਕਾ ਤੇ ਦੂਜੇ ਹੱਥ ਵਿੱਚ ਮਾਸਟਰ ਦੇ ਸੋਟਾ ਸੀ। ਪਿਉ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ। ਮਾਸਟਰ ਮੁੰਡਿਆਂ ਨੂੰ ਇਸ਼ਾਰਾ ਕੀਤਾ ਤੇ ਮੁੰਡਿਆਂ ਮੈਨੂੰ ਚੁੱਕ ਲਿਆ। ਕਿਸੇ ਲੱਤਾਂ ਤੋਂ ਫੜਿਆ, ਕਿਸੇ ਬਾਹਵਾਂ ਤੋਂ। ਮਾਸਟਰ ਸੋਟੇ ਨਾਲ ਮਾਰ ਮਾਰ ਕੇ ਮੈਨੂੰ ਸਕੂਲ ਲੈ ਗਿਆ। ਉੱਥੇ ਲੈ ਜਾ ਕੇ ਫੇਰ ਕੁੱਟਿਆ।
ਉਦੋਂ ਸਾਰੇ ਸਕੂਲਾਂ ਵਿੱਚ ਇੰਜ ਈ ਤਸ਼ੱਦਦ ਹੋਇਆ ਕਰਦਾ ਸੀ ਬਾਲਾਂ ਉੱਤੇ। ਸ਼ੇਖੂਪੁਰੀਆ ! ਅਸਾਡੀ ਸਾਰੀ ਹਯਾਤੀ ਵਿੱਚ ਤਸ਼ੱਦਦ ਈ ਤਸ਼ੱਦਦ ਏ। ਬਾਲਪੁਣੇ ਤੋਂ ਲੈ ਕੇ ਮਰਨ ਤੀਕਰ ਕੁੱਟ ਈ ਪੈਂਦੀ ਰਹਿੰਦੀ ਏ। ਜ਼ਿਹਨੀ ਤਸ਼ੱਦਦ ਵੱਖ ਹੁੰਦਾ ਰਹਿੰਦਾ ਏ। ਸਾਡੇ ਗਲੀਆਂ ਮਹੱਲਿਆਂ ਵਿੱਚ ਵੀ। ਫੇਰ ਵੱਡੇ ਹੋ ਕੇ ਇਹ ਤਸ਼ੱਦਦ ਅਸੀਂ ਅੱਗੇ ਵੰਡ ਦੇਨੇ ਆਂ। ਪੂਰੀ ਕੌਮ ਦਾ ਇਹ ਈ ਖਿਆਲ ਏ। ਅਸੀਂ ਤਸ਼ੱਦਦ ਪਸੰਦ ਆਂ ਤੇ ਤਸ਼ੱਦਦ ਵੰਡਦੇ ਰਹਿਨੇ ਆਂ।"
ਕੁੱਝ ਬਾਲ ਅਸਾਡੇ ਸਾਹਮਣੇ ਆ ਕੇ ਕ੍ਰਿਕਟ ਖੇਡਣ ਲੱਗ ਪਏ। ਗੇਂਦ ਵੱਜਣ ਦੇ ਡਰ ਤੋਂ ਅਸੀਂ ਉੱਥੋਂ ਉੱਠ ਕੇ ਹੁਜਰੇ ਵੱਲ ਟੁਰ ਪਏ। ਰਾਹ ਵਿੱਚ ਉਸਤਾਦ ਜੀ ਬੋਲੇ, "ਇਹ ਵੇਖ ਲੈ ਅਸਾਡੀ ਤਰਬੀਅਤ ਦਾ ਹਾਲ ਸ਼ੇਖੂਪੁਰੀਆ। ਪਾਰਕਾਂ ਲੋਕਾਂ ਦੇ ਸੈਲ ਸਪਾਟੇ ਵਾਸਤੇ ਹੁੰਦੀਆਂ ਨੇ ਤੇ ਮੁੰਡਿਆਂ ਆ ਕੇ ਕ੍ਰਿਕਟ ਦਾ ਮੈਦਾਨ ਬਣਾ ਲਿਆ ਏ। ਜੇ ਰੋਕੋ ਤਾਂ ਅੱਗੋਂ
ਝਗੜਾ ਕਰਨਗੇ । ਅੱਗੇ ਹੋਰ ਅਸਾਡਾ ਰਵੱਈਆ ਵੇਖ। ਪੂਰੇ ਪਾਰਕ ਵਿੱਚ ਨੇੜੇ ਤੋਂ ਨੇੜੇ ਨਾ ਪਾਣੀ ਪੀਣ ਨੂੰ ਲੱਭਦਾ ਏ ਤੇ ਨਾ ਈ ਕੋਈ ਸਾਇਆ ਤੇ ਛੱਤ ਏ। ਹੋਰ ਤਾਂ ਹੋਰ, ਕੋਈ ਲੈਟਰੀਨ ਵੀ ਨਹੀਂ ਨੇੜੇ ਏਥੇ। ਜੇ ਹੈ ਵੀ ਤਾਂ ਬਹੁਤ ਦੂਰ, ਉਹ ਵੀ ਲੋੜ ਤੋਂ ਬਹੁਤ ਛੋਟੀ ਫੇਰ ਉੱਥੋਂ ਜੁਰਮਾਨਾ ਲੈਣ ਵਾਲ਼ੇ ਖਲ੍ਹਾਰੇ ਹੁੰਦੇ ਨੇ । ਤਰੱਕੀ ਕਰਨ ਵਾਲੀਆਂ ਕੌਮਾਂ ਦੇ ਇਹ ਰੰਗ ਢੰਗ ਨਹੀਂ ਹੁੰਦੇ ।" ਹੁਜਰੇ ਦਾ ਬੂਹਾ ਖੋਹਲ ਕੇ ਅਸੀਂ ਅੰਦਰ ਬਹਿ ਗਏ। ਮੈਨੂੰ ਚਾਹ ਦਾ ਹੁਕਮ ਹੋਇਆ। ਮੈਂ ਜਾਵਣ ਲੱਗਾ ਤਾਂ ਸਾਈਂ ਆ ਗਿਆ । ਉਸਤਾਦ ਜੀ ਆਖਿਆ, "ਤਿੰਨ ਗਲਾਸ ਚਾਹ ਦੇ ਲੈ ਆ।” ਮੈਂ ਜਾ ਕੇ ਚਾਹ ਲੈ ਆਇਆ। ਚਾਹ ਪੀਂਦਿਆਂ ਹੋਇਆਂ ਉਸਤਾਦ ਜੀ ਫੇਰ ਆਖਿਆ, "ਅਖ਼ਤਰ ਨੂੰ ਵੈਖ ਲੈ, ਚੌਥੀ ਜਮਾਤ ਤੋਂ ਮੇਰੇ ਕੋਲ ਏ। ਉਦੋਂ ਮੈਂ ਸ਼ਾਹੀ ਮਸੀਤ ਦੀਆਂ ਪਹਾੜ ਵਾਲੇ ਪਾਸੇ ਦੀਆਂ ਪੌੜੀਆਂ ਵਿੱਚ ਰਹਿੰਦਾ ਸਾਂ । ਅਖ਼ਤਰ ਦਾ ਪਿਉ ਅਬਦੁੱਲਾ ਮੇਰਾ ਬੇਲੀ ਸੀ। ਇਹਨੂੰ ਉਂਗਲੀ ਲਾ ਕੇ ਲਿਆਇਆ ਤੇ ਮੇਰੇ ਕੋਲ ਛੱਡ ਗਿਆ। ਉੱਥੇ ਮੈਂ ਈ ਇਹਨੂੰ ਪੜ੍ਹਾਵੰਦਾ ਸਾਂ ਤੇ ਤਖ਼ਤੀ ਲਿਖਣੀ ਸਿਖਾਈ। ਇਹ ਵੀ ਪੈਰੋਂ ਨੰਗਾ ਹੁੰਦਾ ਸੀ ਤੇ ਮੇਰਾ ਹਾਲ ਵੀ ਭੈੜਾ ਸੀ।"
ਉਸਤਾਦ ਜੀ ਝੱਟ ਕੁ ਚੁੱਪ ਕਰ ਗਏ। ਚਾਹ ਦੇ ਘੁੱਟ ਭਰਦੇ ਹੋਏ ਕਿਤਾਬਾਂ ਵਿੱਚ ਝਾਤੀ ਪਾ ਰਹੇ ਸਨ । ਸਾਈਂ ਅਖ਼ਤਰ ਆਖਿਆ, "ਉੱਥੇ ਉਸਤਾਦ ਜੀ ਮਿੱਟੀ ਦਾ ਇੱਕ ਲੋਟਾ ਆਪਣੇ ਕੋਲ ਰੱਖਦੇ ਸਨ । ਲੋਟੇ ਵਿੱਚ ਸ਼ਰਾਬ ਹੁੰਦੀ ਸੀ। ਉੱਥੇ ਅਲਾਉਦੀਨ ਆਇਆ ਕਰਦਾ ਸੀ। ਇੱਥੋਂ ਈ ਸ਼ਰਾਬ ਦਾ ਘੁੱਟ ਲਾਇਆ ਕਰਦਾ ਸੀ ਅਲਾਉਦੀਨ ।"
"ਸੁਣਾ ਅਖ਼ਤਰ, ਅੱਜ ਕੱਲ੍ਹ ਟਰੇਡ ਯੂਨੀਅਨ ਦਾ ਕੀ ਹਾਲ ਏ ?” ਉਸਤਾਦ ਜੀ ਦੇ ਇਸ ਸਵਾਲ ਨਾਲ ਪਹਿਲਾਂ ਵਾਲਾ ਸਾਰਾ ਮਹੌਲ ਈ ਬਦਲ ਗਿਆ । ਸਾਈਂ ਅਖ਼ਤਰ ਮਜ਼ਦੂਰਾਂ ਤੇ ਸਿਆਸਤ ਬਾਰੇ ਇੰਜ ਰਵਾਨੀ ਨਾਲ ਗੱਲਾਂ ਕਰਨ ਲੱਗ ਪਿਆ ਜਿਵੇਂ ਉਹ ਸਭ ਕੁੱਝ ਜਾਣਦਾ ਹੋਵੇ, ਸਗੋਂ ਟਰੇਡ ਯੂਨੀਅਨਿਸਟ ਹੋਵੇ । ਹੁਣ ਤੀਕ ਕੀ ਹੋਇਆ ਏ, ਕੀ ਹੋਣ ਵਾਲਾ ਏ ? ਉਸਤਾਦ ਜੀ ਬੜੇ ਧਿਆਨ ਨਾਲ ਸੁਣਦੇ ਪਏ ਸਨ । ਸਾਈਂ ਅਖ਼ਤਰ ਦੀਆਂ ਗੱਲਾਂ ਨਾਲ ਉਸਤਾਦ ਜੀ ਦੀ ਤਬੀਅਤ ਕੁੱਝ ਹੌਲੀ ਹੋ ਰਹੀ ਸੀ। ਉਹ ਹੱਸਣ ਲੱਗ ਪਏ ਸਨ। ਇਲਮੀ ਅਦਬੀ ਗੁਫ਼ਤਗੂ ਵੀ ਵਿੱਚੇ ਈ ਆ ਗਈ।
ਕਦੇ ਕਦੇ ਦੋਵੇਂ ਗੱਲਾਂ ਕਰਦੇ ਕਰਦੇ ਆਪਣੇ ਆਪ ਉੱਤੇ ਵੀ ਤਨਜ਼ ਕਰਕੇ ਖੂਬ ਹੱਸਦੇ ਸਨ। ਸਾਈਂ ਅਖ਼ਤਰ ਨਾਲ ਉਸਤਾਦ ਜੀ ਦੀ ਤਬੀਅਤ ਖੂਬ ਖਿਲਦੀ ਸੀ। ਦੋਵੇਂ ਚਹਿਕਦੇ ਰਹੇ ਸਨ, ਹੱਸਦੇ ਸਨ। ਮੈਂ ਇੰਜ ਜਿਵੇਂ ਉੱਥੇ ਹੈ ਈ ਨਹੀਂ। ਦੋਵਾਂ ਜਿਵੇਂ ਮੈਨੂੰ ਬਿਲਕੁਲ ਭੁਲਾ ਦਿੱਤਾ ਸੀ।
ਦੋਵਾਂ ਦੀਆਂ ਗੱਲਾਂ ਬੜੀਆਂ ਸਵਾਦਲੀਆਂ ਤੇ ਇਲਮੀ ਹੋਵਣ ਦੇ ਨਾਲ ਨਾਲ ਆਮ ਫ਼ਹਿਮ ਤੇ ਸੱਚੀਆਂ ਸਨ । ਮੈਂ ਜਾਵਣ ਵਾਸਤੇ ਇਜਾਜ਼ਤ ਮੰਗੀ ਤਾਂ ਸਾਈਂ ਅਖ਼ਤਰ ਵੀ ਨਾਲ ਇਜਾਜ਼ਤ ਮੰਗ ਲਈ। ਅਸੀਂ ਦੋਵੇਂ ਇਕੱਠੇ ਈ ਹੁਜਰਿਉਂ ਬਾਹਰ ਆਏ।
ਬਾਹਰ ਆ ਕੇ ਸਾਈਂ ਅਖ਼ਤਰ ਆਖਿਆ, "ਯਾਰ, ਅੱਜ ਤੂੰ ਮੇਰੇ ਨਾਲ ਚੱਲ।"
"ਕਿੱਥੇ ?" ਮੈਂ ਆਖਿਆ। “ਸ਼ਾਮ ਹੋਵਣ ਵਾਲੀ ਏ, ਮੈਂ ਪਿੰਡ ਵੀ ਜਾਣਾ ਏ।"
ਸਾਈਂ ਆਖਿਆ, "ਅਜੇ ਕਾਫ਼ੀ ਦਿਨ ਏ। ਉੱਥੋਂ ਹੋ ਕੇ ਚਲਾ ਜਾਵੀਂ। ਅਦੀਬਾਂ ਸ਼ਾਇਰਾਂ ਦਾ ਇਕੱਠ ਹੁੰਦਾ ਏ, ਸੁਣਿਆ ਕਰ।"
ਮੈਂ ਸਾਈਂ ਦੇ ਨਾਲ ਟੁਰ ਪਿਆ ।
ਅਦੀਬਾਂ ਸ਼ਾਇਰਾਂ ਦਾ ਹਫ਼ਤਾਵਾਰ ਇਕੱਠ ਮੇਰੇ ਲਈ ਬਹੁਤ ਦਿਲਚਸਪ ਤੇ ਨਵੇਕਲਾ ਤਜਰਬਾ ਸੀ। ਨਵੀਂ ਸ਼ਾਇਰੀ ਤੇ ਨਵੀਆਂ ਨਵੀਆਂ ਕਹਾਣੀਆਂ ਸੁਣਕੇ ਮੇਰੇ ਅੰਦਰ ਵੀ ਕੋਈ ਤਰੰਗ ਜੇਹੀ ਉੱਠਣ ਲੱਗ ਪਈ ਸੀ । ਹੁਣ ਤੀਕਰ ਤੇ ਮੈਂ ਆਪਣੇ ਪੁਰਾਣੇ ਸ਼ਾਇਰਾਂ ਨੂੰ ਈ ਪੜ੍ਹਿਆ ਤੇ ਸੁਣਿਆ ਹੋਇਆ ਸੀ। ਉੱਥੇ ਪੜ੍ਹੀ ਜਾਵਣ ਵਾਲੀ ਲਿਖਤ ਉੱਤੇ ਬੜੀ ਖੁੱਲ੍ਹ ਕੇ ਗੱਲ ਹੁੰਦੀ। ਇੱਕ ਇੱਕ ਲਫ਼ਜ਼ ਉੱਤੇ ਬੜੀ ਬਹਿਸ ਹੋਇਆ ਕਰਦੀ ਸੀ। ਅਦਬ, ਸਿਆਸਤ, ਤਾਰੀਖ਼ ਦੇ ਨਾਲ ਨਾਲ ਸਮਾਜੀ ਸਾਇੰਸ ਤੇ ਮਾਰੂਜ਼ੀ ਹਾਲਾਤ ਬਾਰੇ ਵੀ ਮੈਨੂੰ ਹੋਰ ਸਮਝ ਆਵਣ ਲੱਗ ਪਈ। ਸਾਈਂ ਅਖ਼ਤਰ ਵੀ ਇਹਨਾਂ ਬਹਿਸਾਂ ਵਿੱਚ ਹਿੱਸਾ ਲੈਂਦਾ। ਤਾਂ ਹੱਥਾਂ ਦੇ ਇਸ਼ਾਰਿਆਂ ਨਾਲ ਜਿਆਦਾ ਗੱਲਾਂ ਕਰਦਾ ਤੇ ਮੂੰਹ ਨਾਲ ਘੱਟ।
ਮੈਂ ਚੁੱਪ ਕਰਕੇ ਸੁਣਦਾ ਰਹਿੰਦਾ। ਕਦੇ ਕਦੇ ਸਾਈਂ ਆਖਦਾ, "ਤੂੰ ਕੁੱਝ ਗੱਲ ਕਰਿਆ ਕਰ, ਇੰਜ ਬੰਦੇ ਦਾ ਝਾਕਾ ਲਹਿੰਦਾ ਏ।"
"ਮੈਂ ਕੀ ਗੱਲ ਕਰਾਂ। ਮੈਨੂੰ ਤਾਂ ਡਰ ਲਗਦਾ ਏ ਕਿ ਮੂੰਹੋਂ ਕੋਈ ਗ਼ਲਤ ਗੱਲ ਨਾ ਨਿੱਕਲ ਜਾਵੇ। "ਪਰ ਸਾਈਂ ਤਸੱਲੀ ਦਿੰਦਿਆਂ ਆਖਦਾ, "ਕੁੱਝ ਨਹੀਂ ਹੁੰਦਾ, ਤੂੰ ਬੋਲਿਆ ਕਰ।" ਉਸ ਵੇਲ਼ੇ ਏਸ ਇਕੱਠ ਵਿੱਚ ਔਰਤਾਂ ਵੀ ਆਇਆ ਕਰਦੀਆਂ ਸਨ। ਔਰਤਾਂ ਕੋਈ ਨਜ਼ਮ, ਕਹਾਣੀ ਯਾ ਕੋਈ ਹੋਰ ਲਿਖਤ ਪੜ੍ਹਦੀਆਂ, ਬਹਿਸ ਵਿੱਚ ਹਿੱਸਾ ਲੈਂਦੀਆਂ ਬਹੁਤ ਪਿਆਰੀਆਂ ਲੱਗਦੀਆਂ ਸਨ। ਮੈਨੂੰ ਜ਼ੋਹਰਾ ਯਾਦ ਆ ਜਾਂਦੀ। ਮੈਨੂੰ ਜ਼ੋਹਰਾ ਨਹੀਂ ਸੀ ਭੁੱਲ ਰਹੀ। ਸਗੋਂ ਜਿਆਦਾ ਚੇਤੇ ਵਿੱਚ ਰਹਿਣ ਲੱਗ ਪਈ ਸੀ।
ਇਹਨਾਂ ਇਕੱਠਾਂ ਵਿੱਚ ਮੈਨੂੰ ਵਾਰਸ਼ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਖੁਆਜਾ ਫ਼ਰੀਦ ਤੇ ਦੂਜੇ ਪੰਜਾਬੀ ਦੇ ਹੋਰ ਸਿਆਣਿਆਂ ਤੇ ਦਾਨਿਆਂ ਦੀ ਅਜ਼ਮਤ ਬਾਰੇ ਪਤਾ ਲੱਗਾ। ਏਥੋਂ ਦੀ ਲਗਨ ਨਾਲ ਈ ਮੈਂ ਕਿਤਾਬਾਂ ਪੜ੍ਹਨ ਲੱਗ ਪਿਆ ਸਾਂ। ਉਸਤਾਦ ਜੀ ਦੀ ਦਿੱਤੀ ਹੋਈ ਕਿਤਾਬ 'ਮੈਂ ਅਦੀਬ ਕੈਸੇ ਬਨਾ' ਬੜੇ ਸਵਾਦ ਨਾਲ ਪੜ੍ਹੀ। ਸਾਈਂ ਅਖ਼ਤਰ ਮੈਨੂੰ ਇੱਕ ਕਿਤਾਬ "ਮਾਂ" ਨਾਵਲ ਪੜ੍ਹਨ ਲਈ ਦਿੱਤਾ। ਫੇਰ ਤਾਂ ਮੈਨੂੰ ਐਸਾ ਚਸਕਾ ਲੱਗਾ ਕਿ ਫਾਕੇ ਕੱਟ ਲੈਂਦਾ ਸਾਂ ਪਰ ਕੋਈ ਨਾ ਕੋਈ ਕਿਤਾਬ ਜ਼ਰੂਰ ਖਰੀਦ ਕੇ ਪੜ੍ਹਦਾ ਸਾਂ ।
ਹਰ ਇਜਲਾਸ ਵਿੱਚ ਵੇਲ਼ੇ ਤੋਂ ਪਹਿਲਾਂ ਆ ਜਾਂਦਾ ਸਾਂ। ਵਕਤ ਗੁਜ਼ਾਰਨ ਲਈ ਅਨਾਰਕਲੀ ਦੀ ਸੈਲ ਕਰਦਾ, ਮਾਲ ਰੋਡ ਉੱਤੇ ਆਵੰਦਿਆਂ ਜਾਂਦਿਆਂ ਕਾਰਾਂ ਤੇ ਕਾਰਾਂ ਵਾਲਿਆਂ ਨੂੰ ਵੇਖਦਾ ਰਹਿੰਦਾ। ਇਕੱਠ ਦੇ ਮੁੱਕਣ ਤੀਕਰ ਬੈਠਾ ਸੁਣਦਾ ਰਹਿੰਦਾ। ਬੜੇ ਲੋਕ ਆਂਵਦੇ ਸਨ ਜਿਹਨਾਂ ਦੇ ਨਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਪੜ੍ਹਿਆ ਕਰਦਾ, ਉਹਨਾਂ ਨੂੰ ਸਾਹਮਣੇ ਬੋਲਦਿਆਂ ਵੇਖ ਕੇ ਮੈਨੂੰ ਖੁਸ਼ੀ ਹੋਇਆ ਕਰਦੀ ਸੀ। ਫਿਲਮਾਂ ਵੇਖਣ ਦਾ ਵੀ ਚਸਕਾ ਪੈ ਗਿਆ ਸੀ।
ਇਕੱਠ ਵਿੱਚ ਮੈਂ ਵੀ ਸ਼ੇਅਰ ਕਹਿਣ ਲੱਗ ਪਿਆ ਸਾਂ । ਤਨਕੀਦ ਹੁੰਦੀ ਸੀ। ਖੌਰੇ ਅਦੀਬ ਮੇਰਾ ਲਿਹਾਜ਼ ਕਰਦੇ ਸਨ ਯਾ ਜਾਹਲ ਸਮਝਦੇ ਸਨ - ਤਾਰੀਫ ਜ਼ਿਆਦਾ ਕਰਦੇ ਸਨ ਤੇ ਬੁਰਾਈ ਘੱਟ। ਇੰਜ ਮੇਰਾ ਹੌਂਸਲਾ ਵਧਦਾ ਗਿਆ। ਕੁੱਝ ਕੁੱਝ ਝਾਕਾ ਵੀ ਲਹਿ ਗਿਆ। ਮੈਂ ਵੀ ਗੱਲਬਾਤ ਵਿੱਚ ਹਿੱਸਾ ਲੈਣ ਲੱਗ ਪਿਆ ਸਾਂ, ਪਰ ਝਕ ਝਕ ਕੇ ਤੇ ਗੁੱਸੇ ਨਾਲ। ਕੌੜੀ ਕੌੜੀ ਤੇ ਤਨਜ਼ੀਆ ਗੱਲ। ਮੇਰੀ ਗੱਲ ਵਿੱਚ ਕੁਹਾੜੀ ਮਾਰ ਵਾਲੀ ਤਨਕੀਦ ਹੁੰਦੀ ਸੀ । ਕੁੱਝ ਲੋਕਾਂ ਨੂੰ ਮੇਰੀ ਕੌੜ ਚੁਭਣ ਲੱਗ ਪਈ ਸੀ।
ਕਦੀ ਕਦੀ ਇਕੱਠ ਬਹੁਤ ਦੇਰ ਤੀਕਰ ਚਲਦਾ ਰਹਿੰਦਾ ਸੀ। ਮੈਨੂੰ ਪਿੰਡ ਪਰਤਣ ਵੇਲੇ ਕੋਈ ਸਵਾਰੀ ਨਾ ਲੱਭਦੀ ਤਾਂ ਬੜੀ ਪਰੇਸ਼ਾਨੀ ਹੁੰਦੀ। ਇਕੱਠ ਵਿੱਚ ਇਲਮ, ਅਦਬ ਤੇ ਸਿਆਸਤ ਨੂੰ ਇਕੱਠਾ ਵੇਖਣ, ਸਮਝਣ ਦੀ ਕੋਸ਼ਿਸ਼ ਕਰਦਾ ਸਾਂ । ਸਵਾਰੀ ਨਾ ਮਿਲਣ ਕਾਰਨ ਸਭ ਕੁੱਝ ਇੱਕੋ ਵਾਰ ਈ ਖ਼ਤਮ ਹੋ ਜਾਂਦਾ। ਤੇਰਾਂ ਮੀਲਾਂ ਉੱਤੇ ਪਿੰਡ ਸੀ। ਸੱਤਾਂ ਮੀਲਾਂ ਤੀਕਰ ਤੇ ਸਵਾਰੀ ਲੱਭ ਜਾਂਦੀ ਸੀ । ਅੱਗੋਂ ਛੇ ਮੀਲ ਪੈਦਲ ਈ ਜਾਣਾ ਪੈਂਦਾ ਸੀ। ਚੱਲਣ ਦਾ ਮੈਂ ਆਦੀ ਤੇ ਹੈ ਸਾਂ, ਪਰ ਰਾਤ ਬਹੁਤ ਲੰਘ ਜਾਇਆ ਕਰਦੀ ਸੀ। ਦੇਰ ਨਾਲ ਸੌਵਣ ਦੀ ਵਜ੍ਹਾ ਨਾਲ ਨੀਂਦਰ ਪੂਰੀ ਨਾ ਹੁੰਦੀ। ਫੈਕਟਰੀ ਵਿੱਚ ਉਂਘਲਾਵੰਦਾ ਰਹਿੰਦਾ । ਤਬੀਅਤ ਬੋਝਲ ਹੋ ਜਾਇਆ ਕਰਦੀ ਸੀ। ਘਰ ਦੀ ਹਾਲਤ ਵੀ ਮਾੜੀ ਸੀ। ਉੱਤੋਂ ਕਿਤਾਬ ਰਸਾਲੇ ਦੇ ਚਸਕੇ ਲਈ ਢਿੱਡ ਉੱਤੇ ਲੱਤ ਮਾਰਨੀ ਪੈਂਦੀ ਸੀ । ਰਫ਼ੀਕ ਵੀ ਸਕੂਲੇ ਜਾਣ ਲੱਗ ਪਿਆ ਸੀ।
ਮੈਂ ਜਦ ਸਕੂਲੇ ਜਾਂਦਾ ਹੁੰਦਾ ਸਾਂ । ਸਿਰੋਂ ਪੈਰੋਂ ਨੰਗਾ ਈ ਰਹਿੰਦਾ ਸਾਂ। ਬੋਝੇ ਵਿੱਚ ਵੀ ਕੁੱਝ ਨਹੀਂ ਸੀ ਹੁੰਦਾ। ਪਰ ਅਸੀਂ ਦੋਵੇਂ ਜੀਅ ਰਫ਼ੀਕ ਨੂੰ ਆਪਣੇ ਨਾਲੋਂ ਬਿਹਤਰ ਵੇਖਣਾ ਚਾਹਦੇ ਸਾਂ । ਉਹਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅਸਾਨੂੰ ਆਪਣਾ ਬਹੁਤ ਕੁੱਝ ਕੁਰਬਾਨ ਕਰਨਾ ਪੈਂਦਾ ਸੀ। ਨਵੇਂ ਲੀੜੇ ਘੱਟ ਈ ਬਣਵਾਂਦੇ ਤੇ ਪਾਂਵਦੇ ਸਾਂ । ਚੰਗਾ ਖਾਵਣ ਬਾਰੇ ਤਾਂ ਕਦੇ ਅਸਾਂ ਸੋਚਿਆ ਈ ਨਹੀਂ ਸੀ। ਸੋਚ ਵੀ ਲਈਏ ਤਾਂ ਲੱਭਦਾ ਈ ਨਹੀਂ ਸੀ।
ਮੈਂ ਜਿਹੜੀਆਂ ਗੱਲਾਂ ਸੁਣਕੇ ਸਿੱਖ ਕੇ ਜਾਂਦਾ, ਉਹ ਗੱਲਾਂ ਜਦ ਮੈਂ ਮਜ਼ਦੂਰਾਂ ਨਾਲ ਕਰਦਾ ਤਾਂ ਉਹਨਾਂ ਦੇ ਸਿਰਾਂ ਤੋਂ ਈ ਲੰਘ ਜਾਂਦੀਆਂ ਸਨ । ਮਜ਼ਦੂਰ ਲੀਡਰ ਇਨਕਲਾਬ ਦੇ ਨਾਅਰੇ ਤਾਂ ਮਾਰਦੇ ਸਨ, ਪਰ ਸਮਝਾਂਵਦੇ ਨਹੀਂ ਸਨ । ਇੰਜ ਮਲੂਮ ਹੁੰਦਾ ਸੀ ਕਿ ਇਨਕਲਾਬ ਆਇਆ ਕਿ ਆਇਆ। ਸੁਰਖ਼ ਇਨਕਲਾਬ ਦਾ ਮੈਂ ਵੀ ਹਿਮਾਇਤੀ ਸਾਂ । ਸਗੋਂ ਲੀਡਰਾਂ ਨਾਲੋਂ ਵੀ ਵਧ ਵਧ ਕੇ ਗੱਲਾਂ ਕਰਦਾ ਸਾਂ । ਮਜ਼ਹਬ ਉੱਤੇ ਵੀ ਤਨਕੀਦ ਕਰਦਾ ਤਾਂ ਆਖਦਾ, "ਮਜ਼ਹਬ ਇਨਸਾਨਾਂ ਵਿੱਚ ਵੰਡ ਪਾਂਵਦਾ ਏ।" ਮੈਂ ਕੁੱਝ ਆਖਦਾ ਵੀ ਏਸ ਢੰਗ ਨਾਲ ਸਾਂ ਕਿ ਮੇਰੇ ਸੱਜਣ ਵੀ ਮੈਥੋਂ ਪਰ੍ਹਾਂ ਪਰ੍ਹਾਂ ਰਹਿਣ ਲੱਗ ਪਏ। ਸਗੋਂ ਮਜ਼ਦੂਰਾਂ ਵਿੱਚ ਮੈਂ ਕਾਫ਼ਰ ਮਸ਼ਹੂਰ ਹੋ ਗਿਆ।
ਮਜ਼ਦੂਰ ਲੀਡਰ ਮਜ਼ਦੂਰਾਂ ਵਿੱਚ ਹੁੰਦੇ ਤਾਂ ਸਰਮਾਏਦਾਰਾਂ ਨੂੰ ਗਾਲਾਂ ਕੱਢਦੇ, ਨਫ਼ਰਤ ਕਰਦੇ ਤੇ ਇਨਕਲਾਬ ਇਨਕਲਾਬ ਕਰਦੇ, ਪਰ ਜਦ ਸਰਮਾਇਆਦਾਰ ਸਾਹਮਣੇ ਜਾਂਦੇ ਤਾਂ ਉੱਥੇ ਉਹਨਾਂ ਨਾਲ ਆਪਣੇ ਤੁਅਲਕਾਤ ਮਜ਼ਬੂਤ ਕਰਦੇ, ਜ਼ਾਤੀ ਫ਼ਾਇਦੇ ਲੈਂਦੇ ਰਹਿੰਦੇ ਸਨ। ਮੈਨੂੰ ਇਹ ਮੁਨਾਫਕਤ ਬਹੁਤ ਬੁਰੀ ਲੱਗਦੀ ਤੇ ਮਜ਼ਦੂਰ ਲੀਡਰਾਂ ਉੱਤੇ ਤਨਕੀਦ ਕਰਦਿਆਂ
ਆਖਿਆ ਕਰਦਾ, "ਅਸਾਡੇ ਅਸਲ ਦੁਸ਼ਮਣ ਤਾਂ ਇਹ ਮਜ਼ਦੂਰ ਲੀਡਰ ਹਨ।" ਪਰ ਮਜ਼ਦੂਰ ਲੀਡਰ ਤਾਂ ਏਨੇ ਚਲਾਕ ਸਨ, ਪੈਰਾਂ ਉੱਤੇ ਪਾਣੀ ਨਹੀਂ ਸਨ ਪੈਣ ਦਿੰਦੇ । ਉਲਟਾ ਮੈਨੂੰ ਈ ਝੂਠਾ ਹੋਣਾ ਪੈਂਦਾ ਸੀ, ਪਰ ਮੈਂ ਹੌਂਸਲਾ ਨਹੀਂ ਸੀ ਹਾਰਦਾ । ਲੀਡਰਾਂ ਦੇ ਖਿਲਾਫ਼ ਕੰਮ ਕਰਦਾ ਰਿਹਾ।
ਮਜ਼ਦੂਰ ਲੀਡਰ ਕਿਹੜੇ ਆਪਣੇ ਪਿਉ ਦੇ ਸਨ। ਉਹਨਾਂ ਮੇਰੇ ਨਾਲ ਸੋਸ਼ਲਿਜ਼ਮ ਨੂੰ ਵੀ ਕਾਫ਼ਰ ਫਲਸਫਾ ਆਖਣਾ ਸ਼ੁਰੂ ਕਰ ਦਿੱਤਾ। ਮੇਰੀ ਮੁਖ਼ਾਲਫ਼ਤ ਨਾਲ ਸੋਸ਼ਲਿਜ਼ਮ ਨੂੰ ਕਾਫ਼ਰਾਨਾ ਫ਼ਲਸਫਾ ਆਖਣ ਵਾਲੇ ਅਗਲੇ ਅਲੈਕਸ਼ਨ ਵਿੱਚ ਹਾਰ ਗਏ, ਪਰ ਮਜ਼ਦੂਰ ਮੈਨੂੰ ਕਾਫ਼ਰ ਈ ਕਹਿੰਦੇ ਰਹੇ। ਮੈਂ ਬੁੱਲ੍ਹੇ ਸ਼ਾਹ ਦੇ ਕਹਿਣ ਮੂਜਬ:
ਤੈਨੂੰ ਕਾਫ਼ਰ ਕਾਫ਼ਰ ਆਖਣ
ਤੂੰ ਆਹੋ ਆਹੋ ਆਖ
ਨਵੇਂ ਮਜ਼ਦੂਰ ਲੀਡਰ ਵੀ ਉਂਜ ਦੇ ਈ ਸਨ ਜਿਵੇਂ ਪਹਿਲੇ। ਮੇਰੀ ਇਹਨਾਂ ਨਾਲ ਵੀ ਬਣ ਨਾ ਆਈ। ਮੇਰਾ ਮੱਚ ਨਹੀਂ ਸੀ ਮਰਿਆ। ਮੇਰੇ ਅੰਦਰ ਖੌਰੇ ਕਿਹੜੀ ਅੱਗ ਸੀ ਜਿਹੜੀ ਹਰ ਵੇਲੇ ਮੈਨੂੰ ਸਾੜੀ ਰੱਖਦੀ ਸੀ।
ਮੈਂ ਆਪਣੇ ਯੂਨਿਟ ਦਾ ਪੀਪਲਜ਼ ਪਾਰਟੀ ਵੱਲੋਂ ਸਦਰ ਸਾਂ । ਏਸੇ ਕਾਰਨ ਮੈਂ ਐਮ. ਐਨ. ਏ. ਕੋਲ ਜਾਂਦਾ ਸਾਂ । ਹੋਰ ਲੋਕ ਵੀ ਆਂਵਦੇ ਸਨ। ਐਮ. ਐਨ. ਏ. ਹਰ ਵੇਲ਼ੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿੰਦਾ ਸੀ । ਲੋਕ ਖੁਸ਼ਾਮਦ ਕਰਕੇ ਆਪਣੇ ਆਪਣੇ ਕੰਮਾਂ ਲਈ ਸਿਫ਼ਾਰਸ਼ ਕਰਾਵਣ ਲਈ ਤਰਲਾ ਮਾਰਦੇ । ਸਿਆਸੀ ਕੰਮ ਕੋਈ ਨਹੀਂ ਸੀ ਹੁੰਦਾ। ਐਮ.ਐਨ. ਏ. ਕਿਸੇ ਦੀ ਸੁਣਦਾ, ਕਿਸੇ ਦੀ ਕੋਈ ਨਾ। ਔਰਤਾਂ ਦਾ ਤੇ ਉਹਦੇ ਕਮਰੇ ਵਿੱਚ ਮੇਲਾ ਲੱਗਾ ਰਹਿੰਦਾ ਸੀ। ਉਹਨੂੰ ਮਿਲਣ ਵਾਸਤੇ ਮੈਨੂੰ ਹਰ ਵਾਰੀ ਆਪਣਾ ਤੁਆਰਫ਼ ਕਰਵਾਣੀ ਪੈਂਦਾ । ਮੇਰੇ ਨਾਲ ਦਾ ਸੈਕਰੇਟਰੀ ਰਾਤ ਉੱਥੇ ਉਹਦੀ ਕੋਠੀ 'ਤੇ ਰਹਿਣ ਲੱਗ ਪਿਆ, ਆਪਣਾ ਘਰ ਬਾਰ ਭੁੱਲ ਗਿਆ ਸੀ।
ਐਮ. ਐਨ.ਏ. ਦੀ ਬੇਰੁਖ਼ੀ ਤੇ ਆਦਤਾਂ ਪਾਰੋਂ ਮੈਂ ਯੂਨਿਟ ਦੇ ਸਦਰ ਵਾਲੀ ਜ਼ੁੰਮੇਦਾਰੀ ਛੱਡ ਦਿੱਤੀ। ਜਦ ਸਿਆਸੀ ਕੰਮ ਨਹੀਂ ਕੋਈ ਹੋਣਾ ਤਾਂ ਫੇਰ ਜ਼ੁੰਮੇਦਾਰੀ ਕਾਹਨੂੰ ਚੁੱਕੀ ਫਿਰਾਂ ?
ਪਾਕਿਸਤਾਨੀ ਫਜ਼ਾਵਾਂ ਵਿੱਚ ਉਹਨਾਂ ਦਿਨਾਂ ਵਿੱਚ ਬੰਗਾਲੀ ਗਾਇਕਾ ਸ਼ਹਿਨਾਜ਼ ਦਾ ਗੀਤ ਗੂੰਜ ਰਿਹਾ ਸੀ:
“ਸੋਹਣੀ ਧਰਤੀ ਅੱਲਾਹ ਰੱਖੇ ਕਦਮ ਕਦਮ ਆਬਾਦ"
ਇਹ ਗੀਤ ਸੁਣ ਕੇ ਮੈਨੂੰ ਬੜੀ ਖਿਝ ਚੜ੍ਹੀ ਕਿ ਇਹ ਸੋਹਣੀ ਧਰਤੀ ਹੈ ਕਿਸ ਦੀ ?
ਮੇਰੀ ਤਾਂ ਚੱਪਾ ਵੀ ਨਹੀਂ। ਮੇਰੇ ਵਰਗੇ ਕਰੋੜਾਂ ਲੋਕ ਕੀੜਿਆਂ ਮਕੌੜਿਆਂ ਵਾਂਗ ਟੁਰਦੇ ਫਿਰਦੇ ਨੇ। ਜਗੀਰਦਾਰਾਂ, ਵਡੇਰੇ ਜ਼ਿਮੀਦਾਰਾਂ ਤੇ ਸਰਮਾਏਦਾਰਾਂ ਦੀ ਉਹ ਈ ਜ਼ੁਲਮ ਤੇ ਬੇਇਨਸਾਫ਼ੀ ਸੀ, ਸਗੋਂ ਇਹਨਾਂ ਦਾ ਡੰਗ ਹੋਰ ਤੇਜ਼ ਹੋ ਗਿਆ ਸੀ।
ਸੋਸ਼ਲਿਜ਼ਮ ਦੇ ਹਿਮਾਇਤੀ ਗ਼ਰੀਬ ਲੋਕਾਂ ਦੇ ਝੁੱਗੇ ਫਰੋਲੇ ਜਾ ਰਹੇ ਨੇ। ਬਹਾਨੇ ਬਹਾਨੇ ਨਾਲ ਮਾੜੇ ਲੋਕਾਂ ਨੂੰ ਕੁੱਟ ਵੀ ਪੈਣ ਲੱਗ ਪਈ ਏ । ਰਾਹਕਾਂ ਨੂੰ ਵਾਹੀ ਤੋਂ ਜਵਾਬ ਮਿਲਣ ਲੱਗ ਪਿਆ ਏ । ਮਜ਼ਦੂਰਾਂ ਦੀਆਂ ਛੁੱਟੀਆਂ ਹੋਵਣ ਲੱਗ ਪਈਆਂ ਨੇ। ਇਹਤਰਾਜ ਕਰਨ ਉੱਤੇ ਗੋਲੀਆਂ ਚੱਲਦੀਆਂ ਨੇ। ਜੇਹਲਾਂ ਤੇ ਥਾਣੇ ਭਰੇ ਗਏ ਨੇ ।
ਫੇਰ ਇਹ ਸੋਹਣੀ ਧਰਤੀ ਆਬਾਦ ਕਾਹਦੇ ਲਈ ਪਈ ਹੁੰਦੀ ਏ ? ਇਹਦਾ ਵਾਰਸ ਕੌਣ ਏ ? ਏਸ ਮਹੌਲ ਵਿੱਚ ਮੇਰੇ ਮਨ ਵਿੱਚ ਇੱਕ ਕਹਾਣੀ ਦਾ ਖ਼ਾਕਾ ਉੱਭਰਿਆ। ਪਹਿਲੀ ਕਹਾਣੀ ਲਿਖਣ ਲੱਗਾ ਸਾਂ । ਕਈ ਦਿਨ ਸੋਚਦਾ ਰਿਹਾ। ਪਹਿਲੇ ਸਿਰਨਾਵਾਂ 'ਸੋਹਣੀ ਧਰਤੀ ਰੱਖਿਆ, ਪਰ ਗ਼ੱਦਾਰੀ ਦੇ ਇਲਜ਼ਾਮ ਤੋਂ ਡਰਦਿਆਂ ਸਿਰਨਾਵਾਂ ਬਦਲ ਕੇ 'ਗੱਲ ਇੱਕ ਗੱਲ ਦੀ' ਰੱਖਿਆ।
ਸਾਈਂ ਨੂੰ ਕਹਾਣੀ ਸੁਣਾਈ । ਉਸ ਪੰਜਾਬੀ ਅਦਬੀ ਸੰਗਤ ਵਿੱਚ ਤਨਦੀਕ ਲਈ ਪੜ੍ਹਨ ਲਈ ਆਖਿਆ। ਮੈਂ ਸੰਗਤ ਦੇ ਸੱਜਣਾਂ ਸਾਹਮਣੇ ਕਹਾਣੀ ਪੜ੍ਹਨ ਵੇਲ਼ੇ ਮੁੜ੍ਹਕੋ-ਮੁੜ੍ਹਕੀ ਸਾਂ । ਸੰਗਦਿਆਂ ਸੰਗਦਿਆਂ ਕਹਾਣੀ ਪੜ੍ਹ ਦਿੱਤੀ । ਮੇਰੀ ਪਹਿਲੀ ਕਹਾਣੀ ਬਹੁਤ ਪਸੰਦ ਕੀਤੀ ਗਈ, ਸਗੋਂ ਪੰਜਾਬੀ ਅਦਬ ਵਿੱਚ ਚੰਗਾ ਵਾਧਾ ਤੇ ਮੀਲ ਪੱਥਰ ਮਿਥਿਆ ਗਿਆ।
ਕਹਾਣੀ ਦੀ ਤਾਰੀਫ ਵਿੱਚ ਦੋਸਤਾਂ ਬਹੁਤ ਕੁੱਝ ਆਖਿਆ। ਖੌਰੇ ਉਹਨਾਂ ਲਿਹਾਜ਼ ਕੀਤਾ ਯਾ ਸੱਚੀ ਮੁੱਚੀ ਉਸ ਵੇਲੇ ਸਮਾਂ ਬਣ ਗਿਆ ਸੀ, ਪਰ ਇੱਕ ਗੱਲ ਜ਼ਰੂਰ ਹੋਈ ਕਿ ਕਹਾਣੀ ਦੀ ਤਾਰੀਫ਼ ਵਜੋਂ ਔਕਾਤੋਂ ਬਾਹਰ ਤਾਂ ਮੈਂ ਪਹਿਲੇ ਈ ਸਾਂ, ਉੱਤੋਂ ਹੋਰ ਉੱਡਣ ਲੱਗ ਪਿਆ। ਗਾਡੀਆਂ ਮੇਰੇ ਜੋੜ ਪਸੰਦ ਕੀਤੇ ਸਨ। ਮਜ਼ਦੂਰਾਂ ਮੇਰੀ ਨਜ਼ਮ ਪਸੰਦ ਕੀਤੀ ਸੀ । ਹੁਣ ਸ਼ਾਇਰ ਤੇ ਅਦੀਬ ਵੀ ਮੇਰੀ ਕਹਾਣੀ ਦੀ ਤਾਰੀਫ਼ ਪਏ ਕਰਦੇ ਨੇ । ਰੱਬ ਜਾਣੇ ਇਹ ਕੀ ਹੋ ਰਿਹਾ ਏ। ਇੱਕ ਵਾਰ ਤਾਂ ਮੈਂ ਅੰਦਰੋਂ ਡਰ ਗਿਆ। ਮੇਰੇ ਮਨ ਵਿੱਚ ਆਈ, ਇਹ ਸਾਰੇ ਲੋਕ ਮੈਨੂੰ ਉੱਲੂ ਬਣਾ ਕੇ ਮਜੇ ਈ ਨਾ ਲੈਂਦੇ ਹੋਵਣ। ਸਾਈਂ ਵੀ ਕਹਾਣੀ ਦੀ ਤਾਰੀਫ਼ ਕੀਤੀ ਤੇ ਆਖਿਆ, "ਹੋਰ ਲਿਖ, ਤੂੰ ਲਿਖ ਸਕਨਾ ਏ!" ਪਰ ਮੈਨੂੰ ਸਾਈਂ ਉੱਤੇ ਵੀ ਸ਼ੱਕ ਸੀ ਕਿ ਇਹ ਵੀ ਮੇਰਾ ਮੌਜੂ ਈ ਬਣਾਵੰਦਾ ਹੋਸੀ । ਸ਼ੱਕ ਦੂਰ ਕਰਨ ਲਈ ਮੈਂ ਅਗਲੇ ਦਿਨ ਫੈਕਟਰੀ ਤੋਂ ਛੁੱਟੀ ਲੈ ਕੇ ਹੁਜਰੇ ਜਾ ਸਲਾਮ ਕੀਤਾ।
ਹੁਜਰੇ ਵਾਲੇ ਨੂੰ ਕਹਾਣੀ ਜਾ ਸੁਣਾਈ ਤੇ ਸੰਗਤ ਵਿੱਚ ਹੋਵਣ ਵਾਲੀ ਤਨਕੀਦ ਬਾਰੇ ਵੀ ਦੱਸਿਆ ਤਾਂ ਹੁਜਰੇ ਵਾਲੇ ਮੈਨੂੰ ਸ਼ਾਬਾਸ਼ ਦਿੱਤੀ ਤੇ ਆਖਿਆ, "ਸ਼ੇਖੂਪੁਰੀਆ! ਅੱਜ ਤੂੰ ਮੇਰੀ ਗੱਲ ਦੀ ਸਦਾਕਤ ਨੂੰ ਮੰਨ ਲਿਆ ਏ । ਮੈਂ ਆਖਿਆ ਸੀ ਨਾ ਕਿ ਤੂੰ ਕਹਾਣੀ ਲਿਖ, ਤੇਰੇ ਵਿੱਚ ਲਿਖਣ ਦੀ ਸਲਾਹੀਅਤ ਹੈ, ਪਰ ਤੂੰ ਅਜੇ ਤੀਕ ਉਸ ਕਿਤਾਬ ਬਾਰੇ ਕੋਈ ਗੱਲ ਨਹੀਂ ਕੀਤੀ ਜਿਹੜੀ ਮੈਂ ਤੈਨੂੰ ਪੜ੍ਹਨ ਵਾਸਤੇ ਦਿੱਤੀ ਸੀ।"
ਹੁਜਰੇ ਵਾਲੇ ਦੀ ਗੱਲ ਸੁਣ ਕੇ ਮੈਨੂੰ ਯਕੀਨ ਆਵਣ ਲੱਗ ਪਿਆ ਸੀ ਕਿ ਮੈਂ ਕਹਾਣੀ ਲਿਖ ਸਕਨਾਂ, ਕਿਤਾਬ ਪੜ੍ਹਨ ਬਾਰੇ ਵੀ ਵਾਅਦਾ ਕੀਤਾ । ਸਵੇਰ ਦਾ ਵੇਲਾ ਸੀ। ਅਜੇ ਲੋਕੀ ਨਹੀਂ ਸਨ ਆਏ। ਉਹਨਾਂ ਅੰਗਰੇਜ਼ੀ ਦੇ ਮੁਹਾਵਰੇ, ਉਰਦੂ, ਪੰਜਾਬੀ ਤੇ ਫਾਰਸੀ ਦੇ ਕਈ ਮੁਹਾਵਰੇ ਤੇ ਸ਼ੇਅਰ ਸੁਣਾ ਕੇ ਉਹਨਾਂ ਦੀ ਤਸ਼ਰੀਹ
ਕਰਦਿਆਂ ਹੋਇਆਂ ਸਮਝਾਇਆ ਕਿ ਆਪਣੇ ਆਪ ਯਾ ਆਪਣੀ ਸਲਾਹੀਅਤ ਨੂੰ ਪਛਾਣ ਲੈਣਾ ਈ ਸੱਚੀ ਸੂਰਤ ਤੇ ਸੱਚਾ ਇਲਮ ਏ, ਪਰ ਇਹ ਕੰਮ ਹੈ ਬਹੁਤ ਮੁਸ਼ਕਲ । ਆਪਣੇ ਆਪ ਦੀ ਸਮਝ ਨਾ ਆਵੇ ਤਾਂ ਉਸਤਾਦ ਲੋਕ ਅਸਲ ਚਿਹਰਾ ਤੇ ਜੌਹਰ ਵਿਖਾ ਦਿੰਦੇ ਨੇ ਜੇ ਫੇਰ ਵੀ ਬੰਦੇ ਨੂੰ ਕੋਈ ਸਮਝ ਨਾ ਆਵੇ ਤਾਂ ਬਹੁਤ ਈ ਭੈੜਾ ਜੀਵਨ ਗੁਜ਼ਰਦਾ ਏ।
ਉਹਨਾਂ ਫੇਰ ਆਖਿਆ, "ਸਭ ਕੁੱਝ ਸਮਝ ਕੇ ਵੀ ਜੱਦੋਜਹਿਦ ਤੇ ਮੁਤਾਲੇ ਦੀ ਲੋੜ ਰਹਿੰਦੀ ਏ ਕਿਉਂ ਜੁ ਇਨਸਾਨੀ ਜਿਹਨ ਬਹੁਤ ਪੇਚੀਦਾ ਤੇ ਬਾਗ਼ੀ ਹੁੰਦਾ ਏ। ਜ਼ਹਾਲਤ ਦੀ ਕੋਈ ਹੱਦ ਨਹੀਂ ਹੁੰਦੀ। ਹੋ ਸਕਦਾ ਏ ਤੇਰੀ ਸਲਾਹੀਅਤ ਬਾਰੇ ਮੈਨੂੰ ਕੁੱਝ ਵਹਿਮ ਹੋਵੇ, ਪਰ ਤੇਰੇ ਵਿੱਚ ਕੁੱਝ ਹੈ ਜ਼ਰੂਰ !"
ਉਹਨਾਂ ਦਾ ਇਹ ਆਖਣਾ ਕਿ, "ਤੇਰੇ ਵਿੱਚ ਕੁੱਝ ਹੈ ਜ਼ਰੂਰ" ਇੱਕ ਵਾਰ ਫੇਰ ਮੈਨੂੰ ਜ਼ੋਹਰਾ ਦੀ ਯਾਦ ਆਈ। ਉਹ ਵੀ ਤਾਂ ਆਖਿਆ ਕਰਦੀ ਸੀ, "ਤੇਰੇ ਵਿੱਚ ਕੁੱਝ ਹੈ ਜ਼ਰੂਰ।”
ਮੈਂ ਜਵਾਬ ਦਿੱਤਾ -"ਮੇਰੇ ਵਿੱਚ ਕੁੱਝ ਨਹੀਂ ਸਿਵਾਏ ਤਲਖੀ, ਕੜੱਤਣ ਤੇ ਬੇਸਕੂਨੀ ਦੇ ।" ਇਹ ਸਭ ਕੁੱਝ ਤਾਂ ਮੇਰੇ ਵਿੱਚ ਉਂਜ ਦਾ ਉਂਜ ਏ, ਸਗੋਂ, "ਕੁੱਝ ਹੈ ਜ਼ਰੂਰ" ਦਾ ਅਜ਼ਾਬ ਹੋਰ ਵਧ ਗਿਆ ਸੀ।
"ਕੁੱਝ ਹੈ ਜ਼ਰੂਰ" ਦੀ ਭਾਲ ਵਿੱਚ ਮੈਂ ਸੜਦਾ ਜਾ ਰਿਹਾ ਸਾਂ, ਪਰ ਕੁੱਝ ਪੱਲੇ ਨਹੀਂ ਸੀ ਪੈ ਰਿਹਾ। ਉਸਤਾਦ ਜੀ ਸਾਹਮਣੇ ਮੈਂ ਆਪਣੀ ਨਾ-ਸਮਝੀ, ਕੁੜੱਤਣ ਤੇ ਤਲਖ਼ੀ ਦਾ ਜ਼ਿਕਰ ਕੀਤਾ ਤਾਂ ਉਹਨਾਂ ਆਖਿਆ, "ਇਹ ਤਲਖ਼ੀ ਯਾਂ ਕੁੜੱਤਣ ਤਾਂ ਬੰਦੇ ਨੂੰ ਕੁੱਝ ਕਰਨ ਲਈ ਹੁੱਜਾਂ ਮਾਰਦੀ ਏ । ਪਹਿਲੀ ਵਾਰ ਬੰਦਾ ਆਪਣਾ ਗੁੱਸਾ ਕੱਢਦਾ ਏ, ਫੇਰ ਹੌਲ਼ੀ ਹੌਲ਼ੀ ਸਹੀ ਸਿਮਤ ਵੱਲ ਆਪੇ ਈ ਟੁਰ ਪੈਂਦਾ ਏ । ਪਹਿਲੇ ਮੈਂ ਇੰਜ ਈ ਕਰਦਾ ਸਾਂ । ਗੁੱਸਾ ਆਵਣਾ ਚਾਹੀਦਾ ਏ। ਮਾਸਟਰ ਵਹਾਬ ਦੀ ਦੁਕਾਨ ਉੱਤੇ ਮੈਂ ਟੇਲਰਿੰਗ ਦਾ ਕੰਮ ਸਿੱਖਦਾ ਸਾਂ। ਉੱਥੇ ਸਿਆਸੀ ਲੋਕ ਆ ਕੇ ਬੈਠਿਆ ਕਰਦੇ ਸਨ । ਮਾਸਟਰ ਵਹਾਬ ਆਪ ਵੀ ਦਹਿਰੀਏ ਅਤੇ ਸੈਕੂਲਰ ਖਿਆਲਾਤ ਦੇ ਸਨ । ਉੱਥੇ ਲੋਕ ਆਕੇ ਬੈਠਿਆ ਕਰਦੇ ਸਨ। ਉਥੇ ਹੁੰਦੀ ਬਹਿਸ ਸੁਣ ਸੁਣ ਕੇ ਮੈਂ ਵੀ ਜੋੜ ਜੋੜਨ ਲੱਗ ਪਿਆ ਸਾਂ । ਸ਼ੇਖੂਪੁਰੀਆ! ਇੰਜ ਹੁੰਦਾ ਏ। ਮੇਰੇ ਜੋੜ ਮੀਆਂ ਇਫ਼ਤਖਾਰ ਦੀਨ ਨੇ ਸੁਣ ਲਏ। ਉਹ ਉਸ ਵੇਲੇ ਕਾਂਗਰਸ ਦੇ ਮੈਂਬਰ ਸਨ। ਮਾਸਟਰ ਵਹਾਬ ਕੋਲੋਂ ਆਪਣੇ ਕੱਪੜੇ ਸਵਾਇਆ ਕਰਦੇ ਸਨ। ਪੂਰੇ ਹਿੰਦੁਸਤਾਨ ਵਿੱਚ ਅਜ਼ਾਦੀ ਦੀਆਂ ਤਹਿਰੀਕਾਂ ਚੱਲ ਰਹੀਆਂ ਸਨ। ਅੰਗਰੇਜ਼ ਦੇ ਖਿਲਾਫ਼ ਨਫ਼ਰਤ ਵਧਦੀ ਜਾ ਰਹੀ ਸੀ। ਮੀਆਂ ਇਫ਼ਤਖਾਰ ਮੈਨੂੰ ਕਾਂਗਰਸ ਦੇ ਜਲਸੇ ਵਿੱਚ ਲੈ ਗਿਆ ਜਿਵੇਂ ਅਖ਼ਤਰ ਤੈਨੂੰ ਪੰਜਾਬੀ ਅਦਬੀ ਸੰਗਤ ਵਿੱਚ ਲੈ ਗਿਆ ਏ।" ਏਨੀ ਗੱਲ ਕਰਕੇ ਉਹ ਮੁਸਕਰਾਏ। "ਸ਼ੇਖੂਪੁਰੀਆ! ਤੇਰਾ ਮੇਰਾ ਲੱਗਦਾ ਏ ਕਿਸੇ ਪਿਛਲੇ ਜਨਮ ਵਿੱਚ ਸਾਥ ਰਿਹਾ ਹੋਣਾ ਏ", ਮੈਂ ਵੀ ਹੱਸ ਪਿਆ।
ਹੁਜਰੇ ਵਾਲੇ ਦੀ ਇਹ ਬਹੁਤ ਵੱਡੀ ਖੂਬੀ ਸੀ ਕਿ ਜਦ ਕਦੇ ਮਹਿਫ਼ਲ ਫਿੱਕੀ ਪੈਣ ਲੱਗੇ ਯਾ ਬਹੁਤ ਜਿਆਦਾ ਅਫ਼ਸੁਰਦਾ ਹੋ ਜਾਵੇ, ਤਾਂ ਕੋਈ ਨਾ ਕੋਈ ਹਾਸੇ ਵਾਲੀ ਗੱਲ ਕਰਕੇ ਮਹੌਲ ਬਦਲ ਦਿੰਦੇ ਸਨ । ਉਹਨਾ ਦਾ ਆਖਣਾ ਸੀ ਕਿ ਹੱਸਦੇ ਚਿਹਰੇ ਈ ਚੰਗੇ ਹੁੰਦੇ ਨੇ । ਏਸ ਕਾਇਨਾਤ ਨੂੰ ਹੋਰ ਖੂਬਸੂਰਤ ਕਰਨ ਲਈ ਲੋਕਾਂ ਦੇ ਚਿਹਰੇ ਉੱਤੇ ਹਾਸਾ ਹੋਣਾ ਚਾਹੀਦਾ ਏ।
ਖੌਰੇ ਏਸ ਲਈ ਉਹਨਾਂ ਗੀਤ ਲਿਖਿਆ ਸੀ :
ਮੈਨੂੰ ਧਰਤੀ ਕਲੀ ਕਰਾ ਦੇ
ਮੈਂ ਨੱਚਾਂ ਸਾਰੀ ਰਾਤ
ਧਰਤੀ ਕਲੀ ਕਰਾਵਣ ਦਾ ਮਤਲਬ ਖੁਸ਼ਹਾਲੀ ਤੇ ਨੱਚਣ ਦਾ ਮਤਲਬ ਖੁਸ਼ ਹੋਣਾ - ਉਸ ਵੇਲੇ ਮੈਂ ਖਿਆਲ ਕੀਤਾ ਸੀ । ਉਹਨਾਂ ਝੱਟ ਗੱਲਾਂ ਕਰਦਿਆਂ ਪੁੱਛਿਆ, "ਸ਼ੇਖੂਪੁਰੀਆ! ਤੇਰਾ ਬਚਪਨ ਕੈਸਾ ਗੁਜ਼ਰਿਆ ਏ ?" ਮੈਂ ਆਪਣੇ ਬਚਪਨ ਬਾਰੇ ਸਭ ਕੁੱਝ ਸੱਚ ਦੱਸਿਆ। ਉਹਨਾਂ ਇੱਕ ਇੱਕ ਗੱਲ ਬਚਪਨ ਬਾਰੇ ਕੁਰੇਦ ਕੁਰੇਦ ਕੇ ਪੁੱਛੀ। ਜਦ ਉਹਨਾਂ ਨੂੰ ਮਲੂਮ ਹੋਇਆ ਕਿ ਮੈਂ ਸੱਚ ਕਹਿ ਰਿਹਾ ਵਾਂ, ਤਾਂ ਉਹਨਾਂ ਆਪਣੇ ਬਚਪਨ ਬਾਰੇ ਗੱਲਾਂ ਕਰਦਿਆਂ ਆਖਿਆ, "ਤੇਰੇ ਮੇਰੇ ਬਚਪਨ ਵਿੱਚ ਕੋਈ ਬਹੁਤਾ ਫਰਕ ਨਹੀਂ। ਸਾਰੇ ਗਰੀਬਾਂ ਦੇ ਬਾਲ ਇੰਜ ਈ ਪਲਦੇ ਨੇ ਜਿਵੇਂ ਤੂੰ ਤੇ ਮੈਂ । ਗਲੋਂ ਤੇੜੋ ਨੰਗੇ, ਢਿੱਡੋਂ ਭੁੱਖੇ ਤੇ ਪੱਲਿਉਂ ਖਾਲੀ । ਜਦ ਮਰਜੀ ਦਾ ਖਾਵਣ ਨੂੰ ਨਾ ਮਿਲੇ ਤਾਂ ਭੁੱਖੇ ਈ ਹੋਏ ਨਾ । ਅੱਜ ਵੀ ਕਿੰਨੇ ਲੋਕਾਂ ਨੂੰ ਢਿੱਡ ਭਰ ਕੇ ਖਾਵਣ ਨੂੰ ਮਿਲਦਾ ਏ ? ਪੂਰੇ ਲਹੌਰ ਦੇ ਲੋਕਾਂ ਦੀ ਰੋਟੀ ਨਜ਼ਰ ਆਂਵਦੀ ਏ - ਨਾਨ ਛੱਲੇ ! ਬਚਪਨ ਵਿੱਚ ਤੈਨੂੰ ਪਿਉ ਕੋਲੋਂ ਕੁੱਟ ਪੈਂਦੀ ਸੀ । ਮੈਨੂੰ ਮੇਰੇ ਦਾਦੇ ਕੋਲੋਂ ਫੰਡ ਪੈਂਦੀ ਹੁੰਦੀ ਸੀ । ਘਰੋਂ ਖਬੀਸ ਦਾਦਾ ਮਾਰਦਾ ਸੀ ਤੇ ਬਾਹਰੋਂ ਲੋਕ ਝਿੜਕਦੇ ਸਨ । ਏਥੇ ਥੋੜ੍ਹਾ ਜਿਹਾ ਫਰਕ ਏ ਤੇਰੇ ਤੇ ਮੇਰੇ ਵਿੱਚ। ਤੈਨੂੰ ਕੋਈ ਬਾਹਰ ਨਹੀਂ ਸੀ ਝਿੜਕਦਾ। ਮੈਨੂੰ ਤਾਂ ਬਾਹਰੋਂ ਵੀ ਕੁੱਟ ਪੈਂਦੀ ਸੀ।"
"ਉਹ ਕਿਉਂ?" ਮੇਰੇ ਆਖਣ ਉੱਤੇ ਉਹਨਾਂ ਮੈਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਆਖਿਆ। ਉਹ ਆਪ ਈ ਬੋਲਣਾ ਚਾਹਦੇ ਸਨ। ਬੜੇ ਸਹਿਜ ਸਹਿਜ ਤੇ ਆਪ ਰੋਣਾ ਅੰਦਰ ਡੱਕ ਕੇ ! ਕਦੀ ਕਦੀ ਬਹੁਤ ਦੁਖੀ ਹੋ ਜਾਂਦੇ ਸਨ।
"ਯਾਰ, ਮੈਂ ਲੋਕਾਂ ਦੀਆਂ ਸਾਂਗਾਂ ਲਾਂਵਦਾ ਸਾਂ, ਸ਼ਰਾਰਤਾਂ ਕਰਦਾ ਸਾਂ, ਅਵਾਰਾ ਫਿਰਦਾ ਸਾਂ । ਗ਼ਰੀਬ ਦੇ ਬਾਲ ਨੂੰ ਤਾਂ ਕੋਈ ਕੋਲ ਨਹੀਂ ਖਲੋਣ ਦਿੰਦਾ । ਭਲਾਂ ਮੇਰੀਆਂ ਸ਼ਰਾਰਤਾਂ ਕੌਣ ਜਰਦਾ ! ਮੈਂ ਤਾਂ ਹਰ ਕਿਸੇ ਦੀਆਂ ਸਾਂਗਾਂ ਲਾਂਵਦਾ ਸਾਂ । ਲੋਕ ਆਪਣੀ ਬੇਬਸੀ ਤੇ ਮਹਿਰੂਮੀਆਂ ਦਾ ਗੁੱਸਾ ਮਾੜੇ ਗਰੀਬ ਉੱਤੇ ਈ ਕੱਢਦੇ ਨੇ। ਗਰੀਬਾਂ ਦੇ ਬਾਲ ਵੀ ਤਾਂ ਬਹੁਤ ਹੁੰਦੇ ਨੇ। ਮੇਰੀ ਗੱਲ ਸੁਣ ਰਿਹਾ ਏਂ ਕਿ ਸੌਂ ਗਿਆ ਏਂ, ਸ਼ੇਖੂਪੁਰੀਆ!" ਉਹਨਾਂ ਖੰਘੂਰਾ ਮਾਰਿਆ। ਮੈਂ ਆਪਣੇ ਅੱਥਰੂ ਪੂੰਝ ਕੇ ਇਕਰਾਰ ਵਿੱਚ ਸਿਰ ਹਿਲਾਇਆ। ਉਹਨਾਂ ਫੇਰ ਆਖਿਆ, "ਗਲੀਆਂ ਦੇ ਵਿੱਚ ਹੇੜਾਂ ਫਿਰਦੀਆਂ ਨੇ ਬਾਲਾਂ ਦੀਆਂ। ਮੈਂ ਉਹਨਾਂ ਬਾਲਾਂ ਨੂੰ ਇਕੱਠਿਆਂ ਕਰਕੇ ਮੁਹੱਲੇ ਦੇ ਮੌਲਵੀ ਦੀ ਨਕਲ ਉਤਾਰਿਆ ਕਰਦਾ ਸਾਂ । ਬਾਲ ਖੁਸ਼ ਹੁੰਦੇ ਸਨ, ਹੱਸਦੇ ਸਨ । ਬਾਲ ਆਪ ਵੀ ਮੇਰੀ ਰੀਸ ਕਰਕੇ ਮੌਲਵੀ ਦੀ ਨਕਲ ਉਤਾਰੀ ਫਿਰਦੇ ਸਨ, ਪਰ ਮੇਰੀ ਅਵਾਜ਼ ਤੇ ਮੇਰਾ ਢੰਗ ਨਹੀਂ ਸੀ ਉਹਨਾਂ ਕੋਲ। ਮੈਂ ਹੂ-ਬ-ਹੂ ਨਕਲ ਕਰ ਲੈਂਦਾ ਸਾਂ।
ਮਜ਼ਹਬੀ ਲੋਕ ਮੌਲਵੀ ਦਾ ਅਦਬ ਕਰਦੇ ਸਨ । ਨਾ ਵੀ ਕਰਦੇ ਹੋਵਣ, ਉਹਨਾਂ ਨੂੰ ਮੇਰੇ ਉੱਤੇ ਗੁੱਸਾ ਕੱਢਣ ਦਾ ਬਹਾਨਾ ਮਿਲ ਜਾਂਦਾ ਸੀ । ਉਂਜ ਵੀ ਲੋਕ ਮਜ਼ਹਬ ਦੇ ਨਾਂ ਉੱਤੇ ਐਵੇਂ ਈ ਚੌਧਰੀ ਬਣ ਬਣ ਵਖਾਂਵਦੇ ਸਨ। ਜਿੰਨਾ ਬੰਦਾ ਜਿਆਦਾ ਗੰਦਾ ਹੁੰਦਾ ਏ ਓਨਾ ਹੀ ਉਹ ਮਜ਼ਹਬ ਦੀ ਹਿਮਾਇਤ ਵਿੱਚ ਵਿਖਾਲਾ ਕਰਦਾ ਏ । ਪਹਿਲੇ ਤਾਂ ਲੋਕ ਮੈਨੂੰ ਆਪ ਮਨਾਂਹ
ਕਰਦੇ ਰਹੇ, ਫੇਰ ਉਹਨਾਂ ਮੌਲਵੀ ਨੂੰ ਜਾ ਆਖਿਆ ਕਿ ਦਰਜੀਆਂ ਦਾ ਮੁੰਡਾ ਚਿਰਾਗ ਤੁਹਾਡੀਆਂ ਨਕਲਾਂ ਕਰਦਾ ਏ, ਇੰਜ ਅਸਾਡੇ ਅਕੀਦੇ ਦੀ ਤੌਹੀਨ ਹੁੰਦੀ ਏ । ਏਸ ਲਈ ਮੁੰਡੇ ਨੂੰ ਸ਼ਰਈ ਸਜ਼ਾ ਮਿਲਣੀ ਚਾਹੀਦੀ ਏ ਤਾਂ ਜੋ ਕਿਸੇ ਹੋਰ ਨੂੰ ਮੌਲਵੀ ਦੀ ਨਕਲ ਉਤਾਰਨ ਦੀ ਹਿੰਮਤ ਨਾ ਹੋਵੇ। ਮੌਲਵੀ ਦੇ ਦਿਲ ਵਿੱਚ ਖੌਰੇ ਕੀ ਆਇਆ। ਉਹ ਚਾਹਦਾ ਤਾਂ ਆਪਣੀ ਮਸ਼ਹੂਰੀ ਵਾਸਤੇ ਮੇਰੇ ਲਈ ਸ਼ਰਈ ਸਜ਼ਾ ਤਜਵੀਜ਼ ਕਰ ਸਕਦਾ ਸੀ, ਮੈਨੂੰ ਸਜ਼ਾ ਦੇਣਾ ਕੋਈ ਮੁਸ਼ਕਲ ਗੱਲ ਵੀ ਨਹੀਂ ਸੀ। ਕਿਹੜਾ ਬਚਾਉਣ ਵਾਲਾ ਸੀ ? ਦਾਦਾ ਤਾਂ ਅੱਗੇ ਈ ਮੈਥੋਂ ਉੱਖੜਿਆ ਹੋਇਆ ਸੀ । ਗਰੀਬ ਪਿਉ ਮੇਰਾ ਬਹੁਤ ਈ ਸਾਊ ਤੇ ਸਿੱਧਾ ਬੰਦਾ ਸੀ । ਲੋਕਾਂ ਦੀਆਂ ਸੁਣ ਕੇ ਮੌਲਵੀ ਆਖਿਆ, "ਗੱਟੂ ਚੰਗਾ ਕਰਦਾ ਏ, ਉਹਨੂੰ ਕਰਨ ਦਿਉ ਅੱਜ ਨਕਲਾਂ ਕਰਦਾ ਏ, ਕੱਲ੍ਹ ਨੂੰ ਅਸਲਾਂ ਵੀ ਕਰੇਗਾ।" ਮੇਰਾ ਮਾਂ ਪਿਉ ਲੋਕਾਂ ਦੇ ਉਲਾਹਮੇ ਤੇ ਮੇਰੀਆਂ ਨਕਲਾਂ ਤੋਂ ਡਰ ਗਿਆ ਹੋਇਆ ਸੀ । ਉਹਨਾਂ ਮੈਨੂੰ ਸਕੂਲੇ ਪਾ ਦਿੱਤਾ । ਫੇਰ ਪੜ੍ਹਦਿਆਂ ਹੋਇਆਂ ਕਈ ਸਕੂਲ ਤਬਦੀਲ ਹੋਏ, ਵਜ੍ਹਾ ਤੈਨੂੰ ਦੱਸੀ ਸੀ ਨਾ! ਜ਼ਰਾ ਵੱਡਾ ਹੋਇਆ ਤਾਂ ਮੇਰੇ ਗਲ ਵਿੱਚ ਸਲੂਕਾ ਹੁੰਦਾ ਸੀ ਜੀਹਨੂੰ ਕੁੱਝ ਲੋਕ ਫਤੂਈ ਵੀ ਆਖਦੇ ਸਨ । ਸਲਾਈ ਲਈ ਲੋਕਾਂ ਦੇ ਆਏ ਕੱਪੜਿਆਂ ਵਿੱਚੋਂ ਥੋੜ੍ਹਾ-ਥੋੜ੍ਹਾ ਚੁਰਾ ਕੇ ਮੇਰਾ ਸਲੂਕਾ ਬਣਾਇਆ ਜਾਂਦਾ ਸੀ । ਕਈ ਕਈ ਰੰਗ ਹੁੰਦੇ ਸੀ ਮੇਰੇ ਸਲੂਕੇ ਤੇ ਕੱਛੇ ਵਿੱਚ। ਮੇਰੇ ਲੱਕ ਕੱਛਾ ਹੁੰਦਾ ਸੀ। ਪੂਰੇ ਕੱਪੜੇ ਤਾਂ ਮੈਨੂੰ ਮਿਲਦੇ ਈ ਨਹੀਂ ਸਨ। ਟਿੰਡ ਮੇਰੀ ਸ਼ੁਰੂ ਤੋਂ ਈ ਸੀ । ਘਰ ਤੇਲ, ਸਾਬਣ, ਤੌਲੀਆ ਹੋਵੇ ਤਾਂ ਬੋਦੇ ਰੱਖੀਏ ਤੇ ਵਾਹੀਏ। ਮੈਂ ਗੋਲ ਮੋਲ ਤੇ ਚੌੜਾ ਚਕਲਾ ਹੁੰਦਾ ਸਾਂ । ਮਧਰਾ ਤੇ ਮੋਟਾ ਮੈਂ ਹੁਣ ਵੀ ਆਂ, ਤੂੰ ਵੇਖ ਈ ਰਿਹਾ ਏਂ।" ਮੈਂ ਹੱਸ ਪਿਆ ਤੇ ਉਹ ਵੀ ਹੱਸ ਪਏ। "ਏਸ ਲਈ ਲੋਕ ਮੈਨੂੰ ਗੱਟੂ ਆਖਦੇ ਸਨ।"
"ਪੁੱਠੇ ਸਿੱਧੇ ਜੋੜ ਤਾਂ ਮੈਂ ਸ਼ੁਰੂ ਤੋਂ ਈ ਜੋੜਦਾ ਰਹਿੰਦਾ ਸਾਂ। ਘਰ ਦਿਆਂ ਬਜ਼ਾਰੋਂ ਕੋਈ ਚੀਜ਼ ਮੰਗਵਾਣੀ, ਸਬਜ਼ੀ ਵਗੈਰਾ ਤੇ ਮੈਂ ਜੋੜ ਜੋੜ ਕੇ ਆਖਣਾ:
ਲੈ ਆਂਦੀ ਸਬਜ਼ੀ ਮੈਂ ਭੱਜ ਕੇ
ਸਾਰੇ ਖਾਓ ਰੱਜ ਕੇ
ਬਾਕੀ ਰੱਖੋ ਕੱਜ ਕੇ
ਬੱਸ ਏਹੋ ਜੇਹੀ ਤੁਕਬੰਦੀ ਈ ਮੈਂ ਕਰਿਆ ਕਰਦਾ ਸਾਂ, ਪਰ ਮਾਂ ਮੈਨੂੰ ਆਖਦੀ, 'ਵੇ ਚਿਰਾਗ਼, ਤੈਨੂੰ ਜੋੜ ਜੋੜਨ ਦਾ ਖਬਤ ਹੋ ਗਿਆ ਏ। "ਹਾਂ, ਸ਼ੇਖੂਪੁਰੀਆ! ਮੈਂ ਖਬਤੀ ਸਾਂ। ਮੇਰਾ ਅੰਦਰਲਾ ਦੁਖੀ ਸੀ । ਤੇਰੇ ਵਾਂਗ ਈ ਮੇਰੇ ਵਿੱਚ ਕੁੜੱਤਣ ਸੀ । ਜਿਹੜੀ ਹੁਣ ਵੀ ਹੈ। ਪਰ ਉਸ ਵੇਲ਼ੇ ਦੀ ਕੁੜੱਤਣ ਆਪਣੀ ਮਹਿਰੂਮੀਆਂ ਤੇ ਭੁੱਖਾਂ ਤੋਂ ਪੈਦਾ ਹੋਈ ਸੀ ਤੇ ਹੁਣ ਆਪਣੇ ਵਰਗੇ ਬੇ-ਸ਼ੁਮਾਰ ਭੁੱਖੇ ਤੇ ਮਾਰ ਖਾਂਦੇ ਲੋਕਾਂ ਨੂੰ ਵੇਖਕੇ ਅੰਦਰ ਹੋਰ ਭਾਂਬੜ ਮੱਚ ਪਿਆ ਏ।" ਉਹਨਾਂ ਦੀਆਂ ਅੱਖਾਂ ਵਗਣ ਦੇ ਨੇੜੇ ਨੇੜੇ ਸਨ। ਉਹ ਪੂਰਾ ਯਤਨ ਕਰ ਰਹੇ ਸਨ ਕਿ ਅੱਖਾਂ ਗਿੱਲੀਆਂ ਨਾ ਹੋਵਣ। ਅੱਖਾਂ ਨੂੰ ਸੰਭਾਲਦੇ ਤਾਂ ਅਵਾਜ਼ ਵਿੱਚ ਕੰਬਣੀ ਜਿਹੀ ਆ ਜਾਂਦੀ ਸੀ ।
ਫੇਰ ਇੱਕ ਮੌਕਾ ਮਿਲਿਆ। ਅਸੀਂ ਦੋਵੇਂ ਇਕੱਲੇ ਸਾਂ। ਗੱਲਾਂ ਹੋਰ ਹੋਰ ਹੁੰਦੀਆਂ ਗੱਲ ਫਿਰ ਕੇ ਅਸਾਡੇ ਆਪਣੇ ਵੱਲ ਆ ਗਈ। ਉਹਨਾਂ ਦੱਸਿਆ, "ਸ਼ੇਖੂਪੁਰੀਆ! ਜੇ ਮੈਂ
ਚਾਂਹਦਾ ਤਾਂ ਆਪਣੇ ਲਈ ਬਹੁਤ ਕੁੱਝ ਕਰ ਸਕਦਾ ਸਾਂ । ਬਚਪਨ ਦੀਆਂ ਭੁੱਖਾਂ ਤੇ ਮਹਿਰੂਮੀਆਂ ਸਭ ਦੂਰ ਹੋ ਸਕਦੀਆਂ ਸਨ । ਪਰ ਮੈਂ ਤਾਂ ਆਪਣੇ ਵਰਗੇ ਕਰੋੜਾਂ ਤੇ ਅਰਬਾਂ ਲੋਕਾਂ ਦੇ ਨਾਲ ਰਲ ਕੇ ਰਹਿਨਾ ਚਾਹਨਾਂ ਵਾਂ, ਵੱਖਰਾ ਅਜ਼ਾਦ ਹੋ ਕੇ ਖੁਸ਼ ਨਹੀਂ ਸਾਂ ਰਹਿ ਸਕਦਾ। ਮੈਨੂੰ ਤਾਂ ਉਹ ਅਜ਼ਾਦੀ ਚਾਹੀਦੀ ਏ ਜਿਹੜੀ ਸਭ ਲੋਕਾਂ ਦੇ ਨਾਲ ਸਾਂਝੀ ਹੋਵੇ । ਮੈਂ ਇਕੱਲੀ ਅਜ਼ਾਦੀ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਵੀ ਮੈਂ ਇਕੱਲਾ ਮੌਜਾਂ ਮਾਨਣ ਲਈ ਅਜ਼ਾਦ ਨਹੀਂ ਹੋਣਾ ਚਾਹਦਾ ।"
ਮੈਨੂੰ ਏਸ ਗੱਲ ਉੱਤੇ ਤਸੱਲੀ ਨਾ ਹੋਈ। ਪੁੱਛਿਆ: "ਅਜ਼ਾਦੀ ਤੇ ਖੁਸ਼ਹਾਲੀ ਤਾਂ ਬੰਦੇ ਦਾ ਬੁਨਿਆਦੀ ਹੱਕ ਏ ।" ਮੈਂ ਬੜੇ ਈ ਅਦਬ ਨਾਲ ਸਵਾਲ ਕੀਤਾ। ਉਹਨਾਂ ਝੱਟ ਸਮਝ ਲਿਆ ਕਿ ਮੈਂ ਕੀ ਕਹਿਣਾ ਚਾਹਦਾ ਸਾਂ, ਪਰ ਕਹਿ ਨਹੀਂ ਸਾਂ ਸਕਦਾ ਯਾ ਮੈਨੂੰ ਕਹਿਣ ਦਾ ਚੱਜ ਨਹੀਂ ਸੀ ਆ ਰਿਹਾ। ਮੈਂ ਗੱਲ ਕਰਦਾ ਚੁੱਪ ਕਰ ਗਿਆ, ਪਰ ਉਹਨਾਂ ਮੇਰੇ ਖਿਆਲ ਪੜ੍ਹ ਲਏ ਹੋਏ ਸਨ, ਬੋਲੇ :
"ਸ਼ੇਖੂਪੁਰੀਆ! ਕੁੱਝ ਲੋਕ ਆਪਣੀ ਖੁਸ਼ਹਾਲੀ ਤੇ ਅਜ਼ਾਦੀ ਲਈ ਜੱਦੋਜਹਿਦ ਕਰਦੇ ਨੇ, ਪਰ ਕੁੱਝ ਲੋਕ ਸਭ ਲਈ ਲੜਦੇ ਮਰਦੇ ਨੇ । ਉਹ ਸਾਰੇ ਲੋਕਾਂ ਵਾਸਤੇ ਖੁਸ਼ਹਾਲੀ ਤੇ ਅਜ਼ਾਦੀ ਚਾਹਦੇ ਨੇ । ਜਦੋਂ ਮੈਨੂੰ ਮੀਆਂ ਇਫ਼ਤਖਾਰ ਦੀਨ ਮਾਸਟਰ ਵਹਾਬ ਦੀ ਦੁਕਾਨ ਤੋਂ ਕਾਂਗਰਸ ਦੇ ਜਲਸੇ ਵਿੱਚ ਲੈ ਗਿਆ ਸੀ, ਮੈਂ ਉੱਥੇ ਨਜ਼ਮ ਪੜ੍ਹੀ । ਲੋਕਾਂ ਬਹੁਤ ਤਾਰੀਫ਼ ਕੀਤੀ ਤਾਂ ਉੱਥੇ ਪੰਡਿਤ ਜਵਾਹਰ ਲਾਲ ਨਹਿਰੂ ਸੀ, ਉਹ ਤਾਂ ਮੇਰੇ ਉੱਤੇ ਬਹੁਤ ਈ ਮਿਹਰਬਾਨ ਹੋ ਗਿਆ। ਮੀਆਂ ਇਫ਼ਤਖਾਰ ਦੀਨ ਜਦ ਮੈਨੂੰ ਦਸਾਂ ਦਾ ਨੋਟ ਦਿੱਤਾ, ਉਹ ਮੇਰੇ ਲਈ ਬਹੁਤ ਵੱਡੀ ਰਕਮ ਸੀ । ਮੈਂ ਅਜੇ ਦਸਾਂ ਦੇ ਨੋਟ ਨੂੰ ਹੱਥਾਂ ਵਿੱਚ ਲੈ ਕੇ ਵੇਖ ਈ ਰਿਹਾ ਸਾਂ ਕਿ ਪੰਡਿਤ ਨਹਿਰੂ ਆਖਿਆ, 'ਇੱਕ ਸੌ ਦਾ ਨੋਟ ਹੋਰ ਏਸ ਮੁੰਡੇ ਨੂੰ ਦੇਵੋ। ਮੁੰਡੇ ਨੂੰ ਆਪਣੇ ਨਾਲ ਰੱਖੋ।'
ਮੇਰੇ ਲਈ ਤਾਂ ਦਸ ਰੁਪਏ ਈ ਬਹੁਤ ਜਿਆਦਾ ਸਨ ਮੇਰੀ ਹੈਸੀਅਤ ਨਾਲੋਂ, ਉੱਤੋਂ ਸੌ ਦਾ ਨੋਟ ਹੋਰ ਮਿਲਣ ਨਾਲ ਮੇਰੀ ਕਾਇਆ ਈ ਪਲਟ ਗਈ। ਮੈਂ ਫੇਰ ਦੁਕਾਨ ਉੱਤੇ ਨਹੀਂ ਸਾਂ ਗਿਆ । ਕਾਂਗਰਸ ਦੇ ਜਲਸਿਆਂ ਵਿੱਚ ਨਜ਼ਮਾਂ ਪੜ੍ਹਨ ਲੱਗ ਪਿਆ, ਅਜ਼ਾਦੀ ਦੇ ਗੀਤ ਗਾਵਣ ਲੱਗ ਪਿਆ, ਆਪਣੇ ਲਈ ਨਹੀਂ, ਆਪਣੇ ਵਰਗੇ ਸਭ ਲੋਕਾਂ ਲਈ। ਜਲਸਾ ਪੜ੍ਹਨ ਕਾਰਨ ਪੈਸੇ ਵੀ ਮਿਲਦੇ ਸਨ ਤੇ ਦਾਦ ਵੀ ਢੇਰ ਲੱਭਦੀ ਸੀ। ਸ਼ਾਇਰੀ ਦੀ ਨੋਕ ਪਲਕ ਸੰਵਾਰਨ ਲਈ ਮੈਂ ਉਸਤਾਦ ਹਮਦਮ ਹੋਰਾਂ ਦੇ ਜਾ ਪੈਰ ਫੜੇ।"
ਹੁਜਰੇ ਵਿੱਚ ਕੁੱਝ ਹੋਰ ਲੋਕ ਆ ਗਏ ਤਾਂ ਅਸਾਡੀ ਚੱਲਦੀ ਗੱਲ ਉੱਥੇ ਈ ਮੁੱਕ ਗਈ।
ਫੈਕਟਰੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਲਾਮ ਕਰਨਾ ਪੈਂਦਾ ਸੀ। ਬੜੇ ਬੇਹੂਦਾ ਤੇ ਮਕਰੂਹ ਚਿਹਰੇ ਅਫ਼ਸਰਾਂ ਦੇ ਸਨ, ਪਰ ਮਜ਼ਦੂਰਾਂ ਨੂੰ ਤਾਂ ਸਲਾਮ ਕਰਨੀ ਪੈਂਦੀ ਸੀ। ਮੈਨੂੰ ਇਹ ਸਭ ਕੁੱਝ ਬੁਰਾ ਲੱਗਦਾ ਸੀ, ਪਰ ਸਲਾਮ ਕਰਨਾ ਪੈਂਦਾ ਸੀ । ਵਾਹੀ ਬੀਜੀ ਮੈਂ ਛੱਡ ਦਿੱਤੀ ਸੀ,
ਹਰ ਕਈ ਕੰਮ ਆਵਦਾ ਨਹੀਂ ਸੀ, ਯੂਨੀਅਨ ਦੇ ਲੀਡਰਾਂ ਨਾਲ ਇੱਟ-ਖੜਿੱਕਾ ਰਹਿੰਦਾ ਸੀ । ਨੌਕਰੀ ਨਾਲ ਚਿੰਬੜਿਆਂ ਰਹਿਣ ਲਈ ਸਲਾਮਾਂ ਫੇਰ ਕਰਨਾ ਲਾਜ਼ਮੀ ਹੋਇਆ।
ਮਜ਼ਦੂਰ ਲੀਡਰ ਤਕਰੀਰਾਂ ਤੇ ਬਹੁਤ ਸੋਹਣੀਆਂ ਕਰਦੇ ਸਨ, ਪਰ ਉਹਨਾਂ ਦੇ ਅਮਲ ਬਿਲਕੁਲ ਈ ਉਲਟ ਹੁੰਦੇ ਸਨ, ਸਗੋਂ ਮੁਖ਼ਾਲਫ ਮਜ਼ਦੂਰ ਨੂੰ ਮਿੱਲ ਇੰਤਜ਼ਾਮੀਆਂ ਕੋਲੋਂ ਕਿਸੇ ਨਾ ਕਿਸੇ ਬਹਾਨੇ ਸਜ਼ਾ ਦਿਵਾ ਕੇ ਜ਼ਲੀਲ ਕਰਵਾਇਆ ਕਰਦੇ ਸਨ। ਮੇਰੇ ਖਿਲਾਫ਼ ਲੀਡਰਾਂ ਨੂੰ ਹੋਰ ਕੁੱਝ ਨਾ ਲੱਭਦਾ ਤਾਂ ਕਾਫ਼ਰ ਆਖਦੇ, ਕੰਮੀ ਆਖਦੇ। ਕਾਫ਼ਰ ਤੇ ਕੰਮੀ ਵਾਲੀ ਗੱਲ ਮਜ਼ਦੂਰਾਂ ਵਿੱਚ ਬਹੁਤ ਫੈਲ ਜਾਂਦੀ। ਮੈਨੂੰ ਇਹ ਵੀ ਦੁੱਖ ਹੋਇਆ ਕਿ ਮਜ਼ਦੂਰ ਆਪਣੇ ਆਪ ਨੂੰ ਅਜੇ ਤੀਕਰ ਮਜ਼ਦੂਰ ਨਹੀਂ ਸਨ ਸਮਝ ਰਹੇ। ਆਪਣੀ ਸਨਾਖ਼ਤ ਲਈ ਉਹ ਉੱਚੀਆਂ ਜਾਤਾਂ ਵਾਲ਼ੇ ਈ ਰਹਿਣਾ ਪਸੰਦ ਕਰਦੇ, ਭਾਵੇਂ ਚਪੜਾਸੀ ਤੇ ਚੌਂਕੀਦਾਰ ਦੀ ਨੌਕਰੀ ਈ ਕਿਉਂ ਨਾ ਕਰਦੇ ਹੋਵਣ। ਮੇਰੇ ਲਈ ਇਹ ਵੀ ਨਾ ਸਮਝ ਆਵਣ ਵਾਲਾ ਰਵੱਈਆ ਸੀ । ਮੈਂ ਜਿਉਂ ਜਿਉਂ ਮਜ਼ਦੂਰਾਂ ਨੂੰ ਇਹ ਅਹਿਸਾਸ ਦਿਵਾਵਣ ਦੇ ਜਤਨ ਕਰਦਾ ਕਿ ਅਸਾਂ ਮਜ਼ਦੂਰ ਆਂ। ਕੰਮੀ ਯਾ ਚੌਧਰੀ, ਸਰਦਾਰ ਯਾਂ ਸਈਅਦ ਨਹੀਂ ਆਂ । ਲੋਕ ਮੈਥੋਂ ਦੂਰ ਹੁੰਦੇ ਗਏ। ਉਹ ਤਾਂ ਆਪਣੀ ਸ਼ਾਨ ਉੱਚੀ ਜਾਤ ਨਾਲ ਜੋੜ ਕੇ ਖੁਸ਼ ਹੁੰਦੇ ਸੀ, ਮੈਂ ਕੰਮੀ ਕਹਿਲਾਵਣ ਦੇ ਜਤਨ ਵਿੱਚ। ਇੰਜ ਈ ਦੂਰੀ ਵਧਦੀ ਰਹੀ। ਏਸ ਦੂਰੀ ਪਾਰੋਂ ਮੇਰੇ ਵਿੱਚ ਤਲਖ਼ੀ ਹੋਰ ਵਧ ਗਈ ਸੀ।
ਏਥੇ ਵੀ ਮੈਂ ਕਿਸੇ ਨੂੰ ਬੇਲੀ ਨਾ ਬਣਾਇਆ ਯਾ ਖੌਰੇ ਕੋਈ ਬੇਲੀ ਬਣਿਆ ਈ ਨਹੀਂ ਸੀ । ਮੇਰਾ ਆਪਣਾ ਕਬੀਲਾ ਵੀ ਬਹੁਤ ਵੱਡਾ ਸੀ, ਕੋਈ ਨਾ ਕੋਈ ਮਰਦਾ ਜਿਉਂਦਾ ਰਹਿੰਦਾ ਸੀ, ਝਗੜੇ ਝੇੜੇ ਵੀ ਕਰਦੇ ਰਹਿੰਦੇ ਸਨ। ਕੋਈ ਕਿਸੇ ਦੀ ਗੱਲ ਨਾ ਸੁਣਦਾ, ਆਪਣੀ ਆਪਣੀ ਆਕੜ ਵਿੱਚ ਰਹਿੰਦੇ ਸਨ। ਧੌਂਸ ਤੇ ਧੱਕੇ ਧਕਾਨੇ ਦੇ ਚੌਧਰੀ ਬਣ ਬਣ ਵਿਖਾਂਦੇ ਸਨ।
ਮੇਰੇ ਲਈ ਇਹ ਸਾਰਾ ਕੁੱਝ ਬੇਸਵਾਦਾ ਸੀ । ਬਰਾਦਰੀ ਦੇ ਇਕੱਠਾਂ ਤੇ ਜਸ਼ਨਾਂ ਵਿੱਚ ਮੈਂ ਘੱਟ ਈ ਰਲਤ ਕਰਦਾ। ਬਰਾਦਰੀ ਵਿੱਚ ਹੁੰਦਾ ਕੀ ਸੀ ? ਗਿਲਾ, ਸ਼ਿਕਵਾ, ਨਫ਼ਰਤਾਂ, ਕਦੂਰਤਾਂ, ਉੱਤੋਂ ਭੁੱਖ ਨੰਗ ਦੇ ਬਾਵਜੂਦ ਆਕੜ ਬਹੁਤ ! ਏਸੇ ਲਈ ਮੈਂ ਬਰਾਦਰੀ ਕੋਲੋਂ ਵੀ ਦੂਰ ਈ ਰਿਹਾ। ਘਰ ਵਾਲੇ ਤੇ ਸਾਰੇ ਉਹਨਾਂ ਵਾਂਗ ਸਨ, ਮੇਰੀ ਖੋਪੜੀ ਵਿੱਚ ਈ ਕੋਈ ਪੁੱਠੀ ਮੱਤ ਸੀ, ਇਹ ਈ ਖਿਆਲ ਸੀ ਘਰ ਵਾਲਿਆਂ ਦਾ ਮੇਰੇ ਬਾਰੇ!
ਅਦੀਬਾਂ ਦੇ ਇਕੱਠ ਵਿੱਚ ਜਾਂਦਾ ਸਾਂ । ਉੱਥੇ ਸਾਈਂ ਨਾਲ ਮੁਲਾਕਾਤ ਹੁੰਦੀ ਤਾਂ ਉਹ ਮੈਨੂੰ ਮਾਰਕਸਿਜ਼ਮ ਬਾਰੇ ਬਹੁਤ ਕੁੱਝ ਸਮਝਾਇਆ ਕਰਦਾ ਸੀ। ਉਹਦੀ ਗੱਲ ਦਿਲ ਨੂੰ ਚੰਗੀ ਲੱਗਦੀ ਸੀ ਕਿ ਸਾਰੇ ਇੱਕ ਹੋਵਣ। ਸਾਂਝੇ ਦੁੱਖ ਤੇ ਸਾਂਝੀ ਭੁੱਖ ਹੋਵੇ । ਪਰ ਮੈਂ ਸੋਚਦਾ ਇੰਜ ਕਿਵੇਂ ਹੋਸੀ। ਸਾਈਂ ਦਾ ਜਵਾਬ ਹੁੰਦਾ, "ਅੱਧੀ ਦੁਨੀਆਂ ਵਿੱਚ ਤਾਂ ਹੋ ਗਿਆ ਏ" - ਰੂਸ ਵਿੱਚ, ਚੀਨ ਵਿੱਚ, ਵੀਅਤਨਾਮ ਤੇ ਕਈ ਹੋਰ ਮੁਲਕਾਂ ਦੇ ਨਾਂ ਲੈ ਕੇ ਉਸ ਆਖਿਆ, "ਇੱਥੇ ਵੀ ਸੋਸ਼ਲਿਜ਼ਮ ਆਇਆ ਕਿ ਆਇਆ।"
ਬੱਸ ਫੇਰ ਕੀ ਸੀ ਮੈਂ ਸੋਸ਼ਲਿਜ਼ਮ ਦੀ ਉਡੀਕ ਵਿੱਚ ਤੇ ਤਾਰੀਫ਼ ਵਿੱਚ ਮਸਤ ਰਹਿੰਦਾ ਸਾਂ। ਸੋਸ਼ਲਿਜ਼ਮ ਬਾਰੇ ਕੁੱਝ ਮੁਤਾਲਾ ਵੀ ਕਰਨ ਲੱਗ ਪਿਆ। ਖਾਸ ਕਰਕੇ ਅਲੀ
ਅੱਬਾਸ ਜਲਾਲਪੁਰੀ ਤੇ ਸਿਬਤ ਹਸਨ ਬਹੁਤ ਸੋਹਣਾ ਲਿਖਦੇ ਸਨ । ਸਾਈਂ ਜੀ ਦੀ ਤਬੀਅਤ ਵਿੱਚ ਅਜੀਬ ਤਰਾਂ ਦੀ ਆਜਜ਼ੀ ਤੇ ਇਨਕਸਾਰੀ ਸੀ । ਸਾਦਗੀ ਏਨੀ ਕਿ ਪਾਗਲਪੁਣੇ ਦੀ ਹੱਦ ਤੀਕਰ ਜਾਪੇ। ਲੀੜੇ ਅਕਸਰ ਪੁਰਾਣੇ ਈ ਪਾਂਵਦਾ ਸੀ, ਉਹ ਵੀ ਧੋਤੀ ਤੇ ਕੁਰਤਾ ਜਿਹੜੇ ਉਹਦੇ ਵਜੂਦ ਉੱਤੇ ਕਦੇ ਪੂਰੇ ਨਹੀਂ ਸਨ ਆਂਵਦੇ। ਲੰਡੇ ਤੇ ਛੋਟੇ ਹੁੰਦੇ ਸਨ । ਪੈਰਾਂ ਵਿੱਚ ਜੁੱਤੀ ਨਾ ਹੋਵਣ ਵਰਗੀ ਹੁੰਦੀ ਸੀ । ਕੋਈ ਸ਼ੈ ਹਵਾਈ ਚੱਪਲ ਦੇ ਨਾਲ ਮਿਲਦੀ ਜੁਲਦੀ ਮਲੂਮ ਹੁੰਦੀ ਸੀ ਤੇ ਉਹਦੀ ਇੱਕ ਅੱਧ ਤਣੀ ਟੁੱਟੀ ਰਹਿੰਦੀ ਸੀ । ਸਾਈਂ ਦੇ ਖਾਣ ਪੀਣ ਵਿੱਚ ਕੋਈ ਸਵਾਦਲਾਪਨ ਨਹੀਂ ਸੀ । ਜੋ ਕੁੱਝ ਮਿਲ ਜਾਵੇ, ਸ਼ੁਕਰ ਏ, ਨਾ ਮਿਲੇ ਤਾਂ ਅਫ਼ਸੋਸ ਕੋਈ ਨਹੀਂ। ਫ਼ਾਕੇ ਦੇ ਲਿਹਾਜ ਨਾਲ ਇਹ ਬੰਦਾ ਵੀ ਮੈਥੋਂ ਵੱਖ ਨਹੀਂ ਸੀ । ਸਾਈਂ ਨਾਲ ਰਲ ਬੈਠਣ ਨੂੰ ਮੇਰਾ ਜੀਅ ਕਰਦਾ ਰਹਿੰਦਾ ਸੀ । ਅਸਾਂ ਇੱਕ ਦੂਜੇ ਨਾਲ ਸਾਰੀਆਂ ਦਿਲ ਦੀਆਂ ਗੱਲਾਂ ਕਰ ਲੈਂਦੇ ਸਾਂ। ਇੱਕ ਦੂਜੇ ਤੇ ਏਤਬਾਰ ਕਰ ਲਿਆ ਸੀ ਯਾ ਖੋਰੇ ਆਪਣੇ ਆਪ ਈ ਹੋ ਗਿਆ ਸੀ, ਇੱਕ ਦੂਜੇ ਕੋਲੋਂ ਕੁੱਝ ਨਹੀਂ ਸਾਂ ਲੁਕਾ ਸਕਦੇ।
ਕਦੇ ਕਦੇ ਸਾਈਂ ਆਖਦਾ, "ਯਾਰ, ਤੇਰੀ ਤਬੀਅਤ ਵਿੱਚ ਕਾਹਲੀ ਬਹੁਤ ਏ। ਤੇਰੀ ਇਹ ਕਾਹਲ ਮੈਨੂੰ ਪਰੇਸ਼ਾਨ ਕਰ ਦਿੰਦੀ ਏ। ਨਾਲੇ, ਤੇਰੀ ਤਨਕੀਦ ਵੀ ਤਾਂ ਕੁਹਾੜਾ ਮਾਰ ਹੁੰਦੀ ਏ ਜੀਹਦੇ ਨਾਲ ਮੈਨੂੰ ਤਾਂ ਦੁੱਖ ਹੁੰਦਾ ਏ, ਪਰ ਅਦੀਬ ਸ਼ਾਇਰ ਲੋਕ ਵੀ ਮਹਿਸੂਸ ਕਰਦੇ ਨੇ। ਕੁੱਝ ਆਪਣੇ ਆਪ ਵਿੱਚ ਲਚਕ ਪੈਦਾ ਕਰ ।"
ਸਾਈਂ ਹੋਰ ਵੀ ਮਿਸਾਲਾਂ ਦੇ ਕੇ ਮੈਨੂੰ ਮੱਤ ਦੇਣ ਦਾ ਯਤਨ ਕਰਦਾ। ਗੱਲ ਤਾਂ ਸਾਈਂ ਦੀ ਠੀਕ ਸੀ। ਮੇਰਾ ਲਹਿਜਾ ਤੇ ਸੁਭਾਅ ਈ ਸਖਤ ਤੇ ਤਲਖ ਸੀ । ਪਰ ਮੈਂ ਕੀ ਕਰਦਾ ? ਬਥੇਰਾ ਆਪਣੇ ਆਪ ਨੂੰ ਬੱਸ ਵਿੱਚ ਕਰਨ ਦਾ ਚਾਰਾ ਕਰਦਾ ਰਹਿੰਦਾ, ਪਰ ਬੋਲਣ ਵੇਲੇ ਕੁੱਝ ਵੀ ਵੱਸ ਵਿੱਚ ਨਹੀਂ ਸੀ ਹੁੰਦਾ। ਮੈਨੂੰ ਲੱਗਦਾ ਕਿ ਅਦੀਬ ਲੋਕ ਤਨਕੀਦ ਕਰਨ ਵੇਲ਼ੇ ਝੂਠ ਬੋਲਦੇ ਨੇ । ਇੱਕ ਦੂਜੇ ਦੀ ਤਾਰੀਫ਼ ਵਿੱਚ ਖੁਸ਼ਾਮਦ ਕਰਦੇ ਮਲੂਮ ਹੁੰਦੇ ਨੇ । ਖੁਸ਼ਾਮਦ ਬਾਰੇ ਮੇਰੇ ਅੰਦਰ ਬਹੁਤ ਨਫ਼ਰਤ ਸੀ ਕਿਉਂਕਿ ਹਰ ਥਾਂ ਉੱਤੇ ਮੈਂ ਖੁਸ਼ਾਮਦੀਆਂ ਕੋਲੋਂ ਈ ਤੰਗ ਰਿਹਾ ਸਾਂ । ਹੋਰ ਤੇ ਮੇਰਾ ਕਿਧਰੇ ਵੱਸ ਨਹੀਂ ਸੀ ਚਲਦਾ। ਏਥੇ ਅਦਬ ਦੇ ਬਹਾਨੇ ਮੈਨੂੰ ਕੁੱਝ ਮੌਕਾ ਮਿਲ ਜਾਂਦਾ ਸੀ ਤਾਂ ਮੈਂ ਆਪਣਾ ਗੁੱਸਾ ਤੇ ਸਾੜ ਕੱਢ ਲੈਂਦਾ ਸਾਂ।
ਫੈਕਟਰੀ ਵਿੱਚ ਮੇਰਾ ਇੰਚਾਰਜ ਪੱਕਾ ਮਜ਼ਹਬੀ ਸੀ । ਸਗੋਂ ਸ਼ੈਤਾਨ ਦਾ ਹਿਮਾਇਤੀ ਸੀ । ਮੇਰਾ ਸੁਭਾਅ ਝਗੜਾਲੂ ਸੀ । ਇੰਚਾਰਜ ਮੈਨੂੰ ਦਬਾ ਕੇ ਰੱਖਣ ਲਈ ਨਿੱਕੀ ਨਿੱਕੀ ਗੱਲ ਉੱਤੇ ਬਹੁਤ ਰੋਅਬ ਵਿਖਾਂਵਦਾ, ਰੋਜ਼ ਪੁੱਛ ਪਰਤੀਤ ਕਰਦਾ, ਦੂਜੇ ਮਜ਼ਦੂਰਾਂ ਸਾਹਮਣੇ ਮੈਨੂੰ ਝਾੜ ਪਾਵਣ ਦਾ ਮੌਕਾ ਲੱਭਦਾ ਰਹਿੰਦਾ। ਜਦ ਕਦੀ ਉਹਨੂੰ ਮੌਕਾ ਮਿਲਦਾ ਤਾਂ ਮੇਰੀ ਬਜਾਏ ਸੋਸ਼ਲਿਜ਼ਮ ਨੂੰ ਬਹੁਤਾ ਮੰਦਾ ਬੋਲਦਾ।
ਇੰਚਾਰਜ ਆਪਣੀ ਮਜ਼ਹਬੀ ਸੋਚ ਕਾਰਨ ਆਪਣੇ ਆਪ ਨੂੰ ਮੁਅਜ਼ਜ਼ ਤੇ ਨੇਕ ਸਮਝਦਾ ਸੀ ਤੇ ਮੈਂ ਆਪਣੇ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਉੱਤੇ ਮਾਣ ਕਰਦਾ ਸਾਂ। ਏਸ ਟਕਰਾਓ ਕਾਰਨ ਬੜੀ ਤੰਗੀ ਦੇ ਦਿਨ ਆਏ। ਨਿੱਤ ਨੌਕਰੀ ਤੋਂ ਜਵਾਬ ਮਿਲਣ ਦਾ ਡਰ ਵੀ ਰਹਿੰਦਾ ਸੀ।
ਹੁਜਰੇ ਵਿੱਚ ਆ ਕੇ ਮੇਰੀ ਤਬੀਅਤ ਨੂੰ ਕੁੱਝ ਸਕੂਨ ਮਿਲਦਾ । ਏਥੇ ਈ ਲੋਕ ਸਨ ਪਿਆਰ ਕਰਨ ਵਾਲ਼ੇ, ਦੁੱਖ ਦਰਦ ਸੁਣਨ ਵਾਲ਼ੇ ਤੇ ਸੋਚਾਂ ਵਿੱਚ ਠੰਢ ਦੀ ਲਹਿਰ ਦਾ ਵਸੀਲਾ ਬਣਨ ਵਾਲੇ। ਮੇਰੀ ਜ਼ਬਾਨ ਵੀ ਤਾਂ ਏਥੇ ਆ ਕੇ ਮੇਰੇ ਵੱਸ ਵਿੱਚ ਰਹਿੰਦੀ ਸੀ। ਇੱਕ ਇੱਕ ਲਫ਼ਜ਼ ਬੋਲਣ ਤੋਂ ਪਹਿਲਾਂ ਮੈਨੂੰ ਸੌ ਸੌ ਵਾਰੀ ਸੋਚਣਾ ਪੈਂਦਾ ਸੀ। ਫੇਰ ਵੀ ਮੇਰੇ ਮੂੰਹ ਵਿੱਚੋਂ ਲਫ਼ਜ਼ ਉੜ ਉੜ ਕੇ ਤੇ ਫੁੱਟ ਫੁੱਟ ਕੇ ਨਿੱਕਲਦੇ ਸਨ । ਹੁਜਰੇ ਵਾਲੇ ਦੀ ਵਡਿਆਈ ਦਾ ਥਹੁ ਮੇਰੇ ਛੋਟੇ ਦਿਮਾਗ ਨੂੰ ਨਹੀਂ ਸੀ ਲੱਗ ਰਿਹਾ । ਹੁਜਰੇ ਵਾਲਾ ਤਾਂ ਮੇਰੀ ਸੋਚ ਤੋਂ ਵੀ ਕੋਈ ਬਹੁਤ ਵੱਡਾ ਬੰਦਾ ਸੀ। ਹੈਰਾਨੀ ਤਾਂ ਉਸ ਵੇਲੇ ਹੁੰਦੀ ਜਦ ਹੁਜਰੇ ਵਾਲਾ ਆਪਣੇ ਬਾਰੇ ਬੋਲਦਾ ਤਾਂ ਚੰਗ ਮੰਦ ਸਭ ਕੁੱਝ ਸੱਚ ਬੋਲੀ ਜਾਂਦਾ । ਆਪਣੇ ਘਰ ਦਿਆਂ ਬਾਰੇ ਵੀ ਸੱਚੋ-ਸੱਚ ਬੋਲਣਾ ਮੇਰੇ ਲਈ ਬਿਲਕੁਲ ਈ ਨਵੀਂ ਤੇ ਅਨੋਖੀ ਗੱਲ ਸੀ। ਮੈਂ ਅਕਸਰ ਸੋਚਦਾ ਕਿ ਏਨੇ ਸੱਚੇ ਬੰਦੇ ਵੀ ਹੁੰਦੇ ਨੇ। ਇੱਕ ਵਾਰ ਉਹਨਾਂ ਆਪਣੇ ਘਰ ਦਿਆਂ ਦੇ ਬਾਰੇ ਦੱਸਿਆ, “ਮੇਰੀ ਇੱਕ ਵੱਡੀ ਭੈਣ ਤੇ ਵੱਡਾ ਭਰਾ ਵੀ ਹੁੰਦਾ ਸੀ। ਸਾਰੇ ਲੋਕ ਮੈਨੂੰ ਪਿਆਰ ਕਰਨ ਵਾਲੇ ਸਨ । ਮੇਰਾ ਦਾਦਾ ਬਹੁਤ ਜ਼ਾਲਮ, ਤਸ਼ੱਦਦ-ਪਸੰਦ ਤਬੀਅਤ ਵਾਲਾ ਸੀ।"
ਕਈ ਵਾਰ ਮੈਂ ਉਹਨਾਂ ਦੇ ਨਾਲ ਮੁਸ਼ਾਇਰੇ ਵੇਖੇ ਤੇ ਸੁਣੇ। ਇੱਕ ਇੱਕ ਸ਼ੇਅਰ ਉੱਤੇ ਲੋਕੀਂ ਉੱਛਲ-ਉੱਛਲ ਪੈਂਦੇ ਸਨ, ਪਰ ਹੁਜਰੇ ਵਾਲਾ ਦਾਦੇ ਦੇ ਤਸ਼ੱਦਦ ਤੋਂ ਏਨਾ ਡਰਿਆ ਹੋਇਆ ਸੀ ਕਿ ਦਾਦੇ ਦੇ ਜ਼ਿਕਰ ਉੱਤੇ ਹੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਟੁਰਦੇ ਸਨ।
ਏਥੇ ਆ ਕੇ ਮੈਨੂੰ ਕੁੱਝ ਸਾਂਝ ਮਲੂਮ ਹੁੰਦੀ ਸੀ। ਸਾਂਝੇ ਦੁੱਖ ਤੇ ਸਾਂਝੀ ਅੱਗ ਲੱਗੀ ਜਾਪਦੀ ਸੀ । ਏਥੇ ਮੈਨੂੰ ਹੀਣਾ ਨਹੀਂ ਸੀ ਸਮਝਿਆ ਜਾਂਦਾ, ਸਗੋਂ ਏਥੇ ਆ ਕੇ ਅਹਿਸਾਸ ਹੁੰਦਾ ਸੀ ਕਿ ਮੈਂ ਵੀ ਇਨਸਾਨ ਆਂ, ਮੈਨੂੰ ਵੀ ਭੁੱਖ ਲੱਗਦੀ ਏ, ਮੇਰੀਆਂ ਵੀ ਲੋੜਾਂ ਦੂਜੇ ਇਨਸਾਨਾਂ ਵਾਂਗ ਹੈਣ, ਮੇਰੀ ਕੋਈ ਜ਼ਬਾਨ ਵੀ ਹੈ ਤੇ ਕੋਈ ਹੈਸੀਅਤ ਵੀ।
ਬਹੁਤ ਲੋਕ ਆਂਵਦੇ ਸਨ ਹੁਜਰੇ ਵਿੱਚ ਹੁਜਰੇ ਵਾਲਾ ਸਭ ਦਾ ਇਹਤਰਾਮ ਕਰਦਾ ਸੀ, ਪਿਆਰ ਤੇ ਮੁਹੱਬਤ ਕਰਦਾ ਸੀ, ਰੋਟੀ ਵੇਲਾ ਹੁੰਦਾ ਤਾਂ ਹਰ ਮੌਜੂਦ ਬੰਦਾ ਰੋਟੀ ਖਾਵਣ ਵਿੱਚ ਸ਼ਾਮਲ ਹੁੰਦਾ। ਮੇਰੇ ਉੱਤੇ ਏਸ ਪਿਆਰ ਤੇ ਇਲਮੀ ਮਹੌਲ ਦਾ ਬਹੁਤ ਅਸਰ ਹੋਇਆ। ਏਥੇ ਹਰ ਮੁਸ਼ਕਲ ਤੇ ਹਰ ਔਖੀ ਗੱਲ ਦੀ ਗੁੰਝਲ ਹਾਸੇ ਹਾਸੇ ਵਿੱਚ ਈ ਖੁੱਲ੍ਹ ਜਾਂਦੀ ਸੀ। ਮੇਰੀ ਤਬੀਅਤ ਵਿੱਚ ਕੁੱਝ ਕੁੱਝ ਸ਼ੋਖੀ ਆ ਰਹੀ ਸੀ। ਮੈਂ ਵੀ ਆਪਣੇ ਆਪ ਨੂੰ ਜਿਉਂਦਾ ਮਨੁੱਖ ਸਮਝਣ ਲੱਗ ਪਿਆ ਸਾਂ।
ਦੁਨੀਆਂ ਦੇ ਕਲਾਸਕੀ ਅਦਬ ਬਾਰੇ ਮੈਨੂੰ ਏਥੋਂ ਈ ਜਾਣਕਾਰੀ ਮਿਲੀ ਤੇ ਕੁੱਝ ਕੁੱਝ ਪੜ੍ਹਨ ਦਾ ਮੌਕਾ ਵੀ । ਵੇਲ਼ੇ ਦੇ ਨਵੇਂ ਅਦਬ ਦੀ ਟੋਰ ਬਾਰੇ ਵੀ ਮਲੂਮ ਹੁੰਦਾ ਰਹਿੰਦਾ ਸੀ । ਹੁਜਰੇ ਵਾਲੇ ਦਾ ਦੱਸਣ ਤੇ ਸਮਝਾਵਣ ਦਾ ਢੰਗ ਬਹੁਤ ਹੀ ਅਸਾਨ ਤੇ ਦਿਲਚਸਪ ਹੁੰਦਾ ਸੀ। ਇੱਕ ਇੱਕ ਗੱਲ ਨੂੰ ਸਮਝਾਵਣ ਵੇਲੇ ਕਈ ਕਈ ਕਿਤਾਬਾਂ ਦਾ ਨਿਚੋੜ ਬਿਆਨ ਕਰ ਦਿੰਦੇ ਸਨ। ਇਹ ਵੀ ਪਤਾ ਲੱਗ ਜਾਂਦਾ ਸੀ ਕਿ ਕਿਹੜੀ ਕਿਤਾਬ ਦਾ ਮਵਾਦ ਕਿਹੜੀ ਕਿਤਾਬ ਦੇ ਖ਼ਿਆਲ 'ਚੋਂ ਚੁਰਾ ਕੇ ਲਿਖਿਆ ਗਿਆ ਏ। ਪਰ ਆਪ ਚੰਗੇ ਇਲਮ ਅਦਬ ਦੇ ਜਾਣੂ ਤੇ ਸਾਦਾ ਜੀਵਨ ਗੁਜ਼ਾਰਨ ਵਾਲੇ ਚਹਿਕਦੇ ਚਹਿਕਦੇ ਕਦੀ ਕਦੀ ਉਦਾਸ ਵੀ ਹੋ ਜਾਇਆ
ਕਰਦੇ ਸਨ। ਇੰਜ ਦਾ ਮਹੌਲ ਮੈਂ ਕਈ ਵਾਰੀ ਮਹਿਸੂਸ ਕੀਤਾ ਸੀ । ਉਹਨਾਂ ਦੇ ਚਿਹਰੇ ਉੱਤੋਂ ਉੱਠਦੀਆਂ ਉਦਾਸੀਆਂ ਨੂੰ ਮੈਂ ਵੇਖ ਲੈਂਦਾ ਸਾਂ ਪਰ ਵਜ੍ਹਾ ਪੁੱਛਣ ਦੀ ਹਿੰਮਤ ਨਹੀਂ ਸੀ ਪੈਂਦੀ। ਮੇਰੀਆਂ ਆਪਣੀਆਂ ਸੋਚਾਂ ਭਾਵੇਂ ਬਦਲ ਗਈਆਂ ਸਨ, ਚੀਜ਼ਾਂ ਨੂੰ ਵੇਖਣ ਦਾ ਢੰਗ ਹੋਰ ਹੋ ਗਿਆ ਸੀ, ਪਰ ਮੇਰਾ ਅੰਦਰਲਾ ਅਜੇ ਰਾਜ਼ੀ ਨਹੀਂ ਸੀ ਹੋ ਰਿਹਾ, ਰੇਸ਼ਮਾ ਦੇ ਗੰਵਣ ਵਾਂਗਰ :
ਮਨ ਮੈਥੋਂ ਨਹੀਓਂ ਮੰਨਦਾ
ਮੇਰਾ ਮਨ ਮੈਥੋਂ ਨਰਾਜ਼ ਸੀ। ਪਤਾ ਨਹੀਂ ਕਿਉਂ ? ਮਨ ਕੀ ਚਾਹਦਾ ਸੀ ? ਅੰਦਰ ਈ ਅੰਦਰ ਚਿਣਗ ਜਿਹੀ ਲਗਦੀ ਜਾਪਦੀ ਸੀ। ਕਦੇ ਕਦੇ ਤਾਂ ਉਹ ਚਿਣਗ ਮੱਚ ਖਲੋਂਦੀ ਸੀ ਤਾਂ ਮੇਰੀਆਂ ਅੱਖਾਂ ਹੰਝੂਆਂ ਦਾ ਪਾਣੀ ਡੋਲ੍ਹ ਡੋਲ੍ਹ ਕੇ ਭਾਂਬੜ ਬੁਝਾਵਣ ਦਾ ਯਤਨ ਕਰਦੀਆਂ ਸਨ। ਮਨ ਵਿੱਚ ਲੱਗੀ ਅੱਗ ਅੱਖਾਂ ਦੇ ਪਾਣੀ ਨਾਲ ਭਲਾਂ ਕਿਵੇਂ ਬੁੱਝ ਸਕਦੀ ਸੀ ? ਪਰ ਰੋਵਣ ਨਾਲ ਕੁੱਝ ਮੱਠੀ ਜ਼ਰੂਰ ਹੋ ਜਾਂਦੀ ਸੀ। ਕੁੱਝ ਦਿਨਾਂ ਲਈ ਸਾੜ ਘਟ ਜਾਇਆ ਕਰਦਾ ਸੀ।
ਇੰਜ ਜਾਪਦਾ ਸੀ ਕਿ ਹੁਜਰੇ ਵਾਲੇ ਦੇ ਮਨ ਵਿੱਚ ਵੀ ਐਸੀ ਅੱਗ ਦਾ ਸਾੜ ਏ। ਉਹਨਾਂ ਦੇ ਅੰਦਰ ਵੀ ਕੋਈ ਨਾ ਕੋਈ ਚਿਣਗ ਜ਼ਰੂਰ ਸੁਲਘਦੀ ਜਾਪਦੀ ਸੀ ।
ਇੱਕ ਦਿਨ ਇੱਕ ਫਿਲਮੀ ਸ਼ਾਇਰ ਆਇਆ ਹੋਇਆ ਸੀ। ਉਹ ਵੀ ਆਪਣੇ ਆਪ ਨੂੰ ਹੁਜਰੇ ਵਾਲ਼ੇ ਦਾ ਸ਼ਾਗਿਰਦ ਆਖਿਆ ਕਰਦਾ ਸੀ । ਉਸ ਫਿਲਮੀ ਸ਼ਾਇਰ ਆਪਣੇ ਘਰ ਦੀਆਂ ਔਕੜਾਂ ਤੇ ਆਪਣੀ ਨਾਫ਼ਰਮਾਨ ਔਲਾਦ ਹੱਥੋਂ ਲੱਗੇ ਫੱਟ ਸੁਣਾ ਸੁਣਾ ਕੇ ਹੁਜਰੇ ਦਾ ਸਾਰਾ ਮਹੌਲ ਸੋਗ ਨਾਲ ਭਰ ਦਿੱਤਾ। ਫਿਲਮੀ ਸ਼ਾਇਰ ਆਪ ਵੀ ਰੋ ਰਿਹਾ ਸੀ। ਹੁਜਰੇ ਵਾਲਾ ਕੁੱਝ ਦੇਰ ਤੇ ਚੁੱਪ ਕਰਕੇ ਸੁਣਦਾ ਰਿਹਾ, ਫੇਰ ਆਖਿਆ, "ਯਾਰ, ਤੂੰ ਸਾਨੂੰ ਕੀ ਦੁੱਖੜੇ ਸੁਣਾਵਣ ਬਹਿ ਗਿਆ ਏਂ । ਅਸਾਂ ਅੱਗੇ ਘੱਟ ਦੁਖੀ ਬੈਠੇ ਆਂ ਏਥੇ ? ਤੇਰੇ ਨਾਲੋਂ ਤਾਂ ਕ੍ਰਿਸ਼ਨ ਦੀ ਮੂਰਤੀ ਚੰਗੀ ਜਿਹੜੀ ਆਪਣੇ ਦੁੱਖ ਜਰਕੇ ਮੁਸਕਰਾਂਵਦੀ ਅਤੇ ਬੰਸਰੀ ਵਜਾਂਵਦੀ ਨਜ਼ਰ ਆਂਵਦੀ ਏ।"
ਏਨੀ ਗੱਲ ਕਰਦਿਆਂ ਹੋਇਆਂ ਉਹਨਾਂ ਦੇ ਆਪਣੇ ਚਿਹਰੇ ਉੱਤੋਂ ਉਦਾਸੀ ਤੇ ਦੁੱਖ ਦੇ ਕਈ ਪਰਛਾਵੇਂ ਆ ਆ ਕੇ ਗੁਜ਼ਰੇ ਸਨ । ਖੌਰੇ ਉਸ ਫਿਲਮੀ ਸ਼ਾਇਰ ਏਸੇ ਗੱਲ ਤੋਂ ਮੁਤਾਸਰ ਹੋ ਕੇ ਇਹ ਫਿਲਮੀ ਗੀਤ ਲਿਖਿਆ ਹੋਸੀ-
ਦਿਲਾਂ ਦੀਆਂ ਮੈਲੀਆਂ ਨੇ ਚੰਨ ਜੇਹੀਆਂ ਸੂਰਤਾਂ
ਇਹਨਾਂ ਕੋਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ
ਮੈਂ ਸੋਚਦਾ : ਕਿਤਾਬਾਂ ਨਾਲ ਹੁਜਰਾ ਭਰਿਆ ਹੋਇਆ ਏ । ਏਥੇ ਬੈਠਣ ਵਾਲਾ ਹਰ ਵੇਲੇ ਪੜ੍ਹਦਾ ਰਹਿੰਦਾ ਏ। ਲੋਕਾਂ ਨੂੰ ਹਸਾਵੰਦਾ ਤੇ ਦਾਨਸ਼ ਵੰਡਦਾ ਏ, ਫੇਰ ਉਦਾਸੀ ਦਾ ਕਾਰਨ ਕੀ ਏ ? ਮੈਂ ਇਹ ਜਾਣਨ ਦੀ ਟੋਹ ਵਿੱਚ ਸਾਂ। ਉਹ ਬਹੁਤ ਉਦਾਸ ਹੁੰਦੇ ਤਾਂ ਰੇਡੀਓ ਉੱਤੋਂ ਜਲੰਧਰ ਟੇਸ਼ਨ ਦਾ ਪ੍ਰੋਗਰਾਮ 'ਗੁਰਬਾਣੀ ਵਿਚਾਰ' ਸੁਣਿਆ ਕਰਦੇ ਸਨ । ਚੁੱਪ ਕਰਕੇ ਲੇਟ ਜਾਂਦੇ ਸਨ। ਫੇਰ ਹੱਸਦੇ ਹੱਸਦੇ ਉੱਠ ਬਹਿੰਦੇ ਤਾਂ ਆਖਦੇ, "ਸ਼ੇਖੂਪੁਰੀਆ। ਸਿੱਖ ਵੀ ਕੀ ਚੀਜ਼ ਨੇ । ਜਦੋਂ ਦੇ ਜੰਮੇ ਨੇ, ਇੱਕੋ ਈ ਤਰਜ ਉੱਤੇ ਗਾਈ ਜਾਂਦੇ ਨੇ ।" ਫੇਰ ਸਿੱਖਾਂ ਦੀਆਂ ਆਦਤਾਂ ਤੇ ਵਰਤਾਰੇ ਬਾਰੇ ਗੱਲਾਂ ਕਰਕੇ ਬਹੁਤ ਹੱਸਦੇ, ਪਰ ਸਿੱਖਾਂ ਦੇ ਖ਼ਲੂਸ ਨੂੰ ਬਹੁਤ ਸਲਾਹਿਆ
ਕਰਦੇ ਸਨ।
ਹੁਣੇ ਉਦਾਸ, ਹੁਣੇ ਖੁਸ਼ ਹਾਸੇ ਕਹਿਕਹੇ ਮੇਰੇ ਲਈ ਹੋਰ ਹੈਰਾਨੀ ਵਾਲੀ ਗੱਲ ਸੀ। ਮੈਨੂੰ ਹੋਰ ਖਿਝ ਚੜ੍ਹਦੀ। ਇਹ ਬੰਦਾ ਕੀ ਚੀਜ਼ ਏ! ਹੱਸਦਾ ਹੱਸਦਾ ਰੋ ਪੈਂਦਾ ਏ ਤੇ ਰੋਂਦਾ ਰੋਂਦਾ। ਹੱਸ ਪੈਂਦਾ ਏ - ਸੁਹਾਗ ਗਾਵਣ ਵਾਲੀਆਂ ਕੁੜੀਆਂ ਵਾਂਗ।
ਕਦੀ ਕਦੀ ਤਾਂ ਮੈਨੂੰ ਜੰਦਰਾ ਫੜਾ ਕੇ ਆਖਦੇ, "ਸ਼ੇਖੂਪੁਰੀਆ। ਬਾਹਰੋਂ ਮਾਰ ਕੇ ਚਲਾ ਜਾ, ਕੱਲ੍ਹ ਆ ਕੇ ਖੋਹਲੀ ।" ਮੈਂ ਹੁਕਮ ਮੰਨ ਲੈਂਦਾ ਤੇ ਜੰਦਰਾ ਮਾਰ ਕੇ ਪਿੰਡ ਆ ਜਾਂਦਾ । ਸਾਰੀ ਰਾਤ ਮੇਰੀ ਚਿੰਤਾ ਵਿੱਚ ਲੰਘਦੀ। ਦੂਜੇ ਦਿਨ ਆ ਕੇ ਬੂਹਾ ਖੋਹਲਦਾ ਤਾਂ ਹੱਸਦੇ ਹੱਸਦੇ ਆਖਦੇ, 'ਚੰਗਾ ਕੀਤਾ ਈ ਯਾਰ । ਕਦੇ ਕਦੇ ਇੰਜ ਕਰ ਜਾਇਆ ਕਰ । ਹੁਣ ਤਾਂ ਲੋਕ ਬਹੁਤ ਤੰਗ ਕਰਦੇ ਨੇ । ਜੇ ਮੈਨੂੰ ਭੁੱਖ ਨਾ ਲੱਗੇ ਤਾਂ ਮੈਂ ਕੋਠੜੀ ਦਾ ਬੂਹਾ ਕਦੇ ਨਾ ਖੋਹਲਾਂ ।"
ਜਦ ਬਹੁਤ ਈ ਉਦਾਸ ਹੁੰਦੇ ਤਾਂ ਕੋਈ ਪੰਜਾਬੀ ਫਿਲਮ ਵੇਖਣ ਚਲੇ ਜਾਂਦੇ। ਇੱਕ ਵਾਰ ਮੈਂ ਡਰਦਿਆਂ ਡਰਦਿਆਂ ਆਖਿਆ, "ਉਸਤਾਦ ਜੀ, ਅੱਜ ਕੋਈ ਉਰਦੂ ਫਿਲਮ ਵੇਖੀ ਜਾਏ।" ਮੈਂ ਇੱਕ ਉਰਦੂ ਫਿਲਮ ਦਾ ਨਾਂ ਲੈ ਕੇ ਆਖਿਆ ਕਿ ਬਹੁਤ ਚੰਗੀ ਸੁਣੀਂਦੀ ਏ।
ਪਰ ਉਹ ਨਾ-ਪਸੰਦ ਕਰਦੇ ਸਨ । ਉਹਨਾਂ ਦਾ ਆਖਣਾ ਸੀ ਕਿ ਉਰਦੂ ਫਿਲਮ ਵਿੱਚ ਵੇਖਣ ਲਈ ਕੁੱਝ ਨਹੀਂ ਹੁੰਦਾ। ਉਹਦੇ ਕਿਰਦਾਰ ਝੂਠੇ ਕਲਚਰ ਤੇ ਝੂਠੀ ਜ਼ਬਾਨ ਵਿੱਚ ਗੱਲ ਕਰਦੇ ਜੋਕਰ ਲੱਗਦੇ ਨੇ । ਉਰਦੂ ਫਿਲਮਾਂ ਵਿੱਚ ਸਿਵਾਏ ਫ਼ਹਾਸ਼ੀ ਦੇ ਖੁਸ਼ਾਮਦ ਦੇ ਹੋਰ ਕੁੱਝ ਨਹੀਂ। ਸ਼ੇਖੂਪੁਰੀਆ। ਦਰਬਾਰੀ ਤੇ ਫ਼ਹਾਸ਼ੀ ਸਲਾਮ ਵੇਖਣ ਦੀ ਬਜਾਏ, ਪੰਜਾਬੀ ਬੜ੍ਹਕ ਚੰਗੀ ?
"ਫ਼ਹਾਸ਼ੀ ਤੋਂ ਕੀ ਮਤਲਬ ?" ਮੇਰੇ ਜਾਨਣ ਲਈ ਉਹਨਾਂ ਦੱਸਿਆ, "ਦਰਬਾਰੀ ਤੇ ਖੁਸ਼ਾਮਦੀ ਰਵੱਈਆ ਫ਼ਹਾਸ਼ੀ ਈ ਹੋਇਆ ਨਾ! ਦਰਬਾਰੀ ਮਹੌਲ ਵਿੱਚ ਇਨਸਾਨ ਇਨਸਾਨ ਨਹੀਂ ਰਹਿੰਦਾ - ਆਕਾ (ਮਾਲਕ) ਤੇ ਗੁਲਾਮ ਹੁੰਦਾ ਏ ।"
ਮੇਰੇ ਰਿਸ਼ਤੇਦਾਰਾਂ ਨੂੰ ਵਹਿਮ ਸੀ ਕਿ ਮੈਂ ਪੱਕੀ ਨੌਕਰੀ 'ਤੇ ਲੱਗਿਆ ਹੋਇਆ ਵਾਂ, ਮੇਰੇ ਕੋਲ ਬਹੁਤ ਪੈਸੇ ਹੋਵਣਗੇ, ਕਿਉਂ ਜੁ ਮੇਰੀ ਸ਼ੁਰੂ ਤੋਂ ਈ ਆਦਤ ਸੀ ਕਿ ਫ਼ਾਕੇ ਹੋਵਣ ਤੇ ਭਾਵੇਂ ਦੁੱਖ, ਕਿਸੇ ਕੋਲੋਂ ਕੁੱਝ ਮੰਗਣਾ ਨਹੀਂ। ਰਿਸ਼ਤੇਦਾਰ ਮੇਰੀ ਏਸ ਆਦਤ ਨੂੰ ਪੈਸੇ ਨਾਲ ਜੋੜਦੇ। ਉਹਨਾਂ ਦੇ ਖਿਆਲ ਵਿੱਚ ਮੈਂ ਕਾਫ਼ੀ ਪੈਸੇ ਜੋੜ ਲਏ ਹੋਸਣ।
ਕਿਸੇ ਨਾ ਕਿਸੇ ਪੱਜ ਮੈਥੋਂ ਪੈਸੇ ਲੈਣ ਦੀ ਕੋਸ਼ਿਸ਼ ਵਿੱਚ ਰਹਿੰਦੇ। ਪਰ ਮੇਰੇ ਕੋਲ ਤਾਂ ਹੈ ਈ ਕੁੱਝ ਨਹੀਂ ਸੀ, ਕਿਸੇ ਰਿਸ਼ਤੇਦਾਰ ਯਾ ਸੱਜਣ ਨੂੰ ਦਿੰਦਾ ਕਿੱਥੋਂ। ਮੈਂ ਬੜੀ ਮੁਸ਼ਕਲ ਨਾਲ ਆਪ ਗੁਜ਼ਾਰਾ ਕਰ ਰਿਹਾ ਸਾਂ । ਗੁਜ਼ਾਰਾ ਕੀ? ਵਿੱਚ ਵਿੱਚ ਫ਼ਾਕੇ ਵੀ ਆ ਜਾਂਦੇ ਸਨ । ਹੁਣ ਕਿਤਾਬਾਂ, ਰਸਾਲਾ ਖਰੀਦਣ ਲਈ ਮੈਨੂੰ ਬਹੁਤ ਸਰਫਾ ਤੇ ਫਾਕਾ ਕਰਨਾ ਪੈਂਦਾ ਸੀ । ਮੈਨੂੰ ਪੜ੍ਹਨ ਲਈ ਭਾਵੇਂ ਬਹੁਤ ਸਾਰੀਆਂ ਕਿਤਾਬਾਂ ਹੁਜਰੇ ਵਿੱਚੋਂ ਮਿਲ ਜਾਇਆ ਕਰਦੀਆਂ ਸਨ। ਪਰ ਫੇਰ ਵੀ ਕੋਈ ਨਾ ਕੋਈ ਐਸੀ ਕਿਤਾਬ ਬਾਜ਼ਾਰ ਵਿੱਚੋਂ ਨਜ਼ਰ ਆ ਜਾਂਦੀ
ਸੀ ਜੀਹਨੂੰ ਖਰੀਦਣ ਲਈ ਮੇਰਾ ਜੀਅ ਕਰਦਾ ਸੀ । ਪਸੰਦ ਦੀ ਕਿਤਾਬ ਖਰੀਦਣ ਲਈ ਕਈ ਕਈ ਮਹੀਨੇ ਪੈਸੇ ਬਚਾ ਕੇ ਰੱਖਣੇ ਪੈਂਦੇ ਸਨ। ਉਹ ਵੀ ਕਦੇ ਕੋਈ ਕਿਤਾਬ ਖਰੀਦਣ ਵਿੱਚ ਕਾਮਿਆਬ ਹੋ ਜਾਂਦਾ ਸਾਂ । ਕਦੇ ਕੋਈ ਘਰ ਵਿੱਚ ਬੀਮਾਰ ਹੁੰਦਾ ਤਾਂ ਸਭ ਕੁੱਝ ਉੱਖੜ ਪੁੱਖੜ ਜਾਂਦਾ ਸੀ।
ਰਿਸ਼ਤੇਦਾਰ ਮੇਰੀ ਮਜ਼ਬੂਰੀ ਤੇ ਔਕੜ ਦਾ ਏਤਬਾਰ ਨਹੀਂ ਸਨ ਕਰਦੇ। ਬਹੁਤ ਸਾਰੇ ਸੱਜਣ ਤੇ ਰਿਸ਼ਤੇਦਾਰ ਮੈਥੋਂ ਨਾਰਾਜ਼ ਰਹਿੰਦੇ। ਉਹਨਾਂ ਦੀ ਰੰਜਗੀ ਮੈਥੋਂ ਵੇਖੀ ਨਹੀਂ ਸੀ ਜਾਂਦੀ, ਪਰ ਮੈਂ ਕੀ ਕਰ ਸਕਦਾ ਸਾਂ, ਮੇਰੇ ਪੱਲੇ ਈ ਕੁੱਝ ਨਹੀਂ ਸੀ।
ਇੱਕ ਸ਼ਾਮ ਮੇਰੀ ਵਹੁਟੀ ਨੂੰ ਬਾਹਰ ਪੈਲੀਆਂ ਵਿੱਚ ਸੱਪ ਲੜ ਗਿਆ। ਮੇਰੇ ਕੋਲ ਹਸਪਤਾਲ ਲਿਜਾ ਕੇ ਉਹਦੇ ਇਲਾਜ ਲਈ ਪੈਸੇ ਨਹੀਂ ਸਨ ਫੇਰ ਵੀ ਲੈ ਟੁਰਿਆ ਕਿ ਖੌਰੇ ਹਸਪਤਾਲ ਵਿੱਚ ਮੁਫ਼ਤ ਇਲਾਜ ਹੋ ਜਾਵੇ । ਪਰ ਉਸ ਮੇਰੀ ਗੁਰਬਤ ਦਾ ਲਿਹਾਜ ਕਰਦਿਆਂ ਰਾਹ ਵਿੱਚ ਹੀ ਸਾਥ ਛੱਡ ਦਿੱਤਾ। ਉਹਦੇ ਦੋ ਬਾਲ ਰਹਿ ਗਏ ਮੇਰੇ ਕੋਲ ।
ਹੁਣ ਤਾਂ ਮੇਰੇ ਲਈ ਘਰ ਵੀ ਸੁੰਨਸਾਨ ਹੋ ਗਿਆ । ਏਥੇ ਕੋਈ ਵੀ ਔਕੜਾਂ ਵਿੱਚ ਸਾਥ ਤੇ ਤਸੱਲੀ ਨਹੀਂ ਸੀ ਦਿੰਦਾ । ਹੁਜਰੇ ਆਵਣਾ ਵੀ ਔਖਾ ਹੋ ਗਿਆ । ਝੱਟ ਆਂਵਦਾ ਸਾਂ ਤੇ ਝੱਟ ਈ ਪਰਤ ਜਾਂਦਾ ਸਾਂ । ਬਾਲ ਅਜੇ ਛੋਟੇ ਸਨ। ਉਹਨਾਂ ਦਾ ਧਿਆਨ ਕਰਨਾ ਵੀ ਮੇਰੇ ਲਈ ਔਖਾ ਹੋ ਗਿਆ। ਛੋਟਾ ਤਾਂ ਬਹੁਤ ਈ ਜ਼ਿੱਦੀ ਤੇ ਹਰ ਵੇਲੇ ਤੰਗ ਕਰਿਆ ਕਰਦਾ ਸੀ। ਇਹ ਈ ਕਾਰਨ ਸੀ ਕਿ ਮੈਂ ਬਹੁਤ ਦਿਨਾਂ ਤੀਕਰ ਹੁਜਰੇ ਨਾ ਜਾ ਸਕਿਆ ਤੇ ਨਾ ਈ ਕਿਸੇ ਅਦਬੀ ਬੈਠਕ ਵਿੱਚ, ਸਗੋਂ ਮੈਂ ਲਹੌਰ ਈ ਨਹੀਂ ਸਾਂ ਗਿਆ।
ਮਾਂ ਦਾ ਆਖਣਾ ਸੀ ਕਿ ਦੂਜਾ ਵਿਆਹ ਕਰਾ ਲੈ। ਪਰ ਮੈਂ ਨਹੀਂ ਸੀ ਮੰਨਦਾ। ਮੇਰੇ ਖਿਆਲ ਵਿੱਚ ਗਰੀਬ ਆਦਮੀ ਵਿਆਹ ਦਾ ਭਾਰ ਨਹੀਂ ਸੀ ਚੁੱਕ ਸਕਦਾ। ਪਹਿਲੇ ਤਾਂ ਮੈਨੂੰ ਸਮਝ ਨਹੀਂ ਸੀ, ਪਰ ਹੁਣ ਮੈਂ ਜਾਣ ਗਿਆ ਸੀ ਕਿ ਵਿਆਹ ਕਰਵਾ ਕੇ ਕਿਸੇ ਹੋਰ ਨੂੰ ਫਾਕੇ ਨਹੀਂ ਮਾਰਨਾ।
ਕਾਫ਼ੀ ਦਿਨਾਂ ਮਗਰੋਂ ਜਦ ਦਿਲ ਬਹੁਤ ਹੀ ਉਦਾਸ ਹੋਇਆ, ਘਰ ਵੀ ਸੁੰਝਾ ਸੁੰਝਾ ਸੀ ਤੇ ਲੋਕ ਵੀ ਰੁੱਖੇ ਰੁੱਖੇ ਸਨ । ਸੱਚ ਈ ਤਾਂ ਵਾਰਸ਼ ਸ਼ਾਹ ਆਖਿਆ ਸੀ:
ਘਰ ਸਦਾ ਔਰਤਾਂ ਨਾਲ ਸੋਂਹਦੇ
ਜਿਵੇਂ ਰਾਤ ਅੰਨ੍ਹੇਰੀ ਵਿੱਚ ਦੀਵਿਆਂ ਨੀ
ਪਰ ਮੇਰੇ ਤਾਂ ਘਰ ਦਾ ਦੀਵਾ ਬੁਝ ਗਿਆ ਹੋਇਆ ਸੀ । ਸੱਚੀਂ ਮੁੱਚੀਂ ਅੰਨ੍ਹੇਰੇ ਕੋਠੇ ਵਿੱਚੋਂ ਘਰ ਵਾਲੀ ਦੇ ਬਿਨਾਂ ਖੌਫ਼ ਆਇਆ ਕਰਦਾ ਸੀ । ਨਵਾਂ ਦੀਵਾ ਬਾਲਣ ਲਈ ਮੇਰੇ ਵਿੱਚ ਹਿੰਮਤ ਨਹੀਂ ਸੀ ਹੋ ਰਹੀ। ਕੁੱਝ ਸਮਝ ਨਹੀਂ ਸੀ ਆ ਰਹੀ। ਮੇਰੀਆਂ ਤਲਖੀਆਂ ਵੱਧ ਤੋਂ ਵੱਧ ਹੋ ਰਹੀਆਂ ਸਨ। ਦਿਲ ਕਰਦਾ ਸੀ ਕਿ ਹੁਜਰੇ ਜਾ ਕੇ ਕੁੱਝ ਤਾਂ ਸੁਣ ਆਵਾਂ । ਉਸ ਹੁਜਰੇ ਵਾਲੇ ਦਰਵੇਸ਼ ਨੂੰ ਸਲਾਮ ਕਰ ਆਵਾਂ, ਵੇਖ ਆਵਾਂ ਉਹਦੀਆਂ ਉਦਾਸੀਆਂ ਮੇਰੇ ਨਾਲੋਂ ਘੱਟ ਨਹੀਂ ਸਗੋਂ ਮੇਰੇ ਵਾਂਗ ਹਨ । ਪੱਕਾ ਇਰਾਦਾ ਕਰ ਲਿਆ ਸੀ ਕਿ ਛੁੱਟੀ ਵਾਲੇ ਦਿਨ ਜ਼ਰੂਰ ਜਾਵਾਂਗਾ। ਸੰਗਤ ਵਿੱਚ ਵੀ ਰਲਤ ਕਰਾਂਗਾ।
ਅਗਲੇ ਦਿਨ ਫੈਕਟਰੀ ਦਾ ਅਖ਼ਬਾਰ ਦੇਖਿਆ ਮਲੂਮ ਹੋਇਆ ਕਿ ਹੁਜਰੇ ਵਾਲਾ ਗਰਿਫ਼ਤਾਰ ਹੋ ਗਿਆ ਏ ਤੇ ਉਹਦੀ ਕੋਈ ਦੱਸ ਪੁੱਛ ਨਹੀਂ ਸੀ ਲੱਗਦੀ। ਖ਼ਬਰ ਨੂੰ ਪੜ੍ਹਕੇ ਦਿਲ ਵਿੱਚ ਇੱਕ ਪੀੜ ਦੀ ਲਹਿਰ ਉੱਠੀ। ਮੇਰੇ ਮੂੰਹੋਂ ਨਿੱਕਲਿਆ, ਕੈਸੀ ਅਵਾਮੀ ਹਕੂਮਤ ਆਈ ਏ, ਦਰਵੇਸ਼ਾਂ ਨੂੰ ਵੀ ਕੈਦ ਕਰਨ ਲੱਗ ਪਈ ਏ। ਮੈਂ ਛੁੱਟੀ ਲੈ ਕੇ ਹੁਜਰੇ ਅੱਪੜਿਆ, ਉੱਥੇ ਜੰਦਰਾ ਵੱਜਾ ਹੋਇਆ ਸੀ । ਮੈਂ ਜੰਦਰੇ ਨੂੰ ਫੜ ਕੇ ਉਤਾਂਹ ਅੱਡੀਆਂ ਚੁੱਕ ਕੇ ਚੁੰਮਿਆ ਤੇ ਮੇਰੇ ਅੱਥਰੂ ਵਗ ਪਏ ਸਨ । ਹਸਨ ਕੋਲੋਂ ਪੁੱਛਿਆ ਤਾਂ ਉਸ ਡਰੇ ਹੋਏ ਨੇ ਦੱਸਿਆ ਕਿ ਸ਼ਾਮੀਂ ਪੁਲਸ ਆਈ ਸੀ। ਉਹਨਾਂ ਦੇ ਨਾਲ ਗਏ ਨੇ, ਅਜੇ ਤੀਕਰ ਮੁੜਕੇ ਨਹੀਂ ਆਏ। ਹੁਣ ਪਤਾ ਨਹੀਂ ਕਿੱਥੇ ਹੋਸਣ! "ਕੁੱਝ ਲੋਕ ਜ਼ਮਾਨਤ ਲਈ ਭੱਜ ਦੌੜ ਕਰ ਰਹੇ ਨੇ" ਕੱਲ੍ਹ ਨੂੰ ਕਚਹਿਰੀ ਵਿੱਚ ਆ ਜਾਵੀਂ।
ਮੈਂ ਘਰ ਨੂੰ ਪਰਤ ਆਇਆ, ਹੋਰ ਕੀ ਕਰ ਸਕਦਾ ਸਾਂ । ਮਸਾਂ ਕਰਕੇ ਦਿਨ ਉਡੀਕਦਿਆਂ, ਰਾਤ ਚਿੰਤਾ ਕਰਦਿਆਂ ਕੱਢੀ। ਅਗਲੇ ਦਿਨ ਸਵੇਰੇ ਸਵੇਰੇ ਕਚਹਿਰੀ ਅੱਪੜ ਗਿਆ।
ਕਚਹਿਰੀ ਵਿੱਚ ਕੁੱਝ ਵੀ ਨਹੀਂ ਸੀ। ਅਜੇ ਲੋਕ ਨਹੀਂ ਸਨ ਆਏ। ਉਹਨਾਂ ਵਾਸਤੇ ਅਜੇ ਦਿਨ ਨਹੀਂ ਸੀ ਚੜ੍ਹਿਆ। ਮੈਂ ਕਚਹਿਰੀਉਂ ਬਾਹਰ ਆ ਕੇ ਐਵੇਂ ਸੜਕ ਉੱਤੇ ਏਧਰ ਉਧਰ ਫਿਰਦਾ ਹੋਇਆ ਆਂਵਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸਾਂ। ਕਚਹਿਰੀ ਵਿੱਚ ਲੋਕ ਆਵਣ ਜਾਵਣ ਲੱਗ ਪਏ ਤਾਂ ਮੈਂ ਵੀ ਕਚਹਿਰੀ ਦੀ ਚਾਰ ਦਿਵਾਰੀ ਦੇ ਅੰਦਰ ਆ ਗਿਆ। ਲੰਮੀ ਚੌੜੀ ਕਚਹਿਰੀ ਵਿੱਚ ਮੈਂ ਕੀ ਜਾਣਾਂ ਕਿਹੜੀ ਅਦਾਲਤ ਵਿੱਚ ਦਰਵੇਸ਼ ਦੀ ਪੇਸ਼ੀ ਹੋਸੀ। ਮੈਂ ਭੱਜ ਭੱਜ ਕੇ ਕਚਹਿਰੀ ਦੇ ਇੱਕ ਸਿਰੇ ਤੋਂ ਦੂਜੇ ਤੀਕਰ ਕਈ ਚੱਕਰ ਕੱਢੇ ਹੋਸਨ।
ਹੁਜਰੇ ਜਾਵਣ ਵਾਲੇ ਕੁੱਝ ਜਾਣੇ ਪਛਾਣੇ ਲੋਕ ਨਜ਼ਰ ਪਏ ਤਾਂ ਮੈਂ ਵੀ ਉਹਨਾਂ ਕੋਲ ਜਾ ਖਲੋਤਾ। ਵੇਖਦਿਆਂ ਵੇਖਦਿਆਂ ਕਈ ਵਕੀਲ ਤੇ ਬੇ-ਹਿਸਾਬ ਹੋਰ ਲੋਕ ਇਕੱਠੇ ਹੋ ਗਏ। ਹਕੂਮਤ ਦੇ ਖ਼ਿਲਾਫ ਬੜੀ ਨਾਅਰਾਬਾਜ਼ੀ ਹੋਈ। ਮਲੂਮ ਹੋਇਆ ਕਿ ਪਿਛਲੇ ਪਾਸਿਓਂ ਦਰਵੇਸ਼ ਨੂੰ ਅਦਾਲਤ ਵਿੱਚ ਲੈ ਆਂਦਾ ਏ । ਬਹੁਤ ਸਾਰੇ ਵਕੀਲ ਤੇ ਲੋਕ ਅਦਾਲਤ ਦੇ ਅੰਦਰ ਚਲੇ ਗਏ। ਮੈਜਿਸਟਰੇਟ ਕਹਿ ਰਿਹਾ ਸੀ, "ਉਸਤਾਦ ਜੀ, ਤੁਹਾਡੇ ਉੱਤੇ ਦੋ ਪਸਤੌਲ ਤੇ ਇੱਕ ਦਸਤੀ ਬੰਮ ਰੱਖਣ ਦਾ ਇਲਜ਼ਾਮ ਏ। ਕੀ ਹੋਣਾ ਚਾਹੀਦਾ ਏ ?"
ਪਰ ਕੁਰਬਾਨ ਜਾਈਏ ਦਰਵੇਸ਼ ਦੇ ਹੌਂਸਲੇ ਤੋਂ। ਬੋਲੇ, "ਜੋ ਅੱਜ ਮੇਰੇ ਨਾਲ ਹੋ ਰਿਹਾ ਏ ਕੱਲ੍ਹ ਨੂੰ ਇੰਜ ਵੇਲ਼ੇ ਦਾ ਹਾਕਮ ਵੀ ਕਟਹਿਰੇ ਵਿੱਚ ਹੋਸੀ।" ਇੱਕ ਵਕੀਲ ਅਕਬਰ ਲਹੌਰੀ ਆਖਿਆ, "ਜਨਾਬ, ਅੱਜ ਦਾ ਦਿਨ ਅੱਜ ਦੀ ਇਹ ਗੱਲ ਤੇ ਮੁਕੱਦਮਾ ਹਿੱਸਾ ਬਣਨੇ ਨੇ। ਇਹ ਸਭ ਕੁੱਝ ਤਾਰੀਖ਼ ਵਿੱਚ ਦਰਜ ਹੋਣਾ ਏ ਕਿ ਕਿਹੜੇ ਵੇਲ਼ੇ ਕਿਹੜੀ ਅਦਾਲਤ ਕਿਹੋ ਜੇਹਾ ਫੈਸਲਾ ਕੀਤਾ ਸੀ।" ਅਕਬਰ ਲਹੌਰੀ ਕਹਾਣੀਕਾਰ ਤੇ ਸ਼ਾਇਰ ਵੀ ਸੀ। ਆਖ਼ਰ ਮੈਜਿਸਟਰੇਟ ਕੱਚੀ ਜ਼ਮਾਨਤ ਮਨਜੂਰ ਕਰਕੇ ਅਗਲੀ ਤਾਰੀਖ਼ ਦੇ ਦਿੱਤੀ। ਅਦਾਲਤ ਦੇ ਬਾਹਰ ਲੋਕਾਂ ਦੇ ਇਕੱਠ ਨੂੰ ਦਰਵੇਸ਼ ਸ਼ੇਅਰ ਸੁਣਾਏ।
ਬਹੁਤ ਸਾਰੇ ਲੋਕ ਹੁਜਰੇ ਤੀਕਰ ਨਾਲ ਆਏ। ਮੈਂ ਵੀ ਪਿੱਛੇ ਪਿੱਛੇ ਤੁਰਿਆ ਆਇਆ।
ਕੱਚੀ ਜ਼ਮਾਨਤ ਸੀ। ਕੁੱਝ ਲੋਕ ਤਾਂ ਹੁਜਰਿਓਂ ਬਾਹਰ ਈ ਚਲੇ ਗਏ। ਕੁੱਝ ਲੋਕ ਝੱਟ ਦਾ ਝੱਟ ਬਹਿ ਕੇ ਨਿੱਕਲ ਗਏ। ਲੋਕਾਂ ਨੂੰ ਡਰ ਸੀ, ਕੱਚੀ ਜ਼ਮਾਨਤ ਕਿਸੇ ਵੇਲੇ ਵੀ ਟੁੱਟ ਸਕਦੀ ਏ। ਹੋ ਸਕਦਾ ਏ ਏਸ ਹੁਜਰੇ ਵਿੱਚ ਬਹਿਣ ਨਾਲ ਅਸਾਂ ਵੀ ਫੜੇ ਜਾਈਏ ਤੇ ਅਸਾਡੇ ਉੱਤੇ ਵੀ ਬਗ਼ਾਵਤ ਦਾ ਮੁਕੱਦਮਾ ਬਣ ਜਾਵੇ।
ਜਿਹੜੇ ਬਹੁਤ ਈ ਕਰੀਬੀ ਲੋਕ ਸਨ ਉਹ ਤਾਂ ਬੈਠੇ ਰਹੇ, ਪਰ ਡਰਾਂਵਦੇ ਹੋਏ ਆਖਦੇ ਕਿ ਏਸ ਹਕੂਮਤ ਦਾ ਕੋਈ ਏਤਬਾਰ ਨਹੀਂ। ਹੋ ਸਕਦਾ ਏ ਕਿ ਕਿਸੇ ਹੋਰ ਇਲਜ਼ਾਮ ਵਿੱਚ ਦੋਬਾਰਾ ਗਰਿਫ਼ਤਾਰ ਕਰ ਲਵੇ। "ਤੁਸਾਂ ਕੁੱਝ ਦਿਨਾਂ ਲਈ ਲਹੌਰੋਂ ਬਾਹਰ ਚਲੇ ਜਾਓ। ਲਹੌਰੋਂ ਬਾਹਰ ਨਹੀਂ ਜਾਣਾ ਤਾਂ ਅਸਾਡੇ ਵਿੱਚੋਂ ਕਿਸੇ ਇੱਕ ਦੇ ਘਰ ਆ ਜਾਓ ।"
ਦਰਵੇਸ਼ ਸਭ ਨੂੰ ਅੱਛਾ ਅੱਛਾ ਕਹਿੰਦੇ ਰਹੇ। ਸਭ ਦਾ ਸ਼ੁਕਰੀਆ ਕਰਦੇ ਹੋਏ ਤੇ ਹੱਸਦੇ ਹੋਏ ਜਾਪਦੇ ਸਨ। ਇਹ ਗੱਲ ਕਿਸੇ ਵੀ ਨਾ ਆਖੀ ਕਿ ਉੱਠੋ ਜੀ, ਤੁਸਾਂ ਮੇਰੇ ਨਾਲ ਚੱਲੋ, ਮੈਂ ਤੁਹਾਡੀ ਸੰਭਾਲ ਕਰਾਂਗਾ।
ਦਰਵੇਸ਼ ਦਾ ਆਖਣਾ ਸੀ, "ਇਹ ਹਕੂਮਤ ਜਿਆਦਾ ਦੇਰ ਰਹਿੰਦੀ ਨਹੀਂ ਜਾਪਦੀ। ਏਹੋ ਜਿਹੀਆਂ ਹਰਕਤਾਂ ਅੰਗਰੇਜ਼ ਵੀ ਨਹੀਂ ਸੀ ਕਰਦਾ। ਉਹ ਵੀ ਆਪਣੇ ਬਣਾਏ ਹੋਏ ਕਾਨੂੰਨ ਦਾ ਇਹਤਰਾਮ ਕਰਦਾ ਸੀ । ਪਰ ਇਹ ਆਪਣਾ ਕਾਨੂੰਨ ਆਪ ਤੋੜੀ ਜਾਂਦੇ ਨੇ । ਇਹ ਜਿਹੜੇ ਆਪਣੇ ਆਪ ਨੂੰ ਅਵਾਮੀ ਕਹਿੰਦੇ ਨੇ, ਅਵਾਮ ਨੂੰ ਬੋਲਣ ਵੀ ਨਹੀਂ ਦਿੰਦੇ । ਏਸੇ ਲਈ ਮੇਰਾ ਖਿਆਲ ਏ ਕਿ ਹਕੂਮਤ ਜਿਆਦਾ ਦੇਰ ਨਹੀਂ ਰਹਿਣ ਲੱਗੀ। ਜੇ ਇਹ ਹਕੂਮਤ ਮੁਹੱਜ਼ਬ ਲੋਕਾਂ ਦੀ ਹੁੰਦੀ ਤਾਂ ਮੇਰੇ ਉੱਤੇ ਮੇਰੀ ਉਸ ਨਜ਼ਮ ਦਾ ਮੁਕੱਦਮਾ ਬਣਾਵਂਦੇ। ਮੇਰੇ ਉੱਤੇ ਅਸਲਾ ਪਾ ਕੇ ਇਹਨਾਂ ਸ਼ੁਹਦੇਪਣ ਦਾ ਸਬੂਤ ਦਿੱਤਾ ਏ।"
ਉਹਨਾਂ ਆਪਣੀ ਨਜ਼ਮ 'ਇਹ ਕੀ ਕਰੀ ਜਾਨਾ ਏਂ ਪਹਿਲੇ ਮਈ ਦੇ ਜ਼ਸ਼ਨ ਵਿੱਚ ਪੜ੍ਹੀ ਸੀ, ਤੇ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੜ੍ਹੀ ਸੀ। ਨਜ਼ਮ ਬਹੁਤ ਮਸ਼ਹੂਰ ਹੋਈ । ਲੋਕਾਂ ਆਪਣੇ ਕੋਲੋਂ ਵੀ ਬਹੁਤ ਸਾਰੇ ਸ਼ੇਅਰਾਂ ਦਾ ਵਾਧਾ ਕਰ ਲਿਆ ਹੋਇਆ ਸੀ।
ਜਿਸ ਵੇਲ਼ੇ ਇਹ ਨਜ਼ਮ ਮਸ਼ਹੂਰ ਹੋਈ ਉਸ ਵੇਲੇ ਹਕੂਮਤ ਦੇ ਖਿਲਾਫ਼ ਇੱਕ ਜ਼ਬਾਨ ਵੀ ਤਾਂ ਬੋਲਣ ਦੀ ਜੁਰਅਤ ਨਹੀਂ ਸੀ ਹੋ ਰਹੀ, ਪਰ ਹੁਜਰੇ ਵਾਲੇ ਦਰਵੇਸ਼ ਲਲਕਾਰ ਦਿੱਤਾ ਸੀ। ਜਵਾਬ ਵਿੱਚ ਹਕੂਮਤ ਨਾਜਾਇਜ਼ ਅਸਲਾ ਰੱਖਣ ਦੇ ਜੁਰਮ ਵਿੱਚ ਫੜ ਲਿਆ ਤੇ ਬਗ਼ਾਵਤ ਦਾ ਕੇਸ ਬਣਾਵਣਾ ਚਾਂਹਦੀ ਸੀ।
ਦਰਵੇਸ਼ ਦਾ ਆਖਣਾ ਸੀ, "ਜੇ ਮੇਰੇ ਹੁਜਰੇ ਦਾ ਬੂਹਾ ਨਾ ਹੁੰਦਾ ਤਾਂ ਟੈਂਕ ਨਿੱਕਲਦੇ, ਛੱਤ ਨਾ ਹੁੰਦੀ ਤਾਂ ਹੈਲੀਕਾਪਟਰ ਨਿੱਕਲਣੇ ਸਨ।"
ਏਨੀ ਪਰੇਸ਼ਾਨੀ ਤੇ ਦੁੱਖ ਵਿੱਚ ਦਰਵੇਸ਼ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾ ਰਿਹਾ ਸੀ। ਲੋਕ ਇੱਕ ਇੱਕ ਕਰਕੇ ਹੁਜਰੇ ਵਿੱਚੋਂ ਨਿੱਕਲ ਗਏ। ਡਰੇ ਹੋਏ ਸਨ। ਜਦ ਮੈਂ ਇਕੱਲਾ ਰਹਿ ਗਿਆ ਤਾਂ ਉਹਨਾਂ ਮੇਰੇ ਵੱਲ ਵੇਖ ਕੇ ਆਖਿਆ, "ਤੂੰ ਕਿਉਂ ਰੋਨਾ ਏਂ ? ਇੰਜ ਤਾਂ ਅਸਾਡੇ ਨਾਲ ਜੰਮਣ ਤੋਂ ਵੀ ਪਹਿਲੇ ਤੋਂ ਹੁੰਦਾ ਰਹਿੰਦਾ ਏ। ਜਿਹੜਾ ਤਸ਼ੱਦਦ ਅਸਾਡੇ
ਜਾਨਵਰਾਂ ਉੱਤੇ ਹੁੰਦਾ ਏ, ਉਹ ਈ ਅਸਾਡੇ ਵੱਲ ਮੁਨਤਕਿਲ ਹੋ ਜਾਂਦਾ ਏ।” ਮੇਰੇ ਆਖਣ ਉੱਤੇ ਕਿ ਮੈਂ ਰੋਂਦਾ ਤਾਂ ਨਹੀਂ, ਮੈਨੂੰ ਰੋਵਣ ਦੀ ਕੀ ਲੋੜ ਏ, ਪਰ ਮੇਰੇ ਅੱਥਰੂ ਆਪੇ ਈ ਵਗਦੇ ਪਏ ਨੇ, ਮੈਂ ਕੀ ਕਰਾਂ, ਉਸ ਵੇਲੇ ਮੇਰੀ ਆਵਾਜ਼ ਮੇਰੇ ਸੰਘ ਵਿੱਚ ਅੜ ਗਈ ਸੀ।
ਮੇਰੀ ਹਾਲਤ ਵੇਖ ਕੇ ਉਹ ਆਪ ਵੀ ਰੋਵਣ ਲੱਗ ਪਏ ਸਨ। ਉਹਨਾਂ ਆਖਿਆ, "ਚੱਲ ਫੇਰ ਲਹੌਰੋਂ ਬਾਹਰ ਚੱਲੀਏ।" ਹੁਜਰੇ ਨੂੰ ਜੰਦਰਾ ਮਾਰ ਕੇ ਅਸਾਂ ਬਾਹਰ ਨਿੱਕਲ ਟੁਰੇ।
ਇੱਕ ਵਾਰ ਫੇਰ ਉਹਨਾਂ ਅਫ਼ਸੋਸ ਕਰਦਿਆਂ ਆਖਿਆ, "ਮੇਰੇ ਉੱਤੇ ਮੇਰੀ ਸ਼ਾਇਰੀ ਦੇ ਹਵਾਲੇ ਨਾਲ ਮੁਕੱਦਮਾ ਬਣਦਾ ਤਾਂ ਮੈਂ ਹੱਸ ਕੇ ਸੂਲੀ ਚੜ੍ਹ ਜਾਂਦਾ । ਪਰ ਉਹਨਾਂ ਮੇਰੇ ਉੱਤੇ ਇਖ਼ਲਾਕੀ ਮੁਜਰਮ ਹੋਵਣ ਦਾ ਇਲਜ਼ਾਮ ਲਾ ਕੇ ਚੰਗਾ ਨਹੀਂ ਕੀਤਾ। ਇੰਜ ਦੇ ਇਲਜ਼ਾਮ ਉਹਨਾਂ ਉੱਤੇ ਵੀ ਲੱਗਣਗੇ, ਆਪਣੇ ਅਸੂਲ ਤੋੜ ਕੇ ਆਪ ਫਸਣਗੇ।"
ਮੇਰੇ ਆਪਣੇ ਕੋਲ ਤਾਂ ਆਪਣੇ ਵਾਸਤੇ ਕੋਈ ਜਗ੍ਹਾ ਨਹੀਂ ਸੀ, ਏਸੇ ਲਈ ਮੈਂ ਉਹਨਾਂ ਆਪਣੇ ਇੱਕ ਸੱਜਣ ਕੋਲ ਪਿੰਡ 'ਮੋਰਾਂ ਵਾਲੀ' ਲੈ ਗਿਆ । ਉੱਥੇ ਰਹਿਣ ਲਈ ਕਾਫ਼ੀ ਗੁੰਜਾਇਸ਼ ਸੀ।
ਪਿੰਡ ਵਿੱਚ ਮੈਂ ਮਸ਼ਹੂਰ ਕਰ ਦਿੱਤਾ ਕਿ ਗੋਲੜੇ ਸ਼ਰੀਫ਼ ਦੇ ਗੱਦੀ-ਨਸ਼ੀਨ ਪੀਰਾਂ ਵਿੱਚੋਂ ਨੇ। ਲੋਕ ਆਂਵਦੇ, ਅਦਬ ਇਹਤਰਾਮ ਨਾਲ ਮਿਲਦੇ । ਕੁੱਝ ਨਜ਼ਰ ਨਿਆਜ਼ ਦੇਵਣ ਦੀ ਕੋਸ਼ਿਸ਼ ਵੀ ਕਰਦੇ ਸਨ। ਪਰ ਮੇਰੇ ਮਨਾਂਹ ਕਰਨ ਉੱਤੇ ਉਹ ਨਿਆਜ਼ ਵਾਪਸ ਲੈ ਜਾਂਦੇ ਸਨ । ਪਰ ਕਈ ਤਾਂ ਜ਼ਿੱਦ ਕਰਦੇ ਸਨ। ਮੇਰੇ ਆਖਣ ਉੱਤੇ ਕਿ "ਪੀਰ ਸਾਹਿਬ ਕਈ ਦਿਨ ਏਥੇ ਰਹਿਣਗੇ, ਤੇ ਤੁਹਾਡੇ ਲਈ ਦੁਆ ਕਰਨਗੇ । ਉਸ ਵੇਲੇ ਖਿਦਮਤ ਕਰੋ ਤਾਂ ਬਿਹਤਰ ਏ। ਅਜੇ ਅਮਰ ਨਹੀਂ ਹੋਇਆ। ਬਿਨਾਂ ਅਮਰ ਦੇ ਸਿੱਧਾ ਕੰਮ ਵੀ ਪੁੱਠਾ ਪੈ ਸਕਦਾ ਹੈ ।" ਮੇਰੇ ਏਸ ਮਖੌਲ ਉੱਤੇ ਹੁਜਰੇ ਵਾਲਾ ਹੱਸ ਹੱਸ ਦੂਹਰਾ ਹੋਇਆ ਜਿਵੇਂ ਸਦੀਆਂ ਦਾ ਡੱਕਿਆ ਹੋਇਆ ਹਾਸਾ ਬੰਨ੍ਹ ਤੋੜ ਕੇ ਨਿੱਕਲ ਟੁਰਿਆ ਹੋਵੇ। "ਵਾਹ ਸ਼ੇਖੂਪੁਰੀਆ ਵਾਹ ! ਖੂਬ ਘੜਿਆ ਈ ਆਪਣੇ ਉਸਤਾਦ ਦਾ ਬੁੱਤ!" "ਹੋਰ ਕੀ ਕਰਦਾ" - ਮੈਂ ਦਲੀਲ ਪੇਸ਼ ਕੀਤੀ ਕਿ ਜੇ ਮੈਂ ਅਸਲ ਤੁਆਰਫ਼ ਕਰਵਾਂਦਾ ਤਾਂ ਹਰ ਕੋਈ ਅਸਾਨੂੰ ਸ਼ੱਕ ਦੀ ਨਜ਼ਰੇ ਵੇਖਦਾ ਤੇ ਨਫ਼ਰਤ ਕਰਦਾ। ਅਸਾਡੇ ਲਈ ਇੱਕ ਰਾਤ ਕੱਟਣੀ ਵੀ ਔਖੀ ਹੋ ਜਾਣੀ ਸੀ।"
"ਹਾਂ, ਠੀਕ ਕੀਤਾ ਈ, ਪਰ ਏਥੇ ਕੋਈ ਗਾਵਣ ਵਾਲਾ ਫਨਕਾਰ ਹੈ ਤੇਰੀ ਨਜ਼ਰ ਵਿੱਚ?"
"ਕੋਈ ਨਾ ਕੋਈ ਤਾਂ ਹੋਵੇਗਾ ਈ।" ਮੈਂ ਆਖਿਆ, "ਉਹ ਪੀਰ ਸਾਹਿਬ ਦੀ ਚੌਂਕੀ ਭਰਨ ਜ਼ਰੂਰ ਆਵੇਗਾ ।" ਪੀਰ ਸਾਹਿਬ ਦੀ ਚੌਂਕੀ ਸੁਣ ਕੇ ਉਹ ਫੇਰ ਬਹੁਤ ਹੱਸੇ। ਸ਼ਾਮ ਹੋਵਣ ਤੋਂ ਪਹਿਲੇ ਪਹਿਲੇ ਮੈਂ ਸਾਈਂ ਅਬਦੁੱਲਾ ਕਿੰਗ ਵਜਾਵਣ ਵਾਲੇ ਨੂੰ ਲੱਭ ਕੇ ਆਪਣੇ ਕੋਲੋਂ ਇਹ ਨਜ਼ਮ ਵੀ ਲਿਖਕੇ ਯਾਦ ਕਰਵਾ ਦਿੱਤੀ:
ਮੈਨੂੰ ਦੱਸ ਓਏ ਰੱਬਾ ਮੇਰਿਆ, ਮੈਂ ਤਾਂ ਡੁਬਦਾ ਡੁਬਦਾ ਜਾਂ
ਮੈਂ ਉੱਥੇ ਢੂੰਡਾਂ ਪਿਆਰ ਨੂੰ ਜਿੱਥੇ ਬੱਚਿਆਂ-ਖਾਣੀ ਮਾਂ।
ਸਾਈਂ ਅਬਦੁੱਲਾ ਗਾਂਵਦਾ ਵੀ ਚੰਗਾ ਸੀ। ਕਿੰਗ ਵਜਾਵਣੀ ਵੀ ਖੂਬ ਆਂਵਦੀ
ਸੀ। ਉਸ ਰਾਤ ਨੂੰ ਸਮਾਂ ਬੰਨ੍ਹ ਦਿੱਤਾ। ਪਹਿਲੇ ਸੰਮੀ ਸੁਣਾਈ, ਵਾਰਾਂ ਸੁਣਾਈਆਂ, ਮਿਰਜ਼ਾ ਤੇ ਹੋਰ ਲੋਕਗੀਤ ਵੀ ਸੁਣਾਏ। ਆਖ਼ਰ ਵਿੱਚ ਉਹ ਨਜ਼ਮ 'ਮੈਨੂੰ ਓਏ ਰੱਬਾ ਮੇਰਿਆ।'
ਆਪਣੀ ਈ ਨਜ਼ਮ ਸੁਣ ਕੇ ਹੁਜਰੇ ਵਾਲਾ ਬਹੁਤ ਉਦਾਸ ਹੋਇਆ। ਅੱਖਾਂ ਭਿੱਜ ਭਿੱਜ ਗਈਆਂ ਸਨ।
ਮੈਂ ਵੇਖੇ ਬੱਕਰੇ ਕੁਸਦੇ ਕੋਈ ਲੈ ਲੈ ਤੇਰਾ ਨਾਂ
ਮੈਨੂੰ ਉੱਥੋਂ ਚੀਕਾਂ ਸੁਣਦੀਆਂ ਜਿੱਥੇ ਹੁੰਦੀ ਏ ਚੁੱਪ ਚਾਂ
ਇਹ ਸ਼ੇਅਰ ਉਹਨਾਂ ਵਾਰ ਵਾਰ ਸੁਣਿਆ। ਕਾਫ਼ੀ ਰਾਤ ਤੀਕਰ ਗੋਲੜੇ ਸ਼ਰੀਫ ਵਾਲੇ ਪੀਰ ਦੀ ਚੌਂਕੀ ਭਰੀ ਜਾਂਦੀ ਰਹੀ। ਸੋਵਣ ਲਈ ਲੰਮੇ ਤਾਂ ਪੈ ਗਏ ਸਾਂ ਪਰ ਅੱਖਾਂ ਵਿੱਚ ਨੀਂਦਰ ਕੋਈ ਨਹੀਂ ਸੀ। ਅਜੇ ਦਿਨ ਨਹੀਂ ਸੀ ਚੜ੍ਹਿਆ। ਚਿੜੀ ਚੂਕਦੀ ਨਾਲ ਈ ਆਖਣ ਲੱਗ ਪਏ ਸਨ, "ਉੱਠ ਸ਼ੇਖੂਪੁਰੀਆ। ਲਹੌਰ ਚੱਲੀਏ। ਮੇਰਾ ਲਹੌਰੋਂ ਵੱਖ ਰਹਿ ਕੇ ਝੱਟ ਨਹੀਂ ਲੰਘਦਾ।"
ਸੂਰਜ ਚੜ੍ਹਨ ਦੇ ਨਾਲ ਈ ਅਸੀਂ ਹੁਜਰੇ ਵਿੱਚ ਵਾਪਸ ਪਰਤ ਆਏ। ਅਗਲੇ ਦਿਨ ਜ਼ਮਾਨਤ ਪੱਕੀ ਹੋ ਗਈ । ਕੁੱਝ ਦਿਨਾਂ ਮਗਰੋਂ ਹਕੂਮਤ ਮੁਕੱਦਮਾ ਵਾਪਸ ਲੈ ਲਿਆ । ਪੰਜਾਬ ਦੇ ਗਵਰਨਰ ਵੱਲੋਂ ਪੰਜ ਹਜ਼ਾਰ ਦਾ ਚੈੱਕ ਹੁਜਰੇ ਵਿੱਚ ਆਇਆ, ਪਰ ਹੁਜਰੇ ਵਾਲੇ ਵਾਪਸ ਮੋੜ ਦਿੱਤਾ।
ਉਹਨਾਂ ਦਿਨਾਂ ਵਿੱਚ ਹੁਜਰੇ ਦਾ ਮਹੌਲ ਬੜਾ ਈ ਬੇਸਵਾਦਾ ਤੇ ਉਦਾਸ ਉਦਾਸ ਹੋ ਗਿਆ। ਕੋਈ ਵਿਰਲਾ ਵਿਰਲਾ ਬੰਦਾ ਆ ਕੇ ਬੈਠਦਾ ਸੀ, ਉਹ ਵੀ ਬਹੁਤ ਈ ਅਕੀਦਤ ਵਾਲਾ । ਬਾਕੀ ਲੋਕ ਉੱਥੋਂ ਵਲਾ ਕੇ ਲੰਘ ਜਾਂਦੇ ਸਨ।
ਇੱਕ ਸ਼ਾਮ ਮੈਂ ਬੈਠਾ ਹੋਇਆ ਸਾਂ ਕਿ ਦੋ ਪੁਲਸ ਦੇ ਅਫ਼ਸਰ ਆਏ। ਉਹਨਾਂ ਮੈਨੂੰ ਇਸ਼ਾਰੇ ਨਾਲ ਚਲੇ ਜਾਣ ਦਾ ਆਖਿਆ। ਮੈਂ ਵੀ ਇਸ਼ਾਰਾ ਕੀਤਾ ਕਿ ਮੈਂ ਨਹੀਂ ਜਾਣਾ। ਪੁਲਸ ਵਾਲਾ ਇਸ਼ਾਰਾ ਕਰੇ ਕਿ ਜਾ। ਮੈਂ ਇਸ਼ਾਰੇ ਵਿੱਚ ਸਿਰ ਹਿਲਾਵਾਂ ਕਿ ਨਹੀਂ ਜਾਂਦਾ । ਹੁਜਰੇ ਵਾਲ਼ੇ ਮੇਰੇ ਇਨਕਾਰ ਨੂੰ ਤਾੜ ਲਿਆ ਸੀ । ਪੁਲਸ ਵਾਲੇ ਦੀ ਖੁਆਹਸ਼ ਵੀ ਸਮਝ ਗਏ ਸਨ ਤਾਂ ਮੈਨੂੰ ਹੁਕਮ ਮਿਲਿਆ, "ਸ਼ੇਖੂਪੁਰੀਆ! ਹੁਣ ਜਾ ਤੂੰ ।" ਮੈਂ ਆ ਗਿਆ। ਕੁੱਝ ਦਿਨਾਂ ਮਗਰੋਂ ਮਲੂਮ ਹੋਇਆ ਕਿ ਪੁਲਸ ਵਾਲਿਆਂ ਨੂੰ ਸ਼ੱਕ ਸੀ ਕਿ ਕਿਧਰੇ ਜਵਾਬ ਵਿੱਚ ਇਸਤਗਾਸਾ ਨਾ ਹੋ ਜਾਵੇ, ਮੁਆਫ਼ੀ ਮੰਗਣ ਆਏ ਸਨ।
ਮੁਆਫ਼ੀ ਦੇ ਨਾਂ ਉੱਤੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਆਖਿਆ, "ਪੁਲਸ ਵਾਲਿਆਂ ਨੂੰ ਤੇ ਕਦੇ ਮੁਆਫ਼ ਨਹੀਂ ਕਰਨਾ ਚਾਹੀਦਾ ਸੀ।"
"ਨਹੀਂ, ਸ਼ੇਖੂਪੁਰੀਆ। ਮੈਂ ਰਾਹ ਵਿੱਚ ਕਿਸੇ ਨਾਲ ਉਲਝਣਾ ਨਹੀਂ ਚਾਹਦਾ। ਇੰਜ ਪੰਧ ਖੋਟਾ ਹੁੰਦਾ ਏ।”
ਉਹਨਾਂ ਦੇ ਆਖਣ ਨਾਲ ਮੈਨੂੰ ਤਸੱਲੀ ਨਾ ਸੀ ਹੋਈ। ਪੁੱਛਣਾ ਚਾਹਦਾ ਸਾਂ ਕਿਹੜਾ ਪੰਧ, ਪਰ ਅਦਬ ਪਾਰੋਂ ਮੈਂ ਇਸ ਬਾਰੇ ਮੁੜ ਸਵਾਲ ਨਾ ਕੀਤਾ।
ਵੇਲਾ ਲੰਘਦਾ ਰਿਹਾ। ਲੋਕ ਮੁੜ ਆਵਣ ਜਾਵਣ ਲੱਗ ਪਏ ਸਨ। ਉਹਨਾਂ ਦੀ
ਨਜ਼ਮ ਈ ਉਹਨਾਂ ਨੂੰ ਆ ਆ ਕੇ ਸੁਣਾਂਵਦੇ ਸਨ । ਕਈ ਕਈ ਲੋਕਾਂ ਆਪਣੇ ਕੋਲੋਂ ਈ ਜੋੜ ਕੇ ਨਜ਼ਮ ਹੋਰ ਦੀ ਹੋਰ ਬਣਾ ਦਿੱਤੀ ਹੋਈ ਸੀ । ਹੁਜਰੇ ਵਾਲਾ ਸੁਣਦਾ ਤਾਂ ਬਹੁਤ ਹੱਸਦਾ।
ਨਜ਼ਮ ਸੁਣਾਵਣ ਵਾਲੇ ਨੂੰ ਬਿਲਕੁਲ ਨਹੀਂ ਸਨ ਟੋਕਦੇ, ਸਗੋਂ ਆਖਦੇ, "ਮੇਰੇ ਨਾਲੋਂ ਤੂੰ ਚੰਗਾ ਸ਼ੇਅਰ ਪੜ੍ਹ ਲੈਨਾਂ ਏਂ।"
ਉਹਨਾਂ ਦਿਨਾਂ ਵਿੱਚ ਮੇਰੇ ਦੂਜੇ ਵਿਆਹ ਲਈ ਘਰ ਵਾਲਿਆਂ ਵੱਲੋਂ ਬਹੁਤ ਦਬਾਅ ਪੈਣ ਲੱਗ ਪਿਆ ਸੀ। ਮਾਂ ਤਾਂ ਰੋਜ਼ ਈ ਗੱਲ ਚਲਾ ਦਿੰਦੀ ਸੀ । ਮੈਂ ਇਨਕਾਰ ਕਰਦਾ ਤਾਂ ਮਾਂ ਆਖਦੀ, “ਮੇਰੀ ਸਿਹਤ ਦਿਨੋਂ ਦਿਨ ਡਿਗਦੀ ਜਾਂਦੀ ਏ। ਡਿੱਗੀ ਢਾਹ ਵਾਂ । ਕੰਡੀ ਉੱਤੇ ਬਰੋਟਾ ਵਾਂ ਮੈਂ । ਮੇਰੇ ਮਗਰੋਂ ਤੈਨੂੰ ਤੇ ਤੇਰੇ ਬਾਲਾਂ ਨੂੰ ਕਿਸੇ ਰੋਟੀ ਪਕਾ ਕੇ ਨਹੀਂਉਂ ਦੇਣੀ।"
ਜਦ ਮੈਂ ਉੱਕਾ ਈ ਇਨਕਾਰ ਕਰ ਦਿੱਤਾ ਤਾਂ ਮਾਂ ਗੁੱਸਾ ਹੋ ਕੇ ਆਖਦੀ, “ਵੇ ਗੋਗੀ, ਪਤਾ ਨਹੀਂ ਤੈਨੂੰ ਕਦੋਂ ਅਕਲ ਆਵੇਗੀ । ਤੈਨੂੰ ਇਹ ਵੀ ਮਲੂਮ ਨਹੀਂ ਕਿ ਤੂੰ ਸਭ ਤੋਂ ਵੱਡਾ ਏਂ। ਏਥੇ ਜੇਠ ਦੀ ਰੋਟੀ ਕੋਈ ਨਹੀਂ ਪਕਾਵੰਦਾ ।"
ਜਦ ਹੁਜਰੇ ਵਾਲੇ ਨੂੰ ਮਲੂਮ ਹੋਇਆ ਕਿ ਮੈਂ ਦੂਜੇ ਵਿਆਹ ਤੋਂ ਇਨਕਾਰੀ ਆਂ, ਉਹਨਾਂ ਆਖਿਆ, “ਓਏ ਝੱਲਿਆ, ਤੇਰੀ ਮਾਂ ਠੀਕ ਆਖਦੀ ਏ। ਏਥੇ ਜੇਠ ਹੋਵਣਾ ਵੀ ਇੱਕ ਅਜ਼ਾਬ ਏ । ਅਸਾਡੇ ਪੰਜਾਬ ਦੀ ਇੱਕ ਬੋਲੀ ਏ;
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ
ਤੇ ਦੇਵਰ ਭਾਵੇਂ ਮੱਝ ਚੁੰਘ ਲਏ।
"ਤੂੰ ਆਪਣੀ ਮਾਂ ਦੀ ਗੱਲ ਮੰਨ ਜਾ । ਘਰ ਈ ਏਸ ਸਮਾਜ ਦੀ ਇਕਾਈ ਹੁੰਦਾ ਏ। ਘਰ ਵਸਾ ਲੈ।"
ਹੁਜਰੇ ਵਿੱਚੋਂ ਹੁਕਮ ਹੋਇਆ ਤਾਂ ਮੈਂ ਮਾਂ ਸਾਹਮਣੇ ਹਾਮੀ ਭਰ ਲਈ। ਮੇਰੇ ਹਾਂ ਕਰਨ ਉੱਤੇ ਮਾਂ ਚਾਈਂ ਚਾਈਂ ਆਪਣੇ ਵੱਡੇ ਭਰਾ ਦੇ ਬੂਹੇ ਉੱਤੇ ਜਾ ਬੈਠੀ । ਮੇਰੇ ਮਾਮੇ ਤੇ ਮਾਮੇ ਦਿਆਂ ਘਰ ਵਾਲਿਆਂ ਨੂੰ ਲੋਕਾਂ ਬਥੇਰਾ ਆਖਿਆ ਕਿ ਮੁੰਡਾ ਦੁਹਾਜੂ ਏ, ਉਹਦੇ ਦੋ ਬਾਲ ਵੀ ਹੈਣ। ਕੁੱਝ ਸੋਚ ਲਵੋ ਮਗਰੋਂ ਨਾ ਪਛਤਾਇਆ ਜੇ।
ਪਰ ਮੇਰਾ ਮਾਮਾ ਭੈਣ ਨੂੰ ਕਿਵੇਂ ਮੋੜ ਸਕਦਾ ਸੀ। ਉਹਦਾ ਆਖਣਾ ਸੀ, ਭੈਣ ਨੂੰ ਖਾਲੀ ਹੱਥ ਟੋਰਨਾ ਮੇਰੀ ਤਾਕਤ ਤੋਂ ਬਾਹਰ ਏ। ਮਾਂ ਰਾਜ਼ੀ ਖੁਸ਼ੀ ਵਾਪਸ ਆ ਕੇ ਮੇਰੇ ਦੂਜੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਵਾਂਗ ਈ ਮੈਨੂੰ ਗਾਨੇ ਨਾਲ ਸਜਾਇਆ ਗਿਆ। ਹੁਣ ਦੀ ਵਾਰ ਮੈਂ ਖੂੰਡੀ ਹੱਥ ਵਿੱਚ ਨਹੀਂ ਸੀ ਫੜੀ। ਪਹਿਲੀ ਸ਼ਾਦੀ ਉੱਤੇ ਮੇਰੀ ਜੰਜ ਪੈਦਲ ਗਈ ਸੀ ਤੇ ਹੁਣ ਤਰੱਕੀ ਹੋ ਗਈ ਸੀ । ਏਸੇ ਲਈ ਮਾਂਗਵੀਂ ਟਰਾਲੀ ਉਤੇ ਮੇਰੀ ਜੰਜ ਚੜ੍ਹੀ ਸੀ ।
ਉਦੋਂ ਕੰਜਰੀਆਂ ਬੁਲਾ ਕੇ ਮੁਜ਼ਰਾ ਕਰਵਾਇਆ ਸੀ ਤੇ ਹੁਣ ਰਾਸ ਧਾਰੀਏ ਅਖਾੜਾ ਬੰਨ੍ਹਿਆਂ ਸੀ। ਰਵਾਜ਼ ਭਾਵੇਂ ਹੋ ਗਿਆ ਸੀ ਕਿ ਜੰਜ ਸ਼ਾਮ ਨੂੰ ਉਸੇ ਦਿਨ ਈ ਪਰਤ ਆਂਵਦੀ ਸੀ, ਪਰ ਮੇਰੀ ਜੰਜ ਮੇਰੇ ਸਾਲਿਆਂ ਰਾਤ ਰੱਖ ਲਈ ਕਿਉਂ ਜੁ ਉਹਨਾਂ ਦੀ ਇੱਕੋ ਇੱਕ ਭੈਣ ਸੀ ਤੇ ਉਹ ਆਈ ਜੰਜ ਦੀ ਰੱਜ ਕੇ ਸੇਵਾ ਕਰਨਾ ਚਾਂਹਦੇ ਸਨ। ਮੇਰੇ ਏਸ ਵਿਆਹ ਵਿੱਚ ਮੇਰੇ
ਪੁੱਤਰ ਵੀ ਮੇਰੇ ਜਾਂਜੀ ਸਨ ਤੇ ਮੇਰਾ ਪਿਉ ਵੀ।
ਮੇਰੇ ਨਾਨਕਿਆਂ ਵਿੱਚੋਂ ਕੁੱਝ ਸ਼ਈਆ ਹੋ ਗਏ ਹੋਏ ਸਨ । ਵੱਡਾ ਮਾਮਾ ਵੀ ਸ਼ਈਆ ਹੋ ਗਿਆ ਹੋਇਆ ਸੀ। ਮੈਨੂੰ ਨਿਕਾਹ ਲਈ ਪੁੱਛਿਆ ਗਿਆ ਕਿ ਮੌਲਵੀ ਸ਼ਈਆ ਹੋਵੇ ਜਾਂ ਸੁੰਨੀ ? ਜਿਹੜਾ ਮਰਜ਼ੀ ਹੋਵੇ, ਮੇਰਾ ਜਵਾਬ ਸੀ । ਸ਼ਈਆ ਮੌਲਵੀ ਉਸ ਪਿੰਡ ਦਾ ਮੇਰਾ ਜਾਣੂੰ ਸੀ। ਪਹਿਲੇ ਵੀ ਉਹਦੇ ਨਾਲ ਹਾਸਾ ਮਖੌਲ ਕਰ ਲਾਈਦਾ ਸੀ । ਛੋਟੇ ਮਾਮੇ ਦਾ ਬੇਲੀ ਸੀ ਉਹ ਮੌਲਵੀ।
ਮੌਲਵੀ ਨਿਕਾਹ ਪੜ੍ਹਾਵਣ ਲਈ ਆਇਆ। ਪਹਿਲੇ ਮੌਲਵੀ ਨਾਲੋਂ ਬਿਲਕੁਲ ਈ ਵੱਖਰੀ ਸ਼ਰਈਅਤ ਸੀ ਉਹਦੀ। ਪਹਿਲੇ ਨਿਕਾਹ ਵੇਲੇ ਮੌਲਵੀ ਮੈਨੂੰ ਪੰਜ ਕਲਮੇ ਪੜ੍ਹਾਏ। ਈਮਾਨ ਦੀਆਂ ਸਿਫ਼ਤਾਂ ਤੇ ਹੋਰ ਵੀ ਕੁੱਝ ਹੈ ਸੀ। ਅੱਗੇ ਅੱਗੇ ਮੌਲਵੀ ਪੜ੍ਹਦਾ ਸੀ ਤੇ ਪਿੱਛੇ ਪਿੱਛੇ ਤੋਤੇ ਵਾਂਗਰ ਮੈਂ ਮੁਣ ਮੁਣ ਕਰੀ ਜਾਂਦਾ ਸਾਂ । ਬਹੁਤ ਕੁੱਝ ਰਟਾਵਣ ਤੇ ਫੇਰ ਆਪ ਪੜ੍ਹਨ ਮਗਰੋਂ ਮੌਲਵੀ ਮੇਰੀ ਵਹੁਟੀ ਦਾ ਨਾਂ ਲੈ ਕੇ ਪੁੱਛਿਆ, "ਤੈਨੂੰ ਕਬੂਲ ਏ।" ਤਿੰਨ ਵਾਰ ਉਸ ਇੰਜ ਈ ਆਖਿਆ ਸੀ।
ਪਰ ਇਹ ਸ਼ਈਆ ਮੌਲਵੀ ਤਾਂ ਸਭ ਕੁੱਝ ਆਪੇ ਆਪ ਈ ਪੜ੍ਹੀ ਜਾਂਦਾ ਸੀ । ਬਹੁਤ ਸਾਰਾ ਪੜ੍ਹਨ ਮਗਰੋਂ ਜਦ ਮੌਲਵੀ ਮੇਰੀ ਵਹੁਟੀ ਦਾ ਨਾਂ ਲੈ ਕੇ ਪੁੱਛਿਆ, "ਤੈਨੂੰ ਕਬੂਲ ਏ", ਮੈਂ ਸ਼ਰਾਰਤ ਵਿੱਚ ਸਾਂ। ਹੌਲੀ ਜੇਹੀ ਆਖਿਆ। "ਭਲਾਂ ਜਦ ਸਾਰਾ ਕੁੱਝ ਤੂੰ ਆਪੇ ਈ ਪੜ੍ਹ ਲਿਆ ਏ, ਇਹ ਵੀ ਆਖ ਛੱਡ, ਮੈਨੂੰ ਕੀ ਪੁੱਛਣਾ ਏਂ!" ਨਾਨਕਾ ਪਿੰਡ ਸੀ। ਮੌਲਵੀ ਨਾਲ ਹਾਸਾ ਮਜ਼ਾਕ ਹੈ ਸੀ, ਨਹੀਂ ਤਾਂ ਛਿੱਤਰ ਬਹੁਤ ਪੈਣੇ ਸਨ।
ਮੌਲਵੀ ਮੈਨੂੰ ਘੂਰੀ ਕੱਢ ਕੇ ਆਖਿਆ, "ਬੇਸ਼ਰਮ ਨਾ ਬਣ। ਚੁੱਪ ਕਰਕੇ ਮਤਲਬ ਦੀ ਗੱਲ ਕਰ। ਜੇ ਤੂੰ ਹੁਣ ਸ਼ਰਾਰਤ ਕੀਤੀ ਤਾਂ ਪਛਤਾਵੇਂਗਾ।"
ਮੇਰੇ ਤੇ ਮੌਲਵੀ ਵਿਚਕਾਰ ਗੱਲ ਦੂਜੇ ਲੋਕ ਨਹੀਂ ਸੁਣ ਸਕੇ । ਦੂਜੇ ਲੋਕ ਕੰਨ ਖੁੱਲ੍ਹੇ ਕੀਤੇ ਤਾਂ ਸਨ ਪਰ ਉਹਨਾਂ ਤੀਕਰ ਗੱਲ ਅੱਪੜੀ ਨਹੀਂ ਸੀ । ਮੈਂ ਸਾਊ ਬੰਦੇ ਵਾਂਗਰ ਕਬੂਲ ਕਬੂਲ ਕਬੂਲ ਆਖਿਆ, ਤਾਂ ਨਕਾਹ ਪੱਕਾ ਹੋ ਗਿਆ, ਯਾਨੀ ਇੱਕ ਹੋਰ ਔਰਤ ਉੱਤੇ "ਖ਼ਤਮ" ਪੜ੍ਹਿਆ ਗਿਆ ਤੇ ਉਹ ਮੇਰੀ ਹੋਈ।
ਮੇਰੇ ਪੁਰਾਣੇ ਬਾਲਾਂ ਤੇ ਨਵੀਂ ਵਹੁਟੀ ਇੱਕ ਦੂਜੇ ਨੂੰ ਕਬੂਲ ਕਰ ਲਿਆ ਤੇ ਘਰ ਵਸਣ ਲੱਗ ਪਿਆ।
ਇੱਕ ਦਿਨ ਮੇਰੇ ਬੈਠਿਆਂ ਗੌਰਮਿੰਟ ਕਾਲਜ ਲਹੌਰ ਦੇ ਸਾਬਕਾ ਪ੍ਰਿੰਸੀਪਲ ਹੁਜਰੇ ਵਿੱਚ ਆਏ। ਅਸਾਂ ਦੋਵੇਂ ਰੋਟੀ ਖਾ ਰਹੇ ਸਾਂ । ਡਾਕਟਰ ਸਾਹਿਬ ਦੇ ਆਵੰਦਿਆਂ ਈ ਮੈਨੂੰ ਹੁਕਮ ਹੋਇਆ, "ਜਾ, ਇੱਕ ਬੰਦੇ ਦੀ ਰੋਟੀ ਹੋਰ ਲੈ ਆ।" ਅੱਜ ਰੋਟੀ ਬਾਜ਼ਾਰੋਂ ਆਈ ਸੀ । ਮੈਂ ਜਾ ਕੇ ਇੱਕ ਬੰਦੇ ਦੀ ਰੋਟੀ ਹੋਰ ਲੈ ਆਇਆ।
ਗਰਮੀਆਂ ਦੇ ਦਿਨ ਸਨ ਢਾਈ ਵਜੇ ਦਾ ਵੇਲਾ ਹੋਣਾ ਏ। ਬਾਹਰ ਅੰਤਾਂ ਦੀ
ਗਰਮੀ ਸੀ ਪਰ ਹੁਜਰੇ ਵਿੱਚ ਠੰਡ ਸੀ ( ਹੁਜਰੇ ਦੀ ਬਣਾਵਟ ਐਸੀ ਸੀ ਕਿ ਗਰਮੀਆਂ ਵਿੱਚ ਠੰਡਾ ਰਹਿੰਦਾ ਸੀ)। ਰੋਟੀ ਖਾਵਣ ਮਗਰੋਂ ਡਾਕਟਰ ਸਾਹਿਬ ਵਾਸਤੇ ਉਹਨਾਂ ਆਪਣੇ ਹੱਥ ਨਾਲ ਕੁੱਝ ਸੇਬ ਕੱਟ ਕੇ, ਛਿੱਲ ਕੇ ਉਹਨਾਂ ਅੱਗੇ ਪਲੇਟ ਵਿੱਚ ਰੱਖੇ। ਕੁੱਝ ਦੇਰ ਏਧਰ ਉਧਰ ਦੀਆਂ ਗੱਲਾਂ ਹੋਈਆਂ। ਦੋਵੇਂ ਯਾਰ ਸਨ । ਇੱਕ ਦੂਜੇ ਕੋਲੋਂ ਉੱਕਾ ਪਏ ਨਹੀਂ ਸਨ ਝਿਜਕਦੇ ਤੇ ਨਾ ਹੀ ਕੁੱਝ ਸੰਗਦੇ ਸਨ।
ਡਾਕਟਰ ਸਾਹਿਬ ਨੂੰ ਪੁੱਛਣ ਉੱਤੇ, "ਡਾਕਟਰ ਸਾਹਿਬ, ਏਨੀ ਧੁੱਪ ਵਿੱਚ, ਖੈਰੀਂ ਨਿੱਕਲੇ ਓ ?" ਡਾਕਟਰ ਸਾਹਿਬ ਆਖਿਆ, “ਮੈਂ ਬੁੱਲੇ ਸ਼ਾਹ ਬਾਰੇ ਕੁੱਝ ਕੰਮ ਕਰਨਾ ਚਾਹਦਾ ਹਾਂ। 'ਪਿਕਚਰ' ਵਾਲੇ ਮੇਰੇ ਸਰਪ੍ਰਸਤੀ ਕਰਨਾ ਚਾਂਹਦੇ ਨੇ। ਉਹ ਏਸ ਕੰਮ ਵਿੱਚ ਮੇਰੀ ਹਰ ਤਰ੍ਹਾਂ ਮਦਦ ਕਰਨਾ ਚਾਂਹਦੇ ਨੇ । ਮੇਰੀ ਰੀਝ ਏ ਕਿ ਤੁਸਾਂ ਮੇਰੀ ਮਦਦ ਕਰੋ ਤਾਂ ਜੋ ਮੈਂ ਇਹ ਕੰਮ ਸਿਰੇ ਚਾੜ੍ਹ ਲਵਾਂ।"
ਉਸਤਾਦ ਪੁੱਛਿਆ, "ਡਾਕਟਰ ਸਾਹਿਬ, ਬੁੱਲੇ ਸ਼ਾਹ ਬਾਰੇ ਤੁਸਾਂ ਕੀ ਕੰਮ ਕਰਨਾ ਚਾਹੁੰਦੇ ਓ ?"
ਡਾਕਟਰ ਸਾਹਿਬ ਬੜੇ ਇਅਤਮਾਦ ਨਾਲ ਬੋਲੇ, "ਅਸਾਂ ਬੁੱਲੇ ਸ਼ਾਹ ਦੇ ਕਲਾਮ ਵਿੱਚੋਂ ਗਲਤੀਆਂ ਕੱਢ ਕੇ ਸਾਫ਼ ਕਰਨਾ ਚਾਂਹਦੇ ਆਂ ।"
"ਤੁਹਾਡੇ ਤੇ ਤੁਹਾਡੇ ਸਰਪ੍ਰਸਤਾਂ ਦੇ ਖਿਆਲ ਵਿੱਚ ਬੁੱਲੇ ਸ਼ਾਹ ਦੇ ਕਲਾਮ ਵਿੱਚ ਕਿਹੜੀਆਂ ਗ਼ਲਤੀਆਂ ਨੇ”, ਉਸਤਾਦ ਜੀ ਕੁੱਝ ਖਿਝ ਗਏ ਸਨ।
ਡਾਕਟਰ ਸਾਹਿਬ ਆਖਿਆ, "ਏਸ ਨੇਕ ਮਕਸਦ ਲਈ ਤਾਂ ਤੁਹਾਡੀ ਮਦਦ ਲੋੜਦੇ ਹਾਂ। ਬੁੱਲੇ ਸ਼ਾਹ ਸਾਹਿਬ ਮੁਸਲਮਾਨ ਸੂਫ਼ੀ ਤੇ ਅਮਾਮ ਮਸਜਿਦ ਵੀ ਸਨ । ਉਹਨਾਂ ਦੇ ਵਾਲਦ ਵੀ ਅਮਾਮ ਮਸਜਦ ਸਨ।" ਡਾਕਟਰ ਸਾਹਿਬ ਜ਼ੋਰ ਦੇ ਕੇ ਆਖਿਆ, "ਅਸਾਡੇ ਖਿਆਲ ਵਿੱਚ ਮੁਸਲਮਾਨ ਬੁੱਲੇਸ਼ਾਹ ਦੇ ਕਲਾਮ ਵਿੱਚ ਗੈਰ-ਇਸਲਾਮੀ ਸ਼ੇਅਰ ਕਿੰਜ ਆ ਸਕਦੇ ਨੇ।" "ਇਹ ਈ ਵੇਖਣਾ ਤੇ ਭਾਲਣਾ ਏ। ਕਲਾਮ ਨੂੰ ਸਾਫ਼ ਕਰਨਾ ਏ। ਉਸਤਾਦ ਜੀ ਤੁਸਾਂ ਵੀ ਕੁੱਝ ਮਦਦ ਕਰੋ।"
ਇਹ ਗੱਲ ਸੁਣ ਕੇ ਹੁਜਰੇ ਵਾਲ਼ਾ ਗਰਮ ਹੋ ਗਿਆ ਤੇ ਆਖਿਆ, “ਡਾਕਟਰ ਸਾਹਿਬ, ਨਾ ਤੇ ਤੁਸਾਂ ਪੰਜਾਬੀ ਦੇ ਬੰਦੇ ਓ ਤੇ ਨਾ ਈ ਤੁਸਾਂ ਕੋਈ ਪੰਜਾਬੀ ਦੀ ਕਿਤਾਬ ਪੜ੍ਹੀ ਹੋਈ ਏ । ਨਾ ਹੀ ਤੁਹਾਡਾ ਕੋਈ ਸ਼ੇਅਰੋ ਅਦਬ ਨਾਲ ਵਾਸਤਾ ਏ। ਫੇਰ ਤੁਹਾਨੂੰ ਕੀ ਹੱਕ ਏ ਬੁੱਲ੍ਹੇਸ਼ਾਹ ਦੀਆਂ ਸੁੰਨਤਾਂ ਕਰਨ ਟੁਰ ਪਏ ਓ।"
ਡਾਕਟਰ ਸਾਹਿਬ ਵੀ ਚਿੜ ਗਏ, ਗੁੱਸੇ ਨਾਲ ਬੋਲੇ, "ਇਹ ਕੀ ਗੱਲ ਹੋਈ ਭਲਾਂ! ਮੈਂ ਪੰਜਾਬੀ, ਮੇਰਾ ਪਿਉ ਪੰਜਾਬੀ, ਮੇਰੀ ਮਾਂ ਪੰਜਾਬਣ । ਮੈਨੂੰ ਕਿਉਂ ਨਹੀਂ ਪੰਜਾਬੀ ਦੀ ਸਮਝ ? ਮੈਂ ਸਾਰਾ ਪੰਜਾਬੀ ਦਾ ਲਿਟਰੇਚਰ ਪੜ੍ਹਿਆ ਹੋਇਆ ਏ।"
ਹੁਜਰੇ ਵਾਲੇ ਮੁਸਕਰਾ ਕੇ ਆਖਿਆ, "ਡਾਕਟਰ ਸਾਹਿਬ, ਤੁਸਾਂ ਪੰਜਾਬੀ ਦਾ ਕੁੱਝ ਨਹੀਂ ਪੜ੍ਹਿਆ ਹੋਇਆ। ਜੇ ਪੜ੍ਹਿਆ ਹੁੰਦਾ ਤਾਂ ਇੰਝ ਉਸਤਰਾ ਨਾ ਫੇਰਦੇ।”
ਡਾਕਟਰ ਸਾਹਿਬ ਫੇਰ ਆਖਿਆ, "ਮੈਂ ਪੜ੍ਹਿਆ ਹੋਇਆ ਏ। ਮੈਨੂੰ ਪੰਜਾਬੀ ਦੀ
ਸਮਝ ਏ। ਮੈਂ ਪੰਜਾਬੀ ਦਾ ਚੰਗਾ ਜਾਣੂ ਆਂ ।"
“ਨਹੀਂ, ਤੁਸਾਂ ਜੋ ਪੜ੍ਹਿਆ ਏ ਉਹ ਏਧਰ ਉਧਰ ਦਾ ਲਿਟਰੇਚਰ ਪੜ੍ਹਿਆ ਹੋਣਾ ਏ। ਏਧਰ ਤਾਂ ਕੋਈ ਕੰਮ ਈ ਨਹੀਂ ਹੋਇਆ। ਉਸ ਪਾਸੇ ਬੁੱਲੇ ਸ਼ਾਹ ਤੇ ਦੂਜੇ ਪੰਜਾਬੀ ਲਿਟਰੇਚਰ ਉੱਤੇ ਬਹੁਤ ਜਿਆਦਾ ਕੰਮ ਹੋਇਆ ਏ ਜੋ ਤੁਸਾਂ ਨਹੀਂ ਪੜ੍ਹਿਆ। ਪਹਿਲੇ ਉਹ ਪੜ੍ਹੋ ਤਾਂ ਫੇਰ ਵੇਖੋ, ਬੁੱਲੇ ਸ਼ਾਹ ਉੱਤੇ ਕਿੰਨਾ ਕੁ ਕੰਮ ਕੀਤਾ ਏ ਪੰਜਾਬੀ ਪਿਆਰਿਆਂ ਨੇ ?"
ਪਰ ਡਾਕਟਰ ਸਾਹਿਬ ਅੜ ਗਏ। ਅਨਪੜ੍ਹਤਾ ਦਾ ਤਾਅਨਾ ਸੁਣ ਕੇ ਬੋਲੇ, "ਜਦ ਮੈਂ ਪੰਜਾਬੀ ਆਂ, ਪੰਜਾਬੀ ਲਿਟਰੇਚਰ ਵੀ ਪੜ੍ਹਿਆ ਹੋਇਆ ਏ, ਫੇਰ ਮੈਨੂੰ ਕੀ ਲੋੜ ਏ ਗੁਰਮੁਖੀ ਪੜ੍ਹਨ ਦੀ।"
ਡਾਕਟਰ ਸਾਹਿਬ ਜਜ਼ਬਾਤੀ ਹੋ ਗਏ। ਬੋਲੀ ਗਏ: "ਮੈਨੂੰ ਮਲੂਮ ਏ ਬੁੱਲੇ ਸ਼ਾਹ ਸਾਹਿਬ ਦਾ ਪੰਜਾਬੀ ਅਦਬ ਵਿੱਚ ਕੀ ਮੁਕਾਮ ਤੇ ਰੁਤਬਾ ਏ। ਮੈਨੂੰ ਪੰਜਾਬੀ ਜ਼ੁਬਾਨ ਦੀ ਸਮਝ ਤੇ ਸੂਝ ਹੈ। ਮੈਂ ਕਿਉਂ ਕਿਸੇ ਕੋਲੋਂ ਪੁੱਛਦਾ ਫਿਰਾਂ ਕਿ ਬੁੱਲੇ ਸ਼ਾਹ ਦਾ ਕੀ ਮੁਕਾਮ ਏ।"
ਗੱਲ ਵਧ ਗਈ ਸੀ। ਬਹੁਤ ਤਲਖੀ ਹੋਈ। ਦੋਵੇਂ ਯਾਰ ਆਪਣੀ ਜ਼ਿੱਦ ਉੱਤੇ ਅੜ ਗਏ।
ਹੁਜਰੇ ਵਾਲੇ ਆਖਿਆ, "ਜੇ ਤੁਹਾਨੂੰ ਪੰਜਾਬੀ ਜ਼ੁਬਾਨ ਆਂਵਦੀ ਏ, ਸੂਝ ਬੂਝ ਵੀ ਹੈ ਤਾਂ ਏਸ ਸ਼ੇਅਰ ਦੀ ਤਸ਼ਰੀਹ ਕਰ ਦਿਓ :
ਨਰੜ ਗੰਡੀਏ, ਕਰੜ ਕੱਟੀਏ
ਕਿਸੇ ਨਵੇਲੀਏ ਮਾਰ ਪਡੀੜੀਏ ਨੀ
ਫਿਰੇਂ ਸਾਹਨਾਂ ਦੇ ਨਾਲ ਖਹਿੰਦੀ
ਚੱਪੜ ਬੰਡੀਏ, ਛੰਨੀਏ ਚਿਹਰੀਏ ਨੀ
"ਜੇ ਏਥੇ ਤੁਹਾਨੂੰ ਸ਼ਰਮ ਆਂਵਦੀ ਏ ਤਾਂ ਲਿਖ ਕੇ ਲੈ ਜਾਓ । ਘਰ ਬੈਠ ਕੇ ਤਸ਼ਰੀਹ ਕਰ ਲਿਆ ਜੇ।" ਪਰ ਡਾਕਟਰ ਸਾਹਿਬ ਤੇ ਹੈਰਾਨ ਸਨ। ਬੋਲੇ, "ਮੈਂ ਇਹ ਸ਼ੇਅਰ ਕਿਧਰੇ ਨਹੀਂ ਪੜ੍ਹਿਆ । ਲਗਦਾ ਏ ਵਾਰਸ਼ ਸ਼ਾਹ ਦਾ ਹੋਣਾ ਏਂ।”
"ਏਸੇ ਲਈ ਤਾਂ ਮੈਂ ਆਖਨਾ ਵਾਂ ਕਿ ਤੁਸਾਂ ਪੰਜਾਬੀ ਦੇ ਬੰਦੇ ਨਹੀਂ ਓ। ਬੁੱਲੇ ਸ਼ਾਹ ਦੀਆਂ ਸੁੰਨਤਾਂ ਨਾ ਕਰੋ। ਪਰ ਤੁਸਾਂ ਆਪਣੀ ਜ਼ਾਤ ਨੂੰ ਤੂਲ ਈ ਬਹੁਤ ਦਿੱਤਾ ਹੋਇਆ ਏ, ਕਿਸੇ ਦੀ ਗੱਲ ਤੁਹਾਡੇ ਤੀਕਰ ਅੱਪੜਦੀ ਈ ਨਹੀਂ। ਮੌਲਵੀ ਲੋਕਾਂ ਤਾਂ ਪਹਿਲੇ ਈ ਬੁੱਲੇ ਸ਼ਾਹ ਤੇ ਹੋਰ ਪੰਜਾਬੀ ਜ਼ੁਬਾਨ ਦੇ ਅਦਬ ਨਾਲ ਬਹੁਤ ਧਰੋ ਕੀਤਾ ਹੋਇਆ ਏ। ਸੁੰਨਤਾਂ ਕੀਤੀਆਂ ਹੋਈਆਂ ਨੇ। ਹੁਣ ਤੁਸੀਂ ਉਸਤਰਾ ਲੈ ਕੇ ਟੁਰ ਪਏ ਓ।"
ਹੁਣ ਡਾਕਟਰ ਸਾਹਿਬ ਕੁੱਝ ਨਹੀਂ ਸਨ ਬੋਲ ਰਹੇ।
ਉਹਨਾਂ ਫੇਰ ਆਖਿਆ, "ਡਾਕਟਰ ਸਾਹਿਬ, ਤੁਸਾਂ ਪੈਸੇ ਖਾਣੇ ਨੇ ਤਾਂ ਕੋਈ ਹੋਰ ਤਰੀਕੇ ਨਾਲ ਖਾ ਲਵੋ। ਵੈਸੇ ਮੈਂ ਤੁਹਾਡੀ ਮਦਦ ਲਈ ਜੋ ਕੁੱਝ ਹੋਇਆ ਕਰਸਾਂ।" ਕੁੱਝ ਹੋਰ ਝੱਟ ਬੈਠਣ ਮਗਰੋਂ ਡਾਕਟਰ ਸਾਹਿਬ ਚਲੇ ਗਏ ਤਾਂ ਮੈਨੂੰ ਪੁੱਛਿਆ, "ਸ਼ੇਖੂਪੁਰੀਆ ! ਤੂੰ ਏਸ ਸ਼ੇਅਰ ਦੀ ਤਸ਼ਰੀਹ ਕਰ ਸਕਨਾ ਏਂ ?"
"ਤਸ਼ਰੀਹ ਤਾਂ ਔਖੀ ਮਲੂਮ ਹੁੰਦੀ ਏ”, ਮੈਂ ਆਖਿਆ, "ਪਰ ਏਸ ਸ਼ੇਅਰ ਦਾ ਤਰਜਮਾ ਕਰ ਸਕਨਾ ਵਾਂ ।"
"ਕੁੱਝ ਵੀ ਔਖਾ ਨਹੀਂ ਹੁੰਦਾ, ਬੱਸ ਜ਼ਰਾ ਤਵੱਜੋ ਕਰਨ ਦੀ ਲੋੜ ਹੁੰਦੀ ਏ।” ਉਸ ਦਿਨ ਦੇ ਮਗਰੋਂ ਵੀ ਕਈ ਦਿਨ ਪੰਜਾਬੀ ਜ਼ੁਬਾਨ ਤੇ ਅਦਬ ਮੌਜੂਅ ਬਣਿਆ ਰਿਹਾ ਸੀ।
ਉਸਤਾਦ ਜੀ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਸੀ। ਬੇਸ਼ੁਮਾਰ ਤੇ ਬੇਤਰਤੀਬ ਕਿਤਾਬਾਂ ਦੇ ਢੇਰ ਵਿੱਚੋਂ ਮਤਲਬ ਦੀ ਕਿਤਾਬ ਲੱਭਣ ਲਈ ਉਹਨਾਂ ਨੂੰ ਖੇਚਲ ਬਹੁਤ ਕਰਨੀ ਪੈਂਦੀ ਸੀ। ਏਸ ਖੇਚਲ ਤੋਂ ਡਰਦਿਆਂ ਬਾਜ਼ਾਰੋਂ ਨਵੀਂ ਕਿਤਾਬ ਖ਼ਰੀਦ ਲਿਆਂਵੰਦੇ ਸਨ । ਇੱਕ ਇੱਕ ਕਿਤਾਬ ਦੀਆਂ ਕਈ ਕਈ ਜਿਲਦਾਂ ਆ ਜਾਂਦੀਆਂ ਸਨ ਤੇ ਕੁੱਝ ਵੇਲਾ ਲੰਘਣ ਮਗਰੋਂ ਫੇਰ ਕਿਤਾਬਾਂ ਦੇ ਜੰਗਲ ਵਿੱਚ ਕਿਤਾਬ ਗੁਆਚ ਜਾਂਦੀ ਸੀ ।
ਇੱਕ ਵਾਰ ਪਸ਼ਤੂ ਜ਼ਬਾਨ ਪੜ੍ਹਨ ਦਾ ਸ਼ੌਕ ਹੋਇਆ। ਸਾਰਾ ਲਹੌਰ ਛਾਣ ਮਾਰਿਆ। ਕੋਈ ਮਤਲਬ ਦੀ ਕਿਤਾਬ ਨਾ ਮਿਲੀ ਤਾਂ ਜਹਾਜ਼ ਉੱਤੇ ਬਹਿ ਕੇ ਪਸ਼ਾਵਰ ਚਲੇ ਗਏ। ਲੋੜ ਦੀਆਂ ਪਸ਼ਤੂ ਸਿਖਾਵਣ ਵਾਲੀਆਂ ਕਿਤਾਬਾਂ ਲਿਆਂਦੀਆਂ। ਖੌਰੇ ਪੜ੍ਹੀਆਂ ਵੀ ਕਿ ਨਾ।
ਕਿਤਾਬ ਨੂੰ ਜਿਲਦ ਕਰਵਾ ਕੇ ਪੜ੍ਹਦੇ ਸਨ । ਉਹਨਾਂ ਦੇ ਖਿਆਲ ਵਿੱਚ ਬਿਨਾਂ ਜਿਲਦ ਦੇ ਕਿਤਾਬ ਪੜ੍ਹਨ ਵਿੱਚ ਸਵਾਦ ਨਹੀਂ ਸੀ ਆਂਵਦਾ ਤੇ ਨਾ ਈ ਕਿਤਾਬ ਦਾ ਪੂਰਾ ਇਹਤਰਾਮ ਹੁੰਦਾ ਏ।
ਇੱਕ ਦਿਨ ਮੈਨੂੰ ਹੁਕਮ ਹੋਇਆ, "ਉਸ ਢੇਰ ਵਿੱਚੋਂ ਵੇਖ। ਕਿਤਾਬ ਈ 'ਨਾ- ਕਾਬਲਿ ਤਸਖ਼ੀਰ ਜ਼ਿਹਨ ਇਨਸਾਨੀ।' ਮੈਂ ਲੱਭਣ ਵਿੱਚ ਜੁੱਟ ਗਿਆ। ਕਿਤਾਬਾਂ ਦੇ ਢੇਰਾਂ ਦੇ ਢੇਰ ਫਰੋਲ ਮਾਰੇ ਪਰ ਕਿਤਾਬ ਨਹੀਂ ਸੀ ਲੱਭ ਰਹੀ।
ਬੂਹੇ ਵਿੱਚੋਂ ਕਿਸੇ ਬੰਦੇ ਨੇ ਆਵਾਜ਼ ਦੇ ਕੇ ਆਖਿਆ, "ਉਸਤਾਦ ਜੀ, ਪਤੀਲਾ ਫੜਾਇਆ ਜੇ।" ਉਸ ਬੰਦੇ ਜਿਹੜਾ ਉਹਨਾਂ ਦਾ ਈ ਹਮਉਮਰ ਸੀ, ਹੱਥ ਅੱਗੇ ਵਧਾਇਆ।"
"ਕਿਹੜਾ ਪਤੀਲਾ, ਹਕੀਮ ਜੀ ? ਆਓ ਬੈਠੇ। ਕੀ ਗੱਲ ਏ। ਏਥੇ ਤਾਂ ਕੋਈ ਪਤੀਲਾ ਨਹੀਂ। ਇਹ ਕੁੱਝ ਹਾਂਡੀ ਪਕਾਵਣ ਲਈ ਬਰਤਨ ਨੇ।
"ਚਲੋ ਇਹ ਵੀ ਗਿਆ", ਹਕੀਮ ਜੀ ਉਥੋਂ ਅਫਸੋਸ ਕਰਦੇ ਹੋਏ ਆਖਿਆ, "ਪਲਾਅ ਪਕਾਇਆ ਸੀ। ਇੱਕ ਦੇਗ ਨਿਆਜ਼ ਲਈ। ਚੌਲਾਂ ਤੇ ਬੋਟੀਆਂ ਨਾਲ ਭਰ ਕੇ ਪਤੀਲਾ ਤੁਹਾਡੇ ਵੱਲ ਘੱਲਿਆ ਸੀ । ਏਧਰ ਈ ਕੋਈ ਬੰਦਾ ਆ ਰਿਹਾ ਸੀ । ਤੁਹਾਡਾ ਕੋਈ ਸ਼ਾਗਿਰਦ ਹੋਣਾ ਏਂ। ਮੈਂ ਏਤਬਾਰ ਕਰਕੇ ਲੁੱਟਿਆ ਗਿਆ।"
"ਮੇਰਾ ਕਿਹੜਾ ਸ਼ਾਗਿਰਦ ਸੀ, ਹਕੀਮ ਜੀ। ਕੌਣ ਸੀ ?”
"ਮੈਂ ਕੀ ਜਾਣਾਂ ? ਏਤਬਾਰ ਕਰ ਲਈਦਾ ਏ ਲੋਕਾਂ ਉੱਤੇ।" ਹਕੀਮ ਜੀ ਨੇ ਆਖਿਆ। "ਏਸੇ ਤਰਾਂ ਲੋਕਾਂ ਨਾਲ ਨੇਕੀਆਂ ਕਰ ਕਰਕੇ ਮੇਰੇ ਬਹੁਤ ਸਾਰੇ ਭਾਂਡੇ ਗੁਆਚ ਗਏ ਨੇ । ਜਿੱਧਰ ਵੀ ਕੋਈ ਸ਼ੈ ਟੋਰੀਦੀ ਏ, ਪਰਤ ਕੇ ਨਹੀਂ ਆਈ।" ਉੱਥੋਂ ਈ ਪਰਤ ਕੇ ਜਾਂਦੇ ਹੋਏ ਆਖਿਆ, "ਅਸਾਂ ਤਾਂ ਨੇਕੀ ਕਰਦੇ ਈ ਠੱਗੇ ਜਾਨੇ ਆਂ। ਪਤਾ ਨਹੀਂ ਲੋਕ ਕੀ ਸਮਝਦੇ ਹੋਸਨ।”
ਹਕੀਮ ਦੇ ਜਾਵਣ ਮਗਰੋਂ ਉਸਤਾਦ ਬਹੁਤ ਹੱਸੇ। "ਵਾਹ ਹਕੀਮ ਜਲੰਧਰ ਦਾ
ਵਾਹ।" ਆਖ ਕੇ ਫੇਰ ਹੱਸਣ ਲੱਗ ਪੈਂਦੇ ਸਨ। ਮੈਂ ਹੈਰਾਨ ਸਾਂ ਕਿ ਵਿਚਾਰੇ ਦਾ ਨੁਕਸਾਨ ਹੋ ਗਿਆ ਏ, ਪਰ ਏਥੇ ਹਾਸਾ ਕਿਹੜੀ ਗੱਲ ਉੱਤੇ ? ਫੇਰ ਉਹਨਾਂ ਮੈਨੂੰ ਪੁੱਛਿਆ, "ਸ਼ੇਖੂਪੁਰੀਆ! ਤੇਰੇ ਪਿੰਡ ਕੋਈ ਐਸਾ ਹਕੀਮ ਹੈ ਜਲੰਧਰ ਦਾ ?" ਮੈਨੂੰ ਕੁੱਝ ਸਮਝ ਨਹੀਂ ਆਈ। ਮੈਂ ਅਜੇ ਵੀ ਹੈਰਾਨ ਸਾਂ। ਉਸਤਾਦ ਜੀ ਦੱਸਿਆ, "ਸ਼ੇਖੂਪੁਰੀਆ। ਪਹਿਲੇ ਪਹਿਲ ਤਾਂ ਮੈਨੂੰ ਵੀ ਸਮਝ ਨਹੀਂ ਸੀ ਆਇਆ ਕਰਦੀ ਜਦ ਮੈਂ ਇੱਥੇ ਆਇਆ ਸਾਂ । ਇਹ ਪਹਿਲੇ ਤੋਂ ਈ ਏਥੇ ਸੀ। ਨਾਲ ਈ ਇਹਦੀ ਹਿਕਮਤ ਦੀ ਦੁਕਾਨ ਏ। ਹਕੀਮ ਜੀ ਮੇਰੇ ਕੋਲ ਆ ਕੇ ਬਹਿ ਜਾਇਆ ਕਰਦੇ ਸਨ ਤੇ ਆਪਣੀਆਂ ਗੱਲਾਂ ਸੁਣਾਇਆ ਕਰਦੇ ਸਨ। ਆਪਣੇ ਕਿੱਸੇ, ਆਪਣੀ ਜਵਾਨੀ ਤੇ ਹੁਸਨ ਦੇ ਕਿੱਸੇ, ਸਖਾਵਤ ਤੇ ਹਿਕਮਤ ਦੇ ਕਿੱਸੇ। ਕੁੱਝ ਵੰਨਗੀ ਦੇ ਕਿੱਸੇ ਸੁਣੇਗਾ ?”
"ਜੀ ਜੇ ਦਿਲਚਸਪ ਹੋਵਣ ਤਾਂ", ਮੈਂ ਅਜੇ ਵੀ ਨਹੀਂ ਸਾਂ ਕੁੱਝ ਸਮਝ ਸਕਿਆ।
ਉਹਨਾਂ ਆਖਿਆ, “ਪਹਿਲਾ ਕਿੱਸਾ ਤਾਂ ਹਕੀਮ ਜੀ ਆਪਣੀ ਜਵਾਨੀ ਦਾ ਸੁਣਾਇਆ ਕਿ ਜਦ ਮੈਂ ਜਵਾਨ ਹੁੰਦਾ ਸਾਂ, ਪੂਰੀ ਜਵਾਨੀ ਮੇਰੇ ਸਰੀਰ ਦੇ ਦਰਸ਼ਨ ਲਈ ਲੋਕ ਦੂਰੋਂ ਦੂਰੋਂ ਆਇਆ ਕਰਦੇ ਸਨ । ਲੋਕਾਂ ਦੇ ਜ਼ੋਕ ਸ਼ੌਕ ਤੇ ਬੇਸਬਰੀ ਵਜੋਂ ਅਸਾਡੇ ਘਰ ਮੇਲਾ ਲੱਗਾ ਰਹਿੰਦਾ ਸੀ। ਸਭ ਨੂੰ ਅਸੀਂ ਅੰਨ ਪਾਣੀ ਕਰਵਾ ਕੇ ਘੱਲਦੇ ਸਾਂ । ਜਦ ਬਹੁਤ ਮੁਲਖ ਢੁੱਕਣ ਲੱਗਾ ਤਾਂ ਮੇਰੇ ਪਿਉ ਮੈਨੂੰ ਅੰਦਰ ਬੰਦ ਕਰ ਦਿੱਤਾ। ਸਿਰਫ਼ ਜੁੰਮੇ ਦੇ ਜੁੰਮੇ ਮੇਰਾ ਦਰਸ਼ਨ ਕਰਵਾਇਆ ਜਾਂਦਾ ਸੀ ਤੇ ਉਹ ਵੀ ਬਾਲਕੋਨੀ ਵਿੱਚੋਂ। ਬੱਸ ਪੰਜ ਮਿੰਟ ਲਈ ਸਾਹਮਣੇ ਆਂਵਦਾ ਸੀ।
ਮੇਰੀ ਇੱਕ ਝਲਕ ਵੇਖਣ ਲਈ ਪੂਰੀ ਰਿਆਸਤ ਕੀ, ਦੂਜੇ ਰਾਜਵਾੜਿਆਂ ਤੋਂ ਵੀ ਲੋਕ ਅੱਠ ਅੱਠ ਦਿਨ ਪਹਿਲੇ ਆ ਕੇ ਅਸਾਡੇ ਘਰ ਦੇ ਸਾਹਮਣੇ ਡੇਰਾ ਲਾਇਆ ਕਰਦੇ ਸਨ। ਆਪਣੇ ਬਿਸਤਰਿਆਂ ਤੇ ਬਾਲ ਬੱਚੇ ਸਮੇਤ ਆਂਵਦੇ ਸਨ । ਲੋਕ ਮੇਰੇ ਉੱਤੋਂ ਪੈਸੇ ਵਾਰਨਾ ਚਾਹਦੇ ਸਨ। ਪਰ ਮੇਰੇ ਪਿਉ ਸਖ਼ਤੀ ਨਾਲ ਮਨਾਹ ਕਰਕੇ ਆਖ ਦਿੱਤਾ, "ਅਸਾਡੇ ਮੁੰਡੇ ਦਾ ਹੁਸਨ ਜਵਾਨੀ ਵਿਕਾਊ ਨਹੀਂ।"
ਇੱਕ ਵਾਰ ਤਾਂ ਇੱਕ ਰਾਜੇ ਮੈਨੂੰ ਆਪਣੀ ਧੀ ਤੇ ਅੱਧੀ ਰਿਆਸਤ ਦੇਵਣ ਦੀ ਵੀ ਮਿੰਨਤ ਕੀਤੀ ਸੀ, ਪਰ ਮੇਰੇ ਪਿਉ ਕਿਸੇ ਨੂੰ ਮੂੰਹ ਈ ਨਹੀਂ ਸੀ ਲਾਇਆ।
ਹਕੀਮ ਜੀ ਦਾ ਆਖਣਾ ਸੀ ਕਿ ਮੇਰੀ ਤਾਕਤ ਤੇ ਟਿੱਲ ਦਾ ਤੇ ਅੰਦਾਜ਼ਾ ਈ ਨਹੀਂ ਸੀ। ਤੁਸੀਂ ਜਲੰਧਰ ਸ਼ਹਿਰ ਜਾਓ ਤਾਂ ਉੱਥੇ ਤੁਹਾਨੂੰ ਹਰ ਢੱਗਾ ਕੁੱਬਾ ਨਜ਼ਰ ਆਵੇਗਾ। ਕੀ ਵਜ੍ਹਾ ਏ ਭਲਾਂ ? ਵਜ੍ਹਾ ਇਹ ਕਿ ਮੈਂ ਸ਼ਹਿਰ ਦੇ ਜਿਹੜੇ ਢੱਗੇ ਉੱਤੇ ਵੀ ਹੱਥ ਰੱਖਦਾ ਉਹਦਾ ਈ ਲੱਟ ਟੁੱਟ ਜਾਂਦਾ ਸੀ । ਹੁਣ ਉੱਥੇ ਨਸਲ ਈ ਕੁੱਬੇ ਢਗਿਆਂ ਦੀ ਮਿਲੇਗੀ ਤੁਹਾਨੂੰ।
ਇੱਕ ਵਾਰ ਅਸਾਡੇ ਕਿਸੇ ਰਿਸ਼ਤੇਦਾਰ ਮੁੰਡੇ ਦੀ ਜੰਜ ਜਲੰਧਰੋਂ ਬਾਹਰ ਕਿਸੇ ਪਿੰਡ ਜਾਣੀ ਸੀ। ਪਿੰਡਾਂ ਦੇ ਰਾਹ ਕੱਚੇ ਈ ਹੁੰਦੇ ਸਨ । ਇਹ ਤਾਂ ਤੁਹਾਨੂੰ ਮਲੂਮ ਈ ਹੋਵੇਗਾ। ਮੀਂਹ ਵਰ੍ਹਿਆ ਹੋਇਆ ਸੀ। ਹਰ ਪਾਸੇ ਚਿੱਕੜ ਖੇਡਾਂ ਬਹੁਤ ਸੀ। ਰਾਹ ਵਿੱਚ ਇੱਕ ਥਾਂ ਬੱਸ ਖੁਭ ਗਈ। ਡਰਾਇਵਰ ਬਥੇਰਾ ਵੱਸ ਲਾਇਆ। ਬੱਸ ਨਾ ਨਿੱਕਲੀ। ਸਵਾਰੀਆਂ ਹੇਠਾਂ ਉਤਾਰ ਦਿੱਤੀਆਂ। ਖ਼ਾਲੀ ਬੱਸ ਨੂੰ ਸਾਰੀ ਜੰਜ ਧੱਕਾ ਲਾਇਆ, ਪਰ ਬੱਸ ਤਾਂ ਧੁਰੇ ਤੀਕਰ ਖੁੱਭੀ ਹੋਈ
ਸੀ ਉਹ ਕਿੱਥੋਂ ਨਿੱਕਲੇ । ਲਾੜੇ ਦਾ ਪਿਉ ਬੜਾ ਪਰੇਸ਼ਾਨ ਹੋਇਆ। ਡਰੇ, ਜੇ ਕੁਵੇਲ ਹੋ ਗਈ ਤਾਂ ਕੁੜੀ ਵਾਲਿਆਂ ਨਰਾਜ਼ ਹੋ ਜਾਣਾ ਏ।
ਮੇਰੇ ਪਿਉ ਨੂੰ ਉਹਦੇ ਉੱਤੇ ਤਰਸ ਆ ਗਿਆ। ਉਸ ਆਖਿਆ, "ਸਾਰੇ ਬਹਿ ਜਾਓ ਆਪਣੀਆਂ ਆਪਣੀਆਂ ਸੀਟਾਂ ਉੱਤੇ।”
ਮੇਰੇ ਪਿਉ ਦਾ ਹੁਕਮ ਸੀ । ਸਾਰੀ ਜੰਜ ਸੀਟਾਂ ਉੱਤੇ ਜਾ ਬੈਠੀ । ਰਹਿੰਦੀ ਜੰਜ ਛੱਤ ਉੱਤੇ ਜਾ ਚੜ੍ਹੀ । ਲਾੜਾ ਤੇ ਲਾੜੇ ਦੇ ਪਿਉ ਨੂੰ ਵੀ ਮੇਰੇ ਪਿਉ ਬੱਸ ਵਿੱਚ ਅੰਦਰ ਧੱਕ ਦਿੱਤਾ। ਆਪ ਵੀ ਬੱਸ ਵਿੱਚ ਬੈਠ ਕੇ ਮੈਨੂੰ ਆਖਿਆ, “ਚੱਲ ਪੁੱਤਰ! ਦੇ ਮੋਢਾ, ਅੰਤ ਭਲੇ ਦਾ ਭਲਾ ।"
ਮੈਂ ਬੱਸ ਨੂੰ ਮੋਢਾ ਦੇ ਕੇ ਖੋਭੇ ਵਿੱਚੋਂ ਕੱਢਿਆ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈਦਾ ਏ, ਉਸਤਾਦ ਜੀ !
ਮੈਂ ਇੰਜਣ ਬੰਦ ਕਰ ਦਿੱਤਾ ਸੀ। ਤੋੜ ਕੁੜੀ ਵਾਲਿਆਂ ਦੇ ਪਿੰਡ ਤੀਕਰ ਮੋਢੇ ਨਾਲ ਧੱਕ ਕੇ ਬੱਸ ਅਪੜਾ ਦਿੱਤੀ ਸੀ । ਜਦ ਕੁੜੀ ਵਾਲਿਆਂ ਨੂੰ ਮੇਰੀ ਤਾਕਤ ਦਾ ਪਤਾ ਲੱਗਾ ਤਾਂ ਉਹਨਾਂ ਆਪਣੀਆਂ ਸਾਰੀਆਂ ਕੁੜੀਆਂ ਸਾਹਮਣੇ ਪਾਲ ਵਿੱਚ ਖਲ੍ਹਾਰਦੇ ਮਿੰਨਤ ਕੀਤੀ ਕਿ ਜੀਹਦੇ ਉੱਤੇ ਹੱਥ ਰੱਖੇਂ ਉਹ ਈ ਤੇਰੀ, ਪਰ ਮੈਂ ਕਿਸੇ ਉੱਤੇ ਥੁੱਕਿਆ ਵੀ ਨਾ।"
ਮੇਰੇ ਮੂੰਹੋਂ ਵਾਹ ਵਾਹ ਨਿੱਕਲਿਆ ਤਾਂ ਉਸਤਾਦ ਦੀ ਪੁੱਛਿਆ, "ਸ਼ੇਖੂਪੁਰੀਆ! ਤੂੰ ਵੇਖਿਆ ਏ ਕਦੇ ਏਹੋ ਜੇਹਾ ਹਕੀਮ ਜਲੰਧਰ ਦਾ ?"
ਆਪ ਅਜੇ ਹੱਸ ਰਹੇ ਸਨ । ਉਹਨਾਂ ਨੇ ਆਖਿਆ, ਇਹੋ ਜੇਹੇ ਕਈ ਕਿੱਸੇ ਹਕੀਮ ਸੁਣਾਏ ਸਨ ਮੈਨੂੰ।” ਇਹ ਤਾਂ ਬਹੁਤ ਵਧੀਆ ਬੰਦਾ ਏ, ਉਸਤਾਦ ਜੀ, ਮੈਂ ਐਸਾ ਕੋਈ ਹਕੀਮ ਨਹੀਂ ਵੇਖਿਆ। ਜੇ ਕੋਈ ਹੈ ਵੀ ਤਾਂ ਮੈਂ ਕਦੀ ਗਹੁ ਨਹੀਂ ਸੀ ਕੀਤਾ।"
ਫੇਰ ਉਸਤਾਦ ਜੀ ਹਕੀਮ ਦੀ ਜਵਾਨੀ ਦਾ ਇੱਕ ਹੋਰ ਕਿੱਸਾ ਸੁਣਾਇਆ, ਜਿਹੜਾ ਹਕੀਮ ਸਾਹਿਬ ਉਹਨਾਂ ਨੂੰ ਸੁਣਾਇਆ ਕਰਦੇ ਸਨ । ਹਕੀਮ ਜੀ ਆਖਿਆ ਕਰਦੇ ਸਨ ਕਿ ਮੈਂ ਜਵਾਨੀ ਵੇਲ਼ੇ ਦੌੜ ਲਾਇਆ ਕਰਦਾ ਸਾਂ । ਏਥੇ ਲਹੌਰੋਂ ਸ਼ੇਖੂਪੁਰੇ ਤੀਕਰ। ਮੇਰੇ ਰਾਹ ਵਿੱਚ ਮੀਲ ਮੀਲ ਉੱਤੇ ਜੱਟੀਆਂ ਲੱਸੀ ਦੀ ਚਾਟੀ ਤੇ ਵਿੱਚ ਮੱਖਣ ਦਾ ਪੇੜਾ ਲੈ ਕੇ ਖਲੋਤੀਆਂ ਹੁੰਦੀਆਂ ਸਨ। ਮੇਰੀ ਜਵਾਨੀ ਵੇਖ ਜੱਟੀਆਂ ਤੜਫ਼-ਤੜਫ਼ ਜਾਂਦੀਆਂ ਸਨ । ਮੈਂ ਲੱਸੀ ਪੀਤੀ ਜਾਂਦਾ ਤੇ ਮੱਖਣ ਖਾਈ ਜਾਂਦਾ ਸਾਂ। ਜਦ ਕੋਈ ਜੱਟੀ ਨੇੜੇ ਹੋਵਣ ਲੱਗਦੀ ਤਾਂ ਮੈਂ ਆਖਦਾ,"ਹਟ ਗਸ਼ਤੀ!”
ਮੈਂ ਸ਼ੇਖੂਪੁਰੇ ਤੋਂ ਪਰਤਦਾ ਤਾਂ ਜੱਟੀਆਂ ਅਜੇ ਤੀਕਰ ਉਸੇ ਈ ਹਾਲਤ ਵਿੱਚ ਖਲੋਤੀਆਂ ਹੁੰਦੀਆਂ ਸਨ । ਉਹਨਾਂ ਚਾਟੀਆਂ ਉਲੇਰੀਆਂ ਹੁੰਦੀਆਂ ਤੇ ਅੱਖਾਂ ਮੇਰੇ ਪੈਰਾਂ 'ਤੇ ਜਮਾਈਆਂ ਹੁੰਦੀਆਂ ਸਨ, ਪਰ ਮੈਂ ਕਿਸੇ ਨੂੰ ਵੀ ਮੂੰਹ ਨਾ ਲਾਂਵਦਾ ਤੇ ਸਿੱਧਾ ਏਥੇ ਆ ਜਾਂਦਾ । ਮੇਰੀ ਤੇਜ਼ੀ ਏਨੀ ਸੀ ਕਿ ਜਦ ਮੈਂ ਦੌੜਨ ਲਈ ਭੱਜਦਾ ਏਥੇ ਸ਼ੇਖੂਪੁਰਾ ਜਾਵਣ ਵਾਲੀ ਬੱਸ ਸਵਾਰੀਆਂ ਬਿਠਾ ਕੇ ਰਵਾਨਾ ਹੋਵਣ ਲਈ ਤਿਆਰ ਖਲੋਤੀ ਹੁੰਦੀ ਸੀ। ਮੈਂ ਪਰਤਕੇ ਆ ਜਾਂਦਾ ਤਾਂ ਬੱਸ ਅਜੇ ਤਿਆਰੀ ਈ ਪਈ ਫੜਨੀ ਹੁੰਦੀ ਸੀ।
ਬੱਸ ਦਾ ਡਰਾਈਵਰ ਤੇ ਸਵਾਰੀਆਂ ਹੈਰਾਨ ਹੁੰਦੀਆਂ ਕਿ ਕੀ ਜਵਾਨੀ ਏ ਗੱਭਰੂ ਦੀ ! ਏਨੀ ਛੇਤੀ ਤਾਂ ਕੋਈ ਜਿੰਨ ਵੀ ਨਹੀਂ ਪਰਤ ਸਕਦਾ।
ਹਕੀਮ ਬਾਰੇ ਏਨੀਆਂ ਮਜ਼ੇਦਾਰ ਗੱਲਾਂ ਸੁਣ ਕੇ ਮੈਨੂੰ ਵੀ ਬੜਾ ਹਾਸਾ ਆਇਆ ਕਰਦਾ ਸੀ। ਉਸਤਾਦ ਜੀ ਹਕੀਮ ਬਾਰੇ ਗੱਲਾਂ ਸੁਣਾਈ ਜਾਂਦੇ ਸਨ। ਏਨੀਆਂ ਗੱਲਾਂ ਕਿ ਮੁੱਕਣ ਵਿੱਚ ਈ ਨਹੀਂ ਸਨ ਆ ਰਹੀਆਂ। ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਵੱਧ। ਉਸਤਾਦ ਜੀ ਆਖਿਆ, "ਸ਼ੇਖੂਪੁਰੀਆ ! ਜੇ ਤੂੰ ਕਹਾਣੀ ਲਿਖਣੀ ਏਂ ਤਾਂ ਏਹੋ ਜੇਹੇ ਬੰਦਿਆਂ ਦੀ ਭਾਲ ਕਰਿਆ ਕਰ। ਕਰੈਕਟਰ ਵੇਖਿਆ ਕਰ । ਬੜਾ ਸਵਾਦ ਮਿਲਦਾ ਏ, ਸਮਾਜ ਦੀ ਸਮਝ ਲੱਗਦੀ ਏ।"
“ਵਾਹ ਉਸਤਾਦ ਜੀ! ਮੇਰੇ ਲਈ ਇਹ ਵੀ ਬਹੁਤ ਵਧੀਆ ਤੇ ਨਵੀਂ ਗੱਲ ਏ।” ਕਿਤਾਬ ਲੱਭਣੀ ਭੁੱਲ ਕੇ ਅਸਾਂ ਫੇਰ ਹਕੀਮ ਜੀ ਦੀਆਂ ਗੱਲਾਂ ਕਰਨ ਲੱਗ ਪਏ।
ਉਸਤਾਦ ਜੀ ਮੇਰੀ ਹਯਾਤੀ ਦੇ ਮੁੱਢਲੇ ਦਿਨਾਂ ਬਾਰੇ ਪੁੱਛਿਆ, "ਤੇਰਾ ਪਿਛੋਕੜ ਕੈਸਾ ਲੰਘਿਆ ਏ ? ਤੂੰ ਆਪਣੇ ਬਾਰੇ ਬਹੁਤ ਘੱਟ ਦੱਸਿਆ ਏ ਸ਼ੇਖੂਪੁਰੀਆ!"
“ਮੇਰੀ ਹਯਾਤੀ ਕਿਹੜੀ ਹਯਾਤੀ ਉਸਤਾਦ ਜੀ ?" ਮੈਂ ਆਖਿਆ। "ਜਿੱਥੇ ਲੋਕਾਂ ਕਰੋੜਾਂ ਗਰੀਬਾਂ ਦੇ ਬਾਲ ਰੁਲਦੇ ਫਿਰਦੇ ਨੇ ਉੱਥੇ ਮੈਂ ਵੀ ਇੰਜ ਦਾ ਇੱਕ ਬਾਲ ਸਾਂ । ਵੱਗ ਮੰਗੂ ਵੀ ਚਾਰਦਾ ਰਿਹਾ ਵਾਂ ਤੇ ਵਾਹੀ ਫਾਂਡੀ ਵੀ ਕੀਤੀ ਏ । ਰਾਜਾਂ ਮਿਸਤਰੀਆਂ ਮਗਰ ਇੱਟਾਂ ਦਾ ਭਾਰ ਸਿਰ ਉੱਤੇ ਚੁੱਕ ਕੇ ਲੋਕਾਂ ਵਾਸਤੇ ਘਰ ਬਣਵਾਂਦਾ ਰਿਹਾ ਵਾਂ। ਦਿਹਾੜੀ ਦੱਪਾ ਤਾਂ ਅੱਜ ਵੀ ਕਰ ਰਿਹਾ ਵਾਂ।"
ਵੱਗ ਉੱਤੇ ਗੱਲ ਕਰਦਿਆਂ ਉਹਨਾਂ ਵਾਰਸ਼ ਸ਼ਾਹ ਦੇ ਦੱਸੇ ਹੋਏ ਮੱਝਾਂ ਦੇ ਰੂਪ ਬਾਰੇ ਪੁੱਛਿਆ। ਮੀਣੀਆਂ, ਢੈਲੀਆਂ, ਢਿੱਡਲਾਂ, ਪੰਜ ਕਲਿਆਣੀਆਂ ਤੇ ਕਈ ਹੋਰ ਕਿਸਮਾਂ ਦੇ ਨਾਂ ਲੈਕੇ ਉਹਨਾਂ ਮੇਰੀ ਸਮਝ ਦੀ ਇਮਤਿਹਾਨ ਲਿਆ। ਮੇਰੂਆਂ ਦੀਆਂ ਕਿਸਮਾਂ, ਗੋਰੀਆਂ ਦੀਆਂ ਕਿਸਮਾਂ ਬਾਰੇ ਪੁੱਛਿਆ। ਪਰ ਮੇਰੇ ਲਈ ਇਹ ਹੋਰ ਵੀ ਅਚੰਭੇ ਵਾਲੀ ਗੱਲ ਸੀ ਕਿ ਉਸਤਾਦ ਜੀ ਪੇਂਡੂ ਰਹਿਤਲ ਤੇ ਢੇਰ ਡੰਗਰਾਂ ਬਾਰੇ ਮੈਥੋਂ ਜਿਆਦਾ ਜਾਣਕਾਰੀ ਰੱਖਦੇ ਸਨ।
ਭੇਡਾਂ ਬੱਕਰੀਆਂ ਬਾਰੇ ਮੈਂ ਕੋਈ ਜਿਆਦਾ ਨਹੀਂ ਸਾਂ ਜਾਣਦਾ। ਉਹਨਾਂ ਦੇ ਪੁੱਛਣ ਉੱਤੇ ਮੈਂ ਸਾਫ਼ ਆਖ ਦਿੱਤਾ ਕਿ ਭੇਡਾਂ ਬੱਕਰੀਆਂ ਬਾਰੇ ਮੈਂ ਜਿਆਦਾ ਨਹੀਂ ਜਾਣਦਾ। ਉਹਨਾਂ ਆਪ ਭੇਡਾਂ ਬੱਕਰੀਆਂ ਬਾਰੇ ਮੈਨੂੰ ਜਾਣਕਾਰੀ ਦਿੱਤੀ। ਉਹਨਾਂ ਦੀਆਂ ਕਿਸਮਾਂ, ਰੰਗ ਰੂਪ ਤੇ ਕਿਹੜੇ ਕਿਹੜੇ ਇਲਾਕੇ ਵਿੱਚ ਹੁੰਦੀਆਂ ਹਨ, ਦੱਸਿਆ।
'ਕਮਾਲ ਏ' - ਮੈਂ ਸੋਚਦਾ। ਇਹ ਬੰਦਾ ਸ਼ਹਿਰ ਵਿੱਚ ਹੁੰਦਿਆਂ ਹੋਇਆਂ ਵੀ ਮੈਥੋਂ ਜ਼ਿਆਦਾ ਪਿੰਡਾਂ ਦੀ ਰਹਿਤਲ ਨੂੰ ਜਾਣਦਾ ਤੇ ਸਮਝਦਾ ਏ।
ਉਹਨਾਂ ਵਾਹੀ ਬੀਜੀ ਦੇ ਤਰੀਕੇ ਤੇ ਗੱਡ ਬਾਰੇ ਮੈਨੂੰ ਕਈ ਸਵਾਲ ਕੀਤੇ । ਇਹਨਾਂ ਕੰਮਾਂ ਦਾ ਮੈਂ ਡਾਢਾ ਜਾਣੂ ਸਾਂ । ਉਹਨਾਂ ਇੱਕ ਇੱਕ ਚੀਜ਼ ਦਾ ਨਾਂ ਲੈ ਕੇ ਪੁੱਛਿਆ। "ਇਹ ਕਿਹੜੇ ਕਿਹੜੇ ਕੰਮ ਆਵੰਦੀਆਂ ਨੇ, ਮਸਲਨ, ਗੱਡ ਦੀਆਂ ਸ਼ੈਆਂ- ਪੰਜ, ਪੰਜੀ ਤੇ ਹੋਰ ਜਿਵੇਂ ਜੋਤਰ, ਜੂਲਾ, ਅਰ, ਨਾਭ, ਮੁੰਨਾ, ਧਰ, ਭੜੈਲ ਦਾ ਕਲ, ਲਾਰ, ਘਾਸਾ, ਲਾਦੂ
ਉਲਾਰ, ਵਤਰ, ਓੜਨਾ, ਭੰਡਾਰੀ ਤੇ ਹੋਰ ਬਹੁਤ ਸਾਰੇ ਨਾਂ ।
ਮੇਰੇ ਲਈ ਇਹ ਉਲਝਣ ਕਿ ਉਸਤਾਦ ਜੀ ਏਨਾ ਕੁੱਝ ਜਾਣਦੇ ਨੇ । ਮੇਰੀ ਹੈਰਾਨੀ ਵੇਖਕੇ ਉਹਨਾਂ ਆਪ ਈ ਦੱਸਿਆ। "ਸ਼ੇਖੂਪੁਰੀਆ! ਮੈਂ ਆਪ ਵੀ ਗੱਡ ਵਾਂਹਦਾ ਰਿਹਾ ਵਾਂ। ਬਾਗ਼ਬਾਨਪੁਰੇ ਤੋਂ ਅਕਬਰੀ ਮੰਡੀ ਤੀਕਰ । ਮੈਂ ਗਾਡੀਆਂ ਦੇ ਨਾਲ ਆਂਵਦਾ ਜਾਂਦਾ ਸਾਂ ਤੇ ਕਦੀ ਕਦੀ ਗੱਡ ਉੱਤੇ ਦਿਹਾੜੀ ਵੀ ਲਾ ਲਿਆ ਕਰਦਾ ਸਾਂ । ਉਸਤਾਦ ਜੀ ਦੀ ਹਯਾਤੀ ਮੈਨੂੰ ਆਪਣੇ ਨੇੜੇ ਨੇੜੇ ਲੱਗੀ। ਮੈਨੂੰ ਹੋਰ ਵੀ ਦਿਲਚਸਪੀ ਪੈਦਾ ਹੋਈ ਕਿ ਇਹ ਇਲਮੋਂ ਦਾਨਸ਼ ਨਾਲ ਭਰਿਆ ਹੋਇਆ ਬੰਦਾ ਹੈ ਕੀ ਏ ? ਕਦੇ ਕਦੇ ਤਾਂ ਯਕੀਨ ਨਹੀਂ ਸੀ ਆਂਵਦਾ ਕਿ ਇਹਨਾਂ ਵੀ ਹਯਾਤੀ ਇੰਜ ਈ ਲੰਘਾਈ ਹੋਵੇ, ਪਰ ਡਾਂਡੇ ਤਾਂ ਸਾਰੇ ਮਿਲਦੇ ਸਨ । ਹੁਜਰੇ ਆਵਣ ਜਾਵਣ ਦੀ ਮੈਨੂੰ ਮਨਾਹੀ ਨਹੀਂ ਸੀ । ਕਦੀ ਕਦੀ ਕੋਈ ਨਵੀਂ ਗੱਲ ਤੇ ਕਦੀ ਕੋਈ ਹੋਰ ਨਹੀਂ ਗੱਲ। ਨਵੇਂ ਨਵੇਂ ਬੰਦੇ ਨਵੇਂ ਨਵੇਂ ਖ਼ਿਆਲ ਸੁਣ ਸੁਣ ਕੇ ਮੈਨੂੰ ਤਾਂ ਦੁਨੀਆਂ ਹੋਰ ਦੀ ਹੋਰ ਜਾਪਦੀ ਸੀ। ਸਗੋਂ ਮੇਰੀਆਂ ਦਿਲਚਸਪੀਆਂ ਦੇ ਨਾਲ ਨਾਲ ਉਦਾਸੀਆਂ ਵਧ ਰਹੀਆਂ ਸਨ।
ਜੀਵਨ ਦੀਆਂ ਔਕੜਾਂ ਤੋਂ ਜਰ ਕੇ ਤਾਇਆ ਫ਼ਕੀਰ ਹੋ ਗਿਆ ਹੋਇਆ ਸੀ। ਕੁੱਝ ਦਿਨ ਤਾਂ ਏਥੋਂ ਦੇ ਦਰਬਾਰਾਂ ਉੱਤੇ ਜਾ ਬੈਠਿਆ ਕਰਦਾ ਸੀ । ਏਥੋਂ ਦੇ ਜਾਣੂੰ ਲੋਕ ਮਖੌਲ ਕਰਦਿਆਂ ਆਖਦੇ, "ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।" ਕੋਈ ਹਾਣੀ ਆਖਦਾ, “ਭੀੜਾਂ ਤੋਂ ਨੱਸ ਪਿਆ ਏਂ। ਜਿਹੜੇ ਬਾਲ ਜੰਮ ਬੈਠਾਂ ਏਂ ਇਹਨਾਂ ਦਾ ਵਾਰਿਸ ਕੌਣ ਈ ?”
ਕੁੱਝ ਦਿਨ ਤਾਂ ਜਵਾਬ ਵਿੱਚ ਫ਼ਕੀਰ ਆਖਦਾ, "ਅੱਲਾ ਵਾਰਿਸ ਏ”, ਪਰ ਗੱਲ ਨਾ ਬਣਦੀ। ਲੋਕਾਂ ਦੇ ਤਾਅਨੇ ਵਧਦੇ ਜਾਂਦੇ ਸਨ । ਫ਼ਕੀਰ ਇਹ ਜੂਹ ਈ ਛੱਡ ਗਿਆ।
ਪਤਾ ਨਹੀਂ ਔਲਿਆਈ ਦੀ ਭਾਲ ਵਿੱਚ ਕਿੱਥੇ ਕਿੱਥੇ ਫਿਰਿਆ ਤੇ ਕਿੱਥੇ ਕਿੱਥੇ ਮੱਥਾ ਟੇਕਿਆ। ਮਜ਼ਾਰਾਂ ਉੱਤੇ ਗੱਦੀ-ਨਸ਼ੀਨਾਂ ਦੀ ਸੇਵਾ ਕੀਤੀ। ਪਹਿਲੇ ਪਹਿਲੇ ਤਾਂ ਤਾਈ ਜੁਦਾਈ ਕਾਰਨ ਰੋਇਆ ਕਰਦੀ ਸੀ, ਪਰ ਜਦ ਜਵਾਨ ਔਲਾਦ ਹੌਂਸਲਾ ਦਿੱਤਾ ਕਿ ਐਮਾ ਜੋ ਅਸਾਡਾ ਨਹੀਂ ਬਣਿਆ ਉਹਦੇ ਲਈ ਕਿਉਂ ਰੋਈਏ ?" ਔਲਾਦ ਦੇ ਗੁੱਸੇ ਕਾਰਨ ਤਾਈ ਛੁਪ ਛੁਪ ਕੇ ਰੋਇਆ ਕਰਦੀ ਸੀ, ਫੇਰ ਹੌਲ਼ੀ ਹੌਲ਼ੀ ਰੋਣਾ ਬੰਦ ਕਰਕੇ ਤਾਏ ਦੀ ਉਡੀਕ ਵਿੱਚ ਰਹਿੰਦੀ ਸੀ।
ਤਿੰਨਾਂ ਸਾਲਾਂ ਮਗਰੋਂ ਫ਼ਕੀਰ ਤਾਇਆ ਘਰ ਆਇਆ। ਅੱਠ ਦਸ ਦਿਨ ਕਿਆਮ ਕੀਤਾ, ਫਿਰ ਕੂਚ ਕਰ ਗਿਆ। ਇੰਜ ਈ ਸਾਲ ਛੇ ਮਹੀਨੇ ਮਗਰੋਂ ਇੱਕ ਅੱਧਾ ਫੇਰਾ ਘਰ ਪਾਇਆ ਕਰਦਾ ਸੀ। ਏਥੇ ਆ ਕੇ ਘਰੋਂ ਬਾਹਰ ਈ ਮੈਦਾਨ ਵਿੱਚ ਭੂਰੀ ਵਿਛਾ ਕੇ ਡੇਰਾ ਲਾ ਲੈਂਦਾ । ਲੋਹੇ ਦੀ ਖੂੰਡੀ ਭੋਏਂ ਵਿੱਚ ਗੱਡ ਕੇ ਖਲੀ ਕਰਦਾ, ਨਾਲ ਚੱਪੀ ਟੰਗ ਕੇ ਨਾਦ ਵਜਾਵਣ ਲੱਗ ਪੈਂਦਾ । ਅਸਾਡੇ ਵਾਸਤੇ ਫ਼ਕੀਰਾਂ ਨੂੰ ਵੇਖਣਾ ਕੋਈ ਨਵੀਂ ਗੱਲ ਨਹੀਂ ਸੀ। ਕਈ ਫ਼ਕੀਰ ਆਂਵਦੇ ਜਾਂਦੇ ਰਹਿੰਦੇ ਸਨ ਪਰ ਤਾਇਆ ਫ਼ਕੀਰ ਹੋਇਆ ਤਾਂ ਅਸਾਡੇ ਲਈ ਮੌਜੂ ਬਣ
ਗਿਆ।
ਸਿਆਲ ਦੇ ਦਿਨਾਂ ਵਿੱਚ ਫ਼ਕੀਰ ਤਾਇਆ 'ਮੱਚ' ਲਾਇਆ ਕਰਦਾ ਸੀ। 'ਮੱਚ' ਵਾਸਤੇ ਬਾਲਣ ਅਸਾਡੇ ਘਰ ਵਿੱਚੋਂ ਈ ਮੰਗਵਾਂਦਾ ਸੀ । ਤਾਇਆ ਫ਼ਕੀਰ ਅਸਾਨੂੰ ਇੰਜ ਹੁਕਮ ਕਰਿਆ ਕਰਦਾ ਸੀ ਜਿਵੇਂ ਉਹ ਗੁਰੂ ਤੇ ਅਸਾਂ ਚੇਲੇ ਆਂ। 'ਮੱਚ' ਦਵਾਲੇ ਅਸਾਂ ਵੀ ਬੈਠ ਜਾਂਦੇ । ਵੱਡੇ ਛੋਟੇ ਸਾਰੇ ਫ਼ਕੀਰ ਕੋਲ ਆ ਬੈਠਦੇ ਸਾਂ ।
ਫ਼ਕੀਰ ਤਾਇਆ ਫ਼ਕੀਰੀ ਲਹਿਜੇ ਵਿੱਚ ਆਪਣੀ ਔਲਿਆਈ ਬਾਰੇ ਦੱਸਦਾ ਕਿ ਬੱਸ ਅਮਰ ਹੋਵਣ ਵਾਲ਼ਾ ਏ, ਫੇਰ ਔਲਿਆਈ ਮਿਲੀ ਕਿ ਮਿਲੀ । ਔਲਿਆਈ ਦੀ ਉਮੀਦ ਵਿੱਚ ਸਗੋਂ ਯਕੀਨ ਵਿੱਚ ਤਾਏ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਤਾਂ ਜੋਸ਼ ਵਿੱਚ ਆ ਕੇ "ਯਾ ਅਲੀ" ਦਾ ਨਾਅਰਾ ਮਾਰਦਾ।
ਮੈਂ ਆਖਦਾ: "ਰਹਿਣ ਦੇ ਤਾਇਆ! ਔਲਿਆਈ ਕੋਈ ਗੁੜ ਏ, ਬੰਦਾ ਫੜੇ ਤੇ ਮੂੰਹ ਵਿੱਚ ਪਾ ਲਵੇ। ਔਲਿਆਈ ਹੁੰਦੀ ਕੀ ਏ ? ਐਵੇਂ ਕੰਮਾਂ ਤੋਂ ਨੱਸੇ ਹੋਏ ਲੋਕ ਫ਼ਕੀਰ ਬਣੀ ਫਿਰਦੇ ਨੇ।”
ਮੇਰੀ ਏਸ ਗੱਲ ਉੱਤੇ ਫ਼ਕੀਰ ਤਾਇਆ ਜਲਾਲ ਵਿੱਚ ਆ ਜਾਂਦਾ, ਗਾਲ੍ਹ ਮੰਦਾ ਬੋਲਦਾ, “ਓਏ ਗੋਗੀ! ਤੂੰ ਮੇਰੇ ਕਹਿਰ ਕੋਲੋਂ ਬਚ ਜਾ, ਚੰਗਾ ਰਹਵੇਂਗਾ।"
ਜਵਾਬ ਵਿੱਚ ਮੈਂ ਹੱਸ ਕੇ ਆਖਿਆ ਕਰਦਾ, “ਆਹੋ ਤਾਇਆ, ਤੇਰਾ ਕਹਿਰ ਘਰ ਵਾਲਿਆਂ ਉੱਤੇ ਈ ਪੈਣਾ ਏ । ਬਾਹਰ ਤੇਰਾ ਮੰਤਰ ਨਹੀਂ ਫਿਰਦਾ।"
ਮੇਰੇ ਏਸ ਮਖੌਲ ਤੇ ਟਿਚਕਰ ਉੱਤੇ ਫ਼ਕੀਰ ਤਾਏ ਨੂੰ ਖਿਝ ਚੜ੍ਹ ਜਾਇਆ ਕਰਦੀ ਸੀ। ਗੁੱਸੇ ਨਾਲ ਉਹ ਖੂੰਡੀ ਨੂੰ ਹੱਥ ਪਾ ਲੈਂਦਾ । ਜਲਾਲ ਵਿੱਚ ਆ ਕੇ ਕੰਬਦਾ ਤੇ ਆਖਦਾ, "ਵਿਗੜੇ ਬੰਦੇ ਨੂੰ ਸਿੱਧਾ ਕਰਨ ਦੀ ਮੈਨੂੰ ਡਾਢੀ ਜਾਚ ਏ ਗੋਗੀ । ਇਹ ਜਿਹੜਾ ਤੂੰ ਕੁੱਤੇ ਦੀ ਪੂਛਲ ਵਾਂਗ ਡਿੱਗਾ ਡਿੱਗਾ ਰਹਿਨਾਂ ਏਂ, ਇੱਕ ਦਿਨ ਪਛਤਾਏਂਗਾ। ਮੇਰੇ ਮੂੰਹ ਨਾ ਲੱਗਿਆ ਕਰ।”
ਕੋਲ ਸੁਣਦੇ ਦੂਜੇ ਲੋਕ ਵੀ ਮੈਨੂੰ ਟੋਕਦੇ: "ਬਾਜ ਆ ਜਾ । ਫ਼ਕੀਰ ਨੂੰ ਤੰਗ ਨਾ ਕਰਿਆ ਕਰ। ਫ਼ਕੀਰ ਸੱਤਾਂ ਪੀੜੀਆਂ ਤੀਕਰ ਮਾਰ ਕਰਦਾ ਈ।"
ਜਵਾਬ ਵਿੱਚ ਮੈਂ ਹੋਰ ਆਕੜ ਕੇ ਆਖਦਾ, "ਕਿਹੜੀਆਂ ਸੱਤ ਪੀੜੀਆਂ? ਮੈਨੂੰ ਤਾਂ ਏਥੇ ਇੱਕੀ ਪੀੜ੍ਹੀਆਂ ਵਿੱਚ ਕੋਈ ਔਲਿਆਈ ਨਜ਼ਰ ਨਹੀਂ ਆਂਵਦੀ" ਏਨੀ ਸਖ਼ਤ ਗੱਲ ਉੱਤੇ ਤਾਇਆ ਗੁੱਸੇ ਨਾਲ ਉੱਠ ਕੇ ਮੈਨੂੰ ਮਾਰਨ ਲਈ ਉੱਲਰਦਾ। ਪਰ ਮੈਂ ਪਰ੍ਹਾਂ ਹੋ ਜਾਂਦਾ । ਮੇਰੇ ਪਿੱਛੇ ਤਾਇਆ ਦੂਜੇ ਲੋਕਾਂ ਨਾਲ ਗੱਲਾਂ ਕਰਦਾ ਆਖਦਾ, "ਇਹ ਸ਼ੈਤਾਨ ਦੀ ਟੂਟੀ ਸ਼ੁਰੂ ਤੋਂ ਈ ਨੁਕਤਾਚੀਨੀ ਕਰਦਾ ਰਹਿੰਦਾ ਏ। ਇਹ ਅਸਾਡੀ ਨਸਲ ਵਿੱਚ ਕੋਈ ਵੱਖਰਾ ਈ ਜੰਮ ਪਿਆ ਏ।"
ਜਿੰਨੇ ਦਿਨ ਤਾਇਆ ਰਹਿੰਦਾ, ਤਾਈ ਖਿਦਮਤ ਵਿੱਚ ਲੱਗੀ ਰਹਿੰਦੀ । ਸਾਲ ਛੇ ਮਹੀਨੇ ਮਗਰੋਂ ਤਾਇਆ ਰੋਜ਼ਾ ਖੋਹਲਦਾ ਤਾਂ ਕੁੱਝ ਕੁੱਝ ਚਮਕਦਾ ਮਲੂਮ ਹੁੰਦਾ। ਕੁੱਝ ਦਿਨ ਮਗਰੋਂ ਜਦ ਤਾਇਆ ਅਗਲੇ ਸਫ਼ਰ ਲਈ ਤਿਆਰੀ ਕਰਦਾ, ਤਾਂ ਜਾਂਦੇ ਵੇਲ਼ੇ ਰਾਹ ਵਿੱਚ ਰੋਕ
ਕੇ ਪੰਜਾਂ ਦਾ ਨੋਟ ਦੇ ਕੇ ਆਖਦਾ, "ਲੈ ਤਾਇਆ ਨਿਆਜ਼ ਲੈ ਜਾ । ਤੇਰੀ ਸਾਰੀ ਔਲਿਆਈ ਇੱਕ ਰੁਪਏ ਦਾ ਨੋਟ ਨਹੀਂ ਘੜ ਸਕਦੀ।" ਪੰਜਾਂ ਦਾ ਨੋਟ ਫੜਨ ਵੇਲੇ ਤਾਇਆ ਮੁਸਕਰਾ ਪੈਂਦਾ ਸੀ। ਆਖਦਾ, "ਗੋਗੀ! ਕੋਈ ਨੇਕ ਕੰਮ ਕਰ ਲਿਆ ਕਰ। ਕੀ ਹਰ ਵੇਲੇ ਫ਼ਕੀਰਾਂ ਦੇ ਮਗਰ ਪਿਆ ਰਹਿਨਾ ਏਂ ? ਬਜ਼ੁਰਗਾਂ ਕੋਲੋਂ ਦੁਆਵਾਂ ਲਿਆ ਕਰ ।"
“ਇਹ ਨੇਕੀ ਨਹੀਂ ਤਾਇਆ ! ਮੈਂ ਆਪਣੀ ਕਮਾਈ ਵਿੱਚੋਂ ਅੱਲਾਹ ਦੇ ਸਾਧਵਾਂ ਦੀ ਸੇਵਾ ਪਿਆ ਕਰਨਾ ਵਾਂ ।"
“ਨੇਕੀ ਏ ਨੇਕੀ।” ਤਾਇਆ ਆਖਦਾ, "ਅੱਲਾਹ ਇਹਦਾ ਅਜ਼ਰ ਦੇਵੇਗਾ ਪਰ ਮੂੰਹੋਂ ਵੀ ਮੰਦਾ ਨਾ ਬੋਲਿਆ ਕਰ ।" “ਠੀਕ ਏ ਤਾਇਆ! ਮੈਂ ਮੂੰਹੋਂ ਮੰਦਾ ਨਹੀਂ ਬੋਲਿਆ ਕਰਾਂਗਾ । ਮੇਰਾ ਪੰਜਾਂ ਦਾ ਨੋਟ ਵਾਪਸ ਮੋੜ ਦੇ ਤੇ ਮੰਦਾ ਨਾ ਬੋਲਣ ਵਾਸਤੇ ਮੈਨੂੰ ਕੁੱਝ ਪੱਲਿਉਂ ਦੇ।"
ਮੇਰੀ ਗੱਲ ਸੁਣ ਕੇ ਜਾਂਦਾ ਜਾਂਦਾ ਤਾਇਆ ਖਲੋ ਜਾਂਦਾ ਤੇ ਮੇਰੇ ਵੱਲ ਵੇਖਕੇ ਮੁਸਕਰਾਂਦਾ ਤੇ ਆਖਦਾ, "ਕੋਈ ਹੋਰ ਟਿਚਕਰ ਕਰਨੀ ਚਾਹਨਾਂ ਏਂ ਗੋਗੀ?"
“ਨਹੀਂ ਜੀ, ਮੈਂ ਤੇ ਦੱਸਣਾ ਚਾਹਨਾਂ ਵਾਂ ਕਿ ਮੈਂ ਕਾਫ਼ਰ ਵੀ ਵੇਖ ਲਏ ਨੇ ਤੇ ਮੱਕਿਉਂ ਪਰ੍ਹਾਂ ਰਹਿਣ ਵਾਲ਼ੇ ਬੱਦੂ ਵੀ", ਮੈਂ ਤਾਏ ਦੇ ਨਾਲ ਟੁਰਦਿਆਂ ਹੋਇਆਂ ਆਖਿਆ। ਤਾਏ ਦੇ ਹੱਥਾਂ ਤੇ ਪੈਰਾਂ ਵਿੱਚ ਲੋਹੇ ਦੇ ਕੜੇ ਛਣਕ ਰਹੇ ਸਨ । ਇੱਕ ਮੋਢੇ ਨਾਲ ਕਸ਼ ਕੋਲ ਲਮਕ ਰਿਹਾ ਸੀ, ਦੂਜੇ ਮੋਢੇ ਨਾਲ ਨਾਦ, ਹੱਥ ਵਿੱਚ ਲੋਹੇ ਦੀ ਖੂੰਡੀ ਤੇ ਖੂੰਡੀ ਨੂੰ ਛੱਲੇ ਵੀ ਲੋਹੇ ਦੇ ਚਾੜ੍ਹੇ ਹੋਏ ਸਨ।
ਸਾਰੇ ਕੜੇ ਤੇ ਛੱਲੇ ਇੱਕ ਤਾਲ ਨਾਲ ਛਣਕਾਵਣ ਦਾ ਵੱਲ ਤਾਏ ਨੂੰ ਆ ਗਿਆ ਹੋਇਆ ਸੀ। ਸਗੋਂ ਏਸ ਛਣ ਛਣ ਦੀ ਲੈਅ ਉੱਤੇ ਮਸਤ ਰਹਿਣਾ ਵੀ ਸਿੱਖ ਲਿਆ ਹੋਇਆ ਸੀ। ਏਸ ਲੋਰ ਵਿੱਚ ਈ ਬਹੁਤ ਸਾਰਾ ਪੰਧ ਪੈਦਲ ਈ ਕਰ ਲਿਆ ਕਰਦਾ ਸੀ।
ਮੇਰੀ ਗੱਲ ਕਿ 'ਮੈਂ ਕਾਫ਼ਰ ਵੇਖ ਲਏ ਹਨ ਤੇ ਮੱਕਿਉਂ ਪਰ੍ਹਾਂ ਦੇ ਬੱਦੂ ਵੀ' ਸੁਣਕੇ ਤਾਇਆ ਉਹਨਾਂ ਪੈਰਾਂ ਉੱਤੇ ਈ ਖਲੋ ਗਿਆ, "ਕੀ ਆਖਿਆ ਈ ਗੋਗੀ? ਫੇਰ ਆਖੇਂ ਨਾ!"
ਮੈਂ ਥੋੜ੍ਹੀ ਜੇਹੀ ਵਿੱਥ ਰੱਖ ਕੇ ਖਲੋਤਾ ਸਾਂ। ਮੈਨੂੰ ਮਲੂਮ ਸੀ ਕਿ ਤਾਇਆ ਕਿਸੇ ਵਕਤ ਜਲਾਲ ਵਿੱਚ ਆ ਕੇ ਮੇਰੇ ਉੱਤੇ ਲੋਹੇ ਦੀ ਖੂੰਡੀ ਨਾਲ ਵਾਰ ਕਰ ਸਕਦਾ ਏ, ਪਰ ਖੌਰੇ ਕਿਉਂ ਮੈਨੂੰ ਤਾਏ ਨੂੰ ਤੰਗ ਕਰਕੇ ਖੁਸ਼ੀ ਹੋਇਆ ਕਰਦੀ ਸੀ । ਕਈ ਵਾਰ ਮੈਂ ਆਪਣੇ ਆਪ ਨੂੰ ਮਨਾਹ ਰੱਖਣ ਦਾ ਯਤਨ ਕਰਦਾ, ਪਰ ਹਰ ਵਾਰ ਮੈਥੋਂ ਮੇਰਾ ਆਪਣਾ ਆਪ ਮੇਰੇ ਵੱਸ ਵਿੱਚ ਨਾ ਰਹਿੰਦਾ, ਸਿੰਗ ਫਸਾ ਈ ਲੈਂਦਾ ਸਾਂ ।
ਸਿੰਗਾਂ ਵਿੱਚ ਸਿੰਗ ਫਸਾ ਦੇਣਾ ਖੌਰੇ ਮੇਰੇ ਲਈ ਸਵਾਦਲਾ ਅਮਲ ਸੀ, ਪਰ ਬਾਅਦ ਵਿੱਚ ਅਫ਼ਸੋਸ ਕਰਦਾ ਸਾਂ । ਜਦ ਤਾਏ ਆਖਿਆ, "ਕੀ ਆਖਿਆ ਈ ਗੋਗੀ, ਫੇਰ ਆਖੀਂ ਨਾ- ਜਵਾਬ ਵਿੱਚ ਮੈਂ ਆਖਿਆ, 'ਤਾਇਆ ਜੀ ! ਮੈਂ ਉਹ ਜਿੰਨ ਵੀ ਵੇਖ ਲਿਆ ਏ ਜਿਹੜਾ ਸ਼ਹਿਜ਼ਾਦੀ ਨੂੰ ਚੁੱਕ ਕੇ ਲੈ ਜਾਂਦਾ ਏ, ਫੇਰ ਉਹ ਸ਼ਹਿਜ਼ਾਦੀ ਵੀ। ਮੈਨੂੰ ਇਹ ਵੀ ਸਮਝ ਆ
ਗਈ ਏ ਕਿ ਮਾਂ ਸੌਗੰਧ ਕੀ ਹੁੰਦਾ ਏ । ਨਾਲੇ ਦੇਉ ਨੂੰ ਆਦਮ ਬੂ, ਆਦਮ ਬੂ ਕਿਉਂ ਆਂਵਦੀ ਏ ?” ਮੈਂ ਇੱਕੋ ਵਾਰ ਸਭ ਕੁੱਝ ਤਾਏ ਨੂੰ ਯਾਦ ਕਰਵਾ ਰਿਹਾ ਸਾਂ । ਫ਼ਕੀਰ ਤਾਏ ਦੇ ਚਿਹਰੇ ਉੱਤੇ ਬਦਲਦੇ ਰੰਗਾਂ ਤੋਂ ਮਲੂਮ ਹੋ ਰਿਹਾ ਸੀ ਕਿ ਮੇਰੀ ਗੱਲ ਪਸੰਦ ਨਹੀਂ ਆ ਰਹੀ । ਬਾਲਪੁਣੇ ਦੀਆਂ ਝਾੜਾਂ ਦਾ ਬਦਲਾ ਖੌਰੇ ਮੈਂ ਹੁਣ ਲੈ ਰਿਹਾ ਸਾਂ ਜਿਹਨੂੰ ਤਾਇਆ ਵੀ ਸਮਝ ਰਿਹਾ ਸੀ। ਉਸ ਨੌਕਰਸ਼ਾਹੀ ਹੁਕਮ ਦਿੱਤਾ, "ਜਾਹ, ਹੁਣ ਚਲਾ ਜਾ, ਗੋਗੀ। ਮੈਥੋਂ ਫੰਡ ਖਾਏਂਗਾ।" ਮੈਂ ਵੀ ਸਮਝ ਗਿਆ ਕਿ ਤਾਇਆ ਹੁਣ ਸੱਚਮੁੱਚ ਅੱਕ ਗਿਆ ਏ । ਪਿੱਛੇ ਹਟਦਿਆਂ ਹੋਇਆਂ ਸਲਾਮ ਕੀਤਾ ਤੇ ਤਾਏ ਦੇ ਕੜੇ ਦੀ ਛਣਕਾਰ ਵਿੱਚ ਰਵਾਨਾ ਹੋ ਗਿਆ।
ਤਾਏ ਦੇ ਜਾਵਣ ਮਗਰੋਂ ਅਸਾਡੇ ਕੁਨਬੇ ਵਾਲ਼ੇ ਕਈ ਕਈ ਦਿਨ ਤਾਏ ਦੀ ਫ਼ਕੀਰੀ ਤੇ ਔਲਿਆਈ ਬਾਰੇ ਗੱਲਾਂ ਕਰਦੇ ਰਹਿੰਦੇ ਸਨ । ਪਰ ਇੱਕ ਗੱਲ ਉੱਤੇ ਸਾਰੇ ਮੁਤਫ਼ਿਕ ਸਨ ਕਿ ਤਾਏ ਫ਼ਕੀਰ ਹੋ ਕੇ ਵੀ ਅਜੇ ਆਪਣੀ 'ਮੈਂ' ਨਹੀਂ ਸੀ ਮਾਰੀ। ਉਹ ਈ ਆਕੜ ਤੇ ਧੌਂਸ ਵਾਲ ਸੁਭਾਅ ਅੱਗੇ ਨਾਲੋਂ ਵੀ ਬਹੁਤਾ ਸੀ। ਤਾਏ ਅੰਦਰ ਕੋਈ ਮੱਚਦੀ ਅੱਗ ਜਾਪਦੀ ਸੀ।
ਹੁਜਰੇ ਵਾਲ਼ੇ ਦਰਵੇਸ਼ ਨੂੰ ਮੈਂ ਕਦੀ ਉਸਤਾਦ ਜੀ ਕਹਿ ਕੇ ਸਲਾਮ ਕਰਦਾ, ਕਦੀ ਗੁਰੂ ਜੀ ਕਹਿ ਕੇ : ਪਰ ਜਦ ਕਦੇ ਪੀਰ ਮੁਰਸ਼ਦ ਆਖਦਾ, ਤਾਂ ਨਾਰਾਜ਼ ਹੋ ਕੇ ਆਖਦੇ, “ਸ਼ੇਖੂਪੁਰੀਆ, ਪੀਰ ਮੁਰਸ਼ਦ ਸ਼ਬਦਾਂ ਵਿੱਚੋਂ ਮੈਨੂੰ ਕਰਾਹਤ ਆਂਵਦੀ ਏ। ਮੇਰੇ ਸਾਹਮਣੇ ਇਹ ਲਫ਼ਜ਼ ਨਾ ਬੋਲਿਆ ਕਰ ।" ਪਰ ਜਦ ਭੁੱਲ ਭੁਲੇਖੇ ਮੇਰੇ ਮੂੰਹੋਂ ਨਿੱਕਲ ਜਾਂਦਾ ‘ਪੀਰ ਮੁਰਸ਼ਦ', ਤਾਂ ਬਹੁਤ ਗੁੱਸਾ ਕਰਦੇ। ਮੈਨੂੰ ਮੁਆਫ਼ੀ ਮੰਗਣੀ ਪੈਂਦੀ। ਮੈਂ ਆਪਣੀ ਸਫ਼ਾਈ ਵਿੱਚ ਆਖਦਾ, “ਭੁੱਲ ਹੋਈ ਜੀ, ਮੇਰੇ ਮੂੰਹੋਂ ਨਿੱਕਲ ਗਿਆ ਏ, ਮੇਰੀ ਨੀਅਤ ਨਹੀਂ ਸੀ।” ਉਹ ਫੇਰ ਆਖਦੇ, "ਮੈਨੂੰ ਕੋਈ ਛੁਰੀ ਮਾਰ ਲਵੇ ਤਾਂ ਸੀਅ ਨਾ ਕਰਾਂ ਪਰ ਪੀਰ ਮੁਰਸ਼ਦ ਲਫ਼ਜ਼ਾਂ ਨਾਲ ਮੈਨੂੰ ਦੁੱਖ ਹੁੰਦਾ ਏ।"
ਹੁਜਰੇ ਵਿੱਚ ਹਰ ਕਿਸਮ ਦੇ ਲੋਕ ਆਂਵਦੇ ਸਨ । ਹਰ ਇੱਕ ਦੇ ਮਜ਼ਾਜ ਤੇ ਸੁਭਾਅ ਦੇ ਮੁਤਾਬਕ ਗੱਲ ਕਰਨ ਦਾ ਉਹਨਾਂ ਨੂੰ ਵੱਲ ਆਂਵਦਾ ਸੀ । ਟਾਂਗੇ ਵਾਲ਼ਾ, ਛਾਬੜੀ ਵਾਲਾ, ਸਕੂਲੀਆ, ਵਕੀਲ, ਪ੍ਰੋਫੈਸਰ, ਮਜ਼ਦੂਰ, ਸਿਆਸਤਦਾਨ ਤੇ ਹੋਰ ਜੋ ਕੋਈ ਵੀ ਆ ਕੇ ਬੈਠਦਾ ਸੀ, ਏਸ ਦਰਵੇਸ਼ ਨੂੰ ਆਪਣੇ ਵਰਗਾ ਈ ਸਮਝਦਾ ਸੀ ਤੇ ਆਪਣੇ ਵਰਗਾ ਈ ਜਾਣਦਾ ਸੀ । ਉਹਨਾਂ ਇੱਕ ਦਿਨ ਆਪਣੀ ਜਵਾਨੀ ਦੇ ਯਾਰ ਹੁਸੈਨੇ ਟਾਂਗੇ ਵਾਲੇ ਬਾਰੇ ਇੱਕ ਗੱਲ ਸੁਣਾਈ। ਏਸ ਕਿਸਮ ਦੀਆਂ ਗੱਲਾਂ ਸੈਰ ਵੇਲੇ ਬਾਹਰ ਮੰਟੋ ਪਾਰਕ ਯਾ ਦਰਿਆ ਦੇ ਕੰਢੇ ਸੁਣਾਇਆ ਕਰਦੇ ਸਨ।
ਸੈਰ ਉੱਤੇ ਉਹ ਸਵੇਰ ਨੂੰ ਵੀ ਜਾਇਆ ਕਰਦੇ ਸਨ ਪਰ ਮੇਰੇ ਨਾਲ ਸ਼ਾਮ ਨੂੰ ਬਾਹਰ ਨਿੱਕਲਦੇ ਸਨ । ਰਾਹ ਵਿੱਚ ਤੇ ਪਾਰਕ ਵਿੱਚ ਮੈਥੋਂ ਮੇਰੇ ਬਾਰੇ, ਕੁੱਝ ਆਪਣੇ ਬਾਰੇ ਗੱਲਾਂ ਕਰਦੇ ਜਾਂਦੇ ਸਨ । ਹੁਸੈਨੇ ਬਾਰੇ ਉਹਨਾਂ ਆਖਿਆ, "ਉਹ ਮੇਰਾ ਜਵਾਨੀ ਦਾ ਯਾਰ ਸੀ। ਟਾਂਗਾ ਵਾਹਦਾ ਸੀ । ਹੁਸੈਨਾ ਗ਼ਰੀਬ ਹੋਵਣ ਦੇ ਬਾਵਜੂਦ ਜੀਅਵਾਰ, ਜਿਗਰੀ ਤੇ ਸਮਝਦਾਰ ਕਿਸਮ
ਜਾ ਯਾਰ ਸੀ। ਜਦ ਵੀ ਕਦੇ ਭੀੜ ਪਈ ਉਸ ਮਰਦਾਂ ਵਾਂਗ ਮੇਰਾ ਸਾਥ ਦਿੱਤਾ। ਮੇਰੇ ਉੱਤੇ ਖਰਚ ਕਰਨ ਤੋਂ ਨਹੀਂ ਸੀ ਘਾਬਰਿਆ ਕਰਦਾ । ਮੇਰਾ ਜਦ ਵੀ ਦਾਅ ਫਿਰਦਾ ਮੈਂ ਵੀ ਸਭ ਕੁੱਝ ਉਹਦੇ ਉੱਤੋਂ ਵਾਰ ਦੇਂਦਾ ਸਾਂ ।"
"ਦਾਅ ਫਿਰਨ ਦਾ ਮਤਲਬ ਹੋਇਆ ਤੁਹਾਨੂੰ ਜੂਏ ਬਾਰੇ ਵੀ ਇਲਮ ਹੈ।" ਮੈਂ ਗੱਲਾਂ ਵਿੱਚ ਗੱਲ ਵਲਾ ਕੇ ਆਖ ਦਿੱਤਾ । ਉਹਨਾਂ ਆਖਿਆ, "ਮੈਂ ਜੂਆ ਖੇਡਦਾ ਰਿਹਾ ਵਾਂ। ਮੇਰਾ ਪਿਉ ਵੀ ਜੂਆ ਖੇਡ ਲੈਂਦਾ ਸੀ ਤੇ ਮੇਰਾ ਚਾਚਾ ਵੀ । ਉਹਨਾਂ ਕੋਲੋਂ ਮੈਨੂੰ ਸ਼ਰਾਬ ਤੇ ਜੂਏ ਦੀ ਲਤ ਪਈ ਸੀ। ਸ਼ੇਖੂਪੁਰੀਆ! ਕੁੱਝ ਗੱਲਾਂ ਬੰਦੇ ਦੇ ਵੱਸ ਵਿੱਚ ਨਹੀਂ ਹੁੰਦੀਆਂ ਜਿਵੇਂ ਮੇਰਾ ਇੱਕ ਸ਼ੇਅਰ ਏ :
ਕੁੱਝ ਗੱਲਾਂ ਤਾਂ ਮੈਂ ਨਹੀਂ ਕਹੀਆਂ
ਪਰ ਉਹ ਗਲ ਮੇਰੇ ਤੇ ਪਈਆਂ।
ਇੰਜ ਈ ਕੁੱਝ ਆਦਤਾਂ ਮੈਨੂੰ ਵਿਰਸੇ ਵਿੱਚ ਮਿਲੀਆਂ ਸਨ । ਫੇਰ ਜਵਾਨੀ ਵੇਲ਼ੇ ਮੈਨੂੰ ਕੁੱਝ ਪੈਸੇ ਵੀ ਲੱਭਣ ਲੱਗ ਪਏ ਸਨ । ਪੈਸੇ ਦੀ ਮੈਂ ਕਦੇ ਇੱਜਤ ਨਹੀਂ ਸੀ ਕੀਤੀ ਤੇ ਨਾ ਹੀ ਹੁਣ ਮੈਂ ਪੈਸੇ ਨਾਲ ਪਿਆਰ ਕਰਨਾ ਵਾਂ।" "ਪੈਸਾ ਆਂਵਦਾ ਕਿੱਥੋਂ ਸੀ ?” ਮੇਰਾ ਸਵਾਲ ਝੱਲਪੁਣਾ ਸੀ, ਪਰ ਮੈਂ ਕਰ ਦਿੱਤਾ। ਅੰਦਰੋ-ਅੰਦਰ ਡਰ ਵੀ ਰਿਹਾ ਸਾਂ।
ਪੈਸੇ ਮੁਸ਼ਾਇਰੇ ਰਾਹੀਂ ਆਂਵਦੇ ਸਨ। ਕਾਂਗਰਸ ਦਾ ਮੈਂ ਸ਼ਾਇਰ ਸਾਂ। '47 ਤੋਂ ਪਹਿਲਾਂ ਦੀ ਗੱਲ ਏ। ਪੂਰੇ ਬੱਰੇ ਸਗੀਰ (ਉਪ ਮਹਾਂਦੀਪ) ਵਿੱਚ ਮੁਸ਼ਾਇਰੇ ਆਮ ਹੁੰਦੇ ਸਨ, ਖਾਸ ਕਰਕੇ ਪੰਜਾਬ ਵਿੱਚ ਬਹੁਤ ਈ ਮੁਸ਼ਾਇਰੇ ਹੁੰਦੇ ਸਨ, ਮੁਸ਼ਾਇਰਾ ਮਜ਼ਹਬੀ ਹੋਵੇ ਯਾ ਸਿਆਸੀ, ਮੈਨੂੰ ਬੁਲਾਇਆ ਜ਼ਰੂਰ ਜਾਂਦਾ ਸੀ ।
ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਉੱਤੇ ਤਾਂ ਸਿੱਖ ਮਰਦ, ਔਰਤਾਂ ਬਹੁਤ ਪੈਸੇ ਦਿੰਦੇ ਸਨ। ਬਹੁਤ ਕੁੱਝ ਸ਼ਾਇਰ ਨੂੰ ਲੱਭ ਪੈਂਦਾ ਸੀ । ਸਿੱਖ ਔਰਤਾਂ ਕੋਠੀਆਂ ਉੱਤੋਂ ਥੈਲੀਆਂ ਲਮਕਾ ਦਿੰਦੀਆਂ ਸਨ। ਉਹਨਾਂ ਥੈਲੀਆਂ ਵਿੱਚ ਪੈਸੇ ਹੁੰਦੇ ਸਨ । ਕੋਈ ਕੋਈ ਔਰਤ ਅਕੀਦਤ ਨਾਲ ਟੂਮ ਛੱਲਾ ਵੀ ਥੈਲੀ ਵਿੱਚ ਘੱਲ ਦਿੰਦੀ ਸੀ । ਉਹ ਲੋਕ ਦਾਨ ਬਹੁਤ ਕਰਦੇ ਸਨ।
ਇੱਕ ਵਾਰ ਮੁਸ਼ਾਇਰਿਆਂ ਦਾ ਮੌਸਮ ਆਇਆ। ਬਹੁਤ ਸਾਰੇ ਮੁਸ਼ਾਇਰਿਆਂ ਵਿੱਚ ਪੜ੍ਹਨ ਦਾ ਮੈਨੂੰ ਸੱਦਾ ਮਿਲਿਆ। ਮੈਂ ਆਪਣੇ ਯਾਰ ਹੁਸੈਨੇ ਟਾਂਗੇ ਵਾਲੇ ਨੂੰ ਆਖਿਆ, ਚੱਲ ਓਏ ਬੇਲੀਆ ਟਾਂਗਾ ਜੋਅ । ਉਸ ਨਾ ਪੁੱਛਿਆ ਕਿੱਥੇ ਜਾਣਾ ਏ। ਟਾਂਗਾ ਜੋਇਆ। ਅਸੀਂ ਅਮ੍ਰਿਤਸਰ ਨੂੰ ਟੁਰ ਪਏ। ਅਜੇ ਮੁਸ਼ਾਇਰੇ ਸ਼ੁਰੂ ਹੋਵਣ ਵਿੱਚ ਦੋ ਚਾਰ ਦਿਨ ਰਹਿੰਦੇ ਸਨ । ਅਸਾਂ ਅਮ੍ਰਿਤਸਰ ਵਿੱਚ ਜੂਆ ਖੇਡਣ ਬਹਿ ਗਏ। ਜੋ ਕੁੱਝ ਪੱਲੇ ਸੀ ਸਭ ਹਾਰ ਗਏ। ਮੈਂ ਟਾਂਗਾ ਘੋੜਾ ਵੇਚ ਕੇ ਕੁੱਝ ਖਾਧਾ ਪੀਤਾ ਤੇ ਬਾਕੀ ਫੇਰ ਜੂਆ ਖੇਡ ਲਿਆ। ਪੱਲਿਉਂ ਬਿਲਕੁਲ ਖਾਲੀ ਹੋ ਗਏ ਸਾਂ। ਪਰ ਕੁਰਬਾਨ ਜਾਈਏ ਹੁਸੈਨੇ ਯਾਰ ਦੇ, ਉਸ ਟਾਂਗੇ ਘੋੜੇ ਦੇ ਜਾਇਆ ਹੋਵਣ ਤੇ ਇਹੋ ਨਹੀਂ ਕਿ ਕੋਈ ਅਫ਼ਸੋਸ ਨਾ ਕੀਤਾ ਸਗੋਂ ਮੈਨੂੰ ਤਸੱਲੀਆਂ ਦਿੰਦਾ ਰਿਹਾ। ਮੈਨੂੰ ਬੜਾ ਦੁੱਖ ਸੀ ਕਿ ਗਰੀਬ ਦਾ ਟਾਂਗਾ ਘੋੜਾ ਮੇਰੀ ਹਿਮਾਕਤ ਨਾਲ ਵਿਕ ਗਿਆ ਏ, ਪਰ ਉਹਦੇ ਦਿਲ ਉੱਤੇ ਕੋਈ ਝਰੀਟ ਵੀ ਨਾ ਆਈ। ਉਹ ਇੰਜ ਈ ਮੇਰੇ ਨਾਲ ਰਿਹਾ ਜਿਵੇਂ ਕੁੱਝ ਹੋਇਆ ਈ
ਨਹੀਂ।
ਮੈਂ ਵੀ ਤੇ ਫੇਰ ਹਰ ਨਿੱਕਾ ਵੱਡਾ ਮੁਸ਼ਾਇਰਾ ਪੜ੍ਹਿਆ। ਮੁਸ਼ਾਇਰੇ ਪੜ੍ਹਨ ਨਾਲ ਏਨੀ ਕਮਾਈ ਹੋ ਗਈ ਕਿ ਪਹਿਲੋਂ ਨਾਲੋਂ ਵਧੀਆ ਟਾਂਗਾ ਘੋੜਾ ਖਰੀਦ ਕੇ ਲੈ ਆਏ। ਮੇਰੇ ਗੱਲ ਕਰਨ ਦਾ ਮਤਲਬ ਏ ਕਿ ਉਸ ਵੇਲੇ ਸ਼ਾਇਰ ਨੂੰ ਰੋਟੀ ਲੱਭ ਜਾਂਦੀ ਸੀ, ਪਰ ਹੁਣ ਨਹੀਂ। ਹੁਣ ਤਾਂ ਸ਼ਾਇਰ ਹੋਣਾ ਈ ਵੱਡੇ ਹੌਂਸਲੇ ਦਾ ਕੰਮ ਏ।"
“ਏਥੇ ਸ਼ੇਅਰੋ ਅਦਬ ਦੀ ਕੋਈ ਕਦਰ ਨਹੀਂ ਕਰਦਾ। ਸਗੋਂ ਸ਼ਾਇਰ ਨੂੰ ਸਮਾਜ ਵਿੱਚ ਫਜੂਲ ਤੇ ਨਿਕੰਮਾ ਬੰਦਾ ਸਮਝਿਆ ਜਾਂਦਾ ਏ। ਪਾਕਿਸਤਾਨ ਬਣਨ ਮਗਰੋਂ ਮੇਰੇ ਉੱਤੇ ਰਿਜ਼ਕ ਦੇ ਦਰਵਾਜ਼ੇ ਬੰਦ ਹੋ ਗਏ ਸਨ। ਮੇਰਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਮੇਰੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਕਾਂਗਰਸ ਜਮਾਤ ਨਾਲ ਰਲ ਕੇ ਅਜ਼ਾਦੀ ਦੀ ਲੜਾਈ ਲੜਨ ਵਜੋਂ ਮੇਰੇ ਉੱਤੇ ਗ਼ੱਦਾਰ ਵਤਨ ਦਾ ਠੱਪਾ ਲਾ ਦਿੱਤਾ ਗਿਆ । ਦੁਕਾਨ ਵਿੱਚ ਕਿਤਾਬਾਂ ਦੇ ਨਾਲ ਮੇਰਾ ਕਲਾਮ ਤੇ ਹੀਰ ਰਾਂਝਾ ਦਾ ਉਹ ਮਸੌਦਾ ਵੀ ਸੜ ਗਿਆ ਜੋ ਮੈਂ ਕੁੱਝ ਸੱਜਣਾਂ ਦੇ ਕਹਿਣ ਉੱਤੇ ਲਿਖ ਰਿਹਾ ਸਾਂ । ਪਾਕਿਸਤਾਨ ਵੱਲੋਂ ਇਹ ਪਹਿਲੀ ਸਜਾ ਮਿਲੀ ਸੀ ਮੈਨੂੰ । ਮੇਰਾ ਬਹੁਤ ਸਾਰਾ ਕਲਾਮ ਵੀ ਸੜ ਗਿਆ ਤੇ ਨਾਲ ਈ ਉਹ ਕਲਾਮ ਜਿਹੜਾ ਮੈਂ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਵਿੱਚ ਪੜ੍ਹਦਾ ਸਾਂ। ਫੇਰ ਮੈਂ ਏਥੋਂ ਜਾਨ ਬਚਾ ਕੇ ਕਰਾਚੀ ਚਲਾ ਗਿਆ। ਲਹੌਰ ਬਹੁਤ ਯਾਦ ਆਂਵਦਾ ਸੀ । ਪਰ ਕੀ ਕਰਦਾ (ਉਸਤਾਦ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਸਨ।) ਕੁੱਝ ਦਿਨ ਕਰਾਚੀ ਦੇ ਫੁੱਟਪਾਥਾਂ 'ਤੇ ਬੂਟ ਪਾਲਸ਼ ਕਰਦਾ ਰਿਹਾ ਸਾਂ, ਫੇਰ ਇੱਕ ਫਿਲਮਸਾਜ ਨਖ਼ਸ਼ਬ ਨਾਲ ਰਹਿ ਪਿਆ। ਮੈਂ ਉਹਦੀ ਮੁਲਾਜ਼ਮਤ ਕਰ ਲਈ, ਪਰ ਉਹ ਬੜਾ ਬਦਤਮੀਜ਼ ਤੇ ਮਗ਼ਰੂਰ ਭਈਆ ਸੀ । ਉਹਦੀਆਂ ਜਿਹੜੀਆਂ ਫਿਲਮਾਂ ਹਿੰਦੁਸਤਾਨ ਵਿੱਚ ਰਹਿ ਗਈਆਂ ਸਨ, ਮੈਂ ਉਹ ਲਾਂਚ ਦੇ ਜ਼ਰੀਏ ਸਮਗਲ ਕਰਕੇ ਲੈ ਆਇਆ ਸਾਂ । ਏਸ ਗੱਲੋਂ ਉਹ ਮੇਰੇ ਉੱਤੇ ਬਹੁਤ ਖੁਸ਼ ਸੀ। ਪਰ ਜਬਾਨ ਦਾ ਬੜਾ ਭੈੜਾ ਸੀ । ਹਰ ਇੱਕ ਦੀ ਐਵੇਂ ਈ ਲਾ-ਪਾ ਕਰ ਦਿੰਦਾ ਸੀ। ਫਿਲਮ 'ਮੈਖ਼ਾਨਾ' ਬਣਾਵਣ ਦਾ ਐਲਾਨ ਕੀਤਾ। ਕੁੱਝ ਕੰਮ ਸ਼ੁਰੂ ਵੀ ਕਰ ਲਿਆ ਸੀ। ਮੈਂ ਈ ਇੰਚਾਰਜ ਸਾਂ । ਇੱਕ ਦਿਨ ਦਫ਼ਤਰ ਵਿੱਚ ਬੈਠਿਆਂ-ਬੈਠਿਆਂ ਪੰਜਾਬ ਤੇ ਪੰਜਾਬੀ ਦੀ ਗੱਲ ਸ਼ੁਰੂ ਹੋ ਗਈ। ਅਲਿਆਸ ਕਸ਼ਮੀਰੀ ਤੇ ਕਈ ਹੋਰ ਵੱਡੀ ਵੱਡੀ ਛਾਤੀਆਂ ਵਾਲ਼ੇ ਬੈਠੇ ਹੋਏ ਸਨ । ਨਖ਼ਸ਼ਬ ਆਖਿਆ, “ਯਹਾਂ ਕਿਸੀ ਪੰਜਾਬੀ ਕੇ ਬਾਪ ਕਾ ਹੀ ਪਤਾ ਨਹੀਂ ਚਲਤਾ ਬਲਕਿ ਮੁਝੇ ਤੋ ਕਿਸੀ ਕਾ ਬਾਪ ਨਜ਼ਰ ਹੀ ਨਹੀਂ ਆਤਾ।"
ਮੈਂ ਇਹ ਗੱਲ ਜ਼ਰ ਨਾ ਸਕਿਆ। ਫ਼ਾਈਲ ਚੁੱਕ ਕੇ ਉਹਦੇ ਮੂੰਹ ਉੱਤੇ ਮਾਰੀ ਤੇ ਦਫ਼ਤਰ ਛੱਡ ਦਿੱਤਾ।
ਕਹਿੰਦਾ ਈ ਰਹਿ ਗਿਆ, "ਉਸਤਾਦ, ਮੈਂ ਤੁਝੇ ਤੋਂ ਨਹੀਂ ਕਹਾ ।” ਪਰ ਮੈਂ ਆਖਿਆ, "ਕਿਸੇ ਭਈਏ ਦਾ ਪਿਉ ਹੋਵੇ ਨਾ ਹੋਵੇ, ਪਰ ਮੇਰਾ ਪਿਉ ਹੈ । ਲਹੌਰ ਦੀ ਮਿਉਂਸਪਲ ਕਮੇਟੀ ਦੇ ਦਫ਼ਤਰ ਵਿੱਚ ਮੇਰਾ ਤੇ ਮੇਰੇ ਪਿਉ ਦਾ ਨਾਂ ਦਰਜ ਏ।”
ਮੈਂ ਫੇਰ ਲਹੌਰ ਆ ਗਿਆ । ਬਾਦਸ਼ਾਹੀ ਮਸੀਤ ਦੀਆਂ ਪੌੜੀਆਂ ਵਿੱਚ ਡੇਰਾ ਲਾ ਲਿਆ। ਪੈਸਾ ਧੇਲਾ ਹੈ ਨਹੀਂ ਸੀ। ਕੁੱਝ ਜਾਣ ਪਛਾਣ ਵਾਲ਼ੇ ਲੋਕ ਆ ਜਾਂਦੇ ਸਨ, ਗੱਪਾਂ
ਮਾਰਦੇ, ਕੁੱਝ ਇਲਮ ਅਦਬ ਦੀਆਂ ਗੱਲਾਂ ਹੁੰਦੀਆਂ। ਏਥੇ ਈ ਅਲਾਉ-ਉਲਦੀਨ ਵੀ ਆ ਜਾਂਦਾ ਸੀ। ਸਾਰਾ ਦਿਨ ਮੇਰੇ ਕੋਲ ਈ ਬਹਿ ਰਹਿੰਦਾ ਸੀ।
ਮਿਲਣ ਵਾਲੇ ਲੋਕ ਤਾਂ ਸ਼ਾਮ ਨੂੰ ਚਲੇ ਜਾਂਦੇ ਸਨ । ਰਾਤ ਨੂੰ ਮੈਂ ਇਕੱਲਾ ਈ ਪੈ ਰਹਿੰਦਾ ਸਾਂ। ਸਵੇਰੇ ਹੀਰਾ ਮੰਡੀ ਦੇ ਇੱਕ ਹੋਟਲ ਤੋਂ ਨਾਸ਼ਤਾ ਕਰਦਾ ਸਾਂ। ਪੈਸੇ ਦਿੱਤਿਆਂ ਬਿਨਾਂ ਈ ਉੱਠ ਆਂਵਦਾ ਸਾਂ। ਹੋਟਲ ਦੇ ਮੁਲਾਜ਼ਮ ਮੈਨੂੰ ਕੋਈ ਪਹਿਲਵਾਨ ਸਮਝਦੇ ਸਨ। ਡਰਦੇ ਕੋਈ ਪੈਸਾ ਨਹੀਂ ਸੀ ਪੁੱਛਦੇ। ਉਸ ਵੇਲੇ ਪਹਿਲਵਾਨਾਂ ਦਾ ਬੜਾ ਰੋਅਬ ਹੁੰਦਾ ਸੀ ।
ਮੁਲਾਜ਼ਮਾਂ ਆਪਣੇ ਮਾਲਕ ਨੂੰ ਜਾ ਦੱਸਿਆ ਕਿ ਇੱਕ ਪਹਿਲਵਾਨ ਆਂਵਦਾ ਏ, ਨਾਸ਼ਤਾ ਕਰਕੇ ਚਲਾ ਜਾਂਦਾ ਏ, ਪਰ ਪੈਸਾ ਕੋਈ ਨਹੀਂ ਦਿੰਦਾ।
ਇੱਕ ਦਿਨ ਹੋਟਲ ਦਾ ਮਾਲਕ ਸ਼ੇਖ ਰਫ਼ੀ ਮੇਰੇ ਪਿੱਛੇ ਪਿੱਛੇ ਸ਼ਾਹੀ ਮਸੀਤ ਦੀਆਂ ਪੌੜੀਆਂ ਵਿੱਚ ਆ ਗਿਆ ਜਿੱਥੇ ਮੈਂ ਬਹਿੰਦਾ ਸਾਂ । ਸ਼ੇਖ ਰਫ਼ੀ ਪੈਸੇ ਨਾ ਦੇਵਣ ਦੀ ਵਜ੍ਹਾ ਪੁੱਛੀ ਤਾਂ ਮੈਂ ਸਾਫ਼ ਦੱਸ ਦਿੱਤਾ ਕਿ ਮੇਰੇ ਪੱਲੇ ਕੁੱਝ ਨਹੀਂ, ਜਦ ਹੋਵਣਗੇ ਤਾਂ ਇਕੱਠੇ ਈ ਦੇ ਦਿਆਂਗਾ।
ਜਦ ਉਹਨੂੰ ਮਲੂਮ ਹੋਇਆ ਕਿ ਮੈਂ ਈ ਉਸਤਾਦ ਦਾਮਨ ਆਂ, ਉਸ ਇਹਤਰਾਮ ਨਾਲ ਆਖਿਆ, "ਉਸਤਾਦ ਜੀ, ਨਾਸ਼ਤਾ ਈ ਨਹੀਂ, ਤੁਸੀਂ ਜਿਸ ਵੇਲੇ ਚਾਹੋ ਹੋਟਲ ਤੋਂ ਖਾ ਪੀ ਸਕਦੇ ਓ। ਤੁਹਾਡੇ ਨਾਲ ਤੁਹਾਡੇ ਹੋਰ ਮਿਲਣ ਵਾਲ਼ੇ ਵੀ ਖਾ ਸਕਦੇ ਨੇ । ਪੈਸਿਆਂ ਦੀ ਕੋਈ ਗੱਲ ਨਹੀਂ। ਜਦ ਕਦੀ ਹੋਵਣਗੇ ਤਾਂ ਆਪੀ ਆ ਜਾਵਣਗੇ।" ਸ਼ੇਖ ਰਫ਼ੀ ਅਫ਼ਸੋਸ ਕਰ ਰਿਹਾ ਸੀ ਕਿ ਉਹਨੂੰ ਮੇਰੇ ਬਾਰੇ ਪਹਿਲਾਂ ਕਿਉਂ ਨਹੀਂ ਮਲੂਮ ਹੋਇਆ।”
ਫੇਰ ਉਸੇ ਈ ਭੱਜ ਦੌੜ ਨਾਲ ਇਹ ਹੁਜਰਾ ਅੰਜਮਨ ਇਸਲਾਮ ਕੋਲੋਂ ਮੈਨੂੰ ਲੈ ਕੇ ਦਿੱਤਾ। ਉਸ ਈ ਕਿਰਾਇਆ ਪਗੜੀ ਵਗ਼ੈਰਾ ਆਪਣੇ ਕੋਲੋਂ ਦਿੱਤੀ ਸੀ। ਮੈਂ ਤੇ ਸਾਈਂ ਅਖ਼ਤਰ ਏਥੇ ਆ ਕੇ ਡੇਰਾ ਲਾ ਲਿਆ। ਸਾਡੇ ਕੋਲ ਥੱਲੇ ਵਛਾਵਣ ਲਈ ਇੱਕ ਬੋਰੀ ਤੇ ਪਾਣੀ ਪੀਣ ਲਈ ਇੱਕ ਲੋਟਾ ਸੀ। ਏਸ ਹੁਜਰੇ ਵਿੱਚ ਕੋਈ ਘੋੜੇ ਬੰਨ੍ਹਦਾ ਹੁੰਦਾ ਸੀ । ਨਾ ਬਿਜਲੀ ਨਾ ਪਾਣੀ, ਉੱਤੋਂ ਬੜਾ ਗੰਦ ਪਾਇਆ ਹੋਇਆ ਸੀ ਘੋੜਿਆਂ ਏਥੇ । ਬੱਸ ਇੱਕ ਗੱਲ ਸੀ ਕਿ ਸ਼ਾਹ ਹੁਸੈਨ ਏਥੇ ਚਿੱਲਾ ਕੱਟਿਆ ਹੋਇਆ ਸੀ । ਸ਼ਾਹ ਹੁਸੈਨ ਨਾਲ ਖੌਰੇ ਬਚਪਨ ਤੋਂ ਈ ਮੈਨੂੰ ਕੋਈ ਲਗਾਉ ਸੀ। ਬਚਪਨ ਵਿੱਚ ਜਦ ਕਦੀ ਵੀ ਮੈਂ ਦੁਖੀ ਹੁੰਦਾ ਸਾਂ ਤਾਂ ਸ਼ਾਹ ਹੁਸੈਨ ਦੇ ਮਜ਼ਾਰ ਉੱਤੇ ਈ ਜਾ ਬਹਿੰਦਾ ਸਾਂ।
ਸ਼ੇਖ ਰਫ਼ੀ ਮੇਰੀ ਬੜੀ ਮਦਦ ਕਰਦਾ ਰਹਿੰਦਾ ਸੀ। ਹਰ ਭੀੜ ਵਿੱਚ ਮੇਰਾ ਸਾਥ ਦਿੰਦਾ ਤੇ ਖ਼ਿਆਲ ਰਖਦਾ ਸੀ। ਉਸਤਾਦ ਜੀ ਦੇ ਹਾਲਾਤ ਸੁਣ ਕੇ ਸਭ ਲੋਕ ਅਫ਼ਸਰਦਾ ਹੋ ਗਏ ਸਨ। ਫ਼ਿਜ਼ਾ ਕਾਫ਼ੀ ਸੋਗਵਾਰ ਹੋ ਗਈ ਹੋਈ ਸੀ।
ਸਿੱਧਾ ਸਾਦਾ ਸ਼ੇਖ ਰਫ਼ੀ ਜਿਹੜਾ ਉੱਥੇ ਈ ਬੈਠਾ ਹੋਇਆ ਸੀ, ਵਾਰ ਵਾਰ ਕਹਿੰਦਾ, “ਛੱਡੋ ਉਸਤਾਦ ਜੀ, ਮੈਂ ਕੁੱਝ ਵੀ ਤਾਂ ਨਹੀਂ ਕੀਤਾ। ਮੈਂ ਤੁਹਾਡੀ ਸਹੀ ਸੇਵਾ ਨਹੀਂ ਸਾਂ ਕਰ ਸਕਿਆ।" ਪਰ ਉਸਤਾਦ ਜੀ ਉਹਨੂੰ ਈ ਮਹਾਨ ਇਨਸਾਨ ਆਖਦੇ ਸਨ। ਮਹਿਫਲ ਸੋਗਵਾਰ ਹੋਵਣ ਦੀ ਵਜ੍ਹਾ ਛੇਤੀ ਈ ਮੁੱਕ ਗਈ ਸੀ । ਸ਼ਾਮ ਹੋਵਣ ਵਾਲੀ ਸੀ । ਮੈਂ ਸਲਾਮ ਕਰਕੇ ਘਰ ਪਰਤ ਆਇਆ।
ਘਰ ਆਇਆ ਤਾਂ ਪਤਾ ਲੱਗਾ ਕਿ ਰਫ਼ੀਕ ਦਾ ਐਕਸੀਡੈਂਟ ਹੋ ਗਿਆ ਏ। ਅਸ਼ਰਫ ਦੇ ਨਾਲ ਸਾਈਕਲ ਉੱਤੇ ਬੈਠਾ ਹੋਇਆ ਸੀ ਕਿ ਇੱਕ ਵੈਗਨ ਨਾਲ ਟੱਕਰ ਹੋ ਗਈ। ਰਫ਼ੀਕ ਉਦੋਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ । ਬੜਾ ਮਾੜਾ ਹੋਇਆ । ਸ਼ੇਖੂਪੁਰਾ ਹਸਪਤਾਲ ਤੋਂ ਇਲਾਜ ਨਹੀਂ ਸੀ ਹੋ ਸਕਦਾ। ਮਿਉਂਸਪਲ ਹਸਪਤਾਲ ਲਹੌਰ ਲੈ ਆਏ। ਦੋਵਾਂ ਨੂੰ ਡਾਢੇ ਜਖ਼ਮ ਹੋਏ ਸਨ। ਦੋਵਾਂ ਦੀ ਇੱਕ ਇੱਕ ਲੱਤ ਦੀ ਹੱਡੀ ਟੁੱਟ ਗਈ ਸੀ । ਅਸ਼ਰਫ਼ ਮੇਰੀ ਫੁੱਫੀ ਦਾ ਪੁੱਤਰ ਸੀ ਤੇ ਰਫ਼ੀਕ ਕੋਲੋਂ ਚਾਰ ਸਾਲ ਵੱਡਾ ਸੀ। ਮੈਂ ਫੈਕਟਰੀ ਤੋਂ ਛੁੱਟੀਆਂ ਲਈਆਂ ਤੇ ਮਿਉਂਸਪਲ ਹਸਪਤਾਲ ਵਿੱਚ ਡੇਰਾ ਲਾ ਲਿਆ।
ਉੱਥੇ ਉਸਤਾਦ ਜੀ ਆਏ ਸਨ ਹਸਪਤਾਲ ਮੇਰੇ ਕੋਲ। ਉਹਨਾਂ ਦੇ ਨਾਲ ਵਾਰਸ ਲੁਧਿਆਣਵੀ ਵੀ ਸੀ। ਕਾਫ਼ੀ ਦੇਰ ਉਸਤਾਦ ਜੀ ਬੈਠੇ ਰਹੇ ਤੇ ਮੈਨੂੰ ਤਸੱਲੀਆਂ ਦਿੰਦੇ ਰਹੇ ਸਨ । ਕੁੱਝ ਦਵਾ ਦਾਰੂ ਵਾਸਤੇ ਵੀ ਪੈਸੇ ਦੇਣਾ ਚਾਹੁੰਦੇ ਸਨ, ਪਰ ਮੈਂ ਪੈਸੇ ਨਹੀਂ ਸਨ ਲਏ ਕਿਉਂ ਜੁ ਮੈਨੂੰ ਮਲੂਮ ਸੀ ਕਿ ਉਹਨਾਂ ਦੀ ਆਪਣੀ ਹਾਲਤ ਕੀ ਏ।
ਸ਼ਾਲੀਮਾਰ ਪ੍ਰੋਡਕਸ਼ਨ ਤੇ ਦਾਮਨ ਪਿਕਚਰ ਵਾਲੇ ਉਸਤਾਦ ਜੀ ਕੋਲੋਂ ਪੈਸੇ ਲੈ ਗਏ ਹੋਏ ਸਨ। ਫਿਲਮ ਜੱਟ ਮਿਰਜ਼ਾ ਬਣਾਵਣ ਦੀ ਤਿਆਰੀ ਵਿੱਚ ਸਨ। ਮਲਕ ਯੂਨਿਸ ਰਾਈਟਰ ਨੇ ਸ਼ਾਇਰ ਦੀ ਜੁੰਮੇਵਾਰੀ ਉਸਤਾਦ ਜੀ ਉੱਤੇ ਪਾਈ ਹੋਈ ਸੀ।
ਹਸਪਤਾਲ ਦਾ ਮਹੌਲ ਦਿਨ ਨੂੰ ਕੁੱਝ ਹੋਰ ਹੁੰਦਾ ਸੀ ਰਾਤ ਨੂੰ ਕੁੱਝ ਹੋਰ। ਪਹਿਲੇ ਪਹਿਲ ਤਾਂ ਮੈਨੂੰ ਆਪਣੇ ਪੁੱਤਰ ਦੀ ਫਿਕਰ ਨਾਲ ਕੁੱਝ ਹੋਰ ਸੁੱਝਦਾ ਈ ਨਹੀਂ ਸੀ । ਜਦ ਰਫ਼ੀਕ ਦੀ ਹਾਲਤ ਸੰਭਲ ਗਈ, ਸਿਰਫ ਲੱਤਾਂ ਦਾ ਇਲਾਜ਼ ਹੋ ਰਿਹਾ ਸੀ, ਮੈਂ ਰਾਤਾਂ ਨੂੰ ਵਾਰਡ ਦੇ ਸੱਜੇ ਖੱਬੇ ਬਰਾਮਦਿਆਂ ਵਿੱਚ ਨੌਜਵਾਨਾਂ ਦੇ ਇਸ਼ਕ ਮਚਲਦੇ ਵੇਖੇ। ਉੱਥੇ ਨਵੇਂ ਇਸ਼ਕ ਵੀ ਹੁੰਦੇ ਸਨ ਤੇ ਪੁਰਾਣੇ ਆਸ਼ਕ ਵੀ ਕਿਸੇ ਨਾ ਕਿਸੇ ਬਹਾਨੇ ਉੱਥੇ ਆ ਮਿਲ਼ਦੇ ਸਨ। ਮਸ਼ੂਕਾਂ ਵਿੱਚ ਨਰਸਾਂ ਹੁੰਦੀਆਂ ਸਨ ਤੇ ਮਰੀਜ਼ਾਂ ਨਾਲ ਆਈਆਂ ਅੱਲ੍ਹੜ ਮੁਟਿਆਰਾਂ ਵੀ।
ਅਮ੍ਰਿਤਸਰ ਵਾਰਡ ਦੀ ਮਿਸ ਜ਼ਰੀਨਾ ਬੜੀ ਖੁੱਲ੍ਹੀ ਡੁੱਲ੍ਹੀ ਗੱਲ ਕਰ ਲਿਆ ਕਰਦੀ ਸੀ। ਰਫ਼ੀਕ ਨਾਲ ਬੜੀ ਉਣਸ ਹੋ ਗਈ ਹੋਈ ਸੀ। ਉਹਨੂੰ ਜਦ ਮਲੂਮ ਹੋਇਆ ਕਿ ਰਫ਼ੀਕ ਦੀ ਮਾਂ ਜਿੰਦਾ ਨਹੀਂ ਰਹੀ, ਮੈਂ ਦੂਜੀ ਸ਼ਾਦੀ ਕਰ ਲਈ ਹੋਈ ਏ, ਉਹ ਖਾਸ ਖਿਆਲ ਰੱਖਣ ਲੱਗ ਪਈ ਸੀ ਰਫ਼ੀਕ ਦਾ । ਮੈਨੂੰ ਵੀ ਚੋਰ ਅੱਖ ਨਾਲ ਤੱਕ ਲਿਆ ਕਰਦੀ ਸੀ । ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਕਿ 'ਮੈਨੂੰ ਚੋਰ ਅੱਖਾਂ ਨਾਲ ਤੱਕਣ ਦਾ ਕੀ ਮਤਲਬ ਏ' ਉਹ ਹੱਸ ਪਈ ਤੇ ਬੋਲੀ, "ਬੜਾ ਖਚਰੋਟ ਲਗਨਾ ਏਂ।"
"ਉਹ ਕਿੰਜ ?" ਮੇਰੇ ਆਖਣ ਉੱਤੇ ਉਸ ਪੁੱਛਿਆ, "ਤੈਨੂੰ ਕਿਵੇਂ ਪਤਾ ਏ ਕਿ ਮੈਂ ਤੈਨੂੰ ਚੋਰ ਅੱਖਾਂ ਨਾਲ ਵੇਖਦੀ ਆਂ ?"
"ਮੈਨੂੰ ਤੇਰੀਆਂ ਅੱਖਾਂ ਸੁਹਣੀਆਂ ਲੱਗਦੀਆਂ ਨੇ, ਏਸ ਲਈ ਮੇਰਾ ਧਿਆਨ ਤੇਰੇ ਵੱਲ..."
"ਤੂੰ ਰਫ਼ੀਕ ਨਾਲ ਕਿੰਨਾ ਕੁ ਪਿਆਰ ਕਰਨਾ ਏਂ ?” ਉਸ ਸਵਾਲ ਕਰ ਦਿੱਤਾ।
"ਜਿੰਨਾ ਇੱਕ ਬਾਪ ਆਪਣੀ ਔਲਾਦ ਨਾਲ ਕਰਦਾ ਏ।” ਮੇਰੇ ਦੱਸਣ ਉੱਤੇ ਉਸ
ਫੇਰ ਪੁੱਛਿਆ, "ਤੇ ਏਸ ਦੀ ਮਤਰੇਈ ਮਾਂ ਵੀ ਤੈਨੂੰ ਮਨਾਂਹ ਨਹੀਂ ਕਰਦੀ ?"
"ਕੀ ਮਤਲਬ? ਉਹ ਕਿਉਂ ਮਨਾਂਹ ਕਰੇਗੀ ?" ਮੈਨੂੰ ਚਿੰਤਾ ਹੋਈ ਕਿ ਕਿਤੇ ਰਫ਼ੀਕ ਤਾਂ ਸ਼ਿਕਾਇਤ ਨਹੀਂ ਕੀਤੀ। "ਕੀ ਤੈਨੂੰ ਕੁੱਝ ਰਫ਼ੀਕ ਨੇ ਆਖਿਆ ਏ ?" ਮੇਰੀ ਪਰੇਸ਼ਾਨੀ ਵੇਖ ਉਸ ਝੱਟ ਆਖਿਆ, "ਨਹੀਂ, ਨਹੀਂ, ਰਫ਼ੀਕ ਤਾਂ ਬਹੁਤ ਪਿਆਰਾ ਬੱਚਾ ਏ। ਉਸ ਕੁੱਝ ਨਹੀਂ ਆਖਿਆ। ਇਹ ਜਜ਼ਬਾ ਮੈਂ ਤੇਰੇ ਚਿਹਰੇ ਉੱਤੋਂ ਪੜ੍ਹਨਾਂ ਚਾਹਦੀ ਸਾਂ ਜੀਹਨੂੰ ਤੂੰ ਚੋਰ ਅੱਖ ਨਾਲ ਵੇਖਣਾ ਆਖਨਾ ਏਂ।"
"ਓ ਮਿਸ! ਮੈਨੂੰ ਤਾਂ ਫਿਕਰ ਈ ਲੱਗ ਗਈ ਸੀ ਕਿ ਸਚਮੁੱਚ ਈ ਕੋਈ ਗੱਲ ਨਾ ਹੋਵੇ ਤੇ ਮੈਨੂੰ ਖ਼ਬਰ ਈ ਨਹੀਂ। ਮਿਸ ਯਕੀਨ ਕਰੋ ਕਿ ਮੇਰੀ ਬੀਵੀ ਏਸ ਮਾਮਲੇ ਵਿੱਚ ਬਹੁਤ ਚੰਗੀ ਏ। ਉਹਦੇ ਵਿੱਚ ਮਤਰੇਈ ਵਾਲੀ ਅਜੇ ਕੋਈ ਗੱਲ ਨਹੀਂ, ਪਰ ਤੇਰੀਆਂ ਅੱਖਾਂ ਬਹੁਤ ਖੂਬਸੂਰਤ ਨੇ।"
ਮੇਰੀ ਤਾਰੀਫ਼ ਕਰਨ ਉੱਤੇ ਜ਼ਰੀਨਾ ਮੁਸਕਰਾ ਕੇ ਚਲੀ ਗਈ। ਉਹਦੀ ਉਸ ਦਿਨ ਦੀ ਡਿਉਟੀ ਮੁੱਕ ਗਈ ਸੀ।
ਹਸਪਤਾਲ ਵਿੱਚ ਈ ਸਾਂ ਕਿ ਖ਼ਬਰ ਧੁੰਮ ਗਈ ਕਿ ਮੁਲਕ ਵਿੱਚ ਮਾਰਸ਼ਲ ਲਾਅ ਲੱਗ ਗਿਆ ਏ ਤੇ ਵਜ਼ੀਰ ਆਜ਼ਮ ਨੂੰ ਘਰ ਘੱਲ ਦਿੱਤਾ ਗਿਆ ਏ । ਇਹ ਖ਼ਬਰ ਸੁਣ ਕੇ ਬੜਾ ਦੁੱਖ ਹੋਇਆ। ਲੋਕਾਂ ਦੇ ਨਾਲ ਨਾਲ ਮਰੀਜ਼ ਵੀ ਬੜੇ ਦੁਖੀ ਹੋਏ ਸਨ।
ਕੁੱਝ ਦਿਨ ਹਸਪਤਾਲ ਰਹਿਣ ਮਗਰੋਂ ਰਫ਼ੀਕ ਦੀ ਲੱਤ ਉੱਤੇ ਪਲਸਤਰ ਹੋਇਆ ਤਾਂ ਅਸੀਂ ਘਰ ਆ ਗਏ। ਅਗਲੀ ਵਾਰ ਹਸਪਤਾਲ ਜਾ ਕੇ ਐਕਸ-ਰੇ ਲੈ ਕੇ ਵੇਖਿਆ, ਲੱਤ ਠੀਕ ਨਹੀਂ ਸੀ ਜੁੜੀ। ਕੁੱਝ ਸਿਆਣੇ ਲੋਕਾਂ ਦੇ ਮਸ਼ਵਰੇ ਉੱਤੇ ਹਸਪਤਾਲ ਦੀ ਬਜਾਏ ਬਾਹਰੋਂ ਇੱਕ ਹੱਡੀ ਦੇ ਸਿਆਣੇ ਕੋਲੋਂ ਲੱਤ ਦਾ ਇਲਾਜ ਕਰਵਾਇਆ ਗਿਆ, ਜਿਸਦੇ ਨਾਲ ਰਫ਼ੀਕ ਫੇਰ ਠੀਕ ਹੋ ਕੇ ਸਕੂਲੇ ਜਾਵਣ ਲੱਗ ਪਿਆ।
ਰਫ਼ੀਕ ਦੀ ਤਕਲੀਫ਼ ਦੀ ਵਜ੍ਹਾ ਕਾਰਨ ਇੱਕ ਵਾਰ ਫੇਰ ਮੈਂ ਪੰਜ ਛੇ ਮਹੀਨੇ ਹੁਜਰੇ ਨਹੀਂ ਸਾਂ ਜਾ ਸਕਿਆ। ਮੁਲਕ ਦੇ ਮੌਜ਼ੂਲ ਵਜ਼ੀਰ ਆਜ਼ਮ ਉੱਤੇ ਕਤਲ ਦਾ ਮੁਕੱਦਮਾ ਬਣ ਗਿਆ ਹੋਇਆ ਸੀ । ਅਦਾਲਤੀ ਕਾਰਵਾਈ ਸ਼ੁਰੂ ਹੋਵਣ ਵਾਲੀ ਸੀ । ਦੇਸ਼ ਦੇ ਵਿੱਚ ਬੜੀ ਬੇਚੈਨੀ ਦੀ ਫ਼ਜ਼ਾ ਬਣੀ ਹੋਈ ਸੀ । ਪੰਜਾਬੀ ਅਦਬੀ ਸੰਗਤ ਦੇ ਅਜਲਾਸ ਬੰਦ ਸਨ। ਉਸਤਾਦ ਜੀ ਦੇ ਹੁਜਰੇ ਦੀਆਂ ਰੌਣਕਾਂ ਵਿੱਚ ਤਬਦੀਲੀ ਜੇਹੀ ਲੱਗਦੀ ਸੀ । ਲੋਕ ਜਿਆਦਾ ਆਵਣ ਲੱਗ ਪਏ ਸਨ। ਮੇਰਾ ਫੇਰ ਆਣਾ ਜਾਣਾ ਹੋਇਆ। ਉਸਤਾਦ ਜੀ ਦੇ ਚਿਹਰੇ ਉੱਤੇ ਕੁੱਝ ਬੇਰੌਣਕੀ ਜਿਹੀ ਜਾਪਦੀ ਸੀ। ਉਹਨਾਂ ਆਖਿਆ, "ਏਸ ਮੁਲਕ ਦਾ ਅੰਜਾਮ ਚੰਗਾ ਨਹੀਂ ਲੱਗਦਾ । ਭਲਾਂ ਇੰਜ ਵੀ ਕੋਈ ਕਰਦਾ ਏ । ਅਸਾਡੀ ਫੌਜ ਮੁਲਕ ਨਾਲ ਧਰੋਹ ਕਰ ਰਹੀ ਏ।"
ਮੈਂ ਹੈਰਾਨ ਸਾਂ ਕਿ ਖੁਸ਼ ਹੋਵਣ ਦੀ ਥਾਂ ਅਫ਼ਸੋਸ ਕਰ ਰਹੇ ਸਨ। ਜਿਸ ਅਵਾਮੀ ਹਕੂਮਤ ਨੇ ਇਹਨਾਂ 'ਤੇ ਮੁਕੱਦਮੇ ਬਣਾ ਕੇ ਤੰਗ ਕੀਤਾ ਸੀ, ਉਸੇ ਹਕੂਮਤ ਨਾਲ ਹਮਦਰਦੀ ! ਕੀ ਮਤਲਬ ਹੋਇਆ ? ਇਹ ਗੱਲ ਮੈਂ ਪੁੱਛਣ-ਪੁੱਛਣ ਈ ਕਰਦਾ ਸਾਂ, ਪਰ ਕੋਈ ਮੌਕਾ ਈ ਨਹੀਂ ਸੀ ਮਿਲਦਾ। ਲੋਕ ਆਂਵਦੇ ਜਾਂਦੇ ਰਹਿੰਦੇ ਸਨ ਤੇ ਹੋਰ ਹੋਰ ਗੱਲਾਂ ਹੁੰਦੀਆਂ ਰਹਿੰਦੀਆਂ
ਸਨ।
ਇੱਕ ਦਿਨ ਚੌਧਰੀ ਜ਼ਹੂਰ ਅਲੀ ਆਏ ਸਨ। ਸ਼ਾਮ ਹੋ ਰਹੀ ਸੀ। ਚੌਧਰੀ ਜ਼ਹੂਰ ਅਲੀ ਦੇ ਆਵਣ ਨਾਲ ਬੈਠੇ ਲੋਕ ਉੱਠ ਕੇ ਟੁਰ ਪਏ ਸਨ। ਮੈਂ ਉਠਣ ਲੱਗਾ ਤਾਂ ਉਸਤਾਦ ਜੀ ਮੈਨੂੰ ਹੱਥ ਦੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਮੈਂ ਬਹਿ ਗਿਆ, ਚੌਧਰੀ ਜ਼ਹੂਰ ਅਲੀ ਕਹਿ ਰਹੇ ਸਨ ਕਿ "ਉਸਤਾਦ ਜੀ ਹੁਣ ਇਹਨੂੰ ਕੋਈ ਨਹੀਂ ਬਚਾ ਸਕਦਾ ।" ਕੁੱਝ ਹੋਰ ਗੱਲਾਂ ਵੀ ਹੋਈਆਂ ਸਨ (ਪਰ ਮੈਨੂੰ ਏਸ ਵੇਲੇ ਯਾਦ ਨਹੀਂ ਆ ਰਹੀਆਂ) ਉਹਨਾਂ ਵਿੱਚੋਂ ਇੱਕ ਇਹ ਗੱਲ ਵੀ ਸੀ ਕਿ ਮੈਂ ਤੁਹਾਡੇ ਲਈ ਇੱਕ ਮਕਾਨ ਬਣਵਾਣਾ ਚਾਹਨਾਂ, ਤੁਹਾਡੀ ਕੀ ਮਰਜ਼ੀ ਏ ।
ਉਸਤਾਦ ਜੀ ਮੁਸਕਰਾ ਕੇ ਬੋਲੇ, "ਚੌਧਰੀ ਜੀ, ਮਰਜੀ ਤਾਂ ਮਾਲਕਾਂ ਦੀ ਹੁੰਦੀ ਏ।"
ਏਸ ਗੱਲ ਉੱਤੇ ਚੌਧਰੀ ਜ਼ਹੂਰ ਅਲੀ ਥੋੜ੍ਹੇ ਜਿਹੇ ਝਿਜਕੇ ਤੇ ਆਖਿਆ, "ਉਸਤਾਦ ਜੀ, ਮੇਰੀ ਤਾਂ ਕੋਸ਼ਿਸ਼ ਏ ਕਿ ਤੁਹਾਡਾ ਪਾਸਪੋਰਟ ਵੀ ਵਾਪਸ ਮਿਲ ਜਾਵੇ ।" ਉਸਤਾਦ ਜੀ ਕੁੱਝ ਨਾ ਬੋਲੇ। ਚੌਧਰੀ ਕੋਈ ਹੋਰ ਗੱਲ ਤੋਰ ਦਿੱਤੀ।
ਕੁੱਝ ਦੇਰ ਮਗਰੋਂ ਚੌਧਰੀ ਸਾਹਿਬ ਚਲੇ ਗਏ। ਉਸਤਾਦ ਜੀ ਆਖਣ ਲੱਗੇ, "ਸ਼ੇਖੂਪੁਰੀਆ ! ਤੇਰੇ ਹੁੰਦਿਆਂ ਕੋਈ ਬੰਦਾ ਆ ਜਾਵੇ ਤਾਂ ਜਾਵਣ ਦੀ ਇਜਾਜ਼ਤ ਨਾ ਮੰਗਿਆ ਕਰ । ਇਹ ਕੰਮ ਜਿਹੜਾ ਤੂੰ ਹੁਣ ਕੀਤਾ ਏ - ਚਾਹ ਲਿਆਂਦੀ ਏ, ਚੌਧਰੀ ਵਾਸਤੇ ਮੱਛੀ ਲਿਆਇਆ ਏਂ, ਕੌਣ ਲਿਆਂਦਾ ? ਇੰਜ ਨਾ ਕਰਿਆ ਕਰ।"
ਮੈਂ ਵਾਅਦਾ ਕੀਤਾ ਕਿ, "ਉਸਤਾਦ ਜੀ, ਆਇੰਦਾ ਇੰਜ ਨਹੀਂ ਹੋਵੇਗਾ।” ਏਸ ਤੋਂ ਬਾਅਦ ਮੈਂ ਘਰ ਆ ਗਿਆ।
ਫੈਕਟਰੀ ਵਿੱਚ ਯੂਨੀਅਨ ਵਾਲਿਆਂ ਬੜੀ ਅੱਤ ਚੁੱਕ ਲਈ ਸੀ । ਮੁਖ਼ਾਲਫਾਂ ਨੂੰ ਤੰਗ ਕਰ ਕਰਕੇ ਉਹਨਾਂ ਨੂੰ ਸਵਾਦ ਆਂਵਦਾ ਸੀ । ਇਕੱਲੇ ਇਕੱਲੇ ਹੋ ਕੇ ਲੋਕ ਮੁਖ਼ਾਲਫਤ ਕਰਦੇ ਸਨ। ਮਜ਼ਦੂਰ ਡਰੇ ਡਰੇ ਤੇ ਸਹਿਮੇ ਸਹਿਮੇ ਜਾਪਦੇ ਸਨ । ਇੰਤਜ਼ਾਮੀਆ ਦੀ ਬਜਾਏ ਮਜ਼ਦੂਰ ਲੀਡਰ ਆਪ ਮਜ਼ਦੂਰਾਂ ਦੇ ਖਿਲਾਫ ਸ਼ਿਕਾਇਤਾਂ ਕਰਕੇ ਫੈਕਟਰੀ ਵੱਲੋਂ ਸਜਾ ਦਵਾ ਕੇ ਖੁਸ਼ ਹੁੰਦੇ ਸਨ। ਮਜ਼ਦੂਰ ਜੱਦੋਜਹਿਦ ਬਾਰੇ ਮੈਂ ਕੁੱਝ ਹੋਰ ਸੁਣਿਆ ਤੇ ਪੜ੍ਹਿਆ ਹੋਇਆ ਸੀ, ਪਰ ਏਥੇ ਤਾਂ ਸਭ ਕੁੱਝ ਉਲਟ ਹੁੰਦਾ ਸੀ। ਇੱਕ ਗੱਲੋਂ ਚੰਗਾ ਈ ਹੁੰਦਾ ਏ, ਮੈਂ ਸੋਚਦਾ ਕਿ ਜਦ ਮਜ਼ਦੂਰ ਈ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦੇ, ਉਹਨਾਂ ਵਿੱਚ ਉਹ ਈ ਆਕੜ ਏ ਜਿਸਦੇ ਮੈਂ ਖ਼ਿਲਾਫ਼ ਆਂ। ਚੌਧਰੀਆਂ, ਰਾਠਾਂ, ਖਾਨਾਂ, ਸਈਅਦਾਂ ਤੇ ਸਰਦਾਰਾਂ ਵਾਲੀ ਆਕੜ। ਏਸੇ ਸੋਚ ਨਾਲ ਈ ਅਜੇ ਤੀਕ ਮਜ਼ਦੂਰ ਜੁੜਿਆ ਹੋਇਆ ਏ। ਇਨਕਲਾਬ ਕਿੰਜ ਆਸੀ ?
ਪਰ ਉਸ ਵੇਲੇ ਮੈਨੂੰ ਖਿਝ ਚੜ੍ਹਦੀ ਜਦੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਾਰ ਧਾੜ ਤੇ ਆਪਣੇ ਈ ਮਜ਼ਦੂਰਾਂ ਨੂੰ ਤੰਗ ਕਰਦਿਆਂ ਵੇਖਦਾ। ਮੈਂ ਲੀਡਰਾਂ ਦੇ ਖਿਲਾਫ਼ ਬੋਲਦਾ, ਨਫ਼ਰਤ ਦਾ ਇਜ਼ਹਾਰ ਕਰਦਾ।
ਕੋਈ ਮਜ਼ਦੂਰ ਮੇਰੇ ਨਾਲ ਨਾ ਟੁਰਦਾ। ਉਂਜ ਤੰਗ ਸਾਰੇ ਈ ਸਨ ਆਪਣੇ ਲੀਡਰਾਂ
ਕੋਲੋਂ। ਪਿੱਛੇ ਪਿੱਛੇ ਗੱਲਾਂ ਕਰਦੇ, ਮੂੰਹ ਉੱਤੇ ਤਾਰੀਫ ਕਰਦੇ। ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਸੋਚਦਾ, ਮਜ਼ਦੂਰਾਂ ਨੂੰ ਮਲੂਮ ਨਹੀਂ, ਭੋਲੇ ਨੇ ? ਇਹਨਾਂ ਦਾ ਕੋਈ ਕਸੂਰ ਨਹੀਂ। ਮੈਂ ਇਹਨਾਂ ਨੂੰ ਯੂਨੀਅਨ ਦੇ ਖਿਲਾਫ਼ ਦੱਸਾਂਗਾ।
ਅਗਲੇ ਸਾਲ ਯੂਨੀਅਨ ਦੇ ਚੁਣਾਉ ਹੋਣੇ ਸਨ। ਕੋਈ ਵੀ ਸਦਰ ਦੇ ਖਿਲਾਫ ਅਲੈਕਸ਼ਨ ਨਹੀਂ ਸੀ ਲੜਨਾ ਚਾਹਦਾ। ਇਹ ਜਾਣ ਕੇ ਸਦਰ ਨੇ ਫ਼ਰਾਉਨ ਵਾਂਗਰ ਧੌਣ ਹੋਰ ਅਕੜਾ ਲਈ। ਮੈਂ ਗੁੱਸੇ ਨਾਲ ਸੱਜਾ ਵੇਖਿਆ ਨਾ ਖੱਬਾ, ਸਦਰ ਦੇ ਮੁਕਾਬਲੇ ਵਿੱਚ ਅਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ। ਮਜ਼ਦੂਰਾਂ ਸਦਰ ਤੋਂ ਡਰਦਿਆਂ ਮੇਰਾ ਸਾਥ ਨਾ ਦਿੱਤਾ। ਮੈਂ ਬਹੁਤ ਬੁਰੀ ਤਰਾਂ ਹਾਰ ਗਿਆ, ਪਰ ਸਦਰ ਦਾ ਮੁਕਾਬਲਾ ਕਰਨ ਦੀ ਰਵਾਇਤ ਪੈ ਗਈ ਸੀ ।
ਹੁਜਰੇ ਆ ਕੇ ਮਲੂਮ ਹੋਇਆ ਕਿ ਏਥੇ ਵੀ ਸਦਰ ਦੇ ਖਿਲਾਫ਼ ਪੂਰੀ ਨਜ਼ਮ ਆਖੀ ਗਈ ਏ।
ਏਸ ਮੁਲਕ ਦੀਆਂ ਮੌਜਾਂ ਈ ਮੌਜਾਂ
ਜਿੱਧਰ ਵੇਖੋ ਫੌਜਾਂ ਈ ਫੌਜਾਂ
ਏਸ ਮੁਲਕ ਦੇ ਦੋ ਖ਼ੁਦਾ
ਮਾਰਸ਼ਲ ਲਾਅ ਤੇ ਲਾ ਅੱਲਾਹ!
ਇਹ ਨਜ਼ਮ ਬੜੀ ਮਸ਼ਹੂਰ ਸੀ । ਪਰ ਆਪਣੇ ਕੋਲੋਂ ਵਧਾ ਘਟਾ ਕੇ ਪੜ੍ਹੀ ਜਾਂਦੀ ਸੀ। ਏਸ ਨਜ਼ਮ ਨੇ ਪੂਰੇ ਮੁਲਕ ਵਿੱਚ ਫੌਜ ਦੇ ਖਿਲਾਫ ਨਫ਼ਰਤ ਵਿੱਚ ਵਾਧਾ ਕਰ ਦਿੱਤਾ।
ਚੌਧਰੀ ਜ਼ਹੂਰ ਦਾ ਬਣਵਾਇਆ ਮਕਾਨ ਬਣਿਆ ਈ ਰਹਿ ਗਿਆ। ਪਾਸਪੋਰਟ ਕਿੱਥੋਂ ਬਣਨਾ ਸੀ।
ਹੁਜਰੇ ਵਿੱਚ ਇਨਸਾਨ ਤਾਂ ਆਂਵਦੇ ਈ ਸਨ, ਪਰ ਹੁਜਰੇ ਦੇ ਬੂਹੇ ਵਿੱਚੋਂ ਇੱਕ ਗਾਂ ਵੀ ਆਪਣਾ ਮੂੰਹ ਅੰਦਰ ਕਰਕੇ ਕੁੱਝ ਕਹਿੰਦੀ ਸੀ । ਹੁਜਰੇ ਵਾਲ਼ੇ ਦਰਵੇਸ਼ ਖੌਰੇ ਗਾਂ ਦੀ ਬੋਲੀ ਸਮਝਦੇ ਸਨ । ਆਪ ਉੱਠਕੇ ਗਾਂ ਦੇ ਸਿਰ 'ਤੇ ਪਿਆਰ ਦਾ ਹੱਥ ਰੱਖਦੇ। ਗਾਂ ਵੀ ਮੁਹੱਬਤ ਦੇ ਇਜ਼ਹਾਰ ਲਈ ਸਿਰ ਨੀਵਾਂ ਕਰਕੇ ਸਲਾਮ ਕਰਦੀ । ਗਾਂ ਵਾਸਤੇ ਰੱਖੀ ਰੋਟੀ ਗਾਂ ਦੇ ਮੂੰਹ ਵਿੱਚ ਪਾਂਵਦੇ ਤਾਂ ਗਾਂ ਅਡੋਲ ਪਿੱਛੇ ਹਟ ਕੇ ਪਿਛਲੇ ਪੈਰੀਂ ਪਰਤਦੀ ਹੋਈ ਚਲੀ ਜਾਂਦੀ । ਹੁਜਰੇ ਵਾਲਾ ਖੁਸ਼ ਖੁਸ਼ ਮੁਸਕਰਾਂਦਾ ਆਪਣੀ ਥਾਂ ਉੱਤੇ ਆ ਬੈਠਦਾ ।
ਮੈਨੂੰ ਆਖਦੇ, "ਸ਼ੇਖੂਪੁਰੀਆ। ਵੇਖਿਆ ਈ ਭੁੱਖ ਤੇ ਮੁਹੱਬਤ ਦੇ ਇਨਸਾਨ ਤੇ ਹੈਵਾਨ ਦੋਵੇਂ ਈ ਲੋੜਵੰਦ ਨੇ । ਇਹ ਦੋਵੇਂ ਚੀਜ਼ਾਂ, ਭੁੱਖ ਤੇ ਮੁਹੱਬਤ, ਕਦੇ ਕਿਸੇ ਦੀ ਪੂਰੀ ਨਹੀਂ ਹੁੰਦੀ। ਹੋ ਸਕਦਾ ਏ ਬਹੁਤ ਸਾਰੇ ਲੋਕ ਮੇਰੀ ਏਸ ਗੱਲ ਨਾਲ ਇਖ਼ਤਲਾਫ਼ ਕਰਦੇ ਹੋਵਣ, ਪਰ ਮੈਂ ਤਾਂ ਇਹ ਈ ਵੇਖਿਆ ਏ। ਭੁੱਖ ਦੀਆਂ ਕਈ ਕਿਸਮਾਂ ਨੇ, ਮੁਹੱਬਤ ਦੇ ਕਈ ਰੂਪ ਨੇ । ਏਸ ਲਈ ਆਖਿਆ ਜਾਂਦਾ ਏ ਕਿ ਮੁਹੱਬਤ ਕਦੇ ਕਿਸੇ ਨੂੰ ਪੂਰੀ ਤਰਾਂ ਨਹੀਂ ਮਿਲਦੀ। ਇਹ ਈ ਆਲਮ ਭੁੱਖ ਦਾ ਹੈ।”
ਬੂਹੇ ਦੇ ਵਿੱਚੋਂ ਸਾਹਮਣੇ ਦੰਦਾਂ ਦੇ ਹਸਪਤਾਲ ਦੀ ਕੰਧ ਦਿਸਦੀ ਸੀ ਤੇ ਕੰਧ ਦੇ ਅੰਦਰ ਵਾਲੇ ਪਾਸੇ ਹਸਪਤਾਲ ਦੇ ਵਿਹੜੇ ਵਿੱਚ ਝੂਲਦੇ ਰੁੱਖ ਵੀ ਸੁਹਣੇ ਲੱਗਦੇ ਸਨ। ਹਰੇ ਰੁੱਖਾਂ ਤੇ ਚਹਿਕਦੀਆਂ ਚਿੜੀਆਂ ਨੂੰ ਬਹੁਤ ਗੌਰ ਨਾਲ ਵੇਖਿਆ ਕਰਦੇ ਸਨ। ਇੱਕ ਦਿਨ ਇਹ ਨਜ਼ਾਰਾ ਵੇਖਦੇ ਪਏ ਸਨ । ਬੜੀ ਦੇਰ ਵੇਖਦੇ ਰਹੇ । ਖੁਸ਼ੀ ਨਾਲ ਬੋਲੇ, "ਵੇਖ ਸ਼ੇਖੂਪੁਰੀਆ! ਅਸਾਡੇ ਨਾਲੋਂ ਇਹ ਜਨੌਰ ਈ ਚੰਗੇ ਨੇ। ਕਿੰਨੇ ਖੁਸ਼ ਨੇ । ਕੋਈ ਫਿਕਰ ਫਾਕਾ ਈ ਨਹੀਂ। ਇੱਕ ਦੂਜੇ ਦੇ ਖਿਲਾਫ਼ ਨਫ਼ਰਤ ਨਹੀਂ। ਕੁੱਝ ਵੀ ਮੱਲ ਮਾਰਨ ਦਾ ਸ਼ੌਕ ਨਹੀਂ। ਵਾਹ, ਕਿਆ ਜਿੰਦਗੀ ਏ! ਦੁੱਖ ਤੋਂ ਪਾਕ ਜੀਵਨ!"
ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸ ਵੇਲੇ ਖੌਰੇ ਮੈਂ ਭੁੱਲ ਗਿਆ ਸਾਂ ਕਿ ਉਸਤਾਦ ਦੇ ਸਾਹਮਣੇ ਬੈਠਾ ਵਾਂ, ਫੈਕਟਰੀ ਵਿੱਚ ਨਹੀਂ। ਬਿਨਾਂ ਸੋਚਿਆਂ ਸਮਝਿਆਂ ਉਹਨਾਂ ਦੀ ਗੱਲ ਨਾਲ ਇਤਫਾਕ ਨਾ ਕਰਦਿਆਂ ਹੋਇਆਂ ਝੱਟ ਆਖਿਆ, "ਜੇ ਜਨੌਰਾਂ ਨੂੰ ਕੋਈ ਦੁੱਖ ਨਹੀਂ ਤਾਂ ਫੇਰ ਆਪਸ ਵਿੱਚ ਲੜਦੇ ਕਿਉਂ ਨੇ ? ਇੱਕ ਦੂਜੇ ਨੂੰ ਮਾਰਦੇ ਕਿਉਂ ਨੇ ?” ਗੱਲ ਤੇ ਮੈਂ ਕਰ ਬੈਠਾ, ਪਰ ਅੰਦਰੋਂ ਅਫ਼ਸੋਸ ਹੋਇਆ ਕਿ ਮੈਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ। ਮੇਰੇ ਕੋਲੋਂ ਬੇਅਦਬੀ ਨਹੀਂ ਹੋਣੀ ਚਾਹੀਦੀ, ਪਰ ਆਪਣੀ ਜਹਾਲਤ ਪਾਰੋਂ ਬਦਤਮੀਜੀ ਕਰ ਬੈਠਾ ਸਾਂ।
ਉਹਨਾਂ ਵੱਲੋਂ ਨਜ਼ਰਾਂ ਚੁਰਾ ਕੇ ਮੈਂ ਪਾਸੇ ਵੇਖਣ ਲੱਗ ਪਿਆ ਸਾਂ। ਮੈਨੂੰ ਉਹਨਾਂ ਦੀ ਨਾਰਾਜ਼ਗੀ ਦਾ ਡਰ ਸੀ, ਪਰ ਉਹ ਖੁਸ਼ ਹੋਏ। ਉਹਨਾਂ ਦੇ ਮੂੰਹ ਨਿੱਕਲਿਆ "ਵਾਹ! ਸ਼ੇਖੂਪੁਰੀਆ! ਵਾਹ, ਹੁਣ ਤੈਨੂੰ ਜ਼ਿੰਦਗੀ ਪਰਖਣ ਦਾ ਵੱਲ ਆ ਗਿਆ ਏ । ਇਹ 'ਕਿਉਂ' ਈ ਇਲਮ ਦੀ ਕੁੰਜੀ ਏ ! ਹੁਣ ਤੂੰ ਆਪਣੀ ਆਪ ਸ਼ਨਾਖ਼ਤ ਕਰਨ ਜੋਗਾ ਹੋ ਗਿਆ ਏਂ । ਮੈਨੂੰ ਤੇਰੇ ਏਸ ਢੰਗ ਉੱਤੇ ਖੁਸ਼ੀ ਹੋਈ ਏ। ਸ਼ਾਬਾਸ਼!”
ਇੱਕ ਵਾਰ ਫੇਰ ਸ਼ਾਬਾਸ਼ ਮਿਲੀ ਤਾਂ ਮੈਨੂੰ ਸ਼ੱਕ ਹੋਇਆ ਕਿ ਕਿਧਰੇ ਗਹਿਰੀ ਤਨਜ਼ ਨਾ ਹੋਵੇ, ਪਰ ਉਹ ਤਾਂ ਕਹਿ ਰਹੇ ਸਨ -"ਬਾਗ਼ਬਾਨਪੁਰੇ ਵਿੱਚ ਮੇਰਾ ਇੱਕ ਸ਼ਾਗਿਰਦ ਹੁੰਦਾ ਸੀ, ਗ਼ੁਲਾਮ ਨਬੀ। ਇੱਕ ਦਿਨ ਮੈਂ ਉਹਨੂੰ ਅੰਗਰੇਜ਼ੀ ਪੜ੍ਹਾ ਰਿਹਾ ਸਾਂ । ਸੱਚਾਈ ਬਾਰੇ ਇੱਕ ਮੁਹਾਵਾਰਾ ਆਇਆ ਕਿ ਸੱਚਾਈ ਖਿਆਲ ਵਾਂਗਰ ਹੁੰਦੀ ਏ ਜੀਹਨੂੰ ਸਾਰਾ ਦਿਨ ਠੁੱਡੇ ਵਜਦੇ ਨੇ, ਪਰ ਸ਼ਾਮ ਤੀਕਰ ਖ਼ਿਆਲ ਉਂਜ ਦਾ ਉਂਜ ਈ ਕਾਇਮ ਰਹਿੰਦਾ ਏ ਇੰਜ ਈ ਸੱਚਾਈ ਹੁੰਦੀ ਏ, ਜੋ ਮਰਜੀ ਪਿਆ ਹੋਵੇ ਸੱਚ ਆਖਰ ਸੱਚ ਏ- ਖਿਆਲ ਵਾਂਗਰ ਕਾਇਮ ਦਾਇਮ!
“ਪਤਾ ਈ ਸ਼ੇਖੂਪੁਰੀਆ। ਜਵਾਬ ਵਿੱਚ ਕੀ ਆਖਿਆ ਸੀ ਗੁਲਾਮ ਨਬੀ।"
ਉਹਨਾਂ ਹੱਸਦਿਆਂ ਆਖਿਆ, "ਬਹੁਤ ਖੂਬਸੂਰਤ ਜਵਾਬ ਸੀ । ਗੁਲਾਮ ਨਬੀ ਆਖਿਆ, ਜੇ ਖਿਆਲ ਦੀ ਹਵਾ ਨਿੱਕਲੀ ਹੋਵੇ ਤਾਂ? ਇਹ ਜਵਾਬ ਸੁਣ ਕੇ ਮੈਂ ਬੜਾ ਖੁਸ਼ ਹੋਇਆ ਸਾਂ ਗੁਲਾਮ ਨਬੀ ਕੋਲੋਂ, ਚੀਜ਼ਾਂ ਨੂੰ ਗੌਰ ਨਾਲ ਵੇਖਣਾ ਪਰਖਣਾ ਈ ਤਾਂ ਇਲਮ ਏ। ਬੱਸ ਸ਼ੇਖੂਪੁਰੀਆ ! ਇਹ ਸਮਝ ਤੇ ਇਲਮ ਈ ਬੰਦੇ ਦਾ ਸੱਚਾ ਸਾਥੀ ਏ ਮੁਸ਼ਾਹਦਾ ਤੇ ਤਜਰਬਾ।"
ਉਸੇ ਦਿਨ ਈ ਡੀਗਰ ਵੇਲ਼ੇ ਅਸਾਂ ਸੈਰ ਨੂੰ ਨਿੱਕਲੇ । ਮੰਟੋ ਪਾਰਕ ਤੋਂ ਲਾਰੀ ਅੱਡੇ, ਮੇਵਾ ਮੰਡੀ ਤੇ ਸਬਜ਼ੀ ਮੰਡੀ ਤੋਂ ਹੁੰਦੇ ਹੋਏ ਪੈਦਲ ਟੁਰ ਪਏ। ਰਾਵੀ ਦੇ ਪੁਲ ਉੱਤੇ ਆ ਗਏ।
ਉਹ ਆਪਣੀ ਆਦਤ ਮੂਜ੍ਹਬ ਠਹਿਰ ਠਹਿਰ ਤੇ ਖਲੋ ਖਲੋ ਕੇ ਚੀਜਾਂ ਨੂੰ ਗਹੁ ਨਾਲ ਵੇਖਦੇ। ਕੁੱਝ ਸੋਚਦੇ, ਫੇਰ ਅੱਗੇ ਟੁਰਦੇ। ਮੇਰਾ ਜੀਅ ਕਰਦਾ ਕਿ ਛੇਤੀ ਟੁਰੀਏ, ਪਰ ਉਹਨਾਂ ਨੂੰ ਕੋਈ ਕਾਹਲ ਨਹੀਂ ਸੀ ਹੁੰਦੀ। ਖਲੋ ਕੇ ਗੱਲਾਂ ਕਰਨ ਲੱਗ ਪੈਂਦੇ ਸਨ - ਆਪਣੇ ਬਾਰੇ, ਮੇਰੇ ਬਾਰੇ, ਲੋਕਾਂ ਤੇ ਸਮਾਜ ਬਾਰੇ, ਆਪਣੇ ਤੇ ਮੇਰੇ ਬੀਤੇ ਸਮੇਂ ਬਾਰੇ । ਕਦੀ ਮੰਟੋ ਪਾਰਕ ਬਹਿ ਜਾਂਦੇ, ਕਦੇ ਰਾਵੀ ਕੰਢੇ, ਕਦੀ ਰਾਵੀ ਦੇ ਪੁਲ ਉੱਤੇ। ਗੱਲਾਂ ਵਿੱਚੋਂ ਗੱਲ ਨਿੱਕਲ਼ਦੀ ਹੋਈ, ਉਹਨਾਂ ਦੀ ਆਪਣੀ ਸ਼ਾਦੀ ਤੀਕਰ ਅੱਪੜ ਗਈ। ਮੈਂ ਲੋਕਾਂ ਕੋਲੋਂ ਸੁਣਿਆ ਹੋਇਆ ਸੀ ਕਿ ਇਹਨਾਂ ਸ਼ਾਦੀ ਵੀ ਕੀਤੀ ਸੀ, ਉਹ ਵੀ ਇੱਕ ਹਿੰਦੂ ਕੁੜੀ ਨਾਲ। ਮੈਂ ਪੁੱਛਣਾ ਚਾਹਦਾ ਸਾਂ ਕਿ ਉਸ ਸ਼ਾਦੀ ਦਾ ਕੀ ਬਣਿਆ ਤੇ ਬਾਅਦ ਵਿੱਚ ਘਰ ਕਿਉਂ ਨਹੀਂ ਵਸਾਇਆ।
ਉਸ ਦਿਨ ਆਪੇ ਈ ਗੱਲ ਨਿੱਕਲ ਟੁਰੀ ਸੀ। ਉਹ ਆਪ ਈ ਕਹਿ ਰਹੇ ਸਨ। "ਸ਼ੇਖੂਪੁਰੀਆ! ਮੈਂ ਇੱਕ ਸਿੱਖ ਕੁੜੀ ਨਾਲ ਵਿਆਹ ਕੀਤਾ ਸੀ। ਉਹ ਵੀ ਚੜ੍ਹਦੇ ਪੰਜਾਬ ਵਾਲੇ ਪਾਸੇ ਨਿੱਕੇ ਜਿਹੇ ਟੇਸ਼ਨ ਉੱਤੇ ਲਾਵਾਰਸ ਸੀ (ਉਸ ਵੇਲੇ ਪੰਜਾਬ ਇਕੱਠਾ ਸੀ)। ਮੈਂ ਵੀ ਲਾਵਾਰਸ ਜਿਹਾ ਹੀ ਸਾਂ । ਅੱਗਾ ਪਿੱਛਾ ਉਹਦਾ ਕੋਈ ਨਹੀਂ ਸੀ। ਮੈਨੂੰ ਉਹਦੀਆਂ ਅੱਖਾਂ ਵਿੱਚੋਂ ਇੱਕ ਨੂਰ ਦੀ ਝਲਕ ਪਈ। ਮੇਰੇ ਸ਼ੇਅਰ ਉਸ ਬੜੇ ਧਿਆਨ ਨਾਲ ਸੁਣੇ ਤੇ ਪਸੰਦ ਵੀ ਕੀਤੇ ਸਨ।
"ਤੁਸਾਂ ਉਸ ਲਵਾਰਸ ਨੂੰ ਸ਼ੇਅਰ ਕਿੰਜ ਸੁਣਾਏ ?" ਮੈਂ ਹੌਲੀ ਜੇਹੀ ਸਵਾਲ ਕੀਤਾ।
“ਨਹੀਂ ਓਏ, ਉੱਥੇ ਗੁਰਦੁਆਰਾ ਸੀ ਤੇ ਮੁਸ਼ਾਇਰਾ ਹੋਇਆ ਸੀ। ਉਸ ਮੁਸ਼ਾਇਰੇ ਮਗਰੋਂ ਮੈਂ ਰੇਲ ਉੱਤੇ ਬੈਠਣ ਲਈ ਰੇਲਵੇ ਸਟੇਸ਼ਨ ਉੱਤੇ ਗੱਡੀ ਦੀ ਉਡੀਕ ਵਿੱਚ ਸਾਂ । ਉੱਥੇ ਮਿਲੀ ਸੀ ਉਹ। ਉਹਨੇ ਮੁਸ਼ਾਇਰੇ ਵਿੱਚ ਮੇਰੇ ਸ਼ੇਅਰ ਸੁਣੇ ਹੋਸਨ, ਤਾਂ ਈ ਉਸ ਮੇਰੇ ਕੋਲ ਆ ਕੇ ਮੇਰੇ ਸ਼ੇਅਰਾਂ ਦੀ ਨਾ ਤਾਰੀਫ਼ ਕੀਤੀ, ਸਗੋਂ ਮੇਰੇ ਨਾਲੋਂ ਵੀ ਚੰਗੀ ਤਸ਼ਰੀਹ ਮੇਰੇ ਸ਼ੇਅਰਾਂ ਦੀ ਕੀਤੀ। ਮੈਨੂੰ ਉਹਦੀ ਇਨਸਾਨ ਦੋਸਤੀ ਤੇ ਖ਼ਲੂਸ ਭਾ ਗਏ ਸਨ।
ਅਸਾਂ ਦੋਵੇਂ ਅਮ੍ਰਿਤਸਰ ਆ ਕੇ ਸੱਜਣ ਦੇ ਘਰ ਵਿੱਚ ਸ਼ਾਦੀ ਕਰ ਲਈ। ਕੁੱਝ ਦਿਨਾਂ ਮਗਰੋਂ ਅਜੇ ਮੈਂ ਅਤਸਰ ਵਿੱਚ ਈ ਸਾਂ ਕਿ ਮੈਨੂੰ ਗਰਿਫਤਾਰ ਕਰ ਲਿਆ। ਮੇਰੀ ਬੀਵੀ ਜਿਹੜੀ ਸਿੱਖ ਕੁੜੀ ਸੀ, ਉਹਨੂੰ ਮੇਰੀ ਗਰਿਫਤਾਰੀ ਦਾ ਮਲੂਮ ਨਹੀਂ ਹੋਇਆ। ਉਹ ਮੇਰੀ ਭਾਲ ਵਿੱਚ ਲਹੌਰ ਆਈ।"
ਮੈਂ ਸਵਾਲ ਕੀਤਾ, "ਉਹਨਾਂ ਨੂੰ ਤੁਹਾਡੇ ਘਰ ਦਾ ਪਤਾ ਮਲੂਮ ਸੀ ?"
"ਨਹੀਂ ਯਾਰ, ਅਜੇ ਮੈਂ ਉਹਨੂੰ ਆਪਣੇ ਘਰ ਦਾ ਪਤਾ ਨਹੀਂ ਸੀ ਦੱਸਿਆ।"
"ਉਹ ਕਿਉਂ ?”
“ਯਾਰ, ਮੁਸਲਮਾਨ ਕਦੋਂ ਕਿਸੇ ਗੈਰ-ਮੁਸਲਿਮ ਨੂੰ ਪਸੰਦ ਕਰਦੇ ਨੇ ? ਮੇਰਾ ਖ਼ਿਆਲ ਸੀ ਕਿ ਪਹਿਲੇ ਮਾਂ ਨੂੰ ਸੁਣਾਵਾਂਗਾ, ਫੇਰ ਆਪਣੀ ਵਹੁਟੀ ਨੂੰ ਘਰ ਲੈ ਜਾਵਾਂਗਾ। ਕੁੱਝ ਚਿਰ ਅਮ੍ਰਿਤਸਰ ਰਹਿਣ ਦਾ ਇਰਾਦਾ ਸੀ। ਸੋਚਿਆ, ਕੋਈ ਬਾਲ ਹੋਇਆ ਤਾਂ ਮਾਂ ਵੀ ਖੁਸ਼ ਹੋ ਜਾਸੀ, ਅਸਾਨੂੰ ਕਬੂਲ ਕਰ ਲਵੇਗੀ, ਪਰ ਅੰਗਰੇਜ਼ ਸਰਕਾਰ ਮੌਕਾ ਈ ਨਾ ਦਿੱਤਾ।
ਮਹੀਨੇ ਮਗਰੋਂ ਕੈਦ ਤੋਂ ਰਿਹਾਈ ਮਿਲੀ। ਮੈਂ ਉਹਨੂੰ ਅਮ੍ਰਿਤਸਰ ਵਿੱਚ ਭਾਲਦਾ
ਰਿਹਾ। ਉਹ ਮੈਨੂੰ ਲਹੌਰ ਲੱਭਦੀ ਰਹੀ। ਆਖ਼ਰ ਡੇਢ ਸਾਲ ਮਗਰੋਂ ਮਿਲੀ ਸੀ ਮੈਨੂੰ ਲਹੌਰ ਰੇਲਵੇ ਸਟੇਸ਼ਨ ਉੱਤੇ ਲੰਘਦੀ ਹੋਈ। ਉਹਦੇ ਕੁੱਛੜ ਇੱਕ ਮੁੰਡਾ ਵੀ ਸੀ ਚਾਰ ਪੰਜ ਮਹੀਨਿਆਂ ਦਾ। ਰਾਤ ਦਿਨ ਉੱਥੇ ਸਟੇਸ਼ਨ ਉੱਤੇ ਈ ਰਹਿੰਦੀ ਸੀ। ਉਹਦੇ ਖ਼ਿਆਲ ਵਿੱਚ ਮੈਂ ਲਹੌਰ ਆਵਣ ਲਈ ਏਥੇ ਸਟੇਸ਼ਨ ਤੋਂ ਈ ਗੱਡੀ ਉੱਤੋਂ ਲਹਿਣਾ ਸੀ। ਇੰਜ ਉਹ ਡੇਢ ਸਾਲ ਤੀਕਰ ਹਰ ਆਵਣ ਜਾਵਣ ਵਾਲੀ ਗੱਡੀ ਦੇ ਮੁਸਾਫ਼ਰਾਂ ਨੂੰ ਵੇਖਦੀ ਰਹੀ ਸੀ।
ਰਾਵੀ ਦੇ ਪੁਲ ਉੱਤੇ ਬੈਠੇ ਹੋਏ ਸਾਂ । ਮਹੌਲ ਵਿੱਚ ਉਦਾਸੀ ਬਹੁਤ ਈ ਵਧ ਗਈ ਸੀ। ਮੇਰੇ ਵਿੱਚ ਕੋਈ ਸਵਾਲ ਕਰਨ ਦੀ ਹਿੰਮਤ ਈ ਨਹੀਂ ਸੀ ਹੋ ਰਹੀ। ਮੈਂ ਪੁੱਛਣਾ ਚਾਹਦਾ ਸਾਂ ਕਿ ਮੁੰਡਾ ਕੈਸਾ ਸੀ । ਪਿਉ ਉੱਤੇ ਗਿਆ ਸੀ ਕਿ ਮਾਂ ਵਰਗਾ ਸੀ, ਪਰ ਮੈਥੋਂ ਪੁੱਛਿਆ ਨਹੀਂ ਸੀ ਜਾ ਰਿਹਾ। ਉਹਨਾਂ ਆਪਣੀਆਂ ਭਿੱਜੀਆਂ ਅੱਖਾਂ ਨੂੰ ਸਿਰ ਦੇ ਪਰਨੇ ਦੀ ਕੰਨੀਂ ਨਾਲ ਸਾਫ਼ ਕਰਕੇ ਆਖਿਆ, "ਸ਼ੇਖੂਪੁਰੀਆ! ਮੁੰਡਾ ਸਾਰਾ ਫਿੰਮਣੀਆਂ ਫੋੜਿਆਂ ਨਾਲ ਭਰਿਆ ਹੋਇਆ ਸੀ। ਮਾਤਾ ਸੀ ਉਹਨੂੰ । ਪਾਕ ਵਗ ਰਹੀ ਸੀ ਸ੍ਰੋਮਣੀਆਂ ਵਿੱਚੋਂ ਮੁੰਡੇ ਦੀ ਮਾਂ ਸੁੱਕ ਕੇ ਸੰਗਲੀ ਹੋ ਗਈ ਹੋਈ ਸੀ, ਮਰਨ ਦੇ ਨੇੜੇ ਸੀ।
ਮੈਂ ਦੋਵਾਂ ਮਾਂ ਪੁੱਤਰ ਨੂੰ ਹਸਪਤਾਲ ਲੈ ਗਿਆ, ਪਰ ਕਹਾਣੀ ਤੇ ਮੁੱਕਣ ਦੇ ਨੇੜੇ ਸੀ। ਦੋਵੇਂ ਮਾਂ ਪੁੱਤਰ ਅੱਗੜ ਪਿੱਛੜ ਈ ਇਹ ਜੱਗ ਛੱਡ ਗਏ।"
ਗੱਲ ਅੱਗੇ ਟੋਰਨ ਲਈ ਮੈਂ ਪੁੱਛਿਆ, "ਘਰ ਵਸਣ ਤੋਂ ਪਹਿਲਾਂ ਈ ਉੱਜੜ ਗਿਆ। ਪਰ ਲੋਕ ਦੋਬਾਰਾ ਘਰ ਵਸਾਵਣ ਦੀ ਕੋਸ਼ਿਸ਼ ਤਾਂ ਕਰਦੇ ਨੇ ?"
“ਓਏ ਨਹੀਂ, ਸ਼ਾਦੀ ਇੱਕੋ ਵਾਰ ਹੁੰਦੀ ਏ, ਫੇਰ ਸਮਝੌਤਾ ਹੁੰਦਾ ਏ। ਮੈਂ ਸਮਝੌਤੇ ਕਰਨ ਦਾ ਆਦੀ ਨਹੀਂ ਸਾਂ । ਸ਼ੇਖੂਪੁਰੀਆ! ਮੇਰੇ ਆਪਣੇ ਕੋਲ ਕੁੱਝ ਸ਼ੈਆਂ ਤੇ ਵੇਲ਼ਾ ਈ ਨਹੀਂ ਸੀ ਜੀਹਦੇ ਨਾਲ ਘਰ ਵਸਦੇ ਨੇ ।”
"ਪਰ ਜਦ ਮੇਰੀ ਮਾਂ ਨੂੰ ਮਲੂਮ ਹੋਇਆ ਕਿ ਮੇਰਾ ਵਿਆਹ ਹੋਇਆ ਵੀ ਤੇ ਮੁੱਕ ਵੀ ਗਿਆ ਏ, ਉਹ ਬਹੁਤ ਗੁੱਸੇ ਹੋਈ। ਮਾਂ ਦਾ ਆਖਣਾ ਸੀ, “ਤੂੰ ਮਾਂ 'ਤੇ ਇਤਬਾਰ ਕਰਦੇਂ ਝੱਲਿਆ, ਫੇਰ ਵੇਖਦਿਉਂ ਮਾਂ ਦਾ ਸੀਨਾ ਕਿੱਡਾ ਵੱਡਾ ਏ।"
“ਸੱਚ ਏ, ਸ਼ੇਖੂਪੁਰੀਆ! ਮਾਵਾਂ ਦਾ ਦਿਲ ਬਹੁਤ ਵੱਡਾ ਹੁੰਦਾ ਏ। ਮਾਂ ਮੇਰੇ ਲਈ ਅਖ਼ੀਰ ਉਮਰ ਤੀਕਰ ਰਿਸ਼ਤਾ ਭਾਲਦੀ ਰਹੀ ਸੀ, ਪਰ ਮੈਂ ਮਾਂ ਦਾ ਦਿਲ ਰੱਖਣ ਲਈ ਆਖਦਾ, ਅੱਛਾ ਮਾਂ, ਵੇਲ਼ਾ ਆਵਣ ਉੱਤੇ ਕਰ ਲਵਾਂਗਾ ਵਿਆਹ। ਮਾਂ ਮੇਰੇ ਲਈ ਰਿਸ਼ਤਾ ਬਣਾ ਕੇ ਆਂਵਦੀ, ਮੈਂ ਟਾਲ ਜਾਂਦਾ ਸਾਂ।
ਕੁੱਝ ਦੇਰ ਲਈ ਉਹ ਚੁੱਪ ਹੋਏ ਤਾਂ ਮੈਂ ਡਰਦਿਆਂ ਡਰਦਿਆਂ ਆਖਿਆ, "ਮੈਨੂੰ ਕਿਸੇ ਬੰਦੇ ਕੋਲੋਂ ਮਲੂਮ ਹੋਇਆ ਸੀ ਕਿ ਉਹ ਕੁੜੀ ਹਿੰਦੂ ਸੀ ਜੀਹਦੇ ਨਾਲ ਤੁਸਾਂ ਸ਼ਾਦੀ ਕੀਤੀ ਸੀ।"
“ਓਏ ਤੂੰ ਸਮਝਦਾ ਨਹੀਂ, ਲੋਕ ਨਫ਼ਰਤਾਂ ਪਾਲਣ ਵਾਸਤੇ ਕੋਈ ਨਾ ਕੋਈ ਜਵਾਜ਼ ਬਣਾ ਲੈਂਦੇ ਨੇ। ਉਹ ਤੇ ਸਿੱਖ ਕੁੜੀ ਸੀ। ਬੜੀ ਈ ਮਸੂਮ ਤੇ ਭਲੀ ਵਿਚਾਰੀ! ਅਫ਼ਸੋਸ ਵਿਚਾਰੀ ਰਹੀ ਈ ਨਹੀਂ। ਮੈਂ ਉਹਨੂੰ ਬਚਾ ਨਹੀਂ ਸਕਿਆ।"
ਪੁਲ ਤੋਂ ਟਰੈਫਿਕ ਪੂਰੀ ਰਫ਼ਤਾਰ ਨਾਲ ਆ ਜਾ ਰਹੀ ਸੀ । ਸ਼ੌਕੀਨ ਜੋੜੇ ਦਰਿਆ ਵਿੱਚ ਬੇੜੀਆਂ ਉੱਤੇ ਬੈਠੇ ਹੱਸਦੇ ਪਏ ਸਨ, ਪਰ ਅਸਾਂ ਤੇ ਉਦਾਸ ਬੈਠੇ ਉਦਾਸੀਆਂ ਦੀ ਗਿਣਤੀ ਪਏ ਕਰਦੇ ਸਾਂ । ਦਰਿਆ ਕੰਢੇ ਮਾਵਾਂ ਨਾਲ ਬਾਲ ਵੀ ਸੈਰ ਲਈ ਆਏ ਹੋਏ ਸਨ। ਬਾਲ ਤੇ ਦੂਜੇ ਲੋਕ ਅਸਾਥੋਂ ਕਾਫ਼ੀ ਵਿੱਥ ਉੱਤੇ ਸਨ । ਅਸਾਡੇ ਕੋਲੋਂ ਭੁਕਾਨਿਆਂ ਵਾਲਾ ਲੰਘਿਆ ਤਾਂ ਦੋ ਭੁਕਾਨੇ ਖ਼ਰੀਦ ਲਏ।
ਹੁਜਰੇ ਵਾਲੇ ਕੁੱਝ ਦੇਰ ਭੁਕਾਨਿਆਂ ਉੱਤੇ ਹੱਥ ਫੇਰੇ। ਫੇਰ ਉਤਾਂਹ ਹਵਾ ਵਿੱਚ ਖੁੱਲ੍ਹੇ ਛੱਡ ਦਿੱਤੇ। ਦੂਰ ਤੀਕਰ ਉੱਡਦੇ ਭੁਕਾਨਿਆਂ ਨੂੰ ਵੇਖ ਰਹੇ ਸਨ। ਗੱਲ ਫੇਰ ਅੱਗੇ ਟੁਰੀ।
"ਸ਼ੇਖੂਪੁਰੀਆ! ਮੇਰੀ ਮਾਂ ਇੱਥੇ ਹੁਜਰੇ ਵੀ ਆਂਵਦੀ ਸੀ। ਉਹ ਜਦ ਵੀ ਦਾਤਾ ਦਰਬਾਰ ਆਂਵਦੀ, ਮੇਰੇ ਲਈ ਪਾਣੀ ਦਮ ਕਰਵਾ ਕੇ ਲਿਆਇਆ ਕਰਦੀ ਸੀ । ਕੁੱਝ ਪਾਣੀ ਮੈਨੂੰ ਪਿਆਵੰਦੀ ਤੇ ਕੁੱਝ ਹੁਜਰੇ ਦੇ ਬੂਹੇ ਅੱਗੇ ਤਰੌਂਕ ਕੇ ਹਰ ਵਾਰ ਆਖਦੀ, “ਵੇ ਚਰਾਗ਼, ਵਿਆਹ ਕਰਵਾ ਲੈ, ਮੇਰੀ ਉਮਰ ਮੁੱਕਦੀ ਜਾਂਦੀ ਏ।"
ਸ਼ਾਮ ਹੋਵਣ ਵਾਲ਼ੀ ਸੀ, ਸੂਰਜ ਅਜੇ ਖਲੋਤਾ ਹੋਇਆ ਸੀ। ਅਸਮਾਨ ਉੱਤੇ ਕੋਈ ਬੱਦਲ ਨਹੀਂ ਸੀ ਪਰ ਅਸਾਡੀਆਂ ਅੱਖਾਂ ਵਿੱਚ ਬਰਸਾਤਾਂ ਸਨ।
ਵਾਪਸ ਪਰਤਣ ਲਈ ਉੱਠੇ ਤਾਂ ਮੇਰੇ ਉੱਤੇ ਸਵਾਲ ਹੋ ਗਿਆ, "ਤੂੰ ਸੁਣਾ ਤੇਰੀ ਦੂਸਰੀ ਵਹੁਟੀ ਕੈਸੀ ਏ। ਤੇਰੇ ਬਾਲਾਂ ਨੂੰ ਪਸੰਦ ਆ ਗਈ ਏ ਕਿ ਝਗੜਾ ਰਹਿੰਦਾ ਏ ?
ਮੈਂ ਪੂਰੀ ਤਫ਼ਸੀਲ ਨਾਲ ਦੱਸਿਆ, "ਇਹ ਦੂਸਰੀ ਮੇਰੀ ਵਹੁਟੀ ਮੇਰੇ ਮਾਮੇ ਦੀ ਧੀ ਏ । ਮੇਰੇ ਮਾਮੇ ਮੇਰੀ ਮਾਂ ਦਾ ਬਹੁਤ ਇਹਤਰਾਮ ਕਰਦੇ ਨੇ । ਏਸ ਲਈ ਯਾ ਕਿਸੇ ਹੋਰ ਕਾਰਨ ਅਸਾਡੇ ਅਜੇ ਤੀਕਰ ਕੋਈ ਝਗੜਾ ਨਹੀਂ ਹੋਇਆ। ਅੱਗੇ ਚੱਲ ਕੇ ਪਤਾ ਨਹੀਂ ਕੀ ਹੋਸੀ । ਪਰ ਅਜੇ ਤਾਂ ਅਮਨ ਈ ਏ।”
ਟੁਰਦਿਆਂ ਟੁਰਦਿਆਂ ਖਲੋ ਗਏ। ਆਖਿਆ, "ਸ਼ੇਖੂਪੁਰੀਆ! ਵਾਰਸ਼ ਸ਼ਾਹ ਦਾ ਸ਼ੇਅਰ ਏ :
ਘਰ ਸਦਾ ਔਰਤਾਂ ਨਾਲ ਸੋਂਹਦੇ
ਜਿਵੇਂ ਰਾਤ ਅੰਨ੍ਹੇਰੀ ਵਿੱਚ ਦੀਵਿਆਂ ਨੀ।
"ਜੇ ਔਰਤ ਘਰ ਨੂੰ ਸੰਭਾਲ ਲਵੇ ਤਾਂ ਸਮਝੋ ਜ਼ਿੰਦਗੀ ਸੁਖੀ ਏ । ਕੋਈ ਸੱਜਣ ਚੰਗਾ ਇਤਬਾਰ ਵਾਲਾ ਹੋਵੇ ਤਾਂ ਜੀਵਨ ਸੁਹਣਾ ਏ । ਜੇ ਸਿਹਤ ਸੁਥਰੀ ਹੋਵੇ ਤਾਂ ਫੇਰ ਦੁਨੀਆਂ ਵਿੱਚ ਈ ਘਰ ਜੰਨਤ ਹੁੰਦਾ ਏ।"
ਕੁੱਝ ਹੋਰ ਗੱਲਾਂ ਕਰਦੇ ਟਾਂਗਿਆਂ ਵੱਲ ਆ ਰਹੇ ਸਾਂ । ਸਾਹਮਣਿਓਂ ਇੱਕ ਦਾੜ੍ਹੀ ਵਾਲਾ ਬੰਦਾ ਟੁਰਿਆ ਜਾਂਦਾ ਸੀ, ਆਖਿਆ, "ਸ਼ੇਖੂਪੁਰੀਆ! ਕਿਸੇ ਕਤਰਾਵੇਂ ਦਾੜ੍ਹੀ ਵਾਲ਼ੇ ਬੰਦੇ ਉੱਤੇ ਕਦੇ ਇਤਬਾਰ ਨਾ ਕਰੀਂ। ਇਹ ਬੜੇ ਖ਼ਤਰਨਾਕ ਤੇ ਗਲੀਜ਼ ਲੋਕ ਹੁੰਦੇ ਨੇ ।" ਟਾਂਗੇ ਨੇੜੇ ਜਾ ਕੇ ਆਖਿਆ, “ਅੱਛਾ ਸ਼ੇਖੂਪੁਰੀਆ! ਅਗਲੇ ਜੁਮੇਂ।"
ਟਾਂਗੇ ਉੱਤੇ ਬਿਠਾ ਕੇ ਮੈਂ ਆਪ ਬੱਸ ਦੀ ਉਡੀਕ ਵਿੱਚ ਖਲੋ ਗਿਆ।'
ਮੇਰੀ ਮਾਂ ਨੂੰ ਫ਼ਾਲਜ ਹੋ ਗਿਆ ਸੀ । ਜ਼ਬਾਨ ਚਲੀ ਗਈ ਸੀ ਤੇ ਨਾਲ ਈ ਇੱਕ ਪਾਸਾ ਵੀ ਫ਼ਾਲਜ ਦੇ ਹਮਲੇ ਵਿੱਚ ਆ ਗਿਆ। ਪਹਿਲੇ ਤਾਂ ਅਸਾਂ ਘਰ ਵਿੱਚ ਓੜ ਪੋੜ ਕਰਦੇ ਰਹੇ। ਜਦ ਬੀਮਾਰੀ ਵਿੱਚ ਕੋਈ ਫ਼ਰਕ ਨਾ ਪਿਆ ਤਾਂ ਲਹੌਰ ਮਿਉਂਸਪਲ ਹਸਪਤਾਲ ਲੈ ਆਏ।
ਅਸੀਂ ਅੱਠੇ ਭਰਾ ਤੇ ਨੌਵੀਂ ਭੈਣ ਸਾਰੇ ਦੇ ਸਾਰੇ ਹਸਪਤਾਲ ਮਾਂ ਦੇ ਨਾਲ ਆਏ । ਮਾਂ ਨੂੰ ਕੋਈ ਹੋਸ਼ ਨਹੀਂ ਸੀ। ਡਾਕਟਰਾਂ ਹਸਪਤਾਲ ਵਿੱਚ ਦਾਖਲਾ ਦੇ ਦਿੱਤਾ, ਪਰ ਨਾਲ ਈ ਆਖਿਆ, "ਕੋਮਾ ਏ, ਦੁਆ ਕਰੋ।" ਕੁੱਝ ਭਰਾ ਘਰਾਂ ਨੂੰ ਪਰਤ ਆਏ, ਕੁੱਝ ਉੱਥੇ ਸ਼ਾਮ ਤੀਕਰ ਰਹੇ। ਮੈਂ ਕੁੱਝ ਰਾਤਾਂ ਉੱਥੇ ਗੁਜਾਰੀਆਂ। ਲੱਗਦਾ ਸੀ ਜਿਵੇਂ ਸਾਰੀ ਦੁਨੀਆਂ ਹਸਪਤਾਲ ਵਿੱਚ ਆ ਗਈ ਏ। ਮਾਂ ਦੀ ਬੀਮਾਰੀ ਵਿੱਚ ਕੋਈ ਘਾਟਾ ਨਹੀਂ ਸੀ ਹੋ ਰਿਹਾ। ਡਾਕਟਰ ਵੀ ਆਸ ਲਾਹ ਬੈਠੇ ਸਨ।
ਇੱਕ ਨਰਸ ਦੇ ਕਹਿਣ ਉੱਤੇ ਕਿ, "ਸਿਰਫ ਆਕਸੀਜਨ ਨਾਲ ਈ ਜ਼ਿੰਦਾ ਏ।” ਮੇਰਾ ਅੰਦਰ ਵਾਲਾ ਬੰਦਾ ਹੌਂਸਲਾ ਛੱਡ ਗਿਆ। ਵਾਰਡ ਦੇ ਬਾਹਰ ਬਰਾਮਦੇ ਵਿੱਚ ਖਲੋਤਾ ਹੋਇਆ ਸਾਂ। ਲੋਕਾਂ ਨੂੰ ਆਵੰਦਿਆਂ ਜਾਂਦਿਆਂ ਵੇਖ ਰਿਹਾ ਸਾਂ। ਬੇਸ਼ੁਮਾਰ ਲੋਕ ਆਪਣੇ ਆਪਣੇ ਸੱਜਣਾਂ ਤੇ ਰਿਸ਼ਤੇਦਾਰਾਂ ਸਕਿਆਂ ਨੂੰ ਮਿਲਣ ਲਈ ਆਂਵਦੇ ਸਨ।
ਮੈਂ ਮਾਂ ਦੇ ਵਿਛੜਨ ਦੇ ਖੌਫ਼ ਨਾਲ ਕੁੱਝ ਘਬਰਾਇਆ ਘਬਰਾਇਆ ਤੇ ਚਿੰਤਾ ਦੀ ਚਿਖਾ ਵਿੱਚ ਸਾਂ। ਏਸੇ ਵਾਰਡ ਵਿੱਚ ਈ ਫੇਰ ਮਿਸ ਜ਼ਰੀਨਾ ਨਜ਼ਰ ਆਈ। ਬੜੀ ਖੁਸ਼ ਤੇ ਖੂਬਸੂਰਤ ਨਜ਼ਰ ਆ ਰਹੀ ਸੀ । ਮੇਰੇ ਕੋਲੋਂ ਲੰਘਦਿਆਂ ਹੋਇਆਂ ਮੇਰੇ ਕੋਲ ਖਲੋ ਕੇ ਬੋਲੀ, "ਵੇ ਤੂੰ ਠੀਕ ਆਖਿਆ ਸੀ । ਵਾਕਈ ਮੇਰੀਆਂ ਅੱਖਾਂ ਖ਼ੂਬਸੂਰਤ ਨੇ ।” ਏਨੀ ਗੱਲ ਕਰਕੇ ਜ਼ਰੀਨਾ ਹੱਸਦੀ ਹੋਈ ਚਲੀ ਗਈ। ਮੈਂ ਆਪਣੀ ਪੀੜ ਵਿੱਚ ਸਾਂ। ਮਾਂ ਦੀ ਹਾਲਤ ਵੇਖ ਵੇਖ ਕੇ ਦਿਲ ਨੂੰ ਰੁੱਗ ਭਰੀਂਦਾ ਸੀ । ਮੈਂ ਉਦਾਸ ਨਾ ਹੁੰਦਾ ਤਾਂ ਆਖਦਾ, "ਤੇਰੀਆਂ ਖ਼ੂਬਸੂਰਤ ਨੇ ਤੇ ਤੂੰ ਵੀ ਖੂਬਸੂਰਤ ਏਂ।" ਪਰ ਉਸ ਵੇਲੇ ਜ਼ਰੀਨਾ ਖੁਸ਼ ਸੀ। ਮੈਂ ਉਦਾਸ ਸਾਂ, ਕੋਈ ਗੱਲ ਨਾ ਕਰ ਸਕਿਆ। ਕੁੱਝ ਦਿਨਾਂ ਮਗਰੋਂ ਉਹ ਈ ਹੋਇਆ, ਜਿਸਦਾ ਡਰ ਸੀ । ਮਾਂ ਮਰ ਗਈ।
ਇੱਕ ਵਾਰ ਫੇਰ ਨਾਨੀ ਦੇ ਗਲ ਲੱਗ ਰੋਵਣ ਨੂੰ ਜੀਅ ਕਰਦਾ ਸੀ । ਪਰ ਹੁਣ ਨਾਨੀ ਦੇ ਗਲ ਲੱਗ ਰੋਵਣ ਵਾਲੇ ਹੋਰ ਬਹੁਤ ਸਨ । ਮੈਨੂੰ ਮੌਕਾ ਨਾ ਮਿਲਿਆ। ਮੈਂ ਆਪਣੀ ਮਾਂ ਦਾ ਵੱਡਾ ਪੁੱਤਰ ਸਾਂ । ਪ੍ਰਾਹੁਣੇ ਵੀ ਮੈਂ ਸੰਭਾਲਣੇ ਸਨ।
ਕਈ ਜੁਮੇਂ ਮੈਂ ਹੁਜਰੇ ਨਾ ਆ ਸਕਿਆ। ਚਾਲੀਹਾ ਹੋਣ ਮਗਰੋਂ ਈ ਮੈਂ ਹੁਜਰੇ ਗਿਆ ਸਾਂ, ਬੁਝਿਆ ਬੁਝਿਆ, ਗਮਗੀਨ ਤੇ ਉਦਾਸ ਤੇ ਮਾਂ ਦੇ ਮਰਨ ਦੀ ਖ਼ਬਰ ਹੁਜਰੇ ਨਹੀਂ ਸੀ ਆਈ । ਨਾ ਈ ਮੈਂ ਮੁਨਾਸਬ ਸਮਝਦਾ ਸਾਂ ਕਿ ਏਥੇ ਸੋਗ ਖਿਲਾਰਾਂ । ਸੋਗ ਖਿਲਾਰਨ ਦਾ ਕੀ ਫਾਇਦਾ ਹੋਣਾ ਸੀ।
ਉਸ ਦਿਨ ਹੁਜਰੇ ਦਾਖਲ ਹੋਇਆ ਤਾਂ ਝੱਟ ਸਵਾਲ ਹੋਇਆ, “ਖੈਰ ਤਾਂ ਹੈ! ਅੱਜ ਬੜਾ ਬੁਝਿਆ ਹੋਇਆ ਆਇਆ ਏਂ। ਪਹਿਲੇ ਕਦੇ ਇੰਜ ਨਹੀਂ ਸੀ ਵੇਖਿਆ ਤੈਨੂੰ । ਤੂੰ
ਬੋਲਦਾ ਕਿਉਂ ਨਹੀਂ ਸ਼ੇਖੂਪੁਰੀਆ! ਕੀ ਗੱਲ ਏ ?"
“ਪਹਿਲੇ ਮੇਰੀ ਮਾਂ ਜਿਉਂਦੀ ਹੁੰਦੀ ਸੀ ਤੇ ਹੁਣ ਨਹੀਂ" ਮੇਰੇ ਜਵਾਬ ਦੇਣ ਦਾ ਢੰਗ ਖੌਰੇ ਬੁਝਿਆ ਹੋਇਆ ਸੀ, ਬੋਲੇ, "ਬਹਿ ਜਾ ਝੱਲਿਆ! ਉਹ ਮਾਪੇ ਨਸੀਬਾਂ ਵਾਲ਼ੇ ਹੁੰਦੇ ਨੇ ਜਿਹਨਾਂ ਨੂੰ ਉਹਨਾਂ ਦੀ ਔਲਾਦ ਹੱਥੀਂ ਸੰਭਾਲ ਲੈਂਦੀ ਏ। ਏਥੇ ਤਾਂ ਲੋਕਾਂ ਦੀਆਂ ਲਾਸ਼ਾਂ ਰੁਲ ਜਾਂਦੀਆਂ ਨੇ। ਮਰਨਾ ਤਾਂ ਹੈ ਈ । ਤੂੰ ਕਿਉਂ ਦਿਲ ਛੱਡੀ ਫਿਰਨਾ ਏ ! ਤੈਨੂੰ ਖੁਸ਼ ਹੋਣਾ ਚਾਹੀਦਾ ਏ ਕਿ ਮਾਂ ਨੂੰ ਹੱਥੀਂ ਕੱਫਣ ਦੇ ਦਿੱਤਾ ਈ ।" ਵਾਕਈ ਗੱਲ ਮੇਰੇ ਦਿਲ ਨੂੰ ਲੱਗੀ ਸੀ । ਤਸੱਲੀ ਦੇਵਣ ਦਾ ਮੁਹੱਬਤੀ ਤੇ ਪਿਆਰਾ ਢੰਗ ਮੇਰੇ ਮਨ ਵਿੱਚ ਖੁੱਭ ਗਿਆ। ਉਹਨਾਂ ਦੇ ਦਿਲਾਸਾ ਦੇਵਣ ਨਾਲ ਮੇਰੇ ਵਿੱਚ ਗਮੀ ਦੀ ਥਾਂ ਕੁੱਝ ਤਬਦੀਲੀ ਹੋਵਣ ਲੱਗ ਪਈ।
ਕੋਈ ਫਿਲਮ ਬਣਾਵਣ ਵਾਲੇ ਆਏ ਹੋਏ ਸਨ । ਚਾਹ ਪੀਤੀ ਜਾ ਰਹੀ ਸੀ। ਮੈਂ ਵੀ ਨਾਲ ਰਲ ਗਿਆ। ਫਿਲਮ ਬਣਾਵਣ ਵਾਲੇ ਕਹਿ ਰਹੇ ਸਨ ਕਿ "ਉਸਤਾਦ ਜੀ, ਅਸਾਂ ਅਹਿਮਦ ਖਾਂ ਖਰਲ ਉੱਤੇ ਫਿਲਮ ਬਣਾਵਣਾਂ ਚਾਹਨੇ ਆਂ। ਅਸਾਨੂੰ ਰੀਝ ਏ, ਏਸ ਫਿਲਮ ਲਿਖਣ ਲਿਖਾਵਣ ਕੰਮ ਤੁਹਾਡੇ ਸਾਹਮਣੇ ਹੋਵੇ। ਅਸਾਡੀ ਖੁਸ਼ਨਸੀਬੀ ਹੋਸੀ । ਖਰਚੇ ਦੀ ਕੋਈ ਚਿੰਤਾ ਨਹੀਂ।”
ਹੁਜਰੇ ਵਾਲਾ ਦਰਵੇਸ਼ ਮੁਸਕਰਾਇਆ, ਆਖਿਆ, "ਨਹੀਂ, ਇਹ ਫਿਲਮ ਤੁਹਾਡੇ ਕੋਲੋਂ ਨਹੀਂ ਬਣ ਸਕਦੀ। ਕਿਉਂ ਸ਼ੇਖੂਪੁਰੀਆ! ਤੇਰਾ ਕੀ ਖਿਆਲ ਏ ?” ਉਹਨਾਂ ਮੈਨੂੰ ਵੀ ਗੱਲ ਵਿੱਚ ਸ਼ਾਮਲ ਕਰ ਲਿਆ ਸੀ । ਮੈਂ ਤਾਂ ਚਾਹਦਾ ਸਾਂ, ਫਿਲਮ ਦਾ ਕੰਮ ਮਿਲੇ । ਮੇਰੇ ਪੁਰਾਣੇ ਜਜ਼ਬੇ ਫੇਰ ਜਾਗ ਪਏ ਸਨ ਪਰ ਮੈਂ ਕੀ ਕਹਿੰਦਾ। ਕਹਿਣਾ ਚਾਹਦਾ ਸਾਂ ਕਿ ਫਿਲਮ ਬਣ ਸਕਦੀ ਏ, ਪਰ ਨਹੀਂ, ਮੈਂ ਇਖ਼ਤਲਾਫ਼ ਨਾ ਕੀਤਾ। ਆਖਿਆ, "ਤੁਸੀਂ ਬਿਹਤਰ ਸਮਝਦੇ ਓ।"
ਫ਼ਿਲਮੀ ਲੋਕ ਬਜ਼ਿਦ ਸਨ ਕਿ ਅਸਾਡੀ ਰਹਿਨੁਮਾਈ ਕਰੋ। ਪੈਸੇ ਵੀ ਪਹਿਲੇ ਦੇਣਾ ਚਾਂਹਦੇ ਸਨ,ਪਰ ਹੁਜਰੇ ਵਾਲੇ ਸਾਫ਼ ਆਖ ਦਿੱਤਾ ਸੀ, "ਤੁਹਾਡੇ ਕੋਲੋਂ ਇਹ ਫਿਲਮ ਨਹੀਂ ਬਣ ਸਕਦੀ।"
ਮੈਂ ਹੈਰਾਨ ਸਾਂ ਕਿ ਜਦ ਪੈਸੇ ਵੀ ਪਹਿਲੇ ਪਏ ਦੇਂਦੇ ਨੇ। ਫਿਲਮ ਬਣਾਵਣ ਲਈ ਤਿਆਰ ਹੋ ਕੇ ਆਏ ਸਨ । ਫੇਰ ਇਹਨਾਂ ਕੋਲੋਂ ਕਿਉਂ ਨਹੀਂ ਫਿਲਮ ਬਣ ਸਕਦੀ। ਪਰ ਡਾਕਟਰ ਪ੍ਰਿੰਸੀਪਲ ਵਾਲੀ ਗੱਲ ਮੈਨੂੰ ਯਾਦ ਸੀ ।
ਜਦ ਫਿਲਮੀ ਲੋਕ ਚਲੇ ਗਏ ਤਾਂ ਮੈਂ ਪੁੱਛਿਆ, “ਉਹਨਾਂ ਦਾ ਇਰਾਦਾ ਤਾਂ ਫਿਲਮ ਬਣਾਵਣ ਦਾ ਹੈਸੀ।"
"ਸ਼ੇਖੂਪੁਰੀਆ! ਅਹਿਮਦ ਖਰਲ ਦੀ ਕਹਾਣੀ ਵਿੱਚ ਮਵਾਦ ਬਹੁਤ ਘੱਟ ਏ।”
“ਪਰ ਅਸਾਂ ਮਵਾਦ ਬਣਾ ਸਕਦੇ ਆਂ ਅਸਾਨੂੰ ਜਾਂਚ ਏ ਕਹਾਣੀ ਸਜਾਵਣ ਦੀ", ਮੈਂ ਆਖਿਆ।
"ਠੀਕ ਏ”, ਉਹਨਾਂ ਆਖਿਆ, "ਪਰ ਅਸਾਡੀ ਜਾਂਚ ਤੇ ਬਣਤਰ ਨੂੰ ਸਮਝਣ ਵਾਲੇ ਇਹ ਲੋਕ ਨਹੀਂ ਸਨ।"
"ਜਦ ਸਾਰਾ ਕੁੱਝ ਉਹ ਅਸਾਡੇ ਉੱਤੇ ਪਾ ਰਹੇ ਸਨ, ਫੇਰ ਕੀ ਰਹਿ ਗਿਆ ਸੀ ?" ਮੈਂ ਚਾਹਦਾ ਸਾਂ ਕਿ ਫਿਲਮ ਬਣਾਈ ਜਾਵੇ। ਇਹ ਮੇਰੇ ਦਿਲ ਦੀ ਗੱਲ ਸੀ।
"ਮੇਰੇ ਸ਼ੌਕ ਤੇ ਕਾਹਲ ਨੂੰ ਵੇਖ ਕੇ ਉਸਤਾਦ ਜੀ ਮੁਸਕਰਾਏ, "ਸ਼ੇਖੂਪੁਰੀਆ! ਪੈਸੇ ਵਾਲੇ ਲੋਕਾਂ ਨਾਲ ਅਜੇ ਤੇਰਾ ਵਾਹ ਨਹੀਂ ਪਿਆ। ਇਹ ਫਿਲਮ ਬਣਾਵਣ ਵਾਲੇ ਲੋਕ ਨਹੀਂ ਸਨ। ਸਿਰਫ਼ ਅੱਯਾਸ਼ੀ ਲਈ ਫਿਲਮ ਬਣਾਵਣ ਟੁਰੇ ਹੋਏ ਸਨ।"
"ਹੋ ਸਕਦਾ ਏ ਉਹਨਾਂ ਦੀ ਨੀਅਤ ਫਿਲਮ ਬਣਾਵਣ ਦੀ ਹੋਵੇ।" ਮੈਂ ਗੱਲ ਮੁਕਾਵਣੀ ਨਹੀਂ ਸੀ ਚਾਹਦਾ।
“ਓਏ ਨਹੀਂ, ਉਹਨਾਂ ਦੀ ਗੁਫ਼ਤਗੂ ਈ ਫਿਲਮੀ ਨਹੀਂ ਸੀ । ਇਹ ਕੋਈ ਨਜ਼ਾਇਜ਼ ਕਾਰੋਬਾਰ ਕਰਨ ਵਾਲ਼ੇ ਚੌਧਰੀ ਕਿਸਮ ਦੇ ਲੋਕ ਜਾਪਦੇ ਸਨ ।"
ਪਰ ਮੈਂ ਕੁੱਝ ਨਹੀਂ ਸਾਂ ਸਮਝ ਰਿਹਾ। ਮੈਨੂੰ ਇੱਕੋ ਗੱਲ ਸੁੱਝਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਫਿਲਮ ਬਣੇ । ਮੈਂ ਚੁੱਪ ਕਰ ਗਿਆ ਪਰ ਮੇਰਾ ਅੰਦਰ ਵਾਲ਼ਾ ਗੱਲ ਕਰਦਾ ਜਾਂਦਾ ਸੀ। ਮਾਂ ਦਾ ਦੁੱਖ ਭੁੱਲ ਗਿਆ ਹੋਇਆ ਸੀ। ਮੇਰੇ ਚਿਹਰੇ ਨੂੰ ਖੌਰੇ ਉਹ ਤਾੜ ਗਏ, ਆਖਿਆ, "ਚੱਲ ਜ਼ਰਾ ਫ਼ਿਲਮ ਵੇਖੀਏ।"
ਫਿਲਮ ਵੇਖਣ ਲਈ ਅਸਾਂ ਚਲੇ ਗਏ। ਫਿਲਮ ਖੌਰੇ ਉਹਨਾਂ ਮੇਰੀ ਉਦਾਸੀ ਦੂਰ ਕਰਨ ਲਈ ਵਿਖਾਈ ਸੀ ਯਾ ਉਹਨੇ ਨੂੰ ਆਪ ਸ਼ੌਕ ਹੋਇਆ ਸੀ । ਮੈਨੂੰ ਮਲੂਮ ਨਾ ਹੋਇਆ। ਜਦ ਫਿਲਮ ਵੇਖ ਕੇ ਹੁਜਰੇ ਪਰਤ ਆਏ, ਮੈਂ ਜਾਵਣ ਲੱਗਾ ਤਾਂ ਹੁਕਮ ਹੋਇਆ, "ਪਰਸੋਂ ਸਵੇਰੇ ਸਵੇਰੇ ਆ ਜਾਵੀਂ, ਹਯਾਤ ਪਸਰੂਰੀ ਦੇ ਚੱਲਾਂਗੇ । ਜ਼ਰਾ ਉਸ ਮੌਲਵੀ ਨੂੰ ਤਾਂ ਮਿਲੀਏ ਜਿਹੜਾ ਪਸਰੂਰ ਰਹਿੰਦਾ ਏ ।" ਖੌਰੇ ਇਹ ਸਫਰ ਵੀ ਉਹਨਾਂ ਮੇਰੀ ਤਬੀਅਤ ਦੇ ਬਹਿਲਾਵਣ ਲਈ ਕਰਨਾ ਸੀ ਜਦ ਕਿ ਉਹ ਆਪ ਇਹਨਾਂ ਦਿਨਾਂ ਵਿੱਚ ਸਫਰ ਨਹੀਂ ਸਨ ਕਰਦੇ।
ਤੀਜੇ ਦਿਨ ਮੈਂ ਸਵੇਰੇ ਸਵੇਰੇ ਹੁਜਰੇ ਅੱਪੜ ਗਿਆ। ਹੁਜਰੇ ਵਿੱਚ ਫਿਲਮੀ ਸ਼ਾਇਰ ਬੈਠਾ ਹੋਇਆ ਸੀ। ਉਸ ਵੀ ਨਾਲ ਈ ਜਾਣਾ ਸੀ । ਮੇਰੇ ਆਵਣ ਨਾਲ ਈ ਉੱਠ ਟੁਰੇ । ਹੁਜਰੇ ਵਾਲ਼ੇ ਦਰਵੇਸ਼ ਦੀ ਆਦਤ ਸੀ ਕਿ ਸਫਰ ਉੱਤੇ ਜਾਵਣ ਵੇਲੇ ਸਾਰਾ ਖ਼ਰਚਾ ਆਪ ਈ ਕਰਦੇ ਸਨ । ਆਪਣੇ ਨਾਲ ਦੇ ਨੂੰ ਖਰਚੇ ਨਾਲੋਂ ਬਹੁਤੇ ਪੈਸੇ ਫੜਾ ਦਿਆ ਕਰਦੇ ਸਨ ਤਾਂ ਕਿ ਨਾਲ ਦੇ ਨੂੰ ਪੈਸਿਆਂ ਬਾਰੇ ਰਾਹ ਵਿੱਚ ਕੋਈ ਚਿੰਤਾ ਨਾ ਰਹਵੇ ।
ਏਸ ਵਾਰ ਉਹਨਾਂ ਆਪਣਾ ਬਟੂਆ ਫਿਲਮੀ ਸ਼ਾਇਰ ਦੇ ਹਵਾਲੇ ਕਰ ਦਿੱਤਾ। ਬਾਦਾਮੀ ਬਾਗ਼ ਦੇ ਲਾਰੀ ਅੱਡੇ ਗਏ ਤਾਂ ਹਾਕਰ ਕੰਡਕਟਰ ਸਾਨੂੰ ਚਿੰਬੜ ਗਏ । ਸਿਆਲਕੋਟ ਅਸਾਂ ਜਾਣਾ ਸੀ। ਬੱਸ ਸਾਡੇ ਕਹਿਣ ਦੀ ਦੇਰ ਸੀ ਕਿ ਕਿਸੇ ਮੈਨੂੰ ਬਾਹੋਂ ਫੜਕੇ ਖਿੱਚ ਲਿਆ, ਕਿਸੇ ਫਿਲਮੀ ਸ਼ਾਇਰ ਨੂੰ ਧਰ ਲਿਆ ਤੇ ਕੁੱਝ ਹੁਜਰੇ ਵਾਲੇ ਨੂੰ ਖਿੱਚੀ ਫਿਰਦੇ ਸਨ। ਹਰ ਬੱਸ ਵਾਲ਼ੇ ਦੀ ਕੋਸ਼ਿਸ਼ ਆਪਣੀ ਆਪਣੀ ਬੱਸ ਵਾਸਤੇ ਸੀ, ਪਰ ਅਸਾਡਾ ਹਾਲ ਮੰਦਾ ਸੀ। ਬੜੀ ਮੁਸ਼ਕਲ ਨਾਲ ਅਸਾਂ ਤਿੰਨੇ ਇੱਕ ਬੱਸ ਵਿੱਚ ਬੈਠਣ ਵਿੱਚ ਕਾਮਯਾਬ ਹੋਏ।
ਚਾਰ ਸੀਟਾਂ ਦਾ ਕਿਰਾਇਆ ਦਿੱਤਾ ਸੀ, ਦੋ ਸੀਟਾਂ 'ਤੇ ਅਸਾਡੇ ਉਸਤਾਦ ਬੈਠੇ ਸਨ, ਦੋ ਸੀਟਾਂ 'ਤੇ ਮੈਂ ਤੇ ਫਿਲਮੀ ਸ਼ਾਇਰ । ਅੱਗੜ ਪਿੱਛੜ ਸੀਟਾਂ ਸਨ। ਅਸਾਂ ਆਪੋ ਆਪ
ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੇ ਸਾਂ । ਗੁਜਰਾਂਵਾਲੇ ਜਾ ਕੇ ਕੁੱਝ ਸਵਾਰੀਆਂ ਉੱਤਰੀਆਂ ਤੇ ਕੁੱਝ ਚੜੀਆਂ। ਨਵੀਂਆਂ ਸਵਾਰੀਆਂ ਕੋਲ ਇੱਕ ਗੋਲ ਮੋਟਾ ਤੇ ਗੋਰਾ ਚਿੱਟਾ ਬਾਲ ਵੀ ਸੀ। ਚਾਰ ਪੰਜ ਸਾਲ ਦਾ ਮੁੰਡਾ ਬਹੁਤ ਪਿਆਰਾ ਲੱਗ ਰਿਹਾ ਸੀ । ਉਸਤਾਦ ਜੀ ਮੁੜ ਮੁੜ ਉਸ ਬਾਲ ਨੂੰ ਨਜ਼ਰਾਂ ਭਰ ਭਰ ਵੇਖਦੇ ਸਨ। ਅਸਾਡੀ ਨਾਲ ਦੀ ਸੀਟ ਉੱਤੇ ਉਹਦੀ ਮਾਂ ਉਹਨੂੰ ਲੈ ਕੇ ਬੈਠੀ ਹੋਈ ਸੀ। ਕਿਸੇ ਪਿੰਡ ਦੀ ਰਹਿਣ ਵਾਲੀ ਮਲੂਮ ਹੁੰਦੀ ਸੀ । ਬੱਸ ਚਲਦੀ ਗਈ। ਵਾਹਵਾ ਸਫ਼ਰ ਹੋ ਗਿਆ ਹੋਇਆ ਸੀ।
ਅਗਲੇ ਸਟਾਪ ਉੱਤੋਂ ਇੱਕ ਕੁਲਫੀ ਵਾਲ਼ਾ ਬੱਸ ਉੱਤੇ ਸਵਾਰ ਹੋਇਆ। ਬਾਲ ਮੁੜ ਮੁੜ ਕੁਲਫੀ ਲਈ ਜ਼ਿੱਦ ਕਰਦਾ ਸੀ, ਪਰ ਉਹਦੀ ਗਰੀਬ ਮਾਂ ਉਹਨੂੰ ਕੁਲਫੀ ਲੈ ਕੇ ਨਹੀਂ ਸੀ ਦੇ ਰਹੀ। ਖੌਰੇ ਉਸ ਵਿਚਾਰੀ ਕੋਲ ਪੈਸੇ ਨਹੀਂ ਸਨ । ਹਰ ਵਾਰ ਬਾਲ ਨੂੰ ਝਿੜਕ ਦਿੰਦੀ ਸੀ। ਪਰ ਬਾਲ ਕੁਲਫੀ ਵਾਸਤੇ ਜ਼ਿੱਦ ਕਰਦਾ ਸੀ । ਮੈਂ ਵੀ ਫਿਲਮੀ ਸ਼ਾਇਰ ਨੂੰ ਆਖਿਆ: "ਯਾਰ, ਮੈਨੂੰ ਇੱਕ ਕੁਲਫੀ ਲੈ ਦੇ, ਮੇਰਾ ਦਿਲ ਕਰਦਾ ਏ ।" ਪਰ ਫਿਲਮੀ ਸ਼ਾਇਰ ਇਨਕਾਰ ਕਰਦਿਆਂ ਆਖਿਆ, ਮੇਰੇ ਕੋਲ ਪੈਸੇ ਅਮਾਨਤ ਨੇ। ਮੈਂ ਫਜੂਲ ਖਰਚ ਨਹੀਂ ਕਰ ਸਕਦਾ।” ਮੈਂ ਵੀ ਉਸ ਬਾਲ ਵਾਂਗਰ ਜ਼ਿੱਦ ਫੜ ਲਈ, "ਕੁਲਫੀ ਲੈ ਕੇ ਦੇਹ।” ਫਿਲਮੀ ਸ਼ਾਇਰ ਵੀ ਗਰੀਬ ਮਾਂ ਬਣ ਗਿਆ ਤੇ ਝਾੜਨ ਲੱਗ ਪਿਆ।
ਹੁਜਰੇ ਵਾਲਾ ਕੁੱਝ ਦੇਰ ਅਸਾਡੀ ਬਹਿਸ ਸੁਣਦਾ ਰਿਹਾ। ਫੇਰ ਫਿਲਮੀ ਸ਼ਾਇਰ ਨੂੰ ਗੁੱਸੇ ਨਾਲ ਆਖਿਆ, “ਓਏ ਕਾਹਨੂੰ ਸੱਪ ਬਣਕੇ ਬਹਿ ਗਿਆ ਏਂ। ਲੈ ਦੇ ਕੁਲਫੀ ਸ਼ੇਖੂਪੁਰੀਏ ਨੂੰ ਤੇ ਇੱਕ ਉਸ ਮੋਟੇ ਬਾਲ ਨੂੰ ।" ਫਿਲਮੀ ਸ਼ਾਇਰ ਦੋ ਕੁਲਫੀਆਂ ਲੈ ਲਈਆਂ, ਪਰ ਝਾੜ ਪੈਣ ਨਾਲ ਉਹਦਾ ਮੂੰਹ ਵਿਗੜ ਗਿਆ ਜਾਪਦਾ ਸੀ।
ਫੇਰ ਹੁਕਮ ਹੋਇਆ, 'ਇੱਕ ਆਪਣੇ ਲਈ ਵੀ ਲੈ ਲੈ, ਬਦ-ਦੁਆਈਆ ਨਾ ਬਣ।”
ਫਿਲਮੀ ਸ਼ਾਇਰ ਕੁਲਫੀ ਲੈਣ ਤੋਂ ਇਨਕਾਰ ਕਰਦਿਆਂ ਆਖਿਆ, "ਮੈਂ ਨਹੀਂ ਖਾਂਦਾ ਕੁਲਫੀ।"
ਉਹਦੇ ਇਨਕਾਰ ਕਾਰਨ ਫੇਰ ਝਾੜ ਪਈ, "ਉਹ ਲੁਧਿਆਣੇ ਦਿਆ ! ਤੇਰੇ ਵਿੱਚੋਂ ਚੌਧਰ ਕਿਉਂ ਨਹੀਂ ਜਾਂਦੀ!"
ਇੱਕ ਕੁਲਫੀ ਮੈਂ ਬਾਲ ਨੂੰ ਫੜਾ ਦਿੱਤੀ ਸੀ । ਆਪਣੇ ਵਾਲੀ ਮੈਂ ਅਜੇ ਨਹੀਂ ਸੀ ਖਾਧੀ।
ਫਿਲਮੀ ਸ਼ਾਇਰ ਸੜੀ ਹੋਈ ਅਵਾਜ਼ ਵਿੱਚ ਆਖਿਆ, "ਕਿਹੜੀ ਏ ਜੀ ਮੇਰੇ ਵਿੱਚ ਚੌਧਰ ! ਐਵੇਂ ਝਾੜਦੇ ਰਹਿੰਦੇ ਓ। ਕੋਈ ਮਿਸਾਲ ਤਾਂ ਦਿਓ।"
"ਇਹ ਘੱਟ ਮਿਸਾਲ ਏ ਚੌਧਰੀ ਕਿ ਉਸਤਾਦ ਦੀ ਗੱਲ ਉੱਤੇ ਵਿਸ ਪਿਆ ਘੋਲ਼ਦਾ ਏਂ! ਚੱਲ ਲੈ ਆਪਣੇ ਲਈ ਕੁਲਫੀ।" ਫਿਲਮੀ ਸ਼ਾਇਰ ਚੁੱਪ ਕਰਕੇ ਕੁਲਫੀ ਲੈ ਲਈ ਪਰ ਖਾਂਦਾ ਨਹੀਂ ਸੀ ਪਿਆ । ਉਹਨੂੰ ਅਜੇ ਵੀ ਝਾੜ ਦਾ ਗੁੱਸਾ ਸੀ । ਕੁਲਫੀ ਹੱਥ ਵਿੱਚ ਫੜ ਕੇ ਬਹਿ ਰਿਹਾ। ਏਨੀ ਦੇਰ ਵਿੱਚ ਮੈਂ ਤੇ ਮੋਟਾ ਬਾਲ ਦੋਵੇਂ ਆਪਣੀ ਆਪਣੀ ਕੁਲਫੀ ਖਾ
ਕੇ ਤੀਲੇ ਪਏ ਚੱਟਦੇ ਸਾਂ।
ਫਿਲਮੀ ਸ਼ਾਇਰ ਦੇ ਹੱਥ ਵਿੱਚ ਫੜੀ ਕੁਲਫੀ ਨੂੰ ਵੇਖ ਕੇ ਮੋਟਾ ਬਾਲ ਕੁਲਫੀ ਵੱਲ ਵੇਖ ਵੇਖ ਉੱਲਰਦਾ ਸੀ ਕਿ ਇਹ ਵੀ ਮਿਲ ਜਾਵੇ । ਉਹਦੀ ਮਾਂ ਫੇਰ ਝਾੜਨ ਲੱਗ ਪਈ। ਮੈਂ ਫਿਲਮੀ ਸ਼ਾਇਰ ਦੇ ਹੱਥੋਂ ਕੁਲਫੀ ਫੜ ਕੇ ਉਸ ਮੋਟੇ ਬਾਲ ਦੇ ਹਵਾਲੇ ਕੀਤੀ ਤਾਂ ਹੁਜਰੇ ਵਾਲ਼ੇ ਦੇ ਮੂੰਹ ਉੱਤੇ ਬਹੁਤ ਈ ਖੁਸ਼ੀ ਦੀ ਲਹਿਰ ਸੀ। ਦੋ ਕੁਲਫੀਆਂ ਖਾ ਕੇ ਮੋਟਾ ਬਾਲ ਵੀ ਖੁਸ਼ ਤੇ ਰਾਜ਼ੀ ਸੀ, ਪਰ ਫਿਲਮੀ ਸ਼ਾਇਰ ਸੜਿਆ ਬੁਝਿਆ ਈ ਰਿਹਾ। ਸਿਆਲਕੋਟ ਤੀਕਰ ਉਸ ਕੋਈ ਗੱਲ ਨਾ ਕੀਤੀ।
ਸਿਆਲਕੋਟ ਉੱਤਰ ਕੇ ਅੱਗੇ ਅਸਾਂ ਪਸਰੂਰ ਜਾਵਣ ਵਾਲੀ ਬੱਸ ਉੱਤੇ ਬੈਠਣਾ ਸੀ। ਸਿਆਲਕੋਟ ਸ਼ਹਿਰ ਦੇ ਜਿਸ ਬੰਦੇ ਕੋਲੋਂ ਪਸਰੂਰ ਜਾਵਣ ਵਾਲੀ ਬੱਸ ਦਾ ਪਤਾ ਮਲੂਮ ਕਰੀਏ ਤਾਂ ਉਹ ਈ ਅਸਾਨੂੰ ਗ਼ਲਤ ਪਾਸੇ ਹੋਰ ਦੇਵੇ। ਬੜੇ ਅਜੀਬ ਲੋਕ ਸਨ ਸਿਆਲਕੋਟ ਦੇ। ਕੋਈ ਬੰਦਾ ਵੀ ਸਿੱਧੀ ਗੱਲ ਨਹੀਂ ਸੀ ਕਰ ਰਿਹਾ। ਅਸਾਂ ਫਿਰ ਫਿਰਕੇ ਅੱਕ ਗਏ ਤਾਂ ਹੁਣ ਦੀ ਵਾਰ ਮੈਨੂੰ ਝਾੜ ਪਈ, "ਓਏ ਕੇਹਾ ਬੰਦਾ ਏਂ ਤੂੰ ਸ਼ੇਖੂਪੁਰੀਆ! ਤੈਨੂੰ ਉੱਕਾ ਈ ਸਫ਼ਰ ਬਾਰੇ ਜਾਣਕਾਰੀ ਨਹੀਂ। ਕਿੱਥੇ ਵਸਨਾ ਏਂ ਕਦੇ ਸਫ਼ਰ ਵੀ ਕੀਤਾ ਏ ਕਿ ਨਹੀਂ।"
“ਕੀਤਾ ਏ ਜੀ, ਬਹੁਤ ਸਫ਼ਰ ਕੀਤਾ ਏ। ਸਾਰੀ ਹਯਾਤੀ ਪੈਦਲ ਈ ਸਫ਼ਰ ਕੀਤਾ ਏ। ਇਸ ਬਾਰੇ ਮਲੂਮ ਹੈ ਕਿ ਕਿਵੇਂ ਰਾਹ ਵਿੱਚ ਬਹਿ ਕੇ ਸਾਹ ਲੈਣਾ ਏ, ਰਾਹ ਵਿੱਚ ਰਾਤ ਪੈ ਜਾਵੇ ਤਾਂ ਲੱਕੋਂ ਤਹਿਮਦ ਲਾਹਕੇ ਉੱਤੇ ਲੈ ਲਿਆ ਤੇ ਸੜਕ ਕਿਨਾਰੇ ਭੋਂਇ ਉੱਤੇ ਲੇਟ ਕੇ ਰਾਤ ਕੱਟ ਲਈ ਤੇ ਫਜਰੇ ਫੇਰ ਤਿਆਰੀ।"
ਮੇਰੀ ਏਸ ਗੱਲ ਉੱਤੇ ਬਹੁਤ ਹੱਸੇ। ਫਿਲਮੀ ਸ਼ਾਇਰ ਵੀ ਹੱਸ ਪਿਆ। ਇੱਕ ਪਾਸੇ ਨੂੰ ਗਏ ਤਾਂ ਉੱਥੋਂ ਅਸਾਨੂੰ ਪਸਰੂਰ ਜਾਣ ਵਾਲੀ ਬੱਸ ਮਿਲ ਗਈ।
ਲਹੌਰ ਵਾਲੀ ਬੱਸ ਵਿੱਚ ਬਹਿ ਕੇ ਲੱਤਾਂ ਪੀੜ ਕਰਦੀਆਂ ਸਨ। ਹੁਣ ਜਦ ਪਸਰੂਰ ਵਾਲੀ ਬੱਸ ਦੀ ਭਾਲ ਵਿੱਚ ਫਿਰ ਫਿਰਕੇ ਲੱਤਾਂ ਹੋਰ ਪੀੜ ਕਰਦੀਆਂ ਸਨ, ਹੁਣ ਜਦ ਪਸਰੂਰ ਵਾਲੀ ਬੱਸ ਵਿੱਚ ਬੈਠੇ ਤਾਂ ਲੱਤਾਂ ਨੂੰ ਅਰਾਮ ਕਾਰਨ ਸਵਾਦ ਆ ਰਿਹਾ ਸੀ।
ਪਸਰੂਰ ਅੱਪੜ ਕੇ ਉਸਤਾਦ ਜੀ ਆਖਿਆ, "ਏਥੇ ਮੇਰਾ ਤੁਆਰਫ਼ ਨਾ ਕਰਵਾਇਆ ਜਾਵੇ ।” ਉਸਤਾਦ ਜੀ ਅੱਗੇ ਅੱਗੇ, ਅਸੀਂ ਦੋਵੇਂ ਪਿੱਛੇ ਪਿੱਛੇ ਸਾਂ । ਸ਼ਾਗਿਰਦ ਤੇ ਅਸੀਂ ਹੈ ਈ ਸਾਂ, ਇਹਤਰਾਮ ਵੀ ਕਰਦੇ ਰਹਿੰਦੇ ਸਾਂ।
ਉਸਤਾਦ ਜੀ ਦਾ ਭਾਰਾ ਜੁੱਸਾ, ਟੋਰ ਵਿੱਚ ਮਟਕੋਰ ਤੇ ਰੰਗ ਗੋਰਾ ਚਿੱਟਾ। ਚਿਹਰੇ ਉੱਤੇ ਸੱਚਾਈ ਦਾ ਨੂਰ, ਉੱਤੋਂ ਪੰਜਾਬੀ ਪਹਿਨਾਵਾ। ਉਸਤਾਦ ਜੀ ਸੱਚ ਮੁੱਚ ਕੋਈ ਪਹੁੰਚੇ ਹੋਏ ਪੀਰ ਬਜ਼ੁਰਗ ਈ ਲੱਗਦੇ ਸਨ।
ਬਜ਼ਾਰ ਵਿੱਚ ਲੋਕੀਂ ਆ ਆ ਕੇ ਪੁੱਛਦੇ, "ਇਹ ਕੌਣ ਨੇ ?" ਅਸੀਂ ਗੋਲੜੇ ਸ਼ਰੀਫ ਦੇ ਪੀਰ ਦੱਸਦੇ ਰਹਿੰਦੇ । ਲੋਕੀਂ ਇਹਤਰਾਮ ਨਾਲ ਪਿੱਛੇ ਹੱਟਦੇ ਜਾਂਦੇ ਸਨ।
ਹਯਾਤ ਪਸਰੂਰੀ ਦੀ ਉੱਥੇ ਸੁੱਚੇ ਭਾਂਡਿਆਂ ਦੀ ਦੁਕਾਨ ਸੀ । ਅਸਾਨੂੰ ਵੇਖ ਕੇ ਉੱਛਲ ਕੇ ਉੱਠ ਬੈਠਾ । ਉਸ ਦੁਕਾਨ ਬੰਦ ਕਰ ਦਿੱਤੀ । ਸਾਨੂੰ ਆਪਣੇ ਸੁਨਿਆਰੇ ਸ਼ਾਗਿਰਦ
ਦੀ ਦੁਕਾਨ ਵਿੱਚ ਲੈ ਗਿਆ । ਸੁਨਿਆਰੇ ਦੀ ਦੁਕਾਨ ਦੋ ਮੰਜ਼ਲਾ ਮਕਾਨ ਵਿੱਚ ਉਤਲੀ ਮੰਜ਼ਲ ਉੱਤੇ ਸੀ। ਪੌੜੀਆਂ ਬੜੀਆਂ ਤੰਗ ਤੇ ਸਿੱਧੀਆਂ ਸਨ। ਉਸਤਾਦ ਜੀ ਭਾਰੇ ਜੁੱਸੇ ਨਾਲ ਚੜ੍ਹਨ ਵਿੱਚ ਔਖਿਆਈ ਮਹਿਸੂਸ ਕਰ ਰਹੇ ਸਨ। ਮੈਂ ਉਸਤਾਦ ਜੀ ਨੂੰ ਅੱਗੋਂ ਬਾਹੋਂ ਫੜਿਆ ਤੇ ਵਾਰਸ ਪਿੱਛੋਂ ਧੱਕਾ ਲਾ ਲਾ ਕੇ ਉੱਤੇ ਅਪੜਾਇਆ। ਉੱਥੇ ਹਯਾਤ ਪਸਰੂਰੀ ਦੇ ਸ਼ਗਿਰਦ ਤਿੰਨ ਬੋਤਲਾਂ ਮੰਗਵਾ ਕੇ ਅਸਾਨੂੰ ਪਿਆਈਆਂ । ਬੋਤਲਾਂ ਪੀ ਕੇ ਉਸਤਾਦ ਜੀ ਆਖਿਆ, "ਚੱਲ ਚੱਲੀਏ !”
ਹੈਂ, ਅਜੇ ਤਾਂ ਪੰਜ ਮਿੰਟ ਵੀ ਨਹੀਂ ਹੋਏ। ਮੈਂ ਵਾਰਸ ਦੇ ਮੂੰਹ ਵੱਲ ਤੇ ਵਾਰਸ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ । ਪਰ ਉਸਤਾਦ ਜੀ ਤਾਂ ਟੁਰ ਪਏ ਸਨ। ਅਸਾਨੂੰ ਵੀ ਟੁਰਨਾ ਪਿਆ। ਹਯਾਤ ਪਸਰੂਰੀ ਰੋਕਦਾ ਈ ਰਹਿ ਗਿਆ, ਪਰ ਉਸਤਾਦ ਜੀ ਬੱਸ ਉੱਤੇ ਸਵਾਰ ਹੋ ਕੇ ਸਿਆਲਕੋਟ ਆ ਅੱਪੜੇ। ਏਥੇ ਅਸਾਂ ਰੋਟੀ ਖਾਧੀ। ਫੇਰ ਲਹੌਰ ਨੂੰ ਟੁਰ ਪਏ। ਰਾਹ ਵਿੱਚ ਉਸਤਾਦ ਜੀ ਆਖਿਆ, "ਸ਼ੇਖੂਪੁਰੀਆ! ਜਿਹੜਾ ਬੰਦਾ ਆਪਣੇ ਉਸਤਾਦ ਨੂੰ ਆਪਣੇ ਥੜ੍ਹੇ ਜਾ ਆਪਣੇ ਘਰ ਬਿਠਾਕੇ ਪਾਣੀ ਨਹੀਂ ਪਿਆ ਸਕਦਾ, ਉਹ ਕਿੰਨਾ ਕੁ ਖ਼ਤਰਨਾਕ ਹੋਵੇਗਾ, ਖੌਰੇ ਤੈਨੂੰ ਅੰਦਾਜ਼ਾ ਨਾ ਹੋਵੇ।”
“ਅੱਗੋਂ ਹਯਾਤ ਦੇ ਦਾੜ੍ਹੀ ਵਾਲੇ ਸੁਨਿਆਰੇ ਸ਼ਾਗਿਰਦ ਦਾ ਰਵੱਈਆ ਵੇਖਿਆ ਈ। ਉਸ ਵੀ ਸਾਨੂੰ ਪਾਣੀ ਪਿਆਇਆ ਏ, ਨਾ ਆਪ ਪੀਤਾ ਏ ਤੇ ਨਾ ਆਪਣੇ ਸ਼ਾਗਿਰਦਾਂ ਨੂੰ ਪਿਆਇਆ। ਏਨੇ ਖ਼ਤਰਨਾਕ ਲੋਕਾਂ ਕੋਲੋਂ ਨੱਸ ਆਵਣਾ ਈ ਚੰਗਾ ਸੀ।”
ਇਨਸਾਨੀ ਰਵੱਈਏ ਉੱਤੇ ਕਿੰਨੀ ਗੂੜ੍ਹੀ ਨਜ਼ਰ ਸੀ ਉਸਤਾਦ ਦੀ। ਮੈਂ ਤਾਂ ਕਦੀ ਗਹੁ ਈ ਨਹੀਂ ਸੀ ਕੀਤਾ। ਮੇਰੇ ਖਿਆਲ ਵਿੱਚ ਜਿਹੜਾ ਹੱਸ ਕੇ ਬੋਲੇ ਉਹ ਈ ਸੱਜਣ ਏ। ਏਨੀ ਬਰੀਕ ਨਜ਼ਰ ਨਾਲ ਬੰਦੇ ਦੇ ਅੰਦਰ ਝਾਤ ਪਾਵਣਾ ਮੈਂ ਕਦੇ ਸੋਚਿਆ ਈ ਨਹੀਂ ਸੀ, ਪਰ ਅੱਜ ਕੁੱਝ ਹੋਰ ਈ ਮਾਲੂਮਾਤ ਵਿੱਚ ਵਾਧਾ ਹੋਇਆ ਸੀ । ਇੰਜ ਦਾ ਈ ਇੱਕ ਹੋਰ ਵਾਕਿਆ ਮੈਨੂੰ ਯਾਦ ਆ ਗਿਆ।
ਇੱਕ ਵਾਰ ਅਲਾਉ-ਉਲਦੀਨ ਉਦਾਸ ਉਦਾਸ ਹੁਜਰੇ ਵਿੱਚ ਆਇਆ। ਅੱਗੇ ਮਹਿਫ਼ਲ ਸਜੀ ਹੋਈ ਸੀ । ਦੁਪਹਿਰ ਦਾ ਵੇਲ਼ਾ ਸੀ । ਅੱਜ ਹੁਜਰੇ ਕਰੇਲੇ ਗੋਸ਼ਤ ਪੱਕੇ ਸਨ । ਸਾਰੇ ਸੱਜਣ ਬੇਲੀ ਖਾ ਰਹੇ ਸਨ, ਹੱਸ ਰਹੇ ਸਨ, ਚਹਿਕ ਰਹੇ ਸਨ ਤੇ ਕਰੇਲੇ ਗੋਸ਼ਤ ਦੇ ਪੱਕੇ ਸਾਲਨ ਦੀ ਤਾਰੀਫ਼ ਕਰ ਰਹੇ ਸਨ।
ਅਲਾਉ-ਉਲਦੀਨ ਨੂੰ ਉਦਾਸ ਵੇਖ ਕੇ ਦਰਵੇਸ਼ ਵੀ ਉਦਾਸ ਹੋ ਗਏ। ਅਲਾਉ- ਉਲਦੀਨ ਨਾਲ ਬਹੁਤ ਪਿਆਰ ਸੀ, ਪੁੱਤਰ ਬਣਾਇਆ ਹੋਇਆ ਸੀ। ਆਪਣੇ ਕੋਲ ਬਿਠਾਕੇ ਪਿਆਰ ਕੀਤਾ। ਉਦਾਸੀ ਦਾ ਕਾਰਨ ਪੁੱਛਿਆ । ਪਰ ਅਲਾਉ-ਉਲਦੀਨ ਸਾਰੇ ਲੋਕਾਂ ਸਾਹਮਣੇ ਕੁੱਝ ਨਹੀਂ ਸੀ ਦੱਸਣਾ ਚਾਹਦਾ । ਇਹ ਗੱਲ ਦੂਜੇ ਲੋਕਾਂ ਵੀ ਤਾੜ ਲਈ । ਰੋਟੀ ਤੋਂ ਛੇਤੀ ਛੇਤੀ ਵਿਹਲੇ ਹੋ ਕੇ ਇੱਕ ਇੱਕ ਕਰ ਹੁਜਰਿਉਂ ਬਾਹਰ ਚਲੇ ਗਏ । ਮੈਂ ਜਾਵਣ ਲੱਗਾ ਤਾਂ ਮੈਨੂੰ ਬੈਠੇ ਰਹਿਣ ਦਾ ਹੁਕਮ ਹੋਇਆ।
ਸਾਰਿਆਂ ਦੇ ਜਾਵਣ ਮਗਰੋਂ ਅਲਾਉ-ਉਲਦੀਨ ਆਪਣੀ ਪਰੇਸ਼ਾਨੀ ਦੱਸਦਿਆਂ
ਹੋਇਆਂ ਆਖਿਆ, "ਦਸ ਹਜ਼ਾਰ ਰੁਪੱਈਆਂ ਦੀ ਲੋੜ ਪੈ ਗਈ ਏ। ਹੋਰ ਕੋਈ ਦਰ ਨਜ਼ਰ ਨਹੀਂ ਆਇਆ। ਏਥੇ ਆ ਗਿਆ ਵਾਂ।" ਇਹ ਗੱਲ ਸੁਣ ਕੇ ਦਰਵੇਸ਼ ਬਹੁਤ ਗੁੱਸੇ ਹੋਏ। ਝਾੜਾਂ ਵੀ ਪਾਈਆਂ ਤੇ ਗਾਲਾਂ ਵੀ ਦਿੱਤੀਆਂ। ਪਿਆਰ ਨਾਲ ਆਖਿਆ, "ਇਹ ਗੱਲ ਤੈਨੂੰ ਮੈਂ ਪਹਿਲੇ ਵੀ ਆਖਿਆ ਕਰਦਾ ਸਾਂ ਕਿ ਆਪਣੇ ਤੁਅਲਕਾਤ ਠੀਕ ਬੰਦਿਆਂ ਨਾਲ ਬਣਾਇਆ ਕਰ, ਪਰ ਤੂੰ ਕਿਸੇ ਦੀ ਸੁਣਦਾ ਈ ਨਹੀਂ। ਅੱਜ ਨਤੀਜਾ ਸਾਹਮਣੇ ਆ ਗਿਆ ਏ। ਓਏ ਤੂੰ ਫਿਲਮ ਇੰਡਸਟਰੀ ਦਾ ਬਾਦਸ਼ਾਹ ਰਿਹਾ ਏਂ। ਆ ਗਿਆ ਏਂ ਮੇਰੇ ਫ਼ਕੀਰ ਕੋਲੋਂ ਮੰਗਣ। ਏਥੇ ਤਾਂ ਕਦੀ ਪਕਦੀ ਏ, ਕਦੀ ਫਾਕਾ ਹੁੰਦਾ ਏ। ਕਿੱਧਰ ਗਏ ਤੇਰੇ ਤੁਆਲਕਾਤ। ਤੈਨੂੰ ਪੂਰੀ ਇੰਡਸਟਰੀ ਵਿੱਚੋਂ ਕੋਈ ਦਸ ਹਜ਼ਾਰ ਰੁਪਏ ਉਧਾਰ ਦੇਵਣ ਲਈ ਤਿਆਰ ਨਹੀਂ ਜਿੱਥੇ ਤੂੰ ਪੂਰੀ ਜ਼ਿੰਦਗੀ ਗੁਜ਼ਾਰੀ ਏ। ਕੀ ਜੀਵਨ ਏ ਤੁਹਾਡਾ ? ਕੋਈ ਵੀ ਤੁਹਾਡੇ ਉੱਤੇ ਏਤਬਾਰ ਨਹੀਂ ਕਰਦਾ।" ਦਰਵੇਸ਼ ਬੋਲੀ ਜਾ ਰਹੇ ਸਨ, ਝਾੜਾਂ ਪਾ ਰਹੇ ਸਨ। ਅਲਾਉ- ਉਲਦੀਨ ਸਿਰ ਨੀਵਾਂ ਕਰੀ ਬੈਠਾ ਸੀ । ਬੂਹਾ ਖੁੱਲ੍ਹਾ ਸੀ, ਬੂਹੇ ਅੱਗੇ ਕੁੱਝ ਔਰਤਾਂ ਲੰਘੀਆਂ। ਹੀਰਾ ਮੰਡੀ ਦੀਆਂ ਬਾਈਆਂ ਸਨ।
ਮੈਨੂੰ ਹੁਕਮ ਹੋਇਆ, "ਭੱਜ ਕੇ ਸ਼ੇਖੂਪੁਰੀਆ, ਉਸ ਬਾਈ ਨੂੰ ਆਖ ਜ਼ਰਾ ਗੱਲ ਸੁਣ ਜਾਵੇ।" ਮੈਂ ਹੁਕਮ ਸੁਣ ਕੇ ਛੇਤੀ ਨਾਲ ਬਾਹਰ ਤਾਂ ਨਿੱਕਲਿਆ ਪਰ ਆਖਾਂ ਕੀਹਨੂੰ ? ਬਹੁਤਾ ਦਿਲ ਕਰੜਾ ਕਰਕੇ ਮੈਂ ਉਨ੍ਹਾਂ ਦੇ ਮਗਰ ਨੱਸ ਕੇ ਕੋਲ ਜਾ ਕੇ ਆਖਿਆ, “ਬਾਈ ਜੀ, ਤੁਹਾਨੂੰ ਉਸਤਾਦ ਜੀ ਬੁਲਵੰਦੇ ਨੇ ।"
"ਕੌਣ ਉਸਤਾਦ ਜੀ ?” ਇੱਕ ਬਾਈ ਮੇਰੇ ਵੱਲ ਗ਼ੌਰ ਨਾਲ ਵੇਖ ਕੇ ਪੁੱਛਿਆ, ਮੈਂ ਹੱਥ ਦਾ ਇਸ਼ਾਰਾ ਲਾਲ ਬੂਹੇ ਵੱਲ ਕੀਤਾ ਤਾਂ ਦੂਜੀ ਬਾਈ ਸਾਥਣਾਂ ਨੂੰ ਜਾਵਣ ਲਈ ਆਖ ਕੇ ਆਪ ਹੁਜਰੇ ਵੱਲ ਪਰਤ ਆਈ। ਖੌਰੇ ਇਹ ਬਾਈਆਂ ਸੈਲ ਕਰਕੇ ਆਈਆਂ ਸਨ ਯਾ ਕਿਸੇ ਹੋਰ ਰੌਣਕ ਮੇਲੇ ਯਾ ਕਿਸੇ ਤਕਰੀਬ ਤੋਂ ਵਾਪਸ ਪਰਤਕੇ ਆ ਰਹੀਆਂ ਸਨ, ਪਰ ਸਾਰੀਆਂ ਬਹੁਤ ਖੁਸ਼ ਸਨ ।
ਉਸ ਬਾਈ ਬੂਹੇ ਵਿੱਚੋਂ ਈ ਸਲਾਮ ਕਰਕੇ ਪੁੱਛਿਆ,"ਜੀ ਉਸਤਾਦ ਜੀ, ਕੀ ਹੁਕਮ ਏ ?"
“ਬਾਈ ਜੀ, ਤੁਹਾਡੇ ਕੋਲ ਕੁੱਝ ਪੈਸੇ ਹੋਵਣਗੇ?”
"ਕਿੰਨੇ, ਉਸਤਾਦ ਜੀ ?”
"ਦਸ ਹਜ਼ਾਰ ਦੀ ਲੋੜ ਆਣ ਪਈ ਏ ?"
"ਮੈਂ ਘੱਲ ਦੇਨੀ ਆਂ। ਹੋਰ ਕੋਈ ਹੁਕਮ ?”
"ਨਹੀਂ, ਬੜੀ ਮਿਹਰਬਾਨੀ। ਹੁਣੇ ਈ ਚਾਹੀਦੇ ਨੇ।”
"ਜੀ, ਮੈਂ ਛੇਤੀ ਘੱਲ ਦੇਨੀ ਆਂ ।" ਏਨੀ ਗੱਲ ਕਹਿ ਕੇ ਬਾਈ ਵਾਪਸ ਪਰਤ ਗਈ। ਮੈਂ ਹੈਰਾਨ ਸਾਂ ਕਿ ਏਨੀ ਛੇਤੀ ਤੇ ਏਨੇ ਏਤਬਾਰ ਨਾਲ ਗੱਲ ਹੋਈ ਏ ਜਿਹੜੀ ਮੇਰੀ ਸਮਝ ਤੋਂ ਈ ਬਾਹਰ ਸੀ।
ਫੇਰ ਗੁਰੂ ਅਲਾਉ-ਉਲਦੀਨ ਨੂੰ ਆਖਿਆ, "ਇਹ ਹੁੰਦਾ ਏ ਏਤਬਾਰ ! ਵੇਖ ਉਸ
ਬਾਈ ਨੂੰ ਪਤਾ ਏ ਮੈਂ ਫਾਕੇ ਰਹਿਨਾਂ ਵਾਂ, ਫੇਰ ਵੀ ਏਤਬਾਰ ਕਰਦੀ ਏ। ਦਸ ਹਜ਼ਾਰ ਕੋਈ ਮਮੂਲੀ ਗੱਲ ਨਹੀਂ।"
ਅਲਾਉ-ਉਲਦੀਨ ਹੌਲੀ ਹੌਲੀ ਆਖਿਆ, ਮੈਂ ਤਾਂ ਲੋਕਾਂ ਉੱਤੇ ਏਤਬਾਰ ਕਰਨਾ ਵਾਂ । ਲੋਕ ਈ ਨਹੀਂ ਸਮਝਦੇ।" ਲੋਕਾਂ ਦਾ ਕੋਈ ਕਸੂਰ ਨਹੀਂ। ਤੈਨੂੰ ਪਰਖ ਨਹੀਂ, ਤੂੰ ਖੁਸ਼ਾਮਦੀਆਂ ਨੂੰ ਯਾਰ ਸਮਝ ਲੈਨਾ ਏਂ । ਦਰਵੇਸ਼ ਆਖਿਆ, "ਇਹ ਈ ਤੇਰੀ ਭੁੱਲ ਏ । ਤੂੰ ਆਪਣੀ ਤਾਰੀਫ਼ ਸੁਣ ਕੇ ਸਭ ਕੁੱਝ ਲੁਟਾ ਦੇਂਦਾ ਏਂ ।” ਇੰਜ ਦੀਆਂ ਈ ਕੁੱਝ ਹੋਰ ਗੱਲਾਂ ਹੋਈਆਂ । ਦਰਵੇਸ਼ ਇੱਕ ਪੈੱਗ ਫੜਾ ਕੇ ਆਖਿਆ, "ਲੈ ਪੀ, ਤੈਨੂੰ ਕੁੱਝ ਹੋਸ਼ ਆਵੇ। ਐਵੇਂ ਮਰਦਾ ਈ ਜਾਨਾ ਏਂ !"
ਅਲਾਉ-ਉਲਦੀਨ ਸ਼ਰਾਬ ਨੂੰ ਘੁੱਟ ਘੁੱਟ ਕਰਕੇ ਪੀਵਣ ਲੱਗ ਪਿਆ। ਝੱਟ ਕੁ ਮਗਰੋਂ ਬਾਈ ਵੱਲੋਂ ਇੱਕ ਬੰਦਾ ਪੈਸੇ ਲੈ ਆਇਆ । ਉਸ ਦਰਵੇਸ਼ ਨੂੰ ਬੜੇ ਅਦਬ ਨਾਲ ਫੜਾ ਕੇ ਬਾਈ ਵੱਲੋਂ ਸਲਾਮ ਆਖਿਆ ਤੇ ਪਿਛਲੇ ਪੈਰੀਂ ਬੂਹਿਉਂ ਬਾਹਰ ਨਿੱਕਲ ਗਿਆ । ਉਂਜ ਦੇ ਉਂਜ ਪੈਸੇ ਦਰਵੇਸ਼ ਅਲਾਉ-ਉਲਦੀਨ ਨੂੰ ਫੜਾ ਦਿੱਤੇ। ਅਲਾਉ-ਉਲਦੀਨ ਝੱਟ ਕਰਕੇ ਗਲਾਸ ਖਾਲੀ ਕੀਤਾ ਤੇ ਸਲਾਮ ਕਰਕੇ ਬਾਹਰ ਨਿੱਕਲ ਗਿਆ। ਉਹਦੇ ਜਾਵਣ ਮਗਰੋਂ ਦਰਵੇਸ਼ ਬਹੁਤ ਹੱਸਿਆ।
"ਵੇਖ ਸ਼ੇਖੂਪੁਰੀਆ! ਇਹ ਮੇਰਾ ਪੁੱਤਰ ਬਣਿਆ ਹੋਇਆ ਈ। ਕਿੰਨਾ ਉਦਾਸ ਆਇਆ ਸੀ। ਪੈਸੇ ਹੱਥ ਲੱਗੇ ਤਾਂ ਇੱਕ ਮਿੰਟ ਵੀ ਨਹੀਂ ਬੈਠਾ । ਗ਼ੌਰ ਕਰ, ਕਿੰਨਾ ਦੁਸ਼ਮਣ ਏ ਪੈਸਾ ਇਨਸਾਨੀ ਜਜ਼ਬਿਆਂ ਦਾ ਤੇ ਸੱਚੀਆਂ ਕਦਰਾਂ ਦਾ।"
ਕਈ ਹੋਰ ਗੱਲਾਂ ਵੀ ਐਸੀਆਂ ਹੋਈਆਂ ਜੀਹਦੇ ਨਾਲ ਮੈਨੂੰ ਕੁੱਝ ਸਮਝਣ ਤੇ ਸੋਚਣ ਦਾ ਮੌਕਾ ਮਿਲਿਆ। ਉਹਨਾਂ ਦੱਸਿਆ, "ਇੱਕ ਵਾਰ ਲਹੌਰ ਰੇਡੀਓ ਸ਼ਟੇਸ਼ਨ ਉੱਤੇ ਮੁਸ਼ਾਇਰਾ ਸੀ ( ਜੇ ਮੈਨੂੰ ਠੀਕ ਯਾਦ ਏ) ਇਖ਼ਲਾਕ ਅਹਿਮਦ ਦੇਹਲਵੀ ਰੇਡੀਓ ਲਹੌਰ ਦਾ ਡਾਇਰੈਕਟਰ ਸੀ। ਰੀਕਾਰਡਿੰਗ ਤੋਂ ਪਹਿਲਾਂ ਦਰਵੇਸ਼ ਨੂੰ ਵਾਰ ਵਾਰ ਆਖੇ, "ਉਸਤਾਦ ਸਾਹਿਬ, ਜ਼ਰਾ ਹਾਥ ਹਲਕਾ ਰੱਖੇਂ। ਕਹੀਂ ਵਤਨ ਕੇ ਬਾਰੇ ਕੁਝ ਨਾ ਕਹਿ ਦੀਜੀਓ। ਹਮਾਰਾ ਖਿਆਲ ਕੀਜੀਓ।”
ਇੱਕ ਦੋ ਵਾਰ ਦਰਵੇਸ਼ 'ਅੱਛਾ ਜੀ' ਕਹਿ ਕੇ ਚੁੱਪ ਰਹੇ, ਪਰ ਜਦ ਘੜੀ ਮੁੜੀ ਇਖ਼ਲਾਕ ਅਹਿਮਦ ਦੇਹਲਵੀ ਇਹ ਗੱਲ ਕਰੇ ਤਾਂ ਉਹਨਾਂ ਖਿਝ ਕੇ ਆਖਿਆ, “ਓਏ, ਕੀ ਵਤਨ ਦੁਸ਼ਮਣ ਲਾਈ ਹੋਈ ਏ ਤੂੰ ਭਈਆ! ਮੈਂ ਏਸੇ ਧਰਤੀ ਦਾ ਜੰਮਪਲ ਆਂ । ਇਹ ਧਰਤੀ ਮੇਰੀ ਮਾਂ ਏ । ਭਲਾਂ ਕੋਈ ਆਪਣੀ ਮਾਂ ਦਾ ਦੁਸ਼ਮਣ ਵੀ ਹੋ ਸਕਦਾ ਏ ! ਅਸਲ ਵਤਨ ਦੁਸ਼ਮਣ ਤਾਂ ਤੂੰ ਏਂ ਜਿਹੜਾ ਅਜੇ ਤੀਕਰ ਆਪਣੇ ਨਾਂ ਦੇ ਨਾਲ ਦੇਹਲਵੀ ਚੰਬੋੜੀ ਬੈਠਾ ਏਂ । ਭਈਆ! ਤੇਰੇ ਦਿਮਾਗ ਵਿੱਚੋਂ ਦੇਹਲੀ ਨਿੱਕਲਦੀ ਈ ਨਹੀਂ ਪਈ, ਵਤਨ ਦੁਸ਼ਮਣ ਮੈਨੂੰ ਆਖਨਾ ਏਂ ਬੇ-ਸ਼ਰਮਾ।”
ਦਰਵੇਸ਼ ਕੋਲੋਂ ਖਰੀ-ਖਰੀ ਤੇ ਸਾਫ਼ ਝਾੜ ਖਾ ਕੇ ਮੁੜ ਇਖ਼ਲਾਕ ਅਹਿਮਦ ਦੇਹਲ ਵੀ ਉੱਧਰ ਮੂੰਹ ਨਾ ਕੀਤਾ। ਵਾਹ, ਕਿੰਨੀ ਸੁਹਣੀ ਤੇ ਸੱਚੀ ਤਸ਼ਰੀਹ ਸੀ ਵਤਨ ਦੁਸ਼ਮਣੀ ਦੀ ਤੇ ਕਿੰਨਾ ਬੇਨਿਆਜ਼ ਸੀ ਮੇਰਾ ਉਸਤਾਦ! ਏਸ ਜਵਾਬ ਵਜੋਂ ਮੁਸ਼ਾਇਰਾ ਪੜ੍ਹਨ ਤੋਂ ਰੋਕਿਆ
ਵੀ ਜਾ ਸਕਦਾ ਸੀ, ਪਰ ਦਰਵੇਸ਼ ਕੁੱਝ ਪਰਵਾਹ ਨਾ ਕੀਤੀ।
ਇੱਕ ਦਿਨ ਹੁਜਰੇ ਵਿੱਚ ਇੱਕ ਅਮੀਰਾਂ ਦਾ ਪੁੱਤਰ ਆਇਆ। ਗੁਲਬਰਗ ਰਹਿੰਦਾ ਸੀ। ਬਹੁਤ ਸੋਹਣਾ ਤੇ ਮਲੂਕ ਜੇਹਾ ਮੁੰਡਾ ਸੀ । ਉਸ ਲੰਮੀ ਸਾਰੀ ਕਾਰ ਬਾਹਰ ਖਲ੍ਹਾਰੀ ਤੇ ਅੰਦਰ ਆ ਕੇ ਗੁਜ਼ਾਰਸ਼ ਕੀਤੀ: "ਉਸਤਾਦ ਜੀ ਅਸਾਡੇ ਕੁੱਝ ਮਿਲਣ ਵਾਲੇ ਇੰਗਲੈਂਡ ਤੋਂ ਆਏ ਨੇ । ਤੁਹਾਨੂੰ ਸੁਣਨਾ ਚਾਹਦੇ ਨੇ । ਇਹ ਲਓ ਦੋ ਹਜ਼ਾਰ ਰੁਪਏ ਤੇ ਨਾਲ ਚੱਲੋ" ਉਸ ਪੈਸੇ ਦਰਵੇਸ਼ ਦੇ ਹੱਥ ਵਿੱਚ ਦੇ ਦਿੱਤੇ। ਦਰਵੇਸ਼ ਪੈਸੇ ਫੜ ਕੇ ਬੋਝੇ ਵਿੱਚ ਰੱਖ ਲਏ ਤੇ ਆਖਿਆ, "ਤੁਸਾਂ ਜਾਓ ਤੇ ਮੈਂ ਆ ਜਾਨਾਂ ਵਾਂ।"
ਅਮੀਰ ਮੁੰਡਾ ਜ਼ਿੱਦ ਕਰੇ ਕਿ ਨਾਲ ਈ ਲੈ ਕੇ ਜਾਣਾ ਏ । ਬਾਹਰ ਕਾਰ ਖਲੋਤੀ ਏ, ਤੁਸਾਂ ਤਿਆਰ ਹੋ ਜਾਓ।”
ਦਰਵੇਸ਼ ਆਖਿਆ, "ਤੁਸਾਂ ਜਾਓ, ਮੈਂ ਆ ਜਾਸਾਂ ।" ਪਰ ਅਮੀਰ ਮੁੰਡਾ ਜ਼ਿੱਦ ਕਰਕੇ ਬੈਠਾ ਰਿਹਾ। ਕਿਤਾਬਾਂ ਨਾਲ ਹੁਜਰਾ ਭਰਿਆ ਹੋਇਆ ਸੀ। ਮਹਿਕ ਖਿੱਲਰੀ ਹੋਈ ਸੀ। ਕਿਤਾਬਾਂ ਦੀ ਮਹਿਕ ਅਮੀਰ ਮੁੰਡੇ ਨੂੰ ਬੁਰੀ ਲੱਗ ਰਹੀ ਸੀ । ਬੋਲਿਆ, "ਉਸਤਾਦ ਜੀ, ਕਿਤਾਬਾਂ ਵਿੱਚੋਂ ਤੁਹਾਨੂੰ ਬੋ ਨਹੀਂ ਆਂਵਦੀ ?"
ਉਸਤਾਦ ਜੀ ਕੁੱਝ ਨਾ ਬੋਲੇ।
ਅਮੀਰ ਮੁੰਡਾ ਕੁਰਸੀ 'ਤੇ ਅਰਾਮ ਨਾਲ ਨਹੀਂ ਸੀ ਬੈਠ ਰਿਹਾ । ਉਹਨੂੰ ਖੋਰੇ ਖਟਮਲ ਵੱਢਦੇ ਸਨ। ਆਪਣੇ ਪਿੰਡੇ ਉੱਤੇ ਹੱਥ ਫੇਰਦੇ ਹੋਏ ਆਖਿਆ, "ਉਸਤਾਦ ਜੀ, ਤੁਹਾਨੂੰ ਖਟਮਲ ਨਹੀਂ ਵੱਢਦੇ। ਬੜਾ ਗੰਦਾ ਮਹੌਲ ਏ ਏਥੇ। ਛੇਤੀ ਕਰੋ ਨਿੱਕਲ਼ੀਏ ਏਥੋਂ।"
ਅਮੀਰ ਮੁੰਡੇ ਦੀਆਂ ਗੱਲਾਂ ਸੁਣਕੇ ਦਰਵੇਸ਼ ਬੋਝੇ ਵਿੱਚੋਂ ਦੋ ਹਜ਼ਾਰ ਰੁਪਏ ਵਾਪਸ ਪਰਤਾ ਕੇ ਆਖਿਆ, "ਜੇ ਕਿਸੇ ਨੂੰ ਤੇਰੇ ਪੈਸੇ ਤੇ ਤੇਰੀ ਕਾਰ ਦੀ ਲੋੜ ਨਾ ਹੋਵੇ, ਨਾ ਹੀ ਤੇਰੇ ਨਾਲ ਕੋਈ ਲਗਾਉ ਹੋਵੇ, ਫੇਰ ਤੇਰਾ ਕੀ ਮੁੱਲ ਏ ? ਨਿੱਕਲ ਜਾ ਏਥੋਂ, ਮੈਂ ਤਾਂ ਏਥੇ ਈ ਰਹਿਣਾ ਏ।
ਅਮੀਰ ਮੁੰਡਾ ਪੱਚੀ ਹੁੰਦਾ ਨਿੱਕਲ ਗਿਆ ਪਰ ਮੈਂ ਉਸਤਾਦ ਜੀ ਦੀ ਬੇਪਰਵਾਹੀ ਉੱਤੇ ਹੈਰਾਨ ਸਾਂ।
ਆਖਰੀ ਦਿਨਾਂ ਵਿੱਚ ਟੀ. ਵੀ. ਉੱਤੇ ਇੰਟਰਵਿਊ ਹੋਇਆ। ਨਈਮ ਬੁਖ਼ਾਰੀ ਪੁੱਛਿਆ, "ਉਸਤਾਦ ਜੀ, ਤੁਸਾਂ ਸ਼ਾਇਰ ਨਾਂ ਹੁੰਦੇ ਤਾਂ ਕੀ ਹੁੰਦੇ ?”
ਦਰਵੇਸ਼ ਆਖਿਆ, "ਨਾ, ਮੈਂ ਸ਼ਾਇਰ ਕਿਉਂ ਨਾ ਹੁੰਦਾ। ਮੈਂ ਜਦ ਵੀ ਹੁੰਦਾ ਸ਼ਾਇਰ ਈ ਹੁੰਦਾ ।” ਬੜੇ ਇਅਤਮਾਦ ਨਾਲ ਆਖਿਆ, "ਸੁਣੋ! ਕੁਦਰਤ ਦੇ ਕਾਰਖਾਨੇ ਵਿੱਚ ਇੱਕ ਵੇਲੇ ਇੱਕ ਚੀਜ਼ ਈ ਬਣਦੀ ਏ । ਮੁੜਕੇ ਉਹ ਚੀਜ਼ ਨਹੀਂ ਬਣ ਸਕਦੀ।”
ਨਈਮ ਬੁਖ਼ਾਰੀ ਦਾ ਅਗਲਾ ਸਵਾਲ ਸੀ, "ਸੁਣਿਆ ਏ ਲਹੌਰੀਏ ਖਾਂਦੇ ਬਹੁਤ ਨੇ । ਇਹਦੀ ਕੀ ਵਜ੍ਹਾ ਏ ?"
ਦਰਵੇਸ਼ ਆਖਿਆ, "ਨਾ, ਕੋਈ ਨਹੀਂ ਖਾਂਦੇ ।" ਦਰਵੇਸ਼ ਉਸ ਵੇਲੇ ਬੁਖਾਰ ਵਿੱਚ ਸਨ ਤੇ ਤਬੀਅਤ ਉੱਤੇ ਜਬਰ ਕਰਕੇ ਜਵਾਬ ਦੇ ਰਹੇ ਸਨ।
ਨਈਮ ਬੁਖ਼ਾਰੀ ਸਵਾਲ ਕੀਤਾ, "ਉਸਤਾਦ ਜੀ, ਦੁਕਾਨਾਂ ਉੱਤੇ ਖਾਣ ਪੀਣ ਦਾ ਵਾਧੂ ਸਮਾਨ ਭਰਿਆ ਹੁੰਦਾ ਏ। ਤੁਸਾਂ ਕਹਿੰਦੇ ਓ ਖਾਂਦੇ ਕੋਈ ਨਹੀਂ। ਕੀ ਮਤਲਬ ਹੋਇਆ ?
"ਜੇ ਖਾਂਦੇ ਹੋਵਣ ਤਾਂ ਦੁਕਾਨਾਂ ਭਰੀਆਂ ਈ ਰਹਿਣ?" ਦਰਵੇਸ਼ ਹੱਸਦਿਆਂ ਹੋਇਆਂ ਆਖਿਆ। "ਸਾਰਾ ਸ਼ਹਿਰ ਆਲੂ ਛੋਲੇ ਖਾ ਕੇ ਗੁਜ਼ਾਰਾ ਕਰਦਾ ਏ। ਬਹੁਤ ਤੰਗ ਨੇ ਲੋਕ।"
ਏਹੋ ਜੇਹੀਆਂ ਬਹੁਤ ਗੱਲਾਂ ਤੇ ਸਵਾਲ ਜਵਾਬ ਹੋਏ ਜਿਹਨਾਂ ਰਾਹੀਂ ਮੈਨੂੰ ਮਲੂਮ ਹੋਇਆ ਕਿ ਲਹੌਰ ਅੰਦਰੋਂ ਹੋਰ ਤੇ ਬਾਹਰੋਂ ਹੋਰ ਜਾਪਦਾ ਏ । ਦਰਵੇਸ਼ ਦੀ ਬੇਨਿਆਜ਼ੀ ਤੇ ਸਬਰ ਵੀ ਮੈਨੂੰ ਬਹੁਤ ਮੁਤਾਸਰ ਕੀਤਾ।"
ਅਦਬੀ ਤਨਕੀਦੀ ਇਕੱਠਾਂ ਵਿੱਚ ਫੇਰ ਜਾਵਣ ਲੱਗ ਪਿਆ ਸਾਂ । ਤਨਕੀਦ ਲਈ ਮੈਂ ਕੁੱਝ ਹੋਰ ਕਹਾਣੀਆਂ ਵੀ ਪੜ੍ਹੀਆਂ। ਹਰ ਇਕੱਠ ਵਿੱਚ ਸ਼ੌਕ ਤੇ ਰੀਝ ਨਾਲ ਜਾਂਦਾ ਸਾਂ । ਉੱਥੇ ਕੁੱਝ ਦੋਸਤਾਂ ਮੈਨੂੰ ਸਲਾਹ ਦਿੱਤੀ ਕਿ ਤੂੰ ਕੋਈ ਨਾਵਲ ਲਿਖ। ਪੰਜਾਬੀ ਜ਼ੁਬਾਨ ਨੂੰ ਨਾਵਲਾਂ ਦੀ ਬਹੁਤ ਲੋੜ ਏ । ਮੈਂ ਤੇ ਕੀ ਜਾਣਾਂ ਨਾਵਲ ਕਿੰਜ ਲਿਖੀਦਾ ਏ। ਮੈਂ ਨਾਵਲ ਕਿੱਥੇ ਲਿਖ ਸਕਨਾ ਆਂ। ਮੈਂ ਦੋਸਤਾਂ ਦੀ ਗੱਲ ਚਿਰੀਂ ਗੌਲੀ।
ਮੈਂ ਨਾਵਲ ਪੜ੍ਹੇ ਤਾਂ ਬਥੇਰੇ ਸਨ, ਪਰ ਆਪ ਲਿਖਣ ਬਾਰੇ ਕਦੀ ਸੋਚਿਆ ਈ ਨਹੀਂ ਸੀ । ਨਾਵਲ ਲਿਖਣਾ ਕਿਸੇ ਵੱਡੇ ਇਲਮ ਦੇ ਬੰਦੇ ਦਾ ਕੰਮ ਏ। ਇਹ ਈ ਮੇਰੀ ਸੋਚ ਸੀ। ਏਸ ਲਈ ਮੇਰਾ ਖਿਆਲ ਨਾਵਲ ਵੱਲ ਨਾ ਗਿਆ।
ਇੱਕ ਦਿਨ ਹੁਜਰੇ ਵਿੱਚ ਦੁਨੀਆਂ ਦੇ ਅਜ਼ੀਮ ਨਾਵਲਾਂ ਬਾਰੇ ਗੱਲਾਂ ਹੋ ਰਹੀਆਂ ਸਨ । ਇੱਕ ਪ੍ਰੋਫੈਸਰ ਆਇਆ ਹੋਇਆ ਸੀ । ਪ੍ਰੋਫੈਸਰ ਦੁਨੀਆਂ ਦੇ ਵਧੀਆ ਨਾਵਲਾਂ ਦੀਆਂ ਵਧੀਆ ਗੱਲਾਂ ਪਿਆ ਕਰਦਾ ਸੀ । ਖੌਰੇ ਉਸ ਪ੍ਰੌਫੈਸਰ ਦਾ ਕਿੰਨਾ ਕੁ ਮੁਤਾਲਾ ਸੀ । ਦੁਨੀਆਂ ਜਹਾਨ ਦੇ ਨਾਵਲਾਂ ਬਾਰੇ ਬਹੁਤ ਮਾਲੂਮਾਤ ਸੀ ਉਹਦੇ ਕੋਲ।
ਹੁਜਰੇ ਵਾਲਾ ਵੀ ਖੌਰੇ ਸਾਰੇ ਨਾਵਲਾਂ ਬਾਰੇ ਜਾਣਦਾ ਸੀ। ਇੱਕ ਇੱਕ ਨਾਵਲ ਬਾਰੇ ਬੜੇ ਵੇਰਵੇ ਨਾਲ ਗੱਲ ਪਈ ਹੁੰਦੀ । ਸਗੋਂ ਹੁਜਰੇ ਵਾਲ਼ੇ ਪ੍ਰੋਫੈਸਰ ਨਾਲੋਂ ਵੀ ਵੱਧ ਨਾਵਲਾਂ ਬਾਰੇ ਗੱਲਾਂ ਕੀਤੀਆਂ। ਉਹਨਾਂ ਦੋਵਾਂ ਦੀ ਗੱਲਬਾਤ ਦਾ ਸਿੱਟਾ ਇਹ ਨਿੱਕਲਿਆ ਕਿ ਉਰਦੂ ਜ਼ੁਬਾਨ ਵਿੱਚ ਕਿਸੇ ਅਜ਼ੀਮ ਨਾਵਲ ਦੀ ਤਖ਼ਲੀਕ ਨਹੀਂ ਹੋਈ। ਹਾਂ 'ਉਮਰਾਓ ਜਾਨ ਅਦਾ' ਨੂੰ ਅਸਾਂ ਬਹੁਤ ਬਿਹਤਰ ਨਾਵਲ ਕਹਿ ਸਕਨੇ ਆਂ। ਹੋਰ ਕੁੱਝ ਨਹੀਂ।
ਦੋਵੇਂ ਸਿਆਣੇ ਏਸ ਨੁਕਤੇ ਉੱਤੇ ਮੁਤਫਿਕ ਸਨ ਕਿ ਅਜ਼ੀਮ ਤਖ਼ਲੀਕ ਸਿਰਫ਼ ਮਾਦਰੀ ਜ਼ਬਾਨ ਵਿੱਚ ਈ ਹੋ ਸਕਦੀ ਏ, ਕਿਸੇ ਓਪਰੀ ਤੇ ਮੰਗਵੀਂ ਜ਼ੁਬਾਨ ਵਿੱਚ ਨਹੀਂ। ਮੇਰੇ ਲਈ ਇਹ ਗੱਲਬਾਤ ਬਹੁਤ ਖੁਸ਼ੀ ਤੇ ਹੌਂਸਲੇ ਵਾਲੀ ਸੀ । ਨਾਵਲਾਂ ਬਾਰੇ ਗੱਲਾਂ ਸੁਣ ਸੁਣ ਕੇ ਮੈਨੂੰ ਮੇਰਾ ਅੰਦਰਲਾ ਕਹਿ ਰਿਹਾ ਸੀ ਕਿ ਤੂੰ ਨਾਵਲ ਨਹੀਂ ਲਿਖ ਸਕਦਾ।
ਜਦ ਪ੍ਰੋਫੈਸਰ ਚਲਾ ਗਿਆ ਤਾਂ ਮੈਂ ਨਾਵਲ ਬਾਰੇ ਗੱਲ ਕਰਦਿਆਂ ਆਖਿਆ, "ਕੁੱਝ ਦੋਸਤਾਂ ਮੈਨੂੰ ਨਾਵਲ ਲਿਖਣ ਦੀ ਸਲਾਹ ਦਿੱਤੀ ਏ, ਪਰ ਮੈਨੂੰ ਤਾਂ ਲਿਖਣ ਦੀ ਜਾਚ
ਕੋਈ ਨਹੀਂ । ਏਸ ਲਈ ਮੈਂ ਉਹਨਾਂ ਦੀ ਗੱਲ ਉੱਤੇ ਕੋਈ ਧਿਆਨ ਨਹੀਂ ਦਿੱਤਾ।"
"ਜੇ ਤੇਰਾ ਦਿਲ ਕਰਦਾ ਏ ਤਾਂ ਲਿਖ । ਜਾਚ ਵੀ ਆਸੀ । ਤੈਨੂੰ ਨਾਵਲ ਮੈਂ ਪੜ੍ਹਾਏ ਤਾਂ ਬਥੇਰੇ ਨੇ।”
“ਹਾਂ ਜੀ, ਮੈਂ ਨਾਵਲ ਕਾਫ਼ੀ ਪੜ੍ਹ ਲਏ ਨੇ, ਪਰ ਪੜ੍ਹਨਾ ਹੋਰ ਚੀਜ਼ ਏ ਤੇ ਲਿਖਣਾ ਹੋਰ ਚੀਜ਼। ਏਸੇ ਲਈ ਮੈਂ ਨਾਵਲ ਲਿਖਣ ਨੂੰ ਹੱਥ ਨਹੀਂ ਸੀ ਪਾ ਰਿਹਾ। ਮੈਨੂੰ ਇਹ ਕੰਮ ਬਹੁਤ ਭਾਰਾ ਜਾਪਦਾ ਏ ।"
ਬਿਲਕੁਲ ਠੀਕ ਤੂੰ ਆਖਨਾ ਏਂ। ਹੈ ਤਾਂ ਬਹੁਤ ਭਾਰਾ ਕੰਮ। ਲਿਖਣ ਦੀਆਂ ਸਾਰੀਆਂ ਸਿਨਫਾਂ ਵਿੱਚੋਂ ਨਾਵਲ ਮੁਸ਼ਕਲ ਸਿਨਫ਼ ਏ, ਪਰ ਲਿਖਣ ਵਾਲ਼ੇ ਲਿਖ ਲੈਂਦੇ ਨੇ । ਲੋਕ ਪਏ ਲਿਖਦੇ ਨੇ । ਮੇਰਾ ਖਿਆਲ ਏ ਤੂੰ ਗਹੁ ਕਰੇਂ ਤਾਂ ਲਿਖ ਲਵੇਂਗਾ। ਤੂੰ ਲਿਖ । ਅੱਲਾਹ ਦਾ ਨਾਂ ਲੈ ਕੇ ਸ਼ੁਰੂ ਕਰ ਦੇ।”
"ਮੈਂ ਸ਼ੁਰੂ ਕਰ ਦਿਆਂ", ਮੈਂ ਹੈਰਾਨੀ ਨਾਲ ਪੁੱਛਿਆ। "ਤੁਹਾਡੇ ਖ਼ਿਆਲ ਵਿੱਚ ਮੈਂ ਲਿਖ ਲਵਾਂਗਾ ?"
“ਹਾਂ, ਮੇਰਾ ਖਿਆਲ ਏ ਤੂੰ ਨਾਵਲ ਲਿਖ ਸਕਨਾ ਏਂ। ਜੇ ਤਵਜਹ ਕਰੇਂ ਤਾਂ, ਪਰ ਲਿਖੀਂ ਆਪਣੇ ਵਸੇਬ ਤੇ ਰਹਿਤਲ ਵਿੱਚੋਂ। ਕੋਈ ਮਸਨੂਈ ਚੌਕਠਾ ਨਾ ਘੜੀਂ।
ਹੁਜਰੇ ਵਾਲੇ ਵੱਲੋਂ ਹੱਲਾਸ਼ੇਰੀ ਮਿਲੀ ਤਾਂ ਮੈਂ ਨਾਵਲ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪਰ ਨਾਵਲ ਦਾ ਚੌਕਠਾ ਕਿਸੇ ਨਾ ਕਿਸੇ ਨਾਵਲ ਨਾਲ ਜਾ ਮਿਲਦਾ ਸੀ।
ਮੈਂ ਬੜਾ ਪਰੇਸ਼ਾਨ ਹੋਇਆ । ਕੋਈ ਨਵਾਂ ਚੌਕਠਾ ਸੁੱਝਦਾ ਈ ਨਹੀਂ ਸੀ ਪਿਆ। ਕਈ ਮਹੀਨੇ ਇੰਜ ਸੋਚਦਿਆਂ ਈ ਲੰਘ ਗਏ ਸਨ।
ਇੱਕ ਦਿਨ ਫੇਰ ਹੁਜਰੇ ਵਿੱਚ ਹੋਵਣ ਵਾਲੀ ਗੁਫ਼ਤਗੂ ਵਿੱਚੋਂ ਕੁੱਝ ਟੋਟੇ ਮੇਰੇ ਕੰਨਾਂ ਵਿੱਚ ਅੜ ਕੇ ਰਹਿ ਗਏ ਕਿ ਦੁਨੀਆਂ ਦਾ ਬਹੁਤਾ ਅਦਬ ਜਵਾਨੀ ਤੇ ਇਸ਼ਕ ਤੋਂ ਸ਼ੁਰੂ ਹੋ ਕੇ ਸ਼ਾਦੀ ਵਿਆਹ ਯਾ ਮੌਤ ਦੇ ਵਿਛੋੜੇ ਉੱਤੇ ਜਾ ਕੇ ਮੁੱਕ ਜਾਂਦਾ ਏ, ਜਦ ਕਿ ਜਿੰਦਗੀ ਦੀਆਂ ਔਕੜਾਂ ਤਾਂ ਸ਼ਾਦੀ ਵਿਆਹ ਦੇ ਮਗਰੋਂ ਸ਼ੁਰੂ ਹੁੰਦੀਆਂ ਨੇ।
ਇਹ ਈ ਗੱਲ ਮੇਰੇ ਦਿਲ ਨੂੰ ਲੱਗੀ ਸੀ। ਇਹਦੇ ਬਾਰੇ ਈ ਮੈਂ ਸੋਚਣ ਲੱਗ ਪਿਆ। ਮੇਰੀ ਆਪਣੀ ਤਾਈ ਮੈਨੂੰ ਬਹੁਤ ਵੱਡੀ ਔਰਤ ਲੱਗਦੀ ਸੀ, ਜਿਸ ਤਾਏ ਦੇ ਨੱਸ ਜਾਵਣ ਮਗਰੋਂ ਬਾਲਾਂ ਨੂੰ ਪਾਲਿਆ ਪੋਸਿਆ। ਕਦੀ ਕਦੀ ਆਏ ਤਾਏ ਦੀ ਖ਼ਿਦਮਤ ਵੀ ਦਿਲੋਂ ਜਾਨੋਂ ਕਰਦੀ ਰਹਿੰਦੀ ਸੀ।
ਨਾਵਲ ਦਾ 'ਤਾਈ' ਨਾਂ ਰੱਖ ਕੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਕਈ ਸਫੇ ਲਿਖ ਪਾੜੇ ਤੇ ਸੁੱਟੇ, ਪਰ ਕੋਈ ਗੱਲ ਨਹੀਂ ਸੀ ਪਈ ਬਣਦੀ । ਕੋਈ ਚੱਜ ਦਾ ਮੁੱਢ ਈ ਨਹੀਂ ਸੀ ਬੱਝ ਰਿਹਾ। ਆਪਣੀ ਨਾਕਾਮੀ ਕਾਰਨ ਫੇਰ ਕਈ ਦਿਨ ਤੀਕਰ ਬੁਝਿਆ ਬੁਝਿਆ ਰਹਿਣ ਲੱਗ ਪਿਆ। ਟੁਰਦਾ ਫਿਰਦਾ, ਉੱਠਦਾ ਬਹਿੰਦਾ, ਜਾਗਦਾ ਸੁੱਤਾ ਨਾਵਲ ਬਾਰੇ ਈ ਸੋਚਦਾ ਰਹਿੰਦਾ ਸਾਂ, ਪਰ ਹੱਥ ਕੁੱਝ ਨਹੀਂ ਸੀ ਲੱਗ ਰਿਹਾ।
ਉਹਨਾਂ ਦਿਨਾਂ ਵਿੱਚ ਵਾਰਸ਼ ਸ਼ਾਹ ਦੇ ਖਿਲਾਫ਼ ਕਿਸੇ ਕੁੜੀ ਨੇ ਮਜ਼ਮੂਨ ਲਿਖ ਕੇ
ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵਾਰਸ਼ ਸ਼ਾਹ ਅਸਾਡੇ ਸਮਾਜ ਦੀ ਝੋਲੀ ਵਿੱਚ ਖੋਟਾ ਸਿੱਕਾ ਏ। ਉਹਦੇ ਜਵਾਬ ਵਿੱਚ ਬਹੁਤ ਸਾਰੀਆਂ ਅਦੀਬਾਂ ਵਾਰਸ਼ ਸ਼ਾਹ ਦੀ ਹਿਮਾਇਤ ਵਿੱਚ ਲਿਖਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵਾਰਸ਼ ਸ਼ਾਹ ਇਸਲਾਮੀ ਰਹਿਤਲ ਤੇ ਸਮਾਜ ਦੇ ਪੱਲੇ ਉੱਤੇ ਹੀਰਾ ਏ ਜੀਹਦੇ ਉੱਤੇ ਜਿੰਨਾ ਵੀ ਮਾਣ ਕਰੀਏ ਘੱਟ ਏ।
ਕਾਫ਼ੀ ਦਿਨਾਂ ਤੋਂ ਬਹਿਸ ਚੱਲ ਰਹੀ ਸੀ। ਲਿਖਣ ਵਾਲੇ ਦਾ ਸਾਰਾ ਜ਼ੋਰ ਏਸ ਗੱਲ ਉੱਤੇ ਸੀ ਕਿ ਵਾਰਸ ਸ਼ਾਹ ਮੁਸਲਮਾਨ ਰਾਂਝੇ ਨੂੰ ਹਿੰਦੂ ਬਾਲ ਨਾਥ ਦੇ ਕੋਲ ਜੋਗ ਵਾਸਤੇ ਘੱਲ ਕੇ ਆਪਣੀ ਇਸਲਾਮ ਦੁਸ਼ਮਣੀ ਦਾ ਸਬੂਤ ਦਿੱਤਾ ਏ। ਵਾਰਸ਼ ਸ਼ਾਹ ਦੀ ਜ਼ਬਾਨ ਵੀ ਗੈਰ- ਇਸਲਾਮੀ ਏ ਤੇ ਲਿਖਤ ਦਾ ਢੰਗ ਵੀ ਗੈਰ-ਸ਼ਰੱਈ ਏ। ਪਰ ਵਾਰਸ਼ ਸ਼ਾਹ ਦੀ ਹਿਮਾਇਤ ਵਿੱਚ ਲਿਖਣ ਵਾਲ਼ੇ ਲਿਖਦੇ, "ਜਿਸ ਚੀਜ਼ ਨੂੰ ਤੁਸਾਂ ਗੈਰ-ਇਸਲਾਮੀ ਤੇ ਗੈਰ-ਸ਼ਰਈ ਮਿਥਦੇ ਓ, ਇਹ ਈ ਤਾਂ ਹੁਸਨ ਏ, ਸੁਹੱਪਣ ਏ।”
ਉਸਤਾਦ ਜੀ ਵੱਲੋਂ ਮੈਨੂੰ ਹੁਕਮ ਹੋਇਆ,"ਤੂੰ ਵੀ ਕੁੱਝ ਲਿਖ ਸ਼ੇਖੂਪੁਰੀਆ ! ਵਾਰਸ਼ ਸ਼ਾਹ ਉੱਤੇ ਇਲਜ਼ਾਮਾਂ ਦਾ ਜਵਾਬ ਦੇਵਣ ਵਾਲ਼ੇ ਜਜ਼ਬਾਤੀ ਹੋ ਕੇ ਲਿਖ ਰਹੇ ਨੇ। ਅਸਲੀ ਬਹਿਸ ਤਾਂ ਹੋਣੀ ਈ ਹੋਰ ਚਾਹੀਦੀ ਸੀ। ਇਸਲਾਮੀ ਤੇ ਗੈਰ-ਇਸਲਾਮੀ ਵਾਲੀਆਂ ਤੁਹਮਤਾਂ ਨੂੰ ਜ਼ਰਾ ਵੇਰਵੇ ਵਾਲ ਲਿਖਣਾ ਚਾਹੀਦਾ ਏ।"
ਪਰ ਮੈਂ ਤਾਂ ਕਦੇ ਮਜ਼ਮੂਨ ਨਹੀਂ ਲਿਖਿਆ ਨਾ ਈ ਮੈਨੂੰ ਕੋਈ ਸਮਝ ਏ।" "ਇਹ ਲਿਖਣਾ ਪੈਣਾ ਏ। ਪਤਾ ਲੱਗੇ ਕਿ ਤੈਨੂੰ ਵਾਰਸ਼ ਸ਼ਾਹ ਤੇ ਆਪਣੀ ਰਹਿਤਲ ਨਾਲ ਕਿੰਨੀ ਕੁ ਮੁਹੱਬਤ ਏ।"
ਅੱਗੇ ਨਾਵਲ ਦੀ ਸਮਝ ਨਹੀਂ ਸੀ ਆ ਰਹੀ, ਹੁਣ ਮਜ਼ਮੂਨ ਗਲ ਪੈ ਗਿਆ, ਬਕੌਲ ਵਾਰਸ਼ ਸ਼ਾਹ :
ਅਸਾਂ ਜੱਟ ਹਾਂ ਨਾੜੀਆਂ ਕਰਨ ਵਾਲ਼ੇ
ਅਸਾਥੋਂ ਕੱਚਕੜੇ ਕਦੋਂ ਪਰੋਵਣੇ ਨੀ
ਨਾਵਲ ਤਾਂ ਮੈਂ ਕੁੱਝ ਪੜ੍ਹੇ ਹੋਏ ਸਨ, ਪਰ ਮਜ਼ਮੂਨ ਮੈਂ ਕਦੀ ਵੀ ਕੋਈ ਦਿਲੋਂ ਸ਼ੌਂਕ ਨਾਲ ਸੀ ਪੜ੍ਹਿਆ ਤੇ ਨਾ ਈ ਕਦੇ ਕੋਈ ਕਿਸੇ ਮਜ਼ਮੂਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਹੁਜਰੇ ਵਿੱਚੋਂ ਹੁਕਮ ਜ਼ਾਰੀ ਹੋਇਆ ਕਿ "ਤੂੰ ਲਿਖ 'ਐਵੇਂ ਈ ਢੱਗੀ ਢਾਹ ਬੈਠਾ ਏਂ।”
ਮੈਂ ਵਾਹੀ ਵਾਹਣ ਵਾਲਾ ਬੰਦਾ, ਕਹੀ ਦੇ ਨਾਲ ਭੋਏਂ ਫੇਹਣ ਵਾਲ਼ਾ ਕਿੱਥੇ ਆ ਫਸਿਆ ਸਾਂ। ਮੈਂ ਸੋਚਿਆ, ਚੱਲ ਛੱਡ ਦੇ ਮਨਾਂ ਏਸ ਫਿਲਮ ਦੇ ਰੋਗ ਨੂੰ ਈ ਛੱਡ ਦੇ । ਤੂੰ ਕਿਹੜਾ ਅਦੀਬ ਏਂ । ਪਰ ਨਹੀਂ, ਮੇਰਾ ਅੰਦਰਲਾ ਅੱਗੇ ਈ ਅੱਗੇ ਟੁਰਨਾ ਚਾਹਦਾ ਸੀ । ਮੇਰਾ ਅੰਦਰਲਾ ਵੀ ਹੁੱਜਾਂ ਮਾਰਦਾ ਕਿ ਲਿਖ। ਬਹੁਤ ਸੋਚ ਸੋਚ ਕੇ ਪਾਗਲ ਲੱਗਦਾ ਸਾਂ। ਕੀ ਲਿਖਾਂ ? ਸ਼ੁਰੂ ਕਿੱਥੋਂ ਕਰਾਂ ਤੇ ਖ਼ਤਮ ਕਿੱਥਾਂ ਹੋਸੀ ? ਵੱਡਾ ਸਵਾਲ ਤਾਂ ਇਹ ਸੀ ਕਿ ਵਾਰਸ਼ ਸ਼ਾਹ ਉੱਤੇ ਲੱਗੀਆਂ ਤੁਹਮਤਾਂ ਦੇ ਵਿਰੁੱਧ ਲਿਖਾਂ ਕੀ ? ਵਾਰਸ ਸ਼ਾਹ ਪੰਜਾਬੀ ਦਾ ਮਾਣ ਏ । ਪੰਜਾਬੀ ਜ਼ੁਬਾਨ ਦਾ ਵਾਰਸ ਏ, ਸ਼ਾਨ ਏ । ਇਹ ਸਾਰਾ ਕੁੱਝ ਸੱਜਣ ਬੇਲੀ ਲਿਖ ਰਹੇ ਨੇ । ਮੈਂ ਕੀ ਲਿਖਾਂ। ਬਸ ਇਹ ਈ ਸਵਾਲ ਕਿੰਨੇ ਦਿਨ ਮੈਨੂੰ ਪਰੇਸ਼ਾਨ ਕਰਦਾ ਰਿਹਾ।
ਆਖ਼ਰ ਸੋਚ ਸੋਚ ਕੇ ਇੱਕ ਤੁੱਕਾ ਲਾਇਆ ਕਿ ਵਾਰਸ ਸ਼ਾਹ ਮੁਸਲਮਾਨ ਰਾਂਝੇ ਨੂੰ ਜੋਗ ਵਾਸਤੇ ਬਾਲਕ ਨਾਥ ਦੇ ਟਿੱਲੇ ਉੱਤੇ ਘੱਲ ਕੇ ਇਸਲਾਮ ਦੀ ਹਿਮਾਇਤ ਕੀਤੀ ਏ। ਹਿੰਦੂ ਜੋਗੀਆ ਫ਼ਲਸਫੇ ਦੀ ਨਿੰਦਿਆ ਕਰਵਾਈ ਏ ਮੁਸਲਮਾਨ ਫ਼ਕੀਰ ਕੋਲੋਂ।
ਹਿੰਦੂ ਜੋਗੀਆਂ ਫਲਸਫੇ ਵਿੱਚ ਔਰਤ ਕੋਲੋਂ ਦੂਰ ਰਹਿਣਾ ਇੱਕ ਇਬਾਦਤ ਏ। ਜਦੋਂ ਕਿ ਇਸਲਾਮੀ ਫਲਸਫੇ ਵਿੱਚ ਔਰਤ ਦੇ ਨੇੜੇ ਰਹਿਣਾ ਇਬਾਦਤ ਏ। ਵਾਰਸ ਸ਼ਾਹ ਰਾਂਝੇ ਦੇ ਮੂੰਹੋਂ ਹਿੰਦੂ ਜੋਗੀਆ ਫਲਸਫੇ ਦੀ ਖੂਬ ਨਿੰਦਿਆ ਕਰਵਾਈ ਏ। ਆਖ਼ਰ ਔਰਤ ਕੋਲੋਂ ਦੂਰ ਰਹਿਣ ਵਾਲ਼ੇ ਜੋਗੀ ਕੋਲੋਂ ਈ ਹੀਰ ਵਾਸਤੇ ਦੁਆ ਕਰਵਾਈ ਤੇ ਜੋਗ ਵੀ ਲਈ। ਇੰਜ ਵਾਰਸ਼ ਸ਼ਾਹ ਦਾ ਇਹ ਰਵੱਈਆ ਤਾਂ ਸਲਾਹੁਣ ਜੋਗ ਏ । ਅਸਾਨੂੰ ਇਹਨਾਂ ਲੀਹਾਂ ਉੱਤੇ ਈ ਅੱਗੇ ਗੱਲ ਟੋਰਨੀ ਚਾਹੀਦੀ ਏ।
ਏਹੋ ਜੇਹੇ ਮਤਨ ਵਾਲ਼ਾ ਮਜ਼ਮੂਨ ਮੈਂ ਝਕਦਿਆਂ ਹੋਇਆਂ ਹੁਜਰੇ ਆ ਸੁਣਾਇਆ। ਹੁਜਰੇ ਵਾਲਾ ਬਹੁਤ ਖੁਸ਼ ਹੋਇਆ ਤੇ ਸ਼ਾਬਾਸ਼ ਦੇ ਕੇ ਆਖਿਆ, "ਸ਼ੇਖੂਪੁਰੀਆ । ਹੁਣ ਤੂੰ ਕੁੱਝ ਸੋਚਣ ਜੋਗਾ ਹੋ ਗਿਆ ਏਂ। ਇਹ ਮਜ਼ਮੂਨ ਸਾਫ਼ ਕਰਕੇ ਲਿਖ ਲਿਆ ਤਾਂ ਅਖ਼ਬਾਰ ਵਿੱਚ ਘੱਲ ਦਿਆਂਗੇ ।"
ਮੇਰਾ ਹੌਂਸਲਾ ਵਧ ਗਿਆ ਸੀ। ਮੈਂ ਮਜ਼ਮੂਨ ਨੂੰ ਹੋਰ ਸਾਫ਼ ਕਰਕੇ ਲਿਖ ਲਿਆਂਦਾ, ਪਰ ਉਸ ਵੇਲੇ ਤੀਕਰ ਅਖ਼ਬਾਰ ਵਾਲਿਆਂ ਵਾਰਸ ਸ਼ਾਹ ਉੱਤੇ ਚੱਲਦੀ ਬਹਿਸ ਨੂੰ ਮੁਕਾ ਛੱਡਿਆ ਸੀ। ਆਪਣੀ ਮਿਹਨਤ ਦੇ ਜਾਇਆ ਹੋਵਣ ਦਾ ਮੈਨੂੰ ਬਹੁਤ ਦੁੱਖ ਹੋਇਆ। ਪਰ ਹੁਜਰੇ ਵਾਲੇ ਦਾ ਹੁਕਮ ਹੋਇਆ ਕਿ ਮਜ਼ਮੂਨ ਨੂੰ ਤਨਕੀਦੀ ਇਕੱਠ ਵਿੱਚ ਪੜ੍ਹ ਦੇ । ਅਗਲੀ ਵਾਰ ਉਹ ਮਜ਼ਮੂਨ ਮੈਂ ਤਨਕੀਦ ਲਈ ਇਕੱਠ ਵਿੱਚ ਪੜ੍ਹ ਦਿੱਤਾ।
ਮਜ਼ਮੂਨ ਨਾ ਪਸੰਦ ਕੀਤਾ ਗਿਆ। ਮੈਂ ਬੜਾ ਮਾਯੂਸ ਹੋਇਆ ਕਿ ਏਨੀ ਖੇਚਲ ਤੇ ਲਗਨ ਨਾਲ ਲਿਖਿਆ ਮਜ਼ਮੂਨ ਨਾ-ਪਸੰਦ ਕਰਨ ਵਾਲਿਆਂ ਇੱਕ ਪਲ ਵੀ ਨਹੀਂ ਲਾਇਆ। ਮੈਂ ਰੋਵਣਹਾਕਾ ਸਾਂ। ਮੇਰੇ ਅੰਦਰੋਂ ਈ ਅੱਥਰੂ ਕਿਰਦੇ ਸਨ।
ਹੁਜਰੇ ਆ ਕੇ ਸਾਰਾ ਕੁੱਝ ਦੱਸਿਆ। ਮੈਂ ਆਪ ਵੀ ਫਿਸ ਗਿਆ ਸਾਂ। ਮੈਂ ਅੰਦਰੋਂ ਰੋਂਦਾ ਸਾਂ, “ਮੈਂ ਤਾਂ ਪਹਿਲੇ ਈ ਆਖਦਾ ਸਾਂ ਕਿ ਉਸਤਾਦ ਜੀ! ਮੈਨੂੰ ਮਜ਼ਮੂਨ ਲਿਖਣ ਦੀ ਜਾਂਚ ਨਹੀਂ ਸੀ ਪਰ ਤੁਸਾਂ ਮੈਨੂੰ" ਮੈਂ ਅੱਗੇ ਕੁੱਝ ਨਹੀਂ ਬੋਲਿਆ।
ਮੇਰੀ ਹਾਲਤ ਤੇ ਗੁੱਸਾ ਵੇਖ ਕੇ ਉਹਨਾਂ ਆਖਿਆ, "ਓਏ ਝੱਲਿਆ, ਦਿਲ ਨਹੀਂ ਛੱਡੀਦਾ। ਤੇਰਾ ਲਿਖਿਆ ਹੋਇਆ ਮਜ਼ਮੂਨ ਮਾੜਾ ਨਹੀਂ। ਮਜ਼ਮੂਨ ਅਖ਼ਬਾਰੀ ਬਹਿਸ ਦੇ ਪਸ-ਮੰਜ਼ਰ (ਪਿਛੋਕੜ) ਵਿੱਚ ਲਿਖਿਆ ਹੋਇਆ ਸੀ, ਤਨਕੀਦ ਵਾਸਤੇ ਨਹੀਂ ਸੀ।"
ਫੇਰ ਤੁਸਾਂ ਮੈਨੂੰ ਤਨਕੀਦ ਲਈ ਕਿਉਂ ਪੜ੍ਹਵਾਇਆ, "ਮੈਂ ਹੈਰਾਨੀ ਨਾਲ ਸਵਾਲ ਕੀਤਾ।"
"ਸਾਰੀਆਂ ਗੱਲਾਂ ਨਹੀਂ ਪੁੱਛੀਦੀਆਂ”, ਉਸਤਾਦ ਜੀ ਦੇ ਮੂੰਹੋਂ ਏਹੋ ਜੇਹੀ ਗੱਲ ਸੁਣ ਕੇ ਮੈਨੂੰ ਇੱਕ ਲੋਕ ਕਹਾਣੀ 'ਸ਼ੇਰ ਤੇ ਬਿੱਲੀ' ਯਾਦ ਆ ਗਈ। ਉਸ ਕਹਾਣੀ ਵਿੱਚ ਬਿੱਲੀ ਸ਼ੇਰ ਨੂੰ ਜੰਗਲ ਵਿੱਚ ਵਸਣ ਤੇ ਸ਼ਿਕਾਰ ਉੱਤੇ ਝਪਟਣ ਦੇ ਸਾਰੇ ਗੁਰ ਸਿਖਾ ਦਿੰਦੀ ਏ।
ਜਦ ਸ਼ੇਰ ਸਾਰੇ ਗੁਰ ਸਿੱਖ ਲਏ ਤਾਂ ਉਸ ਬਿੱਲੀ ਉੱਤੇ ਉਂਜ ਹੀ ਹਮਲਾ ਕਰ ਦਿੱਤਾ, ਜਿਵੇਂ ਉਹਨੂੰ ਸਿਖਾਇਆ ਹੋਇਆ ਸੀ । ਪਰ ਬਿੱਲੀ ਝੱਟ ਰੁੱਖ ਉੱਤੇ ਚੜ੍ਹ ਜਾਂਦੀ ਏ। ਸ਼ੇਰ ਦਾ ਵਾਰ ਖਾਲੀ ਗਿਆ। ਉਸ ਹੈਰਾਨੀ ਤੇ ਹਰਖ ਵਿੱਚ ਆਖਿਆ, "ਮਾਸੀ, ਤੂੰ ਮੇਰੀ ਉਸਤਾਦ ਸੈਂ, ਫੇਰ ਮੈਨੂੰ ਰੁੱਖ ਉੱਤੇ ਚੜ੍ਹਨਾ ਕਿਉਂ ਨਹੀਂ ਸਿਖਾਇਆ ਤੂੰ ?" ਬਿੱਲੀ ਆਖਿਆ, "ਏਸੇ ਲਈ ਕਿ ਮੈਨੂੰ ਵੀ ਜਾਨ ਦੀ ਲੋੜ ਏ।"
ਪਰ ਏਥੇ ਤਾਂ ਬਿੱਲੀ ਸ਼ੇਰ ਵਾਲੀ ਕੋਈ ਗੱਲ ਨਹੀਂ। ਫੇਰ ਇੰਜ ਕਿਉਂ ਹੋਇਆ? ਮੈਨੂੰ ਚੁੱਪ ਵੇਖ ਕੇ ਉਹਨਾਂ ਆਪ ਈ ਗੱਲ ਟੋਰੀ।
"ਚਰਚਲ ਦੀ ਗੱਲ ਕੋਈ ਨਹੀਂ ਸੁਣਦਾ। ਉਹਨੂੰ ਬੋਲਣ ਨਹੀਂ ਸੀ ਦਿੱਤਾ ਜਾਂਦਾ । ਪਾਰਲੀਮੈਂਟ ਵਿੱਚ ਵੀ ਉਹਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਮਤਲਬ ਇਹ ਕਿ ਕੋਈ ਵੀ ਉਹਨੂੰ ਮੂੰਹ ਨਹੀਂ ਸੀ ਲਾਂਵਦਾ, ਪਰ ਉਸ ਹੌਂਸਲਾ ਨਾ ਛੱਡਿਆ। ਜਿੱਥੇ ਮੌਕਾ ਮਿਲਦਾ, ਬੋਲਦਾ। ਕੋਈ ਵੀ ਸੁਣਨਾ ਨਹੀਂ ਸੀ ਚਾਹਦਾ, ਪਰ ਉਹ ਸੁਣਾਵੰਦਾ ਸੀ। ਫੇਰ ਇੱਕ ਵੇਲ਼ਾ ਉਹ ਵੀ ਆਇਆ, ਜਦ ਲੋਕ ਉਡੀਕਦੇ ਸਨ ਕਿ ਚਰਚਲ ਕੁੱਝ ਬੋਲੇ ਤੇ ਅਸੀਂ ਸੁਣੀਏਂ। ਚਰਚਲ ਲੋਕਾਂ ਦਾ ਹੀਰੋ ਹੋ ਗਿਆ । ਅੱਖਾਂ ਦਾ ਤਾਰਾ ਹੋ ਗਿਆ। ਵੱਡੀ ਜੰਗ ਜਿੱਤ ਕੇ ਉਸ ਕੌਮ ਨੂੰ ਮਾਣਯੋਗ ਬਣਾ ਦਿੱਤਾ ਸੀ।"
ਇਨਸਾਨੀ ਹਿੰਮਤ ਦੀਆਂ ਦੋ ਹੋਰ ਮਿਸਾਲਾਂ ਦੇ ਕੇ ਉਹਨਾਂ ਆਖਿਆ, "ਸ਼ੇਖੂਪੁਰੀਆ! ਲਿਖਦਾ ਰਹੁ। ਬੱਸ ਲਿਖਦਾ ਰਹੁ। ਇੱਕ ਦਿਨ ਆਵੇਗਾ ਕਿ ਤੇਰੀ ਲਿਖਤ ਲੋਕ ਪੜ੍ਹਨਗੇ । ਬੱਸ ਲੱਗਾ ਰਹੁ। ਹਿੰਮਤ ਨਾ ਹਾਰ, ਬੱਸ ਲੱਗਾ ਰਹੁ। ਇਹ ਈ ਮੇਰਾ ਮਸ਼ਵਰਾ
ਵਾਹ! ਮੇਰਾ ਅੰਦਰਲਾ ਖੁਸ਼ ਹੋ ਗਿਆ। ਕਿੰਨੇ ਸੁਹਣੇ ਸੁਭਾਅ ਤੇ ਸੱਚ ਨਾਲ ਉਹਨਾਂ ਮੇਰਾ ਹੌਂਸਲਾ ਵਧਾਇਆ ਸੀ। ਮੈਂ ਸਭ ਉਦਾਸੀਆਂ ਭੁੱਲ ਕੇ ਘਰ ਨੂੰ ਪਰਤਿਆ ਸਾਂ।
ਅਜੇ ਛੇ ਮਹੀਨੇ ਵੀ ਮਾਂ ਨੂੰ ਮਰੇ ਨਹੀਂ ਸਨ ਹੋਏ ਕਿ ਅਸਾਡੇ ਪਿਉ ਨੂੰ ਨਵੇਂ ਵਿਆਹ ਦਾ ਸ਼ੌਕ ਕੁੱਦ ਪਿਆ। ਆਪਣੇ ਭਰਾਵਾਂ ਤੇ ਸਾਕਾਂ ਨੂੰ ਆਖਿਆ, "ਮੇਰਾ ਕਿਧਰੇ ਰਿਸ਼ਤਾ ਕਰਾਓ।" ਐਡੇ ਵੱਡੇ ਟੱਬਰ ਨੂੰ ਭਲਾਂ ਕੌਣ ਰਿਸ਼ਤਾ ਦੇਵੇ, ਪਰ ਪਿਉ ਤਾਂ ਆਪਣੇ ਨੂੰ ਅਜੇ ਵੀ ਜਵਾਨ ਸਮਝਦਾ ਸੀ।
ਸ਼ਰੀਕੇ ਬਰਾਦਰੀ ਵਿੱਚ ਖ਼ੂਬ ਮੌਜੂ ਬਣਿਆਂ। ਅਸਾਂ ਭਰਾਵਾਂ ਆਖਿਆ ਸੀ ਕਿ ਪਿਉ ਤੇਰੀ ਉਮਰ ਨਹੀਂ ਹੁਣ ਇਹਨਾਂ ਕੰਮਾਂ ਵਾਲੀ। ਅਸਾਡੀ ਮੁਖ਼ਾਲਫਤ ਦੀ ਪਿਉ ਕੋਈ ਪਰਵਾਹ ਨਾ ਕੀਤੀ। ਆਖ਼ਰ ਇੱਕ ਔਰਤ ਲੱਭ ਈ ਗਈ, ਜਿਹੜੀ ਆਪਣੇ ਛੇ ਬਾਲ ਛੱਡ ਕੇ ਅਸਾਡੀ ਮਾਂ ਬਣ ਗਈ। ਫੇਰ ਕੀ ਅਸਾਡੀਆਂ ਬੀਵੀਆਂ ਤੇ ਕੀ ਨਵੀਂ ਮਾਂ, ਵਿਹੜੇ ਵਿੱਚ ਮੋਰਚਾ ਬੰਨ੍ਹ ਲਿਆ। ਮਹਾਂਭਾਰਤ ਰੋਜ਼ ਹੋਵਣ ਲੱਗ ਪਈ।
ਅਸਾਂ ਅੱਠਾਂ ਭਰਾਵਾਂ ਵਿੱਚੋਂ ਪੰਜ ਵਿਆਹੇ ਹੋਏ ਸਾਂ । ਪੰਜੇ ਨੂੰਹਾਂ ਇੱਕ ਪਾਸੇ ਤੇ
ਇਕੱਲੀ ਸੱਸ ਇੱਕ ਪਾਸੇ। ਰੋਜ਼ ਜੰਗ ਦੇ ਨਕਾਰੇ (ਨਗਾਰੇ) ਵੱਜਦੇ । ਲੜਾਈ ਝਗੜਾ ਗਾਲ੍ਹ ਮੰਦਾ ਤਾਂ ਆਮ ਹੁੰਦਾ ਸੀ, ਸਗੋਂ ਬੇਇੱਜ਼ਤੀ ਸ਼ਰੇਆਮ ਹੁੰਦੀ ਸੀ।
ਨਵੀਂ ਸੱਸ ਰੁੱਸ ਕੇ ਜਾਵਣ ਦੀ ਧਮਕੀ ਅਸਾਡੇ ਪਿਉ ਨੂੰ ਦੇਵੇ ਤਾਂ ਸ਼ਰਮ ਅਸਾਨੂੰ ਆਵੇ । ਤੰਗ ਆ ਕੇ ਅਸਾਂ ਆਪਣੀਆਂ ਵਹੁਟੀਆਂ ਨੂੰ ਸਖਤੀ ਨਾਲ ਝਿੜਕਣ ਲੱਗ ਪਏ ਸੀ ਏਸ ਵਜਾਹ ਕਰਾਨ ਵਿਹੜੇ ਵਿੱਚ ਤਾਂ ਗੁਜਾਰੇ ਜੋਗਾ ਅਮਨ ਹੋ ਗਿਆ, ਪਰ ਅਸਾਡੇ ਘਰਾਂ ਦੇ ਅੰਦਰ ਜੰਗ ਜਾਰੀ ਹੋ ਗਈ। ਬੜੀ ਮੁਸੀਬਤ ਆ ਗਈ ਅਸਾਡੇ ਉੱਤੇ। ਪਹਿਲੇ ਈ ਕਿਹੜੇ ਸੁਖੀ ਸਾਂ । ਉੱਤੋਂ ਹੋਰ ਦੁੱਖ ਵਧ ਟੁਰੇ ਸਨ । ਘਰ ਦੇ ਸ਼ੋਰ ਬਸੋਰੇ ਕੋਲੋਂ ਨੱਸ ਕੇ ਮੈਂ ਬਹੁਤਾ ਵੇਲਾ ਲਹੌਰ ਵਿੱਚ ਆਵਣ ਲੱਗ ਪਿਆ । ਸਾਈਂ ਅਖ਼ਤਰ ਦੇ ਦਫ਼ਤਰ ਚਲਾ ਜਾਂਦਾ ਸਾਂ । ਆਪਣੇ ਕਾਰਖਾਨੇ ਵਿੱਚੋਂ ਛੁੱਟੀ ਕਰ ਲੈਂਦਾ । ਸਾਈਂ ਮੈਨੂੰ ਸੋਸ਼ਲਿਜ਼ਮ ਤੇ ਕਮਿਉਨਿਜ਼ਮ ਦੀਆਂ ਬਰਕਤਾਂ ਬਾਰੇ ਦੱਸਦਾ। ਮਜ਼ਦੂਰ ਸਾਥੀਆਂ ਨਾਲ ਮਿਲਵਾਂਦਾ। ਨਜ਼ਰਿਆਤੀ ਦੋਸਤਾਂ ਨਾਲ ਮੇਰਾ ਤੁਆਰਫ਼ ਕਰਾਵੰਦਾ । ਪੜ੍ਹਨ ਲਈ ਕੁੱਝ ਨਵਾਂ ਲਿਟਰੇਚਰ ਵੀ ਦਿੰਦਾ, ਪਰ ਮੇਰੇ ਘਰ ਦੀ ਬੇ- ਬਰਕਤੀ ਦਾ ਤੇ ਕਿਧਰੇ ਵੀ ਕੋਈ ਹੱਸ ਨਹੀਂ ਸੀ ਮਿਲ ਰਿਹਾ।
ਸਾਈਂ ਕੋਲੋਂ ਆ ਕੇ ਮੈਂ ਹੁਜਰੇ ਆਣ ਸਲਾਮ ਕਰਦਾ। ਏਥੇ ਇਲਮੀ ਅਦਬੀ ਗੱਲਾਂ ਸੁਣਦਾ ਤਾਂ ਰਾਤ ਨੂੰ ਘਰ ਜਾ ਕੇ ਉਹ ਕੁੱਝ ਸੁਣਦਾ ਜੋ ਕਿਸੇ ਇਲਮ ਵਿੱਚੋਂ ਨਹੀਂ ਮਿਲਦਾ। ਸਾਰਾ ਟੱਬਰ ਭੁੱਖਾ ਨੰਗਾ ਰਹਿ ਲੈਂਦਾ ਸੀ, ਪਰ ਇੱਕ ਦੂਜੇ ਨਾਲ ਬਣਾ ਕੇ ਰੱਖਣਾ ਆਪਣੀ ਤੌਹੀਨ ਸਮਝਦੇ ਸਨ।
ਫੈਕਟਰੀ ਵਿੱਚ ਕੋਈ ਚੰਗਾ ਮਹੌਲ ਨਹੀਂ ਸੀ। ਅਸਾਡੇ ਘਰਾਂ ਵਰਗੇ ਈ ਘਰਾਂ ਵਿੱਚ ਲੋਕ ਆਏ ਹੋਏ ਸਨ। ਉਹ ਵੀ ਇੰਜ ਹੀ ਸਨ ਜਿਵੇਂ ਦੇ ਮੇਰੇ ਘਰ ਵਾਲੇ ਤੇ ਰਿਸ਼ਤੇਦਾਰ ਸੱਜਣ । ਇੱਕ ਦਿਨ ਪੇਸ਼ੀ ਵੇਲੇ ਮੈਂ ਹੁਜਰੇ ਆ ਗਿਆ। ਮੇਰਾ ਖਿਆਲ ਸੀ ਅੱਜ ਕੁੱਝ ਨਾਵਲ ਬਾਰੇ ਗੱਲਾਂ ਕਰਾਂਗਾ ਜੀਹਨੂੰ ਮੈਂ ਸ਼ੁਰੂ ਕਰ ਲਿਆ ਸੀ । ਦੋ ਤਿੰਨ ਬਾਬ (ਕਾਂਢ) ਲਿਖ ਪਏ ਸਨ। ਆਪਣੇ ਪੜ੍ਹੇ ਬਾਬ ਲਿਖਕੇ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਲਿਖਤ ਨਾਵਲ ਦਾ ਹਿੱਸਾ ਯਾ ਬਾਬ ਵੀ ਬਣ ਸਕਦੀ ਏ। ਏਸੇ ਲਈ ਮੈਂ ਫੈਕਟਰੀ ਵਿੱਚੋਂ ਛੁੱਟੀ ਕੀਤੀ ਤੇ ਹੁਜਰੇ ਆ ਸਾਹ ਲਿਆ।
ਏਥੇ ਅੱਗੇ ਈ ਹੁਜਰੇ ਵਾਲਾ ਕਿਧਰੇ ਜਾਵਣ ਦੀ ਤਿਆਰੀ ਵਿੱਚ ਜਾਪਦਾ ਸੀ। ਮੈਨੂੰ ਵੇਖ ਕੇ ਬੋਲੇ, "ਚੰਗਾ ਕੀਤਾ ਈ ਤੂੰ ਆ ਗਿਆ ਏਂ। ਚੱਲ ਜ਼ਰਾ ਬਾਦਸ਼ਾਹੀ ਮਸੀਤ ਤੀਕਰ ਚੱਲੀਏ।" ਉਹ ਬੈਠੇ ਹੋਏ ਸਨ । ਝੱਟ ਜਾਵਣ ਲਈ ਉੱਠ ਖੜ੍ਹੇ ਹੋਏ।
ਮੈਂ ਸੋਚਿਆ, ਬਾਦਸ਼ਾਹੀ ਮਸੀਤ ਵਿੱਚ ਇਹਨਾਂ ਨੂੰ ਵੀ ਕੰਮ ਹੋ ਗਿਆ ਏ । ਇੱਕ ਖਿਆਲ ਆਇਆ, ਹੋ ਸਕਦਾ ਏ, ਆਪਣੇ ਪੁਰਾਣੇ ਠਿਕਾਣੇ ਨੂੰ ਵੇਖਣਾ ਚਾਹਦੇ ਹੋਵਣ ਯਾ ਖੌਰੇ ਕੁੱਝ ਹੋਰ ਖਿਆਲ ਹੋਵੇ। ਬਾਦਸ਼ਾਹੀ ਮਸੀਤ ਦਾ ਮੌਲਵੀ ਵੀ ਏਥੇ ਆਂਵਦਾ ਰਹਿੰਦਾ ਏ। ਉਹਨਾਂ ਨਾਲ ਕੋਈ ਗੱਪ ਦਾ ਇਰਾਦਾ ਹੋਵੇ। ਮੈਂ ਅਜੇ ਸੋਚ ਈ ਰਿਹਾ ਸਾਂ ਕਿ ਫੇਰ ਬਹਿ ਗਏ। ਮੈਨੂੰ ਆਖਿਆ, "ਜਾ ਯਾਰ ਤੂੰ ਈ ਜਾ ਕੇ ਉਸ ਮੁੰਡੇ ਨੂੰ ਬੁਲਾ ਲਿਆ।"
"ਕਿਹੜਾ ਮੁੰਡਾ", ਮੈਂ ਹੈਰਾਨ ਸਾਂ, ਐਸਾ ਕੌਣ ਜੰਮ ਪਿਆ ਏ ਜੀਹਨੂੰ ਮਿਲਣ
ਲਈ ਆਪ ਉੱਠ ਖਲੋਤੇ ਸਨ।
“ਯਾਰ ਤੂੰ ਜਾ, ਉੱਥੇ ਨਸੀਰ ਨਾਂ ਦਾ ਮੁੰਡਾ ਪੜ੍ਹਦਾ ਹੋਵੇਗਾ। ਮਸੀਤ ਦੇ ਬਰਾਮਦੇ ਵਿੱਚ। ਗੋਰਾ ਚਿੱਟਾ ਤੇ ਸੁਹਣੇ ਸੁਹਣੇ ਨੈਣ-ਨਕਸ਼ ਹੋਵਣਗੇ ਉਹਦੇ।"
"ਅੱਛਾ ਜੀ", ਮੈਂ ਮਨ ਵਿੱਚ ਮਰਕੂਇਆ। ਮੈਂ ਜਾਵਣ ਲੱਗਾ ਤਾਂ ਨਾਲ ਈ ਉੱਠ ਕੇ ਟੁਰ ਪਏ।
"ਚੱਲ ਯਾਰ, ਮੈਂ ਵੀ ਚਲਨਾ ਵਾਂ ਤੇਰੇ ਨਾਲ" ਏਨੀ ਖਿੱਚ ਮੁੰਡੇ ਦੀ ! ਮੈਂ ਬਸ ਦਿਲ ਈ ਦਿਲ ਵਿੱਚ ਸੋਚਿਆ। ਪਿਛਲੀ ਉਮਰੇ ਉਸਤਾਦ ਨੂੰ ਕੀ ਹੋ ਗਿਆ ਏ। ਮੈਂ ਪਹਿਲੀ ਵਾਰ ਹੁਜਰੇ ਵਾਲੇ ਦਰਵੇਸ਼ ਬਾਰੇ ਮੰਦਾ ਸੋਚਿਆ ਸੀ। ਮੈਨੂੰ ਏਨੀ ਭੈੜੀ ਸੋਚ 'ਤੇ ਸ਼ਰਮ ਵੀ ਆਈ, ਪਰ ਕੁੱਝ ਹੋਰ ਸੋਚ ਆ ਵੀ ਤਾਂ ਨੀਂ ਸੀ ਰਹੀ।
"ਮਸੀਤ ਦੇ ਬਰਾਮਦਿਆਂ ਵਿੱਚ ਟੋਲੀਆਂ ਦੀਆਂ ਟੋਲੀਆਂ ਮੁੰਡੇ ਬੈਠੇ ਪੜ੍ਹ ਰਹੇ ਸਨ। ਇੱਕ ਟੋਲੀ ਵਿੱਚ ਇਸ਼ਾਰਾ ਕਰ ਕੇ ਆਖਿਆ, “ਔਹ ਵੇਖ, ਨੀਲੀ ਕਮੀਜ਼ ਵਾਲਾ ਬੈਠਾ ਹੋਇਆ ਈ ਨਸੀਰਾ । ਉਹਨੂੰ ਬੁਲਾ ਲਿਆ ।" ਨਸੀਰਾ ਕਹਿਣ ਵੇਲ਼ੇ ਉਹਨਾਂ ਦੇ ਚਿਹਰੇ ਉੱਤੇ ਮੁਸਰਤ ਦੀ ਲਹਿਰ ਸੀ।
ਮੈਂ ਨਸੀਰ ਨੂੰ ਬੁਲਾਵਣ ਲਈ ਟੁਰਿਆ ਤਾਂ ਆਪ ਵੀ ਮੇਰੇ ਮਗਰ ਈ ਟੁਰ ਆਏ। ਉਹਨਾਂ ਮੇਰੇ ਬੋਲਣ ਤੋਂ ਪਹਿਲਾਂ ਈ ਮੁੰਡਿਆਂ ਨੂੰ ਪੁੱਛਿਆ, “ਓਏ ਬੱਚਿਓ ਪੁੱਤਰੋ, ਕੱਲ੍ਹ ਏਥੇ ਮੈਂ ਇੱਕ ਕਿਤਾਬ ਭੁੱਲ ਗਿਆਂ ਵਾਂ, 'ਡਾਏਲਾਗ ਆਫ਼ ਪਲਾਟੋ ।' ਤੁਸਾਂ ਵਿੱਚੋਂ ਕਿਸੇ ਚੁੱਕੀ ਹੋਏ ਤਾਂ ਦਿਓ ।"
ਪੜ੍ਹਾਕੂਆਂ ਇਨਕਾਰ ਕਰਦਿਆਂ ਆਖਿਆ, "ਬਜ਼ੁਰਗੋ ! ਅਸਾਡੇ ਵਿੱਚੋਂ ਤਾਂ ਕਿਸੇ ਨਹੀਂ ਵੇਖੀ। ਇੱਕ ਦੋ ਮੁੰਡੇ ਅਜੇ ਨਹੀਂ ਆਏ, ਪੁੱਛਕੇ ਦੱਸਾਂਗੇ।"
"ਜਿਉਂਦੇ ਰਹੋ, ਜਿਉਂਦੇ ਰਹੋ", ਦੁਆ ਦੇ ਕੇ ਉਹਨਾਂ ਨਸੀਰ ਵੱਲ ਇਸ਼ਾਰਾ ਕਰਕੇ ਪੁੱਛਿਆ, "ਕਾਕਾ, ਤੇਰਾ ਨਾਂ ਨਸੀਰ ਅਹਿਮਦ ਏ।"
ਨਸੀਰ ਹੈਰਾਨੀ ਨਾਲ ਵੇਖਿਆ, ਹਾਂ ਵਿੱਚ ਸਿਰ ਹਿਲਾਇਆ। ਫੇਰ ਸਵਾਲ ਕੀਤਾ, ਫਲਾਣੇ ਦਾ ਪੁੱਤਰ ਏਂ। ਜਵਾਬ ਹਾਂ ਵਿੱਚ ਸੀ। "ਮੋਹਣੀ ਰੋਡ ਉੱਤੇ ਰਹਿੰਦੇ ਓ?" ਇਹਦਾ ਜਵਾਬ ਵੀ ਹਾਂ ਵਿੱਚ ਸੀ । ਪਰ ਧੋਬੀ ਵਾਲੀ ਗੱਲ ਉਹਨੂੰ ਪਸੰਦ ਨਾ ਆਈ ਮਲੂਮ ਹੁੰਦੀ ਸੀ । ਮੁੰਡਿਆਂ ਵਿੱਚ ਖੌਰੇ ਉਹਨੇ ਆਪਣੀ ਜਾਤ ਲੁਕਾਈ ਹੋਵੇ । ਏਸ ਲਈ ਉਹਦੇ ਚਿਹਰੇ ਉੱਤੇ ਕੁੱਝ ਚੰਗੀ ਲਹਿਰ ਨਹੀਂ ਸੀ ਆਈ।
ਸਾਰੇ ਜਵਾਬ ਹਾਂ ਵਿੱਚ ਮਿਲਣ ਨਾਲ ਹੁਜਰੇ ਵਾਲਾ ਖੁਸ਼ ਜਾਪਦਾ ਸੀ। ਫੇਰ ਖੁਸ਼ ਖੁਸ਼ ਈ ਵਾਪਸ ਹੁਜਰੇ ਆਏ । ਮੈਂ ਸੋਚਦਾ ਪਿਆ ਸਾਂ ਕਿ ਬੁਲਾਵਣ ਬੜੇ ਸ਼ੌਕ ਨਾਲ ਗਏ ਸਨ, ਬੜੇ ਚਾਅ ਨਾਲ ਪਰਤ ਆਏ ਸਿਰਫ ਕੁੱਝ ਸਵਾਲ ਕਰਕੇ ਈ। ਕਿਤਾਬ ਵਾਲਾ ਕੀ ਚੱਕਰ ਹੋਇਆ। ਕਿਤਾਬ ਦੀ ਭਾਲ ਵਿੱਚ ਗਏ ਸਾਂ ਕਿ ਮੁੰਡੇ ਦੇ ਦਰਸ਼ਨ ਲਈ। ਅਜੇ ਮੈਂ ਗਵੇੜ ਈ ਲਾ ਰਿਹਾਂ ਸਾਂ ਕਿ ਬੋਲੇ, "ਸ਼ੇਖੂਪੁਰੀਆ। ਕੈਸਾ ਮੁੰਡਾ ਸੀ ?"
"ਬਹੁਤ ਖੂਬਸੂਰਤ ਤੇ ਨਾਜ਼ੁਕ ਮਲੂਕ", ਮੈਂ ਮੁਸਕਰਾ ਕੇ ਆਖਿਆ।
ਮੇਰੇ ਏਸ ਢੰਗ ਨਾਲ ਬੋਲਣ ਤੇ ਮੁਸਕਰਾਵਣ ਉੱਤੇ ਉਹ ਵੀ ਮੁਸਕਰਾਏ ਤੇ ਆਖਿਆ, "ਟਿਚਕਰ ਤੋਂ ਹੱਥ ਹੌਲਾ ਰੱਖ ਸ਼ੇਖੂਪੁਰੀਆ! ਜਾ ਉੱਥੋਂ ਦੋ ਚਾਹਵਾਂ ਫੜ ਲਿਆ। ਪੀ, ਤੈਨੂੰ ਕੁੱਝ ਹੋਸ਼ ਆਵੇ।"
ਮੈਂ ਚਾਹ ਲੈ ਆਇਆ। ਚਾਹ ਗਲਾਸ ਵਾਲੀ ਪਸੰਦ ਕਰਦੇ ਸਨ । ਚਾਹ ਪੀਵਣ ਵੇਲੇ ਉਹਨਾਂ ਕਿਤਾਬ ਬਾਰੇ ਗੱਲ ਛੇੜ ਦਿੱਤੀ। ਮੈਂ ਮੁੰਡੇ ਬਾਰੇ ਕੁੱਝ ਜਾਨਣਾ ਚਾਹਦਾ ਸਾਂ ਪਰ ਉਹ ਗੱਲ ਵਲਾ ਰਹੇ ਸਨ । ਕਿਤਾਬ ਦੀ ਤਾਰੀਫ ਵਿੱਚ ਬੋਲ ਰਹੇ ਸਨ। ਮੈਂ ਵੀ ਦਿਲਚਸਪੀ ਨਾਲ ਸੁਣਨ ਲੱਗ ਪਿਆ। ਮੈਂ ਅਜੇ ਉਹ ਕਿਤਾਬ (ਮੁਕਾਲਮਾਤ ਅਫ਼ਲਾਤੂਨ) ਨਹੀਂ ਸੀ ਪੜ੍ਹੀ ਹੋਈ। ਕਿਤਾਬ ਦੇ ਮਵਾਦ ਬਾਰੇ ਸੁਣ ਕੇ ਮੇਰੇ ਅੰਦਰ ਕਿਤਾਬ ਪੜ੍ਹਨ ਦੀ ਇੱਛਾ ਹੋਈ ਸੀ।
ਉਸ ਦਿਨ ਮੈਂ ਨਾਵਲ ਦੇ ਬਾਬ ਬਾਰੇ ਗੱਲ ਕਰਨੀ ਸੀ ਪਰ ਕਰ ਨਾ ਸਕਿਆ। ਸ਼ਾਮ ਨੂੰ ਵਾਪਸ ਪਰਤ ਆਇਆ।
ਲਹੌਰ ਦੇ ਇੱਕ ਹੋਟਲ ਵਿੱਚ ਸੋਸ਼ਲਿਸ਼ਟਾਂ ਦਾ ਕਨਵੈਨਸ਼ਨ ਸੀ। ਮੈਂ ਉੱਥੇ ਗਿਆ। ਸਾਈਂ ਬੁਲਾਇਆ ਹੋਇਆ ਸੀ। ਉੱਥੇ ਮੈਥੋਂ ਇੱਕ ਨਜ਼ਮ ਵੀ ਪੜ੍ਹਾਈ ਗਈ ਸੀ। ਕਨਵੈਨਸ਼ਨ ਮਗਰੋਂ ਸਾਈਂ ਦੇ ਦਫ਼ਤਰ ਆ ਕੇ ਮੈਂ ਨਾਵਲ ਬਾਰੇ ਗੱਲ ਛੇੜੀ।
ਸਾਈਂ ਭਾਵੇਂ ਸ਼ਾਇਰ ਸੀ, ਪਰ ਉਸ ਮੈਨੂੰ ਸਿਆਸੀ ਸੂਰਤ ਹਾਲ ਬਾਰੇ ਬਹੁਤ ਕੁੱਝ ਦੱਸਿਆ। ਨਾਵਲ ਦਾ ਪਹਿਲਾ ਬਾਬ ਪੜ੍ਹ ਕੇ ਮੈਂ ਉਹਨੂੰ ਸੁਣਾਇਆ ਤਾਂ ਉਸ ਮਸ਼ਵਰਾ ਦਿੱਤਾ ਤਨਕੀਦੀ ਇਕੱਠ ਵਿੱਚ ਪੜ੍ਹਨਾ ਚਾਹੀਦਾ ਏ।
ਤਨਕੀਦੀ ਇਕੱਠ ਵਿੱਚ ਪੜ੍ਹਨ ਤੋਂ ਪਹਿਲਾਂ ਮੈਂ ਹੁਜਰੇ ਵਿੱਚ ਸੁਣਾਣਾ ਚਾਹਦਾ ਸਾਂ । ਏਸ ਮਕਸਦ ਲਈ ਹੁਜਰੇ ਆਂਵਦਾ ਸਾਂ ਪਰ ਏਥੇ ਮੌਕਾ ਈ ਨਾ ਮਿਲਦਾ। ਕੋਈ ਹੋਰ ਈ ਰੁਕਾਵਟ ਪੈ ਜਾਂਦੀ ਸੀ, ਕੋਈ ਗੱਲ ਛਿੜੀ ਹੁੰਦੀ ਸੀ ।
ਇੱਕ ਦਿਨ ਏਸ ਮਕਸਦ ਲਈ ਆਇਆ ਤਾਂ ਫਿਲਮੀ ਸ਼ਾਇਰ ਬੈਠਾ ਹੋਇਆ ਸੀ। ਦੋਵੇਂ ਚਹਿਰ ਰਹੇ ਸਨ। ਹੱਸ ਰਹੇ ਸਨ। ਉਹਨਾਂ ਦੀਆਂ ਗੱਲਾਂ ਬੀਤੇ ਸਮਿਆਂ ਬਾਰੇ ਹੁੰਦੀਆਂ ਉਸਤਾਦ ਦੇ ਮਾਮੇ ਤੀਕਰ ਅੱਪੜ ਗਈਆਂ । ਉਸਤਾਦ ਜੀ ਹੱਸ ਰਹੇ ਸਨ।
“ਮੇਰੀ ਭੈਣ ਦਾ ਵਿਆਹ ਸੀ । ਮੇਰਾ ਸਕਾ ਮਾਮਾ ਆਪਣੇ ਪੁੱਤਰ ਦੀ ਜੰਜ ਲੈ ਕੇ ਆਇਆ। ਅਸਾਂ ਘਰੋਂ ਗਰੀਬ ਸਾਂ । ਮੈਂ ਅਜੇ ਕੁੱਝ ਕਮਾਂਦਾ ਨਹੀਂ ਸੀ । ਜੰਜ ਵਾਸਤੇ ਦੋ ਦੇਗਾਂ ਪਕਾਈਆਂ ਸਨ । ਜੰਜ ਨੂੰ ਬਿਠਾ ਕੇ ਪਾਣੀ ਧਾਣੀ ਕਰਵਾਇਆ। ਰੋਟੀ ਖੁਆਈ । ਜਦ ਭੈਣ ਦਾ ਨਿਕਾਹ ਹੋ ਗਿਆ, ਲੋਕ ਤੇ ਅੰਗ ਸਾਕ ਜਿਹੜੇ ਆਏ ਸਨ, ਮਾਮੇ ਨੂੰ ਮੁਬਾਰਕਬਾਦ ਦਿੰਦੇ ਤਾਂ ਮਾਮਾ ਜਵਾਬ ਵਿੱਚ ਆਖਦਾ, "ਖੈਰ ਮੁਬਾਰਕ, ਬੜਾ ਖੁਸ਼ ਆਂ। ਅੱਗੇ ਪਿੱਛੇ ਆਪ ਈ ਆਂ।"
ਮੈਨੂੰ ਕੁੱਝ ਸਮਝ ਨਾ ਆਵੇ ਕਿ, "ਅੱਗੇ ਪਿੱਛੇ ਆਪ ਈ ਆਂ' ਕੀ ਹੋਇਆ। ਪਹਿਲੇ ਤਾਂ ਮੈਂ ਸੋਚਿਆ, ਮਾਮਾ ਜੁ ਏ । ਦੋਵੇਂ ਘਰ ਇਹਦੇ ਈ ਹੋਏ, ਪਰ ਮਾਮਾ ਜਦ ਹਰ ਇੱਕ
ਨਾਲ ਇੰਜ ਈ ਗੱਲ ਕਰਦਾ, ਤਾਂ ਮੈਨੂੰ ਕੁੱਝ ਫਿਕਰ ਹੋਈ। ਮੈਂ ਪਿਉ ਕੋਲੋਂ ਪੁੱਛਿਆ ਕਿ ਮਾਮਾ ਕੀ ਕਹਿੰਦਾ ਏ, 'ਅੱਗੇ ਪਿੱਛੇ ਆਪ ਈ ਆਂ। ਇਹਦਾ ਕੀ ਮਤਲਬ ਏ।
ਮੇਰੇ ਪੁੱਛਣ ਉੱਤੇ ਪਿਉ ਮੈਨੂੰ ਚੰਡ ਮਾਰ ਕੇ ਆਖਿਆ, "ਵੱਡਿਆਂ ਦੀਆਂ ਗੱਲਾਂ ਵਿੱਚ ਬੋਲਣ ਲਈ ਕੁੱਝ ਪੱਲੇ ਹੋਣਾ ਚਾਹੀਦਾ ਏ।" ਮੇਰੀ ਸਾਰੀ ਹਯਾਤੀ ਵਿੱਚ ਇਹ ਈ ਇੱਕ ਚੰਡ ਵੱਜੀ ਸੀ ਆਪਣੇ ਪਿਉ ਕੋਲੋਂ। ਪਿਉ ਤਾਂ ਮੈਨੂੰ ਬਹੁਤ ਲਾਡਲਾ ਰੱਖਿਆ ਹੋਇਆ ਸੀ।
ਮੇਰਾ ਪਿਉ ਬਿਲਕੁਲ ਸਾਉ ਗਾਂ ਸੀ। ਸਿਰ ਨਾ ਚੁੱਕਣ ਵਾਲਾ। ਪਰ ਪਿਉ ਦੀ ਇੱਕ ਚੰਡ ਨਾਲ ਮੈਨੂੰ ਸਾਰੀ ਸਮਝ ਆ ਗਈ ਕਿ ਮਾਮਾ ਕੀ ਆਖਦਾ ਏ। ਇਹ ਸਾਰੀ ਗੱਲ ਮੈਨੂੰ ਭੁੱਲੀ ਨਾ । ਕੁੱਝ ਵਰ੍ਹਿਆਂ ਮਗਰੋਂ ਮੇਰੇ ਹੱਥ ਪੈਸੇ ਆਏ ਤਾਂ ਮੈਂ ਮਾਂ ਨੂੰ ਲਿਜਾ ਕੇ ਮਾਮੇ ਦੇ ਸਾਹਮਣੇ ਤਿੱਗਣੇ ਪੈਸੇ ਰੱਖ ਦਿੱਤੇ । ਮਾਮੇ ਪੈਸੇ ਚੁੱਕਣ ਵੇਲ਼ੇ ਬੜੇ ਗੌਰ ਨਾਲ ਵੇਖਿਆ ਸੀ ਮੇਰੇ ਵੱਲ। ਮੇਰੇ ਕਹਿਣ ਦਾ ਮਤਲਬ ਏਸ ਸਮਾਜ ਵਿੱਚ ਰਿਸ਼ਤੇ ਵੀ ਪੈਸੇ ਨਾਲ ਤੁਲਦੇ ਨੇ । ਏਸੇ ਲਈ ਮੈਂ ਤੈਨੂੰ ਆਖਾਂਗਾ ਕਿ ਪੈਸਾ ਸੰਭਾਲ ਕੇ ਰੱਖ । ਬਾਲਾਂ ਨੂੰ ਕੋਈ ਤਾਲੀਮ ਸਿਖਾ । ਫਿਲਮੀ ਸ਼ਾਇਰ ਨੂੰ ਉਹਨਾਂ ਮੱਤ ਦਿੱਤੀ ਸੀ । ਫੇਰ ਆਖਿਆ, "ਸ਼ਰਾਬ ਘੱਟ ਕਰ ਦੇ। ਸਗੋਂ ਪੀਣੀ ਈ ਛੱਡ ਦੇ। ਮੈਨੂੰ ਵੀ ਡਾਕਟਰਾਂ ਮਨਾਂਹ ਕਰ ਦਿੱਤਾ ਏ। ਉਹ ਨਾ ਹੋਵੇ ਤੇਰੀ ਇਹ ਨੌਬਤ ਆ ਜਾਵੇ ਕਿ ਡਾਕਟਰ ਈ ਬੰਦ ਕਰਾਵਣ।”
ਫਿਲਮੀ ਸ਼ਾਇਰ ਅੱਗੋਂ ਨਿੰਮੋਝੂਣਾ ਹੋ ਕੇ ਬੋਲਿਆ, "ਏਸ ਲਈ ਤਾਂ ਮੈਂ ਏਥੇ ਆਇਆ ਸਾਂ। ਸ਼ਹਿਰ ਵਿੱਚੋਂ ਸ਼ਰਾਬ ਕਿਧਰੇ ਨਹੀਂ ਮਿਲਦੀ। ਮਾਰਸ਼ਲ ਲਾਅ ਤਾਂ ਹਰ ਸ਼ੈਅ ਈ ਬੰਦ ਕਰ ਛੱਡੀ ਏ। ਇੱਕ ਵਾਰ ਮਿਲ ਜਾਵੇ ਫੇਰ ਛੱਡ ਦਿਆਂਗਾ ਉਸਤਾਦ ਜੀ।”
ਸ਼ਰਾਬ ਦੀ ਗੱਲ ਸ਼ੁਰੂ ਤਾਂ ਵਲਾਇਤੀ ਤੋਂ ਹੋਈ ਸੀ ਪਰ ਮੁੱਕੀ ਆ ਕੇ ਦੇਸੀ ਉੱਤੇ। ਕਿਉਂ ਜੁ ਵਲਾਇਤੀ ਤੇ ਆਅਲਾ ਸ਼ਰਾਬ ਚੋਰੀ ਤੇ ਬੜੀ ਈ ਰਾਜ਼ਦਾਰੀ ਨਾਲ ਮਹਿੰਗੀ ਮਿਲਦੀ ਸੀ ਜੋ ਫਿਲਮੀ ਸ਼ਾਇਰ ਨਹੀਂ ਸੀ ਲੈ ਸਕਦਾ । ਦੇਸੀ ਸ਼ਰਾਬ ਵਾਸਤੇ ਮੈਨੂੰ ਆਖਿਆ ਗਿਆ ਕਿ ਪਿੰਡੋਂ ਮੈਂ ਸ਼ਰਾਬ ਦੀ ਇੱਕ ਬੋਤਲ ਫਿਲਮੀ ਸ਼ਾਇਰ ਨੂੰ ਲਿਆ ਦੇਵਾਂ।
ਫਿਲਮੀ ਸ਼ਾਇਰ ਸ਼ਰਾਬ ਵਾਸਤੇ ਮੈਨੂੰ ਇੰਜ ਆਖਿਆ ਜਿਵੇਂ ਮੈਂ ਸ਼ਰਾਬ ਦਾ ਈ ਕਾਰੋਬਾਰ ਕਰਨਾ ਵਾਂ। ਜਦ ਮੈਂ ਇਨਕਾਰ ਕੀਤਾ, ਆਖਿਆ, "ਮੈਂ ਸ਼ਰਾਬ ਪੀਂਦਾ ਈ ਨਹੀਂ। ਹਰਾਮ, ਹਲਾਲ ਕਾਰਨ ਨਹੀਂ, ਬੱਸ ਪੀਂਦਾ ਈ ਨਹੀਂ ਤੇ ਨਾ ਈ ਮੈਨੂੰ ਮਲੂਮ ਹੈ ਕਿ ਕਿੱਥੇ ਕਿੱਥੇ ਸ਼ਰਾਬ ਹੁੰਦੀ ਹੈ ਤੇ ਕਿਵੇਂ ਬਣਦੀ ਏ।"
ਪਰ ਫਿਲਮੀ ਸ਼ਾਇਰ ਤਰਲਿਆਂ ਉੱਤੇ ਆ ਗਿਆ। "ਉਸਤਾਦ ਭਰਾ ਏਂ, ਮੇਰੀ ਮਦਦ ਕਰ। ਮੈਂ ਸ਼ਰਾਬ ਦੇ ਬਿਨਾਂ ਮਰ ਜਾਵਾਂਗਾ।” ਪਰ ਮੈਂ ਕੀ ਕਰ ਸਕਦਾ ਸਾਂ । ਮਾਰਸ਼ਲ ਲਾਅ ਦੌਰ ਵਿੱਚ ਜੇ ਨਹੀਂ ਕੁੱਝ ਮਿਲਦਾ ਤਾਂ ਬੰਦਾ ਸਬਰ ਕਰੋ। ਕੀ ਹੋ ਸਕਦਾ ਏ।
ਫਿਲਮੀ ਸ਼ਾਇਰ ਤੇ ਰੋਵਣ ਦੇ ਨੇੜੇ ਸੀ। ਹੁਜਰੇ ਵਾਲੇ ਉਹਦੀ ਹਾਲਤ ਵੇਖਕੇ ਆਖਿਆ, "ਸ਼ੇਖੂਪੁਰੀਆ! ਉੱਥੋਂ ਕਿਧਰੋਂ ਮਲੂਮ ਕਰ ਜੇ ਮਿਲ ਜਾਵੇ ਤਾਂ ਪਰਸੋਂ ਤੀਕਰ ਲੈ ਆ।"
ਹੁਕਮ ਟਾਲ ਵੀ ਨਹੀਂ ਸਾਂ ਸਕਦਾ। ਭਾਲ ਕਰਨ ਦੀ ਹਾਮੀ ਭਰ ਲਈ।
ਪਿੰਡ ਵੀ ਪਤਾ ਨਹੀਂ ਇਹ ਕੰਮ ਹੁੰਦਾ ਵੀ ਏ ਕਿ ਨਹੀਂ। ਮੈਂ ਡਰਦਾ ਡਰਦਾ ਸ਼ਰਾਬ ਬਾਰੇ ਪਤਾ ਕਰਦਾ ਹੋਇਆ ਬਹੁਤ ਪੱਚੀ ਹੋ ਰਿਹਾ ਸਾਂ । ਜੀਹਨੂੰ ਵੀ ਕੁੱਝ ਪੁੱਛਦਾ ਉਹ ਮੈਨੂੰ ਗ਼ੌਰ ਨਾਲ ਵੇਖਦਾ। ਫੈਕਟਰੀ ਵਿੱਚ ਇੱਕ ਮਜ਼ਦੂਰ ਨੂੰ ਆਪਣੀ ਔਕੜ ਸੁਣਾਈ ਤਾਂ ਉਸ ਕੁੱਝ ਕਰਨ ਦਾ ਵਾਅਦਾ ਕੀਤਾ। ਅਗਲੇ ਦਿਨ ਉਹ ਦੇਸੀ ਸ਼ਰਾਬ ਦੀ ਇੱਕ ਬੋਤਲ ਲੈ ਈ ਆਇਆ। ਸ਼ਰਾਬ ਸੰਭਾਲਣਾ ਤੇ ਹੁਜਰੇ ਤੀਕਰ ਅਪੜਾਵਣਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਸੀ । ਬੱਸਾਂ ਟਰੱਕਾਂ ਦੀ ਰਾਹ ਵਿੱਚ ਤਲਾਸ਼ੀ ਹੁੰਦੀ ਸੀ । ਥਾਂ ਥਾਂ ਉੱਤੇ ਪੁਲਸ ਚੌਕੀਆਂ ਬਣਾਈਆਂ ਹੋਈਆਂ ਸਨ।
ਇੱਕ ਦਿਲ ਕੀਤਾ ਕਿ ਬੋਤਲ ਚੁੱਕ ਕੇ ਮਾਰਾਂ ਪਰ੍ਹਾਂ। ਜਾਨ ਛੁੱਟੇ। ਪਰ ਹੁਜਰੇ ਵਾਲ਼ੇ ਦਾ ਹੁਕਮ ਮੈਥੋਂ ਇੰਜ ਸੁੱਟਿਆ ਨਹੀਂ ਸੀ ਜਾਂਦਾ । ਫਿਲਮੀ ਸ਼ਾਇਰ ਨੂੰ ਤੇ ਖੌਰੇ ਮੈਂ ਝਾੜ ਵੀ ਪਾ ਦਿੰਦਾ। ਪੁਰਾਣੇ ਗੱਡ ਵਾਹਣ ਵਾਲ਼ੇ ਬੇਲੀ ਹੁਣ ਟਰੈਕਟਰ ਟਰਾਲੀ ਉੱਤੇ ਸ਼ਹਿਰ ਵਿੱਚ ਪੱਠਾ ਦੱਥਾ ਢੋਂਦੇ ਸਨ। ਟਰੈਕਟਰ ਟਰਾਲੀ ਉੱਤੇ ਪਰਾਲੀ ਵਿੱਚ ਬਹਿ ਕੇ ਸ਼ਰਾਬ ਦੀ ਬੋਤਲ ਮੈਂ ਫਿਲਮੀ ਸ਼ਾਇਰ ਵਾਸਤੇ ਲੈ ਕੇ ਕੰਬਦਾ ਡਰਦਾ ਹੁਜਰੇ ਅੱਪੜ ਈ ਆਇਆ। ਬੋਤਲ ਵੇਖ ਕੇ ਫਿਲਮੀ ਸ਼ਾਇਰ ਮੇਰੇ ਹੱਥਾਂ ਵਿੱਚੋਂ ਇੰਜ ਖੋਹੀ ਜਿਵੇਂ ਕਾਂ ਬਾਲ ਦੇ ਹੱਥ ਵਿੱਚੋਂ ਟੁੱਕਰ ਖੋਹ ਲੈਂਦਾ ਏ।
ਪੂਰੀ ਬੋਤਲ ਉੱਥੇ ਬਹਿ ਕੇ ਪੀ ਗਿਆ । ਹੁਜਰੇ ਵਾਲ਼ਾ ਵੀ ਹੈਰਾਨ ਸੀ ਤੇ ਮੈਂ ਵੀ ਕਿ ਪੂਰੀ ਬੋਤਲ ਉਹ ਵੀ ਲੱਸੀ ਵਾਂਗ ਇੱਕੋ ਵਾਰ ਪੀ ਗਿਆ ਏ । ਬੋਤਲ ਵਿੱਚੋਂ ਆਖ਼ਰੀ ਤੁਬਕਾ ਵੀ ਚੱਟ ਲਿਆ ਤੇ ਬੋਲਿਆ :
"ਵਾਹ, ਬਹੁਤ ਵਧੀਆ ਪਾਣੀ ਸੀ । ਸਵਾਦ ਆ ਗਿਆ ਏ । ਮੈਂ ਤੇ ਸ਼ਰਾਬ ਤੇਰੀ ਦੀ ਉਡੀਕ ਵਿੱਚ ਰੋਜ਼ ਆ ਕੇ ਬਹਿ ਜਾਂਦਾ ਸਾਂ । ਅੱਜ ਤੂੰ ਲੈ ਆਇਆ ਏਂ । ਤੇਰਾ ਸ਼ੁਕਰੀਆ।” ਫਿਲਮੀ ਸ਼ਾਇਰ ਦੀ ਅਵਾਜ਼ ਟੁੱਟਣ ਲੱਗ ਪਈ ਸੀ।
ਹੁਕਮ ਹੋਇਆ, "ਸ਼ੇਖੂਪੁਰੀਆ ! ਰਿਕਸ਼ਾ ਲਿਆ। ਇਹਨੂੰ ਇਹਦੇ ਘਰ ਛੱਡ ਆ।" ਫਿਲਮੀ ਸ਼ਾਇਰ ਪਲ ਪਲ ਬੇਹੋਸ਼ੀ ਦੇ ਗੋਤੇ ਵਿੱਚ ਜਾਂਦਾ ਸੀ । ਰਿਕਸ਼ੇ ਵਿੱਚ ਵੀ ਉਹ ਇੰਜ ਈ ਗੱਲਾਂ ਕਰਦਾ ਗਿਆ। ਕਦੀ ਕੋਈ ਗੱਲ ਕਰ ਲਈ ਕਦੀ ਚੁੱਪ। ਫੇਰ ਉਹ ਆਪਣੀ ਤਾਰੀਫ਼ ਦੀਆਂ ਗੱਲਾਂ ਕਰਨ ਲੱਗ ਪਿਆ। ਸਾਰੇ ਰਾਹ ਵਿੱਚ ਆਪਣੀ ਵਡਿਆਈ ਦੀਆਂ ਗੱਲਾਂ - "ਤੂੰ ਇੱਕ ਬਹੁਤ ਵੱਡੇ ਫਿਲਮੀ ਸ਼ਾਇਰ ਦੀ ਖ਼ਿਦਮਤ ਕਰਕੇ ਆਪਣਾ ਨਾਂ ਅਮਰ ਕਰ ਲਿਆ ਏ। ਰੋਜ਼ ਸੌ ਵਾਰੀ ਰੇਡੀਓ ਤੋਂ ਮੇਰਾ ਨਾਂ ਬੋਲਦਾ ਏ।” ਉਹਨੇ ਕੰਬਦੀ ਆਵਾਜ਼ ਵਿੱਚ ਅੜ ਅੜ ਆਖਿਆ। ਪੂਰਾ ਪੰਜਾਬ ਕੀ ਪੂਰੇ ਬਰੇ ਸਗੀਰ (ਉਪ ਮਹਾਂਦੀਪ) ਵਿੱਚ ਮੇਰੀ ਸ਼ਾਇਰੀ ਦੀ ਧੂਮ ਏ। ਕੋਈ ਮਮੂਲੀ ਬੰਦਾ ਨਹੀਂ ਆ ਮੈਂ ਸ਼ੈ..ਖੋ..ਪੂਰੇ..ਆ (ਸ਼ੇਖੂਪੁਰੀਆ) । ਤੈਨੂੰ ਅਹਿਸਾਸ ਈ ਨਹੀਂ ਤੂੰ ਕਿਦ੍ਹੇ ਨਾਲ ਬੈਠਾ ਏਂ।"
ਉਹਦੀ ਤਾਰੀਫ਼ ਵਿੱਚ ਗੱਲਾਂ ਸੁਣ ਸੁਣ ਕੇ ਮੈਂ ਵੀ ਜਵਾਬ ਵਿੱਚ 'ਹਾਂ ਜੀ ਹਾਂ ਜੀ' ਕਹਿੰਦਾ ਰਿਹਾ ਸਾਂ । ਜਦ ਰਿਕਸ਼ਾ ਘੋੜੇ ਸ਼ਾਹ ਦੇ ਘਰ ਦੇ ਨੇੜੇ ਅੱਪੜਿਆ ਤਾਂ ਉਹਨੇ ਰਿਕਸ਼ਾ ਰੁਕਵਾ ਕੇ ਆਪਣੇ ਆਪ ਨੂੰ ਬਾਹਰ ਕੱਢਿਆ ਤੇ ਆਖਿਆ, "ਹੁਣ ਜਾਓ ਤੁਸਾਂ, ਮੈਂ ਘਰ
ਅੱਪੜ ਜਾਸਾਂ।"
ਮੈਂ ਉਸੇ ਰਿਕਸ਼ੇ ਉੱਤੇ ਈ ਵਾਪਸ ਹੁਜਰੇ ਆ ਕੇ ਦੱਸਿਆ ਕਿ ਫਿਲਮੀ ਸ਼ਾਇਰ ਘਰ ਅੱਪੜ ਗਿਆ ਏ। ਰਾਹ ਵਿੱਚ ਹੋਵਣ ਵਾਲੀ ਗੁਫ਼ਤਗੂ ਤੇ ਗਲੀ ਵਿੱਚ ਉਤਰਨ ਵੇਲ਼ੇ ਜੋ ਕੁੱਝ ਉਸ ਆਖਿਆ ਸੀ ਸਭ ਕੁੱਝ ਪੂਰੇ ਵੇਰਵੇ ਨਾਲ ਸੁਣਾ ਦਿੱਤਾ।
ਜਵਾਬ ਵਿੱਚ ਮੈਨੂੰ ਸ਼ਾਬਾਸ਼ ਮਿਲੀ ਕਿ ਚੰਗਾ ਕੀਤਾ ਈ । ਫੇਰ ਕਈ ਦਿਨ ਤੀਕਰ ਫਿਲਮੀ ਸ਼ਾਇਰ ਹੁਜਰੇ ਨਹੀਂ ਆਇਆ ਸੀ।
ਮੇਰਾ ਆਣਾ ਜਾਣਾ ਰਹਿੰਦਾ ਸੀ। ਕੋਈ ਦਿਨ ਯਾ ਵੇਲਾ ਮਿਥਿਆ ਨਹੀਂ ਸੀ ਹੁੰਦਾ। ਮੈਂ ਕਈ ਵਾਰ ਵੇਲ਼ਾ ਬਦਲ ਬਦਲ ਕੇ ਵੀ ਆਇਆ ਕਿ ਫਿਲਮੀ ਸ਼ਾਇਰ ਆਇਆ ਹੋਸੀ। ਪਰ ਉਹ ਨਹੀਂ ਸੀ ਆਇਆ। ਇੱਕ ਦਿਨ ਮੈਂ ਆਇਆ ਤਾਂ ਫਿਲਮੀ ਸ਼ਾਇਰ ਬੈਠਾ ਹੋਇਆ ਸੀ। ਮੈਂ ਸਲਾਮ ਕਰਕੇ ਬੈਠ ਗਿਆ। ਦੋ ਤਿੰਨ ਬੰਦੇ ਹੋਰ ਵੀ ਬੈਠੇ ਹੋਏ ਸਨ । ਖੌਰੇ ਕੋਈ ਫਿਲਮ ਬਣਾਵਣ ਦੀ ਗੱਲ ਹੋ ਰਹੀ ਸੀ। ਪਤਾ ਨਹੀਂ ਕਦੋਂ ਤੋਂ ਗੱਲ ਜਾਰੀ ਸੀ, ਮੇਰੇ ਆਵਣ ਤੀਕਰ ਮੁੱਕ ਗਈ ਹੋਈ ਸੀ । ਦੋਵੇਂ ਬੰਦੇ ਮੁੜ ਮੁੜ ਆਵਣ ਦਾ ਆਖ ਕੇ ਹੁਜਰੇ ਵਿੱਚੋਂ ਬਾਹਰ ਨਿੱਕਲ ਗਏ। ਤੀਸਰਾ ਵੀ ਇਜ਼ਾਜ਼ਤ ਲੈ ਕੇ ਚਲਾ ਗਿਆ। ਇਹ ਤੀਸਰਾ ਬੰਦਾ ਮਿਉਜ਼ਿਕ ਮਾਸਟਰ ਅਨਾਇਤ ਹੁਸੈਨ ਸੀ।
ਮੇਰੀ ਲਿਆਂਦੀ ਸ਼ਰਾਬ ਦੀ ਫਿਲਮੀ ਸ਼ਾਇਰ ਇੱਕ ਵਾਰੀ ਫੇਰ ਤਾਰੀਫ਼ ਕੀਤੀ। ਫਿਲਮੀ ਸ਼ਾਇਰ ਅਜੇ ਤਾਰੀਫ਼ ਮੁਕੰਮਲ ਵੀ ਨਹੀਂ ਸੀ ਕੀਤੀ ਕਿ ਉਸਤਾਦ ਵੱਲੋਂ ਗਾਲਾਂ ਸ਼ੁਰੂ ਹੋ ਗਈਆਂ। ਬਹੁਤ ਗਰਮ ਤੇ ਗੁੱਸੇ ਵਿੱਚ ਆ ਗਏ। ਫਿਲਮੀ ਸ਼ਾਇਰ ਨੂੰ ਜ਼ਮੀਨ ਵਿਹਲ ਨਹੀਂ ਸੀ ਦੇ ਰਹੀ।
ਮੇਰੇ ਲਈ ਹੈਰਾਨੀ ਵਾਲੀ ਗੱਲ ਇਹ ਸੀ ਕਿ ਅੱਜ ਪਹਿਲੀ ਵਾਰ ਹੁਜਰੇ ਵਾਲੇ ਦਰਵੇਸ਼ ਨੂੰ ਗਰਮ ਹੁੰਦਿਆਂ ਤੇ ਗਾਲਾਂ ਕੱਢਦਿਆਂ ਵੇਖਿਆ ਤੇ ਸੁਣਿਆਂ ਸੀ। ਉਹ ਕਹਿ ਰਹੇ ਸਨ:
"ਤੁਹਾਡੇ ਜੇਹੇ ਕਮੀਨੇ ਤੇ ਸ਼ੁਹਦੇ ਬੰਦੇ ਕਦੇ ਖੁਸ਼ ਨਹੀਂ ਰਹਿ ਸਕਦੇ। ਤੂੰ ਅੱਗੋਂ ਤੋਂ ਏਥੇ ਨਾ ਆਇਆ ਕਰ । ਤੈਨੂੰ ਉਮਰ ਹੋ ਗਈ ਏਥੇ ਹੁਜਰੇ ਆਵੰਦਿਆਂ। ਕੀ ਸਿੱਖਿਆ ਏ ਤੂੰ ? ਕਮੀਨੇ ਦਾ ਕਮੀਨਾ ਈ ਰਿਹਾ ਏਂ।"
ਫਿਲਮੀ ਸ਼ਾਇਰ ਵੀ ਹੱਕਾ ਬੱਕਾ ਸੀ ਕਿ ਇਹ ਕੀ ਹੋ ਰਿਹਾ ਏ। ਆਖ਼ਰ ਫਿਲਮੀ ਸ਼ਾਇਰ ਸਹਿਜ ਨਾਲ ਪੁੱਛ ਈ ਲਿਆ, "ਪਰ ਮੇਰਾ ਕਸੂਰ ਤਾਂ ਦੱਸੋ ਉਸਤਾਦ ਜੀ! ਮੈਥੋਂ ਕੀ ਗ਼ਲਤੀ ਹੋਈ ਏ।”
"ਬੜਾ ਘੁੱਗਲ ਘੁੰਨਾ ਬਣਨਾ ਏਂ। ਕੰਨਾ ਰਾਹੀਂ ਖਾਨਾ ਏਂ। ਮੈਨੂੰ ਚਾਰਨਾ ਏਂ ਬੇਸ਼ਰਮਾ । ਇੱਕ ਬੰਦਾ ਮਾਰਸ਼ਲ ਲਾਅ ਦੇ ਨੰਗੇ ਕੋੜਿਆਂ ਤੇ ਸਜ਼ਾਵਾਂ ਵਿੱਚੋਂ ਖ਼ਤਰੇ ਝਾਗ ਤੇਰੇ ਵਾਸਤੇ ਸ਼ਰਾਬ ਲੈ ਕੇ ਆਇਆ। ਉਹ ਵੀ ਜਿਹੜਾ ਆਪ ਨਹੀਂ ਪੀਂਦਾ। ਤੈਨੂੰ ਘਰ ਛੱਡ ਕੇ ਆਇਆ, ਪੈਸੇ ਵੀ ਪੱਲਿਉਂ ਖਰਚ ਕੇ ਜਦ ਕਿ ਤੈਨੂੰ ਮਲੂਮ ਏ ਕਿ ਉਹ ਬੰਦਾ ਮਜ਼ਦੂਰ ਏ। ਸਾਰੀ ਰਾਹ ਤੈਨੂੰ ਬੇਹੋਸ਼ੀ ਤੇ ਆਪਣੀ ਤਾਰੀਫ਼ ਦੇ ਦੌਰੇ ਪੈਂਦੇ ਰਹੇ। ਗਲੀ ਵਿੱਚ ਜਾ ਕੇ ਤੈਨੂੰ ਹੋਸ਼
ਆ ਗਈ । ਕੁੱਤਿਆ ! ਇੱਕ ਚਾਹ ਦੀ ਪਿਆਲੀ ਵੀ ਤੂੰ ਨਹੀਂ ਪਿਆ ਸਕਿਆ। ਬੇਹਯਾਵਾ! ਅੱਗੋਂ ਤੂੰ ਏਥੇ ਨਾ ਆਵੀਂ।" ਝੱਟ ਕੁ ਹੁਜਰੇ ਵਿੱਚ ਵੇਲਾ ਖਾਮੋਸ਼ੀ ਨਾਲ ਲੰਘਿਆ ਤਾਂ ਫੇਰ ਬੋਲੇ, "ਤੂੰ ਮੇਰੇ ਕੋਲੋਂ ਇਹ ਈ ਸਿੱਖਿਆ ਏ। ਕੋਈ ਬੰਦੇ ਦੀ ਲਾਗ ਤੈਨੂੰ ਨਹੀਂ ਲੱਗੀ।"
ਫਿਲਮੀ ਸ਼ਾਇਰ ਸ਼ਰਮਿੰਦਾ ਤਾਂ ਹੈ ਸੀ, ਪਰ ਆਪਣੀ ਸਫਾਈ ਵਿੱਚ ਬੋਲਿਆ, "ਹੋਸ਼ ਨਹੀਂ ਸੀ ਮੈਨੂੰ ।”
ਪਰ ਹੁਜਰੇ ਵਾਲਾ ਏਸ ਵਜ਼ਾਹਤ ਨੂੰ ਨਹੀਂ ਸੀ ਮੰਨ ਰਿਹਾ। ਉਹਨਾਂ ਦੇ ਖਿਆਲ ਵਿੱਚ ਫਿਲਮੀ ਸ਼ਾਇਰ ਅੰਦਰੋਂ ਬੇਈਮਾਨ ਤੇ ਕਮੀਨਾ ਬੰਦਾ ਏ। ਇਹ ਕਿਸੇ ਦੀ ਇੱਜ਼ਤ ਕਰਨਾ ਚਾਹਦਾ ਈ ਨਹੀਂ। ਜਦ ਹੁਜਰੇ ਦਾ ਮਹੌਲ ਬਹੁਤ ਈ ਖ਼ਰਾਬ ਹੋ ਗਿਆ ਤਾਂ ਮੈਨੂੰ ਆਖਿਆ, "ਚੱਲ ਸ਼ੇਖੂਪੁਰੀਆ! ਜ਼ਰਾ ਬਾਹਰ ਚੱਲੀਏ।"
ਫਿਲਮੀ ਸ਼ਾਇਰ ਚੁੱਪ ਕਰਕੇ ਸਿਰ ਸੁੱਟ ਕੇ ਚਲਾ ਗਿਆ।
ਬਾਹਰ ਜਾਂਦਿਆਂ ਹੋਇਆਂ ਉਸੇ ਰਾਹ ਤੇ ਫੇਰ ਉਹ ਈ ਗੱਲ ਫਿਲਮੀ ਸ਼ਾਇਰ ਬਾਰੇ ਕਿ "ਇਹ ਬੰਦਾ ਬਾਬਾ ਆਲਮ ਸਿਆਹਪੋਸ਼ ਕੋਲ ਹੁੰਦਾ ਸੀ। ਆਲਮ ਸਿਆਹਪੋਸ਼ ਮੈਨੂੰ ਮਿਲਣ ਲਈ ਆਇਆ। ਇਹ ਵੀ ਨਾਲ ਸੀ । ਉਦੋਂ ਦਾ ਫੇਰ ਏਥੇ ਈ ਆਵਣ ਲੱਗ ਪਿਆ ਏ। ਰੇਲਵੇ ਵਿੱਚ ਕੋਈ ਕਲਰਕੀ ਕਰਦਾ ਸੀ । ਮੈਂ ਹਰ ਵਾਰ ਸਮਝਾਇਆ ਕਿ ਬੰਦੇ ਨੂੰ ਬੰਦਿਆਂ ਵਾਂਗ ਈ ਰਹਿਣਾ ਚਾਹੀਦਾ ਏ। ਇਹ ਈ ਇਨਸਾਨ ਦੀ ਬੁਨਿਆਦ ਹੁੰਦੀ ਏ। ਪਰ ਇਹਦੇ ਵਿੱਚੋਂ ਤਾਂ ਚੌਧਰ ਈ ਨਹੀਂ ਨਿੱਕਲਦੀ।" ਗੱਲਾਂ ਕਰਦੇ ਕੁੱਝ ਪਰੇਸ਼ਾਨ ਲੱਗਦੇ ਸਨ ਉਸਤਾਦ ਜੀ।
ਉਹਨਾਂ ਦੀ ਟੋਰ ਵਿੱਚ ਕੁੱਝ ਘਾਟ ਜਾਪਦੀ ਸੀ ਮੈਨੂੰ ਪਹਿਲੇ ਵਾਂਗ ਸੈਰ ਉੱਤੇ ਖੁਸ਼ ਖੁਸ਼ ਨਹੀਂ ਸਨ। ਅੱਜ ਚੀਜ਼ਾਂ ਨੂੰ ਗ਼ੌਰ ਨਾਲ ਨਹੀਂ ਸਨ ਵੇਖ ਰਹੇ। ਮੇਰੇ ਪੁੱਛਣ ਉੱਤੇ ਕਿ, "ਅੱਜ ਤਬੀਅਤ ਵਿੱਚ ਉਹ ਗੱਲ ਨਹੀਂ ਜਾਪਦੀ ਜਿਹੜੀ ਪਹਿਲੇ ਹੁੰਦੀ ਸੀ।”, ਆਖਿਆ, “ਹਾ ਯਾਰ, ਲੱਗਦਾ ਏ ਮੇਰਾ ਅੰਦਰਲਾ ਬੁਝਦਾ ਜਾਂਦਾ ਏ ।"
ਉਹਨਾਂ ਦੀ ਗੱਲ ਸੁਣ ਕੇ ਮੇਰਾ ਅੰਦਰਲਾ ਵੀ ਡਰ ਗਿਆ ਪਰ ਮੈਂ ਤਸੱਲੀ ਖ਼ਾਤਰ ਆਖਿਆ, "ਕਿੱਥੇ ਗੁਰੂ, ਅਜੇ ਤਾਂ ਤੁਹਾਡੀ ਸਿਹਤ ਕਮਾਲ ਦੀ ਏ। ਤੁਹਾਡੀ ਟੋਰ ਵਿੱਚ ਮਟਕੋਰ ਹੈ।"
ਮੇਰੀ ਗੱਲ ਉੱਤੇ ਮੁਸਕਰਾਏ। ਅੱਗੇ ਜਾਵਣ ਨੂੰ ਉਹਨਾਂ ਦਾ ਦਿਲ ਨਹੀਂ ਸੀ ਕਰ ਰਿਹਾ। ਐਵੇਂ ਆਪਣੇ ਆਪ ਨੂੰ ਧਰੀਕ ਰਹੇ ਸਨ। ਆਖ਼ਰ ਅਸਾਂ ਹੁਜਰੇ ਪਰਤ ਆਏ । ਏਥੇ ਆ ਕੇ ਫੇਰ ਉਹਨਾਂ ਫਿਲਮੀ ਸ਼ਾਇਰ ਦੀ ਗੱਲ ਟੋਰ ਦਿੱਤੀ। ਲੱਗਦਾ ਸੀ ਕਿ ਬਹੁਤ ਜ਼ਿਆਦਾ ਦੁਖੀ ਹੋਏ ਸਨ । ਉਹਨਾਂ ਆਪਣੇ ਉਸਤਾਦ ਹਮਦਮ ਬਾਰੇ ਆਖਿਆ, "ਮੇਰੇ ਉਸਤਾਦ ਜਦ ਵੀ ਏਥੇ ਆਂਵਦੇ ਸਨ ਮੈਂ ਉਨੀਂ ਦੇਰ ਤੀਕਰ ਬੈਠਦਾ ਨਹੀਂ ਸਾਂ ਜਦੋਂ ਤੱਕ ਮੇਰੇ ਉਸਤਾਦ ਚਲੇ ਨਹੀਂ ਸਨ ਜਾਂਦੇ। ਇਹ ਫਿਲਮੀ ਸ਼ਾਇਰ ਵੀ ਏਥੇ ਸਭ ਕੁੱਝ ਵੇਖਦਾ ਸੀ ਕਿ ਮੈਂ ਆਪਣੇ ਉਸਤਾਦ ਦਾ ਕਿੰਨਾ ਇਹਤਰਾਮ ਕਰਨਾ ਵਾਂ, ਪਰ ਏਸ ਬੇਹਯਾ ਨੂੰ ਕੋਈ ਅਸਰ ਨਹੀਂ ਹੋਇਆ। ਇਹ ਅੰਦਰੋਂ ਕਰਕ ਈ ਰਿਹਾ ਏ” (ਕਰਕ ਨੂੰ ਮੁਨਾਫ਼ਕ ਦੇ ਮਾਅਨੇ ਦਿੰਦੇ ਸਨ)।
ਮੈਂ ਕਹਿਣਾ ਚਾਹਦਾ ਸਾਂ ਕਿ ਚਲੋ ਮੁਆਫ਼ ਕਰੋ । ਗ਼ਲਤੀ ਹੋ ਜਾਂਦੀ ਏ। ਪਰ ਉਹਨਾਂ ਦਾ ਗੁੱਸਾ ਵੇਖਕੇ ਮੈਨੂੰ ਹੌਂਸਲਾ ਨਹੀਂ ਸੀ ਹੋ ਰਿਹਾ। ਉਹ ਦਿਨ ਬੜਾ ਈ ਬੇਸਵਾਦ ਰਿਹਾ। ਕੋਈ ਹੋਰ ਗੱਲ ਨਾ ਹੋਈ। ਜਦੋਂ ਕੋਈ ਗੱਲ ਕਰਨ ਲਈ ਨਾ ਰਹੀ ਯਾ ਗੱਲ ਕਰਨ ਦਾ ਮਹੌਲ ਨਹੀਂ ਸੀ ਬਣ ਰਿਹਾ ਤੇ ਹੁਜਰੇ ਵਾਲ਼ਾ ਵੀ ਕੁੱਝ ਉੱਖੜਿਆ ਉੱਖੜਿਆ ਸੀ, ਮੈਂ ਇਜਾਜ਼ਤ ਲੈ ਕੇ ਪਿੰਡ ਆ ਗਿਆ।
ਉਸ ਤੋਂ ਮਗਰੋਂ ਮੈਂ ਜਿੰਨੀ ਵਾਰ ਵੀ ਹੁਜਰੇ ਗਿਆ ਹੁਜਰੇ ਵਿੱਚ ਉਹ ਚਹਿਕ ਨਹੀਂ ਸੀ ਰਹੀ। ਲੋਕ ਤਾਂ ਆਂਵਦੇ ਜਾਂਦੇ। ਗੱਲਾਂ ਵੀ ਕਰਦੇ ਸਨ । ਹੁਜਰੇ ਵਾਲਾ ਵੀ ਬਹੁਤ ਕੁੱਝ ਸੁਣਾਇਆ ਕਰਦਾ, ਪਰ ਮੈਨੂੰ ਉਹ ਪਹਿਲੇ ਵਾਲੀ ਰਸ ਨਹੀਂ ਸੀ ਜਾਪਦੀ। ਮੈਨੂੰ ਲੱਗਾ ਜਿਵੇਂ ਸੱਚਮੁੱਚ ਮੇਰਾ ਉਸਤਾਦ ਅੰਦਰੋਂ ਕਿਰਦਾ ਜਾਂਦਾ ਏ।
ਹੁਜਰੇ ਵਾਲ਼ੇ ਦਾ ਕਿਰਨਾ ਮੇਰੇ ਲਈ ਬਹੁਤ ਵੱਡਾ ਦੁੱਖ ਸੀ । ਮੇਰੇ ਕੋਲੋਂ ਤਾਂ ਬਹੁਤ ਸਾਰੇ ਮੇਰੇ ਪਹਿਲੇ ਈ ਕਿਰ ਗਏ ਹੋਏ ਸਨ । ਏਸ ਖਿਆਲ ਦੇ ਨਾਲ ਈ ਮੇਰੇ ਮਨ ਦੇ ਅੰਦਰ ਵੀ ਇੱਕ ਹੋਰ ਖ਼ੌਫ਼ ਤੇ ਬੇਬਸੀ ਜੜ੍ਹ ਫੜੀ ਲਈ ਸੀ । ਮੇਰੇ ਆਪਣਿਆਂ ਵਿੱਚੋਂ ਮੇਰਾ ਨਾਨਾ, ਨਾਨੀ, ਮੇਰੀ ਮਾਂ, ਨਾਨੀ ਦਾ ਪਿਆਰ, ਜ਼ੋਹਰਾ ਦੇ ਬੋਲ, ਸਕੀਨਾ ਨਮਾਣੀ ਦੀ ਆਜਜ਼ੀ ਇਹੀ ਤਾਂ ਮੇਰਾ ਸਰਮਾਇਆ ਸੀ । ਹੁਜਰੇ ਆ ਕੇ ਮੈਂ ਪਿਛਲਾ ਨੁਕਸਾਨ ਜਰੀ ਬੈਠਾ ਸਾਂ ।
ਫੈਕਟਰੀ ਵਿੱਚ ਮੇਰਾ ਕੋਈ ਬੇਲੀ ਨਹੀਂ ਸੀ। ਸਗੋਂ ਉੱਥੇ ਦੁਸ਼ਮਣਾਂ ਦੀ ਫੌਜ ਸੀ । ਸੱਜਣਾਂ ਦਾ ਇੱਕ ਹੁਜਰਾ ਸੀ, ਉਹ ਵੀ ਜਾਪਦਾ ਸੀ...।
ਜਦ ਵੀ ਉਦਾਸੀ ਦਾ ਦੌਰਾ ਪੈਂਦਾ, ਡੇਕ ਦੇ ਪੁਲ ਉੱਤੇ ਜਾ ਬੈਠਦਾ । ਸ਼ਾਹੂ ਦੇ ਖਾਲੀ ਖੋਲਿਆਂ ਨੂੰ ਵੇਖਦਾ ਰਹਿੰਦਾ ਸਾਂ।
ਉਹ ਵਗਦਾ ਖੂਹ ਨਹੀਂ ਸੀ ਰਿਹਾ । ਡੇਕ ਦਾ ਪਾਣੀ ਸਾਫ਼ ਨਹੀਂ ਸੀ ਰਿਹਾ। ਮਿੱਲਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਪੈ ਪੈ ਕੇ ਮੱਛੀ ਪੋਂਗਾ ਮਰ ਗਿਆ ਹੋਇਆ ਸੀ । ਕੋਈ ਜਨੌਰ, ਪਸ਼ੂ ਹੁਣ ਏਥੋਂ ਪਾਣੀ ਨਹੀਂ ਸੀ ਪੀਂਦਾ। ਪਾਣੀ ਵਿੱਚੋਂ ਤਾਂ ਬੋ ਬਾਹਰ ਨਿੱਕਲ ਟੁਰੀ ਸੀ। ਵੇਲ਼ਾ ਬਦਲ ਗਿਆ ਹੋਇਆ ਸੀ । ਦੂਰੋਂ ਦੂਰੋਂ ਲੋਕ ਆ ਕੇ ਏਥੇ ਮਜ਼ਦੂਰੀ ਪਏ ਕਰਦੇ ਸਨ।
ਮੇਰੇ ਵਿੱਚ ਸ਼ੋਖੀ ਨਹੀਂ ਸੀ ਰਹੀ। ਸ਼ਰਾਰਤ ਕੋਈ ਨਹੀਂ ਸੀ ਰਹੀ। ਮੇਰੇ ਪੱਲੇ ਵਿੱਚੋਂ ਸਭ ਕੁੱਝ ਕਿਰ ਗਿਆ ਹੋਇਆ ਸੀ। ਇੱਕ ਹੁਜਰਾ ਈ ਮੇਰੀ ਆਸ ਤੇ ਉਮੀਦ ਸੀ। ਏਥੇ ਈ ਆ ਕੇ ਉਦਾਸੀ ਵਿੱਚੋਂ ਨਿੱਕਲਣ ਦਾ ਹੌਂਸਲਾ ਲੱਭਦਾ ਸੀ । ਉਸਤਾਦ ਦੀ ਉਂਗਲੀ ਫੜ ਕੇ ਅੱਗੇ ਟੁਰਨਾ ਚਾਹਦਾ ਸਾਂ । ਵੇਲੇ ਨਾਲ ਚੱਲਣਾ ਚਾਹਦਾ ਸਾਂ, ਸਮਾਜ ਨੂੰ ਸਮਝਣਾ ਚਾਹਦਾ ਸਾਂ ਤੇ ਕੁੱਝ ਕਰਨਾ ਚਾਹਦਾ ਸਾਂ ।
ਹੋਰ ਕਿਧਰੇ ਵੀ ਮੇਰਾ ਦਿਲ ਨਹੀਂ ਸੀ ਲੱਗਦਾ। ਮੈਂ ਤਾਂ ਖ਼ੌਰੇ ਰੋਜ਼ ਈ ਹੁਜਰੇ ਆ ਜਾਂਦਾ ਪਰ ਪੇਟ ਦੀ ਖ਼ਾਤਰ ਸਾਰਾ ਵੇਲ਼ਾ ਆਟੇ ਦੀ ਮੁੱਠ ਲੱਭਣ ਵਿੱਚ ਈ ਮੁੱਕ ਜਾਂਦਾ ਸੀ, ਆਟਾ ਫਕੀਏ ਨਾ ਤਾਂ ਹਯਾਤੀ ਨਹੀਂ ਰਹਿੰਦੀ। ਫੇਰ ਇਹ ਹਯਾਤੀ ਹੈ ਕਾਹਦੇ ਲਈ ? ਮੈਂ
ਸੋਚਦਾ। ਜਿਉਣ ਵਾਸਤੇ ਕਈ ਕਈ ਵਾਰ ਮਰਨਾ ਪੈਂਦਾ ਏ। ਆਖ਼ਰ ਇਹ ਸਭ ਕੁੱਝ ਹੈ ਕੀ? ਮੁੜ ਪਹਿਲਾ ਸਵਾਲ ਈ ਮੇਰੇ ਅੱਗੇ ਉਂਜ ਈ ਆ ਖਲੋਤਾ ਸੀ । ਏਸੇ ਸਵਾਲ ਦੀ ਭਾਲ ਵਿੱਚ ਈ ਤਾਂ ਮੈਂ ਕਈ ਖੂਹ ਪੁੱਟੇ ਸਨ । ਕਿਤਾਬਾਂ ਵੀ ਕੁੱਝ ਪੜ੍ਹ ਲਈਆਂ, ਲੋਕਾਂ ਨੂੰ ਮਿਲ ਕੇ ਵੀ ਵੇਖ ਲਿਆ। 'ਫੇਰ ਵੀ ਸਵਾਲ ਉੱਥੇ ਈ ਸੀ। ਇੱਕ ਹੁਜਰੇ ਵਿੱਚੋਂ ਕੁੱਝ ਜਵਾਬ ਲੱਭਣ ਦੀ ਆਸ ਸੀ । ਏਥੋਂ ਈ ਹੁਕਮ ਹੁੰਦਾ ਸੀ ਕਿ " ਤੂੰ ਕਹਾਣੀ ਲਿਖ, ਮਜਮੂਨ ਲਿਖ, ਨਾਵਲ ਲਿਖ", ਮੈਨੂੰ ਇਹ ਹੀ ਹੁਕਮ ਮੰਨਣ ਵਿੱਚ ਤਾਂ ਸਵਾਦ ਆਂਵਦਾ ਸੀ । ਇਹ ਹੀ ਰਾਹ ਜਾਪਦਾ ਸੀ ਮੇਰੇ ਸਵਾਲ ਦੇ ਜਵਾਬ ਲਈ।
ਹੁਜਰੇ ਵਿੱਚੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਚਾਹਦਾ ਸਾਂ ਮੈਂ। ਹੁਜਰੇ ਵਾਲਾ ਸੱਚ ਬੋਲਣ ਦਾ ਬੜਾ ਸ਼ੁਕੀਨ ਜਾਪਦਾ ਸੀ । ਉਸੇ ਸੱਚ ਦੀ ਲੋਅ ਵਿੱਚ ਈ ਮੈਨੂੰ ਕੁੱਝ ਕੁੱਝ ਆਪਣਾ ਆਪ ਨਜ਼ਰ ਆਵਣ ਦੀ ਉਮੀਦ ਲੱਗੀ ਸੀ । ਇੱਕ ਕੁੜੀ ਨੂੰ ਜਿੰਨ ਚਿੰਬੜਿਆ ਤਾਂ ਉਹਦਾ ਹਾਲ ਮੈਂ ਦੱਸਿਆ। ਇੱਕ ਕੁੜੀ ਨੂੰ ਜਿੰਨ ਚੰਬੜਿਆ ਤਾਂ ਉਹਦਾ ਹਾਲ ਹੁਜਰੇ ਵਾਲੇ ਦੱਸਿਆ। ਰੋਇਆ ਉਹ ਵੀ ਸੀ। ਰੋਇਆ ਮੈਂ ਵੀ ਸਾਂ।
ਹੁਜਰੇ ਵਾਲ਼ੇ ਦੀ ਭੈਣ ਨੂੰ ਜਿੰਨ ਚਿੰਬੜੇ ਸਨ । ਪੀਰਾਂ ਫ਼ਕੀਰਾਂ ਤੇ ਸਾਧੂਆਂ ਉਹ ਕੁੱਝ ਈ ਕੀਤਾ ਜੋ ਕਰਦੇ ਹੁੰਦੇ ਨੇ । ਭੈਣ ਉਹਨਾਂ ਥਾਵਾਂ ਦਾ ਈ ਨਾਂ ਲੈਂਦੀ ਸੀ ਜੋ ਉਹਨੇ ਵੇਖੀਆਂ ਹੋਈਆਂ ਸਨ। ਆਖ਼ਰ ਭੈਣ ਦੀ ਸ਼ਾਦੀ ਕੀਤੀ ਮਾਮੇ ਦੇ ਪੁੱਤਰ ਨਾਲ (ਅੱਗੇ ਪਿੱਛੇ ਆਪੇ ਈ ਵਾਲਾ)।
ਮਾਮੇ ਦਾ ਪੁੱਤਰ ਖਬੀਸ ਸੀ । ਭੈਣ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ। ਝਗੜਾ ਉਹ ਈ ਕਿ ਦਾਜ ਕੋਈ ਨਹੀਂ ਦੇ ਸਕਿਆ ਗਰੀਬ ਮਾਂ ਪਿਉ। ਆਖ਼ਰ ਬੀਮਾਰ ਹੋ ਕੇ ਭੈਣ ਮਰ ਗਈ। ਫੇਰ ਉਹਦਾ ਬਾਲ ਵੀ ਬਹੁਤੇ ਦਿਨ ਜਿਉਂਦਾ ਨਾ ਰਿਹਾ। ਆਪਣੀ ਭੈਣ ਬਾਰੇ ਗੱਲਾਂ ਕਰਦਿਆਂ ਉਸਤਾਦ ਜੀ ਬਹੁਤ ਰੋਇਆ ਕਰਦੇ ਸਨ । ਕਿੰਨਾ ਕਿੰਨਾ ਚਿਰ ਡੁਸਕਦੇ ਰਹਿੰਦੇ ਸਨ।
ਸਰਦੀਆਂ ਦੇ ਦਿਨ ਸਨ । ਹੁਜਰੇ ਵਾਲਾ ਬਿਸਤਰੇ ਵਿੱਚ ਲੇਟਿਆ ਹੋਇਆ ਸੀ। ਮੈਂ ਜਾ ਕੇ ਸਲਾਮ ਕੀਤਾ। ਬੋਲੇ, "ਬਹੁਤ ਦਿਨਾਂ ਮਗਰੋਂ ਆਇਆ ਏਂ ਸ਼ੇਖੂਪੁਰੀਆ ! ਤੂੰ ਵੀ ਹੁਣ ਅਸਾਨੂੰ..." ਉਹਨਾਂ ਦਾ ਲਹਿਜਾ ਗਿਲੇ ਵਾਲਾ ਸੀ । ਮੇਰੇ ਬੋਲਣ ਤੋਂ ਪਹਿਲਾਂ ਈ ਆਖਿਆ, "ਜਾ, ਜਾ ਕੇ ਨਸੀਰੇ ਨੂੰ ਬੁਲਾ ਲਿਆ, "ਮੈਂ ਚੁੱਪ ਕਰਕੇ ਜਾਵਣ ਲਈ ਮੁੜਿਆ ਤਾਂ ਬੋਲੇ, "ਉਹ ਉੱਥੇ ਮਸੀਤੇ ਨਹੀਂ, ਉਹਦੇ ਘਰ ਜਾ ।"
"ਪਰ ਮੈਂ ਤਾਂ ਉਹਦਾ ਘਰ ਨਹੀਂ ਵੇਖਿਆ ਹੋਇਆ ਉਸਤਾਦ ਜੀ!”
"ਮੈਂ ਜੋ ਵੇਖਿਆ ਹੋਇਆ ਏ। ਮੋਹਣੀ ਰੋਡ ਉੱਤੇ ਕਵਾਰਟਰਾਂ ਦੇ ਪਿੱਛੇ ।” ਉਹਨਾਂ ਚੰਗੀ ਤਰਾਂ ਸਮਝਾ ਦਿੱਤਾ। ਘਰ ਦਾ ਨਕਸ਼ਾ ਤੇ ਰੰਗ ਰੂਪ ਵੀ ਦੱਸਿਆ।
ਮੈਂ ਨਸੀਰੇ ਦੇ ਘਰ ਨੂੰ ਜਾਂਦਾ ਹੋਇਆ ਸੋਚਦਾ ਰਿਹਾ ਕਿ ਵਾਹ ਕਿੰਨੀ ਮਾਲੂਮਾਤ ਰੱਖਦੇ ਨੇ। ਨਸੀਰੇ ਵਿੱਚ ਤੇ ਕੋਈ ਬਹੁਤ ਹੀ ਵੱਡੀ ਖੂਬੀ ਜਾਪਦੀ ਏ। ਇੱਕ ਵਾਰ ਫੇਰ ਮੇਰੇ ਮਨ ਵਿੱਚ ਭੈੜਾ ਖਿਆਲ ਆਇਆ ਕਿ ਜਦ ਇਹ ਮੁੰਡਾ ਮਿਲਿਆ ਏ, ਹੁਜਰੇ ਵਾਲੇ ਦੀ ਤਬੀਅਤ
ਵਿੱਚ ਉਹ ਚਮਕ ਨਹੀਂ ਰਹੀ । ਉਦਾਸੀ ਵਧਦੀ ਜਾਪਦੀ ਏ । ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸ਼ਾਹ ਹੁਸੈਨ ਤੇ ਮਾਧੋ ਲਾਲ ਵਾਲਾ ਕੋਈ ਨਵਾਂ ਕਿੱਸਾ ਹੋਵਣ ਵਾਲ਼ਾ ਏ।
ਮੇਰੇ ਦਿਮਾਗ ਵਿੱਚ ਹੁਜਰੇ ਵਾਲੇ ਦੀਆਂ ਉਹ ਗੱਲਾਂ ਯਾਦ ਆ ਗਈਆਂ ਜੋ ਉਹਨਾਂ ਕਈ ਵਾਰ ਸੁਣਾਈਆਂ ਸਨ ਕਿ ਇੱਕ ਵਾਰ ਸੁਹਰਾਵਰਦੀ ਏਥੇ ਹੁਜਰੇ ਵਿੱਚ ਆਇਆ ਸੀ, ਉਹ ਵਜ਼ੀਰ ਸੀ, ਉਸ ਕੁੱਝ ਫਾਇਦਾ ਦੇਵਣ ਦੀ ਰੀਝ ਦੱਸੀ ਸੀ । ਜਵਾਬ ਵਿੱਚ ਮਖੌਲ ਕਰਦਿਆਂ ਆਖਿਆ ਸੀ, ਸ਼ਰਾਬ ਦੀਆਂ ਦਸ ਬਾਰਾਂ ਪੇਟੀਆਂ ਘੱਲ ਦਿਉ। ਸੁਰਹਾਵਰਦੀ ਬੁੜ ਬੁੜ ਕਰਦਾ ਹੋਇਆ ਚਲਾ ਗਿਆ ਸੀ। ਫੇਰ ਪਰਤ ਕੇ ਨਹੀਂ ਆਇਆ, ਪਰ ਇਹ ਦਰਵੇਸ਼ ਆਪਣੇ ਲਈ ਕੁੱਝ ਲੈਣਾ ਨਹੀਂ ਸੀ ਚਾਹਦਾ, ਇੱਕੋ ਮੰਗ ਕਿ :
ਮੈਨੂੰ ਧਰਤੀ ਕਲੀ ਕਰਾਦੇ
ਮੈਂ ਨੱਚਾਂ ਸਾਰੀ ਰਾਤ
ਦੂਜੀ ਵਾਰ ਕਿਸੇ ਮਹਿਫ਼ਲ ਵਿੱਚ ਨੂਨ ਨੇ ਉਸਤਾਦ ਜੀ ਨੂੰ ਵਜ਼ੀਫਾ ਦੇਵਣ ਦੀ ਰੀਝ ਕੀਤੀ ਤਾਂ ਜਵਾਬ ਵਿੱਚ ਫੇਰ ਉਹ ਈ ਮਖੌਲ ਤੇ ਟਿਚਕਰ ਕਿ,"ਲੋਕੀ ਆਖਦੇ ਨੇ ਵਜ਼ੀਫਾ ਲੈਣ ਵਾਲਾ ਮਰ ਜਾਂਦਾ ਏ ਯਾ ਵਜ਼ੀਫਾ ਦੇਵਣ ਵਾਲਾ। ਮੈਂ ਅਜੇ ਮਰਨਾ ਨਹੀਂ ਚਾਹਦਾ ।" ਏਸ ਗੱਲ ਤੋਂ ਨੂਨ ਵੀ ਨਾਰਾਜ਼ ਹੋ ਗਿਆ।
ਵਾਹ! ਕੀ ਜੁਰਅਤ, ਹਿੰਮਤ ਤੇ ਹੌਂਸਲਾ ਏ ਦਰਵੇਸ਼ ਦਾ! ਪਰ ਮੇਰੇ ਲਈ ਇਹ ਗੱਲ ਬਹੁਤ ਉਲਝਣ ਵਾਲੀ ਸੀ ਕਿ ਸਭ ਕੁੱਝ ਤਿਆਗ ਦੇਵਣ ਵਾਲਾ ਦਰਵੇਸ਼ ਇੱਕ ਮੁੰਡੇ ਦੀ ਖ਼ਾਤਰ ਢਿੱਗੀ ਢਾਈ ਬੈਠਾ ਏ । ਸੱਚੀ ਗੱਲ ਏ, ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੇਰੇ ਉਸਤਾਦ ਨੂੰ ਕੀ ਹੋ ਗਿਆ ਏ, ਇੰਜ ਨਹੀਂ ਸੀ ਹੋਣਾ ਚਾਹੀਦਾ। ਮੈਨੂੰ ਹੋਰ ਵੀ ਬਹੁਤ ਕੁੱਝ ਚੇਤੇ ਆਇਆ ਕਿ ਮੇਰਾ ਉਸਤਾਦ ਤੇ ਮਹਿਮਾਨ ਸੀ ।
ਉਸਤਾਦ ਜੀ ਨੂੰ ਇੱਕ ਵਾਰੀ ਅਵਾਮੀ ਹਕੂਮਤ ਰੇਡੀਓ ਦੇ ਪੰਜਾਬੀ ਸੈਕਸ਼ਨ ਦਾ ਮਸ਼ੀਰ ਬਣਾਇਆ ਸੀ । ਕੁੱਝ ਮਹੀਨੇ ਤਨਖਾਹ ਵੀ ਘੱਲੀ (ਪਰ ਮੇਰੇ ਉਸਤਾਦ ਲਾਲਚੀ ਨਹੀਂ ਸਨ) । ਨਜ਼ਮ ਲਿਖੀ :
ਇਹ ਕੀ ਕਰੀ ਜਾਨਾ ਏਂ
ਇਹ ਕੀ ਕਰੀ ਜਾਨਾ ਏਂ
ਮਤਲਬ ਇਹ ਕਿ ਮੈਨੂੰ ਕੋਈ ਨਹੀਂ ਖਰੀਦ ਸਕਦਾ। ਭਾਵੇਂ ਮੇਰੇ ਉੱਤੇ ਬੰਮ ਪਾ ਦੇ ਭਾਵੇਂ ਤੋਪਾਂ । ਇੱਕ ਵਾਰ ਮੈਂ ਆਇਆ ਤਾਂ ਹੁਜਰੇ ਵਿੱਚ ਇੱਕ ਸੁਹਣੀ ਜਿਹੀ ਕੁੜੀ ਤੇ ਖੁਆਜਾ ਬੈਠੇ ਹੋਏ ਸਨ । ਖੁਆਜੇ ਨੂੰ ਤਾਂ ਮੈਂ ਵੇਖਿਆ ਹੋਇਆ ਸੀ । ਉਹ ਏਥੇ ਆਂਵਦਾ ਰਹਿੰਦਾ ਸੀ। ਕੁੜੀ ਨੂੰ ਮੈਂ ਨਹੀਂ ਸੀ ਵੇਖਿਆ ਹੋਇਆ। ਕੁੜੀ ਬੈਠੀ ਵੀ ਤੇ ਹੁਜਰੇ ਵਾਲੇ ਦਰਵੇਸ਼ ਦੇ ਮੋਢੇ ਨਾਲ ਲੱਗ ਕੇ ਸੀ। ਨਿੰਮ੍ਹਾਂ ਹੱਸਦੀ ਤੇ ਦੰਦ ਮੀਟ ਕੇ ਗੁਟਕਦੀ ਕੁੜੀ ਬਹੁਤ ਭਲੀ ਮਲੂਮ ਹੁੰਦੀ ਸੀ । ਖੁੱਲ੍ਹੇ ਵਾਲ ਤੇ ਬਾਣਾ ਵੀ ਸ਼ੌਕੀਨ ਸੀ । ਅੱਖਾਂ ਤਾਂ ਬਹੁਤ ਈ ਖੂਬਸੂਰਤ ਸਨ । ਕੁੜੀ ਵੇਖ ਕੇ ਉਹ ਵੀ ਉਸਤਾਦ ਦੇ ਮੋਢੇ ਨਾਲ ਜੁੜੀ ਹੋਈ ਮੇਰੇ ਲਈ ਇੱਕ ਹੋਰ ਹੈਰਾਨੀ ਸੀ। ਹੁਣੇ ਮੁੰਡਾ, ਹੁਣੇ ਕੁੜੀ! ਤਬੀਅਤ ਡਾਵਾਂਡੋਲ ! ਨਾਲੇ ਕਹਿੰਦੇ ਨੇ ਮੇਰਾ ਅੰਦਰਲਾ ਬੁਝਦਾ ਜਾਪਦਾ
ਏ। ਜੇ ਅੰਦਰਲਾ ਬੁਝਦਾ ਜਾਂਦਾ ਏ ਤੇ ਫੇਰ ਇਹ ਕੀ ਏ ? ਮੈਂ ਸੋਚਿਆ। ਜਦ ਚੌਧਰੀ ਜ਼ਹੂਰ ਅਲੀ ਆਖਿਆ ਸੀ ਕਿ ਉਸਤਾਦ ਜੀ ਪਾਕਿਸਤਾਨੀ ਹਕੂਮਤ ਦਾ ਖਿਆਲ ਏ ਕਿ ਤੁਸਾਂ ਹਿੰਦੁਸਤਾਨ ਵਿੱਚ ਜਾ ਕੇ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਕੰਮ ਕਰੋ ਤਾਂ ਜੋ ਦੋਵਾਂ ਮੁਲਕਾਂ ਵਿੱਚ ਸਾਂਝ ਲਈ ਕੁੱਝ ਬੁਨਿਆਦ ਕਾਇਮ ਹੋਵੇ। ਜਵਾਬ ਵਿੱਚ ਦਰਵੇਸ਼ ਆਖਿਆ ਸੀ, “ਸਾਂਝ ਦੀ ਬੁਨਿਆਦ ਅਵਾਮ ਹੁੰਦੀ ਏ, ਪਰ ਤੁਹਾਡੀ ਹਕੂਮਤ ਵਿੱਚ ਅਵਾਮ ਕੋਈ ਨਹੀਂ। ਖ਼ਾਸ ਈ ਖ਼ਾਸ ਏ।”
ਕਿੰਨੀ ਖਰੀ ਤੇ ਸੱਚੀ ਗੱਲ ਸੀ, ਉਹ ਵੀ ਵੇਲ਼ੇ ਦੀ ਹਕੂਮਤ ਦੇ ਵਜ਼ੀਰ ਦੇ ਮੂੰਹ ਉੱਤੇ। ਜ਼ਹੂਰ ਅਲੀ ਚੌਧਰੀ ਹੁਜਰੇ ਵਿੱਚ ਆ ਕੇ ਇਹ ਗੱਲ ਕੀਤੀ ਸੀ । ਏਸ ਹੁਜਰੇ ਵਿੱਚ ਜਿੱਥੇ ਮੈਂ ਇੱਕ ਛੈਲ ਕੁੜੀ ਵੇਖ ਰਿਹਾ ਸਾਂ।
ਮੈਂ ਤੇ ਇਹ ਵੀ ਸੁਣਿਆ ਸੀ ਕਿ ਇੱਕ ਵਾਰ ਉਕਾੜੇ ਮੁਸ਼ਾਇਰਾ ਸੀ। ਡੀ.ਸੀ. ਦੀ ਪ੍ਰਧਾਨਗੀ ਸੀ । ਹੁਜਰੇ ਵਾਲੇ ਦਰਵੇਸ਼ ਨੂੰ ਵੀ ਬੁਲਾਇਆ ਗਿਆ ਸੀ । ਮੁਸ਼ਾਇਰੇ ਦੇ ਮੁਖਾਲਫਾਂ ਗੱਲ ਧੁਮਾ ਦਿੱਤੀ ਕਿ ਕੁੱਝ ਲੋਕ ਮੁਸ਼ਾਇਰੇ ਨੂੰ ਖ਼ਰਾਬ ਕਰਾਵਣ ਲਈ ਲਹੌਰੋਂ ਗੁੰਡੇ ਲੈ ਕੇ ਆ ਰਹੇ ਨੇ । ਪੁਲਸ ਅੱਗੇ ਈ ਤਿਆਰ ਸੀ। ਸਟੇਸ਼ਨ ਤੋਂ ਮੁਸ਼ਾਇਰੇ ਤੀਕਰ ਜਾਵਣ ਵਾਲੇ ਹਰ ਬੰਦੇ ਨੂੰ ਗੁੰਡਾ ਸਮਝਦੀ ਸੀ ਤੇ ਪੁੱਛ ਵੀ ਕਰਦੀ ਸੀ। ਹੁਜਰੇ ਵਾਲਾ ਦਰਵੇਸ਼ ਵੀ ਗਿਆ । ਜੁੱਸਾ ਪਹਿਲਵਾਨਾਂ ਵਾਲਾ ਸੀ। ਤਹਿਮਦ, ਕੁਰਤਾ ਤੇ ਮੋਢੇ ਉੱਤੇ ਚਾਦਰ। ਪੁਲਸ ਪਹਿਲੀ ਨਜ਼ਰ ਵਿੱਚ ਇਹ ਫੈਸਲਾ ਕਰ ਲਿਆ ਇਹ ਈ ਗੁੰਡਾ ਏ। ਫੜ ਕੇ ਡੀ. ਸੀ ਦੇ ਸਾਹਮਣੇ ਪੇਸ਼ ਕੀਤਾ। ਮਲੂਮ ਹੋਵਣ ਉੱਤੇ ਡੀ.ਸੀ. ਮੁਆਫ਼ੀ ਮੰਗੀ ਤਾਂ ਦਰਵੇਸ਼ ਮੁਸ਼ਾਇਰਾ ਪੜ੍ਹਨ ਤੋਂ ਈ ਇਨਕਾਰ ਕਰ ਦਿੱਤਾ। ਬੜੀ ਜੁਰਅਤ ਵਾਲੀ ਗੱਲ ਸੀ, ਪਰ ਹੁਣ ਇਹ ਕੁੜੀ ਤੇ ਮੁੰਡਾ ਮੇਰੇ ਜਿਹਨ ਵਿੱਚੋਂ ਨਹੀਂ ਸਨ ਨਿੱਕਲ ਰਹੇ।
ਮੈਨੂੰ ਇਹ ਵੀ ਯਾਦ ਆਇਆ ਕਿ ਏਸ ਸਟੇਜ ਦੇ ਸਕੰਦਰ ਇੱਕ ਵਾਰ ਬੋਰੇ ਵਾਲ਼ਾ ਦੇ ਮੁਸ਼ਾਇਰੇ ਵਿੱਚ ਮੈਜਿਸਟਰੇਟ ਦੀ ਪ੍ਰਧਾਨਗੀ ਵਿੱਚ ਉਹਦੇ ਈ ਸਾਹਮਣੇ ਉਹਨੂੰ ਤੇ ਉਹਦੀ ਸਰਕਾਰ ਨੂੰ ਖੂਬ ਸੁਣਾਈਆਂ ਸਨ । ਐਸੇ ਸ਼ੇਅਰ ਪੜ੍ਹੇ ਕਿ ਮੈਜਿਸਟਰੇਟ ਉੱਥੇ ਹੀ ਜਬਾਨ ਬੰਦੀ ਦਾ ਹੁਕਮ ਦੇ ਦਿੱਤਾ। ਪਰ ਦਰਵੇਸ਼ ਲੋਕਾਂ ਦਾ ਸ਼ਾਇਰ ਸੀ। ਲੋਕਾਂ ਉੱਥੇ ਈ ਇਹਤਜਾਜ਼ ਕੀਤਾ ਤਾਂ ਮੈਜਿਸਟਰੇਟ ਨੂੰ ਉੱਥੇ ਈ ਆਪਣਾ ਹੁਕਮ ਵਾਪਸ ਲੈਣਾ ਪਿਆ ਸੀ।
ਮੈਂ ਇੰਜ ਦੀਆਂ ਸੋਚਾਂ ਸੋਚਦਾ ਗਿਆ ਤੇ ਇੰਜ ਈ ਸੋਚਦਾ ਆਇਆ। ਨਸੀਰ ਅਹਿਮਦ ਘਰ ਨਹੀਂ ਸੀ ਮਿਲਿਆ। ਮੈਂ ਆ ਕੇ ਦੱਸਿਆ, "ਨਸੀਰ ਅਹਿਮਦ ਘਰ ਨਹੀਂ ਮਿਲਿਆ, ਉਸਤਾਦ ਜੀ।”
"ਤੈਨੂੰ ਕੀਹਨੇ ਦੱਸਿਆ ਏ ?"
“ਘਰ ਵਿੱਚ ਉਹਦੀ ਮਾਂ ਮਿਲੀ ਸੀ", ਮੈਂ ਸਹਿਜ ਸੁਭਾਅ ਨਾਲ ਦੱਸਿਆ ਤਾਂ ਮਾਂ ਦੇ ਨਾਂ ਉੱਤੇ ਦਰਵੇਸ਼ ਦੀਆਂ ਅੱਖਾਂ ਵਿੱਚ ਬਿਜਲੀ ਦੇ ਬਲਬ ਵਾਂਗਰ ਚਮਕ ਜਾਪੀ ਮੈਨੂੰ। ਉਹਨਾਂ ਝੱਟ ਪੁੱਛਿਆ, “ਕੇਹੋ ਜੇਹੀ ਸੀ ਨਸੀਰੇ ਦੀ ਮਾਂ ?”
“ਮਾਂ ਜਿਵੇਂ ਮਾਵਾਂ ਹੁੰਦੀਆਂ ਨੇ ।" ਨਸੀਰੇ ਦੀ ਮਾਂ ਵਿੱਚ ਦਿਲਚਸਪੀ ਮੇਰੇ ਲਈ
ਇੱਕ ਹੋਰ ਹੈਰਤ ਸੀ। ਮੇਰਾ ਅੰਦਰਲਾ ਸ਼ਰਾਰਤੀ ਪੇਂਡੂ ਜਾਗਣ ਲੱਗ ਪਿਆ ਸੀ।
"ਨਹੀਂ ਯਾਰ, ਮੇਰਾ ਮਤਲਬ ਏ ਉਹਦੀ ਸਿਹਤ ਕੈਸੀ ਏ ?”
"ਸਿਹਤ ਤਾਂ ਬਹੁਤ ਕਮਾਲ ਦੀ ਏ ਗੁਰੂ ਜੀ। ਬੁਢਾਪੇ ਵਿੱਚ ਮੁਅਜ਼ਜ਼ ਸੁਆਣੀ ਲੱਗਦੀ ਏ। ਉਹਦੇ ਹੋਂਠ ਅਜੇ ਵੀ ਸੁਰਖ਼ ਤੇ ਗੱਲ੍ਹਾਂ ਭਰੀਆਂ ਨੇ ।"
ਮੈਂ ਚਸਕੇ ਲੈਣ ਲੱਗ ਪਿਆ ਸਾਂ ਤੇ ਸਵਾਦ ਲੈ ਲੈ ਕੇ ਮਾਈ ਦੀ ਤਾਰੀਫ਼ ਕੀਤੀ, "ਉਹਦਾ ਹੁਸਨ ਅਜੇ ਕਾਇਮ ਏ ।” ਮੈਂ ਆਖਿਆ, “ਉਹਦੀ ਕਾਠੀ ਤੇ ਜੁੱਸਾ ਮਜ਼ਬੂਤ ਏ। ਉਹਦੇ ਦੰਦ ਅਜੇ ਵੀ ਚਿੱਟੇ ਨੇ ।" ਮੈਥੋਂ ਜਿੰਨੀ ਤਾਰੀਫ਼ ਹੋ ਸਕਦੀ ਸੀ, ਕੀਤੀ। ਉਸਤਾਦ ਜੀ ਕੁੱਝ ਦੇਰ ਚੁੱਪ ਰਹੇ। ਮੇਰੇ ਵੱਲ ਗੌਰ ਨਾਲ ਵੇਖਦੇ ਰਹੇ ਸਨ। ਮੈਂ ਸੋਚਣ ਲੱਗ ਪਿਆ। ਕਿੱਥੇ ਮੁੰਡਾ ਤੇ ਕਿੱਥੇ ਹੁਣ ਮੁੰਡੇ ਦੀ ਮਾਂ ਵਿੱਚ ਦਿਲਚਸਪੀ! ਮੇਰੀ ਹੈਰਤ ਤੇ ਸ਼ਰਾਰਤ ਨੂੰ ਉਹ ਸਮਝ ਗਏ ਤੇ ਬੋਲੇ :
"ਸ਼ੇਖੂਪੁਰੀਆ! ਤੂੰ ਵੀ ਪੱਛ ਲਾਵਣ ਲੱਗ ਪਿਆ ਏਂ ।" ਉਹਨਾਂ ਏਨੇ ਦੁੱਖ ਨਾਲ ਆਖਿਆ ਕਿ ਮੇਰਾ ਅੰਦਰਲਾ ਕੰਬ ਗਿਆ। ਉਹਨਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਮੈਨੂੰ ਆਪਣੀ ਸ਼ਰਾਰਤ 'ਤੇ ਬਹੁਤ ਹੀ ਅਫ਼ਸੋਸ ਹੋਇਆ ਤੇ ਦੁੱਖ ਵੀ। ਮੈਂ ਮੁਆਫ਼ੀ ਮੰਗਦਿਆਂ ਹੋਇਆਂ ਉਹਨਾਂ ਦੇ ਪੈਰ ਫੜ ਲਏ, ਪਰ ਉਹ ਤੇ ਰੋਈ ਜਾਂਦੇ ਸਨ । "ਮੈਨੂੰ ਇਕੱਲੇ ਨੂੰ ਛੱਡ ਦੇ ਸ਼ੇਖੂਪੁਰੀਆ!" ਬਾ-ਹਿੰਮਤ ਦਰਵੇਸ਼ ਅੱਜ ਫਿੱਸ ਪਿਆ ਸੀ । ਮੈਂ ਹੈਰਤਾਂ ਵਿੱਚ ਡੁੱਬਾ ਉੱਥੋਂ ਨਿੱਕਲ ਆਇਆ ਸਾਂ ।
ਫੈਕਟਰੀ ਵਿੱਚ ਇੱਕ ਵਾਰ ਫੇਰ ਮੇਰੀ ਤਬਦੀਲੀ ਹੋਈ। ਮੇਰੀ ਕਿਸੇ ਇਚਾਰਜ ਨਾਲ ਬਣ ਨਹੀਂ ਸੀ ਆਂਵਦੀ । ਸਲਾਮ ਕਰਨਾ ਮੈਨੂੰ ਨਹੀਂ ਸੀ ਆਂਵਦਾ ਤੇ ਇਨਸਾਫ਼ ਕਰਨਾ ਉਹਨਾਂ ਨੂੰ ਨਹੀਂ ਸੀ ਆਂਵਦਾ। ਮਜ਼ਦੂਰ ਤੇ ਅਜੇ ਤੀਕਰ ਚੌਧਰੀ ਸਨ । ਆਪਣੇ ਆਪ ਨੂੰ ਮਜ਼ਦੂਰ ਤਾਂ ਮੰਨਦੇ ਈ ਨਹੀਂ ਸਨ । ਮੈਂ ਗੱਲ ਮਜ਼ਦੂਰਾਂ ਦੀ ਕਰਦਾ ਸਾਂ, ਇਨਸਾਫ਼ ਤੇ ਅਦਲ ਦੀ, ਪਰ ਮਜ਼ਦੂਰ ਕਿਸਮਤ ਤੇ ਰੱਬ ਦੀ ਗੱਲ ਕਰਦੇ ਸਨ । ਮੈਂ ਈ ਝੂਠਾ ਸਾਂ । ਮੈਨੂੰ ਈ ਤੁਹਮਤਾਂ ਲੱਗਣੀਆਂ ਸਨ। ਮਜ਼ਦੂਰ ਲੀਡਰ ਵੀ ਖੁਦ ਨੂੰ ਮਜ਼ਦੂਰ ਨਹੀਂ ਸਨ ਸਮਝਦੇ।
ਮੈਂ ਇੱਕ ਹੋਰ ਝੂਠ ਵੀ ਬੋਲਣ ਲੱਗ ਪਿਆ ਸਾਂ । ਆਪਣਾ ਅਸਲ ਪਛਾਣਨ ਲਈ ਪੰਜਾਬੀ ਜ਼ਬਾਨ ਦੀ ਗੱਲ ਕਰਨ ਲੱਗ ਪਿਆ ਸਾਂ । ਪੰਜਾਬੀ ਰਹਿਤਲ ਤੇ ਪੰਜਾਬੀ ਤਾਲੀਮ ਦੀ ਗੱਲ ਮੈਥੋਂ ਹੋ ਜਾਂਦੀ ਸੀ । ਕਾਫ਼ਰ ਤਾਂ ਮੈਂ ਪਹਿਲੇ ਈ ਮਸ਼ਹੂਰ ਸਾਂ । ਉੱਤੋਂ ਵਤਨ-ਦੁਸ਼ਮਣ ਵੀ ਮਸ਼ਹੂਰ ਹੋ ਗਿਆ। ਖੋਪੜੀ ਮੇਰੀ ਵੀ ਉਲਟੀ ਸੀ।
ਅਫ਼ਸਰ ਯਾ ਇੰਚਾਰਜ ਮੇਰੇ ਨਾਲ ਉਰਦੂ ਵਿੱਚ ਗੱਲ ਕਰਦੇ, ਮੈਨੂੰ ਅਦਬ ਸਿਖਾਂਦੇ, ਸਮਝਾਂਦੇ, ਪਰ ਮੈਂ ਪੰਜਾਬੀ ਵਿੱਚ ਬੋਲਾਂ। ਅੱਗੋਂ ਅਖਾਣ ਸੁਣਾਵਾਂ ਤੇ ਅਖ਼ਤਿਆਰ ਵਾਲਿਆਂ ਨੂੰ ਤਾਅਨੇ ਮਾਰਾਂ ਕਿ ਤੁਸੀਂ ਆਪਣਾ ਅਸਲ ਭੁੱਲੇ ਹੋਏ ਓ । ਤੁਸਾਂ ਸਾਰੇ ਢੋਡਰ ਕਾਂ ਬਟੇ ਹੋਏ ਹੋ। ਜਵਾਬ ਵਿੱਚ ਮੈਨੂੰ ਨਫ਼ਰਤ ਮਿਲਦੀ ਸੀ। ਉਹ ਅਖ਼ਤਿਆਰ ਤੇ ਹੁਕਮ ਵਾਲੇ ਸਨ । ਭਲਾਂ ਕਿਵੇਂ ਆਪਣੀ ਸ਼ਨਾਖਤ ਭੁੱਲ ਸਕਦੇ ਸਨ । ਮੈਂ ਈ ਭੁੱਲਿਆ ਹੋਇਆ ਤੇ ਝੂਠਾ ਸਾਂ । ਬੱਸ ਇਹਨਾਂ ਸਾਰਿਆਂ ਕੌੜਾਂ ਨੂੰ ਲੈ ਕੇ ਮੈਂ ਹੁਜਰੇ ਆ ਡਿੱਗਦਾ ਸਾਂ । ਹੁਣ ਏਥੇ ਵੀ ਉਦਾਸੀਆਂ
ਆਵਣ ਲੱਗ ਪਈਆਂ ਸਨ।
ਏਧਰ ਆਇਆ ਤਾਂ ਹਾਂਡੀ ਪੱਕ ਰਹੀ ਸੀ । ਹੁਜਰੇ ਵਾਲੇ ਦੇ ਨਾਲ ਉਹ ਛੈਲ ਕੁੜੀ ਵੀ ਹਾਂਡੀ ਪਕਾਵਣ ਵਿੱਚ ਹੱਥ ਪੁਆ ਰਹੀ ਸੀ । ਨਾਲ ਨਾਲ ਗੱਲਾਂ ਵੀ ਹੋ ਰਹੀਆਂ ਸਨ। ਖੁਆਜਾ ਵੀ ਸੀ ਤੇ ਹੋਰ ਲੋਕ ਵੀ ਸਨ। ਭੱਤੇ ਵੇਲਾ ਖਾਵਣ ਮਗਰੋਂ ਲੋਕ ਚਲੇ ਗਏ। ਮੈਂ ਤੇ ਖੁਆਜਾ ਬੈਠੇ ਰਹੇ । ਹੁਜਰੇ ਵਾਲੇ ਉਸ ਕੁੜੀ ਨੂੰ ਸਵਾਲ ਕੀਤਾ, "ਤੁਸੀਂ ਬੁੱਢੇ ਬਿਸ਼ਨਈਆਂ ਨੂੰ ਕਿੰਜ ਲੁੱਟ ਲੈਂਦੇ ਓ ਜਦ ਕਿ ਬੁੱਢਾ ਬਿਸ਼ਨੀ ਲੁਟੀਜ ਕੇ ਵੀ ਰਾਜ਼ੀ ਰਹਿੰਦਾ ਏ । ਇਹ ਸਭ ਕੁੱਝ ਕਿਵੇਂ ਸੰਭਾਲ ਲੈਂਦੇ ਓ।”
ਕੁੜੀ ਨੂੰ ਇੰਜ ਦਾ ਸਵਾਲ ਪੁੱਛਣਾ! ਮੇਰੇ ਲਈ ਤੇ ਇਹ ਵੀ ਅਨੋਖੀ ਗੱਲ ਸੀ। ਕੋਈ ਝਿਜਕ ਨਹੀਂ ਸੀ ਕੁੜੀ ਨੂੰ, ਕੋਈ ਸ਼ਰਮ ਨਹੀਂ। ਭਾਵੇਂ ਮੈਨੂੰ ਮਲੂਮ ਹੋ ਗਿਆ ਸੀ ਕਿ ਇਹ ਕੁੜੀ ਕੋਠੇ ਦੀ ਏ ਪਰ ਫੇਰ ਵੀ ਹੈ ਤਾਂ ਕੁੜੀ ਈ ਸੀ । ਹੁਜਰੇ ਵਾਲਾ ਆਪ ਬਿਸ਼ਨੀ ਵੀ ਨਹੀਂ ਸੀ।
ਉਸ ਕੁੜੀ ਬਿਨਾਂ ਕਿਸੇ ਸ਼ਰਮ ਯਾ ਝਿਜਕ ਦੇ ਆਖਿਆ, “ਬੁੱਢੇ ਨੂੰ ਖੁਸ਼ ਕਰਨਾ ਤੇ ਅਸਾਡੇ ਲਈ ਬਹੁਤ ਸੌਖਾ ਹੁੰਦਾ ਏ। ਸਗੋਂ ਬੁੱਢਾ ਗਾਹਕ ਈ ਸਾਨੂੰ ਜਿਆਦਾ ਪਸੰਦ ਹੁੰਦਾ ਏ। ਅਸਾਨੂੰ ਤਾਂ ਉਡੀਕ ਈ ਬੁੱਢੇ ਦੀ ਰਹਿੰਦੀ ਏ।"
"ਕਿਵੇਂ ਰਾਜ਼ੀ ਕਰਦੇ ਓ ਬੁੱਢੇ ਬਿਸ਼ਨੀ ਨੂੰ ?"
"ਪੈਸੇ ਵਾਲਾ ਬੁੱਢਾ ਔਲਾਦ ਕੋਲੋਂ ਅੱਕਿਆ ਹੁੰਦਾ ਏ। ਉੱਥੇ ਉਹਦੀ ਕਦਰ ਨਹੀਂ ਹੁੰਦੀ। ਅਸਾਂ ਲੋਕ ਆਪਣੇ ਹੁਸਨ, ਹੁਨਰ ਤੇ ਆਜਜ਼ੀ ਨਾਲ ਯਕੀਨ ਦਿਵਾ ਦੇਨੇ ਆਂ ਕਿ ਤੂੰ ਤਾਂ ਅਜੇ ਜਵਾਨ ਏਂ । ਸਗੋਂ ਜਵਾਨ ਨਾਲੋਂ ਵੀ ਬਹੁਤਾ ਚੰਗਾ ਲਗਨਾ ਏਂ ।"
“ਪਰ ਸਾਰੇ ਬੁੱਢੇ ਤਾਂ ਘਰੋਂ ਅੱਕੇ ਨਹੀਂ ਹੁੰਦੇ।” ਉਸਤਾਦ ਜੀ ਪੁੱਛਿਆ।
"ਨਹੀਂ ਜੀ, ਅਸਾਡੇ ਕੋਲ ਆਵਣ ਵਾਲ਼ਾ ਬੁੱਢਾ ਕਿਸੇ ਨਾ ਕਿਸੇ ਹਵਾਲੇ ਨਾਲ ਘਰੋਂ ਅੱਕਿਆ ਹੁੰਦਾ ਏ। ਨੂੰਹਾਂ, ਧੀਆਂ ਤੇ ਪੁੱਤਰ ਹੁਕਮ ਨਹੀਂ ਮੰਨਦੇ। ਅਸਾਂ ਲੋਕ ਅਦਬ ਨਾਲ ਲਿਫ ਲਿਫ ਜਾਨੇ ਆਂ। ਘਰਾਂ ਵਿੱਚ ਇਹਨਾਂ ਬੁੱਢੇ ਲੋਕਾਂ ਨੂੰ ਪਿਆਰ ਨਹੀਂ ਕਰਦਾ। ਅਸਾਂ ਪਿਆਰ ਦਾ ਜਾਲ ਪਾ ਲੈਨੇਂ ਆਂ। ਉਹਨਾਂ ਅੱਗੇ ਵਿਛ ਵਿਛ ਜਾਨੇ ਆਂ । ਮਰਦਾਂ ਵਾਲੀ ਗੱਲ ਇਹਨਾਂ ਵਿੱਚ ਕੋਈ ਨਹੀਂ ਹੁੰਦੀ, ਪਰ ਅਸਾਂ ਉਹਨਾਂ ਨੂੰ ਸ਼ਰਮਿੰਦਾ ਨਹੀਂ ਹੋਵਣ ਦਿੰਦੇ। ਜਿੰਨਾਂ ਨੂੰ ਘਰ ਮੂੰਹ ਕੋਈ ਨਹੀਂ ਲਾਂਵਦਾ, ਅਸਾਂ ਮੂੰਹ ਨਾਲ ਮੂੰਹ ਲਾ ਕੇ ਸਭ ਕੁੱਝ ਲੁੱਟ ਲੈਨੇਂ ਆਂ।" ਕੁੜੀ ਰਵਾਨੀ ਨਾਲ ਹੱਸ ਰਹੀ ਸੀ। "ਬੁੱਢੇ ਦੇ ਮੂੰਹ ਨਾਲ ਮੂੰਹ ਲਾਇਆਂ ਕਰਾਹਤ ਤਾਂ ਹੁੰਦੀ ਏ, ਪਰ ਪੈਸੇ ਵਿੱਚ ਬਹੁਤ ਕੁੱਝ ਜਰਨ ਵਾਲੀ ਤਾਕਤ ਹੁੰਦੀ ਏ।"
"ਤੁਸਾਂ ਦੀ ਤਾਲੀਮ ਵਿੱਚ ਜਵਾਨ ਗਾਹਕ ਲਈ ਕੀ ਵਰਤਾ ਏ?” ਇਹ ਅਗਲਾ ਸਵਾਲ ਸੀ।
"ਜਵਾਨ ਗਾਹਕ ਬਹੁਤ ਤੰਗ ਕਰਦੇ ਨੇ। ਜਲਦਬਾਜ਼ ਤੇ ਝੂਠੇ ਹੁੰਦੇ ਨੇ। ਪੈਸੇ ਤਾਂ ਖਰਚ ਕਰਦੇ ਨੇ ਪਰ ਟਿਕ ਕੇ ਗਾਹਕ ਨਹੀਂ ਰਹਿੰਦੇ ।"
"ਪਰ ਕਿੰਜ ਕਾਬੂ ਰੱਖਦੇ ਓ।"
"ਜਵਾਨ ਗਾਹਕ ਨੂੰ ਅਸਾਂ ਆਪਣੀ ਪਾਕੀਜ਼ਗੀ ਦਾ ਅਹਿਸਾਸ ਦਿਵਾਂਦੇ ਆਂ ਤੇ ਵਿਆਹ ਵਾਸਤੇ ਆਖਦੇ ਹਾਂ । ਫਸ ਜਾਵੇ ਤਾਂ ਪੌਂ ਬਾਰਾਂ । ਝਾਂਸੇ ਵਿੱਚ ਨਾ ਆਵੇ ਤਾਂ ਗੱਲ ਮੁਕਾ ਦੇਨੇ ਆਂ।"
ਫੇਰ ਹੁਜਰੇ ਵਾਲੇ ਇੱਕ ਬੰਦੇ ਦਾ ਨਾਂ ਲੈ ਕੇ ਪੁੱਛਿਆ, “ਉਹ ਤੇਰੇ ਨਾਲ ਆਂਵਦਾ ਏ। ਉਹਦੇ ਪੱਲੇ ਕੁੱਝ ਹੈ?"
ਉਸ ਕੁੜੀ ਹੱਸ ਕੇ ਆਖਿਆ, "ਕੁੱਝ ਵੀ ਨਹੀਂ, ਪਰ ਮੈਂ ਉਹਨੂੰ ਪੱਚੀ ਨਹੀਂ ਕਰਦੀ।" ਉਸ ਬੰਦੇ ਬਾਰੇ ਕੁੱਝ ਹੋਰ ਗੱਲਾਂ ਵੀ ਹੋਈਆਂ।
ਜਦ ਖੁਆਜਾ ਤੇ ਬਾਕੀ ਲੋਕ ਚਲੇ ਗਏ ਤਾਂ ਉਸਤਾਦ ਜੀ ਮੈਨੂੰ ਦੱਸਿਆ, "ਏਸ ਬਾਈ ਕੋਲ ਮੇਰਾ ਇੱਕ ਵਾਕਫ਼ ਬੰਦਾ ਜਾਂਦਾ ਏ । ਏਥੇ ਮੇਰੇ ਕੋਲ ਆ ਕੇ ਫੜ੍ਹਾਂ ਮਾਰਦਾ ਰਹਿੰਦਾ ਏ। ਮੈਨੂੰ ਮਲੂਮ ਹੈ ਸੀ ਕਿ ਉਹ ਝੂਠ ਬੋਲਦਾ ਏ, ਪਰ ਫੇਰ ਵੀ ਮੈਂ ਤਸਦੀਕ ਕਰਨੀ ਚਾਂਹਦਾ ਸਾਂ। ਸ਼ੇਖੂਪੁਰੀਆ ! ਧਿਆਨ ਰੱਖੀਂ ਜਿਨਸ ਦੇ ਮਾਮਲੇ ਵਿੱਚ ਹਰ ਬੰਦਾ ਝੂਠ ਬੋਲਦਾ ਏ। ਹੋ ਸਕਦਾ ਏ ਕੁੱਝ ਲੋਕ ਸੱਚ ਬੋਲ ਵੀ ਲੈਂਦੇ ਹੋਵਣ, ਪਰ ਫੇਰ ਵੀ ਇਹ ਪੂਰਾ ਸੱਚ ਨਹੀਂ ਹੁੰਦਾ। ਇਸ ਬਾਰੇ ਸੱਚ ਬੋਲਿਆ ਈ ਨਹੀਂ ਜਾ ਸਕਦਾ।"
ਫੈਕਟਰੀ ਦੀ ਟਰੇਡ ਯੂਨੀਅਨ ਦੇ ਲੀਡਰਾਂ ਆਪਣੀ ਆਪਣੀ ਜੂਹ ਵਿੱਚ ਸਰਮਾਏਦਾਰਾਂ ਨਾਲੋਂ ਵਧ ਕੇ ਮਜ਼ਦੂਰਾਂ ਨੂੰ ਗ਼ੁਲਾਮ ਬਣਾਇਆ ਹੋਇਆ ਸੀ । ਮਜ਼ਦੂਰ ਲੀਡਰ ਹੁਣ ਮਜ਼ਦੂਰਾਂ ਦੀ ਨਹੀਂ, ਸਰਮਾਏਦਾਰਾਂ ਦੀ ਨੁਮਾਇੰਦਗੀ ਕਰਨ ਲੱਗ ਪਏ ਸਨ । ਮਜ਼ਦੂਰਾਂ ਦੇ ਹਮਦਰਦ ਤੇ ਨਜ਼ਰਿਆਤੀ ਮਜ਼ਦੂਰ ਨੁਮਾਇੰਦੇ ਹਾਰ ਖਾ ਕੇ ਪਿੱਛੇ ਹਟ ਰਹੇ ਸਨ । ਜੋ ਨਹੀਂ ਸੀ ਹਟਦਾ ਉਹਨੂੰ ਫੌਜੀ ਸਰਕਾਰ ਆਪ ਹਟਾ ਦਿੰਦੀ ਸੀ । ਮਜ਼ਦੂਰ ਵੀ ਕੁੱਝ ਐਸਾ ਸੋਚਣ ਲੱਗ ਪਏ ਸਨ ਕਿ ਇਨਕਲਾਬ ਤੇ ਆਉਣਾ ਕੋਈ ਨਹੀਂ, ਐਵੇਂ ਨਜ਼ਰਿਆਤੀ ਨੁਮਾਇੰਦੇ ਬਣੇ ਫਿਰੀਏ!
ਨਜ਼ਰਿਆਤੀ ਯਾ ਮਜ਼ਦੂਰ ਦੋਸਤ ਲੋਕਾਂ ਦੀ ਹਾਰ ਜਾਂ ਪਿੱਛੇ ਹਟਣ ਦੀ ਵਜ੍ਹਾ ਕਾਰਨ ਦੂਜੇ ਮਜ਼ਦੂਰ ਨੁਮਾਇੰਦੇ ਜਿਹੜੇ ਸਿਰਫ ਮਾਲ ਬਣਾਵਣਾ ਈ ਜਾਣਦੇ ਸਨ, ਵਧ ਵਧ ਕੇ ਅੱਗੇ ਆਏ। ਫੌਜੀ ਸਰਕਾਰ ਤੇ ਮਿੱਲਾਂ ਕਾਰਖਾਨਿਆਂ ਦੇ ਮਾਲਕਾਂ ਵੀ ਉਹਨਾਂ ਦਾ ਸਾਥ ਦਿੱਤਾ ਜਿਹੜੇ ਨਜ਼ਰਿਆਤੀ ਨਹੀਂ ਸਨ।
ਅਸਾਡੀ ਫੈਕਟਰੀ ਵਿੱਚ ਵੀ ਇਹ ਹੀ ਹਾਲ ਸੀ। ਮੇਰੇ ਲਈ ਹੋਰ ਵੀ ਸਖਤੀ ਹੋਵਣ ਲੱਗ ਪਈ ਸੀ । ਸਾਡੀ ਸਰਕਾਰ ਤੇ ਸਰਕਾਰ ਦੇ ਹਿਮਾਇਤੀ ਮਜ਼ਹਬੀ ਅਫ਼ਗਾਨਿਸਤਾਨ ਦੇ ਹਿਮਾਇਤੀ ਸਨ। ਮਜ਼ਦੂਰ ਨੁਮਾਇੰਦੇ ਤੇ ਮਜ਼ਦੂਰ ਵੀ ਮਜ਼ਹਬੀ ਅਫ਼ਗਾਨਿਸਤਾਨ ਦੇ ਹਿਮਾਇਤੀ, ਸਰਮਾਏਦਾਰ ਤੇ ਉਹਨਾਂ ਦਾ ਖ਼ੁਦਾ ਵੀ ਮਜ਼ਹਬੀ ਅਫ਼ਗਾਨਿਸਤਾਨ ਦੇ ਸੱਜਣ।
ਜੋ ਮਜ਼ਦੂਰ ਜਮਹੂਰੀ ਅਫ਼ਾਨਿਸਤਾਨ ਦੇ ਹਿਮਾਇਤੀ ਸਨ, ਉਹ ਹੈ ਈ ਕਿੰਨੇ ਸਨ ! ਫੈਕਟਰੀ ਵਿੱਚ ਉਹ ਮੁੱਕਦੇ ਈ ਰਹਿੰਦੇ ਸਨ । ਕਿਸੇ ਨਾਲ ਮੁਖਾਲਫਤ ਤੇ ਹਿਮਾਇਤ ਦੀ
ਕੋਈ ਗੱਲ ਨਹੀਂ ਸਨ ਕਰਦੇ, ਪਰ ਮੈਥੋਂ ਚੁੱਪ ਨਹੀਂ ਸੀ ਰਿਹਾ ਜਾਂਦਾ। ਮੈਂ ਮੌਲਵੀ ਤੇ ਮੌਲਵੀ ਦੇ ਅਫਗਾਨਿਸਤਾਨ ਦੀ ਨਿੰਦਿਆ ਕਰਦਾ ਸਾਂ । ਫੇਰ ਦੁੱਖਾਂ ਵਿੱਚ ਆਪੇ ਈ ਵਾਧਾ ਹੋ ਜਾਂਦਾ ਸੀ ।
ਰੋਂਦੂ ਦੇ ਹੁਕਮ ਵਿੱਚ ਮਿੱਲਾਂ ਤੇ ਕਾਰਖਾਨੇ ਦੇ ਮਜ਼ਦੂਰ ਰੋਂਦੂ ਦੀ ਹਿਮਾਇਤ ਵਿੱਚ ਸਨ। ਰੋਂਦੂ ਸਰਮਾਏਦਾਰਾਂ ਦਾ ਨੁਮਾਇੰਦਾ ਬਹੁਤਾ ਸੀ ਤੇ ਮਜ਼ਦੂਰਾਂ ਦਾ ਥੋੜ੍ਹਾ। ਫੇਰ ਵੀ ਮਜ਼ਦੂਰ ਉਸੇ ਨੂੰ ਪਸੰਦ ਕਰਦੇ ਸਨ । ਰੋਂਦੂ ਕਸਮਾਂ ਬਹੁਤ ਖਾਇਆ ਕਰਦਾ ਸੀ ਤੇ ਮਜ਼ਦੂਰ ਕਸਮਾਂ ਉੱਤੇ ਏਤਬਾਰ ਕਰ ਲੈਂਦੇ ਸਨ।
ਰੋਂਦੂ ਦੇ ਖਿਲਾਫ਼ ਨਜ਼ਰਿਆਤੀ ਮਜ਼ਦੂਰ ਕਾਫ਼ੀ ਮਸ਼ਹੂਰ ਸਨ। ਉਹਨਾਂ ਦਿਨਾਂ ਵਿੱਚ ਕਾਫ਼ਰਾਂ ਦਾ ਹਾਲ ਭੈੜਾ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਦਿਨ ਰੋਂਦੂ ਮੈਨੂੰ ਆਪਣੇ ਘਰ ਬੁਲਾਇਆ। ਉਸ ਸ਼ਹਿਰ ਵਿੱਚ ਸੁਹਣਾ ਘਰ ਬਣਾਇਆ ਹੋਇਆ ਸੀ । ਰੋਂਦੂ ਕੋਲ ਨਵੀਂ ਕਾਰ ਤੇ ਰੋਜ਼ ਨਵੀਂ ਤੋਂ ਨਵੀਂ ਵਹੁਟੀ ਹੁੰਦੀ ਸੀ।
ਇਹ ਸਾਰਾ ਕੁੱਝ ਉਸ ਮੈਨੂੰ ਵਿਖਾ ਕੇ ਆਖਿਆ, "ਕਾਮਰੇਡ ਬਣਿਆਂ ਫਿਰਨਾ ਏਂ। ਇਹ ਸਾਰਾ ਕੁੱਝ ਤੇਰੇ ਕੋਲ ਹੋ ਸਕਦਾ ਏ ?"
"ਇਹ ਸਾਰੇ ਕੁੱਝ ਨੂੰ ਤੇ ਮੈਂ ਬਦਲਣਾ ਚਾਹਨਾਂ।"
“ਬਾਲਪੁਣੇ ਤੋਂ ਲੈ ਕੇ ਹੁਣ ਤੀਕਰ ਤੇਰੀ ਖੋਪੜੀ ਵਿੱਚ ਅਕਲ ਨਹੀਂ ਆਈ ਗੋਗੀ! ਇਹ ਨਹੀਉਂ ਬਦਲ ਸਕਦਾ ।" ਰੋਂਦੂ ਚਾਹ ਪੀਂਦਿਆਂ ਮੇਜ਼ 'ਤੇ ਮੁੱਕਾ ਮਾਰ ਕੇ ਆਖਿਆ, "ਰੁਲ ਕੇ ਮਰ ਜਾਸੋਂ ਗੋਗੀ! ਆ, ਮੇਰੇ ਨਾਲ ਆ ਜਾ। ਤੇਰੀ ਕਿਸਮਤ ਬਦਲ ਜਾਵੇਗੀ।"
"ਤੇਰੇ ਨਾਲ ਤੇ ਮੈਂ ਆਪਣੀ ਕਬਰ ਵੀ ਨਹੀਂ ਬਣਵਾਣੀ ਰੋਂਦੂ!"
"ਜੇ ਇੰਜ ਦਾ ਈ ਤੇਰਾ ਸੁਭਾਅ ਰਿਹਾ ਤੇ ਖੌਰੇ ਤੈਨੂੰ ਕਬਰ ਵੀ ਨਸੀਬ ਹੋਵੇ ਕਿ ਨਾ ।" ਰੋਂਦੂ ਹੱਸ ਕੇ ਮਖੌਲ ਕਰਦਿਆਂ ਆਖਿਆ।
"ਮਰਨ ਮਗਰੋਂ ਕੋਈ ਫਿਕਰ ਨਹੀਂ, ਕਬਰ ਮਿਲੇ ਤਾਂ ਭਾਵੇਂ ਨਾ ਮਿਲ਼ੇ, ਪਰ ਤੇਰੇ ਵਾਂਗ ਲਾਹਨਤ ਲੈ ਕੇ ਜੱਗ ਤੋਂ ਨਹੀਂ ਜਾਣਾ।"
ਰੋਂਦੂ ਹੱਸਿਆ ਤੇ ਬਹੁਤ ਹੱਸਿਆ । " ਲਾਹਨਤ ਤਾਂ ਤੈਨੂੰ ਜਿਉਂਦਿਆਂ ਪੈਂਦੀ ਪਈ ਏ, ਮੋਇਆਂ ਤੇ ਕੁੱਝ ਹੋਰ ਹੋਸੀ।"
ਮੈਂ ਗੁੱਸੇ ਨਾਲ ਰੋਂਦੂ ਨੂੰ ਗਾਲਾਂ ਕੱਢੀਆਂ ਤੇ ਉੱਥੋਂ ਆ ਗਿਆ । ਪਰ ਰੋਂਦੂ ਜਿੱਥੇ ਵੀ ਮਿਲਦਾ ਵੇਖ ਵੇਖ ਹੱਸਿਆ ਕਰਦਾ ਸੀ। ਰੋਂਦੂ ਦੀ ਸਮਾਜ ਵਿੱਚ ਹੈਸੀਅਤ ਬਣ ਗਈ ਹੋਈ ਸੀ। ਥਾਣੇ ਕਚਹਿਰੀ ਵਿੱਚ ਉਹਦੀ ਸਫਾਰਸ਼ ਚੱਲਦੀ ਸੀ। ਮੇਰੇ ਨਾਲ ਤੇ ਮੇਰਾ ਪਰਛਾਵਾਂ ਵੀ ਖੌਰੇ ਕਿੰਜ ਰਹਿ ਗਿਆ ਸੀ।
ਹੁਜਰੇ ਵਾਲੇ ਦਰਵੇਸ਼ ਦੀ ਤਬੀਅਤ ਵੀ ਢਿੱਲੀ ਮੱਠੀ ਰਹਿਣ ਲੱਗ ਪਈ ਸੀ। ਗੁਰਦੇ ਖ਼ਰਾਬ ਹੋ ਰਹੇ ਸਨ ਤੇ ਸ਼ੂਗਰ ਵੀ ਬਹੁਤ ਸੀ। ਮਿਉਂਸਪਲ ਹਸਪਤਾਲ ਵਿੱਚ ਦਾਖ਼ਲ ਹੋਏ। ਮੈਂ ਅੰਦਰੋਂ ਬਹੁਤ ਡਰ ਗਿਆ ਸਾਂ।
ਮੈਨੂੰ ਬਿਲਕੁਲ ਈ ਇਕੱਲੇ ਹੋਵਣ ਦਾ ਡਰ ਸੀ ਜਿਹੜਾ ਇੱਕ ਵਾਰ ਫੇਰ ਆ ਚਿੰਬੜਿਆ ਸੀ।
ਇੱਕ ਲੱਤ ਮੇਰੀ ਫੈਕਟਰੀ ਤੇ ਇੱਕ ਮਿਉਂਸਪਲ ਹਸਪਤਾਲ ਹੁੰਦੀ ਸੀ। ਸਾਈਂ ਅਖ਼ਤਰ ਨਾਲ ਜਦ ਮਿਲਦਾ ਤਾਂ ਉਹ ਸੁੱਤਾ ਹੁੰਦਾ ਸੀ । ਸਾਈਂ ਬੈਠਾ ਹੁੰਦਾ ਤਦ ਵੀ ਸੌਂ ਜਾਂਦਾ ਸੀ। ਗੱਲਾਂ ਕਰਦਾ ਕਰਦਾ ਸੌਂ ਜਾਂਦਾ ।
ਮੈਂ ਖਿਝ ਕੇ ਆਖਦਾ ਕਿ "ਸਾਈਂ, ਤੂੰ ਹਯਾਤੀ ਨੂੰ ਸੌਣ ਦਾ ਨਾਂ ਤੇ ਨਹੀਂ ਦੇ ਦਿੱਤਾ ?" ਜਵਾਬ ਵਿੱਚ ਸਾਈਂ ਆਖਦਾ, "ਯਾਰ, ਤੇਰੇ ਨਾਲ ਮਿਲਕੇ ਮੈਨੂੰ ਜ਼ਿਹਨੀ ਕੋਫ਼ਤ ਹੁੰਦੀ ਏ, ਤੂੰ ਤਾਂ ਅੱਖ ਈਂ ਨਹੀਂ ਲਾਵਣ ਦਿੰਦਾ।"
ਬੜੀ ਭੈੜੀ ਬਣੀ ਮੇਰੇ ਨਾਲ । ਹੁਜਰੇ ਵਾਲੇ ਬਾਅਦ ਸਾਈਂ ਸੀ, ਇਹ ਵੀ ਗਿਆ। ਮੈਂ ਡਰ ਗਿਆ । ਫੇਰ ਕਦੀ ਸਾਈਂ ਦੇ ਸੌਵਣ ਦੀ ਸ਼ਿਕਾਇਤ ਨਾ ਕੀਤੀ। ਸਾਈਂ ਹੁਣ ਲੀੜੇ ਵੀ ਮੁਖ਼ਤਸਰ ਪਾਵਣ ਲੱਗ ਪਿਆ ਸੀ। ਖੌਰੇ ਆਖ਼ਰੀ ਉਮਰ ਵਿੱਚ ਸਾਈਂ ਨਾਂਗਾ ਬਣਨ ਦੀ ਤਿਆਰੀ ਪਿਆ ਕਰਦਾ ਸੀ । ਏਤਰਾਜ਼ ਕਰਨ ਦੀ ਮੈਨੂੰ ਇਜਾਜ਼ਤ ਨਹੀਂ ਸੀ ।
ਮਿਉਂਸਪਲ ਹਸਪਤਾਲ ਵਿੱਚ ਹੁਜਰੇ ਵਾਲੇ ਦੀ ਤਬੀਅਤ ਸੰਭਲੀ ਤਾਂ ਡਾਕਟਰਾਂ ਕੋਲੋਂ ਇਜਾਜ਼ਤ ਲਿਆਂ ਬਿਨਾਂ ਈ ਫੇਰ ਹੁਜਰੇ ਆ ਗਏ। ਏਥੇ ਆ ਕੇ ਅਜੇ ਕੁੱਝ ਦਿਨ ਈ ਲੰਘੇ ਸਨ ਕਿ ਮੈਨੂੰ ਹੁਕਮ ਹੋਇਆ,"ਸ਼ੇਖੂਪੁਰੀਆ! ਇੱਕ ਪਾਰਟੀ ਆਈ ਏ ਮੇਰੇ ਕੋਲ। ਤੂੰ ਕੋਈ ਕਹਾਣੀ ਲਿਖ। ਫਿਲਮ ਬਣਾਵਣੀ ਆਂ।" ਉਹਨਾਂ ਦੀਆਂ ਅੱਖਾਂ ਦੀ ਚਮਕ ਤੋਂ ਪਤਾ ਲਗਦਾ ਸੀ ਕਿ ਫਿਲਮ ਬਣਾਵਣ ਦਾ ਬਹੁਤ ਸ਼ੌਕ ਸੀ । ਮੇਰੇ ਆਖਣ ਉੱਤੇ "ਪਹਿਲੇ ਵੀ ਤਾਂ 'ਜੱਟ ਮਿਰਜ਼ਾ' ਅਸਾਂ ਲਿਖ ਰਹੇ ਸਾਂ, ਪਰ ਫਿਲਮ ਬਣਾਵਣ ਵਾਲੇ ਅਸਾਡੇ ਨਾਲ ਧੋਖਾ ਕਰਕੇ ਕਿਸੇ ਹੋਰ ਕੋਲੋਂ ਲਿਖਵਾ ਲਈ ਸੀ । ਹੁਣ ਵਾਲੀ ਪਾਰਟੀ ਉੱਤੇ ਕੌਣ ਏਤਬਾਰ ਕਰੇ?"
"ਓਏ ਨਹੀਂ। ਉਹ ਤਾਂ ਨਾ-ਸਮਝ ਸਨ। ਉਹਨਾਂ ਨੂੰ ਫਾਇਦਾ ਲੈਣਾ ਨਹੀਂ ਆਇਆ। ਉਹਨਾਂ ਨੂੰ ਸਮਝ ਈ ਨਹੀਂ ਸੀ । ਹੁਣ ਦੀ ਵਾਰ ਅਸਾਂ ਆਪ ਫਿਲਮ ਬਣਾਵਾਂਗੇ, ਤੂੰ ਕਹਾਣੀ ਲਿਖ।"
ਮੈਂ ਫਿਲਮ ਸੁਣਕੇ ਕਹਾਣੀ ਲਿਖਣ ਵਿੱਚ ਰੁੱਝ ਗਿਆ। ਕਦੀ ਕਦੀ ਕਹਾਣੀ ਉੱਤੇ ਗੱਲ ਕਰਨ ਲਈ ਆਂਵਦਾ ਤਾਂ ਅੱਗੋਂ ਹੁਕਮ ਹੁੰਦਾ, "ਜਾ ਨਸੀਰੇ ਨੂੰ ਬੁਲਾ ਲਿਆ ।" ਇੱਕ ਦੋ ਵਾਰ ਮੈਂ ਨਸੀਰ ਨੂੰ ਨਾਲ ਈ ਲੈ ਕੇ ਆਇਆ ਸਾਂ।
ਜਦ ਨਸੀਰਾ ਹੁਜਰੇ ਆ ਜਾਂਦਾ, ਮੈਨੂੰ ਹੁਕਮ ਹੁੰਦਾ, 'ਹੁਣ ਜਾ ਤੂੰ' ਮੈਨੂੰ ਬੜਾ ਗੁੱਸਾ ਆਂਵਦਾ। ਬੁੜਬੁੜ ਕਰਦਾ ਹੋਇਆ ਚਲਾ ਜਾਂਦਾ। ਪਰ ਅੰਦਰੋਂ ਨਸੀਰ ਨੂੰ ਗਾਲਾਂ ਕੱਢਦਾ ਜਾਂਦਾ।
ਇੱਕ ਦਿਨ ਕੁੱਝ ਫਲ ਦੇ ਕੇ ਆਖਿਆ, "ਜਾ ਨਸੀਰੇ ਦੀ ਮਾਂ ਨੂੰ ਦੇ ਆ ਤੇ ਨਸੀਰੇ ਨੂੰ ਬੁਲਾ ਲਿਆ।" ਮੇਰਾ ਦਿਲ ਕੀਤਾ ਸਾਰੇ ਫਲ ਪਿੰਡ ਲੈ ਜਾਵਾਂ ਤੇ ਅੱਠਵੇਂ ਦਿਨ ਉੱਤੇ ਆਖਾਂ, "ਜੀ ਉਹ ਘਰ ਨਹੀਂ ਮਿਲਿਆ ਨਾ ਈ ਉੱਥੇ ਉਹਦੀ ਮਾਂ ਸੀ”, ਪਰ ਮੈਂ ਇੰਜ ਨਹੀਂ ਸਾਂ ਕਰ ਸਕਦਾ। ਮੈਂ ਸਿੱਧਾ ਨਸੀਰੇ ਦੇ ਘਰ ਈ ਗਿਆ।
ਨਸੀਰਾ ਫੇਰ ਘਰ ਨਹੀਂ ਸੀ ਮਿਲਿਆ। ਉਹਦੀ ਮਾਂ ਮੈਨੂੰ ਅੰਦਰ ਬੁਲਾ ਲਿਆ। ਪਾਣੀ ਧਾਣੀ ਤੇ ਰੋਟੀ ਬਾਰੇ ਪੁੱਛਿਆ। ਨਸੀਰੇ ਦੀ ਮਾਂ ਵੱਲੋਂ ਹੁਜਰੇ ਵਿੱਚ ਏਨੀ ਦਿਲਚਸਪੀ
ਵੇਖ ਕੇ ਮੈਨੂੰ ਹੋਰ ਹੈਰਤ ਹੋਈ। ਮੈਂ ਸੋਚਿਆ ਹੁਜਰੇ ਵਾਲ਼ੇ ਦੇ ਨਾਲ ਪਤਾ ਨਹੀਂ ਕੀ ਤੁਅਲਕ ਏ ਏਸ ਘਰ ਦਾ।
ਮੈਂ ਵਾਪਸ ਹੁਜਰੇ ਵਿੱਚ ਆ ਕੇ ਸਾਰੀ ਗੱਲ ਸੁਣਾਈ, ਤਾਂ ਉਸਤਾਦ ਜੀ ਬਹੁਤ ਖੁਸ਼ ਹੋਏ। ਨਸੀਰੇ ਦਾ ਕੋਈ ਜਿਕਰ ਈ ਨਾ ਹੋਇਆ । ਸਾਰੀਆਂ ਗੱਲਾਂ ਬਾਤਾਂ ਨਸੀਰੇ ਦੀ ਮਾਂ ਬਾਰੇ ਈ ਹੋਈਆਂ। ਮੇਰੀ ਇੱਜਤ ਜੁ ਕੀਤੀ ਸੀ ਉਸ, ਉਹਦੇ ਲਈ ਮੇਰਾ ਉਸਤਾਦ ਬਹੁਤ ਅਹਿਸਾਨਮੰਦ ਜਾਪਦਾ ਸੀ । ਲੌਢੇ ਵੇਲੇ ਸੈਰ ਨੂੰ ਨਿੱਕਲੇ ਤਾਂ ਮੈਂ ਨਸੀਰ ਤੇ ਨਸੀਰ ਦੀ ਮਾਂ ਬਾਰੇ ਗੱਲ ਮਿਲਾ ਕੇ ਪੁੱਛਿਆ, “ਉਸਤਾਦ ਜੀ! ਇਹਨਾਂ ਲੋਕਾਂ ਨਾਲ ਤੁਹਾਡੇ ਕੀ ਤੁਅਲਕ ਨੇ । ਉਹ ਵੀ ਤੁਹਾਡਾ ਅਦਬ ਇਹਤਰਾਮ ਕਰਦੇ ਨੇ ।
ਤੁਸਾਂ ਵੀ ਉਹਨਾਂ ਵਾਸਤੇ ਬਹੁਤ ਜਜ਼ਬਾਤੀ ਹੁੰਦੇ ਓ।” "ਸ਼ੇਖੂਪੁਰੀਆ? ਇਹ ਨਸੀਰਾ ਏਥੋਂ ਲੰਘ ਕੇ ਮਸੀਤ ਵਿੱਚ ਪੜ੍ਹਨ ਜਾਂਦਾ ਸੀ, ਮੈਂ ਰੋਜ਼ ਵੇਖਦਾ ਸਾਂ ਇਹਦੀ ਸ਼ਕਲ ਬਿਲਕੁਲ ਆਪਣੀ ਮਾਂ ਵਰਗੀ ਏ। ਹੈ ਨਾ ? ਤੂੰ ਦੋਵਾਂ ਨੂੰ ਵੇਖ ਲਿਆ ਏ।"
ਮੈਂ ਠੀਕ ਅੰਦਾਜਾ ਲਾਇਆ ਸੀ ਨਾ, "ਹਾਂ ਜੀ, ਨਸੀਰੇ ਦੀ ਸੂਰਤ ਬਿਲਕੁਲ ਆਪਣੀ ਮਾਂ ਵਰਗੀ ਏ।"
“ਹਾਂ, ਤਾਂ ਜਦ ਇਹ ਮੁੰਡਾ ਮੇਰੇ ਬੂਹੇ ਅੱਗੋਂ ਦੀ ਲੰਘਦਾ ਸੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ ਸੀ। ਜਿਹੜੇ ਦਿਨ ਇਹ ਏਥੋਂ ਨਹੀਂ ਸੀ ਲੰਘਦਾ ਸਾਰਾ ਦਿਨ ਮੈਨੂੰ ਬੇਚੈਨੀ ਰਹਿੰਦੀ ਸੀ। ਜਦ ਟੋਹ ਲਾਈ ਤਾਂ ਪੱਕ ਹੋ ਗਿਆ ਕਿ ਇਹ ਮੁੰਡਾ ਉਹ ਈ ਏ ਜੋ ਮੈਂ ਸੋਚਦਾ ਸਾਂ । ਫੇਰ ਬਾਦਸ਼ਾਹੀ ਮਸੀਤ ਤੀਕਰ ਤੂੰ ਵੀ ਨਾਲ ਈ ਗਿਆ ਸੈਂ ਮੇਰੇ ।"
“ਹਾਂ ਜੀ, ਉਸ ਦਿਨ ਵੀ ਮੈਂ ਨਾਲ ਸਾਂ ਜਦ ਕਿਤਾਬ ਦਾ ਬਹਾਨਾ ਬਣਾਇਆ ਸੀ।"
"ਕੁੱਝ ਨਾ ਕੁੱਝ ਬਹਾਨਾ ਤਾਂ ਬਣਾਵਣਾ ਈ ਪੈਂਦਾ ਏ। ਇਹਦੀ ਮਾਂ ਦੇ ਬਹੁਤ ਇਹਸਾਨ ਸਨ ਮੇਰੇ ਉੱਤੇ", ਮੰਟੋ ਪਾਰਕ ਵਿੱਚ ਬੈਠਦਿਆਂ ਉਹਨਾਂ ਆਖਿਆ, "ਸ਼ੇਖੂਪੁਰੀਆ! ਛੋਟੇ ਹੁੰਦਿਆਂ ਮੇਰੇ ਲੱਕ ਦੁਆਲੇ ਕੱਛਾ ਤੇ ਗਲ ਵਿੱਚ ਸਲੂਕਾ ਹੁੰਦਾ ਸੀ। ਸਿਹਤ ਵੱਲੋਂ ਚੰਗੀ ਰਤ ਪਤ ਵਿੱਚ ਹੁੰਦਾ ਸਾਂ । ਸਿਰ ਤਾਂ ਸ਼ੁਰੂ ਤੋਂ ਟਿੰਡ ਕਰਾਇਆ ਹੋਇਆ ਸੀ। ਇਹ ਕੁੱਝ ਈ ਮਿਲਿਆ ਸੀ ਘਰ ਵੱਲੋਂ ਮੈਨੂੰ!" ਇਹ ਗੱਲ ਮੈਂ ਤੈਨੂੰ ਪਹਿਲੇ ਵੀ ਦੱਸੀ ਹੋਸੀ ਖੌਰੇ!"
“ਹਾਂ ਜੀ”, ਮੈਂ ਹੰਗੂਰਾ ਭਰਿਆ।
"ਮੈਂ ਛੋਟੀ ਉਮਰੇ ਈ ਜੋੜ ਜੋੜਨ ਲੱਗ ਪਿਆ ਸਾਂ । ਘਰ ਦਿਆਂ ਬਜ਼ਾਰੋਂ ਕੋਈ ਚੀਜ਼ ਲੈਣ ਘੱਲਣਾ ਤਾਂ ਮੈਂ ਉਹਦਾ ਵੀ ਜੋੜ ਜੋੜੀ ਜਾਣਾ। ਮਾਹੀਆ, ਟੱਪੇ ਤੇ ਮੈਨੂੰ ਬਹੁਤ ਯਾਦ ਹੋ ਗਏ ਸਨ। ਉਹਨਾਂ ਦਿਨਾਂ ਵਿੱਚ ਬਾਗ਼ਬਾਨਪੁਰੇ ਦੀ ਕਮੇਟੀ ਦੇ ਚੋਣ ਹੋ ਰਹੇ ਸਨ। ਬਾਗ਼ਬਾਨਪੁਰੇ ਦੇ ਚੌਧਰੀਆਂ ਦੇ ਮੁਕਾਬਲੇ ਵਿੱਚ ਇੱਕ ਗਰੀਬ ਕਮਿਆਰ ਦਾ ਖਲੋ ਜਾਣਾ ਵੀ ਬੜੀ ਹਿੰਮਤ ਦਾ ਕੰਮ ਸੀ । ਬੜਾ ਹੌਂਸਲਾ ਸੀ ਉਸ ਕਮਿਆਰ ਵਿੱਚ। ਮੈਨੂੰ ਉਹਦੀ ਹਿੰਮਤ ਤੇ ਹੌਂਸਲਾ ਬਹੁਤ ਪਸੰਦ ਆਇਆ। ਮੈਂ ਕੁਮਿਆਰ ਦੇ ਜਲਸਿਆਂ ਵਿੱਚ ਖ਼ੂਬ-ਖ਼ੂਬ ਲੁੱਡੀਆਂ
ਪਾਂਵਦਾ । ਮਾਹੀਆ ਟੱਪੇ ਗਾ ਕੇ ਮਜਮੇ ਨੂੰ ਖੁਸ਼ ਕਰ ਦਿੰਦਾ ਸਾਂ ।"
ਕਮ੍ਹਿਆਰ ਦੇ ਸਟੇਜ ਤੇ ਇੱਕ ਦਿਨ ਮੈਂ ਆਪਣੇ ਜੋੜ ਵੀ ਸੁਣਾਏ। ਸਲੂਕਾ ਤੇ ਕੱਛਾ, ਉੱਤੋਂ ਟਿੰਡ, ਧੂਤ ਮਹੂਤ ਜੁੱਸਾ ਮੇਰਾ । ਜਦ ਮੈਂ ਸਟੇਜ ਉੱਤੇ ਆ ਕੇ ਨੱਚ ਟੱਪ ਕੇ ਗਾ ਕੇ ਆਖਿਆ:
ਉਹ ਡਾਕੂ ਚੋਰ ਲੁਟੇਰੇ
ਲਹਾਵਣ ਲੋਕਾਂ ਦੇ ਲੀੜੇ
ਓਏ ਪਰਚੀ ਨਾ ਪਾਵਣਾ, ਓਏ ਪਰਚੀ ਨਾ ਪਾਵਣਾ।
ਇਹ ਮਾੜਾ ਜੇ ਕੁਮਿਆਰ
ਇਹ ਸਭ ਦਾ ਸੱਜਣ, ਸਭ ਦਾ ਯਾਰ
ਏਸ ਉੱਤੇ ਕਰੋ ਏਤਬਾਰ
ਓਏ ਪਰਚੀ ਪਾ ਦੇਣਾ, ਓਏ ਪਰਚੀ ਪਾ ਦੇਣਾ।
ਮੇਰੇ ਇਹਨਾਂ ਜੋੜਾਂ ਨਾਲ ਮਜਮਾ ਬਹੁਤ ਖੁਸ਼ ਹੋਇਆ। ਲੋਕਾਂ ਤਾੜੀਆਂ ਮਾਰ ਕੇ ਆਪਣੀ ਪਸੰਦ ਦਾ ਇਜ਼ਹਾਰ ਕੀਤਾ। ਸਾਰੀ ਬਸਤੀ ਵਿੱਚ 'ਲਹਾਵਣ ਲੋਕਾਂ ਦੇ ਲੀੜੇ' ਧੁੰਮ ਗਈ । ਹਰ ਕੋਈ ਇਹ ਈ ਦੁਹਰਾਈ ਜਾਂਦਾ ਸੀ, ਗੁਣਗੁਣਾਈ ਜਾਂਦਾ ਸੀ ।
ਚੌਧਰੀਆਂ ਬਹੁਤ ਵੱਟ ਚੜ੍ਹਿਆ । ਇੱਕ ਦਿਨ ਉਹਨਾਂ ਮੈਨੂੰ ਇੱਕ ਗਲੀ ਵਿੱਚ ਫੜ ਲਿਆ । ਚੌਧਰੀ ਦੇ ਗੁੰਡੇ ਮੈਨੂੰ ਮਾਰ ਮਾਰ ਕੇ ਆਪਣੇ ਵੱਲੋਂ ਮੁਕਾ ਕੇ ਸੁੱਟ ਗਏ । ਉਸ ਵੇਲੇ ਇੱਕ ਕੁੜੀ ਹੁੰਦੀ ਸੀ। ਇਹ ਜਿਹੜੀ ਬਾਅਦ ਵਿੱਚ ਨਸੀਰ ਦੀ ਮਾਂ ਬਣੀ । ਸਭ ਤੋਂ ਪਹਿਲੇ ਆ ਕੇ ਏਸ ਮੈਨੂੰ ਸੰਭਾਲਿਆ। ਏਸ ਮੇਰੇ ਮੂੰਹ ਵਿੱਚ ਪਾਣੀ ਪਾਇਆ। ਮੈਨੂੰ ਕੁੱਝ ਹੋਸ਼ ਆਈ ਤਾਂ ਕਲਾਵੇ ਵਿੱਚ ਲੈ ਕੇ ਮੇਰੇ ਘਰ ਲੈ ਆਈ ਸੀ। ਮੇਰੀ ਹਾਲਤ ਵੇਖ ਕੇ ਬੜੀ ਰੋਈ ਸੀ ਇਹ ਵੀ ਤੇ ਮੇਰੀ ਮਾਂ ਵੀ। ਇਹ ਕੁੜੀ ਮੇਰੀ ਮਾਸੀ ਦੀ ਧੀ ਸੀ। ਇਹਨੇ ਤੇ ਮੇਰੀ ਮਾਂ ਨੇ ਬਹੁਤ ਆਖਿਆ ਸੀ ਕਿ ਮੈਂ 'ਜੋੜ ਜੋੜਨੇ' ਛੱਡ ਦੇਵਾਂ। ਅਸਾਥੋਂ ਜੋੜ ਜੋੜਨ ਦਾ ਭਾਰ ਚੁੱਕ ਨਹੀਂ ਹੋਣਾ। ਅਸਾਂ ਏਸ ਰੋਗ ਨੂੰ ਨਹੀਂ ਪਾਲ ਸਕਦੇ।" ਪਰ ਸ਼ੇਖੂਪੁਰੀਆ! ਮਾਰ ਖਾਵਣ ਮਗਰੋਂ ਤਾਂ ਮੇਰੇ ਵਿੱਚ ਹੋਰ ਸਖਤੀ ਆ ਗਈ ਸੀ। ਮੇਰੀ ਕੌੜ ਵਧ ਗਈ ਸੀ।
ਫੇਰ ਵੇਲ਼ੇ ਦੇ ਨਾਲ-ਨਾਲ ਹੋਰ ਤਾਂ ਸਭ ਕੁੱਝ ਛੁੱਟਿਆ ਪਰ ਜੋੜ ਜੋੜਨੇ ਨਾ ਛੁੱਟੇ। ਲੋਕ ਕਹਿੰਦੇ ਸਨ ਕਿ ਸ਼ੇਅਰ ਕਹਿਣ ਦਾ ਮੈਂ ਬਾਦਸ਼ਾਹ ਸਾਂ । ਸਟੇਜ ਦਾ ਸਕੰਦਰ ਸਾਂ। ਇਹ ਨਸੀਰ ਦੀ ਮਾਂ ਏ ਹੁਣ ਜਿਹੜੀ"
“ਹਾਂ ਜੀ, ਤੁਸਾਂ ਦੱਸਿਆ ਕਿ ਤੁਹਾਡੀ ਮਾਸਰ ਏ।”
"ਹਾਂ। ਇਹ ਮੈਨੂੰ ਚੰਗੀ ਲੱਗਦੀ ਸੀ ।" ਮੈਨੂੰ ਪਿਆਰ ਵੀ ਕਰਦੀ ਸੀ। ਮਤਲਬ ਇਹ ਕਿ ਅਸਾਂ ਇੱਕ ਦੂਜੇ ਨੂੰ ਪਸੰਦ ਕਰਦੇ ਸਾਂ । ਇਹ ਕੁੜੀ ਮੇਰੀ ਮਾਂ ਨੂੰ ਵੀ ਬਹੁਤ ਪਸੰਦ ਸੀ। ਮਾਂ ਦੀ ਰੀਝ ਸੀ ਕਿ ਮੈਂ ਇਹਦੇ ਨਾਲ ਵਿਆਹ ਕਰਵਾ ਲਵਾਂ। ਪਰ ਨਾ ਸ਼ੇਖੂਪੁਰੀਆ! ਮੈਂ ਹਰ ਵਾਰ ਟਾਲ ਜਾਂਦਾ ਸਾਂ, ਨਾਂਹ ਕਰ ਦਿੰਦਾ ਸਾਂ ।"
"ਉਹ ਕਿਉਂ ? ਜਦ ਤੁਸਾਂ ਇੱਕ ਦੂਜੇ ਨੂੰ ਪਸੰਦ ਕਰਦੇ ਸੌਂ, ਫੇਰ ਕਿਉਂ ?" ਮੇਰਾ
ਸਵਾਲ ਸੀ।
"ਮੈਂ ਚਾਹਦਾ ਸਾਂ ਆਪਣੇ ਪੈਰਾਂ ਉੱਤੇ ਖਲੋ ਜਾਵਾਂ, ਪਹਿਲੇ ਕੋਈ ਘਰ ਹੋਵੇ। ਮੇਰੇ ਆਪਣੇ ਲਈ ਕੋਈ ਘਰ ਨਹੀਂ ਸੀ, ਫੇਰ ਉਹਨੂੰ ਕਿੱਥੇ ਰੱਖਦਾ। ਬੱਸ ਮੈਂ ਏਸ ਲਈ ਹੀ ਟਾਲਦਾ ਰਿਹਾ ਸਾਂ।"
“ਤੁਹਾਨੂੰ ਕੋਈ ਆਸ ਹੈ ਸੀ ਕਿ ਪੈਰਾਂ ਉੱਤੇ ਖਲੋ ਜਾਸੋ ਤੇ ਘਰ ਵੀ ਬਣ ਜਾਸੀ?”
"ਆਸ ਤਾਂ ਕੋਈ ਨਹੀਂ ਸੀ, ਪਰ ਫੇਰ ਵੀ ਪਤਾ ਨਹੀਂ ਕਿਉਂ ਇੱਕ ਲਾਰ ਜੇਹੀ ਦਿਲ ਨੂੰ ਲੱਗੀ ਰਹਿੰਦੀ ਸੀ ਕਿ ਭਲੇ ਦਿਨ ਆਵਣਗੇ, ਸਮਾਜ ਤਬਦੀਲ ਹੋਵੇਗਾ, ਲੋਕਾਂ ਦੇ ਦੁੱਖ ਘਟ ਜਾਵਣਗੇ", ਏਨੀ ਗੱਲ ਕਰਕੇ ਉਹਨਾਂ ਇੱਕ ਲੰਮਾ ਸਾਹ ਲਿਆ ਜਿਵੇਂ ਅੰਦਰੋਂ ਰੋ ਰਹੇ ਹੋਵਣ।
ਅਸਾਂ ਮੰਟੋ ਪਾਰਕ ਤੋਂ ਈ ਪਰਤ ਆਏ ਅੱਜ ਫੇਰ ਅੱਗੇ ਜਾਵਣ ਨੂੰ ਉਹਨਾਂ ਦਾ ਜੀਅ ਨਾ ਕੀਤਾ। ਉਹਨਾਂ ਦੇ ਗੋਡੇ ਵੀ ਦੁਖਣ ਲੱਗ ਪਏ ਸਨ । ਗੋਡਿਆਂ ਵਿੱਚ ਸਖ਼ਤੀ ਆ ਗਈ ਹੋਈ ਸੀ। ਉਹ ਗੋਡਿਆਂ ਨੂੰ ਬਹੁਤ ਘੱਟ ਈ ਦੁਹਰਾ ਕਰ ਸਕਦੇ ਸਨ । ਹੁਜਰੇ ਆ ਕੇ ਗੱਲ ਟੋਰਨ ਲਈ ਮੈਂ ਕੋਈ ਬਹਾਨਾ ਈ ਲੱਭ ਰਿਹਾ ਸਾਂ ਕਿ ਉਹਨਾਂ ਆਪ ਈ ਗੱਲ ਅੱਗੇ ਟੋਰੀ, "ਸ਼ੇਖੂਪੁਰੀਆ! ਇੱਕ ਵਾਰ ਮੇਰੀ ਮਾਂ ਬਹੁਤ ਜ਼ਿੱਦ ਕੀਤੀ ਤਾਂ ਮੈਂ ਚੁੱਪ ਰਿਹਾ ਸਾਂ । ਮਾਂ ਸਮਝਾਇਆ ਕਿ ਮੈਂ ਵਿਆਹ ਵਾਸਤੇ ਤਿਆਰ ਹਾਂ। ਉਹਨੇ ਕੁੱਝ ਪ੍ਰਾਹੁਣਿਆਂ ਨੂੰ ਸਲਾਹ ਮਸ਼ਵਰੇ ਵਾਸਤੇ ਘਰ ਬੁਲਾਵਣ ਦਾ ਸੁਨੇਹਾ ਘੱਲ ਦਿੱਤਾ।
ਮੈਨੂੰ ਤਿੰਨ ਰੁਪਏ ਦੇ ਕੇ ਆਖਿਆ, "ਜਾ ਬਜ਼ਾਰੋਂ ਕਣਕ ਦਾ ਆਟਾ ਪਿਸਵਾ ਲਿਆ। ਪਰਸੋਂ ਅਸਾਡੇ ਕੁੱਝ ਪ੍ਰਾਹੁਣੇ ਆ ਰਹੇ ਨੇ ।" ਮੈਂ ਸਮਝ ਗਿਆ ਕਿ ਪ੍ਰਾਹੁਣੇ ਕਿਉਂ ਆਉਣੇ ਨੇ । ਬਜ਼ਾਰ ਗਿਆ। ਅੱਗੋਂ ਉੱਥੇ ਤਿੰਨ ਸਿੱਖ ਮਿਲੇ ਜੋ ਮੈਨੂੰ ਭਾਲਦੇ ਫਿਰਦੇ ਸਨ। ਮੇਰਾ ਪਤਾ ਉਹਨਾਂ ਮੈਥੋਂ ਈ ਪੁੱਛਿਆ । ਉਹਨਾਂ ਜਲਸੇ ਵਾਸਤੇ ਪੰਡਿਤ ਨਹਿਰੂ ਨੂੰ ਬੁਲਾਇਆ ਹੋਇਆ ਸੀ ਤੇ ਪੰਡਿਤ ਜੀ ਉਹਨਾਂ ਨੂੰ ਮੈਨੂੰ ਬੁਲਾਵਣ ਲਈ ਆਖਿਆ।
ਏਸੇ ਲਈ ਇਹ ਸਿੱਖ ਘਬਰਾਏ ਹੋਏ ਸਨ। ਉਸੇ ਰਾਤ ਈ ਜਲਸਾ ਸੀ । ਸਿੱਖ ਮੈਨੂੰ ਨਾਲ ਲਿਜਾਣਾ ਚਾਹਦੇ ਸਨ । ਜਲਸਿਆਂ ਦਾ ਮੈਂ ਵੀ ਸ਼ੌਕੀਨ ਸਾਂ । ਮੇਰੇ ਕੋਲ ਜਿਹੜੇ ਤਿੰਨ ਰੁਪਏ ਸਨ । ਉਹਨਾਂ ਨਾਲ ਸਿੱਖਾਂ ਦੀ ਸੇਵਾ ਕੀਤੀ ਤੇ ਉੱਥੋਂ ਈ ਉਹਨਾਂ ਦੇ ਨਾਲ ਚਲਾ ਗਿਆ। ਲੁਧਿਆਣੇ ਵਿੱਚ ਜਲਸਾ ਸੀ । ਮਸਾਂ ਮਰਕੇ ਵੇਲੇ ਸਿਰ ਅੱਪੜ ਸਕੇ ਸਾਂ।
ਜਲਸਾ ਅੰਗਰੇਜ਼ ਸਰਕਾਰ ਦੇ ਖਿਲਾਫ਼ ਸੀ। ਜਲਸਾ ਪੜ੍ਹਨ ਮਗਰੋਂ ਝੱਟ ਈ ਮੈਂ ਗਰਿਫ਼ਤਾਰ ਹੋ ਗਿਆ ਸਾਂ । ਤਿੰਨ ਮਹੀਨੇ ਦੀ ਨਜ਼ਰਬੰਦੀ ਹੋਈ । ਚੌਥੇ ਮਹੀਨੇ ਘਰ ਆਇਆ ਤਾਂ ਮਾਂ ਆਖਿਆ, "ਕਣਕ ਪੱਕੀ ਏ ਤਾਂ ਆਇਆ ਏਂ!”
ਉਸ ਵੇਲੇ ਸ਼ੇਖੂਪੁਰੀਆ! ਬੜੀ ਸ਼ਰਮ ਆਈ ਸੀ ਮੈਨੂੰ । ਮਾਂ ਕੋਲੋਂ ਮਲੂਮ ਹੋਇਆ ਕਿ ਮੇਰੀ ਮਸੇਰ (ਨਸੀਰੇ ਦੀ ਮਾਂ) ਮੈਥੋਂ ਬਹੁਤ ਨਾਰਾਜ਼ ਏ, ਕਿਉਂ ਜੁ ਮਸੇਰ ਦੇ ਖਿਆਲ ਮੂਜਬ ਮੈਂ ਉਹਦੇ ਕੋਲੋਂ ਨੱਸ ਕੇ ਗਿਆ ਸਾਂ ਤੇ ਇੰਜ ਮੈਂ ਉਹਦੀ ਤੇ ਉਹਦੇ ਘਰ ਦੀ ਹੇਠੀ ਕੀਤੀ ਸੀ । ਅਸਾਡੇ ਘਰ ਉਹਨਾਂ ਪਰਾਹੁਣਿਆਂ ਹੀ ਆਵਣਾ ਸੀ। ਮੇਰੀ ਮੰਗਣੀ ਹੋਣੀ ਸੀ।
ਉਹਨਾਂ ਗੁੱਸੇ ਵਿੱਚ ਆ ਕੇ ਮੇਰੀ ਮਸੇਰ ਦੀ ਮੰਗਣੀ ਕਿਸੇ ਹੋਰ ਪਾਸੇ ਕਰ ਦਿੱਤੀ। ਫੇਰ ਮੈਨੂੰ ਮਿਲਣ ਦਾ ਵੇਲਾ ਈ ਨਹੀਂ ਸੀ ਮਿਲਿਆ। ਵੇਲਾ ਵੀ ਕੀ ਮਿਲਦਾ, ਮੈਂ ਆਪ ਈ ਅਜ਼ਾਦੀ ਵਾਸਤੇ ਕੰਮ ਕਰਦਾ ਫਿਰਦਾ ਸਾਂ । ਬਰੇ-ਸਗੀਰ (ਉਪ ਮਹਾਂਦੀਪ ਹਿੰਦੁਸਤਾਨ) ਦੇ ਵਿੱਚ ਲੋਕਾਂ ਦੇ ਨਾਲ ਰਲ ਕੇ ਅੰਗਰੇਜ਼ ਸਾਮਰਾਜ ਨੂੰ ਲਲਕਾਰ ਰਿਹਾ ਸਾਂ । ਜਿੱਥੇ ਵੀ ਕਾਂਗਰਸ ਦਾ ਜਲਸਾ ਹੁੰਦਾ ਮੈਂ ਉੱਥੇ ਈ ਮੌਜੂਦ ਹੁੰਦਾ ਸਾਂ । ਫੇਰ ਏਥੇ ਹੁਜਰੇ ਵਿੱਚ ਆ ਕੇ ਮੁਲਾਕਾਤ ਨਹੀਂ ਸੀ ਹੋ ਸਕਦੀ। ਉਹ ਹੈ ਵੀ ਮੈਥੋਂ ਨਰਾਜ਼ ਸੀ। ਮੈਂ ਹੁਜਰੇ ਵਿੱਚ ਆ ਗਿਆ, ਪਰ ਮਾਂ ਉੱਥੇ ਬਾਗ਼ਬਾਨਪੁਰੇ ਈ ਰਹੀ ਸੀ ਮਰਨ ਤੀਕਰ। ਜਦੋਂ ਮੇਰੀ ਮਾਂ ਮਰੀ ਮੈਂ ਏਥੇ ਈ ਸਾਂ । ਮੈਨੂੰ ਖ਼ਬਰ ਹੋਈ । ਏਸ ਗੱਲ ਦਾ ਵੀ ਦੁੱਖ ਏ ਸ਼ੇਖੂਪੁਰੀਆ, ਕਿ ਮਾਂ ਦੇ ਮਰਨ ਵੇਲੇ ਮੈਂ ਕੋਲ ਨਹੀਂ ਸਾਂ । ਤੂੰ ਆਪਣੀ ਮਾਂ ਦੇ ਮਰਨ ਵੇਲੇ ਕੋਲ ਸੈਂ?"
“ਹਾਂ ਜੀ, ਮੈਂ ਕੋਲ ਸਾਂ।" ਏਥੇ ਮੈਂ ਝੂਠ ਬੋਲਿਆ ਜਦ ਕਿ ਮਾਂ ਦੇ ਮਰਨ ਵੇਲੇ ਮੈਂ ਕੋਲ ਨਹੀਂ ਸਾਂ।
ਉਹਨਾਂ ਦੱਸਿਆ, "ਇੱਕ ਸੌ ਰੁਪਿਆ ਸੀ ਮੇਰੇ ਕੋਲ। ਆਪਣੇ ਯਾਰ ਨਿੱਕੂ ਨੂੰ ਕਫ਼ਨ ਲਈ ਉਹ ਸੌ ਰੁਪਿਆ ਦੇ ਦਿੱਤਾ ਪਰ ਨਿੱਕੂ ਯਾਰ ਜਾ ਕੇ ਜੂਆ ਖੇਡਿਆ ਤੇ ਹਾਰ ਗਿਆ। ਹੁਣ ਨਾ ਈ ਨਿੱਕੂ ਮਿਲ਼ੇ ਤੇ ਨਾ ਈ ਕੱਫਨ । ਮੈਂ ਬੜਾ ਈ ਪਰੇਸ਼ਾਨ । ਹੋਰ ਕੋਲ ਪੈਸਾ ਈ ਕੋਈ ਨਹੀਂ ਸੀ। ਸਾਕ ਸੱਜਣ ਪਹਿਲੇ ਈ ਮੇਰੀ ਆਵਾਰਗੀ ਤੋਂ ਤੰਗ ਤੇ ਨਫ਼ਰਤ ਕਰਦੇ ਸਨ । ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਸੀ । ਮੈਂ ਬਾਹਰ ਗਲੀ ਵਿੱਚ ਆ ਕੇ ਖਲੋ ਗਿਆ। ਖੌਰੇ ਨਿੱਕੂ ਕਫ਼ਨ ਲੈ ਈ ਆਵੇ ਯਾ ਕੋਈ ਹੋਰ ਸਬੱਬ ਲੱਗ ਜਾਵੇ। ਸ਼ੇਖੂਪੁਰੀਆ। ਉਸ ਵੇਲ਼ੇ ਮੇਰਾ ਵੀ ਮਰਨ ਨੂੰ ਜੀਅ ਕਰਦਾ ਸੀ । ਲੋਕ ਇਕੱਠੇ ਹੋਏ ਸਨ । ਕੁੱਝ ਆ ਰਹੇ ਸਨ। ਮਾਂ ਦੀ ਲੋਥ ਪਈ ਹੋਈ ਸੀ ਤੇ ਕਫ਼ਨ ਵਾਸਤੇ ਪੈਸਾ ਪੱਲੇ ਹੈ ਕੋਈ ਨਹੀਂ ਸੀ। ਮੈਂ ਬੇਵੱਸ ਖਲੋਤਾ ਸਾਂ । ਸਾਹਮਣਿਉਂ ਨਜ਼ਰ ਪਈ । ਇਹ ਈ ਨਸੀਰੇ ਦੀ ਮਾਂ, ਉਦੋਂ ਤੀਕਰ ਉਹਦਾ ਵਿਆਹ ਹੋ ਗਿਆ ਸੀ, ਖੌਰੇ ਇੱਕ ਦੋ ਬਾਲ ਵੀ ਸਨ। ਮੈਂ ਇਸ਼ਾਰੇ ਨਾਲ ਮਿੰਨਤ ਕਰਕੇ ਰੋਕਦਿਆਂ ਹੋਇਆਂ ਆਪਣੀ ਪਰੇਸ਼ਾਨੀ ਦੱਸ ਕੇ ਇੱਕ ਸੌ ਰੁਪਿਆ ਉਧਾਰ ਮੰਗਿਆ। ਉਸ ਦੋ ਸੌ ਰੁਪਏ ਦੇ ਕੇ ਆਖਿਆ, "ਬੜੇ ਨਾਂ ਤੇ ਮਸ਼ਹੂਰੀਆਂ ਨੇ ਤੇਰੀਆਂ! ਮਾਂ ਦੇ ਕਫ਼ਨ ਵਾਸਤੇ ਪੈਸੇ ਮੰਗਦਿਆਂ ਲੱਜ ਨਹੀਉਂ ਆਂਵਦੀ ? ਕੀ ਕਮਾਇਆ ਈ ਜ਼ਿੰਦਗੀ ਵਿੱਚ ? ਤੂੰ ਤਾਂ ਮਾਂ ਦਾ ਚੰਨ ਚਰਾਗ ਸੈਂ ।" ਸ਼ੇਖੂਪੁਰੀਆ ! ਏਨੀ ਗੱਲ ਕਰਕੇ ਉਹ ਚਲੀ ਗਈ ਸੀ, ਪਰ ਮੈਨੂੰ ਜ਼ਮੀਨ ਵਿਹਲ ਨਹੀਂ ਸੀ ਦੇ ਰਹੀ। ਵੇਲ਼ਾ ਗੁਜ਼ਰਦਾ ਗਿਆ। ਮੈਂ ਏਸ ਹੁਜਰੇ ਵਿੱਚ ਈ ਕੈਦੀ ਹੋ ਕੇ ਰਹਿ ਗਿਆ। ਹਕੂਮਤ ਮੈਨੂੰ ਅਛੂਤ ਈ ਸਮਝਦੀ ਰਹੀ। ਲੋਕਾਂ ਕੋਲੋਂ ਵੀ ਅਜ਼ਾਦੀ ਦੀ ਸ਼ਨਾਖਤ ਖੁੱਸ ਗਈ ਹੋਈ ਏ।
"ਨਸੀਰੇ ਦੀ ਮਾਂ ਇੱਕ ਦਿਨ ਅਨਾਰਕਲੀ ਵਿੱਚ ਮਿਲੀ। ਮੈਂ ਕੋਸ਼ਿਸ਼ ਕੀਤੀ ਕਿ ਪੈਸੇ ਪਰਤਾ ਦੇਵਾਂ, ਨਾਲੇ ਇਹਦੇ ਬਾਲਾਂ ਵਾਸਤੇ ਕੁੱਝ ਮਠਿਆਈ ਲੈ ਦੇਵਾਂ । ਪੈਸੇ ਉਸ ਵਾਪਸ ਨਾ ਲਏ। ਆਖਿਆ, 'ਉਹ ਮੇਰੀ ਮਾਸੀ ਸੀ। ਉਹਦਾ ਮੇਰੇ ਉੱਤੇ ਹੱਕ ਸੀ। ਮੈਂ ਉਹ ਹੱਕ ਪੂਰਾ ਕਰ ਦਿੱਤਾ ਏ। ਰਹਿ ਗਈ ਤੇਰੀ ਮਠਿਆਈ ਵਾਲੀ ਰੀਝ। ਵੱਡੇ ਨਾਵਾਂ ਵਾਲਿਆਂ! ਮਾਂ ਦੇ
ਕਫ਼ਨ ਉੱਤੇ ਲੱਗਾ ਦਾਗ਼ ਕਦੇ ਮਠਿਆਈ ਨਾਲ ਵੀ ਧੋਇਆ ਏ ਕਿਸੇ!”
ਏਨੀ ਗੱਲ ਮਗਰੋਂ ਹੁਜਰੇ ਵਾਲਾ ਦਰਵੇਸ਼ ਆਪਣੇ ਅੱਥਰੂ ਪੂੰਝਣ ਲੱਗ ਪਿਆ ਸੀ। ਉਹਨਾਂ ਇੱਕ ਸ਼ੇਅਰ ਪੜ੍ਹਿਆ :
ਓਥੇ ਬਣਨ ਤਕੀਏ ਆਜੜ ਜਾਨੀਆਂ ਦੇ
ਵਾਹਰੂ ਹੋਣ ਨਾ ਜਿਹੜੀਆਂ ਥਾਵਾਂ ਦੇ
ਲੋਕੀ ਕਰਨ ਚਹੇਡਾਂ ਲੱਗਣ ਦਿਲਾਂ ਉੱਤੇ
ਕੰਡੀ ਛੱਲ ਜਿਉਂ ਪੈਣ ਦਰਿਆਵਾਂ ਦੇ।
ਰਾਤ ਪੈ ਗਈ ਹੋਈ ਸੀ । ਹੁਜਰੇ ਵਿੱਚ ਕੁੱਝ ਹੋਰ ਲੋਕ ਆਵਣ ਲੱਗ ਪਏ ਸਨ। ਮੈਂ ਇਜਾਜ਼ਤ ਲੈ ਕੇ ਪਿੰਡ ਪਰਤ ਆਇਆ। ਰਾਹ ਵਿੱਚ ਇਹ ਫਿਕਰ ਮੇਰੇ ਨਾਲ ਸੀ ਕਿ ਹੁਜਰੇ ਵਾਲਾ ਤਾਂ ਪਹਿਲਾਂ ਈ ਬੀਮਾਰ ਸੀ, ਉੱਤੋਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਹੋਰ ਤਬੀਅਤ ਵਿਗੜਦੀ ਜਾਂਦੀ ਏ । ਹੁਣ ਜ਼ਬਾਨ ਉੱਤੇ ਲਫ਼ਜ ਨਹੀਂ ਚੜ੍ਹਦੇ । ਜ਼ੁਬਾਨ ਵਲੀ ਜਾਂਦੀ ਏ। ਰੱਬ ਖੈਰ ਕਰੇ!
ਉਸ ਦਿਨ ਜੁਮੇਂ ਦੀ ਛੁੱਟੀ ਸੀ। ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ। ਸਿਆਲ ਦੇ ਦਿਨ ਸਨ। ਏਹੋ ਜੇਹੇ ਸਮੇਂ ਵਿੱਚ ਕੋਈ ਬੰਦਾ ਵੀ ਬਿਨਾਂ ਕਿਸੀ ਮਜ਼ਬੂਰੀ ਦੇ ਘਰੋਂ ਨਹੀਂ ਸੀ ਨਿੱਕਲਦਾ। ਪਰ ਮੈਨੂੰ ਸ਼ੌਂਕ ਸੀ ਹੁਜਰੇ ਦਾ । ਸ਼ੌਕ ਈ ਨਹੀਂ, ਇਸ਼ਕ ਸੀ। ਜਿਵੇਂ ਹਾਜੀ ਲੋਕਾਂ ਨੂੰ ਮੱਕੇ ਜਾ ਕੇ ਦਿਲ ਨੂੰ ਤਸੱਲੀ ਲੱਭਦੀ ਏ, ਇੰਜ ਈ ਮੈਨੂੰ ਹੁਜਰੇ ਆ ਕੇ ਤਸੱਲੀ ਹੁੰਦੀ ਸੀ।
ਉਸ ਦਿਨ ਅਸਾਡਿਆਂ ਕੁੱਝ ਪਰਾਹੁਣਿਆਂ ਆਵਣਾ ਸੀ । ਛੋਟੇ ਭਰਾ ਦੇ ਵਿਆਹ ਦੀ ਗੱਲ ਟੁਰੀ ਹੋਈ ਸੀ। ਅੱਠਾਂ ਭਰਾਵਾਂ ਤੋਂ ਵੱਡਾ ਮੈਂ ਸਾਂ । ਮੇਰਾ ਘਰ ਰਹਿਣਾ ਬਹੁਤ ਜ਼ਰੂਰੀ ਸੀ। ਸਾਰਾ ਕੁਨਬਾ ਵੀ ਇਹ ਕਹਿੰਦਾ ਤੇ ਸਮਝਦਾ ਸੀ, ਪਰ ਮੈਂ ਹੁਜਰੇ ਆਵਣਾ ਸੀ। ਆਵਣ ਲਈ ਘਰੋਂ ਟੁਰਿਆ ਤਾਂ ਵਹੁਟੀ ਆਖਿਆ, "ਚੱਲੋ ਮੰਨਿਆਂ ਪਰਾਹੁਣਿਆਂ ਨੂੰ ਦੂਜੇ ਭਰਾ ਸੰਭਾਲ ਲੈਣਗੇ ਪਰ ਏਨੀ ਸਰਦੀ ਤੇ ਵਰਦੀ ਬਾਰਸ਼ ਵਿੱਚ ਤੂੰ ਜਾਨਾ ਪਿਆ ਏਂ । ਤੈਨੂੰ ਤਕਲੀਫ਼ ਹੋਵੇਗੀ।"
"ਕੋਈ ਗੱਲ ਨਹੀਂ”, ਮੇਰਾ ਜਵਾਬ ਸੀ।
"ਏਹੋ ਜੇਹੇ ਸਮੇਂ ਠੰਢ ਲੱਗਣ ਦਾ ਡਰ ਹੁੰਦਾ ਏ। ਨਮੂਨੀਆ ਵੀ ਛੇਤੀ ਪਕੜ ਕਰਦਾ ਏ।"
ਮੈਂ ਮੁਸਕਰਾ ਕੇ ਆਖਿਆ, “ਪਕੜ ਅਸਾਨੂੰ ਕੋਈ ਹੋਰ ਏ ਭਲੀਏ। ਸਾਨੂੰ ਨਮੂਨੀਏ ਦਾ ਕੀ ਖੌਫ਼ ?" ਏਨੀ ਗੱਲ ਕਰਕੇ ਟੁਰਿਆ ਤਾਂ ਮਗਰੋਂ ਵਹੁਟੀ ਅਵਾਜ਼ ਨਾ ਮਾਰੀ। ਉਹ ਖੌਰੇ ਮੇਰੀ ਖੈਰੀਅਤ ਦੀ ਦੁਆ ਮੰਗਣ ਲੱਗ ਪਈ ਹੋਵੇਗੀ । ਬੱਦਲ ਹੋਰ ਨੀਵਾਂ ਤੇ ਹੋਰ ਵਰ੍ਹ ਰਿਹਾ ਸੀ।
ਹੁਜਰੇ ਆਵਣ ਤੀਕਰ ਮੇਰੀ ਉਤਲੀ ਚਾਦਰ ਭਿੱਜ ਗਈ ਹੋਈ ਸੀ । ਹੁਜਰੇ ਵਿੱਚ ਉਸਤਾਦ ਜੀ ਖੱਗਾ ਮੱਛੀ ਪਕਾ ਰਹੇ ਸਨ । ਨਾਲ ਚੌਲ ਵੀ ਪਕਾਏ ਸਨ । ਮੇਰੀ ਹਾਲਤ ਪਾਣੀ ਵਿੱਚ ਡਿੱਗੇ ਚੂਹੇ ਵਰਗੀ ਵੇਖ ਕੇ ਹੁਜਰੇ ਵਾਲ਼ੇ ਝੱਟ ਕਰਕੇ ਉਤਲੀ ਚਾਦਰ ਬਦਲਣ ਲਈ ਆਖਿਆ।ਆਪਣੀ ਚਾਦਰ ਮੇਰੇ ਹਵਾਲੇ ਕਰ ਦਿੱਤੀ। ਆਪਣੀ ਉਤਲੀ ਚਾਦਰ ਲਾਹ ਕੇ ਮੈਂ ਇੱਕ ਪਾਸੇ ਰੱਖ ਦਿੱਤੀ ਪਰ ਆਪਣੇ ਉਸਤਾਦ ਦੇ ਉੱਤੋਂ ਚਾਦਰ ਨਹੀਂ ਸਾਂ ਲਹਿਵਾਣੀ ਚਾਹਦਾ । ਉਹਨਾਂ ਦਾ ਹੁਕਮ ਸੀ ਕਿ ਇਹ ਸੁੱਕੀ ਚਾਦਰ ਲੈ ਕੇ ਏਧਰ ਮੰਜੀ ਉੱਤੇ ਲਿਹਾਫ਼ ਵਿੱਚ ਵੜ ਜਾ।
ਹੁਜਰੇ ਵਿੱਚ ਇੱਕ ਈ ਬਿਸਤਰ ਸੀ, ਉਹ ਆਪ ਹੀ ਸੌਂਦੇ ਬਹਿੰਦੇ ਸਨ।
ਏਸ ਵੇਲੇ ਲੱਤਾਂ ਲਮਕਾ ਕੇ ਬੈਠੇ ਹੋਏ ਸਨ । ਸਾਹਮਣੇ ਆਪਣੇ ਅੱਗੇ ਅੰਗੀਠੀ ਰੱਖ ਕੇ ਮੱਛੀ ਪਕਾ ਰਹੇ ਸਨ । ਪੰਜ ਛੇ ਬੰਦੇ ਹੋਰ ਬੈਠੇ ਹੋਏ ਸਨ। ਜਿਹੜੇ ਹਾਂਡੀ ਪਕਾਵਣ ਵਿੱਚ ਮਦਦ ਕਰ ਰਹੇ ਸਨ। ਕੋਈ ਥੋਮ ਛਿੱਲ ਰਿਹਾ ਸੀ, ਕੋਈ ਗੰਢੇ ਛਿੱਲ ਰਿਹਾ ਸੀ। ਕੋਈ ਕੁਤਰ ਰਿਹਾ ਸੀ। ਇੰਜ ਦੇ ਨਿੱਕੇ ਨਿੱਕੇ ਤੇ ਹਾਂਡੀ ਰੋਟੀ ਵਾਸਤੇ ਜ਼ਰੂਰੀ ਕੰਮਾਂ ਵਿੱਚ ਸਾਰੇ ਰੁੱਝੇ ਹੋਏ ਸਨ।
ਪਰ ਇੱਕ ਪੁਰਾਣੇ ਆਵਣ ਵਾਲ਼ੇ ਕੁੱਝ ਨਹੀਂ ਸਨ ਕਰ ਰਹੇ, ਸਿਰਫ ਗੱਲਾਂ ਈ ਕੀਤੀ ਜਾਂਦੇ ਸਨ। ਮੇਰੇ ਉਸਤਾਦ ਦੀਆਂ ਕੀਤੀਆਂ ਹੋਈਆਂ ਗੱਲਾਂ ਉਹਨਾਂ ਦੇ ਈ ਨਾਂ ਤੇ ਸ਼ੇਅਰਾਂ ਨੂੰ ਦੁਹਰਾ-ਦੁਹਰਾ ਕੇ ਦੂਜਿਆਂ ਨੂੰ ਖੁਸ਼ ਕਰ ਰਹੇ ਸਨ। ਦਰਵੇਸ਼ ਦੀਆਂ ਤਾਰੀਫ਼ਾਂ ਕਰ ਕਰਕੇ ਕਹਿ ਰਹੇ ਸਨ ਕਿ "ਜੇ ਅਸਾਂ ਲੋਕ ਏਥੇ ਨਾ ਆਂਵਦੇ ਤਾਂ ਖੌਰੇ ਕਿਹੜੇ ਭੈੜੇ ਹਾਲ ਵਿੱਚ ਹੁੰਦੇ। ਸੱਚੀ ਗੱਲ ਏ ਕਿ ਅਸਾਨੂੰ ਜ਼ਿੰਦਗੀ ਗੁਜ਼ਾਰਨ ਦਾ ਚੱਜ ਏਥੋਂ ਈ ਲੱਭਾ ਏ। ਇਹ ਅਸਾਡੀ ਖੁਸ਼ਕਿਸਮਤੀ ਏ ਕਿ ਅਸਾਂ ਵੇਲ਼ੇ ਦੇ ਸੁਕਰਾਤ ਦੇ ਹੁਜਰੇ ਵਿੱਚ ਬੈਠੇ ਹੋਏ ਆਂ।” ਹਾਂਡੀ ਪਕਾਵਣ ਵੇਲ਼ੇ ਜੇ ਕਦੀ ਪੁਰਾਣੇ ਸਾਹਬ ਬੈਠੇ ਹੁੰਦੇ ਤਾਂ ਗੋਸ਼ਤ ਦੀ ਹਾਂਡੀ ਵਿੱਚ ਹਰ ਵਾਰ ਚਮਚਾ ਹਿਲਾਵਣ ਵੇਲੇ ਉਸਤਾਦ ਜੀ ਇੱਕ ਬੋਟੀ ਕੱਢਕੇ ਉਸ ਸਾਹਬ ਦੇ ਅੱਗੇ ਰੱਖਦੇ ਤੇ ਆਖਦੇ, "ਜ਼ਰਾ ਵੇਖੋ ਜੀ, ਬੋਟੀ ਗਲ ਗਈ ਕਿ ਨਹੀਂ ਅਜੇ ।"
ਵੇਖਣ ਵੇਖਣ ਵਿੱਚ ਉਹ ਅੱਧੀ ਹਾਂਡੀ ਖਾ ਜਾਂਦੇ । ਹਮੇਸ਼ਾ ਇੰਜ ਈ ਹੁੰਦਾ ਸੀ ਕਿ ਏਥੇ ਸਭ ਨਾਲੋਂ ਜ਼ਿਆਦਾ ਫ਼ਾਇਦਾ ਉਹ ਪੁਰਾਣੇ ਸਾਹਬ ਈ ਲੈਂਦੇ ਸੀ। ਸਭ ਨਾਲੋਂ ਜਿਆਦਾ ਗੱਲਾਂ ਵੀ ਉਹ ਈ ਕਰਦੇ ਸਨ।
ਕਈ ਵਾਰ ਉਹ ਸਾਹਬ ਗਲਤ ਗੱਲਾਂ ਵੀ ਕਰ ਜਾਂਦੇ ਸਨ । ਸ਼ੇਅਰ ਗ਼ਲਤ ਪੜ੍ਹ ਜਾਂਦੇ ਸਨ । ਅੱਜ ਮੱਛੀ ਪੱਕ ਰਹੀ ਸੀ । ਹਾਂਡੀ ਵੱਲ ਉਹ ਸਾਹਬ ਝਾਕਦੇ ਸਨ, ਪਰ ਹੁਣ ਕੁੱਝ ਨਹੀਂ ਸੀ ਮਿਲ ਰਿਹਾ।
ਮੇਰੇ ਲਈ ਇਹ ਵੀ ਬਹੁਤ ਵੱਡੀ ਹੈਰਤ ਸੀ ਕਿ ਇਹ ਬੰਦਾ ਬੋਲਦਾ ਏ ਤੇ ਉਸਤਾਦ ਜੀ ਗ਼ਲਤ ਗੱਲ ਉੱਤੇ ਟੋਕਦੇ ਕਿਉਂ ਨਹੀਂ। ਸਗੋਂ ਖੁਸ਼ ਹੁੰਦੇ ਨੇ। ਰਿੱਝਦੀ ਹਾਂਡੀ ਵਿੱਚੋਂ ਬੋਟੀਆਂ ਚੱਖਣ ਦੇ ਬਹਾਨੇ ਖੁਆ ਦਿੰਦੇ ਸਨ । ਫੇਰ ਲੋਹੜਾ ਇਹ ਕਿ ਇਹ ਸਾਹਬ ਹੁਜਰੇ ਵਿੱਚ ਆਨਾ ਤੱਕ ਨਹੀਂ ਸਨ ਖਰਚ ਕਰਦੇ। ਰੋਜ਼ ਨਾਸ਼ਤਾ ਵੀ ਹੁਜਰੇ ਵਿੱਚੋਂ, ਭੱਤੇ ਵੇਲ਼ਾ ਵੀ ਏਥੋਂ ਤੇ ਸ਼ਰਾਬ
ਵੀ ਏਥੋਂ ਚਖਦੇ ਸਨ। ਆਪਣੇ ਜ਼ਾਤੀ ਕੰਮ ਕਰਾਵਣ ਲਈ ਵੀ ਦਰਵੇਸ਼ ਨੂੰ ਨਾਲ ਲੈ ਕੇ ਜਾਂਦੇ ਸਨ।
ਇੱਕ ਵਾਰ ਇਹਨਾਂ ਦੇ ਪੁੱਤਰ ਨੂੰ ਲਹੌਰ ਕਾਲਜ ਵਿੱਚ ਦਾਖਲਾ ਨਹੀਂ ਸੀ ਪਿਆ ਮਿਲਦਾ । ਝੱਟ ਉਸਤਾਦ ਜੀ ਨੂੰ ਨਾਲ ਲਿਜਾ ਕੇ ਪੁੱਤਰ ਦਾ ਦਾਖਲਾ ਕਰਵਾ ਲਿਆ । ਕਾਰੋਬਾਰੀ ਝਗੜੇ ਵਿੱਚ ਵੀ ਉਸਤਾਦ ਜੀ ਦੇ ਤੁਅਲਕਾਤ ਤੋਂ ਫ਼ਾਇਦਾ ਲੈਂਦਾ, ਪਰ ਹੁਜਰੇ ਵਿੱਚ ਕੁੱਝ ਵੀ ਨਹੀਂ ਸੀ ਖਰਚ ਕਰਦਾ ਜਦ ਕਿ ਹੁਜਰੇ ਵਿੱਚ ਆਵਣ ਵਾਲੇ ਸਾਰੇ ਮੈਂਬਰ ਆਪਣੀ ਹੈਸੀਅਤ ਮੂਜਬ ਕੁੱਝ ਨਾ ਕੁੱਝ ਖਰਚ ਕਰਨ ਵਿੱਚ ਹੀ ਆਪਣੀ ਖੁਸ਼ੀ ਸਮਝਦੇ ਸਨ।
ਇੱਕ ਮੇਰੇ ਪੱਲੇ ਈ ਕੁੱਝ ਨਹੀਂ ਸੀ । ਇੱਕ ਦੋ ਵਾਰ ਮੈਂ ਕੁੱਝ ਖਰਚ ਕਰਨ ਦਾ ਜਤਨ ਵੀ ਕੀਤਾ, ਪਰ ਮੇਰੇ ਗੁਰੂ ਮਨਾਂਹ ਕਰਦਿਆਂ ਹੋਇਆਂ ਆਖਿਆ ਸੀ, "ਸ਼ੇਖੂਪੁਰੀਆ! ਮੇਰੇ ਨਾਲੋਂ ਤੇਰੀਆਂ ਲੋੜਾਂ ਬਹੁਤੀਆਂ ਨੇ। ਤੂੰ ਏਥੇ ਕੁੱਝ ਨਾ ਖਰਚਿਆ ਕਰ ।"
ਮੈਂ ਬਥੇਰਾ ਆਖਿਆ, "ਗੁਰੂ, ਜਦ ਅਸਾਂ ਸਾਰੇ ਰਲ ਕੇ ਅੰਨ ਪਾਣੀ ਕਰਨੇ ਆਂ ਤੇ ਫੇਰ ਖਰਚ ਆਪਣੇ ਉੱਤੇ ਹੋਇਆ, ਤੁਹਾਡੇ ਲਈ ਤੇ ਨਹੀਂ!"
ਮੇਰੀ ਏਸ ਗੱਲ ਦੀ ਦਲੀਲ ਨੂੰ ਉਹਨਾਂ ਰੱਦ ਕਰ ਦਿੱਤਾ। ਉਹਨਾਂ ਆਖਿਆ, "ਬੇਸ਼ੱਕ ਏਥੇ ਜੋ ਕੁੱਝ ਪੱਕਦਾ ਏ ਤੁਸਾਂ ਆਪੇ ਈ ਖਾਂਦੇ ਪੀਂਦੇ ਓ, ਫੇਰ ਵੀ ਮੈਂ ਨਹੀਂ ਚਾਹਦਾ ਕਿ ਕਿਸੇ ਗਰੀਬ ਨੂੰ ਏਥੇ ਕੁੱਝ ਖਰਚ ਕਰਨਾ ਪਵੇ। ਮੈਨੂੰ ਇਹ ਬਿਲਕੁਲ ਪਸੰਦ ਈ ਨਹੀਂ। ਮੈਥੋਂ ਜਿਆਦਾ ਗਰੀਬੀ ਕਿਸ ਵੇਖੀ ਏ। ਤੈਨੂੰ ਤੇ ਮਲੂਮ ਏ ਕਿ ਮੇਰੀ ਹਯਾਤੀ ਕਿੰਨੀ ਤਲਖ ਤੇ ਫਾਕਿਆਂ ਮਾਰੀ ਲੰਘੀ ਏ। ਇਹ ਵੀ ਮੈਂ ਤੈਨੂੰ ਦੱਸਿਆ ਏ ਕਿ ਮੇਰੀ ਮਾਂ ਚੌਧਰੀਆਂ ਦੇ ਘਰ ਵਿੱਚ ਨੌਕਰ ਸੀ ਤੇ ਮੈਂ ਵੀ ਨਾਲ ਜਾਂਦਾ ਹੁੰਦਾ ਸਾਂ।"
"ਜੀ ਤੁਸਾਂ ਦੱਸਿਆ ਸੀ।”
"ਫੇਰ ਅੱਜ ਇਹ ਵੀ ਸੁਣ ਲੈ ਕਿ ਬਾਕੀ ਦੇ ਘਰ ਦੇ ਜੀਆਂ ਵਾਸਤੇ ਰੋਟੀ ਚੁਰਾ ਕੇ ਮੈਨੂੰ ਫੜਾਇਆ ਕਰਦੀ ਸੀ । ਉਹ ਈ ਚੁਰਾਈ ਹੋਈ ਰੋਟੀ ਬਾਕੀ ਦੇ ਘਰ ਵਾਲੇ ਖਾ ਕੇ ਢਿੱਡ ਦੀ ਭੁੱਖ ਨੂੰ ਕੁੱਝ ਚਿਰ ਲਈ ਦਬਾ ਲੈਂਦੇ ਸਨ। ਅਗਲੇ ਦਿਨ ਫੇਰ ਰੋਟੀ ਦੀ ਚੋਰੀ ਲਈ ਸੋਚ ਕਰਨ ਲੱਗ ਪੈਂਦੇ ਸਾਂ । ਗੱਲ ਤਾਂ ਮਾੜੀ ਸੀ । ਪਰ ਭੁੱਖ ਸਭ ਤੋਂ ਮਾੜੀ ਹੁੰਦੀ ਏ।"
ਇੰਜ ਦੀਆਂ ਗੱਲਾਂ ਮੇਰੇ ਨਾਲ ਅਕਸਰ ਉਸ ਵੇਲੇ ਕਰਦੇ ਸਨ, ਜਦ ਅਸਾਂ ਦੋਵੇਂ ਇਕੱਲੇ ਹੁਜਰੇ ਵਿੱਚ ਹੁੰਦੇ ਯਾ ਸੈਰ ਲਈ ਜਾਂਦੇ ਸਾਂ । ਗੱਲ ਕਿਸੇ ਕਿਤਾਬ ਤੋਂ ਸ਼ੁਰੂ ਹੋਵੇ ਤੇ ਭਾਵੇਂ ਕਿਸੇ ਸ਼ੇਅਰ ਤੋਂ, ਸਮਾਜ ਦੀ ਬਣਤਰ ਤੋਂ ਸ਼ੁਰੂ ਹੁੰਦੀ ਹੋਈ ਗੱਲ ਭੁੱਖ ਉੱਤੇ ਆਂਵਦੀ, ਤਾਂ ਭੁੱਖ ਦੇ ਹਵਾਲੇ ਨਾਲ ਮੇਰਾ ਤੇ ਮੇਰੇ ਉਸਤਾਦ ਜੀ ਦਾ ਜੀਵਨ ਘੜੀ ਮੁੜੀ ਘੁੰਮ ਘੁੰਮਾ ਕੇ ਗੱਲ ਦੇ ਵਿੱਚ ਆ ਜਾਂਦਾ ਸੀ।
ਅਸਾਂ ਦੋਵਾਂ ਦਾ ਜੀਵਨ ਤਲਖ਼ ਸੀ। ਜਬਰ ਤੇ ਤਸ਼ੱਦਦ ਵਿੱਚ ਫਸਿਆ ਹੋਇਆ। ਕਰੋੜਾਂ ਇਨਸਾਨਾਂ ਨਾਲ ਅਸਾਡਾ ਸੀਰ ਇਸ ਜੀਵਨ ਦੇ ਹਵਾਲੇ ਨਾਲ ਬਣ ਜਾਂਦਾ ਸੀ ।
ਭੱਤੇ ਵੇਲ਼ੇ ਤੋਂ ਵਿਹਲੇ ਹੋ ਕੇ ਲੋਕ ਇੱਕ ਇੱਕ ਕਰ ਕੇ ਚਲੇ ਗਏ। ਉਹ ਸਾਹਿਬ ਅਜੇ ਵੀ ਗੱਲਾਂ ਕੀਤੀ ਜਾ ਰਹੇ ਸਨ। "ਉਸਤਾਦ ਜੀ, ਮੈਂ ਤੁਹਾਡੀ ਨਜ਼ਮ ਫਲਾਂ ਥਾਂ ਉੱਤੇ
ਸੁਣਾਈ ਸੀ। ਲੋਕ ਬਹੁਤ ਖੁਸ਼ ਹੋਏ ਸਨ । ਮੈਂ ਇੰਜ ਸ਼ੇਅਰਾਂ ਦੀ ਤਸ਼ਰੀਹ ਕੀਤੀ ਤੇ ਇੰਜ ਕਰਕੇ ਸਮਝਾਇਆ, ਉਹਨਾਂ ਇੰਜ ਕਿਹਾ ਤੇ ਮੈਂ ਇੰਜ ਆਖਿਆ।"
ਉਸ ਸਾਹਿਬ ਦੀ ਹਰ ਗੱਲ ਉਸਤਾਦ ਜੀ ਬੜੇ ਧਿਆਨ ਨਾਲ ਸੁਣ ਰਹੇ ਸਨ। ਹੂੰ ਹੂੰ ਕਰਦੇ ਸਨ। ਉਸ ਬੰਦੇ ਦੀਆਂ ਕੁੱਝ ਗਲਤੀਆਂ ਉੱਤੇ ਮੈਨੂੰ ਖਿਝ ਚੜ੍ਹ ਰਹੀ ਸੀ ਪਰ ਜਦ ਉਸਤਾਦ ਜੀ ਕੁੱਝ ਨਹੀਂ ਸਨ ਬੋਲ ਰਹੇ, ਫੇਰ ਮੈਂ ਕਿਉਂ ਟੋਕਾਂ, ਪਰ ਟੋਕਣ ਨੂੰ ਮੇਰਾ ਜੀਅ ਬਹੁਤ ਕਰਦਾ ਸੀ। ਹੁਣ ਮੈਨੂੰ ਕੁੱਝ ਕੁੱਝ ਸ਼ੇਅਰ ਤੇ ਕਹਾਣੀ ਦੀ ਸਮਝ ਆ ਗਈ ਹੋਈ ਸੀ ਪਰ ਮੈਂ ਚੁੱਪ ਈ ਰਿਹਾ। ਪਤਾ ਨਹੀਂ ਕਿਉਂ ਮੇਰੇ ਮੂੰਹ ਨੂੰ ਜੰਦਰਾ ਈ ਵੱਜਾ ਰਿਹਾ।
ਬਿਸਤਰੇ ਵਿੱਚੋਂ ਮੈਂ ਨਿੱਕਲ ਆਇਆ ਹੋਇਆ ਸਾਂ । ਮੇਰਾ ਪਾਲਾ ਲੱਥ ਗਿਆ ਹੋਇਆ ਸੀ, ਉੱਤੋਂ ਮੱਛੀ ਚੌਲ ਦੀ ਗਰਮੀ । ਉਸ ਗਰਮੀ ਨਾਲ ਮੇਰਾ ਅੰਦਰਲਾ ਪੇਂਡੂ ਜਾਗਣ ਲੱਗ ਪਿਆ ਸੀ। ਉਹ ਸਾਹਬ ਸੋਫ਼ਿਆਂ ਤੇ ਤਸਵੱਫ਼ ਤੋਂ ਗੱਲ ਟੋਰਦੇ ਹੋਏ ਉਸਤਾਦ ਜੀ ਦੀ ਉਦਾਸੀ ਉੱਤੇ ਲੈ ਆਏ। ਆਖਿਆ, "ਉਸਤਾਦ ਜੀ, ਤੁਹਾਡੀ ਉਦਾਸੀ ਦਾ ਕਾਰਨ ਰੱਬ ਕੋਲੋਂ ਦੂਰੀ ਏ। ਮੇਰੇ ਖਿਆਲ ਵਿੱਚ ਤੁਸਾਂ ਮਜ਼ਾਰਾਂ ਤੇ ਦਰਬਾਰਾਂ ਉੱਤੇ ਜਾਇਆ ਕਰੋ । ਉੱਥੇ ਦਰਵੇਸ਼ਾਂ, ਸਾਧੂਆਂ ਤੇ ਫ਼ਕੀਰਾਂ ਦੀ ਮਹਿਫ਼ਲ ਵਿੱਚ ਬੈਠ ਕੇ ਵੇਖੋ, ਤੁਹਾਡੀ ਰੂਹ ਨੂੰ ਚੈਨ ਅਤੇ ਆਨੰਦ ਮਿਲੇਗਾ।"
ਉਸ ਸਾਹਬ ਦੀ ਏਸ ਮੱਤ ਉੱਤੇ ਮੈਂ ਉਸਤਾਦ ਜੀ ਦੇ ਮੂੰਹ ਉੱਤੇ ਨਜ਼ਰਾਂ ਗੱਡ ਦਿੱਤੀਆਂ। ਵੇਖਾਂ, ਕੀ ਜਵਾਬ ਦਿੰਦੇ ਨੇ ਭਲਾਂ ! ਪਰ ਮੈਨੂੰ ਭੱਟੀ ਸਾਹਿਬ ਦੀ ਗੱਲ ਬਹੁਤ ਮਾੜੀ ਲੱਗੀ ਸੀ। ਅਦਬ ਖ਼ਾਤਰ ਮੈਂ ਬੋਲਿਆ ਨਾ, ਪਰ ਮੇਰਾ ਗੁਰੂ ਤਾਂ ਸਿਰਫ 'ਹੂੰ ਠੀਕ ਏ ਕਹਿ ਕੇ ਚੁੱਪ ਰਹਿ ਗਿਆ, ਪਰ ਮੇਰਾ ਅੰਦਰ ਸੜ ਬਲ ਗਿਆ ਸੀ। ਮੈਂ ਚੁੱਪ ਨਾ ਰਹਿ ਸਕਿਆ। ਉਸ ਸਾਹਬ ਉੱਤੇ ਸਵਾਲ ਕਰ ਦਿੱਤਾ। ਮੈਂ ਆਪਣੇ ਤਾਏ ਦੇ ਸੰਗੀ ਸਾਥੀ ਵੇਖੇ ਹੋਏ ਸਨ। ਮਜ਼ਾਰਾਂ ਤੇ ਦਰਬਾਰਾਂ ਉੱਤੇ ਵੀ ਬੈਠਦਾ ਰਹਿੰਦਾ ਸਾਂ । ਇਹਨਾਂ ਦਰਵੇਸ਼ਾਂ ਤੇ ਫਕੀਰਾਂ ਦੀ ਬੋਲੀ ਠੋਲੀ ਤੇ ਸਲਾਮ ਦੁਆ ਤੋਂ ਲੈ ਕੇ ਕੁੱਝ ਰਵਾਇਤਾਂ ਵੀ ਜਾਣਦਾ ਸਾਂ। ਮੇਰਾ ਸਵਾਲ ਸੀ : "ਕਿਉਂ ਸਾਹਿਬ, ਕੀ ਇਹ ਮਜ਼ਾਰਾਂ ਉੱਤੇ ਬੈਠਣ ਵਾਲੇ ਸਾਧੂ ਤੇ ਫ਼ਕੀਰ ਸ਼ਾਂਤ ਯਾ ਮੁਤਮਈਅਨ ਨੇ ? ਇਹਨਾਂ ਨੂੰ ਕੋਈ ਉਦਾਸੀ ਨਹੀਂ ? ਕੀ ਖਿਆਲ ਏ ਤੁਹਾਡਾ? ਇਹ ਭੁੱਖ ਦੇ ਮਾਰੇ ਹੋਏ ਲੋਕ, ਨਿਆਜ਼ਾਂ ਨੂੰ ਉਡੀਕਦੇ ਹੋਏ ਫਕੀਰ ਤੇ ਸਾਧੂ ਰੱਬ ਲਈ ਬੈਠੇ ਨੇ ?"
ਉਸਤਾਦ ਜੀ ਤੇ ਉਹ ਸਾਹਿਬ ਦੋਵੇਂ ਮੇਰੇ ਮੂੰਹ ਵੱਲ ਵੇਖਣ ਲੱਗ ਪਏ ਸਨ। ਉਸਤਾਦ ਦੇ ਮੂੰਹ ਉੱਤੇ ਗੁੱਝੀ ਹੋਈ ਮੁਸਕਰਾਹਟ ਸੀ ਤੇ ਉਸ ਸਾਹਿਬ ਦੇ ਚਿਹਰੇ ਉੱਤੇ ਕੁੱਝ ਫਿਕਰਾਂ ਦੀਆਂ ਲਹਿਰਾਂ ਉੱਭਰਦੀਆਂ ਜਾਪੀਆਂ ਸਨ। ਉਹ ਸਾਹਿਬ ਜਵਾਬ ਵਿੱਚ ਬੋਲੇ : "ਇਹ ਮਜ਼ਾਰਾਂ ਵਿੱਚ ਸਮਾਏ ਹੋਏ ਸੂਫੀ ਤੇ ਦਰਵੇਸ਼ ਅੱਲਾਹ ਦੇ ਨੇੜੇ ਸਨ। ਇਹਨਾਂ ਲੋਕਾਂ ਰੱਬ ਨੂੰ ਪਾ ਲਿਆ ਸੀ। ਇਹਨਾਂ ਦੇ ਦਰ ਤੋਂ ਈ ਸ਼ਾਂਤੀ, ਤਸੱਲੀ ਤੇ ਸਰੂਰ ਮਿਲ ਸਕਦਾ ਏ। ਜਿਹੜਾ ਬੰਦਾ ਦੁਨੀਆਂ ਦਾ ਲੋਭ ਲਾਲਚ ਛੱਡ ਕੇ ਬਹਿ ਜਾਵੇ ਉਹ ਈ ਖੁਸ਼ ਰਹਿ ਸਕਦਾ ਏ ਤੇ ਇਹਨਾਂ ਲੋਕਾਂ ਦੁਨੀਆਂ ਛੱਡੀ ਹੋਏ ਏ। ਏਸੇ ਲਈ ਖੁਸ਼ ਰਹਿੰਦੇ ਨੇ।”
ਉਹ ਸਾਹਿਬ ਦਾ ਜਵਾਬ ਤੇ ਤਕਰੀਰ ਸੁਣ ਕੇ ਪਤਾ ਨਹੀਂ ਕਿਉਂ ਮੇਰੀ ਮੱਤ ਮਾਰੀ
ਗਈ। ਮੈਂ ਬਿਨਾਂ ਕਿਸੇ ਅਦਬ ਲਿਹਾਜ ਦੇ ਇਹ ਖਿਆਲ ਕੀਤੇ ਬਿਨਾਂ ਕਿ ਮੈਂ ਇਲਮੋਂ ਅਦਬ ਤੇ ਇਹਤਰਾਮ ਵਾਲੀ ਥਾਂ ਉੱਤੇ ਬੈਠਾ ਹੋਇਆ ਵਾਂ, ਝੱਟ ਆਖਿਆ, "ਲਾਹਨਤ ਏਸ ਖੁਸ਼ੀ ਉੱਤੇ ਸਾਹਿਬ ਜਿਹੜੀ ਲੋਕਾਂ ਦੀ ਕਮਾਈ ਹੋਈ ਰੋਟੀ ਖਾ ਕੇ ਮਿਲੇ। ਜਿਹੜਾ ਬੰਦਾ ਆਪ ਕਮਾ ਕੇ ਨਹੀਂ ਖਾਂਦਾ, ਉਹ ਰੱਬ ਦੇ ਨੇੜੇ ਨਹੀਂ ਹੋ ਸਕਦਾ।"
"ਕੀ ਮਤਲਬ ?” ਉਹ ਸਾਹਿਬ ਫਿਕਰ ਨਾਲ ਕੁੱਝ ਉੱਭਰੇ। ਗੱਲ ਕਰਨ ਵੇਲ਼ੇ ਤਾਂ ਮੇਰਾ ਮਤਲਬ ਸਿਰਫ ਉਹਨਾਂ ਫਕੀਰਾਂ ਤੇ ਸਾਧੂਆਂ ਦੀ ਬੇਕਾਰੀ ਵੱਲ ਸੀ, ਪਰ ਹੁਣ ਮਲੂਮ ਹੋਇਆ ਕਿ ਇਹ ਫਿਕਰਾ ਸਿੱਧਾ ਏਸ ਸਾਹਿਬ ਉੱਤੇ ਜਾ ਵੱਜਿਆ ਏ, ਪਰ ਹੁਣ ਕੀ ਹੋ ਸਕਦਾ ਸੀ। ਗੱਲ ਤਾਂ ਮੂੰਹੋਂ ਨਿੱਕਲ ਗਈ ਸੀ । ਮੈਂ ਆਪਣੀ ਗੱਲ ਦੀ ਵਜ਼ਾਹਤ ਕਰਨ ਈ ਵਾਲਾ ਸਾਂ ਕਿ ਉਸਤਾਦ ਜੀ ਰੋਕ ਦਿੱਤਾ ਤੇ ਆਖਿਆ, "ਠੀਕ ਏ ਤੇਰੀ ਗੱਲ ਵੀ, ਪਰ ਸੂਫੀ, ਸੰਤ, ਸਾਧੂ ਵੀ ਅਸਾਡੀ ਸਕਾਫ਼ਤ (ਸੱਭਿਆਚਾਰ) ਦਾ ਹਿੱਸਾ ਨੇ । ਇਹਨਾਂ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਸ਼ੇਖੂਪੁਰੀਆ। ਤਲਖ ਨਹੀਂ ਹੋਈਦਾ।”
ਉਹ ਸਹਿਬ ਮੇਰੇ ਬੋਲਣ ਉੱਤੇ ਫੇਰ ਬਹੁਤੀ ਦੇਰ ਨਾ ਬੈਠੇ । ਇਜਾਜ਼ਤ ਲੈ ਕੇ ਚਲੇ ਗਏ। ਮੈਂ ਫੇਰ ਗੱਲ ਅੱਗੇ ਹੋਰ ਦਿੱਤੀ, ਆਖਿਆ, "ਉਸਤਾਦ ਜੀ, ਰੱਬ ਲਾਮਹਿਦੂਦ ਏ ਤੇ ਬੰਦਾ ਮਹਿਦੂਦ। ਏਥੇ ਮੈਨੂੰ ਕੁੱਝ ਸਮਝ ਨਹੀਂ ਆਂਵਦੀ ਕਿ ਲਾਮਹਿਦੂਦ ਮਹਿਦੂਦ ਦੇ ਜੱਫੇ ਵਿੱਚ ਕਿਵੇਂ ਆ ਸਕਦਾ ਏ ।" ਇਹ ਸਭ ਕੁੱਝ ਝੂਠ ਏ । ਰੱਬ ਕਿਸੇ ਨੂੰ ਨਹੀਂ ਲੱਭਦਾ।"
ਮੇਰੀ ਗੱਲ ਸੁਣਕੇ ਉਸਤਾਦ ਜੀ ਬੋਲੇ, "ਕਿਧਰੇ ਮਾਰਿਆ ਨਾ ਜਾਵੀਂ। ਏਨਾ ਤੇਜ਼ ਨਾ ਉੱਡ ਤੇਰੇ ਵਿੱਚੋਂ ਮੈਨੂੰ ਨੀਤਸ਼ੇ* ਵਾਲੀ ਝਲਕ ਪੈਣ ਲੱਗ ਪਈ ਏ।"
“ਠੀਕ ਏ ਉਸਤਾਦ ਜੀ, ਇੰਜ ਈ ਹੋਸੀ। ਪਰ ਉਸ ਸਾਹਿਬ ਦੀਆਂ ਬਹੁਤ ਸਾਰੀਆਂ ਗੱਲਾਂ ਗਲਤ ਤੇ ਜਹਾਲਤ ਭਰੀਆਂ ਹੁੰਦੀਆਂ ਨੇ। ਤੁਸਾਂ ਸੁਣਕੇ ਵੀ ਟੋਕਦੇ ਨਹੀਂ। ਮੇਰੇ ਲਈ ਇਹ ਬਹੁਤ ਦੁੱਖ ਦੇਵਣ ਵਾਲਾ ਮਾਮਲਾ ਹੁੰਦਾ ਏ। ਕੀ ਕਾਰਨ ਏ ਕਿ ਮੇਰੇ ਨਾਲ ਜਦ ਤੁਸਾਂ ਗੱਲਾਂ ਕਰਦੇ ਓ ਉਸ ਵੇਲੇ ਤੁਹਾਡਾ ਰਵੱਈਆ ਹੋਰ ਹੁੰਦਾ ਏ, ਪਰ ਜਦ ਉਸ ਸਾਹਿਬ ਨਾਲ ਯਾ ਕਿਸੇ ਦੂਜੇ ਨਾਲ ਕਰਦੇ ਓ, ਉਸ ਵੇਲੇ ਤੁਹਾਡਾ ਸੁਭਾਅ ਹੋਰ", ਮੈਂ ਬੋਲੀ ਜਾ ਰਿਹਾ ਸਾਂ। ਮੇਰਾ ਲਹਿਜਾ ਤਲਖ਼ ਤੇ ਗਿਲਾ ਕਰਨ ਵਾਲਾ ਸੀ।
ਉਹਨਾਂ ਮੈਨੂੰ ਚਾਹ ਦਾ ਕਹਿਣ ਲਈ ਟੋਰਿਆ। ਮੈਂ ਚਾਹ ਦੇ ਦੋ ਗਲਾਸ ਲੈ ਆਇਆ। ਚਾਹ ਪੀਂਦਿਆਂ ਆਖਿਆ, "ਸ਼ੇਖੂਪੁਰੀਆ। ਏਥੇ ਹਰ ਬੰਦੇ ਦੇ ਅੰਦਰ ਦੁੱਖਾਂ ਦੀ ਪਟਾਰੀ ਏ। ਹਰ ਬੰਦਾ ਆਪਣੇ ਆਪਣੇ ਖਿਆਲਾਂ ਦੇ ਘੇਰੇ ਵਿੱਚ ਏ। ਕਿਸੇ ਦੇ ਖਿਆਲਾਂ ਦਾ ਘੇਰਾ ਖੁੱਲ੍ਹਾ ਹੁੰਦਾ ਏ ਤੇ ਕਿਸੇ ਦਾ ਸੌੜਾ । ਏਥੇ ਹੁਜਰੇ ਵਿੱਚ ਹਰ ਕਿਸਮ ਦਾ ਬੰਦਾ ਆਂਵਦਾ ਏ । ਤੂੰ ਵੀ ਤਾਂ ਵੇਖਦਾ ਰਹਿੰਨਾ ਏਂ ।"
"ਜੀ ਹਾਂ, ਵੇਖਦਾ ਹਾਂ ਕਿ ਏਥੇ ਹਰ ਕਿਸਮ ਦਾ ਬੰਦਾ ਆਂਵਦਾ ਏ ਤੇ ਆਪਣੀ ਆਪਣੀ ਸੁਣਾ ਕੇ ਚਲਾ ਜਾਂਦਾ ਏ।"
"ਬੱਸ ਇਹ ਈ ਗੱਲ ਏ। ਸ਼ੇਖੂਪੁਰੀਆ! ਮੈਂ ਉਹਨਾਂ ਦੇ ਖਿਆਲਾਂ ਦੇ ਘੇਰੇ ਵਿੱਚ
-------------------------
* ਜਰਮਨ ਫਿਲਾਸਫਰ ਦਾ ਨਾਂ।
ਜਾਨਾਂ ਵਾਂ। ਤੇ ਜੇ ਮੈਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਘੇਰੇ ਵਿੱਚ ਲਿਆਵਾਂ ਤਾਂ ਉਹ ਟੁੱਟ ਜਾਣਗੇ ਸ਼ੇਖੂਪੁਰੀਆ! ਲੋਕ ਬਹੁਤ ਦੁਖੀ ਨੇ। ਉਹਨਾਂ ਦੇ ਦੁੱਖ ਸੁਣਨੇ ਚਾਹੀਦੇ ਨੇ, ਆਪਣੀ ਨਹੀਂ ਮਾਰੀ ਜਾਈਦੀ। ਕੁੱਝ ਸਮਝਿਆ ਏਂ ਕਿ ਸੌਂ ਗਿਆ ਏਂ ?”
ਉਹਨਾਂ ਹੱਸਦਿਆਂ ਹੋਇਆਂ ਆਖਿਆ, "ਪੀ ਚਾਹ, ਤੈਨੂੰ ਕੁੱਝ ਹੋਸ਼ ਆਵੇ । ਉੱਧਰ ਵੇਖ ਡੱਬੇ ਵਿੱਚ ਕੁੱਝ ਮਠਿਆਈ ਪਈ ਹੋਈ ਏ, ਜ਼ਰਾ ਖਾ ਕੇ ਵਖਾ।" ਮੈਂ ਮਠਿਆਈ ਵਾਲ਼ਾ ਡੱਬਾ ਚੁੱਕ ਕੇ ਉਹਨਾਂ ਅੱਗੇ ਕੀਤਾ । ਇੱਕ ਡਲੀ ਪਤੀਸੇ ਦੀ ਉਹਨਾਂ ਫੜ ਲਈ ਤੇ ਕੁੱਝ ਮੈਂ ਖਾ ਕੇ ਡੱਬਾ ਉੱਥੇ ਰੱਖ ਦਿੱਤਾ।
ਖੌਰੇ ਝੜੀ ਲੰਮੀ ਪਈ ਹੁੰਦੀ ਸੀ । ਝੱਟ ਝੱਟ ਮਗਰੋਂ ਮੀਂਹ ਵਰ੍ਹਨ ਲੱਗ ਪੈਂਦਾ ਸੀ । ਖੌਰੇ ਏਸ ਕਾਰਨ ਹੁਜਰੇ ਵੱਲ ਕੋਈ ਨਹੀਂ ਸੀ ਆ ਰਿਹਾ। ਮੈਂ ਫੇਰ ਉਸ ਸਾਹਿਬ ਵਾਲੀ ਗੱਲ ਛੇੜ ਦਿੱਤੀ। ਉਸਤਾਦ ਜੀ ਵੀ ਸਮਝ ਗਏ ਕਿ ਇਹ ਉਸ ਬੰਦੇ ਨੂੰ ਸਮਝਿਆਂ ਬਿਨਾਂ ਜਾਨ ਨਹੀਂ ਛੱਡੇਗਾ।
ਉਹਨਾਂ ਜੋ ਕੁੱਝ ਸਮਝਾਇਆ, ਗੱਲ ਮੇਰੀ ਸਮਝ ਵਿੱਚ ਆ ਗਈ। ਉਹਨਾਂ ਦੇ ਖ਼ਿਆਲ ਵਿੱਚ "ਉਹ ਸਾਹਿਬ ਇੱਕ ਮੌਜੂ ਸਨ ਮੇਰੇ ਲਈ, ਜਿਹੜਾ ਮੇਰੀ ਈ ਨਕਲ ਮੇਰੇ ਸਾਹਮਣੇ ਕਰਦਾ ਏ । ਮੈਨੂੰ ਲੁਤਫ ਆਂਵਦਾ ਏ। ਏਸ ਲੁਤਫ਼ ਵਾਸਤੇ ਮੈਨੂੰ ਉਸਨੂੰ ਨਾਸ਼ਤਾ ਵੀ ਕਰਵਾਣਾ ਪੈਂਦਾ ਏ, ਸ਼ਰਾਬ ਤੇ ਰੋਟੀ ਵੀ ਖੁਆਣੀ ਪੈਂਦੀ ਏ। ਇਹਦੇ ਕੁੱਝ ਕੰਮ ਜਿਹੜੇ ਮੇਰੇ ਵੱਸ ਵਿੱਚ ਹੋਵਣ, ਉਹ ਵੀ ਕਰਨੇ ਪੈਂਦੇ ਨੇ, ਸਗੋਂ ਕੋਈ ਨਵਾਂ ਸ਼ੇਅਰ ਹੋਵੇ ਤਾਂ ਉਹ ਵੀ ਮੈਂ ਉਹਨੂੰ ਆਪ ਜਾ ਕੇ ਸੁਣਾ ਆਵਨਾ ਵਾਂ। ਉਹ ਬੇਇਲਮ ਹੋਵਣ ਦੇ ਬਾਵਜੂਦ ਆਪਣੇ ਆਪ ਨੂੰ ਆਲਮ ਸਾਬਤ ਕਰਨ ਟੁਰਿਆ ਹੋਇਆ ਏ। ਇਹ ਈ ਮੇਰੇ ਵਾਸਤੇ ਬਹੁਤ ਸਰੂਰ ਏ ਜੋ ਮੈਨੂੰ ਏਥੋਂ ਬੈਠਿਆਂ ਈ ਮਿਲ ਜਾਂਦਾ ਏ।"
ਏਸ ਤੋਂ ਬਾਅਦ ਮੈਂ ਉਸਤਾਦ ਜੀ ਦੀ ਈ ਛਤਰੀ ਲੈ ਕੇ ਘਰ ਨੂੰ ਪਰਤ ਆਇਆ। ਸ਼ਾਮ ਪੈ ਗਈ ਹੋਈ ਸੀ।
ਹੁਜਰੇ ਦਾ ਮਹੌਲ ਕਾਫ਼ੀ ਮਾੜਾ ਸੀ । ਮਸੀਤ ਦੇ ਥੱਲੇ ਤੰਗ ਤੇ ਅਨ੍ਹੇਰਾ ਜੇਹਾ ਇੱਕ ਖੁੱਡਾ ਸੀ। ਥਾਂ ਥਾਂ ਉੱਤੇ ਸੀਮਿੰਟ ਉੱਖੜਿਆ ਹੋਇਆ ਸੀ। ਛੱਤ ਵੀ ਉੱਤੋਂ ਟੁੱਟੀ ਹੋਈ ਸੀ। ਛੱਤ ਦੀਆਂ ਕੜੀਆਂ ਵੀ ਲਿਫੀਆਂ ਤੇ ਡਿੱਗਣ ਡਿੱਗਣ ਕਰਨ ਜਾਪਦੀਆਂ ਸਨ। ਪੁਰਾਣੇ ਵਕਤਾਂ ਦੀ ਨਿੱਕੀ ਇੱਟ ਨਾਲ ਬਣੀ ਹੋਈ ਪੂਰੀ ਇਮਾਰਤ ਈ ਵੀਰਾਨ ਤੇ ਖਸਤਾ ਹੋ ਗਈ ਹੋਈ ਸੀ।
ਉੱਤੋਂ ਦਿਨ ਰਾਤ ਮਿੱਟੀ ਕਿਰਦੀ ਰਹਿੰਦੀ ਸੀ। ਮਸੀਤ ਦੇ ਮੌਲਵੀ ਉੱਤੇ ਪਾਣੀ ਦੀ ਵਰਤੋਂ ਬਹੁਤ ਕਰਦੇ ਸਨ । ਹੁਜਰੇ ਦੀਆਂ ਕੰਧਾਂ ਵਿੱਚੋਂ ਪਾਣੀ ਸਿੰਮਦਾ ਰਹਿੰਦਾ ਸੀ। ਬੇ- ਹਿਸਾਬ ਕਿਤਾਬਾਂ ਜਿਵੇਂ ਹੁਜਰੇ ਵਿੱਚ ਧੱਕ ਧੱਕੀ ਧਸੂਰੀਆਂ ਹੋਈਆਂ ਹੋਣ। ਕਿਤਾਬਾਂ ਦੇ ਢੇਰ ਵਿੱਚ ਚੂਹੇ ਖੇਡਦੇ ਰਹਿੰਦੇ ਸਨ ਜਿੰਨਾਂ ਨੂੰ ਉਸਤਾਦ ਜੀ ਘਿਉ ਨਾਲ ਚੋਪੜ ਕੇ ਰੋਟੀ ਖਵਾਂਦੇ
ਸਨ ਤਾਂ ਜੋ ਭੁੱਖ ਹੱਥੋਂ ਤੰਗ ਆਏ ਚੂਹੇ ਕਿਤਾਬਾਂ ਨਾ ਕੁਤਰਨ ਲੱਗ ਪੈਣ।
ਪਾਣੀ ਕੰਧਾਂ ਵਿੱਚੋਂ ਸਿੰਮਣਾ, ਮਿੱਟੀ ਦਾ ਕਿਰਦਿਆਂ ਰਹਿਣਾ ਤੇ ਕਿਤਾਬਾਂ ਦੇ ਹੁੰਮਸ ਨਾਲ ਹੁਜਰੇ ਵਿੱਚ ਅਜੀਬ ਜੇਹੀ ਮਹਿਕ ਸੀ ਤੇ ਹਵਾਂਕ ਖਿੱਲਰੀ ਹੋਈ ਸੀ। ਰੌਸ਼ਨਦਾਨ, ਮੱਗ ਯਾ ਬਾਰੀ ਕੋਈ ਨਹੀਂ ਸੀ । ਇੱਕ ਬੂਹਾ ਸੀ, ਉਹ ਵੀ ਸੜਕ ਉੱਤੇ ਖੁੱਲ੍ਹਦਾ ਸੀ । ਸੜਕ ਉੱਤੋਂ ਮਿੱਟੀ ਘੱਟਾ ਤੇ ਲਿੱਦ ਉੱਡ ਉੱਡ ਕੇ ਅੰਦਰ ਪੈਂਦੀ ਰਹਿੰਦੀ ਸੀ।
ਕਮਾਲ ਹਿੰਮਤ ਸੀ ਹੁਜਰੇ ਵਾਲ਼ੇ ਦੀ ਕਿ ਐਸੇ ਮਾਹੌਲ ਵਿੱਚ ਅਜੇ ਤੀਕਰ ਜਿਉਂਦਾ ਸੀ, ਫੇਰ ਹਰ ਆਮਰ ਤੇ ਆਮਰੀਅਤ ਨਾਲ ਲੜਦਾ ਰਹਿੰਦਾ ਸੀ ਤੇ ਸੱਜਣਾਂ ਬੇਲੀਆਂ ਨਾਲ ਚਹਿਕਦਾ ਸੀ।
ਪਿਛਲੀ ਉਮਰ ਵਿੱਚ ਤਾਂ ਉਂਝ ਈ ਬੰਦਾ ਕਮਜ਼ੋਰ ਹੋ ਜਾਂਦਾ ਏ। ਏਹੋ ਜੇਹੇ ਮਾਹੌਲ ਵਿੱਚ ਬੀਮਾਰੀਆਂ ਖੁਸ਼ੀ ਨਾਲ ਚਿੰਬੜਦੀਆਂ ਨੇ। ਦਰਵੇਸ਼ ਉੱਤੇ ਦੋ ਤਿੰਨ ਦੋ ਤਿੰਨ ਬੀਮਾਰੀਆਂ ਰਲ ਕੇ ਹਮਲਾ ਕਰ ਦਿੱਤਾ। ਗੋਡੇ ਖਿਚਾਉ ਕਾਰਨ ਆਕੜ ਗਏ ਹੋਏ ਸਨ । ਉੱਠਣ ਬੈਠਣ ਵਿੱਚ ਬਹੁਤ ਤਖਲੀਫ਼ ਸੀ । ਗੁਰਦੇ ਰਹਿ ਗਏ ਸਨ । ਸ਼ੂਗਰ ਬਹੁਤ ਸੀ, ਜ਼ਬਾਨ ਉੱਤੇ ਫ਼ਾਲਜੀ ਹਮਲਾ ਸੀ। ਇੱਕ ਇੱਕ ਸ਼ਬਦ ਬੋਲਣ ਲਈ ਬਹੁਤ ਦਰਦ ਸਹਿਣਾ ਪੈਂਦਾ ਸੀ। ਫੇਰ ਵੀ ਦਰਵੇਸ਼ ਹਿੰਮਤ ਨਾ ਹਾਰੀ । ਡਾਕਟਰ ਦੀ ਦਵਾਈ ਨਾਲ ਮਾੜਾ ਮੋਟਾ ਆਰਾਮ ਮਿਲਦਾ, ਕੁੱਝ ਤਬੀਅਤ ਸੰਭਲਦੀ ਤਾਂ ਫੇਰ ਚਮਕਣ ਲੱਗ ਪੈਂਦੇ।
ਇੱਕ ਵਾਰੀ ਲਾਰੀ ਵਿੱਚ ਕਿਸੇ ਬੰਦੇ ਦੇ ਆਖਣ ਉੱਤੇ ਉਹਦੇ ਨਾਲ ਸਾਹੀਵਾਲ ਮੁਸ਼ਾਇਰਾ ਪੜ੍ਹਨ ਟੁਰ ਗਏ। ਨਕਾਰਾ ਗੁਰਦਿਆਂ ਕਾਰਨ ਜਰੇ ਜਰੇ ਪਸ਼ਾਬ ਦੀ ਤਕਲੀਫ, ਜ਼ਬਾਨ ਬੋਲਣ ਤੋਂ ਡਰਦੀ, ਇੱਕ ਇੱਕ ਸ਼ਬਦ ਉੱਤੇ ਗੋਤਾ ਖਾਂਦੀ ਵਲੀ ਜਾਂਦੀ ਸੀ, ਪਰ ਸੱਜਣ ਦੀ ਰੀਝ ਨਾ ਮੋੜੀ, ਮੁਸ਼ਾਇਰਾ ਪੜ੍ਹਿਆ।
ਜ਼ਬਾਨ ਸਾਥ ਈ ਨਹੀਂ ਸੀ ਦਿੰਦੀ, ਸ਼ੇਅਰ ਕੀ ਪੜ੍ਹਨਾ ਸੀ । ਉਸੇ ਜਜ਼ਬੇ, ਹਿੰਮਤ ਤੇ ਲਲਕਾਰ ਨਾਲ ਮੂੰਹ ਖੋਹਲਿਆ । ਹਾਏ, ਮੇਰੇ ਉਸਤਾਦ ਜੀ ਦੀ ਜ਼ਬਾਨ ਨਾ ਬੋਲੀ ਪਰ ਅੱਖਾਂ ਬੋਲ ਪਈਆਂ ਸਨ। ਅੱਥਰੂ ਸ਼ੇਅਰਾਂ ਨਾਲੋਂ ਵੀ ਜੋਸ਼ ਨਾਲ ਵਗ ਟੁਰੇ ਸਨ। ਅਗਲੇ ਦਿਨ ਅਖ਼ਬਾਰਾਂ ਵਿੱਚ ਖ਼ਬਰ ਸੀ, 'ਸਟੇਜ ਦਾ ਸਕੰਦਰ ਸ਼ਾਇਰ ਸਾਹੀਵਾਲ ਵਿੱਚ ਹੂਟ ਹੋ ਗਿਆ।'
ਹੁਜਰੇ ਵਾਪਸ ਆਏ ਤਾਂ ਬਹੁਤ ਬੁਝੇ ਹੋਏ ਸਨ । ਅੱਥਰੂ ਅਜੇ ਵੀ ਨਹੀਂ ਸਨ ਸੁੱਕੇ। ਜ਼ਰੇ ਜ਼ਰੇ ਮਗਰੋਂ ਸਿੰਮ ਪੈਂਦੇ ਸਨ । ਕੁੱਝ ਈ ਦਿਨਾਂ ਮਗਰੋਂ ਉਰਦੂ ਦੇ ਮਸ਼ੂਹਰ ਸ਼ਾਇਰ, ਲੈਨਿਨ ਇਨਾਮ ਯਾਫਤਾ ਜਨਾਬ ਫ਼ੌਜ ਅਹਿਮਦ ਫੈਜ ਸਾਹਿਬ ਜਿਹੜੇ ਕਾਫ਼ੀ ਵੇਲ਼ਾ ਮੁਲਕੋਂ ਬਾਹਰ ਰਹੇ ਸਨ ਹੁਜਰੇ ਵਿੱਚ ਦਰਵੇਸ਼ ਨੂੰ ਮਿਲਣ ਆਏ । ਹੁਜਰੇ ਦਾ ਮਾੜਾ ਤੇ ਸਿਹਤ ਦਾ ਵੈਰੀ ਮਹੌਲ ਵੇਖ ਕੇ ਤੜਫ਼ ਗਏ। ਉੱਤੋਂ ਦਰਵੇਸ਼ ਨੂੰ ਬੀਮਾਰੀ ਵਿੱਚ ਫਸਿਆ ਵੇਖ ਕੇ ਬਹੁਤ ਹੀ ਦੁਖੀ ਹੋਏ। ਦਰਵੇਸ਼ ਨੂੰ ਤਸੱਲੀ ਦੇ ਕੇ ਚਲੇ ਗਏ। ਜਾ ਕੇ ਝੱਟ ਉਹਨਾਂ ਇੱਕ ਕਮੇਟੀ ਦਾ ਐਲਾਨ ਕਰ ਦਿੱਤਾ। ਜਿਹੜੀ ਹੁਜਰੇ ਵਾਲੇ ਦਰਵੇਸ਼ ਲਈ ਇੱਕ ਸਿਹਤਮੰਦ ਮਾਹੌਲ ਵਿੱਚ ਘਰ ਦੀ ਭਾਲ ਕਰੇਗੀ ਤਾਂ ਜੁ ਦਰਵੇਸ਼ ਨੂੰ ਛੇਤੀ ਤੋਂ ਛੇਤੀ ਏਥੋਂ ਕੱਢ ਲਿਆ ਜਾਵੇ।
ਉਹਨਾਂ ਦੇ ਖਿਆਲ ਵਿੱਚ ਹੁਜਰੇ ਦੇ ਮਾੜੇ ਤੇ ਗੈਰ ਸਿਹਤਮੰਦ ਮਾਹੌਲ ਵਿੱਚ
ਦਰਵੇਸ਼ ਜਿਆਦਾ ਦੇਰ ਤੀਕਰ ਜ਼ਿੰਦਾ ਨਹੀਂ ਰਹਿ ਸਕਦਾ। ਏਸ ਕਮੇਟੀ ਦਾ ਅਖ਼ਬਾਰਾਂ ਵਿੱਚ ਬਹੁਚ ਚਰਚਾ ਹੋਇਆ। ਖ਼ਬਰਾਂ ਸੁਣ ਸੁਣ ਕੇ ਮੇਰਾ ਦਿਲ ਬਹੁਤ ਰਾਜ਼ੀ ਹੋਇਆ ਕਿ ਚਲੋ ਪਿਛਲੀ ਉਮਰੇ ਈ ਸਹੀ, ਮੇਰੇ ਉਸਤਾਦ ਨੂੰ ਕੋਈ ਚੱਜ ਦਾ ਘਰ ਲੱਭ ਜਾਸੀ। ਹੋ ਸਕਦਾ ਏ ਚੰਗੇ ਮਹੌਲ ਵਿੱਚ ਜਾ ਕੇ ਤਬੀਅਤ ਸੰਭਲ ਜਾਵੇ, ਉਸਤਾਦ ਜੀ ਫੇਰ ਚਮਕਣ ਲੱਗ ਪੈਣ, ਉਂਜ ਈ ਮਹਿਫਲਾਂ ਸਜ ਜਾਵਣ, ਇਲਮੋ ਅਦਬ ਤੇ ਅਦਲੋ ਦਾਨਸ਼ ਦੀਆਂ ਗੱਲਾਂ, ਬਹਿਸਾਂ ਤੇ ਮੁਹੱਬਤਾਂ ਖਿਲਰਨ ਲੱਗ ਪੈਣ। ਸੱਚੀਂ, ਏਸ ਖ਼ਬਰ ਨਾਲ ਬਹੁਤ ਖੁਸ਼ੀ ਹੋਈ ਸੀ ਮੈਨੂੰ । ਮੈਂ ਜਦ ਏਸ ਖ਼ਬਰ ਦਾ ਜਿਕਰ ਹੁਜਰੇ ਵਿੱਚ ਕੀਤਾ ਤਾਂ ਦਰਵੇਸ਼ ਆਖਿਆ, "ਸ਼ੇਖੂਪੁਰੀਆ, ਰਹਵਾਂਗਾ ਮੈਂ ਏਥੇ ਈ ! ਜ਼ਰਾ ਇਹਨਾਂ ਨੂੰ ਘਰ ਲੱਭ ਲੈਣ ਦੇ, ਫੇਰ ਪੁੱਛਾਂਗਾ ਕਿ ਸਹੁਰਿਓ! ਹੁਣ ਖਿਆਲ ਆਇਆ ਏ ਤੁਹਾਨੂੰ ਮੇਰੀ ਸਿਹਤ ਦਾ । ਜਦ ਮੈਂ ਆਪ ਈ ਜਾਵਣ ਵਾਲਾ ਆਂ।" ਏਸ ਗੱਲ ਮਗਰੋਂ ਉਹ ਉਦਾਸ ਹੋ ਗਏ ਸਨ।
ਇੱਕ ਵਾਰ ਫੇਰ ਮੈਨੂੰ ਉਹ ਮਹਿਫ਼ਲਾਂ ਯਾਦ ਆਈਆਂ ਜਿੱਥੇ ਖਾਵਣ ਤੇ ਪੀਵਣ ਨੂੰ ਵੀ ਲੱਭਦਾ ਸੀ। ਇਲਮ, ਅਦਬ ਤੇ ਦਾਨਸ਼ (ਸਿਆਣਪ) ਵੀ ਲੱਭਦੀ ਸੀ । ਹਾਸੇ ਮਖੌਲ ਤੇ ਚੁਟਕਲੇ ਤੇ ਮੌਜੂ ਵੀ ਮਿਲਦੇ ਸਨ। ਹਰ ਕਿਸਮ ਦੇ ਖਿਆਲਾਂ ਵਾਲੇ ਤੇ ਮੁਖਤਲਿਫ ਪੇਸ਼ਿਆਂ ਵਾਲੇ ਮਾਸੂਮ ਲੋਕ, ਚਲਾਕ ਤੇ ਠੱਗ ਕਿਸਮ ਦੇ ਵਿਉਪਾਰੀ ਵੀ ਵਿਉਪਾਰੀਆਂ ਦੀਆਂ ਨੀਤਾਂ ਸਮਝਣ ਲਈ ਮੱਤ ਤੇ ਅਕਲ ਵੀ ਲਭਦੀ ਸੀ । ਬੜੀਆਂ ਗੱਲਾਂ ਤੇ ਬੜੇ ਸਰੂਰ ਮੈਨੂੰ ਚੇਤੇ ਆਏ। ਇੱਕ ਵਾਰ ਮਹਿਫ਼ਲ ਲੱਗੀ ਹੋਈ ਸੀ। ਯਾਰ ਸੱਜਣ ਖਾ ਪੀ ਰਹੇ ਸਨ। ਔਰਤ ਬਾਰੇ ਗੱਲ ਟੁਰੀ ਹੋਈ ਸੀ। ਉਸਤਾਦ ਜੀ ਕਹਿ ਰਹੇ ਸਨ:
"ਏਸ ਕਾਇਨਾਤ ਵਿੱਚ ਕੋਈ ਖੂਬਸੂਰਤ ਚੀਜ਼ ਹੈ ਤਾਂ ਉਹ ਔਰਤ ਏ। ਔਰਤ ਤੋਂ ਵੱਧ ਕੋਈ ਹੋਰ ਸ਼ੈ ਹੁਸੀਨ ਨਹੀਂ। ਜਿੰਨਾਂ ਵੀ ਏਸ ਹੁਸੀਨ ਸ਼ੈ ਦੀ ਬੇਕਦਰੀ ਕੀਤੀ ਏ ਯਾ ਇਹਤਰਾਮ ਨਹੀਂ ਕੀਤਾ, ਉਹਨਾਂ ਨੂੰ ਈ ਸੁੱਖ ਨਸੀਬ ਨਹੀਂ ਹੋਇਆ। ਇਹ ਸਾਧੂ ਸੰਤਾਂ ਤੇ ਫਕੀਰ ਔਰਤ ਦੇ ਈ ਧੁਤਕਾਰੇ ਹੋਏ ਨੇ । ਮਤਲਬ ਇਹ ਕਿ ਉਹਨਾਂ ਨੂੰ ਔਰਤ ਦੀ ਨਾਕਦਰੀ ਤੇ ਬੇਹੁਰਮਤੀ ਕਰਨ ਵਜੋਂ ਫਿਟਕਾਰ ਪਈ ਹੋਈ ਏ।"
ਆਪਣੇ ਏਸ ਆਖੇ ਨੂੰ ਮਜ਼ਬੂਤ ਕਰਨ ਵਾਸਤੇ ਉਸਤਾਦ ਜੀ ਕਈ ਆਲਮਾਂ ਤੇ ਮੁਫ਼ਕਰਾਂ ਦੇ ਕੌਲ (ਵਾਕ) ਵੀ ਸੁਣਾਏ, ਸ਼ਾਇਰਾਂ ਦੇ ਸ਼ੇਅਰ ਸੁਣਾਏ ਜਿਹੜੇ ਇਹ ਸਾਬਤ ਕਰਦੇ ਸਨ ਕਿ ਕੁਦਰਤ ਦੇ ਕਾਰਖਾਨੇ ਵਿੱਚੋਂ ਔਰਤ ਕਾਇਨਾਤ ਵਿੱਚ ਹੁਸੀਨ ਤੁਹਫਾ ਏ । ਸਗੋਂ ਸਭ ਤੋਂ ਹੁਸੀਨ। ਪਰ ਜਦ ਵੀ ਪੰਜਾਬ ਦੀ ਸੁਆਣੀ ਦਾ ਜਿਕਰ ਹੁੰਦਾ ਤਾਂ ਬਹੁਤ ਦੁੱਖ ਨਾਲ ਆਖਦੇ, “ਏਥੋਂ ਦੀ ਸੁਆਣੀ ਬਹੁਤ ਮਜ਼ਲੂਮ ਏ । ਸਾਰੇ ਜੱਗ ਵਿੱਚ ਸੁਆਣੀਆਂ ਦਾ ਹਾਲ ਜਿਆਦਾ ਚੰਗਾ ਨਹੀਂ, ਪਰ ਪੰਜਾਬ ਦੀ ਸੁਆਣੀ ਤਾਂ ਬਹੁਤ ਜਿਆਦਾ ਜਕੜੀ ਹੋਈ ਏ - ਕਿਸੇ ਦੀ ਘਰ ਵਾਲ਼ੀ ਏ, ਇਹਦਾ ਆਪਣਾ ਕੋਈ ਘਰ ਨਹੀਂ। ਕਿਸੇ ਦੇ ਪੈਰਾਂ ਦੀ ਜੁੱਤੀ ਏ, ਪਰ ਆਪਣੇ ਪੈਰ ਈ ਕੋਈ ਨਹੀਂ । ਏਥੋਂ ਦਾ ਮਰਦ ਈ ਇਹਦਾ ਖੁਦਾ ਏ। ਏਥੋਂ ਦੀ ਔਰਤ ਦਾ ਪੱਕਾ ਪੀਡਾ ਖੁਦਾ ਈ ਕੋਈ ਨਹੀਂ। ਕੀ ਖ਼ਬਰ ਕਿਹੜੇ ਵੇਲੇ ਮਜਾਜ਼ੀ ਖ਼ੁਦਾ ਆਪਣੀ ਖ਼ੁਦਾਈ ਵਿੱਚੋਂ ਕੱਢ ਦੇਵੇ।"
ਫੇਰ ਗੱਲ ਹੁੰਦੀ ਹੁੰਦੀ ਭਾ ਉੱਤੇ ਆ ਜਾਂਦੀ। ਭਾ ਹੁਜਰੇ ਦਾ ਮੈਂਬਰ ਸੀ। ਉਹਦਾ ਜੁੱਤੀਆਂ ਦਾ ਕਾਰਖਾਨਾ ਸੀ । ਭਾ ਮਾਲਦਾਰ ਤਾਂ ਹੈ ਸੀ, ਪਰ ਬੇਇਲਮ ਸੀ । ਅਸਾਂ ਸਾਰੇ ਹੁਜਰੇ ਦੇ ਮੈਂਬਰ ਭਾ ਈ ਆਖਦੇ ਸਾਂ । ਪੰਜਾਹ ਕੁ ਸਾਲ ਦੇ ਭਾ ਦੂਜੀ ਸ਼ਾਦੀ ਕਰ ਲਈ। ਇੱਕ ਦਿਨ ਏਥੇ ਬੈਠਿਆਂ ਹੁਜਰੇ ਵਾਲੇ ਅਚਨਚੇਤ ਸਵਾਲ ਕਰ ਦਿੱਤਾ, "ਭਾ ਜੀ, ਕੀ ਕਾਰਨ ਏ ਦੂਸਰੀ ਸ਼ਾਦੀ ਦਾ ਜਦ ਕਿ ਤੁਸਾਂ ਦੀ ਪਹਿਲੀ ਵਹੁਟੀ ਵੀ ਹਯਾਤ ਏ ਤੇ ਤੁਸਾਂ ਦੇ ਕੋਲ ਏ ?"
ਭਾ ਮੁਖਤਸਰ ਜਵਾਬ ਦਿੱਤਾ, "ਉਸਤਾਦ ਜੀ, ਪਹਿਲੀ ਬੀਵੀ ਨਾਲ ਬਣ ਨਹੀਂ ਆਈ।"
ਦੂਜਾ ਸਵਾਲ ਹੋਇਆ, “ਪਹਿਲੀ ਬੀਵੀ ਵਿੱਚੋਂ ਬਾਲ ਕਿੰਨੇ ਹੋਏ ਨੇ ?”
ਫੇਰ ਮੁਖਤਸਰ ਜਵਾਬ, "ਅੱਠ ਬਾਲ ਨੇ ਜੀ ਪਹਿਲੀ ਬੀਵੀ ਵਿੱਚੋਂ ।"
ਤੀਜਾ ਸਵਾਲ ਹੋਇਆ, "ਭਾ ਜੀ, ਜੇ ਬਣ ਆ ਜਾਂਦੀ ਤਾਂ ?"
ਮਹਿਫਲ ਵਿੱਚ ਬਹੁਤ ਹਾਸਾ ਖਿੱਲਰਿਆ। ਭਾ ਪੱਚੀ ਤਾਂ ਹੋਇਆ ਪਰ ਹੱਸਦਾ ਰਿਹਾ। ਏਹੋ ਜੇਹੀਆਂ ਕਈ ਗੱਲਾਂ ਤੇ ਹਾਸੇ ਹੁੰਦੇ ਰਹਿੰਦੇ ਸਨ ਹੁਜਰੇ ਵਿੱਚ। ਮੈਨੂੰ ਸਭ ਕੁੱਝ ਯਾਦ ਆ ਰਿਹਾ ਸੀ। ਕੁੱਝ ਅਰਸੇ ਮਰਗੋਂ ਏਸੇ ਭਾ ਬਾਰੇ ਫੇਰ ਚੁਟਕਲਾ ਬਣ ਗਿਆ।
ਭਾ ਦੇ ਕਾਫੀ ਬਾਲ ਸਨ। ਦੋ ਟੱਬਰਾਂ ਦੀ ਔਲਾਦ ਸੀ। ਨਵੇਂ ਜੰਮੇ ਬਾਲ ਲਈ ਨਾਂ ਲੱਭਣਾ ਔਖਾ ਹੋ ਜਾਂਦਾ ਸੀ । ਇੱਕ ਵਾਰੀ ਇੱਕ ਬਾਲ ਦਾ ਨਾਂ ਲੱਭਣ ਲਈ ਹੁਜਰੇ ਵਿੱਚ ਫ਼ਰਮਾਇਸ਼ ਆਈ ਕਿ ਭਾ ਦੇ ਘਰ ਅੱਲਾਹ ਪੁੱਤਰ ਦਿੱਤਾ ਏ, ਕੋਈ ਸੁਹਣਾ ਜੇਹਾ ਨਾਂ ਦੱਸੋ । ਬੱਚੇ ਦਾ ਕੀ ਨਾਂ ਰੱਖੀਏ ? ਨਵਾਂ ਨਾਂ ਲੱਭਣ ਲਈ ਪਹਿਲੇ ਬਾਲਾਂ ਦਾ ਨਾਂ ਮਲੂਮ ਹੋਣਾ ਜ਼ਰੂਰੀ ਸੀ। ਪਹਿਲੇ ਬਾਲਾਂ ਦੇ ਨਾਂ ਨਾਲ ਹੀ ਤਾਨ "ਹੁਸੈਨ" ਉੱਤੇ ਆਂਵਦੀ ਸੀ, ਜਿਵੇਂ ਸਰਫਰਾਜ਼ ਹੂਸੈਨ, ਇੰਤਜ਼ਾਰ ਹੂਸੈਨ, ਕੁਰਬਾਨ ਹੂਸੈਨ, ਸੱਜਾਦ ਹੂਸੈਨ, ਵਗੈਰਾ। ਨਵੇਂ ਬਾਲ ਦੇ ਨਾਂ ਉੱਤੇ ਤਜ਼ਵੀਜ਼ ਹੋਇਆ ਕਿ "ਬੱਸ ਕਰ ਹੁਸੈਨ" ਰੱਖਿਆ ਜਾਵੇ। ਫੇਰ ਭਾ ਪੱਚੀ ਹੋਇਆ ਪਰ ਮਹਿਫ਼ਲ ਵਿੱਚ ਹਾਸਾ ਖਿੱਲਰ ਗਿਆ ਤੇ ਕਿੰਨੇ ਈ ਦਿਨ ਤੀਕਰ ਬੱਸ ਕਰ ਹੁਸੈਨ ਮੌਜ਼ੂਅ (ਵਿਸ਼ਾ) ਬਣਿਆ ਰਿਹਾ।
ਇੱਕ ਵਾਰ ਟਾਂਗੇ ਉੱਤੇ ਬੈਠੇ ਤਾਂ ਕੋਚਵਾਨ ਨੂੰ ਆਖਿਆ, "ਏਧਰੋਂ ਚੱਲ” ਉਸ ਪਾਸੇ ਵਨ ਵੇਅ ਸੀ। ਕੋਚਵਾਨ ਇਹ ਈ ਆਖਿਆ ਪਰ ਉਸਤਾਦ ਜੀ ਕਹਿੰਦੇ, "ਏਧਰ ਚੱਲ ।" ਕੋਚਵਾਨ ਫੇਰ ਆਖਿਆ, “ਪਹਿਲਵਾਨ ਸਾਹਮਣੇ ਸਿਪਾਹੀ ਖਲੋਤਾ ਏ, ਉਸ ਜਾਵਣ ਨਹੀਂ ਦੇਣਾ।"
“ਤੂੰ ਜਾ ਕੇ ਸਿਪਾਹੀ ਨੂੰ ਆਖਦੇ ਕਿ ਟਾਂਗੇ ਉੱਤੇ ਭੋਲੂ ਪਹਿਲਵਾਨ ਦਾ ਪਿਉ ਬੈਠਾ ਹੋਇਆ ਏ ।" ਕੋਚਵਾਨ ਜਾ ਕੇ ਇੰਜ ਈ ਆਖਿਆ ਪਰ ਸਿਪਾਹੀ ਭੋਲੂ ਪਹਿਲਵਾਨ ਦੇ ਪਿਉ ਨੂੰ ਵੇਖਿਆ ਹੋਇਆ ਸੀ, ਏਸ ਲਈ ਉਹਨੇ ਆਖਿਆ, "ਇਹ ਭੋਲੂ ਪਹਿਲਵਾਨ ਦਾ ਪਿਉ ਨਹੀਂ।”
ਕੋਚਵਾਨ ਆ ਕੇ ਸਿਪਾਹੀ ਦੀ ਗੱਲ ਸੁਣਾਈ। ਜਵਾਬ ਵਿੱਚ ਹੱਸਦਿਆਂ ਹੋਇਆਂ ਆਖਿਆ, "ਬੇਵਕੂਫ ਏ ਤੇਰਾ ਸਿਪਾਹੀ, ਉਹਨੂੰ ਕੀ ਪਤਾ ਹੋਵੇ ਕਿ ਪਹਿਲਵਾਨ ਇੱਕ ਪਿਉ
ਨਾਲ ਥੋੜ੍ਹਾ ਬਣਦਾ ਏ ।” ਵਾਹ ! ਹਾਸੇ ਹਾਸੇ ਵਿੱਚ ਕਿੰਨੀ ਵੱਡੀ ਸੱਚਾਈ ਸੀ, ਕਿੰਨੇ ਭੁਲੇਖੇ ਤੇ ਭੁਲੇਖਿਆਂ ਵਿੱਚ ਹਾਸੇ ਸਨ।
ਉਸਤਾਦ ਜੀ ਦੱਸਦੇ ਨੇ ਕਿ ਇੱਕ ਵਾਰ ਟਕਸਾਲੀ ਦਰਵਾਜੇ ਦੇ ਬਾਹਰ ਇੱਕ ਹੱਟੀ ਤੋਂ ਕੋਕਾ ਕੋਲਾ ਪੀ ਰਹੇ ਸਨ। ਕਿਧਰੋਂ ਬਾਹਰੋਂ ਆਏ ਸਨ, ਹੁਜਰੇ ਵਿੱਚ ਦਾਖਲ ਹੋਵਣ ਤੋਂ ਪਹਿਲੇ ਤਰੇਹ ਬੁਝਾਵਣ ਲਈ ਬੋਤਲ ਪੀਵਣ ਲੱਗ ਪਏ ਸਨ । ਕੋਲ ਈ ਪਰਾਲੀ ਲੱਦੀ ਇੱਕ ਗੱਡ ਖਲੋਤੀ ਹੋਈ ਸੀ। ਇੱਕ ਦੋ ਮੰਜੋਲੇ ਪਰਾਲ ਦੇ ਡਿੱਗ ਪਏ ਸਨ। ਗਾਡੀ ਪਿੱਛੇ ਮੰਜਲੇ ਚੁੱਕਣ ਗਿਆ ਹੋਇਆ ਸੀ । ਗੱਡ ਦੇ ਖਲੋਵਣ ਨਾਲ ਬਜ਼ਾਰ ਬੰਦ ਹੋਇਆ ਹੋਇਆ ਸੀ। ਸਾਹਮਣੇ ਖਲੋਤੇ ਸਾਰਜੰਟ ਵੇਖਿਆ। ਸੋਚਿਆ, ਨਾ ਪੁੱਛਿਆ। ਆਉਂਦਿਆਂ ਈ ਦਰਵੇਸ਼ ਨੂੰ ਸੋਟੀਆਂ ਕੱਢ ਮਾਰੀਆਂ ਤੇ ਗਾਲ ਦੇ ਕੇ ਆਖਿਆ, "ਆ ਜਾਂਦੇ ਨੇ ਪਿੰਡੋਂ ਤਰਿਹਾਕਲ। ਓਏ ਕਦੀ ਬੋਤਲ ਵੇਖੀ ਨਹੀਓਂ ? ਚੱਲ ਟੋਰ ਗੱਡ ਅੱਗੇ । ਸਾਰੀ ਸੜਕ ਬੰਦ ਕੀਤੀ ਹੋਈ ਉ।” ਪਰ ਦਰਵੇਸ਼ ਸਿਰਫ ਹੱਸੀ ਜਾ ਰਿਹਾ ਸੀ । ਗੁਲਾਬੀ ਸਿਆਲ ਦੇ ਦਿਨ ਸਨ । ਕੰਬਲ ਦੀ ਬੁੱਕਲ ਸੀ। ਮੋਏ ਮੁੱਕੇ ਤੇ ਲਿੱਸੇ ਸਾਰਜੰਟ ਦੀ ਮਾਰ ਨਾਲ ਭਲਾਂ ਕਿਹੜੀ ਪੀੜ ਹੋਣੀ ਸੀ । ਝੱਟ ਸ਼ੁਗਲ ਬਣਿਆਂ ਰਿਹਾ। ਦਰਵੇਸ਼ ਇੱਕ ਬੋਤਲ ਸਾਰਜੰਟ ਨੂੰ ਪਿਵਾਈ ਤੇ ਆਖਿਆ, "ਮਾਈ ਬਾਪ, ਮੁਆਫੀ ਦੇ ਦੇਵੋ।" ਹੋ ਸਕਦਾ ਏ ਕੁੱਝ ਚਿਰ ਹੋਰ ਸ਼ੁਗਲ ਲਗਦਾ, ਪਰ ਗਾਡੀ ਮੰਜੋਲੇ ਲੈ ਕੇ ਆ ਗਿਆ। ਆਪਣੀ ਗੱਡ ਲੈ ਕੇ ਚਲਾ ਗਿਆ।
ਜਦ ਸਾਰਜੰਟ ਨੂੰ ਆਪਣੀ ਗਲਤੀ ਦਾ ਪਤਾ ਲੱਗਾ ਤੇ ਹੁਜਰੇ ਵਾਲੇ ਦਰਵੇਸ਼ ਬਾਰੇ ਲੋਕਾਂ ਦੱਸਿਆ ਤਾਂ ਸਾਰਜੰਟ ਬਹੁਤ ਪੱਚੀ ਹੋਇਆ। ਮੁਆਫ਼ੀ ਮੰਗੀ। ਪਰ ਦਰਵੇਸ਼ ਉਲਟੀ ਸ਼ਾਬਾਸ਼ ਦੇ ਕੇ ਆਖਿਆ, "ਕੋਈ ਨਹੀਂ ਤੂੰ ਵੀ ਮੇਰੇ ਵਰਗਾ ਤਰਿਹਾਕਲ ਏਂ, ਬੋਤਲ ਤੇ ਤੂੰ ਵੀ ਪੀਤੀ ਏ।" ਇੱਕ ਵਾਰ ਫੇਰ ਸਾਰਜੰਟ ਪੱਚੀ ਹੋਇਆ ਸੀ।
ਆਪਣੇ ਉਸਤਾਦ ਬਾਰੇ ਗੱਲਾਂ ਕਰਦਿਆਂ ਹੋਇਆਂ ਆਖਿਆ ਕਰਦੇ ਸਨ: "ਮੇਰਾ ਉਸਤਾਦ ਹਮਦਮ ਹੁੱਕਾ ਬਹੁਤ ਪੀਂਦਾ ਸੀ । ਮੈਂ ਆਪਣੇ ਉਸਤਾਦ ਲਈ ਏਥੇ ਹੁਜਰੇ ਵਿੱਚ ਹੁੱਕਾ ਵੀ ਰੱਖਿਆ ਹੋਇਆ ਸੀ। ਉਹ ਜਦ ਵੀ ਆਏ ਮੈਂ ਉਹਨਾਂ ਲਈ ਹੁੱਕਾ ਜ਼ਰੂਰ ਭਰਦਾ ਸਾਂ। ਏਸੇ ਲਈ ਮੇਰਾ ਫੁੱਫੜ, ਜਿਹੜਾ ਬੜਾ ਈ ਕਮੀਨਾ ਬੰਦਾ ਸੀ, ਮੈਨੂੰ ਤਾਅਨਾ ਮਾਰਿਆ ਕਰਦਾ ਸੀ ਕਿ ਤੂੰ ਸ਼ਾਇਰਾਂ ਦੇ ਹੁੱਕੇ ਭਰਨ ਵਿੱਚ ਈ ਰਹਿਨਾ ਏਂ, ਆਪ ਤੂੰ ਕੋਈ ਸ਼ੇਅਰ ਨਹੀਂ ਕਹਿਣ ਜੋਗਾ। ਫੁੱਫੜ ਵੀ ਮੇਰੇ ਦਾਦੇ ਵਾਂਗ ਮੇਰੇ ਨਾਲ ਨਫਰਤ ਕਰਦਾ ਸੀ। ਭੈੜੀਆਂ ਤੇ ਚੁੱਭਵੀਆਂ ਗੱਲਾਂ ਨਾਲ ਮੇਰਾ ਸੀਨਾ ਸਾੜਿਆ ਕਰਦਾ ਸੀ, ਪਰ ਮੈਂ ਆਪਣੇ ਉਸਤਾਦ ਦੀ ਖਿਦਮਤ ਕਰਦਾ ਖੁਸ਼ ਰਹਿੰਦਾ ਸਾਂ।"
ਉਸਤਾਦ ਹਮਦਮ ਇੱਕ ਪੰਜਾਬੀ ਦੀ ਲੁਗਤ (ਡਿਕਸ਼ਨਰੀ) ਵੀ ਲਿਖ ਰਹੇ ਸਨ। ਚੰਗਾ ਕਾਗ਼ਜ ਖਰੀਦਣ ਲਈ ਅਸਾਡੇ ਕੋਲ ਪੈਸਾ ਹੁੰਦਾ ਕੋਈ ਨਹੀਂ ਸੀ । ਏਸੇ ਲਈ ਰੱਦੀ ਉੱਤੇ ਈ ਪੰਜਾਬੀ ਦੀ ਅਜ਼ੀਮ ਲੁਗਤ ਲਿਖੀ ਜਾ ਰਹੀ ਸੀ।
ਹੱਸਦਿਆਂ ਹੋਇਆਂ ਉਹਨਾਂ ਲੁਗਤ ਦਾ ਮੁਹਾਂਦਰਾ ਇੰਜ ਦੱਸਿਆ ਕਿ, "ਉਸਤਾਦ ਹਮਦਮ ਦੇ ਖਿਆਲ ਵਿੱਚ ਦੁਨੀਆਂ ਦੀ ਹਰ ਜ਼ਬਾਨ ਪੰਜਾਬੀ ਵਿੱਚੋਂ ਨਿੱਕਲੀ ਏ । ਮਿਸਾਲ ਦੇ
ਤੌਰ 'ਤੇ ਅੰਗਰੇਜ਼ੀ ਦਾ ਲਫ਼ਜ਼ ਵਾਟਰ ਈ ਲਓ ਜਿਸਦਾ ਅਰਥ ਪਾਣੀ ਏ। ਇਹ ਪੰਜਾਬੀ ਦੇ ਲਫ਼ਜ਼ 'ਵੱਟ' ਵਿੱਚੋਂ ਨਿੱਕਲਿਆ ਏ। ਵੱਟ ਲੱਗੇ ਤਾਂ ਮੁੜ੍ਹਕਾ ਚੋਂਦਾ ਏ। ਮੁੜ੍ਹਕਾ ਪਾਣੀ ਹੁੰਦਾ ਏ। ਇੰਜ ਈ ਕਈ ਹੋਰ ਮਿਸਾਲਾਂ ਉਹਨਾਂ ਦੱਸੀਆਂ ਤੇ ਹਾਸਾ ਖਿੱਲਰਦਾ ਰਿਹਾ। ਉਹਨਾਂ ਫੇਰ ਆਖਿਆ, "ਸ਼ੇਖੂਪੁਰੀਆ! ਅੱਗੇ ਸੁਣ । ਜਦ ਕਦੇ ਹੁੱਕੇ ਦੀ ਅੱਗ ਵਾਸਤੇ ਕੋਈ ਸ਼ੈ ਨਾ ਮਿਲਦੀ ਤਾਂ ਉਸਤਾਦ ਹਮਦਮ ਇਹ ਈ ਰੱਦੀ, ਜੀਹਦੇ ਉੱਤੇ ਪੰਜਾਬੀ ਲੁਗ਼ਤ ਲਿਖੀ ਜਾ ਰਹੀ ਸੀ, ਬਾਲ ਕੇ ਚਿਲਮ ਭਖ਼ਾ ਲੈਂਦੇ ਸਨ ਤੇ ਪੰਜਾਬੀ ਦੀ ਲੁਗ਼ਤ ਫੇਰ ਮੁੱਢੋਂ ਸ਼ੁਰੂ ਕਰਨ ਲਈ ਰੱਦੀ ਇਕੱਠੀ ਕਰਨ ਲੱਗ ਪੈਂਦੇ ਸਨ।"
ਆਪਣੇ ਪੜ੍ਹਨ ਬਾਰੇ ਦੱਸਦੇ: “ਮੇਰੇ ਕੋਲ ਵੀ ਕੋਈ ਪੈਸਾ ਨਹੀਂ ਸੀ ਹੁੰਦਾ। ਮੈਂ ਵੀ ਲਿਖਾਈ ਦੀ ਮਸ਼ਕ ਵਾਸਤੇ ਕੰਧਾਂ ਨਾਲੋਂ ਪੋਸ਼ਟਰ ਤੇ ਇਸ਼ਤਿਹਾਰ ਲਾਹ ਲੈਂਦਾ ਸਾਂ । ਉਹਨਾਂ ਪੋਸਟਰਾਂ ਦੇ ਕਾਗ਼ਜ਼ਾਂ ਉੱਤੇ ਲਿਖਾਈ ਕਰਦਾ ਰਹਿੰਦਾ ਸਾਂ। ਪੋਸ਼ਟਰ ਤੇ ਇਸ਼ਤਿਹਾਰ ਲਾਵਣ ਵਾਲ਼ੇ ਜਦ ਦੂਜੇ ਈ ਦਿਨ ਸਵੇਰ ਨੂੰ ਪੋਸਟਰ ਗ਼ਾਇਬ ਵੇਖਦੇ ਤੇ ਬਹੁਤ ਭਾਲ ਕਰਦੇ। ਸਾਰਾ ਸਾਰਾ ਦਿਨ ਖ਼ਿਆਲ ਰਖਦੇ, ਪਰ ਮੈਂ ਤਾਂ ਰਾਤ ਨੂੰ ਇਹ ਕੰਮ ਕਰਦਾ ਸਾਂ । ਜਦ ਕਦੇ ਦਿਨ ਨੂੰ ਲੋੜ ਪੈਂਦੀ ਤਾਂ ਵੀ ਫੁਰਤੀ ਨਾਲ ਮੈਂ ਆਪਣਾ ਕੰਮ ਕਰ ਲੈਂਦਾ ਸਾਂ । ਇੱਕ ਵਾਰ ਤਾਂ ਉਹਨਾਂ ਮੈਨੂੰ ਫੜ ਈ ਲਿਆ ਸੀ । ਮਾਰਿਆ ਕੁੱਟਿਆ ਵੀ, ਪਰ ਕੀ ਕਰਦਾ, ਪੜ੍ਹਾਈ ਵੀ ਜ਼ਰੂਰੀ ਸੀ । ਆਪਣੇ ਦਾਦੇ ਨੂੰ ਪੜ੍ਹਕੇ ਵਖਾਣਾ ਸੀ। ਏਸ ਲਈ ਜਦ ਵੀ ਦਾਅ ਲੱਗਦਾ ਮੈਂ ਪੋਸਟਰ ਲਾਹ ਲੈਂਦਾ ਸਾਂ।
"ਸ਼ੇਖੂਪੁਰੀਆ! ਪੜ੍ਹਨ ਤੋਂ ਮੇਰਾ ਮਨ ਨਹੀਂ ਸੀ ਰੱਜਦਾ । ਬਥੇਰਾ ਪੜ੍ਹਿਆ ਏ, ਪਰ ਜਾਪਦਾ ਏ, ਮੈਂ ਕੁੱਝ ਵੀ ਨਹੀਂ ਪੜ੍ਹਿਆ ।"
ਉਹਨਾਂ ਪੜ੍ਹਨ ਵਾਲੇ ਸ਼ੌਕ ਨੂੰ ਵੇਖਕੇ ਤੇ ਬਾਕੀ ਦੀਆਂ ਭੀੜਾਂ ਬਾਰੇ ਸੁਣ ਕੇ ਮੇਰੇ ਮੂੰਹੋਂ ਨਿੱਕਲਿਆ, "ਵਾਹ ਗੁਰੂ! ਜੇਹੋ ਜੇਹੇ ਹਾਲਾਤ ਵਿੱਚ ਤੁਸਾਂ ਪੜ੍ਹੇ ਓ ਤੇ ਦੁਨੀਆਂ ਜਹਾਨ ਦੇ ਚੰਗੇ ਤੇ ਮਸ਼ਹੂਰ ਅਦਬ ਬਾਰੇ ਜਾਣਕਾਰੀ ਰਖਦੇ ਓ, ਇਹ ਬੱਸ ਤੁਹਾਡੀ ਈ ਹਿੰਮਤ ਏ। ਕਈ ਜ਼ਬਾਨਾਂ ਵੀ ਸਿੱਖ ਲਈਆਂ। ਬੜੀ ਗੱਲ ਏ ਉਸਤਾਦ ਜੀ!”
"ਨਹੀਂ ਸ਼ੇਖੂਪੁਰੀਆ! ਮੈਂ ਕੁੱਝ ਵੀ ਨਹੀਂ ਪੜ੍ਹ ਸਕਿਆ। ਏਸੇ ਗੱਲ ਦਾ ਈ ਤੇ ਦੁੱਖ ਏ ਮੈਨੂੰ । ਰੋਟੀ ਟੁੱਕਰ ਵਾਸਤੇ ਵੀ ਟੱਕਰਾਂ ਮਾਰਨੀਆਂ ਪੈਂਦੀਆਂ ਨੇ, ਨਹੀਂ ਤੇ ਮੈਂ ਏਸ ਹੁਜਰੇ ਦੇ ਅੰਦਰੋਂ ਕੁੰਡੀ ਲਾ ਲਵਾਂ ਤੇ ਬੱਸ ਪੜ੍ਹਦਾ ਈ ਰਹਵਾਂ । ਪਰ ਭੁੱਖ ਬਹੁਤ ਬੁਰੀ ਚੀਜ਼ ਏ।”
"ਹਾਂ, ਭੁੱਖ ਵਾਕਈ ਬਹੁਤ ਬੁਰੀ ਚੀਜ਼ ਏ। ਭੁੱਖ ਦੇ ਤਾਂ ਮੈਨੂੰ ਵੀ ਹੱਥ ਲੱਗੇ ਹੋਏ ਨੇ।"
ਉਸਤਾਦ ਜੀ ਹੌਲ਼ੀ ਹੌਲ਼ੀ ਗੱਲਾਂ ਕਰ ਰਹੇ ਸਨ, ਜ਼ਬਾਨ ਸਾਥ ਨਹੀਂ ਸੀ ਦੇ ਰਹੀ। ਇੱਕ ਇੱਕ ਲਫ਼ਜ਼ ਬੋਲਣ ਲਈ ਬੜੀ ਤਕਲੀਫ਼ ਸਹਿਣੀ ਪੈ ਰਹੀ ਸੀ । ਮੈਂ ਉਹਨਾਂ ਦਾ ਹਾਲਤ ਵੇਖ ਕੇ ਅੰਦਰੋ ਅੰਦਰੀ ਰੋ ਰਿਹਾ ਸਾਂ ਤੇ ਮੇਰਾ ਉਸਤਾਦ ਆਪਣੇ ਵਰਗੇ ਕਰੋੜਾਂ ਇਨਸਾਨਾਂ ਦੀ ਅਜ਼ਾਦੀ ਤੇ ਖੁਸ਼ਹਾਲੀ ਲਈ ਹਰ ਆਮਰ (ਜਾਬਰ) ਨਾਲ ਲੜ ਰਿਹਾ ਸੀ । ਕੋਨੇ ਕੋਨੇ ਵਿੱਚ ਜਾ ਕੇ ਧਰਤੀ ਤੇ ਇਨਸਾਨੀ ਅਜ਼ਮਤ ਦੇ ਗੀਤ ਗਾਵਣ ਵਾਲਾ, ਕਿਸੇ ਲੋਭ ਲਾਲਚ ਵਿੱਚ
ਨਾ ਆਵਣ ਵਾਲ਼ਾ ਤੇ ਕਿਸੇ ਧਮਕੀਆਂ ਤੋਂ ਨਾ ਡਰਨ ਵਾਲਾ, ਅੱਜ ਇੱਕ ਇੱਕ ਲਫ਼ਜ਼ ਲਈ ਦੁੱਖ ਵਿੱਚ ਏ, ਤਕਲੀਫ ਵਿੱਚ ਏ। ਏਸ ਸੋਚ ਪਾਰੋਂ ਮੇਰੀਆਂ ਅੱਖਾਂ ਕੁੱਝ ਕੁੱਝ ਬੁਝ ਗਈਆਂ ਸਨ । ਉਹਨਾਂ ਤਾੜ ਲਿਆ ਤੇ ਆਖਿਆ, "ਸ਼ੇਖੂਪੁਰੀਆ! ਦਿਲ ਨਹੀਂ ਛੋਟਾ ਕਰੀਦਾ !"
"ਨਹੀਂ ਜੀ, ਮੈਂ ਦਿਲ ਛੋਟਾ ਤਾਂ ਨਹੀਂ ਕਰ ਰਿਹਾ।"
“ਫੇਰ ਕੀ ਗੱਲ ਏ, ਤੂੰ ਏਨਾ ਉਦਾਸ ਕਿਉਂ ਏਂ ?"
“ਮੈਂ ਸੋਚ ਰਿਹਾ ਸਾਂ ਲੋਕ ਕਿੰਜ ਅੱਖਾਂ ਫੇਰ ਲੈਂਦੇ ਨੇ।"
"ਕੀ ਮਤਲਬ ਏ ਸ਼ੇਖੂਪੁਰੀਆ। ਕਿੱਧਰ ਇਸ਼ਾਰਾ ਏ ਤੇਰਾ ?"
“ਜੀ, ਮੈਂ ਸੋਚ ਰਿਹਾ ਸਾਂ ਕਿ ਏਥੋਂ ਹੁਜਰੇ ਵਿੱਚੋਂ ਸਭ ਤੋਂ ਜਿਆਦਾ ਫ਼ਾਇਦਾ ਲੈਣ ਵਾਲਾ ਬੰਦਾ ਜਿਹੜਾ ਤੁਹਾਥੋਂ ਸ਼ੇਅਰ ਸੁਣ ਕੇ ਲਿਖਕੇ ਲੈ ਜਾਂਦਾ ਏ, ਅੱਜ ਉਹ ਈ ਤੁਹਾਨੂੰ ਰੱਬ ਕੋਲੋਂ ਦੂਰੀ ਦਾ ਤਾਅਨਾ ਦੇਵਣ ਲੱਗ ਪਿਆ ਏ।"
"ਕੀ ਤੇਰਾ ਇਸ਼ਾਰਾ ਉਸ ਵੱਲ ਏ ?”
“ਜੀ, ਮੇਰਾ ਖਿਆਲ ਉਸੇ ਸਾਹਿਬ ਵੱਲ ਈ ਗਿਆ ਸੀ । ਮੈਨੂੰ ਉਹਦੇ ਸੁਭਾਅ ਤੇ ਰਵੱਈਏ ਤੋਂ ਦੁੱਖ ਹੋਇਆ ਏ। ਮੈਂ ਉਹਨੂੰ ਕੁੱਝ ਹੋਰ ਸਮਝਦਾ ਸਾਂ ਪਰ ਨਿੱਕਲਿਆ ਕੁੱਝ ਹੋਰ ਏ ।” ਮੈਂ ਜਜ਼ਬਾਤੀ ਹੋ ਕੇ ਬਹੁਤ ਕੁੱਝ ਕਹਿ ਰਿਹਾ ਸਾਂ । ਉਹਨਾਂ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਕਰਾ ਕੇ ਆਖਿਆ, "ਸ਼ੇਖੂਪੁਰੀਆ। ਏਸੇ ਲਈ ਮੈਂ ਕਹਿਨਾਂ ਵਾਂ, ਤੁਸੀਂ ਜੋ ਮਰਜ਼ੀ ਕਰ ਲਵੋ, ਮਜ਼ਹਬੀ ਬੰਦਾ ਕਦੇ ਕਿਸੇ ਦਾ ਸੱਜਣ ਨਹੀਂ ਹੋ ਸਕਦਾ।”
"ਇਹਦਾ ਕੀ ਕਾਰਨ ਏ ਗੁਰੂ ? ਮਜ਼ਹਬੀ ਬੰਦਾ ਨੇਕ ਅਖਵਾਂਦਾ ਏ । ਸਾਰੇ ਮਜ਼ਹਬ ਨੇਕੀ ਦੀ ਤਾਲੀਮ ਦਿੰਦੇ ਨੇ । ਫੇਰ ਮਜ਼ਹਬੀ ਬੰਦਾ ਨੇਕ ਕਿਉਂ ਨਹੀਂ ਹੋ ਸਕਦਾ ? ਮੇਰੇ ਏਸ ਸਵਾਲ ਉੱਤੇ ਉਹਨਾਂ ਕੁੱਝ ਤਲਖੀ ਨਾਲ ਆਖਿਆ, “ਓਏ ਕਿਹੜਾ ਮਜ਼ਹਬ ਨੇਕੀ ਦੀ ਤਲੀਮ ਦੇਂਦਾ ਏ।" ਤੇਰੀ ਮੱਤ ਮਾਰੀ ਗਈ ਏ । ਮਜ਼ਹਬ ਈ ਤਾਂ ਬੰਦੇ ਨੂੰ ਭੈੜ ਕਰਨ ਦੀ ਇਜ਼ਾਜ਼ਤ ਦਿੰਦਾ ਏ। ਮਜ਼ਹਬ ਈ ਇਨਸਾਨਾਂ ਵਿੱਚ ਫੁੱਟ ਪਾਂਵਦਾ ਏ। ਤੈਨੂੰ ਅਜੇ ਤੀਕਰ ਸਮਝ ਈ ਨਹੀਂ ਆਈ!" ਫੇਰ ਸ਼ੇਖੂਪੁਰੀਆ! ਉੱਤੇ ਜ਼ੋਰ ਪਾ ਕੇ ਆਖਿਆ, "ਮਜ਼ਹਬ ਹਰ ਤਖ਼ਲੀਕ ਦਾ ਦੁਸ਼ਮਣ ਏ।"
ਉਹਨਾਂ ਦੀ ਇਹ ਗੱਲ ਮੇਰੇ ਲਈ ਇੱਕ ਹੋਰ ਇਨਕਸਾਫ਼ ਸੀ। ਇੱਕ ਨਵੀਂ ਗੱਲ ਸੀ ਕਿ ਮਜ਼ਹਬ ਬੰਦੇ ਨੂੰ ਭੈੜ ਕਰਨ ਦੀ ਇਜ਼ਾਜ਼ਤ ਦੇਂਦਾ ਏ।” ਮੈਂ ਅਰਜ਼ ਕੀਤੀ, “ਗੁਰੂ ਮੇਰੇ ਲਈ ਇਹ ਗੱਲ ਨਵੀਂ ਤੇ ਅਜੀਬ ਏ । ਤੁਹਾਡੀ ਤਬੀਅਤ ਸੰਭਲੀ ਤਾਂ ਮੈਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗਾ।"
"ਹੁਣੇ ਈ ਸਮਝ ਲੈ। ਮੇਰੀ ਤਬੀਅਤ ਦਾ ਕੋਈ ਏਤਬਾਰ ਨਹੀਉਂ ! ਮੈਨੂੰ ਰੱਬ ਕੋਲੋਂ ਦੂਰੀ ਦਾ ਤਾਅਨਾ ਦੇਵਣ ਵਾਲੇ ਆਪ ਰੱਬ ਕੋਲੋਂ ਦੂਰ ਨੇ। ਵੇਖੀਂ ਉਸ ਬੰਦੇ ਨੇ ਕਦੇ ਸੁਖੀ ਨਹੀਉਂ ਰਹਿਣਾ।"
"ਪਰ ਗੁਰੂ! ਤੁਸਾਂ ਕਦੇ ਕਿਸੇ ਨੂੰ ਬਦਦੁਆ ਨਹੀਂ ਦਿੱਤੀ, ਅੱਜ ਕਿਉਂ ?"
“ਇਹ ਬਦਦੁਆ ਨਹੀਂ, ਮੇਰਾ ਤਜਜ਼ੀਆ (ਵਿਸ਼ਲੇਸ਼ਣ) ਏ। ਸਾਰੀ ਹਯਾਤੀ ਮੈਂ
ਬੰਦੇ ਈ ਪੜ੍ਹਦਾ ਰਿਹਾ ਵਾਂ । ਮੇਰੇ ਖਿਆਲ ਵਿੱਚ ਉਹ ਲੋੜ ਤੋਂ ਜਿਆਦਾ ਚਲਾਕ ਬਣ ਕੇ ਵਖਾਵੰਦਾ ਏ । ਤੂੰ ਆਪੇ ਈ ਦੱਸ, ਇਹ ਬੰਦਾ ਮੇਰੇ ਕਲਾਮ ਮੈਥੋਂ ਸੁਣ ਕੇ ਲਿਖ ਲੈਂਦਾ ਸੀ। ਫੇਰ ਕੁੱਝ ਦਿਨਾਂ ਮਗਰੋਂ ਮੇਰਾ ਕਲਾਮ ਈ ਮੈਨੂੰ ਬੇਵਜ਼ਨਾ ਕਰਕੇ ਸੁਣਾ ਦਿੰਦਾ ਸੀ ਤੇ ਫੇਰ ਮੈਥੋਂ ਸ਼ਾਬਾਸ਼ ਵੀ ਲੈਂਦਾ ਸੀ । ਹੈ ਨਾ ਵੱਧ ਚਲਾਕੀ ਵਾਲੀ ਗੱਲ ।"
"ਹਾਂ ਜੀ", ਮੈਂ ਸਿਰ ਹਿਲਾ ਕੇ ਕਿਹਾ।
"ਸ਼ੇਖੂਪੁਰੀਆ! ਮੈਂ ਤੈਨੂੰ ਇੱਕ ਵਾਰ ਦੱਸਿਆ ਸੀ ਕਿ ਉਹ ਮੇਰਾ ਮੌਜੂ ਏ, ਮੌਜੂ ਲੱਭਣ ਲਈ ਮੈਨੂੰ ਦੂਰ ਨਹੀਂ ਜਾਣਾ ਪੈਂਦਾ। ਏਸੇ ਲਈ ਮੈਂ ਉਹਦੀ ਸੇਵਾ ਕਰਨ ਵਿੱਚ ਘਾਟਾ ਨਹੀਂ ਸਮਝਦਾ। ਮੈਂ ਕਿਸੇ ਕਿਰਦਾਰ ਨੂੰ ਵੇਖਣ ਲਈ ਚੌਂਕਾਂ ਵਿੱਚ ਨਹੀਂ ਖਲੋ ਸਕਦਾ। ਸਮਝ ਗਿਆ ਏਂ ਨਾ ਮੇਰੀ ਗੱਲ!”
"ਜੀ ਹਾਂ, ਸਮਝ ਲਿਆ ਏ ਗੁਰੂ! ਪਰ ਇੱਕ ਖਿਆਲ ਏ ਮੇਰੇ ਮਨ ਵਿੱਚ। ਤੁਸਾਂ ਆਪਣਾ ਕਲਾਮ ਛਾਪੇ ਕਿਉਂ ਨਹੀਂ ਚਾੜ੍ਹਿਆ ?"
“ਮੇਰਾ ਕਲਾਮ ਮੈਥੋਂ ਛਾਪੇ ਨਹੀਂ ਚੜ੍ਹ ਸਕਦਾ।"
"ਉਹ ਕਿਉਂ ਜੀ ?”
“ਕਿਉਂ ਜੁ ਮੇਰੀ ਸਾਰੀ ਸ਼ਾਇਰੀ ਸਿਆਸੀ ਏ । ਅਜ਼ਾਦੀ ਦੇ ਗੀਤ ਗਾਏ ਨੇ ਮੈਂ। ਧਰਤੀ ਦੀ ਅਣਖ ਵਾਸਤੇ ਲੜਦਾ ਰਿਹਾ ਵਾਂ।"
"ਇਹ ਤਾਂ ਹੋਰ ਵੀ ਚੰਗੀ ਗੱਲ ਏ। ਇਹ ਸਭ ਕੁੱਝ ਲੋਕਾਂ ਦੇ ਸਾਹਮਣੇ ਆਵਣਾ ਚਾਹੀਦਾ ਏ।" ਮੈਂ ਜੋਸ਼ ਨਾਲ ਆਖਿਆ।
"ਲੋਕਾਂ ਕੋਲ ਮੈਥੋਂ ਵੀ ਜਿਆਦਾ ਮੇਰਾ ਕਲਾਮ ਯਾਦ ਏ । ਜੇ ਮੈਂ ਚਾਰ ਮਿਸਰੇ ਕਹੇ ਨੇ ਤੇ ਲੋਕਾਂ ਬੇਸ਼ੁਮਾਰ ਆਪਣੇ ਕੋਲੋਂ ਬਣਾ ਲਏ ਨੇ।"
“ਪਰ ਗੁਰੂ ਜੋ ਅਸਲ ਹੈ ਉਹ ਤਾਂ ਸਾਹਮਣੇ ਆ ਜਾਸੀ।"
"ਪਰ, ਕਿਉਂ ਮੈਂ ਲੋਕਾਂ ਨੂੰ ਨਾਰਾਜ਼ ਕਰਾਂ। ਜੇ ਲੋਕ ਮੇਰਾ ਕਲਾਮ ਵਧਾ ਘਟਾ ਕੇ ਪੜ੍ਹਦੇ ਨੇ, ਖੁਸ਼ ਹੁੰਦੇ ਨੇ, ਮੈਂ ਕਿਉਂ ਉਹਨਾਂ ਦੀ ਖੁਸ਼ੀ ਵਿੱਚ ਲੱਤ ਮਾਰਾਂ ?"
“ਪਰ ਇੰਜ ਨਕਾਦ (ਸਮੀਖਿਆਕਾਰ) ਰਾਜੀ ਨਹੀਂ ਹੋਵਣਗੇ", ਮੈਂ ਡਰਦਿਆਂ ਆਖਿਆ। (ਮੇਰੇ ਅੰਦਰ ਸ਼ੱਕ ਸੀ। ਮੇਰੇ ਖਿਆਲ ਵਿੱਚ ਸ਼ਾਇਰੀ ਨਾ ਛਪਵਾਣ ਦਾ ਕਾਰਨ ਕੁੱਝ ਹੋਰ ਏ।)
ਓਏ, ਰਹਿਣ ਦੇ ਨਕਾਦਾਂ ਨੂੰ । ਅਸਾਡਾ ਏਥੇ ਪੰਜਾਬੀ ਨੂੰ ਸਮਝਣ ਵਾਲਾ ਨਕਾਦ ਹੈ ਈ ਕੋਈ ਨਹੀਂ। ਸਾਰੇ ਫਾਰਸੀ ਤੇ ਅੰਗਰੇਜ਼ੀ ਦੇ ਮਾਰੇ ਹੋਏ ਨੇ । ਮੈਂ ਸਰਕਾਰ ਤੇ ਦਰਬਾਰ ਦੇ ਖਿਲਾਫ਼ ਬੋਲਦਾ ਰਿਹਾ ਵਾਂ । ਆਪਣੀ ਧਰਤੀ ਵਾਸਤੇ, ਆਪਣੇ ਲੋਕਾਂ ਦੀ ਅਜ਼ਾਦੀ ਤੇ ਖੁਸ਼ਹਾਲੀ ਵਾਸਤੇ ਲੜਦਾ ਰਿਹਾ ਵਾਂ । ਮੈਨੂੰ ਨਕਾਦਾਂ ਦੀ ਕੋਈ ਪਰਵਾਹ ਨਹੀਂ। ਨਾਲੇ ਤੂੰ ਵੀ ਚੇਤੇ ਰੱਖੀਂ ਸ਼ੇਖੂਪੁਰੀਆ ! ਲੋਕਾਂ ਦੇ ਨਾਲ ਰਹਵੀਂ, ਨਕਾਦਾਂ ਦੇ ਮਗਰ ਨਾ ਜਾਵੀਂ ।"
ਕੁੱਝ ਦੇਰ ਲਈ ਖਾਮੋਸ਼ੀ ਹੋ ਗਈ। ਉਸਤਾਦ ਜੀ ਲੇਟ ਗਏ। ਅਰਾਮ ਕਰਨ ਦੇ ਖਿਆਲ ਵਿੱਚ ਸਨ। ਮੈਂ ਵੀ ਚੁੱਪ ਕਰਕੇ ਬੈਠਾ ਰਿਹਾ। ਮੈਨੂੰ ਖਿਆਲ ਆਇਆ ਕਿ ਇੱਕ
ਵਾਰ ਕਿਸੇ ਅਮੀਰ ਬੰਦੇ ਨਾਲ ਕਿਸੇ ਮਹਿਫ਼ਲ ਵਿੱਚ ਜਾਣ ਲਈ ਨਿੱਕਲੇ ਤਾਂ ਬੂਹਿਉਂ ਬਾਹਰ ਇੱਕ ਕਹਾਣੀਕਾਰ ਮਿਲਿਆ। ਉਹ ਵੀ ਅਜ਼ਾਦੀ ਵਾਸਤੇ ਘੋਲ ਕਰਨ ਵਾਲਾ ਬੰਦਾ ਸੀ । ਹਰ ਆਮਰ (ਜਾਬਰ) ਖਿਲਾਫ਼ ਲੜਿਆ। ਅਫ਼ਸਾਨਾ ਕਹਾਣੀ ਲਿਖਣ ਵਾਲਾ। ਕਿਲ੍ਹੇ ਵਿੱਚ ਕੈਦ ਵੀ ਰਿਹਾ ਤੇ ਜੇਹਲਾਂ ਵਿੱਚ ਵੀ। ਗਰੀਬ ਤੇ ਮਜ਼ਦੂਰ ਬੰਦਾ ਏ। ਮੈਲੇ ਕੱਪੜਿਆਂ ਵਿੱਚ ਵੇਖ ਕੇ ਅਮੀਰ ਬੰਦੇ ਨੇ ਕਰਾਹਤ ਕਰਦਿਆਂ ਆਖਿਆ, “ਚਲ ਛੱਡ, ਉਸਤਾਦ ਜੀ, ਕੀ ਤੁਸੀਂ ਟਕੇ ਟਕੇ ਦੇ ਸ਼ੁਹਰਿਆਂ ਬੰਦਿਆਂ ਨੂੰ ਇਹਤਰਾਮ ਨਾਲ ਮਿਲਣ ਲੱਗ ਪਏ ਓ।"
ਇਹ ਗੱਲ ਉਸਤਾਦ ਜੀ ਨੂੰ ਚੰਗੀ ਨਾ ਲੱਗੀ । ਹੁਣੇ ਹੁਣੇ ਜੰਦਰਾ ਮਾਰਿਆ ਸੀ ਬੂਹੇ ਨੂੰ । ਚਾਬੀ ਅਜੇ ਹੱਥ ਵਿੱਚ ਸੀ । ਉਹਨਾਂ ਆਖਿਆ, "ਇਹ ਮੈਲਾ ਕੁਚੈਲਾ ਬੰਦਾ ਮੇਰਾ ਉਸਤਾਦ ਏ। ਹੁਣ ਮੈਂ ਕਿਧਰੇ ਨਹੀਂ ਜਾ ਸਕਦਾ ।" ਜੰਦਰਾ ਖੋਹਲਿਆ ਤੇ ਆ ਕੇ ਹੁਜਰੇ ਦੇ ਅੰਦਰ ਬੈਠ ਗਏ। ਉਹ ਬੰਦਾ ਤਰਲਾ ਕਰਦਾ ਈ ਰਹਿ ਗਿਆ। ਮੇਰੇ ਲਈ ਇਹ ਬਹੁਤ ਵੱਡਾ ਤੇ ਅਜ਼ੀਮ ਜਜ਼ਬਾ ਸੀ ਮੇਰੇ ਗੁਰੂ ਦਾ। ਆਪਣੇ ਲੋਕਾਂ ਨਾਲ ਸਾਂਝ ਵਾਲਾ।
ਹੁਜਰੇ ਵਾਲੇ ਲੋਕ ਆਂਵਦੇ ਜਾਂਦੇ ਸਨ । ਬੀਮਾਰੀ ਦੀ ਹਾਲਤ ਵਿੱਚ ਵੀ ਉਸਤਾਦ ਜੀ ਮੱਥੇ ਵੱਟ ਨਹੀਂ ਸਨ ਪਾਂਵਦੇ। ਪਰ ਦਿਨੋਂ ਦਿਨ ਹਾਲਤ ਹੋਰ ਵਿਗੜੀ ਜਾ ਰਹੀ ਸੀ। ਹਸਪਤਾਲ ਜਾਵਣ ਤੋਂ ਕਤਰਾਂਦੇ ਸਨ। ਉਹਨਾਂ ਦੀ ਵਿਗੜੀ ਹਾਲਤ ਵੇਖ ਕੇ ਮੈਨੂੰ ਮੁੜ ਮੁੜ ਪਿਛਲੀਆਂ ਗੱਲਾਂ ਚੇਤੇ ਆਵੰਦੀਆਂ ਸਨ। ਇੱਕ ਵਾਰ ਪੰਜਾਬੀ ਅਦਬੀ ਬੋਰਡ ਦੇ ਸਦਰ ਮੈਨੂੰ ਆਖਿਆ, “ਯਾਰ ਤੇਰਾ ਉਸਤਾਦ ਇੱਕ ਕਿਤਾਬ 'ਮਹਾਂਕੋਸ਼' ਲੈ ਗਿਆ ਏ। ਆਖੀਂ ਉਹ ਤਾਂ ਦੇ ਦੇਵਣ।” ਮੈਂ ਆ ਕੇ ਗੱਲ ਕੀਤੀ। ਉਸਤਾਦ ਜੀ ਚੁੱਪ ਰਹੇ। ਉਸ ਤੋਂ ਮਗਰੋਂ ਬੋਰਡ ਸਦਰ ਜਦ ਵੀ ਮੈਨੂੰ ਮਿਲਦਾ ਕਿਤਾਬ ਬਾਰੇ ਪੁੱਛਦਾ । ਮੈਂ ਆ ਕੇ ਏਥੇ ਗੱਲ ਕਰ ਦਿੰਦਾ ਸਾਂ ਤੇ ਉਹਦਾ ਮੁਤਾਲਬਾਂ ਯਾਦ ਕਰਾਵੰਦਾ। ਇੱਕ ਵਾਰ ਹੁਜਰੇ ਵਾਲੇ ਖਿਝ ਕੇ ਆਖਿਆ, “ਤੈਨੂੰ ਅਕਲ ਨਹੀਂ ਸ਼ੇਖੂਪੁਰੀਆ! ਤੂੰ ਮੁੜ ਮੁੜ ਇੱਕੋ ਈ ਗੱਲ ਕਰਨਾ ਏਂ । ਉਸ ਅਨਪੜ੍ਹ ਨੂੰ ਕਿਤਾਬ ਦੀ ਕੀ ਲੋੜ ਏ, ਅੱਗੋਂ ਤੋਂ ਇਹ ਗੱਲ ਮੈਂ ਨਾ ਸੁਣਾਂ ਤੇਰੇ ਕੋਲੋਂ।"
ਮੈਨੂੰ ਉਹ ਮੁਸ਼ਾਇਰਾ ਯਾਦ ਆਇਆ ਜਿਹੜਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਇਆ ਸੀ । ਮੁਸ਼ਾਇਰੇ ਦੀ ਸਦਾਰਤ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਸ਼ੁਅਬੇ (ਵਿਭਾਗ) ਦੇ ਚੇਅਰਮੈਨ ਕਰ ਰਹੇ ਸਨ । ਜਦ ਸਾਰੇ ਸ਼ਾਇਰ ਮੁਸ਼ਾਇਰਾ ਪੜ੍ਹ ਹਟੇ ਤਾਂ ਉਸਤਾਦ ਜੀ ਨੂੰ ਸਟੇਜ ਦਾ ਸਕੰਦਰ ਕਹਿ ਕੇ ਸਟੇਜ ਉੱਤੇ ਬੁਲਾਇਆ ਗਿਆ, ਪਰ ਉਸਤਾਦ ਜੀ ਸਾਫ਼ ਇਨਕਾਰ ਕਰਦਿਆਂ ਆਖਿਆ, "ਮੈਂ ਏਸ ਦੀ ਸਦਾਰਤ ਮੁਸ਼ਾਇਰਾ ਨਹੀਂ ਪੜ੍ਹ ਸਕਦਾ। ਇਹਨੂੰ ਪੰਜਾਬੀ ਦਾ ਕੱਖ ਵੀ ਪਤਾ ਨਹੀਂ।" ਸਭ ਹੈਰਾਨ ਹੋਏ। ਪੁੱਛਿਆ, ਕਿਉਂ ਜੀ ਇਹ ਤਾਂ ਪੰਜਾਬੀ ਜ਼ਬਾਨ ਦੇ ਡਾਕਟਰ ਨੇ। ਪਰ ਦਰਵੇਸ਼ ਆਖ ਰਿਹਾ ਸੀ ਕਿ ਇਹਨੂੰ ਪੰਜਾਬੀ ਜ਼ੁਬਾਨ ਦੀ ਕੋਈ ਸਮਝ ਨਹੀਂ। ਇਹ ਪੰਜਾਬੀ ਜ਼ੁਬਾਨ ਦਾ ਜਾਹਲ ਮੁਤੱਲਕ ਏ। ਪੰਜਾਬੀ ਦਾ ਡਾਕਟਰ ਸਿਰ ਨੀਵਾਂ ਕਰੀ ਬੈਠਾ ਸੀ । ਮੁਸ਼ਾਇਰਾ ਉੱਜੜ ਗਿਆ ਸੀ । ਸਦਰ ਬੜਾ ਪੱਚੀ ਹੋਇਆ।
ਏਨੀ ਜੁਰਅਤ ਤੇ ਬੇਬਾਕੀ ਵਾਲਾ ਦਰਵੇਸ਼ ਮੇਰੇ ਸਾਹਮਣੇ ਹੌਲ਼ੀ ਹੌਲ਼ੀ ਚੁੱਪ ਹੋ ਰਿਹਾ ਸੀ। ਬੱਸ ਇਹ ਗੱਲ ਈ ਮੈਨੂੰ ਦੁੱਖ ਦੇਣ ਵਾਲੀ ਸੀ ।
ਜਦ ਉਸਤਾਦ ਜੀ ਦੀ ਤਬੀਅਤ ਬਹੁਤ ਹੀ ਵਿਗੜ ਗਈ ਤਾਂ ਸਰਵਸਜ਼ ਹਸਪਤਾਲ ਵਿੱਚ ਦਾਖਲ ਹੋਏ। ਡਾਕਟਰਾਂ ਬਹੁਤ ਇਹਤਰਾਮ ਕੀਤਾ । ਖਿਦਮਤ ਤੇ ਇਲਾਜ ਕਰਨ ਵਿੱਚ ਕੋਈ ਢਿੱਲ ਮੱਠ ਨਾ ਵਿਖਾਈ। ਕੁੱਝ ਦਿਨਾਂ ਮਗਰੋਂ ਜ਼ਰਾ ਤਬੀਅਤ ਸੰਭਲੀ ਤਾਂ ਮੁੜ ਹੱਸਣ ਖੇਡਣ ਲੱਗ ਪਏ।
ਮੈਂ ਫੈਕਟਰੀ ਆਂਵਦਾ ਪਰ ਮੇਰਾ ਧਿਆਨ ਹਸਪਤਾਲ ਵੱਲ ਈ ਲੱਗਾ ਰਹਿੰਦਾ ਸੀ। ਸ਼ਾਮ ਏਥੇ ਤੇ ਸੁਬਹ ਉੱਥੇ । ਜੇ ਸੁਬਹ ਏਥੇ ਤਾਂ ਸ਼ਾਮ ਉੱਥੇ। ਇੰਜ ਈ ਮੇਰਾ ਤਾਣਾ ਬੱਝਾ ਰਹਿੰਦਾ ਸੀ। ਇੱਕ ਦਿਨ ਨਾਗਾ ਕਰਨ ਮਗਰੋਂ ਆਇਆ ਤਾਂ ਉਹਨਾਂ ਆਖਿਆ, "ਸ਼ੇਖੂਪੁਰੀਆ! ਇੱਕ ਵਾਰੀ ਨਸੀਰੇ ਦੀ ਮਾਂ ਨਾਲ ਮੁਲਾਕਾਤ ਹੋ ਜਾਵੇ ਤੇ ਮੇਰਾ ਮਰਨਾ ਸੌਖਾ ਹੋ ਸਕਦਾ ਏ ।" ਗੱਲ ਤਾਂ ਉਹਨਾਂ ਕਰ ਦਿੱਤੀ ਸੀ ਪਰ ਅੰਦਰੋਂ ਉਹ ਵੀ ਜਾਣਦੇ ਸਨ ਕਿ ਨਸੀਰੇ ਦੀ ਮਾਂ ਨਾ ਏਥੇ ਆ ਸਕਦੀ ਏ ਤੇ ਨਾ ਇਹ ਉੱਥੇ ਜਾ ਸਕਦੇ ਨੇ । ਫੇਰ ਵੀ ਉਹਨਾਂ ਆਪਣੀ ਸੱਧਰ ਦੱਸ ਈ ਦਿੱਤੀ।
ਮੈਂ ਵੀ ਜਾਣਦਾ ਸਾਂ ਕਿ ਸਾਡੇ ਸਮਾਜ ਵਿੱਚ ਇਹ ਕੰਮ ਬਹੁਤ ਈ ਔਖਾ ਤੇ ਖ਼ਤਰੇ ਵਾਲਾ ਏ, ਪਰ ਉਸਤਾਦ ਜੀ ਮੁੜ ਮੁੜ ਆਖ ਰਹੇ ਸਨ, "ਇੱਕ ਵਾਰ, ਬੱਸ ਇੱਕ ਮੁਲਾਕਾਤ ਹੋ ਜਾਵੇ ਤਾਂ ਮੇਰੀ ਰੂਹ ਨੂੰ ਚੈਨ ਆ ਸਕਦਾ ਏ।"
ਮੈਂ ਤਸੱਲੀ ਲਈ ਆਖਦਾ ਰਹਿੰਦਾ ਸਾਂ ਪਰ ਤਸੱਲੀ ਦੇਵਣ ਵੇਲੇ ਮੇਰੇ ਆਪਣੇ ਦਿਲ ਨੂੰ ਕੁੱਝ ਹੋਵਣ ਲੱਗ ਪੈਂਦਾ ਸੀ । ਮੈਂ ਰੋਣ-ਹਾਕਾ ਹੋ ਜਾਂਦਾ ਸਾਂ । ਫੇਰ ਮੈਨੂੰ ਉਸਤਾਦ ਜੀ ਤਸੱਲੀ ਦੇ ਕੇ ਆਖਦੇ:
ਓਏ ਝੱਲਿਆ! ਇੱਕ ਦਿਨ ਸਭਨਾਂ ਜਾਣਾ ਏ
ਮੇਰੇ ਵਿਹੰਦਿਆਂ ਵਿਹੰਦਿਆਂ ਕਈ ਹੋ ਗਏ
ਮੈਂ ਕਈਆਂ ਦੇ ਵਿਹੰਦਿਆਂ ਹੋ ਜਾਣਾ
ਸਭਨਾਂ ਖਾਕ ਦੇ ਵਿੱਚ ਸਮੋ ਜਾਣਾ।
ਮੈਂ ਗੱਲ ਵਲਾ ਕੇ ਆਖਦਾ, "ਉਸਤਾਦ ਜੀ! ਤੁਸਾਂ ਛੇਤੀ ਠੀਕ ਹੋ ਜਾਣਾ ਏ।" ਮੁੜ ਉਹ ਈ ਰੌਣਕਾਂ, ਉਹ ਈ ਗੱਲਾਂ। ਫਿਕਰ ਵਾਲੀ ਕੋਈ ਗੱਲ ਨਹੀਂ ।” ਮੇਰੀ ਏਸ ਗੱਲ ਉੱਤੇ ਉਹ ਚੁੱਪ ਕਰ ਜਾਇਆ ਕਰਦੇ ਸਨ।
ਆਪਣੇ ਮਿਲਣ ਵਾਲਿਆਂ ਨੂੰ, ਜਿਹੜੇ ਖ਼ਬਰ ਲਈ ਆਂਵਦੇ ਸਨ, ਉਸਤਾਦ ਜੀ ਕੋਸ਼ਿਸ਼ ਕਰਦੇ ਕਿ ਸੇਬ ਆਪਣੇ ਹੱਥੀਂ ਛਿੱਲ ਕੇ ਖਵਾਣ, ਪਰ ਇਹ ਖਿਦਮਤ ਉਹਨਾਂ ਕੋਲੋਂ ਨਹੀਂ ਸੀ ਹੋ ਰਹੀ। ਹਾਲਤ ਭਾਵੇਂ ਖ਼ਰਾਬ ਸੀ ਪਰ ਫੇਰ ਵੀ ਹੌਂਸਲਾ ਕਰਦੇ ਕਿ ਬਿਨਾਂ ਕਿਸੇ ਸਹਾਰੇ ਦੇ ਲੈਟਰੀਨ ਤੱਕ ਆਪ ਈ ਜਾਵਣ । ਜਦ ਹਾਲਤ ਬਹੁਤ ਈ ਵਿਗੜ ਗਈ, ਪਸ਼ਾਬ ਬੰਦ ਹੋ ਗਿਆ, ਡਾਕਟਰਾਂ ਮਸਨੂਈ ਤਰੀਕੇ ਨਾਲ ਪਸ਼ਾਬ ਖਾਰਜ ਕਰਵਾਣ ਲਈ ਨਾਲੀਆਂ ਲਾ ਦਿੱਤੀਆਂ ਸਨ।
ਨਾਲੀਆਂ ਵੇਖ ਕੇ ਬੋਲੇ, "ਲੈ ਓਏ ਸ਼ੇਖੂਪੁਰੀਆ! ਕਹਾਣੀ ਮੁੱਕ ਚੱਲੀ ਆ। ਜਦ ਇਹ ਟੂਟੀਆਂ ਲੱਗ ਜਾਵਣ ਉਸ ਵੇਲੇ ਆਖਰੀ ਗੱਲ ਹੁੰਦੀ ਏ।"
"ਨਾ ਜੀ ਨਾ। ਹੁਣ ਸਰਜਰੀ ਬਹੁਤ ਜਿਆਦਾ ਤਰੱਕੀ ਕਰ ਗਈ ਏ। ਗੁਰਦੇ ਤਬਦੀਲ ਕਰ ਦਿੰਦੇ ਨੇ । ਡਾਕਟਰ ਦਿਲ ਕੱਢ ਕੇ ਨਵਾਂ ਪਾ ਦਿੰਦੇ ਨੇ, ਫਿਕਰ ਵਾਲੀ ਕੋਈ ਗੱਲ ਨਹੀਂ। ਤੁਹਾਡੀ ਤਾਂ ਬਿਮਾਰੀ ਬਹੁਤ ਮਮੂਲੀ ਏ ।" ਆਖਣ ਨੂੰ ਤਾਂ ਤਸੱਲੀ ਖਾਤਰ ਆਖੀ ਜਾਂਦਾ ਸਾਂ ਪਰ ਮੇਰਾ ਅੰਦਰਲਾ ਵੀ ਡਰਿਆ ਹੋਇਆ ਸੀ।
ਸਾਫ਼ ਮਲੂਮ ਹੋ ਰਿਹਾ ਏ ਕਿ ਗੁਰੂ ਜਾਣ ਵਾਲਾ ਏ। ਪਰ ਫੇਰ ਵੀ ਮੈਂ ਬਥੇਰੀ ਤਸੱਲੀ ਦਿੰਦਾ। ਮੇਰੇ ਚਿਹਰੇ ਉੱਤੇ ਝੂਠ ਵੇਖ ਕੇ ਉਸਤਾਦ ਜੀ ਮੁਸਕਰਾ ਕੇ ਚੁੱਪ ਕਰ ਰਹਿੰਦੇ। ਝੱਟ ਮਗਰੋਂ ਬੋਲੇ ਤੇ ਆਖਿਆ, “ਕਹਾਣੀ ਲਿਖਣਾ ਨਾ ਛੱਡੀਂ। ਆਪਣੀ ਮੰਜ਼ਲ ਦੀ ਆਪ ਪਛਾਣ ਰੱਖੀਂ । ਕੁਰਾਹੇ ਪਾਵਣ ਵਾਲੇ ਬਹੁਤ ਨੇ ਏਥੇ । ਆਪਣੇ ਗੁਣ ਨੂੰ ਹੋਰ ਪਾਲਸ਼ ਕਰ। ਤੇਰੇ ਵਿੱਚ ਅੱਗੇ ਵਧਣ ਦੀ ਅਜੇ ਗੁੰਜਾਇਸ਼ ਹੈ। ਵਾਰਸ਼ ਸ਼ਾਹ ਨੂੰ ਪੜ੍ਹਦਾ ਰਹਵੀਂ ।"
ਮੈਨੂੰ ਕਈ ਹੋਰ ਨਸੀਹਤਾਂ ਕਰਦਿਆਂ ਹੋਇਆ ਆਖਿਆ, "ਆਪਣੀ ਜਾਤ ਨੂੰ ਤੂਲ ਨਾ ਦੇਵੀਂ । ਬੰਦਾ ਬਹੁਤ ਕੁੱਝ ਵੀ ਹੁੰਦਾ ਏ ਤੇ ਬਹੁਤ ਮਹਿਦੂਦ ਵੀ।" ਨਾਲ ਈ ਮੁਸਕਰਾ ਕੇ ਬੋਲੇ-"ਮਹਿਦੂਦ ਈ ਲਾਮਹਿਦੂਦ ਵਿੱਚ ਸਮਾਂਦਾ ਏ।" ਇਹ ਗੁੱਝਾ ਇਸ਼ਾਰਾ ਸੀ ਮੇਰੇ ਵੱਲ।
ਇੱਕ ਦਿਨ ਪੰਜਾਬ ਦੇ ਗਵਰਨਰ ਜੈਲਾਨੀ ਸਾਹਿਬ ਹਸਪਤਾਲ ਵਿੱਚ ਆਏ। ਨਰਸਾਂ ਤੇ ਡਾਕਟਰ ਮਰੀਜ਼ਾਂ ਨੂੰ ਹੁਸ਼ਿਆਰ ਰਹਿਣ ਲਈ ਆਖਦੇ ਫਿਰਦੇ ਸਨ। ਹਸਪਤਾਲ ਦਾ ਸਾਰਾ ਅਮਲਾ ਹਾਜ਼ਰ ਨਾਜ਼ਰ ਹੋ ਕੇ ਅੱਗੇ ਪਿੱਛੇ ਭੱਜਾ ਫਿਰਦਾ ਸੀ । ਹਰ ਮਰੀਜ਼ ਨੂੰ ਰੀਝ ਕਿ ਗਵਰਨਰ ਉਹਦੇ ਤੀਕਰ ਆਵੇ। ਗਵਰਨਰ ਜੈਲਾਨੀ ਦਰਵੇਸ਼ ਦੇ ਕਮਰੇ ਵਿੱਚ ਵੀ ਆਏ। ਉਹ ਹਾਲ ਪੁੱਛਣ ਲਈ ਉੱਲਰੇ ਪਰ ਦਰਵੇਸ਼ ਤਾਂ ਗਵਰਨਰ ਵੱਲੋਂ ਮੂੰਹ ਫੇਰ ਲਿਆ ਸੀ। ਗਵਰਨਰ ਪੱਚੀ ਹੋ ਕੇ ਆਪਣੇ ਚਮਚਿਆਂ ਤੇ ਝੋਲੀ ਚੁੱਕਾਂ ਦੇ ਹਜੂਮ ਵਿੱਚ ਵਾਪਸ ਮੁੜ ਗਿਆ।
ਵਾਹ! ਆਖਰੀ ਵੇਲੇ ਕਿੰਨੀ ਖੁਦਦਾਰੀ ਸੀ ਮੇਰੇ ਗੁਰੂ ਵਿੱਚ ! ਬਿਸਤਰ ਮਰਗ ਉੱਤੇ ਬੰਦਾ ਹਰ ਇੱਕ ਕੋਲੋਂ ਹਮਦਰਦੀ ਦੇ ਬੋਲ ਸੁਣਨਾ ਚਾਹਦਾ ਏ, ਪਰ ਏਥੇ ਤਾਂ ਮੁਆਮਲਾ ਈ ਉਲਟ ਸੀ। ਮੇਰਾ ਬੁਝਿਆ ਹੋਇਆ ਦਿਲ ਆਪਣੇ ਉਸਤਾਦ ਦੀ ਖੁਦਦਾਰੀ ਉੱਤੇ ਖੁਸ਼ ਹੋ ਕੇ ਹੱਸ ਪਿਆ ਸੀ। ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮ ਲਿਆ।
ਉਹਨਾਂ ਆਖਿਆ, "ਕਿੰਨੇ ਮੱਕਾਰ ਹੁੰਦੇ ਨੇ ਇਹ ਟੋਡੀ ਬੱਚੇ, ਸਾਮਰਾਜ ਦੇ ਸਿਧਾਏ ਹੋਏ। ਮੋਇਆਂ ਦੇ ਮੂੰਹ ਉੱਤੇ ਮੱਖਣ ਮਲਕੇ ਫਿਰਦੇ ਨੇ, ਮੁਲਕ ਤੇ ਕੌਮ ਦੇ ਵੈਰੀ ਨੇ । ਸ਼ੇਖੂਪੁਰੀਆ! ਬਹੁਤੀ ਦੇਰ ਤੀਕਰ ਇਹ ਆਮਰੀਅਤ ਕਾਇਮ ਨਹੀ ਰੱਖ ਸਕਦੇ। ਉਹ ਵੇਲ਼ਾ ਆਵਣ ਈ ਵਾਲਾ ਏ ਜਦੋਂ ਸਾਰੀ ਦੁਨੀਆਂ ਨਫ਼ਰਤ ਨਾਲ ਇਹਨਾਂ ਦੇ ਮੂੰਹ ਉੱਤੇ ਥੁੱਕੇਗੀ।”
"ਬਿਲਕੁਲ ਜੀ ਤੁਸਾਂ ਠੀਕ ਹੀ ਆਖਦੇ ਓ। ਅਸਾਂ ਸਾਰੇ (ਤਲਅਤ ਮਹਿਮੂਦ, ਰਾਜ ਰਿਆਜ਼, ਸਾਈਂ ਅਖ਼ਤਰ ਤੇ ਕਈ ਹੋਰ ਸੱਜਣ) ਹਾਮੀ ਭਰਦੇ।
ਬੀਮਾਰੀ ਕਾਬੂ ਵਿੱਚ ਨਹੀਂ ਸੀ ਆ ਰਹੀ। ਡਾਕਟਰ ਆਪਣਾ ਵੱਸ ਲਾ ਰਹੇ ਸਨ। ਪਰ ਹਾਲਤ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਸੀ । ਲੋਕਾਈ ਦਾ ਜਿਹੜਾ ਵੀ ਬੰਦਾ ਖ਼ਬਰ
ਲਈ ਆਂਵਦਾ, ਉਸਤਾਦ ਜੀ ਉਹਨੂੰ ਵੇਖ ਕੇ ਡੁਸਕ ਪੈਂਦੇ ਸਨ । ਲੋਕਾਂ ਦਾ ਤਾਣਾ ਲੱਗਾ ਰਹਿੰਦਾ ਸੀ। ਦੋ ਆ ਰਹੇ ਨੇ, ਇੱਕ ਜਾ ਰਿਹਾ ਏ। ਕਮਰੇ ਦੇ ਬਾਹਰ ਹਰ ਵੇਲੇ ਇੱਕ ਭੀੜ ਲੱਗੀ ਰਹਿੰਦੀ ਸੀ। ਅਚਨਚੇਤ ਖ਼ਬਰ ਆਈ ਕਿ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਏਸ ਦੁਨੀਆਂ ਤੋਂ ਚਲਾਣਾ ਕਰ ਗਏ ਨੇ। ਇਹ ਖ਼ਬਰ ਸੁਣਕੇ ਉਸਤਾਦ ਜੀ ਤੜਫ਼ ਉੱਠੇ। ਸੱਭੇ ਟੂਟੀਆਂ ਲਾਹ ਸੁੱਟੀਆਂ ਤੇ ਫ਼ੈਜ਼ ਸਾਹਿਬ ਦੇ ਆਖਰੀ ਦੀਦਾਰ ਲਈ ਉੱਠ ਟੁਰੇ ! ਡਾਕਟਰਾਂ ਬਹੁਤ ਰੋਕਿਆ ਕਿ ਤੁਹਾਡੀ ਆਪਣੀ ਜਾਨ ਨੂੰ ਖ਼ਤਰਾ ਏ, ਪਰ ਉਸਤਾਦ ਜੀ ਇੱਕੋ ਗੱਲ ਈ ਕਹਿੰਦੇ ਸਨ ਕਿ "ਉਹ ਮੇਰਾ ਯਾਰ ਸੀ। ਮੈਂ ਜਾਣਾ ਏਂ।”
ਧੱਕੋ-ਧੱਕੀ ਚਲੇ ਗਏ। ਉੱਥੇ ਰੂਸੀ ਸਫ਼ੀਰ ਨਾਲ ਰੂਸੀ ਜ਼ਬਾਨ ਵਿੱਚ ਸਲਾਮ ਦੁਆ ਹੋਈ ਤਾਂ ਸਫ਼ੀਰ ਹੈਰਾਨ ਰਹਿ ਗਿਆ। ਫ਼ੈਜ਼ ਸਾਹਿਬ ਦੀ ਮੌਤ ਦਾ ਅਫ਼ਸੋਸ ਵੀ ਸਫ਼ੀਰ ਨੇ ਉਸਤਾਦ ਜੀ ਨਾਲ ਕਰਦਿਆਂ ਹੋਇਆ ਆਖਿਆ, “ਧਰਤੀ ਦੇ ਅਜ਼ੀਮ ਲੋਕੋ ! ਤੁਹਾਡੇ ਇੱਕ ਸਾਥੀ ਦੇ ਵਿਛੜਨ ਦਾ ਰੂਸ ਨੂੰ ਬਹੁਤ ਅਫ਼ਸੋਸ ਏ।" ਉਸਤਾਦ ਜੀ ਉੱਥੋਂ ਰੋਂਦੇ ਹੋਏ ਪਰਤੇ। ਹਾਲਤ ਹੋਰ ਜਿਆਦਾ ਮਾੜੀ ਹੋ ਗਈ ਹੋਈ ਸੀ । ਗ਼ਸ਼ੀ ਦੇ ਦੌਰੇ ਪੈਣ ਲੱਗ ਪਏ ਸਨ।
ਡਾਕਟਰਾਂ ਬਹੁਤ ਯਤਨ ਕੀਤੇ ਪਰ ਮੁੜ ਕੇ ਹਾਲਤ ਨਾ ਸੰਭਲ ਸਕੀ। ਥੋੜ੍ਹੇ ਹੀ ਦਿਨਾਂ ਮਗਰੋਂ, 3 ਦਸੰਬਰ 1984 ਨੂੰ ਉਸਤਾਦ ਜੀ ਚਲਾਣਾ ਕਰ ਗਏ। ਮੈਂ ਜਾ ਕੇ ਨਸੀਰੇ ਦੀ ਮਾਂ ਨੂੰ ਦੱਸਿਆ— ਅੰਮਾ, ਗੱਟੂ ਜੋੜ ਜੋੜਨੇ ਛੱਡ ਦਿੱਤੇ ਨੇ । ਉਹ ਅਸਾਨੂੰ ਵੀ ਛੱਡ ਗਏ ਨੇ। ਬੜੀ ਮੁਸ਼ਕਲ ਨਾਲ ਮੇਰੇ ਮੂੰਹੋਂ ਇਹ ਲਫ਼ਜ਼ ਨਿੱਕਲੇ । ਨਸੀਰੇ ਦੀ ਮਾਂ ਜਿਵੇਂ ਮੇਰੀ ਗੱਲ ਸੁਣ ਕੇ ਪੱਥਰ ਬਣ ਗਈ ਹੋਵੇ। ਉਹਦੀਆਂ ਅੱਖਾਂ ਮੇਰੇ ਚਿਹਰੇ 'ਤੇ ਈ ਗੱਡੀਆਂ ਗਈਆਂ। ਇੰਜ ਜਾਪਦਾ ਸੀ ਕਿ ਜੇ ਮੈਂ ਏਥੇ ਬਹੁਤੀ ਦੇਰ ਖਲੋਤਾ ਰਿਹਾ ਤਾਂ ਮੇਰਾ ਸਾਰਾ ਵਜੂਦ ਇਹਨਾਂ ਦੀ ਤਾੜੀ ਨਾਲ ਖੁਰ ਜਾਵੇਗਾ। ਮੈਂ ਘਬਰਾਕੇ ਉੱਥੋਂ ਪਰਤ ਆਇਆ।
ਬੇਸ਼ੁਮਾਰ ਲੋਕਾਂ ਆ ਕੇ ਜਨਾਜ਼ਾ ਪੜ੍ਹਿਆ ਤੇ ਫੇਰ ਮਾਧੋ ਲਾਲ ਹੁਸੈਨ ਦੇ ਮਜ਼ਾਰ ਲਾਗੇ ਧਰਤੀ ਦੀ ਝੋਲ ਵਿੱਚ ਰੱਖ ਦਿੱਤਾ। ਮੇਰੇ ਲਈ ਤਾਂ ਬਹੁਤ ਮਾੜਾ ਹੋ ਗਿਆ ਸੀ। ਮੈਨੂੰ ਪੂਰਾ ਲਹੌਰ ਸ਼ਹਿਰ ਉਜਾੜ ਲਗਦਾ ਸੀ । ਏਥੇ ਕੋਈ ਵੀ ਮੇਰਾ ਆਪਣਾ ਨਹੀਂ ਸੀ ਰਿਹਾ। ਕੋਈ ਬੂਹਾ ਵੀ ਤੇ ਮੇਰੇ ਲਈ ਨਹੀਂ ਸੀ ਖੁੱਲ੍ਹਦਾ । ਸਾਰੇ ਦਰ ਬੰਦ ਹੋ ਗਏ ਸਨ।
ਇੱਕ ਵਾਰ ਫੇਰ ਮੇਰਾ ਅੰਦਰਲਾ ਮੈਨੂੰ ਖਿੱਚਕੇ ਡੇਕ ਦੇ ਪੁਲ ਉੱਤੇ ਲੈ ਜਾਂਦਾ ਏ। ਉੱਥੇ ਬੈਠਿਆਂ ਈ ਸ਼ਾਮ ਪੈ ਜਾਂਦੀ ਏ, ਪਰ ਮੈਂ ਸ਼ਾਹੂ ਦੇ ਖੋਲਿਆਂ ਵੱਲ ਤਾੜੀ ਲਾਈ ਰੱਖਨਾ ਵਾਂ । ਡੇਕ ਦਾ ਪਾਣੀ ਉਂਜ ਈ ਵਗਦਾ ਪਿਆ ਏ । ਸ਼ਾਹੂ ਦੇ ਖੋਲੇ ਭਾਂ-ਭਾਂ ਕਰਦੇ ਖਾਲੀ ਪਏ ਨੇ । ਸੂਰਜ ਡੁੱਬਦਾ ਜਾਂਦਾ ਏ। ਮੇਰੇ ਹੰਝੂ ਵਗ ਵਗ ਕੇ ਚੂਨੇ ਭਰੀ ਬੁਰਜੀ ਵਿੱਚ ਜਜ਼ਬ ਹੋ ਜਾਂਦੇ ਨੇ । ਰੋਂਦੂ ਦੀ ਕਾਰ ਰੋਜ਼ ਵਾਂਗਰ ਸੜਕ ਉੱਤੋਂ ਤਿਲ੍ਹਕਦੀ ਜਾ ਰਹੀ ਏ। ਮੈਂ ਯਾਦਾਂ ਦੀ ਭੁੱਬਲ ਵਿੱਚ ਭੱਜਦਾ ਜਾ ਰਿਹਾ ਵਾਂ।