ਭੂਮਿਕਾ
ਗੋਂਦਲਬਾਰ ਦੇ ਇਲਾਕੇ ਸ਼ੇਖੂਪੁਰੇ, ਤਹਿਸੀਲ ਫ਼ੀਰੋਜ਼ਵਾਲਾ, ਦੇ ਨਿੱਕੇ ਜਿਹੇ ਪਿੰਡ ਵਿੱਚ ਜੰਮਿਆ ਫ਼ਰਜ਼ੰਦ ਅਲੀ ਅੱਜ ਲਹਿੰਦੇ ਪੰਜਾਬ ਦੇ ਉੱਘੜਵੇਂ ਨਾਵਲਕਾਰਾਂ ਵਿੱਚੋਂ ਸਭ ਥੀਂ ਉੱਭਰਦਾ ਨਾਵਲਕਾਰ ਹੈ। ਉਸ ਦਾ ਸਭ ਤੋਂ ਪਹਿਲਾ ਨਾਵਲ 'ਤਾਈ' ਸੀ ਜਿਸ ਨੇ ਪਹਿਲੀ ਵਾਰ ਸਮਾਜ ਦਾ ਉਹ ਚਿਹਰਾ ਲੋਕਾਂ ਮੂਹਰੇ ਧਰਿਆ। ਉਸ ਤੋਂ ਬਾਅਦ 'ਇਕ ਚੂੰਢੀ ਲੂਣ ਦੀ’ ਤੇ ਫਿਰ ਇਕ ਕਹਾਣੀ ਪਰਾਗਾ 'ਕੰਡ ਪਿੱਛੇ ਅੱਖਾਂ' ਪੜ੍ਹਨਹਾਰਾਂ ਦੇ ਸਾਹਮਣੇ ਲਿਆਂਦਾ।
ਫ਼ਰਜ਼ੰਦ ਅਲੀ ਦੇ ਜਿਸ ਨਾਵਲ ਨੇ ਬਹੁਤ ਮਾਨਤਾ ਖੱਟੀ ਉਹ 'ਭੁੱਬਲ' ਹੀ ਹੈ। ਇਸ ਨਾਵਲ ਅੰਦਰ ਉਸ ਨੇ ਇਹ ਦੱਸਣ ਦਾ ਪੂਰਾ ਜ਼ੋਰ ਲਾਇਆ ਹੈ ਕਿ ਤਬਕਾਤੀ ਵੰਡ ਨੇ ਕਿਵੇਂ ਇਨਸਾਨਾਂ ਨੂੰ ਦਰਜ਼ਿਆਂ ਵਿੱਚ ਵੰਡਿਆ ਤੇ ਕਿੰਝ ਧਾਰਮਿਕ ਸੋਚ, ਵਡੇਰਾਸ਼ਾਹੀ ਨੇ ਆਮ ਬੰਦੇ ਨਾਲ ਹਥ ਕੀਤਾ। ਇਹ ਸਾਰਾ ਕੱਚਾ-ਚੱਠਾ ਉਸ ਦੇ ਨਾਵਲ ਦਾ ਮੌਜੂਅ ਹੈ। ਉਸ ਦੇ ਕਹਿਣ ਮੂਜਬ ਕਿ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਸਾਡੇ ਸਮਾਜ ਵਿਚ ਵੀ ਤਬਕਾਤੀ ਵੰਡ ਆਪਣੇ ਪੂਰੇ ਜ਼ੋਰ ਨਾਲ ਜੜ੍ਹਾਂ ਸਮੇਤ ਖੜ੍ਹੀ ਹੈ। ਉਥੇ ਦਲਿਤ, ਸ਼ੂਦਰ ਸਮਾਜ ਵਿੱਚ ਨੀਵੀਂ ਥਾਂ 'ਤੇ ਖੜੇ ਨੇਂ ਤੇ ਸਾਡੇ ਇੱਧਰ ਜਾਤਾਂ, ਗੋਤਾਂ ਤੇ ਜੱਟਵਾਦ ਚੌਧਰ ਨੇ ਆਮ ਕੰਮ ਕਰਨ ਵਾਲੇ, ਵਾਹੀਵਾਣ ਜਾਂ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਕਿਹੜੀ-ਕਿਹੜੀ ਸਤ੍ਹਾ 'ਤੇ ਧੋਖਾ ਕੀਤਾ ਹੈ। ਆਮ ਬੰਦਾ ਜਿਹੜਾ ਕਿਸੇ ਨੀਵੀਂ ਜਾਤੀ ਨਾਲ ਤਾਅਲੁਕ ਰੱਖਦਾ ਹੈ ਉਸ ਨੂੰ ਕਿਹੜੇ-ਕਿਹੜੇ ਜੁਫ਼ਰ ਜਾਲਣੇ ਪੈਂਦੇ ਨੇਂ, ਕਿਵੇਂ ਉਹ ਸਮਾਜ ਦੇ ਵੇਲਣੇ ਵਿੱਚ ਪੀੜਿਆ ਜਾਂਦਾ ਹੈ, ਜੇ ਬਾਕੀ ਬਚਦਾ ਹੈ ਤਾਂ ਧਰਮ ਉਸ ਪੀੜੇ ਹੋਏ ਵਿੱਚੋਂ ਰਿਹਾ-ਸਿਹਾ ਸਤ ਕੱਢਦਾ ਹੈ। ਸਰਕਾਰਾਂ ਦਰਬਾਰਾਂ ਵਿੱਚ ਕਿਹਨਾਂ ਨੂੰ ਥਾਂ ਮਿਲਦੀ ਹੈ ਤੇ ਕਿਹੜੇ ਹੱਕਾਂ ਦੀ ਖ਼ਾਤਰ ਸਾਰੀ ਹਯਾਤੀ ਵੇਲ਼ੇ ਦੀ ਧੁੱਪ ਸੇਕਦੇ ਰਹਿੰਦੇ ਨੇਂ।
ਉਸਤਾਦ ਦਾਮਨ ਦੇ ਦਾਮਨ ਨਾਲ ਲੱਗ ਕੇ ਫਰਜੰਦ ਅਲੀ ਜ਼ਿੰਦਗੀ ਨੂੰ ਜਿਸ ਢੰਗ ਨਾਲ ਵੇਖਣ ਦੀ ਨਜ਼ਰ ਪਾਈ ਹੈ ਇਹ ਉਸਤਾਦ ਦਾਮਨ ਦੀਆਂ ਸੰਗਤਾਂ, ਮੁਹੱਬਤਾਂ ਦਾ ਹੀ ਨਤੀਜਾ ਹੈ ਕਿ ਉਸ ਦੀ ਰਚਨਾ ਵਿੱਚ ਸੋਚ ਦਾ ਖਿਲਾਰ ਵੱਡੇ ਤੋਂ ਵੱਡਾ ਹੁੰਦਾ ਗਿਆ। ਉਸ ਦਾ ਮੁਸ਼ਾਹਿਦਾ ਉਸ ਦੀ ਨਜ਼ਰ ਇਸ ਗੱਲ ਨੂੰ ਭਾਲ ਕੇ ਲਫ਼ਜ਼ਾਂ ਦਾ ਰੂਪ ਦਿੰਦੀ ਰਹੀ ਤੇ ਜਦੋਂ ਇਹ ਲਫ਼ਜ਼ ਛਪ ਕੇ ਨਾਵਲ ਦੀ ਸੂਰਤ ਵਿੱਚ ਲੋਕਾਂ ਸਾਹਮਣੇ ਆਏ ਤਾਂ ਪਿਸੇ ਹੋਏ ਲੋਕਾਂ ਨੂੰ ਇੰਝ ਲੱਗਾ ਜਿਵੇਂ ਇਹ ਤਾਂ ਸਾਡੀ ਕਹਾਣੀ ਹੈ, ਹਰ ਇਕ ਦੀ ਕਹਾਣੀ ਹੈ ਤੇ ਸੱਚੀ ਕਹਾਣੀ ਹੈ।
ਸਾਮਰਾਜੀ ਦੌਰ 'ਚ ਇਸ ਸਮਾਜ ਅੰਦਰ ਹੋ ਰਹੇ ਜ਼ੁਲਮਾਂ ਨੂੰ ਇਸ ਸਾਦਗੀ ਦੇ ਨਾਲ ਬਿਆਨ ਕਰਨਾ ਕਿ ਉਹ ਪ੍ਰਾਪੇਗੰਡਾ ਵੀ ਨਾ ਲੱਗੇ, ਇਹ ਫ਼ਰਜ਼ੰਦ ਜੀ ਦੀ ਰਚਨਾ ਦਾ
ਸਭ ਤੋਂ ਵੱਡਾ ਗੁਣ ਹੈ। ਉਹ ਤੇ ਸਿਰਫ਼ ਕਹਾਣੀ ਬਿਆਨ ਕਰਦਾ ਹੈ, ਅਲੋਚਨਾ ਨਹੀਂ ਕਰਦਾ, ਉਹ ਤੇ ਸਮਾਜ ਨੂੰ ਉਸ ਦਾ ਆਈਨਾ ਦਿਖਾਂਦਾ ਹੈ ਨਤੀਜੇ ਨਹੀਂ ਕੱਢਦਾ, ਨਤੀਜਾ ਹਰ ਕਿਸੇ ਨੇ ਆਪਣੇ ਆਪਣੇ ਮੁਤਾਬਕ ਹੀ ਕੱਢਣਾ ਹੁੰਦਾ ਹੈ। ਜਦ ਹਰ ਜੀਅ ਨੂੰ ਉਸ ਦੇ ਅਸਲ ਹੱਕ ਦੀ ਪਛਾਣ ਕਰਾ ਦਿਓ ਤੇ ਫਿਰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਉਸ ਨੂੰ ਜੱਦੋ-ਜਹਿਦ ਕਿੱਥੋਂ ਸ਼ੁਰੂ ਕਰਨੀ ਹੈ ਜਾਂ ਕਿਹੜੇ ਧੜੇ ਨਾਲ ਖਲ੍ਹੋਕੇ ਇਸ ਸਾਮਰਾਜੀ ਸੋਚ ਦਾ ਮੁਕਾਬਲਾ ਕਰਨਾ ਹੈ।
ਕਿਧਰੇ ਜੱਟਵਾਦ, ਕਿਧਰੇ ਚੌਧਰਪੁਣਾ ਤੇ ਕਿਤੇ ਸਰਕਾਰੀ ਪੁੱਠ ਨਾਲ ਪਲ ਰਹੇ ਸਾਨ੍ਹਾਂ ਦੇ ਥੱਲੇ ਘਾਹ ਬਣਨ ਤੋਂ ਚੰਗਾ ਹੈ ਸੂਲਾਂ ਬਣਿਆ ਜਾਵੇ। ਇਹ ਸਾਰਾ ਕੁੱਝ ਉਸ ਦੀਆਂ ਲਿਖਤਾਂ ਵਿੱਚ ਮੁੱਖ ਤੌਰ 'ਤੇ ਤੁਹਾਨੂੰ ਦਿਸੇਗਾ। ਫ਼ਰਜ਼ੰਦ ਦਾ ਦੁਖਾਂਤ ਵੀ ਹਰ ਉਸ ਮਾੜੇ ਹਾਰ ਦਾ ਹੈ ਜੋ ਇਨ੍ਹਾਂ ਧਰੋਵਾਂ ਦਾ ਸ਼ਿਕਾਰ ਹੈ।
ਕੱਲ ਤੱਕ ਫ਼ਰਜ਼ੰਦ ਅਲੀ ਲਹਿੰਦੇ ਪੰਜਾਬ ਦਾ ਵੱਡਾ ਨਾਵਲਕਾਰ ਸੀ ਪਰ ਹੁਣ ਉਹ ਚੜ੍ਹਦੇ ਪੰਜਾਬ ਵਿੱਚ ਵੀ ਪਿਆਰਿਆ ਜਾ ਰਿਹਾ ਹੈ। ਇਹ ਬਹੁਤ ਸੋਹਣੀ ਗੱਲ ਹੈ। ਮਾਂ- ਬੋਲੀ ਦਾ ਪਸਾਰ ਹੱਦਾਂ, ਲੀਕਾਂ ਤੋਂ ਅਗਾਂਹ ਵਧ ਕੇ ਇਨਸਾਨ ਦੇ ਸਾਂਝੇ ਮਸਲਿਆਂ 'ਤੇ ਰਚੇ ਜਾਣ ਵਾਲ਼ੇ ਅਦਬ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ-ਦੂਜੇ ਤੀਕ ਅਪੜਾਨ ਦਾ ਵਸੀਲਾ ਬਣ ਰਿਹਾ ਏ। ਇਸੇ ਲਿਖਿਅਰਾਂ ਨੂੰ ਹੁਣ ਦੋਹਾਂ ਬੰਨੇ ਇੱਜ਼ਤ ਬਖ਼ਸ਼ੀ ਜਾ ਰਹੀ ਹੈ। ਇਸ ਤੋਂ ਵਧਕੇ ਖ਼ੁਸ਼ੀ ਦੀ ਗੱਲ ਕੀ ਹੋ ਸਕਦੀ ਹੈ।
ਆਸਿਫ਼ ਰਜ਼ਾ
ਸੇਵਕ:
ਮਾਂ-ਬੋਲੀ ਰਿਸਰਚ ਸੈਂਟਰ ਲਾਹੌਰ
ਕੁੱਝ ਮੇਰੇ ਵੱਲੋਂ
ਮੈਂ ਸੰਨ 1965 ਤੋਂ ਲੈਕੇ 1983 ਤੀਕਰ ਉਸਤਾਦ ਦਾਮਨ ਕੋਲ ਆਂਵਦਾ ਰਿਹਾ। ਉਹਨਾਂ ਕੋਲ ਮੈਂ ਕਿੰਝ ਤੇ ਕਿਵੇਂ ਆਇਆ, ਏਸ ਲਿਖਤ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਪਿਛੋਕੜ ਕੀ ਸੀ ? ਮੈਂ ਕਰਨਾ ਕੀ ਚਾਹਦਾ ਸੀ ? ਇਹ ਵੀ ਉਲੁਕਿਆ ਹੈ ਕਿ ਉਸਤਾਦ ਦਾਮਨ ਉਸ ਸਮੇਂ ਵਿੱਚ ਕਿਵੇਂ ਦੀ ਹਯਾਤੀ ਗੁਜ਼ਾਰ ਰਹੇ ਸਨ। ਜਿਵੇਂ ਮੈਂ ਵੇਖਿਆ ਸੀ, ਜੋ ਕੁੱਝ ਸਮਝ ਆਈ, ਪੂਰੀ ਸੱਚਾਈ ਨਾਲ ਲਿਖਣ ਦਾ ਚਾਰਾ ਕੀਤਾ ਹੈ। ਉਹ ਵੀ ਦੱਸਣ ਦਾ ਯਤਨ ਕੀਤਾ ਹੈ ਜੋ ਉਹਨਾਂ ਆਪਣੇ ਪਿਛੋਕੜ ਅਤੇ ਬਚਪਨ ਬਾਰੇ ਮੈਨੂੰ ਦੱਸਿਆ ਸੀ।
ਆਪਣੀ ਮੁਹੱਬਤ, ਆਪਣੀ ਨਫਰਤ ਤੇ ਬੀਤੀ ਹਯਾਤੀ ਉਹਨਾਂ ਮੈਥੋਂ ਨਹੀਂ ਸੀ ਲੁਕਾਈ । ਹੋ ਸਕਦਾ ਹੈ ਕੁੱਝ ਗੱਲਾਂ ਰਹਿ ਗਈਆਂ ਹੋਵਣ, ਪਰ ਮੈਂ ਆਪਣੇ ਵੱਲੋਂ ਕੁੱਝ ਨਹੀਂ ਲੁਕਾਇਆ।
ਮੈਂ ਆਪਣੀ ਅਤੇ ਉਸਤਾਦ ਦਾਮਨ ਦੀ ਹਯਾਤੀ ਬਾਰੇ ਬਿਲਕੁਲ ਦਿਆਨਤਦਾਰੀ ਨਾਲ ਲਿਖਣ ਦੀ ਹਿੰਮਤ ਕੀਤੀ ਹੈ। ਉਹਨਾਂ ਬਾਰੇ ਲਿਖਦਿਆਂ ਹੋਇਆਂ ਕਦੇ ਉਸਤਾਦ, ਕਦੇ ਗੁਰੂ ਤੇ ਕਦੇ ਹੁਜਰੇ ਵਾਲਾ ਆਖਿਆ ਹੈ।
ਹੁਣ ਪਤਾ ਨਹੀਂ ਇਹਨਾਂ ਲਫਜ਼ਾਂ ਦੇ ਕੀ ਮਾਅਨੇ ਨਿੱਕਲਣ, ਪਰ ਉਸ ਵੇਲੇ ਮੈਂ ਇੰਝ ਈ ਗੱਲ ਕਰਿਆ ਕਰਦਾ ਸਾਂ, ਉਹ ਵੀ ਸੁਣ ਕੇ ਮੁਸਕਰਾਇਆ ਕਰਦੇ ਸਨ।
ਇਹ ਈ ਕਾਰਨ ਏ ਕਿ ਮੈਂ ਉਹ ਈ ਢੰਗ ਵਰਤਿਆ ਏ... ਮੈਨੂੰ ਨਹੀਂ ਪਤਾ ਕਿ ਮੇਰਾ ਇਹ ਢੰਗ ਚੰਗਾ ਏ ਕਿ ਮੰਦਾ।
ਫ਼ਰਜ਼ੰਦ ਅਲੀ
ਹੁੱਸੜ ਭਰੀ ਰਾਤ ਸੀ । ਹਰ ਸ਼ੈ ਵਿੱਚੋਂ ਮੁੜ੍ਹਕਾ ਨੁੱਚੜ ਰਿਹਾ ਸੀ। ਜੇਠ ਹਾੜ੍ਹ ਵਿੱਚ ਦਿਨ ਲੰਮੇ ਤੇ ਰਾਤਾਂ ਛੋਟੀਆਂ ਹੁੰਦੀਆਂ ਨੇ। ਦਿਨ ਨੂੰ ਕਹਿਰ ਦੀ ਗਰਮੀ ਤੇ ਅੱਗ ਵਸਾਂਦੀ ਲੂ, ਰਾਤ ਨੂੰ ਹੁੱਸੜ ਤੇ ਸਾਹ ਘੁੱਟ ਲੈਣ ਵਾਲਾ ਸਮਾਂ ਬਣ ਜਾਂਦਾ ਹੈ।
ਪਰ ਉਸ ਰਾਤ ਤਾਂ ਕੁੱਝ ਜ਼ਿਆਦਾ ਹੀ ਹੁੱਸੜ ਬਣਿਆ ਹੋਇਆ ਸੀ। ਜੁੱਸੇ ਵਿੱਚੋਂ ਮੁੜ੍ਹਕਾ ਚੋ ਚੋ ਕੇ ਲੀੜੇ ਗੜੁੱਚ ਹੋ ਗਏ ਸਨ । ਮੁੜ੍ਹਕੇ ਭਿੱਜੇ ਲੀੜੇ ਜੁੱਸੇ ਨਾਲ ਚਿੰਮੜਦੇ, ਤਾਂ ਬਹੁਤ ਆਵਾਜ਼ਾਰੀ ਹੁੰਦੀ।
ਘੜੀ-ਮੁੜੀ ਨਹਾਵਣ ਨਾਲ ਵੀ ਕੁੱਝ ਫਰਕ ਨਾ ਪੈਂਦਾ। ਤਨ ਦੇ ਲੀੜੇ ਲਾਹ ਸੁੱਟਣ ਨੂੰ ਜੀਅ ਕਰਦਾ ਸੀ, ਪਰ ਨੰਗੇ ਪਿੰਡੇ ਗੁੱਤੀ ਬਹੁਤ ਵੱਢਦੀ ਤਾਂ ਜੁੱਸੇ ਉੱਤੇ ਸਾੜ ਪੈ ਜਾਂਦਾ ਸੀ।
ਧੁੱਪ ਤੇ ਲੂ ਨਾਲ ਮੱਛਰ ਭਾਵੇਂ ਮਰ ਖਪ ਗਿਆ ਸੀ ਪਰ ਗੁੱਤੀ ਤਾਂ ਬਹੁਤ ਹੀ ਢੀਠ ਹੁੰਦੀ ਏ। ਸਾਰਾ ਦਿਨ ਗੋਹੇ ਨੂੰ ਚੁੰਬੜੀ ਰਹਿੰਦੀ ਏ ਤੇ ਰਾਤ ਨੂੰ ਆਦਮਖੋਰ ਬਣ ਖਲੋਂਦੀ ਏ।
ਜੇ ਲੀੜੇ ਨਾਲ ਮੂੰਹ ਸਿਰ ਤੇ ਜੁੱਸਾ ਵਲ੍ਹੇਟ ਲਈਏ ਤਾਂ ਸਾਹ ਘੁੱਟ ਹੁੰਦਾ ਏ। ਜੇ ਲਾਹ ਦੇਈਏ ਤਾਂ ਗੁੱਤੀ ਹਮਲਾ ਕਰ ਦੇਵੇ ਜਾਨ ਉੱਤੇ ਤਰਲੋ-ਮੱਛੀ ਵਾਂਗ ਬਣੀ ਹੋਈ ਏ। ਸੌਣ ਜੋਗੇ ਨਾ ਜਾਗਣ ਜੋਗੇ । ਜਿੱਥੇ ਗੁੱਤੀ ਵੱਢਦੀ ਝੱਟ ਧੱਫਾ ਮਾਰ ਕੇ ਦੁਸ਼ਮਣ ਨੂੰ ਖਤਮ ਕਰਨ ਦਾ ਯਤਨ ਕਰਨ ਨਾਲ, ਆਪਣੇ ਜੁੱਸੇ ਨੂੰ ਈ ਚਾਂਟਾ ਮਾਰ ਕੇ ਬੁਰਾ ਹਾਲ ਕੀਤਾ ਹੋਇਆ ਸੀ। ਸਗੋਂ ਬੰਦਾ ਤੇ ਗੁੱਤੀ ਨਾਲ ਲੜਦਾ ਹੋਇਆ, 'ਮੰਜੀ ਨਾਚ' ਕਰਦਾ ਜਾਪਦਾ ਏ।
ਉਸ ਰਾਤ ਪੂਰੀ ਜੂਹ ਦਾ ਸਾਹ ਘੁੱਟਿਆ ਹੋਇਆ ਸੀ। ਹਰ ਸ਼ੈ ਡਰੀ ਡਰੀ ਤੇ ਸਹਿਮੀ ਸਹਿਮੀ ਜਾਪਦੀ ਸੀ ਜਿਵੇਂ ਲੋਕ-ਕਹਾਣੀਆਂ ਵਿੱਚ ਕਿਸੇ ਜਿੰਨ ਦੇ ਆਵਣ ਦੀ ਖ਼ਬਰ ਸੁਣਕੇ ਹਰ ਸ਼ੈ ਦੜ ਵੱਟ ਜਾਂਦੀ ਏ।
ਅਸਾਡੇ ਘਰ ਦੀ ਕੱਚੀ ਕੰਧ ਦੇ ਖਡੋਲਣੇ ਵਿੱਚ ਸਰ੍ਹੋਂ ਦੇ ਤੇਲ ਨਾਲ ਬਲਦਾ ਦੀਵਾ ਲਟ ਲਟ ਜਗ ਰਿਹਾ ਸੀ। ਦੀਵੇ ਦੀ ਲਾਟ ਵਿੱਚ ਕੰਬਣੀ ਕੋਈ ਨਹੀਂ ਸੀ।
ਸਿੱਧੀ ਤੇ ਸਾਫ ਲਾਟ ਉਤਾਂਹ ਈ ਉਤਾਂਹ ਜਾਂਦੀ ਪਈ ਸੀ । ਦੀਵੇ ਦੁਆਲੇ ਕੋਈ ਪਤੰਗਾ ਵੀ ਨਹੀਂ ਸੀ। ਉਹਨਾਂ ਦੇ ਵੀ ਖੌਰੇ ਸਾਹ ਘੁੱਟ ਗਏ ਸਨ ਯਾ ਇਹ ਨੂਰ ਦੇ ਆਸ਼ਕ ਪਤੰਗੇ ਜੂਹ ਈ ਛੱਡ ਗਏ ਹੋਏ ਸਨ ਕਿ ਮਰ ਗਏ ਹੋਏ ਸਨ । ਯਾ ਨੂਰ ਦੀ ਆਸ਼ਕੀ ਤੋਂ ਤੋਬਾ ਕਰੀ ਬੈਠੇ ਸਨ। ਕਾਰਨ ਕੋਈ ਵੀ ਸੀ ਪਰ ਉਸ ਰਾਤ ਦੀਵੇ ਦੁਆਲੇ ਪਤੰਗਾ ਕੋਈ ਨਹੀਂ ਸੀ ਨਜ਼ਰੀਂ ਪੈ ਰਿਹਾ।
ਸਾਹ ਘੁੱਟ ਲੈਣ ਵਾਲੀ ਕਾਲੀ ਤੇ ਚੁੱਪ-ਚਾਂ ਰਾਤ ਵਿੱਚ ਅਸਾਂ ਮੰਜੀਆਂ ਉੱਤੇ ਲੰਮੇ ਪਏ ਹੋਏ ਗੁੱਤੀ ਨਾਲ ਲੜ ਭਿੜ ਰਹੇ ਸਾਂ ਤੇ ਚੌਂਦੇ ਮੁੜਕੇ ਨੂੰ ਫੂਕਾਂ ਮਾਰ ਮਾਰ ਤੇ ਖੋਜੂਰ ਦੀਆਂ ਪੱਖੀਆਂ ਨਾਲ ਸੁਕਾਵਣ ਦਾ ਯਤਨ ਕਰ ਰਹੇ ਸਾਂ । ਲਗਦਾ ਸੀ ਕਿ ਅਸੀਂ ਧੱਕਦੇ ਜਾਂਦੇ ਸਾਂ ਤੇ ਦੁਸ਼ਮਣ ਚੜ੍ਹਾਈ ਉੱਤੇ ਸੀ । ਊਂਘ ਆਉਂਦੀ ਤਾਂ ਪੱਖੇ ਹੱਥੋਂ ਡਿੱਗ ਡਿੱਗ ਪੈਂਦੇ। ਉਸੇ ਵੇਲੇ ਈ ਦੁਸ਼ਮਣ ਡੰਗ ਮਾਰ ਕੇ ਰੱਤ ਪੀ ਜਾਂਦਾ। ਝੱਟ ਅੱਖ ਖੁੱਲ੍ਹਦੀ ਤਾਂ ਪੱਖੇ ਦੀ ਭਾਲ ਕਰਦੇ।
ਏਹੋ ਈ ਹਾਲ ਵਿਹੜੇ ਲਾਗੇ ਖੁਰਲੀ ਦੁਆਲੇ ਬੱਧੇ ਡੰਗਰਾਂ ਦਾ ਸੀ। ਕੰਨਾਂ ਨਾਲ ਪੱਖੇ ਝਲਦੇ, ਸਿਰ ਹਿਲਾਉਂਦੇ ਪਰ ਦੁਸ਼ਮਣ ਡੰਗ ਮਾਰ ਈ ਜਾਂਦਾ ਸੀ ।
ਉਸ ਰਾਤ ਕੋਈ ਕੁੱਤਾ ਵੀ ਨਹੀਂ ਸੀ ਭੌਂਕ ਰਿਹਾ। ਬਿੱਲੀਆਂ ਵੀ ਵੈਣ ਨਹੀਂ ਸਨ ਪਾਏ। ਕਈ ਟਟਹਿਣਾ ਵੀ ਨਜ਼ਰ ਨਹੀਂ ਸੀ ਆ ਰਿਹਾ ਯਾ ਖੌਰੇ ਹੁੱਸੜ ਨਾਲ ਉਹਨਾਂ ਦੀ ਰੌਸ਼ਨੀ ਵੀ ਚੋ ਗਈ ਹੋਈ ਸੀ।
ਮਾਂ ਨੂੰ ਖੌਰੇ ਕੀ ਖਿਆਲ ਆਇਆ। ਅਚਨਚੇਤ ਉੱਠ ਕੇ ਵਿਹੜੇ ਵਿੱਚੋਂ ਖਿੱਲਰੇ ਸਮਾਨ ਨੂੰ ਚੁੱਕ-ਚੁੱਕ ਕੇ ਅੰਦਰ ਰੱਖਣ ਲੱਗ ਪਈ। ਸਮਾਨ ਵੀ ਭਲਾ ਕੀ ਸੀ । ਕੋਈ ਠੂਠੀ ਤੇ ਬਹੁਕਰ, ਛਜਲੀ, ਪਤੀਲੀ ਤੇ ਛਾਣਨੀ, ਖੋਰੇ ਹੋਰ ਵੀ ਕੁੱਝ ਹੋਣਾ ਏ ਪਰ ਮੈਨੂੰ ਤੇ ਇਹ ਕੁੱਝ ਹੀ ਮਲੂਮ ਹੋਇਆ ਸੀ। ਇਹ ਸ਼ੈਆਂ ਸੰਭਾਲਦੇ ਹੋਏ ਮਾਂ ਨੇ ਆਖਿਆ, "ਬਾਲੋ, ਆਪਣਾ ਲੀੜਾ ਕੱਪੜਾ ਚੰਗੀ ਤਰ੍ਹਾਂ ਕੁੱਝ ਕੇ ਸੰਭਾਲ ਲਵੋ। ਹਨ੍ਹੇਰੀ ਆਉਣ ਵਾਲੀ ਏ। ਉੱਡ ਗਈ ਕੋਈ ਵੀ ਸ਼ੈ ਮੁੜ ਕੇ ਹੱਥ ਨਹੀਂ ਆਵਣੀ। ਮੂੰਹ ਸਿਰ ਵੀ ਵਲ੍ਹੇਟ ਲਿਆ ਜੇ, ਮਿੱਟੀ ਘੱਟਾ ਤੇ ਖੇਹ ਬਹੁਤ ਉੱਡਦੀ ਏ।"
ਅਸਾਨੂੰ ਮੱਤ ਦੇ ਕੇ ਮਾਂ ਚੁੱਲ੍ਹੇ ਵਿੱਚ ਪਾਣੀ ਤਰੌਂਕ ਕੇ ਅੱਗ ਬੁਝਾ ਦਿੱਤੀ ਜਿਹੜੀ ਅਜੇ ਤੀਕਰ ਕੁੱਝ-ਕੁੱਝ ਚਮਕਦੀ ਜਾਪਦੀ ਸੀ।
ਫੇਰ ਦੀਵੇ ਨੂੰ ਫੂਕ ਮਾਰ ਕੇ ਬੁਝਾ ਕੇ ਮਾਂ ਆਪਣੀ ਮੰਜੀ ਉੱਤੇ ਆ ਕੇ ਲੇਟ ਗਈ ਤਾਂ ਝੱਟ ਮਗਰੋਂ ਫੇਰ ਉੱਠ ਕੇ ਬਹਿ ਗਈ। ਮਾਂ ਹਨ੍ਹੇਰੀ ਦੀ ਉਡੀਕ ਵਿੱਚ ਸੀ ਯਾਂ ਖੋਰੇ ਹੁੱਸੜ ਪਾਰ ਨੀਂਦਰ ਨਹੀਂ ਸੀ ਆ ਰਹੀ।
“ਦੀਵਾ ਕਿਉਂ ਬੁਝਾਇਆ ਈ ਮਾਂ, ਬਲਦਾ ਦੀਵਾ ਮੈਨੂੰ ਚੰਗਾ ਲਗਦਾ ਏ।" ਮੇਰੇ ਪੁੱਛਣ ਉੱਤੇ ਮਾਂ ਨੇ ਆਖਿਆ :
"ਵੇਖਦਾ ਨਹੀਂ, ਘੁੱਟ ਕਿੰਨਾ ਵਧ ਗਿਆ ਏ । ਹਨ੍ਹੇਰੀ ਛੁੱਟਣ ਈ ਵਾਲੀ ਏ । ਮੂੰਹ ਸਿਰ ਵਲ੍ਹੇਟ ਲੈ।"
"ਹਨ੍ਹੇਰੀ ਨਾਲ ਤੇ ਦੀਵਾ ਆਪੇ ਬੁਝ ਜਾਣਾ ਸੀ ਮਾਂ । ਉਦੋਂ ਤੀਕ ਤੇ ਜਗਣ ਦੇਣਾ ਸੀ।"
"ਡਰ ਸੀ ਕਿ ਹਨ੍ਹੇਰੀ ਨਾਲ ਅੱਗ ਕੁੱਲੀ ਨੂੰ ਨਾ ਪੈ ਜਾਵੇ । ਸੁੱਕੇ ਕੱਖ ਕਾਨੇ ਨੂੰ ਤਾਂ ਝੱਟ ਅੱਗ ਪੈ ਜਾਂਦੀ ਏ।" ਮੈਂ ਚੁੱਪ ਕਰ ਗਿਆ ਤਾਂ ਮਾਂ ਨੇ ਫੇਰ ਸਮਝਾਉਂਦਿਆਂ ਹੋਇਆਂ ਆਖਿਆ, "ਹਨ੍ਹੇਰੀ ਆਵਣ ਵਾਲੀ ਹੋਵੇ ਤੇ ਭਾਵੇਂ ਨਾ, ਪਰ ਕੁੱਲੀ ਜਾਂ ਝੁੱਗੀ ਵਾਲਿਆਂ ਨੂੰ ਚਾਹੀਦਾ ਏ ਕਿ ਚੁੱਲ੍ਹੇ ਦੀ ਅੱਗ ਤੇ ਦੀਵੇ ਬੁਝਾ ਕੇ ਸੌਂਵਣ।"