ਸਾਹ ਘੁੱਟ ਲੈਣ ਵਾਲੀ ਕਾਲੀ ਤੇ ਚੁੱਪ-ਚਾਂ ਰਾਤ ਵਿੱਚ ਅਸਾਂ ਮੰਜੀਆਂ ਉੱਤੇ ਲੰਮੇ ਪਏ ਹੋਏ ਗੁੱਤੀ ਨਾਲ ਲੜ ਭਿੜ ਰਹੇ ਸਾਂ ਤੇ ਚੌਂਦੇ ਮੁੜਕੇ ਨੂੰ ਫੂਕਾਂ ਮਾਰ ਮਾਰ ਤੇ ਖੋਜੂਰ ਦੀਆਂ ਪੱਖੀਆਂ ਨਾਲ ਸੁਕਾਵਣ ਦਾ ਯਤਨ ਕਰ ਰਹੇ ਸਾਂ । ਲਗਦਾ ਸੀ ਕਿ ਅਸੀਂ ਧੱਕਦੇ ਜਾਂਦੇ ਸਾਂ ਤੇ ਦੁਸ਼ਮਣ ਚੜ੍ਹਾਈ ਉੱਤੇ ਸੀ । ਊਂਘ ਆਉਂਦੀ ਤਾਂ ਪੱਖੇ ਹੱਥੋਂ ਡਿੱਗ ਡਿੱਗ ਪੈਂਦੇ। ਉਸੇ ਵੇਲੇ ਈ ਦੁਸ਼ਮਣ ਡੰਗ ਮਾਰ ਕੇ ਰੱਤ ਪੀ ਜਾਂਦਾ। ਝੱਟ ਅੱਖ ਖੁੱਲ੍ਹਦੀ ਤਾਂ ਪੱਖੇ ਦੀ ਭਾਲ ਕਰਦੇ।
ਏਹੋ ਈ ਹਾਲ ਵਿਹੜੇ ਲਾਗੇ ਖੁਰਲੀ ਦੁਆਲੇ ਬੱਧੇ ਡੰਗਰਾਂ ਦਾ ਸੀ। ਕੰਨਾਂ ਨਾਲ ਪੱਖੇ ਝਲਦੇ, ਸਿਰ ਹਿਲਾਉਂਦੇ ਪਰ ਦੁਸ਼ਮਣ ਡੰਗ ਮਾਰ ਈ ਜਾਂਦਾ ਸੀ ।
ਉਸ ਰਾਤ ਕੋਈ ਕੁੱਤਾ ਵੀ ਨਹੀਂ ਸੀ ਭੌਂਕ ਰਿਹਾ। ਬਿੱਲੀਆਂ ਵੀ ਵੈਣ ਨਹੀਂ ਸਨ ਪਾਏ। ਕਈ ਟਟਹਿਣਾ ਵੀ ਨਜ਼ਰ ਨਹੀਂ ਸੀ ਆ ਰਿਹਾ ਯਾ ਖੌਰੇ ਹੁੱਸੜ ਨਾਲ ਉਹਨਾਂ ਦੀ ਰੌਸ਼ਨੀ ਵੀ ਚੋ ਗਈ ਹੋਈ ਸੀ।
ਮਾਂ ਨੂੰ ਖੌਰੇ ਕੀ ਖਿਆਲ ਆਇਆ। ਅਚਨਚੇਤ ਉੱਠ ਕੇ ਵਿਹੜੇ ਵਿੱਚੋਂ ਖਿੱਲਰੇ ਸਮਾਨ ਨੂੰ ਚੁੱਕ-ਚੁੱਕ ਕੇ ਅੰਦਰ ਰੱਖਣ ਲੱਗ ਪਈ। ਸਮਾਨ ਵੀ ਭਲਾ ਕੀ ਸੀ । ਕੋਈ ਠੂਠੀ ਤੇ ਬਹੁਕਰ, ਛਜਲੀ, ਪਤੀਲੀ ਤੇ ਛਾਣਨੀ, ਖੋਰੇ ਹੋਰ ਵੀ ਕੁੱਝ ਹੋਣਾ ਏ ਪਰ ਮੈਨੂੰ ਤੇ ਇਹ ਕੁੱਝ ਹੀ ਮਲੂਮ ਹੋਇਆ ਸੀ। ਇਹ ਸ਼ੈਆਂ ਸੰਭਾਲਦੇ ਹੋਏ ਮਾਂ ਨੇ ਆਖਿਆ, "ਬਾਲੋ, ਆਪਣਾ ਲੀੜਾ ਕੱਪੜਾ ਚੰਗੀ ਤਰ੍ਹਾਂ ਕੁੱਝ ਕੇ ਸੰਭਾਲ ਲਵੋ। ਹਨ੍ਹੇਰੀ ਆਉਣ ਵਾਲੀ ਏ। ਉੱਡ ਗਈ ਕੋਈ ਵੀ ਸ਼ੈ ਮੁੜ ਕੇ ਹੱਥ ਨਹੀਂ ਆਵਣੀ। ਮੂੰਹ ਸਿਰ ਵੀ ਵਲ੍ਹੇਟ ਲਿਆ ਜੇ, ਮਿੱਟੀ ਘੱਟਾ ਤੇ ਖੇਹ ਬਹੁਤ ਉੱਡਦੀ ਏ।"
ਅਸਾਨੂੰ ਮੱਤ ਦੇ ਕੇ ਮਾਂ ਚੁੱਲ੍ਹੇ ਵਿੱਚ ਪਾਣੀ ਤਰੌਂਕ ਕੇ ਅੱਗ ਬੁਝਾ ਦਿੱਤੀ ਜਿਹੜੀ ਅਜੇ ਤੀਕਰ ਕੁੱਝ-ਕੁੱਝ ਚਮਕਦੀ ਜਾਪਦੀ ਸੀ।
ਫੇਰ ਦੀਵੇ ਨੂੰ ਫੂਕ ਮਾਰ ਕੇ ਬੁਝਾ ਕੇ ਮਾਂ ਆਪਣੀ ਮੰਜੀ ਉੱਤੇ ਆ ਕੇ ਲੇਟ ਗਈ ਤਾਂ ਝੱਟ ਮਗਰੋਂ ਫੇਰ ਉੱਠ ਕੇ ਬਹਿ ਗਈ। ਮਾਂ ਹਨ੍ਹੇਰੀ ਦੀ ਉਡੀਕ ਵਿੱਚ ਸੀ ਯਾਂ ਖੋਰੇ ਹੁੱਸੜ ਪਾਰ ਨੀਂਦਰ ਨਹੀਂ ਸੀ ਆ ਰਹੀ।
“ਦੀਵਾ ਕਿਉਂ ਬੁਝਾਇਆ ਈ ਮਾਂ, ਬਲਦਾ ਦੀਵਾ ਮੈਨੂੰ ਚੰਗਾ ਲਗਦਾ ਏ।" ਮੇਰੇ ਪੁੱਛਣ ਉੱਤੇ ਮਾਂ ਨੇ ਆਖਿਆ :
"ਵੇਖਦਾ ਨਹੀਂ, ਘੁੱਟ ਕਿੰਨਾ ਵਧ ਗਿਆ ਏ । ਹਨ੍ਹੇਰੀ ਛੁੱਟਣ ਈ ਵਾਲੀ ਏ । ਮੂੰਹ ਸਿਰ ਵਲ੍ਹੇਟ ਲੈ।"
"ਹਨ੍ਹੇਰੀ ਨਾਲ ਤੇ ਦੀਵਾ ਆਪੇ ਬੁਝ ਜਾਣਾ ਸੀ ਮਾਂ । ਉਦੋਂ ਤੀਕ ਤੇ ਜਗਣ ਦੇਣਾ ਸੀ।"
"ਡਰ ਸੀ ਕਿ ਹਨ੍ਹੇਰੀ ਨਾਲ ਅੱਗ ਕੁੱਲੀ ਨੂੰ ਨਾ ਪੈ ਜਾਵੇ । ਸੁੱਕੇ ਕੱਖ ਕਾਨੇ ਨੂੰ ਤਾਂ ਝੱਟ ਅੱਗ ਪੈ ਜਾਂਦੀ ਏ।" ਮੈਂ ਚੁੱਪ ਕਰ ਗਿਆ ਤਾਂ ਮਾਂ ਨੇ ਫੇਰ ਸਮਝਾਉਂਦਿਆਂ ਹੋਇਆਂ ਆਖਿਆ, "ਹਨ੍ਹੇਰੀ ਆਵਣ ਵਾਲੀ ਹੋਵੇ ਤੇ ਭਾਵੇਂ ਨਾ, ਪਰ ਕੁੱਲੀ ਜਾਂ ਝੁੱਗੀ ਵਾਲਿਆਂ ਨੂੰ ਚਾਹੀਦਾ ਏ ਕਿ ਚੁੱਲ੍ਹੇ ਦੀ ਅੱਗ ਤੇ ਦੀਵੇ ਬੁਝਾ ਕੇ ਸੌਂਵਣ।"