

ਉਹਨਾਂ ਉੱਤੇ ਕੀ ਵਰਤੀ ਸੀ। ਰੱਬ ਜਾਣੇ ਕਿਸ ਹਾਲ ਹੋਸਨ ! ਏਥੇ ਤਾਂ ਉਹ ਈ ਹਾਲ ਸੀ। ਫਸਲ ਬੀਜੋ, ਮਿਹਨਤ ਤੇ ਮੁਸ਼ੱਕਤ ਨਾਲ ਤਿਆਰ ਕਰੋ । ਪੱਕਣ ਉੱਤੇ ਖੁਸ਼ ਹੋਵੇ, ਦਾਣੇ ਕੱਠੇ ਕਰੋ। ਕੁੱਝ ਕਰਜੇ ਵਿੱਚ ਤੇ ਕੁੱਝ ਹਿੱਸੇ ਵਜੋਂ ਜ਼ਿਮੀਦਾਰ ਦੇ ਹਵਾਲੇ ਕਰੋ ਤੇ ਆਪ ਇੰਜ ਦੇ ਇੰਜ ਈ ਰੱਬ ਦੀਆਂ ਰਹਿਮਤਾਂ ਵੱਲ ਝਾਕਦੇ ਰਹਵੋ ਤੇ ਜਿੰਦਾ ਰਹਿਣ ਲਈ ਤਰਲੇ ਲੈਂਦੇ ਫਿਰੋ। ਪਾਪੀ ਢਿੱਡ ਭਰਨ ਲਈ ਫੇਰ ਜ਼ਿਮੀਦਾਰ ਅੱਗੇ ਦਰਜੇ ਲਈ ਲਿੱਲ੍ਹਾਂ ਲੈਂਦੇ ਰਾਹਕ ਮਰਨ ਦੇ ਨੇੜੇ ਜਾਪਦੇ ਸਨ। ਨਵਾਂ ਕਰਜ਼ਾ ਦੇਵਣ ਵੇਲੇ ਜ਼ਿਮੀਦਾਰ ਸੌ ਸੌ ਝਿੜਕਾਂ ਦਿੰਦਾ, ਤੇ ਕਈ ਕਈ ਸ਼ਰਤਾਂ ਲਾਂਵਦਾ ਸੀ। ਨਮਾਣੇ ਰਾਹਕ ਝਿੜਕਾਂ ਸਹਿ ਲੈਂਦੇ ਤੇ ਸ਼ਰਤਾਂ ਮੰਨ ਜਾਂਦੇ ।
ਫਸਲ ਕਿੰਨੀ ਵੀ ਹੋਵੇ ਕਦੇ ਕਿਸੇ ਰਾਹਕ ਦਾ ਕਰਜ਼ਾ ਨਹੀਂ ਸੀ ਉੱਤਰਦਾ।
ਜੇ ਕਿਸੇ ਰਾਹਕ ਕੋਲ ਚੰਗੀ ਲਿਆਰੀ ਹੁੰਦੀ, ਤਾਂ ਜ਼ਿਮੀਦਾਰ ਕਰਜ਼ੇ ਵਿੱਚ ਉਹ ਵੀ ਖੋਹਲ ਕੇ ਲੈ ਜਾਇਆ ਕਰਦਾ ਸੀ। ਇੰਜ ਈ ਉਸ ਪਿੰਡ ਵਿੱਚ ਕਈ ਬਹਾਰਾਂ ਆਈਆਂ ਤੇ ਕਈ ਬਹਾਰਾਂ ਗਈਆਂ, ਪਰ ਕਿਸੇ ਵੀ ਰਾਹਕ ਨੂੰ ਬਹਾਰ ਦੇ ਆਵਣ ਤੇ ਜਾਵਣ ਦੀ ਉੱਕਾ ਖ਼ਬਰ ਨਹੀਂ ਸੀ ਹੁੰਦੀ। ਉਹ ਤੇ ਬੱਸ ਕੰਮ ਵਿੱਚ ਜੁਤੇ ਰਹਿੰਦੇ ਸਨ । ਪਤਾ ਨਹੀਂ ਕਿਹੜੀ ਘੜੀ ਦੀ ਉਡੀਕ ਵਿੱਚ ਸਨ ਜਿਹੜੀ ਅਜੇ ਤੀਕਰ ਨਹੀਂ ਸੀ ਆ ਰਹੀ ਤੇ ਨਾ ਹੀ ਉਹਦੇ ਆਵਣ ਬਾਰੇ ਕਿਸੇ ਨੂੰ ਕੁੱਝ ਮਲੂਮ ਸੀ ।
ਅਚਨਚੇਤ ਪੂਰੀ ਜੂਹ ਵਿੱਚ ਇੱਕ ਨਵੀਂ ਗੱਲ ਖਿੱਲਰ ਗਈ। ਰਾਹਕਾਂ ਦੀਆਂ ਉਦਾਸ ਤੇ ਬੁਝੀਆਂ ਅੱਖਾਂ ਵਿੱਚ ਇੱਕ ਪਲ ਲਈ ਚਮਕ ਆਂਵਦੀ ਤੇ ਦੂਜੇ ਪਲ ਫਿਰ ਸਹਿਮ ਜਾਂਦੇ । ਇੱਕ ਦੂਜੇ ਨਾਲ ਮੂੰਹ ਜੋੜ ਕੇ ਸਲਾਹ ਕਰਦੇ, ਪੁੱਛਦੇ ਦੱਸਦੇ, ਉਮੀਦ ਤੇ ਨਾ ਉਮੀਦ ਦੇ ਵਿਚਕਾਰ ਤਣੇ ਗਏ ਸਨ । ਪੰਜਾਬ ਦੇ ਇੱਕ ਵੱਡੇ ਰਿਟਾਇਰਡ ਸਰਕਾਰੀ ਅਫ਼ਸਰ ਨੂੰ ਸਿੰਧ ਵਿੱਚ ਆਪਣੀ ਜਾਗੀਰ ਆਬਾਦ ਕਰਨ ਵਾਸਤੇ ਪੰਜਾਬੀ ਰਾਹਕ ਚਾਹੀਦੇ ਸਨ। ਬਹੁਤ ਜਿਆਦਾ ਰਾਹਕਾਂ ਦੀ ਲੋੜ ਸੀ ਉਹਨੂੰ। ਉਸ ਆਪਣੇ ਬੰਦਿਆਂ ਰਾਹੀਂ ਸਾਰੀ ਜੂਹ ਵਿੱਚ ਆਪਣੀ ਲੋੜ ਬਾਰੇ ਗੱਲ ਖਿਲਾਰ ਦਿੱਤੀ। ਨਾਲ ਹੀ ਰਾਹਕਾਂ ਨੂੰ ਫਸਲਾਂ ਵਿੱਚੋਂ ਵੱਧ ਹਿੱਸਾ ਦੇਣ ਦਾ ਲੋਭ ਦਿੱਤਾ। ਹੋਰ ਸਹੂਲਤਾਂ ਦੇ ਨਾਲ ਨਾਲ ਇਹ ਵੀ ਆਖਿਆ ਕਿ ਏਥੋਂ ਦੇ ਰਾਹਕਾਂ ਦੇ ਕਰਜੇ ਵੀ ਆਪਣੇ ਪੱਲਿਓਂ ਮੋੜੇਗਾ ਤੇ ਉੱਥੇ ਸਿੰਧ ਵਿੱਚ ਅਗਲੇ ਛੇ ਮਹੀਨੇ ਲਈ ਰਾਹਕਾਂ ਨੂੰ ਰਾਸ਼ਨ ਵੀ ਮੁਫ਼ਤ ਦੇਵੇਗਾ। ਸਿੰਧ ਜਾਵਣ ਲਈ ਕਿਰਾਇਆ ਭਾੜਾ ਵੀ ਰਾਜਾ ਦੇਵੇਗਾ (ਰਿਟਾਇਰਡ ਸਰਕਾਰੀ ਅਫ਼ਸਰ ਨੂੰ ਉਸ ਦੇ ਕਰਿੰਦੇ ਰਾਜਾ ਈ ਆਖਦੇ ਸਨ)।
ਰਾਜੇ ਵੱਲੋਂ ਸਹੂਲਤਾਂ ਸੁਣ ਕੇ ਰਾਹਕ ਖੁਸ਼ ਹੁੰਦੇ, ਉਹਨਾਂ ਦੇ ਚਿਹਰੇ ਖਿਲ ਪੈਂਦੇ ਸਨ, ਪਰ ਨਾਲ ਈ ਡਰ ਜਾਂਦੇ ਕਿ ਕਿਧਰੇ ਪਰਦੇਸਾਂ ਵਿੱਚ ਰੁਲ ਕੇ ਈ ਨਾ ਮਰ ਜਾਈਏ, ਰਾਜਾ ਆਪਣੀ ਗੱਲ ਤੋਂ ਮੁੱਕਰ ਈ ਨਾ ਜਾਵੇ । ਏਸੇ ਗੱਲ ਪਾਰੋਂ ਰਾਹਕ ਕਦੀ ਦਿਲ ਕੱਢਦੇ ਤੇ ਕਦੀ ਦੜ ਵੱਟ ਲੈਂਦੇ ਸਨ।
ਸਿੰਧ ਜਾਵਣ ਲਈ ਤਾਇਆ ਤਾਂ ਬਹੁਤ ਕਾਹਲੀ ਵਿਖਾ ਰਿਹਾ ਸੀ । ਉਹ ਆਖਦਾ, "ਜਾਣਾ ਤੇ ਅਸਾਂ ਕਿਸੇ ਦੇ ਖਰਚ ਉੱਤੇ ਵੇ, ਫੇਰ ਡਰ ਕਾਹਦਾ ? ਉੱਥੇ ਕੁੱਝ ਵੇਲੇ ਮਗਰੋਂ ਆਪ ਜ਼ਮੀਨਾਂ ਖਰੀਦ ਲਵਾਂਗੇ। ਸੁਣਿਆਂ ਏ ਸਿੰਧ ਵਿੱਚ ਜ਼ਮੀਨਾਂ ਬਹੁਤ ਸਸਤੀਆਂ ਹੁੰਦੀਆਂ ਨੇ ।"