ਸਿੰਘ ਜੀ ਦੀ ਧਰਮ ਅਰ ਸੁਤੰਤ੍ਰਤਾ ਦੀ ਸੋਚ ਵਲ ਧਿਆਨ ਕੀਤਿਆਂ ਸ਼ਾਬਾਸ ਹੀ ਮੂੰਹੋਂ ਨਿਕਲਦੀ ਹੈ। ਐਤਨੀ ਭਾਰੀ ਲਾਲਚ ਦੀ ਦਸ਼ਾ ਵਿਚ ਦ੍ਰਿੜ੍ਹ ਖੜੇ ਹਨ ਤੇ ਮਤ ਉੱਜਲ ਰੱਖੀ ਹੋਈ ਹੈ। ਨਾ ਡੋਲਦੇ ਹਨ, ਨਾ ਬੁੱਧੀ ਦੀਆਂ ਅੱਖਾਂ ਮੀਟਦੇ ਹਨ। ਅੱਜ ਕਲ ਸੁਹਣੀ ਸੂਰਤ ਵੇਖ ਕੇ ਹੀ ਲੋਕੀਂ ਧਰਮ ਹਾਰ ਰਹੇ ਹਨ। ਵਲੈਤ ਦੀ ਸੈਰ ਕਰਨ ਗਏ ਗੋਰੀਆਂ ਨਾਲ ਚਮੇੜ ਲਿਆਉਂਦੇ ਹਨ, ਘਰ ਦੀਆਂ ਪਈਆਂ ਪਿੱਟਦੀਆਂ ਹਨ। ਲਾਲਚ ਤੇ ਡਿੱਗਣਾ ਕੀ ? ਨੀਯਤ ਭੁੱਖੇ ਬਾਲਕ ਵਾਂਙ, ਚਿੱਟੇ ਚਮੜੇ ਪੁਰ ਹੀ ਭਿਬਕੇ ਫਿਰਦੇ ਹਨ। ਸ਼ਾਹੂਕਾਰ ਸਰਦਾਰਾਂ ਵਲ ਦੇਖੋ ਤਾਂ ਕਮਾਈ ਦਾ ਸਾਰਾ ਹਿੱਸਾ ਮਾੜੇ ਥਾਂ ਤੇ ਐਸ਼ਾਂ ਪਰ ਖਰਚ ਕਰ ਕੇ ਗਰੀਬ ਹੁੰਦੇ ਜਾਂਦੇ ਹਨ ਤੇ ਸਰਦਾਰਾਂ ਤੋਂ ਕਾਮੇ ਬਣ ਰਹੇ ਹਨ। ਇਸ ਕਰਕੇ ਸਿੱਖਾਂ ਵਿਚ ਦਿਨੋ ਦਿਨ ਸਰਦਾਰ ਘੱਟ ਦਿੱਸਦੇ ਹਨ, ਕੁਝ ਮਰ ਗਏ ਕੁਝ ਮਾੜੇ ਕੰਮਾਂ ਦੇ ਸ਼ਿਕਾਰ ਹੋ ਗਏ। ਕਈ ਘਰਾਂ ਵਿਚ ਦੇਖੋ ਸੁੱਖ ਹੈ ਹੀ ਨਹੀਂ। ਉਸ ਦਾ ਕਾਰਣ ਬੀ ਇਹੋ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਹੈ, ਘਰ ਦਾ ਸੁੱਖ ਉਡ ਕੇ ਦਰਿਆ ਦੇ ਪੱਥਰਾਂ ਵਾਂਙ ਨਿੱਤ ਦੀ ਰਗੜ ਤੁਰੀ ਚਲਦੀ ਹੈ। ਜਿਸ ਦੰਪਤੀ' ਦਾ ਪਿਆਰ ਨਾ ਹੋਵੇ ਉਨ੍ਹਾਂ ਦੀ ਸੰਤਾਨ ਮਾਤਾ ਪਿਤਾ ਦਾ ਆਦਰ ਕਰਨੇ ਵਾਲੀ ਬਹੁਤ ਘੱਟ ਹੋਇਆ ਕਰਦੀ ਹੈ। ਘਰ ਪਰਮੇਸ਼ੁਰ ਨੇ ਸੁਰਗ ਬਣਾਇਆ ਹੈ, ਪਰ ਮਾੜਿਆਂ ਨੇ ਘਰ ਨੂੰ ਨਰਕ। ਜਿਸ ਪ੍ਰਕਾਰ ਪਤਿਬਤਾ ਇਸਤ੍ਰੀ ਕੁਲ ਦਾ ਚਾਨਣ ਹੁੰਦੀ ਹੈ ਉਸੇ ਤਰ੍ਹਾਂ ਸਤੀ ਬ੍ਰਤ ਪੁਰਖ' ਕੁਲ ਦਾ ਦੀਪਕ ਹੁੰਦਾ ਹੈ। ਜੈਸੇ ਇਸਤ੍ਰੀ ਲਈ ਪਤਿਤ ਵੈਸੇ ਪੁਰਖ ਲਈ ਸਤੀਬ੍ਰਤ ਧਰਮ ਜ਼ਰੂਰੀ ਹੈ।
––––––––
1. ਵਹੁਟੀ ਗੱਭਰੂ।
2. ਉਹ ਪੁਰਖ ਜੋ ਆਪਣੀ ਵਹੁਟੀ ਤੋਂ ਬਿਨਾਂ ਹੋਰ ਵੱਲ ਨਾ ਤੱਕੇ