ਡਰਕੇ ਧਰਿਆ ਹੋਇਆ * ਦਿੱਸਿਆ, ਇਹ ਚੁਕਿਆ ਤਦ ਇਕ ਡੂੰਘਾ ਘਾਉ ਨਿਕਲਿਆ, ਜਿਸ ਵਿਚੋਂ ਲਹੂ ਦੀ ਧਾਰ ਨਿਕਲੀ ਅਰ ਜੱਸਾ ਸਿੰਘ ਦੇ ਮੂੰਹ ਪਰ ਪਈ।
ਜਿਉਂ ਹੀ ਇਹ ਧਾਰ ਨਿਕਲੀ, ਬਿਜੈ ਸਿੰਘ ਨੂੰ ਗਸ਼ ਪੈ ਗਈ। ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਫਾ ਘਾਉ ਉੱਤੇ ਰਖ ਕੇ ਜ਼ਖਮ ਨੂੰ ਹਥਾਂ ਨਾਲ ਘੁੱਟਿਆ ਅਰ ਇਕ ਦੇ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ। ਕਿ ਪਿੰਡ ਵਿਚੋਂ ਇਕ ਵੈਦ ਮਿਲਿਆ, ਇਸ ਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿਚ ਦਵਾ ਭਰੀ, ਘੁੱਟ ਕੇ ਬੱਧਾ ਪਰ ਲਹੂ ਨਾ ਠਹਿਰੇ। ਵੈਦ ਜੀ ਨੇ ਦੱਸਿਆ ਪਹਿਲੇ ਜਦ ਜ਼ਖਮ ਲਗਾ ਹੈ ਤਦੋਂ ਛੋਟਾ ਸੀ ਅਰ ਡੂੰਘਾ ਨਹੀਂ ਸੀ। ਲਗੇ ਜ਼ਖਮ ਨੂੰ ਬੰਨ੍ਹਕੇ ਬਿਜੈ ਸਿੰਘ ਨੇ ਜੋ ਦੌੜ ਭੱਜ ਤੇ ਹੱਦ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖਮ ਵਧ ਗਿਆ ਅਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ, ਦਿਲ ਬਹੁਤ ਨੇੜੇ ਹੈ, ਜਿਸ ਵਿਚੋਂ ਲਹੂ ਛੇਤੀ ਬਾਹਰ ਨੂੰ ਜੋਸ਼ ਮਾਰਦਾ ਹੈ, ਮੇਰੀ ਜਾਚੇ ਲਹੂ ਬੰਦ ਹੋਣਾ ਕਠਨ ਹੈ।
ਫੇਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ ਜਿਸ ਨਾਲ ਬਿਜੈ ਸਿੰਘ ਨੇ ਅੱਖੀਂ ਖੋਲ੍ਹੀਆਂ, ਲਾਡਲੇ ਪੁੱਤ ਨੂੰ ਗਲ ਨਾਲ ਲਾਇਆ ਅਰ ਐਨੀ ਅਸੀਸ ਦਿੱਤੀ ‘ਬੱਚਾ, ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ। ਫੇਰ ਉਸ ਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਘੁੱਟ ਰਹੀ ਸੀ ਅਰ ਫਰਨ ਫਰਨ ਰੋ ਰਹੀ ਸੀ, ਬਦਨ ਵਿਚ ਤਾਕਤ ਨਹੀਂ ਸੀ, ਸਿਰ ਵਿਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ, ਹੈਰਾਨੀ ਤੇ ਅਸਚਰਜਤਾਈ ਦੇ ਸਮੁੰਦਰ ਵਿਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸੈਨਤ ਕਰਕੇ ਗਲ ਨਾਲ ਲਾਇਆ ਅਰ ਕਿਹਾ, 'ਕਰਤਾਰ ਸ਼ੀਲ ਧਰਮ ਬਖਸ਼ੀ ਰਖੇ। ਫੇਰ ਸਾਰੇ ਸਰਦਾਰਾਂ ਨੂੰ ਬਰੀਕੀ ਜਿਹੀ ਫਤੇ ਗਜਾਈ। ਸ਼ੀਲ ਕੌਰ ਦੇ ਮੂੰਹੋਂ ਸਹਿਜੇ ਜਿਹੇ ਨਿਕਲਿਆ, 'ਹਾਇ! ਮੈਂ ਇਕੱਲੀ ਕੀ ਕਰਾਂਗੀ?" ਬਿਜੈ ਸਿੰਘ ਨੇ ਸਮਝ ਲਿਆ, ਬੁਲ੍ਹਾਂ ਵਿਚ ਬੋਲਿਆ:- 'ਗੁਰੂ ਅੰਗ ਸੰਗ’, ‘ਗੁਰੂ ਅੰਗ ਸੰਗ'। ਫੇਰ ਸਿੰਘ ਜੀ ਨੇ 'ਜਪੁ ਸੁਣਾਓ' ਕਿਹਾ। ਸ਼ੀਲ ਕੌਰ ਅੱਥਰੂ ਪੂੰਝਕੇ ਭਾਣੇ ਵਲ ਆਈ ਤੇ ਬੜੀ
––––––––––
* ਤੁਰੰਤ ਟੱਲੇ ਰੱਖ ਬੰਨ੍ਹ ਦਿੱਤਾ ਤੇ ਲੜਦਾ ਰਿਹਾ ਸੀ।
ਮਧੁਰ ਸੁਰ ਨਾਲ ਜਪੁਜੀ ਦਾ ਪਾਠ ਕਰਨ ਲੱਗ ਪਈ। ਬਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸੁਆਸ ਲੈਂਦੇ ਪਏ ਹਨ। ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵਲ ਤਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ। ਲਹੂ ਦਾ ਵਹਾਉ ਬੰਦ ਨਹੀਂ ਹੁੰਦਾ, ਕਈ ਕਪੜੇ ਭਰੇ ਜਾ ਚੁਕੇ ਹਨ, ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪੁ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਬਿਜੈ ਸਿੰਘ ਦੀਆਂ ਅੱਖਾਂ ਇਕ ਦਮ ਖੁਲ੍ਹੀਆਂ ਅਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ। ਦੋਹਾਂ ਪਾਸਿਆਂ ਤੋਂ ਹਥ ਉਠ ਕੇ ਜੁੜ ਗਏ। ਫੇਰ ਬੁਲ੍ਹ ਖੁੱਲੇ ਅਰ ਬੜੇ ਜ਼ੋਰ ਨਾਲ ਫਤੇ ਦਾ ਜੈਕਾਰਾ ਗੱਜਿਆ, ਉਧਰ ਸ਼ੀਲ ਕੌਰ ਨੇ-
ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥
(ਜਪੁਜੀ)
ਉਚਾਰਿਆ, ਉਧਰ ਬਿਜੈ ਸਿੰਘ ਨੇ 'ਕੇਤੀ ਛੁਟੀ ਨਾਲ ਤਿੰਨ ਵੇਰ ਕਿਹਾ ਅਰ ਬੋਲਿਆ 'ਧੰਨ ਕਲਗੀਆਂ ਵਾਲਾ ਸੱਚਾ ਗੁਰੂ ‘ਧੰਨ ਸਾਧ ਸੰਗਤ! ਕੇਤੀ ਛੁਟੀ ਨਾਲਿ, ਧੰਨ'।
ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ ਹੱਥ ਛਾਤੀ ਪਰ ਡਿੱਗ ਪਏ, ਅੱਖਾਂ ਤੇ ਬੁੱਲ੍ਹ ਮਿਟ ਗਏ ਅਰ ਬਿਜੈ ਸਿੰਘ ਮੌਤ ਬਿਜਈ ਹੋ ਗਿਆ। ਸ਼ੀਲ ਕੌਰ ਉਸ ਦੇ ਚਿਹਰੇ ਵਿਚੋਂ ਜੀਵਨ-ਸੱਤਾ ਨੂੰ ਉਡਦੀ ਜਾਂਦੀ ਦੇਖ ਰਹੀ ਸੀ ‘ਕੇਤੀ ਛੁਟੀ ਨਾਲਿ' ਖ਼ਬਰ ਨਹੀਂ ਕਿੰਨੀ ਵੇਰ ਕਹਿ ਚੁਕੀ ਹੈ, ਕਹੀ ਜਾਂਦੀ ਹੈ ਤੇ ਅੱਖ ਨਹੀਂ ਝਮਕਦੀ। ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ, ਜਦ ਪਤੀ ਜੀ ਦਾ ਅੰਤਮ ਸੁਆਸ ਨਿਕਲਿਆ, ਸ਼ੀਲ ਕੌਰ ਦਾ ਸਿਰ 'ਕੇਤੀ ਛੁਟੀ ਨਾਲਿ' ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪੁਰ ਧੜਕਦਾ ਡਿੱਗਾ ਅਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਈ, ਧਰਮ ਤੇ ਪਿਆਰ ਅੰਤ ਤਕ ਨਿਭ ਗਿਆ।
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥
(ਸੂਹੀ:ਵਾਰ, ਪੰਨਾ-੭੮੬)
ਵਾਹ ਸ਼ੀਲ ਕੌਰ! ਪਤਿਬ੍ਰਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ। ਪਤੀ ਤੇ ਪਤਨੀ ਇਕ ਰੂਪ ਹੁੰਦੇ ਹਨ-ਇਹ ਗੱਲ ਤੂੰ ਨਿਬਾਹ ਕੇ ਦਿਖਾਈ।