ਭੂਮਿਕਾ
ਪੰਜਾਬ ਦਾ ਇਤਿਹਾਸ ਕਿਸੇ ਕਿਸੇ ਨੇ ਲਿਖਿਆ ਹੈ, ਪਰ ਸਿੱਖਾਂ ਬਾਬਤ ਸਾਰੇ ਹਾਲਾਤ ਅਜੇ ਸਹੀ ਕਰ ਕੇ ਨਹੀਂ ਲਿਖੇ ਗਏ; ਇਸ ਕਰਕੇ ਇਨ੍ਹਾਂ ਦੇ ਹਾਲਾਤ ਅਜੇ ਘੱਟ ਰੌਸ਼ਨੀ ਵਿਚ ਆਏ ਹਨ। ਜੋ ਆਏ ਹਨ ਥੋੜ੍ਹੇ ਹਨ, ਬਹੁਤ ਕੁਝ ਬਾਕੀ ਰਹਿ ਗਿਆ ਹੈ ਅਤੇ ਬਹੁਤ ਕੁਛ ਨਾ-ਠੀਕ ਪ੍ਰਗਟ ਹੋਇਆ ਹੈ, ਉਸ ਦੀ ਪੜਤਾਲ ਬੜਾ ਵੱਡਾ ਕੰਮ ਹੈ। ਇਸ ਪੋਥੀ ਵਿਚ ਕਿਸੇ ਇਕ ਸਮੇਂ ਦੇ ਕੁਛ ਹਾਲਾਤ ਸਿਲੇ ਚੁਗਣ ਵਾਂਙੂ ਕੱਠੇ ਕੀਤੇ ਗਏ ਹਨ। ਕੌਮ ਦੀ ਹਾਲਤ ਗਿਰਾਵਟ ਵਿਚ ਹੈ ਤੇ ਇਹ ਇਕ ਤਰਲਾ ਹੈ ਕਿ ਕਿਤੇ ਪੁਰਾਤਨ ਹਾਲਾਤ ਵਾਚ ਕੇ ਕੌਮ ਵਿਚ ਉਤਸ਼ਾਹ ਭਰੇ ਤੇ ਇਸ ਵਿਚ ਜੀਵਨ ਦੀ ਰੌ ਰੁਮਕ ਪਵੇ।
ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸੁਆਰਥ ਨਹੀਂ; ਨਾ ਕੋਈ ਵਿਦ੍ਯਕ ਦਿਖਾਵਾ ਹੈ, ਪੰਥਕ ਢੱਠੀ ਪਈ ਇਮਾਰਤ ਦੀ ਉਸਾਰੀ ਵਿਚ ਰਾਮ ਚੰਦ੍ਰ ਜੀ ਦੇ ਪੁਲ ਪੁਰ ਗਾਲ੍ਹੜਾਂ ਦੇ ਮਿੱਟੀ ਪਾਉਣ ਦੇ ਜਤਨ ਵਾਂਙੂ ਸੇਵਾ ਵਿਚ ਇਕ ਨਿੱਕਾ ਜਿਹਾ ਫ਼ਰਜ਼ ਅਦਾ ਕਰਨ ਦਾ ਇਕ ਤਰਲਾ ਹੈ। ਸਗੋਂ ਪੰਥਕ ਤਰੱਕੀ ਦੇ ਪੁਲ ਬੰਨ੍ਹਣ ਵਿਚ ਇਸ ਪੁਸਤਕ ਲਿਖਣੇ ਦਾ ਉੱਦਮ ਉਸ ਗਾਲ੍ਹੜ ਦੀ ਹਿੰਮਤ ਨਾਲੋਂ ਬੀ ਥੋੜ੍ਹਾ ਤੇ ਸੇਵਾ ਉਸ ਦੀ ਸੇਵਾ ਨਾਲੋਂ ਐਉਂ ਨਿੱਕੀ ਹੈ ਜਿੰਕੁਰ ਗਣਿਤ ਵਿਦ੍ਯਾ ਵਿਚ ਨ ‘0’ ਦੀ ਕੀਮਤ ਹੁੰਦੀ ਹੈ, ਜੋ ਸ਼ਕਲ ਵਿਚ ਤਾਂ ਦਿੱਸਦੀ ਹੈ, ਪਰ ਮੁੱਲ ਕੁਝ ਨਹੀਂ ਪਾਉਂਦੀ। ਹਾਂ, ਜੇਕਰ ਕਲਗੀਧਰ ਜੀ ਦੀ ਕ੍ਰਿਪਾ ਰੂਪ ਏਕਾ ‘੧’ ਉਸ ਨਾਲ ਮਿਲ ਜਾਵੇ ਤਾਂ '0' ਬੀ ਦੂਸਰੇ ਅੰਗਾਂ ਨਾਲ ਮਿਲ ਕੇ ਕੀਮਤ ਵਾਲੀ ਹੋ ਜਾਂਦੀ ਹੈ।
ਇਸ ਪੁਸਤਕ ਦੇ ਲਿਖਣ ਵਿਚ ਇਸ ਸੰਸਾਰ ਤੋਂ ਕੂਚ ਕਰ ਗਏ ਬਜ਼ੁਰਗਾਂ ਤੋਂ ਸੁਣੇ ਸਮਾਚਾਰ, ਦੋਵੇਂ ਪੰਥ ਪ੍ਰਕਾਸ਼, ਖ਼ਾਲਸਾ ਤਵਾਰੀਖ, ਪ੍ਰਿੰਸਪ, ਕਨਿੰਘਮ, ਮੁਹੰਮਦ ਲਤੀਫ, ਮੈਲਕਮ, ਮੈਗ੍ਰੇਗਰ ਅਰ ਹੋਰਨਾਂ ਦੇ
ਪੰਥ ਦੀ ਮੌਜੂਦਾ ਹਾਲਤ ਪਿਛਲਿਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿੱਸਦੀ ਹੈ, ਇਸ ਪੁਸਤਕ ਵਿਚ ਇਹੋ ਜ਼ੋਰ ਦਿੱਤਾ ਹੈ ਅਰ ਲਿਖਣੇ ਦਾ ਪ੍ਰਯੋਜਨ ਭੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ ਤੇ ਸੰਭਲਣ ਦਾ ਵੱਲ ਆ ਜਾਵੇ, ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਤੇ ਪਵਿੱਤ੍ਰ ਅਸਲੀ ਰੂਪ ਵਿਚ ਕਾਇਮ ਰਹਵੇ। ਖ਼ਾਲਸਾ ਇਕ ਮੁਕਤ ਪੁਰਖ ਹਰੀਜਨ ਹੈ, ਆਪ ਅੰਦਰੋਂ ਬਾਹਰੋਂ ਸੁਖੀ ਹੈ ਤੇ ਸਰਬੱਤ ਲਈ ਸੁਖਦਾਈ ਹੈ। ਅਭੈ ਹੈ, ਅਜਿੱਤ ਹੈ, ਪਰ ਭੈ ਨਹੀਂ ਦੇਂਦਾ? ਧੱਕਾ ਨਹੀਂ ਕਰਦਾ। ਕੀਕੂੰ ਦੁੱਖਾਂ ਵਿਚ ਖਾਲਸਾ ਆਪਣੇ ਅਸੂਲਾਂ ਤੇ ਕਾਇਮ ਰਿਹਾ, ਇਹ ਪੋਥੀ ਉਸ ਦੀਆਂ ਤਸਵੀਰਾਂ ਦੱਸੇਗੀ। ਇਸ ਵਿਚ ਦੱਸੇ ਸਮਾਚਾਰ ਸਾਨੂੰ ਸਿਖਾਲਦੇ ਹਨ ਕਿ ਆਪਣੇ ਵੱਡਿਆਂ ਵਾਂਗੂੰ ਅਸੀਂ ਨਿੰਮ੍ਰਤਾ, ਸਹਾਰਾ ਅਰ ਸਾਰੇ ਦੈਵੀ ਗੁਣਾਂ ਦਾ ਪੁੰਜ ਬਣ ਕੇ ਚੜ੍ਹਦੀ ਕਲਾ ਵਾਲੇ ਇਨਸਾਨ ਬਣੇ ਰਹੀਏ।
ਗੁਣੀ-ਜਨ ਗੁਣ ਗ੍ਰਹਿਣ ਕਰਕੇ ਔਗੁਣਾਂ ਦੀ ਇਤਲਾਹ ਬਖ਼ਸ਼ਣ।
––– ਕਰਤਾ
ਯਾਰ੍ਹਵੀਂ ਛਾਪ ਦੀ ਭੂਮਿਕਾ
ਸਮਾਂ ਬਦਲਦਾ ਹੈ। ਸਮੇਂ ਦੇ ਬਦਲ ਲਿਖੇ ਘੱਟ ਜਾਂਦੇ ਹਨ। ਇਤਿਹਾਸ ਵਿਚ ਬੀ ਹਰ ਸਮੇਂ ਦੇ ਹਾਲ ਸਵਿਸਥਾਰ ਘੱਟ ਹੀ ਲਿਖੇ ਜਾਂਦੇ ਹਨ। ਇਨਸਾਨੀ ਸੁਭਾਵ ਭੁੱਲ ਦਾ ਹੈ। ਆਪਣੇ ਦੇਖਦੇ ਸਮੇਂ ਜੋ ਹਾਲਾਤ ਬਦਲੇ ਹਨ ਘੱਟ ਲੋਕਾਂ ਨੂੰ ਪੂਰੇ ਪੂਰੇ ਯਾਦ ਰਹੇ ਹਨ ਤੇ ਸਮੇਂ ਦੇ ਨਾਲ ਸਮੇਂ ਦੇ ਜੀਵ ਮਰਦੇ ਤੇ ਨਵੇਂ ਜੰਮਦੇ ਰਹਿੰਦੇ ਹਨ, 20 ਵਰ੍ਹੇ ਬਾਦ ਕਹਿੰਦੇ ਹਨ ਪੀੜ੍ਹੀ ਹੋਰ ਟੁਰ ਪੈਂਦੀ ਹੈ। ਸੋ ਜਦੋਂ ਸੰਨ 1899-1900 ਈ: ਦੇ ਲਗ ਪਗ ਇਹ ਪੁਸਤਕ ਲਿਖੀ ਗਈ ਸੀ, ਓਦੋਂ ਸਿਖਾਂ ਦੇ ਚਾਰ ਪੰਜ ਸੌ ਵਿਦ੍ਯਾ ਆਸ਼੍ਰਮ ਨਹੀਂ ਸਨ; ਇਤਨੇ ਅਖ਼ਬਾਰ ਰਸਾਲੇ ਪੁਸਤਕਾਂ ਨਹੀਂ ਸਨ। ਸਿੰਘ ਸਭਾ ਚਲ ਰਹੀ ਸੀ, ਪਰ ਮੁਖ਼ਾਲਫ਼ਤ ਬੜੀ ਸੀ ਤੇ ਜਿਸ ਹਾਲਤ ਤੋਂ ਕੌਮ ਇਸ ਮੂਵਮੈਂਟ ਨੇ ਚੁੱਕੀ ਸੀ ਉਹ ਇਹ ਸੀ ਕਿ ਸਿਖ ਆਪਣਾ ਆਪ ਭੁੱਲੀ ਬੈਠੇ ਸਨ; ਗੁਰਪੁਰਬ ਗੁਰ-ਮਰਿਯਾਦਾ, ਜਥੇਬੰਦੀ ਉੱਕੀ ਨਹੀਂ ਸੀ। ਰਸਮੋਂ ਰਿਵਾਜ ਸਾਰੇ ਅਨ੍ਯਮਤੀ ਹੋ ਗਏ ਸਨ। ਸਿਖ ਇਸਤ੍ਰੀਆਂ ਵਿਚ ਕੋਈ ਅਹਿਸਾਸ ਸਿੱਖੀ ਦਾ ਨਹੀਂ ਸੀ। ਸਗੋਂ ਸੁਧਾਰ ਦੀ ਰੁਕਾਵਟ ਏਹ ਸਨ। ਬੇ ਮਲੂਮੇ ਕੌਮ ਆਪਣੀ ਨਿਰੋਲਤਾ ਛੋੜ ਕੇ ਮਿਲਗੋਭੇ ਵਿਚ ਪੈ ਰਹੀ ਸੀ। ਸਿੱਖ ਕਲਗੀਆਂ ਵਾਲੇ ਦਾ ਆਦਰਸ਼ ਭੁੱਲ ਰਹੇ ਸਨ। ਚੁਫੇਰਿਓਂ ਐਸੇ ਸਾਮਾਨ ਬਣਾਏ ਗਏ ਸਨ ਕਿ ਸਿੱਖਾਂ ਦੀ ਹਸਤੀ ਗੁੰਮ ਹੋ ਜਾਏ। ਇਨ੍ਹਾਂ ਦੀ ਜਥੇਬੰਦੀ ਤੇ ਕਲਗੀਆਂ ਵਾਲੇ ਦੇ ਆਦਰਸ਼ ਇਕ ਤੌਖ਼ਲੇ ਵਾਲੇ ਸਾਮਾਨ ਦਿੱਸਣ ਕਰਕੇ ਸਿੱਖ ਬੇ-ਮਲੂਮੇ ਗਿਰਾਉ ਵਲ ਲੈ ਜਾਏ ਜਾ ਰਹੇ ਸਨ। ਉਦੋਂ ਜੋ ਯਤਨ ਬਚਾਉ ਦੇ ਵਾਸਤੇ ਹੋ ਰਹੇ ਸਨ, ਉਨ੍ਹਾਂ ਵਿਚ ਮੁੱਖ ਇਹ ਸਮਝਿਆ ਗਿਆ ਸੀ ਕਿ ਪਿਛਲੇ ਆਦਰਸ਼, ਕਰਨੀਆਂ ਤੇ ਉਤਸ਼ਾਹ ਅਰ ਸਿਖ੍ਯਾ-ਜਨਕ ਜੀਵਨ ਸਿਖ ਮਨਾਂ ਦੇ ਸਾਹਮਣੇ ਲਿਆਂਦੇ ਜਾਣ। ਉਸ ਵੇਲੇ ਸੁਧਾਰ, ਉੱਧਾਰ ਤੇ ਜੀਵਨ ਰੌ ਦੇ ਸੁਰਜੀਤ ਕਰਨ ਦੀ ਵਧੇਰੇ ਲੋੜ ਸੀ ਤੇ
ਸੰਨ: 1934 ਈ:
- ਕਰਤਾ
ਸੋਲ੍ਹਵੀਂ ਛਾਪ ਦੀ ਭੂਮਿਕਾ
ਇਸ ਪੁਸਤਕ ਨੂੰ ਛਪਦਿਆਂ ਲਗਪਗ 48 ਸਾਲ ਹੋ ਗਏ ਹਨ। ਹੁਣ ਹਾਲਾਤ ਨੇ ਹੋਰ ਪਲਟਾ ਖਾਧਾ ਹੈ। ਜੋ ਕਸ਼ਟਣੀਆਂ ਪੰਥ ਉਤੇ ਅਗਲੇ ਸਮੇਂ ਵਾਪਰਦੀਆਂ ਰਹੀਆਂ, ਓਹੋ ਮੁੜ ਆ ਵਾਪਰੀਆਂ ਹਨ। ਇਨ੍ਹਾਂ ਦੁਖਦਾਈ ਹੋਣੀਆਂ ਨੇ ਪੁਰਾਣੇ ਇਤਿਹਾਸਕ ਵਾਕਿਆਤ ਨੂੰ ਮੁੜ ਦੁਹਰਾ ਦਿੱਤਾ ਹੈ। ਕੌਮ ਇਸ ਵੇਲੇ ਫਿਰ ਦੁੱਖਾਂ ਦੇ ਮੂੰਹ ਆ ਗਈ ਹੈ। ਆਸ ਹੈ ਪੁਰਾਣੇ ਸਿੱਖ ਸੂਰਮਿਆਂ ਦੇ ਹਾਲ, ਜੋ ਇਸ ਪੋਥੀ ਵਿਚ ਹਨ, ਸਹਾਰਾ ਦੇਣਗੇ ਤੇ ਰਹਿਨੁਮਾਈ ਕਰਨਗੇ ਅਤੇ ਗੁਰਬਾਣੀ ਦਾ ਆਸਰਾ, ਇਖ਼ਲਾਕ ਦੀ ਉੱਚਤਾ, ਪਰਸਪਰ ਪ੍ਰੇਮ ਤੇ ਸਾਂਝੇ ਕੰਮਾਂ ਲਈ ਕੁਰਬਾਨੀ ਪੰਥ ਨੂੰ ਉੱਚਿਆਂ ਲੈ ਨਿਕਲੇਗੀ ਤੇ ਸਲਾਮਤੀ ਬਖ਼ਸ਼ੇਗੀ।
ਦਸੰਬਰ 1947
––ਕਰਤਾ
ਬਿਜੈ ਸਿੰਘ
1. ਕਾਂਡ
ਲਾਹੌਰ ਸ਼ਹਿਰ ਜੁੱਧਾਂ ਜੰਗਾਂ ਦਾ ਇਕ ਭਾਰੀ ਪਿੜ ਰਹਿ ਚੁਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ 1808 ਤੇ 1909 ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ।
ਮੀਰ ਮੰਨੂੰ ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨੀ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ 50 ਲੱਖ ਰੁਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਫੇਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ੍ਹ ਰਿਹਾ'। ਮਹਾਰਾਜਾ ਕੌੜਾ ਮੱਲ, ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ । ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ
–––––––––––––
1. ਮੀਰ ਮੰਨੂੰ ਜਿਸ ਦਾ ਨਾਮ ਮੀਰ ਮੁਅੱਯਨੁਲ ਮੁਲਕ ਸੀ, ਵਜ਼ੀਰ ਕਮਰੁੱਦੀਨ ਦਾ ਪੁੱਤਰ ਅਤੇ ਪੰਜਾਬ ਦਾ ਹਾਕਮ ਸੀ। ਇਸ ਨੇ ਅਬਦਾਲੀ ਦੇ ਪਹਿਲੇ ਹਮਲੇ ਵੇਲੇ ਸੰ: 1805 ਬਿ: (1748 ਈ:) ਵਿਚ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ ਤੇ ਇਸੇ ਬਹਾਦਰੀ ਕਰ ਕੇ ਲਾਹੌਰ ਦਾ ਸੂਬਾ ਬਣਿਆ ਸੀ। ਇਸੇ ਸਾਲ ਦੀ ਬਰਸਾਤ ਮਗਰੋਂ ਦੁੱਰਾਨੀ ਫੇਰ ਚੜ੍ਹ ਆਇਆ ਤੇ ਮੰਨੂੰ ਨੇ ਕੁਛ ਪਰਗਣਿਆਂ ਦਾ ਮਾਮਲਾ ਦੇ ਕੇ ਸੁਲਹ ਕਰ ਲਈ ਸੀ। ਇਹ ਤੀਸਰਾ ਹਮਲਾ ਸੀ ਸੰਨ 1809 ਵਾਲਾ, ਜਿਸ ਦਾ ਕੁਛ ਹਾਲ ਸੁੰਦਰੀ ਵਿਚ ਆ ਚੁਕਾ ਹੈ। ਇਸੇ ਵਿਚ ਮਹਾਰਾਜਾ ਕੌੜਾ ਮੱਲ ਜੀ ਸ਼ਹੀਦ ਹੋਏ ਸਨ (1751-52 ਈ:)।
2. ਮੁਹੰਮਦ ਲਤੀਫ, ਸਫਾ 224
ਸੀ। ਮੀਰ ਮੈਨੂੰ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁਕਾ ਸੀ, ਪਰ ਉਹ 'ਗ ਭੁਨਾਵੇਂ ਜੌ ਵਾਲੀ ਗੱਲ ਸੀ, ਉਸ ਦੇ ਕੁਟਿਲ ਹਿਰਦੇ ਵਿਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵਧ ਕੇ ਜ਼ੁਲਮ ਕਰਨ ਲੱਗਾ।
ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦਾ ਘਾਉ ਘੱਪ ਭੰਡਾਰ, ਜ਼ੁਲਮ ਤੇ ਤਅੱਦੀ (tyranny) ਦਾ ਅਵਤਾਰ ਵੱਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ।
ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ: ਦੀਵਾਨ ਸਾਹਿਬ ਇਕ ਈਰਾਨੀ ਗਲੀਚੇ ਪੁਰ ਗਾਉਦੁਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ. ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੇ 'ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ । ਦੀਵਾਨ ਸਾਹਿਬ ਨੇ ਕਿਹਾ ਕਿ 'ਉਨ੍ਹਾਂ ਨੂੰ ਐਥੇ ਹੀ ਲੈ ਆਓ' ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ, ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ਆਏ। ਸਰੀਰ ਪਤਲਾ, ਰੰਗ ਪਿੱਲਾ, ਨੁਹਾਰ ਤ੍ਰਿੱਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤ
ਮਿਸਰ- ਕੀ ਕਹਾਂ? ਹੋਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ! ਭਗਵਾਨ! !
ਦੀਵਾਨ- ਮਿਸਰ ਜੀ! ਵਾਸਤੇ ਨਰੈਣ ਦੇ ਛੇਤੀ ਦੱਸੇ ਕਿ ਕੀ ਹੋਇਆ ?
ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੇ ਘੜਿਆਲ ਵਾਂਗੂ ਥਰਥਰ ਕੰਬਣ ਲਗ ਗਈਆਂ।
ਮਿਸਰ- ਮਹਾਰਾਜ! ਕੀ ਕਹਾਂ? ਹੌਂਸਲਾ ਨਹੀਂ ਪੈਂਦਾ ਕਿ ਐਸੀ ਖਬਰ ਆਪ ਮੇਰੇ ਮੂੰਹੋਂ ਸੁਣੋ, ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ।
ਦੀਵਾਨ- ਮਿਸਰ ਜੀ! ਫਿਰ ਛੇਤੀ ਦੱਸੋ ?
ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ: ਜਜਮਾਨ ਭਗਵਾਨ ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ) !!
ਦੀਵਾਨ- ਹਾਇ! ਪਿਆਰੇ ਨੂੰ ਕੀ ਹੋਇਆ, ਝਬਦੇ ਦੱਸੇ?
ਮਿਸਰ— ਰਾਮ ਲਾਲ ਸਿੱਖ ਹੋ ਗਿਆ!!
ਇਹ ਖ਼ਬਰ ਬਿਜਲੀ ਵਾਂਗ ਪਈ। ਇਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਵਹਾਰਿਆਂ ਵਾਂਗ ਛੁਟ ਛੁਟ ਕੇ ਰੋਈਆਂ।
ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ— ਦੀਵਾਨ ਸਾਹਿਬ! ਜ਼ਰਾ
ਦੀਵਾਨ- ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪਦਰ ਹੋਇਆ ਕੀਕੂੰ ?
ਮਿਸਰ- ਜੀ ਹੋਣਾ ਕਿੱਕੂਰ ਸੀ ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਭੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੇ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਹਾਨੂੰ ਓਦੋਂ ਬੀ ਹੋੜਦਾ ਸੀ, ਪਰ ਤੁਸੀਂ ਕਿਹਾ ਵੱਡਾ ਹੋ ਕੇ ਆਪੇ ਸਮਝ ਜਾਏਗਾ। *
ਦੀਵਾਨ- ਹੁਣ ਕੀ ਕਰੀਏ ਵਖਤ ਵਿਹਾਣੇ ਨੂੰ ? ਹਾਇ ਪੁੱਤ੍ਰ! ਤੈਂ ਕੀ ਕੀਤਾ ?
ਮਿਸਰ- ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤਕ ਖ਼ਬਰ ਨਾ ਹੋਵੇ।
ਦੀਵਾਨ- ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ।
ਦੀਵਾਨਣੀ— ਹਾਂ ਤੁਸੀਂ ਹੀ ਬਹੁੜੇ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ! ਧੀ— ਮਿਸਰ ਜੀ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ!
ਮਿਸਰ- ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ।
––––––––––––––––
* ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾਂ ਨਾਲ ਕੋਈ ਉਂਞ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ।
ਇਕ ਸਹਿਜਧਾਰੀ ਸਿੱਖ ਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ, ਸੱਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ। ਜਿਥੇ ਹੋਰ ਨੂੰਹਾਂ ਸੱਸ ਨਾਲ ਉਪਰਲਾ ਢੰਗ ਨਿਬਾਹੁੰਦੀਆਂ ਸਨ, ਉਥੇ ਇਹ ਸੱਸ ਨੂੰ ਮਾਵਾਂ ਨਾਲੋਂ ਵਧੀਕ ਪਿਆਰ ਕਰਦੀ ਸੀ, ਇਨ੍ਹਾਂ ਕਾਰਨਾਂ ਕਰ ਕੇ ਰਾਮ ਲਾਲ ਵਹੁਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੀਕ ਪਿਆਰਾ ਸੀ।
ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿਚ ਗੁੱਟ ਹੋ ਗਏ, ਓਧਰੋਂ ਰਾਮ ਲਾਲ ਉਸਦੀ ਵਹੁਟੀ ਤੇ ਪੋਤਰਾ ਆ ਪਹੁੰਚੇ। ਰਾਮ ਲਾਲ ਪਿਤਾ ਨੂੰ ਸੁਸਤੀ ਵਿਚ ਅੱਖਾ ਮੀਟ ਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ, ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁਲ੍ਹ ਗਈਆਂ। ਪੁਤ੍ਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ। ਕਿਥੇ ਉਹ ਪਤਲਾ ਸੁਕੜੀ ਰਾਮ ਲਾਲ, ਕਿਥੇ ਇਹ ਬਲੀ ਸੇਰ ਰੂਪ ਸਿੰਘ ਬਹਾਦਰ, ਸੱਚ ਮੁੱਚ ਕਾਂਇਆਂ ਪਲਟ ਹੋ ਗਈ, ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰ ਕੇ ਤਾਂ ਪਛਾਤਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹੋ ਨਲੈਕ ਪੁੱਤਰ ਹੈ, ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ ਖ਼ਤਰੇ ਵਿਚ ਪਾਯਾ ਹੈ। ਮੋਹ ਦਾ ਜੋਸ਼ ਉਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਇਉਂ ਬੁਲਾਇਆ:-'ਦੁਸ਼ਟਾ! ਨਿੱਜ ਜੰਮਦੇਂ, ਔਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲੋਂ ਮਰ ਜਾਂਦਾ ਮੈਂ, ਐਸ ਉਮਰਾ ਵਿਚ ਮੈਨੂੰ ਇਹ ਸੱਲ ਦਿਖਾਆਿ ਹਈ। ਤੇਰਾ ਸੱਤ੍ਯਾਨਾਸ!'
ਦੀਵਾਨ ਜੀ ਨੇ ਅਜੇ ਖਬਰ ਨਹੀਂ ਕਿੰਨਾ ਕੁ ਜ਼ਹਿਰ ਉਗਲਣਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸੱਦਾ ਆ ਗਿਆ। ਬੜੀ ਛੇਤੀ ਉਠੇ ਦੀਵਾਨ ਖਾਨੇ ਵਿਚ ਜਾ ਕੇ ਕਪੜੇ ਪਹਿਨ ਕੇ ਨਵਾਬ ਸਾਹਿਬ ਵਲ ਗਏ। ਏਧਰ ਮਮਤਾ ਦੀ ਮਾਰੀ ਮਾਂ ਨੇ ਉਠਕੇ ਪੁੱਤਰ ਨੂੰ ਗਲ ਲਾਇਆ ਅਰ ਛਾਤੀ ਨਾਲ ਸਿਰ ਲਾ ਕੇ ਬਹਿ ਗਈ ਤੇ ਫੁੱਟ ਫੁੱਟ ਕੇ ਰੋਈ। ਭੈਣਾਂ ਬੀ ਆ ਚੰਬੜੀਆਂ ਤੇ ਰੋਣ ਲਗ ਪਈਆਂ। ਸਿੰਘ ਹੁਰਾਂ ਦੇ ਹਿਰਦੇ ਵਿਚ ਜਿਥੇ ਪਿਉ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉਥੇ ਮਾਤਾ ਤੇ ਭੈਣਾਂ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ, ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿਚ ਇਸ ਮੋਹ ਦੇ ਜਾਦੂ ਨੇ ਠੱਗ ਲੈਣ ਵਾਲਾ ਅਸਰ ਨ ਪੈਦਾ
ਮਾਂ- ਬੱਚਾ! ਤੇਰੇ ਸਿੱਖ ਹੋ ਜਾਣ ਕਰ ਕੇ।
ਪੁੱਤ੍ਰ- ਕੀ ਸਿੱਖ ਹੋਣਾ ਪਾਪ ਹੈ?
ਮਾਂ- ਨਹੀਂ ਕਾਕਾ ਪਾਪ ਕਾਹਦਾ ਹੈ, ਸਗੋਂ ਭਲੀ ਗੱਲ ਹੈ।
ਪੁੱਤ੍ਰ- ਹੋਰ ਕੁਛ ਐਬ ਹੈ?
ਮਾਂ— ਨਹੀਂ ਕਾਕਾ! ਉਤਮ ਗੱਲ ਹੈ, ਜੋ ਗੁਣ ਤੇਰੇ ਵਿਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿਚ ਭੀ ਨਹੀਂ ਹਨ। ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ। ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿਚ ਜੇ ਭਾਗ ਹੈ ਤੇਰੇ ਹੀ ਚਰਨਾਂ ਦੀ ਖੈਰ ਖਰੈਤ ਹੈ। ਜਿਸ ਦਿਨ ਦਾ ਤੂੰ ਜੰਮਿਆਂ ਹੈਂ ਉਸ ਦਿਨ ਦੀ ਚਹਿਲ ਪਹਿਲ ਹੈ ਤੇ (ਇਹ ਕਹਿ ਕੇ ਨੂੰਹ ਨੂੰ ਗਲ ਲਾ ਲਿਆ) ਜਿਸ ਦਿਨ ਦੀ ਇਹ ਪਿਆਰੀ ਸੁਘੜ ਸਾਡੇ ਘਰ ਆਈ ਹੈ ਤਦ ਦੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ (ਫਿਰ ਪੋਤਰੇ ਨੂੰ ਗੋਦੀ ਵਿਚ ਲੈ ਕੇ ਤੇ ਪਿਆਰ ਕਰਕੇ) ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ।
ਪੁੱਤ੍ਰ- ਮਾਂ ਜੀ! ਫੇਰ ਐਡਾ ਦੁੱਖ ਕਿਉਂ ਮਨਾਉਂਦੇ ਹੋ?
ਮਾਂ- ਬੱਚਾ! ਸਮਾਂ ਵੇਖਕੇ ਤੁਰਨਾ ਲੋੜੀਏ। ਇਕ ਵੇਰ ਇਕ ਸ਼ੇਰ ਨੇ ਬਘਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ?” ਬਘਿਆੜ ਨੇ ਕਿਹਾ ਕਿ 'ਹਾਂ ਮਹਾਰਾਜ!' ਸ਼ੇਰ ਨੇ ਉਸਨੂੰ ਘੁਰਕ ਕੇ ਕਿਹਾ 'ਹੇ ਦੁਸ਼ਟਾ! ਪਾਤਸ਼ਾਹ ਨੂੰ ਐਸੇ ਵਾਕ ਬੋਲਦਾ ਹੈ?' ਅਰ ਹੱਲਾ ਕਰਕੇ ਉਸ ਨੂੰ ਮਾਰ ਸਿੱਟਿਆ, ਫੇਰ ਇਕ ਖੋਤੇ ਨੂੰ ਪੁੱਛਣ ਲੱਗਾ: 'ਕਿਉਂ ਬਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ? ਖੋਤੇ ਨੇ ਕਿਹਾ: 'ਹਰੇ_ ਹਰੇ ਮਹਾਰਾਜ! ਆਪਦੇ ਮੂੰਹੋਂ ਤਾਂ ਖੁਸ਼ਬੋ ਆਉਂਦੀ ਹੈ।' ਸ਼ੇਰ ਨੇ ਕਿਹਾ: 'ਓ ਗਧੇ! ਸਾਡੇ ਪਾਤਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈਂ, ਜਿੰਦ ਨਹੀਂ ਲੋੜੀਂਦੀ ?' ਇਹ ਕਹਿਕੇ ਉਸ ਨੂੰ ਵੀ ਚਿੱਤ ਕਰ ਦਿੱਤਾ। ਫੇਰ ਲੂੰਬੜੀ ਦੀ ਵਾਰੀ ਆਈ, ਉਸ ਨੂੰ ਭੀ ਸ਼ੇਰ ਨੇ ਇਹ ਗੱਲ ਪੁੱਛੀ। ਲੂੰਬੜੀ ਬੋਲੀ ਮਹਾਰਾਜ! ਜਗਤ ਦੇ ਸਿਰਤਾਜ। ਮੈਨੂੰ ਕੁਛ ਦਿਨ ਤੋਂ ਰੇਜ਼ਸ਼ ਹੋ ਗਈ ਹੈ, ਨਿੱਛਾਂ ਤੇ ਨਜ਼ਲੇ ਨਾਲ ਨੱਕ ਪੱਕ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਬੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ।' ਸ਼ੇਰ ਨੇ ਹੱਸ ਕੇ
ਪੁਤ੍ਰ- ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ ਹਠ ਤੇ ਨਾ ਕੁਸ਼ਾਮਤੀਆਂ ਵਾਲੀ ਕੁਸ਼ਾਮਤ ਦਾ ਸਮਾਂ ਆਯਾ ਹੈ।
ਮਾਂ- ਬੱਚਾ! ਆਹ ਜਿਹੜੇ ਕੇਸ ਰੱਖ ਲਏ ਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ। ਤੈਂ ਸੁਣਿਆ ਨਹੀਂ ਕਿ ਇਕ ਵਾਰੀ ਇਕ ਨਵੇਂ ਬੀਜੇ ਖੇਤ ਵਿਚ ਕਈ ਪੰਛੀ ਚੁਗ ਚੁਗ ਖਾ ਰਹੇ ਸਨ, ਕ੍ਰਿਸਾਨ ਨੇ ਓਹ ਸਾਰੇ ਫੜ ਲਏ। ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ, ਤਦ ਇਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ, ਨਾ ਤੋਤਾ, ਨਾ ਮੈਂ ਖੇਤਾਂ ਦੇ ਬੀਜ ਚੁਗਣ ਵਾਲਾ ਪੰਛੀ, ਮੈਂ ਤਾਂ ਗ਼ਰੀਬ ਸਾਰਸ ਹਾਂ, ਮੇਰਾ ਭੋਜਨ ਜਲ ਵਿਚ ਹੁੰਦਾ ਹੈ, ਮੈਂ ਤਾਂ ਇਨ੍ਹਾਂ ਪੰਛੀਆਂ ਨਾਲ ਐਵੇਂ ਖੇਡ ਰਿਹਾ ਸਾਂ। ਕ੍ਰਿਸਾਨ ਨੇ ਕਿਹਾ 'ਤੂੰ ਸੱਚ ਕਹਿੰਦਾ ਹੈਂ ਪਰ ਇਨ੍ਹਾਂ ਦੀ ਸੰਗਤ ਵਿਚ ਵੜਨ ਕਰਕੇ ਮੈਂ ਤੈਨੂੰ ਬੀ ਚੋਰ ਹੀ ਸਮਝਦਾ ਹਾਂ। ਸੋ ਬੱਚਾ! ਤੁਰਕ ਹਾਕਮ ਤਾਂ ਉਸ ਕ੍ਰਿਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ। ਤੂੰ ਦੱਸ ਖਾਂ, ਸਦਕੇ ਜਾਈਏ ਅੰਬਰਸਰ ਦੇ, ਭਾਈ ਮਨੀ ਸਿੰਘ ਹੁਰਾਂ ਤੁਰਕਾਂ ਦਾ ਕੀ ਲੀਤਾ ਸੀ? ਐਸੇ ਸਮਦ੍ਰਿਸ਼ਟੇ ਕਿੱਥੇ ਮਿਲਦੇ ਹਨ, ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇਕ ਨਜ਼ਰ ਦੇਖਦੇ ਸਨ, ਫੇਰ ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ? ਤਿਵੇਂ ਬੱਚਾ! ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ ਕੀ ਵਰਤੇ? ਘਰ ਵਿਚ ਜਦ ਤੂੰ ਸਭ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੈਂ, ਕੌਣ ਤੈਨੂੰ ਹਟਕਦਾ ਸੀ? 'ਢੱਕੀ ਰਿੱਝੇ ਕੋਈ ਨ ਬੁੱਝੇ' ਵਾਲੀ ਗੱਲ ਤੁਰੀ ਜਾਂਦੀ ਸੀ।
ਪੁਤ੍ਰ- ਮਾਂ ਜੀ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ, ਪਰ-
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ॥
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ॥੨੧੭॥
ਨੱਚਣ ਲੱਗੀ ਤਾਂ ਘੁੰਡ ਕੇਹਾ? ਮਾਤਾ ਜੀ! (ਲੰਮਾ ਹਾਹਕਾ ਲੈਕੇ) ਮੇਰੇ ਹਿਰਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਗਈ ਹੈ, ਰੋਮ ਰੋਮ ਵਿਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਨ੍ਹਾਂ ਦਾ ਸ਼ਬਦ ਸੁਣਾਈ ਦੇਂਦਾ ਹੈ। ਉਹ ਪਿਆਰਾ ਸੁੰਦਰ ਤੇ ਤੇਜੱਸ੍ਵੀ ਚਿਹਰਾ ਹਰ ਪੱਤੇ, ਹਰ ਫੁੱਲ, ਹਰ ਰੰਗ ਵਿਚ ਚਮਕਦਾ ਦਿੱਸਦਾ ਤੇ ਮੈਨੂੰ ਆਪਣੀ ਵੱਲ ਖਿਚਦਾ ਹੈ। ਮੇਰਾ ਆਪਣਾ ਆਪ ਮੇਰੇ ਵੱਸ ਨਹੀਂ। ਮੈਂ ਸਿੱਖ ਹੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਭੀ ਸਮਝਦਾ ਹਾਂ। ਪਰ ਹਾਇ ਕੀ ਕਰਾਂ? ਪਿਆਰੇ ਦਾ ਪਿਆਰ ਘੁੰਮਣ ਘੇਰ ਵਿਚ ਵਸੇ ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ। ਤੁਸਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿੱਸਦੇ ਹਨ। ਮਾਂ ਜੀ :
ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ॥
ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ॥੧੦॥*
ਮਾਂ— (ਹਾਹੁਕਾ ਲੈ ਕੇ) ਬੱਚਾ ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਸੋ ਘਰ ਦੇ ਕੰਮ ਗਈਆਂ, ਪਰ ਫੇਰ ਬੀ ਐਸਾ ਕੰਮ ਕਰੀਏ ਕਿ ਸੱਪ ਬੀ ਮਰ ਜਾਏ ਤੇ ਲਾਠੀ ਬੀ ਬਚ ਜਾਏ।
ਪੁੱਤ੍ਰ- ਮਾਂ ਜੀ! ਦੱਸੋ, ਜ਼ਰੂਰ ਐਸੀ ਗੱਲ ਦੱਸ ਕਿ ਮੇਰੀ ਸਿੱਖੀ ਬੀ ਕੇਸਾਂ ਸਾਸਾਂ ਨਾਲ ਨਿਭ ਜਾਵੇ ਤੇ ਆਪ ਬੀ ਔਖੇ ਨਾ ਹੋਵੇ।
ਮਾਂ- ਬੱਚਾ ਕੇਸ ਛੱਡ ਦੇਹ, ਸਿੱਖਾਂ ਦੀ ਸੰਗਤ ਛੱਡ ਦੇਹ, ਸ਼ਕਲ ਪਿਤਾ ਵਾਲੀ ਰੱਖ, ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ।
–––––––––––––––
* ਰਾਮ ਲਾਲ ਦਾ ਇਹ ਭਾਵ ਸੀ: (ਕਲਗੀਆਂ ਵਾਲੇ ਦਾ) ਮੁਖੜਾ ਚੰਦ (ਵਰਗਾ) ਨੈਣ ਕਮਲਾਂ (ਵਰਗੇ ਹਨ) ਜੇ ਸੁਰਮੇ (ਨਾਲ) ਸ਼ਯਾਮ (ਰੰਗ ਦੀ ਮੌਜ ਦੇ ਰਹੇ) ਐਸੀ ਸੁਹਣੀ ਤੱਕਣੀ ਤੱਕ ਰਹੇ (ਕਿ) ਮਨ ਨੂੰ ਮੋਹ ਰਹੇ ਹਨ, (ਉਸ ਪਿਆਰੇ ਦੇ) ਭੇਦ ਵਿਚ ਮੈਂ ਮਗਨ ਹੋ ਗਿਆ ਹਾਂ। ਐਸੀ ਮਗਨਤਾ ਹੈ ਕਿ ਕੋਈ ਟੋਟੇ ਟੋਟੇ ਕਰ ਦੇਵੇ ਤਾਂ ਉਹ ਹਾਰੇਗਾ (ਮੈਨੂੰ ਸਰੀਰ ਕਟੀਣ ਦਾ ਪਤਾ ਬੀ ਨਹੀਂ ਲਗੇਗਾ)। ਅਥਵਾ-(ਆਪਣਾ ਆਪ) ਟੁਕੜੇ ਟੁਕੜੇ ਕਰ ਕੇ (ਪ੍ਰੇਮ ਦੀ ਬਾਜੀ ਉਸ ਦੇ ਅੱਗੇ ਹਾਰ ਦਿੱਤੀ ਹੈ। ਭਾਵ ਆਪਾ ਸਦਕੇ ਕਰ ਦਿੱਤਾ ਹੈ)।
ਪੁੱਤ੍ਰ- ਮਾਂ ਜੀ! ਤੁਸਾਂ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵਾਂ? ਕੇਸ! ਪਿਆਰੇ ਕੇਸ! ਜਿੰਦੇਂ ਪਿਆਰੇ ਕੇਸ। ਤਿਆਗਾਂ? ਗੁਰੂ ਕਾ ਤਾਜ ਬਖ਼ਸ਼ਿਆ ਭੋਇੰ ਤੇ ਪਟਕਾਂ? ਪਿਆਰੇ ਦੀ ਨਿਸ਼ਾਨੀ; ਪਿਆਰੇ ਦੀ ਪ੍ਰੇਮ-ਭਰੀ ਯਾਦ ਸੱਟ ਦਿਆਂ? ਹਾਇ! ਮੌਤ
ਆਵੇ ਪਰ ਇਹ ਨਾ ਹੋਵੇ! ਉਹ ਪਿਆਰਾ ਮੇਰੀ ਜਿੰਦ ਦੀ ਬੀ ਜਿੰਦ ਮੇਰੇ ਆਤਮਾਂ ਦੀ ਬੀ ਆਤਮਾਂ, ਗੁਰੂ ਗੋਬਿੰਦ ਸਿੰਘ, ਮੈਂ ਉਨ੍ਹਾਂ ਦੇ ਹੁਕਮ ਨੂੰ ਨਾ ਮੰਨਾਂ ? ਮਾਂ ਜੀ! ਮੌਤ ਆਵੇ, ਪਰ ਇਹ ਦਿਨ ਨਾ ਆਵੇ (ਠੰਢਾ ਸਾਹ ਤੇ ਅੱਖਾਂ ਤਰ-ਬਤਰ)।
ਮਾਂ- ਬੱਚਾ! ਮੈਂ ਪੱਥਰ ਚਿੱਤ ਤੇਰੇ ਕੋਮਲ ਹਿਰਦੇ ਦੀਆਂ ਬ੍ਰੀਕ ਗੱਲਾਂ ਕਿੱਥੋਂ ਸਮਝਾਂ ? ਪਰ ਧਰਮ ਤਾਂ ਹਿਰਦੇ ਵਿਚ ਹੈ ਦਿਖਾਵੇ ਨਾਲ ਕੀ ਬਣਦਾ ਹੈ?
ਪੁੱਤ੍ਰ- ਮਾਂ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀਂ ਸੰਸਾਰ ਨੂੰ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ।
ਮਾਂ- ਬੱਚਾ! ਕੀ ਕੇਸ ਹੀਨ ਸਾਰੇ ਨਰਕਾਂ ਨੂੰ ਜਾਣਗੇ?
ਪੁੱਤ੍ਰ— ਮਾਂ ਜੀ, ਇਹ ਤਾਂ ਪਤਾ ਨਹੀਂ, ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ। ਮੇਰੇ ਪਿਆਰੇ ਸਤਿਗੁਰੂ ਆਪ ਕੇਸ਼ਾਧਾਰੀ ਸਨ, ਮੈਂ ਕਿੱਕਰ ਉਹਨਾਂ ਦੇ ਪੂਰਨਿਆਂ ਤੇ ਨਾ ਤੁਰਾਂ ? ਤੂੰ ਸਾਹਿਬ ਹਉ ਸਾਂਗੀ ਤੇਰਾ। ਕੇਸ ਤਨ ਦੀ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇ ਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ, ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ। ਮਾਤਾ ਜੀ! ਸੱਚੇ ਧਰਮੀ ਹੋਣਾ ਤਾਂ ਵੱਡੀ ਦੂਰ ਹੈ, ਹਾਲੇ ਤਾਂ ਮੈਂ ਸਤਿਗੁਰਾਂ ਦਾ ਸਾਂਗੀ ਬਣਨ ਦਾ ਯਤਨ ਕਰਦਾ ਹਾਂ, ਪਰ ਆਹ! ਸਾਂਗੀ ਬਣਨੇ ਦਾ ਬੀ ਐਸਾ ਸੁਖ ਹੈ, ਜੋ ਜਗਤ ਦੇ ਸਮੱਗਰ ਸੁਖਾਂ ਥੀਂ ਵੱਡਾ ਹੈ: ਸੋਚੋ ਮਾਂ ਜੀ! ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫੇਰ ਕਿੱਡਾ ਆਨੰਦ ਹੋ ਜਾਵੇ?
ਮਾਂ- ਤਾਂ ਬੱਚਾ! ਅਜੇ ਤੂੰ ਸਿੱਖ ਬੀ ਨਹੀਂ?
ਪੁੱਤ੍ਰ ਮਾਂ ਜੀ! ਸਿੱਖ, ਮੈਂ ਤਾਂ ਸਿੱਖਾਂ ਦੇ ਜੋੜੇ-ਬਰਦਾਰ ਹੋਣ ਦੇ ਲਾਇਕ ਬੀ ਨਹੀਂ। ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ। ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾਂ ਲੋਕਾਂ ਦੇ ਵਡੱਕੇ ਤਰਸਦੇ ਹਨ।
ਮਾਂ- ਤੇ ਫੇਰ ਹੋਇਆ ਕੀ ?
ਪੁੱਤ੍ਰ- ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ॥
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ॥2॥ (ਚਉ: ਮ: ੫. ਪੰ: १३੬३)
ਮਾਂ- ਬੱਚਾ! ਕੀ ਕਹਾਂ? ਕੀ ਕਰਾਂ? ਅਤੇ ਕੀ ਨਾ ਕਰਾਂ? ਤੂੰ ਤਾਂ ਗੱਲਾਂ ਕੁਝ ਬਾਵਰਿਆਂ ਵਾਂਗੂ ਲੈ ਤੁਰਿਓਂ।
ਪੁਤ੍ਰ – ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ॥
ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ॥੬॥ (ਚਉ: ਮ: ੫ ਪੰ: ૧३੬੪)
ਮਾਂ- ਸੱਚ ਹੈ ਜੀਉਣ ਜੋਗਿਆ! ਤੇਰੇ ਭੇਤਾਂ ਨੂੰ ਮੈਂ ਕੀ ਜਾਣਾ।
(ਹਾਹੁਕਾ ਲੈ ਕੇ)— ਬੱਚਾ!... ਹੈਂ...ਤੇਰੀ ਸੁੰਦਰ ਦੇਹੀ, ਤੇਰਾ ਪਿਆਰਾ ਚਿਹਰਾ ਜ਼ਾਲਮ ਮੁਗਲ ਹਾਕਮਾਂ ਦੇ ਢਹੇ ਚੜ੍ਹ ਜਾਵੇਗਾ, ਰੋ ਕੇ) ਮੇਰੇ ਲਾਲ! ਉਹ ਖ਼ਬਰੇ ਤੇਰੇ ਨਾਲ ਕੀਹ ਕਰਨਗੇ? ਪਿਆਰੇ ਲਾਲ ? ਬੁੱਢੀ ਮਾਂ ਤੇ ਤਰਸ ਕਰ, ਬਖ਼ਸ਼ ਲੈ!....ਹਾਇ ਮਮਤਾ! ਲਾਲ! ਤੂੰ ਪੁੰਨ ਦਾਨ ਕਰ, ਗ੍ਰੰਥੀਆਂ ਨੂੰ ਪਾਲ, ਸਿੱਖਾਂ ਨੂੰ ਰੁਪਏ ਦੇਹ, ਜੋ ਤੇਰਾ ਜੀ ਆਵੇ ਧਰਮ ਦੇ ਕੰਮ ਕਰ। ...ਜੇ ਤੂੰ ਧਰਮ ਅਰਥ ਲਾਵੇਂ ਤਾਂ ਕੀ ਗੁਰੂ ਸਾਹਿਬ ਜੀ ਪ੍ਰਸੰਨ ਨਾ ਹੋਵਣਗੇ?
ਪੁਤ੍ਰ- ਕਿਉਂ ਨਹੀਂ, ਪਰ ਮਾਂ ਜੀ!..
ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ॥੧॥ (ਚਉ: ਮ: ੫ ਪੰ: १३੬३)
––––––––––
1. ਤਨ ਪ੍ਰੀਤਮ ਦੇ ਪ੍ਰੇਮ ਵਿਚ ਖਚਿਤ ਹੋ ਰਿਹਾ ਹੈ, ਰਾਈ ਦੇ ਦਾਣੇ ਜਿੰਨੀ ਵਿੱਥ ਨਹੀਂ ਰਹੀ। ਚਰਨ ਕਮਲਾਂ ਵਿਚ ਮਨ ਵਿੱਝ ਗਿਆ ਹੈ, ਸੰਜੋਗ ਦੀ ਸੂਰਤ ਵਾਲਿਆਂ ਨੂੰ (ਹੀ) ਇਸ ਦੀ ਸੋਝੀ (ਪੈ ਸਕਦੀ) ਹੈ।
2. ਸੰਸਾਰ ਝੂਠੇ ਵਿਹਾਰਾਂ ਵਿਚ ਉਲਝ ਰਿਹਾ ਹੈ (ਇਉਂ ਉਲਝਿਆ ਹੀ) ਮਰਦਾ ਤੇ ਗੁਆਚਦਾ ਰਹਿੰਦਾ ਹੈ (ਕਿਉਂਕਿ ਉਹ ਇਸ) ਭੇਤ ਨੂੰ ਨਹੀਂ ਜਾਣਦਾ (ਕਿ ਪ੍ਰੇਮ ਜੀਵਨ ਹੈ, ਸੋ ਉਹ) ਪ੍ਯਾਰੇ ਦੇ ਪ੍ਰੇਮ ਨਾਲ ਵਿੰਨ੍ਹਿਆ ਨਹੀਂ ਗਿਆ।
3. ਕਥਾ ਹੈ ਕਿ ਰਾਵਣ ਨੇ ਸੀਸ ਦੇ ਕੇ ਸ਼ਿਵਾਂ ਨੂੰ ਪ੍ਰਸੰਨ ਕੀਤਾ ਸੀ। ਜੇ ਇਸ ਪ੍ਰੇਮ ਦਾ ਸੌਦਾ ਦੰਮਾਂ ਨਾਲ ਮਿਲ ਸਕਦਾ ਹੁੰਦਾ ਤਾਂ ਰਾਵਣ ਵਰਗੇ ਕੰਗਾਲ ਤਾਂ ਨਹੀਂ ਸਨ ਜਿਹਨਾਂ ਨੂੰ ਸਿਰ ਦੇਣਾ ਪਿਆ। ਭਾਵ ਪਰਮੇਸ਼ੁਰ ਪ੍ਰੇਮ ਨਾਲ ਮਿਲਦਾ ਹੈ; ਧਨ ਨਾਲ ਨਹੀਂ।
ਮਾਤਾ- ਹਾਇ ਮੇਰੇ ਭਾਗ! ਮੈਂ ਪਹਿਲੋਂ ਕਿਉਂ ਨਾ ਮਰ ਗਈ, ਬੱਚਾ ਤੇਰੇ ਸਿਰ ਦੀਆਂ ਖੈਰਾਂ ਮਨਾਉਂਦਿਆਂ ਸੁਖਣਾ ਦੇਂਦਿਆਂ ਤੇ ਮੰਨਤਾਂ ਚੜ੍ਹਾਉਂਦਿਆਂ ਐਹ ਦਿਨ ਆਏ, ਤੂੰ ਸਿਰ-ਧੜ ਦੀ ਬਾਜੀ ਲਾ ਬੈਠਾ ਹੈ। ਬੱਚਾ! ਇਹ ਬਾਜ਼ੀ ਨਾ ਖੇਡ, ਜਿਸ ਰਸਤੇ ਤੂੰ ਚੜ੍ਹਿਆ ਹੈਂ ਧਰੂ ਪ੍ਰਹਿਲਾਦ ਆਦਿਕਾਂ ਵੱਲ ਵੇਖ, ਭਾਈ ਮਨੀ ਸਿੰਘ ਜੀ ਆਦਿਕਾਂ ਨੂੰ ਅੱਖੀਂ ਡਿੱਠਾ ਹਈ। ਹਾਇ, ਤਾਰੂ ਸਿੰਘ ਦੀ ਮਾਂ ਦਾ ਦਰਦਨਾਕ ਹਾਲ ਮੇਰਾ ਕਲੇਜਾ ਧੂਹ
ਲਿਜਾਂਦਾ ਹੈ: ਬੱਚਾ! ਇਹ ਬੜਾ ਕਠਨ ਪੈਂਡਾ ਹੈ।
ਪੁੱਤ੍ਰ- ਮਾਂ ਜੀ! ਮਹਾਰਾਜ ਜੀ ਕਹਿੰਦੇ ਹਨ:-
ਸਾਗਰ ਮੇਰੁ ਉਦਿਆਨ ਬਨ ਨਵਖੰਡ ਬਸੁਧਾ ਭਰਮ॥
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ॥੩॥
ਮਾਂ- ਪੁਤ੍ਰ! ਤੈਨੂੰ ਇਹ ਸ਼ੁਦਾ ਕਿਥੋਂ ਚੰਬੜ ਗਿਆ? ਮੈਂ ਤੈਨੂੰ ਭਲੇ ਪਾਸਿਓਂ ਤਾਂ ਨਹੀਂ ਰੋਕਦੀ। ਦੇਖ: ਪੁੰਨ ਦਾਨ, ਜਪ ਤਪ ਆਦਿਕ ਥੋੜੇ ਕੰਮ ਹਨ, ਜਿਨ੍ਹਾਂ ਨਾਲ ਖੁਸ਼ੀ ਹੁੰਦੀ ਅਰ ਜਸ ਫੈਲਦਾ ਹੈ ? ਮੈਂ ਤਾਂ ਨਿਰਾ ਏਸ ਗਲੋਂ ਰੋਕਦੀ ਹਾਂ, ਕਿ ਵੱਜ ਵਜਾ ਕੇ ਸਿੱਖ ਨਾ ਬਣ, ਆਪਣੇ ਧਰਮ ਦਾ ਰੌਲਾ ਨਾ ਪਾ।
ਪੁਤ੍ਰ- (ਠੰਢਾ ਸਾਹ ਭਰਕੇ) ਮਾਂ ਜੀ!
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ॥
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਉਂ ਸਰਬ॥੫॥
ਮਾਂ- (ਨਿਰਾਸ ਹੋ ਕੇ) ਬੱਚਾ! ਖ਼ਬਰੇ ਤੈਨੂੰ ਪ੍ਰੇਮ ਵਿਚ ਕੀ ਮਿੱਠਾ
ਲੱਗਾ ਹੈ, ਮੈਂ ਤਾਂ ਸਭ ਨੂੰ ਦੁਖੀ ਹੁੰਦਾ ਡਿਠਾ ਸੁਣਿਆ ਹੈ।
––––––––––
1. ਸਮੁੰਦਰ, ਸੁਮੇਰੂ ਪਹਾੜ, ਜੰਗਲ, ਬਨ, ਨੌਂ ਖੰਡਾਂ ਵਾਲੀ ਸਾਰੀ ਪ੍ਰਿਥਵੀ ਇਨ੍ਹਾਂ ਸਾਰੀਆਂ ਨੂੰ ਫਿਰ ਨਿਕਲਨਾ ਪਿਆਰੇ ਦੇ ਪ੍ਰੇਮ ਪੈਂਡੇ ਵਿਚ ਇਕ ਕਦਮ ਮਾਤ੍ਰ ਹੈ ਭਾਵ ਐਡਾ ਭਾਰਾ ਪੈਂਡਾ ਪ੍ਰੇਮ ਦੇ ਰਸਤੇ ਦਾ ਇਕ ਕਦਮ ਹੁੰਦਾ ਹੈ।
2. ਜਪ, ਤਪ, ਸੰਜਮ ਖੁਸ਼ੀ ਤੇ ਸੁਖ, ਮਾਨ, ਵਡਿਆਈ ਅਰ ਹੰਕਾਰ ਏਹ ਸਾਰੇ ਪਦਾਰਥ ਪਿਆਰੇ ਦੇ ਪ੍ਰੇਮ ਦੀ ਇਕ ਪਲ ਉਤੋਂ ਵਾਰ ਕੇ ਸੁੱਟ ਦਿਆਂ, ਭਾਵ ਏਹ ਕਿ ਸਾਰੇ ਪਦਾਰਥ ਪ੍ਰੇਮ ਦੀ ਇਕ ਪਲ ਦੇ ਤੁੱਲ ਨਹੀਂ ਹਨ।
ਪੁਤ੍ਰ–– ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ॥
ਬੀਧੈ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ॥੪॥
ਮਾਂ- ਸ਼ਰਾਬੀ ਨੂੰ ਨਸ਼ੇ ਦੀ ਚੇਟਕ ਵਾਂਗੂੰ ਇਹ ਭੀ ਚੇਟਕ ਹੀ ਜਾਪਦੀ ਹੈ। ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ?- ਹਾਇ ਪੁਤ੍ਰ! ਤੈਨੂੰ ਕੀ ਸ਼ੁਦਾ ਹੋ ਗਿਆ? ਮਾਂ ਵਾਰੀ! ਆ ਕੁਛ ਸਮਝ ਵੀ ਕਰ।
ਪੁਤ- ਮਾਂ ਜੀ! ਲਿਖਿਆ ਤਾਂ ਐਉਂ ਹੈ:-
ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ॥
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ॥੭॥
ਇਹ ਸੁਆਦ ਐਵੇਂ ਕਿਥੋਂ ਆ ਸਕਦਾ ਹੈ: ਆਪਣਾ ਆਪ ਜਦ ਤੀਕ ਨਾ ਜਾਣੇ ਤੇ ਸਤਿਗੁਰ ਕਲਗੀਧਰ ਦੀ ਕਿਰਪਾ ਨਾ ਹੋਵੇ? ਜੀਓ
ਜੀ ਹਾਂ:-
ਜਾਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ॥
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ॥੮॥
––––––––––
1. ਪ੍ਰੇਮ ਦੀ ਚਾਂਦਨੀ (ਰਿਦੇ ਰੂਪੀ) ਅਕਾਸ਼ ਵਿਚ ਪਸਰ ਰਹੀ ਹੈ (ਮਨ ਰੂਪੀ) ਭਵਰੇ ਹੁਰੀਂ (ਪ੍ਰੀਤਮ ਰੂਪੀ) ਕਮਲ ਵਿਚ ਵਿੰਨ੍ਹੇ ਤੇ ਬੱਝੇ ਜਾ ਕੇ ਬੀ ਲਿਪਟੇ ਰਹਿੰਦੇ ਹਨ। ਭਾਵ ਪ੍ਰੇਮ ਦਾ ਸੁਆਦ ਐਸਾ ਹੈ ਕਿ ਖੇਦਾਂ ਦੀ ਪ੍ਰਵਾਹ ਨਹੀਂ ਰਹਿੰਦੀ। ਮਸਕ੍ਰਿਨ-ਚੰਦ (ਵਿਲਸਨ ਕੋਸ) ਚਾਂਦਨੀ ਵੇਲੇ ਕਮਲ ਮੁੰਦੇ ਜਾਂਦੇ ਹਨ ਤਾਂ ਭਵਰੇ ਵਿਚ ਬੰਨ੍ਹੇ ਵਿਚੇ ਵਿੱਝ ਜਾਂਦੇ ਹਨ।
2. ਹੇ ਮੁਸਨ ਤਦੋਂ ਲੁੱਟੇ ਜਾਈਦਾ ਹੈ ਜਦੋਂ ਦਿਆਲ (ਪਰਮੇਸ਼ਰ) ਭੁੱਲ ਜਾਵੇ। (ਹਾਂ ਜਦੋਂ) ਘਬ ਦਬ ਪਰਮੇਸ਼ੁਰ ਤੋਂ ਵਿਛੋੜੇ ਤਾਂ ਇਹਨਾਂ ਨੂੰ ਸਾੜ ਦੇਈਏ, ਕਿਉਂਕਿ ਘਰ ਬਾਰ ਦੇ ਨੁਕਸਾਨ ਨਾਲ ਬੇਹਾਲ ਨਹੀਂ ਹੋਈਦਾ, ਬੇਹਾਲ ਤਾਂ ਪ੍ਰੇਮ ਦੇ ਵਿਛੁੜਨ ਨਾਲ ਹੋਈਦਾ ਹੈ।
3. ਜਿਨ੍ਹਾਂ ਨੂੰ ਪ੍ਰੇਮ ਦਾ ਸੁਆਦ ਪਿਆ ਹੈ ਓਹ ਪ੍ਰੀਤਮ (ਵਾਹਿਗੁਰੂ) ਦੇ ਚਰਨਾਂ ਦਾ ਹਰ ਵੇਲੇ ਮਨ ਵਿਚ ਸਿਮਰਨ ਕਰਦੇ ਹਨ। ਪਰਮੇਸ਼ੁਰ ਦੇ ਪ੍ਰੇਮੀ ਹੋਰ ਪਾਸੇ ਕਦੇ ਨਹੀਂ ਮੂੰਹ ਧਰਦੇ।
ਮਾਂ— ਮੈਂ ਸਮਝਾ ਰਹੀ, ਕੁਛ ਨਾ ਪੋਹਿਆ, ਹਾਇ ਪਿਆਰੇ ਪੁਤ੍ਰ! ਇਹ ਉੱਚੀਆਂ ਘਾਟੀਆਂ ਬਿਖੜੇ ਰਸਤੇ ਨਾ ਫੜ, ਆਪਣੇ ਅੰਦਰ ਵੜਕੇ ਸਤਿਗੁਰਾਂ ਨੂੰ ਧਿਆ ਲੈ। ਨਿੱਕੀ ਜਿਹੀ ਤੇਰੀ ਜਿੰਦ ਹੈ, ਇਹ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ, ਮੇਰੇ ਲਾਲ! ਕੀਕੁਰ ਬਚੇਂਗਾ?
ਪੁਤ੍ਰ— ਮਾਂ ਜੀ! ਹੈ ਤਾਂ ਇਸੇ ਤਰ੍ਹਾਂ।
ਲਖ ਘਾਟੀ ਊਂਚੌ ਘਨੋ ਚੰਚਲ ਚੀਤ ਬਿਹਾਲ॥
ਪਰ ਸਤਿਗੁਰਾਂ ਦੀ ਕ੍ਰਿਪਾ ਹੋਵੇ ਤਾਂ:-
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ॥੯॥
ਭੈਣ- ਵੀਰ ਜੀ! ਮਾਂ ਨੇ ਐਤਨਾ ਸਮਝਾਇਆ ਤੁਸਾਂ ਇਕ ਨਹੀਂ ਮੰਨੀ, ਕੀ ਸਬੱਬ ? ਜਿੱਕੁਰ ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ਸਭ ਵਗ ਗਿਆ, ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸਾਓ!
ਭਰਾ- ਭੈਣ ਜੀ! ਮੇਰੇ ਵੱਸ ਨਹੀਂ:-
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ॥
3. ਕਾਂਡ
ਹੁਣ ਤਾਂ ਮਾਂ ਬੇਵੱਸ ਹੋ ਫੇਰ ਪੁੱਤ੍ਰ ਨੂੰ ਗਲ ਨਾਲ ਲਾ ਅਰ ਬੜੇ ਪ੍ਰੇਮ ਨਾਲ ਘੁੱਟ ਕੇ ਸਾਵਣ ਦੇ ਮੀਂਹ ਵਾਂਗੂੰ ਐਸਾ ਰੋਈ ਕਿ ਇਕਤਾਰ ਬੱਝ ਗਈ। 'ਪਿਆਰੇ ਪੁਤ੍ਰ! ਬੁੱਢੀ ਮਾਂ ਤੇ ਤਰਸ ਕਰ। ਬੱਚਾ! ਤਰਸ ਕਰ।' ਐਤਕੀਂ ਸਿੰਘ ਸਾਹਿਬ ਬੀ ਨਾ ਰੁਕ ਸਕੇ, ਅੱਖਾਂ ਵਿਚ ਜਲ ਭਰ
ਆਇਆ ਤੇ ਬੋਲੇ:-
ਮਾਂ ਜੀ! ਤੁਹਾਡੀ ਖ਼ਾਤਰ ਮੈਂ ਇੰਨਾ ਕਰ ਸਕਦਾ ਹਾਂ ਕਿ ਇਸ ਘਰ ਵਿਚ ਚੁਬਾਰਾ ਮੈਨੂੰ ਦੇ ਛੱਡੋ, ਮੈਂ ਜੀਵਨ ਦੇ ਦਿਨ ਉਥੇ ਕੱਟ ਲਵਾਂਗਾ।
–––––––––
1. ਲੱਖਾਂ ਪਰਬਤਾਂ ਨਾਲੋਂ ਬੀ ਉੱਚਾ ਤੇ ਬਿਖੜਾ (ਪ੍ਰੇਮ ਦਾ) ਰਸਤਾ ਹੈ ਅਰ ਚਿਤ ਚੰਚਲ (ਹੋਣ ਕਰਕੇ) ਬੇਹਾਲ ਹੈ, ਭਾਵ ਪਹੁੰਚਣ ਜੋਗਾ ਨਹੀਂ ਪਰ ਜਿਵੇਂ ਚਿਕੜ ਨੀਚ ਹੈ (ਪਰ ਉਸ ਵਿਚ ਕਮਲ ਉਗਦਾ ਹੈ ਤਿਵੇਂ ਜਿਥੇ) ਘਨੀ ਨਿੰਮ੍ਰਤਾ (ਹੋਵੇ ਓਥੇ) ਕਰਨੀ (ਰੂਪੀ) ਕੌਲ ਫੁੱਲ ਦੀ ਸੁੰਦਰਤਾ ਉਪਜਦੀ ਹੈ।
2. ਭਾਵ ਪਿਆਰੇ ਦੇ ਪ੍ਰੇਮ ਵਿਚ ਮਸਤ ਹੋ ਗਿਆ ਹਾਂ, ਅਰ ਹੁਣ ਮੈਨੂੰ ਕੋਈ ਸੁਧ ਬੁਧ ਨਹੀਂ ਰਹੀ।
ਬਾਹਰ ਨਿਕਲਣਾ, ਕਿਸੇ ਦੇ ਮੱਥੇ ਲੱਗਣਾ ਸਭ ਤਿਆਗ ਦਿਆਂਗਾ। ਨਾ ਕਿਸੇ ਨੂੰ ਪਤਾ ਲੱਗੇ ਨਾ ਆਪ ਨੂੰ ਔਖ ਹੋਵੇ, ਪਰ ਮੈਂ ਇਹ ਨਹੀਂ ਕਰ ਸਕਦਾ ਕਿ ਥੋੜੇ ਦਿਨਾਂ ਦੇ ਜੀਵਨ ਖ਼ਾਤਰ ਸਦਾ ਅੰਗ ਸੰਗ ਰਹਿਣੇ ਵਾਲੇ ਧਰਮ ਦਾ ਤਿਆਗ ਕਰਦਿਆਂ।
ਮਾਂ- ਬੱਚਾ! ਜੇ ਇੰਨਾ ਬੀ ਮੰਨ ਲਵੇਂ ਤਾਂ ਲੱਖ ਸ਼ੁਕਰ ਹੈ, ਪਰ ਤੇਰਾ ਜੀ ਨਾ ਅਕੁਲਾਵੇਗਾ ?
ਪੁਤ੍ਰ- ਨਹੀਂ ਮਾਂ ਜੀ! ਮੈਨੂੰ ਏਕਾਂਤ ਸੁਖਦਾਈ ਹੈ। ਮੇਰੇ ਸਤਿਗੁਰ ਹਰ ਵੇਲੇ ਅੰਗ ਸੰਗ ਹਨ।
ਇਸ ਨਿਬੇੜੇ ਨਾਲ ਸਭ ਨੂੰ ਤਸੱਲੀ ਹੋ ਗਈ। ਏਨੇ ਪਰ ਦੀਵਾਨ ਸਾਹਿਬ ਪੰਡਿਤ ਸਾਹਿਬ ਤੇ ਵੱਡਾ ਪੁਤ੍ਰ ਆ ਗਏ, ਆਉਂਦੇ ਸਾਰ ਹੀ ਦੀਵਾਨ ਸਾਹਿਬ ਬੋਲੇ:-
'ਦੁਸ਼ਟ ਰਾਮ ਲਾਲ! ਨਿਕਲ ਜਾਓ, ਮੇਰੀ ਹਵੇਲੀਓਂ ਬਾਹਰ ਅਰ ਜੀਉਂਦੇ ਜੀ ਮੇਰੇ ਕਦੀ ਮੱਥੇ ਨਾ ਲੱਗੋ।'
ਪੰਡਿਤ- ਰਾਮ ਲਾਲ! ਤੇਰੀ ਬੁੱਧੀ ਕੋ ਕਿਆ ਹੋ ਗਿਆ ? ਮਲੇਛ! ਰਾਜ ਘਰਾਣੇ ਮੇਂ ਹੋ ਕੇ ਕਿਆ ਕੀਆ? ਅਬ ਬੀ ਸਮਝ!
ਮਾਂ- ਪੰਡਤ ਜੀ, ਲਹੂ ਨਾਲ ਲਹੂ ਧੋਤਿਆਂ ਪੂਰੀ ਨਹੀਂ ਪੈਂਦੀ, ਕੁਝ ਨਰਮੀ ਤੇ ਪਿਆਰ ਤੋਂ ਕੰਮ ਲੈਣਾ ਚੰਗਾ ਹੁੰਦਾ ਹੈ। ਰਾਮ ਲਾਲ ਘਰ ਵਿਚ ਗੁਪ ਛੁਪ ਰਹਿਣਾ ਮੰਨਦਾ ਹੈ, ਇਹ ਪ੍ਰਬੰਧ ਮੈਂ ਕਰ ਲਵਾਂਗੀ ਘਰੋਂ ਬਾਹਰ ਸੋ (ਖਬਰ) ਨਾਂ ਨਿਕਲੇ। ਘਰੋਂ ਕੱਢਕੇ ਤਾਂ ਆਪ ਮੌਤ ਦੇ ਮੂੰਹ ਪਾ ਦੇਣਾ ਹੋਵੇਗਾ, ਕੁਛ ਸੋਚ ਕਰ ਲਓ।
ਪੰਡਤ- ਮਾਈ! ਸੱਚ ਹੈ, ਹੁਣ ਲੁਕਾਉ ਦਾ ਵੇਲਾ ਲੰਘ ਗਿਆ। ਨਵਾਬ ਨੂੰ ਮਾਲੂਮ ਹੋ ਗਿਆ ਹੈ, ਹੁਣ ਦੀਵਾਨ ਸਾਹਿਬ ਓਥੋਂ ਹੋ ਕੇ ਆਏ ਹਨ। ਨਵਾਬ ਸਾਹਿਬ ਕਹਿੰਦੇ ਹਨ ਸਿੱਖ ਨਾ ਰਹੇ, ਜੇ ਨਾ ਮੰਨੇ ਤਾਂ ਸਾਡੇ ਹਵਾਲੇ ਕਰੋ। ਬੜੀ ਮੁਸ਼ਕਲ ਨਾਲ ਇਹ ਮਨਾਇਆ ਹੈ ਕਿ ਜੇ ਸਾਡੇ ਆਖੇ ਨਾ ਲੱਗਾ ਤਾਂ ਘਰੋਂ ਕੱਢ ਦਿਆਂਗੇ।
ਮਾਂ- ਹਾਇ ਮੈਂ ਮਰ ਗਈ! ਪੰਡਤ ਜੀ! ਤੁਸੀਂ ਹੀ ਕੁਝ ਦਇਆ ਕਰਦੇ। ਮੇਰਾ ਲਾਲ! ਹਾਇ ਹਾਇ, ਮੇਰਾ ਬਾਲ, ਦਰ-ਬ-ਦਰ ਰੁਲੇਗਾ ਹਾਇ ਰੱਬਾ! ਮੈਂ ਕੀ ਕਰਾਂ?
ਦੀਵਾਨ— ਬਾਉਲੀ ਹੋ ਗਈ ਏਂ। ਸਿਆਣੇ ਕਹਿੰਦੇ ਹਨ ਕਿ ਜ ਉਂਗਲ ਸੌਂਪ ਥੀਂ ਡੰਗੀ ਜਾਏ ਸੇ ਵੇਢ ਦਿਓ, ਜੇ ਕਿਵੇਂ ਬਾਕੀ ਦਾ ਸਰੀਰ ਬਚ ਜਾਏ। ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇੱਜਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣ ਕੇ ਵੈਦ ਦੇਣਾ ਭਲੀ ਗੱਲ ਹੈ।
ਮਾਂ- ਹਾਇ ਰਾਮ' ਪਵਿਤਰ ਆਤਮਾ ਪੁੜ ਗੰਦੀ ਉਂਗਲ!। ਪ੍ਰਲੋਕ ਵਿਚ ਸਹਾਈ ਹੋਣ ਵਾਲਾ ਦੁਲਾਰਾ ਜਹਿਰ ਦੇ ਸਮਾਨ! ਸਾਰੇ ਟੱਬਰ ਦਾ ਚੰਦ ਹੈ, ਮੇਰਾ ਲਾਡਲਾ ਬਾਲ
ਦੀਵਾਨ— ਤੇ ਨਾਲ ਹੀ ਪੇਟੀ ਗਈ, ਸਿਰ ਮੁੰਨ ਕੇ ਏਸੇ ਨਾਲ ਹੀ ਕੱਢ ਦਿਆਂਗਾ।
ਪੁੱਤ੍ਰ- (ਮਾਂ ਦੇ ਪੈਰ ਫੜਕੇ) ਪਿਆਰੀ ਮਾਂ! ਮੇਰੇ ਪਿੱਛੇ ਆਪਣੀ ਪਤ ਨਾ ਗੁਆ, ਮੇਰੇ ਭਾਗ ਮੇਰੇ ਨਾਲ ਹਨ, ਤੂੰ ਫਿਕਰ ਨਾ ਕਰ, ਦੇ ਪੁੱਤ ਤੇਰੇ ਘਰ ਹੋਰ ਹਨ: ਉਨ੍ਹਾਂ ਵਲ ਚਿੰਤ ਲਾ, ਮੈਨੂੰ ਸਮਝ ਕਿ ਮਰ ਗਿਆ ਹੈ, ਜਿਨ੍ਹਾਂ ਦੇ ਪੁੱਤ੍ਰ ਮਰ ਜਾਂਦੇ ਹਨ, ਉਹ ਮਾਵਾਂ ਬੀ ਸਬਰ ਕਰਦੀਆਂ ਹੀ ਹਨ ਨਾ।
ਮਾਂ- ਬੱਚਾ! ਜੀਉਣ ਉਹ ਬੀ, ਪਰ ਤੇਰੇ ਬਿਨਾਂ ਜਿਉ ਕਿਵੇਂ ਪਰਚਾਵਾਂ ? ਬੱਚਾ! ਮੈਂ ਕੀਕੁਰ ਜੀਵਾਂਗੀ ? ਤੂੰ ਮੇਰੀ ਜਿੰਦ ਦਾ ਟੁਕੜਾ, ਮੇਰਾ ਲਾਲ, ਮੇਰੇ ਲਾਡਲੇ ਦੁਲਾਰੇ!
ਵੱਡਾ ਪੁਤ੍ਰ- ਮਾਂ! ਹੋਸ ਕਰ, ਸੱਚ ਮੁਚ ਤੀਵੀਂ ਦੀ ਅਕਲ ਗੋਤ ਪਿੱਛੇ। ਸਮਾਂ ਵੇਖ ਕੇ ਬਾਕੀ ਟੱਬਰ ਦੀ ਸੁਖ ਮੰਗ।
ਮਾਂ- ਵੇ ਰਾਮ ਲਾਲ ਮੈਨੂੰ ਤਿੰਨ ਪੁੱਤ ਹੁੰਦਿਆਂ ਨਿਪੋਤੀ ਕਰ ਚੱਲਿਓ। ਮੈਨੂੰ ਨਿੱਤ ਦੀ ਚਿਖਾ ਵਿਚ ਪਾ ਚੱਲਿਓ। ਨਾ ਮਰਾਂਗੀ ਨਾ ਜੀਵਾਂਗੀ, ਬੱਚਾ। ਦਿਨ ਰਾਤ ਵੈਣ ਕਰਾਂਗੀ।
ਦੀਵਾਨ- ਬਾ (ਹੰਸ) ਮਾਰੀ ਹੋਈ, ਅਕਲ ਕਰ, ਹੰਸ ਕਰ, ਕਿਤੇ ਇਸ ਦੇ ਨਾਲ ਨਾ ਸੂਲੀ ਚੜੀ ਤੂੰ ਬੀ!
ਸਿੰਘ ਜੀ ਦੀਆਂ ਭੈਣਾਂ ਬਿਹਬਲ ਹੋਈਆਂ ਜਾਰ ਜਾਰ ਰੋਂਦੀਆਂ ਤੇ ਵੀਰ ਦੇ ਹੱਥ ਫੜ ਫੜ ਕਹਿੰਦੀਆਂ ਸਨ: ਵੇ ਵੀਰ ਅਸਾਂ ਗਊਆਂ ਤੇ ਦਇਆ ਕਰ: ਵੀਰ ਵੇ। ਗਊਆਂ ਨੂੰ ਘਾਹ ਪਾ. ਲਾਲੇ ਜੀ ਦਾ ਕਿਹਾ ਮੰਨ ਵੀਰ ਵੇ। ਸਦਾ ਦੇ ਸੋਲ ਨਾ ਦੇਹ ਬਾਕੀ ਸਾਰਾ ਟੱਬਰ ਰੋ ਰੋ ਕੇ ਫਾਹਵਾ ਹੋ ਰਿਹਾ ਸੀ: ਬਾਂਦੀਆਂ, ਗੋਲੀਆਂ, ਟਹਿਲਣਾਂ, ਜੋ ਸਭ ਸਿੰਘ ਜੀ ਦੀ
ਦਇਆ ਦਾ ਪਾੜ੍ਹ ਸਨ, ਰੋਂਦੀਆਂ ਸਨ। ਦੀਵਾਨ ਸਾਹਿਬ ਲੋਹੇ ਲਾਖੇ ਹੋ ਰਹੇ ਸਨ। ਪੰਡਤ ਜੀ ਉਤੋਂ ਕੋਮਲ ਅੱਖਾਂ ਜਲ ਨਾਲ ਪੂਰਤ ਤੇ ਅੰਦਰੋਂ ਸਿੱਧੇ ਘੜੇ ਹੋ ਰਹੇ ਸੇ। ਵੱਡਾ ਭਿਰਾਉ ਹੈਰਾਨੀ ਤੇ ਗੁੱਸੇ ਵਿਚ ਗੁਟਿਆ ਹੋਇਆ ਘੂਰ ਰਿਹਾ ਸੀ।
ਮਾਂ- ਬੱਚਾ! ਉਸ ਕਲਗੀਆਂ ਵਾਲੇ ਗੁਰੂ ਦੇ ਚਰਨਾਂ ਦੀ ਖਰੈਤ ਮੇਰਾ ਬਚਨ ਮੰਨ: ਤੈਨੂੰ ਉਸੇ ਦਾ ਵਾਸਤਾ ਹਈ।
ਕਲਗੀਆਂ ਵਾਲੇ ਦਾ ਵਾਸਤਾ ਸੁਣਦੇ ਹੀ ਸਿੰਘ ਜੀ ਨੇ ਇਕ ਘੇਰਨੀ. ਖਾਧੀ। ਹਾਇ! ਕੈਸੀ ਕੋਮਲ ਦਸ਼ਾ ਹੈ, ਜੇ ਗੁਰੂ ਦਾ ਵਾਸਤਾ ਮੋੜੇ ਤਦ ਬੇਮੁਖ, ਜੇ ਮੰਨੇ ਤਦ ਸਿੱਖੀ ਹਾਰ ਕੇ ਬੇਮੁਖ, ਕਰੇ ਤਾਂ ਕੀ ਕਰੇ ? ਮਾਂ ਦੇ ਅਤਿ ਪਿਆਰ, ਭੈਣਾਂ ਦੇ ਅਤਿ ਸਨੇਹ ਆਦਿ ਨੇ ਦਿਮਾਗ ਨੂੰ ਚਕਾ ਦਿੱਤਾ ਅਰ ਮੂਰਛਾ ਜੇਹੀ ਹੋ ਗਈ।
ਐਸੀਆਂ ਕਸ਼ਟ ਭਰੀਆਂ ਦਸ਼ਾ ਵਿਚ ਸਾਡੇ ਬਜ਼ੁਰਗਾਂ ਨੇ ਖਾਲਸਾ ਧਰਮ ਗ੍ਰਹਿਣ ਕੀਤਾ ਸੀ ਜੋ ਅੱਜ ਕਲ੍ਹ ਮਾਇਆ ਦੇ ਝਲਕੇ ਤੇ ਵਿਸ਼ਿਆਂ ਦੇ ਮੋਹ ਅੱਗੇ ਮੁਫ਼ਤ ਦਿੱਤਾ ਜਾ ਰਿਹਾ ਹੈ; ਗੁਰੂ ਰੱਖਿਆ ਕਰੇ।
ਗੋਲੀਆਂ ਦੌੜੀਆਂ, ਗੁਲਾਬ ਕਿਉੜੇ ਦੇ ਛੱਟੇ ਮਾਰ ਕੇ ਹੋਸ ਲਿਆਂਦੀ। ਮਾਂ, ਮਮਤਾ ਦੀ ਮਾਰੀ ਮਾਂ, ਪੁੱਤ ਦਾ ਹੱਥ ਹੱਥਾਂ ਵਿਚ ਲੈ ਕੇ ਤੇ ਪਲੋਸ ਕੇ ਬੋਲੀ, ਮੇਰੇ ਲਾਲ! ਹੋਸ਼ ਕਰ, ਮੈਂ ਗੁਰੂ ਦਾ ਵਾਸਤਾ ਛੱਡਿਆ ਤੂੰ ਤਕੜਾ ਹੈ। ਜਾਂ ਰਾਮ ਲਾਲ ਉਠਿਆ, ਦੀਵਾਨ ਨੇ ਬਾਂਹ ਫੜ ਕੇ ਕਿਹਾ! ਜਾਓ ਨਿਕਲੇ, ਢਿੱਲ ਨਾ ਕਰੋ।
ਰਾਮ ਲਾਲ ਨੇ ਕਦਮ ਚੁੱਕਿਆ ਤਾਂ ਉਸ ਦੀ ਸਿੱਖਣੀ ਤੇ ਪੁਤ੍ਰ ਬੀ ਮਗਰ। ਦੀਵਾਨ ਨੇ ਨੂੰਹ ਦੀ ਬਾਂਹ ਫੜ ਕੇ ਕਿਹਾ, ਤੈਂ ਨਹੀਂ ਜਾਣਾ। ਪਰ ਬਾਂਹ ਛੁਡਾ ਕੇ ਪਤੀਬ੍ਰਤਾ ਪਤੀ ਦੇ ਮਗਰ। ਤਦ ਮਾਂ ਨੇ ਕਿਹਾ: ਬੱਚਾ! ਜਰਾ ਠਹਿਰ ਜਾ। ਬਾਹੋਂ ਫੜ ਕੇ ਪੁਤ੍ਰ ਨੂੰ ਪਾਸ ਬਹਾਲ ਲਿਆ। ਤੇ ਰੋ ਰੋ ਕੇ ਬੋਲੀ: ਕਾਕਾ! ਮੈਨੂੰ ਮਾਰ ਕੇ ਜਾਂਦੇਂ, ਤੇਰਾ ਹੱਥ ਲੱਗਦਾ ਤਾਂ ਮੇਰਾ ਅੱਗਾ ਸੌਰਦਾ ਤੇ ਤੂੰ ਤਾਂ ਹੁਣ ਵਹੁਟੀ ਬੀ ਨਾਲ ਲੈ ਚੱਲਿਓ! ਮੇਰੇ ਪੋਤਰੇ ਤੇ ਨੂੰਹ ਨੂੰ ਤਾਂ ਛੱਡ ਜਾਹ!
ਪੁੱਤ੍ਰ ਮਾਂ ਜੀ ਇਹ ਸਭ ਤੁਹਾਡੀ ਦੌਲਤ ਹਨ, ਇਨ੍ਹਾਂ ਨੂੰ ਰੱਖ, ਮੈਂ ਨਾਲ ਨਹੀਂ ਲਿਜਾਂਦਾ।
ਸਿੱਖਣੀ (ਸੱਸ ਅੱਗੇ ਹੱਥ ਜੋੜ ਕੇ) ਮਾਂ ਜੀ! ਬਖਸ਼ੋ, ਮੈਨੂੰ ਆਗ੍ਯਾ ਦਿਓ! ਜਿੱਥੇ ਇਹ ਜਾਣਗੇ ਓਥੇ ਹੀ ਮੈਂ ਜਾਵਾਂਗੀ। ਇਨ੍ਹਾਂ ਨਾਲੋਂ ਮੈਂ ਅੱਡ ਨਹੀਂ ਰਹਿ ਸਕਦੀ।
ਮਾਂ- ਧੀਏ! ਮੇਰਾ ਕੌਣ?
ਨੂੰਹ— ਤੇ ਮਾਂ ਜੀ ਸ੍ਵਾਮੀ ਬਾਝ ਮੇਰਾ ਕੌਣ? ਆਪ ਵੱਡੇ ਸਿਰ ਮੱਥੇ ਤੇ, ਪਰ ਸ੍ਵਾਮੀ ਦੇ ਚਰਨਾਂ ਦੀ ਦਾਸੀ ਹੋਣ ਕਰਕੇ ਉਨ੍ਹਾਂ ਦੀ ਸੇਵਾ ਤੋਂ ਕਿੱਕੁਰ ਮੂੰਹ ਮੋੜਾਂ? ਘਰ ਦੇ ਸੁਖ ਭੋਗਾਂ ਤੇ ਪਤੀ ਦੇ ਦੁੱਖਾਂ ਦਾ ਹਿੱਸਾ ਨਾ ਵੰਡਾਵਾਂ ? ਅੱਧਾ ਅੰਗ ਸਾਰੇ ਤੋਂ ਕੀਕੂੰ ਵਿਛੜੇ? ਲੋਕ ਪ੍ਰਲੋਕ, ਦੁੱਖ ਸੁੱਖ, ਏਹ ਮੇਰਾ ਹਰ ਥਾਂ, ਹਰ ਹਾਲ, ਆਸਰਾ ਪਰਨਾ, ਮੇਰਾ ਆਪਣਾ ਆਪ: ਮੈਂ ਆਪਣੇ ਆਸਰੇ ਤੋਂ ਆਪਣੇ ਆਪੇ ਤੋਂ ਕੀਕੂੰ ਵਿਛੁੜਾਂ?
ਦੀਵਾਨ- ਬਈ, ਸਿੱਖਾਂ ਦੀ ਸੰਗਤ ਬੀ ਬੁਰੀ ਇਕ ਛੁਰੀ ਹੈ। ਇਹ ਕੁੜੀ ਬੀ ਗਿਆਨ ਸਾੜਨ ਲੱਗੀ ਜੇ। ਹੱਛਾ ਪਰਾਲਬਧ! ਇਸ ਕੇ ਭੀ ਨਿਕਾਲ ਦਿਓ। ਲੜਕੇ ਨੂੰ ਰੱਖ ਲਓ।
ਬਾਲਕ- ਨਾ ਨਾ ਬਾਬਾ! ਮੈਂ ਨਹੀਂ ਰਹਿੰਦਾ, ਜਿੱਥੇ ਮੇਰੇ ਬਾਪੂ ਜੀ ਤੇ ਮਾਂ ਜੀ ਰਹਿਣਗੇ, ਓਥੇ ਹੀ ਮੈਂ ਰਹਾਂਗਾ।
ਦੀਵਾਨ- ਕਿਉਂ ਬੱਚੂ ?
ਬਾਲਕ- ਇਨ੍ਹਾਂ ਦੇ ਪਿੱਛੋਂ ਮੈਂ ਰੋਟੀ ਕਿਥੋਂ ਖਾਊਂ?
ਪੰਡਤ- ਮੂਰਖ! ਦੀਵਾਨ ਸਾਹਿਬ ਦੇ ਘਰ ਰੋਟੀ ਨਹੀਂ ਹੈ ?
ਬਾਲਕ- ਪਰ ਏਥੇ ਸਾਰੇ ਹੁੱਕੇ ਪੀਂਦੇ ਹਨ, ਮੈਂ ਰੋਟੀ ਕੀਕੂੰ ਖਾਉਂ? ਮੈਨੂੰ ਸ਼ਬਦ ਕੌਣ ਸੁਣਾਊ? ਮੈਨੂੰ ਕਲਗੀਆਂ ਵਾਲੇ ਦੇ ਪਿਆਰ ਦੀਆਂ ਗੱਲਾਂ ਕੌਣ ਸਮਝਾਉ ?
ਦੀਵਾਨ- (ਮੱਥੇ ਤੇ ਹੱਥ ਮਾਰਕੇ) ਇਕ ਨੂੰ ਕੀ ਰੋਨੀਏਂ ਊਤ ਗਿਆ ਈ ਆਵਾ।
ਦੀਵਾਨਣੀ— (ਪੋਤਰੇ ਨੂੰ ਕੁੱਛੜ ਲੈ ਕੇ ਤੇ ਪਿਆਰ ਦੇ ਕੇ) ਮੇਰੇ ਅੱਖਾਂ ਦੇ ਤਾਰੇ! ਰੋਟੀ ਮੈਂ ਪਕਾਉਂ, ਵੱਖਰਾ ਚੌਂਕਾ ਬਣਾਉਂ, ਤੂੰ ਤਾਂ ਮੇਰੇ ਪਾਸ ਰਹੁ ਨਾ, ਲਾਲ!
ਬਾਲਕ ਪਰ ਫੇਰ ਮੈਨੂੰ ਵੀ ਆਖੋਗੇ ਕੇਸ ਨਾ ਰੱਖ। ਮੈਂ ਕੇਸ ਰੱਖਣੇ ਹੋਏ, ਨਾਲੇ ਬਾਪੂ ਜੀ ਤੋਂ ਕੌਣ ਵਿਛੁੜੇ, ਇਹ ਕਲਗੀਆਂ ਵਾਲੇ ਦੇ ਪਿਆਰੇ ਹਨ। ਮਾਂ ਜੀ ਨੂੰ ਕੌਣ ਛੱਡੇ, ਨਿੱਤ ਗੁਰੂ ਨਾਨਕ ਜੀ ਦੇ ਪ੍ਰੇਮ ਦੀ ਕਥਾ ਕਰਦੇ ਹਨ।
ਦੀਵਾਨਣੀ— ਵੇ ਦੇਵਤਿਆਂ ਦੇ ਉਤਾਰੋ! ਮੈਂ ਔਗੁਣਹਾਰੀ ਨੂੰ ਨਾਲ ਲੈ ਚੱਲੋ, ਵੇ ਪ੍ਰਮੇਸ਼ੁਰ ਦੇ ਸਵਾਰਿਓ! ਦਯਾ ਕਰੋ, ਵੇ ਮੈਨੂੰ ਵੀ ਨਾਲ ਲੈ ਚੱਲੋ!
ਦੀਵਾਨ- (ਦੀਵਾਨਣੀ ਦਾ ਹੱਥ ਹੁਜਕ ਕੇ ਤੇ ਪਰੇ ਪਟਕਾ ਕੇ) ਚੱਲ ਸੁਸਰੀ! (ਪੁਤ ਨੂੰਹ ਵੱਲ) ਨਿਕਲ ਜਾਓ!
ਦੀਵਾਨਣੀ— (ਪਾਸ ਪਈ ਕਟਾਰ ਚੁੱਕ ਕੇ) ਵੇ ਬੱਚਾ! ਮੈਨੂੰ ਮੁਕਾ ਕੇ ਜਾਵੀਂ (ਦੌੜ ਕੇ ਸਿੰਘ ਜੀ ਨੂੰ ਬੂਹੇ ਵਿਚੋਂ ਫੜ ਲਿਆ) ਬੱਚਾ! ਮੇਰਾ ਕੰਮ ਪੂਰਾ ਕਰ ਜਾਹ (ਕਟਾਰ ਉਸਦੇ ਹੱਥ ਵਿਚ ਦੇਵੇ) ਮੈਨੂੰ ਮਾਰ ਜਾਹ, ਮੈਂ ਕਿੱਕੁਰ ਜੀਵਾਂਗੀ? ਹਾਇ ਵੇ ਲੋਕੋ, ਮੇਰਾ ਸਰਬੰਸ ਲੁਟ ਗਿਆ। ਕੋਈ ਬਚਾਓ ਵੇ। ਕੋਈ ਰੁੜ੍ਹਦੀ ਬੇੜੀ ਬੰਨੇ ਲਾਓ ਵੇ! ਇਉਂ ਬਿਹਬਲ ਹੋਈ ਨੇ ਕਟਾਰ ਆਪਣੇ ਪੇਟ ਵਿਚ ਮਾਰੀ, ਲਹੂ ਚੱਲ ਪਿਆ ਤੇ ਭੁਆਟਣੀ ਖਾਕੇ ਡਿੱਗ ਪਈ। ਵਡੇ ਭਰਾ ਨੇ ਧੱਕਾ ਮਾਰ ਕੇ ਸਿੰਘ, ਸਿੰਘਣੀ ਤੇ ਭੁਝੰਗੀ ਨੂੰ ਬਾਹਰ ਕੱਢ ਦਿੱਤਾ ਤੇ ਬੂਹਾ ਅੰਦਰੋਂ ਭੀੜ ਲਿਆ।
4. ਕਾਂਡ
ਮਾਪਿਆਂ ਦੇ ਰਾਮ ਲਾਲ ਤੇ ਖਾਲਸੇ ਜੀ ਦੇ ਬਿਜੈ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਝੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਜ਼ਾਰਾਂ ਥਾਣੀਂ ਹੁੰਦੇ ਹੋਏ ਇਕ ਐਸੇ ਆਦਮੀ ਦੇ ਘਰ ਪਹੁੰਚੇ, ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਸਿੱਖਾਂ ਵਾਲਾ ਸੀ, ਕੇਵਲ ਕੇਸਾਧਾਰੀ ਨਹੀਂ ਸੀ। ਇਸ ਪੁਰਖ ਨੇ ਆਪਣਾ ਧਰਮ ਇਹ ਬਣਾਇਆ ਹੋਇਆ ਸੀ ਕਿ ਵੇਲੇ ਕੁਵੇਲੇ ਸਿੰਘਾਂ ਨੂੰ ਘਰ ਵਿਚ ਲੁਕਾ ਛੁਪਾ ਕੇ ਆਸਰਾ ਦੇਵੇ। ਭਾਵੇਂ ਇਸ ਦਾ ਜੀ ਤਾਂ ਬਹੁਤ ਚਾਹੁੰਦਾ ਸੀ ਕਿ ਕੇਸ਼ਾਧਾਰੀ ਸਿੰਘ ਸਜੇ, ਪ੍ਰੰਤੂ ਪਰਉਪਕਾਰ ਦੀ ਖ਼ਾਤਰ ਤਕਲੀਫ਼ ਝੱਲ ਕੇ ਬੀ ਤੇ ਇਹ ਖ਼ਿਆਲ ਕਰਕੇ ਕਿ ਭਾਵੇਂ ਹੋਰ ਜਨਮ ਵੀ ਧਾਰਨਾ ਪਵੇ, ਪਰ ਸਿੰਘਾਂ ਦੀ ਸਹਾਇਤਾ ਜ਼ਰੂਰ ਕਰਨੀ ਹੈ, ਇਸ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਸ਼ਕਲ ਵਿਚ ਹੀ ਰੱਖਿਆ ਹੋਇਆ ਸੀ। ਉਸ ਸਮੇਂ ਐਸੇ ਕਈ ਹੋਰ ਪਰਉਪਕਾਰੀ ਭੀ ਸਨ ਜੋ ਆਪਣੇ ਅਸੂਲਾਂ ਕਰਕੇ ਤਾਂ ਸਿੱਖ ਸਨ, ਪਰ ਸ਼ਕਲ ਸੂਰਤ ਸਿੱਖਾਂ ਵਾਲੀ ਨਹੀਂ ਰੱਖਦੇ ਸਨ; ਸਗੋਂ ਬਾਹਰਲੀ ਵਰਤੋਂ ਭੀ ਐਸੀ ਰੱਖਦੇ ਸਨ ਕਿ ਜਿਸ ਤੋਂ ਪੱਕੇ ਹਿੰਦੂ ਜਾਪਣ ਸਿੱਖਾਂ ਨੂੰ ਬਿਪਤਾ ਪਈ
ਬਿਜੈ ਸਿੰਘ ਜੀ ਜਦ ਇਸ ਘਰ ਪਹੁੰਚੇ, ਤਦ ਲਾਲਾ ਲੀਲਾ ਰਾਮ ਨੇ, ਜੋ ਘਰ ਦਾ ਮਾਲਕ ਸੀ, ਇਨ੍ਹਾਂ ਦੀ ਖ਼ਾਤਰ ਕੀਤੀ ਅਰ ਆਪਣੀ ਹਵੇਲੀ ਦੇ ਉਸ ਅਸਥਾਨ ਵਿਚ ਉਤਾਰਾ ਦਿੱਤਾ ਕਿ ਜਿਥੇ ਕੋਈ ਨਹੀਂ ਪਹੁੰਚ ਸਕਦਾ ਸੀ ਅਰ ਨਾ ਢੂੰਡ ਕਰਨ ਤੇ ਹੀ ਪਤਾ ਲੱਗ ਸਕਦਾ ਸੀ। ਇਸ਼ਨਾਨ ਪਾਣੀ ਕਰਕੇ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਫੇਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਇਸ ਹਵੇਲੀ ਵਿਚ ਪੰਜਾਹ ਸੱਠ ਸਿੰਘ ਹੋਰ ਇੱਕਠੇ ਹੋਏ। ਇਸ ਵੇਲੇ ਪੰਥ ਦੀ ਉਖਿਆਈ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚਲਾ ਗਿਆ ਹੈ, ਗੁਰਦਾਸਪੁਰ ਤੀਕ, ਜਿਥੇ ਸਿੰਘਾਂ ਨੇ ਕਬਜ਼ੇ ਕੀਤੇ ਸਨ. ਸਭ ਖੋਹੇ ਜਾ ਰਹੇ ਹਨ। ਗਸ਼ਤੀ ਫ਼ੌਜ ਸਾਰੇ ਪੰਜਾਬ ਵਿਚ ਫਿਰ ਰਹੀ ਹੈ ਅਰ ਥਾਂ ਥਾਂ ਪੁਰ ਕੱਚੇ ਕੋਠੇ ਪਾ ਕੇ ਚੌਂਕੀਆਂ ਪਹਿਰੇ ਬੈਠ ਰਹੇ ਹਨ। ਖਾਲਸੇ ਦੇ ਸਾਰੇ ਜੱਥੇ, ਜਿਨ੍ਹਾਂ ਨੇ ਸਿਰ ਕੱਢੇ ਸਨ, ਕਿਤੇ ਕਿਤੇ ਕੁਛ ਡਟੇ ਹਨ, ਪਰ ਕਈ ਬਾਰਾਂ, ਬਣਾਂ, ਪਹਾੜਾਂ ਦੀਆਂ ਕੁੱਖਾਂ ਵਿਚ ਜਾ ਲੁਕੇ ਹਨ, ਪਰ ਵਿਚਾਰੇ ਗਰੀਬ ਗ੍ਰਿਹਸਥੀ ਕੀ ਕਰਨ; ਮਾਰੇ ਜਾ ਰਹੇ ਹਨ।
ਗੱਜਣ ਸਿੰਘ- ਖਾਲਸਾ ਜੀ! ਆਪਨੇ ਅੱਜ ਦਾ ਸਾਕਾ ਨਹੀਂ ਸੁਣਿਆ ?
ਮੱਜਾ ਸਿੰਘ— ਨਹੀਂ ਜੀ ਕੀ ਹੋਇਆ?
ਗੱਜਣ ਸਿੰਘ- ਸ੍ਰੀ ਵਾਹਿਗੁਰੂ! ਸੱਜਣ ਸਿੰਘ ਜੀ ਸ਼ਹੀਦ ਹੋ ਗਏ। ਸਾਰੇ ਸਿੰਘ— ਹੈਂ! ਕੀ ਭਾਈ ਸਾਹਿਬ ਸਾਨੂੰ ਛੱਡ ਗਏ?
ਗੱਜਣ ਸਿੰਘ— ਮੈਂ ਤੁਹਾਨੂੰ ਉਨ੍ਹਾਂ ਦੀ ਵਿਥਿਆ ਸੁਣਾਵਾਂ। ਪੰਜ ਦਿਨ ਤੀਕ ਭਾਈ ਹੁਰੀਂ ਸਿੰਘਣੀ ਤੇ ਪੁਤ੍ਰਾਂ ਸਮੇਤ ਕੈਦ ਰਹੇ ਹਨ; ਅੰਨ ਤਕ ਉਹਨਾਂ ਨੂੰ ਨਹੀਂ ਦਿੱਤਾ ਗਿਆ।
–––––––––
* ਦੀਵਾਨ ਕੌੜਾ ਮਲ ਭੀ ਇਹਨਾਂ ਸਿੱਖਾਂ ਵਿਚੋਂ ਹੀ ਸੀ। ਸਰ ਜਾਨ ਮੈਲਕਮ ਆਪਣੀ ਪੁਸਤਕ ਵਿਚ ਐਸੇ ਸਿੱਖਾਂ ਨੂੰ 'ਖੁਲਾਸਾ ਸਿੱਖ' ਲਿਖਦੇ ਹਨ। ਇਹ ਲੋਕ ਸਿੰਘਾਂ ਵਿਚ ਸਹਿਜਧਾਰੀ ਸਿੱਖ ਕਹਾਉਂਦੇ ਸਨ। ਏਹ ਨਿਸ਼ਚੇ ਭਰੋਸੇ ਤੇ ਕਰਨੀ ਦੇ ਪੱਕੇ ਸਿੱਖ ਹੁੰਦੇ ਸੇ।
ਅੱਜ ਸਵੇਰੇ ਸਭਨਾਂ ਨੂੰ ਮੰਡੀ ਵਿਚ ਲਿਆਕੇ ਪਹਿਲੇ ਤਾਂ ਉਨ੍ਹਾਂ ਦੇ ਦੁਹਾਂ ਪੁਤ੍ਰਾਂ ਨੂੰ ਉਨ੍ਹਾਂ ਦੇ ਸਾਮ੍ਹਣੇ ਮਾਰਿਆ, ਫੇਰ ਉਨ੍ਹਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਅਰ ਸਭ ਤੋਂ ਮਗਰੋਂ ਸਿੰਘ ਹੁਰਾਂ ਨੂੰ ਅਤਿ ਬੇਦਰਦੀ ਨਾਲ ਸ਼ਹੀਦ ਕੀਤਾ। ਹੱਥ ਪੈਰ ਉਨ੍ਹਾਂ ਦੇ ਰੁੱਖ ਨਾਲ ਕੱਸ ਦਿੱਤੇ ਸਨ, ਹਿੱਲਣ ਜੋਗੇ ਤਾਂ ਸਨ ਹੀ ਨਹੀਂ। ਹੇ ਕਰਤਾਰ! ਖਲਕਤ ਤ੍ਰਾਸ ਤ੍ਰਾਸ ਕਰ ਉਠੀ ਅਰ ਜਣਾ ਖਣਾ ਇਹੋ ਕਹਿ ਰਿਹਾ ਸੀ ਕਿ ਹੁਣ ਮੁਗਲਾਂ ਦਾ ਰਾਜ ਕੋਈ ਦਿਨ ਦਾ ਪੁਰਾਹੁਣਾ ਹੈ। ਬਹੁਤ ਸਾਰੇ ਲੋਕ ਤਾਂ ਵੇਖ ਨਹੀਂ ਸਕੇ, ਨੱਸ ਗਏ, ਪਰ ਭਾਈ ਜੀ ਕਿਸ ਪ੍ਰੇਮ ਨਾਲ ਪਾਠ ਕਰਦੇ ਸਨ? ਛੇਕੜ ਅਵਾਜ਼ ਚੁੱਪ ਹੋ ਗਈ, ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭ ਗਿਆ।
ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿਚ ਜਲ ਤੇ ਦਿਲਾਂ ਵਿਚ ਰੋਹ ਭਰ ਗਿਆ, ਆ ਬਣੀ ਦਾ ਕੀ
ਦਾਰੂ ?
ਮੱਜਾ ਸਿੰਘ ਸਿੰਘ ਜੀ! ਭਾਈ ਸਾਹਿਬ ਫੜੇ ਕਿੱਕੁਰ ਗਏ? ਗੱਜਣ ਸਿੰਘ— ਉਹ ਸੁਕੜੀ ਪ੍ਰੇਤ, ਉਸਨੇ ਵਿਸਾਹਘਾਤ ਕੀਤਾ ਹੈ।
ਬਿਜੈ ਸਿੰਘ— ਉਹੋ! ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ਼ ਦਿਲ ਪੁਰਖ ਨਹੀਂ ਹੈ; ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ! ਕਿਹੇ ਕਿਹੇ ਬਘਿਆੜ ਗਊਆਂ ਦੀ ਸੂਰਤ ਵਿਚ ਫਿਰ ਰਹੇ ਹਨ।
ਦਿੱਲੀ ਭੰਨ ਸਿੰਘ- ਖਾਲਸਾ ਜੀ! ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ? ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗ਼ਲਾਂ ਦੇ ਜ਼ਿੰਮੇ ਰਹੇ ਉਨ੍ਹਾਂ ਦਾ ਬੇੜਾ ਗ਼ਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ।
ਮੁਗਲ ਦਮਨ ਸਿੰਘ- ਜੀ ਸੱਚ ਹੈ, ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ? ਲਾਹੌਰ ਵਿਚ ਸਿੰਘ ਸ਼ਹੀਦ ਹੁੰਦੇ ਹਨ, ਅਰ ਸਿੰਘਾਂ ਦੇ
ਬਿਜੈ ਸਿੰਘ— ਫੇਰ ਹੁਣ ਐਉਂ ਕਰੀਏ ਕਿ ਕੋਈ ਢਬ ਪੰਥ ਨੂੰ ਕੱਠੇ ਕਰਨ ਦਾ ਕੱਢੀਏ!
ਠੱਕ-ਠੱਕ-ਠੱਕ-ਠੱਕ!
ਹੈਂ ਇਹ ਕੀ ਹੋਇਆ? ਹਵੇਲੀ ਦੇ ਬੂਹੇ ਖੜਕੇ! ਪਲੋ ਪਲੀ ਵਿਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਤੇ ਬੋਲੇ:- 'ਖਾਲਸਾ ਜੀ! ਕੂਚ ਕਰੋ, ਅੱਜ ਮਾਰੇ ਗਏ, ਸਰਕਾਰੇ ਖ਼ਬਰ ਹੋ ਗਈ ਹੈ, ਪਿਆਦੇ ਸਵਾਰ ਬਾਹਰ ਆ ਰਹੇ ਹਨ।
ਰਾਘੋ ਸਿੰਘ- ਫੇਰ ਕੀ ਡਰ ਹੈ, ਹੁਣੇ ਜੰਗ ਕਰਦੇ ਹਾਂ।
ਲਾਲਾ ਜੀ— ਸੱਚ ਹੈ; ਪਰ ਇਸ ਠਾਹਰ ਨੂੰ ਬਣੀ ਰਹਿਣ ਦਿਓ। ਕਈ ਵੇਲੇ ਖਾਲਸੇ ਦੇ ਕੰਮ ਆਵੇਗੀ, ਨਹੀਂ ਤਾਂ ਤੁਸੀਂ ਲਾਹੌਰ ਵਿਚ ਆਸਰਾ ਗੁਆ ਬੈਠੇਗੇ।
ਬਿਜੈ ਸਿੰਘ- ਫੇਰ ਪਰਉਪਕਾਰੀ ਮਹਾਰਾਜ ਜੀ! ਕੋਈ ਪਿਛਵਾੜੇ ਦਾ ਰਾਹ ਦੱਸੋ ਹਰਨ ਹੋ ਜਾਈਏ।
ਲਾਲਾ ਜੀ ਇਕ ਗਹਿਰੀ ਸੋਚ ਅਰ ਧੀਰਜ ਨਾਲ ਪੌੜੀਆਂ ਦੀ ਬੁਖਾਰਚੀ ਵਲ ਗਏ* ਟੁਟਾ ਖੁੱਥਾ ਅਸਬਾਬ ਅਰ ਬੋਰੀਆਂ ਤੇ ਜੁੱਲੇ ਜੋ ਬੁਖਾਰਚੀ ਵਿਚ ਪਏ ਸਨ ਕੱਢੇ ਅਰ ਇਕ ਮਿੱਟੀ ਰੰਗੀ ਪੱਥਰ ਦੀ ਸਿਲ ਜੋ ਬੁਖਾਰਚੀ ਦੇ ਲੰਬਾ ਚੂੜਾ ਦੇ ਬਰਾਬਰ ਵਿਛੀ ਪਈ ਧਰਤੀ ਨਾਲ ਇਕ ਜਿੰਦ ਹੋਈ ਪਈ ਜਾਪਦੀ ਸੀ ਘੱਟੇ ਨਾਲੋਂ ਸਾਫ ਕੀਤੀ। ਕੰਧ ਦੇ ਵਿਚ ਇਕ ਨਿਕਾ ਜਿਹਾ ਛੇਕ ਸੀ। ਉਸ ਛੇਕ ਵਿਚ ਇਕ ਸੀਖ ਪਾ ਕੇ ਠੋਕੀ ਤਾਂ ਹੇਠਲੀ ਸਿਲ ਉੱਚੀ ਹੋ ਆਈ, ਦੋ ਸਰੀਰਾਂ ਨੇ ਹੱਥ ਪਾਕੇ ਸਿਲ ਚੁਕ ਲਈ। ਹੇਠਾਂ ਇਕ ਲੋਹੇ ਦੀ ਚੱਦਰ ਵਿਛੀ ਹੋਈ ਸੀ, ਇਸਦੇ ਵਿਚ ਫਿਰ ਇਕ ਨਿਕਾ ਜਿਹਾ ਛੇਕ ਸੀ ਜਿਸ ਵਿਚ ਸਲਾਈ ਫੇਰਨ ਨਾਲ ਲੋਹੇ ਦੀ
––––––––––
* ਲਾਲਾ ਜੀ ਦਾ ਘਰ ਇਕ ਪੁਰਾਤਨ ਹਵੇਲੀ ਸੀ ਅਰ ਇਕ ਬੂਹੇ ਦੇ ਸਿਵਾ ਇਸ ਨੂੰ ਬਾਹਰਲੇ ਪਾਸਿਓਂ ਕੋਈ ਰਸਤਾ ਨਹੀਂ ਸੀ। ਇਹ ਪਠਾਨ ਪਾਤਸ਼ਾਹਾਂ ਦੇ ਵੇਲੇ ਦੀ ਬਣੀ ਹੋਈ ਸੀ ਤੇ ਇਸ ਵਿਚੋਂ ਗੁਪਤ ਰਾਹ ਬਚਣ ਦਾ ਵੀ ਸੀ।
ਚੱਦਰ ਵਿਚੋਂ ਦੋ ਤਖਤੇ ਹੋ ਗਏ। ਏਹ ਬੂਹਿਆਂ ਵਾਂਙ ਹੇਠਾਂ ਖਿਸਕ ਕੇ ਕੰਧ ਨਾਲ ਜਾ ਲਗੇ, ਅਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ। ਬੜੀ ਫੁਰਤੀ ਨਾਲ ਖਾਲਸੇ ਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਅਰ ਇਹ ਸੁਗੰਦ ਦਿੱਤੀ ਕਿ ਕਦੀ ਜੀਉਂਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ। ਅਰ ਦੇ ਦੀਵੇ ਦੇ ਕੇ ਕਿਹਾ ਸਿੱਧੇ ਤੁਰੀ ਜਾਇਓ। ਸੱਜੇ ਹੱਥ ਨਾ ਮੁੜਨਾ ਓਧਰ ਕਿਲ੍ਹੇ ਵਾਲੇ ਪਾਸੇ ਨੂੰ ਰਸਤਾ ਹੈ ਅਰ ਬਾਹਰੋਂ ਬੰਦ ਕੀਤਾ ਹੋਇਆ ਹੈ, ਪਰ ਸਿੱਧੇ ਤੁਰੇ ਜਾਣਾ, ਕੁਝ ਵਾਟ ਲੰਘਕੇ ਇਕ ਪੱਥਰ ਆਵੇਗਾ, ਉਸ ਦੇ ਅੱਧ ਵਿਚ ਇਕ ਛੇਕ ਹੋਵੇਗਾ, ਸੀਖ ਪਾ ਕੇ ਦਬੇਗੇ ਤਾਂ ਉਹ ਕੰਧ ਵਿਚ ਸਰਕ ਜਾਵੇਗਾ ਅਰ ਕਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧੱਕੇ ਨਾਲ ਡੇਗਕੇ ਬਾਹਰ ਨਿਕਲਕੇ ਸਾਰੇ ਜੀ ਸੰਭਾਲ ਲੈਣੇ। ਫੇਰ ਉਸ ਸਿਖ ਨੂੰ ਜੋ ਕੰਧ ਵਿਚ ਸਰਕੀ ਹੋਈ ਹੋਵੇਗੀ, ਉਸਦੇ ਬਾਹਰਲੇ ਉਭਾਰ ਤੋਂ ਫੜਕੇ ਖਿੱਚਣਾ, ਉਹ ਤੁਰ ਪਵੇਗੀ, ਜਦ ਕੰਧ ਨਾਲ ਮਿਲਕੇ ਇਕ 'ਪਟੱਕ' ਦੀ ਅਵਾਜ਼ ਆਵੇ ਤਾਂ ਸਮਝਣਾ ਕਿ ਬੂਹਾ ਮੀਟਿਆ ਗਿਆ ਹੈ। ਫੇਰ ਮਿੱਟੀ ਨਾਲ ਸਿਲਾਂ ਨੂੰ ਕੰਜ ਕੇ ਜਿਧਰ ਰਾਹ ਮਿਲੇ ਪਧਾਰ ਜਾਣਾ। ਫਤੇ ਗਜਾ ਕੇ ਖ਼ਾਲਸਾ ਸੁਰੰਗ ਵਿਚ ਲੋਪ ਹੋ ਗਿਆ ਤੇ ਲਾਲਾ ਜੀ ਨੇ ਉਨ੍ਹਾਂ ਹਿਕਮਤਾਂ ਨਾਲ ਫੇਰ ਮੋਘਾ ਬੰਦ ਕੀਤਾ, ਮਾਨੋਂ ਏਥੇ ਕੁਝ ਹੈ ਹੀ ਨਹੀਂ ਸੀ ਅਰ ਮੈਲਾ ਕੁਚੈਲਾ ਅਸਬਾਬ ਉਤੇ ਸਿੱਟਕੇ ਆਪਣੇ ਕਮਰੇ ਵਿਚ ਅੰਦਰਲੇ ਰਸਤੇ ਜਾ ਕੇ ਲੇਟ ਗਏ। ਇਹ ਸਾਰਾ ਕੰਮ ਲਾਲਾ ਜੀ ਬੜੀ ਫੁਰਤੀ ਵਿਚ ਭੁਗਤਾ ਗਏ ਸਨ ਅਰ ਬਾਹਰਲੀ ਫ਼ੌਜ ਨੂੰ, ਜੋ ਇਸ ਹਵੇਲੀ ਦੀ ਇੱਟ ਇੱਟ ਖੜਕਾਉਣ ਨੂੰ ਆਈ ਸੀ, ਸੱਕ ਫੁਰਨੇ ਦਾ ਸਮਾਂ ਬੀ ਨਾ ਲੱਝਾ ਕਿ ਅੰਦਰ ਇੰਨੇ ਚਿਰ ਵਿਚ ਕੀ ਸਿਤਮ ਹੋ ਗਿਆ ਹੈ ? ਪਰ ਤਦ ਤਕ ਬਾਹਰਲਾ ਬੂਹਾ ਖੁੱਲ੍ਹ ਚੁੱਕਾ ਸੀ ਅਰ ਸਿਪਾਹੀ ਬਾਹਰਲੇ ਵਿਹੜੇ ਵਿਚ ਆ ਪਹੁੰਚੇ ਸਨ ਕਿਉਂਕਿ ਲਾਲਾ ਜੀ ਦੇ ਇਕ ਨਵੇਂ ਨੌਕਰ ਨੇ, ਜੇ ਇਸ ਦੁਸ਼ਟ ਮਨਸੂਬੇ ਵਿਚ ਮੁਖ਼ਬਰੀ ਦਾ ਇਕ ਚਲਦਾ ਪੁਰਜ਼ਾ ਅਰ ਇਸੇ ਕੰਮ ਲਈ ਨੌਕਰ ਰਖਾਇਆ ਗਿਆ ਸੀ ਬੂਹਾ ਖੋਲ੍ਹ ਦਿਤਾ ਸੀ, ਪਰ ਲਾਲਾ ਜੀ ਬੀ ਇਕ ਭਾਰੇ ਅਕਲੱਯੇ ਤੇ ਜਾਣਕਾਰ ਸਨ। ਆਪ ਨੂੰ ਵੇਲੇ ਸਿਰ ਖ਼ਬਰ ਮਿਲ ਗਈ ਸੀ, ਪਰ ਪਹਿਲੀ ਅਵਾਜ਼ ਤੋਂ ਹੀ ਪਛਾਣ ਗਏ ਸਨ ਕਿ ਤੁਰਕਾਂ ਦੀ ਫ਼ੌਜ ਆ ਗਈ ਹੈ, ਇਸੇ ਲਈ ਤੁਰਤ ਫੁਰਤ ਬਾਨ੍ਹਣੂ ਬੰਨ੍ਹ ਲਿਆ। ਜੇ ਕਦੀ ਇਕ ਘੜੀ ਦੀ ਢਿੱਲ ਕਰਦੇ ਤਦ ਕੁਝ ਬੀ ਨਾ ਬਣਦਾ।
ਲੀਲਾ— ਝੂਠ, ਝੂਠ, ਝੂਠ, ਮੈਂ ਤੇ ਮੇਰੇ ਘਰ ਸਿਖ ਹੈਨ! ਪਰ ਹੱਛਾ ਸੱਚ ਨੂੰ ਕਾਹਦਾ ਡਰ ਹੈ! ਮੈਂ ਕਪੜੇ ਪਾ ਲਵਾਂ।
ਸਿਪਾਹੀ— ਨਹੀਂ ਇਸੇ ਤਰ੍ਹਾਂ ਹੀ ਹਕੂਮ ਹੈ ਚਲਣੇ ਦਾ। ਲੀਲਾ- ਬਹੁਤ ਭਲਾ! ਅਰ ਚੁੱਪ ਕਰ ਕੇ ਉਸ ਦੇ ਨਾਲ ਹੋ ਟੁਰੇ। ਵਿਹੜੇ ਵਿਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜੇ ਹੋਏ ਅਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛਜੇ, ਹਰ ਅਟਾਰੀ, ਹਰ ਬੂਹੇ ਅੱਗੇ ਪਹਿਰਾ ਲਗ ਗਿਆ ਹੈ, ਕੁਤਵਾਲ ਸਾਹਿਬ ਭੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤ੍ਰ ਸਨ, ਪਰ ਐਸ ਵੇਲੇ ਢਾਹ ਲਾਉਣ ਵਾਲੇ ਦਰਯਾ ਦੀ ਤਰ੍ਹਾਂ ਐਉਂ ਕਰੜੇ ਤੀਉੜੀ ਅਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋਂ ਸਾਰੀ ਹਵੇਲੀ ਨੂੰ ਨਿਗਲ ਜਾਣਗੇ। ਕੁਤਵਾਲ- ਆਪ ਮੇਰੇ ਮਿੱਤਰ ਹੋ ਪਰ ਰਾਜਸੀ ਮਾਮਲੇ ਬੜੇ ਬੁਰੇ ਹਨ, ਹੁਣ ਮੈਂ ਸਖਤੀ ਕਰਨੇ ਲਈ ਪਰ-ਵੱਸ ਹਾਂ, ਆਪ ਝਬਦੇ ਸਿਖਾਂ ਨੂੰ ਫੜਾ ਦਿਓ। ਲੀਲਾ- ਆਪ ਪਾਤਸ਼ਾਹ ਮੈਂ ਪਰਜਾ ਹਾਂ ਅਰ ਮੇਰਾ ਘਰ ਆਪ ਦੇ ਹਾਜ਼ਰ ਹੈ, ਪੱਤਾ ਪੱਤਾ ਢੂੰਡ ਲਵੋ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦੇਂਦਾ ਹਾਂ,
–––––––––––
* ਧਾਵਾ।
ਜਿੱਥੇ ਸਿਖ ਮਿਲੇ, ਫੜ ਲਵੋ, ਜੇ ਮੇਰੀ ਹਵੇਲੀ ਵਿਚੋਂ ਇਕ ਵੀ ਸਿੱਖ ਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੇ ਕਰੋ, ਮੈਨੂੰ ਉਜ਼ਰ ਨਹੀਂ ਮੈਂ ਤਾਂ ਆਪਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ। ਕਿਸੇ ਦੁਸਟ ਨੇ ਮਾਲੂਮ ਹੁੰਦਾ ਹੈ ਕਿ ਮੈਨੂੰ ਦੁੱਖ ਦੇਣ ਲਈ ਇਹ ਖ਼ਬਰ ਦਿੱਤੀ ਹੈ, ਪਰ ਹੱਛਾ! ਖੁਦਾਵੰਦ ਕਰੀਮ ਜਿਸ ਦੀ ਰੱਖੇ ਉਸ ਦੀ ਰਹੇ।
ਕੁਤਵਾਲ- ਤਲਾਸ਼ੀ ਦੀ ਕੀ ਲੋੜ ਹੈ? ਆਪ ਹੀ ਕੱਢ ਦਿਓ, ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਤੇ ਦੂਜੀ ਤਰ੍ਹਾਂ ਨਿਕਲੇ ਤਾਂ ਫੇਰ ਰਈ (Concession) ਹੋਣੀ ਔਖੀ ਹੈ, ਸਾਨੂੰ ਖ਼ਬਰ ਬੜੀ ਪੱਕੀ ਮਿਲੀ ਹੈ।
ਲੀਲਾ- ਜੇ ਮੇਰੇ ਅੰਦਰ ਹੋਣ ਅਰ ਮੈਂ ਲੁਕਾਉ ਕਰਾਂ ਤਾਂ ਦੇਣਦਾਰ ਪਰ ਜਦ ਹਨ ਹੀ ਨਹੀਂ ਤਾਂ ਕੀ ਕਰਾਂ? ਆਪ ਦੇਖ ਲਵੇ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ।
ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ, ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭਰੇ, ਤਹਿਖਾਨੇ, ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਤੇ ਆਲੇ ਤਕ ਢੂੰਡੇ ਗਏ ਪਰ ਸਿੱਖ ਦਾ ਮੁਸ਼ਕ ਵੀ ਨਾ ਲੱਭਾ। ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ ? ਇਕ ਦਿੱਲੀ ਵਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗੇ ਕਿ ਆਪ ਕੀ ਇੱਜ਼ਤ ਖ਼ੁਦਾ ਨੇ ਬਚਾਈ ਹੈ ਪਰ ਕੁਛ ਨਜ਼ਰਾਨਾ ਸਿਪਾਹੀਓਂ ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ ਤੁਮ ਕੋ ਫਿਰ ਕਭੀ ਤਕਲੀਫ਼ ਨਾ ਹੋਗੀ, ਛੋਟੀ ਮੋਟੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਅਬ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ। ਲੀਲਾ ਨੇ ਸੁਣਦੇ ਸਾਰ ਹੀ ਇਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ। ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ, ਫਿਰ ਆਪ ਸੇ? ਆਪ ਮੇਰੇ ਦਿਲੀ ਦੋਸਤ ਹੈਂ।
ਲੀਲਾ— ਵੱਢੀ ਤਦ ਹੁੰਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂਦੇ ਤਾਂ, ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਙ ਨਾਂਹ ਨਾਂਹ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਅਰ ਹਨੇਰੀ ਵਾਂਗ
5. ਕਾਂਡ
ਹੁਣ ਉਧਰ ਦਾ ਹਾਲ ਸੁਣੋ! ਖਾਲਸੇ ਜੀ ਨੂੰ ਜ਼ਮੀਨ ਦੇ ਹੇਠ ਹੇਠ ਇਕ ਬੜੀ ਪੁਰਾਣੀ ਸੁਰੰਗ ਥਾਣੀ ਲੰਘਣਾ ਪਿਆ, ਰਸਤਾ ਤੰਗ, ਪੁਰਾਣੀ ਹਵਾ ਅਰ ਦੋਹੀਂ ਪਾਸੀਂ ਬੰਦ, ਜੀ ਘਬਰਾਣ ਲੱਗ ਗਏ, ਪਰ ਜਿੰਦ ਪਿਆਰੀ ਨੇ ਕਾਹਲੀ ਕਾਹਲੀ ਦੂਜੇ ਸਿਰੇ ਪੁਚਾਇਆ ਅਰ ਲੀਲਾ ਰਾਮ ਦੇ ਕਹੇ ਅਨੁਸਾਰ ਕੰਮ ਕਰਨ ਨਾਲ ਰਸਤਾ ਖੁਲ੍ਹ ਗਿਆ। ਸਾਰੇ ਜਣੇ ਇਕ ਸੁੰਞ ਉਜਾੜ ਜਿਹੀ ਵਿਚ ਪਹੁੰਚ ਪਏ। ਪੱਥਰ ਟਿਕਾਕੇ ਸੁਰੰਗ ਦਾ ਰਸਤਾ ਤਾਂ ਬੰਦ ਕਰ ਲਿਆ, ਹੁਣ ਇਹ ਫ਼ਿਕਰ ਪਿਆ ਕਿ ਕਿੱਧਰ ਦਾ ਰੁਖ ਕਰੀਏ। ਥੋੜੇ ਕਦਮ ਤੇ ਜਾ ਕੇ ਇਕ ਥਾਂ ਤੇ ਬੈਠ ਗਏ ਅਰ ਸੋਚਣ ਲੱਗੇ। ਕਿਸੇ ਨੂੰ ਰਸਤੇ ਦੀ ਕੁਛ ਖ਼ਬਰ ਨਹੀਂ ਸੀ ਅਰ ਨਾ ਇਹ ਪਤਾ ਸੀ ਕਿ ਅਸੀਂ ਕਿਥੇ ਹਾਂ, ਛੇਕੜ ਗੁਰੂ ਤੇ ਭਰੋਸਾ ਰੱਖਕੇ ਇਕ ਪਾਸੇ ਵੱਲ ਤੁਰ ਪਏ। ਓਥੋਂ ਕੁਝ ਕੁ ਵਾਟ ਗਏ ਹੋਣਗੇ ਤਾਂ ਚੰਦ ਦਾ ਚਾਨਣਾ ਹੋ ਗਿਆ ਅਰ ਸਾਮ੍ਹਣੇ-ਪਾਸੇ ਇਕ ਕੱਚੀ ਹਵੇਲੀ* ਦਿੱਸੀ। ਇਸ ਦੇ ਅੱਗੇ ਪਹਿਰਾ ਲੱਗਾ ਹੋਇਆ ਸੀ, ਪਹਿਰੇ ਵਾਲੇ ਆਹਟ ਪਾ ਕੇ ਹਾਕ ਲਾਈ। ਹਵੇਲੀ ਵਿਚੋਂ ਤੇ ਉਸ ਦੇ ਮਗਰਲੇ ਪਾਸਿਓਂ ਦੇਖਦੇ ਦੇਖਦੇ ਬਹੁਤ ਸਾਰੇ ਸਿਪਾਹੀ ਸਨੱਧਬੱਧ ਨਿਕਲ ਪਏ ਅਰ 'ਸਿੱਖ ਆ ਪਏ; ਸਿੱਖ ਆ ਪਏ' ਕਹਿੰਦੇ ਹੋਏ ਖਾਲਸੇ ਦੇ ਵੱਲ ਉਲਟ ਪਏ। ਸਿੱਖ ਵਿਚਾਰੇ ਅਚਾਨਕ ਬਲਾ ਦੇ ਮੂੰਹ ਫਸ ਗਏ, ਪਰ ਹੌਸਲਾ ਇਨ੍ਹਾਂ ਪਾਸ ਇਕ ਐਸੀ ਦਾਤ ਹੈ ਜੋ ਇਸ ਬਹਾਦਰ ਕੌਮ ਨੂੰ ਕਦੀ ਹਾਰ ਨਹੀਂ ਦਿੰਦਾ, ਝੱਟ ਪੱਟ ਤਲਵਾਰਾਂ ਧੂਹ ਕੇ ਡਟ ਗਏ। ਹੁਣ ਇਕ
––––––––––
* ਇਹ ਚੌਕੀ ਸੀ ਜੋ ਸਿੱਖਾਂ ਦੇ ਮਾਰਨ ਲਈ ਖੋਹਲੀ ਗਈ ਸੀ ਕੁਛ ਅਸਵਾਰ ਇਥੇ ਉਤਰਿਆ ਕਰਦੇ ਸੇ। ਐਸੇ ਕੱਚੇ ਥਾਂ ਤਦੋਂ ਗਸ਼ਤੀ ਫੌਜ ਲਈ ਬਹੁਤ ਬਣਾਏ ਗਏ ਹੋਏ ਸਨ।
ਘਮਸਾਨ ਮਚ ਗਿਆ, ਦਾਉ ਬਾਜ਼ੀ ਤੇ ਹੱਥ-ਪਲੱਥਾ ਆਰੰਭ ਹੋ ਗਿਆ। ਕਿਥੇ ਪੰਜਾਹ ਤੇ ਕਿਥੇ ਦੋ ਸੌ, ਪਰ ਤਦ ਵੀ ਟਾਕਰਾ ਕਰਨੋਂ ਕਦੀ ਨਾ ਮੁੜਨ ਵਾਲੇ ਸਿੱਖਾਂ ਨੇ ਕਰਾਰੇ ਹੱਥ ਦਿਖਾਏ। ਅਨੇਕ ਸਿਪਾਹੀ ਤਲਵਾਰ ਦੇ ਘਾਟ ਉਤਾਰੇ। ਛੇਕੜ ਸਿਪਾਹੀ ਕੁਛ ਠਿਠੰਬਰ ਕੇ ਇਕ ਪਾਸੇ ਵੱਲ ਟਲੇ। ਸਿੱਖ ਲੜਦੇ ਘੁਲਦੇ ਆਪਣੇ ਰਾਹ ਵੱਲ ਬੀ ਵਧ ਰਹੇ ਸਨ, ਸੋ ਇਨ੍ਹਾਂ ਨੇ ਹੋਰ ਕਦਮ ਅਗੇਰੇ ਕੀਤੇ, ਇਧਰ ਸਿਪਾਹੀਆਂ ਨੇ ਪਿਛਲੇ ਪਾਸੇ ਰੁਖ਼ ਕੀਤਾ। ਐਉਂ ਦੋਵੇਂ ਧਿਰਾਂ ਪਿੱਛਾ ਛੁਡਾਉਂਦੀਆਂ ਨੇ, ਦੂਜੀ ਧਿਰ ਭੱਜੀ ਸਮਝ ਕੇ ਮੈਦਾਨ ਖਾਲੀ ਛੱਡ ਕੇ ਨੱਸਣ ਦੀ ਕੀਤੀ, ਪਰ ਸਾਡੇ ਬਿਜੈ ਸਿੰਘ ਹੁਰੀਂ ਨਾਲ ਨਾ ਦੌੜ ਸਕੇ, ਕਿਉਂਕਿ ਉਨ੍ਹਾਂ ਦੀ ਸਿੰਘਣੀ ਨੂੰ ਪੇਟ ਵਿਚ ਸੱਟ ਲੱਗਣ ਕਰ ਕੇ ਗਸ਼ ਆ ਗਈ ਸੀ, ਅਰ ਸਿੰਘ ਜੀ ਇਕਲਵੰਜੇ ਲਿਜਾ ਉਸ ਦੀ ਸੇਵਾ ਕਰ ਰਹੇ ਸਨ। ਰਾਜ ਭਾਗ ਵਿਚ ਪਲੀ ਸੁਹਲਤਾ ਤੇ ਕੋਮਲਤਾ ਦੀ ਪੁਤਲੀ ਸ਼ੀਲ ਕੌਰ ਲਈ ਇਹ ਦਿਨ ਸਾਰੀ ਅਵਸਥਾ ਵਿਚ ਪਹਿਲਾ ਦੁੱਖਾਂ ਦਾ ਦਿਨ ਸੀ ਅਰ ਅਡੋਲ ਸਮੁੰਦਰ ਵਿਚ ਭਰੇ ਤੂਫ਼ਾਨ ਦੇ ਅਚਾਨਕ ਆ ਜਾਣ ਵਾਂਗ ਬਿਪਤਾ ਦਾ ਦਿਹਾੜਾ ਸੀ। ਪਹਿਲੇ ਸਫ਼ਰ ਦਾ ਥਕੇਵਾਂ, ਫੇਰ ਘਰਦਿਆਂ ਦਾ ਦਿਲ ਹਿਲਾ ਦੇਣ ਵਾਲਾ ਸਲੂਕ ਤੇ ਘਰੋਂ ਨਿਕਾਲਾ, ਫੇਰ ਰਾਤ ਦੀ ਬਿਪਤਾ ਅਰ ਹੁਣ ਵੈਰੀਆਂ ਦੇ ਢਹੇ ਚੜ੍ਹ ਕੇ ਮਸਾਂ ਜਿਹੇ ਬਚਣਾ; ਕੋਈ ਮਾਮੂਲੀ ਗੱਲਾਂ ਨਹੀਂ ਸਨ। ਇਕ ਸੁਹਲ ਇਸਤ੍ਰੀ ਲਈ ਇਸ ਤੋਂ ਵੱਧ ਹੋਰ ਕੀ ਬਿਪਤਾ ਹੋ ਸਕਦੀ ਹੈ? ਪਰ ਇਕ ਧਰਮ ਦੀ ਟੇਕ ਸੀ ਜੋ ਇਨ੍ਹਾਂ ਦੇ ਦਿਲ ਨੂੰ ਤਾਕਤ ਦੇਂਦੀ ਸੀ। ਹੁਣ ਪਤੀ ਜੀ ਦੇ ਯਤਨਾਂ ਨਾਲ ਬੀਬੀ ਨੂੰ ਹੋਸ਼ ਆ ਗਈ। ਜ਼ਖ਼ਮ ਤਾਂ ਐਵੇਂ ਮਾਮੂਲੀ ਸੀ, ਪਰ ਇਕ ਬੰਦੂਕ ਦੀ ਹੁੱਝ ਨਾਲ ਧਬੱਕ ਖਾ ਕੇ ਵਿਚਾਰੀ ਬਉਰਾਨੀ ਹੋ ਕੇ ਢੱਠੀ ਹੋਈ ਸੀ। ਹੋਸ਼ ਸੰਭਾਲੀ ਤਦ ਦੰਪਤੀ* ਨੇ ਕੀ ਡਿੱਠਾ ਕਿ ਮੈਦਾਨ ਖਾਲੀ ਪਿਆ ਹੈ, ਕਈ ਸਿੰਘ ਤੇ ਤੁਰਕ ਮਾਰੇ ਗਏ ਹਨ। ਇਸ ਵਿਹਲ ਨੂੰ ਵੇਖ ਕੇ ਅਕਲ ਦੇ ਪੁਤਲੇ ਬਿਜੈ ਸਿੰਘ ਨੇ ਇਕ ਦੋ ਤਲਵਾਰਾਂ ਤੇ ਇਕ ਦੋ ਖੰਜਰ ਅਰ ਇਕ ਬੰਦੂਕ ਤੇ ਕੁਝ ਥੋੜਾ ਗੋਲੀ ਸਿੱਕਾ ਉਥੋਂ ਲੈ ਲਿਆ ਅਰ ਉੱਤਰ ਪਿੱਛੋਂ ਦੀ ਦਿਸ਼ਾ ਨੂੰ ਝਬਦੇ ਤੁਰ ਪਿਆ। ਭਾਵੇਂ ਵਹੁਟੀ ਅੱਛੀ ਤਰ੍ਹਾਂ ਤੁਰ ਨਹੀਂ ਸਕਦੀ ਸੀ, ਪਰ ਜਿੰਦ ਰੱਖਣ ਦੀ ਇੱਛਾ ਉਨ੍ਹਾਂ ਦੇ ਥੱਕੇ ਸਰੀਰਾਂ ਵਿਚ ਮੁਮਿਆਈ
––––––––
* ਵਹੁੱਟੀ ਗੱਭਰੂ।
ਦਾ ਕੰਮ ਕਰ ਰਹੀ ਸੀ। ਤੜਕਸਾਰ ਦੇ ਵੇਲੇ ਤੱਕ ਕੋਈ ਸੱਤ ਕੋਹ ਪੈਂਡ ਲੰਘ ਗਏ। ਪਿੰਡ ਰਾਹ ਵਿਚ ਦਿੱਸੇ ਸਭ ਤੋਂ ਲਾਂਭੇ ਰਹਿ ਰਹਿ ਕੇ ਨਿਕਲ ਜਾਂਦੇ ਰਹੇ। ਹੁਣ ਸੂਰਜ ਚੜ੍ਹ ਪਿਆ ਤੇ ਇਕ ਘਣਾਂ ਜੰਗਲ ਆ ਗਿਆ ਉਸ ਨੂੰ ਕਿਲ੍ਹਾ ਸਮਝ ਕੇ ਬਨ ਵਿਚ ਆ ਵੜੇ ਅਰ ਇਕ ਘਣੇ ਛਾਏ ਵਾਈ ਥਾਂ ਪੁਰ ਜਾ ਕੇ ਹਰੇ ਹਰੇ ਘਾਹ ਪੁਰ ਲੇਟ ਗਏ। ਲੇਟੇ ਐਸੇ ਕਿ ਸੱਤੇ ਸੁਧਾਂ ਭੁੱਲ ਗਈਆਂ, ਜਿਵੇਂ ਕੋਈ ਸੌਦਾਗਰ ਘੋੜੇ ਵੇਚ ਕੇ ਜਾਂ ਕੋਈ ਪਿਓ ਧੀ ਦਾ ਡੋਲਾ ਤੋਰ ਕੇ ਸੌਂਦਾ ਹੈ। ਥਕਾਨ ਭਾਵੇਂ ਅੱਚਵੀ ਤੱਕ ਪਹੁੰਚ ਗਿਆ ਸੀ ਅਰ ਇਹ ਉਮੈਦ ਨਹੀਂ ਸੀ ਕਿ ਨੀਂਦ ਇਨ੍ਹਾਂ ਦੀਆਂ ਹੱਟੀਆਂ ਹੋਈਆਂ ਅੱਖਾਂ ਵਿਚ ਬਿਸਰਾਮ ਕਰੇਗੀ ਪਰ ਸਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਨ੍ਹਾਂ ਦੇ ਵੱਸ ਵਿਚ ਸੀ. ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿਚ ਲੈ ਗਏ ਅਰ ਘਾਹ ਪੁਰ ਸੌ ਗਏ, ਜਿਵੇਂ ਇੰਦਰ ਤਖ਼ਤ ਤੇ ਸੌਂ ਜਾਵੇ। ਇਸ ਵੇਲੇ ਠੰਢਕ ਇਨ੍ਹਾਂ ਨੂੰ ਮੁੱਠੀਆਂ ਭਰਨ ਲੱਗ ਗਈ ਅਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ।
ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ। ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ। ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ। ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ ਨਿਕਲੇ ਹਾਂ ਸੂਰਜ ਦਾ ਡੁਬਾਉ, ਨਦੀ ਦਾ ਚੜ੍ਹਾਉ, ਰਾਤ ਦਾ ਉਤਰਾਉ ਇਕ ਐਸਾ ਭੈ-ਭੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿਚ ਮਨ ਸਹਿਮਦਾ, ਦੇਹਿ ਸੰਕੁਚਦੀ ਤੇ ਨਿਰਾਸਤਾ ਵਧਦੀ ਚਲੀ ਗਈ ਸੀ। ਪਾਰ ਹੋ ਸਕਣ ਦੀ ਆਸ ਆਸਾ ਤੋਂ ਹੱਥ ਧੋ ਬੈਠੀ ਸੀ ਜਿਵੇਂ ਗ੍ਯਾਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ। ਪਰ ਥੋੜਾ ਚਿਰ ਹੋਰ ਉੱਤਰ ਰੁਖ਼ ਕਦਮ ਮਾਰਨ ਤੇ ਹੋ ਚੂਕੀ ਨਿਰਾਸਾ ਫੇਰ ਆਸਾ ਵਿਚ ਪਲਟ ਖਲੋਤੀ ਕਿ ਇਕ ਪਤਣ ਨਜ਼ਰੀਂ ਆ ਗਿਆ ਤੇ ਇਕ ਬੇੜੀ ਦਿੱਸ ਪਈ, ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਊਣਿਆਂ ਹੀ ਠੇਲ੍ਹਣ ਲੱਗੇ ਸੀ। ਬਿਜੈ ਸਿੰਘ ਦੀ ਅਵਾਜ਼ ਸੁਣ ਕੇ
ਇਸਤ੍ਰੀ- ਬੱਚੀ! ਸਿੰਘ ਜੀ ਤੇ ਮੈਂ ਦਰਿਆਓਂ ਪਾਰ ਉਤਰੇ ਸਾਂ. ਤੁਰਕਾਂ ਆ ਘੇਰਿਆ, ਪਤੀ ਜੀ ਨੇ ਜੁੱਧ ਕੀਤਾ ਪੰਜ ਤੁਰਕ ਮਾਰੇ, ਏਹ ਬਹੁਤ
ਇਉਂ ਕਹਿਂਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿਚ ਚੜ੍ਹ ਗਈ, ਜਿੰਦ ਦਾ ਟਿਮ-ਟਿਮਾਉਂਦਾ ਦੀਵਾ ਇਕੋ ਵਾਰੀ ਟਿਮਕ ਕੇ ਬੁਝ ਗਿਆ। ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਉ ਵਿਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸ ਨੇ ਪਿੰਜਰੇ ਵਿਚੋਂ ਪੰਛੀ ਨੂੰ ਉਡਾ ਦਿਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁਕੀ ਸੀ, ਇਸ ਗੱਲ ਦੀ ਪ੍ਰਵਾਹ ਹੀ ਨਹੀਂ ਸੀ ਕਿ ਬੂਹਾ ਖੁਲ੍ਹਾ ਹੈ ਅਰ ਭੱਜ ਜਾਣ ਦਾ ਵੇਲਾ ਹੈ, ਪਰ ਇਕ ਸਿੰਘਣੀ ਦਾ ਅੰਤ ਸੁਆਰਨ ਦਾ ਖ਼ਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਬਿਜੈ ਸਿੰਘ ਇਸ ਫਿਕਰ ਵਿਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੇਥ ਪਈ ਰੁਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਅਰ ਕੋਠੇ ਨਾਲ ਪਏ ਤਿੰਨ ਚਾਰ ਮੰਜੇ ਤੇ ਕਖ ਕਾਨ ਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਅਰ ਤਿੰਨੇ ਜਣੇ ਹੌਲੇ ਜਿਹੇ ਫਤੇ ਗਜਾ ਕੇ ਦਬੇ ਪੈਰ ਤੁਰਦੇ, ਮੱਖਣ ਵਿਚੋਂ ਵਾਲ ਵਾਂਗ, ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿਚ ਪਏ ਸਨ, ਤੜਕਸਾਰ ਜਦ ਅੱਖ ਖੁਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ। ਅਰ ਦੂਰ ਦੇ ਸੇਕ ਨੇ ਇਨ੍ਹਾਂ ਦੇ ਮੰਜਿਆਂ ਨੂੰ ਤਪਾਉਣਾ ਸ਼ੁਰੂ ਕਰ ਦਿਤਾ ਹੈ। ਘਾਬਰ ਕੇ ਉਠੇ! ਸਾਰੇ ਦੂਰ ਖੜੋ ਕੇ ਬਿਤਰ ਬਿਤਰ ਦੇਖਣ ਅਰ ਸਿਖਾਂ ਨੂੰ ਗਾਲ੍ਹਾਂ ਕੱਢਣ ਲਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਅਰ ਕਰਦੇ ਭੀ ਕੀ? ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅਜ ਦੀ ਲੁੱਟ ਕੁਝ ਥੋੜ੍ਹੀ
6 ਕਾਂਡ
ਜਦ ਬਿਜੈ ਸਿੰਘ ਘਰੋਂ ਨਿਕਲਿਆ ਸੀ, ਤਦ ਉਸਦੀ ਮਾਂ ਛੁਰੀ ਖਾ ਕੇ ਡਿੱਗ ਪਈ ਸੀ। ਘਾਉ ਲੱਗਾ ਤਾਂ ਪੇਟ ਵਿਚ ਸੀ, ਪਰ ਉਹ ਕਾਰੀ ਨਹੀਂ ਸੀ। ਚੂਹੜ ਮਲ ਵਹੁਟੀ ਤੇ ਗੁਸੇ ਤਾਂ ਬਹੁਤ ਸੀ, ਪਰ ਉਸ ਦੀ ਅਕਲ ਦੇ ਕਾਰਨ ਉਹ ਇਕ ਤਰ੍ਹਾਂ ਉਸ ਦੇ ਹੇਠ ਵਗਦਾ ਸੀ, ਉਂਝ ਕਈ ਭਬਕਾਂ ਬੜ੍ਹਕਾਂ ਭਾਵੇਂ ਮਾਰ ਲੈਂਦਾ ਸੀ ਤੇ ਉਸ ਨੂੰ ਗੁੱਸੇ ਵੀ ਹੋ ਲੈਂਦਾ ਸੀ ਪਰ ਇਹ ਤ੍ਰੀਮਤ ਐਸੀ ਦਾਨੀ ਸੀ ਕਿ ਰਾਜਸੀ ਮਾਮਲਿਆਂ ਵਿਚ ਬੀ ਪਤੀ ਨੂੰ ਕਈ ਵੇਰ ਸਿਖ੍ਯਾ ਦਿੰਦੀ ਹੁੰਦੀ ਸੀ ਅਰ ਇਸ ਦੀ ਵਡਿਆਈ ਬਨਾਉਣ ਦਾ ਕਾਰਨ ਹੁੰਦੀ ਸੀ, ਇਸ ਕਰ ਕੇ ਘਰ ਵਿਚ ਬੜੀ ਲੋੜੀਂਦੀ ਦਾਨੀ ਤ੍ਰੀਮਤ ਸਮਝੀ ਜਾਂਦੀ ਸੀ। ਇਸ ਦੇ ਘਾਇਲ ਹੋਣ ਪਰ ਬੜੇ ਹਕੀਮ ਸੱਦੇ ਗਏ, ਮਹੀਨੇ ਕੁ ਵਿਚ ਜ਼ਖ਼ਮ ਠੀਕ ਹੋ ਕੇ ਰਾਜ਼ੀ ਹੋ ਗਏ, ਪਰ ਪਿਆਰੇ ਪੁਤ੍ਰ ਦਾ ਵਿਛੋੜਾ ਮਾਂ ਨੂੰ ਇਕ ਨਿੱਤ ਦਾ ਸੱਲ ਦੇ ਗਿਆ, ਮਾਨੋਂ ਇਸ ਦੇ ਦਿਲ ਵਿਚ ਸਦਾ ਬਲਣੇ ਵਾਲੀ ਚਿਖ਼ਾ ਬਾਲ ਗਿਆ। ਮਾਈ ਘਰ ਦੇ ਕੰਮ ਕਾਜ ਕਰਦੀ, ਪਰ ਪੁਤ੍ਰ ਨੂੰ ਯਾਦ ਕਰਕੇ ਹਾਉਕੇ ਲੈਂਦੀ ਰਹਿੰਦੀ। ਉਸਦੇ ਪਾਠ ਕਰਨੇ ਦੀ ਵੈਰਾਗ-ਮਈ ਧਾਰਨਾ ਉਸ ਦੇ ਕੰਨਾਂ ਵਿਚ ਹਰ ਵੇਲੇ ਗੂੰਜਦੀ ਜਾਪਦੀ। ਗੁਆਂਢ ਵਿਚ ਇਕ ਬਾਲਕ ਜਪੁਜੀ ਦਾ ਪਾਠ ਠੀਕ ਬਿਜੈ ਸਿੰਘ ਵਾਂਙੂ ਕਰਦਾ ਹੁੰਦਾ ਸਾਂ, ਉਸ ਦੀ ਆਵਾਜ਼ ਐਸੀ ਪਿਆਰੀ ਲੱਗੀ ਕਿ ਇਸ ਨੇ ਚੋਰੀ ਚੋਰੀ ਲਿਖਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਰੀ ਨੂੰ ਚੌਖੀ ਮਾਯਾ ਭੇਟਾ ਦੇ ਕੇ ਆਪਣੇ ਘਰ ਲੁਕਵੇਂ ਥਾਂ ਸਥਾਪਨ ਕੀਤਾ ਅਰ ਉਸ ਬਾਲਕ ਦੀ ਪਾਲਣਾ ਆਪਣੇ ਜ਼ਿੰਮੇ ਲੈ ਕੇ ਉਸ ਤੋਂ ਪਾਠ ਸੁਣਨੇ ਦਾ ਨੇਮ ਕਰ ਲਿਆ। ਇਸ ਪ੍ਰਕਾਰ ਰੋਜ਼ ਦੇ ਪਾਠ ਸੁਣਨ ਨੇ ਇਸ ਦੇ ਮਨ ਨੂੰ ਸੰਸਾਰਕ ਬੁੱਧੀ ਤੋਂ ਪ੍ਰੇਰਕੇ ਧਾਰਮਕ ਚੱਕਰ ਫੇਰਿਆ, ਅਰ ਬਿਜੈ ਸਿੰਘ ਅਗੇ ਤੋਂ ਬੀ ਵਧੀਕ ਪਿਆਰਾ ਲੱਗਣ ਲੱਗਾ, ਅਰ ਉਸਦੇ ਕੇਸ ਰੱਖਣੇ, ਜਿੰਨ੍ਹਾਂ ਨੂੰ ਪਹਿਲੇ ਇਸ ਨੇ ਮੂਰਖਤਾ ਜਾਤਾ ਸੀ, ਹੁਣ ਚੰਗੇ ਲੱਗਣ ਲੱਗ ਪਏ। ਆਪਣੇ ਮਨ ਦੀ
ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖ੍ਯਾਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ ਅਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ। ਸੁਆਣੀ ਜੀ ਨੇ ਕੋਈ ਦੇ ਹਜ਼ਾਰ ਰੁਪੱਯਾ ਪੰਡਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ ਪੰਦਰਾਂ ਕੁ ਦਿਨ ਮਗਰੋਂ ਪੰਡਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਬਿਜੈ ਸਿੰਘ ਦਾ ਪਤਾ ਕੱਢ ਲਿਆ ਹੈ। ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ ਹਜ਼ਾਰ ਕੁ ਮੋਹਰ ਪੰਡਤ ਹੁਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁਤ੍ਰ ਨੂੰ ਪੁਚਾ ਦਿਓ। ਪੰਡਤ ਜੀ ਨੇ ਉਸ ਦੀ ਚੰਗੀ ਤਰ੍ਹਾਂ ਤਸੱਲੀ ਬਨਾਹੀ। ਗਊ ਮਾਤਾ ਜਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ। ਇਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿਤਾ ਅਰ ਦੂਸਰੇ ਦਿਨ ਢੂੰਡ ਵਿਚ ਟੁਰ ਪਏ।
ਦੇਸ਼ ਵਿਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖ਼ਾਸ ਕਰ ਬਾਰੀ ਦੁਆਬ ਵਿਚ ਪਰ ਮੰਨੂੰ ਵੱਲੋਂ ਬੀ ਬੜੀ ਸਖ਼ਤੀ ਤੇ ਕਤਲ ਹੋ ਰਹੀ ਸੀ। ਲਾਹੌਰ ਵਿਚ ਆਏ ਦਿਨ ਸਿਖ ਮਾਰੇ ਜਾਂਦੇ ਸਨ।* ਘਰ ਘਰ ਇਨ੍ਹਾਂ ਗੱਲਾਂ ਦਾ ਚਰਚਾ ਸੀ। ਮੰਨੂੰ ਨੂੰ ਅਦੀਨਾਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਨੂੰ ਚੁੱਕਦਾ ਹੈ ਸੋ ਉਸ ਨੂੰ ਹੁਕਮ ਗਿਆ ਸੀ ਕਿ ਤੂੰ ਇਨ੍ਹਾਂ ਦਾ ਖੁਰਾ ਖੋਜ ਮਿਟਾ ਦੇ। ਬਿਜੈ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦੀ ਹੁੰਦੀ ਸੀ।
––––––––––
* ਦੇਖੋ ਤਾਰੀਖੇ ਪੰਜਾਬ ਲਿਖਤ ਸੱਯਦ ਮੁਹੰਮਦ ਲਤੀਫ਼।
ਕਿਉਂਕਿ ਪਿਆਰੇ ਪੁਤ੍ਰ ਦੀ ਲਿਵ ਉਸਦੇ ਜੀ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ. ਇਸ ਦੀ ਇਹ ਦਸ਼ਾ ਵੇਖਕੇ ਗੋਲੀਆਂ ਬਾਂਦੀਆਂ ਇਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਿਆ ਲਿਆ ਕੇ ਸੁਣਾਉਂਦੀਆਂ ਸਨ। ਉਹ ਖਬਰਾਂ ਫੇਰ ਸੁਆਣੀ ਦੀਵਾਨ ਨੂੰ ਸੁਣਾ ਕੇ ਪੱਕਾ ਪਤਾ ਲੈਂਦੀ ਸੀ। ਕਿ ਏਹ ਸੱਚ ਹਨ ਕਿ ਨਹੀਂ ? ਕੁਝ ਕੁ ਸਮਾਚਾਰ ਜੋ ਰੇਤ ਥੱਲੇ ਵਿਚੋਂ ਕਿਣਕਾ ਮਾਤ੍ਰ ਹਨ, ਇਥੇ ਲਿਖਦੇ ਹਾਂ:-
ਗੋਲੀ--ਸੁਆਣੀ ਜੀ! ਅਜ ਬੜਾ ਉਪੱਦ੍ਰ ਹੋਇਆ।
ਸੁਆਣੀ— ਹੈਂ! ਕੀ ਹੋਇਆ?
ਗੋਲੀ- ਸ਼ਾਲਾਮਾਰ ਬਾਗ ਦੇ ਧੁਰ ਹੇਠਲੇ ਤਖਤੇ ਪੁਰ ਦੇ ਭੁਖੇ ਬਾਘ ਛਡੇ ਗਏ, ਅਰ ਦੇ ਸਿਖ, ਜੋ ਨਵੇਂ ਫੜੇ ਆਏ ਸਨ ਮੁਸ਼ਕਾਂ ਬੰਨ੍ਹਕੇ ਖੜੇ ਕੀਤੇ ਗਏ। ਬਾਘਿਆਂ ਨੇ ਐਉਂ ਹਾਬੜ ਹਾਬੜਕੇ ਉਨ੍ਹਾਂ ਦੀ ਬੇਟੀ ਬੇਟੀ ਉਡਾਈ ਕਿ ਸੁਣੇ ਵੇਖੇ ਦਾ ਫਰਕ ਹੈ; ਪਰ ਬੇਬੇ ਜੀ! ਆਖਦੇ ਹਨ ਕਿ ਕਿਸੇ ਨੇ ਹਾਇ ਤੀਕ ਨਹੀਂ ਕੀਤੀ। ਸ੍ਰੀ ਵਾਹਿਗੁਰੂ ਹੀ ਉਚਾਰਦੇ ਚਲ ਬਸੇ।
ਸੁਆਣੀ— ਤੇ ਓਥੇ ਹੋਰ ਕੋਈ ਨਹੀਂ ਸੀ ?
ਗੋਲੀ— ਨਵਾਬ ਸਾਹਿਬ ਆਪ ਸਾਰੇ ਦਰਬਾਰੀ ਤੇ ਆਪਣੇ ਦੀਵਾਨ ਸਾਹਿਬ ਭੀ ਸਨ। ਸਾਰੇ ਉਪਰਲੇ ਤਖਤੇ ਪੁਰ ਬੈਠ ਕੇ ਤਮਾਸ਼ਾ ਵੇਖਦੇ ਤੇ ਖਿੜ ਖਿੜਾਕੇ ਹੱਸਦੇ ਸਨ।
ਸੁਆਣੀ- (ਠੰਢਾ ਸਾਹ ਭਰਕੇ) ਵਿਨਾਸ਼ ਕਾਲੇਚ ਵਿਪ੍ਰੀਤ ਬੁਧੇ* ਮੁਗਲਾਂ ਦਾ ਰਾਜ ਹੁਣ ਨਾਸ਼ ਹੋਣ ਤੇ ਆ ਗਿਆ ਹੈ। ਨਾਰਾਇਣ! ਮੇਰੇ ਪੁਤ੍ਰ ਨੂੰ ਪ੍ਰਹਿਲਾਦ ਵਾਂਗ ਬਚਾ ਦੇਹ। ਲਾਲ! ਤੈਨੂੰ ਤੱਤੀ ਵਾ ਨਾ ਲੱਗੇ।
ਗੋਲੀ— ਉਸ ਦਾ ਰਾਮ ਸਹਾਈ ਹੈ, ਤੁਸੀਂ ਰਤੀ ਫ਼ਿਕਰ ਨਾ ਕਰੋ। ਸੁਆਣੀ— ਭਲਾ ਉਨ੍ਹਾਂ ਸਿੱਖਾਂ ਵਿਚ ਕੋਈ ਖੱਤਰੀ ਭੀ ਸੀ?
ਗੋਲੀ— ਨਹੀਂ ਜੀ, ਪਰ ਸਿਖਾਂ ਵਿਚ ਤਾਂ ਸਾਰੇ ਇਕੋ ਜਿਹੇ ਲਗਦੇ ਹਨ, ਕੋਈ ਜੱਟ ਕੋਈ ਖਤਰੀ ਦਾ ਵੇਰਵਾ ਤਾਂ ਨਹੀਂ ਦਿੱਸਦਾ, ਸਾਰੇ ਲੰਮੇ, ਚੌੜੇ ਤੇ ਸੱਚੇ ਹੁੰਦੇ ਹਨ ਅਰ ਡਾਢੇ ਬਹਾਦਰ! ਖ਼ਬਰੇ ਇਨ੍ਹਾਂ ਦੀ ਕੋਈ ਜਾਤ ਭੀ ਹੁੰਦੀ ਹੈ ਕਿ ਨਹੀਂ?
–––––––––––
1. ਜੇ ਕਿਸੇ ਦਾ ਨਾਸ਼ ਹੋਣ ਦਾ ਸਮਾਂ ਆਵੇ ਤਾਂ ਪਹਿਲਾਂ ਉਸ ਦੀ ਬੁਧਿ ਮਾਰੀ ਜਾਂਦੀ ਹੈ।
ਸੁਆਣੀ— ਜਾਤ ਹੁੰਦੀ ਤਾਂ ਬਹਾਦਰੀ ਨਾ ਹੁੰਦੀ, ਇਹ ਸਾਰਾ ਮੈਤ੍ਰੀ ਦਾ ਹੀ ਫਲ ਹੈ, ਕਦੀ ਪਾਟੀਆਂ ਕੰਧਾਂ ਪੁਰ ਭੀ ਛੱਤ ਟਿਕੀ ਹੈ? ਮਿਲੀਆਂ ਕੰਧਾਂ ਦੇ ਹੀ ਮਹਿਲ ਬਣਦੇ ਹਨ।
ਇਕ ਦਿਨ ਸੁਆਣੀ ਕੋਠੇ ਤੇ ਬੈਠੀ ਵਾਲ ਸੁਕਾਉਂਦੀ ਸੀ ਤੇ ਇਹ ਗੀਤ ਗਾਉਂਦੀ ਸੀ:-
'ਲਾਡਾਂ ਪਾਲਿਆ ਲਾਲ ਦੁਲਾਰਾ ਛੱਡ ਸਿਧਾਯਾ ਮੈਨੂੰ।
ਟੁਕੜੇ ਟੁਕੜੇ ਹਿਰਦਾ ਹੋਇਆ ਖੇਲ੍ਹ ਦੱਸਾਂ ਕੀ ਤੈਨੂੰ।
ਇੰਨੇ ਨੂੰ ਕੁਲਪਤ ਰਾਇ ਨਾਜ਼ਮ ਦੀ ਵਹੁਟੀ ਦੀ ਡੋਲੀ ਆ ਗਈ ਦੋਵੇਂ ਸਹੇਲੀਆਂ ਵੱਡੇ ਪਿਆਰ ਨਾਲ ਮਿਲੀਆਂ। ਨਾਜ਼ਮ ਦੀ ਵਹੁਟੀ ਨੇ ਰਾਮ ਲਾਲ ਦੇ ਸਿੱਖ ਹੋ ਜਾਣ ਦੀ ਬੜੀ ਪਰਚਾਉਣੀ ਕੀਤੀ ਅਰ ਦਰਦ ਵੰਡਿਆ, ਜਿਵੇਂ ਅੱਜ ਕੱਲ ਕਿਸੇ ਦੇ ਪੁਤ੍ਰ ਮਰਨੇ ਪਰ ਪਰਚਾਉਣੀ ਕਰੀਦੀ ਹੈ। ਗੱਲਾਂ ਹੁੰਦਿਆਂ ਹਵਾਂਦਿਆਂ ਕੁਲਪਤ ਦੀ ਵਹੁਟੀ ਨੇ ਮਾਖੋਵਾਲ* ਦੇ ਜੁੱਧ ਦੀ ਭਯਾਨਕ ਕਹਾਣੀ ਐਉਂ ਦਿੱਤੀ:-
ਨਾਜ਼ਮਣੀ- ਭੈਣ ਜੀ! ਸਿੱਖਾਂ ਵਿਚਾਰਿਆਂ ਦੇ ਭਾ ਦੀ ਡਾਢੀ ਆ ਬਣੀ ਹੈ। ਹੈਨ ਤਾਂ ਚੰਗੇ ਪਰ ਸਮੇਂ ਦੇ ਪਾਤਸ਼ਾਹ ਇਨ੍ਹਾਂ ਦੇ ਵੈਰੀ ਹੋ ਰਹੇ ਹਨ। ਕੱਲ੍ਹ ਰਾਤੀਂ ਪਤੀ ਜੀ ਨੇ ਮੈਨੂੰ ਮਾਖੋਵਾਲ ਦਾ ਹਾਲ ਸੁਣਾਇਆ, ਲੂੰ ਕੰਡੇ ਖੜੇ ਹੋ ਗਏ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਪਿਛਲੇ ਪਠਾਣੀ ਜੁੱਧ ਵਿਚ ਸਿੱਖਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਪਹਾੜਾਂ ਤਕ ਦਾ ਇਲਾਕਾ ਮੱਲ ਲਿਆ ਸੀ ਤੇ ਫੇਰ ਗਸ਼ਤੀ ਫ਼ੌਜ ਨੇ ਉਨ੍ਹਾਂ ਨੂੰ ਨਸਾ ਕੇ ਜੰਗਲੀ ਵਾੜ ਦਿੱਤਾ ਅਰ ਸ਼ਹਿਰਾਂ ਦੇ ਵਾਸੀ ਡਰਾਉਣੀਆਂ ਮੌਤਾਂ ਮੋਏ, ਜਾਂ ਲੁਕ ਛੁਪ ਕੇ ਨਿਕਲ ਗਏ ਤੇ ਬਨੀਂ ਪਹਾੜੀਂ ਜਾ ਵੱਸੇ। ਜੋ ਗਸ਼ਤੀ ਫੌਜ ਦੀ ਦੁਰਦਸ਼ਾ ਸਿੱਖਾਂ ਨੇ ਛਾਪੇ ਮਾਰ ਮਾਰਕੇ, ਰਾਤਾਂ ਚੀਰ ਚੀਰਕੇ ਕੀਤੀ ਹੈ ਉਹ ਹੀ ਜਾਣਦੇ ਹਨ, ਜਿਨ੍ਹਾਂ ਦੇ ਸਿਰ ਬੀਤੀ ਹੈ। ਬੁੱਢੇ ਕੋਟ ਲਾਗੇ ਸਤਲੁਜ ਦੀ ਬੇਟ ਵਿਚ ਸਿੰਘਾਂ ਦਾ ਮੋਮਨ ਖਾਂ ਨਾਲ ਭਾਰੀ ਘਮਸਾਨ ਮੱਚਿਆ ਸੀ, ਜਿਸ ਵਿਚ ਚੰਗੇ ਚੰਗੇ ਤੁਰਕ ਜੋਧੇ ਖੇਤ ਹੋਏ ਪਰ ਛੇਕੜ ਸਿੰਘ ਇਨ੍ਹਾਂ ਦਾ ਨਾਸ਼ ਕਰਕੇ ਚੁਪ ਕੀਤੇ
–––––––––––––––
* ਮਾਖੋਵਾਲ ਦੇ ਜੁੱਧ ਦਾ ਹਾਲ ਜੇਮਜ਼ ਬ੍ਰਾਊਨ, ਮੈਲਕਮ, ਗ੍ਰਿਫਨ, ਕਨਿੰਘਮ ਅਰ ਮੁਹੰਮਦ ਲਤੀਫ਼ ਨੇ ਆਪਣੇ ਇਤਿਹਾਸਾਂ ਵਿਚ ਲਿਖਿਆ ਹੈ। ਮਾਖੋਵਾਲ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਸੀ।
ਹੱਥ ਵਿਚੋਂ ਸਾਬਣ ਦੀ ਚੌਂਕੀ ਵਾਂਗ ਤਿਲਕ ਗਏ। ਇਸ ਤੋਂ ਮਗਰੋਂ ਕਈ ਉਪਿੰਦਰ ਹੋਏ। ਸੁਣਿਆ ਹੈ ਕਿ ਜਲੰਧਰ ਦੇ ਨਵਾਬ ਆਦੀਨਾ ਬੇਗ ਨੇ ਆਪਣੇ ਉਨ੍ਹਾਂ ਸੱਕਾਂ ਦੇ ਦੂਰ ਕਰਨੇ ਲਈ, ਜੋ ਲਾਹੌਰ ਦੀ ਸਰਕਾਰ ਨੂੰ ਉਸ ਪੁਰ ਸਨ, ਸਿਖਾਂ ਨਾਲ ਵਡਾ ਧ੍ਰੋਹ ਕੀਤਾ ਹੈ। ਉਤੋਂ ਦੀ ਉਨ੍ਹਾਂ ਨਾਲ ਮਿੱਠਾ ਬਣਿਆ ਰਿਹਾ ਹੈ ਤੇ ਵਿਚੋਂ ਦਾਉ ਤੱਕਦਾ ਰਿਹਾ ਹੈ। ਮਾਖੋਵਾਲ ਵਿਚ, ਜੋ ਉਸ ਦੇ ਲਾਗੇ ਹੀ ਹੈ, ਸਿਖਾਂ ਦਾ ਇਕ ਭਾਰੀ ਮੇਲਾ* ਸੀ, ਹਜਾਰਾਂ ਲੋਕ ਕੱਠੇ ਹੋ ਰਹੇ ਸਨ, ਕਿਤੇ ਭਜਨ ਸਿਮਰਨ ਤੇ ਬਾਣੀਆਂ ਦੇ ਉਚਾਰ ਹੋ ਰਹੇ ਸਨ, ਅਰ ਸਿੱਖ ਬੇਚਿੰਤ ਢਾਣੀਆਂ ਲਾਈ ਬੈਠੇ ਢਾਡੀਆਂ ਤੋਂ ਵਾਰਾਂ ਸਣ ਰਹੇ ਸਨ। ਕਿਤੇ ਬੀਰ-ਰਸ ਦੇ ਨਕਸੇ ਬੱਝ ਰਹੇ ਸਨ. ਕਿਤੇ ਬਹਾਦਰੀ ਤੇ ਮੈਦਾਨੇ-ਜੰਗ ਦੀ ਕੱਟ ਵੱਢ ਦੇ ਗੀਤ ਅਲਾਪੇ ਜਾ ਰਹੇ ਸਨ, ਕਿ ਆਦੀਨਾ ਬੇਗ ਚੁਪ ਚਾਪ ਫੌਜ ਲੈ ਕੇ ਜਾ ਪਿਆ। ਸਿਖ ਲੋਕ ਬੇਖਬਰੇ ਸਨ, ਅਚਾਨਕ ਚਾਰ ਚੁਫੇਰਿਓਂ ਬਲਾ ਵਿਚ ਘਿਰ ਗਏ। ਬੜੀ ਫੁਰਤੀ ਕੀਤੀ, ਬੜੀ ਚਲਾਕੀ ਤੋਂ ਕੰਮ ਲਿਆ, ਪਰ ਫੇਰ ਭੀ ਕੀ ਬਣਦਾ ਸੀ ? ਹਜ਼ਾਰਾਂ ਹੀ ਖੇਤ ਹੋਏ ਲੋਥਾਂ ਦੇ ਢੇਰ ਲੱਗ ਗਏ, ਧਰਤੀ ਲਹੂ ਨਾਲ ਸੂਹੀ ਹੋ ਗਈ ਅਰ ਚਾਰ ਚੁਫੇਰੇ ਭੈਦਾਇਕ ਸਮਾਂ ਬੱਝ ਗਿਆ। ਪਰ ਜੇਧੇ ਸਿਖ ਸੰਭਲਦੇ ਸੰਭਾਲਦੇ ਛੇਕੜ ਡਟ ਗਏ, ਆਪਣੇ ਕੁਦਰਤੀ ਸੁਭਾਉ ਮੂਜਬ ਏਨੀ ਕੱਟ ਵੱਢ ਵੇਖ ਕੇ ਭੀ ਦਿਲ ਨਾ ਹਾਰਿਓ ਨੇ। ਮੇਲੇ ਵਿਚ ਸਾਰੇ ਜੋਧੇ ਨਹੀਂ ਸਨ, ਜੋ ਸਾਰੀ ਭੀੜ ਵਿਚ ਜੋਧਿਆਂ ਦੇ ਲੜਦਿਆਂ ਬੀ ਹਲਚਲੀ ਮਚ ਗਈ ਤੇ ਸਿੰਘ ਤਿਤਰ ਬਿਤਰ ਹੋ ਗਏ। ਇਧਰ ਤਾਂ ਆਦੀਨਾ ਬੇਗ ਨੇ ਖ਼ਬਰ ਘੱਲੀ ਹੈ ਕਿ ਮੈਂ ਫ਼ਤੇ ਪਾਈ ਤੇ ਭਾਰੀ ਕਤਲ ਕਰ ਦਿੱਤੀ ਹੈ, ਹੁਣ ਸਿਖ ਉਠਣ ਜੋਗੇ ਨਹੀਂ ਰਹੇ, ਪਰ ਮੇਰੇ ਪਤੀ ਜੀ ਮੈਨੂੰ ਦੱਸਦੇ ਸੀ ਕਿ ਉਸ ਨੇ ਅੰਦਰਖਾਨੇ ਆਪਣੇ ਮਿਤਰ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਪਾਸ ਘੱਲ ਦਿਤਾ ਹੈ ਕਿ ਮੈਂ ਲਾਹੌਰ ਦੇ ਹੁਕਮ ਕਰਕੇ ਤੁਸਾਂ ਤੇ ਆ ਪਿਆ ਸਾਂ, ਜੋ ਹੋਣਾ ਸੀ ਹੋ ਚੁਕਾ ਹੁਣ ਆਓ ਸੁਲਹ ਕਰ ਲਈਏ। ਸਰਦਾਰ ਜੱਸਾ ਸਿੰਘ ਨੇ ਇਸ ਵੇਲੇ ਬੜੀ ਦੂਰੰਦੇਸ਼ੀ ਕਰਕੇ ਸੁਲਹ ਮੰਨ ਲਈ ਸੀ ਕਿ ਸੁਲਹ ਨਾਲ ਖਾਲਸਾ ਅਨੰਦਪੁਰ ਦੇ ਪਹਾੜੀ
–––––––––––
* ਇਹ ਮੇਲਾ ਸੰਮਤ 1808 ਦੇ ਹੋਲੇ ਮਹੱਲੇ ਦਾ ਆਨੰਦਪੁਰ ਸਾਹਿਬ ਦਾ ਸੀ ਤੇ ਛਾਪਾ ਆਦੀਨਾ ਬੇਗ਼ ਨੇ ਐਨ ਮੇਲੇ ਵਾਲੇ ਦਿਨ ਮਾਰਿਆ ਸੀ।
ਇਲਾਕੇ ਵਿਚ ਆਰਾਮ ਨਾਲ ਰਹਿ ਸਕੇਗਾ ਤੇ ਦੇਸ਼ ਵਿਚ ਮੀਰ ਮੰਨੂੰ ਦੀ ਵਸ ਰਹੀ ਅੱਗ ਤੋਂ ਬਚਕੇ ਟੱਬਰਦਾਰ ਸਿਖ ਏਥੇ ਦਿਨ-ਕਟੀ ਕਰ ਲੈਣਗੇ। ਸੋ ਇਉਂ ਉਨ੍ਹਾਂ ਨਾਲ ਉਸ ਦੀ ਸੁਲਹ ਹੋ ਗਈ ਹੈ ਤੇ ਸਿਖ ਹੁਣ ਫੇਰ ਆਨੰਦਪੁਰ ਵਿਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਇ ਵਿਚ ਆਦੀਨਾ ਬੇਗ ਬੜਾ ਚਾਲਾਕ ਹੈ। ਉਹ ਸੋਚਦਾ ਹੈ ਕਿ ਜੇ ਮੈਂ ਸਿਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ: ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸ ਨੇ ਸਿਖਾਂ ਨਾਲ ਅੰਦਰਖਾਨੇ ਸੁਲਹ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਇਧਰ ਸਿਖਾਂ ਤੇ ਛਾਪਾ ਮਾਰ ਤੇ ਸ਼ਹਿਰੀ ਵਸੋਂ ਨੂੰ ਕਤਲ ਕਰਕੇ ਲਾਹੌਰ ਪਤ ਬਣਾ ਲਈ ਸੂ ਕਿ ਮੈਂ ਸਿਖ ਯੋਧੇ ਖੂਬ ਮੁਕਾਏ ਹਨ।
ਦੀਵਾਨਣੀ— ਭੈਣ ਜੀ! ਤੁਹਾਨੂੰ ਇਹ ਕਿਥੋਂ ਪਤੇ ਲਗੇ?
ਨਾਜ਼ਮਣੀ— ਕੱਲ ਦਰਬਾਰ ਵਿਚ ਏਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇਕ ਮਿਤ੍ਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਭੀ ਨਹੀਂ ਲਗਦਾ, ਵਿਗੜਦਾ ਭੀ ਨਹੀਂ, ਸਿਖਾਂ ਨਾਲ ਲੜ ਭੀ ਪੈਂਦਾ ਹੈ ਤੇ ਫੇਰ ਸੁਲਹ ਭੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿਖਾਂ ਦੇ ਫਸਾਦ ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ
ਰਹੀ ਸਾਂ,* ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ। ਸਿਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ।
ਦੀਵਾਨਣੀ— ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲ ਜਾ ਰਲਣਾ ਹੈ।
7. ਕਾਂਡ
ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾਤ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ. ਯਥਾ- 'ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ ! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਕਿਸਮ ਕਿਸਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ। ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੰਛ ਰੁਖ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ. ਇਹੈ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਅਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇ ਥਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ, ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ਤਰ ਜੰਗਲ ਹੀ ਖਾਲਸੇ ਦਾ ਸ੍ਵਰਗ ਤੇ ਇੰਦ੍ਰਪੁਰੀਆਂ ਹੁੰਦੇ ਸਨ। ਕੋਈ ਜੰਗਲ, ਬਨ, ਬੇਲਾ, ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿਚ ਦਸ, ਪੰਜ ਯਾ ਸੋ ਸਿੱਖ ਸਿਰ ਲੁਕਾਈ ਦਿਨ-ਕਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉਤੇ ਸਮਾਚਾਰ ਦੱਸਿਆ ਹੈ, ਉਸ ਵਿਚ ਇਕ ਖੁਲ੍ਹੇ ਥਾਂ ਪੁਰ ਬਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੇ ਝਿੜੀ ਜਿਹੀ ਬਣਾਈ ਹੋਈ ਹੈ, ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿਚ ਇਕ ਵਿਹੜਾ ਬੀ ਹੈ। ਇਹ ਝਿੜੀ ਬਨ-ਪਸੂਆਂ ਤੋਂ ਬਚਾਉ ਦੀ ਇਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਅਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇਕ ਛੰਭ ਹੈ ਜੇ ਮੀਂਹ ਦੇ ਜਲ ਨਾਲ ਅਥਵਾ ਦਰਿਯਾ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ, ਮਿੱਠਾ ਤੇ ਸੁਥਰਾ ਰਹਿੰਦਾ ਹੈ। ਇਸ ਕੁਟੀਆ ਵਿਚ ਇਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ।
ਸੂਰਜ ਦੇਉਤਾ ਧਰਤੀ ਦੇ ਉਹਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਉ ਵਾਲਾ ਚਾਨਣਾ, ਜੋ ਧੁੱਪ ਦੀ
ਹੋ ਜਾਂਦੀ ਹੈ।
ਇਹ ਦੋਵੇਂ ਮਾਂ ਪੁੱਤ੍ਰ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹਿਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ
ਇਹ ਪਰਵਾਰ ਸਾਡੇ ਬਿਜੈ ਸਿੰਘ ਜੀ ਸ਼ੀਲ ਕੌਰ ਤੇ ਭੁਜੰਗੀ ਜੀ ਦਾ ਹੈ। ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬ੍ਰਿਛਾਂ ਨੂੰ ਚਾਂਦਨੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਅਰ ਪੱਤਿਆਂ ਵਿਚੋਂ ਛਣ ਛਣ ਕੇ ਚਾਂਦਨੀ ਹੇਠਾਂ ਬੀ ਪੈ ਰਹੀ ਸੀ। ਬਨ ਪਸ਼ੂਆਂ ਦੇ ਘੁੱਰਾਉਣ ਦੇ ਸ਼ਬਦ ਕਿਸੇ ਕਿਸੇ ਵੇਲੇ ਇਕ ਭਯੰਕਰ ਸੁਰ ਵਿਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿਚ ਇਕ ਮਾਨੁਖੀ ਆਵਾਜ਼ 'ਹਾਇ! ਹਾਇ! ਹਾਇ! ਦੀ ਆਉਣ ਲੱਗ ਪਈ, ਜਿਸਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪੁਰੇ ਰਹੀ ਸੀ। ਬਿਜੈ ਸਿੰਘ ਦਾ ਦਯਾ ਪੂਰਤ ਹਿਰਦਾ ਰਹਿ ਨਾ ਸਕਿਆ, ਇਕ ਦੀਣੀ' ਬਾਲ ਕੇ ਆਵਾਜ਼ ਦੀ ਸੇਧ ਪੁਰ ਤੁਰਿਆ, ਨਾਲ ਵਹੁਟੀ ਤੇ ਪੁਤ੍ਰ ਭੀ ਹੋ ਲਏ। ਲਭਦੇ ਲਭਦੇ ਇਕ ਬ੍ਰਿਛ ਦੇ ਹੇਠ ਇਕ ਲੱਛਦੇ ਆਦਮੀ ਨੂੰ ਡਿੱਠਾ ਜੋ ਹਾਇ ਹਾਇ ਕਰ ਰਿਹਾ ਸੀ, ਅਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿੰਮ ਰਿਹਾ ਸੀ। ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ। ਬਿਜੈ ਸਿੰਘ ਨੇ ਸਹਿਜ ਨਾਲ ਉਸਨੂੰ ਚੁਕਿਆ ਅਰ ਸੰਭਾਲ ਕੇ ਆਪਣੇ ਸ਼ੀਸ ਮਹਿਲ' ਵਿਚ ਲਿਆ ਪਾਇਆ, ਪਾਣੀ ਉਸ ਦੇ ਮੂੰਹ ਵਿਚ ਚੋਇਆ ਅਰ ਘਾਉ ਧੋ ਕੇ ਲਾਲ ਤੇਲ ਲਾ ਕੇ ਸ਼ੀਲ ਕੌਰ ਦਾ ਕਪੜਾ ਪਾੜ ਕੇ ਪੱਟੀ ਬੱਧੀ। ਹੁਣ ਜ਼ਰਾ ਉਸ ਨੂੰ ਆਸੰਙ ਹੋ ਆਈ ਅਰ ਲੱਗਾ ਅਸੀਸਾਂ ਦੇਣ
––––––––––––
1. ਬਨਾਂ ਵਿਚ ਲਕੜੀਆਂ ਦੇ ਟੁਕੜੇ ਤੇ ਕਈ ਤਰ੍ਹਾਂ ਦੇ ਸਿੱਟੇ ਬਾਲ ਕੇ ਉਹਨਾਂ ਤੋਂ ਦੀਵੇ ਦਾ ਕੰਮ ਲਿਆ ਕਰਦੇ ਸਨ। ਪਹਾੜਾਂ ਵਿਚ ਦੀਣੀ ਚੀਲ੍ਹਾਂ ਵੀ ਬਾਲਦੇ ਸਨ।
2. ਖਾਲਸਈ ਬੋਲੀ ਵਿਚ, ਸ਼ੀਸ਼ ਮਹਿਲ-ਕੁੱਲੀ।
ਅਸੀਸਾਂ ਤੋਂ ਝੱਟ ਪਛਾਣਿਆ ਗਿਆ ਕਿ ਇਹ ਤਾਂ ਪਿਤਾ ਜੀ ਦਾ ਪ੍ਰੋਹਿਤ ਹੈ। ਅਚੰਭਾ ਹੋ ਕੇ ਬਿਜੈ ਸਿੰਘ ਨੇ ਉਸ ਨੂੰ ਪੁਛਿਆ ਕਿ ਤੁਸੀਂ ਪ੍ਰੇਹਿਤ ਜੀ ਕਿਵੇਂ ਇਸ ਬਨ ਵਿਚ ਆ ਫਾਥੇ? ਪੰਡਤ ਜੀ ਭੁਖੇ ਸਨ ਤੇ ਆਪ ਨੂੰ ਦੁਖੀ ਦੱਸਦੇ ਸਨ। ਕੁਛ ਖਾਧੇ ਬਿਨਾਂ ਗਲਬਾਤ ਕਰ ਸਕਣੀ ਔਖੀ ਸੀ। ਇਹ ਗੱਲ ਸਮਝ ਕੇ ਕੀ ਆਪ ਭੁੱਖੇ ਹਨ ਤੇ ਭੋਜਨ ਦੀ ਲੋੜ ਹੈ, ਬੀਬੀ ਨੇ, ਜੋ ਹਾਜ਼ਰ ਸੀ, ਅਗੇ ਲਿਆ ਧਰਿਆ। ਤ੍ਰੈ ਸੰਤੋਖੀ ਜੀਆਂ ਦਾ ਭੋਜਨ ਪੰਡਤ ਜੀ ਛਕ ਕੇ ਝੱਟ ਲੰਘਾਉਣ ਜੋਗੇ ਹੋ ਗਏ, ਪੂਰੇ ਤ੍ਰਿਪਤ ਨਹੀਂ ਹੋਏ। ਕੁੱਲੀ ਵਿਚ ਆਟਾ ਮੁਕ ਚੁਕਾ ਹੋਇਆ ਸੀ, ਲੌਢੇ ਵੇਲੇ ਹੋਰ ਆਟਾ ਬਿਜੈ ਸਿੰਘ ਨੇ ਆਂਦਾ ਸੀ, ਪਰ ਰਸਤੇ ਵਿਚ ਕਿਸੇ ਭੁਖਾਤੁਰ ਪੁਰਖ ਨੂੰ ਦੇ ਆਇਆ ਸੀ, ਭਈ ਮੈਂ ਸਵੇਰੇ ਹੋਰ ਲੈ ਆਵਾਂਗਾ ਤੇ ਰਾਤ ਦੇ ਨਿਰਬਾਹ ਜੋਗਾ ਘਰ ਵਿਚ ਹੈ ਹੀ। ਪਰ ਪਤਾ ਨਹੀਂ ਸੀ ਕਿ ਘਰ ਪ੍ਰਾਹੁਣਾ ਪੈਣਾ ਹੈ, ਜਿਸ ਨੇ ਸਾਰਾ ਖਾ ਕੇ ਬੀ ਰਜਣਾ ਨਹੀਂ। ਜਦੋਂ ਪੰਡਤ ਜੀ ਛਕ ਛਕਾ ਕੇ ਤਾਕਤ ਵਿਚ ਆਏ ਤਾਂ ਹੁਣ ਆਪਣੀ ਵਿਯਾ ਸੁਨਾਉਣ ਲਗੇ ਕਿ ਮੈਨੂੰ ਆਪ ਦੀ ਮਾਂ ਨੇ ਧਨ ਦੇ ਕੇ ਆਪ ਦੀ ਭਾਲ ਵਿਚ ਤੋਰਿਆ ਸੀ ਕਿ ਜਿਥੇ ਹੋ ਸਕੇ ਤੁਹਾਨੂੰ ਮਿਲਕੇ ਪਦਾਰਥ ਪੁਚਾਵਾਂ। ਤੁਹਾਡੀ ਮਾਂ ਦੀ ਮਰਜ਼ੀ ਹੈ ਕਿ ਕਿਸੇ ਪਹਾੜ ਵਿਚ ਜਾ ਰਹੇ। ਅਜ ਕਲ੍ਹ ਮਾਖੋਵਾਲ ਦੇ ਪਹਾੜੀਂ ਜਾਣਾ ਚੰਗਾ ਹੈ। ਜਦੋਂ ਠਹਿਰ ਠਰੱਮਾ ਹੋਵੇਗਾ ਅਰ ਇਹ ਪਰਲੋ ਮੀਰ ਮੰਨੂੰ ਦੇ ਗੁੱਸੇ ਦੀ ਲੰਘ ਗਈ ਹੋਵੇਗੀ ਤਦੋਂ ਤੁਹਾਨੂੰ ਪਾਸ ਬੁਲਾ ਲਵੇਗੀ।
ਬਿਜੈ ਸਿੰਘ- ਪੰਡਤ ਜੀ! ਆਪ ਨੇ ਮੈਨੂੰ ਲੱਭਾ ਕਿੱਕੁਰ?
ਪੰਡਤ- ਵੱਡਾ ਔਖਾ, ਕਈ ਸੂਹੀਏਂ ਛਡੇ, ਕਈਆਂ ਨੂੰ ਸੁੰਧਕਾਂ ਕੱਢਣ ਤੇ ਨੌਕਰ ਰਖਿਆ, ਕਿਸੇ ਡਾਢੇ ਸਿਆਣੇ ਨੇ ਸਿਖੀ ਭੇਖ ਧਾਰ ਕੇ ਸਿਖਾਂ ਵਿਚੋਂ ਸੂੰਹ ਕੱਢੀ ਕਿ ਤੁਸੀਂ ਏਸ ਬਨ ਵਿਚ ਹੈ। ਜਿਥੇ ਮੈਂ ਕਈ ਚਿਰਾਂ ਤੋਂ ਆਇਆ ਤੁਹਾਨੂੰ ਲੱਭ ਰਿਹਾ ਸੀ। ਅਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਚੰਗੜ ਦੇ ਭੇਸ ਵਿਚ ਸੋ, ਪਰ ਮੈਂ ਸਿਆਣ ਲਿਆ ਸੀ ਤੇ ਤੁਹਾਡੇ ਮਗਰ ਆਇਆ ਸੀ। ਤੁਹਾਨੂੰ ਮੈਂ ਕਿੰਨੀਆਂ ਵਾਜਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ, ਛੇਕੜ ਮੈਂ ਤੁਹਾਡੇ ਮਗਰ ਬਨ ਵਿਚ ਵੜਿਆ, ਜਿਥੇ ਮੈਨੂੰ ਚੋਰਾਂ ਨੇ ਘੇਰ ਲਿਆ ਅਰ ਘਾਇਲ ਕਰਕੇ ਸੁਟ ਦਿੱਤਾ ਤੇ ਸਭ ਕੁਝ ਲੁਟ ਪੁਟ ਕੇ ਲੈ ਗਏ ਅਰ ਤੜਫ਼ਦੇ ਨੂੰ ਸਿੱਟ ਗਏ।
ਮਿਸਰ- ਮੈਂ ਆਪਣੀ ਥਾਂ ਸ਼ਰਮ ਵਿਚ ਮਰਦਾ ਜਾਂਦਾ ਹਾਂ ਕਿ ਤੁਹਾਡੀ ਮਾਂ ਦੀ ਮਰਜ਼ੀ ਪੂਰੀ ਕਰਨੇ ਦੀ ਥਾਂ ਮੈਂ ਸਗੋਂ ਨੁਕਸਾਨ ਕੀਤਾ ਅਰ ਤੁਹਾਨੂੰ ਭੀ ਦੁੱਖ ਦਿੱਤਾ।
ਬਿਜੈ ਸਿੰਘ— ਨਹੀਂ ਨਹੀਂ, ਆਪ ਮੇਰੀ ਵਲੋਂ ਫ਼ਿਕਰ ਨਾ ਕਰੋ, ਧਨ ਸਹੁਰੇ ਦਾ ਕੀ ਹੈ, ਜਿਸ ਦੇ ਭਾਗਾਂ ਦਾ ਸੀ ਲੈ ਗਿਆ। ਮੈਨੂੰ ਸੇਕ ਹੈ ਕਿ ਮੈਂ ਤੁਹਾਡੀ ਅਵਾਜ਼ ਨਾ ਸੁਣੀ।
ਮਿਸਰ- ਮੈਂ ਤੁਹਾਡੀ ਮਾਤਾ ਨੂੰ ਕੀ ਮੂੰਹ ਦੇਵਾਂਗਾ? ਹੇ ਧਰਤੀ ਮਾਤਾ ਤੂੰਹੋਂ ਵੇਹਲ ਦੇਹ ਮੈਂ ਗਰਕ ਜਾਵਾਂ। ਓਹੋ! ਚੋਰ ਸਹੁਰੇ ਮੈਨੂੰ ਜੀਉਂਦਾ ਕਿਉਂ ਛਡ ਗਏ? ਮਾਰ ਜਾਂਦੇ ਤਾਂ ਲੱਗਾਵਾਨ ਤਾਂ ਨਾ ਹੋਣਾ ਪੈਂਦਾ।
ਬਿਜੈ ਸਿੰਘ- ਪੰਡਤ ਜੀ! ਆਪ ਕਿਉਂ ਫ਼ਿਕਰ ਕਰਦੇ ਹੋ? ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ, ਉਹ ਤੁਹਾਡੇ ਬਚਨ ਤੇ ਅਮਨਾ ਕਰ ਲਵੇਗੀ, ਤੁਸੀਂ ਜਿਹੇ ਕਿਹੇ ਆਦਮੀ ਥੋੜੇ ਹੋ?
ਮਿਸਰ- ਤੁਸੀਂ ਜੇ ਲਾਜ ਰੱਖੋ ਤਾਂ ਰਹਿ ਜਾਵੇਗੀ।
ਬਿਜੈ ਸਿੰਘ- ਕਿੱਕੁਰ ? ਮੈਂ ਸੁਖ ਦੇਣ ਨੂੰ ਹਾਜ਼ਰ ਹਾਂ।
ਮਿਸਰ- ਦੋ ਅੱਖਰ ਲਿਖ ਦੇਣੇ ਕਿ ਧਨ ਪਹੁੰਚ ਗਿਆ ਹੈ।
ਬਿਜੈ ਸਿੰਘ— ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ; ਤੁਹਾਡੀ ਮਿਹਨਤ ਅਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਲਿਖ ਦਿਆਂਗਾ।
ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਪੰਡਤ ਹੁਰੀਂ ਸੁੱਤੇ ਅਰ ਸੰਤੋਖੀ ਟੱਬਰ ਨੇ, ਜਲ ਦੇ ਦੋ ਦੋ ਬੁੱਕ ਪੀ ਕੇ ਕਰਤਾਰ ਦਾ ਸ਼ੁਕਰ ਕੀਤਾ ਅਰ ਸੌਂ ਰਹੇ।
ਸਵੇਰੇ ਉੱਠੇ, ਪੰਡਤ ਹੁਰੀਂ ਮਾਂਦੇ ਤਾਂ ਸਨ ਹੀ ਨਹੀਂ, ਨਾ ਕਿਤੇ ਚੋਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾ ਉਨ੍ਹਾਂ ਬਿਜੈ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਤ ਜੀ ਦਾ ਆਪਣਾ ਮਨ ਸੀ, ਜ਼ਖਮ ਜਿਹੜੇ ਸਨ ਸੇ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ ਜੋ ਆਪਣੀਆਂ ਸੂਲਾਂ ਤੇ ਕੰਡਿਆਂ ਨਾਲ ਉਸ ਦੇ ਕਪੜਿਆਂ ਨਾਲ ਅੜ ਅੜਕੇ, ਮਾਨੋਂ ਉਸ ਨੂੰ ਫੜ
ਬਿਜੈ ਸਿੰਘ- ਸਤਿ ਬਚਨ।
ਪੰਡਤ- ਪਰ ਮੇਰੇ ਪਾਸ ਤਾਂ ਖਰਚ ਭੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਅਰ ਪ੍ਰਦੇਸੀ ਹਾਂ, ਕੀ ਕਰਾਂ?
ਬਿਜੈ ਸਿੰਘ— ਪਿਆਰੀ ਸ਼ੀਲ ਕੌਰਾਂ! ਕੁਛ ਹੈ ?
ਸ਼ੀਲਾ- ਸੁਆਮੀ ਜੀ! ਰਾਤ ਵਾਲੇ ਪੈਸੇ ਹਨ ਜੋ ਆਪ ਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ।
ਪੰਡਤ- ਹੂੰ! ਜਜਮਾਨ ਭਗਵਾਨ! ਇਨ੍ਹਾਂ ਨਾਲ ਕੀਹ ਬਣੇਗਾ। ਮੇਰੇ ਅੱਗੇ ਤਾਂ ਬੜੀ ਪੰਧ ਹੈ।
ਬਿਜੈ ਸਿੰਘ- ਪ੍ਰਿਯਾ! ਕੋਈ ਰੱਖੀ ਰਖਾਈ ਚੀਜ ਕੱਢ, ਪ੍ਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ।
ਸ਼ੀਲਾ- ਮਹਾਰਾਜ ਜੀ! ਆਪ ਦੀ ਬਖਸ਼ੀ ਹੋਈ ਵਿਵਹਾ ਗੰਢ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ।
ਬਿਜੈ ਸਿੰਘ- ਸੱਚ ਹੈ, ਮੈਂ ਬੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ, ਪਰ ਪਿਆਰੀ! ਅੰਤ ਵੇਲੇ ਸਭ ਕੁਛ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਅਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ?
ਸ਼ੀਲਾ- ਸੁਆਮੀ ਜੀ! ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ ਅਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ! ਫੇਰ ਮੈਂ ਇਸ ਮਿਟੀ ਦੇ ਪੁਤਰ* ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖ਼ੁਸ਼ੀ ਨਾਲ ਨਾ ਦੇਵਾਂ?
––––––––––
1. ਭਾਵ ਸੋਨਾ ।
ਇਹ ਕਹਿ ਮੁੰਦਰੀ ਲਾਹ ਦਿਤੀ: ਜੋ ਪੰਡਤ ਹੁਰਾਂ ਨੂੰ ਦਿਤੀ ਗਈ। ਪੰਡਤ ਜੀ ਨੇ ਇਕ ਵੇਰੀ ਵੀ ਨਾਂਹ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ। ਰਾਹ ਵਿਚ ਨਖਰੇ ਕਰ ਕਰ ਕੇ ਤੁਰੇ ਇਹ ਬਹਾਨਾ ਬਣਾਵੇ ਕਿ ਤੁਰ ਨਹੀਂ ਹੁੰਦਾ। ਸੋ ਬਿਜੈ ਸਿੰਘ ਜੀ ਨੇ ਕਈ ਥਾਂ ਚੁਕ ਚੁਕ ਕੇ ਉਸ ਨੂੰ ਜੰਗਲੋਂ ਪਾਰ ਪੁਚਾਇਆ। ਫੇਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿਚ ਪਹੁੰਚੇ।
ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਤ ਹੁਰੀਂ ਜਿਸ ਗਿਰਾਂ ਉਤਰੇ ਹੋਏ ਸੇ ਓਥੇ ਆਪਣੇ ਡੇਰੇ ਅੱਪੜੇ, ਲਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕਿ ਬਹੁਤ ਹੱਛਾ ਕੰਮ ਭੁਗਤ ਗਿਆ, ਸਾਰਾ ਰੁਪੱਯਾ ਪਚ ਗਿਆ ਅਰ ਪਤ ਬੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸਚਾ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਯਾ ਹਾਂ ਤੇ ਧਨ ਪੁਚਾ ਦਿੱਤਾ ਹੈ। ਇਹ ਉਨਾਂ ਦੀ ਨਿਸ਼ਾਨੀ ਹੈ । ਵਾਹ ਵਾਹ, ਖੂਬ ਸੱਪ ਮਾਰਿਆ ਤੇ ਲਾਠੀ ਭੀ ਬਚਾਈ। ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿਖ ਬੜੇ ਅਫ਼ਲਾਤੂਨ ਹਨ, ਕੀ ਪਤਾ ਹੈ ਮੀਰ ਮੰਨੂੰ ਦਾ ਅੰਨ੍ਯਾਈਂ ਤੇ ਕਰੜਾ ਰਾਜ ਇਨ੍ਹਾਂ ਦੇ ਹੱਥੀਂ ਝਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫੇਰ ਬਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁਲ੍ਹ ਜਾਏ? ਉਸ ਵੇਲੇ ਤਾ ਕਿਤੇ ਹਡੀ ਬੇਟੀ ਬੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ; ਸੱਪ ਭੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸਚਿੰਤ ਹੋ ਜਾਈਏ. ਜੇ ਮਨ ਨੂੰ ਖੁਤ-ਖੁਤੀ ਲਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੋ ਮੇਰੇ ਸਿਆਣੇ ਮਨ! ਕੋਈ ਹੋਰ ਜੁਗਤਿ ਕੱਢ ਜਿਸ ਕਰ ਕੇ ਨਿਸਚਿੰਤ ਹੋ ਜਾਈਏ (ਅੱਖਾਂ ਬੰਦ ਸਿਰ ਨੀਵਾਂ ਪਾ ਲਿਆ) ਆਹ! ਕਿਹੀ ਦੂਰ ਦੀ ਸੁਝੀ ਹੈ! ਏਕ ਪੰਥ ਦੇ ਕਾਜ! ਏਸ ਗਿਰਾਂ ਇਕ ਤੁਰਕ ਸਿਰ ਕਰਦਾ ਵੱਸਦਾ ਹੈ। ਅੱਸੀ ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇਥੇ ਤਿੰਨ ਸਿੱਖ ਹਨ, ਅੱਸੀ ਤਿਆਂ ਦੋ ਸੌ ਚਾਲੀ, ਵਾਹ ਵਾਹ ਨਾਲੇ ਗੱਫਾ ਹੱਥ ਲੱਗੇਗਾ। ਨਾਲੇ ਮੇਰੇ ਜੀ ਦੀ ਖੁਤਖੁਤੀ ਮਿਟ ਜਾਵੇਗੀ ਹੇ ਮੇਰੇ ਦਿਲ ਇਹ ਕੀ ਫੁਰਨਾ ਹੈ ? ਪਾਪ ਬੁਰਾ; ਇਕ ਕਰੇ ਤਾਂ ਉਸ ਨੂੰ ਠੱਲ੍ਹਣ ਲਈ ਇਕ ਹੋਰ ਦੀ ਲੋੜ ਪੈਂਦੀ ਹੈ। ਉਸ ਨੂੰ ਠੱਲ੍ਹਣ ਲਈ ਫੇਰ ਇਕ ਹੋਰ ਦੀ, ਐਉਂ ਇਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫੇਰ ਬੇਆਸਰਾ
8. ਕਾਂਡ
ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸਿੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੇ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਛੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ ਸੰਤੋਖੀਆਂ ਲਈ ਬੜੀ ਹੁੰਦੀ ਸੀ। ਕੈਸੀ ਅਚਰਜ ਦਸ਼ਾ ਹੈ ਕਿ ਸਿਖ ਉਸ ਸਮੇਂ ਰਾਜ ਭਾਗਾਂ ਨੂੰ ਛਡ ਕੇ ਕੰਗਾਲਤਾਈ ਅਰ ਕੈਦਾਂ, ਦੇਸ਼ ਨਿਕਾਲੇ ਤੇ ਡਾਢੇ ਕਸ਼ਟਾਂ ਵਿਚ ਪੈਕੇ ਸਿੱਖੀ ਧਰਮ ਦਾ ਨਿਰਬਾਹ ਕਰਦੇ ਸਨ? ਉਨ੍ਹਾਂ ਦੇ ਪੂਰਨਿਆਂ ਤੇ ਸਭ ਸਿੱਖਾਂ ਨੂੰ ਟੁਰਨਾ ਚਾਹੀਏ। ਸਿੱਖੀ ਧਾਰਨ ਤੇ ਨਿਬਾਹੁਣ ਵਿਚ ਹੀ ਆਪਣੀ ਕਲ੍ਯਾਣ ਤੇ ਪੰਥ ਦੀ ਤਾਕਤ ਹੈ।
ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ:-
ਪੁੱਤ੍ਰ- ਮਾਂ ਜੀ! ਇਹ ਬ੍ਰਾਹਮਣ ਮੈਨੂੰ ਚੰਗਾ ਨਹੀਂ ਲੱਗਾ।
ਮਾਂ- ਕਾਕਾ ਜੀ! ਕਿਉਂ?
ਪੁੱਤ੍ਰ- ਮਾਂ ਜੀ! ਇਹ ਪਤਾ ਨਹੀਂ ਕਿਉਂ ਪਰ ਅੱਖਾਂ ਨੂੰ ਭਾਇਆ ਨਹੀਂ।
ਮਾਂ- ਬਰਖੁਰਦਾਰ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ। ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ।
ਪੁੱਤ੍ਰ— ਫੇਰ ਮਾਂ ਜੀ! ਤੁਰਕਾਂ ਨਾਲ ਕਿਉਂ ਸਿੰਘ ਲੜਦੇ ਹਨ ?
ਮਾਂ- ਕਾਕਾ ਜੀ! ਇਸ ਲਈ ਨਹੀਂ ਕਿ ਓਹ ਤੁਰਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜ ਤੁਰਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰ ਨਿਆਂ ਦਾ ਰਾਜ ਨਹੀਂ ਕਰਦੇ। ਬਿਨਦੇਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ।
ਪੁੱਤ੍ਰ— ਠੀਕ ਹੈ, ਪਰ ਮਾਂ ਜੀ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ— ਖਬਰੇ; ਮਾਂ ਜੀ! ਉਸ ਦੇ ਕਰਮ ਖੋਟੇ ਹੀ ਹੋਣ?
ਮਾਂ- ਤੂੰ ਕੋਈ ਖੋਟਾ ਕਰਮ ਕਰਦੇ ਉਸ ਨੂੰ ਡਿੱਠਾ ਹੈ ?
ਪੁੱਤ੍ਰ-ਨਹੀਂ ਜੀ!
ਮਾਂ— ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ, ਲਾਲ ਜੀ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ।
ਪੁੱਤ੍ਰ- ਮਾਂ ਜੀ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ।
ਮਾਂ— (ਨਿਮੋਝੂਣੀ ਹੋ ਕੇ) ਮੇਰੇ ਲਾਲ! ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ। ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ! ਬੱਚਾ ਜੀਓ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੇ ਰੋਗ ਕੱਟਿਆ ਜਾਏ।
ਕੰਮ ਛੱਡਕੇ ਮਾਂ ਪੁੱਤ੍ਰ ਕੁਟੀਆ ਦੇ ਅੰਦਰ ਗਏ, ਅਰ ਹੱਥ ਜੋੜਕੇ ਮਾਂ ਨੇ ਬੱਚੇ ਵਾਸਤੇ ਬੇਨਤੀ ਕੀਤੀ:- 'ਹੇ ਅਕਾਲ ਪੁਰਖ ਕਰੁਣਾਮਯ ਜਗਦੀਸ਼੍ਵਰ! ਇਹ ਤੇਰਾ ਨਿਆਣਾ ਬਾਲਕ ਹੈ, ਇਸਦੇ ਹਿਰਦੇ ਵਿਚ 'ਸ਼ੱਕ' ਵੜ ਗਿਆ ਹੈ, ਸਾਨੂੰ ਨਿਮਾਣਿਆਂ ਨੂੰ ਕੋਈ ਚਾਰਾ ਨਹੀਂ ਲੱਭਦਾ ਕਿ ਜਿਸ ਕਰਕੇ ਇਸ ਦੁੱਖ ਦਾ ਇਲਾਜ ਕੀਤਾ ਜਾਵੇ, ਤੇਰੀ ਸ਼ਰਨ ਪਏ ਹਾਂ, ਸੋ ਕਿਰਪਾ ਕਰਕੇ ਆਪਣੀ ਮਿਹਰ ਦੇ ਜਲ ਨਾਲ ਇਸ ਦਾਸ ਦੇ ਹਿਰਦੇ ਨੂੰ ਸ਼ੱਕ ਤੇ ਸੂਗ ਤੋਂ ਧੋ ਦੇਵੇ ਅਰ ਨਿਰਮਲ ਕਰ ਦਿਓ। ਸਾਡੇ ਨਿਆਸਰਿਆਂ ਦਾ ਤੂੰ ਆਸਰਾ ਹੈਂ, ਤੇਰੇ ਬਾਝ ਸਾਡਾ ਕੋਈ ਨਹੀਂ। ਜਿੰਕੁਰ ਭਿਆਨਕ ਬਨਾਂ ਵਿਚ ਡਰਾਉਣੇ ਪਸ਼ੂਆਂ ਤੋਂ ਸਾਡੀ ਰੱਖਿਆ ਕਰਦੇ ਹੈ, ਸੰਸਾਰ ਦੇ ਸਾਰੇ ਪਾਪਾਂ ਤੋਂ ਇਵੇਂ ਸਾਡੇ ਮਨ ਦੀ ਰੱਖਿਆ ਕਰੇ, ਅਰ ਸਾਡੇ ਮਨਾਂ ਨੂੰ ਸੁਥਰਾ ਕਰ ਕੇ ਆਪਣੇ ਚਰਨਾਂ ਦੇ ਲਾਇਕ ਸਿੰਘਾਸਣ ਬਣਾਓ।'
ਇਸ ਪਰਕਾਰ ਦੀ ਪ੍ਰਾਰਥਨਾ ਕਰ ਕੇ ਜਾਂ ਸਿੰਘਣੀ ਨੇ ਨੇਤਰ ਖੋਲ੍ਹੇ ਤਦ ਕੰਨਾਂ ਵਿਚ ਇਕ ਰੈਲੇ ਦੀ ਅਵਾਜ਼ ਪਈ।
'ਹਾ! ਨਾ ਮਾਰ, ਮੈਂ ਝੂਠਾ ਨਹੀਂ ਹਾਂ, ਹਾ! ਤਰਸ ਕਰ, ਤਰਸ, ਹੁਣ ਨੇੜੇ ਹੈ, ਊਈ ਹਾਏ ਨੇੜੇ! ਹਾ ਨੇੜੇ! ਹਾਇ ਨਾ ਮਾਰ! ਮਰ ਗਿਆ, ਗਰੀਬ ਮਰ ਗਿਆ, ਹਾ ਰਾਮ! ਹਾ ਰਾਮ!! ਹਾ ਰਾਮ! ! !
ਝੁੱਗੀ ਦੀ ਇਕ ਝੀਤ ਥਾਣੀ ਸਿੰਘਣੀ ਨੇ ਨਜ਼ਰ ਭਰ ਕੇ ਡਿੱਠਾ, ਤਾਂ ਕੀ ਨਜ਼ਰ ਪਿਆ। ਇਕ ਪਤਲੇ ਜਿਹੇ ਮਨੁੱਖ ਨੂੰ ਇਕ ਤੁਰਕ ਪਿਆਦੇ ਨੇ ਫੜਿਆ ਹੈ, ਦੇਂਹ ਨੇ ਬਾਹਾਂ ਫੜ ਰੱਖੀਆਂ ਹਨ ਅਰ ਇਕ ਜਣਾ ਚੁਪੇੜਾਂ ਮਾਰਦਾ ਤੇ ਕਹਿੰਦਾ ਹੈ: 'ਮਰਦੂਦ ਕੰਡਿਆਂ ਵਿਚ ਘਸੀਟ ਕੇ ਸਾਨੂੰ ਖਰਾਬ ਕੀਤਾ, ਸਾਰਾ ਬਦਨ ਸਾਡਾ ਛਿਲ ਗਿਆ। ਜਿਸ ਨੂੰ ਮਾਰ ਪੈਂਦੀ ਹੈ ਉਹ ਵਾਸਤੇ ਪਾਉਂਦਾ ਹੈ ਕਿ ਮੈਨੂੰ ਛੱਡ ਤਾਂ ਤੁਹਾਨੂੰ ਪਤਾ ਦੱਸਾਂ, ਮੈਨੂੰ ਨਿਸ਼ਾਨੀਆਂ ਮਿਲ ਗਈਆਂ ਹਨ: ਕੋਈ ਕਦਮਾਂ ਦੀ ਕਸਰ ਹੈ। ਪਰ ਓਹ ਇਕ ਨਹੀਂ ਸੁਣਦੇ। ਸਿੰਘਣੀ ਦੇ ਨੂਰੀ ਚਿਹਰੇ ਤੇ ਵੱਟ ਤੇ ਵੱਟ ਪੈਣ ਤੇ ਬਦਲਣ ਲੱਗੇ, ਜਿੱਕੁਰ ਅਡੋਲ ਸਮੁੰਦਰ ਦੀ ਠਹਿਰੀ ਹੋਈ ਤਲ ਪਰ ਝੱਖੜ ਝੁਲਣ ਤੋਂ ਪਹਿਲੇ ਲਹਿਰਾਂ ਦੀਆਂ ਤੀਉੜੀਆਂ ਪੈਣੀਆਂ ਆਰੰਭ ਹੁੰਦੀਆਂ ਹਨ। ਡੂੰਘੀ ਨੀਝ ਲਾਉਣ ਅਰ ਸਾਹ ਵੱਟ ਕੇ ਸੁਣਨ ਤੋਂ ਬਹਾਦਰ ਇਸਤਰੀ ਆਉਣ ਵਾਲੀ ਹੋਣੀ ਨੂੰ ਸਮਝ ਗਈ, ਅਰ ਪੁੱਤ੍ਰ ਨੂੰ ਛਾਤੀ ਨਾਲ ਲਾ ਕੇ
ਘਾਬਰਦਾ ਰਿਹਾ ਹੈ ਪਰ ਮੈਂ ਆਪਾ ਸੰਭਾਲਦੀ ਰਹੀ ਹਾਂ, ਤੂੰ ਸੱਚਾ ਹੈ, ਲੈ ਹੁਣ ਤਕੜਾ ਹੇ। ਹੁਣ ਬਹਾਦਰੀ ਦਾ ਵੇਲਾ ਅਰ ਪਿਤਾ ਦੇ ਉਪਦੇਸ਼ਾਂ ਨੂੰ ਸਫਲ ਕਰਨ ਦਾ ਸਮਾਂ ਹੈ। ਪਰ ਆ ਪਹਿਲੇ ਅਰਦਾਸ ਕਰੀਏ। ਝੱਟ ਦੇਵੇ ਹੱਥ ਜੋੜ ਖਲੋਤੇ: "ਹੇ ਕਲਗੀਧਰ ਫੌਜਾਂ ਦੇ ਵਾਲੀ ਗੁਰੂ! ਹੇ ਦੀਨਾਂ ਬੰਧੂ ਅਕਾਲ ਪੁਰਖ! ਇਸ ਵੇਲੇ ਆਪ ਦੇ ਭਾਣੇ ਵਿਚ ਸ਼ਤਰੂ ਦਲ ਸਿਰ ਚੜ੍ਹ ਆਇਆ ਹੈ, ਅਰ ਹੱਥ ਹੱਥ ਟਾਕਰਾ ਆ ਪਿਆ ਹੈ, ਮੈਂ ਨਿਰਬਲ ਤੀਵੀਂ ਤੇ ਇਹ ਅਞਾਣਾ ਬਾਲ ਹੈ, ਮੁਕਾਬਲਾ ਬੁਰਛਿਆਂ ਦਾ ਹੈ। ਤੂੰ ਪਤਿਤ ਪਾਵਨ ਤੇ ਗ਼ਰੀਬਾਂ ਦਾ ਸਹਾਈ ਹੈਂ, ਇਸ ਵੇਲੇ ਆਪਣਾ ਬਲ ਬਖ਼ਸ਼ ਜੇ ਵੈਰੀ ਦਲ ਦਾ ਟਾਕਰਾ ਕਰੀਏ ਜਿੰਦ ਜਾਏ ਤਾਂ ਜਾਏ ਡਰ ਨਹੀਂ, ਪਰ ਧਰਮ ਬਚਾਈਏ, ਮਰ ਜਾਈਏ, ਪਰ ਧਰਮ ਨਾ ਹਾਰੀਏ!”
ਅਰਦਾਸ ਕਰ ਹਟੀ ਤਦ ਪਤਾ ਲੱਗਾ ਕਿ ਵੈਰੀਆਂ ਨੇ ਝੁੱਗੀ ਲੱਭ ਲਈ ਹੈ। ਪੁਤ੍ਰ ਨੂੰ ਬੋਲੀ: 'ਕਾਕਾ! ਝੱਬਦੇ ਹੋ ਕੋਈ ਸ਼ਸਤ੍ਰ ਫੜ ਲੈ, ਅਰ ਤਕੜਾ ਹੋ, ਤੁਰਕਾਂ ਨੂੰ ਵੇਖ ਕੇ ਡਰ ਨਾ ਜਾਵੀਂ, ਦਿਲ ਖੋਲ੍ਹ ਕੇ ਲੜੀਂ, ਜੇ ਮੈਂ ਮਰ ਵੀ ਗਈ ਤਾਂ ਹੌਂਸਲਾ ਨਾ ਛੱਡੀਂ, ਪ੍ਰਾਣ ਦੇ ਦੇਈਂ ਪਰ ਸ਼ਸਤ੍ਰ ਨਾ ਦੇਵੀਂ, ਸੁਲਹ ਨਾ ਮੰਨੀਂ, ਸਾਡੀ ਮਦਦ ਤੇ ਗੁਰੂ ਜੀ ਹਨ।' ਸ਼ੇਰ ਦਿਲ ਬਾਲਕ ਨੇ ਪਹਿਲੇ ਉਹ ਬੰਦੂਕ ਚੁਕੀ ਜੋ ਹਰ ਵੇਲੇ ਭਰੀ ਹੋਈ ਘਰ ਪਈ ਰਹਿੰਦੀ ਸੀ ਕਿ ਮਤਾਂ ਕੋਈ ਲੋੜ ਪੈ ਜਾਏ ਤਾਂ ਭਰਦਿਆਂ ਚਿਰ ਨਾ ਲੱਗੇ ਅਰ ਨਾਲ ਕਟਾਰ ਤੇ ਢਾਲ ਫੜ ਲਈ। ਮਾਤਾ ਨੇ ਤਲਵਾਰ ਤੇ ਢਾਲ ਲੈ ਲਈ ਅਰ ਦੋਵੇਂ ਵਿਹੜੇ ਵਿਚ ਆ ਖਲੋਤੇ। ਇਸ ਵੇਲੇ ਵੈਰੀ ਵੀ ਪਹੁੰਚ ਪਏ ਸਨ, ਉਹਨਾਂ ਨੂੰ ਦੇਖਦੇ ਹੀ ਸਿੰਘਣੀ ਨੇ ਠਰ੍ਹੰਮੇ, ਪਰ ਬਲ ਨਾਲ ਪੁੱਛਿਆ. ਕੌਣ ਹੋ ?
ਉੱਤਰ- ਅਸੀਂ ਸਿਪਾਹੀ ਹਾਂ, ਤੁਹਾਨੂੰ ਪਕੜਨ ਲਈ ਆਏ ਹਾਂ, ਖੁਸ਼ੀ ਨਾਲ ਆ ਜਾਓ ਤਾਂ ਵਾਹ ਵਾਹ; ਨਹੀਂ ਤਾਂ ਜਬਰਨ ਪਕੜ.... “.....ਪਕੜ” ਅਜੇ ਸਿਪਾਹੀ ਦੇ ਮੂੰਹ ਵਿਚ ਹੀ ਸੀ ਕਿ ਭੁਜੰਗੀ ਦੀ ਬੰਦੂਕ ਦਾ ਘੋੜਾ ਦਬੀਜਿਆ ਅਰ ਮੱਥੇ ਦੇ ਵਿਚ ਨਿਸ਼ਾਨਾ ਵੱਜਾ, ਫੜਕਦੀ ਲੋਥ ਹੇਠ ਡਿੱਗੀ। ਪ੍ਰੋਹਤ ਹੁਰੀਂ ਤਾਂ ਦੂਰ ਜਾ ਲੁਕੇ ਤੇ ਬਾਕੀ ਦੇ ਚਾਰ ਸਿਪਾਹੀ ਹੁਣ ਰੋਹ ਨਾਲ ਭਰਕੇ ਅੱਗੇ ਵਧੇ। ਇਨ੍ਹਾਂ ਸਿਪਾਹੀਆਂ ਪਾਸ
ਹੁਣ ਸਿਪਾਹੀ ਵਾੜ ਟੱਪਣ ਲੱਗਾ ਤਦ ਕੌਰਾਂ ਦੇ ਸ਼ੇਰ ਹੱਥ ਨੇ ਵਧਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪੁਰ ਲੱਗਾ ਅਰ ਮੂਧਾ ਹੋ ਕੇ ਵਾੜ ਤੇ ਡਿੱਗਾ, ਅਗੋਂ ਹੁਜਕ ਕੇ ਕੌਰਾਂ ਦੀ ਤਲਵਾਰ ਫੇਰ ਵੱਜੀ ਅਰ ਗਰਦਨ ਨੂੰ ਚੀਰ ਗਈ। ਬਾਕੀ ਦੇ ਤਿੰਨ ਸਿਪਾਹੀ ਖਿੜਕਾ ਭੰਨ ਕੇ ਅੰਦਰ ਵੜੇ ਅਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ। ਇੰਨੇ ਚਿਰ ਵਿਚ ਭੁਜੰਗੀ ਨੇ ਦੂਜੀ ਵੇਰ ਬੰਦੂਕ ਭਰ ਲਈ ਸੀ। ਫੁਰਤੀ ਨਾਲ ਅੰਦਰਵਾਰ ਉਹਲੇ ਵਿਚੋਂ ਹੀ ਸਰ ਕੀਤੀ, ਤਾਂ ਇਕ ਹੋਰ ਦੀ ਛਾਤੀ ਵਿਚ ਲੱਗੀ ਅਰ ਬੰਦੂਕ ਸੁੱਟ ਕੇ ਬਹਾਦਰ ਬੱਚੇ ਨੇ ਆਪਣੀ ਘਿਰੀ ਹੋਈ ਮਾਤਾ ਦੇ ਇਕ ਹੋਰ ਵੈਰੀ ਦੀ ਲੱਤ ਤੇ ਕਟਾਰ ਮਾਰੀ, ਜਿਸ ਦੀ ਸੱਟ ਨਾਲ ਉਹ ਢਹਿ ਪਿਆ। ਇਸ ਪੁਰਖ ਦੀ ਸਿੱਖੀ ਹੋਈ ਤਲਵਾਰ ਦੀ ਪੜਤ ਅਰ ਪੈਰਾਂ ਦੀ ਚੌਕੜੀ ਐਸੀ ਬਲ ਵਾਲੀ ਸੀ ਕਿ ਸ਼ੀਲ ਕੌਰ ਦੇ ਬਚਣ ਦੀ ਸੂਰਤ ਨਾ ਸੀ: ਪਰ ਇਹ ਸਿਪਾਹੀ ਜਦ ਡਿੱਗਾ ਹੈ. ਉਸ ਦੂਜੇ ਜੁਆਨ ਦੀ ਤਲਵਾਰ ਸ਼ੀਲ ਕੌਰ ਪੁਰ ਤੁਲਵੇਂ ਹੱਥ ਦੀ ਪਈ: ਤਲਵਾਰ ਅੱਗੇ ਕਰਕੇ ਬੀਰਾ ਨੇ ਵਾਰ ਤਾਂ ਰੋਕਿਆ ਪਰ ਆਪਣੀ ਤਲਵਾਰ ਟੁੱਟ ਗਈ, ਭੱਜ ਕੇ ਅੰਦਰ ਗਈ ਤਾਂ ਬੰਦੂਕ ਚੁੱਕ ਕੇ ਡਾਂਗ ਵਾਂਗ ਹੀ ਉਲਾਰ ਕੇ ਪਈ, ਪਰ ਇਸ ਫੁਰਤੀ ਦੇ ਹੁੰਦਿਆਂ ਬੀ ਸਿਪਾਹੀ ਨੇ ਭੁਜੰਗੀ ਨੂੰ ਘਾਇਲ ਕਰ ਲਿਆ ਸੀ। ਜੇ ਕਦੀ ਦੂਜਾ ਵਾਰ ਪੈਂਦਾ ਤਾਂ ਸੇਰ ਬੱਚਾ ਗੁਰਪੁਰੀ ਸਿਧਾਰਦਾ, ਪਰ ਨਹੀਂ, ਭੂਏ ਹੋਈ ਹੋਈ ਸਿੰਘਣੀ ਦੀ ਬੰਦੂਕ ਦਾ ਕੁੰਦਾ ਉਸਦੇ ਹੱਥ ਪਰ ਐਸਾ ਪਿਆ ਕਿ ਤਲਵਾਰ ਢਹਿ ਪਈ ਅਰ ਉਹ ਇਸ ਅਚਾਨਕ ਸੱਟ ਦੇ ਸਦਮੇਂ ਤੋਂ ਘਾਬਰਕੇ ਪਿੱਛੇ ਗਿੱਚੀ ਮਰੋੜ ਕੇ ਫੁਰਤੀ ਨਾਲ ਤਲਵਾਰ ਫੜਨ ਦੇ ਯਤਨ ਵਿਚ ਲਪਕਿਆ ਹੀ ਸੀ ਕਿ ਘਾਇਲ ਬਾਲਕ ਨੇ ਸੱਜੇ ਪਾਸਿਓਂ ਕਟਾਰ ਅਰ ਖੱਬੇ ਪਾਸਿਓਂ ਜ਼ਖ਼ਮੀ ਸਿੰਘਣੀ ਨੇ ਬੰਦੂਕ ਦਾ ਇਕ ਭਰਵਾਂ ਵਾਰ ਕੀਤਾ: ਜਿਸ ਨਾਲ ਉਹ ਹੈਂ ਕਰਦਾ ਧਰਤੀ ਪੁਰ ਡਿੱਗਾ। ਲਹੂ ਦੇ ਛੁਹਾਰੇ ਛੁੱਟ ਪਏ। ਹੁਣ ਪੰਜੇ ਵੈਰੀ ਲੈ ਲਏ। ਤਿੰਨ ਤਾਂ ਮਰ ਚੁਕੇ ਸਨ, ਚੌਥਾ, ਜਿਸ ਨੂੰ ਗੋਲੀ ਛਾਤੀ ਵਿਚ ਲੱਗੀ ਸੀ, ਹਟਕੋਰੇ ਲੈ ਲੈ ਜਿੰਦ ਤੋੜ ਰਿਹਾ ਸੀ ਤੇ ਜਿਸ ਦੀ ਟੰਗ ਟੁੱਟੀ ਸੀ, ਉਹ ਜੀਉਂਦਾ ਸੀ, ਤੁਰਨ ਜੋਗਾ ਤਾਂ ਨਹੀਂ ਸੀ,
ਇਸ ਸਿਪਾਹੀ ਨੇ, ਜੋ ਜਾਤ ਦਾ ਮੁਗ਼ਲ ਅਰ ਮਸ਼ਹੂਰ ਬਲੀ ਸੀ. ਐਸੇ ਵੈਰੀਆਂ ਨੂੰ ਦੇਖਕੇ, ਜਿਨ੍ਹਾਂ ਦੇ ਬੱਚੇ ਤੇ ਤ੍ਰੀਮਤਾਂ ਪੰਜ ਸਿਪਾਹੀਆਂ ਤੇ ਭਾਰੂ ਹੋ ਪੈਣ, ਫੇਰ ਦਿਆਲ ਐਸੇ ਹੋਣ ਕਿ ਵੈਰੀ ਜ਼ਖਮੀ ਨੂੰ ਕਤਲ ਕਰਨ ਦੀ ਥਾਂ ਜਲ ਦੇਣ ਤੇ ਮਲ੍ਹਮ ਪੱਟੀਆਂ ਕਰਨ, ਦਿਲ ਵਿਚ ਉਨ੍ਹਾਂ ਦਾ ਧੰਨਵਾਦ ਮੰਨਿਆ ਅਰ ਇਉਂ ਹਾਲ ਕਹਿ ਸੁਣਾਇਆ:-
"ਇਕ ਸੂਹੀਏਂ ਨੇ ਜੋ ਲਾਹੌਰ ਦਾ ਵਾਸੀ ਹੈ, ਅੱਜ ਸਾਡੇ ਹਾਕਮ ਸਾਹਿਬ ਨੂੰ ਪਤਾ ਦਿੱਤਾ ਸੀ ਕਿ ਫਲਾਣੇ ਜੰਗਲ ਵਿਚ ਸਿਖ ਰਹਿੰਦੇ ਹਨ!
ਸਿੰਘ ਜੀ- ਸ਼ਾਬਾਸ਼ ਆਪ ਦੇ! ਉਹ ਸੂੰਹੀਆਂ ਕਿੱਥੇ ਹੈ?
ਮੁਗਲ- ਉਹ ਤਾਂ ਤੁਹਾਡੇ ਬਹਾਦਰ ਪੁਤ੍ਰ ਦੀ ਪਹਿਲੀ ਗੋਲੀ ਸੁਣਦਾ ਹੀ ਨੱਠ ਗਿਆ ਸੀ। ਸਿੰਘ ਜੀ! ਤੁਸੀਂ ਇਹ ਤਾਂ ਦੱਸੋ ਕਿ ਇਸ ਸ਼ੀਰਖੋਰ ਬੱਚੇ ਨੂੰ ਤਲਵਾਰ ਦੇ ਪਲੱਥੇ ਅਰ ਬੰਦੂਕ ਦੀ ਨਿਸ਼ਾਨੇਬਾਜ਼ੀ ਕਦ ਸਿਖਾਈਸਾ ਜੇ ?
ਸਿੰਘ ਜੀ- ਸਿੰਘਾਂ ਦੀ ਗੁੜ੍ਹਤੀ ਹੀ ਸ਼ਸਤ੍ਰ ਵਿਦ੍ਯਾ ਹੈ। ਦਿਨ ਰਾਤ ਇਹੋ ਤਾਂ ਸਾਡਾ ਵਿਹਾਰ ਹੈ
ਫੇਰ ਸਿੰਘ ਜੀ ਨੇ ਵਹੁਟੀ ਪੁੱਤ੍ਰ ਦੇ ਘਾਉ ਡਿੱਠੇ ਜੋ ਐਵੇਂ ਚੋਭਾਂ ਮਾਤਰ ਸਨ, ਕੋਈ ਖ਼ਤਰੇ ਵਾਲਾ ਜ਼ਖਮ ਨਹੀਂ ਸੀ। ਵਾਹ ਵਾਹੁ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ! ਕਦੀ ਮੁਰਦਿਆਂ ਵੱਲ, ਉਨ੍ਹਾਂ ਕਾਇਰਾਂ ਵਲ ਜੋ ਬੇਗੁਨਾਹਾਂ ਤੇ
ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੇ ਖਾਲਸੇ ਵਿਚ ਜੀਉਣ ਬੂਟੀ ਕਰਕੇ ਸਦਾਉਂਦੀ ਸੀ, ਅਰ ਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿੰਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ। ਹੁਣ ਰਾਜਨੀਤੀ ਇਥੋਂ ਹਰਨ ਹੋਣਾ ਹੈ।
ਪੁੱਤਰ- ਪਿਤਾ ਜੀ! ਚੱਲਾਂਗੇ ਕਿੱਧਰ ?
ਪਿਤਾ- ਕਾਕਾ ਜੀ! ਕਿਸੇ ਦਲ ਨਾਲ ਚੱਲ ਰਲਾਂਗੇ।
ਪੁੱਤ੍ਰ- ਵਾਹ! ਵਾਹ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ।
ਪਿਤਾ— ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾ ਪੈ ਜਾਵੇ।
ਵਹੁਟੀ— ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਥਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ. ਹੁਣ ਜਰੂਰ ਚੱਲੇ।0
ਪਤੀ- ਸਤਿ ਬਚਨ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ ਪਰ ਅੱਜ ਨਿਸਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁਖ ਝੱਲ ਗੁਜ਼ਰੇਗੇ। ਹੁਣ ਕੂਚ ਕਰਦੇ ਹਾਂ, ਦਿਹੁੰ ਆਥਣ ਲੱਗਾ ਹੈ, ਪਰ ਉਮੈਦ ਹੈ ਕਿ ਦੇ ਘੜੀ ਰਾਤ ਗਈ ਤੱਕ ਕ੍ਰੋੜਾ ਸਿੰਘ ਦੇ ਜਥੇ ਵਿਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇਕ ਟੋਲਾ ਐਥੋਂ ਚਾਰ ਕੁ ਕੋਹ ਪਰ ਉਤਰਿਆ ਪਿਆ ਹੈ।
ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕੁਰ ਕੱਟਿਆ ਜਾਵੇ ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ ਸਦਮੇਂ ਦੇ ਵਿਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ। ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ, ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ, ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰ ਕੇ ਫੇਰ ਹੋਸ਼ ਵਿਚ ਆਏ। ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧ ਨਹੀਂ ਲੱਗਣ ਦੇਂਦੀ ਅਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿੱਕਰ ਸਿਆਲ ਦਾ ਮੀਂਹ ਖ਼ਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰੀ ਹੁੰਦਾ ਹੈ।
ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ।
ਜਿਵੇਂ ਸੂਰਜ ਦੇ ਸਿਰ ਲੁਕਾਉਂਦੇ ਹੀ ਰਾਤ ਆ ਪਹੁੰਚਦੀ ਹੈ, ਤਿਵੇਂ ਸਿੰਘ ਜੀ ਦੇ ਉਹਲੇ ਹੁੰਦੇ ਹੀ ਪਿਛੇ ਉਨ੍ਹਾਂ ਦੇ ਸ੍ਰੀ ਪੋਹਤ ਜੀ ਮਹਾਰਾਜ ਕਿਸੇ ਰੁੱਖ ਹੇਠੋਂ ਇੱਕੁਰ ਨਿਕਲ ਪਏ ਜਿੰਕੁਰ ਪੱਤਿਆਂ ਦੇ ਢੇਰ ਹੇਠੋਂ ਫਨੀਅਰ ਨਿਕਲ ਆਏ। ਸੁੱਕੀ ਹੋਈ ਗੋਗੜ ਪੁਰ ਹੱਥ ਫੇਰਕੇ ਕਹਿਣ ਲੱਗੇ: ਵਾਹ ਬਈ ਉਸਤਾਦ! ਮੈਂ ਤਾਂ ਸੂਰਜ ਨੂੰ ਬੁਤਕੇ ਵਿਚ ਨੱਪ ਲਿਆ। ਇਹ ਚਲਾਕ ਸਿਖ ਕਿੱਡੇ ਪੇਚ ਨਾਲ ਜਿੰਦ ਬਚਾਉਂਦਾ ਹੈ, ਪਰ ਮੈਂ ਬੀ ਕਿਹਾ ਕੁ ਪਿੱਛਾ ਕੀਤਾ ਹੈ। ਘੋੜਾ ਕਿੱਡਾ ਸਰਪਟ ਦੌੜੇ ਮੁੱਖੀ ਪਿਛੇ ਹਟ ਨਹੀਂ ਸਕਦੀ, ਭਾਵੇਂ ਸ਼ੇਰ ਕਿੱਡਾ ਭੂਏ ਹੋਵੇ ਮੱਛਰ ਖਹਿੜਾ ਨਹੀਂ ਛੱਡਦਾ। ਹੁਣ ਹੇ ਪੰਡਤ ਜੀ ਮਹਾਰਾਜ! ਰਿਖੀ ਰਾਜ ਜੀ! ਕੋਈ ਢੰਗ ਐਸਾ ਕਰੋ ਕਿ ਸੱਪ ਕੁੱਜੇ ਵਿਚ ਪਿਆ ਹੀ ਮਾਰਿਆ ਜਾਵੇ ਜੇ ਇਹ ਜੀਉਂਦਾ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤਿ ਨਹੀਂ ਹੋਵੇਗੀ, ਧਨ ਦੀ ਮੌਜ ਲੁੱਟਣੀ ਐਸੀ ਕਿਰਕਿਰੀ ਹੋ ਜਾਏਗੀ ਜਿਕਰ ਖੀਰ ਖਾਂਦਿਆਂ ਵਿਚ ਵਾਲ ਆ ਜਾਵੇ, ਜਾਂ ਲੱਡੂ ਖਾਂਦਿਆਂ ਕਿਰਕ ਆ ਜਾਵੇ। ਹੱਛਾ ਹੁਣ ਪਿਛੇ ਮੁੜੀਏ ਪੱਕੀਆਂ ਨਿਸ਼ਾਨੀਆ ਰੱਖ ਲਈਏ. ਮਤਾ ਫੇਰ ਕੁਪੱਤੇ ਅਹਿਦੀਆਂ ਤੇ ਦੁੱਖ ਮਿਲੇ। ਚਲ ਮਨਾ ਚੱਲੀਏ, ਲੱਤਾਂ ਪਤਲੀਆਂ ਹਨ, ਛੇਤੀ ਕਿੱਕੁਰ ਪੁੱਜੀਏ? ਹੌਂਸਲਾ ਕਰ ਹੇ ਮਨ! ਦੇਖ ਸਹੇ ਦੀਆਂ ਲੱਤਾਂ ਪਤਲੀਆਂ, ਬਾਰਾਂ ਸਿੰਗੇ ਦੀਆਂ ਲੱਤਾਂ ਪਤਲੀਆਂ, ਕਿਹਾ ਭੱਜਦੇ ਹਨ? ਪਰ ਨਹੀਂ (ਪੱਟਾਂ ਤੇ ਹੱਥ ਮਾਰ ਕੇ) ਮੈਂ ਤਾਂ ਅਲੰਕਾਰ ਰਚਨਾ ਵੀ ਭੁੱਲ ਗਿਆ, ਮੈਂ ਆਪਣੀਆਂ ਲੱਤਾਂ ਨੂੰ ਸ਼ਿਕਾਰਾਂ ਨਾਲ ਉਪਮਾ ਦਿੱਤੀ ਹੈ, ਮੈਂ ਕੋਈ ਸ਼ਿਕਾਰ ਹਾਂ? ਮੈਂ ਤਾਂ ਸ਼ਿਕਾਰੀ ਹਾਂ ਹੱਛਾ ਹੁਣ ਸ਼ਿਕਾਰੀ ਬਣੀਏ। ਪੜ੍ਹਿਆ ਤਾਂ ਸੀ ਕਿ ਅਹਿੰਸਾ ਹਿ ਪਰਮੇਂ ਧਰਮਾ* ਤੇ ਮੈਂ ਬਣ ਗਿਆ ਸ਼ਿਕਾਰੀ। ਪਰ ਕੀ ਡਰ ਹੈ, ਜੇ ਸ਼ਿਕਾਰੀ ਨਾ ਹੁੰਦੇ ਤਾਂ ਮਹਾਤਮਾ ਦੇ ਬੈਠਣ ਵਾਸਤੇ ਮ੍ਰਿਗ ਛਾਲਾ ਕਿਥੋਂ ਆਉਂਦੀਆਂ? ਕਸਤੂਰੀ ਕਿਥੋਂ ਬਣਦੀ ? ਇਹ ਪਰਉਪਕਾਰ ਹੈ। ਇਹ ਮਨ ਸਹੁਰਾ ਬਹੁਤ ਖੋਟਾ ਹੈ, ਕਹਿੰਦਾ ਹੈ ਤੂੰ
––––––––
* ਕਿਸੇ ਨੂੰ ਨਾ ਮਾਰਨਾ ਹੀ ਵੱਡਾ ਧਰਮ ਹੈ।
ਮਾੜਾ ਕਰਨ ਲੱਗਾ ਹੈ। ਮਨਾਂ! ਤਕੜਾ ਹੈ, ਤੈਨੂੰ ਕਿੰਨੀ ਰਾਜਨੀਤੀ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢ ਹੀ ਮਾਰਦਾ ਹੈ। ਹੇ ਮੇਰੇ ਹੰਭਲੇ ਉੱਦਮ ਕਰ ਅਰ ਇਸ ਘਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਤੇ ਸੂਰਬੀਰਤਾ ਦੇ ਉਲਟ ਚਲਦਾ ਹੈ। ਉਠ ਤਕੜਾ ਹੋਹੁ, ਉਠ ਹੌਸਲੇ ਉਠ! ਦੇਖ ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛੁਡਾਉਂਦਾ ਹੈ। ਆਹਾ ਆਹਾ, ਵਾਹ ਵਾਹ, ਮਨ ਬੀ ਮੰਨ ਪਿਆ, ਹੁਣ ਮੇਜ ਹੋਈ ਜਿਸ ਘਰ ਏਕਾ ਨਹੀਂ ਉਸ ਦਾ ਸਤ੍ਯਾਨਾਸ ਹੋ ਜਾਂਦਾ ਹੈ। ਹੰਭਲੇ ਭਈ ਹੰਭਲੇ, ਚੱਲ ਛੂਟ ਕਰ ਚਲੋ, ਮੇਰੀਓ ਟੰਗੇ ਟੁਰੋ। ਮਨਾ! ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਬੀ ਬ੍ਰਾਹਮਣ ਹੈਂ, ਤਕੜਾ ਹੈ। ਇਹ ਸੋਚ ਕਰਦਿਆਂ ਅੰਤਹਕਰਣ ਤੋਂ ਫੇਰ ਕੁਛ ਸੋਚ ਫੁਰੀ ਕਿ ਮੈਂ ਕੀਹ ਪਿਆ ਕਰਦਾ ਹਾਂ। ਫਿਰ ਉਸ ਆਵਾਜ਼ ਨੂੰ ਠੰਢਿਆਂ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ:- ਮੈਂ ਸਰਵਣ ਪਤ੍ਰ ਹਾਂ, ਮੇਰਾ ਪਿਤਾਮਾ ਪਰਸ ਰਾਮ ਮੈਨੂੰ ਬਚਾਵੇਗਾ, ਪਿਤ੍ਰੀ ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ? ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੇਪ ਹੋ ਜਾਣਗੇ।
ਇਸ ਤਰ੍ਹਾਂ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲਾਂ ਕਰਨ ਦੀ ਆਵਾਜ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ।
9. ਕਾਂਡ
ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ
ਤੁਰਕ ਸਵਾਰ ਥੱਕ ਰਹੇ ਸਨ, ਅਰ ਛੇਤੀ ਪਹੁੰਚਣਾ ਚਾਹੁੰਦੇ ਸਨ: ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿਚ ਕਚੀਚੀਆਂ ਵੱਟ ਰਹੇ ਸਨ ਕਿਉਂਕਿ ਇਕ ਸਾਥੀ ਮਰਵਾ ਆਏ ਤੇ ਫੜ ਕੇ ਸਭ ਇਕੋ ਮਰਦ ਲਿਆਏ. ਨਾਲ ਇਕ ਬੱਚਾ ਤੇ ਇਕ ਤੀਵੀਂ। ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੁਹੀਏ ਨੂੰ ਪਾਲਕੀ ਵਿਚੋਂ ਉਤਾਰ ਕੇ ਬੀਬੀ ਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਤੇ ਕਹਾਰ ਪੀਨਸ ਚੱਕੀ ਜਾਣ ਤੇ ਇਕ ਇਕ ਕਹਾਰ ਨੂੰ ਅੱਧ ਅੱਧ ਮੀਲ ਤੇ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਤੇ ਸੂਹੀਏਂ ਨੂੰ ਉਸ ਦੀ ਥਾਂ ਲਾਇਆ ਜਾਵੇ। ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਪੁਰ ਪਈ ਬਰਫ ਵਾਂਗੂੰ ਸੋਹੀਏਂ ਜੀ ਨੂੰ ਹੇਠਾਂ ਆਉਣਾ ਪਿਆ ਅਰ ਉਸ ਘਾਹ ਵਾਂਗੂੰ ਜੇ ਘੋੜੇ ਉਤੇ ਲੱਦਿਆ ਹੋਇਆ ਹੋ ਕੇ ਬੀ ਉਸੇ ਦਾ ਚਾਰਾ ਬਣਦਾ ਹੈ, ਪੰਡਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ* ਪਿਆ। ਪਰ ਫੇਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾਂ ਨਵਾਬ ਸਾਹਿਬ ਸੂੰਹੀਏਂ ਦੀ ਬੇਪਤੀ ਪਰ ਗੁੱਸੇ ਹੋ ਪੈਣ ਫੇਰ ਕੀ ਕਰਾਂਗੇ? ਫੇਰ ਉਸ ਨੂੰ ਪਾਲਕੀ ਵਿਚ ਬਿਠਾਕੇ ਆਪਣੀ ਜਾਨ ਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਤੇ ਮੰਦੀ ਚਾਲ ਪੈਂਡਾ ਮੁਕਾਇਆ ਤੇ ਸਿੰਘ ਜੀ ਨੂੰ ਕੈਦਖਾਨੇ ਪੁਚਾਇਆ ਜਿਥੇ ਇਕ ਕੋਠੀ ਵਿਚ ਆਪ ਬੰਦ ਕੀਤੇ ਗਏ।
ਐਸੇ ਐਸੇ ਮਹਾਤਮਾਂ ਦੇ ਨਾਲ ਐਸੇ ਉਪਦਰ ਹੁੰਦੇ ਦੇਖ ਕੇ ਮਾਨੋਂ ਰਾਤ ਦਾ ਕਲੇਜਾ ਬੀ ਪਾਟ ਗਿਆ। ਰਾਤ ਦੇ ਉਹਲੇ ਵਿਚ ਹੋਏ ਪਾਪਾਂ ਨੂੰ ਦੇਖਣ
––––––––––
* ਸਵਾਰੀ ਕਰਨਾ-ਘੋੜੇ ਆਦਿ ਉਤੇ ਚੜ੍ਹਨਾ। ਸਵਾਰੀ ਬਣਨਾ ਘੋੜੇ ਵਾਂਗ ਸਵਾਰ ਦੇ ਹੇਠ ਆਉਣਾ।
ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ ਪੂਰਬ ਦੀ ਦਿਸ਼ਾ ਵਿਚ ਐਸੀ ਧੁੰਦ ਛਡ ਗਈ ਕਿ ਜਿਸ ਕਰਕੇ ਸੂਰਜ ਬੀ ਕੁਛ ਚਿਰ ਲਹੂ ਰੰਗੇ ਬੱਦਲਾਂ ਵਿਚੋਂ ਜਤਨਾਂ ਨਾਲ ਸਿਰ ਕੱਢਦਾ ਦਿੱਸਦਾ ਸੀ। ਕੋਈ ਪਹਿਰ ਦਿਨ ਚੜ੍ਹੇ ਹਾਕਮ ਦੀ ਕਚਹਿਰੀ ਲੱਗੀ ਅਰ ਕੈਦੀ ਆਪ ਸਾਹਿਬ ਦੇ ਰੂ-ਬ-ਰੂ ਹਾਜ਼ਰ ਕੀਤੇ ਗਏ। ਤ੍ਰਿਖੀ ਰੌਸ਼ਨੀ ਦੇ ਸਾਹਮਣੇ ਜਿੰਕੁਰ ਅੱਖਾਂ ਮਿਟ ਜਾਂਦੀਆਂ ਹਨ, ਤਿਵੇਂ ਸਿੰਘ ਜੀ ਦੇ ਤੇਜ ਅੱਗੇ ਹਾਕਮ ਜੀ ਸੰਕੁਚ ਗਏ ਅਰ ਅਚਰਜ ਹੋ ਹੋ ਤਿੰਨਾਂ ਬੰਧੂਆਂ ਨੂੰ ਦੇਖਦੇ ਰਹੇ। ਇਸ ਚੁਪ ਨੂੰ ਤੋੜਨੇ ਲਈ ਇਕ ਮੁੱਲਾਂ ਸਾਹਿਬ ਜੀ, ਜੋ ਸਭਾ ਵਿਚ ਸਨ, ਬੋਲੇ:-
ਹਜੂਰ! ਆਪ ਨੇ ਦੇਖਿਆ ਇਸ਼ਕ ਕਾਫ਼ਰ ਹੈ, ਇਸ਼ਕ ਦਾ ਮੁਤਾਅ (ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫ਼ਰ ਨੇ ਕਾਫ਼ਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਕਮਨ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ) ਨੇ ਬਿਜਲੀ ਨੂੰ ਮੁਜੱਸਮ (ਦੇਹਧਾਰੀ) ਕਰ ਦਿੱਤਾ ਹੈ। ਬਹਿਸਤ (ਸ੍ਵਰਗ) ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ ? ਹਾਇ ਅਫਸੋਸ! ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫ਼ਰ ਰਹਿਣਗੇ? ਅਰ ਮਰਕੇ ਦੋਜਖ (ਨਰਕ) ਦੀ ਅੱਗ ਭਰਨਗੇ ? ਕਾਸ਼! ਏਹ ਮੋਮਨ ਹੁੰਦੇ ਅਰ ਬਹਿਸਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਂਦੇ। ਜੁਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੇ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ਼ ਹੋ ਜਾਣਗੇ। ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ। ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ।
ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰ੍ਹਾਂ ਦੇ ਪਏ ਜਿੰਕੁਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾਂ ਦੇ ਸ੍ਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿ 'ਹਾਂ, ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ'।
ਇਸ ਤੁਰਕ ਹਾਕਮ ਦਾ ਇਕ ਮੂੰਹ ਚੜ੍ਹਿਆ ਮੁਸਾਹਿਬ ਬੜਾ ਮਖੌਲੀਆ ਸੀ ਅਰ ਜੋ ਅਜੋਗ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉਠਿਆ:-
ਠੀਕ ਹੈ ਹਜ਼ਰਤ! ਠੀਕ, ਪਰ (ਮੂੰਹ ਮਾੜਾ ਕਰ ਕੇ) ਹੁਣ ਉਹ 'ਬਹਾਦਰੀ' ਕੜਾਹ ਪ੍ਰਸਾਦ ਤੇ ਮੋਹਿਤ ਹੋ ਗਈ ਹੈ। ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨ੍ਹੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ।
ਮੁੱਲਾਂ— ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ। ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ਼ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ) ਮੋਮਨ ਬਣਾ ਕੇ ਉਨ੍ਹਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼ ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੋਦੀਆਂ ਹਰੀਆਂ ਭਰੀਆਂ ਹੋ ਜਾਣ। ਆਪਦੇ ਕਬਜ਼ੁਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ
––––––––––
* ਤਨਖਾਹ ਦਾ ਕਾਗਜ।
ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪੁਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ।
ਨਵਾਬ ਸਾਹਿਬ ਮੁਸਕ੍ਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨਵਾਬ ਸਾਹਿਬ ਬੱਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹਰ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ:-‘ਪੰਡਤ ਪਾਂਧੇ ਕਾਜ਼ੀ ਮੁੱਲਾਂ ਚੌਹਾਂ ਤੋਂ ਖ਼ਬਰਦਾਰ ! "
ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੇ ਇਨ੍ਹਾਂ ਨੂੰ ਫੜਨ ਪਹਿਲ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ। ਕਿਸੇ ਨੂੰ ਤੀਮਤ ਤੇ ਬੱਚੇ ਦੀ ਬਹਾਦਰੀ ਪੁਰ ਸਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਬੀ ਗੁੱਸਾ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹਕੂਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ। ਦੂਸਰਾ ਹੁਕਮ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਯਾਂ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ; ਹਾਕਮ ਸਾਹਿਬ ਤੇ ਮਸ਼ਖਰਾ ਮਹਿਲ ਨੂੰ ਚਲੇ ਗਏ। ਸਰਾਬ ਪੀਣ ਤੋਂ ਪਹਿਲਾਂ ਮਸਖਰੇ ਨੇ ਹਾਕਮ ਨੂੰ ਪੱਕਿਆਂ ਕਰ ਦਿਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੇ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੇ ਅੱਡ ਬੰਦ ਕੀਤੇ ਗਏ।
10. ਕਾਂਡ
ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ, ਮੁੱਲਾਂ, ਮਸਖਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ। ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: "ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈ! ਅਜੇ ਬੀ ਸਮਝ ਤੇ ਛੱਡਿਆ ਜਾਵੇਂ! "
ਸਿੰਘ- ਹੇ ਰਾਜ ਮਦ ਵਾਲਿਓ! ਜੇ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ ? ਇਹ ਸਰੀਰ ਸਦਾ ਨਹੀਂ, ਅੰਤ ਮਰੇਗਾ, ਮਰਨੇ ਦਿਓ।
ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ- -ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ ? ਛਵੀ ਵਾਂਗ ਖੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪੁਰ ਕੁਝ ਤਰਸ ਕਰਦਾ ਹੈ ਪਰ ਹੈਂਸਿਆਰੇ ਜੱਲਾਦ ਨੇ ਸਿੰਘ ਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁਖਾਂ ਪਲੇ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ • ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ। ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ। ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਮੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਹਕ ਕੇ ਬੰਦ ਨਹੀਂ ਰਹਿੰਦੀਆਂ। ਸੰਗਮਰਮਰ ਪਰ
ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਹ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ਏ ਗੁਰੂ! ਪਿਤਾ ਦੀ ਰੱਖਿਆ ਕਰ ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਗਿੱਘੀ ਬੱਝ ਗਈ ਹੈ. ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ. ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ ਬੇਹੰਸ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੂੰਹ ਵਿਚ ਪਾਣੀ ਚੋਇਆ ਗਿਆ। ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ ਹੀ ਚੁਕਕੇ ਲੈ ਗਏ ਤੇ ਤਿੰਨੇ ਅੱਡ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੱਸ ਪਏ ਕੁਝ ਕੁਝ ਹੰਸ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ: ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ, ਪਿੱਠ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ ਅਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੇ ਲਾਲ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ ? ਠੀਕ ਹੈ. ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਿਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਵਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ, ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ। ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ ਆਵਾਜੂ ਆਈ। ਪਲੋ ਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ, ਫ਼ਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ
'ਕਾਫ਼ਰ ਮਲਊਨ। ਗਾਰਤ ਕਰੋ ਖੁਦਾ ਤੈਨੂੰ ਅਰ ਤੇਰੇ ਮਾਲਕ ਨੂੰ ਬੇਕਸਾਂ ਪੁਰ ਇਹ ਵਹਿਸ਼ੀਆਨਾ ਜ਼ੁਲਮ। ਖੁਦਾ ਦੇ ਅੱਗੇ ਦਿਓਗੇ ਜਾ ਕੇ ਕੀ ਜਵਾਬ ? ਮੂੰਹ ਕਾਲਾ ਹੋਊ ਤੇਰਾ ਅਰ ਜਲੇਗਾ ਦੇਜਖ ਦੀ ਅੱਗ ਵਿਚ। ਆਪਣੇ ਸੇਵਕ ਨੂੰ ਬੋਲਿਆ:- 'ਚਾਰਪਾਈ ਉਰੇ ਲਿਆਓ। ' ਝੱਟ ਮੰਜੀ ਹਾਜ਼ਰ ਹੋਈ, ਆਪ ਨੇ ਸਿੰਘ ਜੀ ਦੇ ਚਰਨ ਚੁੰਮੇ, ਅਰ ਵਰਨ ਫਰਨ ਰੱਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁਕ ਕੇ ਚਾਰਪਾਈ ਪੁਰ ਪੁਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ। ਦਰੇਗਾ ਕੁਝ ਉਜ਼ਰ ਕਰਨੇ ਲੱਗਾ ਕਿ ਹਾਕਮ ਦਾ ਹਕੂਮ ਨਹੀਂ ਮਿਲਿਆ, ਮੈਂ ਮਾਰਿਆ ਜਾਵਾਂਗਾ, ਤੁਸੀਂ 'ਮੁਸਲਮਾਨ ਹੋ ਕੇ ਇਹ ਕੀ ਕਰ ਰਹੇ ਹੋ?
ਭਲਾ ਪੁਰਖ- (ਲਾਲ ਅੱਖਾਂ ਕਰਕੇ) 'ਚਲ ਦੂਰ ਹੋ ਨਾਮਾਕੂਲ। ਮੁਸਲਮਾਨ ਹੋ ਕੇ? ਕਿਆ ਮੁਸਲਮਾਨ ਨਾਮ ਜਾਲਮ ਦਾ ਹੈ? ਹੈ. ਮੁਸਲਮਾਨ ਨਾਮ ਖੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੇਅ ਇਨਸਾਨ ਨੂੰ ਖੁਦਾ ਦੇ ਜਾਣ ਕੇ ਪ੍ਯਾਰ ਕਰੇ। ਮੁਸਲਮਾਨ ਦਾ ਫ਼ਰਜ਼ ਇਨਸਾਫ਼ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫ਼ਕੀਰ ਜੀ ਸਿੰਘ ਜੀ ਨੂੰ ਲੈ ਕੇ ਪੱਤਰਾ ਹੋ ਗਏ। ਸੇਕ! ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵਹੁਟੀ ਤੇ ਪੁੱਤਰ ਨਾਲ ਦੀਆਂ ਹੀ ਕਠੜੀਆਂ ਵਿਚ ਤੜਫ ਰਹੇ ਸਨ।
ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾਟ ਤੇ ਸੀ. ਇਕ ਬਨ ਵਿਚ ਕੁਟੀਆ ਪਾ ਕੇ ਰਹਿੰਦੇ ਸਨ। ਜਾਤ ਦੇ ਇਹ ਸੱਯਦ ਸਨ ਤੇ ਅੱਲਾ ਵਾਲੇ ਫ਼ਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਅਰ ਉਨ੍ਹਾਂ ਦੀ ਕਿਰਪਾ ਕਰਕੇ ਹੀ ਇਹ ਫ਼ਕੀਰੀ ਨੂੰ ਪ੍ਰਾਪਤ ਹੋਏ ਸੇ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੈ ਗਏ। ਵੈਰਾਗੀ ਹੋ ਕੇ ਆਪ ਨੇ ਇਥੇ ਬਨ ਵਿਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਨ੍ਹਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ
ਉਧਰ ਦਾ ਹਾਲ ਸੁਣੋ— ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ। ਬਥੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫ਼ਕੀਰ ਦਾ ਡਰ ਇੱਡਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੋਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ। ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ ਹਲਕੇ ਹਲਕੇ ਕੋਟੜੇ ਮਰਵਾਏ। ਉਧਰ ਸਾਬਰ ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ। ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ: ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ, ਜੋ ਹੋਉਂ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿਚ ਵੜੇ ਸਨ
11 ਕਾਂਡ
ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥
(ਰਾਗ: ਮ: ੧, ਪੰਨਾ ੯੦੨)
ਸਤ ਧਰਮ ਕਾਇਮ ਰੱਖਣ ਵਾਲਿਆਂ ਨੂੰ ਦੁਨੀਆਂ ਦੁੱਖ ਦੇਂਦੀ ਹੈ; ਨਾਮ ਸਿਮਰਨ ਵਾਲਿਆਂ ਦੀ ਬਦਨਾਮੀ ਹੁੰਦੀ ਹੈ ਤੇ ਘਰ ਘਰ ਵਾਰਾਂ ਤੁਰਦੀਆਂ ਹਨ, ਅੰਤ ਇਥੋਂ ਤਕ ਹੁੰਦਾ ਹੈ ਕਿ ਦੁਨੀਆਂ ਉਹਨਾਂ ਦੀਆਂ ਜਿੰਦਾਂ ਨੂੰ ਭੀ ਨਹੀਂ ਛੱਡਦੀ; ਪਰ ਵਾਹ ਧਰਮੀਓ! ਤੁਸੀਂ ਜਿੰਦਾਂ ਦੇਂਦੇ ਭੀ ਹੱਸਦੇ ਹੈ। ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਦੇ ਹਿਰਦੇ ਵਿਚ ਸਾਰੇ ਕਾਰਣਾਂ ਦਾ ਕਾਰਣ ਪਰਮਾਤਮਾ ਐਉਂ ਪ੍ਰਕਾਸ਼ਤ ਹੁੰਦਾ ਹੈ ਜਿੱਕਰ ਦਿਨ ਨੂੰ ਸੂਰਜ। ਜਿੰਕੁਰ ਚਾਨਣ ਵਿਚ ਜੀਵ ਨਹੀਂ ਘਾਬਰਦੇ, ਤਿਵੇਂ ਧਰਮੀ ਜੀਵ ਪਰਮਾਤਮਾ ਦੇ ਮਿਲਾਪ ਹੋਏ ਤੇ ਉਸ ਦੇ ਪਿਆਰ ਤੇ ਚਾਨਣੇ ਵਿਚ ਨਹੀਂ ਡੋਲਦੇ।
ਸ਼ੀਲ ਕੌਰ ਤੇ ਭੁਜੰਗੀ ਲਾਹੌਰ ਨੂੰ ਤੇਰੇ ਗਏ। ਜਿਸ ਜੱਥੇ ਵਿਚ ਧਰਮੀ ਜੀਵ ਤੁਰੇ ਸਨ ਸੇ ਪੰਜ ਸੱਤ ਹੋਰ ਸਿੱਖਾਂ ਕੈਦੀਆਂ ਦੀ ਮੰਡਲੀ ਸੀ ਅਰ ਕੁਛ
––––––––––––
* ਸਿਪਾਹੀ।
ਵਧੇਰੇ ਮੌਕਿਆ ਬੀ ਹੁੰਦਾ ਹੈ। ਨਾ ਤਾਂ ਇਸ ਪ੍ਰਕਾਰ ਦੇ ਕਈ ਤਰੀਕੇ ਉਸ ਸਮੇਂ ਹੈਸਨ ਤੇ ਨਾ ਹੀ ਅਕਬਰ ਵਾਲੀ ਚੋਣ ਹਾਕਮਾਂ ਦੀ ਸੀ ਕਿ ਨੇਕ ਧਰਮੀ ਢੂੰਡ ਢੂੰਡ ਕੇ ਰੱਖੇ ਜਾਣ ਤੇ ਨਿਆਂ ਕਰਨ ਦਾ ਪੂਰਾ ਪੂਰਾ ਜਤਨ ਹੋਵੇ। ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੇ ਕੰਮ: ਚੰਗੀ ਚੋਣ. ਆਪਣੀ ਨਿਗਰਾਨੀ ਤੇ ਅਦਲ ਵੱਲ ਖਾਸ ਤਵੱਜ ਦਾ ਤਰੀਕਾ ਸੀ। ਇਸ ਸਮੇਂ ਤਾਂ ਅਨ੍ਯਾਯ ਕਈ ਢੰਗਾਂ ਨਾਲ ਪਰਵਿਰਤ ਸੀ, ਜਿਵੇਂ ਪਠਾਣਾਂ ਦੇ ਅੰਤ ਸਮੇਂ ਅੰਧਕਾਰ ਸੀ, ਜਿਸ ਬਾਬਤ ਸਤਿਗੁਰ ਨਾਨਕ ਦੇਵ ਜੀ ਨੇ ਡਿੱਠਾ ਹਾਲ ਦੱਸਿਆ ਹੈ:-
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
(ਮਲਾ: ਵਾਰ, ਪੰਨਾ ੧੨੮੮)
ਤੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ:-
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
(ਵਾਰਾ ਭਾ: ੧/३०)
ਉਸੇ ਤਰ੍ਹਾਂ ਇਸ ਮੁਗਲਾਂ ਦੇ ਅਖੀਰਲੇ ਸਮੇਂ ਬੀ ਧੱਕੇਸਾਹੀ ਪ੍ਰਧਾਨ ਸੀ।"
ਜਦ ਏਹ ਕੈਦੀ ਤੁਰੇ ਤਦ ਇਕ ਇਕ ਕੈਦੀ ਦੇ ਨਾਲ ਦੇ ਦੇ ਸਿਪਾਹੀ ਕੀਤੇ ਗਏ। ਕੈਦੀਆਂ ਦੇ ਹਥ ਬੀ ਬੰਨ੍ਹੇ ਹੋਏ ਸੇ। ਇਸ ਪ੍ਰਕਾਰ ਦੁੱਖਾਂ ਦੇ ਪੈਂਡੇ
––––––––––
* ਭਾਈ ਕਰਮ ਸਿੰਘ ਜੀ ਕਈ ਵਰ੍ਹੇ ਇਤਿਹਾਸ ਖੋਜ ਕੇ ਉਸ ਸਮੇਂ ਦੇ ਹਾਕਮਾਂ ਬਾਬਤ ਲਿਖਦੇ ਹਨ:-
ਉਹੀ ਦਿਨੀ ਸ਼ਾਹੀ ਦਾ ਪ੍ਰਬੰਧ ਐਸਾ ਢਿਲਾ ਸਿ ਕਿ ਨਿੱਕੇ ਮੋਟੇ ਪਿੰਡਾ ਨੂੰ ਜਰਾਵਰਾਂ ਦੀਆਂ ਵਾਹਰਾਂ ਸਦਾ ਹੀ ਲੁੱਟ ਲਿਆ ਕਰਦੀਆਂ ਸਨ। (ਬੰਦਾ ਬਹਾਦਰ, ਪੰਨਾ 12)
ਉਹੀ ਦਿਨੀ ਬਾਹਰ ਦੇ ਪਿੰਡਾਂ ਵਿਚ ਸਦਾ ਭੇਖ ਵਰਤੀ ਰਹਿੰਦੀ ਸੀ, ਕਿਉਂਕਿ ਆਏ ਦਿਨਾਂ ਦੀਆਂ ਧਾੜਾਂ,ਕਾਨੂੰਨੀ ਤੇ ਅਮਲਾ ਦੀਆਂ ਸਖਤੀਆ ਗਰੀਬ ਜਿਮੀਦਾਰਾ ਪਾਸ ਕੁਛ ਨਹੀ ਸਨ ਰਹਿਣ ਦਿੰਦੀਆ ਸਨ
ਤੁਲਕਾ ਦੇ ਜੁਲਮ ਜੋ ਹਾਕਮ ਬੀ ਨਹੀ ਸਨ,ਐਉ ਦੱਸਦੇ ਹਨ ਆਸ ਪਾਸ ਦੇ ਪਿੰਡਾ ਦੇ ਸਭ ਕਾਜੀਆਂ, ਸੱਯਦਾ ਤੇ ਸ਼ੇਖਾ ਦੇ ਜੁਲਮਾ ਤੋਂ ਅੱਕੇ ਹੋਏ ਸਨ
ਮੁਕਾਉਂਦਿਆਂ ਜਦ ਦੋ ਕੁ ਦਿਨ ਬੀਤੇ ਤਦ ਜਮਾਂਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪੁਰ ਨਜ਼ਰ ਪੈ ਗਈ। ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖਕੇ ਇਸ ਦਾ ਕਰੜਾ ਹਿਰਦਾ ਬੀ ਪੰਘਰ ਪਿਆ। ਜਮਾਂਦਾਰ ਨੇ ਮਾਂ ਪੁੱਤਰ ਦੀਆਂ ਹੱਥ-ਕੜੀਆਂ ਉਤਾਰਨ ਦਾ ਹੁਕਮ ਦਿੱਤਾ ਅਰ ਸਿਪਾਹੀ ਇਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ।
ਰਾਤ ਆ ਗਈ, ਇਕ ਸਰਾਂ ਵਿਚ ਡੇਰਾ ਹੋਇਆ, ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿਚ ਪਏ ਰਾਤ ਬਿਤਾਉਣ ਲੱਗੇ, ਪਰ ਸ਼ੀਲ ਕੌਰ ਤੇ ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ, ਚੰਗੇ ਸੁਥਰੇ ਕੋਠੇ ਵਿਚ ਉਤਾਰਾ ਮਿਲਿਆ, ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ, ਸੌਣ ਵਾਸਤੇ ਕੁਝ ਬਿਸਤਰੇ ਆਦਿ ਸਮਾਨ ਬੀ ਆ ਮੌਜੂਦ ਹੋਏ।
ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਐਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ? ਜੀ ਵਿਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜਿੱਕੁਰ ਹਨੇਰੀ ਵਗਣ ਤੋਂ ਪਹਿਲੇ ਪੈਣ ਹਿੱਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ, ਮਾਨੋਂ ਹੈ ਹੀ ਨਹੀਂ ਤਿਵੇਂ ਜਦ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪ ਚਾਪ ਜੇਹੀ ਨੇ ਮੂੰਹ ਦਿਖਾਇਆ ਤੇ ਫੇਰ ਬਿਪਤਾ ਨੇ ਆ ਦਬਾਇਆ। ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ। ਅੱਧੀ ਕੁ ਰਾਤ ਬੀਤ ਗਈ। ਬਾਣੀ ਦੇ ਪਾਠ ਦੀ ਮਧੁਰ ਸੁਰ ਨੇ ਬੈਕੁੰਠ ਦਾ ਪ੍ਰਭਾਉ ਬੰਨ੍ਹ ਦਿੱਤਾ ਅਰ ਉੱਚੜ ਚਿੱਤੀ ਲਾਉਣੇ ਵਾਲੀਆਂ ਘੜੀਆਂ ਆਨੰਦ ਵਿਚ ਬਿਤੀਤ ਹੋ ਗਈਆਂ। ਫਿਰ, ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ, ਇੰਨਾਂ ਜੁੜੀ ਕਿ ਅੰਗ ਬੀ ਹਿੱਲਣੇਂ ਰਹਿ ਗਏ। ਅੰਦਰਲੇ ਦਾ ਸਹਿਜ ਰੌ ਵਾਹਿਗੁਰੂ ਜੀ ਵਿਚ ਲੱਗ ਕੇ ਜੁੜ ਗਿਆ। ਜਦ ਸਭ ਦੁਨੀਆਂ ਸੌਂ ਗਈ ਅਰ ਕੋਈ ਜਾਗਦਾ ਨਾ ਰਿਹਾ, ਬਿਨਾ ਰੋਗੀ ਤੇ ਜੋਗੀ ਦੇ, ਅਥਵਾ ਇਸ ਸਾਰੇ ਪਸਾਰੇ ਦੀ ਅੰਮਾਂ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ ਪਰ ਉਹ ਹਿੱਲੀ ਨਾ। ਘੜੀ ਕੁ ਮਗਰੋਂ ਚੂਥੀ ਪੁੱਟੀ ਗਈ ਅਰ ਇਕ ਸਿਪਾਹੀ ਨੇ ਸੁਨਾਉਣੀ ਸੁਣਾਈ ਕਿ 'ਜਮਾਂਦਾਰ ਸਾਹਿਬ ਯਾਦ ਕਰਦੇ ਹਨ।' ਪਰ ਸ਼ੀਲ ਕੌਰ ਅਡੋਲ ਟਿਕੀ ਰਹੀ, ਉੱਤਰ ਤੱਕ ਨਹੀਂ ਮੂੰਹੋਂ ਨਿਕਲਿਆ, ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ
ਜਦ ਜਮਾਂਦਾਰ ਨੇ ਸੁਣਿਆ ਕਿ ਉਹ ਬੀਬੀ ਪੱਥਰ ਹੋਈ ਬੈਠੀ ਹੈ ਤੇ ਉਸ ਕੋਲ ਜਾਂਦਿਆਂ ਹੌਲ ਉਠਦਾ ਹੈ ਤੇ ਇਕ ਤੋਂ ਵਧੀਕ ਆਦਮੀ ਸਾਖ ਭਰਦੇ ਹਨ, ਤਦ ਉਸਦਾ ਦਿਲ ਬੀ ਕੁਛ ਸਹਿਮਿਆਂ। ਪਾਪ ਕਰਨ ਵੇਲੇ ਦਿਲ ਭਾਵੇਂ ਕਰੜਾ ਹੁੰਦਾ ਹੈ, ਪਰ ਜੇ ਕਦੇ ਭੈ ਦੀ ਨੋਕ ਉਸ ਵੇਲੇ ਹਿਰਦੇ ਵਿਚ ਚੁਭ ਜਾਵੇ ਤਦ ਕਾਇਰਤਾ ਜ਼ੋਰ ਪਾ ਲੈਂਦੀ ਹੈ।
ਜਮਾਂਦਾਰ ਜੀ ਸਨ ਇਕ ਕੁਲੀਨ ਪੁਰਖ ਇਖ਼ਲਾਕੀ ਸਾਹਿਤ ਬੀ ਪੜ੍ਹੇ ਹੋਏ ਸਨ, ਦਿਲ ਦੇ ਬੀ ਕਠੋਰ ਨਹੀਂ ਸਨ। ਸੀ ਤਾਂ ਕੁਸੰਗ ਦਾ ਅਸਰ ਸੀ ਤੇ ਆਪਣੇ ਮਹਿਕਮੇ ਦੇ ਮਾੜੇ ਲੋਕਾਂ ਦੀ ਰੀਸੋ-ਰੀਸੀ ਮਾੜਾ ਅਸਰ ਲੈ ਲੈ ਮਾੜੇ ਹੋ ਰਹੇ ਸੇ। ਹੁਣ ਜਦ ਸਹਿਮ ਛਾਇਆ ਤਾਂ ਆਪਣੇ ਧਰਮ ਵਿਚ, ਜੋ ਸਮਾਚਾਰ ਭਲੇ ਪੁਰਸ਼ਾਂ ਦੇ ਪੜ੍ਹੇ ਹੋਏ ਸਨ ਅਰ ਦੁਸ਼ਟਾਂ ਦੇ ਤਸੀਹਿਆਂ ਹੇਠ ਖੁਦਾ ਦੀ ਓਹਨਾਂ ਨਾਲ ਮੈਤ੍ਰੀ ਦੇ ਸਮਾਚਾਰ ਸੁਣੇ ਹੋਏ ਸਨ, ਸਾਰੇ ਚੇਤੇ ਆ ਗਏ। ਦਾਨੀਆਲ ਦਾ ਸ਼ੇਰਾਂ ਅੱਗੇ ਸਿੱਟੇ ਜਾਣਾ ਤੇ ਸ਼ੇਰਾਂ ਦਾ ਉਸ ਦੇ ਪੈਰ ਚੁੰਮਣੇ, ਫਰਊਨ ਦੇ ਜ਼ੁਲਮਾਂ ਹੇਠ ਮੂਸਾ ਦਾ ਵਾਲ ਵਿੰਗਾ ਨਾ ਹੋਣਾ, ਸਭ ਮਾਜਰੇ ਅੱਖਾਂ ਅਗੇ ਆ ਖਲੋਤੇ। ਦਿਲ ਵਿਚ ਟੋਏ ਪੈਂਦੇ ਜਾਣ,ਓਹਨਾਂ
ਟੋਇਆਂ ਵਿਚ ਕੀਤੇ ਕੁਕਰਮਾਂ ਦੇ ਡੰਗ ਵਜਦੇ ਜਾਣ, ਪਰ ਆਪਣੇ ਸਿਪਾਹੀਆਂ ਵਿਚ ਪਤਾ ਨਾ ਲੱਗ ਜਾਏ ਕਿ ਇਹ ਬੀ ਡਰ ਗਿਆ ਹੈ, ਇਸ ਲਈ ਹੌਸਲੇ ਦੀਆਂ ਗੱਲਾਂ ਕਰੀ ਜਾਵੇ। ਇੱਕੁਰ ਹੌਸਲਾ ਕਰਦਿਆਂ ਬੀ ਰੰਗ ਉਡਣ ਲੱਗ ਗਿਆ, ਧੀਰਜ ਵਾਲੀ ਸੂਰਤ ਬਣਾਵੇ ਪਰ ਬਣੇ ਨਾ। ਹੌਸਲੇ ਦਾ ਦਿਖਾਵਾ ਦੱਸਣ ਲਈ ਆਪ ਉਠੇ ਅਰ ਤੁਰੇ ਕਿ ਚਲੋ ਦੇਖੀਏ ਕੀ ਹੈ? ਜਾਂ ਆਪ ਬਾਹਰ ਨਿਕਲੇ ਤਾਂ ਇਕ ਬੁੱਲੇ ਨਾਲ ਦੀਵਾ ਬੁੱਝ ਗਿਆ, ਘਨਘੋਰ ਘਟਾ ਨਾਲ ਘਿਰੀ ਤੇ ਕਾਲੀ ਬੋਲੀ ਰਾਤ ਨੇ ਹੋਰ ਡਰ ਦਾ ਸਮਾਂ ਬੰਨ੍ਹ ਦਿੱਤਾ, ਕਿਸੇ ਪਾਸਿਓਂ ਉੱਲੂ ਦੀ ਆਵਾਜ਼ ਆਈ, ਕਲੇਜਾ ਹੋਰ ਸਹਿਮ ਗਿਆ। ਝੱਖੜ ਤਾਂ ਝੁੱਲ ਹੀ ਰਿਹਾ ਸੀ ਹੁਣ ਖੇਉਂਦਾ ਬੀ ਸੀ ਤੇ ਗੱਜਦਾ ਬੀ ਸੀ। ਹਨੇਰੇ ਵਿਚ ਗੋਲ ਗੋਲ ਛੱਲੇ ਅੱਖਾਂ ਅੱਗੇ ਆਉਣ, ਜੇ ਵੱਡੇ ਵੱਡੇ ਹੁੰਦੇ ਮੂੰਹ ਪਾੜ ਪਾੜ ਡਰਾਉਣ ਅਰ ਉੱਡਦੇ ਜਾਣ ਅਰ ਹੋਰ ਉਨ੍ਹਾਂ ਦੀ ਥਾਂ ਆਉਂਦੇ ਜਾਣ। ਛੇਕੜ ਫੇਰ ਕੱਜ ਕਜਾ ਕੇ ਦੀਵਾ ਆਇਆ ਫੇਰ ਤੁਰੇ, ਜਦ ਕੋਠੜੀ ਦੇ ਕੋਲ ਪਹੁੰਚੇ ਤਦ ਦੀਵੇ ਵਾਲੇ ਨੂੰ ਠੁੱਡਾ ਲੱਗਾ. ਦੀਵਾ ਡਿੱਗ ਪਿਆ ਤੇ ਚੁੱਕਣ ਵਾਲਾ ਢਹਿ ਪਿਆ। ਜਮਾਂਦਾਰ ਨੇ ਕੋਠੜੀ ਦੇ ਅੰਦਰ ਝਾਤ ਪਾਈ ਤਾਂ ਕੀ ਝਾਂਉਲਾ ਪਿਆ ਕਿ ਮਾਨੋਂ ਅੱਗ ਬਲ ਰਹੀ ਹੈ, ਪਰ ਬੀਬੀ ਤੇ ਉਸ ਦੇ ਪੁੱਤਰ ਨੂੰ ਸਾੜਦੀ ਨਹੀਂ। ਜਮਾਂਦਾਰ ਨੇ ਦਲੀਜਾਂ ਤੇ ਪੈਰ ਰੱਖਿਆ ਤਾਂ ਸੇਕ ਲੱਗਾ, ਡਰਕੇ ਪਿੱਛੇ ਹਟ ਖਲੋਤਾ। ਇਸ ਦੇ ਨਾਲ ਦਾ ਇਕ ਸਿਪਾਹੀ ਕੀ ਦੇਖਦਾ ਹੈ ਕਿ ਇਕ ਸ਼ੇਰ ਮਾਂ ਪੁੱਤ੍ਰਾਂ ਦੇ ਦੁਆਲੇ ਪਰਕ੍ਰਮਾਂ ਕਰ ਰਿਹਾ ਹੈ ਅਰ ਘੂਰ ਕੇ ਇਨ੍ਹਾਂ ਵੱਲ ਤੱਕਦਾ ਹੈ। ਫੇਰ ਉਸ ਨੂੰ ਐਉਂ ਲੱਗਾ ਕਿ ਸ਼ੇਰ ਗੱਜਿਆ ਅਰ ਸਿਪਾਹੀ ਡਰਕੇ ਡਿੱਗ ਪਿਆ। ਬਾਹਰ ਬਿਜਲੀ ਕੜਕ ਰਹੀ ਸੀ; ਅੰਦਰ ਬਿਜਲੀ ਦੀ ਲਿਸ਼ਕ ਨਾਲ ਭਰ ਗਿਆ ਸੀ; ਹੁਣ ਫੇਰ ਬਾਹਰੋਂ ਕੜਕਵੀਂ ਗਰਜ ਉੱਠੀ, ਝਾਉਲਾ ਪਿਆ ਕਿ ਇਕ ਕੋਈ ਅੱਲਾ ਵਾਲੇ ਸਾਹਿਬ ਖੜੇ ਹਨ, ਅਰ ਅਜ਼ਰਾਈਲ ਫ਼ਰਿਸ਼ਤੇ ਨੂੰ ਕੁਝ ਐਉਂ ਦਾ ਕਹਿ ਰਹੇ ਹਨ, “ਇਨ ਸਿਪਾਹੀਓਂ ਕੋ ਔਰ ਜਮਾਂਦਾਰ ਕੇ ਗੰਧਕ ਕੇ ਜਲਤੇ ਹੂਏ ਦੋਜ਼ਖ ਮੇਂ ਡਾਲ ਦੋ’। ਮੀਂਹ ਹੁਣ ਮੋਲ੍ਹੇਧਾਰ ਵੱਸ ਰਿਹਾ ਸੀ ਤੇ ਹਨੇਰੀ ਜ਼ੋਰ ਦੀ ਵਗ ਰਹੀ ਸੀ, ਸਿਪਾਹੀ ਨੂੰ ਕੀ ਝਾਂਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ, ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ। ਜਮਾਂਦਾਰ ਭੈ ਭੀਤ ਹੋ ਰਿਹਾ ਸੀ, ਸੋਚ ਬੀ ਰਿਹਾ ਸੀ ਕਿ
ਹੁਣ ਜ਼ਮੀਨ ਭੁਚਾਲ ਨਾਲ ਕੰਬੀ, ਉਤੋਂ ਬੱਦਲਾਂ ਦੀ ਗੜ ਗੜ ਦਾ ਸ਼ਬਦ ਉਠਿਆ ਪਰ ਭਾਸਿਆ ਐਉਂ ਕਿ ਜ਼ਮੀਨ ਦੇ ਅੰਦਰੋਂ ਕੋਈ ਵਾਜ ਆਈ ਹੈ। ਉਹਨਾਂ ਜਾਤਾ ਕਿ ਜ਼ਮੀਨ ਪਾਟ ਚੱਲੀ ਹੈ। ਮੁਫ਼ਤੀ ਤੇ ਸਿਪਾਹੀ ਤਾਂ ਇਕ ਰੁਖ਼ ਨੱਠੇ, ਪਰ ਪੱਲਾ ਇਕ ਬ੍ਰਿਛ ਦੇ ਖੁੰਘੇ ਨਾਲ ਅੜ ਗਿਆ ਉਹਨਾਂ ਜਾਤਾ ਕਿਸੇ ਭੂਤ ਨੇ ਫੜ ਲਿਆ ਹੈ। ਡਡਿਆ ਕੇ ਡਿੱਗੇ। ਜਮਾਂਦਾਰ ਸਾਹਿਬ ਨੇ ਕਈ ਸ਼ਕਲਾਂ ਵੇਖੀਆਂ ਪਰ ਫੇਰ ਨੱਠੇ ਕੀ ਦੇਖਦੇ ਹਨ ਕਿ ਕੋਠੜੀ ਦੀ ਅੱਗ ਵਿਚੋਂ ਬਿਜਲੀ ਉੱਠੀ ਅਰ ਕੜਕ ਕੇ ਅੱਗੇ ਤੁਰ ਪਈ ਅਰ ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬੱਕ ਖਾ ਕੇ ਡਿੱਗੇ, ਕਪੜਿਆਂ ਨੂੰ ਅੱਗ ਲੱਗ ਗਈ ਜਾਪੀ, ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ। ਫੇਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿਚ ਪਾ ਦਿੱਤਾ ਹੈ ਅਰ ਉੱਥੇ ਚੁੜ ਰਿਹਾ ਹਾਂ, ਪਰ ਜਿੰਦ ਨਹੀਂ ਮਰਦੀ।
––––––––––
* ਕਿਉਂਕਿ ਉਨਕਾ ਕੀੜਾ ਨਾ ਮਰੇਗਾ ਅਰ ਉਨਕੀ ਆਗ ਨਾ ਬੁਝੇਗੀ। (ਯਸਆਹ ਬਾ: 66 ਆ: 24)
12. ਕਾਂਡ
ਪਿਛਲੇ ਕਾਂਡ ਦੀ ਵਾਰਤਾ ਕੀਹ ਸੀ? ਇਹ ਸੀਲਾ ਦੇ ਦ੍ਰਿੜ੍ਹ ਵਿਸ਼ਵਾਸ ਤੇ ਕਰਤਾਰ ਦੀ ਭਗਤ-ਵੱਛਲਤਾ ਸੀ। ਸ਼ੀਲਾ ਨੇ ਤਾਂ ਸਿੰਘਾਂ ਵਾਲਾ ਹਠ ਧਾਰ ਲਿਆ ਸੀ ਕਿ ਕਰਤਾਰ ਦੇ ਧਿਆਨ ਵਿਚ ਮਗਨ ਬੈਠੇ ਰਹਿਣਾ ਹੈ, ਹਿੱਲਣਾ ਤੱਕ ਨਹੀਂ ਅਰ ਇਥੇ ਹੀ ਇਸੇ ਰੰਗ ਵਿਚ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ, ਅਕਾਲ ਪੁਰਖ ਨੂੰ ਸਦੀਵ ਤੋਂ ਭਗਤਾਂ ਦੀ ਲਾਜ ਹੈ ਅਰ ਜੁਗ ਜੁਗ ਸਦਾ ਭਗਤਾਂ ਦੀ ਰੱਖਦਾ ਆਇਆ ਹੈ:-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
(ਆਸਾ: ਮ: ੧, ਪੰਨਾ-੪੫੧)
ਯੋਗੀ ਲੋਕ ਭੀ ਦੱਸਦੇ ਹਨ ਕਿ ਏਕਾਗਰ ਚਿਤ ਪ੍ਰਾਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਜੁੜੀ ਹੋਈ ਧਿਆਨ ਸ਼ਕਤੀ ਬੜੇ ਕਰਤੱਬ ਕਰ ਲੈਂਦੀ ਹੈ। ਸੋ ਸ਼ੀਲ ਕੌਰ ਦੇ ਵਾਹਿਗੁਰੂ ਵਿਚ ਲਿਵਲੀਨ ਧਿਆਨ ਪਰ ਮਹਾਰਾਜ ਦੀ ਕ੍ਰਿਪਾ ਨੇ ਉਸ ਦੀ ਰਖ੍ਯਾ ਕੀਤੀ। ਉਹ ਤਾਂ ਮਰਨਾ ਮੰਡਕੇ ਬੈਠੀ ਹੀ ਸੀ ਅਰ ਕਿਸੇ ਸਹਾਇਤਾ ਦੀ ਆਸ ਵਿਚ ਨਹੀਂ ਸੀ, ਸਾਂਈਂ ਵਿਚ ਜੁੜੀ ਸੀ ਕਿ ਮਰਨ ਲੱਗਿਆਂ ਜੁੜੀ ਹੀ ਮਰ ਜਾਵਾਂ ਜੋ ਮਾਲਕ ਤੋਂ ਅੰਤਰ ਆਤਮੇ ਵਿਥ ਨਾ ਪਵੇ, ਪਰ ਉਸ ਭਗਤਾਂ ਦੇ ਪਿਆਰੇ ਨੇ ਮੀਂਹ, ਹਨੇਰੀ, ਗੜੇ, ਬਿਜਲੀ ਭੁਚਾਲ ਸਾਰੀਆਂ ਡਰਾਉਣੀਆਂ ਤਾਕਤਾਂ ਛੇੜ ਦਿੱਤੀਆਂ। ਮੁਸਲਮਾਨ ਕਲਾਮਾਂ ਦੇ ਬੜੇ ਬੜੇ ਅਸਰ ਆਪ ਮੰਨਦੇ ਹਨ। ਉਹਨਾਂ ਦੀਆਂ ਪੁਸਤਕਾਂ ਵਿਚ ਬੜੇ ਬੜੇ ਅਚਰਜ ਸਮਾਚਾਰ ਹਨ। ਉਥੇ ਜਾਬਰਾਂ ਦੇ ਜੁਲਮ ਤੇ ਰੱਬ ਦੇ ਬਾਹੁੜੀ ਕਰਨ ਦੇ ਕਈ ਸਮਾਚਾਰ ਬੀ ਆਉਂਦੇ ਹਨ। ਉਸ ਦਿਨ ਸ਼ਾਮ ਨੂੰ ਜਮਾਂਦਾਰ ਸਾਹਿਬ ਤੇ ਸਿਪਾਹੀਆਂ ਵਿਚ ਐਸੇ ਹੀ ਜ਼ਿਕਰ ਚਲਦੇ ਰਹੇ ਸਨ। ਉਤੋਂ ਸ਼ਰਾਬ ਮਿਲ ਗਈ ਤੇ ਸਾਰੇ ਸਿਪਾਹੀਆਂ ਪੀਤੀ ਸੀ ਅਰ ਬਹੁਤੀ ਵਾਲੇ ਬਹੁਤ ਬਾਉਲੇ ਹੋ ਰਹੇ ਸਨ। ਹਨੇਰੀ ਰਾਤ, ਬੱਦਲ, ਮੀਂਹ, ਬਿਜਲੀ ਝੱਖੜ ਤੇ ਤੂਫ਼ਾਨ ਨੇ ਭੈ-ਦਾਇਕ ਸਮਾਂ ਬੰਨ੍ਹ ਦਿੱਤਾ, ਇਸ ਸਾਰੀ ਦਸ਼ਾ ਨੂੰ ਭੁਚਾਲ ਦੇ ਆਉਣ ਨੇ ਚੌਗੁਣਾਂ ਡਰਾਉਣਾ ਕਰ ਦਿੱਤਾ। ਜਦ ਮੁਫ਼ਤੀ ਅਰ ਜਮਾਂਦਾਰ ਨੱਸੇ ਹਨ ਤਦ ਬ੍ਰਿਛ ਦੇ ਹੇਠ ਨੂੰ ਦੌੜੇ ਬਿਜਲੀ ਕੜਕ ਰਹੀ ਸੀ,
ਇਕ ਪਾਸੇ ਤਾਂ ਸ਼ੀਲ ਕੌਰ ਦੀ ਪਵਿਤ੍ਰਤਾ ਤੇ ਲਿਵਲੀਨਤਾ, ਉਤੋਂ ਰੱਬ ਜੀ ਦਾ ਪਿਆਰ ਕੌਤਕ ਕਰ ਰਿਹਾ ਸੀ, ਦੂਜੇ ਪਾਸੇ ਨਿਤਾਣੇ ਨਸ਼ਈ ਦਿਲ ਭੈਭੀਤ ਹੋਕੇ ਡਰ ਰਹੇ ਸਨ, ਤੀਜੇ ਬਿਜਲੀ ਨੇ ਸੱਚਮੁਚ ਹੀ ਜਾਨਾਂ ਖੈ ਕੀਤੀਆਂ। ਜਦੋਂ ਸਵੇਰੇ ਕੋਠੜੀਆਂ ਵਿਚੋਂ ਬਾਕੀ ਦੇ ਸਿਪਾਹੀ ਤੇ ਕੈਦੀ ਨਿਕਲੇ ਤਾਂ ਚਾਰ ਆਦਮੀ ਤਾਂ ਬਿਜਲੀ ਨਾਲ ਮਰੇ ਦੇਖੇ ਤੇ ਇਕ ਦੋ ਭੈ ਮਾਰੇ ਨਿਰਬਲ ਜਿਹੇ ਪਏ ਨਜ਼ਰ ਆਏ। ਉਨ੍ਹਾਂ ਦੋਹਾਂ ਸਿਪਾਹੀਆਂ ਨੇ ਜੇ ਬਾਹਰ ਨਹੀਂ ਨਿਕਲੇ ਸੇ; ਉਨ੍ਹਾਂ ਨੇ ਰਾਤ ਦਾ ਹਾਲ ਕਹਿ ਸੁਣਾਇਆ। ਸਿਪਾਹੀਆਂ ਦਾ ਟੋਲਾ ਸੁਣ ਕੇ ਹੱਕਾ ਬੱਕਾ ਰਹਿ ਗਿਆ। ਇਕ ਹਵਾਲਦਾਰ ਨੂੰ ਜਮਾਂਦਾਰ ਦੀ ਥਾਂ ਮੰਨ ਕੇ ਕੰਮ ਆਰੰਭਿਆ। ਮੁਰਦਿਆਂ ਨੂੰ ਦਫ਼ਨ ਕੀਤਾ ਅਰ ਅਗਲੇ ਭਲਕ ਅੱਗੇ ਕੂਚ ਕੀਤੀ। ਸ਼ੀਲ ਕੌਰ ਵਲੋਂ ਉਹਨਾਂ ਨੂੰ ਸਹਿਮ ਬੈਠ ਗਿਆ। ਨਾ ਤਾਂ ਡਰਦੇ ਕੁਝ ਕਹਿ ਸਕਣ ਅਰ ਨਾ ਹੀ ਦਿਲ ਵਿਚ ਬੜੇ ਰੰਜ ਕਰਕੇ ਉਨ੍ਹਾਂ ਪੁਰ ਦਇਆ ਹੀ ਕਰ ਸਕਣ। ਇਸ ਤਰ੍ਹਾਂ ਕੁਝ ਡਰ, ਕੁਝ ਵੈਰ ਨਾਲ ਭਰੇ ਪੀਤੇ ਲਾਹੌਰ ਤੱਕ ਗਏ। ਪਹਿਲੋਂ ਤਾਂ ਸਲਾਹ ਸਾਨੇ ਕਿ ਸਾਰਾ ਹਾਲ ਕਹਾਂਗੇ। ਪਰ ਸੋਚਿਆ ਕਿ ਸਾਰੇ ਲੋਕੀਂ ਕਾਇਰ ਤੇ ਡਰਾਕੁਲ ਕਹਿਣਗੇ, ਇਸ ਲਈ ਕੇਵਲ ਬਿਜਲੀ ਪੈਣ ਦਾ ਪ੍ਰਸੰਗ ਹੀ ਕਿਹਾ ਗਿਆ ਅਰ ਹੋਰ ਕੋਈ ਗੱਲ ਨਾ ਕਹੀ।
ਸ਼ੀਲ ਕੌਰ ਨੇ ਉਸ ਰਾਤ ਦਾ ਸਾਰਾ ਪ੍ਰਸੰਗ ਸਿਪਾਹੀਆਂ ਨੂੰ ਆਪੋ ਵਿਚ ਗੱਲਾਂ ਕਰਦਿਆਂ ਸੁਣਕੇ ਸਮਝ ਲਿਆ ਸੀ। ਉਹ ਆਪਣੇ ਦਿਲ ਵਿਚ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕਰਦੀ ਸੀ ਕਿ ਮੈਂ ਜਿਹੀ ਨਿਮਾਣੀ ਦਾ ਸਤ ਤੇ ਜਿੰਦ ਦੁਏ ਬਚਾ ਲਏ। ਇਹ ਕੇਵਲ ਦੀਨ ਦਿਆਲ ਦੀ ਮਿਹਰ ਹੈ; ਹੋਰ ਮੇਰਾ ਕੁਛ ਨਹੀਂ।
ਉਧਰ ਮੀਰ ਮੰਨੂੰ ਦੇ ਜ਼ੁਲਮ ਪੰਜਾਬ ਵਿਚ ਹੁਣ ਹਾੜ ਦੀ ਦੁਪਹਿਰ ਦੇ ਸੂਰਜ ਵਾਂਗੂੰ ਸਿਖ਼ਰ ਤੇ ਪਹੁੰਚ ਪਏ ਸਨ, ਕੋਈ ਐਸਾ ਸ਼ਹਿਰ ਪਿੰਡ ਨਹੀਂ
ਕਿਸੇ ਕੌਮ ਵਿਚੋਂ ਜਦ ਧਰਮ ਦੀ ਅੰਸ਼ ਉਡ ਜਾਵੇ ਤਦ ਓਹ ਲੋਕ ਧਰਮ ਨੂੰ ਇਕ ਪੜਦਾ ਬਣਾ ਲੈਂਦੇ ਹਨ, ਜਿਸਦੇ ਉਹਲੇ ਅਨੇਕ ਤਰ੍ਹਾਂ ਦੇ ਅਧਰਮ ਕਮਾਉਂਦੇ ਹਨ। ਧਰਮੀ ਲੋਕਾਂ ਦਾ ਬਾਹਰ ਤਾਂ ਸਾਧਾਰਣ ਹੁੰਦਾ ਹੈ। ਪਰ ਅਧਰਮੀਆਂ ਦਾ ਬਾਹਰ ਬਹੁਤ ਚਿਲਕਦਾ ਤੇ ਧਰਮ ਦੀ ਦਮਕ ਮਾਰਦਾ ਹੈ। ਮੁਗਲ ਪਾਤਸ਼ਾਹ ਦੇ ਅੰਤਲੇ ਸਮੇਂ ਪੰਜਾਬ ਵਿਚ ਅਕਸਰ ਜ਼ਾਲਮ ਹਾਕਮ ਐਸੇ ਸਨ ਜੋ ਧਰਮ ਨੂੰ ਕੇਵਲ ਅਧਰਮ ਦੇ ਨਿਰਬਾਹ ਵਾਸਤੇ ਮੁਲੰਮੇ ਵਾਂਗ ਵਰਤਦੇ ਸਨ, ਉਪਰਲੇ ਕੰਮ ਤਾਂ ਦੀਨਦਾਰਾਂ ਦੇ ਤੇ ਅੰਦਰੋਂ ਛੁਰੀ ਫੇਰਨ ਵਾਲਿਆਂ ਦੇ ਨਮੂਨਿਆਂ ਦੇ ਹੁੰਦੇ ਸਨ। ਕੁਸ਼ਾਮਤੀ ਤੇ ਪੇਟਪਾਲੂ ਜੋ ਬਾਹਰੋਂ ਦੀਨਦਾਰ ਤੇ ਅੰਦਰੋਂ ਕੇਵਲ ਆਪਣੇ ਦੀਨ ਦੇ ਉਨ੍ਹਾਂ ਹੁਕਮਾਂ ਦੇ ਮੰਨਣ ਵਾਲੇ, ਜਿਨ੍ਹਾਂ ਕਰਕੇ ਆਪਣੀਆਂ ਗਰਜ਼ਾਂ ਪੂਰੀਆਂ ਹੋਣ. ਚਾਹੇ ਜ਼ੁਲਮ ਤੇ ਤੱਦੀ ਫੈਲੇ ਮੀਰ ਮੰਨੂੰ ਨਾਲ ਰਲਕੇ ਇਕ ਮੈਦਾਨ ਵਿਚ ਨਮਾਜ਼ ਪੜ੍ਹਨੇ ਲਈ ਖੜੇ ਹੋਏ। ਨਮਾਜ਼ਾਂ ਪੜ੍ਹਕੇ ਚਾਹੀਦਾ ਸੀ ਕਿ ਜਿੱਕੁਰ ਪਰਮੇਸ਼ਰ ਤੋਂ ਆਪਣੇ ਲਈ ਦਯਾ ਮੰਗੀ ਸੀ ਹੋਰਨਾਂ ਪੁਰ ਦਯਾ ਕਰਦੇ ਪਰ ਕਿੱਥੋਂ? ਨਮਾਜ਼ ਜੀਭ ਉਤੇ ਸੀ, ਜ਼ੁਲਮ ਦਿਲ ਵਿਚ ਸੀ, ਰੱਬ ਤੱਕ ਕਿਥੋਂ ਪਹੁੰਚ ਹੁੰਦੀ। ਭਾਵੇਂ ਦਿਖਾਵੇ-ਮਾਤ੍ਰ ਲਈ ਤਾਂ ਰੱਬ ਨਾਲ ਹੀ ਗੱਲਾਂ ਕਰਕੇ ਹਟੇ ਸਨ ਅਰ ਓਸ ਦੇ ਪਵਿੱਤ੍ਰ ਹੁਕਮ ਅਨੁਸਾਰ ਪੁੰਨ ਕਰਨ ਲੱਗੇ ਜਾਪਦੇ ਸਨ ਅਰ ਖੁਸ਼ ਹੁੰਦੇ ਸਨ ਕਿ ਕਾਫ਼ਰਾਂ ਨੂੰ ਦੁੱਖ ਦੇਣ ਲੱਗੇ ਹਾਂ, ਪਰ ਅਸਲੀ ਦੀਨ ਦੀ ਗਤਿ ਨਿਆਰੀ ਹੈ।
ਇਕ ਖੁੱਲ੍ਹੇ ਮੈਦਾਨ ਵਿਚ ਵੀਹ ਕੁ ਸੂਰੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ, ਪਿੰਜਰੇ ਪਏ ਸ਼ੇਰਾਂ ਵਾਂਗ ਹੱਥ ਪੈਰ ਬੱਧੇ ਕਤਾਰ ਵਿਚ ਖੜੇ ਕੀਤੇ ਗਏ। ਇਕ ਲੰਮੀ ਚਿੱਟੀ ਦਾੜ੍ਹੀ ਵਾਲੇ ਦੀਨਦਾਰ ਸਾਹਿਬ ਜੋ ਆਪਣੇ ਖਿਆਲ ਵਿਚ ਸ਼ਾਇਦ ਤਰਸ ਵਾਲੇ ਹੀ ਹੋਣਗੇ, ਬੜੀ ਸੁਰੀਲੀ ਸੁਰ ਵਿਚ ਉਪਦੇਸ਼ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ। ਪਰ ਸਮੁੰਦਰ ਵਿਚ ਖੜੇ ਚਿਟਾਨ ਵਾਂਗੂੰ ਇਨ੍ਹਾਂ ਦੀਆਂ ਮਿੱਠੇ ਬਚਨਾਂ ਰੂਪੀ ਲਹਿਰਾਂ
ਤੇਰਾ ਕੀਆ ਮੀਠਾ ਲਾਗੈ॥
ਹਰਿਨਾਮੁ ਪਦਾਰਥੁ ਨਾਨਕੁ ਮਾਂਗੈ॥
(ਆਸਾ ਮ: ੫, ਪੰਨਾ-੩੯੪)
ਇਹ ਦੇਖ ਕੇ ਤਮਾਸ਼ਾ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ, ਓਹ ਸੋਚਦੇ ਸਨ ਕਿ ਏਹ ਲੋਕ ਇਸ ਯਾਨਕ ਮੌਤ ਦਾ ਸਾਮ੍ਹਣਾ ਕਰਨੋਂ ਡਰਕੇ ਸ਼ਰਨ ਮੰਗਣਗੇ, ਪਰ ਨਹੀਂ ਜਾਣਦੇ ਸਨ ਕਿ ਏਹ ਗੁਰੂ ਗੋਬਿੰਦ ਸਿੰਘ ਜੀ ਦੇ ਸੂਰੇ ਹਨ, ਭੈ ਕੌਣ ਖਾਏ? ਤੇ ਕੌਣ ਸ਼ਰਨ ਮੰਗੇ।
ਖਾਲਸਾ ਜੀ! ਕਿਆ ਆਪ ਦੇ ਹਿਰਦੇ ਵਿਚ ਆਪਣੇ ਵੱਡਿਆਂ ਦੀ ਇਸ ਨਿੱਡਰ ਬਹਾਦਰੀ ਅਰ ਨਿਸਚੇ ਵੱਲ ਵੇਖ ਕੇ ਕੁਝ ਪ੍ਰੇਮ ਨਹੀਂ ਪੈਦਾ
ਹੁਣ ਦੇਖੋ ਸਿੰਘਾਂ ਨਾਲ ਕੀ ਭਾਣਾ ਵਰਤਦਾ ਹੈ। ਅੱਗ ਆਂਦੀ ਗਈ ਤੇ ਪਹਿਲੋਂ ਜੋ ਕੁਛ ਦੁਆਲੇ ਦੁਆਲੇ ਲੱਕੜਾਂ, ਪੱਛੀਆਂ, ਕੱਖ, ਪਲਾਹ ਰੱਖੇ ਗਏ ਸੇ ਓਨ੍ਹਾਂ ਵਿਚ ਅੱਗ ਦੂਰ ਦੂਰ ਧਰੀ ਗਈ। ਚੁਫੇਰਿਓਂ ਡਾਢਾ ਕਰੜਾ ਧੂਆਂ ਉਠਿਆ, ਜਿਸ ਨਾਲ ਘਬਰਾ ਕੇ ਇਨ੍ਹਾਂ ਦੇ ਸ਼ਰਨ ਮੰਨ ਲੈਣ ਦੀ ਆਸ ਸੀ। ਧੂੰਆਂ ਪਹਿਲੇ ਚੜ੍ਹੇ ਤਾਂ ਸਿਰ ਚਕਰਾਉਂਦਾ ਤੇ ਬਿਹਬਲਤਾ ਤੇ ਬੇਸੁਧੀ ਪੈਦਾ ਕਰਦਾ ਹੈ!* ਸਿੰਘਾਂ ਦੇ ਮੂੰਹੋਂ ਇਸ ਸ਼ੁਰੂ ਘਬਰਾ ਵੇਲੇ ਪਹਿਲੋਂ ਵਾਹਿਗੁਰੂ ਦੀ ਧੁਨਿ ਨਿਕਲੀ। ਸ਼ੋਕ! ਉਸ ਭੇਤ ਨੂੰ ਕੌਣ ਸਮਝੇ ਜੋ ਗੁਰੂ ਨੇ ਇਨ੍ਹਾਂ ਦੇ ਹਿਰਦੇ ਵਿਚ ਪਾ ਦਿਤਾ ਹੈ ? ਇਸ ਚੜ੍ਹਦੇ ਘਬਰਾ ਨੇ ਬੀ ਸਿੰਘਾਂ ਦੇ ਸਿਦਕ ਨੂੰ ਡੋਲਣ ਨਹੀਂ ਦਿਤਾ। ਥੋੜੀ ਦੇਰ ਤਕ ਹੋਸ਼ ਰਹੀ.
–––––––––––
* ਅੱਗ ਦੇ ਧੂਏਂ ਵਿਚ ਇਕ ਜ਼ਹਿਰ ਹੁੰਦੀ ਹੈ ਜੋ ਬੇਹੋਸ਼ ਕਰ ਦਿੰਦੀ ਤੇ ਬੇਹੋਸੀ ਵਿਚ ਹੀ ਮਾਰ ਦੇਂਦੀ ਹੈ।
'ਵਾਹਿਗੁਰੂ' ਦੀ ਧੁਨਿ ਭਰੀ ਹੋਈ ਅਵਾਜ ਨਾਲ ਨਿਕਲਦੀ ਰਹੀ, ਫੇਰ ਚੁਪ ਹੋ ਗਈ*, ਸਹਿਜੇ ਸਹਿਜੇ ਅੱਗ ਬਲ ਉਠੀ ਤੇ ਸਹਿਜੇ ਸਾਰੇ ਫੈਲ ਗਈ।
ਲੈ ਅਗਨੀ ਦੇਉਤਾ! ਜੋ ਜੀ ਕਰੇ ਸੋ ਕਾਰ ਕਰ ਲੈ, ਜਿੰਨੇ ਹੱਲੇ ਕਰਨੇ ਹਈ ਕਰ ਤੇ ਕੁੱਦ ਕੁੱਦਕੇ ਪਵਿਤ੍ਰ ਸਰੀਰਾਂ ਨੂੰ ਭੁੱਖ, ਝਈਆਂ ਲੈ ਲੈ ਕੇ ਕੌਮ ਤੇ ਧਰਮ ਦੇ ਹਿਤੈਸ਼ੀਆਂ ਦੀ ਦੇਹ ਨੂੰ ਧੋ, ਪਰ ਹੁਣ ਤੇਰੀ ਕੁਝ ਵਾਹ ਨਹੀਂ ਚੱਲਣੀ। ਉਹ ਚੀਜ਼ ਤਾਂ ਸਰੀਰਾਂ ਵਿਚੋਂ ਸਹੀ ਸਲਾਮਤ ਨਿਕਲ ਗਈ ਹੈ, ਜਿਸ ਪਿਛੇ ਤੈਥੋਂ ਅੱਜ ਜਲਾਦਾਂ ਦਾ ਕੰਮ ਲਿਆ ਗਿਆ। ਉਹ ਪਦਾਰਥ ਉਡ ਗਿਆ ਜਿਸ ਪਿਛੇ ਤੂੰ ਬੇਗੁਨਾਹਾਂ ਨੂੰ ਝੋਪਿਆ, ਉਹ ਸੂਖਮ ਅਜਰ ਅਮਰ 'ਅਗਨੀ ਅਰ ਜਲ ਦੇ ਅਸਰ ਤੋਂ ਅਤ੍ਰਿਕਤ ਰਹਿਣੇ ਵਾਲੀ
––––––––––––
* ਇਹ ਸਮਾਚਾਰ ਇਕ ਪੁਰਾਤਨ ਸਿਖ ਕਹਿੰਦਾ ਹੁੰਦਾ ਸੀ, ਜਿਸ ਨੂੰ ਮਰੇ ਚਾਰ ਬਰਸ ਹੋ ਗਏ ਹਨ (ਯਾਨੀ ਤਕਰੀਬਨ 1895 ਵਿਚ ਮਰਿਆ ਸੀ) ਇਹ ਤਰਨਤਾਰਨ ਵਿਚ ਰਹਿੰਦਾ ਸੀ। ਖਾਨ ਬਹਾਦਰ ਦੇ ਸਮੇਂ ਦਾ ਇਕ ਪਹਿਲਾ ਵਾਕਿਆ ਭੰਗੂ ਜੀ ਨੇ ਬੀ ਲਿਖਿਆ ਹੈ, ਜਿਸ ਵਿਚ ਕਿਸੇ ਗਾਰ ਵਿਚ ਰਹਿੰਦੇ ਸਿਖਾਂ ਨੂੰ ਗਾਰ ਦੇ ਮੂੰਹ ਅੱਗੇ ਬਾਲਣ ਭਰਕੇ ਅੱਗ ਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। (ਦੇਖੋ ਸਫਾ 260-62)
ਸਿੰਘਾਂ ਨੂੰ ਡਰਾਉਣ ਤੇ ਮਾਰਨ ਦੇ ਕਈ ਢੰਗ ਤਦੋਂ ਵਰਤੇ ਜਾਂਦੇ ਸਨ, ਜੈਸ ਕਿ ਗੁਰ ਬਿਲਾਸ ਭਾਈ ਮਨੀ ਸਿੰਘ (ਅਧ: 21) ਵਿਚ ਐਉਂ ਦੱਸਿਆ ਹੈ: ਲੁਸ਼ਟ ਚਰਖਨ ਸਾਥ ਬਧੇ ਸਿੰਘ ਐਸ ਉਪਾਇ ਸੋ ਤਾਹਿ ਡਰਾਏ॥ ਐਸੇ ਉਪਾਇ ਸੁ ਪਾਪ ਕੇ ਨਿਤ ਕਰੇ ਤੁਰਕ ਸੁ ਜਾਵਹੀਂ॥ ਜਾਹਿ ਧਰਮ ਸੁ ਗੁਰੂ ਰਾਖੈ ਸੋ ਕਿਉਂ ਚੀਤ ਡੁਲਾਵਹੀਂ॥ ਇਕ ਸ਼ਿਲਾ ਤਰੇ ਅਪਾਰ ਤੀਖਨ, ਇਕ ਗਰੇ ਤੰਤੀ ਪਾਵਹੀਂ॥ ਉਰਧ ਜਾ ਕੈ ਜਾ ਤਯਾਗੇਂ ਤਰੇ ਸੀਸ ਤੁਰਾਵਹੀ॥੧੫੫॥ ਤਬ ਸਿੰਘਨ ਸਭ ਹੀ ਮਰਵਾਯੋ॥ ਕੇਈਅਕ ਸੂਲਪੀ ਕਰ ਹਨ ਦਏ॥ ਕਈ ਚਰਖੜੀ ਬੀਚ ਸੁਭਏ॥ ਜਪਤ ਅਕਾਲ ਬਿਨਸ ਸਭ ਗਏ॥੧੯੦॥ ਅਮੀਰ ਦਾਸ ਲਿਖਦਾ ਹੈ:-
ਇਸੇ ਤਰ੍ਹਾਂ ਸਿੱਖ ਥੋੜੇ ਔਰ ਤੁਰਕ ਬਹੁਤੇ॥ ਤੁਰਕ ਮਾਰਨ ਮਰਨ ਸਿੱਖਾਂ ਕੇ ਪਕੜ ਲੇ ਜਾਵਨਿ॥ ਛੱਟਾਂ ਮੈਂ ਸੀਵਨ॥ ਚਰਖੀਆਂ ਚੜਾਵੈਂ, ਸੂਲੀਆਂ ਅਰ ਫਾਹੇ ਦੇਵਹਿ, ਅੰਗ ਜੁਦਾ ਕਰਹਿ॥ ਸੰਗਤਾਂ ਕੋ ਮਾਰਹਿ, ਖੋਸ ਲੈ ਜਾਵਹਿ॥......ਬਹੁਤ ਸਿੱਖਾਂ ਦੇ ਨੇਤਰ ਕਢਾਇ ਡਾਰੇ॥ ਮਾਝੇ ਮੈਂ ਤੁਰਕਾਂ ਦੀ ਫੌਜ ਘਰ ਘਰ ਸਿਖਾਂ ਕੋ ਢੂੰਡਤੀ ਫਿਰੈ॥ ਹਲਕਾਰੇ ਬਨ ਮੈਂ ਸਿਖਾਂ ਕੋ ਢੂੰਡਤੇ ਫਿਰੈਂ॥ ਜੋ ਸਿਖ ਹਾਥ ਆਵੈ ਤਿਸ ਕੋ ਮਾਰ ਡਾਰੈਂ॥ ਪਚਾਸ ਰੁਪਏ ਸਿਖ ਕੇ ਸੀਸ ਕਾ ਇਨਾਮ ਮਿਲੈ॥ ਰਾਮਦਾਸ ਪੂਰੇ ਕੇ ਘਰਾਂ ਕੇ ਤੁਰਕਾਂ ਨੇ ਆਗ ਲਗਾਇ ਦੀਨੀ॥ (ਸ੍ਰੀ ਗੁਰਬੰਸ ਚੰਦ੍ਰੋਦੈ)
ਆਤਮਾ ਸੱਚੇ ਪਿਤਾ ਦੇ ਚਰਨਾਂ ਵਿਚ ਪਹੁੰਚ ਚੁੱਕੀ ਹੈ। ਅੰਤ ਅੱਗ ਹਾਰ ਗਈ, ਮੱਧਮ ਪੈ ਗਈ, ਕੀਤੇ ਪਰ ਮਾਨੋ ਪਛੁਤਾਈ, ਪੀਲੀ ਭੂਕ ਹੋ ਗਈ। ਛੇਕੜ ਐਸੀ ਸਿਰ ਸੁਆਹ ਪਈਓਸ ਕਿ ਹੱਡੀਆਂ ਦੇ ਢੇਰ ਪਰ ਸੁਆਹ ਦਾ ਢੇਰ ਹੋ ਕੇ ਬਹਿ ਗਈ ਅਰ ਹਨ੍ਹੇਰੀ ਦੇ ਬੁੱਲਿਆਂ ਨਾਲ ਆਪਣੇ ਸਿਰ ਉਡ ਉਡਕੇ ਆਪ ਪੈਣ ਲੱਗੀ।
13. ਕਾਂਡ
ਲਖਪਤ ਦਾ ਬਲ ਉਡ ਜਾਣ ਮਗਰੋਂ ਜਦ ਦੀਵਾਨ ਕੌੜਾ ਮਲ ਨੇ ਸਿੰਘਾਂ ਦੀ ਤੇ ਮੀਰ ਮੰਨੂੰ ਦੀ ਸੁਲਾਹ ਕਰਾ ਦਿਤੀ ਸੀ ਤੇ ਇਲਾਕਾ ਪੱਟੀ ਜਾਗੀਰ ਵਿਚ ਦੇ ਦਿੱਤਾ ਸੀ ਤਾਂ ਖਾਲਸਾ ਜੀ ਤ੍ਰੈ ਸਾਲ ਕੁਛ ਸੁਖੀ ਰਹੇ ਤੇ ਵਧੇ ਸਨ। 1808 ਵਿਚ ਅਹਿਮਦ ਸ਼ਾਹ ਪੰਜਾਬ ਤੇ ਫੇਰ ਚੜ੍ਹ ਆਯਾ। ਤਦੋਂ ਤੀਹ ਹਜ਼ਾਰ ਖਾਲਸਾ ਮੰਨੂੰ ਦੀ ਮਦਦ ਤੇ ਆਯਾ ਤੇ ਦੁਰਾਨੀ ਨਾਲ ਕਈ ਮਹੀਨੇ ਲੜਦਾ ਰਿਹਾ ਸੀ। ਜੰਗ ਵਿਚ ਦੀਵਾਨ ਕੌੜਾਮਲ ਜੀ ਸ਼ਹੀਦ ਹੋ ਗਏ ਤੇ ਦੁਰਾਨੀ ਮੀਰ ਮੰਨੂੰ ਨੂੰ ਆਪਣਾ ਨਾਇਬ-ਲਾਹੌਰ ਦਾ ਸੂਬਾ-ਥਾਪ ਕੇ 1809 ਵਿਚ ਕੰਧਾਰ ਟੁਰ ਗਿਆ। ਹੁਣ ਸਿੰਘਾਂ ਨਾਲ ਕੀਤੇ ਕਰਾਰ ਸਾਰੇ ਭੰਨ ਕੇ ਅਚਾਨਕ ਮੀਰ ਮੰਨੂੰ ਸਿੱਖਾਂ ਦੇ ਮਗਰ ਗਿਆ ਸੀ। ਬਾਬੇ ਬੰਦੇ ਤੋਂ ਬਾਦ ਲੜਨ ਵਾਲੇ ਸਿੰਘਾਂ ਦਾ ਵਤੀਰਾ ਇਹ ਸੀ ਕਿ ਓਹ ਵ੍ਯਾਹ ਨਹੀਂ ਸਨ ਕਰਦੇ, ਇਨ੍ਹਾਂ ਨੂੰ ਤਦੋਂ ਭੁਜੰਗੀ ਕਹਿੰਦੇ ਸਨ। ਸੋ ਭੁਜੰਗੀ ਤਾਂ ਝਟ ਪਟ ਬਨਾਂ ਝੱਲਾਂ ਨੂੰ ਟੁਰ ਗਏ ਪਰ ਜਿਨ੍ਹਾਂ ਨੇ ਵ੍ਯਾਹ ਕਰ ਲਏ ਸੇ ਤੇ ਹੋਰ ਟੱਬਰਦਾਰ ਸਿੰਘ ਬਹੁਤ ਫੜੇ ਗਏ ਤੇ ਲਾਹੌਰ ਨਖਾਸ ਵਿਚ ਲਿਜਾਕੇ ਭਾਂਤਿ ਭਾਂਤਿ ਦੇ ਤ੍ਰੀਕਿਆਂ ਨਾਲ ਮਾਰੇ ਗਏ, ਜਿਨ੍ਹਾਂ ਦੇ ਟਾਵੇਂ ਟਾਵੇਂ ਹਾਲ ਉਪਰ ਦਿੰਦੇ ਆ ਰਹੇ ਹਾਂ; ਪਰ ਮੀਰ ਮੰਨੂੰ ਨੂੰ ਖਾਲਸੇ ਦੇ ਦੋਖੀ ਧਰੋਹੀਆਂ ਨੇ ਹੁਣ ਭੈੜੀ ਪੱਟੀ ਸਿੰਘਾਂ ਦੇ ਟੱਬਰਾਂ ਨੂੰ ਫੜਨ ਤੇ ਦੁੱਖ ਦੇਣ ਦੀ ਪੜ੍ਹਾਈ, ਸੋ ਹੁਣ ਪਰਵਾਰਾਂ ਤੇ ਕਸ਼ਟ ਟੁੱਟ ਪਏ ਤੇ ਸਿੰਘਾਂ ਦੀਆਂ ਇਸਤ੍ਰੀਆਂ ਬੀ ਉਸ ਵੇਲੇ ਦੇ ਜ਼ੁਲਮਾਂ ਤੋਂ ਨਾ ਬਚੀਆਂ।* ਇਕ ਟੋਲਾ ਸਿੰਘਣੀਆਂ ਦਾ ਤੁਰਕਾਂ ਦੇ ਢਹੇ
––––––––
* ਰੀਕਲ ਚੰਦ ਨਾਰੰਗ 'ਸਿਖੋਂ ਕੇ ਪ੍ਰੀਵਰਤਨ' ਸਫਾ 71 ਤੇ ਬਾਬੇ ਬੰਦੇ ਦੇ ਬਾਦ ਦੇ ਸਮੇਂ ਸਿਖਾਂ ਦੇ ਕਸ਼ਟਾਂ ਨੂੰ ਵਰਣਨ ਕਰਦੇ ਹੋਏ ਲਿਖਦੇ ਹਨ:- 'ਉਨਕੀ ਇਸਤਰੀਆਂ ਔਰ ਉਨ ਕੇ ਬਾਲਕ ਪਕੜ ਲੀਏ ਜਾਤੇ ਥੇ ਔਰ ਉਨ੍ਹੇਂ ਕਸਟ ਦੇ ਕਰ ਮਾਰਾ ਜਾਤਾ ਥਾ।`
'ਬੀਰਾ!' ਰਣ ਮੇਂ ਜਾਇਕੈ ਲੋਹਾ ਕਰੋ ਨਿਸ਼ੰਕ ।
ਨਾ ਮੁਹਿ ਚੜ੍ਹੇ ਰੰਡੇਪੜਾ ਨਾ ਤੁਹਿ ਲੱਗੇ ਕਲੰਕ।'
ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿਚ ਤੋਰ ਕੇ ਅਸੀਸ
ਦਿੰਦੀਆਂ ਸਨ:
ਵੀਰ! ਚਲੇ ਹੋ ਰਣ ਵਿਖੇ, ਸਨਮੁਖ ਜੰਗ ਜੁੜੋ।
ਸਿਰ ਦੇਵੇ ਜਾਂ ਸਿਰ ਲਵੇ, ਪਿਠ ਦੇ ਨਾਹਿ ਮੁੜੇ।'
–––––––––
1. ਹੇ ਬਹਾਦਰ ਪਤੀ!
2. ਲੋਹਾ ਕਰਨਾ-ਉਹ ਬਹਾਦਰੀ ਕਿ ਆਪ ਮਰ ਜਾਵੇ ਜਾਂ ਮਾਰ ਲਏ।
ਇਹ ਉਹ ਧੀਆਂ ਸਨ ਜੋ ਪਿਤਾ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਕਿਹਾ ਕਰਦੀਆਂ ਸਨ:-
'ਅਮਰ ਭਏ ਹੁਣ ਪਿਤਾ ਜੀ ਜਨਮ ਨਾ ਮਰਨ ਕਦੀ।
ਮੈਂ ਨ ਮਹਿੰਟਰ ਬਣਾਂ ਹੁਣ, ਬਾਪੂ! ਜੁਗ ਜੁਗ ਜੀ।`
ਹੁਣ ਕਰਨੀ ਕਰਤਾਰ ਦੀ ਐਸੀ ਆ ਹੋਈ, ਵਿਚਾਰੀਆਂ ਸਿੰਘਣੀਆਂ ਆਪ ਫਸ ਗਈਆਂ. ਨਿਸਚੇ ਤੇ ਪਰਤਾਵੇ ਦਾ ਵੇਲਾ ਆ ਗਿਆ। ਜੋ ਕਿਹਾ ਕਰਦੀਆਂ ਸਨ ਆਪ ਕਰਕੇ ਦਿਖਲਾਉਣਾ ਪਿਆ।'
ਪਹਿਲੇ ਤਾਂ ਪਤੀਆਂ ਦੇ ਵਿਛੋੜਿਆਂ ਦਾ ਦੁਖ, ਉੱਤੋਂ ਡਾਢਿਆਂ ਦੀ ਕੈਦ ਭੁਗਤਣੀ ਪਈ। ਕਈ ਦਿਨ ਕਿਸੇ ਨੇ ਵਾਤ ਨਾ ਪੁਛੀ। ਅੱਠੀ ਪਹਿਰੀ ਛੋਲਿਆਂ ਦੀ ਰੋਟੀ ਤੇ ਛੰਨਾਂ ਪਾਣੀ ਦਾ ਮਿਲੇ, ਨਾ ਨਾਉਣਾ ਨਾ ਧੋਣਾ ਨਾ ਹੱਸਣਾ ਨਾ ਖੇਡਣਾ ਨਾ ਕੋਈ ਸਫਾਈ ਨਾ ਸੁਖ ਨਰਕ ਦੇ ਵਾਸੀਆਂ ਵਾਂਗ ਮੈਲੀ ਦਸ਼ਾ ਹੋ ਗਈ। ਅੰਞਾਣੇ ਬਾਲ ਭੁਖ ਦੇ ਹੋਟੇ ਵਿਲੂੰ ਵਿਲੂੰ ਪਏ ਕਰਨ, ਪਰ ਵਾਹ ਸਿੰਘਣੀਆਂ ਦੇ ਆਪੋ ਵਿਚ ਦੇ ਪਿਆਰ! ਜਿਨ੍ਹਾਂ ਦੇ ਕੁਛੜ ਬਾਲ ਨਹੀਂ ਸਨ; ਓਹ ਚੱਪਾ ਚੱਪਾ ਰੋਟੀ ਘੱਟ ਖਾਂਦੀਆਂ ਅਰ ਉਹ ਟੁਕੜੇ ਬਾਲਾਂ ਵਾਲੀਆਂ ਨੂੰ ਜਾਂ ਬਾਲਾਂ ਨੂੰ ਖੁਆਲਦੀਆਂ ਤੇ ਉਸ ਕਸਟ ਨੂੰ ਆਪੇ ਵਿਚ ਵੰਡ
––––––––––
1. ਯਤੀਮ, ਮਾਪਿਆਂ ਤੋਂ ਰਹਿਤ।
2. ਸਿੰਘਣੀਆਂ ਦੇ ਕਸਟਾਂ ਦੇ ਇਹ ਹਾਲ ਪੰਥ ਪ੍ਰਕਾਸ਼ ਗਿ: ਗਿਆਨ ਸਿੰਘ ਕ੍ਰਿਤ ਦੇ ਛਾਪਾ ਟੈਪ ਦੇ ਪੰਨਾ 709 ਵਿਚ ਹਨ।
ਭਾਈ ਗੰਡਾ ਸਿੰਘ ਕ੍ਰਿਤ ਗੁਰਦੁਆਰਾ ਸ਼ਹੀਦ ਗੰਜ (ਅੰਗਰੇਜੀ) ਦੇ ਸਫ਼ਾ 30-31 ਪਰ ਬੀ ਸੰਖੇਪ ਹਾਲ ਸਿੰਘਣੀਆਂ ਦੇ ਇਸ ਸਾਕੇ ਦਾ ਦਿੱਤਾਹੈ।
ਇਸ ਸਾਕੇ ਤੋਂ ਪਹਿਲਾਂ ਅਬਦੁਲ ਸਮੱਦ ਖਾਂ ਦੇ ਸਮੇਂ ਬੀ ਸਿੰਘਾਂ ਦੀਆਂ ਸਿੰਘਣੀਆਂ ਤੇ ਬੱਚਿਆਂ ਤੇ ਕਹਿਰ ਵਰਤੇ ਸੇ ਗੋਕਲ ਚੰਦ ਨਾਰੰਗ ਆਪਣੇ 'ਸਿਖੋਂ ਕੇ ਪ੍ਰੀਵਰਤਨ' ਸਫਾ 189 ਪਰ ਲਿਖਦੇ ਹਨ '(ਸਿਖ) ਸਤ੍ਰਿਯੋਂ ਤਕ ਕਾ ਬੰਦੀ ਕੀਆ ਜਾਨਾ, ਉਨ੍ਹੇ ਕਸਟ ਦੀਆ ਜਾਨਾ, ਤਥਾ ਮਾਰ ਡਾਲਾ ਜਾਨਾ ਕੀ ਉਨ ਦਿਨੋਂ ਕੋਈ ਅਸਾਮਾਨ੍ਯ ਘਟਨਾ ਨਾ ਥੀ।'
ਪੰਥ ਪ੍ਰਕਾਸ਼ ਵਿਚ ਗਿ: ਗਿਆਨ ਸਿੰਘ ਜੀ ਇਸ ਸਾਕੇ ਦੇ ਮਗਰੋਂ ਸੰ: 1886 ਦੇ ਲਗ ਪਗ ਪੱਟੀ ਵਿਚ ਸਿੰਘਣੀਆਂ ਨੂੰ ਬਹੁਤ ਸਾਰੇ ਕਸਟ ਦਿਤੇ ਜਾਣ ਦਾ ਇਕ ਹੋਰ ਸਾਕਾ ਵਰਤਿਆ ਬੀ ਲਿਖਦੇ ਹਨ। (ਦੇਖੋ ਸਫਾ 764 ਟੈਪ ਛਾਪਾ)
ਕੇ ਭੋਗਦੀਆਂ। ਬਾਣੀ ਦਾ ਪਾਠ ਕਰਦੀਆਂ ਗੁਰੂ ਪਰਮੇਸ਼ੁਰ ਨੂੰ ਧਿਆਉਂਦੀਆਂ, ਇਕੁਰ ਦੁੱਖ ਦੇ ਦਿਨ ਕੱਟਦੀਆਂ। ਹੁਣ ਮੀਰ ਮੰਨੂੰ ਨੇ ਹੁਕਮ ਦਿੱਤਾ ਕਿ 'ਸਭਨਾ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸ ਨੂੰ ਸਵਾ ਮਣ ਦਾਣੇ ਦੇ ਕੇ ਚੱਕੀ ਤੇ ਲਾਓ, ਜੇ ਨਾ ਪੀਹੇ ਤਦ ਕੋਟੜੇ ਮਾਰੋ। ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੱਕੀਆਂ ਲਾਈਆਂ ਗਈਆਂ ਤੇ ਦਾਣੇ ਧਰੇ ਗਏ। ਕਰਤਾਰ ਦਾ ਭਾਣਾ ਸਿਰ ਮੱਥੇ ਤੇ ਮੰਨਕੇ ਅਰਦਾਸਾ ਸੋਧਕੇ ਸਿਰ ਪਈ ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੇ ਤੇ ਪਿੰਡਾਂ ਦੀਆਂ ਸਨ ਉਹ ਤਾਂ ਦਿਨ ਚੜ੍ਹਦੇ ਤਕ ਔਖੀਆਂ ਹੋ ਹਵਾ ਕੇ ਪੀਹਣ ਪੀਹ ਬੈਠੀਆਂ, ਪਰ ਹਾਇ! ਸ਼ਹਿਰਾਂ ਤੇ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ। ਇਹ ਵਿਚਾਰੀਆਂ ਚੱਕੀ ਪੀਂਹਦੀਆਂ ਹਨ, ਬਾਣੀ ਪੜ੍ਹਦੀਆਂ ਹਨ. ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੇਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ ਆਪਣੇ ਦੁਖਾਂ ਨੂੰ ਸੁਖ ਸਮਝਕੇ ਸਿਰ ਪਈ ਨੂੰ ਬਿਤਾਉਂਦੀਆਂ ਹਨ, ਪਰ ਹਾਇ ਡਾਢੇ ਦੀ ਵਗਾਰ! ਹੱਥਾਂ ਨੂੰ ਛਾਲੇ ਬਾਹਾਂ ਵਿਚ ਪਿੰਨ ਪੈ ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਨ੍ਹਾਂ ਵਿਚ ਆ ਵੜਿਆ ਹੈ। ਲੱਕ ਥੱਕ ਕੇ ਸਰੀਰ ਦਾ ਭਾਰ ਚੁੱਕਣੋਂ ਨਾਂਹ ਕਰ ਰਿਹਾ ਹੈ। ਸੁਹਲ ਸ਼ੀਲ ਕੌਰ ਵਲ ਦੇਖੋ, ਰਾਜ ਘਰ ਦੀ ਪਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ੍ਹ ਖੜਦੀਆਂ ਸਨ, ਧਰਮ ਪਿੱਛੇ ਕਿਸ ਅਪਦਾ ਦੇ ਮੂੰਹ ਆ ਗਈ ਹੈ! ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ। ਜਦੋਂ ਪਿਆਰਾ ਲਾਲਾ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, 'ਅੰਮਾਂ ਜੀ! ਤੁਸੀਂ ਸਾਹ ਕੱਢ ਲਵੋ ਪਲ ਭਰ, ਮੈਂ ਚੱਕੀ ਫੇਰਦਾ ਹਾਂ।' ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁਤ੍ਰ ਨੂੰ ਕਿੱਕੁਰ ਦੇਵੇ ? ਸਰੀਰ ਬੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤ੍ਰ ਭੀ ਖਹਿੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ। ਗੁਲਾਬ ਵਰਗਾ ਬਾਲਕ ਮਾਂ ਦੇ ਦੁਖੜੇ ਵੰਡਾਉਂਦਾ ਹੈ, ਪਰ ਹਫ਼ ਹਫ਼ ਜਾਂਦਾ ਹੈ। ਇਸ ਬਿਪਤਾ ਵਿਚ ਇਨ੍ਹਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੇ ਸੁਣੇ ਦਾ ਬੜਾ ਫ਼ਰਕ ਹੈ। ਜੋ ਤ੍ਰੀਮਤ ਤਕੜੀ ਹੈ ਅਰ ਆਪਣੀ ਬਿਪਤਾ ਪੂਰੀ ਚੁੱਕੀ ਹੈ, ਉਹ ਭਾਵੇਂ
–––––––––
* ਸਵਾ ਮਣ ਕੱਚੇ ਜੋ 20 ਸੇਰ ਪੱਕੇ ਦੇ ਲਗਪਗ ਹੁੰਦੇ ਸਨ।
ਕਿੱਡੀ ਥੱਕ ਗਈ ਹੋਵੇ ਕਿਸੇ ਨਿਰਬਲ ਨੂੰ ਦੁਖੀ ਦੇਖਕੇ ਉਸਦਾ ਹੱਥ ਵਟਾ ਰਹੀ ਹੈ, ਕਿਤੇ ਦੇ ਦੇ ਲੱਗ ਰਹੀਆਂ ਹਨ। ਇਕ ਧੰਮ ਨਾਮੇ ਤਕੜੀ ਸਿੰਘਣੀ ਨੇ ਸੀਲਾ ਨੂੰ ਡਿੱਠਾ ਤੇ ਰੋ ਕੇ ਬੋਲੀ: 'ਪਿਆਰੀ ! ਤੂੰ ਤਾਂ 'ਸੁੰਦਰੀ ਵਰਗੀ ਜਾਪਦੀ ਹੈਂ, ਹਾਇ! ਉਸ ਧਰਮ ਦੀ ਮੂਰਤੀ ਨੇ ਬੀ ਬੜੇ ਖੇਦ ਪਾਏ ਸਨ ਪਰ ਅੰਤ ਤਕ ਕਦੇ ਨਹੀਂ ਸੀ ਡੇਲੀ। ਉਸ ਨੇ ਕੁਛ ਚਿਰ ਹੋਇਆ ਕਿ ਸਰੀਰ ਤਿਆਗਿਆ ਹੈ।' ਸੀਲ ਕੌਰ ਦਾ ਨਾਲੇ ਇਸਨੇ ਹੱਥ ਵਟਾਇਆ, ਨਾਲ ‘ਸੁੰਦਰੀ' ਦੀ ਕਥਾ ਸੁਣਾਈ।* ਇਸ ਪ੍ਰਕਾਰ ਸਿੰਘਣੀਆਂ ਨੇ ਆਪਣੀ ਮੁਸ਼ੱਕਤ ਤੋਂ ਵਿਹਲੀਆਂ ਹੋ ਕਰਤਾਰ ਅੱਗੇ ਅਰਦਾਸੇ ਸੋਧੇ:-
'ਹੇ ਅਕਾਲ ਪੁਰਖ ਸੁਆਮੀ ਸਾਨੂੰ ਸਿਦਕ ਬਖਸ਼ਿਓ, ਭਾਵੇਂ ਅਸੀਂ ਸਰੀਰਾਂ ਕਰਕੇ ਅਬਲਾ ਹਾਂ ਪਰ ਮਨ ਸਾਡੇ ਤੁਸਾਂ ਬਲਵਾਨ ਕੀਤੇ ਹਨ ਤੇ ਪਵਿੱਤ੍ਰ ਸਤਿ ਧਰਮ ਬਖਸ਼ਿਆ ਹੈ। ਤੂੰ ਬਿਰਦ ਦੀ ਲਾਜ ਰੱਖੀਂ। ਅਸੀਂ ਤਸੀਹੇ ਭੋਗੀਏ, ਪਰ ਧਰਮ ਨਾ ਹਾਰੀਏ, ਟੁਕ ਟੁਕ ਵੱਢੀਆਂ ਜਾਈਏ ਪਰ ਮਨੀ ਸਿੰਘ ਵਾਂਗ ਸਿਦਕ ਮੂੰਹ ਨਾ ਮੋੜੀਏ। ਤੂੰ ਸੱਚ ਅਰ ਪ੍ਰੇਮ ਹੈਂ ਤੇਰੇ ਬਲ ਨਾਲ ਤੇਰੇ ਨਾਮ ਤੋਂ ਸਦਕੇ ਹੋ ਜਾਈਏ। ਜਿੰਦ ਵਾਰੀਏ, ਪਰ ਆਪਣੇ ਇਸ਼ਟ ਤੋਂ ਮੂੰਹ ਨਾ ਮੋੜੀਏ। ਸਭ ਕੁਝ ਜਾਏ ਹੇ ਕਰਤਾਰ! ਸ਼ੀਲ ਧਰਮ ਨਾਂ ਜਾਏ। ਤਲਵਾਰਾਂ ਦੇ ਜੌਹਰ ਚੱਖੀਏ: ਪਰ ਕੱਚ ਤੇ ਝੂਠ ਨਾ ਵਿਹਾਝੀਏ।' ਐਸੀਆਂ ਬੇਨਤੀਆਂ ਕਰ ਕਰ ਕਸਟਾਂ ਨੂੰ ਬਿਤਾਉਂਦੀਆਂ। ਕਦੀ ਤੁਰਕ ਆ ਕੇ ਕੁਝ ਭਰਮਾਉਣ ਦਾ ਜਤਨ ਕਰਦੇ ਜਾਂ ਦਾਬੇ ਧੱਸੇ ਦੇਂਦੇ; ਤਦ ਸੇਰ ਵਾਂਗ ਭਬਕ ਕੇ ਸਿੰਘਣੀਆਂ ਉੱਤਰ ਦਿੰਦੀਆਂ। ਇਸ ਤਰ੍ਹਾਂ ਇਕ ਦਿਨ ਪਰਤਾਵੇ ਲਈ ਇਕ ਡੰਗ ਰੋਟੀ ਬੀ ਬੰਦ ਕਰ ਦਿਤੀ ਗਈ। ਮੁਸ਼ੱਕਤਾਂ ਕਰਨੀਆਂ ਤੇ ਕੈਦਾਂ ਭੋਗਣੀਆਂ, ਉਤੋਂ ਰੋਟੀ ਨਾ ਲੱਝਣੀ!
ਜਿਨ੍ਹਾਂ ਨੇ ਚਾਰ ਚਾਰ ਵੇਲੇ ਰੱਜ ਖਾਧੀਆਂ ਹੋਣ ਅਰ ਹਾਜ਼ਮਿਆਂ ਦੇ ਚੂਰਨ ਤੇ ਸੋਡਾ ਵਾਟਰਾਂ ਨਾਲ ਮਠਿਆਈਆਂ ਨੂੰ ਪਚਾਇਆ ਹੋਵੇ, ਉਨ੍ਹਾਂ ਨੂੰ ਇਨ੍ਹਾਂ ਪੀੜਾਂ ਦਾ ਹਾਲ ਕੀ ਮਲੂਮ? ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਬੀ ਫਲੋਹਾਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ ਓਹ ਮੁਸ਼ੱਕਤਾਂ ਤੇ ਭੁੱਖ ਨੂੰ ਕੀ ਜਾਨਣ? ਹਾਂ ਜਿਨ੍ਹਾਂ ਨੇ ਭੁੱਖ
–––––––––––––
* ਇਹ ਪੁਸਤਕ ਵੱਖਰੀ ਛਪੀ ਹੋਈ ਹੈ, ਜੇ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਦਫਤਰੋਂ ਮਿਲਦੀ ਹੈ।
ਦੇ ਦੁੱਖ ਡਿੱਠੇ ਹਨ ਉਹ ਰੇ ਰੇ ਕੇ ਇਹ ਕਹਿੰਦੇ ਹਨ:- 'ਬਾਬਾ! ਮੌਤੋਂ ਭੁੱਖ ਬੁਰੀ।
ਇਕ ਦਿਨ ਸਿੰਘਣੀਆਂ ਨੂੰ ਚਾਬਕ ਬੀ ਮਰਵਾਏ ਗਏ। ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਸਿਖਿਆ ਪਾ ਕੇ ਸੱਚ ਉਤੇ ਦ੍ਰਿੜ੍ਹ ਹੋਈਆਂ ਨੇ ਸਰੀਰਕ ਕਸਟਾਂ ਨੂੰ ਝੱਲਿਆ। ਉਨ੍ਹਾਂ ਨੇ ਧਰਮ ਨੂੰ ਆਪਣੇ ਦੁਖੀ ਸਰੀਰ ਦੇ ਅੰਦਰਲੇ ਕਸਟਾਤੁਰ ਮਨ ਤੋਂ ਬੀ ਅੰਦਰਲੇ ਆਪੇ ਦੇ ਡੱਬੇ ਵਿਚ ਸੰਭਾਲ ਰਖਿਆ ਹੋਇਆ ਸੀ, ਕੌਣ ਓਥੋਂ ਉਸ ਲਾਲ ਨੂੰ ਹਿਲਾਉਂਦਾ ?
ਇਨ੍ਹਾਂ ਜਲਾਦਣੀਆਂ ਵਿਚੋਂ ਇਕ ਸ਼ੀਲ ਕੌਰ ਦੇ ਪੇਕੇ ਦੀ ਸੀ। ਉਸ ਨੂੰ ਸ਼ੀਲ ਕੌਰ ਦੇ ਪਿਤਾ ਦਾ ਹਾਲ ਮਲੂਮ ਸੀ ਕਿ ਤਾਰਾ ਸਿੰਘ ਵਾਈਏ ਦੇ ਨਾਲ ਉਹ ਕਿਸ ਬਹਾਦਰੀ ਨਾਲ ਸ਼ਹੀਦ ਹੋਇਆ ਸੀ* ਅਰ ਕੇਵਲ ਇਕੇ ਧੀ ਬਾਕੀ ਛੱਡ ਗਿਆ ਸੀ; ਜਿਸ ਨੂੰ ਉਸ ਦੇ ਚਾਚੇ ਨੇ ਇਕ ਮੁਕੱਦਮਾ ਜਿੱਤਣ ਦੀ ਖ਼ਾਤਰ ਚੂਹੜ ਮਲ ਦੇ ਪੁੱਤਰ ਨਾਲ ਵਿਆਹ ਦਿੱਤਾ ਸੀ। ਅਜ ਉਸ ਨੂੰ ਸਿੰਘਣੀਆਂ ਵਿਚ ਖੇਦ ਪਾਉਂਦੀ ਦੇਖ ਕੇ ਨਾ ਰਹਿ ਸਕੀ ਅਰ ਬੋਲ ਉਠੀ:-
'ਪਿਤਾ ਪਰ ਪੂਤ ਜਾਤ ਪੁਰ ਘੋੜਾ। ਬਹੁਤਾ ਨਹੀਂ ਤਾਂ ਥੋੜਾ ਥੋੜਾ। ਬੱਚੀਏ! ਤੂੰ ਕਿਥੋਂ ਚੂਹੜ ਮੱਲ ਵਰਗੇ ਦੇ ਘਰ ਰਹਿਣ ਜੋਗੀ ਸੈਂ ਤੂੰ ਤਾਂ ਪਤੀ ਨੂੰ ਵੀ ਸਿੱਖ ਬਣਾਕੇ ਸ਼ਹੀਦ ਕਰਵਾਇਆ ਹੋਣਾ ਹੈ। ਤੇਰੀ ਮਾਂ ਵੀ ਖੇਦ ਸਹਿਕੇ ਚੜ੍ਹੀ ਸੀ, ਤੂੰ ਬੀ ਮਾਪਿਆਂ ਵਾਂਙ ਆ ਫਸੀ। ਸਿੰਘ ਦੀ ਉਲਾਦ ਭਾਵੇਂ ਕਿਤੇ ਚਲੀ ਜਾਏ, ਜ਼ਰੂਰ ਆਪਣੇ ਜੌਹਰ ਦੱਸੇ ਪਰ ਦੱਸੇ। '
ਭਾਵੇਂ ਇਹ ਕਰੜਾਈ ਕਰਨ ਵਾਸਤੇ ਆਈ ਸੀ ਪਰ ਇਨਸਾਨੀ ਦਿਲ ਆਖਰ ਦਿਲ ਹੈ, ਇਹ ਤ੍ਰੀਮਤ ਸ਼ੀਲਾ ਤੇ ਤਰਸ ਖਾ ਕੇ ਚੂਹੜ ਮੱਲ ਦੇ ਘਰ ਪਹੁੰਚੀ ਅਰ ਸੀਲਾ ਦੀ ਸੱਸ ਨੂੰ ਸਾਰਾ ਹਾਲ ਕਹਿ ਆਈ। ਉਹ ਦੁਖਿਆਰਨ ਅੱਗੇ ਹੀ ਗ਼ਮਾਂ ਵਿਚ ਡੁਬੀ ਰਹਿੰਦੀ ਸੀ, ਹੋਰ ਬੀ ਵਹਿਣਾਂ ਵਿਚ ਗਰਕ ਹੋ ਗਈ। ਪਰ ਤੀਮੀ ਅਕਲ ਵਾਲੀ ਸੀ, ਇਸ ਜਰਵਾਣੀ ਨੂੰ ਰੁਪਏ ਦੇ ਕੇ ਬੋਲੀ ਕਿ ਕਿਵੇਂ ਮੇਰੀ ਨੂੰਹ ਤੇ ਪੋਤਰੇ ਨੂੰ ਕੱਢ ਕੇ ਮੇਰੇ ਪਾਸ ਪੁਚਾ ਦੇਹ। ਇਸ ਚਲਾਕ ਤੀਵੀਂ ਨੇ ਲਾਲਚ ਵਿਚ ਆ ਕੇ ਉਨ੍ਹਾਂ ਦੋਹਾਂ ਨੂੰ ਕੱਢਣੇ ਦੇ ਜਤਨ ਕੀਤੇ, ਪਰ ਪੇਸ਼ ਕੋਈ ਨ ਗਈ।
––––––––
* ਆਪ 1782-83 ਦੇ ਲਗ ਪਗ ਸ਼ਹੀਦ ਹੋਏ ਸੇ।
ਮੀਰ ਮੈਨੂੰ ਸਿੰਘਣੀਆਂ ਦੇ ਹੱਠ ਤੋਂ ਬਹੁਤ ਅਸਚਰਜ ਹੋ ਕੇ ਇਕ ਦਿਨ ਆਪ ਉਥੇ ਪਹੁੰਚਾ ਅਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ। ਪਰ ਉਹਨਾਂ ਨੇ ਨਾਂਹ ਵਿਚ ਉੱਤਰ ਦਿੱਤੇ।
ਸਿੰਘਣੀਆਂ ਕੋ ਕਹ੍ਯੋ ਮੰਨੂੰ: ਤੁਮ ਦੀਨ ਕਬੂਲੋ।
ਮਨ ਵਾਂਛਤ ਸੁਖ ਭੁਗੇ ਬੈਠੀਆਂ ਪਲਣੇ ਝੂਲੋ।
ਸੁਣ ਸਿੰਘਣੀਆਂ ਯੋ, ਦੀਨ ਹਮ ਸਾਚਾ ਲੀਓ।
ਹੇਤ ਤਾਰਨੇ ਸੁਤ ਅਕਾਲ ਨੇ ਹਮ ਕੋ ਦੀਓ।
ਔਰ ਮਜ਼੍ਹਬ ਹੈਂ ਜਿਤਕ ਸਭੀ ਬੰਦਯੋ ਨੇ ਕੀਏ।
ਰਚ ਬਨਾਵਟੀ ਕੂਰ ਪ੍ਰਭੁ ਤੇ ਬੇਸੁਖ ਥੀਏ।
ਗੁਰਮਤ ਸਚਾ ਲਾਲ ਛੋਡ ਚ ਕ੍ਯੋਂ ਗਹਿਂ ਥਾਰਾ ?
ਬੇਈਮਾਨ ਬਨ ਜੀਐ ਕਹੋ ਕਬ ਲੋ ਸੰਸਾਰਾ ?
ਰੋਗ, ਸੋਗ, ਭੁਖ, ਦੁਖ, ਕਾਲ ਕਰਮਨ ਕਾ ਲੇਖੋ।
ਭੋਗਨ ਪੜ ਹੈਂ ਸਰਬ ਮਜ਼ਹਬ ਮੈਂ ਇਕ ਸਮ ਦੇਖੋ॥16॥
(ਪੰਥ ਪ੍ਰਕਾਸ਼ ਭਾ: ਗਿਆਨ ਸਿੰਘ, ਨਿਵਾਸ ੮੨)
ਇਹ ਉੱਤਰ ਸੁਣਕੇ ਮੀਰ ਮੰਨੂੰ ਅੱਗ ਭਬੂਕਾ ਹੋ ਗਿਆ ਅਰ ਕਹਿਰਵਾਨ ਹੋ ਕੇ ਬੋਲਿਆ: 'ਇਨ੍ਹਾਂ ਕਾਫ਼ਰਾਂ ਦੀ ਜਿੰਦ ਤੇ ਦੀਨ ਜਦ ਦੇਖੇ ਕਰੜੇ ਹੀ ਦੇਖੇ।'
ਗੱਲ ਕੀਹ ਹੁਣ ਕਹਿਰਵਾਨ ਮੰਨੂੰ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ। ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ। ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁਤ੍ਰ ਖੋਹ ਕੇ ਉਛਾਲ ਕੇ ਖਿਦੂ ਵਾਂਗ ਅਸਮਾਨ ਤੇ ਸਿੱਟਦੇ ਹਨ, ਡਿੱਗਦੇ ਦੇ ਹੇਠ ਨੇਜ਼ੇ ਧਰਕੇ ਉਨ੍ਹਾਂ ਨੂੰ ਪਰੋਂਦੇ ਹਨ ਜੋ ਅਤਿ ਚਿਚਲਾ ਚਿਚਲਾ ਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ।
ਸਿੰਘਣੀਆਂ ਕੇ ਬੱਚੇ ਲੈ ਕੇ।
ਉਨ ਕੇ ਸਨਮੁਖ ਉਨ੍ਹੇ ਦਿਖੈ ਕੇ।
ਊਪਰ ਕੋ ਉਛਾਲ ਕੱਟ ਸੁੱਟ ਹੈਂ;
ਕਰ ਅਤਿ ਜ਼ੁਲਮ ਜੜ੍ਹਾਂ ਨਿਜ ਪੁਟ ਹੈਂ।
ਬਰਛਿਆਂ ਮਾਹਿ ਅਨੇਕ ਪੁਰੋਏ।
ਸੀਰਖੋਰ* ਤੜਫ਼ਾ ਇਮ ਕੋਹੇ।
(ਪੰਥ ਪ੍ਰਕਾਸ਼ ਪੰਨਾ ੭੧੦)
ਮਾਵਾਂ! ਹਾਇ ਪੁੱਤ੍ਰਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਉਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇ-ਬਸੀ ਨਾਲ ਦੇਖ ਰਹੀਆਂ ਹਨ। ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਤੇ ਆਖਦੀਆਂ ਹਨ: "ਵਾਹਿਗੁਰੂ! ਤੇਰੀ ਗੋਦ ਸਦਾ ਹਰੀ, ਸਦਾ ਹਰੀ ਗੋਦ ਵਿਚ ਲੈ ਲਓ ਆਪਣੇ ਬਾਲ।”
ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮੰਨੂੰ ਉਸਦੀ ਸੁੰਦਰ ਸ਼ਕਲ ਵੇਖਕੇ ਐਦਾਂ ਚਕ੍ਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਢੇ ਜਲ ਦੇ ਪੈਣ ਤੇ ਠਰ ਜਾਂਦਾ ਹੈ। ਉਹ ਜਰਵਾਣੀ ਬੀ ਵੱਢੀ ਖਾਕੇ, ਜਿਸਦਾ ਹਾਲ ਪਿੱਛੇ ਕਿਹਾ ਹੈ, ਉਨ੍ਹਾਂ ਦੇ ਬਚਾਓ ਵਿਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ ਅਰ ਹੁਣ ਤੀਕ ਬਚਾਈ ਰੱਖਿਆ ਸਾਸੂ: ਪਰ ਸ਼ੋਕ! ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੁਹਜ ਵਿਚ ਚਮਕਦੇ ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ। ਦੇਖੀਏ ਮੰਨੂੰ ਇਨ੍ਹਾਂ ਨਾਲ ਕੀ ਕਰਦਾ ਹੈ? ਕੀ ਇਸਦੇ ਅੰਦਰ ਸਿਖਾਂ ਨਾਲ ਸਖ਼ਤੀ ਕਰਦੇ ਕਰਦੇ ਸਖ਼ਤੀ ਦੇ ਪਦਾਰਥ ਭਰ ਗਏ ਹਨ, ਅਰ ਸਾਰੇ ਔਗੁਣਾਂ ਵਿਚ ਬਦਲ ਗਏ ਹਨ? ਦਯਾ, ਤਰਸ, ਹਮਦਰਦੀ, ਜੀਵ ਰੱਖਿਆ ਕੋਈ ਉਸ ਅਪਾਹਜ ਹਿਰਦੇ ਵਿਚ ਬਾਕੀ ਨਹੀਂ ਜੋ ਸਾਡੀ ਦੁਖ੍ਯਾਰਨ ਸ਼ੀਲ ਲਈ ਸਿਫਾਰਸ਼ ਕਰੇ? ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਭੀ ਭਲੇ ਕਾਰਜ ਨਿਕਲ ਪੈਂਦੇ ਹਨ, ਜੋ ਕਰਨੇ ਵਾਲੇ ਦੀ ਨਿਯਤ ਵਿਚ ਨਹੀਂ ਹੁੰਦੇ। ਸ਼ੀਲਾ ਦੀ ਸੁੰਦਰਤਾ ਦੇਖ ਕੇ ਕ੍ਰੋਧਾਤਰ ਹਿਰਦੇ ਵਿਚ ਭੈੜੀ ਵਾਸ਼ਨਾ ਉਪਜੀ ਅਰ ਸਿੰਘਣੀ ਨੂੰ ਬੇਗਮ ਬਨਾਉਣੇ ਦਾ ਸ਼ੌਕ ਪੈਦਾ ਹੋਇਆ; ਝੱਟ ਹੁਕਮ ਦੇ ਦਿੱਤਾ ਕਿ ਇਸ ਨੂੰ ਬੱਚੇ ਸਮੇਤ ਮਹਿਲਾਂ ਵਿਚ ਭੇਜ ਦਿਓ।
ਵਜ਼ੀਰ- ਹਜ਼ੂਰ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ੍ਰ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕੁਰ ਕਬੂਲ ਕਰੇਗੀ?
–––––––––
* ਦੁੱਧ ਪੀਂਦੇ ਬੱਚੇ।
ਮੈਨੂੰ- ਤੈਨੂੰ ਕੀ ਖਬਰ, ਇਹ ਤ੍ਰੀਮਤਾਂ ਤੂੰ ਜਾਣਦਾ ਹੈ ਕਿ ਆਪਸ ਦੀਨ ਛੱਡਣੇ ਬਚ ਰਹਿਣਗੀਆਂ। ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜੇ ਦਿਨ ਹਰ ਸੂਲਾਂ ਚਭਾਗਾ ਦੇ ਫਿਰ ਵੀ ਹਠ ਰਿਹਾ, ਤਦ ਬਦੋਬਦੀ ਢਾਹ ਕੇ ਜੂਨੇ ਪਾਣੀ ਮੂੰਹ ਵਿਚ ਪਾਰ ਮੋਮਨਾਂ ਨਾਲ ਵਿਆਹ ਦਿਆਂਗਾ, ਪਰ ਇਸ ਚਾਂਦ ਬੀਬੀ ਨਾਲ ਅੱਜ ਹੀ ਇਹ ਸਲੂਕ ਹੋਵੇਗਾ। ਇਸ ਨੂੰ ਮਹਿਲੀਂ ਦਾਖਲ ਕੀਤਾ ਜਾਏਗਾ।
ਅੱਛਾ ਹੁਣ ਚਲੇ ਇਨ੍ਹਾਂ ਤ੍ਰੀਮਤਾਂ ਦੇ ਬੱਚਿਆਂ ਦੇ ਟੁੱਟੇ ਇਨ੍ਹਾਂ ਦੀ ਙੋਲੀ ਪਾਓ ਅਰ ਰਾਤ ਭਰ ਭੁੱਖਿਆਂ ਰੱਖੋ, ਫੇਰ ਮੇਰੇ ਪਾਸ ਖਬਰ ਕਰੋ।*
14. ਕਾਂਡ
ਸ਼ੀਲ ਕੌਰ ਤੇ ਭੁਜੰਗੀ ਮੁਸ਼ਕਾਂ ਕੱਸੀਆਂ ਹੋਈਆਂ ਵਿਚ ਮਹਿਲੀ ਪਹੁੰਚੇ। ਪਾਤਸ਼ਾਹੀ ਸਜਾਉਟਾਂ ਵਾਲੇ ਮਕਾਨ ਵਿਚ ਉਤਾਰਾ ਮਿਲਿਆ। ਮਸਕਾਂ ਖੋਹਲੀਆਂ ਗਈਆਂ, ਗਲੀਆਂ ਬਾਂਦੀਆਂ ਹਾਜ਼ਰ ਹੋ ਗਈਆਂ, ਸੁਖ ਭੋਗਣ ਦੇ ਸਾਰੇ ਸਾਮਾਨ ਮੌਜੂਦ ਹੋ ਗਏ। ਰੇਸ਼ਮੀ ਪੁਸ਼ਾਕਾਂ ਹਾਜਰ ਹਈਆਂ ਗਹਿਣਿਆਂ ਦੇ ਡੱਬੇ ਅੱਗੇ ਧਰੇ ਗਏ। ਕਈ ਸਿਆਣੀਆਂ ਤਰੀਮਤਾਂ ਸਮਝਾਉਣ ਵਾਸਤੇ ਹਾਜ਼ਰ ਹੋਈਆਂ ਕਿ ਹੁਣ ਹਠ ਛੱਡ ਕੇ ਪੰਜਾਬ ਦੀ ਮਹਾਰਾਣੀ ਬਣੇਂ, ਅਟਕ ਤੋਂ ਲੈ ਕੇ ਸਤਲੁਜ ਤੋੜੀ ਤੁਹਾਡਾ ਸਿੱਕਾ ਚੱਲੇ ਅਰ ਤੁਹਾਡੇ ਨਾਉਂ ਤੋਂ ਦੇਸ਼ ਥਰ ਥਰ ਕੰਬੇ। ਸ਼ੀਲ ਕੌਰ ਇਉਂ ਸਿਰ ਨਿਹੜਾਏ
–––––––––––
* ਹਿਸਟੋਰੀਅਨ ਭਾਈ ਕਰਮ ਸਿੰਘ ਜੀ ਨੇ ਆਪਣੀ ਖੋਜ ਦੇ ਬਾਦ ਸੰਮਤ 1885 ਬਿ: ਵਿਚ ਇਸ ਸਾਕੇ ਬਾਬਤ ਇਹ ਕੁਛ ਛਾਪਿਆ ਸੀ:-
ਮੀਰ ਮਨੂੰ ਨੇ ਸਿੰਘਣੀਆਂ ਨੂੰ ਪੁੱਜ ਪੁੱਜ ਕੇ ਦੁਖ ਦਿੱਤੇ, ਉਨ੍ਹਾਂ ਪਾਸੋਂ ਚੁੱਕੀਆਂ ਪਿਹਾਈਆਂ, ਮੁਸ਼ੱਕਤਾਂ ਲਈਆਂ, ਡਮ ਡਰਾਵੇ ਦਿੱਤੇ, ਲਾਲਚ ਦਿੱਤੇ, ਪਰ ਉਹ ਧਰਮ ਤੋਂ ਨਾ ਡੋਲੀਆਂ, ਤਾਂ ਉਹਨਾਂ ਦੀਆਂ ਝੋਲੀਆਂ ਵਿਚੋਂ ਉਹਨਾਂ ਦੇ ਬਾਲ ਖੋਹ ਕੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੇ ਮਾਰੇ ਤੇ ਫੇਰ ਉਨ੍ਹਾਂ ਦੀਆਂ ਝੋਲੀਆਂ ਵਿਚ ਹੀ ਪਾ ਕੇ ਮੁਸ਼ੱਕਤਾਂ ਲੈਂਦੇ ਰਹੇ। ਅਤੇ ਕਦੀ ਕਦੀ ਸਿੰਘਣੀਆਂ ਸ਼ਹੀਦ ਵੀ ਕੀਤੀਆਂ ਜਾਂਦੀਆਂ। ਮੁਗਲ ਹਕੂਮਤ ਵਲੋਂ ਇਹ ਅਤਿ ਦਾ ਕਹਿਰ ਸੀ। ਪਰ ਸ਼ੁਕਰ ਹੈ ਕਿ ਬਦਲੇ ਦੀ ਅੱਗ ਵਿਚ ਸੜਦਿਆਂ ਹੋਇਆਂ ਵੀ ਕਿਸੇ ਸਿੰਘ ਨੇ ਕਦੇ ਕਿਸੇ ਵਕਤ ਇਸਤ੍ਰੀ ਤੇ ਹੱਥ ਨਹੀਂ ਚੁੱਕਿਆ। (ਫੁ: ਸਫਾ 395)
ਦਿਲ ਵਿਚ ਕੰਡਿਆਂ ਦੀਆਂ ਚੋਭਾਂ ਵਰਗੇ ਸੱਲ ਭੋਗਦੀ ਬੈਠੀ ਹੈ ਜਿੰਕੁਰ ਬੇਰੀਆਂ ਦੇ ਵਿਚਕਾਰ ਚੰਬੇਲੀ ਹੁੰਦੀ ਹੈ। ਜਿਸਦੇ ਅੰਦਰ ਬੇਰੀਆਂ ਦੇ ਕੰਡੇ ਡਿੱਗ ਡਿੱਗ ਕੇ ਕੱਠੇ ਹੋ ਜਾਂਦੇ ਅਰ ਚੀਰ ਪਾ ਦੇਂਦੇ ਹਨ ਤੇ ਉਤੋਂ ਬਾਗ਼ ਦਾ ਮਾਲੀ ਸਾਰੇ ਕੰਡੇ ਤੇ ਕੰਡੈਲੇ ਤਾਂ ਚੁੱਕ ਦਿੰਦਾ ਹੈ, ਪਰ ਅੰਦਰਲੇ ਕੰਡਿਆਂ ਨੂੰ ਨਹੀਂ ਕੱਢ ਸਕਦਾ।
ਬਿਨ ਸੱਦੀਆਂ ਸਹੇਲੀਆਂ ਸਮਝਾਉਂਦੀਆਂ ਹਨ, ਉਹ ਸ਼ਰਮਾਉਂਦੀ ਹੈ। ਅਣ-ਬੁਲਾਈਆਂ ਸਖੀਆਂ ਸਿਖ੍ਯਾ ਦੇਂਦੀਆਂ ਹਨ, ਉਹ ਤਪ-ਤ੍ਰਪ ਹੰਝੂ ਕੇਰਦੀ ਹੈ, ਧਿਙਾਣੀਆਂ ਬੁਲਾਵੀਆਂ ਲਾਲਚ ਤੇ ਐਸ਼ਰਜ ਦੇ ਨਕਸ਼ੇ ਬੰਨ੍ਹਕੇ ਭੁਲਾਉਂਦੀਆਂ ਹਨ, ਸ਼ੀਲਾ ਦਾ ਰੰਜ ਹਟਕੋਰੇ ਬਣ ਬਣ ਉਸਦਾ ਗਲ ਘੁੱਟਣ ਨੂੰ ਪੈਂਦਾ ਹੈ ਕਿ ਮਾਰ ਹੀ ਦਿਆਂ। ਬਿਪਤਾ ਨੇ ਸ਼ੀਲਾ ਨੂੰ ਨਹੀਂ ਘਬਰਾਇਆ, ਅਪਦਾ ਨੇ ਨਹੀਂ ਡੋਲਣ ਦਿੱਤਾ, ਤਸੀਹਿਆਂ ਨੇ ਹੌਸਲਾ ਨਹੀਂ ਹਾਰਨ ਦਿੱਤਾ, ਕਸ਼ਟਾਂ ਨੇ ਦਿਲ ਨੂੰ ਨਹੀਂ ਛੱਡਣ ਦਿੱਤਾ, ਪਰ ਇਸ ਐਸ਼ਰਜ ਧਨ ਦੌਲਤ ਨੇ ਇਸ ਖੁਸ਼ਾਮਦ ਤੇ ਅਮੀਰੀ ਨੇ, ਹੱਥ ਬੰਨ੍ਹਕੇ ਸਾਹਮਣੇ ਖੜੋਣੇ ਨੇ, ਇਸ ਮਹਾਰਾਣੀ ਬਣਨ ਦੀ ਪ੍ਰੇਰਨਾ ਨੇ ਘਬਰਾਇਆ ਹੈ। ਹਾਂ, ਪਰ ਡੁਲਾਇਆ ਨਹੀਂ, ਭੈ-ਭੀਤ ਵਧੇਰੇ ਕੀਤਾ ਹੈ, ਪਰ ਇਸ ਭੈ ਨੇ ਇਸ ਨਵੇਂ ਆ ਬਣੇ ਸਮੇਂ ਦਾ ਵਧੀਕ ਬਲਵਾਨ ਹੋ ਕੇ ਟਾਕਰਾ ਕਰਨ ਦਾ ਹਠ ਪੈਦਾ ਕਰ ਦਿੱਤਾ ਹੈ। ਪਹਿਲੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾ ਰਹੀ ਸੀ, ਸਿਰ ਵਿਚੋਂ ਮਗਜ਼ ਦੇ ਤੋਰਨੇ ਵਾਲੀ ਸੂਖਮ ਪਰ ਬਲਵਾਨ ਸ ਾ ਗੁੰਮ ਹੋ ਰਹੀ ਸੀ। ਨਿਰਾਸਤਾ ਤੇ ਨਾ ਉਮੈਦੀ ਇਸ ਤਰ੍ਹਾਂ ਸਰੀਰ ਨੂੰ ਸੱਖਣਾ ਕਰੀ ਤੁਰੀ ਜਾਂਦੀ ਦਿੱਸਦੀ ਸੀ ਕਿ ਜਿਵੇਂ ਦੇਹ ਨੂੰ ਆਤਮਾ ਛੱਡ ਕੇ ਸੁੰਝਿਆਂ ਕਰ ਜਾਂਦੀ ਹੈ। ਇਹ ਨਹੀਂ ਕਿ ਸ਼ੀਲਾ ਤੇ ਲਾਲਚ ਅਸਰ ਕਰ ਗਿਆ ਸੀ, ਕਦੇ ਨਹੀਂ ਸ਼ੀਲਾ ਇਸ ਡੂੰਘੀ ਸੋਚ ਵਿਚ ਪੈਂਦੀ ਹੀ ਨਿਰਾਸਤਾ ਵਿਚ ਡੁੱਬ ਗਈ ਸੀ ਕਿ ਹਾਇ! ਵੈਰੀਆਂ ਦੇ ਜ਼ੁਲਮਾਂ ਦਾ ਅਸਰ ਤਾਂ ਸਰੀਰਕ ਮੌਤ ਹੋਇਆ ਕਰਦਾ ਹੈ, ਜੋ ਬੰਦਾ ਸਹਿ ਗੁਜ਼ਰਦਾ ਹੈ, ਪਰ ਵੈਰੀ ਦਾ ਪਿਆਰ ਮਨ ਨੂੰ ਵਿਹੁ ਹੈ। ਹਾਂ ਜੀ ਸ਼ੀਲਾ ਸ਼ਸਤ੍ਰਾਂ ਤੋਂ ਨਹੀਂ ਡਰੀ, ਸ਼ੀਲਾ ਵੈਰੀਆਂ ਦੇ ਤੋਪਖਾਨੇ ਤੋਂ ਨਹੀਂ ਕੰਬੀ। ਸ਼ੀਲਾ ਉਨ੍ਹਾਂ ਦੇ ਪਿਆਰ ਤੋਂ ਬੀ ਡੋਲੀ ਨਹੀਂ, ਪਰ ਕੈਬੀ ਹੈ ਤੇ ਸੋਚਾਂ ਦੇ ਖੂਹ ਵਿਚ ਲਹਿ ਗਈ ਹੈ ਅਰ ਸੋਚ ਕਰ ਰਹੀ ਹੈ ਬਚਾਉ ਦੀ। ਸ਼ੀਲਾ ਉਨ੍ਹਾਂ ਦੀ ਦਯਾ ਦ੍ਰਿਸ਼ਟੀ ਤੋਂ ਬਚਣੇ ਦੇ ਉਪਾਉ ਲੱਭ
ਅੱਜ ਕਲ ਦੇ ਸਿੰਘਾਂ ਸਿੰਘਣੀਆਂ ਨੂੰ ਸ਼ੀਲਾ ਦੀ ਇਸ ਦਸਾ ਤੋਂ ਸਿਖ੍ਯਾ ਲੈਣੀ ਚਾਹੀਏ। ਤੁਰਕਾਂ ਦੇ ਵੈਰ ਤੋਂ ਸਿਖਾਂ ਦਾ ਉਸ ਸਮੇਂ ਕੁਝ ਨਹੀਂ ਵਿਗੜਿਆ, ਪਰ ਹੁਣ ਅੱਜ ਕੱਲ ਹੋਰ ਤਰ੍ਹਾਂ ਦੇ ਧਰਮ ਆਏ ਹਨ. ਮਿੱਠਤ ਨਾਲ, ਲੋਭ ਨਾਲ ਧਰਮ ਹਾਨ ਕਰਨ ਦੀ ਕਰ ਰਹੇ ਹਨ. ਇਨ੍ਹਾਂ ਤੋਂ ਡਰੋ, ਇਹ ਬੁਰਾ ਅਸਰ ਕਰਦੇ ਹਨ। ਉਨ੍ਹਾਂ ਦੇ ਪਿਆਰ ਪੁਰ ਨਾ ਭੁੱਲੇ, ਉਹਨਾਂ ਦੇ ਤੋਹਫ਼ੇ, ਉਨ੍ਹਾਂ ਦੇ ਮਿੱਠੇ ਬਚਨ, ਉਨ੍ਹਾਂ ਦੇ ਆਦਰ ਤੁਹਾਨੂੰ ਖਾ ਜਾਣਗੇ। ਸਤਵੰਤੀ ਸ਼ੀਲਾ ਨੇ ਸੌ ਵਰ੍ਹੇ ਤੋਂ ਬੀ ਪਹਿਲੇ ਜੋ ਸੋਚਿਆ ਅਰ ਸਮਝਿਆ ਸੀ ਸੋ ਅੱਜ ਸਾਰੇ ਪੰਥ ਲਈ ਗੁਣਕਾਰ ਹੈ। ਉਸ ਸੱਚੀ ਸਿੰਘਣੀ ਦੇ ਪੂਰਨਿਆਂ ਤੇ ਧਰਮ ਦੀ ਮੁਹਾਰਨੀ ਸਿੱਖੋ ਅਰ ਧਰਮ ਵਿਚ ਪੱਕੇ ਰਹੇ। ਲਾਲਚ, ਪਿਆਰ, ਧੱਕਾ, ਮਾਰ ਆਪ ਉਤੇ ਕਿਸੇ ਪ੍ਰਕਾਰ ਦਾ ਧਰਮ ਖੀਣ ਕਰਨ ਦਾ ਕੋਈ ਅਸਰ ਨਾ ਕਰੇ। *
ਪਿਆਰੀਓ ਸਿੰਘਣੀਓ! ਅਰ ਦੁਖੀ ਵਿਧਵਾ ਸਿੰਘ ਇਸਤ੍ਰੀਓ! ਅਰ ਡਾਢੇ ਪਤੀਆਂ ਦੀਓ ਵਹੁਟੀਓ! ਇਸ ਸੰਸਾਰ ਵਿਚ (ਜੋ ਛਲਾਂ ਅਰ ਦਗਿਆਂ ਨਾਲ ਪੂਰਤ ਹੈ) ਤੁਹਾਨੂੰ ਬੜਾ ਸੰਭਲ ਕੇ ਚਲਣਾ ਚਾਹੀਦਾ ਹੈ। 'ਸੁੰਦਰੀ' ਅਰ ਹੋਰ ਪੁਸਤਕ ਪੜ੍ਹਕੇ ਤੁਸੀਂ ਕਸ਼ਟਾਂ ਵਿਚ ਧਰਮ ਬਚਾਉਣ ਦਾ ਹੌਸਲਾ ਕਰਨਾ ਤਾਂ ਸਿੱਖਸੋ, ਪਰ ਮਿੱਠੀਆਂ ਛੁਰੀਆਂ ਤੋਂ ਬਚਣਾ ਬੀ ਸਿਖ ਲੈਣਾ ਚਾਹੀਦਾ ਹੈ। ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ, ਇਸ ਵਿਚ ਧਰਮ ਦਾ ਬਚਾਉਣਾ ਹੀ ਸਾਡਾ ਭਾਰੀ ਕੰਮ ਹੈ। ਹੇ ਨਰਮ ਚਿਤ ਵਾਲੀਓ
ਬੀਬੀਓ! ਠੱਗ ਪੁਰਸ ਸੁਹਣੀਆਂ ਸੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਓ ਪੋਚ ਖੇਡਦੇ ਹਨ; ਮਿਠੇ ਬਣਕੇ ਸਤਿਕਾਰ ਦੇ ਕੇ ਬਿਪਤਾ ਵਿਚ ਸਹੈਤਾ ਕਰ ਕਰ ਕੇ ਧਰਮੋਂ ਡੇਗਣ ਦਾ ਯਤਨ ਕਰਦੇ ਹਨ, ਪਰ ਸ਼ੀਲ ਕੌਰ ਵੱਲ ਦੇਖਕੇ ਤੁਸੀਂ ਧਰਮ ਵਿਚ ਪੱਕੀਆਂ ਰਹਿਣ ਦਾ ਯਤਨ ਕਰਨਾ। ਇਹ ਨਾ ਸਮਝਣਾ ਕਿ ਨਿਰੇ ਪਖੰਡੀ ਲੋਕ ਅਰ ਓਪਰੇ ਏਹ ਜਤਨ ਕਰਦੇ ਹਨ: ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕੁਰ ਦੇ ਰੰਗ ਖੇਡਦੇ ਹਨ। ਪਰ ਖ਼ਬਰਦਾਰ! ਇਸ ਕਲੂ ਕਾਲ ਵਿਚ ਕਿਸੇ ਗੱਲੇ ਧਰਮ ਨਹੀਂ ਹਾਰਨਾ। ਸੰਸਾਰਕ ਸੁਖ ਛਿਨ ਭੰਗਰ ਹਨ, ਸੰਸਾਰਕ ਸੁਖਾਂ ਦਾ ਅੰਤ ਕੌੜਾ ਹੈ, ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ, ਪਰ ਧਰਮ ਲੋਕ ਪਰਲੋਕ ਦੇ ਸੁਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁਖ ਮਾਣੋ! ਅਧਰਮ ਭਾਵੇਂ ਦੁਸ਼ਮਨ ਬਣ ਕੇ ਆਵੇ ਭਾਵੇਂ ਸੱਜਣ ਬਣ ਕੇ ਆਵੇ ਉਸ ਤੋਂ ਐਉਂ ਬਚੋ ਜਿਕਰ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਉਹ ਬਾਹਰੋਂ ਆਵੇ, ਬਚਣੇ ਦਾ ਜਤਨ ਕਰੀਦਾ ਹੈ। ਇਹ ਨਾ ਸਮਝਣਾ ਕਿ ਸ਼ੀਲ ਕੌਰ ਡਰ ਗਈ, ਜਾਂ ਭਰਮ ਗਈ, ਉਹ ਸ਼ੇਰ ਦਿਲ ਐਸੀ ਨਹੀਂ ਸੀ ਪਰ ਉਸ ਦੇ ਹਿਰਦੇ ਦੇ ਕੋਮਲ ਤੇ ਬੁਧੀਮਾਨ ਹਿੱਸੇ ਨੇ ਝੱਟ ਸਮਝ ਲਿਆ ਸੀ ਕਿ ਮਿੱਠੀ ਛੁਰੀ ਅਗੇ ਕਾਇਮ ਰਹਿਣਾ ਨਿਰੇ ਬਲ ਦਾ ਕੰਮ ਨਹੀਂ, ਪਰ ਨਾਲ ਅਕਲ ਦੀ ਬੀ ਬਹੁਤ ਲੋੜ ਰਖਦਾ ਹੈ, ਇਸੇ ਲਈ ਚਾਹੀਦਾ ਹੈ ਕਿ ਸਭ ਦਾ ਮਨ ਸ਼ੀਲ ਕੌਰ ਵਰਗਾ ਬਹਾਦਰ ਤੇ ਦਾਨਾ ਹੋਵੇ ਜੋ ਵੈਰ ਜਾਂ ਪਿਆਰ, ਕਿਸੇ ਹੀ ਉਪਾਉ ਨਾਲ, ਵੈਰੀ ਦੇ ਕਾਬੂ ਨਾ ਚੜ੍ਹੇ।
ਸੋਚ ਕਰਨ ਨਾਲ ਸ਼ੀਲ ਕੌਰ ਨੂੰ ਇਸ ਮਹਿਲ ਵਿਚੋਂ ਨਿਕਲਣਾ ਅਸੰਭਵ ਜਾਪਦਾ ਸੀ, ਵੈਰੀਆਂ ਤੋਂ ਛੁਟਕਾਰਾ ਕਠਨ ਦਿੱਸਦਾ ਸੀ। ਸੋਚਾਂ ਸੋਚਦੀ ਸੀ ਕਿਕੁਰ ਬੰਦਖ਼ਲਾਸ ਹੋਊ, ਅਕਲ ਕੋਈ ਰਸਤਾ ਨਹੀਂ ਦੇਂਦੀ ਸੀ। ਪਿਆਰਾ ਪੁਤ੍ਰ, ਮਾਂ ਦਾ ਦੁੱਖਾਂ ਸੁੱਖਾਂ ਦਾ ਸਹਾਰਾ ਬੈਠਾ ਹੈ, ਭਾਵੇਂ : ਬਿਪਤਾ ਨੂੰ ਜਾਣਦਾ ਹੈ, ਇਹ ਭੀ ਸਮਝਦਾ ਹੈ ਕਿ ਵੈਰੀਆਂ ਵਿਚ ਬੈਠੇ ਹਾਂ, ਪਰ ਮਾਤਾ ਦੀ ਇਸ ਔਕੜ ਨੂੰ ਨਹੀਂ ਸਮਝ ਸਕਦਾ, ਪਿਆਰ ਦੇ ਸਾਮਾਨ ਦੇਖ ਦੇਖ ਤੇ ਮਾਂ ਦੀ ਉਦਾਸੀ ਤਾੜਕੇ ਹੈਰਾਨ ਹੁੰਦਾ ਹੈ। ਛੇਕੜ ਗਲੱਕੜੀ ਪਾਕੇ ਬੜੇ ਪਿਆਰ ਨਾਲ ਕਹਿੰਦਾ ਹੈ: 'ਮਾਂ ਜੀ! ਕਿਉਂ ਉਦਾਸ ਹੋ? ਗੁਰੂ
ਆਹਾ, ਧੰਨ ਅਕਾਲ ਪੁਰਖ ਹੈ, ਜਿਸਦੇ ਅੱਗੇ ਪ੍ਰਾਰਥਨਾ ਕਰਨੇ ਨੇ ਐਸਾ ਅਚਰਜ ਅਸਰ ਕੀਤਾ ਕਿ ਉਹ ਨਿਰਾਸ ਹੋ ਰਹੀ ਸ਼ੀਲਾ ਆਪਣੇ ਖ਼ਾਲਸਈ ਜੌਹਰਾਂ ਵਿਚ ਦਮਕ ਉੱਠੀ। ਜਿਸ ਦਿਲ ਵਿਚੋਂ ਭਾਜੜ ਪਏ ਪਿੰਡਾ ਵਾਂਗ ਸੋਚ ਵਿਵੇਚਨਾ, ਅੱਗੋਂ ਕੀ ਕਰਨਾ ਹੈ, ਗੱਲ ਕੀ ਸਭ ਕੁਝ ਨੱਸ ਗਿਆ ਸੀ, ਹੁਣ ਐਦਾਂ ਦਾ ਹੋ ਗਿਆ, ਜਿੱਦਾਂ ਕਿਸੇ ਟੱਬਰ ਮੋਏ ਪੁਰਖ ਦਾ ਦਿਲ ਕਿਸੇ ਗੁਆਚੇ ਹੋਏ ਭਰਾ ਦੇ ਅਚਾਨਕ ਮਿਲ ਪੈਣ ਤੇ ਉਸਰੱਗੀ ਫੜ ਜਾਂਦਾ ਹੈ। ਹੁਣ ਸ਼ੀਲਾ ਨੂੰ ਚਾਰ ਚੁਫੇਰੇ ਪਰਮੇਸ਼ੁਰ ਦਿੱਸਦਾ ਹੈ, ਉਸਦੀ ਸੱਤਾ ਆਪਣੀ ਸਹਿਚਾਰ ਸਹੇਲੀ ਜਾਪਦੀ ਹੈ। ਹੁਣ ਸ਼ੀਲਾ ਐਸੀ ਪੱਕੀ ਉਮੈਦ ਵਿਚ ਆਨੰਦ ਹੋਈ ਹੈ ਕਿ ਕਰਤਾਰ ਕਦੇ ਮੈਨੂੰ ਨਹੀਂ ਛੱਡੇਗਾ ਅਰ ਕਦੇ ਪਾਪ ਵਿਚ ਡੁੱਬਣ ਨਹੀਂ ਦਏਗਾ। ਉਸਨੂੰ ਧਰਮ ਪਿਆਰਾ ਹੈ, ਉਹ ਮੇਰੇ ਧਰਮ ਨੂੰ ਜ਼ਰੂਰ ਬਚਾਵੇਗਾ। ਭਾਵੇਂ ਮੈਨੂੰ ਕੋਈ ਬਿਧੀ ਨਹੀਂ ਦਿੱਸਦੀ ਪਰ ਉਹ ਜ਼ਰੂਰ ਕੋਈ ਰਸਤਾ ਕੱਢੇਗਾ। ਸ਼ੁਕਰ ਅਰ ਭਰੋਸਾ ਪੂਰੀ ਨਿੰਮ੍ਰਤਾ ਨਾਲ ਸ਼ੀਲਾ ਦੇ ਹਿਰਦੇ ਵਿਚ ਕਰਤਾਰ ਦੇ ਘੱਲੇ ਹੋਏ ਸਿਪਾਹੀ ਬਣ ਕੇ ਆ ਖਲੋਤੇ ਹਨ। ਸ਼ੀਲਾ ਨੇ ਸੱਭੇ ਆਸਰੇ ਟੁੱਟੇ ਡਿੱਠੇ, ਸ਼ੀਲਾ ਨਿਰਾਸ ਹੋ ਗਈ, ਸ਼ੀਲਾ ਨੇ ਪ੍ਰਾਰਥਨਾ ਕੀਤੀ, ਸ਼ੀਲਾ ਦਾ ਵਾਲੀ ਕਰਤਾਰ ਹੋ ਗਿਆ।
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥
(ਸਿਰੀ: ਮ: ੫, ਪੰਨਾ -੭०)
ਪਲ ਪਲ ਮਗਰੋਂ ਸ਼ੁਕਰ ਕਰਦੀ ਹੈ; ਅਰ ਐਸੀ ਮਗਨ ਹੋਈ ਹੈ ਕਿ ਖੁਸ਼ੀ ਅਰ ਵੈਰਾਗ ਮਿਲਕੇ ਹੰਝੂਆਂ ਦਾ ਪ੍ਰਵਾਹ ਤੋਰ ਦਿੰਦੇ ਹਨ। ਇਸ ਤਰ੍ਹਾਂ ਪ੍ਰਾਰਥਨਾ ਤੇ ਸ਼ੁਕਰ ਕਰਦਿਆਂ ਸ਼ੀਲਾ ਦੀ ਸਾਰੀ ਰਾਤ ਬੀਤੀ। ਦੁਨੀਆਂ ਦੇ ਲੋਕ ਬਿਪਤਾ ਦੀ ਰਾਤ ਤਾਰੇ ਗਿਣ ਗਿਣ ਕੱਟਦੇ ਹਨ ਸ਼ੀਲਾ ਨੇ ਉਨ੍ਹਾਂ ਪੱਥਰਾਂ ਤੇ ਅੱਗਾਂ ਵੱਲ ਤੱਕਣਾ ਛੱਡ ਕੇ ਉਨ੍ਹਾਂ ਨੂੰ ਪ੍ਰਕਾਸ਼ ਦੇਣੇ ਵਾਲੇ ਜਾਣਕੇ ਅਕਾਲ ਪੁਰਖ ਵੱਲ ਲਿਵ ਲਾਈ, ਉਸ ਨੇ ਈਸ਼ਰ ਗੁਣ ਗਿਣ ਗਿਣ ਕੇ ਰਾਤ ਕੱਟੀ ਤੇ ਉਸ ਦੀ ਬਿਰਦ ਦੀ ਪੈਜ ਰੱਖਣੇ ਵਾਲੀ ਸੱਤਾ ਦੀ ਅਰਾਧਨਾ ਕੀਤੀ। ਧੰਨ ਕਰਤਾਰ, ਜਿਸ ਨੇ ਉਸ ਦੀ ਟੇਕ ਰੱਖੀ। ਜਦੋਂ ਦਿਲ ਐਉਂ ਸਾਫ ਹੋ ਗਿਆ, ਰਬ ਦਾ ਆਸਰਾ ਜੀਉਂਦੀ ਸੱਤ੍ਯਾ ਹੋਕੇ ਅੰਦਰ ਭਰ ਗਿਆ ਤਾਂ ਬੁੱਧਿ ਬੀ ਸ਼ਫਾ ਹੋ ਕੇ ਕੰਮ ਕਰਨ ਲੱਗ ਪਈ ਤੇ ਉਸ ਨੂੰ ਆਪਣੀ ਖਲਾਸੀ ਦੀਆਂ ਸੋਝੀਆਂ ਸੁਝਾਉਣ ਲੱਗ ਪਈ।
15. ਕਾਂਡ
ਮੀਰ ਮੰਨੂੰ ਦੀ ਬੇਗ਼ਮ ਮੁਰਾਦ ਬੇਗ਼ਮ ਜਿਸਨੂੰ ਕਈ ਇਤਿਹਾਸਕਾਰਾਂ ਨੇ 'ਮੁਗਲਾਣੀ ਬੇਗ਼ਮ' ਕਰਕੇ ਬੀ ਲਿਖਿਆ ਹੈ, ਬੜੀ ਚਲਾਕ ਅਰ ਸੁੰਦਰ ਇਸਤ੍ਰੀ ਸੀ। ਇਸ ਨੇ ਪਤੀ ਨੂੰ ਬੀ ਵੱਸ ਕਰ ਰਖਿਆ ਸੀ ਅਰ ਆਪਣੀ ਚਤੁਰਾਈ ਕਰ ਕੇ ਪਟਰਾਣੀ ਬਣ ਰਹੀ ਸੀ। ਉੱਪਰ ਲਿਖੀ ਰਾਤ ਮੰਨੂੰ ਨੇ ਉਸ ਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਅਰ ਨਸ਼ੇ ਦੇ ਸਰੂਰ ਵਿਚ ਬੇਗ਼ਮ ਨੇ ਉਸ ਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿਖ ਕੈਦਣਾਂ ਵਿਚੋਂ ਕੱਢ ਲਿਆਉਣ ਦਾ ਅਰ ਉਸ ਨੂੰ ਬੇਗ਼ਮ ਬਨਾਉਣ ਦਾ ਸਾਰਾ ਕੱਚਾ ਚਿੱਠਾ ਕਹਿ ਬੈਠਾ।
ਬੇਗ਼ਮ ਇਹ ਸੁਣ ਕੇ ਸੜ ਉੱਠੀ ਤੇ ਕਈ ਵਲਾਂ ਛਲਾਂ ਨਾਲ ਉਸ ਨੂੰ ਪੀਤੀ ਉਤੇ ਹੋਰ ਪਿਲਾਈ ਗਈ, ਜਦ ਪਤੀ ਬੇਸੁਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰ ਆ ਬੈਠੀ ਤੇ ਮਨ ਨਾਲ ਗੋਂਦ . ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕੀਕੂੰ ਬਚਾਂ? ਬਹੁਤ ਵਿਚਾਰ ਕਰਕੇ ਚੁਪ ਕੀਤੀ ਦਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂੰ ਮਹੱਲ ਦੇ ਉਸ ਹਿੱਸੇ ਵਿਚ ਗਈ, ਜਿਥੇ ਸ਼ੀਲਾ ਸੀ। ਬੂਹੇ ਤਾਂ ਬੰਦ ਸਨ, ਪਰ ਝੀਤਾਂ ਵਿਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਅਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਬੀ ਸਮਝ ਆ
ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇਕੋ ਅੱਖ ਖੋਲ੍ਹੀ, ਅਰ ਪਲਸੇਟੇ ਮਾਰਦੇ ਉਂਘਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ, ਉਧਰ ਮੁਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਬੀ ਤਿੱਖੀਆਂ ਸਨ, ਖੋਲ੍ਹੀਆਂ ਅਰ ਟੋਟ ਤੇ ਨੀਂਦ ਦੀ ਟੁੱਟ ਵਿਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ. ਪਲੰਘ ਤੋਂ ਉੱਠੀ, ਅਰ ਪਤੀ ਨੂੰ ਪੱਖਾ ਕਰ ਕੇ ਸੁਆ ਦਿਤਾ, ਆਪ ਨਹਾ ਧ ਸੋਲਾਂ ਸ਼ਿੰਗਾਰ ਕਰ ਕੇ ਪਤੀ ਨੂੰ ਫੇਰ ਜਗਾਇਆ ਅਰ ਤਿਆਰ ਕਰਕੇ ਕੁਛ ਖੁਆ ਪਿਆ ਕੇ ਦੋ ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਪੰਜ ਡਿਉਢੀਓਂ ਬਾਹਰ ਕੀਤਾ। ਅੱਗੋਂ ਦੋ ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ। ਹਾਕਮ ਸਾਹਿਬ ਤਾਂ ਦਰਬਾਰ ਵਿਚ ਜਾ ਬੈਠੇ ਅਰ ਪੰਜਾਬ ਵਰਗੇ ਮੁਸ਼ਕਲਾਂ ਨਾਲ ਭਰੇ ਦੇਸ ਦੇ ਇੰਤਜ਼ਾਮ ਵਿਚ ਰੁੱਝ ਗਏ। ਉਧਰ ਬੇਗ਼ਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸ ਨੂੰ ਗੱਲ ਬਾਤੀਂ ਛੇਤੀ ਪਰਚਾ ਲਿਆ।
ਬੇਗਮ— ਮੇਰੀ ਪਿਛਲੇ ਜਨਮ ਦੀ ਭੈਣ! ਕਿੰਨੇ ਚਿਰਾਂ ਦੇ ਵਿਛੜੇ ਮਿਲੇ ਹਾਂ। ਅਸੀਂ ਪਿਛੋਂ ਇਕੋ ਹੀ ਹਾਂ। ਘਬਰਾ ਕੇ ਨਾ ਨਾ ਤੱਕੇ, ਮੈਂ ਸੱਚ ਕਹਿੰਦੀ ਹਾਂ। ਅਸੀਂ ਪਿਛੋਂ ਭੈਣਾਂ ਹਾਂ। ਮੈਂ ਖ਼ਬਰੇ ਕੀ ਖੋਟੇ ਕਰਮ ਕਰ ਬੈਠੇ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ ਕੱਲ ਸੰਝ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਏਥੇ ਫਾਥੀ ਆਈ ਹੈਂ, ਮੇਰੇ ਪੈਰ ਹੇਠੋਂ ਮਿਟੀ ਨਿਕਲ ਗਈ। ਆਖਾਂ ਹਾਇ ਹਾਇ! ਕੀ ਬਣੇਗਾ! ਸਿਖ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ; ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ। ਇਨ੍ਹਾਂ ਵਿਚਾਰਾਂ ਵਿਚ ਹੀ ਡੁਬਦੀ ਚਲੀ ਗਈ। ਫੇਰ ਲੁਕ ਕੇ ਤੈਨੂੰ ਵੇਖਣ ਆਈ। ਵੇਖਦਿਆਂ ਸਾਰ ਭੈਣੇ! ਮੇਰੀਆਂ ਆਂਦਰਾਂ ਫੁਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ, ਨਿਰੀ ਭੈਣ ਹੋ ਲੱਗੀਓਂ। ਓਸੇ ਵੇਲੇ ਜੀ ਵਿਚ ਠਾਣ ਲਈ ਭਈ ਮੇਰੀ ਜਿੰਦ ਜਾਏ, ਪਰ ਜਾਏ, ਇਸ ਧਰਮਾਤਮਾ ਦਾ ਸਤਿ ਧਰਮ ਜ਼ਰੂਰ ਬਚਾ ਦੇਣਾ ਹੈ। ਸੋ ਮੈਂ ਬਹਾਨੇ
ਸ਼ੀਲਾ- (ਬੜੀ ਨਿੰਮ੍ਰਤਾ ਨਾਲ) ਤੁਹਾਨੂੰ ਕਰਤਾਰ ਭਾਗ ਲਾਵੇ ਅਰ ਪ੍ਰਤਾਪ ਵਧਾਵੇ ਤੁਹਾਡਾ ਹੁਕਮ ਚੱਲੇ, * ਤੁਸੀਂ ਜੋ ਕੁਛ ਆਖਿਆ ਹੈ ਮੈਂ ਅਨਾਥਣੀ ਤੇ ਵੱਡੀ ਦਇਆ ਕੀਤੀ ਹੈ।
ਬੇਗਮ- ਬੀਬੀ ਕਾਹਦੀ ਦਇਆ? ਪਰ ਦੇਖੋ ਨਾ, ਕੀ ਕਰੀਏ? ਸਮਾਂ ਬੜਾ ਕਰੜਾ ਆ ਗਿਆ ਹੈ। ਅੱਜ ਕੱਲ ਸਿੱਧੇ ਮਾਰੇ ਜਾਂਦੇ ਹਨ, ਛਲ ਨਾਲ ਹੀ ਸੁਖ ਪਾਈਦਾ ਹੈ। ਤੁਸੀਂ ਤਾਂ ਖੁਦਾ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਇਨ੍ਹਾਂ ਗੱਲਾਂ ਨਾਲ ਕੀ? ਪਰ ਅਸੀਂ ਦੁਨੀਆਂਦਾਰ ਲੋਕ ਤਾਂ ਐਉਂ ਹੀ ਜੀਉਂਦੇ ਹਾਂ-ਰੋਟੀ ਖਾਈਏ ਸ਼ੱਕਰ ਸਿਉਂ, ਦੁਨੀਆ ਖਾਈਏ ਮਕਰ ਸਿਉਂ। ਤੁਸੀਂ ਤਾਂ ਪਵਿੱਤ੍ਰ ਦੇਵੀ ਹੈ, ਮੇਰਾ ਜੀ ਕਰਦਾ ਹੈ ਕਿ ਤੁਹਾਡੇ ਚਰਨ ਚੁੰਮ ਲਵਾਂ।
ਸ਼ੀਲਾ- ਸ੍ਰੀ ਵਾਹਿਗੁਰੂ! ਬੇਗ਼ਮ ਜੀ! ਤੁਸੀਂ ਤਾਂ ਹੋ ਦੇਸ਼ ਦੇ ਰਾਜੇ, ਅਸੀਂ ਭਾਵੇਂ ਹਾਂ ਤਾਂ ਸੇਰ ਸੁਭਾਉ ਵਾਲੇ ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵੱਸ ਪਏ ਹੋਏ। ਉਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ, ਇਹ ਮੇਰੇ ਤੇ ਹਿਸਾਨ ਚਾੜ੍ਹ ਰਹੇ ਹੋ। ਮੈਨੂੰ ਕੋਈ ਸੇਵਾ ਦੱਸੋ?
ਬੇਗਮ- ਸੇਵਾ ਕੀ ਤੁਸੀਂ ਮੈਨੂੰ ਭੈਣ ਬਣਾ ਲਵੋ ਨਾ।
ਸੀਲਾ- ਭੈਣਾਂ ਬਣਨਾ ਤਾਂ ਦੁਵੱਲੀ ਖੁੱਲ੍ਹ ਵਿਚ ਵਸਦਿਆਂ ਹੋ ਸਕਦਾ ਹੈ ਨਾਲੇ ਹੈਸੀਅਤ ਇਕੋ ਜਿਹੀ ਹੋਵੇ। ਹੁਣ ਤੁਸੀਂ ਬੇਗ਼ਮ ਤੇ ਮੈਂ ਕੈਦਣ!
ਬੇਗ਼ਮ- ਨਾ ਭੈਣ! ਇਹ ਗੱਲਾਂ ਛੱਡ ਦਿਓ। ਤੁਸਾਂ ਦਾ ਅਸਲਾ ਸ਼ਰੀਫ ਹੈ, ਤੁਸੀਂ ਸੱਚੇ ਤੇ ਉੱਚੇ ਲਹੂ ਵਾਲੇ ਦਿੱਸ ਰਹੇ ਹੋ, ਕੈਦ ਤੁਹਾਡੀ ਮੁੱਕ ਚੁੱਕੀ ਹੈ। ਹੁਣ ਤੁਸੀਂ ਖੁਲ੍ਹ ਦੇ ਘਰ ਹੋ। ਹੁਣ ਮੈਨੂੰ ਭੈਣ ਬਣਾ ਲਓ। ਤੁਸੀਂ ਗੁਣਾਂ ਦੀ ਖਾਣ ਹੈ। ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖ ਮੱਤ ਪਾ ਲਵਾਂਗੀ।
ਸ਼ੀਲਾ- ਮੈਂ ਕੌਣ ਵਿਚਾਰੀ ਹਾਂ ?
ਬੇਗਮ— ਹਠ ਛੱਡੋ, ਇਕ ਵੇਰੀ ਭੈਣ ਆਖੋ, ਨਹੀਂ ਤਾਂ ਤੁਹਾਡੇ ਸਿਰ ਦੀ ਸਹੁੰ ਮੈਨੂੰ ਪਾਣੀ ਪੀਣਾ ਹਰਾਮ ਜੇ।
––––––––––
* ਇਹ ਵਾਕ ਥੋੜੇ ਚਿਰ ਪਿਛੋਂ ਫਲੀਭੂਤ ਹੋ ਗਿਆ ਕਿ ਇਹ ਹਕੂਮਤ ਇਸ ਦੇ ਹੱਥ ਆਈ।
ਸੀਲਾ- ਸ੍ਰੀ ਵਾਹਿਗੁਰੂ! ਮੈਥੋਂ ਇਹ ਨਾ ਅਖਵਾਓ, ਉਂਞ ਜੇ ਸੇਵਾ ਚਾਹੇ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ।
ਬੇਗਮ— ਆਓ ਫੇਰ ਜੇ ਨਹੀਂ ਕਹਿੰਦੇ, ਤਾਂ ਮੈਂ ਮੈਂ... ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ)।
ਸੀਲਾ- ਵਾਹਿਗੁਰੂ ਜੀ! ਹੈ ਇਹ ਕੀ? (ਹੱਥ ਫੜ ਕੇ) ਭੈਣ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਤੇ ਸੁਤੰਤਰ ਹੈ, ਨਿਬਾਹ ਸਕਦੇ ਹੈ, ਮੈਂ ਬੰਦੀ ਵਿਚ ਹਾਂ ਮੇਰਾ ਨਿਭਣਾ ਭੈਣ ਬਣ ਕੇ ਬਹੁਤ ਕਠਨ ਹੈ। ਮਿਤ੍ਰਤਾ ਬਰੱਬਰ ਦਿਆਂ ਵਿਚ ਤੇ ਖੁਲ੍ਹ ਵਿਚ ਪੁਗਦੀ ਹੈ। ਮੈਂ ਤੁਹਾਡੀ ਸੁਭਿਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ।
ਬੇਗਮ- (ਕਟਾਰ ਕੱਢਕੇ) ਐਹ ਲਓ, ਜੇ ਨਹੀਂ ਮੰਨਦੇ ਤਾਂ ਮੈਂ।
ਸ਼ੀਲਾ- (ਹੱਥ ਫੜ ਕੇ) ਨਾ ਭੈਣ! ਇਹ ਕੰਮ ਨਾ ਕਰ, ਮੈਨੂੰ ਜੇ ਕਹੇ ਹਾਜ਼ਰ ਹਾਂ। 'ਭੈਣ` ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਰ ਰੋ ਪਈ। ਪਿਆਰੀ ਭੈਣ! ਮੇਰੇ ਦਿਲ ਦਾ ਦੁਖ ਵੰਡਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ! ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪ੍ਯਾਰ ਕਰਨ ਵਾਲੀਆਂ ਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈਂ ਸ਼ੁਕਰ ਹੈ ਉਸ ਦੀ ਦਰਗਾਹ ਦਾ ਜਿਨ੍ਹੇ ਮੇਰੇ ਹਾਲ ਤੇ ਰਹਿਮ ਕੀਤਾ ਹੈ।
ਸ਼ੀਲਾ- ਸ਼ੁਕਰ ਦੀ ਥਾਂ ਤਾਂ ਮੈਨੂੰ ਹੈ ਜਿਸ ਦਾ ਐਸੇ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ, ਸੋ ਉਸ ਮਿਹਰਾਂ ਵਾਲੇ ਸਾਂਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ । ਕਰਤਾਰ ਸਿਰੇ ਚੜ੍ਹਾਵੇ, ਮੇਰੇ ਵਿਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇਕ ਧਰਮ ਤੁਸੀਂ ਬੀ ਮੇਰੇ ਨਾਲ ਪਾਲਣ ਦਾ ਕੌਲ ਕਰੋ!
ਬੇਗਮ- ਦੱਸੇ ਭੈਣ ਜੀ! ਮੈਂ ਤੁਸਾਂ ਦੇ ਸੁਖ ਵਿਚ ਸੁਖ ਮਨਾਵਾਂਗੀ।
ਸ਼ੀਲਾ- ਇਸ ਕੈਦ ਵਿਚ, ਜਿਸ ਵਿਚ ਮੈਂ ਹਾਂ, ਮੇਰੇ ਸਤਿ ਧਰਮ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਜਾ ਕੇ ਬੀ ਜੇ ਧਰਮ ਬਚੇ ਤਾਂ ਤੂੰ ਮੇਰੀ ਭੈਣਾਂ ਵਾਂਙੂ ਸਹਾਇਤਾ ਕਰੇਂਗੀ।
ਬੇਗਮ— ਅੱਲਾ ਮੇਰਾ ਜ਼ਾਮਨ। ਤੈਨੂੰ ਤੇ ਤੇਰੇ ਧਰਮ ਨੂੰ, ਜਦ ਤਾਂਈਂ ਮੇਰੇ ਦਮ ਵਿਚ ਦਮ ਹੈ, ਤੱਤੀ ਵਾ ਨਾ ਲੱਗਣ ਦਿਆਂਗੀ।
ਝੀਲਾ- (ਅੱਖਾਂ ਮੀਟ ਕੇ) ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ। ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਬੰਦ ਛੇੜ ਰਹਿਮ ਕਰ, ਮੇਰੇ ਸਾਂਈਆਂ ਜੀ ਨੂੰ ਬੀ ਹੱਥ ਦੇ ਕੇ ਰੱਖ ਤੇ ਮੈਨੂੰ ਮਿਲਾ ।
ਬੇਗਮ- ਭੈਣ' ਤੇਰਾ ਪਤੀ ਕਿੱਥੇ ਹੈ ਤੇ ਕੀਕੂੰ ਵਿਛੁੜਿਆ ਸੀ?
ਸ਼ੀਲਾ— ਝਨਾਂ ਦੇ ਕੰਢੇ ਇਕ ਨਗਰ ਦੇ ਹਾਕਮ ਨੇ ਮਾਰ ਮਾਰ ਕੇ ਮਰਨਾਊ ਕਰਕੇ ਕੈਦ ਪਾ ਦਿਤੇ ਸਨ, ਪਤਾ ਨਹੀਂ ਫੇਰ ਕੀ ਹੋਇਆ? ਹਾਂ! ਆਉਂਦੀ ਵੇਰ ਜੀਉਂਦੇ ਦਿੱਸ ਪਏ ਸਨ, ਪਰ ਗੱਲ ਬਾਤ ਨਹੀਂ ਹੋ ਸਕੀ ਨੈਣ ਭਰ ਆਏ)।
ਬੇਗਮ- (ਅੱਖਾਂ ਪੂੰਝ ਕੇ) ਭੈਣ! ਰੋ ਨਾ, ਤੇਰਾ ਪਤੀ ਮੈਂ ਸਦਵਾ ਦਿਆਂਗੀ ਅਰ ਉਸ ਦਾ ਵਾਲ ਵਿੰਗਾ ਨਹੀਂ ਹੋਵੇਗਾ, ਹੁਣ ਸਮਝ ਕਿ ਸਭ ਬਿਪਤਾ ਦੂਰ ਹੋ ਗਈ।
ਸੀਲਾ- ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ, ਇਸ ਮਕਾਨ ਵਿਚ ਰਹਿ ਕੇ ਕਦ ਤਕ ਬੱਕਰੇ ਦੀ ਮਾਂ ਸੁਖਣਾ ਸੁਖ ਕੇ ਲੰਘਾਵੇਗੀ?
ਬੇਗਮ— ਪਿਆਰੀ ਭੈਣ! ਜਦ ਤਕ ਮੇਰੇ ਦਮ ਵਿਚ ਦਮ ਹੈ ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾ ਵੱਲ ਬੀ ਤੱਕ ਸਕੇ।
ਸ਼ੀਲਾ- ਕਰਤਾਰ ਤੈਨੂੰ ਭਾਗ ਲਾਵੇ ਤੇ ਆਪਣਾ ਭਉ ਬਖਸ਼ੇ।
ਬੇਗਮ- ਭੈਣ ਜੀ! ਮੇਰੇ ਕਹੇ ਤੁਰੀ ਚੱਲਣਾ ਫੇਰ ਕੋਈ ਤੋਖਲਾ ਨਹੀਂ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗ਼ਮ ਵਿਦਾ ਹੋਈ। ਬੇਗ਼ਮ ਦੇ ਹੁਕਮ ਮੂਜਬ ਦੋ ਇਕ ਖਤ੍ਰਾਣੀਆਂ ਟਹਿਲਣਾਂ ਸੇਵਾ ਲਈ ਆ ਗਈਆਂ। ਮਾਂ ਪੁਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕਪੜੇ ਵਟਾਏ। ਮੈਲੇ ਬਸਤਰ ਟਹਿਲਣਾਂ ਧੋਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ। ਮਾਂ ਪੁੱਤ੍ਰ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗ਼ਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਾਲਾਨ ਤੋਂ ਟਹਿਲਣਾਂ ਸਣੇ ਕਿਸੇ ਦੁਰਾਡੇ ਚੁਬਾਰੇ ਵਿਚ ਬਦਲੀ ਗਈ।
ਸੰਝ ਹੋ ਗਈ, ਹਨੇਰਾ ਛਾ ਗਿਆ। ਹਾਕਮ ਸਾਹਿਬ ਨੇ ਚੋਰ ਕੋਠੜੀ ਵਿਚ ਵੜ ਕੇ ਥੋੜੀ ਜਿਹੀ ਪੀਤੀ। ਜਿਸ ਵੇਲੇ ਸਰੂਰ ਆਯਾ ਅਰ ਮਗਜ਼ ਨੇ ਗਰਮ ਹੋ ਕੇ ਆਤਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਧਾ, ਬਾਕੀ ਰਹੀ ਅਕਲ ਤੇ ਅਧ-ਮੋਈ ਦਇਆ ਉਸ ਗੇੜੇ ਵਿਚ ਗੇੜੇ ਖਾਣ ਲੱਗੀ,
ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਮੈਲੇ ਬਸਤਰਾਂ ਵਿਚ ਉਹ ਘੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ ਕੁੱਟਿਆ, ਗਾਲ੍ਹਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫੇਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿਚ ਲੁਕੀ ਤੇ ਸ਼ਰਮ ਵਿਖੇ ਡੁਬੀ ਤੇ ਕੰਬਦੀ ਨੇ ਇਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਧੂ ਲਈ। ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ, ਨਵਾਬ ਸਾਹਿਬ ਜਿੱਤੇ ਹੋਏ ਕੁਕੜ ਵਾਂਗ ਟੱਰਾ ਉਠੇ: ਦੇਖਾ ਹਮ ਨੇ ਅਪਨਾ ਹੁਕਮ ਪੂਰਾ ਕੀਆ— ਸਿਖ ਕੀ ਬੀਵੀ ਕੇ ਮਨਾ ਲੀਆ (ਥਿੜਕਾ ਕੇ ਝੋਕਾ ਖਾ ਕੇ) ਅਬ ਬੇਗਮ ਬਨਾਏਂਗੇ ਪੰਜਾਬ ਕੀ ਮਲਕਾ ਕਹਾਏਂਗੀ..। ਤੇ ਇਸ ਤਰ੍ਹਾਂ ਦੇ ਬਕਵਾਸ ਤੇ ਝੋਕਿਆਂ ਤੇ ਨਸ਼ੀਲੀਆਂ ਉਂਘਾਂ ਵਿਚ ਸੀ ਨਵਾਬ ਕਿ ਬੀਬੀ ਨੂੰ ਕਪੜੇ ਬਦਲਣੇ ਪਏ. ਅਰ ਸ਼ਿੰਗਾਰ ਲਾਉਣੇ ਪਏ, ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾ (ਦੀਵੇ) ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ ਬੀਤ ਗਈ ਜਿੱਕੁਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬੱਦਲਾਂ ਵਿਚੋਂ ਦੌੜਕੇ ਐਉਂ ਗੁੰਮ ਹੋ ਜਾਵੇ ਜਿੰਕੁਰ ਯੋਗੀ ਪੁਰਖ ਦੇ ਹਿਰਦੇ ਵਿਚੋਂ ਸੰਗ ਦੇਖ ਕਰਕੇ ਮੰਦ ਵਾਸ਼ਨਾ ਇਕ ਬਲਕਾ ਦੇ ਕੇ ਕੁਸੰਗ ਦੂਰ ਹੋਏ ਤੇ-ਗੁੰਮ ਹੋ ਜਾਂਦੀਆਂ ਹਨ। ਮਾਨੋਂ ਕਮੀਲੇ ਦੀ ਅੱਗ ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਬੀ ਨਾਂ।
ਜਾਂ ਦਿਨ ਹੋਇਆ ਬੇਗ਼ਮ ਵੈਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿਚ ਗਈ, ਜੇ ਇਸ ਵੇਲੇ ਜਪੁਜੀ ਸਾਹਿਬ ਦੇ ਭੋਗ ਪਾਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ, ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਉ ਵਿਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨ੍ਹਣੂ ਬੱਝ ਗਿਆ ਹੈ ਕਿ ਆਪ ਦਾ ਸ਼ੀਲ ਧਰਮ ਸਦਾ ਲਈ ਬਚ ਗਿਆ, ਆਪ ਜਲ ਵਿਚ ਕੈਲ ਫੁੱਲ ਦੀ ਤਰ੍ਹਾਂ ਰਹੇਗੇ. ਕੋਈ ਤੁਹਾਡੀ ਵਾ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ।
ਸ਼ੀਲਾ- ਭੈਣ ਜੀ! ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੈ। ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿਚ ਮਿਹਰ ਪਾਈ, ਪਰ ਭੈਣ ਜੀ! ਮੈਨੂੰ ਦੱਸੇ ਤਾਂ ਸਹੀ ਕਿ ਤੁਸਾਂ ਕੀਕੂੰ ਮੇਰੀ ਰਾਖੀ ਕੀਤੀ?
ਬੇਗਮ— ਇਹ ਗੱਲ ਦੱਸਣ ਦੀ ਨਹੀਂ।
ਝੀਲਾ- ਮੈਂ ਹਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾ ਦੱਸੋ।
ਬੇਗਮ- ਭੈਣ! ਤੇਰਾ ਮੇਰਾ ਹੁਣ ਇਕ ਭੇਤ ਹੈ, ਤੈਥੋਂ ਕੀ ਲੁਕਾਉ ਤਰਾਂ! ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕਪੜੇ ਪਹਿਨ ਗਮਰੁੱਠ ਬਣਕੇ, ਆਪ ਵਾਂਙੂ ਗੱਲਾਂ ਕਰਕੇ ਫਿਰ ਹਨੇਰੇ ਦੀ ਮੱਦਦ ਨਾਲ ਇਹ ਧੋਖਾ ਬਣਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੈ, ਸੋ ਪਤੀ ਨਸੇ ਵਿਚ ਮੈਨੂੰ ਨਹੀਂ ਪਛਾਣ ਸਕਿਆ। ਉਮੈਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਫਿਰ ਤਾਂ ਨਿਭ ਜਾਏਗੀ ਫੇਰ ਹੋਰ ਤਜਵੀਜ਼ ਸੋਚ ਰਹੀ ਹਾਂ, ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇਕ ਸਮਾਨ ਕਰਨੇ ਵਾਲਾ ਹੈ। ਹਾਂ ਹਨੇਰਾ ਸਹਨਸ਼ੀਲਤਾ ਦਾ ਘਰ, ਮਹਿੰ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿਚ ਖੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੇ, ਸਮਾਧੀ ਲਾਵੇ, ਕਿਸੇ ਨੂੰ । ਨੂੰ ਨਿੰਦਦਾ ਸਲਾਹੁੰਦਾ ਨਹੀਂ, ਕਿਸੇ ਦਾ ਪਾਜ ਨਹੀਂ ਉਘੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵਾਂਙੂ ਸਾਰੇ ਜਹਾਨ ਵਿਚ ਨਸ਼ਰ ਕਰ ਦੇਂਦੀਆਂ ਹਨ। ਤਾਰਿਆਂ ਦੀਆਂ ਚੋਰ ਅੱਖਾਂ ਹਨ ਜੋ ਕੰਨਾਂ ਵਿਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲਕੜੇ ਉਘੇੜ ਦਿੰਦੀਆਂ ਹਨ, ਪਰ ਹਨੇਰਾ ਬੜਾ ਬੀਬਾ ਰਾਣਾ ਹੈ, ਸਭ ਦੇ ਪੜਦੇ ਢਕ ਦੇਂਦਾ ਹੈ। ਹਨੇਰਾ ਤਾਂ ਦੇਖਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਬੀ ਪੜਦੇ ਪਾਉਂਦਾ ਹੈ। ਨਾ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ। ਜਿਸ ਤਰ੍ਹਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਘਾੜਾ ਦੇਖਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ; ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰਥ ਦੇ ਪਹੀਏ ਰੇੜ੍ਹੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ। ਹਨੇਰਾ ਬੀਬਾ ਰਾਣਾ ਹੈ, ਭੈਣ ਏਸੇ ਹਨੇਰੇ ਨੇ ਤੇਰਾ ਧਰਮ ਬਚਾਇਆ।
ਮੇਰੀ ਜਾਚੇ ਤਾਂ ਹਨੇਰਾ ਆਰਫ ਕਾਮਲ (ਬ੍ਰਹਮ ਗਿਆਨੀ) ਹੈ, ਨਹੀਂ ਨਹੀਂ ਹਨੇਰੇ ਵਿਚ ਤਾਂ ਉਹ ਗੁਣ ਹੈ, ਜੋ ਖੁਦਾ ਵਿਚ ਹੈ, ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚਲਦਾ ਨਹੀਂ, ਦੇਖਦਾ ਹੈ ਪਰ ਭੰਡਦਾ
ਐਸੀ ਚੰਚਲਤਾ ਅਰ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੇਲੀ, ਨਿਨਕੀ ਪਰ ਮਨ ਨੂੰ ਮੁੱਠ ਵਿਚ ਲੈ ਕੇ ਧੀਰਜ ਧਰ ਕੇ ਬੋਲੀ: ਭੈਣ ਜੀ! ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ, ਪਰ ਭੈਣ ਕਿਹਾ ਜੇ ਤਾਂ ਇਕ ਗੱਲ ਮੇਰੀ ਭੀ ਸੁਣ ਲਵੋ; ਖ਼ੁਦਾ ਦੀ ਸ਼ਾਨ ਵਿਚ ਕਦੇ ਹਲਕੇ ਵਾਕ ਨਹੀਂ ਕਹੀਦੇ।
ਬੇਗਮ- ਸੱਚ ਕਿਹਾ ਈ, ਸਾਡੇ ਵਿਚ ਬੀ ਇਹ ਗੱਲ ਮਨ੍ਹੇ ਲਿਖੀ ਹੈ।
ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰ ਕੇ ਬੇਗਮ ਚਲੀ ਗਈ ਤੇ ਸ਼ੀਲਾ ਪੁਤ੍ਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ ਕਿ "ਹੇ ਧਰਮ ਪੁੰਜ ਪਿਤਾ। ਤੇਰੀ ਨਿੰਦਾ ਮੇਰੇ ਕੰਨਾਂ ਥਾਣੀਂ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁਧ ਕਰੋ, ਅਰ ਮੇਰੇ ਔਗੁਣ ਬਖਸ਼ੋ ? ਮੈਂ ਬੇਵਸ ਹੀ ਨਹੀਂ ਸਗੋਂ ਮੈਂ ਪਰਵਸ ਹਾਂ, ਮੇਰੇ ਤੇ ਆਪਣੀ ਮਿਹਰ ਕਰੋ! ਅਤੇ ਕਿਸੇ ਖੁੱਲ੍ਹ ਵਿਚ ਵਾਸਾ ਦਿਓ।”
ਉਧਰ ਦਰਬਾਰ ਦਾ ਹਾਲ ਸੁਣੇ, ਮੀਰ ਮੰਨੂੰ ਜਦੋਂ ਆਪਣੀ ਕਚਹਿਰੀ ਵਿਚ ਬੈਠਾ ਸੀ, ਤਦ ਸੂੰਹੀਆਂ ਵਿਚੋਂ ਇਕ ਨੇ ਆ ਪਤਾ ਦਿਤਾ ਕਿ ਮਾਝੇ ਵਿਚ ਸਿਖਾਂ ਦਾ ਇਕ ਟੋਲਾ ਇਕ ਥਾਵੇਂ ਲੁਕਿਆ ਹੋਇਆ ਹੈ।
ਨਵਾਬ ਸਾਹਿਬ ਰਸਤੇ ਵਿਚ ਸੈਰ ਤੇ ਸ਼ਿਕਾਰ ਕਰਦੇ ਗਏ, ਛੇਕੜ ਉਥੇ ਪਹੁੰਚੇ ਜਿਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ' ਦੇ ਲਾਗੇ ਇਕ ਕਮਾਦ ਦਾ ਭਾਰੀ ਖੇਤ ਸੀ, ਸਿੰਘ ਬਾਲ ਬਿਰਧ ਜੁਆਨ ਇਸ ਵਿਚ ਲੁਕੇ ਹੋਏ ਸੇ। ਇਹ ਵਿਚਾਰੇ ਝੱਲਾਂ ਰੁੱਖਾਂ ਵਿਚ ਛਿਪ ਕੇ ਸਮਾਂ ਕੱਟ ਰਹੇ ਸੇ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕਪੜਿਆਂ ਦੀਆਂ ਲੀਰਾਂ, ਲਾੜੇ ਦੇ ਛਤਰ ਦੀਆਂ ਕਤਾਰਾਂ ਵਾਂਙ ਸੋਭ ਰਹੀਆਂ ਸਨ, ਹੁਣ ਏਥੇ ਆ ਲੁਕੇ ਸਨ ਅਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿਚ ਲੁਕਿਆਂ ਦੀਆਂ ਮਾਂਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਛ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ, ਬੈਰਾਗੀ ਮਹੰਤ ਦਾਦ ਰਾਮ ਦੇ ਪੋਤਰੇ ਨੇ ਭਗਵੇਂ ਕਪੜੇ ਪੁਆ ਕੇ ਘਰ ਲੁਕਾ ਰੱਖੀਆਂ ਸਨ।* ਦੁਖੀਆਂ ਦੀ ਪੁਕਾਰ ਤੇ ਪਿੰਡ ਵਾਲਿਆਂ ਦੀ ਹਾਹਾਕਾਰ ਕੁਛ ਐਸੀ ਪਈ ਕਿ ਮੰਨੂੰ ਦਾ ਘੋੜਾ ਸੀਖ ਪਾ ਹੋ ਗਿਆ। ਮੰਨੂੰ ਡਿੱਗ ਪਿਆ ਅਰ ਇਕ ਪੈਰ ਰਕਾਬ ਵਿਚ ਫਸਿਆ ਰਿਹਾ ਤੇ ਘੋੜਾ ਉਠ ਭੱਜਾ।* ਟਿੱਬ ਖੜਿੱਬੀਆਂ ਥਾਵਾਂ ਵਿਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਅਰ ਠਹਿਕਦਾ ਠਹਿਕਦਾ ਪਾਟਦਾ ਗਿਆ, ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਿਸ ਗਏ ਅਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਫ ਦੀ ਲਕੀਰ ਵਾਂਗ ਮੰਨੂੰ ਦੀ ਕਰਮ ਪੱਤ੍ਰੀ ਦੀ ਲੰਮਾਈ ਦੀ ਖ਼ਬਰ ਸੰਸਾਰੀਆਂ ਨੂੰ ਦੇ ਗਈ।
––––––––––––
1. ਰਤਨ ਸਿੰਘ ਜੀ ਨੇ ਪੰਡੋਰੀ ਦਾ ਪਤਾ ਦਿੱਤਾ ਹੈ। ਗਿ: ਗਿਆਨ ਸਿੰਘ ਜੀ ਨੇ ਮੁੱਲਾਂ ਪੁਰ ਦੇ ਲਾਗੇ ਦਾ ਜ਼ਿਕਰ ਕੀਤਾ ਹੈ।
2. ਅਗਲੇ ਪੈਰ ਚੁਕਕੇ ਭੂਏ ਹੋਣਾ।
* ਰਤਨ ਸਿੰਘ ਜੀ ਦਾ ਪੰਥ ਪ੍ਰਕਾਸ।
ਜਿੰਦੜੀ ਤਾਂ ਮੀਰ ਮੰਨੂੰ ਦੀ ਇੱਕਰ ਗਈ, ਹੁਣ ਦੇਹ ਦਾ ਹਾਲ ਸੁਣੇ:-ਜਦ ਸਾਥੀ ਉਸ ਮੁਰਦਾ ਲਥ ਨੂੰ ਲੈਕੇ ਸ਼ਹਿਰ ਪਹੁੰਚੇ ਅਰ ਮੌਤ ਦੀ ਸੇ ਪਾਣੀ ਤੇ ਪਏ ਤੇਲ ਵਾਂਙੂ ਫੈਲ ਗਈ, ਤਦ ਸਾਰੀਆਂ ਫੌਜਾਂ, ਜੇ ਕਈ ਮਹੀਨਿਆਂ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ, ਘੇਰਾ ਪਾ ਖਲੋਤੀਆਂ ਅਰ ਲੇਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ ਤਿੰਨ ਲੱਖ ਰੁਪਯਾ ਤਨਖਾਹ ਦਾ ਸਾਡਾ ਤਾਰ ਦੇਵੇ ਤਾਂ ਲੇਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ ਤਿੰਨ ਲੱਖ ਰੁਪਯਾ ਦਿੱਤਾ' ਤਦ ਲੇਥ ਮਿਲੀ; ਜੇ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।
16. ਕਾਂਡ
ਹੁਣ ਸੁਣੋ ਸਾਡੇ ਬਿਜੈ ਸਿੰਘ ਦੀ ਦਸ਼ਾ ਕੀ ਹੋਈ?
ਇਹ ਤਾਂ ਅਸੀਂ ਦੱਸ ਹੀ ਆਏ ਹਾਂ ਕਿ ਸਿੰਘ ਸਾਰੇ ਬਨਾਂ ਓਲਾਂ ਪਰਬਤਾਂ ਵਿਖੇ ਖਿੰਡੇ ਫੁੱਟੇ ਗੁਜ਼ਾਰਾ ਕਰ ਰਹੇ ਸਨ, ਅਰ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ ਦਾਉ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਨ੍ਹਾਂ ਦੇ ਲੁਕ ਜਾਣ ਵਿਚ ਪੰਥ ਦੇ ਕਿਰਤੀਆਂ ਜਾਂ ਗਰੀਬਾਂ ਦੀ, ਜੋ ਦਲਾਂ ਦੇ ਵਿਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਨ੍ਹਾਂ ਪਰ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਙ ਬਨਾਂ ਵਿਚੋਂ ਨਿਕਲ ਪੈਂਦੇ ਸਨ ਅਰ ਵੈਰੀਆਂ ਨਾਲ ਦੇ ਹੱਥ ਕਰ ਜਾਂਦੇ, ਆਪਣਿਆਂ ਨੂੰ ਬਚਾ ਲੈਂਦੇ ਤੇ ਦਰੋਹੀਆਂ ਨੂੰ ਪਛਾੜ ਦੇਂਦੇ। ਹੁਣ ਭੀ ਇਹੋ ਹਾਲ ਹੋਇਆ, ਘੇਰ ਅਯਾਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖ਼ਬਰ ਜਦ ਸਿੰਘਾਂ ਵਿਚ ਫੈਲੀ ਅਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਦ ਖਾਲਸੇ ਦੇ ਦਿਲਾਂ ਵਿਚ ਰੋਹ
–––––––––––
1. ਮੈਨੂੰ ਦੀ ਮੌਤ ਦੀ ਤਾਰੀਖ ਹੈ 7 ਮੁਹੱਰਮ 1167 ਹਿਜਰੀ (ਦੇਖੇ ਖਜਾਨਾ-ਏ- ਆਮਰਾ 98 ਇਬਰਤ ਨਾਮਾ ਅਲੀਉੱਦੀਨ) । ਉਮਦਾ-ਤ-ਤਵਾਰੀਖ ਨੇ ਕੋਤਕ ਸੁਦੀ 9 ਸੰ:1810 ਬਿ: ਦਿੱਤਾ ਹੈ। ਇਹ ਦੁਇ ਤਾਰੀਖਾਂ ਅੰਗਰੇਜ਼ੀ ਸੰਨ 1753 ਨਵੰਬਰ ਤਿੰਨ ਚਾਰ ਨਾਲ ਆ ਢੁਕਦੀਆਂ ਹਨ। ਲਤੀਫ ਦਾ ਸੰਨ 1856 ਗਲਤ ਹੈ। ਗੋਕਲ ਚੰਦ ਸੰਨ 1752 ਈ: ਲਿਖਦਾ ਹੈ।
2. ਉਰਦੂ ਖਾਲਸਾ ਤਵਾਰੀਖ ਹਿੱਸਾ 2, ਪੰਨਾ 85
ਉੱਤਰ ਆਇਆ ਅਰ ਹਰ ਜਗ੍ਹਾ ਇਹ ਉੱਦਮ ਹੋਇਆ ਕਿ ਇਕ ਵੇਰਾਂ ਲਾਹੌਰ ਪਹੁੰਚਣਾ ਚਾਹੀਏ। ਪਰ ਸਭ ਤੋਂ ਪਹਿਲੇ ਕੂੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ, ਜਿੰਕੁਰ ਦਰਿਯਾ ਦਾ ਹੜ੍ਹ ਤੁਰਦਾ ਹੈ। ਉਧਰੋਂ ਭਾਈ ਬਿਜੈ ਸਿੰਘ ਨੂੰ ਬੀ ਇਹ ਖਬਰ ਮਿਲੀ ਔਰ ਨਾਲ ਹੀ ਸਾਬਰਸਾਹ ਫਕੀਰ ਦੇ ਛੱਡੇ ਹੋਏ ਸੂਹੀਆਂ ਨੇ ਖਬਰ ਲਿਆ ਦੱਸੀ ਕਿ ਸੀਲ ਕੌਰ ਬੀ ਸਿੰਘਣੀਆਂ ਦੇ ਟੋਲੇ ਵਿਚ ਲਾਹੌਰ ਤਸੀਹੇ ਭੋਗ ਰਹੀ ਹੈ। ਹੁਣ ਸਿੰਘ ਹੋਰਾਂ ਪਾਸੋਂ ਸਬਰ ਕਰਨਾ ਕਠਨ ਹੋ ਗਿਆ। ਆਪ ਸਿੰਘਾਂ ਦੇ ਤਿਆਰੇ ਦੀ ਪੱਕੀ ਸੋ ਸੁਣ ਚੁਕੇ ਸਨ। ਸਾਬਰਸਾਹ ਨੂੰ ਵੈਰਾਗ ਵਿਚ ਛੱਡਕੇ ਸਿੰਘ ਹੋਰੀਂ ਕ੍ਰੋੜਾ ਸਿੰਘ ਦੇ ਦਲ ਵਿਚ ਆਣ ਰਲੇ। ਦਲ ਵਿਚ ਪਹੁੰਚਦੇ ਹੀ ਇਨ੍ਹਾਂ ਦੀ ਬੜੀ ਮਾਨਤਾ ਹੋਈ। ਇਨ੍ਹਾਂ ਦਾ ਜਸ ਤਾਂ ਸਾਰੇ ਵਿੱਦਤ ਹੀ ਸੀ ਅਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਭਿਲਾਖੀ ਹੋ ਰਹੇ ਸਨ। ਆਪੇ ਵਿਚ ਦੁਵੱਲੀ ਬੜੇ ਪਿਆਰ ਨਾਲ ਮਿਲੇ, ਜਾਣ ਮੌਕੇ ਵੀਰ ਹੁੰਦੇ ਹਨ। ਅਜ ਕਲ੍ਹ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿਚੋਂ ਕੀਕੂੰ ਘਟ ਰਹੀ ਹੈ। ਸਿੱਖ ਦੇ ਕੋਲੋਂ ਸਿੱਖ ਮੇਢਾ ਖਹਿ ਕੇ ਐਉਂ ਆਕੜ ਨੂੰ ਲੰਘ ਜਾਂਦਾ ਹੈ ਜਿੰਕੁਰ ਕੋਈ ਸਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖਦੇ ਸਿੱਖ ਪ੍ਰਸੰਨ ਹੁੰਦੇ ਸਨ ਅਰ ਬਿਨਾਂ ਵਾਕਫ਼ੀ ਫ਼ਤਹ ਗਜਾ ਕੇ ਮਿਲਦੇ ਸਨ ਤੇ ਜੇ ਮੁਸ਼ਕਲ ਆ ਬਣੇ ਤਾਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ।
ਗੱਲ ਕੀ ਹੁਣ ਖਾਲਸੇ ਦੇ ਦਲ ਆ ਨਿਕਲੇ, ਸੇਵਾ ਦਾ ਕੰਮ ਅਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਬਿਜੈ ਸਿੰਘ ਦੇ ਹੱਥ ਦਿੱਤੀ ਗਈ। ਖਾਲਸਾ ਬੜੇ ਬੜੇ ਬਚਾਵੇਂ ਰਸਤੀ ਕੂਚ ਕਰਦਾ ਕਰਦਾ ਇਕ ਦਿਨ ਪਹੁ ਫੁਟਾਲੇ ਤੋਂ ਅੱਗੇ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ* ਅਰ ਸਾਰੇ ਦੇ ਸਾਰੇ ਬਿਜਲੀ ਦੀ ਤਰ੍ਹਾਂ ਓਸ ਥਾਵੇਂ ਜਾ ਪਏ ਜਿਥੇ ਸਿੰਘਣੀਆਂ ਦੁਖੜੇ ਭਰ ਰਹੀਆਂ ਸਨ। ਪਹਿਰੇਦਾਰਾਂ ਵਿਚੋਂ, ਜਿਨ੍ਹਾਂ ਨੇ ਟਾਕਰਾ ਕੀਤਾ, ਇਸ ਤਰ੍ਹਾਂ ਕੱਟੇ ਗਏ, ਜਿਕੁਰ ਗਾਜਰਾਂ ਤੇ ਬਾਕੀ ਦੇ ਤੱਤ ਫੱਟ ਨੱਸ ਗਏ। ਬਿਜੈਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿਚ ਇਕ ਨਿੱਕੀ ਕੰਧ ਢਾ ਕੇ ਜਾ ਵੜੇ, ਜੇ ਜਿਮੀਂ ਦੇ ਅੰਦਰ
–––––––––––
* ਪ੍ਰੇਮ ਪ੍ਰਕਾਸ਼
ਭੋਰੇ ਜਿਹੇ ਵਾਂਗ ਸੀ।* ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿੱਲਰੇ ਹੋਏ, ਬਦਬ ਫੈਲੀ ਹੋਈ, ਇਨ੍ਹਾਂ ਵਿਚਾਰੀਆਂ ਦੀਆਂ ਮੁਸ਼ਕਾਂ ਕੱਸੀਆਂ ਹੋਈਆਂ, ਕਈ ਥੰਮ੍ਹਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ। ਕਪੜੇ ਵਿਚਾਰੀਆਂ ਦੇ ਲੀਰਾਂ ਨਾਲ ਬੀ ਪਰਲੇ ਪਾਰ, ਚਿਹਰੇ ਮਜਨੂੰ ਨਾਲੋਂ ਬੀ ਲਿੱਸੇ, ਪਰ ਜਿੰਕੁਰ ਮੇਏ ਸੱਪ ਦੀ ਬੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨਿ ਉਹਨਾਂ ਦੇ ਹਿਰਦਿਆਂ ਵਿਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ। ਬਿਜੇ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ, ਦਾਰ ਕ੍ਰੋੜਾ ਸਿੰਘ ਹਰੀਂ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕਪੜੇ ਲੈ ਲੈ ਉਨ੍ਹਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਬੀ ਨਹੀਂ ਰਹੇ ਹੋਏ। ਪਿਛਲੇ ਜੱਥੇਦਾਰਾਂ ਦੇ ਏਹ ਪਿਆਰ ਤੇ ਭਾਵਨਾਵਾਂ ਹੁੰਦੀਆਂ ਸਨ ਅੱਜ ਕੱਲ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸੀਆਂ ਵਿਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੁੜ੍ਹਾ ਰੁੜ੍ਹਾ ਕੇ ਕੰਗਾਲ ਹੋਈ ਜਾਂਦੇ ਹਨ।
ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿਤ੍ਰ ਅਰ ਨੀਵੀਂ ਦ੍ਰਿਸਟੀ ਸਿੰਘਣੀਆਂ ਦੀ ਸ਼ੁਕਰ-ਗੁਜਾਰੀ ਅਰ ਪ੍ਰਸੰਨਤਾਈ ਦੇਖਣ ਦੇ ਜੋਗ ਸੀ, 'ਸਤਿ ਸ੍ਰੀ ਅਕਾਲ' ਤੇ 'ਵਾਹਿਗੁਰੂ ਜੀ ਕੀ ਫਤੇ' ਤੇ 'ਧੰਨ ਸਤਿਗੁਰ ਦੇ ਜੈਕਾਰੇ ਗੱਜ ਰਹੇ ਹਨ। ਸਾਰਾ ਕਾਰਜ ਫਤੇ ਹੋ ਗਿਆ। ਭਾਵੇਂ ਲਾਹੌਰ ਵਿਚ ਮੰਨੂੰ ਦੀ ਮੌਤ, ਮੈਨੂੰ ਦੀ ਫ਼ੌਜ ਤੇ ਮੰਨੂੰ ਦੀ ਬੇਗਮ ਤੇ ਉਮਰਾਵਾਂ ਦੇ ਝਗੜੇ ਹੋ ਰਹੇ ਸਨ, ਪਰ ਫੇਰ ਬੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ-ਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ
––––––––––
* ਇਸ ਥਾਂ ਤੇ ਮਸੀਤ ਜੇਹੀ ਇਮਾਰਤ ਅਜੇ ਤਕ ਖੜੀ ਹੈ ਤੇ ਸਿਖਾਂ ਦੇ ਕਬਜੇ ਵਿਚ ਹੈ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਪਵਿੱਤਰ ਯਾਦਗਾਰ ਹੈ। ਮਗਰੋਂ ਦੀ-1935 ਦੇ ਅਖੀਰ ਵਿਚ ਇਹ ਜਗ੍ਹਾ ਢਾ ਦਿੱਤੀ ਗਈ ਹੈ। ਪਾਕਿਸਤਾਨ ਬਣਨ ਤੇ ਹੁਣ ਪਤਾ ਨਹੀਂ ਕੀ ਹਾਲ ਹੈ। -
ਅਰ ਚਾਰ-ਚੁਫੇਰੇ ਕਰੜੇ ਖਤਰੇ ਨਾਲ ਘਿਰੀ ਹੋਈ ਵਿਉਂਤ ਸੀ। ਇਸ ਲਈ ਬੜੀ ਫੁਰਤੀ ਨਾਲ ਇਕ ਇਕ ਜਣੇ ਨੇ ਇਕ ਇਕ ਭੈਣ ਨੂੰ ਘੜੇ ਤੇ ਨਾਲ ਬਿਠਾਲ ਲਿਆ, ਉਸ ਮਕਾਨ ਵਿਚ ਬਾਲਕਾਂ ਦੇ ਦੋ ਲੱਥੜੇ ਕੱਠੇ ਕਰ ਕੇ ਤੇ ਮੋਇਆਂ ਨੂੰ ਵਿਚ ਰੱਖ ਕੇ ਲੱਕੜ ਮੋੜੇ ਪਾ ਕੇ ਅੱਗ ਲਾ ਦਿੱਤੀ ਅਰ ਝਟਪਟ ਤਿਲਕਦੇ ਹੋਏ। ਦੂਰ ਜਾਕੇ ਜੱਥੇ ਨੇ ਇਕ ਬਨ ਵਿਚ ਜਾ ਦਮ ਲੀਤਾ। ਰਸਤੇ ਵਿਚ ਇਕ ਪਿੰਡ ਵਿਚੋਂ ਰਸਤ ਪਾਣੀ ਲੈ ਗਏ। ਹੁਣ ਇਸ ਬਨ ਵਿਚ ਅੱਪੜਕੇ ਸਿੰਘਾਂ ਨੇ ਕਮਰ-ਕੱਸੇ ਖੋਲ੍ਹੇ ਅਰ ਰਾਵੀ ਦਰਿਯਾ ਵਿਚ, ਜੇ ਨਾਲ ਵਹਿ ਰਿਹਾ ਸੀ, ਇਸ਼ਨਾਨ-ਪਾਣੀ ਕੀਤੇ। ਵਿਚਾਰੀਆਂ ਸਿੰਘਣੀਆਂ ਨੂੰ ਮੁੱਦਤਾਂ ਮਗਰੋਂ ਜਲ ਨਸੀਬ ਹੋਇਆ, ਫੇਰ ਲੰਗਰ ਤਿਆਰ ਕੀਤਾ ਗਿਆ। ਪਹਿਲੇ ਸਿੰਘਣੀਆਂ ਨੂੰ ਛਕਾਇਆ ਗਿਆ. ਫੇਰ ਸਭ ਨੇ ਛਕਿਆ। ਜਦ ਸਭੇ ਪ੍ਰਸੰਨ ਹੋ ਗਏ ਤਦ ਸਰਦਾਰ ਕ੍ਰੋੜਾ ਸਿੰਘ ਅਰ ਬਿਜੈ ਸਿੰਘ ਨੇ ਛਕਿਆ। ਕਿਉਂਕਿ ਇਹ ਦੋਵੇਂ ਭਲੇ ਪੁਰਖ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ। ਕਿਉਂਕਿ ਸਿੱਖੀ ਦੇ ਅਸੂਲਾਂ ਮੂਜਬ = ਜਥੇਦਾਰ ਬੀ ਸੇਵਾ ਨੂੰ ਜੀਵਨ ਸਫ਼ਲਤਾ ਸਮਝਦਾ ਹੈ। ਹੁਣ ਐਸਾ ਬਾਨ੍ਹਣ ਬੰਨ੍ਹਿਆ ਗਿਆ, ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਟੋਰ ਵਿਚ ਪੁਚਾਇਆ ਗਿਆ। ਜਿਸ ਕਿਸੇ ਦੇ ਸੰਬੰਧੀਆਂ ਵਿਚੋਂ ਕੋਈ ਨਹੀਂ ਸੀ ਰਿਹਾ ਓਹ ਜੱਥੇ ਵਿਚ ਹੀ ਸੇਵਾ ਦੇ ਕੰਮ ਪਰ ਰਹੀ, ਅਰ ਆਪਣੇ ਭਰਾਵਾਂ ਦੀ ਬਿਪਤਾ ਵਿਚ ਹੱਥ ਵਟਾ ਕੇ ਜਨਮ ਮਰਨ ਸਵਾਰਦੀ ਰਹੀ। ਬਿਜੈ ਸਿੰਘ ਹੋਰਾਂ ਨੂੰ ਸ਼ੀਲ ਕੌਰ ਦਾ ਠੀਕ ਠੀਕ ਪਤਾ ਨਾ ਲੱਗਾ। ਇਹ ਤਾਂ ਖ਼ਬਰ ਮਿਲ ਗਈ ਸੀ ਕਿ ਮੈਨੂੰ ਉਸ ਨੂੰ ਕੈਦ ਵਿਚੋਂ ਮਹੱਲਾਂ ਵਿਚ ਲੈ ਗਿਆ ਸੀ, ਪਰ ਹੁਣ ਸੁਣਿਆਂ ਕਿ ਉਸ ਨੂੰ ਰਾਣੀ ਬਣਾ ਲਿਆ ਸੂ। ਇਸ ਖਬਰ ਨੂੰ ਸੁਣ ਕੇ ਕਿਸੇ ਨੂੰ ਨਿਸਚਾ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ। ਬਿਜੈ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਮੇਰੀ ਪਤਨੀ ਜਿਊਂਦੀ ਹੈ ਤਦ ਜ਼ਰੂਰ ਸਤਿ ਧਰਮ ਸਮੇਤ ਜੀਉਂਦੀ ਹੈ, ਜੇ ਮਰ ਚੁੱਕੀ ਹੈ ਤਦ ਧਰਮ ਨੂੰ ਨਾਲ ਲੈ ਕੇ ਗਈ ਹੈ, ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ। ਲੋਕੀ ਤਾਂ ਜਿੰਦ ਦੇ ਆਸਰੇ ਜੀਉਂਦੇ ਹਨ ਪਰ ਸਿੰਘਾਂ ਦੀ ਜਿੰਦ ਧਰਮ ਹੈ, ਏਹ ਧਰਮ ਦੇ ਆਸਰੇ ਜੀਉਂਦੇ ਹਨ, ਜਦ ਮਰਦੇ ਹਨ
–––––––––––––
* ਇਸ ਥਾਵੇਂ ਮਗਰੋਂ ਗੁਰਦੁਆਰਾ ਰਚਿਆ ਗਿਆ ਸੀ ਜੋ ਯਾਦਗਾਰ ਰਹੇ।
ਤਦ ਧਰਮ ਨੂੰ ਨਾਲ ਲੈ ਜਾਂਦੇ ਹਨ, ਜੀਉਂਦੇ ਹਨ ਤਦ ਧਰਮ ਨੂੰ ਦ ਬਣਾ ਕੇ ਜੀਉਂਦੇ ਹਨ। ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਤੂੰ ਕੋਈ ਸਿੰਘ ਜਾਂ ਸਿੰਘਣੀ ਜੀਉਂਦੀ ਰਹੀ ਹੋਵੇ।
ਇਸ ਦਾ ਕਾਰਨ ਇਹ ਸੀ ਕਿ ਲੋਕ ਨਾਮ ਦੇ ਪਿਆਰੇ ਸਨ, ਬਾਈ ਇਨ੍ਹਾਂ ਦਾ ਆਧਾਰ ਸੀ। ਸਤਿਗੁਰਾਂ ਦੇ ਹੁਕਮ ਮਜਬ ਬਾਬੇ ਬੰਦੇ ਦੇ ਵੇਲੇ ਤੋਂ ਜਿਵੇਂ ਦਸਮੇਂ ਪਾਤਸ਼ਾਹ ਦੇ ਵੇਲੇ ਸੀ ਤਿਵੇਂ ਸਿੰਘਾਂ ਦੇ ਦਲਾਂ ਵਿਚ ਬਾਣੀ ਦੇ ਪਾਠ ਦਾ ਰੋਜਾਨਾ ਰਵੱਯਾ ਬੜਾ ਪੱਕਾ ਤੁਰਿਆ ਆ ਰਿਹਾ ਸੀ । ਬਾਣੀ ਨੇ ਆਪਣੀ ਰੰਗਣ ਚਾੜ੍ਹਣੀ ਹੀ ਹੋਈ, ਸੁੱਚਾ ਤੇ ਉੱਚਾ ਜੀਵਨ, ਕੁਰਬਾਨੀ ਤੇ ਪ੍ਯਾਰ ਬਾਣੀ ਨੇ ਭਰ ਹੀ ਦੇਣਾ ਹੋਇਆ।
ਮੀਰ ਮੰਨੂੰ ਦਾ ਮਰਨਾ ਜਾਂ ਸਾਰੇ ਦੇਸ਼ ਵਿਚ ਸੁਣਿਆਂ ਗਿਆ ਤਦ ਸਿੰਘ ਬਨਾਂ ਵਿਚੋਂ ਐਉਂ ਨਿਕਲ ਪਏ, ਜਿੰਕੁਰ ਰਾਤ ਬੀਤੀ ਤੇ ਸੂਰਜ ਨਿਕਲ ਪੈਦਾ ਹੈ। ਸਾਰੇ ਦੇਸ਼ ਵਿਚ ਇਕ ਤਰਥਲ ਮਚ ਗਿਆ। ਸਿੰਘਾਂ ਪਹਿਲੇ ਹੱਥ ਉਨ੍ਹਾਂ ਲੋਕਾਂ ਨੂੰ ਦੰਡ ਦਿਤੇ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘਾਂ, ਸਿੰਘਾਂ ਦੇ ਬੱਚੇ ਤੇ ਤੀਵੀਆਂ ਫੜ ਫੜ ਮਾਰੇ ਤੇ ਮਰਵਾਏ ਸਨ, ਯਥਾ:-
ਉਨ ਸਭ ਚੁਗਲੋਂ ਤਾਂਈਂ ਚੁਨ ਚੁਨ। ਮਾਰ੍ਯੋ ਲੂਟਯੋ ਘਰ ਸਿੰਘਨ ਪੁਨ। ਨੂਰ ਦੀਨ ਕੀ ਲੁਟੀ ਸਰਾਇ। ਸਿੰਘ ਕੋਟ ਮਾਰ੍ਯੋ ਫਿਰ ਧਾਇ ਲੂਟਯੋ ਸਿੰਘਨ ਨਗਰ ਮਜੀਠਾ ਮਾਯੋ ਜੰਡਿਆਲਾ ਫਿਰ ਨੀਠਾ। ਕਰਮੇ ਛੀਨੇ ਦਾ ਪਰਵਾਰ। ਮਾਰ ਲੂਟ ਕੈ ਕਰ੍ਯੋ ਖੁਆਰ। ਰਾਮੇ ਰੰਧਾਵੇ ਕਾ ਗ੍ਰਾਮ। ਘਣੀਆਂ ਲੂ ਐਨ ਤਮਾਮ। ਸੈਦੇ ਵਾਲੇ ਕਾ ਜਟ ਕਾਲਾ ਪੈਂਚ ਨਿਬਾਹੂ ਭੂਰੇ ਵਾਲਾ। ਇਸਮਾਈਲ ਖਾਂ ਥਾ ਮੰਡ੍ਯਾਲੀਆ। ਆਕਲ ਦਾਸ ਮਹੰਤ ਹੰਦਾਲੀਆ। ਰੰਘੜ ਮਾਰੇ ਜਾ ਬੁਤਾਲੀਏ। ਸਿੱਧੇ ਕੀਤੇ ਜੱਟ ਬੁੰਡਾਲਈਏ। ਘੇਰ ਔਲੀਏ ਖਾਂ ਕੋ ਮਾਯੋ। ਹਸਨਾ ਭੱਟੀ ਜਮ ਘਰ ਬਾਰ੍ਯ। ਮਾਲ੍ਹ ਪੁਰੀਏ ਗੁਲਾਬੇ ਕੇਰੋ। ਫਗਵਾੜਾ ਭੀ ਲੁ ਬਧੇਰੇ। ਇਤਿਆਦਿਕ ਠੌਰਨ ਕੇ ਲੋਗ। ਮੁਖਬਰ ਥੇ ਜੋ ਮਾਰਣ ਜੋਗ। ਸੋ ਮਾਰੇ, ਸਾਜਨ ਬਹੁ ਪਾਰੇ। ਮਾਰੇ ਪੈਂਚ ਨੁਸ਼ਹਿਰੇ ਵਾਰੇ ਲਏ ਦੁਸਮਨੋਂ ਤੇ ਬਡ ਬਦਲੇ। ਸਿੰਘਨ ਮਾਰ ਮਚਾਯੋ ਗਦਲੇ। (ਪੰਥ ਪ੍ਰਕਾਸ਼ ਟਾਈਪ ਸਫਾ 713)
ਇਸ ਪ੍ਰਕਾਰ ਸਿੱਖਾਂ ਨੇ ਥਾਂ ਥਾਂ ਆਪਣੇ ਕੈਦੀ ਛੁਡਾਏ, ਅਪਰਾਧੀਆਂ ਨੂੰ ਦੰਡ ਦਿੱਤੇ ਤੇ ਫੇਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ, ਪਰ ਉਧਰ
ਸ਼ੀਲ ਕੌਰ ਤੇ ਉਸਦਾ ਲਾਲ ਮਹਿਲਾਂ ਵਿਚ ਹੀ ਰਹੇ। ਜਦੋਂ ਮੀਰ ਮੈਨੂੰ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨ੍ਹਣੂ ਇਸ ਗੱਲ ਦਾ ਬੰਨ੍ਹ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਮੁਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ ਪਰ ਉਧਰੋਂ ਮੈਨੂੰ ਦੇ ਮਰ ਜਾਣ ਦੀ ਖ਼ਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇਕ ਸੁਖ ਤੇ ਆਸਰਾ ਹੈ ਦਿੱਸਿਆ। ਸ਼ੀਲ ਕੌਰ ਦੀ ਅਕਲ ਤੇ ਭਲਿਆਈ ਉਸ ਨੂੰ ਸਮਝੇ ਪੈ ਚੁਕੀਆਂ ਸਨ। ਸੋ ਹੁਣ ਉਸ ਦੀ ਸਲਾਹ ਮਤ ਵਰਤਣ
––––––––
1. ਮੁਹੰਮਦ ਲਤੀਫ਼ ਸਫਾ 226
2. ਇਨ੍ਹਾਂ ਸਮਾਚਾਰਾਂ ਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ।
ਲੱਗ ਪਈ। ਉਸਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿਚ ਐਸੀਆਂ ਸਲਾਹਾਂ ਦੇਂਦੀ ਸੀ ਕਿ ਬੇਗਮ 'ਵਾਹ ਵਾਹ` ਕਰ ਉਠਦੀ ਸੀ। ਇਸ ਤਰ੍ਹਾਂ ਬੇਗਮ ਦੇ ਜੀ ਵਿਚ ਸੀਲ ਕੌਰ ਦਾ ਸਤਿਕਾਰ ਵਧਿਆ ਅਰ ਉਸ ਦੀ ਸੱਦੀ ਮੁਚੀ ਦੀ ਦਰਦਣ ਹੋ ਗਈ। ਭਿਖਾਰੀ ਖਾਂ ਨੂੰ ਦਰਬਾਰੀ ਕੰਮਾਂ ਤੋਂ ਬਾਦ ਬੇਗਮ ਕਈ ਵਾਰ ਮਹਿਲਾਂ ਵਿਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਬੀ ਇਸ ਗਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿਚ ਬੀ ਅਮੀਰੀ ਤੇ ਪੁਚਾ ਦਿੱਤਾ। ਪਰ ਸ਼ੋਕ! ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁਮਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸ ਦੇ ਚਿੱਤ ਪੁਰ ਐਸਾ ਪੱਥਰ ਸੀ, ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ੁਰ ਦੀ ਪਿਆਰੀ ਨਾ ਹੁੰਦੀ ਤਾਂ ਜਰੂਰ ਗਮ ਵਿਚ ਘੁੱਟ ਘੁੱਟ ਕੇ ਮਰ ਜਾਂਦੀ, ਪਰ ਭਾਣੇ ਮੰਨਣ ਦੇ ਜਤਨ ਨੇ ਉਸ ਦੇ ਸਰੀਰ ਤੇ ਆਤਮਾ ਦਾ ਵਿਯੋਗ ਨਹੀਂ ਹੋਣ ਦਿੱਤਾ। ਜਿੰਕੁਰ ਟਹਿਣੀਓਂ ਟੁੱਟੇ ਫੁੱਲ ਠੰਢੇ ਮੌਸਮ ਅਰ ਸੀਤਲ ਜਲ ਵਿਚ ਰੱਖੋ ਹੋਏ ਕਈ ਕਈ ਦਿਨ ਸੁਕਦੇ ਤਾਂ ਨਹੀਂ, ਪਰ ਟਾਹਣੀ ਵਾਲੇ ਜੋਬਨ ਤੇ ਖਿੜਾਉ ਵਾਲੇ ਵੀ ਨਹੀਂ ਰਹਿੰਦੇ, ਤਿਵੇਂ ਸ਼ੀਲਾ ਸੋਚਵਾਨ, ਪਰ ਸੁਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੂਰ, ਗ਼ਮ ਵਿਚ ਕੁੱਠੀ ਹੋਈ, ਪਰ ਕੋਲ ਬੈਠਿਆਂ ਨੂੰ ਢੱਠੀ ਹੋਈ ਨਾ ਲੱਗਣ ਵਾਲੀ ਦਸ਼ਾ ਵਿਚ ਰਹਿੰਦੀ ਸੀ। ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਰ ਉਪਾਉ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਰ ਮੇਰਾ ਸੁਖ ਹੋਰ ਵਧ ਜਾਵੇ, ਕਿਉਂਕਿ ਉਸ ਨੂੰ ਅੰਤੰਗ ਸਹੇਲੀ ਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਅਰ ਪਿਆਰ ਵਾਲੀ ਲੱਭਣੀ ਔਖੀ ਸੀ। ਪਹਿਲਾਂ ਤਾਂ ਬੇਗਮ ਨੇ ਝਨਾਂ ਦੇ ਹਾਕਮ ਵਲੋਂ ਪਤਾ ਮੰਗਵਾਇਆ, ਜਿਥੇ ਕਿ ਸਾਬਰ ਸ਼ਾਹ ਦੀ ਦੱਸ ਪਈ ਸੀ। ਉਥੋਂ ਪਤਾ ਲੱਗਾ ਕਿ ਬਿਜੈ ਸਿੰਘ ਕਿਤੇ ਜਥਿਆਂ ਵਿਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਬਿਜੈ ਸਿੰਘ ਦਾ ਹੂਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੂਹੀਏ ਛੱਡ ਦਿਤੇ ਜੈ ਸਿੰਘ ਹੁਰਾਂ ਦਾ ਪੂਰਾ ਪੂਰਾ ਪਤਾ ਕੱਢ ਦੇਣ।
ਸਿੱਖਾਂ ਦੇ ਸਾਕੇ, ਘਾਲਾਂ ਬਹਾਦਰੀਆਂ ਤੇ ਕਸਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੇ ਸਿੱਖਾਂ ਦੀ
–––––––––
* ਵੇਖੋ ਇਤਿਹਾਸ ਹਿੰਦ, ਐਲਫਿਨਸਟਨ ਪੰਨਾ 686-"ਬਹੁਤ ਸਾਰੇ ਸਿੱਖ ਉਥੇ ਹੀ ਮਾਰੇ ਗਏ ਪਰ 740 ਚੁਣ ਕੇ ਬੰਦੇ ਨਾਲ ਦਿੱਲੀ ਭੇਜੇ ਗਏ ਜਿਨ੍ਹਾਂ ਨੂੰ ਪੁੱਠੀਆਂ ਖੱਲਾਂ ਪਹਿਨਾ ਉਠਾਂ ਤੇ ਚੜਾ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਨਾਲ ਨਸਰ ਕਰ ਕੇ ਸੱਤਾਂ ਦਿਨਾਂ ਵਿਚ ਕਤਲ ਕੀਤਾ ਪਰ ਉਹ ਬੜੀ ਹੀ ਦ੍ਰਿੜਤਾ ਨਾਲ ਮੋਏ, ਹਰ ਲਾਲਚ ਨੂੰ ਘ੍ਰਿਣਾਂ ਦੀ ਨਜ਼ਰ ਨਾਲ ਡਿਠਾ ਤੇ ਧਰਮ ਨਹੀਂ ਹਾਰਿਆ। ਬੰਦੇ ਨੂੰ ਪਿੰਜਰੇ ਪਾਇਆ. ਸਿੰਘਾਂ ਦੀਆਂ ਖੇਪਰੀਆਂ ਨਾਲ ਲਟਕਾਈਆਂ। ਬਿੱਲੀ ਮਰ ਕੇ ਨੇਜੇ ਨਾਲ ਲਟਕਾਈ। ਧੂਈ ਤਲਵਾਰ ਜਲਾਦ ਸਿਰ ਤੇ ਖੜਵਾਇਆ, ਉਸ ਦਾ ਨਿਆਣਾ ਪੁੱਤਰ ਝੋਲੀ ਵਿਚ ਦੇ ਕੇ ਕਟਾਰ ਹੱਥ ਦਿੱਤੀ ਕਿ ਆਪਣੇ ਪੁੱਤਰ ਨੂੰ ਆਪ ਮਾਰੇ, ਪਰ ਉਸ ਨੇ ਨਾਂਹ ਕੀਤੀ: ਉਸ ਦਾ ਪੁੱਤਰ ਉਸ ਦੀ ਗੋਦ ਵਿਚ ਕੋਹਿਆ ਗਿਆ ਅਰ ਉਸ ਦਾ ਦਿਲ ਆਂਦਰਾਂ ਕੱਢ ਕੇ ਉਸ ਦੇ ਮੂੰਹ ਤੇ ਸਿੱਟੇ ਗਏ। ਸੀਖਾਂ ਤਾਂ ਤਾ ਕੇ ਉਸ ਦੇ ਪਿੰਡੇ ਤੇ ਰੋਏਂ ਉਡਾਏ ਗਏ, ਪਰ ਬੰਦ ਨਾ ਹਿੱਲਣ ਵਾਲੀ ਦ੍ਰਿੜਤਾ ਨਾਲ ਪ੍ਰਸੰਨ ਮਨ ਮੋਇਆ ਕਿ ਜਾਲਮਾਂ ਦੇ ਨਸਲ ਕਰਨੇ ਲਈ ਕਰਤਾਰ ਨੇ ਮੈਨੂੰ ਕਾਰਨ ਬਣਾਇਆ ਹੈ।" ਇਹ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਸੇਵਕ ਦੀ ਬਹਾਦਰੀ ਦਾ ਨਮੂਨਾ ਹੈ। ਇਸ ਦੇ ਸਾਖੀ 6 ਵਿਚੋਂ ਸਭ ਨੇ ਸਿਰ ਦਿੱਤਾ, ਪਰ ਧਰਮ ਨਹੀਂ ਹਾਰਿਆ। ਕਿਸੇ ਨੇ ਵੀ ਜਿੰਦ ਪਿਆਰੀ ਨਹੀਂ ਕੀਤੀ।
ਜੇ ਕਦੀ ਇਤਿਹਾਸ ਦਾ ਮੁਤਾਲਿਆ ਕਰੋ, ਤਾਂ ਪਤਾ ਲੱਗੇ ਕਿ ਅਹਿਮਦਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰ ਕੇ ਮੁੜ ਪਠਾਣ ਰਾਜ
–––––––––
1. ਦੇਖੋ ਤਵਾਰੀਖ ਅੰਗਰੇਜ਼ੀ ਮੁਹੰਮਦ ਲਤੀਫ਼ ਪੰਨਾ-289,
2. ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਪਾਸ ਇਕ ਇਲਾਕੇ ਦਾ ਬੀ ਰਾਜ ਨਾ ਸੀ, ਇਸ ਵੇਲੇ ਕਰੀਬ 50 ਵਰ੍ਹਾ ਬੀਤਿਆ ਸੀ ਜਿਸ ਵੇਲੇ ਸਿੱਖਾਂ ਨੇ ਕਰੜੇ ਵੈਰੀਆਂ ਦੇ ਨਾਲ ਲੜ ਲੜ ਕੇ ਐਤਨਾ ਭਾਰਾ ਇਲਾਕਾ ਸਾਂਭ ਲਿਆ। ਨੀਪੋਲੀਅਨ ਅਰ ਮੁਹੰਮਦ ਸਾਹਿਬ ਤੇ ਸੇਵਾ ਜੀ ਦੇ ਸਮਾਚਾਰਾਂ ਦਾ ਮੁਕਾਬਲਾ ਕੀਤਿਆਂ ਸਿੱਖਾਂ ਦੀ ਬਹਾਦਰੀ ਦਾ ਠੀਕ ਅੰਦਾਜਾ ਹੁੰਦਾ ਹੈ। ਬਿਨਾਂ ਸਾਰੇ ਸਮਾਚਾਰਾਂ ਦੇ ਸੋਚੇ ਅਸਲ ਗੱਲ ਦਾ ਪਤਾ ਨਹੀਂ ਲੱਗਦਾ।
ਏਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿਚ ਆਏ ਸਿੱਖ ਉਸ ਨੂੰ ਅਤਿ ਤੰਗ ਕਰਦੇ ਸਨ। ਜਦ ਉਹ ਦਿੱਲੀ ਅੱਪੜਦਾ ਤਾਂ ਸਿੱਖ ਪੰਜਾਬ ਵਿਚ ਉਹ ਊਧਮ ਮਚਾਉਂਦੇ ਕਿ ਉਸ ਨੂੰ ਫੇਰ ਪਿੱਛੇ ਪਰਤਣਾ ਪੈਂਦਾ। ਇਹਨਾਂ ਦੇ ਟਾਕਰੇ ਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਨ੍ਹਾਂ ਨੇ ਉਸ ਜ਼ਾਲਮ ਨੂੰ ਹਿੰਦ ਵਿਚ ਮੁੜ ਬਿਦੇਸੀ ਪਠਾਣੀ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਣ ਦਿੱਤਾ। ਵਡੇ ਘੱਲੂਘਾਰੇ ਦੀ ਬੀਰਤਾ ਨੇ ਅਬਦਾਲੀ ਦੇ ਹੌਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫੇਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ* ਵਿਚ ਹੀ ਸਹੀ; ਨੁਸ਼ਹਿਰੇ ਦਾ ਸਿੰਘ ਯੁਧ ਪੜ੍ਹ ਲਈਏ ਤਾਂ ਬੀ ਕੁਛ ਪਤਾ ਲੱਗ ਜਾਂਦਾ ਹੈ ਕਿ ਸਿਖ ਕਿਸ ਬਹਾਦਰੀ ਦੇ ਬੰਦੇ ਹੋਏ ਹਨ।
ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ, ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ! ਪਿਆਰੇ ਬਿਜੈ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸੁਆਸ ਲੈ ਲੈ ਵਕਤ ਗੁਜ਼ਾਰਦੀ ਰਹੀ ਜਿਕੁਰ ਭਾਦਰੋਂ ਦੇ ਵੱਟ ਵਿਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ। ਸਵੇਰ ਹੋਈ ਤਾਂ ਨੱਸੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ। ਇਧਰੋਂ ਕਿਸਮਤ ਦੇ ਬਲੀ ਪੰਡਤ ਜੀ, ਚੂਹੜ ਮੱਲ ਦੇ ਪ੍ਰੇਹਤ ਹੁਰੀਂ, ਜੋ ਲਾਹੌਰ ਦੇ ਸੂਹੀਆਂ ਵਿਚੋਂ ਇਕ ਸਨ. ਉਧਰ ਆ ਨਿਕਲੇ। ਇਨ੍ਹਾਂ ਦੇ ਨਾਲ ਕੁਝ ਸਿਪਾਹੀ ਬੀ ਸਨ। ਟੋਏ ਦੇ ਪਾਸੋਂ ਲੰਘੇ ਤਾਂ 'ਸ੍ਰੀ ਵਾਹਿਗਰੂ' ਦੀ ਮੱਧਮ ਆਵਾਜ਼ ਕੰਨੀਂ ਪਈ। ਆਵਾਜ਼ ਸੁਣਦੇ ਹੀ ਆਪ ਹੁਰੀਂ ਠਿਠਕੇ ਤੇ ਕੋਲ ਆ ਕੇ ਦੇਖਣ ਲੱਗੇ। 'ਓਹੋ! ਇਹ ਤਾਂ ਬਿਜੈ ਸਿੰਘ ਲੁੱਛ ਰਿਹਾ ਹੈ।' ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁਕੇ ਸਨ, ਮੁੱਲ ਵੀ ਵੱਟ ਕੇ
–––––––––
* ਦੇਖੋ ਗ੍ਰਿਫਨ ਦਾ ਰਣਜੀਤ ਸਿੰਘ। ਨਿਪੋਲੀਅਨ ਅਰ ਰਣਜੀਤ ਸਿੰਘ ਦਾ ਮੁਕਾਬਲਾ ਕਰਦੇ ਹੋਏ ਉਸ ਨੇ ਸਿੰਘ ਜੀ ਦਾ ਵਾਧਾ ਦਿਖਾਇਆ ਹੈ, ਕਿ ਨਿਪੋਲੀਅਨ ਕਈ ਸਾਲ ਕੈਦ ਵਿਚ ਰਹਿ ਕੇ ਮੋਇਆ ਪਰ ਸਿੰਘ ਜੀ ਦਾ ਮਰਦੇ ਦਮ ਤਕ ਹੁਕਮ ਮਨਿੰਦਾ ਰਿਹਾ। ਜੀਭ ਮਾਰੀ ਗਈ ਪਰ ਸੈਂਨਤ ਨਾਲ ਹੁਕਮ ਜਾਰੀ ਰਿਹਾ, ਕਿਸੇ ਅੱਖ ਉੱਚੀ ਨਹੀਂ ਕੀਤੀ। ਚਾਹੇ ਇਸ ਇਤਿਹਾਸਕਾਰ ਨੇ ਸਮਾਚਾਰ ਕਿਸੇ ਅਨੋਖੀ ਰੰਗਤ ਵਿਚ ਲਿਖੇ ਹਨ. ਪਰ ਸੱਚ ਲੁਕਦਾ ਨਹੀਂ।
ਖਾ ਚੁਕੇ ਸਨ, ਹੁਣ ਅੱਖਾਂ ਅੱਗੇ ਫੇਰ ਜੀਉਂਦਾ ਦਿੱਸਿਆ। ਲਾਹੌਰ ਵਿਚੋਂ ਜਦ ਸੋਹੀਏਂ ਤਲਾਸ਼ ਕਰਨ ਨਿਕਲੇ ਸਨ, ਤਦ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ ਸੂੰਹੀਆਂ ਦੀ ਲੋੜ ਹੈ, ਕਿਉਂਕਿ ਸਾਰੇ ਮੁਖ਼ਬਰ ਆਪੋ ਵਿਚ ਭੇਤੀ ਹੁੰਦੇ ਸਨ, ਇਹੋ ਹਾਲ ਇਸਦਾ ਸੀ। ਜਦ ਇਸ ਨੇ ਇਹ ਗੱਲ ਸੁਣੀ, ਤਦ ਬੇਗ਼ਮ ਪਾਸ ਦਰਖਾਸਤ ਕਰਕੇ ਆਪ ਭੀ ਇਸ ਕੰਮ ਦਾ ਸੂਹੀਆਂ ਮੁਕੱਰਰ ਹੋ ਗਿਆ ਅਰ ਸਰਕਾਰੀ ਖਰਚ ਉਤੇ ਦੇਸ਼ ਵਿਚ ਫਿਰਨ ਲੱਗਾ। ਇਸ ਦੇ ਭਾਣੇ ਤਾਂ ਬਿਜੈ ਸਿੰਘ ਮਰ ਚੁਕਾ ਸੀ, ਪਰ ਬੇਗ਼ਮ ਦੀ ਤਲਾਸ਼ ਤੋਂ ਉਸ ਨੇ ਸਿੱਟਾ ਕੱਢ ਲਿਆ ਸੀ ਕਿ ਬਿਜੈ ਸਿੰਘ ਕੋਈ ਸਰਕਾਰੀ ਖੁਨਾਮੀ ਕਰ ਕੇ ਕੈਦੋਂ ਨਿਕਲ ਗਿਆ ਹੋਣਾ ਹੈ, ਤਾਹੀਓਂ ਬੇਗ਼ਮ ਤਾਂਘ ਨਾਲ ਭਾਲ ਕਰਵਾ ਰਹੀ ਹੈ। ਇਹ ਗੱਲ ਸੋਚਣੀ ਕਿ ਬੇਗਮ ਵੈਰ ਨਾਲ ਸਿੰਘ ਨੂੰ ਨਹੀਂ ਲੱਭ ਰਹੀ, ਉਸ ਲਈ ਅਨਹੋਣੀ ਗੱਲ ਸੀ। ਉਸ ਨੇ ਸਮਝਿਆ ਕਿ ਸਜਾ ਦੇਣ ਲਈ ਬੇਗ਼ਮ ਲੱਭਦੀ ਹੈ, ਇਸ ਲਈ ਆਪ ਭੀ ਸੂੰਹੀਆਂ ਬਣ ਫਿਰਿਆ ਸੀ। ਸੋ ਹੁਣ ਉਸ ਨੂੰ ਜੀਉਂਦਾ ਵੇਖ ਕੇ ਚਾਹਿਓਸੁ ਕਿ ਇਸ ਨੂੰ ਮਰਵਾ ਸਿੱਟੇ, ਵੈਰੀ ਵੀ ਮਰ ਜਾਏ, ਕੋਈ ਸੰਸਾ ਭੀ ਨਾ ਰਹੇ; ਮਤਾਂ ਜੀਊਂਦਾ ਦਰਬਾਰ ਵਿਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ। ਇਹ ਸੋਚ ਕੇ ਸਿਪਾਹੀਆਂ ਨੂੰ ਕਾਹਲੀ ਨਾਲ ਬੋਲਿਆ, ਔਹ ਆਦਮੀ ਹੈ, ਜਿਸ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਾਰੋ ਗੋਲੀ ਜੀਉਂਦਾ ਭੱਜ ਨਾ ਜਾਏ, ਇਹ ਤਾਂ ਇਕੱਲਾ ਤੁਹਾਨੂੰ ਦੋਹਾਂ ਨੂੰ ਬਥੇਰਾ ਹੈ। ਸਿਪਾਹੀ ਹੱਸ ਪਏ ਅਰ ਸੋਚਣ ਲੱਗੇ ਕਿ ਹੁਕਮ ਹੈ ਫੜ ਕੇ ਲਿਆਓ, ਮਾਰਨ ਦਾ ਹੁਕਮ ਨਹੀਂ, ਸੋ ਖਬਰੇ ਮਾਰ ਕੇ ਲੈ ਗਿਆ ਸਾਡਾ ਇਨਾਮ ਮਾਰਿਆ ਜਾਏ; ਇਸ ਲਈ ਸੂੰਹੀਏਂ ਦਾ ਕਹਿਆ ਨਾ ਮੰਨ ਕੇ ਟੋਏ ਵਿਚ ਉਤਰੇ। ਬਿਜੈ ਸਿੰਘ ਦੀ ਟੰਗ ਨੂੰ ਘੋੜੇ ਹੇਠੋਂ ਕੱਢਿਆ ਅਰ ਪੱਟ ਨੂੰ ਸਿੱਧਾ ਕਰ ਕੇ ਬੱਧਾ। ਇਕ ਪਾਲਕੀ ਵੰਗਾਰੀ ਫੜ ਮੰਗਾਈ। ਪਾਣੀ ਪਿਲਾ ਕੇ ਹੋਰ ਦਾਰੀ ਕਰ ਕੇ ਉਸ ਨੂੰ ਸੁਰਜੀਤ ਕੀਤਾ। ਸੂੰਹੀਏਂ ਜੀ ਮਾਰ ਦੇਣ ਦੇ ਹੱਕ ਵਿਚ ਸੇ, ਪਰ ਸਿਪਾਹੀਆਂ ਦੀ ਜ਼ਿਦ ਵੇਖ ਕੇ ਓਸੇ ਪਾਸੇ ਉਲਟ ਪਏ ਤੇ ਸੋਚੇ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ, ਸਗੋਂ ਮਾਰਨ ਦਾ ਜ਼ਿੰਮਾ ਬੇਗਮ ਦੇ ਸਿਰ ਰਹੂ। ਇਹ ਬੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ
ਕਿਆ ਅਸਚਰਜ ਹੈ! ਬਿਜੈ ਸਿੰਘ ਜੋ ਟੋਏ ਵਿਚ ਪਿਆ ਮਾਨੋ ਆਪਣੇ ਛੇਕੜਲੇ ਸਾਸ ਲੈ ਰਿਹਾ ਸੀ, ਫੇਰ ਆਪਣੇ ਪੁਤ੍ਰ ਤੇ ਵਹੁਟੀ ਪਾਸ ਪਹੁੰਚਾ। ਵਹੁਟੀ ਤੇ ਪੁਤ੍ਰ ਦੀ ਖੁਸ਼ੀ ਦੀ ਐਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਂਈਂ ਫੇਰ ਜੀਉਂਦਾ ਜਾਗਦਾ ਮਿਲ ਪਿਆ। ਵਾਹਵਾ, ਧੰਨ ਪਰਮੇਸ਼ੁਰ ਤੇ ਧੰਨ ਪਰਮੇਸ਼ੁਰ ਜੀ ਦੇ ਕਾਰਖਾਨੇ! ਸ਼ੀਲਾ ਜੀ ਨੇ ਸਿਰ-ਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ। ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ। ਹਕੀਮਾਂ ਦਾ ਇਲਾਜ ਤਾਂ ਸੀ ਹੀ ਪਰ ਵਹੁਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰਖਦੀ ਸੀ। ਗੱਲ ਕੀ, ਖੁਸ਼ੀ ਅਰ ਸੇਵਾ ਨਾਲ ਸਰੀਰ ਫਿਰ ਆਇਆ। ਕੁਛ ਥੋੜੇ ਚਿਰ ਵਿਚ ਸਿੰਘ ਜੀ ਰਾਜ਼ੀ ਖੁਸ਼ੀ ਹੋ ਗਏ। ਕਰੜੇ ਦੰਦਾਂ ਵਿਚ ਜਿਕੁਰ ਜੀਭ ਰਹਿੰਦੀ ਹੈ ਤਿਵੇਂ ਵੈਰੀਆਂ ਦੇ ਮਹਿਲਾਂ ਵਿਚ ਖਾਲਸੇ ਦਾ ਦੁਖੀ ਟੱਬਰ ਫੇਰ ਸੁਖੀ ਰਹਿਣੇ ਲੱਗਾ। ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ। ਕਿੱਥੇ ਬਨਾਂ ਦੀਆਂ ਬਿਪਤਾ ਕਿੱਥੇ ਏਹ ਪਾਤਸ਼ਾਹੀ ਸੁਖ? ਸ਼ੀਲਾ ਵੱਲ ਦੇਖੋ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖਿੜ ਰਹੀ ਹੈ, ਭੁਜੰਗੀ ਵੱਲ ਦੇਖੋ ਤਾਂ ਬਨ ਵਿਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਦਾ ਹੈ, ਬਿਜੈ ਸਿੰਘ ਵੱਲ ਤੱਕੋ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।
17. ਕਾਂਡ
ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ। ਉਸ ਦੀਆਂ ਉਮੈਦਾਂ ਦਾ ਨੂੰ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ ਅਮੀਨੁੱਦੀਨ' ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ। ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹਨੇਰਾ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੋਕ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ। ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ। ਰਾਤ ਨੂੰ ਬੇਗ਼ਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ। ਸਿੰਘ ਦਾ ਸੁੰਦਰ ਚਿਹਰਾ ਬੇਗ਼ਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ। ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹਵਾਂ ਮਸ਼ਵਰੇ ਪੁਛੇ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੂਰੰਦੇਸ਼ੀ ਦੀ ਅਕਲ ਦੇਖ ਕੇ ਬੇਗ਼ਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਤੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇ। ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖੁਸ਼ ਹਨ। ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ। ਸਵੇਰੇ ਹੀ ਬੇਗ਼ਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ ਹਕੂਮਤ ਆਪ ਸੰਭਾਲ ਲਈ। ਮਾਤਬਰ ਆਦਮੀ ਦਿੱਲੀ ਤੇ ਕਾਬਲ ਬੀ ਭੇਜ ਦਿੱਤੇ। ਹੁਣ ਬੇਗਮ ਦੇ ਨਾਮ ਦੁਹਾਂ ਪਾਸਿਓਂ ਤੋਂ ਨਵਾਬੀ ਦੇ ਪ੍ਰਵਾਨੇ ਆ ਗਏ ਅਰ ਮੁਰਾਦ ਬੇਗ਼ਮ ਸਾਰੇ ਪੰਜਾਬ ਦੀ ਰਾਣੀ ਬਣ ਗਈ। ਥੋੜੇ ਦਿਨਾਂ ਵਿਚ ਹੀ ਬੇਗਮ ਨੇ ਆਪਣਾ ਤਹਿਤ ਜਮਾ ਲਿਆ ਅਰ ਤ੍ਰੀਮਤ ਦਾ ਡੰਕਾ ਬਹਾਦਰਾਂ ਦੇ ਦੇਸ ਵਿਚ ਵੱਜਣ ਲੱਗ ਪਿਆ। ਪਰ ਸਿੱਖਾਂ ਨੂੰ ਮਿਲਣ ਦੀ ਸਲਾਹ ਦਰਬਾਰੀਆਂ ਨੇ ਨਾ ਦਿੱਤੀ। ਸਿੰਘ ਹੁਣ ਕਿਤੇ ਕਿਤੇ ਸਿਰ ਚੁਕਦੇ, ਪਰ ਫੇਰ ਵੀ ਮੋਮਨ ਖਾਂ ਦੀ ਗਸਤੀ ਫੌਜ ਉਨ੍ਹਾਂ ਨੂੰ ਲੁਕਣ ਪਰ ਮਜਬੂਰ ਕਰ ਦੇਂਦੀ।
–––––––––––
* ਪੰਥ ਪ੍ਰਕਾਸ਼ ਵਿਚ ਪ੍ਰਸੰਗ ਦੇਖੋ ਸਫਾ 716 (ਐਡੀਸ਼ਨ ਛੇਵੀਂ)।
ਇਸ ਪਰ ਇਕ ਭੁੱਲ ਇਹ ਹੋ ਗਈ ਕਿ ਬੇਗ਼ਮ ਨੇ ਭਿਖਾਰੀ ਖਾਂ ਦਾ ਮਨਸਬ ਬਹੁਤ ਵਧਾਇਆ ਤੇ ਦਿਲੋਂ ਉਸ ਦੀ ਸੁੰਦਰ ਸ਼ਕਲ ਪਰ ਮਸਤ ਹੋ ਗਈ। ਭਾਵੇਂ ਇਕ ਵਾਰ ਸ਼ੀਲ ਕੌਰ ਦੇ ਕਹੇ ਟਲ ਗਈ ਸੀ। ਪਰ ਇਹ ਅੱਗ ਅੰਦਰ ਧੁਖਦੀ ਰਹੀ। ਇਸ ਅਮੀਰੀ ਦੇ ਠਾਠ ਵਿਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਅਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗ਼ਮ ਨੇ ਇਕ ਦਿਨ ਪੂਰਨ ਦੀ ਮਾਤਾ ਵਾਂਗੂੰ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿਚ ਸੱਦ ਕੇ ਪੱਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਤੇ ਪਲੇ ਨੇਕ ਵਜ਼ੀਰ ਨੇ ਹੱਥ ਜੋੜੇ, ਪਰ ਵਿਅਰਥ। ਬੇਗ਼ਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਯਾ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇਕ ਨਾ ਮੰਨੀ। ਹੁਕਮ ਮੋੜਨ ਨੂੰ ਬੇਗ਼ਮ ਨੇ ਬੜੀ ਆਪਣੀ ਹੱਤਕ ਸਮਝਿਆ। ਉਸ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਅਰ ਤੜਾ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ। ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁਲ੍ਹ ਗਿਆ, ਪਿੰਡੇ ਦੀ ਖੱਲ ਉੱਧੜ ਪਈ ਅਰ ਜਿੰਦ ਸਿਸਕ ਸਿਸਕ ਕੇ ਸੁਹਣੀ ਦੇਹ ਨੂੰ ਛੱਡ ਗਈ*। ਇਹ ਕਾਰਾ ਹੋਇਆ ਤਾਂ ਮਹਿਲ ਵਿਚ ਸੀ, ਪਰ ਇਸ ਨਕ ਜ਼ੁਲਮ ਦੀ ਖ਼ਬਰ ਦਰਬਾਰੀਆਂ ਤੀਕਰ ਪਹੁੰਚ ਗਈ, ਸਾਰੇ ਘਰ ਬੈਠ ਗਏ, ਦਰਬਾਰ ਵਿਚ ਆਉਣਾ ਛੱਡ ਦਿੱਤਾ, ਅਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ-ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆ ਰੋਕਣ ਵਾਲਾ ਨਹੀਂ ਹੈ, ਓਧਰ ਮਤੇ ਏਹ ਮਤਾਏ ਕਿ ਸਾਰਾ ਹਾਲ ਦਿੱਲੀ ਲਿਖ ਘੱਲੀਏ।
ਬਾਹਰ ਤਾਂ ਬੇਗ਼ਮ ਦਾ ਇਹ ਸ਼ੁਕ੍ਰਿਤ ਨਾਵਾਂ ਘੁਲਿਆ ਤੇ ਅੰਦਰ ਉਸ ਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ। ਉਸ ਦਾ ਸਬੱਬ ਇਹ ਹੋਇਆ ਕਿ ਬਿਜੈ ਸਿੰਘ ਸੰਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿਚ ਪਹੁੰਚਣਾ ਚਾਹੁੰਦਾ ਸੀ ਤੇ ਬੇਗ਼ਮ ਨੂੰ ਬਿਜੈ ਸਿੰਘ ਦਾ ਜਾਣਾ
–––––––––––
* ਤਵਾਰੀਖ ਖਾਲਸਾ ਤੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਭਿਖਾਰੀ ਖਾਂ ਨਾਂਹ ਕਰਨ ਕਰਕੇ ਮਾਰਿਆ ਗਿਆ। ਕੈਪਟਨ ਕਨਿੰਘਮ ਨੋਟ ਵਿਚ ਲਿਖਦੇ ਹਨ ਕਿ ਭਿਖਾਰੀ ਖਾਂ ਬੇਗਮ ਨਾਲ ਬੁਰਾ ਸੰਬੰਧ ਰੱਖਦਾ ਸੀ। ਮੁਹੰਮਦ ਲਤੀਫ਼ ਨੇ ਲਿਖਿਆ ਹੈ ਕਿ ਭਿਖਾਰੀ ਖਾਂ ਨੇ ਬੇਗ਼ਮ ਨੂੰ ਉਹ ਨਾ-ਉਮੈਦੀ ਦਿੱਤੀ ਸੀ ਜੋ ਤੀਵੀਂ ਦੀ ਜਾਤ ਨੇ ਕਦੇ ਮੁਆਫ਼ ਨਹੀਂ ਕੀਤੀ।
ਐਉਂ ਭਾਸਦਾ ਸੀ ਜਿਕਰ ਸੀਸੇ ਵਿਚੋਂ ਕਿਸੇ ਜੜੀ ਹੋਈ ਸੁੰਦਰ ਮੂਰਤ ਨੂੰ ਕੱਢਣਾ ਹੁੰਦਾ ਹੈ। ਜਿਉਂ ਜਿਉਂ ਸਿੰਘ ਟਬਰ ਤੁਰਨ ਨੂੰ ਤਿਆਰ ਹੋਵੇ ਤਿਉ ਤਿਉਂ ਬੇਗਮ ਦੀਆਂ ਮਿਹਰਬਾਨੀਆਂ ਵਧਣ ਲੱਗੀਆਂ ਰੂਪੋਯਾ ਪੈਸਾ ਹਾਜ਼ਰ ਬੱਤੀਆਂ ਦੰਦਾਂ ਵਿਚੋਂ ਜੋ ਨਿਕਲੇ ਸੇ ਹਾਜ਼ਰ ਇਥੋਂ ਤੀਕ ਕਿ ਬੇਗਮ ਸਿੰਘ ਜੀ ਦੇ ਚਿਹਰੇ ਤੋਂ ਪਛਾਣੇ ਕਿ ਇਸ ਦੇ ਚਿਤ ਵਿਚ ਕੀਹ ਹੈ ਤੇ ਉਹ ਝਟ ਪੂਰਾ ਕਰ ਦੇਵੇ, ਬੇਗਮ ਦੇ ਦਿਲ ਦੀ ਲਗਨ ਬਿਜੈ ਸਿੰਘ ਹੁਰਾਂ ਵੱਲ ਉਲਟ ਰਹੀ ਸੀ, ਸੋ ਇਥੋਂ ਤੀਕ ਵਧੀ ਕਿ ਬੇਗਮ ਨੂੰ ਕਿਸੇ ਦੀ ਸੁਹਬਤ ਨਾ ਭਾਵੇ, ਜਦ ਸਿੰਘ ਹੁਰਾਂ ਪਾਸ ਬੈਠੇ ਤਦ ਜੀ ਲੱਗਾ ਰਹੇ। ਕਈ ਵੇਰ ਅੱਧੀ ਅੱਧੀ ਰਾਤ ਤਕ ਬੈਠਿਆਂ ਰਾਜਸੀ ਚਰਚਾ ਹੁੰਦੀਆਂ ਰਹਿੰਦੀਆਂ। ਪਰ ਸ੍ਵਛ ਮਨ ਵਾਲੇ ਸਿੰਘ ਜੀ ਨੂੰ ਕਿਲ੍ਹੇ ਦਾ ਰਹਿਣਾ ਐਉਂ ਬੁਰਾ ਲਗੇ ਜਿਕਰ ਕਿਸੇ ਬੁਲਬੁਲ ਨੂੰ ਹੀਰਿਆਂ ਦਾ ਜੜਤ ਪਿੰਜਰਾ। ਜਦ ਸਭ ਹੀਲੇ ਰਹਿ ਚੁਕੇ ਤਾਂ ਇਕ ਦਿਨ ਮਨ੍ਹੇਰੇ ਸਿੰਘ ਹੁਰੀਂ ਟੱਬਰ ਸਣੇ ਚੁਪ ਕੀਤੇ ਉਠ ਤੁਰੇ। ਜਦ ਬੂਹੇ ਕੋਲ ਪਹੁੰਚੇ ਤਦ ਪਹਿਰੇਦਾਰਾਂ ਨੇ ਰੋਕਿਆ ਕਿ ਆਪ ਨੂੰ ਬਾਹਰ ਜਾਣੇ ਦੀ ਆਗਿਆ ਨਹੀਂ ਅਰ ਝੱਟ ਬੇਗਮ ਨੂੰ ਖਬਰ ਪਹੁੰਚੀ। ਬੇਗਮ ਆਪ ਆ ਕੇ ਮੋੜ ਕੇ ਲੈ ਗਈ, ਵੱਖਰਿਆਂ ਬਿਠਾ ਕੇ ਮਿੰਨਤਾਂ ਨਾਲ ਸਮਝਾਯਾ। ਹੁਣ ਸਿੰਘ ਜੀ ਦੁਥੌੜ ਫਸੇ ਸੌਂਪ ਦੇ ਮੂੰਹ ਛਛੂੰਧਰ, ਖਾਏ ਤੇ ਕੇਹੜਾ, ਛੱਡੇ ਤਾਂ ਅੰਨ੍ਹਾਂ, ਕਰਤਾਰ ਦਾ ਭਾਣਾ ਜਾਣ ਕੇ ਚਾਰ ਦਿਨ ਸਸਤਾ ਕੇ ਨਿਕਲਣੇ ਦਾ ਸੰਕਲਪ ਕਰਕੇ ਟਿਕ ਗਏ।
ਸਿੰਘ ਨੂੰ ਤਾਂ ਕੋਈ ਹੋਰ ਸੰਸਾ ਨਾ ਫੁਰਿਆ, ਉਹ ਰਾਜਸੀ ਮੁਸ਼ਕਲਾਂ ਨੂੰ ਹੀ ਬੇਗਮ ਦੇ ਅਟਕਾਉਣ ਦਾ ਕਾਰਨ ਸਮਝਦੇ ਰਹੇ, ਪਰ ਸੀਲ ਕੌਰ, ਜੇ ਸਾਰੇ ਰੰਗ ਢੰਗ ਨੂੰ ਡੂੰਘੀ ਨਜ਼ਰ ਨਾਲ ਦੇਖਦੀ ਸੀ, ਅੰਦਰ ਅੰਦਰ ਡੁੱਬਣ ਲੱਗ ਗਈ ਕਿਤੇ ਮੇਰੇ ਪਤੀ ਦੀ ਦਸ਼ਾ ਵੀ ਭਿਖਾਰੀ ਖਾਂ ਵਾਲੀ ਨਾ ਹੋਵੇ। ਉਹ ਵਿਚਾਰੀ ਨਾ ਤਾਂ ਡਰਦੀ ਕੁਛ ਬੇਗਮ ਨੂੰ ਕਹਿ ਸਕੇ ਤੇ ਨਾ ਹੀ ਨਿਕਲ ਚੱਲਣੇ ਦਾ ਉਪਾਉ ਦਿੱਸ ਆਵੇ। ਕਈ ਦਿਨ ਸੋਚਾਂ ਵਿਚ ਰਹੀ ਛੇਕੜ ਪਤੀ ਅੱਗੇ ਰੋਣਾ ਰੋਈ।
ਸਿੰਘ ਜੀ ਨੇ ਸੁਣ ਕੇ ਤੀਉੜੀ ਪਾਈ, ਚੁੱਪ ਹੋ ਗਏ, ਫੇਰ ਦੰਦਾਂ ਵਿਚ ਬੁੱਲ੍ਹ ਘੁੱਟੇ, ਫੇਰ ਸਹਿਜੇ ਸਹਿਜੇ ਸਿਰ ਹਿਲਾ ਕੇ ਬੋਲੇ- ਮੈਂ ਭੀ ਸੋਚਦਾ ਸੀ ਪਰ ਮੈਂ ਇਸ ਸੋਚ ਨੂੰ ਅਪਵਿੱਤ੍ਰ ਜਾਣਕੇ ਆਪਣੇ ਦਿਲ ਵਿਚ ਥਾਂ
–––––––––––
* ਇਹ ਉਹ ਟਿਕਾਣਾ ਸੀ ਜਿਥੇ ਕੁ ਵਾਰ ਅੱਜ ਕਲ੍ਹ ਭਾਈ ਵਸਤੀ ਰਾਮ ਦੀ ਸਮਾਧ ਹੈ।
ਬੱਧਾ, ਤੇ ਉਸੇ ਨੂੰ ਉਸ ਨੇ ਹੱਥ ਪਾ ਲਿਆ ਅਰ ਬਾਹੀ ਪੁਰ ਚੜ੍ਹ ਗਈ। ਬਿਜੈ ਸਿੰਘ ਕੰਧ ਨੂੰ ਪੈਰ ਦਾ ਅੜਿੱਕਾ ਦੇ ਕੇ ਖੜਾ ਹੋ ਗਿਆ ਅਰ ਸ਼ੀਲ ਕੌਰ ਪਲਮਣੇ ਹੀ ਲੱਗੀ ਸੀ ਕਿ ਕਿਸੇ ਹੱਥ ਨੇ ਅਚਾਨਕ ਬਾਂਹ ਆ ਫੜੀ, ਤੇ ਕਿਹਾ "ਭੈਣ ਜੀ! ਐਸ ਤਰ੍ਹਾਂ ਛੱਡ ਕੇ ਨੱਸ ਤੁਰੀਦਾ ਹੈ?" ਤਿੰਨੇ ਵਿਚਾਰੇ ਹੱਕੇ ਬੱਕੇ ਹੋ ਗਏ, ਸਾਰੀ ਸਲਾਹ ਉਥੇ ਦੀ ਉਥੇ ਹੀ ਰਹਿ ਗਈ, ਸ਼ਰਮਿੰਦੇ ਹੋ ਕੇ ਮੁੜ ਤੁਰੇ ਅਰ ਫੇਰ ਆਪਣੇ ਦਲਾਨ ਵਿਚ ਆ ਬੈਠੇ।
ਬੇਗ਼ਮ- ਹੁਣ ਬੋਲੇ ਤਾਂ ਸਹੀ, ਚੁਪ ਕਿਉਂ ਹੋ ਗਏ? ਮੈਂ ਤੁਹਾਡੇ ਨਾਲ ਗੁੱਸੇ ਤਾਂ ਨਹੀਂ। ਮੈਂ ਜਾਣਦੀ ਹਾਂ, ਤੁਸੀਂ ਪੱਲਾ ਛੁਡਾਉਂਦੇ ਹੋ ਮੈਂ ਤਾਂ ਆਸਰਾ ਪਰਨਾ ਤੁਹਾਨੂੰ ਜਾਤਾ ਹੋਇਆ ਹੈ ਤੇ ਤੁਸੀਂ ਐਉਂ ਖਹਿੜਾ ਛੁਡਾਉਂਦੇ ਹੋ। ਸੱਚ ਹੈ— ਲੋੜ ਵੇਲੇ ਦਾ ਕੋਈ ਬੇਲੀ ਨਹੀਂ ਬਣਦਾ।
ਸ਼ੀਲ ਕੌਰ- ਤੁਸੀਂ ਕਹਿੰਦੇ ਤਾਂ ਠੀਕ ਹੋ, ਪਰ ਅਸੀਂ ਤਾਂ ਆਪ ਦੇ ਪਾਸੋਂ ਕੰਨੀ ਨਹੀਂ ਕਤਰਾਉਂਦੇ, ਤੁਸੀਂ ਸਾਨੂੰ ਆਪ ਕੱਢਦੇ ਹੈ।
ਬੇਗ਼ਮ- ਉਹ ਕਿੱਕੁਰ?
ਸ਼ੀਲ ਕੌਰ— ਇਹ ਪਤੀ ਜੀ ਦੱਸਣਗੇ।
ਬੇਗ਼ਮ- ਕਿਉਂ ਮਹਾਰਾਜ (ਠੰਢਾ ਸਾਹ ਭਰਕੇ) ਕਦੀ ਹੋ ਸਕਦਾ ਹੈ ਕਿ ਕੋਈ ਆਪ ਆਪਣੀ ਜਿੰਦ ਨੂੰ ਆਪਣੇ ਤੋਂ ਦੂਰ ਕਰੇ?
ਬਿਜੈ ਸਿੰਘ- ਸੱਚ ਹੈ, ਪਰ ਕਈ ਹਫ਼ੀਮਾਂ ਖਾ ਹੀ ਲੈਂਦੇ ਹਨ ਨਾ!
ਬੇਗ਼ਮ- ਅਕਲ ਵੇਲੇ ਨਹੀਂ, ਕਿਸੇ ਨਿਰਾਸਤਾ ਵਿਚ, ਪਰ ਹਾਂ (ਲੰਮਾ ਸਾਹ ਲੈ ਕੇ) ਕਿਵੇਂ?
ਬਿਜੈ ਸਿੰਘ- ਆਪ ਜੋ ਸਲਾਹ ਸਾਥੋਂ ਲੈਂਦੇ ਹੋ ਮੰਨਦੇ ਨਹੀਂ, ਆਪਣੀ ਕੀਤੀ ਕਰਦੇ ਹੋ! ਅਸੀਂ ਚਾਹੁੰਦੇ ਹਾਂ ਕਿ ਆਪ ਭਲੇ ਪੁਰਖਾਂ ਨੂੰ ਪਾਸ ਰੱਖੋ, ਆਪਣੇ ਧਰਮ ਦੇ ਕੰਮ ਪੂਰੇ ਕਰੋ, ਵਜ਼ੀਰਾਂ ਤੇ ਉਮਰਾਵਾਂ ਨਾਲ ਨਾ ਵਿਗਾੜੇ, ਤੁਸੀਂ ਨਹੀਂ ਮੰਨਦੇ, ਨਾ ਮੰਨਣ ਦਾ ਫਲ ਮਾੜਾ ਲੱਗਣਾ ਹੈ, ਇਸ ਕਰ ਕੇ ਫੇਰ ਕਿਨਾਰਾ ਹੀ ਚੰਗਾ ਹੈ।
ਬੇਗ਼ਮ ਹਾਂ...ਹੈਂ...ਹਾਂ, ਪਰ ਹੁਣ ਜੋ ਕਹੋਗੇ ਹੋਵੇਗਾ। ਕੋਈ ਹੋਰ ਕਾਰਨ ਤਾਂ ਨਹੀਂ?
ਬਿਜੈ ਸਿੰਘ ਹੋਰ ਭੀ ਹਨ, ਅਸੀਂ ਨਜ਼ਰਬੰਦ ਹੋ ਕੇ ਨਹੀਂ ਰਹਿਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਲ ਵਿਚ ਚਲੇ ਜਾਈਏ,
ਬੇਗਮ— ਮੈਂ ਆਪ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਲਾਂ ਵਿਚ ਕਿਥੋਂ ਤੋਰਾਂ ? “ਨ੍ਹਾਵਣ ਗਏ ਨ ਬਾਹੁੜੇ ਜੋਗੀ ਕਿਸ ਦੇ ਮਿੱਤ” ਕਿਆ ਅੱਛਾ ਹੋਵੇ ਕਿ ਆਪ ਸਿੱਖਾਂ ਦਾ ਖ਼ਿਆਲ ਛੱਡ ਕੇ ਮੇਰੇ ਨਾਲ ਇੱਕੋ ਇੱਕੋ ਹੋ ਜਾਵੇ, ਤੁਸੀਂ ਬੜੇ ਚੰਗੇ ਵਜ਼ੀਰ ਬਣ ਸਕੋਗੇ, ਫੇਰ ਜੋ ਕਰਸੋ ਤੁਸੀਂ ਕਰੋ, ਮੈਂ ਹੁਕਮ ਵੀ ਨਾ ਦਿਆਂਗੀ, ਪਰ ਮੁਸਲਮਾਨ ਹੋਏ ਬਾਝ ਇਹ ਗੱਲ ਕਠਨ ਹੈ, ਕਿਉਂਕਿ ਸਿਰ ਤੇ ਦੁਰਾਨੀ ਦਾ ਡੰਡਾ ਹੈ ਤੇ ਦਿੱਲੀ ਦੀ ਝਿੜਕ ਹੈ।
ਬਿਜੈ ਸਿੰਘ- ਵਾਹ ਵਾਹ! ਤੁਸੀਂ ਸਾਨੂੰ ਮੁਸਲਮਾਨ ਕਰਦੇ ਹੋ। ਆਪ ਤਾਂ ਕਦੇ ਨਿਮਾਜ਼ ਨਹੀਂ ਪੜ੍ਹੀ, ਰੋਜ਼ਾ ਨਹੀਂ ਰੱਖਿਆ, ਸਾਨੂੰ ਕਿਵੇਂ ਬਣਾਓਗੇ? ਦੂਸਰੇ ਜੇ ਆਪ ਦੀ ਇਹੀ ਮਰਜ਼ੀ ਹੈ, ਤਦ ਸਾਨੂੰ ਬਹੁਤ ਛੇਤੀ ਆਪਣੀਆਂ ਜਿੰਦਾਂ ਪੁਰ ਖੇਡਣਾ ਪਵੇਗਾ।
ਬੇਗ਼ਮ- ਤੋਬਾ ਤੋਬਾ! ਭਲੀ ਅਵਾਜ਼ ਕੱਢੋ! ਮੈਂ ਤਾਂ ਸਹਿ ਸੁਭਾ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਗੁੱਸਾ ਕਰ ਲਿਆ? ਜੋ ਆਪ ਨੂੰ ਗੱਲ ਨਾ ਭਾਵੇ ਮੈਂ ਕਦੇ ਨਹੀਂ ਕਰਾਂਗੀ।
ਬਿਜੈ ਸਿੰਘ- ਕੀ ਆਪ ਇਹ ਇਕਰਾਰ ਕਰਦੇ ਹੋ ?
ਬੇਗ਼ਮ— ਹਾਂ, ਮੈਂ ਇਕਰਾਰ ਕਰਦੀ ਹਾਂ ਜੋ ਤੁਹਾਨੂੰ ਨਾ ਭਾਵੇ ਮੈਂ ਨਹੀਂ ਕਰਾਂਗੀ।
ਬਿਜੈ ਸਿੰਘ- ਬਹੁਤ ਚੰਗਾ!
ਬੇਗ਼ਮ- ਪਰ ਤੁਸੀਂ ਭੀ ਇਕਰਾਰ ਕਰੋ ਕਿ ਜਾਵੋਗੇ ਨਹੀਂ?
ਬਿਜੈ ਸਿੰਘ— ਮੈਂ ਨੇਮ ਕਰਦਾ ਹਾਂ ਕਿ ਜਦ ਤਕ ਤੁਸੀਂ ਨੇਮ ਨਿਬਾਹੋਗੇ ਮੈਂ ਨਿਬਾਹਾਂਗਾ, ਪਰ ਜਦ ਤੁਸੀਂ ਨੇਮ ਤੋੜੋਗੇ ਮੈਂ ਫੇਰ ਨੇਮ ਵਿਚ ਬੱਧਾ ਨਹੀਂ ਰਹਾਂਗਾ।
ਬੇਗਮ- ਬਹੁਤ ਅੱਛਾ! ਤੁਸੀਂ ਫ਼ਿਕਰ ਨਾ ਕਰੋ, ਮੈਂ ਤਾਂ ਹਰ ਵੇਲੇ ਛਿਕਰ ਵਿਚ ਹਾਂ ਕਿ ਆਪ ਲਈ ਸਾਰੇ ਸੁਖ ਕੱਠੇ ਕਰਦੀ ਰਹਾਂ। ਆਪ ਦੇ ਦਿਲ ਨੂੰ ਰਤਾ ਠੁਹਕਰ ਲੱਗੇ ਤਾਂ ਮੇਰਾ ਦਿਲ ਸ਼ੀਸ਼ੇ ਵਾਂਗ ਚੂਰ ਹੋ ਜਾਂਦਾ ਹੈ। ਇਸ ਵੇਲੇ ਤੁਹਾਡੇ ਬਾਝ ਮੇਰਾ ਕੌਣ ਹੈ? ਸਭਨੀਂ ਥੋਕੀਂ ਤੁਸੀਂ ਹੀ ਹੋ।
ਇਹ ਕਹਿ ਕੇ ਸ਼ੀਲਾ ਦੇ ਗਲ ਮਿਲੀ। ਭੁਜੰਗੀ ਨੂੰ ਗਲ ਲਾਇਆ ਤੇ ਉਸ ਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉਠੀ ਅਰ ਰੋਟੀ ਖਾਣ ਚਲੀ ਗਈ।
ਸ਼ੀਲ ਕੌਰ ਤੇ ਬਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫੇਰ ਹੱਸੇ ਕਿ ਦੇਖੀਏ ਹੁਣ ਕੀ ਬਣਦਾ ਹੈ? ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ।
ਬਿਜੈ ਸਿੰਘ— ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅਜੇ ਨਹੀਂ ਅਰ ਅੱਜ ਤੋਂ ਬੇਗ਼ਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ-ਮੇਰਾ ਨੇਮ...ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨਹੀਂ ਨਿਭਣਾ। ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿਚ ਨਹੀਂ, ਰਾਜ ਮਦ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਝੱਲਣ ਲਈ, ਕਿਉਂਕਿ ਇਨਸਾਨ ਦੇ ਸਿਰ ਤੇ ਅਝੱਲ ਸੱਟਾਂ ਪੈਂਦੀਆਂ ਹਨ। ਝੱਲਣਾਂ ਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ।
18. ਕਾਂਡ
ਇਕ ਦਿਨ ਤੜਕਸਾਰ ਅਜੇ ਚਾਰ ਨਹੀਂ ਵਜੇ ਸਨ, ਭਾਈ ਬਿਜੈ ਸਿੰਘ ਹੁਰੀਂ ਮਹੱਲਾਂ ਦੇ ਪਿਛਵਾੜੇ ਬਾਗ ਵਿਚ ਬੈਠੇ ਪਰਮੇਸ਼ੁਰ ਦੇ ਧਿਆਨ ਵਿਚ ਮਗਨ ਹੋ ਰਹੇ ਸਨ। ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜ੍ਹੇ ਵਾਂਗੂ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ। ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਉ ਫੈਲਾ ਰਹੀ ਸੀ, ਭਿੰਨੀ ਠੰਢ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ, ਜਿਹਾ ਗੁਲਾਬ ਦੀਆਂ ਖੰਭੜੀਆਂ ਨੂੰ ਤਰੇਲ।
ਬੇਗ਼ਮ ਸਾਰੀ ਰਾਤ ਨਹੀਂ ਸੁੱਤੀ, ਕਦੀ ਕੋਠੇ ਕਦੀ ਹੇਠ, ਕਦੀ ਅੰਦਰ ਕਦੀ ਛੱਜੇ ਤੇ ਮੱਛੀ ਵਾਂਗ ਤੜਫਦੀ ਫਿਰੀ। ਤਪ ਵਾਲੇ ਨੂੰ ਜਿੱਕੁਰ ਠੰਢ ਦਾ ਸੁਆਦ ਨਹੀਂ, ਤਿਵੇਂ ਭਿੰਨੀ ਭਿੰਨੀ ਰਾਤ ਤਪਦੇ ਚਿਤ ਲਈ ਠੰਢ ਨਹੀਂ ਸੀ ਵਰਤਾ ਰਹੀ। ਕਦੀ ਰੋਂਦੀ, ਕਦੀ ਹੱਸਦੀ ਕਦੀ ਸਮਝ ਕਰਦੀ, ਕਦੀ ਬੇਵੱਸ ਹੋ ਜਾਂਦੀ। ਕਦੀ ਮਨ ਨਾਲ ਗੱਲੀਂ ਛਿੜ ਪੈਂਦੀ-
"ਦੇਖੋ! ਮੈਂ ਕਿਸ ਸੁਖ ਦੇ ਪਿਛੇ ਪਈ ਹਾਂ। ਸਾਰਾ ਪੰਜਾਬ ਮੇਰੇ ਹੁਕਮ ਵਿਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ। ਹਾਇ! ਮੇਰੇ ਕਰਤੱਬ ਪੁਸਤਕਾਂ ਵਿਚ ਲਿਖੇ ਜਾਣਗੇ, ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਭੀ ਕਬਰ ਵਿਚ ਮਿੱਟੀ ਹੋ ਜਾਣਗੀਆਂ, ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਧੱਬਾ ਨਹੀਂ ਧੁਪੇਗਾ। ਜਦ ਕਿਤੇ ਮੇਰਾ ਨਾਮ ਆਵੇਗਾ, ਇਹ ਜ਼ਿਕਰ ਛਿੜੇਗਾ। ਹੁਣ ਤਕੋ! ਬੇਬਸ ਸਿੱਖ ਮੇਰੇ ਫੰਧੇ ਵਿਚ ਹੈ, ਉਹ ਨਿਰਦੇਸ਼ ਹੈ, ਉਹ ਇਥੇ ਕੈਦੀ ਹੈ; ਮੇਰੇ ਹੁਕਮ ਦੇ ਫਾਹੇ ਵਿਚ ਹੈ, ਉਸ ਦਾ ਨਾਮ ਕੀ ਵਿਗੜਨਾ ਹੈ? ਮਰਦ ਸੌ ਬੁਰਿਆਈ ਕਰੇ ਅੰਨ੍ਹੀ ਖ਼ਲਕਤ ਕੁਝ ਨਹੀਂ ਕਹਿੰਦੀ, ਤ੍ਰੀਮਤ ਤੇ ਝੂਠਾ ਸ਼ੱਕ ਭੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉੱਡ ਜਾਂਦੀ ਹੈ। ਤਦੇ ਹੀ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜਤ ਸਤ ਸੰਭਾਲਣਾ ਚਾਹੀਏ; ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਬੀ ਨਹੀਂ ਤੱਕਣਾ ਚਾਹੀਏ। ਪਰ ਇਸ ਗੱਲ ਲਈ ਮਨ ਕਾਬੂ ਲੋੜੀਏ,.... ਹੱਛਾ ਠੀਕ ਹੈ! ਪਰ ਖ਼ਬਰੇ ਕੱਲ ਕਿਸ ਦਾ ਹੈ? ਅੱਗਾ ਕਿਨ੍ਹ ਡਿਠਾ ਹੈ ? ਮਤਾਂ ਮੈਂ ਮਰ ਹੀ ਜਾਵਾਂ, ਇਹ ਰਾਜ ਭਾਗ ਹੈ, ਪਰ ਇੱਕਲੀ ਹਾਂ, ਹੱਛਾ ਚਲੋ, ਸਿੰਘ ਜੀ ਨਾਲ ਗਲ ਬਾਤ ਤਾਂ ਕਰੀਏ। ਉਸ ਭੋਲੇ ਨੂੰ ਤਾਂ ਖ਼ਬਰ ਹੀ ਨਹੀਂ। ਕੇਡਾ ਨੇਕ ਹੈ, ਦਾਨਾ ਹੈ, ਬੰਦਗੀ ਵਾਲਾ ਹੈ ਤੇ ਚੰਨ ਹੈ।”
ਐਸ ਤਰ੍ਹਾਂ ਦੇ ਖ਼ਿਆਲਾਂ ਵਿਚ ਬੇਗ਼ਮ ਰਾਤ ਬਿਤਾਵੇ, ਪਰ ਬੀਤੇ ਨਾ, ਫੋਕੜ ਇਕ ਉਬਾਲ ਵਿਚ ਉਠ ਕੇ ਉਧਰ ਗਈ, ਜਿਧਰ ਸ਼ੀਲ ਜੀ ਸਨ। ਝੀਤਾਂ ਵਿਚੋਂ ਡਿੱਠਾ ਕਿ ਸ਼ੀਲ ਕੋਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ, ਪਰ ਬਿਜੈ ਸਿੰਘ ਨਹੀਂ ਹੈ। ਹੁਣ ਬੇਗ਼ਮ ਪਰਲੇ ਛੱਜੇ ਤੇ ਗਈ, ਬਾਗ਼ ਵੱਲ ਨਜ਼ਰ ਕੀਤੀ ਤਾਂ ਸੰਖਮਰਮਰ ਦੀ ਸ਼ਿਲਾ ਪੁਰ ਚਾਨਣਾ ਚੰਦ ਭੂਮਕਦਾ ਦਿੱਸਿਆ। ਬੇਗ਼ਮ ਝਟ ਉਥੇ ਪਹੁੰਚੀ। ਜਦ ਬੇਗ਼ਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਢ ਜਿਹੀ ਪਈ ਕਿ ਸਭ ਘਬਰਾ ਵਾਲੇ ਖਿਆਲ ਉੱਡ ਗਏ, ਵਾਸ਼ਨਾ ਦੂਰ ਹੋ ਗਈਆਂ ਤੇ ਬੇਵੱਸੇ
ਬੇਗਮ— ਤੁਸੀਂ ਮੈਨੂੰ ਐਸ ਵੇਲੇ ਵੇਖਕੇ ਹੈਰਾਨ ਹੋ ਗਏ ਹੋਵੋਗੇ, ਪਰ ਜਿੱਕੁਰ ਪਰਮੇਸ਼ੁਰ ਦੇ ਪਿਆਰ ਨੇ ਤੁਹਾਨੂੰ ਸੌਣ ਨਹੀਂ ਦਿੱਤਾ ਤਿਵੇਂ ਤੁਹਾਡੇ ਪਿਆਰ ਨੇ ਮੈਨੂੰ। ਹੁਣ ਇਕ ਅਰਜ ਸੁਣ ਲਵੋ! ਮੇਰੇ ਚਿਤ ਵਿਚ ਤੁਹਾਡਾ ਪਿਆਰ ਪੈ ਗਿਆ ਹੈ, ਮੈਂ ਸਾਰੇ ਓੜ੍ਹ ਪੋੜ੍ਹ ਉਸ ਨੂੰ ਕਢਣ ਦੇ ਕੀਤੇ, ਪਰ ਨਹੀਂ ਨਿਕਲਦਾ। ਹੁਣ ਕ੍ਰਿਪਾ ਕਰ ਕੇ ਆਪ ਮੇਰੇ ਨਾਲ ਵਿਆਹ ਕਰ ਲਵੇ, ਤੁਸੀਂ ਮੁਸਲਮਾਨ ਹੋ ਜਾਵੇ ਤਾਂ ਬੜੀ ਖ਼ੁਸ਼ੀ, ਨਹੀਂ ਤਾਂ ਐਵੇਂ ਹੀ ਰਹੋ, ਪਰ ਨਿਕਾਹ ਪੜ੍ਹਾ ਲਓ, ਨਿਕਾਹ ਪਰ ਜ਼ਰਾ ਲੁਕਵੀਂ ਰਹੇ ਗੱਲ।
ਸਿੰਘ ਜੀ- ਹੇ ਪ੍ਰਜਾ ਮਾਤਾ! ਦੂਰੰਦੇਸ਼ੀ ਤੋਂ ਕੰਮ ਲਵੋ। ਮੈਂ ਵਿਆਹਿਆ ਹੋਇਆ ਹਾਂ; ਆਪ ਨੂੰ ਮਲੂਮ ਹੈ। ਫੇਰ ਆਪ ਦੇ ਸਿਰ ਤੇ ਸਾਰੇ ਦੇਸ਼ ਦਾ ਬੰਦੋਬਸਤ ਹੈ; ਆਪ ਨੂੰ ਪ੍ਰਜਾ ਦੀ ਰੱਖ੍ਯਾ ਦਾ ਧਿਆਨ ਚਾਹੀਏ। ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ, ਇਸ ਦੇ ਨਿਬਾਹ ਲਈ ਭਲਿਆਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ। ਧਰਮ ਬੜੀ ਸ਼ੈ ਹੈ।
ਬੇਗ਼ਮ- ਸਿੰਘ ਜੀ! ਮੈਂ ਆਪਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ ਕਹੀ। ਮੈਂ ਤਾਂ ਵਿਆਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ। ਸਿੰਘ ਜੀ- ਸੱਚ ਹੈ, ਵਿਆਹ ਕੇਵਲ ਮੰਦੀ ਵਾਸ਼ਨਾ ਵਾਸਤੇ ਨਹੀਂ ਹੁੰਦਾ, ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਹੇ ਜੀਵ ਇਕ ਦੂਜੇ ਦੇ ਦੁਖ ਸੁਖ ਦੇ ਭਾਗੀ ਹੋ ਕੇ ਸੱਚੀ ਮਿਤ੍ਰਤਾ ਅਰ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੈਂਡਾ ਮੁਕਾਉਣ ਦਾ ਧਰਮ ਕਰਦੇ ਹਨ, ਪਰ ਮੈਂ ਤਾਂ ਅੱਗੇ ਵਿਆਹਿਆ ਹੋਇਆ ਹਾਂ। ਫੇਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ? ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਿਮੀਂ ਅਸਮਾਨ ਟਲ ਜਾਏ। ਹੁਣ ਦੱਸੋ ਇਸ ਵਹਿਣ ਵਿਚੋਂ ਕੀ ਗੁਣ ਨਿਕਲੇਗਾ? ਮੇਰੇ ਕਹੇ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆਂ ਕਰੋ, ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ।
ਬੇਗ਼ਮ- ਰਾਜ ਭਾਗ ਦੀ ਪਰਵਾਹ ਨਹੀਂ, ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੂੰਘਾਣ ਮੇਰੇ ਚਿੱਤ ਵਿਚ ਬੀ ਹੋਊ ਨਾ? ਜਿਸ ਨੇ ਮੈਨੂੰ ਐਤਨਾਂ ਹੌਸਲਾ ਦਿੱਤਾ ਹੈ, ਨਹੀਂ ਤਾਂ ਤ੍ਰਿਮਤ ਮਰ ਜਾਵੈ, ਪਰ ਵਿਆਹ ਲਈ। ਬੇਨਤੀ ਕਦੇ ਨਾ ਕਰੇ, ਪਾਕ ਮੁਹੱਬਤ ਤਾਂ ਧਰਮ ਹੈ।
ਬੇਗਮ— ਬਹੁਤ ਸੋਚ ਚੁਕੀ, ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਦੇਸ਼ ਕਾਬੂ ਰੱਖਣ ਦੇ ਬਥੇਰੇ ਹਥਕੰਡੇ ਜਾਣਦੀ ਹਾਂ। ਇਕ ਤੁਸੀਂ ਕਿਹਾ ਨਾ ਮੋੜੋ।
ਸਿੰਘ ਜੀ- ਮੈਂ ਇਹ ਸੰਜੋਗ ਨਹੀਂ ਕਰ ਸਕਦਾ, ਮੈਂ ਸਿੰਘ ਹਾਂ।
ਬੇਗਮ— ਮੈਂ ਤੁਹਾਡੀ ਆਪਣੀ ਬਣਨਾ ਚਾਹੁੰਦੀ ਹਾਂ, ਮੈਂ ਪਰਾਈ ਬਣ ਕੇ ਤਾਂ ਕੁਛ ਨਹੀਂ ਕਿਹਾ। ਤੁਸੀਂ ਕਿਉਂ ਹੋਰ ਧੁਨ ਵਿਚ ਚਲੇ ਜਾਂਦੇ ਹੋ? ਮੈਂ ਵਿਆਹ ਦੀ ਚਾਹਵਾਨ ਹਾਂ, ਵਿਆਹ ਪਾਕ ਰਿਸ਼ਤਾ ਹੈ। ਕੇਵਲ ਚੋਰੀ ਰੱਖਣਾ ਹੈ।
ਸਿੰਘ ਜੀ- ਮੇਰੀ ਇਸਤ੍ਰੀ ਹੈ, ਮੈਂ ਇਕ ਨੂੰ ਆਪਣੀ ਬਣਾ ਚੁਕਾ ਹਾਂ। ਬੇਗਮ- ਸਾਡੇ ਵਿਚ ਤਾਂ ਚਾਰ ਤਕ ਦੀ ਆਗ੍ਯਾ ਹੈ।
ਸਿੰਘ ਜੀ- ਮੈਂ ਇਕ ਤੋਂ ਵਧੀਕ ਨੂੰ ਆਪਣੇ ਲਈ ਚੰਗਾ ਨਹੀਂ ਜਾਣਦਾ। ਪਿਆਰ ਹੈ ਤੇ ਪਵਿੱਤ੍ਰ ਹੈ ਤਾਂ ਤੁਸੀਂ ਮੈਨੂੰ ਪੁੱਤ੍ਰ ਸਮਝ ਲਓ। ਪੁੱਤ੍ਰ ਬਣਾ ਕੇ ਤੁਸੀਂ ਮੇਰੇ ਨਾਲ ਪਿਆਰ ਕਰ ਸਕਦੇ ਹੋ ਤੇ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ। ਪ੍ਰੇਮ ਤਾਂ ਐਉਂ ਬੀ ਨਿਭ ਸਕਦਾ ਹੈ।
ਬੇਗਮ— ਇਨ੍ਹਾਂ ਟਾਲਿਆਂ ਨਾਲ ਕੁਝ ਨਹੀਂ ਬਣਦਾ। ਮੇਰੇ ਮਨ ਨੇ ਬਹੁਤ ਸੋਚ ਲਿਆ ਹੈ, ਬਹੁਤ ਵਿਚਾਰ ਲਿਆ ਹੈ, ਹੁਣ ਮਗਜ਼ ਸੋਚ ਦਾ ਹੋਰ ਭਾਰ ਨਹੀਂ ਚੁੱਕ ਸਕਦਾ।
ਇਹ ਕਹਿੰਦੇ ਹੀ ਬੇਗਮ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਦੇਹ ਕੰਬ ਪਈ। ਬਿਜੈ ਸਿੰਘ ਦਾ ਹੱਥ ਫੜ ਕੇ ਘੁੱਟਿਓ ਸੁ, ਕੁਝ ਬੋਲੀ, ਪਰ ਸੰਘ ਆਵਾਜ਼ ਨਾ ਨਿਕਲੀ। ਬਿਜੈ ਸਿੰਘ ਨੇ ਸਹਿਜੇ ਹੱਥ ਛੁਡਾਉਣਾ ਜੇ ਚਾਹਿਆ ਪਰ ਹੱਥ ਨਾ ਛੁੱਟ ਸਕਿਆ। ਕੁਝ ਚਿਰ ਸਿੰਘ ਜੀ ਅੱਖਾਂ ਮੀਟਕੇ ਬੈਠੇ ਰਹੇ ਪਰ ਫੇਰ ਇਕ ਜੋਸ਼ ਦਾ ਛੜੱਕਾ ਦੇ ਕੇ ਹੱਥ ਛੁਡਾਕੇ ਚਲੇ ਗਏ। ਕੁਝ ਚਿਰ ਨੂੰ ਸੂਰਜ ਬੀ ਚੜ੍ਹ ਪਿਆ, ਉਸ ਦੀਆਂ ਕਿਰਨਾਂ ਬੇਗਮ ਦੇ, ਜੋਸ ਲਹਿ ਜਾਣ ਕਰਕੇ, ਪੀਲੇ ਤੇ ਨਿਰਬਲ ਹੋਏ ਚਿਹਰੇ ਤੇ ਪੈ ਕੇ ਉਸ ਦੀ ਇਕ ਵਹਿਸਤ ਦੀ ਸ਼ਕਲ ਬਨਾਉਣ ਲੱਗ ਪਈਆਂ। ਅੰਤ੍ਰੰਗ ਸਖੀਆਂ, ਜੋ
19. ਕਾਂਡ
ਬੇਗ਼ਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ, ਇਸ ਗੱਲ ਤੋਂ ਬੀ ਡਰਦੀ ਹੁਣ ਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ। ਅੰਤ ਬੇਗ਼ਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪਾਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।
ਸ਼ੀਲਾ— ਇਸ ਵਿਚ ਕੀ ਹੈ?
ਗੋਲੀ- ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਤ੍ਰਿਤਘਣ ਬਣਦੀ ਹਾਂ। ਹਾਇ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ ਅਰ ਲੁਕੀ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ! ਇਸ ਵਿਚ ਜ਼ਹਿਰ ਹੈ: ਜੇ ਤੁਹਾਡੇ ਵਾਸਤੇ, ਤੁਹਾਡੇ ਪਤੀ ਨੇ ਘੱਲੀ ਹੈ।
ਸ਼ੀਲਾ— ਕਦੀ ਨਹੀਂ, ਪਿਆਰੇ ਪਤੀ ਜੀ ਵੱਲੋਂ ਜੇ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ! ਪਰ ਪਤੀ ਜੀ ਦੀ ਘੱਲੀ ਹੋਈ ਇਹ ਚੀਜ਼ ਨਹੀਂ ਹੈ। ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ, ਉਹ ਸੱਚਾ ਸਿੰਘ ਹੈ, ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ।
ਗੋਲੀ- (ਠਿਠਰਕੇ) ਬੀਬੀ ਜੀ! ਤੂੰ ਤਾਂ ਡਾਢੀ ਕੋਈ ਦਿਲਾਂ ਦੀ ਜਾਨਣਹਾਰ ਹੈਂ। ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ। ਇਹ ਬੇਗ਼ਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤਕ ਬੇਗਮ ਦਾ ਹੁਕਮ ਨਹੀਂ ਮੰਨਿਆ। ਦੁਨੀਆਂ ਦਾ ਕੋਈ ਲਾਲਚ ਨਹੀਂ ਜੋ ਬੇਗਮ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ, ਪਰ ਉਨ੍ਹਾਂ ਪੁਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗ਼ਮ ਨੇ ਤੁਹਾਥੋਂ ਉਨ੍ਹਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਨ੍ਹਾਂ ਦੇ ਉਦਾਲੇ ਰਹਿੰਦੀਆਂ ਅਰ ਉਨ੍ਹਾਂ ਨੂੰ ਸਮਝਾਉਂਦੀਆਂ ਹਨ, ਪਰ ਉਨ੍ਹਾਂ ਨੇ ਬੀ ਮਨੋਂ ਧਾਰੀ ਜਾਪਦੀ ਹੈ ਅਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉਡਦੀਆਂ ਵਾਂਙ ਉਨ੍ਹਾਂ ਨੂੰ ਦੇਖਦੇ ਹਨ। ਕੱਲ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਹੇ ਬੇਗਮ! ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ ਪਰ ਬੇਗ਼ਮ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ। ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵਹੁਟੀ ਨੂੰ ਲੈ ਗਿਆ ਹੈ ਪਰ ਓਹ ਅਮੈਨਾਂ ਨਹੀਂ ਕਰਦੇ।
ਸ਼ੀਲਾ— ਹੱਛਾ ਜੋ ਕਰਤਾਰ ਨੂੰ ਭਾਵੇ। ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ, ਮੈਂ ਤਾਂ ਉਹ ਜਾਣੇ ਸਦਕੇ ਕੀਤੀ ਉਹਨਾਂ ਦੇ ਚਰਨਾਂ ਉਤੋਂ।
ਗੋਲੀ- ਸਾਬਾਸ ਤੁਹਾਡੇ ਜਨਮ ਦੇ ਅਰ ਤੁਹਾਡੇ ਧਰਮ ਦੇ, ਪਤਿਬਤਾ ਹੋਣ ਦੇ। ਤੁਸੀਂ ਤਾਂ ਕੋਈ ਦੇਉਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ ਨੂੰ ਨਹੀਂ ਸਮਝਦੀ!
ਭੁਜੰਗੀ— ਭਲਾ ਜੇ ਅਸੀਂ ਨਾ ਪੀਵੀਏ ਤਾਂ!
ਗੋਲੀ- ਫੇਰ ਕਤਲ ਕੀਤੇ ਜਾਓਗੇ। ਇਹ ਬੇਗਮ ਫੈਸਲਾ ਕਰ ਚੁਕੀ ਹੈ।
ਸ਼ੀਲਾ- ਸਤਿ ਬਚਨ, (ਪੁੱਤ੍ਰ ਵੱਲ) ਬਰਖੁਰਦਾਰ! ਇਕ ਦਿਨ ਮਰਨਾ ਹੈ ਅਰ ਮੇਰਾ ਤੇਰਾ ਸਿੰਘ ਹੁਰਾਂ ਦੇ ਨਾਲ ਇਸ ਕਿਲ੍ਹੇ ਵਿਚੋਂ ਜੀਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ, ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਛ ਸੌਖਾ ਹੈ। ਉਹ ਸਿੰਘ ਹਨ ਕਿਲ੍ਹੇ ਦੇ ਉਸ ਦਿਨ ਵਾਲੀ ਬਾਹੀ ਤੋਂ ਟੱਪ ਕੇ ਬੀ ਜਾ ਸਕਦੇ ਹਨ, ਪਰ ਮੈਂ ਤੀਵੀਂ ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ। ਦੂਸਰੀ ਗੱਲ ਇਹ ਹੈ ਕਿ 'ਤੇਰਾ ਪਿਤਾ ਧਰਮ ਹਾਰੇ ਇਹ ਬੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਨ੍ਹਾਂ ਦੇ ਹਿਰਦੇ ਨੂੰ ਪ੍ਰੇਰ ਸਕੇ। ਉਨ੍ਹਾਂ ਨੂੰ ਜੇ ਕੇਵਲ ਆਪਣਾ ਹੀ ਫ਼ਿਕਰ ਹੋਵੇ ਤਦ ਜਿੰਦ ਅਰ ਧਰਮ ਦੁਹਾਂ ਦਾ ਬਚਾ ਲੈਣਾ ਉਨ੍ਹਾਂ ਲਈ ਸੌਖੇਰਾ ਹੈ, ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗਲੇਗਾ, ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤ੍ਰ ਹੋਕੇ ਆਪਣਾ ਆਪ ਬਚਾ ਲੈਣ। ਤੇਰੇ ਲਈ, ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਉਣਾ ਹੀ ਭਲਾ ਹੈ, ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ, ਮੇਰੇ ਬੱਚੜੇ! ਚਲਣਾ ਹੀ ਚੰਗਾ ਹੈ। ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਨ੍ਹਾਂ ਨੇ ਅੱਪੜਨ ਨਹੀਂ ਦੇਣਾ, ਅਰ ਕਈ ਤਰ੍ਹਾਂ ਦੇ ਦਾਬੇ ਤੇ ਲਾਲਚ ਤੈਨੂੰ ਦੇਣਗੇ, ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁਲ ਕਰ ਬੈਠੇ ਤੇ ਖਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੁੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਤੇਰਾ ਲਹੂ ਪਵਿੱਤ੍ਰ ਤੇ ਦਿਲ ਬਲ ਵਾਲਾ ਹੈ ਪਰ ਅਵਸਥਾ ਛੋਟੀ ਹੋਣ ਕਰਕੇ ਦਿਲ
ਮਾਂ ਦਾ ਉਪਦੇਸ਼ ਬੱਚੇ ਦੇ ਦਿਲ ਵਿਚ ਘਰ ਕਰ ਗਿਆ। ਗੋਲੀ ਪਾਸ ਬੈਠੀ ਬਿਟਰ ਬਿਟਰ ਤੱਕ ਰਹੀ ਹੈ। ਮਾਂ ਪੁੱਤ ਨੇ ਗਟ-ਗਟ ਕਰਕੇ ਪਿਆਲੇ ਪੀ ਲਏ, ਗੋਲੀ ਦੀ ਚਰਨੀਂ ਹੱਥ ਲਾਕੇ ਕਿਹਾ ਕਿ ਪਤੀ ਜੀ ਨੂੰ ਕਿਸੇ ਤਰ੍ਹਾਂ ਸੁਨੇਹਾ ਪੁਚਾ ਦੇਈਂ ਕਿ ਅਸੀਂ ਹੁਣ ਸੰਸਾਰ ਪਰ ਨਹੀਂ ਹਾਂ ਤੇ ਤੁਸੀਂ ਆਪਣਾ ਆਪ ਲੈ ਕੇ ਤਿਲਕ ਜਾਓ! ਗੋਲੀ ਹੱਕੀ ਬੱਕੀ ਪੱਥਰ ਮੂਰਤੀ ਹੋਈ ਦੁਹਾਂ ਦੇ ਚਰਨਾਂ ਉਤੇ ਮੱਥਾ ਟੇਕ ਕੇ ਵਿਦਾ ਹੋਈ ਤੇ ਮਾਂ ਪੁੱਤ ਪਾਠ ਕਰਨ ਲੱਗ ਪਏ।
ਪਲ ਕੁ ਮਗਰੋਂ ਬੇਗ਼ਮ ਆ ਪਹੁੰਚੀ। ਸ਼ੀਲਾ ਨੇ ਇਕ ਤੀਲਾ ਅੱਗੇ ਕਰਕੇ ਕਿਹਾ— ਭੈਣ ਜੀ! ਏਥੇ ਹੋਰ ਕੁਝ ਨਹੀਂ ਜੋ ਆਪ ਨੂੰ ਬੈਠਣ ਵਾਸਤੇ ਦੇਵਾਂ। ਬੈਠੀਏ, ਜੀ ਆਇਆਂ ਨੂੰ ਮੇਰੇ ਸਿਰ ਮੱਥੇ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ।
ਬੇਗ਼ਮ- ਸ਼ੀਲ ਕੌਰ! ਤੂੰ ਡਾਢਾ ਠੰਢਾ ਘੜਾ ਹੈਂ, ਮੈਂ ਸੁਣਿਆ ਹੈ ਕਿ ਤੇਰੇ ਪਤੀ ਨੇ ਤੈਨੂੰ ਜ਼ਹਿਰ ਦੇ ਦਿੱਤੀ ਹੈ, ਮੇਰੇ ਤੇ ਹੱਥਾਂ ਦੇ ਤੋਤੇ ਉੱਡ ਗਏ ਹਨ। ਦੌੜੀ ਆਈ ਹਾਂ, ਕਿਸ ਗੱਲੇ ਤੇਰੇ ਨਾਲ ਧਰੋਹ ਕੀਤਾ ਸੁ? ਮੈਨੂੰ ਤਾਂ ਤੇਰੀ ਕੈਦ ਦਾ ਪਤਾ ਬੀ ਹੁਣੇ ਲਗਾ ਹੈ, ਮੇਰੇ ਅੱਗੇ ਬਿਜੈ ਸਿੰਘ ਟਾਲੇ ਕਰਦਾ ਰਿਹਾ ਹੈ, ਮੈਂ ਪੁੱਛਾਂ ਕਿੱਥੇ ਹੈ ਤਦ ਕਹਿ ਛੱਡੇ ਕਿ ਸ਼ਹਿਰ ਵਿਚ ਗਈ ਹੈ। ਮੈਂ ਭੋਲੀ ਕੀ ਜਾਣਾਂ?
ਅੱਜ ਪਤਾ ਲੱਗਾ ਜੋ ਉਸ ਦਾ ਦਿਲ ਇਕ ਗੋਲੀ ਨੇ ਭਰਮਾ ਲਿਆ ਹੈ ਤੇ ਉਸਦੇ ਬਦਲੇ ਤੁਹਾਨੂੰ ਮਾਰਦਾ ਹੈ। ਪਰ ਤੂੰ ਘਾਬਰ ਨਹੀਂ, ਮੈਂ ਹਕੀਮ ਨੂੰ ਸੱਦਿਆ ਹੈ, ਹੁਣੇ ਤੁਹਾਡਾ ਇਲਾਜ ਕਰਦਾ ਹੈ। (ਅੱਖਾਂ ਵਿਚ ਹੰਝੂ) ਪਿਆਰੀ ਭੈਣ! ਤੂੰ ਚਿੰਤਾ ਨਾ ਕਰ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ।
ਸ਼ੀਲ ਕੌਰ- ਭੈਣ ਜੀ! ਹਕੀਮਾਂ ਦੀ ਲੋੜ ਨਹੀਂ, ਨਾ ਹੀ ਪਤੀ ਜੀ ਨੇ ਮੈਨੂੰ ਜ਼ਹਿਰ ਦਿੱਤੀ ਹੈ; ਇਹ ਫਲ ਤਾਂ ਮੇਰੇ ਹੀ ਖੋਟੇ ਕਰਮਾਂ ਦਾ ਹੈ। ਇਹ ਪ੍ਰਭੂ ਦਾ ਭਾਣਾ ਹੈ ਜੋ ਖੁਸ਼ੀ ਨਾਲ ਝੱਲਣਾ ਹੈ। ਤੁਹਾਨੂੰ ਮੈਂ ਭੈਣ ਕਿਹਾ ਸੀ, ਸੋ ਸ਼ੁਕਰ ਹੈ ਕਿ ਅੰਤ ਤਕ ਮੇਰੀ ਵਲੋਂ ਨਿਭ ਗਿਆ। ਜੇ ਕੋਈ ਮੇਰੀ ਭੁੱਲ ਚੁੱਕ ਹੋਵੇ ਤਾਂ ਬਖ਼ਸ਼ਣੀ।page_breakਬੇਗਮ— ਭੈਣ ਜੀ! ਮੇਰਾ ਕੌਣ ਹੈ (ਅੱਖਾਂ ਵਿਚ ਹੰਝੂ) ਤੂੰ ਮੇਰੀ ਧਿਰ ਸੈਂ, ਤੂੰ ਡਰ ਗਈਓਂ ਤਾਂ ਮੈਂ ਕੀ ਕਰਾਂਗੀ? ਮੇਰੀ ਮਾਂ ਤੂੰ ਸੈਂ, ਭੈਣ ਤੂੰ ਸੈ, ਦੁੱਖਾਂ ਦੀ ਦਰਦਣ ਤੂੰ ਸੋਂ, ਗਮਾਂ ਦੀ ਵੰਡਣ ਵਾਲੀ ਤੂੰ ਸੈਂ। (ਹੱਥ ਜੋੜ ਕੇ) ਭੈਣ। ਮੈਨੂੰ ਵਾਹ ਲਾ ਲੈਣ ਦੇਹ, ਇਲਾਜ ਕਰਾ ਲੈਣ ਦੇਹ।
ਸੀਲਾ- ਭੈਣ ਜੀ! ਤੁਸੀਂ ਆਰਾਮ ਕਰੋ। ਮੇਰਾ ਜੀ ਘਾਬਰਦਾ ਹੈ, ਹੁਣੇ ਜਿੰਦ ਟੁੱਟਣ ਹੀ ਲਗਣ ਵਾਲੀ ਹੈ, ਤੁਸੀਂ ਦੇਖਕੇ ਘਾਬਰਗੇ, ਮੇਰਾ ਗਿਲਾ ਆਪ ਤੇ ਨਹੀਂ, ਮੇਰੀ ਵਲੋਂ ਚਿੱਤ ਨੂੰ ਠੰਢਿਆਂ ਰਖੋ, ਕਿਸੇ ਪ੍ਰਕਾਰ ਦਾ ਰੰਜ ਮੇਰੇ ਚਿਤ ਵਿਚ ਨਹੀਂ, ਜੇ ਹੁੰਦਾ ਬੀ ਤਾਂ ਮੈਂ ਬਖਸਦੀ ਤੁਸੀਂ ਜਾਓ, ਮੇਰੇ ਪਤੀ ਤੇ ਕ੍ਰਿਪਾ ਕਰਨੀ ਤੇ ਉਸ ਨੂੰ ਇਸ ਕਿਲ੍ਹੇ ਵਿਚੋਂ ਛੁਟਕਾਰਾ ਬਖ਼ਸ ਦੇਣਾ, ਬਸ ਇੰਨੀ ਵਾਸਨਾ ਹੈ ਜੇ ਆਪ ਪੂਰਨ ਕਰੋ ਤਾਂ ਚੰਗਾ।
ਇਸ ਵੇਲੇ ਇਕ ਸਿਖਾਈ ਹੋਈ ਗੋਲੀ ਦੌੜੀ ਦੌੜੀ ਆਈ ਅਰ ਘਾਬਰੀ ਹੋਈ ਬੋਲੀ:-
'ਬੇਗਮ ਜੀ! ਹਨੇਰ ਹੈ ਗਿਆ।" ਇਹ ਸੁਣਕੇ ਬੇਗਮ ਹਫਲਾਤਫਲੀ ਦੀ ਮਾਰੀ ਚਲੀ ਗਈ। ਉਧਰ ਮਾਂ ਪੁਤ੍ਰ ਨੂੰ ਜ਼ੋਰ ਨਾਲ ਉੱਪਰ ਛਲਾਂ ਸ਼ੁਰੂ ਹੋ ਗਈਆਂ। ਆਂਦਰਾਂ ਤੋੜ ਤੋੜ ਤੇ ਓਝਰੀ ਨੂੰ ਪੁੱਠੇ ਕਰ ਦੇਣ ਵਾਲੀਆਂ ਕੈਆਂ ਨੇ ਜ਼ਹਿਰ ਦੀ ਬਹੁਤ ਸਾਰੀ ਐਸ ਕੱਢ ਦਿੱਤੀ: ਪਰ ਕਮਜ਼ੋਰੀ ਅਰ ਬੇਹੋਸੀ ਨੇ ਦੁਹਾਂ ਨੂੰ ਐਸਾ ਕਰ ਦਿੱਤਾ ਕਿ ਜਿੰਕੁਰ ਕੋਈ ਜੀਉਂਦਾ ਨਹੀਂ ਹੈ। ਸਾਰਾ ਦਿਨ ਬੇਸੁਧ ਪਿਆਂ ਬੀਤ ਗਈ, ਸੰਝ ਹੋਈ ਤਾਂ ਬੇਗ਼ਮ ਦੇ ਹੁਕਮ ਨਾਲ ਲੇਥਾਂ ਦਰਿਯਾ ਵਿਚ ਸੁੱਟਣੇ ਲਈ ਘੱਲੀਆਂ ਗਈਆਂ। ਪਰ ਸੁੱਟਣ ਵਾਲਿਆਂ ਨੇ ਕੁਛ ਦੂਰੋਂ ਰੌਲਾ ਸੁਣ ਕੇ ਤੇ ਡਰ ਕੇ ਕਿ ਮਤੇ ਕੋਈ ਸਿੱਖ ਦਸਤਾ ਨਾ ਆ ਰਿਹਾ ਹੋਵੇ, ਛੇਤੀ ਨਾਲ ਕਿਲ੍ਹੇ ਦੇ ਬਾਹਰ ਉਪਰਲੇ ਪਾਸੇ ਉਜਾੜ ਵਿਚ ਪਵਿੱਤ੍ਰ ਦੇਹੀਆਂ ਮਲਕੜੇ ਰਖ ਦਿੱਤੀਆਂ ਤੇ ਆਪ ਭੱਜ ਆਏ। ਬੇਗ਼ਮ ਦੇ ਭਾਣੇ ਉਹ ਮਰ ਚੁਕੇ ਸਨ ਅਰ ਚੁੱਕਣ ਵਾਲਿਆਂ ਨੇ ਬੀ ਧਿਆਨ ਨਹੀਂ ਦਿੱਤਾ ਸੀ। ਬੇ-ਖਿਆਲੇ ਉਹ ਹਨੇਰੀ ਰਾਤ ਵਿਚ ਲੋਥਾਂ ਸਮਝ ਕੇ ਉਜਾੜ ਵਿਚ ਧਰ ਆਏ, ਜਿੱਥੇ ਉਹ ਪਈਆਂ ਅੰਤ ਵਿਚ ਮਾਨੂੰ ਅੰਤ ਹੋ ਰਹੀਆਂ ਸਨ। ਮਖ਼ਮਲੀ ਸੇਜਾਂ ਉਤੇ ਲੇਟਣ ਵਾਲੇ ਪਿੰਡੇ ਕਰੜੀ ਜ਼ਮੀਨ ਤੇ ਪਏ ਹੋਏ ਸਨ। ਟੱਬਰਾਂ ਤੋਂ ਵਿਛੜੇ ਹੋਏ ਧਰਮੀ ਇਕ ਇਕੱਲੇ ਬਨ ਪਸ਼ੂਆਂ ਦੀਆਂ ਲੋਥਾਂ ਵਾਂਙ ਧਰੇ ਪਏ ਹਨ। ਆਕਾਸ਼ ਵਿਚ ਤਾਰਾ
ਕਿਲ੍ਹੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ ਪਰ ਸਜੇ ਹੋਏ ਕਮਰੇ ਵਿਚ ਇਕ ਮੋਰ ਪੰਖ ਦੀ ਉਣਤ ਪਲੰਘ ਪੁਰ ਬਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿਚ ਬੈਠੇ ਐਉਂ ਸਜ ਰਹੇ ਹਨ, ਜਿਵੇਂ ਗਿੱਟੀਆਂ ਵਿਚ ਕੋਈ ਤਾਰਾ। ਇਹ ਬੇਗ਼ਮ ਦੀਆਂ ਅੰਤ੍ਰਿੰਗ ਸਖੀਆਂ ਹਨ, ਜੋ ਬਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖ੍ਯਾ ਥਿੰਧੇ ਘੜੇ ਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ। ਕੋਈ ਰਾਤ ਦੇ ਸਵਾ ਪਹਿਰ ਬੀਤੇ ਤਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ। ਹੁਣ ਬੇਗ਼ਮ ਆਪ ਆਈ 'ਸਿੰਘ ਜੀ ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ। ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ, ਇਹ ਮੇਰੇ ਖੱਬੇ ਹੱਥ ਦਾ ਕਰਤਬ ਹੈ। ਆਪਣੇ ਤੇ ਤਰਸ ਕਰੋ, ਇਹ ਸੁੰਦਰਤਾ ਬਨ ਦੇ ਫੁੱਲਾਂ ਵਾਂਙ ਐਵੇਂ ਨਾ ਸੜ ਜਾਵੇ। ਰਚਣਹਾਰ ਨੇ ਕਿਨ੍ਹਾਂ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ, ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ, ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ ਦੀਆਂ ਵੰਨਗੀਆਂ ਨੂੰ ਕੱਠਾ ਕਰਕੇ ਉਸਨੇ ਇਕ ਪੁਤਲਾ ਬਣਾ ਕੇ ਬਿਜੈ ਸਿੰਘ ਨਾਮ ਧਰ ਕੇ ਸੰਸਾਰ ਵਿਚ ਘੱਲ ਦਿੱਤਾ ਹੈ। ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿਤ ਸ਼ਾਹਜ਼ਾਦੇ! ਕੁਛ ਬੋਲੋ ਤਾਂ ਸਹੀ??
ਸਿੰਘ ਜੀ- ਹੇ ਪ੍ਰਜਾ ਮਾਤਾ! ਤੇਰੇ ਸੰਕਲਪ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂੰ, ਜਿਥੋਂ ਕੁਝ ਨਹੀਂ ਬਣਨਾ, ਉਥੋਂ ਸੁਖਾਂ ਦੀ ਆਸ ਕਰ ਰਹੇ ਹਨ, ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈਂ, ਇਹ ਸਭ ਦੁੱਖ ਰੂਪ ਹਨ। ਜਿਹੜਾ
ਸੁਖੁ ਮਾਗਤ ਦੁਖੁ ਆਗੈ ਆਵੈ॥
ਸੋ ਸੁਖੁ ਹਮਹੁ ਨਾ ਮਾਂਗਿਆ ਭਾਵੈ॥
(ਗਉ: ਕਬੀ: ਪੰਨਾ-੩੩੦)
ਧਤੂਰੇ ਦਾ ਇਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੁਹਣੇ ਫਲ ਲਗਦੇ ਹਨ। ਪਰ ਹਾਇ! ਕਿਤਨੇ ਅਨਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ ਅਰ ਕਿਹੀ ਕਰੜੀ ਵਿਹੁ ਉਸ ਵਿਚੋਂ ਫੈਲਦੀ ਹੈ। ਜੜ੍ਹਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿਚ ਵਿਹੁ ਭਰੀ ਹੁੰਦੀ ਹੈ ਫਿਰ ਇਕ ਵੇਰ ਵੀ ਬੱਸ ਨਹੀਂ, ਹਰ ਵੇਰ ਵਿਹੁ ਦੇ ਫਲ ਲਗਦੇ ਹਨ, ਮਾਨੋਂ ਉਸ ਬੂਟੇ ਦਾ ਇਕ ਸੋਮਾਂ ਬਣ ਜਾਂਦਾ ਹੈ, ਜਿਸ ਵਿਚੋਂ ਸਦਾ ਵਿਹੁ ਦੀ ਨਦੀ ਵਗਦੀ ਰਹਿੰਦੀ ਹੈ।
ਭੈੜੀਆਂ ਵਾਸ਼ਨਾਂ ਦਾ ਰੂਪ ਮੇਹ ਨਾਲੋਂ ਸੁਹਣਾ ਲੱਗਦਾ ਹੈ, ਪਰ ਉਨ੍ਹਾਂ ਤੇ ਅਮਲ ਕਰਨਾ ਸੱਪ ਦਾ ਵਿਹੁ ਹੁੰਦਾ ਹੈ। ਭੰਬਟ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ, ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ ਅਧੀਨ ਹੋ ਨੇੜੇ ਢੁੱਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ਼ ਤੜਫ਼ ਮਰਦਾ ਹੈ। ਬੇਗ਼ਮ! ਇਸ ਵਾਸਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ, ਮੁਨੀ, ਪੀਰ, ਔਲੀਏ ਡੇਗੇ, ਰਾਜਿਆਂ ਦੇ ਰਾਜ ਗੁਆਏ ਹਨ, ਫ਼ਕੀਰਾਂ ਦੀਆਂ ਫ਼ਕੀਰੀਆਂ ਮਿੱਟੀ ਵਿਚ ਮਿਲਾਈਆਂ, ਤੇਜੱਸ਼ੀਆਂ ਦੇ ਤੇਜ ਇਸ ਨੇ ਗੁਆਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ਤੇ ਮਜ਼ਬੂਤ ਹੋ ਕੇ ਖੜੋਵੇ। ਭਿਖਾਰੀ ਖਾਂ ਵਾਲਾ ਤਜਰਬਾ ਉਸਤਾਦ ਬਣਨਾ ਚਾਹੀਏ।
ਬੇਗ਼ਮ- ਹੇ ਕੋਰੜ ਮੋਠ! ਅਭਿੱਜ ਪੱਥਰ! ਮੁਲਾਣਿਆਂ ਵਾਂਗ ਵਾਇਜ਼ਾਂ * ਨਾ ਸੁਣਾ; ਏਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛੁਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੁਹਣੇ ਸੁਹਣੇ ਦਿਨ ਧਰਮ ਦੇ ਡਰ ਕਰ ਕੇ ਗੁਆ ਲਏ।
–––––––––––
ਸਿੰਘ- ਹੇ ਪ੍ਰਜਾ ਦੀ ਮਾਤਾ! ਕਾਲ ਬਿਤੀਤ ਹੋ ਰਿਹਾ ਹੈ ਜੇ ਧਰਮ ਵਿਚ ਬੀਤੇ ਤਦ ਬੀ ਜੋ ਅਧਰਮ ਵਿਚ ਬੀਤੇ ਤਦ ਬੀ; ਮਨ ਦੀਆਂ ਮੌਜਾਂ ਮਾਣਨ ਵਿਚ ਬੀਤੇ ਤਦ ਬੀ, ਨਾ ਮਾਣਨ ਵਿਚ ਬੀਤੇ ਤਦ ਬੀ, ਹਾਂ ਕਾਲ ਨੇ ਬੇਪ੍ਰਵਾਹ ਆਪਣੇ ਨਿਯਮਾਂ ਵਿਚ ਤੁਰੇ ਜਾਣਾ ਹੈ। ਪਿੱਛੋਂ ਤਾਂ ਭਲੇ ਕਰਮਾਂ ਦੀ ਖੁਸ਼ੀ ਤੇ ਬਲ ਪੱਲੇ ਰਹਿ ਜਾਂਦਾ ਹੈ ਜਾਂ ਮਾੜਿਆਂ ਦਾ ਪਛੁਤਾਵਾ ਤੇ ਕਮਜ਼ੋਰੀ। ਕਾਲ ਦੇ ਰਥ ਨੂੰ ਭਲਾ ਬੁਰਾ ਦੋ ਪਿੰਜ ਹਨ। ਇਨ੍ਹਾਂ ਪਿੰਜਾਂ ਦੀਆਂ ਦੋ ਲੀਹਾਂ ਪੈਂਦੀਆਂ ਜਾਂਦੀਆਂ ਹਨ, ਇਕ ਪਛੁਤਾਵਾ ਇਕ ਪ੍ਰਸੰਨਤਾਈ। ਰਥ ਪਹੀਆਂ ਸਮੇਤ ਲੰਘ ਜਾਂਦਾ ਹੈ, ਪਰ ਲੀਹਾਂ ਰਹਿ ਜਾਂਦੀਆਂ ਹਨ। ਤੁਸੀਂ ਉੱਚੇ ਘਰਾਣੇ ਦੇ ਹੋ। ਮੁਸਲਮਾਨ ਘਰਾਂ ਦਾ ਮੈਨੂੰ ਠੀਕ ਥਹੁ ਨਹੀਂ, ਪਰ ਹਿੰਦੂ ਘਰਾਂ ਵਿਚ ਜਿਨ੍ਹਾਂ ਇਸਤ੍ਰੀਆਂ ਨੂੰ ਰੰਡੇਪੇ ਦਾ ਦੁੱਖ ਪੈ ਜਾਂਦਾ ਹੈ ਓਹ ਸਤਿ ਧਰਮ ਵਿਚ ਬੈਠਕੇ ਉਮਰ ਕੱਟ ਲੈਂਦੀਆਂ ਹਨ, ਉਨ੍ਹਾਂ ਨੂੰ ਬੇਬੇ ਜੀ ਕਰਕੇ ਸਦਦੇ ਹਨ ਅਰ ਚੰਗਾ ਸਤਿਕਾਰ ਕਰਦੇ ਹਨ, ਪਰ ਜੇ ਇਸਤ੍ਰੀਆਂ ਮਨ ਦੀਆਂ ਖੋਟੀਆਂ ਵਾਸ਼ਨਾਂ ਦੇ ਮਗਰ ਲੱਗ ਕੇ ਅੱਗੇ ਪਿੱਛੇ ਦੀ ਸੋਚ ਛੱਡ ਦਿੰਦੀਆਂ ਹਨ, ਉਨ੍ਹਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ। ਜਿਨ੍ਹਾਂ ਪਾਪੀਆਂ ਨੂੰ ਉਹ ਭੁਲੇਖੇ ਵਿਚ ਫਸ ਕੇ ਸੱਜਣ ਜਾਣ ਬੈਠਦੀਆਂ ਹਨ ਓਹ ਨਾਲ ਨਹੀਂ ਨਿਭਦੇ। ਉਸ ਸਮੇਂ ਉਹਨਾਂ ਵਿਚਾਰੀਆਂ ਨੂੰ ਪਤਾ ਲੱਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿਖ੍ਯਾ ਨਾ ਮੰਨੀ ਤੇ ਮਨ ਦੇ ਵੇਗ ਦੇ ਮਗਰ ਲੱਗੀਆਂ 'ਫਿਰ ਪਛੁਤਾਏ ਕਿਹਾ ਹੋਇ ਜਬ ਚਿੜੀਆਂ ਚੁਗ ਗਈਂ ਖੇਤ।' ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਦਾ ਸੁਆਦ ਪਿੱਛੋਂ ਮਲੂਮ ਹੁੰਦਾ ਹੈ। ਜੇ ਕੋਈ ਅੱਕ ਦੇ ਫਲ ਨੂੰ ਅੰਬ ਸਮਝੇ ਤੇ ਸਿਆਣੇ ਦਾ ਕਿਹਾ ਨਾ ਮੰਨੇ ਤਾਂ ਕੀ ਹੁੰਦਾ ਹੈ?
ਬੇਗਮ (ਜ਼ਰਾ ਤਿਣਕ ਕੇ) ਸਿੰਘ ਜੀ! ਸਿਖ੍ਯਾ ਠੀਕ ਹਨ।...ਦੇਣੀਆਂ ਸੁਖਾਲੀਆਂ ਹਨ ਪਰ ਮੈਂ ਕੋਈ ਬਦੀ ਦੀ ਗੱਲ ਨਹੀਂ ਕੀਤੀ। ਕੀਹ ਤੁਸਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਮਨ੍ਹੇ ਹੈਨ?
ਸਿੰਘ ਜੀ- ਸਿੱਖਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਦੀ ਤਾਂ ਖੁੱਲ੍ਹ ਹੈ, ਪਰ ਵਿਵਾਹ ਹੋਵੇ ਤਾਂ। ਵਿਵਾਹ ਇਕ ਪਵਿੱਤ੍ਰ ਸੰਬੰਧ ਹੈ ਜੋ ਪਵਿੱਤ੍ਰ ਨਿਯਮ ਨਾਲ ਜਾਇਜ਼ ਹੈ, ਪਰ ਮੈਂ ਤਾਂ ਵਿਵਾਹਿਤ ਹਾਂ।
ਬੇਗ਼ਮ- ਇਸਤ੍ਰੀ ਤਾਂ ਆਪ ਦੀ ਮਰ ਚੁੱਕੀ ਹੈ; (ਹੰਝੂ ਭਰ ਕੇ) ਪ੍ਯਾਰੀ ਸ਼ੀਲ ਕੂਚ ਕਰ ਗਈ।
ਸਿੰਘ ਜੀ–ਅਸੰਭਵ
ਬੇਗਮ— ਨਹੀਂ ਸੱਚ। ਚੂੜ ਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ, ਮੈਂ ਬੀ ਉਸ ਨਾਲ ਤੇਰਨੇਂ ਨਾਂਹ ਨਹੀਂ ਕੀਤੀ ਸੀ, ਤੁਹਾਡੀ ਮਾਤਾ ਬਹੁਤ ਰੋਂਦੀ ਸੀ ਇਸ ਕਰਕੇ ਟਰਨਾ ਪਿਆ ਸੀ, ਤੁਹਾਨੂੰ ਮੈਂ ਅੱਗੇ ਬੀ ਦੱਸ ਚੁੱਕੀ ਹਾਂ, ਪਰ ਹੁਣ ਪੱਕੀ ਖ਼ਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁਤ੍ਰ ਹੇਠ ਦੱਬੇ ਗਏ ਹਨ ਅਰ ਤੁਹਾਡੇ ਭਰਾ ਨੇ ਬੜੀ ਛੇਤੀ ਉਨ੍ਹਾਂ ਦਾ ਦਾਹ ਵੀ ਕਰਵਾ ਦਿੱਤਾ ਹੈ। ਕਾਰਨ ਦਾ ਪਤਾ ਨਹੀਂ, ਪਰ ਇਕ ਮੁਖਬਰ ਨੇ ਖ਼ਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਨ੍ਹਾਂ ਨੂੰ ਮਰਵਾਇਆ ਹੈ ਛੱਤ ਡਿੱਗਣੀ ਬਹਾਨਾ ਹੈ। ਉਸਦੀ ਨੀਯਤ ਇਹ ਹੈ ਕਿ ਕੋਈ ਵਾਰਸ ਹੋਰ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾਂ।
ਸਿੰਘ ਜੀ- ਮੈਂ ਨਹੀਂ ਮੰਨਦਾ।
ਬੇਗਮ— ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ, ਮੈਂ ਤੁਹਾਡੇ ਭਰਾ ਦੀ ਗ੍ਰਿਫ਼ਤਾਰੀ (ਫੜਨ) ਦਾ ਹੁਕਮ ਬੀ ਦੇ ਆਈ ਹਾਂ।
ਸਿੰਘ ਜੀ ਨੇ ਅੱਖਾਂ ਮੀਟ ਲਈਆਂ, ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿਚ ਖੋਹ ਪਈ, ਪਰ ਨਿਸਚੇਵਾਨ ਹਿਰਦੇ ਵਿਚ ਸਤਿਗੁਰਾਂ ਦੀ ਮੂਰਤੀ ਆ ਖੜੋਤੀ ਅਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿਚ ਆਤਮਾ ਦੇ ਨਿੱਤ ਤੇ ਅਮਰ ਹੋਣ ਦਾ ਨਕਸ਼ਾ ਬੱਝ ਗਿਆ ਅਰ ਕਰਮਾਂ ਦੀ ਪ੍ਰਬਲਤਾ ਤੇ ਕਰਤਾਰ ਦੀ ਕ੍ਰਿਪਾ ਨੂੰ ਸੋਚ ਕੇ ਆਤਮਾਂ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੈਮਾਂ ਫੁੱਟ ਪਿਆ। ਦਸ ਕੁ ਮਿੰਟ ਮਗਰੋਂ ਅੱਖਾਂ ਖੁੱਲ੍ਹੀਆਂ, ਦੇ ਕੁ ਟੇਪੇ ਡਿੱਗੇ ਅਰ ਸਿੰਘ ਜੀ ਦੇ ਮੂੰਹ ਸ਼ੁਕਰ ਦਾ ਸ਼ਬਦ ਤਿੰਨ ਵਾਰੀ ਨਿਕਲਿਆ। ਬਿਜੈ ਸਿੰਘ ਨੂੰ ਬੇਗ਼ਮ ਪਰ ਪਤੀਆ ਤਾਂ ਨਹੀਂ ਆਯਾ ਪਰ ਉਸ ਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੁਇ ਮਰਵਾ ਦਿਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ।
ਬੇਗਮ- ਹੁਣ ਦੱਸੋ ?
ਸਿੰਘ ਜੀ- ਕੀ ਦੱਸਾਂ? ਮੇਰਾ ਜਨਮ ਇਸ ਲਈ ਨਹੀਂ ਕਿ ਇਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿਚ ਪੈ ਜਾਵਾਂ, ਮੈ ਤਾਂ ਧਰਮ ਤੇ ਪਰਜਾ ਦੀ ਸੇਵਾ ਲਈ ਜਨਮਿਆ ਹਾਂ। ਸੁੰਦਰ ਪਲੰਘ ਮੇਰੇ ਲਈ
–––––––––
* ਮੌਤ ਰਹਿਤ ਜੇ ਕਦੀ ਨਾ ਮਰੇ।
ਸੂਲਾਂ ਦੀ ਸੇਜਾਂ ਹਨ, ਬਨਾਂ ਵਿਚ ਕੰਡਿਆਂ ਪਰ ਭਰਾਵਾਂ ਨਾਲ ਸੌਣਾਂ ਮੇਰੇ ਲਈ ਮਖਮਲ ਨਾਲੋਂ ਭਲਾ ਹੈ, ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ। ਉਹ ਧਰਮ ਹੈ, ਆਪਨੀਆਂ ਮੌਜ,ਬਹਾਰਾਂ,ਐਸ਼ਾਂ ਅਧਰਮ ਹਨ। ਆਤਮਾ ਨਿੱਤ ਹੈ ਸਰੀਰ ਅਨਿੱਤ। ਅਨਿੱਤ ਦੇ ਦੁੱਖਾਂ ਦੀ ਪਰਵਾਹ ਨਹੀਂ, ਕਿਉਂ? ਝਬਦੇ ਮੁੱਕ ਜਾਂਦੇ ਹਨ,ਨਿੱਤ ਦੇ ਸੁਖ ਸਦਾ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕਰਨੀਚਾਹੀਏ। ਫਿਰ ਹੋਰ ਸੋਚੋ...ਜੋ ਪੁਰਖ ਜਿਸ ਕੰਮ ਲਈ ਜੰਮਿਆਂ ਹੋਵੇ, ਉਸ ਨੂੰ ਉਹੋ ਕਰਨਾ ਹੀ ਸੁਹਣਾ ਹੈ, ਨਹੀਂ ਤਾਂ ਫੇਰ ਇਉਂ ਦੇ ਉਲਾਂਭੇ ਮਿਲਦੇ ਹਨ:-
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥
(ਸਿਰੀ: ਮ: ੫, ਪੰਨਾ-੪੩)
ਬੇਗ਼ਮ- ਮੈਂ ਕਦੇ ਕਿਸੇ ਅੱਗੇ ਨਹੀਂ ਨਿਵੀਂ, ਮੈਂ ਸਭ ਨੂੰ ਸਦਾ ਹੁਕਮ ਹੇਠ ਰਖਿਆ ਹੈ, ਏਥੇ ਨਿਵੀਂ ਹਾਂ, ਨਿਵੀਂ ਦੀ ਲਾਜ ਰਖੋ, ਕਿਹਾ ਮੰਨੋ ਕੁਛ ਦੇਰ ਗੁਪਤ ਰਹੋ, ਫੇਰ ਮੈਂ ਤੇਰੇ ਲਈ ਕਾਬਲ ਤੋਂ ਫੁਰਮਾਨ ਸ਼ਾਹੀ ਮੰਗਾ ਦਿਆਂਗੀ। ਦਿੱਲੀ ਵਾਲੇ ਆਪ ਮੋਏ ਪਏ ਹਨ; ਕੋਈ ਤੇਰੀ ਵਾ ਵੱਲ ਨਹੀਂ ਤੱਕੇਗਾ, ਬਿਨਾਂ ਯਤਨ ਪਾਤਸ਼ਾਹ ਬਣ ਜਾਹ। ਤੇਰਾ ਫਰਜ਼ ਬੀ ਪੂਰਾ ਹੋ ਜਾਏਗਾ। ਹੁਣ ਤਾਂ ਸਿੱਖਾਂ ਵਿਚ ਰਹਿ ਕੇ ਕਿਤੇ ਮਰ ਜਾਏਂਗਾ ਅਰ ਰਾਜਾ ਬਣਨ ਦਾ ਵੇਲਾ ਸਿਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖ਼ਬਰੇ ਸਿਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇਹ। ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬੱਝਦਾ ਹੈ।
ਸਿੰਘ ਜੀ- ਪ੍ਰਜਾ ਮਾਤਾ! ਆਪ ਦੇ ਰਾਜ-ਭਾਗ ਦੇਣ ਦਾ ਸ਼ੁਕਰੀਆ ਹੈ। ਪਰ ਮੈਂ ਉਸ ਕੰਮ ਵਿਚੋਂ ਹਾਂ, ਜੋ ਆਪਣੇ ਡੌਲਿਆਂ ਪਰ ਬੜਾ ਭਰੋਸਾ ਰੱਖਦੀ ਹੈ। ਉਨ੍ਹਾਂ ਕਦੇ ਨਹੀਂ ਮੰਨਣਾ ਕਿ ਐਉਂ ਰਾਜ ਲਵੀਏ, ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ। ਦੂਸਰੇ ਅਬਦਾਲੀ ਐਸਾ ਬੁੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ। ਇਧਰੋਂ ਤੁਸਾਂ ਮੇਰੇ ਨਾਲ ਵਿਆਹ ਕੀਤਾ ਉਧਰੋਂ ਕੁਫ਼ਰ ਦਾ ਫ਼ਤਵਾ ਤੁਹਾਡੇ ਤੇ ਲਗੇਗਾ ਅਰ ਇਕ ਦਮ ਤਖਤੋਂ ਉਤਾਰੇ ਜਾਓਗੇ। ਅਬਦਾਲੀ ਤਾਂ ਆਉਂਦਾ ਕੁਝ ਚਿਰ ਲਾਊ, ਆਪਦੇ
ਬੇਗ਼ਮ— ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾਂਹ ਕਰਦਾ ਹੈ? ਸਿੱਖਾਂ ਨੂੰ ਪੁੱਛ ਤਾਂ ਵੇਖੋ।
ਸਿੰਘ ਜੀ- ਸਿੰਘਾਂ ਦੀ ਸੂਰਬੀਰਤਾ... ਅਣਖ, ਹਾਂ... ਤਾਬੇਦਾਰੀ ਅਰ ਛਲ ਨੂੰ ਓਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਐਹ ਵੇਲਾ ਤਾਂ ਧਰਮ ਅਰ ਬਹਾਦਰੀ ਦਾ ਹੈ। ਜਦੋਂ ਨਵਾਬੀ ਦਾ ਖ਼ਿਤਾਬ ਸਿਖਾਂ ਨੂੰ ਘੱਲਿਆ ਗਿਆ ਸੀ ਤਦੋਂ ਕਿੱਦਾਂ ਨੱਕ ਵੱਟ ਕੇ ਨਾਂਹ ਕੀਤੀ ਸਾਨੇ। ਜਦ ਬਹੁਤ ਕਿਹਾ ਤਦ ਪੱਖਾ ਝਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪ੍ਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ, ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਪ ਕੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਕਰਦੇ ਹਨ ਅਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ। ਫਿਰ ਦੇਖੋ ਜਾਂਦੇ ਆਉਂਦੇ ਅਬਦਾਲੀ ਦਾ ਪਿਛਾ, ਕਰਕੇ ਉਸਦੀ ਨੱਕ ਜਿੰਦ ਕਰ ਦੇਂਦੇ ਹਨ। ਜਦੋਂ ਕਿ ਓਹ ਦਿੱਲੀ ਵੱਲ ਅਗੇ ਵੱਲ ਵਧਦਾ ਹੈ, ਇਹ ਪੰਜਾਬ ਵਿਚ ਰੌਲਾ ਪਾ ਦਿੰਦੇ ਹਨ, ਉਹ ਝੱਟ ਪਿਛੇ ਮੁੜਦਾ ਹੈ ਤਾਂ ਏਹ ਛੁਪ ਜਾਂਦੇ ਹਨ। ਜਦ ਓਹ ਕਾਬਲ ਨੂੰ ਟੁਰਦਾ ਹੈ ਤੇ ਉਸਦਾ ਛੁਪ ਛੁਪ ਕੇ ਪਿਛਾ ਕਰਦੇ ਹਨ ਅਤੇ ਕਾਬਲ ਗਏ ਨੂੰ ਇਨ੍ਹਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਉ ਨਹੀਂ ਲੈਣ ਦੇਂਦੀਆਂ। ਅਬਦਾਲੀ ਨੂੰ
ਸਿੰਘ ਜੀ ਦੀ ਧਰਮ ਅਰ ਸੁਤੰਤ੍ਰਤਾ ਦੀ ਸੋਚ ਵਲ ਧਿਆਨ ਕੀਤਿਆਂ ਸ਼ਾਬਾਸ ਹੀ ਮੂੰਹੋਂ ਨਿਕਲਦੀ ਹੈ। ਐਤਨੀ ਭਾਰੀ ਲਾਲਚ ਦੀ ਦਸ਼ਾ ਵਿਚ ਦ੍ਰਿੜ੍ਹ ਖੜੇ ਹਨ ਤੇ ਮਤ ਉੱਜਲ ਰੱਖੀ ਹੋਈ ਹੈ। ਨਾ ਡੋਲਦੇ ਹਨ, ਨਾ ਬੁੱਧੀ ਦੀਆਂ ਅੱਖਾਂ ਮੀਟਦੇ ਹਨ। ਅੱਜ ਕਲ ਸੁਹਣੀ ਸੂਰਤ ਵੇਖ ਕੇ ਹੀ ਲੋਕੀਂ ਧਰਮ ਹਾਰ ਰਹੇ ਹਨ। ਵਲੈਤ ਦੀ ਸੈਰ ਕਰਨ ਗਏ ਗੋਰੀਆਂ ਨਾਲ ਚਮੇੜ ਲਿਆਉਂਦੇ ਹਨ, ਘਰ ਦੀਆਂ ਪਈਆਂ ਪਿੱਟਦੀਆਂ ਹਨ। ਲਾਲਚ ਤੇ ਡਿੱਗਣਾ ਕੀ ? ਨੀਯਤ ਭੁੱਖੇ ਬਾਲਕ ਵਾਂਙ, ਚਿੱਟੇ ਚਮੜੇ ਪੁਰ ਹੀ ਭਿਬਕੇ ਫਿਰਦੇ ਹਨ। ਸ਼ਾਹੂਕਾਰ ਸਰਦਾਰਾਂ ਵਲ ਦੇਖੋ ਤਾਂ ਕਮਾਈ ਦਾ ਸਾਰਾ ਹਿੱਸਾ ਮਾੜੇ ਥਾਂ ਤੇ ਐਸ਼ਾਂ ਪਰ ਖਰਚ ਕਰ ਕੇ ਗਰੀਬ ਹੁੰਦੇ ਜਾਂਦੇ ਹਨ ਤੇ ਸਰਦਾਰਾਂ ਤੋਂ ਕਾਮੇ ਬਣ ਰਹੇ ਹਨ। ਇਸ ਕਰਕੇ ਸਿੱਖਾਂ ਵਿਚ ਦਿਨੋ ਦਿਨ ਸਰਦਾਰ ਘੱਟ ਦਿੱਸਦੇ ਹਨ, ਕੁਝ ਮਰ ਗਏ ਕੁਝ ਮਾੜੇ ਕੰਮਾਂ ਦੇ ਸ਼ਿਕਾਰ ਹੋ ਗਏ। ਕਈ ਘਰਾਂ ਵਿਚ ਦੇਖੋ ਸੁੱਖ ਹੈ ਹੀ ਨਹੀਂ। ਉਸ ਦਾ ਕਾਰਣ ਬੀ ਇਹੋ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਹੈ, ਘਰ ਦਾ ਸੁੱਖ ਉਡ ਕੇ ਦਰਿਆ ਦੇ ਪੱਥਰਾਂ ਵਾਂਙ ਨਿੱਤ ਦੀ ਰਗੜ ਤੁਰੀ ਚਲਦੀ ਹੈ। ਜਿਸ ਦੰਪਤੀ' ਦਾ ਪਿਆਰ ਨਾ ਹੋਵੇ ਉਨ੍ਹਾਂ ਦੀ ਸੰਤਾਨ ਮਾਤਾ ਪਿਤਾ ਦਾ ਆਦਰ ਕਰਨੇ ਵਾਲੀ ਬਹੁਤ ਘੱਟ ਹੋਇਆ ਕਰਦੀ ਹੈ। ਘਰ ਪਰਮੇਸ਼ੁਰ ਨੇ ਸੁਰਗ ਬਣਾਇਆ ਹੈ, ਪਰ ਮਾੜਿਆਂ ਨੇ ਘਰ ਨੂੰ ਨਰਕ। ਜਿਸ ਪ੍ਰਕਾਰ ਪਤਿਬਤਾ ਇਸਤ੍ਰੀ ਕੁਲ ਦਾ ਚਾਨਣ ਹੁੰਦੀ ਹੈ ਉਸੇ ਤਰ੍ਹਾਂ ਸਤੀ ਬ੍ਰਤ ਪੁਰਖ' ਕੁਲ ਦਾ ਦੀਪਕ ਹੁੰਦਾ ਹੈ। ਜੈਸੇ ਇਸਤ੍ਰੀ ਲਈ ਪਤਿਤ ਵੈਸੇ ਪੁਰਖ ਲਈ ਸਤੀਬ੍ਰਤ ਧਰਮ ਜ਼ਰੂਰੀ ਹੈ।
––––––––
1. ਵਹੁਟੀ ਗੱਭਰੂ।
2. ਉਹ ਪੁਰਖ ਜੋ ਆਪਣੀ ਵਹੁਟੀ ਤੋਂ ਬਿਨਾਂ ਹੋਰ ਵੱਲ ਨਾ ਤੱਕੇ
ਦੋਹਾਂ ਨੂੰ ਆਪੋ ਆਪਣਾ ਧਰਮ ਪਾਲਿਆਂ ਸਾਂਝਾ ਸੁਖ ਵਧਦਾ ਹੈ। ਦੋਵੇਂ ਧਰਮ ਪਾਲਣ ਤਾਂ ਦੋਵੇਂ ਸੁਖੀ, ਘਰ ਸ੍ਵਰਗ ਤੇ ਬੱਚੇ ਚੰਗੇ ਉਠਦੇ ਹਨ। ਵਿਚਾਰ ਦਾ ਹੀ ਤਾਂ ਮਨੁੱਖ ਵਿਚ ਪਸ਼ੂਆਂ ਨਾਲੋਂ ਵਾਧਾ ਹੈ। ਜਿਨ੍ਹਾਂ ਨੇ ਧਰਮ ਦੀ ਵਿਚਾਰ ਛੱਡੀ ਹੈ ਉਹਨਾਂ ਨੇ ਮਨੁੱਖ-ਪੁਣੇ ਨੂੰ ਤਿਆਗਿਆ ਹੈ।
ਹੇ ਖਾਲਸਾ ਜੀ! ਆਪਣੇ ਵੱਡਿਆਂ ਦੇ ਉੱਤਮ ਜੀਵਨਾਂ ਵੱਲ ਦੇਖਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ। ਧਰਮ ਪਾਲਣ ਨਾਲ ਹੀ ਸੰਸਾਰ ਦਾ ਸੁਖ ਪ੍ਰਾਪਤ ਹੁੰਦਾ ਹੈ। ਧਰਮ ਨਾਲ ਹੀ ਪ੍ਰਲੋਕ ਦਾ ਸੁਖ ਹੈ। ਦੇਖੋ ਗੁਰੂ ਮਹਾਰਾਜ ਜੀ ਨੇ ਕੈਸੇ ਕੈਸੇ ਉੱਤਮ ਉਪਦੇਸ਼ ਪਤੀਬਤ ਧਰਮ ਲਈ ਕਹੇ ਹਨ-
ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥
(ਆਸਾ ਮ: ੫)
20. ਕਾਂਡ
ਚੰਦ ਵਿਹੂਣੀ ਵਿਧਵਾ ਰਾਤ ਪਤੀ ਹੀਨ ਇਸਤ੍ਰੀ ਦੇ ਦੁਖਿਤ ਹਿਰਦੇ ਵਾਂਙ ਦੁਖੀ ਹੈ ਤੇ ਠੰਢੇ ਸਾਹ ਭਰ ਰਹੀ ਤੇ ਸੰਗ ਦੀ ਨੀਲੀ ਚੱਦਰ ਤਾਣੀ ਹੋਈ ਸੂ। ਅਣਪੂਰੀਆਂ ਆਸਾਂ ਦੀ ਘਬਰਾਹਟ ਵਰਗਾ ਹਨੇਰਾ ਚਾਰ ਚੁਫੇਰੇ ਫੈਲ ਰਿਹਾ ਹੈ। ਜਿਵੇਂ ਕਿਸੇ ਬਾਲੀ ਦੇ ਹੱਥੋਂ ਫੁੱਲਿਆਂ ਦਾ ਛਿੱਕੂ ਡੁੱਲ੍ਹ ਕੇ ਫੁੱਲਿਆਂ ਨੂੰ ਤਿੱਤਰ ਬਿੱਤਰ ਕਰ ਦਿੰਦਾ ਹੈ ਤਿਵੇਂ ਕੁਦਰਤ ਬਾਲੀ ਦੇ ਫੁੱਲ, ਏਹ ਤਾਰੇ, ਤਿੱਤਰ ਬਿੱਤਰ ਡੁਲ੍ਹੇ ਪਏ ਹਨ। ਪਸ਼ੂ ਪੰਖੀ ਸਹਿਮ ਤੇ ਚੁੱਪਚਾਪ ਸੁੰਨ-ਵੱਟਾ ਹੋਏ ਪਏ ਹਨ। ਬ੍ਰਿਛ ਮਾਨੋਂ ਚਿੰਤਾ ਵਿਚ ਟਾਹਣੇ ਸਿੱਟੀ ਖੜੇ ਹਨ। ਰਾਤ ਦੀ ਸਹੇਲੀ ਕੁਦਰਤ ਬੀ ਸਾਥਣ ਦੇ ਦੁੱਖ ਵਿਚ ਐਸੀ ਦਰਦ ਵੰਡਾ ਰਹੀ ਹੈ ਕਿ ਮਾਨੋਂ ਉਸੇ ਦਾ ਰੂਪ ਹੋ ਰਹੀ ਹੈ।
ਹੁਣੇ ਹਨੇਰੀ ਦੇ ਹੋਰ ਵਧਣ ਨਾਲ ਬੱਦਲ ਆ ਗਏ। ਅੱਗੇ ਤਾਂ ਹਨੇਰੀ ਦੀ ਧ੍ਯਾਨਕ ਆਵਾਜ਼ ਹਾਇ ਹਾਇ ਦਾ ਨਕਸ਼ਾ ਬੰਨ੍ਹ ਰਹੀ ਸੀ ਹੁਣ ਬੱਦਲਾਂ ਦੀ ਕੇਣ ਮੇਣ ਨੇ ਅੱਥਰੂ ਬੀ ਵਹਾਉਣੇ ਸ਼ੁਰੂ ਕਰ ਦਿੱਤੇ। ਘਟਾ ਦੀ ਗਰਜ ਨਾਲ ਪਿੱਟਣ ਵਾਂਙੂ ਆਵਾਜ਼ ਆ ਰਹੀ ਹੈ, ਇਸ ਦੀ ਧਰਧੱਕ ਦੀ
––––––––
1 ਸੱਪ ।
2. ਪਰਾਈ ਇਸਤ੍ਰੀ।
ਨਵਜ਼ ਨਾਲ ਦੁਨੀਆਂ ਕੰਬ ਰਹੀ ਹੈ। ਬਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੈ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ! ਤੇਰਾ ਤਾਂ ਕਲੇਜਾ ਬੀ. ਪੁੱਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ। ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ। ਹੇ ਕਾਲੀ ਰਾਤ। ਪਾਪਾਂ ਦੀ ਮਾਂ! ਜਹਾਨ ਦੇ ਉਪੱਦ੍ਰਵ ਤੇਰੇ ਵਿਚ ਹੁੰਦੇ ਹਨ। ਆਪਣੇ ਦੁੱਖਾਂ ਨਾਲ ਆਪਣਾ ਆਪ ਜਾਲ, ਗਰੀਬਾਂ ਜੀਵਾਂ ਨੂੰ ਕਿਉਂ ਦੁੱਖ ਦੇਂਦੀ ਹੈਂ। ਅੱਜ ਤੂੰ ਆਪ ਐਸ ਤਰ੍ਹਾਂ ਪਿੰਟ ਰਹੀ ਹੈਂ, ਕਦੇ ਤੇਰੇ ਕਾਲੇ ਹਿਰਦੇ ਵਿਚ ਓਦੋਂ ਬੀ ਤਰਸ ਆਉਂਦਾ ਹੈ ਜਦੋਂ ਤੇਰੀ ਸਹਿ ਪਾਕੇ ਚੋਰ ਘਰ ਭੰਨ ਲਿਜਾਂਦੇ ਹਨ ਤੇ ਵਿਚਾਰੇ ਬੇਗੁਨਾਹ ਸੁਤੇ ਪਏ ਖਾਕ ਸਾਹ ਹੈ ਜਾਂਦੇ ਹਨ। ਹਾਂ, ਗਰੀਬ ਰਾਹੀ ਲੁੱਟੇ ਜਾਂਦੇ ਹਨ। ਹੋ ਰਾਤ! ਤੂੰ ਡਾਕੂਆਂ ਨੂੰ ਸਹਾਰਾ ਦੇਂਦੀ ਹੈਂ। ਤੂੰ ਖੂਨੀ ਨੂੰ ਖੂਨ ਕਰਨ ਵਿਚ ਮਦਦ ਦੇਂਦੀ ਹੈ, ਜਿਸ ਵੇਲੇ ਕਿ ਉਹ ਸੱਜੇ ਹਥ ਵਿਚ ਤਲਵਾਰ ਚੁੱਕਦਾ ਹੈ ਤੂੰ ਖੱਬਾ ਹੱਥ ਬਣ ਕੇ ਉਸ ਦੇ ਦੁਸ਼ਟ ਕਰਮ ਵਿਚ ਸਹੈਤਾ ਕਰਦੀ ਹੈਂ। ਕਈ ਸਤਵੰਤੀਆਂ ਦੇ ਸਤ ਦੇ ਖਲਵਾੜੇ ਤੇਰੇ ਕਾਲੇ ਹਨੇਰੇ ਵਿਚ ਦੁਸ਼ਟਾਂ ਦੇ ਹੱਥੋਂ ਫੂਕੇ ਜਾਂਦੇ ਹਨ, ਤੇਰੇ ਹਨੇਰੇ ਵਿਚ ਅਨੇਕਾਂ ਵਿਧਵਾ ਤੇ ਅਨੇਕਾਂ ਅਨਾਥ ਹੋਏ। ਅਜ ਤੈਨੂੰ ਕੁਛ ਪਤਾ ਲੱਗਾ ਹੈ ਕਿ ਕਿਸੇ ਦਾ ਦਿਲ ਦੁਖਾਉਣਾ ਕੀ ਚੀਜ਼ ਹੁੰਦਾ ਹੈ। ਦੇਖ ਤੇਰੇ ਬੁਰੇਪਨ ਦਾ ਕੈਸਾ ਸਹਿਮਵਾਂ ਅਸਰ ਹੈ ਕਿ ਜੀਵ ਜੰਤੂ ਸਭ ਤੋਪ ਦੀ ਅਵਾਜ਼ ਸੁਣਕੇ ਡਰੇ ਹੋਏ ਕਾਇਰ ਵਾਂਗ ਬੇਸੁਧ ਹੋਏ ਪਏ ਹਨ। ਹੋ ਸਾਕਤ ਪੁਰਖ ਦੀ ਕਾਲੀ ਕੰਬਲੀ ਵਰਗੀ ਕਾਲੀ ਰਾਤ! ਤੈਨੂੰ ਸੰਗਤ ਦਾ ਅਸਰ ਬੀ ਨਹੀਂ ਹੋਇਆ। ਚੰਦਾ ਤੇਰਾ ਪਤੀ ਨੂਰ ਛਹਿਬਰਾਂ ਲਾਉਂਦਾ ਹੈ ਅਰ ਬੇਅੰਤ ਸਮੇਂ ਤੇਰੇ ਨਾਲ ਰਹਿੰਦਾ ਹੈ, ਪਰ ਤੂੰ ਕਾਲੀ ਦੀ ਕਾਲੀ ਰਹੀ । ਪਤੀ ਦੇ ਡਰ ਦੀ ਮਾਰੀ ਉਸ ਦੇ ਸਾਹਮਣੇ ਤੂੰ ਚਿੱਟੀ ਸਕਲ ਬਣਾਉਂਦੀ ਹੈਂ, ਪਰ ਤੇਰਾ ਹਨੇਰਾ ਖੱਡਾਂ, ਕੰਦਾਂ, ਬ੍ਰਿਛਾਂ ਅਰ ਲੁਕਵੇਂ ਥਾਵਾਂ ਪਰ ਛਿਪਿਆ ਇਸ ਤੱਕ ਵਿਚ ਰਹਿੰਦਾ ਹੈ ਕਿ ਕਦ ਚੰਦ ਜਾਵੇ ਤੇ ਕਦ ਉਹ ਨਿਕਲੇ। ਜੇ ਤੂੰ ਭਲੀ ਹੁੰਦੀ ਤਾਂ ਤੇਰੀ ਕਾਲਖ ਚੰਦ ਦੀ ਚਾਂਦਨੀ ਦੇ ਸੰਗ ਨਾਲ ਦੂਰ ਹੋ ਜਾਂਦੀ। ਪਰ ਤੂੰ ਕਾਲੀ ਦੀ ਕਾਲੀ ਰਹੀ, ਖ਼ਬਰੇ ਤੇਰੀ ਕੁਸੰਗਤ ਦੇ ਅਸਰ ਨਾਲ ਹੀ ਤਾਂ ਚੰਦ ਵਿਚ ਛਾਈਆਂ ਨਹੀਂ ਪੈ ਗਈਆਂ!
ਇਸ ਰਾਤ ਵਿਚ ਅਸੀਂ ਕੀ ਦੇਖਦੇ ਹਾਂ ਕਿ ਭਾਈ ਬਿਜਲਾ ਸਿੰਘ ਹੁਰੀਂ ਲਾਹੌਰ ਦੇ ਕਿਲ੍ਹੇ ਦੇ ਲਾਗੇ ਫਿਰਦੇ ਫਿਰਦੇ ਬਨ ਵਾਲੇ ਪਾਸੇ ਨਿਕਲ ਗਏ।
ਜਿਸੁ ਰਾਖੈ ਤਿਸੁ ਕੋਇ ਨ ਮਾਰੈ॥
(ਸੁਖਮਨੀ, ਪੰਨਾ-੨੯੨)
ਦੂਸਰਾ ਦਿਨ ਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫੇਰ ਸ਼ੀਲ ਕੌਰ ਕੁਛ ਫਿਰ ਪਈ ਅਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾ ਅਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ। ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਅਰ ਪੱਕੀ ਗੇਂਦ ਗੁੰਦੀ ਕਿ ਸੱਭੇ ਜਣੇ ਕ੍ਰੋੜਾ ਸਿੰਘ ਦੇ ਜੱਥੇ ਵਿਚ ਅੱਪੜੀਏ ਤੇ ਬਿਜੈ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੋ ਇਕ ਦਿਨ ਘੁਸਮਸਾਲੇ ਹੋਏ ਵੇਸ ਵਟਿਆਂ ਵਿਚ ਸਾਰੇ ਜਣੇ ਤੁਰਦੇ ਹੋਏ।
ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ, ਜਿਤਨਾ ਪਹਿਲੇ ਮੀਰ ਮੰਨੂੰ ਦੇ ਵੇਲੇ ਹੋਇਆ ਕਰਦਾ ਸੀ। ਕਾਰਨ ਇਹ ਸੀ ਕਿ ਸਾਰੇ ਦੇਸ਼ ਵਿਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ। ਕਿਉਂਕਿ ਬੇਗ਼ਮ ਤਾਂ ਅੰਦਰੇ ਅੰਦਰ ਹੋਰ ਝੇੜਿਆਂ ਵਿਚ ਫਸੀ ਬੈਠੀ ਸੀ, ਕੁਝ ਉਮਰਾਵਾਂ ਤੇ ਬੇਗ਼ਮ ਦੀ ਵਿਗੜ ਰਹੀ ਸੀ। ਉਂਞ ਬੀ ਅਮੀਰ ਵਜ਼ੀਰ ਐਸੇ ਮੁਹਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗ਼ਮ ਦੇਸ਼ ਦਾ ਨਾਸ਼ ਕਰ ਰਹੀ ਹੈ, ਅਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫੇਰ ਆਰੰਭ ਦਿੱਤਾ ਹੈ।
ਉਧਰ ਬਿਜੈ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਯਾ। ਜਿੰਨੀ ਬਿਜੈ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ ਬੇਗ਼ਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ, ਅਰ ਇਹ ਨਿਸਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹੱਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੀਏ ਅੰਤ ਸਰ ਹੋ ਜਾਂਦੇ ਹਨ। ਲਿਖ ਦੇਣਾ ਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ, ਜਿਨ੍ਹਾਂ ਦੇ ਹਿਰਦੇ ਵਿਚ ਓਹ ਕਲਗੀ ਵਾਲਾ ਤੇਜੱਸਵੀ ਰੂਪ ਬੈਠਾ ਹੈ, ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ। ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ੱਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ। ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ; ਪਰ ਆਪਣਾ ਪਵਿੱਤ੍ਰ ਨਾਮ ਹਾਰ ਮੰਨ ਲੈਣ ਨਾਲ ਜੋੜਕੇ ਸਿੰਘਾਂ ਨੇ ਕਦੇ. ਕਲੰਕਤ ਨਹੀਂ ਕੀਤਾ। ਇਸ ਜੰਗ ਵਿਚ ਸਿੰਘ ਹੁਰੀਂ ਹਾਰੇ ਨਹੀਂ ਤੇ ਕੋਈ
ਬੇਗਮ- ਤੁਸੀਂ ਜਾਣਦੇ ਹੀ ਹੋ, ਬਸ ਐਤਨੀ ਗੱਲ ਕਿ ਤੁਸੀਂ ਮੇਰੇ ਨਾਲ ਵਿਆਹ ਕਰਾ ਲਵੋ।
ਸਿੰਘ ਜੀ— ਇਹ ਬੜੀ ਔਖੀ ਗੱਲ ਹੈ।
ਬੇਗ਼ਮ- (ਛੁਰੀ ਕੱਢ ਕੇ) ਲਓ ਫੇਰ ਮੈਂ ਆਪਣੀ ਜਾਣ ਤੇ ਖੇਡ ਜਾਂਦੀ ਹਾਂ। ਪਿਆਰ ਦੀ ਜਗਵੇਦੀ ਪਰ ਸਦਕੇ ਹੋਣਾ ਬਿਹਤਰ ਹੈ, ਲਓ ਮੈਂ ਚੱਲੀ ਅਰ ਕਟਾਰੀ ਪੇਟ ਵਿਚ ਮਾਰੀ। ਪਰ ਸਿੰਘ ਜੀ ਦੇ ਫੁਰਤੇ ਹੱਥ ਨੇ ਛੁਰੀ ਪੇਟ ਦੇ ਲਾਗੇ ਅੱਪੜਨ ਤੋਂ ਪਹਿਲਾਂ ਹੀ ਬੇਗ਼ਮ ਦਾ ਹੱਥ ਫੜ ਲਿਆ ਅਰ ਕਿਹਾ ਕਿ ਤੂੰ ਇਹ ਪਾਪ ਸਾਡੇ ਸਿਰ ਨਾ ਚਾੜ੍ਹ ਤੇ ਅਸੀਂ ਤੇਰੀ ਖ਼ਾਤਰ ਦੁੱਖ ਝੱਲਦੇ ਹਾਂ, ਜਾਹ ਤਿਆਰੀ ਕਰ ਅਸੀਂ ਵਿਆਹ ਕਰ ਲਵਾਂਗੇ। ਉਹ ਤਾਂ ਖੁਸ਼ ਹੋਕੇ ਗਈ, ਉਧਰ ਸਿੰਘ ਹੁਰਾਂ ਦੇ ਸਾਹਮਣੇ ਇਕ ਬਲੀ ਨਿਹੰਗ ਸਿੰਘ-ਜਿਸ ਦਾ ਚਿਹਰਾ ਦੇਖ ਕੇ ਜੀ ਕੰਬ ਜਾਵੇ ਆ ਖੜੋਤਾ ਅਰ ਤਲਵਾਰ ਸੂਤ ਕੇ ਬੋਲਿਆ: 'ਸਿੰਘਾ! ਇਹ ਕੀ ਬਚਨ ਦਿੱਤਾ ਹਈ, ਕਰਾਂ ਦੋ ਟੁਕ?? ਇਹ ਕਹਿ ਤਲਵਾਰ ਵਾਹੀ, ਇਸ ਧਮੰਕ ਵਿਚ ਸਿੰਘ ਹੋਰਾਂ ਦੀ ਜਾਗ ਖੁਲ੍ਹ ਗਈ ਤੇ ਅੱਖਾਂ ਮਲ ਮਲਕੇ ਚਾਰ ਚੁਫੇਰੇ ਦੇਖਦੇ ਹਨ, ਕਿਤੇ ਬੇਗ਼ਮ ਦੀ ਮੁਸ਼ਕ ਨਹੀਂ, ਕਿਤੇ ਨਿਹੰਗ ਸਿੰਘ ਦਾ ਖੋਜ ਨਹੀਂ, ਕਿਤੇ ਤਲਵਾਰ ਨਹੀਂ,
ਖਾਲਸਾ ਜੀ! ਆਪਣੇ ਬਜ਼ੁਰਗਾਂ ਦੇ ਜਤ ਸਤ ਵੱਲ ਧਿਆਨ ਕਰੋ, ਕਿ ਸੁਪਨੇ ਵਿਚ ਨਿਰਾ ਗੱਲਾਂ ਮਾਤ੍ਰ ਦੇ ਕਰਨੇ ਤੇ ਦੁਖੀ ਹੋ ਰਹੇ ਹਨ। ਸਿੱਖਾਂ ਦੇ ਤੇਜ ਪ੍ਰਤਾਪ ਦਾ ਇਹੋ ਭੇਦ ਸੀ, ਜੋ ਸਾਨੂੰ ਮਾਲੂਮ ਨਾ ਰਹਿਣ ਕਰਕੇ ਅਸੀਂ ਔਖੇ ਹੋ ਰਹੇ ਹਾਂ।
ਜਤ ਸਤ ਦੇ ਪ੍ਰਤਾਪ ਨਾਲ ਸਰੀਰ ਪੁਸ਼ਟ ਤੇ ਜਵਾਨ ਹੁੰਦਾ ਹੈ, ਅਰ ਸੰਤਾਨ ਬਲਵਾਨ ਹੁੰਦੀ ਹੈ, ਆਪਣੀ ਆਤਮਾਂ ਸ੍ਵਛ ਅਰ ਸੰਤਾਨ ਦੀ ਆਤਮਾ
–––––––––
* ਅੱਖਾਂ ਦਾ ਤਰ-ਬਤਰ ਹੋਣਾ।
ਨਿਰਮਲਤਾਈ ਵੱਲ ਰੁਖ਼ ਕਰਦੀ ਹੈ। ਜੇ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵਧਦੇ ਹਨ, ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਭਰਥਰੀ ਕਹਿੰਦਾ ਹੈ-ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ, ਭੋਗ ਤੁਹਾਨੂੰ ਭੋਗਦੇ ਹਨ। ਸਰੀਰ ਬੁੱਢਾ ਹੋ ਜਾਂਦਾ ਹੈ; ਵਾਸ਼ਨਾਂ ਬੁੱਢੀਆਂ ਨਹੀਂ ਹੁੰਦੀਆਂ, ਇਸ ਤੋਂ ਸਮਝ ਲਵੋ ਕਿ ਭੋਗ ਭੋਗਦੇ ਹੋਏ ਜੀਵ ਆਪ ਭੋਗੇ ਜਾਂਦੇ ਹਨ। ਸਰੀਰ ਦੀ ਤਾਕਤ ਤੇ ਅਰੋਗਤਾ ਅਰ ਆਤਮਾ ਦੀ ਸ਼ੁੱਧੀ ਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਨ ਹੈ ਤੇ ਨਾਲ ਬਾਣੀ ਨਾਮ ਦਾ ਅਭਯਾਸ
ਕੁਝ ਸੌ ਵਰ੍ਹਾ ਬੀਤਿਆ ਤਾਂ ਤੁਹਾਡਾ ਐਸ਼੍ਹਰਜ ਸੀ, ਅੱਜ ਨਹੀਂ। ਓਦੋਂ ਭਜਨ ਬੰਦਗੀ ਤੇ ਸੁੱਚੇ ਆਚਰਨ ਨਾਲ ਬਹੁਤ ਪਿਆਰ ਸੀ।* ਭਾਵੇਂ ਅਜੇ ਬੀ ਸਿਖ ਬਹਾਦਰ ਹਨ, ਪਰ ਕਿਥੇ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਠ ਸੂਰਮਗਤੀਆਂ, ਓਹ ਰਿਸ਼ਟ-ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਓਹ ਪਰਾਕ੍ਰਮ ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ।
21. ਕਾਂਡ
ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ। ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ। ਜੇ ਬੇਗ਼ਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗ਼ਮ ਨਾਰਾਜ਼ ਹੁੰਦੀ ਅਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ। ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ। ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ
–––––––––––
* ਪੰਜਾਹ ਕੁ ਵਰ੍ਹੇ ਹੋਏ ਤਾਂ ਸਿੱਖ ਸਰਦਾਰੀਆਂ ਨੂੰ ਕੱਚੇ ਕੁਸ਼ਾਮਤੀ ਤੇ ਕੁਸੰਗੀ ਆ ਲੱਗੇ ਸੀ, ਹੁਣ ਪਛਮੀ ਕੁਸੰਗ ਔਖ ਦੇ ਰਿਹਾ ਹੈ।
ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ। ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣੇ ਦਾ ਇਕ ਭਾਰੀ ਉੱਤਮ ਸਮਝਿਆ ਗਿਆ। ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ। ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੇ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ ਸਮੁੰਦਰ ਵਿਚ ਅਡੋਲ ਖੜੇ ਹਨ। ਇਹ ਸਾਰੇ ਸਮਾਚਾਰ ਸੁਣ ਕੇ ਖਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੇ ਹੁਣ ਉਨ੍ਹਾਂ ਨੂੰ ਕੱਢੀਏ। ਕਰੋੜਾ ਸਿੰਘ ਨੇ ਪੁਛਿਆ: ਕਿ ਕੀਕੂੰ ਕੰਮ ਕੀਤਾ ਜਾਏ, ਕੁਝ ਸਲਾਹ ਦੱਸੋ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ। ਇਕ ਨੇ ਕਿਹਾ- ਇਕ ਦਮ ਕੂਚ ਕਰਕੇ ਜਾ ਪਵੇ। ਇਕ ਨੇ ਕਿਹਾ- ਸਾਰਾ ਪੰਥ ਕੱਠਾ ਕਰਕੇ ਖੂਬ ਜੰਗ ਕਰੋ। ਸਰਦਾਰ ਹਰੀਂ ਬੋਲੇ ਕਿ ਭਾਵੇਂ ਪਾਤਸ਼ਾਹੀ ਢਿੱਲੀ ਹੋਈ ਹੈ, ਪਰ ਦਿਨ ਦੀਵੀਂ ਤੇ ਖੁਲ੍ਹਮ ਖੁੱਲੇ ਲਾਹੌਰ ਪਹੁੰਚਣਾ ਕਠਨ ਹੈ। ਭਾਵੇਂ ਵੈਰੀ ਆਪੇ ਵਿਚ ਪਾਟੇ ਪਏ ਹਨ ਪਰ ਸਾਡੇ ਗਿਆ ਸਭ ਨੇ ਇਕ ਹੋ ਜਾਣਾ ਹੈ। ਜੇ ਪੰਥ ਕੱਠਾ ਕਰੀਏ ਤਾਂ ਵਕਤ ਨਹੀਂ ਕਿਉਂਕਿ ਪੰਜਾਬ ਦੇ ਦੋ ਦਾਵੇਦਾਰ ਬਣੀ ਬੈਠੇ ਹਨ। ਇਕ ਦਿੱਲੀ ਦੂਜਾ ਕਾਬਲ। ਦੁਹਾਂ ਨੂੰ ਖਬਰਾਂ ਪਹੁੰਚ ਪਈਆਂ ਹੋਣਗੀਆਂ। ਅਰ ਕਿਸੇ ਨਾ ਕਿਸੇ ਨੇ ਉਸ ਵੇਲੇ ਤਕ ਪਹੁੰਚ ਪੈਣਾ ਹੈ, ਕੋਈ ਹੋਰ ਡੌਲ ਕੱਢੇ ਕਿ ਜਿਸ ਕਰ ਕੇ ਸੱਪ ਵੀ ਮਰੇ ਤੇ ਸੋਟਾ ਵੀ ਬਚੇ ।
ਇਹ ਸੁਣਕੇ ਸਾਰੇ ਸਿਆਣੇ ਚੁੱਪ ਹੋ ਗਏ ਅਰ ਡੂੰਘੀ ਸੋਚ ਵਿਚ ਪੈ ਗਏ, ਪਰ ਭੁਜੰਗੀ ਹੱਥ ਜੋੜ ਕੇ ਖਲੋ ਗਿਆ ਤੇ ਬੋਲਿਆ, 'ਬਾਪੂ ਜੀ! ਕਿਉਂ ਨਾ ਸਾਰੇ ਸਿੰਘ ਭੇਸ ਵਟਾ ਕੇ ਅੱਡ ਅੱਡ ਰਸਤਿਆਂ ਥਾਣੀਂ ਲਾਹੌਰ ਦੇ ਕੋਲ ਰਾਵੀ ਦੇ ਝੱਲ ਵਿਚ ਜਾ ਕੱਠੇ ਹੋਣ ਅਰ ਹਨੇਰੇ ਹੋਏ ਚਾਣਚੱਕ ਕਿਲ੍ਹੇ ਵਿਚ ਵੜ ਕੇ ਪਿਤਾ ਜੀ ਨੂੰ ਛੁਡਾ ਲਿਆਉਣ।'
ਕ੍ਰੋੜਾ ਸਿੰਘ ਸੁਣ ਕੇ ਹੀ ਮੁਸਕਾ ਪਿਆ। ਮੁੜ ਮੁੜ ਭੁਜੰਗੀ ਦੇ ਚਿਹਰੇ ਵੱਲ ਤੱਕੇ, ਛੇਕੜ ਗਲ ਨਾਲ ਲਾ ਕੇ ਬੋਲਿਆ, ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।' (ਸਿਰੀ: ਮ: 3, ਪੰਨਾ-32) ਭੁਜੰਗੀ ਦੀ ਸਲਾਹ ਨੂੰ ਮਸਤਾਨ ਸਿੰਘ ਤੇ ਧਰਮ ਸਿੰਘ ਨੇ, ਜੇ ਕ੍ਰੋੜਾ ਸਿੰਘ ਦੇ ਸੱਜੇ ਖੱਬੇ ਸਨ, ਬਹੁਤ ਪਸੰਦ ਕੀਤਾ ਅਰ ਹੋਰ ਸਾਰੇ ਸਿੰਘਾਂ ਨੇ ਵਾਹ ਵਾਹ ਕੀਤੀ।
ਜਦ ਘੁਸਮਸਾਲਾ ਹੋਯਾ ਤਦ ਅਚਾਨਕ ਕਿਲ੍ਹੇ ਦੇ ਬੂਹੇ ਅੱਗੇ ਦਸ ਆਦਮੀ ਆ ਨਿਕਲੇ, ਜਿਨ੍ਹਾਂ ਨੇ ਪਹਿਰੇਦਾਰਾਂ ਨਾਲ ਦੋ ਹੱਥ ਕੀਤੇ। ਪਹਿਰੇ ਵਾਲੇ ਆਦਮੀ ਅਚਾਨਕ ਘਿਰੇ ਘਬਰਾਕੇ ਮੁਕਾਬਲਾ ਠੀਕ ਨਾ ਕਰ ਸਕੇ ਤੇ ਜ਼ਖਮੀ ਹੋ ਕੇ ਡਿਗ ਪਏ। 'ਬਿਜੈ ਡੰਕ' ਦਾ ਆਵਾਜ਼ਾ ਹੋਯਾ ਅਰ ਝੱਟ ਪੰਜਾਹ ਕੁ ਜਵਾਨ ਸਨੱਧਬਧ ਯਕਾਯਕ ਪਿਛੋਂ ਨਿਕਲ ਆਏ ਤੇ ਕਿਲ੍ਹੇ ਦੇ ਅੰਦਰ ਵੜ ਗਏ। ਪਿਛੋਂ ਪੰਜਾਹ ਕੁ ਆਦਮੀ ਹੋਰ ਆਏ ਤੇ ਦਰਵਾਜ਼ੇਪੁਰ ਪਹਿਰੇ ਤੇ ਹੋ ਗਏ। ਇੰਨੇ ਕੁ ਹੋਰ ਆਏ ਤੇ ਅੰਦਰ ਵਧੇ ਅਰ ਸੌ ਸੌ ਕਦਮ ਉਤੇ ਜਿਉਂ ਜਿਉਂ ਅੱਗੇ ਵਧਦੇ ਗਏ, ਚਹੁੰ ਚਹੁੰ ਦਾ ਪਹਿਰਾ ਖੜਾ ਕਰੀ ਗਏ। ਪਿਛੇ ਕੁਛ ਵਾਟ ਤੇ ਹੋਰ ਸੈਨਾ ਸੀ, ਸੋ ਸੀਟੀ ਦੀ ਆਵਾਜ਼ ਤੇ ਜੁਆਨ ਹੋਰ ਘੱਲ ਦਿੰਦੀ ਸੀ। ਗੋਲੀ ਰਸਤਾ ਦੱਸਦੀ ਆਈ ਅਰ ਮਸਤਾਨ ਸਿੰਘ ਜੀ ਜੁਆਨਾਂ ਨੂੰ ਅੱਗੇ ਅੱਗੇ ਕਰੀ ਗਏ, ਤਦੇ ਖਬਰ ਜੋ ਬਿਜੈ ਸਿੰਘ ਦੇ
–––––––––––
* ਮਗਰੋਂ ਇਸ ਗੋਲੀ ਨੇ ਵੀ ਅੰਮ੍ਰਿਤ ਛਕ ਲਿਆ ਸੀ ਅਰ ਸੇਵਾ ਵਿਚ ਉਮਰ ਬਿਤਾਈ ਸਾਸੁ।
ਕੋਠੇ ਅੱਗੇ ਜਾ ਠਹਿਰੇ। ਬੂਹੇ ਦੀਆਂ ਝੀਤਾਂ ਥਾਣੀਂ ਨਜ਼ਰ ਕੀਤੀ ਤਾਂ ਡਿੱਠਾ- ਅਸਚਰਜ ਕੌਤਕ ਹੈ, ਕਮਰਾ ਹੈ ਕਿ ਸੁਰਗ ਦਾ ਨਮੂਨਾ ਹੈ, ਈਰਾਨੀ ਗਲੀਚੇ ਤੇ ਮਖ਼ਮਲਾਂ ਹੇਠ ਵਿਛੀਆਂ ਹਨ, ਮੋਰਪੰਖ ਦੀ ਉਣਤ ਦੇ ਪਲੰਘ ਲੱਗ ਰਹੇ ਹਨ, ਸੋਨੇ ਚਾਂਦੀ ਦੀਆਂ ਚੌਕੀਆਂ ਸਜ ਰਹੀਆਂ ਹਨ। ਛੱਤ ਸ਼ੀਸ਼ਿਆਂ ਦੀ ਜੜਤ ਵਾਲੀ ਝਿਲਮਿਲ ਝਿਲਮਿਲ ਕਰ ਰਹੀ ਹੈ। ਹਜ਼ਾਰਾਂ ਰੁਪੱਯਾਂ ਦੇ ਝਾੜ ਫਾਨੂਸ ਮੋਮਬੱਤੀਆਂ ਨੂੰ ਲੈ ਕੇ ਜਗਮਗ ਜਗਮਗ ਕਰ ਰਹੇ ਹਨ। ਕੰਧਾਂ ਪੁਰ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਮੂਰਤਾਂ ਲਟਕ ਰਹੀਆਂ ਹਨ। ਖੁਸ਼ਬੋ ਅੰਦਰ ਇੰਨੀ ਹੈ ਕਿ ਕੋਈ ਜਾਣੇ ਚੋਹੇ ਦੇ ਗੁਲਾਬ ਦਾ ਸਾਰਾ ਅਤਰ ਇਥੇ ਆ ਡੁੱਲ੍ਹਿਆ ਹੈ। ਚਾਰ ਅਤਿ ਸੁੰਦਰ ਜੁਆਨ ਮੁਟਿਆਰਾਂ ਬੈਠੀਆਂ ਸਿੰਘ ਹੁਰਾਂ ਨੂੰ ਸਮਝਾ ਰਹੀਆਂ ਹਨ ਕਿ ਅਜੇ ਵੇਲਾ ਹੈ ਸਮਝ ਜਾਓ, ਨਹੀਂ ਤਾਂ ਸਵੇਰੇ ਬੇਗ਼ਮ ਕੁਝ ਨਾ ਕੁਝ ਕਰ ਬੈਠੇਗੀ, ਸਿੰਘ ਹੁਰਾਂ ਦੇ ਨਾ ਮੰਨਣ ਅਰ ਕਰੜੇ ਹਠ ਦੇ ਨਾ ਟੁੱਟਣੇ ਪਰ ਏਹ ਗੋਲੀਆਂ ਗੁੰਮ ਹੋ ਗਈਆਂ ਅਰ ਚਾਰ ਕਾਲੇ ਹਬਸ਼ੀਆਂ ਨੇ ਨਿਕਲਕੇ ਸਿੰਘ ਹੁਰਾਂ ਦੇ ਗਿਰਦੇ ਨੰਗੀਆਂ ਤਲਵਾਰਾਂ ਚਮਕਾਈਆਂ, ਦੀਦੇ ਪਾੜ ਪਾੜ ਕੇ ਡਰਾਇਆ ਪਰ ਉਹ ਰੱਬ ਦਾ ਪਿਆਰਾ ਨਾ ਸੁੰਦਰ ਇਸਤ੍ਰੀਆਂ ਕਰ ਕੇ ਖੁਸ਼ ਸੀ, ਨਾ ਡਰਾਉਣੇ ਹਬਸ਼ੀਆਂ ਦੇ ਭੈ ਕਰਕੇ ਡਰਿਆ। ਇਸ ਕੌਤਕ ਨੂੰ ਦੇਖ ਮਸਤਾਨ ਸਿੰਘ ਨੇ ਸੋਚਿਆ ਕਿ ਜੇ ਕਾਹਲ ਕੀਤੀ ਤਦ ਏਹ ਹਬਸ਼ੀ ਸਾਡੇ ਪਹੁੰਚਣ ਤੋਂ ਪਹਿਲੇ ਪਹਿਲੇ ਤਲਵਾਰ ਚਲਾ ਦੇਣਗੇ, ਉਡੀਕਦੇ ਹਾਂ ਤਾਂ ਵਕਤ ਥੋੜਾ ਹੈ, ਅਸੀਂ ਭਾਰੀ ਦੁਸ਼ਮਨ ਦੇ ਘਰ ਵਿਚ ਖੜੋਤੇ ਹਾਂ। ਜਿੰਨੀ ਛੇਤੀ ਹੋ ਸਕੇ ਨਿਕਲ ਚਲੀਏ ਤਾਂ ਹੀ ਠੀਕ ਹੈ। ਇੰਨੇ ਨੂੰ ਕ੍ਰੋੜਾ ਸਿੰਘ ਆ ਗਿਆ, ਉਸ ਨੇ ਭੀ ਝੀਤਾਂ ਵਿਚੋਂ ਡਿੱਠਾ। ਅਕਲ ਦੇ ਕੋਟ ਨੇ ਝਟਪਟ ਗੋਲੀ ਨੂੰ ਕਿਹਾ:- ਕਿਆ ਕੋਈ ਹੋਰ ਰਸਤਾ ਅੰਦਰ ਜਾਣ ਦਾ ਨਹੀਂ ਹੈ? ਉਹ ਬੋਲੀ ਕਿ ਹਾਂ, ਹੈ ਮੈਂ ਪਿਛਲੇ ਪਾਸੇ ਦੀ ਬਾਰੀ ਥਾਣੀਂ ਅੰਦਰ ਜਾ ਸਕਦੀ ਹਾਂ।
ਕ੍ਰੋੜਾ ਸਿੰਘ— ਕੀ ਬੇਗ਼ਮ ਨੂੰ ਤੇਰੇ ਪਰ ਸ਼ੱਕ ਤਾਂ ਨਹੀਂ?
ਗੋਲੀ— ਜੀ ਨਹੀਂ।
ਕ੍ਰੋੜਾ ਸਿੰਘ— ਜਾਹ ਫੇਰ ਛੇਤੀ ਕਰ ਅੰਦਰ ਵੜਕੇ ਹਬਸ਼ੀਆਂ ਨੂੰ ਕੋਈ ਹਫਲਾ-ਤਫਲੀ ਦੀ ਗੱਲ ਕਹਿ ਕੇ ਬੇਗ਼ਮ ਵੱਲ ਮੋੜ ਘੱਲ। ਗੋਲੀ ਨੇ ਇਸੇ ਤਰ੍ਹਾਂ ਕੀਤਾ, ਅੰਦਰੋਂ ਦੀ ਲੰਘ ਕੇ ਹਬਸ਼ੀਆਂ ਨੂੰ ਹਫਲਾ-ਤਫਲੀ ਪਾ
ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ
ਜਾਕੈ ਕੋਟਿ ਐਸੀ ਦਾਸਾਇ॥
ਸਿੰਘ ਹੁਰਾਂ ਦੀ ਜਾ ਜੱਫੀ ਭਰੀ ਅਰ ਕਲਾਈ ਵਿਚ ਲੈ ਬਾਹਰ ਆਏ। ਸਤਿ ਸ੍ਰੀ ਅਕਾਲ ਹੌਲੀ ਹੌਲੀ ਗੱਜਿਆ, ਜਿੱਕੁਰ ਸਿਆਲੇ ਦੀ ਤਰੇਲ ਪੈਂਦੀ ਹੈ। ਮਸਤਾਨ ਸਿੰਘ ਤੇ ਧਰਮ ਸਿੰਘ ਜੱਫੀ ਪਾ ਮਿਲੇ, ਸਿੰਘ ਹੁਰਾਂ ਅਚੰਭੇ ਹੋ ਕੇ ਫਤੇ ਗਜਾਈ, ਪਰ ਸਮੇਂ ਦੇ ਭੀੜੇ ਹੋਣ ਕਰਕੇ ਸਰਦਾਰ ਨੇ ਪਿੱਛੇ ਨੂੰ ਕੂਚ ਦਾ ਬੋਲਾ ਤੁਰੰਤ ਦੇ ਦਿੱਤਾ। ਚੁੱਪ ਚੁਪਾਤੀ ਖ਼ਾਲਸੇ ਦੀ ਫੌਜ ਪਿਛਲੇ ਪਾਸੇ ਮੁੜੀ। ਇਕ ਜਿਹਲ ਖਾਨੇ ਦੇ ਬੂਹੇ ਅੱਗੇ ਕੁਛ ਸਿਪਾਹੀ ਪਹਿਰਾ ਦੇ ਰਹੇ ਨਜ਼ਰ ਪਏ, ਉਹਨਾਂ ਨੇ ਬੰਦੂਕ ਸਰ ਕੀਤੀ, ਖਾਲਸੇ ਦੀਆਂ ਤਲਵਾਰਾਂ ਨੇ ਹੱਥੋ-ਹੱਥੀ ਨਿਬੜਾ ਕੀਤਾ ਤੇ ਆਪ ਅੱਗੇ ਵਧੇ। ਇਹ ਅਜੇ ਕਿਲ੍ਹੇ ਦੇ ਬਾਹਰ ਨਹੀਂ ਹੋਏ ਸਨ, ਕਿਲ੍ਹੇ ਵਿਚੋਂ ਬੜੇ ਘਮਸਾਨ ਤੇ ਰੌਲੇ ਦੀ ਆਵਾਜ਼ ਉਠ ਪਈ। ਤੁਰੀਆਂ ਵਜ ਰਹੀਆਂ ਸਨ ਤੇ ਸੱਜੇ ਖੱਬੇ ਬੇਤੁਕੀਆਂ ਬੰਦੂਕਾਂ ਦੀ ਠਾਹ ਠੂਹ ਹੋ ਰਹੀ ਸੀ, ਅਰ ਵਿਚ ਬੇਗ਼ਮ ਦੀ ਕ੍ਰੋਧ ਭਰੀ ਆਵਾਜ਼ ਕੜਕਦੀ ਸੁਣਾਈ ਦਿੰਦੀ ਸੀ। ਸਿੰਘ ਅਜੇ ਕਿਲ੍ਹੇ ਦੇ ਬੂਹੇ ਤਕ ਪਹੁੰਚੇ ਹੀ ਸਨ ਕਿ ਤਿੰਨ ਚਾਰ ਮਤਾਬ ਅਕਾਸ਼ ਵਿਚ ਚੜ੍ਹਾਏ ਮਾਨੋਂ ਦਿਨ ਚੜ੍ਹ ਗਿਆ, ਤੁਰਕਾਂ ਦੇਖਿਆ ਸਿੱਖਾਂ ਦੀ ਫੌਜ ਹੈ, ਅਤੇ ਦਰਯਾ ਨੂੰ ਜਾ ਰਹੀ ਹੈ, ਇਸ ਹਾਲਤ ਨੂੰ ਕ੍ਰੋੜਾ ਸਿੰਘ ਨੇ ਬੀ ਦੇਖ ਲਿਆ ਅਰ ਸੋਚਿਆ ਕਿ ਇਨ੍ਹਾਂ ਨੇ ਦੋ ਚਾਰ ਤੋਪਾਂ ਸਰ ਕਰ ਦੇਣੀਆਂ ਹਨ, ਅਰ ਸਾਡਾ ਨੁਕਸਾਨ ਬਹੁਤ ਹੋਵੇਗਾ! ਪਰ ਇਹ ਜਾਣਦਾ ਸੀ ਕਿ ਤੋਪਾਂ ਭਰਦਿਆਂ ਭੀ ਇਨ੍ਹਾਂ ਨੂੰ ਚਿਰ ਲਗੇਗਾ, ਇਸ ਕਰਕੇ ਤੁਰੰਤ 'ਹਰਨ' ਦਾ ਹੁਕਮ ਦਿੱਤਾ। ਫੌਜ ਸਰਪੱਟ ਹੋ ਦੌੜੀ। ਸ਼ੁਕਰ ਹੈ ਕਰਤਾਰ ਦਾ, ਅਰ ਸ਼ਾਬਾਸ਼ ਹੈ ਜਥੇਦਾਰ ਦੀ ਅਕਲ ਦੇ ਕਿ ਓਹ ਤੋਪ ਦੇ ਗੋਲੇ ਸਰ ਹੋਣ ਤੋਂ ਪਹਿਲੇ ਗੋਲੇ ਦੀ ਮਾਰ ਤੋਂ ਪਰੇ ਨਿਕਲ ਗਏ।
22. ਕਾਂਡ
ਉਧਰ ਬੇਗ਼ਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪਾਤੇ ਕਿਲ੍ਹੇ ਵਿਚ ਵੜਨ ਦੀ ਖ਼ਬਰ ਹੋਈ ਤਾਂ ਬੜੀ ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ। ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਝੁੰਜਲਾਈ ਹੋਈ ਬੇਗ਼ਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ, ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ, ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗ਼ਮ ਨੂੰ ਬਿਜੈ ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ। ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ। ਇਸ ਖ਼ਬਰ ਨੇ ਉਸ ਦੇ ਢਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ ਬਿਜੈ ਸਿੰਘ ਦੇ ਰੂਪ ਤੇ ਗੁਣਾਂ ਨੇ ਇਸਤ੍ਰੀ ਕਰ ਦਿੱਤਾ ਸੀ, ਆਪਣੇ ਅਸਲੇ ਤੇ ਆ ਗਿਆ ਅਰ ਰਾਜਸੀ ਮਦ ਨੇ ਜੋਸ਼ ਮਾਰਕੇ ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ ਤੇ ਕੋਈ ਵਾਰ ਕਰ ਸਕੇ? ਹਾਂ ਮੇਰੇ ਤੇ ਵਾਰ ਕਰਕੇ ਮੇਰੇ ਪੁਰ ਕੋਈ ਫਤਹਿ ਪਾ ਸਕੇ ?
ਅਬਦਾਲੀ ਇਹ ਖ਼ਬਰ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਅਰ ਥੋੜੀ ਫੌਜ ਦੇ ਕੇ ਇਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਨੂੰ ਤੋਰ ਦਿੱਤਾ।
ਇਸ ਨੇ ਆ ਕੇ ਬੇਗ਼ਮ ਦੀ ਨਾਇਬੀ ਕਹੋ ਤਾਂ, ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿਚ ਲੀਤੀ ਤੇ ਦੇਸ਼ ਦਾ ਇੰਤਜ਼ਾਮ ਕਰਨੇ ਲਗਾ। ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਤੇ ਨਵੇਂ ਕੰਮ ਨਾ ਸੰਭਾਲ ਸਕਣ, ਜਹਾਂਦਾਰ ਕੁੜਿੱਕੀ ਵਿਚ ਫਸ ਗਿਆ, ਬਹੁਤ ਇੰਤਜ਼ਾਮ ਕਰੇ ਪਰ ਪੇਸ਼ ਕੁਝ ਨਾ ਜਾਵੇ। ਉਧਰੋਂ ਸਿੱਖਾਂ ਨੇ ਭੜਥੂ ਪਾ ਦਿਤਾ, ਕਿਸੇ ਥਾਂ ਸੁਖ ਨਾ ਵਰਤੇ। ਸਰਕਾਰੀ ਮਾਮਲਾ ਉਘਰਨਾ ਕਈ ਥਾਂ ਬੰਦ ਹੋ ਗਿਆ। ਜੋ ਉਘਰੇ ਸੋ ਰਸਤੇ ਵਿਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ। ਦੂਰ ਦੂਰ ਦੇ ਇਲਾਕੇ ਤਾਂ ਸਾਰੇ ਸਿਖਾਂ ਸਾਂਭ ਲਏ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ। ਜਹਾਂਦਾਰ ਖਾਂ ਇਕ ਨਵਾਂ ਦੂਜੇ ਮਦਦ ਕੋਈ ਨਾ ਕਰੇ, ਉਤੋਂ ਬੇਗ਼ਮ ਦੇ ਹੁਕਮ ਬੀ ਨੱਕ ਦੀ ਸੇਧੇ ਮੰਨਣੇ ਪੈਣ, ਉਹ ਚੁਪਾਤੇ ਹੀ ਮੁੜ ਗਿਆ। * ਉਸ
–––––––––
* ਤਵਾਰੀਖ ਕੱਨ੍ਹਯਾ ਲਾਲ, ਸਫਾ 78
ਦਾ ਆਉਣਾ ਜਾਣਾ ਇਕ ਸੁਪਨੇ ਵਾਂਙੂ ਲੰਘ ਗਿਆ। ਗੱਲ ਕੀ ਬਥੇਰਾ ਇੱਟਣ ਪਿੱਟਣ ਹੋਇਆ, ਪਰ ਜਿੱਕੁਰ ਖਈ ਰੋਗ ਦਵਾ ਖਾਂਦਿਆਂ ਵੀ ਵਧਦਾ ਹੀ ਜਾਂਦਾ ਹੈ ਤਿਵੇਂ ਪੰਜਾਬ ਦਾ ਇੰਤਜ਼ਾਮ ਬਾਨ੍ਹਣੂ ਬੰਨ੍ਹਦਿਆਂ ਬੀ ਦਿਨੋਂ ਦਿਨ ਵਿਗੜਦਾ ਗਿਆ। ਪੁਰਾਣੇ ਅਮੀਰ ਸਾਰੇ ਇਸ ਗੱਲ ਨੂੰ ਦੇਖ ਰਹੇ ਸਨ ਅਰ ਕੁਝ ਏਸ ਖ਼ਰਾਬੀ ਦਾ ਆਪ ਭੀ ਕਾਰਣ ਸਨ। ਓਹ ਰੋਜ਼ ਦਿੱਲੀ ਖ਼ਬਰਾਂ ਭੇਜਦੇ ਸਨ। ਗਾਜ਼ੀਉੱਦੀਨ, ਜੋ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ ਪਰ ਅਸਲ ਵਿਚ ਆਪ ਪਾਤਸ਼ਾਹੀ ਕਰਦਾ ਸੀ ਅਰ ਜਿਸ ਨੇ ਪਾਤਸ਼ਾਹ ਨੂੰ ਕਾਠ ਦੀ ਪੁਤਲੀ ਬਣਾ ਰਖਿਆ ਸੀ, ਇਸ ਸਮੇਂ ਨੂੰ ਤਾੜ ਕੇ ਚੋਖੀ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ।
ਜਦ ਇਹ ਖ਼ਬਰ ਬੇਗ਼ਮ ਨੂੰ ਪਹੁੰਚੀ, ਝਟਪਟ ਇਕ ਖਤ ਗਾਜ਼ੀਉੱਦੀਨ ਵੱਲ ਲਿਖ ਭੇਜਿਆ ਕਿ ਅਮੀਰਾਂ ਨੇ ਆਪ ਨੂੰ ਧੋਖਾ ਦਿੱਤਾ ਹੈ ਮੈਂ ਦਿੱਲੀ ਦੀ ਤਾਬੇਦਾਰ ਹਾਂ, ਜੇਕਰ ਆਪ ਨੂੰ ਸ਼ੱਕ ਹੋਵੇ ਤਦ ਮੈਂ ਆਪ ਦੇ ਸ਼ੱਕ ਸੁਭੇ ਦੂਰ ਕਰਨ ਲਈ ਤਿਆਰ ਹਾਂ।
ਮੁਹੰਮਦ ਲਤੀਫ਼ ਲਿਖਦਾ ਹੈ:- ਜਾਪਦਾ ਹੈ ਕਿ ਮੀਰ ਮੰਨੂੰ ਨੇ ਦਿੱਲੀ ਦਰਬਾਰ ਵਿਚ ਆਪਣਾ ਜ਼ੋਰ ਵਧਾਉਣ ਲਈ ਦਿੱਲੀ ਦੇ ਵਜ਼ੀਰ ਗਾਜ਼ੀਉੱਦੀਨ ਨਾਲ ਆਪਣੀ ਲੜਕੀ ਮੰਗ ਛੱਡੀ ਸੀ, ਪਰ ਮੰਨੂੰ ਦੀ ਮੌਤ ਦੇ ਬਾਦ ਮੁਰਾਦ ਬੇਗ਼ਮ ਤੇ ਉਸ ਦੀ ਕਾਕੀ ਦੁਇ ਵਿਆਹ ਕਰਨ ਦੇ ਵਿਰੁਧ ਸਨ, ਪਰ ਗਾਜ਼ੀਉੱਦੀਨ ਨੂੰ ਪੱਕੀ ਆਸ ਸੀ। ਉਸ ਨੇ ਜਦ ਲਾਹੌਰ ਦੇ ਪ੍ਰਬੰਧ ਦੀ ਵੈਰਾਨਗੀ ਸੁਣੀ ਤਾਂ ਪਹਿਲਾਂ ਸੱਯਦ ਜਮੀਲ ਨੂੰ ਘੱਲਿਆ ਕਿ ਬੇਗ਼ਮ ਦੀ ਮਦਦ ਕਰੇ।* ਜਮੀਲ ਨੇ ਆ ਕੇ ਪ੍ਰਬੰਧ ਸ਼ੁਰੂ ਕਰ ਦਿਤਾ। ਅਮੀਰ ਵਿਚਾਰੇ ਘਾਬਰੇ ਹੋਏ ਸਨ, ਕਿ ਇਹ ਨਵਾਂ ਹਾਕਮ ਖ਼ਬਰ ਨਹੀਂ ਕੀ ਕਰੇਗਾ, ਪਰ ਉਹਨਾਂ ਨੇ ਉਸ ਨਾਲ ਮੇਲ ਗੰਢ ਲਿਆ ਅਰ ਅਨੇਕਾਂ ਤਰ੍ਹਾਂ ਨਾਲ ਉਸ ਦਾ ਬੇਗ਼ਮ ਵੱਲੋਂ ਦਿਲ ਚੜ੍ਹਾ ਦਿਤਾ। ਜਮੀਲ ਨੇ ਬੇਗ਼ਮ ਦੇ ਹੁਕਮਾਂ ਨੂੰ ਛਿੱਕੇ ਪਰ ਧਰ ਦਿਤਾ, ਅਰ ਨਵੇਂ ਨੌਕਰ ਹਟਾ ਕੇ ਸਭ ਪੁਰਾਣੇ ਰੱਖ ਲਏ, ਘਰਾਂ ਤੋਂ ਸੱਦ ਸੱਦ ਕੇ ਉਨ੍ਹਾਂ ਦੇ ਅਹੁਦਿਆਂ ਪੁਰ ਉਨ੍ਹਾਂ ਨੂੰ ਹੀ ਥਾਪ ਦਿਤਾ। ਉਧਰ ਵਜ਼ੀਰ ਗਾਜ਼ੀਉੱਦੀਨ ਨੂੰ ਖਤ ਲਿਖ ਕੇ ਬੇਗ਼ਮ ਪੁਰ
––––––––––
* ਮੁਹੰਮਦ ਲਤੀਫ਼
ਐਸਾ ਸ਼ੱਕੀ ਕਰ ਦਿਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ। ਜਦ ਬੇਗ਼ਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉੱਦੀਨ ਵਲ ਉਲਾਂਭੇ ਲਿਖੇ ਅਰ ਜਮੀਲ ਦੀਆਂ ਗੁਸਤਾਖੀਆਂ ਦੇ ਗਿਲੇ ਕਰ ਭੇਜੇ ਪਰ ਉਸ ਨੇ ਕੰਨੋਂ ਮੁੱਢੀ ਮਾਰ ਲਈ, ਅਤੇ ਕਿਸੇ ਪਤ੍ਰ ਦਾ ਉੱਤਰ ਨਾ ਦਿਤਾ। ਬੇਗਮ ਬੜੇ ਹੌਸਲੇ ਵਾਲੀ ਅਰ ਨਰ ਮਿਜ਼ਾਜ ਵਾਲੀ ਸੀ, ਇਕ ਹੋਰ ਹੀਲਾ ਕੀਤੋ ਸੁ, ਅੰਦਰਖਾਨੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖਤ ਹੱਤਕ ਦਾ ਸਲੂਕ ਕੀਤਾ ਹੈ।' ਅਬਦਾਲੀ ਅੱਗੇ ਹੀ ਦੰਦ ਪੀਹ ਰਿਹਾ ਸੀ। ਇਧਰ ਬੇਗ਼ਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉੱਦੀਨ ਨੂੰ ਲੱਗ ਗਿਆ ਸੀ; ਉਹ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ, ਜੈਸਾ ਕਿ ਅਸੀਂ ਉੱਪਰ ਦੱਸ ਆਏ ਹਾਂ। ਸ਼ਾਹਜ਼ਾਦਾ ਮਿਰਜ਼ਾਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਾਹਜ਼ਾਦਾ ਸੀ, ਬੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਪਾ ਦਿਤੇ ਤੇ ਬੇਗ਼ਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ। ਬੇਗ਼ਮ ਇਨ੍ਹਾਂ ਸੁਨੇਹਿਆਂ ਪੱਤਿਆਂ ਵਿਚ ਬੁੱਤੇ ਵਿਚ ਆ ਗਈ। ਉਸ ਜਾਤਾ ਕਿ ਉਹ ਸਚੀ ਮੁਚੀ ਵਿਆਹ ਲੈਣ ਲਈ ਆਇਆ ਹੈ। ਇਕ ਦਿਨ ਵਜ਼ੀਰ ਥੋੜੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਤੇ ਫੌਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗ ਡੋਰ ਆਪਣੇ ਹੱਥ ਕਰ ਲਈ। ਬੇਗ਼ਮ ਨੂੰ ਤਾਂ ਹੀ ਪਤਾ ਲੱਗਾ ਜਦ ਉਸ ਨੇ ਆਪਣੇ ਆਪ ਨੂੰ ਉਸ ਦੇ ਵੱਸ ਪਾਇਆ।
ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਭੀ ਉਸ ਨੇ ਡਿੱਠਾ ਕਿ ਬੇਗ਼ਮ ਖੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ ਤਾਂ ਉਸ ਨੇ ਉਸ ਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿਤਾ ਤੇ ਸ਼ਾਹੀ ਕੈਦ ਵਿਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆ ਤੇ ਬੇਗ਼ਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ।" ਲਾਹੌਰ ਦੀ ਨਵਾਬੀ ਵਜ਼ੀਰ ਨੇ
–––––––––––
1 ਕਨ੍ਹਯਾ ਲਾਲ ਨੇ ਇਸ ਮੌਕੇ ਤੇ ਬੇਗ਼ਮ ਦਾ ਆਪ ਕਾਬਲ ਜਾਣਾ ਲਿਖਿਆ ਹੈ। ਪਰ ਇਹ ਗੱਲ ਹੋਰ ਤੋਂ ਕਿਤੇ ਪੱਕੀ ਨਹੀਂ ਹੁੰਦੀ ਸੋ ਠੀਕ ਨਹੀਂ ਜਾਪਦੀ।
2 ਉਮਦਾਤੁੱ-ਤਵਾਰੀਖ।
30 ਲਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਾਹਜ਼ਾਦਾ ਅਲੀ ਗੌਹਰ ਪਾਸ ਆਪਣੇ ਦੁੱਖੜੇ ਰੋ ਕੇ ਉਸ ਨੂੰ ਆਪਣਾ ਪੱਖੀ ਬਣਾ ਲਿਆ। ਸ਼ਾਹਜ਼ਾਦਾ ਅਲੀ ਗੌਹਰ ਨੇ ਵਜ਼ੀਰ ਨੇ ਸਮਝਾਇਆ ਕਿ ਹੁਣ ਮੁਰਾਦ ਬੇਗ਼ਮ ਤੇਰੀ ਸੱਸ ਹੈ ਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇਹ, ਪਰ ਉਸ ਨੇ ਇਕ ਨਾ ਮੰਨੀ, ਸਗੋਂ ਰਸਤੇ ਵਿਚ ਵਜ਼ੀਰ ਸੱਸ ਨੂੰ ਸਖ਼ਤ ਤੰਗ ਕਰਦਾ ਗਿਆ ਤੇ ਉਹ ਭੀ ਸਾਰੇ ਰਸਤੇ ਗਾਲ੍ਹੀਆਂ ਤੇ ਸਰਾਪ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ।
ਗੱਲ ਕੀ ਸੰਮਤ 1813 ਬਿਕ੍ਰਮੀ, 1170 ਹਿਜਰੀ ਨੂੰ ਅਬਦਾਲੀ ਪਠਾਣਾਂ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪੁਰ ਫੇਰ ਚੜ੍ਹ ਆਇਆ' ਇਹ ਸੁਣ ਕੇ ਆਦੀਨਾ ਬੇਗ ਤੇ ਸਯਦ ਜਮੀਲ ਦੁਇ ਨੱਸ ਗਏ। ਆਦੀਨਾ ਬੇਗ ਪਹਾੜੀਂ ਚੜ੍ਹ ਗਿਆ ਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ। ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸਨ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿਚ ਜਾ ਵੜੇ।' ਇਕੁਰ ਅਬਦਾਲੀ ਦਾ ਰਸਤਾ ਸਾਫ ਹੋ ਗਿਆ। ਉਸ ਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਤੇ ਅਮੀਰਾਂ ਨੂੰ ਖੂਬ ਲੁੱਟਿਆ ਚੂੜ੍ਹ ਮੱਲ ਬੀ ਏਸ ਵੇਲੇ
–––––––––––
1. ਗਾਲਬਨ ਮੁਰਾਦ ਬੇਗ਼ਮ ਨੇ ਆਪਣੀ ਧੀ ਦਾ ਨਾਤਾ ਅਬਦਾਲੀ ਦੇ ਪੁੱਤਰ ਨੂੰ ਦੇਣਾ ਕੀਤਾ ਹੋਇਆ ਸੀ, ਨਾਲੇ ਲਾਹੌਰ ਦੀ ਨਵਾਬੀ ਉਤੇ ਬੇਗ਼ਮ ਨੂੰ ਉਸ ਨੇ ਥਾਪਿਆ ਹੋਇਆ ਸੀ। ਸੋ ਗਾਜ਼ੀਉੱਦੀਨ ਦੀ ਕਾਰਵਾਈ ਨੂੰ ਉਸ ਨੇ ਆਪਣੀ ਭਾਰੀ ਹੱਤਕ ਸਮਝ ਕੇ ਚੜ੍ਹਾਈ ਕੀਤੀ ਸੀ।
2. ਏਹ ਸਮਾਚਾਰ ਤਾਂ ਲਗ ਪਗ ਫਾਰਸੀ ਦੇ ਤੇ ਲਤੀਫ ਆਦਿਕ ਲੇਖਾਂ ਤੋਂ ਸਹੀ ਹੁੰਦੇ ਹਨ। ਕਨੱਯਾ ਲਾਲ ਨੇ ਹੋਰ ਤਰ੍ਹਾਂ ਹੀ ਲਿਖਿਆ ਹੈ। ਜਹਾਂਦਾਰ ਦਾ ਕਾਬਲੋਂ ਆਉਣਾ, ਬੇਗ਼ਮ ਦਾ ਕਾਬਲ ਆਪ ਜਾਣਾ ਗਾਜ਼ੀਉੱਦੀਨ ਦਾ ਨਾਤਾ ਆਦਿ। ਇਹ ਗੱਲਾਂ ਹੋਰਨਾਂ ਤੋਂ ਸਹੀ ਨਹੀਂ ਹੁੰਦੀਆਂ। ਹਾਂ, ਜਮੀਲ ਦਾ ਲਾਹੌਰ ਵਿਚ ਰਹਿਣਾ ਤੇ ਬੇਗ਼ਮ ਦਾ ਕਿਹਾ ਨਾ ਮੰਨਣਾ ਤੇ ਬੇਗਮ ਤੇ ਵਜ਼ੀਰ ਦਾ ਵਿਗਾੜ ਹੋਣਾ ਲਿਖਦੇ ਹਨ। ਪਰ ਇਹ ਗਲ ਸਿੱਧ ਹੈ ਕਿ ਅਬਦਾਲੀ ਦੇ ਇਸ ਹੱਲੇ ਕਰਨੇ ਦਾ ਕਾਰਨ ਬੇਗਮ ਸੀ, ਅਰ ਗਾਜ਼ੀਉੱਦੀਨ ਨੇ ਬੇਗ਼ਮ ਨੂੰ ਦੁੱਖ ਦਿੱਤਾ ਸੀ ਅਰ ਲਾਹੌਰ ਦੇ ਤਖ਼ਤ ਤੋਂ ਵਾਂਜੀ ਗਈ ਸੀ ਤੇ ਅਬਦਾਲੀ ਦੇ ਆਇਆਂ ਦਿੱਲੀ ਵਿਚ ਸੀ।
ਲੁੱਟਿਆ ਗਿਆ'। ਏਥੋਂ ਦੀ ਹਕੂਮਤ ਅਬਦਾਲੀ ਨੇ ਮੀਰ ਮੁਨੱਜ਼ਮ ਦੇ ਹਵਾਲੇ ਕੀਤੀ ਤੇ ਆਪ ਜਲੰਧਰ ਪਹੁੰਚਾ ਉਥੋਂ ਦਾ ਰਾਜ ਨਾਸਰ ਅਲੀ ਖਾਂ ਨੂੰ ਦਿੱਤਾ ਤੇ ਆਪ ਦਿੱਲੀ ਪਹੁੰਚਾ।
ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸ ਨੂੰ ਆਦਰ ਨਾਲ ਉਤਾਰਾ ਦਿੱਤਾ ਅਰ ਖਾਤਰ ਕੀਤੀ, ਲੜਾਈ ਕਰਨੀ ਤੇ ਟੋਕਣਾ ਤਾਂ ਕਿਤੇ ਰਿਹਾ।
ਹੁਣ ਗਾਜੀਉੱਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ ਪਰ ਆਦਮੀ ਚਾਲਾਕ ਸੀ, ਸ਼ਾਹਜ਼ਾਦਾ ਅਲੀ ਗੌਹਰ ਦੇ ਜਾ ਪੈਰੀਂ ਪਿਆ। ਉਸ
–––––––––––
1.ਚੂੜ੍ਹ ਮੱਲ ਦਾ ਘਰ ਜਦ ਲੁਟਿਆ ਗਿਆ, ਤਦ ਆਪ ਤਾਂ ਦਿਵਾਨ ਹੁਰੀਂ ਉਸੇ ਦਿਨ ਦੇ ਕਸਟਾਂ ਵਿਚ ਮਰ ਗਏ ਤੇ ਵੱਡਾ ਪੁੱਤਰ ਬੇਗ਼ਮ ਨੇ ਗੁਸਤਾਖੀ ਦੇ ਜੁਰਮ ਵਿਚ ਪਹਿਲੇ ਹੀ ਕੈਦ ਕਰ ਰੱਖਿਆ ਸੀ। ਬਾਕੀ ਰਹੀ ਦੁਖਾਂ ਦੀ ਮਾਰੀ ਮਾਂ, ਜਿਸ ਨੂੰ ਸੂਹੀਏ ਪੰਡਤ ਜੀ ਨੇ ਧੋਖਾ ਦੇ ਕੇ ਲੁੱਟਿਆ ਸੀ, ਸੋ ਵਿਚਾਰੀ ਉਦਾਸ ਹੋ ਕੇ ਅੰਮ੍ਰਿਤਸਰ ਚਲੀ ਗਈ ਅਰ ਸ੍ਰੀ ਹਰਿਮੰਦਰ ਜੀ ਦੀ ਸੇਵਾ ਵਿਚ ਜਾ ਲੱਗੀ। ਪੰਡਤ ਹੋਰੀਂ, ਜੋ ਸਰਕਾਰ ਦੇ ਸੂਹੀਏ ਸਨ, ਜਿਉਂ ਕੇ ਤਿਉਂ ਗੱਜਦੇ ਰਹੇ। ਜਦ ਅਬਦਾਲੀ ਦਿੱਲੀ ਲੁੱਟ ਕੇ ਲਾਹੌਰ ਨੂੰ ਮੁੜਿਆ ਤਾਂ ਸਾਰੇ ਰਸਤੇ ਵਿਚ ਸਿਖ ਛਾਪੇ ਮਾਰ ਮਾਰ ਕੇ ਉਸ ਪਾਸੋਂ ਦਿੱਲੀ ਦੀ ਲੁੱਟ ਦਾ ਮਾਲ, ਜਿੰਨਾ ਕੁ ਬਣ ਪਿਆ, ਖੋਹਦੇ ਰਹੇ। ਜਦ ਉਹ ਲਾਹੌਰ ਪਹੁੰਚਾ ਤਾਂ ਉਸ ਨੇ ਸਿੱਖਾਂ ਨੂੰ ਫੜਨ ਤੇ ਮਾਰਨੇ ਦਾ ਹੁਕਮ ਦਿਤਾ। ਅਰ ਕਈ ਸੂੰਹੀਏ ਛਡੇ ਗਏ ਕਿ ਸਿੱਖਾਂ ਦੇ ਟੋਲਿਆਂ ਦਾ ਪਤਾ ਕੱਢ ਦੇਣ। ਅਬਦਾਲੀ ਨੂੰ ਤੁਰਕਿਸਤਾਨ ਵਿਚ ਫਸਾਦ ਹੋਣੇ ਦੀ ਖਬਰ ਪਹੁੰਚ ਪਈ ਅਰ ਉਹ ਤਾਬੜ ਤੋੜ ਉਧਰ ਨੂੰ ਤੁਰ ਪਿਆ, ਪਿੱਛੇ ਤੈਮੂਰ ਸਾਹ ਉਸ ਦਾ ਪੁਤਰ, ਜੋ ਲਾਹੌਰ ਦਾ ਹਾਕਮ ਬਣਿਆਂ ਸੀ, ਸਿੱਖਾਂ ਦਾ ਬੰਦੋਬਸਤ ਕਰਨ ਲੱਗਾ। ਪੰਡਤ ਹੋਰੀਂ ਫੇਰ ਸੂਹੀਏ ਬਣੇ। ਇਨ੍ਹਾਂ ਨੇ ਇਕ ਬਨ ਵਿਚ 50 ਸਿੱਖਾਂ ਦਾ ਪਤਾ ਦਿੱਤਾ। ਸੌ ਕੁ ਤੁਰਕ ਬੰਦੋਬਸਤ ਲਈ ਭੇਜੇ ਗਏ, ਪਰ. ਉੱਥੋਂ 500 ਸਿੱਖ ਨਿਕਲ ਪਿਆ, ਜਿਨ੍ਹਾਂ ਨੇ ਸੌ ਕੁ ਤੁਰਕਾਂ ਨੂੰ ਹਥੇ ਹੱਥੀ ਹਾਰ ਦਿੱਤੀ। ਤੈਮੂਰ ਸ਼ਾਹ ਦੀ ਕਚਹਿਰੀ ਵਿਚ ਸੂੰਹੀਏਂ ਪੁਰ ਝੂਠੀ ਖਬਰ ਦੇ ਕੇ ਧਰੋਹ ਦਾ ਜੁਰਮ ਲੱਗਾ, ਘਰ ਬਾਹਰ ਲੁੱਟਿਆ ਗਿਆ। ਆਪ ਮਾਰੇ ਗਏ। ਜਿਨ੍ਹਾਂ ਦਾ ਸੂਹੀਆਂ ਬਣਦਾ ਹੁੰਦਾ ਸੀ, ਉਨ੍ਹਾਂ ਦੇ ਹੱਥੋਂ ਹੀ ਇਹ ਸੂਹੀਆਂ ਮਾਰਿਆ ਗਿਆ।
2. ਏਹ ਦੁਏ ਨਾਮ, ਮੀਰ ਮੁਨੱਜ਼ਮ ਤੇ ਨਾਸਰਅਲੀ ਖਾਂ, ਇਨ੍ਹਾਂ ਅਹੁਦਿਆਂ ਤੇ ਥਾਪੇ ਗਏ ਦਾ ਜ਼ਿਕਰ ਖਾਲਸਾ ਤਾਰੀਖ ਵਿਚ ਹੈ।
ਭਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗ਼ਮ ਨਾਲ ਸੁਲਹ ਕਰਾ ਦਿੱਤੀ। ਹੁਣ ਡੇਗਮ ਨੇ ਵਿਚ ਪੈ ਕੇ ਅਬਦਾਲੀ ਕੋਲੋਂ ਉਸ ਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਯਾ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਤ ਬੇਗ਼ਮ ਦੱਸ ਚੁੱਕੀ ਸੀ ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ। ਉਸ ਜ਼ਾਲਮ ਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ। ਪਹਿਲੇ ਇੰਤਜ਼ਾਮੁੱਦੌਲਾ ਤੋਂ ਨੱਵੇ ਲੱਖ ਰੁਪੱਯਾ ਮੰਗਿਆ, ਉਸ ਨੇ ਕਿਹਾ ਕਿ ਮੇਰੇ ਪਾਸ ਐਤਨਾ ਰੁਪੱਯਾ ਨਹੀਂ ਹੈ। ਅਬਦਾਲੀ ਨੇ ਉਸ ਦਾ ਘਰ ਫੁਲਵਾਇਆ, ਤਦ ਇਸ ਤੋਂ ਤਿਊਣੀ ਦੌਲਤ ਨਿਕਲੀ, ਫੇਰ ਬੇਗਮ ਨੇ ਕਮਰੁੱਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਤ ਦਿਤਾ, ਉਸ ਦੇ ਘਰੋਂ ਗਹਿਣੇ ਜਵਾਹਰਾਤ ਕਈ ਲੱਖ ਰੁਪਯੇ ਦੇ ਨਿਕਲੇ। ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ ਤਿਉਂ ਤਿਉਂ ਉਸ ਦੀ ਭੁੱਖ ਵਧੇ ਤੇ ਤਿਉਂ ਤਿਉਂ ਉਸ ਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ। ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ। ਦੋ ਮਹੀਨੇ ਪਾਤਸ਼ਾਹ ਦਿੱਲੀ ਰਿਹਾ ਦੇ ਮਹੀਨੇ ਹੀ ਦਿੱਲੀ ਲੁੱਟੀਂਦੀ ਰਹੀ। ਘਰ ਘਰ ਮਕਾਨ ਮਕਾਨ ਢੂੰਡਿਆ ਤੇ ਪੁੱਟਿਆ ਗਿਆ। ਜਦ ਕਿਸੇ ਪਾਸ ਕਖ ਨਾ ਰਿਹਾ ਤੇ ਕਤਲਾਮ ਬੀ ਹੋ ਚੁੱਕੀ, ਤਦ ਅਬਦਾਲੀ ਨੇ ਜਾ ਬੱਲ੍ਹਬਗੜ੍ਹ ਵਿਚ ਕਤਲਾਮ ਕੀਤੀ। ਫੇਰ ਅਬਦਾਲੀ ਮਥਰਾ ਨੂੰ ਤੁਰਿਆ। ਉਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ, ਅਰ ਲੱਖਾਂ ਹਿੰਦੂ ਨਾਉਂਦੇ ਪੂਜਾ ਪਾਠ ਵਿਚ ਲਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ, ਬੇਰਹਿਮੀ ਤੇ ਪੱਥਰ-ਦਿਲੀ ਨਾਲ ਕਤਲਾਮ ਹੋਈ, ਅੱਖ ਦੇ ਫੋਰ ਵਿਚ ਪਰਲੋ ਮਚ ਗਈ। ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ, ਬੇਗੁਨਾਹ ਗਾਜਰਾਂ ਮੂਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਤੇ ਢਾਹੇ ਗਏ ਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫੇਰ ਆਗਰੇ ਪਰ ਹੱਲਾ ਹੋਇਆ, ਚਾਰ ਚੁਫੇਰੇ ਹੱਥ ਮਾਰਿਆ, ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ, ਚਾਰ ਚੁਫੇਰੇ ਗਰੀਬੀ, ਵਬਾ ਤੇ ਸੁੰਨਸਾਨਤਾ ਫੈਲ ਗਈ। ਗਰੀਬਾਂ ਤੇ ਦੁਖੀ ਅਨਾਥਾਂ ਦੀ ਪੁਕਾਰ ਉਠੀ ਅਰ ਅਕਾਸ਼ ਵਿਚ ਪਸਰੀ। ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿਚ ਹੈਜ਼ਾ ਘੱਲਿਆ। ਉਧਰ ਪੰਜਾਬ ਵਿਚੋਂ ਸਿਖਾਂ ਦੇ ਬੜੇ ਰੌਲੇ ਰੱਪੇ ਦੀਆਂ ਖ਼ਬਰਾਂ ਪਹੁੰਚ ਪਈਆਂ, ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸ ਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ
ਮੁਰਾਦ ਬੇਗ਼ਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗ਼ਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੇੜ, ਕੋਈ ਨਾਲ ਨਾ ਗਿਆ।
23. ਕਾਂਡ
ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਈਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ। ਹੁਣ
ਉਤਰੇ ਸਿੰਘ ਪਹਾੜੋਂ ਤੈਥੇ ਇਨ੍ਹ* ਅੱਗਾ ਜਾ ਰੋਕਿਓ।
ਜਾਨਾਂ ਤੋੜ ਲੜੇ ਸਿੰਘ ਪੂਰੇ ਤੁਰਕਨ ਕੋਠੋ ਭਲਕਿਓ।
ਤਾਰਾ ਸਿੰਘ ਗੈਬਾ ਕ੍ਰੋੜਾ ਸਿੰਘ ਕਰਮ ਸਿੰਘ ਸੋ ਜਾਨਾ।
ਜੈ ਸਿੰਘ ਆਦਿਕ ਤੀਨੋਂ ਭਾਈ ਚੜਤ ਸਿੰਘ ਬਲਵਾਨਾ।
ਜੱਸਾ ਸਿੰਘ ਲੌ ਚਾਰੋ ਭਾਈ ਥਾ ਬਘੇਲ ਸਿੰਘ ਸੰਗੇ।
ਸਿੰਘ ਦੀਵਾਨ ਜੱਸਾ ਸਿੰਘ ਆਹਲੂ ਆਦਿਕ ਲੜੇ ਉਤੰਗੇ।
ਖਿਚ ਤੇਗੇ ਸਿੰਘ ਹੱਲਾ ਕਰ ਜਬ ਪਰੇ ਭਗੀ ਤੁਰਕਾਨੀ।
ਗੁਰੂ ਕ੍ਰਿਪਾ ਤੇ ਇਕ ਇਕ ਸਿੰਘ ਨੇ ਦਸ ਦਸ ਕੀਨੇ ਫਾਨੀ।
ਸੈਦ ਖਾਨ ਜਾਫਰ ਖਾਂ ਆਦਿਕ ਮਰੇ ਰਈਸ ਅਪਾਰੇ।
ਲੂਟ ਖਸੋਟ ਦੇਸ਼ ਕੋ ਸਿੰਘ ਸਭ ਹੋਏ ਬ੍ਯਾਸਾ ਪਾਰੇ।
(ਪੰਥ ਪ੍ਰਕਾਸ਼ ਟੈਪ ਪੰਨਾ ੭੧੨)
ਇਸ ਜੰਗ ਵਿਚ ਬਿਜੈ ਸਿੰਘ ਇਕ ਐਸੇ ਘੇਰੇ ਵਿਚ ਫਸਿਆ ਸੀ ਕਿ ਦਸ ਤੁਰਕਾਂ ਨੇ ਘੇਰ ਲਿਆ। ਇਹ ਇਕੱਲਾ ਬੀਰ ਸਭ ਨਾਲ ਵਾਰਾ ਲੈਂਦਾ ਰਿਹਾ। ਪੰਜ ਚਾਰ ਤਾਂ ਇਸਨੇ ਡੇਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੱਛਾਂ ਨਾਲ ਪੁੱਛਿਆ ਗਿਆ। ਇਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇਕ ਦਸਤਾ ਲੈਕੇ ਆ ਪਿਆ। ਬਿਜੈ ਸਿੰਘ ਉਥੇ ਹੀ ਸ਼ਹੀਦ ਹੋ
––––––––––
* ਤੁਰਕਾਂ-ਨਾਸਰਅਲੀ ਤੇ ਉਸ ਦੇ ਮਾਤਹਿਤ ਸਰਦਾਰ ਸੱਮਸ ਖਾਂ, ਜ਼ਫ਼ਰ ਖਾਂ ਆਦਿ ਤੇ ਤੁਰਕ ਫੌਜ।
ਜਾਂਦਾ, ਪਰ ਉਧਰ ਜੱਸਾ ਸਿੰਘ ਦੀ ਨਜ਼ਰ ਪੈ ਗਈ। ਉਹ ਇਕ ਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇਂ ਮਚੀ ਕਿ ਕੁਝ ਕਹੀ ਨਹੀਂ ਜਾਂਦੀ। ਖਟਾਖੱਟ ਤਲਵਾਰਾਂ ਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ, ਢਾਲਾਂ ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ। ਬੀਰਾਂ ਨੂੰ ਰੋਹ ਐਸਾ ਚੜ੍ਹ ਰਿਹਾ ਸੀ ਕਿ ਫੱਟਾਂ ਤੇ ਫੱਟ ਲਗਦੇ ਜਾਂਦੇ ਸਨ। ਪਰ ਉਹਨਾਂ ਨੂੰ ਪਤਾ ਬੀ ਨਹੀਂ ਲਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਹੇ ਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸ ਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨਸ ਪਈ। ਸਿੰਘਾਂ ਨੇ ਥੋੜਾ ਪਿਛਾ ਕਰਕੇ ਦਰਯਾ ਪਾਰ ਕਰਨ ਦੀ ਕੀਤੀ, ਕਿਉਂਕਿ ਉਨ੍ਹਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ-ਤਫਲੀ ਪਾਈ ਰੱਖਣੀ ਤੇ ਆਪਣੇ ਵੀਰਾਂ ਦੀ ਰਾਖੀ ਕਰਨੀ। ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨ੍ਹਾਂ ਵਿਚ ਤਾਂ ਜਿੰਦ ਸੀ ਚੁਕਵਾ ਕੇ ਨਾਲ ਲੈ ਗਏ ਤੇ ਬਾਕੀ ਦੀਆਂ ਲੋਥਾਂ ਢੇਰ ਕਰ ਕੇ ਬਨ ਦਿਆਂ ਸੁੱਕਿਆਂ ਬ੍ਰਿਛਾਂ ਨਾਲ ਰਖਕੇ ਅੱਗ ਲਾ ਦਿਤੀ ਅਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ।
ਹੁਣ ਇਕ ਮੈਦਾਨ ਵਿਚ ਡੇਰਾ ਕਰਕੇ ਘਾਇਲਾਂ ਦੀ ਜਾਂਚ ਹੋਣ ਲੱਗੀ ਸ਼ੀਲ ਕੌਰ ਤੇ ਹੋਰ ਭੈਣਾਂ ਤੇ ਦੋ ਚਾਰ ਸਿੰਘ ਰਲਕੇ ਭਰਾਵਾਂ ਦੀ ਮਲ੍ਹਮ ਪਟੀ ਕਰਨੇ ਵਿਚ ਲਗੇ। ਇਹ ਅਜੇ ਵਿਹਲੇ ਨਹੀਂ ਸਨ ਹੋਏ ਕਿ ਬਿਜੈ ਸਿੰਘ ਹੁਰੀਂ, ਜੋ ਸਭ ਤੋਂ ਪਿਛੇ ਸਹਿਜੇ ਸਹਿਜੇ ਆ ਰਹੇ ਸਨ; ਆ ਗਏ। ਘੋੜੇ ਤੋਂ ਮਸਾਂ ਮਸਾਂ ਉਤਰੇ ਪਰ ਉਤਰਦੇ ਹੀ ਬੇਸੁੱਧ ਜਿਹੇ ਹੋ ਕੇ ਡਿਗ ਪਏ। ਤ੍ਰਬ੍ਹਕ ਕੇ ਸ਼ੀਲ ਕੌਰ ਅਰ ਰਘੁਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਂਵੇਂ ਲਿਟਾਇਆ, ਇਕ ਸਿੰਘ ਪਾਣੀ ਲੈਣ ਦੌੜਿਆ। ਸ਼ੀਲ ਕੌਰ ਰਘੁਰਾਜ ਸਿੰਘ ਘਾਬਰੇ ਹੋਏ ਦੇਖ ਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ ? ਚਿਹਰੇ ਦਾ ਰੰਗ ਉਡ ਗਿਆ ਹੈ। ਨਾੜ ਮੱਧਮ ਹੋ ਰਹੀ ਹੈ ਅਰ ਹੋਸ਼ ਨਹੀਂ ਭਾਸਦੀ। ਪਾਣੀ ਦੇ ਛੱਟੇ ਮਾਰੇ। ਇੰਨੇ ਨੂੰ ਕਰੋੜਾ ਸਿੰਘ ਤੇ ਜਸਾ ਸਿੰਘ ਆ ਗਏ, ਬਿਜੈ ਸਿੰਘ ਨੇ ਅੱਖਾਂ ਖੋਲ੍ਹੀਆਂ ਅਰ ‘ਧੰਨ ਕਰਤਾਰ ਹੌਲੀ ਜਿਹੀ ਕਿਹਾ। ਜਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਬਿਜੈ ਸਿੰਘ ਨੇ ਛਾਤੀ ਪੁਰ ਹੱਥ ਰਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇਕ ਸਾਫਾ ਘੁੱਟ ਕੇ ਬੰਨ੍ਹਿਆ ਹੈ, ਉਸ ਨੂੰ ਖੋਲ੍ਹਿਆ ਤਦ ਹੋਰ ਸਾਫਾ ਅਣਗਿਣਤ ਤੈਹਾਂ
ਡਰਕੇ ਧਰਿਆ ਹੋਇਆ * ਦਿੱਸਿਆ, ਇਹ ਚੁਕਿਆ ਤਦ ਇਕ ਡੂੰਘਾ ਘਾਉ ਨਿਕਲਿਆ, ਜਿਸ ਵਿਚੋਂ ਲਹੂ ਦੀ ਧਾਰ ਨਿਕਲੀ ਅਰ ਜੱਸਾ ਸਿੰਘ ਦੇ ਮੂੰਹ ਪਰ ਪਈ।
ਜਿਉਂ ਹੀ ਇਹ ਧਾਰ ਨਿਕਲੀ, ਬਿਜੈ ਸਿੰਘ ਨੂੰ ਗਸ਼ ਪੈ ਗਈ। ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਫਾ ਘਾਉ ਉੱਤੇ ਰਖ ਕੇ ਜ਼ਖਮ ਨੂੰ ਹਥਾਂ ਨਾਲ ਘੁੱਟਿਆ ਅਰ ਇਕ ਦੇ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ। ਕਿ ਪਿੰਡ ਵਿਚੋਂ ਇਕ ਵੈਦ ਮਿਲਿਆ, ਇਸ ਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿਚ ਦਵਾ ਭਰੀ, ਘੁੱਟ ਕੇ ਬੱਧਾ ਪਰ ਲਹੂ ਨਾ ਠਹਿਰੇ। ਵੈਦ ਜੀ ਨੇ ਦੱਸਿਆ ਪਹਿਲੇ ਜਦ ਜ਼ਖਮ ਲਗਾ ਹੈ ਤਦੋਂ ਛੋਟਾ ਸੀ ਅਰ ਡੂੰਘਾ ਨਹੀਂ ਸੀ। ਲਗੇ ਜ਼ਖਮ ਨੂੰ ਬੰਨ੍ਹਕੇ ਬਿਜੈ ਸਿੰਘ ਨੇ ਜੋ ਦੌੜ ਭੱਜ ਤੇ ਹੱਦ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖਮ ਵਧ ਗਿਆ ਅਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ, ਦਿਲ ਬਹੁਤ ਨੇੜੇ ਹੈ, ਜਿਸ ਵਿਚੋਂ ਲਹੂ ਛੇਤੀ ਬਾਹਰ ਨੂੰ ਜੋਸ਼ ਮਾਰਦਾ ਹੈ, ਮੇਰੀ ਜਾਚੇ ਲਹੂ ਬੰਦ ਹੋਣਾ ਕਠਨ ਹੈ।
ਫੇਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ ਜਿਸ ਨਾਲ ਬਿਜੈ ਸਿੰਘ ਨੇ ਅੱਖੀਂ ਖੋਲ੍ਹੀਆਂ, ਲਾਡਲੇ ਪੁੱਤ ਨੂੰ ਗਲ ਨਾਲ ਲਾਇਆ ਅਰ ਐਨੀ ਅਸੀਸ ਦਿੱਤੀ ‘ਬੱਚਾ, ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ। ਫੇਰ ਉਸ ਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਘੁੱਟ ਰਹੀ ਸੀ ਅਰ ਫਰਨ ਫਰਨ ਰੋ ਰਹੀ ਸੀ, ਬਦਨ ਵਿਚ ਤਾਕਤ ਨਹੀਂ ਸੀ, ਸਿਰ ਵਿਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ, ਹੈਰਾਨੀ ਤੇ ਅਸਚਰਜਤਾਈ ਦੇ ਸਮੁੰਦਰ ਵਿਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸੈਨਤ ਕਰਕੇ ਗਲ ਨਾਲ ਲਾਇਆ ਅਰ ਕਿਹਾ, 'ਕਰਤਾਰ ਸ਼ੀਲ ਧਰਮ ਬਖਸ਼ੀ ਰਖੇ। ਫੇਰ ਸਾਰੇ ਸਰਦਾਰਾਂ ਨੂੰ ਬਰੀਕੀ ਜਿਹੀ ਫਤੇ ਗਜਾਈ। ਸ਼ੀਲ ਕੌਰ ਦੇ ਮੂੰਹੋਂ ਸਹਿਜੇ ਜਿਹੇ ਨਿਕਲਿਆ, 'ਹਾਇ! ਮੈਂ ਇਕੱਲੀ ਕੀ ਕਰਾਂਗੀ?" ਬਿਜੈ ਸਿੰਘ ਨੇ ਸਮਝ ਲਿਆ, ਬੁਲ੍ਹਾਂ ਵਿਚ ਬੋਲਿਆ:- 'ਗੁਰੂ ਅੰਗ ਸੰਗ’, ‘ਗੁਰੂ ਅੰਗ ਸੰਗ'। ਫੇਰ ਸਿੰਘ ਜੀ ਨੇ 'ਜਪੁ ਸੁਣਾਓ' ਕਿਹਾ। ਸ਼ੀਲ ਕੌਰ ਅੱਥਰੂ ਪੂੰਝਕੇ ਭਾਣੇ ਵਲ ਆਈ ਤੇ ਬੜੀ
––––––––––
* ਤੁਰੰਤ ਟੱਲੇ ਰੱਖ ਬੰਨ੍ਹ ਦਿੱਤਾ ਤੇ ਲੜਦਾ ਰਿਹਾ ਸੀ।
ਮਧੁਰ ਸੁਰ ਨਾਲ ਜਪੁਜੀ ਦਾ ਪਾਠ ਕਰਨ ਲੱਗ ਪਈ। ਬਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸੁਆਸ ਲੈਂਦੇ ਪਏ ਹਨ। ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵਲ ਤਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ। ਲਹੂ ਦਾ ਵਹਾਉ ਬੰਦ ਨਹੀਂ ਹੁੰਦਾ, ਕਈ ਕਪੜੇ ਭਰੇ ਜਾ ਚੁਕੇ ਹਨ, ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪੁ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਬਿਜੈ ਸਿੰਘ ਦੀਆਂ ਅੱਖਾਂ ਇਕ ਦਮ ਖੁਲ੍ਹੀਆਂ ਅਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ। ਦੋਹਾਂ ਪਾਸਿਆਂ ਤੋਂ ਹਥ ਉਠ ਕੇ ਜੁੜ ਗਏ। ਫੇਰ ਬੁਲ੍ਹ ਖੁੱਲੇ ਅਰ ਬੜੇ ਜ਼ੋਰ ਨਾਲ ਫਤੇ ਦਾ ਜੈਕਾਰਾ ਗੱਜਿਆ, ਉਧਰ ਸ਼ੀਲ ਕੌਰ ਨੇ-
ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥
(ਜਪੁਜੀ)
ਉਚਾਰਿਆ, ਉਧਰ ਬਿਜੈ ਸਿੰਘ ਨੇ 'ਕੇਤੀ ਛੁਟੀ ਨਾਲ ਤਿੰਨ ਵੇਰ ਕਿਹਾ ਅਰ ਬੋਲਿਆ 'ਧੰਨ ਕਲਗੀਆਂ ਵਾਲਾ ਸੱਚਾ ਗੁਰੂ ‘ਧੰਨ ਸਾਧ ਸੰਗਤ! ਕੇਤੀ ਛੁਟੀ ਨਾਲਿ, ਧੰਨ'।
ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ ਹੱਥ ਛਾਤੀ ਪਰ ਡਿੱਗ ਪਏ, ਅੱਖਾਂ ਤੇ ਬੁੱਲ੍ਹ ਮਿਟ ਗਏ ਅਰ ਬਿਜੈ ਸਿੰਘ ਮੌਤ ਬਿਜਈ ਹੋ ਗਿਆ। ਸ਼ੀਲ ਕੌਰ ਉਸ ਦੇ ਚਿਹਰੇ ਵਿਚੋਂ ਜੀਵਨ-ਸੱਤਾ ਨੂੰ ਉਡਦੀ ਜਾਂਦੀ ਦੇਖ ਰਹੀ ਸੀ ‘ਕੇਤੀ ਛੁਟੀ ਨਾਲਿ' ਖ਼ਬਰ ਨਹੀਂ ਕਿੰਨੀ ਵੇਰ ਕਹਿ ਚੁਕੀ ਹੈ, ਕਹੀ ਜਾਂਦੀ ਹੈ ਤੇ ਅੱਖ ਨਹੀਂ ਝਮਕਦੀ। ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ, ਜਦ ਪਤੀ ਜੀ ਦਾ ਅੰਤਮ ਸੁਆਸ ਨਿਕਲਿਆ, ਸ਼ੀਲ ਕੌਰ ਦਾ ਸਿਰ 'ਕੇਤੀ ਛੁਟੀ ਨਾਲਿ' ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪੁਰ ਧੜਕਦਾ ਡਿੱਗਾ ਅਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਈ, ਧਰਮ ਤੇ ਪਿਆਰ ਅੰਤ ਤਕ ਨਿਭ ਗਿਆ।
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥
(ਸੂਹੀ:ਵਾਰ, ਪੰਨਾ-੭੮੬)
ਵਾਹ ਸ਼ੀਲ ਕੌਰ! ਪਤਿਬ੍ਰਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ। ਪਤੀ ਤੇ ਪਤਨੀ ਇਕ ਰੂਪ ਹੁੰਦੇ ਹਨ-ਇਹ ਗੱਲ ਤੂੰ ਨਿਬਾਹ ਕੇ ਦਿਖਾਈ।
-ਇਤਿ-
ਅੰਤਮ ਬਿਨਯ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ, ਜੋ 1765 ਵਿਚ ਹੋਇਆ, ਲਗਪਗ 40 ਵਰ੍ਹੇ ਤਾਂ ਬਹੁਤ ਤੇ ਫੇਰ ਥੋੜੇ ਖੇਦ ਖਾਲਸੇ ਨੇ ਝੱਲੇ। ਜੋ ਕੁਰਬਾਨੀਆਂ ਕੀਤੀਆਂ, ਜੋ ਘਾਲਾਂ ਘਾਲਕੇ ਆਪਣੇ ਪੰਥ ਤੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਨ ਵਿਚ ਖਰਚ ਕੀਤੀਆਂ, ਓਨ੍ਹਾਂ ਜੇਹੀ ਸ਼ਾਨ ਵਾਲੀ ਆਪਾ ਘਾਲਣ ਦੀ ਮਿਸਾਲ ਤੇ ਉਪਕਾਰ ਦੀ ਖਾਤਰ ਸਦਕੇ ਹੋਣ ਦੀ ਨਜ਼ੀਰ ਜਗਤ ਇਤਿਹਾਸ ਵਿਚ ਮਿਲਣੀ ਮੁਸ਼ਕਲ ਹੈ। ਜੇ ਕਦੇ ਉਸ ਸਦੀ ਕੁ ਦੇ ਹਾਲਾਤ ਸਿਖ ਮਰਦ ਤ੍ਰੀਮਤਾਂ ਬੱਚੇ ਪੜ੍ਹ ਲੈਣ ਤਾਂ ਆਪਣੇ ਜੀਵਨ ਉੱਚੇ ਕਰਨ ਦੇ ਨਾਲ ਆਪਣੇ ਬਜ਼ੁਰਗ ਪਿੱਛੇ ਦੇ ਫ਼ਖ਼ਰ ਵਿਚ ਐਤਨੇ ਉੱਚੇ ਉਠਣ ਕਿ ਕੌਮੀ ਪਿਆਰ ਤੇ ਕੌਮ ਲਈ ਸਦਕੇ ਹੋਣ ਤੇ ਸਿੱਖੀ ਸਿਕਦ ਵਿਚ ਵੱਡਿਆਂ ਵਰਗੇ ਹੋ ਜਾਣ। 1 ਉਹ ਹਾਲਾਤ ਦੇਖਣਹਾਰਾ ਦੇ ਸੀਨਿਆਂ ਵਿਚ ਗੁੰਮ ਹੋ ਗਏ। ਕੁਛ ਫ਼ਾਰਸੀ ਲਿਖਤੀ ਇਤਿਹਾਸਾਂ ਵਿਚ ਲਿਖੇ ਪਏ, ਕੁਛ ਥਹੁ ਵਾਲੇ ਤੇ ਕੁਛ ਬੇਥਵੇ ਟਿਕਾਣਿਆਂ ਤੇ ਪਏ ਹਨ। ਪੰਥ ਨੇ ਇਧਰ ਧਿਆਨ ਨਹੀਂ ਦਿੱਤਾ, ਇਹ ਗ਼ਫ਼ਲਤ ਇਕ ਖ਼ੁਦਕੁਸ਼ੀ ਹੈ। ਉੱਪਰ ਲਿਖੇ ਸਮਾਚਾਰ ਕੇਵਲ ਮੀਰ ਮੰਨੂੰ ਦੇ ਸਮੇਂ ਦੇ ਅਤ੍ਯਾਚਾਰ ਤੇ ਸਿਖਾਂ ਦੀਆਂ ਅਨੇਕ ਘਾਲਾਂ ਤੇ ਕਰਨੀਆਂ ਵਿਚੋਂ ਇਕ ਵੰਨਗੀ-ਮਾਤਰ ਦੱਸੇ ਹਨ। ਜੇ ਕੌਮ ਖੋਜ ਵਿਚ ਲੱਗਕੇ ਬਾਬਾ ਬੰਦਾ ਜੀ, ਅਬਦੁਸਮੱਦ ਖਾਨ, ਖਾਨ ਬਹਾਦਰ ਆਦਿਕਾਂ ਦੇ ਸਮਿਆਂ ਦੇ ਅਤਿਆਚਾਰ ਲੱਭੇ ਜਾਣ ਤਾਂ ਅਜੇ ਬਹੁਤ ਕੁਝ ਲੱਭ ਸਕਦਾ ਹੈ, ਜਿਸ ਦੇ ਪ੍ਰਗਟ ਕਰਨ ਨਾਲ ਕੌਮ ਵਿਚ ਨਵੀਂ ਜਾਨ ਭਰ ਜਾਵੇ।
–––ਕਰਤਾ