ਸੰਨ: 1934 ਈ:
- ਕਰਤਾ
ਸੋਲ੍ਹਵੀਂ ਛਾਪ ਦੀ ਭੂਮਿਕਾ
ਇਸ ਪੁਸਤਕ ਨੂੰ ਛਪਦਿਆਂ ਲਗਪਗ 48 ਸਾਲ ਹੋ ਗਏ ਹਨ। ਹੁਣ ਹਾਲਾਤ ਨੇ ਹੋਰ ਪਲਟਾ ਖਾਧਾ ਹੈ। ਜੋ ਕਸ਼ਟਣੀਆਂ ਪੰਥ ਉਤੇ ਅਗਲੇ ਸਮੇਂ ਵਾਪਰਦੀਆਂ ਰਹੀਆਂ, ਓਹੋ ਮੁੜ ਆ ਵਾਪਰੀਆਂ ਹਨ। ਇਨ੍ਹਾਂ ਦੁਖਦਾਈ ਹੋਣੀਆਂ ਨੇ ਪੁਰਾਣੇ ਇਤਿਹਾਸਕ ਵਾਕਿਆਤ ਨੂੰ ਮੁੜ ਦੁਹਰਾ ਦਿੱਤਾ ਹੈ। ਕੌਮ ਇਸ ਵੇਲੇ ਫਿਰ ਦੁੱਖਾਂ ਦੇ ਮੂੰਹ ਆ ਗਈ ਹੈ। ਆਸ ਹੈ ਪੁਰਾਣੇ ਸਿੱਖ ਸੂਰਮਿਆਂ ਦੇ ਹਾਲ, ਜੋ ਇਸ ਪੋਥੀ ਵਿਚ ਹਨ, ਸਹਾਰਾ ਦੇਣਗੇ ਤੇ ਰਹਿਨੁਮਾਈ ਕਰਨਗੇ ਅਤੇ ਗੁਰਬਾਣੀ ਦਾ ਆਸਰਾ, ਇਖ਼ਲਾਕ ਦੀ ਉੱਚਤਾ, ਪਰਸਪਰ ਪ੍ਰੇਮ ਤੇ ਸਾਂਝੇ ਕੰਮਾਂ ਲਈ ਕੁਰਬਾਨੀ ਪੰਥ ਨੂੰ ਉੱਚਿਆਂ ਲੈ ਨਿਕਲੇਗੀ ਤੇ ਸਲਾਮਤੀ ਬਖ਼ਸ਼ੇਗੀ।
ਦਸੰਬਰ 1947
––ਕਰਤਾ
ਬਿਜੈ ਸਿੰਘ
1. ਕਾਂਡ
ਲਾਹੌਰ ਸ਼ਹਿਰ ਜੁੱਧਾਂ ਜੰਗਾਂ ਦਾ ਇਕ ਭਾਰੀ ਪਿੜ ਰਹਿ ਚੁਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਏਥੇ ਸੰਮਤ 1808 ਤੇ 1909 ਬਿਕ੍ਰਮੀ ਦੇ ਲਗਪਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ।
ਮੀਰ ਮੰਨੂੰ ਨੇ ਕਾਬਲ ਦੇ ਪਾਤਸ਼ਾਹ, ਅਹਿਮਦਸ਼ਾਹ ਦੁੱਰਾਨੀ ਪਾਸੋਂ ਹਾਰ ਖਾ ਕੇ ਸੁਲਹ ਦੀ ਬੇਨਤੀ ਕੀਤੀ, ਜੋ 50 ਲੱਖ ਰੁਯਾ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ ਅਰ ਫੇਰ ਮੀਰ ਮੰਨੂੰ ਲਾਹੌਰ ਦੀ ਹਾਕਮ ਪਿਛੇ ਵਾਂਗੂੰ ਦ੍ਰਿੜ੍ਹ ਰਿਹਾ'। ਮਹਾਰਾਜਾ ਕੌੜਾ ਮੱਲ, ਖਾਲਸੇ ਦਾ ਸੱਚਾ ਮਿੱਤਰ, ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿਚੋਂ ਆਪੋ ਆਪਣਾ ਹਿੱਸਾ ਖੇਡ ਕੇ, ਅਕਾਲ ਪੁਰਖ ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸੁਆਦ ਚੱਖ ਰਹੇ ਸਨ । ਖਾਲਸੇ ਦਾ ਸਰਕਾਰ ਵਿਚ ਕੋਈ ਮਿੱਤਰ ਨਹੀਂ
–––––––––––––
1. ਮੀਰ ਮੰਨੂੰ ਜਿਸ ਦਾ ਨਾਮ ਮੀਰ ਮੁਅੱਯਨੁਲ ਮੁਲਕ ਸੀ, ਵਜ਼ੀਰ ਕਮਰੁੱਦੀਨ ਦਾ ਪੁੱਤਰ ਅਤੇ ਪੰਜਾਬ ਦਾ ਹਾਕਮ ਸੀ। ਇਸ ਨੇ ਅਬਦਾਲੀ ਦੇ ਪਹਿਲੇ ਹਮਲੇ ਵੇਲੇ ਸੰ: 1805 ਬਿ: (1748 ਈ:) ਵਿਚ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ ਤੇ ਇਸੇ ਬਹਾਦਰੀ ਕਰ ਕੇ ਲਾਹੌਰ ਦਾ ਸੂਬਾ ਬਣਿਆ ਸੀ। ਇਸੇ ਸਾਲ ਦੀ ਬਰਸਾਤ ਮਗਰੋਂ ਦੁੱਰਾਨੀ ਫੇਰ ਚੜ੍ਹ ਆਇਆ ਤੇ ਮੰਨੂੰ ਨੇ ਕੁਛ ਪਰਗਣਿਆਂ ਦਾ ਮਾਮਲਾ ਦੇ ਕੇ ਸੁਲਹ ਕਰ ਲਈ ਸੀ। ਇਹ ਤੀਸਰਾ ਹਮਲਾ ਸੀ ਸੰਨ 1809 ਵਾਲਾ, ਜਿਸ ਦਾ ਕੁਛ ਹਾਲ ਸੁੰਦਰੀ ਵਿਚ ਆ ਚੁਕਾ ਹੈ। ਇਸੇ ਵਿਚ ਮਹਾਰਾਜਾ ਕੌੜਾ ਮੱਲ ਜੀ ਸ਼ਹੀਦ ਹੋਏ ਸਨ (1751-52 ਈ:)।
2. ਮੁਹੰਮਦ ਲਤੀਫ, ਸਫਾ 224
ਸੀ। ਮੀਰ ਮੈਨੂੰ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁਕਾ ਸੀ, ਪਰ ਉਹ 'ਗ ਭੁਨਾਵੇਂ ਜੌ ਵਾਲੀ ਗੱਲ ਸੀ, ਉਸ ਦੇ ਕੁਟਿਲ ਹਿਰਦੇ ਵਿਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵਧ ਕੇ ਜ਼ੁਲਮ ਕਰਨ ਲੱਗਾ।
ਇਸ ਸਮੇਂ ਲਾਹੌਰ ਵਿਚ ਇਕ ਚੂਹੜ ਮੱਲ ਨਾਮੀ ਵੱਡਾ ਸਾਹੂਕਾਰ ਅਰ ਸਰਕਾਰੀ ਹੁੱਦੇਦਾਰ, ਵੱਢੀਆਂ ਦਾ ਘਾਉ ਘੱਪ ਭੰਡਾਰ, ਜ਼ੁਲਮ ਤੇ ਤਅੱਦੀ (tyranny) ਦਾ ਅਵਤਾਰ ਵੱਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ।
ਇਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜਨਾਨੇਖਾਨੇ ਵਿਚ ਬੜੀ ਗਹਿਮਾ ਗਹਿਮ ਹੋ ਰਹੀ ਸੀ: ਦੀਵਾਨ ਸਾਹਿਬ ਇਕ ਈਰਾਨੀ ਗਲੀਚੇ ਪੁਰ ਗਾਉਦੁਮ ਤਕੀਏ ਦੀ ਢੋ ਲਾ ਕੇ ਬੈਠੇ ਹੋਏ ਸਨ. ਸਾਹਮਣੇ ਪਾਸੇ ਇਨ੍ਹਾਂ ਦੀ ਇਸਤ੍ਰੀ ਢਲਦੀ ਅਵਸਥਾ ਦੀ, ਇਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਅਰ ਨੂੰਹ ਦਲੀਜਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿਚ ਬਿੱਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇਕ ਟਹਿਲਣ ਨੇ ਆ ਕੇ ਖ਼ਬਰ ਦਿੱਤੀ ਜੇ 'ਪ੍ਰੋਹਤ ਹੁਰੀਂ ਆਏ ਹਨ ਅਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ । ਦੀਵਾਨ ਸਾਹਿਬ ਨੇ ਕਿਹਾ ਕਿ 'ਉਨ੍ਹਾਂ ਨੂੰ ਐਥੇ ਹੀ ਲੈ ਆਓ' ਤੇ ਦੂਜੀ ਗੋਲੀ ਨੂੰ ਇਕ ਸੈੱਨਤ ਕੀਤੀ, ਜਿਸ ਨੇ ਝਟ ਪਟ ਇਕ ਚੰਨਣ ਦੀ ਚੌਂਕੀ ਡਾਹ ਕੇ ਉਪਰ ਗਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ਆਏ। ਸਰੀਰ ਪਤਲਾ, ਰੰਗ ਪਿੱਲਾ, ਨੁਹਾਰ ਤ੍ਰਿੱਖੀ ਤੇ ਵਿਚ ਵਿਚ ਐਸੇ ਚਿੰਨ੍ਹ ਚਿਹਰੇ ਪੁਰ ਦਿੱਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦੇਂਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਵਾਰ ਨੇ ਮੱਥਾ ਟੇਕਿਆ, ਪੰਡਤ ਜੀ ਨੇ ਅਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤ
ਮਿਸਰ- ਕੀ ਕਹਾਂ? ਹੋਸ਼ ਟਿਕਾਣੇ ਨਹੀਂ, ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ! ਭਗਵਾਨ! !
ਦੀਵਾਨ- ਮਿਸਰ ਜੀ! ਵਾਸਤੇ ਨਰੈਣ ਦੇ ਛੇਤੀ ਦੱਸੇ ਕਿ ਕੀ ਹੋਇਆ ?
ਪੰਡਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਂ ਪੁਰ ਐਸਾ ਪਿਆ ਕਿ ਹਥੌੜੀ ਵੱਜੇ ਘੜਿਆਲ ਵਾਂਗੂ ਥਰਥਰ ਕੰਬਣ ਲਗ ਗਈਆਂ।
ਮਿਸਰ- ਮਹਾਰਾਜ! ਕੀ ਕਹਾਂ? ਹੌਂਸਲਾ ਨਹੀਂ ਪੈਂਦਾ ਕਿ ਐਸੀ ਖਬਰ ਆਪ ਮੇਰੇ ਮੂੰਹੋਂ ਸੁਣੋ, ਪਰ ਕੀ ਕਰਾਂ ਆਪ ਦਾ ਬਚਾਉ ਇਸੇ ਵਿਚ ਹੀ ਹੈ।
ਦੀਵਾਨ- ਮਿਸਰ ਜੀ! ਫਿਰ ਛੇਤੀ ਦੱਸੋ ?
ਮਿਸਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਰੁਕੀ ਹੋਈ ਅਵਾਜ਼ ਵਿਚ ਬੋਲਿਆ: ਜਜਮਾਨ ਭਗਵਾਨ ਰਾਮ ਲਾਲ, ਰਾਮ ਲਾਲ ਰਾਮ ਲਾ ਆ ਘਘ (ਅਵਾਜ਼ ਰੁਕ ਗਈ) !!
ਦੀਵਾਨ- ਹਾਇ! ਪਿਆਰੇ ਨੂੰ ਕੀ ਹੋਇਆ, ਝਬਦੇ ਦੱਸੇ?
ਮਿਸਰ— ਰਾਮ ਲਾਲ ਸਿੱਖ ਹੋ ਗਿਆ!!
ਇਹ ਖ਼ਬਰ ਬਿਜਲੀ ਵਾਂਗ ਪਈ। ਇਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ, ਹਾਇ ਹਾਇ ਨਾਲ ਕਮਰਾ ਗੂੰਜ ਉਠਿਆ, ਨੇਤ੍ਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ, ਸਾਰੇ ਘਰ ਵਿਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਬੀ ਨਾ ਰੁਕ ਸਕੀਆਂ, ਉਹ ਬੀ ਵਹਾਰਿਆਂ ਵਾਂਗ ਛੁਟ ਛੁਟ ਕੇ ਰੋਈਆਂ।
ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫੇਰ ਕੁਝ ਸੋਚ ਕੇ ਉਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ— ਦੀਵਾਨ ਸਾਹਿਬ! ਜ਼ਰਾ
ਦੀਵਾਨ- ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪਦਰ ਹੋਇਆ ਕੀਕੂੰ ?
ਮਿਸਰ- ਜੀ ਹੋਣਾ ਕਿੱਕੂਰ ਸੀ ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਭੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੇ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਹਾਨੂੰ ਓਦੋਂ ਬੀ ਹੋੜਦਾ ਸੀ, ਪਰ ਤੁਸੀਂ ਕਿਹਾ ਵੱਡਾ ਹੋ ਕੇ ਆਪੇ ਸਮਝ ਜਾਏਗਾ। *
ਦੀਵਾਨ- ਹੁਣ ਕੀ ਕਰੀਏ ਵਖਤ ਵਿਹਾਣੇ ਨੂੰ ? ਹਾਇ ਪੁੱਤ੍ਰ! ਤੈਂ ਕੀ ਕੀਤਾ ?
ਮਿਸਰ- ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤਕ ਖ਼ਬਰ ਨਾ ਹੋਵੇ।
ਦੀਵਾਨ- ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ।
ਦੀਵਾਨਣੀ— ਹਾਂ ਤੁਸੀਂ ਹੀ ਬਹੁੜੇ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ! ਧੀ— ਮਿਸਰ ਜੀ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ!
ਮਿਸਰ- ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ।
––––––––––––––––
* ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾਂ ਨਾਲ ਕੋਈ ਉਂਞ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ।