ਹੁੰਦਾ? ਕਿਆ ਬੇਪਰਵਾਹੀ ਰੂਪੀ ਜਿੱਲ੍ਹਣ ਨਾਲ ਦੱਬੇ ਹੋਏ ਹੰਝੂਆਂ ਦੇ ਖੂਹ ਦਾ ਕੜ ਪਾਟਕੇ ਅੱਖਾਂ ਥੀਂ ਪ੍ਰਵਾਹ ਨਹੀਂ ਚਲਦਾ ? ਦੇਖੋ ਏਹ ਬਹਾਦਰ ਜੋ ਕਿ ਧੀਰਜ ਤੇ ਨਿਸ਼ਚੇ ਵਿਚ ਗੁੱਤੇ ਹੋਏ, ਪਤਿਬਤਾ ਇਸਤੀ ਵਾਂਗੂੰ ਸੱਚ ਨਾਲ ਸਤੀ ਹੋਣ ਲਈ ਤਿਆਰ ਸਨ, ਕੈਸੇ ਪੱਕੇ ਸਿੰਘ ਹਨ, ਘਰ ਬਾਰ ਦੌਲਤ ਸਭ ਨੂੰ ਛੱਡਕੇ ਮੌਤਾਂ ਕਬੂਲ ਰਹੇ ਹਨ। ਇਨ੍ਹਾਂ ਦਾ ਇਸ ਬਹਾਦਰੀ ਨਾਲ ਜਿੰਦ ਦੇਣਾ ਬਾਕੀ ਦੇ ਸਾਰੇ ਪੰਥ ਲਈ ਹੌਸਲੇ ਦਾ ਕਾਰਨ ਹੁੰਦਾ ਸੀ ਅਰ ਸਾਰੇ ਜੀਉਂਦੇ ਭਰਾਵਾਂ ਦੇ ਹੌਸਲੇ ਨੂੰ ਹੋਰ ਪੱਕਿਆਂ ਕਰਕੇ ਧਰਮਹਿਤ ਸਿਰ ਦੇਣ ਲਈ ਵਧੀਕ ਤਿਆਰ ਕਰਦਾ ਸੀ। ਇਨ੍ਹਾਂ ਕਦੀ ਪਿੱਠ ਨਾ ਦੇਣ ਵਾਲੇ ਹੱਠੀਆਂ ਦੇ ਜੋਸ਼ ਨੇ ਭਾਰਤ ਵਰਸ਼ ਨੂੰ ਮੁਗਲਾਂ ਦੇ ਅੰਤਲੇ ਜ਼ੁਲਮ ਰਾਜ ਤੋਂ ਛੁਡਾਇਆ। ਧੰਨ ਸਨ ਏਹ ਸਿੰਘ ਬਹਾਦਰ! ਸਤਾਏ ਜਾਂਦੇ, ਪਰ ਹੋਰ ਕਰੜੇ ਹੁੰਦੇ ਸਨ। ਵੱਢਦੇ ਸਨ, ਅਰ ਹੋਰ ਵਧਦੇ ਸਨ। ਮੁਕਾਏ ਜਾਂਦੇ ਸਨ ਅਰ ਅਮੁੱਕ ਹੁੰਦੇ ਸਨ। ਮੌਤ ਇਨ੍ਹਾਂ ਪੁਰ ਅੰਮ੍ਰਿਤ ਦਾ ਅਸਰ ਕਰਦੀ ਸੀ। ਤਲਵਾਰ ਦੀ ਆਬਦਾਰ ਧਾਰ ਪੁਰ ਖੇਡਣਾ ਇਨ੍ਹਾਂ ਲਈ ਆਬੇਹਯਾਤ ਦਾ ਪੀਣਾ ਹੁੰਦਾ ਸੀ। ਜਿਉਂ ਜਿਉਂ ਅਕਾਏ ਤੇ ਦੁਖਾਏ ਜਾਂਦੇ ਸਨ ਉਹ ਨਰ ਸੇਰ ਵਾਂਙ ਤਿਉਂ ਤਿਉਂ ਭੂਏ ਹੁੰਦੇ ਸਨ। ਆਤਮਾ ਵਿਦ੍ਯਾ ਦੇ ਕਥਨ ਮੂਜਬ ਮੌਤ ਇਨ੍ਹਾਂ ਲਈ ਨਵਾਂ ਜਨਮ ਹੁੰਦੀ ਸੀ।
ਹੁਣ ਦੇਖੋ ਸਿੰਘਾਂ ਨਾਲ ਕੀ ਭਾਣਾ ਵਰਤਦਾ ਹੈ। ਅੱਗ ਆਂਦੀ ਗਈ ਤੇ ਪਹਿਲੋਂ ਜੋ ਕੁਛ ਦੁਆਲੇ ਦੁਆਲੇ ਲੱਕੜਾਂ, ਪੱਛੀਆਂ, ਕੱਖ, ਪਲਾਹ ਰੱਖੇ ਗਏ ਸੇ ਓਨ੍ਹਾਂ ਵਿਚ ਅੱਗ ਦੂਰ ਦੂਰ ਧਰੀ ਗਈ। ਚੁਫੇਰਿਓਂ ਡਾਢਾ ਕਰੜਾ ਧੂਆਂ ਉਠਿਆ, ਜਿਸ ਨਾਲ ਘਬਰਾ ਕੇ ਇਨ੍ਹਾਂ ਦੇ ਸ਼ਰਨ ਮੰਨ ਲੈਣ ਦੀ ਆਸ ਸੀ। ਧੂੰਆਂ ਪਹਿਲੇ ਚੜ੍ਹੇ ਤਾਂ ਸਿਰ ਚਕਰਾਉਂਦਾ ਤੇ ਬਿਹਬਲਤਾ ਤੇ ਬੇਸੁਧੀ ਪੈਦਾ ਕਰਦਾ ਹੈ!* ਸਿੰਘਾਂ ਦੇ ਮੂੰਹੋਂ ਇਸ ਸ਼ੁਰੂ ਘਬਰਾ ਵੇਲੇ ਪਹਿਲੋਂ ਵਾਹਿਗੁਰੂ ਦੀ ਧੁਨਿ ਨਿਕਲੀ। ਸ਼ੋਕ! ਉਸ ਭੇਤ ਨੂੰ ਕੌਣ ਸਮਝੇ ਜੋ ਗੁਰੂ ਨੇ ਇਨ੍ਹਾਂ ਦੇ ਹਿਰਦੇ ਵਿਚ ਪਾ ਦਿਤਾ ਹੈ ? ਇਸ ਚੜ੍ਹਦੇ ਘਬਰਾ ਨੇ ਬੀ ਸਿੰਘਾਂ ਦੇ ਸਿਦਕ ਨੂੰ ਡੋਲਣ ਨਹੀਂ ਦਿਤਾ। ਥੋੜੀ ਦੇਰ ਤਕ ਹੋਸ਼ ਰਹੀ.
–––––––––––
* ਅੱਗ ਦੇ ਧੂਏਂ ਵਿਚ ਇਕ ਜ਼ਹਿਰ ਹੁੰਦੀ ਹੈ ਜੋ ਬੇਹੋਸ਼ ਕਰ ਦਿੰਦੀ ਤੇ ਬੇਹੋਸੀ ਵਿਚ ਹੀ ਮਾਰ ਦੇਂਦੀ ਹੈ।