ਆਪਣੇ ਆਪ ਨੂੰ ਥੋੜ੍ਹਾ ਹੋਰ ਧਿਆਨ ਨਾਲ ਦੇਖਣਾ ਸਿਖ ਲਵੋ, ਕੁਝ ਸਾਵਧਾਨੀਆਂ ਰੱਖੋ, ਅਤੇ ਹਮੇਸ਼ਾ ਤਿੰਨ ਸੱਸਿਆਂ (3 ਸ) ਦਾ ਧਿਆਨ ਰੱਖੋ।
ਸਾਡੇ ਸਾਰਿਆਂ ਵਿਚ ਇਸ 'ਬਿਨਾਂ ਸ਼ਬਦਾਂ ਦੀ ਭਾਸ਼ਾ' ਨੂੰ ਪੜ੍ਹਨ-ਸਮਝਣ ਦੀ ਕਾਬਲੀਅਤ ਹੈ। ਇਹ ਕਾਬਲੀਅਤ ਦਰਅਸਲ ਸਾਡੇ ਵਿਚ ਸਮੇਂ ਦੀ ਸ਼ੁਰੂਆਤ ਤੋਂ ਹੀ ਹੈ। ਬੱਸ ਸਿਰਫ ਇਤਨਾ ਹੀ ਹੈ ਕਿ ਇਸ ਯੋਗਤਾ ਨੂੰ ਲੋਕਾਂ ਨੇ ਹੋਰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਨ੍ਹਾਂ ਚੀਜ਼ਾਂ ਵੱਲ ਹੋਰ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਧੇ ਸਾਦੇ ਸ਼ਬਦਾਂ ਵਿਚ ਇਹ ਸਿਰਫ ਆਲਸ ਹੀ ਹੈ ਜੋ ਅਸੀਂ ਇਸ ਬਾਰੇ ਦੂਜਿਆਂ ਨਹੀਂ ਜਾਣਦੇ। ਪਰ ਆਪਣੀਆਂ ਕੁਝ ਕੁ ਆਦਤਾਂ ਨੂੰ ਬਦਲ ਕੇ, ਆਪਣੇ ਅਤੇ ਦੂਜਿਆਂ ਦੇ ਕੁਝ ਕੁ ਕੰਮਾਂ ਜਾਂ ਹਰਕਤਾਂ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਕੇ, ਤੁਸੀਂ ਬੜਾ ਵੱਡਾ ਫਰਕ ਮਹਿਸੂਸ ਕਰੋਗੇ।
ਇਹ ਸ਼ੁਕਰ ਵਾਲੀ ਗੱਲ ਹੈ ਕਿ ਤੁਸੀਂ ਉਸ ਕਮਾਲ ਦੀ ਸ਼ਕਤੀ, ਜਿਸ ਨੂੰ ਅਸੀਂ ਅੰਤਰ-ਗਿਆਨ ਜਾਂ ਫੁਰਨਾ ਕਹਿੰਦੇ ਹਾਂ, ਉਸਦੇ ਨਾਲ ਹੀ ਪੈਦਾ ਹੋਏ ਹੋ। ਤੁਸੀਂ ਦੇਖਦਿਆਂ ਹੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਖੁਸ਼ ਹੈ ਜਾਂ ਦੁਖੀ, ਪਰੇਸ਼ਾਨ ਜਾਂ ਮਜ਼ੇ ਵਿਚ ਹੈ। ਦੂਰੋਂ ਦੇਖ ਕੇ ਹੀ ਤੁਸੀਂ ਸਮਝ ਸਕਦੇ ਹੋ ਕਿ ਕੋਈ ਝਗੜਾ ਕਰ ਰਿਹਾ ਹੈ, ਦੋਸਤਾਨਾ ਗਲਬਾਤ ਕਰ ਰਿਹਾ ਹੈ ਜਾਂ ਉਹ ਇਕ ਦੂਜੇ ਦੇ ਪਿਆਰ ਵਿਚ ਪਾਗਲ ਹੋ ਰਹੇ ਪ੍ਰੇਮੀ ਹਨ। ਐਸਾ ਅਸੀਂ ਸਿਰਫ ਉਨ੍ਹਾਂ ਦੀ ਮੁਦਰਾ, ਸੰਕੇਤਾਂ ਅਤੇ ਚਿਹਰੇ ਦੇ ਭਾਵ ਦੇਖ ਕੇ ਹੀ ਸਮਝ ਲੈਂਦੇ ਹਾਂ।
ਤੁਸੀਂ ਇਹ ਸਭ ਕੁਝ ਅਚੇਤ ਹੀ ਸਮਝ ਲੈਂਦੇ ਹੋ। ਜੇ ਤੁਸੀਂ ਇਹ ਸਾਰਾ ਕੁਝ ਸੁਚੇਤ ਹੋ ਕੇ ਕਰੋ ਤਾਂ ਤੁਸੀਂ ਕਿੰਨਾ ਕੁਝ ਹੋਰ ਸਮਝ ਲਉਗੇ! ਫਿਰ ਤੁਸੀਂ ਸਰੀਰ ਦੀ ਭਾਸ਼ਾ ਸਮਝਣ ਅਤੇ ਲੋਕਾਂ ਦੇ ਮਨ ਨੂੰ ਪੜ੍ਹਨ ਵਿਚ ਕਿੰਨੇ ਜ਼ਿਆਦਾ ਮਾਹਰ ਹੋ ਜਾਉਗੇ? ਬਸ ਤੁਹਾਨੂੰ ਇਹੀ ਪਤਾ ਕਰਨ ਦੀ ਲੋੜ ਹੈ ਕਿ ਕੀ-ਕੀ ਦੇਖਣਾ ਹੈ। ਆਉ ਆਪਾਂ ਆਪਣੀ ਇਸ ਤਾਕਤ ਜਾਂ ਹੁਨਰ ਨੂੰ ਇਕ ਕਦਮ ਹੋਰ ਅੱਗੇ ਲੈ ਜਾਈਏ। ਅਗਲੇ ਸੱਤ ਪਾਠ ਸਾਨੂੰ ਇਸੇ ਰਸਤੇ ਉੱਤੇ ਅੱਗੇ ਤੋਰਨਗੇ।