ਸੋ ਜੇ ਸਾਨੂੰ ਸਰੀਰ ਦੁਆਰਾ ਬੋਲੀ ਜਾ ਰਹੀ ਭਾਸ਼ਾ ਦੀ ਚੰਗੀ ਸਮਝ ਲੱਗ ਜਾਵੇ, ਤਾਂ ਇਸ ਨਾਲ ਸਾਨੂੰ ਅਮਲੀ ਢੰਗ ਨਾਲ ਆਪਣੇ ਸਬੰਧ ਵਧੀਆ ਬਣਾਉਣ ਵਿਚ ਮਦਦ ਮਿਲੇਗੀ। ਬਹੁਤ ਸਾਰੇ ਹਾਲਾਤਾਂ ਵਿਚ-ਮਿੱਤਰਾਂ, ਪਰਵਾਰ, ਕੰਮ ਵਿਚਲੇ ਸਾਥੀਆਂ, ਗਾਹਕ, ਨੌਕਰੀ ਦੀ ਇੰਟਰਵਿਊ, ਅਜਨਬੀਆਂ ਨਾਲ-ਗੱਲ ਕੀ ਬਹੁਤੇ ਹਾਲਾਤ ਵਿਚ ਇਹ ਗਿਆਨ ਕਾਫੀ ਮਦਦਗਾਰ ਹੋਵੇਗਾ।
ਬਿਨਾਂ ਸ਼ਬਦਾਂ ਦੀ ਭਾਸ਼ਾ ਨਾਲ ਗਲਬਾਤ ਕਰਨਾ
ਸਾਨੂੰ ਹੁਣ ਤੱਕ ਇਹੀ ਸਿਖਾਇਆ ਗਿਆ ਹੈ ਕਿ ਭਾਸ਼ਾ ਦਾ ਗਿਆਨ ਜਾਂ ਸ਼ਬਦਾਂ ਦਾ ਗਿਆਨ ਹੀ ਸਾਡੀ ਦੂਜਿਆਂ ਨਾਲ ਸਫਲ ਗੱਲਬਾਤ ਦੀ ਕੁੰਜੀ ਹੈ ਅਤੇ ਇਹ ਕੁਦਰਤੀ ਹੀ ਹੈ, ਕਿਉਂਕਿ ਦੂਜਿਆਂ ਨਾਲ ਸਾਡੇ ਰੋਜ਼ ਦੇ ਲੈਣ ਦੇਣ ਤੇ ਆਦਾਨ ਪ੍ਰਦਾਨ ਵਿਚ ਸ਼ਬਦਾਂ ਦੀ ਵਰਤੋਂ ਤਾਂ ਹੁੰਦੀ ਹੀ ਹੈ। ਸ਼ਬਦ ਮਹੱਤਵਪੂਰਨ ਹਨ। ਪਰ ਬਿਨਾਂ ਸ਼ਬਦਾਂ ਦੀ ਭਾਸ਼ਾ ਜੇ ਜ਼ਿਆਦਾ ਨਹੀਂ ਤਾਂ ਉੱਨੀ ਹੀ ਮਹੱਤਵਪੂਰਨ ਹੈ।
“ਬਿਨਾਂ ਸ਼ਬਦਾਂ ਦੀ ਭਾਸ਼ਾ ਵੀ ਬਰਾਬਰ ਦਾ ਹੀ ਮਹੱਤਵ ਰੱਖਦੀ ਹੈ।”
ਅਸੀਂ ਆਪਣੀ ਗੱਲ ਦੂਜਿਆਂ ਕੋਲ ਇਸ ਤਰ੍ਹਾਂ ਪੁਚਾਂਦੇ ਹਾਂ:
• ਸਾਡਾ ਪਹਿਰਾਵਾ
• ਸਾਡੀ ਮੁਦਰਾ-ਬੈਠਣ, ਖੜ੍ਹੇ ਹੋਣ ਦਾ ਢੰਗ
• ਚਿਹਰੇ ਦੇ ਹਾਵ ਭਾਵ
• ਨਜ਼ਰਾਂ ਮਿਲਾਉਣੀਆਂ
• ਹੱਥ, ਬਾਂਹ ਤੇ ਲੱਤਾਂ ਦੀਆਂ ਹਰਕਤਾਂ
• ਸਰੀਰ ਵਿਚਲਾ ਤਣਾਅ
• ਇਕ ਦੂਜੇ ਤੋਂ ਦੂਰੀ
• ਸਾਡਾ ਸਪਰਸ਼ (ਛੋਹਣਾ)
• ਆਵਾਜ਼—ਲਹਿਜਾ, ਤੇਜ਼ੀ ਅਤੇ ਉਤਾਰ ਚੜ੍ਹਾਅ।
ਅਸੀਂ ਬਿਨਾਂ ਸ਼ਬਦਾਂ ਦੀ ਭਾਸ਼ਾ ਨਾਲ ਆਪਣੇ ਅਚੇਤ ਮਨ ਵਿਚੋਂ ਬੋਲਦੇ ਹਾਂ ਅਤੇ ਇਸੇ ਕਰਕੇ ਇਹ ਸਾਡੀਆਂ ਭਾਵਨਾਵਾਂ ਦਾ ਸ਼ੀਸ਼ਾ ਹੈ। ਇਸੇ ਕਰਕੇ ਹੀ ਇਹ ਭਾਸ਼ਾ ਬੋਲੇ ਗਏ ਸ਼ਬਦਾਂ ਨਾਲੋਂ ਵਧੇਰੇ ਭਾਵ ਦੂਜੇ ਤੱਕ ਪਹੁੰਚਦੀ ਹੈ। ਇਸ਼ਾਰੇ ਸਾਡੇ ਭਾਵਾਂ ਨੂੰ ਇਕ ਸ਼ਕਲ ਦੇ ਦਿੰਦੇ ਹਨ ਜਿਹੜੀ ਸ਼ਬਦ ਨਹੀਂ ਦੇ ਸਕਦੇ-ਇਸੇ ਕਰਕੇ ਹੀ ਇਹ ਬੜੇ ਕਾਰਗਰ ਹੁੰਦੇ ਹਨ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਜੇ ਸ਼ਬਦ ਤੇ ਇਸ਼ਾਰੇ ਨਾਲੋ ਨਾਲ ਵਰਤੇ ਜਾਣ ਤਾਂ ਇਹ ਗਲਬਾਤ ਦਾ ਸਭ ਤੋਂ ਅਸਰਦਾਇਕ ਜਾਂ ਪ੍ਰਭਾਵਸ਼ਾਲੀ ਢੰਗ ਬਣ ਜਾਂਦਾ ਹੈ। ਇਸ਼ਾਰਿਆਂ ਨੂੰ ਅਸੀਂ ਆਪ ਚੁਣਦੇ ਹਾਂ ਤਾਂ ਕਿ ਅਸੀਂ ਆਪਣੀ ਗੱਲ ਦੂਜੇ ਤੱਕ ਪੁਚਾ ਸਕੀਏ, ਪਰ ਸਾਡਾ ਸਰੀਰ ਆਪਣੇ ਹੀ ਸੰਕੇਤ ਦਿੰਦਾ ਰਹਿੰਦਾ ਹੈ ਜਿਹੜੇ ਸਾਡੀ ਚੇਤਨਾ ਤੋਂ ਪਰੇ ਹੁੰਦੇ ਹਨ। ਅਤੇ ਇਥੋਂ ਹੀ ਸਾਡੀਆਂ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ।