ਆਪਣਾ ਹਾਵੀ ਰੁਤਬਾ ਪਰਗਟ ਕਰਨ ਲਈ ਆਮ ਨਾਲੋਂ ਉਲਟ ਤਰੀਕੇ ਨਾਲ ਨਜ਼ਰਾਂ ਮਿਲਾਉਂਦੇ ਹਨ। ਜੋ ਆਪਾਂ ‘ਨਜ਼ਰ ਦੇ ਨਾਚ' ਕਰਕੇ ਸਮਝਿਆ ਸੀ, ਇਹ ਲੋਕ ਉਸ ਤੋਂ ਉਲਟ ਚਲਦੇ ਹਨ। ਜਦੋਂ ਦੂਸਰਾ ਵਿਅਕਤੀ ਗਲ ਕਰ ਰਿਹਾ ਹੋਵੇ ਤਾਂ ਉਹ ਉਸ ਵੱਲ ਘੱਟ ਦੇਖਦੇ ਹਨ ਅਤੇ ਜਦੋਂ ਆਪ ਬੋਲ ਰਹੇ ਹੁੰਦੇ ਹਨ ਤਾਂ ਉਹ ਦੂਜੇ ਵਲ ਜ਼ਿਆਦਾ ਦੇਖਦੇ ਹਨ।
ਸਾਡਾ ਦੂਜਿਆਂ ਵੱਲ ਦੇਖਣ ਦਾ ਵਰਤਾਉ ਬਹੁਤਾ ਕਰਕੇ ਸਾਡੇ ਸਭਿਆਚਾਰ ਤੇ ਨਿਰਭਰ ਕਰਦਾ ਹੈ। ਸਾਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਦੂਜੇ ਵਲ ਕਿੰਨੀ ਕੁ ਦੇਰ ਦੇਖਣਾ ਹੈ। ਤਕਰੀਬਨ ਸਾਰੇ ਤਜਰਬਿਆਂ ਤੇ ਅਧਿਐਨ ਵਿਚ ਇਹ ਦੇਖਿਆ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਦੀਆਂ ਨਜ਼ਰਾਂ ਸਹਿਜ ਵਿਚ ਅਤੇ ਆਰਾਮ ਨਾਲ ਇਧਰ ਉਧਰ ਘੁੰਮਦੀਆਂ ਹਨ ਅਤੇ ਨਾਲ ਹੀ ਉਹ ਧਿਆਨ ਨਾਲ ਗੱਲ ਸੁਣਦੇ ਹਨ, ਉਨ੍ਹਾਂ ਨੂੰ ਆਮ ਤੌਰ ਤੇ ਭਰੋਸੇ ਯੋਗ, ਧਿਆਨ ਰੱਖਣ ਵਾਲੇ ਅਤੇ ਈਮਾਨਦਾਰ ਮੰਨਿਆ ਜਾਂਦਾ ਹੈ।
ਇਕ ਦੂਜੇ ਤੇ ਵਿਸ਼ਵਾਸ ਪੈਦਾ ਕਰਨ ਲਈ ਨਜ਼ਰਾਂ ਮਿਲਾਉਣਾ ਬਹੁਤ ਚੰਗਾ ਢੰਗ ਹੁੰਦਾ ਹੈ, ਪਰ ਕਈ ਵਾਰੀ ਇਹ ਲੋੜ ਤੋਂ ਵੱਧ ਵੀ ਕੀਤਾ ਜਾ ਸਕਦਾ ਹੈ। ਬੱਸ, ਆਪਣਾ ਅੰਤਰ ਗਿਆਨ ਵਰਤੋ ਤੇ ਫੈਸਲਾ ਕਰੋ ਕਿ ਕਿਸੇ ਵੱਲ ਕਿੰਨਾ ਚਿਰ ਦੇਖਣਾ ਹੈ। ਤੁਹਾਨੂੰ ਕਿਸ ਚੀਜ਼ ਨਾਲ ਬੇਚੈਨੀ ਹੁੰਦੀ ਹੈ? ਆਮ ਤੌਰ ਤੇ ਕਿਸੇ ਵੱਲ ਲਗਾਤਾਰ ਟਿਕਟਿਕੀ ਲਾ ਕੇ ਦੇਖੀ ਜਾਣਾ ਸਭਿਅ ਨਹੀਂ ਗਿਣਿਆ ਜਾਂਦਾ। ਇਸ ਨੂੰ ਧਮਕੀ ਭਰਿਆ ਵਿਉਹਾਰ ਮੰਨਿਆ ਜਾਂਦਾ ਹੈ ਅਤੇ ਇਹ ਲੋਕਾਂ ਨੂੰ ਨਾਰਾਜ਼ ਕਰ ਦੇਂਦਾ ਹੈ।
“ ਆਪਣਾ ਅੰਤਰ-ਗਿਆਨ ਵਰਤੋਂ।”
ਸਾਨੂੰ ਦੂਜਿਆਂ ਨਾਲ ਨਜ਼ਰਾਂ ਮਿਲਾਣ ਦੀ ਬਹੁਤ ਲੋੜ ਹੁੰਦੀ ਹੈ। ਕਾਰਨ ਸਪਸ਼ਟ ਹੈ— ਅਸੀਂ ਉਨ੍ਹਾਂ ਦੇ ਸਰੀਰ ਦੀ ਭਾਸ਼ਾ ਸਮਝਣੀ ਹੁੰਦੀ ਹੈ ਤਾਂਕਿ ਅਸੀਂ ਉਨ੍ਹਾਂ ਬਾਰੇ ਆਪਣੀ ਭਾਵਨਾ ਬਣਾ ਸਕੀਏ। ਫਿਰ ਅਸੀਂ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਤਾਂ ਦੇਖਣੀ ਹੁੰਦੀ ਹੈ। ਇਹ ਇਕ ਦੁਵੱਲੀ ਗਲੀ ਹੈ!
ਸਿਆਣੀ ਗੱਲ
ਜੇ ਤੁਹਾਨੂੰ ਲੱਗਦਾ ਹੈ ਕਿ ਇਕ ਮੁਸ਼ਕਲ ਭਰੀ ਗੱਲ ਕਰਨ ਲਈ ਕਿਸੇ ਵਿਅਕਤੀ ਨਾਲ ਨਜ਼ਰਾਂ ਮਿਲਾਉਣੀਆਂ ਜ਼ਰੂਰੀ ਹਨ, ਤਾਂ ਭਾਵੇਂ ਤੁਸੀਂ ਕਿਸੇ ਮੀਟਿੰਗ ਵਿਚ ਹੋਵੋ ਜਾਂ ਕਿਸੇ ਰੈਸਤੋਰਾਂ ਵਿਚ, ਇਹ ਕੋਸ਼ਿਸ਼ ਜ਼ਰੂਰ ਕਰੋ ਕਿ ਤੁਸੀਂ ਉਸ ਵਿਅਕਤੀ ਦੇ ਸਾਹਮਣੇ ਬੈਠੇ ਹੋਵੋ। ਜੇ ਕਿਤੇ ਤੁਸੀਂ ਉਸਦੇ ਸੱਜੇ ਖੱਬੇ ਪਾਸੇ, ਜਾਂ ਬਿਲਕੁਲ ਨਾਲ ਬੈਠ ਗਏ ਤਾਂ ਨਜ਼ਰਾਂ ਮਿਲਾਉਣੀਆਂ ਔਖੀਆਂ ਹੋ ਜਾਣਗੀਆਂ।
ਆਉ, ਜ਼ਰਾ ਕਾਰਾਂ ਦੀ ਵੀ ਗੱਲ ਕਰ ਲਈਏ। ਤੁਸੀਂ ਪੁੱਛੋਗੇ ਕਿ ਨਜ਼ਰਾਂ ਮਿਲਾਉਣ ਦੇ ਵਿਸ਼ੇ ਦਾ ਕਾਰਾਂ ਨਾਲ ਕੀ ਸਬੰਧ? ਮੈਂ ਇਹ ਵਿਸ਼ਾ ਇਸ ਲਈ ਛੋਹਣਾ ਚਾਹੁੰਦਾ ਹਾਂ ਕਿਉਂਕਿ ਅੱਜ ਦੇ ਸਮੇਂ ਵਿਚ ਅਸੀਂ ਬਹੁਤ ਸਾਰਾ ਸਮਾਂ ਕਾਰਾਂ ਵਿਚ ਹੀ ਗੁਜ਼ਾਰਦੇ ਹਾਂ। ਜੇਕਰ