ਕੁਝ ਲੋਕ ਐਸਾ ਹਾਵ ਭਾਵ ਉਸ ਵੇਲੇ ਬਣਾਉਂਦੇ ਹਨ ਜਦੋਂ ਉਹ ਧਿਆਨ ਨਾਲ ਕੁਝ ਪੜ੍ਹ ਰਹੇ ਹੋਣ। ਉਸ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਦੇ ਹਾਵ ਭਾਵ ਤੇ ਹਰਕਤਾਂ ਵਿਚ ਸਭ ਕੁਝ ਸਕਾਰਾਤਮਕ ਹੀ ਹੁੰਦਾ। ਤੁਸੀਂ ਇਹ ਭੁਲੇਖਾ ਖਾ ਸਕਦੇ ਹੋ ਕਿ ਸ਼ਾਇਦ ਉਸ ਚਿੱਠੀ ਜਾਂ ਰਿਪੋਰਟ ਵਿਚ ਹੀ ਕੁਝ ਐਸਾ ਹੈ ਜੋ ਉਸ ਨੂੰ ਚੰਗਾ ਨਾ ਲੱਗ ਰਿਹਾ ਹੋਵੇ। ਪਰ ਇਹ ਵੀ ਹੋ ਸਕਦਾ ਹੈ ਕਿ ਉਹ ਪੂਰਾ ਕਾਗਜ਼ ਪੜ੍ਹਨ ਤੋਂ ਬਾਅਦ ਇਹੀ ਕਹੇ—“ਬਹੁਤ ਵਧੀਆ, ਸ਼ਾਬਾਸ਼”! ਤਾਂ ਫਿਰ ਇਸ ਹਰਕਤ ਦਾ ਕੀ ਮਤਲਬ ਹੋਇਆ?
ਐਸਾ ਵਿਅਕਤੀ ਆਪਣੇ ਵਿਅਕਤੀਤਵ ਕਾਰਨ ਜਦੋਂ ਬਹੁਤ ਗੌਰ ਨਾਲ ਕੁੱਝ ਦੇਖ ਰਿਹਾ ਹੋਵੇ ਤਾਂ ਉਸ ਦੇ ਚਿਹਰੇ ਦੀ ਦਿੱਖ ਗੁੱਸੇ ਵਾਲੀ ਲਗਦੀ ਹੈ। ਉਸ ਦਾ ਚਿਹਰਾ ਜਿਵੇਂ ਧਿਆਨ ਲਗਾਉਣ ਵਾਲੇ ਹਾਵ-ਭਾਵ ਵਿਚ ਜੰਮ ਗਿਆ ਹੋਵੇ। ਤੁਸੀਂ ਫਿਲਮਾਂ ਵਿਚ ਸ਼ੇਰਲਕ ਹੋਮਜ਼ ਨੂੰ ਕਿਸੇ ਕਾਗਜ਼ ਦਾ ਗੂੜ੍ਹ ਅਧਿਐਨ ਕਰਦਿਆਂ ਅਤੇ ਬੇਬਸ-ਪ੍ਰੇਸ਼ਾਨ ਹੋਏ ਡਾ. ਵਾਟਸਨ ਨੂੰ ਕੋਲ ਖੜ੍ਹੇ ਹੋਏ ਜ਼ਰੂਰ ਦੇਖਿਆ ਹੋਵੇਗਾ।
ਇਸਦੇ ਉਲਟ ਅਪ੍ਰਵਾਨਗੀ ਦੇ ਰਿਹਾ ਵਿਅਕਤੀ ਇਹੀ ਇਸ਼ਾਰੇ ਪੂਰਾ ਸਮਾਂ ਨਹੀਂ ਦਿੰਦਾ ਸਗੋਂ ਉਸ ਦੇ ਚਿਹਰੇ ਤੇ ਇਹ ਭਾਵ ਉਦੋਂ ਆਉਂਦੇ ਹਨ ਜਦੋਂ ਉਹ ਕਿਸੇ ਐਸੇ ਨੁਕਤੇ ਤੇ ਪਹੁੰਚਦਾ ਹੈ ਜਿਹੜਾ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਦੇਖਣ ਨੂੰ ਦੋਵੇਂ ਕਿਸਮ ਦੇ ਭਾਵ ਇਕੋ ਜਿਹੇ ਹੋਣ ਦਾ ਭੁਲੇਖਾ ਪਾਉਂਦੇ ਹਨ। ਇਨ੍ਹਾਂ ਵਿਚੋਂ ਇਕ ਤਾਂ ਉਸ ਖਾਸ ਵਿਅਕਤੀਤਵ ਕਰਕੇ ਹੁੰਦਾ ਹੈ ਅਤੇ ਉਸ ਵਿਅਕਤੀ ਦੀ ਉਸ ਚੀਜ਼ ਜਾਂ ਹਾਲਾਤ ਵਾਸਤੇ ਗੰਭੀਰਤਾ ਦਾ ਚਿੰਨ੍ਹ ਹੁੰਦਾ ਹੈ। ਦੂਸਰਾ ਸਰੀਰ ਦੀ ਇਕ ਹਰਕਤ ਹੁੰਦੀ ਹੈ ਜਿਹੜੀ ਅੱਖਾਂ ਦੇ ਆਲੇ ਦੁਆਲੇ ਦੇ ਹਿੱਸੇ ਵਿੱਚ ਇਕ ਹਾਵ-ਭਾਵ ਪੈਦਾ ਕਰ ਦਿੰਦੀ ਹੈ। ਸੋ ਝੱਟ ਹੀ ਕਿਸੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਪੂਰੇ ਵਿਅਕਤੀ ਅਤੇ ਵਿਅਕਤੀਤਵ ਵੱਲ ਧਿਆਨ ਦਿਉ।
ਕੀ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ ਸ਼ੱਕ-ਸੰਦੇਹ, ਜਾਂ ਮਾਸੂਮੀਅਤ ਦਿਖਾਣੀ ਹੋਵੇ, ਜਾਂ ਦਿਖਾਣਾ ਹੋਵੇ ਕਿ ਤੁਸੀਂ ਧਿਆਨ ਦੇ ਰਹੇ ਹੋ, ਜਾਂ ਕਿਸੇ ਵਿਚ ਆਪਣੀ ਦਿਲਚਸਪੀ ਦਿਖਾਣੀ ਹੋਵੇ (ਔਰਤਾਂ ਐਸਾ ਆਮ ਤੌਰ ਤੇ ਕਰਦੀਆਂ ਹਨ) ਤਾਂ ਤੁਸੀਂ ਆਪਣੀਆਂ ਅੱਖਾਂ ਪੂਰੀਆਂ ਖੋਲ੍ਹ ਲੈਂਦੇ ਹੋ, ਜਾਂ ਅੱਖਾਂ ਅੱਡ ਲੈਂਦੇ ਹੋ ਅਤੇ ਆਪਣੇ ਭਰਵੱਟੇ ਉਪਰ ਚੜ੍ਹਾ ਲੈਂਦੇ ਹੋ। ਅਸੀਂ ਇਹ ਜਾਣਦੇ ਹਾਂ ਕਿ ਵੱਡੀਆਂ ਅੱਖਾਂ ਖਿੱਚ ਪਾਉਂਦੀਆਂ ਹਨ। ਕੀ ਤੁਸੀਂ ਕਦੇ ਕਿਸੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਮੋਟੀਆਂ-ਮੋਟੀਆਂ ਅੱਖਾਂ ਨਾਲ ਆਪਣੇ ਵਲ ਤੱਕਦਿਆਂ ਦੇਖਿਆ ਹੈ? ਤੁਹਾਡੇ ਮਨ ਵਿਚ ਕੀ ਭਾਵਨਾਵਾਂ ਪੈਦਾ ਹੁੰਦੀਆਂ ਹਨ? ਬਹੁਤ ਸਾਰੇ ਸਰਵੇਖਣਾਂ ਵਿਚ ਆਦਮੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 'ਉਸ' ਔਰਤ ਬਾਰੇ ਜੋ ਚੀਜ਼ ਦੇਖੀ ਸੀ, ਉਹ ਉਸ ਦੀਆਂ ਅੱਖਾਂ ਸਨ। (ਹਾਲਾਂਕਿ ਆਮ ਤੌਰ ਤੇ ਅਸੀਂ ਐਸਾ ਨਹੀਂ ਸੋਚਦੇ) ਸੋ ਜਦੋਂ ਭਰਵੱਟੇ ਅਤੇ ਪਲਕਾਂ ਉੱਪਰ ਚੁੱਕੇ ਜਾਂਦੇ ਹਨ ਤਾਂ ਨੇੜਤਾ ਵਧਦੀ ਹੈ।