ਚਿਹਰੇ ਦੇ ਹਾਵ-ਭਾਵ
ਮੇਰੀ ਇਕ ਨਜ਼ਰ ਤੇਰਾ ਦਿਲ ਤੋੜ ਦੇਵੇ
ਮੇਰੀ ਇਕ ਤੱਕਣੀ ਸਭ ਕੁਝ ਕਹਿ ਦੇਵੇ
ਤੇਰੇ ਦਿਲ ਵਿਚ ਮੈਂ ਇਕ ਗੀਤ ਛੇੜ ਦਿਆਂ
ਇਕ ਤੱਕਣੀ ਹੀ ਮੇਰੀ ਹਰ ਗੱਲ ਦਸ ਦੇਵੇ
ਨਜ਼ਰ ਦੀਆਂ ਗੱਲਾਂ, ਕਿਹੜੇ ਲਫਜ਼ ਕਹਿ ਸਕਦੇ
ਬਸ ਇਕ ਘੂਰੀ ਮੇਰੀ ਤੈਨੂੰ ਵਿਸਰ ਨਾ ਜਾਵੇ
ਠੀਕ ਕਹਿ ਰਹੀ ਹਾਂ, ਤੈਨੂੰ ਵੀ ਪਤਾ ਏ
ਇਕ ਨਜ਼ਰ 'ਚੋਂ ਹੀ ਤੈਨੂੰ ਹਰ ਗਲ ਸੁਣ ਜਾਵੇ ।
ਜਿਵੇਂ ਕਿ ਸਨਸੈਟ ਬੁਲੇਵਾਰਡ (Sunset Boulevard) ਵਿਚਲੇ ਇਸ ਗੀਤ ਵਿਚ ਨੌਰਮਾ ਡੈਸਮੰਡ ਨੇ ਗਾਇਆ ਸੀ, ਇਕ ਤੱਕਣੀ ਹੀ ਬਹੁਤ ਕੁਝ ਕਹਿ ਸਕਦੀ ਹੈ। ਸਰੀਰਕ ਭਾਸ਼ਾ ਵਿਚ ਸਾਡਾ ਚਿਹਰਾ ਸਾਡੇ ਸਰੀਰ ਦਾ ਸਭ ਤੋਂ ਵੱਧ ਪ੍ਰਗਟਾਵਾ ਕਰਨ ਵਾਲਾ ਹਿੱਸਾ ਹੈ। ਕਿਸੇ ਵੀ ਮੇਲਜੋਲ ਵਿਚ ਅਸੀਂ ਸਭ ਤੋਂ ਪਹਿਲਾਂ ਚਿਹਰੇ ਵੱਲ ਦੇਖਦੇ ਹਾਂ। ਸਾਡੇ ਸ਼ਬਦਾਂ ਨੂੰ ਸਾਡੇ ਚਿਹਰੇ ਦੇ ਹਾਵ-ਭਾਵ ਤੋਂ ਬਲ ਮਿਲਦਾ ਹੈ। ਅਸੀਂ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਚਿਹਰੇ ਨਾਲ ਸਭ ਤੋਂ ਵੱਧ ਇਸ਼ਾਰੇ ਕਰਦੇ ਹਾਂ। ਅਤੇ ਐਸਾ ਹੋਣਾ ਕੁਦਰਤੀ ਹੀ ਹੈ, ਸਾਡੇ ਚਿਹਰੇ ਦੇ ਸੱਜੇ ਤੇ ਖੱਬੇ ਦੋਹਾਂ ਪਾਸਿਆਂ ਵਿਚ 22-22 ਪੱਠੇ ਕੰਮ ਕਰ ਰਹੇ ਹਨ।
“ਕੁਦਰਤੀ ਹੀ ਸਾਡੀ ਨਜ਼ਰ ਚਿਹਰੇ ਤੇ ਪੈਂਦੀ ਹੈ”
ਕਿਸੇ ਦੇ ਚਿਹਰੇ ਨੂੰ ਦੇਖ ਕੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਗੁੱਸਾ ਚੜ੍ਹਿਆ ਹੋਇਆ ਹੈ। ਫਿਰ ਬਾਕੀ ਦੇ ਸਰੀਰ ਦੀ ਭਾਸ਼ਾ ਨੂੰ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁੱਸੇ ਦਾ ਉਸ ਦੇ ਸਰੀਰ ਤੇ ਕੀ ਅਸਰ ਹੋ ਰਿਹਾ ਹੈ। ਕੀ ਉਹ ਗੁੱਸੇ ਵਿਚ ਆਪਣੀਆਂ ਬਾਹਵਾਂ ਜ਼ੋਰ ਜ਼ੋਰ ਦੀ ਹਿਲਾ ਰਿਹਾ ਹੈ, ਜਾਂ ਉਹ ਆਪਣਾ ਗੁੱਸਾ ਦਬਾਉਣ ਲਈ ਕੋਸ਼ਿਸ਼ ਕਰ ਰਿਹਾ ਹੈ ਤੇ ਉਂਗਲਾਂ ਨਾਲ ਮੇਜ਼ ਨੂੰ ਥਪ ਥਪਾ ਕੇ ਇਸ ਭਾਵਨਾ ਨੂੰ ਪ੍ਰਗਟ ਕਰ ਰਿਹਾ ਹੈ।
ਸਿਆਣੀ ਗੱਲ
ਬਹੁਤ ਸਾਰੀਆਂ ਖੋਜਾਂ ਵਿਚ ਇਹ ਗਲ ਪਤਾ ਲੱਗੀ ਹੈ ਕਿ ਔਰਤਾਂ ਆਪਣੇ ਸਰੀਰ ਦੀ ਭਾਸ਼ਾ ਮਰਦਾਂ ਨਾਲੋਂ ਵਧੀਆ ਢੰਗ ਨਾਲ ਪ੍ਰਗਟ ਕਰਦੀਆਂ ਹਨ, ਖਾਸ ਕਰਕੇ ਚਿਹਰੇ ਤੋਂ ਪ੍ਰਗਟ ਹੋਣ ਵਾਲੀ ਭਾਸ਼ਾ।