Back ArrowLogo
Info
Profile

ਕਿਉਂਕਿ ਬਹੁਤ ਸਾਰੀਆਂ ਖੋਜਾਂ ਇਹ ਸਾਬਤ ਕਰਦੀਆਂ ਹਨ ਕਿ ਸਾਹਮਣੇ ਵਾਲੇ ਦੀ ਮੁਸਕਰਾਹਟ ਦਾ ਸਾਡੇ ਤੇ ਅਸਰ ਹੁੰਦਾ ਹੈ ਭਾਵੇਂ ਉਸ ਵਕਤ ਅਸੀਂ ਇਹ ਸਮਝ ਨਹੀਂ ਸਕਦੇ। ਅਸੀਂ ਇਸ ਬਾਰੇ ਹੋਰ ਗੱਲ ਵੀ ਕਰਾਂਗੇ ਜਦੋਂ ਆਪਾਂ ਕੁਝ ਹੋਰ ਖੋਜਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਮੁਸਕਰਾਹਟ ਦੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪਰ ਪਹਿਲਾਂ ਆਪਾਂ ਇਸ ਦੀ ਇਕ ਉਦਾਹਰਣ ਦੀ ਗੱਲ ਕਰਾਂਗੇ ਜਿਹੜੀ ਸੇਵਾ-ਖੇਤਰ ਵਿਚੋਂ ਹੈ ਅਤੇ ਅਸੀਂ ਸਾਰੇ ਇਸ ਨੂੰ ਸਮਝ ਸਕਦੇ ਹਾਂ।

ਅਮਰੀਕਾ ਵਿਚ ਐਸੇ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ ਜਿਨ੍ਹਾਂ ਵਿਚ 'ਬੈਰਿਆਂ' ਨੂੰ ਰੈਸਤੋਰਾਂ ਵਿਚ ਮਿਲਣ ਵਾਲੀ 'ਟਿੱਪ' ਦੀ ਪੜਤਾਲ ਕੀਤੀ ਗਈ ਸੀ। ਇਨ੍ਹਾਂ ਵਿਚ ਮੁਸਕਰਾਹਟ ਨਾਲ ਸੇਵਾ ਕਰਨ ਵਾਲੇ ਬੈਰਿਆਂ ਨੂੰ ਮਿਲ ਰਹੀ ਟਿੱਪ ਦਾ ਟਾਕਰਾ ਉਨ੍ਹਾਂ ਬੈਰਿਆਂ ਨਾਲ ਕੀਤਾ ਗਿਆ ਜਿਹੜੇ ਸੇਵਾ ਕਰਨ ਲੱਗਿਆਂ ਮੁਸਕਰਾਉਂਦੇ ਨਹੀਂ। ਇਹ ਦੇਖਿਆ ਗਿਆ ਕਿ ਮੁਸਕਰਾ ਕੇ ਸੇਵਾ ਕਰਣ ਵਾਲੇ ਬੈਰਿਆਂ ਨੂੰ ਦੂਜਿਆਂ ਤੋਂ ਵੱਧ ‘ਟਿੱਪ’ ਮਿਲਦੀ ਹੈ। ਉਹ ਬੈਰੇ ਜਿਹੜੇ ਝੁੱਕ ਕੇ, ਮੇਜ਼ ਤੇ ਬੈਠੇ ਹੋਏ ਗਾਹਕਾਂ ਨਾਲ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਗੱਲ ਕਰਕੇ ‘ਆਰਡਰ' ਲੈਂਦੇ ਹਨ, ਉਹ ਹੋਰ ਵੀ ਜ਼ਿਆਦਾ 'ਟਿੱਪ' ਲੈ ਲੈਂਦੇ ਹਨ। ਸਰੀਰ ਦੀ ਮੁਦਰਾ ਅਤੇ ਹਰਕਤ ਸਾਡੀ ਸਰੀਰਕ ਭਾਸ਼ਾ ਦੇ ਬੜੇ ਸ਼ਕਤੀਸ਼ਾਲੀ ਤਰੀਕੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਜਿਹੜੇ ਬੈਰੇ ਗਾਹਕਾਂ ਨੂੰ ਹਲਕਾ ਜਿਹਾ ਛੋਹ ਕੇ, ਉਨ੍ਹਾਂ ਦੀ ਬਾਂਹ ਆਦਿ ਤੇ ਹੱਥ ਨਾਲ ਛੋਹ ਕੇ ਗੱਲ ਕਰ ਲੈਂਦੇ ਹਨ, ਉਨ੍ਹਾਂ ਦਾ ਆਪਣੇ ਗਾਹਕ ਨਾਲ ਹੋਰ ਜ਼ਿਆਦਾ ਤਾਲਮੇਲ ਬਣ ਜਾਂਦਾ ਹੈ ਅਤੇ ਇਸ ਦਾ ਅਸਰ ਉਨ੍ਹਾਂ ਨੂੰ ਮਿਲਣ ਵਾਲੀ 'ਟਿੱਪ' ਉੱਤੇ ਪੈਂਦਾ ਹੈ।

ਮੁਸਕਰਾਹਟਾਂ ਵੀ ਕਈ ਕਿਸਮ ਦੀਆਂ ਹੁੰਦੀਆਂ ਹਨ। ਜਿਵੇਂ ਅਸੀਂ ਸਰੀਰਕ ਭਾਸ਼ਾ ‘ਖੁਲ੍ਹੀ' ਜਾ 'ਬੰਦ' ਹੋਣ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਮੁਸਕਰਾਹਟਾਂ ਵੀ ਖੁਲ੍ਹੀਆਂ ਜਾਂ ਬੰਦ ਹੁੰਦੀਆਂ ਹਨ:

ਖੁਲ੍ਹੀ ਮੁਸਕਰਾਹਟ ਵਿਚ ਦੰਦ ਦਿਸਦੇ ਹਨ।

ਬੰਦ ਮੁਸਕਰਾਹਟ ਵਿਚ ਦੰਦ ਨਹੀਂ ਦਿਸਦੇ। ਜ਼ਰਾ ਐਸੀਆਂ ਮੁਸਕਰਾਹਟਾਂ ਬਾਰੇ ਵੀ ਸੋਚੋ ਜਿਨ੍ਹਾਂ ਵਿਚ ਬੁਲ੍ਹ ਕੱਸ ਕੇ ਇਕ ਦੂਜੇ ਨਾਲ ਲੱਗੇ ਹੁੰਦੇ ਹਨ, ਜਾਂ ‘ਟੇਢੀ ਮੁਸਕਰਾਹਟ', ਇਕ ਪਾਸੇ ਦੀ ਮੁਸਕਰਾਹਟ ਆਦਿ।

ਮੁਸਕਰਾਹਟ ਤੇ ਭਾਵਨਾਵਾਂ (ਮੁਰਗੀ ਪਹਿਲਾਂ ਕਿ ਅੰਡਾ?)

ਅਸੀਂ ਪਾਲ ਐਕਮੈਨ ਦੀਆਂ ਖੋਜਾਂ ਦੀ ਪਹਿਲਾਂ ਵੀ ਗੱਲ ਕੀਤੀ ਹੈ। ਅਸੀਂ ਉਸ ਦੀਆਂ ਪਹਿਲੀਆਂ ਖੋਜਾਂ ਤੋਂ ਵੀ ਕਈ ਕੁਝ ਸਿੱਖਿਆ ਹੈ। ਆਧੁਨਿਕ ਸਾਜ਼ੋ ਸਾਮਾਨ ਨੇ ਇਹ ਸੰਭਵ ਕਰ ਦਿੱਤਾ ਹੈ ਕਿ ਵਿਗਿਆਨਕ ਚਿਹਰੇ ਤੇ ਆ ਰਹੇ ਹਾਵ ਭਾਵ, ਸਾਡੀਆਂ ਭਾਵਨਾਵਾਂ ਅਤੇ ਸਾਡੀ ਸਵੈਚਾਲਿਤ ਤੰਤੂ ਪ੍ਰਣਾਲੀ (Autonomous Nervous System) ਵਿਚਲੇ ਸਬੰਧਾਂ ਨੂੰ ਸਮਝ ਸਕਦੇ ਹਨ। ਯੂਨੀਵਰਸਿਟੀ ਆਫ ਕੈਲੇਫੋਰਨੀਆਂ ਦੇ ਐਕਮੈਨ ਅਤੇ ਉਸਦੇ ਸਾਥੀਆਂ ਨੇ ਚਿਹਰੇ ਦੇ ਪੱਠਿਆਂ ਦਾ ਬਹੁਤ ਡੂੰਘਾਈ ਵਿਚ ਅਧਿਅਨ ਕੀਤਾ ਹੈ।

69 / 244
Previous
Next