

ਜਿਵੇਂ ਜਿਵੇਂ ਗਲਬਾਤ ਅੱਗੇ ਵਧਦੀ ਹੈ, ਤੁਸੀਂ ਜਾਂ ਦੂਜਾ ਵਿਅਕਤੀ, ਬਿਨਾਂ ਧਿਆਨ ਕੀਤੇ-ਅਚੇਤ ਹੀ, ਆਪਣੇ ਪੈਰ ਦੂਜੀ ਦਿਸ਼ਾ ਵਿਚ ਮੋੜ ਲੈਂਦਾ ਹੈ। ਇਹ ਸਾਰਾ ਕੁੱਝ ਬਿਲਕੁਲ ਕੁਦਰਤੀ ਢੰਗ ਨਾਲ ਹੋ ਜਾਂਦਾ ਹੈ। ਜੇ ਪੈਰ ਦੂਜੇ ਪਾਸੇ (ਅਤੇ ਬਾਹਰ ਜਾਣ ਦੇ ਰਸਤੇ ਵੱਲ) ਹੀ ਮੁੜੇ ਰਹਿਣ ਤਾਂ ਤੁਸੀਂ ਉੱਥੇ ਰੁਕਣਾ ਹੀ ਨਹੀਂ ਚਾਹੁੰਦੇ ਅਤੇ ਜਾਂ ਫਿਰ ਤੁਹਾਡਾ ਤਾਲਮੇਲ ਨਹੀਂ ਬਣ ਸਕਿਆ, ਭਾਵੇਂ ਕਾਰਨ ਕੁੱਝ ਵੀ ਹੋਵੇ। ਕਈ ਵਾਰੀ ਗੱਲ ਕਰਦਿਆਂ ਕਰਦਿਆਂ ਪੈਰ ਦੂਜੇ ਪਾਸੇ ਵਲ ਮੁੜ ਜਾਂਦੇ ਹਨ। ਇਹ ਇਸ ਲਈ ਵੀ ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਕਿਤੇ ਜਾਣਾ ਹੋਵੇ, ਜਾਂ ਉਹ ਬੇਆਰਾਮੀ ਮਹਿਸੂਸ ਕਰ ਰਿਹਾ ਹੈ ਅਤੇ ਜਾਣਾ ਚਾਹੁੰਦਾ ਹੈ। ਇਹ ਤੁਹਾਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਉਸ ਨੂੰ ਮਜਬੂਰੀ ਕਾਰਨ ਜਾਣਾ ਪੈ ਗਿਆ ਜਾਂ ਉਹ ਤੁਹਾਨੂੰ ਪਸੰਦ ਨਹੀਂ ਕਰਦਾ।
ਬੈਠ ਕੇ ਹੋ ਰਹੀ ਗਲਬਾਤ ਵਿਚ ਇਹ ਦੇਖਣ ਤੋਂ ਕਿ ਦੂਜੇ ਵਿਅਕਤੀ ਦੇ ਪੈਰ ਕਿਸ ਦਿਸ਼ਾ ਵਿਚ ਹਨ, ਕਾਫੀ ਮਦਦ ਮਿਲਦੀ ਹੈ। ਪਰ ਇਹ ਤਾਂ ਹੀ ਹੋਏਗਾ ਜੇ ਉਸਨੇ ਲੱਤ, ਇਕ ਉਪਰੋਂ ਦੂਜੀ ਮੋੜੀ ਨਹੀਂ ਹੋਈ। ਜੇਕਰ ਦੋਵੇਂ ਪੈਰ ਫਰਸ਼ ਤੇ ਹਨ ਅਤੇ ਦੋਵੇਂ ਜਾਂ ਇਕ ਤੁਹਾਡੇ ਵੱਲ ਨਹੀਂ ਤਾਂ ਤੁਸੀਂ ਆਪਣੀ ਗਲਬਾਤ ਵਿਚ ਉਹ ਅਵਸਥਾ ਵਿਚ ਹਾਲੇ ਨਹੀਂ ਪਹੁੰਚੇ ਜਿਸ ਵਿਚ ਹਰ ਇਕ ਵਿਅਕਤੀ ਆਰਾਮ ਵਿਚ ਹੋਵੇ। ਪਰ ਤੁਹਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਪੈਰਾਂ ਦੀ ਐਸੀ ਹਾਲਤ ਬੈਠਣ ਦੇ ਢੰਗ ਕਰਕੇ ਹੈ ਜਾਂ ਉਸ ਵਿਅਕਤੀ ਦੀ ਮਨੋ-ਸਥਿਤੀ ਕਰਕੇ ਹੈ।
