ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥੬॥
ਭਾਵ, ਪ੍ਰੀਤਮ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਮਨ ਤਨ ਅੰਦਰ ਵੁਠਣਾ, ਚਰਨ ਕੰਵਲਾਂ ਵਾਲੇ ਪ੍ਰੀਤਮ ਦਾ ਨਿਕਟਵਰਤੀ ਦਰਸ਼ਨ ਝਲਕਾਉ ਹੈ। ਪ੍ਰਿਥਮ ਤੋਂ ਪ੍ਰਿਥਮ ਰਿਦੰਤਰਿ ਪ੍ਰਕਾਸ਼ ਹੋਈ ਜੋਤਿ ਕ੍ਰਿਣ ਦਾ ਪ੍ਰਕਾਸ਼ ਚਰਨ ਕੰਵਲਾਂ ਦਾ ਪਰਤੱਖ ਦਰਸ਼ਨ ਹੈ । ਏਥੇ ਪਾਰਸ ਰੂਪੀ ਨਾਮ ਦਾ ਸਿਮਰਨ ਹੋਰ ਵਧੇਰੇ ਰਸ ਜੋਤਿ ਕਲਾ ਵਿਚ ਸੁਆਸਿ ਸੁਆਸਿ ਵਿਲੋਵੀਦਾ ਹੈ । ਜਿਉਂ ਜਿਉਂ ਵਿਲੋਵੀਦਾ ਹੈ ਤਿਉਂ ਤਿਉਂ ਅੰਤਰਿ ਭੋਈ ਜੋਤਿ-ਕ੍ਰਿਣ ਦਾ ਜੋਤਿ-ਪਸਾਰਾ ਭੀ ਹੋਰੋ ਹੋਰ ਵਧਦਾ ਜਾਂਦਾ ਹੈ । ਘਟ ਅੰਤਰ, ਸਾਰੇ ਸਰੀਰ ਅੰਦਰ ਜੋਤਿ-ਚਾਨਣਾ ਹੀ ਚਾਨਣਾ ਪਸਰ ਜਾਂਦਾ ਹੈ, ਫੇਰ ਇਹ ਜੋਤਿ- ਪਸਾਰਾ ਪਿੰਡ (ਸਰੀਰ) ਤੋਂ ਵੀ ਅਗਾਹਾਂ ਸਫੁਟ ਹੋਇ ਹੋਇ ਬ੍ਰਹਿਮੰਡ ਵਿਖੇ ਪਸਰ ਜਾਂਦਾ ਹੈ । ਘਟ-ਨਾਭ ਵਿਚੋਂ ਵਿਸਥਾਰਤ ਹੋ ਕੇ ਅਕਾਸ਼ੀ ਨਭ-ਪੁਲਾੜ ਵਿਚ ਭੀ ਜਾ ਸਮਾਉਂਦਾ ਹੈ । ਏਥੇ ਏਸ ਜੋਤਿ-ਕਲਾ ਵਿਚ ਖੇਡ ਕੇ ਜਗਿਆਸੂ ਜਨ ਜੋਤਿ ਅਭਿਆਸੂ ਗੁਰਮੁਖਿ ਪਿਆਰਾ, ਪ੍ਰੀਤਮ ਦੇ ਜੋਤਿ-ਜਗਮਗੀ-ਦਰਸ਼ਨ ਸਾਂਗੋ ਪਾਂਗ ਪੇਖਦਾ ਹੈ, ਪੇਖਿ ਪੇਖਿ ਵਿਗਸਦਾ ਹੈ ਅਤੇ ਨਿਹਾਲੋ ਨਿਹਾਲ ਹੋ ਹੋ ਜਾਂਦਾ ਹੈ ਅਤੇ ਜੋਤਿ-ਜਗੰਨੇ ਸੁਅਰਨੀ ਰੂਪ ਰੰਗ ਦੀ ਵੰਨੀ ਚੜ੍ਹ ਚੜਾਉ ਹੋਣ ਕਰਿ, ਲਾਲੋ ਲਾਲ ਜੋਤਿ ਜਮਾਲ ਅਤੇ ਤੇਜ ਜਲਾਲ ਜਲਵਨਾ ਹੋ ਜਾਂਦਾ ਹੈ । ਤਾਂ ਹੀ ਤਾਂ "ਨਾਮ ਜਪੰਦੜੀ ਲਾਲੀ" ਵਾਲੇ ਜੋਤਿ ਜਲਵਨੇ ਚੇਹਰਿਆਂ ਦੀ ਝਾਲ ਨਹੀਂ ਝਲੀ ਜਾਂਦੀ ।
ਚਰਨ ਕੰਵਲਾਂ ਦੇ ਜਮਾਲ ਤੇ ਜਲਾਲ ਨੂੰ ਪੇਖਿ ਪੇਖਿ, ਭਗਤ ਜਨ ਜੁਹਾਰ, ਝੁਕ ਝੁਕ ਨਮਸਕਾਰ ਬੰਦਨਾ ਕਰਦੇ ਹਨ ਤੇ ਬੰਦਨਾ ਕਰਿ ਕਰਿ ਚਰਨ ਕੰਵਲਾਂ ਦਾ ਸਿਮਰਨ ਕਰੀ ਜਾਂਦੇ ਹਨ । ਭਗਤ ਜਨਾਂ ਦਾ ਇਹ ਚਰਨ ਕੰਵਲ ਲਿਵਤਾਰੀ ਸਿਮਰਨ, ਦਰਸ਼ਨ ਬਹਾਰੀ ਭਗਤੀ ਭਾਉ ਵਿਚ, ਸਚਖੰਡ ਸਾਮੁਹੇ ਕਰਮ ਖੰਡ (ਨਦਰ ਖੰਡ) ਨਿਰੰਕਾਰਤਾ ਵਿਚ ਭੀ ਬਣਿਆ ਰਹਿੰਦਾ ਹੈ, ਜਿਥੇ ਅਨੇਕਾਂ ਭਗਤ ਜਨ ਨਿਤ-ਪ੍ਰਤਿ ਪ੍ਰੀਤਮ ਦੇ ਚਰਨ ਕੰਵਲਾਂ ਨੂੰ ਬੰਦਨਾ ਕਰਦੇ ਹੀ ਦਿਸਦੇ ਹਨ। ਜਿਹਾ ਕਿ :-
ਅਨਿਕ ਭਗਤ ਬੰਦਨ ਨਿਤ ਕਰਹਿ ॥
ਚਰਨ ਕਮਲ ਹਿਰਦੈ ਸਿਮਰਹਿ ॥੫॥੧੮॥