੧ਓ ਵਾਹਿਗੁਰੂ ਜੀ ਕੀ ਫ਼ਤਹ ॥ ***
ਚਰਨ ਕਮਲ ਕੀ ਮਉਜ :
(ੳ)
ਅਕਾਲ ਪੁਰਖ ਦਾ ਸਰੂਪ
ਨਾਮ-ਰਸਕ ਵੈਰਾਗੀ, ਨਾਮ-ਰਹੱਸ ਅਨੁਰਾਗੀ ਵਾਹਿਗੁਰੂ ਦੇ ਦਰਸ-ਮੁਸ਼ਤਾਕ, ਦਰਸ-ਹੁਸ਼ਨਾਕ ਭਉਰਿਆਂ ਨੂੰ ਹੀ ਚਰਨ ਕਮਲ ਕੀ ਮਉਜ ਮਾਨਣ ਦੀ ਅਗੰਮੀ ਮਹਿਮਾ ਦਾ ਸਦ-ਰਿਦ-ਵਿਸ਼ਵਾਸ ਭਰੋਸਾ ਹੋ ਸਕਦਾ ਹੈ । ਨਾਮ-ਰਸ ਤੋਂ ਵਾਂਜਿਆਂ, ਕੋਰਿਆਂ, ਕੋਰੜ ਮੋਠ ਮਨਾਂਜਿਆਂ (ਮਨਾਂ-ਵਾਲਿਆਂ) ਨੂੰ 'ਚਰਨ ਕਮਲ ਕੀ ਮਉਜ ਦਾ ਅਹਿਸਾਸ ਹੀ ਕੀ ? ਗੂੜ੍ਹ ਗੁਰਮਤਿ ਦੀ ਕਸ਼ਫ਼ ਕਮਾਲ ਕਰਨੀ ਤੋਂ ਅਨਜਾਣਾਂ ਨੂੰ 'ਚਰਨ' ਯਾ ‘ਚਰਨ ਕਮਲ' ਪਦ ਦਾ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਨਾਲ ਮਨਸੂਬ (ਸੰਬੰਧਤ) ਕਰਨਾ ਨਿਰਾ ਮਨਮਤਿ ਦਾ ਢਕੌਂਸਲਾ ਹੀ ਭਾਸਦਾ ਹੈ। ਵਾਹਿਗੁਰੂ ਦੇ ਸਰੂਪ, ਵਾਹਿਗੁਰੂ ਦੀ ਅਕਾਲ-ਮੂਰਤਿ ਹਸਤੀ ਦਾ ਹੀ ਜਿਨ੍ਹਾਂ ਨੂੰ ਯਕੀਨ ਨਹੀਂ ਆਇਆ, ਉਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਉਤੇ ਕਦ ਯਕੀਨ ਬਝ ਸਕਦਾ ਹੈ ? ਵਾਹਿਗੁਰੂ ਦੀ ਸਰੂਪ-ਲਖਤਾ ਤੋਂ ਸੁੰਝਿਆਂ ਨੂੰ "ਚਰਨ ਕਮਲ ਕੀ ਮਉਜ'' ਦਾ ਕੀ ਪਤਾ ? ਵਾਹਿਗੁਰੂ ਸਰੂਪ ਸਾਖਯਾਤ-ਕਾਰੀਆਂ ਅਤੇ ਚਰਨ-ਕਮਲ-ਮਉਜ-ਮਲ੍ਹਾਰੀਆਂ ਨੂੰ ਚਰਨ ਕਮਲ ਦੀ ਮਉਜ ਦੇ ਵਰਣਨ ਕਰਨ ਦੀ ਸਮਰੱਥਾ ਨਹੀਂ । ਉਹਨਾਂ ਪ੍ਰਥਾਇ ਹੀ ਇਹ ਗੁਰਵਾਕ ਘਟਦਾ ਹੈ–
ਕਬੀਰ ਚਰਨ ਕਮਲ ਕੀ ਮਉਜ ਕਉ
ਕਹਿ ਕੈਸੇ ਉਨਮਾਨ ॥
ਕਹਿਬੇ ਕਉ ਸੋਭਾ ਨਹੀ
ਦੇਖਾ ਹੀ ਪਰਵਾਨੁ॥ ੧੨੧॥
ਸਚ ਮੁਚ "ਕਹਿਬੇ ਕਉ ਸੋਭਾ ਨਹੀ" "ਦੇਖਾ ਹੀ ਪਰਵਾਨੁ" ਹੈ । ਚਰਨ ਕਮਲ ਕੀ ਮਉਜ ਦੀ ਸੋਭਾ ਦੇ ਮੁਸ਼ਤਾਕ ਮੁਤਲਾਸ਼ੀਆਂ (ਚਾਹਵਾਨ ਢੂੰਡਾਉਆਂ) ਅਤੇ ਗੁਰਮਤਿ ਦੇ ਸਚੇ ਯਕੀਨਕਾਰ ਖੋਜੀਆਂ ਨੂੰ ਗੁਰਵਾਕਾਂ ਦੀ ਸਚਾਈ ਦਾ ਹੀ ਐਸਾ ਅਮਲ ਚੜ੍ਹਿਆ ਰਹਿੰਦਾ ਹੈ ਕਿ ਉਹ ਸਦਾ ਅਜਿਹੀਆਂ ਹੀ ਜੁਗਤਿ-ਵਿਉਂਤਾਂ ਢੂੰਡਦੇ ਹਨ ਅਤੇ ਗੁਰਮਤਿ ਦੇ ਦੁਆਰਿਓਂ ਗੁਰਬਾਣੀ ਅੰਦਰੋਂ ਹੀ ਢੂੰਡਦੇ ਹਨ, ਜਿਨ੍ਹਾਂ ਦੇ ਕਮਾਵਣ ਕਰਿ ਉਹਨਾਂ ਨੂੰ ਗੁਰਬਾਣੀ ਅੰਦਰ ਦਰਸਾਈ ਚਰਨ ਕਮਲਾਂ ਦੀ ਮਹਿਮਾ ਵਾਲੀ ਦਰਸ-ਵਿਗਾਸ-ਰਸਾਈ (ਪਹੁੰਚ) ਹੋ ਜਾਵੇ । ਸਚ ਮੁਚ ਮਾਅਰਫ਼ਤ (ਅਧਿਆਤਮ-ਵਾਦ) ਦੇ ਹਕੀਕੀ ਮੁਹੱਕਕਾਂ (ਖੋਜੀਆਂ) ਨੂੰ ਪ੍ਰਮਾਰਥ ਦੇ ਗੂੜ੍ਹ ਅਗੰਮੀ ਭੇਦਾਂ ਉਤੇ ਚੂੰ-ਚਰਾਂ ਕਦੇ ਨਹੀਂ ਹੁੰਦੀ । ਗੁਰੂ ਘਰ ਦੇ ਅਨਿੰਨ ਭਗਤ ਗੁਰਮੁਖ ਜਨ, ਗੁਰਵਾਕਾਂ ਦੀ ਸਚਾਈ ਉਤੇ ਪੂਰਨ ਭਰੋਸਾ ਰਖਦੇ ਹਨ । ਨਿਊਣਤਾ ਮੰਨਦੇ ਹਨ ਤਾਂ ਆਪਣੀ ਨਿਜ ਕਮਾਈ ਦੀ ਮੰਨਦੇ ਹਨ। ਜੋ ਕੁਛ ਉਹਨਾਂ ਦੀ ਪੰਚ-ਭੂਤਕੀ ਅਲਪੱਗ ਬੁਧੀ ਦੇ ਬੋਧ-ਫ਼ਹਿਮ ਵਿਚ ਨਹੀਂ ਆਉਂਦਾ, ਉਸ ਤੋਂ ਉਹ ਮੁਨਕਰ ਨਹੀਂ ਹੁੰਦੇ
ਚੰਚਲ ਮਤਿ ਚਤਰਾਈ ਵਾਲੇ ਆਪਣੀ ਅਲਪੱਗ ਸਮਝ ਸੋਚ ਤੋਂ ਅਗੋਚਰ ਕਿਸੇ ਭੀ ਗੂੜ੍ਹ ਪ੍ਰਮਾਰਥੀ ਰਾਜ਼-ਰਮਜ਼ਨੀ ਗੱਲ ਉਤੇ ਏਅਤਕਾਦ (ਭਰੋਸਾ) ਨਹੀਂ ਲਿਆਉਂਦੇ । ਇਹ ਉਹਨਾਂ ਦੇ ਅਭਾਗ ਹਨ । ਉਹ ਮੁਹੱਕਕ ਨਹੀਂ ਬਣਦੇ । ਉਹ ਖੋਜੀ ਨਹੀਂ ਬਣਦੇ । ਵਾਦੀ, ਬਾਦ-ਬਿਵਾਦੀ ਹੀ ਸਾਰੀ ਉਮਰ ਰਹਿੰਦੇ ਹਨ । ਉਹ ਗੁਰਬਾਣੀ, ਧੁਰ ਕੀ ਬਾਣੀ ਦੇ ਅਮਿਤ ਤੱਤ-ਭੇਦੀ ਆਸ਼ਿਆਂ ਉਤੇ ਈਮਾਨ ਨਹੀਂ ਲਿਆਉਂਦੇ। ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ! ਪਰ ਜਿਨ੍ਹਾਂ ਗੁਰੂ ਦੇ ਸਚਿਆਰ ਸਿਖਾਂ ਨੂੰ ਗੁਰੂ ਦੀ ਬਾਣੀ ਉਪਰ, ਗੁਰਵਾਕ ਉਪਰ ਪੂਰਨ ਭਰੋਸਾ ਹੈ, ਉਹ ਗੁਰਬਾਣੀ ਅੰਦਰ ਲਖਾਈ ਕਿਸੇ ਭੀ ਸਚਾਈ ਤੋਂ ਸਿਰ ਨਹੀਂ ਫੇਰ ਸਕਦੇ। ਫ਼ਰਕ ਸਮਝਦੇ ਹਨ ਤਾਂ ਆਪਣੀ ਕਮਾਈ ਵਿਚ ਹੀ ਸਮਝਦੇ ਹਨ, ਗੁਰਮਤਿ-ਵਿਰੋਧੀ ਅਤੇ ਪ੍ਰਮਾਰਥ ਕੁਤਰਕੀ ਲੋਕ ਓਹਨਾਂ ਨੂੰ ਇਹ ਕਹਿ ਕੇ ਬਹਿਕਾਉਂਦੇ ਹਨ ਕਿ ਦੇਖੋ ਜੀ ! ਨਿਰਗੁਣ ਵਾਹਿਗੁਰੂ ਦੇ ਭੀ ਕਦੇ ਚਰਨ ਹੋ ਸਕਦੇ ਹਨ ? ਚਰਨ ਤਾਂ ਸਰਗੁਣ ਮੂਰਤਿ ਵਾਲੇ ਰੱਬ ਦੇ ਹੀ ਹੋ ਸਕਦੇ ਹਨ ।
ਉਹਨਾਂ ਦੇ ਭਾ ਦਾ ਨਿਰਗੁਣ ਵਾਹਿਗੁਰੂ ਦਾ ਕੋਈ ਸਰੂਪ ਹੀ ਨਹੀਂ । ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦੇ ਮੂਲ ਮੁੱਢ ਵਿਚ ਹੀ ਕਰਤੇ ਪੁਰਖ ਵਾਹਿਗੁਰੂ ਦਾ 'ਅਕਾਲ ਮੂਰਤਿ' ਰੂਪ ਨਿਰਗੁਣ ਸਰੂਪ ਪ੍ਰਤਿਪਾਦਨ ਕੀਤਾ ਹੈ । ਨਿਰਗੁਣ ਸਰੂਪ ਤੇ ਇਹ ਭਾਵ ਹੈ ਕਿ ਇਹ ਸਰੂਪ, ਤ੍ਰੈਗੁਣੀ ਗੁਣਾਂ ਵਾਲਾ ਨਹੀਂ, ਤ੍ਰੈਗੁਣ ਅਬਾਧ ਤੁਰੀਆਗੁਣੀ ਦਿੱਬ ਗੁਣਾਂ ਸੰਪੰਨ ਹਸਤੀ ਵਾਲਾ ਅਕਾਲ ਮੂਰਤੀ ਸਰੂਪ ਹੈ । ਇਸ ਤੋਂ ਮੁਨਕਰ ਹੋਣਾ ਅਕਾਲ ਪੁਰਖ ਦੀ ਹੋਂਦ ਤੋਂ ਹੀ ਮੁਨਕਰ ਹੋਣਾ ਹੈ।
ਅਕਾਲ ਪੁਰਖ ਦੀ ਮੂਰਤ (ਹਸਤੀ) ਤਾਂ ਹੈ, ਪਰ ਕਾਲ ਚਕਰ ਵਿਚ ਆਏ ਤ੍ਰੈਗੁਣੀ ਗੁਣਾਂ ਵਾਲੀ ਹਸਤੀ ਨਹੀਂ । ਤੁਰੀਆ ਗੁਣੀ ਦਿੱਬ ਮੂਰਤਿ ਅਕਾਲ ਹਸਤੀ ਹੈ।
२
ਅਕਾਲ ਪੁਰਖ ਦੇ ਚਰਨਾਂ ਦਾ ਪਰਤੱਖ ਝਲਕਾ
ਇਸ ਦਿੱਬ-ਜੋਤਿ ਮੂਰਤੀ ਦੀ ਲਤੀਫ਼-ਕ੍ਰਾਂਤੀ ਜੋਤਿ ਕਿਰਣ ਦਾ ਨਾਮ ਅਭਿਆਸ ਕਮਾਈ ਦੁਆਰਾ ਗੁਰਮੁਖਾਂ ਦੇ ਘਰ ਅੰਦਰ ਪ੍ਰਗਟ ਹੋਣਾ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਰਿਦੰਤਰ ਪਰਵੇਸ਼ ਹੋਣਾ ਹੈ। ਨਾਮੁ, ਪੂਰਨ ਗੁਰਮਤਿ ਜੋਗ ਜੁਗਤਿ ਦੁਆਰਾ, ਅਗਾਧ ਅਭਿਆਸ ਕਮਾਈ ਦੇ ਸੁਆਸ ਗਿਰਾਸੀ ਬਿਲੋਵਨ ਕਰਿ, ਘਟ ਅੰਤਰ ਬਿਲੋਇਆ ਹੋਇਆ, ਅਚਰਜ ਜੋਤਿ ਰਸ ਵਿਗਾਸੀ ਨਿਰਮੋਲਕ ਹੀਰਾ ਹੋ ਕੇ ਪਾਰਸ ਮਣੀ, ਅਣੀ ਕਣੀ ਕਰਿ, ਰੋਮ ਰੋਮ ਅੰਦਰ ਪ੍ਰੋਤਾ ਜਾਂਦਾ ਹੈ । ਇਹੁ ਮਨ ਤਨ ਹੀਅੜਾ ਬੇਧੀ, ਜੋਤਿ ਮਣੀਆ, ਰਸ-ਤੇਜ ਕਿਰਣ ਕਣੀਆ ਅਤੇ ਬਿਸਮ ਆਭਾ ਅਦੋਤ ਅਣੀਆਲੇ ਅਣੀਆ, ਨਾਮ ਗੁਰਮੰਤ੍ਰ ਗੁਰਸ਼ਬਦ, ਵਾਹਿਗੁਰੂ ਜੋਤੀ ਸਰੂਪ ਦੇ ਚਰਨ ਕੰਵਲ ਦਾ ਰਿਦ ਪਰਵੇਸ਼ੀ ਅਤੇ ਜੋਤਿ ਪ੍ਰਜੁਲਤੀ ਪਰਤੱਖ ਝਲਕਾ ਹੈ । ਗੁਰਵਾਕ- ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
ਭਾਵ "ਸਤਿਗੁਰ ਸਬਦਿ ਉਜਾਰੋ ਦੀਪਾ* ਰੂਪੀ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਹਿਰਦੇ ਵਿਚ ਪੱਲੇ ਗੰਢ ਬੰਨ੍ਹ ਕੇ ਉਤਾਰ ਲਿਆ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੇ ਅਭਿਆਸ ਕਮਾਈ ਵਾਲੇ ਚਰਨ-ਕੰਵਲ ਅਨੁਰਾਗੀਆਂ ਨੇ । ਚੂੰਕਿ ਇਹ ਗੁਰਸ਼ਬਦ (ਨਾਮ ਗੁਰ ਮੰਤਰ) ਅਭਿਆਸੀ ਜਨਾਂ ਦੇ ਹਿਰਦੇ ਅੰਦਰ ਰਸ-ਜੋਤਿ ਵਿਗਾਸੀ ਅਤੇ ਦਿਬ ਜੋਤਿ ਕ੍ਰਾਂਤੀ ਸੂਖਮ ਚਰਨ ਕੰਵਲਾਂ ਦਾ ਪ੍ਰਤੀਬਿੰਬਕ ਅਤੇ ਪ੍ਰਕਾਸ਼ਕ ਹੈ, ਤਾਂ ਤੇ ਗੁਰਬਾਣੀ ਅੰਦਰ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਪ੍ਰਤਿਪਾਦਕ, ਗੁਰਮੰਤਰ, ਗੁਰਸ਼ਬਦ ਹੀ ਮੰਨਿਆ ਜਾਂਦਾ ਹੈ। ਗੁਰਸ਼ਬਦ (ਗੁਰਮੰਤਰ) ਨਾਮ ਦੀ ਅਗਾਧ ਅਭਿਆਸ ਕਮਾਈ ਦੁਆਰਾ ਜਦੋਂ ਹਿਰਦੇ ਅੰਦਰ ਜੋਤਿ ਪ੍ਰਗਟ ਹੁੰਦੀ ਹੈ, ਤਾਂ ਇਹ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਪਹਿਲਾ ਅਨੂਪਮੀ ਦਰਸ਼ਨ ਘਟ ਅੰਤਰ ਹੀ ਪ੍ਰਾਪਤ ਹੁੰਦਾ ਹੈ । ਸੋ ਜੋਤਿ ਕ੍ਰਾਂਤੀ ਚਰਨ ਕੰਵਲਾਂ ਦਾ ਰਿਦੇ ਅੰਦਰ ਧਾਰਨਾ, ਅਰਥਾਤ ਪ੍ਰਗਟ ਜੋਤਿ ਮਣੀ ਕਿਰਣ ਕਣੀ ਵਾਲਾ ਜੋਤਿ-ਜਲਵਨੀ-ਚਮਤਕਾਰ ਨਿਹਾਰਨਾ (ਦੇਖਣਾ)
*ਬਿਲਾਵਲੁ ਮ: ੫ ਘਰੁ ੭, ਪੰਨਾ ੮੨੧
ਵਾਹਿਗੁਰੂ ਜੋਤੀ ਸਰੂਪ ਦੇ ਪਰਤੱਖ ਦਰਸ਼ਨਾਂ ਅਤੇ ਸਮੀਪੀ ਸਾਂਗੋ ਪਾਂਗ ਮਿਲਾਪ ਦੀ ਮੇਲ ਅਗਵਾਇਨੀ ਨੀਸ਼ਾਨੀ ਹੈ । ਜਿਹਾ ਕਿ ਗੁਰਵਾਕ ਹੈ :-
ਚਰਣ ਕਮਲ ਰਿਦ ਅੰਤਰਿ ਧਾਰੇ ॥
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥੧੭॥
ਜਿਨ੍ਹਾਂ ਦੇ ਰਿਦੰਤਰ ਜੋਤਿ ਕਿਰਣ ਭੋਇਣੀ ਚਰਨ ਕੰਵਲਾਂ ਦੇ ਦਾਮਨ- ਚਮਤਕਾਰ ਨਹੀਂ ਹੋਏ, ਉਹਨਾਂ ਨੂੰ ਸਮਝ ਲਵੋ ਕਿ ਵਾਹਿਗੁਰੂ ਅਕਾਲ ਪੁਰਖ ਦਾ ਦਰਸ ਮਿਲਾਪ ਹੋਣਾ ਅਤੀ ਕਠਨ ਅਤੇ ਅਸੰਭਵ ਹੈ । ਗੁਰਮਤਿ ਗੂੜ੍ਹ ਤਤ ਪ੍ਰਮਾਰਥੀ ਅਕਾਲ ਪੁਰਖ ਵਾਹਿਗੁਰੂ ਦੇ ਦਰਸ ਮਿਲਾਪ ਦੀ, ਗੁਰਮਤਿ ਗੂੜ੍ਹ ਗਿਆਨ-ਪ੍ਰਮਾਰਥੀ- ਤੱਤ-ਵਿਲੱਖਣਤਾ, ਏਥੇ ਗੁਰ-ਗਮ-ਵਿਗਿਆਨੀ ਲਤੀਫ਼ਤਾ ਦੇ ਗੁਪਤ ਭੇਦ ਵਿਚ ਹੈ ਕਿ ਵਾਹਿਗੁਰੂ ਦੇ ਤੁਰੀਆ ਗੁਣੀ ਨਿਰਗੁਣ ਸਰੂਪ ਦੇ ਜੋਤਿ ਜਲਵਨੀ ਦਰਸ਼ਨ ਹੁੰਦੇ ਹਨ ਤਾਂ ਅੰਦਰੋਂ ਘਟੰਤਰੋਂ ਹੀ ਹੁੰਦੇ ਹਨ, ਬਾਹਰੋਂ ਨਹੀਂ ਹੁੰਦੇ । ਜੋਤੀ ਜੋਤਿ ਬੇਧੀਅੜੇ, ਹੀਰੇ ਹੀਰ ਬਿਧੰਨੇ ਦਰਸ਼ਨਾਂ ਦਾ ਦਿਬ-ਜੋਤਿ ਲਤੀਫ਼ੀ ਅਨੰਦ ਅੰਤਰਗਤਿ ਹੀ ਮਾਣ ਹੁੰਦਾ ਹੈ ਅਤੇ ਬਿਸਮ ਰੰਗਾਂ ਵਿਚ ਅੰਤਰਗਤਿ ਹੀ ਸਹਿਜ ਸਮਾਣ ਹੁੰਦਾ ਹੈ । ਪਰ ਇਸ ਚਰਨ ਕਮਲ ਅਨੂਪ ਗੁਰਸ਼ਬਦ ਰੂਪੀ ਹਰਿ ਸੰਤ ਮੰਤ ਨੂੰ ਕੋਈ ਵਿਰਲਾ ਗੁਰੂ ਘਰ ਦਾ ਗੁਰਮੁਖ ਸਿਖ ਸਾਧੂ ਹੀ ਜੋਤਿ ਪ੍ਰਜੁਲਤ ਕਰਨੀ ਕਮਾਈ ਵਿਚ ਲਟਾ ਪੀਂਘ ਹੋ ਕੇ ਲਗਦਾ (ਜੁਟਦਾ) ਹੈ। ਕੋਈ ਐਸਾ ਵਡਭਾਗੀ ਗੁਰਮੁਖ ਪਿਆਰਾ ਹੀ ਹੈ ਜੋ ਏਹਨਾਂ ਚਰਨ-ਕੰਵਲ-ਵਿਗਾਸੀ-ਜੋਤਿ-ਕ੍ਰਿਸ਼ਮਨੀ-ਦਰਸ਼ਨਾਂ ਨੂੰ ਦਰਸਾਵਨ ਹਿਤ ਸਾਧ ਸੰਗਿ-ਗੁਰ-ਗੁਫਾ ਵਿਚ ਬਹਿ ਕੇ ਜਾਗ੍ਰਣ ਕਰਦਾ ਹੈ (ਰਾਤ ਜਾਗੇ ਝਾਗਦਾ ਹੈ) ਅਤੇ ਰਿਦ ਜੋਤਿ ਪ੍ਰਫੁਲਤ ਕਰ ਕੇ ਭੀ ਜਾਗਣ ਜਾਗਤਾਈਆਂ ਦੇ ਅਥਾਹ ਆਤਮ ਰੰਗ ਮਾਣਦਾ ਹੈ । ਸੋਈ ਭਾਵ ਇਸ ਅਗਲੇਰੇ ਗੁਰਵਾਕ ਅੰਦਰ ਪ੍ਰਗਟ ਹੈ :-
ਚਰਨ ਕਮਲ ਆਨੂਪ ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥
ਨਾਮ ਅਹਾਰੀ ਅਭਿਆਸੀ ਜਨਾਂ ਨੂੰ ਅਭਿਆਸ ਕਮਾਈ ਦੁਆਰਾ, ਗੁਰਸ਼ਬਦ ਦਾ ਅਧਾਰ ਐਸਾ ਆਤਮ ਆਨੰਦੀ ਹੋ ਜਾਂਦਾ ਹੈ, ਮਾਨੋ ਕਿ ਉਹ ਸ਼ਬਦ ਪ੍ਰਜੁਲਤੀ ਜੋਤਿ ਕ੍ਰਿਣ-ਕ੍ਰਾਂਤੀ ਚਰਨ ਕੰਵਲਾਂ ਨੂੰ ਘੁਟ ਘੁਟ ਕੇ ਹਿਰਦੇ ਨਾਲ ਲਾਈ ਰਖਦੇ ਹਨ ਅਤੇ ਇਸ ਚਰਨ ਕੰਵਲਣੀ ਮਉਜ ਵਿਚ ਓਤਿ ਪੋਤਿ ਅੰਗ ਸੰਗਿ ਮਉਲੇ ਰਹਿੰਦੇ ਹਨ । ਉਹ ਵਾਹਿਗੁਰੂ ਜੋਤੀ ਸਰੂਪ ਨੂੰ ਖਿਨ ਖਿਨ ਆਪਣੇ ਸੰਗ ਸਾਥ ਹੀ ਓਤਿ ਪੋਤਿ
ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੩੨॥
ਤਾਂ ਤੇ ਗੁਰਮਤਿ ਨਾਮ-ਅਭਿਆਸੀਆਂ ਦਾ ਨਾਮ ਸਿਮਰਨ ਰੂਪ ਅਰਾਧਣਾ, ਨਾਮੀ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਅਰਾਧਣਾ ਹੈ । ਉਹ ਇਸ ਗੁਰ-ਸ਼ਬਦ ਸਿਮਰਨ ਰੂਪੀ ਚਰਨ ਕੰਵਲ ਹਿਰਦੇ ਅਰਾਧਨ ਕਰਿ, ਇਕ ਅਕਾਲ ਪੁਰਖ ਨਾਲ ਸਦਾ ਲਿਵ ਲਾਏ ਅਤੇ ਮੇਲ ਮਿਲਾਏ ਰਹਿੰਦੇ ਹਨ, ਅਤੇ ਇਸ ਬਿਧਿ ਓਹ ਸਮਰਥ ਸੁਆਮੀ ਵਾਹਿਗੁਰੂ ਪਰਮਾਤਮ ਦੇਵ ਦੀ ਸਦਾ ਸਰਣਾਗਤਿ ਨਿਕਟ-ਵਰਤਤਾ ਦਾ ਅਨੰਦ ਮਾਣਦੇ ਹਨ । ਚੂੰਕਿ ਸਦਾ ਅਨੰਦ ਮੇਲ ਕੇਲ ਕਰਨਹਾਰਾ ਅਨੰਦੀ ਸਾਹਿਬ ਸਦਾ ਅਟੱਲ ਅਛੇਦ ਅਤੇ ਅਭੇਦ ਹੈ, ਤਾਂ ਤੇ ਉਸ ਅਨੰਦੀ ਸਾਹਿਬ ਦੇ ਮੇਲ ਕੇਲ ਦਾ ਅਨੰਦ ਹੁਲਾਸ ਭੀ ਅਟੱਲ ਅਛੇਦ ਅਭੇਦ ਹੈ । ਯਥਾ ਗੁਰਵਾਕ :-
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ॥
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥੨੮॥
ਚਰਨ ਕੰਵਲਾਂ ਦਾ ਸਦਾ ਰਸ-ਅਨੰਦ ਹੁਲਾਸ ਮਾਨਣਹਾਰੇ ਵਾਹਿਗੁਰੂ ਦੇ ਦਾਸ ਸਦ ਸਦਾ ਹੀ ਚਰਨ ਕੰਵਲਾਂ ਦੀ ਮਉਜ ਵਿਚ ਰੰਗ ਰਤੜੇ ਰਹਿੰਦੇ ਹਨ, ਅਤੇ ਇਹ ਰੰਗ-ਚਲੂਲੇ ਓਹਨਾਂ ਦੇ ਕਦੇ ਭੀ ਉਤਰਦੇ ਉਖੜਦੇ ਨਹੀਂ । ਆਪਣੇ ਦਾਸਾਂ ਦਾ ਸਹਿਜ ਸੁਖ ਸਮੰਜਨ ਅਤੇ ਦੀਨ-ਦੁਖ-ਭੰਜਨ ਸੁਆਮੀ (ਅਕਾਲ ਪੁਰਖ) ਓਹਨਾਂ ਦੀ ਸਦ-ਆਤਮ-ਰੰਗ ਰਹਾਵਨੀ ਪੈਜ ਰਖਦਾ ਹੈ । ਇਸ ਬਿਧਿ ਨਦਰ ਨਿਹਾਲਤਾ ਵਾਲੀ ਆਤਮ ਰੰਗਣ ਵਿਚ ਰੰਗੀਜ ਕੇ ਚਰਨ ਕੰਵਲ-ਰੰਗ-ਰਤੜੇ ਰੰਗੀਸ਼ਰ ਦਾਸ ਸਦਾ ਉਸ ਦੇ ਭਾਣੇ ਵਿਚ ਹੱਸ ਵਿਗੱਸ ਕੇ ਮਸਤ ਰਹਿੰਦੇ ਹਨ । ਅਤੇ ਸਹਿਜ ਸੁਰਖ਼ਰੂਈ ਦਾ ਸਿਰਪਾਉ ਲੈ ਕੇ ਦਰਗਹਿ ਪੰਧੇ ਜਾਂਦੇ ਹਨ । ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੨੨॥