Back ArrowLogo
Info
Profile

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥

ਕਰੁ ਮਸਤਕਿ ਗੁਰ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥

ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥

ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੁਕੇ ॥੨॥

ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥

ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ॥੩॥

ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥

ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ॥੪॥

ਇਸ ਲਾਲ ਰਤਨ ਦੇ ਪਾਉਣ ਕਰਿ ਤਨੁ ਮਨੁ ਸਭੁ ਸੀਤਲ ਹੋ ਗਿਆ । ਤ੍ਰਿਸ਼ਨਾ ਭੁਖ ਸਭ ਲਹਿ ਗਈ । ਚਿੰਤਾ ਸਾਰੀ ਦੂਰ ਹੋ ਗਈ ਅਤੇ ਰਿਦ ਅੰਤਰ ਹੀ ਤ੍ਰਿਪਤ ਹੋ ਕੇ ਐਸੇ ਰਜ ਗਏ ਕਿ ਫੇਰ ਤ੍ਰਿਸ਼ਨ ਤ੍ਰਿਖਾਤਰ ਹੋ ਕੇ ਭਰਮਣਾ ਡੋਲਣਾ ਸਭ ਚੁਕ ਗਿਆ । ਸਤਿਗੁਰੂ ਜੀ ਨੇ ਨਾਮ ਨਿਧਾਨੀ ਐਸਾ ਅਖੁਟ ਖ਼ਜ਼ਾਨਾ ਬਖ਼ਸ਼ਿਆ ਹੈ ਕਿ ਜਿਸ ਦੀ ਕਦੇ ਤੋਟ ਨਹੀਂ ਆਉਂਦੀ ਤੇ ਜੋ ਨਾ ਕਦੇ ਮੁਕਦਾ ਹੈ । ਏਸ ਨਾਮ- ਨਿਧਾਨੀ ਬਰਕਤ ਦਾ ਇਕ ਹੋਰ ਅਚਰਜ ਕਉਤਕ ਇਹ ਵਰਤਿਆ ਹੈ ਕਿ ਇਸ ਨਾਮ-ਰਤਨ ਦੇ ਜੋਤਿ-ਪ੍ਰਕਾਸ਼ੀ ਕ੍ਰਿਸ਼ਮੇ ਨੇ ਜਦੋਂ ਭਰਮ ਦੇ ਸਾਰੇ ਛਉੜ ਕਟ ਕੇ ਪੜਦੇ ਲਾਹ ਸੁਟੇ ਤਾਂ ਘਟ ਅੰਤਰਿ ਹੀ ਵਾਹਿਗੁਰੂ ਦੇ ਜੋਤੀ-ਸਰੂਪ ਸਮੁਚੇ ਦਰਸ਼ਨ ਦਿਦਾਰ ਨਿਹਾਰ ਲਏ । ਮੁਖਾਰਬਿੰਦੀ ਦਿਦਾਰਿਆਂ ਦਾ ਐਸਾ ਪ੍ਰਕਾਸ਼ ਹੋਇਆ ਕਿ ਹੋਰ ਸਭ ਕੁਛ ਵਿਸਰ ਕੇ ਬਿਸਮਾਦ ਹੀ ਬਿਸਮਾਦ ਛਾ ਗਿਆ, ਪਰ ਇਹ 'ਅਚੰਭਉ', ਇਹ ਅਸਚਰਜ ਰੂਪ, ਕਹਿਨ ਕਥਨ ਤੋਂ ਅਗੋਚਰਾ ਹੈ । ਬਸ ਪੇਖਾ ਹੀ ਪਰਵਾਨ ਹੈ, ਯਾ ਜਿਸ ਨੇ ਇਸ ਅਸਚਰਜ ਰੂਪ ਪੇਖਨੀ ਬਿਸਮਾਦ ਰਸ ਨੂੰ ਚਖਿਆ ਹੈ, ਸੋਈ ਜਨ ਇਸ ਸੁਆਦ ਨੂੰ ਜਾਣ ਸਕਦਾ ਹੈ । ਸੁਆਦ ਨੂੰ ਜਾਣ ਮਾਣ ਹੀ ਸਕਦਾ ਹੈ, ਵਰਨਣ ਨਹੀਂ ਕਰ ਸਕਦਾ । ਇਸ ਸੱਚ ਬਿਸਮਾਦੀ ਬਿਗਾਸ ਮਈ ਅਜਰ ਪਦਾਰਥ ਨੂੰ ਗੁਰੂ ਦੀ ਕਿਰਪਾ ਦੁਆਰਾ ਹੀ ਜਰ ਜਰ ਕੇ ਅੰਤਰਗਤਿ ਰਖ ਕੇ ਸੰਭਾਲ ਸਕੀਦਾ ਹੈ ।

ਅਵਿਲੋਕਉ ਰਾਮ ਕੋ ਮੁਖਾਰਬਿੰਦ ॥ (੧੩੦੪) 

ਸ਼ਬਦ ਅਨੁਸਾਰ ਗੋਬਿੰਦ ਦਰਸ਼ਨ ਹੀ ਦਰਸ-ਵਿਗਾਸੀ ਗੁਰਮੁਖ ਜਨਾਂ ਦਾ ਰਾਜ, ਧਨ, ਪ੍ਰਵਾਰ, ਸਰਬੰਸ ਸਭ ਕੁਛ ਇਹੀ ਹੈ । ਗੋਬਿੰਦ ਚਰਨਾਰਬਿੰਦ ਨੂੰ ਰਿਦ ਅੰਤਰਿ ਉਤਾਰਨ ਕਰਿ, ਸਭ ਚਿੰਦ ਦੁਖ ਦੁੰਦ ਦੂਰ ਹੋ ਗਏ । ਅਮੋਘ ਮੁਖਾਰਬਿੰਦੀ ਦਰਸ਼ਨ ਦਿਦਾਰ ਦੀ ਮਹਿਮਾ ਤਾਂ ਅਤਿ ਅਦਭੁਤ, ਪਰਮ ਅਦਭੁਤ ਤੇ ਅਗਾਧ ਬੋਧ ਹੈ। ਚਰਨ ਕੰਵਲਾਰੀ ਅਤੇ ਮੁਖਾਰਬਿੰਦਾਰੀ ਅਮੋਘ ਦਰਸ਼ਨਾਂ ਦੇ ਪਦ ਨੂੰ ਪ੍ਰਾਪਤ ਹੋਏ ਜਨਾਂ ਪ੍ਰਥਾਇ ਹੀ "ਨਾਨਕ ਫਿਰਿ ਨ ਮਰੰਦ'' ਵਾਲਾ ਘਟਨਾਉ ਘਟ ਸਕਦਾ ਹੈ ।

35 / 80
Previous
Next