ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥
ਆਠਿ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥
ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥
ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸਤ ਸੰਗਿ ਮਿਲਾਤ ॥੨॥੪॥੮੪॥
ਖੂਬ ਨੀਕੀ ਸਤਸੰਗਿ ਦੀ ਮਹਿਮਾ ਇਸ ਗੁਰਵਾਕ ਅੰਦਰ ਨਿਰੂਪਨ ਹੋਈ ਹੈ । ਸਤਿਸੰਗਤ ਵਿਚ ਮਿਲ ਕੇ ਹੀ ਗੁਰੂ ਘਰ ਦੇ ਗੁਰਮੁਖ ਸੰਤਾਂ ਦੁਆਰਾ ਵਾਹਿਗੁਰੂ ਦੀ ਵਾਰਤਾ, ਲੀਲ੍ਹਾ ਦਾ ਸੁਣਨਾ ਸਾਲਾਹੁਣਾ ਪ੍ਰਾਪਤ ਹੁੰਦਾ ਹੈ । ਹੋਰ ਤਾਂ ਕਿਤੇ ਨਹੀਂ, ਕਿਉਂਕਿ ਗੁਰੂ ਘਰ ਦੇ ਸਚੇ ਸੰਤ-ਸਮਾਗਮ ਵਿਖੇ ਵਾਹਿਗੁਰੂ ਦੀ ਕਥਾ, ਵਾਹਿਗੁਰੂ ਦੇ ਕੀਰਤਨ, ਅਰਥਾਤ ਗੁਰਬਾਣੀ ਰੂਪ ਵਾਹਿਗੁਰੂ ਦਾ ਜਸ ਗੁੰਫਨ ਗਾਵਨ ਰੂਪੀ ਕਥਾ ਕੀਰਤਨ ਦਾ ਆਨੰਦ ਮੰਗਲ, ਅਨਹਦ ਧੁਨੀ ਦੀ ਝੁਨਕਾਰ ਵਿਚ ਦਿਨ ਰਾਤ ਆਪਣੇ ਪੂਰਨ ਵੇਗ ਅੰਦਰਿ ਜਾਰੀ ਰਹਿੰਦਾ ਹੈ । ਜਿਨ੍ਹਾਂ ਨੂੰ ਗੁਰੂ ਕਰਤਾਰ ਨੇ ਆਪਣੀ ਅਪਾਰ ਕਿਰਪਾ ਕਰ ਕੇ, ਆਪਣੇ ਪੰਨੇ ਪਾਇ ਕੇ ਅਪਣਾ ਲਿਆ ਹੈ, ਆਪਣਾ ਕਰ ਲਿਆ ਹੈ, ਆਪਣਾ ਸੇਵਕ ਬਣਾ ਲਿਆ ਹੈ, ਤਿਨ੍ਹਾਂ ਨੂੰ ਹੀ ਨਾਮ ਦੀ ਅਮੋਲਕ ਦਾਤਿ ਮਿਲੀ ਹੈ, ਅਜਿਹੇ ਨਾਮ-ਦਾਤਿ-ਪ੍ਰਾਪਤੀ ਵਾਲੇ ਗੁਰਮੁਖ ਜਨ ਅਠੇ ਪਹਿਰ ਵਾਹਿਗੁਰੂ ਦੇ ਗੁਣ ਗਾਵਣ ਵਿਚ ਤਤਪਰ ਹੋ ਕੇ ਲਗੇ ਰਹਿੰਦੇ ਹਨ । ਇਸ ਅਠ ਪਹਿਰ ਗੁਣ ਗਾਵਣ ਦੇ ਪਾਰਸ-ਪ੍ਰਭਾਵ ਕਰਿ, ਤਿਨ੍ਹਾਂ ਗੁਰਮੁਖ ਜਨਾਂ ਦੇ ਤਨ ਸਰੀਰ ਵਿਚੋਂ ਕਾਮ ਕ੍ਰੋਧ ਆਦਿਕ ਪੰਜੇ ਦੂਤ ਨਿਕਲ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ ਅਤੇ ਅੰਤਰ-ਆਤਮੇ ਜੋਤਿ- ਵਿਗਾਸ ਦਾ ਪ੍ਰਕਾਸ਼ ਭੀ ਆਣ ਵੁਠਦਾ ਹੈ ਅਤੇ ਅੰਤਰਗਤਿ ਝਾਤ ਮਾਰ ਕੇ ਜਦ ਪੇਖਨਹਾਰੇ ਪ੍ਰਭੂ-ਦਰਸ਼ਨਾਂ ਨੂੰ ਪੇਖਦੇ ਹਨ ਤਾਂ ਹਰਿ-ਦਰਸ਼ਨ ਅੰਮ੍ਰਿਤ-ਰਸ-ਭੋਜਨ ਖਾਇ ਕੇ ਹੀ ਅਘਾਇ ਰਹਿੰਦੇ ਹਨ ਅਤੇ ਇਸ ਅੰਮ੍ਰਿਤ-ਰਸ ਵਿਚ ਮਖ਼ਮੂਰ, ਰਸ ਚੂਰ ਹੋ ਕੇ ਇਹੋ ਹੀ ਬੇਨਤੀਆਂ ਕਰਦੇ ਹਨ ਕਿ ਹੇ ਗੁਰੂ ਨਾਨਕ ਨਿਰੰਕਾਰੀ ! ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਇਸ ਨਿਰੰਕਾਰੀ-ਨਾਮ-ਆਧਾਰੀ-ਸਤਿਸੰਗ ਵਿਚ ਹੀ ਮਿਲਾਈ ਰੱਖ ਅਤੇ ਵਾਹਿਗੁਰੂ ਸਾਹਿਬ ਦੇ ਚਰਨ ਕੰਵਲਾਂ ਵਿਚ ਹੀ ਸਮਾਈ ਰੱਖ ! ਵਾਹਿਗੁਰੂ ਦੇ ਚਰਨ ਕੰਵਲਾਂ ਵਿਚ ਅਹਿਨਿਸਿ ਸਮਾਏ ਰਹਿਣ ਵਾਲੇ ਗੁਰਮੁਖਾਂ ਦੇ ਚਰਨਾਂ ਵਿਚ ਅੰਮ੍ਰਿਤ-ਆਕ੍ਰਖਣੀ-ਪਰਸ-ਪਾਰਸ-ਕਲਾ ਆਇ ਸਮਾਉਂਦੀ ਹੈ । ਵਿਸ਼ੇਸ਼ ਕਰਿ ਗੁਰੂ ਸਤਿਗੁਰੂ ਕਲਾਧਾਰੀ ਦੇ ਚਰਨ ਕੰਵਲਾਂ ਵਿਚ ਤਾਂ ਖ਼ਾਸ ਤੌਰ ਤੇ ਇਹ ਅੰਮ੍ਰਿਤ-ਰਸਾਇਣੀ-ਪਾਰਸ-ਕਲਾ ਪਰਵੇਸ਼ ਕਰ ਗਈ ਹੁੰਦੀ ਹੈ ।
ਸਤਿਗੁਰੂ ਦੇ ਚਰਨ ਕੰਵਲਾਂ ਦੀ ਮਹਿਮਾ ਪ੍ਰਥਾਇ ਸਿਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਆ ਸੁੰਦਰ ਕਬਿੱਤ ਉਚਾਰਨ ਕੀਤੇ ਹਨ। ਯਥਾ :-