ਤਾਂ ਪ੍ਰਮਾਤਮਾ ਦੀ ਅੰਸ ਹੀ ਸੀ, ਰਮਤ ਰਾਮ ਕੀ ਅੰਸ ਆਤਮਾ ਹੀ ਸੀ । ਪ੍ਰਮਾਤਮਾ- ਪ੍ਰਾਪਤੀ ਦੇ ਪਦ ਤੋਂ ਉਰੇਡੇ ਰਹਿ ਗਏ ਜਗਿਆਸੂ ਜਨ ਇਸ ਆਪਾ ਚੀਨਣੀ ਆਤਮ ਅੰਸ ਪ੍ਰਾਪਤੀ ਵਾਲੇ ਪਦ ਨੂੰ ਹੀ ਪਰਮ ਪਦ ਸਮਝ ਬੈਠਦੇ ਹਨ ਅਤੇ ਆਪੇ ਦੀ ਲਖਤਾ ਵਾਲੀ ਖ਼ੁਦ ਮਸਤੀ ਵਿਚ ਹਾਲ ਮਸਤ ਹੋ ਕੇ ਹੀ ਆਪੇ ਦੀਆਂ ਵਡਿਆਈਆਂ ਕਰੀ ਜਾਂਦੇ ਹਨ । ਵਾਸਤਵ ਵਿਚ ਉਹ ਆਪਾ ਪਦ ਵਿਚ ਖੇਲ੍ਹਦੇ ਹੁੰਦੇ ਹਨ। ਦਰ-ਅਸਲ ਜੋਤੀ ਸਰੂਪ ਅਕਾਲ ਪੁਰਖ ਪਰਮ ਆਤਮਾ ਦੀ ਪਰਮ ਪਦ-ਪ੍ਰਾਪਤੀ ਵਾਲਾ ਜੋਤਿ- ਚਸ਼ਮਾ ਜੋਤਿ-ਅੰਸ਼ੀ ਆਤਮਾ ਦਾ ਨਿਜ ਘਰ ਹੈ, ਜਿਸ ਨੂੰ ਪ੍ਰਾਪਤ ਕਰਕੇ ਹੀ ਜੋਤਿ ਸਰੂਪੀ ਆਤਮਾ ਦਾ ਮੂਲ ਪਛਾਣੀਦਾ ਹੈ। ਨਿਰੇ ਆਪਾ ਪਦ ਚੀਨਤਾ ਦੇ ਸ਼ੈਦਾਈ ਆਪਾ-ਪ੍ਰਸਤੀ ਦੇ ਮੁਸ਼ਤਾਕ ਹੋ ਕੇ ਹੀ ਰਹਿ ਖੜੋਂਦੇ ਹਨ ਅਤੇ ਏਸੇ ਨੂੰ ਹੀ ਪਰਮ-ਪਦ ਸਮਝਣ ਲਗ ਪੈਂਦੇ ਹਨ । ਜਿਥੇ ਇਹ ਖ਼ਿਆਲ ਹੈ ਕਿ "ਆਪੇ ਨੇ ਆਪਾ ਪਾ ਲਿਆ", "ਆਪਾ ਆਪੇ ਵਿਚ ਲੀਨ ਹੋ ਗਿਆ" ਓਥੇ ਸਮਝ ਲਵੋ ਕਿ ਉਹ ਰਹਿ ਖੜੋਤੇ ਹੋਏ ਆਪਾ ਪਦ ਚੀਨੇ, ਆਪੇ ਦੇ ਗਿਆਨ ਨੂੰ ਹੀ ਬ੍ਰਹਮ ਗਿਆਨ ਦੀ ਤੁਲਤਾ ਦੇਣਹਾਰੇ, ਬ੍ਰਹਮ ਵਿਦਯਾ ਪ੍ਰਬੀਨ ਅਖਉਤੀ (so called) ਬ੍ਰਹਮ ਗਿਆਨੀ ਹਨ । ਓਹਨਾਂ ਨੂੰ ਦਰ ਹਕੀਕਤ ਜੋਤਿ ਚਮਤਕਾਰੀ ਦਿਬ ਦਰਸਾਰ ਭੀ ਆਤਮਾ ਦਾ ਨਹੀਂ ਹੋਇਆ ਹੁੰਦਾ । ਓਹ ਬਹੁਤ ਕੁਛ ਸੁਣਿਆ ਸੁਣਾਇਆ ਵੇਦਾਂਤ-ਮਾਰਗੀ ਬ੍ਰਹਮ-ਗਿਆਨ ਹੀ ਘੋਟਦੇ ਹਨ ।